20.4 C
Jalandhar
Tuesday, April 7, 2026
spot_img
Home Blog Page 220

ਵਡੇ ਵਡੇ ਜੋ ਦੀਸਹਿ ਲੋਗ ।। ਤਿਨ ਕਉ ਬਿਆਪੈ ਚਿੰਤਾ ਰੋਗ ।।

0

ਵਡੇ ਵਡੇ ਜੋ ਦੀਸਹਿ ਲੋਗ ।। ਤਿਨ ਕਉ ਬਿਆਪੈ ਚਿੰਤਾ ਰੋਗ ।।

ਪ੍ਰੋ. ਮਨਰਾਜ ਕੌਰ

ਚਿਤਵਨ ਸਿੰਘ….ਦਾਦਾ ਜੀ ! ਅੱਜ ਸਵੇਰ ਤੋਂ ਹੀ ਤੁਸੀਂ ਮੂੰਹ ਵਿਚ ਕੁਝ ਗੁਣਗੁਣਾ ਰਹੇ ਹੋ। ਕੀ ਗੁਣ ਗੁਣਾ ਰਹੇ ਹੋ ?
ਦਾਦਾ ਜੀ…. ਬੇਟਾ ਜੀ ! ਆਪ ਜੀ ਨੂੰ ਸਾਰਾ ਪਤਾ ਲੱਗ ਜਾਂਦਾ ਹੈ।
ਚਿਤਵਨ ਸਿੰਘ…ਦਾਦਾ ਜੀ ! ਦੱਸੋ ਨਾ!
ਦਾਦਾ ਜੀ…..ਪੁੱਤਰ ਜੀ ! ਗੁਰਬਾਣੀ ਦੀ ਇਕ ਤੁੱਕ ਹੈ।
ਚਿਤਵਨ ਸਿੰਘ….ਕਿਹੜੀ ?
ਦਾਦਾ ਜੀ…… ਵਡੇ ਵਡੇ ਜੋ ਦੀਸਹਿ ਲੋਗ ।। ਤਿਨ ਕਉ ਬਿਆਪੈ ਚਿੰਤਾ ਰੋਗ ।। 
ਚਿਤਵਨ ਸਿੰਘ…. ਇਸ ਦਾ ਕੀ ਮਤਲਬ ਹੈ ?
ਦਾਦਾ ਜੀ…. (ਹੱਸਦੇ ਹੋਏ ) ਇਹ ਤੁੱਕ ਵਡੇ ਲੋਕਾਂ ਬਾਰੇ ਹੈ। ਤੁਸੀਂ ਤਾਂ ਅਜੇ ਛੋਟੇ ਹੋ।
ਚਿਤਵਨ ਸਿੰਘ… ਦਾਦਾ ਜੀ ! ਤੁਸੀਂ ਆਪ ਹੀ ਤਾਂ ਦੱਸਦੇ ਹੋ ਕਿ ਗੁਰਬਾਣੀ ਸਾਰਿਆਂ ਲਈ ਸਾਂਝੀ ਹੈ।
ਦਾਦਾ ਜੀ…..ਉਹ ਤਾਂ ਹੈ।
ਚਿਤਵਨ ਸਿੰਘ…..ਫਿਰ ਛੋਟੇ ਵੱਡੇ ਸਭ ਸਮਝ ਸਕਦੇ ਹਨ, ਨਾ!
ਦਾਦਾ ਜੀ….ਬਿਲਕੁੱਲ ਬੇਟਾ ਜੀ !
ਚਿਤਵਨ ਸਿੰਘ….ਫਿਰ ਦੱਸੋ ਨਾ !
ਦਾਦਾ ਜੀ…. ਇਸ ਦਾ ਮਤਲਬ ਹੈ ਕਿ ਦੁਨੀਆ ਵਿਚ ਜੋ ਕਿਸੇ ਵੀ ਪੱਖ ਤੋਂ ਵੱਡੇ ਹਨ, ਉਹ ਚਿੰਤਾ ਦੀ ਬਿਮਾਰੀ ਵਿਚ ਫਸੇ ਹੋਏ ਹਨ।
ਚਿਤਵਨ ਸਿੰਘ…. ਦਾਦਾ ਜੀ ! ਤੁਸੀਂ ਵੀ ਤਾਂ ਵੱਡੇ ਹੋ, ਪਰ ਤੁਸੀਂ ਤਾਂ ਕਦੀ ਕਿਸੇ ਗੱਲ ਦੀ ਚਿੰਤਾ ਨਹੀਂ ਕਰਦੇ।
ਦਾਦਾ ਜੀ…. ਇਸ ਤਰਾਂ ਨਹੀਂ ਬੇਟਾ ਜੀ !
ਚਿਤਵਨ ਸਿੰਘ…. ਫਿਰ ਕਿਸ ਤਰਾਂ ਦਾਦਾ ਜੀ !
ਦਾਦਾ ਜੀ……ਜੋ ਲੋਕ ਆਪਣੇ ਆਪ ਨੂੰ ਕਿਸੇ ਵੀ ਪੱਖ ਤੋਂ ਦੂਜਿਆਂ ਨਾਲੋਂ ਵੱਡਾ ਸਮਝਦੇ ਹਨ, ਜਿਵੇਂ ਪਦਵੀ ਵਲੋਂ, ਪੈਸੇ ਵਲੋਂ, ਪੜੵਾਈ ਵਲੋਂ ਜਾਂ ਕਿਸੇ ਵੀ ਹੋਰ ਦਨਿਆਵੀ ਪੱਖ ਤੋਂ।
ਚਿਤਵਨ ਸਿੰਘ….. ਜਿਹੜੇ ਵੱਡੇ ਬਣ ਹੀ ਗਏ, ਉਨਾਂ ਨੂੰ ਚਿੰਤਾ ਕਰਨ ਦੀ ਕੀ ਲੋੜ ਹੈ ?
ਦਾਦਾ ਜੀ….. ਇਹੀ ਤਾਂ ਸਮਝਣ ਦੀ ਲੋੜ ਹੈ।
ਚਿਤਵਨ ਸਿੰਘ…. ਫਿਰ ਕਿਉਂ ਨਹੀਂ ਸਮਝਦੇ ?
ਦਾਦਾ ਜੀ…..ਸਮਝ ਸਕਦੇ ਹਨ ਪਰ ਵੱਡੇ ਹੋਣ ਦਾ ਹੰਕਾਰ ਹੀ ਵਿਚਕਾਰ ਆ ਜਾਂਦਾ ਹੈ।
ਚਿਤਵਨ ਸਿੰਘ….ਉਹ ਕਿਵੇਂ ?
ਦਾਦਾ ਜੀ……ਪਹਿਲਾਂ ਹੀ ਚਿੰਤਾ ਇਸ ਗੱਲ ਦੀ ਹੁੰਦੀ ਹੈ ਕਿ ਮੇਰੀ ਪਦਵੀ, ਪੈਸੇ ਜਾਂ ਪੜੵਾਈ ਕਰਕੇ ਦੁਨੀਆ ਦੇ ਲੋਕਾਂ ਵਿਚ ਬਣੀ ਹੋਈ ਵਡਿਆਈ ਕਿਤੇ ਘਟ ਨਾ ਜਾਏ, ਕਿਤੇ ਮੇਰੇ ਇਸ ਮਾਣ ਇੱਜ਼ਤ ਵਿਚ ਕੋਈ ਫ਼ਰਕ ਨਾ ਪੈ ਜਾਏ।
ਚਿਤਵਨ ਸਿੰਘ…. ਕਿਵੇਂ ਦਾਦਾ ਜੀ?
ਦਾਦਾ ਜੀ…..ਉਹ ਆਪਣੇ ਆਪ ਵਿਚ ਇਕ ਭੁਲੇਖਾ ਬਣਾ ਕੇ ਬੈਠੇ ਹੁੰਦੇ ਹਨ ਕਿ ਉਨਾਂ ਨੂੰ ਦੁਨੀਆ ਭਰ ਦੀ ਸਾਰੀ ਸਮਝ ਹੈ ਤੇ ਇਹੀ ਭੁਲੇਖਾ ਉਨਾਂ ਨੂੰ ਕੁਝ ਹੋਰ ਸਮਝਣ ਨਹੀਂ ਦਿੰਦਾ।
ਚਿਤਵਨ ਸਿੰਘ….ਪਰ ਇਸ ਸਭ ਕੁਝ ਨਾਲ ਚਿੰਤਾ ਦਾ ਕੀ ਸਬੰਧ ਹੈ ?
ਦਾਦਾ ਜੀ….. ਬੇਟਾ ਜੀ ! ਜੇ ਸਾਨੂੰ ਕੁਝ ਵੀ ਖੁਸ ਜਾਣ ਦਾ ਡਰ ਹੋਵੇ ਤਾਂ ਚਿੰਤਾ ਤਾਂ ਹੋਵੇਗੀ ਹੀ।
ਚਿਤਵਨ ਸਿੰਘ…. ਪਰ ਤੁਸੀਂ ਕਿਹਾ ਕਿ ਚਿੰਤਾ ਰੋਗ, ਇਹ ਚਿੰਤਾ ਰੋਗ ਕਿਵੇਂ ਬਣ ਗਈ ?
ਦਾਦਾ ਜੀ…..ਸੱਭ ਬਿਮਾਰੀਆਂ ਦੀ ਜੜੵ ਹੀ ਚਿੰਤਾ ਹੈ।
ਚਿਤਵਨ ਸਿੰਘ…..ਉਹ ਕਿਵੇਂ ?
ਦਾਦਾ ਜੀ….. ਡਰ ਤੇ ਸਹਿਮ ਵਿਚੋਂ ਚਿੰਤਾ ਪੈਦਾ ਹੁੰਦੀ ਹੈ ਤੇ ਇਹ ਸੱਭ ਭਾਵਨਾਵਾਂ ਪਹਿਲਾਂ ਸਾਡੇ ਮਨ ’ਤੇ ਬੁਰਾ ਅਸਰ ਪਾਉਂਦੀਆਂ ਹਨ ਫਿਰ ਸਰੀਰ ਮਨ ਦੇ ਮਗਰ ਚੱਲਦਾ ਹੈ ਤੇ ਸਰੀਰ ਉੱਤੇ ਵੀ ਬੁਰੇ ਅਸਰ ਪੈਣੇ ਸ਼ੁਰੂ ਹੋ ਜਾਂਦੇ ਹਨ।
ਚਿਤਵਨ ਸਿੰਘ….ਇਨਾਂ ਬੁਰੇ ਅਸਰਾਂ ਦਾ ਕੀ ਹਸ਼ਰ ਹੁੰਦਾ ਹੈ ?
ਦਾਦਾ ਜੀ…. ਪਹਿਲਾਂ ਮਨ ਤੇ ਫਿਰ ਤਨ ਦੋਵੇਂ ਰੋਗੀ ਹੋ ਜਾਂਦੇ ਹਨ।
ਚਿਤਵਨ ਸਿੰਘ…..ਫਿਰ ?
ਦਾਦਾ ਜੀ…….ਫਿਰ ਕੀ ? ਪੂਰਾ ਜੀਵਨ ਹੀ ਰੋਗੀ ਹੋ ਜਾਂਦਾ ਹੈ।
ਚਿਤਵਨ ਸਿੰਘ…..ਇਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ?
ਦਾਦਾ ਜੀ…..ਬੇਟਾ ਜੀ ! ਬੱਸ ਇਕ ਹੀ ਤਰੀਕਾ ਹੈ।
ਚਿਤਵਨ ਸਿੰਘ…..ਉਹ ਕੀ ਦਾਦਾ ਜੀ!
ਦਾਦਾ ਜੀ…….ਵੱਡੇ ਹੋਣ ਦਾ ਮਾਣ ਛੱਡ ਕੇ ਮਾਨਸਿਕ ਤੌਰ ’ਤੇ ਬੱਚੇ ਬਣ ਕੇ ਗੁਰਬਾਣੀ ਵਿਚੋਂ ਜਿਊਣਾ ਸਿਖੀਏ।
ਚਿਤਵਨ ਸਿੰਘ…..ਇਹ ਤਾਂ ਬਹੁਤ ਵਧੀਆ ਤਰੀਕਾ ਹੈ।
ਦਾਦਾ ਜੀ……ਸਿਰਫ ਇਹ ਹੀ ਤਰੀਕਾ ਹੈ।
ਚਿਤਵਨ ਸਿੰਘ….ਮੈਨੂੰ ਇਕ ਗੱਲ ਹੋਰ ਸਮਝ ਵਿਚ ਆ ਗਈ।
ਦਾਦਾ ਜੀ…….ਉਹ ਕਿਹੜੀ ?
ਚਿਤਵਨ ਸਿੰਘ…… ਇਹੀ ਕਿ ਤੁਸੀਂ ਕਦੀ ਵੀ ਚਿੰਤਾ ਕਿਉਂ ਨਹੀਂ ਕਰਦੇ।
ਦਾਦਾ ਜੀ….ਅੱਛਾ ਜੀ ! ਕੀ ਸਮਝ ਵਿਚ ਆਇਆ ?
ਚਿਤਵਨ ਸਿੰਘ…..ਤੁਸੀਂ ਉਮਰ ਵਲੋਂ, ਪੜੵਾਈ ਵਲੋਂ, ਪਦਵੀ ਵਲੋਂ ਤੇ ਪੈਸੇ ਵਲੋਂ ਭਾਵ ਹਰੇਕ ਪੱਖ ਤੋਂ ਵੱਡੇ ਹੋ ਪਰ ਬੱਚੇ ਬਣ ਕੇ ਰੋਜ਼ ਗੁਰਬਾਣੀ ਵਿਚੋਂ ਜਿਊਣਾ ਸਿਖਦੇ ਵੀ ਹੋ ਤੇ ਸਾਨੂੰ ਸੱਭ ਨੂੰ ਸਿਖਾਉਂਦੇ ਵੀ ਹੋ। ਇਸੇ ਲਈ ਚਿੰਤਾ ਕਦੀ ਨੇੜੇ ਵੀ ਨਹੀਂ ਆਉਂਦੀ।
ਦਾਦਾ ਜੀ…..ਬਿਲਕੁੱਲ ਠੀਕ ਬੇਟਾ ਜੀ! ਤੁਸੀਂ ਬਹੁਤ ਸਿਆਣੇ ਹੋ।
ਚਿਤਵਨ ਸਿੰਘ……ਮੈਂ ਵੀ ਹਮੇਸ਼ਾਂ ਤੁਹਾਡੀ ਤਰਾਂ ਬੱਚਾ ਬਣ ਕੇ ਗੁਰਬਾਣੀ ਤੋਂ ਸਿਖਦਾ ਰਹਾਂਗਾ।
ਦਾਦਾ ਜੀ……ਬਹੁਤ ਵਧੀਆ ਬੇਟਾ ਜੀ !

ਐਵੈਂ ਨਸ਼ਿਆਂ ’ਚ ਰੋਲ਼ਿਆ ਮਹਿੰਗੀ ਜ਼ਿੰਦਗਾਨੀ ਨੂੰ।

0

ਐਵੈਂ ਨਸ਼ਿਆਂ ’ਚ ਰੋਲ਼ਿਆ ਮਹਿੰਗੀ ਜ਼ਿੰਦਗਾਨੀ ਨੂੰ।

ਗੁਰਵਿੰਦਰ ਸਿੰਘ ‘ਖੁਸ਼ੀਪੁਰ’ (ਗੁਰਦਾਸਪੁਰ)-99141-61453

ਉੱਠ ਮੇਰੇ ਵੀਰਾ ! ਸੰਭਾਲ ਜਵਾਨੀ ਨੂੰ, ਨਸ਼ਿਆਂ ’ਚ ਰੋਲ਼ੀ ਜਾਨੈ ਸੋਹਣੀ ਜ਼ਿੰਦਗਾਨੀ ਨੂੰ।

ਰੀਝਾਂ ਨਾਲ ਰੱਬ ਇਸ ਦੇਹੀ ਨੂੰ ਸਵਾਰਿਆ, ਜੋੜ-ਜੋੜ ਹੱਡੀਆਂ, ਮਾਸ ਇਨ੍ਹਾਂ ’ਤੇ ਚਾਰਿਆ।

ਸਭ ਜੂਨਾਂ ਵਿੱਚੋਂ ਮਿਲੀ ਤੈਨੂੰ ਵਡਿਆਈ ਏ, ਤੇਰੇ ਅੰਦਰ ਰੱਬੀ ਜੋਤ ਆਪਣੀ ਟਿਕਾਈ ਏ।

ਨਸ਼ਿਆਂ ’ਚ ਲੱਗ ਵਿੱਥ ਓਦੇ ਤੋਂ ਪਾਈ ਏ, ਦੱਸ ਖਾਂ ਵੀਰਾ! ਕਿਉਂ ਬਣਿਆ ਤੂੰ ਸ਼ਦਾਈ ਏ?

ਪੁੱਤ ਵਾਰ ਉਨ੍ਹੇ ਸਾਨੂੰ ਦਿੱਤੀ ਸਰਦਾਰੀ ਸੀ, ਬਾਜ਼ਾਂ ਵਾਲੇ ਮਾਹੀ ਨੂੰ ਇਹ ਅਤਿ ਤੋਂ ਪਿਆਰੀ ਸੀ।

ਹੀਰੇ ਜੈਸਾ ਜਨਮ ਕਿਉਂ ਬਿਰਥਾ ਗਵਾਇਆ ਏ, ਪਾਕ ਜਿੰਦ-ਜਾਨ ਨੂੰ ਕਿਹੜੇ ਲੇਖੇ ਲਾਇਆ ਏ।

ਗੁਰੂਆਂ ਨੇ ਬਾਣੀ ਰਾਹੀਂ ਗੱਲ ਸਮਝਾਈ ਐ, ਨਸ਼ਿਆਂ ਤੋਂ ਬਚ, ਕਰਨੀ ਨਾਮ ਦੀ ਕਮਾਈ ਐ।

ਇਸੇ ਗੱਲ ’ਚ ਹੋਣੀ ਬੰਦਿਆ ! ਤੇਰੀ ਭਲਾਈ ਏ, ਤਾਂ ਤੇ ਤੋਬਾ ਕਰ, ਜੋ ਸੋਚ ਅਪਣਾਈ ਏ।

ਹੁਣ ਵੀ ਵਿਖਾ ਮਾਰਗ ਬੁਝੀ ਮਸਤਾਨੀ ਨੂੰ, ‘ਖੁਸ਼ੀਪੁਰ’ ਯਾਦ ਕਰੋ, ਗੁਰੂਆਂ ਦੀ ਕੁਰਬਾਨੀ ਨੂੰ।

ਉੱਠ ਮੇਰੇ ਵੀਰਾ ! ਸੰਭਾਲ ਜਵਾਨੀ ਨੂੰ, ਐਵੈਂ ਨਸ਼ਿਆਂ ’ਚ ਰੋਲ਼ਿਆ ਮਹਿੰਗੀ ਜ਼ਿੰਦਗਾਨੀ ਨੂੰ।

ਧਰਮ ਦੇ ਠੇਕੇਦਾਰਾਂ ਕੋਲੋਂ ਬਾਬੇ ਨਾਨਕ ਨੂੰ ਛੁਡਵਾਈਏ।

0

ਧਰਮ ਦੇ ਠੇਕੇਦਾਰਾਂ ਕੋਲੋਂ ਬਾਬੇ ਨਾਨਕ ਨੂੰ ਛੁਡਵਾਈਏ।

ਡਾ. ਅਮਨਦੀਪ ਸਿੰਘ ਟੱਲੇਵਾਲੀਆ, ਚੜ੍ਹਦੀਕਲਾ ਨਿਵਾਸ, ਬਾਬਾ ਫਰੀਦ ਨਗਰ, ਕਚਹਿਰੀ ਚੌਂਕ (ਬਰਨਾਲਾ)-98146-99446

ਮਾਂ ਤ੍ਰਿਪਤਾ ਦੀ ਕੁੱਖੋਂ ਜਣਿਆ ਰੱਬ ਦਾ ਸੱਚਾ ਪਿਆਰ ਹੈ ਨਾਨਕ, ਊਚ-ਨੀਚ ਦੀ ਵੰਡ ਨੂੰ ਛੱਡ ਕੇ, ਨੀਵਿਆਂ ਦਾ ਯਾਰ ਹੈ ਨਾਨਕ।

ਸਾਖੀਆਂ ਵਾਲਾ ‘ਨਾਨਕ’ ਛੱਡ ਕੇ ਅਸਲੀ ‘ਨਾਨਕ’ ਨੂੰ ਅਪਣਾਈਏ, ਧਰਮ ਦੇ ਠੇਕੇਦਾਰਾਂ ਕੋਲੋਂ, ਬਾਬੇ ਨਾਨਕ ਨੂੰ ਛੁਡਵਾਈਏ।

ਗੁਰੂ ਘਰਾਂ ’ਤੇ ਕਬਜ਼ੇ ਕਰਨੇ ਇਹ ਨਾਨਕ ਦਾ ਧਰਮ ਨਹੀਂ ਹੈ, ਆਪਣੀ ਹਊਮੈ ਖ਼ਾਤਰ ਲੜਨਾ ਇਹ ਸਿੱਖ ਦਾ ਕਰਮ ਨਹੀਂ ਹੈ।

ਮੂੰਹ ਗ਼ਰੀਬ ਦਾ ਗੁਰੂ ਦੀ ਗੋਲਕ ਦੁਨੀਆਂ ਤਾਈਂ ਇਹ ਸਮਝਾਈਏ, ਧਰਮ ਦੇ ਠੇਕੇਦਾਰਾਂ ਕੋਲੋਂ, ਬਾਬੇ ਨਾਨਕ ਨੂੰ ਛੁਡਵਾਈਏ।

ਗੁਰੂ ਨਾਨਕ ਦੀ ਫੋਟੋ ਨੂੰ ਤਾਂ ਸੋਨੇ ਵਿੱਚ ਜੜਵਾ ਛੱਡਿਆ ਹੈ, ਉਨ੍ਹਾਂ ਦੀ ਆਖੀ ਗੱਲ ਨੂੰ, ਦਿਲ ਤੋਂ ਅਸੀਂ ਭੁਲਾ ਛੱਡਿਆ ਹੈ।

ਮੂਰਤੀਆਂ ਦੀ ਪੂਜਾ ਕਰਦੇ ਕਿਧਰੇ ਪੱਥਰ ਨਾ ਬਣ ਜਾਈਏ, ਧਰਮ ਦੇ ਠੇਕੇਦਾਰਾਂ ਕੋਲੋਂ ਬਾਬੇ ਨਾਨਕ ਨੂੰ ਛੁਡਵਾਈਏ।

ਜੀਵਨ ਜਾਚ ਹੈ ਗੁਰਬਾਣੀ, ਇਹ ਕੋਈ ਮੰਤਰ ਜਾਪ ਨਹੀਂ ਹੈ, ਜੋ ਇਸ ਨੂੰ ਵੇਚ-ਵੱਟ ਰਹੇ ਨੇ ਇਸ ਤੋਂ ਵੱਡਾ ਪਾਪ ਨਹੀਂ ਹੈ।

ਬਾਣੀ ਪੜ੍ਹੀਏ ਬੇਸ਼ੱਕ ਸੁਣੀਏ, ਪਰ ਇਸ ’ਤੇ ਅਮਲ ਕਮਾਈਏ, ਧਰਮ ਦੇ ਠੇਕੇਦਾਰਾਂ ਕੋਲੋਂ, ਬਾਬੇ ਨਾਨਕ ਨੂੰ ਛੁਡਵਾਈਏ।

ਚਿੱਟੇ ਚੋਲ਼ਿਆਂ ਵਾਲੇ ਭੇਖੀ, ਨਾਨਕ ਦੇ ਸੰਗੀ ਨਾ ਲੱਗਦੇ, ਭੋਲ਼ੇ-ਭਾਲ਼ੇ ਲੋਕਾਂ ਨੂੰ ਜੋ ਸੁਰਗ ਦੇ ਲਾਰੇ ਲਾ ਕੇ ਠੱਗਦੇ।

ਨਾਨਕ ਦੇ ਵਾਰਸ ਹਨ ਕਿਰਤੀ, ਇਸ ਗੱਲ ਨੂੰ ਨਾ ਝੁਠਲਾਈਏ, ਧਰਮ ਦੇ ਠੇਕੇਦਾਰਾਂ ਕੋਲੋਂ, ਬਾਬੇ ਨਾਨਕ ਨੂੰ ਛੁਡਵਾਈਏ।

ਕਿਰਤ ਕਰੇਂਦਾ, ਵੰਡ ਕੇ ਛੱਕਦਾ ਜੋ ਨਾਮ ਧਿਆਉਂਦਾ ਏ ਸਿੱਖ, ‘ਟੱਲੇਵਾਲੀਆ’ ਉਹੀ ਅਸਲੀ, ਗੁਰੂ ਨਾਨਕ ਨੂੰ ਭਾਉਂਦਾ ਏ ਸਿੱਖ।

ਕਿਰਤ ਕਰੇਂਦਾ, ਵੰਡ ਕੇ ਛੱਕਦਾ ਜਿਹੜਾ ਨਾਮ ਧਿਆਉਂਦਾ ਏ, ‘ਟੱਲੇਵਾਲੀਆ’ ਉਹ ਅਸਲੀ ਸਿੱਖ, ਗੁਰੂ ਨਾਨਕ ਨੂੰ ਭਾਉਂਦਾ ਏ।

ਗੁਰੂ ਦੀ ਸਿੱਖਿਆ ਉੱਤੇ ਚੱਲ ਕੇ, ਆਪਣਾ ਜੀਵਨ ਸਫ਼ਲ ਬਣਾਈਏ, ਧਰਮ ਦੇ ਠੇਕੇਦਾਰਾਂ ਕੋਲੋਂ, ਬਾਬੇ ਨਾਨਕ ਨੂੰ ਛੁਡਵਾਈਏ।

ਨਸ਼ਾ ਮੁਕਤ ਪੰਜਾਬ ਕਰਨ ਦੀ ਇਕ ਤਸਵੀਰ, ਜਿਸ ਨੇ 7 ਦਿਨਾਂ ਵਿਚ 3 ਗਰੀਬ ਪਰਿਵਾਰ ਅਨਾਥ ਬਣਾ ਦਿੱਤੇ।

0

ਨਸ਼ਾ ਮੁਕਤ ਪੰਜਾਬ ਕਰਨ ਦੀ ਇਕ ਤਸਵੀਰ, ਜਿਸ ਨੇ 7 ਦਿਨਾਂ ਵਿਚ 3 ਗਰੀਬ ਪਰਿਵਾਰ ਅਨਾਥ ਬਣਾ ਦਿੱਤੇ।

7 ਅਕਤੂਬਰ ਤੋਂ 13 ਅਕਤੂਬਰ 2016 ਤੱਕ (ਕੇਵਲ 7 ਦਿਨਾਂ ਵਿਚ) ਸ਼ਰਾਬ ਮਾਫੀਆ (ਅਕਾਲੀ ਲੀਡਰਾਂ ਦੇ ਚਹੇਤਿਆਂ) ਨੇ ਪੰਜਾਬ ਵਿਚ ਤਿੰਨ ਉਨਾਂ ਗਰੀਬ ਬੱਚਿਆਂ ਦੇ ਹੱਥ, ਪੈਰ, ਕੰਨ ਆਦਿ ਅੰਗ ਕੱਟ ਦਿੱਤੇ, ਜਿਨਾਂ ਨੇ ਸ਼ਰਾਬ ਵੇਚਣ ਤੋਂ ਮਨਾ ਕੀਤਾ। ਇਹ ਹੈ ਨਸ਼ਾ ਮੁਕਤ ਪੰਜਾਬ ਕਰਨ ਦੀ ਤਸਵੀਰ।

 ਬਦਕਿਸਮਤੀ ਇਹ ਰਹੀ ਕਿ ਸ਼ਰਾਬ ਵੇਚਣ ਵਾਲ਼ੇ ਕੇਸਾਂਧਾਰੀ ਤੇ ਮਨਾ ਕਰਨ ਵਾਲੇ ਮੋਨੇ ਸਨ, ਇਹ ਉਹੀ ਕੇਸਾਂਧਾਰੀ ਹਨ, ਜਿਨਾਂ ਨੇ ਵਿਧਾਨ ਸਭਾ ਚੋਣਾਂ 2017 ਵਿਚ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿਚ ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਕਰ ਰੱਖਿਆ ਹੈ।

ਇਕ ਕਿਤਾਬ ਦੇ ਬਹਾਨੇ, ਕਿਤਾਬਾਂ ਦੀ ਗੱਲ

0

ਕਿਤਾਬ ਕੁੰਜ

ਇਕ ਕਿਤਾਬ ਦੇ ਬਹਾਨੇ, ਕਿਤਾਬਾਂ ਦੀ ਗੱਲ

ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਕਵਿਤਾ ਭਵਨ, ਮਾਛੀਵਾੜਾ ਰੋਡ, ਸਮਰਾਲਾ-141114 ਮੋਬਾ: 94638-08697

ਮੈਂ ਸਾਹਿਤਕ ਅਖਾੜੇ ਦਾ ਕਾਗਜ਼ ਦਾ ਪਹਿਲਵਾਨ ਨਹੀਂ। ਫੇਰ ਵੀ ਮੈਂ ਅਖਾੜੇ ਵਿੱਚ ਹਾਜ਼ਰ ਹਾਂ। ਮੈਂ ਆਪਣੀ ਹਰ ਨਵੀਂ ਛਪੀ ਪੁਸਤਕ, ਅਲੋਚਕਾਂ, ਸਾਹਿਤਕ ਸੰਸਥਾਤਮਕ ਪਦਵੀਆਂ ਉੱਤੇ ਬੈਠੇ ਅਹੁਦੇਦਾਰਾਂ, ਸੰਪਾਦਕਾਂ, ਚੁਣਵੇਂ ਬੁਧੀਜੀਵੀਆਂ ਨੂੰ ਭੇਜਦਾ। ਕਦੀ ਕਿਸੇ ਅਲੋਚਕ ਦਾ ਖਤ ਆ ਜਾਂਦਾ- ਬਹੁਤੇ ਸਾਹਿਤ ਅਲੰਬਰਦਾਰ ਪੁਸਤਕ ਪਰਾਪਤੀ ਦਾ ਵੀ ਉੱਤਰ ਨਹੀਂ ਸਨ ਦਿੰਦੇ। ਲੇਖਕ ਅਲੋਚਕਾਂ ਦੇ ਆਪੋ ਆਪਣੇ ਮੱਠ ਹਨ- ਤਕੀਏ ਹਨ, ਦਾਇਰੇ ਹਨ। ਆਪਣੇ ਆਪਣੇ ਲੇਖਕ ਹਨ ਤੇ ਆਪਣੇ ਆਪਣੇ ਅਲੋਚਕ। ਮੈਂ ਮੱਠਾਂ, ਦਾਇਰਿਆਂ ਦਾ ਜਕੜ ਤੋਂ ਸਦਾ ਬਾਹਰ ਰਿਹਾ ਹਾਂ।

ਚੰਡੀਗੜ ਸਥਿਤ ਅਲੋਚਕ ਡਾ. ਗੁਰਿਦਰਪਾਲ ਸਿੰਘ ਨੇ ਮੇਰੀ ਸਾਹਿਤ ਘਾਲਣਾ ਬਾਰੇ ਕਿਤਾਬ ਸੰਪਾਦਿਤ ਕੀਤੀ ਹਮਦਰਦਵੀਰ ਨੌਸ਼ਹਿਰਵੀ ਦਾ ਰਚਨਾ ਸੰਸਾਰ।ਕਹਾਣੀਕਾਰ ਰੁਪਿੰਦਰਜੀਤ ਸਿੰਘ ਨੇ ਇਹ ਕਿਤਾਬ ਛਪਵਾਈ। ਇਸ ਪੁਸਤਕ ਵਿੱਚ ਪਿਛਲੇ ਕਰੀਬ 40 ਸਾਲਾਂ ਵਿੱਚ ਮੇਰੀਆਂ ਪੁਸਤਕਾਂ ਬਾਰੇ ਅਲੋਚਨਾਤਮਕ ਲੇਖ, ਮੇਰੇ ਨਾਲ ਰੂਬਰੂ ਤੇ ਇੰਟਰਵਿਊ, ਮੇਰੀਆਂ ਪੁਸਤਕਾਂ ਦੇ ਰੀਵੀਊ ਲੇਖ ਛਾਪੇ ਗਏ ਸਨ। ਇਸ ਪੁਸਤਕ ਨੂੰ ਕੇਂਦਰ ਵਿੱਚ ਰਖ ਕੇ ਨੌਸ਼ਹਿਰਵੀ ਕੋਈ ਖਾਸ ਚਰਚਾ ਨਾ ਹੋਈ।

ਏਸੇ ਸਾਲ ਛਪੀ ਮੇਰੀ ਪੁਸਤਕ ‘ਕਾਲੇ ਲਿਖੁ ਨਾ ਲੇਖ’ ਨੇ ਮੈਨੂੰ ਚਰਚਾ ਵਿੱਚ ਲੈ ਆਂਦਾ।

ਗੁਰਦਾਸਪੁਰ ਤੋਂ ਮੈਨੂੰ ਇਕ ਨਵੇਂ ਲੇਖਕ ਤਰਸੇਮ ਸਿੰਘ ਭੰਗੂ ਦਾ ਫੋਨ ਆਇਆ- ਚੰਡੀਗੜ ਤੋਂ ਲਿਕਲਦੇ ਇਕ ਪੁਰਾਣੇ ਪਰਮੁਖ ਅੰਗ੍ਰੇਜ਼ੀ ਅਖਬਾਰ ਦੇ ਮੁੱਖ ਪੰਨੇ ਉੱਤੇ, ਹੋਰ ਕਿਤਾਬਾਂ ਦੇ ਨਾਲ ਮੇਰੀ ਨਵੀਂ ਪੁਸਤਕ ‘ਕਾਲੇ ਲਿਖੁ ਨਾ ਲੇਖ’ ਦਾ ਟਾਈਟਲ ਪੇਜ ਛਪਿਆ ਹੈ। ਮੈਂ ਅਖ਼ਬਾਰ ਮੰਗਵਾ ਕੇ ਪੜ੍ਹੀ। ਮੇਰੀ ਪੁਸਤਕ ‘ਕਾਲੇ ਲਿਖੁ ਨਾ ਲੇਖ’ ਵੀ ਪੰਜਾਬ ਕਿਤਾਬ ਘੁਟਾਲੇ ਵਿੱਚ ਸ਼ਾਮਲ ਸੀ। ਪੰਜਾਬ ਸਿੱਖਿਆ ਵਿਭਾਗ ਵਲੋਂ, ਸਰਵ ਸਿੱਖਿਆ ਅਭਿਆਨ ਸਕੀਮ ਤਹਿਤ, ਪੰਜਾਬ ਦੇ ਸਰਕਾਰੀ ਸਕੂਲਾਂ ਲਈ, ਕੇਂਦਰ ਵਲੋਂ ਭੇਜੀ 9.28 ਕਰੋੜ ਰੁਪਏ ਦੀ ਗਰਾਂਟ ਤਹਿਤ, ਖਰੀਦੀਆਂ ਗਈਆਂ ਪੁਸਤਕਾਂ ਵਿੱਚ ਮੇਰੀ ਪੁਸਤਕ ਵੀ ਖਰੀਦੀ ਗਈ ਸੀ। ਮੈਨੂੰ ਖੁਸ਼ੀ ਹੋਈ ਕਿ ਸਕੂਲ ਵਿਦਿਆਰਥੀਆਂ ਲਈ ਮੇਰੀ ਪੁਸਤਕ ਖਰੀਦੀ ਤਾਂ ਗਈ। ਕਿਸੇ ਇਨਾਮ ਸਨਮਾਨ ਲਈ ਨਾ ਸਹੀ, ਮੇਰੀ ਪੁਸਤਕ ਕਥਿਤ ਪੁਸਤਕ ਘਪਲੇ (ਬੁਕ ਸਕੈਂਡਲ) ਵਿੱਚ ਸ਼ਾਮਲ ਤਾਂ ਹੋਈ। ਭਾਵੇਂ ਮੈਨੂੰ ਪਤਾ ਹੈ ਮੇਰੀ ਪੁਸਤਕ ‘ਕਾਲੇ ਲਿਖੁ ਨਾ ਲੇਖ’ ਅਸ਼ਲੀਲ, ਲਚਰ ਨਹੀਂ ਹੈ। ਸਾਫ ਸੁਥਰੇ ਜੀਵਨਾਤਮਕ ਨਿਬੰਧ ਸ਼ਾਮਲ ਹਨ। ਭਾਵੇਂ ਇਹ ਪੁਸਤਕ ਸਕੂਲ ਪੱਧਰ ਦੇ ਵਿਦਿਆਰਥੀ ਲਈ ਨਹੀਂ, ਕਾਲਜ, ਯੂਨੀਵਰਸਿਟੀ ਪੱਧਰ ਦੇ ਵਿਦਿਆਰਥੀ ਅਤੇ ਹੋਰ ਵਡੇਰੀ ਉਮਰ ਦੇ ਪਾਠਕਾਂ ਲਈ ਹੈ।

ਕਈ ਸਾਲਾਂ ਤੋਂ ਕਹਾਣੀ, ਕਵਿਤਾ ਤੇ ਵਖ ਵੱਖ ਵਿਸ਼ਿਆਂ ਉੱਤੇ ਲੇਖ ਲਿਖਦਾ ਤੇ ਛਪਦਾ ਆ ਰਿਹਾ ਸਾਂ। ਮੇਰੇ ਸਾਹਿਤਕ ਲੇਖਾਂ ਦੀ ਪੁਸਤਕ ‘ਪੰਜਾਬੀ ਸਾਹਿਤ ਤੇ ਸਭਿਆਚਾਰ’ ਛਪ ਚੁੱਕੀ ਸੀ। ਪਰ ਮੈਂ ਆਪਣੇ ਜੀਵਨ ਦੇ ਸਬੰਧ ਜੀਵਨਾਤਮਕ ਲੇਖ ਲਿਖਣ ਵਲ ਖਾਸ ਧਿਆਨ ਨਹੀਂ ਸੀ ਦਿੱਤਾ। ਕੁਝ ਸਾਲ ਪਹਿਲਾਂ ਮੇਰਾ ਇਕ ਲੇਖ ‘ਗਰੀਨ ਲਾਈਨ’ (ਬਰਲਿਨ ਦੀ ਦੀਵਾਰ) ਅੰਤਰਰਾਸ਼ਟਰੀ ਸਾਹਿਤਕ ਰਸਾਲੇ ‘ਧਰਤੀ ਦਾ ਸੂਰਜ’ ਵਿੱਚ ਛਪਿਆ। ਲੋਕਯਾਨ ਖੇਤਰ ਦੀ ਪ੍ਰਸਿੱਧੀ ਹਸਤੀ ਪ੍ਰੋ. ਕਿਰਪਾਲ ਕਜ਼ਾਕ ਨੇ ਮੇਰੇ ਇਸ ਲੇਖ ਦੀ ਪ੍ਰਸੰਸਾ ਵਿੱਚ, ਸੰਪਾਦਕ ਨੂੰ ਚਿੱਠੀ ਲਿਖੀ- ਚਿਠੀ ਦੀ ਕਾਪੀ ਮੈਨੂੰ ਵੀ ਮਿਲੀ- ‘‘ਲੇਖ ਇਤਨਾ ਮਾਰਮਿਕ ਅਤੇ ਹਿਰਦੇਵੇਦਕ ਹੈ ਕਿ ਕੋਈ ਵੀ ਸੰਵੇਦਨਸ਼ੀਲ ਵਿਅਕਤੀ ਪੜ੍ਹ ਕੇ ਝੰਜੋੜਿਆ ਜਾ ਸਕਦਾ ਹੈ ……. ਨਿੱਕੇ ਜਿਹੇ ਲੇਖ ਵਿੱਚ ਪੂਰੀ ਜ਼ਿੰਦਗੀ, ਸੁਪਨੇ ਕਾਮਨਾਵਾਂ ਅਤੇ ਯਥਾਰਥ ਦਾ ਪ੍ਰਤੀਕਾਤਮਿਕ ਇਤਿਹਾਸ ਹੈ……।’’

ਮੈਂ ਆਪਣੀ ਜ਼ਿੰਦਗੀ ਦੇ ਔਖੇ ਬਿਖੜੇ ਪੈਂਡਿਆਂ ਬਾਰੇ ਕਈ ਲੇਖ ਲਿਖੇ। ਕਰੀਬ ਸਾਰੇ ਨਾਮਵਰ ਰਸਾਲਿਆਂ ਅਤੇ ਅਖ਼ਬਾਰਾਂ ਵਿੱਚ ਛਪਣ ਲਗੇ। ਡਾ. ਰੌਣਕੀ ਰਾਮ ਨੇ ‘ਪਾਣੀ ਅਰਜ਼ ਕਰੇ’ ਲੇਖ ਦੀ ਉਸਤਤ ਕੀਤੀ- ਫੋਨ ਕੀਤਾ। ਕਈ ਹੋਰ ਲੇਖ ਛਪਣ ਉੱਤੇ ਡਾ. ਕਰਨੈਲ ਸਿੰਘ ਸੋਮਲ ਨੇ ਬਹੁਤ ਵਾਰ ਫੋਨ ਕਰਕੇ ਮੇਰਾ ਉਤਸ਼ਾਹ ਵਧਾਇਆ। ਹੋਰ ਕਈ ਲੇਖ ਛਪਣ ਉਪਰੰਤ ਡਾ. ਭੀਮ ਇੰਦਰ ਸਿੰਘ, ਰਾਂਚੀ ਤੋਂ ਆਈ. ਪੀ. ਐਸ. ਅਫਸਰ ਜਗਦੀਸ਼ ਰਾਜ, ਡਾ. ਸਤੀਸ਼ ਕੁਮਾਰ ਵਰਮਾ ਅਤੇ ਹੋਰ ਅਨੇਕ ਵਿਦਵਾਨ ਲੇਖਕਾਂ ਦੇ ਫੋਨ ਆਉਂਦੇ ਰਹੇ। ਮੇਰੇ ਜੀਵਨ ਨਾਲ ਸਬੰਧਤ 59 ਲੇਖਾਂ ਦੀ ਵਡ ਅਕਾਰੀ ਪੁਸਤਕ ‘ਕਾਲੇ ਲਿਖੁ ਨਾ ਲੇਖ’ ਛਪਕੇ ਸਾਹਮਣੇ ਆ ਗਈ। ਇਹ 216 ਸਫਿਆ ਦੀ ਪੁਸਤਕ ਪੰਜਾਬੀ ਸਰਵ ਪ੍ਰਸਿੱਧ ਪ੍ਰਕਾਸ਼ਕ ਲੋਕ ਗੀਤ ਪ੍ਰਕਾਸ਼ਨ ਨੇ ਛਾਪੀ। ਇਸ ਪੁਸਤਕ ਬਾਰੇ ਨਾਮਵਾਰ ਨਾਵਲਕਾਰ ਅਵਤਾਰ ਸਿੰਘ ਬਿਲਿੰਗ ਨੇ ਲਿਖਿਆ- ‘‘ਤਹਾਡਾ ਮਾਸਟਰ ਪੀਸ…. ਬਹੁਤ ਰੌਚਕ ਹੈ। ਕਾਵਿਮਈ ਅਤੇ ਚਿਤਰ ਸ਼ੈਲੀ ਵਿਚ ਲਿਖੀ ਬੇਹਤਰ ਵਾਤਰਕ ਦਾ ਨਮੂਨਾ ਹੈ।’’ ਡਾ. ਕਰਨੈਲ ਸਿੰਘ ਸੋਮਲ ਨੇ ਲਿਖਿਆ- ‘‘ਨਿਵੇਕਲੇ ਹੁਨਰ ਅਤੇ ਅੰਦਾਜ਼…. ਅਨੇਕਾਂ ਅੰਤਰ ਦ੍ਰਿਸ਼ਟੀਆਂ ਨਾਲ ਭਰਪੂਰ ਇਹ ਪੁਸਤਕ ਪਾਠਕਾਂ ਨੂੰ ਅਵੱਸ਼ ਪੜ੍ਹਨੀ ਚਾਹੀਦੀ ਹੈ।’’ ਪ੍ਰਸਿੱਧ ਪੰਜਾਬੀ ਅਲੋਚਕ ਪ੍ਰੋ. ਬ੍ਰਹਮ ਜਗਦੀਸ਼ ਸਿੰਘ ਪੰਜਾਬੀ ਜਾਗ੍ਰਣ ਵਿੱਚ ਲਿਖਿਆ- ‘‘ਮੈਂ ਉਸ ਦੀ ਸਵੈ ਜੀਵਨੀ ਪੜ੍ਹ ਕੇ ਬਹੁਤ ਮੁਤਾਸਿਰ ਹੋਇਆ ਹਾਂ ਅਤੇ ਕਈ ਵਾਰ ਮੇਰੀਆਂ ਅੱਖਾਂ ਭਰ ਆਈਆਂ ਹਨ। ਪੰਜਾਬੀ ਦੇ ਸੁਹਿਰਦ ਪਾਠਕਾਂ ਨੂੰ ਜ਼ਰੂਰ ਮੈਂ ਇਹ ਪੁਸਤਕ ਪੜ੍ਹਨ ਦੀ ਜ਼ੋਰਦਾਰ ਸਿਫਾਰਸ਼ ਕਰਦਾ ਹਾਂ।’’

ਪ੍ਰੋ. ਪਰਮਜੀਤ ਢੀਂਗਰਾ ਨੇ ਪੰਜਾਬੀ ਟਿ੍ਰਬਿਊਨ ਵਿੱਚ ਲਿਖਿਆ- ‘‘ਅਜਿਹੀ ਪੁਖਤਾ ਵਾਰਤਕ ਨਾਲ ਪੰਜਾਬੀ ਸਾਹਿਤ ਤੇ ਭਾਸ਼ਾ ਦਾ ਕੱਦ ਉੱਚਾ ਹੁੰਦਾ ਹੈ, ਪੰਜਾਬੀਆਂ ਨੂੰ ਇਹ ਪੁਸਤਕ ਨੂੰ ਪੜ੍ਹ ਕੇ ਅਨੁਭਵੀ ਵਾਰਤਕ ਦੇ ਦਰਸ਼ਨ ਕਰਨੇ ਚਾਹੀਦੇ ਹਨ।’’ ਇਸ ਪੁਸਤਕ ਬਾਰੇ ਆਪਣੇ ਪੇਪਰ ਵਿੱਚ ਪ੍ਰੋ. ਗੋਪਾਲ ਸਿੰਘ ਬੁਟਰ ਖਾਲਸਾ ਕਾਲਜ ਜਲੰਧਰ ਨੇ ਲਿਖਿਆ- ‘‘ਸੰਵੇਦਨਸ਼ੀਲ ਤੇ ਸੂਖਮਭਾਵੀ ਲੇਖਕ ਦੀ ਸੁਹਜਮਈ ਸ਼ੁਭ ਇੱਛਾ ਤੇ ਆਸ਼ਾਵਾਦੀ ਸੋਚ ਦਾ ਪ੍ਰਭਾਵ ਪਾਠਕਾਂ ਦੇ ਮਨਾਂ ਉੱਤੇ ਪੈਂਦਾ ਹੈ ….. ਖੂਬਸੂਰਤੀ ਚਿਤਰਣ ਵਾਲੀ ਕਲਮ ਸਲਾਮਤ ਰਹੇ।’’ ‘ਕਾਲੇ ਲਿਖੁ ਨਾ ਲੇਖ’ ਪੁਸਤਕ ਉੱਤੇ ਭਾਸ਼ਾ ਵਿਭਾਗ ਦੀ ਡਾਇਰੈਕਟਰ ਬਲਬੀਰ ਕੌਰ ਦੀ ਪਰਧਾਨਗੀ ਹੇਠ ਹੋਈ ਗੋਸ਼ਟੀ ਵਿੱਚ ਪੜ੍ਹੇ ਗਏ ਪੇਪਰ ਵਿੱਚ ਕਹਾਣੀਕਾਰ ਤੇਲੂ ਰਾਮ ਕੁਹਾੜਾ ਨੇ ਲਿਖਿਆ- ‘‘ਜਿਸ ਵਿਅਕਤੀ ਨੇ ਸਦਾ ਰੌਸ਼ਨੀ ਵੰਡੀ ਹੋਵੇ, ਸੂਰਜ ਵਾਂਗ, ਹਮਦਰਦਵੀਰ ਨੌਸ਼ਹਿਰਵੀ ਵਰਗਾ ਵਿਅਕਤੀ ਬੁੱਢਾ ਨਹੀਂ ਹੋ ਸਕਦਾ, ਕਿਉਂਕਿ ਸੂਰਜ ਕਦੇ ਬੁੱਢਾ ਨਹੀਂ ਹੁੰਦਾ।’’ ਤ੍ਰੈਮਾਸਕ ਏਕਮ ਵਿੱਚ ਕਵਿਤਰੀ ਅਰਤਿੰਦਰ ਸੰਧੂ ਨੇ ਲਿਖਿਆ- ‘‘ਹਮਦਰਦਵੀਰ ਨੌਸ਼ਹਿਰਵੀ ਪੈਨਸ਼ਨ ਨਾ ਹੁੰਦਿਆਂ ਹੋਇਆ ਵੀ ਸਭ ਕੁਝ ਜਰ ਕੇ ਵੀ ਜ਼ਿੰਦਗੀ ਦੀ ਕੁਸੈਲ ਦਾ ਮੁਕਾਬਲਾ ਕਰਦਿਆਂ ਆਪੇ ਆਪ ਨੂੰ ਬਹਾਦਰ ਮਨੁੱਖ ਸਾਬਤ ਕਰਦਾ ਹੈ। ਇਹ ਸਵੈਜੀਵਨੀ ਇਸ ਪੀੜ੍ਹੀ ਦੀ ਪ੍ਰਤੀਨਿਧਤਾ ਕਰਦੀ ਇਤਿਹਾਸਕ ਦਸਤਾਵੇਜ਼ ਬਣ ਜਾਂਦੀ ਹੈ।’’

ਐਡਵੋਕੇਟ ਦਲਜੀਤ ਸਿੰਘ ਸ਼ਾਹੀ ਦਾ ਸਵੇਰੇ ਤਕੜੇ ਪੰਜ ਵਜੇ ਫੋਨ ਆਇਆ। ਸੁੱਖ ਤਾਂ ਹੈ ?- ਸ਼ਾਮ ਤੋਂ ਸ਼ੁਰੂ ਕੀਤੀ ਤੁਹਾਡੀ ਪੁਸਤਕ ‘ਕਾਲੇ ਲਿਖੁ ਨਾ ਲੇਖ’, ਮੈਂ ਹੁਣ ਖਤਮ ਕੀਤੀ ਹੈ। ਹੁਣ ਤਸੱਲੀ ਤੇ ਪਰਾਪਤੀ ਦਾ ਸਾਹ ਲਿਆ ਹੈ। ਇਕੋ ਸਾਹੇ, ਸਾਰੀ ਰਾਤ ਇਹ ਪੁਸਤਕ ਪੜ੍ਹਨ ਵਾਲਿਆ ਵਿਚ ਡਾ. ਪਰਮਿੰਦਰ ਸਿੰਘ ਬੈਨੀਪਾਲ, ਨਾਟਕਕਾਰ ਮਾਸਟਰ ਤਰਲੋਚਨ, ਹਿੰਦੀ ਕਵੀ ਸੁਰਜੀਤ ਵਿਸ਼ਾਦ, ਡਾ. ਹਰਜਿੰਦਰਪਾਲ ਸਿੰਘ, ਡਾ. ਹਰਿੰਦਰਜੀਤ ਸਿੰਘ ਕਲੇਰ ਸ਼ਾਮਲ ਸਨ। ‘ਕਾਲੇ ਲਿਖੁ ਨਾ ਲੇਖ’ ਪੁਸਤਕ ਕੋਰੀਅਰ ਰਾਹੀਂ ਡਾ. ਆਤਮਜੀਤ ਸਿੰਘ ਨੂੰ ਮਿਲੀ। ਫੋਨ ਆਇਆ- ਮੈਂ ਸਤ ਅੱਠ ਲੇਖ ਪੜ੍ਹ ਲੈ ਹਨ। ਮੈਂ ਬਹੁਤ ਪ੍ਰਭਾਵਤ ਹੋਇਆ ਹਾਂ। ਤਿੰਨ ਚਾਰ ਘੰਟੇ ਬਾਅਦ ਡਾ. ਆਤਮਜੀਤ ਸਿੰਘ ਦਾ ਫੇਰ ਫੋਨ ਆਇਆ- ਮੈਂ ਕਾਫੀ ਸਾਰੇ ਲੇਖ ਹੋਰ ਪੜ੍ਹ ਲਏ ਹਨ। ਪੰਜਾਬੀ ਦੇ ਬਹੁਤ ਵਡੇ ਨਾਟਕਕਾਰ ਨੇ ਮੇਰੀ ਪੁਸਤਕ ਲਗਾਤਾਰ ਪੜ੍ਹੀ ਤੇ ਸਲਾਹੀ। ਮੇਰੀ ਬੇਟੀ ਨਵਸੰਗੀਤ ਕਿਰਨ ਤੇ ਨੂੰਹ ਇੰਦਰਜੀਤ ਕੌਰ ਨੇ ਆਪ ਇਹ ਪੁਸਤਕ ਪੜ੍ਹੀ, ਹੋਰਨਾ ਨੂੰ ਪੜ੍ਹਾਈ ਤੇ ਆਪਣੇ ਪਾਸ ਸਾਂਭ ਕੇ ਰਖ ਲਈ।

ਪੁਸਤਕ ‘ਕਾਲੇ ਲਿਖੁ ਨਾ ਲੇਖ’ ਵਿੱਚ ਬਹੁਤਾ ਹਿੰਦੁਸਤਾਨ ਹੈ, ਥੋੜਾ ਕੁ ਪਾਕਿਸਤਾਨ ਹੈ, ਹੋਰ ਥੋੜਾ ਨੇਪਾਲ ਹੈ। ਇਸ ਪੁਸਤਕ ਦੇ ਤਿੰਨ ਪ੍ਰੇਰਨਾ ਸਰੋਤ ਹਨ- ਪ੍ਰੀਤ ਲੜੀ, ਭਾਰਤੀ ਹਵਾਈ ਸੈਨਾ ਅਤੇ ਮੇਰਾ ਜਨਮ ਪਿੰਡ। ਮੇਰੇ ਪਿੰਡ ਨੇ ਮੈਨੂੰ ਤੁਰਨਾ ਸਿਖਾਇਆ, ਪਿੰਡ ਦੀ ਮਿੱਟੀ ਮੇਰੇ ਨਾਲ ਨਾਲ ਤੁਰੀ। ਭਾਰਤੀ ਹਵਾਈ ਸੈਨਾ ਨੇ ਜ਼ਮੀਨ ਉੱਤੇ ਦੌੜਨਾ ਤੇ ਫੇਰ ਹਵਾ ਵਿੱਚ ਉਡਣਾ ਸਿਖਾਇਆ, ਮੈਨੂੰ ਅਨੇਕਾਂ ਵਨ ਸੁਵੰਨੇ ਵਿਸ਼ੇ ਤੇ ਪਾਤਰ ਦਿੱਤੇ। ਪ੍ਰੀਤ ਲੜੀ ਨੇ ਮੈਨੂੰ ਮਾਰਕਸਵਾਦੀ ਦ੍ਰਿਸ਼ਟੀ ਵਲ ਤੋਰਿਆ, ਦਿਸ਼ਾ ਦਿਤੀ, ਜੋ ਮੇਰੇ ਸਾਥ ਸਾਥ ਰਹੀ।

ਮੈਨੂੰ ਬਚਪਨ ਤੋਂ ਹੀ ਕਿਤਾਬਾਂ ਪੜ੍ਹਨ ਦਾ ਸ਼ੋਕ ਹੈ। ਨੌਵੀਂ ਦਸਵੀਂ ਵਿੱਚ ਪੜ੍ਹਦਿਆਂ ਗੁਰਬਖ਼ਸ ਸਿੰਘ ਦੀ ਪ੍ਰੀਤ ਲੜੀ ਨਾਲ ਵਾਹ ਪੈਣਾ ਸ਼ੁਰੂ ਹੋ ਗਿਆ। ਗਿਆਨੀ ਲਈ ਪੜ੍ਹਾਈ ਕਰਦਿਆਂ ਮੈਨੂੰ ਕੋਰਸ ਤੋਂ ਬਾਹਰਲੀਆਂ ਕਿਤਾਬਾਂ ਪੜ੍ਹਨ ਦੀ ਚੇਟਕ ਲਗੀ। ਬਹੁਤ ਛੋਟੀ ਕਿਸਾਨੀ ਵਿਚੋਂ ਹੋਣ ਕਰਕੇ, ਆਰਥਕ ਤੰਗੀਆ ਕਰਕੇ, ਮੈਂ ਰੈਗੂਲਰ ਕਾਲਜ ਵਿੱਚ ਪੜ੍ਹਾਈ ਨਹੀਂ ਕਰ ਸਕਿਆ। ਨੌਕਰੀ ਕਰਦਿਆਂ, ਤੁਰਦਿਆਂ ਫਿਰਦਿਆਂ ਮੈਂ ਕਿਤਾਬਾਂ ਪੜ੍ਹਦਾ ਰਿਹਾ। ਇਮਤਿਹਾਨ ਦਿੰਦਾ ਰਿਹਾ। ਪਾਸ ਹੁੰਦਾ ਗਿਆ। ਨਾਲ ਨਾਲ ਲਿਖਦਾ ਰਿਹਾ। ਕਿਤਾਬਾਂ ਖਰੀਦ ਕੇ, ਉਧਾਰੀਆਂ ਲੈ ਕੇ, ਲਾਇਬਰੇਰੀਆਂ ਵਿੱਚ ਬੈਠ ਕੇ ਪੜਨਾ ਮੇਰੀ ਲੋੜ ਸੀ- ਸ਼ੌਕ ਸੀ ਤੇ ਕਿਤਾਬਾਂ ਹੀ ਮੇਰਾ ਮਨੋਰੰਜਨ ਸਨ। ਮੈਂ ਅੰਮ੍ਰਿਤਸਰ ਹਾਲ ਬਾਜ਼ਾਰ ਦੇ ਭੰਡਾਰੀ ਪੁਲ ਵਲ ਦੇ ਗੇਟ ਦੇ ਨਾਲ, ਪੁਰਾਣੀਆਂ ਕਿਤਾਬਾਂ ਦੇ ਢੇਰ ਲਗੇ ਹੁੰਦੇ ਸਨ। ਮੈਂ ਆਪਣੀ ਲੋੜ ਤੇ ਪਸੰਦ ਦੀਆਂ ਕਿਤਾਬਾਂ ਥੋੜੇ ਜਹੇ ਮੁਲ ਤੇ ਖਰੀਦ ਲੈਂਦਾ ਸਾਂ। ਮੈਂ ਤਿੰਨ ਸਾਲ ਮਦਰਾਸ ਰਿਹਾ। ਅਕਸਰ ਮੈਂ ਤਾਮਬਰਮ ਹਵਾਈ ਅੱਡੇ ਨੇੜੇ ਮੂਰ ਮਾਰਕਿਟ ਵਿੱਚ ਜਾਂਦਾ। ਪੁਰਾਣੀਆਂ ਕਿਤਾਬਾਂ ਦੇ ਸਟੋਰ ਵਿਚ ਆਪਣੇ ਮਤਲਬ ਦੀਆਂ ਕਿਤਾਬਾਂ ਲੱਭ ਲਿਆਉਂਦਾ ਸਾਂ। ਆਪਣੇ ਆਗਰਾ ਵਾਸ ਵੇਲੇ ਆਗਰਾ ਯੂਨੀਵਰਸਿਟੀ ਖੇਤਰ ਵਿਚ ਮੈਂ ਜਾਂਦਾ। ਕਿਤਾਬਾਂ ਲੱਭਦਾ। ਬਾਅਦ ਵਿਚ ਪੰਜਾਬ ਯੂਨੀਵਰਸਿਟੀ ਉਤਰ ਕਾਪੀਆਂ ਦਾ ਮੁਲੰਕਣ ਕਰਨ ਜਾਂਦਾ। ਸੈਟਰ 14 ਦੇ ਫੁਟਪਾਥ ਉੱਤੇ ਲਗਾਈਆਂ ਪੁਰਾਣੀਆਂ ਕਿਤਾਬਾਂ ਵਿਚ ਕਿਤਾਬਾਂ ਚੁਣ ਕੇ ਖਰੀਦ ਲਿਆਉਂਦਾ ਸਾਂ। ਵਿਚੋਂ ਵਿਚੋਂ ਮੈਂ ਨਵੀਆਂ ਕਿਤਾਬਾਂ ਵੀ ਖਰੀਦਦਾ ਸਾਂ।

ਪੰਜਾਬ ਵਿੱਚ ਬੁੱਕ ਕਲਚਰ ਨਹੀਂ ਬੋਤਲ ਕਲਚਰ ਹੈ। ਕਿਤਾਬ ਸਭਿਆਚਾਰ ਨਹੀਂ ਸ਼ਰਾਬ ਸਭਿਆਚਾਰ ਹੈ। ਬੰਗਾਲੀਆਂ, ਤਾਮਲਾਂ, ਮਲਿਆਲੀਆਂ ਵਾਂਗ ਪੰਜਾਬ ਵਿੱਚ ਕਿਤਾਬਾਂ ਪੜ੍ਹਨ ਦਾ ਉੱਕਾ ਸ਼ੌਕ ਨਹੀਂ ਹੈ। ਸੰਸਾਰ ਭਰ ਦੇ ਦੇਸ਼ਾਂ ਵਿੱਚੋਂ ਪੰਜਾਬ ਦੇਸ ਦੇ ਲੋਕ ਸਭ ਤੋਂ ਵਧ ਸ਼ਰਾਬ ਪੀਂਦੇ ਹਨ। ਪਰ ਸਿੱਖਿਆ- ਪੁਸਤਕ ਸਭਿਆਚਾਰ ਵਿੱਚ ਸਭ ਤੋਂ ਪਿਛੇ ਹਨ। ਪੰਜਾਬ ਸਰਕਾਰ ਨੇ ਪੰਜਵੀ ਤੇ ਅੱਠਵੀਂ ਦੇ ਬੋਰਡ ਵਲੋਂ ਕੋਈ ਇਮਤਿਹਾਨ ਨਾ ਲੈਣ ਤੇ ਸਾਰੇ ਵਿਦਿਆਰਥੀ ਪਾਸ ਕਰਨ ਦੀ ਨੀਤੀ ਨੇ ਪਿੰਡਾਂ ਵਿਚ ਸਰਕਾਰੀ ਸਿਖਿਆ ਸਿਸਟਮ ਵੈਸੇ ਹੀ ਖਤਮ ਕਰ ਦਿੱਤਾ ਹੈ। ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਨਾ ਪੂਰੇ ਅਧਿਆਪਕ ਹਨ, ਨਾ ਇਮਤਿਹਾਨ ਹੁੰਦੇ ਹਨ ਤੇ ਨਾ ਹੀ ਪੜ੍ਹਾਈ ਦਾ ਕੋਈ ਮਹੌਲ ਹੈ।

ਪੰਜਾਬ ਪਾਸ ਸੰਸਾਰ ਦਾ ਸਭ ਤੋਂ ਮਹਾਨ ਪਵਿੱਤਰ ਗ੍ਰੰਥ ਗੁਰੂ ਗ੍ਰੰਥ ਸਾਹਿਬ ਹੈ। ਸ਼ਬਦ ਗੁਰੂ ਹੈ। ਪਰ ਸ਼ਬਦ ਗੁਰੂ ਤੋਂ ਦੂਰੀ ਵਧ ਰਹੀ ਹੈ। ਸਿੱਖ ਸਰਦਾਰ ਹੈ। ਪਰ ਬਿਨਾ ਸਾਬਤ ਕੇਸ ਦਾਹੜੀ ਤੇ ਦਸਤਾਰ ਤੋਂ ਸਿੱਖ ਸਰਦਾਰ ਨਹੀਂ, ਭਈਆ ਹੈ, ਬਾਊ ਹੈ। ਬਿਨਾ ਮਾਂ ਬੋਲੀ ਦੇ ਪਿਆਰ ਤੋਂ ਉਹ ਯਤੀਮਾਂ ਵਾਂਗ ਹੈ। ਲਚਰਤਾ ਹੈ, ਜਟਵਾਦ ਹੈ, ਵਿਹਲੜਪੁਣਾ ਹੈ, ਖਰੂਦ ਹੈ, ਸ਼ੋਰ ਹੈ, ਸਿਆਸੀ ਲੀਡਰਾਂ ਦੇ ਪੱਤਲਚੱਟ ਯੁਵਕ ਹਨ।

ਪੰਜਾਬੀ ਪੁਸਤਕ ਸਭਿਆਚਾਰ ਦੇ ਵਿਕਾਸ ਵਿਚ ਮਾੜਾ ਮੋਟਾ ਮੇਰਾ ਵੀ ਯੋਗਦਾਨ ਹੈ- ਆਪਣੀਆਂ ਬੈਂਕ ਪਾਸ ਬੁੱਕਾਂ ’ਤੇ ਮੈਂ ਗੁਰਮੁਖੀ ਵਿਚ ਹਸਤਾਖਰ ਕਰਦਾ ਹਾਂ। ਮੇਰੀ ਸਰਪਰਸਤੀ ਹੇਠ ਕੀਤੇ ਜਾਂਦੇ ਸਾਰੇ ਸਾਹਿਤਕ, ਧਾਰਮਕ, ਸਭਿਆਚਾਰ ਸੱਦਾ ਪੱਤਰ, ਹਮੇਸ਼ਾ ਪੰਜਾਬੀ ਗੁਰਮੁਖੀ ਵਿਚ ਹੁੰਦੇ ਹਨ। ਵਿਆਹ ਸ਼ਾਦੀਆ ਸ਼ਗਨਾਂ ਦੇ ਮੌਕੇ, ਸੇਵਾ ਮੁਕਤੀ ਸਮੇਂ, ਮੈਂ ਆਪਣੀ ਸਵੈ ਰਚਿਤ ਪੰਜਾਬੀ ਪੁਸਤਕ ਹੀ ਸ਼ਗਨ ਵਜੋਂ ਭੇਟ ਕਰਦਾ ਹਾਂ।

ਮੈਂ ਅਖਬਾਰਾਂ ਰਸਾਲਿਆਂ ਲਈ ਲਿਖਦਾ ਹਾਂ। ਮੈਨੂੰ ਪਾਠਕਾਂ, ਲੇਖਕਾਂ ਦੇ ਪਿਆਰ ਫੋਨ ਆਉਂਦੇ ਹਨ। ਪਿਆਰ ਵਧਦਾ ਹੈ। ਨਵੇਂ ਰਿਸ਼ਤੇ ਜੁੜਦੇ ਹਨ। ਮੈਨੂੰ ਟੈਲੀਫੋਨ ਆਉਂਦਾ ਹੈ- ਮੈਨੂੰ ਕੋਈ ਬੁਲਾਉਂਦਾ ਹੈ- ਮੈਂ ਹੈਲੋ ਕਦੀ ਨਹੀਂ, ਹਾਂ ਜੀ ਕਹਿੰਦਾ ਹਾਂ। ਮੇਰੀ ਸੰਤਾਨ, ਅੱਗੇ ਉਹਨਾਂ ਦੀ ਸੰਤਾਨ, ਮੇਰੀ ਸੇਵਾਦਾਰਨੀ, ਆਸੇ ਪਾਸੇ ਦੇ ਛੋਟੀ ਉਮਰ ਦੇ ਮੇਰੇ ਸਾਰੇ ਵਾਕਫਕਾਰ ਮੈਨੂੰ ਪਿਤਾ ਜੀ ਕਹਿੰਦੇ ਹਾਂ। ਅੰਕਲ ਨਹੀਂ, ਸਰ ਨਹੀਂ। ਜਦੋਂ ਕਾਲਜ ਵਿੱਚ ਪੜ੍ਹਾਉਂਦਾ ਸਾਂ, ਵਧੀਆ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਮੈਂ ਆਪਣੀ ਨਿੱਜੀ ਲਾਇਬਰੇਰੀ ਵਿੱਚੋਂ ਪੁਰਸਕਾਰ ਵਲੋਂ ਕਿਤਾਬਾਂ ਭੇਟ ਕਰਦਾ ਸਾਂ। ਆਪਣੇ ਪਲਿਓਂ ਕੋਰਸ ਦੀਆਂ ਕਿਤਾਬਾਂ ਖਰੀਦ ਕੇ ਵੀ ਦੇ ਦਿੰਦਾ ਸਾਂ। ਛੁਟੀਆਂ ਤੋਂ ਪਹਿਲਾਂ ਮੈਂ ਆਪਣੀ ਹਰ ਕਲਾਸ ਵਿਚ ਕਹਿੰਦਾ ਸਾਂ ਕਿ ਛੁਟੀਆਂ ਵਿਚ ਘਟੋ ਘਟ ਦੋ ਨਵੀਆਂ ਕਿਤਾਬਾਂ ਘਰੋਂ ਪੜ੍ਹ ਕੇ ਆਉਣਾ। ਵਾਰੀ ਵਾਰੀ ਸਾਰੇ ਵਿਦਿਅਰਥੀਆਂ ਨੂੰ ਪੁਛਿਆ ਜਾਵੇਗਾ, ਕਿ ਛੁੱਟੀਆਂ ਵਿੱਚ ਕੋਰਸ ਤੋਂ ਬਾਹਰ ਕਿਹੜੀ ਕਿਹੜੀ ਕਿਤਾਬ ਉਹਨਾਂ ਪੜ੍ਹੀ-ਕੀ ਗ੍ਰਹਿਣ ਕੀਤਾ।

ਕਦੀ ਕਦੀ ਮੈਂ ਕਿਸੇ ਜਾਣੂ ਅਫਸਰ ਨੂੰ ਆਪਣੀ ਪੁਸਤਕ ਭੇਟ ਕਰਨ ਤੋਂ ਪਹਿਲਾਂ ਪੁਛਦਾ ਸਾਂ ਕਿ ਕੀ ਉਹ ਇਹ ਪੁਸਤਕ ਪੜ੍ਹਨਗੇ। ਉਹਨਾਂ ਦੇ ਹਾਂ ਕਹਿਣ ਉੱਤੇ ਹੀ ਮੈਂ ਆਪਣੀ ਪੁਸਤਕ ਭੇਟ ਕਰਦਾ ਸਾਂ। ਪਰ ਮੈਨੂੰ ਨਹੀਂ ਲਗਦਾ ਕਦੀ ਕਿਸੇ ਅਫਸਰ ਨੇ ਮੇਰੀ ਕਿਤਾਬ ਪੜ੍ਹੀ ਹੋਵੇ।

ਜੇ ਮੈਂ ਤੰਗ ਦਿਲ ਫਿਰਕੂ ਸੋਚ ਦਾ ਧਾਰਨੀ ਨਹੀਂ, ਸਮਾਜਵਾਦੀ ਲੋਕਵਾਦੀ, ਖੁਲਦਿਲੇ ਵਿਚਾਰਾਂ ਦਾ ਧਾਰਨੀ ਹਾਂ- ਤਾਂ ਇਹ ਵਧੀਆ ਕਿਤਾਬਾਂ ਪੜ੍ਹਦੇ ਰਹਿਣ ਕਰਕੇ ਹੀ ਹੈ। ਕਿਤਾਬਾਂ ਸਕੂਨ ਦਿੰਦੀਆਂ ਹਨ। ਵਿਸ਼ਾਲਤਾ ਪ੍ਰਦਾਨ ਕਰਦੀਆਂ ਹਨ- ਖਾਲੀ ਥਾਵਾਂ ਭਰਦੀਆਂ ਹਨ, ਸਰਸ਼ਾਰ ਕਰਦੀਆਂ ਹਨ। ਚੇਤਨਾ ਪੱਧਰ, ਬੋਲਚਾਲ ਵਧੀਆ ਹੁੰਦਾ ਹੈ। ਸੈਂਕੜੇ ਰੌਸ਼ਨੀਆਂ ਹੋਣ ਪਰ ਜੇ ਘਰ ਵਿੱਚ ਕਿਤਾਬਾਂ ਨਹੀਂ ਤਾਂ ਘੋਰ ਹਨੇਰਾ ਹੈ। ਟੀ. ਵੀ. ਇੰਟਰਨੈਟ ਦਾ ਸ਼ੋਰ ਹੋਵੇਗਾ। ਸੋਜ਼ਮਈ ਸੰਗੀਤ ਨਹੀਂ। ਪੰਜਾਬ ਵਿੱਚ ਥਾਂ ਥਾਂ ਡੇਰੇ ਹਨ, ਵਹਿਮ ਦੀਆਂ ਸਮਾਧਾਂ ਹਨ- ਇਹ ਡੇਰੇ ਇਸ ਲਈ ਵਧ ਰਹੇ ਹਨ- ਕਿਉਂਕਿ ਲੋਕ ਕਿਤਾਬਾਂ ਵਿਚੋਂ ਆਪਣੀਆਂ ਸਮਸਿਆਵਾਂ ਦਾ ਹੱਲ ਲੱਭਣ ਦੀ ਥਾਂ, ਪਾਖੰਡੀ ਸਾਧਾਂ ਦੇ ਪੈਰੀਂ ਲੱਗ ਕੇ ਆਪਣੀਆਂ ਨਿਰਾਸ਼ਾਂ ਤੋਂ ਰਾਹਤ ਢੂੰਡਦੇ ਹਨ। ਜਿਥੇ ਕਿਤਾਬਾਂ ਦੀ ਤਰਕਸ਼ੀਲ ਰੌਸ਼ਨੀ ਨਹੀਂ ਹੋਵੇਗੀ ਉਥੇ ਸਾਧ-ਡੇਰਿਆਂ ਦਾ ਅੰਧਕਾਰ ਜਾਲ ਕੁੰਡੀ ਲਗਾ ਕੇ ਬੈਠਾ ਹੋਵੇਗਾ। ਪੰਜਾਬ ਵਿੱਚ ਵੱਧ ਰਹੀ ਹੈ- ਭਿ੍ਰਸ਼ਟਾਚਾਰੀ, ਗੁੰਡਾਗਰਦੀ, ਦੁਰਾਚਾਰੀ, ਬਲਾਤਕਾਰੀ, ਝਪਟਮਾਰੀ, ਚੋਰ ਬਜ਼ਾਰੀ, ਚੋਰੀ ਠੱਗੀ, ਅਣਖਹੀਣਤਾ, ਬੇਜ਼ਮੀਰੀ ਦਾ ਵੱਡਾ ਕਾਰਨ ਹੈ- ਗਿਆਨ- ਸਰੋਵਰ ਤੋਂ ਦੂਰੀ, ਪੁਸਤਕ ਤੋਂ ਬੇਮੁਖਤਾ।

ਕੇਂਦਰੀ ਸਕੀਮ ਤਹਿਤ ਪੰਜਾਬ ਦੇ ਸਰਕਾਰੀ ਸਕੂਲਾਂ ਲਈ 55 ਕਿਤਾਬਾਂ, ਪ੍ਰਤੀ ਸਕੂਲ ਖਰੀਦੀਆ ਜਾਣੀਆਂ ਸਨ- ਪ੍ਰਾਇਮਰੀ ਸਕੂਲ ਲਈ ਤਿੰਨ ਹਜ਼ਾਰ ਰੁਪਏ ਦੀਆਂ ਪੁਸਤਕਾਂ ਤੇ ਸੈਕੰਡਰੀ ਸਕੂਲ ਲਈ ਦਸ ਹਜ਼ਾਰ ਰੁਪਏ ਦੀਆਂ ਕਿਤਾਬਾਂ ਪ੍ਰਤੀ ਸਕੂਲ, ਖਰੀਦੀਆਂ ਜਾਣੀਆਂ ਸਨ- 9.28 ਕਰੋੜ ਰੁਪਏ ਦਾ ਬਜਟ ਸੀ। ਪਰ ਸਕੀਮ ਕੁਰਾਹੇ ਪੈ ਗਈ। ਗਲਤ ਕਿਤਾਬਾਂ ਖਰੀਦੀਆਂ ਗਈਆਂ। ਸਿਰਫ ਇਕ ਹੀ ਕਿਤਾਬ ਸਹੀ ਖਰੀਦੀ ਗਈ ਉਹ ਸੀ ‘ਕਾਲੇ ਲਿਖੁ ਨਾ ਲੇਖ’– ਪਰ ਇਹ ਕਿਤਾਬ ਸਕੂਲੀ ਬੱਚਿਆਂ ਲਈ ਨਹੀਂ ਸੀ।

ਚਲੋ ਕਥਿਤ ਕਿਤਾਬ ਸਕੈਡਲ ਵਿਚ ਫਸ ਕੇ ਮੇਰੀ ਕਿਤਾਬ ਚਰਚਾ ਵਿਚ ਤਾਂ ਆਈ।

ਅੱਜ ਕੱਲ ਮੈਂ ਇਕੱਲਾ ਰਹਿੰਦਾ ਹਾਂ। ਕਿਤਾਬਾਂ ਮੇਰੀਆਂ ਸਹੇਲੀਆਂ ਹਨ, ਸਾਥੀ ਹਨ, ਮਿੱਤਰ ਹਨ।

ਪੰਥ ਰਤਨ:- ਮਾ. ਤਾਰਾ ਸਿੰਘ ਜੀ

0

ਪੰਥ ਰਤਨ:- ਮਾ. ਤਾਰਾ ਸਿੰਘ ਜੀ

ਰਮੇਸ਼ ਬੱਗਾ ਚੋਹਲਾ, 1348/17/1 ਗਲੀ ਨੰ: 8 ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ) ਮੋ: 94631-32719

ਦੁਨੀਆਂ ਵਿਚ ਬਹੁਤ ਸਾਰੇ ਅਜਿਹੇ ਲੋਕ ਜਨਮ ਲੈਂਦੇ ਰਹਿੰਦੇ ਹਨ ਜਿਨ੍ਹਾਂ ਦਾ ਜੀਵਨ ਉਨ੍ਹਾਂ ਦੇ ਆਪਣੇ ਆਪ ਤੱਕ ਜਾਂ ਉਨ੍ਹਾਂ ਦੇ ਪਰਿਵਾਰ ਤੱਕ ਹੀ ਸੀਮਤ ਹੋ ਕੇ ਰਹਿ ਜਾਂਦਾ ਹੈ ਭਾਵ ਉਹ ਜੋ ਕੁੱਝ ਵੀ ਕਰਦੇ ਹਨ ਉਸ ਦਾ ਸੁਖਦਾਈ ਜਾਂ ਦੁੱਖਦਾਈ ਪ੍ਰਭਾਵ ਉਨ੍ਹਾਂ ਦੇ ਅਤਿ ਨੇੜਲੇ ਘੇਰੇ ਵਿਚ ਹੀ ਸਿਮਟ ਕੇ ਰਹਿ ਜਾਂਦਾ ਹੈ। ਦੂਸਰੇ ਪਾਸੇ ਸੰਸਾਰ ਵਿਚ ਕੁੱਝ ਅਜਿਹੇ ਲੋਕਾਂ ਦੀ ਆਮਦ ਵੀ ਸਮੇਂ-ਸਮੇਂ ਹੁੰਦੀ ਰਹਿੰਦੀ ਹੈ ਜੋ ਨਾ ਸਿਰਫ਼ ਆਪਣੇ ਆਪ ਲਈ ਹੀ ਜਿਉਂਦੇ ਹਨ ਸਗੋਂ ਆਪਣੇ ਦੇਸ਼ ਅਤੇ ਸਮਾਜ ਦੇ ਪ੍ਰਤੀ ਵੀ ਕੁਰਬਾਨੀ ਦਾ ਜਜ਼ਬਾ ਰੱਖਦੇ ਹਨ। ਇਸ ਜਜ਼ਬੇ ਕਾਰਨ ਉਹ ਲੋਕਾਈ ਦੇ ਸਦੀਵੀ ਸਤਿਕਾਰ ਦੇ ਪਾਤਰ ਬਣ ਜਾਂਦੇ ਹਨ ਜੋ ਯੁੱਗਾਂ-ਯੁਗਾਂਤਰਾਂ ਤੱਕ ਜਿਉਂ ਦਾ ਤਿਉਂ ਹੀ ਬਣਿਆ ਰਹਿੰਦਾ ਹੈ। ਇਹ ਸਤਿਕਾਰ ਉਨ੍ਹਾਂ ਮਹਾਂਪੁਰਖਾਂ ਦੇ ਇਥੋਂ ਸਰੀਰਕ ਰੂਪ ਵਿਚ ਚਲੇ ਜਾਣ ਤੋਂ ਬਾਅਦ ਵੀ ਉਨ੍ਹਾਂ (ਕੀਤੇ ਕਾਰਜਾਂ ਕਰਕੇ) ਨੂੰ ਲੋਕ ਚੇਤਿਆਂ ਵਿਚ ਵਸਾਈ ਰੱਖਦਾ ਹੈ। ਇਸ ਵਸੇਬੇ ਕਰਕੇ ਹੀ ਉਨ੍ਹਾਂ ਦੀ ਵਿਚਾਰਧਾਰਾ ’ਤੇ ਪਹਿਰਾ ਦੇਣ ਵਾਲੇ ਲੋਕ ਉਨ੍ਹਾਂ ਪ੍ਰਤੀ ਹਰ ਸਾਲ (ਜਨਮ ਦਿਨ/ਬਰਸੀ ਮਨਾ ਕੇ) ਆਪਣਾ ਸਤਿਕਾਰ ਪ੍ਰਗਟ ਕਰਦੇ ਰਹਿੰਦੇ ਹਨ। ਇਹ ਸ਼ਰਧਾਮਈ ਭਾਵਨਾ ਪੰਥ ਰਤਨ ਮਾਸਟਰ ਤਾਰਾ ਸਿੰਘ ਦੇ ਪ੍ਰਤੀ ਵੀ ਹਰ ਸਾਲ ਹੀ ਪ੍ਰਗਟਾਈ ਜਾਂਦੀ ਹੈ।

ਸਰਬਾਂਗੀ ਵਿਅਕਤੀਤੱਵ ਦੇ ਮਾਲਕ ਮਾਸਟਰ ਤਾਰਾ ਸਿੰਘ ਦਾ ਜਨਮ 24 ਜੂਨ 1885 ਈਸਵੀ ਨੂੰ ਅਣਵੰਡੇ ਪੰਜਾਬ ਦੇ ਜ਼ਿਲ੍ਹਾ ਰਾਵਲਪਿੰਡੀ ਵਿਚ ਸਥਿਤ ਪਿੰਡ ਹਰਿਆਲ ਦੇ ਇਕ ਵਸਨੀਕ ਸ੍ਰੀ ਗੋਪੀ ਚੰਦ ਮਲਹੋਤਰਾ ਦੇ ਗ੍ਰਹਿ ਵਿਖੇ ਹੋਇਆ। ਉਨ੍ਹਾਂ ਦਾ ਮੁੱਢਲਾ ਨਾਮ ਨਾਨਕ ਚੰਦ ਸੀ ਪਰ ਸਿੱਖ ਧਰਮ ਵਿਚ ਅਥਾਹ ਸ਼ਰਧਾ ਅਤੇ ਵਿਸ਼ਵਾਸ ਹੋਣ ਕਾਰਨ ਉਨ੍ਹਾਂ ਨੇ ਸੰਤ ਅਤਰ ਸਿੰਘ ਜੀ ਕੋਲੋਂ ਖੰਡੇ-ਬਾਟੇ ਦਾ ਅੰਮ੍ਰਿਤਪਾਨ ਕਰ ਲਿਆ ਜਿਸ ਕਰਕੇ ਉਨ੍ਹਾਂ ਦਾ ਨਾਮਕਰਣ ਤਾਰਾ ਸਿੰਘ ਹੋ ਗਿਆ।

ਮਾਸਟਰ ਤਾਰਾ ਸਿੰਘ ਨੇ 1907 ਈ. ਵਿਚ ਬੀ. ਏ. ਪਾਸ ਕਰ ਲਈ ਅਤੇ ਉਚੇਰੀ ਪੜ੍ਹਾਈ (ਐਮ. ਏ) ਕਰਨ ਲਈ ਸੈਂਟਰਲ ਟਰੇਨਿੰਗ ਕਾਲਜ ਲਾਹੌਰ ਵਿਚ ਮਾਸਟਰ ਤਾਰਾ ਸਿੰਘ

ਦਾਖਲ ਹੋ ਗਏ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਲਾਇਲਪੁਰ ਜ਼ਿਲ੍ਹੇ ਦੇ ਇੱਕ ਖਾਲਸਾ ਹਾਈ ਸਕੂਲ ਵਿਖੇ ਮੁੱਖ ਅਧਿਆਪਕ ਨਿਯੁਕਤ ਹੋ ਗਏ। ਸੇਵਾ ਅਤੇ ਪਰਉਪਕਾਰ ਦੀ ਭਾਵਨਾ ਹੋਣ ਕਰਕੇ ਉਹ ਕੇਵਲ ਪੰਦਰਾਂ ਰੁਪਏ ਮਹੀਨਾ ਵੇਤਨ ’ਤੇ ਹੀ ਕੰਮ ਕਰਦੇ ਰਹੇ। ਘੱਟ ਵੇਤਨ ਲੈਣ ਦੇ ਬਾਵਜੂਦ ਵੀ ਉਹ ਪੂਰੀ ਲਗਨ ਅਤੇ ਮਿਹਨਤ ਨਾਲ ਕੰਮ ਕਰਦੇ ਸਨ। ਉਨ੍ਹਾਂ ਦੀ ਇਸ ਵਿਸ਼ੇਸ਼ ਲਗਨ ਅਤੇ ਮਿਹਨਤ ਸਦਕਾ ਖਾਲਸਾ ਹਾਈ ਸਕੂਲ ਬੇਹਤਰੀਨ ਸਕੂਲਾਂ ਦੀ ਕਤਾਰ ਵਿਚ ਸ਼ਾਮਲ ਹੋ ਗਿਆ। ਸਕੂਲ ਦੀ ਪ੍ਰਸਿੱਧੀ ਦੇ ਨਾਲ-ਨਾਲ ਮਾਸਟਰ ਤਾਰਾ ਸਿੰਘ ਜੀ ਵੀ ਹਰਮਨ ਪਿਆਰੇ (ਵਿਸ਼ੇਸ ਕਰਕੇ ਲਾਇਲਪੁਰ ਦੇ ਇਲਾਕੇ ਵਿਚ) ਹੋਣ ਲੱਗ ਪਏ। ਕੁਝ ਕਾਰਨਾਂ ਕਰਕੇ ਮਾਸਟਰ ਜੀ ਨੂੰ ਇਸ ਸਕੂਲ ਦੀ ਮੁੱਖ-ਅਧਿਆਪਕੀ ਤੋਂ ਤਿਆਗ-ਪੱਤਰ ਦੇਣਾ ਪੈ ਗਿਆ। ਇਸ ਤੋਂ ਬਾਅਦ ਉਹ ਆਪਣੇ ਘਰੇਲੂ ਜ਼ਿਲ੍ਹੇ ਰਾਵਲਪਿੰਡੀ ਦੇ ਕੱਲਰ ਖਾਲਸਾ ਹਾਈ ਸਕੂਲ ਦੇ ਮੁੱਖ ਅਧਿਆਪਕ ਬਣ ਗਏ। ਮਾਸਟਰ ਤਾਰਾ ਸਿੰਘ ਜੀ ਦੀ ਯੋਗ ਅਗਵਾਈ ਹੇਠ ਕੱਲਰ ਸਕੂਲ ਨੇ ਪੰਥ ਨੂੰ ਅਜਿਹੇ ਹੀਰੇ (ਨੇਤਾ) ਦਿੱਤੇ ਜਿਨ੍ਹਾਂ ਨੇ ਦੇਸ਼/ਪੰਥ ਦੀ ਖਾਤਿਰ ਸੇਵਾ ਦੇ ਨਾਲ-ਨਾਲ ਜੀਵਨ ਵੀ ਲੇਖੇ ਲਾ ਦਿੱਤਾ। ਉਸ ਵਕਤ ਮਾਸਟਰ ਜੀ ਦੇ ਨਾਲ ਲਾਲ ਸਿੰਘ ਕਮਲਾ ਅਕਾਲੀ, ਗਿਆਨੀ ਗੁਰਮੁੱਖ ਸਿੰਘ ਮੁਸਾਫ਼ਿਰ, ਗਿਆਨੀ ਹੀਰਾ ਸਿੰਘ ਦਰਦ ਅਤੇ ਮਾਸਟਰ ਸੁਜਾਨ ਸਿੰਘ ਜੀ ਸਰਹਾਲੀ ਵੀ ਕੰਮ ਕਰਦੇ ਸਨ। ਕੁੱਝ ਸਮੇਂ ਬਾਅਦ ਉਨ੍ਹਾਂ ਨੇ ਇਹ ਸਕੂਲ ਵੀ ਛੱਡ ਦਿੱਤਾ ਅਤੇ ਮੁੜ ਲਾਇਲਪੁਰ ਚਲੇ ਗਏ। ਇਥੇ ਉਨ੍ਹਾਂ ਨੇ ਆੜ੍ਹਤ ਦੀ ਦੁਕਾਨ ਖੋਲ੍ਹ ਲਈ ਜੋ ਉਨ੍ਹਾਂ ਦੇ ਸੁਭਾਅ ਨਾਲ ਮੇਲ ਨਾ ਖਾਂਦੀ ਕਰਕੇ ਛੱਡਣੀ ਪੈ ਗਈ।

ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ ਹੋ ਜਾਣ ਕਰਕੇ ਮਾਸਟਰ ਤਾਰਾ ਸਿੰਘ ਜੀ ਅੰਮ੍ਰਿਤਸਰ ਆ ਗਏ ਅਤੇ ਉਸ ਵਕਤ ਦੀ ਚਰਚਿਤ ਅਖਬਾਰ ‘ਅਕਾਲੀ’ ਦੇ ਸੰਪਾਦਕ ਬਣ ਗਏ। ਇਸ ਖ਼ੂਨੀ ਸਾਕੇ ਕਾਰਨ ਸਿੱਖ ਭਾਈਚਾਰੇ ਵਿਚ ਗੁੱਸੇ ਦੀ ਅੱਗ ਭੜਕ ਪਈ ਅਤੇ ਸਿੱਖ ਆਗੂਆਂ ਨੇ ਨਿਰਣਾ ਕਰ ਲਿਆ ਕਿ ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ੇ ਤੋਂ ਆਜ਼ਾਦ ਕਰਵਾਉਣਾ ਚਾਹੀਦਾ ਹੈ।

ਜਦੋਂ ਬਾਬਾ ਖੜਕ ਸਿੰਘ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਤਾਂ ਮਾਸਟਰ ਤਾਰਾ ਸਿੰਘ ਜੀ ਨੂੰ ਇਸ ਕਮੇਟੀ ਦਾ ਸਕੱਤਰ ਬਣਾਇਆ ਗਿਆ। ਇਸ ਕਮੇਟੀ ਵਿਚ ਅੰਗਰੇਜ਼ ਸਰਕਾਰ ਦੇ ਨਾਲ ਨਾ ਮਿਲਵਰਤਣ ਦਾ ਮਤਾ ਪਾਸ ਕੀਤਾ ਗਿਆ ਜਿਸ ਦੇ ਪਾਸ ਹੋਣ ਨਾਲ ਅਕਾਲੀਆਂ ਅਤੇ ਅੰਗਰੇਜ਼ਾਂ ਦਾ ਸਿੱਧਾ ਮੁਕਾਬਲਾ ਹੋ ਗਿਆ। ਮਾਸਟਰ ਜੀ ਨੇ ਅੰਮ੍ਰਿਤਸਰ ਦਫ਼ਤਰ ਵਿਚ ਰਹਿ ਕੇ ਪੰਥ ਦੀ ਚੜ੍ਹਦੀਕਲਾ ਲਈ ਦਿਨ-ਰਾਤ ਇਕ ਕਰਕੇ ਕੰਮ ਕਰਨਾ ਆਰੰਭ ਕਰ ਦਿੱਤਾ। ਪ੍ਰੋ: ਨਿਰੰਜਨ ਸਿੰਘ ਦੇ ਸਹਿਯੋਗ ਸਦਕਾ ਉਨ੍ਹਾਂ ਨੇ ਬਹੁਤ ਸਾਰੇ ਇਸ਼ਤਿਹਾਰ, ਪੈਫ਼ਲਟ ਤੇ ਟਰੈਕਟ ਲਿਖ ਕੇ ਦੂਰ-ਦੂਰਾਡੇ ਭੇਜੇ ਜਿਸ ਨਾਲ ਕੌਮ ਵਿਚ ਇੱਕ ਜਾਗ੍ਰਤੀ ਪੈਦਾ ਹੋ ਗਈ।

ਪੰਥ ਵਿਚ ਆਈ ਜਾਗ੍ਰਤੀ ਕਾਰਨ ਸਭ ਤੋਂ ਪਹਿਲਾਂ ਚਾਬੀਆਂ ਦਾ ਮੋਰਚਾ ਲਗਾਇਆ ਗਿਆ। ਇਸ ਮੋਰਚੇ ਵਿਚ ਬਾਬਾ ਖੜਕ ਸਿੰਘ ਅਤੇ ਮਾਸਟਰ ਤਾਰਾ ਸਿੰਘ ਜੀ ਨੇ ਅੱਗੇ ਵੱਧ ਕੇ ਗ੍ਰਿਫ਼ਤਰੀ ਦਿੱਤੀ। ਇਸ ਮੋਰਚੇ ਦੀ ਜਿੱਤ ਤੋਂ ਬਾਅਦ ‘ਗੁਰੂ ਕੇ ਬਾਗ’ ਅਤੇ ‘ਜੈਤੋਂ’ ਦਾ ਮੋਰਚਾ ਲੱਗ ਗਿਆ। ਇਨ੍ਹਾਂ ਮੋਰਚਿਆਂ ਵਿਚ ਸ਼ਾਮਿਲ ਜਥਿਆਂ ’ਤੇ ਬੇਰਹਿਮੀ ਨਾਲ ਲਾਠੀਚਾਰਜ ਕੀਤਾ ਗਿਆ ਅਤੇ ਸ਼੍ਰੋਮਣੀ ਕਮੇਟੀ ਨੂੰ ਕਾਨੂੰਨ ਵਿਰੋਧੀ ਕਰਾਰ ਦਿੱਤਾ ਗਿਆ। ਕਮੇਟੀ ਦੇ ਅੰਤ੍ਰਿਗ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਉਪਰ ਮੁਕੱਦਮਾ ਚਲਾਇਆ ਗਿਆ। ਇਨ੍ਹਾਂ ਗ੍ਰਿਫ਼ਤਾਰ ਮੈਂਬਰਾਂ ਵਿਚ ਮਾਸਟਰ ਤਾਰਾ ਸਿੰਘ ਜੀ ਵੀ ਸ਼ਾਮਿਲ ਸਨ। ਦੇਸ਼ ਭਗਤੀ ਦੀ ਭਾਵਨਾ ਪ੍ਰਬਲ ਹੋਣ ਕਰਕੇ ਮਾਸਟਰ ਤਾਰਾ ਸਿੰਘ ਵਿਦੇਸ਼ੀ ਰਾਜ ਤੋਂ ਮੁਕਤੀ ਤਾਂ ਚਾਹੁੰਦੇ ਸਨ ਪਰ ਉਹ ਸਿੱਖ ਹਿੱਤਾਂ ਨੂੰ ਕੁਰਬਾਨ ਨਹੀਂ ਸੀ ਹੋਣ ਦੇਣਾ ਚਾਹੁੰਦੇ। ਉਹ ਅਕਸਰ ਕਿਹਾ ਕਰਦੇ ਸਨ ਕਿ ‘ਮੈਂ ਮਰਾਂ, ਪੰਥ ਜੀਵੇ’ ਅਤੇ ‘ਸਿੱਖੋ ਜੇ ਮੈਂ ਮਾੜਾ ਹਾਂ ਤਾਂ ਮੈਨੂੰ ਮਾਰ ਦਿਉ, ਪੰਥ ਨੂੰ ਨਾ ਮਾਰੋ’। ਆਪਣੇ ਇਨ੍ਹਾਂ ਬੋਲਾਂ ਨੂੰ ਜੀਵਤ ਰੱਖਣ ਲਈ ਉਹ ਹਮੇਸ਼ਾਂ ਹੀ ਸਿੱਖ ਹਿੱਤਾਂ ਲਈ ਲੜਦੇ ਰਹੇ।

ਸਿੱਖੀ ਸਿਧਾਤਾਂ (ਵਿਸ਼ੇਸ਼ ਕਰਕੇ ਸਰਬਤ ਦਾ ਭਲਾ ਮੰਗਣ ਵਾਲੇ) ਦੀ ਪਹਿਰੇਦਾਰੀ ਕਰਦਿਆਂ ਮਾਸਟਰ ਤਾਰਾ ਸਿੰਘ ਨੇ ਬਹੁਤ ਸਾਰੀਆਂ ਕੈਦਾਂ ਕੱਟੀਆਂ। ਜਦੋਂ ਵੀ ਦੇਸ਼ ਵਿਚ ਕੋਈ ਲੋਕ ਭਲਾਈ ਦੀ ਲਹਿਰ ਆਰੰਭ ਹੁੰਦੀ ਤਾਂ ਮਾਸਟਰ ਜੀ ਹਮੇਸ਼ਾਂ ਹੀ ਮੂਹਰਲੀਆਂ ਸਫ਼ਾਂ ਵਿਚ ਹੁੰਦੇ। ਇਥੋਂ ਤੱਕ ਕਿ ਮਹਾਤਮਾਂ ਗਾਂਧੀ ਵੱਲੋਂ ਸਮੇਂ-ਸਮੇਂ ਸ਼ੁਰੂ ਕੀਤੀਆਂ ਕਈ ਲਹਿਰਾਂ ਨੂੰ ਵੀ ਉਨ੍ਹਾਂ ਵੱਲੋਂ ਭਰਪੂਰ ਹੁੰਗਾਰਾ ਦਿੱਤਾ ਜਾਂਦਾ ਰਿਹਾ ਹੈ।

ਮਾਸਟਰ ਤਾਰਾ ਸਿੰਘ ਦਾ ਜੀਵਨ ਇੱਕ ਧਰੂ ਤਾਰੇ ਵਰਗਾ ਰਿਹਾ ਹੈ। ਉਨ੍ਹਾਂ ਦਾ ਸ਼ੁਮਾਰ ਕੌਮ ਦੇ ਚੌਣਵੇਂ ਰਾਹ ਦਸੇਰਿਆਂ ਵਿਚ ਕੀਤਾ ਜਾਂਦਾ ਹੈ। ਨਿਧੜਕ ਹੋਣ ਦੇ ਨਾਲ-ਨਾਲ ਉਹ ਨਿਡਰ ਵੀ ਸਨ। ਔਖਿਆਲਿਆਂ ਵਕਤਾਂ ਵਿਚ ਉਹ ਕਦੇ ਡੋਲਦੇ ਨਹੀਂ ਸਨ ਅਤੇ ਤਤਕਾਲ ਨਿਰਣਾ ਲੈ ਲਿਆ ਕਰਦੇ ਸਨ।

ਕੋਈ ਵੀ ਪੰਥਕ ਪ੍ਰੋਗਰਾਮ ਅਜਿਹਾ ਨਹੀਂ ਕਿਹਾ ਜਾ ਸਕਦਾ ਜਿਸ ਵਿਚ ਮਾਸਟਰ ਤਾਰਾ ਸਿੰਘ ਦੀ ਅਹਿਮ ਭੂਮਿਕਾ ਨਾ ਰਹੀ ਹੋਵੇ। ਪੰਥ ਲਈ ਮਰ-ਮਿਟਣ ਦੀ ਭਾਵਨਾ ਰੱਖਣ ਵਾਲਾ ਇਹ ਅਨਮੋਲ ਰਤਨ ਆਪਣਾ ਜੀਵਨ ਸਮਾਪਤ ਕਰਕੇ 22 ਨਵੰਬਰ 1967 ਨੂੰ ਕੌਮ ਨੂੰ ਆਪਣੀ ਆਖਰੀ ਫ਼ਤਿਹ ਬੁਲਾ ਗਿਆ।

ਗੁਰ ਡਿਠਾ ਤਾ ਮਨੁ ਸਾਧਾਰਿਆ

0

ਗੁਰੁ ਡਿਠਾ ਤਾ ਮਨੁ ਸਾਧਾਰਿਆ 

ਪ੍ਰਿੰਸੀਪਲ ਹਰਭਜਨ ਸਿੰਘ

ਵੀਚਾਰ ਅਧੀਨ ਪਾਵਨ ਪੰਕਤੀ ‘‘ਗੁਰੁ ਡਿਠਾ ਤਾ ਮਨੁ ਸਾਧਾਰਿਆ ॥’’ ਰਾਮਕਲੀ ਰਾਗ ਅੰਦਰ ਉਚਾਰਨ ਕੀਤੀ ਹੋਈ ਵਾਰ ’ਚ ਦਰਜ ਹੈ, ਇਸ ਦੇ ਕਰਤਾ ਭਾਈ ਸੱਤਾ ਜੀ ਅਤੇ ਭਾਈ ਬਲਵੰਡ ਰਾਇ ਜੀ ਹਨ। ਵਾਰ ਦੀ ਸੱਤਵੀਂ ਪਉੜੀ ਦੇ ਇਹ ਅਖੀਰਲੇ ਬਚਨ ਹਨ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਕ ੯੬੮ ’ਤੇ ਸੁਭਾਇਮਾਨ ਹਨ। ਜਿਸ ਦੇ ਅੱਖਰੀਂ ਅਰਥ ਇਹ ਹਨ ਕਿ ਜਿਸ ਕਿਸੇ ਨੇ ਗੁਰੂ ਰਾਮਦਾਸ ਜੀ ਦਾ ਦੀਦਾਰ ਕੀਤਾ, ਤਦ ਹੀ ਉਸ ਦਾ ਮਨ ਟਿਕਾਣੇ (ਸ਼ਾਂਤੀ ’ਚ) ਆ ਗਿਆ। ਇਤਿਹਾਸ ਦੇ ਪੰਨੇ ਇਹ ਜ਼ਿਕਰ ਕਰਦੇ ਹਨ ਕਿ ਸਤਿਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਚੂਨੀ ਮੰਡੀ ਲਾਹੌਰ ਵਿਖੇ 24 ਸਤੰਬਰ ਸੰਨ 1534 ਈ: ਨੂੰ ਪਿਤਾ ਬਾਬਾ ਹਰਿਦਾਸ ਜੀ (1496-1542) ਦੇ ਗ੍ਰਹਿ ਵਿਖੇ ਮਾਤਾ ਦਇਆ ਕੌਰ ਜੀ ਦੀ ਕੁੱਖ ਤੋਂ ਹੋਇਆ ਸੀ। ਇਹਨਾਂ ਦਾ ਬਚਪਨ ਦਾ ਨਾਂ ਭਾਈ ਜੇਠਾ ਸੀ। ਬਾਲ ਉਮਰੇ ਹੀ ਮਾਤਾ-ਪਿਤਾ ਚੜ੍ਹਾਈ ਕਰ ਗਏ। ਸੱਤ ਸਾਲ ਦੀ ਉਮਰ ਵਿੱਚ ਯਤੀਮ ਤੇ ਲਾਵਾਰਸ ਹੋ ਕੇ ਲਾਹੌਰ ਦੀਆਂ ਗਲੀਆਂ ਵਿੱਚ ਰੁਲਦੇ ਰਹੇ। ਨਾ ਕਿਸੇ ਨੇ ਚੰਗੀ ਰੋਟੀ ਖਾਣ ਲਈ ਦੇਣੀ, ਨਾ ਧੋਤੇ ਹੋਏ ਕੱਪੜੇ ਪਾਉਣੇ, ਨ ਕੇਸ ਸੰਵਾਰਨੇ, ਇੱਥੋਂ ਤੱਕ ਕਿ ਕੁਝ ਮਾਵਾਂ ਨੇ ਆਪਣੇ ਬੱਚਿਆਂ ਨੂੰ, ਜੋ ਗੁਰੂ ਰਾਮਦਾਸ ਜੀ ਦੇ ਹਾਣੀ ਸਨ, ਨੂੰ ਵੀ ਉਨ੍ਹਾਂ ਨਾਲੋਂ ਖੇਡਣ ਤੋਂ ਰੋਕ ਦਿੱਤਾ। ਮਨਹੂਸ (ਮੰਦਭਾਗੀ) ਆਦਿਕ ਸ਼ਬਦ ਕਹਿ-ਕਹਿ ਕੇ ਦੁਰਕਾਰਿਆ। ਜਦੋਂ ਕੁਝ ਸਮੇਂ ਬਾਅਦ ਨਾਨੀ ਆਈ ਤਾਂ ਆਪਣੇ ਦੋਹਤਰੇ ਦੀ ਹਾਲਤ ਵੇਖ ਕੇ ਭੁੱਬਾਂ ਨਿਕਲ ਗਈਆਂ। ਨਾਨੀ ਆਪਣੇ ਦੋਹਤਰੇ ਨੂੰ ਆਪਣੇ ਨਾਲ ਹੀ ਪਿੰਡ ਬਾਸਰਕੇ ਲੈ ਆਈ। ਇਹੀ ਪਿੰਡ ਗੁਰੂ ਅਮਰਦਾਸ ਜੀ ਦਾ ਸੀ। ਬਾਸਰਕੇ ਦੀ ਹੀ ਧਰਤੀ ’ਤੇ ਭਾਈ ਜੇਠਾ ਜੀ ਨਾਲ ਗੁਰੂ ਅਮਰਦਾਸ ਜੀ ਦਾ ਮਿਲਾਪ ਹੋਇਆ, ਪਰ ਇਹ ਮਿਲਾਪ ਕੇਵਲ ਬਾਹਰ ਮੁਖੀ ਹੀ ਸੀ । ਸਮਾਂ ਪਾ ਕੇ ਇਹੋ ਮਿਲਾਪ ਅਧਿਆਤਮਕ ਹੋ ਨਿਬੜਿਆ। ਧਰਤੀ ਉੱਤੇ ਜਿੰਨੀਆਂ ਵੀ ਜੂਨਾਂ ਅਕਾਲ ਪੁਰਖ ਨੇ ਭੇਜੀਆਂ ਹਨ। ਉਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ ਸਹਾਰਾ ਮਨੁੱਖ ਹੀ ਲੋੜਦਾ ਹੈ। ਜਿੰਨੀਆਂ ਸਹੂਲਤਾਂ ਮਨੁੱਖ ਕੋਲ ਹਨ। ਇੰਨੀਆਂ ਕਿਸੇ ਹੋਰ ਪ੍ਰਾਣੀ ਕੋਲ ਨਹੀਂ ਹਨ।

ਪਸ਼ੂ, ਪੰਛੀ, ਕੀੜੇ ਆਦਿ ਨਿੱਤ ਹੀ ਆਪਣੇ ਰੋਜ਼ਗਾਰ ਦੀ ਖੋਜ ਕਰਦੇ ਹਨ। ਬਨਸਪਤੀ ਵਿੱਚੋਂ ਕੁਝ ਐਸੇ ਰੁੱਖ ਹਨ, ਜਿਨ੍ਹਾਂ ਤੱਕ ਮਨੁੱਖ ਦੀ ਪਹੁੰਚ ਸੰਭਵ ਹੀ ਨਹੀਂ, ਜੰਗਲਾਂ ਪਹਾੜਾਂ ਵਿੱਚ ਉਹ ਵੀ ਹਰੇ ਭਰੇ ਨਜ਼ਰ ਆਉਂਦੇ ਹਨ ਪਰ ਮਨੁੱਖ ਸਮਝਦਾ ਹੈ ਕਿ ਇਹ ਕਿਸੇ ਸਹਾਰੇ ਤੋਂ ਬਿਨਾਂ ਨਹੀਂ ਜੀ ਸਕਦਾ। ਜੰਮਦੇ ਨੂੰ ਮਾਤਾ-ਪਿਤਾ ਦਾ ਸਹਾਰਾ ਚਾਹੀਦਾ ਹੈ। ਇਸ ਦੀ ਤਾਂ ਹੀ ਪਾਲਣਾ ਹੋ ਸਕਦੀ ਹੈ, ਨਹੀਂ ਤਾਂ ਮਨੁੱਖ ਦਾ ਬੱਚਾ ਜ਼ਿੰਦਾ ਨਹੀਂ ਰਹਿ ਸਕਦਾ। ਸਾਨੂੰ ਇਹ ਭੁੱਲ ਜਾਂਦਾ ਹੈ ਕਿ ਜਦੋਂ ਪਹਿਲਾ ਮਨੁੱਖ ਇਸ ਧਰਤੀ ’ਤੇ ਆਇਆ ਸੀ ਤਾਂ ਉਸ ਦੀ ਪਾਲਣਾ ਕਿਸ ਨੇ ਕੀਤੀ ਸੀ। ਉਸ ਦਾ ਸਹਾਰਾ ਕੌਣ ਸੀ  ? ਉਸ ਵੇਲੇ ਤਾਂ ਪਾਲਣਹਾਰ ਪ੍ਰਮਾਤਮਾ ਹੀ ਸਹਾਇਕ ਸਨ। ਪਹਿਲਾ ਅਤੇ ਆਖਰੀ ਸਹਾਰਾ ਉਹ ਪ੍ਰਮਾਤਮਾ ਹੀ ਹੈ। ਜੇ ਉਸ ਦੀ ਰਹਿਮਤ ਨ ਹੋਵੇ, ਉਹ ਜੀਵਨ ਦੀ ਦਾਤ ਨ ਬਖ਼ਸ਼ੇ ਤਾਂ ਚੰਗੇ ਮਾਤਾ ਪਿਤਾ, ਚੰਗੇ ਡਾਕਟਰ; ਤਾਣ (ਜ਼ੋਰ) ਲਗਾ ਕੇ ਹਾਰ ਜਾਂਦੇ ਹਨ, ਪਰ ਬੱਚਾ ਨਹੀਂ ਬਚ ਸਕਦਾ। ਜੇ ਉਹ ਅਰੋਗਤਾ ਨਾ ਬਖ਼ਸ਼ੇ ਤਾਂ ਸਾਰੇ ਵਸੀਲੇ ਕੋਲ ਹੁੰਦਿਆਂ ਵੀ ਬੱਚੇ ਅਪੰਗ ਪੈਦਾ ਹੁੰਦੇ ਹਨ। ਜੇ ਉਹ ਬੁੱਧੀ ਪ੍ਰਦਾਨ ਨਾ ਕਰੇ ਤਾਂ ਧਨਵਾਨਾਂ ਦੇ ਬੱਚੇ ਵੀ ਮੂਰਖ ਹੁੰਦੇ ਹਨ। ਇੰਞ ਮਹਿਸੂਸ ਹੁੰਦਾ ਹੈ ਕਿ ਜੀਵਨ ਦੇ ਅਸਲ ਦਰਸ਼ਨ ਹੁੰਦੇ ਹੀ ਮੁਸ਼ਕਲਾਂ ਵਿੱਚੋਂ ਹਨ, ਜਿਵੇਂ-ਜਿਵੇਂ ਜੀਵਨ ਦੀਆਂ ਮੁਸ਼ਕਲਾਂ ਆਉਂਦੀਆਂ ਹਨ। ਬੱਚਾ ਉਨ੍ਹਾਂ ਨਾਲ ਜੂਝਦਾ ਹੈ, ਜਿਸ ਨਾਲ਼ ਆਪਣੇ ਮਾਨਸਿਕ ਅਤੇ ਸਰੀਰਿਕ ਬਲ ਵਿੱਚ ਵਾਧਾ ਹੁੰਦਾ ਹੈ। ਉਸ ਦੀ ਬੁੱਧੀ ਵਿਕਸਤ ਹੁੰਦੀ ਹੈ। ਜਿਹੜੇ ਮਾਪੇ ਚਾਹੁੰਦੇ ਹਨ ਕਿ ਉਸ ਦੇ ਬੱਚੇ ਨੂੰ ਕਿਸੇ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਅਜਿਹੇ ਬੱਚੇ ਆਪਣੇ ਜੀਵਨ ’ਚ ਕੁਝ ਵੀ ਨਹੀਂ ਕਰ ਸਕਦੇ।

ਜੀਵਨ ਦਾ ਇਹ ਨਿਯਮ ਹੈ ਕਿ ਜਿਹੜੇ ਮਨੁੱਖ ਮੁਸੀਬਤ ਸਮੇਂ ਡਰਨ ਦਾ ਸੁਭਾਅ ਬਣਾ ਲੈਂਦੇ ਹਨ। ਉਹ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹ ਨਹੀਂ ਸਕਦੇ। ਜਿਨ੍ਹਾਂ ਮਨੁੱਖਾਂ ਦਾ ਮੁਸੀਬਤਾਂ ਨਾਲ ਨਜਿੱਠਣ ਦਾ ਸੁਭਾਅ ਬਣ ਜਾਏ, ਉਹ ਹਰ ਮੁਸੀਬਤ ਉੱਤੇ ਜਿੱਤ ਪ੍ਰਾਪਤ ਕਰਦੇ ਹਨ। ਗੁਰੂ ਰਾਮਦਾਸ ਜੀ ਨਾਲ ਕੁਦਰਤ ਨੇ ਕੁਝ ਅਜਿਹੀ ਹੀ ਖੇਡ ਖੇਡੀ। ਮੁਸੀਬਤਾਂ ਨਾਲ ਲੜਣ ਵਾਸਤੇ ਮੈਦਾਨ ਖ਼ਾਲੀ ਕਰ ਦਿੱਤਾ। ਕਿਸੇ ਬੱਚੇ ਦੇ ਸਾਹਮਣੇ ਜਦੋਂ ਉਹ ਇਸ ਹਾਲਤ ਵਿੱਚ ਹੋਵੇ ਤਾਂ ਮੁੱਖ ਸਮੱਸਿਆਵਾਂ ਇਹ ਹੁੰਦੀਆਂ ਹਨ ਕਿ ਉਹ ਰਹੇ ਕਿੱਥੇ ਤੇ ਉਸ ਦੀ ਪਾਲਣਾ ਕੌਣ ਕਰੇ ? ਰਹਿਣ ਲਈ ਘਰ ਤਾਂ ਲਾਹੌਰ ਵਿੱਚ ਸੀ, ਪਰ ਪਾਲਣਾ ਕਰਨ ਵਾਲਾ ਕੋਈ ਨਹੀਂ ਸੀ।  ਮੁਸੀਬਤ ਭਰੇ ਸਮੇਂ ਵਿੱਚ ਵਿਰਲਾ ਹੀ ਕੋਈ ਕਿਸੇ ਦਾ ਸਹਾਰਾ ਬਣਦਾ ਹੈ। ਨਹੀਂ ਤਾਂ ਹਨੇਰੇ ਵਿੱਚ ਪਰਛਾਵਾਂ ਵੀ ਮਨੁੱਖ ਦਾ ਸਾਥ ਛੱਡ ਜਾਂਦਾ ਹੈ। ਗੁਰੂ ਰਾਮਦਾਸ ਜੀ ਦੇ ਲਾਹੌਰ ਵਿੱਚ ਰਿਸ਼ਤੇਦਾਰ ਤਾਂ ਬਹੁਤ ਸਨ, ਪਰ ਮੁਸੀਬਤ ਸਮੇਂ ਕਿਸੇ ਨੇ ਬਾਂਹ ਨਾ ਫੜੀ। ਦੋ ਉਮਰਾਂ ਅਜਿਹੀਆਂ ਹਨ ਜਿਨ੍ਹਾਂ ਵਿੱਚ ਕਿਸੇ ਦੇ ਸਹਾਰੇ ਦੀ ਲੋੜ ਹੁੰਦੀ ਹੈ। ਇੱਕ ਬਚਪਨ ਦੀ ਉਮਰ ਤੇ ਦੂਜੀ ਬਿਰਧ ਅਵਸਥਾ, ਪਰ ਏਥੇ ਤਾਂ ਕਮਾਲ ਹੀ ਹੋ ਗਈ ਕਿ ਬਚਪਨ, ਬਿਰਧ ਦਾ ਸਹਾਰਾ ਅਤੇ ਬਿਰਧ ਬਚਪਨ ਦਾ ਸਹਾਰਾ ਬਣ ਗਿਆ। ਨਾਨੀ ਕੋਲ ਐਂਨਾ ਧਨ ਨਹੀਂ ਸੀ ਕਿ ਦੋਹਤਰੇ ਨੂੰ ਬਿਠਾ ਕੇ ਖੁਆ ਸਕੇ। ਐਸੀ ਹਾਲਤ ਵਿੱਚ ਇਸ ਉਮਰ ਦੇ ਬੱਚੇ ਆਮ ਕਰ ਕੇ ਚੋਰ, ਜੇਬ-ਕਤਰੇ ਜਾਂ ਫਿਰ ਭਿਖਾਰੀ ਬਣ ਜਾਂਦੇ ਹਨ, ਪਰ ਗੁਰੂ ਰਾਮਦਾਸ ਜੀ ਇਨ੍ਹਾਂ ਵਿੱਚੋਂ ਕੁਝ ਵੀ ਨਾ ਬਣੇ। ਉਹਨਾਂ ਦੀ ਜਿੰਦਗੀ ਵਿੱਚ ਇੱਕ ਦਿਨ ਵੀ ਐਸਾ ਨਾ ਆਇਆ ਜਦੋਂ ਕਿ ਉਹਨਾਂ ਹੱਥ ਅੱਡ ਕੇ ਕਿਸੇ ਕੋਲੋਂ ਕੁਝ ਮੰਗਿਆ ਹੋਵੇ ਉਹਨਾਂ ਆਪਣੀ ਵਿੱਤ ਅਨੁਸਾਰ ਕਿਰਤ ਸ਼ੁਰੂ ਕਰ ਦਿੱਤੀ। ਜਿੰਨਾ ਕੁ ਭਾਰ ਚੁੱਕ ਸਕਦੇ ਸਨ ਛੋਟੀ ਜਿਹੀ ਪਰਾਤ ਵਿੱਚ ਉਬਲੇ ਚਨੇ ਪਾ ਕੇ ਵੇਚਣੇ ਸ਼ੁਰੂ ਕਰ ਦਿੱਤੇ। ਅੱਜ ਧੰਨ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਕੀ ਬਾਦਸ਼ਾਹ ਤੇ ਕੀ ਕੰਗਾਲ, ਸਭ ਪਿਆਰ ਨਾਲ ਸੀਸ ਝੁਕਾਉਂਦੇ ਹਨ ਅਤੇ ਲੰਗਰ ਵੀ ਛੱਕਦੇ ਹਨ। ਜਿਸ ਵਕਤ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਸਾਹਿਬ ਜੀ ਦੇ ਹੁਕਮ ਨਾਲ ਗੋਇੰਦਵਾਲ ਸਾਹਿਬ ਨਗਰ ਵਸਾਇਆ ਤਾਂ ਆਪਣੀ ਨਾਨੀ ਸਮੇਤ ਇੱਥੇ ਆ ਵਸੇ। ਉਸ ਸਮੇਂ ਆਪ ਜੀ ਦੀ ਉਮਰ 12 ਕੁ ਸਾਲ ਦੀ ਸੀ। ਏਥੇ ਵੀ ਕਾਫ਼ੀ ਸਮਾਂ ਘੁੰਙਣੀਆਂ ਵੇਚਦੇ ਰਹੇ। ਫਿਰ ਗੁਰੂ ਅਮਰਦਾਸ ਜੀ ਨੇ ਪੱਕੇ ਤੌਰ ’ਤੇ ਆਪ ਜੀ ਨੂੰ ਗੁਰੂ ਦਰਬਾਰ ਵਿੱਚ ਸੇਵਾ ਕਰਨ ਦਾ ਹੁਕਮ ਦਿੱਤਾ।

ਗੋਇੰਦਵਾਲ ਸਾਹਿਬ ਜਦ ਬਾਉਲੀ ਦੀ ਉਸਾਰੀ ਚਲ ਰਹੀ ਸੀ ਤਾਂ ਆਪ ਜੀ ਨੇ ਬੜੀ ਲਗਨ ਤੇ ਪ੍ਰੇਮ ਨਾਲ ਸੇਵਾ ਕੀਤੀ। ਇਸੇ ਸੇਵਾ ਦੀ ਬਦੌਲਤ ਹੀ ਆਪ ਜੀ ਗੁਰੂ ਅਮਰਦਾਸ ਜੀ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਹੋਏ। ਗੁਰੂ ਅਮਰਦਾਸ ਜੀ ਨੇ ਬਿਨਾਂ ਜਾਇਦਾਦ ਤੇ ਬਰਾਦਰੀ ਜਾਂ ਘਰ-ਬਾਰ ਵੇਖਿਆਂ ਹੀ ਕੇਵਲ ਸਿੱਖੀ ਸਿਦਕ ਦੇਖ ਕੇ ਹੀ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਵਿਆਹ, ਗੁਰੂ ਰਾਮਦਾਸ ਜੀ ਨਾਲ 16 ਫ਼ਰਵਰੀ 1554 ਈਸਵੀ ਵਿੱਚ ਕਰ ਦਿੱਤਾ। ਤਦ ਆਪ ਜੀ ਦੀ ਉਮਰ 20 ਸਾਲ ਸੀ। ਵਿਆਹ ਤੋਂ ਬਾਅਦ ਵੀ ਆਪ ਜੀ ਗੁਰੂ ਦਰਬਾਰ ਵਿੱਚ ਉਸੇ ਤਰ੍ਹਾਂ ਸੇਵਾ ਕਰਦੇ ਰਹੇ। ਆਪ ਜੀ ਦੇ ਗ੍ਰਹਿ 1558 ਈਸਵੀ ’ਚ ਵੱਡੇ ਪੁੱਤਰ ਪ੍ਰਿਥੀ ਚੰਦ ਜੀ ਨੇ, 1560 ਈਸਵੀ ’ਚ ਦੂਜੇ ਪੁੱਤਰ ਮਹਾਂਦੇਵ ਜੀ ਨੇ ਅਤੇ 15 ਅਪਰੈਲ 1563 ਈਸਵੀ ਨੂੰ (ਗੁਰੂ) ਅਰਜਨ ਸਾਹਿਬ ਜੀ ਨੇ ਜਨਮ ਲਿਆ।

ਸੰਨ 1566 ਈਸਵੀ ’ਚ ਹਿੰਦੂਆਂ ਦੇ ਪੁਰੋਹਿਤਾਂ ਨੇ ਮਿਲ ਕੇ ਅਕਬਰ ਪਾਸ ਗੁਰੂ ਅਮਰਦਾਸ ਜੀ ਦੇ ਵਿਰੁਧ ਦੋਸ਼ ਲਾਏ ਕਿ ਇਹ ਸਾਡੇ ਧਰਮ ਸ਼ਾਸਤਰਾਂ ਦੀ ਮਰਯਾਦਾ ਨੂੰ ਢਾਹ ਲਾ ਰਹੇ ਹਨ ਤਾਂ ਗੁਰੂ ਘਰ ਦਾ ਪੱਖ ਰੱਖਣ ਲਈ ਗੁਰੂ ਜੀ ਨੂੰ ਲਾਹੌਰ ਬੁਲਾਇਆ ਗਿਆ। ਉਸ ਵਕਤ ਗੁਰੂ ਅਮਰਦਾਸ ਜੀ ਨੇ ਆਪਣੀ ਥਾਂ ਗੁਰੂ ਰਾਮਦਾਸ ਜੀ ਨੂੰ ਭੇਜਣਾ ਮੁਨਾਸਬ ਸਮਝਿਆ। ਉਹਨਾਂ ਨੇ ਗੁਰੂ ਘਰ ਦਾ ਸਿਧਾਂਤ ਇੰਨੇ ਵਧੀਆ ਤਰੀਕੇ ਨਾਲ ਪੇਸ਼ ਕੀਤਾ ਕਿ ਅਕਬਰ ਬਾਦਸ਼ਾਹ ਨੇ ਦੋਖੀਆਂ ਦਾ ਮੁਕੱਦਮਾ ਖਾਰਜ ਕਰ ਦਿੱਤਾ ਅਤੇ ਆਪ ਸੰਨ 1571 ਈਸਵੀ ’ਚ ਗੋਇੰਦਵਾਲ ਗੁਰੂ ਸਾਹਿਬ ਜੀ ਨੂੰ ਮਿਲਣ ਲਈ ਆਇਆ ।  ਗੁਰੂ ਅਮਰਦਾਸ ਜੀ ਨੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ, ਹਰ ਪੱਖੋਂ ਮੁਕੰਮਲ ਜਾਣਦਿਆਂ ਹੋਇਆਂ ਅਤੇ ਪਰਖ ਕਰਨ ’ਤੇ ਖਰੇ ਉੱਤਰਨ ਕਰ ਕੇ ਹੀ ਗੁਰਿਆਈ ਦੀ ਦਾਤ 1574 ਈਸਵੀ ’ਚ ਗੁਰੂ ਰਾਮਦਾਸ ਜੀ ਨੂੰ ਬਖ਼ਸ਼ਸ਼ ਕੀਤੀ। ਆਪ ਗੁਰੂ ਅਮਰਦਾਸ ਜੀ ਦੀ ਸੰਗਤ ’ਚ 1542 ਤੋਂ 1574 ਤੱਕ (32 ਸਾਲ) ਰਹੇ ਸਨ। ਗੁਰਿਆਈ ਦੇਣ ਉਪਰੰਤ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਜਦੋਂ ਸੰਗਤ ਨੂੰ ਉਪਦੇਸ਼ ਦੇਣ ਲਈ ਬੇਨਤੀ ਕੀਤੀ ਤਾਂ ਗੁਰੂ ਰਾਮਦਾਸ ਜੀ ਨੂੰ ਉਸ ਸਮੇਂ ਆਪਣਾ ਬੀਤਿਆ ਬਚਪਨ ਯਾਦ ਆ ਗਿਆ। ਜਦੋਂ ਉਹ ਯਤੀਮ ਹੋ ਕੇ ਲਾਹੌਰ ਦੀਆਂ ਗਲੀਆਂ ਵਿੱਚ ਰੁਲ਼ ਰਹੇ ਸਨ। ਆਪ ਜੀ ਦੇ ਨੇਤਰਾਂ ਵਿੱਚ ਹੰਝੂ ਭਰ ਆਏ ਅਤੇ ਨਾਲ ਹੀ ਇਹ ਬਚਨ ਆਪ ਜੀ ਦੇ ਮੁਖ ਤੋਂ ਆਪ ਮੁਹਾਰੇ ਹੀ ਨਿਕਲ ਤੁਰੇ ‘‘ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ  ! ਸਾ ਬਿਧਿ ਤੁਮ ਹਰਿ ਜਾਣਹੁ ਆਪੇ ॥  ਹਮ ਰੁਲਤੇ ਫਿਰਤੇ, ਕੋਈ ਬਾਤ ਨ ਪੂਛਤਾ; ਗੁਰ ਸਤਿਗੁਰ ਸੰਗਿ, ਕੀਰੇ ਹਮ ਥਾਪੇ ॥  ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ; ਜਿਤੁ ਮਿਲਿਐ, ਚੂਕੇ ਸਭਿ ਸੋਗ ਸੰਤਾਪੇ ॥’’ (ਮ: ੪/੧੬੭)

ਗੁਰੂ ਅਮਰਦਾਸ ਜੀ ਦੇ ਹੁਕਮ ਅਨੁਸਾਰ ਰਾਮਦਾਸ ਜੀ ਨੇ ਸੰਨ 1564 ਈਸਵੀ ’ਚ ਸਿੱਖ ਧਰਮ ਦੇ ਕੇਂਦਰੀ ਸਥਾਨ ਵਜੋਂ ‘ਗੁਰੂ ਕੇ ਚੱਕ’ ਦੀ ਉਸਾਰੀ ਕਰਨੀ ਸ਼ੁਰੂ ਕੀਤੀ। ਬਾਅਦ ਵਿੱਚ ਇਸ ਨਗਰ ਦਾ ਨਾਂ ‘ਰਾਮਦਾਸ ਪੁਰ’ ਅਤੇ ਅੱਜ ਕੱਲ੍ਹ ‘ਅੰਮ੍ਰਿਤਸਰ ਸਾਹਿਬ’ ਸਥਾਪਤ ਹੋਇਆ। ਗੁਰੂ ਜੀ ਨੇ ਇੱਕ ਵਿਸ਼ਾਲ ਸਰੋਵਰ ਬਣਾਇਆ ਅਤੇ ਧਰਮਸ਼ਾਲਾ ਵੀ ਬਣਵਾਈ। ਅੰਮ੍ਰਿਤਸਰ ਸਰੋਵਰ ਵਿੱਚ ਹੀ ਹਰਿਮੰਦਰ ਸਾਹਿਬ ਬਣਾਉਣ ਦਾ ਸੰਕਲਪ ਕੀਤਾ ਗਿਆ, ਜੋ ਬਾਅਦ ਵਿੱਚ ਗੁਰੂ ਅਰਜਨ ਸਾਹਿਬ ਜੀ ਨੇ ਪੂਰਾ ਕੀਤਾ। ਇੱਕ ਐਸਾ ਧਾਰਮਕ ਸਥਾਨ ਬਣਾਇਆ ਗਿਆ ਜਿਸ ਵਿੱਚ ਸਰੀਰਕ ਇਸ਼ਨਾਨ ਕੀਤਿਆਂ ਸਰੀਰ ਦੀ ਮੈਲ਼ ਤੇ ਬਾਹਰੀ ਸੁੱਚ ਭਿੱਟ ਦੇ ਵਹਿਮ-ਭਰਮ ਨੂੰ ਖ਼ਤਮ ਕਰਨਾ ਸੀ ਤੇ ਗੁਰਬਾਣੀ ਰਾਹੀਂ ਮਨ ਦਾ ਇਸ਼ਨਾਨ ਕਰਨ ਨਾਲ਼ ਮਨ ਦੀ ਮੈਲ਼ ਲਾਹੁਣ ਦਾ ਸੰਕਲਪ ਹੈ। ਪਹਿਲੇ ਗੁਰੂ ਸਾਹਿਬਾਨ ਵੱਲੋਂ ਥਾਪੇ ਜਾਂਦੇ ਪ੍ਰਚਾਰਕਾਂ ਦੀ ਪ੍ਰਥਾ ਨੂੰ ਹੋਰ ਪਰਪੱਕ ਕਰਦਿਆਂ ਮਸੰਦ ਪ੍ਰਥਾ ਆਰੰਭ ਕੀਤੀ। ਗੁਰੂ ਰਾਮਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ਵੱਲੋਂ ਉਚਾਰਨ ਕੀਤੇ ਗਏ 19 ਰਾਗਾਂ ਸਮੇਤ 30 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ। ਸ਼ਬਦ ਗੁਰੂ ਦੀ ਪ੍ਰੋੜ੍ਹਤਾ ਕਰਦਿਆਂ ਆਪ ਜੀ ਨੇ ਇਹ ਬਚਨ ਉਚਾਰਨ ਕੀਤੇ, ‘‘ਬਾਣੀ ਗੁਰੂ, ਗੁਰੂ ਹੈ ਬਾਣੀ; ਵਿਚਿ ਬਾਣੀ ਅੰਮ੍ਰਿਤੁ, ਸਾਰੇ ॥ (ਮ: ੪/੯੮੨), ਸਤਿਗੁਰ ਕੀ ਬਾਣੀ, ਸਤਿ, ਸਤਿ ਕਰਿ ਜਾਣਹੁ ਗੁਰਸਿਖਹੁ  ! ਹਰਿ ਕਰਤਾ, ਆਪਿ ਮੁਹਹੁ ਕਢਾਏ ॥’’ (ਮ: ੪/੩੦੮) ਰਜ਼ਾ ਦੇ ਸਬੰਧ ਵਿੱਚ ਇੰਨੇ ਪ੍ਰਪੱਕ ਕਿ ‘‘ਜੋ ਤਿਸੁ ਭਾਵੈ ਨਾਨਕਾ   ! ਸਾਈ ਗਲ ਚੰਗੀ ॥’’ (ਮ: ੪/੭੨੬) ਵਚਨ ਉਚਾਰੇ, ਈਰਖਾ ਕਰਨ ਵਾਲਿਆਂ ਪ੍ਰਤੀ ‘‘ਜਿਸੁ ਅੰਦਰਿ ਤਾਤਿ ਪਰਾਈ ਹੋਵੈ; ਤਿਸ ਦਾ ਕਦੇ ਨ ਹੋਵੀ ਭਲਾ ॥’’ (ਮ: ੪/੩੦੮) ਸ਼ਬਦ ਰਚੇ ਗਏ, ਹਠ ਕਰਮਾਂ ਤੋਂ ਵਰਜਦਿਆਂ ਫ਼ੁਰਮਾਇਆ, ‘‘ਮਨਹਠਿ ਕਿਨੈ ਨ ਪਾਇਆ; ਕਰਿ ਉਪਾਵ ਥਕੇ ਸਭੁ ਕੋਇ ॥’’ (ਮ: ੪/੩੯) ਤਾਂ ਹੀ ਤਾਂ ਭਾਈ ਸੱਤਾ ਜੀ ਗੁਰੂ ਰਾਮਦਾਸ ਜੀ ਦੀ ਉਪਮਾ ਕਰਦਿਆਂ ਇਹ ਆਖ ਰਹੇ ਹਨ, ‘‘ਧੰਨੁ ਧੰਨੁ ਰਾਮਦਾਸ ਗੁਰੁ; ਜਿਨਿ ਸਿਰਿਆ, ਤਿਨੈ ਸਵਾਰਿਆ ॥ ਪੂਰੀ ਹੋਈ ਕਰਾਮਾਤਿ; ਆਪਿ ਸਿਰਜਣਹਾਰੈ ਧਾਰਿਆ ॥’’ ਅਤੇ ਅਖੀਰ ’ਤੇ ਵਚਨ ਕੀਤੇ, ‘‘ਨਾਨਕੁ ਤੂ, ਲਹਣਾ ਤੂਹੈ; ਗੁਰੁ ਅਮਰੁ ਤੂ ਵੀਚਾਰਿਆ ॥ ਗੁਰੁ ਡਿਠਾ, ਤਾਂ ਮਨੁ ਸਾਧਾਰਿਆ ॥’’ (ਬਲਵੰਡ ਸਤਾ/੯੬੮)

ਬਾਬਾ ਬੁੱਢਾ ਜੀ

0

ਬਾਬਾ ਬੁੱਢਾ ਜੀ

ਬਾਬਾ ਬੁੱਢਾ ਜੀ ਬੜੇ ਉੱਚੇ ਸੁੱਚੇ, ਪ੍ਰਸਿੱਧ ਅਤੇ ਕਰਨੀ ਵਾਲੇ ਗੁਰਸਿੱਖ ਹੋਏ ਹਨ।  ਉਨ੍ਹਾਂ ਨੇ ਗੁਰਸਿੱਖੀ ਦਾ ਉਪਦੇਸ਼ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲਿਆ ਅਤੇ ਛੇਵੀਂ ਪਾਤਿਸ਼ਾਹੀ ਦੇ ਸਮੇਂ ਤੀਕ ਗੁਰਸਿਖੀ ਦਾ ਨਮੂਨਾ ਬਣ ਕੇ ਜੀਵਨ ਬਤੀਤ ਕੀਤਾ।

ਬਾਬਾ ਜੀ ਦਾ ਜਨਮ ਸੁਘੇ ਰੰਧਾਵੇ (ਜੱਟ) ਦੇ ਘਰ ਮਾਤਾ ਗੌਰਾਂ ਜੀ ਦੀ ਕੁਖ ਤੋਂ 22 ਅਕਤੂਬਰ 1506 ਈ. (7 ਕੱਤਕ ਸੰਮਤ 1563) ਨੂੰ ਕਥੂ ਨੰਗਲ, ਜ਼ਿਲ੍ਹਾ ਅੰਮ੍ਰਿਤਸਰ ਵਿਚ ਹੋਇਆ। ਮਾਪਿਆਂ ਨੇ ਉਨ੍ਹਾਂ ਦਾ ਨਾਂ ਬੂੜਾ ਰੱਖਿਆ, ਮਗਰੋਂ ਗੁਰੂ ਨਾਨਕ ਦੇਵ ਜੀ ਦੇ ਵਚਨ ਮੂਜਬ ਉਨ੍ਹਾਂ ਦਾ ਨਾਂ ਬੁੱਢਾ ਜੀ ਪੈ ਗਿਆ।  ਬੂੜਾ ਜੀ ਦੇ ਜਨਮ ਤੋਂ ਕੁਝ ਚਿਰ ਮਗਰੋਂ ਉਨ੍ਹਾਂ ਦੇ ਮਾਪੇ ਪਿੰਡ ਰਮਦਾਸ (ਜ਼ਿਲ੍ਹਾ ਅੰਮ੍ਰਿਤਸਰ) ਵਿਚ ਆ ਵੱਸੇ।

ਆਮ ਜੱਟ ਮੁੰਡਿਆਂ ਵਾਂਗ ਬੂੜਾ ਜੀ ਛੋਟੇ ਹੁੰਦੇ ਮੱਝਾਂ ਦੇ ਵਾਗੀ ਬਣੇ।  ਜਦ ਉਹ ਯਾਰਾਂ ਬਾਰ੍ਹਾਂ ਵਰਿਆਂ ਦੇ ਸਨ, ਤਦ ਗੁਰੂ ਨਾਨਕ ਦੇਵ ਜੀ ਫਿਰਦੇ ਫਿਰਾਂਦੇ ਅਤੇ ਸਤਿ ਨਾਮੁ ਦੇ ਗੱਫੇ ਵਰਤਾਂਦੇ ਰਮਦਾਸ ਪਿੰਡ ਦੇ ਪਾਸ ਆ ਟਿਕੇ।  ਬੂੜਾ ਜੀ ਵੀ ਮੱਝਾਂ ਚਾਰਦੇ ਓਥੇ ਆ ਗਏ। ਉਨ੍ਹਾਂ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਅਤੇ ਉਨ੍ਹਾਂ ਦਾ ਉਪਦੇਸ਼ ਸੁਣਿਆ। ਉਨ੍ਹਾਂ ਦੇ ਮਨ ਵਿਚ ਅਜਿਹੀ ਰੀਝ ਪੈਦਾ ਹੋ ਗਈ ਕਿ ਉਹ ਰੋਜ਼ ਨੇਮ ਨਾਲ ਗੁਰੂ ਜੀ ਪਾਸ ਆ ਬੈਠਿਆ ਕਰਨ ਅਤੇ ਕਿੰਨਾਂ ਕਿੰਨਾਂ ਚਿਰ ਟਿਕ ਬੰਨ੍ਹ ਕੇ ਉਨ੍ਹਾਂ ਦੇ ਦਰਸ਼ਨ ਕਰਦੇ ਅਤੇ ਕੰਨ ਲਾ ਕੇ ਬਚਨ ਸੁਣਦੇ ਰਿਹਾ ਕਰਨ।  ਨਾਲ ਹੀ ਉਹ ਗੁਰੂ ਜੀ ਵਾਸਤੇ ਦੁੱਧ ਲਿਆ ਕੇ ਬੜੇ ਪ੍ਰੇਮ ਨਾਲ ਭੇਟ ਕਰਿਆ ਕਰਦੇ।

ਇਕ ਦਿਨ ਗੁਰੂ ਜੀ ਨੇ ਉਹਨਾਂ ਨੂੰ ਕਿਹਾ, ਕਾਕਾ !  ਤੇਰਾ ਕੀ ਨਾਂ ਹੈ ?  ਤੂੰ ਕੀ ਕੰਮ ਕਰਦਾ ਹੁੰਦਾ ਏਂ ?

ਬੂੜਾ ਜੀ – ਸੱਚੇ ਪਾਤਸ਼ਾਹ !  ਮੈਂ ਰਮਦਾਸ ਵਿੱਚ ਰਹਿਣ ਵਾਲੇ ਇਕ ਜੱਟ ਦਾ ਪੁੱਤ ਹਾਂ। ਮਾਪਿਆਂ ਨੇ ਮੇਰਾ ਨਾਂ ਬੂੜਾ ਰੱਖਿਆ ਹੈ, ਮੈਂ ਮੱਝਾਂ ਚਾਰਿਆ ਕਰਦਾ ਹਾਂ।

ਗੁਰੂ ਜੀ – ਤੂੰ ਕੀ ਇੱਛਾ ਧਾਰ ਕੇ ਸਾਡੇ ਪਾਸ ਆਉਂਦਾ ਹੈਂ ?  ਤੂੰ ਕੀ ਚਾਹੁੰਦਾ ਹੈਂ ?

ਬੂੜਾ ਜੀ – ਸੱਚੇ ਪਾਤਸ਼ਾਹ  !  ਮੇਰੀ ਬੇਨਤੀ ਹੈ ਕਿ ਮੈਨੂੰ ਮੌਤ ਦੇ ਦੁਖ ਤੇ ਡਰ ਤੋਂ ਬਚਾਓ, ਇਸ ਚੁਰਾਸੀ ਦੇ ਗੇੜ ਵਿਚੋਂ ਕੱਢੋ, ਮੁਕਤੀ ਬਖ਼ਸ਼ੋ।

ਗੁਰੂ ਜੀ – ਕਾਕਾ  !  ਤੇਰੀ ਤੇ ਹਾਲਾਂ ਖੇਡਣ-ਮੱਲਣ, ਖਾਣ-ਹੰਡਾਉਣ ਦੀ ਉਮਰ ਹੈ।  ਤੈਨੂੰ ਮੌਤ ਤੇ ਮੁਕਤੀ ਦੇ ਖਿਆਲਾਂ ਨੇ ਕਿਵੇਂ ਆ ਫੜਿਆ ?  ਵੱਡਾ ਹੋਵੇਂਗਾ ਤਾਂ ਇਹ ਗੱਲਾਂ ਕਰੀਂ।

ਬੂੜਾ ਜੀ – ਮਹਾਰਾਜ ਜੀ  !  ਮੌਤ ਦਾ ਕੀ ਵਿਸਾਹ ?  ਕੀ ਪਤਾ ਕਦੋਂ ਆ ਝੱਫੇ  !  ਖਬਰੇ ਵੱਡਾ ਹੋਵਾਂ ਕਿ ਨਾ ਹੀ ਹੋਵਾਂ !

ਗੁਰੂ ਜੀ – ਤੈਨੂੰ ਇੰਨੀ ਛੋਟੀ ਉਮਰੇ ਇਹ ਸੋਚ ਕਿਵੇਂ ਫੁਰੀ ?  ਕਾਕਾ ਬੂੜਿਆ !

ਬੂੜਾ ਜੀ – ਮਹਾਰਾਜ ਜੀ  !  ਇਹ ਇਉਂ, ਕਿ ਕੁਝ ਚਿਰ ਹੋਇਆ, ਪਠਾਣ ਸਾਡੇ ਪਿੰਡ ਵੱਲੋਂ ਲੰਘੇ, ਉਹ ਬਦੋ ਬਦੀ ਸਾਡੀਆਂ ਫਸਲਾਂ ਵੱਢ ਕੇ ਲੈ ਗਏ, ਪੱਕੀਆਂ ਵੀ ਕੱਚੀਆਂ ਵੀ ਤੇ ਅੱਧ ਪੱਕੀਆਂ ਵੀ।  ਓਦੋਂ ਤੋਂ ਮੈਨੂੰ ਘੜੀ ਮੁੜੀ ਖਿਆਲ ਆਉਂਦਾ ਹੈ ਕਿ ਜਿਵੇਂ ਪਠਾਣ ਕੱਚੀਆਂ ਪੱਕੀਆਂ ਫਸਲਾਂ, ਵੱਢ ਕੇ ਲੈ ਗਏ ਹਨ, ਤਿਵੇਂ ਹੀ ਮੌਤ ਵੀ ਬੱਚੇ, ਗੱਭਰੂ, ਅੱਧਖੜ, ਬੁੱਢੇ ਨੂੰ ਜਦੋਂ ਜੀ ਕਰੇ ਆ ਨੱਪੇਗੀ।  ਕੀ ਪਤਾ ਮੇਰੀ ਵਾਰੀ ਕਦੋਂ ਆ ਜਾਵੇ ?  ਇਸ ਕਰ ਕੇ ਮੈਂ ਮੌਤ ਤੋਂ ਡਰਦਾ ਹਾਂ।  ਤੁਹਾਡੇ ਪਾਸ ਇਹ ਆਸ ਧਾਰ ਕੇ ਆਉਂਦਾ ਹਾਂ ਕਿ ਤੁਸੀਂ ਮੇਰਾ ਇਹ ਡਰ ਦੂਰ ਕਰੋਗੇ।

ਗੁਰੂ ਜੀ ਹੱਸ ਪਏ ਤੇ ਕਹਿਣ ਲਗੇ, ਤੂੰ ਹੈਂ ਤਾਂ ਬੱਚਾ, ਪਰ ਗੱਲਾਂ ਬੁੱਢਿਆਂ ਵਾਲੀਆਂ ਕਰਦਾ ਹੈਂ। ਤੂੰ ਬੱਚਾ ਨਹੀਂ, ਤੂੰ ਬੁੱਢਾ ਹੈਂ।  ਤਕੜਾ ਹੋ, ਬੁੱਢੇ ਬਾਲਕਾ !  ਰੱਬ ਮੌਤ ਨਾਲੋਂ ਕਿਤੇ ਵਧੇਰੇ ਵੱਡਾ ਤੇ ਬਲਵਾਨ ਹੈ।  ਜੇ ਤੂੰ ਉਸ ਦਾ ਹੋ ਜਾਵੇਂ, ਤਾਂ ਮੌਤ ਤੈਨੂੰ ਡਰਾ ਨਾ ਸਕੇਗੀ, ਉਹ ਤੈਥੋਂ ਡਰਨ ਲਗ ਪਵੇਗੀ, ਤੂੰ ਅਮਰ ਹੋ ਜਾਵੇਂਗਾ, ਜਨਮ ਮਰਨ ਦੇ ਗੇੜ ਤੋਂ ਛੁਟ ਜਾਵੇਂਗਾ।  ਰੱਬ ਨੂੰ ਹਰ ਵੇਲੇ ਚੇਤੇ ਰੱਖਿਆ ਕਰ, ਉਸ ਦਾ ਨਾਮ ਜਪਿਆ ਕਰ, ਉਸ ਦੇ ਪੈਦਾ ਕੀਤੇ ਜੀਵਾਂ ਨਾਲ ਪਿਆਰ ਕਰਿਆ ਕਰ, ਉਨ੍ਹਾਂ ਦੀ ਪਿਆਰ ਨਾਲ ਸੇਵਾ ਕਰਿਆ ਕਰ, ਜੇ ਤੇਰੇ ਹਿਰਦੇ ਵਿਚ ਰੱਬ ਦਾ ਡਰ-ਅਦਬ ਭਰ ਜਾਵੇ; ਤੂੰ ਉਸ ਨੂੰ ਖੁਸ਼ ਕਰਨ ਦੇ ਜਤਨ ਕਰਦਾ ਰਹੇਂ, ਤੇਰੇ ਮਨ ਵਿਚ ਰੱਬ ਲਈ ਪਿਆਰ ਪੈਦਾ ਹੋ ਜਾਵੇ, ਤਾਂ ਫੇਰ ਮੌਤ ਸਮੇਤ ਸਭੇ ਡਰ ਮਿਟ ਜਾਣ, ਤੈਨੂੰ ਮੁਕਤੀ ਮਿਲ ਜਾਵੇਗੀ।

ਉਸ ਦਿਨ ਤੋਂ ਬੂੜਾ ਜੀ ਦਾ ਨਾਂ ‘ਬੁੱਢਾ’ ਜੀ ਪੈ ਗਿਆ।  ਸਿੱਖ ਉਨ੍ਹਾਂ ਨੂੰ ਸਤਿਕਾਰ ਨਾਲ ਬਾਬਾ ਬੁੱਢਾ ਜੀ ਆਖਦੇ ਹਨ।  ਬੁੱਢਾ ਜੀ ਨੇ ਸਿੱਖੀ ਧਾਰਨ ਕੀਤੀ ਉਹ ਗੁਰੂ ਨਾਨਕ ਦੇਵ ਦੇ ਸਿੱਖ ਬਣ ਗਏ।  ਉਹ ਘਰ-ਬਾਰ ਛੱਡ ਕੇ ਗੁਰੂ ਜੀ ਦੇ ਦਰਬਾਰੇ ਰਹਿਣ ਲੱਗ ਪਏ।  ਸਾਰਾ ਦਿਨ ਸੰਗਤਾਂ ਦੀ ਸੇਵਾ ਟਹਿਲ ਕਰਦੇ, ਖੇਤਾਂ ਵਿਚ ਜਾ ਕੇ ਖੇਤੀ ਬਾੜੀ ਦਾ ਕੰਮ ਨਿਬਾਹੁੰਦੇ ਅਤੇ ਨਾਮ ਜਪਦੇ ਰਹਿੰਦੇ।  ਉਨ੍ਹਾਂ ਨੇ ਆਪਣਾ ਜੀਵਨ ਸਿੱਖਾਂ ਲਈ ਨਮੂਨਾ ਬਣਾਇਆ ਅਤੇ ਗੁਰੂ ਜੀ ਦੇ ‘ਨਾਮ ਜਪਣ, ਕਿਰਤ ਕਰਨ ਤੇ ਵੰਡ ਕੇ ਛਕਣ’ ਦੇ ਉਪਦੇਸ਼ ਨੂੰ ਕਮਾ ਕੇ ਵਿਖਾਇਆ।  ਸੰਗਤਾਂ ਆਪ ਜੀ ਨੂੰ ਸਤਿਕਾਰ ਨਾਲ ‘ਬਾਬਾ ਜੀ’ ਆਖਣ ਲੱਗ ਪਈਆਂ।

 ਸ੍ਰੀ ਗੁਰੂ ਨਾਨਕ ਦੇਵ ਜੀ ਉਨ੍ਹਾਂ ਉਪਰ ਬਹੁਤ ਪ੍ਰਸੰਨ ਸਨ, ਇੰਨੇ ਪ੍ਰਸੰਨ ਕਿ ਜਦੋਂ ਆਪ ਨੇ ਗੁਰਗੱਦੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਸੌਂਪੀ, ਤਾਂ ਉਨ੍ਹਾਂ ਨੂੰ ਗੁਰਿਆਈ ਦੀ ਰਸਮ ਬਾਬਾ ਬੁੱਢਾ ਜੀ ਪਾਸੋਂ ਅਦਾ ਕਰਵਾਈ।  ਮਗਰੋਂ ਤੀਜੀ, ਚੌਥੀ, ਪੰਜਵੀਂ ਤੇ ਛੇਵੀਂ ਪਾਤਸ਼ਾਹੀ ਨੂੰ ਗੁਰਤਾ ਦੀ ਰਸਮ ਵੀ ਬਾਬਾ ਬੁੱਢਾ ਜੀ ਹੀ ਅਦਾ ਕਰਦੇ ਰਹੇ।  ਉਨ੍ਹਾਂ ਦੀ ਉੱਚਤਾ ਦੇ ਕਾਰਨ ਉਨ੍ਹਾਂ ਦੇ ਮਗਰੋਂ ਗੁਰਿਆਈ ਦੀ ਰਸਮ ਦਾ ਅਧਿਕਾਰ ਉਨ੍ਹਾਂ ਦੀ ਔਲਾਦ ਨੂੰ ਦਿੱਤਾ ਗਿਆ।

ਭਗਤੀ ਕਮਾਈ ਦਾ ਸਦਕਾ ਬਾਬਾ ਜੀ ਨੇ ਆਤਮਿਕ ਉੱਚਤਾ ਪਰਾਪਤ ਕੀਤੀ। ਸਿਖ ਸੰਗਤਾਂ ਵਿਚ ਉਹਨਾਂ ਦਾ ਖਾਸ ਸਤਿਕਾਰ ਹੋਣ ਲੱਗ ਪਿਆ। ਜਦ ਪੰਚਮ ਪਾਤਸ਼ਾਹ ਜੀ ਨੇ ਸ੍ਰੀ ਦਰਬਾਰ ਸਾਹਿਬ ਅਤੇ ਅੰਮ੍ਰਿਤ ਸਰੋਵਰ ਦੀ ਤਿਆਰੀ ਅਰੰਭੀ ਤਾਂ ਬਾਬਾ ਜੀ ਇਸ ਸੇਵਾ ਦੇ ਮੋਢੀ ਪ੍ਰਬੰਧਕ ਬਣੇ।  ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਉਤਰ-ਪੂਰਬ ਦੀ ਬਾਹੀ ਵੱਲ ਬਾਬਾ ਬੁੱਢਾ ਜੀ ਦੀ ਬੇਰੀ ਹੁਣ ਤੀਕ ਮੌਜੂਦ ਹੈ।  ਇਸੇ ਬੇਰੀ ਹੇਠ ਬਹਿ ਕੇ ਉਹ ਸੰਗਤਾਂ ਪਾਸੋਂ ਠੀਕ ਢੰਗ ਨਾਲ ਸੇਵਾ ਕਰਵਾਇਆ ਕਰਦੇ ਸਨ।  ਉਹ ਹੱਥੀਂ ਸੇਵਾ ਵੀ ਕਰਦੇ ਸਨ, ਸੰਗਤਾਂ ਨੂੰ ਕਹੀਆਂ, ਟੋਕਰੀਆਂ ਤੇ ਹੋਰ ਸਮਾਨ ਦਿਆ ਕਰਦੇ ਸਨ ਅਤੇ ਸਾਰੇ ਕੰਮ ਦੀ ਨਿਗਰਾਨੀ ਕਰਿਆ ਕਰਦੇ ਸਨ।

ਇਹ ਸੇਵਾ ਸੰਪੂਰਨ ਹੋਣ ’ਤੇ ਬਾਬਾ ਜੀ ਨੇ ਇਕ ਹੋਰ ਸੇਵਾ ਸੰਭਾਲੀ। ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਝਬਾਲ ਦੇ ਪਾਸ ਕਾਫ਼ੀ ਸਾਰੀ ਭੋਂ ਗੁਰੂ ਜੀ ਨੂੰ ਭੇਟਾ ਹੋਈ ਸੀ। ਏਥੇ ਗੁਰੂ ਸਾਹਿਬਾਂ ਦਾ ਮਾਲ ਡੰਗਰ ਚਰਿਆ ਕਰਦਾ ਸੀ।  ਇਸ ਨੂੰ ਬੀੜ ਆਖਦੇ ਸਨ।  ਇਸ ਬੀੜ ਦੀ ਤੇ ਇਸ ਵਿਚਲੇ ਮਾਲ ਡੰਗਰ ਦੀ ਸੰਭਾਲ ਬਾਬਾ ਬੁੱਢਾ ਜੀ ਨੂੰ ਸੌਂਪੀ ਗਈ।  ਬਾਬਾ ਜੀ ਨੇ ਆਪਣੀ ਉਮਰ ਦਾ ਬਹੁਤ ਸਾਰਾ ਹਿੱਸਾ ਇਸ ਬੀੜ ਵਿਚ ਗੁਰੂ ਘਰ ਦੀ ਸੇਵਾ ਕਰਦਿਆਂ ਗੁਜ਼ਾਰਿਆ।  ਉਹ ਘਾਹ ਖੋਤ ਕੇ ਗੁਰੂ ਜੀ ਦੇ ਘੋੜਿਆਂ, ਗਊਆਂ, ਮੱਝਾਂ ਆਦਿ ਨੂੰ ਪਾਇਆ ਕਰਦੇ ਸਨ।  ਇਸ ਲਈ ਉਹ ਆਪਣੇ ਆਪ ਨੂੰ ਗੁਰੂ ਜੀ ਦਾ ਘਾਹੀ (ਘਾਹ ਖੋਤਣ ਵਾਲਾ) ਕਿਹਾ ਕਰਦੇ ਸਨ।  ਇਸ ਬੀੜ ਦਾ ਨਾਂ ਬਾਬਾ ਬੁੱਢਾ ਜੀ ਦੀ ਬੀੜ ਜਾਂ ਬਾਬੇ ਦੀ ਬੀੜ ਪੈ ਗਿਆ।  ਏਥੇ ਇਸ ਨਾਂ ਦਾ ਇਤਿਹਾਸਕ ਗੁਰਦੁਆਰਾ ਹੈ।

ਆਪ ਜੀ ਦਾ ਗੁਰੂ ਘਰ ਵਿਚ ਇੰਨਾ ਮਾਣ ਸਤਿਕਾਰ ਸੀ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਸਾਹਿਬਜ਼ਾਦੇ, ਸ੍ਰੀ ਹਰਿਗੋਬਿੰਦ ਸਾਹਿਬ ਜੀ ਦੀ ਸਿਖਲਾਈ ਪੜ੍ਹਾਈ ਦਾ ਕੰਮ ਆਪ ਦੇ ਸਪੁਰਦ ਕੀਤਾ ਗਿਆ।  ਇਨ੍ਹਾਂ ਨੇ ਸ੍ਰੀ ਹਰਿਗੋਬਿੰਦ ਸਾਹਿਬ ਜੀ ਨੂੰ ਗੁਰਮੁਖੀ, ਗੁਰਬਾਣੀ ਤੇ ਗੁਰ-ਇਤਿਹਾਸ ਦੀ ਪੜ੍ਹਾਈ ਵੀ ਕਰਾਈ ਅਤੇ ਨਾਲ ਹੀ ਘੋੜ ਸਵਾਰੀ, ਸ਼ਸਤਰਾਂ ਦੀ ਵਰਤੋਂ, ਕੁਸ਼ਤੀ (ਘੋਲ) ਅਤੇ ਹੋਰ ਸਰੀਰਕ ਸਿਖਲਾਈ ਵੀ ਕਰਵਾਈ।  ਮਗਰੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਸਾਹਿਬਜ਼ਾਦਿਆਂ ਦੀ ਸਿਖਲਾਈ ਪੜ੍ਹਾਈ ਵੀ ਬਾਬਾ ਜੀ ਨੇ ਕਰਾਈ।

 ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ (ਗੁਰੂ) ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕਰ ਕੇ ਉਸ ਦਾ ਪ੍ਰਕਾਸ਼ ਦਰਬਾਰ ਸਾਹਿਬ ਵਿਚ ਕੀਤਾ, ਤਾਂ ਉਨ੍ਹਾਂ ਨੇ ਬਾਬਾ ਬੁੱਢਾ ਜੀ ਨੂੰ ਸ੍ਰੀ ਦਰਬਾਰ ਸਾਹਿਬ ਦਾ ਪਹਿਲਾ ਗ੍ਰੰਥੀ ਨੀਯਤ ਕੀਤਾ।

ਜਦ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਜਹਾਂਗੀਰ ਬਾਦਸ਼ਾਹ ਨੇ ਕੈਦ ਕਰਕੇ ਗਵਾਲੀਅਰ ਦੇ ਕਿਲ੍ਹੇ ਵਿਚ ਭੇਜ ਦਿਤਾ, ਤਾਂ ਕੁਝ ਚਿਰ ਮਗਰੋਂ ਮਾਤਾ ਗੰਗਾ ਜੀ ਨੇ ਬਾਬਾ ਬੁੱਢਾ ਜੀ ਨੂੰ ਗੁਰੂ ਜੀ ਦੀ ਖਬਰ ਸੁਰਤ ਲਿਆਉਣ ਵਾਸਤੇ ਗਵਾਲੀਅਰ ਭੇਜਿਆ।  ਉਹ ਗਏ ਅਤੇ ਗੁਰੂ ਜੀ ਨੂੰ ਮਿਲ ਕੇ ਸੁਖ ਸੁਨੇਹਾ ਲੈ ਕੇ ਵਾਪਸ ਆਏ। ਗੁਰੂ ਜੀ ਦੀ ਕੈਦ ਸਮੇਂ ਵਿਚ ਹੀ ਬਾਬਾ ਬੁੱਢਾ ਜੀ ਨੇ ਰਾਤ ਵੇਲੇ ‘ਚੌਂਕੀਆਂ’, ਦਾ ਰਿਵਾਜ ਤੋਰਿਆ।  ਸ਼ਾਮ ਵੇਲੇ ਸੰਗਤਾਂ ਜੱਥਾ ਜਾਂ ਚੌਂਕੀ ਬਣਾ ਕੇ ਸ਼ਬਦ ਪੜ੍ਹਦੀਆਂ ਪੜ੍ਹਦੀਆਂ ਸ੍ਰੀ ਦਰਬਾਰ ਸਾਹਿਬ ਦੀਆਂ ਪਰਕਰਮਾਂ ਕਰਦੀਆਂ ਅਤੇ ਮਗਰੋਂ ਅਰਦਾਸਾ ਕਰਕੇ ਵਿਦਾ ਹੁੰਦੀਆਂ।  ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਇਹ ਗੱਲ ਬੜੀ ਪਸੰਦ ਆਈ। ਆਪ ਨੇ ਆਗਿਆ ਕੀਤੀ ਕਿ ਇਹ ਰੀਤ ਸਦਾ ਜਾਰੀ ਰਹੇਗੀ।  ਇਸ ਲਈ ਇਹ ਹੁਣ ਤੀਕ ਜਾਰੀ ਹੈ।

ਜਦ ਮਾਤਾ ਗੰਗਾ ਜੀ ਜੋਤੀ ਜੋਤ ਸਮਾ ਗਏ, ਤਾਂ ਬਾਬਾ ਬੁੱਢਾ ਜੀ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਬੇਨਤੀ ਕੀਤੀ, ‘ਆਪ ਜੰਗਾਂ ਦੀ ਤਿਆਰੀ ਕਰ ਰਹੇ ਹੋ।  ਮੈਂ ਹੁਣ ਬਿਰਧ ਹਾਂ।  ਜੰਗ ਵਿਚ ਹਿੱਸਾ ਲੈਣ ਜੋਗਾ ਮੇਰੇ ਸਰੀਰ ਵਿਚ ਬਲ ਨਹੀਂ।  ਆਪ ਆਗਿਆ ਦਿਓ ਕਿ ਮੈਂ ਬੀੜ ਵਿਚ ਜਾ ਕੇ ਸੇਵਾ ਕਰਾਂ।’  ਗੁਰੂ ਜੀ ਨੇ ਆਗਿਆ ਦੇ ਦਿਤੀ ਅਤੇ ਬਾਬਾ ਜੀ ਫੇਰ ਝਬਾਲ ਪਾਸਲੀ ਬੀੜ ਵਿਚ ਚਲੇ ਗਏ।

ਜਦ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਬਿਆਸ ਦੇ ਕੰਢੇ ਉੱਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਸਾਏ ਨਗਰ ਸ੍ਰੀ ਹਰਿਗੋਬਿੰਦ ਪੁਰ ਵਿਚ ਜਾ ਟਿਕੇ, ਜਿੱਥੇ ਉਨ੍ਹਾਂ ਨੂੰ ਜੰਗ ਕਰਨਾ ਪਿਆ, ਤਾਂ ਬਾਬਾ ਬੁੱਢਾ ਜੀ ਆਪ ਦੇ ਦਰਸ਼ਨਾਂ ਲਈ ਸ੍ਰੀ ਹਰਿਗੋਬਿੰਦਪੁਰ ਗਏ।  ਉੱਥੇ ਉਨ੍ਹਾਂ ਨੇ ਬੇਨਤੀ ਕੀਤੀ ‘ਹੁਣ ਮੈਂ ਬਹੁਤ ਬਿਰਧ ਹੋ ਗਿਆ ਹਾਂ।  ਬੀੜ ਦੀ ਸੇਵਾ ਤੋਂ ਛੁਟੀ ਬਖਸ਼ੋ ਅਤੇ ਆਗਿਆ ਕਰੋ ਕਿ ਮੈਂ ਆਪਣੇ ਪਿੰਡ ਰਮਦਾਸ ਜਾ ਕੇ ਭਜਨ ਬੰਦਗੀ ਕਰਦਾ ਉਮਰ ਦੇ ਅਖ਼ੀਰੀ ਦਿਨ ਬਿਤਾਵਾਂ।  ਨਾਲ ਹੀ ਬਚਨ ਦਿਓ ਕਿ ਜਦੋਂ ਮੈਂ ਦਰਸ਼ਨਾ ਲਈ ਅਰਦਾਸ ਕਰਾਂ, ਆਪ ਨੇ ਜ਼ਰੂਰ ਬਹੁੜਨਾ।’

ਗੁਰੂ ਜੀ ਦੀ ਆਗਿਆ ਲੈ ਕੇ ਬਾਬਾ ਜੀ ਰਮਦਾਸ ਜਾ ਟਿਕੇ ਅਤੇ ਭਜਨ ਬੰਦਗੀ ਵਿਚ ਰੁੱਝ ਗਏ।  ਬਚਨ ਦੇ ਸੂਰੇ ਗੁਰੂ ਜੀ ਬਾਬਾ ਬੁੱਢਾ ਜੀ ਦੇ ਜੋਤੀ ਜੋਤ ਸਮਾਉਣ ਸਮੇਂ ਰਾਮਦਾਸ ਪਹੁੰਚੇ, ਉਨ੍ਹਾਂ ਦਾ ਦਰਸ਼ਨ ਕਰ ਕੇ, ਅਸੀਸ ਲੈ ਕੇ, ਬਾਬਾ ਜੀ 14 ਮੱਘਰ ਸੰਮਤ 1688 (16 ਨਵੰਬਰ 1631 ਈ.) ਨੂੰ ਸਚਖੰਡ ਪਧਾਰ ਗਏ।  ਉਨ੍ਹਾਂ ਦੀ ਉਮਰ ਉਸ ਵੇਲੇ 125 ਸਾਲ 25 ਦਿਨ ਸੀ।

ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਅਤੇ ਭਾਈ ਕਿਹਰ ਸਿੰਘ ਦੀ ਯਾਦ ਨੂੰ ਸਮਰਪਿਤ

0

ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਅਤੇ ਭਾਈ ਕਿਹਰ ਸਿੰਘ ਦੀ ਯਾਦ ਨੂੰ ਸਮਰਪਿਤ

ਡਾ. ਅਮਰਜੀਤ ਸਿੰਘ (ਯੂ ਐਸ ਏ)

ਯੂਨਾਨੀ ਮਿਥਿਹਾਸ ਦੇ ਅੰਦਰ ਇੱਕ ਫੀਨਿਕਸ ਪੰਛੀ ਦਾ ਜ਼ਿਕਰ ਆਉਂਦਾ ਹੈ। ਕਹਿੰਦੇ ਨੇ ਕਿ ਜਦੋਂ ਇਸ ਪੰਛੀ ਦਾ ਅੰਤ ਸਮਾਂ ਆਉਂਦਾ ਹੈ ਤਾਂ ਇਹ ਆਪ ਹੀ ਆਪਣੇ ਖੰਭਾਂ ਨੂੰ ਅੱਗ ਲਾ ਲੈਂਦਾ ਹੈ ਤੇ ਇਸ ਤਰ੍ਹਾਂ ਇਹ ਸੜ ਕੇ ਸੁਆਹ ਹੋ ਜਾਂਦਾ ਹੈ। ਜਦੋਂ ਉਸ ਦੀ ਸੁਆਹ ਨੂੰ ਫਰੋਲਿਆ ਜਾਂਦਾ ਹੈ ਤਾਂ ਉਸ ਵਿਚੋਂ ਇੱਕ ਅੰਡਾ ਨਿਕਲਦਾ ਹੈ, ਜਿਸ ਵਿੱਚੋਂ ਇੱਕ ਫੀਨਿਕਸ ਪੰਛੀ ਨਿਕਲ ਕੇ ਆਕਾਸ਼ ਵਿਚ ਉਡਾਰੀ ਮਾਰ ਜਾਂਦਾ ਹੈ। ਇਹ ਕਹਾਣੀ ਤਾਂ ਮਿਥਿਹਾਸਿਕ ਹੈ ਪਰ ਦੁਨੀਆ ਦੇ ਅੰਦਰ ਇੱਕ ਜਿਊਂਦੀ ਜਾਗਦੀ ਕੌਮ ਸਿੱਖ ਕੌਮ ਹੈ, ਜਿਸ ਦਾ ਜਨਮ ਹੀ ਖੰਡੇ ਦੀ ਧਾਰ ਤੋਂ ਹੋਇਆ ਹੈ। ਜਿਸ ਸਿੱਖੀ ਸਕੂਲ ਅੰਦਰ ਦਾਖ਼ਲੇ ਦੀ ਫ਼ੀਸ ਸੀਸ ਭੇਟ ਹੈ, ਭਾਵ ਜ਼ਿੰਦਗੀ ਦੀ ਕੁਰਬਾਨੀ ਦੇ ਸਕੰਲਪ ’ਚੋਂ ਹੀ ਸਿੱਖ ਦੀ ਅਸਲ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਹੈ। ਵੈਸੇ ਤਾਂ ਵਰ੍ਹੇ ਦਾ ਕੋਈ ਦਿਨਸ, ਕੋਈ ਪਲ ਐਸਾ ਨਹੀਂ ਹੋਵੇਗਾ, ਜਿਸ ਸਮੇਂ ਕਿਸੇ ਨਾ ਕਿਸੇ ਸਿੰਘ-ਸਿੰਘਣੀ ਨੇ ਆਪਣੀ ਕੁਰਬਾਨੀ ਨਾ ਦਿੱਤੀ ਹੋਵੇ ਪਰ ਪਿਛਲੇ ਲਗਭਗ ਢਾਈ ਦਹਾਕਿਆਂ ਦੌਰਾਨ ਤਾਂ ਸੱਚ ਸ਼ਮਾਂ ’ਤੇ ਕੁਰਬਾਨ ਹੋਣ ਵਾਲੇ ਸਿੱਖ ਪਰਵਾਨਿਆਂ ਦੀ ਨਾ ਮੁੱਕਣ ਵਾਲੀ ਲੰਮੀ ਲਾਈਨ ਹੈ।

ਜ਼ੁਲਮ ਕਰਨ ਵਾਲਿਆਂ ਨੇ ਜ਼ੁਲਮ ਦੀ ਅਖੀਰ ਕੀਤੀ ਹੋਈ ਹੈ ਪਰ ਧੰਨ ਹਨ, ਗੁਰੂ ਕਲਗੀਧਰ ਦੇ ਲਾਡਲੇ ਸਪੁੱਤਰ- ਸਪੁੱਤਰੀਆਂ, ਜਿਨ੍ਹਾਂ ਨੇ ਖਾਲਸਾਈ ਨਿਸ਼ਾਨ ਸਾਹਿਬ ਨੂੰ ਉੱਚਾ ਹੀ ਉੱਚਾ ਰੱਖਿਆ ਹੋਇਆ ਹੈ। 31 ਅਕਤੂਬਰ 1984 ਨੂੰ ਭਾਈ ਬੇਅੰਤ ਸਿੰਘ ਨੇ ਸ਼ਹੀਦੀ ਦਾ ਜਾਮ ਪੀਤਾ ਅਤੇ 6 ਜਨਵਰੀ 1989 ਨੂੰ ਕੌਮ ਦੇ ਮਹਾਨ ਸੂਰਬੀਰਾਂ ਭਾਈ ਸਤਵੰਤ ਸਿੰਘ ਤੇ ਭਾਈ ਕਿਹਰ ਸਿੰਘ ਨੇ ਤਿਹਾੜ ਜੇਲ੍ਹ ਵਿੱਚ ਹੱਸ-ਹੱਸ ਕੇ ਫਾਂਸੀ ਦੇ ਰੱਸਿਆਂ ਨੂੰ ਆਪਣੇ ਗਲੇ ਵਿਚ ਪਾ ਕੇ, ਸੂਰਬੀਰਤਾ ਦੇ ਨਿਸ਼ਾਨੇ ਨੂੰ ਹੋਰ ਵੀ ਪਰਪੱਕ ਕੀਤਾ।

ਭਾਈ ਬੇਅੰਤ ਸਿੰਘ ਜੀ, ਭਾਈ ਸਤਵੰਤ ਸਿੰਘ ਜੀ ਦੀ ਜੋੜੀ ਸਿੱਖ ਇਤਿਹਾਸ ਦੇ ਪੰਨਿਆਂ ਵਿਚ ਭਾਈ ਸੁੱਖਾ ਸਿੰਘ ਜੀ ਤੇ ਭਾਈ ਮਹਿਤਾਬ ਸਿੰਘ ਜੀ ਦੀ ਲੜੀ ਵਿੱਚ ਪਰੋਈ ਗਈ ਹੈ। ਜੂਨ 1984 ਦੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਇਤਿਹਾਸਕ ਗੁਰਧਾਮਾਂ ’ਤੇ ਟੈਕਾਂ-ਤੋਪਾਂ ਨਾਲ ਹੋਏ ਹਮਲੇ ਨੇ ਸਿੱਖ ਮਾਨਸਿਕਤਾ ਨੂੰ ਬੜਾ ਦੁਖਦਾਈ ਅਨੁਭਵ ਕਰਵਾਇਆ। ਸਿੱਖ ਕੌਮ ਦਾ ਬੱਚਾ-ਬੱਚਾ ਅੱਖਾਂ ਵਿੱਚੋਂ ਹੰਝੂ ਕੇਰਦਾ, ਇਸ ਸਿੱਖੀ ਅਪਮਾਨ ਦਾ ਬਦਲਾ ਲੈਣ ਦਾ ਰੌਅ ਇਹਨਾਂ ਗੁਰੂ ਦੇ ਸ਼ੇਰਾਂ ਵਿਚ ਸੀ। 31 ਅਕਤੂਬਰ ਨੂੰ ਗੁਰੂ ਕੇ ਲਾਲਾਂ, ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਨੇ ਦਿੱਲੀ ਸਾਮਰਾਜ ਦੀ ਪਟਰਾਣੀ ਇੰਦਰਾ ਗਾਂਧੀ ਨੂੰ ਉਸ ਦਾ ਬਣਦਾ ਹੱਕ ਅਦਾ ਕਰ ਦਿੱਤਾ। ਇੰਦਰਾ ਗਾਂਧੀ ਨੂੰ ਇਨਸਾਫ਼ ਦੇਣ ਵਾਲੇ ਇਹ ਦੋ ਯੋਧੇ , ਸ਼ਾਂਤ ਚਿੱਤ ਆਪਣੀ ਥਾਂ ’ਤੇ ਖੜ੍ਹੇ ਰਹੇ, ਗੁਰੂ ਦੀ ਸ਼ੁਕਰ ਗੁਜ਼ਾਰੀ ਵਿਚ, ਜਿਸ ਨੇ ਕਿ ਉਨ੍ਹਾਂ ਤੋਂ ਮਹਾਨ ਇਤਿਹਾਸਕ ਸੇਵਾ ਲਈ ਸੀ। ਇੰਦਰਾ ਗਾਂਧੀ ਦੇ ਨਾਲ ਜਾ ਰਹੇ ਕਿਸੇ ਨੂੰ ਕੋਈ ਗੋਲੀ ਨਹੀਂ ਲੱਗੀ, ਕਿਸੇ ਹੋਰ ਬੇਗੁਨਾਹ ਨੂੰ ਨਹੀਂ ਮਾਰਿਆ ਗਿਆ। ਇਹ ਸੀ ਸਿੱਖ ਇਨਸਾਫ਼ ਦਾ ਤਰਾਜ਼ੂ। ਦੋਨੋਂ ਸਿੰਘਾਂ ਨੂੰ ਕਮਰੇ ਅੰਦਰ ਲਿਜਾ ਕੇ, ਕਿਸੇ ਖ਼ਾਸ ਹੁਕਮ ਨਾਲ ਗੋਲੀਆਂ ਨਾਲ ਭੁੰਨ ਦਿੱਤਾ। ਭਾਈ ਬੇਅੰਤ ਸਿੰਘ ਤਾਂ ਮੌਕੇ ’ਤੇ ਹੀ ਸ਼ਹੀਦੀ ਪਾ ਗਏ ਜਦੋਂ ਕਿ ਭਾਈ ਸਤਵੰਤ ਸਿੰਘ ਹੋਰਾਂ ਨੂੰ ਡਾਕਟਰਾਂ ਨੇ ਕਾਫ਼ੀ ਜੱਦੋ ਜ਼ਹਿਦ ਨਾਲ ਬਚਾਅ ਲਿਆ। ਇੱਕ ਗੋਲੀ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਵਿਚ ਅਖੀਰ ਤੱਕ ਰਹੀ, ਜਿਸ ਨੂੰ ਜਾਣ ਬੁੱਝ ਕੇ ਨਹੀਂ ਕੱਢਿਆ ਗਿਆ ਤਾਂ ਕਿ ਉਸ ਦੀ ਪੀੜ ਲਗਾਤਾਰ ਬਣੀ ਰਹੇ।


ਹੁਣ ਇਨਸਾਫ਼ ਦਾ ਜਨਾਜ਼ਾ ਕੱਢਣ ਵਾਲਾ, ਇੰਦਰਾ ਗਾਂਧੀ ਕਤਲ ਕਾਂਡ ਮੁਕੱਦਮਾ ਸ਼ੁਰੂ ਹੋਇਆ। ਬ੍ਰਾਹਮਣ ਸਰਕਾਰ ਨੂੰ ਲੱਗਾ ਕਿ ਸਿਰਫ਼ ਦੋ ਸਧਾਰਨ ਜਿਹੇ ਪੁਲਿਸ ਮੁਲਾਜ਼ਮਾਂ ਦੇ ਹੱਥੋਂ ਮਾਰੇ ਜਾਣ ਨਾਲ ਇੰਦਰਾ ਗਾਂਧੀ ਦੀ ‘ਮਹਾਨਤਾ’ ਪ੍ਰਗਟ ਨਹੀਂ ਹੁੰਦੀ, ਇਸ ਲਈ ਇਸ ਨੂੰ ਡੂੰਘੀ ਸਾਜ਼ਿਸ਼ ਬਣਾਇਆ ਜਾਵੇ। ਅਮਰੀਕਨ ਖੁਫ਼ੀਆ ਏਜੰਸੀ ਸੀ. ਆਈ. ਏ. ਨੂੰ ਇੰਦਰਾ ਗਾਂਧੀ ਦੇ ਕਤਲ ਲਈ ਜ਼ਿੰਮੇਵਾਰ ਠਹਿਰਾਇਆ ਗਿਆ। ਬਜ਼ੁਰਗ ਕਿਹਰ ਸਿੰਘ ਜੀ, ਜੋ ਭਾਈ ਬੇਅੰਤ ਸਿੰਘ ਜੀ ਹੋਰਾਂ ਦੇ ਰਿਸ਼ਤੇਦਾਰ ਸਨ ਤੇ ਦਿੱਲੀ ਪੁਲਿਸ ਦੇ ਇੰਸਪੈਕਟਰ ਬਲਬੀਰ ਸਿੰਘ ਨੂੰ ਵੀ ਸਾਜਿਸ਼ ’ਚ ਸ਼ਾਮਲ ਕਰ ਕੇ ਦਿੱਲੀ ਹਾਈਕੋਰਟ ਨੇ ਉਨ੍ਹਾਂ ਨੂੰ ਵੀ ਸਜ਼ਾ-ਏ-ਮੌਤ ਸੁਣਾ ਦਿੱਤੀ। ਭਾਈ ਕਿਹਰ ਸਿੰਘ ਤੇ ਦੋਸ਼ ਲਾਇਆ ਗਿਆ ਕਿ ਉਸ ਨੇ ਭਾਈ ਬੇਅੰਤ ਸਿੰਘ ਨੂੰ ਅੰਮ੍ਰਿਤ ਛਕਣ ਦੀ ਪ੍ਰੇਰਣਾ ਦਿੱਤੀ ਤੇ ਇਸ ਤਰ੍ਹਾਂ ਕਰ ਕੇ ਉਹ ਦਹਿਸ਼ਤਗਰਦ ਬਣ ਗਿਆ। ਸਾਰੇ ਮੁਕੱਦਮੇ ਦੀ ਸੁਣਵਾਈ ਦੌਰਾਨ ਜੱਜਾਂ ਵੱਲੋਂ ਇੱਕ ਪਾਸੜ ਰੁਝਾਨ ਹੀ ਸੀ। ਸਫਾਈ ਪੱਖ ਦੇ ਵਕੀਲ ਨੂੰ ਉਸ ਵੱਲੋਂ ਮੰਗੀ ਜਾਣਕਾਰੀ ਕਦੇ ਵੀ ਮਹੁੱਈਆ ਨਹੀਂ ਕੀਤੀ ਗਈ। ਸੁਪਰੀਮ ਕੋਰਟ ਨੇ ਭਾਈ ਬਲਬੀਰ ਸਿੰਘ ਜੀ ਨੂੰ ਬਰੀ ਕਰ ਦਿੱਤਾ ਪਰ ਮੁੜ ਉਸ ਨੂੰ ਨੌਕਰੀ ’ਤੇ ਬਹਾਲ ਨਹੀਂ ਕੀਤਾ ਗਿਆ ਅਤੇ ਨਾ ਹੀ ਉਸ ਦੀ ਪਿਛਲੀ ਬਣਦੀ ਤਨਖਾਹ ਉਸ ਨੂੰ ਦਿੱਤੀ ਗਈ।

ਦੁਨੀਆਂ ਦੇ ਪ੍ਰਮੁੱਖ ਕਾਨੂੰਨਦਾਨਾਂ ਦੀ ਰਾਇ ਸੀ ਕਿ ਭਾਈ ਕਿਹਰ ਸਿੰਘ ਨੂੰ ਫਾਂਸੀ ਬਿਲਕੁਲ ਨਜਾਇਜ਼ ਦਿੱਤੀ ਗਈ ਜਦੋਂ ਕਿ ਉਨ੍ਹਾਂ ਦਾ ਇੰਦਰਾ ਗਾਂਧੀ ਕਤਲ ਵਿੱਚ ਕੋਈ ਹੱਥ ਸਾਬਤ ਨਹੀਂ ਹੁੰਦਾ ਪਰ ਉਹ ਬ੍ਰਾਹਮਣਵਾਦ ਕਾਹਦਾ, ਜੇ ਉਹ ਬੇਗੁਨਾਹਾਂ ਨੂੰ ਫਾਹੇ ਨ ਲਾਏ। ਹਜ਼ਾਰਾਂ ਸਿੱਖਾਂ ਦੇ ਖੂਨ ਵਿੱਚ ਰੰਗਣ ਵਾਲੀ ਇੰਦਰਾ ਗਾਂਧੀ, ਬ੍ਰਾਹਮਣਾਂ ਲਈ ‘ਦੁਰਗਾ ਮਾਤਾ’ ਜੁ ਸੀ ਅਤੇ ਦੁਰਗਾ ਦੇ ਮਰ ਜਾਣ ਬਾਅਦ ਵੀ ਉਸ ਨੂੰ ਖੁਸ਼ ਕਰਨ ਲਈ ‘ਨਰ ਬਲੀ’ ਦੀ ਲੋੜ ਸੀ। ਭਾਈ ਕਿਹਰ ਸਿੰਘ ਹੋਰਾਂ ਨੇ ਕਮਾਲ ਦਾ ਸਿਦਕ, ਸਬਰ ਦਿਖਾਉਂਦਿਆਂ, ਗੁਰੂ ਦਾ ਭਾਣਾ ਸਮਝ ਕੇ ਹੱਸ ਕੇ ਮੌਤ ਨੂੰ ਗਲ ਨਾਲ ਲਾਇਆ।

ਭਾਈ ਸਤਵੰਤ ਸਿੰਘ ਆਪਣੇ ਜੇਲ੍ਹ ਵਿੱਚ ਬਿਤਾਏ ਸਮੇਂ ਦੌਰਾਨ, ਕੇਸਰੀ ਦਸਤਾਰ ਸਜਾ ਕੇ, ਗੁਰਮਤਿ ਦੀ ਚਲ ਰਹੀ ਲਹਿਰ ਦੇ ਥੰਮ੍ਹ ਬਣੇ। ਦਿਨ ਰਾਤ, ਨਾਮ-ਬਾਣੀ ਦਾ ਪ੍ਰਵਾਹ ਤਿਹਾੜ ਜੇਲ੍ਹ ਵਿੱਚ ਆਪ ਜੀ ਨੇ ਚਲਾਇਆ ਹੋਇਆ ਸੀ। ਗੁਰੂ ਉਹ ਸਮਾਂ ਲਿਆਵੇ ਜਦੋਂ ਦਿੱਲੀ ਸਰ ਕਰਕੇ ਸਿੰਘ ਤਿਹਾੜ ਜੇਲ੍ਹ ਨੂੰ ਆਪਣੇ ਪਵਿੱਤਰ ਇਤਿਹਾਸਕ ਥਾਂ ਦਾ ਦਰਜਾ ਦੇ ਸਕਣ। ਭਾਈ ਸਤਵੰਤ ਸਿੰਘ ਜੀ ਦਾ ਜ਼ਿਕਰ ਕਰਦਿਆਂ ਅਲੋਕਾਰ ਸੁਹਾਗਣ ਬੀਬੀ ਸੁਰਿੰਦਰ ਕੌਰ ਦਾ ਜ਼ਿਕਰ ਕਰਨਾ ਜ਼ਰੂਰੀ ਹੈ, ਜਿਸ ਦੀ ਮੰਗਣੀ ਭਾਈ ਸਤਵੰਤ ਸਿੰਘ ਜੀ ਹੋਰਾਂ ਨਾਲ ਹੋਈ ਸੀ ਜਦੋਂ ਸੂਰਮਿਆਂ ਨੇ ਇਹ ਇਤਿਹਾਸਕ ਕਾਰਨਾਮਾ ਕਰ ਵਿਖਾਇਆ। ਮਾਤਾ-ਪਿਤਾ, ਸੱਸ-ਸਹੁਰਾ ਤੇ ਧਾਰਮਿਕ ਸ਼ਖ਼ਸੀਅਤਾਂ ਵੱਲੋਂ ਮਨ੍ਹਾ ਕਰਨ ਦੇ ਬਾਵਜੂਦ ਵੀ ਬੀਬੀ ਜੀ ਆਪਣੇ ਇਸ ਪ੍ਰਣ ’ਤੇ ਡਟੇ ਰਹੇ ਕਿ ਉਹ ਭਾਈ ਸਤਵੰਤ ਸਿੰਘ ਨੂੰ ਪਤੀ ਮੰਨਦੇ ਹਨ ਅਤੇ ਉਨ੍ਹਾਂ ਦੇ ਨਾਂ ’ਤੇ ਹੀ ਜਿੰਦਗੀ ਗੁਜ਼ਾਰਨਗੇ। ਜੇਲ੍ਹ ਅਧਿਕਾਰੀਆਂ ਵੱਲੋਂ ਵਿਆਹ ਦੀ ਆਗਿਆ ਨਾ ਮਿਲਣ ’ਤੇ ਬੀਬੀ ਜੀ ਨੇ ਭਾਈ ਸਤਵੰਤ ਸਿੰਘ ਜੀ ਦੀ ਫੋਟੋ ਨਾਲ ਚਾਰ ਲਾਵਾਂ ਲੈ ਕੇ ਸਿੱਖ ਇਤਿਹਾਸ ਅੰਦਰ ‘ਅਲੋਕਾਰ ਸੁਹਾਗਣ’ ਹੋਣ ਦਾ ਮਾਣ ਹਾਸਲ ਕੀਤਾ। ਅੱਜ ਬੀਬੀ ਸੁਰਿੰਦਰ ਕੌਰ ਵੀ ਕੈਂਸਰ ਦੀ ਬਿਮਾਰੀ ਨਾਲ ਜੱਦੋ-ਜਹਿਦ ਕਰਦਿਆਂ ਗੁਰਪੁਰੀ ਸਿਧਾਰ ਚੁੱਕੇ ਹਨ।

ਭਾਈ ਸਤਵੰਤ ਸਿੰਘ ਜੀ, ਭਾਈ ਕਿਹਰ ਸਿੰਘ ਜੀ, ਖ਼ਾਲਸੇ ਦੇ ਅਕਾਸ਼ ਗੁੰਜਾਊ ਜੈਕਾਰਿਆਂ ਨਾਲ 6 ਜਨਵਰੀ 1989 ਦੀ ਸਵੇਰ ਨੂੰ ਤਿਹਾੜ ਜੇਲ੍ਹ ਵਿੱਚਲੇ ਫਾਂਸੀ ਘਰ ਵੱਲ ਵਧੇ। ਉਨ੍ਹਾਂ ਦੀ ਦਲੇਰੀ ਤੇ ਨਿਰਭੈਤਾ ਦੇਖ ਕੇ ਜੇਲ੍ਹ ਅਧਿਕਾਰੀਆਂ ਨੇ ਮੂੰਹ ਵਿੱਚ ਉਂਗਲਾਂ ਪਾਈਆਂ। ਭਾਈ ਸਤਵੰਤ ਸਿੰਘ ਜੀ ਨੇ ਆਪਣੇ ਪਿਤਾ ਰਾਹੀਂ ਦਿੱਤੇ ਕੌਮ ਨੂੰ ਸੰਦੇਸ਼ ਵਿੱਚ ਇਹ ਇੱਛਾ ਜ਼ਾਹਿਰ ਕੀਤੀ ਕਿ ‘ਮੈਂ ਮੁੜ ਸਿੱਖਾਂ ਦੇ ਘਰ ਜਨਮ ਲੈ ਕੇ ਪੰਥ ਦੇ ਵੈਰੀਆਂ ਨੂੰ ਸੋਧਾਂ।’ ਕਿਸੇ ਅਜਬ ਮਸਤੀ ਵਿੱਚ ਦੋਨੋਂ ਸਿੰਘ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਦਿੱਲੀ ਦਰਬਾਰ ਨੇ ਗੁਰੂ ਚਰਨਾਂ ਦੇ ਭੌਰਿਆਂ ਦਾ ਆਪ ਹੀ ਸਸਕਾਰ ਕਰਕੇ ਉਨ੍ਹਾਂ ਦੀ ਭਸਮ ਹਰਿਦੁਆਰ ਗੰਗਾ ਨਦੀ ਵਿੱਚ ਪਾਈ ਜਦੋਂ ਕਿ ਰਿਸ਼ਤੇਦਾਰਾਂ ਵੱਲੋਂ ਕੀਰਤਪੁਰ ਸਾਹਿਬ ਦੀ ਬੇਨਤੀ ਕੀਤੀ ਗਈ ਸੀ। ਇਹਨਾਂ ਯੋਧਿਆਂ ਦੀ ਚਿਤਾ ਦੀ ਸਵਾਹ ਵੀ ਜ਼ਾਲਮ ਸਰਕਾਰ ਨੂੰ ਦੰਦਲਾਂ ਪਾ ਰਹੀ ਸੀ। ਸ਼ਹੀਦ ਭਾਈ ਬੇਅੰਤ ਸਿੰਘ ਜੀ ਦੇ ਸ਼ਹੀਦੀ ਦਿਵਸ ਮੌਕੇ ਖਾਲਸਾ ਪੰਥ ਆਪਣੇ ਮਹਾਨ ਸੂਰਬੀਰਾਂ ਦੀ ਕੁਰਬਾਨੀ ਨੂੰ ਸਿੱਜਦਾ ਕਰਦਾ ਹੈ।

‘ਸ਼ਹੀਦ ਕੀ ਜੋ ਮੌਤ ਹੈ, ਵੋਹ ਕੌਮ ਕੀ ਹਿਆਤ (ਜਿੰਦਗੀ) ਹੈ। ਹਿਆਤ ਤੋ ਹਿਆਤ ਹੈ, ਮੌਤ ਭੀ ਹਿਆਤ ਹੈ।’

ਚੰਗੇ ਪਿਤਾ ਦੀ ਚੰਗੀ ਸੰਤਾਨ ਬਣੀਏ

0

ਚੰਗੇ ਪਿਤਾ ਦੀ ਚੰਗੀ ਸੰਤਾਨ ਬਣੀਏ

ਮਾਸਟਰ ਪ੍ਰਭਦਿਆਲ ਸਿੰਘ (ਸੁਨਾਮ)- 9463865060

ਇੱਕ ਪਿੰਡ ਦੇ ਸਰਕਾਰੀ ਪ੍ਰਾਈਮਰੀ ਸਕੂਲ ਵਿੱਚ ਇੱਕੋ ਇੱਕ ਅਧਿਆਪਕ ਸਾਧਨਾ ਦੀ ਕਮੀ ਤੇ ਸਰਕਾਰੀ ਗ੍ਰਾਂਟ ਦੀ ਥੁੜ ਦੇ ਬਾਵਜੂਦ ਕਈ ਤਰ੍ਹਾਂ ਦੇ ਯਤਨ ਕਰਦਾ ਹੋਇਆ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦੇਣ ਦਾ ਯਤਨ ਕਰਦਾ ਹੋਇਆ ਇੱਕ ਦਿਨ ਇੱਕ ਬੇਨਤੀ ਲੈ ਕੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਪਹੁੰਚਿਆ। ਮਾਸਟਰ ਜੀ ਨੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਕੋਲ ਬੇਨਤੀ ਕੀਤੀ ਕਿ ਬਹੁਤ ਸਾਰੇ ਦਾਨੀ ਸੱਜਣ ਗੁਰੂ ਘਰ ਵਿੱਚ ਖੁਸ਼ੀ ਜਾਂ ਗਮੀ ਦੇ ਮੌਕੇ ’ਤੇ ਪੱਖਿਆ ਦੀ ਸੇਵਾ ਕਰਵਾਉਂਦੇ ਹਨ ਅਤੇ ਗੁਰਦੁਆਰਾ ਸਾਹਿਬ ਵਿੱਚ ਬਹੁਤ ਸਾਰੇ ਪੱਖੇ ਹਨ, ਲੋੜ ਤੋਂ ਵੀ ਜਿਆਦਾ ਹਨ ਇਸ ਲਈ ਮਿਹਨਬਾਨੀ ਹੋਵੇਗੀ ਜੇਕਰ ਵਿਦਿਆਰਥੀਆਂ ਦੀ ਸਹੂਲਤ ਲਈ ਸਕੂਲ ਨੂੰ ਦੋ ਪੱਖੇ ਗੁਰਦੁਆਰਾ ਸਾਹਿਬ ਵੱਲੋਂ ਦੇ ਦਿੱਤੇ ਜਾਣ। ਗ੍ਰੰਥੀ ਸਿੰਘ ਨੇ ਆਪਣੀ ਅਸਮਰਥਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਉਹ ਤਾਂ ਖੁੱਦ ਗੁਰੂ ਘਰ ਵਿੱਚ ਨੌਕਰੀ ਕਰਦੇ ਹਨ, ਤੁਸੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ ਨਾਲ ਇਸ ਸੰਬੰਧੀ ਗੱਲ ਕਰੋ। ਮਾਸਟਰ ਜੀ ਨੇ ਪ੍ਰਧਾਨ ਜੀ ਨਾਲ ਫੋਨ ’ਤੇ ਗੱਲ ਕਰਕੇ ਉਹਨਾਂ ਨੂੰ ਬੇਨਤੀ ਕੀਤੀ। ਪ੍ਰਧਾਨ ਜੀ ਨੇ ਮਾਸਟਰ ਜੀ ਨੂੰ ਗੋਲਮੋਲ ਜਵਾਬ ਦਿੰਦੇ ਹੋਏ ਕਮੇਟੀ ਦੇ ਹੋਰ ਮੈਂਬਰਾਂ ਨਾਲ ਗੱਲ ਕਰਨ ਬਾਰੇ ਕਿਹਾ। ਕਈ ਵਾਰ ਫੋਨ ਕਰਨ ਅਤੇ ਕਈ ਦਿਨ ਉਡੀਕ ਕਰਨ ਤੋਂ ਬਾਅਦ ਆਖਿਰ ਮਾਸਟਰ ਜੀ ਚੁੱਪ ਕਰਕੇ ਬੈਠ ਗਏ।

ਸਕੂਲ ਦੇ ਵਿੱਚ ਬਹੁਤ ਜਿਆਦਾ ਘਾਹ ਬੂਟੀਆਂ ਉੱਗੀਆਂ ਹੋਈਆਂ ਸਨ, ਜਿਹਨਾਂ ਵਿੱਚ ਕਈ ਜਾਨਵਰ ਪੈਦਾ ਹੋ ਗਏ ਸਨ। ਮੱਛਰ, ਡੱਡੂ ਤੇ ਸੱਪ ਵੀ ਬੱਚਿਆਂ ਦੀਆਂ ਕਲਾਸਾਂ ਤੱਕ ਆਮ ਹੀ ਪਹੁੰਚ ਜਾਂਦੇ ਸਨ। ਕਈ ਸਾਲਾਂ ਤੋਂ ਇਕੱਠੇ ਹੋਏ ਕੂੜੇ ਦੀ ਇੱਕ ਬਹੁਤ ਵੱਡੀ ਰੂੜੀ ਬਣੀ ਹੋਈ ਸੀ। ਇਸ ਸਭ ਗੰਦਗੀ ਦੀ ਸਫਾਈ ਕਰਨ ਹਿੱਤ ਇਸ ਵਾਰ ਮਾਸਟਰ ਜੀ ਨੇ ਡੇਰਾ ਸੱਚਾ ਸੌਦਾ ਸਿਰਸਾ ਨਾਲ ਸੰਬੰਧਤ ਕਿਸੇ ਵਿਅਕਤੀ ਨੂੰ ਇੱਕ ਸੁਨੇਹਾ ਲਾ ਦਿੱਤਾ। ਸੁਨੇਹਾ ਮਿਲਣ ਦੀ ਦੇਰ ਸੀ ਅਗਲੇ ਹੀ ਦਿਨ ਪਿੰਡ ਵਿੱਚੋਂ 150 ਤੋਂ 200 ਪ੍ਰੇਮੀ ਜਨ ਸਕੂਲ ਵਿੱਚ ਪਹੁੰਚ ਗਏ ਅਤੇ ਸਫਾਈ ਸੇਵਾ ਦਾ ਕਾਰਜ ਹੱਥੋ ਹੱਥੀਂ ਸ਼ੁਰੂ ਹੋ ਗਿਆ। ਸਫਾਈ ਕਰਨ ਲਈ ਸਾਰਾ ਸਮਾਨ ਜਿਸ ਵਿੱਚ ਕਹੀਆਂ, ਦਾਤੀਆਂ, ਕੁਹਾੜੀਆਂ, ਖੁਰਪੇ, ਝਾੜੂ, ਤਸਲੇ ਆਦਿ ਇਥੋਂ ਤੱਕ ਕਿ ਟਰੈਕਟਰ-ਟਰਾਲੀ ਵੀ ਉਹਨਾਂ ਵੱਲੋਂ ਹੀ ਲਿਆਂਦੀ ਗਈ। ਮਾਸਟਰ ਜੀ ਦੁਆਰਾ ਲੰਗਰ ਪਾਣੀ ਦੇ ਪ੍ਰਬੰਧ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਬੜੀ ਨਿਮਰਤਾ ਨਾਲ ਲੰਗਰ ਪਾਣੀ ਦਾ ਸਾਰਾ ਪ੍ਰਬੰਧ ਵੀ ਆਪਣੇ ਆਪ ਹੀ ਕਰ ਲੈਣ ਬਾਰੇ ਕਿਹਾ। ਕੁੱਝ ਹੀ ਸਮੇਂ ਵਿੱਚ ਸਾਰੀ ਸੰਗਤ ਨੇ ਬੜੀ ਮਿਹਨਤ ਨਾਲ ਸਕੂਲ ਨੂੰ ਇੰਝ ਸਾਫ ਕਰ ਦਿੱਤਾ ਜਿਵੇਂ ਕੋਈ ਚੰਗੀ ਸੁਆਣੀ ਆਪਣੇ ਘਰ ਨੂੰ ਸਾਫ ਸੁਥਰਾ ਕਰਦੀ ਹੈ। ਸਾਰਾ ਕੂੜਾ ਤੇ ਗੰਦਗੀ ਟਰਾਲੀ ਵਿੱਚ ਪਾ ਕੇ ਲੈ ਗਏ, ਝਾੜੀਆਂ ਬੂਟਿਆਂ ਦੀ ਪੱਟ ਪਟਾਈ ਕਰ ਦਿੱਤੀ, ਦਰਖਤਾਂ ਦੀ ਛਾਂਗ ਛੰਗਾਈ ਕੀਤੀ ਗਈ, ਦਰਖਤਾਂ ਦੇ ਮੁੱਢਾਂ ’ਤੇ ਕਲੀ ਨਾਲ ਸਫੇਦੀ ਕੀਤੀ ਗਈ, ਗਰਾਉਂਡ ਨੂੰ ਪੱਧਰ ਕੀਤਾ ਗਿਆ, ਇੰਝ ਕਹੋ ਕਿ ਸਕੂਲ ਦੀ ਪੂਰੀ ਰੂਪ ਰੇਖਾ ਹੀ ਤਬਦੀਲ ਹੋ ਗਈ। ਹੁਣ ਲੱਗਦਾ ਸੀ ਕਿ ਇਹ ਸਕੂਲ ਹੈ। ਇਹ ਸਾਰਾ ਕੰਮ ਕਰਦੇ ਹੋਏ ਕੋਈ ਵੀ ਹਊਮੈ ਜਾਂ ਮਾਣ ਨਜ਼ਰ ਨਹੀਂ ਆਇਆ ਅਤੇ ਬਹੁਤ ਹੀ ਜਿਆਦਾ ਨਿਮਰਤਾ ਤੇ ਹਲੀਮੀ ਨਾਲ ਸਾਰਾ ਕਾਰਜ ਨੇਪਰੇ ਚਾੜਨ ਤੋਂ ਬਾਅਦ ਸਕੂਲ ਦੇ ਮਾਸਟਰ ਜੀ ਤੋਂ ਸੰਗਤ ਆਗਿਆ ਲੈਣ ਲਈ ਪਹੁੰਚੀ। ਮਾਸਟਰ ਜੀ ਨੇ ਧੰਨਵਾਦ ਹਿੱਤ ਜੋ ਸ਼ਬਦ ਕਦੇ ਉਹਨਾਂ ਵੱਲ ਖਾਸ ਧਿਆਨ ਦੇਣਾ, ਜੀ। ਉਹਨਾਂ ਕਿਹਾ ਕਿ ‘ਮੈਨੂੰ ਨਹੀਂ ਪਤਾ ਕਿ ਤੁਹਾਡਾ ਬਾਬਾ ਚੰਗਾ ਹੈ ਜਾਂ ਮਾੜਾ, ਪਰ ਜਿਸ ਦੇ ਧੀਆਂ ਪੁੱਤ ਇੰਨੇ ਚੰਗੇ ਹਨ, ਉਹ ਆਪ ਵੀ ਚੰਗਾ ਹੀ ਹੋਵੇਗਾ।’

ਇਸ ਸਾਰੀ ਘਟਨਾ ਤੋਂ ਸਿੱਖ ਸੰਗਤ ਨੂੰ ਈਰਖਾ ਕਰਨੀ ਚਾਹੀਦੀ ਹੈ ਜਾਂ ਸੇਧ ਲੈਣੀ ਚਾਹੀਦੀ ਹੈ। ਨਿਸ਼ਚਿਤ ਹੀ ਸਿੱਖ ਸੰਗਤ ਵੀ ਹਰ ਰੋਜ਼ ਸੇਵਾ ਦੇ ਕਾਰਜ ਕਰਦੀ ਹੈ ਅਤੇ ਸੇਵਾ ਕਾਰਜਾਂ ਲਈ ਬਹੁਤ ਪ੍ਰਸਿੱਧ ਵੀ ਹੈ। ਪਰ ਅਸੀਂ ਸੇਵਾ ਕਾਰਜ ਕੇਵਲ ਗੁਰੂ ਘਰਾਂ ਵਿੱਚ ਹੀ ਕਰਦੇ ਹਾਂ। ਗੁਰੂ ਘਰ ਵਿੱਚ ਹਰ ਰੋਜ਼ ਬੀਬੀਆਂ ਝਾੜੂ ਮਾਰਨ, ਬਰਤਨ ਧੋਣ ਆਦਿ ਦੀ ਸੇਵਾ ਕਰਦੀਆਂ ਹਨ। ਇਕ ਬੀਬੀ ਝਾੜੂ ਲਾਉਂਦੀ ਹੈ, ਉਸ ਤੋਂ ਬਾਅਦ ਕੋਈ ਹੋਰ ਬੀਬੀ ਸਾਫ ਫਰਸ਼ ’ਤੇ ਹੀ ਝਾੜੂ ਮਾਰ ਦਿੰਦੀ ਹੈ, ਇਸ ਤੋਂ ਬਾਅਦ ਕੋਈ ਹੋਰ। ਕੁੱਝ ਬੀਬੀਆਂ ਤੇ ਵੀਰ ਦਰਬਾਰ ਸਾਹਿਬ ਦੇ ਬਾਹਰ ਪਏ ਜੋੜਿਆਂ ਨੂੰ ਕੱਪੜੇ ਨਾਲ ਝਾੜਦੇ ਹਨ, ਪਰ ਕਈ ਵਾਰ ਜੋੜੇ ਝਾੜਨ ਵਾਲਿਆਂ ਦੀ ਹੀ ਲਾਈਨ ਲੱਗੀ ਹੁੰਦੀ ਹੈ। ਕਹਿਣ ਦਾ ਭਾਵ ਇਹ ਕਿ ਅਸੀਂ ਸੇਵਾ ਤਾਂ ਕਰਦੇ ਹਾਂ ਪਰ ਬਹੁਤੀ ਵਾਰ ਇਹ ਸੇਵਾ ਬੇਲੋੜੀ ਹੁੰਦੀ ਹੈ। ਇਸ ਤੋਂ ਇਲਾਵਾ ਅਸੀਂ ਕੇਵਲ ਗੁਰੂ ਘਰ ਵਿੱਚ ਹੀ ਸੇਵਾ ਕਰਦੇ ਹਾਂ। ਗੁਰੂ ਘਰ ਤਾਂ ਸਾਡੀ ਕੌਮ ਦਾ ਹੀ ਘਰ ਹੈ, ਆਪਣੇ ਘਰ ਵਿੱਚ ਕੀਤੇ ਕਾਰਜ ਨੂੰ ਸੇਵਾ ਨਹੀਂ ਜਿੰਮੇਵਾਰੀ ਕਿਹਾ ਜਾਂਦਾ ਹੈ। ਸਾਡੀ ਕੌਮ ਦੇ ਸੇਵਾਦਾਰਾਂ ਦਾ ਸਮਾਜ ਵਿੱਚ ਯੋਗਦਾਨ ਬਹੁਤ ਘੱਟ ਹੋ ਗਿਆ ਹੈ।

ਗੁਰੂ ਘਰ ਵਿੱਚ ਸੇਵਾ ਕਾਰਜ ਕਰਨ ਵਾਲਿਆਂ ਨੂੰ ਆਪਣੇ ਪਿੰਡ ਜਾਂ ਗਲੀ ਮੁਹੱਲੇ ਵਿੱਚ ਕੋਈ ਸੇਵਾ ਕਾਰਜ ਕਰਦੇ ਘੱਟ ਹੀ ਦੇਖਿਆ ਜਾਂਦਾ ਹੈ ਜਦਕਿ ਸਾਡੇ ਵਿਰੋਧੀ ਇਹੋ ਜਿਹੇ ਕਾਰਜ ਕਾਰਨ ਹੀ ਹਰਮਨ ਪਿਆਰਤਾ ਪ੍ਰਾਪਤ ਕਰ ਚੁੱਕੇ ਹਨ। ਅਸੀਂ ਆਪਸ ਵਿੱਚ ਤਕਰਾਰ ਕਰਦੇ ਹਾਂ, ਗੁਰੂ ਘਰਾਂ ਵਿੱਚ ਹੀ ਇੱਕ ਦੂਜੇ ਦੀਆਂ ਪੱਗਾਂ ਤੱਕ ਉਤਾਰ ਦਿੰਦੇ ਹਾਂ ਜਦਕਿ ਸਾਡੇ ਵਿਰੋਧੀ ਡੇਰਿਆਂ ਵਾਲੇ ਆਪਸ ਵਿੱਚ ਸਹਿਯੋਗ ਕਰਦੇ ਹਨ। ਇੱਕ ਦੂਜੇ ਨਾਲ ਰਲ ਕੇ ਲੋਕ ਸੇਵਾ ਦੇ ਕਾਰਜਾਂ ਵਿੱਚ ਬੜੀ ਨਿਮਰਤਾ ਨਾਲ ਕੰਮ ਕਰਦੇ ਹਨ। ਆਰਥਿਕ ਸਹਾਇਤਾ ਤੇ ਸਰੀਰਕ ਸੇਵਾ ਰਾਹੀਂ ਆਪਣੇ ਗਰੀਬ ਸਾਥੀਆਂ ਦੇ ਮਕਾਨ ਬਣਾਉਂਦੇ ਹਨ, ਲੜਕੀਆਂ ਦੇ ਵਿਆਹ ਕਰਦੇ ਹਨ, ਬੱਚਿਆਂ ਨੂੰ ਕਿਤਾਬਾਂ, ਬਜ਼ੁਰਗਾਂ ਨੂੰ ਮੈਡੀਕਲ ਸਹਾਇਤਾ ਆਦਿ ਅਨੇਕਾਂ ਕਾਰਜ ਆਪਸੀ ਸਹਿਯੋਗ ਨਾਲ ਕੀਤੇ ਜਾ ਰਹੇ ਹਨ।

ਸਿੱਖ ਇਤਿਹਾਸ ’ਤੇ ਨਜ਼ਰ ਮਾਰੀਏ, ਸਾਡੇ ਗੁਰੂ ਸਾਹਿਬਾਂ ਨੇ ਸਮਾਜ ਦੇ ਕਮਜ਼ੋਰ ਤੇ ਨੀਵੇਂ ਵਰਗ ਨੂੰ ਨੇੜੇ ਲਾਇਆ, ਉਹਨਾਂ ਨੂੰ ਮਾਣ ਸਨਮਾਨ ਦਿੱਤਾ ਅਤੇ ਉਹਨਾਂ ਵਿੱਚ ਆਪਸੀ ਸਹਿਯੋਗ ਤੇ ਮਿਲਵਰਤਨ ਪੈਦਾ ਕਰਕੇ ਵੱਡੀਆਂ ਤਾਕਤਾਂ ਨੂੰ ਚੁਣੌਤੀ ਦਿੱਤੀ। ਪਰ ਅੱਜ ਸਾਡੀ ਕੌਮ ਇਹਨਾਂ ਗੱਲਾਂ ਤੋਂ ਪਿਛੇ ਹਟ ਗਈ ਹੈ ਤੇ ਆਪਸ ਵਿੱਚ ਵੀ ਏਕਤਾ ਨਾ ਰੱਖਦੇ ਹੋਏ ਵੱਖ ਵੱਖ ਸੰਪਰਦਾਵਾਂ ਤੇ ਧੜ੍ਹਿਆਂ ਵਿੱਚ ਵੰਡ ਕੇ ਆਪਣੀ ਤਾਕਤ ਨੂੰ ਕਮਜ਼ੋਰ ਕਰ ਚੁੱਕੀ ਹੈ। ਅਸੀਂ ਬਹੁਤ ਸਾਰੀ ਮਾਇਆ ਨਾਲ ਗੁਰੂ ਘਰਾਂ ਦੀਆਂ ਗੋਲਕਾਂ ਭਰ ਭਰ ਕੇ ਉਥੋਂ ਦੇ ਪ੍ਰਬੰਧਕਾਂ ਨੂੰ ਭ੍ਰਿਸ਼ਟ ਬਣਾ ਰਹੇ ਹਾਂ। ਲੱਖਾਂ ਰੁਪਏ ਨਗਰ ਕੀਰਤਨਾਂ ’ਤੇ, ਹੋਰ ਪ੍ਰੋਗਰਾਮਾਂ ’ਤੇ ਖਰਚ ਕਰਕੇ ਵੀ ਲੋਕਾਂ ਨੂੰ ਸਿੱਖੀ ਨਾਲ ਨਹੀਂ ਜੋੜ ਪਾ ਰਹੇ।

ਹੁਣ ਇਹ ਸੋਚਿਆ ਜਾਵੇ ਕਿ ਆਪਣੀਆਂ ਕਮੀਆਂ ਨੂੰ ਦੂਰ ਕਿਵੇਂ ਕੀਤਾ ਜਾਵੇ। ਇਨ੍ਹਾਂ ਨੂੰ ਅਸੀਂ ਆਪ ਹੀ ਦੂਰ ਕਰਾਂਗੇ। ਸਭ ਤੋਂ ਪਹਿਲਾਂ ਤਾਂ ਆਪਸ ਵਿੱਚ ਪਿਆਰ ਤੇ ਸਹਿਯੋਗ ਦੀ ਭਾਵਨਾ ਨੂੰ ਪੈਦਾ ਕੀਤਾ ਜਾਵੇ। ਇਹ ਖਾਸ ਧਿਆਨ ਦਿੱਤਾ ਜਾਵੇ ਕਿ ਸਾਡੇ ਦਸਵੰਧ ਦੀ ਮਾਇਆ ਦੀ ਵਰਤੋ ਕਿਸੇ ਅਜਿਹੇ ਕਾਰਜ ਲਈ ਹੋਵੇ ਜਿਸ ਨਾਲ ਮਾਨਵਤਾ ਦੀ ਭਲਾਈ ਤੇ ਸਿੱਖੀ ਦਾ ਪ੍ਰਸਾਰ ਹੁੰਦਾ ਹੋਵੇ। ਬੇਲੋੜੇ ਖਰਚ ਅਤੇ ਫਜ਼ੂਲ ਦੇ ਦਿਖਾਵੇ ਕਰਨ ਦੀ ਥਾਂ ਉਸਾਰੂ ਕੰਮ ਕਰਕੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਜਾਵੇ। ਗੁਰੂ ਘਰਾਂ ਦੀਆਂ ਕੰਧਾਂ ’ਤੇ ਸੋਨਾ ਚਾੜ੍ਹਨ ਦੀ ਥਾਂ ਕਿਸੇ ਗਰੀਬ ਗੁਰਸਿੱਖ ਨੂੰ ਘਰ ਬਣਾਉਣ ਵਿੱਚ ਮਦਦ ਕੀਤੀ ਜਾਵੇ। ਹਰ ਪਿੰਡ ਤੇ ਮੁਹੱਲੇ ਵਿੱਚ ਅੰਮ੍ਰਿਤਧਾਰੀ ਸਿੰਘ ਸਿੰਘਣੀਆਂ ਦੇ ਛੋਟੇ ਛੋਟੇ ਜਥੇ ਬਣਾਏ ਜਾਣ ਜੋ ਨਿਮਰਤਾ ਸਹਿਤ ਜਨਸੇਵਾ ਦੇ ਕਾਰਜ ਕਰਨ। ਆਪਸ ਵਿੱਚ ਰਲਮਿਲ ਕੇ ਲੋੜਵੰਦਾਂ ਦੀ ਮਦਦ ਕੀਤੀ ਜਾਵੇ। ਜੇਕਰ ਕੋਈ ਤੁਹਾਡਾ ਧੰਨਵਾਦ ਕਰੇ ਤਾਂ ਉਸ ਨੂੰ ਕਹੋ ਕਿ ਸਾਡੇ ਗੁਰੂ ਦਾ ਧੰਨਵਾਦ ਕਰੋ ਕਿਉਂਕਿ ਇਹ ਸੋਚ ਸਾਡੇ ਗੁਰੂ ਨੇ ਹੀ ਦਿੱਤੀ ਹੈ। ਅਜਿਹੇ ਕਾਰਜ ਕਰੋ ਕਿ ਲੋਕ ਸਿੱਖ ਕੌਮ ਦੀ ਪ੍ਰਸੰਸਾ ਕਰਨ, ਨਾ ਕਿ ਅਜਿਹੇ ਕੰਮ; ਜਿਹਨਾਂ ਨਾਲ ਸਾਡੀ ਬਦਨਾਮੀ ਹੋਵੇ। ਸਾਡੇ ਕਲਗੀਧਰ ਪਿਤਾ ਦੀ ਸਖਸ਼ੀਅਤ ਦੀ ਪੂਰੀ ਦੁਨੀਆ ਵਿੱਚ ਹੋਰ ਕੋਈ ਮਿਸਾਲ ਨਹੀਂ ਹੈ ਇਸ ਲਈ ਅਸੀਂ ਵੀ ਅਜਿਹੇ ਕੰਮ ਕਰੀਏ ਕਿ ਸਾਨੂੰ ਵੀ ਲੋਕ ‘ਚੰਗੇ ਪਿਤਾ ਦੀ ਚੰਗੀ ਸੰਤਾਨ’ ਕਹਿਣ।

Most Viewed Posts