44 C
Jalandhar
Monday, May 18, 2026
spot_img
Home Blog Page 219

ਸਰਬਤ ਖਾਲਸਾ (10 ਨਵੰਬਰ 2016) ਦਾ ਵਿਸ਼ਲੇਸ਼ਣ

0

ਸਰਬਤ ਖਾਲਸਾ (10 ਨਵੰਬਰ 2016) ਦਾ ਵਿਸ਼ਲੇਸ਼ਣ

ਕਿਰਪਾਲ ਸਿੰਘ (ਬਠਿੰਡਾ)-98554-80797

ਪਿਛਲੇ ਸਾਲ ਤਰਨ ਤਾਰਨ ਦੇ ਨਜ਼ਦੀਕ ਪਿੰਡ ਚੱਬਾ ਵਿਖੇ ਸਰਬਤ ਖਾਲਸਾ-2015 ਕਰਵਾਉਣ ਵਾਲੇ ਪ੍ਰਬੰਧਕਾਂ ਨੇ ਇਸ ਸਾਲ ਫਿਰ 10 ਨਵੰਬਰ 2016 ਨੂੰ ਦਮਦਮਾ ਸਾਹਿਬ (ਤਲਵੰਡੀ ਸਾਬੋ) ਵਿਖੇ ਸਰਬਤ ਖ਼ਾਲਸੇ ਦਾ ਇਕੱਠ ਬੁਲਾਉਣ ਦਾ ਐਲਾਨ ਕੀਤਾ ਹੋਇਆ ਹੈ। ਇਸ ਸਾਲ ਦਾ ਸਰਬਤ ਖਾਲਸਾ ਪਿਛਲੇ ਸਾਲ ਦੇ ਸਰਬਤ ਖਾਲਸਾ ਨਾਲੋਂ ਵੀ ਵੱਧ ਵਿਵਾਦਾਂ ਦੇ ਘੇਰੇ ਵਿੱਚ ਹੈ।ਇਸ ਕਾਰਨ ਬਹੁਤ ਸਾਰੇ ਪੰਥ ਦਾ ਦਰਦ ਰੱਖਣ ਵਾਲੇ ਵੀਰ ਅਕਸਰ ਹੀ ਫੋਨ ਕਰਕੇ ਪੁੱਛਦੇ ਰਹਿੰਦੇ ਹਨ ਕਿ ਇਸ ਸਾਲ ਦੇ ਸਰਬਤ ਖਾਲਸਾ ਦੀ ਹੋਣੀ ਕੀ ਹੋਵੇਗੀ  ? ਕੀ ਇਸ ਵਿੱਚੋਂ ਪੰਥ ਦੇ ਭਲੇ ਲਈ ਕੋਈ ਆਸ ਦੀ ਕਿਰਨ ਵਿਖਾਈ ਦੇਵੇਗੀ ਜਾਂ ਪਿਛਲੇ ਸਾਲ ਵਾਲਾ ਹੀ ਹਸ਼ਰ ਹੋਵੇਗਾ ? ਇਸ ਸਬੰਧੀ ਸੇਧ ਦਿੰਦਾ ਕੋਈ ਲੇਖ ਲਿਖਣ ਦੀ ਪ੍ਰੇਰਣਾ ਵੀ ਕਈ ਸੁਹਿਰਦ ਵੀਰਾਂ ਵੱਲੋਂ ਆਉਂਦੀ ਰਹਿੰਦੀ ਹੈ। ਪਰ ਕਾਫੀ ਸਮੇਂ ਤੋਂ ਕੁਝ ਲਿਖਣ ਨੂੰ ਮੇਰਾ ਦਿਲ ਇਸ ਕਾਰਨ ਨਹੀਂ ਸੀ ਕਰਦਾ ਕਿਉਂਕਿ ਆਮ ਤੌਰ ’ਤੇ ਇਕ ਲੇਖਕ ਦੀ ਲੇਖਣੀ ਵਿੱਚ ਪਿਛਲੇ ਤਜ਼ਰਬਿਆਂ ਦੇ ਅਧਾਰ ’ਤੇ ਬਣਾਈ ਰਾਇ ਹੀ ਹੋ ਸਕਦੀ ਹੈ ਪਰ ਕਈ ਵਾਰ ਅਕਾਲ ਪੁਰਖ ਦੀ ਐਸੀ ਕਲਾ ਵੀ ਵਰਤਦੀ ਹੈ ਜਿਸ ਸਦਕਾ ਪਿਛਲੇ ਨਤੀਜਿਆਂ ਤੋਂ ਕੁਝ ਵੱਖਰਾ ਵੀ ਵਾਪਰ ਸਕਦਾ ਹੈ। ਇਸ ਕਾਰਨ ਪਿਛਲੇ ਤਜ਼ਰਬਿਆਂ ਦੇ ਅਧਾਰ ’ਤੇ ਬਣਾਈ ਸੋਚ ਮੁਤਾਬਕ ਲਿਖਣਾ ਕਈ ਵਾਰ ਸਮੇਂ ਤੋਂ ਪਹਿਲਾਂ ਲਿਖੀ ਗੱਲ ਵੀ ਸਿੱਧ ਹੋ ਸਕਦੀ ਹੈ। ਦਿਲ ਵਿੱਚ ਸਿੱਖੀ ਜ਼ਜਬਾ ਤੇ ਦਰਦ ਰੱਖਣ ਵਾਲੇ ਮੇਰੇ ਇੱਕ ਪੁਰਾਣੇ ਦੋਸਤ ਜੋ ਅਕਸਰ ਹੀ ਪੰਥ ਦੀ ਹੋਣੀ ਸਬੰਧੀ ਚਿੰਤਨ ਅਤੇ ਚਿੰਤਾ ਦੋਵੇਂ ਹੀ ਕਰਦੇ ਰਹਿੰਦੇ ਹਨ ਅਤੇ ਸਰਬਤ ਖਾਲਸਾ ਦੇ ਸਮਰਥਕ ਵੀ ਹਨ; ਨੇ ਬੀਤੀ ਰਾਤ ਫਿਰ ਗੱਲ ਛੇੜਦਿਆਂ ਕਿਹਾ ਕਿ ਤੁਸੀਂ ਸਰਬਤ ਖਾਲਸਾ-2016 ਸਬੰਧੀ ਹਾਲੀ ਤੱਕ ਕੁਝ ਨਹੀਂ ਲਿਖਿਆ; ਤੁਹਾਨੂੰ ਜਰੂਰ ਕੁਝ ਨਾ ਕੁਝ ਲਿਖਣਾ ਚਾਹੀਦਾ ਹੈ। ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਮੈਨੂੰ ਇਸ ਸਰਬਤ ਖਾਲਸਾ ਵਿੱਚੋਂ ਕੁਝ ਪ੍ਰਾਪਤੀ ਹੁੰਦੀ ਨਜ਼ਰ ਨਹੀਂ ਆ ਰਹੀ। ਮੈਂ ਸਮਝਦਾ ਹਾਂ ਕਿ ਆਪਣੇ ਖਿਆਲਾਂ ਅਨੁਸਾਰ ਲਿਖਿਆ ਜਾਣਾ ਸ਼ਾਇਦ ਤੁਹਾਡੇ ਵਰਗੇ ਦੋਸਤਾਂ ਨੂੰ ਪਸੰਦ ਨਾ ਆਵੇ ਇਸ ਕਾਰਨ ਕੁਝ ਨਾ ਲਿਖਣਾ ਹੀ ਬਿਹਤਰ ਸਮਝ ਰਿਹਾ ਹਾਂ। ਉਸ ਦੋਸਤ ਨੇ ਪੁੱਛਿਆ ਕਿ ਕੁਝ ਪ੍ਰਾਪਤੀ ਨਾ ਹੋਣ ਸਬੰਧੀ ਤੁਹਾਡੀ ਬਣੀ ਧਾਰਣਾਂ ਪਿੱਛੇ ਕਾਰਨ ਕੀ ਹਨ ? ਅਤੇ ਤੁਹਾਡੇ ਖਿਆਲ ਅਨੁਸਾਰ ਸਰਬਤ ਖਾਲਸਾ ਦੀ ਸਫਲਤਾ ਲਈ ਕਿਹੜੇ ਜਰੂਰੀ ਨੁਕਤੇ ਹਨ ਜਿਨ੍ਹਾਂ ’ਤੇ ਵੀਚਾਰ ਕਰਨਾ ਜਰੂਰੀ ਹੈ ; ਇਨ੍ਹਾਂ ਨੁਕਤਿਆਂ ਨੂੰ ਵਿਰੋਧ ਦੇ ਰੂਪ ਵਿੱਚ ਨਹੀਂ ਬਲਕਿ ਸੁਝਾਉ ਦੇ ਰੂਪ ਵਿੱਚ ਹੀ ਕੁਝ ਲਿਖਣਾ ਚਾਹੀਦਾ ਹੈ। ਇਸ ਸੁਝਾਅ ਅਤੇ ਪਿਛਲੇ ਸਾਲ ਦੇ ਸਰਬਤ ਖਾਲਸਾ ਦੀਆਂ ਤਿਆਰੀਆਂ ਜਾਂ ਉਸ ਉਪਰੰਤ ਵਾਪਰੀਆਂ ਘਟਨਾਵਾਂ ਨੂੰ ਤਾਜਾ ਕਰਦਿਆਂ ਆਪਣੇ ਵੀਚਾਰਾਂ ਨੂੰ ਕੁਝ ਇਸ ਤਰ੍ਹਾਂ ਪਾਠਕਾਂ ਸਾਮ੍ਹਣੇ ਰੱਖਣ ਦਾ ਯਤਨ ਕਰ ਰਿਹਾ ਹਾਂ:- 

(1). ‘ਖਾਲਸਾ ਪੰਥ’ ਇਸ ਸਮੇਂ ਕੁਝ ਆਗੂਆਂ ਦੇ ਨਿੱਜ ਸੁਆਰਥਾਂ (ਰਾਜਨੀਤਕ ਅਤੇ ਧਾਰਮਿਕ ਵਖਰੇਵਿਆਂ) ਕਾਰਨ ਬੇਅੰਤ ਧੜਿਆਂ ਵਿੱਚ ਵੰਡਿਆ ਹੋਇਆ ਹੈ। ਜਦ ਤੱਕ ਇਹ ਸਾਰੇ ਧੜੇ (ਮੁਖੀਆਂ ਸਮੇਤ) ਆਪਣੇ ਤਮਾਮ ਨਿਜੀ ਸੁਆਰਥਾਂ ਦਾ ਤਿਆਗ ਕਰਕੇ ਪੰਥਕ ਹਿੱਤਾਂ ਨੂੰ ਮੁੱਖ ਰੱਖਦਿਆਂ ਕੁਝ ਕਰ ਗੁਜਰਨ ਦੇ ਇਰਾਦੇ ਨਾਲ ਏਕਤਾ ਨਹੀਂ ਕਰਦੇ ਉਤਨਾਂ ਚਿਰ ਨਾ ਤਾਂ ਕੋਈ ਐਸੀ ਇਕੱਤ੍ਰਤਾ ਹੋ ਸਕਦੀ ਹੈ ਜਿਸ ਨੂੰ ਸਰਬਤ ਖਾਲਸਾ ਦਾ ਨਾਮ ਦਿੱਤਾ ਜਾ ਸਕੇ ਅਤੇ ਨਾ ਹੀ ਇੱਕ ਜਾਂ ਦੋ ਧੜਿਆਂ ਦੇ ਮੁਖੀਆਂ ਵੱਲੋਂ ਇਕੱਤਰ ਕੀਤੀ ਗਈ ਵੱਡੀ ਤੋਂ ਵੱਡੀ ਭੀੜ ਨੂੰ ਸਰਬਤ ਖਾਲਸੇ ਦਾ ਨਾਮ ਦੇ ਕੇ ਉਸ ਵੱਲੋਂ ਪਾਸ ਕੀਤੇ ਮਤਿਆਂ ਦੀ ਕੋਈ ਅਹਿਮੀਅਤ ਰਹਿ ਜਾਂਦੀ ਕਿਉਂਕਿ ਇੱਕ ਧੜੇ ਦੀ ਭੀੜ ਦੁਆਰਾ ਮਤਿਆਂ ਦੇ ਰੂਪ ਵਿੱਚ ਪਾਸ ਕਰਵਾਈ ਆਪਣੀ ਨਿਜ ਭਾਵਨਾ ਨੂੰ ਜਦ ਤੱਕ ਸਮੂਹਿਕ ਪੰਥ ਪ੍ਰਵਾਨ ਨਾ ਕਰੇ ਤਾਂ ਇਸ ਦਾ ਲਾਭ ਘੱਟ ਤੇ ਨੁਕਸਾਨ ਵੱਧ ਹੁੰਦਾ ਹੈ। ਇਸ ਦੀ ਇਕ ਮਿਸਾਲ ਹੈ: 10 ਨਵੰਬਰ 2015 ਬੁਲਾਇਆ ਗਿਆ ‘ਸਰਬਤ ਖਾਲਸਾ’, ਜਿਸ ਵਿੱਚ ਪਾਸ ਕੀਤੇ ਗਏ ਮਤਿਆਂ ਦਾ ਹਸ਼ਰ ਸਾਡੇ ਸਾਹਮਣੇ ਹੈ। ਆਪਣੀਆਂ ਅਨੇਕਾਂ ਵੱਡੀਆਂ ਗਲਤੀਆਂ ਕਾਰਨ ਜਿਸ ਬਾਦਲ ਦਲ/ ਸਰਕਾਰ ਦੇ ਆਗੂ ਲੋਕਾਂ ਦੇ ਸਵਾਲਾਂ ਦਾ ਸਾਹਮਣਾ ਕਰਨ ਤੋਂ ਅ-ਸਮਰਥ ਹੋ ਜਾਣ ਕਾਰਨ ਆਪਣੇ ਘਰਾਂ ਤੋਂ ਬਾਹਰ ਨਿਕਲਣ ਦੇ ਕਾਬਲ ਨਹੀਂ ਸਨ ਰਹੇ; ਉਨ੍ਹਾਂ ਨੂੰ ਸਰਬਤ ਖਾਲਸਾ ਦੇ ਦੱਸੇ ਜਾ ਰਹੇ 5 ਲੱਖ ਸਿੱਖਾਂ ਦੇ ਇਕੱਠ ਵੱਲੋਂ ਪਾਸ ਕੀਤੇ ਮਤਿਆਂ ਨੇ ਐਸਾ ਬਲ ਬਖ਼ਸ਼ਿਆ ਕਿ ਉਹ ਗੱਡੀਆਂ ’ਤੇ ‘Proud to be Akali; ਸਾਨੂੰ ਅਕਾਲੀ ਹੋਣ ਦਾ ਮਾਨ ਹੈ’ ਦੇ ਪੋਸਟਰ ਲਾ ਕੇ ਸ਼ਰੇਆਮ ਦਨਦਨਾ ਰਹੇ ਹਨ ਤੇ ਸਰਬਤ ਖਾਲਸਾ ਵੱਲੋਂ ਥਾਪੇ ਜਥੇਦਾਰਾਂ ਸਮੇਤ ਮੁੱਖ ਆਗੂਆਂ ’ਤੇ ਦੇਸ਼ ਧ੍ਰੋਹੀ ਦਾ ਕੇਸ ਦਰਜ ਕਰਕੇ ਜੇਲ੍ਹਾਂ ਵਿੱਚ ਸੁੱਟ ਦਿੱਤੇ। ਪੰਜ ਲੱਖ ਲੋਕਾਂ ਦੀ ਹਮਾਇਤ ਹਾਸਲ ਕਰਨ ਦਾ ਦਾਅਵਾ ਕਰਨ ਵਾਲੇ ਆਗੂ ਆਪਣੇ ਜਥੇਦਾਰਾਂ ਦੀ ਰਿਹਾਈ ਲਈ ਸਰਕਾਰ ਉੱਤੇ ਦਬਾਅ ਬਣਾਉਣ ਖਾਤਰ ਪੰਜ ਸੌ (500) ਦਾ ਇਕੱਠ ਵੀ ਨਹੀਂ ਕਰ ਸਕੇ। ਕਾਰਨ ਇੱਕੋ ਸੀ ਕਿ ਉਸ ਇਕੱਠ ਵਿੱਚ ਸਿਧਾਂਤਕ ਏਕਤਾ ਨਾ ਦੀ ਕੋਈ ਚੀਜ ਨਹੀਂ ਸੀ; ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੀਆਂ ਤਾਜ਼ਾ ਵਾਪਰੀਆਂ ਘਟਨਾਵਾਂ ਦੇ ਰੋਸ ਵਜੋਂ ਸਿੱਖਾਂ ਵਿੱਚ ਉੱਠੇ ਉਭਾਰ ਦਾ ਸਿਆਸੀ ਲਾਹਾ ਲੈਣ ਦੇ ਮਕਸਦ ਨਾਲ ਕੁਝ ਧਿਰਾਂ ਉਸ ਇਕੱਠ ਵਿੱਚ ਵੱਡੇ ਪੱਧਰ ’ਤੇ ਸ਼ਾਮਲ ਹੋਈਆਂ ਸਨ ਪਰ ਇੱਕ ਦੂਸਰੇ ’ਤੇ ਵਿਸ਼ਵਾਸ਼ ਕਰਨ ਨੂੰ ਕੋਈ ਵੀ ਧਿਰ ਦਿਲੋਂ ਤਿਆਰ ਨਹੀਂ ਸੀ। 

ਸਰਬਤ ਖਾਲਸਾ ਦੇ ਮੁਖ ਪ੍ਰਬੰਧਕ ਹਨ: ਸ਼੍ਰੋ.ਅ.ਦ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਨਵੇਂ ਬਣੇ ਯੂਨਾਇਟਡ ਅਕਾਲੀ ਦਲ ਦੇ ਕਰਤਾ ਧਰਤਾ ਭਾਈ ਮੋਹਕਮ ਸਿੰਘ ਤੇ ਗੁਰਦੀਪ ਸਿੰਘ ਬਠਿੰਡਾ। ਸੰਨ 1991 ਤੋਂ ਲੈ ਕੇ ਅੱਜ ਤੱਕ ਸ: ਮਾਨ ਅਤੇ ਗੁਰਦੀਪ ਸਿੰਘ ਬਠਿੰਡਾ ਦੀ ਸ਼ਮੂਲੀਅਤ ਵਾਲੇ ਰੋਡੇ ਗਰੁੱਪ ਨੇ ਵਿਧਾਨ ਸਭਾ ਅਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਅਨੇਕਾਂ ਵਾਰ ਚੋਣ ਸਮਝੌਤੇ ਅਤੇ ਸਿਆਸੀ ਗੱਠਜੋੜ ਕੀਤੇ ਪਰ ਹਰ ਵਾਰ ਲਾਹਾ ਲੈਣ ਤੋਂ ਪਹਿਲਾਂ ਹੀ ਸਖ਼ਸ਼ੀਅਤਾਂ ਦੇ ਟਕਰਾ ਅਤੇ ਇੱਕ ਦੂਸਰੇ ’ਤੇ ਬੇਵਿਸ਼ਵਾਸ਼ੀ ਕਾਰਨ ਸਮਝੌਤੇ ਤੜੱਕ ਕਰ ਕੇ ਤੁੱਟਦੇ ਰਹੇ। ਜਿਨ੍ਹਾਂ ਚੋਣਾਂ ਲਈ ਇਨ੍ਹਾਂ ਨੇ ਬਾਦਲ ਦੇ ਵਿਰੁੱਧ ਗੱਠਜੋੜ ਬਣਾ ਕੇ ਚੋਣ ਲੜਨ ਦਾ ਅਹਿਦ ਲਿਆ ਹੁੰਦਾ ਸੀ ਉਨ੍ਹਾਂ ਹੀ ਚੋਣਾਂ ਵਿੱਚ ਆਪਸੀ ਵਿਰੋਧ ਇਸ ਕਦਰ ਕਰਦੇ ਰਹੇ ਹਨ ਜਿਸ ਨਾਲ ਬਾਦਲ ਦਲ ਨੂੰ ਸਿੱਧੇ-ਅਸਿੱਧੇ ਤੌਰ ’ਤੇ ਲਾਹਾ ਮਿਲਦਾ ਰਿਹਾ। ਲੋਕਾਂ ਦੀ ਧਾਰਨਾ ਬਣ ਚੁੱਕੀ ਹੈ ਕਿ ਬਾਦਲ ਦਲ ਦੇ ਕਬਜ਼ੇ ਵਿੱਚ ਸਾਰੀਆਂ ਪੰਥਕ ਸੰਸਥਾਵਾਂ ਲਿਆ ਕੇ ਪੰਥ ਦਾ ਬੇਅੰਤ ਨੁਕਸਾਨ ਕਰਵਾਉਣ ਵਾਲੇ ਸ: ਮਾਨ ਅਤੇ ਰੋਡੇ ਗਰੁੱਪ ਹਨ, ਜਿਹੜੇ ਹਮੇਸ਼ਾਂ ਪੰਥਕ ਸਫਾਂ ਵਿੱਚ ਏਕਤਾ ਹੋਣ ਦੇ ਰਾਹ ਵਿੱਚ ਰੋੜਾ ਬਣੇ ਰਹੇ । ਭਾਵੇਂ ਸ: ਮਾਨ ਨੇ ਹੁਣ ਤੱਕ ਜ਼ਾਹਰਾ ਤੌਰ ’ਤੇ ਨਾ ਹੀ ਅਕਾਲੀ ਦਲ ਬਾਦਲ ਅਤੇ ਨਾ ਹੀ ਕਾਂਗਰਸ ਨਾਲ ਕਦੀ ਸਾਂਝ ਰੱਖੀ ਹੈ ਪਰ ਰੋਡੇ-ਗੁਰਦੀਪ ਸਿੰਘ ਦਾ ਵਿਵਹਾਰ ਤਾਂ ਸਭ ਦੇ ਸਾਹਮਣੇ ਹੈ। ਕਦੀ ਇਹ ਸ: ਰਵੀਇੰਦਰ ਸਿੰਘ ਦੀ ਪ੍ਰਧਾਨਗੀ ਹੇਠ ਅਕਾਲੀ ਦਲ (1920) ਬਣਾ ਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਹਮਾਇਤ ਵਿੱਚ ਕੰਮ ਕਰ ਕੇ ਨਿੱਜੀ ਲਾਭ ਪ੍ਰਾਪਤ ਕਰਦੇ ਰਹੇ ਅਤੇ ਕਦੀ ਰਵੀਇੰਦਰ ਸਿੰਘ ਤੋਂ ਵੱਖ ਹੋ ਕੇ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸੋਚ ਦਾ ਕਤਲ ਕੀਤਾ ਗਿਆ। ਭਿੰਡਰਾਂਵਾਲੇ ਦੀ ਸੋਚ ਦਾ ਕਤਲ ਕਰਨ ਦੇ ਇਵਜ਼ ਵਜੋਂ ਗੁਰਦੀਪ ਸਿੰਘ ਨੇ ਤਾਂ ਹੈਲਥ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਦੇ ਅਹੁੱਦੇ ਦਾ ਅਨੰਦ ਮਾਣਿਆ ਅਤੇ ਭਾਈ ਜਸਵੀਰ ਰੋਡੇ ਹਾਲੇ ਵੀ ਅਕਾਲ ਤਖ਼ਤ ਦਾ ਜਥੇਦਾਰ ਬਣਨ ਦੀ ਲਾਲਸਾ ਅਧੀਨ ਬਾਦਲ ਦੇ ਤਲਬੇ ਚੱਟ ਰਿਹਾ ਹੈ। ਸਿਆਸੀ ਗੋਟੀਆਂ ਖੇਡਣ ’ਚ ਮਾਹਰ ਸ: ਬਾਦਲ ਵੀ ਕਿਸੇ ਨੂੰ ਸਿਆਸੀ ਚੋਗ਼ਾ ਉਤਨੀ ਦੇਰ ਹੀ ਪਾਉਂਦੇ ਹਨ ਜਦ ਤੱਕ ਅਗਲੇ ਦੀ ਝੋਲ਼ੀ ਵਿੱਚ ਦਾਣੇ ਹੋਣ। ਇਸ ਨੀਤੀ ਅਧੀਨ ਜਦੋਂ ਸ: ਗੁਰਦੀਪ ਸਿੰਘ ਨੂੰ ਅਹੁੱਦੇ ਤੋਂ ਵੱਖ ਹੋਣਾ ਪਿਆ ਤਾਂ ਆਪਣੀ ਕੀਮਤ ਵਧਾਉਣ ਲਈ ਭਾਈ ਰੋਡੇ ਨੂੰ ਛੱਡ ਕੇ ਭਾਈ ਮੋਹਕਮ ਸਿੰਘ ਨਾਲ ਮਿਲ ਕੇ ਯੂਨਾਇਟਡ ਅਕਾਲੀ ਦਲ ਬਣਾ ਕੇ ਮੁੜ ਸ: ਸਿਮਰਨਜੀਤ ਸਿੰਘ ਮਾਨ ਨਾਲ ਗੱਠਜੋੜ ਕਰਕੇ ਸਰਬਤ ਖ਼ਾਲਸੇ ਦੇ ਆਗੂ ਬਣ ਬੈਠੇ। ਇਨ੍ਹਾਂ ਦਾ ਇਹ ਗੱਠਜੋੜ ਕਿਤਨੀ ਦੇਰ ਚਲਦਾ ਹੈ ਇਹ ਦੋਵੇਂ ਧਿਰਾਂ ਹੀ ਜਾਨਣ ਜਾਂ ਅਕਾਲ ਪੁਰਖ ਹੀ ਜਾਣਦਾ ਹੈ। ਇਹੋ ਕਾਰਨ ਹੈ ਕਿ ਬਹੁਤੀਆਂ ਪੰਥਕ ਧਿਰਾਂ ਇਨ੍ਹਾਂ ’ਤੇ ਵਿਸ਼ਵਾਸ਼ ਕਰਨ ਲਈ ਤਿਆਰ ਨਹੀਂ ਹਨ ਜਿਸ ਕਾਰਨ ਨਾ ਤਾਂ ਉਨ੍ਹਾਂ ਨੇ ਇਨ੍ਹਾਂ ਆਗੂਆਂ ਦੀ ਅਗਵਾਈ ਹੇਠ ਹੋਏ ਪਿਛਲੇ ਸਰਬਤ ਖਾਲਸਾ ਵਿੱਚ ਸ਼ਮੂਲੀਅਤ ਕੀਤੀ ਸੀ ਅਤੇ ਨਾ ਹੀ ਹੁਣ ਵਾਲੇ ਸਰਬਤ ਖਾਲਸਾ ਵਿੱਚ ਸ਼ਮੂਲੀਅਤ ਕਰਨ ਲਈ ਤਿਆਰ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਲੋਕ ਜਾਣੇ ਅਣਜਾਣੇ ਐਸੀ ਖੇਡ ਖੇਡਦੇ ਹਨ ਜਿਸ ਨਾਲ ਉਲਟਾ ਬਾਦਲ ਨੂੰ ਹੀ ਲਾਭ ਪਹੁੰਚਾ ਜਾਂਦੇ ਹਨ। ਲੋਕਾਂ ਦਾ ਮੰਨਣਾ ਹੈ ਕਿ ਬਾਦਲ ਸਰਕਾਰ ਵੱਲੋਂ ਸਰਬਤ ਖਾਲਸਾ ਦੇ ਆਗੂਆਂ ਅਤੇ ਇਸ ਦੇ ਜਥੇਦਾਰਾਂ ਨੂੰ ਕਦੀ ਫੜ ਕੇ ਜੇਲ੍ਹ ਵਿੱਚ ਸੁੱਟਣਾਂ ਤੇ ਕਦੀ ਉਨ੍ਹਾਂ ਨੂੰ ਛੱਡ ਦੇਣ ਦਾ ਰਾਜ਼ ਇਹੋ ਹੈ ਕਿ ਬਾਦਲ ਦਲ ਚਾਹੁੰਦਾ ਹੈ ਕਿ ਆਮ ਸਿੱਖਾਂ ਵਿੱਚ ਇਹ ਵੀਚਾਰ ਬਣਿਆ ਰਹੇ ਕਿ ਇਹ ਪੰਥ ਲਈ ਸਰਕਾਰ ਨਾਲ ਲੜ ਰਹੇ ਹਨ; ਜਿਸ ਕਾਰਨ ਇਨ੍ਹਾਂ ਦੀ ਪੰਥਕ ਹਲਕਿਆਂ ਵਿੱਚ ਪਛਾਣ ਬਣੀ ਰਹੀ ਤੇ ਸਮਾਂ ਆਉਣ ’ਤੇ ਬਾਦਲ ਵਿਰੋਧੀ ਵੋਟ ਵੰਡਣ ਦੇ ਕਾਬਲ ਹੋ ਕੇ ਅਸਿੱਧੇ ਰੂਪ ਵਿੱਚ ਬਾਦਲ ਦਲ ਨੂੰ ਫਾਇਦਾ ਪਹੁੰਚਾਉਂਦੇ ਰਹਿਣ।

(2). ਪਿਛਲੇ ਸਾਲ ਹੋਏ ਸਰਬਤ ਖਾਲਸਾ ਦੇ ਪ੍ਰਬੰਧਕਾਂ ਨੇ ਸਵ: ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕਾਂਡ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਭਾਈ ਜਗਤਾਰ ਸਿੰਘ ਜੀ ਹਵਾਰਾ ਨੂੰ ਅਕਾਲ ਤਖ਼ਤ ਦਾ ਜਥੇਦਾਰ, ਭਾਈ ਧਿਆਨ ਸਿੰਘ ਮੰਡ ਨੂੰ ਭਾਈ ਹਵਾਰਾ ਦੀ ਗੈਰ ਹਾਜਰੀ ਵਿੱਚ ਕਾਰਜਕਾਰੀ ਜਥੇਦਾਰ; ਭਾਈ ਅਮਰੀਕ ਸਿੰਘ ਅਜਨਾਲਾ ਨੂੰ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦਾ ਜਥੇਦਾਰ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦਾ ਜਥੇਦਾਰ ਨਿਯੁਕਤ ਕੀਤਾ ਗਿਆ ਸੀ। ਦੱਸਿਆ ਜਾਂਦਾ ਹੈ ਕਿ ਹਾਜਰ ਸੰਗਤਾਂ ਦੇ ਜੈਕਾਰਿਆਂ ਨਾਲ ਪ੍ਰਵਾਨਗੀ ਸਿਰਫ ਭਾਈ ਹਵਾਰਾ ਦੇ ਨਾਮ ਨੂੰ ਹੀ ਮਿਲੀ ਅਤੇ ਜਿਉਂ ਹੀ ਦੂਸਰੇ ਜਥੇਦਾਰਾਂ ਦੇ ਨਾਮ ਲੈਣੇ ਸ਼ੁਰੂ ਕੀਤੇ ਤਾਂ ਸੰਗਤਾਂ ਵਿੱਚ ਘੁਸਰ-ਮੁਸਰ ਹੋਣੀ ਸ਼ੁਰੂ ਹੋ ਗਈ ਸੀ ਅਤੇ ਇੱਕ ਦੋ ਜਥੇਦਾਰਾਂ ਦੇ ਨਾਮ ’ਤੇ ਤਾਂ ਵਿਰੋਧ ਦੀ ਅਵਾਜ਼ ਵੀ ਸੁਣਾਈ ਦਿੱਤੀ, ਜਿਸ ਨੂੰ ਸਟੇਜ ਪ੍ਰਬੰਧਕਾਂ ਵੱਲੋਂ ਅਣਸੁਣੀ ਕਰ ਕੇ ਆਪ ਹੀ ਜੈਕਾਰੇ ਛੱਡ ਕੇ ਜਥੇਦਾਰ ਐਲਾਨ ਦਿੱਤੇ ਗਏ। ਭਾਈ ਹਵਾਰਾ ਨੂੰ ਛੱਡ ਕੇ ਬਾਕੀ ਦੇ ਤਿੰਨੇ ਹੀ ਜਥੇਦਾਰ ਇੱਕ ਹੀ ਦਮਦਮੀ ਟਕਸਾਲ ਦੇ ਵਿਦਿਆਰਥੀ/ਸਮਰਥਕ ਹੋੋਣ ਕਾਰਨ ਪੰਥ ਪ੍ਰਵਾਨਤ ਸਿੱਖ ਰਹਿਤ ਮਰਯਾਦਾ ਨੂੰ ਮੰਨਣ ਤੋਂ ਇਨਕਾਰੀ ਹਨ ਇਸ ਲਈ ਇਨ੍ਹਾਂ ਨੂੰ ਸਰਬ ਪ੍ਰਵਾਨਤ ਜਥੇਦਾਰ ਕਹਿਣਾ ਕਿਸੇ ਦੇ ਸੰਘੋਂ ਥੱਲੇ ਨਹੀਂ ਉਤਰਦਾ। ਆਮ ਸਿੱਖਾਂ ਨੇ ਇਹ ਸ਼ਰੇਆਮ ਕਹਿਣਾ ਸ਼ੁਰੂ ਕਰ ਦਿੱਤਾ ਕਿ ਜੇ ਸ਼੍ਰੋਮਣੀ ਕਮੇਟੀ ਵੱਲੋਂ ਨਾਮਜ਼ਦ ਜਥੇਦਾਰ ਬਾਦਲ ਦੀ ਜੇਬ ’ਚੋਂ ਨਿਕਲੇ ਹਨ ਤਾਂ ਸਰਬਤ ਖਾਲਸਾ ਵੱਲੋਂ ਨਿਯੁਕਤ ਕੀਤੇ ਜਥੇਦਾਰ ਮਾਨ-ਗੁਰਦੀਪ, ਮੋਹਕਮ ਦੀ ਜੇਬ ’ਚੋਂ ਨਿਕਲੇ ਹਨ। ਇਸ ਲਈ ਦੋਵੇਂ ਧਿਰਾਂ ਦੇ ਜਥੇਦਾਰਾਂ ਕੋਲੋਂ ਪੰਥ ਦੇ ਭਲੇ ਦੀ ਕੋਈ ਆਸ ਨਹੀਂ ਰੱਖੀ ਜਾ ਸਕਦੀ। ਉਸ ਸਮੇਂ ਹੀ ਇਹ ਅਵਾਜ਼ ਉਠਣੀ ਸ਼ੁਰੂ ਹੋ ਗਈ ਸੀ ਕਿ ਭਾਈ ਹਵਾਰਾ ਦੇ ਨਾਮ ਦੀ ਤਾਂ ਸਿਰਫ ਵਰਤੋਂ ਹੀ ਕੀਤੀ ਗਈ ਹੈ ਉਨ੍ਹਾਂ ਦੇ ਜੇਲ੍ਹ ਵਿੱਚ ਹੋਣ ਕਰਕੇ ਮਨਮਾਨੀਆਂ ਤਾਂ ਇਨ੍ਹਾਂ ਨੇ ਆਪਣੀਆਂ ਹੀ ਕਰਨੀਆਂ ਹਨ। ਇਹ ਗੱਲ ਉਸ ਸਮੇਂ ਜਗ ਜ਼ਾਹਰ ਹੋ ਗਈ ਜਦੋਂ ਭਾਈ ਹਵਾਰਾ ਜੀ ਨੇ ਸਰਬਤ ਖਾਲਸਾ (2015) ਨਾਲ ਅਸਹਿਮਤ ਜਥੇਬੰਦੀਆਂ ਦਾ ਵਿਸ਼ਵਾਸ ਜਿੱਤਣ ਲਈ ਜੇਲ੍ਹ ਵਿੱਚੋਂ ਆਪਣੇ ਵਕੀਲ ਰਾਹੀਂ ਇਹ ਲਿਖਤੀ ਬਿਆਨ ਜਾਰੀ ਕੀਤਾ ਕਿ ਮੌਜੂਦਾ ਪੰਥ ਪ੍ਰਵਾਨਤ ਸਿੱਖ ਰਹਿਤ ਮਰਯਾਦਾ ’ਤੇ ਕੋਈ ਕਿੰਤੂ ਪ੍ਰੰਤੂ ਨਾ ਕੀਤੀ ਜਾਵੇ। ਇਸ ਪੰਥ ਹਿਤਕਾਰੀ ਐਲਾਨ ਨੂੰ ਬਾਕੀ ਦੇ ਤਿੰਨੇ ਜਥੇਦਾਰਾਂ ਨੇ ਤੁਰੰਤ ਇਕ ਮੀਟਿੰਗ ਕਰਕੇ ਇਸ ਅਧਾਰ ’ਤੇ ਰੱਦ ਕਰ ਦਿੱਤਾ ਕਿ ਭਾਈ ਹਵਾਰਾ ਨੇ ਇਹ ਬਿਆਨ ਬਾਕੀ ਦੇ ਜਥੇਦਾਰਾਂ ਨਾਲ ਸਲਾਹ ਮਸ਼ਵਰਾ ਕੀਤੇ ਤੋਂ ਬਗੈਰ ਜਾਰੀ ਕੀਤਾ ਹੈ ਇਸ ਲਈ ਇਹ ਮੰਨਣਯੋਗ ਨਹੀਂ। ਭਾਈ ਹਵਾਰਾ ਨੇ ਦੂਸਰੀ ਵਾਰ ਫਿਰ ਸਲਾਹ ਦਿੱਤੀ ਕਿ ਸਰਬਤ ਖਾਲਸਾ ਸ਼੍ਰੋਮਣੀ ਕਮੇਟੀ ਵੱਲੋਂ ਹਟਾਏ ਗਏ ਪੰਜ ਪਿਆਰਿਆਂ ਦੀ ਸਰਪ੍ਰਸਤੀ ਹੇਠ ਹੋਵੇ; ਉਨ੍ਹਾਂ ਦੀ ਅਗਵਾਈ ਹੇਠ ਇਕ ਕਮੇਟੀ ਬਣਾਈ ਜਾਵੇ ਜਿਹੜੀ ਸਰਬਤ ਖਾਲਸਾ ਸੱਦਣ ਅਤੇ ਉਸ ਵਿੱਚ ਫੈਸਲੇ ਲੈਣ ਦਾ ਵਿਧੀ ਵਿਧਾਨ ਤਿਆਰ ਕਰੇ। ਜਿਹੜੀਆਂ ਧਿਰਾਂ 2015 ਵਾਲੇ ਸਰਬਤ ਖ਼ਾਲਸੇ ਵਿੱਚ ਸ਼ਾਮਲ ਨਹੀਂ ਹੋਈਆਂ ਸਨ, ਉਨ੍ਹਾਂ ਦੀ ਸ਼ਮੂਲੀਅਤ ਕਰਾਉਣ ਲਈ ਕਮੇਟੀ ਨਿਜੀ ਤੌਰ ’ਤੇ ਮਿਲ ਕੇ ਗਿਲੇ ਸ਼ਿਕਵੇ ਦੂਰ ਕਰੇ ਤੇ ਉਨ੍ਹਾਂ ਦੇ ਸੁਝਾਵਾਂ ’ਤੇ ਵੀਚਾਰ ਕਰਨ ਦਾ ਵਿਸ਼ਵਾਸ਼ ਦਿਵਾ ਕੇ ਸ਼ਾਮਲ ਹੋਣ ਦੀ ਪ੍ਰੇਰਣਾ ਕਰੇ। ਜਿਹੜੀਆਂ ਜਥੇਬੰਦੀਆਂ ਨੇ 2015 ਵਾਲੇ ਸਰਬਤ ਖਾਲਸਾ ਤੋਂ ਦੂਰੀ ਬਣਾ ਕੇ ਰੱਖੀ ਸੀ; ਭਾਈ ਹਵਾਰਾ ਦੇ ਇਸ ਫੈਸਲੇ ਨਾਲ ਸਹਿਮਤੀ ਪ੍ਰਗਟ ਕਰਦਿਆਂ; ਉਨ੍ਹਾਂ ਵਿੱਚੋਂ ਬਹੁਤ ਸਾਰੀਆਂ ਜਥੇਬੰਦੀਆਂ ਨੇ ਹੁਣ ਸ਼ਾਮਲ ਹੋਣ ਦੀ ਹਾਮੀ ਵੀ ਭਰ ਦਿੱਤੀ ਸੀ ਪਰ ਸਰਬਤ ਖਾਲਸਾ ਦੇ ਪ੍ਰਬੰਧਕਾਂ ਅਤੇ ਉਨ੍ਹਾਂ ਵੱਲੋਂ ਨਿਯੁਕਤ ਕੀਤੇ ਜਥੇਦਾਰਾਂ ਨੇ ਭਾਈ ਹਵਾਰਾ ਦੀ ਇਸ ਰਾਇ ਨੂੰ ਵੀ ਇਸ ਅਧਾਰ ’ਤੇ ਰੱਦ ਕਰ ਦਿੱਤਾ ਕਿ ਪੰਜ ਪਿਆਰਿਆਂ ਨੇ ਨਾ ਹੀ ਸਰਬਤ ਖਾਲਸਾ-2015 ਵੱਲੋਂ ਨਿਯੁਕਤ ਕੀਤੇ ਜਥੇਦਾਰਾਂ ਨੂੰ ਮਾਨਤਾ ਦਿੱਤੀ ਹੈ ਅਤੇ ਨਾ ਹੀ ਇਸ ਵਿੱਚ ਪਾਸ ਕੀਤੇ ਮਤਿਆਂ ਨਾਲ ਸਹਿਮਤੀ ਪ੍ਰਗਟ ਕੀਤੀ, ਇਸ ਲਈ ਜਦ ਤੱਕ ਉਹ ਪਾਸ ਕੀਤੇ ਮਤਿਆਂ ਨਾਲ ਸਹਿਮਤੀ ਅਤੇ ਨਿਯੁਕਤ ਕੀਤੇ ਜਥੇਦਾਰਾਂ ਨੂੰ ਪ੍ਰਵਾਨ ਨਹੀਂ ਕਰਦੇ ਉਤਨੀ ਦੇਰ ਉਨ੍ਹਾਂ ਨਾਲ ਕੋਈ ਗੱਲਬਾਤ ਨਹੀਂ ਹੋ ਸਕਦੀ। ਭਾਈ ਹਵਾਰਾ ਜੀ ਵੱਲੋਂ ਦਿੱਤੇ ਗਏ ਉਕਤ ਦੋਵੇਂ ਸੁਝਾਅ ਹੀ ਜਿਹੜੇ ਪ੍ਰਬੰਧਕ ਤੇ ਕਾਰਜਕਾਰੀ ਜਥੇਦਾਰ ਨਹੀਂ ਮੰਨਦੇ, ਜਿਨ੍ਹਾਂ ਨੇ ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਹੈ ਤਾਂ ਇਹ ਕਿਸੇ ਹੋਰ ਦਾ ਸੁਝਾਅ ਕੀ ਮੰਨਣਗੇ ? ਹੁਣ ਜਿਹੜੀਆਂ ਜਥੇਬੰਦੀਆਂ ਬਿਨਾਂ ਕਿਸੇ ਵਿਧੀ ਵਿਧਾਨ ਤੋਂ ਸੱਦੇ ਗਏ ਸਰਬਤ ਖਾਲਸਾ (2015) ਵਿੱਚ ਪਹਿਲਾਂ ਸ਼ਾਮਲ ਨਹੀਂ ਹੋਈਆਂ ਸਨ, ਉਹ ਇੱਕ ਸਾਲ ਬਾਅਦ ਆਪਣੇ ਹੀ ਫੈਸਲੇ ਦੇ ਉਲਟ ਉਨ੍ਹਾਂ ਆਗੂਆਂ ਦੀ ਸਿਰਮੌਰਤਾ ਨੂੰ ਕਿਵੇਂ ਪ੍ਰਵਾਨ ਕਰਨਗੀਆਂ, ਜਿਨ੍ਹਾਂ ਦੇ ਪਿਛਲੇ ਕਾਫ਼ੀ ਤਜਰਬਿਆਂ (ਜਿਵੇਂ ਕਿ ਹਰ ਦਲ ਨਾਲ ਸਿਆਸੀ ਗਠਜੋੜ ਤੇ ਵਿਛੋੜ) ਤੋਂ ਅਸਹਿਮਤ ਧਿਰਾਂ ਵਾਕਫ਼ ਵੀ ਹਨ।

ਪਿਛਲੇ ਦਿਨਾਂ ਵਿੱਚ ਇੱਕ ਖ਼ਬਰ ਛਪੀ ਸੀ ਕਿ ਦੋ ਸੁਹਿਰਦ ਵਿਚੋਲਿਆਂ ਦੇ ਯਤਨਾਂ ਸਦਕਾ ਪੰਜ ਪਿਆਰਿਆਂ ਅਤੇ ਤਿੰਨ ਮੁਤਬਾਜੀ ਜਥੇਦਾਰਾਂ ਦੀ ਆਪਸੀ ਏਕਤਾ ਹੋ ਗਈ ਹੈ। ਕਿੰਨਾਂ ਸ਼ਰਤਾਂ ਅਤੇ ਅਸੂਲਾਂ ’ਤੇ ਏਕਤਾ ਹੋਈ ਹੈ ਇਸ ਨੂੰ ਹਾਲੇ ਤੱਕ ਗੁਪਤ ਰੱਖਿਆ ਗਿਆ ਹੈ। ਜਦ ਤੱਕ ਏਕਤਾ ਲਈ ਤਹਿ ਕੀਤੇ ਅਸੂਲ ਜਨਤਕ ਨਹੀਂ ਹੋਣਗੇ ਉਤਨੀ ਦੇਰ ਇਸ ਏਕਤਾ ਸੰਬੰਧੀ ਵੀ ਕੁਝ ਨਹੀਂ ਕਿਹਾ ਜਾ ਸਕਦਾ ਅਤੇ ਇਨ੍ਹਾਂ 8 ਬੰਦਿਆਂ ਦੀ ਏਕਤਾ ਸਮੁਚੇ ਪੰਥ ਦੀ ਏਕਤ ਕਰਵਾ ਸਕਦੀ ਹੈ ? ਇਸ ਸਵਾਲ ਦਾ ਜਵਾਬ ਮਿਲਨਾ ਵੀ ਬਾਕੀ ਹੈ।

(3). ਗੁਰਬਾਣੀ ਦੇ ਪਾਵਨ ਵਾਕ: ‘‘ਹੋਇ ਇਕਤ੍ਰ ਮਿਲਹੁ ਮੇਰੇ ਭਾਈ ! ਦੁਬਿਧਾ ਦੂਰਿ ਕਰਹੁ ਲਿਵ ਲਾਇ ॥ ਹਰਿ ਨਾਮੈ ਕੇ ਹੋਵਹੁ ਜੋੜੀ; ਗੁਰਮੁਖਿ, ਬੈਸਹੁ ਸਫਾ ਵਿਛਾਇ ॥’’ (ਬਸੰਤੁ ਮ: ੫/ ਅੰਕ ੧੧੮੫) ਮੁਤਾਬਕ ਆਪਣੀ ਵਿਛਾਈ ਹੋਈ ਸਫਾ ’ਤੇ ਬੈਠਣ ਦੀਆਂ ਦਲੀਲਾਂ ਤਾਂ ਹਰ ਕੋਈ ਦਿੰਦਾ ਰਹਿੰਦਾ ਹੈ ਪਰ ਇਹ ਉਦਾਹਰਨ ਦੇਣ ਵਾਲਾ ਨਾ ਆਪ ਕਿਸੇ ਵੱਲੋਂ ਵਿਛਾਈ ਸਫਾ ’ਤੇ ਬੈਠਣ ਲਈ ਖ਼ੁਦ ਤਿਆਰ ਹੈ ਅਤੇ ਨਾ ਹੀ ਦੂਸਰੇ ਦੀ ਗੁਰਮਤਿ ਅਨੁਸਾਰ ਕਹੀ ਹੋਈ ਕਿਸੇ ਗੱਲ ਨੂੰ ਸੁਣਨ ਸਮਝਣ ਲਈ ਤਿਆਰ ਹੈ। ਹੁਣ ਤੱਕ ਜਿੰਨੀਆਂ ਵੀ ਜਥੇਬੰਦੀਆਂ ਸਰਬਤ ਖਾਲਸਾ ਦਾ ਸਮਰਥਨ ਕਰ ਰਹੀਆਂ ਹਨ ਜਾਂ ਸਮਰਥਨ ਕੀਤੇ ਜਾਣ ਦੀ ਸੰਭਾਵਨਾ ਹੈ ਉਹ ਤਕਰੀਬਨ ਸਾਰੀਆਂ ਹੀ ਦਮਦਮੀ ਟਕਸਾਲ ਜਾਂ ਡੇਰਾਵਾਦੀ ਸੋਚ ਦੀ ਬੀ ਟੀਮ ਹੈ। ਅਖੰਡ ਕੀਰਤਨੀ ਸੋਚ ਤੇ ਮਿਸ਼ਨਰੀ ਸੋਚ ਇਸ (ਸਰਬਤ ਖਾਲਸਾ-2016) ਤੋਂ ਦੂਰ ਹੀ ਰਹੇਗੀ, ਅਜਿਹੀ ਸੁਭਾਵਨਾ ਨਿਸ਼ਚਿਤ ਹੈ ਕਿਉਂਕਿ ਮਿਸ਼ਨਰੀ ਪ੍ਰਚਾਰਕਾਂ ਨੂੰ ਇਹ ਡੇਰਾਵਾਦੀ ਸੋਚ ਦੀ ਬੀ ਟੀਮ ਪੰਥ ਦਾ ਹਿੱਸਾ ਮੰਨਣਾ ਤਾਂ ਦੂਰ, ਪੰਥ ਦੋਖੀਆਂ ਦਾ ਖਿਤਾਬ ਦੇਣ ਤੋਂ ਵੀ ਗੁਰੇਜ ਨਹੀਂ ਕਰਦੇ ਜਦ ਕਿ ਮਿਸ਼ਨਰੀ ਸੋਚ ‘ਗੁਰੂ ਗ੍ਰੰਥ ਸਾਹਿਬ’ ਜੀ ਵਿੱਚ ਦਰਜ ਵੀਚਾਰਧਾਰਾ ਦੇ ਬਹੁਤ ਨਜਦੀਕ ਹਨ ਤੇ ਡੇਰਾਵਾਦੀ ਸੋਚ, ਇਸ ਵੀਚਾਰਧਾਰਾ ਤੋਂ ਬਹੁਤ ਹੀ ਦੂਰ ਹੈ। ਜਿਹੜੇ ਡੇਰਾਵਾਦੀ ਸੋਚ ਵਾਲੇ ਪ੍ਰਚਾਰਕ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਵੀਚਾਰਧਾਰਾ ਤੋਂ ਸੇਧ ਲੈਣ ਦੀ ਬਜਾਏ ਆਪਣੇ ਡੇਰਿਆਂ ਦੁਆਰਾ ਮੰਨੇ ਜਾ ਰਹੇ ਮਹਾਂ ਪੁਰਖਾਂ ਦੀਆਂ ਸੁਣੀਆਂ ਸੁਣਾਈਆਂ ਗੁਰਮਤਿ ਵਿਰੋਧੀ ਸਾਖੀਆਂ ਤੋਂ ਵੱਧ ਪ੍ਰਭਾਵਤ ਹੋਣ, ਉਨ੍ਹਾਂ ਲਈ ਮਿਸ਼ਨਰੀ ਸੋਚ ਦੇ ਪ੍ਰਚਾਰਕ ਸਭ ਤੋਂ ਵੱਡੇ ਪੰਥ ਦੁਸ਼ਮਣ ਹੀ ਨਜ਼ਰ ਆਉਣਗੇ, ਇਸ ਸੋਚ ਨੂੰ ਖਤਮ ਕਰਨਾ ਹੀ ਇਨ੍ਹਾਂ ਲਈ ਵੱਡੀ ਪੰਥਕ ਸੇਵਾ ਹੈ। ਧੁੰਮਾ ਬਿ੍ਰਗੇਡ ਵੱਲੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ’ਤੇ ਕਾਤਲਾਨਾ ਹਮਲਾ ਅਤੇ ਉਨ੍ਹਾਂ ਵੱਲੋਂ ਗੁਰਬਾਣੀ ਵਿੱਚੋਂ ਅਨੇਕਾਂ ਪ੍ਰਮਾਣ ਦੇ ਕੇ ਗੁਰਮਤਿ ਅਨੁਸਾਰੀ ਕਹੀਆਂ ਗੱਲਾਂ ਨੂੰ ਜਿਸ ਤਰ੍ਹਾਂ ਤਰੋੜ ਮਰੋੜ ਕੇ ਪੇਸ਼ ਕਰਕੇ ਅਨਭੋਲ ਸੰਗਤਾਂ ਨੂੰ ਗੁਮਰਾਹ ਕਰ ਕੇ ਉਨ੍ਹਾਂ ਵਿਰੁੱਧ ਭੜਕਾਉਣ ਦਾ ਸਿਲਸਿਲਾ ਜਾਰੀ ਹੈ ਇਸ ਨਾਲ ਕੋਈ ਸੰਭਾਵਨਾ ਨਹੀਂ ਦਿਸਦੀ ਕਿ ਨੇੜਲੇ ਭਵਿੱਖ ਵਿੱਚ ਇਹ ਦੋਵੇਂ ਧਿਰਾਂ ਮਿਲ ਸਕਣ। ਸਰਬਤ ਖਾਲਸਾ ਵੱਲੋਂ ਨਿਯੁਕਤ ਕੀਤੇ ਜਥੇਦਾਰਾਂ ਨੇ ਵੀ ਇਨ੍ਹਾਂ ਦੋ ਵੀਚਾਰਧਾਰਾਵਾਂ ਵਾਲੇ ਸਿੱਖਾਂ ਨੂੰ ਇੱਕ ਪਲੇਟਫਾਰਮ ’ਤੇ ਲਿਆਉਣ ਦਾ ਯਤਨ ਤਾਂ ਕੀ ਕਰਨਾ ਸੀ ਸਗੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਉਪਰ ਧੁੰਮਾ ਬਿ੍ਰਗੇਡ ਵੱਲੋਂ ਕੀਤੇ ਕਾਤਲਾਨਾ ਹਮਲੇ ਉਪਰੰਤ ਟਕਸਾਲੀਆਂ ਦੇ ਇਕ ਧੜੇ ਦੀ ਇੱਕ ਸਟੇਜ ਤੋਂ ਭਾਈ ਅਮਰੀਕ ਸਿੰਘ ਅਜਨਾਲਾ ਵੱਲੋਂ ਭਾਈ ਢੱਡਰੀਆਂ ਵਾਲੇ ਵਿਰੁੱਧ ਨਿੰਦਣਯੋਗ ਘਟੀਆ ਸ਼ਬਦਾਵਲੀ ਤਾਂ ਵਰਤੀ ਹੀ ਗਈ ਸਗੋਂ ਕਾਤਲਾਂ ਨੂੰ ਮਿਸ਼ਨਰੀ ਵੀਚਾਰਧਾਰਾ ਵਾਲੇ ਪ੍ਰਚਾਰਕਾਂ ਵਿਰੁਧ ਉਕਸਾਉਣ ਲਈ ਇਹ ਸਲਾਹ ਦੇਣਾ ਕਿ ਢੱਡਰੀਆਂ ਵਾਲਾ ਤਾਂ ਗਊ ਹੈ ਜੇ ਮਾਰਨਾ ਹੀ ਹੈ ਤਾਂ ਪਹਿਲਾਂ ਪੰਥਪ੍ਰੀਤ ਤੇ ਧੂੰਦੇ ਨੂੰ ਮਾਰਨਾ ਚਾਹੀਦਾ ਹੈ। ਕੀ ‘‘ਸਭੁ ਕੋ ਮੀਤੁ ਹਮ ਆਪਨ ਕੀਨਾ ; ਹਮ ਸਭਨਾ ਕੇ ਸਾਜਨ ॥’’ (ਧਨਾਸਰੀ ਮ: ੫/ ਅੰਕ ੬੭੧) ਅਤੇ ‘‘ਨਾ ਕੋ ਬੈਰੀ, ਨਹੀ ਬਿਗਾਨਾ ; ਸਗਲ ਸੰਗਿ ਹਮ ਕਉ ਬਨਿ ਆਈ ॥’’ (ਕਾਨੜਾ ਮ: ੫/ ਅੰਕ ੧੨੯੯) ਆਦਿ ਗੁਰਮਤਿ ਸਿਧਾਂਤ ਦੇ ਅਨੁਯਾਈ ਸਿੱਖਾਂ ਦਾ ਸਰਬ ਪ੍ਰਵਾਨਤ ਜਥੇਦਾਰ ਉਕਤ ਅਤਿ ਨਿੰਦਣਯੋਗ ਸੁਝਾਉ ਦੇਣ ਵਾਲਾ ਭਾਈ ਅਮਰੀਕ ਸਿੰਘ ਵਰਗਾ ਕੋਈ ਵਿਅਕਤੀ ਹੋ ਸਕਦਾ ਹੈ ? ਹੈਰਾਨੀ ਹੁੰਦੀ ਹੈ ਜਦੋਂ ਸਰਬਤ ਖਾਲਸਾ ਬੁਲਾਉਣ ਦੇ ਨਾ ਕਿਸੇ ਹਮਾਇਤੀ ਪ੍ਰਬੰਧਕਾਂ ਅਤੇ ਨਾ ਹੀ ਇਸ ਵੱਲੋਂ ਨਿਯੁਕਤ ਕੀਤੇ ਕਿਸੇ ਜਥੇਦਾਰ ਵੱਲੋਂ ਭਾਈ ਅਮਰੀਕ ਸਿੰਘ ਦੇ ਇਸ ਘਟੀਆ ਬਿਆਨ ਨਾਲੋਂ ਆਪਣਾ ਨਾਤਾ ਤੋੜਿਆ ਹੋਵੇ ਜਾਂ ਇਸ ਦੀ ਨਿੰਦਾ ਕੀਤੀ ਗਈ ਹੋਵੇ। ਹੁਣ ਵੀ ਜਦ ਇੱਕ ਪਾਸੇ ਗੁਰਦੀਪ ਸਿੰਘ, ਭਾਈ ਢੱਡਰੀਆਂ ਵਾਲੇ ਨੂੰ ਮਿਲ ਕੇ (ਸਰਬਤ ਖਾਲਸਾ 2016 ਲਈ) ਸੱਦਾ ਦੇਣ ਦੀ ਗੱਲ ਕਰ ਰਿਹਾ ਹੁੰਦਾ ਹੈ ਤਾਂ ਉਸੇ ਸਮੇਂ ਅਮਰੀਕ ਸਿੰਘ ਦਾ ਬਿਆਨ ਆ ਜਾਂਦਾ ਹੈ ਕਿ ਢੱਡਰੀਆਂ ਵਾਲਾ ਏਜੰਸੀਆਂ ਦਾ ਬੰਦਾ ਹੈ। ਤਾਂ ਦੱਸੋ ਇਨ੍ਹਾਂ ਦੂਹਰੇ ਮਿਆਰਾਂ ਵਾਲੇ ਆਗੂਆਂ ’ਤੇ ਕੋਈ ਕਿਵੇਂ ਯਕੀਨ ਕਰੇ, ਜੋ ਸਿਆਸੀ ਇੱਛਾਵਾਂ ਪਾਲ ਰਹੇ ਹਨ। ਇਨ੍ਹਾਂ ਆਗੂਆਂ ਵੱਲੋਂ ਵਿਛਾਈ ਸਫਾ ’ਤੇ ਬੈਠਣ ਲਈ ਕੋਈ ਤਿਆਰ ਕਿਉਂ ਹੋਵੇ ? 

ਸੋ, ਉਕਤ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਇੱਕੋ ਨਤੀਜੇ ’ਤੇ ਪੁਜਿਆ ਜਾ ਸਕਦਾ ਹੈ ਕਿ 2016 ਵਾਲੇ ਸਰਬਤ ਖ਼ਾਲਸੇ ਦਾ ਹਸ਼ਰ 2015 ਨਾਲੋਂ ਚੰਗਾ ਹੋਣ ਦੇ ਕਾਰਨ ਬਹੁਤ ਹੀ ਘੱਟ ਹਨ ਜਦੋਂ ਕਿ ਉਸ ਤੋਂ ਮਾੜਾ ਹਸ਼ਰ ਹੋਣ ਦੇ ਕਈ ਕਾਰਨ ਹਨ।

ਵਰਤਮਾਨ ਦੇ ਜ਼ਮੀਨੀ ਹਾਲਾਤਾਂ ਨੂੰ ਵੇਖਦਿਆਂ ਇਹ ਕਹਿਣਾ ਵੀ ਦਰੁਸਤ ਹੋਵੇਗਾ ਕਿ ਇੱਕ ਦਿਨ ਸਿੱਖ ਕੌਮ ਨੂੰ ਗੁਰਬਾਣੀ ਦੇ ਪਾਵਨ ਵਾਕ ‘‘ਹੋਇ ਇਕਤ੍ਰ ਮਿਲਹੁ ਮੇਰੇ ਭਾਈ ! ਦੁਬਿਧਾ ਦੂਰਿ ਕਰਹੁ ਲਿਵ ਲਾਇ ॥’’ ਉੱਤੇ ਪਹਿਰਾ ਦੇਣ ਲਈ ਆਪਣੇ ਨਿਜ ਸੁਆਰਥਾਂ ਨੂੰ ਅਲੱਗ ਕਰਕੇ ਇਕੱਤਰ ਹੋ ਕੇ ਜ਼ਰੂਰ ਬੈਠਣਾ ਪਵੇਗਾ। ਇਸ ਵਿੱਚ ਕੀਤੀ ਗਈ ਦੇਰੀ ਸਿੱਖ ਕੌਮ ਲਈ ਨੁਕਸਾਨਦੇਹ ਹੋਵੇਗੀ। ਇਸ ਲਈ ਪੰਥਕ ਲੋੜਾਂ ਪੂਰੀਆਂ ਕਰਨ ਲਈ ਸਰਬਤ ਖਾਲਸਾ ਦੀ ਸਫਲਤਾ ਲਈ ਕੀ ਕੀਤਾ ਜਾਵੇ ? ਇਸ ਲਈ ਮੇਰਾ ਇੱਕੋ ਸੁਝਾਅ ਹੈ ਕਿ ਸਿੱਖਾਂ ਦਾ ਇੱਕੋ ਵਾਹਦ ‘ਗੁਰੂ ਗ੍ਰੰਥ ਸਾਹਿਬ’ ਹੈ; ਇਸ ਸਬੰਧੀ ਕਿਸੇ ਵੀ ਸਿੱਖ ਦੀਆਂ ਦੋ ਰਾਵਾਂ ਨਹੀਂ ਹਨ। ਇਸ ਖ਼ਿਆਲ ਸਬੰਧੀ ਵੀ ਕਿਸੇ ਦੀਆਂ ਦੋ ਰਾਵਾਂ ਨਹੀਂ ਕਿ ਸਾਡਾ ਧਾਰਮਿਕ ਪਿਤਾ ਗੁਰੂ ਗੋਬਿੰਦ ਸਿੰਘ ਜੀ, ਧਾਰਮਿਕ ਮਾਤਾ: ਮਾਤਾ ਸਾਹਿਬ ਕੌਰ ਜੀ, ਜਨਮ ਕੇਸਗੜ੍ਹ ਸਾਹਿਬ ਤੇ ਵਾਸੀ ਅਨੰਦਪੁਰ ਦੇ ਹਾਂ। ਜੇ ਵਖਰੇਵਾਂ ਹੈ ਤਾਂ ਕੇਵਲ ਸਿੱਖ ਰਹਿਤ ਮਰਯਾਦਾ ਜਾਂ ਨਾਨਕਸ਼ਾਹੀ ਕੈਲੰਡਰ ਦਾ ਹੈ।

ਸੋ, ਸਭ ਤੋਂ ਪਹਿਲਾਂ ਪੰਥ ਪ੍ਰਵਾਨਤ ਅਤੇ ਅਕਾਲ ਤਖ਼ਤ ਤੋਂ ਜਾਰੀ ਕੀਤੀ ਗਈ ਸਿੱਖ ਰਹਿਤ ਮਰਿਆਦਾ ਤੇ ਨਾਨਕਸ਼ਾਹੀ ਕੈਲੰਡਰ ਨੂੰ ਸਮੁਚੀਆਂ ਧਿਰਾਂ ਮਾਨਤਾ ਦੇਣ ਤਾਂ ਜੋ ਸਾਡੀਆਂ ਦੂਰੀਆਂ, ਨਜਦੀਕੀਆਂ ’ਚ ਤਬਦੀਲ ਹੋ ਜਾਣ, ਜਿਸ ਉਪਰੰਤ ਪੰਥਕ ਏਕਤਾ ਆਪਣੇ ਆਪ ਹੋ ਜਾਵੇਗੀ।

ਸਿੱਖ ਰਹਿਤ ਮਰਿਆਦਾ ਤੇ ਨਾਨਕਸ਼ਾਹੀ ਕੈਲੰਡਰ; ਅਜੋਕੀ ਮਿਸ਼ਨਰੀ ਪ੍ਰਚਾਰਕ ਸ਼੍ਰੇਣੀ (ਭਾਈ ਢੱਡਰੀਆਂ ਵਾਲਾ, ਭਾਈ ਪੰਥਪ੍ਰੀਤ ਸਿੰਘ, ਭਾਈ ਸਰਬਜੀਤ ਸਿੰਘ ਧੂੰਦਾ ਅਤੇ ਮਿਸ਼ਨਰੀ ਕਾਲਜਾਂ) ਨੇ ਨਹੀਂ ਬਣਾਏ। ਇਹ ਤਾਂ ਸਗੋਂ ਪੰਥਕ ਏਕਤਾ ਨੂੰ ਕਿਸੇ ਮੁਕਾਮ ’ਤੇ ਪਹੁੰਚਾਉਣ ਲਈ ਹੀ ਇਨ੍ਹਾਂ ਪੰਥਕ ਦਸਤਾਵੇਜਾਂ ’ਤੇ ਪਹਿਰਾ ਦੇਣ ਲਈ ਬਚਨਵੱਧ ਹਨ। ਇੱਥੋਂ ਤੱਕ ਕਿ ਕੁਝ ਸਮਾਂ ਪਹਿਲਾਂ ਪ੍ਰੋ: ਦਰਸ਼ਨ ਸਿੰਘ ਵੀ ਇਨ੍ਹਾਂ ਦੋਵਾਂ ਪੰਥਕ ਫੈਸਲਿਆਂ ’ਤੇ ਦਿ੍ਰੜ੍ਹਤਾ ਨਾਲ ਪਹਿਰਾ ਦੇਣ ਦੇ ਹੱਕ ਵਿੱਚ ਰਿਹਾ ਹੈ, ਜੋ ਇਨ੍ਹਾਂ ਡੇਰਾਵਾਦੀਆਂ ਦੀਆਂ ਭਰਾ ਮਾਰੂ ਨੀਤੀਆਂ ਦਾ ਸਤਾਇਆ ਹੋਇਆ ਹੁਣ ਬਿਲਕੁਲ ਹੀ ਬਗਾਵਤ ਕਰਨ ਦੇ ਰਾਹ ਪੈਣ ਲਈ ਮਜ਼ਬੂਰ ਹੋ ਗਿਆ, ਜਿਸ ਵਿੱਚ ਉਨ੍ਹਾਂ ਦੇ ਤਰਕ ਹਨ ਕਿ ਜੋ ਕੁਝ ਸਿੱਖ ਲਈ ਜਰੂਰੀ ਸੀ ਉਹ ਗੁਰੂ ਸਾਹਿਬ ਜੀ ਨੇ ਖ਼ੁਦ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਦਰਜ ਕਰ ਕੇ ਉਨ੍ਹਾਂ ਨੂੰ ਗੁਰਿਆਈ ਦੀ ਗੱਦੀ ’ਤੇ ਬਿਰਾਜਮਾਨ ਕਰ ਦਿੱਤਾ। ਸਿੱਖ ਰਹਿਤ ਮਰਿਆਦਾ ਦੇ ਅਧਾਰ ’ਤੇ ਕਿਸੇ ਵੀ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ’ਚੋਂ ਬਾਹਰ ਦੀ ਕੋਈ ਰਚਨਾ ਪੜ੍ਹਨ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ। ਹਾਂ ਆਪਣੀ ਜਾਣਕਾਰੀ ਲਈ ਉਹ ਕਿਸੇ ਵੀ ਧਰਮ ਗ੍ਰੰਥ ਜਾਂ ਪੁਸਤਕ ਨੂੰ ਪੜ੍ਹਨ ਲਈ ਆਜ਼ਾਦ ਜ਼ਰੂਰ ਹਨ। 

ਸੋ, ਅਜਿਹੀ ਸਥਿਤੀ ਮੁੜ ਪੈਦਾ ਕਰਕੇ ਪੰਥ ਵਿੱਚ ਦੁਫੇੜ ਪਾਉਣ ਤੋਂ ਬਚਣ ਲਈ ਇੱਕੋ ਇੱਕੋ ਤਰੀਕਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਮੌਰਤਾ ਕਾਇਮ ਰੱਖਣ ਅਤੇ ਪੰਥ ਪ੍ਰਵਾਨਤ ਸਿੱਖ ਰਹਿਤ ਮਰਯਾਦਾ ਤੇ ਨਾਨਕਸ਼ਾਹੀ ਕੈਲੰਡਰ ’ਤੇ ਪਹਿਰਾ ਦੇਣ ਲਈ ਦਿ੍ਰੜ੍ਹ ਹੋਣ ਦਾ ਪ੍ਰਣ ਕਰਨ ਵਾਲੇ ਸਿੱਖ ਹੀ ਪੰਥ ਦਾ ਹਿੱਸਾ ਹੋਣਾ ਪ੍ਰਵਾਨ ਕੀਤਾ ਜਾਵੇ। ਬਹੁਤੀ ਭੀੜ ਇਕੱਠੀ ਕਰਨ ਦੀ ਥਾਂ ਅਜਿਹਾ ਪ੍ਰਣ ਪੱਤਰ ਭਰਨ ਵਾਲੇ ਸਿੱਖਾਂ ਅਤੇ ਜਥੇਬੰਦੀਆਂ ਦੇ ਨੁਮਾਇੰਦੇ ਵਿਦਵਾਨ ਸੱਜਨ ਹੀ ਕਿਸੇ ਬੰਦ ਕਮਰੇ ਵਿੱਚ ਸਰਬਤ ਖਾਲਸਾ ਦੇ ਰੂਪ ’ਚ ਮੀਟਿੰਗਾਂ ਕਰਨ। ਉਨ੍ਹਾਂ ਨੂੰ ਮੀਟਿੰਗ ਵਿੱਚੋਂ ਬਾਹਰ ਉਸ ਸਮੇਂ ਹੀ ਆਉਣ ਦਿੱਤਾ ਜਾਵੇ ਜਦ ਤੱਕ ਕਿ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਸਰਬਸੰਮਤੀ ਵਾਲੇ ਕਿਸੇ ਫੈਸਲੇ ’ਤੇ ਨਹੀਂ ਪਹੁੰਚਦੇ। ਇਸ ਤਰ੍ਹਾਂ ਸਰਬਸੰਮਤੀ ਵਾਲੇ ਫੈਸਲਿਆਂ ਨੂੰ ਉਨ੍ਹਾਂ ਵਿੱਚੋਂ ਮੌਕੇ ’ਤੇ ਚੁਣਿਆ ਗਿਆ ਕੋਈ ਇੱਕ ਆਗੂ ਪੜ੍ਹ ਕੇ ਸੁਣਾ ਦੇਵੇ ਜਿਸ ਨੂੰ ਸਰਬਤ ਖਾਲਸਾ ਦਾ ਫੈਸਲਾ ਜਾਣ ਕੇ ਸਾਰੇ ਸਿੱਖ ਮੰਨਣ ਲਈ ਪਾਬੰਦ ਹੋਣ। ਜੇ ਲੋੜ ਸਮਝੀ ਜਾਵੇ ਤਾਂ ਇਸੇ ਢੰਗ ਨਾਲ ਸਿੱਖ ਰਹਿਤ ਮਰਯਾਦਾ ਅਤੇ ਨਾਨਕਸ਼ਾਹੀ ਕੈਲੰਡਰ ਵਿੱਚ ਵੀ ਕੋਈ ਸੋਧ ਕੀਤੀ ਜਾ ਸਕਦੀ ਹੈ। ਪਰ ਇਹ ਧਿਆਨ ਰੱਖਣ ਦੀ ਲੋੜ ਹੈ ਕਿ ਐਸੇ ਫੈਸਲੇ ਕੇਵਲ ਗੁਰਮਤਿ ਦੇ ਫ਼ਿਲਾਸਫ਼ਰ ਜਾਂ ਕੈਲੰਡਰ ਵਿਗਿਆਨ ਦੀ ਸੂਝ ਰੱਖਣ ਵਾਲੇ ਵਿਦਵਾਨ ਸੱਜਣ ਹੀ ਕਰਨ ਦੇ ਅਧਿਕਾਰੀ ਹੋਣੇ ਚਾਹੀਦੇ ਹਨ। ਕੋਈ ਪੰਜਾਂ ਦਾ ਸਮੂਹ ਜਾਂ ਕੋਈ ਬਹੁਤਾ ਵੱਡਾ ਇਕੱਠ, ਜਿਸ ਰਾਹੀਂ ਸਭ ਦੇ ਉਸਾਰੂ ਸੁਝਾਅ ਲੈਣੇ ਹੀ ਅਸੰਭਵ ਹੋਣ, ਵਾਲੇ ਮਹੌਲ ’ਚ ਕੋਈ ਨਤੀਜਾ ਨਿਕਲਣਾ ਮੁਸਕਲ ਹੈ। ਇਨ੍ਹਾਂ ਇਕੱਠਾਂ ’ਚ ਤਾਂ ਸਿਰਫ ਸਟੇਜ ਤੋਂ ਕਾਹਲੀ ਵਿੱਚ ਪੜ੍ਹੇ ਗਏ ਮਤੇ (ਜਿਨ੍ਹਾਂ ਦੀ ਪੂਰੀ ਸ਼ਬਦਾਵਲੀ ਵੀ ਕਿਸੇ ਨੂੰ ਸਮਝ ਨਾ ਆਉਂਦੀ ਹੋਵੇ ਪਰ ਫਿਰ ਵੀ ਉਹ ਕੇਵਲ) ਜੈਕਾਰੇ ਛੱਡ ਕੇ ਪ੍ਰਵਾਨਗੀ ਦੇਣ ਲਈ ਹੀ ਉਲੀਕੇ ਜਾ ਸਕਦੇ ਹਨ, ਜਿਸ ਦਾ ਗੁਰਮਤਿ ਤੇ ਪੰਥਕ ਏਕਤਾ ਨਾਲ ਕੋਈ ਸੰਬੰਧ (ਲੈਣ-ਦੇਣ) ਨਹੀਂ ਹੁੰਦਾ ਕਿਉਕਿ ਇਹ ਨਿਰੋਲ ਸਿਆਸੀ ਸਟੰਟ ਹੁੰਦਾ ਹੈ, ਜੋ ਵਕਤੀ ਤੌਰ ’ਤੇ ਕਿਸੇ ਇੱਕ ਧੜੇ ਦੀ ਹੀ ਅਗਵਾਈ ਕਰਦਾ ਹੈ।

ਧੜੇਬੰਦਕ ਸਿਆਸੀ ਇਕੱਠ ਨੂੰ ‘ਸਰਬੱਤ ਖ਼ਾਲਸਾ’ ਦਾ ਨਾਂ ਦੇਣਾ, ਤਾਂ ਸਮੁੱਚੇ ਪੰਥ ਨਾਲ ਧ੍ਰੋਹ ਤੇ ਮਜ਼ਾਕ ਹੈ: ਗਿ. ਜਾਚਕ

0

ਧੜੇਬੰਦਕ ਸਿਆਸੀ ਇਕੱਠ ਨੂੰ ‘ਸਰਬੱਤ ਖ਼ਾਲਸਾ’ ਦਾ ਨਾਂ ਦੇਣਾ, ਤਾਂ ਸਮੁੱਚੇ ਪੰਥ ਨਾਲ ਧ੍ਰੋਹ ਤੇ ਮਜ਼ਾਕ ਹੈ: ਗਿ. ਜਾਚਕ

3 ਨਵੰਬਰ, ਨਿਊਯਾਰਕ (ਮਨਜੀਤਸਿੰਘ)  ਸਿੱਖ ਕੌਮ ਦੀ ਨਿਰਮਲ, ਨਿਆਰੀ ਤੇ ਅਜ਼ਾਦ ਹਸਤੀ ਕਾਇਮ ਰੱਖਣ ਲਈ ਸ਼੍ਰੋਮਣੀ ਕਮੇਟੀ ਨੂੰ ਹਿੰਦੂਤਵੀ ਰਾਜਸੀ ਗੁਲਾਮੀ ਤੋਂ ਮੁਕਤ ਕਰਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਾਜਨੀਤਕ ਦੁਰਵਰਤੋਂ ਰੋਕਣਾ, ਖ਼ਾਲਸਈ ਤਖ਼ਤਾਂ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਬਹਾਲ ਕਰਾਉਣਾ, ਦੇਸ਼ ਵਿਦੇਸ਼ ਵਿੱਚ ਗੁਰੂ ਬੇਅਦਬੀ ਦੀਆਂ ਦੁਰਘਟਨਾਵਾਂ ਨੂੰ ਰੋਕਣਾ ਅਤੇ ਸੰਸਾਰੀ ਸਰੋਕਾਰਾਂ ਨੂੰ ਧਿਆਨ ਵਿੱਚ ਰਖਦਿਆਂ ਪੰਥਕ ਏਕਤਾ ਲਈ ਸਾਂਝਾ ਰਾਜਸੀ ਏਜੰਡਾ ਤਹਿ ਕਰਕੇ ਹਿੰਦੂ ਰਾਸ਼ਟਰਵਾਦ ਦੇ ਖਿਲਾਫ਼ ਜੂਝਣਾ;  ਸਿੱਖ ਕੌਮ ਸਾਹਮਣੇ ਇਸ ਵੇਲੇ ਬੜੇ ਭਖਵੇਂ ਤੇ ਚਨੌਤੀ ਭਰਪੂਰ ਪੰਥਕ ਮਸਲੇ ਹਨ । ਪ੍ਰੰਤੂ ਜੇ ਇਨ੍ਹਾਂ ਦੇ ਮੂੰਹ ਅੱਡੀ ਖੜੀਆਂ ਕਿਸੇ ਧੜੇਬੰਦਕ ਸਿਆਸੀ ਇਕੱਠ ਦਾ ਕੌਮੀ ਟੀਚਾ ਕੇਵਲ ਪੰਜਾਬ ਦੀ ਸੱਤਾ ’ਤੇ ਕਾਬਜ਼ ਇੱਕ ਸਿੱਖ ਆਗੂ ਨੂੰ ਤਖ਼ਤੋਂ ਲਾਹੁਣਾ ਤੇ ਅਜਿਹੇ ਕਿਸੇ ਦੂਜੇ ਨੂੰ ਬੈਠਾਉਣਾ ਹੀ ਮਿੱਥਿਆ ਹੋਵੇ ; ਤਾਂ ਉਸ ਨੂੰ ‘ਸਰਬੱਤ ਖ਼ਾਲਸੇ’ ਦਾ ਨਾਂ ਦੇਣਾ ਤਾਂ ਸਮੁੱਚੇ ਪੰਥ ਨਾਲ ਧਰੋਹ ਕਮਾਉਣ ਤੇ ਸੰਸਥਾਈ ਮਜ਼ਾਕ ਉਡਾਉਣ ਤੁੱਲ ਹੈ।  ਇਹ ਵਿਚਾਰ ਹਨ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਦੇ, ਜੋ ਉਨ੍ਹਾਂ ਇੱਕ ਵਿਸ਼ੇਸ਼ ਪ੍ਰੈਸਨੋਟ ਰਾਹੀਂ ਪ੍ਰਸਾਰਿਤ ਕੀਤੇ ਹਨ।
ਉਨ੍ਹਾਂ ਸਪਸ਼ਟ ਕੀਤਾ ਕਿ ਉਪਰੋਕਤ ਭਖਦੇ ਪੰਥਕ ਮਸਲਿਆਂ ਲਈ ‘ਸਰਬੱਤ ਖ਼ਾਲਸਾ’ ਇਕੱਠ ਬਲਾਉਣਾ ਸਮੇਂ ਦੀ ਮੁੱਖ ਲੋੜ ਹੈ ; ਜਿਸ ਵਿੱਚ 18ਵੀਂ ਸਦੀ ਦੀਆਂ ਸਿੱਖ ਮਿਸਲਾਂ ਵਾਂਗ ‘ਗੁਰੂ ਗ੍ਰੰਥ ਤੇ ਪੰਥ’ ਨੂੰ ਸਮਰਪਤ ਸਾਰੀਆਂ ਸਿੱਖ ਜਥੇਬੰਦੀਆਂ ਤੇ ਰਾਜਨੀਤਕ ਧਿਰਾਂ ਸ਼ਾਮਲ ਹੋਣ । ਪਰ, ਪੰਥ ਦਰਦੀ ਵਿਦਵਾਨਾਂ ਮੁਤਾਬਕ ਉਸ ਤੋਂ ਵੀ ਵਧੇਰੇ ਲੋੜੀਂਦਾ ਹੈ ਪਹਿਲਾਂ ਇਸ ਪ੍ਰੰਪਰਾਗਤ ਪੰਥਕ ਸੰਸਥਾ ਦਾ ਸਰੂਪ ਤੇ ਕਾਰਜਸ਼ੈਲੀ ਦਾ ਵਿਧੀ ਵਿਧਾਨ ਬਨਾਉਣਾ । ਕਿਉਂਕਿ ਇਸ ਬਾਰੇ ਅਕਾਦਮਿਕ ਦ੍ਰਿਸ਼ਟੀ ਤੋਂ ਸਿੱਖ ਇਤਿਹਾਸ ਵਿੱਚੋਂ ਕਿੰਤੂ-ਪ੍ਰੰਤੂ ਮੁਕਤ ਕੋਈ ਅਜਿਹੀ ਸਪਸ਼ਟ ਸੇਧ ਨਹੀਂ ਮਿਲਦੀ, ਜਿਸ ਨੂੰ ਅਧਾਰ ਬਣਾ ਕੇ ‘ਸਰਬੱਤ ਖ਼ਾਲਸਾ’ ਇਕੱਠ ਬੁਲਾਇਆ ਜਾ ਸਕੇ । ਦੂਜਾ ਪੱਖ ਇਹ ਵੀ ਹੈ ਕਿ ਮਹਤਵ ਪੂਰਨ ਪੰਥਕ ਮੁੱਦੇ ਭਾਰਤ ਦੀ ਪਾਰਲੀਮੈਂਟ ਵਾਂਗ ਸਰਬੱਤ ਖ਼ਾਲਸਾ ਦੇ ਨੁਮਾਇੰਦਾ ਇਕੱਠ ਵਿੱਚ ਹੀ ਵਿਚਾਰੇ ਜਾ ਸਕਦੇ ਹਨ ; ਵੱਖ ਵੱਖ ਧੜਿਆਂ ਦੀ ਕਿਸੇ ਬੇਮੁਹਾਰੀ ਵੱਡੀ ਭੀੜ ਵਿੱਚ ਨਹੀਂ । 
ਅੰਤ ਵਿੱਚ ਗਿਆਨੀ ਜਾਚਕ ਨੇ ਸੁਚੇਤ ਕੀਤਾ ਹੈ ਕਿ ਜੇ ਕੋਈ ਸਿੱਖ ਆਗੂ ਬੁੱਧੀ ਜੀਵੀ ਵਰਗ ਦੇ ਉਪਰੋਕਤ ਸੁਝਾਵਾਂ ਨੂੰ ਅਣਗੌਲਿਆਂ ਕਰਕੇ ਚੌਣਾਵੀ ਸਿਆਸਤ ਕਰੇਗਾ, ਤਾਂ ਉਸ ਧੜੇਬੰਦਕ ਇਕੱਠ ਦੇ ਸੁਆਰਥੀ ਮਤਿਆਂ ਦਾ ਵੀ ਓਹੀ ਹਾਲ ਹੋਵੇਗਾ, ਜਿਹੜਾ ਪਹਿਲਾਂ ਜੂਨ 1984 ਤੇ ਫਿਰ ਪਿੱਛਲੇ ਵਰ੍ਹੇ ਨਵੰਬਰ 2015 ਵਿੱਚ ਬੁਲਾਏ ਗਏ ‘ਸਰਬੱਤ ਖ਼ਾਲਸਾ’ ਇਕੱਠਾਂ ਵਿੱਚ ਕੀਤੇ ਮਤਿਆਂ ਦਾ ਹੋਇਆ । ਕਿਉਂਕਿ, ਸਿੱਖ ਭਾਈਚਾਰੇ ਅੰਦਰ ਗੁਰਮਤਾ ਤਾਂ ਓਹੀ ਮੰਨਿਆ ਜਾ ਸਕਦਾ ਹੈ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਅਤੇ ਸਮੁਚੇ ਪੰਥ ਦੀ ਮਰਜ਼ੀ ਸ਼ਾਮਲ ਹੋਵੇ । ਸਿੱਖ ਪ੍ਰਚਾਰਕਾਂ ਦਾ ਧਰਮ ਹੈ ਕਿ ਪੰਥ ਨੂੰ ਉਪਰੋਕਤ ਪੱਖੋਂ ਜਾਗਰੂਕ ਕਰਨ, ਤਾਂ ਕਿ ਉਨ੍ਹਾਂ ਨੂੰ ਗੁਰੂ ਦੇ ਸਨਮੁਖ ਸ਼ਰਮਿੰਦੇ ਨਾ ਹੋਣਾ ਪਵੇ ।

ਜਿਨ ਕੇ ਬੰਕੇ ਘਰੀ ਨ ਆਇਆ॥ (ਨਵੰਬਰ 1984)

0

ਜਿਨ ਕੇ ਬੰਕੇ ਘਰੀ ਨ ਆਇਆ॥  (ਨਵੰਬਰ 1984)

ਸੁਖਜੀਤ ਸਿੰਘ, ਗੁਰਮਤਿ ਪ੍ਰਚਾਰਕ/ ਕਥਾਵਾਚਕ, 201, ਗਲੀ ਨਬੰਰ 6, ਸੰਤਪੁਰਾ (ਕਪੂਰਥਲਾ) (098720-76876, 01822-276876)

ਸੁਖਜੀਤ ਸਿੰਘ

‘‘ਜਿਨ ਕੇ ਬੰਕੇ ਘਰੀ ਨ ਆਇਆ; ਤਿਨ ਕਿਉ ਰੈਣਿ ਵਿਹਾਣੀ ? ॥’’ (ਮਹਲਾ ੧/੪੧੮) ਗੁਰੂ ਨਾਨਕ ਸਾਹਿਬ ਵੱਲੋ ਉਚਾਰਨ ਕੀਤੀ ਇਹ ਤੁਕ ਬਾਬਰ ਦੇ ਹਿੰਦੁਸਤਾਨ ਉੱਪਰ ਹਮਲੇ ਨਾਲ ਸਬੰਧਿਤ ਕਤਲੇਆਮ ਦੇ ਦੁਖਾਂਤ ਭਰਪੂਰ ਸਿੱਟਿਆ ਨੂੰ ਬਾਖੂਬੀ ਬਿਆਨ ਕਰਦੀ ਹੈ। ਇਸ ਸਮੇਂ ਐਮਨਾਬਾਦ ਦੀ ਧਰਤੀ ਉੱਪਰ ਹੋਈ ਭਿਆਨਕ ਕਤਲੇਆਮ ਨੇ ਬਹੁਤ ਪਰਿਵਾਰਾਂ ਦੇ ਖੁਸ਼ੀਆਂ ਖੇੜੇ ਹਮੇਸ਼ਾਂ ਲਈ ਖਤਮ ਕਰ ਦਿੱਤੇ। ਇਸ ਤੁਕ ਰਾਹੀਂ ਗੁਰੂ ਸਾਹਿਬ ਨੇ ਉਨ੍ਹਾਂ ਬੇਕਸੂਰ ਔਰਤਾਂ ਦੇ ਸਦੀਵੀ ਦੁੱਖ ਦਾ ਚਿਤਰਣ ਕੀਤਾ ਹੈ ਕਿ ਕਿਵੇਂ ਬਾਬਰ ਦੇ ਸਿਪਾਹੀਆਂ ਨੇ ਪਲਾਂ ਵਿਚ ਹੀ ਉਨ੍ਹਾਂ ਨੂੰ ‘ਸੁਹਾਗਣਾ ਤੋਂ ਵਿਧਵਾਵਾਂ’ ’ਚ ਤਬਦੀਲ ਕਰ ਦਿੱਤਾ। ਮਾਸੂਮ ਬੱਚਿਆਂ ਨੂੰ ‘ਨਾਥ ਤੋਂ ਅਨਾਥ’ ਬਜੁਰਗਾਂ ਨੂੰ ‘ਆਸਰੇ ਤੋਂ ਨਿਆਸਰੇ’ ਕਰ ਦਿੱਤਾ ਗਿਆ।

ਮੌਤ ਦੀ ਆਗੋਸ਼ (ਬੁੱਕਲ) ਵਿਚ ਜਾਣ ਵਾਲੇ ਤਾਂ ਸਦੀਵੀ ਤੌਰ ’ਤੇ ਚਲੇ ਗਏ, ਪਰ ਪਿੱਛੇ ਛੱਡ ਗਏ ਦੁੱਖਾਂ ਦੀ ਐਸੀ ਦਾਸਤਾਨ ਜਿਸ ਦਾ ਅੰਤ ਹੀ ਕੋਈ ਨਹੀਂ, ਜਿਸ ਦੁਖ ਨੂੰ ਬਿਆਨ ਕਰਨ ਲਈ ਸ਼ਬਦ ਲੱਭਣੇ ਮੁਸ਼ਕਲ ਹਨ। ‘‘ਮਨ ਕੀ ਬਿਰਥਾ ਮਨ ਹੀ ਜਾਣੈ; ਅਵਰ ਕਿ ਜਾਣੈ ਕੋ ਪੀਰ ਪਰਈਆ ?॥’’ (ਮਹਲਾ ੪/੮੩੬) ਵਾਕ ਅਨੁਸਾਰ ਬਾਕੀਆਂ ਲਈ ਤਾਂ ਇਹ ਕਤਲੇਆਮ ਕੇਵਲ ਇਕ ਖਬਰ ਬਣੀ ਹੋਵੇਗੀ, ਪਰ ਜਿਨ੍ਹਾਂ ਨੇ ਇਸ ਦਰਦ ਨੂੰ ਆਪਣੇ ਨੰਗੇ ਪਿੰਡੇ ’ਤੇ ਹੰਢਾਇਆ; ਸਵਾਰਥੀ ਲੋਕਾਂ ਵਾਂਗ ਐਮਨਾਬਾਦ ਛੱਡ ਕੇ ਭੱਜਣ ਦੀ ਥਾਂ ਗੁਰੂ ਨਾਨਕ ਸਾਹਿਬ ਉਨ੍ਹਾਂ ਕਤਲੇਆਮ ਪੀੜਤਾਂ ਦੇ ਵਿਚਕਾਰ ਮਸੀਹਾ ਬਣ ਕੇ ਪਹੁੰਚੇ। ਉਨ੍ਹਾਂ ਦੇ ਹਿਰਦੇ ਦੀ ਪੀੜਾ ਨੂੰ ਸਮੁੱਚੀ ਮਾਨਵਤਾ ਦੇ ਰਹਿਬਰ ਗੁਰੂ ਨਾਨਕ ਸਾਹਿਬ ਨੇ ਧੁਰ ਅੰਦਰੋਂ ਮਹਿਸੂਸ ਕਰਦੇ ਹੋਏ ਇਸ ਇਤਿਹਾਸਕ ਦਰਦੀਲੇ ਪੱਖ ਨੂੰ ਆਪਣੀ ਰਚੀ ਗੁਰਬਾਣੀ ਦਾ ਹਿੱਸਾ ਬਣਾ ਕੇ ਸਰਬ ਸਾਂਝੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਦੀਵੀ ਤੌਰ ’ਤੇ ਦਰਜ ਕਰਦੇ ਹੋਏ ‘‘ਸਚ ਕੀ ਬਾਣੀ ਨਾਨਕੁ ਆਖੈ; ਸਚੁ ਸੁਣਾਇਸੀ ਸਚ ਕੀ ਬੇਲਾ॥’’ (ਮਹਲਾ ੧/੭੨੨) ਵਾਕ ਅਨੁਸਾਰ ਸੱਚ ਕਹਿਣ ਦੇ ਸਮੇਂ ਸੱਚ ਕਹਿਣ ਦੀ ਦਲੇਰਾਨਾ ਨੀਂਹ-ਪੱਥਰ ਰੱਖ ਦਿੱਤਾ। ਇਸ ਨੀਂਹ ਉੱਪਰ ਬਾਕੀ 9 ਗੁਰੂ ਸਾਹਿਬਾਨਾਂ ਨੇ ਸਿੱਖੀ ਮਹੱਲ ਦੀ ਸ਼ਾਨਦਾਰ ਇਮਾਰਤ ਖੜ੍ਹੀ ਕਰਕੇ ਇਤਿਹਾਸ ਦੇ ਪੰਨਿਆਂ ਦਾ ਸ਼ਿੰਗਾਰ ਬਣਾ ਕੇ ਸਿੱਖੀ ਦੇ ਵਾਰਸਾਂ ਦੇ ਸਪੁਰਦ ਕਰ ਦਿੱਤੀ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਅਤੇ ਉਨਾਂ ਦੇ ਜਾਂ-ਨਸ਼ੀਨ ਸੱਚ ਦੇ ਮਾਰਗ ਦਰਸ਼ਕ ਬਣੇ।

ਅੱਜ ਸੋਚਣ ਅਤੇ ਆਪਾ ਪੜਚੋਲ ਕਰਨ ਦਾ ਵਿਸ਼ਾ ਇਹ ਹੈ ਕਿ ਕੀ ਅਸੀਂ ਗੁਰੂ ਨਾਨਕ ਦੇ ਸਿੱਖ ਅਖਵਾਉਣ ਵਾਲੇ ‘‘ਚਰਨ ਚਲਉ ਮਾਰਗਿ ਗੋਬਿੰਦ॥’’ (ਮਹਲਾ ੫/੨੮੧) ਦੇ ਪਾਂਧੀ ਬਣੇ ?

ਗੁਰਬਾਣੀ-ਇਤਿਹਾਸ ਰਾਹੀਂ ਦਿੱਤੇ ਸਿਧਾਂਤ, ਮਾਰਗ ਦਰਸ਼ਨ ਸਦੀਵੀ ਤੌਰ ’ਤੇ ਸੱਚ ਹਨ। ਗੁਰਬਾਣੀ-ਇਤਿਹਾਸ ਨੂੰ ਪੜ੍ਹਨਾ, ਸੁਨਣਾ, ਮੱਥਾ ਟੇਕਣਾ ਸਹੀ ਅਰਥਾਂ ਵਿਚ ਤਾਂ ਹੀ ਸਾਰਥਕ ਹੈ ਜੇ ਅਸੀਂ ਗੁਰੂ ਹੁਕਮਾਂ ਰਾਹੀਂ ਦਿੱਤੇ ਗਿਆਨ ਦੀ ਕਸਵੱਟੀ ’ਤੇ ਪਰਖ ਕੇ ਵੇਖੀਏ ਕਿ ਅਸੀਂ ਕਿੱਥੇ ਖੜ੍ਹੇ ਹਾਂ ? ਅਸੀਂ ਕੀ ਕਰ ਰਹੇ ਹਾਂ ?

ਉਪਰੋਕਤ ਸਾਰੇ ਇਤਿਹਾਸਕ ਪੱਖ ਦੇ ਮੱਦੇਨਜ਼ਰ ਜਦੋਂ ਅਸੀਂ ਨਵੰਬਰ 1984 ਦੇ ਕਤਲੇਆਮ ਦੇ ਦਰਦ ਨੂੰ ਸਾਹਮਣੇ ਰੱਖ ਕੇ ਵੇਖਦੇ ਹਾਂ ਤਾਂ ਲੱਗਦਾ ਹੈ- ‘ਜਿਵੇਂ ਇਤਿਹਾਸ ਵਲੋਂ ਆਪਣੇ ਆਪ ਨੂੰ ਦੁਹਰਾ ਦਿਤਾ ਹੋਵੇ।’ 

ਪਰ ਇਨ੍ਹਾਂ ਦੋਵੇ ਦਰਦਨਾਕ ਇਤਿਹਾਸਕ ਘਟਨਾਵਾਂ ਵਿਚ ਮੁੱਖ ਅੰਤਰ ਇਹ ਹੈ ਕਿ ਬਾਬਰ ਤਾਂ ਬਾਹਰੋਂ ਬੇਗਾਨੇ ਦੇਸ਼ ਦਾ ਹਮਲਾਵਾਰ ਸੀ, ਪਰ ਨਵੰਬਰ 1984 ਵਿਚ ਸਾਡੇ ਆਪਣੇ ਹੀ (ਜਿਨ੍ਹਾਂ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਤਿੰਨ ਸਿੱਖਾਂ ਸਮੇਤ ਦਿੱਲੀ ਦੇ ਚਾਂਦਨੀ ਚੌਂਕ ਵਿਚ ਸ਼ਹੀਦੀਆਂ ਅਤੇ ਕਲਗੀਧਰ ਨੇ ਸਮੁੱਚੇ ਸਰਬੰਸ ਦੀ ਕੁਰਬਾਨੀ ਦੇ ਕੇ ਉਨ੍ਹਾਂ ਦੇ ਧਰਮ ਦੀ ਅਜ਼ਾਦੀ ਦੀ ਰਖਵਾਲੀ ਕੀਤੀ ਸੀ) ਸਪਸ਼ਟ ਰੂਪ ਵਿਚ ਅਕ੍ਰਿਤਘਣ ਹੋ ਗਏ। ‘ਰਕਸ਼ਕ ਤੋਂ ਭਕਸ਼ਕ’ ਬਣੀ ਹਕੂਮਤ ਦੀ ਛਤਰ ਛਾਇਆ ਹੇਠ ‘ਪਾਪ ਕੀ ਜੰਞ’ ਦੇ ਇਸ ਅਣ-ਮਨੁੱਖੀ ਵਰਤਾਰੇ ਸਬੰਧੀ ਕਵੀ ‘ਸੁਰਜੀਤ ਪਾਤਰ’ ਦੇ ਸ਼ਬਦ ਬੇਹੱਦ ਸਾਰਥਿਕ ਜਾਪਦੇ ਹਨ-‘ਤਖਤ ਦੀ ਛਾਂ ਥੱਲੇ, ਜਿੱਧਰ ਵੇਖੋ ਅੱਗਾਂ ਹੀ ਅੱਗਾਂ। ਚੌਕ ਚੁਰਾਹੇ ਰੁਲਦੀਆਂ, ਜਿੱਧਰ ਵੇਖੋ ਪੱਗਾਂ ਹੀ ਪੱਗਾਂ। ਕਤਲ ਕਿਸ ਨੇ ਕੀਤਾ ? ਇਹ ਤਾਂ ਪਤਾ ਹੀ ਨਾਂ ਲੱਗਾ, ਪਰ ਬੇਦੋਸ਼ਾਂ ਖੂਨ ਤਾਂ, ਪੱਗਾਂ ਸਿਰ ਹੀ ਲੱਗਾ।’

ਉਪਰੋਕਤ ਪਰਿਖੇਪ ਵਿਚ ਪੁਰਾਤਨ ਅਤੇ ਮੌਜੂਦਾ ਕਤਲੇਆਮ ਦੇ ਇਤਿਹਾਸ ਦੀ ਤੁਲਨਾਤਮਕ ਪੜਚੋਲ ਕਰਨ ਤੇ ਨਿਮਨਲਿਖਤ ਖੇਤਰਾਂ ਤਹਿਤ ਕੁਝ ਨੁਕਤੇ ਧਿਆਨ ਦੀ ਮੰਗ ਕਰਦੇ ਹਨ।

ਧਾਰਮਿਕ ਖੇਤਰ: ਸਰਹਿੰਦ ਦੇ ਨਵਾਬ ਵਜੀਰ ਖਾਨ ਦੀ ਕਚਹਿਰੀ ਵਿਚ ਛੋਟੇ ਸਾਹਿਬਜਾਦਿਆਂ ਦੀ ਅਣ-ਮਨੁੱਖੀ ਸ਼ਹਾਦਤ ਸਬੰਧੀ ‘ਧਰਮ’ ਦੇ ਨਾਮ ਉੱਪਰ ਸੁਣਾਏ ਗਏ ‘ਅਧਰਮੀ’ ਫਤਵੇ ਦੇ ਪ੍ਰਤੀਕਰਮ ਵਜੋਂ ਬੇਗਾਨੇ ਨਵਾਬ ਸ਼ੇਰ ਮੁਹੰਮਦ ਖਾਨ ਮਲੇਰਕੋਟਲਾ ਵਲੋਂ ‘ਖੁਦਾ ਮਹਿਫੂਜ਼ ਰਖੇ ਹਮ ਕੋ ਐਸੇ ਪਾਪ ਸੇ। ਬਦਲਾ ਹੀ ਲੇਨਾ ਹੋਗਾ ਤੋਂ ਹਮ ਲੇਗੇਂ ਬਾਪ ਸੇ।’ (ਜੋਗੀ ਅੱਲਾ ਯਾਰ ਖਾਂ- ਸ਼ਹੀਦਾਨ ਵਫਾ) ਹਾਅ ਦੇ ਨਾਅਰੇ ਦੀ ਗਾਥਾ ਜਗਤ ਪ੍ਰਸਿੱਧ ਹੈ ਭਾਵੇਂ ਕਿ ਉਸ ਦਾ ਇਹ ਯਤਨ ਜਾਲਮਾਂ ਦਾ ਫੈਸਲਾ ਨਹੀਂ ਬਦਲ ਸਕਿਆ, ਪਰ ਸੱਚ ਕਹਿਣ ਦੇ ਸਮੇਂ ਸੱਚ ਕਹਿਣ ਦੀ ਦਲੇਰੀ ਭਰੇ ਕਦਮ ਨੇ ਸਮੁੱਚੀ ਸਿੱਖ ਕੌਮ ਨੂੰ ਸਦੀਵੀ ਤੌਰ ’ਤੇ ਨਵਾਬ ਮਲੇਰਕੋਟਲਾ ਪ੍ਰਤੀ ਕਰਜਦਾਰ ਕਰ ਦਿੱਤਾ ਅਤੇ ਰਹਿੰਦੀ ਦੁਨੀਆਂ ਤੱਕ ਸਿੱਖ ਕੌਮ ਇਸ ਕਰਜ ਤੋਂ ਲੱਖਾਂ ਯਤਨ ਕਰਕੇ ਵੀ ਮੁਕਤੀ ਪ੍ਰਾਪਤ ਨਹੀਂ ਕਰ ਸਕੇਗੀ।

ਜੂਨ 1984 ਅਤੇ ਨਵੰਬਰ 1984 ਦੇ ਅਣ-ਮਨੁੱਖੀ, ਅ-ਧਰਮੀ ਦੁਖਾਂਤਾਂ ਸਮੇਂ ਸਾਡੇ ਸਿੱਖ ਧਾਰਮਿਕ ਖੇਤਰ ਦੇ ਸੰਤ, ਮਹਾਂਪੁਰਖ, ਬਾਬੇ, 108, 1008, ਬ੍ਰਹਮਗਿਆਨੀ, ਪੂਰਨ ਬ੍ਰਹਮਗਿਆਨੀ, ਡੇਰੇਦਾਰ, ਗੁਰੂ ਸਾਹਿਬਾਨ ਦੀ ਅੰਸ-ਬੰਸ ਹੋਣ ਦਾ ਢੰਡੋਰਾ ਪਿੱਟਣ ਵਾਲਿਆਂ ਨੇ ਕੋਈ ਅਵਾਜ਼ ਉਠਾਉਣ ਦੀ ਲੋੜ ਵੀ ਨਹੀਂ ਸਮਝੀ। ਸਾਰੇ ਆਪਣੇ-ਆਪਣੇ ਡੇਰਿਆਂ, ਅਸਥਾਨਾਂ ਅੰਦਰ ਚੁੱਪ-ਗੜੁੱਪ ਹੋ ਕੇ ਮਾਨੋ ਭੋਰਿਆਂ ਵਿਚ ਹੀ ਦੁਬਕ ਕੇ ਬੈਠੇ ਰਹੇ। ‘ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ’ ਵਾਲੀ ਕਹਾਵਤ ਨੂੰ ਪ੍ਰਤੱਖ ਰੂਪ ਵਿਚ ਸੱਚ ਕਰਕੇ ਦਿਖਾ ਦਿੱਤਾ।

ਸੱਚ ਕਹਿਣ ਦੇ ਸਮੇਂ ਸੱਚ ਕਹਿਣ ਦੀ ਦਲੇਰੀ ਨਾ ਦਿਖਾਉਣ ਵਾਲਿਆਂ ਬਾਰੇ ਸਿੱਖ ਕੌਮ ਨੂੰ ਜਰਾ ਡੂੰਘਾਈ ਤੇ ਨਿਰਪੱਖਤਾ ਨਾਲ ਸੋਚ-ਵਿਚਾਰ ਕੇ ਨਿਰਣਾ ਲੈਣ ਦੀ ਜ਼ਰੂਰਤ ਹੈ।

ਰਾਜਨੀਤਕ ਖੇਤਰ: ਅੱਜ ਅਸੀਂ ਦੇਖਦੇ ਹਾਂ ਕਿ ਹਰ ਸਾਲ 1 ਨਵੰਬਰ ਤੋਂ 7 ਨਵੰਬਰ ਤੱਕ ਸਾਡੇ ਰਾਜਨੀਤਕ ਲੋਕ ਸਟੇਜਾਂ, ਧਾਰਮਿਕ ਸਮਾਗਮਾਂ, ਇਲੈਕਟ੍ਰੋਨਿਕ- ਪਿ੍ਰੰਟ ਮੀਡੀਏ ਰਾਹੀਂ ਕਾਂਗਰਸ ਵਲੋਂ ਸਿੱਖ ਕੌਮ ਨੂੰ ਅੱਜ ਤੱਕ ਇਨਸਾਫ਼ ਨਾ ਦੇਣ ਦੀ ਖੂਬ ਦੁਹਾਈ ਪਾਉਂਦੇ ਹਨ। ਪ੍ਰੰਤੂ ਇਹ ਗੁਰੂ ਨਾਨਕ ਕੇ ਅਖਵਾਉਣ ਵਾਲਿਆਂ ਦੀ ਕੇਵਲ ਸਿਆਸੀ ਮਜਬੂਰੀ ਤੋਂ ਵਧ ਕੁਝ ਵੀ ਨਹੀਂ। ਇਸ ਦਾ ਪ੍ਰਤੱਖ ਸਬੂਤ ਹਰ ਸਾਲ ਨਵੰਬਰ ਦੇ ਪਹਿਲੇ ਹਫਤੇ (7 ਦਿਨ) ਦੀ ਹਾਲ-ਪਾਹਰਿਆ, ਦੁਹਾਈ ਪਾਉਣਾ ਪਰ ਬਾਕੀ 358 ਦਿਨ ਦੀ ਖਾਮੋਸ਼ੀ ਵਿਚੋਂ ਮਿਲ ਜਾਂਦਾ ਹੈ। ਇਹ ਸਿਆਸੀ ਲੋਕ ਸੰਨ 1984 ਤੋਂ 2016 ਦੇ ਬੇਇਨਸਾਫੀ ਭਰਪੂਰ ਲੰਮੇ ਸਮੇਂ ਦੀ ਗੱਲ ਕਰਦੇ ਹਨ, ਪਰ ਇਨ੍ਹਾਂ 32 ਸਾਲਾਂ ਦੇ ਕਾਲ ਨੂੰ 24+8 (ਭਾਵ 24 ਸਾਲ ਕਾਂਗਰਸ ਤੇ 8 ਸਾਲ ਅਕਾਲੀਆਂ ਸਮੇਤ ਬੀਜੇਪੀ ਕੁੱਲ 32 ਸਾਲਾਂ) ਦੇ ਰੂਪ ਵਿਚ ਪੜ੍ਹਨ, ਸਮਝਣ ਦੀ ਲੋੜ ਹੈ ਕਿਉਂਕਿ 8 ਸਾਲ ਦੇ ਲੰਮੇ ਸਮੇਂ ਦੀ ਭਾਈਵਾਲੀ ਪਾਰਟੀ ਤਾਂ ਸਾਡੀ ਆਪਣੀ (ਅਕਾਲੀ) ਪਾਰਟੀ ਵੀ ਸੀ, ਉਸ ਦਾ ਹਿਸਾਬ ਤਾਂ ਇਨ੍ਹਾਂ ਨੂੰ ਵੀ ਦੇਣਾ ਬਣਦਾ ਹੈ।

ਸਾਡੇ ਪੰਜਾਬੀ ਸਭਿਆਚਾਰ ਦਾ ਇਕ ਅੰਗ ਹੈ ਕਿ ਸਾਡੇ ਸਮਾਜ ਵਿਚ ਖੁਸ਼ੀ-ਗਮੀ ਸਮੇਂ ਉਸ ਅਨੁਸਾਰ ਅਸੀਂ ਪਹਿਰਾਵਾ ਬਦਲ ਕੇ ਪਾਉਂਦੇ ਹਾਂ। ਪ੍ਰੰਤੂ ਸਾਡੇ ਰਾਜਨੀਤਕ ਆਗੂ ਆਪਣੇ-ਆਪਣੇ ਸਵਾਰਥ ਨੂੰ ਮੁੱਖ ਰੱਖ ਕੇ ਗਿਰਗਟ ਵਾਂਗ ਰੰਗ ਬਦਲਣ ਤੋਂ ਵੀ ਸੰਕੋਚ ਨਹੀਂ ਕਰਦੇ।

ਪਿਛਲੇ ਸਮੇਂ ਨਵੰਬਰ 1984 ਦੇ ਸ਼ਹੀਦਾਂ ਦੀ ਯਾਦ ’ਚ ਦਿੱਲੀ ਵਿਚ ਨੀਂਹ ਪੱਥਰ ਰੱਖਣ ਦੀ ਗੱਲ ਬੀਤੇ ਨੂੰ ਕਿੰਨੇ ਮਹੀਨੇ ਦਾ ਲੰਮਾ ਸਮਾਂ ਬੀਤ ਚੁੱਕਾ ਹੈ ਅਤੇ ਪਤਾ ਨਹੀਂ ਕਿੰਨਾ ਸਮਾਂ ਹੋਰ ਲੰਘੇਗਾ ? ਇਸ ਯਾਦਗਾਰ ਦਾ ਬਣ ਕੇ ਤਿਆਰ ਹੋ ਜਾਣਾ ਭਵਿੱਖ ਦੀ ਬੁਕਲ ਵਿਚ ਅਲਿਪਤ ਹੈ ਅਤੇ ਸ਼ਾਇਦ ਅਲਿਪਤ ਹੀ ਰਹੇਗਾ।

ਆਉ, ਅਸੀ ਨਵੰਬਰ 1984 ਦੇ ਸਮੂਹਿਕ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸ਼ਹੀਦਾਂ ਦੀਆਂ ਚਿਤਾਵਾਂ ਉੱਪਰ ਆਪਣੇ-ਆਪਣੇ ਸਵਾਰਥਾਂ ਦੀਆਂ ਰੋਟੀਆਂ ਸੇਕਣ ਵਾਲਿਆਂ ਨੂੰ ‘ਜਿਨ ਮਨਿ ਹੋਰੁ, ਮੁਖਿ ਹੋਰੁ; ਸਿ ਕਾਂਢੈ ਕਚਿਆ॥’’ (ਫਰੀਦ ਜੀ/੪੮੮) ਗੁਰਬਾਣੀ ਫੁਰਮਾਨ ਦੀ ਕਸਵੱਟੀ ’ਤੇ ਪਰਖ ਕੇ ਦੇਖ ਲਈਏ ਅਤੇ ਗੁਰੂ ਨਾਨਕ ਸਾਹਿਬ ਦੇ ਪਾਏ ਪੂਰਨਿਆਂ ’ਤੇ ਚਲਦਿਆਂ ਅਜੋਕੇ ਸਵਾਰਥੀ ਲੋਕਾਂ ਨੂੰ ਸਮਾਜ ਦੇ ਸਾਹਮਣੇ ਨੰਗਾ ਕਰ ਦੇਈਏ, ਇਹੀ ਉਹਨਾਂ ਸ਼ਹੀਦਾਂ, ਜੋ ਕੇਵਲ ਸਿੱਖ ਹੋਣ ਕਰਕੇ ਬੇ-ਕਸੂਰ ਮਾਰੇ ਗਏ, ਨੂੰ ਸੱਚੀ ਤੇ ਸੁੱਚੀ ਸ਼ਰਧਾਂਜਲੀ ਹੋਵੇਗੀ।

*************

ਪਟਾਕਿਆਂ ਦੀ ਮਾਰ

0

ਪਟਾਕਿਆਂ ਦੀ ਮਾਰ

ਡਾ: ਹਰਸ਼ਿੰਦਰ ਕੌਰ, ਐਮ ਡੀ, ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਮੈਂ ਉਸ ਵੇਲੇ ਇਨਟਰਨਸ਼ਿਪ ਦੌਰਾਨ ਰਾਜਿੰਦਰਾ ਹਸਪਤਾਲ ਵਿਚ ਕੰਮ ਕਰ ਰਹੀ ਸੀ। ਦੀਵਾਲੀ ਦਾ ਦਿਨ ਸੀ। ਮੇਰੇ ਨਾਲ ਦੇ ਹੋਸਟਲਾਂ ਵਿਚ ਰਹਿੰਦੇ ਡਾਕਟਰ ਛੁੱਟੀ ਕਾਰਨ ਘਰ ਚਲੇ ਗਏ ਹੋਏ ਸਨ। ਮੈਂ ਪਟਿਆਲੇ ਰਹਿਣ ਸਦਕਾ ਉਸ ਦਿਨ ਡਿਊਟੀ ਉੱਤੇ ਸੀ ਤੇ ਨਾਲ ਸਨ ਮੇਰੇ ਇਕ ਸੀਨੀਅਰ ਡਾਕਟਰ ਜੋ ਹਾਊਸ ਜਾਬ ਕਰ ਰਹੇ ਸਨ। 

ਸਵੇਰ ਵੇਲੇ ਤਾਂ ਇਕ ਵੀ ਕੇਸ ਨਾ ਆਇਆ। ਅਸੀਂ ਖ਼ੁਸ਼ ਸੀ ਕਿ ਕੋਈ ਮਰੀਜ਼ ਨਹੀਂ ਆਇਆ। ਸਾਰੇ ਤਿਉਹਾਰ ਵਿਚ ਰੁੱਝੇ ਹੋਏ ਹੋਣਗੇ। ਰਾਤ ਅੱਠ ਵਜੇ ਮੈਂ ਡਿਊਟੀ ਮੁਕਾ ਕੇ ਘਰ ਜਾਣਾ ਸੀ। ਇਸੇ ਲਈ ਅਸੀਂ ਮਸਾਂ ਹੀ ਵਕਤ ਲੰਘਾ ਰਹੇ ਸੀ। ਸ਼ਾਮ ਪੰਜ ਕੁ ਵਜੇ ਅਸੀਂ ਬਾਹਰੋਂ ਗਰਮ ਗਰਮ ਕੌਫੀ ਮੰਗਵਾਈ। ਹਾਲੇ ਪਹਿਲਾ ਘੁੱਟ ਹੀ ਭਰਿਆ ਹੋਵੇਗਾ ਕਿ ਚੀਕਦੇ ਕਰਲਾਉਂਦੇ ਚਾਰ ਜਣੇ ਬੱਚਾ ਵਾਰਡ ਅੰਦਰ ਆ ਗਏ। ਉਨ੍ਹਾਂ ਨੇ ਇਕ ਬੱਚਾ ਚੁੱਕਿਆ ਹੋਇਆ ਸੀ। ਬੱਚੇ ਦਾ ਮੂੰਹ ਬੁਰੀ ਤਰ੍ਹਾਂ ਝੁਲਸਿਆ ਪਿਆ ਸੀ ਤੇ ਕਿਤੇ ਕਿਤੇ ਲਹੂ ਵੀ ਵੱਗ ਰਿਹਾ ਸੀ। ਮੂੰਹ ਉੱਤੇ ਚਿੱਟਾ ਜਿਹਾ ਲੇਪ ਲਾਇਆ ਹੋਇਆ ਸੀ ਤੇ ਗੰਦਾ ਜਿਹਾ ਛੋਟਾ ਜਿਹਾ ਕੱਪੜਾ ਲਪੇਟਿਆ ਪਿਆ ਸੀ ਜੋ ਲਹੂ ਨਾਲ ਭਿੱਜਿਆ ਪਿਆ ਸੀ।

ਪੂਰਾ ਚੈਕਅੱਪ ਕਰਨ ਬਾਅਦ ਪਤਾ ਲੱਗਿਆ ਕਿ ਉਸ ਬੱਚੇ ਦੀਆਂ ਦੋਵੇਂ ਅੱਖਾਂ ਹਮੇਸ਼ਾਂ ਲਈ ਖ਼ਤਮ ਹੋ ਚੁੱਕੀਆਂ ਹਨ। ਪੁੱਛਣ ’ਤੇ ਪਤਾ ਲੱਗਿਆ ਕਿ ਉਸ ਬੱਚੇ ਨੇ ਅਨਾਰ ਚਲਾਉਣ ਦੀ ਕੋਸ਼ਿਸ਼ ਕੀਤੀ, ਜੋ ਚੱਲਿਆ ਨਹੀਂ ਤੇ ਫੇਰ ਉਸ ਨੂੰ ਚੁੱਕ ਕੇ ਅੱਖਾਂ ਨੇੜੇ ਲਿਆ ਕੇ ਵੇਖਣ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਅਨਾਰ ਫੱਟ ਗਿਆ। ਆਂਢ ਗੁਆਂਢ ਤੇ ਘਰ ਵਾਲਿਆਂ ਨੇ ਕੌਲਗੇਟ ਟੂਥਪੇਸਟ ਉੱਤੇ ਮਲ ਕੇ ਚੰਗੀ ਤਰ੍ਹਾਂ ਗਰਮ ਸ਼ਾਲ ਵਿਚ ਲਪੇਟ ਕੇ ਰਗੜ ਕੇ ਮੂੰਹ ਮਲ ਦਿੱਤਾ। ਨਤੀਜਾ ਸਾਹਮਣੇ ਸੀ। ਹੱਥ, ਛਾਤੀ ਤੇ ਮੂੰਹ ਸੜੇ ਹੋਏ ਤੇ ਅੱਖਾਂ ਦੀ ਰੌਸ਼ਨੀ ਖ਼ਤਮ !

ਇਹ ਪਹਿਲਾ ਕੇਸ ਸੀ ਜਿਸ ਨੇ ਸਾਡਾ ਮੂਡ ਖ਼ਰਾਬ ਕਰ ਦਿੱਤਾ। ਮਾਪਿਆਂ ਦੇ ਵੈਣ ਸੁਣੇ ਨਹੀਂ ਸਨ ਜਾਂਦੇ। ਗ਼ਲਤੀ ਉਨ੍ਹਾਂ ਦੀ ਆਪਣੀ ਸੀ। ਉਨ੍ਹਾਂ ਦਾ ਇਕਲੌਤਾ ਬੱਚਾ ਹਮੇਸ਼ਾਂ ਲਈ ਅੰਨ੍ਹਾ ਹੋ ਚੁੱਕਿਆ ਸੀ। ਕਿਸ ਅੱਗੇ ਦੁਖੜਾ ਫਰੋਲਦੇ !

ਫੇਰ ਤਾਂ ਜਿਵੇਂ ਹੱਦ ਹੀ ਹੋ ਗਈ। ਰਾਤ ਅੱਠ ਵਜੇ ਡਿਊਟੀ ਖ਼ਤਮ ਹੋਣ ਤਕ ਬਸ ਲਾਈਨ ਹੀ ਬੱਝ ਗਈ ਸੀ। ਇਕ ਪਲ ਵੀ ਵਿਹਲ ਲਹੀਂ ਮਿਲਿਆ। ਲਗਾਤਾਰ ਪਟਾਕਿਆਂ ਨਾਲ ਸੜੇ ਬੱਚਿਆਂ ਦੇ ਕੇਸ ਜਿਨਾਂ ਵਿਚ ਇਕ ਦਾ ਤਾਂ ਪੂਰਾ ਸੱਜਾ ਹੱਥ ਹੀ ਉੱਡ ਗਿਆ ਹੋਇਆ ਸੀ, ਆਉਂਦੇ ਰਹੇ। ਕੇਸ ਏਨੇ ਜ਼ਿਆਦਾ ਸਨ ਕਿ ਸਭ ਨੂੰ ਸਾਂਭਦੇ ਰਾਤ ਦੇ ਨੌਂ ਵੱਜ ਗਏ! ਉਦੋਂ ਕੋਈ ਮੋਬਾਈਲ ਫ਼ੋਨ ਹੁੰਦੇ ਨਹੀਂ ਸੀ ਕਿ ਘਰ ਖ਼ਬਰ ਕਰਦੀ। ਮੇਰੇ ਮੰਮੀ ਫ਼ਿਕਰ ਕਰਦੇ ਬਾਹਰ ਗਲੀ ਵਿਚ ਉਦੋਂ ਤੱਕ ਖਲੋਤੇ ਰਹੇ ਜਦ ਤਕ ਮੈਂ ਵਾਪਸ ਘਰ ਨਾ ਪਹੁੰਚੀ। ਰਸਤੇ ਵਿਚ ਵੀ ਲੋਕ ਜੋ ਪਟਾਕੇ ਚਲਾ ਰਹੇ ਸਨ ਉਹ ਅੱਗ ਲਾ ਕੇ ਰਾਹ ਚਲਦਿਆਂ ਉੱਤੇ ਸੁੱਟ ਰਹੇ ਸਨ।

ਏਨੇ ਸੜੇ ਹੋਏ ਕੇਸ ਵੇਖ ਕੇ ਘਰ ਵਾਪਸ ਆ ਕੇ ਕੌਣ ਪਟਾਕੇ ਚਲਾ ਸਕਦਾ ਸੀ ? ਮੇਰਾ ਤਾਂ ਉੱਕਾ ਹੀ ਜੀਅ ਨਹੀਂ ਕੀਤਾ। ਉਸ ਦੀਵਾਲੀ ਉੱਤੇ ਸਿਰਫ਼ ਮੋਮਬੱਤੀਆਂ ਬਾਲ ਕੇ ਹੀ ਦੀਵਾਲੀ ਮਨਾਈ।

ਉਹ ਕੋਈ ਪਹਿਲੀ ਤੇ ਆਖ਼ਰੀ ਵਾਰ ਨਹੀਂ ਸੀ ਕਿ ਪਟਾਕਿਆਂ ਨਾਲ ਕੋਈ ਸੜਿਆ ਨਾ ਹੋਵੇ। ਹਰ ਸਾਲ ਅਨੇਕਾਂ ਸੜੇ ਹੋਏ ਬੱਚੇ ਹਸਪਤਾਲਾਂ ਵਿਚ ਪਹੁੰਚ ਰਹੇ ਹਨ ਪਰ ਕੀ ਮਜਾਲ ਕੋਈ ਜਣਾ ਇਹ ਵੇਖ ਕੇ ਪਟਾਕਿਆਂ ਤੋਂ ਗੁਰੇਜ਼ ਕਰੇ।

ਪਟਾਕਿਆਂ ਨਾਲ ਸੜੇ ਬੱਚਿਆਂ ਬਾਰੇ ਕੁੱਝ ਖੋਜਾਂ ਦਾ ਜ਼ਰੂਰ ਮੈਂ ਜ਼ਿਕਰ ਕਰਾਂਗੀ।

ਜੈਪੁਰ ਦੇ ਇਕ ਵੱਡੇ ਅੱਖਾਂ ਦੇ ਹਸਪਤਾਲ ਤੇ ਸੂਰਤ ਦੇ ਮੈਡੀਕਲ ਕਾਲਜ ਵਿਚ ਖੋਜ ਜ਼ਾਹਿਰ ਕਰ ਰਹੀ ਹੈ ਕਿ ਬਹੁ ਗਿਣਤੀ ਸੜੇ ਹੋਏ ਕੇਸ 12 ਸਾਲ ਤੋਂ ਛੋਟੇ ਬੱਚਿਆਂ ਦੇ ਹੁੰਦੇ ਹਨ ਤੇ ਉਹ ਵੀ ਜ਼ਿਆਦਾਤਰ ਮੁੰਡੇ। ਬਹੁਤੇ ਕੇਸ ਬੰਬ ਦੇ ਫਟਣ ਨਾਲ ਵੇਖੇ ਗਏ ਹਨ, ਖ਼ਾਸ ਕਰ ਜਦੋਂ ਉਹ ਨਾ ਫਟੇ ਤਾਂ ਉਸ ਨੂੰ ਚੁੱਕ ਕੇ ਜਾਂ ਝੁੱਕ ਕੇ ਨੇੜੇ ਹੋ ਕੇ ਵੇਖਣ ਦੀ ਕੋਸ਼ਿਸ਼ ਕੀਤੀ ਗਈ ਹੋਵੇ। ਲਗਭਗ ਏਨੀ ਹੀ ਗਿਣਤੀ ਦੇ ਕੇਸ ਕਿਸੇ ਹੋਰ ਵੱਲੋਂ ਪਟਾਕਾ ਪਰ੍ਹਾਂ ਸੁੱਟਣ ਨਾਲ ਬੇਧਿਆਨੇ ਲੰਘ ਰਹੇ ਜਾਂ ਦੂਰ ਖੜ੍ਹੇ ਬੰਦੇ ਦੇ ਸੜਨ ਨਾਲ ਰਿਪੋਰਟ ਹੁੰਦੇ ਹਨ।

ਖੋਜ ਨੇ ਸਾਬਤ ਕੀਤਾ ਕਿ ਜ਼ਿਆਦਾਤਰ ਕੇਸਾਂ ਵਿਚ ਮਾਪੇ ਨੇੜੇ ਨਹੀਂ ਖੜ੍ਹੇ ਹੁੰਦੇ ਤੇ ਬੱਚੇ ਮਰਦਾਨਗੀ ਵਿਖਾਉਣ ਦੇ ਚੱਕਰ ਵਿਚ ਸੜ ਜਾਂਦੇ ਹਨ। ਸਿਰਫ ਬੰਬ ਹੀ ਨਹੀਂ, ਛੋਟੇ ਪਟਾਕਿਆਂ ਦੇ ਪੈਕਟ, ਫੁਲਝੜੀਆਂ ਚਰਖੜੀ, ਹਵਾਈਆਂ, ਅਨਾਰ, ਸਟਿਕਸ ਆਦਿ ਨਾਲ ਵੀ ਬਥੇਰੇ ਬੱਚੇ ਸੜੇ ਵੇਖੇ ਗਏ ਹਨ।

ਇਨ੍ਹਾਂ ਸਾਰਿਆਂ ਤੋਂ ਹੀ ਖ਼ਤਰਨਾਕ ਹੁੰਦਾ ਹੈ ਦੇਸੀ ਅਨਾਰ ਬੰਬ, ਜਿਸ ਵਿਚ ਕੁੱਜੇ ਵਿਚ ਬਚਿਆ ਹੋਇਆ ਖੁੱਲਾ ਬੰਬ ਮਸਾਲਾ ਭਰ ਕੇ ਸੀਲ ਕਰ ਦਿੱਤਾ ਜਾਂਦਾ ਹੈ ਤੇ ਇਸ ਨਾਲ ਪੂਰੀ ਦੀ ਪੂਰੀ ਅੱਖ ਬਾਹਰ ਨਿਕਲੀ ਲਟਕੀ ਹੋਈ ਵੇਖੀ ਗਈ ਹੈ।

ਸੜਨ ਦੇ ਬਹੁਤੇ ਕੇਸ ਸ਼ਾਮ ਸਾਢੇ ਕੁ ਪੰਜ ਵਜੇ ਤੋਂ ਰਾਤ 12 ਵਜੇ ਤਕ ਤੇ ਸਵੇਰੇ 6 ਤੋਂ 11 ਕੁ ਵਜੇ ਤਕ ਵੇਖਣ ਨੂੰ ਮਿਲਦੇ ਹਨ। ਬੋਤਲ ਵਿਚ ਰੱਖੀ ਹਵਾਈ ਨਾਲ ਜੇ ਬੋਤਲ ਫਟ ਜਾਏ ਤਾਂ ਸ਼ੀਸ਼ੇ ਦੇ ਟੋਟਿਆਂ ਨਾਲ ਕਾਫੀ ਡੂੰਘੇ ਜ਼ਖ਼ਮ ਹੋ ਜਾਂਦੇ ਹਨ।

ਅੱਖ ਵਿਚਲੇ ਜ਼ਖ਼ਮ ਕਈ ਕਿਸਮਾਂ ਦੇ ਹੋ ਸਕਦੇ ਹਨ ਜਿਸ ਵਿਚ ਡੇਲੇ ਦੇ ਕਾਲੇ ਹਿੱਸੇ ਉੱਤੇ ਦਾਗ਼, ਅੱਖ ਵਿਚਲੇ ਲੈਂਸ ਦਾ ਨਿਕਲ ਜਾਣਾ, ਅੱਖ ਫਿਸ ਜਾਣੀ ਜਾਂ ਬਾਹਰ ਨਿਕਲ ਜਾਣੀ, ਰੈਟੀਨਾ ਸੜ ਜਾਣਾ, ਅੱਖਾਂ ਅੰਦਰ ਕੁੱਝ ਫਸ ਜਾਣਾ, ਆਦਿ ਤੋਂ ਲੈ ਕੇ ਮੂੰਹ ਜਾਂ ਸਰੀਰ ਦੇ ਹੋਰ ਹਿੱਸਿਆਂ ਦੇ ਸੜਨ ਜਾਂ ਅੰਗ ਦਾ ਨਕਾਰਾ ਹੋ ਜਾਣਾ, ਆਦਿ ਵੇਖਿਆ ਗਿਆ ਹੈ।

ਕਈ ਵਾਰ ਤਾਂ ਕੇਸ ਵਿਗੜਦੇ ਹੀ ਇਸ ਲਈ ਹਨ ਕਿ ਘਰ ਹੀ ਓਹੜ ਪੋਹੜ ਕਰਨ ਵਿਚ ਕਾਫ਼ੀ ਸਮਾਂ ਲੰਘਾ ਦਿੱਤਾ ਜਾਂਦਾ ਹੈ ਜਾਂ ਊਟ ਪਟਾਂਗ ਚੀਜ਼ਾਂ ਸੜੀ ਹੋਈ ਚਮੜੀ ਉੱਤੇ ਥੱਪ ਦਿੱਤੀਆਂ ਜਾਂਦੀਆਂ ਹਨ।

ਭਾਵੇਂ ਬਾਲ ਮਜ਼ਦੂਰੀ ਰੋਕਣ ਦੇ ਕਿੰਨੇ ਹੀ ਕਾਨੂੰਨ ਬਣਾ ਲਏ ਗਏ ਹੋਣ ਪਰ ਅਸਲ ਵਿਚ ਪਟਾਕਿਆਂ ਦੀਆਂ ਫੈਕਟਰੀਆਂ ਹਾਲੇ ਵੀ ਬਾਲ ਮਜੂਰਾਂ ਉੱਤੇ ਹੀ ਨਿਰਭਰ ਹਨ। ਇਸੇ ਲਈ ਸਿਰਫ ਚਲਾਉਣ ਲੱਗਿਆਂ ਹੀ ਨਹੀਂ ਬਲਕਿ ਪਟਾਕੇ ਬਣਾਉਣ ਲੱਗਿਆਂ ਵੀ ਬਥੇਰੇ ਬੱਚੇ ਸੜ ਜਾਂਦੇ ਹਨ ਜਿਨ੍ਹਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਦਾ ਕਿਉਂਕਿ ਉਹ ਬਾਰ੍ਹਾਂ ਵਰ੍ਹਿਆਂ ਤੋਂ ਹੇਠਾਂ ਦੀ ਉਮਰ ਦੇ ਹੁੰਦੇ ਹਨ ਤੇ ਅਨਪੜ੍ਹ ਹੁੰਦੇ ਹੋਏ ਆਪਣੇ ਹੱਕਾਂ ਤੋਂ ਉੱਕਾ ਹੀ ਅਣਜਾਣ ਹੁੰਦੇ ਹਨ। ਜਿਹੜੇ ਫਿਊਜ਼ ਪਟਾਕੇ ਨੂੰ ਫਟਣ ਤੋਂ ਰੋਕਣ ਲਈ ਵਰਤੇ ਜਾ ਰਹੇ ਹਨ, ਉਹ ਵੀ ਪੈਸੇ ਬਚਾਉਣ ਖ਼ਾਤਰ ਘਟੀਆ ਕਿਸਮ ਦੇ ਹੀ ਵਰਤੇ ਜਾ ਰਹੇ ਹਨ ਜਿਸ ਨਾਲ ਪਟਾਕੇ ਨੂੰ ਅੱਗ ਲਾਉਂਦੇ ਸਾਰ ਹੀ ਉਹ ਫਟ ਜਾਂਦਾ ਹੈ ਤੇ ਪਰ੍ਹਾਂ ਜਾਣ ਦਾ ਵੀ ਸਮਾਂ ਨਹੀਂ ਦਿੰਦਾ। ਏਸੇ ਹੀ ਤਰ੍ਹਾਂ ਆਈ. ਐਸ. ਆਈ. ਮਾਰਕ ਵੀ ਪਟਾਕਿਆਂ ਉੱਤੇ ਲਿਖਿਆ ਨਹੀਂ ਮਿਲਦਾ ਕਿ ਕਿਤੇ ‘ਕੁਆਲਿਟੀ ਚੈੱਕ’ ਦੀ ਮੋਹਰ ਲਾਈ ਗਈ ਹੋਈ। 

ਇਹ ਸਭ ਵੇਖਦੇ ਹੋਏ ਕਿ ਬੱਚੇ ਹੀ ਇਸ ਦਾ ਵੱਧ ਸ਼ਿਕਾਰ ਹੁੰਦੇ ਹਨ ਤੇ ਬਣਾਏ ਵੀ ਬੱਚਿਆਂ ਵੱਲੋਂ ਹੁੰਦੇ ਹਨ, ਬੱਚਿਆਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਕੇ ਇਸ ਸੰਬੰਧੀ ਜ਼ੋਰਦਾਰ ਆਵਾਜ਼ ਚੁੱਕਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦੇ ਹਾਣ ਦੇ ਸਾਥੀ ਹਮੇਸ਼ਾਂ ਲਈ ਨਕਾਰਾ ਹੋ ਕੇ ਨਾ ਰਹਿ ਜਾਣ!

ਇਸ ਸਬੰਧੀ ਮੀਡੀਆ ਕਰਮੀ ਤੇ ਅਧਿਆਪਕ ਬਹੁਤ ਅਹਿਮ ਭੂਮਿਕਾ ਨਿਭਾ ਸਕਦੇ ਹਨ। ਕਈ ਸੁਝਾਓ ਜੋ ਅੱਗੇ ਵੀ ਪੇਸ਼ ਕੀਤੇ ਜਾ ਚੁੱਕੇ ਹਨ, ਮੈਂ ਦੁਹਰਾ ਦਿੰਦੀ ਹਾਂ।

(1). ਸਿਰਫ ਲੇਜ਼ਰ ਰਾਹੀਂ ਸ਼ੋਅ ਕੀਤੇ ਜਾਣ ਜਿਸ ਨਾਲ ਧੂੰਆਂ ਤੇ ਸ਼ੋਰ ਪ੍ਰਦੂਸ਼ਣ ਘੱਟ ਹੋ ਜਾਣਗੇ ਤੇ ਸੜਨ ਦੇ ਕੇਸ ਪੂਰੀ ਤਰ੍ਹਾਂ ਖ਼ਤਮ! ਘਰਾਂ ਵਿਚ ਦੀਵੇ ਜਾਂ ਮੋਮਬੱਤੀਆਂ ਤੇ ਲਾਈਟਾਂ ਲਾਈਆਂ ਜਾ ਸਕਦੀਆਂ ਹਨ।

ਸ਼ੋਰ ਸ਼ਰਾਬੇ ਨਾਲ ਜਿੱਥੇ ਹਸਪਤਾਲਾਂ ਵਿਚ ਹਾਰਟ ਅਟੈਕ ਨਾਲ ਕੁੱਝ ਮੌਤਾਂ ਹੋ ਜਾਂਦੀਆਂ ਹਨ, ਉੱਥੇ ਧੂੰਏ ਨਾਲ ਦਮੇ ਤੇ ਹੋਰ ਸਾਹ ਦੀਆਂ ਬੀਮਾਰੀਆਂ ਜਾਂ ਅੱਖਾਂ ਅਤੇ ਚਮੜੀ ਦੀ ਐਲਰਜੀ ਦੇ ਕੇਸਾਂ ਵਿਚ ਬੇਹਿਸਾਬ ਵਾਧਾ ਹੋ ਜਾਂਦਾ ਹੈ।

(2). ਜੇ ਪਟਾਕੇ ਜ਼ਰੂਰੀ ਚਲਾਉਣੇ ਹਨ ਤਾਂ ਸ਼ਹਿਰ ਜਾਂ ਪਿੰਡ ਵਿਚ ਕੋਈ ਇਕ ਵੱਡਾ ਪਾਰਕ ਜਾਂ ਮੈਦਾਨ ਉਸ ਲਈ ਵੱਖਰਾ ਕਰ ਦੇਣਾ ਚਾਹੀਦਾ ਹੈ ਕਿ ਸਾਰੇ ਰਲ ਕੇ ਉਸੇ ਥਾਂ ਉੱਤੇ ਪਟਾਕੇ ਚਲਾਉਣ ਤਾਂ ਜੋ ਰਾਹ ਚਲਦਿਆਂ ਉੱਤੇ ਬੇਧਿਆਨੇ ਪਟਾਕੇ ਜਾਂ ਹਵਾਈਆਂ ਡਿੱਗ ਕੇ ਉਨ੍ਹਾਂ ਨੂੰ ਸਾੜ ਨਾ ਦੇਣ।

(3). ਪਟਾਕਿਆਂ ਉੱਤੇ ਆਈ. ਐਸ. ਆਈ. ਮਾਰਕ ਜਾਂ ‘ਕੁਆਲਿਟੀ ਚੈੱਕ’ ਲਾਜ਼ਮੀ ਕਰ ਦੇਣਾ ਚਾਹੀਦਾ ਹੈ।

(4). ਹਰ ਘਰ ਵਿਚ ‘ਫਸਟ ਏਡ ਕਿਟ’ ਰੱਖਣੀ ਜ਼ਰੂਰੀ ਹੈ ਜਿਸ ਵਿਚ ਅੱਖਾਂ ਵਿਚ ਪਾਉਣ ਵਾਲੀ ਦਵਾਈ ਜ਼ਰੂਰ ਹੋਵੇ।

(5). ਪਟਾਕੇ ਚਲਾਉਣ ਲੱਗਿਆਂ ਕੋਲ ਪਾਣੀ ਦੀ ਭਰੀ ਹੋਈ ਬਾਲਟੀ ਰੱਖਣੀ ਜ਼ਰੂਰੀ ਹੈ।

(6). ਕਦੇ ਵੀ ਸੜੇ ਹਿੱਸੇ ਉੱਤੇ ਕੌਲਗੇਟ ਜਾਂ ਊਟ ਪਟਾਂਗ ਚੀਜ਼ਾਂ ਮਲ ਕੇ ਗੰਦੇ ਕਪੜੇ ਨਾਲ ਲਪੇਟਣਾ ਜਾਂ ਮਲਣਾ ਨਹੀਂ ਚਾਹੀਦਾ। ਬਿਨਾਂ ਦੇਰ ਕੀਤਿਆਂ ਪਾਣੀ ਵਿਚ ਡੁਬੋ ਕੇ ਸਿੱਧਾ ਡਾਕਟਰ ਕੋਲ ਭੱਜ ਲੈਣਾ ਚਾਹੀਦਾ ਹੈ।

(7). ਪਟਾਕਿਆਂ ਦੇ ਹਰ ਪੈਕਟ ਉੱਤੇ ਉਸ ਨੂੰ ਠੀਕ ਤਰੀਕੇ ਚਲਾਉਣ ਲਈ ਹਦਾਇਤਾਂ ਅਤੇ ਸੜ ਜਾਣ ਉੱਤੇ ਕੀ ਕੀਤਾ ਜਾਵੇ, ਬਾਰੇ ਲਿਖਿਆ ਲਾਜ਼ਮੀ ਹੋਣਾ ਚਾਹੀਦਾ ਹੈ।

ਅਖ਼ੀਰ ਵਿਚ ਇਕ ਕੇਸ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਇਕ ਰਿਟਾਇਰਡ ਫੌਜੀ ਸਾਡੇ ਕੋਲ ਹਸਪਤਾਲ ਦਾਖਲ ਹੋਇਆ ਸੀ। ਉਹ ਦੀਵਾਲੀ ਦੀ ਰਾਤ ਬਜ਼ਾਰੋਂ ਦੁੱਧ ਖ਼ਰੀਦ ਕੇ ਵਾਪਸ ਘਰ ਜਾ ਰਿਹਾ ਸੀ। ਸੜਕ ਦੇ ਪਰਲੇ ਸਿਰੇ ਉੱਤੇ ਕੋਠੇ ਉੱਪਰੋਂ ਚਾਰ ਹਵਾਈਆਂ ਟੇਢੀਆਂ ਲਿਟਾ ਕੇ ਸ਼ਰਾਰਤ ਕਰਨ ਲਈ ਬੱਚਿਆਂ ਨੇ ਇੱਕਠੀਆਂ ਚਲਾ ਦਿੱਤੀਆਂ।

ਉਨ੍ਹਾਂ ਵਿੱਚੋਂ ਇਕ ਹਵਾਈ ਸਿੱਧੀ ਉਸ ਫੌਜੀ ਦੇ ਅੱਖ ਅੰਦਰ ਵੱਜੀ ਤੇ ਦੂਜੀ ਸਿਰ ਉੱਤੇ ਬੰਨ੍ਹੀ ਪੱਗ ਵਿਚ। ਉਸ ਦੇ ਸਿਰ ਦੇ ਵਾਲ ਵੀ ਸੜ ਗਏ ਤੇ ਪੱਗ ਵੀ, ਪਰ ਨਾਲੋ ਨਾਲ ਅੱਖ ਹਮੇਸ਼ਾਂ ਲਈ ਚਲੀ ਗਈ।

ਜਦੋਂ ਉਹ ਹਸਪਤਾਲ ਦਾਖਲ ਹੋਇਆ ਤਾਂ ਉਸ ਦੇ ਕਹੇ ਲਫ਼ਜ਼ ਹਰ ਕਿਸੇ ਦੇ ਦਿਲ ਨੂੰ ਟੁੰਬ ਗਏ! ਉਸ ਕਿਹਾ, ‘‘ਇਹੀ ਜ਼ੁਲਮ ਹੋਰ ਦੇਸ ਵਿਚ ਕੀਤੇ ਗਏ ਹੁੰਦੇ ਤਾਂ ਕੋਹਰਾਮ ਮਚ ਜਾਂਦਾ। ਮੇਰੀ ਪੱਗ ਸੜਕ ਉੱਤੇ ਲਾਹ ਕੇ ਸੁੱਟ ਦਿੱਤੀ ਗਈ ਕਿ ਅੱਗ ਤੋਂ ਬਚਾਓ ਹੋ ਸਕੇ। ਮੇਰੇ ਕੇਸ ਪੂਰੀ ਤਰ੍ਹਾਂ ਖਿੱਚੇ ਧੂਹੇ ਗਏ। ਮੇਰੀ ਅੱਖ ਸਦਾ ਲਈ ਫਨਾਹ ਹੋ ਗਈ। ਹੁਣ ਕੋਈ ਮੈਨੂੰ ਦੱਸੇ ਤਾਂ ਸਹੀ ਕਿ ਕੋਈ ਹੋਰ ਸਾਡੇ ਦੇਸ ਵਲ ਵੇਖੇ ਤਾਂ ਅਸੀਂ ਉਸ ਦੀ ਅੱਖ ਕੱਢ ਲਿਆਉਂਦੇ ਹਾਂ ਭਾਵੇਂ ਜਾਨ ਚਲੀ ਜਾਏ। ਪਰ ਦੇਸ ਦੇ ਅੰਦਰ ਉਹੀ ਸਾਡੀਆਂ ਅੱਖਾਂ ਕੱਢ ਦਿੰਦੇ ਹਨ ਜਿਨ੍ਹਾਂ ਦੀ ਜਾਨ ਬਚਾਉਣ ਲਈ ਅਸੀਂ ਜਾਨਾਂ ਵਾਰਦੇ ਹਾਂ ? ਮੈਨੂੰ ਪਤਾ ਹੈ ਕਿ ਇਨਸਾਫ ਦੀ ਗੁਹਾਰ ਲਾਉਂਦਿਆਂ ਮੇਰੇ ਆਖ਼ਰੀ ਸਾਹ ਮੁੱਕ ਜਾਣੇ ਹਨ। ਕੀ ਕੋਈ ਮੇਰੇ ਵਰਗਿਆਂ ਦੀ ਅਵਾਜ਼ ਬਣੇਗਾ ?’’

ਇਹ ਤਾਂ ਸੀ ਉਸ ਫੌਜੀ ਦੀ ਦਿਲ ਚੀਕਵੀਂ ਪੁਕਾਰ! ਹਾਲੇ ਤਕ ਤਾਂ ਕੋਈ ਉਸ ਦੀ ਅਵਾਜ਼ ਬਣ ਨਹੀਂ ਸਕਿਆ। ਮੈਂ ਇਕ ਨਿਮਾਣੀ ਕੋਸ਼ਿਸ਼ ਕੀਤੀ ਹੈ ਕਿ ਉਸ ਅਵਾਜ਼ ਨੂੰ ਕੁੱਝ ਕੁ ਦਿਲਾਂ ਤਕ ਪਹੁੰਚਾ ਸਕਾਂ।

ਪਰ, ਅਸਲੀਅਤ ਕਿਸੇ ਤੋਂ ਲੁਕੀ ਨਹੀਂ। ਜਿਵੇਂ ਮੇਰੀ ਮਾਂ ਮੇਰੇ ਲਈ ਤੜਫਦੀ ਉਦੋਂ ਘਰੋਂ ਬਾਹਰ ਖੜ੍ਹੀ ਰਹਿੰਦੀ ਹੁੰਦੀ ਸੀ, ਉਵੇਂ ਹੀ ਹੁਣ ਮੈਂ ਆਪਣੀ ਬੇਟੀ ਲਈ ਖੜ੍ਹੀ ਹੁੰਦੀ ਹਾਂ। ਮੈਨੂੰ ਪੱਕਾ ਯਕੀਨ ਹੈ ਕਿ ਇਸ ਰੁਝਾਨ ਉੱਤੇ ਸਖ਼ਤ ਰੋਕ ਲੱਗ ਹੀ ਨਹੀਂ ਸਕਣ ਵਾਲੀ ਤੇ ਮੇਰੀ ਬੇਟੀ ਵੀ ਅੱਗੋਂ ਆਪਣੀ ਬੇਟੀ ਲਈ ਇੰਜ ਹੀ ਤੜਫਦੀ ਬਾਹਰ ਉਡੀਕੇਗੀ ਤੇ ਸ਼ਾਇਦ ਉਸ ਤੋਂ ਅੱਗੋਂ ਵੀ! ਰੱਬ ਰਾਖਾ!

ਦੀ ਗੱਲ ਸਿਆਣਪ

0

(ਕਵਿਤਾ) 

ਦੀ ਗੱਲ ਸਿਆਣਪ

-ਰਮੇਸ਼ ਬੱਗਾ ਚੋਹਲਾ-94631-32719

ਵਿਚ ਪਲਾਂ ਦੇ ਸਮਝ ਗਏ ਉਹ ਗੱਲ ਸਿਆਣਪ ਦੀ, ਜਿਨ੍ਹਾਂ ਉੱਤੇ ਕਿਰਪਾ ਹੋ ਗਈ ਸਤਿਗੁਰ ਨਾਨਕ ਦੀ।

ਕਰਮਕਾਂਡਾਂ ਨੂੰ ਜਿਹੜੇ ਸਭ ਕੁੱਝ ਮੰਨੀ ਜਾਂਦੇ ਸੀ, ਧਰਮ ਦੇ ਨਾਂ ’ਤੇ ਲੋਕਾਂ ਵਿਚ ਪਾਈ ਅੰਨ੍ਹੀ ਜਾਂਦੇ ਸੀ।

ਰਮਜ਼ ਸਮਝ ਗਏ ਝੱਟ, ਉਹ ਜਾਣੀ ਜਾਣਕ ਦੀ, ਜਿਨ੍ਹਾਂ ਉੱਤੇ ਕਿਰਪਾ ਹੋ ਗਈ ਸਤਿਗੁਰ ਨਾਨਕ ਦੀ।

ਜੋਗੀ ਭੇਖ ਬਣਾ ਕੇ ਜੋਗ ਕਮਾਉਂਦੇ ਜਿਹੜੇ ਸੀ, ਅਸਲ ਜੋਗ ਦੇ ਅੰਦਰੋਂ ਨਾ ਪਰ ਲੱਗਦੇ ਨੇੜੇ ਸੀ।

ਤਾਬ ਝੱਲੀ ਨਾ ਗਈ ਉਹਨਾਂ ਤੋਂ ਸੱਚ ਪਛਾਣਕ ਦੀ, ਜਿਨ੍ਹਾਂ ਉੱਤੇ ਕਿਰਪਾ ਹੋ ਗਈ ਸਤਿਗੁਰ ਨਾਨਕ ਦੀ।

ਸੱਜਣ ਵਰਗੇ ਠੱਗਾਂ ਨੇ ਠੱਗੀਆਂ ਛੱਡ ਦਿੱਤੀਆਂ, ਦਰਸ਼ਨ ਕਰਕੇ ਬਾਬੇ ਦਾ ਦਿਲ ਲੱਗੀਆਂ ਛੱਡ ਦਿੱਤੀਆਂ।

ਕੌਡੇ ਰਾਖਸ਼ ਵਰਗਿਆਂ ਬਿਰਤੀ ਤਜੀ ਭਿਆਨਕ ਦੀ, ਜਿਨ੍ਹਾਂ ਉੱਤੇ ਕਿਰਪਾ ਹੋ ਗਈ ਸਤਿਗੁਰ ਨਾਨਕ ਦੀ।

ਰਿਸ਼ਵਤਖ਼ੋਰਾਂ ਮੂੰਹ ਮੋੜ ਲਿਆ ਰਿਸ਼ਵਤਖ਼ੋਰੀ ਤੋਂ, ਭੂਮੀਏਂ ਵਰਗੇ ਚੋਰਾਂ ਹੱਥ ਹਟਾ ਲਿਆ ਚੋਰੀ ਤੋਂ।

ਸ਼ੁਰੂ ਕਰ ਦਿੱਤੀ ਜ਼ਿੰਦਗੀ ਉਨ੍ਹਾਂ ਨੇ ਭਲੇ ਭਾਣਸ ਦੀ, ਜਿਨ੍ਹਾਂ ਉੱਤੇ ਕਿਰਪਾ ਹੋ ਗਈ ਸਤਿਗੁਰ ਨਾਨਕ ਦੀ।

ਮਲਕ ਭਾਗੋ ਦੇ ਬਣਿਆ ਭੋਜਨ ਬਹੁ ਪ੍ਰਕਾਰੀ ਸੀ, ਯਾਰ ਲਾਲੋ ਦਾ ਉਸ ਨੂੰ ਛੱਕਣੋਂ ਪਰ ਇਨਕਾਰੀ ਸੀ।

ਕਹਿੰਦਾ ਇਸ ’ਚ ਲੱਗੀ ਨੀਂ ਰਸਦ ਦਿਆਨਤ ਦੀ, ਜਿਨ੍ਹਾਂ ਉੱਤੇ ਕਿਰਪਾ ਹੋ ਗਈ ਸਤਿਗੁਰ ਨਾਨਕ ਦੀ।

ਸੱਚਾ ਸੁੱਚਾ ਜੀਵਨ ਸੀ ਸਰਮਾਇਆ ਬਾਬੇ ਦਾ, ਦੁਨੀਆਂ ਦੇ ਵਿਚ ਜਿਸ ਨੇ ਮਾਣ ਵਧਾਇਆ ਬਾਬੇ ਦਾ।

ਬੇਸ਼ਕੀਮਤੀ ਹਸਤੀ ਸੀ ਉਸ ਸੁੱਚੇ ਮਾਣਕ ਦੀ, ਜਿਨ੍ਹਾਂ ਉੱਤੇ ਕਿਰਪਾ ਹੋ ਗਈ ਸਤਿਗੁਰ ਨਾਨਕ ਦੀ।

ਸਿੱਧੇ ਰਾਹੇ ਪਾਇਆ ਜਿਸ ਨੇ ਆਣ ਲੋਕਾਈ ਨੂੰ, ‘ਚੋਹਲੇ’ ਵਾਲਾ ਲਿਖਦਾ ਹੈ ਉਸ ਦੀ ਵਡਿਆਈ ਨੂੰ।

ਖ਼ਰੀ ਉਤਰਦੀ ਹਰ ਗੱਲ ਰੂਹਾਂ ਦੇ ਵਿਗਿਆਨਕ ਦੀ, ਜਿਨ੍ਹਾਂ ਉੱਤੇ ਕਿਰਪਾ ਹੋ ਗਈ ਸਤਿਗੁਰ ਨਾਨਕ ਦੀ।

ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ।

0

ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ।

ਸੁਖਜੀਤ ਸਿੰਘ ਕਪੂਰਥਲਾ, ਗੁਰਮਤਿ ਪ੍ਰਚਾਰਕ/ ਕਥਾਵਾਚਕ/ ਲੇਖਕ 201, ਗਲੀ ਨਬੰਰ 6, ਸੰਤਪੁਰਾ, ਕਪੂਰਥਲਾ (ਪੰਜਾਬ)(98720-76876, 01822-276876)

ਅਸੀਂ ਦਸ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਅਖਵਾਉਣ ਦਾ ਮਾਣ ਹਾਸਲ ਕਰਦੇ ਹਾਂ। ਐਸਾ ਮਾਣ ਕਰਨ ਦਾ ਹੱਕ ਸਾਡੇ ਕੋਲ ਤਾਂ ਹੀ ਹੈ ਜੇਕਰ ਅਸੀਂ ਗੁਰੂ ਸਾਹਿਬਾਨ ਅਤੇ ਗੁਰਬਾਣੀ ਦੇ ਦਰਸਾਏ ਅਨੁਸਾਰ ਸਹੀ ਮਾਰਗ ਦੇ ਪਾਂਧੀ ਬਣ ਕੇ ਜੀਵਨ ਬਤੀਤ ਕਰਦੇ ਹੋਈਏ। ਗੁਰਮਤਿ ਵਿਚਾਰਧਾਰਾ ਅਨੁਸਾਰ ਸ਼ਬਦ-ਬਾਣੀ ਨੂੰ ਗੁਰੂ ਆਖਿਆ ਗਿਆ ਹੈ, ਸ਼ਬਦ-ਬਾਣੀ ਦੇ ਗੁਰਤਵ ਤਕ ਸਹੀ ਰੂਪ ਵਿੱਚ ਪਹੁੰਚ ਕਰਨ ਲਈ ਇਸ ਅੰਦਰ ਦਰਸਾਏ ਗੁਰ ਉਪਦੇਸ਼ ਤਕ ਸਹੀ ਪਹੁੰਚ ਹੋਣੀ ਲਾਜ਼ਮੀ ਹੈ। ਪਰ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਗੁਰਬਾਣੀ ਅੰਦਰ ਕਈ ਐਸੇ ਪ੍ਰਚਲਿਤ ਪ੍ਰਮਾਣ ਮਿਲਦੇ ਹਨ ਜਿਨ੍ਹਾਂ ਵਿਚੋਂ ਬਹੁਤ ਸਾਰੇ ਸਿੱਖ ਸੰਗਤਾਂ ਦੇ ਚੇਤਿਆਂ ਵਿੱਚ ਵੀ ਉਕਰੇ ਹੋਏ ਹਨ, ਪਰ ਉਨ੍ਹਾਂ ਵਿਚਲੇ ਅੰਤਰੀਵ ਭਾਵ- ਗੁਰਮਤਿ ਸਿਧਾਂਤ ਤਕ ਪਹੁੰਚ ਨਾ ਹੋਣ ਕਾਰਨ ਸਹੀ ਮਾਰਗ ਦਰਸ਼ਨ ਤੋਂ ਭਟਕ ਜਾਣਾ ਸੁਭਾਵਿਕ ਰੂਪ ਵਿੱਚ ਸਾਹਮਣੇ ਆ ਰਿਹਾ ਹੈ।

 ਇਸ ਵਿਸ਼ਾ ਅਧੀਨ ਲੇਖ ਲੜੀ ਰਾਹੀਂ ਐਸੇ ਕੁੱਝ ਕੁ ਪ੍ਰਮਾਣਾਂ ਸਬੰਧੀ ਵਿਚਾਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਵਿਚਾਰ ਨੂੰ ਸਹੀ ਰੂਪ ਦੇਣ ਲਈ ਤਿੰਨ ਹਿੱਸਿਆਂ (1. ਗੁਰਬਾਣੀ ਫੁਰਮਾਣ 2. ਆਮ ਤੌਰ ਤੇ ਪ੍ਰਚਲਿਤ ਵਿਚਾਰ 3. ਗੁਰਮਤਿ ਸਿਧਾਂਤ ਦੀ ਕਸਵੱਟੀ ਉਪਰ ਪੜਚੋਲਵੀਂ ਵਿਚਾਰ) ਵਿੱਚ ਵੰਡ ਕੇ ਸਾਹਮਣੇ ਰੱਖਦੇ ਹੋਏ ਸਪਸ਼ਟਤਾ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਆਸ ਹੈ ਕਿ ਗੁਰਮਤਿ ਪਾਠਕ ਇਸ ਤੋਂ ਜ਼ਰੂਰ ਹੀ ਲਾਭ ਉਠਾਉਣਗੇ।

(ਞ) ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ। (ਭਾਈ ਗੁਰਦਾਸ ਜੀ -ਵਾਰ ੧੯ ਪਉੜੀ ੬)

ਵਿਚਾਰ- ਉਪਰੋਕਤ ਵਿਸ਼ਾ ਅਧੀਨ ਪੰਕਤੀ ਸਿੱਖ ਪੰਥ ਦੇ ਸ਼੍ਰੋਮਣੀ ਵਿਆਖਿਆਕਾਰ, ਸਤਿਗੁਰੂ ਸਾਹਿਬਾਨ ਦੀਆਂ ਬਖਸ਼ਿਸ਼ਾਂ ਨਾਲ ਨਿਵਾਜੇ, ਸ੍ਰੀ ਗੁਰੂ ਅਰਜਨ ਦੇਵ ਦੀ ਸੁਚੱਜੀ ਅਗਵਾਈ ਹੇਠ ‘ਆਦਿ ਬੀੜ` ਦੇ ਪਹਿਲੇ ਲਿਖਾਰੀ ਭਾਈ ਗੁਰਦਾਸ ਜੀ ਦੁਆਰਾ ਉਚਾਰਣ ਕੀਤੀ ਗਈ ਵਾਰ 19 ਵਿਚੋਂ 6 ਨੰਬਰ ਪਉੜੀ ਦੀ ਪਹਿਲੀ ਤੁਕ ਹੈ। ਭਾਈ ਗੁਰਦਾਸ ਜੀ ਵਲੋਂ ਗੁਰਮਤਿ ਸਿਧਾਂਤ ਨੂੰ ਸੁਖੈਨ ਢੰਗ ਨਾਲ ਸਮਝਾਉਣ ਲਈ ਵਾਰਾਂ-ਕਬਿਤ ਆਦਿ ਦੀ ਰਚਨਾ ਕੀਤੀ ਗਈ ਹੈ, ਜਿਨ੍ਹਾਂ ਨੂੰ ਸਮਝਣ ਨਾਲ ਸਾਨੂੰ ਗੁਰਬਾਣੀ ਵਿੱਚ ਦਰਸਾਏ ਸਿਧਾਂਤਾਂ ਨੂੰ ਜਾਨਣ ਵਿੱਚ ਸੌਖ ਹੋ ਜਾਂਦੀ ਹੈ। ਭਾਈ ਸਾਹਿਬ ਦੀ ਲਿਖਣ ਸ਼ੈਲੀ ਦੀ ਖਾਸੀਅਤ ਇਹ ਹੈ ਕਿ ਉਹ ਕਿਸੇ ਵੀ ਵਿਸ਼ੇ ਬਾਰੇ ਗੁਰਮਤਿ ਸਿਧਾਂਤ ਸਪਸ਼ਟ ਕਰਨ ਤੋਂ ਪਹਿਲਾਂ ਉਸ ਸਬੰਧੀ ਪ੍ਰਮਾਣਾਂ ਦੀ ਮਾਨੋ ਝੜੀ ਲਾ ਦਿੰਦੇ ਹਨ ਅਤੇ ਆਖਰੀ ਪੰਕਤੀ ਵਿੱਚ ਜਾ ਕੇ ਗੁਰਮਤਿ ਦੀ ਗੱਲ ਕਰਦੇ ਹਨ। ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਨੂੰ ਸਮਝਣ ਲਈ ਜ਼ਰੂਰੀ ਹੈ ਕਿ ਇਸ ਪੱਖ ਨੂੰ ਧਿਆਨ ਵਿੱਚ ਜ਼ਰੂਰ ਰੱਖਿਆ ਜਾਵੇ। ਭਾਈ ਸਾਹਿਬ ਵਲੋਂ ਆਪਣੀਆਂ ਰਚਨਾਵਾਂ ਵਿੱਚ ਉਚਾਰਨ ਕੀਤੀ ਆਖਰੀ ਤੁਕ ਨੂੰ ਉਸ ਪਉੜੀ-ਕਬਿਤ ਦੇ ਰਹਾਉ ਰੂਪ ਵਿੱਚ ਲੈਣ ਦੀ ਜ਼ਰੂਰਤ ਹੈ।

ਸਿੱਖ ਧਰਮ ਅੰਦਰ ਇੱਕ ਅਖਾਣ ਬਹੁਤ ਪ੍ਰਚਲਿਤ ਹੈ ਕਿ ‘ਦਾਲ ਰੋਟੀ ਘਰ ਦੀ-ਦੀਵਾਲੀ ਅੰਮ੍ਰਿਤਸਰ ਦੀ`। ਜਿਥੇ ਅਸੀਂ ਹੋਰ ਇਤਿਹਾਸਕ ਦਿਹਾੜੇ ਕੇਂਦਰੀ ਤੌਰ ਤੇ ਵੱਖ-ਵੱਖ ਅਸਥਾਨਾਂ ਉਪਰ ਮਨਾਉਂਦੇ ਹਾਂ, ਦੀਵਾਲੀ ਨੂੰ ਸਿੱਖ ਧਰਮ ਦੇ ਸਭ ਤੋਂ ਮੁੱਖ ਕੇਂਦਰੀ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਮਨਾਇਆ ਜਾਂਦਾ ਹੈ। ਇਸ ਦਿਨ ਸਿੱਖ ਸੰਗਤਾਂ ਬਹੁਤ ਵੱਡੀ ਗਿਣਤੀ ਵਿੱਚ ਇਥੇ ਸ਼ਰਧਾ ਭਾਵਨਾ ਨਾਲ ਜੁੜਦੀਆਂ ਹਨ ਅਤੇ ਇਸ ਅਸਥਾਨ ਤੇ ‘ਦਿਨੇ ਮੱਸਿਆ ਰਾਤ ਦੀਵਾਲੀ ` ਨੂੰ ਮੁੱਖ ਰੱਖ ਕੇ ਬਹੁਤ ਸਾਰੀਆਂ ਸੰਗਤਾਂ ਦਰਸ਼ਨ ਇਸ਼ਨਾਨ ਵੀ ਕਰਦੀਆਂ ਹਨ।  S.G.P.C. ਵਲੋਂ ਵੀ ਇਸ ਦਿਹਾੜੇ ਉਪਰ ਵਿਸ਼ੇਸ਼ ਤੌਰ ਤੇ ਆਤਿਸ਼ਬਾਜੀ, ਦੀਪਮਾਲਾ ਦੇ ਪ੍ਰਬੰਧ ਕੀਤੇ ਜਾਂਦੇ ਹਨ। ਹਿੰਦੂ ਧਰਮ ਅੰਦਰ ਇਸ ਦਿਹਾੜੇ ਪ੍ਰਤੀ ਮਾਨਤਾ ਹੈ ਕਿ ਇਸ ਦਿਨ ਸ੍ਰੀ ਰਾਮ ਚੰਦਰ ਜੀ 14 ਸਾਲ ਦਾ ਬਨਵਾਸ ਕੱਟ ਕੇ ਅਯੋਧਿਆ ਵਾਪਸ ਆਏ ਸਨ। ਸਿੱਖ ਧਰਮ ਅੰਦਰ ਇਸ ਦਿਹਾੜੇ ਪ੍ਰਤੀ ਮਾਨਤਾ ਹੈ ਕਿ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਤੋਂ 52 ਰਾਜਿਆਂ ਨੂੰ ਬੰਦੀ ਵਿਚੋਂ ਰਿਹਾਅ ਕਰਾਉਣ ਉਪਰੰਤ ਇਸ ਦਿਨ ਅੰਮ੍ਰਿਤਸਰ ਦੀ ਧਰਤੀ ਤੇ ਵਾਪਸ ਪਹੁੰਚੇ ਸਨ ਅਤੇ ਸਿੱਖ ਇਤਿਹਾਸ ਅੰਦਰ ਇਸ ਘਟਨਾ ਦੀ ਸਦੀਵੀ ਯਾਦ ਅੰਦਰ ਛੇਵੇਂ ਪਾਤਸ਼ਾਹ ਨੂੰ ‘ਬੰਦੀ ਛੋੜ ਦਾਤਾ` ਵੀ ਕਿਹਾ ਜਾਂਦਾ ਹੈ ਇਸ ਘਟਨਾ ਕਾਰਨ ਦੀਵਾਲੀ ਦੇ ਦਿਹਾੜੇ ਨੂੰ ਕਈ ਸਿੱਖਾਂ ਵਲੋਂ ‘ਬੰਦੀ ਛੋੜ ਦਿਵਸ` ਦਾ ਨਾਮ ਵੀ ਦਿਤਾ ਜਾਂਦਾ ਹੈ। ਜਿਥੇ ਹਿੰਦੂ ਧਰਮ ਨਾਲ ਸਬੰਧਿਤ ਲੋਕ ਇਸ ਦਿਹਾੜੇ ਨੂੰ ਧਾਰਮਿਕ ਮਾਨਤਾ ਵਜੋਂ ਮਨਾਉਂਦੇ ਹਨ, ਸਿੱਖ ਵੀ ਇਸ ਤੋਂ ਪਿੱਛੇ ਨਹੀਂ, ਉਹ ਆਪਣੇ ਘਰਾਂ, ਗੁਰਦੁਆਰਿਆਂ ਆਦਿ ਉਪਰ ਦੀਪਮਾਲਾ ਕਰਦੇ ਹੋਏ ਖੁਸ਼ੀ ਵਿੱਚ ਆਤਿਸ਼ਬਾਜੀ ਚਲਾਉਂਦੇ ਹੋਏ, ਇੱਕ ਦੂਜੇ ਨਾਲ ਮਠਿਆਈਆਂ ਦੇ ਡੱਬਿਆਂ ਦਾ ਆਦਾਨ-ਪ੍ਰਦਾਨ ਵੀ ਕਰਦੇ ਹਨ।

 ਇਸ ਦਿਹਾੜੇ ਪ੍ਰਤੀ ਸਿੱਖ ਸੰਗਤਾਂ ਦੀ ਅਥਾਹ ਸ਼ਰਧਾ ਨੂੰ ਵੇਖਦੇ ਹੋਏ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਅਤੇ ਹੋਰ ਗੁਰਦੁਆਰਿਆਂ ਅੰਦਰ ਚਲ ਰਹੇ ਕੀਰਤਨ ਦੌਰਾਨ ਭਾਈ ਗੁਰਦਾਸ ਜੀ ਦੇ ਵਿਸ਼ਾ ਅਧੀਨ ਪਉੜੀ ਦੀ ਪਹਿਲੀ ਤੁਕ ਨੂੰ ਸਥਾਈ ਬਣਾ ਕੇ ਗਾਇਆ ਜਾਂਦਾ ਹੈ ਅਤੇ ਇਹ ਸਮਝਿਆ-ਸਮਝਾਇਆ ਜਾਂਦਾ ਹੈ ਕਿ ਭਾਈ ਗੁਰਦਾਸ ਜੀ ਨੇ ਵੀ ਦੀਵਾਲੀ ਦੇ ਦੀਵਿਆਂ ਨੂੰ ਗੁਰਮਤਿ ਸਿਧਾਂਤਾਂ ਅਨੁਸਾਰ ਪੂਰਨ ਮਾਨਤਾ ਦਿੱਤੀ ਹੈ। ਸ੍ਰੀ ਹਰਿਮੰਦਰ ਸਾਹਿਬ ਤੋਂ LIVE TELECAST ਹੋਣ ਕਰਕੇ ਇਹ ਸਭ ਕੁੱਝ ਸੰਸਾਰ ਦੇ ਵੱਖ-ਵੱਖ ਕੋਨਿਆਂ ਤੱਕ ਸਹਿਜੇ ਹੀ ਪੁੱਜ ਜਾਂਦਾ ਹੈ। ਇਸ ਸਭ ਕੁੱਝ ਨਾਲ ਸੰਗਤਾਂ ਵਿੱਚ ਇਸ ਦਿਹਾੜੇ ਦੀਪਮਾਲਾ ਕਰਨ, ਆਤਿਸ਼ਬਾਜੀ ਪ੍ਰਤੀ ਹੋਰ ਵਧੇਰੇ ਉਤਸ਼ਾਹ ਪੈਦਾ ਹੁੰਦਾ ਹੈ।

 ਲਗਦਾ ਹੈ ਕਿ ਗੁਰਬਾਣੀ ਦੇ ਸਪਸ਼ਟ ਸਿਧਾਂਤ ‘ਵਖਤ ਵੀਚਾਰੇ ਸੁ ਬੰਦਾ ਹੋਇ` (੮੩) ਨੂੰ ਭੁੱਲ ਕੇ ਅਸੀਂ ‘ਦੇਖਾ ਦੇਖੀ ਸਭ ਕਰੇ` (੨੭) ਵਾਲੇ ਮਾਰਗ ਦੇ ਪਾਂਧੀ ਬਣ ਜਾਂਦੇ ਹਾਂ। ਅੱਜ ਸੰਸਾਰ ਪੱਧਰ ਤੇ ਆਵਾਜ਼ ਉਠ ਰਹੀ ਹੈ ਕਿ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ, ਇਸ ਸੰਬੰਧੀ ਸਾਨੂੰ ਹਰੇਕ ਨੂੰ ਜਾਗਰੂਕ ਹੋ ਕੇ ਇਸ ਪ੍ਰਦੂਸ਼ਨ ਨੂੰ ਰੋਕਣ ਲਈ ਆਪੋ-ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਪਰ ਇਸ ਦਿਨ ਅਸੀਂ ਦੀਪਮਾਲਾ- ਆਤਿਸ਼ਬਾਜੀ ਦੇ ਰਾਹੀਂ ਪ੍ਰਦੂਸ਼ਨ ਵਿੱਚ ਸਗੋਂ ਹੋਰ ਵਾਧਾ ਕਰ ਦਿੰਦੇ ਹਾਂ, ਜਿਸ ਕਾਰਨ ਆਮ ਮਨੁੱਖਾਂ ਲਈ ਸਾਹ ਲੈਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਵਿਗਿਆਨੀਆਂ ਵਲੋਂ ਬਾਰ-ਬਾਰ ਚਿਤਾਵਨੀਆਂ ਦਿੱਤੇ ਜਾਣ ਦੇ ਬਾਵਜੂਦ ਵੀ ਕਿ ਦਿਨੋ ਦਿਨ ਵਧਦੇ ਪ੍ਰਦੂਸ਼ਣ ਕਾਰਨ ਸ੍ਰੀ ਹਰਿਮੰਦਰ ਸਾਹਿਬ ਦੇ ਸੋਨੇ ਦੀ ਚਮਕ ਅਤੇ ਵਿਰਾਸਤੀ ਪੱਖ ਨੂੰ ਨੁਕਸਾਨ ਹੋ ਰਿਹਾ ਹੈ, ਪਤਾ ਨਹੀਂ S.G.P.C ਇਸ ਪਾਸੇ ਕਿਉਂ ਨਹੀਂ ਸੋਚ ਰਹੀਂ ?  ਲਗਦਾ ਹੈ ਕਿ ਪਹਿਲ ਕੁਦਰਤ/ਵਿਰਾਸਤ ਦੀ ਸੰਭਾਲ ਨਾਲੋਂ ਗੋਲਕ ਨੂੰ ਹੈ। ਅੱਜ ਲੋੜ ਹੈ ਕਿ ਇਸ ਸਭ ਕਾਸੇ ਦੇ ਸਨਮੁੱਖ ਇਸ ਦਾ ਯੋਗ ਬਦਲ ਤਲਾਸ਼ਣ ਦੀ, ਜਿਸ ਨਾਲ ਸੰਗਤਾਂ ਦੀਆਂ ਭਾਵਨਾਵਾਂ ਵੀ ਆਹਟ ਨਾ ਹੋਵਣ। ਸਾਡੇ ਬਹੁ-ਗਿਣਤੀ ਰਾਗੀ ਸਿੰਘ ਵੀ ਇਸ ਦਿਹਾੜੇ ਪ੍ਰਤੀ ਸ਼ਰਧਾ ਨੂੰ ਹੋਰ ਵਧਾਉਣ ਲਈ ‘ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ` ਵਾਲੀ ਪੰਕਤੀ ਨੂੰ ਸਥਾਈ ਬਣਾ ਕੇ ਬਾਰ-ਬਾਰ ਕੀਰਤਨ ਕਰਦੇ ਹੋਏ ਇਸ ਪੱਖ ਨੂੰ ਹੋਰ ਬੜਾਵਾ ਦੇਈ ਜਾਂਦੇ ਹਨ।

ਇਸ ਸਬੰਧ ਵਿੱਚ ਸਹੀ ਸੇਧ ਲੈਣ ਲਈ ਸਾਨੂੰ ਭਾਈ ਗੁਰਦਾਸ ਜੀ ਦੁਆਰਾ ਉਚਾਰਨ ਕੀਤੀ ਗਈ ਵਿਸ਼ਾ ਅਧੀਨ ਪੂਰੀ ਪਉੜੀ ਦੇ ਅਰਥਾਂ ਨੂੰ ਸਾਹਮਣੇ ਰੱਖਣ ਦੀ ਜ਼ਰੂਰਤ ਹੈ-

ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ।

ਤਾਰੇ ਜਾਤਿ ਸਨਾਤਿ ਅੰਬਰ ਭਾਲੀਅਨਿ।

ਫੁਲਾਂ ਦੀ ਬਾਗਾਤਿ ਚੁਣਿ ਚੁਣਿ ਚਾਲੀਅਨਿ।

ਤੀਰਥ ਜਾਤੀ ਜਾਤਿ ਨੈਣ ਨਿਹਾਲੀਅਨਿ।

ਹਰਿਚੰਦਉਰੀ ਝਾਤਿ ਵਸਾਇ ਉਚਾਲੀਅਨਿ।

ਗੁਰਮੁਖਿ ਸੁਖ ਫਲ ਦਾਤਿ ਸਬਦਿ ਸਮਾਲੀਅਨਿ।। ੬।। (ਭਾਈ ਗੁਰਦਾਸ ਜੀ-ਵਾਰ ੧੯ ਪਉੜੀ ੬)

ਅਰਥ- ਜਿਵੇਂ ਅਸੀਂ ਵੇਖਦੇ ਹਾਂ ਕਿ ਦੀਵਾਲੀ ਦੀ ਰਾਤ ਨੂੰ ਹਰ ਘਰ ਵਿੱਚ ਖੁਸ਼ੀ ਨਾਲ ਦੀਵੇ ਬਾਲੇ ਜਾਂਦੇ ਹਨ, ਜੋ ਕੁੱਝ ਚਿਰ ਮਗਰੋਂ ਬੁਝ ਜਾਂਦੇ ਹਨ। ਇਸ ਤਰਾਂ ਰਾਤ ਵੇਲੇ ਵੱਡੇ-ਛੋਟੇ ਤਾਰੇ ਅਸਮਾਨ ਵਿੱਚ ਨਿਕਲ ਕੇ ਚਮਕਾਂ ਮਾਰਦੇ ਤੇ ਲਿਸ਼ਕਦੇ ਹਨ ਪਰ ਦਿਨ ਚੜ੍ਹਦੇ ਹੀ ਖਤਮ ਹੋ ਜਾਂਦੇ ਹਨ। ਬਾਗਾਂ ਵਿੱਚ ਤਰਾਂ -ਤਰਾਂ ਦੇ ਫੁੱਲ ਖਿੜਦੇ ਹਨ, ਪਰ ਕੁੱਝ ਚਿਰ ਹੀ ਪੂਰੇ ਖਿੜਦੇ ਹਨ ਕਿ ਮਾਲੀ ਉਨ੍ਹਾਂ ਨੂੰ ਚੁਣ-ਚੁਣ ਕੇ ਤੋੜ ਲੈਂਦਾ ਹੈ। ਯਾਤਰੀਆਂ ਦੇ ਟੋਲਿਆਂ ਦੇ ਟੋਲੇ ਤੀਰਥਾਂ ਪੁਰ ਯਾਤਰਾ ਕਰਨ ਜਾਂਦੇ ਹਨ ਤੇ ਅੱਖਾਂ ਨਾਲ ਦੇਖਦੇ ਹਾਂ ਕਿ ਮੁੜ ਤੀਰਥਾਂ ਨੂੰ ਖਾਲੀ ਕਰ ਆਉਂਦੇ ਹਨ। ਹਰਿਚੰਦਉਰੀ ਵਾਂਗ ਸੰਸਾਰ ਵਿੱਚ ਅਨੇਕਾਂ ਅਜਿਹੀਆਂ ਨਗਰੀਆਂ ਤੋਂ ਝਾਤੀ ਦਿਖਾਵੇ ਮਾਤ੍ਰ ਦਿਸਦੀ ਹੈ, ਖਤਮ ਹੋ ਜਾਂਦੀ ਹੈ ਤੇ ਉਜੜ ਜਾਂਦੀ ਹੈ, ਪਰ ਅਸਲ ਵਿੱਚ ਜੋ ਜੀਵਨ ਦਾ ਸੁਖ ਫਲ ਸ਼ਬਦ ਦੀ ਦਾਤ ਪ੍ਰਭੂ ਦਾ ਸਿਮਰਨ ਤੇ ਭਜਨ ਹੈ, ਉਹ ਗੁਰੂ ਦੇ ਵਰੋਸਾਏ ਗੁਰਮੁਖ ਹੀ ਸੰਭਾਲਦੇ ਹਨ।

 ਉਪਰੋਕਤ ਸਾਰੀ ਵਿਚਾਰ ਤੋਂ ਸਪਸ਼ਟ ਹੈ ਕਿ ਭਾਈ ਗੁਰਦਾਸ ਜੀ ਇਸ ਪਉੜੀ ਰਾਹੀਂ ਕਿਸੇ ਵੀ ਤਰਾਂ ਨਾਲ ਦੀਵਾਲੀ ਵਾਲੀ ਰਾਤ ਦੀਪਮਾਲਾ ਵਾਲੇ ਦੀਵੇ ਬਾਲਣ ਦੀ ਪ੍ਰੋੜਤਾ ਨਹੀਂ ਕਰ ਰਹੇ, ਸਗੋਂ ਇਨ੍ਹਾਂ ਦੀਵਿਆਂ ਦੇ ਹਵਾਲੇ ਰਾਹੀਂ ਵੀ ਉਹੀ ਸੱਚ ਦਰਸਾ ਰਹੇ ਹਨ ਜੋ ਦੂਸਰੀਆਂ ਪੰਕਤੀਆਂ ਵਿੱਚ ਹੈ, ਭਾਵ ਕਿ ਸੰਸਾਰ ਅੰਦਰ ਵੱਖ-ਵੱਖ ਵਸਤਾਂ ਦੀ ਨਾਸ਼ਵਾਨਤਾ, ਥੋੜ ਚਿਰਾ ਜੀਵਨ। ਇਸੇ ਤਰਾਂ ਬਾਕੀ ਸੰਸਾਰੀ ਸੁੱਖ ਵੀ ਥੋੜ ਚਿਰੇ ਹੀ ਹਨ, ਅਸਲ ਸਦੀਵੀ ਸੁੱਖ ਤਾਂ ਗੁਰੂ ਦੇ ਸ਼ਬਦ ਦੀ ਰੋਸ਼ਨੀ ਵਿੱਚ ਚਲਣ ਵਾਲੀ ਜੀਵਨ ਜਾਚ ਦੇ ਧਾਰਨੀ ਗੁਰਮੁਖਾਂ ਦੇ ਹਿੱਸੇ ਹੀ ਆਉਂਦਾ ਹੈ, ਜੋ ਕਿ ਇਸ ਪਉੜੀ ਦੀ ਛੇਵੀਂ ਅਤੇ ਆਖਰੀ ਤੁਕ ਵਿੱਚ ਦਰਸਾਇਆ ਗਿਆ ਹੈ। ਜੇਕਰ ਛੇਵੀਂ ਤੁਕ ਨੂੰ ਸਥਾਈ ਬਣਾ ਕੇ ਰਾਗੀ ਸਿੰਘਾਂ ਵਲੋਂ ਕੀਰਤਨ ਕੀਤਾ ਜਾਵੇ ਤਾਂ ਕਦੀ ਵੀ ਭੁਲੇਖਾ ਨਹੀਂ ਪਵੇਗਾ ਅਤੇ ਕਿਸੇ ਵੀ ਤਰਾਂ ਗੁਰਮਤਿ ਸਿਧਾਂਤ ਦੀ ਉਲੰਘਣਾ ਨਹੀਂ ਹੋਵੇਗੀ। ਸੁਚੇਤ ਹੋ ਕੇ ਇਸ ਪਾਸੇ ਸੋਚਣ ਅਤੇ ਚਲਣ ਦੀ ਜ਼ਰੂਰਤ ਹੈ।

… … … … … … … …

ਇਸ ਲੇਖ ਰਾਹੀਂ ਦਿਤੇ ਗਏ ਵਿਸ਼ਾ ਅਧੀਨ ਫੁਰਮਾਣ ਕੇਵਲ ਇਸ਼ਾਰੇ ਮਾਤਰ ਲਏ ਗਏ ਹਨ, ਇਸ ਤਰਾਂ ਹੋਰ ਵੀ ਅਨੇਕਾਂ ਫੁਰਮਾਣ ਹਨ ਜਿਨ੍ਹਾਂ ਦੀ ਵਰਤੋਂ ਅਸੀਂ ਆਪਣੀ ਨਾ-ਸਮਝੀ ਕਾਰਨ ਆਪਣੀ ਮਤਿ ਦੇ ਦਾਇਰੇ ਅੰਦਰ ਹੀ ਕਰੀ ਜਾ ਰਹੇ ਹਾਂ। ਐਸਾ ਕਰਨਾ ਗੁਰਬਾਣੀ ਦੇ ਆਸ਼ੇ ਤੋਂ ਵਿਪਰੀਤ ਚੱਲਣਾ ਹੈ। ਗੁਰਬਾਣੀ ਦੇ ਭਾਵ-ਅਰਥ ਆਪਣੀ ਮਨਿ ਦੀ ਮਤਿ ਅਨੁਸਾਰ ਕਰਨ ਦੀ ਬਜਾਏ ਗੁਰੂ ਦੀ ਮਤਿ ਅਨੁਸਾਰ ਸਮਝਣ ਦਾ ਯਤਨ ਕਰਾਂਗੇ ਤਾਂ ਹੀ ਸਹੀ ਅਰਥਾਂ ਵਿੱਚ ‘ਗੁਰਬਾਣੀ ਇਸੁ ਜਗ ਮਹਿ ਚਾਨਣ, ਕਰਮ ਵਸੈ ਮਨਿ ਆਏ` (੬੭) ਦੀ ਪ੍ਰਾਪਤੀ ਹੋਣੀ ਸੰਭਵ ਹੋ ਕੇ ਜੀਵਨ ਸਫਲਤਾ ਤਕ ਪਹੁੰਚ ਸਕਣ ਦੇ ਸਮਰੱਥ ਬਣ ਸਕਾਂਗੇ।

============

ਭਾਰਤ ਦੀ ਅਜ਼ਾਦੀ ਲਈ ਸਿੱਖਾਂ ਦੀਆਂ ਕੁਰਬਾਨੀਆਂ

0

ਭਾਰਤ ਦੀ ਅਜ਼ਾਦੀ ਲਈ ਸਿੱਖਾਂ ਦੀਆਂ ਕੁਰਬਾਨੀਆਂ

– ਸ. ਗੁਰਦੀਪ ਸਿੰਘ

ਦੇਸ਼ ਦੀ ਅਜ਼ਾਦੀ ਦਾ ਕੋਈ ਵੀ ਫਰੰਟ ਐਸਾ ਨਹੀਂ ਜਿਸ ਦੇ ਹਰ ਮੁਹਾਜ਼ ‘ਤੇ ਸਿੱਖ ਕੌਮ ਨੇ ਵਧ-ਚੜ੍ਹ ਕੇ ਹਿੱਸਾ ਨਾ ਪਾਇਆ ਹੋਵੇ। ਭਾਵੇਂ ਸਿੱਖ ਕੌਮੀ ਦੀ ਅਬਾਦੀ ਉਸ ਸਮੇਂ 1.5 ਫੀਸਦੀ ਦੇ ਕਰੀਬ ਸੀ ਤਾਂ ਵੀ ਅਜ਼ਾਦੀ ਲਈ ਕੀਤੀਆਂ ਕੁਰਬਾਨੀਆਂ ਵਿਚ ਇਸ ਦਾ ਹਿੱਸਾ 90 ਫੀਸਦੀ ਤੋਂ ਉਪਰ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਲੰਬੀ ਗੁਲਾਮੀ ਨੇ ਇਸ ਦੇਸ਼ ਦੀ ਬੀਰਤਾ, ਅਣਖ ਤੇ ਗੈਰਤ ਨੂੰ ਪੈਰਾਂ ਥੱਲੇ ਰੋਲ ਦਿੱਤਾ ਸੀ। ਅਸਲ ਵਿਚ 1521 ਈ. ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਕਤ ਦੇ ਮੀਰ ਬਾਬਰ ਨੂੰ ਜਾਬਰ ਆਖਿਆ :
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ।। ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ।। (360)
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜ਼ੁਲਮ ਦੇ ਵਿਰੁੱਧ ਅਵਾਜ਼ ਉਠਾਈ। ਇਸ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਬਾਬਰ ਦੀਆਂ ਚੱਕੀਆਂ ਵੀ ਪੀਸਣੀਆਂ ਪਈਆਂ। ਦੇਸ਼ਵਾਸੀਆਂ ਨੂੰ ਸੁਤੰਤਰਤਾ ਦਾ ਅਹਿਸਾਸ ਦਿਵਾਇਆ। ਸਮਾਜ ਵਿਚ ਇਸਤਰੀਆਂ ਨੂੰ ਯੋਗ ਸਥਾਨ ਲਈ ਤੇ ਜਾਤ-ਪਾਤ, ਊਚ-ਨੀਚ ਵਿਰੁੱਧ ਆਵਾਜ਼ ਬੁਲੰਦ ਕੀਤੀ। ਨਸ਼ਿਆਂ ਦੀ ਰੋਕਥਾਮ ਤੇ ਸਰਬੱਤ ਦੇ ਭਲੇ ਲਈ ਉਪਦੇਸ਼ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੁਤੰਤਰਤਾ ਸੈਲਾਨੀਆਂ ਦੀ ਇਕ ਕੌਮ ਦੀ ਨੀਂਹ ਰੱਖੀ ਅਤੇ ਦੇਸ਼-ਵਾਸੀਆਂ ਦੇ ਸੀਨੇ ਵਿਚ ਅਜ਼ਾਦੀ ਦੇ ਜਜ਼ਬੇ ਦੀ ਜੋਤ ਜਗਾਈ। ਆਪ ਤੋਂ ਪਿੱਛੋਂ ਗੁਰੂ ਸਾਹਿਬਾਨ ਨੇ ਇਸ ਜੋਤ ਨੂੰ ਜਗਦਾ ਰੱਖਣ ਦਾ ਬੀੜਾ ਚੁੱਕਿਆ। ਇਸ ਲਈ ਸਭ ਤੋਂ ਪਹਿਲਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਦੇਸ਼ ਦੀ ਸੁਤੰਤਰਤਾ ਦੀ ਵੇਦੀ ਉਤੇ ਆਪਣੀ ਸ਼ਹੀਦੀ ਦਿੱਤੀ। ਉਹਨਾਂ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ (ਕਸ਼ਮੀਰੀ ਪੰਡਤਾਂ ਦੀ ਪੁਕਾਰ ‘ਤੇ) ਸ਼ਹੀਦੀ ਦਿੱਤੀ। ਉਹਨਾਂ ਦੇ ਨਾਲ ਗੁਰਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੂੰ ਵੀ ਉਸੇ ਸਮੇਂ ਸ਼ਹੀਦ ਕੀਤਾ ਗਿਆ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਬੇਅੰਤ ਸਿੱਖਾਂ ਨੇ ਸੁਤੰਤਰਤਾ ਦੀ ਪ੍ਰਾਪਤੀ ਲਈ ਦੇਸ਼-ਧਰਮ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਸਿੱਖਾਂ ਨੂੰ ਦੇਸ਼ ਭਗਤੀ ਦਾ ਜਜ਼ਬਾ ਜਨਮ ਤੋਂ, ਵਿਰਸੇ ਵਿਚ ਹੀ ਮਿਲਿਆ ਹੈ। ਇਹੋ ਕਾਰਨ ਹੈ ਕਿ ਦੇਸ਼ ਦੀ ਸੁਤੰਤਰਤਾ ਦਾ ਕੋਈ ਅਜਿਹਾ ਅੰਦੋਲਨ ਨਹੀਂ ਜਿਸ ਵਿਚ ਇਨ੍ਹਾਂ ਨੇ ਅੱਗੇ ਹੋ ਕੇ ਕੁਰਬਾਨੀ ਨਾ ਦਿੱਤੀ ਹੋਵੇ। ‘ਗਲੈਸਗੋ ਹੈਰਾਲਡ‘ ਕਲਕੱਤਾ ਮਿਤੀ 3-11-1825 ਅਨੁਸਾਰ, ‘1824 ਈਸਵੀ ਦੇ ਬਰਮਾ ਯੁੱਧ ਵਿਚ ਸਿੱਖ ਸੈਨਿਕਾਂ ਦੀ ਕੰਪਨੀ 47 ਨੇਟਿਵ ਇਨਫੈਂਟਰੀ ਵਿਚ ਵਿਦਰੋਹ ਭੜਕਾਉਣ ਦੇ ਦੋਸ਼ ਲਾ ਕੇ ਰਿਸਾਲਦਾਰ ਸੁਰ ਸਿੰਘ, ਜਾਤਾ ਸਿੰਘ, ਬਲਾਕਾ ਸਿੰਘ ਤੇ ਇਕ ਬੰਗਾਲੀ ਮਿ. ਦਾਸ ਨੂੰ ਫਾਂਸੀ ਚੜ੍ਹਾਇਆ ਗਿਆ। ਇਸ ਵਿਦਰੋਹ ਵਿਚ 880 ਫੌਜੀ ਮਾਰੇ ਗਏ ਜਾਂ ਫਾਂਸੀ ਚੜ੍ਹਾਏ ਗਏ।
ਜੁਲਾਈ 1824 ਵਿਚ ਰੁੜਕੀ ਦੇ ਨੇੜੇ ਅੰਗਰੇਜ਼ਾਂ ਵਿਰੁੱਧ ਬਗਾਵਤ ਵਿਚ ਗੋਰਾ ਤੇ ਗੋਰਖਾ ਫੌਜਾਂ ਨਾਲ ਲੜਦੇ ਹੋਏ 200 ਦੇਸ਼ ਭਗਤ ਸ਼ਹੀਦ ਹੋਏ ਜਿਨ੍ਹਾਂ ਵਿਚ 88 ਸਿੱਖ ਸਨ।
14 ਅਕਤੂਬਰ 1825 ਨੂੰ ਗਾਰਨੇਡੀਅਰ ਕੰਪਨੀ ਜਿਸ ਨੇ ਅਸਾਮੀ ਭਰਾਵਾਂ ਦੀ ਅਜ਼ਾਦੀ ਨੂੰ ਖਤਮ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਵਿਦਰੋਹ ਵਿਚ 400 ਦੇ ਕਰੀਬ ਸਿੱਖ ਸ਼ਹੀਦ ਹੋਏ।
1849 ਵਿਚ ਸਿੱਖਾਂ ਨੇ ਅੰਗਰੇਜ਼ਾਂ ਨਾਲ ਭਾਰਤ ਦੀ ਅਜ਼ਾਦੀ ਦੀ ਆਖਰੀ ਜੰਗ ਲੜੀ। ਇਸ ਪਿੱਛੋਂ ਸਿੱਖਾਂ ਦੀ ਹਾਰ ਕਾਰਨ ਸੰਪੂਰਨ ਭਾਰਤ ਅੰਗਰੇਜ਼ੀ ਰਾਜ ਵਿਚ ਮਿਲਾ ਦਿੱਤਾ ਗਿਆ।
1869 ਵਿਚ ਬਾਬਾ ਰਾਮ ਸਿੰਘ ਨੇ ਸ਼ਾਂਤਮਈ ਅੰਦੋਲਨ ਸ਼ੁਰੂ ਕੀਤਾ ਸੀ। 1871 ਵਿਚ ਗਊ-ਹੱਤਿਆ ਅੰਦੋਲਨ ਵਿਚ ਥਾਉਂ-ਥਾਈਂ ਬੁੱਚੜਾਂ ਨੂੰ ਵੱਢ ਦਿੱਤਾ ਗਿਆ। ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਪ੍ਰਵੇਸ਼ ਦੁਆਰ ਦੇ ਨਾਲ ਕਰਕੇ ਇਕ ਬੁੱਚੜਖਾਨਾ ਖੋਲ੍ਹਿਆ ਗਿਆ ਸੀ ਜਿਸ ਨਾਲ ਸ੍ਰੀ ਦਰਬਾਰ ਸਾਹਿਬ ਤੇ ਅੰਮ੍ਰਿਤ-ਸਰੋਵਰ ਦੀ ਪਵਿੱਤਰਤਾ ਭੰਗ ਹੁੰਦੀ ਸੀ। ਰਾਤੋ-ਰਾਤ ਕਸਾਈਆਂ ਨੂੰ ਕੱਟ-ਵੱਢ ਸੁੱਟਿਆ ਅਤੇ ਬੁੱਚੜਖਾਨਾ ਢਾਹ ਕੇ ਥਾਂ ਪੱਧਰਾ ਕੀਤਾ ਗਿਆ।
ਮਿਲਟਰੀ ਵਿਚ ਸਿੱਖ-ਸੈਨਿਕਾਂ ਨੇ ਸਾਮਰਾਜੀਆਂ ਵਿਰੁੱਧ ਬਗਾਵਤ ਫੈਲਾਉਣ ਦਾ ਯਤਨ ਕੀਤਾ ਤੇ 1872 ਈਸਵੀ ਵਿਚ ਸਿੱਖਾਂ ਨੇ ਅਸਲਾਖਾਨੇ ‘ਤੇ ਕਬਜ਼ਾ ਕਰਨ ਦਾ ਫੈਸਲਾ ਕੀਤਾ। ਇਸ ਯਤਨ ਵਿਚ ਕੋਤਵਾਲ ਤੇ 7 ਫੌਜੀ ਮਾਰੇ ਗਏ ਪਰ ਲੁਧਿਆਣੇ ਦੇ ਡੀ.ਸੀ. ਨੇ ਫੌਜੀ ਸਹਾਇਤਾ ਤੇ ਰਿਆਸਤਾਂ ਦੀ ਸਹਾਇਤਾ ਨਾਲ ਇਸ ਦਲ ਨੂੰ ਗ੍ਰਿਫ਼ਤਾਰ ਕਰ ਲਿਆ।
1907 ਈਸਵੀ ਵਿਚ ਸ. ਅਜੀਤ ਸਿੰਘ (ਸ਼ਹੀਦ ਭਗਤ ਸਿੰਘ ਦੇ ਚਾਚਾ ਜੀ) ਨੇ ‘ਪਗੜੀ ਸੰਭਾਲ ਜੱਟਾ‘ ਦਾ ਨਾਅਰਾ ਲਗਾ ਕੇ ਅੰਗਰੇਜ਼ ਸਰਕਾਰ ਨੂੰ ਇਕ ਖੁੱਲ੍ਹਾ ਚੈਲੰਜ ਦਿੱਤਾ। ਇਸ ਸਾਲ ਹੀ ਕਨੇਡਾ ਵਿਚ ‘ਬੱਬਰ ਅਕਾਲੀ ਲਹਿਰ‘ ਤੇ ਕੈਲੇਫੋਰਨੀਆ ਵਿਚ ‘ਗਦਰ ਪਾਰਟੀ‘ ਸੰਗਠਨ ਸ਼ੁਰੂ ਕੀਤੇ ਗਏ।
1913 ਈਸਵੀ ਵਿਚ ਬਾਬਾ ਸੋਹਣ ਸਿੰਘ ਜੀ ਭਕਨਾ ਨੇ ‘ਗਦਰ ਪਾਰਟੀ ਦੀ ਨੀਂਹ ਰੱਖੀ।
1914 ਈ. ਵਿਚ ਬਾਬਾ ਗੁਰਦਿੱਤ ਸਿੰਘ ਜੀ ਨੇ 376 ਯਾਤਰੂਆਂ (ਜਿਨ੍ਹਾਂ ਵਿਚ 355 ਸਿੱਖ ਸਨ) ਕਾਮਾਗਾਟਾਮਾਰੂ ਜਹਾਜ਼ ਵਿਚ ਪ੍ਰਦੇਸ਼ ਵਿਚ ਵੱਸਦੇ ਦੇਸ਼-ਭਗਤ ਭਾਰਤੀਆਂ ਨੂੰ ਲੈ ਕੇ ਭਾਰਤ ਆਏ ਤਾਂ ਸਾਮਰਾਜ ਨੇ 29 ਦਸੰਬਰ, 1914 ਨੂੰ ਪੰਜਾਹ ਸਿੱਖ ਸ਼ਹੀਦ ਕਰ ਦਿੱਤੇ ਤੇ ਬਾਕੀ ਬੰਦੀ ਬਣਾ ਲਏ। ਇਸ ਦੀ ਖ਼ਬਰ ਜਦ ਵਿਦੇਸ਼ਾਂ ਵਿਚ ਪੁੱਜੀ ਤਾਂ ਰੋਸ ਭੜਕ ਪਿਆ ਤੇ ਮਨੀਲਾ, ਸ਼ਿੰਘਾਈ, ਜਪਾਨ, ਅਮਰੀਕਾ ਆਦਿ ਵਿਚ ਵੱਸਦੇ 170 ਸਿੱਖਾਂ ਦਾ ਜਥਾ 24 ਅਕਤੂਬਰ, 1914 ਨੂੰ ਭਾਰਤ ਪੁੱਜਾ ਤਾਂ ਸਭ ਨੂੰ ਗ੍ਰਿਫ਼ਤਾਰ ਕਰ ਕੇ ਮਿੰਟਗੁਮਰੀ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ।
1915 ਈ. ਵਿਚ ਸ. ਕਰਤਾਰ ਸਿੰਘ ਸਰਾਭਾ ਨੇ ਭਾਰਤੀ ਫੌਜੀਆਂ ਨੂੰ ਦੇਸ਼ ਦੀ ਸਵਾਧੀਨਤਾ ਦੇ ਜਜ਼ਬੇ ਵਿਚ ਉਤਸ਼ਾਹ ਦੇਣ ਦਾ ਪ੍ਰੋਗਰਾਮ ਬਣਾਇਆ ਪਰ ਸਫ਼ਲ ਨਾ ਹੋਣ ਕਰਕੇ 14 ਨਵੰਬਰ, 1917 ਨੂੰ 12 ਸਿੱਖ ਸਾਥੀਆਂ ਸਮੇਤ ਫਾਂਸੀ ਦੇ ਤਖ਼ਤੇ ‘ਤੇ ਲਟਕਾ ਦਿੱਤਾ। ਉਨ੍ਹਾਂ ਦੇ 15 ਸਾਥੀਆਂ ਨੂੰ ਬਾਅਦ ਵਿਚ ਅਦਾਲਤ ਨੇ ਮੌਤ ਦੀਆਂ ਸਜ਼ਾਵਾਂ ਦਿੱਤੀਆਂ।
ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿਖੇ ਜਲ੍ਹਿਆਂਵਾਲੇ ਬਾਗ ਦਾ ਖੂਨੀ ਕਾਂਡ ਹੋਇਆ ਜਿਸ ਵਿਚ ਸ਼ਹੀਦ ਹੋਣ ਵਾਲੇ 1300 ਦੇਸ਼-ਭਗਤਾਂ ਵਿਚ 769 ਸਿੱਖ ਸੂਰਬੀਰ ਸਨ।
1922 ਈ. ਵਿਚ ਬੱਬਰ ਅਕਾਲੀ ਲਹਿਰ ਦਾ ਮੁੱਢ ਬੰਨ੍ਹ, ਬੱਬਰਾਂ ਨੇ ਸਾਮਰਾਜ ਦੀ ਪਕੜ ਨੂੰ ਕਾਫੀ ਨੁਕਾਨ ਪਹੁੰਚਾਇਆ।
ਗੁਰਦੁਆਰਾ ਲਹਿਰ (1921 ਤੋਂ 1924 ਈਸਵੀ) ਅਸਲ ਵਿਚ ਦੇਸ਼ ਦੇ ਸੁਤੰਤਰਤਾ ਅੰਦੋਲਨ ਦਾ ਆਰੰਭ ਸੀ ਜਿਸ ਨੂੰ ਦੇਸ਼ ਦੇ ਕੌਮੀ ਆਗੂਆਂ ਨੇ ਸਵੀਕਾਰ ਕੀਤਾ ਹੈ। ਇਸ ਬਾਬਤ ਉਨ੍ਹਾਂ ਦੇ ਵਿਚਾਰ ਇਸ ਤਰ੍ਹਾਂ ਹਨ :
”ਮੈਂ ਪ੍ਰਣਾਮ ਕਰਦਾ ਹਾਂ ਅਕਾਲੀਆਂ ਨੂੰ ਜਿਨ੍ਹਾਂ ਦੇਸ਼ ਦੀ ਅਜ਼ਾਦੀ ਲਈ ਘੋਲ ਅਰੰਭਿਆ ਹੈ ਅਤੇ ਅਜ਼ਾਦੀ ਲਈ ਲੜ ਰਹੇ ਹਨ।”
(ਪੰਡਤ ਮੋਤੀ ਲਾਲ ਨਹਿਰੂ)
”ਗੁਰੂ ਕੇ ਬਾਗ ਵਿਚੋਂ ਹੀ ਦੇਸ਼ ਦੀ ਸੁਤੰਤਰਤਾ ਦੀ ਲਹਿਰ ਉਠੀ ਹੈ, ਹੁਣ ਇਸ ਨੇ ਹੀ ਦੇਸ਼ ਨੂੰ ਅਜ਼ਾਦ ਕਰਵਾਉਣਾ ਹੈ।”
(ਪੰਡਤ ਮਦਨ ਮੋਹਨ ਮਾਲਵੀਆ)
”ਅਜ਼ਾਦੀ ਹਰ ਇਕ ਦਾ ਹੱਕ ਹੈ। ਅਸੀਂ ਕਪੁੱਤਰ ਹਾਂ ਪਰ ਅਕਾਲੀ ਸਪੁੱਤਰ ਹਨ ਜਿਹੜੇ ਕਿ ਇਸ ਹੱਕ ਲਈ ਲੜ ਰਹੇ ਹਨ।”
(ਲਾਲਾ ਲਾਜਪਤ ਰਾਏ)
 ”ਸਿੱਖ ਵੀਰਾਂ ਨੇ ਸਾਨੂੰ ਦੇਸ਼-ਸੁਤੰਤਰਤਾ ਦੀ ਪ੍ਰਾਪਤੀ ਦੀ ਜਾਚ ਸਿਖਾ ਦਿੱਤੀ ਹੈ। ਹੁਣ ਦੁਨੀਆਂ ਦੀ ਕੋਈ ਵੀ ਤਾਕਤ ਸਾਨੂੰ ਬਹੁਤ ਦੇਰ ਤੱਕ ਗੁਲਾਮ ਨਹੀਂ ਰੱਖ ਸਕਦੀ।” (ਦਾਦਾ ਭਾਈ ਨਾਰੋ ਜੀ)
ਗੁਰੂ ਕੇ ਬਾਗ ਮੋਰਚੇ ਪਿੱਛੋਂ ਸ੍ਰੀ ਸੀ. ਐਫ. ਐਂਡਰਿਊਜ਼ ਲਿਖਦਾ ਹੈ : ”ਸ੍ਰੀ ਗੁਰੂ ਨਾਨਕ ਦੇ ਸਿੱਖਾਂ ਨੇ ਦੁਨੀਆਂ ਨੂੰ ਅਹਿੰਸਾ ਦਾ ਇਕ ਨਵਾਂ ਸਬਕ ਸਿਖਾਇਅ ਹੈ।”
ਪੰਡਤ ਮਦਨ ਮੋਹਨ ਮਾਲਵੀਆ ਤਾਂ ਸਿੱਖਾਂ ਦੀ ਕਥਨੀ ਤੇ ਕਰਨੀ ਤੋਂ ਇਤਨਾ ਪ੍ਰਭਾਵਿਤ ਹੋਇਆ ਸੀ ਕਿ ਉਸ ਨੇ ਹਿੰਦੂਆਂ ਨੂੰ ਇਸ ਗੱਲ ਲਈ ਪ੍ਰੇਰਿਆ ਕਿ ਜੇ ਵਿਦੇਸ਼ੀ ਹਕੂਮਤ ਦੀ ਗੁਲਾਮੀ ਤੋਂ ਮੁਕਤ ਹੋਣਾ ਚਾਹੁੰਦੇ ਹੋ ਤਾਂ ਫਿਰ ਹਰ ਹਿੰਦੂ ਘਰ ਨੂੰ ਘੱਟੋ-ਘੱਟ ਆਪਣਾ ਇਕ ਪੁੱਤਰ ਸਿੰਘ ਸਜਾਉਣਾ ਚਾਹੀਦਾ ਹੈ। ਗੁਰਦੁਆਰਾ ਸ੍ਰੀ ਤਰਨਤਾਰਨ ਸਾਹਿਬ ਦੇ ਪਹਿਲੇ ਸ਼ਹੀਦ ਸ. ਹਜ਼ਾਰਾ ਸਿੰਘ ਦੀ ਵੀਰ ਗਾਥਾ ਸੁਣ ਕੇ ਗਾਂਧੀ ਜੀ ਨੇ ਗੁਰਦੁਆਰਾ ਅਜ਼ਾਦ ਹੋਣ ‘ਤੇ ਅਕਾਲੀ ਦਲ ਨੂੰ ਤਾਰ ਦਿੱਤੀ : ”ਮੈਨੂੰ ਦੇਸ਼ ਅਜ਼ਾਦ ਕਰਾਉਣ ਦਾ ਨੁਸਖਾ ਮਿਲ ਗਿਆ ਹੈ। ਗੁਰਦੁਆਰਾ ਅਜ਼ਾਦ ਹੋ ਗਿਆ। ਮੁਬਾਰਕ ਹੋਵੇ। ਹੁਣ ਦੇਸ਼ ਵੀ ਤੁਸੀਂ ਅਜ਼ਾਦ ਕਰਾਉਣਾ ਹੈ।”
ਡਾਕਟਰ ਗੁੰਡਾ ਸਿੰਘ ਅਨੁਸਾਰ, ”ਗੁਰਦੁਆਰਾ ਮੂਵਮੈਂਟ ਵਿਚ 500 ਸਿੱਖ ਸ਼ਹੀਦ ਹੋਏ, 30 ਹਜ਼ਾਰ ਜੇਲ੍ਹ ਵਿਚ ਗਏ ਅਤੇ 10 ਲੱਖ ਰੁਪਿਆ ਸਿੱਖਾਂ ਨੇ ਜੁਰਮਾਨਾ ਭਰਿਆ।”
 ਮਹਾਤਮਾ ਗਾਂਧੀ ਦੀ 1930 ਈ. ਦੀ ਨਾ-ਮਿਲਵਰਤਨ ਲਹਿਰ ਵਿਚ ਬਲੀਦਾਨ ਹੋਣ ਵਿਚ ਸਿੱਖ ਕਿਸੇ ਕੌਮ ਨਾਲੋਂ ਪਿੱਛੇ ਨਹੀਂ ਰਹੇ। 1934 ਈ. ਦਾ ਸਰਬ ਹਿੰਦ ਕਾਂਗਰਸ ਸੈਸ਼ਨ ਮੁੰਬਈ ਵਿਚ ਹੋਣਾ ਸੀ ਪਰ ਅੰਗਰੇਜ਼ ਸਰਕਾਰ ਨੇ ਪੰਡਾਲ ਨਾ ਲੱਗਣ ਦਾ ਅੜਿੱਕਾ ਡਾਹਿਆ।  ਪੰਜਾਬ ਤੋਂ ਮਾਸਟਰ ਤਾਰਾ ਸਿੰਘ ਜੀ ਦੀ ਜਥੇਦਾਰੀ ਹੇਠ ਇਕ ਸੌ ਸਿਰਲੱਥ ਅਕਾਲੀ ਸੂਰਬੀਰਾਂ ਦਾ ਜਥਾ ਇਥੇ ਪੁੱਜਾ ਤੇ ਸਾਮਰਾਜ ਦੇ ਗੁੰਡਿਆਂ ਨੂੰ ਲਲਕਾਰਿਆ। ਇਨ੍ਹਾਂ ਸੂਰਬੀਰਾਂ ਦੀ ਸ੍ਰੀ ਸਾਹਿਬ ਦੇ ਹੇਠ ਹੀ ਉਦੋਂ ਇਥੇ ਸੈਸ਼ਨ ਹੋ ਸਕਿਆ, ਨਹੀਂ ਤੇ ਸਾਮਰਾਜੀ ਸਰਕਾਰ ਨੇ ਉਦੋਂ ਸੈਸ਼ਨ ਫੇਲ ਕਰਨ ਦੇ ਮਨਸੂਬੇ ਬਣਾ ਰੱਖੇ ਸਨ।
ਦੇਸ਼-ਸਵਾਧੀਨਤਾ ਵਿਚ ਸ. ਕਿਸ਼ਨ ਸਿੰਘ ਗੜਗੱਜ, ਭਾਈ ਈਸ਼ਰ ਸਿੰਘ, ਮਾਸਟਰ ਮੋਤਾ ਸਿੰਘ, ਸ. ਖੜਕ ਸਿੰਘ, ਸ. ਤੇਜਾ ਸਿੰਘ ਸਮੁੰਦਰੀ, ਭਾਈ ਰਣਧੀਰ ਸਿੰਘ, ਮਾਸਟਰ ਤਾਰਾ ਸਿੰਘ, ਝਬਾਲੀਏ ਭਰਾਵਾਂ ਆਦਿ ਸੈਂਕੜੇ ਅਕਾਲੀ ਸਿੰਘਾਂ ਦੀਆਂ ਸਰਗਰਮੀਆਂ ਉਲੇਖਨੀਯ ਹਨ। ਸ. ਭਗਤ ਸਿੰਘ ਖਿੜੇ-ਮੱਥੇ ਫਾਂਸੀ ਦੇ ਤਖ਼ਤੇ ‘ਤੇ ਚੜ੍ਹ ਗਿਆ। ਜਨਰਲ ਮੋਹਨ ਸਿੰਘ ਨੇ ਹੋਰਨਾਂ ਦੇਸ਼ਾਂ ਦੀ ਸਹਾਇਤਾ ਨਾਲ ਬਕਾਇਦਾ ਜੰਗ ਲੜਨ ਦੀ ਪਲੈਨ ਬਣਾਈ ਸੀ।
ਜਨਰਲ ਮੋਹਨ ਸਿੰਘ ਨੇ ਜਪਾਨ ਵਿਚ ਅਜ਼ਾਦ ਹਿੰਦ ਫੌਜ ਨੂੰ ਸੰਗਠਿਤ ਕੀਤਾ। ਪਰ ਜਦ ਜਨਰਲ ਨੂੰ ਜਪਾਨੀਆਂ ਨੇ ਗ੍ਰਿਫ਼ਤਾਰ ਕਰ ਲਿਆ ਤਾਂ ਮਾਸਟਰ ਤਾਰਾ ਸਿੰਘ ਨੂੰ ਮਿਲੇ ਜਨਰਲ ਮੋਹਨ ਸਿੰਘ ਦੇ ਸੁਨੇਹੇ ‘ਤੇ ਮਾਸਟਰ ਜੀ ਨੇ ਸੁਭਾਸ਼ ਚੰਦਰ ਬੋਸ ਨੂੰ ਇਥੋਂ ਨਿਕਲ ਜਾਣ ਦੀ, ਜਨਰਲ ਕੋਲ ਪਹੁੰਚਾਉਣ ਦੀ ਵਿਉਂਤ ਬਣਾਈ। ਸੁਭਾਸ਼ ਚੰਦਰ ਬੋਸ ਨੂੰ ਪਹੁੰਚਾਉਣ ਵਾਲੇ ਸਾਰੇ ਸਿੱਖ ਹੀ ਸਨ। ਅਜ਼ਾਦ ਹਿੰਦ ਫੌਜ ਦੀ ਕੁੱਲ ਗਿਣਤੀ 42,000 ਵਿਚੋਂ 28,000 ਸਿੱਖ ਸੈਨਿਕ ਸਨ। 1946 ਈ. ਵਿਚ ਮੁੰਬਈ ਵਿਚ ਨੇਵੀ ਦੇ ਜੁਆਨਾਂ ਦੇ ਵਿਦਰੋਹ ਵਿਚ ਵੀ ਸਿੱਖ ਸੈਨਿਕ ਕਿਸੇ ਨਾਲੋਂ ਘੱਟ ਨਹੀਂ ਸਨ। ਲੰਬੇ ਸੰਘਰਸ਼ ਤੋਂ ਬਾਅਦ ਦੇਸ਼ ਅਜ਼ਾਦ ਹੋਇਆ। ਇਸ ਵਿਚ ਸਿੱਖਾਂ ਨੇ ਆਪਣੀ ਅਬਾਦੀ ਦੇ ਅਨੁਪਾਤ ਤੋਂ ਕਿਤੇ ਵੱਧ ਯੋਗਦਾਨ ਪਾਇਆ।

ਠੱਗੀ

0

(ਕਾਵਿ-ਵਿਅੰਗ)    

 ਠੱਗੀ 

ਲਾਭਕਾਰੀ ਦਾ ਜਿਧਰ ਮਹੌਲ ਬਣਦਾ, ਉਧਰ ਵੱਲ ਨੂੰ ਹੀ ਹੁੰਦਾ ਹੈ ਰੁਚਿਤ ਬੰਦਾ।

ਬਿਗਾਨੀ ਛਾਹ ’ਤੇ ਮੁੱਛ ਮੁਨਾ ਲੈਂਦਾ, ਤਿਆਰ ਛੱਕਣ ਲਈ ਹੁੰਦਾ ਜਦ ਮੁਫ਼ਤ ਬੰਦਾ।

ਠੱਗੀ ਮਾਰਦਾ ਰੱਬ ਦੇ ਨਾਂਅ ਉੱਤੇ, ਆਧੁਨਿਕ ਯੁੱਗ ਵਿਚ ਬਹੁਤ ਹੈ ਚੁਸਤ ਬੰਦਾ।

ਮਾਰ ਸਕਿਆ ਕੋਈ ਨਾ ਮਲ ਵੱਡੀ, ‘ਚੋਹਲਾ ਸਾਹਿਬ’ ਦਾ ‘ਬੱਗਾ’ ਹੈ ਸੁਸਤ ਬੰਦਾ।

—-੦—–

-ਰਮੇਸ਼ ਬੱਗਾ ਚੋਹਲਾ, 1348/17/1, ਗਲੀ ਨੰ: 8, ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ)-94631-32719

ਖੱਟੀ

0

(ਕਾਵਿ-ਵਿਅੰਗ)

ਖੱਟੀ

ਹੀਰ ਆਖਦੀ ਜੋਗੀਆ ਸੱਚ ਆਖਾਂ, ਬਣੀ ਕਿਸੇ ਦੀ ਕੋਈ ਨਹੀਂ ਕੱਟਦਾ ਵੇ।

ਜਿਹਦੇ ਨਾਲ ਪਿਆਲੇ ਦੀ ਸਾਂਝ ਹੁੰਦੀ, ਔਖੇ ਵੇਲੇ ਉਹ ਵੀ ਮੂੰਹ ਵੱਟਦਾ ਵੇ।

ਆਪੋ ਧਾਪੀ ਦਾ ਹੈ ਮਾਹੌਲ ਬਣਿਆ, ਅੰਨ੍ਹੀ ਪੀਸਦੀ ਤੇ ਕੁੱਤਾ ਚੱਟਦਾ ਵੇ।

‘ਚੋਹਲੇ’ ਵਾਲਿਆ ਇਸ਼ਕ ਵਪਾਰ ਵਿਚੋਂ, ਖੱਟੀ ਵਿਰਲਾ ਹੀ ਕੋਈ ਖੱਟਦਾ ਵੇ।

—–੦——

-ਰਮੇਸ਼ ਬੱਗਾ ਚੋਹਲਾ, 1348/17/1, ਗਲੀ ਨੰ: 8, ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ)-94631-32719

‘‘ਨਾ ਕੋ ਬੈਰੀ ਨਹੀ ਬਿਗਾਨਾ .॥’’ ਦੀ ਪੈਰੋਕਾਰ ਕੌਮ ’ਚ ਭਰਾ ਮਾਰੂ ਜੰਗ ਦਾ ਆਗ਼ਾਜ਼ ?

0

‘‘ਨਾ ਕੋ ਬੈਰੀ ਨਹੀ ਬਿਗਾਨਾ .॥’’ ਦੀ ਪੈਰੋਕਾਰ ਕੌਮ ’ਚ ਭਰਾ ਮਾਰੂ ਜੰਗ ਦਾ ਆਗ਼ਾਜ਼ ?

ਵਾਇਸ ਚੇਅਰਮੈਨ ਸ. ਅਮਰਜੀਤ ਸਿੰਘ ਜੀ, ਸਾਹਿਬਜ਼ੰਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ (ਰੋਪੜ)-98157-03806

ਸਿੱਖੀ ਦੇ ਮੂਲ ਸਿਧਾਂਤਾਂ ਵਿੱਚੋਂ ਸਿਰਮੌਰ ਪੱਧਰ ’ਤੇ ਜੀਵਨ ਜਾਚ ਦਾ ਸਿਧਾਂਤ ਹੈ: ‘‘ਸਭੇ ਸਾਂਝੀਵਾਲ ਸਦਾਇਨਿ, ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥’’ (ਮ: 5-97) ਰਾਹੀਂ ਸਾਨੂੰ ਗੁੜ੍ਹਤੀ ਮਿਲਦੀ ਹੈ ਕਿ ‘‘ਨਾ ਕੋ ਬੈਰੀ ਨਹੀ ਬਿਗਾਨਾ, ਸਗਲ ਸੰਗਿ ਹਮ ਕਉ ਬਨਿ ਆਈ ॥’’ (ਮ: 5-1299) ਸਾਡੀਆਂ ਰਗ਼ਾਂ ਵਿੱਚ ਖੂਨ ਦੌੜਦਾ ਹੈ ਤਾਂ ਮਾਨੋ ਇਹ ਗਾਉਂਦਾ ਹੈ ਕਿ ‘‘ਸਭੁ ਕੋ ਮੀਤੁ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ ॥’’ (ਮ: 5-671) ਜੇ ਸਾਡੇ ਸਬੰਧਾਂ ਵਿੱਚ ਕੋਈ ਮਤਭੇਦ ਜਾਂ ਕੁੜੱਤਣ ਆਵੇ ਤਾਂ ਸਾਨੂੰ ਹੁਕਮ ਹੈ ਕਿ ‘‘ਹੋਇ ਇਕਤ੍ਰ ਮਿਲਹੁ ਮੇਰੇ ਭਾਈ ! ਦੁਬਿਧਾ ਦੂਰਿ ਕਰਹੁ ਲਿਵ ਲਾਇ॥ ਹਰਿ ਨਾਮੈ ਕੇ ਹੋਵਹੁ ਜੋੜੀ, ਗੁਰਮੁਖਿ ਬੈਸਹੁ ਸਫਾ ਵਿਛਾਇ ॥’’ (ਮ: 5- 1185)

ਸਾਡੇ ਇਸ਼ਟ, ਗੁਰੂ ਗ੍ਰੰਥ ਸਾਹਿਬ ਜੀ ਹਨ। ਜਦੋਂ ਇਨ੍ਹਾਂ ਦੇ ਦਰਸ਼ਨ ਕਰੀਏ ਤਾਂ ਗੱਲ ੴ ਤੋਂ ਸ਼ੁਰੂ ਹੁੰਦੀ ਹੈ ਤੇ 1430 ਅੰਕਾਂ ਤੱਕ ਇੱਕ ਵੀ ਹੁਕਮ, ਸ਼ਬਦ ਜਾਂ ਪੰਕਤੀ ਐਸੀ ਨਹੀਂ, ਜੋ ਬੰਦੇ ਨੂੰ ਬੰਦੇ ਨਾਲੋਂ ਤੋੜਨ ਦਾ ਯਤਨ ਕਰਦੀ ਹੋਵੇ। ਮਨੁੱਖ ਮਾਤਰ ਨੂੰ ਆਪਸੀ ਭਾਈਚਾਰਕ ਸਾਂਝ ਦੀ ਸਿਖਲਾਈ ਮਿਲਦੀ ਹੈ। ਜਾਤ-ਪਾਤ, ਊਚ-ਨੀਚ ਦਾ ਨਾਸ ਕਰਦਿਆਂ, ਸਿਰਫ਼ ਤੇ ਸਿਰਫ਼ ਸਹਿਚਾਰ ਦਾ ਸੰਦੇਸ਼ ਹੈ ਸਾਡੇ ਕੋਲ। ਮਾਣ ਵਾਲੀ ਗੱਲ ਇਹ ਹੈ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਅੱਜ ਤੱਕ ਦੇ ਇਤਿਹਾਸ ਤੇ ਨਿਗਾਹ ਮਾਰੀਏ ਤਾਂ ਕਦਮ-ਕਦਮ ਤੇ ਸਿੱਖ, ਗੁਰੂ ਜੀ ਦੇ ਇਨ੍ਹਾਂ ਹੁਕਮਾਂ ਨੂੰ ਕਮਾਉਂਦੇ ਨਜ਼ਰ ਆਉਂਦੇ ਹਨ। ਚਾਹੇ ਉਹ ਪੁਰਾਤਨ ਕਾਲ ’ਚ ਦੇਸ਼-ਕੌਮ ਤੇ ਪਈਆਂ ਭੀੜਾਂ ਹੋਣ, ਚਾਹੇ ਅਜੋਕੇ ਸਮੇਂ ਵਿੱਚ ਦੁਨੀਆਂ ਦੇ ਕਿਸੇ ਕੋਨੇ ਵਿੱਚ ਆਇਆ ਭੂਚਾਲ, ਹੜ੍ਹ ਜਾਂ ਕੋਈ ਮਹਾਂਮਾਰੀ ਫੈਲਣ ਵਰਗੀਆਂ ਬਿਪਤਾਵਾਂ ਆਦਿਕ, ਸਿੱਖ ਸਭ ਤੋਂ ਅੱਗੇ ਹੋ ਕੇ ਗੁਰੂ ਜੀ ਦੀ ਭੈਅ-ਭਾਵਨੀ ਚ ਰਹਿੰਦਿਆਂ, ਮਨੁੱਖਤਾ ਦੀ ਸੇਵਾ, ਬਿਨਾਂ ਕਿਸੇ ਭੇਦਭਾਵ ਦੇ ਸਭ ਤੋਂ ਅੱਗੇ ਹੋ ਕੇ ਕਰਦੇ ਹਨ। ਗੁਰਦੁਆਰਾ ਸਾਹਿਬਾਨ ਵਿੱਚ ਲੰਗਰ ਛੱਕਣ ਵੇਲੇ, ਕਿਸੇ ਨਾਲ ਭੇਦ ਭਾਵ ਨਾ ਹੋਣਾ ਲੋੜਵੰਦ ਦਾ ਦਿਲ ਜਿੱਤ ਲੈਂਦਾ ਹੈ।

ਇਤਿਹਾਸ ’ਤੇ ਨਿਗਾਹ ਮਾਰੀਏ ਤਾਂ ਗੁਰੂ ਅਮਰਦਾਸ ਸਾਹਿਬ ਜੀ ਨੇ ‘ਪਹਿਲਾਂ ਪੰਗਤ ਪਾਛੈ ਸੰਗਤ’ ਦੀ ਜਾਚ ਸਿਖਾਉਂਦਿਆਂ ਆਪਸੀ ਪਿਆਰ ਨਾਲ ਰਹਿਣ ਦਾ ਸਬਕ ਪੜ੍ਹਾਇਆ ਸੀ। ਬਾਬਾ (ਗੁਰੂ) ਅਰਜੁਨ ਸਾਹਿਬ ਲਾਹੌਰ ’ਚ ਫੈਲੀ ਮਹਾਂਮਾਰੀ ਸਮੇਂ ਆਪਣੇ ਗੁਰੂ ਪਿਤਾ ਜੀ ਦੀ ਆਗਿਆ ਅਨੁਸਾਰ ਪ੍ਰਾਣੀ ਮਾਤਰ ਦੀ ਸੇਵਾ ਕਰਦੇ ਰਹੇ। ਗੁਰੂ ਹਰਿ ਰਾਇ ਸਾਹਿਬ ਜੀ ਦੇ ਦਵਾਖਾਨੇ ਵਿੱਚੋਂ ਮੁਗ਼ਲ ਸਾਹਿਬਜ਼ਾਦੇ ਲਈ ਦਵਾਈ ਦੇਣ ਤੋਂ ਗੁਰੇਜ਼ ਨਹੀਂ ਕੀਤਾ ਜਾਂਦਾ ਸੀ। ਗੁਰਸਿੱਖ ਸਦਾ ਮਜ਼ਲੂਮਾਂ ਦੀ ਰੱਖਿਆ ਕਰਦੇ ਆਏ ਹਨ। ਖ਼ਾਲਸੇ ਦੀ ਸਿਰਜਨਾ ਵੇਲੇ ਵੀ ਵੱਖ-ਵੱਖ ਪ੍ਰਾਂਤਾਂ ਤੇ ਜਾਤਾਂ ਵਿੱਚੋਂ ਪੰਜ ਪਿਆਰੇ ਸਾਜ ਕੇ ‘‘ਅਵਲਿ ਅਲਹ ਨੂਰੁ ਉਪਾਇਆ, ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ, ਕਉਨ ਭਲੇ ਕੋ ਮੰਦੇ ॥’’ (ਕਬੀਰ/1350) ਦਾ ਉਪਦੇਸ਼ ਦ੍ਰਿੜ੍ਹ ਕਰਵਾਇਆ ਗਿਆ। ਗੁੁਰੂ ਗ੍ਰੰਥ ਸਾਹਿਬ ਜੀ ਵਿੱਚ ਵੱਖ-ਵੱਖ ਜਾਤਾਂ ਦੇ ਭਗਤਾਂ ਦੀ ਬਾਣੀ ਦਰਜ ਕਰਕੇ ਸਿੱਖ ਨੂੰ ਸਾਂਝੀਵਾਲਤਾ ਦੀ ਜਾਚ ਹਰ ਵਕਤ ਸਿਖਾਈ ਜਾਂਦੀ ਹੈ।

ਗੁਰੂ ਕਾਲ ਉਪਰੰਤ ਅੱਜ ਤੱਕ ਵੀ ਸਿੱਖ ਆਪਣੇ ਗੁਰਾਂ ਵੱਲੋਂ ਦਰਸਾਏ ਮਾਰਗ ’ਤੇ ਪਹਿਰਾ ਦਿੰਦੇ ਆਏ ਹਨ। ਹੁਣ ਵੀ ਭਾਵੇਂ ਕਸ਼ਮੀਰ ਹੋਵੇ ਜਾਂ ਗੁਜਰਾਤ, ਜਾਂ ਫਿਰ ਦੇਸ਼-ਵਿਦੇਸ਼ ਦਾ ਕੋਈ ਵੀ ਇਲਾਕਾ, ਬਿਪਤਾ ਵੇਲੇ ਸਿੱਖ ਮਨੁੱਖਤਾ ਦੀ ਸੇਵਾ ਦਾ ਮੁਜੱਸਮਾ ਬਣ ਜਾਂਦੇ ਹਨ, ਆਪਣੀ ਜਾਨ ਤਲੀ ’ਤੇ ਧਰ ਕੇ, ਸਭ ਤੋਂ ਅੱਗੇ ਹੋ ਕੇ, ਮਾਨਵਤਾ ਦੀਆਂ ਔਕੜਾਂ ਦੂਰ ਕਰਨ ਦਾ ਯਤਨ ਕਰਦੇ ਰਹੇ ਹਨ।

ਸੋਚਣ ਵਾਲੀ ਗੱਲ ਹੈ ਕਿ ਇੰਨੇ ਅਮੀਰ ਵਿਰਸੇ ਦੇ ਮਾਲਕ ਅਤੇ ਚੰਗੇ ਗੁਣਾਂ ਦੇ ਧਾਰਨੀ ਸਿੱਖ ਆਪਸ ਵਿੱਚ ਕੀ ਕਰ ਰਹੇ ਹਨ? ਸਿੱਖ-ਸਿੱਖ ਤੋਂ ਦੂਰ ਕਿਉਂ ਹੋ ਰਿਹਾ ਹੈ ? ਅੱਜ ਇੱਕ ਸਿੱਖ ਦੂਜੇ ਸਿੱਖ ਨੂੰ ਹੀ ਆਪਣਾ ਦੁਸ਼ਮਣ ਨੰਬਰ 1 (ਇੱਕ) ਮੰਨੀ ਬੈਠਾ ਹੈ। ਅੱਜ ਅਸੀਂ ਅੱਡ-ਅੱਡ ਫਿਰਕਿਆਂ ਵਿੱਚ ਵੰਡੇ ਹੋਏ ਹਾਂ। ਨੌਬਤ ਇੱਥੋਂ ਤੱਕ ਆ ਗਈ ਹੈ ਕਿ ਸਿੱਖ ਵਿਰਸੇ (ਛਬੀਲ) ਦੀ ਆੜ ਲੈ ਕੇ ਦੂਜੇ ਸਿੱਖ ਨੂੰ ਹੀ ਕਤਲ ਕਰ ਦਿੱਤਾ ਗਿਆ। ਸੋਸ਼ਲ ਮੀਡੀਆ ਤੇ ਨੈੱਟ ’ਤੇ ਅਸੀਂ ਸਿੱਖ ਹੀ, ਦੂਜੇ ਸਿੱਖ ਦੀ ਜੇਹੀ-ਤੇਹੀ ਫੇਰ ਰਹੇ ਹਾਂ। ਅਜੋਕੇ ਨੌਜਵਾਨ ਦੀ ਸੋਚ ਵਿੱਚੋਂ ਸਿੱਖੀ ਗ਼ਾਇਬ ਕਰਕੇ, ਸਿੱਖੀ ਦੇ ਨਾਮ ’ਤੇ ਜਮਾਤੀ-ਵੰਡ ਦੀ ਗੰਦਗੀ ਪਰੋਸ ਰਹੇ ਹਾਂ। ਆਮ ਸਿੱਖ ਸੰਗਤ ਠੱਗਿਆ-ਠੱਗਿਆ ਮਹਿਸੂਸ ਕਰ ਰਹੀ ਹੈ, ਕਿਉਂਕਿ ਹਰ ਆਗੂ ਦੀ ਦਿੱਖ ਤੇ ਵਿਚਾਰਧਾਰਾ ਬਾਹਰੋਂ ਸਿੱਖੀ ਨੂੰ ਪਰਨਾਈ ਲੱਗ ਰਹੀ ਹੈ। ਗੱਲ ਇੱਥੇ ਹੀ ਨਹੀਂ ਮੁੱਕਦੀ। ਦੇਸ਼ਾਂ-ਵਿਦੇਸ਼ਾਂ ਵਿੱਚ ਅਸੀਂ ਵੀ ਗੁਰੂ ਦਰਬਾਰ ਵਿੱਚ, ਵਿਰੋਧੀ ਵਿਚਾਰਧਾਰਾ ਵਾਲੇ ਨੂੰ ਸੁਣਨ ਦੀ ਬਜਾਇ ‘ਸਤਿਨਾਮ ਵਾਹਿਗੁਰੂ’ ਦੇ ਜਾਪ ਤੋਂ ਸ਼ੁਰੂ ਕਰਕੇ ਇੱਕ-ਦੂਜੇ ਦੀਆਂ ਦਸਤਾਰਾਂ ਨੂੰ ਹੱਥ ਪਾਉਂਦੇ ਹੋਏ ਦਿਖਾਈ ਦਿੰਦੇ ਹਾਂ।ਕਿਤੇ ਬਚਿੱਤਰ ਨਾਟਕ ਦੇ ਪ੍ਰਚਾਰਕ, ਆਪਣੇ ਆਪ ਨੂੰ ਸੱਚੇ ਸਿਖ ਹੋਣ ਦਾ ਦਾਅਵਾ ਕਰਦੇ ਹੋਏ, ਸਿਰਫ਼ ਤੇ ਸਿਰਫ਼ ਗੁਰੂ ਗ੍ਰੰਥ ’ਤੇ ਨਿਸ਼ਚਾ ਰੱਖਣ ਵਾਲੇ ‘ਸਿੱਖ’ ਨੂੰ ਪੰਥ ਦੋਖੀ, ਤਨਖਾਹੀਆ, ਏਜੰਟ ਤੇ ਹੋਰ ਪਤਾ ਨਹੀਂ ਕੀ-ਕੀ ਫ਼ਤਵੇ ਦੇ ਰਹੇ ਹਨ। ਗ੍ਰੰਥ ਤੇ ਪੰਥ ਦੀ ਗੱਲ ਕਰਨ ਵਾਲਾ ‘ਸਿੱਖ’ ਇਹਨਾਂ ਬਚਿੱਤਰ ਨਾਟਕ ਦੇ ਪ੍ਰਚਾਰਕਾਂ ਲਈ ਐਨਾਂ ਨਖਿੱਧ ਹੋ ਗਿਆ ਕਿ ਇਸ ਤੋਂ ਜਿਊਣ ਦਾ ਹੱਕ ਵੀ ਖੋਹਣ ਵਿੱਚ ਗੁਰੇਜ਼ ਨਹੀਂ ਕਰਦੇ ਹਨ।

ਅੱਜ ਏਜੰਸੀਆਂ ਦੇ ਬੋਲਬਾਲੇ ਅਤੇ ਮੌਜੂਦਾ ਰਾਜਸੀ ਸ਼ਹਿ ਦੇ ਸਦਕਾ, ਸਾਡੇ ਸਿੱਖੀ ਸਿਧਾਂਤਾਂ ਤੇ ਰਹਿਤ ਮਰਯਾਦਾ ਦਾ ਵੱਡਾ ਘਾਣ ਹੋ ਰਿਹਾ ਹੈ। ਸਾਡੀ ਆਪਸੀ ਲੜਾਈ ਤੇ ਬੇਵਿਸਾਹੀ ਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਦੁਸ਼ਮਨ ਕਦਮ-ਕਦਮ ’ਤੇ ਸਾਨੂੰ ਨੀਵਾਂ ਦਿਖਾ ਕੇ ਸਾਡਾ ਮੂੰਹ ਚਿੜ੍ਹਾ ਰਿਹਾ ਹੈ। ਕਦੀ ਗਾਤਰਿਆਂ ਦੀ ਤਰਜ਼ ’ਤੇ ਛੁਰੀਆਂ ਪਾ ਕੇ ‘ਮਾਰਚ’, ਕਦੀ ਦਰਬਾਰ ਸਾਹਿਬ ਵਿੱਚ ਚਿੱਤਰਕਲਾ ਦੇ ਨਾਮ ’ਤੇ ਮੂਰਤੀਆਂ ਦੀ ਚਿਤਰਕਾਰੀ ਨੂੰ ਅੰਜਾਮ ਦੇਣਾ, ਕਦੀ ਨਵਰਾਤਿਆਂ ਦੇ ਦਿਨਾਂ ਵਿੱਚ ‘ਚੰਡੀ ਦੀ ਵਾਰ’ ਦੇ ਬਹਾਨੇ ‘ਦੁਰਗਾ’ ਦੀ ਕਥਾ-ਪਾਠ ਆਦਿ। ਉਪਰੋਂ ਸਿੱਖ ਨੂੰ ਸਿੱਖ ਕੋਲੋਂ ਚੈਲੇਂਜ ਕਰਵਾਏ ਜਾ ਰਹੇ ਹਨ ਕਿ ਆਓ ਸਾਡੇ ਸਾਹਮਣੇ ! ਜੇ ਤੁਹਾਡੇ ਵਿੱਚ ਜ਼ੋਰ ਹੈ ਤਾਂ ਸਾਡੇ ਨਾਲ ਆ ਕੇ ਗੱਲ ਕਰਕੇ ਵਿਖਾਓ।

ਆਮ ਸਿੱਖ 1984 ਵਿੱਚ ਇਤਨਾ ਨਹੀਂ ਸੀ ਸਹਿਮਿਆ, ਜਿਤਨਾ ਹੁਣ ਸਹਿਮਿਆ ਨਜ਼ਰ ਆ ਰਿਹਾ ਹੈ। ਇਸ ਤਰ੍ਹਾਂ ਤਾਂ ਹਿੰਦ-ਪਾਕ ਵੀ ਇੱਕ ਦੂਜੇ ਨੂੰ ਨਹੀਂ ਡਰਾਉਂਦੇ, ਜਿਸ ਤਰ੍ਹਾਂ ਸਿੱਖਾਂ ਦੀ ਇੱਕ ਖਾਸ ਧਿਰ, ਦੂਜੇ ਸਿੱਖਾਂ ਨੂੰ ਡਰਾ-ਧਮਕਾ ਰਹੀ ਹੈ। ਕੀ ਅੱਜ ਤੋਂ 40-50 ਸਾਲ ਪਹਿਲਾਂ ਸਿੱਖਾਂ ਵਿੱਚ ਇਹ ਮੁੱਦੇ ਨਹੀਂ ਸਨ, ਵਿਚਾਰਾਂ ਦਾ ਵਖਰੇਵਾਂ ਨਹੀਂ ਸੀ, ਬਿਲਕੁਲ ਸੀ ! ਪਰ ਸ਼ਾਇਦ ਉਦੋਂ ਏਜੰਸੀਆਂ ਦੇ ਆਦਮੀ ਸਾਡੇ ਵਿੱਚ ਦਾਖਲ ਨਹੀਂ ਸਨ ਹੋਏ। ਸ਼ਾਇਦ ਉਦੋਂ ਦੇ ਸਿੱਖ ਆਪਸ ਵਿੱਚ ਬੈਠ ਕੇ ਵਿਚਾਰ ਵਟਾਂਦਰੇ ਰਾਹੀਂ ਮਸਲੇ ਹੱਲ ਕਰਨਾ ਜਾਣਦੇ ਸਨ। ਭਰਾ ਨੂੰ ਭਰਾ ਨਾਲ ਲੜਾ ਕੇ ਜਾਂ ਮਰਵਾ ਕੇ, ਅਸੀਂ ਕਿਸ ਕੌਮ ਦੀ ਸੇਵਾ ਕਰ ਰਹੇ ਹਾਂ ? ਦੱਸਣ ਦੀ ਲੋੜ ਨਹੀਂ। ਕੀ ਕੋਈ ਦੱਸੇਗਾ ਕਿ ਇਸ ਸਾਰੇ ਪੁਆੜੇ ਦੀ ਜੜ੍ਹ ਕਿੱਥੇ ਹੈ ਤੇ ਇਸ ਦੁਖਾਂਤ ’ਚੋਂ ਕੌਮ ਕਿਵੇਂ ਉਬਰ ਕੇ ਬਾਹਰ ਨਿਕਲੇਗੀ?

ਦੁੱਖ ਦੀ ਗੱਲ ਇਹ ਹੈ ਕਿ ਸਾਡੇ ਧਾਰਮਿਕ ਆਗੂ ਵੀ ਨਿੱਜੀ ਮੁਫਾਦ ਦੇ ਮਾਰੇ ਇਸ ਸਭ ਨੂੰ ਤਮਾਸ਼ੇ ਵਾਂਗ ਵੇਖ ਰਹੇ ਹਨ। ਦੋ-ਦੋ ਥਾਈਂ ਸੇਵਾਦਾਰਾਂ ਨੂੰ ਸਿੰਘ ਸਾਹਿਬਾਨ ਦੇ ਲਕਬ ਨਾਲ ਬੁਲਾਇਆ ਜਾ ਰਿਹਾ ਹੈ। ਪਰ ਦੋਨਾਂ ਵਿੱਚੋਂ ਕੋਈ ਵੀ ਧਿਰ ਇਸ ਫੁੱਟ ਨੂੰ ਦੂਰ ਕਰਨ ਲਈ ਯਤਨਸ਼ੀਲ ਨਜ਼ਰ ਨਹੀਂ ਆਉਂਦੀ। ਰਾਜਸੀ ਆਗੂਆਂ ਤੋਂ ਤਾਂ ਕੋਈ ਆਸ ਹੀ ਨਹੀਂ।

ਅਰਦਾਸ ਹੈ ਗੁਰੂ ਚਰਨਾਂ ਵਿੱਚ, ਕਿ ਜੋ ਸਾਂਝੀਵਾਲਤਾ ਦੇ ਉਪਦੇਸ਼ ਅਸੀਂ ਬੋਲਦੇ ਹੋਏੇ ਮਾਣ ਮਹਿਸੂਸ ਕਰਦੇ ਹਾਂ, ਉਨ੍ਹਾਂ ’ਤੇ ਪੂਰਾ ਉਤਰ ਕੇ ਜੀਵਨ ਵਿੱਚ ਕਮਾ ਸਕੀਏ। ਸਿੱਖ ਦਾ ਸਿੱਖ ’ਤੇ ਭਰੋਸਾ ਬਣੇ। ਏਜੰਸੀਆਂ ਦੇ ਸੁੱਟੇ ਜਾਲ ਵਿੱਚੋਂ ਸੁਰਖਰੂ ਤੇ ਸਾਬਤ ਕਦਮੀ ਨਿਕਲ ਸਕੀਏ। ਨਮਸਕਾਰ ਹੈ ਉਹਨਾਂ ਸਿੱਖ ਸੁਸਾਇਟੀਆਂ ਨੂੰ, ਜਿਹੜੀਆਂ ਹਰ ਬਿਪਤਾ ਵੇਲੇ ਨਿਸ਼ਕਾਮ ਸੇਵਾ ਕਰਕੇ ਦੂਜੇ ਧਰਮ ਦੇ ਲੋਕਾਂ ਨੂੰ ਵੀ ਆਪਣੇ ਭਰਾ ਸਮਝ ਕੇ ਸੇਵਾ ਕਰਦੀਆਂ ਹਨ ਤੇ ਸਿੱਖੀ ਦੇ ਨਾਮ ਨੂੰ ਚਾਰ-ਚੰਨ ਲਗਾ ਰਹੀਆਂ ਹਨ।

ਸਤਿਗੁਰ ਜੀ ਦੇ ਉਪਦੇਸ਼ ਸਿੱਖਾਂ ਲਈ ਪਹਿਲਾਂ ਹਨ। ਜੇ ਸਿੱਖ ਹੀ ਸਿੱਖ ਦਾ ਵੈਰੀ ਬਣੇਗਾ ਤਾਂ ਦੁਸ਼ਮਨ ਦਾ ਸਿੱਖੀ ਨੂੰ ਢਾਹ ਲਾਉਣ ਵਾਲਾ ਕੰਮ ਆਸਾਨ ਹੋ ਜਾਵੇਗਾ ਤੇ ਭਵਿੱਖ ਵਿੱਚ ਵੀ ਸਾਡੇ ਖੂਨੀ ਟਕਰਾਅ ਹੁੰਦੇ ਰਹਿਨਗੇ। ਇੱਕ ਸੱਚੀ ਕਹਾਵਤ ਹੈ ਕਿ ‘ਜੇ ਸਿੱਖ, ਸਿੱਖ ਨੂੰ ਨਾ ਮਾਰੇ, ਤਾਂ ਕੌਮ ਕਦੀ ਨਾ ਹਾਰੇ।’

Most Viewed Posts