‘ਜੀਅ’ ਲਫ਼ਜ਼ ਦਾ ਉਚਾਰਣ ਅਤੇ ‘ਜੀਉ’ ਤੇ ‘ਜੀਅ’ ਲਫ਼ਜ਼ਾਂ ਦਾ ਵਿਆਕਰਣਿਕ ਭੇਦ ਹੇਠ ਲਿਖੇ ਢੰਗ ਨਾਲ ਸਮਝਾਉਣਾ ਸਹੀ ਰਹੇਗਾ ।

0
419

‘ਜੀਅ’ ਲਫ਼ਜ਼ ਦਾ ਉਚਾਰਣ ਅਤੇ ‘ਜੀਉ’ ਤੇ ‘ਜੀਅ’ ਲਫ਼ਜ਼ਾਂ ਦਾ ਵਿਆਕਰਣਿਕ ਭੇਦ ਹੇਠ ਲਿਖੇ ਢੰਗ ਨਾਲ ਸਮਝਾਉਣਾ ਸਹੀ ਰਹੇਗਾ ।

ਗਿਆਨੀ ਜਗਤਾਰ ਸਿੰਘ ਜਾਚਕ

‘ਜੀਅ’ ਲਫ਼ਜ਼ ਇੱਕ ਵਚਨ ਪੁਲਿੰਗ ‘ਜੀਉ’ ਦਾ ਬਹੁਵਚਨ ਹੈ ਅਤੇ ਇਸ ਨੂੰ ‘ਜੀਆ’ ਨਹੀਂ ਬੋਲਣਾ । ਕਿਉਂਕਿ, ‘ਜੀ’ ਦੇ ਅੱਗੇ ‘ਅ’ ਅੱਖਰ ਕੇਵਲ ‘ਜੀ’ ਦੀ ਧੁਨੀ ਨੂੰ ਲਮਕਾਉਣ ਕਰਨ ਦਾ ਸੂਚਕ ਹੈ । ਇਸ ਪੱਖ ਦੀ ਸੇਧ ਲਈ ਕੁਝ ਥਾਵਾਂ ’ਤੇ ਗੁਰਬਾਣੀ ਵਿੱਚ ‘ਜੀਅ’ ਲਫ਼ਜ਼ ‘ਅ’ ਅੱਖਰ ਤੋਂ ਬਗੈਰ ਵੀ ਅੰਕਤ ਕੀਤਾ ਗਿਆ ਹੈ । ਜਿਵੇਂ 
ਬਇਆਲੀਸ ਲਖ ਜੀ ਜਲ ਮਹਿ ਹੋਤੇ, ਬੀਠਲੁ ਭੈਲਾ ਕਾਇ ਕਰਉ ? ॥ {ਗੁਰੂ ਗ੍ਰੰਥ ਸਾਹਿਬ – ਅੰਕ 485}
ਜੋ ਨਾਵੈ ਸੋ ਕੁਲੁ ਤਰਾਵੈ ਉਧਾਰੁ ਹੋਆ ਹੈ ਜੀ ਕਾ ॥ {ਗੁਰੂ ਗ੍ਰੰਥ ਸਾਹਿਬ – ਅੰਕ 623}

ਯਾਦ ਰੱਖਣ ਦੀ ਲੋੜ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੇਠ ਲਿਖੀ ਇੱਕ ਤੁਕ ਵਿੱਚ ਉਚਾਰਣ ਹੈ ‘ਜੀਆ’ । ਪਰ, ਇਸ ਤੁਕ ਵਿੱਚ ਵਿਸ਼ੇਸ਼ ਤੌਰ ’ਤੇ ‘ਅ’ ਅੱਖਰ ਨੂੰ ਕੰਨਾ ਲਗਾਇਆ ਗਿਆ ਹੈ । ਕੰਨੇ ਦੀ ਵਿਸ਼ੇਸ਼ ਵਰਤੋਂ ਸਿੱਧ ਕਰਦੀ ਹੈ ਕਿ ਲਫ਼ਜ਼ ‘ਜੀਅ’ ਨੂੰ ‘ਜੀਆ’’ ਨਹੀਂ ਉਚਾਰਣਾ । ‘ਜੀਆ’ ਉਚਾਰਣ ਉਥੇ ਹੀ ਹੋਏਗਾ, ਜਿਥੇ ‘ਅ’ ਨੂੰ ਕੰਨਾ ਲੱਗਾ ਹੋਵੇਗਾ । ਜਿਵੇਂ :

ਮਿਲਹੁ ਪਿਆਰੇ ਜੀਆ ॥ ਪ੍ਰਭ ਕੀਆ ਤੁਮਾਰਾ ਥੀਆ ॥ ਗੁਰੂ ਗ੍ਰੰਥ ਸਾਹਿਬ – ਅੰਗ 207

ਗੁਰਬਾਣੀ ਵਿਆਕਰਣ ਦਾ ਨੀਯਮ ਹੈ ਕਿ ਕਿਸੇ ਵੀ ਇੱਕ ਵਚਨ ਪੁਲਿੰਗ ਜਾ ਇਸਤ੍ਰੀ ਲਿੰਗ ਨਾਂਵ ਜਾਂ ਪੜਨਾਂਵ ਪਿਛੋਂ ‘ਕਾ’ ‘ਕੇ’ ‘ਕੀ’ ਜਾਂ ‘ਦਾ’ ‘ਦੇ’ ‘ਦੀ’ ਆਦਿਕ ਕੋਈ ਸਬੰਧਕੀ ਪਦ (ਲਫ਼ਜ਼) ਆ ਜਾਵੇ ਤਾ ਉਸ ਤੋਂ ਪਹਿਲੇ ਨਾਂਵ ਦੀ ਸਿਹਾਰੀ ਜਾਂ ਔਂਕੜ ਦੀ ਲਗ ਉੱਡ ਜਾਂਦੀ ਹੈ । ਲੱਥ ਜਾਂਦੀ ਹੈ । ਪਰ, ਗੁਰਮੁਖੀ (ਪੰਜਾਬੀ) ਲਿਪੀ ਦੀ ਮਜਬੂਰੀ ਹੈ ਕਿ ਲਿਖਤ ਵਿੱਚ ‘ੳ’ ਅੱਖਰ ਜਦੋਂ ਕਿਸੇ ਲਫ਼ਜ਼ ਦੀ ਬਣਤਰ ਵਿੱਚ ਵਰਤੀਂਦਾ ਹੈ ਤਾਂ ਉਹ ‘ਮੁਕਤਾ’ ਨਹੀਂ ਲਿਖਿਆ ਜਾ ਸਕਦਾ । ਕਿਉਂਕਿ, ‘ਔਂਕੜ’, ‘ਦੁਲੈਂਕੜ’ ਜਾਂ ‘ਹੋੜਾ’ ਬਗੈਰ ਉਸ ਦੀ ਧੁਨੀ ਪ੍ਰਗਟ ਨਹੀਂ ਹੋ ਸਕਦੀ । ਇਸ ਲਈ ਕਿਸੇ ਵੀ ਹਾਲਤ ਵਿੱਚ ‘ੳ’ ਅੱਖਰ ਦੀ ਮਾਤ੍ਰਾ ਨਹੀਂ ਉੱਡ ਸਕਦੀ । ਭਾਵੇਂ ਕਿ ਉਸ ਦੇ ਪਿਛੋਂ ਕੋਈ ਸਬੰਧਕੀ ਪਦ ਵੀ ਕਿਉਂ ਨਾ ਆ ਜਾਵੇ ।
ਇਸੇ ਤਰ੍ਹਾਂ ‘ਅ’ ਅੱਖਰ ਨਾਲ ਕੇਵਲ ‘ਕੰਨਾ’, ‘ਦੋਲਾਵਾਂ’ ਅਤੇ ‘ਕਨੌੜਾ’ ਲਗਾਂ ਵਰਤੀਆਂ ਜਾ ਸਕਦੀਆਂ ਹਨ ; ‘ਔਂਕੜ’, ‘ਲਾਂਵ’ ਅਤੇ ‘ਸਿਹਾਰੀ’ ‘ਬਿਹਾਰੀ’ ਕਦੇ ਵੀ ਨਹੀਂ । ਇਹੀ ਕਾਰਣ ਹੈ ਕਿ ਗੁਰਬਾਣੀ ਦੀ ਕਿਸੇ ਤੁਕ ਵਿੱਚ ਇੱਕ ਵਚਨ ਪੁਲਿੰਗ ‘ਜੀਉ’ ਲਫ਼ਜ਼ ਦੇ ਪਿਛੋਂ ਜਦੋਂ ਕੋਈ ਸਬੰਧਕੀ ਪਦ ਆਉਂਦਾ ਦਿਸਿਆ ਤਾਂ ਉਥੇ ਇੱਕ-ਵਚਨੀ ਨਾਂਵ ‘ਜੀਉ’ ਦੀ ਥਾਂ ਵੀ ਬਹੁ-ਵਚਨੀ ਨਾਂਵ ‘ਜੀਅ’ ਦੀ ਵਰਤੋਂ ਕੀਤੀ ਗਈ ਹੈ । ਕਿਉਂਕਿ, ਭਾਸ਼ਾਈ ਮਜਬੂਰੀ ਕਾਰਨ ‘ਜੀਉ’ ਲਫ਼ਜ਼ ਦੇ ‘ੳ’ ਦਾ ਔਂਕੜ ਨਹੀਂ ਸੀ ਉਤਾਰਿਆ ਜਾ ਸਕਦਾ । ਇਸ ਲਈ ਵਿਆਕਰਣ ਦੇ ਸਬੰਧਕੀ ਪਦ ਵਾਲੇ ਨੀਯਮ ਦੀ ਪਾਲਣ ਕਰਦਿਆਂ ਔਂਕੜ ਉਡਾਉਣ ਲਈ ‘ਉ’ ਦੀ ਥਾਂ ‘ਅ’ ਅੱਖਰ ਦੀ ਵਰਤੋਂ ਕੀਤੀ ਗਈ ਹੈ । ਭਾਵੇਂ ਕਿ ਮੂਲਿਕ ਤੌਰ ’ਤੇ ਇਹ ਬਹੁ-ਵਚਨੀ ਨਾਂਵ ਮੰਨਿਆ ਗਿਆ ਹੈ । ਜਿਵੇਂ :

ਇਕੁ ਪਛਾਣੂ ਜੀਅ ਕਾ ਇਕੋ ਰਖਣਹਾਰੁ ॥ {ਗੁਰੂ ਗ੍ਰੰਥ ਸਾਹਿਬ – ਅੰਕ 45}
ਜੀਅ ਕੀ ਬਿਰਥਾ ਸੋ ਸੁਣੇ ਹਰਿ ਸੰਮ੍ਰਿਥ ਪੁਰਖੁ ਅਪਾਰੁ ॥ {ਗੁਰੂ ਗ੍ਰੰਥ ਸਾਹਿਬ – ਅੰਕ 136}