ਧਰਮ ਦੇ ਠੇਕੇਦਾਰਾਂ ਕੋਲੋਂ ਬਾਬੇ ਨਾਨਕ ਨੂੰ ਛੁਡਵਾਈਏ।

0
297

ਧਰਮ ਦੇ ਠੇਕੇਦਾਰਾਂ ਕੋਲੋਂ ਬਾਬੇ ਨਾਨਕ ਨੂੰ ਛੁਡਵਾਈਏ।

ਡਾ. ਅਮਨਦੀਪ ਸਿੰਘ ਟੱਲੇਵਾਲੀਆ, ਚੜ੍ਹਦੀਕਲਾ ਨਿਵਾਸ, ਬਾਬਾ ਫਰੀਦ ਨਗਰ, ਕਚਹਿਰੀ ਚੌਂਕ (ਬਰਨਾਲਾ)-98146-99446

ਮਾਂ ਤ੍ਰਿਪਤਾ ਦੀ ਕੁੱਖੋਂ ਜਣਿਆ ਰੱਬ ਦਾ ਸੱਚਾ ਪਿਆਰ ਹੈ ਨਾਨਕ, ਊਚ-ਨੀਚ ਦੀ ਵੰਡ ਨੂੰ ਛੱਡ ਕੇ, ਨੀਵਿਆਂ ਦਾ ਯਾਰ ਹੈ ਨਾਨਕ।

ਸਾਖੀਆਂ ਵਾਲਾ ‘ਨਾਨਕ’ ਛੱਡ ਕੇ ਅਸਲੀ ‘ਨਾਨਕ’ ਨੂੰ ਅਪਣਾਈਏ, ਧਰਮ ਦੇ ਠੇਕੇਦਾਰਾਂ ਕੋਲੋਂ, ਬਾਬੇ ਨਾਨਕ ਨੂੰ ਛੁਡਵਾਈਏ।

ਗੁਰੂ ਘਰਾਂ ’ਤੇ ਕਬਜ਼ੇ ਕਰਨੇ ਇਹ ਨਾਨਕ ਦਾ ਧਰਮ ਨਹੀਂ ਹੈ, ਆਪਣੀ ਹਊਮੈ ਖ਼ਾਤਰ ਲੜਨਾ ਇਹ ਸਿੱਖ ਦਾ ਕਰਮ ਨਹੀਂ ਹੈ।

ਮੂੰਹ ਗ਼ਰੀਬ ਦਾ ਗੁਰੂ ਦੀ ਗੋਲਕ ਦੁਨੀਆਂ ਤਾਈਂ ਇਹ ਸਮਝਾਈਏ, ਧਰਮ ਦੇ ਠੇਕੇਦਾਰਾਂ ਕੋਲੋਂ, ਬਾਬੇ ਨਾਨਕ ਨੂੰ ਛੁਡਵਾਈਏ।

ਗੁਰੂ ਨਾਨਕ ਦੀ ਫੋਟੋ ਨੂੰ ਤਾਂ ਸੋਨੇ ਵਿੱਚ ਜੜਵਾ ਛੱਡਿਆ ਹੈ, ਉਨ੍ਹਾਂ ਦੀ ਆਖੀ ਗੱਲ ਨੂੰ, ਦਿਲ ਤੋਂ ਅਸੀਂ ਭੁਲਾ ਛੱਡਿਆ ਹੈ।

ਮੂਰਤੀਆਂ ਦੀ ਪੂਜਾ ਕਰਦੇ ਕਿਧਰੇ ਪੱਥਰ ਨਾ ਬਣ ਜਾਈਏ, ਧਰਮ ਦੇ ਠੇਕੇਦਾਰਾਂ ਕੋਲੋਂ ਬਾਬੇ ਨਾਨਕ ਨੂੰ ਛੁਡਵਾਈਏ।

ਜੀਵਨ ਜਾਚ ਹੈ ਗੁਰਬਾਣੀ, ਇਹ ਕੋਈ ਮੰਤਰ ਜਾਪ ਨਹੀਂ ਹੈ, ਜੋ ਇਸ ਨੂੰ ਵੇਚ-ਵੱਟ ਰਹੇ ਨੇ ਇਸ ਤੋਂ ਵੱਡਾ ਪਾਪ ਨਹੀਂ ਹੈ।

ਬਾਣੀ ਪੜ੍ਹੀਏ ਬੇਸ਼ੱਕ ਸੁਣੀਏ, ਪਰ ਇਸ ’ਤੇ ਅਮਲ ਕਮਾਈਏ, ਧਰਮ ਦੇ ਠੇਕੇਦਾਰਾਂ ਕੋਲੋਂ, ਬਾਬੇ ਨਾਨਕ ਨੂੰ ਛੁਡਵਾਈਏ।

ਚਿੱਟੇ ਚੋਲ਼ਿਆਂ ਵਾਲੇ ਭੇਖੀ, ਨਾਨਕ ਦੇ ਸੰਗੀ ਨਾ ਲੱਗਦੇ, ਭੋਲ਼ੇ-ਭਾਲ਼ੇ ਲੋਕਾਂ ਨੂੰ ਜੋ ਸੁਰਗ ਦੇ ਲਾਰੇ ਲਾ ਕੇ ਠੱਗਦੇ।

ਨਾਨਕ ਦੇ ਵਾਰਸ ਹਨ ਕਿਰਤੀ, ਇਸ ਗੱਲ ਨੂੰ ਨਾ ਝੁਠਲਾਈਏ, ਧਰਮ ਦੇ ਠੇਕੇਦਾਰਾਂ ਕੋਲੋਂ, ਬਾਬੇ ਨਾਨਕ ਨੂੰ ਛੁਡਵਾਈਏ।

ਕਿਰਤ ਕਰੇਂਦਾ, ਵੰਡ ਕੇ ਛੱਕਦਾ ਜੋ ਨਾਮ ਧਿਆਉਂਦਾ ਏ ਸਿੱਖ, ‘ਟੱਲੇਵਾਲੀਆ’ ਉਹੀ ਅਸਲੀ, ਗੁਰੂ ਨਾਨਕ ਨੂੰ ਭਾਉਂਦਾ ਏ ਸਿੱਖ।

ਕਿਰਤ ਕਰੇਂਦਾ, ਵੰਡ ਕੇ ਛੱਕਦਾ ਜਿਹੜਾ ਨਾਮ ਧਿਆਉਂਦਾ ਏ, ‘ਟੱਲੇਵਾਲੀਆ’ ਉਹ ਅਸਲੀ ਸਿੱਖ, ਗੁਰੂ ਨਾਨਕ ਨੂੰ ਭਾਉਂਦਾ ਏ।

ਗੁਰੂ ਦੀ ਸਿੱਖਿਆ ਉੱਤੇ ਚੱਲ ਕੇ, ਆਪਣਾ ਜੀਵਨ ਸਫ਼ਲ ਬਣਾਈਏ, ਧਰਮ ਦੇ ਠੇਕੇਦਾਰਾਂ ਕੋਲੋਂ, ਬਾਬੇ ਨਾਨਕ ਨੂੰ ਛੁਡਵਾਈਏ।