ਗੁਰ ਡਿਠਾ ਤਾ ਮਨੁ ਸਾਧਾਰਿਆ

0
359

ਗੁਰੁ ਡਿਠਾ ਤਾ ਮਨੁ ਸਾਧਾਰਿਆ 

ਪ੍ਰਿੰਸੀਪਲ ਹਰਭਜਨ ਸਿੰਘ

ਵੀਚਾਰ ਅਧੀਨ ਪਾਵਨ ਪੰਕਤੀ ‘‘ਗੁਰੁ ਡਿਠਾ ਤਾ ਮਨੁ ਸਾਧਾਰਿਆ ॥’’ ਰਾਮਕਲੀ ਰਾਗ ਅੰਦਰ ਉਚਾਰਨ ਕੀਤੀ ਹੋਈ ਵਾਰ ’ਚ ਦਰਜ ਹੈ, ਇਸ ਦੇ ਕਰਤਾ ਭਾਈ ਸੱਤਾ ਜੀ ਅਤੇ ਭਾਈ ਬਲਵੰਡ ਰਾਇ ਜੀ ਹਨ। ਵਾਰ ਦੀ ਸੱਤਵੀਂ ਪਉੜੀ ਦੇ ਇਹ ਅਖੀਰਲੇ ਬਚਨ ਹਨ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਕ ੯੬੮ ’ਤੇ ਸੁਭਾਇਮਾਨ ਹਨ। ਜਿਸ ਦੇ ਅੱਖਰੀਂ ਅਰਥ ਇਹ ਹਨ ਕਿ ਜਿਸ ਕਿਸੇ ਨੇ ਗੁਰੂ ਰਾਮਦਾਸ ਜੀ ਦਾ ਦੀਦਾਰ ਕੀਤਾ, ਤਦ ਹੀ ਉਸ ਦਾ ਮਨ ਟਿਕਾਣੇ (ਸ਼ਾਂਤੀ ’ਚ) ਆ ਗਿਆ। ਇਤਿਹਾਸ ਦੇ ਪੰਨੇ ਇਹ ਜ਼ਿਕਰ ਕਰਦੇ ਹਨ ਕਿ ਸਤਿਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਚੂਨੀ ਮੰਡੀ ਲਾਹੌਰ ਵਿਖੇ 24 ਸਤੰਬਰ ਸੰਨ 1534 ਈ: ਨੂੰ ਪਿਤਾ ਬਾਬਾ ਹਰਿਦਾਸ ਜੀ (1496-1542) ਦੇ ਗ੍ਰਹਿ ਵਿਖੇ ਮਾਤਾ ਦਇਆ ਕੌਰ ਜੀ ਦੀ ਕੁੱਖ ਤੋਂ ਹੋਇਆ ਸੀ। ਇਹਨਾਂ ਦਾ ਬਚਪਨ ਦਾ ਨਾਂ ਭਾਈ ਜੇਠਾ ਸੀ। ਬਾਲ ਉਮਰੇ ਹੀ ਮਾਤਾ-ਪਿਤਾ ਚੜ੍ਹਾਈ ਕਰ ਗਏ। ਸੱਤ ਸਾਲ ਦੀ ਉਮਰ ਵਿੱਚ ਯਤੀਮ ਤੇ ਲਾਵਾਰਸ ਹੋ ਕੇ ਲਾਹੌਰ ਦੀਆਂ ਗਲੀਆਂ ਵਿੱਚ ਰੁਲਦੇ ਰਹੇ। ਨਾ ਕਿਸੇ ਨੇ ਚੰਗੀ ਰੋਟੀ ਖਾਣ ਲਈ ਦੇਣੀ, ਨਾ ਧੋਤੇ ਹੋਏ ਕੱਪੜੇ ਪਾਉਣੇ, ਨ ਕੇਸ ਸੰਵਾਰਨੇ, ਇੱਥੋਂ ਤੱਕ ਕਿ ਕੁਝ ਮਾਵਾਂ ਨੇ ਆਪਣੇ ਬੱਚਿਆਂ ਨੂੰ, ਜੋ ਗੁਰੂ ਰਾਮਦਾਸ ਜੀ ਦੇ ਹਾਣੀ ਸਨ, ਨੂੰ ਵੀ ਉਨ੍ਹਾਂ ਨਾਲੋਂ ਖੇਡਣ ਤੋਂ ਰੋਕ ਦਿੱਤਾ। ਮਨਹੂਸ (ਮੰਦਭਾਗੀ) ਆਦਿਕ ਸ਼ਬਦ ਕਹਿ-ਕਹਿ ਕੇ ਦੁਰਕਾਰਿਆ। ਜਦੋਂ ਕੁਝ ਸਮੇਂ ਬਾਅਦ ਨਾਨੀ ਆਈ ਤਾਂ ਆਪਣੇ ਦੋਹਤਰੇ ਦੀ ਹਾਲਤ ਵੇਖ ਕੇ ਭੁੱਬਾਂ ਨਿਕਲ ਗਈਆਂ। ਨਾਨੀ ਆਪਣੇ ਦੋਹਤਰੇ ਨੂੰ ਆਪਣੇ ਨਾਲ ਹੀ ਪਿੰਡ ਬਾਸਰਕੇ ਲੈ ਆਈ। ਇਹੀ ਪਿੰਡ ਗੁਰੂ ਅਮਰਦਾਸ ਜੀ ਦਾ ਸੀ। ਬਾਸਰਕੇ ਦੀ ਹੀ ਧਰਤੀ ’ਤੇ ਭਾਈ ਜੇਠਾ ਜੀ ਨਾਲ ਗੁਰੂ ਅਮਰਦਾਸ ਜੀ ਦਾ ਮਿਲਾਪ ਹੋਇਆ, ਪਰ ਇਹ ਮਿਲਾਪ ਕੇਵਲ ਬਾਹਰ ਮੁਖੀ ਹੀ ਸੀ । ਸਮਾਂ ਪਾ ਕੇ ਇਹੋ ਮਿਲਾਪ ਅਧਿਆਤਮਕ ਹੋ ਨਿਬੜਿਆ। ਧਰਤੀ ਉੱਤੇ ਜਿੰਨੀਆਂ ਵੀ ਜੂਨਾਂ ਅਕਾਲ ਪੁਰਖ ਨੇ ਭੇਜੀਆਂ ਹਨ। ਉਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ ਸਹਾਰਾ ਮਨੁੱਖ ਹੀ ਲੋੜਦਾ ਹੈ। ਜਿੰਨੀਆਂ ਸਹੂਲਤਾਂ ਮਨੁੱਖ ਕੋਲ ਹਨ। ਇੰਨੀਆਂ ਕਿਸੇ ਹੋਰ ਪ੍ਰਾਣੀ ਕੋਲ ਨਹੀਂ ਹਨ।

ਪਸ਼ੂ, ਪੰਛੀ, ਕੀੜੇ ਆਦਿ ਨਿੱਤ ਹੀ ਆਪਣੇ ਰੋਜ਼ਗਾਰ ਦੀ ਖੋਜ ਕਰਦੇ ਹਨ। ਬਨਸਪਤੀ ਵਿੱਚੋਂ ਕੁਝ ਐਸੇ ਰੁੱਖ ਹਨ, ਜਿਨ੍ਹਾਂ ਤੱਕ ਮਨੁੱਖ ਦੀ ਪਹੁੰਚ ਸੰਭਵ ਹੀ ਨਹੀਂ, ਜੰਗਲਾਂ ਪਹਾੜਾਂ ਵਿੱਚ ਉਹ ਵੀ ਹਰੇ ਭਰੇ ਨਜ਼ਰ ਆਉਂਦੇ ਹਨ ਪਰ ਮਨੁੱਖ ਸਮਝਦਾ ਹੈ ਕਿ ਇਹ ਕਿਸੇ ਸਹਾਰੇ ਤੋਂ ਬਿਨਾਂ ਨਹੀਂ ਜੀ ਸਕਦਾ। ਜੰਮਦੇ ਨੂੰ ਮਾਤਾ-ਪਿਤਾ ਦਾ ਸਹਾਰਾ ਚਾਹੀਦਾ ਹੈ। ਇਸ ਦੀ ਤਾਂ ਹੀ ਪਾਲਣਾ ਹੋ ਸਕਦੀ ਹੈ, ਨਹੀਂ ਤਾਂ ਮਨੁੱਖ ਦਾ ਬੱਚਾ ਜ਼ਿੰਦਾ ਨਹੀਂ ਰਹਿ ਸਕਦਾ। ਸਾਨੂੰ ਇਹ ਭੁੱਲ ਜਾਂਦਾ ਹੈ ਕਿ ਜਦੋਂ ਪਹਿਲਾ ਮਨੁੱਖ ਇਸ ਧਰਤੀ ’ਤੇ ਆਇਆ ਸੀ ਤਾਂ ਉਸ ਦੀ ਪਾਲਣਾ ਕਿਸ ਨੇ ਕੀਤੀ ਸੀ। ਉਸ ਦਾ ਸਹਾਰਾ ਕੌਣ ਸੀ  ? ਉਸ ਵੇਲੇ ਤਾਂ ਪਾਲਣਹਾਰ ਪ੍ਰਮਾਤਮਾ ਹੀ ਸਹਾਇਕ ਸਨ। ਪਹਿਲਾ ਅਤੇ ਆਖਰੀ ਸਹਾਰਾ ਉਹ ਪ੍ਰਮਾਤਮਾ ਹੀ ਹੈ। ਜੇ ਉਸ ਦੀ ਰਹਿਮਤ ਨ ਹੋਵੇ, ਉਹ ਜੀਵਨ ਦੀ ਦਾਤ ਨ ਬਖ਼ਸ਼ੇ ਤਾਂ ਚੰਗੇ ਮਾਤਾ ਪਿਤਾ, ਚੰਗੇ ਡਾਕਟਰ; ਤਾਣ (ਜ਼ੋਰ) ਲਗਾ ਕੇ ਹਾਰ ਜਾਂਦੇ ਹਨ, ਪਰ ਬੱਚਾ ਨਹੀਂ ਬਚ ਸਕਦਾ। ਜੇ ਉਹ ਅਰੋਗਤਾ ਨਾ ਬਖ਼ਸ਼ੇ ਤਾਂ ਸਾਰੇ ਵਸੀਲੇ ਕੋਲ ਹੁੰਦਿਆਂ ਵੀ ਬੱਚੇ ਅਪੰਗ ਪੈਦਾ ਹੁੰਦੇ ਹਨ। ਜੇ ਉਹ ਬੁੱਧੀ ਪ੍ਰਦਾਨ ਨਾ ਕਰੇ ਤਾਂ ਧਨਵਾਨਾਂ ਦੇ ਬੱਚੇ ਵੀ ਮੂਰਖ ਹੁੰਦੇ ਹਨ। ਇੰਞ ਮਹਿਸੂਸ ਹੁੰਦਾ ਹੈ ਕਿ ਜੀਵਨ ਦੇ ਅਸਲ ਦਰਸ਼ਨ ਹੁੰਦੇ ਹੀ ਮੁਸ਼ਕਲਾਂ ਵਿੱਚੋਂ ਹਨ, ਜਿਵੇਂ-ਜਿਵੇਂ ਜੀਵਨ ਦੀਆਂ ਮੁਸ਼ਕਲਾਂ ਆਉਂਦੀਆਂ ਹਨ। ਬੱਚਾ ਉਨ੍ਹਾਂ ਨਾਲ ਜੂਝਦਾ ਹੈ, ਜਿਸ ਨਾਲ਼ ਆਪਣੇ ਮਾਨਸਿਕ ਅਤੇ ਸਰੀਰਿਕ ਬਲ ਵਿੱਚ ਵਾਧਾ ਹੁੰਦਾ ਹੈ। ਉਸ ਦੀ ਬੁੱਧੀ ਵਿਕਸਤ ਹੁੰਦੀ ਹੈ। ਜਿਹੜੇ ਮਾਪੇ ਚਾਹੁੰਦੇ ਹਨ ਕਿ ਉਸ ਦੇ ਬੱਚੇ ਨੂੰ ਕਿਸੇ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਅਜਿਹੇ ਬੱਚੇ ਆਪਣੇ ਜੀਵਨ ’ਚ ਕੁਝ ਵੀ ਨਹੀਂ ਕਰ ਸਕਦੇ।

ਜੀਵਨ ਦਾ ਇਹ ਨਿਯਮ ਹੈ ਕਿ ਜਿਹੜੇ ਮਨੁੱਖ ਮੁਸੀਬਤ ਸਮੇਂ ਡਰਨ ਦਾ ਸੁਭਾਅ ਬਣਾ ਲੈਂਦੇ ਹਨ। ਉਹ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹ ਨਹੀਂ ਸਕਦੇ। ਜਿਨ੍ਹਾਂ ਮਨੁੱਖਾਂ ਦਾ ਮੁਸੀਬਤਾਂ ਨਾਲ ਨਜਿੱਠਣ ਦਾ ਸੁਭਾਅ ਬਣ ਜਾਏ, ਉਹ ਹਰ ਮੁਸੀਬਤ ਉੱਤੇ ਜਿੱਤ ਪ੍ਰਾਪਤ ਕਰਦੇ ਹਨ। ਗੁਰੂ ਰਾਮਦਾਸ ਜੀ ਨਾਲ ਕੁਦਰਤ ਨੇ ਕੁਝ ਅਜਿਹੀ ਹੀ ਖੇਡ ਖੇਡੀ। ਮੁਸੀਬਤਾਂ ਨਾਲ ਲੜਣ ਵਾਸਤੇ ਮੈਦਾਨ ਖ਼ਾਲੀ ਕਰ ਦਿੱਤਾ। ਕਿਸੇ ਬੱਚੇ ਦੇ ਸਾਹਮਣੇ ਜਦੋਂ ਉਹ ਇਸ ਹਾਲਤ ਵਿੱਚ ਹੋਵੇ ਤਾਂ ਮੁੱਖ ਸਮੱਸਿਆਵਾਂ ਇਹ ਹੁੰਦੀਆਂ ਹਨ ਕਿ ਉਹ ਰਹੇ ਕਿੱਥੇ ਤੇ ਉਸ ਦੀ ਪਾਲਣਾ ਕੌਣ ਕਰੇ ? ਰਹਿਣ ਲਈ ਘਰ ਤਾਂ ਲਾਹੌਰ ਵਿੱਚ ਸੀ, ਪਰ ਪਾਲਣਾ ਕਰਨ ਵਾਲਾ ਕੋਈ ਨਹੀਂ ਸੀ।  ਮੁਸੀਬਤ ਭਰੇ ਸਮੇਂ ਵਿੱਚ ਵਿਰਲਾ ਹੀ ਕੋਈ ਕਿਸੇ ਦਾ ਸਹਾਰਾ ਬਣਦਾ ਹੈ। ਨਹੀਂ ਤਾਂ ਹਨੇਰੇ ਵਿੱਚ ਪਰਛਾਵਾਂ ਵੀ ਮਨੁੱਖ ਦਾ ਸਾਥ ਛੱਡ ਜਾਂਦਾ ਹੈ। ਗੁਰੂ ਰਾਮਦਾਸ ਜੀ ਦੇ ਲਾਹੌਰ ਵਿੱਚ ਰਿਸ਼ਤੇਦਾਰ ਤਾਂ ਬਹੁਤ ਸਨ, ਪਰ ਮੁਸੀਬਤ ਸਮੇਂ ਕਿਸੇ ਨੇ ਬਾਂਹ ਨਾ ਫੜੀ। ਦੋ ਉਮਰਾਂ ਅਜਿਹੀਆਂ ਹਨ ਜਿਨ੍ਹਾਂ ਵਿੱਚ ਕਿਸੇ ਦੇ ਸਹਾਰੇ ਦੀ ਲੋੜ ਹੁੰਦੀ ਹੈ। ਇੱਕ ਬਚਪਨ ਦੀ ਉਮਰ ਤੇ ਦੂਜੀ ਬਿਰਧ ਅਵਸਥਾ, ਪਰ ਏਥੇ ਤਾਂ ਕਮਾਲ ਹੀ ਹੋ ਗਈ ਕਿ ਬਚਪਨ, ਬਿਰਧ ਦਾ ਸਹਾਰਾ ਅਤੇ ਬਿਰਧ ਬਚਪਨ ਦਾ ਸਹਾਰਾ ਬਣ ਗਿਆ। ਨਾਨੀ ਕੋਲ ਐਂਨਾ ਧਨ ਨਹੀਂ ਸੀ ਕਿ ਦੋਹਤਰੇ ਨੂੰ ਬਿਠਾ ਕੇ ਖੁਆ ਸਕੇ। ਐਸੀ ਹਾਲਤ ਵਿੱਚ ਇਸ ਉਮਰ ਦੇ ਬੱਚੇ ਆਮ ਕਰ ਕੇ ਚੋਰ, ਜੇਬ-ਕਤਰੇ ਜਾਂ ਫਿਰ ਭਿਖਾਰੀ ਬਣ ਜਾਂਦੇ ਹਨ, ਪਰ ਗੁਰੂ ਰਾਮਦਾਸ ਜੀ ਇਨ੍ਹਾਂ ਵਿੱਚੋਂ ਕੁਝ ਵੀ ਨਾ ਬਣੇ। ਉਹਨਾਂ ਦੀ ਜਿੰਦਗੀ ਵਿੱਚ ਇੱਕ ਦਿਨ ਵੀ ਐਸਾ ਨਾ ਆਇਆ ਜਦੋਂ ਕਿ ਉਹਨਾਂ ਹੱਥ ਅੱਡ ਕੇ ਕਿਸੇ ਕੋਲੋਂ ਕੁਝ ਮੰਗਿਆ ਹੋਵੇ ਉਹਨਾਂ ਆਪਣੀ ਵਿੱਤ ਅਨੁਸਾਰ ਕਿਰਤ ਸ਼ੁਰੂ ਕਰ ਦਿੱਤੀ। ਜਿੰਨਾ ਕੁ ਭਾਰ ਚੁੱਕ ਸਕਦੇ ਸਨ ਛੋਟੀ ਜਿਹੀ ਪਰਾਤ ਵਿੱਚ ਉਬਲੇ ਚਨੇ ਪਾ ਕੇ ਵੇਚਣੇ ਸ਼ੁਰੂ ਕਰ ਦਿੱਤੇ। ਅੱਜ ਧੰਨ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਕੀ ਬਾਦਸ਼ਾਹ ਤੇ ਕੀ ਕੰਗਾਲ, ਸਭ ਪਿਆਰ ਨਾਲ ਸੀਸ ਝੁਕਾਉਂਦੇ ਹਨ ਅਤੇ ਲੰਗਰ ਵੀ ਛੱਕਦੇ ਹਨ। ਜਿਸ ਵਕਤ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਸਾਹਿਬ ਜੀ ਦੇ ਹੁਕਮ ਨਾਲ ਗੋਇੰਦਵਾਲ ਸਾਹਿਬ ਨਗਰ ਵਸਾਇਆ ਤਾਂ ਆਪਣੀ ਨਾਨੀ ਸਮੇਤ ਇੱਥੇ ਆ ਵਸੇ। ਉਸ ਸਮੇਂ ਆਪ ਜੀ ਦੀ ਉਮਰ 12 ਕੁ ਸਾਲ ਦੀ ਸੀ। ਏਥੇ ਵੀ ਕਾਫ਼ੀ ਸਮਾਂ ਘੁੰਙਣੀਆਂ ਵੇਚਦੇ ਰਹੇ। ਫਿਰ ਗੁਰੂ ਅਮਰਦਾਸ ਜੀ ਨੇ ਪੱਕੇ ਤੌਰ ’ਤੇ ਆਪ ਜੀ ਨੂੰ ਗੁਰੂ ਦਰਬਾਰ ਵਿੱਚ ਸੇਵਾ ਕਰਨ ਦਾ ਹੁਕਮ ਦਿੱਤਾ।

ਗੋਇੰਦਵਾਲ ਸਾਹਿਬ ਜਦ ਬਾਉਲੀ ਦੀ ਉਸਾਰੀ ਚਲ ਰਹੀ ਸੀ ਤਾਂ ਆਪ ਜੀ ਨੇ ਬੜੀ ਲਗਨ ਤੇ ਪ੍ਰੇਮ ਨਾਲ ਸੇਵਾ ਕੀਤੀ। ਇਸੇ ਸੇਵਾ ਦੀ ਬਦੌਲਤ ਹੀ ਆਪ ਜੀ ਗੁਰੂ ਅਮਰਦਾਸ ਜੀ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਹੋਏ। ਗੁਰੂ ਅਮਰਦਾਸ ਜੀ ਨੇ ਬਿਨਾਂ ਜਾਇਦਾਦ ਤੇ ਬਰਾਦਰੀ ਜਾਂ ਘਰ-ਬਾਰ ਵੇਖਿਆਂ ਹੀ ਕੇਵਲ ਸਿੱਖੀ ਸਿਦਕ ਦੇਖ ਕੇ ਹੀ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਵਿਆਹ, ਗੁਰੂ ਰਾਮਦਾਸ ਜੀ ਨਾਲ 16 ਫ਼ਰਵਰੀ 1554 ਈਸਵੀ ਵਿੱਚ ਕਰ ਦਿੱਤਾ। ਤਦ ਆਪ ਜੀ ਦੀ ਉਮਰ 20 ਸਾਲ ਸੀ। ਵਿਆਹ ਤੋਂ ਬਾਅਦ ਵੀ ਆਪ ਜੀ ਗੁਰੂ ਦਰਬਾਰ ਵਿੱਚ ਉਸੇ ਤਰ੍ਹਾਂ ਸੇਵਾ ਕਰਦੇ ਰਹੇ। ਆਪ ਜੀ ਦੇ ਗ੍ਰਹਿ 1558 ਈਸਵੀ ’ਚ ਵੱਡੇ ਪੁੱਤਰ ਪ੍ਰਿਥੀ ਚੰਦ ਜੀ ਨੇ, 1560 ਈਸਵੀ ’ਚ ਦੂਜੇ ਪੁੱਤਰ ਮਹਾਂਦੇਵ ਜੀ ਨੇ ਅਤੇ 15 ਅਪਰੈਲ 1563 ਈਸਵੀ ਨੂੰ (ਗੁਰੂ) ਅਰਜਨ ਸਾਹਿਬ ਜੀ ਨੇ ਜਨਮ ਲਿਆ।

ਸੰਨ 1566 ਈਸਵੀ ’ਚ ਹਿੰਦੂਆਂ ਦੇ ਪੁਰੋਹਿਤਾਂ ਨੇ ਮਿਲ ਕੇ ਅਕਬਰ ਪਾਸ ਗੁਰੂ ਅਮਰਦਾਸ ਜੀ ਦੇ ਵਿਰੁਧ ਦੋਸ਼ ਲਾਏ ਕਿ ਇਹ ਸਾਡੇ ਧਰਮ ਸ਼ਾਸਤਰਾਂ ਦੀ ਮਰਯਾਦਾ ਨੂੰ ਢਾਹ ਲਾ ਰਹੇ ਹਨ ਤਾਂ ਗੁਰੂ ਘਰ ਦਾ ਪੱਖ ਰੱਖਣ ਲਈ ਗੁਰੂ ਜੀ ਨੂੰ ਲਾਹੌਰ ਬੁਲਾਇਆ ਗਿਆ। ਉਸ ਵਕਤ ਗੁਰੂ ਅਮਰਦਾਸ ਜੀ ਨੇ ਆਪਣੀ ਥਾਂ ਗੁਰੂ ਰਾਮਦਾਸ ਜੀ ਨੂੰ ਭੇਜਣਾ ਮੁਨਾਸਬ ਸਮਝਿਆ। ਉਹਨਾਂ ਨੇ ਗੁਰੂ ਘਰ ਦਾ ਸਿਧਾਂਤ ਇੰਨੇ ਵਧੀਆ ਤਰੀਕੇ ਨਾਲ ਪੇਸ਼ ਕੀਤਾ ਕਿ ਅਕਬਰ ਬਾਦਸ਼ਾਹ ਨੇ ਦੋਖੀਆਂ ਦਾ ਮੁਕੱਦਮਾ ਖਾਰਜ ਕਰ ਦਿੱਤਾ ਅਤੇ ਆਪ ਸੰਨ 1571 ਈਸਵੀ ’ਚ ਗੋਇੰਦਵਾਲ ਗੁਰੂ ਸਾਹਿਬ ਜੀ ਨੂੰ ਮਿਲਣ ਲਈ ਆਇਆ ।  ਗੁਰੂ ਅਮਰਦਾਸ ਜੀ ਨੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ, ਹਰ ਪੱਖੋਂ ਮੁਕੰਮਲ ਜਾਣਦਿਆਂ ਹੋਇਆਂ ਅਤੇ ਪਰਖ ਕਰਨ ’ਤੇ ਖਰੇ ਉੱਤਰਨ ਕਰ ਕੇ ਹੀ ਗੁਰਿਆਈ ਦੀ ਦਾਤ 1574 ਈਸਵੀ ’ਚ ਗੁਰੂ ਰਾਮਦਾਸ ਜੀ ਨੂੰ ਬਖ਼ਸ਼ਸ਼ ਕੀਤੀ। ਆਪ ਗੁਰੂ ਅਮਰਦਾਸ ਜੀ ਦੀ ਸੰਗਤ ’ਚ 1542 ਤੋਂ 1574 ਤੱਕ (32 ਸਾਲ) ਰਹੇ ਸਨ। ਗੁਰਿਆਈ ਦੇਣ ਉਪਰੰਤ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਜਦੋਂ ਸੰਗਤ ਨੂੰ ਉਪਦੇਸ਼ ਦੇਣ ਲਈ ਬੇਨਤੀ ਕੀਤੀ ਤਾਂ ਗੁਰੂ ਰਾਮਦਾਸ ਜੀ ਨੂੰ ਉਸ ਸਮੇਂ ਆਪਣਾ ਬੀਤਿਆ ਬਚਪਨ ਯਾਦ ਆ ਗਿਆ। ਜਦੋਂ ਉਹ ਯਤੀਮ ਹੋ ਕੇ ਲਾਹੌਰ ਦੀਆਂ ਗਲੀਆਂ ਵਿੱਚ ਰੁਲ਼ ਰਹੇ ਸਨ। ਆਪ ਜੀ ਦੇ ਨੇਤਰਾਂ ਵਿੱਚ ਹੰਝੂ ਭਰ ਆਏ ਅਤੇ ਨਾਲ ਹੀ ਇਹ ਬਚਨ ਆਪ ਜੀ ਦੇ ਮੁਖ ਤੋਂ ਆਪ ਮੁਹਾਰੇ ਹੀ ਨਿਕਲ ਤੁਰੇ ‘‘ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ  ! ਸਾ ਬਿਧਿ ਤੁਮ ਹਰਿ ਜਾਣਹੁ ਆਪੇ ॥  ਹਮ ਰੁਲਤੇ ਫਿਰਤੇ, ਕੋਈ ਬਾਤ ਨ ਪੂਛਤਾ; ਗੁਰ ਸਤਿਗੁਰ ਸੰਗਿ, ਕੀਰੇ ਹਮ ਥਾਪੇ ॥  ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ; ਜਿਤੁ ਮਿਲਿਐ, ਚੂਕੇ ਸਭਿ ਸੋਗ ਸੰਤਾਪੇ ॥’’ (ਮ: ੪/੧੬੭)

ਗੁਰੂ ਅਮਰਦਾਸ ਜੀ ਦੇ ਹੁਕਮ ਅਨੁਸਾਰ ਰਾਮਦਾਸ ਜੀ ਨੇ ਸੰਨ 1564 ਈਸਵੀ ’ਚ ਸਿੱਖ ਧਰਮ ਦੇ ਕੇਂਦਰੀ ਸਥਾਨ ਵਜੋਂ ‘ਗੁਰੂ ਕੇ ਚੱਕ’ ਦੀ ਉਸਾਰੀ ਕਰਨੀ ਸ਼ੁਰੂ ਕੀਤੀ। ਬਾਅਦ ਵਿੱਚ ਇਸ ਨਗਰ ਦਾ ਨਾਂ ‘ਰਾਮਦਾਸ ਪੁਰ’ ਅਤੇ ਅੱਜ ਕੱਲ੍ਹ ‘ਅੰਮ੍ਰਿਤਸਰ ਸਾਹਿਬ’ ਸਥਾਪਤ ਹੋਇਆ। ਗੁਰੂ ਜੀ ਨੇ ਇੱਕ ਵਿਸ਼ਾਲ ਸਰੋਵਰ ਬਣਾਇਆ ਅਤੇ ਧਰਮਸ਼ਾਲਾ ਵੀ ਬਣਵਾਈ। ਅੰਮ੍ਰਿਤਸਰ ਸਰੋਵਰ ਵਿੱਚ ਹੀ ਹਰਿਮੰਦਰ ਸਾਹਿਬ ਬਣਾਉਣ ਦਾ ਸੰਕਲਪ ਕੀਤਾ ਗਿਆ, ਜੋ ਬਾਅਦ ਵਿੱਚ ਗੁਰੂ ਅਰਜਨ ਸਾਹਿਬ ਜੀ ਨੇ ਪੂਰਾ ਕੀਤਾ। ਇੱਕ ਐਸਾ ਧਾਰਮਕ ਸਥਾਨ ਬਣਾਇਆ ਗਿਆ ਜਿਸ ਵਿੱਚ ਸਰੀਰਕ ਇਸ਼ਨਾਨ ਕੀਤਿਆਂ ਸਰੀਰ ਦੀ ਮੈਲ਼ ਤੇ ਬਾਹਰੀ ਸੁੱਚ ਭਿੱਟ ਦੇ ਵਹਿਮ-ਭਰਮ ਨੂੰ ਖ਼ਤਮ ਕਰਨਾ ਸੀ ਤੇ ਗੁਰਬਾਣੀ ਰਾਹੀਂ ਮਨ ਦਾ ਇਸ਼ਨਾਨ ਕਰਨ ਨਾਲ਼ ਮਨ ਦੀ ਮੈਲ਼ ਲਾਹੁਣ ਦਾ ਸੰਕਲਪ ਹੈ। ਪਹਿਲੇ ਗੁਰੂ ਸਾਹਿਬਾਨ ਵੱਲੋਂ ਥਾਪੇ ਜਾਂਦੇ ਪ੍ਰਚਾਰਕਾਂ ਦੀ ਪ੍ਰਥਾ ਨੂੰ ਹੋਰ ਪਰਪੱਕ ਕਰਦਿਆਂ ਮਸੰਦ ਪ੍ਰਥਾ ਆਰੰਭ ਕੀਤੀ। ਗੁਰੂ ਰਾਮਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ਵੱਲੋਂ ਉਚਾਰਨ ਕੀਤੇ ਗਏ 19 ਰਾਗਾਂ ਸਮੇਤ 30 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ। ਸ਼ਬਦ ਗੁਰੂ ਦੀ ਪ੍ਰੋੜ੍ਹਤਾ ਕਰਦਿਆਂ ਆਪ ਜੀ ਨੇ ਇਹ ਬਚਨ ਉਚਾਰਨ ਕੀਤੇ, ‘‘ਬਾਣੀ ਗੁਰੂ, ਗੁਰੂ ਹੈ ਬਾਣੀ; ਵਿਚਿ ਬਾਣੀ ਅੰਮ੍ਰਿਤੁ, ਸਾਰੇ ॥ (ਮ: ੪/੯੮੨), ਸਤਿਗੁਰ ਕੀ ਬਾਣੀ, ਸਤਿ, ਸਤਿ ਕਰਿ ਜਾਣਹੁ ਗੁਰਸਿਖਹੁ  ! ਹਰਿ ਕਰਤਾ, ਆਪਿ ਮੁਹਹੁ ਕਢਾਏ ॥’’ (ਮ: ੪/੩੦੮) ਰਜ਼ਾ ਦੇ ਸਬੰਧ ਵਿੱਚ ਇੰਨੇ ਪ੍ਰਪੱਕ ਕਿ ‘‘ਜੋ ਤਿਸੁ ਭਾਵੈ ਨਾਨਕਾ   ! ਸਾਈ ਗਲ ਚੰਗੀ ॥’’ (ਮ: ੪/੭੨੬) ਵਚਨ ਉਚਾਰੇ, ਈਰਖਾ ਕਰਨ ਵਾਲਿਆਂ ਪ੍ਰਤੀ ‘‘ਜਿਸੁ ਅੰਦਰਿ ਤਾਤਿ ਪਰਾਈ ਹੋਵੈ; ਤਿਸ ਦਾ ਕਦੇ ਨ ਹੋਵੀ ਭਲਾ ॥’’ (ਮ: ੪/੩੦੮) ਸ਼ਬਦ ਰਚੇ ਗਏ, ਹਠ ਕਰਮਾਂ ਤੋਂ ਵਰਜਦਿਆਂ ਫ਼ੁਰਮਾਇਆ, ‘‘ਮਨਹਠਿ ਕਿਨੈ ਨ ਪਾਇਆ; ਕਰਿ ਉਪਾਵ ਥਕੇ ਸਭੁ ਕੋਇ ॥’’ (ਮ: ੪/੩੯) ਤਾਂ ਹੀ ਤਾਂ ਭਾਈ ਸੱਤਾ ਜੀ ਗੁਰੂ ਰਾਮਦਾਸ ਜੀ ਦੀ ਉਪਮਾ ਕਰਦਿਆਂ ਇਹ ਆਖ ਰਹੇ ਹਨ, ‘‘ਧੰਨੁ ਧੰਨੁ ਰਾਮਦਾਸ ਗੁਰੁ; ਜਿਨਿ ਸਿਰਿਆ, ਤਿਨੈ ਸਵਾਰਿਆ ॥ ਪੂਰੀ ਹੋਈ ਕਰਾਮਾਤਿ; ਆਪਿ ਸਿਰਜਣਹਾਰੈ ਧਾਰਿਆ ॥’’ ਅਤੇ ਅਖੀਰ ’ਤੇ ਵਚਨ ਕੀਤੇ, ‘‘ਨਾਨਕੁ ਤੂ, ਲਹਣਾ ਤੂਹੈ; ਗੁਰੁ ਅਮਰੁ ਤੂ ਵੀਚਾਰਿਆ ॥ ਗੁਰੁ ਡਿਠਾ, ਤਾਂ ਮਨੁ ਸਾਧਾਰਿਆ ॥’’ (ਬਲਵੰਡ ਸਤਾ/੯੬੮)