27.2 C
Jalandhar
Monday, April 13, 2026
spot_img
Home Blog Page 194

ਬਾਬੇ ਨਾਨਕ ਦੇ ਲਾਏ ਬੂਟੇ ਦੀਆਂ ਜੜ੍ਹਾਂ ਨੂੰ ਖੋਰਾ ਲਾਉਂਦੇ ਕੀਟ… ਡਾ: ਹੀਰਾ ਰੰਧਾਵਾ

0

ਬਾਬੇ ਨਾਨਕ ਦੇ ਲਾਏ ਬੂਟੇ ਦੀਆਂ ਜੜ੍ਹਾਂ ਨੂੰ ਖੋਰਾ ਲਾਉਂਦੇ ਕੀਟ… ਡਾ: ਹੀਰਾ ਰੰਧਾਵਾ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਦਾ ਬੂਟਾ ਲਾ ਕੇ ਮਨੁੱਖਤਾ ਨੂੰ ਜੀਵਨ ਦੇ ਨਵੇਂ ਅਰਥ ਦਿੱਤੇ ਸਨ। ਉਸੇ ਬੂਟੇ ਨੂੰ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਨੌਂ ਸਿੱਖ ਗੁਰੂਆਂ ਨੇ ਸਿੰਜਿਆ ਤੇ ਵੱਡਾ ਕੀਤਾ। ਦਸਵੇਂ ਸਿੱਖ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖੀ ਨੂੰ ਇੱਕ ਨਵਾਂ ਮੁਹਾਂਦਰਾ ਦੇ ਕੇ ਜ਼ੁਲਮ ਦੇ ਖ਼ਿਲਾਫ਼ ਲੜਨ ਲਈ ਸਿੱਖਾਂ ਦੇ ਹੱਥ ਸ਼ਮਸ਼ੀਰ ਫੜਾਈ। ਗਊ ਗਰੀਬ ਦੀ ਰੱਖਿਆ ਕਰਨਾ ਸਿੱਖ ਦਾ ਮੁੱਢਲਾ ਫ਼ਰਜ਼ ਦੱਸਿਆ ਗਿਆ। ਔਰਤ ’ਤੇ ਨਿਹੱਥੇ ਵਾਰ ਕਰਨ ਦੀ ਮਨਾਹੀ ਕੀਤੀ। ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰਨ ਤੇ ਵੰਡ ਕੇ ਛੱਕਣ ਦੇ ਫ਼ਲਸਫ਼ੇ ਨੂੰ ਜਨਮ ਦਿੱਤਾ ਜੋ ਅੱਜ ਤੱਕ ਬਾ-ਦਸਤੂਰ ਜਾਰੀ ਹੈ। ਉਹਨਾਂ ਨੇ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ ਉਹਨਾਂ ਦੀ ਭੁੱਖ ਨਿਰਵਿਰਤ ਕਰਕੇ ਐਸਾ ਕਾਰਜ ਆਰੰਭਿਆ ਕਿ ਅੱਜ ਵੀ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਗੁਰੂ ਘਰ ਗਿਆ ਬੰਦਾ, ਬਿਨਾਂ ਕਿਸੇ ਭੇਦ-ਭਾਵ ਦੇ ਲੰਗਰ ਛੱਕਦਾ ਹੈ। ਉਹਨਾਂ ਸਮਾਜ ਵਿੱਚ ਫੈਲੇ ਕੂੜ ਦੇ ਪਸਾਰੇ ਨੂੰ ਦੂਰ ਕਰਨ ਲਈ ਚਾਨਣ ਦੀ ਇੱਕ ਨਵੀਂ ਜੋਤ ਜਗਾਈ। ਗੁਰੂ ਨਾਨਕ ਦੇਵ ਜੀ ਨੇ ਹੱਥ ਵਿੱਚ ਕੋਈ ਤਲਵਾਰ ਜਾਂ ਸਟੇਨਗੰਨ ਫੜ ਕੇ ਆਪਣੀ ਗੱਲ ਨਹੀਂ ਸੀ ਮਨਵਾਈ, ਸਗੋਂ ਹਰ ਗੱਲ ਨੂੰ ਦਲੀਲ ਦੇ ਕੇ ਸੱਚ ਨੂੰ ‘ਸੱਚ’ ਤੇ ਝੂਠ ਨੂੰ ‘ਝੂਠ’ ਸਾਬਤ ਕੀਤਾ। ਉਹਨਾਂ ਨੇ ਆਦਮਖ਼ੋਰ ਕੌਡੇ ਰਾਖ਼ਸ਼ ਵਰਗਿਆਂ ਨੂੰ ਉਪਦੇਸ਼ ਤੇ ਦਲੀਲਾਂ ਨਾਲ ਇਹ ਗੱਲ ਜਿਤਾਈ ਸੀ ਕਿ ਜੋ ਉਹ ਕਰ ਰਿਹਾ ਹੈ ਉਹ ਮਾਨਵਤਾ ਦੇ ਖ਼ਿਲਾਫ਼ ਹੈ। ਉਹਨਾਂ ਸੱਜਣ ਠੱਗ ਤੇ ਭੂਮੀਏ ਚੋਰਾਂ ਵਰਗਿਆਂ ਨੂੰ ਦਲੀਲ ਸਹਿਤ ਇਹ ਗੱਲ ਜਚਾਈ ਕਿ ਜੋ ਉਹ ਕਰ ਰਹੇ ਹਨ ਉਹ ਗ਼ਲਤ ਹੈ। ਇਸ ਮਗਰੋਂ ਉਹ ਸੱਚ ਮੁੱਚ ਦੇ ਅਸਲੀ ‘ਸੱਜਣ’ ਤੇ ਸਹੀ ਮਾਅਨਿਆਂ ਵਿੱਚ ‘ਇਨਸਾਨ’ ਬਣ ਗਏ। ਵਲੀ ਕੰਧਾਰੀ ਜਿਹੇ ਹੰਕਾਰੀਆਂ ਨੂੰ ਵੀ ਉਹਨਾਂ ਨੇ ਆਪਣੀ ਗੱਲ ਜਚਾ ਕੇ ਹੀ ਅਸਲੀ ‘ਵਲੀ’ ਬਣਾਇਆ। ਲੋਕਾਂ ਦਾ ਜੋਕਾਂ ਵਾਂਗ ਖ਼ੂਨ ਪੀਣ ਵਾਲੇ ਮਲਿਕ ਭਾਗੋ ਜਿਹੇ ਹੰਕਾਰੀਆਂ ਦਾ ਸੱਦਾ ਪ੍ਰਵਾਨ ਨਾ ਕਰਕੇ ਅਤੇ ਭਾਈ ਲਾਲੋ ਜਿਹੇ ਕਿਰਤੀ ਦੇ ਘਰ ਦੀ ਰੁੱਖੀ-ਮਿਸੀ ਛੱਕ ਕੇ ਉਹਨਾਂ ਕਿਰਤ ਦੀ ਮਹਾਨਤਾ ਨੂੰ ਦਰਸਾਇਆ। ਸੂਰਜ ਵੱਲ ਪਾਣੀ ਉਛਾਲ ਕੇ ਸੂਰਜ ਨੂੰ ਪਾਣੀ ਦੇਣ ਜਿਹੇ ਹਿੰਦੂ ਕਰਮਕਾਂਡਾਂ ਦੇ ਖ਼ਿਲਾਫ਼ ਉਹਨਾਂ ਤਰਕ ਰਾਹੀਂ ਪੱਛਮ ਵੱਲ ਆਪਣੇ ਖੇਤਾਂ ਵੱਲ ਪਾਣੀ ਉਛਾਲ ਕੇ ਆਪਣੀ ਗੱਲ ਜਚਾਈ। ਦੰਭ ਤੇ ਪਾਖ਼ੰਡ ਦੇ ਖ਼ਿਲਾਫ਼ ਆਵਾਜ਼ ਉੱਠਾ ਕੇ ਬਾਬੇ ਨਾਨਕ ਨੇ ਜਿੱਥੇ ਵਹਿਮਾਂ-ਭਰਮਾਂ ਚੋਂ ਬਾਹਰ ਕੱਢਣ ਦੇ ਉਪਰਾਲੇ ਕੀਤੇ ਉੱਥੇ ‘‘ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ॥’’ (ਮ:੧/੪੭੩) ਕਹਿ ਕੇ ਇਸਤ੍ਰੀ ਜਾਤੀ ਦੀ ਬਰਾਬਰਤਾ ਦੀ ਗੱਲ ਕਰਨ ਦੀ ਪਹਿਲ ਵੀ ਕੀਤੀ। ਉਹਨਾਂ ਸਿੱਧਾਂ ਨਾਲ ਗੋਸ਼ਟੀਆਂ ਕਰਕੇ ਜਿੱਥੇ ਉਨ੍ਹਾਂ ਨੂੰ ਆਪਣੀਆਂ ਦਲੀਲਾਂ ਨਾਲ ਹਰਾਇਆ ਉੱਥੇ ਘਰ-ਬਾਰ ਛੱਡ ਕੇ ਜੰਗਲਾਂ’ਚ ਭਟਕ ਰਹੇ ਮਨੁੱਖ ਨੂੰ ਗਿ੍ਰਹਸਤ ਜੀਵਨ ਵਿੱਚ ਰਹਿ ਕੇ ਦਸਾਂ ਨਹੁੰਆਂ ਦੀ ਕਿਰਤ ਦੀ ਮਹਾਨਤਾ ਬਾਰੇ ਦੱਸਿਆ। ਮੱਕੇ ਮਦੀਨੇ ਜਾ ਕੇ ਉਹਨਾਂ ਕਾਜ਼ੀਆਂ ਨੂੰ ਅੱਲ੍ਹਾ ਦੇ ਚਾਰੇ ਕੂੰਟਾਂ ਵਿੱਚ ਹਾਜ਼ਰ-ਨਾਜ਼ਰ ਹੋਣ ਬਾਰੇ ਦਲੀਲਾਂ ਨਾਲ ਸਮਝਾਇਆ। ਇਸੇ ਤਰ੍ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਐਸੇ ਪਹਿਲੇ ਗੁਰੂ ਸਨ ਜਿੰਨ੍ਹਾਂ ਨੇ ਬਾਬਰ ਨੂੰ ਉਸ ਦੇ ਸਨਮੁਖ ‘ਜ਼ਾਬਰ’ ਕਹਿ ਕੇ ‘‘ਪਾਪ ਕੀ ਜੰਞ ਲੈ ਕਾਬਲਹੁ ਧਾਇਆ, ਜੋਰੀ ਮੰਗੈ ਦਾਨੁ ਵੇ ਲਾਲੋ॥’’ (ਮ:੧/੭੨੨) ਭਾਵ ਬਿਨਾਂ ਕਿਸੇ ਡਰ ਤੋਂ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਲਲਕਾਰਿਆ ਸੀ। ਜਦ ਅਸੀਂ ਉਹਨਾਂ ਹਾਲਤਾਂ ਦੇ ਸੰਦਰਭ ਵਿੱਚ ਵੇਖੀਏ ਤਾਂ ਉਸ ਸਮੇਂ ਦੇ ਹਾਕਮ ਬਾਰੇ ਅਜਿਹਾ ਕਹਿਣਾ ਆਪਣੀ ਮੌਤ ਨੂੰ ਹੱਥੀਂ ਸੱਦਾ ਦੇਣ ਬਰਾਬਰ ਸੀ, ਪਰ ਬਾਬਰ ਜਿਹੇ ਜ਼ਾਬਰ ਵੀ ਬਾਬੇ ਦੀ ਦਲੀਲ ਅੱਗੇ ਗੋਡੇ ਟੇਕ ਗਏ ਅਤੇ ਉਹਨਾਂ ਦੇ ਮੁਰੀਦ ਬਣ ਗਏ। ਗੁਰੂ ਨਾਨਕ ਦੇਵ ਜੀ ਦੇ ਸਮੁੱਚੇ ਜੀਵਨ ਬਾਰੇ ਜਾਨਣ ਤੋਂ ਇਹ ਗੱਲ ਪ੍ਰਤੱਖ ਸਾਹਮਣੇ ਆਉਂਦੀ ਹੈ ਕਿ ਉਹ ਸਿੱਖ ਧਰਮ ਵਿੱਚ ਪਹਿਲੇ ਮਹਾਨ ਤਰਕਸ਼ੀਲ ਗੁਰੂ ਹੋਏ ਹਨ ਜਿੰਨ੍ਹਾਂ ਤਰਕ ਦੇ ਆਧਾਰ ’ਤੇ ਦੁਨੀਆਂ ਦੇ ਭੁਲੇਖੇ ਦੂਰ ਕੀਤੇ ਸਨ। ਉਹਨਾਂ ਪੈਦਲ ਦੁਨੀਆਂ ਨੂੰ ਗਾਹ ਕੇ ਉਦਾਸੀਆਂ ਕੀਤੀਆਂ ਤੇ ਸੱਚ ਤੇ ਤਰਕ ਨੂੰ ਫ਼ੈਲਾਇਆ। ਉਸ ਵੇਲੇ ਸਾਇੰਸ ਨੇ ਭਾਵੇਂ ਇੰਨੀ ਤਰੱਕੀ ਨਹੀਂ ਸੀ ਕੀਤੀ ਪਰ ਆਪਣੀ ਦੂਰ ਦਿ੍ਰਸ਼ਟੀ ਨਾਲ ਕੁਦਰਤ ਦੇ ਉਹ ਭੇਦ ਉਜਾਗਰ ਕੀਤੇ ਸਨ ਜਿੰਨ੍ਹਾਂ ’ਤੇ ਅੱਜ ਤੱਕ ਸਾਇੰਸਦਾਨ ਖੋਜਾਂ ਕਰ ਰਹੇ ਹਨ। ਸਰਬ ਸਾਂਝੇ ਰਹਿਬਰ ਗੁਰੂ ਨਾਨਕ ਦੇ ਨਾਲ ਰਬਾਬੀ ਮਰਦਾਨੇ ਦਾ ਹਮੇਸ਼ਾ ਸਾਥ ਰਿਹਾ ਜਿਸ ਦੀ ਰਬਾਬ ਦੀਆਂ ਸੁਰਾਂ ’ਤੇ ਉਹ ਕੁਦਰਤ ਦੀ ਕਾਦਰ ਦਾ ਇਲਾਹੀ ਰਾਗ ਛੇੜਦੇ।
ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਨੂੰ ਇਕੱਲੇ ਸਿੱਖ ਸਮਾਜ ਨੇ ਹੀ ਨਹੀਂ ਸਗੋਂ ਦੁਨੀਆਂ ਦੀਆਂ ਬਹੁਤ ਸਾਰੀਆਂ ਕੌਮਾਂ ਨੇ ਅਪਣਾਇਆ ਪਰ ਸਿੱਖ ਧਰਮ ਨਾਲ ਸੰਬੰਧਿਤ ਲੋਕਾਂ ਵਿੱਚ ਜ਼ਾਤ-ਪਾਤ, ਵਹਿਮ-ਭਰਮ ਆਦਿ ਦੀ ਉਸੇ ਤਰ੍ਹਾਂ ਭਰਮਾਰ ਜਾਰੀ ਹੈ। ਅੱਜ ਵੀ ਮੜੀਆਂ ਦੀ ਪੂਜਾ, ਜਠੇਰਿਆਂ ਦੀ ਪੂਜਾ, ਕਰਵਾ ਚੌਥ, ਸ਼ਰਾਧ ਖੁਆਉਣੇ, ਦਿਨਾਂ ਤੇ ਸਮੇਂ ਦੀ ਵਿਚਾਰ, ਵਰਗੇ ਵਹਿਮ ਸਿੱਖਾਂ ਦੇ ਘਰਾਂ ਵਿੱਚ ਅਕਸਰ ਪਾਏ ਜਾਂਦੇ ਹਨ। ਸੋਭਾ ਸਿੰਘ ਦੁਆਰਾ ਬਣਾਈਆਂ ਕਾਲਪਨਿਕ ਸਿੱਖ ਗੁਰੂਆਂ ਦੀਆਂ ਤਸਵੀਰਾਂ ਅੱਗੇ ਅਗਰਬੱਤੀਆਂ ਜਗਾ ਕੇ ਮੱਥੇ ਟੇਕੇ ਜਾਂਦੇ ਹਨ, ਕਿਤੇ ਇਹ ਮੂਰਤੀ ਪੂਜਾ ਦਾ ਦੂਜਾ ਰੂਪ ਤਾਂ ਨਹੀਂ? ਅੱਜ ਵੀ ਬਾਬੇ ਨਾਨਕ ਵੱਲੋਂ ਦੱਸੀ ਗਈ ਕੁਦਰਤੀ ਨਿਯਮਾਂ ਰਾਹੀਂ ਅੱਠੇ ਪਹਿਰ ਹੋ ਰਹੀ ਆਰਤੀ ਦੀ ਥਾਂ ਥਾਲੀਆਂ ਵਿੱਚ ਦੀਪ ਜਲਾ ਕੇ ਆਰਤੀਆਂ ਹੋ ਰਹੀਆਂ ਹਨ। ਅੱਜ ਵੀ ਕਿਸੇ ਗਰੀਬ ਦੇ ਪੇਟ ਦੀ ਥਾਂ ਕੁਝ ਗੁਰਦੁਆਰਿਆਂ ਦੇ ਫਰਸ਼ਾਂ ਨੂੰ ਹੀ ਪਵਿੱਤਰ ਕਰਨ ਲਈ ਦੁੱਧ ਦੇ ਇਸ਼ਨਾਨ ਕਰਵਾ ਕੇ ਨਾਲੀਆਂ ਰਾਹੀਂ ਰੋੜ੍ਹਿਆ ਜਾ ਰਿਹਾ ਹੈ, ਕਿਤੇ ਇਹ ਸ਼ਿਵ-ਲਿੰਗ ਪੂਜਾ ਵਰਗਾ ਕਰਮ ਤਾਂ ਨਹੀਂ? ਕਿਤੇ ਅਜਿਹੇ ਮਨਮੁਖੀ ਕਾਰਜਾਂ ਨਾਲ ਸਿੱਖੀ ਦੇ ਸੰਘਣੇ ਬੂਟੇ ਦੀਆਂ ਜੜਾਂ ਖੋਖਲੀਆਂ ਤਾਂ ਨਹੀਂ ਹੋ ਰਹੀਆਂ? ਵੱਡੀ ਢਾਅ ਸਿੱਖ ਧਰਮ ਨੂੰ ਥਾਂ ਥਾਂ ਪੱਸਰੇ ਡੇਰੇ ਲਗਾ ਰਹੇ ਹਨ ਜੋ ਲੋਕਾਂ ਨੂੰ ਅਸਲ ਮਾਰਗ ਤੋਂ ਭਟਕਾਅ ਰਹੇ ਹਨ। ਇਹ ਸਭ ਸਿੱਖੀ ਦੇ ਘਣਛਾਂਵੇਂ ਬੂਟੇ ਦੀਆਂ ਜੜ੍ਹਾਂ ਨੂੰ ਚੰਬੜੇ ਕੀਟਾਂ ਵਾਂਗ ਹੀ ਕੰਮ ਕਰ ਰਹੇ ਹਨ ਜੋ ਉਹਨਾਂ ਨੂੰ ਦਿਨੋ ਦਿਨ ਖੋਖਲੀਆਂ ਕਰ ਰਹੇ ਹੁੰਦੇ ਹਨ। ਅੱਜ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਅਸੀਂ ਆਪਣੇ ਰੋਜ਼ ਮਰ੍ਹਾ ਦੇ ਜੀਵਨ ਵਿੱਚ ਸਿੱਖੀ ਦੇ ਅਸੂਲਾਂ’ਤੇ ਰੱਤੀ ਭਰ ਵੀ ਅਮਲ ਕਰ ਰਹੇ ਹਾਂ? ਅੱਜ ਲੋੜ ਹੈ ਅਮਲਾਂ ਦੀ, ਤਾਂ ਹੀ ਅਸੀਂ ਸਹੀ ਅਰਥਾਂ ਵਿੱਚ ਸਿੱਖੀ ਦੇ ਪੈਰੋਕਾਰ ਅਖਵਾਉਣ ਦੇ ਹੱਕਦਾਰ ਹੋਵਾਂਗੇ!

ਕੀ ਪਾਇਆ ਤੇ ਕੀ ਗਵਾਇਆ ?

0

ਕੀ ਪਾਇਆ ਤੇ ਕੀ ਗਵਾਇਆ ?

ਡਾ: ਅਮਰਜੀਤ ਸਿੰਘ

ਦੇਸ਼ ਵਿਚ ਰਹਿੰਦਿਆਂ ਸਭ ਚਾਹੁੰਦੇ ਹਨ ਕਿ ਆਪਣੇ ਬੱਚਿਆਂ ਨੂੰ ਬਾਹਰ ਇੰਗਲੈਂਡ, ਕੈਨੇਡਾ ਜਾਂ ਅਮਰੀਕਾ ਭੇਜਿਆ ਜਾਵੇ। ਇਸ ਸੋਚ ਦੇ ਪਿੱਛੇ ਕਈ ਕਾਰਣ ਹੋ ਸਕਦੇ ਹਨ ਜਿਵੇਂ ਕਿ ਪੈਸੇ ਕਮਾਉਣਾ, ਚੰਗੀ ਵਿੱਦਿਆ ਪ੍ਰਾਪਤ ਕਰਨਾ ਜਾਂ ਅਗਾਂਹ-ਵਧੂ ਸਭਿਆਚਾਰ ਵਿਚ ਵਿਚਰਨਾ ਆਦਿ। ਮੇਰੇ ਖ਼ਿਆਲ ਅਨੁਸਾਰ ਬਹੁਤੇ ਲੋਕ ਪੈਸੇ ਕਮਾਉਣ ਦੀ ਲਾਲਸਾ ਨਾਲ ਹੀ ਵਿਦੇਸ਼ਾਂ ਵਿਚ ਜਾਂਦੇ ਹਨ, ਆਉਂਦੇ ਹਨ।

ਸਵਾਲ ਉੱਠਦਾ ਹੈ ਕਿ ਕੀ ਆਪਣੇ ਦੇਸ਼ ਵਿਚ ਪੈਸੇ ਨਹੀਂ ਕਮਾਏ ਜਾ ਸਕਦੇ? ਕਈ ਲੋਕਾਂ ਕੋਲ ਚੰਗੀਆਂ ਨੌਕਰੀਆਂ, ਜ਼ਮੀਨਾਂ, ਸਫਲ ਕਾਰੋਬਾਰ, ਫ਼ੈਕਟਰੀਆਂ ਜਾਂ ਦੁਕਾਨਾਂ ਆਦਿ ਹਨ, ਪਰ ਫਿਰ ਵੀ ਮਾਂ-ਬਾਪ ਆਪਣੇ ਬੱਚਿਆਂ ਨੂੰ ਠੀਕ ਜਾਂ ਗ਼ਲਤ ਤਰੀਕੇ ਰਾਹੀਂ ਵਿਦੇਸ਼ ਭੇਜਣਾ ਚਾਹੁੰਦੇ ਹਨ। ਇਸ ਲੇਖ ਵਿਚ ਅਸੀਂ ਵਿਚਾਰ ਕਰਾਂਗੇ ਕਿ ਸਾਡੀ ਪਹਿਲੀ ਪੀੜ੍ਹੀ ਨੇ ਬਾਹਰ ਆ ਕੇ ਆਪਣੇ ਜੀਵਣ ਵਿਚ ਕੀ ਪਾਇਆ ਤੇ ਕੀ ਗਵਾਇਆ?

ਆਪਣੇ ਦੇਸ਼ ਵਿਚ ਅਸੀਂ ਆਪਣੇ ਮਾਂ-ਬਾਪ ਦੀ ਛੱਤਰ-ਛਾਇਆ ਹੇਠ ਪਰਵਰਿਸ਼ ਪਾਈ ਸੀ। ਕਈ ਵੱਡੇ ਪਰਿਵਾਰ ਰਲ-ਮਿਲ ਕੇ ਇੱਕ ਜਗ੍ਹਾ ਜਾਂ ਇਕ ਘਰ ਵਿਚ ਹੀ ਰਹਿੰਦੇ ਸਨ, ਜਿਸ ਨੂੰ ਸਾਂਝਾ-ਪਰਿਵਾਰ ਵੀ ਕਹਿ ਸਕਦੇ ਹਾਂ। ਸਾਂਝੇ-ਪਰਿਵਾਰ ਵਿਚ ਬਜ਼ੁਰਗਾਂ ਤੇ ਵੱਡਿਆਂ ਦਾ ਸਤਿਕਾਰ ਕੀਤਾ ਜਾਂਦਾ ਹੈ, ਵੱਡੇ ਪੁਰਸ਼ ਜਾਂ ਇਸਤ੍ਰੀ ਨੂੰ ਅੰਕਲ ਜਾਂ ਆਂਟੀ ਕਹਿ ਕੇ ਪੁਕਾਰਿਆ ਜਾਂਦਾ ਸੀ ਤੇ ਬਜ਼ੁਰਗਾਂ ਦੇ ਆਮ ਪੈਰੀਂ ਹੱਥ ਵੀ ਲਾਇਆ ਜਾਂਦਾ ਸੀ। ਉਨ੍ਹਾਂ ਦੀ ਸਲਾਹ ਲਈ ਜਾਂਦੀ ਸੀ ਕਿਉਂਕਿ ਉਹ ਘਰ ਦੇ ਵਡੇਰੇ ਅਖਵਾਉਂਦੇ ਸਨ। ਉਨ੍ਹਾਂ ਦੀ ਇੱਜ਼ਤ ਕਰਨਾ ਸਾਡਾ ਫ਼ਰਜ਼ ਹੁੰਦਾ ਸੀ। ਗਲੀ ਮੁਹੱਲੇ ਵਿਚ ਸਭ ਰਲ ਮਿਲ ਕੇ ਰਹਿੰਦੇ ਸਨ ਅਤੇ ਉੱਥੇ ਸਭ ਰਹਿਣ ਵਾਲਿਆਂ ਦੀ ਪੂਰੀ ਜਾਣਕਾਰੀ ਵੀ ਹੁੰਦੀ ਸੀ। ਬੱਚਿਆਂ ਦੇ ਜਨਮ, ਵਿਆਹ ਜਾਂ ਮੌਤ ’ਤੇ ਗਵਾਂਢੀਆਂ ਨਾਲ ਦੁੱਖ ਸੁੱਖ ਵਿਚ ਸ਼ਰੀਕ ਹੁੰਦੇ ਸੀ। ਕਈ ਵਾਰੀ ਗਵਾਂਢੀਆਂ ਦੀ ਚੰਗੀ ਤਕਦੀਰ ਕਾਰਨ ਈਰਖਾ ਦਾ ਸ਼ਿਕਾਰ ਵੀ ਹੁੰਦੇ ਸੀ, ਜਿਸ ਕਾਰਨ ਪਰਿਵਾਰਾਂ ਵਿਚ ਦੁਸ਼ਮਣੀਆਂ ਵੀ ਪੈ ਜਾਂਦੀਆਂ ਸਨ। ਇਸ ਸਭ ਕੁਝ ਦੇ ਹੁੰਦਿਆਂ ਵੀ ਦੇਸ਼ ਵਿਚ ਰਹਿੰਦਿਆਂ ਸਾਨੂੰ ਆਪਣੇ ਰਹਿਣ-ਸਹਿਣ ’ਤੇ ਮਾਣ ਹੁੰਦਾ ਸੀ। ਜੇ ਪੜ੍ਹ-ਲਿਖ ਜਾਂਦੇ ਜਾਂ ਚੰਗੀ ਨੌਕਰੀ ’ਤੇ ਲੱਗੇ ਹੁੰਦੇ ਜਾਂ ਸਫਲ਼ ਕਾਰੋਬਾਰ ਹੁੰਦਾ ਤਾਂ ਬੜੇ ਫ਼ਖਰ ਨਾਲ ਰਹਿੰਦੇ ਸੀ ਤੇ ਲੋਕ ਵੀ ਇੱਜ਼ਤ ਕਰਦੇ ਸਨ।

ਵਿਦੇਸ਼ਾਂ ਵਿਚ ਆ ਕੇ ਇੱਥੋਂ ਦੇ ਸਭਿਆਚਾਰ ਦੇ ਅਸਰ ਥੱਲੇ ਰਹਿੰਦਿਆਂ ਸਾਨੂੰ ਆਪਣੇ ਜੀਵਨ ਵਿਚ ਕਈ ਤਬਦੀਲੀਆਂ ਲਿਆਉਣੀਆਂ ਪਈਆਂ। ਪਹਿਲਾਂ ਇਨ੍ਹਾਂ ਦੀ (ਵਿਦੇਸੀ) ਬੋਲੀ ਸਿੱਖਣੀ ਪਈ ਤੇ ਆਪਣੇ ਰਹਿਣ-ਸਹਿਣ ਦੇ ਤਰੀਕੇ ਬਦਲਣੇ ਪਏ। ਅਸੀਂ ਆਪਣੇ ਕੰਮਾਂ ਵਿਚ ਇੰਨਾ ਰੁੱਝ ਗਏ ਕਿ ਸਾਨੂੰ ਆਪਸ ਵਿਚ ਮਿਲਣ ਦਾ, ਜਾਂ ਦੋਸਤਾਂ-ਮਿੱਤਰਾਂ ਨਾਲ ਸਮਾ ਬਿਤਾਉਣ ਲਈ ਘੱਟ ਹੀ ਸਮਾ ਮਿਲਦਾ। ਅਸੀਂ ਖਾਣ-ਪੀਣ ਲਈ ਪੱਕੇ-ਪਕਾਏ ਖਾਣੇ ਲਿਆਉਣ ਦੇ ਆਦੀ ਹੋਣ ਲੱਗੇ। ਦੇਸੀ ਸਭਿਆਚਾਰਕ ਸੰਮੇਲਨਾ ਦੀ ਘਾਟ ਮਹਿਸੂਸ ਹੋਣ ਲੱਗੀ। ਇਨ੍ਹਾਂ ਕਮੀਆਂ ਨੂੰ ਪੂਰਾ ਕਰਣ ਲਈ ਆਪਣੇ ਰੈਸਟੋਰੈਂਟ, ਗੁਰਦੁਆਰੇ ਤੇ ਦੁਕਾਨਾਂ ਖੁੱਲਣ ਲੱਗੀਆਂ। ਰੇਡੀਉ ਅਤੇ ਟੀ.ਵੀ. ਚੈਨਲਾਂ ਉੱਤੇ ਦਿਖਾਏ ਗਏ ਪ੍ਰੋਗਰਾਮਾਂ ਰਾਹੀਂ ਵੀ ਆਪਣੀ ਜ਼ੁਬਾਨ (ਬੋਲੀ) ਵਿਚ ਸਿਰਜਿਆ ਮਾਹੌਲ ਤੇ ਦੇਸ਼ ਦੇ ਸਭਿਆਚਾਰ ਵਾਲੀ ਘਾਟ ਪੂਰੀ ਨਾ ਹੋ ਸਕੀ।

ਪਿਛਲੇ ਪੰਜ ਛੇ ਦਹਾਕਿਆਂ ਵਿਚ ਅਸੀਂ ਇਨ੍ਹਾਂ ਮੁਲਕਾਂ ਵਿਚ ਆ ਕੇ ਬਹੁਤ ਮਿਹਨਤ ਕੀਤੀ ਤੇ ਪੂਰੀ ਤਰ੍ਹਾਂ ਪੈਰ ਜਮਾ ਲਏ ਹਨ। ਇੱਥੇ ਦੇ ਕੰਮ ਕਰਨ ਬਾਰੇ ਅਸੀਂ ਇਹ ਕਹਿ ਸਕਦੇ ਹਾਂ ਕਿ ਕੇਵਲ ਅੱਠ ਘੰਟੇ ਦਿਲ ਲਗਾ ਕੇ ਕੰਮ ਕਰਨ ਨਾਲ ਤੁਹਾਡੇ ਮਨ ਨੂੰ ਸ਼ਾਂਤੀ ਮਿਲ ਜਾਂਦੀ ਹੈ। ਮਿਹਨਤ ਤੇ ਦਿਲ ਲਾ ਕੇ ਕੰਮ ਕਰਣ ਨਾਲ ਪੈਸੈ ਵੀ ਚੰਗੇ ਮਿਲ ਜਾਂਦੇ ਹਨ। ਪੈਸਿਆਂ ਦੇ ਹਿਸਾਬ ਨਾਲ ਅਸੀਂ ਇੱਥੋਂ ਦੀ ਮੱਧ-ਸ਼੍ਰੇਣੀ ਤੋਂ ਵੀ ਉੱਪਰ ਗਿਣੇ ਜਾਂਦੇ ਹਾਂ। ਅਸੀਂ ਆਪਣੀਆਂ ਸਭ ਲੋੜਾਂ ਪੂਰੀਆਂ ਕਰ ਰਹੇ ਹਾਂ ਤੇ ਅੱਗੋਂ ਲਈ ਵੀ ਕਰ ਸਕਦੇ ਹਾਂ। ਅਸੀਂ ਆਪਣੇ ਦੇਸ਼ ਦੇ ਰਿਸ਼ਵਤ ਭਰੇ ਵਾਤਾਵਰਨ ਤੋਂ ਬਹੁਤ ਦੂਰ ਆ ਗਏ ਹਾਂ। ਸਾਡੇ ਬੱਚੇ ਪੜ੍ਹ-ਲਿਖ ਕੇ ਚੰਗੀਆਂ ਨੌਕਰੀਆਂ, ਸਫਲ ਕਾਰੋਬਾਰਾਂ ਜਾਂ ਕਾਰਖ਼ਾਨਿਆਂ ਵਿਚ ਲੱਗੇ ਹੋਏ ਹਨ ਜਾਂ ਚੰਗੀਆਂ ਦੁਕਾਨਾਂ ਚਲਾ ਰਹੇ ਹਨ।

ਇਸ ਤਰ੍ਹਾਂ ਕਹਿੰਦਿਆਂ ਇੰਜ ਮਹਿਸੂਸ ਹੁੰਦਾ ਹੈ ਕਿ ਜਿਨ੍ਹਾਂ ਮੰਤਵਾਂ ਲਈ ਅਸੀਂ ਇਨ੍ਹਾਂ ਵਿਦੇਸੀ ਮੁਲਕਾਂ ਵਿਚ ਆਏ ਸੀ ਉਹ ਪੂਰੇ ਹੋ ਗਏ ਹਨ ਜਾਂ ਪੂਰੇ ਹੋ ਰਹੇ ਹਨ। ਫਿਰ ਸਵਾਲ ਇਹ ਭੀ ਉੱਠਦਾ ਹੈ ਕਿ ਜੋ ਇਹ ਸਭ ਕੁਝ ਅਸੀਂ ਪਾਇਆ ਹੈ ਤੇ ਇਸ ਦੇ ਬਦਲੇ ਅਸੀਂ ਕੀ ਗਵਾਇਆ ਵੀ ਹੈ? ਅੰਗਰੇਜ਼ੀ ਦਾ ਇਕ ਮੁਹਾਵਰਾ ਯਾਦ ਆਇਆ No pain No gain ਦੁੱਖ ਪਾਏ ਬਿਨਾ ਸੁੱਖ ਪ੍ਰਾਪਤ ਨਹੀਂ ਹੁੰਦਾ ਜਾਂ ਇਹ ਕਿਹਾ ਜਾ ਸਕਦਾ ਹੈ ਕਿ ਜ਼ਿੰਦਗੀ ਵਿਚ ਕੁਝ ਵੀ ਮੁਫ਼ਤ ਨਹੀਂ ਮਿਲਦਾ ਤੇ ਉਸ ਦਾ ਮੁੱਲ ਕਿਸੇ ਨਾ ਕਿਸੇ ਤਰੀਕੇ ਉਤਾਰਨਾ ਹੀ ਪੈਂਦਾ ਹੈ। ਜੇ ਇਹ ਗੱਲ ਸੱਚ ਹੈ ਤਾਂ ਸਾਨੂੰ ਸੋਚਣ ਲਈ ਮਜਬੂਰ ਹੋਣਾ ਪੈਂਦਾ ਹੈ ਕਿ ਇਸ ਦਾ ਮੁੱਲ ਅਸੀਂ ਕਿਵੇਂ ਉਤਾਰਿਆ ਹੋਵੇਗਾ ?

ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਆਪਣੇ ਮਾਂ-ਬਾਪ ਤੋਂ ਦੂਰ ਰਹਿ ਕੇ ਉਨ੍ਹਾਂ ਦੇ ਪਿਆਰ ਤੇ ਅਸੀਸਾਂ ਤੋਂ ਵਾਂਝੇ ਰਹਿ ਗਏ ਹਾਂ ਤੇ ਉਨ੍ਹਾਂ ਦੇ ਦੁੱਖ-ਸੁੱਖ ਦੇ ਭਾਈਵਾਲ ਵੀ ਨਾ ਬਣ ਸਕੇ। ਖ਼ਾਸ ਤੋਰ ’ਤੇ ਜਦੋਂ ਕਦੀ ਉਹ ਬਿਮਾਰ ਹੋ ਜਾਂਦੇ ਸੀ ਜਾਂ ਹਸਪਤਾਲ ਵਿਚ ਜਾਣਾ ਪੈਂਦਾ ਸੀ ਤਾਂ ਅਸੀਂ ਉਨ੍ਹਾਂ ਦੀ ਸੇਵਾ ਕਰਨ ਲਈ ਲਾਚਾਰ ਹੁੰਦੇ ਸਾਂ। ਉਨ੍ਹਾਂ ਨੂੰ ਵੀ ਸਾਡੀ ਦੂਰੀ ਦਾ ਮਾਨਸਿਕ ਕਸ਼ਟ ਸਹਿਣਾ ਪੈਂਦਾ ਹੋਵੇਗਾ।

ਇਨ੍ਹਾਂ ਮੁਲਕਾਂ ਵਿਚ ਬੱਚਿਆਂ ਦਾ ਬਹੁਤਾ ਸਮਾ ਸਕੂਲਾਂ ਵਿਚ, ਆਪਣੇ ਦੋਸਤਾਂ ਨਾਲ ਜਾਂ ਫਿਰ ਕੰਪਿਊਟਰਾਂ ਅਤੇ ਟੈਲੀਫ਼ੋਨਾਂ ਉੱਤੇ ਹੀ ਗੁਜ਼ਰਦਾ ਹੈ। ਇਹ ਵਾਤਾਵਰਨ ਅਤੇ ਸਕੂਲਾਂ ਦੀ ਪੜ੍ਹਾਈ ਬੱਚਿਆਂ ਦੀਆਂ ਖ਼ਾਹਿਸ਼ਾਂ ਤੇ ਕਾਬਲੀਅਤਾਂ ਨੂੰ ਉਭਾਰਨ ’ਤੇ ਜ਼ੋਰ ਦਿੰਦੀ ਹੈ ਅਤੇ ਉਨ੍ਹਾਂ ਨੂੰ ਆਪਣੇ ਹੱਕਾਂ ਜਾਂ ਉਮੰਗਾਂ ਬਾਰੇ ਜਾਗਰੂਕਤਾ ਆਉਣੀ ਸ਼ੁਰੂ ਕਰ ਦਿੰਦੀ ਹੈ ਜਿਸ ਵਿੱਚ ਉਸ ਦੇਸ (ਵਿਦੇਸ) ਨੂੰ ਪਹਿਲ ਦੇਣੀ ਵੀ ਸਿਖਾਈ ਜਾਂਦੀ ਹੈ। ਇਕ ਪੱਖੋਂ ਤਾਂ ਇਹ ਠੀਕ ਹੈ ਕਿ ਇਸ ਨਾਲ ਸਾਡੇ ਬੱਚੇ ਆਪਣੇ ਜੀਵਨ ਵਿਚ ਜੋ ਵੀ ਚਾਹੁੰਦੇ ਹਨ ਉਹ ਆਪ ਚੁਣ ਸਕਦੇ ਹਨ ਅਤੇ ਪੂਰੀ ਤਰ੍ਹਾਂ ਮਿਹਨਤ ਕਰ ਕੇ ਆਪਣੇ ਕਿੱਤੇ ਜਾਂ ਆਪਣੇ ਜੀਵਨ ਵਿਚ ਸਫਲਤਾ ਪ੍ਰਾਪਤ ਕਰ ਸਕਦੇ ਹਨ। ਇਹ ਸਿੱਖਿਆ, ਬੱਚਿਆਂ ਨੂੰ ਸਿਰਫ਼ ਆਪਣੇ ਬਾਰੇ ਹੀ ਜਾਗਰੂਕ ਕਰਦੀ ਹੈ ਜਾਂ ਇਉਂ ਕਹਿ ਲਵੋ ਕਿ ਕੁਝ ਹੱਦ ਤਕ ਖ਼ੁਦਗ਼ਰਜ਼ ਹੀ ਬਣਾ ਦਿੰਦੀ ਹੈ ਤੇ ਬੱਚੇ ਦੂਸਰੇ ਦੇ ਭਲੇ ਬਾਰੇ ਸੋਚਣਾ, ਦੂਸਰੇ ਦੀਆਂ ਖ਼ਾਹਿਸ਼ਾਂ ਜਾਂ ਉਮੰਗਾਂ ਦੀ ਕਦਰ ਕਰਨੀ ਹੀ ਭੁੱਲ ਜਾਂਦੇ ਹਨ। ਇਉਂ ਵੱਡਿਆਂ ਦਾ ਸਤਿਕਾਰ ਕਰਣ ਦੀ ਬਜਾਏ ਉਨ੍ਹਾਂ ਨਾਲ ਆਪਣੀ ਬਰਾਬਰਤਾ ਵਾਲਾ ਵਤੀਰਾ ਹੀ ਕਰਦੇ ਹਨ। ਵੱਡਿਆਂ ਦੇ ਜੀਵਨ ਦੇ ਤਜਰਬੇ ਦੀ, ਜਾਂ ਉਨ੍ਹਾਂ ਦੇ ਸਲਾਹ ਮਸ਼ਵਰੇ ਦੀ, ਕੋਈ ਕਦਰ ਨਹੀਂ ਕੀਤੀ ਜਾਂਦੀ। ਮਾਂ-ਬਾਪ ਨੇ ਸਾਰੀ ਉਮਰ ਕੰਮ ਕਰ ਕੇ, ਜਾਂ ਕਾਰੋਬਾਰ ਚਲਾ ਕੇ ਪਰਿਵਾਰ ਨੂੰ ਪਾਲਿਆ ਹੁੰਦਾ ਹੈ। ਭਾਵੇਂ ਉਨ੍ਹਾਂ ਦੇ ਤੌਰ-ਤਰੀਕੇ ਵੱਖਰੇ ਹੋ ਸਕਦੇ ਹਨ ਪਰ ਇਨਸਾਨ ਦੀ ਫ਼ਿਤਰਤ ਤੇ ਜੀਵਨ ਦਾ ਅਨੁਭਵ ਬਹੁਤਾ ਨਹੀਂ ਬਦਲਦਾ, ਪਰ ਸਾਡੀ ਅਗਲੀ ਪੀੜ੍ਹੀ ਇਸ ਗੱਲ ਨੂੰ ਨਹੀਂ ਸਮਝਦੀ। ਅੱਜ ਦੀ ਨਵੀਂ ਪੀੜ੍ਹੀ ਲਈ ਇਹ ਕਿਹਾ ਜਾ ਸਕਦਾ ਹੈ ਕਿ ਇਹ ਆਪਣੀ ਸਲਾਹ ਇੰਟਰਨੈੱਟ ਤੋਂ ਲੈਂਦੀ ਹੈ ਅਤੇ ਉਸ ਉੱਤੇ ਹੀ ਅਮਲ ਕਰਦੀ ਹੈ ਭਾਵੇਂ ਉਹ ਗ਼ਲਤ ਹੀ ਕਿਉਂ ਨਾ ਹੋਵੇ। ਇਸ ਨਵੀਂ ਪੀੜ੍ਹੀ ਨੂੰ ਇੰਟਰਨੈੱਟ ਜਨਰੇਸ਼ਨ ਕਿਹਾ ਜਾ ਸਕਦਾ ਹੈ। ਇੰਟਰਨੈੱਟ ਉੱਤੋਂ ਹਰ ਮਜ਼ਮੂਨ ਬਾਰੇ ਅਥਾਹ ਜਾਣਕਾਰੀ ਮਿਲਦੀ ਹੈ ਪਰ ਮੁਸ਼ਕਿਲ ਇਹ ਹੈ ਕਿ ਉਹ ਕਿੰਨੀ ਠੀਕ ਜਾਂ ਕਿੰਨੀ ਗ਼ਲਤ ਹੈ, ਇਹ ਅੰਦਾਜ਼ਾ ਕਿਵੇਂ ਲੱਗੇ? ਇਸ ਲਈ ਕਈ ਵਾਰੀ ਇਹ ਜਾਣਕਾਰੀ ਗ਼ਲਤ ਰਸਤੇ ’ਤੇ ਵੀ ਲੈ ਜਾਂਦੀ ਹੈ। ਅੱਜ ਦੇ ਬੱਚੇ ਇਸ ਇੰਟਰਨੈੱਟ ਤੋਂ ਮਿਲੀ ਹੋਈ ਜਾਣਕਾਰੀ ਉੱਤੇ ਹੀ ਅਮਲ ਕਰਦੇ ਹਨ ਜਿਸ ਕਾਰਨ ਬਜ਼ੁਰਗਾਂ ਦੇ ਤਜਰਬੇ ਦਾ ਫ਼ਾਇਦਾ ਹੀ ਨਹੀਂ ਉੱਠਾ ਰਹੇ।

ਇਹ ਆਮ ਹੀ ਕਿਹਾ ਜਾਂਦਾ ਹੈ ਕਿ ਅੱਜ ਦੀ ਪੀੜ੍ਹੀ ਵਿਚ ਔਰਤ ਪ੍ਰਧਾਨ ਹੈ ਅਤੇ ਔਰਤ ਦੀ ਹੀ ਚਲਦੀ ਹੈ। ਔਰਤਾਂ ਦੀ ਆਜ਼ਾਦੀ ਜਾਂ ਸਵੈ ਅਧੀਨਤਾ ਦੀ ਲਹਿਰ ਕਈ ਸਾਲਾਂ ਤੋਂ ਚੱਲ ਰਹੀ ਹੈ, ਜਿਸ ਨੇ ਮਰਦ ਤੇ ਔਰਤ ਦੇ ਰਿਸ਼ਤੇ ਨੂੰ ਇਕ ਨਵਾਂ ਪਹਿਲੂ ਦੇ ਦਿੱਤਾ ਹੈ। ਅੱਜ ਦੇ ਸਮੇਂ ਦੌਰਾਨ ਬਹੁਤੀਆਂ ਔਰਤਾਂ ਦਫਤਰਾਂ ’ਚ ਕੰਮ ਕਰਦੀਆਂ ਹਨ, ਜਿਸ ਨਾਲ ਉਹ ਆਰਥਿਕ ਤੌਰ ’ਤੇ ਸੁਤੰਤਰ ਹੋ ਗਈਆਂ ਹਨ ਤੇ ਹੁਣ ਪਰਿਵਾਰਕ ਸੰਗਠਨਾਂ ਦੀ ਪ੍ਰਵਾਹ ਨਹੀਂ ਕਰਦੀਆਂ। ਮੁੰਡੇ ਉਹ ਹੀ ਕਰਦੇ ਹਨ, ਜੋ ਕੁੜੀਆਂ ਚਾਹੁੰਦੀਆਂ ਹਨ। ਇਨ੍ਹਾਂ ਬਦਲਦੇ ਰਿਸ਼ਤਿਆਂ ਕਾਰਨ ਸਾਡਾ ਪਰਿਵਾਰਕ ਸੰਤੁਲਨ ਜਾਂ ਪਰਿਵਾਰਕ ਢਾਂਚਾ ਬਦਲ ਰਿਹਾ ਹੈ। ਬਹੁਤੇ ਮੁੰਡੇ ਜਾਂ ਕੁੜੀਆਂ ਆਪਸ ਵਿਚ ਵਿਆਹ ਵੀ ਨਹੀਂ ਕਰਵਾਉਂਦੇ ਅਤੇ ਬਿਨਾਂ ਵਿਆਹ ਤੋਂ ਹੀ ਇਕਠੇ ਰਹੀ ਜਾਂਦੇ ਹਨ। ਵਿਦੇਸੀ ਸਰਕਾਰਾਂ ਵੀ ਇਸ ਰਿਸ਼ਤੇ ਨੂੰ, ਜਾਂ ਇੱਕੋ ਹੀ ਲਿੰਗ ਨਾਲ ਰਹਿਣਾ ਸਵੀਕਾਰ ਕਰ ਰਹੀਆਂ ਹਨ।

ਇਨ੍ਹਾਂ ਸਭ ਕੁਝ ਦੇ ਹੁੰਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਅਸੀਂ ਪੈਸਿਆਂ ਵੱਲੋਂ ਤਾਂ ਸੁਖੀ ਹੋ ਗਏ ਹਾਂ ਪਰ ਮਨ ਦੀ ਸ਼ਾਂਤੀ ਘਟਦੀ ਜਾ ਰਹੀ ਹੈ। ਇਸ ਦੇ ਨਾਲ ਸਾਡਾ ਬੱਚਿਆਂ ਨਾਲ ਵਤੀਰਾ, ਸਮਾਜਿਕ ਮੇਲ-ਜੋਲ ਤੇ ਪਰਿਵਾਰਕ ਜ਼ਿੰਦਗੀ ਉੱਤੇ ਬਹੁਤ ਅਸਰ ਪੈ ਰਿਹਾ ਹੈ ਜਾਂ ਕਾਫੀ ਹੱਦ ਤਕ ਪਰਿਵਾਰਕ ਰਿਸ਼ਤਿਆਂ ਦੀ ਟੁੱਟ ਭੱਜ ਵੀ ਹੋ ਚੁੱਕੀ ਹੈ ਜਾਂ ਇਹ ਕਹਿ ਲਵੋ ਕਿ ਪਰਿਵਾਰਾਂ ਦੇ ਅਰਥ ਹੀ ਬਦਲ ਗਏ ਹਨ।

ਸਾਡੇ ਵਿਦੇਸੀ ਬੱਚੇ ਹੀ ਨਹੀਂ ਸਗੋਂ ਪੰਜਾਬ ਦੇ ਬੱਚੇ ਵੀ ਬੜੀ ਤੇਜ਼ੀ ਨਾਲ ਪੱਛਮੀ ਕਦਰਾਂ-ਕੀਮਤਾਂ, ਰੀਤਾਂ ਅਤੇ ਰਿਵਾਜ਼ਾਂ ਨੂੰ ਬੜੀ ਤੇਜ਼ੀ ਨਾਲ ਅਪਣਾ ਰਹੇ ਹਨ। ਉਹ ਇਹ ਨਹੀਂ ਸਮਝਦੇ ਕਿ ਪੱਛਮੀ ਸਭਿਅਤਾ ਅੱਜ ਇਕ ਐਸੇ ਪੜਾ ’ਤੇ ਪਹੁੰਚ ਚੁੱਕੀ ਹੈ ਜਿੱਥੋਂ ਉਹ ਪੂਰਬੀ ਕਦਰਾਂ-ਕੀਮਤਾਂ, ਰੀਤਾਂ ਤੇ ਰਿਵਾਜ਼ਾਂ ਵੱਲ ਨੂੰ ਮੁੜਨ ਦੀ ਕੋਸ਼ਿਸ਼ ਵਿਚ ਹੈ। ਇਹ ਸਾਡੇ (ਭਾਰਤੀ ਜਾਂ ਪੰਜਾਬੀ) ਖਾਣੇ ਅਤੇ ਸੰਗੀਤ ਨੂੰ ਅਪਣਾ ਰਹੀ ਹੈ। ਮਨ ਦੀ ਸ਼ਾਂਤੀ ਲਈ ਯੋਗਾ, ਸਿਮਰਨ ਅਤੇ ਬੱਚਿਆਂ ਵੱਲ ਜ਼ਿਆਦਾ ਧਿਆਨ ਦੇ ਰਹੀ ਹੈ। ਪਹਿਲਾਂ ਬੱਚਿਆਂ ਨੂੰ ਬਾਲਗ ਹੋਣ ’ਤੇ ਘਰੋਂ ਬਾਹਰ ਭੇਜ ਦਿੱਤਾ ਜਾਂਦਾ ਸੀ ਪਰ ਹੁਣ ਬਹੁਤੀ ਦੇਰ ਮਾਂ-ਬਾਪ ਕੋਲ ਹੀ ਰਹਿੰਦੇ ਹਨ ਜਾਂ ਮੁੜ ਕੇ ਵਾਪਸ ਆ ਰਹੇ ਹਨ।

ਇਸ ਦੇ ਉਲਟ ਸਾਡਾ ਪਰਿਵਾਰਕ ਜੀਵਨ ਅਤੇ ਬੱਚਿਆਂ ਦਾ ਰਵਈਆ (ਮੈਨੂੰ ਕਿਸੇ ਦੀ ਪਰਵਾਹ ਨਹੀਂ) ਇੰਨਾ ਅੱਗੇ ਲੰਘ ਗਿਆ ਹੈ ਕਿ ਇਸ ਨੂੰ ਵਾਪਸ ਮੁੜਨ ਲਈ ਕੁਝ ਸਮਾਂ ਲੱਗੇਗਾ। ਅੱਜ ਤੱਕ ਅਸੀਂ ਆਪਣੇ ਬੱਚਿਆਂ ਬਾਰੇ ਹੀ ਸੋਚਦੇ ਰਹੇ ਹਾਂ। ਉਨ੍ਹਾਂ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਹੁੰਦੇ ਸੀ। ਜੇ ਬੱਚਿਆਂ ਨੇ ਕਿਤੇ ਜਾਣ ਦਾ (ਜਾਂ ਕੋਈ ਹੋਰ) ਪ੍ਰੋਗਰਾਮ ਬਣਾਉਣਾ ਤਾਂ ਅਸੀਂ ਆਪਣੇ ਸਾਰੇ ਪ੍ਰੋਗਰਾਮ, ਉਨ੍ਹਾਂ ਦੇ ਹਿਸਾਬ ਨਾਲ ਬਦਲ ਲੈਂਦੇ ਸੀ। ਹੁਣ ਬੱਚੇ ਵੱਡੇ ਹੋ ਗਏ ਹਨ ਤੇ ਆਪਣੀ ਜਗ੍ਹਾ ਸਥਾਪਤ ਕਰ ਚੁੱਕੇ ਹਨ। ਇਸ ਲਈ ਅਸੀਂ ਆਪਣੀ ਵਡੇਰੀ ਉਮਰ ਵਿਚ ਆਪਣੀ ਦੇਖ-ਭਾਲ ਲਈ ਬੱਚਿਆਂ ’ਤੇ ਮੁਨਹਸਰ (Depending) ਨਹੀਂ ਹੋ ਸਕਦੇ। ਸਾਨੂੰ ਘਰ ਦੀਆਂ ਅਤੇ ਸਮਾਜਿਕ ਮੁਸ਼ਕਲਾਂ ਦਾ ਆਪ ਹੀ ਸਾਹਮਣਾ ਕਰਣਾ ਪਵੇਗਾ। ਆਪਣੇ ਪਰਿਵਾਰਕ-ਜੀਵਨ ਨੂੰ ਵੀ ਇੱਥੋਂ ਦੀ ਰਹਿਣੀ-ਬਹਿਣੀ ਮੁਤਾਬਕ ਹੀ ਢਾਲਣਾ ਪਵੇਗਾ। ਸਾਡਾ ਬੁਢਾਪਾ ਸਾਡੇ ਦੋਸਤਾਂ-ਮਿੱਤਰਾਂ ਦੇ ਮੇਲ-ਜੋਲ ਨਾਲ ਹੀ ਲੰਘਾਇਆ ਜਾ ਸਕੇਗਾ। ਅੱਜ ਪਹਿਲੀ ਪੀੜ੍ਹੀ ਨੂੰ ਆਪਣੇ ਬਾਰੇ ਸੋਚਣ ਦੀ ਅਤੇ ਆਪਣੀ ਜ਼ਿੰਦਗੀ ਦੇ ਰਹਿੰਦੇ ਪਲਾਂ ਨੂੰ ਪੂਰੀ ਤਰ੍ਹਾਂ ਖ਼ੁਸ਼ਹਾਲੀ ਨਾਲ ਜੀਵਣ ਦੀ ਜ਼ਰੂਰਤ ਹੈ।

ਉਪਰੋਕਤ ਕੀਤੀ ਗਈ ਵਿਚਾਰ ਅਨੁਸਾਰ ਕਿਹਾ ਗਿਆ ਹੈ ਕਿ ਪੱਛਮੀ ਸਭਿਅਤਾ ਵਾਪਸ ਮੁੜ ਕੇ ਪੂਰਬੀ ਕਦਰਾਂ-ਕੀਮਤਾਂ ਜਾਂ ਰਿਵਾਜ਼ਾਂ ਵੱਲ ਨੂੰ ਆ ਰਹੀ ਹੈ। ਫਿਰ ਕਿਉਂ ਨਾ ਅਸੀਂ ਪੱਛਮੀ ਸਭਿਅਤਾ ਤੋਂ ਕੁਝ ਸਿੱਖ ਕੇ ਐਸੇ ਕਦਮ ਉਠਾਈਏ ਕਿ, ਜੋ ਭੀ ਠੀਕ ਕੰਮ ਉਨ੍ਹਾਂ ਨੇ ਕੀਤੇ ਹਨ ਉਹ ਅਪਣਾ ਲਈਏ ਅਤੇ ਜੋ ਗ਼ਲਤੀਆਂ ਕੀਤੀਆਂ ਹਨ ਉਨ੍ਹਾਂ ਨੂੰ ਨਾ ਦੁਹਰਾਈਏ !

ਦੁਨੀਆਂ ਨੂੰ ਸਿੱਖ ਪਹਿਚਾਣ ਤੋਂ ਵਾਕਿਫ਼ ਕਰਾਉਣ ਲਈ

0

ਦੁਨੀਆਂ ਨੂੰ ਸਿੱਖ ਪਹਿਚਾਣ ਤੋਂ ਵਾਕਿਫ਼ ਕਰਾਉਣ ਲਈ

ਗੁਰਸ਼ਰਨਜੀਤ ਸਿੰਘ

ਅੱਜ ਲੋੜ ਹੈ ਕਿ ਵਿਦੇਸ਼ਾਂ ਵਿੱਚ ਪੜ੍ਹੇ-ਲਿਖੇ ਪ੍ਰਚਾਰਕਾਂ ਤੋਂ ਇਲਾਵਾ ਯੂਨੀਵਰਸਿਟੀਆਂ ਦੇ ਸਿੱਖ ਵਿਦਵਾਨਾਂ ਪਾਸੋਂ ਉਚੇਚੇ ਰੂਪ ਵਿੱਚ ਗੁਰਦੁਆਰਿਆਂ ਤੋਂ ਬਾਹਰ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਟੀ.ਵੀ., ਰੇਡੀਓ ਅਤੇ ਹੋਰ ਸੰਚਾਰ ਸਾਧਨਾਂ ਰਾਹੀਂ ਲੈਕਚਰ ਕਰਵਾਏ ਜਾਣ। ਇਹ ਵੀ ਠੀਕ ਹੋਵੇਗਾ ਕਿ ਸੇਵਾ ਦੇ ਕੁਝ ਕੇਂਦਰ ਸਿੱਖਾਂ ਵੱਲੋਂ ਚਲਾਏ ਜਾਣ ਤਾਂ ਜੋ ਵਿਦੇਸ਼ਾਂ ਦੇ ਮੂਲ ਵਾਸੀ ਸਿੱਖਾਂ ਨਾਲ ਪਿਆਰ ਤੇ ਹਮਦਰਦੀ ਰੱਖਣ।

ਸਿੱਖ ਪੰਥ ਨੂੰ ਪ੍ਰਗਟ ਹੋਇਆਂ 546 ਵਰ੍ਹੇ ਹੋ ਚੁੱਕੇ ਹਨ ਅਤੇ ਖਾਲਸਾ ਪੰਥ ਦੀ 300 ਵੀ ਵਰ੍ਹੇ ਗੰਢ ਵੀ ਧੁਮ-ਧੜੱਕੇ ਨਾਲ ਮਨਾਇਆਂ 16 ਸਾਲ ਗੁਜ਼ਰ ਗਏ ਹਨ। ਆਲੂ ਅਤੇ ਸਿੱਖ, ਸੰਸਾਰ ਦੇ ਹਰ ਕੋਨੇ ਵਿੱਚ ਮਿਲਦੇ ਹਨ- ਇਕ ਕਹਾਵਤ ਵਾਂਗ ਸਥਾਪਿਤ ਕਥਨ ਹੈ। ਸਿੱਖ ਦੀ ਵਿਸ਼ੇਸ਼ਤਾ ਇਹ ਹੈ ਕਿ ਜਿਸ ਦੇਸ਼, ਸ਼ਹਿਰ, ਪਿੰਡ ਕਲੋਨੀ ਜਾਂ ਮੁਹੱਲੇ ਅਤੇ ਇੱਥੋਂ ਤੀਕ ਕਿ ਗਲੀ ਵਿੱਚ ਵੀ-ਦੋ-ਚਾਰ ਸਿੱਖ ਰਹਿਣ ਲੱਗਣ, ਉਹ ਉੱਥੇ ਗੁਰਦੁਆਰਾ ਬਣਾੳੇਣ ਦੀ ਯੋਜਨਾ ਜ਼ਰੂਰ ਬਣਾਉਣ ਲੱਗਦੇ ਹਨ। ਇਹ ਵਿਸ਼ੇਸ਼ ਗੁਣ ਸਿੱਖ ਸਮਾਜ ਵਿੱਚ ਕਈ ਸਮੱਸਿਆਵਾਂ ਵੀ ਖੜ੍ਹਾ ਕਰ ਦਿੰਦਾ ਹੈ। ਗੁਰਦੁਆਰਿਆਂ ਤੋਂ ਬਿਨਾਂ ਸਿੱਖ ਜਥੇਬੰਦੀਆਂ (ਮਿਸ਼ਨਰੀ ਕਾਲਜ, ਸਟੱਡੀ ਸਰਕਲ, ਸੁਖਮਨੀ ਸੇਵਾ ਸੁਸਾਇਟੀਆਂ, ਕੀਰਤਨ ਅਤੇ ਸਤਿਸੰਗ ਸਭਾਵਾਂ, ਅਖੌਤੀ ਸਾਧਾਂ ਦੇ ਸੈਂਕੜੇ ਡੇਰੇ ਅਤੇ ਦਰਜਨਾਂ ਸੰਪ੍ਰਦਾਵਾਂ ਅਤੇ ਸੈਂਕੜੇ ਰਾਗੀ, ਪ੍ਰਚਾਰਕ ਅਤੇ ਕਥਾਵਾਚਕਾਂ ਦੇ ਸਮੂਹ) ਦਾ ਇਕ ਵੱਡਾ ਜਾਲ ਵਿਸ਼ਵ ਵਿੱਚ ਫੈਲਿਆ ਹੋਇਆ ਹੈ। ਗੁਰਦੁਆਰਿਆਂ ਵਿੱਚ ਅਤੇ ਹੋਰ ਸਥਾਨਾਂ ਉੱਪਰ ਕੰਨ-ਪਾੜਵੇਂ ਲਾਊਡ ਸਪੀਕਰਾਂ ਉੱਪਰ ਸੁਣਾਏ ਜਾਂਦੇ ਅਖੰਡ ਪਾਠਾਂ, ਕੀਰਤਨ ਅਤੇ ਧੂੰਆਂ ਧਾਰ ਭਾਸ਼ਣਾਂ ਨੂੰ ਸੁਣ ਕੇ ਅਤੇ ਲੰਗਰ-ਛਬੀਲਾਂ ਉੱਪਰ ਲੱਖਾਂ ਕ੍ਰੋੜਾਂ ਰੁਪਏ ਖਰਚ ਵੇਖ ਕੇ ਸਿੱਖੀ ਦੀ ਚੜ੍ਹਦੀ ਕਲਾ ਦਾ ਆਭਾਸ ਹੁੰਦਾ ਹੈ।

ਪਰ ਸਿੱਖ ਜਗਤ ਦੀ ਇਹ ਗਲਤ-ਫਹਿਮੀ, ਅਰਬ ਦੇ ਮੁਸਲਿਮ ਖਾੜਕੂ ਬਿਨ ਲਾਦੇਨ ਦੁਆਰਾ 11 ਸਤੰਬਰ 2001 ਨੂੰ ਨਿਊਯਾਰਕ ਅਤੇ ਵਾਸ਼ਿੰਗਟਨ ਉੱਪਰ ਕੀਤੇ ਹਮਲੇ ਬਾਅਦ, ਕੁਝ ਦੂਰ ਹੋ ਗਈ ਹੈ। ਬਿਨ ਲਾਦੇਨ ਦਾ ਚਿਹਰਾ ਮੋਹਰਾ ਸਿੱਖਾਂ ਨਾਲ ਮਿਲਦਾ-ਜੁਲਦਾ ਹੈ ਅਤੇ ਵਿਸ਼ਵ ਭਰ ਵਿੱਚ ਇਲੈਕਟਰਾਨਿਕ ਮੀਡੀਏ ਨੇ ਇਸ ਦੀਆਂ ਜੋ ਫੋਟੋਆਂ ਦਿਖਾਈਆਂ ਹਨ, ਉਸ ਦਾ ਖਮਿਆਜ਼ਾ ਸਿੱਖਾਂ ਨੂੰ ਭੁਗਤਣਾ ਪਿਆ। ਸਿੱਖਾਂ ਉਪਰ ਲਗਭਗ 200 ਹਮਲਿਆਂ ਦੀ ਖਬਰ ਹੈ। ਕਿਤੇ ਕਿਤੇ ਕੁਝ ਗੁਰੂ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਦੁੱਖ ਦੀ ਗੱਲ ਇਹ ਸੀ ਕਿ ਸਭ ਤੋਂ ਸੱਭਿਅਕ ਮੰਨੇ ਜਾਣ ਵਾਲੇ ਅਮਰੀਕਾ ਵਿੱਚ ਉਸ ਦੇ ਨਾਗਰਿਕ ਅਜਿਹੀਆਂ ਸ਼ਰਮਨਾਕ ਕਾਰਵਾਈਆਂ ਵਿੱਚ ਮਸ਼ਰੂਫ ਸਨ।

ਅਮਰੀਕਾ ਵਿੱਚ ਵੱਸਦੇ ਸਿੱਖਾਂ ਨੇ ਚੱਲ ਰਹੀ ਇਕਪਾਸੜ ਕਾਰਵਾਈ ਨੂੰ ਬੜੇ ਸ਼ਾਂਤੀ ਅਤੇ ਸਬਰ ਨਾਲ ਬਰਦਾਸ਼ਤ ਕਰਦਿਆਂ, ਇਕ ਸਿੱਖ ਦੀ ਮੌਤ ਅਤੇ ਦਰਜਨਾਂ ਮਾਸੂਮ ਸਕੂਲੀ ਬੱਚਿਆਂ ਨੂੰ ਦਿੱਤੇ ਮਾਨਸਿਕ ਤਸੀਹਿਆਂ ਨੂੰ ਬਰਦਾਸ਼ਤ ਕੀਤਾ।

ਜਦੋਂ ਟੀ.ਵੀ. ਅਤੇ ਅਖ਼ਬਾਰਾਂ ਵਿੱਚ ਅਜਿਹੀਆਂ ਖ਼ਬਰਾਂ ਆ ਰਹੀਆਂ ਸਨ ਤਾਂ ਸਮੁੱਚੇ ਸਿੱਖ ਪੰਥ ਵਿੱਚ ਚਿੰਤਾ ਦੀ ਲਹਿਰ ਦੌੜ ਗਈ। ਅਮਰੀਕੀ ਪ੍ਰਸ਼ਾਸਨ ਨੇ ਪੂਰੀ ਈਮਾਨਦਾਰੀ ਨਾਲ ਸਿੱਖ-ਵਿਰੋਧੀ (ਗਲਤੀ ਨਾਲ?) ਲਹਿਰ ਨੂੰ ਦਬਾ ਲਿਆ। ਅਮਰੀਕਾ ਵਿੱਚ ਵੱਸਦੇ ਸਿੱਖਾਂ ਨੇ ਇੰਨਟਰਨੈੱਟ ਅਤੇ ਹੋਰ ਸੰਚਾਰ ਸਾਧਨਾਂ ਰਾਹੀਂ ਮੁਸਲਮਾਨ ਅਤੇ ਸਿੱਖਾਂ ਵਿਚਲੇ ਅੰਤਰ ਸਪੱਸ਼ਟ ਕਰਨ ਲਈ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ। ਸਾਨੂੰ ਵੀ ਸੰਪਰਕ ਕਰਕੇ ਕਿਹਾ ਕਿ ਸਿੱਖਾਂ ਦੀ ਨਿਆਰੀ ਹੋਂਦ ਬਾਰੇ ਇਕ ਦੋ ਸਫੇ ਲਿਖ ਕੇ ਤੁਰੰਤ ਭੇਜੋ, ਸਾਨੂੰ ਇਹ ਕਾਰਵਾਈ ‘ਵਿਹੜੇ ਆਈ ਜੰਞ, ਵਿੰਨੋ ਕੁੜੀ ਦੇ ਕੰਨ’ ਵਰਗੀ ਲੱਗੀ। ਸਿੱਖ, ਨਵੰਬਰ 1984 ਦੇ ਹਾਲਤਾਂ ਵਾਲੀ ਮਾਨਸਿਕਤਾ ਵਿੱਚੋਂ ਲੰਘੇ। ਬੇਸ਼ਕ ਨਿਊਯਾਰਕ ਅਤੇ ਹੋਰ ਦੇਸ਼ਾਂ ਵਿਚਲੀ ਇਸ ਸਿੱਖ ਵਿਰੋਧੀ ਲਹਿਰ ਦਾ ਬਹੁਤਾ ਡੂੰਘਾ ਅਸਰ ਨਹੀਂ, ਪਰ ਅਸੀਂ ਇਨ੍ਹਾਂ ਦੀ ਤੁਲਨਾ ਨਵੰਬਰ 1984 ਦੇ ਸਿੱਖ ਵਿਰੋਧੀ ਕਤਲੇਆਮ ਨਾਲ ਕਰਦੇ ਹਾਂ।

ਵਿਦੇਸ਼ਾਂ ਵਿੱਚ ਸਿੱਖ ਸਰੂਪ ਬਾਰੇ ਕੁਝ ਗਲਤ ਫਹਿਮੀਆਂ ਮੌਜੂਦ ਰਹੀਆਂ ਹਨ, ਪਰ ਸਾਡੇ ਕਿਸੇ ਆਗੂ ਜਾਂ ਸੰਸਥਾ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਇਸ ਸੰਬੰਧ ਵਿੱਚ ਮੈਂ ਕੁਝ ਉਦਾਹਰਣਾਂ ਦੇਣੀਆਂ ਚਾਹਾਂਗਾ।

1 ਕਰਮ ਸਿੰਘ ਹਿਸਟੋਰੀਅਨ ਮੱਕੇ ਵਿਖੇ ਕਾਅਬੇ ਵਿੱਚ ਦਾਖਲ ਹੋਣ ਵਿੱਚ ਸਫਲ ਹੋ ਗਿਆ ਸੀ। ਉਸ ਨੇ ਸਿੱਖਾਂ ਅਤੇ ਮੁਸਲਮਾਨਾਂ ਦੇ ਮਿਲਦੇ-ਜੁਲਦੇ ਸਰੂਪ ਦਾ ਲਾਭ ਉੱਠਾ ਲਿਆ ਸੀ। ਪਰ ਆਦਤ ਤੋਂ ਮਜ਼ਬੂਰ ਹਿਸਟੋਰੀਅਨ ਜਦੋਂ ਅੰਮ੍ਰਿਤ ਵੇਲੇ ਜਪੁ ਜੀ ਦਾ ਪਾਠ ਕਰ ਰਹੇ ਸਨ, ਮੁਸਲਮਾਨਾਂ ਨੂੰ ਸ਼ੱਕ ਪੈ ਗਿਆ ਅਤੇ ਉਹ ਫੜਿਆ ਗਿਆ। ਇਸ ਘਟਨਾ ਨੂੰ ਪੜ੍ਹਨ ਤੋਂ ਬਾਅਦ ਮੈਂ ਇਸ ਸਿੱਟੇ ਉੱਪਰ ਪੁੱਜਾ ਸਾਂ ਕਿ ਸਿੱਖ ਦੀ ਪਹਿਚਾਣ ਕੇਵਲ ਕੇਸ ਜਾਂ ਬਾਣਾ ਨਹੀਂ, ਬਾਣੀ ਵੀ ਹੈ।

2. ਮੇਰੇ ਵੱਡੇ ਭਾਈ ਰਵੀ ਕਿਰਨ ਸਿੰਘ 1985 ਈ. ਨੂੰ ਆਸਟਰੀਆ ਗਏ। ਉਨ੍ਹਾਂ ਉੱਥੇ ਪਹੁੰਚਣ ਤੋਂ ਬਾਅਦ ਪਹਿਲੀ ਚਿੱਠੀ ਵਿੱਚ ਉੱਥੋਂ ਦੀ ਵਿਸਤਿ੍ਰਤ ਜਾਣਕਾਰੀ ਦਿੰਦਿਆਂ ਲਿਖਿਆ ਸੀ ਕਿ ਮੈ ਉੱਥੇ ਇੱਕੋ ਪਗੜੀਧਾਰੀ ਅਤੇ ਕੇਸਾਧਾਰੀ ਵਿਅਕਤੀ ਹਾਂ। ਮੈਂ ਜਦੋਂ ਬਾਹਰ ਜਾਂਦਾ ਹਾਂ ਤਾਂ ਲੋਕ ਮੈਨੂੰ ਹੈਰਾਨੀ ਨਾਲ ਦੇਖਦੇ ਹਨ ਅਤੇ ਖਾਸ ਕਰ ਬੱਚੇ ਮੈਨੂੰ ਅਜੂਬਾ ਸਮਝਦੇ ਹਨ। ਬਹੁਤ ਸਾਰੇ ਲੋਕ ਗਲਤੀ ਨਾਲ ਮੈਨੂੰ ਮੁਸਲਮਾਨ ਸਮਝਦੇ ਹਨ। ਉਸ ਵੇਲੇ ਇਹ ਇਕ ਸਾਧਾਰਨ ਜਾਣਕਾਰੀ ਲੱਗਦੀ ਸੀ, ਪਰ ਸਾਨੂੰ ਹੁਣ ਇਸ ਦੀ ਗੰਭੀਰਤਾ 30 ਸਾਲ ਬਾਅਦ ਪਤਾ ਲੱਗੀ ਹੈ। ਕੋਈ ਸ਼ੱਕ ਨਹੀਂ 1984 ਈ. ਦੀਆਂ ਘਟਨਾਵਾਂ ਨੇ ਸਿੱਖਾਂ ਵਿੱਚ ਇਕ ਜਾਗ੍ਰਤੀ ਲਿਆਂਦੀ ਸੀ। ਇਸ ਜਾਗ੍ਰਤੀ ਦੇ ਕਾਰਨ ਵਿਦੇਸ਼ਾਂ ਵਿੱਚ ਕੇਸਾਧਾਰੀ, ਸਾਬਤ ਸੂਰਤ ਅਤੇ ਅੰਮਿ੍ਰਤਧਾਰੀ ਸਿੱਖਾਂ ਦੀ ਗਿਣਤੀ ਜ਼ਰੂਰ ਵਧੀ ਹੈ। ਪਰ ਕੋਈ ਕੇਂਦਰੀ ਅਗਵਾਈ ਨਾ ਹੋਣ ਕਾਰਨ ਸਿੱਖਾਂ ਵਿੱਚ ਆਈ ਇਸ ਜਾਗ੍ਰਤੀ ਨੇ ਵਿਦੇਸ਼ਾਂ ਵਿੱਚ, ਗੁਰਦੁਆਰਿਆਂ ਦੇ ਝਗੜੇ ਵਧਾ ਦਿੱਤੇ। ਕੈਨੇਡਾ ਵਿੱਚ ਲੰਗਰ ਦੇ ਮੁੱਦੇ ਉੱਪਰ ਜੋ ਕੁਝ ਵਾਪਰਿਆ ਉਹ ਬਹੁਤ ਹੀ ਸ਼ਰਮਨਾਕ ਸੀ। ਵਿਦੇਸ਼ਾਂ ਵਿੱਚ ਜਾਂਦੇ ਅਖੌਤੀ ਪ੍ਰਚਾਰਕ, ਰਾਗੀ ਜਾਂ ਕਥਾਵਾਚਕ ਠੋਸ ਪ੍ਰਚਾਰ ਕਰਨ ਦੀ ਥਾਂ ਡਾਲਰ ਤੇ ਪੌਂਡ ਇਕੱਠੇ ਕਰਕੇ ਲੱਖਾਂ/ਕ੍ਰੋੜਾਂ ਦੇ ਮਾਲਕ ਤਾਂ ਜ਼ਰੂਰ ਬਣ ਗਏ ਹਨ, ਪਰ ਅੱਜ ਇਨ੍ਹਾਂ ਵਿੱਚੋਂ ਕੋਈ ਵੀ ਇਸ ਗੱਲ ਦਾ ਜੁਆਬ ਦੇਣ ਦੀ ਹਿੰਮਤ ਨਹੀਂ ਰੱਖਦਾ ਕਿ ਤੁਸੀਂ ਸਿੱਖੀ ਦਾ ਕਿਹੋ ਜਿਹਾ ਪ੍ਰਚਾਰ ਕੀਤਾ ਹੈ ਕਿ ਉੱਥੋਂ ਦੇ ਲੋਕ ਅੱਜ ਇਹ ਵੀ ਨਹੀਂ ਜਾਣਦੇ ਕਿ ਸਿੱਖ, ਮੁਸਲਮਾਨਾਂ ਤੋਂ ਪੂਰੀ ਤਰ੍ਹਾਂ ਵੱਖ ਹਨ? ਸਾਨੂੰ ਹੈਰਾਨੀ ਹੁੰਦੀ ਹੈ ਕਿ ਇਕ ਮਹਾਂ-ਪ੍ਰਚਾਰਕ, ਹਜ਼ਾਰਾਂ ਲੱਖਾਂ ਅਮਰੀਕੀਆਂ ਨੂੰ ਸਿੱਖ ਸਜਾਉਣ ਦਾ ਰੋਅਬ ਸਾਰੇ ਸਿੱਖ ਪੰਥ ਉੱਪਰ ਪਾਉਂਦਾ ਹੈ, ਪਰ ਉਹ ਵੀ ਖਾਮੋਸ਼ ਹੈ ਅਤੇ ਦੱਸਣ ਤੋਂ ਅਸਮਰੱਥ ਹੈ ਕਿ ਆਖਰ ਇਨ੍ਹਾਂ ਆਪੇ ਬਣੇ ਪੰਥ ਦੇ ਅਲੰਬਰਦਾਰਾਂ ਦੇ ਪ੍ਰਚਾਰ ਦੀ ਅਸਲੀਅਤ ਨਿਊਯਾਰਕ ਅਤੇ ਵਾਸ਼ਿੰਗਟਨ ਵਿੱਚ ਜੋ ਕੁਝ ਵਾਪਰਿਆ, ਨੇ ਪ੍ਰਗਟ ਕਰ ਦਿੱਤੀ ਹੈ।

3. ਤੀਜੀ ਉਦਾਹਰਣ 11 ਸਤੰਬਰ ਦੇ ਹਮਲਿਆਂ ਤੋਂ ਪੰਜ ਦਿਨ ਪਹਿਲਾਂ ਦੀ ਹੈ। ਮੈਂ ਤੇ ਮੇਰਾ ਦੋਸਤ 6 ਨਵੰਬਰ ਨੂੰ ਧਰਮਸ਼ਾਲਾ (ਹਿਮਾਚਲ) ਦੀ ਸੈਰ ਕਰਨ ਗਏ। ਉੱਥੇ ਇਕ ਵਿਦੇਸ਼ੀ ਲੜਕੀ ਸਾਨੂੰ ਬੜੀ ਹੈਰਾਨੀ ਨਾਲ ਦੇਖ ਰਹੀ ਸੀ। ਉਸ ਨੇ ਸ਼ਾਇਦ ਦਸਤਾਰਧਾਰੀ ਤੇ ਕੇਸਾਧਾਰੀ ਮਨੁੱਖ ਪਹਿਲੀ ਵੇਰ ਹੀ ਵੇਖੇ ਸਨ। ਪੁੱਛਣ ’ਤੇ ਪਤਾ ਚੱਲਿਆ ਕਿ ਉਹ ਇਸਰਾਈਲ ਵਾਸੀ ਹੈ ਅਤੇ ਹੈਰਾਨੀ ਦੀ ਗੱਲ ਇਹ ਸੀ ਕਿ ਉਹ ਸਿੱਖ ਨਾਂ ਤੋਂ ਵੀ ਜਾਣੂ ਨਹੀਂ ਸੀ। ਮੈਨੂੰ ਬਹੁਤ ਸ਼ਰਮ ਆਈ ਕਿ ਅਸੀਂ ਸਿੱਖੀ ਸਿਧਾਤਾਂ ਦਾ ਕੀ ਪ੍ਰਚਾਰ ਕਰਨਾ ਹੈ? ਅਜੇ ਤਾਂ ਅਸੀ ਆਪਣੀ ਪਹਿਚਾਣ ਵੀ ਸੰਸਾਰ ਵਿੱਚ ਪ੍ਰਸਾਰ ਨਹੀਂ ਸਕੇ। ਇਸ ਤੋਂ ਪੰਜਾਂ ਦਿਨਾਂ ਬਾਅਦ ਹੋਏ ਹਮਲਿਆਂ ਨੇ ਮੇਰੇ ਉਪ੍ਰੋਕਤ ਵਿਚਾਰ ਦੀ ਪੁਸ਼ਟੀ ਕਰ ਦਿੱਤੀ। ਜਦੋਂ ਸਿੱਖੀ ਉਪਰ ਹਮਲਿਆਂ ਦੀਆਂ ਖ਼ਬਰਾਂ ਆ ਰਹੀਆਂ ਸਨ ਤਾਂ ਮੈਂ ਦੁਖੀ ਤਾਂ ਜ਼ਰੂਰ ਸਾਂ, ਪਰ ਹੈਰਾਨ ਬਿਲਕੁੱਲ ਨਹੀਂ ਸਾਂ, ਕਿਉਂਕਿ ਅਸੀਂ ਵੀ ਤਾਂ ਅਜੇ ਤਕ ਜਲਸੇ ਅਤੇ ਜਲੂਸ ਕੱਢ ਕੇ ਹੀ ਪ੍ਰਚਾਰ ਹੋ ਗਿਆ, ਸਮਝਦੇ ਹਾਂ। ਆਧੁਨਿਕ ਯੁੱਗ ਵਿੱਚ ਪ੍ਰਚਾਰ ਨਵੇਂ ਢੰਗਾਂ ਨਾਲ ਕਰਨ ਦਾ ਸਾਨੂੰ ਕੋਈ ਚਾਅ ਨਹੀਂ। ਇਸ ਲਈ ਸਾਨੂੰ ਖੁਦ ਲਈ ਦੋਸ਼ੀ ਮੰਨਦਿਆਂ, ਪੂਰੀ ਦਿਆਨਤਦਾਰੀ ਅਤੇ ਲਗਨ ਨਾਲ ਸਿੱਖ ਪਹਿਚਾਣ ਦੀ ਸਥਾਪਤੀ ਲਈ ਕੁਝ ਠੋਸ ਅਤੇ ਗੰਭੀਰ ਜਤਨਾਂ ਦੀ ਲੜੀ ਵਿਸ਼ਵ ਭਰ ਵਿੱਚ ਤੋਰਨੀ ਪਵੇਗੀ।

ਅਸੀਂ 1995 ਈ. ਵਿੱਚ ਅੰਮ੍ਰਿਤਸਰ ਵਿਖੇ ਹੋਈ ਵਿਸ਼ਵ ਕਾਨਫਰੰਸ ਦੇ ਮੌਕੇ ਸਿੱਖ ਚੇਤਨਾ ਕੇਂਦਰ ਵੱਲੋਂ ‘ਦਾ ਸਿਖਸ ਨਾਂ’ ਦਾ ਇਕ ਟ੍ਰੈਕਟ ਇੱਕੋ ਸਮੇਂ 16 ਭਾਸ਼ਾਵਾਂ ਵਿੱਚੋਂ ਇਸੇ ਭਾਵਨਾ ਨਾਲ ਛਪਵਾਇਆ ਸੀ। ਇਸ ਟ੍ਰੈਕਟ ਨੂੰ ਉਸ ਸਮੇਂ ਦੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਨੇ ਉਸ ਵੇਲੇ ਦੇ ਪ੍ਰਧਾਨ ਸ਼ਰੋਮਣੀ ਕਮੇਟੀ ਪਾਸੋਂ ਰੀਲੀਜ਼ ਕਰਵਾਇਆ ਸੀ। ਅਸੀਂ ਸੋਚਦੇ ਹਾਂ ਕਿ ਇਸ ਪ੍ਰਾਜੈਕਟ ਨੂੰ ਸ਼੍ਰੋਮਣੀ ਕਮੇਟੀ ਪੱਕੇ ਤੌਰ ਉਪਰ ਅਪਣਾ ਕੇ ਸਾਰੇ ਗੁਰਦੁਆਰਿਆਂ ਵਿੱਚ ਇਸ ਸਾਹਿਤ ਨੂੰ ਮੁਫਤ ਵੰਡਾਉਣ ਦੇ ਪ੍ਰਬੰਧ ਕਰੇ।

ਵਿਦੇਸ਼ਾਂ ਤੋਂ ਭਾਰਤ ਆਉਂਦੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਮੈਂ ਅਕਸਰ ਇਹ ਸੁਝਾਅ ਦਿੰਦਾ ਰਿਹਾ ਹਾਂ ਕਿ ਵਿਦੇਸ਼ਾਂ ਵਿੱਚ ਪੜ੍ਹੇ-ਲਿਖੇ ਪ੍ਰਚਾਰਕਾਂ ਤੋਂ ਇਲਾਵਾ ਯੁਨੀਵਰਸਿਟੀਆਂ ਦੇ ਸਿੱਖ ਵਿਦਵਾਨਾਂ ਪਾਸੋਂ ਉਚੇਚੇ ਰੂਪ ਵਿੱਚ ਗੁਰਦੁਆਰਿਆਂ ਤੋਂ ਬਾਹਰ ਸਕੂਲਾਂ ਕਾਲਜਾਂ, ਯੂਨੀਵਰਸਿਟੀਆਂ, ਟੀ.ਵੀ., ਰੇਡੀਓ ਅਤੇ ਹੋਰ ਸੰਚਾਰ ਸਾਧਨਾਂ ਰਾਹੀਂ ਲੈਕਚਰ ਕਰਵਾਏ ਜਾਣ। ਇਹ ਵੀ ਠੀਕ ਹੋਵੇਗਾ ਕਿ ਸੇਵਾ ਦੇ ਕੁਝ ਕੇਂਦਰ ਸਿੱਖਾਂ ਵੱਲੋਂ ਚਲਾਏ ਜਾਣ ਤਾਂ ਜੋ ਵਿਦੇਸ਼ਾਂ ਦੇ ਮੂਲ ਵਾਸੀ ਸਿੱਖਾਂ ਨਾਲ ਪਿਆਰ ਤੇ ਹਮਦਰਦੀ ਰੱਖਣ।

ਸਿੱਖਾਂ ਦੀ ਤ੍ਰਾਸਦੀ ਇਹ ਹੈ ਕਿ ਇਕ ਪਾਸੇ ਭਾਰਤ ਵਿੱਚ ਉਨ੍ਹਾਂ ਨੂੰ ਕੇਸਾਧਾਰੀ ਹਿੰਦੂ ਸਮਝਿਆ ਜਾ ਰਿਹਾ ਹੈ ਤਾਂ ਦੂਜੇ ਪਾਸੇ ਵਿਦੇਸ਼ਾਂ ਵਿੱਚ ਉਨਾਂ ਨੂੰ ਅਰਬੀ ਮੁਸਲਮਾਨ ਸਮਝਿਆ ਜਾ ਰਿਹਾ ਹੈ। ਸਿੱਖਾਂ ਨੇ ਭਾਰਤ ਦੇ ਨਾਲ ਵਿਦੇਸ਼ਾਂ ਵਿੱਚ ਵੀ ਆਪਣੇ ਮਿਹਨਤੀ ਸੁਭਾਅ ਕਾਰਨ, ਵਿਸ਼ਵ ਦੀ ਤਰੱਕੀ ਵਿੱਚ ਬਹੁਤ ਵੱਡਾ ਹਿੱਸਾ ਪਾਇਆ ਹੈ। ਸਿੱਖ ਭਾਰਤ ਵਿੱਚ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵਰਗੇ ਉੱਚੇ ਅਹੁਦਿਆਂ ਉੱਪਰ ਪਹੁੰਚੇ ਹਨ ਤਾਂ ਵਿਦੇਸ਼ਾਂ ਵਿੱਚ ਸਿੱਖਾਂ ਦੇ ਘਰਾਂ ਵਿੱਚ ਜੰਮੇ ਗੱਭਰੂ ਕਈ ਦੇਸ਼ਾਂ ਵਿੱਚ ਮੁੱਖ ਮੰਤਰੀ, ਮੰਤਰੀ, ਐਮ.ਪੀ., ਜੱਜ, ਬੈਂਕਾਂ ਦੇ ਉੱਚ ਅਫਸਰ ਆਦਿ ਵਰਗੇ ਉੱਚੇ ਅਹੁਦਿਆਂ ਉਪਰ ਪਹੁੰਚੇ ਹਨ। ਪਰ ਵਿਦੇਸ਼ਾਂ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ। ਮੈ ਦਰਜਨਾਂ ਅੰਗ੍ਰੇਜ਼ੀ ਫਿਲਮਾਂ ਦੇਖੀਆਂ ਹਨ, ਪਰ ਕਦੇ ਕਿਸੇ ਫਿਲਮ ਵਿੱਚ ਸਿੱਖ ਦੀ ਸੂਰਤ ਤੱਕ ਦੇਖਣੀ ਨਸੀਬ ਨਹੀਂ ਹੋਈ। ਸ਼ਾਇਦ ਸਭਿਆਚਾਰਕ ਵਖਰੇਵਾਂ ਇਨ੍ਹਾਂ ਦੋਹਾਂ ਸਮੁਦਾਇਆਂ ਵਿੱਚ ਬੜਾ ਵੱਡਾ ਰੋਣਾ ਬਣਿਆ ਹੋਇਆ ਹੈ। ਇਸ ਵਖਰੇਵੇਂ ਨੂੰ ਦੂਰ ਕਰਨ ਲਈ, ਆਪਸੀ ਸਮਾਜਕ ਸਾਂਝ ਵਧਾਉਣ ਦੀ ਲੋੜ ਹੈ। ਇਹ ਸਾਂਝ ਇਸ ਤਰ੍ਹਾਂ ਦੀ ਹੋਵੇ ਕਿ ਆਪਣਾ ਨਿਆਰਾਪਣ ਵੀ ਕਾਇਮ ਰਹੇ, ਪਰ ਦੂਜਾ ਸਾਨੂੰ ਓਪਰਾ ਵੀ ਨਾ ਸਮਝੇ। ਗੁਰੂ ਨਾਨਕ ਸਾਹਿਬ ਨੇ ਸਾਨੂੰ ਦੂਜਿਆਂ ਨਾਲ ਰਹਿਣ ਦਾ ਸੂਤਰ ਸਮਝਾਇਆ ਸੀ ਕਿ ਜਿਵੇਂ ਦੁੱਧ ਦੇ ਕਟੋਰੇ ਵਿੱਚ ਚਮੇਲੀ ਦਾ ਫੁੱਲ ਟਿੱਕ ਜਾਂਦਾ ਹੈ, ਸਿੱਖ ਨੇ ਵੀ ਦੂਜਿਆਂ ਵਿੱਚ ਆਪਣੀ ਥਾਂ ਸੁਭਾਵਕ ਰੂਪ ਵਿੱਚ ਬਣਾਉਣੀ ਹੈ ਮੇਰਾ ਖ਼ਦਸ਼ਾ ਹੈ ਕਿ ਨਿਊਯਾਰਕ ਆਦਿ ਥਾਵਾਂ ਉਪਰ ਜਿਹੜੀਆਂ ਇਹ ਵਾਰਦਾਤਾਂ ਵਾਪਰੀਆਂ ਹਨ, ਇਸ ਵਿੱਚ ਉਥੋਂ ਦੇ ਮੂਲ ਵਾਸੀਆਂ ਦੇ ਮਨਾਂ ਵਿੱਚ ਬਾਹਰੋਂ ਆਏ ਲੋਕਾਂ ਪ੍ਰਤੀ ਈਰਖਾ ਅਤੇ ਨਫ਼ਰਤ ਦਾ ਵੀ ਪ੍ਰਗਟਾਵਾ ਹੋਇਆ ਹੈ। ਇਸ ਈਰਖਾ ਅਤੇ ਨਫ਼ਰਤ ਦਾ ਮੁਕਾਬਲਾ ਅਸੀਂ ਪ੍ਰੇਮ ਅਤੇ ਸੇਵਾ ਦੇ ਗੁਰੂ-ਦਰਸਾਏ ਮਾਰਗ ਉੱਪਰ ਚੱਲ ਕੇ ਕਰ ਸਕਦੇ ਹਾਂ।

ਭਾਵੇਂ ਇਹ ਬਹੁਤ ਦੇਰੀ ਨਾਲ ਚੁੱਕਿਆ ਕਦਮ ਹੀ ਹੋਵੇਗਾ, ਸਾਨੂੰ ਮਿਲ-ਜੁਲ ਕੇ ਸਿੱਖ ਪਹਿਚਾਣ ਨੂੰ ਦੁਨੀਆਂ ਭਰ ਵਿੱਚ ਸਥਾਪਿਤ ਕਰਾਉਣ ਲਈ ਠੋਸ ਉਪਰਾਲੇ ਕਰਨ ਲਈ ਵੱਡੇ ਜਤਨ ਆਰੰਭ ਦੇਣੇ ਚਾਹੀਦੇ ਹਨ।

ਬਿਕ੍ਰਮੀ ਕੈਲੰਡਰ ਅਤੇ ਨਾਨਕਸ਼ਾਹੀ ਕੈਲੰਡਰ ਦਾ ਤੁਲਨਾਤਮਿਕ ਅਧਿਐਨ

0

ਬਿਕ੍ਰਮੀ ਕੈਲੰਡਰ ਅਤੇ ਨਾਨਕਸ਼ਾਹੀ ਕੈਲੰਡਰ ਦਾ ਤੁਲਨਾਤਮਿਕ ਅਧਿਐਨ

ਸ. ਕਿਰਪਾਲ ਸਿੰਘ ਬਠਿੰਡਾ ਮੋਬ: 9855480797

ਮਨੁੱਖੀ ਸਭਿਅਤਾ ਦੇ ਆਦਿ ਕਾਲ ਤੋਂ ਲੈ ਕੇ ਮਨੁੱਖ ਨੇ ਸਮੇਂ ਨੂੰ ਮਾਪਣ ਲਈ ਮੁੱਖ ਤੌਰ ’ਤੇ ਤਿੰਨ ਕੁਦਰਤੀ ਮਾਪ ਦੰਡ ਅਪਣਾਏ ਹਨ:ਧਰਤੀ ਆਪਣੀ ਧੁਰੀ ਦੇ ਦੁਆਲੇ ਘੁੰਮਦੀ ਹੈ ਜਿਸ ਨਾਲ ਦਿਨ ਰਾਤ ਬਣਦੇ ਹਨ। ਧਰਤੀ ਆਪਣੀ ਧੁਰੀ ਦੇ ਦੁਆਲੇ 24 ਘੰਟੇ ਵਿੱਚ ਇੱਕ ਪੂਰਾ ਚੱਕਰ ਕਰਦੀ ਹੈ। 24 ਘੰਟੇ ਦੇ ਇਸ ਸਮੇਂ ਨੂੰ ਇੱਕ ਦਿਨ ਦਾ ਨਾਮ ਦਿੱਤਾ ਗਿਆ ਹੈ ਜਿਸ ਵਿੱਚ ਦਿਨ ਤੇ ਰਾਤ ਦੋਵੇਂ ਸ਼ਾਮਲ ਹੁੰਦੇ ਹਨ।

ਚੰਦ੍ਰਮਾ ਧਰਤੀ ਦੇ ਦੁਆਲੇ ਇੱਕ ਪੂਰਾ ਚੱਕਰ ਲਗਪਗ 29.53 ਦਿਨਾਂ (29 ਦਿਨ 12 ਘੰਟੇ 44 ਮਿੰਟ 2 ਸੈਕੰਡ) ਵਿੱਚ ਪੂਰਾ ਕਰਦਾ ਹੈ; ਜਿਸ ਨੂੰ ਚੰਦਰ ਮਹੀਨਾ ਕਿਹਾ ਜਾਂਦਾ ਹੈ। 12 ਮਹੀਨੇ ਦਾ ਇੱਕ ਸਾਲ ਹੋਣ ਕਰਕੇ ਚੰਦਰ ਸਾਲ ਲਗਪਗ 354.36 ਦਿਨਾਂ ਦਾ ਹੁੰਦਾ ਹੈ।

ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ ਤੇ ਤਕਰੀਬਨ 365 ਦਿਨ 5 ਘੰਟੇ 48 ਮਿੰਟ 45 ਸੈਕੰਡ ਵਿੱਚ ਆਪਣਾ ਚੱਕਰ ਪੂਰਾ ਕਰਦੀ ਹੈ ਜਿਸ ਨੂੰ ਮੌਸਮੀ ਸਾਲ ਕਹਿੰਦੇ ਹਨ।

ਵਿਸ਼ਵ ਦੀਆਂ ਵੱਖੋ-ਵੱਖਰੀਆਂ ਕੌਮਾਂ ਤੇ ਧਰਮਾਂ ਨੇ ਆਪੋ-ਆਪਣੀ ਸੂਝ ਅਨੁਸਾਰ ਆਪਣੇ ਕੈਲੰਡਰ ਬਣਾਏ ਹਨ। ਇਹ ਕੈਲੰਡਰ ਸੂਰਜੀ (Solar) ਜਾਂ ਫਿਰ ਚੰਦਰ (Lunar) ਸਾਲ ਦੀ ਲੰਬਾਈ ਉੱਪਰ ਅਧਾਰਿਤ ਹਨ। ਪੁਰਾਣੇ ਸਮਿਆਂ ਵਿੱਚ ਜਦੋਂ ਪੜ੍ਹਾਈ ਲਿਖਾਈ ਘੱਟ ਹੁੰਦੀ ਸੀ ਤਾਂ ਚੰਦ੍ਰਮਾ ਮਹੀਨੇ ਦੀਆਂ ਤਿਥਾਂ ਨੂੰ ਯਾਦ ਰੱਖਣਾ ਅਸਾਨ ਸੀ ਇਸ ਲਈ ਜ਼ਿਆਦਾਤਰ ਚੰਦਰ ਕੈਲੰਡਰ ਹੀ ਵਰਤੇ ਜਾਣ ਲੱਗੇ। ਚੰਦਰ ਕੈਲੰਡਰ ਵਿੱਚ ਜਿਸ ਸਾਰੀ ਰਾਤ ਪੂਰਾ ਚੰਦ੍ਰਮਾਂ ਵਿਖਾਈ ਦਿੰਦਾ ਹੈ ਉਸ ਨੂੰ ਪੂਰਨਮਾਸ਼ੀ ਕਿਹਾ ਜਾਂਦਾ ਹੈ। ਪੂਰਨਮਾਸ਼ੀ ਤੋਂ ਅਗਲੇ ਦਿਨ ਵਦੀ ਏਕਮ ਅਤੇ ਉਸ ਤੋਂ ਅਗਾਂਹ ਆਉਣ ਵਾਲੇ ਦਿਨਾਂ ਨੂੰ ਕ੍ਰਮਵਾਰ ਵਦੀ ਦੂਜ, ਵਦੀ ਤੀਜ, ਵਦੀ ਚੌਥ ਆਦਿ ਹੁੰਦੀ ਹੋਈ ਚੌਦਵੇਂ ਜਾਂ ਪੰਦ੍ਰਵੇਂ ਦਿਨ ਜਿਸ ਰਾਤ ਨੂੰ ਚੰਦ੍ਰਮਾਂ ਬਿਲਕੁਲ ਵਿਖਾਈ ਨਹੀਂ ਦਿੰਦਾ ਉਹ ਮੱਸਿਆ ਦਾ ਦਿਨ ਹੁੰਦਾ ਹੈ। ਉਸ ਤੋਂ ਅੱਗੇ ਫਿਰ ਸੁਦੀ ਏਕਮ, ਸੁਦੀ ਦੂਜ, ਸੁਦੀ ਤੀਜ, ਸੁਦੀ ਚੌਥ ਹੁੰਦੀ ਹੋਈ 14ਵੇਂ ਜਾਂ 15ਵੇਂ ਦਿਨ ਪੂਰਨਮਾਸ਼ੀ ਆ ਜਾਂਦੀ ਹੈ। ਇਸ ਤਰ੍ਹਾਂ ਮੱਸਿਆ ਤੋਂ ਮੱਸਿਆ ਤੱਕ ਜਾਂ ਪੂਰਨਮਾਸ਼ੀ ਤੋਂ ਪੂਰਨਮਾਸ਼ੀ ਤੱਕ ਦੇ ਸਮੇਂ ਨੂੰ ਇੱਕ ਮਹੀਨਾ ਮਿਥ ਲਿਆ ਜਾਂਦਾ ਹੈ। ਚੰਦ੍ਰਮਾਂ ’ਤੇ ਅਧਾਰਤ ਸਾਲ ਮੌਸਮਾਂ ਨਾਲ ਮੇਲ ਨਹੀਂ ਖਾਂਦਾ। ਮੌਸਮਾਂ ਨਾਲ ਮੇਲ ਖਾਣ ਲਈ ਸੂਰਜੀ ਕੈਲੰਡਰ ਹੀ ਸਭ ਤੋਂ ਉੱਤਮ ਹੈ। ਭਾਰਤ ਵਿੱਚ ਪ੍ਰਚੱਲਤ ਬਿਕ੍ਰਮੀ ਕੈਲੰਡਰ ਸੂਰਜੀ ਤੇ ਚੰਦਰ ਦੋਵੇਂ ਪ੍ਰਣਾਲੀਆਂ ਦਾ ਮਿਸ਼੍ਰਣ ਹੈ; ਜਿਸ ਅਨੁਸਾਰ ਧਾਰਮਿਕ ਦਿਹਾੜੇ ਚੰਦ੍ਰਮਾਂ ਦੀਆਂ ਤਿਥਾਂ ਮੁਤਾਬਿਕ ਅਤੇ ਹੋਰ ਇਤਿਹਾਸਕ ਦਿਹਾੜੇ ਸੂਰਜੀ ਸਾਲ ਦੀਆਂ ਤਾਰੀਖਾਂ ਅਨੁਸਾਰ ਨਿਸਚਿਤ ਕੀਤੇ ਜਾਂਦੇ ਹਨ। ਚੰਦਰ ਸਾਲ ਸੂਰਜੀ ਸਾਲ ਤੋਂ ਲਗਪਗ 11 ਦਿਨ ਛੋਟਾ ਹੋਣ ਕਰਕੇ ਜਿਹੜੇ ਗੁਰਪੁਰਬ ਇਸ ਸਾਲ ਆਏ ਜਾਂ ਆਉਣੇ ਹਨ ਉਹ ਅਗਲੇ ਸਾਲ 11 ਦਿਨ ਪਹਿਲਾਂ ਆ ਜਾਣਗੇ। ਉਸ ਤੋਂ ਅਗਲੇ ਸਾਲ 22 ਦਿਨ ਪਹਿਲਾਂ ਅਤੇ ਤੀਸਰੇ ਸਾਲ 33 ਦਿਨ ਪਹਿਲਾਂ ਆਉਣੇ ਚਾਹੀਦੇ ਸਨ। ਪਰ ਚੰਦਰ ਸਾਲ ਨੂੰ ਸੂਰਜੀ ਸਾਲ ਦੇ ਨੇੜੇ ਤੇੜੇ ਰੱਖਣ ਲਈ ਹਰ ਦੂਜੇ ਜਾਂ ਤੀਜੇ ਸਾਲ ਇੱਕ ਫਾਲਤੂ ਮਹੀਨਾ ਜੋੜ ਦਿੱਤਾ ਜਾਂਦਾ ਹੈ ਜਿਸ ਨੂੰ ਲੌਂਦ ਦਾ ਮਹੀਨਾ ਜਾਂ ਮਲ ਮਾਸ ਕਹਿੰਦੇ ਹਨ। ਪੰਡਿਤਾਂ ਅਨੁਸਾਰ ਮਲਮਾਸ ਅਸ਼ੁਭ ਮਹੀਨਾ ਹੁੰਦਾ ਹੈ ਅਤੇ ਇਸ ਮਹੀਨੇ ਦੌਰਾਨ ਕੋਈ ਵੀ ਧਾਰਮਿਕ ਜਾਂ ਸ਼ੁਭ ਕੰਮ ਨਹੀਂ ਕੀਤਾ ਜਾਂਦਾ ਸੋ ਇਸ ਮਹੀਨੇ ’ਚ ਆਉਣ ਵਾਲੇ ਗੁਰਪੁਰਬ ਅਗਲੇ ਮਹੀਨੇ ’ਚ ਮਨਾਏ ਜਾਣ ਕਰਕੇ 11 ਦਿਨ ਪਹਿਲਾਂ ਆਉਣ ਦੀ ਬਜਾਏ 18-19 ਦਿਨ ਪਛੜ ਕੇ ਆਉਣਗੇ।
ਬਿਕ੍ਰਮੀ ਕੈਲੰਡਰ ਵਿੱਚ ਵੱਡਾ ਦੋਸ਼ ਇਹ ਹੈ ਕਿ ਇਹ ਕੈਲੰਡਰ ਇਸ ਮਿੱਥ ਦੇ ਅਧਾਰ ’ਤੇ ਤਿਆਰ ਕੀਤਾ ਜਾ ਰਿਹਾ ਹੈ ਕਿ ਧਰਤੀ ਖੜ੍ਹੀ ਹੈ ਅਤੇ ਸੂਰਜ ਇਸ ਦੇ ਦੁਆਲੇ ਘੁੰਮ ਰਿਹਾ ਹੈ। ਧਰਤੀ ਦੇ ਸੂਰਜ ਦੁਆਲੇ ਘੁੰਮਣ ਬਾਰੇ ਸਭ ਤੋਂ ਪਹਿਲਾਂ ਜਾਣਕਾਰੀ ਕੂਪਰ ਨੀਕਸ (Coprenicus Nicolas, 1473-1543) ਜਿਸ ਨੂੰ ਮੌਜੂਦਾ ਤਾਰਾ ਵਿਗਿਆਨ ਦਾ ਪਿਤਾਮਾ ਮੰਨਿਆ ਜਾਂਦਾ ਹੈ; ਨੂੰ ਹੋਈ ਸੀ। ਉਸ ਨੇ ਕੁਝ ਫਾਰਮੂਲੇ ਇਜ਼ਾਦ ਕੀਤੇ ਸਨ। ਉਸ ਵੱਲੋਂ ਕੀਤੇ ਗਏ ਕੰਮ ਦੀ ਪੜਤਾਲ ਕਰਕੇ ਗਲੀਲੀਓ (Galileo Galilei-1564-1642) ਨੇ ਦੁਨੀਆਂ ਨੂੰ ਦੱਸਿਆ ਸੀ ਕਿ ਧਰਤੀ ਗੋਲ ਹੈ ਅਤੇ ਸੂਰਜ ਦੁਆਲੇ ਘੁੰਮਦੀ ਹੈ। ਇਸ ਮਹਾਨ ਖੋਜ ਤੋਂ ਚਾਰ ਸਦੀਆਂ ਬਾਅਦ ਬਿਕ੍ਰਮੀ ਕੈਲੰਡਰ ਅੱਜ ਵੀ ਇਹ ਮੰਨ ਕੇ ਹੀ ਬਣਾਇਆ ਜਾਂਦਾ ਹੈ ਕਿ ਸੂਰਜ ਧਰਤੀ ਦੁਆਲੇ ਘੁੰਮਦਾ ਹੈ। ਸੰਗ੍ਰਾਂਦਾਂ ਦੀ ਪ੍ਰੀਭਾਸ਼ਾ ਅੱਜ ਵੀ ਇਹ ਹੀ ਹੈ ਕਿ ਜਦੋਂ ਸੂਰਜ ਇਕ ਰਾਸ਼ੀ ਤੋਂ ਦੂਜੀ ਰਾਸ਼ੀ ’ਚ ਪ੍ਰਵੇਸ਼ ਕਰਦਾ ਹੈ ਤਾਂ ਉਸ ਦਿਨ ਸੰਗ੍ਰਾਂਦ ਹੁੰਦੀ ਹੈ; ਭਾਵ ਨਵਾਂ ਮਹੀਨਾ ਸ਼ੁਰੂ ਹੁੰਦਾ ਹੈ। ਜਦੋਂ ਕਿ ਤਕਨੀਕੀ ਤੌਰ ’ਤੇ ਜਦੋਂ ਧਰਤੀ 30 ਡਿਗਰੀ ਅੱਗੇ ਵਧਦੀ ਹੈ ਤਾਂ ਮਹੀਨਾ ਬਦਲ ਜਾਂਦਾ ਹੈ। ਹੈਰਾਨੀ ਇਹ ਹੈ ਕਿ ਅੱਜ ਵੀ ਬਾਈਬਲ ਵਿੱਚ ਲਿਖਿਆ ਪਿਆ ਹੈ: ‘ਧਰਤੀ ਚਪਟੀ ਹੈ ਅਤੇ ਖੜ੍ਹੀ ਹੈ ਜਿਸ ਦੇ ਦੁਆਲੇ ਸੂਰਜ ਘੁੰਮ ਰਿਹਾ ਹੈ’। ਗਲੀਲੀਓ ਵੱਲੋਂ ਬਾਈਬਲ ਦੀ ਲਿਖਤ ਦੇ ਉਲਟ ਕਹੇ ਜਾਣ ਕਰਕੇ ਹੀ ਈਸਾਈ ਚਰਚ ਵੱਲੋਂ ਉਸ ਨੂੰ ਸਜਾ ਦਿੱਤੀ ਗਈ ਸੀ। ਬਾਈਬਲ ’ਚ ਇਸ ਲਿਖਤ ਦੇ ਬਾਵਯੂਦ ਦੁਨੀਆਂ ਨੂੰ ਸੱਚ ਦੱਸਣ ਵਾਲੇ ਗਲੀਲੀਓ ਨੂੰ ਸਜਾਵਾਂ ਦੇਣ ਵਾਲੇ ਚਰਚ ਨੇ ਆਪਣੀ ਗਲਤੀ ਮੰਨ ਲਈ ਚਰਚ ਨੇ ਆਪਣੀ ਗਲਤੀ ਸਵੀਕਾਰ ਕਰ ਲਈ ਹੈ ਕਿ ਗਲੀਲੀਓ ਠੀਕ ਸੀ ਤੇ ਅਸੀਂ ਗਲਤ। ਜਦੋਂ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਜਿਹੀਆਂ ਮਨੌਤਾਂ ਦਾ ਪਹਿਲਾਂ ਹੀ ਖੰਡਨ ਕੀਤਾ ਹੋਇਆ ਹੈ ਇਸ ਦੇ ਬਾਵਜੂਦ ਪੂਰਨ ਬ੍ਰਹਮਗਿਆਨੀ ਸੰਤ ਮਹਾਂਪੁਰਖਾਂ ਤੋਂ ਆਪਣੇ ਆਪ ਨੂੰ ਵਰੋਸਾਏ ਹੋਏ ਹੋਣ ਦਾ ਦਾਅਵਾ ਕਰਨ ਵਾਲੇ ਸੰਤ ਸਮਾਜ ਦੇ ਆਗੂ ਇਸ ਗੱਲ ਲਈ ਬ-ਜ਼ਿਦ ਹਨ ਕਿ ਸੰਗ੍ਰਾਂਦ ਸਿਰਫ ਉਸ ਦਿਨ ਹੀ ਹੋ ਸਕਦੀ ਹੈ ਜਦੋਂ ਸੂਰਜ ਇੱਕ ਰਾਸ਼ੀ ਤੋਂ ਦੂਸਰੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ ਪਰ ਪੁਰੇਵਾਲ ਨੇ ਅਪਣੇ ਤੌਰ ’ਤੇ ਸੰਗ੍ਰਾਂਦਾਂ ਮਿਥ ਦਿੱਤੀਆਂ ਹਨ ਜਿਸ ਨੂੰ ਕਦਾਚਿਤ ਵੀ ਪ੍ਰਵਾਨ ਨਹੀਂ ਕੀਤਾ ਜਾ ਸਕਦਾ।
ਭਾਰਤ ਵਿੱਚ ਸੂਰਜ ਅਨੁਸਾਰ ਪ੍ਰਚੱਲਤ ਬਿਕ੍ਰਮੀ ਕੈਲੰਡਰ ਦਾ ਸਾਲ ਮੌਸਮੀ ਸਾਲ ਨਹੀਂ ਹੈ। ਸਮੇਂ ਦੇ ਬੀਤਣ ਨਾਲ ਇਸ ਦੇ ਮਹੀਨੇ ਮੌਸਮਾਂ ਤੋਂ ਅਲਾਹਿਦਾ ਹੋ ਜਾਣਗੇ। ਇਸ ਦਾ ਮੁੱਖ ਕਾਰਨ ਬਿਕ੍ਰਮੀ ਸਾਲ ਦਾ ਮੌਸਮੀ ਸਾਲ ਨਾਲੋਂ ਤਕਰੀਬਨ 20 ਮਿੰਟ ਵੱਧ ਹੋਣਾ ਹੈ। ਜਿਸ ਕਾਰਨ ਬਿਕ੍ਰਮੀ ਕੈਲੰਡਰ ਵਿੱਚ 70/71 ਸਾਲਾਂ ਵਿੱਚ ਇੱਕ ਦਿਨ ਦਾ ਫਰਕ ਪੈ ਜਾਂਦਾ ਹੈ। ਜਦੋਂ ਕਿ ਸਾਂਝੇ ਸਾਲ (ਈਸਵੀ) ਦਾ ਮੌਸਮੀ ਸਾਲ ਨਾਲੋਂ 3300 ਸਾਲਾਂ ਵਿੱਚ ਸਿਰਫ ਇੱਕ ਦਿਨ ਦਾ ਹੀ ਫਰਕ ਪਵੇਗਾ। ਉਪ੍ਰੋਕਤ ਕਾਰਨਾਂ ਕਰਕੇ ਹੇਠਾਂ ਦਿੱਤੀਆਂ ਬਿਕ੍ਰਮੀ ਕੈਲੰਡਰ ਅਨੁਸਾਰ ਆਈਆਂ ਜਾਂ ਆਉਣ ਵਾਲੀਆਂ ਵੈਸਾਖੀ ਦੀਆਂ ਤਰੀਖਾਂ ਤੋਂ ਭਲੀਭਾਂਤ ਸਪੱਸ਼ਟ ਹੋ ਜਾਂਦਾ ਹੈ:

ਈਸਵੀ——-ਵੈਸਾਖੀ
1753——-9 ਅਪ੍ਰੈਲ
1799——-10 ਅਪ੍ਰੈਲ
1899——-12 ਅਪ੍ਰੈਲ
1999——-14 ਅਪ੍ਰੈਲ
2100——-15 ਅਪ੍ਰੈਲ
2199——-16 ਅਪ੍ਰੈਲ

ਉਪਰੋਕਤ ਦਿ੍ਰਸ਼ਟੀ ਤੋਂ ਬਿਕ੍ਰਮੀ ਸਾਲ ਪਹਿਲੀ ਵੈਸਾਖ ਭਾਵ ਵੈਸਾਖੀ ਤਕਰੀਬਨ 1100 ਸਾਲ ਬਾਅਦ ਅਪ੍ਰੈਲ ਦੀ ਬਜਾਇ ਮਈ ਮਹੀਨੇ ਵਿੱਚ ਚਲੀ ਜਾਵੇਗੀ। ਜੇ ਕਰ ਇਸੇ ਤਰ੍ਹਾਂ ਚਲਦਾ ਰਿਹਾ ਤਾਂ 13000 ਸਾਲ ਬਾਅਦ ਇਹ ਵੈਸਾਖੀ ਅਕਤੂਬਰ ਦੇ ਅੱਧ ਵਿੱਚ ਆਵੇਗੀ। ਸੂਰਜ ਦਾ ਇੱਕ ਰਾਸ਼ੀ ਤੋਂ ਦੂਸਰੀ ਰਾਸ਼ੀ ਵਿੱਚ ਪ੍ਰਵੇਸ਼ ਕਰਨ ਦਾ ਸਮਾਂ ਵੀ ਵੱਖ ਵੱਖ ਸਾਲਾਂ ਵਿੱਚ ਵੱਖ ਵੱਖ ਹੈ ਇਸ ਕਾਰਨ ਹਰ ਸਾਲ ਹੀ ਇਸ ਦੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਬਦਲਦੀ ਰਹਿੰਦੀ ਹੈ। ਜਿਵੇਂ ਕਿ ਪਿਛਲੇ ਸਾਲਾਂ ਦੀਆਂ ਜੰਤਰੀਆਂ ਵੇਖਣ ਤੋਂ ਪਤਾ ਲਗਦਾ ਹੈ ਕਿ
ਚੇਤ ਦਾ ਮਹੀਨਾ ਸਾਲ 2003, 2005, 2009, 2011 ਵਿੱਚ 31 ਦਿਨ ਦਾ ਸੀ; ਸਾਲ 2012 ਅਤੇ 2013 ਵਿੱਚ 30 ਦਿਨਾਂ ਦਾ ਪਰ 2014 ਵਿੱਚ ਫਿਰ 31 ਦਿਨਾਂ ਦਾ ਹੋ ਗਿਆ।
ਵੈਸਾਖ ਦਾ ਮਹੀਨਾ ਸਾਲ 2003, 2005, 2009, 2011, 2012 ਅਤੇ 2013 ਵਿੱਚ 31 ਦਿਨ ਦਾ ਸੀ; ਪਰ ਸਾਲ 2014 ਵਿੱਚ 30 ਦਿਨਾਂ ਦਾ।
ਜੇਠ ਦਾ ਮਹੀਨਾ ਸਾਲ 2003, 2005, 2009, 2011, 2012 ਅਤੇ 2013 ਵਿੱਚ 31 ਦਿਨ ਦਾ ਸੀ; ਪਰ ਸਾਲ 2014 ਵਿੱਚ 32 ਦਿਨਾਂ ਦਾ ਹੋ ਗਿਆ।
ਹਾੜ ਦਾ ਮਹੀਨਾ ਸਾਲ 2003, 2005, 2009, 2011, ਵਿੱਚ 31 ਦਿਨਾਂ ਦਾ ਸੀ, 2012 ਅਤੇ 2013 ਵਿੱਚ 32 ਦਿਨਾਂ ਦਾ ਸੀ; ਪਰ ਸਾਲ 2014 ਵਿੱਚ ਫਿਰ 31 ਦਿਨਾਂ ਦਾ।
ਸਾਉਣ ਦਾ ਮਹੀਨਾ ਸਾਲ 2003, 2005, 2009 ਵਿੱਚ 31 ਦਿਨਾਂ ਦਾ; 2011 ਵਿੱਚ 32 ਦਿਨ ਦਾ; 2012 ਅਤੇ 2013 ਵਿੱਚ 31 ਦਿਨਾਂ ਦਾ ਸੀ; ਪਰ 2014 ਵਿੱਚ ਫਿਰ 32 ਦਿਨ ਦਾ ਹੋ ਗਿਆ।
ਭਾਦੋਂ ਦਾ ਮਹੀਨਾ ਸਾਲ 2003, 2005, 2009 ਵਿੱਚ 30 ਦਿਨਾਂ ਦਾ; 2011, 2012 ਅਤੇ 2013 ਵਿੱਚ 31 ਦਿਨ ਦਾ ਸੀ; ਪਰ ਸਾਲ 2014 ਵਿੱਚ 32 ਦਿਨਾਂ ਦਾ ਹੋ ਗਿਆ।
ਅੱਸੂ ਦਾ ਮਹੀਨਾ ਸਾਲ 2003, 2005, 2009, 2011, 2012 ਵਿੱਚ 30 ਦਿਨਾਂ ਦਾ; 2013 ਅਤੇ 2014 ਵਿੱਚ 31 ਦਿਨਾਂ ਦਾ ਹੋ ਗਿਆ।
ਮੱਘਰ ਦਾ ਮਹੀਨਾ ਸਾਲ 2003, 2005, 2009, 2011, 2012 ਵਿੱਚ 30 ਦਿਨ ਦਾ ਸੀ; 2013 ਵਿੱਚ 29 ਦਿਨ; ਪਰ ਸਾਲ 2014 ਵਿੱਚ ਫਿਰ 30 ਦਿਨਾਂ ਦਾ ਹੋ ਗਿਆ।
ਪੋਹ ਦਾ ਮਹੀਨਾ ਸਾਲ 2004, 2006, 2010 ਵਿੱਚ 30 ਦਿਨਾਂ ਦਾ; 2012 ਅਤੇ 2013 ਵਿੱਚ 29 ਦਿਨ ਦਾ ਸੀ; 2014 ਵਿੱਚ 30 ਦਿਨ; ਪਰ ਸਾਲ 2015 ਵਿੱਚ ਫਿਰ 29 ਦਿਨਾਂ ਦਾ ਹੋ ਗਿਆ।
ਮਾਘ ਦਾ ਮਹੀਨਾ ਸਾਲ 2004, 2006, 2010, 2012 ਅਤੇ 2013 ਵਿੱਚ 30 ਦਿਨ ਦਾ ਸੀ; 2014 ਵਿੱਚ 29 ਦਿਨ; ਪਰ ਸਾਲ 2015 ਵਿੱਚ ਫਿਰ 30 ਦਿਨਾਂ ਦਾ ਹੋ ਗਿਆ।
ਫੱਗਣ ਦਾ ਮਹੀਨਾ ਸਾਲ 2004 ਵਿੱਚ 31 ਦਿਨ, 2006, 2010, 2012, 2013 ਅਤੇ 2014 ਵਿੱਚ 30 ਦਿਨ ਦਾ ਸੀ; 2015 ਵਿੱਚ 29 ਦਿਨਾਂ ਦਾ ਰਹਿ ਗਿਆ।
ਚੰਦਰ ਸਾਲ ਦਾ ਤਾਂ ਹੋਰ ਵੀ ਮਾੜਾ ਹੈ। ਜਿਸ ਮਹੀਨੇ ਵਿੱਚ ਰਾਸ਼ੀ ਪਰਿਵਰਤਨ ਨਹੀਂ ਹੁੰਦਾ ਉਸ ਨੂੰ ਅਧਿਕ ਮਹੀਨਾ ਜਾਂ ਵਾਧੂ ਮਹੀਨੇ ਦਾ ਨਾਮ ਦਿੰਦੇ ਹਨ। ਇਸ ਤਰ੍ਹਾਂ ਬਾਰ੍ਹਾਂ ਦੀ ਥਾਂ ਚੰਦਰ ਸਾਲ ਦੇ ਤੇਰ੍ਹਾਂ ਮਹੀਨੇ ਬਣ ਜਾਂਦੇ ਹਨ। ਇਸੇ ਤਰ੍ਹਾਂ ਕਦੇ ਸੂਰਜ ਕਿਸੇ ਇੱਕ ਮਹੀਨੇ ਵਿੱਚ ਦੋ ਵਾਰੀ ਰਾਸ਼ੀ ਪ੍ਰੀਵਰਤਨ ਕਰ ਲੈਦਾ ਹੈ, ਇਸ ਮਹੀਨੇ ਨੂੰ ਵਿਗਿਆਨੀ ਕਸ਼ਿਆ ਜਾਂ ਘਟਿਆ ਮਹੀਨਾ ਆਖ ਦਿੰਦੇ ਹਨ। ਇੱਥੇ ਚੰਦਰ ਸਾਲ ਦੇ ਬਾਰ੍ਹਾਂ ਦੀ ਬਜਾਏ ਗਿਆਰਾਂ ਮਹੀਨੇ ਰਹਿ ਜਾਂਦੇ ਹਨ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਇੱਕੇ ਨਾਮ ਦੇ ਦੋ ਮਹੀਨੇ ਆ ਜਾਣ ਤਾਂ ਉਸ ਮਹੀਨੇ ਵਿੱਚ ਆਉਣ ਵਾਲੇ ਗੁਰਪੁਰਬ ਤੁਸੀਂ ਕਿਹੜੇ ਮਹੀਨੇ ਵਿੱਚ ਮਨਾਓਗੇ ਅਤੇ ਕਿਉਂ? ਜੇ ਕਿਸੇ ਸਾਲ ਇੱਕ ਮਹੀਨਾ ਹੀ ਖਤਮ ਹੋ ਗਿਆ ਤਾਂ ਉਸ ਮਹੀਨੇ ਵਿੱਚ ਆਉਣ ਵਾਲੇ ਗੁਰਪੁਰਬ ਕਿਹੜੇ ਮਹੀਨੇ ਵਿੱਚ ਮਨਾਓਗੇ ਅਤੇ ਕਿਉਂ? ਇੱਥੇ ਹੀ ਬੱਸ ਨਹੀਂ ਬਿਕ੍ਰਮੀ ਕੈਲੰਡਰ ਨੂੰ ਧਿਆਨ ਨਾਲ ਵੇਖਿਆਂ ਪਤਾ ਲਗਦਾ ਹੈ ਕਿ ਹਰ ਮਹੀਨੇ ਚੰਦ੍ਰਮਾਂ ਮਹੀਨੇ ਦੀ ਇੱਕੋ ਤਿੱਥ ਲਗਾਤਾਰ ਦੋ ਦਿਨ ਆ ਜਾਂਦੀ ਹੈ; ਜਿਵੇਂ ਕਿ 2015 ਦੀ 5 ਫਰਵਰੀ ਨੂੰ ਵੀ ਫੱਗਣ ਵਦੀ ਦੂਜ ਹੈ ਅਤੇ 6 ਫਰਵਰੀ ਨੂੰ ਵੀ ਫੱਗਣ ਵਦੀ ਦੂਜ ਹੈ। 8 ਮਾਰਚ ਨੂੰ ਵੀ ਚੇਤ ਵਦੀ ਤੀਜ ਹੈ ਅਤੇ 9 ਮਾਰਚ ਨੂੰ ਵੀ ਚੇਤ ਵਦੀ ਤੀਜ ਹੈ। ਕਦੀ ਐਸਾ ਵੀ ਹੁੰਦਾ ਹੈ ਕਿ ਇੱਕੋ ਦਿਨ ਦੋ ਤਿਥਾਂ ਇਕੱਠੀਆਂ ਹੀ ਆ ਜਾਂਦੀਆਂ ਹਨ ਜਿਵੇਂ ਕਿ 18 ਫਰਵਰੀ ਨੂੰ ਫੱਗਣ ਵਦੀ ਚੌਦਸ ਵੀ ਹੈ ਅਤੇ ਮੱਸਿਆ ਵੀ ਹੈ। ਇਸੇ ਤਰ੍ਹਾਂ 16 ਮਾਰਚ ਨੂੰ ਚੇਤ ਵਦੀ ਦਸਵੀਂ ਵੀ ਹੈ ਅਤੇ ਚੇਤ ਵਦੀ ਇਕਾਦਸੀ ਵੀ ਹੈ। ਇਸ ਘਟੀ ਹੋਈ ਤਿਥ ਨੂੰ ਕਹਿੰਦੇ ਹਨ ਕਿ ਇੱਕ ਤਿਥ ‘ਖੈ’ ਹੋ ਗਈ ਭਾਵ ਖਤਮ ਹੋ ਗਈ। ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਜੇ ਕਦੀ ਗੁਰਪੁਰਬ ਵਾਲੀ ਤਿਥ ਲਗਾਤਾਰ ਦੋ ਦਿਨ ਆ ਜਾਵੇ ਤਾਂ ਗੁਰਪੁਰਬ ਕਿਹੜੇ ਦਿਨ ਮਨਾਇਆ ਜਾਵੇਗਾ ਅਤੇ ਜੇ ਗੁਰਪੁਰਬ ਵਾਲੀ ਤਿੱਥ ਹੀ ਖੈ ਹੋ ਜਾਵੇ ਤਾਂ ਗੁਰਪੁਰਬ ਕਿਹੜੀ ਤਿੱਥ ਨੂੰ ਮਨਾਇਆ ਜਾਵੇਗਾ ? ਸੋ ਇਸ ਗੋਰਖ ਧੰਦੇ ਦੇ ਚਲਦਿਆਂ ਕੋਈ ਵੀ ਮਨੁੱਖ ਜੰਤਰੀ ਵੇਖੇ ਬਿਨਾਂ ਨਹੀਂ ਦੱਸ ਸਕਦਾ ਕਿ ਕੱਲ੍ਹ ਨੂੰ ਕਿਹੜੀ ਤਿੱਥ ਹੋਵੇਗੀ ਅਤੇ ਚਾਲੂ ਮਹੀਨਾ ਕਿੰਨੇ ਦਿਨਾਂ ਦਾ ਹੈ? ਅਤੇ ਇਸ ਸਾਲ ਦੇ ਮਹੀਨੇ 11 ਹੋਣਗੇ ਜਾਂ 12 ਹੋਣਗੇ ਜਾਂ 13 ਹੋਣਗੇ?
ਹੋਰ ਉਲਝਣ ਇਹ ਬਣੀ ਰਹਿੰਦੀ ਹੈ ਕਿ ਕਈ ਵਾਰ ਪੋਹ ਸੁਦੀ 7; ਮਾਘ ਮਹੀਨੇ ਵਿੱਚ ਆ ਜਾਂਦੀ ਹੈ ਜਿਵੇਂ ਕਿ 2013 ਵਿੱਚ ਇਹ 6 ਮਾਘ ਨੂੰ ਆਈ ਸੀ। ਆਮ ਬੰਦਾ ਇਸ ਸਸ਼ੋਪੰਜ ਵਿੱਚ ਪੈ ਜਾਂਦਾ ਹੈ ਕਿ ਪੋਹ 7, ਪੋਹ ਦੀ ਬਜਾਏ ਮਾਘ ਮਹੀਨੇ ਵਿੱਚ ਕਿਵੇਂ ਆ ਗਈ? ਹੋਰ ਵੇਖੋ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 2014 ਵਿੱਚ ਪਹਿਲਾਂ 7 ਜਨਵਰੀ ਨੂੰ ਆਇਆ ਤੇ ਫਿਰ 355 ਦਿਨਾਂ ਬਾਅਦ ਦੂਜੀ ਵਾਰ 28 ਦਸੰਬਰ ਨੂੰ ਆ ਗਿਆ। 2015 ਵਿੱਚ ਇਹ ਗੁਰਪੁਰਬ ਆਉਣਾ ਹੀ ਨਹੀਂ ਅਤੇ 2016 ਵਿੱਚ 5 ਜਨਵਰੀ ਨੂੰ ਭਾਵ 373 ਦਿਨ ਬਾਅਦ ਆਵੇਗਾ। ਪਰ ਜੇ ਇਹ ਗੁਰਪੁਰਬ ਪੋਹ ਸੁਦੀ 7 ਦੀ ਬਜਾਏ 23 ਪੋਹ ਨੂੰ ਮਨਾ ਲਿਆ ਜਾਵੇ (ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੋਹ ਸੁਦੀ 7, 23 ਪੋਹ ਸੰਮਤ 1723 ਨੂੰ ਹੋਇਆ ਸੀ) ਤਾਂ ਨਾਨਕਸ਼ਾਹੀ ਕੈਲੰਡਰ ਅਨੁਸਾਰ ਹਰ ਸਾਲ 365 ਦਿਨ ਜਾਂ ਲੀਪ ਦੇ ਸਾਲ 366 ਦਿਨਾਂ ਬਾਅਦ 5 ਜਨਵਰੀ ਨੂੰ ਹੀ ਆਵੇਗਾ। ਇਸੇ ਤਰ੍ਹਾਂ ਪ੍ਰਚੱਲਤ ਪ੍ਰੰਪਰਾ ਅਨੁਸਾਰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ ਪਰ ਕਈ ਵਾਰ ਦਿਹਾੜਾ ਮੱਘਰ ਮਹੀਨੇ ਵਿੱਚ ਆ ਜਾਂਦਾ ਹੈ ਜਿਵੇਂ ਕਿ 2013 ਵਿੱਚ 2 ਮੱਘਰ ਨੂੰ ਆਇਆ ਸੀ ਅਤੇ 2015 ਵਿੱਚ 10 ਮੱਘਰ ਨੂੰ ਆਵੇਗਾ। ਇੱਥੇ ਵੀ ਉਹੋ ਸਸ਼ੋਪੰਜ ਕਿ ਕਤਕ ਦੀ ਪੂਰਨਮਾਸ਼ੀ ਮੱਘਰ ਵਿੱਚ ਕਿਵੇਂ ਆ ਗਈ?
ਸ: ਪਾਲ ਸਿੰਘ ਪੁਰੇਵਾਲ ਵੱਲੋਂ ਤਿਆਰ ਕੀਤਾ ਨਾਨਕਸ਼ਾਹੀ ਕੈਲੰਡਰ ਬਹੁਤ ਹੀ ਢੁੱਕਵਾਂ ਹੈ; ਕਿਉਂਕਿ ਇਸ ਦੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਪੱਕੇ ਤੌਰ ’ਤੇ ਨਿਸਚਤ ਕਰ ਦਿੱਤੀ ਗਈ ਹੈ। ਪਹਿਲੇ ਪੰਜ ਮਹੀਨੇ- ਚੇਤ, ਵੈਸਾਖ, ਜੇਠ, ਹਾੜ, ਸਾਵਣ 31-31 ਦਿਨਾਂ ਦੇ; ਅਖੀਰਲੇ ਸੱਤ ਮਹੀਨੇ- ਭਾਦੋਂ, ਅੱਸੂ, ਕੱਤਕ, ਮੱਘਰ, ਪੋਹ, ਮਾਘ, ਫੱਗਣ 30-30 ਦਿਨਾਂ ਦੇ ਹੋਣਗੇ। ਜਿਸ ਸਾਲ ਲੀਪ ਦੇ ਸਾਲ ਵਿੱਚ ਫਰਵਰੀ 29 ਦਿਨਾਂ ਦੀ ਹੋਵੇਗੀ ਉਸ ਸਾਲ ਇਸ ਮਹੀਨੇ ਵਿੱਚ ਆਰੰਭ ਹੋਣ ਵਾਲਾ ਮਹੀਨਾ ਫੱਗਣ ਆਪਣੇ ਆਪ 31 ਦਿਨ ਦਾ ਹੋ ਜਾਵੇਗਾ। ਮਹੀਨਿਆਂ ਦੇ ਦਿਨਾਂ ਦੀ ਗਿਣਤੀ ਪੱਕੇ ਤੌਰ ’ਤੇ ਨਿਸਚਤ ਹੋਣ ਕਰਕੇ ਹਰ ਮਹੀਨੇ ਦਾ ਆਰੰਭ ਭਾਵ ਪਹਿਲੀ ਤਰੀਖ (ਜਿਸ ਨੂੰ ਬਿਕ੍ਰਮੀ ਕੈਲੰਡਰ ਨਾਲ ਜੁੜੇ ਰਹਿਣ ਦੀ ਵਕਾਲਤ ਕਰਨ ਵਾਲੇ ਬਿਪ੍ਰਵਾਦੀ ਸੋਚ ਦੇ ਲੋਕ ਧੱਕੇ ਨਾਲ ਹੀ ਸੰਗ੍ਰਾਂਦ ਦਾ ਨਾਮ ਦੇ ਰਹੇ ਹਨ) ਹਮੇਸ਼ਾਂ ਲਈ ਪੱਕੇ ਤੌਰ ’ਤੇ ਨਿਸਚਤ ਹੋ ਗਈ ਹੈ।
ਜਿਸ ਅਨੁਸਾਰ ਪਹਿਲੇ ਦੋ ਮਹੀਨਿਆਂ ਦਾ ਅਰੰਭ 14 ਤਰੀਖ ਨੂੰ, ਭਾਵ ਚੇਤ= 14 ਮਾਰਚ, ਵੈਸਾਖ= 14 ਅਪ੍ਰੈਲ;
ਅਗਲੇ ਦੋ ਮਹੀਨੇ ਦਾ ਆਰੰਭ 15 ਤਰੀਖ ਨੂੰ ਭਾਵ ਜੇਠ= 15 ਮਈ ਹਾੜ= 15 ਜੂਨ;
ਅਗਲੇ ਦੋ ਮਹੀਨੇ ਦਾ ਆਰੰਭ 16 ਤਰੀਖ ਨੂੰ ਭਾਵ ਸਾਵਣ= 16 ਜੁਲਾਈ ਭਾਦੋਂ= 16 ਅਗਸਤ।
6 ਮਹੀਨੇ ਤੋਂ ਬਾਅਦ ਹੁਣ ਦੋ ਦੋ ਦੇ ਜੁੱਟ ਦੇ ਮਹੀਨਿਆਂ ਦੇ ਆਰੰਭ ਦੀ ਤਰੀਖ ਇੱਕ ਇੱਕ ਕਰਕੇ ਘਟਣੀ ਸ਼ੁਰੂ ਹੋ ਜਵੇਗੀ, ਜਿਵੇਂ ਕਿ:-
ਅੱਸੂ= 15 ਸਤੰਬਰ, ਕੱਤਕ= 15 ਅਕਤੂਬਰ;
ਮੱਘਰ= 14 ਨਵੰਬਰ, ਪੋਹ= 14 ਦਸੰਬਰ;
ਮਾਘ= 13 ਜਨਵਰੀ ਅਤੇ ਫੱਗਣ= 12 ਫਰਵਰੀ।
ਇਸ ਤਰ੍ਹਾਂ ਇਸ ਕੈਲੰਡਰ ਵਿੱਚ ਜਿਥੇ ਇੱਕ ਵਾਰ ਨਿਸਚਤ ਕੀਤੀਆਂ ਤਰੀਖਾਂ ਸਦਾ ਸਦਾ ਲਈ ਹੀ ਸਥਿਰ ਰਹਿਣਗੀਆਂ ਉਥੇ ਇਸ ਦੇ ਸਾਲ ਦੀ ਔਸਤਨ ਲੰਬਾਈ (365 ਦਿਨ 5 ਘੰਟੇ 49 ਮਿੰਟ 12 ਸੈਕੰਡ); ਮੌਸਮੀ ਸਾਲ (365 ਦਿਨ 5 ਘੰਟੇ 48 ਮਿੰਟ 45 ਸੈਕੰਡ) ਦੇ ਬਹੁਤ ਹੀ ਨਜ਼ਦੀਕ ਹੋਣ ਕਰਕੇ ਮੌਸਮੀ ਰੁੱਤਾਂ ਨਾਲ ਤਕਰੀਬਨ ਜੁੜਿਆ ਰਹੇਗਾ, ਭਾਵ 3300 ਸਾਲ ਵਿੱਚ ਕੇਵਲ 1 ਦਿਨ ਦਾ ਫਰਕ ਪਏਗਾ। ਜਦੋਂ ਕਿ ਬਿਕ੍ਰਮੀ ਸਾਲ ਦੀ ਲੰਬਾਈ ਮੌਸਮੀ ਸਾਲ ਤੋਂ ਤਕਰੀਬਨ 20 ਮਿੰਟ ਵੱਧ ਹੋਣ ਕਰਕੇ 70-71 ਸਾਲਾਂ ਵਿੱਚ ਹੀ 1 ਦਿਨ ਦਾ ਫਰਕ ਪੈ ਜਾਂਦਾ ਹੈ।
ਸੋ ਸਮਝਣ ਅਤੇ ਯਾਦ ਰੱਖਣ ਵਿੱਚ ਬਹੁਤ ਹੀ ਅਸਾਨ ਅਤੇ ਗੁਰਬਾਣੀ ਵਿੱਚ ਵਰਨਣ ਕੀਤੇ ਮਹੀਨਿਆਂ ਦੀਆਂ ਰੁਤਾਂ ਨਾਲ ਹਮੇਸ਼ਾਂ ਲਈ ਜੁੜੇ ਰਹਿਣ ਵਾਲੇ ਨਾਨਕਸ਼ਾਹੀ ਕੈਲੰਡਰ ਦੀ ਵਿਰੋਧਤਾ ਸਿਰਫ ਉਹ ਲੋਕ ਕਰਦੇ ਹਨ ਜਿਨ੍ਹਾਂ ਨੂੰ ਦਸਵੀਆਂ, ਪੂਰਨਮਾਸ਼ੀਆਂ, ਮੱਸਿਆ ਅਤੇ ਸੰਗ੍ਰਾਂਦਾਂ ਮਨਾਉਣ ਦੇ ਬਹਾਨੇ ਆਪਣੇ ਡੇਰਿਆਂ ਦੀ ਆਮਦਨ ਵਧਾਉਣ ਦੀ ਹਮੇਸ਼ਾਂ ਚਿੰਤਾ ਰਹਿੰਦੀ ਹੈ। ਇਨ੍ਹਾਂ ਦਿਨਾਂ ਨੂੰ ਪਵਿੱਤਰ ਦਿਹਾੜੇ ਅਤੇ ਜਨ ਜੀਵਨ ’ਤੇ ਵਿਸ਼ੇਸ਼ ਅਸਰ ਪਾਉਣ ਦਾ ਭ੍ਰਮਜਾਲ ਪੈਦਾ ਕਰਕੇ ਭੋਲ਼ੇ ਲੋਕਾਂ ਤੋਂ ਦਾਨ ਦਖ਼ਸ਼ਣਾਂ ਲੈਣ ਲਈ ਇਨ੍ਹਾਂ ਦਿਨਾਂ ਨੂੰ ਵਿਸ਼ੇਸ਼ ਮਹੱਤਵ ਦੇਣ ਦਾ ਪ੍ਰਚਾਰ ਕਰਨ ਵਾਲੇ ਬ੍ਰਾਹਮਣ ਨੂੰ ਸੁਬੋਧਨ ਕਰਦੇ ਹੋਏ ਭਗਤ ਕਬੀਰ ਸਾਹਿਬ ਜੀ ਨੇ ਗੁਰਬਾਣੀ ਵਿੱਚ ਵੀ ਜ਼ਿਕਰ ਕੀਤਾ ਹੈ: ‘‘ਆਪਨ ਊਚ, ਨੀਚ ਘਰਿ ਭੋਜਨੁ; ਹਠੇ ਕਰਮ ਕਰਿ, ਉਦਰੁ ਭਰਹਿ॥ ਚਉਦਸ ਅਮਾਵਸ, ਰਚਿ ਰਚਿ ਮਾਂਗਹਿ; ਕਰ ਦੀਪਕੁ ਲੈ, ਕੂਪਿ ਪਰਹਿ॥’’ (ਪੰਨਾ 970) ਜਿਸ ਦੇ ਅਰਥ ਹਨ:- ਹੇ ਬ੍ਰਾਹਮਣ! ਤੂੰ ਆਪਣੇ ਆਪ ਨੂੰ ਉੱਚੀ ਕੁਲ ਦਾ (ਸਮਝਦਾ ਹੈਂ), ਪਰ ਭੋਜਨ ਖਾਂਦਾ ਹੈਂ (ਆਪਣੇ ਤੋਂ) ਨੀਵੀਂ ਕੁਲ ਵਾਲਿਆਂ ਦੇ ਘਰ ਵਿਚ। ਤੂੰ ਹਠ ਵਾਲੇ ਕਰਮ ਕਰ ਕੇ ਆਪਣਾ ਪੇਟ ਪਾਲਦਾ ਹੈਂ। ਚੌਦੇਂ ਤੇ ਮੱਸਿਆ (ਆਦਿਕ ਥਿੱਤਾਂ ਬਨਾਵਟੀ) ਥਾਪ ਥਾਪ ਕੇ ਤੂੰ (ਜਜਮਾਨਾਂ ਪਾਸੋਂ) ਮੰਗਦਾ ਹੈਂ; ਤੂੰ (ਆਪਣੇ ਆਪ ਨੂੰ ਵਿਦਵਾਨ ਸਮਝਦਾ ਹੈਂ ਪਰ ਇਹ ਵਿੱਦਿਆ-ਰੂਪ) ਦੀਵਾ ਹੱਥਾਂ ਉੱਤੇ ਰੱਖ ਕੇ ਖੂਹ ਵਿਚ ਡਿੱਗ ਰਿਹਾ ਹੈਂ।
ਗੁਰਬਾਣੀ ਵਿੱਚ ਤਾਂ ਸਗੋਂ ਇਨ੍ਹਾਂ ਤਿੱਥਾਂ ਵਾਰਾਂ ਪੂਜਣ ਵਾਲਿਆਂ ਨੂੰ ਮੂਰਖ ਗਵਾਰ ਤੱਕ ਕਿਹਾ ਗਿਆ ਹੈ: ‘‘ਆਪੇ ਪੂਰਾ ਕਰੇ ਸੁ ਹੋਇ॥ ਏਹਿ ਥਿਤੀ ਵਾਰ ਦੂਜਾ ਦੋਇ॥ ਸਤਿਗੁਰ ਬਾਝਹੁ ਅੰਧੁ ਗੁਬਾਰੁ ॥ ਥਿਤੀ ਵਾਰ ਸੇਵਹਿ ਮੁਗਧ ਗਵਾਰ॥ ਨਾਨਕ ਗੁਰਮੁਖਿ ਬੂਝੈ ਸੋਝੀ ਪਾਇ॥ ਇਕਤੁ ਨਾਮਿ ਸਦਾ ਰਹਿਆ ਸਮਾਇ॥’’ (ਮ:3/843) ਜਿਸ ਦੇ ਅਰਥ ਹਨ:- ਹੇ ਭਾਈ! ਪੂਰਨ ਪ੍ਰਭੂ ਆਪ ਹੀ (ਜੋ ਕੁਝ) ਕਰਦਾ ਹੈ ਉਹ ਹੁੰਦਾ ਹੈ (ਖ਼ਾਸ ਖ਼ਾਸ ਥਿੱਤਾਂ ਨੂੰ ਚੰਗੀਆਂ ਜਾਣ ਕੇ ਭਟਕਦੇ ਨਾਹ ਫਿਰੋ, ਸਗੋਂ) ਇਹ ਥਿੱਤਾਂ ਇਹ ਵਾਰ ਮਨਾਣੇ ਤਾਂ ਮਾਇਆ ਦਾ ਮੋਹ ਪੈਦਾ ਕਰਨ ਦਾ ਕਾਰਨ ਬਣਦੇ ਹਨ, ਮੇਰ-ਤੇਰ ਪੈਦਾ ਕਰਦੇ ਹਨ। ਗੁਰੂ ਦੀ ਸ਼ਰਨ ਆਉਣ ਤੋਂ ਬਿਨਾ ਮਨੁੱਖ (ਆਤਮਕ ਜੀਵਨ ਵਲੋਂ) ਪੂਰੇ ਤੌਰ ’ਤੇ ਅੰਨ੍ਹਾ ਹੋਇਆ ਰਹਿੰਦਾ ਹੈ, (ਗੁਰੂ ਦਾ ਆਸਰਾ-ਪਰਨਾ ਛੱਡ ਕੇ) ਮੂਰਖ ਮਨੁੱਖ ਹੀ ਥਿੱਤਾਂ ਅਤੇ ਵਾਰ ਮਨਾਂਦੇ ਫਿਰਦੇ ਹਨ। ਹੇ ਨਾਨਕ! ਗੁਰੂ ਦੀ ਸ਼ਰਨ ਪੈ ਕੇ (ਜਿਹੜਾ ਮਨੁੱਖ) ਸਮਝਦਾ ਹੈ, ਉਸ ਨੂੰ (ਆਤਮਕ ਜੀਵਨ ਦੀ) ਸੂਝ ਆ ਜਾਂਦੀ ਹੈ, ਉਹ ਮਨੁੱਖ ਸਦਾ ਸਿਰਫ਼ ਪਰਮਾਤਮਾ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ।
ਸੋ, ਉਕਤ ਦਿੱਤੀ ਸਾਰੀ ਵੀਚਾਰ ਨੂੰ ਗੁਰੂ ਦੇ ਹਰ ਸਿੱਖ ਆਪਣੇ ਮਨ ਵਿੱਚ ਵਾਰ ਵਾਰ ਸੋਚ ਵੀਚਾਰ ਕੇ ਵੇਖੇ ਕਿ ਕੀ ਸਾਡੇ ਲਈ ਦੋਸ਼ ਭਰਪੂਰ ਬਿਕ੍ਰਮੀ ਕੈਲੰਡਰ; ਜੋ ਸਮਝਣ ਅਤੇ ਯਾਦ ਰੱਖਣ ਵਿੱਚ ਵੀ ਅਤਿ ਮੁਸ਼ਕਲ ਹੈ; ਹੀ ਠੀਕ ਹੈ ਜਾਂ ਵਿਗਿਆਨ ਅਤੇ ਗੁਰਬਾਣੀ ਨਾਲ ਮੇਲ ਖਾਣ ਵਾਲਾ ਨਾਨਕਸ਼ਾਹੀ ਕੈਲੰਡਰ ਜੋ ਹਣ ਤੱਕ ਦੁਨੀਆਂ ਵਿੱਚ ਬਣੇ ਕੈਲੰਡਰਾਂ ਵਿੱਚੋਂ ਮੌਸਮੀ ਕੈਲੰਡਰ ਦੇ ਸਭ ਤੋਂ ਵੱਧ ਨੇੜੇ, ਸਮਝਣ ਅਤੇ ਯਾਦ ਰੱਖਣ ਵਿੱਚ ਸਭ ਤੋਂ ਆਸਾਨ ਹੈ; ਅਪਨਾਉਣਾ ਯੋਗ ਹੈ। ਇਹ ਸਵਾਲ ਵੀ ਬਿਲਕੁਲ ਨਿਰਾਧਾਰ ਹੈ ਕਿ ਗੁਰੂ ਸਾਹਿਬ ਜੀ ਦੇ ਸਮੇਂ ਜੋ ਕੈਲੰਡਰ ਲਾਗੂ ਸੀ ਸਾਨੂੰ ਉਹੀ ਅਪਨਾਉਣਾ ਚਾਹਦਾ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਗੁਰੂ ਸਾਹਿਬ ਜੀ ਦੇ ਸਮੇਂ ਤਾਂ ਭਾਰ ਦੀਆਂ ਇਕਾਈਆਂ ਵੀ ਰੱਤੀ, ਮਾਸਾ, ਤੋਲਾ, ਸੇਰ, ਮਣ ਆਦਿਕ ਵਰਤੇ ਜਾਂਦੇ ਸਨ। ਲੰਬਾਈ ਦੀਆਂ ਇਕਾਈਆਂ ਉਂਗਲਾਂ, ਹੱਥ, ਕਦਮ, ਕੋਹ, ਜੋਜਨ ਆਦਿਕ ਵਰਤੇ ਜਾਂਦੇ ਸਨ। ਵਿਸੂਏ, ਚੱਸੇ, ਘੜੀਆਂ, ਪਹਿਰ ਆਦਿਕ ਵਰਤੇ ਜਾਂਦੇ ਸਨ। ਅੱਜ ਕੱਲ੍ਹ ਇਹ ਸਾਰੀਆਂ ਇਕਾਈਆਂ ਦੀ ਥਾਂ ਐੱਮ.ਕੇ.ਐੱਸ ਸਿਸਟਮ ਦੀਆਂ ਇਕਾਈਆਂ ਵਰਤੀਆਂ ਜਾਣ ਲੱਗ ਪਈਆਂ ਹਨ ਕਿਉਂਕਿ ਇਨ੍ਹਾਂ ਵਿੱਚ ਹਿਸਾਬ ਕਿਤਾਬ ਕਰਨ ਵਿੱਚ ਬਹੁਤ ਹੀ ਆਸਾਨੀ ਰਹਿੰਦੀ ਹੈ।
ਸੋ, ਜੇ ਹੋਰ ਸਾਰੀਆਂ ਇਕਾਈਆਂ ਆਪਣੀ ਸਹੂਲਤ ਲਈ ਅਪਣਾ ਲਈਆਂ ਗਈਆਂ ਹਨ ਤਾਂ ਆਪਣੀ ਸਹੂਲਤ ਨੂੰ ਮੁੱਖ ਰੱਖਕੇ ਨਾਨਕਸ਼ਾਹੀ ਕੈਲੰਡਰ ਅਪਨਾਉਣ ਵਿੱਚ ਵੀ ਕੋਈ ਹਰਜ਼ ਨਹੀਂ ਹੋਣਾ ਚਾਹੀਦਾ।

ਮਿੱਟੀ ਬਣ ਜਾਹ

0

ਮਿੱਟੀ ਬਣ ਜਾਹ

ਸ. ਬਲਵਿੰਦਰ ਸਿੰਘ ਖਾਲਸਾ, ਮੌੜ (ਬਠਿੰਡਾ)-97802-64599

ਇੱਕ ਵਾਰ ਦੀ ਗੱਲ ਹੈ ਕਿ ਇਕ ਮਹਾਤਮਾ ਨੇ ਕਿਸੇ ਬੰਦੇ ਦੀ ਸੇਵਾ ਤੋਂ ਖੁਸ਼ ਹੋ ਕੇ ਉਸ ਨੂੰ ਵਰ ਦੇ ਦਿੱਤਾ ਕਿ 48 ਘੰਟਿਆਂ ਵਿਚ-ਵਿਚ ਤੇਰੇ ਮੂੰਹੋਂ ਨਿਕਲੀ ਕੋਈ ਇੱਕ ਗੱਲ ਸੱਚ ਹੋ ਜਾਵੇਗੀ। ਜੋ ਤੂੰ ਕਹੇਂਗਾ ਉਹੀ ਹੋ ਜਾਵੇਗਾ। ਜੇ ਤੂੰ ਕਿਸੇ ਨੂੰ ਕਹੇਂਗਾ ਮਰ ਜਾਹ ਤਾਂ ਉਹ ਮਰ ਜਾਵੇਗਾ ਅਤੇ ਜੇ ਕਿਸੇ ਨੂੰ ਕਹੇਂਗਾ ਜਿੳੂਂਦਾ ਹੋ ਜਾਹ ਤਾਂ ਉਹ ਜਿੳੂਂਦਾ ਹੋ ਜਾਵੇਗਾ ਪਰ ਸੱਚਾ ਕੇਵਲ ਇੱਕ ਵਚਨ ਹੀ ਹੋਵੇਗਾ।

ਵਰ ਮਿਲਣ ਤੋਂ ਬਾਅਦ ਉਸ ਬੰਦੇ ਨੇ ਸੋਚਿਆ ਕਿ 48 ਘੰਟਿਆਂ ਦੇ ਵਿਚ ਪਤਾ ਨਹੀਂ ਕਿਹੜੀ ਗੱਲ ਮੇਰੇ ਮੂੰਹੋਂ ਨਿਕਲੀ ਸੱਚ ਹੋ ਜਾਵੇ! ਹੋ ਸਕਦਾ ਹੈ, ਗੁੱਸੇ ਵਿੱਚ ਕਿਸੇ ਆਪਣੇ ਪਿਆਰੇ ਨੂੰ ਹੀ ‘ਮਰ ਜਾਹ’, ਕਿਹਾ ਜਾਵੇ। ਬੰਦਾ ਬਹੁਤ ਲਾਲਚੀ ਸੀ ਉਸ ਨੂੰ ਇਕ ਤਰਕੀਬ ਸੁੱਝੀ ਜਿਸ ਨਾਲ ਉਹ ਕਿਸੇ ਦੇ ਮੱਥੇ ਲੱਗਣੋ ਵੀ ਬਚ ਸਕਦਾ ਸੀ ਅਤੇ ਅਮੀਰ ਵੀ ਹੋ ਸਕਦਾ ਸੀ। ਉਸ ਨੇ ਆਪਣੇ ਘਰ ਅੰਦਰ ਇੱਕ ਕਮਰੇ ’ਚ ਸਾਰਾ ਸਮਾਨ (ਭਾਂਡੇ, ਲੋਹਾ ਆਦਿ) ਇਕੱਠਾ ਕਰ ਲਿਆ ਅਤੇ ਕੋਲ ਬੈਠ ਕੇ ਲਗਾਤਾਰ ਬੋਲਣ ਲੱਗ ਪਿਆ ਕਿ ‘ਬਣ ਜਾਹ ਸੋਨਾ, ਬਣ ਜਾਹ ਸੋਨਾ।’ ਇਸ ਤਰ੍ਹਾਂ ਉਹ ਦੋ ਦਿਨ ਤੇ ਦੋ ਰਾਤਾਂ ਬੋਲਦਾ ਰਿਹਾ ਕਿਉਂਕਿ ਉਸ ਨੂੰ ਮਹਾਤਮਾ ਦੀ ਗੱਲ ’ਤੇ ਪੂਰਨ ਯਕੀਨ ਸੀ ਕਿ 48 ਘੰਟਿਆਂ ਵਿਚ ਮੇਰੇ ਮੂੰਹੋਂ ਨਿਕਲੀ ਇਕ ਗੱਲ ਜ਼ਰੂਰ ਸੱਚੀ ਹੋਵੇਗੀ ਅਤੇ ਇਸ ਸਾਰੇ ਸਮਾਨ ਦਾ ਸੋਨਾ ਬਣ ਜਾਵੇਗਾ, ਮੈਂ ਅਮੀਰ ਹੋ ਜਾਵਾਂਗਾ ਪਰ ਉਸ ਬੰਦੇ ਵਿੱਚ ਅਖੀਰ ਸਹਿਣਸ਼ੀਲਤਾ ਖ਼ਤਮ ਹੋ ਗਈ ਅਤੇ ਉਹ ਬੋਲਦਾ-2 ਅੱਕ ਗਿਆ। 48 ਘੰਟੇ ਹੋਣ ਵਿੱਚ ਵੀ ਕੁਝ ਕੁ ਸਮਾ ਹੀ ਬਚਿਆ ਸੀ ਪਰ ਉਸ ਦੇ ਸਬਰ ਦਾ ਬੰਨ੍ਹ ਟੁੱਟਦਾ ਜਾ ਰਿਹਾ ਸੀ, ਗੁੱਸੇ ਵਿਚ ਆ ਕੇ ਕਹਿੰਦਾ ਕਿ ‘ਜੇ ਸੋਨਾ ਨਹੀਂ ਬਣਨਾ ਤਾਂ ਫਿਰ ਮਿੱਟੀ ਹੀ ਬਣ ਜਾਹ’, ਬੱਸ ਉਸ ਦੇ ਇਨ੍ਹਾ ਕਹਿਣ ਦੀ ਦੇਰ ਸੀ ਕਿ ਮਹਾਤਮਾ ਦਾ ਵਰ ਪੂਰਾ ਹੋ ਗਿਆ ਭਾਵ ਉਸ ਬੰਦੇ ਦਾ‘ਮਿੱਟੀ ਬਣ ਜਾਹ’ ਵਾਲਾ ਬਚਨ ਪੂਰਾ ਅਤੇ ਸੱਚ ਹੋ ਗਿਆ, ਘਰ ਦਾ ਸਾਰਾ ਸਮਾਨ ਹੀ ਮਿੱਟੀ ਬਣ ਗਿਆ। ਜੇ ਥੋੜਾ ਜਿਹਾ ਹੋਰ ਸਬਰ ਕਰ ਲੈਂਦਾ ਤਾਂ ਸਾਰੇ ਸਮਾਨ ਦਾ ਸੋਨਾ ਬਣਨ ਕਾਰਨ ਉਸ ਬੰਦੇ ਨੇ ਬਹੁਤ ਹੀ ਅਮੀਰ ਹੋ ਜਾਣਾ ਸੀ।

ਸੋ, ਇਹ (ਉਪਰੋਕਤ) ਇਕ ਉਦਾਹਰਨ ਦੇ ਤੌਰ ’ਤੇ ਵਰਤੀ ਜਾਣ ਵਾਲੀ ਦੰਦ ਕਥਾ ਸੀ। ਅਸਲ ਵਿਚ ਵਰ-ਸਰਾਪ ਕੁਝ ਵੀ ਨਹੀਂ ਹੁੰਦੇ ਅਤੇ ਨਾ ਹੀ ਕਿਸੇ ਦੇ ਕਹਿਣ ਨਾਲ ਸੋਨੇ ਤੋਂ ਮਿੱਟੀ ਜਾਂ ਮਿੱਟੀ ਤੋਂ ਸੋਨਾ ਬਣ ਸਕਦਾ ਹੈ ਪਰ ਮੈਂ ਤਾਂ ਇਸ ਉਦਾਹਰਨ ਦੀ ਰਾਹੀਂ ਭਾਈ ਗੁਰਬਖਸ ਸਿੰਘ ਖਾਲਸਾ ਜੀ ਬਾਰੇ ਗੱਲ ਕਰਨਾ ਚਾਹੁੰਦਾ ਹਾਂ, ਜੋ ਕਿ ਜੇਲਾਂ ਵਿਚ ਸਜਾ ਪੂਰੀ ਕਰ ਚੁੱਕੇ ਤਮਾਮ ਸਿੱਖ ਕੈਦੀਆਂ ਦੀ ਰਿਹਾਈ ਲਈ ਭੁੱਖ ਹੜਤਾਲ ’ਤੇ ਬੈਠੇ ਸਨ। ਇੱਕ ਮਹੀਨੇ ਦੀ ਭੁੱਖ ਹੜਤਾਲ ਤੋਂ ਉਪਰੰਤ ਵੀ ਪੰਜਾਬ ਸਰਕਾਰ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਨਾਂ ’ਤੇ ਜੂੰਅ ਤੱਕ ਨਹੀਂ ਸਰਕੀ ਪਰ ਅਖੀਰ ਜਦੋਂ ਸਰਕਾਰ ਨੂੰ ਹੱਥਾਂ-ਪੈਰਾਂ ਦੀ ਪੈ ਗਈ ਤਾਂ ਉਦੋਂ ਭਾਈ ਸਾਹਿਬ ਜੀ ਨੇ ਉਸ ਬੰਦੇ ਵਾਂਗ ਕਹਿ ਦਿੱਤਾ ਕਿ ‘ਮਿੱਟੀ ਬਣ ਜਾਹ’।

ਭਾਈ ਖਾਲਸਾ ਜੀ ਨੇ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ। ਜਿਨ੍ਹਾਂ ਲੋਕਾਂ ਦੀਆਂ ਨਜ਼ਰਾਂ ਵਿੱਚ ਭਾਈ ਸਾਹਿਬ ‘ਹੀਰੋ’ ਬਣ ਚੁੱਕਾ ਸੀ ਉਨ੍ਹਾਂ ਲੋਕਾਂ ਨੇ ਭਾਈ ਸਾਹਿਬ ਨੂੰ ‘ਜੀਰੋ’ ਕਹਿਣਾ ਸ਼ੁਰੂ ਕਰ ਦਿੱਤਾ। ਜਿੰਨੇ ਮੂੰਹ ਉਨੀਆਂ ਗੱਲਾਂ। ਕੋਈ ਕਹਿੰਦਾ ਕਿ ਜੇਕਰ ਮਿੱਟੀ ਬਣੀ ਹੈ ਤਾਂ ਸਿੱਖ ਕੌਮ ਦੀ ਬਣੀ ਹੈ, ਹੋ ਸਕਦਾ ਹੈ ਕਿ ਭਾਈ ਸਾਹਿਬ ਜੀ ਦਾ ਤਾਂ ਸੋਨਾ ਬਣ ਗਿਆ ਹੋਵੇ, ਕੋਈ ਕਹਿੰਦਾ ਹੈ ਕਿ ਭਾਈ ਸਾਹਿਬ ਨੇ ਤਾਂ ਦੁਨੀਆਂ ਵਿੱਚ ਆਪਣੀ ਮਸ਼ਹੂਰੀ ਅਤੇ ਪਹਿਚਾਣ ਬਣਾਉਣ ਲਈ ਹੀ ਭੁੱਖ ਹੜਤਾਲ ਕੀਤੀ ਸੀ, ਕੋਈ ਕਹਿੰਦੈ ਭਾਈ ਸਾਹਿਬ ਵਿਕ ਗਿਆ ਹੋਣੈ ਅਤੇ ਭੁੱਖ ਹੜਤਾਲ ਨੂੰ ਖਤਮ ਕਰਨ ਲਈ ਬਹਾਨਾ ਹੀ ਲਭਦਾ ਸੀ, ਜੇਕਰ 40-42 ਦਿਨਾਂ ਦੀ ਭੁੱਖ ਕੱਟ ਲਈ ਸੀ ਤਾਂ ਇਕ-ਦੋ ਦਿਨ ਹੋਰ ਔਖੇ-ਸੌਖੇ ਕੱਟ ਲਏ ਜਾਂਦੇ ਤਾਂ ‘ਸੋਨਾ ਬਣ ਜਾਹ’ ਵਾਲਾ ਵਾਕ ਪੂਰਾ ਹੋ ਜਾਣਾ ਸੀ ਭਾਵ ਸਾਰਾ ਮਸਲਾ ਹੀ ਹੱਲ ਹੋ ਜਾਣਾ ਸੀ।

ਲੋਕ ਭਾਵੇਂ ਕੁਝ ਵੀ ਕਹਿਣ, ਉਨ੍ਹਾਂ ਤਮਾਮ ਗੱਲਾਂ ਬਾਰੇ ਤਾਂ ਮੈਂ ਦਾਅਵੇ ਨਾਲ ਕੁਝ ਵੀ ਨਹੀਂ ਕਹਿ ਸਕਦਾ ਪਰ ਮੈਂ ਐਨ੍ਹਾ ਜ਼ਰੂਰ ਕਹਾਂਗਾ ਕਿ ਜਦੋਂ ਵੱਡੇ-ਵੱਡੇ ਜਥੇਦਾਰ ਭਾਈ ਖਾਲਸਾ ਜੀ ਕੋਲ ਗਏ ਤਾਂ ਭਾਈ ਸਾਹਿਬ ਆਪਾ ਭੁੱਲ ਬੈਠੇ ਕਿ ਐਨੇ ਵੱਡੇ ਲੋਕ ਆ ਕੇ ਭੁੱਖ ਹੜਤਾਲ ਖਤਮ ਕਰਨ ਲਈ ਮੇਰੀਆਂ ਮਿੰਨਤਾਂ ਕਰ ਰਹੇ ਹਨ ਤਾਂ ਭਾਈ ਖਾਲਸਾ ਬਿਨਾ ਕਿਸੇ ਦੀ ਸਲਾਹ ਲਏ ਹੀ ਝੱਟ ਮੰਨ ਗਏ।

ਇਸ ਤਰ੍ਹਾਂ ਹੀ ਕਿਸਾਨ ਯੂਨੀਅਨ ਦਾ ਇਕ ਵੱਡਾ ਆਗੂ ਵੀ ਪੰਜਾਬ ’ਚ ਇੱਕ ਵਾਰੀ ਮਰਨ ਬਰਤ ’ਤੇ ਬੈਠਾ ਸੀ ਪਰ ਜਦੋਂ ਬਾਦਲ ਸਾਹਿਬ ਨੇ ਆ ਕੇ ਜੂਸ ਪਿਲਾਇਆ ਤਾਂ ਝੱਟ ਮੰਨ ਗਿਆ ਸੀ। ਭਾਈ ਖਾਲਸਾ ਜੀ ਨੇ ਬਰਤ ਛੱਡਿਆ ਵੀ ਤਾਂ ਕਿਨ੍ਹਾਂ ’ਤੇ ਭਰੋਸਾ ਕਰਕੇ? ਜਿਨ੍ਹਾਂ ਨੇ ਅੱਜ ਤੱਕ ਕੌਮ ਦਾ ਸਵਾਰਿਆ ਹੀ ਕੁਝ ਨਹੀਂ, ਸਿਰਫ ਮਾਇਆ ਹੀ ਇਕੱਠੀ ਕੀਤੀ ਹੈ। ਭਾਈ ਗੁਰਬਖ਼ਸ ਸਿੰਘ ਖਾਲਸਾ ਜੀ ਨੇ ਹੁਣ ਦੁਬਾਰਾ ਫਿਰ ਭੁੱਖ ਹੜਤਾਲ ਸ਼ੁਰੂ ਕੀਤੀ ਸੀ ਪਰ ਇਸ ਵਾਰ ਵੀ, ਫਿਰ ਪਹਿਲਾਂ ਦੀ ਤਰ੍ਹਾਂ ਬਿਨਾ ਸ਼ਰਤਾਂ ਮੰਨੇ ਭੁੱਖ ਹੜਤਾਲ ਖਤਮ ਕਰ ਦਿੱਤਾ।

ਆਜੜੀ ਅਤੇ ਬਘਿਆੜ ਵਾਲੀ ਕਹਾਣੀ ਵਾਂਗ ਵਾਰ-ਵਾਰ ਬਘਿਆੜ ਆਉਣ ਵਾਲਾ ਝੂਠ ਬੋਲਣ ਨਾਲ ਲੋਕਾਂ ਦਾ ਭਰੋਸਾ ਖਤਮ ਹੋ ਜਾਂਦਾ ਹੈ, ਬਘਿਆੜ ਤੋਂ ਬਚਾਉਣ ਵਾਸਤੇ ਮਦਦ ਕਰਨ ਲਈ ਫਿਰ ਕੋਈ ਵੀ ਨਹੀਂ ਆਉਂਦਾ ਅਤੇ ਬਘਿਆੜ, ਇਕ ਦਿਨ ਸੱਚ-ਮੁੱਚ ਹੀ ਵਾਰ-ਵਾਰ ਦੇ ਝੂਠ ਨੂੰ ਸੱਚ ’ਚ ਬਦਲ ਦਿੰਦਾ ਹੈ ਭਾਵ ਖਾ ਜਾਂਦਾ ਹੈ। ਸਿਆਣੇ ਕਹਿੰਦੇ ਹਨ ਕਿ ਫੋਕੀਆਂ ਫੜਾਂ ਅਤੇ ਧਮਕੀਆਂ ਦੇਣ ਨਾਲ ਆਪਣੀ ਪੋਲ ਖੁਲ ਜਾਂਦੀ ਹੈ ਅਤੇ ਸਾਹਮਣੇ ਵਾਲੇ ਦਾ ਡਰ ਚੁੱਕਿਆ ਜਾਂਦਾ ਹੈ। ਭਾਈ ਖਾਲਸਾ ਜੀ ਵਾਂਗ ਕਰਨ ਵਾਲਿਆਂ ਪ੍ਰਤੀ, ਆਮ ਲੋਕਾਂ ਦਾ ਸਹਿਯੋਗ, ਹਰਮਨ ਪਿਆਰਤਾ ਅਤੇ ਸਤਿਕਾਰ ਖਤਮ ਹੋ ਜਾਂਦਾ ਹੈ। ਜੋ ਕਿ ਮੈਂ ਆਪਣੇ ਅੱਖੀਂ ਵੇਖਿਆ ਅਤੇ ਕੰਨੀਂ ਸੁਣਿਆ ਹੈ। ਜਦੋਂ ਭਾਈ ਸਾਹਿਬ ਨੇ ਪਹਿਲੀ ਵਾਰ, ਵਾਲੀ ਭੁੱਖ ਹੜਤਾਲ ਖਤਮ ਕੀਤੀ ਸੀ ਤਾਂ ਉਸ ਸਮੇਂ ਜਿਹੜੇ ਲੋਕ ਭਾਈ ਖਾਲਸਾ ਜੀ ਉੱਤੇ ਮਾਣ ਕਰਦੇ ਸੀ, ਉਨ੍ਹਾਂ ਕੋਲ ਜਾ ਕੇ ਮਿਲਦੇ ਅਤੇ ਹੌਂਸਲਾ ਵਧਾਈ ਕਰਕੇ ਆਏ ਸਨ ਉਹੀ ਲੋਕ ਮੈਂ ਭਾਈ ਖਾਲਸਾ ਜੀ ਨੂੰ ਗਾਲ੍ਹਾਂ ਕੱਢਦੇ ਸੁਣੇ ਹਨ। ਭੁੱਖ ਹੜਤਾਲ ਦੇ ਅਸਲ ਅਰਥ ਹੀ ਮਰਨ-ਬਰਤ ਹੁੰਦਾ ਹੈ।

ਮੰਨ ਲਓ, ਜੇ ਸਰਕਾਰ ਬਿਲਕੁਲ ਹੀ ਨਾ ਮੰਨਦੀ ਅਤੇ ਭਾਈ ਸਾਹਿਬ ਸ਼ਹੀਦ ਹੋ ਜਾਂਦੇ ਤਾਂ ਕੌਮ ਵਾਸਤੇ ਕੁਝ ਕਰ ਜਾਣ, ਦਾ ਇਸ ਤੋਂ ਵਧੀਆ ਮੌਕਾ ਹੋਰ ਕਿਹੜਾ ਹੋ ਸਕਦਾ ਸੀ? ਇਹ ਮੌਕਾ ਕਿਸੇ ਭਾਗਾਂ ਵਾਲੇ ਨੂੰ ਹੀ ਮਿਲਦਾ ਹੈ। ਭਾਈ ਬਲਵੰਤ ਸਿੰਘ ਰਾਜੋਆਣ, ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਆਦਿ ਵਰਗਿਆਂ ਨੇ ਆਪਣੇ ਕਿਨ੍ਹੇ ਵੱਡੇ ਆਹੁਦੇ ਅਤੇ ਸੁੱਖਾਂ ਨੂੰ ਲੱਤ ਮਾਰ ਦਿੱਤੀ ਸੀ। ਇਸ ਤਰ੍ਹਾਂ ਭਾਈ ਖਾਲਸਾ ਜੀ ਨੂੰ ਵੀ ਕੌਮ ਦਾ ਸਿਰ ਉੱਚਾ ਕਰ ਦੇਣਾ ਚਾਹੀਦਾ ਸੀ, ਪਹਿਲਾਂ ਆਪਣੀ ਸ਼ਰਤ ਪੂਰੀ ਕਰਵਾਉਣੀ ਚਾਹੀਦੀ ਸੀ ਅਤੇ ਇਕ ਸ਼ਰਤ ਇਹ ਵੀ ਰੱਖਣੀ ਜ਼ਰੂਰੀ ਸੀ ਕਿ ਸਿੱਖ ਕੈਦੀਆਂ ਨੂੰ ਰਿਹਾਅ ਕਰਵਾ ਕੇ ਮੈਂ ਉਨ੍ਹਾਂ ਦੇ ਹੱਥੋਂ ਹੀ ਮਰਨ-ਵਰਤ ਖੋਲਾਂਗਾ ਪਰ ਭਾਈ ਸਾਹਿਬ ਜੀ ਨੇ ਮੌਕੇ ’ਤੇ ਆ ਕੇ (ਸੋਨਾ ਬਣਦੇ-ਬਣਦੇ) ‘ਮਿੱਟੀ ਬਣ ਜਾਹ’ ਕਹਿ ਦਿੱਤਾ।

ਕੁਲ ਮਿਲਾ ਕੇ ਪੰਥ ਦਰਦੀਆਂ ਅਤੇ ਭਾਈ ਸਾਹਿਬ ਜੀ ਦੀ ਹਾਰ ਹੀ ਹੋਈ ਹੈ ਕਿਉਂਕਿ ਅੱਗੋਂ ਤੋਂ ਜੋ ਵੀ ਮਰਨ ਬਰਤ ’ਤੇ ਬੈਠੇਗਾ ਤਾਂ ਸਰਕਾਰ ਨੇ ਬਿਲਕੁਲ ਹੀ ਪ੍ਰਵਾਹ ਨਹੀਂ ਕਰਨੀ, ਸਰਕਾਰ ਨੂੰ ਪਤਾ ਲੱਗ ਗਿਆ ਹੈ ਕਿ ਅਖੀਰ ’ਤੇ ਜਾ ਕੇ ਬਿਨਾ ਸ਼ਰਤ ਮੰਨਿਆ ਹੀ ਬਰਤ ਖੁਲਵਾ ਦੇਵਾਂਗੇ ਪਰ ਜੇਕਰ ਭਾਈ ਸਾਹਿਬ ਸ਼ਹੀਦ ਹੋ ਜਾਂਦੇ ਤਾਂ ਸਰਕਾਰ ਕਿਸੇ ਦੇ ਮਰਨ ਬਰਤ ’ਤੇ ਬੈਠਣ ਸਾਰ ਹੀ ਚੌਕੰਨੀ ਹੋ ਜਾਇਆ ਕਰਦੀ ਅਤੇ ਮੰਗਾਂ ਮੰਨ ਲੈਂਦੀ।

ਸ਼ਾਇਦ ਵਾਹਿਗੁਰੂ ਜੀ ਨੂੰ ਵੀ ਇਹੀ ਮਨਜ਼ੂਰ ਸੀ, ਜੋ ਕਿ ਹੋ ਗਿਆ ਹੁਣ ਉਸ ਦੇ ਭਾਣੇ ਵਿਚ ਰਹਿਣਾ ਹੀ ਉਚਿਤ ਹੋਵੇਗਾ।

ਵਟ…………ਸਿਆਪਾ……….?

0

ਵਟ…………ਸਿਆਪਾ……….?

Prof. Raja Singh

ਚਿੰਤ ਕੋਰ – ਦੇਖਿਓ ਕਾਕੇ ਦੇ ਕਮਰੇ ਵਿਚੋ ‘ਠੁੰਗ ਠੁੰਗ’ ਦੀ ਕੀ ਆਵਾਜ਼ ਬਾਰ ਬਾਰ ਆ ਰਹੀ ਏ ……..|

ਸਹਿਜ ਸਿੰਘ- ਕੋਈ ਗਲ ਨਹੀਂ ਇਹ ਵਾਟ੍ਸੇਪ ਦੀ ਆਵਾਜ਼ ਏ |

ਚਿੰਤ ਕੋਰ – ਹੈਂ ………ਕੀ ਕਿਹਾ ਜੇ ਵਟ….. ਸਿਆਪਾ ……….? ਕੀ ਬੋਲੀ ਜਾਂਦੇ ਓ ?

ਸਹਿਜ ਸਿੰਘ- ਭਲੀਏ……ਧਿਆਨ ਨਾਲ ਸੁਣ ਮੈਂ ਸਿਆਪਾ ਨਹੀਂ , ਵਾਟ੍ਸੇਪ ਆਖਿਆ ਏ ……!

ਚਿੰਤ ਕੋਰ – ਇਹ ਕੀ ਬਲਆ ਏ ……ਅਗੇ ਤਾਂ ਕਦੀ ਨਹੀਂ ਸੁਣਿਆ ……’ਠੁੰਗ ਠੁੰਗ’ ਨੇ ਤਾਂ ਮੇਰਾ ਸਿਰ ਈ ਖਾ ਲਿਐ |

ਸਹਿਜ ਸਿੰਘ- ਨਵੀਆਂ ਨਵੀਆਂ ਕਾਢਾਂ ਨੇ ਤਾਂ ਨੋਜੁਆਨਾਂ ਨੂੰ ਕਮਲਿਆਂ ਈ ਕਰ ਦਿਤੈ……ਨਾਲੇ ਪੈਸੇ ਦਾ ਉਜਾੜਾ….ਨਾਲੇ ਸਮੇਂ ਦੀ ਬਰਬਾਦੀ …….|

ਚਿੰਤ ਕੋਰ – ਫਿਰ ਗਲ ਤਾਂ ਸਿਆਪੇ ਵਾਲੀ ਹੀ ਹੋਈ ਨਾ….. ਹੁਣ ਦਸੋ, ਕਿ ਹੈ ਕੀ …..ਜਿਸ ਤੋਂ ਤੁਸੀਂ ਵੀ ਪਰੇਸ਼ਾਨ ਲਗਦੇ ਓ |

ਸਹਿਜ ਸਿੰਘ- ਮੋਬਾਇਲ ਫੋਨ ਤੇ ਹੁਣ ਇਕ ਦੂਸਰੇ ਨੂੰ ਸੰਦੇਸ਼ੇ ਤੇ ਫੋਟੋ ਭੇਜਦੇ ਨੇ, ਉਹ ਨੂੰ ਕਹਿੰਦੇ ਨੇ ਵਾਟ੍ਸੇਪ …..|

ਚਿੰਤ ਕੋਰ – ਲੈ ….ਆਪ ਵੀ ਤਾਂ ਤੁਸੀ ਮੋਬਾਇਲ ਰਖਦੇ ਹੋ, ਤੁਹਾਡੇ ਫੋਨ ਤੇ ਤਾਂ ਮੈਂ ਕਦੀ ਆਹ ਰੋਲਾ ਨਹੀਂ ਸੁਣਿਆ |

ਸਹਿਜ ਸਿੰਘ- ਬਈ ਅਸੀਂ ਤਾਂ ਸਿਰਫ ਗਲਬਾਤ ਸੁਣਦੇ ਹਾਂ ਪਰ ਇਹਨਾਂ ਨੋਜੁਆਨਾਂ ਨੂੰ ਤਾਂ ਮੋਬਾਇਲ ਨੇ ਆਪਣਾ ਗੁਲਾਮ ਈ ਕਰ ਲਿਐ …..|

ਚਿੰਤ ਕੋਰ – ਨਾ ਉਹ ਕਿਦਾਂ …..?

ਸਹਿਜ ਸਿੰਘ- ਸਿਰਫ ਫੋਨ ਈ ਥੋੜਾ ਕਰਦੇ ਨੇ ….ਕਦੀ ਵਾਇਸ-ਮੇਲ, ਕਦੇ ਚੈਟ, ਈ ਮੇਲ ਤੇ ਵਾਟ੍ਸੇਪ ….ਬਸ ਜਦ ਦੇਖੋ ਇਹ ਨੂੰ ਈ ਚੰਬੜੇ ਰਹਿੰਦੇ ਨੇ……ਸਾਡਾ ਮੁੰਡਾ ਤਾਂ ਪੜਦਾ ਕਦੀ ਦੇਖਿਆ ਨਹੀਂ …ਜਦ ਦੇਖੋ …ਬਸ….ਛਡ ਪਰੇ …..|

ਚਿੰਤ ਕੋਰ – ਜੇ ਤੁਹਾਨੂੰ ਪਤੈ ਤਾਂ ਧਿਆਨ ਰਖਿਆ ਕਰੋ ……|

ਸਹਿਜ ਸਿੰਘ-ਚਿੰਤ ਕੁਰੇ ਐਵੇਂ ਨਾ ਬੋਲੀ ਜਾਇਆ ਕਰੋ ……. ਅਗੇ ਘਰ ਵਿਚ ਫੋਨ ਆਓਣਾ ਤਾਂ ਪਤਾ ਲਗਦਾ ਸੀ ਕੀ ਗਲ ਹੋ ਰਹੀ ਏ ….ਬਚੇ ਕਿਥੇ ਗਲ ਕਰ ਰਹੇ ਨੇ ….ਹੁਣ ਤਾਂ ਘੰਟੀ ਵਜੇ ਤਾਂ ਨਵਾਬ੍ਜ਼ਾਦੇ ਨੇ ਮੋਬਾਇਲ ਕੰਨ ਨੂੰ ਲਾਇਆ ਤੇ ਬਾਹਰ ਨਿਕਲ ਗਏ……………ਮਾਪੇ ਕੀ ਕਰ ਲੇਣਗੇ………?

ਚਿੰਤ ਕੋਰ -ਸਾਇੰਸ ਦੀਆਂ ਕਾਢਾਂ ਤਾਂ ਸਾਡੀ ਉਨਤੀ ਲਈ ਨੇ ……….ਇਹਦਾ ਫਾਇਦਾ ਵੀ ਤਾਂ ਹੋਊ ਕੋਈ …….

ਸਹਿਜ ਸਿੰਘ- ਫਾਇਦਾ ਤਾਂ ਹੈ ਬਈ ਕੋਈ ਕਿਥੇ ਵੀ ਹੋਵੇ ਉਸ ਨਾਲ ਗਲ ਹੋ ਜਾਂਦੀ ਏ …….ਜੇਬੇ ਵਿਚ ਮੋਬਾਇਲ, ਜਦ ਮਰਜੀ ਹਾਲ ਚਾਲ ਲਓ………..ਵਪਾਰੀ ਲੋਕਾਂ ਨੂੰ ਤਾਂ ਬੜਾ ਲਾਭ ਹੋਇਆ ਹੈ ਇਹਨਾਂ ਕਾਢਾਂ ਦਾ ਪਰ ਜੇ ਇਹਨਾਂ ਦੀ ਦੁਰਵਰਤੋਂ ਹੋਵੇ ਤਾਂ ਕਈ ਗੁਣਾਂ ਘਾਟਾ……….ਪਰ ਹੁਣ ਤਾਂ ਰੀਸ ਚਲ ਪਈ ਏ …..ਘਰ ਦੇ ਜਿਤਨੇ ਜੀ ….ਉਤਨੇ ਮੋਬਾਇਲ ……..ਹਰੇਕ ਦਾ ਬਿਲ ਭਰੋ, ਖਰਚੇ ਤੇ ਖਰਚਾ |

ਚਿੰਤ ਕੋਰ -ਚਲੋ ਛਡੋ ਜਦ ਹਰੇਕ ਮੁੰਡੇ ਕੋਲ ਹੈ ਤਾਂ ਸਾਡਾ ਛਿੰਦਾ ਕਿਤੇ…………..

ਸਹਿਜ ਸਿੰਘ- ਐਵੇਂ ਨਾ ਮੁੰਡੇ ਨੂੰ ਵਿਗਾੜੀ ਜਾਓ………..ਕਲ ਮੈਂ ਸਕੂਲ ਵਿਚ ਪੇਰੇੰਟ ਮੀਟਿੰਗ ਵਿਚ ਗਿਆ ਸਾਂ……….ਟੀਚਰ ਸਾਰੇ ਹੀ ਸ਼ਿਕਾਇਤ ਕਰਦੇ ਸੀ ਕਿ ਬਚੇ ਸਕੂਲ ਵਿਚ ਮੋਬਾਇਲ ਨਾ ਲੈ ਕੇ ਆਓਨ | ਉਹ ਕਹਿੰਦੇ ਸੀ ਕਿ ਅਸੀਂ ਪੜਾ ਰਹੇ ਹੁੰਦੇ ਆਂ ਤੇ ਬਚੇ ਆਪਸ ਵਿਚ ਮੋਬਾਇਲ ਤੇ ਮੈਸੇਜ ਕਰਨ ਵਿਚ ਮਸਤ ਹੁੰਦੇ ਨੇ ਤੇ ਪੜਾਈ ਦਾ ਭਠਾ ਬੇਠ ਰਿਹੈ |

ਚਿੰਤ ਕੋਰ -ਲੈ ਮੇਨੂੰ ਹੁਣ ਸਮਝ ਆਈ ………ਗੁਆਂਢ ਵਾਲੇ ਭੈਣ ਜੀ ਵੀ ਕਹਿੰਦੇ ਸੀ ਕਿ ਬਹੂ ਰਾਣੀ ਕੰਮ ਡਕਾ ਨਹੀਂ ਕਰਦੀ …..ਤੇ ਹਰ ਵੇਲੇ ਫੋਨ ਤੇ ਫੋਟੋਆਂ ਦੇਖਦੀ ਰਹਿੰਦੀ ਏ ………..ਤੇ ਇਸੇ ਗਲ ਕਰਕੇ ਘਰ ਵਿਚ ਕਲੇਸ਼ ਏ ……..|

ਸਹਿਜ ਸਿੰਘ-ਨਿਰਾ ਕਲੇਸ਼ ਹੀ ਨਹੀਂ ਹੁਣ ਤਾਂ ਬੇਸ਼ਰਮੀ ਆ ਗਈ ਇਹਨਾਂ ਮੋਬਾਇਲਾਂ ਤੇ ਫੇਸ ਬੁਕਾਂ ਕਰਕੇ ……..ਛਡ ਪਰਾਂ ਸੋਚ ਸੋਚ ਕੇ ਮੇਰਾ ਤਾਂ ਕੀ ਵੇਰੀ ਸਿਰ ਚਕਰਾ ਜਾਂਦੈ ਕਿ ਕੀ ਬਣੂੰ ਸਾਡੇ ਸਮਾਜ ਦਾ …….?

ਚਿੰਤ ਕੋਰ – ਨਾ ਕੋਈ ਹੋਰ ਵੀ ਮਾੜੀ ਗਲ ਏ ……..?

ਸਹਿਜ ਸਿੰਘ-ਇਕ ਹੋਵੇ ਤਾਂ ਦਸਾਂ ……!

ਚਿੰਤ ਕੋਰ – ਚਲੋ ਕੋਈ ਇਕ ਅਧ ਈ ਦਸ ਦਿਓ ………… ਏਨੇ ਪ੍ਰੇਸ਼ਨ ਜੇ ……|

ਸਹਿਜ ਸਿੰਘ-ਬਚੇ ਕੀ ਤੇ ਵਡੇ ਕੀ; ਸੋਚਦੇ ਹੀ ਨਹੀਂ ਕਿ ਜੋ ਵੀ ਫੇਸ ਬੁਕ ਤੇ ਪੈ ਗਿਆ ਸੈਂਕੜੇ ਲੋਕਾਂ ਨੇ ਵੇਖਣੈ ………. ਜਾਤੀ ਗਲਾਂ ਵੀ ਲਿਖੀ ਜਾਣਗੇ ਤਰਾਂ ਤਰਾਂ ਦੇ ਪੋਜ਼ ਬਣਾ ਕੇ ਫੋਟੋ ਪਾਈ ਜਾਂਦੇ ਨੇ ਕੋਈ ਸ਼ਰਮ ਹਯਾ ਹੀ ਨਹੀਂ ……..ਕਈ ਤਾਂ ਮੀਆਂ ਬੀਵੀ ਦਾ ਪੜਦਾ ਵੀ ਰਖਣ ਦਾ ਖਿਆਲ ਨਹੀਂ ਕਰਦੇ ……..|

ਚਿੰਤ ਕੋਰ -ਲੈ ਸਾਡੇ ਜਮਾਨੇ ਵਿਚ ਚਿਠੀ ਵੀ ਕਿਸੇ ਦੇ ਸਾਹਮਣੇ ਨਹੀਂ ਸਾਂ ਪੜਦੇ …ਤੇ ਹੁਣ…….!

ਸਹਿਜ ਸਿੰਘ- ਮੇਨੂੰ ਤਾਂ ਕੋਈ ਹਲ ਨਹੀਂ ਦਿਸਦਾ ….ਕੋਈ ਬਚਾ ਹੋਵੇ ਜਾਂ ਵਡਾ ਇਸ ਮਾਮਲੇ ਵਿਚ ਗਲ ਸੁਣ ਕੇ ਰਾਜੀ ਨਹੀਂ …….. ਸਾਨੂੰ ਤਾਂ ਟਿਚ ਸਮਝਦੇ ਨੇ……

ਚਿੰਤ ਕੋਰ -ਤੇ ਫਿਰ ਸਿਆਪਾ ਨਹੀਂ ਤਾਂ ਹੋਰ ਕੀ ਏ …….?

ਸਹਿਜ ਸਿੰਘ-ਵਾਕਈ….ਵਾਟ੍ਸੇਪ ਨਹੀਂ ….ਵਟ… ਸਿਆਪਾ ਈ ਏ ……!

Prof. Raja Singh

rajasingh922@yahoo.com

ਆਵਨਿ ਅਠਤਰੈ, ਜਾਨਿ ਸਤਾਨਵੈ; ਦਾ ਕਦਾਚਿਤ ਭਾਵ ਨਹੀਂ ਹੈ ਕਿ ਸਿੱਖਾਂ ਨੇ ਹਮੇਸ਼ਾਂ ਲਈ ਉਸ ਬਿਕ੍ਰਮੀ ਕੈਲੰਡਰ ਨਾਲ ਬੱਝੇ ਰਹਿਣਾ ਹੈ ।

0

ਆਵਨਿ ਅਠਤਰੈ, ਜਾਨਿ ਸਤਾਨਵੈ; ਦਾ ਕਦਾਚਿਤ ਭਾਵ ਨਹੀਂ ਹੈ ਕਿ ਸਿੱਖਾਂ ਨੇ ਹਮੇਸ਼ਾਂ ਲਈ ਉਸ ਬਿਕ੍ਰਮੀ ਕੈਲੰਡਰ ਨਾਲ ਬੱਝੇ ਰਹਿਣਾ ਹੈ ।

ਕਿਰਪਾਲ ਸਿੰਘ (ਬਠਿੰਡਾ)-98554-80797

ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਰਤੀ ਗਈ ਤੁਕ “‘ਆਵਨਿ ਅਠਤਰੈ, ਜਾਨਿ ਸਤਾਨਵੈ; ਹੋਰੁ ਭੀ ਉਠਸੀ, ਮਰਦ ਕਾ ਚੇਲਾ ॥’” ਦੀ ਉਦਾਹਰਣ ਦੇ ਕੇ ਸਿੱਖ ਸੰਗਤ ਨੂੰ ਗੁੰਮਰਾਹ ਕਰਦੇ ਹਨ ਕਿ ਜੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਬਿਕ੍ਰਮੀ ਕੈਲੰਡਰ ਦੀ ਵਰਤੋਂ ਕੀਤੀ ਗਈ ਹੈ ਤਾਂ ਅਸੀਂ ਇਸ ਕੈਲੰਡਰ ਦਾ ਤਿਆਗ ਕਿਉਂ ਕਰੀਏ? ਗੁਰੂ ਨਾਨਕ ਸਾਹਿਬ ਜੀ ਨੇ ‘ਆਵਨਿ ਅਠਤਰੈ, ਜਾਨਿ ਸਤਾਨਵੈ; ਹੋਰੁ ਭੀ ਉਠਸੀ, ਮਰਦ ਕਾ ਚੇਲਾ ॥’ ਤੁੱਕ ਵਿੱਚ ਜਿਸ ਬਿਕ੍ਰਮੀ ਕੈਲੰਡਰ ਦਾ ਜ਼ਿਕਰ ਕੀਤਾ ਹੈ ਇਸ ਦਾ ਕਦਾਚਿਤ ਭਾਵ ਨਹੀਂ ਹੈ ਕਿ ਸਿੱਖਾਂ ਨੇ ਹਮੇਸ਼ਾਂ ਲਈ ਉਸ ਬਿਕ੍ਰਮੀ ਕੈਲੰਡਰ ਨਾਲ ਬੱਝੇ ਰਹਿਣਾ ਹੈ ਜਿਹੜਾ ਮੌਸਮੀ ਸਾਲ ਨਾਲੋਂ ਤਕਰੀਬਨ 24 ਮਿੰਟ ਵੱਡਾ ਹੋਣ ਕਰਕੇ ਰੁਤੀ ਸਲੋਕ ਬਾਣੀ ਵਿੱਚ ਵਰਨਤ ਰੁੱਤਾਂ ਨਾਲੋਂ ਬਹੁਤ ਤੇਜੀ ਨਾਲੋਂ ਪਛੜ ਰਿਹਾ ਹੈ। ਸ:ਪਾਲ ਸਿੰਘ ਪੁਰੇਵਾਲ ਵੱਲੋਂ ‘ਨਾਨਕਸ਼ਾਹੀ ਕੈਲੰਡਰ ਕਿਉਂ ਤੇ ਕਿਵੇਂ’ ਸਿਰਲੇਖ ਹੇਠ ਦਿੱਤੇ ਚਾਰਟ ਵਿੱਚ ਵਿਖਾਇਆ ਗਿਆ ਹੈ ਕਿ ਈਸਵੀ 1753 ਵਿੱਚ ਵੈਸਾਖੀ 9 ਅਪ੍ਰੈਲ, 1799 ਵਿੱਚ 10 ਅਪ੍ਰੈਲ, 1899 ਵਿੱਚ 12 ਅਪ੍ਰੈਲ, 1999 ਵਿੱਚ 14 ਅਪ੍ਰੈਲ ਨੂੰ ਆਈ ਸੀ ਅਤੇ 2100 ਵਿੱਚ 15 ਅਪ੍ਰੈਲ ਤੇ 2199 ਵਿੱਚ 16 ਅਪ੍ਰੈਲ ਨੂੰ ਆਵੇਗੀ।

ਉਪਰੋਕਤ ਦ੍ਰਿਸ਼ਟੀ ਤੋਂ ਬਿਕ੍ਰਮੀ ਸਾਲ ਦੀ ਪਹਿਲੀ ਵੈਸਾਖ ਭਾਵ ਵੈਸਾਖੀ ਤਕਰੀਬਨ 1100 ਸਾਲ ਬਾਅਦ ਅਪ੍ਰੈਲ ਦੀ ਬਜਾਇ ਮਈ ਮਹੀਨੇ ਵਿੱਚ ਚਲੀ ਜਾਵੇਗੀ। ਜੇ ਕਰ ਇਸੇ ਤਰ੍ਹਾਂ ਚਲਦਾ ਰਿਹਾ ਤਾਂ 13000 ਸਾਲ ਬਾਅਦ ਇਹ ਵੈਸਾਖੀ ਅਕਤੂਬਰ ਦੇ ਅੱਧ ਵਿੱਚ ਆਵੇਗੀ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਬਾਰਹ ਮਾਹਾ ਤੁਖਾਰੀ ਤੇ ਬਾਰਹ ਮਾਹਾ ਮਾਂਝ ਬਾਣੀਆਂ ਅਤੇ ਰਾਗ ਰਾਮਕਲੀ ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਣੀ ‘ਰੁਤੀ ਸਲੋਕੁ’ ਵਿੱਚ ਮਹੀਨਿਆਂ ਦੀਆਂ ਵਰਨਣ ਕੀਤੀਆਂ ਰੁਤਾਂ ਅਤੇ ਮੌਸਮਾਂ ਦਾ ਸਬੰਧ ਬਿਲਕੁਲ ਟੁੱਟ ਜਾਵੇਗਾ। ਇਤਿਹਾਸਕ ਤੌਰ ’ਤੇ ਅਸੀਂ ਪੜ੍ਹਾਂਗੇ ਕਿ ਪੋਹ ਦੀ ਕੜਾਕੇ ਦੀ ਠੰਡ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ ਸੀ ਪਰ 13000 ਸਾਲ ਬਾਅਦ ਤਾਂ ਬਿਕ੍ਰਮੀ ਕੈਲੰਡਰ ਦਾ ਪੋਹ ਮਹੀਨਾ ਜੂਨ ਵਿੱਚ ਆਏਗਾ ਜਿਸ ਸਮੇਂ ਕੜਾਕੇ ਦੀ ਠੰਡ ਦੀ ਬਜਾਏ ਕੜਾਕੇ ਦੀ ਗਰਮੀ ਪੈਂਦੀ ਹੋਵੇਗੀ ਤਾਂ ਅਸੀਂ ਕਿਸ ਤਰ੍ਹਾਂ ਸਮਝਾਵਾਂਗੇ ਕਿ ਪੋਹ ਵਿੱਚ ਠੰਡ ਪੈਣ ਦੀ ਥਾਂ ਗਰਮੀ ਕਿਵੇਂ ਪੈਣ ਲੱਗ ਪਈ ?

ਆਵਨਿ ਅਠਤਰੈ₁, ਜਾਨਿ ਸਤਾਨਵੈ; ਹੋਰੁ ਭੀ ਉਠਸੀ, ਮਰਦ ਕਾ ਚੇਲਾ ॥ = ਏਥੇ ਇਹ ਇਸ਼ਾਰਾ ਹੈ ਕਿ ਬਾਬਰ 1597 ਬਿਕਰਮੀ ਵਿੱਚ ਆਵੇਗਾ ਅਤੇ ਹਮਾਯੂ 1595 ਬਿਕਰਮੀ ਵਿੱਚ ਚਲਿਆ ਜਾਵੇਗਾ ਅਤੇ ਤਦ ਇਕ ਹੋਰ ਸੂਰਮੇ ਦਾ ਮੁਰੀਦ ਉਠੂਗਾ।

ਉਕਤ ਤੁਕ ਵਿੱਚ ਬਿਕ੍ਰਮੀ ਕੈਲੰਡਰ ਇਸ ਲਈ ਵਰਤਿਆ ਗਿਆ ਹੈ ਕਿਉਂਕਿ ਉਸ ਸਮੇਂ ਇਹੀ ਕੈਲੰਡਰ ਪ੍ਰਚਲਤ ਸੀ। ਉਸ ਸਮੇਂ ਲੰਬਾਈ, ਭਾਰ ਅਤੇ ਸਮੇਂ ਆਦਿਕ ਦੀਆਂ ਪ੍ਰਚਲਤ ਇਕਾਈਆਂ ਵੀ ਗੁਰਬਾਣੀ ਵਿੱਚ ਗੁਰੂ ਸਾਹਿਬ ਜੀ ਨੇ ਵਰਤੀਆਂ ਹਨ; ਜਿਵੇਂ ਕਿ:-

  1. ਸਾਢੇ ਤੀਨਿ ਹਾਥ, ਤੇਰੀ ਸੀਵਾਂ ॥ = ਅਖੀਰ ਨੂੰ ਤੇਰੇ ਲਈ ਸਾਢੇ ਤਿੰਨ ਹੱਥ ਮਿਣਤੀ ਦੀ ਥਾਂ ਹੈ।
  2. ਕਰਉ (ਕਰਮਾਂ) ਅਢਾਈ ਧਰਤੀ ਮਾਂਗੀ; ਬਾਵਨ ਰੂਪਿ ਬਹਾਨੈ ॥ = ਪ੍ਰਭੂ ਨੇ ਇਕ ਬੋਣੇ ਦੇ ਸਰੂਪ ਵਿੱਚ, ਢਾਈ ਕਰਮ ਜਮੀਨ ਦੀ ਬਹਾਨੇ ਨਾਲ ਮੰਗ ਕੀਤੀ।
  3. ਪਾਂਚ ਕੋਸ ਪਰ ਗਊ ਚਰਾਵਤ; ਚੀਤੁ ਸੁ ਬਛਰਾ ਰਾਖੀਅਲੇ ॥ = ਪੰਜ ਕੋਹਾਂ ਤੇ ਦੂਰ ਗਾਂ ਚਰਦੀ ਹੈ, ਪਰ ਉਹ ਆਪਣੀ ਬਿਰਤੀ ਆਪਣੇ ਵੱਛੇ ਤੇ ਲਾਈ ਰਖਦੀ ਹੈ।
  4. ਬਾਰਹ ਜੋਜਨ, ਛਤ੍ਰੁ ਚਲੈ ਥਾ; ਦੇਹੀ ਗਿਰਝਨ ਖਾਈ ॥੨॥ = ਉਨ੍ਹਾਂ ਦੀ ਪਾਤਿਸ਼ਾਹੀ ਜਲੂਸ ਸੱਠ ਮੀਲਾਂ ਤਾਈਂ ਫੈਲਿਆ ਹੋਇਆ ਸੀ, ਪੰਤੂ ਉਹਨਾਂ ਦੇ ਸਰੀਰ ਗਿੱਧਾਂ ਨੇ ਖਾਧੇ।       (ਨੋਟ-ਇੱਕ ਜੋਜਨ ਪੰਜਾਂ ਮੀਲ ਦੇ ਬਰਾਬਰ ਹੁੰਦਾ ਹੈ।)।

ਉਕਤ ਤੁਕਾਂ ਵਿੱਚ ਲੰਬਾਈ ਦੀ ਇਕਾਈਆਂ ਹੱਥ, ਕਰਮਾਂ, ਕੋਸ (ਕੋਹ) ਅਤੇ ਜੋਜਨ ਵਰਤੀਆਂ ਗਈਆਂ ਹਨ। ਉਸ ਉਪ੍ਰੰਤ ਇੰਚ, ਫੁੱਟ, ਗਜ, ਮੀਲ ਵਰਤੇ ਜਾਣ ਲੱਗੇ ਪਰ ਅੱਜ ਕੱਲ੍ਹ ਮਿਲੀ ਮੀਟਰ, ਸੈਂਟੀਮੀਟਰ, ਮੀਟਰ, ਕਿਲੋਮੀਟਰ ਵਰਤੇ ਜਾਣ ਲੱਗੇ ਹਨ ਕਿਉਂਕਿ ਇਨ੍ਹਾਂ ਇਕਾਈਆਂ ਵਿੱਚ ਹਿਸਾਬ ਕਰਨਾ ਬਹੁਤ ਸੌਖਾ ਹੈ।

  1. ਲਖ ਮੜਿਆ ਕਰਿ ਏਕਠੇ; ਏਕ ਰਤੀ ਲੇ ਭਾਹਿ ॥ = ਲੱਖਾਂ ਲੱਕੜ ਦੇ ਖੁੰਢਾਂ ਦੇ ਇਕੱਠੇ ਕੀਤੇ ਹੋਏ ਢੇਰ ਨੂੰ ਸੜ ਵੰਝਣ ਲਈ ਭੋਰਾ ਕੁ ਭਰ ਅੱਗ ਦੀ ਲੋੜ ਹੈ।
  2. ਪ੍ਰਣਵਤਿ ਨਾਨਕੁ, ਦਾਸਨਿ ਦਾਸਾ; ਖਿਨੁ ਤੋਲਾ ਖਿਨੁ ਮਾਸਾ ॥ = (ਹੇ ਪ੍ਰਭੂ! ਤੇਰੇ) ਦਾਸਾਂ ਦਾ ਦਾਸ ਨਾਨਕ ਬੇਨਤੀ ਕਰਦਾ ਹੈ (ਇਹੀ ਕਾਰਨ ਹੈ ਕਿ ਇਹ ਮਨ) ਕਦੇ ਤੋਲਾ ਹੋ ਜਾਂਦਾ ਹੈ, ਕਦੇ ਮਾਸਾ ਰਹਿ ਜਾਂਦਾ ਹੈ (ਕਦੇ ਮੁਕਾਬਲਾ ਕਰਨ ਦੀ ਹਿੰਮਤ ਕਰਦਾ ਹੈ ਤੇ ਕਦੇ ਘਬਰਾ ਜਾਂਦਾ ਹੈ) ॥
  3. ਦੁਇ ਸੇਰ ਮਾਂਗਉ, ਚੂਨਾ ॥ = ਮੈਨੂੰ ਦੋ ਸੇਰ ਆਟੇ ਦੀ ਲੋੜ ਹੈ,
  4. ਪਾਉ ਘੀਉ ਸੰਗਿ, ਲੂਨਾ ॥ = ਇਕ ਪਾਉ (ਪਾਈਆ) ਘਿਉ ਤੇ ਕੁਝ ਲੂਣ ਚਾਹੀਦਾ ਹੈ।
  5. ਸਾਢੇ ਤ੍ਰੈ ਮਣ ਦੇਹੁਰੀ; ਚਲੈ ਪਾਣੀ ਅੰਨਿ ॥ = (ਮਨੁੱਖ ਦਾ ਇਹ) ਸਾਢੇ ਤਿੰਨ ਮਣ ਦਾ ਪਲਿਆ ਹੋਇਆ ਸਰੀਰ (ਇਸ ਨੂੰ) ਪਾਣੀ ਤੇ ਅੰਨ ਦੇ ਜ਼ੋਰ ਕੰਮ ਦੇ ਰਿਹਾ ਹੈ।

ਉਪ੍ਰੋਕਤ ਤੁਕਾਂ ਵਿੱਚ ਮਾਸਾ, ਰੱਤੀ, ਤੋਲਾ, ਪਾਈਆ, ਸੇਰ, ਮਣ ਅਦਿਕ ਇਕਾਈਆਂ ਭਾਰ ਮਾਪਣ ਲਈ ਵਰਤੀਆਂ ਗਈਆਂ ਹਨ ਪਰ ਅੱਜ ਕੱਲ੍ਹ ਅਸੀਂ ਮਿਲੀਗ੍ਰਾਮ, ਗਰਾਮ, ਕਿਲੋਗ੍ਰਾਮ, ਕੁਇੰਟਲ, ਟਨ ਆਦਿਕ ਈਕਾਈਆਂ ਦੀ ਵਰਤੋਂ ਕਰ ਰਹੇ ਹਾਂ ਕਿਉਂਕਿ ਇਨ੍ਹਾਂ ਇਕਾਈਆਂ ਦੀ ਵਰਤੋਂ ਕਰਨ ਨਾਲ ਹਿਸਾਬ ਕਿਤਾਬ ਕਰਨਾ ਬਹੁਤ ਹੀ ਸੌਖਾ ਹੈ।

  1. ਨਿਮਖ ਮਾਹਿ ਹੋਵੈ, ਤੇਰੀ ਛੋਟਿ ॥ = ਅੱਖ ਦੇ ਇਕ ਫੋਰ ਵਿਚ (ਮਾਇਆ ਦੇ ਮੋਹ ਦੇ ਬੰਧਨਾਂ ਤੋਂ) ਤੇਰੀ ਖ਼ਲਾਸੀ ਹੋ ਜਾਇਗੀ ॥
  2. ਵਿਸੁਏ, ਚਸਿਆ, ਘੜੀਆ, ਪਹਰਾ; ਥਿਤੀ, ਵਾਰੀ, ਮਾਹੁ ਹੋਆ ॥

ਉਕਤ ਤੁਕਾਂ ਵਿੱਚ ਨਿਮਖ, ਵਿਸੁਏ, ਚੱਸੇ, ਘੜੀਆਂ, ਪਹਿਰ ਆਦਿਕ ਸਮੇਂ ਦੀ ਲੰਬਾਈ ਲਈ ਇਕਈਆਂ ਦੇ ਤੌਰ ’ਤੇ ਵਰਤੀਆਂ ਗਈਆਂ ਹਨ ਪਰ ਅੱਜ ਕੱਲ੍ਹ ਸਮੇਂ ਲਈ ਮਾਈਕਰੋ ਸੈਕੰਡ, ਮਿਲੀ ਸੈਕੰਡ, ਸੈਕੰਡ, ਮਿੰਟ, ਘੰਟੇ ਆਦਿਕ ਵਰਤੇ ਜਾਂਦੇ ਹਨ।

ਸੋ ਜੇ ਉਕਤ ਸਾਰੀਆਂ ਇਕਾਈਆਂ ਅਸੀਂ ਸਹੂਲਤ ਲਈ ਐੱਮ ਕੇ ਐੱਸ ਪ੍ਰਣਾਲੀ ਦੀਆਂ ਨਵੀਆਂ ਇਕਈਆਂ ਵਰਤਣ ਲੱਗ ਪਏ ਹਾਂ ਇਸੇ ਤਰ੍ਹਾਂ ਕੁਰੰਸੀ ਲਈ ਪਹਿਲਾਂ ਧੇਲਾ, ਪੈਸਾ, ਦਮੜੀ, ਆਨਾ, ਦੁਆਨੀ, ਚੁਆਨੀ, ਅਠਿਆਨੀ, ਰੁਪਈਆ ਆਦਿਕ ਵਰਤੇ ਜਾਂਦੇ ਸਨ ਪਰ ਅੱਜ ਕੱਲ੍ਹ ਸਿਰਫ ਪੈਸੇ, ਰੁਪਈਏ ਹੀ ਵਰਤੇ ਜਾਂਦੇ ਹਨ। ਪੁਰਾਣੇ ਪੈਸੇ ਅਤੇ ਨਵੇਂ ਪੈਸੇ ਦੀ ਕੀਮਤ ਵਿੱਚ ਵੀ ਬਿਕ੍ਰਮੀ ਕੈਲੰਡਰ ਦੀ ਸੰਗ੍ਰਾਂਦ ਅਤੇ ਨਾਨਕਸ਼ਾਹੀ ਕੈਲੰਡਰ ਦੇ ਮਹੀਨੇ ਦੀ ਪਹਿਲੀ ਤਰੀਕ ਵਾਂਗ ਅੰਤਰ ਹੈ ਤਾਂ ਆਪਣੀ ਸਹੂਲਤ ਲਈ ਬਿਕ੍ਰਮੀ ਕੈਲੰਡਰ ਜਿਸ ਦੀਆਂ ਤਰੀਕਾਂ ਤਿਥਾਂ ਨੂੰ ਸਮਝਣਾਂ ਅਤੇ ਯਾਦ ਰੱਖਣਾ ਅਤਿ ਕਠਿਨ ਹੈ। ਇੱਥੋਂ ਤੱਕ ਪੜ੍ਹੇ ਲਿਖੇ ਵਿਦਵਾਨ ਵੀ ਇਹ ਯਾਦ ਨਹੀਂ ਰੱਖ ਸਕਦੇ ਕਿ ਚਾਲੂ ਮਹੀਨਾ ਕਿੰਨੇ ਦਿਨਾਂ ਦਾ ਹੈ ? ਜੇ 17 ਜਨਵਰੀ 2015 ਨੂੰ ਫੱਗਣ ਵਦੀ ਤਰੌਦਸੀ ਹੋਵੇ ਤਾਂ 19 ਜਨਵਰੀ ਨੂੰ ਕਿਹੜੀ ਤਿੱਥ ਹੋਵੇਗੀ? ਕਿਹੜੇ ਸਾਲ ਵਿੱਚ ਚੰਦ੍ਰਮਾ ਦੇ ਬਾਰਾਂ ਮਹੀਨਿਆਂ ਦੀ ਥਾਂ 13 ਮਹੀਨੇ ਬਣ ਜਾਣਗੇ ਅਤੇ ਕਿਹੜੇ ਸਾਲ ਵਿੱਚ ਸਿਰਫ 11 ਹੀ ਰਹਿ ਜਾਣਗੇ? ਅਤੇ ਇਸ ਵਾਧ ਘਾਟ ਦਾ ਕਾਰਣ ਕੀ ਹੈ?

ਸੋ ਸਮਝਣ ਅਤੇ ਯਾਦ ਰੱਖਣ ਵਿੱਚ ਇਤਨੇ ਗੋਰਖਧੰਦੇ ਵਾਲੇ ਬਿਕ੍ਰਮੀ ਕੈਲੰਡਰ ਨਾਲੋਂ ਨਾਨਕਾਸ਼ਾਹੀ ਕੈਲੰਡਰ ਸਮਝਣਾਂ ਅਤੇ ਯਾਦ ਰੱਖਣਾਂ ਅਤਿ ਸੁਖਾਲਾ ਹੈ ਇਸ ਲਈ ਇਸ ਦਾ ਵਿਰੋਧ ਕਰਨ ਵਾਲਿਆਂ ਦੀ ਸਮੱਸਿਆ ਬਿਲਕੁਲ ਸਮਝ ਨਹੀਂ ਆਉਂਦੀ। ਇਸ ਦਾ ਵਿਰੋਧ ਕਰਨ ਵਾਲੇ ਵੀਰਾਂ ਅੱਗੇ ਇੱਕ ਸਵਾਲ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੋਹ ਸੁਦੀ 7, 23 ਪੋਹ ਬਿਕ੍ਰਮੀ ਸੰਮਤ 1723 ਮੁਤਾਬਿਕ 22 ਦਸੰਬਰ 1666 ਨੂੰ ਹੋਇਆ ਸੀ। ਹੁਣ ਜੇ ਅਸੀਂ ਸਾਰੀ ਦੁਨੀਆਂ ਵਿੱਚ ਵਸ ਰਹੇ ਸਿੱਖਾਂ ਦੀ ਸਹੂਲਤ ਲਈ ਪੋਹ ਸੁਦੀ 7 ਦੀ ਬਜਾਏ ਨਾਨਕਸ਼ਹੀ ਕੈਲੰਡਰ ਦੇ ੨੩ ਪੋਹ ਨੂੰ ਮਨਾ ਲਈਏ ਜਿਹੜਾ ਹਮੇਸ਼ਾਂ ਹੀ ੫ ਜਨਵਰੀ ਨੂੰ ਆਇਆ ਕਰੇਗਾ ਤਾਂ ਇਸ ਨਾਲ ਗੁਰਮਤਿ ਦੇ ਕਿਹੜੇ ਸਿਧਾਂਤ ਨੂੰ ਖੋਰਾ ਲੱਗ ਜਾਵੇਗਾ? ਨਾਨਕਸ਼ਾਹੀ ਕੈਲੰਡਰ ਦਾ ਦੂਸਰਾ ਫਾਇਦਾ ਇਹ ਹੋਵੇਗਾ ਕਿ ਪੋਹ ਦੇ ਮਹੀਨੇ ਜੇ ਅੱਜ ਕੜਾਕੇ ਦੀ ਠੰਡ ਪੈ ਰਹੀ ਹੈ ਤਾਂ ਅੱਜ ਤੋਂ 13000 ਸਾਲ ਬਾਅਦ ਵੀ ਬਿਲਕੁਲ ਇਹੀ ਮੌਸਮ ਰਹੇਗਾ ਜਦੋਂ ਕਿ ਬਿਕ੍ਰਮੀ ਕੈਲੰਡਰ ਦੇ ਪੋਹ ਦੇ ਮਹੀਨੇ ਉਸ ਸਮੇਂ ਕੜਾਕੇ ਦੀ ਗਰਮੀ ਪੈਂਦੀ ਹੋਵੇਗੀ ਜਿਸ ਦਾ ਸਬੰਧ ਗੁਰਬਾਣੀ ਵਿੱਚ ਦਰਜ ਮਹੀਨਿਆਂ ਨਾਲੋਂ ਬਿਲਕੁਲ ਹੀ ਉਲਟ ਹੋਵੇਗਾ।

ਕੀ ਸਿੱਖ ਹਿੰਦੂ ਹੀ ਹਨ ?

0

ਕੀ ਸਿੱਖ ਹਿੰਦੂ ਹੀ ਹਨ ?

ਸ. ਕਿਰਪਾਲ ਸਿੰਘ ਬਠਿਡਾ-9855480797

ਜਿਸ ਸਮੇਂ ਤੋਂ ਸਿੱਖ ਧਰਮ ਹੋਂਦ ਵਿੱਚ ਆਇਆ ਹੈ ਉਸੇ ਸਮੇਂ ਤੋਂ ਕੱਟੜਵਾਦੀ ਹਿੰਦੂ ਵਿਦਵਾਨਾਂ ਵੱਲੋਂ ਸਿੱਖ ਧਰਮ ਨੂੰ ਇੱਕ ਵਿਲੱਖਣ ਤੇ ਨਿਆਰਾ ਧਰਮ ਮੰਨਣ ਦੀ ਥਾਂ ਇਸ ਨੂੰ ਹਿੰਦੂ ਧਰਮ ਦਾ ਇੱਕ ਹਿੱਸਾ ਜ਼ਬਰਦਸਤੀ ਗਰਦਾਨੇ ਜਾਣ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਸਿੱਖ ਧਰਮ ਇਨਸਾਨੀਅਤ ਦੇ ਤੌਰ ’ਤੇ ਹਿੰਦੂ, ਮੁਸਲਮਾਨ, ਈਸਾਈ, ਬੋਧੀ, ਜੈਨੀ, ਜਹੂਦੀ, ਪਾਰਸੀ ਆਦਿਕ ਸਾਰੇ ਹੀ ਧਰਮਾਂ ਦਾ ਸਤਿਕਾਰ ਕਰਦਾ ਹੈ ਅਤੇ ਸਾਰੀ ਮਨੁੱਖਤਾ ਨੂੰ ਇੱਕ ਅਕਾਲ ਪੁਰਖ ਦੀ ਅੰਸ਼ ਜਾਣ ਕੇ ਆਪਸੀ ਭਾਈਚਾਰਾ ਕਾਇਮ ਰੱਖਣ ਦਾ ਹਾਮੀ ਹੈ: ‘‘ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥’’ (611)। ਇੱਕ ਪਿਤਾ ਦੇ ਪੁੱਤਰ ਹੋਣ ਦੇ ਨਾਤੇ ਕਿਸੇ ਨਾਲ ਵੈਰ ਭਾਵਨਾ ਰੱਖਣ ਦੇ ਵਿਰੁੱਧ ਹੈ ਅਤੇ ਸਭ ਨਾਲ ਮਿੱਤਰਤਾ ਕਾਇਮ ਰੱਖਣ ਦਾ ਚਾਹਵਾਨ ਹੈ: ‘‘ਸਭੁ ਕੋ ਮੀਤੁ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ॥’’ (671) ਅਤੇ ‘‘ਨਾ ਕੋ ਬੈਰੀ ਨਹੀ ਬਿਗਾਨਾ, ਸਗਲ ਸੰਗਿ ਹਮ ਕਉ ਬਨਿ ਆਈ॥’’ (1299)। ਪਰ ਆਪਣੇ ਆਪ ਨੂੰ ਕਦਾਚਿਤ ਵੀ ਹਿੰਦੂ ਜਾਂ ਹੋਰ ਕਿਸੇ ਧਰਮ ਦਾ ਹਿੱਸਾ ਜਾਂ ਪਿਛਲੱਗ ਬਣਨ ਲਈ ਤਿਆਰ ਨਹੀਂ ਹੈ। ਇਸ ਦਾ ਕਾਰਣ ਇਹ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ 10 ਸਾਲ ਦੀ ਉਮਰ ਵਿੱਚ ਹੀ ਹਿੰਦੂ ਧਰਮ ਦੀ ਪਵਿੱਤਰ ਮੰਨੀ ਗਈ ਰਸਮ ਜਨੇਊ ਪਹਿਨਣ ਤੋਂ ਇਨਕਾਰ ਕਰਕੇ ਇਹ ਦੱਸ ਦਿੱਤਾ ਸੀ ਕਿ ਉਹ ਹਿੰਦੂ ਨਹੀਂ ਅਤੇ ਉਸ ਦਾ ਧਰਮ ਕੋਈ ਹੋਰ ਹੈ। ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਦੇ ਰਚਨਹਾਰੇ 6 ਗੁਰੂਆਂ ਸਮੇਤ ਸਾਰੇ ਹੀ ਭਗਤ ਸਾਹਿਬਾਨ ਨੇ; ਉਸ ਸਮੇਂ ਭਾਰਤ ਵਿੱਚ ਪ੍ਰਚਲਤ ਹਿੰਦੂ, ਇਸਲਾਮ, ਜੋਗ ਅਤੇ ਜੈਨ ਧਰਮ ਦੇ ਮੁੱਢਲੇ ਸਿਧਾਂਤਾਂ ਅਤੇ ਅੰਧਵਿਸ਼ਵਾਸ਼ਾਂ ’ਤੇ ਜ਼ਬਰਦਸਤ ਚੋਟ ਕਰਦੇ ਹੋਏ ਉਨ੍ਹਾਂ ਨੂੰ ਮੰਨਣ ਤੋਂ ਇਨਕਾਰੀ ਹੈ। ਬਾਕੀ ਧਰਮਾਂ ਦੇ ਮੰਨਣ ਵਾਲਿਆਂ ਨੇ ਤਾਂ ਕਦੇ ਦਾਅਵਾ ਨਹੀ ਜਤਾਇਆ ਕਿ ਸਿੱਖ ਧਰਮ ਸਾਡੇ ਹੀ ਧਰਮ ਦੀ ਸ਼ਾਖ ਹੈ ਪਰ ਹਿੰਦੂ ਜਥੇਬੰਦੀਆਂ ਤਾਂ ਗਾਹੇ ਬਗਾਹੇ ਇਹ ਕਹਿਣ ਤੋਂ ਪਿੱਛੇ ਨਹੀਂ ਹਟਦੀਆਂ ਕਿ ਸਿੱਖ; ਹਿੰਦੂ ਧਰਮ ਦਾ ਹੀ ਇੱਕ ਹਿੱਸਾ ਹੈ ਕਿਉਂਕਿ ਸਿੱਖ ਗੁਰੂ ਸਾਹਿਬਾਨ ਹਿੰਦੂਆਂ ਵਿੱਚੋਂ ਪੈਦਾ ਹੋਏ ਸਨ। ਇਸੇ ਤਰ੍ਹਾਂ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਵੇਦਾਂ ਦਾ ਸਾਰ ਦਸਦੇ ਹਨ। ਇਸ ਲਈ ਇਸ ਲੇਖ ਦਾ ਵਿਸ਼ਾ ਕੇਵਲ ਹਿੰਦੂ ਧਰਮ ਅਤੇ ਸਿੱਖ ਧਰਮ ਦਾ ਤੁਲਨਾਤਮਿਕ ਅਧਿਆਨ ਕਰਨਾ ਹੈ ਇਸ ਲਈ ਆਉ ਵੇਦਾਂ, ਸਾਸ਼ਤ੍ਰਾਂ ਸਿਮਰਤੀਆਂ ਅਤੇ ਪੁਰਾਣਾਂ ਦੀ ਸਿੱਖਿਆ ਅਨੁਸਾਰ ਹਿੰਦੂ ਧਰਮ ਦੇ ਮੁਢਲੇ ਸਿਧਾਂਤਾਂ ਸਬੰਧੀ ਗੁਰਬਾਣੀ ਦੀ ਵੀਚਾਰਧਾਰਾ ਨੂੰ ਮੇਲ ਕੇ ਵੇਖੀਏ ਕਿ ਕੀ ਗੁਰੂ ਗ੍ਰੰਥ ਸਾਹਿਬ ਜੀ ਵੇਦਾਂ ਦਾ ਸਾਰ ਹੈ ਅਤੇ ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਗੁਰੂ ਮੰਨਣ ਵਾਲੇ ਸਿੱਖ; ਹਿੰਦੂ ਹੀ ਹਨ?

(1). ਹਿੰਦੂ ਵੇਦਾਂ, ਸਿਮ੍ਰਤੀਆਂ, ਪੁਰਾਣਾਂ ਆਦਿਕ ਨੂੰ ਆਪਣੇ ਧਰਮ ਦਾ ਆਧਾਰ ਮੰਨਦੇ ਹਨ ਜਦਕਿ ਸਿੱਖ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਧਰਮ ਗ੍ਰੰਥ ਮੰਨਦੇ ਹਨ ਜਿਸ ਵਿੱਚ ਇਨ੍ਹਾਂ ਹਿੰਦੂ ਧਾਰਮਿਕ ਪੁਸਤਕਾਂ ਸਬੰਧੀ ਵੀਚਾਰ ਇਸ ਤਰ੍ਹਾਂ ਦਰਜ ਹਨ: ‘‘ਪੜੇ ਰੇ ਸਗਲ ਬੇਦ ਨਹ ਚੂਕੈ ਮਨ ਭੇਦ, ਇਕੁ ਖਿਨੁ ਨ ਧੀਰਹਿ ਮੇਰੇ ਘਰ ਕੇ ਪੰਚਾ॥’’ (687) ਹੇ ਭਾਈ! ਸਾਰੇ ਵੇਦ ਪੜ੍ਹ ਵੇਖੇ ਹਨ, (ਇਹਨਾਂ ਦੇ ਪੜ੍ਹਨ ਨਾਲ ਪਰਮਾਤਮਾ ਨਾਲੋਂ) ਮਨ ਦੀ ਵਿੱਥ ਨਹੀਂ ਮੁੱਕਦੀ, (ਵੇਦ ਆਦਿਕਾਂ ਦੇ ਪੜ੍ਹਨ ਨਾਲ) ਗਿਆਨ-ਇੰਦ੍ਰੇ ਇਕ ਛਿਨ ਭਰ ਭੀ ਸ਼ਾਂਤ ਨਹੀਂ ਹੁੰਦੇ।

‘‘ਬਹੁ ਸਾਸਤ੍ਰ ਬਹੁ ਸਿਮਿ੍ਰਤੀ ਪੇਖੇ ਸਰਬ ਢਢੋਲਿ॥ ਪੂਜਸਿ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ॥’’ (265) ਬਹੁਤ ਸ਼ਾਸਤ੍ਰ ਤੇ ਬਹੁਤ ਸਿੰਮਿ੍ਰਤੀਆਂ, ਸਾਰੇ (ਅਸਾਂ) ਖੋਜ ਕੇ ਵੇਖੇ ਹਨ; (ਇਹ ਪੁਸਤਕ ਕਈ ਤਰ੍ਹਾਂ ਦੀ ਗਿਆਨ-ਚਰਚਾ ਤੇ ਕਈ ਧਾਰਮਿਕ ਤੇ ਭਾਈਚਾਰਕ ਰਸਮਾਂ ਸਿਖਾਉਂਦੇ ਹਨ) (ਪਰ ਇਹ) ਅਕਾਲ ਪੁਰਖ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ। ਹੇ ਨਾਨਕ! (ਪ੍ਰਭੂ ਦੇ) ਨਾਮ ਦਾ ਮੁੱਲ ਨਹੀਂ ਪਾਇਆ ਜਾ ਸਕਦਾ ।

‘‘ਬੇਦ ਕੀ ਪੁਤ੍ਰੀ ਸਿੰਮਿ੍ਰਤਿ ਭਾਈ॥ ਸਾਂਕਲ ਜੇਵਰੀ ਲੈ ਹੈ ਆਈ॥’’ (329) ਹੇ ਵੀਰ! ਇਹ ਸਿੰਮਿ੍ਰਤੀ, ਜੋ ਵੇਦਾਂ ਦੇ ਆਧਾਰ ’ਤੇ ਬਣੀ ਹੈ (ਇਹ ਤਾਂ ਆਪਣੇ ਸ਼ਰਧਾਲੂਆਂ ਵਾਸਤੇ ਵਰਨ ਆਸ਼ਰਮ ਦੇ, ਮਾਨੋ) ਸੰਗਲ ਤੇ (ਕਰਮ-ਕਾਂਡ ਦੀਆਂ) ਰੱਸੀਆਂ ਲੈ ਕੇ ਆਈ ਹੋਈ ਹੈ ।

(2). ਹਿੰਦੂ ਮਤ ਵਿੱਚ ਅਵਤਾਰਾਂ ਨੂੰ ਈਸ਼ਵਰ ਮੰਨ ਕੇ ਉਪਾਸ਼ਨਾ ਕੀਤੀ ਜਾਂਦੀ ਹੈ ਪਰ ਸਿੱਖ ਧਰਮ ਅਵਤਾਰਵਾਦ ਨੂੰ ਨਹੀਂ ਮੰਨਦਾ: ‘‘ਮਹਿਮਾ ਨ ਜਾਨਹਿ ਬੇਦ॥ ਬ੍ਰਹਮੇ ਨਹੀ ਜਾਨਹਿ ਭੇਦ॥ ਅਵਤਾਰ ਨ ਜਾਨਹਿ ਅੰਤੁ॥ ਪਰਮੇਸਰੁ ਪਾਰਬ੍ਰਹਮ ਬੇਅੰਤੁ॥’’ (894) (ਹੇ ਭਾਈ! ਪ੍ਰਭੂ ਕੇਡਾ ਵੱਡਾ ਹੈ-ਇਹ ਗੱਲ (ਚਾਰੇ) ਵੇਦ (ਭੀ) ਨਹੀਂ ਜਾਣਦੇ। ਅਨੇਕਾਂ ਬ੍ਰਹਮਾ ਭੀ (ਉਸ ਦੇ) ਦਿਲ ਦੀ ਗੱਲ ਨਹੀਂ ਜਾਣਦੇ। ਸਾਰੇ ਅਵਤਾਰ ਭੀ ਉਸ (ਪਰਮਾਤਮਾ ਦੇ ਗੁਣਾਂ) ਦਾ ਅੰਤ ਨਹੀਂ ਜਾਣਦੇ। ਹੇ ਭਾਈ! ਪਾਰਬ੍ਰਹਮ ਪਰਮੇਸਰ ਬੇਅੰਤ ਹੈ।

ਸਿੱਖ ਧਰਮ ਦਾ ਉਪਦੇਸ਼ ਤਾਂ ਇਹ ਹੈ ਕਿ ਅਕਾਲ ਪੁਰਖ ਅਜੂਨੀ ਹੈ, ਉਹ ਜਨਮ ਮਰਨ ਤੋਂ ਰਹਿਤ ਹੈ ਇਸ ਲਈ ਉਪਾਸ਼ਨਾ ਕੇਵਲ ਅਕਾਲ ਪੁਰਖ ਦੀ ਹੀ ਹੋ ਸਕਦੀ ਹੈ: ‘‘ਸਗਲ ਪਰਾਧ ਦੇਹਿ ਲੋਰੋਨੀ॥ ਸੋ ਮੁਖੁ ਜਲਉ, ਜਿਤੁ ਕਹਹਿ ਠਾਕੁਰੁ ਜੋਨੀ॥’’ (1136) ਹੇ ਭਾਈ! ਤੂੰ (ਕਿ੍ਰਸ਼ਨ-ਮੂਰਤੀ ਨੂੰ) ਲੋਰੀ ਦੇਂਦਾ ਹੈਂ (ਆਪਣੇ ਵਲੋਂ ਤੂੰ ਪਰਮਾਤਮਾ ਨੂੰ ਲੋਰੀ ਦੇਂਦਾ ਹੈਂ, ਤੇਰਾ ਇਹ ਕੰਮ) ਸਾਰੇ ਅਪਰਾਧਾਂ (ਦਾ ਮੂਲ ਹੈ)। ਸੜ ਜਾਏ (ਤੇਰਾ) ਉਹ ਮੂੰਹ, ਜਿਸ ਦੀ ਰਾਹੀਂ ਤੂੰ ਆਖਦਾ ਹੈਂ ਕਿ ਮਾਲਕ-ਪ੍ਰਭੂ ਜੂਨਾਂ ਵਿਚ ਆਉਂਦਾ ਹੈ।

(3). ਹਿੰਦੂ ਧਰਮ ਵਿੱਚ ਦੇਵੀ ਦੇਵਤਿਆਂ ਨੂੰ ਵਰ ਦੇਣ ਵਾਲੇ ਮੰਨ ਕੇ ਉਨ੍ਹਾਂ ਦੀ ਉਪਾਸ਼ਨਾ ਕੀਤੀ ਜਾਂਦੀ ਹੈ ਅਤੇ ਦੇਵੀ ਦੇਵਤਿਆਂ ਦੇ ਇੰਨੇ ਭੇਦ ਕਲਪੇ ਗਏ ਹਨ ਕਿ ਕੋਈ ਵਿਦਵਾਨ ਹਿੰਦੂ ਵੀ ਪੂਰੀ-2 ਗਿਣਤੀ ਕਰਕੇ ਨਹੀਂ ਦੱਸ ਸਕਦਾ ਕਿ ਕਿੰਨੇ ਦੇਵੀ-ਦੇਵਤੇ ਹਨ; ਪ੍ਰੰਤੂ ਸਿੱਖ ਧਰਮ ਵਿੱਚ ਦੇਵੀ ਦੇਵਤਿਆਂ ਦੀ ਪੂਜਾ ਦਾ ਖੰਡਨ ਕੀਤਾ ਗਿਆ ਹੈ: ‘‘ਦੇਵੀ ਦੇਵਾ ਪੂਜੀਐ ਭਾਈ! ਕਿਆ ਮਾਗਉ ਕਿਆ ਦੇਹਿ॥ ਪਾਹਣੁ ਨੀਰਿ ਪਖਾਲੀਐ ਭਾਈ! ਜਲ ਮਹਿ ਬੂਡਹਿ ਤੇਹਿ॥’ (637) ਹੇ ਭਾਈ! ਜੇ ਦੇਵੀ ਦੇਵਤਿਆਂ ਦੀਆਂ ਪੱਥਰ ਆਦਿਕ ਦੀਆਂ ਮੂਰਤੀਆਂ ਦੀ ਪੂਜਾ ਕਰੀਏ, ਤਾਂ ਇਹ ਕੁਝ ਭੀ ਨਹੀਂ ਦੇ ਸਕਦੇ, ਮੈਂ ਇਹਨਾਂ ਪਾਸੋਂ ਕੁਝ ਭੀ ਨਹੀਂ ਮੰਗਦਾ। ਪੱਥਰ ਨੂੰ ਪਾਣੀ ਨਾਲ ਧੋਂਦੇ ਰਹੀਏ, ਤਾਂ ਭੀ ਉਹ (ਪੱਥਰ ਦੇ ਬਣਾਏ ਹੋਏ ਦੇਵੀ ਦੇਵਤੇ) ਪਾਣੀ ਵਿਚ ਡੁੱਬ ਜਾਂਦੇ ਹਨ (ਆਪਣੇ ਪੁਜਾਰੀਆਂ ਨੂੰ ਉਹ ਕਿਵੇਂ ਸੰਸਾਰ-ਸਮੁੰਦਰ ਤੋਂ ਤਾਰ ਸਕਦੇ ਹਨ ?

‘‘ਦੇਵੀ ਦੇਵਾ ਮੂਲੁ ਹੈ ਮਾਇਆ॥ ਸਿੰਮਿ੍ਰਤਿ ਸਾਸਤ ਜਿੰਨਿ ਉਪਾਇਆ॥ ਕਾਮੁ ਕ੍ਰੋਧੁ ਪਸਰਿਆ ਸੰਸਾਰੇ, ਆਇ ਜਾਇ ਦੁਖੁ ਪਾਵਣਿਆ॥’’ (129) ਇਹ ਮਾਇਆ ਹੀ (ਭਾਵ ਸੁਖਾਂ ਦੀ ਕਾਮਨਾ ਤੇ ਦੁਖਾਂ ਤੋਂ ਡਰ) ਦੇਵੀਆਂ ਦੇਵਤੇ ਰਚੇ ਜਾਣ ਦਾ ਕਾਰਨ ਹੈ, ਇਸ ਮਾਇਆ ਨੇ ਹੀ ਸਿਮਿ੍ਰਤੀਆਂ ਤੇ ਸ਼ਾਸਤ੍ਰ ਪੈਦਾ ਕਰ ਦਿੱਤੇ (ਭਾਵ, ਸੁਖਾਂ ਦੀ ਪ੍ਰਾਪਤੀ ਤੇ ਦੁੱਖਾਂ ਦੀ ਨਿਵਿਰਤੀ ਦੀ ਖ਼ਾਤਰ ਹੀ ਸਿਮਿ੍ਰਤੀਆਂ ਸ਼ਾਸਤ੍ਰਾਂ ਦੀ ਰਾਹੀਂ ਕਰਮ ਕਾਂਡ ਰਚੇ ਗਏ)। ਸਾਰੇ ਸੰਸਾਰ ਵਿਚ ਸੁਖਾਂ ਦੀ ਲਾਲਸਾ ਤੇ ਦੁਖਾਂ ਤੋਂ ਡਰ ਦਾ ਜਜ਼ਬਾ ਪਸਰ ਰਿਹਾ ਹੈ, ਜਿਸ ਕਰ ਕੇ ਜੀਵ ਜਨਮ ਮਰਨ ਦੇ ਗੇੜ ਵਿਚ ਪੈ ਕੇ ਦੁਖ ਪਾ ਰਹੇ ਹਨ।

ਭਗਤ ਨਾਮ ਦੇਵ ਜੀ ਤਾਂ ਭਵਾਨੀ ਦੇਵੀ ’ਤੇ ਵਿਅੰਗ ਕਸਦੇ ਹੋਏ ਪੁੱਛਦੇ ਹਨ: ਹੇ ਭਵਾਨੀ! ਤੂੰ ਸਭ ਦਾ ਮੁੱਢ ਅਖਵਾਉਂਦੀ ਹੈਂ, ਪਰ (ਆਪਣੇ ਭਗਤਾਂ ਨੂੰ) ਮੁਕਤੀ ਦੇਣ ਵੇਲੇ ਤੂੰ ਭੀ ਪਤਾ ਨਹੀਂ, ਕਿੱਥੇ ਲੁਕੀ ਰਹਿੰਦੀ ਹੈਂ (ਭਾਵ, ਮੁਕਤੀ ਭਵਾਨੀ ਪਾਸ ਭੀ ਨਹੀਂ ਹੈ) ‘‘ਤੂ ਕਹੀਅਤ ਹੀ ਆਦਿ ਭਵਾਨੀ॥ ਮੁਕਤਿ ਕੀ ਬਰੀਆ, ਕਹਾ ਛਪਾਨੀ॥’’ (ਪੰਨਾ 874)

(4). ਹਿੰਦੂ ਮਤ ਵਿੱਚ ਮੂਰਤੀ ਪੂਜਾ ਦਾ ਵਿਧਾਨ ਹੈ ਪਰ ਸਿੱਖ ਧਰਮ ਨੇ ਮੂਰਤੀ ਪੂਜਾ ਨੂੰ ਫੋਕਟ ਕਰਮ ਦੱਸਿਆ। ਇਸ ਪ੍ਰਥਾਇ ਗੁਰਬਾਣੀ ਦਾ ਫੈਸਲਾ ਹੈ: ‘‘ਜੋ ਪਾਥਰ ਕਉ ਕਹਤੇ ਦੇਵ॥ ਤਾ ਕੀ ਬਿਰਥਾ ਹੋਵੈ ਸੇਵ॥ ਜੋ ਪਾਥਰ ਕੀ ਪਾਂਈ ਪਾਇ॥ ਤਿਸ ਕੀ ਘਾਲ ਅਜਾਂਈ ਜਾਇ॥’’ ਜੋ ਮਨੁੱਖ ਪੱਥਰ (ਦੀ ਮੂਰਤੀ) ਨੂੰ ਰੱਬ ਆਖਦੇ ਹਨ, ਉਹਨਾਂ ਦੀ ਕੀਤੀ ਸੇਵਾ ਵਿਅਰਥ ਜਾਂਦੀ ਹੈ। ਜੋ ਮਨੁੱਖ ਪੱਥਰ (ਦੀ ਮੂਰਤੀ) ਦੇ ਪੈਰੀਂ ਪੈਂਦੇ ਹਨ, ਉਹਨਾਂ ਦੀ ਮਿਹਨਤ ਅਜਾਈਂ ਚਲੀ ਜਾਂਦੀ ਹੈ। ‘‘ਠਾਕੁਰੁ ਹਮਰਾ ਸਦ ਬੋਲੰਤਾ॥ ਸਰਬ ਜੀਆ ਕਉ ਪ੍ਰਭੁ ਦਾਨੁ ਦੇਤਾ॥ ਰਹਾਉ॥’’ ਭਾਵ ਸਾਡਾ ਠਾਕੁਰ ਸਦਾ ਬੋਲਦਾ ਹੈ, ਉਹ ਪ੍ਰਭੂ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। ‘‘ਅੰਤਰਿ ਦੇਉ ਨ ਜਾਨੈ ਅੰਧੁ॥ ਭ੍ਰਮ ਕਾ ਮੋਹਿਆ ਪਾਵੈ ਫੰਧੁ॥ ਨ ਪਾਥਰੁ ਬੋਲੈ ਨਾ ਕਿਛੁ ਦੇਇ॥ ਫੋਕਟ ਕਰਮ ਨਿਹਫਲ ਹੈ ਸੇਵ॥ 2॥’’ (1160) ਭਾਵ ਅੰਨ੍ਹਾ ਮੂਰਖ ਆਪਣੇ ਅੰਦਰ-ਵੱਸਦੇ ਰੱਬ ਨੂੰ ਨਹੀਂ ਪਛਾਣਦਾ, ਭਰਮ ਦਾ ਮਾਰਿਆ ਹੋਇਆ ਹੋਰ ਹੋਰ ਜਾਲ ਵਿਛਾਉਂਦਾ ਹੈ। ਇਹ ਪੱਥਰ ਨਾਹ ਬੋਲਦਾ ਹੈ, ਨਾਹ ਕੁਝ ਦੇ ਸਕਦਾ ਹੈ, (ਇਸ ਨੂੰ ਇਸ਼ਨਾਨ ਕਰਾਣ ’ਤੇ ਭੋਗ ਆਦਿਕ ਲਵਾਣ ਦੇ) ਸਾਰੇ ਕੰਮ ਵਿਅਰਥ ਹਨ, (ਇਸ ਦੀ ਸੇਵਾ ਵਿਚੋਂ ਕੋਈ ਫਲ ਨਹੀਂ ਮਿਲਦਾ।

‘‘ਏਕੈ ਪਾਥਰ ਕੀਜੈ ਭਾਉ॥ ਦੂਜੈ ਪਾਥਰ ਧਰੀਐ ਪਾਉ॥ ਜੇ ਓਹੁ ਦੇਉ ਤ ਓਹੁ ਭੀ ਦੇਵਾ॥ ਕਹਿ ਨਾਮਦੇਉ ਹਮ ਹਰਿ ਕੀ ਸੇਵਾ॥’’ (525) (ਕਿਆ ਅਜਬ ਗੱਲ ਹੈ ਕਿ) ਇਕ ਪੱਥਰ (ਨੂੰ ਦੇਵਤਾ ਬਣਾ ਕੇ ਉਸ) ਨਾਲ ਪਿਆਰ ਕੀਤਾ ਜਾਂਦਾ ਹੈ ਤੇ ਦੂਜੇ ਪੱਥਰਾਂ ਉੱਤੇ ਪੈਰ ਧਰਿਆ ਜਾਂਦਾ ਹੈ। ਜੇ ਉਹ ਪੱਥਰ (ਜਿਸ ਦੀ ਪੂਜਾ ਕੀਤੀ ਜਾਂਦੀ ਹੈ) ਦੇਵਤਾ ਹੈ ਤਾਂ ਦੂਜਾ ਪੱਥਰ ਭੀ ਦੇਵਤਾ ਹੈ (ਉਸ ਨੂੰ ਕਿਉਂ ਪੈਰਾਂ ਹੇਠ ਲਤਾੜੀਦਾ ਹੈ? ਪਰ) ਨਾਮਦੇਉ ਆਖਦਾ ਹੈ (ਅਸੀਂ ਕਿਸੇ ਪੱਥਰ ਨੂੰ ਦੇਵਤਾ ਥਾਪ ਕੇ ਉਸ ਦੀ ਪੂਜਾ ਕਰਨ ਨੂੰ ਤਿਆਰ ਨਹੀਂ), ਅਸੀਂ ਤਾਂ ਪਰਮਾਤਮਾ ਦੀ ਬੰਦਗੀ ਕਰਦੇ ਹਾਂ।

(6). ਹਿੰਦੂ ਮਤ ਵਿੱਚ ਗਾਯਤਰੀ ਆਦਿਕ ਦੇਵਤਿਆਂ ਦੀ ਮਹਿਮਾ ਅਤੇ ਉਸਤਤਿ ਦੇ ਮੰਤਰ ਪੜ੍ਹ ਕੇ ਸੰਧਿਆ ਕੀਤੀ ਜਾਂਦੀ ਹੈ ਅਤੇ ਤਰਪਨ ਕਰਕੇ ਦੇਵਤਾ, ਪਿੱਤਰ ਆਦਿਕਾਂ ਨੂੰ ਪਾਣੀ ਦਿੱਤਾ ਜਾਂਦਾ ਹੈ ਪਰ ਸਿੱਖ ਧਰਮ ਵਿੱਚ ਐਸੀ ਸੰਧਿਆ ਵਰਜਿਤ ਹੈ: ‘‘ਤ੍ਰੈ ਗੁਣ ਧਾਤੁ ਬਹੁ ਕਰਮ ਕਮਾਵਹਿ, ਹਰਿ ਰਸ ਸਾਦੁ ਨ ਆਇਆ॥ ਸੰਧਿਆ ਤਰਪਣੁ ਕਰਹਿ ਗਾਇਤ੍ਰੀ, ਬਿਨੁ ਬੂਝੇ ਦੁਖੁ ਪਾਇਆ॥’’ (603) ਹੇ ਭਾਈ! ਗੁਰੂ ਤੋਂ ਖੁੰਝੇ ਹੋਏ ਮਨੁੱਖ ਮਾਇਆ ਦੇ ਤਿੰਨਾਂ ਗੁਣਾਂ ਦੇ ਪ੍ਰਭਾਵ ਵਿਚ (ਮਿਥੇ ਹੋਏ ਧਾਰਮਿਕ) ਕਰਮ ਕਰਦੇ ਹਨ, ਪਰ ਉਹਨਾਂ ਨੂੰ ਪਰਮਾਤਮਾ ਦੇ ਨਾਮ ਦਾ ਸੁਆਦ ਨਹੀਂ ਆਉਂਦਾ। ਤਿੰਨੇ ਵੇਲੇ ਸੰਧਿਆ-ਪਾਠ ਕਰਦੇ ਹਨ, ਪਿਤਰਾਂ ਦੇਵਤਿਆਂ ਨੂੰ ਜਲ ਅਰਪਣ ਕਰਦੇ ਹਨ, ਗਾਇਤ੍ਰੀ-ਮੰਤ੍ਰ ਦਾ ਪਾਠ ਕਰਦੇ ਹਨ, ਪਰ ਆਤਮਕ ਜੀਵਨ ਦੀ ਸੂਝ ਤੋਂ ਬਿਨਾ ਉਹਨਾਂ ਨੂੰ ਦੁੱਖ ਹੀ ਮਿਲਦਾ ਹੈ।

ਭਗਤ ਨਾਮਦੇਵ ਜੀ ਤਾਂ ਗਾਇਤ੍ਰੀ ਦਾ ਪਾਠ ਕਰਨ ਵਾਲੇ ਪਾਂਡੇ ਨੂੰ ਵੰਗਾਰ ਕੇ ਆਖ ਰਹੇ ਹਨ: ‘‘ਪਾਂਡੇ! ਤੁਮਰੀ ਗਾਇਤ੍ਰੀ, ਲੋਧੇ ਕਾ ਖੇਤੁ ਖਾਤੀ ਥੀ॥ ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ॥’’ (874) ਹੇ ਪਾਂਡੇ! (ਪਹਿਲਾਂ ਤਾਂ ਜਿਸ ਗਾਇਤ੍ਰੀ ਦਾ ਤੂੰ ਪਾਠ ਕਰਦਾ ਹੈਂ ਉਸ ਉੱਤੇ ਤੇਰੀ ਸ਼ਰਧਾ ਨਹੀਂ ਬਣ ਸਕਦੀ, ਕਿਉਂਕਿ) ਤੇਰੀ ਗਾਇਤ੍ਰੀ (ਉਹ ਹੈ ਜਿਸ ਬਾਰੇ ਤੂੰ ਆਪ ਹੀ ਆਖਦਾ ਹੈਂ ਕਿ ਇਕ ਵਾਰੀ ਸ੍ਰਾਪ ਦੇ ਕਾਰਨ ਗਊ ਦੀ ਜੂਨ ਵਿਚ ਆ ਕੇ ਇਹ) ਇਕ ਲੋਧੇ ਜੱਟ ਦੀ ਪੈਲੀ ਖਾਣ ਜਾ ਪਈ, ਉਸ ਨੇ ਸੋਟਾ ਲੈ ਕੇ ਲੱਤ ਤੋੜ ਦਿੱਤੀ ਤਾਂ (ਵਿਚਾਰੀ) ਲੰਙਾ ਲੰਙਾ ਕੇ ਤੁਰਨ ਲੱਗੀ ॥

(7). ਹਿੰਦੂ ਮਤ ਅਨੁਸਾਰ ਸੂਤਕ ਦਾ ਭਾਵ ਹੈ ਪ੍ਰਸੂਤ (ਜਨਮ) ਸਮੇਂ ਦੀ ਅਪਵਿੱਤਰਤਾ ਜਾਂ ਅਸ਼ੁਧੀ। ਇਸੇ ਤਰ੍ਹਾਂ ਮਰਨ ਸਮੇਂ ਦੀ ਪਾਤਕ ਹੈ। ਪਰ ਸਤਿਗੁਰਾਂ ਨੇ ਇਸ ਭਰਮ ਰੂਪੀ ਭੂਤ ਤੋਂ ਸਿੱਖਾਂ ਨੂੰ ਬਚਾ ਲਿਆ ਹੈ। ਸਿੱਖ ਧਰਮ ਅਨੁਸਾਰ: ‘‘ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ॥ ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ॥ ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ॥ ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥ ਸੂਤਕੁ ਕਿਉ ਕਰਿ ਰਖੀਐ, ਸੂਤਕੁ ਪਵੈ ਰਸੋਇ॥ ਨਾਨਕ! ਸੂਤਕੁ ਏਵ ਨ ਉਤਰੈ, ਗਿਆਨੁ ਉਤਾਰੇ ਧੋਇ॥’’ ਜੇ ਸੂਤਕ ਨੂੰ ਮੰਨ ਲਈਏ (ਭਾਵ, ਜੇ ਮੰਨ ਲਈਏ ਕਿ ਸੂਤਕ ਦਾ ਭਰਮ ਰੱਖਣਾ ਚਾਹੀਦਾ ਹੈ, ਤਾਂ ਇਹ ਭੀ ਚੇਤਾ ਰੱਖੋ ਕਿ ਇਸ ਤਰ੍ਹਾਂ) ਸੂਤਕ ਸਭ ਥਾਈਂ ਹੁੰਦਾ ਹੈ; ਗੋਹੇ ਤੇ ਲਕੜੀ ਦੇ ਅੰਦਰ ਭੀ ਕੀੜੇ ਹੁੰਦੇ ਹਨ (ਭਾਵ, ਜੰਮਦੇ ਰਹਿੰਦੇ ਹਨ); ਅੰਨ ਦੇ ਜਿਤਨੇ ਭੀ ਦਾਣੇ ਹਨ, ਇਹਨਾਂ ਵਿਚੋਂ ਕੋਈ ਦਾਣਾ ਭੀ ਜੀਵ (ਜਾਨ) ਤੋਂ ਬਿਨਾ ਨਹੀਂ ਹੈ। ਪਾਣੀ ਆਪ ਭੀ ਜੀਵ ਹੈ ਕਿਉਂਕਿ ਇਸ ਨਾਲ ਹਰੇਕ ਜੀਵ ਹਰਾ (ਜਿੰਦ ਵਾਲਾ) ਹੁੰਦਾ ਹੈ। ਸੂਤਕ ਕਿਵੇਂ ਰੱਖਿਆ ਜਾ ਸਕਦਾ ਹੈ? (ਭਾਵ ਸੂਤਕ ਦਾ ਭਰਮ ਪੂਰੇ ਤੌਰ ’ਤੇ ਮੰਨਣਾ ਬੜਾ ਹੀ ਕਠਨ ਹੈ ਕਿਉਂਕਿ ਇਸ ਤਰ੍ਹਾਂ ਤਾਂ ਹਰ ਵੇਲੇ ਹੀ) ਰਸੋਈ ਵਿਚ ਸੂਤਕ ਪਿਆ ਰਹਿੰਦਾ ਹੈ। ਹੇ ਨਾਨਕ! ਇਸ ਤਰ੍ਹਾਂ (ਭਾਵ ਭਰਮਾਂ ਵਿਚ ਪਿਆਂ) ਸੂਤਕ (ਮਨ ਤੋਂ) ਨਹੀਂ ਉਤਰਦਾ, ਇਸ ਨੂੰ (ਪ੍ਰਭੂ ਦਾ) ਗਿਆਨ ਹੀ ਧੋ ਕੇ ਲਾਹ ਸਕਦਾ ਹੈ।

(8). ਹਿੰਦੂ ਧਰਮ ਅਨੁਸਾਰ ਏਕਾਦਸੀ, ਜਨਮ ਅਸ਼ਟਮੀ, ਕਰਵਾ ਚੌਥ, ਅਹੋਈ, ਨੌਰਾਤੇ ਆਦਿਕ ਅਨੇਕਾਂ ਬਰਤ ਰੱਖਣ ਦਾ ਵਿਧਾਨ ਹੈ ਪਰ ਸਿੱਖ ਧਰਮ ਵਿੱਚ ਇਨ੍ਹਾਂ ਕਰਮਾਂ ਨੂੰ ਵਰਜਿਆ ਗਿਆ ਹੈ: ‘‘ਅੰਨੁ ਨ ਖਾਹਿ ਦੇਹੀ ਦੁਖੁ ਦੀਜੈ॥ ਬਿਨੁ ਗੁਰ ਗਿਆਨ ਤਿ੍ਰਪਤਿ ਨਹੀ ਥੀਜੈ॥ ਮਨਮੁਖਿ ਜਨਮੈ ਜਨਮਿ ਮਰੀਜੈ॥’’ (905) ਜੇਹੜੇ ਬੰਦੇ ਅੰਨ ਨਹੀਂ ਖਾਂਦੇ (ਇਸ ਤਰ੍ਹਾਂ ਉਹ ਕੋਈ ਆਤਮਕ ਲਾਭ ਤਾਂ ਨਹੀਂ ਖੱਟਦੇ) ਸਰੀਰ ਨੂੰ ਹੀ ਕਸ਼ਟ ਮਿਲਦਾ ਹੈ, ਗੁਰੂ ਤੋਂ ਮਿਲੇ ਗਿਆਨ ਤੋਂ ਬਿਨਾ (ਮਾਇਆ ਵਲੋਂ ਵਿਕਾਰਾਂ ਦੀ) ਤਿ੍ਰਪਤੀ ਨਹੀਂ ਹੋ ਸਕਦੀ। ਸੋ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਵਾਰ-2 ਜੰਮਦਾ ਮਰਦਾ ਹੈ (ਉਸ ਦਾ ਇਹ ਗੇੜ ਤੁਰਿਆ ਰਹਿੰਦਾ ਹੈ)।

‘‘ਛੋਡਹਿ ਅੰਨੁ, ਕਰਹਿ ਪਾਖੰਡ॥ ਨਾ ਸੋਹਾਗਨਿ, ਨਾ ਓਹਿ ਰੰਡ॥ ਜਗ ਮਹਿ ਬਕਤੇ ਦੂਧਾਧਾਰੀ॥ ਗੁਪਤੀ ਖਾਵਹਿ ਵਟਿਕਾ ਸਾਰੀ॥’’ (873) ਜੋ ਲੋਕ ਅੰਨ ਛੱਡ ਦੇਂਦੇ ਹਨ ਤੇ (ਇਹ) ਪਾਖੰਡ ਕਰਦੇ ਹਨ, ਉਹ (ਉਹਨਾਂ ਕੁਚੱਜੀਆਂ ਜ਼ਨਾਨੀਆਂ ਵਾਂਗ ਹਨ ਜੋ) ਨਾਹ ਸੋਹਾਗਣਾਂ ਹਨ ਨਾਹ ਰੰਡੀਆਂ। (ਅੰਨ ਛੱਡਣ ਵਾਲੇ ਸਾਧੂ,) ਲੋਕਾਂ ਵਿਚ ਆਖਦੇ ਫਿਰਦੇ ਹਨ, ਅਸੀਂ ਨਿਰਾ ਦੁੱਧ ਪੀ ਕੇ ਹੀ ਨਿਰਬਾਹ ਕਰਦੇ ਹਾਂ, ਪਰ ਚੋਰੀ ਚੋਰੀ ਸਾਰੀ ਦੀ ਸਾਰੀ ਪਿੰਨੀ ਖਾਂਦੇ ਹਨ।

‘‘ਕਬੀਰ! ਹਰਿ ਕਾ ਸਿਮਰਨੁ ਛਾਡਿ ਕੈ, ਅਹੋਈ ਰਾਖੈ ਨਾਰਿ॥ ਗਦਹੀ ਹੋਇ ਕੈ ਅਉਤਰੈ, ਭਾਰੁ ਸਹੈ ਮਨ ਚਾਰਿ॥’’ (1370) ਹੇ ਕਬੀਰ! (ਮੂਰਖ) ਇਸਤ੍ਰੀ ਸੀਤਲਾ ਦਾ ਵਰਤ ਰੱਖਦੀ ਫਿਰਦੀ ਹੈ। (ਤੇ, ਜੇ ਭਲਾ ਸੀਤਲਾ ਉਸ ਨਾਲ ਬੜਾ ਹੀ ਪਿਆਰ ਕਰੇਗੀ ਤਾਂ ਉਸ ਨੂੰ ਹਰ ਵੇਲੇ ਆਪਣੇ ਪਾਸ ਰੱਖਣ ਲਈ ਆਪਣੀ ਸਵਾਰੀ ਖੋਤੀ ਬਣਾ ਲਏਗੀ) ਸੋ, ਉਹ ਮੂਰਖ ਇਸਤ੍ਰੀ ਖੋਤੀ ਦੀ ਜੂਨੇ ਪੈਂਦੀ ਹੈ ਤੇ (ਹੋਰ ਖੋਤੇ-ਖੋਤੀਆਂ ਵਾਂਗ ਛੱਟਾ ਆਦਿਕ ਦਾ) ਚਾਰ ਮਣ ਭਾਰ ਢੋਂਦੀ ਹੈ।

(10). ਹਿੰਦੂ ਮਤ ਅਨੁਸਾਰ ਮਹੂਰਤ, ਥਿਤਾਂ, ਵਾਰਾਂ, ਸ਼ਗਨ, ਅਪਸ਼ਗਨ ਆਦਿ ਨੂੰ ਬੜੀ ਮਹਾਨਤਾ ਦਿੱਤੀ ਜਾਂਦੀ। ਇਨ੍ਹਾਂ ਦਾ ਕਈ ਪ੍ਰਕਾਰ ਦਾ ਚੰਗਾ ਮੰਦਾ ਫਲ ਮੰਨਿਆ ਜਾਂਦਾ ਹੈ, ਪਰ ਸਿੱਖ ਧਰਮ ਵਿੱਚ ਇਨ੍ਹਾਂ ਭਰਮਾਂ ਦਾ ਪੂਰਨ ਤੌਰ ’ਤੇ ਤਿਆਗ ਕੀਤਾ ਗਿਆ ਹੈ: ‘‘ਸਗੁਨ ਅਪਸਗੁਨ ਤਿਸ ਕਉ ਲਗਹਿ, ਜਿਸੁ ਚੀਤਿ ਨ ਆਵੈ॥ ਤਿਸੁ ਜਮੁ ਨੇੜਿ ਨ ਆਵਈ, ਜੋ ਹਰਿ ਪ੍ਰਭਿ ਭਾਵੈ॥’’ (401) (ਹੇ ਭਾਈ! ਮੇਰੇ ਅੰਦਰ ਚੰਗੇ ਮੰਦੇ ਸਗਨਾਂ ਦਾ ਸਹਮ ਭੀ ਨਹੀਂ ਰਹਿ ਗਿਆ) ਚੰਗੇ ਮੰਦੇ ਸਗਨਾਂ ਦੇ ਸਹਮ ਉਸ ਮਨੁੱਖ ਨੂੰ ਚੰਬੜਦੇ ਹਨ ਜਿਸ ਦੇ ਚਿੱਤ ਵਿਚ ਪਰਮਾਤਮਾ ਨਹੀਂ ਵੱਸਦਾ, ਪਰ ਜੇਹੜਾ ਮਨੁੱਖ ਪ੍ਰਭੂ (ਦੀ ਯਾਦ) ਵਿਚ (ਜੁੜ ਕੇ) ਹਰਿ-ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਜਮ-ਦੂਤ ਭੀ ਉਸ ਦੇ ਨੇੜੇ ਨਹੀਂ ਢੁਕਦਾ।

‘‘ਆਪੇ ਪੂਰਾ ਕਰੇ ਸੁ ਹੋਇ॥ ਏਹਿ ਥਿਤੀ ਵਾਰ ਦੂਜਾ ਦੋਇ॥ ਸਤਿਗੁਰ ਬਾਝਹੁ ਅੰਧੁ ਗੁਬਾਰੁ॥ ਥਿਤੀ ਵਾਰ ਸੇਵਹਿ ਮੁਗਧ ਗਵਾਰ॥’’ (843) ਹੇ ਭਾਈ! ਪੂਰਨ ਪ੍ਰਭੂ ਆਪ ਹੀ (ਜੋ ਕੁਝ) ਕਰਦਾ ਹੈ ਉਹ ਹੁੰਦਾ ਹੈ (ਖ਼ਾਸ ਖ਼ਾਸ ਥਿੱਤਾਂ ਨੂੰ ਚੰਗੀਆਂ ਜਾਣ ਕੇ ਭਟਕਦੇ ਨਾਹ ਫਿਰੋ, ਸਗੋਂ) ਇਹ ਥਿੱਤਾਂ ਇਹ ਵਾਰ ਮਨਾਣੇ ਤਾਂ ਮਾਇਆ ਦਾ ਮੋਹ ਪੈਦਾ ਕਰਨ ਦਾ ਕਾਰਨ ਬਣਦੇ ਹਨ, ਮੇਰ-ਤੇਰ ਪੈਦਾ ਕਰਦੇ ਹਨ। ਗੁਰੂ ਦੀ ਸਰਨ ਆਉਣ ਤੋਂ ਬਿਨਾ ਮਨੁੱਖ (ਆਤਮਕ ਜੀਵਨ ਵਲੋਂ) ਪੂਰੇ ਤੌਰ ’ਤੇ ਅੰਨ੍ਹਾ ਹੋਇਆ ਰਹਿੰਦਾ ਹੈ, (ਗੁਰੂ ਦਾ ਆਸਰਾ-ਪਰਨਾ ਛੱਡ ਕੇ) ਮੂਰਖ ਮਨੁੱਖ ਹੀ ਥਿੱਤਾਂ ਤੇ ਵਾਰ ਮਨਾਂਦੇ ਫਿਰਦੇ ਹਨ।

(11). ਹਿੰਦੂ ਮਤ ਵਿੱਚ ਪ੍ਰੇਤ ਕਿ੍ਰਯਾ ਦੁਆਰਾ ਗਯਾ ਆਦਿਕ ਤੀਰਥਾਂ ’ਤੇ ਪਿੰਡ ਭਰਾਉਣ ਕਰਕੇ ਮਿ੍ਰਤਕ ਜੀਵ ਦੀ ਗਤੀ ਹੋਣੀ ਮੰਨੀ ਜਾਂਦੀ ਹੈ। ਪਿੱਤਰਾਂ ਨੂੰ ਤਿ੍ਰਪਤ ਕਰਨ ਲਈ ਸ੍ਰਾਧ ਕਰਾਉਣ ਦਾ ਵਿਧਾਨ ਹੈ ਪਰ ਗੁਰਮਤਿ ਵਿੱਚ ਉਪਰ ਲਿਖੇ ਭਰਮਾਂ ਵਿਰੁੱਧ ਇਹ ਉਪਦੇਸ਼ ਹੈ: ‘‘ਆਇਆ ਗਇਆ ਮੁਇਆ ਨਾਉ॥ ਪਿਛੈ ਪਤਲਿ ਸਦਿਹੁ ਕਾਵ॥ ਨਾਨਕ! ਮਨਮੁਖਿ ਅੰਧੁ ਪਿਆਰੁ॥ ਬਾਝੁ ਗੁਰੂ, ਡੁਬਾ ਸੰਸਾਰੁ॥’’ (138) ਜੀਵ ਜਗਤ ਵਿਚ ਆਇਆ ਤੇ ਤੁਰ ਗਿਆ, (ਜਗਤ ਵਿਚ ਉਸ ਦਾ) ਨਾਮ ਭੀ ਭੁੱਲ ਗਿਆ, (ਉਸ ਦੇ ਮਰਨ) ਪਿਛੋਂ ਪੱਤਰਾਂ ਉੱਤੇ (ਪਿੰਡ ਭਰਾ ਕੇ) ਕਾਂਵਾਂ ਨੂੰ ਹੀ ਸੱਦੀਦਾ ਹੈ (ਉਸ ਜੀਵ ਨੂੰ ਕੁਝ ਨਹੀਂ ਅੱਪੜਦਾ)। ਹੇ ਨਾਨਕ! ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ (ਜਗਤ ਨਾਲ) ਪਿਆਰ ਅੰਨ੍ਹਿਆਂ ਵਾਲਾ ਪਿਆਰ ਹੈ, ਗੁਰੂ (ਦੀ ਸਰਣ ਆਉਣ) ਤੋਂ ਬਿਨਾ ਜਗਤ (ਇਸ ‘ਅੰਧ ਪਿਆਰ’ ਵਿਚ) ਡੁੱਬ ਰਿਹਾ ਹੈ।

‘‘ਜੇ ਮੋਹਾਕਾ ਘਰੁ ਮੁਹੈ, ਘਰੁ ਮੁਹਿ ਪਿਤਰੀ ਦੇਇ॥ ਅਗੈ ਵਸਤੁ ਸਿਞਾਣੀਐ, ਪਿਤਰੀ ਚੋਰ ਕਰੇਇ॥ ਵਢੀਅਹਿ ਹਥ ਦਲਾਲ ਕੇ, ਮੁਸਫੀ ਏਹ ਕਰੇਇ॥ ਨਾਨਕ! ਅਗੈ ਸੋ ਮਿਲੈ, ਜਿ ਖਟੇ ਘਾਲੇ ਦੇਇ॥’’ (472) ਜੇ ਕੋਈ ਠੱਗ ਪਰਾਇਆ ਘਰ ਠੱਗੇ, ਪਰਾਏ ਘਰ ਨੂੰ ਠੱਗ ਕੇ (ਉਹ ਪਦਾਰਥ) ਆਪਣੇ ਪਿਤਰਾਂ ਦੇ ਨਮਿਤ ਦੇਵੇ, ਤਾਂ (ਜੇ ਸੱਚ-ਮੁੱਚ ਪਿਛਲਿਆਂ ਦਾ ਦਿੱਤਾ ਅੱਪੜਦਾ ਹੀ ਹੈ ਤਾਂ) ਪ੍ਰਲੋਕ ਵਿਚ ਉਹ ਪਦਾਰਥ ਸਿਞਾਣਿਆ ਜਾਂਦਾ ਹੈ। ਇਸ ਤਰ੍ਹਾਂ ਉਹ ਮਨੁੱਖ ਆਪਣੇ ਪਿਤਰਾਂ ਨੂੰ (ਭੀ) ਚੋਰ ਬਣਾਂਦਾ ਹੈ (ਕਿਉਂਕਿ ਉਹਨਾਂ ਪਾਸੋਂ ਚੋਰੀ ਦਾ ਮਾਲ ਨਿਕਲ ਆਉਂਦਾ ਹੈ)। (ਅਗੋਂ) ਪ੍ਰਭੂ ਇਹ ਨਿਆਂ ਕਰਦਾ ਹੈ ਕਿ (ਇਹ ਚੋਰੀ ਦਾ ਮਾਲ ਅਪੜਾਣ ਵਾਲੇ ਬ੍ਰਾਹਮਣ) ਦਲਾਲ ਦੇ ਹੱਥ ਵੱਢੇ ਜਾਂਦੇ ਹਨ। ਹੇ ਨਾਨਕ! (ਕਿਸੇ ਦਾ ਅਪੜਾਇਆ ਹੋਇਆ ਅੱਗੇ ਕੀਹ ਮਿਲਣਾ ਹੈ?) ਅਗਾਂਹ ਤਾਂ ਮਨੁੱਖ ਨੂੰ ਉਹੀ ਕੁਝ ਮਿਲਦਾ ਹੈ ਜੋ ਖੱਟਦਾ ਹੈ, ਕਮਾਂਦਾ ਹੈ ਤੇ (ਹੱਥੀਂ) ਦੇਂਦਾ ਹੈ।

‘‘ਜੀਵਤ ਪਿਤਰ ਨ ਮਾਨੈ ਕੋਊ, ਮੂਏਂ ਸਿਰਾਧ ਕਰਾਹੀ॥ ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ, ਕਊਆ ਕੂਕਰ ਖਾਹੀ॥’’ (332) ਲੋਕ ਜੀਊਂਦੇ ਮਾਪਿਆਂ ਦਾ ਤਾਂ ਆਦਰ ਮਾਣ ਨਹੀਂ ਕਰਦੇ, ਪਰ ਮਰ ਗਏ ਪਿਤਰਾਂ ਨਿਮਿਤ ਭੋਜਨ ਖੁਆਉਂਦੇ ਹਨ। ਵਿਚਾਰੇ ਪਿਤਰ ਭਲਾ ਉਹ ਸਰਾਧਾਂ ਦਾ ਭੋਜਨ ਕਿਵੇਂ ਹਾਸਲ ਕਰਨ? ਉਸ ਭੋਜਨ ਨੂੰ ਤਾਂ ਕਾਂ-ਕੁੱਤੇ ਹੀ ਖਾ ਜਾਂਦੇ ਹਨ।

ਸਿੱਖ ਧਰਮ ਵਿੱਚ ਤੀਰਥਾਂ ’ਤੇ ਜਾ ਕੇ ਇਸ਼ਨਾਨ ਕਰਨ ਦੀ ਕੋਈ ਮਹਾਨਤ ਨਹੀਂ ਦਰਸਾਈ ਗਈ ਹੈ: ‘‘ਤੀਰਥ ਨਾਇ ਨ ਉਤਰਸਿ ਮੈਲੁ॥ ਕਰਮ ਧਰਮ ਸਭਿ ਹਉਮੈ ਫੈਲੁ॥ ਲੋਕ ਪਚਾਰੈ ਗਤਿ ਨਹੀ ਹੋਇ॥ ਨਾਮ ਬਿਹੂਣੇ ਚਲਸਹਿ ਰੋਇ॥’’ (890) (ਹੇ ਭਾਈ! ਮਾਇਆ ਦੇ ਮੋਹ ਦੀ ਇਹ) ਮੈਲ; ਤੀਰਥਾਂ ਉੱਤੇ ਇਸ਼ਨਾਨ ਕਰ ਕੇ ਨਹੀਂ ਉਤਰੇਗੀ। (ਤੀਰਥ-ਇਸ਼ਨਾਨ ਆਦਿਕ ਇਹ) ਸਾਰੇ (ਮਿਥੇ ਹੋਏ) ਧਾਰਮਿਕ ਕੰਮ ਹਉਮੈ ਦਾ ਖਿਲਾਰਾ ਹੀ ਹੈ। (ਤੀਰਥ-ਇਸ਼ਨਾਨ ਆਦਿਕ ਕਰਮਾਂ ਦੀ ਰਾਹੀਂ ਆਪਣੇ ਧਾਰਮਿਕ ਹੋਣ ਬਾਰੇ) ਲੋਕਾਂ ਦੀ ਤਸੱਲੀ ਕਰਾਇਆਂ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ। ਪਰਮਾਤਮਾ ਦੇ ਨਾਮ ਤੋਂ ਸੱਖਣੇ ਸਭ ਜੀਵ (ਇੱਥੋਂ) ਰੋ ਰੋ ਕੇ ਹੀ ਜਾਣਗੇ।

‘‘ਮਨਿ ਮੈਲੈ ਸਭੁ ਕਿਛੁ ਮੈਲਾ, ਤਨਿ ਧੋਤੈ ਮਨੁ ਹਛਾ ਨ ਹੋਇ॥’’ (558) ਜੇ ਮਨੁੱਖ ਦਾ ਮਨ (ਵਿਕਾਰਾਂ ਨਾਲ) ਮੈਲਾ ਹੈ ਤਾਂ ਸਭ ਕੁਝ ਮੈਲਾ ਹੈ ਅਤੇ ਇਸ਼ਨਾਨ ਕਰਾਣ ਨਾਲ ਮਨ ਪਵਿਤ੍ਰ ਨਹੀਂ ਹੋ ਸਕਦਾ। ‘‘ਜਲ ਕੈ ਮਜਨਿ ਜੇ ਗਤਿ ਹੋਵੈ, ਨਿਤ ਨਿਤ ਮੇਂਡੁਕ ਨਾਵਹਿ॥ ਜੈਸੇ ਮੇਂਡੁਕ ਤੈਸੇ ਓਇ ਨਰ, ਫਿਰਿ ਫਿਰਿ ਜੋਨੀ ਆਵਹਿ॥’’ (484) ਪਾਣੀ ਵਿਚ ਚੁੱਭੀ ਲਾਇਆਂ ਜੇ ਮੁਕਤੀ ਮਿਲ ਸਕਦੀ ਹੋਵੇ ਤਾਂ ਡੱਡੂ ਸਦਾ ਹੀ ਨ੍ਹਾਉਂਦੇ ਰਹਿੰਦੇ ਹਨ। ਜਿਵੇਂ ਉਹ ਡੱਡੂ ਹਨ ਤਿਵੇਂ ਉਹ ਮਨੁੱਖ ਸਮਝੋ; (ਪਰ ਨਾਮ ਤੋਂ ਬਿਨਾ ਉਹ) ਸਦਾ ਜੂਨਾਂ ਵਿਚ ਪਏ ਰਹਿੰਦੇ ਹਨ।

(12). ਹਿੰਦੂ ਮਤ ਵਿੱਚ ਮੰਤਰ, ਯੰਤਰ, ਗ੍ਰਹਿ ਪੂਜਾ ਆਦਿਕ ਕਰਮਾਂ ਤੋਂ ਅਨੇਕਾਂ ਪ੍ਰਕਾਰ ਦੇ ਕਾਰਜ ਸਿੱਧ ਹੋਣੇ ਮੰਨੇ ਗਏ ਹਨ। ਗੁਰਮਤਿ ਵਿੱਚ ਇਹ ਪਾਖੰਡ ਜਾਲ ਨਿਸਫਲ ਕਥਨ ਕੀਤਾ ਗਿਆ ਹੈ: ‘‘ਤੰਤੁ ਮੰਤੁ ਪਾਖੰਡੁ ਨ ਜਾਣਾ, ਰਾਮੁ ਰਿਦੈ ਮਨੁ ਮਾਨਿਆ॥’ (766) (ਪਰਮਾਤਮਾ ਦਾ ਪਿਆਰ ਪ੍ਰਾਪਤ ਕਰਨ ਲਈ) ਮੈਂ ਕੋਈ ਜਾਦੂ-ਟੂਣਾ ਕੋਈ ਮੰਤ੍ਰ ਆਦਿਕ ਪਾਖੰਡ ਕਰਨਾ ਨਹੀਂ ਜਾਣਦਾ। ਮੈਂ ਤਾਂ ਕੇਵਲ ਉਸ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਇਆ ਹੈ, ਮੇਰਾ ਮਨ ਉਸ ਦੀ ਯਾਦ ਵਿਚ ਗਿੱਝ ਗਿਆ ਹੈ।

(13). ਹਿੰਦੂ ਮਤ ਵਿੱਚ ਯੱਗ ਅਤੇ ਹਵਨ ਦੀ ਅਪਾਰ ਮਹਿਮਾ ਕਥਨ ਕੀਤੀ ਗਈ ਹੈ ਅਤੇ ਯੱਗ, ਹਵਨਾਂ ਦੁਆਰਾ ਕਾਰਜਾਂ ਦੀ ਸਿੱਧੀ ਹੋਣੀ ਮੰਨੀ ਗਈ ਹੈ, ਪਰ ਸਿੱਖ ਧਰਮ ਵਿੱਚ ਯੱਗ ਅਤੇ ਹਵਨਾਂ ਦੀ ਕੋਈ ਮਹਾਨਤਾ ਨਹੀਂ ਮੰਨੀ ਗਈ: ‘‘ਹੋਮ ਜਗ ਸਭਿ ਤੀਰਥਾ, ਪੜ੍ਹਿ ਪੰਡਿਤ ਥਕੇ ਪੁਰਾਣ॥ ਬਿਖੁ ਮਾਇਆ ਮੋਹੁ ਨ ਮਿਟਈ, ਵਿਚਿ ਹਉਮੈ ਆਵਣੁ ਜਾਣੁ॥’’ (1417) ਪੰਡਿਤ ਲੋਕ ਹਵਨ, ਜੱਗ, ਸਾਰੇ ਤੀਰਥ-ਇਸ਼ਨਾਨ ਆਦਿ ਕਰ ਕੇ ਪੁਰਾਣ (ਆਦਿਕ ਧਰਮ-ਪੁਸਤਕ ਵੀ) ਪੜ੍ਹ ਕੇ ਥੱਕ ਜਾਂਦੇ ਹਨ, (ਪਰ, ਫਿਰ ਭੀ) ਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਰ ਦਾ ਮੋਹ (ਉਹਨਾਂ ਦੇ ਅੰਦਰੋਂ) ਮਿਟਦਾ ਨਹੀਂ, ਹਉਮੈ ਵਿਚ (ਫਸੇ ਰਹਿਣ ਦੇ ਕਾਰਨ ਉਹਨਾਂ ਦਾ) ਜਨਮ ਮਰਨ (ਦਾ ਗੇੜ ਬਣਿਆ ਰਹਿੰਦਾ ਹੈ)।

(14). ਹਿੰਦੂ ਧਰਮ ਵਿੱਚ ਮੱਥੇ ਅਤੇ ਸਰੀਰ ’ਤੇ ਕਈ ਤਰ੍ਹਾਂ ਦੇ ਤਿਲਕ ਲਗਾਉਣ; ਗੱਲ ਵਿੱਚ ਮਾਲਾ ਪਾਉਣ ਤੇ ਹੱਥ ਵਿੱਚ ਫੜ ਕੇ ਮਾਲਾ ਫੇਰਨ ਨੂੰ ਧਰਮ ਦੇ ਵੱਡੇ ਚਿੰਨ੍ਹ ਮੰਨਿਆ ਗਿਆ ਹੈ ਪਰ ਸਿੱਖ ਧਰਮ ਵਿੱਚ ਇਨ੍ਹਾਂ ਦੀ ਕੋਈ ਮਹਾਨਤਾ ਨਹੀਂ ਹੈ: ‘‘ਮਾਥੇ ਤਿਲਕੁ ਹਥਿ ਮਾਲਾ ਬਾਨਾਂ॥ ਲੋਗਨ ਰਾਮੁ ਖਿਲਉਨਾ ਜਾਨਾਂ॥’’ (1158) (ਲੋਕ) ਮੱਥੇ ਉੱਤੇ ਤਿਲਕ ਲਾ ਲੈਂਦੇ ਹਨ, ਹੱਥ ਵਿਚ ਮਾਲਾ ਫੜ ਲੈਂਦੇ ਹਨ, ਧਾਰਮਿਕ ਪਹਿਰਾਵਾ ਬਣਾ ਲੈਂਦੇ ਹਨ, (ਤੇ ਸਮਝਦੇ ਹਨ ਕਿ ਪਰਮਾਤਮਾ ਦੇ ਭਗਤ ਬਣ ਗਏ ਹਾਂ) ਲੋਕਾਂ ਨੇ ਪਰਮਾਤਮਾ ਨੂੰ ਖਿਡੌਣਾ (ਭਾਵ, ਅੰਞਾਣਾ ਬਾਲ) ਸਮਝ ਲਿਆ ਹੈ (ਕਿ ਇਹਨੀਂ ਗਲੀਂ ਉਸ ਨੂੰ ਪਰਚਾਇਆ ਜਾ ਸਕਦਾ ਹੈ)।

(15). ਮੰਨੂੰ ਸਿਮ੍ਰਤੀ ਅਨੁਸਾਰ ਹਿੰਦੂ ਮਤ ਦੀਆਂ ਜੜ੍ਹਾਂ ਹੀ ਵਰਣ ਵੰਡ ਅਤੇ ਜਾਤ ਪਾਤ ਦੇ ਅਧਾਰ ’ਤੇ ਖੜ੍ਹੀਆਂ ਹਨ। ਹਰ ਵਰਣ ਦੇ ਵੱਖ ਵੱਖ ਧਰਮ ਨਿਸਚਤ ਕੀਤੇ ਗਏ ਹਨ। ਸੂਦ੍ਰ ਨੂੰ ਵੇਦ ਪੜ੍ਹਨ, ਸੁਣਨ ਅਤੇ ਧਾਰਮਿਕ ਕਰਮ ਕਰਨ ਦੀ ਪੂਰੀ ਤਰ੍ਹਾਂ ਮਨਾਹੀ ਹੈ। ਹਿੰਦੂ ਮਤ ਦੀਆਂ ਧਾਰਮਿਕ ਪੁਸਤਕਾਂ ਵਿੱਚ ਲਿਖਿਆ ਹੈ: ‘ਜੇ ਸੂਦ੍ਰ ਜਪ ਹੋਮ ਕਰੇ ਤਾਂ ਰਾਜਾ ਉਸ ਨੂੰ ਮਰਵਾ ਦੇਵੇ।’ ਸ਼੍ਰੀ ਰਾਮ ਚੰਦਰ ਜੀ ਨੇ ਸ਼ੰਬੂਕ ਰਿਸ਼ੀ ਨੂੰ ਇਸੇ ਕਾਰਨ ਮਰਵਾ ਦਿੱਤਾ ਸੀ ਕਿਉਂਕਿ ਉਹ ਸੁਰਗ ਦੀ ਇੱਛਾ ਕਰਕੇ ਬਨ ਵਿੱਚ ਤਪ ਕਰ ਰਿਹਾ ਸੀ। (ਵੇਖੋ ਬਾਲਮੀਕ ਰਾਮਾਇਣ, ਉੱਤਰ ਕਾਂਡ-76) ਪਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਾਤ ਪਾਤ ਵਿਰੁੱਧ ਜੋਰਦਾਰ ਢੰਗ ਨਾਲ ਅਵਾਜ਼ ਉਠਾਈ ਗਈ ਹੈ: ‘‘ਜਾਣਹੁ ਜੋਤਿ ਨ ਪੂਛਹੁ ਜਾਤੀ, ਆਗੈ ਜਾਤਿ ਨ ਹੇ॥’’ (349) ਹੇ ਭਾਈ! ਸਭਨਾ ਵਿੱਚ ਇੱਕ ਪ੍ਰਭੂ ਦੀ ਜੋਤ ਜਾਣ ਕੇ ਕਿਸੇ ਦੀ ਜਾਤਿ ਨਾ ਪੁੱਛੋ (ਕਿਉਂਕਿ) ਅੱਗੇ (ਪ੍ਰਲੋਕ ਵਿੱਚ) ਕਿਸੇ ਦੀ ਜਾਤਿ ਨਾਲ ਨਹੀਂ ਜਾਂਦੀ।

‘‘ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ॥ ਰਹਾਉ॥’’ ਹੇ ਮੂਰਖ! ਹੇ ਗੰਵਾਰ! (ਉੱਚੀ) ਜਾਤਿ ਦਾ ਮਾਣ ਨਾਹ ਕਰ। ਇਸ ਮਾਣ-ਅਹੰਕਾਰ ਤੋਂ (ਭਾਈਚਾਰਕ ਜੀਵਨ ਵਿਚ) ਕਈ ਵਿਗਾੜ ਚੱਲ ਪੈਂਦੇ ਹਨ।

‘‘ਮਾਟੀ ਏਕ ਸਗਲ ਸੰਸਾਰਾ॥ ਬਹੁ ਬਿਧਿ ਭਾਂਡੇ ਘੜੈ ਕੁਮ੍ਹਾਰਾ॥’’ (1128) ਹੇ ਭਾਈ! (ਜਿਵੇਂ ਕੋਈ) ਘੁਮਿਆਰ ਇਕੋ ਮਿੱਟੀ ਤੋਂ ਕਈ ਕਿਸਮਾਂ ਦੇ ਭਾਂਡੇ ਘੜ ਲੈਂਦਾ ਹੈ, (ਤਿਵੇਂ) ਇਹ ਸਾਰਾ ਸੰਸਾਰ ਹੈ (ਪਰਮਾਤਮਾ ਨੇ ਆਪਣੀ ਹੀ ਜੋਤਿ ਤੋਂ ਬਣਾਇਆ ਹੋਇਆ)।

ਕਬੀਰ ਸਾਹਿਬ ਜੀ ਨੇ ਜਾਤ ਅਭਿਮਾਨੀ ਬ੍ਰਾਹਮਣ ਨੂੰ ਤਕੜੀ ਵੰਗਾਰ ਪਾਉਂਦਿਆ ਕਿਹਾ: ‘‘ਕਹੁ ਰੇ ਪੰਡਿਤ! ਬਾਮਨ ਕਬ ਕੇ ਹੋਏ॥ ਬਾਮਨ ਕਹਿ ਕਹਿ, ਜਨਮੁ ਮਤ ਖੋਏ॥ ਰਹਾਉ॥’’ ਦੱਸ, ਹੇ ਪੰਡਿਤ! ਤੁਸੀਂ ਬ੍ਰਾਹਮਣ ਕਦੋਂ ਦੇ ਬਣ ਗਏ ਹੋ? ਇਹ ਆਖ ਆਖ ਕੇ ਕਿ ਮੈਂ ਬ੍ਰਾਹਮਣ ਹਾਂ, ਮੈਂ ਬ੍ਰਾਹਮਣ ਹਾਂ, ਮਨੁੱਖਾ ਜਨਮ (ਅਹੰਕਾਰ ਵਿਚ ਅਜਾਈਂ) ਨਾਹ ਗਵਾਓ। ‘‘ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ॥ ਤਉ ਆਨ ਬਾਟ ਕਾਹੇ ਨਹੀ ਆਇਆ॥’’ ਜੇ (ਹੇ ਪੰਡਿਤ!) ਤੂੰ (ਸੱਚ-ਮੁੱਚ) ਬ੍ਰਾਹਮਣ ਹੈਂ ਤੇ ਬ੍ਰਾਹਮਣੀ ਦੇ ਪੇਟੋਂ ਜੰਮਿਆ ਹੈਂ, ਤਾਂ ਕਿਸੇ ਹੋਰ ਰਾਹੇ ਕਿਉਂ ਨਹੀਂ ਜੰਮ ਪਿਆ? ‘‘ਤੁਮ ਕਤ ਬ੍ਰਾਹਮਣ ਹਮ ਕਤ ਸੂਦ॥ ਹਮ ਕਤ ਲੋਹੂ ਤੁਮ ਕਤ ਦੂਧ॥’’ (ਹੇ ਪੰਡਿਤ!) ਤੁਸੀਂ ਕਿਵੇਂ ਬ੍ਰਾਹਮਣ (ਬਣ ਗਏ ਤੇ) ਅਸੀਂ ਕਿਵੇਂ ਸ਼ੂਦਰ (ਰਹਿ ਗਏ)? ਅਸਾਡੇ ਸਰੀਰ ਵਿਚ ਕਿਵੇਂ (ਨਿਰਾ) ਲਹੂ ਹੀ ਹੈ? ਤੁਹਾਡੇ ਸਰੀਰ ਵਿਚ ਕਿਵੇਂ (ਲਹੂ ਦੀ ਥਾਂ) ਦੁੱਧ ਹੈ? ‘‘ਕਹੁ ਕਬੀਰ ਜੋ ਬ੍ਰਹਮੁ ਬੀਚਾਰੈ॥ ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ॥’’ (ਪੰਨਾ 324) ਕਬੀਰ ਆਖਦਾ ਹੈ- ਅਸੀਂ ਤਾਂ ਉਸ ਮਨੁੱਖ ਨੂੰ ਬ੍ਰਾਹਮਣ ਸੱਦਦੇ ਹਾਂ ਜੋ ਪਰਮਾਤਮਾ (ਬ੍ਰਹਮ) ਨੂੰ ਸਿਮਰਦਾ ਹੈ।

ਸੋ, ਉਕਤ ਸਾਰੇ ਸਿਧਾਂਤਾਂ ਨੂੰ ਮੁੱਖ ਰੱਖ ਕੇ ਗੁਰੂ ਅਰਜੁਨ ਸਾਹਿਬ ਜੀ ਨੇ ਸਪਸ਼ਟ ਫੈਸਲਾ ਦੇ ਦਿੱਤਾ: ‘‘ਨਾ ਹਮ ਹਿੰਦੂ ਨ ਮੁਸਲਮਾਨ॥ ਅਲਹ ਰਾਮ ਕੇ ਪਿੰਡੁ ਪਰਾਨ॥’’ (1136) ਹੇ ਭਾਈ! (ਆਤਮਕ ਜੀਵਨ ਦੀ ਅਗਵਾਈ ਵਾਸਤੇ) ਨਾਹ ਅਸੀਂ ਹਿੰਦੂ ਹਾਂ, ਨਾਹ ਅਸੀਂ ਮੁਸਲਮਾਨ ਹਾਂ। ਸਾਡੇ ਇਹ ਸਰੀਰ ਸਾਡੀ ਇਹ ਜਿੰਦ (ਉਸ ਪਰਮਾਤਮਾ) ਦੇ ਦਿੱਤੇ ਹੋਏ ਹਨ (ਜਿਸ ਨੂੰ ਮੁਸਲਮਾਨ) ਅੱਲਾ (ਆਖਦਾ ਹੈ ਤੇ ਜਿਸ ਨੂੰ ਹਿੰਦੂ) ਰਾਮ (ਆਖਦਾ ਹੈ)।

ਭਗਤ ਨਾਮ ਦੇਵ ਜੀ ਨੇ ਸਖ਼ਤ ਸ਼ਬਦ ਵਰਤਦਿਆਂ ਲਿਖ ਦਿੱਤਾ: ‘ਹਿੰਦੂ ਅੰਨ੍ਹਾ ਤੁਰਕੂ ਕਾਣਾ॥ ਦੁਹਾਂ ਤੇ ਗਿਆਨੀ ਸਿਆਣਾ॥ ਹਿੰਦੂ ਪੂਜੈ ਦੇਹੁਰਾ, ਮੁਸਲਮਾਣੁ ਮਸੀਤਿ॥ ਨਾਮੇ ਸੋਈ ਸੇਵਿਆ, ਜਹ ਦੇਹੁਰਾ ਨ ਮਸੀਤਿ॥’’ (875) ਹਿੰਦੂ ਦੋਵੇਂ ਅੱਖਾਂ (ਇਕ ਅੱਖ ਆਪਣੇ ਇਸ਼ਟ ਬਾਰੇ ਸ਼ਰਧਾ-ਹੀਣ ਕਹਾਣੀਆਂ ਘੜਨ ਕਾਰਨ ਤੇ ਦੂਜੀ ਪਰਮਾਤਮਾ ਨੂੰ ਨਿਰਾ ਮੰਦਰ ਵਿਚ ਬੈਠਾ ਸਮਝ ਕੇ)) ਗਵਾ ਬੈਠਾ ਹੈ, ਪਰ ਮੁਸਲਮਾਨ ਦੀ ਆਪਣੇ ਹਜਰਤ ਮਹੰਮਦ ਜੀ ’ਤੇ ਸ਼ਰਧਾ ਹੋਣ ਕਾਰਨ ਇੱਕ ਅੱਖ ਬਚ ਗਈ (ਤੇ ਦੂਜੀ ਅੱਖ ਰੱਬ ਨੂੰ ਨਿਰਾ ਮਸਜਿਦ ਵਿਚ ਜਾਣ ਕੇ ਗਵਾ ਲਈ)। ਪਰ ਮੈਂ ਨਾਮਦੇਵ ਉਸ ਪਰਮਾਤਮਾ ਦਾ ਸਿਮਰਨ ਕਰਦਾ ਹਾਂ ਜਿਸ ਦਾ ਨਾਹ ਕੋਈ ਖ਼ਾਸ ਮੰਦਰ ਹੈ ਤੇ ਨਾ ਮਸਜਿਦ ।

ਇਸ ਦੇ ਬਾਵਜੂਦ ਵੀ ਜੇ ਕੋਈ ਮਨੁੱਖ ਸਿੱਖਾਂ ਨੂੰ ਹਿੰਦੂ ਕਹਿਣ ਦੀ ਜ਼ਿਦ ਕਰਦਾ ਹੈ ਤਾਂ ਸਮਝੋ ਉਸ ਦੇ ਕੱਟੜਵਾਦ ਦੀਆਂ ਐਨਕਾਂ ਚੜ੍ਹੀਆਂ ਹੋਈਆਂ ਹਨ ਅਤੇ ਧਰਮ ਨਿਰਪੱਖ ਭਾਰਤ ਵਿੱਚ ਵੱਸ ਰਹੀਆਂ ਘੱਟ ਗਿਣਤੀਆਂ ਨੂੰ ਉਸੇ ਤਰ੍ਹਾਂ ਹਿੰਦੂ ਧਰਮ ਵਿੱਚ ਜ਼ਜ਼ਬ ਕਰਨਾ ਚਾਹੁੰਦਾ ਹੈ ਜਿਸ ਤਰ੍ਹਾਂ ਔਰੰਗਜ਼ੇਬ; ਸਾਰੀ ਲੁਕਾਈ ਨੂੰ ਮੁਸਲਮਾਨ ਬਣਾਉਣ ’ਤੇ ਤੁਲਿਆ ਹੋਇਆ ਸੀ। ਅਜੇਹੀ ਸੋਚ ਵਾਲਿਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਿਸ ਧਰਮ ਦੇ ਰਹਿਬਰ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਨੇ ਹਿੰਦੂ ਧਰਮ ਅਤੇ ਇਸ ਦੇ ਧਾਰਮਿਕ ਚਿੰਨ੍ਹ ਤਿਲਕ ਜੰਝੂ ਵਿੱਚ ਯਕੀਨ ਨਾ ਹੋਣ ਦੇ ਬਾਵਜੂਦ ਵੀ ਹਿੰਦੂਆਂ ਲਈ ਧਾਰਮਿਕ ਆਜ਼ਾਦੀ ਹਾਸਲ ਕਰਨ ਲਈ ਆਪ ਸੀਸ ਵਾਰਿਆ ਹੋਵੇ ਉਸ ਦੇ ਸਿੱਖ ਕਦੀ ਵੀ ਆਪਣੀ ਧਾਰਮਿਕ ਅਜ਼ਾਦੀ ਖ਼ਤਮ ਕਰਕੇ ਬਹੁ ਗਿਣਤੀ ਦੇ ਰਾਜ ਵਿੱਚ ਆਪਣੇ ਆਪ ਨੂੰ ਹਿੰਦੂ ਹੋਣਾ ਪ੍ਰਵਾਨ ਨਹੀਂ ਕਰਨਗੇ। ਕਿਸੇ ਮਨੁੱਖ ਦੇ ਧਰਮ ਦੀ ਪਰਖ ਉਸ ਦੁਆਰਾ ਅਪਣਾਏ ਗਏ ਅਸੂਲਾਂ ਤੋਂ ਹੁੰਦੀ ਹੈ ਨਾ ਕਿ ਉਸ ਦਾ ਜਨਮ ਕਿਸ ਘਰ ਵਿੱਚ ਹੋਇਆ ਸੀ ਇਸ ਤੋਂ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਹਮਣੇ ਚੁਣੌਤੀਆਂ ਅਤੇ ਉਡੀਕ ਰਹੇ ਨਵੇਂ ਕਾਰਜ

0

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਹਮਣੇ ਚੁਣੌਤੀਆਂ ਅਤੇ ਉਡੀਕ ਰਹੇ ਨਵੇਂ ਕਾਰਜ

ਪਹਿਲੀ ਵਾਰ, 15 ਨਵੰਬਰ 1920 ਨੂੰ 175 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਈ। ਸ. ਸੁੰਦਰ ਸਿੰਘ ਮਜੀਠੀਆ ਇਸ ਦੇ ਪਹਿਲੇ ਪ੍ਰਧਾਨ ਥਾਪੇ ਗਏ। 1925 ’ਚ ਪਾਸ ਹੋਏ ਸਿੱਖ ਗੁਰਦੁਆਰਾ ਐਕਟ ਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਨੂੰਨੀ ਵੈਧਤਾ ਤੇ ਮਾਣਤਾ ਪ੍ਰਾਪਤ ਹੋਈ ਤੇ ਚੋਣ ਵਿਧੀ ਆਦਿ ਨਿਸ਼ਚਿਤ ਕੀਤੀ ਗਈ। ਹੁਣ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗਿਆਰਾਂ ਵਾਰ ਚੋਣ ਹੋ ਚੁੱਕੀ ਹੈ। ਬਾਰਵੀਂ ਵਾਰ ਚੋਣ 11 ਜੁਲਾਈ 2004 ਨੂੰ ਹੋਈ ਸੀ ਵੈਸੇ ਚੋਣ ਪੰਜ ਸਾਲਾਂ ਬਾਅਦ ਹੋਣੀ ਨਿਸ਼ਚਿਤ ਕੀਤੀ ਗਈ ਹੈ ਪਰ ਪੰਜ ਸਾਲ ਸਮਾਂ-ਸੀਮਾ ਦੀ ਹਮੇਸ਼ਾਂ ਹੀ ਉਲੰਘਣਾ ਹੁੰਦੀ ਰਹਿੰਦੀ ਹੈ। 1965 ਤੋਂ ਬਾਅਦ ਚੋਣਾ 1979 ’ਚ (14 ਸਾਲ ਬਾਅਦ) ਅਤੇ 1979 ਤੋਂ ਬਾਅਦ ਚੋਣਾ 1996 (17 ਸਾਲ ਬਾਅਦ) ਹੋਈ ਸੀ। ਅਗਲੀ ਚੋਣ ਅਕਤੂਬਰ 2001 ’ਚ ਹੋਣੀ ਚਾਹੀਦੀ ਸੀ ਪਰ ਨਹੀਂ। 1966 ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਕੇਂਦਰ ਸਰਕਾਰ ਦੇ ਗਿ੍ਰਹ ਵਿਭਾਗ ਨੇ ਆਪਣੇ ਜ਼ਿੰਮੇ ਲਈ ਸੀ। ਇਸ ਵਾਰ ਕੇਂਦਰ ਗਿ੍ਰਹ ਵਿਭਾਗ ਨੇ 8 ਲੱਖ ਤੋਂ ਵੱਧ ਸਹਿਜਧਾਰੀ ਸਿੱਖਾਂ ਪਾਸੋਂ ਵੋਟ ਦਾ ਅਧਿਕਾਰ ਖੋਹ ਲਿਆ। ਹਾਲਾਂਕਿ ਪੰਜਾਬ ਦੇ ਪਿੰਡਾਂ ’ਚ ਕੇਸਧਾਰੀ, ਦਾਹੜੀਧਾਰੀ ਟਾਵਾਂ-ਟਾਵਾਂ ਹੀ ਕੋਈ ਸਿੱਖ ਨੌਜਵਾਨ ਮਿਲੇ। ਸਭ ਘੋਨਮੋਨ ਦਸਤਾਰਹੀਣੇ ਹਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 170 ਮੈਂਬਰ, 120 ਚੋਣ ਹਲਕਿਆਂ ਵਿੱਚੋਂ ਚੁਣੇ ਜਾਂਦੇ ਹਨ। 50 ਚੋਣ ਹਲਕੇ 2-2 ਮੈਂਬਰਾਂ ਵਾਲੇ ਹਨ। 25% ਸੀਟਾਂ ਅਨੁਸੂਚਿਤ ਸਿੱਖ ਜ਼ਾਤੀਆਂ ਲਈ ਅਤੇ 25 ਸੀਟਾਂ ਇਸਤ੍ਰੀਆਂ ਲਈ ਰਾਖਵੀਆਂ ਹਨ। 170 ਮੈਂਬਰਾਂ ’ਚੋਂਂ 15 ਮੈਂਬਰ ਨਾਮਜ਼ਦ ਹੁੰਦੇ ਹਨ। ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਨਾਮਜ਼ਦ ਮੈਂਬਰ, ਕਲਾਕਾਰ, ਅਧਿਆਪਕ, ਗੀਤਕਾਰ, ਚਰਿੱਤਰਵਾਨ, ਸਾਫ-ਸੁਥਰੀ ਸਿੱਖ ਸੂਰਤ ਵਾਲੇ ਸੱਜਣ, ਲਏ ਜਾਣ। ਕਮੇਟੀ ਦਾ ਪ੍ਰਧਾਨ ਦੋ ਸਾਲਾਂ ਲਈ ਵੱਧ ਤੋਂ ਵੱਧ ਦੋ ਟਰਮਾਂ ਲਈ ਚੁਣਿਆ ਜਾਣਾ ਚਾਹੀਦਾ ਹੈ।

ਪਿਛਲੇ ਸਾਲਾਂ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮ ਕਾਰ, ਕਾਰ ਵਿਹਾਰ , ਮਿਆਰ ਤੇ ਇਸ ਦੇ ਮਾੜੇ ਪ੍ਰਮਾਣਾਂ ਕਰਕੇ, ਕਮੇਟੀ ਦੀ ਮੀਡੀਆ ’ਚ ਕਾਫੀ ਆਲੋਚਨਾ ਹੁੰਦੀ ਰਹੀ ਹੈ। ਗੁਰਦੁਆਰਿਆਂ ਦੇ ਪ੍ਰਬੰਧ ਸੁਧਾਰ, ਗੁਰਬਾਣੀ ਦਾ ਸੰਚਾਰ, ਵਿਗਿਆਨਕ ਲੀਹਾਂ ਉੱਤੇ ਸਿੱਖ ਮੱਤ ਦਾ ਪ੍ਰਚਾਰ ਤੇ ਪ੍ਰਸਾਰ, ਨਸ਼ੇ ਰਹਿਤ, ਜ਼ਾਤਪਾਤ ਰਹਿਤ, ਉਦਾਰਵਾਦੀ, ਆਸ਼ਾਵਾਦੀ, ਭਵਿੱਖਵਾਦੀ, ਤਾਰਕਿਕ, ਗੁਣਵਾਨ, ਗਿਆਨਵਾਨ, ਉੱਚੀਆਂ ਇਖਲਾਕੀ ਤੇ ਸਦਾਚਾਰਕ ਕੀਮਤਾਂ ਕਦਰਾਂ ਵਾਲੇ ਖਾਲਸ ਮਨੁੱਖ ਐਸ. ਜੀ. ਪੀ. ਸੀ. ਦੇ ਮੁੱਖ ਉਦੇਸ਼ ਹਨ ਪਰ ਜਿਉਂ ਜਿਉਂ ਨਵੇਂ ਗੁਰਦੁਆਰੇ ਉਸਰਦੇ ਗਏ, ਪੁਰਾਣੇ ਗੁਰਦੁਆਰੇ ਹੋਰ ਵਿਸ਼ਾਲ ਤੇ ਆਲੀਸ਼ਾਨ ਬਣ ਗਏ ਪਰ ਅਫ਼ਸੋਸ ਸ਼ਬਦ ਗੁਰੂ ਤੋਂ ਦੂਰੀ ਵੱਧਦੀ ਗਈ। ਨਿਰੋਲ ਗੁਰਦੁਆਰਿਆਂ ਦੀ ਚੜ੍ਹਾਵਾ ਆਮਦਨ ਉੱਤੇ ਪਲਣ ਵਾਲੇ ਪੁਜਾਰੀਆਂ ਦੀ ਭੀੜ ਵੱਧਦੀ ਗਈ। ‘‘ਸਬਦੁ ਗੁਰੂ, ਸੁਰਤਿ ਧੁਨਿ ਚੇਲਾ॥’’ (ਮ:੧/੯੪੩) ਦੀ ਆਵਾਜ਼ ਗੁੰਮ ਹੁੰਦੀ ਗਈ। ਅਮਰ ਗੁਰਬਾਣੀ-ਸੱਚ ਅਮਲ ਤੋਂ ਦੂਰ ਹੁੰਦਾ ਗਿਆ। ਗੁਰੂ ਅਮਰਦਾਸ ਜੀ ਫ਼ੁਰਮਾਉਂਦੇ ਹਨ ‘‘ਇਕਾ ਬਾਣੀ; ਇਕੁ ਗੁਰੁ, ਇਕੋ ਸਬਦੁ ਵੀਚਾਰਿ॥’’ (ਮ:੩/੬੪੬) ਪਰ ਥਾਂ ਥਾਂ ਦੇਹਧਾਰੀ ਅਖੌਤੀ ਗੁਰੂਆਂ, ਸਾਧਾਂ ਦੇ ਡੇਰੇ ਉਸਰਦੇ ਗਏ। ਮੱਠ, ਮੜੀ ਮਸਾਣੀ, ਭੂਤ, ਭੰਡਾਰੇ, ਅਖਾੜੇ, ਜਗਰਾਤੇ, ਸਮਾਧਾਂ. ਰੱਖਾਂ, ਭਜਨ ਮੰਡਲੀਆਂ, ਕਰਮਕਾਂਡਾਂ, ਕੁੰਭ ਇਸਨਾਨਾਂ, ਪਾਪ-ਪੁੰਨ, ਜੰਤਰ-ਮੰਤਰ, ਜਾਦੂ-ਟੂਣੇ, ਰਿੱਧੀਆਂ-ਸਿੱਧੀਆਂ, ਆਸਣ, ਸਮਾਧੀਆਂ, ਵਰਤ ਵਿਖਾਵੇ, ਰਸਮੀ ਸੰਜਮਾਂ ਆਦਿ ਦਾ ਬੋਲਬਾਲਾ ਹੁੰਦਾ ਗਿਆ। ਬਿਨਾ ਸੰਗਤ ਸਰੋਤਿਆਂ ਤੋਂ ਅਖੰਡ ਪਾਠਾਂ ਦੀਆਂ ਲੜੀਆਂ ਮਹੀਨਿਆਂ ਬੱਧੀ ਚਲਦੀਆਂ, ਵਧਦੀਆਂ ਗਈਆਂ। ਕੀਤੇ ਕਰਾਏ ਅਖੰਡ ਪਾਠ ਵਿਕਦੇ ਗਏ, ਵਿਕ ਰਹੇ ਹਨ। ਬ੍ਰਹਮਣਵਾਦੀ ਜੜ੍ਹ ਰਹੁਰੀਤਾਂ ਭਾਰੂ ਹੁੰਦੀਆਂ ਜਾ ਰਹੀਆਂ ਹਨ। 1920 ਤੋਂ ਪਹਿਲਾਂ ਵਾਲੇ ਖਤਰੇ ਫਿਰ ਨੇੜੇ ਆ ਰਹੇ ਹਨ। ਨਸ਼ਿਆਂ ਨੇ ਪੰਜਾਬ ਦੇ ਪਿੰਡਾਂ ਦੇ ਨੋਜਵਾਨਾਂ ਨੂੰ ਨਿਚੋੜ ਲਿਆ ਹੈ। ਸਿੱਖ ਸਾਬੁਤ ਸੂਰਤ ਕਿਧਰੇ ਨਜ਼ਰ ਨਹੀਂ ਆ ਰਹੇ ਹਨ। ਪਿੰਡਾਂ ’ਚ ਸਰਕਾਰੀ ਸਕੂਲ ਪੜ੍ਹਾਈ ਲਗਭਗ ਖ਼ਤਮ ਹੀ ਹੋ ਚੁੱਕੀ ਹੈ। ਬੇਰੋਜ਼ਗਾਰ ਪਤਿਤ ਕਾਂਗੜੀ ਪੇਂਡੂ ਨੌਜਵਾਨ, ਨਸ਼ਿਆਂ ਦੀ ਥੁੜ ਵਿੱਚ, ਕੰਧਾਂ ਨੂੰ ਟੱਕਰਾਂ ਮਾਰਦੇ ਫਿਰਦੇ ਹਨ। ਕ੍ਰੋੜਾਂ ਰੁਪਏ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਬਣਦਾ ਸੀ ਕਿ ਇਨ੍ਹਾਂ ਨੌਜਵਾਨਾਂ ਪ੍ਰਤੀ ਚਿੰਤਤ ਹੁੰਦੀ। ਜਿਹੜਾ ਵਿਅਕਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ 40 ਸਾਲ ਤੱਕ ਕਾਬਜ਼ ਰਿਹਾ ਹੋਵੇ, ਇਸ ਨਿਰਾਸ਼ਾਜਨਕ ਸਥਿਤੀ ਲਈ ਉਸ ਨੂੰ ਜ਼ਿੰਮੇਵਾਰੀ ਤੋਂ ਕੁਤਾਹੀ ਲਈ, ਮਾਫ ਨਹੀਂ ਕੀਤਾ ਜਾ ਸਕਦਾ। ਕਮੇਟੀ ਦੀ ਪ੍ਰਧਾਨਗੀ ਲਈ ਸਮਾ ਨਿਸ਼ਚਿਤ ਹੋਵੇ। ਵੱਧ ਤੋਂ ਵੱਧ 4 ਸਾਲ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੂਰਨ ਰੂਪ ’ਚ ਸਿਆਸੀਕਰਨ ਤੇ ਬਾਅਦ ਵਿੱਚ ਇੱਕ ਕਦਮ ਹੋਰ ਵਧ ਕੇ ਨਿੱਜੀ ਕਰਨ ਹੋ ਗਿਆ ਹੈ। ਨਿਸ਼ਚਾ, ਭਰੋਸਾ ਤੇ ਵਫਾਦਾਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਹੋਣ ਦੀ ਬਜਾਏ ਇੱਕ ਆਗੂ ਤੱਕ ਸੀਮਤ ਹੋ ਗਈ ਹੈ। ਇੱਕ ਬਹਾਦਰ ਕੌਮ ਦੀ ਨੁਮਾਇੰਦਾ ਕਮੇਟੀ ਦੀ ਪ੍ਰਧਾਨਗੀ, ਸੋਚ ਸਮਝ, ਸੇਵਾ, ਕਿਰਦਾਰ, ਕੌਮ ਤੇ ਗੁਰਬਾਣੀ ਪ੍ਰਤੀ ਵਚਨਬੱਧਤਾ, ਤਰਕਮਈ ਬਹਿਸ ਤੋਂ ਬਿਨਾ ਹੀ, ਐਨ ਮੌਕੇ ’ਤੇ ਬੰਦ ਲਿਫਾਫੇ ’ਚੋਂ ਨਿਕਲਣ ਲੱਗੀ। ਇੱਕ ਮਹੀਨੇ ਤੋਂ ਬਾਅਦ, ਦਿੱਲੀ ਦੇ ਮੈਂਬਰ, ਅੰਮਿ੍ਰਤਸਰ ਪਹੁੰਚੇ ਤੇ ਉਨ੍ਹਾਂ ਨੇ ਲਿਫਾਫੇ ਨੂੰ ਵੋਟਾਂ ਪਾ ਦਿੱਤੀਆਂ। ਨਿਸ਼ਚਿਤ ਕੀਤਾ ਜਾਵੇ, ਚਾਹੀਦਾ ਹੈ ਕਿ ਗੁਰਦੁਆਰਿਆਂ ਨੂੰ ਸੱਤਾ ਦੀ ਰਸਾਕਸ਼ੀ ਲਈ ਨਾ ਵਰਤਿਆ ਜਾਵੇ। ਗੁਰਦੁਆਰੇ ਸਾਰਿਆਂ ਦੇ ਸਾਂਝੇ ਇਬਾਦਤਘਰ ਹਨ।

ਨਿਘਾਰ ਜਾਰੀ ਰਿਹਾ। ਗੁਰਦੁਆਰਿਆਂ ਅੰਦਰਲਾ ਭਿ੍ਰਸ਼ਟਾਚਾਰ ਹੌਲੀ ਹੌਲੀ ਮੀਡੀਆ ਰਾਹੀਂ ਬਾਹਰ ਆਉਣ ਲੱਗਾ। ਕੜਾਹ ਪ੍ਰਸ਼ਾਦ ਘਪਲਾ, ਸਿਰੋਪਾਓ ਲਈ ਕੱਪੜਾ ਘੁਟਾਲਾ, ਲੰਗਰ ਰਸਦ ਖਰੀਦਣ ’ਚ ਗੜਬੜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਦੋਂ ਦੇ ਸੀਨੀਅਰ ਮੀਤ ਪ੍ਰਧਾਨ ਮਰਹੂਮ ਬਲਬੀਰ ਸਿੰਘ ਪੰਨੂੰ ਦੀ 16 ਫਰਵਰੀ 2001 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਡੀ ਟਾਟਾ ਸੂੰਮੋ ਦਾ ਬਰੇਲੀ (ਯੂ.ਪੀ.) ਨੇੜੇ ਹੋਏ ਹਾਦਸੇ ’ਚ ਮੌਤ ਤੇ ਗੱਡੀ ਵਿੱਚ ਸ਼ਰਾਬ ਦੀਆਂ 3 ਬੋਤਲਾਂ ਖ਼ਾਲੀ, 4 ਭਰੀਆਂ ਅਤੇ ਇੱਕ ਬੇ-ਪਛਾਣ ਔਰਤ ਦੀ ਲਾਸ਼ ਮਿਲੀ ਸੀ। 6 ਨਵੰਬਰ 2002 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 10 ਮੈਂਬਰਾਂ ਵਿਰੁੱਧ ਝੂਠੇ ਟੀ.ਏ., ਡੀ.ਏ. ਬਿੱਲ ਵਸੂਲਣ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਸ਼੍ਰੋਮਣੀ ਕਮੇਟੀ ’ਚ ਨੌਕਰੀਆਂ ਦੇਣ ਦੇ ਦੋਸ਼ ਲੱਗੇ ਸਨ। ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਧੂ ਸਿੰਘ ਰਾਗੀ ਨੂੰ 20-4-2004 ਨੂੰ ਭੁੱਕੀ ਤਸਕਰੀ ਕੇਸ ਬਠਿਡਾ ਵਿਖੇ, 10 ਸਾਲ ਦੀ ਕੈਦ ਦੀ ਸਜ਼ਾ ਅਤੇ ਇੱਕ ਲੱਖ ਰੁਪਏ ਜੁਰਮਾਨਾ ਹੋਇਆ। ਇੱਕ ਹੋਰ ਕਮੇਟੀ ਦੇ ਉਪ-ਪ੍ਰਧਾਨ ਕੇਵਲ ਸਿੰਘ ਬਾਦਲ ਨੂੰ ਪਿਆਰਾ ਸਿੰਘ ਭਨਿਆਰਾ ਵਾਲਾ ਦਾ ਪੈਰੋਕਾਰ ਹੋਣ ਕਰਕੇ ਤਨਖਾਹ ਭੁਗਤਣੀ ਪਈ। ਕੇਵਲ ਸਿੰਘ ਬਾਦਲ ’ਤੇ ਦਾਹੜੀ ਰੰੰਗਣ ਦਾ ਦੋਸ਼ ਵੀ ਲੱਗਾ। ਇੱਕ ਪ੍ਰਵਾਸੀ ਰਸਾਲੇ ਨੇ ਆਪਣੇ ਪੱਤ੍ਰਕਾਰਾਂ ਦੀ ਟੀਮ ਤੋਂ ਸਰਵੇਖਣ ਕਰਵਾ ਕੇ ਆਪਣੇ 21-6-2004 ਦੇ ਅੰਕ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਚਰਿੱਤਰ ਬਾਰੇ ਅੰਕੜੇ ਛਾਪੇ ਸਨ। ਸਰਵੇਖਣ ਅਨੁਸਾਰ 55 ਕਮੇਟੀ ਮੈਂਬਰ ਆਪ ਸ਼ਰਾਬ ਦਾ ਸੇਵਨ ਕਰਦੇ ਸਨ. 79% ਮੈਂਬਰ ਭਿ੍ਰਸ਼ਟਾਚਾਰ ਲਿਪਤ ਸਨ, 80% ਕਮੇਟੀ ਮੈਂਬਰ; ਕਮੇਟੀ-ਧਨ ਦੀ ਦੁਰਵਰਤੋ ਕਰਦੇ ਸਨ, 53% ਕਮੇਟੀ ਮੈਂਬਰਾਂ ਦੇ ਬੱਚੇ ਪਤਿਤ ਸਨ। 18-6-2004 ਨੂੰ ਦੋ ਜਿਲਿਆਂ ਦੇ ਰੀਟਰਨਿੰਗ ਅਫ਼ਸਰਾਂ ਨੇ ਕਾਰਜਕਾਰੀ ਪ੍ਰਧਾਨ ਅਲਵਿੰਦਰਪਾਲ ਸਿੰਘ ਪੱਖੋਕੇ, ਸੇਵਾ ਸਿੰਘ ਸੇਖਵਾਂ, ਸੁੱਚਾ ਸਿੰਘ ਲੰਗਾਹ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲ ਕਰਮਵਾਰ 56 ਲੱਖ ਰੁਪਏ, 13 ਲੱਖ 20 ਹਜ਼ਾਰ, ਤੇ 12 ਲੱਖ 30 ਹਜ਼ਾਰ ਰੁਪਏ ਬਕਾਇਆ ਹੋਣ ਕਾਰਨ ਪੇਪਰ ਰੱਦ ਕਰ ਦਿੱਤੇ ਗਏ ਤੇ ਉਹ ਕਮੇਟੀ ਚੋਣ ਤੋਂ ਬਾਹਰ ਹੋ ਗਏ ਸਨ।

ਲੋੜ ਹੈ, ਗ਼ਲਤੀ ਕਰਨ ਵਾਲੇ, ਗੁਰਦੁਆਰਾ ਗੋਲਕ ਦੀ ਦੁਰਵਰਤੋ ਕਰਨ ਵਾਲੇ, ਨਸ਼ੇ ਕਰਨ ਵਾਲੇ, ਨਿੱਜ ਪ੍ਰਸਤ ਜਾਂ ਪਰਿਵਾਰ ਪ੍ਰਸਤ ਕਮੇਟੀ ਮੈਂਬਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ, ਮੈਂਬਰਸ਼ਿਪ ਖ਼ਤਮ ਕਰ ਦੇਣ ਤੱਕ ਦੀ ਵਿਵਸਥਾ ਲਾਗੂ ਕਰਨ ਦੀ। ਵਿਆਜ ਸਮੇਤ ਗਬਨ ਦੀ ਰਾਸ਼ੀ ਵਸੂਲ ਕਰਨ ਦਾ ਕਾਨੂੰਨ ਪ੍ਰਬੰਧ ਹੋਵੇ। ਕਮੇਟੀ ਮੈਂਬਰਾਂ ਲਈ ਚੋਣ ਨਾਮਜ਼ਦਗੀ ਪੱਤਰ ਭਰਨ ਸਮੇਂ ਹਰ ਉਮੀਦਵਾਰ ਹਲਫਨਾਮਾ ਦਾਇਰ ਕਰੇ ਕਿ ਉਹ ਅਤੇ ਉਸ ਦਾ ਪਰਿਵਾਰ ਸ਼ਰਾਬ ਸਮੇਤ ਕੋਈ ਵੀ ਨਸ਼ਾ ਨਹੀਂ ਕਰੇਗਾ। ਆਪਣੀ ਅਤੇ ਅਧੀਨ ਪਰਿਵਾਰ ਸੰਪਤੀ ਬਾਰੇ ਵੇਰਵਾ ਦੇਵੇ, ਉਹ ਕਿਸੇ ਡੇਰੇਦਾਰ, ਸਾਧਾਂ, ਤਾਂਤਰਿਕਾਂ ਦੇ ਚਰਨੀਂ ਸਿਰ ਨਹੀਂ ਨਿਵਾਏਗਾ, ਉਹ ਹੱਕ ਦੀ ਕਮਾਈ ਖਾਏਗਾ, ਦਸਵੰਧ ਕੱਢ ਕੇ ਲੋਕ ਭਲਾਈ ਦੇ ਕੰਮਾਂ ’ਚ ਲਗਾਵੇਗਾ, ਉਹ ਜਾਗਿ੍ਰਤੀ, ਸਾਖਰਤਾ ਤੇ ਨਸ਼ੇ ਰੋਕ ਲਹਿਰ ਚਲਾਵੇਗਾ। ਉਹ ਉੱਚੇ, ਝੂਠੇ, ਕੌੜੇ, ਫਿਰਕੂ ਅਤੇ ਮੰਦੇ ਸ਼ਬਦਾਂ ਦੀ ਵਰਤੋ ਨਹੀਂ ਕਰੇਗਾ।

ਕੁਝ ਬਹੁਤ ਵੱਡੇ ਅੰਮਿ੍ਰਤਧਾਰੀ ਸਿੱਖ ਆਗੂ ਬਹੁਤ ਮਾੜੀ ਤੇ ਅਸੱਭਿਅਕ ਭਾਸ਼ਾ ਵਰਤਦੇ ਹਨ। 12-6-2004 ’ਚ ਹੀ ਚੰਡੀਗੜ੍ਹ ਵਿਖੇ ਪਾਣੀਆਂ ਬਾਰੇ, ਸਰਵ ਪਾਰਟੀ ਮੀਟਿੰਗ ਵਿੱਚ ਲਾੳੂਡ ਸਪੀਕਰ ਰਾਹੀਂ ਦੋ ਆਗੂਆਂ ਦੀਆਂ ਗੰਦੀਆਂ ਗਾਲ੍ਹਾਂ ਦੂਰ ਖੜ੍ਹੇ ਅਖ਼ਬਾਰਾਂ, ਟੀ.ਵੀ. ਵਾਲਿਆਂ ਨੇ ਸੁਣੀਆਂ ਤੇ ਕੰਨਾਂ ’ਚ ਉਂਗਲੀਆਂ ਦੇ ਲਈਆਂ। ਗੁਰੂ ਨਾਨਕ ਦੇਵ ਜੀ ਆਸਾ ਕੀ ਵਾਰ ਰਾਹੀਂ ਫ਼ੁਰਮਾ ਰਹੇ ਹਨ ‘‘ਨਾਨਕ! ਫਿਕੈ ਬੋਲਿਐ, ਤਨੁ ਮਨੁ ਫਿਕਾ ਹੋਇ॥ ਫਿਕੋ ਫਿਕਾ ਸਦੀਐ, ਫਿਕੇ ਫਿਕੀ ਸੋਇ॥ ਫਿਕਾ ਦਰਗਹ ਸਟੀਐ, ਮੁਹਿ ਥੁਕਾ ਫਿਕੇ ਪਾਇ॥ ਫਿਕਾ ਮੂਰਖੁ ਆਖੀਐ, ਪਾਣਾ ਲਹੈ ਸਜਾਇ॥ (ਮ: ੧, ੪੭੩)

ਸ਼੍ਰੋਮਣੀ ਕਮੇਟੀ ਦੀ ਚੋਣ ਹਰ ਪੰਜ ਸਾਲਾਂ ਬਾਅਦ ਹੋਣੀ ਲਾਜ਼ਮੀ ਕਰਨ ਲਈ ਕਾਨੂੰਨ ਸੋਧ ਹੋਣੀ ਚਾਹੀਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜ ਖੇਤਰ ’ਚ ਗੁਰਦੁਆਰਿਆਂ ਦਾ ਭਿ੍ਰਸ਼ਟਾਚਾਰ ਰਹਿਤ, ਨਿਪੁੰਨ ਅਤੇ ਕੁਸ਼ਲ ਪ੍ਰਬੰਧ ਦਰਜ ਹੈ। ਬਿਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਵਾਨਗੀ ਦੇ ਜਗ੍ਹਾ ਜਗ੍ਹਾ ਨਵੇਂ ਗੁਰਦੁਆਰੇ ਉਸਾਰੇ ਜਾ ਰਹੇ ਹਨ। ਕਿਸੇ ਨਾ ਕਿਸੇ ਗੁਰੂ ਸਾਹਿਬ ਦੀ ਆਮਦ ਨਾਲ, ਕਈ ਗੁਰਦੁਆਰੇ, ਬਿਨਾ ਕਿਸੇ ਠੋਸ ਪ੍ਰਮਾਣ ਤੋਂ, ਜੋੜੇ ਜਾ ਰਹੇ ਹਨ। ਅਕਾਲ ਤਖ਼ਤ ਸਾਹਿਬ ਤੋਂ 9-12-2002 ਨੂੰ ਇਕ ਮਤਾ ਪਾਸ ਕੀਤਾ ਗਿਆ ਸੀ ਕਿ ਕੋਈ ਵੀ ਨਵਾਂ ਗੁਰਦੁਆਰਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਵਾਨਗੀ ਤੋਂ ਬਿਨਾ ਨਹੀਂ ਉਸਾਰਿਆ ਜਾਵੇਗਾ। ਇਸ ਮਤੇ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਜ਼ਰੂਰਤ ਹੈ।

ਗੁਰਦੁਆਰਿਆਂ ’ਚ ਹੋ ਰਿਹਾ ਬੇ-ਲੋੜਾ, ਬੇ-ਵਕਤਾ ਤੇ ਬੇ- ਵਜਾ ਸ਼ੋਰ, ਸਖ਼ਤੀ ਨਾਲ ਰੋਕਿਆ ਜਾਣਾ ਚਾਹੀਦਾ ਹੈ। ਸ਼ੋਰ; ਸਿਹਤ, ਸੁਹਜ, ਸੀਰਤ (ਸੁਭਾਵ), ਸ਼ਿਸ਼ਟਾਚਾਰ, ਸੰਗੀਤ ਤੇ ਸਿਮਰਨ ਦਾ ਦੁਸ਼ਮਣ ਹੈ। ਸ਼ੋਰ ਪ੍ਰਦੂਸ਼ਣ ਵਿਰੁਧ 1981 ਦਾ ਕੇਂਦਰੀ ਏਅਰ ਐਕਟ ਵੀ ਲਾਗੂ ਹੋਣਾ ਚਾਹੀਦਾ ਹੈ। ਗੁਰਦੁਆਰਿਆਂ ਵਿਚਲੇ ਸ਼ੋਰ ਵਿਰੁੱਧ ਅਕਾਲ ਤਖ਼ਤ ਸਾਹਿਬ ਤੋਂ 24-10-2000 ਨੂੰ ਇਕ ਮਤਾ ਪਾਸ ਕੀਤਾ ਗਿਆ ਸੀ, ਜਿਸ ਰਾਹੀਂ ਹਦਾਇਤ ਕੀਤੀ ਗਈ ਸੀ ਕਿ ਗੁਰਦੁਆਰਿਆਂ ਦੇ ਸਪੀਕਰਾਂ ਦੀ ਆਵਾਜ਼ ਗੁਰਦੁਆਰਿਆਂ ਦੀ ਚਾਰ ਦੁਆਰੀ ਤੋਂ ਬਾਹਰ ਨਹੀਂ ਜਾਣੀ ਚਾਹੀਦੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਪ੍ਰਬੰਧ ਹੇਠ ਚੱਲ ਰਹੇ ਸਾਰੇ ਹੀ ਗੁਰਦੁਆਰਿਆਂ ਸਮੇਤ ਤਮਾਮ ਹੋਰ ਗੁਰਦੁਆਰਿਆਂ ’ਚ ਵੀ ਇਹ ਮਤਾ ਸਖ਼ਤੀ ਨਾਲ ਲਾਗੂ ਕਰੇ ਜਾਂ ਸਰਕਾਰ ਤੋਂ ਲਾਗੂ ਕਰਵਾਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 29-1-2004 ਨੂੰ ਅਨੰਦਪੁਰ ਸਾਹਿਬ ਵਿਖੇ ਹੋਈ ਕਮੇਟੀ ਦੀ ਮੀਟਿੰਗ ’ਚ ਟੀ. ਵੀ. ’ਤੇ ਲੱਚਰ ਪੌਪ ਤੇ ਅਸ਼ਲੀਲ ਪ੍ਰੋਗਰਾਮ, ਜਿਹੜੇ ਪੰਜਾਬੀ ਤੇ ਸਿੱਖ ਸਭਿਆਚਾਰ ਨੂੰ ਵੱਡਾ ਖ਼ਤਰਾ ਪੇਸ਼ ਕਰ ਰਹੇ ਹਨ, ਵਿਰੁੱਧ ਮਤਾ ਪਾਸ ਕੀਤਾ ਸੀ ਪਰ ਇਸ ਬਹੁਤ ਜ਼ਰੂਰੀ ਅਤੇ ਲੋੜੀਂਦੇ ਮਤੇ ਨੂੰ ਲਾਗੂ ਕਰਵਾਉਣ ਲਈ ਹਾਲੀ ਤੱਕ ਕੋਈ ਅਮਲੀ ਕਾਰਵਾਈ ਨਹੀਂ ਕੀਤੀ ਗਈ ਜਦਕਿ ਪੰਜਾਬ ’ਚ ਸਰਕਾਰ ਵੀ ਇਨ੍ਹਾਂ ਦੀ ਹੀ ਮੌਜੂਦ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਬੜੇ ਵੱਡੇ ਆਰਥਿਕ ਸਾਧਨ ਹਨ। ਅਰਬਾਂ ਦਾ ਸਾਲਾਨਾ ਬਜਟ ਹੈ, ਜੋ ਹਰ ਸਾਲ ਵਧਦਾ ਜਾਂਦਾ ਹੈ ਜਿਵੇਂ ਸੰਨ 2002-3 ਦਾ ਕਮੇਟੀ ਦਾ ਸਾਲਾਨਾ ਬਜਟ 190 ਕ੍ਰੋੜ 66 ਲੱਖ ਰੁਪਏ ਸੀ, 2003-4 ਦਾ ਬਜਟ 206 ਕ੍ਰੋੜ ਤੋਂ ਵੱਧ, 2004-5 ਦਾ ਸਾਲਾਨਾ ਬਜਟ 224.53 ਕ੍ਰੋੜ, 2006-7 ਦਾ 286.35 ਕ੍ਰੋੜ, 2007-8 ਦਾ ਸਾਲਾਨਾ ਬਜਟ 330.68 ਕ੍ਰੋੜ, 2008-9 ਦਾ ਸਾਲਾਨਾ ਬਜਟ 386.70 ਕ੍ਰੋੜ, 2009-10 ਦਾ ਸਾਲਾਨਾ ਬਜਟ 448.90 ਕ੍ਰੋੜ, 2010-11 ਦਾ ਸਾਲਾਨਾ ਬਜਟ 508.70 ਕ੍ਰੋੜ ਰੁਪਏ ਆਦਿ ਸੀ। ਇੰਨੀ ਵੱਡੀ ਸਾਲਾਨਾ ਰਾਸ਼ੀ ਨਾਲ ਸਿੱਖ ਮਤਿ, ਸਿੱਖ ਸਮਾਜ ਤੇ ਸਿੱਖ ਸੰਸਥਾਵਾਂ ਦਾ ਕਾਇਆ ਕਲਪ ਕੀਤਾ ਜਾ ਸਕਦਾ ਹੈ। ਕਮੇਟੀ ਨੂੰ ਆਪਣੇ ਸਕੂਲਾਂ, ਕਾਲਜਾਂ ਤੋਂ ਇਲਾਵਾ ਪਿੰਡਾਂ ’ਚ ਸਰਕਾਰੀ ਸਕੂਲਾਂ ਦੀ ਵੀ ਸਾਰ ਲੈਣੀ ਚਾਹੀਦੀ ਹੈ। ਇਸ ਉਸਾਰੀ ਲਈ ਕਾਰ ਸੇਵਾ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। ਸਾਰੇ ਗ੍ਰੰਥੀਆਂ, ਪ੍ਰਚਾਰਕਾਂ, ਭਾਈਜੀਆਂ ਨੂੰ ਵਿਗਿਆਨਕ ਲੀਹਾਂ ’ਤੇ ਗੁਰਬਾਣੀ ਦੀ ਸ਼ੁੱਧ ਅਰਥ-ਵਿਆਖਿਆ ਅਤੇ 31 ਰਾਗਾਂ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਮਨਘੜਤ ਸਾਖੀਆਂ ਤੇ ਮਨਮਰਜ਼ੀ ਦੀ ਅਰਦਾਸ ਵਰਜਿਤ ਕੀਤੀ ਜਾਣੀ ਚਾਹੀਦੀ ਹੈ। ਪਿੰਡਾਂ ’ਚ ਆਪਣੇ ਪ੍ਰਬੰਧ ਵਾਲੀਆਂ ਡਿਸਪੈਂਸਰੀਆਂ, ਛੋਟੀਆਂ ਲਾਇਬ੍ਰੇਰੀਆਂ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਕਮੇਟੀ ਮਿਸ਼ਨਰੀ ਸਪਿਰਟ ਵਾਲੇ ਸੇਵਾ ਮੁਕਤ ਅਧਿਆਪਕਾਂ ਦੀ ਸੇਵਾ ਲੈ ਸਕਦੀ ਹੈ। ਲੋੜ ਹੈ, ਸਿੱਖਾਂ ਦੀ ਇਸ ਮਿੰਨੀ ਪਾਰਲੀਮੈਂਟ ਦੇ ਪਾਰਲੀਮੈਂਟ ਵਾਂਗ ਸਾਲ ’ਚ ਦੋ ਵਾਰੀ, 30-30 ਦਿਨਾਂ ਦੇ ਭਰਵੇਂ ਸਮਾਗਮ ਕਰਨ ਦੀ, ਜਿੱਥੇ ਕਿਸੇ ਦੇਸ਼ ਦੀ ਸੰਸਦ ਵਾਂਗ ਹੀ ਹਰ ਸਿੱਖ ਸਮਾਜ ਦੇ ਮਸਲੇ ’ਤੇ ਖੁਲ੍ਹੇ ਦਿਲ ਨਾਲ ਚਰਚਾ ਹੋਵੇ ਤੇ ਮਤਾ ਪਾਸ ਕਰਕੇ ਸਖ਼ਤੀ ਨਾਲ ਲਾਗੂ ਕਰਵਾਉਣ ਦੇ ਯਤਨ ਕੀਤੇ ਜਾਣ।ਤੇ ਨੂੰ ਲਾਗੂ ਕਰਵਾਉਣ ਲਈ ਹਾਲੀ ਤੱਕ ਕੋਈ ਅਮਲੀ ਕਾਰਵਾਈ ਨਹੀਂ ਕੀਤੀ ਗਈ ਜਦਕਿ ਪੰਜਾਬ ’ਚ ਸਰਕਾਰ ਵੀ ਇਨ੍ਹਾਂ ਦੀ ਹੀ ਮੌਜੂਦ ਹੈ।

ਪ੍ਰੋ. ਹਮਦਰਦਵੀਰ ਨੌਸ਼ਹਿਰਵੀ-94638-08697

ਹੇ ਜਗਤ ਗੁਰੂ ਨਾਨਕ ! ਕੀ ਇਹ ਤੇਰੇ ਸਿੱਖ ਨੇ ?

0

ਹੇ ਜਗਤ ਗੁਰੂ ਨਾਨਕ ! ਕੀ ਇਹ ਤੇਰੇ ਸਿੱਖ ਨੇ ?

ਜਿਨ੍ਹਾਂ ਦੇ ਦਿਲ ਰੌਸ਼ਨ ਕਰ ਗਿਉਂ, ਨਿਰਮਲ ਨੂਰੀ ਬਾਣੀ ਨਾਲ। ਆ ਨਾਨਕ! ਮੈ ਤੈਨੂੰ ਦੱਸਾਂ, ਉਨ੍ਹਾਂ ਹੀ ਸਿੱਖਾਂ ਦਾ ਹਾਲ।

ਉਹੀ ਵਹਿਮ, ਭੁਲੇਖੇ ਉਹੀ, ਵਿਛਿਆ ਉਹੀ ਇੰਦਰ ਜਾਲ। ਬੀਤੇ ਨੂੰ , ਘੁੱਟ ਜੱਫੀਆਂ ਉਹੀ, ਉਹੀ ਸਮਿਓਂ ਪੱਛੜੀ ਚਾਲ।

ਜੇ ਨਾ ਬੁਰਾ ਮੁਨਾਵੇਂ, ਤੈਨੂੰ ਕੌੜਾ ਜਿਹਾ ਸੱਚ ਸੁਣਾਵਾਂ। ਹੈ ਭਰਮਾਂ ਦਾ ਨਵਾਂ ਐਡੀਸ਼ਨ, ਜਿਸ ਦਾ ਰੱਖਿਆ, ਸਿੱਖੀ ਨਾਂ।

ਤੂੰ ਪੂਜਾ ਜੱਗ ’ਤੋਂ, ਛੁਡਾਵਣ ਗਿਆ ਸੈਂ ? ਕਿ ਆਪਣੀ ਹੀ ਪੂਜਾ ਕਰਾਵਣ ਗਿਆ ਸੈਂ ?

ਤੂੰ ਧੋਣਾਂ ਨੂੰ ਉੱਚੀਆਂ ਉਠਾਵਣ ਗਿਆ ਸੈਂ ? ਕਿ ਥਾਂ ਥਾਂ ਮੱਥੇ ਟਿਕਾਵਣ ਗਿਆ ਸੈਂ ?

ਕਿ ਪੱਥਰਾਂ ’ਤੇ ਪਾਣੀ ਚੜ੍ਹਾਉਣਾ ਸਹੀ ਏ? ਜੇ ਇਹ ਬੁੱਤ-ਪ੍ਰਸਤੀ ਨਹੀਂ, ਤਾਂ ਹੋਰ ਕੀ ਏ?

ਓ ਰੌਸ਼ਨ ਮੁਨਾਰੇ! ਮੇਰੇ ਨੂਰ ਨਾਨਕ! ਓ ਸੋਮੇ ਪਿਆਰਾਂ ਦੇ, ਮਸ਼ਹੂਰ ਨਾਨਕ !

ਮਨੁੱਖਾਂ ਦੇ ਹਿਤ ਨਾਲ ਭਰਪੂਰ ਨਾਨਕ! ਮੁਹੱਬਤ ਦੀ ਮਸਤੀ ’ਚ ਮਸਰੂਰ ਨਾਨਕ !

ਤੂੰ ਕਰਦਾ ਰਿਹਾ ਏਂ, ਜਿਨ੍ਹਾਂ ਦੀ ਵਕਾਲਤ, ਆ ਤੱਕ ਲੈ ਜ਼ਰਾ ਉਨ੍ਹਾਂ ਸਿੱਖਾਂ ਦੀ ਹਾਲਤ।

ਜਿਨ੍ਹਾਂ ਨੂੰ ਤੂੰ ਭਰਮੋਂ ਛੁਡਾਇਆ, ਏਹੋ ਨੇ! ਜਿਨ੍ਹਾਂ ਨੂੰ ਤੂੰ ਚਾਨਣ ਵਿਖਾਇਆ, ਏਹੋ ਨੇ !

ਜਿਨ੍ਹਾਂ ਨੂੰ ਤੂੰ ਨੀਦੋਂ ਜਗਾਇਆ, ਏਹੋ ਨੇ! ਜਿਨ੍ਹਾਂ ਨੂੰ ਤੂੰ ਸੱਚ ਦੇ ਰਾਹ ਪਾਇਆ, ਏਹੋ ਨੇ !

ਮੈ ਸੱਚ ਕਹਿਣ ਲੱਗਾਂ, ਬੁਰਾ ਨਾ ਮਨਾਈਂ, ਤੇਰੀ ਘਾਲ ਦਿਸਦੀ ਹੈ ਜਾਂਦੀ ਅਜਾਈਂ ।

ਤੇਰੇ ਨਾਮ ਲੇਵਾ ਕਹਾਉਂਦੇ ਨੇ, ਬੇਸ਼ੱਕ! ਤੇਰੀ ਸ਼ਰਧਾ ਬੜੀ ਹੀ ਵਿਖਾਉਂਦੇ ਨੇ, ਬੇਸ਼ੱਕ !

ਤੇਰੇ ਨਾਮ ’ਤੇ ਝੂਲ ਜਾਂਦੇ ਨੇ, ਬੇਸ਼ੱਕ! ਤੇ ਨਿੱਤ ਤੇਰੀ ਬਾਣੀ ਵੀ ਗਾਉਂਦੇ ਨੇ, ਬੇਸ਼ੱਕ !

ਪਰ, ਜੋ ਜੀਵਨ-ਜੁਗਤ, ਤੇਰੇ ’ਚ ਸੀ ਪਾਈ, ਇਨ੍ਹਾਂ ਦੇ ਅਮਲਾਂ ’ਚ, ਓਹ ਨਦਰੀਂ ਨਹੀਂ ਆਈ ।

ਇਹ ਮੰਗਦੇ ਨੇ ਸਿਹਤ, ਸਰੋਵਰ ’ਚ ਨਹਾ ਕੇ। ਮੁਕੱਦਮੇ ਵਿਚ ਜਿੱਤ. ਕੁਝ ਪਤਾਸੇ ਚੜ੍ਹਾ ਕੇ।

ਇਹ ਲੋੜਦੇ ਨੇ ਪੁੱਤ, ਪੈਂਤਵੀ ਸਾਹਿਬ ਜਾ ਕੇ, ਤੇ ਚਾਹੁੰਦੇ ਨੇ ਧਨ, ਲਾਰਾ ਪਾਠਾਂ ਦਾ ਲਾ ਕੇ,

ਨਹੀਂ ਲੱਭਦੇ ਕੁਦਰਤ ’ਚੋਂ ਕੋਈ ਵਸੀਲਾ। ਤੇ ਮੰਗਣ ਹੀ ਜਾਤਾ ਹੈ, ਲੈਣੇ ਦਾ ਹੀਲਾ।

ਇਕੋ ਸਰ ਦੇ ਵਿਚ, ਹਰਿ ਕੀ ਪੌੜੀ ਬਣੀ ਐ, ਉਹਦੇ ਦੂਜੇ ਕੰਡੇ ’ਤੇ, ਦੁੱਖ ਭੰਜਨੀ ਐ।

ਕੇਈ ਕੰਧ ਵੀ ਨਹੀਂ, ਵਿਚਾਲੇ ਬਣੀ ਐ। ਕੋਈ ਫ਼ਰਕ ਰੰਗ-ਸੁਆਦੋਂ ਨਹੀਂ ਐ।

ਪਰ ਏਹਦਾ ਅਸਰ ਹੋਰ ਹੈ, ਉਹ ਦਾ ਅਸਰ ਹੋਰ ਹੈ। ਜੋ ਇਹ ਗੱਲ ਨਾ ਮੰਨੇ, ਉਹ ਸਿੱਖੀ ਦਾ ਚੋਰ ਹੈ।

ਜਿਹੜੇ ਖੰਭ ਭਰਮਾਂ ਨੇ, ਕੀਤੇ ਨੇ ਭਾਰੀ, ਹੈ ਭੁੱਲੀ ਇਨ੍ਹਾਂ ਨੂੰ ਅਕਾਸ਼ੀਂ ਉਡਾਰੀ।

ਪਰਾਧੀਨਤਾ ਇਨ੍ਹਾਂ ਐਸੀ ਹੈ ਪਿਆਰੀ, ਕਿ ਠੁੱਡੇ ਬੇਗਾਨੇ, ਜਾਂਦੇ ਨੇ ਸਹਾਰੀ।

ਗੁਲਾਮੀ ਦੀ ਜ਼ੰਜ਼ੀਰ ਪੋਂਹਦੀ ਨਹੀਂ ਜੇ, ਰਤਾ ਪੀੜ੍ਹ ਵੀਹਣੀ ਨੂੰ, ਛੂੰਹਦੀਂ ਨਹੀਂ ਜੇ।

ਸਮਾਂ ਦੀਆਂ ਹਵਾਵਾਂ ਨੂੰ, ਪਿੱਠਾ ਦੇ ਕੇ ਬਹਿਣਾ, ਤੇ ਹਮੇਸ਼ਾਂ ਰੌਸ਼ਨੀ ’ਤੋਂ, ਰੁੱਠੇ ਹੀ ਰਹਿਣਾ।

ਹਨੇਰੇ ’ਚ ਸਦਾ, ਇਕ ਦੂਜੇ ਨਾਲ ਖਹਿਣਾ। ਉਹਦੇ ਸਿਰ ’ਤੇ ਔਖਾ, ਪਗੜੀ ਦਾ ਰਹਿਣਾ।

ਤੇਰ ਮੇਰ ਨਾਂ ’ਤੇ, ਇਹ ਕੀ ਹੋ ਰਿਹਾ ਏ? ਕਿਹਾ ਸੀ ਜੋ ਤੂੰ, ਕੀ ਉਹੀ ਹੋ ਰਿਹਾ ਏ?

ਜੇ ਨਿਹਫਲ ਨੇ ਬ੍ਰਾਹਮਣ ਨੂੰ ਹੰਦੇ ਖਵਾਣੇ, ਤਾਂ ਕਿਸ ਕੰਮ ਨੇ ਭਾਇਆਂ ਨੂੰ ਪੂੜੇ ਛਕਾਣੇ?

ਜੇ ਉੱਦਮ ਸਰਾਧਾਂ ਦੇ, ਐਵੇਂ ਨੇ ਜਾਣੇ, ਤਾਂ ਕਾਹਨੂੰ ਨੇ ਮੋਇਆਂ ਨੂੰ ਭੋਗ ਪਾਣੇ?

ਜੇ ਆਪਣੇ ਹੀ ਅਮਲਾਂ ’ਤੇ ਹੋਣੈ ਨਿਬੇੜਾ, ਤਾਂ ਮਗਰੋਂ ਧਰੇ ਪਾਠ ਦਾ, ਫਲ ਹੈ ਕਿਹੜਾ?

ਤੂੰ ਤੱਕ ਤਾਂ ਸਹੀ, ਅੱਜ ਜਾ ਕੇ ਗੁਰਦੁਆਰੇ, ਪਖੰਡ ਕੀ ਕੀ ਨੇ, ਗਰਜ਼ਾਂ ਖਿਲਾਰੇ।

ਵਿਆਹ, ਧਨ ਦੇ ਲਾਲਚ, ਉਲਾਦਾਂ ਦੇ ਲਾਰੇ, ਸ੍ਵਰਗ, ਮੁਕਤੀਆਂ, ਹੋਰ ਲੱਖਾਂ ਪਸਾਰੇ।

ਫ਼ਰਕ ਸਿਰਫ਼ ਇਤਨਾ ਹੀ, ਦੇਂਦੈ ਦਿਖਾਈ, ਕਿ ਬਾਹਮਣ ਦੀ ਗੱਦੀ ’ਤੇ ਬੈਠਾ ਹੈ ਭਾਈ।

ਉਹੀ ਧੂਫ, ਜੋਤਾਂ, ਸ਼ਗਨ ਸਾਰ ਉਹੀ, ਉਹੀ ਮੱਸਿਆ, ਪੁੰਨਿਆਂ ਦੇ ਤਿਉਹਾਰ ਉਹੀ,

ਉਹੀ ਕਿਰਿਆ, ਵਰੀਣੇ ਤੇ ਦਿਨ ਵਾਰ ਉਹੀ, ਦਿਮਾਗਾਂ ’ਤੇ ਜੂਨਾਂ ਦਾ ਵੀ ਭਾਰ ਉਹੀ।

ਕਲੀ ਹੋ ਕੇ ਵਿਕਦੇ, ਪੁਰਾਣੇ ਨੇ ਭਾਂਡੇ, ਬਣੇ ਭਾਈ, ਉਹੀ ਬ੍ਰਾਹਮਣ ਤੇ ਪਾਂਡੇ।

ਇਹ ਕੰਧਾਂ ਨੂੰ ਮੁੱਠੀਆਂ, ਤੇ ਟੇਵੇ ਚੜ੍ਹਾਣੇ, ਇਹ ਰੁਮਾਲੇ ਨੂੰ ਗੋਟੇ, ਤੇ ਸਿਰਵੇ ਲਵਾਣੇ।

ਇਹ ਜੋਤਾਂ ਬਣਾ ਘਿਓ ਦੇ ਦੀਵੇ ਜਗਾਣੇ, ਇਹ ਸੁਖਣਾ, ਇਹ ਭੇਟਾ, ਇਹ ਸੋਨੇ ਚੜ੍ਹਾਣੇ।

ਤੇਰੀ ਘਾਲਣਾ ਦਾ ਜੇ ਮਕਸਦ ਇਹੀ ਸੀ ? ਤਾਂ ਚਾਲੂ ਪਾਖੰਡਾਂ ਵਿਚ, ਮਾੜਾ ਕੀ ਸੀ ?

ਕਰਾਮਾਤ ਨੂੰ ਤੇਰੇ ਨਾਂ ਨਾਲ ਲਾ ਕੇ, ਲਹੂ, ਦੁੱਧ ਚੁਆ ਕੇ, ਤੇ ਮੱਕਾ ਭੰਵਾ ਕੇ,

ਖੜਾਵਾਂ ਉੱਡਾ ਕੇ, ਪਹਾੜੀ ਰੁਕਾ ਕੇ, ਤੇ ਕਿੱਕਰਾਂ ਦੇ ਉੱਤੋਂ, ਮਠਿਆਈਆਂ ਸੁਟਾ ਕੇ,

ਨਹੀਂ ਸ਼ਾਂਨ ਤੇਰੀ, ਇਨ੍ਹਾਂ ਨੇ ਵਧਾਈ, ਸਗੋਂ ਤੇਰੇ ਉਤੇ ਹੈ, ਦੁਨੀਆਂ ਹਸਾਈ।

ਜੇ ਅਦਰਸ਼ ਤੇਰਾ, ਬਣਾਂਦੇ ਨਿਸ਼ਾਨਾ, ਤਾਂ ਇਨ੍ਹਾਂ ਦੇ ਨਕਸ਼ਾਂ ’ਤੇ, ਚਲਦਾ ਜ਼ਮਾਨਾ।

ਜੇ ਨਾ ਭੁਲਦੇ ਨਾ, ਤੇਰਾ ਆਕਾਸ਼ੀ ਤਰਾਨਾ, ਨੇ ਬਣਦੇ ਗੁਲਾਮੀ ਦਾ ਸੋਗੀ ਫ਼ਸਾਨਾ।

ਜੇ ਪੂਜਣ ਦੀ ਥਾਂ, ਇਹ ਤੈਨੂੰ ਸਮਝ ਲੈਂਦੇ, ਤਾਂ ਇਨ੍ਹਾਂ ਦੇ ਪੈਰਾਂ ’ਚ, ਸੰਗਲ ਨਾ ਪੈਂਦੇ।

ਤਾਂ ਇਨ੍ਹਾਂ ਦੇ ਪੈਰਾਂ ’ਚ, ਸੰਗਲ ਨਾ ਪੈਂਦੇ।

Most Viewed Posts