28.5 C
Jalandhar
Friday, July 18, 2025
spot_img
Home Blog Page 199

ਕਿਵ ਕੂੜੈ ਤੁਟੈ ਪਾਲਿ ?

0

ਕਿਵ ਕੂੜੈ ਤੁਟੈ ਪਾਲਿ ?

ਗਿਆਨੀ ਜਗਤਾਰ ਸਿੰਘ ਜਾਚਕ

ਪੂਰਬੀ ਤੇ ਪੱਛਮੀ ਮਤ-ਮਤਾਂਤਰਾਂ ਦੇ ਲਗਭਗ ਸਾਰੇ ਹੀ ਪਥ-ਪਰਦਰਸ਼ਕ ਆਗੂਆਂ ਨੇ ਅਧਿਆਤਮਿਕ ਸਾਧਨਾ ਦੇ ਪ੍ਰਸੰਗ ਵਿੱਚ ਮਨ ਦੀ ਵਿਸ਼ੇਸ਼ ਭੂਮਿਕਾ ਮੰਨੀ ਹੈ ਕਿਉਂਕਿ, ਇਸ ਦਾ ਸਿੱਧਾ ਸਬੰਧ ਮਨ ਨਾਲ ਹੈ। ਭਗਤ ਕਬੀਰ ਸਾਹਿਬ ਜੀ ਦੇ ਸ਼ਬਦਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਖੇ ਵੀ ਮੰਨਿਆ ਗਿਆ ਹੈ ਕਿ ਹਰੇਕ ਮਨੁੱਖ ਦਾ ਜਗਤ ਵਿਚ ਆਉਣ ਦਾ ਅਸਲ ਕੰਮ ਮਨ ਨਾਲ ਹੈ ਅਤੇ ਉਹ ਕੰਮ ਹੈ ਮਨ ਨੂੰ ਕਾਬੂ ਵਿਚ ਰੱਖਣਾ। ਮਨ ਨੂੰ ਵੱਸ ਵਿਚ ਕੀਤਿਆਂ ਹੀ ਮਨੁੱਖ ਨੂੰ ਅਸਲ ਮਨੋਰਥ ਦੀ ਕਾਮਯਾਬੀ ਹਾਸਲ ਹੁੰਦੀ ਹੈ। ਜ਼ਿੰਦਗੀ ਵਿੱਚ ਮਨ ਵਰਗਾ ਹੋਰ ਕੋਈ ਨਹੀਂ ਮਿਲਦਾ, ਜਿਸ ਨਾਲ ਮਨੁੱਖ ਦਾ ਇਤਨਾ ਜ਼ਿਆਦਾ ਤੇ ਅਸਲ ਵਾਹ-ਵਾਸਤਾ ਪੈਂਦਾ ਹੋਵੇ । ਧੁਰ ਕੀ ਬਾਣੀ ਦਾ ਫ਼ਰਮਾਨ ਹੈ :

‘‘ਮਮਾ, ਮਨ ਸਿਉ ਕਾਜੁ ਹੈ; ਮਨ ਸਾਧੇ, ਸਿਧਿ ਹੋਇ ॥ ਮਨ ਹੀ ਮਨ ਸਿਉ, ਕਹੈ ਕਬੀਰਾ; ਮਨ ਸਾ ਮਿਲਿਆ ਨ ਕੋਇ ॥’’ (ਅੰਗ ੩੪੨)

ਗੁਰੂ ਨਾਨਕ ਸਾਹਿਬ ਜੀ ਨੇ ਜਪੁ-ਜੀ ਸਾਹਿਬ ਦੀ ਅਠਾਈਵੀਂ ਪਉੜੀ ਵਿੱਚ ‘‘ਮਨਿ ਜੀਤੈ, ਜਗੁ ਜੀਤੁ॥’’ ਕਹਿ ਕੇ ਮਨ ਦੀਆਂ ਇਛਾਵਾਂ ਉੱਤੇ ਪ੍ਰਾਪਤ ਕੀਤੀ ਜਿੱਤ ਨੂੰ ਜਗਤ ਜਿੱਤਣ ਜਿਨ੍ਹਾਂ ਮਹੱਤਵ ਦਿੱਤਾ ਹੈ। ਸਤਿਗੁਰੂ ਜੀ ਦਾ ਕਥਨ ਹੈ ਕਿ ਜੇਹੜਾ ਮਨੁੱਖ ਆਪਣੇ ਮਨ ਨਾਲ ਤਕੜਾ ਟਾਕਰਾ ਕਰ ਕੇ ਅੰਦਰੋਂ ਹਉਮੈ ਨੂੰ ਮੁਕਾ ਲੈਂਦਾ ਹੈ, ਉਹ ਮਨ ਦੇ ਫੁਰਨੇ ਨੂੰ ਮਨ ਦੇ ਅੰਦਰ ਹੀ ਪ੍ਰਭੂ ਦੀ ਯਾਦ ਵਿਚ ਲੀਨ ਕਰ ਦੇਂਦਾ ਹੈ, ਉਹ ਪ੍ਰਭੂ ਨੂੰ ਲੱਭ ਲੈਂਦਾ ਹੈ। ਜਗਤ ਜੀਵਨ ਪ੍ਰਭੂ ਜਿਸ ਮਨੁੱਖ ਉਤੇ ਮੇਹਰ ਕਰਦਾ ਹੈ, ਉਹ ਅਡੋਲ-ਚਿੱਤ ਰਹਿ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ : ‘‘ਮਨ ਸਿਉ ਜੂਝਿ ਮਰੈ, ਪ੍ਰਭੁ ਪਾਏ; ਮਨਸਾ ਮਨਹਿ ਸਮਾਏ ॥ ਨਾਨਕ, ਕ੍ਰਿਪਾ ਕਰੇ ਜਗਜੀਵਨੁ, ਸਹਜ ਭਾਇ ਲਿਵ ਲਾਏ ॥ ’’(ਮ: ੧/੩੫੩)

ਹਜ਼ੂਰ ਨੇ ਇਹ ਵੀ ਅਨੁਭਵ ਕੀਤਾ ਕਿ ਅਧਿਆਤਮਿਕ ਸਾਧਨਾ ਦੀ ਸਫਲਤਾ ਬਹੁਤ ਕਰਕੇ ਮਨ ਦੀ ਨਿਰਮਲਤਾ, ਸਥਿਰਤਾ (ਟਿਕਾਉ) ਅਤੇ ਮਾਨਸਿਕ ਤਿ੍ਰਪਤੀ ’ਤੇ ਨਿਰਭਰ ਕਰਦੀ ਹੈ। ਪਰ, ਧਾਰਮਿਕ ਜਗਤ ਅੰਦਰ ਜੋ ਜੋ ਢੰਗ ਅਪਨਾਏ ਜਾ ਰਹੇ ਹਨ; ਉਨ੍ਹਾਂ ਦੁਆਰਾ ਮਨੁੱਖੀ ਮਨ ਦਾ ‘ਸਚਿਆਰ’ ਹੋ ਸਕਣਾ ਅਸੰਭਵ ਹੈ ਕਿਉਂਕਿ, ‘‘ਕਿਵ, ਸਚਿਆਰਾ ਹੋਈਐ ? ਕਿਵ, ਕੂੜੈ ਤੁਟੈ ਪਾਲਿ ?॥’’ ਦੇ ਸੁਆਲੀਏ ਗੁਰਵਾਕ ਤੋਂ ਸਪਸ਼ਟ ਹੈ ਕਿ ਸਤਿਗੁਰਾਂ ਨੇ ਇਸ ਲਈ ਜਪੁ-ਜੀ ਸਾਹਿਬ ਦੀ ਪਹਿਲੀ ਪਉੜੀ ਵਿੱਚ ਮਨ ਨੂੰ ‘ਸਚਿਆਰਾ’ ਕਰਨ ਦਾ ਤਰੀਕਾ ਦੱਸਣ ਤੋਂ ਪਹਿਲਾਂ ਉਹਨਾਂ ਸਾਰੇ ਪ੍ਰਚਲਿਤ ਧਾਰਮਿਕ ਤਰੀਕਿਆਂ ਦਾ ਜ਼ਿਕਰ ਕੀਤਾ ਹੈ, ਜੋ ਕਥਿਤ ਅਧਿਆਤਮਕ ਉੱਚਿਤਾ ਅਤੇ ਪ੍ਰਲੋਕ ਵਿਖੇ ਨਰਕ (ਦੋਜ਼ਖ) ਦੇ ਡਰ ਅਤੇ ਬ੍ਰਹਮਪੁਰੀ, ਸ਼ਿਵਪੁਰੀ, ਇੰਦਰਪੁਰੀ ਅਤੇ ਬੈਕੁੰਠ ਅਥਵਾ ਸਵਰਗ (ਬਹਿਸ਼ਤ) ਆਦਿਕ ਦੀ ਆਸ ਵਿੱਚ ਹੋਰ ਲੋਕ ਵਰਤ ਰਹੇ ਹਨ। ਜਿਵੇਂ, ਮੰਤਰਾਂ ਦੇ ਜਾਪ ਸਹਿਤ ਤੀਰਥਾਂ ਦਾ ਇਸ਼ਨਾਨ, ਮੋਨੀ ਬਣ ਕੇ ਜੰਗਲਾਂ ਤੇ ਗੁਫਾਵਾਂ ਦੀ ਇਕਾਂਤ ਵਿਚ ਸਮਾਧੀ ਲਾਉਣੀ, ਮਨ ਨੂੰ ਇੰਦਿਰਿਆਂ ਰਾਹੀਂ ਮਾਇਕ ਭੋਗਾਂ ਦੁਆਰਾ ਪਹਿਲਾਂ ਰਜਾਉਣਾ ਤੇ ਵੇਦਾਂਤ ਆਦਿਕ ਸ਼ਾਸਤ੍ਰਾਂ ਦੀ ਫਿਲਾਸਫ਼ੀ ਘੋਟਣੀ ਆਦਿ।

ਗੁਰੂ ਸਾਹਿਬ ਸਮਝਦੇ ਸਨ ਕਿ ਅਜਿਹੀਆਂ ਆਸਾਂ ਉਮੀਦਾਂ ਰੱਖ ਕੇ ਕੀਤੇ ਕਰਮ ਧਰਮ-ਪੂਜਾ, ਪਾਠ, ਬੁੱਤ, ਤੀਰਥ ਯਾਤ੍ਰਾ ਆਦਿਕ ਮਨੁੱਖ ਦੇ ਆਤਮਿਕ ਵਿਕਾਸ ਵਿੱਚ ਰੁਕਾਵਟ ਦਾ ਕਾਰਣ ਬਣਦੇ ਹਨ ਕਿਉਂਕਿ, ਸਭ ਹਉਮੈ ਵਧਾਉਂਦੇ ਹਨ। ਪਾਪ ਪੁੰਨ ਦੇ ਚੱਕਰ ਵਿੱਚ ਸੰਸਾਰ ਨਿਕੰਮਾ ਹੋ ਰਿਹਾ ਹੈ । ਮਾਇਕ ਮੋਹ ਦੇ ਕਾਰਣ ਕੀਤੇ ਜਾ ਰਹੇ ਮਿਥੇ ਹੋਏ ਧਰਮ-ਕਰਮ ਸਭ ਵਿਅਰਥ ਹੀ ਜਾਂਦੇ ਹਨ :

‘‘ਆਸਾ ਮਨਸਾ ਬੰਧਨੀ, ਭਾਈ; ਕਰਮ ਧਰਮ ਬੰਧਕਾਰੀ ॥ ਪਾਪਿ ਪੁੰਨਿ ਜਗੁ ਜਾਇਆ, ਭਾਈ; ਬਿਨਸੈ ਨਾਮੁ ਵਿਸਾਰੀ ॥

ਇਹ ਮਾਇਆ ਜਗਿ ਮੋਹਣੀ, ਭਾਈ; ਕਰਮ ਸਭੇ ਵੇਕਾਰੀ ॥’’ (ਅੰ: ੬੩੫)

ਇਸ ਲਈ ਸਤਿਗੁਰੂ ਜੀ ਇਹਨਾਂ ਸਾਰਿਆਂ ਤੋਂ ਵੱਖਰਾ ਉਹ ਸਾਧਨ ਦੱਸਦੇ ਹਨ, ਜਿਹੜਾ ਮਨੁੱਖ ਦੇ ਅਉਗਣਾਂ (ਹਉਮੈ ਆਦਿਕ ਬੁਰਿਆਈਆਂ, ਵਿਕਾਰਾਂ, ਕਥਿਤ ਪਾਪਾਂ) ਨੂੰ ਦੂਰ ਕਰਕੇ ਉਸ ਅੰਦਰ ਰੱਬੀ-ਗੁਣ ਭਰਪੂਰ ਕਰਦਾ ਹੋਇਆ ਆਚਰਣਿਕ ਤੌਰ ’ਤੇ ਉਚੇਰਾ ਕਰਦਾ ਹੈ। ਤਾਂ ਜੋ, ਜਿੱਥੇ ਉਹ ਆਪ ਸਰਬਪੱਖੀ ਵਿਕਾਸ ਕਰਦਾ ਹੋਇਆ ਮਾਨਸਿਕ ਕਲੇਸ਼ਾਂ (ਦੁੱਖਾਂ) ਤੇ ਲੋਭ, ਮੋਹ ਆਦਿਕ ਵਿਕਾਰਾਂ ਤੋਂ ਮੁਕਤ ਹੋ ਕੇ ਸੁਖੀ, ਸਫਲ ਤੇ ਸੰਤੁਲਤ ਜੀਵਨ ਜੀਵੇ।ਉੱਥੇ, ਉਹ ਹੋਰਨਾਂ ਦੀ ਜ਼ਿੰਦਗੀ ਨੂੰ ਸਵਾਰਨ ਤੇ ਸਫਲ ਬਣਾਉਣ ਵਿੱਚ ਵੀ ਸਹਾਇਕ ਹੋਵੇ ਕਿਉਂਕਿ, ਸਤਿਗੁਰੂ ਜੀ ਮਹਾਰਾਜ ਦਾ ਮੁੱਖ ਮਨੋਰਥ ਧਰਤੀ ਨੂੰ ਧਰਮਸ਼ਾਲ ਬਣਾ ਕੇ, ਇੱਕ ਗੁਣ-ਪੂਜਕ ਤੇ ਕਿਰਤੀ ਸਮਾਜ ਦੀ ਸਿਰਜਨਾ ਕਰਦਿਆਂ ਇਸ ਨੂੰ ਬੇਗ਼ਮਪੁਰੇ (ਸੱਚ ਖੰਡ) ਵਿੱਚ ਬਦਲਣਾ ਹੈ ।

‘ਜਪੁ’-ਜੀ ਸਾਹਿਬ ਦੇ ਸਾਰਭੂਤ ਅੰਤਲੇ ਸ਼ਲੋਕ ਦੀਆਂ ਅੰਤਲੀਆਂ ਪੰਕਤੀਆਂ ‘‘ਜਿਨੀ, ਨਾਮੁ ਧਿਆਇਆ; ਗਏ ਮਸਕਤਿ ਘਾਲਿ ॥ ਨਾਨਕ, ਤੇ ਮੁਖ ਉਜਲੇ; ਕੇਤੀ ਛੁਟੀ ਨਾਲਿ ॥’’ (ਅੰ: ੮) ਅਸਲ ਵਿੱਚ ਸਾਨੂੰ ਇਹੀ ਰਮਜ਼ ਸਮਝਾ ਰਹੀਆਂ ਹਨ ਕਿਉਂਕਿ, ਸਤਿਗੁਰੂ ਜੀ ਦੀ ਦ੍ਰਿਸ਼ਟੀ ਵਿੱਚ ਸੱਚੇ-ਸੁੱਚੇ ਅਚਾਰ ਵਾਲਾ ਹੋ ਕੇ ਜੀਊਣਾ ਹੀ ਅਧਿਆਤਮਕ ਜ਼ਿੰਦਗੀ ਦਾ ਸਿਖਰ ਹੈ। ਉਨ੍ਹਾਂ ਦਾ ਫ਼ੁਰਮਾਨ ਹੈ : ਸੱਚ ਤੋਂ ਸਭ ਕੁਝ ਨੀਵਾਂ ਹੈ। ਪਰ, ਸੱਚ ਤੋਂ ਵੀ ਉੱਤੇ ਸੱਚ ਦੀ ਰਹਿਣੀ ਹੈ :

‘‘ਸਚਹੁ ਓਰੈ ਸਭੁ ਕੋ, ਉਪਰਿ ਸਚੁ ਆਚਾਰੁ ॥’’ (ਅੰ: ੬੨)

ਗੁਰੂ ਨਾਨਕ ਸਾਹਿਬ ਜੀ ਦਾ ਉਹ ਸਰਲ, ਸੁਖਾਲਾ, ਸਰਬਕਾਲੀ, ਸਰਬਦੇਸ਼ੀ, ਸਰਬਸਾਝਾਂ ਅਤੇ ਸਾਰਿਆਂ ਦੇ ਅਪਨਾਉਣ ਯੋਗ, ਨਿਵੇਕਲਾ ਤੇ ਮੁੱਢਲਾ ਫ਼ਾਰਮੂਲਾ ਹੈ ‘ਹਕਮਿ ਰਜ਼ਾਈ’ ਚੱਲਣਾ। ਭਾਵ, ਅਕਾਲ-ਪੁਰਖ ਦੀ ਰਜ਼ਾ ਵਿਚ ਤੁਰਨਾ। ਹਕੀਕਤ ਵਿੱਚ ਇਹੀ ਹੈ ਗੁਰਸਿੱਖੀ ਦਾ ‘ਜਪੁ’ ਅਥਵਾ ਨਾਮ-ਸਿਮਰਨ, ਜਿਸ ਦੀ ਵਿਆਖਿਆ ਕਰ ਰਿਹਾ ਹੈ ਜਪੁ-ਜੀ ਸਮੇਤ ਸਮੁੱਚਾ ਸ੍ਰੀ ਗੁਰੂ ਗ੍ਰੰਥ ਸਾਹਿਬ। ਗੁਰਮਤਿ ਅਨੁਸਾਰ ‘ਨਾਮ ਜਪਣ’, ਨਾਮ-ਸਿਮਰਨ, ਨਾਮ-ਧਿਆਵਣ ਅਤੇ ਸਿਫ਼ਤ-ਸਾਲਾਹ ਕਰਨ ਦਾ ਸਹੀ ਅਰਥ ਹੈ : ਰੱਬੀ ਹੁਕਮ ਵਿੱਚ ਜੀਵਨ ਗੁਜ਼ਾਰਨਾ। ਪਰ, ਇਸ ਕਥਨ ਦਾ ਇਹ ਮਤਲਬ ਨਹੀਂ ਕਿ ਸਤਿਗੁਰਾਂ ਨੇ ਜਿਹਬਾ ਦੁਆਰਾ ਕਿਸੇ ਰੱਬੀ ਨਾਮ ਦਾ ਜਪ ਕਰਨ ਅਤੇ ਗੁਰਬਾਣੀ ਗਾਇਨ ਦੁਆਰਾ ਸਿਫ਼ਤ ਸਾਲਾਹ ਕਰਨ ਦੀ ਪ੍ਰਥਾ ਪੱਧਤੀ ਨੂੰ ਰੱਦ ਕਰ ਦਿੱਤਾ ਹੈ।

ਗੁਰਵਾਕ ਹੈ :

‘‘ਸਿਫਤਿ ਸਾਲਾਹਣੁ, ਤੇਰਾ ਹੁਕਮੁ, ਰਜਾਈ !॥ ਸੋ ਗਿਆਨੁ ਧਿਆਨੁ, ਜੋ ਤੁਧੁ ਭਾਈ ॥

ਸੋਈ ਜਪੁ, ਜੋ ਪ੍ਰਭ ਜੀਉ ਭਾਵੈ; ਭਾਣੈ, ਪੂਰ ਗਿਆਨਾ ਜੀਉ॥’’ (ਅੰਗ ੧੦੦)

ਅਰਥ:- ਹੇ ਰਜ਼ਾ ਦੇ ਮਾਲਕ-ਪ੍ਰਭੂ! ਤੇਰਾ ਹੁਕਮ (ਸਿਰ-ਮੱਥੇ ਉੱਤੇ ਮੰਨਣਾ) ਤੇਰੀ ਸਿਫ਼ਤਿ-ਸਾਲਾਹ ਹੀ ਹੈ। ਜੋ ਤੈਨੂੰ ਚੰਗਾ ਲੱਗਦਾ ਹੈ (ਉਸ ਨੂੰ ਭਲਾਈ ਜਾਨਣਾ) ਇਹੀ ਅਸਲ ਗਿਆਨ ਹੈ ਇਹੀ ਅਸਲ ਸਮਾਧੀ ਹੈ।

(ਹੇ ਭਾਈ!) ਜੋ ਕੁਝ ਪ੍ਰਭੂ ਜੀ ਨੂੰ ਭਾਉਂਦਾ ਹੈ (ਉਸ ਨੂੰ ਪਰਵਾਨ ਕਰਨਾ ਹੀ) ਅਸਲ ਜਪ ਹੈ, ਪਰਮਾਤਮਾ ਦੇ ਭਾਣੇ ਵਿਚ ਤੁਰਨਾ ਹੀ ਪੂਰਨ ਗਿਆਨ ਹੈ ।

ਵੈਸੇ ਤਾਂ ਭਾਵੇਂ ਜਪੁ-ਜੀ ਸਾਹਿਬ ਦੀ ਹਰੇਕ ਪਉੜੀ ਨੂੰ ਵਿਚਾਰਨ ਲਈ ‘‘ਕਿਵ, ਸਚਿਆਰਾ ਹੋਈਐ ? ਕਿਵ, ਕੂੜੈ ਤੁਟੈ ਪਾਲਿ ? ॥’’ ਦੇ ਤੁਕਾਂਸ਼ ਨੂੰ ਧਿਆਨ ਵਿੱਚ ਰੱਖਣਾ ਲਾਜ਼ਮੀ ਹੈ ਕਿਉਂਕਿ, ਜਪੁ-ਜੀ ਸਾਹਿਬ ਮੁੱਖ ਤੌਰ ’ਤੇ ਇਸੇ ਮੂਲ-ਰੂਪ ਅਧਿਆਤਮਿਕ ਸਮਸਿਆ ਦਾ ਸਮਾਧਾਨ ਹੈ ਕਿ ਸਾਡੇ ਅੰਦਰਲਾ ਕੂੜ ਦਾ ਉਹ ਪਰਦਾ ਕਿਵੇਂ ਟੁੱਟੇ, ਜਿਹੜਾ ਸਾਡੇ ਤੇ ਪਰਮਾਤਮਾ ਦੇ ਵਿਚਕਾਰ ਵਿੱਥ ਬਣੀ ਬੈਠਾ ਹੈ। ਅਸੀਂ ਸਚਿਆਰ ਕਿਵੇਂ ਹੋਈਏ? ਸਤਿ-ਸਰੂਪ ਅਕਾਲ ਪੁਰਖ ਦਾ ਰੂਪ ਕਿਵੇਂ ਹੋਈਏ? ਭਾਵ, ਇਸ ਯੋਗ ਕਿਵੇਂ ਬਣੀਏ ਕਿ ਸਾਡੀ ਕਰਣੀ ਦੁਆਰਾ ਸਤਿ-ਸਰੂਪ ਅਕਾਲ ਪੁਰਖ ਦੇ ਦੈਵੀ-ਗੁਣਾਂ ਦਾ ਪ੍ਰਕਾਸ਼ ਹੋਵੇ।

ਪ੍ਰੰਤੂ, ਪਹਿਲੀ ਪਉੜੀ ਦੇ ਠੀਕ ਅਰਥਾਂ ਨੂੰ ਸਮਝਣ ਲਈ ਹੋਰ ਵੀ ਜ਼ਰੂਰੀ ਹੈ ਕਿ ਪੰਜਵੀਂ ਤੁਕ ਨੂੰ ਪਾਵਨ ਪਉੜੀ ਦੀ ਹਰੇਕ ਤੁਕ ਨਾਲ ਮਿਲਾ ਕੇ ਪੜ੍ਹਿਆ ਜਾਏ ਕਿਉਂਕਿ, ਇਸ ਤਰ੍ਹਾਂ ਪਤਾ ਲੱਗ ਜਾਂਦਾ ਹੈ ਕਿ ਇਸ ਤੋਂ ਪਹਿਲੀ ਹਰੇਕ ਤੁਕ ਵਿਚ ‘ਮਨ’ ਦਾ ਹੀ ਜ਼ਿਕਰ ਹੈ। ਪਹਿਲੀ ਵਿੱਚ ‘ਮਨ ਦੀ ਸੁੱਚ’, ਦੂਜੀ ’ਚ ‘ਮਨ ਦੀ ਚੁੱਪ’, ਤੀਜੀ ’ਚ ’ਮਨ ਦੀ ਭੁੱਖ’ ਅਤੇ ਚੌਥੀ ਵਿਚ ਹੈ ਉਕਤ ਕਿਸਮ ਦੀਆਂ ਸ਼ਾਸ਼ਤਰਾਂ ਵਿੱਚ ਪ੍ਰਗਟਾਈਆਂ ‘ਮਨ ਦੀਆਂ ਸਿਆਣਪਾਂ ਅਥਵਾ ਚਤੁਰਾਈਆਂ’ ਦਾ ਹਾਲ।

ਸਚਿਆਰ ਮਨੁੱਖਾਂ ਦੀ ਪ੍ਰੀਭਾਸ਼ਾ, ਉਨ੍ਹਾਂ ਦੇ ਦੈਵੀ ਲੱਛਣ ਅਤੇ ਅਜਿਹੇ ਵਡਭਾਗੇ ਇਨਸਾਨਾਂ ਪ੍ਰਤੀ ਸਚਿਆਰੁ ਪ੍ਰਭੂ ਦਾ ਨਜ਼ਰੀਆ ਨਿਰੂਪਣ ਕਰਦਿਆਂ ਸਤਿਗੁਰਾਂ ਨੇ ਸਪਸ਼ਟ ਆਖਿਆ ਹੈ ਕਿ ਜਿਨ੍ਹਾਂ ਦੇ ਪੱਲੇ ਸੱਚ ਹੈ, ਉਹੀ ਸੱਚੇ ਸਚਿਆਰ ਹਨ। ਉਹ ਸਦਾ ਥਿਰ ਪ੍ਰਭੂ ਨੂੰ ਚੰਗੇ ਲਗਦੇ ਹਨ, ਕਿਉਂਕਿ, ਉਨ੍ਹਾਂ ਨੂੰ ਗੁਰੂ ਦਾ ਸ਼ਬਦ ਪਿਆਰਾ ਲੱਗਦਾ ਹੈ। ਉਹ ਗੁਰ ਸ਼ਬਦ ਦੀ ਰੌਸ਼ਨੀ ਵਿੱਚ ਜਿਊਂਦੇ ਹਨ। ਗੁਰਸ਼ਬਦ ਅਨੁਸਾਰੀ ਹੋ ਕੇ ਜੀਊਣਾ ਹੀ ਰੱਬੀ ਰਜ਼ਾ ਵਿੱਚ ਜੀਊਣਾ ਹੈ। ਇਹੀ ਹੈ ਸਚਿਆਰ ਮਨੁੱਖਾਂ ਦਾ ਮੁੱਖ ਲੱਛਣ : ‘‘ਪਲੈ ਸਾਚੁ, ਸਚੇ ਸਚਿਆਰਾ॥ ਸਾਚੇ ਭਾਵੈ, ਸਬਦੁ ਪਿਆਰਾ॥’’ (ਅੰ: ੧੦੩੫)

ਇਸ ਦੇ ਨਾਲ ਹੀ ਸਤਿਗੁਰੂ ਜੀ ਨੇ ਇਹ ਨਿਰਣਾ ਵੀ ਕਰ ਦਿੱਤਾ ਕਿ ਉਹ ਕਰਤਾ ਪੁਰਖ ਸਿਰਜਨਹਾਰ ਪ੍ਰਭੂ, ਜਿਸ ਨੇ ਤਿੰਨਾਂ ਹੀ ਭਵਣਾਂ ਵਿੱਚ ਸੱਚ ਨੂੰ ਸ਼ਕਤੀ ਦੇ ਰੂਪ ਵਿੱਚ ਟਿਕਾਇਆ ਹੋਇਆ ਹੈ, ਉਹ ਕਿਸੇ ਵਲੋਂ ਕੀਤੇ ਜਾ ਰਹੇ ਮਿਥੇ ਹੋਏ ਧਰਮ-ਕਰਮਾਂ ’ਤੇ ਨਹੀ ਪਤਿਆਉਂਦਾ ਭਾਵ ਨਹੀ ਰੀਝਦਾ, ਹਾਂ ! ਜੇ ਉਹ ਪਤਿਆਉਂਦਾ ਹੈ ਤਾਂ ਕੇਵਲ ਸੱਚੇ-ਸੁੱਚੇ ਮਨੁੱਖ ’ਤੇ । ਭਾਵ, ਉਹ ਇਹ ਨਹੀ ਦੇਖਦਾ ਕਿ ਇਸ ਨੇ ਕਿਤਨੇ ਤੀਰਥਾਂ ’ਤੇ ਇਸ਼ਨਾਨ ਕੀਤਾ ਹੈ ਜਾਂ ਇਹ ਕਿੰਨਾ ਚਿਰ ਮੋਨੀ ਬਣ ਕੇ ਚੁੱਪ ਬੈਠਾ ਰਿਹਾ ਹੈ। ਕਿੰਨਾ ਦਾਨ-ਪੁੰਨ ਕੀਤਾ ਹੈ। ਇਸ ਨੇ ਕਿੰਨੇ ਵਾਰੀਂ ਕਿਸੇ ਧਰਮ ਗ੍ਰੰਥ ਦਾ ਪਾਠ ਕੀਤਾ ਹੈ। ਨਹੀਂ ! ਨਹੀਂ ! ਉਹ ਦੇਖਦਾ ਹੈ ਕਿ ਜ਼ਿੰਦਗੀ ਦੇ ਹਰੇਕ ਖੇਤਰ ਵਿੱਚ ਇਸ ਦਾ ਜੀਵਨ ਵਿਹਾਰ ਕਿੰਨਾ ਸੱਚਾ-ਸੁੱਚਾ ਹੈ :

‘‘ਤਿ੍ਰਭਵਣਿ ਸਾਚੁ ਕਲਾ ਧਰਿ ਥਾਪੀ, ਸਾਚੇ ਹੀ ਪਤੀਆਇਦਾ॥’’ (ਅੰ: ੧੦੩੫)

ਸਤਿਗੁਰੂ ਜੀ ਨੇ ਇਸ ਪੱਖ ਦੀ ਬਹੁਤ ਹੀ ਵਿਸਥਾਰ ਪੂਰਵਕ ਵਿਆਖਿਆ ਕੀਤੀ ਹੈ। ਹਜ਼ੂਰ ਕਹਿੰਦੇ ਹਨ ਕਿ ਰਾਗ ਗਾਣ ਨਾਲ, ਨਾਦ ਵਜਾਣ ਨਾਲ ਜਾਂ ਵੇਦ ਆਦਿਕ ਧਰਮ-ਪੁਸਤਕਾਂ ਪੜ੍ਹਨ ਨਾਲ ਪਰਮਾਤਮਾ ਪ੍ਰਸੰਨ ਨਹੀਂ ਹੁੰਦਾ; ਨਾ ਹੀ ਸਮਾਧੀ ਲਾਇਆਂ, ਗਿਆਨ-ਚਰਚਾ ਕੀਤਿਆ ਜਾਂ ਜੋਗ ਦਾ ਕੋਈ ਸਾਧਨ ਕੀਤਿਆਂ ਪਰਮਾਤਮਾ ਪ੍ਰਸੰਨ ਹੁੰਦਾ ਹੈ। ਨਾ ਹੀ ਉਹ ਤਰੁਠਦਾ ਹੈ ਨਿਤ ਸੋਗ ਕੀਤਿਆਂ (ਜਿਵੇਂ ਸ੍ਰਾਵਗ ਸਰੇਵੜੇ ਕਰਦੇ ਹਨ); ਰੂਪ, ਮਾਲ-ਧਨ ਤੇ ਰੰਗ-ਤਮਾਸ਼ੇ ਵਿਚ ਰੁੱਝਿਆਂ ਭੀ ਪ੍ਰਭੂ ਜੀਵ ਉਤੇ ਖ਼ੁਸ਼ ਨਹੀਂ ਹੁੰਦਾ; ਨਾ ਹੀ ਉਹ ਭਿੱਜਦਾ ਹੈ ਤੀਰਥ ’ਤੇ ਨ੍ਹਾਤਿਆਂ ਜਾਂ ਨੰਗੇ ਭਵਿਆਂ। ਦਾਨ-ਪੁੰਨ ਕੀਤਿਆਂ ਵੀ ਰੱਬ ਰੀਝਦਾ ਨਹੀਂ ਤੇ ਬਾਹਰ ਜੰਗਲਾਂ ਵਿਚ ਸੁੰਨ-ਮੁੰਨ ਬੈਠਿਆਂ ਭੀ ਨਹੀਂ ਪਸੀਜਦਾ :

‘‘ਨ ਭੀਜੈ ਰਾਗੀ ਨਾਦੀ ਬੇਦਿ ॥ ਨ ਭੀਜੈ ਸੁਰਤੀ ਗਿਆਨੀ ਜੋਗਿ ॥ ਨ ਭੀਜੈ ਸੋਗੀ ਕੀਤੈ ਰੋਜਿ ॥ ਨ ਭੀਜੈ ਰੂਪਂੀ ਮਾਲਂੀ ਰੰਗਿ ॥ ਨ ਭੀਜੈ ਤੀਰਥਿ ਭਵਿਐ ਨੰਗਿ ॥ ਨ ਭੀਜੈ ਦਾਤਂੀ ਕੀਤੈ ਪੁੰਨਿ ॥ ਨ ਭੀਜੈ ਬਾਹਰਿ ਬੈਠਿਆ ਸੁੰਨਿ ॥’’ (ਅੰ: ੧੨੩੭)

ਜੋਧੇ ਲੜਾਈ ਵਿਚ ਲੜ ਕੇ ਮਰਦੇ ਹਨ, ਇਸ ਤਰ੍ਹਾਂ ਵੀ ਪ੍ਰਭੂ ਪ੍ਰਸੰਨ ਨਹੀਂ ਹੁੰਦਾ, ਕਈ ਬੰਦੇ ਸੁਆਹ ਆਦਿਕ ਮਲ ਕੇ ਮਿੱਟੀ ਵਿਚ ਲਿੱਬੜਦੇ ਹਨ, ਇਸ ਤਰ੍ਹਾਂ ਭੀ ਉਹ ਖ਼ੁਸ਼ ਨਹੀਂ ਹੁੰਦਾ। ਹਾਂ ! ਪਰਮਾਤਮਾ ਪ੍ਰਸੰਨ ਹੁੰਦਾ ਹੈ ਜੇ ਉਸ ਸਦਾ ਕਾਇਮ ਰਹਿਣ ਵਾਲੇ ਦੇ ਨਾਮ ਵਿਚ ਜੁੜੀਏ। ਭਾਵ, ਰਜ਼ਾ ਦੇ ਮਾਲਕ ਪ੍ਰਭੂ ਦੀ ਰਜ਼ਾ ਵਿੱਚ ਚੱਲੀਏ ਕਿਉਂਕਿ ਜੀਵਾਂ ਦੇ ਚੰਗੇ ਮੰਦੇ ਹੋਣ ਦੀ ਪਰਖ ਮਨ ਦੀ ਭਾਵਨਾ ਅਨੁਸਾਰ ਕੀਤੀ ਜਾਂਦੀ ਹੈ ।

‘‘ਨ ਭੀਜੈ ਭੇੜਿ ਮਰਹਿ ਭਿੜਿ ਸੂਰ ॥ ਨ ਭੀਜੈ ਕੇਤੇ ਹੋਵਹਿ ਧੂੜ ॥

ਲੇਖਾ ਲਿਖੀਐ ਮਨ ਕੈ ਭਾਇ ॥ ਨਾਨਕ, ਭੀਜੈ ਸਾਚੈ ਨਾਇ ॥’’ (ਅੰ: ੧੨੩੭)

ਤੁਕ-ਅਰਥ, ਭਾਵਾਰਥ ਤੇ ਸਿਧਾਂਤਕ ਵਿਆਖਿਆ (ਤੁਕ ਨੰ: ੧):-

ਸੋਚੈ, ਸੋਚਿ ਨ ਹੋਵਈ ; ਜੇ, ਸੋਚੀ ਲਖ ਵਾਰ ॥

ਉਚਾਰਣ ਸੇਧਾਂ- ਸੋਚੀਂ, ਲੱਖ-ਵਾਰ ।

ਜੇ ਮੈਂ ਲੱਖਾਂ ਵਾਰੀ ਵੀ ਇਸ਼ਨਾਨ ਆਦਿਕ ਨਾਲ ਸਰੀਰ ਦੀ ਸੁੱਚ ਰੱਖਣ ਦਾ ਯਤਨ ਕਰਾਂ, ਤਾਂ ਵੀ ਇਸ ਤਰ੍ਹਾਂ ਬਾਹਰੋਂ ਸੁੱਚੇ ਹੋਣ ਨਾਲ ਮਨ ਦੀ ਸੁੱਚ ਪਾ੍ਰਪਤ ਨਹੀਂ ਹੁੰਦੀ। ਭਾਵ, ਮਨ ਅੰਦਰਲੀ ਮੰਦੇ-ਸੰਸਕਾਰਾਂ ਤੇ ਹਉਮੈ ਆਦਿਕ ਵਿਕਾਰਾਂ ਦੀ ਮੈਲ (ਕੂੜ ਦੀ ਪਾਲ਼ਿ) ਨਹੀ ਲੱਥ ਸਕਦੀ । ਭਾਵ, ਮਨ ਸੁੱਚਾ ਹੋ ਕੇ ਸਚਿਆਰ ਨਹੀ ਬਣ ਸਕਦਾ। ਗੁਰੂ ਨਾਨਕ ਦ੍ਰਿਸ਼ਟੀ ਵਿੱਚ ਉਹ ਮਨੁੱਖ ਸੁੱਚੇ ਨਹੀ ਮੰਨੇ ਜਾ ਸਕਦੇ, ਜਿਹੜੇ ਮੂੰਹੋਂ ਝੂਠ ਬੋਲਣ, ਕਪਟ ਕਮਾਉਣ ਤੇ ਬਾਹਰੋਂ ਪਿੰਡਾ ਧੋ ਕੇ ਬਹਿ ਜਾਣ । ਕੇਵਲ ਓਹੀ ਸੁੱਚੇ ਮੰਨੇ ਜਾ ਸਕਦੇ ਹਨ, ਜਿਨ੍ਹਾਂ ਦੇ ਮਨ ਸਤਿ ਸਰੂਪ ਪ੍ਰਭੂ ਵਸਦਾ ਹੈ। ਭਾਵ, ਜੋ ਅਕਾਲ ਪੁਰਖ ਦੇ ਨਿਰਮਲ-ਭਉ ਵਿੱਚ ਸੱਚਾ-ਸੁੱਚਾ ਜੀਵਨ ਗੁਜ਼ਾਰਦੇ ਹਨ। ਸਤਿਗੁਰੂ ਜੀ ਦਾ ਫ਼ੁਰਮਾਨ ਹੈ :

‘‘ਸੂਚੇ ਏਹਿ ਨ ਆਖੀਅਹਿ; ਬਹਨਿ ਜਿ ਪਿੰਡਾ ਧੋਇ ॥ ਸੂਚੇ ਸੇਈ ਨਾਨਕਾ; ਜਿਨ ਮਨਿ ਵਸਿਆ ਸੋਇ ॥’’ (ਅੰਗ ੪੭੨)

ਗੁਰਦੇਵ ਜੀ ਨੇ ਤੀਰਥ ਇਸ਼ਨਾਨੀਆਂ ਦੀ ਇੱਕ ਮੰਡਲੀ ਨੂੰ ਸਮਝਾਉਂਦਿਆਂ ਆਖਿਆ ਹੈ ਕਿ ਜਿਹੜਾ ਮਨੁੱਖ ਤੀਰਥ ਆਦਿਕ ’ਤੇ ਬਾਹਰੋਂ ਨਿਰਾ ਪਿੰਡਾ ਧੋਂਦਾ ਹੈ। ਪਰ, ਮਨ ਵਿਕਾਰਾਂ ਨਾਲ ਮੈਲਾ ਹੀ ਰੱਖਦਾ ਹੈ, ਉਹ ਆਪਣੇ ਲੋਕ ਪ੍ਰਲੋਕ ਦੇ ਦੋਵੇਂ ਥਾਂ ਹੀ ਗਵਾ ਬੈਠਦਾ ਹੈ। ਇਸ ਲੋਕ ਵਿੱਚ ਰਹਿੰਦਿਆਂ ਉਹ ਕਾਮ ਵਾਸ਼ਨਾ ਵਿੱਚ, ਗੁੱਸੇ ਤੇ ਮੋਹ ਆਦਿਕ ਵਿੱਚ ਫਸਿਆ ਰਹਿੰਦਾ ਹੈ ਅਤੇ ਅੱਗੇ ਪਰਲੋਕ ਵਿੱਚ ਵੀ ਰੋਂਦਾ ਹੋਇਆ ਹਟਕੋਰੇ ਲੈਂਦਾ ਰਹਿੰਦਾ ਹੈ। ਭਾਵ, ਰੱਬ ਨਾਲੋਂ ਟੁੱਟਿਆ ਹੋਣ ਕਰਕੇ ਜ਼ਿੰਦਗੀ ਦੇ ਹਰੇਕ ਖੇਤਰ ਵਿੱਚ ਦੁਖੀ ਹੀ ਰਹਿੰਦਾ ਹੈ। ਜਦੋਂ ਵੀ ਗੁਰਬਾਣੀ ’ਚ ਲੋਕ ਪ੍ਰਲੋਕ ਦੀ ਗੱਲ ਕੀਤੀ ਜਾਂਦੀ ਤਾਂ ਸਾਨੂੰ ਸਤਿਗੁਰੂ ਜੀ ਦੇ ਉਪਦੇਸ਼ ਦਾ ਮਨੋਰਥ ਧਿਆਨ ਵਿੱਚ ਰੱਖਦਿਆਂ ਚੇਤੇ ਰਹਿਣਾ ਚਾਹੀਦਾ ਹੈ ਕਿ ਸਤਿਗੁਰੂ ਜੀ ਉਨ੍ਹਾਂ ਲੋਕਾਂ ਨੂੰ ਸਮਝਾ ਰਹੇ ਹਨ, ਜਿਨ੍ਹਾਂ ਦਾ ਐਸਾ ਵਿਸ਼ਵਾਸ਼ ਹੈ। ਗੁਰਵਾਕ ਹੈ :

‘‘ਬਾਹਰੁ ਧੋਇ, ਅੰਤਰੁ ਮਨੁ ਮੈਲਾ; ਦੁਇ ਠਉਰ ਅਪੁਨੇ ਖੋਏ ॥

ਈਹਾ ਕਾਮਿ ਕ੍ਰੋਧਿ ਮੋਹਿ ਵਿਆਪਿਆ; ਆਗੈ ਮੁਸਿ ਮੁਸਿ ਰੋਏ॥’’ (ਅੰ: ੩੮੧)

ਕਿਉਂਕਿ, ਰੱਬੀ ਰਜ਼ਾ ਵਿੱਚ ਚੱਲ ਕੇ ਗੋਬਿੰਦ ਦਾ ਭਜਨ ਕਰਨ ਵਾਲਿਆਂ ਦੀ ਜ਼ਿੰਦਗੀ ਵਿਖਾਵੇ ਤੋਂ ਰਹਿਤ ਹੁੰਦੀ ਹੈ। ਪਰ, ਜਿਹੜੇ ਵਿਅਕਤੀ ਨਾਮ ਵਲੋਂ ਬੋਲ਼ੇ ਹੋਏ ਰਹਿੰਦੇ ਹਨ। ਭਾਵ, ਗੁਰਬਾਣੀ ਤੇ ਕੁਦਰਤ ਵਿਚੋਂ ਰੱਬੀ ਹੁਕਮ ਨੂੰ ਨਹੀ ਸਮਝਦੇ; ਉਨ੍ਹਾਂ ਦੇ ਮਾਨਸਿਕ ਸ਼ਾਤੀ ਲਈ ਕੀਤੇ ਗਏ ਮਿਥੇ ਹੋਏ ਧਰਮ-ਕਰਮ ਇਉਂ ਹੀ ਹਨ; ਜਿਵੇਂ, ਸੱਪ ਨੂੰ ਮਾਰਣ ਲਈ ਕੋਈ ਉਸ ਦੀ ਖੁੱਡ (ਵਰਮੀ) ਨੂੰ ਕੁੱਟੀ ਜਾਵੇ। ਪਰ, ਖੁੱਡ ਨੂੰ ਕੁਟਣ ਨਾਲ ਸੱਪ ਨਹੀ ਮਰਦਾ। ਇਸੇ ਤਰ੍ਹਾਂ ਧਾਰਮਿਕ ਜਗਤ ਦੇ ਕਰਮਕਾਂਡਾਂ ਦੁਆਰਾ ਮਨ ਨਹੀ ਮਰਦਾ। ਭਾਵ, ਨਾ ਤਾਂ ਇਸ ਦੀ ਚੰਚਲਤਾ ਮਿੱਟਦੀ ਹੈ ਅਤੇ ਨਾ ਹੀ ਇਸ ਅੰਦਰੋਂ ਹਉਮੈ ਆਦਿਕ ਵਿਕਾਰਾਂ ਦਾ ਅਭਾਵ ਹੁੰਦਾ ਹੈ। ਗੁਰਵਾਕ ਹੈ :

‘‘ਗੋਵਿੰਦ ਭਜਨ ਕੀ ਮਤਿ ਹੈ ਹੋਰਾ ॥ ਵਰਮੀ ਮਾਰੀ ਸਾਪੁ ਨ ਮਰਈ; ਨਾਮੁ ਨ ਸੁਨਈ ਡੋਰਾ॥’’ (ਅੰ: ੩੮੧)

ਗੁਰਦੇਵ ਜੀ ਨੇ ਵਿਗਿਆਨਿਕ ਦਿ੍ਰਸ਼ਟੀਕੋਨ ਤੋਂ ਵੀ ਸਮਝਾਇਆ ਕਿ ਪਾਣੀ ਨਾਲ ਮਲ਼ ਮਲ਼ ਕੇ ਇਸ਼ਨਾਨ ਕਰਨ ਨਾਲ ਤਾਂ ਭਾਈ! ਸਰੀਰ ਨਿਰਮਲ ਨਹੀ ਹੁੰਦਾ, ਮਨ ਕਿਵੇਂ ਨਿਰਮਲ ਹੋਵੇਗਾ? ਕਿਉਂਕਿ, ਇਸ਼ਨਾਨ ਉਪਰੰਤ ਸਰੀਰ ਦੇ ਰੋਮਾਂ ਰਾਹੀਂ ਪਸੀਨੇ ਦੇ ਰੂਪ ਵਿੱਚ ਤੇ ਇੰਦਰੀਆਂ ਰਾਹੀਂ ਗੰਦਗੀ ਦੇ ਰੂਪ ਵਿੱਚ ਮੈਲ ਨਿਕਲਦੀ ਰਹਿੰਦੀ ਹੈ। ਇਸ ਲਈ ਫਿਰ ਇਸ਼ਨਾਨ ਦੀ ਲੋੜ ਪੈ ਜਾਂਦੀ ਹੈ। ਕਿਉਂਕਿ, ਕੁਦਰਤੀ ਨਿਯਮ ਅਨੁਸਾਰ ਇਹ ਪੁਤਲਾ ਬਣਿਆਂ ਹੀ ਮਿੱਟੀ ਆਦਿਕ ਮੈਲ਼ੇ ਤੱਤਾਂ ਅਤੇ ਲਹੂ ਤੇ ਵੀਰਯ ਆਦਿਕ ਦੇ ਮਿਸ਼ਰਣ ਤੋਂ ਹੈ :

‘‘ਪਾਨੀ ਮੈਲਾ, ਮਾਟੀ ਗੋਰੀ ॥ ਇਸ ਮਾਟੀ ਕੀ ਪੁਤਰੀ ਜੋਰੀ॥’’ (ਅੰ: ੩੩੬)

ਮਿੱਟੀ ਦੀ ਕੰਧ ਨੂੰ ਧੋ ਕੇ ਸਾਫ਼ ਕਿਵੇਂ ਕੀਤਾ ਜਾ ਸਕਦਾ ਹੈ? ਇਸ ਲਈ ਜੇ ਮਨ ਨੂੰ ਨਿਰਮਲ ਕਰਨਾ ਹੈ ਤਾਂ ਗੁਰਮਤਿ ਗਿਆਨ ਦੇ ਮਹਾਂਰਸੀ ਸਰੋਵਰ ਵਿੱਚ ਹੀ ਚੁੱਭੀ ਮਾਰਨੀ ਪਵੇਗੀ। ਇਸ ਤਰੀਕੇ ਕੇਵਲ ਮਨ ਹੀ ਨਹੀਂ, ਸਗੋਂ ਤਨ ਵੀ ਨਿਰਮਲ ਹੋ ਜਾਏਗਾ। ਕਿਉਂਕਿ, ਅਜਿਹਾ ਗਿਆਨੀ ਮਨੁੱਖ, ਜਿੱਥੇ ਨੇਮ ਨਾਲ ਸਫ਼ਾਈ ਤੇ ਤੰਦਰੁਸਤੀ ਦੇ ਦਿ੍ਰਸ਼ਟੀਕੋਨ ਤੋਂ ਸਰੀਰਕ ਇਸ਼ਨਾਨ ਕਰਦਾ ਹੈ। ਓਥੇ, ਉਹ ਸਰੀਰ ਵਿੱਚ ਰੱਬੀ-ਜੋਤਿ ਦਾ ਜਲਵਾ ਦੇਖਦਾ ਹੋਇਆ ਇਸ ਨਾਲ ਕੋਈ ਵਿਕਾਰੀ ਕੰਮ ਵੀ ਨਹੀਂ ਕਰਦਾ, ਜੋ ਉਸ ਦੇ ਤਨ ਮਨ ਨੂੰ ਮਲੀਨ ਕਰੇ :

‘‘ਜਲਿ ਮਲਿ ਕਾਇਆ ਮਾਜੀਐ, ਭਾਈ; ਭੀ ਮੈਲਾ ਤਨੁ ਹੋਇ ॥

ਗਿਆਨਿ ਮਹਾ ਰਸਿ ਨਾਈਐ, ਭਾਈ; ਮਨੁ ਤਨੁ ਨਿਰਮਲੁ ਹੋਇ॥’’ (ਅੰ: ੬੩੭)

ਗੁਰਦੇਵ ਜੀ ਨੇ ਇੱਕ ਹੋਰ ਵੀ ਬੜੀ ਵਿਗਿਆਨਿਕ ਤੇ ਵਜ਼ਨਦਾਰ ਉਦਾਹਰਣ ਦਿੱਤੀ। ਹਜ਼ੂਰ ਨੇ ਪੰਡਿਆਂ ਨੂੰ ਕਿਹਾ ਕਿ ਤੁਸੀਂ ਇਸਤਰੀ ਦੀ ਕੁਦਰਤੀ ਜਨਨਿ ਪ੍ਰਕਿਰਿਆ ਮਹਾਂਵਾਰੀ ਨੂੰ ਅਪਵਿੱਤਰ ਮੰਨਦੇ ਹੋ। ਪਰ, ਦੇਖੋ ! ਉਹ ਅਪਵਿੱਤਰਤਾ ਬਾਹਰੋਂ ਨਹੀਂ, ਅੰਦਰੋਂ ਹੀ ਪੈਦਾ ਹੁੰਦੀ ਹੈ। ਤਿਵੇਂ ਹੀ ਝੂਠ ਆਦਿਕ ਮਾਨਸਿਕ ਅਪਵਿੱਤਰਤਾ ਵੀ ਸਾਡੇ ਅੰਦਰੋਂ ਹੀ ਵਿਕਾਰੀ ਫੁਰਨਿਆਂ ਦੇ ਰੂਪ ਵਿੱਚ ਪੈਦਾ ਹੁੰਦੀ ਰਹਿੰਦੀ ਹੈ, ਜੋ ਉਸ ਨੂੰ ਖ਼ੁਆਰ ਕਰਦੀ ਰਹਿੰਦੀ ਹੈ।‘‘ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ ॥ ਜੂਠੇ ਜੂਠਾ ਮੁਖਿ ਵਸੈ ਨਿਤ ਨਿਤ ਹੋਇ ਖੁਆਰੁ ॥’’ (ਅੰਗ ੪੭੨) ਇਸ ਲਈ ਉਸ ਨੂੰ ਦੂਰ ਕਰਨ ਲਈ ਸਾਧਨ ਵੀ ਅੰਤਰੀਵ ਹੀ ਚਾਹੀਦਾ ਹੈ। ਬਾਹਰਲਾ ਕੋਈ ਵੀ ਤੀਰਥ ਉਸ ਮਲੀਨਤਾ ਨੂੰ ਧੋਣ ਦੀ ਸਮਰੱਥਾ ਨਹੀ ਰੱਖਦਾ। ਜਿਵੇਂ, ਕੋਈ ਖੋਟੇ ਮਨ ਨਾਲ ਤੀਰਥਾਂ ’ਤੇ ਇਸ਼ਨਾਨ ਕਰਨ ਤੁਰ ਪਏ ਤੇ ਕਾਮਾਦਿਕ ਚੋਰ ਵੀ ਉਹਦੇ ਅੰਦਰ ਟਿਕੇ ਰਹਿਣ। ਤਾਂ ਹੁੰਦਾ ਇਹ ਹੈ ਕਿ ਸਰੀਰ ਦੇ ਬਾਹਰਲੇ ਇੱਕ ਹਿੱਸਾ ਦੀ ਮੈਲ ਤਾਂ ਨਹਾਉਣ ਨਾਲ ਲਹਿ ਗਈ। ਪਰ, ਮਨ ਵਿੱਚ ਅਹੰਕਾਰ ਆਦਿਕ ਵਿਕਾਰਾਂ ਦੀ ਦੂਣੀ ਮੈਲ ਹੋਰ ਚੜ੍ਹ ਗਈ।

ਦੱਸੋ! ਕੀ ਫ਼ਾਇਦਾ ਹੋਇਆ ਤੀਰਥਾਂ ਦੇ ਐਸੇ ਇਸ਼ਨਾਨ ਦਾ? ਅਸੀਂ ਕਹਿ ਸਕਦੇ ਹਾਂ ਅਜਿਹੇ ਅਗਿਆਨੀ ਮਨੁੱਖ ਦਾ ਹਾਲ ਓਹੀ ਹੈ, ਜਿਹੜਾ ਕਿਸੇ ਤੁੰਮੀ ਦਾ ਹੁੰਦਾ ਹੈ, ਜਿਸ ਨੂੰ ਅਠਾਹਠਾਂ ਤੀਰਥਾਂ ਦਾ ਇਸ਼ਨਾਨ ਕਰਵਾਇਆ ਗਿਆ ਹੋਵੇ। ਕਿਉਂਕਿ, ਇਸ ਤਰੀਕੇ ਤੁੰਮੀ ਦੀ ਅੰਦਰਲੀ ਕੌੜੱਤਣ ਨਹੀ ਮਿਟਦੀ। ਇਸ ਲਈ ਇਹੀ ਕਹਿਣਾ ਬਣਦਾ ਹੈ ਕਿ ਭਲੇ ਬੰਦੇ ਤੀਰਥਾਂ ’ਤੇ ਨਹਾਉਣ ਤੋਂ ਬਿਨਾਂ ਹੀ ਭਲੇ ਹਨ ਅਤੇ ਚੋਰ, ਤੀਰਥਾਂ ਵਿੱਚ ਚੁੱਭੀਆਂ ਮਾਰ ਕੇ ਵੀ ਚੋਰ ਹੀ ਰਹਿੰਦੇ ਹਨ । ਭਾਵ, ਇਸ ਤਰੀਕੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਕੋਈ ਨਰੋਆ ਪ੍ਰੀਵਰਤਨ ਨਹੀ ਆਉਣਾ :

‘‘ਨਾਵਣ ਚਲੇ ਤੀਰਥੀ; ਮਨਿ ਖੋਟੈ ਤਨਿ ਚੋਰ ॥ ਇਕੁ ਭਾਉ ਲਥੀ ਨਾਤਿਆ; ਦੁਇ ਭਾ ਚੜੀਅਸੁ ਹੋਰ ॥

ਬਾਹਰਿ ਧੋਤੀ ਤੂਮੜੀ; ਅੰਦਰਿ ਵਿਸੁ ਨਿਕੋਰ ॥ ਸਾਧ ਭਲੇ ਅਣਨਾਤਿਆ; ਚੋਰ ਸਿ ਚੋਰਾ ਚੋਰ ॥’’ (ਅੰ: ੭੮੯)

ਇਸ ਲਈ ਸਤਿਗੁਰੂ ਜੀ ਗੱਲ ਆਪਣੇ ’ਤੇ ਢੁਕਾਅ ਕੇ ਫ਼ੁਰਮਾਇਆ ਹੈ ‘‘ਸੋਚੈ, ਸੋਚਿ ਨ ਹੋਵਈ ; ਜੇ, ਸੋਚੀ ਲੱਖ ਵਾਰ॥’’ ਤੀਰਥਾਂ ’ਤੇ ਤਨ ਨੂੰ ਸ਼ੌਚ ਨਾਲ, ਸ਼ੁਧ ਕਰਨ ਨਾਲ ਮਨ ਅੰਦਰਲੀ ਸੁੱਚ ਪ੍ਰਾਪਤ ਨਹੀ ਹੋ ਸਕਦੀ। ਭਾਵੇਂ ਮੈਂ ਲੱਖਾਂ ਵਾਰੀ ਸੋਚਾਂ, ਲੱਖਾਂ ਵਾਰੀ ਇਸਨਾਨ ਕਰਾਂ।

ਆਦਿ ਸਚੁ ਜੁਗਾਦਿ ਸਚੁ…

0

ਆਦਿ ਸਚੁ ਜੁਗਾਦਿ ਸਚੁ…

ਗਿਆਨੀ ਜਗਤਾਰ ਸਿੰਘ ਜਾਚਕ

ਜਗਤ-ਗੁਰ ਬਾਬਾ ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖੀ ਭਾਈਚਾਰੇ ਦੇ ਵਿਅਕਤੀਗਤ, ਸਮਾਜਿਕ, ਧਾਰਮਿਕ ਤੇ ਰਾਜਨੀਤਕ ਜੀਵਨ ਨੂੰ ਸੁਧਾਰਨ ਤੇ ਸਵਾਰਨ ਲਈ ਬੜਾ ਮਨੋਵਿਗਿਆਨਕ ਤੇ ਸਕਾਰਤਮਿਕ ਪਹੁੰਚ ਦਾ ਢੰਗ ਅਪਨਾਇਆ, ਤਾਂ ਜੋ ਧਾਰਮਿਕ ਜਗਤ ਦੀ ਪ੍ਰਚਲਿਤ ਸ਼ਬਦਾਵਲੀ ਤੇ ਪ੍ਰਾਲੌਕਿਕ ਮਨੌਤਾਂ ਦਾ ਲੋੜੀਂਦਾ ਲਾਭ ਲੈਂਦਿਆਂ, ਲੋਕਾਂ ਨੂੰ ਕੁਦਰਤ ਦੇ ਸੱਚ ਤੋਂ ਜਾਣੂ ਕਰਾ ਕੇ ਸਚਿਆਰ (ਸੱਚੇ-ਸੁੱਚੇ ਆਚਾਰ ਵਾਲਾ) ਬਣਾਇਆ ਜਾ ਸਕੇ ਅਤੇ ਐਸਾ ਪ੍ਰਚਾਰ ਕਰਦਿਆਂ ਸੰਪਰਦਾਇਕ ਟਕਰਾਓ ਦੀ ਘੱਟ ਤੋਂ ਘੱਟ ਸਥਿਤੀ ਬਣੇ । ਜਿਵੇਂ ਪੰਜਾਬੀ ਦਾ ਇੱਕ ਮੁਹਾਵਰਾ ਹੈ ‘ਸੱਪ ਵੀ ਮਰ ਜਾਏ ਤੇ ਸੋਟਾ ਵੀ ਬਚ ਜਾਏ’ । ਕਿਉਂਕਿ, ਉਨ੍ਹਾਂ ਦਾ ਮੁਖ ਮਨੋਰਥ ਇੱਕ- ਓਅੰਕਾਰੀ ਨਿਰੰਕਾਰ ਨੂੰ ਸ੍ਰਿਸ਼ਟੀ ਦਾ ਮੂਲ ਦਰਸਾਉਣਾ ਅਤੇ ਇਸ ਮੂਲਿਕ ਸਾਂਝ ’ਤੇ ਅਧਾਰਿਤ ਮਾਨਵ ਏਕਤਾ ਤੇ ਸਮਾਨਤਾ ਦਾ ਕੁਦਰਤੀ ਭੇਦ ਸਮਝਾਉਣਾ ਸੀ, ਤਾਂ ਕਿ ਸੰਪਰਦਾਇਕ ਤੇ ਭੂਗੋਲਿਕ ਭਿੰਨਤਾ ਦੇ ਬਾਵਜੂਦ ਵੀ ਸਮਾਜ ਅੰਦਰ ਭਾਈਚਾਰਕ ਏਕਤਾ ਬਣੀ ਰਹਿ ਸਕੇ ।

ਇਹੀ ਕਾਰਣ ਹੈ ਕਿ ਸਤਿਗੁਰੂ ਜੀ ਨੇ ਮਾਨਵ-ਏਕਤਾ ਲਈ ਰੱਬੀ ਏਕੇ ਦੀ ਇਕਾਈ ਭਰੇ ਸੱਚ ਨੂੰ ਅਧਾਰ ਬਣਾਉਂਦਿਆਂ, ਮਨੁੱਖੀ ਜ਼ਿੰਦਗੀ ਨੂੰ ਰੱਬੀ-ਹੁਕਮ ਵਿੱਚ ਤੋਰ ਕੇ ਸਵਾਰਨ ਤੇ ਰੱਬੀ-ਗੁਣਾਂ ਨਾਲ ਸ਼ਿੰਗਾਰਨ ਲਈ ‘ਜਪੁ’ ਅਥਵਾ ‘ਸਿਮਰਨ’ ਦੀ ਆਦਿ-ਜੁਗਾਦੀ ਜੁਗਤਿ ਨੂੰ ਅਪਨਾਇਆ । ਪਰ, ਇਸ ਨੂੰ ਸੁਧਾਰਦਿਆਂ ਜ਼ਬਾਨ ਦੇ ਜਾਪ ਤੋਂ ਚੁੱਕ ਕੇ ਗੁਰਬਾਣੀ ਨੂੰ ਸ਼ਰਧਾ ਸਹਿਤ ਵਿਚਾਰ ਪੂਰਵਕ ਪੜ੍ਹਦਿਆਂ, ਸੁਣਦਿਆਂ, ਸਹਜ ਸੇਤੀ ਗਉਂਦਿਆ, ਸਮਝਦਿਆਂ, ਸਮਝਾਉਂਦਿਆਂ; ਪ੍ਰਾਪਤ ਹੋਏ ਨਿਰਮਲ-ਭਉ, ਭਾਉ, (ਪਿਆਰ) ਅਤੇ ਸੂਝ ਮੁਤਾਬਿਕ ਹਿਰਦੇ ਵਿੱਚ ਵਸਾਂਦਿਆਂ, ਧਿਆਂਦਿਆਂ ‘ਹੁਕਮਿ ਰਜ਼ਾਈ’ ਚੱਲਣ ਦੇ ਸਿਖਰ ਤੱਕ ਪਹੁੰਚਾਇਆ; ਤਾਂ ਕਿ ਪੜ੍ਹਿਆ ਅਨਪੜ੍ਹਿਆ ਹਰੇਕ ਮਨੁੱਖ ਰੱਬ-ਰੂਪ ‘ਸਚਿਆਰ’ ਹੋਣ ਦੀ ਪਰਮ-ਪਦਵੀ ਪ੍ਰਾਪਤ ਕਰ ਸਕੇ । ਉਸ ਨੂੰ ਦ੍ਰਿੜ੍ਹ ਹੋ ਜਾਵੇ ਕਿ ਮੇਰੇ ਤੇ ਪਰਮਾਤਮਾ ਵਿੱਚ ਕੋਈ ਭੇਦ ਨਹੀਂ ਹੈ ਅਤੇ ਤ੍ਰਿਲੋਕੀ ਦੇ ਬਾਕੀ ਜੀਵ ਵੀ ਮੇਰੇ ਵਾਂਗ ਉਸੇ ਵਿੱਚ ਹੀ ਸਮਾ ਰਹੇ ਹਨ : ‘‘ਨਾਨਕ, ਸੋਹੰ (ਉਹ ਮੈਂ ਹਾਂ) ਹੰਸਾ (ਮੈਂ ਉਹ ਹਾਂ) ਜਪੁ ਜਾਪਹੁ; ਤਿ੍ਰਭਵਣ ਤਿਸੈ ਸਮਾਹਿ ॥’’ (ਅੰ: ੧੦੯੩) ਕਿਉਂਕਿ, ਮਕਸਦ ਇੱਕੋ ਸੀ ‘‘ਜੋ ਪ੍ਰਾਣੀ, ਗੋਵਿੰਦੁ ਧਿਆਵੈ ॥ ਪੜਿਆ ਅਣਪੜਿਆ, ਪਰਮ ਗਤਿ ਪਾਵੈ ॥’’ (ਅੰ: ੧੯੮)

ਆਦਿ ਮੰਗਲਾਚਰਣ ਦੇ ਰੂਪ ਵਿੱਚ ਰੱਬ ਜੀ ਦੇ ਗੁਣਾਤਮਿਕ ਦਰਸ਼ਨ ਕਰਵਾਉਂਦਾ ਅਤੇ ਅਵਤਾਰਵਾਦ ਤੇ ਬਹੁਦੇਵਵਾਦ ਦੀ ਜੜ੍ਹਾਂ ਕੱਟਦਾ ਹੋਇਆ ‘ੴਤੋਂ ਗੁਰਪ੍ਰਸਾਦਿ’ ਤੱਕ ਦਾ ਆਰੰਭਿਕ ਤੇ ਮੰਗਲਮਈ ਸ਼੍ਰੀ ਮੁਖਵਾਕ, ਉਨ੍ਹਾਂ ਦੀ ਅਧਿਆਤਮਿਕ ਬੁਲੰਦੀ, ਦੂਰਦ੍ਰਿਸ਼ਟੀ, ਰਹਸਮਈ ਤੇ ਨੀਤੀਗਤ ਪ੍ਰਚਾਰ-ਜੁਗਤਿ ਅਤੇ ਗੁਰੂ ਬਿਰਦ ਦਾ ਪ੍ਰਤੱਖ ਪ੍ਰਮਾਣ ਹੈ; ਜਿਸ ਵਿੱਚ ਕੁਝ ਵਿਸ਼ੇਸ਼ ਰੱਬੀ ਗੁਣਾਂ ਨੂੰ ਅਜਿਹੇ ਸੂਤਰਬੱਧ ਢੰਗ ਨਾਲ ਏਕੇ ਦੇ ਅਬਿਨਾਸ਼ੀ ਸੂਤਰ ਵਿੱਚ ਪਰੋਇਆ ਹੈ ਕਿ ਰੱਬੀ-ਦੀਦਾਰ ਦੇ ਅਭਿਲਾਖੀਆਂ ਦੀ ਦਿਸ਼੍ਰਟੀ ਅਥਵਾ ਧਿਆਨ ਵਿੱਚ ਕੋਈ ਐਸੀ ਵਿਅਕਤੀਗਤ ਹਸਤੀ ਖੜੀ ਨਾ ਹੋ ਸਕੇ, ਜਿਹੜੀ ਰੱਬੀ-ਏਕਤਾ ਤੇ ਵਿਆਪਕਤਾ ਨੂੰ ਭੰਗ ਕਰਕੇ ਉਨ੍ਹਾਂ ਦੇ ਮਨਾਂ ਅੰਦਰ ਸੰਪਰਦਾਇਕ-ਦ੍ਵੈਸ਼ ਪੈਦਾ ਕਰਨ ਦਾ ਕਾਰਨ ਬਣੇ ।

ਇਹੀ ਕਾਰਣ ਹੈ ਕਿ ਉਪਰੋਕਤ ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖ ਕੇ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ‘ਜਪੁ’ ਸਿਰਲੇਖ ਹੇਠ ਵਿਸ਼ੇਸ਼ ਬਾਣੀ ਰਚ ਕੇ‘ਜਪੁ’ ਪ੍ਰਤੀ ਆਪਣਾ ਦ੍ਰਿਸ਼ਟੀਕੋਨ ਪ੍ਰਗਟਾਉਣਾ ਚਾਹਿਆ ਤਾਂ ਸਭ ਤੋਂ ਪਹਿਲਾਂ ਉਪਕ੍ਰਮ (ਭੂਮਿਕਾ) ਰੂਪ ਸ਼ਲੋਕ ਰਾਹੀਂ ਇਹ ਦੱਸਿਆ ਕਿ ਮੇਰਾ ਉਹ ਇਸ਼ਟ, ਜਿਸ ਦੇ ‘ੴ ਤੋਂ ਗੁਰਪ੍ਰਸਾਦਿ’ ਤੱਕ ਦੇ ਵਾਰਤਕ ਸਰੂਪ ਮੰਗਲਾਚਰਨ ਰਾਹੀਂ ਗੁਣਾਤਮਿਕ ਦਰਸ਼ਨ ਕਰਵਾਉਣ ਦਾ ਨਿਮਾਣਾ ਯਤਨ ਕੀਤਾ ਗਿਆ ਹੈ, ਜਿਸ ਦੇ ਗੁਣਾਂ ਨੂੰ ਮੈਂ ਜਪਦਾ, ਸਿਮਰਦਾ, ਅਰਾਧਦਾ, ਧਿਆਉਂਦਾ, ਗਉਂਦਾ ਤੇ ਸੁਣਦਾ ਹਾਂ, ਜਿਸ ਨੂੰ ਮੈਂ ‘ਧੁਰ ਕੀ ਬਾਣੀ’ ਦੁਆਰਾ ਸਮੂਹ ਸਾਧਕਾਂ ਦੇ ਧਿਆਨ ਦਾ ਕੇਂਦਰ ਬਨਾਉਣਾ ਚਹੁੰਦਾ ਹਾਂ, ਤਾਂ ਜੋ ਸਾਰੇ ਲੋਕ ਰੱਬੀ ਏਕੇ ਦੀ ਇਕਾਈ ’ਤੇ ਕੇਂਦਰਿਤ ਹੁੰਦੇ ਹੋਏ ਆਪਣੇ ਅੰਦਰ ਰੱਬੀ-ਗੁਣਾਂ ਦਾ ਸੰਚਾਰ ਕਰਕੇ ‘ਸਚਿਆਰ’ ਹੋ ਸਕਣ; ਕੋਈ ਕਲਪਣਾ ਮਾਤ੍ਰ ਨਹੀਂ, ਸਗੋਂ ਇੱਕ ਸਦੀਵੀ ਸੱਚ ਹੈ ਜੋ ਸਦਾ ਥਿਰ ਕਾਇਮ ਰਹਿਣ ਵਾਲੀ ਸਰਬਕਲਾ ਸਮਰਥ ਤੇ ਚੇਤੰਨ ਹੋਂਦ ਰੱਖਦਾ ਹੈ। ਕਿਉਂਕਿ, ਗੁਰੂ ਹੋਣ ਨਾਤੇ ਉਹ ਚੰਗੀ ਤਰ੍ਹਾਂ ਸਮਝਦੇ ਸਨ ਕਿ ਸਾਧਕ ਦਾ ਮਨ ਪ੍ਰਭੂ ਸਿਮਰਨ ਵਿੱਚ ਤਦੋਂ ਹੀ ਪਤੀਜਦਾ ਹੈ ਅਤੇ ਰੱਬੀ-ਗੁਣ ਹਿਰਦੇ ਵਿੱਚ ਤਦੋਂ ਹੀ ਵੱਸਦੇ ਹਨ, ਜਦੋਂ ਉਸ ਨੂੰ ਰੱਬੀ ਹੋਂਦ ਦਾ ਵਿਸ਼ਵਾਸ਼ ਦ੍ਰਿੜ੍ਹ ਹੋ ਜਾਏ । ਪਾਵਨ ਸਲੋਕ ਹੈ : ‘‘ਆਦਿ ਸਚੁ, ਜੁਗਾਦਿ ਸਚੁ ॥ ਹੈ ਭੀ ਸਚੁ ; ਨਾਨਕ, ਹੋਸੀ ਭੀ ਸਚੁ ॥੧॥’’

ਪਦ ਅਰਥ :- ਆਦਿ = ਪਹਿਲਾ, ਮੁੱਢਲਾ, ਮੁੱਢ ਤੋਂ । ਇਹ ਸੰਸਕ੍ਰਿਤ ਦਾ ਪੁਲਿੰਗ ਵਾਚਕ ਵਿਸੇਸ਼ਣ ਹੈ ਅਤੇ ਗੁਰਬਾਣੀ ਵਿੱਚ ਸਾਰਿਆਂ ਦੇ ਮੁੱਢ ਓਅੰਕਾਰ-ਕਰਤਾਰ ਲਈ ਵੀ ਵਰਤਿਆ ਮਿਲਦਾ ਹੈ । ਜਿਵੇਂ –

‘‘ਓਅੰਕਾਰ ਆਦਿ ਮੈ ਜਾਨਾ ॥’’ (ਅੰ: ੩੪੦)

ਅਸਲ ਵਿੱਚ ਇਹੀ ਕਾਰਣ ਹੈ ਕਿ ਜਦੋਂ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਿਆ ਕਿ ‘ਆਦਿ’ ਬਾਰੇ ਤੁਹਾਡਾ ਕੀ ਵੀਚਾਰ ਹੈ ਤਾਂ ਹਜ਼ੂਰ ਦਾ ਉੱਤਰ ਸੀ : ‘ਆਦਿ’ ਦਾ ਵੀਚਾਰ ‘ਵਿਸਮਾਦ’ ਹੈ; ਭਾਵ, ਅਸਚਰਜ-ਜਨਕ ਹੈ । ਇਹ ਪ੍ਰਸ਼ੋਨਤਰੀ ਸਿੱਧ ਗੋਸ਼ਟਿ ਵਿੱਚ ਇੰਞ ਹੈ :

ਪ੍ਰਸ਼ਨ : ‘‘ਆਦਿ ਕਉ, ਕਵਨੁ ਬੀਚਾਰੁ ਕਥੀਅਲੇ? ਸੁੰਨ ਕਹਾ ਘਰ ਵਾਸੋ ?॥’’

ਉੱਤਰ : ‘‘ਆਦਿ ਕਉ, ਬਿਸਮਾਦੁ ਬੀਚਾਰੁ ਕਥੀਅਲੇ; ਸੁੰਨ ਨਿਰੰਤਰਿ ਵਾਸੁ ਲੀਆ॥’’ (ਅੰ: ੯੪੦)

ਇਸੇ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਕਿ ਕੋਈ ਸ਼ਬਦ ਪ੍ਰਮਾਣ ਵੀ ਸਾਖੀ (ਗਵਾਹੀ) ਨਹੀਂ ਭਰ ਸਕਦਾ ਕਿ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੀ ਹੋਂਦ ਦਾ ਆਰੰਭ ਕਦੋਂ ਹੋਇਆ । ਇਹ ਪੱਖ ਵਿਸਮਾਦ ਭਰਿਆ ਹੈ :

‘‘ਆਦਿ ਪੁਰਖੁ ਪਰਮਾਦਿ, ਅਚਰਜੁ ਆਖੀਐ।

ਆਦਿ ਅਨੀਲੁ ਅਨਾਦਿ, ਸਬਦੁ ਨ ਸਾਖੀਐ।’’ ਭਾਈ ਗੁਰਦਾਸ ਜੀ (ਵਾਰ ੨੧ ਪਉੜੀ ੨੦)

ਸਚੁ = ਹੋਂਦ ਵਾਲਾ। ਉੇਚਾਰਣ ਹੈ ‘ਸੱਚ’ । ਇਹ ਲਫ਼ਜ਼ ਸੰਸਕ੍ਰਿਤ ਦੇ ‘ਸਤਪ’ ਦਾ ਪ੍ਰਾਕਿ੍ਰਤ ਰੂਪ ਹੈ, ਲੋਕ ਭਾਸ਼ਾ ਹੈ । ਇਸ ਦਾ ਧਾਤੂ ਹੈ ‘ਅਸ’ ਤੇ ਅਰਥ ਹੈ ‘ਹੋਣਾ’ । ਜੁਗਾਦਿ = (ਜੁਗ+ਆਦਿ) ਜੁਗਾਂ ਦੇ ਮੁੱਢ ਤੋਂ, ‘‘ਜੁਗ ਆਦਿਕ : ਅਨਿਕ ਜੁਗਾਦਿ ਦਿਨਸ ਅਰੁ ਰਾਤਿ ॥’’ (ਅੰ: ੧੨੩੬) । ਹੈ = ਭਾਵ, ਇਸ ਵੇਲੇ ਭੀ ਹੈ । ਨਾਨਕ (‘ਜਪੁ’ ਬਾਣੀ ਦੇ ਕਰਤਾ ਦਾ ਨਾਮ; ਸੰਬੋਧਨ ਕਾਰਕ) = ਹੇ ਨਾਨਕ ! । ਹੋਸੀ = ਹੋਵੇਗਾ, ਰਹੇਗਾ । ੧।

ਤੁਕ ਅਰਥ :- ਹੇ ਨਾਨਕ ! (ਆਖ, ਜਿਸ ਨੂੰ ਮੈਂ ਜਪਦਾ ਤੇ ਜਪਾਉਂਦਾ ਹਾਂ, ਉਹ ) ਮੁੱਢ ਤੋਂ ਹੋਂਦ ਵਾਲਾ ਹੈ; ਜੁਗਾਂ ਦੇ ਮੁੱਢ ਤੋਂ ਮੌਜੂਦ ਹੈ । ਇਸ ਵੇਲੇ ਵੀ ਮੌਜੂਦ ਹੈ ਤੇ ਅਗਾਂਹ ਨੂੰ ਵੀ ਹੋਂਦ ਵਾਲਾ ਰਹੇਗਾ ।

ਸਲੋਕ ਦਾ ਗਹਿਰਾ ਭਾਵਾਰਥ ਇਹ ਹੈ ਕਿ ‘ੴ ਤੋਂ ਗੁਰਪ੍ਰਸਾਦਿ’ ਤੱਕ ਦੇ ਮੰਗਲਾਚਰਨ ਰਾਹੀਂ ਜਿਸ ਨਿਰੰਕਾਰੀ ਪ੍ਰਭੂ ਦਾ ਦੀਦਾਰ ਕਰਵਾਇਆ ਗਿਆ ਹੈ, ਜਿਸ ਨੂੰ ਸਾਧਕਾਂ ਨੇ ਗੁਰ ਸ਼ਬਦ ਦੀ ਰੌਸ਼ਨੀ ਰਾਹੀਂ ਹਿਰਦੇ ਵਿੱਚ ਧਿਆਉਣਾ ਤੇ ਵਸਾਉਣਾ ਹੈ; ਉਹ ਆਪਣੇ ਆਪ ਵਿੱਚ ਤਦੋਂ ਵੀ ਹੁਣ ਵਾਂਗ ਮੌਜੂਦ ਸੀ, ਜਦੋਂ ਅਜੇ ਸ੍ਰਿਸ਼ਟੀ ਰਚਨਾ ਦਾ ਕੋਈ ਵਜੂਦ ਹੀ ਨਹੀਂ ਸੀ ਅਤੇ ਤਦੋਂ ਵੀ, ਜਦੋਂ ਸ੍ਰਿਸ਼ਟੀ ਰਚਨਾ ਦਾ ਮੁੱਢ ਬੱਝਣ ਉਪਰੰਤ ਮਨੁਖ ਨੇ ਸਤਿਜੁਗ, ਤ੍ਰੇਤਾ, ਦੁਆਪਰ ਤੇ ਕਲਿਯੁਗ ਆਦਿਕ ਜੁਗਾਂ ਦੇ ਰੂਪ ਵਿੱਚ ਸਮੇਂ ਦੀ ਵੰਡ ਕੀਤੀ । ਕਿਉਂਕਿ, ਕੁਝ ਲੋਕ ਐਸੇ ਖ਼ਿਆਲ ਵੀ ਬਣਾਈ ਬੈਠੇ ਸਨ ਕਿ ਰੱਬੀ-ਹੋਂਦ ਦਾ ਆਧਾਰ ਸ੍ਰਿਸ਼ਟੀ ਰਚਨਾ ਕਰਕੇ ਹੈ । ਇਸ ਲਈ ਗੁਰਦੇਵ ਜੀ ਨੇ ਆਰੰਭਕ ਸਲੋਕ ਰਾਹੀਂ ਇਹ ਪੱਖ ਵੀ ਸਪਸ਼ਟ ਕਰਨਾ ਚਾਹਿਆ ਹੈ ਕਿ ਰੱਬੀ ਹੋਂਦਸ੍ਰਿਸਟੀ ਰਚਨਾ ’ਤੇ ਅਧਾਰਿਤ ਨਹੀਂ, ਸਗੋਂ ਉਸ ਵੇਲੇ ਤੋਂ ਹੈ ਜਦੋਂ ਅਜੇ ਨਾ ਧਰਤੀ ਸੀ ਤੇ ਨਾ ਆਕਾਸ਼, ਨਾ ਸੂਰਜ ਤੇ ਚੰਦਰਮਾ, ਨਾ ਹੀ ਜੀਅ ਜੰਤਾਂ ਦੇ ਰੂਪ ਵਿੱਚ ਕਿਸੇ ਬ੍ਰਹਮਾ, ਵਿਸ਼ਨੂ, ਮਹੇਸ਼, ਰਾਮ, ਕ੍ਰਿਸ਼ਨ ਤੇ ਗੋਰਖ ਆਦਿ ਦਾ ਜ਼ਿਕਰ ਅਤੇ ਨਾ ਹੀ ਕੋਈ ਵੇਦ ਆਦਿਕ ਧਰਮ ਗ੍ਰੰਥ ਤੇ ਕਾਜੀ ਮੁਲਾਂ ਸੀ । ਸਤਿਗੁਰੂ ਜੀ ਨੇ ਹੇਠ ਦਿੱਤੇ ਜਾ ਰਹੇ ਗੁਰ ਸ਼ਬਦ ਵਿੱਚ ਇਹ ਪੱਖ ਬੜੇ ਵਿਸਥਾਰ ਸਹਿਤ ਵਰਨਣ ਕੀਤਾ ਹੈ :

‘‘ਅਰਬਦ ਨਰਬਦ ਧੁੰਧੂਕਾਰਾ ॥ ਧਰਣਿ ਨ ਗਗਨਾ, ਹੁਕਮੁ ਅਪਾਰਾ ॥ ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ; ਸੁੰਨ ਸਮਾਧਿ ਲਗਾਇਦਾ ॥੧॥…

ਬ੍ਰਹਮਾ ਬਿਸਨੁ ਮਹੇਸੁ ਨ ਕੋਈ ॥ ਅਵਰੁ ਨ ਦੀਸੈ, ਏਕੋ ਸੋਈ ॥ ਨਾਰਿ ਪੁਰਖੁ ਨਹੀ, ਜਾਤਿ ਨ ਜਨਮਾ; ਨਾ ਕੋ ਦੁਖੁ ਸੁਖੁ ਪਾਇਦਾ ॥੪॥…

ਨਾ ਸੁਚਿ ਸੰਜਮੁ ਤੁਲਸੀ ਮਾਲਾ ॥ ਗੋਪੀ ਕਾਨੁ ਨ ਗਊ ਗੁੋਆਲਾ ॥ ਤੰਤੁ ਮੰਤੁ ਪਾਖੰਡੁ ਨ ਕੋਈ; ਨਾ ਕੋ ਵੰਸੁ ਵਜਾਇਦਾ ॥੭॥…

ਨਿੰਦੁ ਬਿੰਦੁ ਨਹੀ ਜੀਉ ਨ ਜਿੰਦੋ ॥ ਨਾ ਤਦਿ ਗੋਰਖੁ ਨਾ ਮਾਛਿੰਦੋ ॥ ਨਾ ਤਦਿ ਗਿਆਨੁ ਧਿਆਨੁ ਕੁਲ ਓਪਤਿ; ਨਾ ਕੋ ਗਣਤ ਗਣਾਇਦਾ ॥੯॥…

ਬੇਦ ਕਤੇਬ ਨ ਸਿੰਮ੍ਰਿਤਿ ਸਾਸਤ ॥ ਪਾਠ ਪੁਰਾਣ ਉਦੈ ਨਹੀ ਆਸਤ ॥ ਕਹਤਾ ਬਕਤਾ ਆਪਿ ਅਗੋਚਰੁ; ਆਪੇ ਅਲਖੁ ਲਖਾਇਦਾ ॥੧੩॥’’ (ਅੰਕ ੧੦੩੬)

ਅਰਥ:- ‘(ਜਗਤ ਦੀ ਰਚਨਾ ਤੋਂ ਪਹਿਲਾਂ ਬੇਅੰਤ ਸਮਾ ਜਿਸ ਦੀ ਗਿਣਤੀ ਦੇ ਵਾਸਤੇ) ਅਰਬਦ ਨਰਬਦ (ਲਫ਼ਜ਼ ਵੀ ਨਹੀਂ ਵਰਤੇ ਜਾ ਸਕਦੇ, ਐਸੀ) ਘੁੱਪ ਹਨੇਰੇ ਦੀ ਹਾਲਤ ਸੀ (ਭਾਵ, ਅਜੇਹੀ ਹਾਲਤ ਸੀ ਜਿਸ ਦੀ ਬਾਬਤ ਕੁਝ ਭੀ ਦੱਸਿਆ ਨਹੀਂ ਜਾ ਸਕਦਾ । ਤਦੋਂ ਨਾਹ ਧਰਤੀ ਸੀ ਨਾਹ ਆਕਾਸ਼ ਸੀ ਅਤੇ ਨਾਹ ਹੀ ਕਿਤੇ ਬੇਅੰਤ ਪ੍ਰਭੂ ਦਾ ਹੁਕਮ ਚੱਲ ਰਿਹਾ ਸੀ । ਤਦੋਂ ਨਾਹ ਦਿਨ ਸੀ ਨਾਹ ਰਾਤ ਸੀ, ਨਾਹ ਚੰਦ ਸੀ ਨਾਹ ਸੂਰਜ ਸੀ । ਤਦੋਂ ਪਰਮਾਤਮਾ ਆਪਣੇ ਆਪ ਵਿਚ ਹੀ (ਮਾਨੋ ਐਸੀ) ਸਮਾਧੀ ਲਾਈ ਬੈਠਾ ਸੀ ਜਿਸ ਵਿਚ ਕੋਈ ਕਿਸੇ ਕਿਸਮ ਦਾ ਫੁਰਨਾ ਨਹੀਂ ਸੀ ।੧।

ਤਦੋਂ ਨਾਹ ਕੋਈ ਬ੍ਰਹਮਾ ਸੀ ਨਾਹ ਵਿਸ਼ਨੂੰ ਸੀ ਤੇ ਨਾਹ ਹੀ ਸ਼ਿਵ ਸੀ । ਤਦੋਂ ਇਕ ਪਰਮਾਤਮਾ ਹੀ ਪਰਮਾਤਮਾ ਸੀ, ਹੋਰ ਕੋਈ ਵਿਅਕਤੀ ਨਹੀਂ ਸੀ ਦਿੱਸਦਾ । ਤਦੋਂ ਨਾਹ ਕੋਈ ਇਸਤ੍ਰੀ ਸੀ ਨਾਹ ਕੋਈ ਮਰਦ ਸੀ ਤਦੋਂ ਨਾਹ ਕੋਈ ਜਾਤਿ ਸੀ ਨਾਹ ਕਿਸੇ ਜਾਤਿ ਵਿਚ ਕੋਈ ਜਨਮ ਹੀ ਲੈਂਦਾ ਸੀ । ਨਾਹ ਕੋਈ ਦੁੱਖ ਭੋਗਣ ਵਾਲਾ ਜੀਵ ਹੀ ਸੀ ।੪।

ਤਦੋਂ ਨਾਹ ਕਿਤੇ ਸੁੱਚ ਰੱਖੀ ਜਾ ਰਹੀ ਸੀ, ਨਾਹ ਕਿਤੇ ਕੋਈ ਸੰਜਮ ਕੀਤਾ ਜਾ ਰਿਹਾ ਸੀ, ਨਾਹ ਹੀ ਕਿਤੇ ਤੁਲਸੀ ਦੀ ਮਾਲਾ ਸੀ । ਤਦੋਂ ਨਾਹ ਕਿਤੇ ਕੋਈ ਗੋਪੀ ਸੀ, ਨਾਹ ਕੋਈ ਕਾਨ੍ਹ (ਕ੍ਰਿਸ਼ਨ) ਸੀ, ਨਾਹ ਕੋਈ ਗਊ ਸੀ ਨਾਹ ਗਊਆਂ ਦਾ ਰਾਖਾ ਸੀ । ਤਦੋਂ ਨਾਹ ਕੋਈ ਤੰਤ੍ਰ ਮੰਤ੍ਰ ਆਦਿਕ ਪਖੰਡ ਸੀ ਤੇ ਨਾਹ ਕੋਈ ਬੰਸਰੀ ਵਜਾ ਰਿਹਾ ਸੀ ।੭।

ਤਦੋਂ ਨਾਹ ਕਿਤੇ ਨਿੰਦਿਆ ਸੀ ਨਾਹ ਖ਼ੁਸ਼ਾਮਦ ਸੀ, ਨਾਹ ਕੋਈ ਜੀਵਾਤਮਾ ਸੀ ਨਾਹ ਕੋਈ ਜਿੰਦ ਸੀ । ਤਦੋਂ ਨਾਹ ਗੋਰਖ ਸੀ ਨਾਹ ਮਾਛਿੰਦ੍ਰ ਨਾਥ ਸੀ । ਤਦੋਂ ਨਾਹ ਕਿਤੇ (ਧਾਰਮਿਕ ਪੁਸਤਕਾਂ ਦੀ) ਗਿਆਨ-ਚਰਚਾ ਸੀ, ਨਾਹ ਕਿਤੇ ਸਮਾਧੀ-ਇਸਥਿਤ ਧਿਆਨ ਸੀ, ਤਦੋਂ ਨਾਹ ਕਿਤੇ ਕੁਲਾਂ ਦੀ ਉਤਪੱਤੀ ਸੀ ਤੇ ਨਾਹ ਹੀ ਕੋਈ (ਚੰਗੀ ਕੁਲ ਵਿਚ ਜੰਮਣ ਦਾ) ਮਾਣ ਕਰਦਾ ਸੀ ।੯।

ਤਦੋਂ ਨਾਹ ਕਿਤੇ ਸ਼ਾਸਤ੍ਰ ਸਿੰਮ੍ਰਿਤੀਆਂ ਤੇ ਵੇਦ ਸਨ, ਨਾਹ ਕਿਤੇ ਕੁਰਾਨ ਅੰਜੀਲ ਆਦਿਕ ਸ਼ਾਮੀ ਕਿਤਾਬਾਂ ਸਨ । ਤਦੋਂ ਕਿਤੇ ਪੁਰਾਣਾਂ ਦੇ ਪਾਠ ਭੀ ਨਹੀਂ ਸਨ । ਤਦੋਂ ਨਾਹ ਕਿਤੇ ਸੂਰਜ ਦਾ ਚੜ੍ਹਨਾ ਸੀ ਨਾਹ ਡੁੱਬਣਾ ਸੀ । ਤਦੋਂ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲਾ ਪਰਮਾਤਮਾ ਆਪ ਹੀ ਬੋਲਣ ਚਾਲਣ ਵਾਲਾ ਸੀ, ਆਪ ਹੀ ਅਦ੍ਰਿਸ਼ਟ ਸੀ ਤੇ ਆਪ ਹੀ ਆਪਣੇ ਆਪ ਨੂੰ ਪਰਗਟ ਕਰਨ ਵਾਲਾ ਸੀ ।੧੩।’

ਗੁਰੂ ਨਾਨਕ ਸਾਹਿਬ ਜੀ ਨੇ ਆਪ ਹੀ ਆਪਣੇ ਚੌਥੇ ਸਰੂਪ ਵਿੱਚ, ‘ਜਪੁ’ ਦੇ ਇਸ ਰਹੱਸਮਈ ਆਰੰਭਕ ਸਲੋਕ ਦਾ ਭਾਵਾਰਥ ਟੀਕਾ ਕਰਦਿਆਂ, ਜਿੱਥੇ ਇਹ ਸਪਸ਼ਟ ਕਰ ਦਿੱਤਾ ਹੈ ਕਿ ‘ਆਦਿ ਸਚੁ, ਜੁਗਾਦਿ ਸਚੁ…’ ਸਲੋਕ ਲਿਖਣ ਪਿੱਛੇ ਉਨ੍ਹਾਂ ਦਾ ਮਨੋਰਥ ਕੀ ਸੀ। ਉੱਥੇ, ਇਹ ਵੀ ਨਿਰਣੈ ਦੇ ਦਿੱਤਾ ਹੈ ਕਿ ਰੱਬੀ-ਗੁਣ ਮਨੁੱਖੀ ਹਿਰਦੇ ਵਿੱਚ ਤਦੋਂ ਹੀ ਵਸਦੇ ਹਨ, ਜਦੋਂ ਉਸ ਨੂੰ ਰੱਬੀ ਹੋਂਦ ਦਾ ਦਿ੍ਰੜ੍ਹ ਵਿਸ਼ਵਾਸ਼ ਹੋਣ ’ਤੇ ਉਹਦੀ ਸੁਰਤ ਪ੍ਰਭੂ-ਭਗਤੀ ਵਿੱਚ ਲੀਨ ਹੁੰਦੀ ਹੈ। ਅਜਿਹੇ ਭਾਵ ਰੱਖਦੇ ਗੁਰ ਵਾਕ ਤਰਤੀਬਵਾਰ ਇਸ ਪ੍ਰਕਾਰ ਹਨ :

‘‘ਜੋ ਗਾਵਹਿ ਸੁਣਹਿ ਤੇਰਾ ਜਸੁ ਸੁਆਮੀ; ਤਿਨ ਕਾਟੇ ਪਾਪ ਕਟੋਨਾ ॥ ਤੁਮ ਜੈਸੇ ਹਰਿ ਪੁਰਖ ਜਾਨੇ, ਮਤਿ ਗੁਰਮਤਿ; ਮੁਖਿ ਵਡ ਵਡ ਭਾਗ ਵਡੋਨਾ ॥

‘ਸਭਿ ਧਿਆਵਹੁ ਆਦਿ ਸਤੇ, ਜੁਗਾਦਿ ਸਤੇ, ਪਰਤਖਿ ਸਤੇ, ਸਦਾ ਸਦਾ ਸਤੇ’; ਜਨੁ ਨਾਨਕੁ ਦਾਸੁ ਦਸੋਨਾ ॥’’ (ਅੰ: ੧੩੧੫)

ਅਰਥ :– ਹੇ ਸੁਆਮੀ! ਜਿਹੜੇ ਮਨੁੱਖ ਤੇਰੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਹਿੰਦੇ ਹਨ ਸੁਣਦੇ ਰਹਿੰਦੇ ਹਨ, ਉਹ (ਆਪਣੇ) ਕ੍ਰੋੜਾਂ ਪਾਪ ਨਾਸ ਕਰ ਲੈਂਦੇ ਹਨ । ਹੇ ਸਰਬ-ਵਿਆਪਕ ਹਰੀ ! ਉਹ ਮਨੁੱਖ ਵੱਡੇ ਭਾਗਾਂ ਵਾਲੇ ਗਿਣੇ ਜਾਂਦੇ ਹਨ (ਸਭ ਮਨੁੱਖਾਂ ਵਿਚ) ਮੁਖੀ ਮੰਨੇ ਜਾਂਦੇ ਹਨ, ਸਤਿਗੁਰੂ ਦੀ ਮਤਿ ਉੱਤੇ ਤੁਰ ਕੇ ਉਹ ਮਨੁੱਖ ਤੇਰੇ ਵਰਗੇ ਹੀ ਜਾਣੇ ਜਾਂਦੇ ਹਨ।

ਹੇ ਭਾਈ ! ਜੋ ਪਰਮਾਤਮਾ ਆਦਿ ਤੋਂ ਜੁਗਾਂ ਦੇ ਆਦਿ ਤੋਂ ਹੋਂਦ ਵਾਲਾ ਹੈ; ਜੋ (ਹੁਣ ਭੀ) ਪਰਤੱਖ ਕਾਇਮ ਹੈ ਤੇ ਸਦਾ ਹੀ ਕਾਇਮ ਰਹਿਣ ਵਾਲਾ ਹੈ, ਤੁਸੀ ਸਾਰੇ ਉਸ ਦਾ ‘ਸਿਮਰਨ’ ਕਰਦੇ ਰਹੋ । ਦਾਸ ਨਾਨਕ ਉਸ (ਹਰੀ ਦੇ) ਦਾਸਾਂ ਦਾ ਦਾਸ ਹੈ ।੫।

‘‘ਹਿਰਦੈ ਪ੍ਰਤੀਤਿ ਬਨੀ ਪ੍ਰਭ ਕੇਰੀ; ਸੇਵਾ ਸੁਰਤਿ ਬੀਚਾਰੀ ॥ ਅਨਦਿਨੁ ਰਾਮ ਨਾਮੁ ਜਪਿ ਹਿਰਦੈ; ਸਰਬ ਕਲਾ ਗੁਣਕਾਰੀ ॥’’ (ਅੰ: ੧੧੯੮)

ਅਰਥ:– ਹੇ ਭਾਈ! (ਜਿਸ ਮਨੁੱਖ ਦੇ) ਹਿਰਦੇ ਵਿਚ ਪਰਮਾਤਮਾ ਵਾਸਤੇ ਸ਼ਰਧਾ ਬਣ ਜਾਂਦੀ ਹੈ, ਉਸ ਦੀ ਸੁਰਤਿ ਸੇਵਾ-ਭਗਤੀ ਵਿਚ ਜੁੜੀ ਰਹਿੰਦੀ ਹੈ । ਇਸ ਪ੍ਰਕਾਰ ਸਾਰੀਆਂ ਤਾਕਤਾਂ ਅਤੇ ਗੁਣਾਂ ਦੇ ਮਾਲਕ ਰਮਤ-ਰਾਮ ਦਾ ਨਾਮ ਹਰ ਵੇਲੇ ਜਪ ਕੇ ਹਿਰਦੇ ਵਿੱਚ ਉਸ ਦੇ ਗੁਣ ਆ ਵੱਸਦੇ ਹਨ ।

‘‘ਜੇਤਾ ਕੀਤਾ, ਤੇਤਾ ਨਾਉ॥’’ (ਜਪੁ) ਅਤੇ ‘‘ਬਲਿਹਾਰੀ ਜਾਉ, ਜੇਤੇ ਤੇਰੇ ਨਾਵ ਹੈ॥’’ (ਅੰ: ੧੧੬੮) ਵਰਗੇ ਵਿਸਮਾਦੀ ਗੀਤ ਗਾਉਣ ਵਾਲੇ ਸਮਦ੍ਰਿਸ਼ਟ ਸਤਿਗੁਰੂ ਚਾਹੁੰਦੇ ਸਨ ਕਿ ਰੱਬ ਜੀ ਦੇ ਪ੍ਰਚੱਲਿਤ ਕਿਰਤਮ ਨਾਵਾਂ ( ਰਾਮ, ਹਰੀ, ਗੋਬਿੰਦ ਅੱਲ੍ਹਾ ਤੇ ਖ਼ੁਦਾ ਆਦਿ) ਵਿੱਚੋਂ ਕੋਈ ਵੀ ਨਾਮ ਲੈ ਕੇ ਉਸ ਨੂੰ ਯਾਦ ਕੀਤਾ ਜਾਵੇ, ਸਿਫ਼ਤ-ਸਾਲਾਹ ਕੀਤੀ ਜਾਵੇ; ਮੁਬਾਰਿਕ ! ਕੋਈ ਹਰਜ਼ ਨਹੀਂ। ਪਰ, ਸਾਡੇ ਧਿਆਨ ਵਿੱਚ ਉਹਦੀ ਇੱਕੋ ‘ਅਕਾਲ-ਮੂਰਤਿ’ ਹਸਤੀ ਹੋਵੇ, ਜਿਹੜੀ ‘ਆਦਿ ਸਚੁ’, ‘ਜੁਗਾਦਿ ਸਚੁ’, ‘ਹੈ ਭੀ ਸਚੁ’ ਅਤੇ ‘ਹੋਸੀ ਭੀ ਸਚੁ’ ਹੈ । ਅਸਲ ਵਿੱਚ ਇਹੀ ਕਾਰਣ ਹੈ ਕਿ ਉਨ੍ਹਾਂ ਨੇ ‘ਜਪੁ’ ਦੇ ਆਦਿ-ਮੰਗਲਾਚਰਨ ਅਤੇ ਆਰੰਭਕ ਸਲੋਕ ਵਿੱਚ ਕੋਈ ਇੱਕ ਪ੍ਰਚੱਲਿਤ ਰੱਬੀ ਨਾਮ ਨਹੀਂ ਵਰਤਿਆ। ਸਤਿਗੁਰਾਂ ਦਾ ਨਿਰਣੈ-ਜਨਕ ਬਚਨ ਵੀ ਹੈ ਕਿ ਸਾਧੂ ਸੰਤਾਂ ਦੇ ਧਿਆਨ ਲਗਾਉਣ ਲਈ ਸਭ ਤੋਂ ਚੰਗੀ ਥਾਂ (ਨੀਕੀ ਠਾਹਰ) ‘ਅਕਾਲਿ ਮੂਰਤਿ’ ਹੈ :

‘‘ਅਕਾਲ ਮੂਰਤਿ ਹੈ; ਸਾਧ ਸੰਤਨ ਕੀ ਠਾਹਰ ਨੀਕੀ, ਧਿਆਨ ਕਉ ॥’’ (ਅੰ: ੧੨੦੮)

ਭਗਤ ਕਬੀਰ ਜੀ ਤਾਂ ਸਪਸ਼ਟ ਆਖਦੇ ਹਨ ਕਿ ‘ਰਾਮ ਰਾਮ ਜਪੋ, ਸਦਾ ਜਪੋ’, ਪਰ ਜਪਣ ਵੇਲੇ ਬਿਬੇਕ ਤੋਂ ਕੰਮ ਲਵੋ। ਇਹ ਗੱਲ ਚੇਤੇ ਰੱਖੋ ਕਿ ਇਕ ਰਾਮ ਤਾਂ ਅਨੇਕਾਂ ਜੀਵਾਂ ਵਿਚ ਵਿਆਪਕ ਹੈ (ਜਿਸ ਦਾ ਨਾਮ ਜਪਣਾ ਹਰੇਕ ਮਨੁੱਖ ਦਾ ਧਰਮ ਹੈ), ਪਰ ਇਕ ਰਾਮ (ਦਰਸਥ ਦਾ ਪੁੱਤਰ) ਸਿਰਫ਼ ਇਕ ਸਰੀਰ ਵਿਚ ਹੀ ਆਇਆ (ਅਵਤਾਰ ਬਣਿਆ; ਉਸ ਦਾ ਜਾਪ ਕੋਈ ਗੁਣ ਨਹੀਂ ਕਰ ਸਕਦਾ); ਕਿਉਂਕਿ, ਉਹ ‘ਕਾਲ-ਮੂਰਤਿ’ ਹੈ ‘ਅਕਾਲ ਮੂਰਤਿ’ ਨਹੀਂ ।

‘‘ਕਬੀਰ! ਰਾਮੈ ਰਾਮ ਕਹੁ, ਕਹਿਬੇ ਮਾਹਿ ਬਿਬੇਕ ॥ ਏਕੁ ਅਨੇਕਹਿ ਮਿਲਿ ਗਇਆ, ਏਕ ਸਮਾਨਾ ਏਕ ॥’’ (ਅੰ: ੧੩੭੪)

ਗੁਰੂ ਨਾਨਕ ਦ੍ਰਿਸ਼ਟੀ ਵਿੱਚ ਇਹੀ ਹੈ ‘ਜਪ’, ਇਹੀ ਹੈ ‘ਸਿਮਰਨ’ ਅਤੇ ਇਹੀ ਹੈ ‘ਗੁਰ ਸ਼ਬਦੀ ਘਾਲ ਤੇ ਨਾਮੁ-ਅਭਿਆਸ’; ਕਿਸੇ ਵੇਲੇ ਭੁੱਲੀਏ ਨਾ ਕਿ ਅਸੀਂ ਆਪਣੇ ਆਪ ਵਿੱਚ ਕੁਝ ਵੀ ਨਹੀਂ। ‘ਸਦਾ ਚੇਤੇ ਰਖੀਏ ਕਿ ਸਾਡੀ ਹੋਂਦ ਦਾ ਆਧਾਰ ਇੱਕ ਓਅੰਕਾਰ ਸਿ੍ਰਸ਼ਟੀ ਦੇ ਮੂਲ ਅਕਾਲ ਪੁਰਖ ਤੋਂ ਬਗੈਰ ਦੂਜਾ ਹੋਰ ਕੋਈ ਨਹੀਂ। ਇੱਕ ਓਹੀ ਹੈ, ਜੋ ਸਿ੍ਰਸ਼ਟੀ ਕਰਤਾ, ਸਰਬ ਵਿਆਪਕ ਤੇ ਸਦਾ ਥਿਰ ਕਾਇਮ ਰਹਿਣ ਵਾਲੀ ਹਸਤੀ ਵਾਲਾ ਹੈ। ਉਸ ਵਰਗਾ ਨਾ ਕੋਈ ਹੋਇਆ ਹੈ ਅਤੇ ਨਾ ਕੋਈ ਹੋਏਗਾ। ਸਾਡੇ ਹਿਰਦੇ ਅੰਦਰ ਇੱਹ ਅਨਹਦ ਧੁਨਿ ਚਲਦੀ ਰਹੇ ‘‘ਹੈ ਤੂ ਹੈ ਤੂ ਹੋਵਨਹਾਰ॥’’ (ਅੰ: ੭੨੪) ਗੁਰੂ ਨਾਨਕ ਸਾਹਿਬ ਅਤੇ ਉਨ੍ਹਾਂ ਦੇ ਪੰਜਵੇਂ ਸਰੂਪ ਗੁਰੂ ਅਰਜਨ ਸਾਹਿਬ ਜੀ ਨੇ ਪਾਂਧੇ ਪੰਡਤਾਂ ਨੂੰ ‘ਘੱਘੇ’ ਅੱਖਰ ਰਾਹੀਂ ਉਪਦੇਸ਼ ਦਿੰਦਿਆਂ ਕਹੇ ਹੋਏ ਹੇਠ ਲਿਖੇ ਬਚਨ‘ਨਾਮ-ਸਿਮਰਨ ਦੀ ਗੁਰ ਸ਼ਬਦੀ ਘਾਲ’ ਨੂੰ ਇਉਂ ਪ੍ਰਗਟ ਕਰਦੇ ਹਨ :

‘‘ਘਘੈ, ਘਾਲ ਸੇਵਕੁ ਜੇ ਘਾਲੈ, ਸਬਦਿ ਗੁਰੂ ਕੈ ਲਾਗਿ ਰਹੈ ॥ ਬੁਰਾ ਭਲਾ ਜੇ ਸਮ ਕਰਿ ਜਾਣੈ ਇਨ ਬਿਧਿ ਸਾਹਿਬੁ ਰਮਤੁ ਰਹੈ ॥ ’’ (ਅੰ: ੪੩੨)

‘‘ਘਘਾ, ਘਾਲਹੁ ਮਨਹਿ ਏਹ; ਬਿਨੁ ਹਰਿ ਦੂਸਰ ਨਾਹਿ ॥ ਨਹ ਹੋਆ, ਨਹ ਹੋਵਨਾ; ਜਤ ਕਤ ਓਹੀ ਸਮਾਹਿ ॥’’ (ਅੰ: ੨੫੪)

ਭਗਤ ਕਬੀਰ ਸਾਹਿਬ ਜੀ ਦਾ ਕਥਨ ਹੈ ਕਿ ਜੀਵ ਮਨੁੱਖਾ-ਜਨਮ ਹਾਸਲ ਕਰਕੇ ਅਗਿਆਨਤਾ ਵਸ ਹਉਮੈ ਵਿੱਚ ਆਪਣੀ ਇੱਕ ਵਖਰੀ ਹਸਤੀ ਮੰਨ ਬੈਠਦਾ ਹੈ ਤੇ ਸ੍ਰਿਸ਼ਟੀ ਦੇ ਮੂਲ ਉਸ ਪਰਮਾਤਮਾ ਨੂੰ ਨਹੀਂ ਜਾਣਦਾ, ਜੋ ਅਸਲ ਵਿੱਚ ਹੋਂਦ ਵਾਲਾ ਹੈ ਤੇ ਜਿਸ ਕਰਕੇ ਸਾਡੇ ਸਾਰੇ ਜੀਵਾਂ ਨੂੰ ਆਪਣੀ ਕੁਝ ਹੋਂਦ ਮਹਿਸੂਸ ਹੁੰਦੀ ਹੈ। ਪਰ, ਗੁਰੂ ਦੀ ਬਖਸ਼ਸ਼ ਸਦਕਾ ਜਦੋਂ ਕਿਸੇ ਨੂੰ ਪ੍ਰਭੂ ਹਸਤੀ ਦਾ ਨਿਸ਼ਚਾ ਦ੍ਰਿੜ੍ਹ ਹੋ ਜਾਂਦਾ ਹੈ, ਤਦੋਂ ਇਸ ਦਾ ਮਨ ਪ੍ਰਭੂ ਪਰਮਾਤਮਾ ਵਿੱਚ ਪਤੀਜ ਜਾਂਦਾ ਹੈ। ‘ਪਰਮਾਤਮਾ’ ਹੈ ਤਾਂ ਜ਼ਰੂਰ, ਇਸ ਵਿੱਚ ਕੋਈ ਸ਼ੱਕ ਨਹੀਂ; ਪਰ ਇਸ ਵਿਸ਼ਵਾਸ ਦਾ ਲਾਭ ਤਦੋਂ ਹੀ ਹੁੰਦਾ ਹੈ, ਜਦੋਂ ਕੋਈ ਜੀਵ ਇਸ ਗੱਲ ਨੂੰ ਸਮਝ ਲਏ। ਜਦੋਂ ਇਸ ਹਕੀਕਤ ਨੂੰ ਸਮਝ ਲੈਂਦਾ ਹੈ, ਤਦੋਂ ਇਹ ਜੀਵ ਉਸ ਪ੍ਰਭੂ ਦਾ ਰੂਪ ਹੀ ਹੋ ਜਾਂਦਾ ਹੈ, ਇਹ ਵੱਖਰੀ ਹਸਤੀ ਵਾਲਾ ਨਹੀਂ ਰਹਿ ਜਾਂਦਾ :

‘‘ਹਾਹਾ, ਹੋਤ; ਹੋਇ ਨਹੀ ਜਾਨਾ ॥ ਜਬ ਹੀ ਹੋਇ, ਤਬਹਿ ਮਨੁ ਮਾਨਾ ॥ ਹੈ ਤਉ ਸਹੀ, ਲਖੈ ਜਉ ਕੋਈ ॥ ਤਬ ਓਹੀ ਉਹੁ, ਏਹੁ ਨ ਹੋਈ ॥’’ (ਅੰ: ੩੪੨)

‘‘ਤਬ ਓਹੀ ਉਹੁ, ਏਹੁ ਨ ਹੋਈ॥’’ ਦੇ ਸੱਚ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦਾਂ ਵਿੱਚ ਇਉਂ ਵੀ ਕਹਿਆ ਜਾ ਸਕਦਾ ਹੈ :

‘‘ਹਉ ਨਾਹੀ, ਤੂ ਹੋਵਹਿ; ਤੁਧ ਹੀ ਸਾਜਿਆ॥ ਆਪੇ ਥਾਪਿ ਉਥਾਪਿ, ਸਬਦਿ ਨਿਵਾਜਿਆ॥’’ (ਅੰ: ੭੫੩)

‘ਜੀਅ’ ਲਫ਼ਜ਼ ਦਾ ਉਚਾਰਣ ਅਤੇ ‘ਜੀਉ’ ਤੇ ‘ਜੀਅ’ ਲਫ਼ਜ਼ਾਂ ਦਾ ਵਿਆਕਰਣਿਕ ਭੇਦ ਹੇਠ ਲਿਖੇ ਢੰਗ ਨਾਲ ਸਮਝਾਉਣਾ ਸਹੀ ਰਹੇਗਾ ।

0

‘ਜੀਅ’ ਲਫ਼ਜ਼ ਦਾ ਉਚਾਰਣ ਅਤੇ ‘ਜੀਉ’ ਤੇ ‘ਜੀਅ’ ਲਫ਼ਜ਼ਾਂ ਦਾ ਵਿਆਕਰਣਿਕ ਭੇਦ ਹੇਠ ਲਿਖੇ ਢੰਗ ਨਾਲ ਸਮਝਾਉਣਾ ਸਹੀ ਰਹੇਗਾ ।

ਗਿਆਨੀ ਜਗਤਾਰ ਸਿੰਘ ਜਾਚਕ

‘ਜੀਅ’ ਲਫ਼ਜ਼ ਇੱਕ ਵਚਨ ਪੁਲਿੰਗ ‘ਜੀਉ’ ਦਾ ਬਹੁਵਚਨ ਹੈ ਅਤੇ ਇਸ ਨੂੰ ‘ਜੀਆ’ ਨਹੀਂ ਬੋਲਣਾ । ਕਿਉਂਕਿ, ‘ਜੀ’ ਦੇ ਅੱਗੇ ‘ਅ’ ਅੱਖਰ ਕੇਵਲ ‘ਜੀ’ ਦੀ ਧੁਨੀ ਨੂੰ ਲਮਕਾਉਣ ਕਰਨ ਦਾ ਸੂਚਕ ਹੈ । ਇਸ ਪੱਖ ਦੀ ਸੇਧ ਲਈ ਕੁਝ ਥਾਵਾਂ ’ਤੇ ਗੁਰਬਾਣੀ ਵਿੱਚ ‘ਜੀਅ’ ਲਫ਼ਜ਼ ‘ਅ’ ਅੱਖਰ ਤੋਂ ਬਗੈਰ ਵੀ ਅੰਕਤ ਕੀਤਾ ਗਿਆ ਹੈ । ਜਿਵੇਂ 
ਬਇਆਲੀਸ ਲਖ ਜੀ ਜਲ ਮਹਿ ਹੋਤੇ, ਬੀਠਲੁ ਭੈਲਾ ਕਾਇ ਕਰਉ ? ॥ {ਗੁਰੂ ਗ੍ਰੰਥ ਸਾਹਿਬ – ਅੰਕ 485}
ਜੋ ਨਾਵੈ ਸੋ ਕੁਲੁ ਤਰਾਵੈ ਉਧਾਰੁ ਹੋਆ ਹੈ ਜੀ ਕਾ ॥ {ਗੁਰੂ ਗ੍ਰੰਥ ਸਾਹਿਬ – ਅੰਕ 623}

ਯਾਦ ਰੱਖਣ ਦੀ ਲੋੜ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੇਠ ਲਿਖੀ ਇੱਕ ਤੁਕ ਵਿੱਚ ਉਚਾਰਣ ਹੈ ‘ਜੀਆ’ । ਪਰ, ਇਸ ਤੁਕ ਵਿੱਚ ਵਿਸ਼ੇਸ਼ ਤੌਰ ’ਤੇ ‘ਅ’ ਅੱਖਰ ਨੂੰ ਕੰਨਾ ਲਗਾਇਆ ਗਿਆ ਹੈ । ਕੰਨੇ ਦੀ ਵਿਸ਼ੇਸ਼ ਵਰਤੋਂ ਸਿੱਧ ਕਰਦੀ ਹੈ ਕਿ ਲਫ਼ਜ਼ ‘ਜੀਅ’ ਨੂੰ ‘ਜੀਆ’’ ਨਹੀਂ ਉਚਾਰਣਾ । ‘ਜੀਆ’ ਉਚਾਰਣ ਉਥੇ ਹੀ ਹੋਏਗਾ, ਜਿਥੇ ‘ਅ’ ਨੂੰ ਕੰਨਾ ਲੱਗਾ ਹੋਵੇਗਾ । ਜਿਵੇਂ :

ਮਿਲਹੁ ਪਿਆਰੇ ਜੀਆ ॥ ਪ੍ਰਭ ਕੀਆ ਤੁਮਾਰਾ ਥੀਆ ॥ ਗੁਰੂ ਗ੍ਰੰਥ ਸਾਹਿਬ – ਅੰਗ 207

ਗੁਰਬਾਣੀ ਵਿਆਕਰਣ ਦਾ ਨੀਯਮ ਹੈ ਕਿ ਕਿਸੇ ਵੀ ਇੱਕ ਵਚਨ ਪੁਲਿੰਗ ਜਾ ਇਸਤ੍ਰੀ ਲਿੰਗ ਨਾਂਵ ਜਾਂ ਪੜਨਾਂਵ ਪਿਛੋਂ ‘ਕਾ’ ‘ਕੇ’ ‘ਕੀ’ ਜਾਂ ‘ਦਾ’ ‘ਦੇ’ ‘ਦੀ’ ਆਦਿਕ ਕੋਈ ਸਬੰਧਕੀ ਪਦ (ਲਫ਼ਜ਼) ਆ ਜਾਵੇ ਤਾ ਉਸ ਤੋਂ ਪਹਿਲੇ ਨਾਂਵ ਦੀ ਸਿਹਾਰੀ ਜਾਂ ਔਂਕੜ ਦੀ ਲਗ ਉੱਡ ਜਾਂਦੀ ਹੈ । ਲੱਥ ਜਾਂਦੀ ਹੈ । ਪਰ, ਗੁਰਮੁਖੀ (ਪੰਜਾਬੀ) ਲਿਪੀ ਦੀ ਮਜਬੂਰੀ ਹੈ ਕਿ ਲਿਖਤ ਵਿੱਚ ‘ੳ’ ਅੱਖਰ ਜਦੋਂ ਕਿਸੇ ਲਫ਼ਜ਼ ਦੀ ਬਣਤਰ ਵਿੱਚ ਵਰਤੀਂਦਾ ਹੈ ਤਾਂ ਉਹ ‘ਮੁਕਤਾ’ ਨਹੀਂ ਲਿਖਿਆ ਜਾ ਸਕਦਾ । ਕਿਉਂਕਿ, ‘ਔਂਕੜ’, ‘ਦੁਲੈਂਕੜ’ ਜਾਂ ‘ਹੋੜਾ’ ਬਗੈਰ ਉਸ ਦੀ ਧੁਨੀ ਪ੍ਰਗਟ ਨਹੀਂ ਹੋ ਸਕਦੀ । ਇਸ ਲਈ ਕਿਸੇ ਵੀ ਹਾਲਤ ਵਿੱਚ ‘ੳ’ ਅੱਖਰ ਦੀ ਮਾਤ੍ਰਾ ਨਹੀਂ ਉੱਡ ਸਕਦੀ । ਭਾਵੇਂ ਕਿ ਉਸ ਦੇ ਪਿਛੋਂ ਕੋਈ ਸਬੰਧਕੀ ਪਦ ਵੀ ਕਿਉਂ ਨਾ ਆ ਜਾਵੇ ।
ਇਸੇ ਤਰ੍ਹਾਂ ‘ਅ’ ਅੱਖਰ ਨਾਲ ਕੇਵਲ ‘ਕੰਨਾ’, ‘ਦੋਲਾਵਾਂ’ ਅਤੇ ‘ਕਨੌੜਾ’ ਲਗਾਂ ਵਰਤੀਆਂ ਜਾ ਸਕਦੀਆਂ ਹਨ ; ‘ਔਂਕੜ’, ‘ਲਾਂਵ’ ਅਤੇ ‘ਸਿਹਾਰੀ’ ‘ਬਿਹਾਰੀ’ ਕਦੇ ਵੀ ਨਹੀਂ । ਇਹੀ ਕਾਰਣ ਹੈ ਕਿ ਗੁਰਬਾਣੀ ਦੀ ਕਿਸੇ ਤੁਕ ਵਿੱਚ ਇੱਕ ਵਚਨ ਪੁਲਿੰਗ ‘ਜੀਉ’ ਲਫ਼ਜ਼ ਦੇ ਪਿਛੋਂ ਜਦੋਂ ਕੋਈ ਸਬੰਧਕੀ ਪਦ ਆਉਂਦਾ ਦਿਸਿਆ ਤਾਂ ਉਥੇ ਇੱਕ-ਵਚਨੀ ਨਾਂਵ ‘ਜੀਉ’ ਦੀ ਥਾਂ ਵੀ ਬਹੁ-ਵਚਨੀ ਨਾਂਵ ‘ਜੀਅ’ ਦੀ ਵਰਤੋਂ ਕੀਤੀ ਗਈ ਹੈ । ਕਿਉਂਕਿ, ਭਾਸ਼ਾਈ ਮਜਬੂਰੀ ਕਾਰਨ ‘ਜੀਉ’ ਲਫ਼ਜ਼ ਦੇ ‘ੳ’ ਦਾ ਔਂਕੜ ਨਹੀਂ ਸੀ ਉਤਾਰਿਆ ਜਾ ਸਕਦਾ । ਇਸ ਲਈ ਵਿਆਕਰਣ ਦੇ ਸਬੰਧਕੀ ਪਦ ਵਾਲੇ ਨੀਯਮ ਦੀ ਪਾਲਣ ਕਰਦਿਆਂ ਔਂਕੜ ਉਡਾਉਣ ਲਈ ‘ਉ’ ਦੀ ਥਾਂ ‘ਅ’ ਅੱਖਰ ਦੀ ਵਰਤੋਂ ਕੀਤੀ ਗਈ ਹੈ । ਭਾਵੇਂ ਕਿ ਮੂਲਿਕ ਤੌਰ ’ਤੇ ਇਹ ਬਹੁ-ਵਚਨੀ ਨਾਂਵ ਮੰਨਿਆ ਗਿਆ ਹੈ । ਜਿਵੇਂ :

ਇਕੁ ਪਛਾਣੂ ਜੀਅ ਕਾ ਇਕੋ ਰਖਣਹਾਰੁ ॥ {ਗੁਰੂ ਗ੍ਰੰਥ ਸਾਹਿਬ – ਅੰਕ 45}
ਜੀਅ ਕੀ ਬਿਰਥਾ ਸੋ ਸੁਣੇ ਹਰਿ ਸੰਮ੍ਰਿਥ ਪੁਰਖੁ ਅਪਾਰੁ ॥ {ਗੁਰੂ ਗ੍ਰੰਥ ਸਾਹਿਬ – ਅੰਕ 136}

॥ ਜਪੁ॥ ਸਿਰਲੇਖ ਤੇ ਰਚਨਾ ਮਨੋਰਥ

0

॥ ਜਪੁ॥ ਸਿਰਲੇਖ ਤੇ ਰਚਨਾ ਮਨੋਰਥ

..ਗਿਆਨੀ ਜਗਤਾਰ ਸਿੰਘ ਜਾਚਕ

ਮਾਨਵ-ਦਰਦੀ, ਪਾਖੰਡ ਪ੍ਰਹਾਰਕ ਤੇ ਬ੍ਰਹਮ-ਸਮਸਰਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਗਤ-ਜਲੰਦੇ ਨੂੰ ਠਾਰਨ, ਸੁਧਾਰਨ ਤੇ ਤਾਰਨ ਲਈ ਆਪਣੇ ਨਿਯਤ ਪ੍ਰਚਾਰ ਦੌਰੇ (ਉਦਾਸੀਆਂ) ਸਮਾਪਤ ਕਰਕੇ ਆਪਣੇ ਆਖ਼ਰੀ ਸਮੇਂ ਸੰਨ 1522 ਵਿੱਚ ਰਾਵੀ ਦੇ ਕਿਨਾਰੇ ਸ੍ਰੀ ਕਰਤਾਰਪੁਰ ਸਾਹਿਬ ਆਣ ਟਿਕੇ। ਇਸ ਇਤਿਹਾਸਕ ਤੱਥ ਅਤੇ ਸਤਿਗੁਰੂ ਜੀ ਕਰਤਾਰਪੁਰੀ ਵਰਤਾਰੇ ਨੂੰ ਗੁਰੂ ਦਰਬਾਰ ਦੇ ਗੁਰਮਤਿ ਵਿਆਖਿਆਕਾਰ ਭਾਈ ਗੁਰਦਾਸ ਜੀ ਨੇ ਇਉਂ ਪ੍ਰਗਟਾਇਆ ਹੈ :

ਫਿਰਿ ਬਾਬਾ ਆਇਆ ਕਰਤਾਰਪੁਰਿ, ਭੇਖੁ ਉਦਾਸੀ ਸਗਲ ਉਤਾਰਾ। ਪਹਿਰਿ ਸੰਸਾਰੀ ਕਪੜੇ, ਮੰਜੀ ਬੈਠਿ ਕੀਆ ਅਵਤਾਰਾ।

ਬਾਣੀ ਮੁਖਹੁ ਉਚਾਰੀਐ, ਹੁਇ ਰੁਸਨਾਈ ਮਿਟੈ ਅੰਧਿਆਰਾ। ਗਿਆਨੁ ਗੋਸਟਿ ਚਰਚਾ ਸਦਾ, ਅਨਹਦਿ ਸਬਦਿ ਉਠੇ ਧੁਨਕਾਰਾ।

ਭਾਈ ਗੁਰਦਾਸ ਜੀ (ਵਾਰ ੧ ਪਉੜੀ ੩੮)

ਸਤਿਗੁਰੂ ਜੀ ਦੇ ਇੱਥੇ ਬੈਠਣ ਦਾ ਮੁਖ ਮਨੋਰਥ ਹੀ ਇਹੀ ਸੀ ਕਿ ਆਪਣੇ ਜ਼ਿੰਦਗੀ ਭਰ ਦੇ ਤਜ਼ਰਬੇ ਅਤੇ ਅਨੁਭਵ ਦੇ ਸਾਰ-ਤੱਤ ਨੂੰ ਕਲਮਬੰਦ ਕੀਤਾ ਜਾਏ। ਇਸ ਪਰਉਪਕਾਰੀ ਯਤਨ ਦੀ ਵਿਉਂਤਬੰਦੀ ਕਰਦਿਆਂ ਅਤਿਅੰਤ ਜ਼ਰੂਰੀ ਜਾਣਿਆਂ ਕਿ ਸਭ ਤੋਂ ਪਹਿਲਾ ਸੰਸਾਰ ਦੇ ਲੋਕਾਂ ਨੂੰ ‘ਜਪੁ’ ਦੀ ਅਸਲੀਅਤ ਤੋਂ ਜਾਣੂ ਕਰਾਇਆ ਜਾਏ। ਕਿਉਂਕਿ, ਸਤਿਗੁਰੂ ਜੀ ਲੋਕਾਈ ਨੂੰ ਅਕਾਲ-ਪੁਰਖੁ ਨਾਲ ਇੱਕਸੁਰ ਹੋ ਕੇ ਜੀਊਣ ਦਾ ਪ੍ਰੇਰਨਾਦਾਇਕ ਉਪਦੇਸ਼ ਦਿੰਦਿਆਂ ਪ੍ਰਚਲਿਤ ਧਾਰਮਿਕ ਸ਼ਬਦਾਵਲੀ ਇਹੀ ਹੋਕਾ ਦਿੰਦੇ ਰਹੇ ਸਨ ‘‘ਜਪਹੁ ਤ ਏਕੋ ਨਾਮਾ॥ ਅਵਰਿ ਨਿਰਾਫਲ ਕਾਮਾ॥’’ (ਅੰ: ੭੨੮) ਧਰਤਿ ਲੋਕਾਈ ਨੂੰ ਸੋਧਣ ਹਿੱਤ ਕੀਤੇ ਪਰਉਪਕਾਰੀ ਪ੍ਰਚਾਰ ਫੇਰੀਆਂ ਵੇਲੇ ਜਿਹੜੇ ਵਖ ਵਖ ਭਗਤਾਂ ਦੀ ਬਾਣੀ ਆਪਣੀ ਪੋਥੀ ਵਿੱਚ ਸੰਗ੍ਰਹਿ ਕੀਤੀ ਸੀ, ਉਨ੍ਹਾਂ ਦੀ ਪ੍ਰਚਾਰ ਸ਼ੈਲੀ ਵੀ ਇਹੀ ਸੀ ‘‘ਕੇਵਲ ਨਾਮੁ ਜਪਹੁ ਰੇ ਪ੍ਰਾਨੀ ! ਪਰਹੁ ਏਕ ਕੀ ਸਰਨਾਂ॥’’ (ਅੰ: ੬੯੨)

ਇਸ ਲਈ ਹਜ਼ੂਰ ਨੇ ‘ੴ ਤੋਂ ਗੁਰ ਪ੍ਰਸਾਦਿ’ ਤੱਕ ਸੰਪੂਰਨ ਮੰਗਲਾਚਰਨ ਉਪਰੰਤ ‘ਜਪੁ’ ਨਾਮ ਦੇ ਸਿਰਲੇਖ ਹੇਠ ਉਪਕ੍ਰਮ (ਭੂਮਿਕਾ) ਤੇ ਉਪਸੰਹਾਰ (ਸਾਰੰਸ਼) ਸਮਾਪਤੀ ਦੇ ਦੋ ਸ਼ਲੋਕਾਂ ਦਰਮਿਆਨ ੩੮੩ ਤੁਕਾਂ ਤੇ ੨੦੯੦ ਲਫ਼ਜ਼ਾਂ ਵਿੱਚ ਅਠੱਤੀ (੩੮) ਪਉੜੀਆਂ ਦੀ ਇੱਹ ਇੱਕ ਵਿਸ਼ੇਸ਼ ਬਾਣੀ ਰੱਚੀ, ਜਿਸ ਨੂੰ ਸਤਿਕਾਰ ਸਹਿਤ ਜਪੁ-ਜੀ ਸਾਹਿਬ ਕਿਹਾ ਜਾਂਦਾ ਹੈ। ਇਹ ਅਮੋਲਕ ਰਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਰੰਭਿਕ ਬਾਣੀ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਜਪੁ ਕੀ ਹੈ, ‘ਜਪੁ’ ਕਿਸ ਦਾ ਕਰਨਾ ਹੈ, ‘ਜਪੁ’ ਕਿਵੇਂ ਕਰਨਾ ਹੈ, ‘ਜਪੁ’ ਦਾ ਮਨੋਰਥ ਕੀ ਹੈ ਅਤੇ ‘ਜਪੁ’ ਕਰਕੇ ਸਚਿਆਰ ਹੋਏ ਜੀਵਨ-ਮੁਕਤਿ ਮਨੁੱਖ ਦਾ ਵਰਤਾਰਾ ਕੈਸਾ ਸੰਗੀਤਕ ਤੇ ਵਿਗਾਸਮਈ ਹੋ ਜਾਂਦਾ ਹੈ। ਕਿਵੇਂ ਉਹ ਸਚਿਆਰ ਮਨੁੱਖ ਧਰਤੀ ਨੂੰ ਧਰਮਸ਼ਾਲ ਸਮਝ ਕੇ ਹਰ ਪ੍ਰਕਾਰ ਦਾ ਗਿਆਨ ਹਾਸਲ ਕਰਦਾ ਹੈ। ਰੱਬੀ ਬਖ਼ਸ਼ਸ਼ ਦਾ ਪਾਤਰ ਬਣ ਕੇ ਕਿਵੇਂ ਉਹ ਜੀਉਂਦਾ ਹੀ ਸੱਚਖੰਡ ਵਾਸੀ ਬਣਦਾ ਅਤੇ ਆਪਣੀ ਘਾਲ-ਕਮਾਈ ਨੂੰ ਸਫਲਾਉਂਦਾ ਹੋਇਆ ਵਿਕਾਰਾਂ ਤੋਂ ਮੁਕਤੀ ਲਈ ਹੋਰਨਾਂ ਦਾ ਸਹਾਇਕ ਹੁੰਦਾ ਹੈ।

ਕਿਉਂਕਿ, ਖ਼ਤਰਾ ਸੀ ਕਿ ਮਨੁਖੀ ਭਾਈਚਾਰੇ ਨੂੰ ਸੰਪਰਦਾਈ ਠੱਗਾਂ ਦੇ ਕਰਮਕਾਂਡੀ ਜਾਲ ਵਿੱਚੋਂ ਕੱਢਦਿਆਂ, ਕਿਤੇ ਐਸਾ ਨਾ ਹੋਵੇ ਕਿ ‘ਨਾਮੁ ਜਪਹੁ, ਨਾਮੇ ਸੁਖੁ ਪਾਵਹੁ, ਨਾਮੁ ਰਖਹੁ ਗੁਰਮਤਿ ਮਨਿ ਚੀਤਾ॥ (ਅੰ: ੩੬੭) ਵਰਗਾ ਉਪਦੇਸ਼ ਪੜ੍ਹ ਸੁਣ ਕੇ ਕਿਰਤੀ ਸਿੱਖ ਸੇਵਕ ਹੋਰਨਾਂ ਵਾਂਗ ਨਾਮ ਜਪਣ ਦੀ ਪ੍ਰਦਰਸ਼ਨੀ ਕਰਨ ਵਾਲੀਆਂ ਜਪਮਾਲੀਆਂ ਤੇ ਤਸਬੀਆਂ ਫੜ ਕੇ ਬਹਿ ਜਾਣ। ਕੋਈ ਮੋਨੀ ਬਣ ਜਾਏ ਤੇ ਕੋਈ ਤੀਰਥ ਇਸ਼ਨਾਨੀ। ‘ਸੁਖ ਸਹਜ ਸੇਤੀ ਜਪਿ ਨਾਉ॥’ ਵਾਲੀ ਗੁਰਮਤੀ ਜੁਗਤਿ ਛੱਡ ਕੇ ਜੋਗੀਆਂ ਵਾਲੇ ਗੋਰਖਧੰਧੇ ਵਿੱਚ ਨਾ ਫਸ ਜਾਣ। ‘‘ਮੂੜੇ ! ਰਾਮੁ ਜਪਹੁ ਗੁਣ ਸਾਰਿ॥’’ (ਅੰ: ੧੯) ਦੇ ਉਪਦੇਸ਼ ਨੂੰ ਭੁੱਲ ਕੇ ਗੁਰਬਾਣੀ ਵੀਚਾਰ ਦੀ ਰੌਸ਼ਨੀ ਵਿੱਚ ਸਮੂਹਕ ਰੱਬੀ ਨਾਵਾਂ ਨਾਲ ਜੁੜੇ ਦੈਵੀ-ਗੁਣ ਗ੍ਰਹਿਣ ਕਰਨ ਦੀ ਥਾਂ ਤਾਂਤਰਿਕਾਂ ਦੇ ਮੰਤਰ ਜਾਪ ਵਾਂਗ ਕੇਵਲ ਮਸ਼ੀਨਵੱਤ ਤੋਤਾ-ਰਟਨੀ ਨਾ ਸ਼ੁਰੂ ਕਰ ਲੈਣ। ਐਸਾ ਨਾ ਸਮਝ ਲੈਣ ਕਿ ਕੇਵਲ ਗਿਣਤੀਆਂ ਦੇ ਜਪੁ ਨਾਲ ਅਸੀਂ ਰੱਬ ਨਾਲ ਇੱਕਸੁਰ ਹੋ ਜਾਵਾਂਗੇ। ਭਾਵੇਂ ਕਿ ਜਪੁ-ਜੀ ਸਾਹਿਬ ਵਿੱਚਲੀ ਵਿਸ਼ੇਸ਼ ਵਿਆਖਿਆ ਤੋਂ ਇਲਾਵਾ ਬਾਕੀ ਬਾਣੀ ਵਿੱਚ ਵੀ ਕਈ ਥਾਂਈ ਸਪੱਸ਼ਟ ਕੀਤਾ ਹੋਇਆ ਹੈ ਕਿ ‘ਜਪੁ’ ਅਥਵਾ ਸਿਮਰਨ, ਕੇਵਲ ਹਾਰਦਿਕ ਪਿਆਰ ਸਹਿਤ ਜ਼ਬਾਨ ਦੁਆਰਾ ਕਿਸੇ ਇੱਕ ਰੱਬੀ ਨਾਮ ਦਾ ਰਟਨ ਮਾਤ੍ਰ ਹੀ ਨਹੀਂ। ਜਪੁ ਤਾਂ ਗੁਰਬਾਣੀ ਅਨੁਸਾਰ ਜੀਊਂਦਿਆਂ ‘ਹੁਕਮਿ ਰਜ਼ਾਈ ਚਲਣਾ॥’ ਦਾ ਨਾਮ ਹੈ । ਜਿਵੇਂ :

ਕਿਸੁ ਹਉ ਸੇਵੀ? ਕਿਆ ਜਪੁ ਕਰੀ? ਸਤਗੁਰ ਪੂਛਉ ਜਾਇ॥ ਸਤਗੁਰ ਕਾ ਭਾਣਾ ਮੰਨਿ ਲਈ, ਵਿਚਹੁ ਆਪੁ ਗਵਾਇ॥ ਏਹਾ ਸੇਵਾ ਚਾਕਰੀ, ਨਾਮੁ ਵਸੈ ਮਨਿ ਆਇ॥ ਨਾਮੈ ਹੀ ਤੇ ਸੁਖੁ ਪਾਈਐ, ਸਚੈ ਸਬਦਿ ਸੁਹਾਇ॥ (ਅੰ: ੩੪)

ਅਰਥ : ਜਦੋਂ ਮੈਂ ਆਪਣੇ ਗੁਰੂ ਪਾਸੋਂ ਪੁੱਛਦਾ ਹਾਂ ਕਿ (ਵਿਕਾਰਾਂ ਤੋਂ ਬਚਣ ਵਾਸਤੇ) ਮੈਂ ਕਿਸ ਦੀ ਸੇਵਾ ਕਰਾਂ ਤੇ ਕੇਹੜਾ ਜਪ ਕਰਾਂ (ਤਾਂ ਉੱਤਰ ਵਿੱਚ ਗੁਰੂ ਪਾਸੋਂ ਉਪਦੇਸ਼ ਮਿਲਦਾ ਹੈ ਕਿ) ਮੈਂ ਆਪਣੇ ਅੰਦਰੋਂ ਹਉਮੈ ਦੂਰ ਕਰ ਕੇ ਗੁਰੂ ਦਾ ਹੁਕਮ ਮੰਨਾਂ।

(ਗੁਰੂ ਦਾ ਹੁਕਮ ਮੰਨਣਾ ਹੀ ਇਕ) ਐਸੀ ਸੇਵਾ ਹੈ ਐਸੀ ਚਾਕਰੀ ਹੈ (ਜਿਸ ਦੀ ਬਰਕਤਿ ਨਾਲ ਪਰਮਾਤਮਾ ਦਾ) ਨਾਮ ਮਨ ਵਿਚ ਆ ਵੱਸਦਾ ਹੈ। ਭਾਵ ਸਤਿ, ਸੰਤੋਖ ਆਦਿਕ ਰੱਬੀ ਗੁਣ ਸਾਡੇ ਸੁਭਾਅ ਦਾ ਅੰਗ ਬਣ ਜਾਂਦੇ ਹਨ। ਅਜਿਹੇ ਨਾਮ ਦੀ ਰਾਹੀਂ ਹੀ ਆਤਮਕ ਆਨੰਦ ਮਿਲਦਾ ਹੈ ਤੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ ਆਤਮਕ ਜੀਵਨ ਸੋਹਣਾ ਬਣ ਜਾਂਦਾ ਹੈ।

ਜਪੁ ਤਪੁ ਸੰਜਮੁ ਭਾਣਾ ਸਤਿਗੁਰੂ ਕਾ; ਕਰਮੀ ਪਲੈ ਪਾਇ॥ (ਅੰ: ੮੮)

ਅਰਥ : ਸਤਿਗੁਰੂ ਦਾ ਭਾਣਾ ਮੰਨਣਾ, ਇਹੀ ਹੈ ਜਪ, ਤਪ ਤੇ ਸੰਜਮ। ਭਾਣਾ ਮੰਨਣ ਦੀ ਇਹ ਦਾਤ ਪ੍ਰਭੂ ਦੀ ਮਿਹਰ ਨਾਲ ਹੀ ਪੱਲੇ ਪੈਂਦੀ ਹੈ।

ਸੋਈ ਜਪੁ, ਜੋ ਪ੍ਰਭ ਜੀਉ; ਭਾਵੈ ਭਾਣੈ ਪੂਰ ਗਿਆਨਾ ਜੀਉ॥ (ਅੰ: ੧੦੦)

ਅਰਥ : ਜੋ ਕੁਝ ਪ੍ਰਭੂ ਨੂੰ ਭਾਉਂਦਾ ਹੈ, ਉਸ ਨੂੰ ਪ੍ਰਵਾਨ ਕਰਨਾ ਹੀ ਅਸਲ ਜਪ ਹੈ, ਭਾਣੇ ਵਿੱਚ ਤੁਰਨਾ ਹੀ ਪੂਰਨ ਗਿਆਨ ਹੈ ।

ਪਰ, ਸਾਨੂੰ ਇਸ ਪੱਖੋਂ ਵੀ ਸੁਚੇਤ ਰਹਿਣਾ ਚਾਹੀਦਾ ਹੈ ਕਿ ਜੇ ਸਤਿਗੁਰਾਂ ਨੇ ‘‘ਜਪੁ ਤਪੁ ਸੰਜਮੁ ਭਾਣਾ ਸਤਿਗੁਰੂ ਕਾ॥’’ ਆਖਿਆ ਹੈ ਜਾਂ ‘‘ਸੋਈ ਜਪੁ, ਜੋ ਪ੍ਰਭ ਜੀਉ॥’’ ਦੀ ਗੱਲ ਕੀਤੀ ਹੈ, ਤਾਂ ਉੱਥੇ, ਉਨ੍ਹਾਂ ਨੇ ਗੁਰਸਿੱਖਾਂ ਦਾ ਨਿਤਨੇਮ ਵੀ ਵਰਨਣ ਕੀਤਾ ਹੈ, ਜੋ ਗੁਰੂ ਪਰਮੇਸ਼ਰ ਦਾ ਭਾਣਾ ਹੈ; ਭਾਵ, ਜੋ ਉਨ੍ਹਾਂ ਨੂੰ ਭਾਉਂਦਾ ਹੈ, ਚੰਗਾ ਲਗਦਾ ਹੈ। ਗੁਰਵਾਕ ਹੈ :

ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ; ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥ ਉਦਮੁ ਕਰੇ ਭਲਕੇ ਪਰਭਾਤੀ ; ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ॥

ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ; ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ॥ ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ; ਬਹਦਿਆ ਉਠਦਿਆ ਹਰਿ ਨਾਮੁ ਧਿਆਵੈ॥

ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ; ਸੋ ਗੁਰਸਿਖੁ ਗੁਰੂ ਮਨਿ ਭਾਵੈ॥ (ਅੰ: ੩੦੬)

ਅਰਥ :- ਜੋ ਮਨੁੱਖ ਸਤਿਗੁਰੂ ਦਾ (ਸੱਚਾ) ਸਿੱਖ ਅਖਵਾਂਦਾ ਹੈ (ਭਾਵ, ਜਿਸ ਨੂੰ ਲੋਕ ਸੱਚਾ ਸਿੱਖ ਆਖਦੇ ਹਨ) ਉਹ ਰੋਜ਼ ਸਵੇਰੇ ਉੱਠ ਕੇ ਹਰਿ-ਨਾਮ ਦਾ ਸਿਮਰਨ ਕਰਦਾ ਹੈ, ਹਰ ਰੋਜ਼ ਸਵੇਰੇ ਉੱਦਮ ਕਰਦਾ ਹੈ, ਇਸ਼ਨਾਨ ਕਰਦਾ ਹੈ (ਤੇ ਫਿਰ ਨਾਮ-ਰੂਪ) ਅੰਮਿ੍ਰਤ ਦੇ ਸਰੋਵਰ ਵਿਚ ਟੁੱਭੀ ਲਾਉਂਦਾ ਹੈ, ਸਤਿਗੁਰੂ ਦੇ ਉਪਦੇਸ਼ ਦੁਆਰਾ ਪ੍ਰਭੂ ਦੇ ਨਾਮ ਦਾ ਜਾਪ ਜਪਦਾ ਹੈ ਤੇ (ਇਸ ਤਰ੍ਹਾਂ) ਉਸ ਦੇ ਸਾਰੇ ਪਾਪ-ਵਿਕਾਰ ਲਹਿ ਜਾਂਦੇ ਹਨ; ਫਿਰ ਦਿਨ ਚੜ੍ਹੇ ਸਤਿਗੁਰੂ ਦੀ ਬਾਣੀ ਦਾ ਕੀਰਤਨ ਕਰਦਾ ਹੈ ਤੇ (ਦਿਹਾੜੀ) ਬਹਿੰਦਿਆਂ ਉੱਠਦਿਆਂ (ਭਾਵ, ਕਾਰ-ਕਿਰਤ ਕਰਦਿਆਂ) ਪ੍ਰਭੂ ਦਾ ਨਾਮ ਸਿਮਰਦਾ ਹੈ। ਸਤਿਗੁਰੂ ਦੇ ਮਨ ਵਿਚ ਉਹ ਸਿੱਖ ਚੰਗਾ ਲੱਗਦਾ ਹੈ ਜੋ ਪਿਆਰੇ ਪ੍ਰਭੂ ਨੂੰ ਹਰ ਦਮ ਯਾਦ ਕਰਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ‘ਸ਼ਬਦਾਰਥ’ ਦੇ ਕਰਤਾ ਪ੍ਰਿੰਸੀਪਲ ਤੇਜਾ ਸਿੰਘ ਜੀ ‘ਜਪੁ ਜੀ ਸਟੀਕ’ ਵਿੱਚ ਲਿਖਦੇ ਹਨ :

‘‘ਬਾਣੀ ਜਪੁ ਜੀ ਦੀ ‘ਜਪੁ’ ਸ਼ਬਦ ਤੋਂ ਉਪਰੰਤ ਸ਼ੁਰੂ ਹੁੰਦੀ ਹੈ ਅਤੇ ‘‘ਜਪੁ’’ ਉਸ ਦਾ ਸਿਰਨਾਵਾਂ ਹੈ। ‘ਜਪੁ’ ਸ਼ਬਦ ਤੋਂ ਪਹਿਲਾਂ ਤੇ ਪਿੱਛੋਂ ਪੂਰਣ ਵਿਸ਼ਰਾਮ ਦੀਆਂ ਡੰਡੀਆਂ ਦਿੱਤੀਆਂ ਹੋਈਆਂ ਹਨ, ਜਿਨ੍ਹਾਂ ਤੋਂ ਪਤਾ ਲਗਦਾ ਹੈ ਕਿ ਇਸ ਪਦ ਦਾ ਮੂਲ ਮੰਤਰ ਨਾਲ ਸਬੰਧ ਨਹੀ। ‘ਜਪੁ’ ਦਾ ਅਰਥ ‘ਤੂੰ ਜਪ’ ਨਹੀਂ ਹੋ ਸਕਦਾ ; ਕਿਉਂਕਿ ਗੁਰਬਾਣੀ ਵਿੱਚ ਜਿੱਥੇ ਭੀ ‘ਜਪਿ’ ਸ਼ਬਦ ‘ਤੂੰ ਜਪ’ ਦੇ ਅਰਥ ਨਾਲ ਆਇਆ ਹੈ, ਉੱਥੇ ਇਹਦੇ ਪੱਪੇ ਨਾਲ ਜ਼ਰੂਰੀ ਸਿਹਾਰੀ ਹੁੰਦੀ ਹੈ ਅਤੇ ਜਿੱਥੇ ‘ਜਪੁ’ ਨਾਂਵ ਕਰਕੇ ਵਰਤਿਆ ਹੈ, ਉੱਥੇ ਇਹਦੇ ਪੱਪੇ ਨਾਲ ਔਂਕੜ ਆਉਂਦਾ ਹੈ ਜਾਂ ਪੱਪਾ ਮੁਕਤਾ ਹੁੰਦਾ ਹੈ।

ਗੁਰਬਾਣੀ ਦੇ ਇਸ ਵਿਆਕ੍ਰਣਿਕ ਦ੍ਰਿਸ਼ਟੀਕੋਨ ਤੋਂ ਔਂਕੜ ਸਹਿਤ ਲਫ਼ਜ਼ ‘ਜਪੁ’ ਨਾਂਵ ਹੈ, ਸਿਹਾਰੀ ਸਹਿਤ ‘ਜਪਿ’ ਕਿਰਿਆ ਅਤੇ ਕਿਸੇ ਲਗ ਮਾਤ੍ਰ ਤੋਂ ਰਹਿਤ ‘ਜਪ’ ਮੁਕਤਾ ਰੂਪ ਵਿੱਚ ਬਹੁ-ਵਚਨੀ ਨਾਂਵ ਬਣ ਜਾਂਦਾ ਹੈ। ਜਿਵੇਂ :

ਸੋ ਜਪੁ, ਸੋ ਤਪੁ, ਜਿ ਸਤਿਗੁਰ ਭਾਵੈ॥ (ਅੰ: ੫੦੯) ਅਰਥ : ਓਹੀ ਹੈ ਜਪ ਤੇ ਓਹੀ ਹੈ ਤਪ, ਜਿਹੜਾ ਸਤਿਗੁਰੂ ਨੂੰ ਚੰਗਾ ਲੱਗੇ।

ਮਨ ਮੇਰੇ ਸੁਖ ਸਹਜ ਸੇਤੀ ਜਪਿ ਨਾਉ॥ (ਅੰ: ੪੪੦)  ਅਰਥ : ਮੇਰੇ ਮਨ (ਤੂੰ) ਸੁਖ ਸਹਜ ਸੇਤੀ ਨਾਮ ਜਪ।

ਪ੍ਰਭ ਕੈ ਸਿਮਰਨਿ ਜਪ ਤਪ ਪੂਜਾ॥ (ਅੰ: ੨੬੨)  ਅਰਥ: ਪ੍ਰਭੂ ਦੇ ਸਿਮਰਨ ਵਿੱਚ ਹਨ ਸਾਰੇ ਜਪ, ਤਪ ਤੇ (ਦੇਵ) ਪੂਜਾ।

ਇਸੇ ਜਪੁ ਜੀ ਸਟੀਕ ਦੇ ਸ਼ਬਦਾਰਥ ਵਿੱਚ ‘ਜਪੁ’ ਸਿਰਨਾਵੇਂ ਨਾਲ ਸਬੰਧਤ ‘ਪੋਥੀ ਹਰਿ ਜੀ’ ’ਤੇ ਅਧਾਰਿਤ ਇੱਕ ਵਿਸ਼ੇਸ਼ ਨੋਟ ਇੰਞ ਲਿਖਿਆ ਹੈ : ਇਕ ਪੁਰਾਤਨ ਜਪ ਦੇ ਟੀਕੇ ਵਾਲੀ ਸਾਖੀ ਵਿੱਚ ਜੋ ਸੰਨ ੧੭੦੧ ਵਿੱਚ ਨਕਲ ਕੀਤੀ ਗਈ ਮਿਲਦੀ ਹੈ, ਲਿਖਿਆ ਹੈ ਕਿ ਜਪ ਜੀ ‘ਆਦਿ ਸਚੁ’ ਵਾਲੇ ਸ਼ਲੋਕ ਤੋਂ ਸ਼ੁਰੂ ਹੁੰਦਾ ਹੈ। ‘ਏਹੁ ਸਲੋਕ ਮੁਢ ਬਾਬੇ ਨਾਨਕ ਜਪ ਦੇ ਰਖਿਆ।’ ਇਸੇ ਸਾਖੀ ਵਿੱਚ ਅੱਗੇ ਜਾ ਕੇ ਲਿਖਿਆ ਹੈ : ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ। ਆਗੇ ਜਪੁ ਚਲਿਆ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ‘ਸੰਸਕ੍ਰਿਤ ਪੰਜਾਬੀ ਕੋਸ਼’ ਮੁਤਾਬਿਕ ‘ਜਪੁ’ ਲਫ਼ਜ਼ ਦਾ ਮੂਲ ਸੰਸਕ੍ਰਿਤ ਸਰੂਪ ਹੈ ‘ਜਪ’ (ਜਪਹ) ਅਤੇ ਅਰਥ ਹਨ – ਜਪਣਾ, ਜਾਪ, ਮੰਤਰ-ਪਾਠ, ਕਿਸੇ ਮੰਤਰ ਜਾਂ ਈਸ਼ਵਰ ਦਾ ਨਾਮ ਵਾਰ ਵਾਰ ਉੱਚਾਰਨ ਕਰਨਾ।

ਗੁਰਸ਼ਬਦ ਰਤਨਾਕਰ (ਮਹਾਨਕੋਸ਼), ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਨ’ ਅਤੇ ‘ਸ਼ਬਦਾਰਥ’ ਮੁਤਾਬਿਕ ਗੁਰਬਾਣੀ ਵਿੱਚ ‘ਜਪਹੁ’ ਲਫ਼ਜ਼ ‘ਜਪ ਕਰੋ’ ‘‘ਹਰਿ ਹਰਿ ਨਾਮੁ ਜਪਹੁ ਜਪੁ ਰਸਨਾ॥’’ (ਅੰ: ੨੫੨) ਦੇ ਪ੍ਰਚਲਿਤ ਅਰਥ ਤੋਂ ਇਲਾਵਾ ‘ਜਾਣੋ’, ‘ਸਮਝੋ’, ‘ਗਹੁ ਨਾਲ ਸੋਚੋ’ ਅਤੇ ਦ੍ਰਿੜ੍ਹ ਕਰੋ ਦੇ ਅਰਥਾਂ ਵਿੱਚ ਵੀ ਵਰਤਿਆ ਗਿਆ। ਭਾਈ ਕਾਨ੍ਹ ਸਿੰਘ ਜੀ ਨਾਭਾ ‘ਜਾਣੋ’ ਅਤੇ ‘ਸਮਝੋ’ ਅਰਥਾਂ ਦਾ ਅਧਾਰ ਸੰਸਕ੍ਰਿਤ ਦੇ ਲਫ਼ਜ਼ ‘ਗਪਪ’ ਨੂੰ ਮੰਨਿਆਂ ਹੈ ਅਤੇ ‘ਗਹੁ ਨਾਲ ਸੋਚੋ’ ਤੇ ‘ਦ੍ਰਿੜ੍ਹ ਕਰੋ’ ਦੇ ਅਰਥਾਂ ਦੀ ਪ੍ਰੋੜਤਾ ਲਈ ਸ੍ਰੀ ਗੁਰੂ ਗ੍ਰੰਥ ਕੋਸ਼ (ਡਾ: ਗੁਰਚਰਨ ਸਿੰਘ) ਵਿੱਚ ਗੁਰਬਾਣੀ ਦੀਆਂ ਹੇਠ ਲਿਖੀਆਂ ਦੋ ਪੰਕਤੀਆਂ ਦਿੱਤੀਆਂ ਹਨ :

ਐਸਾ ਗਿਆਨੁ ਜਪਹੁ ਮੇਰੇ ਮੀਤਾ॥ (ਅੰ: ੩੩੧)

ਐਸਾ ਗਿਆਨੁ ਜਪਹੁ ਮਨ ਮੇਰੇ॥ (ਅੰ: ੭੨੮)

ਇਸ ਲਈ ਜਾਗਰੂਕ ਵਰਗ ਦੇ ਕੁਝ ਸੂਝਵਾਨ ਵਿਦਵਾਨ ‘‘ਜਪੁ’’ ਸਿਰਲੇਖ ਦਾ ਅਰਥ ਕਰਦੇ ਹਨ : ‘ਵਾਰ ਵਾਰ ਜਪਣ, ਵਿਚਾਰਨ ਤੇ ਦ੍ਰਿੜ੍ਹ ਕਰਨ ਯੋਗ ਬਾਣੀ।’ ਅਜਿਹੇ ਸੱਜਣ ਗ਼ਲਤ ਨਹੀਂ ਹਨ ; ਕਿਉਂਕਿ, ਪ੍ਰੇਰਨਾ ਤਾਂ ਆਖਿਰ ਜਪਣ ਦੀ ਹੈ। ਪਰ, ਐਸੇ ਅਰਥ ਤਦੋਂ ਹੀ ਕੀਤੇ ਜਾ ਸਕਦੇ ਹਨ ਜੇ ‘ਜਪੁ’ ਲਫ਼ਜ਼ ‘ਨਾਂਵ’ ਹੋਣ ਦੀ ਥਾਂ ‘ਵਿਸ਼ੇਸ਼ਣ’ ਹੁੰਦਾ। ਮਹਾਨਕੋਸ਼ ਮੁਤਾਬਿਕ ‘ਜਪੁ’ ਨਾਂਵ ਦਾ ਸੰਸਕ੍ਰਿਤਕ ਵਿਸ਼ੇਸ਼ਣ ਰੂਪ ਹੈ ‘ਜਪਪ’ ਅਤੇ ਗੁਰਬਾਣੀ ਵਿੱਚ ਵਿਸ਼ੇਸ਼ਣੀ ਰੂਪ ਹਨ ‘ਜਪਿ’ ‘ਜਪੈਨੀ’; ਅਰਥ ਹੈ : ਜਪਣ ਯੋਗ । ਜਿਵੇਂ ਹੇਠ ਲਿਖੀ ਤੁਕ ਨੰ: (੧) ਵਿੱਚ ‘ਜਪਿ’ ਵਿਸੇਸ਼ਣ ਹੈ ਨਾਂਵ ‘ਜਗਦੀਸ਼ ਦਾ; ਅਰਥ ਹੈ ‘ਜਪਣ ਯੋਗ ਜਗਦੀਸ਼’ ਅਤੇ ਤੁਕ ਨੰ: (੨) ਵਿੱਚ ‘ਜਪੈਨੀ’ ਵਿਸ਼ੇਸ਼ਣ ਹੈ ਨਾਂਵ ‘ਹਰਿ ਮੰਤ੍ਰ’ ਦਾ, ਤੇ ਅਰਥ ਹੈ ‘ਜਪਣ ਯੋਗ ਹਰਿ ਮੰਤ੍ਰ’:

ਜਪਿ ਜਗਦੀਸੁ ਜਪਉ ਮਨ ਮਾਹਾ॥ (ਜੈਤਸਰੀ ਮ: ੪, ਅੰਗ ੬੯੯)

ਖਤ੍ਰੀ ਬ੍ਰਾਹਮਣੁ ਸੂਦੁ ਵੈਸੁ; ਕੋ ਜਾਪੈ ਹਰਿ ਮੰਤ੍ਰੁ ਜਪੈਨੀ॥ (ਬਿਲਾਵਲੁ ਮ: ੪, ਅੰਗ ੮੦੦)

ਉਪਰੋਕਤ ਸਾਰੀ ਵਿਚਾਰ ਦਾ ਸਾਰੰਸ਼ ਇਹ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਿ ਮੰਗਲਾਚਰਨ ‘ੴ ਤੋਂ ਗੁਰ ਪ੍ਰਸਾਦਿ’ ਉਪਰੰਤ ‘ਜਪੁ’ ਬਾਣੀ ਦਾ ਸਿਰਲੇਖ ਰੂਪ ਨਾਮ ਹੈ, ਜਿਵੇਂ ‘ਸੋ ਦਰੁ’, ‘ਸੋ ਪੁਰਖੁ’ ‘ਸੋਹਿਲਾ’ ‘ਅਨੰਦੁ’ ਤੇ ਸਿਧ ਗੋਸਟਿ’ ਆਦਿ । ਅਰਥ ਹੈ : ਸਿਮਰਨ, ਭਜਨ, ਬੰਦਗੀ। ਇਸ ਦਾ ਪੰਜਾਬੀ ਰੂਪ ਤੇ ਸ਼ੁੱਧ ਉਚਾਰਨ ਹੈ : ਜਪ । ਗੁਰਸਿੱਖ ਸ਼ਰਧਾਲੂ ਸਤਿਕਾਰ ਸਹਿਤ ‘ਜਪੁ’ ਨੂੰ ਜਪੁ-ਜੀ ਸਾਹਿਬ ਆਖਦੇ ਹਨ ਅਤੇ ਇਹ ਬਾਣੀ ਗੁਰੂ ਕਾਲ ਤੋਂ ਹੀ ਗੁਰਸਿੱਖਾਂ ਦੇ ਨਿਤਨੇਮ ਦਾ ਮੁਖ ਅੰਗ ਬਣੀ ਆ ਰਹੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਧਰਮਸ਼ਾਲ ਸ੍ਰੀ ਕਰਤਾਰਪੁਰ ਵਿੱਚਲੇ ਨਿੱਤ ਦੇ ਵਰਤਾਰੇ ਦੀ ਚਰਚਾ ਕਰਦਿਆਂ ‘ਜਪੁ’ ਨੂੰ ‘ਜਾਪੁ’ ਲਿਖਿਆ ਹੈ ਅਤੇ ਦੱਸਿਆ ਹੈ ਕਿ ‘ਗਿਆਨੁ ਗੋਸਟਿ ਚਰਚਾ’ ਦੇ ਰੂਪ ਵਿੱਚ ਸ਼ਬਦ ਦੀ ਅਨਹਦ ਧੁਨੀ ਤਾਂ ਸਦਾ ਉੱਠਦੀ ਰਹਿੰਦੀ ਸੀ; ਭਾਵ ਗੁਰ ਸ਼ਬਦ ਵੀਚਾਰ ਤਾਂ ਸਦਾ ਹੀ ਚੱਲਦੀ ਰਹਿੰਦੀ ਸੀ। ਪਰ, ਅੰਮ੍ਰਿਤ ਵੇਲੇ ‘ਜਾਪੁ’ ਦਾ ਉਚਾਰਣ ਵਿਸ਼ੇਸ਼ ਹੁੰਦਾ ਸੀ :

ਗਿਆਨੁ ਗੋਸਟਿ ਚਰਚਾ ਸਦਾ; ਅਨਹਦਿ ਸਬਦਿ ਉਠੇ ਧੁਨਕਾਰਾ।

ਸੋ ਦਰੁ ਆਰਤੀ ਗਾਵੀਐ ; ਅੰਮ੍ਰਿਤ ਵੇਲੇ ਜਾਪੁ ਉਚਾਰਾ। (ਵਾਰ ੧ ਪਉੜੀ ੩੮)

ਸਤਿਗੁਰੂ ਜੀ ਨੇ ਧਰਮਸਾਲ (ਗੁਰਦੁਆਰਾ) ਦੇ ਅਜਿਹੇ ਸਾਂਝੇ ਤੇ ਸੰਗਤੀ ਪ੍ਰੋਗਰਾਮ ਤੋਂ ਇਲਾਵਾ ਆਪਣੇ ਹਰੇਕ ਸੇਵਕ ਸਿੱਖ ਨੂੰ ‘ਜਪੁ’ (ਜਾਪੁ) ਜੀ ਦਾ ਵਿਚਾਰ-ਪੂਰਵਕ ਤੇ ਸ਼ਰਧਾ ਸਹਿਤ ਨਿੱਤ ਪਾਠ ਕਰਨ-ਸੁਣਨ ਦੀ ਹਦਾਇਤ ਕੀਤੀ। ਇਸ ਤਰ੍ਹਾਂ ਜਪੁ-ਜੀ ਸਾਹਿਬ ਦਾ ਪਾਠ ਹਰ ਗੁਰਸਿੱਖ ਦਾ ਨਿਤਨੇਮ ਹੋ ਕੇ ਜ਼ਿੰਦਗੀ ਦਾ ਅਨਿਖੜਵਾਂ ਅੰਗ ਬਣ ਗਿਆ। ਇਹੀ ਕਾਰਨ ਹੈ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਵਰਗੀ ਗੁਰੂ-ਵਰਸਾਈ ਸ਼ਖ਼ਸੀਅਤ ਵੀ ਅਜਿਹੇ ਨਿਤਨੇਮੀ ਸ਼ਰਧਾਲੂਆਂ ਤੇ ਸਿਦਕਵਾਨਾਂ ਤੋਂ ਵਾਰਨੇ ਬਲਿਹਾਰਨੇ ਜਾਂਦੇ ਆਪਣੀ ਦਿਲੀ-ਭਾਵਨਾ ਇਉਂ ਪ੍ਰਗਟ ਕਰਦੇ ਹਨ :

ਕੁਰਬਾਣੀ ਤਿਨ੍ਹਾਂ ਗੁਰਸਿਖਾਂ, ਅੰਮ੍ਰਿਤ ਵੇਲੈ ਸਰਿ ਨਾਵੰਦੇ। 

ਕੁਰਬਾਣੀ ਤਿਨ੍ਹਾਂ ਗੁਰਸਿਖਾਂ, ਹੋਇ ਇਕ ਮਨਿ ਗੁਰ ਜਾਪੁ ਜਪੰਦੇ। (ਭਾਈ ਗੁਰਦਾਸ ਜੀ, ਵਾਰ ੧੨ ਪਉੜੀ ੨)

ਗੁਰਬਾਣੀ ਦੇ ਸ਼ੁੱਧ ਉਚਾਰਨ ਲਈ ਵਿਆਕਰਣਿਕ ਸੇਧਾਂ ਦੀ ਸਾਰਥਕਿਤਾ ਤੇ ਮਹੱਤਵ

0

ਗੁਰਬਾਣੀ ਦੇ ਸ਼ੁੱਧ ਉਚਾਰਨ ਲਈ ਵਿਆਕਰਣਿਕ ਸੇਧਾਂ ਦੀ ਸਾਰਥਕਿਤਾ ਤੇ ਮਹੱਤਵ

ਗਿ. ਜਗਤਾਰ ਸਿੰਘ ਜਾਚਕ

ਜੁਗੋ-ਜੁਗ ਅਟੱਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿਖੇ ਇਸ ਅਟੱਲ ਸਚਾਈ ਨੂੰ ਪ੍ਰਵਾਨ ਕੀਤਾ ਗਿਆ ਹੈ ਕਿ ਮਹਾਂਪੁਰਖ ਪਰਮਾਤਮਾ ਦੀ ਅੰਮਿ੍ਰਤ ਬਾਣੀ ਨੂੰ ਵਿਚਾਰਨ ਵਾਲੇ ਮਨੁਖ ਵਿਰਲੇ ਹੀ ਮਿਲਦੇ ਹਨ ਪਰ, ਇਹ ਵੀ ਇੱਕ ਅਟਲ ਸਚਾਈ ਹੈ ਕਿ ਜਿਹੜੇ ਕੋਈ ਵਿਚਾਰਦੇ ਹਨ, ਉਹ ਗਿਆਨਵਾਨ ਗੁਰਮੁਖ ਬਣ ਕੇ ਸ੍ਵ-ਸਰੂਪ ਵਿੱਚ ਟਿਕ ਜਾਂਦੇ ਹਨ। ਭਾਵ, ਹੁਕਮੀ ਬੰਦੇ ਬਣ ਕੇ ਅਕਾਲ ਪੁਰਖੁ ਵਿੱਚ ਲੀਨ ਹੋ ਜਾਂਦੇ ਹਨ ਕਿਉਂਕਿ ਗੁਰਬਾਣੀ ਵੀਚਾਰ ਦੁਆਰਾ ਉਹ ਰੱਬੀ ਹੁਕਮ ਨੂੰ ਬੁੱਝ ਕੇ ਆਪਣੇ ਅੰਦਰੋਂ ਵਿੱਥ ਪਾਊ ਹਉਮੈ ਨੂੰ ਮਿਟਾ ਲੈਂਦੇ ਹਨ। ਗੁਰਵਾਕ ਹੈ:
ਬਾਣੀ ਬਿਰਲਉ ਬੀਚਾਰਸੀ; ਜੇ ਕੋ, ਗੁਰਮੁਖਿ ਹੋਇ॥  ਇਹ ਬਾਣੀ ਮਹਾਪੁਰਖ ਕੀ; ਨਿਜ ਘਰਿ ਵਾਸਾ ਹੋਇ॥ (੯੩੫)
ਸਪਸ਼ਟ ਹੈ ਕਿ ਸਚਿਆਰ ਗੁਰਮੁਖ ਮਨੁੱਖ ਬਣ ਕੇ ਜਿਊਣ ਲਈ ਗੁਰਬਾਣੀ ਨੂੰ ਵਿਚਾਰਨਾ ਬਹੁਤ ਅਵਸ਼ਕ ਹੈ ਪਰ ਇਹ ਵੀ ਇੱਕ ਅਟੱਲ ਸਚਾਈ ਹੈ ਕਿ ਗੁਰਬਾਣੀ ਦੀ ਵਿਚਾਰ ਕਰਦਿਆਂ ਗੁਰਮਤੀ ਜੀਵਨ ਦੀ ਸਹੀ ਸੇਧ ਤਦੋਂ ਹੀ ਮਿਲ ਸਕਦੀ ਹੈ, ਜੇ ਅਸੀਂ ਗੁਰਬਾਣੀ ਨੂੰ ਗੁਰਬਾਣੀ ਦੀ ਵਿਆਕਰਣਿਕ ਤੇ ਸਿਧਾਂਤਕ ਰੌਸ਼ਨੀ ਵਿੱਚ ਉਚਾਰੀਏ ਤੇ ਵੀਚਾਰੀਏ ਕਿਉਂਕਿ ਜੇ ਗੁਰਬਾਣੀ ਦੀ ਲਗ-ਮਾਤ੍ਰ ਨਿਯਮਾਵਲੀ ਤੇ ਵਾਕ ਵੰਡ ਦੀ ਵਿਸਰਾਮਿਕ ਜਾਣਕਾਰੀ ਨਾ ਹੋਵੇ ਤਾਂ ਅਰਥਾਂ ਦੇ ਅਨਰਥ ਹੋ ਜਾਂਦੇ ਹਨ; ਜੋ ਸਾਨੂੰ ਗੁਰਮਤੀ ਸੇਧ ਬਖਸ਼ਣ ਦੀ ਥਾਂ ਭਟਕਾਉਣ ਦਾ ਕਾਰਨ ਬਣ ਸਕਦੇ ਹਨ। ਇਹੀ ਕਾਰਣ ਸੀ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਨੇ ਭਾਈ ਗੋਪਾਲਾ ਜੀ ਨੂੰ ਜਪੁਜੀ ਸਾਹਿਬ ਦੇ ਸ਼ੁਧ ਪਾਠ ਕਰਨ ਬਦਲੇ ਘੋੜੇ ਦੀ ਬਖ਼ਸ਼ਿਸ਼ ਕੀਤੀ ਸੀ। ਅਤੇ ‘‘ਕਰਤੇ ਕੀ ਮਿਤਿ ਕਰਤਾ ਜਾਣੈ, ਕੈ ਜਾਣੈ ਗੁਰੁ ਸੂਰਾ॥” ਤੁਕ ਵਿੱਚ ‘ਕੈ’ ਦੀ ਥਾਂ ‘ਕੇ’ ਦਾ ਅਸ਼ੁਧ ਉਚਾਰਨ ਕਰਨ ਵਜੋਂ ਸਿੱਖ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਰੜੀ ਤਾੜਨਾ ਕੀਤੀ ਸੀ ਕਿਉਂਕਿ ‘ਕੈ’ ਦਾ ਅਰਥ ਹੈ: ਜਾਂ ਅਤੇ ‘ਕੇ’ ਦਾ ਅਰਥ ਹੈ: ਕੀ?
ਗਿਆਨੀ ਚੰਦਾ ਸਿੰਘ ਜੀ ਦੇ ਸ਼ਗਿਰਦ ਪੰਡਤ ਗਿਆਨੀ ਹਜ਼ਾਰਾ ਸਿੰਘ ਜੀ (ਭਾਈ ਵੀਰ ਸਿੰਘ ਜੀ ਦੇ ਨਾਨਾ), ਜੋ ਆਪਣੇ ਆਪ ਨੂੰ ਭਾਈ ਮਨੀ ਸਿੰਘ ਜੀ ਦੀ ਸੰਪ੍ਰਦਾਇ ਨਾਲ ਸੰਬੰਧਿਤ ਦੱਸਦੇ ਸਨ, ਨੇ ਸੰਨ ੧੮੯੭-੯੮ ਨੂੰ ਜੈਤਸਰੀ ਦੀ ਵਾਰ ਦੇ ਟੀਕੇ ਦੀ ਭੂਮਿਕਾ ਦੇ ਅੰਤ ਵਿਚ ਗੁਰਬਾਣੀ ਵਿਆਕਰਣ ਦੀ ਲੋੜ ਬਾਰੇ ਕੁਝ ਸ਼ਬਦ ਇਸ ਤਰ੍ਹਾਂ ਅੰਕਿਤ ਕੀਤੇ ਹਨ ਕਿ ਇਹ ਗੱਲ ਪੱਕੀ ਹੈ ਕਿ ਵਯਾਕਰਣ ਅਰਥ ਕਰਨੇ ਵਿਚ ਬਹੁਤ ਕੰਮ ਦਿੰਦਾ ਹੈ ਅਰ ਮਨਘੜਤ ਅਰਥ ਤੇ ਅਨੇਕਾਂ ਤਰ੍ਹਾਂ ਦੀਆਂ ਖਿੱਚਾਂ ਨੂੰ ਜੋ ਲੋਕੀਂ ਆਪੋ ਆਪਣੇ ਮਤਲਬ ਲਈ ਮਾਰਦੇ ਹਨ, ਰੋਕ ਪਾ ਦਿੰਦਾ ਹੈ ਅਰ ਅਰਥ ਦੇ ਅਨਰਥ ਨਹੀਂ ਹੋਣ ਦਿੰਦਾ। ਭਾਵੇਂ ਪੰਜਾਬੀ ਬੋਲੀ ਯਾ ਸੰਸਕਿ੍ਰਤ ਦੇ ਵਯਾਕਰਣ ਦੇ ਸੂਤ੍ਰ ਹਰ ਥਾਂ ਨਹੀਂ ਵਰਤੇ ਜਾ ਸਕਦੇ ਪਰ ਜੇ ਗੁਣੀ ਜਨ ਮਿਹਨਤ ਕਰਨ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਖਰਾ ਵਯਾਕਰਨ ਬਣ ਸਕਦਾ ਹੈ ਕਿਉਂਕਿ ਮਹਾਰਾਜ ਦੀ ਬਾਣੀ ਅਕਾਸ਼ ਦੇ ਤਾਰਿਆਂ ਵਾਙੂੰ ਠੀਕ ਅਰ ਦਿ੍ਰੜ੍ਹ ਨਿਯਮ ਵਿਚ ਚਲਦੀ ਹੈ ਭਾਵੇਂ ਇਕ ਅਣਜਾਣ ਪੁਰਖ ਨੂੰ ਅਕਾਸ਼ ਤਾਰੇ ਖਿਲਰੀ ਹੋਈ ਰੇਤ ਤੋਂ ਕੁਝ ਵਧੀਕ ਨਹੀਂ ਭਾਸਦੇ।
ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ ਸੰਨ ੧੯੫੪ ਵਿਚ ਛਪੀ ਪੁਸਤਕ ‘ਗੁਰਬਾਣੀ ਦੀਆਂ ਲਗਾਂ ਮਾਤ੍ਰਾਂ ਦੀ ਵਿਲੱਖਣਤਾ’ ਦੀ ਭੂਮਿਕਾ ਵਿਚ ਉਨ੍ਹਾਂ ਦੁਆਰਾ ਲਿਖੇ ਸ਼ਬਦ ਵੀ ਗੁਰਬਾਣੀ ਵਿਆਕਰਣ ਤੇ ਨਿਯਮਾਵਲੀ ਦੀ ਲੋੜ ਬਾਰੇ ਸਾਖ ਭਰਦੇ ਹਨ । ‘ਗੁਰਬਾਣੀ ਅੰਦਰ ਆਈਆਂ ਲਗਾਂ-ਮਾਤ੍ਰਾਂ ਸਤਿਗੁਰੂ ਦੀ ਅਗਾਧ ਨੇਤ ਅਨੁਸਾਰ ਅਜਿਹੇ ਗੁਰਮਤਿ ਅਸੂਲਾਂ ਬੱਧੇ (ਸੈੱਟ) ਨਿਯਮਾਂ ਅੰਦਰ ਅਜਿਹੇ ਸੋਭਨੀਕ, ਮੋਤੀਆਂ ਵਾਂਙੂੰ ਜੜੀਆਂ ਹੋਈਆਂ ਹਨ ਕਿ ਇਨ੍ਹਾਂ ਤੋਂ ਬਿਨਾਂ ਕਿਸੇ ਵੀ ਗੁਰਵਾਕ ਪੰਕਤੀ ਦਾ ਭਾਵ ਬਣਦਾ ਹੀ ਨਹੀਂ, ਅਧੂਰਾ ਹੀ ਰਹਿੰਦਾ ਹੈ, ਪੂਰਾ ਹੁੰਦਾ ਹੀ ਨਹੀਂ । ਗੁਰਬਾਣੀ ਦਾ ਤੱਤ ਆਸ਼ਾਵੀ ਭਾਵ ਇਨ੍ਹਾਂ ਲਗਾਂ-ਮਾਤ੍ਰਾਂ ਅੰਦਰ ਹੀ ਗੁਪਤ ਹੈ ਅਤੇ ਅਜਿਹੀ ਤੱਤ ਮਰਯਾਦਾ ਅੰਦਰ ਗੁੰਫਤ ਹੈ ਕਿ ਸਮਗ੍ਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਇਕ ਰਸ ਨਿਯਮ ਪਰੋਤਾ ਪੂਰਤ ਸੰਧੂਰਤ ਹੈ। ਵਿਲੱਖਣਤਾਮਈ ਵਾਧਾ ਇਹ ਹੈ ਕਿ ਇਨ੍ਹਾਂ ਲਗਾਂ-ਮਾਤ੍ਰਾਂ ਅੰਦਰ ਨਿਯਮਤ ਹੋਏ ਗੁਰਬਾਣੀ ਦੇ ਭਾਵ ਇੱਕ ਤੋਂ ਅਨੇਕ ਨਹੀਂ ਹੋ ਸਕਦੇ। ਇੱਕ ਗੁਰ-ਵਾਕ ਪੰਕਤੀ ਦਾ ਭਾਵ ਇੱਕੋ ਹੀ ਰਹਿੰਦਾ ਹੈ।’
ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਗਿਆਨੀ ਜੁਗਿੰਦਰ ਸਿੰਘ ਵੇਦਾਂਤੀ ਜੀ, ਸਤਿਕਾਰਯੋਗ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦੇ ਵਿਦਿਆਰਥੀ ਰਹੇ ਹਨ। ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਰਤਸਰ ਵੱਲੋਂ ਪ੍ਰਕਾਸ਼ਿਤ ਹੋਣ ਵਾਲੇ ਜੁਲਾਈ ੨੦੧੨ ਦੇ ਗੁਰਮਤਿ ਪ੍ਰਕਾਸ਼ ਵਿੱਚ ‘ਗੁਰਬਾਣੀ ਦੀ ਲਗ-ਮਾਤ੍ਰ ਨਿਯਮਾਵਲੀ: ਖੋਜ ਤੇ ਸੰਭਾਵਨਾ’ ਦੇ ਸਿਰਲੇਖ ਹੇਠ ‘ਖਾਲਸਾ’ ਜੀ ਦੇ ਵਿਚਾਰਾਂ ਨੂੰ ਇਉਂ ਪ੍ਰਗਟ ਕੀਤਾ ਹੈ। ਪੰਨਾ ੧੮੯ ਦੇ ਸ਼ਬਦ ‘‘ਕਰ ਕਰਿ ਟਹਲ; ਰਸਨਾ ਗੁਣ ਗਾਵਉ॥” ਦੀ ਵਿਆਖਿਆ ਕਰਦੇ ਸਮੇਂ ਇਹ ਕਹਿ ਰਹੇ ਹਨ ਕਿ ‘ਕਰ’ ਸ਼ਬਦ ਮੁਕਤੇ ਨਾਲ, ਹੱਥਾਂ ਦਾ ਵਾਚਕ ਹੈ, ‘ਰ’ ਨੂੰ ਸਿਹਾਰੀ ਨਾਲ ਕਿਰਿਆ ਦਾ ਵਾਚਕ ਹੈ, ‘ਕਰ ਕਰਿ’ ਵਿਆਕਰਣ ਵੀ ਵਿਚੇ ਰਖਿਆ ਪਿਆ ਹੈ।
ਗੁਰਬਾਣੀ ਦੀ ਲਗ ਮਾਤ੍ਰੀ ਨਿਯਮਾਵਲੀ ਦੇ ਵਿਸ਼ੇ ਤੇ ਕੁਝ ਹੇਠ ਲਿਖੀਆਂ ਪੁਸਤਕਾਂ ਵਰਨਣ ਯੋਗ ਹਨ। ਜਿਵੇਂ ‘ਸ਼ਬਦਾਂਤਿਕ ਲਗਾਂ ਮਾਤ੍ਰਾਂ ਦੇ ਗੁੱਝੇ ਭੇਦ’ ਪਿ੍ਰੰ. ਤੇਜਾ ਸਿੰਘ ਜੀ, ‘ਗੁਰਬਾਣੀ ਵਿਆਕਰਣ’ ਪ੍ਰੋ. ਸਾਹਿਬ ਸਿੰਘ ਜੀ, ‘ਗੁਰਬਾਣੀ ਦੀਆਂ ਲਗਾਂ ਮਾਤ੍ਰਾਂ ਦੀ ਵਿਲੱਖਣਤਾ’ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ, ‘ਨਵੀਨ ਗੁਰਬਾਣੀ ਵਿਆਕਰਣ’ ਗਿ. ਹਰਬੰਸ ਸਿੰਘ ਜੀ ਅਤੇ ‘ਗੁਰਬਾਣੀ ਦਾ ਸਰਲ ਵਿਆਕਰਣ-ਬੋਧ’ ਭਾਈ ਜੋਗਿੰਦਰ ਸਿੰਘ ਜੀ ਤਲਵਾੜਾ ਆਦਿਕ।
ਪ੍ਰੋਫੈਸਰ ਸਾਹਿਬ ਸਿੰਘ ਜੀ ਹੁਰਾਂ ਲਿਖਿਆ ਹੈ ਕਿ ਦਸੰਬਰ ੧੯੨੦ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ ਸਮੇਂ ਖ਼ਾਲਸਾ ਸਕੂਲ ਗੁਜਰਾਂਵਾਲੇ ਦੇ ਗੁਰਦੁਆਰੇ ਵਿੱਚ ਅਖੰਡ ਪਾਠ ਕਰਦਿਆਂ ਦੋ ਤਿੰਨ ਤੁਕਾਂ ਦੀ ਵਿੱਥ ’ਤੇ ਹੀ ਲਫ਼ਜ਼ ‘ਸਬਦ’ ਤਿੰਨ ਰੂਪਾਂ ਵਿੱਚ ਆ ਗਿਆ- ‘ਸਬਦੁ’ ‘ਸਬਦਿ’ ‘ਸਬਦ’। ਸੁਤੇ ਹੀ ਇਹ ਖ਼ਿਆਲ ਮੇਰੇ ਮਨ ਵਿੱਚ ਪੈਦਾ ਹੋਇਆ ਕਿ ਇੱਕੋ ਹੀ ਲਫ਼ਜ਼ ਦੇ ਇਹ ਤ੍ਰੈ ਵੱਖਰੇ ਵੱਖਰੇ ਰੂਪ ਹਨ। ਐਸਾ ਕਿਉਂ ? ਗੁਰੂ ਨੇ ਮਿਹਰ ਕੀਤੀ ਤੇ ਕੁਝ ਸੂਝ ਪੈ ਗਈ। ਉਹੀ ਲਗਾਂ-ਮਾਤ੍ਰਾਂ ਜਿਨ੍ਹਾਂ ਵਲ ਪਹਿਲਾਂ ਕਦੇ ਧਿਆਨ ਨਹੀਂ ਸੀ ਦਿੱਤਾ, ਹੁਣ ਖ਼ਾਸ ਲੋੜੀਂਦੀਆਂ ਜਾਪਣ ਲੱਗੀਆਂ। ਬਸ, ਇਥੋਂ ਹੀ ‘ਗੁਰਬਾਣੀ ਵਿਅਕਰਣ’ ਪੁਸਤਕ ਦਾ ਮੁੱਢ ਬੱਝਾ।
ਉੁਪਰੋਕਤ ਸਾਰੀ ਵੀਚਾਰ ਦਾ ਸਾਰੰਸ਼ ਇਹ ਹੈ ਕਿ ਜਿਵੇਂ ਸਾਇੰਸਦਾਨ ਵਿਗਿਆਨੀਆਂ ਨੇ ਤਰਲ ਜਾਂ ਠੋਸ ਵਸਤੂਆਂ ਨੂੰ ਬਨਾਉਣ ਦੇ ਨਿਯਮ ਆਪਣੇ ਕੋਲੋਂ ਨਹੀਂ ਘੜੇ, ਕੁਦਰਤ ਦੇ ਸਰਬ-ਵਿਆਪਕ ਵਰਤਾਰੇ ਵਿ‘ਚੋਂ ਲ‘ਭੇ ਹਨ । ਤਿਵੇਂ ਹੀ ਗੁਰਬਾਣੀ ਵਿਆਕਰਣ ਦੀਆਂ ਪੁਸਤਕਾਂ ਲਿਖਣ ਦਾ ਉਪਕਾਰ ਕਰਨ ਵਾਲੇ ਵਿਦਵਾਨ ਸੱਜਣਾਂ ਨੇ ਵਿਆਕਰਣਿਕ ਨਿਯਮ ਆਪ ਨਹੀਂ ਘੜੇ। ਸਗੋਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਦਰਲੀ ਅੰਮਿ੍ਰਤ ਬਾਣੀ ਨੂੰ ਖੋਜ ਖੋਜ ਕੇ ਲੱਭੇ ਹਨ ਕਿਉਂਕਿ, ਗੁਰਬਾਣੀ ਨੂੰ ਸ਼ਰਧਾ ਸਹਿਤ ਵਿਚਾਰਦਿਆਂ ਉਹ ਇਸ ਨਤੀਜੇ ’ਤੇ ਪਹੁੰਚ ਗਏ ਸਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੁੱਢਲੇ ਸਰੂਪ ‘ਪੋਥੀ ਸਾਹਿਬ’ ਦੀ ਸੰਪਾਦਨਾਂ ਵੇਲੇ, ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਪਾਸੋਂ ਗੁਰਬਾਣੀ ਨੂੰ ਕੁਝ ਵਿਸ਼ੇਸ਼ ਵਿਆਕਰਣਿਕ ਨਿਯਮਾਂ ਅਨੁਸਾਰ ਲਿਖਵਾਇਆ ਹੈ। ਗੁਰਬਾਣੀ ਸਬੰਧੀ ਭੁਲੇਖਿਆਂ ਤੋਂ ਬਚਾਉਣ ਲਈ ਜਿਥੇ ਕੁਝ ਵਿਸ਼ੇਸ਼ ਸੂਚਨਾਵਾਂ ਦਰਜ ਕਰਵਾਈਆਂ ਹਨ। ਉਥੇ, ਅੰਕਾਂ ਅਤੇ ਲਫ਼ਜ਼ਾਂ ਦੇ ਸ਼ੁੱਧ ਉਚਾਰਨ ਲਈ ਵਿਸ਼ੇਸ਼ ਵਿਆਕਰਣਿਕ ਸੇਧਾਂ ਵੀ ਬਖਸ਼ੀਆਂ ਹਨ। ਲੋੜ ਤਾਂ ਉਨ੍ਹਾਂ ਨਿਯਮਾਂ ਨੂੰ ਲੱਭਣ ਤੇ ਸਮਝਣ ਦੀ ਹੈ, ਤਾਂ ਜੋ ਉਨ੍ਹਾਂ ਮੁਤਾਬਿਕ ਗੁਰਬਾਣੀ ਦਾ ਉਚਾਰਨ ਸ਼ੁੱਧ ਹੋ ਸਕੇ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਵਿਚਾਰਪੂਰਵਕ ਪਾਠ ਕਰਦੇ ਹੋਏ ਅਸੀਂ ਦਰਸ਼ਨ ਕਰਦੇ ਹਾਂ ਕਿ ਜਿਵੇਂ ਰਾਗਬੱਧ ਬਾਣੀਆਂ ਦੇ ਸਿਰਲੇਖਾਂ ਵਿੱਚ ‘ਮਹਲਾ’ ਅਤੇ ‘ਘਰੁ’ ਲਫ਼ਜ਼ਾਂ ਨਾਲ ਹਿੰਦਸਿਆਂ ਵਿੱਚ ਲਿਖੇ ਅੰਕਾਂ ਦੇ ਸ਼ੁੱਧ ਉਚਾਰਨ ਲਈ, ਅਖਰਾਂ ਵਿੱਚ ‘ਪਹਿਲਾ’, ‘ਦੂਜਾ’ ਤੇ ‘ਤੀਜਾ’ ਲਿਖ ਕੇ ਸੇਧ ਬਖਸ਼ੀ ਗਈ ਹੈ ਕਿ ਇਨ੍ਹਾਂ ਅੰਕਾਂ ਨੂੰ ਇੱਕ, ਦੋ ਜਾਂ ਤਿੰਨ ਨਹੀਂ ਬੋਲਣਾ। ਪਹਿਲਾ, ਦੂਜਾ ਤੇ ਤੀਜਾ ਬੋਲਣਾ ਹੈ ਕਿਉਂਕਿ, ਇਹ ਕਰਮਵਾਚਕ ਸੰਖਿਅਕ ਵਿਸ਼ੇਸ਼ਣ ਹਨ। ਤਿਵੇਂ ਹੀ ਗੁਰਬਾਣੀ ਦੀ ਲਿਖਾਈ ਅੰਦਰ ਕਈ ਲਫ਼ਜ਼ਾਂ ਨੂੰ ਇੱਕ ਥਾਂ ’ਤੇ ਬਿੰਦੀ ਜਾਂ ਟਿੱਪੀ ਤੋਂ ਬਿਨਾਂ ਲਿਖਿਆ ਹੋਇਆ ਹੈ ਤੇ ਦੂਜੀ ਥਾਂ ਉਨ੍ਹਾਂ ਹੀ ਲਫ਼ਜ਼ਾਂ ਨੂੰ ਬਿੰਦੀ ਤੇ ਟਿੱਪੀ ਸਹਿਤ ਲਿਖਿਆ ਹੋਇਆ ਹੈ ਇਸੇ ਤਰ੍ਹਾਂ ਕਈ ਲਫ਼ਜ਼ ਪੈਰਾਂ ਵਿੱਚ ਲਿਖੇ ‘ਹ’ ਤੋਂ ਬਿਨਾਂ ਹਨ ਅਤੇ ਕਈ ਥਾਈਂ ਉਨ੍ਹਾਂ ਹੀ ਲਫ਼ਜ਼ਾਂ ਦੇ ਪੈਰਾਂ ਵਿੱਚ ‘ਹ’ ਅੰਕਿਤ ਕੀਤਾ ਹੋਇਆ ਹੈ। ਗੁਰਬਾਣੀ ਦੀ ਵਿਆਕਰਣਿਕ ਸੋਝੀ ਰੱਖਣ ਵਾਲੇ ਵਿਦਵਾਨਾਂ ਦਾ ਕਥਨ ਹੈ ਕਿ ਗੁਰੂ ਸਾਹਿਬਾਨ ਨੇ ਐਸੀ ਅਗਵਾਈ ਗੁਰਬਾਣੀ ਦੇ ਸ਼ੁਧ ਉਚਾਰਨ ਲਈ ਬਖਸ਼ੀ। ਉਨ੍ਹਾਂ ਦੀ ਇੱਛਾ ਸੀ ਕਿ ਲਫ਼ਜ਼ਾਂ ਨੂੰ ਅਰਥਾਂ ਮੁਤਾਬਿਕ ਸ਼ੁੱਧ ਉਚਾਰਨ ਲਈ ਬਿੰਦੀ, ਟਿੱਪੀ, ਅਧਕ ਤੇ ਪੈਰ ਵਿੱਚ ‘ਹ’ ਆਦਿਕ ਲੋੜ ਅਨੁਸਾਰ ਲਗਾ ਲਿਆ ਜਾਵੇ।
ਜਿਵੇਂ ਸਿਰਲੇਖਾਂ ਵਿੱਚਲੇ ਮਹਲਾ ਲਫ਼ਜ਼ ਤੋਂ ਸੇਧ ਲੈ ਕੇ ‘ਸਲੋਕ ਮਚ ੧’ ਅੰਗ ੮੩‘, ‘ਮਚ ੨’ ਅੰਗ ੮੩‘, ‘ਮਚ ੩’ ਅੰਗ ੮੪‘ ਵਰਗੇ ਸੰਕੇਤਕ ਸਿਰਲੇਖਾਂ ਵਿੱਚ ਵੀ ਹਰ ਥਾਂ ‘ਮਹਲਾ’ ਉਚਾਰਨ ਕੀਤਾ ਜਾਂਦਾ ਹੈ ਅਤੇ ‘ਮਹਲਾ’ ਜਾਂ ‘ਮਚ’ ਲਫ਼ਜ਼ਾਂ ਨਾਲ ਹਿੰਦਸਿਆਂ ਵਿੱਚ ਲਿਖੇ ਕਰਮਵਾਚਕ ਸੰਖਿਅਕ ਵਿਸ਼ੇਸ਼ਣ ਅੰਕਾਂ ਪ੍ਰਤੀ ਬਖਸ਼ੀਆਂ ਕੁਝ ਕੁ ਸੇਧਾਂ ਤੋਂ ਰੌਸ਼ਨੀ ਲੈ ਕੇੈ ਹਰ ਥਾਂ ਮਹਲਾ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ ਤੇ ਨੌਵਾਂ ਬੋਲਿਆ ਜਾਂਦਾ ਹੈ ਤਿਵੇਂ ਹੀ ਥਾਂ ਪਰਥਾਂਅ ਲਫ਼ਜ਼ਾਂ ਨੂੰ ਲੱਗੀਆਂ ਬਿੰਦੀਆਂ, ਟਿੱਪੀਆਂ ਤੇ ਪੈਰੀਂ ਅਖਰਾਂ ਤੋਂ ਸੇਧ ਲੈ ਕੇ, ਉਸ ਸ਼੍ਰੇਣੀ ਦੇ ਬਾਕੀ ਲਫ਼ਜ਼ਾਂ ਨੂੰ ਵੀ ਹੋਰਨੀ ਥਾਈਂ ਉਸੇ ਰੂਪ ਵਿੱਚ ਉਚਾਰਿਆ ਜਾਏ। ਜਿਵੇਂ:
1 – ਜੋ ਤੁਧੁ ਭਾਵੈ, ਸਾਈ ਭਲੀ ਕਾਰ ॥ (ਜਪੁ ਜੀ)
2 – ਸਾਈ ਨਾਮੁ ਅਮੋਲੁ, ਕੀਮ ਨ ਕੋਈ ਜਾਣਦੋ ॥ (ਅੰਗ ੮੧)
3 – ਹਭਿ ਕੂੜਾਵੇ ਕੰਮ, ਇਕਸੁ ਸਾਈ ਬਾਹਰੇ ॥ (ਅੰਗ ੭੦੯)
ਤੁਕ ਨੰਬਰ (੧) ਵਿੱਚ ‘ਸਾਈ’ ਲਫ਼ਜ਼ ਦਾ ਅਰਥ ਹੈ: ਉਹ ਅਥਵਾ ਉਹੀ, ਤੇ ਉਚਾਰਨ ਹੈ ਬਿੰਦੀ ਰਹਿਤ ‘ਸਾਈ’ ਪਰ, ਤੁਕ ਨੰਬਰ (੨) ਅਤੇ (੩) ਵਿੱਚ ‘ਸਾਈ’ ਲਫ਼ਜ਼ ਦਾ ਅਰਥ ਹੈ: ਮਾਲਕ ਅਕਾਲਪੁਰਖੁ, ਤੇ ਉਚਾਰਨ ਹੈ ‘ਸਾਈਂ’। ਅਜਿਹੀ ਸੇਧ ਸਾਨੂੰ ਗੁਰਬਾਣੀ ਵਿਚੋਂ ਹੀ ਮਿਲਦੀ ਹੈ, ਜਦੋਂ ਭਗਤ ਫਰੀਦ ਸਾਹਿਬ ਦੇ ਸਲੋਕ ਪੜ੍ਹਦੇ ਹੋਏ ‘‘ਸਾਂਈਂ ਮੇਰੈ ਚੰਗਾ ਕੀਤਾ ਨਾਹੀ ਤ ਹੰ ਭੀ ਦਝਾਂ ਆਹਿ॥” ਅੰਗ ੧੩੭੮‘ ਦੀ ਤੁਕ ਪੜ੍ਹਦੇ ਹਾਂ, ਜਿਸ ਵਿੱਚ ‘ਸਾਂਈਂ’ ਲਫ਼ਜ਼ ਬਿੰਦੀ ਸਹਿਤ ਅੰਕਿਤ ਹੈ।
‘ਗੁਰਬਾਣੀ ਪਾਠ ਦਰਸ਼ਨ’ ਪੁਸਤਕ ਦੀ ਅਠਵੀਂ ਐਡੀਸ਼ਨ ਦੇ ਪੰਨਾ ੪੧੨ ’ਤੇ ਗਿਆਨੀ ਗੁਰਬਚਨ ਸਿੰਘ ‘ਖ਼ਾਲਸਾ’ ਭਿੰਡਰਾਂ ਵਾਲਿਆਂ ਨੇ ਤੁਕ ਨੰਬਰ (੩) ਦੇ ਇਉਂ ਦਰਸ਼ਨ ਕਰਵਾਏ ਹਨ: ਹਭਿ ਕੂੜਾਵੇ ਕੰਮ; ਇਕਸੁ ‘ਸਾਈ’ ਬਾਹਰੇ ॥ (ਸਾਈਂ ਬੋਲੋ)
ਗੁਰਬਾਣੀ ਅੰਦਰ ਨਾਂਵ (Noun) ਲਫ਼ਜ਼ ਨੂੰ ਬਹੁਵਚਨ ਬਨਾਉਣ ਲਈ ਉਸ ਦੇ ਅੰਤ ਵਿੱਚ ਆਮ ਤੌਰ ਤੇ ਬਿੰਦੀ ਸਹਿਤ ਕੰਨਾ ਲਗਾਇਆ ਜਾਂਦਾ ਹੈ। ਜਿਵੇਂ:
1- ਚਰਨ ਕਮਲ, ਭਗਤਾਂ ਮਨਿ ਵੁਠੇ॥ ੧੦੯’ 
2- ਸੋਈ ਧਿਆਈਐ ਜੀਅੜੇ, ਸਿਰਿ ਸਾਹਾਂ ਪਾਤਿਸਾਹੁ॥ ੪੪’ 
3-ਕੀਤਾ ਜਿਸੋ ਹੋਵੈ, ਪਾਪਾਂ ਮਲੋ ਧੋਵੈ; ਸੋ ਸਿਮਰਹੁ ਪਰਧਾਨੁ ਹੇ॥ ੧੦੦੮’ 
ਪਰ, ਇਹੀ ਲ਼ਫ਼ਜ਼ ਹੋਰਨੀ ਕਈ ਥਾਈਂ ਬਿੰਦੀ ਰਹਿਤ ਮਿਲਦੇ ਹਨ। ਜਿਵੇਂ:
(ੳ) – ਨਾਨਕ ਭਗਤਾ ਸਦਾ ਵਿਗਾਸੁ॥ ਜਪੁ ਜੀ‘
(ਅ) – ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ ਰਹਣੁ ਰਜਾਈ॥ ਜਪੁ ਜੀ‘
(ੲ) – ਭਰੀਐ ਮਤਿ ਪਾਪਾ ਕੈ ਸੰਗਿ॥ ਜਪੁਜੀ’ 
ਸਪੱਸ਼ਟ ਹੈ ਕਿ ਉਪਰਲੀਆਂ (੧), (੨) ਤੇ (੩) ਨੰਬਰ ਵਰਗੀਆਂ ਤੁਕਾਂ ਵਿੱਚਲੇ ਲਫ਼ਜ਼ ਸਤਿਗੁਰੂ ਜੀ ਨੇ ਅਗਵਾਈ ਲਈ ਉਦਾਹਰਣ ਵਜੋਂ ਵਰਤੇ ਹਨ, ਤਾਂ ਕਿ ਉਨ੍ਹਾਂ ਤੋਂ ਸੇਧ ਲੈ ਕੇ ਇਸ ਸ਼੍ਰੇਣੀ ਦੇ (ੳ), (ਅ) ਤੇ (ੲ) ਵਰਗੀਆਂ ਤੁਕਾਂ ਵਿੱਚਲੇ ਬਾਕੀ ਸਾਰੇ ਬਹੁਵਚਨੀ ਨਾਂਵ ਰੂਪ ਲਫ਼ਜ਼ਾਂ ਨੂੰ ਬਿੰਦੀਆਂ ਸਹਿਤ ਉਚਾਰਨ ਕੀਤਾ ਜਾਵੇ । ਜਿਵੇਂ ਗੁਰਸਿੱਖਾ, ਸਰਾ, ਬਗਾ, ਭਾਈਆ, ਚੋਟਾ, ਵਡਿਆਈਆ, ਚੰਗਿਆਈਆ, ਬਰਿਆਈਆ, ਕੀਟਾ, ਅਖਰਾ, ਕਾਦੀਆ, ਰਾਗਾ ਆਦਿ। ਕਿਉਂਕਿ, ਇਹ ਸਾਰੇ ਬਹੁਵਚਨ ਹਨ।
ਇਹੀ ਕਾਰਣ ਹੈ ਕਿ ਜਥੇਦਾਰ ਗਿਆਨੀ ਜੁਗਿੰਦਰ ਸਿੰਘ ‘ਵੇਦਾਂਤੀ’ ਜੀ ਨੂੰ ਗੁਰਬਾਣੀ ਵਿਆਕਰਣ ਦਾ ਮਹੱਤਵ ਪਰਗਟ ਕਰਨ ਲਈ ਲਿਖਣਾ ਪਿਆ ਕਿ ਅੱਜ ਦੀਆਂ ਕਈ ਸਤਿਕਾਰਤ ਸੰਪ੍ਰਦਾਵਾਂ ਤੇ ਕੁਝ ਵਿਦਵਾਨ ਗੁਰਬਾਣੀ ਦੀ ਨਿਯਮਾਵਲੀ ਮੰਨਣ ਤੋਂ ਇਨਕਾਰੀ ਹੀ ਨਹੀਂ ਸਗੋਂ ਗਾਹੇ-ਬਗਾਹੇ ਬੇਲੋੜਾ ਵਿਵਾਦ ਵੀ ਖੜ੍ਹਾ ਕਰਦੇ ਹਨ। ਕੁਝ ਕੁ ਸ਼ਰਧਾਲੂ ਵੀਰਾਂ ਦਾ ਵਿਚਾਰ ਹੈ ਕਿ ਗੁਰਬਾਣੀ ਦੀ ਲਿਖਾਈ ਸੁਤੰਤਰ ਹੈ ਅਤੇ ਕਿਸੇ ਨਿਯਮ ਦੇ ਅਧੀਨ ਨਹੀਂ। ਉਨ੍ਹਾਂ ਦਾ ਗੁਰਬਾਣੀ ਪ੍ਰਤੀ ਸਤਿਕਾਰ ਤੇ ਸ਼ਰਧਾ ਮੁਬਾਰਿਕ ਹੈ ਪਰ ਗੁਰਬਾਣੀ ਦੀ ਲਿਖਾਈ ਦਾ ਨਿਯਮ-ਪੂਰਵਕ ਹੋਣਾ ਗੁਰਬਾਣੀ ਦੀ ਗੌਰਵਤਾ ਨੂੰ ਘਟਾਉਂਦਾ ਹਰਗਿਜ਼ ਨਹੀਂ, ਸਗੋਂ ਵਧਾਉਂਦਾ ਹੈ।
ਗੁਰਬਾਣੀ ਦੇ ਦੋ ਰੂਪ ਹਨ-ਭਾਵਾਤਮਿਕ ਅਤੇ ਵਰਣਾਤਮਿਕ। ਗੁਰਬਾਣੀ ਦਾ ਭਾਵਾਤਮਿਕ ਰੂਪ ਗੁਪਤ ਹੈ, ਜੋ ਬਿਲਕੁਲ ਮੌਲਿਕ ਅਤੇ ਸੁਤੰਤਰ ਹੈ। ਗੁਰਬਾਣੀ ਦਾ ਵਰਣਾਤਮਿਕ ਰੂਪ ਪ੍ਰਗਟ ਹੈ ਤੇ ਇਸ ਦਾ ਸੰਬੰਧ ਗੁਰਬਾਣੀ ਦੀ ਲਿਖਣ-ਤਕਨੀਕ ਨਾਲ ਹੈ। ਇਹ ਤਕਨੀਕ ਬੱਝਵੇਂ ਨੇਮਾਂ ਅਨੁਸਾਰ ਹੈ ਤੇ ਇਸ ਵਿਚ ਕੋਈ ਸੰਦੇਹ ਨਹੀਂ ਕਿ ਇਹ ‘ਬੱਝਵੇਂ’ ਨੇਮ ਕਿਸੇ ਹੋਰ ਬੋਲੀ ਜਾਂ ਮਨੁੱਖ ਦੇ ਬਣਾਏ ਵਿਆਕਰਣ ਦੇ ਅਧੀਨ ਨਹੀਂ, ਸਗੋਂ ਸੁਤੰਤਰ ਹਨ। ਇਹ ਨੇਮ ਆਪਣੇ ਆਪ ਵਿਚ ਵਿਲੱਖਣ ਹਨ ਤੇ ਇਨ੍ਹਾਂ ਦੇ ਨਿਰਮਾਤਾ ਗੁਰੂ ਸਾਹਿਬਾਨ ਆਪ ਹੀ ਹਨ। ਰੱਬੀ ਗਿਆਨ ਨੂੰ ਸਧਾਰਨ ਜਗਿਆਸੂਆਂ ਉੱਤੇ ਆਸ਼ਕਾਰਾ (ਪ੍ਰਗਟ) ਕਰਨ ਲਈ ਇਹ ਸੁਜਾਨ ਸਤਿਗੁਰਾਂ ਦੀ ਮਹਾਨ ਦੇਣ ਹਨ। ਇਨ੍ਹਾਂ ਦੀ ਹੋਂਦ ਤੋਂ ਇਨਕਾਰ ਕਰਨਾ ਸੱਚ ਅੱਗੇ ਅੱਖਾਂ ਮੀਟਣ ਦੇ ਤੁਲ ਹੈ। ਲੋੜ ਹੈ ਇਨ੍ਹਾਂ ਨਿਯਮਾਂ ਨੂੰ ਸਮਝਣ ਦੀ ਅਤੇ ਸਮਝ ਕੇ ਸਿੱਖ ਸੰਗਤਾਂ ਵਿਚ ਪ੍ਰਚਾਰਨ ਦੀ, ਤਾਂ ਜੋ ਗੁਰਬਾਣੀ ਦੇ ਗੁਹਜ ਅਤੇ ਅਮੁੱਲੇ ਭਾਵ ਸਹੀ ਰੂਪ ਵਿਚ ਸਮਝੇ ਜਾ ਸਕਣ। (ਦੇਖੋ: ਗੁਰਮਤਿ ਪ੍ਰਕਾਸ਼, ਜੁਲਾਈ ੨੦੧੨)

ਗੁਰਬਾਣੀ ਗਾਇਨ ਤੇ ਪਾਠ ਦੀ ਸ਼ੁੱਧਤਾ ਲਈ ਗੁਰੂ ਬਖਸ਼ੀਆਂ ਹਦਾਇਤਾਂ, ਸੇਧਾਂ ਤੇ ਸੂਚਨਾਵਾਂ

0

ਗੁਰਬਾਣੀ ਗਾਇਨ ਤੇ ਪਾਠ ਦੀ ਸ਼ੁੱਧਤਾ ਲਈ ਗੁਰੂ ਬਖਸ਼ੀਆਂ ਹਦਾਇਤਾਂ, ਸੇਧਾਂ ਤੇ ਸੂਚਨਾਵਾਂ

ਗਿ: ਜਗਤਾਰ ਸਿੰਘ ਜਾਚਕ

ਆਦਿ-ਗੁਰੂ ਨਿਰੰਕਾਰ ਦੇ ਸ਼ਬਦ-ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿਖੇ, ਉਨ੍ਹਾਂ ਦੇ ਸਰਗੁਣ ਸਰੂਪ ਸਤਿਗੁਰੂ ਸਾਹਿਬਾਨ ਤੇ ਭਗਤ-ਜਨਾਂ ਵੱਲੋਂ ਉਚਾਰਨ ਕੀਤੇ ਪ੍ਰਭੂ ਜੀ ਦੀ ਸਿਫ਼ਤ-ਸਾਲਾਹ ਵਾਲੇ ਅਤਿ ਸੋਹਣੇ ਤੇ ਮਨਮੋਹਣੇ ਸ਼ਬਦਾਂ ਨੂੰ ਵੀਚਾਰ ਸਹਿਤ ਗਾਉਣ, ਪੜ੍ਹਣ, ਸੁਣਨ ਅਤੇ ਮੰਨਣ ’ਤੇ ਵਧੇਰੇ ਜ਼ੋਰ ਦਿੱਤਾ ਗਿਆ ਹੈ। ਕਿਉਂਕਿ, ਗੁਰਬਾਣੀ ਨੂੰ ਜੀਵਨ ਦਾ ਆਧਾਰ ਬਣਾ ਕੇ ਜੀਊਣ ਲਈ ਇਹੀ ਸਭ ਤੋਂ ਸਰਲ, ਸੁਖਾਲਾ ਤੇ ਸਾਰਥਕ ਢੰਗ ਹੈ। ਗੁਰਦੇਵ ਜੀ ਮਹਾਰਾਜ ਨੇ ਅੰਮਿ੍ਰਤ ਬਾਣੀ ਦੁਆਰਾ ਲੋਕਾਈ ਨੂੰ ਇਹ ਵੀ ਯਕੀਨ ਦਿਵਾਇਆ ਹੈ ਕਿ ਜਿਹੜਾ ਸੁਭਾਗਾ ਮਨੁੱਖ ਅਜਿਹੀ ਜੀਵਨ-ਜੁਗਤਿ ਅਪਨਾਉਂਦਾ ਹੈ, ਸਤਿਗੁਰੂ ਜੀ ਉਸ ਨੂੰ ਜੀਵਨ ਵਿਚ ਆਉਣ ਵਾਲੀਆਂ ਵਿਕਾਰੀ ਰੁਕਾਵਟਾਂ ਤੋਂ ਬਚਾ ਲੈਂਦਾ ਹੈ। ਕਿਉਂਕਿ, ਅਜਿਹਾ ਸੇਵਕ ਸਿੱਖ ਮੰਦੇ ਪਾਸੇ ਪੈਰ ਹੀ ਨਹੀਂ ਰੱਖਦਾ।

ਜ਼ਿੰਦਗੀ ਦੀਆਂ ਸਮਸਿਆਵਾਂ ਤੋਂ ਘਬਰਾਏ ਹੋਏ ਇੱਕ ਜਗਿਆਸੂ ਨੇ, ਜਦੋਂ ਸੁਵੈਦ-ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੂੰ ਇੱਸ ਪੱਖੋਂ ਸੁੱਰਖਿਆ ਲਈ ਬੇਨਤੀ ਕੀਤੀ ਤਾਂ ਉਸ ਦੁਖੀਏ ਸ਼ਰਨਾਗਤ ਨੂੰ ਗੁਰਦੇਵ ਪਿਤਾ ਜੀ ਨੇ ਉਪਰੋਕਤ ਕਿਸਮ ਦਾ ਦਿਲਾਸਾ ਇਉਂ ਦਿੱਤਾ :

ਪ੍ਰਭ ਬਾਣੀ, ਸਬਦੁ ਸੁਭਾਖਿਆ॥ ਗਾਵਹੁ ਸੁਣਹੁ ਪੜਹੁ ਨਿਤ, ਭਾਈ ! ਗੁਰਿ ਪੂਰੈ ਤੂ ਰਾਖਿਆ॥ ਰਹਾਉ॥ (੬੧੧)

ਕਿਉਂਕਿ ਉਨ੍ਹਾਂ ਦੀ ਦਿ੍ਰਸ਼ਟੀ ’ਚ ਬਾਣੀ ਨੂੰ ਆਧਾਰ ਬਣਾ ਕੇ ਜੀਊਣਾ ਹੀ ਆਦਿ ਗੁਰੂ ਨਿਰੰਕਾਰ ਨਾਲ ਜੁੜ ਕੇ ਜੀਊਣਾ ਸੀ ਅਤੇ ਇਹੀ ਸੀ ਉਨ੍ਹਾਂ ਲਈ ਸੱਚੇ ਨਾਮ ਦਾ ਆਧਾਰ। ਹੇਠ ਲਿਖਿਆ ਗੁਰਵਾਕ ਇਸ ਹਕੀਕਤ ਦਾ ਅਕੱਟ ਪ੍ਰਮਾਣ ਹੈ :

ਮੈ ਸਤਿਗੁਰ ਸੇਤੀ ਪਿਰਹੜੀ ; ਕਿਉ ਗੁਰ ਬਿਨੁ ਜੀਵਾ ? ਮਾਉ !॥ ਮੈ ਗੁਰਬਾਣੀ ਆਧਾਰੁ ਹੈ ; ਗੁਰਬਾਣੀ ਲਾਗਿ ਰਹਾਉ॥ (ਅੰਗ ੭੫੯)

ਇਸ ਲਈ ਮਨੁੱਖੀ ਮਨਾਂ ਨੂੰ ਆਕਰਸ਼ਤ ਕਰਨ ਲਈ ਗੁਰੂ ਸਾਹਿਬਾਨ ਨੇ ‘ਧੁਰ ਕੀ ਬਾਣੀ’ ਨੂੰ ਸੰਪਾਦਿਤ ਕਰਨ ਵੇਲੇ, ਜਿਥੇ ਵੱਖ ਵੱਖ ਕਿਸਮ ਦੇ ਰਾਗਾਂ ਵਿਚ ਦਰਜ ਕਰਨ ਦਾ ਉਪਕਾਰ ਕੀਤਾ। ਉਥੇ, ਪਾਠਕਾਂ ਅਤੇ ਗਾਇਕਾਂ ਨੂੰ ਗਾਉਣ ਤੇ ਭੁਲੇਖਿਆਂ ਤੋਂ ਬਚਾਉਣ ਲਈ ਵਿਆਕਰਣਿਕ, ਕਾਵਿਕ, ਅੰਕੀ ਅਤੇ ਸੰਗੀਤਕ ਸੇਧਾਂ, ਸੂਚਨਾਵਾਂ ਤੇ ਕੁਝ ਵਿਸ਼ੇਸ਼ ਹਦਾਇਤਾਂ ਵੀ ਬਖਸ਼ਿਸ਼ ਕੀਤੀਆਂ ਹਨ। ਇਹ ਵਿਸ਼ੇਸ਼ ਤੌਰ ’ਤੇ ਤਿੰਨ ਕਿਸਮ ਦੀਆਂ ਹਨ। ਪਹਿਲੀਆਂ ਹਨ ‘ਸਿਰਲੇਖਕ’, ਜੋ ਵਖ ਵਖ ਸ਼ਬਦਾਂ ਤੇ ਵਿਸ਼ੇਸ਼ ਬਾਣੀਆਂ ਦੀ ਅਰੰਭਤਾ ਤੋਂ ਪਹਿਲਾਂ ਸਿਰਲੇਖ ਰੂਪ ਵਿਚ ਅੰਕਿਤ ਹਨ। ਜਿਵੇਂ :

(ੳ) ਸੋ ਦਰੁ ਰਾਗੁ ਆਸਾ ਮਹਲਾ ੧ ॥ ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ॥ (ਅੰਗ ੮)

(ਅ) ਸਿਰੀਰਾਗੁ ਮਹਲਾ ੧ ਘਰੁ ਦੂਜਾ ੨॥ ਧਨੁ ਜੋਬਨੁ ਅਰੁ ਫੁਲੜਾ ਨਾਠੀਅੜੇ ਦਿਨ ਚਾਰਿ॥ (ਅੰਗ ੨੩)

(ੲ) ਆਸਾ ਮਹਲਾ ੧॥ ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੈ ਕੀ ਧੁਨੀ॥ (੪੬੨)

(ਸ) ਆਸਾ ਸ੍ਰੀ ਕਬੀਰ ਜੀਉ ਕੇ ਤਿਪਦੇ ੮ ਦੁਤੁਕੇ ੭ ਇਕਤੁਕਾ ੧॥ ਬਿੰਦੁ ਤੇ ਜਿਨਿ ਪਿੰਡੁ ਕੀਆ ਅਗਨਿ ਕੁੰਡ ਰਹਾਇਆ॥ (ਅੰਗ ੪੮੧)

(ਸ) ਰਾਗੁ ਆਸਾਵਰੀ ਘਰੁ ੧੬ ਕੇ ੨ ਮ: ੪ ਸੁਧੰਗ॥ ਹਉ ਅਨਦਿਨੁ ਹਰਿ ਨਾਮੁ ਕੀਰਤਨੁ ਕਰਉ॥ (੩੬੯)

ਦੂਜੀਆਂ ਹਨ ‘ਮੱਧਕਾ’, ਜਿਹੜੀਆਂ ਸ਼ਬਦਾਂ ਦੇ ਦਰਿਮਿਆਨ ਹਨ। ਇਸ ਪ੍ਰਕਾਰ ਦੀਆਂ ਸੇਧਾਂ ਤੇ ਸੂਚਨਾਵਾਂ ਦੇ ਦੋ ਰੂਪ ਹਨ। ਪਹਿਲਾ ਹੈ ਸ਼ਬਦ ਗਾਇਨ ਲਈ ਅਸਥਾਈ ਤੇ ਵੀਚਾਰ ਲਈ ਸ਼ਬਦ ਦੇ ਅਧਾਰ ਤੇ ਸਾਰ ਰੂਪ ਪਦੇ ਨੂੰ ਪ੍ਰਗਟਾਉਂਦੇ ‘ਰਹਾਉ’ ਦੇ ਸੰਕੇਤ। ਦੂਜਾ ਹੈ ਅਰਥਾਂ ਦੀ ਸਪਸ਼ਟਤਾ ਲਈ ਲਗੀਆਂ ਵਿਆਕਰਣਿਕ ਲਗਾਂ ਤੇ ਲਫ਼ਜ਼ਾਂ ਦੇ ਸ਼ੁਧ ਉਚਾਰਨ ਲਈ ਸੰਕੇਤਕ ਤੌਰ ’ਤੇ ਲੱਗੇ ਲਗਾਖਰ (ਬਿੰਦੀ ਤੇ ਟਿੱਪੀ)।

ਤੀਜੀਆਂ ਹਨ ‘ਅੰਤਕ’, ਜਿਹੜੀਆਂ ਸ਼ਬਦਾਂ ਦੇ ਵੱਖ ਵੱਖ ਸੰਗ੍ਰਹਿਆਂ ਤੇ ਵਿਸ਼ੇਸ਼ ਬਾਣੀਆਂ ਦੇ ਅੰਤ ਵਿਚ ਸ਼ਬਦਾਂ ਜਾਂ ਪਦਿਆਂ ਦੇ ਕੁਲ ਜੋੜ ਵਾਲੇ ਅੰਕਾਂ ਤੋਂ ਪਿੱਛੋਂ ਲਿਖੀਆਂ ਹੋਈਆਂ ਹਨ। ਜਿਵੇਂ :

(ੳ) ਗੁਰਦੇਵ ਸਤਿਗੁਰੁ ਪਾਰਬ੍ਰਹਮੁ ਪਰਮੇਸਰੁ ਗੁਰਦੇਵ ਨਾਨਕ ਹਰਿ ਨਮਸਕਰਾ॥ ੧॥ ਏਹੁ ਸਲੋਕੁ ਆਦਿ ਅੰਤਿ ਪੜਣਾ॥ (ਅੰਗ ੨੬੨)

(ਅ) ਰਾਮ ਰਮਤ ਤਿਸੁ ਸਭੁ ਕਿਛੁ ਸੂਝੈ॥ ੫॥ ੯॥ ੨੨॥ ਬਾਈਸ ਚਉਪਦੇ ਤਥਾ ਪੰਚਪਦੇ (ਅੰਗ ੪੮੧)

(ੲ) ਨਾਨਕ ਪਤਿਤ ਪਵਿਤ ਮਿਲਿ ਸੰਗਤਿ ਗੁਰ ਸਤਿਗੁਰ ਪਾਛੈ ਛੁਕਟੀ॥ ੨॥ ੬॥ ਛਕਾ ੧ (ਅੰਗ ੫੨੮)

(ਸ) ਸੋ ਕਰੇ ਜਿ ਤਿਸੈ ਰਜਾਇ॥ ੨੪॥ ੧॥ ਸੁਧੁ (ਅੰਗ ੪੭੫)

(ਹ) ਨਾਨਕ ਮਨਿ ਤਨਿ ਚਾਉ ਏਹੁ ਨਿਤ ਪ੍ਰਭ ਕਉ ਲੋੜੇ॥ ੨੧॥ ੧॥ ਸੁਧੁ ਕੀਚੇ (ਅੰਗ ੩੨੩)

(ਕ) ਕਹੁ ਰਵਿਦਾਸ ਪਾਪੀ ਨਰਕਿ ਸਿਧਾਰਿਆ॥ ੪॥ ੨॥ ੧੧॥ ੭॥ ੨॥ ੪੯॥ ਜੋੜੁ॥ (ਅੰਗ ੮੭੫)

(ਖ) ਦਇਆਲ ਪੁਰਖ ਕਿਰਪਾ ਕਰਹੁ ਨਾਨਕ ਦਾਸ ਦਸਾਨੀ॥ ੮॥ ੩॥ ੧੫॥ ੪੪॥ ਜੁਮਲਾ (ਅੰਗ ੨੪੨)

ਉਪਰ ਵਰਨਣ ਕੀਤੀਆਂ ਤਿੰਨ ਕਿਸਮਾਂ (ਸਿਰਲੇਖਕ, ਮੱਧਕ ਤੇ ਅੰਤਕ) ਦੀਆਂ ਸੇਧਾਂ, ਸੂਚਨਾਵਾਂ ਤੇ ਹਦਾਇਤਾਂ ਦੇ ਵੱਖ ਵੱਖ ਅੰਗਾਂ ਨੂੰ ਵਿਸਥਾਰ ਪੂਰਵਕ ਸਮਝਣ ਲਈ ਹੇਠ ਲਿਖੇ ਅੱਠ ਭਾਗਾਂ ਵਿਚ ਵੰਡ ਕੇ ਵਿਚਾਰਿਆ ਜਾ ਸਕਦਾ ਹੈ। ਜਿਵੇਂ :

  1. ਕਰਤਰੀ : ਉਹ ਸਿਰਲੇਖਕ ਸੂਚਨਾਵਾਂ, ਜਿਨ੍ਹਾਂ ਤੋਂ ਸ਼ਬਦਾਂ ਦੇ ਉਚਾਰਨ ਕਰਤਾ (ਬਾਣੀਕਾਰ) ਦਾ ਬੋਧ ਹੁੰਦਾ ਹੈ। ਜਿਵੇਂ : ਮਹਲਾ ੧॥ ਮ: ੨॥ ਮ: ੩॥ ਮਹਲਾ ੫॥ ਮਹਲਾ ੯ ਅਤੇ ‘ਸ੍ਰੀਰਾਗੁ, ਭਗਤ ਕਬੀਰ ਜੀਉ ਕਾ’॥ ਤੇ ‘ਆਸਾ ਬਾਣੀ ਸ੍ਰੀ ਰਵਿਦਾਸ ਜੀਉ ਕੀ’ ਆਦਿ। ਕਿਉਂਕਿ, ਮਹਲਾ ੧ ਦਾ ਅਰਥ ਹੈ : ਗੁਰੂ ਨਾਨਕ ਸਾਹਿਬ ਜੀ ਦਾ ਪਹਿਲਾ ਸਰੂਪ (ਸਰੀਰ), ਮਹਲਾ ੨ ਦਾ ਅਰਥ ਹੈ : ਗੁਰੂ ਨਾਨਕ ਸਾਹਿਬ ਜੀ ਦਾ ਦੂਜਾ ਸਰੂਪ ਸ੍ਰੀ ਗੁਰੂ ਅੰਗਦ ਸਾਹਿਬ ਅਤੇ ਮਹਲਾ ੩ ਦਾ ਅਰਥ ਹੈ : ਗੁਰੂ ਨਾਨਕ ਸਾਹਿਬ ਜੀ ਦਾ ਤੀਜਾ ਸਰੂਪ ਸ੍ਰੀ ਗੁਰੂ ਅਮਰਦਾਸ ਜੀ ਅਤੇ ਇਸੇ ਤਰ੍ਹਾਂ ਅਰਥ ਹਨ ਮਹਲਾ ੫ ਤੇ ਮਹਲਾ ੯ ਦੇ। ਭਗਤ ਬਾਣੀ ਦੇ ਸਿਰਲੇਖਾਂ ਵਿਚ ਭਗਤ ਕਬੀਰ ਅਤੇ ਰਵਿਦਾਸ ਜੀ ਵਾਂਗ ਸਾਰੇ ਬਾਣੀਕਾਰ ਭਗਤਾਂ ਦੇ ਨਾਂ ਸਪਸ਼ਟ ਹਨ।
  2. ਸੰਗੀਤਕ : ਉਹ ਸਿਰਲੇਖਕ ਸੂਚਨਾਵਾਂ, ਜਿਨ੍ਹਾਂ ਤੋਂ ਸ਼ਬਦਾਂ ਨੂੰ ਗਾਉਣ ਲਈ ਰਾਗ ਅਤੇ ਤਾਲ ਦੀ ਜਾਣਕਾਰੀ ਮਿਲੇ। ਜਿਵੇਂ : ਸਿਰੀਰਾਗੁ, ਮਹਲਾ ੧, ਘਰੁ ੩॥ ਰਾਗੁ ਦੇਵਗੰਧਾਰੀ, ਮਹਲਾ ੫, ਘਰੁ ੬॥ ਗੂਜਰੀ, ਸ੍ਰੀ ਤਿ੍ਰਲੋਚਨ ਜੀਉ ਕੇ ਪਦੇ, ਘਰੁ ੧॥ ਸ੍ਰੀਰਾਗ ਬਾਣੀ ਭਗਤ ਬੇਣੀ ਜੀਉ ਕੀ॥ ਪਹਰਿਆ ਕੈ ਘਰਿ ਗਾਵਣਾ॥ ਰਾਗੁ ਆਸਾਵਰੀ ਘਰੁ ੧੬ ਕੇ ੨ ਮਹਲਾ ੪ ਸੁਧੰਗ॥ ਆਦਿ। ਇਨ੍ਹਾਂ ਸਿਰਲੇਖਾਂ ਵਿਚ ‘ਸਿਰੀਰਾਗੁ’, ‘ਦੇਵਗੰਧਾਰੀ’, ਤੇ ‘ਗੂਜਰੀ’ ਰਾਗਾਂ ਦੇ ਨਾਮ ਹੋਣ ਕਰਕੇ ਅਤੇ ‘ਘਰੁ ੩’, ਘਰੁ ੬, ‘ਘਰੁ ੧’, ‘ਪਹਰਿਆ ਕੈ ਘਰਿ ਗਾਵਣਾ’ ਆਦਿਕ ਸੰਕੇਤ ਗਾਇਕੀ ਤਾਲ ਨਾਲ ਸਬੰਧਤ ਹੋਣ ਕਰਕੇ ਸੰਗੀਤਕ ਸੂਚਨਾਵਾਂ ਅਖਵਾਉਂਦੀਆਂ ਹਨ। ‘ਰਾਗੁ ਆਸਾਵਰੀ ਘਰੁ ੧੬ ਕੇ ੨ ਮਹਲਾ ੪ ਸੁਧੰਗ’ ਸਿਰਲੇਖ ਦੀ ਵਿਆਖਿਆ ਕਰਦਿਆਂ ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਇੰਝ ਲਿਖਿਆ ਹੈ : “ ਸ਼ੁਧ ਅੰਗ ਵਾਲੀ, ਸ਼ੁਧ ਸੁਰ ਵਾਲੀ (ਸੁਧੰਗ)। ਇਥੇ ਆਸਾਵਰੀ ਸ਼ੁਧ ਅੰਗ ਵਾਲੀ ਕਰ ਕੇ ਆਖੀ ਗਈ ਹੈ। ਇਹ ਸੂਚਨਾ ਗਾਉਣ ਦੀ ਤਰਜ਼ ਬਾਬਤ ਹੈ ਕਿ ੧੬ ਤਾਰ ਵਿਚ ਆਸਾਵਰੀ ਸ਼ੁਧ ਅੰਗ ਵਿਚ ਗਾਵਣ ਵਾਲੀ ਹੈ।”
  3. ਕਾਵਿਕ : ਉਹ ਸਿਰਲੇਖਕ ਸੂਚਨਾਵਾਂ, ਜਿਨ੍ਹਾਂ ਤੋਂ ਸ਼ਬਦਾਂ ਦੇ ਛੰਦ ਤੇ ਤਰਜ਼ (ਧੁਨੀ) ਦਾ ਗਿਆਨ ਹੋਵੇ। ਜਿਵੇਂ : ਸਲੋਕੁ, ਮ: ੧ (ਅੰਗ ੮੩) ; ਪਉੜੀ, ਮ: ੫ (ਅੰਗ ੩੧੬); ਆਸਾ, ਮਹਲਾ ੫, ਦੁਪਦੇ (ਅੰਗ ੩੭੮) ਬਿਲਾਵਲੁ, ਮਹਲਾ ੩, ਅਸਟਪਦੀ, ਘਰੁ ੧੦(ਅੰਗ ੮੩੨); ਰਾਗੁ ਸੂਹੀ, ਮਹਲਾ ੧, ਛੰਤੁ, ਘਰੁ ੨ (ਅੰਗ ੭੬੪); ਰਾਗੁ ਵਡਹੰਸੁ, ਮਹਲਾ ੧, ਘਰੁ ੫, ਅਲਾਹਣੀਆ (ਅੰਗ ੫੭੮) ; ਵਡਹੰਸੁ, ਮਹਲਾ ੪, ਘੋੜੀਆ (ਅੰਗ ੫੭੫) ਅਤੇ ‘ਟੁੰਡੇ ਅਸ ਰਾਜੈ ਕੀ ਧੁਨੀ’ (ਅੰਗ ੪੬੨) ਆਦਿਕ ਵਾਰਾਂ ਦੀਆਂ ਧੁਨੀਆਂ ਤੇ ਸਵਈਏ ਆਦਿ।

ਇਨ੍ਹਾਂ ਸਿਰਲੇਖਾਂ ਵਿਚ ‘ਸਲੋਕ’ ਪਉੜੀ, ਦੁਪਦੇ, ਅਸਟਪਦੀ, ਛੰਤ, ਅਲਾਹਣੀਆਂ, ਘੋੜੀਆਂ ਅਤੇ ‘ਟੁੰਡੇ ਅਸ ਰਾਜੈ ਕੀ ਧੁਨੀ’ (ਅੰਗ ੪੬੨) ਆਦਿਕ ਵਾਰਾਂ ਦੀਆਂ ਧੁਨੀਆਂ (ਤਰਜ਼ਾਂ) ਕਾਵਿਕ ਸੂਚਨਾਵਾਂ ਹਨ।

  1. ਨਾਮਕ : ਉਹ ਸਿਰਲੇਖਕ ਸੂਚਨਾਵਾਂ, ਜਿਹੜੀਆਂ ਕਿਸੇ ਵਿਸ਼ੇਸ਼ ਲੰਮੀ ਬਾਣੀ ਦੇ ਤੱਤ ਰੂਪ ਨਾਮ ਨੂੰ ਪ੍ਰਗਟ ਕਰਦੀਆਂ ਹਨ। ਜਿਵੇਂ ‘ਜਪੁ’, ‘ਸੋ ਦਰੁ’, ‘ਸੋ ਪੁਰਖੁ’, ‘ਸੋਹਿਲਾ’, ‘ਸੁਖਮਨੀ’ ਤੇ ‘ਅਨੰਦ’ ਤੇ ‘ਸਿਧ ਗੋਸਿਟ’ ਆਦਿ।
  2. ਹਦਾਇਤੀ : ਉਹ ਸਿਰਲੇਖਕ, ਮੱਧਕਾ ਤੇ ਅੰਤਕ ਸੂਚਨਾਵਾਂ, ਜਿਹੜੀਆਂ ਹਦਾਇਤ (ਆਗਿਆ) ਰੂਪ ਹਨ। ਜਿਵੇਂ : ਏਹੁ ਸਲੋਕੁ ਆਦਿ ਅੰਤਿ ਪੜਣਾ॥ (ਅੰਗ ੨੬੨); ਪਹਰਿਆ ਕੈ ਘਰਿ ਗਾਵਣਾ॥ (ਅੰਗ ੯੩) ‘ਯਾਨੜੀਏ ਕੈ ਘਰਿ’ ਅਤੇ ਸ਼ਬਦਾਂ ਤੇ ਵਿਸ਼ੇਸ਼ ਨਾਂ ਵਾਲੀਆਂ ਬਾਣੀਆਂ ਵਿਚਲੇ ‘ਰਹਾਉ’ ਦੇ ਸੰਕੇਤ।
  3. ਜੋੜੰਕੀ : ਉਹ ਸਿਰਲੇਖਕ ਤੇ ਅੰਤਕ ਸੂਚਨਾਵਾਂ, ਜਿਨਾਂ ਤੋਂ ਵੱਖ ਵੱਖ ਬਾਣੀਆਂ, ਸ਼ਬਦਾਂ ਅਤੇ ਘਰਾਂ ਦੇ ਸੰਗ੍ਰਹਿਆਂ ਅੰਦਰਲੇ ਇੱਕ-ਪਦੇ, ਦੁਪਦੇ, ਤਿਪਦੇ, ਇੱਕ-ਤੁਕੇ, ਦੋ-ਤੁਕੇ ਅਤੇ ਅਸਟਪਦੀਆਂ ਤੇ ਛੰਤਾਂ ਦੇ ਰੂਪ ਵਿਚ ਸ਼ਬਦਾਂ ਤੇ ਪਦਿਆਂ ਦੀ ਗਿਣਤੀ ਦੇ ਕੁਲ ਜੋੜ ਦਾ ਗਿਆਨ ਹੁੰਦਾ ਹੈ। ਵਖ ਵਖ ਸ਼ਬਦ ਸੰਗ੍ਰਹਿਆਂ ਦੇ ਅੰਤਲੇ ਜੋੜ ਅੰਕਾਂ ਨਾਲ ‘ਜੁਮਲਾ’ ਅਤੇ ‘ਜੋੜ’ ਸੂਚਨਾ ਲਿਖ ਕੇ ਵੀ ਗੁਰਦੇਵ ਜੀ ਨੇ ਇਹੀ ਸੋਝੀ ਕਰਵਾਈ ਹੈ ਕਿ ਸ਼ਬਦਾਂ ਦੇ ਅਖੀਰ ਵਿਚ ਲਿਖੇ ਹਿੰਦਸੇ, ਸ਼ਬਦਾਂ ਦੀ ਗਿਣਤੀ ਹੈ, ਜੋੜ ਹੈ। ਕਿਉਂਕਿ, ‘ਜੁਮਲਾ’ ਲਫ਼ਜ਼ ਅਰਬੀ ਭਾਸ਼ਾ ਦਾ ਹੈ ਅਤੇ ਇਸ ਦਾ ਅਰਥ ਹੈ ‘ਜੋੜ’। ਇਸ ਪ੍ਰਕਾਰ ਦੀਆਂ ਸੂਚਨਾਵਾਂ ਤੋਂ, ਜਿਥੇ, ਅਜਿਹੇ ਅੰਕਾਂ ਦੇ ਉਚਾਰਨ ਦਾ ਬੋਧ ਹੁੰਦਾ ਹੈ। ਉਥੇ, ਇਹ ਵੀ ਸੋਝੀ ਹੁੰਦੀ ਹੈ ਕਿ ਸ਼ਬਦਾਂ ਦੇ ਸਿਰਲੇਖਾਂ, ਸ਼ਬਦਾਂ ਦੇ ਦਰਿਮਿਆਨ ਅਤੇ ਅੰਤ ਜਾਂ ਸ਼ਬਦ ਸੰਗ੍ਰਹਿਆਂ ਦੇ ਅੰਤਲੇ ਹਿੰਦਸੇ ਐਵੇਂ ਨਹੀਂ; ਉਨ੍ਹਾਂ ਦਾ ਕੋਈ ਅਰਥ ਹੈ ਅਤੇ ਉਹ ਗੁਰਬਾਣੀ ਰੂਪ ਅੰਮਿ੍ਰਤ-ਭੋਜਨ ਨੂੰ ਬਿਖ ਰੂਪ ਬਾਹਰੀ ਰਲੇਵਿਆਂ ਤੋਂ ਬਚਾਉਣ ਲਈ ਕਿੰਨੇ ਲੁੜੀਂਦੇ ਹਨ। ਜਿਵੇਂ ਸਿਰਲੇਖਕ ਸੂਚਨਾ ਹੈ : ਆਸਾ ਸ੍ਰੀ ਕਬੀਰ ਜੀਉ ਕੇ ਤਿਪਦੇ ੮ ਦੁਤੁਕੇ ੭ ਇਕਤੁਕਾ ੧॥ (ਅੰਗ ੪੮੧) ਇਸ ਸਿਰਲੇਖ ਵਿਚ ‘ਤਿਪਦੇ ੮, ਦੁਤੁਕੇ ੭ ਅਤੇ ਇਕਤੁਕਾ ੧, ਜੋੜੰਕੀ ਹਨ। ਕਿਉਂਕਿ, ਇਹ ਭਗਤ ਕਬੀਰ ਸਾਹਿਬ ਜੀ ਦੇ ਇਸ ਰਾਗ ਅੰਦਰਲੇ ਅਗਲੇ ਸ਼ਬਦਾਂ ਦਾ ਵੇਰਵਾ ਹੈ।

ਸਿਰਲੇਖਕ ਜੋੜੰਕੀ ਸੂਚਨਾਵਾਂ ਦਾ ਦੂਜਾ ਰੂਪ ਹੈ ਚਰਨਾਤਮਿਕ। ਇਹ ਹਨ ਰਾਗਾਂ ਦੇ ਨਾਵਾਂ ਅਤੇ ਚਉਪਦੇ ਤੇ ਪੰਚਪਦੇ ਆਦਿਕ ਲਫ਼ਜ਼ਾਂ ਦੇ ਚਰਨੀਂ ਲਟਕਵੇਂ ਰੂਪ ਲਿਖੇ ਗਣਿਤ ਅੰਕ। ਅਜਿਹੇ ਗਣਿਤ ਅੰਕ ਜਦੋਂ ਰਾਗ ਦੇ ਨਾਂ ਥੱਲੇ ਲਿਖੇ ਹੋਣ ਤਾਂ ਉਹ ‘ਘਰ’ ਦੇ ਪ੍ਰਤੀਕ ਹੁੰਦੇ ਹਨ ਅਤੇ ਜਦੋਂ ਚਉਪਦੇ ਤੇ ਪੰਚਪਦੇ ਲਫ਼ਜ਼ਾਂ ਥੱਲੇ ਲਿਖੇ ਹੋਣ, ਉਦੋਂ ਉਸ ਸੰਗ੍ਰਹਿ ਦੇ ਸ਼ਬਦਾਂ ਦੀ ਗਿਣਤੀ ਪ੍ਰਗਟ ਕਰਦੇ ਹਨ।

ਪਾਠਕ ਜਨ ਉਦਾਹਰਣ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ੨੧੨ ਅਤੇ ੩੫੬ ਦੇ ਦਰਸ਼ਨ ਕਰ ਸਕਦੇ ਹਨ। ੨੧੨ ਅੰਗ ’ਤੇ ਸ਼ਬਦ ਨੰਬਰ ੧੪੭ ਦਾ ਸਿਰਲੇਖ ਹੈ ‘ਗਉੜੀ ਮਹਲਾ ੫’॥ ਪਾਠਕ ਦੇਖਣਗੇ ਕਿ ਉਥੇ ‘ਗਉੜੀ’ ਲਫ਼ਜ਼ ਦੇ ਹੇਠਾਂ ਛੋਟੇ ਹਿੰਦਸਿਆਂ ਵਿਚ ਲਿਖਿਆ ਹੈ ਅੰਕ ੨। ਇਸ ਦਾ ਅਰਥ ਹੈ : ਰਾਗ ਗਉੜੀ, ਘਰ ੨ (ਦੂਜਾ)।

ਜੋੜੰਕੀ ਸੂਚਨਾਵਾਂ ਦਾ ਤੀਜਾ ਰੂਪ ਹੈ, ਕਿਸੇ ਸ਼ਬਦ ਸੰਗ੍ਰਹਿ ਦੇ ਅੰਤ ਵਿਚ ਲਿਖੇ ਅੰਕਾਂ ਦੀ ਵਿਆਖਿਆ। ਜਿਵੇਂ, ਰਾਮ ਰਮਤ ਤਿਸੁ ਸਭੁ ਕਿਛੁ ਸੂਝੈ॥ ੫॥ ੯॥ ੨੨॥ ਬਾਈਸ ਚਉਪਦੇ ਤਥਾ ਪੰਚਪਦੇ (ਅੰਗ ੪੮੧)

‘ਬਾਈਸ ਚਉਪਦੇ ਤਥਾ ਪੰਚਪਦੇ’ ਜੋੜੰਕੀ ਸੂਚਨਾ ਹੈ। ਕਿਉਂਕਿ, ਇਹ ਸ਼ਬਦ ਸੰਗ੍ਰਹਿ ਦੇ ਅੰਤ ਵਿਚ ਲਿਖੇ ਜੋੜ ਅੰਕ ੨੨ ਦੀ ਵਿਆਖਿਆ ਹੈ।

  1. ਸੰਪਾਦਕੀ : ਅੰਤਕ ਸੂਚਨਾਵਾਂ ਤੇ ਹਦਾਇਤਾਂ ਦਾ ਉਹ ਭਾਗ, ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਨਾ ਕਾਲ ਨਾਲ ਜੁੜਿਆ ਹੋਇਆ ਹੈ। ਰਾਗਾਂ ਦੀਆਂ ਕੁਝ ਵਾਰਾਂ ਦੇ ਅੰਤ ਵਿਚ ਜੋੜ-ਅੰਕਾਂ ਤੋਂ ਪਿਛੋਂ ‘ਸੁਧੁ’ ਅਤੇ ‘ਸੁਧੁ ਕੀਚੇ’ ਦੀਆਂ ਸੂਚਨਾਵਾਂ ਅੰਕਤ ਹਨ। ਇਨ੍ਹਾਂ ਬਾਰੇ ਸ਼੍ਰੋਮਣੀ ਕਮੇਟੀ ਦੁਆਰਾ ਪ੍ਰਕਾਸ਼ਿਤ ਹੋ ਰਹੇ ‘ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ’ ਦੇ ਪੰਨਾ ੯੧ ’ਤੇ ਨੋਟ ਇੰਝ ਹੈ : “ਕਈ ਵਾਰਾਂ ਦੇ ਅੰਤ ਵਿਚ ‘ਸੁਧੁ’ ਆਉਂਦਾ ਹੈ। ਇਸ ਦਾ ਭਾਵ ਕਿ ਲਿਖਤ ਅਸਲ ਨਾਲ ਮੇਲ ਕੇ ਸੋਧੀ ਹੋਈ ਠੀਕ ਹੈ। ਕਈ ਥਾਂ ‘ਸੁਧੁ ਕੀਚੇ’ ਹੈ, ਜੋ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਆਪਣੇ ਲਿਖਾਰੀ ਭਾਈ ਗੁਰਦਾਸ ਜੀ ਨੂੰ ਚਿਤਾਵਨੀ (ਆਗਿਆ) ਹੈ ਕਿ ਇਸ ਬਾਣੀ (ਲਿਖਤ) ਨੂੰ ਅਸਲ ਨਾਲ ਮੇਲ ਕੇ ਸੋਧ ਲੈਣਾ।” ਜਿਵੇਂ :

ਜਿਉ ਭਾਵੈ ਤਿਉ ਰਖੁ ਤੂੰ ਸਚਿਆ ਨਾਨਕ ਮਨਿ ਆਸ ਤੇਰੀ ਵਡ ਵਡੇ॥ ੩੩॥ ੧॥ ਸੁਧੁ॥ – ਗਉੜੀ ਕੀ ਵਾਰ : ੧ (ਮ: ੪, ਅੰਗ ੩੧੭)

ਨਾਨਕ ਮਨਿ ਤਨਿ ਚਾਉ ਏਹੁ ਨਿਤ ਪ੍ਰਭ ਕਉ ਲੋੜੇ॥ ੨੧॥ ੧॥ ਸੁਧੁ ਕੀਚੇ – ਗਉੜੀ ਕੀ ਵਾਰ : ੨ (ਮ: ੫, ਅੰਗ ੩੨੩)

ਕਰਤਾਰਪੁਰੀ ਬੀੜ ਵਿਚ ਇਹ ਸੰਪਾਦਕੀ ਸੂਚਨਾਵਾਂ ਹਾਸ਼ੀਏ ਤੋਂ ਬਾਹਰ ਟੇਢੇ ਅਖਰਾਂ ਵਿਚ ਲਿਖੀਆਂ ਮਿਲਦੀਆਂ ਹਨ। ਅਜਿਹੀਆਂ ਸੂਚਨਾਵਾਂ ਨੂੰ ਵਾਰਾਂ ਦੇ ਅੰਤ ਵਿਚ ਤੁਕਾਂ ਨਾਲ ਜੋੜ ਕੇ ਲਿਖਣਾ ਉਤਾਰੇ (ਕਾਪੀ) ਕਰਨ ਵਾਲੇ ਲਿਖਾਰੀਆਂ ਦੀ ਭੁੱਲ ਹੈ।

  1. ਉਚਾਰਨਤਮਿਕ : ਉਹ ਸੇਧਾਂ, ਜਿਹੜੀਆਂ ਵਿਆਕਰਣਿਕ ਦਿ੍ਰਸ਼ਟੀਕੋਨ ਤੋਂ ਗੁਰਬਾਣੀ ਦੇ ਸ਼ੁਧ-ਉਚਾਰਨ ਨਾਲ ਸਬੰਧਤ ਹਨ। ਇਹ ਇੱਕ ਵੱਖਰਾ ਤੇ ਲੰਬੇਰਾ ਵਿਸ਼ਾ ਹੈ। ਪਰ, ਚੂੰਕਿ, ਕੁਝ ਉਚਾਰਨਤਮਕ ਸੇਧਾਂ ਸਿਰਲੇਖਕ ਤੇ ਅੰਕਤ ਸੂਚਨਾਵਾਂ ਨਾਲ ਸਬੰਧਤ ਅੰਕਾਂ ਦੇ ਉਚਾਰਨ ਪ੍ਰਤੀ ਹਨ, ਜਿਨ੍ਹਾਂ ਦਾ ਇਥੇ ਜ਼ਿਕਰ ਕਰਨਾ ਲਾਜ਼ਮੀ ਹੈ। ਜਿਵੇਂ ਹੇਠ ਲਿਖੀਆਂ ਸਿਰਲੇਖਕ ਤੇ ਅੰਤਕ ਸੂਚਨਾਵਾਂ ਵਿਚ ‘ਮਹਲਾ’ ਅਤੇ ‘ਘਰੁ’ ਨਾਵਾਂ ਨਾਲ ਅੰਕ ੧, ੨, ੩, ੪ ਅਤੇ ੫ ਨੂੰ ਅਖਰਾਂ ਵਿਚ ਲਿਖ ਕੇ ਪਹਿਲਾ, ਦੂਜਾ, ਤੀਜਾ, ਚਉਥਾ ਅਤੇ ਪੰਜਵੇਂ ਕੇ ਬੋਲਣ ਦੀ ਹਦਾਇਤ ਕੀਤੀ ਗਈ ਹੈ। ਕਿਉਂਕਿ, ਵਿਆਕਰਣਿਕ ਦਿ੍ਰਸ਼ਟੀ ਤੋਂ ਇਹ ਅੰਕ ਕਰਮ-ਵਾਚਕ ਸੰਖਿਅਕ ਵਿਸ਼ੇਸ਼ਣ ਹਨ, ਸਧਾਰਨ ਸੰਖਿਅਕ ਵਿਸ਼ੇਸਣ ਨਹੀਂ।

ਸੋਰਠਿ ਮਹਲਾ ੧ ਪਹਿਲਾ ਦੁਤੁਕੀ॥ (ਅੰਗ ੬੩੬)

ਸਿਰੀਰਾਗੁ ਮਹਲਾ ੧ ਘਰੁ ਦੂਜਾ ੨॥ (ਅੰਗ ੨੫)

ਹੁਕਮੁ ਪਛਾਣਿ ਤਾ ਖਸਮੈ ਮਿਲਣਾ॥ ੧॥ ਰਹਾਉ ਦੂਜਾ॥ (ਅੰਗ ੯੨)

ਗੂਜਰੀ ਮਹਲਾ ੩ ਤੀਜਾ॥ (ਅੰਗ ੪੯੨)

ਸੋਰਠਿ ਮਹਲਾ ੪ ਚਉਥਾ॥ (ਅੰਗ ੬੦੪)

ਸਵਈਏ ਮਹਲੇ ਪੰਜਵੇ ਕੇ ੫ ॥ (ਅੰਗ ੧੪੦੬)

(ਨੋਟ : ਉਪਰੋਕਤ ਕਿਸਮ ਦੇ ਸਿਰਲੇਖਾਂ ਵਿਚ ‘ਪਹਿਲਾ’ ‘ਪਹਿਲਾ’ ਅਤੇ ‘ਤੀਜਾ’ ‘ਤੀਜਾ’ ਆਦਿਕ ਦੋ ਦੋ ਵਾਰ ਪੜ੍ਹਣ ਦਾ ਵਿਧਾਨ ਨਹੀਂ। ਕਿਉਂਕਿ, ਅੰਕ ੧, ੨, ੩, ੪ ਤੇ ੫ ਨੂੰ ਲਫ਼ਜ਼ਾਂ ਵਿਚ ਉਚਾਰਨ ਸਬੰਧੀ ਸੇਧ ਦਿੱਤੀ ਹੋਈ ਹੈ।)

ਵੈਸੇ ਤਾਂ ਉਪਰੋਕਤ ਕਿਸਮ ਦੀਆਂ ਸਾਰੀਆਂ ਸੂਚਨਾਵਾਂ ਨੂੰ ਗੁਰਬਾਣੀ ਰੂਪ ਗੁਰ-ਉਪਦੇਸ਼ ਦਾ ਅੰਗ ਨਹੀਂ ਮੰਨਿਆ ਜਾ ਸਕਦਾ। ਕਿਉਂਕਿ, ਇਨ੍ਹਾਂ ਦੁਆਰਾ ਕਿਸੇ ਪ੍ਰਕਾਰ ਦੀ ਗੁਰਮਤੀ ਜੀਵਨ ਸੇਧ ਨਹੀਂ ਮਿਲਦੀ। ਇਹ ਤਾਂ ਕੇਵਲ ਅੰਮਿ੍ਰਤ ਬਾਣੀ ਨੂੰ ਰਲੇਵਿਆਂ ਤੋਂ ਬਚਾਉਣ ਅਤੇ ਪਾਠਕਾਂ ਤੇ ਗਾਇਕਾਂ ਨੂੰ ਗਾਉਣ ਤੇ ਭੁਲੇਖਿਆਂ ਤੋਂ ਬਚਾਉਣ ਲਈ ਇੱਕ ਕਿਸਮ ਦੀ ਜਾਣਕਾਰੀ ਹੈ। ਪਰ, ਚੂੰਕਿ ‘ਮਹਲਾ ਪਹਿਲਾ’, ‘ਮਹਲਾ ਤੀਜਾ’, ਅਤੇ ‘ਬਾਣੀ ਸ੍ਰੀ ਰਵਿਦਾਸ ਜੀਉ ਕੀ’ ਆਦਿਕ ਕਰਤਰੀ ਸੂਚਨਾਵਾਂ ਤੋਂ ਸ਼੍ਰੋਤਿਆਂ ਨੂੰ ਬਾਣੀਕਾਰਾਂ ਦਾ ਪਤਾ ਚੱਲ ਜਾਂਦਾ ਹੈ। ਨਾਮਕ ਸੂਚਨਾਵਾਂ ਵਿਚ ਕੁਝ ਬਾਣੀਆਂ ਦੇ ਨਾਂ ਐਸੇ ਹਨ, ਜੋ ਉਸ ਬਾਣੀ ਦਾ ਸਾਰ ਤੱਤ ਕਹੇ ਜਾ ਸਕਦੇ ਹਨ। ਜਿਵੇਂ ‘ਸੁਖਮਨੀ’, ‘ਅਨੰਦ’ ਅਤੇ ‘ਸਿਧ ਗੋਸਟਿ’ ਆਦਿ। ਅਜਿਹੇ ਨਾਵਾਂ ਨੂੰ ਬਾਣੀ ਨਾਲੋਂ ਨਿਖੇੜ ਕੇ ਦੇਖਣਾ ਅਸੰਭਵ ਹੈ। ਅਸਲ ਵਿਚ ਇਹੀ ਕਾਰਣ ਹੈ ਕਿ ਪਾਠ ਕਰਨ ਵੇਲੇ ਸਿਰਲੇਖਕ ਸੂਚਨਾਵਾਂ ਅੰਕਾਂ ਸਮੇਤ ਪੂਰੀਆਂ ਪੜ੍ਹਣ ਦੀ ਪਰੰਪਰਾ ਹੈ। ਭਾਵੇਂ ਕਿ ਸਿਰਲੇਖਾਂ ਵਿਚ ਲਿਖੀਆਂ ਸੰਗੀਤਕ ਅਤੇ ਅੰਕਤ ਸੂਚਨਾਵਾਂ (ਤਿਪਦੇ ੮ ਦੁਤੁਕੇ ੭ ਇਕਤੁਕਾ ੧) ਪੜ੍ਹ ਕੇ ਸੁਨਾਉਣ ਦੀ ਲੋੜ ਨਹੀਂ ਜਾਪਦੀ।। ਕਿਉਂਕਿ, ਇਹ ਤਾਂ ਕੇਵਲ ਗਿਣਤੀ ਹੈ। ਇਸ ਸਚਾਈ ਦਾ ਪ੍ਰਤੱਖ ਪ੍ਰਮਾਣ ਹਨ ਸਿਰਲੇਖਾਂ ਦਰਿਮਿਆਨ ਲੇਟਵੇਂ ਹਿੰਦਸਿਆਂ ਵਿਚ ਚਰਨੀ ਲਿਖੀਆਂ ਅੰਕਤ ਸੂਚਨਾਵਾਂ, ਜਿਨ੍ਹਾਂ ਨੂੰ ਸੰਪਰਦਾਈ ਵਿਦਵਾਨ ਵੀ ਨਹੀਂ ਪੜ੍ਹਦੇ।

ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਭਿੰਡਰਾਂ ਵਾਲੇ ‘ਸ੍ਰੀ ਕਬੀਰ ਜੀਉ ਕੇ ਚਉਪਦੇ ੧੪॥ ’ (ਅੰਗ ੩੨੩) ਨੂੰ ਚੌਦਾਂ ਉਚਾਰੋ ਦੀ ਹਦਾਇਤ ਲਿਖ ਕੇ ਇਹ ਵਿਚਾਰ ਵੀ ਦਿੱਤਾ ਹੈ ਕਿ ਸਿਰਲੇਖਾਂ ਵਿਚਲੇ “ ਅਜਿਹੇ ਅੰਗ ਜੇ ਸਾਹਮਣੇ ਹੋਣ ਤਾਂ ਪਾਠ ਸਮੇਂ ਉਚਾਰਨੇ ਹਨ, ਜੇ ਅੱਖਰਾਂ ਦੇ ਚਰਨੀ ਹੋਣ ਤਾਂ ਨਹੀਂ ਪੜ੍ਹਣੇ। ਸਾਰੇ ਗੁਰੂ ਮਹਾਰਾਜ ਦੇ ਸਰੂਪ ਵਿਚ ਇਹੋ ਨਿਯਮ ਹੈ।” (ਦੇਖੋ : ਗੁਰਬਾਣੀ ਪਾਠ ਦਰਸ਼ਨ, ਪੰਨਾ ੩੨੪)

ਮਧਕ ਸੂਚਨਾਵਾਂ ਚੋਂ ‘ਰਹਾਉ’ ਬੋਲਣ ਦੀ ਪਰੰਪਰਾ ਹੈ। ਕਿਉਂਕਿ, ਸ਼੍ਰੋਤਿਆਂ ਨੂੰ ਸ਼ਬਦ ਦੇ ਕੇਂਦਰੀ ਭਾਵ ਦਾ ਬੋਧ ਜਾਂਦਾ ਹੈ, ਜਿਹੜਾ ਉਨ੍ਹਾਂ ਨੂੰ ਬਾਕੀ ਦੇ ਸ਼ਬਦ ਨੂੰ ਸਹੀ ਤੌਰ ’ਤੇ ਸਮਝਣ ਵਿਚ ਸਹਾਇਕ ਹੁੰਦਾ ਹੈ। ‘ਏਹੁ ਸਲੋਕੁ ਆਦਿ ਅੰਤਿ ਪੜਣਾ॥ ’ ਵਰਗੀ ਕੋਈ ਹਦਾਇਤ ਅਤੇ ‘ਬਾਈਸ ਚਉਪਦੇ ਤਥਾ ਪੰਚਪਦੇ’, ‘ਜੋੜ’, ‘ਜੁਮਲਾ’ ‘ਸੁਧੁ’ ਅਤੇ ‘ਸੁਧੁ ਕੀਚੇ’ ਆਦਿਕ ਅੰਤਕ ਸੂਚਨਾਵਾਂ ਵੀ ਸ਼ਬਦਾਂ ਦੇ ਅੰਤਲੇ ਜੋੜ-ਅੰਕਾਂ ਵਾਂਗ ਪੜ੍ਹਣ ਦੀ ਲੋੜ ਨਹੀਂ। ਕਿਉਂਕਿ, ਇਹ ਤਾਂ ਕੇਵਲ ਪਾਠਕਾਂ ਦੀ ਜਾਣਕਾਰੀ ਹਿੱਤ ਹਨ। ਭਾਈ ਜੋਗਿੰਦਰ ਸਿੰਘ ਜੀ ‘ਤਲਵਾੜਾ’ ਨੇ ਸਪਸ਼ਟ ਲਿਖਿਆ ਹੈ ਕਿ “ ਗੁਰਬਾਣੀ ਦਾ ਪਾਠ ਕਰਦੇ ਸਮੇਂ ‘ਸੁਧੁ’ ਅਤੇ ‘ਸੁਧੁ ਕੀਚੇ’ ਟਿੱਪਣੀਆਂ ਉਚਾਰਣ ਦਾ ਭਾਗ ਨਹੀਂ ਹਨ।” ਰਾਮਕਲੀ ਕੀ ਵਾਰ ਮਹਲਾ ੩ ਵਿਚ ਪਹਿਲੀ ਪਉੜੀ ਦੀ ਸਮਾਪਤੀ ਉਪਰੰਤ, ਸੁਖਮਨੀ ਅਤੇ ਸਿਧ ਗੋਸਟਿ ਵਾਂਗ ਰਹਾਉ ਦੀ ਇੱਕ ਵਿਸ਼ੇਸ਼ ਤੁਕ ਹੈ : ਵਾਹੁ ਵਾਹੁ ਸਚੇ ਪਾਤਿਸਾਹ ਤੂ ਸਚੀ ਨਾਈ॥ ੧॥ ਰਹਾਉ॥ (ਅੰਗ ੯੪੭) ਇਸ ਵਾਰ ਵਿਚ ਕਿਧਰੇ ਵੀ ਇਹ ਤੁਕ ਹਰੇਕ ਪਉੜੀ ਦੇ ਨਾਲ ਪੜ੍ਹਣ ਦੀ ਕੋਈ ਹਦਾਇਤ ਨਹੀਂ ਲਿਖੀ। ਪਰ, ਸੰਪਰਦਾਈ ਪਾਠੀ ਪਰੰਪਰਾ ਦੇ ਸਹਾਰੇ ਇਹ ਤੁਕ ਅਪਣੀ ਮਰਜ਼ੀ ਨਾਲ ਹੀ ਪੜ੍ਹੀ ਜਾ ਰਹੇ ਹਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਰਤਸਰ ਨੂੰ ਚਾਹੀਦਾ ਹੈ ਕਿ ਵਿਦਵਾਨਾਂ ਦੀਆਂ ਵਿਚਾਰ-ਗੋਸ਼ਟੀਆਂ ਕਰਵਾ ਕੇ ਗੁਰਬਾਣੀ ਨਾਲ ਸਬੰਧਤ ਅਜਿਹੇ ਗੰਭੀਰ ਵਿਸ਼ਿਆਂ ਪ੍ਰਤੀ ਠੋਸ ਫੈਸਲੇ ਕਰੇ; ਤਾਂ ਕਿ ਪੰਥਕ ਏਕਤਾ ਦੇ ਮੁੱਢਲੇ ਆਧਾਰ ਨੂੰ ਖੋਰਾ ਨਾ ਲੱਗੇ। ਦੁੱਖ ਦੀ ਗੱਲ ਹੈ ਕਿ ਇਸ ਪੱਖੋਂ ਪਿ੍ਰੰਸੀਪਲ ਹਰਿਭਜਨ ਸਿੰਘ (ਭਾਈ ਸਾਹਿਬ) ਚੰਡੀਗੜ ਅਤੇ ਗਿਆਨੀ ਜੋਗਿੰਦਰ ਸਿੰਘ ਤਲਵਾੜਾ ਵਰਗੇ ਕਈ ਪੰਥ ਦਰਦੀ ਵਿਦਵਾਨ ਕੂਕਦੇ ਹੋਏ ਸੰਸਾਰ ਤੋਂ ਕੂਚ ਕਰ ਗਏ, ਪਰ ਸ਼੍ਰੋਮਣੀ ਕਮੇਟੀ ਦੇ ਕੰਨੀਂ ਜੂੰ ਨਹੀਂ ਸਰਕੀ। ਕਿਉਂਕਿ, ਰਾਜਨੀਤਕ ਸ਼ੈਤਾਨ ਉਨ੍ਹਾਂ ਦੇ ਕੰਨੀ ਫੂਕ ਮਾਰ ਦਿੰਦੇ ਹਨ ਕਿ ਅਜਿਹਾ ਵਿਵਾਦ ਛੇੜ ਕੇ ਆਪਣੀਆਂ ਵੋਟਾਂ ਨਾ ਵਿਗਾੜੋ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਭਗਤ ਬਾਬਾ ਫਰੀਦ ਜੀ ਦਾ ਕਥਨ ਹੈ ਕਿ ਸ਼ੈਤਾਨ ਦੇ ਟੇਟੇ ਚੜ੍ਹੇ ਲੋਕ ਸਚਾਈ ਤੇ ਲੋਕ ਭਲਾਈ ਦੇ ਕੰਮਾਂ ਵੱਲ ਮੂੰਹ ਨਹੀਂ ਮੋੜਦੇ:

ਫਰੀਦਾ ਕੂਕੇਦਿਆ ਚਾਂਗੇਦਿਆ, ਮਤੀ ਦੇਦਿਆ ਨਿਤ॥ ਜੋ ਸੈਤਾਨਿ ਵੰਞਾਇਆ, ਸੇ ਕਿਤ ਫੇਰਹਿ ਚਿਤ॥ ੧੫॥ (ਅੰਗ ੧੩੭੮)

ਭਾਦੁਇ ਭਰਮਿ ਭੁਲਾਣੀਆ, ਦੂਜੈ ਲਗਾ ਹੇਤੁ॥

0

ਭਾਦੁਇ ਭਰਮਿ ਭੁਲਾਣੀਆ, ਦੂਜੈ ਲਗਾ ਹੇਤੁ॥

ਗਿਆਨੀ ਅਵਤਾਰ ਸਿੰਘ

ਭਾਦੁਇ ਭਰਮਿ ਭੁਲਾਣੀਆ, ਦੂਜੈ ਲਗਾ ਹੇਤੁ॥ ਲਖ ਸੀਗਾਰ ਬਣਾਇਆ, ਕਾਰਜਿ ਨਾਹੀ ਕੇਤੁ॥

ਜਿਤੁ ਦਿਨਿ ਦੇਹ ਬਿਨਸਸੀ, ਤਿਤੁ ਵੇਲੈ ਕਹਸਨਿ ਪ੍ਰੇਤੁ॥ ਪਕੜਿ ਚਲਾਇਨਿ ਦੂਤ ਜਮ, ਕਿਸੈ ਨ ਦੇਨੀ ਭੇਤੁ॥

ਛਡਿ ਖੜੋਤੇ ਖਿਨੈ ਮਾਹਿ, ਜਿਨ ਸਿਉ ਲਗਾ ਹੇਤੁ॥ ਹਥ ਮਰੋੜੈ ਤਨੁ ਕਪੇ, ਸਿਆਹਹੁ ਹੋਆ ਸੇਤੁ॥

ਜੇਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤੁ॥ ਨਾਨਕ ! ਪ੍ਰਭ ਸਰਣਾਗਤੀ, ਚਰਣ ਬੋਹਿਥ ਪ੍ਰਭ ਦੇਤੁ॥

ਸੇ ਭਾਦੁਇ ਨਰਕਿ ਨ ਪਾਈਅਹਿ, ਗੁਰੁ ਰਖਣ ਵਾਲਾ ਹੇਤੁ॥ (ਮ:੫)

ਵੀਚਾਰ ਅਧੀਨ ਸ਼ਬਦ ਗੁਰੂ ਅਰਜੁਨ ਦੇਵ ਪਾਤਿਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਮਾਝ ਰਾਗ ਅਤੇ ਬਾਰਾਮਾਹਾਂ ਸਿਰਲੇਖ ਅਧੀਨ ਪੰਨਾ 134 ’ਤੇ ਦਰਜ ਹੈ। ਜਿਸ ਰਾਹੀਂ ਗੁਰੂ ਜੀ ਕੁਦਰਤੀ ਤੌਰ ’ਤੇ ਹੋ ਰਹੇ ਅਸਥਾਈ ਮੌਸਮੀ ਪਰਿਵਰਤਨ ਨੂੰ ਆਧਾਰ ਬਣਾ ਕੇ ਜੀਵ ਨੂੰ ਅਸਥਾਈ ਆਕਾਰ (ਜਗਤ) ਦੀ ਅਸਲੀਅਤ ਦੀ ਸੋਝੀ ਕਰਵਾ ਰਹੇ ਹਨ। ‘ਭਾਦਉ’ ਮਹੀਨੇ ਦਾ ਪਹਿਲਾ ਅੱਖਰ ‘ਭ’ ਹੋਣ ਕਾਰਨ ਵਿਸ਼ਾ ਵੀ ‘ਭਰਮ’ ਪ੍ਰਧਾਨ ਵਰਤਿਆ ਗਿਆ ਹੈ।

ਪ੍ਰਸ਼ਨ- ਭਰਮ ਕੀ ਹੈ ?

ਉੱਤਰ-ਅਗਰ ਕੋਈ ਵੈਦ ਕਿਸੇ ਮਰੀਜ ਨੂੰ ਸੁਭ੍ਹਾ ਸਾਮ (ਦੋ ਵਕਤ) ਦਵਾ ਖਾਣ ਨੂੰ ਕਹੇ ਅਤੇ ਨਾਲ ਹਦਾਇਤ ਕਰੇ ਕਿ ਸੁਭ੍ਹਾ ਦਵਾ ਸੱਜਾ ਪੈਰ ਚੁੱਕ ਕੇ ਖੜ ਕੇ ਖਾਣੀ ਹੈ ਅਤੇ ਸ਼ਾਮ ਨੂੰ ਇਸ ਤੋਂ ਵਿਪ੍ਰੀਤ ਖੱਬਾ ਪੈਰ ਚੁੱਕ ਕੇ ਖਾਣੀ ਹੈ। ਰੋਗੀ ਦੇ ਠੀਕ ਹੋਣ ਤੋਂ ਉਪਰੰਤ ਉਸ ਦੇ ਮਨ ਵਿੱਚ ਕੀਤੀ ਪੈਰ ਚੁੱਕਣ ਵਾਲੀ ਕ੍ਰਿਆ ਦਾ ਹੀ ਪ੍ਰਭਾਵ ਰਹੇਗਾ ਜਦਕਿ ਰੋਗ ਦਵਾ ਨਾਲ ਦੂਰ ਹੋਇਆ ਸੀ। ਭਾਵ ਸਚਾਈ ਕੁਝ ਹੋਰ ਸੀ ਜਦਕਿ ਬਹਿਮ (ਵਿਸ਼ਵਾਸ) ਕਿਸੇ ਹੋਰ ’ਤੇ ਟਿਕ ਗਿਆ। ਇਸ ਨੂੰ ਭਰਮ ਆਖਦੇ ਹਨ। ‘‘ਮਾਧਵੇ ! ਕਿਆ ਕਹੀਐ ਭ੍ਰਮੁ ਐਸਾ॥ ਜੈਸਾ ਮਾਨੀਐ, ਹੋਇ ਨ ਤੈਸਾ ॥’’ (ਭਗਤ ਰਵਿਦਾਸ/੬੫੮)

ਪ੍ਰਮਾਤਮਾ ਸਰਬ ਵਿਆਪਕ ਸ਼ਕਤੀਮਾਨ ਅਤੇ ਹਰ ਇੱਕ ਦਾ ਮਦਦਗਾਰ, ਅਸਲ ਸਚਾਈ ਹੈ ਪਰ ਭਰਮ (ਅਨੇਕਾਂ ਮਨੌਤਾਂ ’ਤੇ ਕੀਤਾ ਗਿਆ ਵਿਸਵਾਸ) ਅਸਲ ਸਚਾਈ ’ਤੇ ਵਿਸਵਾਸ ਬਣਨ ਨਹੀਂ ਦੇਂਦਾ ਹੈ। ਸੰਸਾਰਕ ਤਮਾਮ ਅਸਥਾਈ ਰਿਸਤੇਦਾਰੀਆਂ, ਦੋਸਤੀਆਂ ਨੂੰ ਅਗਰ ਜੀਵ ਸਦੀਵੀ ਸਾਥੀ ਮੰਨੀ ਬੈਠਾ ਹੈ ਤਾਂ ਇਹ ਮਮਤਾ ਹੈ, ਮਾਯਾ (ਛਲ) ਹੈ, ਭਰਮ ਹੈ। ‘‘ਲੋਗਾ ! ਭਰਮਿ ਨ ਭੂਲਹੁ ਭਾਈ ॥ ਖਾਲਿਕੁ ਖਲਕ, ਖਲਕ ਮਹਿ ਖਾਲਿਕੁ, ਪੂਰਿ ਰਹਿਓ ਸ੍ਰਬ ਠਾਂਈ ॥ (ਭਗਤ ਕਬੀਰ/੧੩੫੦) ਭਾਵ ਖ਼ਲਕਤ (ਪ੍ਰਜਾ) ਦਾ ਮਾਲਕ ਪ੍ਰਭੂ ਖ਼ਲਕਤ ਵਿੱਚ ਹੀ ਸਮਾਇਆ ਹੋਇਆ ਹੈ। ਜਿਵੇਂ ਹਿਰਨ ਦੇ ਨਾਭੀ ’ਚ ਕਸਤੂਰੀ ਹੋਣ ਦੇ ਬਾਵਜ਼ੂਦ ਉਸ ਨੂੰ ਲੱਭਣ ਲਈ ਹਿਰਨ ਵਾਂਗ ਬਾਹਰ ਨਾ ਭਟਕਣਾ, ਭਰਮ ’ਚ ਨਾ ਪੈਣਾ- ‘‘ਜਿਉ, ਕਸਤੂਰੀ ਮਿਰਗੁ ਨ ਜਾਣੈ, ਭ੍ਰਮਦਾ ਭਰਮਿ ਭੁਲਾਇਆ ॥’’ (ਮ:੩/੬੪੪)

ਭਰਮ ਦੇ ਅਨੇਕਾਂ ਰੂਪ ਹਨ। ਇਉਂ ਵੀ ਆਖ ਸਕਦੇ ਹਾਂ ਕਿ ਜੀਵ ਦੇ ਹਰ ਕਦਮ ਪੁੱਟਣ ’ਤੇ ਭਰਮ ਆਰੰਭ ਹੁੰਦਾ ਹੈ ਜੋ ਕਿ ਮੌਤ ਤੋਂ ਉਪਰੰਤ ਹੀ ਭਰਮ ਖ਼ਤਮ ਹੁੰਦਾ ਹੈ। ਇਹੀ ਭਰਮ ਰੂਪ ਮਾਯਾ ਜੀਵ ਨੂੰ ਸੱਚ ਪ੍ਰਭੂ ਤੋਂ ਦੂਰ ਲੈ ਜਾਂਦੀ ਹੈ। ਗੁਰਬਾਣੀ ’ਚ ਭਰਮ ਦੇ ਕਈ ਰੂਪ ਵਿਖਾਏ ਗਏ ਹਨ ਜਿਵੇਂ ਕਿ-(1). ਦੁਨਿਆਵੀ ਮੋਹ ਮਮਤਾ ਰਾਹੀਂ ਭਰਮ ਬਣਾ ਕੇ ਜੀਵ ਕੁਰਾਹੇ ਪੈ ਗਿਆ- ‘‘ਮਮਤਾ ਲਾਇ, ਭਰਮਿ ਭੁੋਲਾਇਆ॥’’ (ਮ:੩/੧੧੨੮)

(2). ਦੁਨਿਆਵੀ ਅਸਥਾਈ ਮਦਦਗਾਰ ਰਿਸਤਿਆਂ ਨੂੰ ਸਥਾਈ ਮੰਨਣ ਵਾਲੇ ਭਰਮ ਕਾਰਨ ਜੀਵ ਬੁਧੀ ਵਿਕਸਤ ਨਹੀਂ ਹੁੰਦੀ- ਇਹੁ ਕੁਟੰਬੁ ਸਭੁ ਜੀਅ ਕੇ ਬੰਧਨ ਭਾਈ! ਭਰਮਿ ਭੁਲਾ ਸੈਂਸਾਰਾ॥ (ਮ:੩/੬੦੨)

(3). ਤੀਰਥ ਇਸਨਾਨ ਦੀ ਰਾਹੀਂ ਸਰੀਰ ਧੋਤਿਆਂ ਮਨ ਸ਼ੁੱਧ ਨਹੀਂ ਹੁੰਦਾ। ਸਰੀਰ ਧੋਣ ਨੂੰ ਹੀ ਮਨ ਸ਼ੁੱਧ ਹੋਣਾ ਕਹਿਣਾ, ਭਰਮ ਹੈ-ਅਠਸਠਿ ਤੀਰਥ ਭਰਮਿ ਵਿਗੂਚਹਿ, ਕਿਉ ਮਲੁ ਧੋਪੈ ਪਾਪੈ ॥ (ਮ:੧/੧੦੧੩) ਕਿਉਂਕਿ ਕਦੀਂ ਵੀ ਸੱਪ ਦੀ ਵਰਮੀ (ਖੱਡ) ਬੰਦ ਕਰਨ ਨਾਲ ਸੱਪ ਨਹੀਂ ਮਰਦਾ-‘‘ਵਰਮੀ ਮਾਰੀ, ਸਾਪੁ ਨ ਮੂਆ॥’’ (ਮ: ੫/੧੩੪੮)

(4). ਕਿਸੇ ਮਨੁੱਖਾ ਸਰੀਰ ’ਤੇ ਹਮਲਾ ਹੋਣ ਕਾਰਨ ਸਭ ਤੋਂ ਵੱਧ ਮਦਦਗਾਰ ਸਾਡਾ ਹੱਥ ਹੁੰਦਾ ਹੈ ਕਿਉਂਕਿ ਇਹ ਸਰੀਰਕ ਇੰਦਿ੍ਰਆਂ ਵਿੱਚੋਂ ਸਭ ਤੋਂ ਪਹਿਲਾਂ ਹਰਕਤ ’ਚ ਆਉਂਦਾ ਹੈ। ਪ੍ਰਮਾਤਮਾ; ਸਰਬ ਵਿਆਪਕ ਹੋਣ ਕਾਰਨ ਹੱਥ ਤੋਂ ਵੀ ਨਜਦੀਕ ਮਦਦਗਾਰ ਹੈ-‘‘ਸਰਬੇ ਏਕੁ, ਅਨੇਕੈ ਸੁਆਮੀ, ਸਭ ਘਟ ਭੁੋਗਵੈ ਸੋਈ॥ ਕਹਿ ਰਵਿਦਾਸ, ਹਾਥ ਪੈ ਨੇਰੈ, ਸਹਜੇ ਹੋਇ ਸੁ ਹੋਈ॥’’ (ਭਗਤ ਰਵਿਦਾਸ/੬੫੮) ਇਸ ਸਚਾਈ ’ਤੇ ਵਿਸਵਾਸ ਨਾ ਕਰਨਾ ਇਉਂ ਭਰਮ ਹੈ ਜਿਵੇਂ ਕੋਈ ਰਾਜਾ ਸੁਫਨੇ ’ਚ ਭਿਖਾਰੀ ਬਣ ਜਾਏ, ਰੱਸੀ; ਸੱਪ ਵਿਖਾਈ ਦੇਵੇ ਆਦਿ-‘‘ਨਰਪਤਿ ਏਕੁ ਸਿੰਘਾਸਨਿ ਸੋਇਆ, ਸੁਪਨੇ ਭਇਆ ਭਿਖਾਰੀ॥ ਅਛਤ ਰਾਜ ਬਿਛੁਰਤ ਦੁਖੁ ਪਾਇਆ..॥ ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ॥.. ਸੋ ਗਤਿ ਭਈ ਹਮਾਰੀ॥’’ (ਭਗਤ ਰਵਿਦਾਸ/੬੫੮)ਆਦਿ।

ਗੁਰਬਾਣੀ ਦੇ ਇਤਨੇ ਸਪੱਸ਼ਟ ਪ੍ਰਮਾਣ ਮੌਜੂਦ ਹੋਣ ’ਦੇ ਬਾਵਜ਼ੂਦ ਵੀ ਸਿੱਖ ਸਮਾਜ ’ਚ ਅੱਜ ਅਨੇਕਾਂ ਭ੍ਰਮ ਹਨ ਜਿਵੇਂ-

(1). ਬਿਨਾ ਸੁਣੇ, ਸਮਝੇ ਅਤੇ ਵੀਚਾਰੇ ਕੇਵਲ ਭਾੜੇ ’ਤੇ ਕਰਵਾਏ ਜਾ ਰਹੇ ਪਾਠਾਂ ਦਾ ਲਾਭ ਪ੍ਰਾਪਤ ਕਰਨ ਦਾ ਭਰਮ।

(2). ਸ਼ਹੀਦਾਂ ਦੀਆਂ ਸਮਾਧਾਂ, ਕਬਰਾਂ ਆਦਿ ਪੱਥਰ ’ਚ ਸ਼ਕਤੀ ਹੋਣ ਦਾ ਭਰਮ।

(3). ਸ੍ਰੀ ਸਾਹਿਬ ਨੂੰ ਸਰੀਰ ਤੋਂ ਅਲੱਗ ਨਾ ਕਰਨ ਦਾ ਭਰਮ, ਜਿਸ ਕਾਰਨ ਨਿਜੀ ਅਤੇ ਬੇ ਸਹਾਰਿਆਂ ਦੀ ਮਦਦ ਲਈ ਯੋਗ (ਵੱਡੀ) ਸ੍ਰੀ ਸਾਹਿਬ ਰੱਖਣ ਦੀ ਬਜਾਏ ਮਿਆਨ ਰਹਿਤ (ਜਨੇਉ ਵਾਂਗ) ਸ੍ਰੀ ਸਾਹਿਬ ਰੱਖਣੀ।

(4) ਧਾਰਮਿਕ ਵੋਟ ਸ਼ਕਤੀ ਰਾਹੀਂ ਸੁਆਰਥੀ ਲੋਕਾਂ ਦਾ ਗੋਲਕ ’ਤੇ ਇਸ ਭਰਮ ’ਚ ਕਬਜਾ ਕਰਵਾਉਣਾ ਕਿ ਇਹ ਗੁਰਮਤਿ ਦਾ ਪ੍ਰਚਾਰ ਕਰਨਗੇ।

(5). ਕਿਸੇ ਸ਼ੁਭ ਕਰਮ ਕਰਨ ’ਤੇ ਸਰੋਂ ਦਾ ਤੇਲ ਡੋਲਣ ਦਾ ਭਰਮ।

(6). ਔਰਤਾਂ ਨੂੰ ਅੰਮ੍ਰਿਤ ਸੰਚਾਰ ’ਚ ਸ਼ਾਮਲ ਨਾ ਕਰਨਾ ਦਾ ਭਰਮ।

(7). ਬ੍ਰਤ ਰੱਖਣ ਦਾ ਭਰਮ।

(8). ਸਰੀਰਕ ਦੁੱਖਾਂ ਦੀ ਨਿਵਿਰਤੀ ਲਈ ਸੁਖਮਨੀ, ਚੌਪਈ, ਦੁੱਖ ਭੱਜਨੀ ਗੁਟਕਾ ਆਦਿ ਬਾਣੀ ਦੀ ਟੇਕ ਲੈਣੀ ਜਾਂ ਦੁੱਖ ਭੱਜਨੀ ਬੇਰੀ ਹੇਠਾਂ ਹੀ ਇਸਨਾਨ ਕਰਨ ਵਾਲਾ ਭਰਮ ਜਦਕਿ ਸਰੀਰਕ ਦੁੱਖਾਂ ਲਈ ਗੁਰੂ ਨਾਨਕ ਦੇਵ ਜੀ ਫ਼ੁਰਮਾਨ ਕਰ ਰਹੇ ਹਨ-‘‘ਨਾਨਕ! ਬੋਲਣੁ ਝਖਣਾ, ਦੁਖ ਛਡਿ ਮੰਗੀਅਹਿ ਸੁਖ॥ ਸੁਖੁ ਦੁਖੁ ਦੁਇ, ਦਰਿ ਕਪੜੇ, ਪਹਿਰਹਿ ਜਾਇ ਮਨੁਖ॥ ਜਿਥੈ ਬੋਲਣਿ ਹਾਰੀਐ, ਤਿਥੈ ਚੰਗੀ ਚੁਪ॥’’ (ਮ:੧/੧੪੯) ਭਾਵ ਸਰੀਰਕ ਦੁੱਖਾਂ ਦੀ ਨਿਵਿਰਤੀ ਲਈ ਪ੍ਰਭੂ ਅੱਗੇ ਬੇਨਤੀ ਕਰਨੀ ਉਸ ਮੰਗਤੇ ਦੀ ਤਰ੍ਹਾਂ ਝੱਖਣਾ ਮਾਰਨਾ ਹੈ ਜੋ ਬਿਨਾ ਭੀਖ ਮਿਲਿਆਂ ਸਾਡੇ ਦਰ ’ਤੇ ਆਵਾਜ (ਝੱਖ) ਮਾਰ ਕੇ ਚਲਾ ਗਿਆ।

(ਨੋਟ-ਯਾਦ ਰਹੇ ਗੁਰਬਾਣੀ ਸਰੀਰਕ ਦੁੱਖਾਂ ਦਾ ਮੁਕਾਬਲਾ ਕਰਨ ਲਈ ਆਤਮਿਕ ਬਲ ਬਖ਼ਸ਼ਸ਼ ਕਰਦੀ ਹੈ।) ਸਰੀਰਕ ਦੁੱਖ ਤਾਂ ਅਧਿਆਤਮਕ ਜੀਵਨ (ਵਿਕਾਸ) ਦੀ ਆਰੰਭਤਾ ਹੁੰਦਾ ਹੈ-‘‘ਦੂਖਾ ਤੇ ਸੁਖ ਊਪਜਹਿ, ਸੂਖੀ ਹੋਵਹਿ ਦੂਖ॥ (ਮ:੧/੧੩੨੮), ਦੁਖੁ ਦਾਰੂ, ਸੁਖੁ ਰੋਗੁ ਭਇਆ, ਜਾ ਸੁਖੁ ਤਾਮਿ ਨ ਹੋਈ॥’’ (ਮ:੧/੪੬੯)

(9). ਗੁਰਬਾਣੀ (ਨਿਤਨੇਮ) ਕੇਵਲ ਅੰਮ੍ਰਿਤ ਵੇਲੇ ਹੀ ਪੜ੍ਹਣ ਵਾਲਾ ਭਰਮ, ਜੋ ਸੰਗਤੀ ਤੌਰ ’ਤੇ ਹੋ ਰਹੀ ਸ਼ਬਦ ਵੀਚਾਰ ਜਾਂ ਕੀਰਤਨ ਦਾ ਲਾਭ ਲੈਣ ਦੀ ਬਜਾਏ ਗੁਟਕਾ ਚੁੱਕ ਕੇ ਪਾਠ ਕਰਨ ’ਚ ਮਗਨ ਰਹਿਣਾ (ਜੋ ਕਿ ਨਿਜੀ ਘਰੇਲੂ ਕੰਮ ਸੀ), ਵੀ ਭਰਮ ਹੈ। ਅੰਮ੍ਰਿਤ ਵੇਲੇ ਦੀ ਅਹਿਮੀਅਤ ਮਨ ਦੀ ਇਕਾਗਰਤਾ ਅਤੇ ਸ਼ਾਂਤ ਵਾਤਾਵਰਨ ਕਾਰਨ ਸੀ/ਹੈ ਕਿਉਂਕਿ ਦੂਜੇ ਪਹਿਰ (ਸੂਰਜ ਚੜ੍ਹੇ) ਮਨ; ਦੁਨਿਆਵੀ ਕੰਮਾਂ ਦੇ ਰੁਝੇਵਿਆਂ ’ਚ ਖੱਚਤ ਹੋ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਦਾ ਫ਼ੁਰਮਾਨ ਹੈ-‘‘ਸਬਾਹੀ ਸਾਲਾਹ, ਜਿਨੀ ਧਿਆਇਆ ਇਕ ਮਨਿ॥ ਸੇਈ ਪੂਰੇ ਸਾਹ, ਵਖਤੈ ਉਪਰਿ ਲੜਿ ਮੁਏ॥ ਦੂਜੈ ਬਹੁਤੇ ਰਾਹ, ਮਨ ਕੀਆ ਮਤੀ ਖਿੰਡੀਆ॥ ਬਹੁਤੁ ਪਏ ਅਸਗਾਹ, ਗੋਤੇ ਖਾਹਿ ਨ ਨਿਕਲਹਿ॥.. ਸਭੇ ਵੇਲਾ ਵਖਤ ਸਭਿ, ਜੇ ਅਠੀ ਭਉ ਹੋਇ॥ ਨਾਨਕ ! ਸਾਹਿਬੁ ਮਨਿ ਵਸੈ, ਸਚਾ ਨਾਵਣੁ ਹੋਇ॥’’ ਮ:੧/੧੪੬) ਭਾਵ ਅੰਮ੍ਰਿਤ ਵੇਲਾ ਜੀਵਨ ਨੂੰ ਕੇਵਲ ਹੁਲਾਰਾ (ਧੱਕਾ) ਦੇਣ ਲਈ ਹੀ ਹੈ ਜੇ ਇਸ ਦਾ ਯੋਗ ਪ੍ਰਯੋਗ ਕੀਤਾ ਜਾਵੇ (ਇਕਾ ਬਾਣੀ, ਇਕੁ ਗੁਰੁ, ਇਕੋ ਸਬਦੁ ਵੀਚਾਰਿ॥ ਮ:੩/੬੪੬) ਭਾਵ ਸ਼ਬਦ ਵੀਚਾਰ ਜਾਂ ਕੀਰਤਨ ਜਾਂ ਪਾਠ ਕੇਵਲ ਇੱਕ ਹੀ ਹੋਵੇ) ਨਹੀਂ ਤਾਂ ਸੋਚੋ ਕਿ ਗੁਰੂ ਅਮਰਦਾਸ ਜੀ ਇਸ ਵਾਕ ਰਾਹੀਂ ਕੀ ਸੰਦੇਸ ਦੇ ਰਹੇ ਹਨ ?-‘‘ਜੇ ਵੇਲਾ ਵਖਤੁ ਵੀਚਾਰੀਐ, ਤਾ ਕਿਤੁ ਵੇਲਾ ਭਗਤਿ ਹੋਇ॥’’ (ਮ:੩/੩੫) ਅਤੇ ‘‘ਮਾਰਗਿ ਚਲਤ, ਹਰੇ ਹਰਿ ਗਾਈਐ॥’’ (ਮ: ੫/੩੮੬) ਆਦਿ। ਕੀ ਬਾਣੀ ਦਾ ਪ੍ਰਭਾਵ ਕੇਵਲ ਅੰਮ੍ਰਿਤ ਵੇਲੇ ਗ੍ਰਹਿਣ ਕਰਨਾ ਹੈ ਸਾਰਾ ਦਿਨ ਨਹੀਂ ? ਜੋਤਾਂ ਜਗਾਉਣੀਆਂ, ਮੜ੍ਹੀਆਂ ਪੂਜਣੀਆਂ, ਜੰਤ੍ਰ ਮੰਤ੍ਰ ਤੰਤ੍ਰ ’ਤੇ ਟੇਕ ਰੱਖਣੀ, ਜੋਤਿਸ਼ ਵਿਦਿਆ, ਜਨਮ ਸੰਸਕਾਰ ਤੋਂ ਮਰਨ ਸੰਸਕਾਰ ਤੱਕ ਦੀਆਂ ਦੁਨਿਆਵੀ ਰਸਮਾਂ ਆਦਿ ਸਭ ਭਰਮ ਹੈ।

ਭਰਮ (ਝੂਠ) ਹਮੇਸਾਂ ਸੱਚ ਨਾਲੋਂ ਤੋੜਦਾ ਹੈ। ਭਰਮੀ ਵਿਅਕਤੀ ਕਿਸੇ ਵਿਸ਼ੇ (ਵਿਚਾਰਧਾਰਾ, ਗੁਰੂ ਉਪਦੇਸ) ਦੇ ਸਾਰ ਨੂੰ ਨਹੀਂ ਸਮਝਦਾ, ਜਿਸ ਕਾਰਨ ਪ੍ਰਭੂ ਸ਼ਕਤੀ ’ਚ ਵਿਸਵਾਸ ਨਹੀਂ ਬਣ ਸਕਦਾ ਕਿਉਂਕਿ ਉਸ ਦਾ ਵਿਸਵਾਸ ਪਹਿਲਾਂ ਹੀ ਬਹੁਤਿਆਂ ਅੰਧ ਵਿਸਵਾਸਾਂ ’ਤੇ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਦਾ ਫ਼ੁਰਮਾਨ ਹੈ- ‘‘ਮੂਲੁ ਨ ਬੂਝਹਿ, ਸਾਚਿ ਨ ਰੀਝਹਿ, ਦੂਜੈ ਭਰਮਿ ਭੁਲਾਈ ਹੇ ॥’’ (ਮ:੧/੧੦੨੪) ਭਾਵ ਉਹ ਜੀਵ ਸਚਾਈ ਦੇ ਮੂਲ (ਪ੍ਰਭੂ) ਨੂੰ ਨਹੀਂ ਸਮਝਦੇ, ਸੱਚੇ ਸਰਬ ਵਿਆਪਕ ਮਾਲਕ ਵਿੱਚ ਜੁੜ ਕੇ ਖੁਸ਼ ਨਹੀਂ ਹੁੰਦੇ। ਜੋ ਹੋਰ ਅੰਧ ਵਿਸਵਾਸਾਂ ਦੇ ਭਰਮ ’ਚ ਪੈ ਕੇ ਗ਼ਲਤ ਰਸਤੇ ਪਏ ਹੁੰਦੇ ਹਨ। ਅਜੇਹੀ ਦੁਰਦਸ਼ਾ ਤੋਂ ਕੇਵਲ ਗੁਰੂ ਉਪਦੇਸ਼ ਨੂੰ ਵੀਚਾਰ ਕੇ ਪ੍ਰਭੂ ਅਤੇ ਗੁਰੂ ਅੱਗੇ ਫ਼ਰਿਆਦ ਕਰਨਾ ਹੀ ਇਕ ਸਹੀ ਮਾਰਗ ਹੈ ਕਿਉਂਕਿ ਗੁਰੂ ਤੋਂ ਬਿਨਾ ਭਰਮ ਦਾ ਪੜਦਾ ਨਹੀਂ ਹੱਟਦਾ, ਪ੍ਰਭੂ ਪ੍ਰਾਪਤੀ ਨਹੀਂ ਹੁੰਦੀ, ਗੁਰੂ ਨਾਨਕ ਦੇਵ ਜੀ ਦਾ ਫ਼ੁਰਮਾਨ ਹੈ-‘‘ਗੁਰ ਪਰਸਾਦੀ ਹਰਿ ਪਾਈਐ, ਮਤੁ ਕੋ ਭਰਮਿ ਭੁਲਾਹਿ॥ (ਮ:੧/੯੩੬) ਜੀਵ ਇਸ ਸਮਝ ਤੋਂ ਬਿਨਾ ‘‘ਅਨੇਕ ਜੂਨੀ ਭਰਮਿ ਆਵੈ, ਵਿਣੁ ਸਤਿਗੁਰ, ਮੁਕਤਿ ਨ ਪਾਏ॥’’ (ਮ:੩/੯੨੦)

ਸਾਰ- ਭਰਮ ਝੂਠ ਹੈ ਜੋ ਸਰਬ ਵਿਆਪਕ ਪ੍ਰਭੂ ਸ਼ਕਤੀ ’ਤੇ ਵਿਸਵਾਸ ਬਣਨ ’ਚ ਰੁਕਾਵਟ ਹੈ।

ਪਦ ਅਰਥ- ਭਰਮਿ- ਅੰਧ ਵਿਸਵਾਸ ਵਿੱਚ।, ਹੇਤੁ-ਪ੍ਰੇਮ ਜਾਂ ਮੋਹ।, ਕੇਤੁ ਕਾਰਜਿ-ਕਿਸ ਕੰਮ ਵਿੱਚ।, ਜਿਤੁ ਦਿਨਿ- ਜਿਸ ਦਿਨ ਵਿੱਚ।, ਤਿਤੁ ਵੇਲੈ-ਉਸ ਵੇਲੇ ਵਿੱਚ।, ਕਹਸਨਿ-ਕਹਿਣਗੇ।, ਖਿਨੈ-ਅੱਖ ਦੇ ਫਰਕਣ ਜਿਨੇ ਸਮੇਂ ’ਚ।, ਕਪੇ- ਕੰਬਣਾ।, ਸਿਆਹਹੁ-ਕਾਲੇ ਵਾਲਾ (ਜੁਆਨੀ) ਤੋਂ।, ਸੇਤੁ- ਚਿੱਟਾ (ਬੁਢੇਪਾ)।, ਲੁਣੈ-ਵੱਢੀਦਾ ਹੈ, ਪ੍ਰਾਪਤ ਕਰੀਦਾ ਹੈ।, ਸੰਦੜਾ-ਦਾ।, ਖੇਤੁ-ਫਸਲ (ਪੂਜੀ)।, ਬੋਹਿਥ-ਜਹਾਜ, ਕਿਸਤੀ, ਸਹਾਰਾ।, ਨਰਕਿ-ਅੰਦਰੂਨੀ ਦੁੱਖ (ਵਿਕਾਰਾਂ) ਵਿੱਚ।, ਗੁਰੁ ਹੇਤੁ- ਗੁਰੂ ਪਿਆਰਾ।

ਸ਼ਬਦ ਅਰਥ- ਭਾਦੋਂ ਦੇ ਮਹੀਨੇ ’ਚ ਜੋ ਜੀਵ ਇਸਤ੍ਰੀ (ਅਸਲ ਸਰਬ ਵਿਆਪਕ ਮਾਲਕ ਤੋਂ ਬਿਨਾ ਕਿਸੇ) ਹੋਰ ਨਾਲ ਪ੍ਰੇਮ (ਮੋਹ) ਪਾ ਲੈਂਦੀ ਹੈ ਉਹ ਝੂਠੇ ਭਰਮ ਵਿੱਚ ਪੈ ਕੇ ਕੁਰਾਹੇ ਪੈ ਜਾਂਦੀ ਹੈ, ਪ੍ਰਭੂ ’ਚੋਂ ਵਿਛੁੜ ਜਾਂਦੀ ਹੈ। ਬੇਸ਼ੱਕ ਉਸ ਨੇ (ਪਤੀ ਮਾਲਕ ਨੂੰ ਖ਼ੁਸ ਕਰਨ ਲਈ ਬਾਹਰੋਂ) ਲੱਖਾਂ ਸ਼ਿੰਗਾਰ ਬਣਾਏ (ਧਾਰਮਿਕ ਰਸਮਾ ਕੀਤੀਆਂ ਪਰ) ਉਹ ਸਭ ਕਿਸੇ ਲੇਖੇ ਵਿੱਚ ਨਹੀਂ ( ਕਿਉਂਕਿ ਮਾਲਕ ਵਿਆਪਕ ਹੋਣ ਕਾਰਨ ਅੰਦਰੂਨੀ ਪ੍ਰੇਮ ਭਾਵਨਾ ਸਮਝਦਾ ਹੈ ਜੋ ਹੋਰਾਂ ਨਾਲ ਪ੍ਰੀਤ ਪਾਈ ਹੋਈ ਹੈ।) ਜਿਸ ਦਿਨ ਸਰੀਰਕ ਮੌਤ ਆਏਗੀ, ਉਸ ਦਿਨ (ਇਹ ਸਾਰੇ ਝੂਠੇ ਪ੍ਰੇਮੀ) ਭੂਤ ਆਖਣਗੇ। (ਆਤਮਾ ਨੂੰ ਦੰਡ ਦੇਣ ਲਈ) ਜਮਰਾਜ ਦੇ ਭੇਜੇ ਦੂਤ ਪਤਾ ਨਹੀਂ ਕਿਸ ਥਾਂ ਲੈ ਜਾਣਗੇ ਕਿਸੇ ਨੂੰ ਪਤਾ ਨਹੀਂ ਲੱਗੇਗਾ। ਜਿਹਨਾਂ ਝੂਠੇ ਪ੍ਰੇਮੀਆਂ ਨਾਲ (ਭਰਮ ਕਾਰਨ) ਦੋਸਤੀ ਪਾ ਕੇ ਜੀਵਨ ਵਿਅਰਥ ਗਵਾ ਲਿਆ ਉਹ ਸਾਰੇ ਸਾਥ ਛੱਡ ਗਏ।

ਜੀਵਨ ਦੌਰਾਨ ਜਵਾਨੀ ਤੋਂ ਬੁਢੇਪਾ ਆਉਣ ਕਾਰਨ ਸਰੀਰਕ ਸ਼ਕਤੀ ਸਾਥ ਨਹੀਂ ਦੇਂਦੀ। ਜੋ ਜੀਵਨ ’ਚ (ਚੰਗਾ-ਮੰਦਾ) ਬੀਜਿਆ ਸੀ ਉਹੀ ਮਿਲਦਾ ਹੈ, ਇਹ ਕਰਮ (ਸੁਭਾਵ) ਦੀ ਪੈਲੀ ਹੈ।

ਹੇ ਨਾਨਕ! ਆਖ ਕਿ ਜਿਹਨਾਂ ਜੀਵ ਇਸਤ੍ਰੀਆਂ ਦਾ (ਭਰਮ ਦਾ ਪੜਦਾ ਉਤਾਰਨ ਲਈ) ਰਖਵਾਲਾ ਗੁਰੂ ਬਣ ਜਾਂਦਾ ਹੈ ਉਹ ਇਸਤ੍ਰੀਆਂ ਭਾਦੋਂ ਦੇ ਮਹੀਨੇ ਵਿੱਚ ਵੀ ਨਰਕ (ਭਰਮ) ਵਿੱਚ ਨਹੀਂ ਪੈਂਦੀਆਂ। ਕਿਉਂਕਿ ਉਹ ਸਦਾ ਆਖਦੀਆਂ ਰਹਿੰਦੀਆਂ ਹਨ ਕਿ ਹੇ ਅਸਲ ਮਾਲਕ ਪ੍ਰਭੂ ! ਅਸੀਂ (ਭਰਮ ਦੀ ਬੇੜੀ ਕੱਟਣ ਲਈ) ਤੇਰੀ ਸ਼ਰਨ ਵਿੱਚ ਆਈਆਂ ਹਾਂ ਕਿਰਪਾ ਕਰਕੇ ਆਪਣਾ ਸਹਾਰਾ ਰੂਪ ਚਰਨ (ਗੁਣਾਂ ਦੀ ਦਾਤ) ਬਖ਼ਸ਼।

ਗੁਰੂ ਨਾਨਕ ਦੇਵ ਜੀ ਬਾਰਾਮਾਹਾਂ ਤੁਖਾਰੀ ਰਾਗ ’ਚ ਅੰਗ 1108 ’ਤੇ ਭਾਦੋਂ ਮਹੀਨੇ ਰਾਹੀਂ ਬਰਖਾ ਰੁਤ ਦੀ ਉਦਾਹਰਨ ਦੇਂਦਿਆਂ ਆਖ ਰਹੇ ਹਨ-ਭਾਦਉ ਭਰਮਿ ਭੁਲੀ, ਭਰਿ ਜੋਬਨਿ ਪਛੁਤਾਣੀ॥ ਜਲ ਥਲ ਨੀਰਿ ਭਰੇ, ਬਰਸ ਰੁਤੇ ਰੰਗੁ ਮਾਣੀ॥ ਬਰਸੈ ਨਿਸਿ ਕਾਲੀ, ਕਿਉ ਸੁਖੁ ਬਾਲੀ, ਦਾਦਰ ਮੋਰ ਲਵੰਤੇ॥ ਪ੍ਰਿਉ ਪ੍ਰਿਉ ਚਵੈ ਬਬੀਹਾ ਬੋਲੇ, ਭੁਇਅੰਗਮ ਫਿਰਹਿ ਡਸੰਤੇ॥ ਮਛਰ ਡੰਗ ਸਾਇਰ ਭਰ ਸੁਭਰ, ਬਿਨੁ ਹਰਿ ਕਿਉ ਸੁਖੁ ਪਾਈਐ॥ਭਾਵ ਬਰਖਾ ਪਾਣੀ ਨਾਲ ਚਾਰੋਂ ਤਰਫ ਮੱਛਰ, ਡੱਡੂ, ਮੋਰ, ਬਬੀਹਾ, ਸੱਪ, ਕਾਲੇ ਬੱਦਲ ਆਦਿ ਸਭ ਮਸਤ ਹਨ ਪਰ ਭਰਮਾਂ ’ਚ ਪਈ ਜੁਆਨ ਇਸਤ੍ਰੀ ਅਸਲ ਪਤੀ ਮਿਲਾਪ ਤੋਂ ਬਿਨਾ ਕਿਵੇਂ ਆਨੰਦ ਪਾ ਸਕਦੀ ਹੈ ? ਅੰਤ ’ਚ ਗੁਰੂ ਜੀ ਇਸ ਸ਼ਬਦ ਰਾਹੀਂ ਵੀ ਗੁਰੂ ਉਪਦੇਸ਼ ਕਮਾ ਕੇ ਜਿੱਥੇ ਪ੍ਰਭੂ ਨਿਵਾਸ (ਭਰਮ ਰਹਿਤ) ਹੈ ਉਥੇ ਹੀ ਜਾਣਾ ਚਾਹੀਦਾ ਹੈ (ਨਾ ਕਿ ਝੂਠੇ ਅਸਥਾਈ ਭਰਮਾਂ ’ਚ ਪੈਣਾ ਚਾਹੀਦਾ ਹੈ।)

‘‘ਨਾਨਕ ! ਪੂਛਿ ਚਲਉ ਗੁਰ ਅਪੁਨੇ, ਜਹ ਪ੍ਰਭੁ, ਤਹ ਹੀ ਜਾਈਐ॥’’ (ਮ:੧/੧੧੦੮)

ਅਸੂ ਸੁਖੀ ਵਸੰਦੀਆ

0

ਅਸੂ ਸੁਖੀ ਵਸੰਦੀਆ

ਬੀਬੀ ਅਮਰ ਕੌਰ, ਜਲੰਧਰ-99881-76886

ਅਸੁਨਿ ਪ੍ਰੇਮ ਉਮਾਹੜਾ, ਕਿਉ ਮਿਲੀਐ ਹਰਿ ਜਾਇ॥ ਮਨਿ ਤਨਿ ਪਿਆਸ ਦਰਸਨ ਘਣੀ, ਕੋਈ ਆਣਿ ਮਿਲਾਵੈ ਮਾਇ॥

ਸੰਤ ਸਹਾਈ ਪ੍ਰੇਮ ਕੇ, ਹਉ ਤਿਨ ਕੈ ਲਾਗਾ ਪਾਇ॥ ਵਿਣੁ ਪ੍ਰਭ ਕਿਉ ਸੁਖੁ ਪਾਈਐ, ਦੂਜੀ ਨਾਹੀ ਜਾਇ॥

ਜਿੰਨੀ ਚਾਖਿਆ ਪ੍ਰੇਮ ਰਸੁ, ਸੇ ਤ੍ਰਿਪਤਿ ਰਹੇ ਆਘਾਇ॥ ਆਪੁ ਤਿਆਗਿ ਬਿਨਤੀ ਕਰਹਿ, ਲੇਹੁ ਪ੍ਰਭੂ ਲੜਿ ਲਾਇ॥

ਜੋ ਹਰਿ ਕੰਤਿ ਮਿਲਾਈਆ, ਸਿ ਵਿਛੁੜਿ ਕਤਹਿ ਨ ਜਾਇ॥ ਪ੍ਰਭ ਵਿਣੁ ਦੂਜਾ ਕੋ ਨਹੀ, ਨਾਨਕ ! ਹਰਿ ਸਰਣਾਇ॥

ਅਸੂ ਸੁਖੀ ਵਸੰਦੀਆ, ਜਿਨਾ ਮਇਆ ਹਰਿ ਰਾਇ॥੮॥ (ਮਾਝ ਬਾਰਹਮਾਹਾ, ਮ:੫/੧੩੫)

ਪਦ ਅਰਥ: ਅਸੁਨਿ- ਅੱਸੂ ਦੇ ਮਹੀਨੇ ਵਿੱਚ, ਉਮਾਹੜਾ-ਉਛਲ ਪੈਂਦਾ ਹੈ।, ਘਣੀ- ਬਹੁਤ, ਆਣਿ- ਲਿਆ ਕੇ, ਸਹਾਈ- ਮਦਦਗਾਰ, ਹਉ-ਮੈਂ, ਤਿਨ ਕੈ-ਉਨ੍ਹਾਂ ਦੇ, ਪਾਂਇ-ਚਰਨੀਂ, ਜਾਇ-ਆਸਰਾ (ਜਗ੍ਹਾ), ਚਾਖਿਆ-ਮਾਣਿਆ, ਆਘਾਇ-ਸੰਤੁਸਟ ਹੋ ਗਏ, ਆਪੁ-ਹੰਕਾਰ, ਕੰਤਿ-ਖਸਮ ਨੇ, ਮਇਆ-ਮਿਹਰ ।

ਅਰਥ: ਪੰਚਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਬਾਰਹਾਮਾਹਾ ਰਾਗ ਮਾਝ ਦੀ ਇਸ ਪਉੜੀ ਨੰ. 8 ਰਾਹੀਂ ‘ਅੱਸੂ’ ਮਹੀਨੇ ਦੀ ਬਹਾਰ ਅਤੇ ਵਾਤਾਵਰਨ ’ਚ ਹੋ ਰਹੀ ਤਬਦੀਲੀ ਆਉਣ ਕਰਕੇ ਮਨੁੱਖੀ ਆਤਮਾ ਦੀ ਪ੍ਰਮਾਤਮਾ ਨਾਲ ਮਿਲਣ ਦੀ ਤੀਬਰ ਇੱਛਾ ਅਤੇ ਇਸ ਆਤਮਿਕ ਮਿਲਾਪ ਦੇ ਸੁਖ ਅਨੰਦ ਦਾ ਵਰਣਨ ਕਰਦੇ ਹਨ।

‘ਅੱਸੂ’ ਸ਼ਬਦ ਦੀ ਬਣਤਰ ਵਿੱਚ ਆਸ, ਉਮੀਦ, ਬੇਨਤੀ (ਜੋਦੜੀ), ਅਤੇ ਆਦਰਸ਼ ਦੀ ਸਹੀ ਸੇਧ ਵੱਲ ਉਤਸ਼ਾਹੀ ੳੂਰਜਾ ਦੇ ਹੁਲਾਰੇ ਕਾਰਨ ਜੀਵ ਇਸਤ੍ਰੀ ਦੇ ਅੰਦਰ ਅਕਾਲ ਪੁਰਖ ਦੇ ਦਰਸ਼ਨਾਂ ਅਤੇ ਪ੍ਰੀਤ-ਮਿਲਾਪ ਲਈ ਤੀਬਰ ਇੱਛਾ ਨੂੰ ਪ੍ਰਗਟਾਇਆ ਗਿਆ ਹੈ ਕਿਉਂਕਿ ਇਸ ਮਹੀਨੇ ਵਿੱਚ ਭਾਦਰੋਂ ਦੇ ਘੁੰਮੇ ਤੇ ਹੁੰਮਸ ਦਾ ਅਸਰ ਖ਼ਤਮ ਹੋਣ ’ਤੇ ਰੁੱਤ ਸੁਹਾਵਣੀ (ਨਾ ਗਰਮ ਅਤੇ ਨਾ ਸਰਦੀ) ਹੋਣ ਕਾਰਨ ਮਨ ਅਤੇ ਤਨ ਨੂੰ ਸੁਖੀ ਤੇ ਚਾਉ-ਉਮਾਹ, ਸਿਰਜਣਾਤਮਕ ਆਸਾਵਾਂ ਤੇ ਸਰਗਰਮੀਆਂ ਵੱਲ ਪ੍ਰੇਰਿਤ ਕਰਦੀ ਹੈ। ਤੀਬਰ ਇੱਛਾ ਦੀ ਪੂਰਤੀ ਲਈ ਆਪਣੇ ਪਿਆਰਿਆਂ ਅੱਗੇ ਤਰਲੇ ਪਾਉਂਦੀ ਹੋਈ ਕੂਕਦੀ ਹੈ ਕਿ ਪਿਆਰੇ ਪ੍ਰਭੂ ਨੂੰ ਕਿਵੇਂ ਮਿਲਿਆ ਜਾਵੇ ? ਕਿਉਂਕਿ ਉਸ ਨੂੰ ਪਤਾ ਹੈ ਕਿ ਪ੍ਰਭੂ ਪਿਆਰੇ ਦੇ ਦਰਸ਼ਨ ਕਰਕੇ ਹੀ ਜ਼ਿੰਦਗੀ ਦੀ ਕਾਇਆਂ-ਕਲਪ ਹੋਵੇਗੀ ਅਤੇ ਅਸਲੀ ਸੁਖ ਆਨੰਦ ਬਣੇਗਾ।

ਦੁਨਿਆਵੀ ਕਰਮਾਂ ਤੇ ਐਸਾਂ ਦੇ ਸਾਮਾਨ ਨੇ ਮਨ ਦੀ ਪਿਆਸ ਬੁਝਾਉਣ ਦੀ ਥਾਂ ਹੋਰ ਭੜਕੀ ਲਾਉਣੀ ਹੈ। ਇਸ ਲਈ ਸਾਨੂੰ ਨਿਜੀ ਅਤੇ ਸਮੂਹਕ ਰੂਪ ’ਚ ਰਹਿਤ ਮਰਯਾਦਾ ਦੀ ਅਮਲੀ ਪਰਪੱਕਤਾ ਨਿਸ਼ਚਿਤ ਕਰਕੇ ਸਚਿਆਰੀ ਜੀਵਨ ਜਾਂਚ ਦੀ ਘਾੜਤ ਲਈ ਆਪਣੀਆਂ ਵਿਕਾਰੀ ਮਨੋ ਬ੍ਰਿਤੀਆਂ ਨੂੰ ਕਾਬੂ ਕਰਨਾ ਹੋਵੇਗਾ ਕਿਉਂਕਿ ਨਿਤ ਨਵੀਆਂ ਆਸਾਵਾਂ -ਤ੍ਰਿਸ਼ਨਾਵਾਂ ਹੀ ਜ਼ਿੰਦਗੀ ਲਈ ਦੁੱਖਾਂ ਦਾ ਸਬੱਬ ਬਣਦੀਆਂ ਹਨ ਜਿਵੇਂ ਗੁਰੂ ਵਾਕ ਹੈ: ‘‘ਜਨ ਨਾਨਕ ਪ੍ਰਭ ਦੇਹੁ ਮਤੀ, ਛਡਿ ਆਸਾ ਨਿਤ ਸੁਖਿ ਸਉਦਿਆ॥’’ (ਮ:੪/੭੭੬)

ਗੁਰੂ ਰਾਮਦਾਸ ਜੀ ਇਸ ਸਰੀਰ ਨੂੰ ਘੋੜੀ ਦੱਸਦੇ ਹੋਏ ਇਸ ਦੀ ਘਾੜਤ ਲਈ ਮੂੰਹ ਵਿੱਚ ਗਿਆਨ ਦੀ ਲਗਾਮ ਲਗਾ ਕੇ ਪ੍ਰੇਮ ਪ੍ਰੇਰਣਾ ਦੇ ਚਾਬੁਕ ਲਾਉਣ ਲਈ ਕਹਿੰਦੇ ਹਨ: ‘‘ਤਨਿ ਪ੍ਰੇਮੁ ਹਰਿ ਹਰਿ ਲਾਇ ਚਾਬਕੁ, ਮਨੁ ਜਿਣੈ ਗੁਰਮੁਖਿ ਜੀਤਿਆ॥’’ (ਮ:੪/੫੭੫)

ਇਹ ਤੀਬਰ ਲੱਗੀ ਪਿਆਸ ਪ੍ਰੇਮ ਰਸ ਨੇ ਹੀ ਮਿਟਾਉਣੀ ਹੈ। ਪ੍ਰੇਮ ਰਸ ਦੀ ਪ੍ਰਾਪਤੀ ਲਈ ਸੱਚੇ ਸੁੱਚੇ ਸੰਤ ਜਨਾਂ ਦੇ ਚਰਨੀਂ ਲੱਗਿਆਂ, ਨਿਮਰਤਾ ਧਾਰ ਕੇ ਸੇਵਾ ਭਾਵ ਨਾਲ ਸ਼ਰਨੀਂ ਆਉਣ ’ਤੇ ਸਹੀ ਰਾਹ ਮਿਲੇਗਾ ਇੱਥੇ ਪਹੁੰਚ ਕੇ ਪ੍ਰਭੂ ਪਿਆਰ ਲਈ ਮਨ ਵਿੱਚ ਦ੍ਰਿੜਤਾ ਹੋਣੀ ਕਿ ਸਭ ਸੁੱਖਾਂ ਦਾ ਦਾਤਾ ‘ਵਾਹਿਗੁਰੂ’ ਹੈ ਹੋਰ ਕਿਸੇ ਥਾਂ, ਤੀਰਥਾਂ, ਪਦਾਰਥਾਂ ਵਿੱਚ ਸੁੱਖ ਦੇਣ ਦੀ ਸ਼ਕਤੀ ਨਹੀਂ ਮਿਲਦੀ। ਆਪਣੇ ਜੀਵਨ ਵਿੱਚ ਸਹਿਜ, ਸੁੱਖ ਆਨੰਦ ਦੀ ਪ੍ਰਾਪਤੀ ਲਈ ਗੁਰਸਿੱਖਾਂ ਦੀ ਸੰਗਤ ਕਰਦੇ ਹੋਏ ਅਸੀਂ ਗੁਰਮਤਿ ਗਾਡੀ ਰਾਹ ਦਾ ਰਾਹੀ ਬਣ ਕੇ ਗੁਰਬਾਣੀ ਉਪਦੇਸ ਦੀ ਸੋਝੀ ਲੈਣੀ ਹੈ ਅਤੇ ‘‘ਲੇਹੁ ਪ੍ਰਭੂ ਲੜਿ ਲਾਇ॥’’ ਲਈ ਬੇਨਤੀ/ਜੋਦੜੀ ਕਰਨੀ ਹੈ।

ਮਿਹਰ ਕਰਕੇ ਪ੍ਰਭੂ ਪਤੀ ਜਿਸ ਜੀਵ ਇਸਤ੍ਰੀ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਉਸ ਦਾ ਮਨ ਫਿਰ ਹੋਰ ਕਿਧਰੇ ਨਹੀਂ ਜਾਂਦਾ ‘‘ਵਿਛੁੜਿ ਕਤਹਿ ਨਾ ਜਾਇ॥’’

ਗੁਰੂ ਅਰਜਨ ਦੇਵ ਜੀ ਇਹ ਸਮਝਾਉਂਦੇ ਹਨ ਕਿ ਇਹੋ ਹੀ ਬੇਨਤੀ ਕਰੋ ਕਿ ਪ੍ਰਭੂ ਜੀ ! ਸਾਡਾ ਤੁਹਾਡੇ ਬਿਨ ਕੋਈ ਮਦਦਗਾਰ ਨਹੀਂ ਇਸ ਲਈ ਸਦਾ ਆਪਣੀ ਸ਼ਰਨ ਵਿੱਚ ਰੱਖ: ‘‘ਪ੍ਰਭ ਵਿਣੁ ਦੂਜਾ ਕੋ ਨਹੀ, ਨਾਨਕ ! ਹਰਿ ਸਰਣਾਇ॥’’

ਉਮਾਹ ਭਰੇ ਅੱਸੂ ਦੇ ਮਹੀਨੇ ਸੱਚੇ ਪਾਤਿਸ਼ਾਹ ਨੇ ਜਿਸ ਉੱਪਰ ਮਿਹਰ ਕਰਕੇ ਆਪਣੇ ਨਾਲ ਮਿਲਾ ਲਿਆ, ਉਸ ਦੀ ਤ੍ਰਿਸ਼ਨਾ, ਭੁੱਖ ਮੁੱਢੋਂ ਹੀ ਖ਼ਤਮ ਹੋ ਕੇ ਮਿਲੇ ਪ੍ਰੇਮ ਰਸ ਨਾਲ ਸਦਾ ਲਈ ਸੁੱਖ ਆਨੰਦ ਪ੍ਰਾਪਤ ਕਰ ਲਿਆ: ‘‘ਅਸੂ ਸੁਖੀ ਵਸੰਦੀਆ, ਜਿਨਾ ਮਇਆ ਹਰਿ ਰਾਇ॥’’

ਰਾਗ ਤੁਖਾਰੀ ਵਿੱਚ ਪਹਿਲੇ ਪਾਤਿਸ਼ਾਹ ਗੁਰੂ ਨਾਨਕ ਸਾਹਿਬ ਜੀ ਫ਼ੁਰਮਾ ਰਹੇ ਹਨ: ‘‘ਨਾਨਕ ! ਅਸੁਨਿ ਮਿਲਹੁ ਪਿਆਰੇ, ਸਤਿਗੁਰ ਭਏ ਬਸੀਠਾ॥ ਭਾਵ ਜਿਸ ਮਨੁੱਖ ਦੇ ਸਤਿਗੁਰ ਜੀ ਵਿਚੋਲੇ ਬਣ ਜਾਣ ਉਹ ਪ੍ਰਭੂ ਅੱਗੇ ਹਮੇਸਾਂ ਪੁਕਾਰ ਕਰਦਾ ਰਹਿੰਦਾ ਹੈ ਕਿ ਹੇ ਪ੍ਰਭੂ ਜੀ ! ਮੈਨੂੰ ਤੁਰੰਤ ਮਿਲ ਕਿਉਂਕਿ ਉਸ ਦੀ ਆਸ ਤੇ ਤਾਂਘ ਬਣ ਜਾਂਦੀ ਹੈ: ‘‘ਅਸੁਨਿ ਆਉ ਪਿਰਾ ! ਸਾ ਧਨ ਝੂਰਿ ਮੁਈ॥ ਤਾ ਮਿਲੀਐ ਪ੍ਰਭ ਮੇਲੇ, ਦੂਜੈ ਭਾਇ ਖੁਈ॥ ਭਾਵ ਹੇ ਪਤੀ ! ਜਦ ਤੂੰ ਮਿਲਾਏਂਗਾ ਤਾਂ ਹੀ ਮਿਲਿਆ ਜਾ ਸਕਦਾ ਹੈ ਤੇਰੀ ਮਿਹਰ ’ਤੋਂ ਬਿਨਾ ਜੀਵ ਇਸਤ੍ਰੀ ਹੋਰਾਂ ਦੇ ਪਿਆਰ ’ਚ ਹੀ ਖਚਿਤ ਰਹਿੰਦੀ ਹੈ।

ਰਾਗ ਮਾਝ ਵਿੱਚ ਵੀ ਗੁਰੂ ਅਰਜਨ ਸਾਹਿਬ ਜੀ ਫ਼ੁਰਮਾ ਰਹੇ ਹਨ: ‘‘ਜਿੰਨੀ ਚਾਖਿਆ ਪ੍ਰੇਮ ਰਸੁ, ਸੇ ਤ੍ਰਿਪਤਿ ਰਹੇ ਆਘਾਇ॥ ਆਪੁ ਤਿਆਗਿ ਬਿਨਤੀ ਕਰਹਿ, ਲੇਹੁ ਪ੍ਰਭੂ ਲੜਿ ਲਾਇ॥’’ ਭਾਵ ਜਿਨ੍ਹਾਂ ਨੇ ਤੇਰਾ ਪ੍ਰੇਮ ਰਸ ਮਾਣਿਆ ਉਹ ਦੁਨਿਆਵੀ ਪਦਾਰਥਾਂ ਵੱਲੋਂ ਸੰਤੁਸਟ ਹੋ ਗਈਆਂ, ਰੱਜ ਗਈਆਂ ਅਤੇ ਹੰਕਾਰ (ਦੁਨਿਆਵੀ ਲਾਲਸਾ) ਛੱਡ ਕੇ ਬੇਨਤੀ ਕਰਦੀਆਂ ਹਨ ਕਿ ਹੇ ਪ੍ਰਭੂ ਜੀ ! ਸਾਨੂੰ ਆਪਣੇ ਚਰਨੀਂ ਲਗਾਈ ਰੱਖ।

ਸੋ, ਉਕਤ ਸ਼ਬਦ ਦੀਆਂ ਪੰਕਤੀਆਂ ਜਿਗਿਆਸੂ ਜੀਵ ਇਸਤ੍ਰੀ ਨੂੰ ਭਰੋਸਾ ਦਿਵਾਉਂਦੀਆਂ ਹਨ ਕਿ ਵਾਹਿਗੁਰੂ/ਪ੍ਰਭੂ ਅੱਗੇ ਕੀਤੀ ਗਈ ਅਰਦਾਸ/ਜੋਦੜੀ ਬਿਰਥਾ ਨਹੀਂ ਜਾਂਦੀ ਕਿਉਂਕਿ ਅੰਤਰ ਆਤਮੇ ਬੈਠਾ ਪ੍ਰਭੂ-ਪਤੀ ਆਸਵੰਦ ਦੀ ਆਸ ਜ਼ਰੂਰ ਪੂਰੀ ਕਰਦਾ ਹੈ। ਸੁਯੋਗ ਗੁਰਮਤਿ ਜੀਵਨ-ਮਾਰਗ ਦੀ ਸੋਝੀ ਪੌਣ ’ਤੇ ਜੀਵ ਇਸਤ੍ਰੀ ਪਿਆਰੇ ਪਤੀ-ਪ੍ਰਭੂ ਨਾਲ ਸਦੀਵੀ ਮਿਲਾਪ ਦਾ ਸੁੱਖ ਪ੍ਰਾਪਤ ਕਰਦੀ ਹੈ।

ਕਤਿਕਿ, ਕਰਮ ਕਮਾਵਣੇ

0

ਕਤਿਕਿ, ਕਰਮ ਕਮਾਵਣੇ

ਗਿਆਨੀ ਅਵਤਾਰ ਸਿੰਘ

ਕਤਿਕਿ, ਕਰਮ ਕਮਾਵਣੇ, ਦੋਸੁ ਨ ਕਾਹੂ ਜੋਗੁ॥ ਪਰਮੇਸਰ ਤੇ ਭੁਲਿਆਂ, ਵਿਆਪਨਿ ਸਭੇ ਰੋਗ॥

ਵੇਮੁਖ ਹੋਏ ਰਾਮ ਤੇ, ਲਗਨਿ ਜਨਮ ਵਿਜੋਗ॥ ਖਿਨ ਮਹਿ ਕਉੜੇ ਹੋਇ ਗਏ, ਜਿਤੜੇ ਮਾਇਆ ਭੋਗ॥

ਵਿਚੁ ਨ ਕੋਈ ਕਰਿ ਸਕੈ, ਕਿਸ ਥੈ ਰੋਵਹਿ ਰੋਜ॥ ਕੀਤਾ ਕਿਛੂ ਨ ਹੋਵਈ, ਲਿਖਿਆ ਧੁਰਿ ਸੰਜੋਗ॥

ਵਡਭਾਗੀ ਮੇਰਾ ਪ੍ਰਭੁ ਮਿਲੈ, ਤਾਂ ਉਤਰਹਿ ਸਭਿ ਬਿਓਗ॥ ਨਾਨਕ ਕਉ ਪ੍ਰਭ ! ਰਾਖਿ ਲੇਹਿ, ਮੇਰੇ ਸਾਹਿਬ ਬੰਦੀ ਮੋਚ॥

ਕਤਿਕ ਹੋਵੈ ਸਾਧਸੰਗੁ, ਬਿਨਸਹਿ ਸਭੇ ਸੋਚ॥੯॥ (ਮ:੫/੧੩੫)

ਸਬੰਧਤ ਸ਼ਬਦ ਮਾਂਝ ਰਾਗ ’ਚ ਪੰਜਵੇਂ ਪਾਤਿਸ਼ਾਹ ਗੁਰੂ ਅਰਜਨ ਦੇਵ ਜੀ ਦੁਆਰਾ ਉਚਾਰਨ ਕੀਤਾ ਗਿਆ ਹੈ। ਜਿਸ ਰਾਹੀਂ ਗੁਰੂ ਜੀ ਮਨੁੱਖ ਦੁਆਰਾ ਕੀਤੇ ਜਾਂਦੇ ਕਰਮਾਂ ਕਰਕੇ ਪ੍ਰਭੂ ਜੀ ਦੀ ਯਾਦ ਵੱਲੋਂ ਬਣ ਰਹੀ ਦੂਰੀ ਕਰਕੇ ਕੱਤਕ (ਸਾਉਣੀ) ਦੀ ਫ਼ਸਲ ਵਾਂਗ ਲਾਭ ਪੂਰਾ ਨਾ ਮਿਲਣ ਨੂੰ ਦਰਸਾਉਂਦੇ ਹਨ, ਜਿਸ ਕਾਰਨ ਜੀਵ ਦੁਖੀ ਹੈ ਅਤੇ ‘‘ਦੋਸੁ ਦੇਤ ਆਗਹ ਕਉ ਅੰਧਾ॥’’ (ਮ:੫/੨੫੮) ਭਾਵ ਇਸ ਦੁਖ ਲਈ ਆਪਣੇ ਆਪ ਨੂੰ ਜਿੰਮੇਵਾਰ ਨਾ ਠਹਿਰਾ ਕੇ ਹੋਰਾਂ ਨੂੰ ਉਲਾਂਭੇ ਦੇਂਦਾ ਹੈ।
ਗੁਰੂ ਜੀ ਆਖ ਰਹੇ ਹਨ ਕਿ ਹੇ ਭਾਈ ! ਪਰਮੇਸਰ ਦੀ ਯਾਦ ਨੂੰ ਭੁਲਣ ਕਾਰਨ ਤੈਨੂੰ ਇਹ ਸਭ ਰੋਗ ਵਿਆਪ (ਲੱਗ) ਰਹੇ ਹਨ ਕਿਉਂਕਿ ਤੂੰ ਗੁਰੂ ਦੀ ਸ਼ਰਨ ਨਹੀਂ ਲਈ; ਆਪਣੀ ਮਤਿ ਨਾਲ ਵਿਚਰ ਰਿਹਾ ਹੈਂ ‘‘ਜੇ ਕੋ ਗੁਰ ਤੇ ਵੇਮੁਖੁ ਹੋਵੈ, ਬਿਨੁ ਸਤਿਗੁਰ; ਮੁਕਤਿ ਨ ਪਾਵੈ॥ (ਮ:੩/੯੨੦) ਕਿਉਂਕਿ ਜੀਵ ਅਤੇ ਰੱਬ ਦੇ ਵਿਚਕਾਰ ਗੁਰੂ ਹੀ ਇੱਕ ਵਿਚੋਲਾ ਹੈ, ਜੋ ਇਸ ਦੂਰੀ ਨੂੰ ਮਿਟਾ ਸਕਦਾ ਹੈ ਇਸ ਲਈ ਇਹ ਕਹਿਣਾ ਬਣਦਾ ਹੈ ਕਿ ‘‘ਘੋਲਿ ਘੁਮਾਈ ਤਿਸੁ ਮਿਤ੍ਰ ਵਿਚੋਲੇ, ਜੈ ਮਿਲਿ ਕੰਤੁ ਪਛਾਣਾ॥’’ (ਮ:੫/੯੬੪) ਪਰ ਇਹ ਭਾਵਨਾ ਜੀਵ ਦੇ ‘‘ਮੋਮ ਦਿਲਿ ਹੋਵੈ ॥’’ (ਮ:੫/੧੦੮੪) ਤੋਂ ਹੀ ਸ਼ੁਰੂ ਹੋਣੀ ਹੈ ਨਾ ਕਿ ਕੁੜਕੁੜੂ ਮੋਠ ਵਾਂਗ ਅਭਿੱਜ ਰਿਹਾਂ ‘‘ਪੰਡਿਤੁ ਆਖਾਏ ਬਹੁਤੀ ਰਾਹੀ, ਕੋਰੜ ਮੋਠ ਜਿਨੇਹਾ॥’’ (ਮ: ੫/੯੬੦) ਕੁੜਕੁੜੂ ਦਾਣਾ ਅੱਗ ਦੇ ਸ਼ੇਕ ਨਾਲ ਵਾ ਨਰਮ ਨਹੀਂ ਹੁੰਦਾ ‘‘ਕੋਰੜੁ ਮੋਠੁ ਨ ਰਿਝਈ, ਕਰਿ ਅਗਨੀ ਜੋਸੁ। (ਭਾਈ ਗੁਰਦਾਸ ਜੀ, ਵਾਰ ੩੪ ਪਉੜੀ ੮)
ਨਰਮ ਦਿਲ ਮਨੁੱਖ ਹੀ ਆਖ ਸਕਦਾ ਹੈ ‘‘ਹਮ ਪਾਪੀ ਪਾਥਰ; ਨੀਰਿ ਡੁਬਤ, ਕਰਿ ਕਿਰਪਾ; ਪਾਖਣ ਹਮ ਤਾਰੀ ॥ ਰਹਾਉ ॥ (ਮ:੪/੬੬੬) ‘ਪਾਪ’ ਕਰਮ ਕਾਰਨ ਰੋਗ ਲੱਗੇ, ਦੁੱਖ ਲੱਗੇ। ਦੋਸ਼ ਹੋਰਾਂ ਨੂੰ ਦਿੱਤਾ ਕਿਉਂਕਿ ‘‘ਪਾਪੁ ਬੁਰਾ, ਪਾਪੀ ਕਉ ਪਿਆਰਾ॥’’ (ਮ:੧/੯੩੫) ਅਜਿਹਾ ਮਨੁੱਖ ਹਿਰਦੇ ਤੋਂ ਨਹੀਂ ਕਹਿ ਸਕਦਾ ਕਿ ‘‘ਗੁਰਸਿਖਾਂ ਕੀ ਹਰਿ ਧੂੜਿ ਦੇਹਿ, ਹਮ ਪਾਪੀ ਭੀ ਗਤਿ ਪਾਂਹਿ॥’’ (ਮ:੪/੧੪੨੪) ਜਦ ਤੱਕ ਜੀਵ ਨਹੀਂ ਕਹੇਗਾ ਕਿ ‘‘ਦਦੈ, ਦੋਸੁ ਨ ਦੇਊ ਕਿਸੈ, ਦੋਸੁ ਕਰੰਮਾ ਆਪਣਿਆ॥’’ (ਮ:੧/੪੩੩) ਤਦ ਤੱਕ ਇਹ ਦੁਖੀ ਰਹੇਗਾ।
ਪਦ ਅਰਥ: ਹੇ ਜੀਵ ! (ਦੁੱਖਾਂ ਤੋਂ ਛੁਟਕਾਰੇ ਲਈ) ਕੱਤਕ ਦੇ ਮਹੀਨੇ ਵਿੱਚ (ਗੁਰਮਤਿ ਅਨੁਸਾਰੀ) ਕਰਮ ਕਰ, ਨਾ ਕਿ (ਇਨ੍ਹਾਂ ਮੁਸੀਬਤਾਂ ਲਈ) ਕਿਸੇ ਹੋਰ ਨੂੰ ਦੋਸ਼ੀ ਠਹਿਰਾ ਕਿਉਂਕਿ ਇਹ ਦੁੱਖ ਰੱਬ ਤੋਂ ਵਿਛੁੜਨ ਕਾਰਨ ਹਨ। ਜੋ ਰੱਬੀ ਸ਼ਕਤੀ ਵੱਲੋਂ ਮੂੰਹ ਮੋੜ ਲੈਂਦੇ ਹਨ ਉਨ੍ਹਾਂ ਲਈ ਜਨਮਾ-ਜਨਮਾ (ਲੰਬੇ ਸਮੇਂ) ਤੱਕ ਰੱਬ ਤੋਂ ਦੂਰੀਆਂ ਬਣ ਜਾਂਦੀਆਂ ਹਨ। ਜੋ (ਇਸ ਜਨਮ ’ਚ ਕੇਵਲ) ਮਾਯਾ ਭੋਗ ਹੀ ਭੋਗੇ ਉਹ ਹੁਣ ਮਾਯਾ ਸੁਆਦ ਕੋੜਾ ਬਣ ਗਿਆ (ਭਾਵ ਕੋਈ ਸਦੀਵੀ ਲਾਭ ਨਹੀਂ ਮਿਲਿਆ।) (ਅਗਲੇ ਜਨਮਾਂ ’ਚ ਲੰਬੇ ਸਮੇਂ ਲਈ) ਰੱਬ ਅਤੇ ਤੇਰੇ ਆਪਣੇ ਵਿਚਕਾਰ ਵਿਚੋਲਾ (ਗੁਰੂ) ਵੀ ਕੋਈ ਨਹੀਂ ਬਣਾ ਸਕੇਂਗਾ ਫਿਰ ਕਿਸ ਅੱਗੇ (ਦੁੱਖਾਂ ਦੀ) ਪੁਕਾਰ ਕਰੇਂਗਾ। ਆਪਣੇ ਉੱਦਮ ਨਾਲ ਕਿਸੇ ਦਾ ਵੀ ਕੀਤਾ ਕੁਛ ਨਹੀਂ ਹੋਏਗਾ, ਇਹੀ ਫਲ ਲਿਖਿਆ ਜਾਵੇਗਾ।
ਕੱਤਕ ਮਹੀਨੇ ’ਚ ਵੱਡੇ ਭਾਗ (ਹਲੀਮੀ ਭਾਵਨਾ) ਨਾਲ ਜਿਸ ਨੂੰ ਪਿਆਰੇ ਮਾਲਕ ਦੀ ਯਾਦ ਪ੍ਰਾਪਤ ਹੋ ਜਾਂਦੀ ਹੈ ਉਸ ਦੇ ਪ੍ਰਭੂ ਵੱਲੋਂ ਪਏ ਵਿਛੋੜੇ (ਦੂਰੀਆਂ) ਖ਼ਤਮ ਹੋ ਜਾਂਦੇ ਹਨ ਕਿਉਂਕਿ ਉਹ ਜੀਵ ਇਸਤ੍ਰੀ ਕਹਿਣ ਲੱਗ ਜਾਂਦੀ ਹੈ ‘‘ਆਪ ਕਮਾਣੈ ਵਿਛੁੜੀ, ਦੋਸੁ ਨ ਕਾਹੂ ਦੇਣ॥’’ (ਮ: ੫,੧੩੬) ‘‘ਜੋ ਮੈ ਕੀਆ, ਸੋ ਮੈ ਪਾਇਆ, ਦੋਸੁ ਨ ਦੀਜੈ ਅਵਰ ਜਨਾ॥’’ (ਮ:੧/੪੩੩)
ਅਜਿਹੀ ਭਾਵਨਾ ਗੁਰੂ (ਵਿਚੋਲਾ) ਮਨੁੱਖ ਦੇ ਹਿਰਦੇ ’ਚ ਪੈਦਾ ਕਰਦਿਆਂ ਆਖਦਾ ਹੈ ਕਿ ‘‘ਕਿਸ ਕਉ ਦੋਸੁ ਦੇਹਿ ਤੂ ਪ੍ਰਾਣੀ! ਸਹੁ ਅਪਣਾ ਕੀਆ ਕਰਾਰਾ ਹੇ॥ (ਮ:੧/੧੦੩੦) ਸਾਹਮਣੇ ਵਾਲਾ ਤਿਆਰ ਭਾਂਡਾ (ਹਿਰਦਾ) ਸਵੀਕਾਰ ਕਰਦਾ ਹੈ ‘‘ਕਬੀਰ ! ਸਾਚਾ ਸਤਿਗੁਰੁ ਮੈ ਮਿਲਿਆ, ਸਬਦੁ ਜੁ ਬਾਹਿਆ ਏਕੁ॥ ਲਾਗਤ ਹੀ ਭੁਇ ਮਿਲਿ ਗਇਆ, ਪਰਿਆ ਕਲੇਜੇ ਛੇਕੁ॥ (੧੩੭੨) ਫਿਰ ਮਨੁੱਖ ਅੰਦਰੋਂ ਭਾਵਨਾ ਪ੍ਰਗਟ ਹੁੰਦੀ ਹੈ ਕਿ ‘‘ਮੈ ਵਿਚਿ ਦੋਸ, ਹਉ; ਕਿਉ ਕਰਿ ਪਿਰੁ ਪਾਵਾ॥’’ (ਮ:੪/੫੬੧) ਭਾਵ ਮੇਰੇ ’ਚ ਹੀ ਕਮੀਆਂ ਹਨ ਹੁਣ ਗੁਰੂ ਜੀ! ਦੱਸੋ, ਰੱਬ ਨੂੰ ਕਿਵੇਂ ਪਾਵਾਂ ? ਅੱਗੋਂ ਗੁਰੂ ਜੀ ਸਦੀਵੀ ਹੌਂਸਲਾ ਬਣਾਏ ਰੱਖਣ ਲਈ ਆਖਦੇ ਹਨ ਕਿ ਸਦਾ ਇਉਂ ‘‘ਸੇ ਗੁਣ ਮੁਝੈ ਨ ਆਵਨੀ, ਕੈ ਜੀ; ਦੋਸੁ ਧਰੇਹ॥’’ (ਮ:੧/੭੨੫) ਵਾਲੀ ਭਾਵਨਾ ਪ੍ਰਗਟ ਕਰਦਿਆਂ ਬੇਨਤੀ ਕਰਿਆ ਕਰ ਕਿ ਹੇ ਮਾਲਕ ! ‘‘ਹਮ ਪਾਪੀ, ਤੁਮ ਪਾਪ ਖੰਡਨ, ਨੀਕੋ (ਸੁੰਦਰ) ਠਾਕੁਰ ਦੇਸਾ॥’’ (ਮ:੫/੬੧੩) ਅਤੇ ‘‘ਨਾਨਕ ਕਉ ਪ੍ਰਭ ! ਰਾਖਿ ਲੇਹਿ, ਮੇਰੇ ਸਾਹਿਬ ਬੰਦੀ ਮੋਚ॥ ਕਤਿਕ ਹੋਵੈ ਸਾਧਸੰਗੁ, ਬਿਨਸਹਿ ਸਭੇ ਸੋਚ॥’’ ਭਾਵ ਹੇ ਪ੍ਰਭੂ ਜੀ, ਹੇ ਮੇਰੇ ਮਾਲਕ ਮੁਕਤੀ ਦਾਤੇ ! ਮੈਨੂੰ ਕੱਤਕ ਦੇ ਮਹੀਨੇ (’ਚ ਪ੍ਰਾਪਤ ਕੀਤੀ ਸਾਉਣੀ ਦੀ ਫ਼ਸਲ ਵਾਂਗ) ਗੁਰੂ ਦਾ ਸਾਥ ਵੀ ਮਿਲੇ, ਮੇਰੀ ਰੱਖਿਆ ਕਰ ਤਾਂ ਜੋ ਸਾਰੇ ਚਿੰਤਾ ਫ਼ਿਕਰ ਦੂਰ ਹੋ ਜਾਣ, ਮੁਕ ਜਾਣ।

ਮੰਘਿਰਿ ਪ੍ਰਭੁ ਆਰਾਧਣਾ

0

ਮੰਘਿਰਿ ਪ੍ਰਭੁ ਆਰਾਧਣਾ

ਗਿਆਨੀ ਅਵਤਾਰ ਸਿੰਘ

ਮੰਘਿਰਿ ਮਾਹਿ ਸੋਹੰਦੀਆ, ਹਰਿ ਪਿਰ ਸੰਗਿ ਬੈਠੜੀਆਹ॥ ਤਿਨ ਕੀ ਸੋਭਾ ਕਿਆ ਗਣੀ, ਜਿ ਸਾਹਿਬਿ ਮੇਲੜੀਆਹ॥

ਤਨੁ ਮਨੁ ਮਉਲਿਆ ਰਾਮ ਸਿਉ, ਸੰਗਿ ਸਾਧ ਸਹੇਲੜੀਆਹ॥ ਸਾਧ ਜਨਾ ਤੇ ਬਾਹਰੀ, ਸੇ ਰਹਨਿ ਇਕੇਲੜੀਆਹ॥

ਤਿਨ ਦੁਖੁ ਨ ਕਬਹੂ ਉਤਰੈ, ਸੇ ਜਮ ਕੈ ਵਸਿ ਪੜੀਆਹ॥ ਜਿਨੀ ਰਾਵਿਆ ਪ੍ਰਭੁ ਆਪਣਾ, ਸੇ ਦਿਸਨਿ ਨਿਤ ਖੜੀਆਹ॥

ਰਤਨ ਜਵੇਹਰ ਲਾਲ ਹਰਿ, ਕੰਠਿ ਤਿਨਾ ਜੜੀਆਹ॥ ਨਾਨਕ ! ਬਾਂਛੈ ਧੂੜਿ ਤਿਨ, ਪ੍ਰਭ ਸਰਣੀ ਦਰਿ ਪੜੀਆਹ॥

ਮੰਘਿਰਿ ਪ੍ਰਭੁ ਆਰਾਧਣਾ, ਬਹੁੜਿ ਨ ਜਨਮੜੀਆਹ॥੧੦॥  (ਮਾਝ ਬਾਰਹਮਾਹਾ , ਮ:੫/੧੩੫)

ਪਦ ਅਰਥ: ਮੰਘਿਰਿ-ਮੱਘਰ ਮਹੀਨੇ ਵਿੱਚ, ਪਿਰ ਸੰਗਿ- ਪਤੀ ਪ੍ਰਮੇਸਰ ਨਾਲ, ਸਾਹਿਬਿ- ਮਾਲਕ ਨੇ, ਮਉਲਿਆ-ਖਿੜ ਗਿਆ, ਸਾਧ- ਗੁਰੂ, ਸਹੇਲੜੀਆਹ-ਸਤਸੰਗੀ ਜੀਵ ਇਸਤ੍ਰੀਆਂ, ਤਿਨ-ਉਨ੍ਹਾਂ, ਰਾਵਿਆ- ਮਾਣਿਆ, ਕੰਠਿ-ਗਲ ਵਿੱਚ, ਬਾਂਛੈ-ਮੰਗਦਾ ਹੈ, ਆਰਾਧਣਾ- ਯਾਦ ਕਰਨਾ, ਬਹੁੜਿ-ਮੁੜ ਕੇ ।

ਅਰਥ: ਜਿਨ੍ਹਾਂ ਜੀਵ ਇਸਤ੍ਰੀਆਂ ਨੇ ਪਿਛਲੇ ਮਹੀਨੇ ‘‘ਕਤਿਕ ਹੋਵੈ ਸਾਧਸੰਗੁ, ਬਿਨਸਹਿ ਸਭੇ ਸੋਚ॥’’ ਭਾਵ ਕੱਤਕ ਦੇ ਮਹੀਨੇ ’ਚ ਸਉਣੀ ਦੀ ਦੁਨਿਆਵੀ ਫਸਲ ਦੇ ਨਾਲ-2 ਗੁਰੂ ਦੀ ਸੰਗਤ ਕੀਤੀ ਉਨ੍ਹਾਂ ਦੇ ਸਾਰੇ ਆਰਥਿਕ ਤੇ ਅਧਿਆਤਮਕ ਨੁਕਸਾਨ ਹੋਣ ਵਾਲੇ ਫ਼ਿਕਰ ਕੱਟੇ ਗਏ ਸਨ । ਉਹ ਮੱਘਰ ਦੇ ਮਹੀਨੇ ’ਚ ਵੀ ਪਤੀ ਦੀ ਗੋਦ ਦਾ ਨਿਘ ਮਾਣਦੀਆਂ ਤੇ ਅੰਦਰੂਨੀ ਗੁਣਾਂ ਕਾਰਨ ਸੁੰਦਰ ਲੱਗਦੀਆਂ ਹਨ। ਉਨ੍ਹਾਂ ਨੂੰ ਮਾਲਕ ਨੇ ਆਪ ਕਿਰਪਾ ਕਰਕੇ ਆਪਣੇ ਚਰਨਾਂ ’ਚ ਜੋੜਿਆ ਹੁੰਦਾ ਹੈ ਇਸ ਲਈ ਉਨ੍ਹਾਂ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ। ਗੁਰੂ ਦੀ ਸੰਗਤਿ ’ਚ ਹੋਰ ਸਤਿਸੰਗੀਆਂ ਨਾਲ ਮਿਲ ਕੇ ਉਨ੍ਹਾਂ ਦਾ ਮਨ-ਤਨ ਖਿੜਿਆ ਰਹਿੰਦਾ ਹੈ ਪਰ ਜੋ ਕੱਤਕ ਤੋਂ ਉਪਰੰਤ ਮੱਘਰ ’ਚ ਵੀ ਸਤਿਸੰਗੀਆਂ ਤੋਂ ਵਿਛੁੜੀਆਂ ਰਹਿੰਦੀਆਂ ਹਨ ਉਹ ਹਮੇਸਾਂ ਆਪਣੇ ਆਪ ਨੂੰ ਇਕੱਲਾ ਹੀ ਮਹਿਸੂਸ ਕਰਦੀਆਂ ਹਨ, ਪਤੀ ਦਾ ਸਾਥ ਨਹੀਂ ਮਾਣ ਸਕਦੀਆਂ। ਅਧਿਆਤਮਕ ਮੌਤ ਕਾਰਨ ਉਨ੍ਹਾਂ ਦਾ ਹਿਰਦਾ ਪ੍ਰਫੁਲਤ ਨਹੀਂ ਹੁੰਦਾ ਜਦਕਿ ਪਤੀ ਨੂੰ ਯਾਦ ਕਰਨ ਵਾਲੀਆਂ ਦਾ ਹਿਰਦਾ ਸਦਾ ਪ੍ਰਫੁਲਤ, ਖਿੜਿਆ ਰਹਿੰਦਾ ਹੈ। ਮਾਨੋ ਕੀਮਤੀ ਗੁਣ ਉਨ੍ਹਾਂ ਦੇ ਹਿਰਦੇ (ਕੰਠ) ਵਿੱਚ ਜੜੇ ਹੋਏ ਹਨ, ਸੁਆਸ-ਸੁਆਸ ਜਪਦੀਆਂ ਹਨ। ਹੇ ਨਾਨਕ ! ਆਖ ਕਿ ਮੈਂ ਵੀ ਉਨ੍ਹਾਂ ਦੀ ਚਰਨ ਧੂੜ ਮੰਗਦਾ ਹਾਂ, ਬੇਨਤੀ ਸੁਣਦਾ ਹਾਂ ਕਿਉਂਕਿ ਉਹ ਸਦਾ ਮਾਲਕ ਦੇ ਦਰ ’ਤੇ ਖੜੀਆਂ ਰਹਿੰਦੀਆਂ ਹਨ ਭਾਵ ਰੱਬ ਬਾਰੇ ਗੱਲ ਕਰਦੀਆਂ ਹਨ। ਜੋ ਇਸ ਤਰ੍ਹਾਂ ਮੱਘਰ ਮਹੀਨੇ ’ਚ ਵੀ ਮਾਲਕ ਨੂੰ ਸਦਾ ਯਾਦ ਰੱਖਦੀਆਂ ਹਨ ਉਹ ਵਾਰ-ਵਾਰ ਜੰਮਦੀਆਂ-ਮਰਦੀਆਂ ਨਹੀਂ, ਦੁਖ ਨਹੀਂ ਭੋਗਦੀਆਂ।

ਇਹ ਸ਼ਬਦ ਅਤੇ ਕੱਤਕ ਮਹੀਨੇ ਦੇ ਅਖ਼ੀਰਲੇ ਸ਼ਬਦਿਕ ਭਾਵ ਨੂੰ ਮਿਲਾ ਕੇ ਅਰਥ ਕਰਨ ਨਾਲ ਮੱਘਰ ਮਹੀਨੇ ਦੇ ਭਾਵ ਅਰਥ ਸਪਸ਼ਟ ਹੁੰਦੇ ਹਨ। ਜਿਸ ਰਾਹੀਂ ਗੁਰੂ ਜੀ; ਗੁਰੂ ਦਾ ਸਾਥ, ਸਤਸੰਗੀਆਂ ਦਾ ਸਹਿਯੋਗ ਅਤੇ ਰੱਬੀ ਮਿਲਾਪ ਦੀ ਅਵਸਥਾ ’ਚ ਅੰਦਰੂਨੀ ਆਤਮਿਕ ਖੇੜਾ ਭਾਵ ‘‘ਦਿਸਨਿ ਨਿਤ ਖੜੀਆਹ’’ ਅਤੇ ਉਕਤ ਭਾਵਨਾ ਤੋਂ ਬਿਪ੍ਰੀਤ ਜੀਵਨ ਕਾਰਨ ‘‘ਸੇ ਰਹਨਿ ਇਕੇਲੜੀਆਹ॥’’ ਨੂੰ ਬਿਆਨ ਕਰ ਰਹੇ ਹਨ।

ਅੰਦਰੂਨੀ ਗੁਣਾਂ ਭਰਪੂਰ ਜੀਵਨ ਹਮੇਸ਼ਾਂ ਰੱਬੀ ਆਸਰੇ ’ਤੇ ਰਹਿੰਦਾ ਹੈ ਜਦਕਿ ਅੰਦਰੂਨੀ ਔਗੁਣਾਂ ਕਾਰਨ ਜੀਵਨ ਦੁਖੀ ਰਹਿਣ ਕਰਕੇ ਆਪਣੇ ਆਪ ਤੋਂ ਹੀ ਦੁਖੀ ਰਹਿੰਦਾ ਹੈ ਭਾਵ ਤਸੱਲੀ ਨਹੀਂ ਬੱਝਦੀ, ਭਰੋਸਾ ਨਹੀਂ ਪੈਦਾ ਹੁੰਦਾ, ਸੰਤੋਖ ਨਹੀਂ ਆ ਸਕਦਾ। ਅਜਿਹਾ ਜੀਵਨ ਆਪਣੇ ਆਪ ਨੂੰ ਇਕੱਲਾ ਹੀ ਮਹਿਸੂਸ ਕਰਦਾ ਹੈ ਕਿਉਂਕਿ ਵਿਸਵਾਸ ਕਿਸੇ ’ਤੇ ਨਹੀਂ, ਇਸ ਲਈ ਸਹਿਯੋਗ ਵੀ ਕਿਸੇ ਦਾ ਨਹੀਂ ਮਿਲ ਸਕਦਾ। ਮੰਗਾਂ ਅਧਿਕ ਹੋ ਜਾਂਦੀਆਂ ਹਨ, ਜਿਨ੍ਹਾਂ ਨੂੰ ਪੂਰਨ ਕਰਨਾ ਅਸੰਭਵ ਹੈ ਤੇ ਬੰਦਾ ਆਪਣੇ ਆਪ ਨੂੰ ਇਕੱਲਾ ਪਾਉਂਦਾ ਹੈ। ਦੂਸਰੀ ਤਰਫ਼ ਰੱਬੀ ਭਰੋਸੇ ਵਾਲੀ ਜਿੰਦਗੀ ਦੀਆਂ ਮੰਗਾਂ ਸੀਮਤ ਹੁੰਦੀਆਂ ਹਨ, ਸੰਤੋਖੀ ਹੁੰਦਾ ਹੈ ਤੇ ਪਰਉਪਕਾਰ ਰਾਹੀਂ ਵੀ ਦੁਖੀ ਲੋਕਾਂ ਦਾ ਸਹਾਰਾ ਬਣਦੀ ਹੈ। ਇੱਕ ਜੀਵਨ ਉਹ ਹੈ ਜੋ ਆਪਣੇ ਆਪ ’ਚ ਇਕੱਲਾ ਵਿਚਰਦਾ ਹੈ ਅਤੇ ਦੂਸਰਾ ਪਰਉਪਕਾਰ ਕਰਦਾ ਸਮਾਜ ਨੂੰ ਰੱਬੀ ਪਰਿਵਾਰ ਦਾ ਹਿੱਸਾ ਮੰਨਦਾ ਹੈ ਅਤੇ ਸੰਗਤ ਰਾਹੀਂ ਗੁਣਾਂ ਦੀ ਸਾਂਝ ਕਰਦਾ ਹੈ ‘‘ਸਾਝ ਕਰੀਜੈ ਗੁਣਹ ਕੇਰੀ, ਛੋਡਿ ਅਵਗਣ ਚਲੀਐ॥’’ (ਮ:੧,੭੬੬) ਪਰ ਦੂਸਰਾ ਜੀਵਨ ‘‘ਜਉ ਦੇਖੈ ਛਿਦ੍ਰੁ, ਤਉ ਨਿੰਦਕੁ ਉਮਾਹੈ, ਭਲੋ ਦੇਖਿ ਦੁਖ ਭਰੀਐ॥ (ਮ:੫,੮੨੩) ਭਾਵ ਕਿਸੇ ਦੀਆਂ ਕਮਜ਼ੋਰੀਆਂ ਵੇਖ ਕੇ ਨਿੰਦਕ ਖੁਸ ਹੁੰਦਾ ਹੈ ਅਜਿਹੇ ਮਨੁੱਖ ‘‘ਤਿਨ ਦੁਖੁ ਨ ਕਬਹੂ ਉਤਰੈ॥’’ ਅਨੁਸਾਰ ਦੁਖੀ ਰਹਿੰਦੇ ਹਨ।

ਸੋ, ਪ੍ਰਭੂ ਮਿਲਾਪ ਅਤੇ ਵਿਛੋੜੇ ਵਾਲੇ ਜੀਵਨ ਦਾ ਹੀ ਮੱਘਰ ਮਹੀਨੇ ’ਚ ਵਰਨਣ ਕੀਤਾ ਗਿਆ ਹੈ ਜਿਸ ਬਾਰੇ ਗੁਰੂ ਜੀ ਇਉਂ ਫ਼ੁਰਮਾ ਰਹੇ ਹਨ ‘‘ਮੰਘਰ ਮਾਹੁ ਭਲਾ, ਹਰਿ ਗੁਣ ਅੰਕਿ ਸਮਾਵਏ॥ ਗੁਣਵੰਤੀ ਗੁਣ ਰਵੈ, ਮੈ ਪਿਰੁ ਨਿਹਚਲੁ ਭਾਵਏ॥ (ਮ:੧/੧੧੦੯) ਗੁਰੂ ਜੀ ਐਸੇ ਬੰਦੇ ਦੀ ਚਰਨ ਧੂੜ ਮੰਗਦੇ ਹਨ ‘‘ਬਾਂਛੈ ਧੂੜਿ ਤਿਨ॥’’

Most Viewed Posts