ਆਵਨਿ ਅਠਤਰੈ, ਜਾਨਿ ਸਤਾਨਵੈ; ਦਾ ਕਦਾਚਿਤ ਭਾਵ ਨਹੀਂ ਹੈ ਕਿ ਸਿੱਖਾਂ ਨੇ ਹਮੇਸ਼ਾਂ ਲਈ ਉਸ ਬਿਕ੍ਰਮੀ ਕੈਲੰਡਰ ਨਾਲ ਬੱਝੇ ਰਹਿਣਾ ਹੈ ।

0
392

ਆਵਨਿ ਅਠਤਰੈ, ਜਾਨਿ ਸਤਾਨਵੈ; ਦਾ ਕਦਾਚਿਤ ਭਾਵ ਨਹੀਂ ਹੈ ਕਿ ਸਿੱਖਾਂ ਨੇ ਹਮੇਸ਼ਾਂ ਲਈ ਉਸ ਬਿਕ੍ਰਮੀ ਕੈਲੰਡਰ ਨਾਲ ਬੱਝੇ ਰਹਿਣਾ ਹੈ ।

ਕਿਰਪਾਲ ਸਿੰਘ (ਬਠਿੰਡਾ)-98554-80797

ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਰਤੀ ਗਈ ਤੁਕ “‘ਆਵਨਿ ਅਠਤਰੈ, ਜਾਨਿ ਸਤਾਨਵੈ; ਹੋਰੁ ਭੀ ਉਠਸੀ, ਮਰਦ ਕਾ ਚੇਲਾ ॥’” ਦੀ ਉਦਾਹਰਣ ਦੇ ਕੇ ਸਿੱਖ ਸੰਗਤ ਨੂੰ ਗੁੰਮਰਾਹ ਕਰਦੇ ਹਨ ਕਿ ਜੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਬਿਕ੍ਰਮੀ ਕੈਲੰਡਰ ਦੀ ਵਰਤੋਂ ਕੀਤੀ ਗਈ ਹੈ ਤਾਂ ਅਸੀਂ ਇਸ ਕੈਲੰਡਰ ਦਾ ਤਿਆਗ ਕਿਉਂ ਕਰੀਏ? ਗੁਰੂ ਨਾਨਕ ਸਾਹਿਬ ਜੀ ਨੇ ‘ਆਵਨਿ ਅਠਤਰੈ, ਜਾਨਿ ਸਤਾਨਵੈ; ਹੋਰੁ ਭੀ ਉਠਸੀ, ਮਰਦ ਕਾ ਚੇਲਾ ॥’ ਤੁੱਕ ਵਿੱਚ ਜਿਸ ਬਿਕ੍ਰਮੀ ਕੈਲੰਡਰ ਦਾ ਜ਼ਿਕਰ ਕੀਤਾ ਹੈ ਇਸ ਦਾ ਕਦਾਚਿਤ ਭਾਵ ਨਹੀਂ ਹੈ ਕਿ ਸਿੱਖਾਂ ਨੇ ਹਮੇਸ਼ਾਂ ਲਈ ਉਸ ਬਿਕ੍ਰਮੀ ਕੈਲੰਡਰ ਨਾਲ ਬੱਝੇ ਰਹਿਣਾ ਹੈ ਜਿਹੜਾ ਮੌਸਮੀ ਸਾਲ ਨਾਲੋਂ ਤਕਰੀਬਨ 24 ਮਿੰਟ ਵੱਡਾ ਹੋਣ ਕਰਕੇ ਰੁਤੀ ਸਲੋਕ ਬਾਣੀ ਵਿੱਚ ਵਰਨਤ ਰੁੱਤਾਂ ਨਾਲੋਂ ਬਹੁਤ ਤੇਜੀ ਨਾਲੋਂ ਪਛੜ ਰਿਹਾ ਹੈ। ਸ:ਪਾਲ ਸਿੰਘ ਪੁਰੇਵਾਲ ਵੱਲੋਂ ‘ਨਾਨਕਸ਼ਾਹੀ ਕੈਲੰਡਰ ਕਿਉਂ ਤੇ ਕਿਵੇਂ’ ਸਿਰਲੇਖ ਹੇਠ ਦਿੱਤੇ ਚਾਰਟ ਵਿੱਚ ਵਿਖਾਇਆ ਗਿਆ ਹੈ ਕਿ ਈਸਵੀ 1753 ਵਿੱਚ ਵੈਸਾਖੀ 9 ਅਪ੍ਰੈਲ, 1799 ਵਿੱਚ 10 ਅਪ੍ਰੈਲ, 1899 ਵਿੱਚ 12 ਅਪ੍ਰੈਲ, 1999 ਵਿੱਚ 14 ਅਪ੍ਰੈਲ ਨੂੰ ਆਈ ਸੀ ਅਤੇ 2100 ਵਿੱਚ 15 ਅਪ੍ਰੈਲ ਤੇ 2199 ਵਿੱਚ 16 ਅਪ੍ਰੈਲ ਨੂੰ ਆਵੇਗੀ।

ਉਪਰੋਕਤ ਦ੍ਰਿਸ਼ਟੀ ਤੋਂ ਬਿਕ੍ਰਮੀ ਸਾਲ ਦੀ ਪਹਿਲੀ ਵੈਸਾਖ ਭਾਵ ਵੈਸਾਖੀ ਤਕਰੀਬਨ 1100 ਸਾਲ ਬਾਅਦ ਅਪ੍ਰੈਲ ਦੀ ਬਜਾਇ ਮਈ ਮਹੀਨੇ ਵਿੱਚ ਚਲੀ ਜਾਵੇਗੀ। ਜੇ ਕਰ ਇਸੇ ਤਰ੍ਹਾਂ ਚਲਦਾ ਰਿਹਾ ਤਾਂ 13000 ਸਾਲ ਬਾਅਦ ਇਹ ਵੈਸਾਖੀ ਅਕਤੂਬਰ ਦੇ ਅੱਧ ਵਿੱਚ ਆਵੇਗੀ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਬਾਰਹ ਮਾਹਾ ਤੁਖਾਰੀ ਤੇ ਬਾਰਹ ਮਾਹਾ ਮਾਂਝ ਬਾਣੀਆਂ ਅਤੇ ਰਾਗ ਰਾਮਕਲੀ ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਣੀ ‘ਰੁਤੀ ਸਲੋਕੁ’ ਵਿੱਚ ਮਹੀਨਿਆਂ ਦੀਆਂ ਵਰਨਣ ਕੀਤੀਆਂ ਰੁਤਾਂ ਅਤੇ ਮੌਸਮਾਂ ਦਾ ਸਬੰਧ ਬਿਲਕੁਲ ਟੁੱਟ ਜਾਵੇਗਾ। ਇਤਿਹਾਸਕ ਤੌਰ ’ਤੇ ਅਸੀਂ ਪੜ੍ਹਾਂਗੇ ਕਿ ਪੋਹ ਦੀ ਕੜਾਕੇ ਦੀ ਠੰਡ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ ਸੀ ਪਰ 13000 ਸਾਲ ਬਾਅਦ ਤਾਂ ਬਿਕ੍ਰਮੀ ਕੈਲੰਡਰ ਦਾ ਪੋਹ ਮਹੀਨਾ ਜੂਨ ਵਿੱਚ ਆਏਗਾ ਜਿਸ ਸਮੇਂ ਕੜਾਕੇ ਦੀ ਠੰਡ ਦੀ ਬਜਾਏ ਕੜਾਕੇ ਦੀ ਗਰਮੀ ਪੈਂਦੀ ਹੋਵੇਗੀ ਤਾਂ ਅਸੀਂ ਕਿਸ ਤਰ੍ਹਾਂ ਸਮਝਾਵਾਂਗੇ ਕਿ ਪੋਹ ਵਿੱਚ ਠੰਡ ਪੈਣ ਦੀ ਥਾਂ ਗਰਮੀ ਕਿਵੇਂ ਪੈਣ ਲੱਗ ਪਈ ?

ਆਵਨਿ ਅਠਤਰੈ₁, ਜਾਨਿ ਸਤਾਨਵੈ; ਹੋਰੁ ਭੀ ਉਠਸੀ, ਮਰਦ ਕਾ ਚੇਲਾ ॥ = ਏਥੇ ਇਹ ਇਸ਼ਾਰਾ ਹੈ ਕਿ ਬਾਬਰ 1597 ਬਿਕਰਮੀ ਵਿੱਚ ਆਵੇਗਾ ਅਤੇ ਹਮਾਯੂ 1595 ਬਿਕਰਮੀ ਵਿੱਚ ਚਲਿਆ ਜਾਵੇਗਾ ਅਤੇ ਤਦ ਇਕ ਹੋਰ ਸੂਰਮੇ ਦਾ ਮੁਰੀਦ ਉਠੂਗਾ।

ਉਕਤ ਤੁਕ ਵਿੱਚ ਬਿਕ੍ਰਮੀ ਕੈਲੰਡਰ ਇਸ ਲਈ ਵਰਤਿਆ ਗਿਆ ਹੈ ਕਿਉਂਕਿ ਉਸ ਸਮੇਂ ਇਹੀ ਕੈਲੰਡਰ ਪ੍ਰਚਲਤ ਸੀ। ਉਸ ਸਮੇਂ ਲੰਬਾਈ, ਭਾਰ ਅਤੇ ਸਮੇਂ ਆਦਿਕ ਦੀਆਂ ਪ੍ਰਚਲਤ ਇਕਾਈਆਂ ਵੀ ਗੁਰਬਾਣੀ ਵਿੱਚ ਗੁਰੂ ਸਾਹਿਬ ਜੀ ਨੇ ਵਰਤੀਆਂ ਹਨ; ਜਿਵੇਂ ਕਿ:-

  1. ਸਾਢੇ ਤੀਨਿ ਹਾਥ, ਤੇਰੀ ਸੀਵਾਂ ॥ = ਅਖੀਰ ਨੂੰ ਤੇਰੇ ਲਈ ਸਾਢੇ ਤਿੰਨ ਹੱਥ ਮਿਣਤੀ ਦੀ ਥਾਂ ਹੈ।
  2. ਕਰਉ (ਕਰਮਾਂ) ਅਢਾਈ ਧਰਤੀ ਮਾਂਗੀ; ਬਾਵਨ ਰੂਪਿ ਬਹਾਨੈ ॥ = ਪ੍ਰਭੂ ਨੇ ਇਕ ਬੋਣੇ ਦੇ ਸਰੂਪ ਵਿੱਚ, ਢਾਈ ਕਰਮ ਜਮੀਨ ਦੀ ਬਹਾਨੇ ਨਾਲ ਮੰਗ ਕੀਤੀ।
  3. ਪਾਂਚ ਕੋਸ ਪਰ ਗਊ ਚਰਾਵਤ; ਚੀਤੁ ਸੁ ਬਛਰਾ ਰਾਖੀਅਲੇ ॥ = ਪੰਜ ਕੋਹਾਂ ਤੇ ਦੂਰ ਗਾਂ ਚਰਦੀ ਹੈ, ਪਰ ਉਹ ਆਪਣੀ ਬਿਰਤੀ ਆਪਣੇ ਵੱਛੇ ਤੇ ਲਾਈ ਰਖਦੀ ਹੈ।
  4. ਬਾਰਹ ਜੋਜਨ, ਛਤ੍ਰੁ ਚਲੈ ਥਾ; ਦੇਹੀ ਗਿਰਝਨ ਖਾਈ ॥੨॥ = ਉਨ੍ਹਾਂ ਦੀ ਪਾਤਿਸ਼ਾਹੀ ਜਲੂਸ ਸੱਠ ਮੀਲਾਂ ਤਾਈਂ ਫੈਲਿਆ ਹੋਇਆ ਸੀ, ਪੰਤੂ ਉਹਨਾਂ ਦੇ ਸਰੀਰ ਗਿੱਧਾਂ ਨੇ ਖਾਧੇ।       (ਨੋਟ-ਇੱਕ ਜੋਜਨ ਪੰਜਾਂ ਮੀਲ ਦੇ ਬਰਾਬਰ ਹੁੰਦਾ ਹੈ।)।

ਉਕਤ ਤੁਕਾਂ ਵਿੱਚ ਲੰਬਾਈ ਦੀ ਇਕਾਈਆਂ ਹੱਥ, ਕਰਮਾਂ, ਕੋਸ (ਕੋਹ) ਅਤੇ ਜੋਜਨ ਵਰਤੀਆਂ ਗਈਆਂ ਹਨ। ਉਸ ਉਪ੍ਰੰਤ ਇੰਚ, ਫੁੱਟ, ਗਜ, ਮੀਲ ਵਰਤੇ ਜਾਣ ਲੱਗੇ ਪਰ ਅੱਜ ਕੱਲ੍ਹ ਮਿਲੀ ਮੀਟਰ, ਸੈਂਟੀਮੀਟਰ, ਮੀਟਰ, ਕਿਲੋਮੀਟਰ ਵਰਤੇ ਜਾਣ ਲੱਗੇ ਹਨ ਕਿਉਂਕਿ ਇਨ੍ਹਾਂ ਇਕਾਈਆਂ ਵਿੱਚ ਹਿਸਾਬ ਕਰਨਾ ਬਹੁਤ ਸੌਖਾ ਹੈ।

  1. ਲਖ ਮੜਿਆ ਕਰਿ ਏਕਠੇ; ਏਕ ਰਤੀ ਲੇ ਭਾਹਿ ॥ = ਲੱਖਾਂ ਲੱਕੜ ਦੇ ਖੁੰਢਾਂ ਦੇ ਇਕੱਠੇ ਕੀਤੇ ਹੋਏ ਢੇਰ ਨੂੰ ਸੜ ਵੰਝਣ ਲਈ ਭੋਰਾ ਕੁ ਭਰ ਅੱਗ ਦੀ ਲੋੜ ਹੈ।
  2. ਪ੍ਰਣਵਤਿ ਨਾਨਕੁ, ਦਾਸਨਿ ਦਾਸਾ; ਖਿਨੁ ਤੋਲਾ ਖਿਨੁ ਮਾਸਾ ॥ = (ਹੇ ਪ੍ਰਭੂ! ਤੇਰੇ) ਦਾਸਾਂ ਦਾ ਦਾਸ ਨਾਨਕ ਬੇਨਤੀ ਕਰਦਾ ਹੈ (ਇਹੀ ਕਾਰਨ ਹੈ ਕਿ ਇਹ ਮਨ) ਕਦੇ ਤੋਲਾ ਹੋ ਜਾਂਦਾ ਹੈ, ਕਦੇ ਮਾਸਾ ਰਹਿ ਜਾਂਦਾ ਹੈ (ਕਦੇ ਮੁਕਾਬਲਾ ਕਰਨ ਦੀ ਹਿੰਮਤ ਕਰਦਾ ਹੈ ਤੇ ਕਦੇ ਘਬਰਾ ਜਾਂਦਾ ਹੈ) ॥
  3. ਦੁਇ ਸੇਰ ਮਾਂਗਉ, ਚੂਨਾ ॥ = ਮੈਨੂੰ ਦੋ ਸੇਰ ਆਟੇ ਦੀ ਲੋੜ ਹੈ,
  4. ਪਾਉ ਘੀਉ ਸੰਗਿ, ਲੂਨਾ ॥ = ਇਕ ਪਾਉ (ਪਾਈਆ) ਘਿਉ ਤੇ ਕੁਝ ਲੂਣ ਚਾਹੀਦਾ ਹੈ।
  5. ਸਾਢੇ ਤ੍ਰੈ ਮਣ ਦੇਹੁਰੀ; ਚਲੈ ਪਾਣੀ ਅੰਨਿ ॥ = (ਮਨੁੱਖ ਦਾ ਇਹ) ਸਾਢੇ ਤਿੰਨ ਮਣ ਦਾ ਪਲਿਆ ਹੋਇਆ ਸਰੀਰ (ਇਸ ਨੂੰ) ਪਾਣੀ ਤੇ ਅੰਨ ਦੇ ਜ਼ੋਰ ਕੰਮ ਦੇ ਰਿਹਾ ਹੈ।

ਉਪ੍ਰੋਕਤ ਤੁਕਾਂ ਵਿੱਚ ਮਾਸਾ, ਰੱਤੀ, ਤੋਲਾ, ਪਾਈਆ, ਸੇਰ, ਮਣ ਅਦਿਕ ਇਕਾਈਆਂ ਭਾਰ ਮਾਪਣ ਲਈ ਵਰਤੀਆਂ ਗਈਆਂ ਹਨ ਪਰ ਅੱਜ ਕੱਲ੍ਹ ਅਸੀਂ ਮਿਲੀਗ੍ਰਾਮ, ਗਰਾਮ, ਕਿਲੋਗ੍ਰਾਮ, ਕੁਇੰਟਲ, ਟਨ ਆਦਿਕ ਈਕਾਈਆਂ ਦੀ ਵਰਤੋਂ ਕਰ ਰਹੇ ਹਾਂ ਕਿਉਂਕਿ ਇਨ੍ਹਾਂ ਇਕਾਈਆਂ ਦੀ ਵਰਤੋਂ ਕਰਨ ਨਾਲ ਹਿਸਾਬ ਕਿਤਾਬ ਕਰਨਾ ਬਹੁਤ ਹੀ ਸੌਖਾ ਹੈ।

  1. ਨਿਮਖ ਮਾਹਿ ਹੋਵੈ, ਤੇਰੀ ਛੋਟਿ ॥ = ਅੱਖ ਦੇ ਇਕ ਫੋਰ ਵਿਚ (ਮਾਇਆ ਦੇ ਮੋਹ ਦੇ ਬੰਧਨਾਂ ਤੋਂ) ਤੇਰੀ ਖ਼ਲਾਸੀ ਹੋ ਜਾਇਗੀ ॥
  2. ਵਿਸੁਏ, ਚਸਿਆ, ਘੜੀਆ, ਪਹਰਾ; ਥਿਤੀ, ਵਾਰੀ, ਮਾਹੁ ਹੋਆ ॥

ਉਕਤ ਤੁਕਾਂ ਵਿੱਚ ਨਿਮਖ, ਵਿਸੁਏ, ਚੱਸੇ, ਘੜੀਆਂ, ਪਹਿਰ ਆਦਿਕ ਸਮੇਂ ਦੀ ਲੰਬਾਈ ਲਈ ਇਕਈਆਂ ਦੇ ਤੌਰ ’ਤੇ ਵਰਤੀਆਂ ਗਈਆਂ ਹਨ ਪਰ ਅੱਜ ਕੱਲ੍ਹ ਸਮੇਂ ਲਈ ਮਾਈਕਰੋ ਸੈਕੰਡ, ਮਿਲੀ ਸੈਕੰਡ, ਸੈਕੰਡ, ਮਿੰਟ, ਘੰਟੇ ਆਦਿਕ ਵਰਤੇ ਜਾਂਦੇ ਹਨ।

ਸੋ ਜੇ ਉਕਤ ਸਾਰੀਆਂ ਇਕਾਈਆਂ ਅਸੀਂ ਸਹੂਲਤ ਲਈ ਐੱਮ ਕੇ ਐੱਸ ਪ੍ਰਣਾਲੀ ਦੀਆਂ ਨਵੀਆਂ ਇਕਈਆਂ ਵਰਤਣ ਲੱਗ ਪਏ ਹਾਂ ਇਸੇ ਤਰ੍ਹਾਂ ਕੁਰੰਸੀ ਲਈ ਪਹਿਲਾਂ ਧੇਲਾ, ਪੈਸਾ, ਦਮੜੀ, ਆਨਾ, ਦੁਆਨੀ, ਚੁਆਨੀ, ਅਠਿਆਨੀ, ਰੁਪਈਆ ਆਦਿਕ ਵਰਤੇ ਜਾਂਦੇ ਸਨ ਪਰ ਅੱਜ ਕੱਲ੍ਹ ਸਿਰਫ ਪੈਸੇ, ਰੁਪਈਏ ਹੀ ਵਰਤੇ ਜਾਂਦੇ ਹਨ। ਪੁਰਾਣੇ ਪੈਸੇ ਅਤੇ ਨਵੇਂ ਪੈਸੇ ਦੀ ਕੀਮਤ ਵਿੱਚ ਵੀ ਬਿਕ੍ਰਮੀ ਕੈਲੰਡਰ ਦੀ ਸੰਗ੍ਰਾਂਦ ਅਤੇ ਨਾਨਕਸ਼ਾਹੀ ਕੈਲੰਡਰ ਦੇ ਮਹੀਨੇ ਦੀ ਪਹਿਲੀ ਤਰੀਕ ਵਾਂਗ ਅੰਤਰ ਹੈ ਤਾਂ ਆਪਣੀ ਸਹੂਲਤ ਲਈ ਬਿਕ੍ਰਮੀ ਕੈਲੰਡਰ ਜਿਸ ਦੀਆਂ ਤਰੀਕਾਂ ਤਿਥਾਂ ਨੂੰ ਸਮਝਣਾਂ ਅਤੇ ਯਾਦ ਰੱਖਣਾ ਅਤਿ ਕਠਿਨ ਹੈ। ਇੱਥੋਂ ਤੱਕ ਪੜ੍ਹੇ ਲਿਖੇ ਵਿਦਵਾਨ ਵੀ ਇਹ ਯਾਦ ਨਹੀਂ ਰੱਖ ਸਕਦੇ ਕਿ ਚਾਲੂ ਮਹੀਨਾ ਕਿੰਨੇ ਦਿਨਾਂ ਦਾ ਹੈ ? ਜੇ 17 ਜਨਵਰੀ 2015 ਨੂੰ ਫੱਗਣ ਵਦੀ ਤਰੌਦਸੀ ਹੋਵੇ ਤਾਂ 19 ਜਨਵਰੀ ਨੂੰ ਕਿਹੜੀ ਤਿੱਥ ਹੋਵੇਗੀ? ਕਿਹੜੇ ਸਾਲ ਵਿੱਚ ਚੰਦ੍ਰਮਾ ਦੇ ਬਾਰਾਂ ਮਹੀਨਿਆਂ ਦੀ ਥਾਂ 13 ਮਹੀਨੇ ਬਣ ਜਾਣਗੇ ਅਤੇ ਕਿਹੜੇ ਸਾਲ ਵਿੱਚ ਸਿਰਫ 11 ਹੀ ਰਹਿ ਜਾਣਗੇ? ਅਤੇ ਇਸ ਵਾਧ ਘਾਟ ਦਾ ਕਾਰਣ ਕੀ ਹੈ?

ਸੋ ਸਮਝਣ ਅਤੇ ਯਾਦ ਰੱਖਣ ਵਿੱਚ ਇਤਨੇ ਗੋਰਖਧੰਦੇ ਵਾਲੇ ਬਿਕ੍ਰਮੀ ਕੈਲੰਡਰ ਨਾਲੋਂ ਨਾਨਕਾਸ਼ਾਹੀ ਕੈਲੰਡਰ ਸਮਝਣਾਂ ਅਤੇ ਯਾਦ ਰੱਖਣਾਂ ਅਤਿ ਸੁਖਾਲਾ ਹੈ ਇਸ ਲਈ ਇਸ ਦਾ ਵਿਰੋਧ ਕਰਨ ਵਾਲਿਆਂ ਦੀ ਸਮੱਸਿਆ ਬਿਲਕੁਲ ਸਮਝ ਨਹੀਂ ਆਉਂਦੀ। ਇਸ ਦਾ ਵਿਰੋਧ ਕਰਨ ਵਾਲੇ ਵੀਰਾਂ ਅੱਗੇ ਇੱਕ ਸਵਾਲ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੋਹ ਸੁਦੀ 7, 23 ਪੋਹ ਬਿਕ੍ਰਮੀ ਸੰਮਤ 1723 ਮੁਤਾਬਿਕ 22 ਦਸੰਬਰ 1666 ਨੂੰ ਹੋਇਆ ਸੀ। ਹੁਣ ਜੇ ਅਸੀਂ ਸਾਰੀ ਦੁਨੀਆਂ ਵਿੱਚ ਵਸ ਰਹੇ ਸਿੱਖਾਂ ਦੀ ਸਹੂਲਤ ਲਈ ਪੋਹ ਸੁਦੀ 7 ਦੀ ਬਜਾਏ ਨਾਨਕਸ਼ਹੀ ਕੈਲੰਡਰ ਦੇ ੨੩ ਪੋਹ ਨੂੰ ਮਨਾ ਲਈਏ ਜਿਹੜਾ ਹਮੇਸ਼ਾਂ ਹੀ ੫ ਜਨਵਰੀ ਨੂੰ ਆਇਆ ਕਰੇਗਾ ਤਾਂ ਇਸ ਨਾਲ ਗੁਰਮਤਿ ਦੇ ਕਿਹੜੇ ਸਿਧਾਂਤ ਨੂੰ ਖੋਰਾ ਲੱਗ ਜਾਵੇਗਾ? ਨਾਨਕਸ਼ਾਹੀ ਕੈਲੰਡਰ ਦਾ ਦੂਸਰਾ ਫਾਇਦਾ ਇਹ ਹੋਵੇਗਾ ਕਿ ਪੋਹ ਦੇ ਮਹੀਨੇ ਜੇ ਅੱਜ ਕੜਾਕੇ ਦੀ ਠੰਡ ਪੈ ਰਹੀ ਹੈ ਤਾਂ ਅੱਜ ਤੋਂ 13000 ਸਾਲ ਬਾਅਦ ਵੀ ਬਿਲਕੁਲ ਇਹੀ ਮੌਸਮ ਰਹੇਗਾ ਜਦੋਂ ਕਿ ਬਿਕ੍ਰਮੀ ਕੈਲੰਡਰ ਦੇ ਪੋਹ ਦੇ ਮਹੀਨੇ ਉਸ ਸਮੇਂ ਕੜਾਕੇ ਦੀ ਗਰਮੀ ਪੈਂਦੀ ਹੋਵੇਗੀ ਜਿਸ ਦਾ ਸਬੰਧ ਗੁਰਬਾਣੀ ਵਿੱਚ ਦਰਜ ਮਹੀਨਿਆਂ ਨਾਲੋਂ ਬਿਲਕੁਲ ਹੀ ਉਲਟ ਹੋਵੇਗਾ।