ਹੇ ਜਗਤ ਗੁਰੂ ਨਾਨਕ ! ਕੀ ਇਹ ਤੇਰੇ ਸਿੱਖ ਨੇ ?

0
229

ਹੇ ਜਗਤ ਗੁਰੂ ਨਾਨਕ ! ਕੀ ਇਹ ਤੇਰੇ ਸਿੱਖ ਨੇ ?

ਜਿਨ੍ਹਾਂ ਦੇ ਦਿਲ ਰੌਸ਼ਨ ਕਰ ਗਿਉਂ, ਨਿਰਮਲ ਨੂਰੀ ਬਾਣੀ ਨਾਲ। ਆ ਨਾਨਕ! ਮੈ ਤੈਨੂੰ ਦੱਸਾਂ, ਉਨ੍ਹਾਂ ਹੀ ਸਿੱਖਾਂ ਦਾ ਹਾਲ।

ਉਹੀ ਵਹਿਮ, ਭੁਲੇਖੇ ਉਹੀ, ਵਿਛਿਆ ਉਹੀ ਇੰਦਰ ਜਾਲ। ਬੀਤੇ ਨੂੰ , ਘੁੱਟ ਜੱਫੀਆਂ ਉਹੀ, ਉਹੀ ਸਮਿਓਂ ਪੱਛੜੀ ਚਾਲ।

ਜੇ ਨਾ ਬੁਰਾ ਮੁਨਾਵੇਂ, ਤੈਨੂੰ ਕੌੜਾ ਜਿਹਾ ਸੱਚ ਸੁਣਾਵਾਂ। ਹੈ ਭਰਮਾਂ ਦਾ ਨਵਾਂ ਐਡੀਸ਼ਨ, ਜਿਸ ਦਾ ਰੱਖਿਆ, ਸਿੱਖੀ ਨਾਂ।

ਤੂੰ ਪੂਜਾ ਜੱਗ ’ਤੋਂ, ਛੁਡਾਵਣ ਗਿਆ ਸੈਂ ? ਕਿ ਆਪਣੀ ਹੀ ਪੂਜਾ ਕਰਾਵਣ ਗਿਆ ਸੈਂ ?

ਤੂੰ ਧੋਣਾਂ ਨੂੰ ਉੱਚੀਆਂ ਉਠਾਵਣ ਗਿਆ ਸੈਂ ? ਕਿ ਥਾਂ ਥਾਂ ਮੱਥੇ ਟਿਕਾਵਣ ਗਿਆ ਸੈਂ ?

ਕਿ ਪੱਥਰਾਂ ’ਤੇ ਪਾਣੀ ਚੜ੍ਹਾਉਣਾ ਸਹੀ ਏ? ਜੇ ਇਹ ਬੁੱਤ-ਪ੍ਰਸਤੀ ਨਹੀਂ, ਤਾਂ ਹੋਰ ਕੀ ਏ?

ਓ ਰੌਸ਼ਨ ਮੁਨਾਰੇ! ਮੇਰੇ ਨੂਰ ਨਾਨਕ! ਓ ਸੋਮੇ ਪਿਆਰਾਂ ਦੇ, ਮਸ਼ਹੂਰ ਨਾਨਕ !

ਮਨੁੱਖਾਂ ਦੇ ਹਿਤ ਨਾਲ ਭਰਪੂਰ ਨਾਨਕ! ਮੁਹੱਬਤ ਦੀ ਮਸਤੀ ’ਚ ਮਸਰੂਰ ਨਾਨਕ !

ਤੂੰ ਕਰਦਾ ਰਿਹਾ ਏਂ, ਜਿਨ੍ਹਾਂ ਦੀ ਵਕਾਲਤ, ਆ ਤੱਕ ਲੈ ਜ਼ਰਾ ਉਨ੍ਹਾਂ ਸਿੱਖਾਂ ਦੀ ਹਾਲਤ।

ਜਿਨ੍ਹਾਂ ਨੂੰ ਤੂੰ ਭਰਮੋਂ ਛੁਡਾਇਆ, ਏਹੋ ਨੇ! ਜਿਨ੍ਹਾਂ ਨੂੰ ਤੂੰ ਚਾਨਣ ਵਿਖਾਇਆ, ਏਹੋ ਨੇ !

ਜਿਨ੍ਹਾਂ ਨੂੰ ਤੂੰ ਨੀਦੋਂ ਜਗਾਇਆ, ਏਹੋ ਨੇ! ਜਿਨ੍ਹਾਂ ਨੂੰ ਤੂੰ ਸੱਚ ਦੇ ਰਾਹ ਪਾਇਆ, ਏਹੋ ਨੇ !

ਮੈ ਸੱਚ ਕਹਿਣ ਲੱਗਾਂ, ਬੁਰਾ ਨਾ ਮਨਾਈਂ, ਤੇਰੀ ਘਾਲ ਦਿਸਦੀ ਹੈ ਜਾਂਦੀ ਅਜਾਈਂ ।

ਤੇਰੇ ਨਾਮ ਲੇਵਾ ਕਹਾਉਂਦੇ ਨੇ, ਬੇਸ਼ੱਕ! ਤੇਰੀ ਸ਼ਰਧਾ ਬੜੀ ਹੀ ਵਿਖਾਉਂਦੇ ਨੇ, ਬੇਸ਼ੱਕ !

ਤੇਰੇ ਨਾਮ ’ਤੇ ਝੂਲ ਜਾਂਦੇ ਨੇ, ਬੇਸ਼ੱਕ! ਤੇ ਨਿੱਤ ਤੇਰੀ ਬਾਣੀ ਵੀ ਗਾਉਂਦੇ ਨੇ, ਬੇਸ਼ੱਕ !

ਪਰ, ਜੋ ਜੀਵਨ-ਜੁਗਤ, ਤੇਰੇ ’ਚ ਸੀ ਪਾਈ, ਇਨ੍ਹਾਂ ਦੇ ਅਮਲਾਂ ’ਚ, ਓਹ ਨਦਰੀਂ ਨਹੀਂ ਆਈ ।

ਇਹ ਮੰਗਦੇ ਨੇ ਸਿਹਤ, ਸਰੋਵਰ ’ਚ ਨਹਾ ਕੇ। ਮੁਕੱਦਮੇ ਵਿਚ ਜਿੱਤ. ਕੁਝ ਪਤਾਸੇ ਚੜ੍ਹਾ ਕੇ।

ਇਹ ਲੋੜਦੇ ਨੇ ਪੁੱਤ, ਪੈਂਤਵੀ ਸਾਹਿਬ ਜਾ ਕੇ, ਤੇ ਚਾਹੁੰਦੇ ਨੇ ਧਨ, ਲਾਰਾ ਪਾਠਾਂ ਦਾ ਲਾ ਕੇ,

ਨਹੀਂ ਲੱਭਦੇ ਕੁਦਰਤ ’ਚੋਂ ਕੋਈ ਵਸੀਲਾ। ਤੇ ਮੰਗਣ ਹੀ ਜਾਤਾ ਹੈ, ਲੈਣੇ ਦਾ ਹੀਲਾ।

ਇਕੋ ਸਰ ਦੇ ਵਿਚ, ਹਰਿ ਕੀ ਪੌੜੀ ਬਣੀ ਐ, ਉਹਦੇ ਦੂਜੇ ਕੰਡੇ ’ਤੇ, ਦੁੱਖ ਭੰਜਨੀ ਐ।

ਕੇਈ ਕੰਧ ਵੀ ਨਹੀਂ, ਵਿਚਾਲੇ ਬਣੀ ਐ। ਕੋਈ ਫ਼ਰਕ ਰੰਗ-ਸੁਆਦੋਂ ਨਹੀਂ ਐ।

ਪਰ ਏਹਦਾ ਅਸਰ ਹੋਰ ਹੈ, ਉਹ ਦਾ ਅਸਰ ਹੋਰ ਹੈ। ਜੋ ਇਹ ਗੱਲ ਨਾ ਮੰਨੇ, ਉਹ ਸਿੱਖੀ ਦਾ ਚੋਰ ਹੈ।

ਜਿਹੜੇ ਖੰਭ ਭਰਮਾਂ ਨੇ, ਕੀਤੇ ਨੇ ਭਾਰੀ, ਹੈ ਭੁੱਲੀ ਇਨ੍ਹਾਂ ਨੂੰ ਅਕਾਸ਼ੀਂ ਉਡਾਰੀ।

ਪਰਾਧੀਨਤਾ ਇਨ੍ਹਾਂ ਐਸੀ ਹੈ ਪਿਆਰੀ, ਕਿ ਠੁੱਡੇ ਬੇਗਾਨੇ, ਜਾਂਦੇ ਨੇ ਸਹਾਰੀ।

ਗੁਲਾਮੀ ਦੀ ਜ਼ੰਜ਼ੀਰ ਪੋਂਹਦੀ ਨਹੀਂ ਜੇ, ਰਤਾ ਪੀੜ੍ਹ ਵੀਹਣੀ ਨੂੰ, ਛੂੰਹਦੀਂ ਨਹੀਂ ਜੇ।

ਸਮਾਂ ਦੀਆਂ ਹਵਾਵਾਂ ਨੂੰ, ਪਿੱਠਾ ਦੇ ਕੇ ਬਹਿਣਾ, ਤੇ ਹਮੇਸ਼ਾਂ ਰੌਸ਼ਨੀ ’ਤੋਂ, ਰੁੱਠੇ ਹੀ ਰਹਿਣਾ।

ਹਨੇਰੇ ’ਚ ਸਦਾ, ਇਕ ਦੂਜੇ ਨਾਲ ਖਹਿਣਾ। ਉਹਦੇ ਸਿਰ ’ਤੇ ਔਖਾ, ਪਗੜੀ ਦਾ ਰਹਿਣਾ।

ਤੇਰ ਮੇਰ ਨਾਂ ’ਤੇ, ਇਹ ਕੀ ਹੋ ਰਿਹਾ ਏ? ਕਿਹਾ ਸੀ ਜੋ ਤੂੰ, ਕੀ ਉਹੀ ਹੋ ਰਿਹਾ ਏ?

ਜੇ ਨਿਹਫਲ ਨੇ ਬ੍ਰਾਹਮਣ ਨੂੰ ਹੰਦੇ ਖਵਾਣੇ, ਤਾਂ ਕਿਸ ਕੰਮ ਨੇ ਭਾਇਆਂ ਨੂੰ ਪੂੜੇ ਛਕਾਣੇ?

ਜੇ ਉੱਦਮ ਸਰਾਧਾਂ ਦੇ, ਐਵੇਂ ਨੇ ਜਾਣੇ, ਤਾਂ ਕਾਹਨੂੰ ਨੇ ਮੋਇਆਂ ਨੂੰ ਭੋਗ ਪਾਣੇ?

ਜੇ ਆਪਣੇ ਹੀ ਅਮਲਾਂ ’ਤੇ ਹੋਣੈ ਨਿਬੇੜਾ, ਤਾਂ ਮਗਰੋਂ ਧਰੇ ਪਾਠ ਦਾ, ਫਲ ਹੈ ਕਿਹੜਾ?

ਤੂੰ ਤੱਕ ਤਾਂ ਸਹੀ, ਅੱਜ ਜਾ ਕੇ ਗੁਰਦੁਆਰੇ, ਪਖੰਡ ਕੀ ਕੀ ਨੇ, ਗਰਜ਼ਾਂ ਖਿਲਾਰੇ।

ਵਿਆਹ, ਧਨ ਦੇ ਲਾਲਚ, ਉਲਾਦਾਂ ਦੇ ਲਾਰੇ, ਸ੍ਵਰਗ, ਮੁਕਤੀਆਂ, ਹੋਰ ਲੱਖਾਂ ਪਸਾਰੇ।

ਫ਼ਰਕ ਸਿਰਫ਼ ਇਤਨਾ ਹੀ, ਦੇਂਦੈ ਦਿਖਾਈ, ਕਿ ਬਾਹਮਣ ਦੀ ਗੱਦੀ ’ਤੇ ਬੈਠਾ ਹੈ ਭਾਈ।

ਉਹੀ ਧੂਫ, ਜੋਤਾਂ, ਸ਼ਗਨ ਸਾਰ ਉਹੀ, ਉਹੀ ਮੱਸਿਆ, ਪੁੰਨਿਆਂ ਦੇ ਤਿਉਹਾਰ ਉਹੀ,

ਉਹੀ ਕਿਰਿਆ, ਵਰੀਣੇ ਤੇ ਦਿਨ ਵਾਰ ਉਹੀ, ਦਿਮਾਗਾਂ ’ਤੇ ਜੂਨਾਂ ਦਾ ਵੀ ਭਾਰ ਉਹੀ।

ਕਲੀ ਹੋ ਕੇ ਵਿਕਦੇ, ਪੁਰਾਣੇ ਨੇ ਭਾਂਡੇ, ਬਣੇ ਭਾਈ, ਉਹੀ ਬ੍ਰਾਹਮਣ ਤੇ ਪਾਂਡੇ।

ਇਹ ਕੰਧਾਂ ਨੂੰ ਮੁੱਠੀਆਂ, ਤੇ ਟੇਵੇ ਚੜ੍ਹਾਣੇ, ਇਹ ਰੁਮਾਲੇ ਨੂੰ ਗੋਟੇ, ਤੇ ਸਿਰਵੇ ਲਵਾਣੇ।

ਇਹ ਜੋਤਾਂ ਬਣਾ ਘਿਓ ਦੇ ਦੀਵੇ ਜਗਾਣੇ, ਇਹ ਸੁਖਣਾ, ਇਹ ਭੇਟਾ, ਇਹ ਸੋਨੇ ਚੜ੍ਹਾਣੇ।

ਤੇਰੀ ਘਾਲਣਾ ਦਾ ਜੇ ਮਕਸਦ ਇਹੀ ਸੀ ? ਤਾਂ ਚਾਲੂ ਪਾਖੰਡਾਂ ਵਿਚ, ਮਾੜਾ ਕੀ ਸੀ ?

ਕਰਾਮਾਤ ਨੂੰ ਤੇਰੇ ਨਾਂ ਨਾਲ ਲਾ ਕੇ, ਲਹੂ, ਦੁੱਧ ਚੁਆ ਕੇ, ਤੇ ਮੱਕਾ ਭੰਵਾ ਕੇ,

ਖੜਾਵਾਂ ਉੱਡਾ ਕੇ, ਪਹਾੜੀ ਰੁਕਾ ਕੇ, ਤੇ ਕਿੱਕਰਾਂ ਦੇ ਉੱਤੋਂ, ਮਠਿਆਈਆਂ ਸੁਟਾ ਕੇ,

ਨਹੀਂ ਸ਼ਾਂਨ ਤੇਰੀ, ਇਨ੍ਹਾਂ ਨੇ ਵਧਾਈ, ਸਗੋਂ ਤੇਰੇ ਉਤੇ ਹੈ, ਦੁਨੀਆਂ ਹਸਾਈ।

ਜੇ ਅਦਰਸ਼ ਤੇਰਾ, ਬਣਾਂਦੇ ਨਿਸ਼ਾਨਾ, ਤਾਂ ਇਨ੍ਹਾਂ ਦੇ ਨਕਸ਼ਾਂ ’ਤੇ, ਚਲਦਾ ਜ਼ਮਾਨਾ।

ਜੇ ਨਾ ਭੁਲਦੇ ਨਾ, ਤੇਰਾ ਆਕਾਸ਼ੀ ਤਰਾਨਾ, ਨੇ ਬਣਦੇ ਗੁਲਾਮੀ ਦਾ ਸੋਗੀ ਫ਼ਸਾਨਾ।

ਜੇ ਪੂਜਣ ਦੀ ਥਾਂ, ਇਹ ਤੈਨੂੰ ਸਮਝ ਲੈਂਦੇ, ਤਾਂ ਇਨ੍ਹਾਂ ਦੇ ਪੈਰਾਂ ’ਚ, ਸੰਗਲ ਨਾ ਪੈਂਦੇ।

ਤਾਂ ਇਨ੍ਹਾਂ ਦੇ ਪੈਰਾਂ ’ਚ, ਸੰਗਲ ਨਾ ਪੈਂਦੇ।