ਹਥਿਆਰ

0
564

ਹਥਿਆਰ

ਭਾਈ ਅਮਰੀਕ ਸਿੰਘ ਜੀ ‘ਚੰਡੀਗੜ੍ਹ’

ਸਿੱਖੀ ਦੇ ਅਕੀਦੇ ਅਨੁਸਾਰ ਪ੍ਰਮੇਸ਼ਰ ਭਗਤੀ ਅਤੇ ਸ਼ਕਤੀ ਦੋਨਾਂ ਚੀਜ਼ਾਂ ਦੇ ਸੁਮੇਲ ਨਾਲ ਜਗਤ ਦੀ ਕਾਰ ਚਲਾਉਂਦਾ ਹੈ। ਜਿਹੜੇ ਲੋਕ ਭਗਤੀ ਕਰਨ ਵਾਲੇ ਹਨ ਉਨ੍ਹਾਂ ਲਈ ਰੱਬ ਭਗਤ ਵਛਲ ਹੈ ਪਰ ਜਿਹੜੇ ਲੋਕ ਆਪਣੀਆਂ ਦੁਸ਼ਟ ਬ੍ਰਿਤੀਆਂ ਦੇ ਕਾਰਨ ਜਗਤ ਜੀਵਾਂ ਨੂੰ ਦੁੱਖ ਦੇਣ ਦੀ ਮਨਸ਼ਾ ਰੱਖਦੇ ਹਨ ਐਸੇ ਦੁਸ਼ਟ ਦੋਖੀਆਂ ਨੂੰ ਰੱਬ ਸਖ਼ਤ ਸਜ਼ਾਵਾਂ ਦਿੰਦਾ ਹੈ। ਰੱਬੀ ਬਾਣੀ ਦਾ ਹੀ ਅਟੱਲ ਫ਼ੈਸਲਾ ਹੈ ਕਿ ‘‘ਜੈਕਾਰੁ ਕੀਓ ਧਰਮੀਆ ਕਾ, ਪਾਪੀ ਕਉ ਡੰਡੁ ਦੀਓਇ॥’’ ਸਿੱਖੀ ਰੱਬ ਰਜ਼ਾ ਦੀ ਪੁਜਾਰਨ ਹੋਣ ਕਰਕੇ ਇਸ ਦੇ ਅੰਦਰੂਨੀ ਸਿਧਾਂਤ ਵੀ ਰੱਬ ਦੇ ਸਿਧਾਂਤਾਂ ਅਨੁਸਾਰ ਹੀ ਹਨ। ਗੁਰਸਿੱਖੀ ਵੀ ਭਗਤੀ ਅਤੇ ਸ਼ਕਤੀ ਦਾ ਹੀ ਸੁਮੇਲ ਹੈ। ਗੁਰੂ ਨਾਨਕ ਸਾਹਿਬ ਜੀ ਨੇ ਭਗਤੀ ਦਾ ਭਾਵ ਸ਼ਬਦ ਨਾਲ ਪ੍ਰਗਟ ਕੀਤਾ ਅਤੇ ਸ਼ਕਤੀ ਦਾ ਭਾਵ ਹੱਥ ਵਿੱਚ ਸੋਟਾ ਰੱਖ ਕੇ ਪ੍ਰਗਟ ਕੀਤਾ। ਭਾਈ ਗੁਰਦਾਸ ਜੀ ਦੇ ਬੋਲ ਹਨ ‘‘ਆਸਾ ਹਥਿ ਕਿਤਾਬ ਕੱਛ, ਕੂਜਾ ਬਾਂਗ ਮੁਸੱਲਾਧਾਰੀ॥’’ ਜਿਨ੍ਹਾਂ ਲੋਕਾਂ ਨੇ ਭਗਤੀ ਦੀ ਗੱਲ ਕੀਤੀ ਉਨ੍ਹਾਂ ਨੂੰ ਹਜ਼ੂਰ ਨੇ ਗੁਰ ਸ਼ਬਦ ਦੀ ਵੀਚਾਰ ਨਾਲ ਨਿਹਾਲ ਕਰ ਦਿੱਤਾ ਪਰ ਜਦੋਂ ਬਾਬਰ ਆਇਆ ਤਾਂ ਉਸ ਨੂੰ ਤਰਲੇ ਕਰਨ ਦੀ ਥਾਂ ਜਾਬਰ ਆਖਿਆ ਸੀ। ਹਾਲਾਂਕਿ ਸਮੁੱਚੇ ਹਿੰਦੋਸਤਾਨ ਦੇ ਡਰਨ ਦਾ ਜ਼ਿਕਰ ਹੈ ‘‘ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ॥’’ ਪਰ ਬੇਬਾਕ ਸਤਿਗੁਰੂ ਜੀ ਨੇ ਉੱਥੇ ਸ਼ਕਤੀ ਹੀ ਵਰਤੀ। ਧੰਨ ਗੁਰੂ ਅੰਗਦ ਸਾਹਿਬ ਜੀ ਵੇਲੇ ਸ਼ੇਰ ਸ਼ਾਹ ਸੂਰੀ ਕੋਲੋਂ ਹਾਰ ਖਾ ਕੇ ਭੱਜ ਕੇ ਆਏ ਹਮਾਯੂੰ ਨੇ ਗੁਰੂ ਜੀ ’ਤੇ ਹੀ ਤਲਵਾਰ ਕੱਢ ਲਈ, ਉੱਥੇ ਵੀ ਸਤਿਗੁਰੂ ਜੀ ਨੇ ਹਮਾਯੂੰ ਦੀ ਤਲਵਾਰ ਦਾ ਡਰ ਪ੍ਰਗਟ ਕਰਨ ਦੀ ਥਾਂ ਨਿਡਰਤਾ ਭਰੇ ਬੋਲ ਹੀ ਆਖੇ ਸਨ ਕਿ ਭਲਿਆ ਜਿੱਥੇ ਤਲਵਾਰ ਦਾ ਕੰਮ ਸੀ ਉੱਥੋਂ ਭਗੋੜਾ ਹੋ ਗਿਆ ਅਤੇ ਜਿੱਥੇ ਪਿਆਰ ਦਾ ਕੰਮ ਸੀ ਉੱਥੇ ਤਲਵਾਰ ਕੱਢ ਖਲੋਤਾ ਹੈਂ। ਬਹੁਤ ਜਲਦੀ ਹੀ ਹਮਾਯੂੰ ਨੂੰ ਵੀ ਆਪਣੀ ਕੀਤੀ ਦਾ ਪਤਾ ਲੱਗ ਗਿਆ ਸੀ। ਗੁਰੂ ਅਮਰ ਦਾਸ ਜੀ ਜ਼ਿਆਦਾ ਬ੍ਰਿਧ ਅਵਸਥਾ ਵਿੱਚ ਹੋਣ ਕਰਕੇ ਉਨ੍ਹਾਂ ਦੀ ਕੋਈ ਘਟਨਾ ਇਤਿਹਾਸ ਦੀ ਪਕੜ ਵਿੱਚ ਨਹੀਂ ਆਈ। ਗੁਰੂ ਅਰਜਨ ਦੇਵ ਜੀ ਵੇਲੇ ਮਉ ਨਗਰ ਜਿੱਥੇ ਹਜ਼ੂਰ ਸ਼ਾਦੀ ਲਈ ਗਏ ਸਨ ਤਦ ਨਗਰ ਦੇ ਲੋਕਾਂ ਨੇ ਬਹਾਨੇ ਨਾਲ ਪਰਖ ਕਰਨ ਲਈ ਇਕ ਦਰੱਖਤ ਦਾ ਮੁੱਢ ਬਾਹਰੋਂ ਘੜ ਕੇ ਕਿੱਲੇ ਦੀ ਸ਼ਕਲ ਦਾ ਬਣਾ ਦਿੱਤਾ ਸੀ। ਗੁਰੂ ਅਰਜਨ ਪਾਤਿਸ਼ਾਹ ਜੀ ਨੇ ਘੋੜੇ ’ਤੇ ਸਵਾਰ ਹੋ ਕੇ ਨੇਜੇ ਨਾਲ ਉਹ ਕਿੱਲਾ ਪੁੱਟ ਦਿੱਤਾ ਸੀ। ਛੇਵੇਂ ਪਾਤਿਸ਼ਾਹ ਜੀ ਵੱਲੋਂ ਦੋ ਤੇਗਾਂ ਪਹਿਨਣ ਦਾ ਜ਼ਿਕਰ ਜਗ ਜ਼ਾਹਰਾ ਹੈ। ਢਾਡੀ ਨਥਾ ਅਤੇ ਭਾਈ ਅਬਦੁੱਲਾ ਜੀ ਦੀ ਗਵਾਹੀ ਹੈ ਕਿ ‘ਦੋ ਤਲਵਾਰਾਂ ਬੱਧੀਆਂ; ਇਕ ਮੀਰੀ ਦੀ, ਇਕ ਪੀਰੀ ਦੀ।’ ਯਾਦ ਰੱਖਣ ਯੋਗ ਬਾਤ ਹੈ ਕਿ ਛੇਵੇਂ ਪਾਤਿਸ਼ਾਹ ਜੀ ਦੇ ਬਚਪਨ ਸਮੇਂ ਹਥਿਆਰ ਵਿੱਦਿਆ ਬਾਬਾ ਬੁੱਢਾ ਜੀ ਨੇ ਦਿੱਤੀ ਸੀ। ਬਾਬਾ ਬੁੱਢਾ ਜੀ ਦੀ ਇੱਕ ਕਿਰਪਾਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਥਿਆਰਾਂ ਵਿੱਚ ਅਜੋਕੇ ਸਮੇਂ ਤੱਕ ਪਈ ਹੈ। ਸੱਤਵੇਂ ਪਾਤਿਸ਼ਾਹ ਜੀ ਵੱਲੋਂ 2200 ਘੋੜ ਸਵਾਰਾਂ ਦੀ ਫੌਜ ਰੱਖਣ ਦਾ ਅਰਥ ਹੀ ਹਥਿਆਰਾਂ ਦੀ ਕਦਰ ਕੀਮਤ ਨੂੰ ਪ੍ਰਗਟ ਕਰ ਦਿੰਦਾ ਹੈ। ਅੱਠਵੇ ਪਾਤਿਸ਼ਾਹ ਜੀ ਫਿਰ ਬਾਲ ਬਰੇਸ ਸਨ। ਨੌਵੇਂ ਪਾਤਿਸ਼ਾਹ ਜੀ ਨੂੰ ਤੇਗ ਬਹਾਦਰ ਸ਼ਬਦ ਹੀ ਤੇਗ ਦੀ ਬਹਾਦਰੀ ਦਿਖਾਉਣ ਕਰਕੇ ਮਿਲਿਆ ਸੀ। ਦਸਮੇਸ਼ ਪਾਤਿਸ਼ਾਹ ਜੀ ਨੇ ਪ੍ਰਤੱਖ ਰੂਪ ਵਿਚ ਚੌਦਾਂ ਜੰਗਾਂ ਲੜੀਆਂ। ਕਲਗੀਧਰ ਦੀ ਤੀਰ ਅੰਦਾਜੀ ਦੇ ਕਰਤੱਬ ਨੂੰ ਤਾਂ ਸਗੋਂ ਵਕਤੀ ਹਾਕਮ ਜਾਂ ਬਾਈਧਾਰ ਦੇ ਰਾਜੇ ਕਰਾਮਾਤ ਵਾਂਗ ਹੀ ਸਮਝਦੇ ਸਨ। ਕਲਗੀਧਰ ਜੀ ਦੀ ਤਾਂ ਪ੍ਰਤੱਖ ਕਰਾਮਾਤ ਹੈ ਕਿ ਸੈਦ ਖਾਂ ਵਰਗੇ ਜਰਨੈਂਲਾਂ ਤੋਂ ਹਥਿਆਰ ਸੁਟਵਾ ਕੇ ਸੱਚਾ ਫਕੀਰ ਬਣਾ ਸਕਦੇ ਹਨ ਅਤੇ ਹਥਿਆਰ ਛੱਡ ਬੈਠੇ ਮਾਧੋ ਦਾਸ ਵਰਗਿਆਂ ਨੂੰ ਜਬਰਦਸਤ ਜਰਨੈਲ ਬਣਾ ਸਕਦੇ ਹਨ।

ਭਾਈ ਬਚਿੱਤਰ ਸਿੰਘ ਦੀ ਨਾਗਣੀ ਗੁਰੂ ਜੀ ਦੇ ਆਪਣੇ ਹੀ ਬਣਾਏ ਅਨੰਦਪੁਰ ਸਾਹਿਬ ਅੰਦਰ ਹਥਿਆਰਾਂ ਦੇ ਕਾਰਖਾਨੇ ਦੀ ਬਣੀ ਹੋਈ ਸੀ। ਇਸੇ ਹੀ ਨਾਗਣੀ ਨਾਲ ਭਾਈ ਬਚਿੱਤਰ ਸਿੰਘ ਜੀ ਨੇ ਪਹਾੜੀ ਰਾਜਿਆਂ ਵੱਲੋਂ ਭੇਜੇ ਮਸਤ ਹਾਥੀ ਦੇ ਸਿਰ ’ਤੇ ਬੰਨੀਆਂ ਲੋਹੇ ਦੀਆਂ ਤਵੀਆਂ ਨੂੰ ਪਾੜ ਕੇ ਹਾਥੀ ਦਾ ਸਿਰ ਜ਼ਖਮੀ ਕਰ ਦਿੱਤਾ ਸੀ। ਦਸ਼ਮੇਸ਼ ਪਿਤਾ ਜੀ ਨੇ ਜਦੋਂ ਆਪਣੇ ਪਿਆਰੇ ਵੀ ਦੁਨੀਆਂ ਅੰਦਰ ਪ੍ਰਗਟ ਕੀਤੇ ਤਾਂ ਉਹ ਵੀ ਕਿਰਪਾਨ ਦੀ ਨੋਕ ’ਤੇ ਹੀ ਪੈਦਾ ਕੀਤੇ ਸਨ। ਗੁਰੂ ਘਰ ਦਾ ਪਿਆਰ ਨਿਰੇ ਛੱਲੇ ਮੁੰਦੀਆਂ ਵਾਲਾ ਨਹੀਂ ਸੀ। ਪੰਜਾਂ ਪਿਆਰਿਆਂ ਦੀ ਚੋਣ ਸਮੇਂ ਗੁਰੂ ਜੀ ਭਰੇ ਦਰਬਾਰ ਅੰਦਰੋਂ ਪੰਜ ਸੀਸ ਮੰਗਦੇ ਹਨ ਅਤੇ ਸਿੱਖੀ ਦੇ ਪ੍ਰਵਾਨੇ ਪੰਜ ਵਾਰੀ ਹੀ ਗੁਰੂ ਜੀ ਅੱਗੇ ਸੀਸ ਭੇਟ ਕਰ ਦਇਆ ਰਾਮ ਤੋਂ ਭਾਈ ਦਇਆ ਸਿੰਘ ਜੀ ਬਣੇ। ਧਰਮ ਚੰਦ, ਹਿੰਮਤ ਰਾਏ, ਮੋਹਕਮ ਚੰਦ ਅਤੇ ਸਾਹਿਬ ਚੰਦ ਤੋਂ ਕ੍ਰਮਵਾਰ ਬਦਲ ਕੇ ਭਾਈ ਸਾਹਿਬ ਸਿੰਘ ਜੀ ਬਣੇ ਸਨ। ਹੈਰਾਨੀ ਦੀ ਗੱਲ ਹੈ ਕਿ ਕਿਰਪਾਨ ਵਿੱਚੋਂ ਪੈਦਾ ਕਰਕੇ ਖਾਲਸੇ ਦੀ ਪੰਜ ਕਕਾਰੀ ਵਰਦੀ ਅੰਦਰ ਵੀ ਕਿਰਪਾਨ ਲਾਜ਼ਮੀ ਕਰ ਦਿੱਤੀ ਸੀ ਜਿਸ ਨੂੰ ਅੰਮ੍ਰਿਤ ਛੱਕਣ ਵਾਲਾ ਹਰ ਵਕਤ ਅੰਗ ਸੰਗ ਰੱਖਦਾ ਹੈ। ਖਾਲਸੇ ਦੀ ਅਰਦਾਸ ਵਿੱਚ ਵੀ ਦੇਗ ਅਤੇ ਤੇਗ ਦੀ ਫਤਿਹ ਦੀ ਮੰਗ ਕੀਤੀ ਜਾਂਦੀ ਹੈ। ਖਾਲਸਾ ਜੋਦੜੀ ਕਰਦਾ ਹੈ ਕਿ ਦੁਸ਼ਟਾਂ ਦੇ ਨਾਸ਼ ਕਰਨ ਲਈ ਕਿਰਪਾਨ ਦਾ ਚੱਲਣਾ ਵੀ ਜ਼ਰੂਰੀ ਹੈ। ਸਿਆਣੇ ਲੋਕਾਂ ਦੇ ਵੀਚਾਰ ਹਨ ਕਿ ਹਰ ਕੋਈ ਬੰਦਾ ਸ਼ਾਂਤੀ ਹੀ ਚਾਹੁੰਦਾ ਹੈ ਪਰ ਸ਼ਾਂਤੀ ਦੀ ਪਹਿਰੇਦਾਰੀ ਹਮੇਸ਼ਾਂ ਹੀ ਹਥਿਆਰ ਨਾਲ ਰਹੀ ਹੈ ਇਹ ਮਕਸਦ ਭੁੱਲ ਜਾਏ ਤਾਂ ਉਹ ਜਾਂ ਤਾਂ ਕਾਇਰ ਬੁਜ਼ਦਿਲ ਬਣ ਜਾਂਦੇ ਹਨ ਜਾਂ ਫਿਰ ਜ਼ਾਲਿਮ ਬਣ ਜਾਂਦੇ ਹਨ। ਗੁਰੂ ਸਾਹਿਬ ਜੀ ਨੇ ਅੰਮ੍ਰਿਤ ਵੀ ਖੰਡੇ ਨਾਲ ਹੀ ਤਿਆਰ ਕੀਤਾ ਸੀ। ਆਮ ਕਰਕੇ ਅਜਿਹੀਆਂ ਚੀਜ਼ਾਂ ਲਈ ਚਮਰਾ ਜਾਂ ਕੜਛੀ ਵਰਤੀ ਜਾਂਦੀ ਹੈ ਪਰ ਨਾਲ ਹੀ ਚੇਤਾ ਰੱਖਣਾ ਚਾਹੀਦਾ ਹੈ ਕਿ ਕੜਛੀ ਅਤੇ ਚਮਚਾ ਗੁਲਾਮੀ ਦੀ ਨਿਸ਼ਾਨੀ ਹੁੰਦੇ ਹਨ। ਅਜੋਕੇ ਸਮੇਂ ਅੰਦਰ ਵੀ ਕਿਸੇ ਦੀ ਖੁਸ਼ਾਮਦ ਕਰਨਾ ਚਮਾਚਾਗਿਰੀ ਕਰਨਾ ਹੀ ਕਹਾਉਂਦਾ ਹੈ। ਖਾਲਸੇ ਨੇ ਖੰਡਾ ਘੋਲ ਕੇ ਅੰਮ੍ਰਿਤ ਪੀਤਾ ਸੀ ਤੇ ਬਾਬਾ ਦੀਪ ਸਿੰਘ ਜੀ ਵਰਗਿਆਂ ਨੇ ਖੰਡੇ ਨਾਲ ਹੀ ਲਕੀਰ ਖਿੱਚੀ ਤੇ ਕਿਹਾ ਸੀ ਕਿ ਖਾਲਸਾ ਜੀ ਜਿਨ੍ਹਾਂ ਨੇ ਖੰਡੇ ਦੀ ਪਾਹੁਲ ਛੱਕ ਕੇ ਪਹਿਲਾਂ ਮਰਨ ਕਬੂਲ ਕੀਤਾ ਹੋਇਆ ਹੈ ਉਹ ਅੱਜ ਅੱਗੇ ਆਓ ਕਿਉਂਕਿ ਅਹਿਮਦ ਸ਼ਾਹ ਅਬਦਾਲੀ ਵਰਗੇ ਪਾਪੀ ਹਾਕਮ ਤੇ ਧਾੜਵੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੀ ਹੈ। ਖਾਲਸੇ ਨੇ ਸਿਰ ਤਲੀ ’ਤੇ ਰੱਖ ਕੇ ਖੰਡਾ ਖੜਕਾ ਕੇ ਸਪੱਸ਼ਟ ਕਰ ਦਿੱਤਾ ਕਿ ਖਾਲਸੇ ਤਾਂ ਮੌਤ ਨੂੰ ਵੀ ਭਿਖਾਰਨ ਬਣਾ ਸਕਦੇ ਹਨ। ਇਹ ਘਟਨਾ 1757 ਦੀ ਹੈ।

ਅਬਦਾਲੀ ਨਾਲ ਹੀ ਆਇਆ ਹੋਇਆ ਕਾਜ਼ੀ ਨੂਰ ਮੁਹੰਮਦ ਅੰਦਰੋਂ ਈਰਖਾ ਦਾ ਭਰਿਆ ਹੋਇਆ ਸੀ ਲਿਖ ਭਾਵੇਂ ਨਫਰਤ ਨਾਲ ਹੀ ਰਿਹਾ ਸੀ ਪਰ ਫਿਰ ਵੀ ਖਾਲਸੇ ਦੀ ਤਾਰੀਫ ਆਪਣੇ ਆਪ ਹੀ ਉਸ ਦੇ ਨਫਰਤ ਦੇ ਪੜਦੇ ਪਾੜ ਕੇ ਸਪੱਸ਼ਟ ਹੋ ਜਾਂਦੀ ਹੈ। ਜਦੋਂ ਉਹ ਲਿਖਦਾ ਹੈ ਕਿ ਜੇਕਰ ਹਥਿਆਰ ਚਲਾਉਣੇ ਸਿਖਣੇ ਹੋਣ ਤਾਂ ਇਨ੍ਹਾਂ ਕੁੱਤਿਆਂ ਕੋਲੋਂ ਸਿਖੋ। ਇਨ੍ਹਾਂ ਦੀ ਬਹਾਦਰੀ ਅਤੇ ਹਥਿਆਰਾਂ ਦੇ ਚਲਾਉਣ ਵਿੱਚ ਕੋਈ ਮੁਕਾਬਲਾ ਨਹੀਂ ਕਰ ਸਕਦਾ। ਤਵਾਰੀਖ ਤਦ ਹੀ ਤਾਂ ਖਾਲਸੇ ਦੀ ਬਹਾਦਰੀ ਦੇ ਸੋਹਿਲੇ ਗਾਉਂਦੀ ਹੈ ਕਿਉਂਕਿ ਇਨ੍ਹਾਂ ਦੀ ਤਾਰੀਫ ਨਫਰਤ ਭਰੇ ਹਿਰਦੇ ਵੀ ਕਰ ਜਾਂਦੇ ਹਨ।

ਗੁਰੂ ਘਰ ਦੀ ਨਿਰਾਲੀ ਮਾਣ ਮਤੀ ਮਰਿਆਦਾ ਹੈ ਕਿ ਇੱਥੇ ਆਏ ਹਰ ਪ੍ਰੇਮੀ ਨੂੰ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਜਾਂਦੀ ਹੈ। ਕੜਾਹ ਤਿਆਰ ਕਰਕੇ ਇਸ ਨੂੰ ਕੜਾਹ ਪ੍ਰਸ਼ਾਦ ਬਣਾਉਣ ਲਈ ਅਰਦਾਸ ਕਰਕੇ ਸਤਿਗੁਰੂ ਜੀ ਤੋਂ ਪ੍ਰਵਾਨਗੀ ਲਈ ਜਾਂਦੀ ਹੈ। ਸਿੱਖੀ ਦਾ ਅਟੁੱਟ ਵਿਸ਼ਵਾਸ ਹੈ ਕਿ ਜਦੋਂ ਸਿੱਖ ਗੁਰੂ ਜੀ ਨੂੰ ਯਾਦ ਕਰਕੇ ਉਸ ਦੇਗ ਵਿੱਚ ਕਿਰਪਾਨ ਭੇਟ ਕਰ ਦਿੰਦਾ ਹੈ ਤਾਂ ਉਹ ਕੜਾਹ ਬਦਲ ਕੇ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਬਣ ਜਾਂਦੀ ਹੈ। ਗੁਰੂ ਘਰ ਅੰਦਰ ਗੁਰੂ ਜੀ ਦੀ ਖੁਸ਼ੀ ਦੀ ਪ੍ਰਵਾਨਗੀ ਵੀ ਹਥਿਆਰ ਨਾਲ ਹੀ ਲਈ ਜਾਂਦੀ ਹੈ। ਇਸ ਦਾ ਵੀ ਅਸਲ ਵਿੱਚ ਪਿਛੋਕੜ ਹੈ ਕਿ ਜਦੋਂ ਵੀ ਗੁਰੂ ਜੀ ਕਿਸੇ ’ਤੇ ਅਤਿ ਦੀ ਪ੍ਰਸੰਨਤਾ ਬਖਸਦੇ ਸਨ ਤਦ ਉਸ ਨੂੰ ਪ੍ਰੇਮ ਨਿਸ਼ਾਨੀ ਵਜੋਂ ਵੀ ਹਥਿਆਰ ਹੀ ਬਖਸਦੇ ਸਨ ਜਿਸ ਦਾ ਸਬੂਤ ਸਾਨੂੰ ਮਾਤਾ ਸਾਹਿਬ ਕੌਰ ਜੀ, ਜਿਹੜੇ ਦਸ਼ਮੇਸ਼ ਜੀ ਦੇ ਮਹਿਲ ਸਨ, ਨੂੰ ਦਿੱਤੇ ਹੋਏ ਤੀਰਾਂ ਤੋਂ ਮਿਲਦਾ ਹੈ। ਇੱਥੇ ਹੀ ਬੱਸ ਨਹੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਗੁਰੂ ਗੋਬਿੰਦ ਜੀ ਨੇ ਪੰਜ ਤੀਰ ਬਖਸ਼ੇ ਸਨ। ਇਸ ਤੋਂ ਸਪੱਸ਼ਟ ਹੈ ਕਿ ਜਦੋਂ ‘‘ਲੱਖ ਖੁਸੀਆ ਪਾਤਿਸਾਹੀਆ, ਜੇ ਸਤਿਗੁਰੂ ਨਦਰਿ ਕਰੇਇ’’ ਦੀ ਦਾਤ ਲੈਣੀ ਹੋਵੇ ਤਦ ਕੜਾਹ ਪ੍ਰਸ਼ਾਦ ਦੀ ਦੇਗ ਅੰਦਰ ਹਥਿਆਰ ਭਾਵ ਕਿਰਪਾਨ ਨਾਲ ਹੀ ਪ੍ਰਵਾਨਗੀ ਲਈ ਜਾਂਦੀ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹੀ ਹੋਲੀ ਭੂਤਨੇ ਹੋਏ ਲੋਕਾਂ ਨੂੰ ਹੋਲੇ ਮਹੱਲੇ ਦੀ ਦਾਤ ਬਖਸ਼ੀ ਸੀ। ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਦੋ ਟੁਕੜੀਆਂ ਆਪਣੇ ਸਿੱਖਾਂ ਦੀਆਂ ਬਣਾ ਕੇ ਜ਼ਾਲਮਾਂ ’ਤੇ ਹੱਲਾ ਕਰਨ ਦੀ ਜਾਚ ਸਿਖਾਉਣ ਲਈ ਹਥਿਆਰ ਚਲਾਉਣ ਦੀ ਅਤੇ ਹਥਿਆਰਾਂ ਦੇ ਕਰਤੱਬ ਦਿਖਾਉਣ ਦੀ ਰੀਤ ਚਲਾਈ ਸੀ।

ਕੋਈ ਵੀ ਨਿਸ਼ਾਨੀ ਅਸਲ ਵਿੱਚ ਕਿਸੇ ਸਿਧਾਂਤ ਦੀ, ਚੁੱਪ ਦੀ ਭਾਸ਼ਾ ਵਿੱਚ ਇਕ ਵਿਆਖਿਆ ਹੀ ਹੁੰਦੀ ਹੈ। ਸਿੱਖੀ ਦਾ ਨਿਸ਼ਾਨ ਸਾਹਿਬ ਵੀ ਦੋ ਗੱਲਾਂ ਦਾ ਪ੍ਰਤੀਕ ਹੈ। ਜਿਹੜਾ ਕੱਪੜਾ ਹੈ ਉਹ ਭਗਤੀ ਦੀ ਨਿਸ਼ਾਨੀ ਹੈ ਅਤੇ ਜਿਹੜਾ ਉੱਪਰ ਖੰਡਾ ਹੈ ਉਹ ਸ਼ਕਤੀ ਭਾਵ ਹਥਿਆਰ ਦਾ ਹੀ ਇਕ ਸੁਨੇਹਾ ਹੈ ਸਿੱਖ ਕੌਮ ਅਸਲ ਵਿੱਚ ਇੱਕ ਜਿਊਂਦੀ ਬਹਾਦਰੀ ਵਾਲੀ ਕੌਮ ਹੈ। ਜਿਊਂਦੀਆਂ ਕੌਮਾਂ ਆਪਣੀ ਅਣਖ ਤੇ ਗ਼ੈਰਤ ’ਤੇ ਕਦੇ ਦਾਗ ਨਹੀਂ ਲੱਗਣ ਦਿੰਦੀਆਂ ਜਿਸ ਕਰਕੇ ਇਹ ਹਥਿਆਰ ਦੀ ਸੇਵਾ ਸੰਭਾਲ ਅਤੇ ਇਸ ਨੂੰ ਪਿਆਰ ਕਰਦੇ ਹਨ। ਨਿਰੰਕਾਰ ਕਿਰਪਾ ਕਰਕੇ ਖਾਲਸੇ ਕੋਲੋਂ ਗਰੀਬ ਦੀ ਰੱਖਿਆ ਅਤੇ ਜ਼ਾਲਮ ਦਾ ਭੱਖਿਆ ਦੇ ਸਿਧਾਂਤ ਦੀ ਸੇਵਾ ਲੈਂਦਾ ਰਹੇ। ਇਹ ਖਾਲਸੇ ਦੀ ਕਿਰਪਾਨ ਹੀ ਰਹੇ ਭਾਵ ਲੋੜਵੰਦਾਂ ਦੀ ਸੇਵਾ ਕਰੇ। ਇਹ ਕਦੇ ਤਲਵਾਰ (ਤਲੇ ਪਟੇ ਤੇ ਵਾਰ ਕਰਨਾ) ਨਾ ਬਣੇ।

‘ਦੇਗ ਤੇਗ ਜਗ ਮਹਿ ਦੋਉ ਚਲੈ॥ ਰਾਖ ਆਪ ਮੋਹਿ ਅਉਰ ਨ ਦਲੈ॥’