ਬਾਬੇ ਨਾਨਕ ਦੇ ਲਾਏ ਬੂਟੇ ਦੀਆਂ ਜੜ੍ਹਾਂ ਨੂੰ ਖੋਰਾ ਲਾਉਂਦੇ ਕੀਟ… ਡਾ: ਹੀਰਾ ਰੰਧਾਵਾ

0
203

ਬਾਬੇ ਨਾਨਕ ਦੇ ਲਾਏ ਬੂਟੇ ਦੀਆਂ ਜੜ੍ਹਾਂ ਨੂੰ ਖੋਰਾ ਲਾਉਂਦੇ ਕੀਟ… ਡਾ: ਹੀਰਾ ਰੰਧਾਵਾ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਦਾ ਬੂਟਾ ਲਾ ਕੇ ਮਨੁੱਖਤਾ ਨੂੰ ਜੀਵਨ ਦੇ ਨਵੇਂ ਅਰਥ ਦਿੱਤੇ ਸਨ। ਉਸੇ ਬੂਟੇ ਨੂੰ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਨੌਂ ਸਿੱਖ ਗੁਰੂਆਂ ਨੇ ਸਿੰਜਿਆ ਤੇ ਵੱਡਾ ਕੀਤਾ। ਦਸਵੇਂ ਸਿੱਖ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖੀ ਨੂੰ ਇੱਕ ਨਵਾਂ ਮੁਹਾਂਦਰਾ ਦੇ ਕੇ ਜ਼ੁਲਮ ਦੇ ਖ਼ਿਲਾਫ਼ ਲੜਨ ਲਈ ਸਿੱਖਾਂ ਦੇ ਹੱਥ ਸ਼ਮਸ਼ੀਰ ਫੜਾਈ। ਗਊ ਗਰੀਬ ਦੀ ਰੱਖਿਆ ਕਰਨਾ ਸਿੱਖ ਦਾ ਮੁੱਢਲਾ ਫ਼ਰਜ਼ ਦੱਸਿਆ ਗਿਆ। ਔਰਤ ’ਤੇ ਨਿਹੱਥੇ ਵਾਰ ਕਰਨ ਦੀ ਮਨਾਹੀ ਕੀਤੀ। ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰਨ ਤੇ ਵੰਡ ਕੇ ਛੱਕਣ ਦੇ ਫ਼ਲਸਫ਼ੇ ਨੂੰ ਜਨਮ ਦਿੱਤਾ ਜੋ ਅੱਜ ਤੱਕ ਬਾ-ਦਸਤੂਰ ਜਾਰੀ ਹੈ। ਉਹਨਾਂ ਨੇ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ ਉਹਨਾਂ ਦੀ ਭੁੱਖ ਨਿਰਵਿਰਤ ਕਰਕੇ ਐਸਾ ਕਾਰਜ ਆਰੰਭਿਆ ਕਿ ਅੱਜ ਵੀ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਗੁਰੂ ਘਰ ਗਿਆ ਬੰਦਾ, ਬਿਨਾਂ ਕਿਸੇ ਭੇਦ-ਭਾਵ ਦੇ ਲੰਗਰ ਛੱਕਦਾ ਹੈ। ਉਹਨਾਂ ਸਮਾਜ ਵਿੱਚ ਫੈਲੇ ਕੂੜ ਦੇ ਪਸਾਰੇ ਨੂੰ ਦੂਰ ਕਰਨ ਲਈ ਚਾਨਣ ਦੀ ਇੱਕ ਨਵੀਂ ਜੋਤ ਜਗਾਈ। ਗੁਰੂ ਨਾਨਕ ਦੇਵ ਜੀ ਨੇ ਹੱਥ ਵਿੱਚ ਕੋਈ ਤਲਵਾਰ ਜਾਂ ਸਟੇਨਗੰਨ ਫੜ ਕੇ ਆਪਣੀ ਗੱਲ ਨਹੀਂ ਸੀ ਮਨਵਾਈ, ਸਗੋਂ ਹਰ ਗੱਲ ਨੂੰ ਦਲੀਲ ਦੇ ਕੇ ਸੱਚ ਨੂੰ ‘ਸੱਚ’ ਤੇ ਝੂਠ ਨੂੰ ‘ਝੂਠ’ ਸਾਬਤ ਕੀਤਾ। ਉਹਨਾਂ ਨੇ ਆਦਮਖ਼ੋਰ ਕੌਡੇ ਰਾਖ਼ਸ਼ ਵਰਗਿਆਂ ਨੂੰ ਉਪਦੇਸ਼ ਤੇ ਦਲੀਲਾਂ ਨਾਲ ਇਹ ਗੱਲ ਜਿਤਾਈ ਸੀ ਕਿ ਜੋ ਉਹ ਕਰ ਰਿਹਾ ਹੈ ਉਹ ਮਾਨਵਤਾ ਦੇ ਖ਼ਿਲਾਫ਼ ਹੈ। ਉਹਨਾਂ ਸੱਜਣ ਠੱਗ ਤੇ ਭੂਮੀਏ ਚੋਰਾਂ ਵਰਗਿਆਂ ਨੂੰ ਦਲੀਲ ਸਹਿਤ ਇਹ ਗੱਲ ਜਚਾਈ ਕਿ ਜੋ ਉਹ ਕਰ ਰਹੇ ਹਨ ਉਹ ਗ਼ਲਤ ਹੈ। ਇਸ ਮਗਰੋਂ ਉਹ ਸੱਚ ਮੁੱਚ ਦੇ ਅਸਲੀ ‘ਸੱਜਣ’ ਤੇ ਸਹੀ ਮਾਅਨਿਆਂ ਵਿੱਚ ‘ਇਨਸਾਨ’ ਬਣ ਗਏ। ਵਲੀ ਕੰਧਾਰੀ ਜਿਹੇ ਹੰਕਾਰੀਆਂ ਨੂੰ ਵੀ ਉਹਨਾਂ ਨੇ ਆਪਣੀ ਗੱਲ ਜਚਾ ਕੇ ਹੀ ਅਸਲੀ ‘ਵਲੀ’ ਬਣਾਇਆ। ਲੋਕਾਂ ਦਾ ਜੋਕਾਂ ਵਾਂਗ ਖ਼ੂਨ ਪੀਣ ਵਾਲੇ ਮਲਿਕ ਭਾਗੋ ਜਿਹੇ ਹੰਕਾਰੀਆਂ ਦਾ ਸੱਦਾ ਪ੍ਰਵਾਨ ਨਾ ਕਰਕੇ ਅਤੇ ਭਾਈ ਲਾਲੋ ਜਿਹੇ ਕਿਰਤੀ ਦੇ ਘਰ ਦੀ ਰੁੱਖੀ-ਮਿਸੀ ਛੱਕ ਕੇ ਉਹਨਾਂ ਕਿਰਤ ਦੀ ਮਹਾਨਤਾ ਨੂੰ ਦਰਸਾਇਆ। ਸੂਰਜ ਵੱਲ ਪਾਣੀ ਉਛਾਲ ਕੇ ਸੂਰਜ ਨੂੰ ਪਾਣੀ ਦੇਣ ਜਿਹੇ ਹਿੰਦੂ ਕਰਮਕਾਂਡਾਂ ਦੇ ਖ਼ਿਲਾਫ਼ ਉਹਨਾਂ ਤਰਕ ਰਾਹੀਂ ਪੱਛਮ ਵੱਲ ਆਪਣੇ ਖੇਤਾਂ ਵੱਲ ਪਾਣੀ ਉਛਾਲ ਕੇ ਆਪਣੀ ਗੱਲ ਜਚਾਈ। ਦੰਭ ਤੇ ਪਾਖ਼ੰਡ ਦੇ ਖ਼ਿਲਾਫ਼ ਆਵਾਜ਼ ਉੱਠਾ ਕੇ ਬਾਬੇ ਨਾਨਕ ਨੇ ਜਿੱਥੇ ਵਹਿਮਾਂ-ਭਰਮਾਂ ਚੋਂ ਬਾਹਰ ਕੱਢਣ ਦੇ ਉਪਰਾਲੇ ਕੀਤੇ ਉੱਥੇ ‘‘ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ॥’’ (ਮ:੧/੪੭੩) ਕਹਿ ਕੇ ਇਸਤ੍ਰੀ ਜਾਤੀ ਦੀ ਬਰਾਬਰਤਾ ਦੀ ਗੱਲ ਕਰਨ ਦੀ ਪਹਿਲ ਵੀ ਕੀਤੀ। ਉਹਨਾਂ ਸਿੱਧਾਂ ਨਾਲ ਗੋਸ਼ਟੀਆਂ ਕਰਕੇ ਜਿੱਥੇ ਉਨ੍ਹਾਂ ਨੂੰ ਆਪਣੀਆਂ ਦਲੀਲਾਂ ਨਾਲ ਹਰਾਇਆ ਉੱਥੇ ਘਰ-ਬਾਰ ਛੱਡ ਕੇ ਜੰਗਲਾਂ’ਚ ਭਟਕ ਰਹੇ ਮਨੁੱਖ ਨੂੰ ਗਿ੍ਰਹਸਤ ਜੀਵਨ ਵਿੱਚ ਰਹਿ ਕੇ ਦਸਾਂ ਨਹੁੰਆਂ ਦੀ ਕਿਰਤ ਦੀ ਮਹਾਨਤਾ ਬਾਰੇ ਦੱਸਿਆ। ਮੱਕੇ ਮਦੀਨੇ ਜਾ ਕੇ ਉਹਨਾਂ ਕਾਜ਼ੀਆਂ ਨੂੰ ਅੱਲ੍ਹਾ ਦੇ ਚਾਰੇ ਕੂੰਟਾਂ ਵਿੱਚ ਹਾਜ਼ਰ-ਨਾਜ਼ਰ ਹੋਣ ਬਾਰੇ ਦਲੀਲਾਂ ਨਾਲ ਸਮਝਾਇਆ। ਇਸੇ ਤਰ੍ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਐਸੇ ਪਹਿਲੇ ਗੁਰੂ ਸਨ ਜਿੰਨ੍ਹਾਂ ਨੇ ਬਾਬਰ ਨੂੰ ਉਸ ਦੇ ਸਨਮੁਖ ‘ਜ਼ਾਬਰ’ ਕਹਿ ਕੇ ‘‘ਪਾਪ ਕੀ ਜੰਞ ਲੈ ਕਾਬਲਹੁ ਧਾਇਆ, ਜੋਰੀ ਮੰਗੈ ਦਾਨੁ ਵੇ ਲਾਲੋ॥’’ (ਮ:੧/੭੨੨) ਭਾਵ ਬਿਨਾਂ ਕਿਸੇ ਡਰ ਤੋਂ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਲਲਕਾਰਿਆ ਸੀ। ਜਦ ਅਸੀਂ ਉਹਨਾਂ ਹਾਲਤਾਂ ਦੇ ਸੰਦਰਭ ਵਿੱਚ ਵੇਖੀਏ ਤਾਂ ਉਸ ਸਮੇਂ ਦੇ ਹਾਕਮ ਬਾਰੇ ਅਜਿਹਾ ਕਹਿਣਾ ਆਪਣੀ ਮੌਤ ਨੂੰ ਹੱਥੀਂ ਸੱਦਾ ਦੇਣ ਬਰਾਬਰ ਸੀ, ਪਰ ਬਾਬਰ ਜਿਹੇ ਜ਼ਾਬਰ ਵੀ ਬਾਬੇ ਦੀ ਦਲੀਲ ਅੱਗੇ ਗੋਡੇ ਟੇਕ ਗਏ ਅਤੇ ਉਹਨਾਂ ਦੇ ਮੁਰੀਦ ਬਣ ਗਏ। ਗੁਰੂ ਨਾਨਕ ਦੇਵ ਜੀ ਦੇ ਸਮੁੱਚੇ ਜੀਵਨ ਬਾਰੇ ਜਾਨਣ ਤੋਂ ਇਹ ਗੱਲ ਪ੍ਰਤੱਖ ਸਾਹਮਣੇ ਆਉਂਦੀ ਹੈ ਕਿ ਉਹ ਸਿੱਖ ਧਰਮ ਵਿੱਚ ਪਹਿਲੇ ਮਹਾਨ ਤਰਕਸ਼ੀਲ ਗੁਰੂ ਹੋਏ ਹਨ ਜਿੰਨ੍ਹਾਂ ਤਰਕ ਦੇ ਆਧਾਰ ’ਤੇ ਦੁਨੀਆਂ ਦੇ ਭੁਲੇਖੇ ਦੂਰ ਕੀਤੇ ਸਨ। ਉਹਨਾਂ ਪੈਦਲ ਦੁਨੀਆਂ ਨੂੰ ਗਾਹ ਕੇ ਉਦਾਸੀਆਂ ਕੀਤੀਆਂ ਤੇ ਸੱਚ ਤੇ ਤਰਕ ਨੂੰ ਫ਼ੈਲਾਇਆ। ਉਸ ਵੇਲੇ ਸਾਇੰਸ ਨੇ ਭਾਵੇਂ ਇੰਨੀ ਤਰੱਕੀ ਨਹੀਂ ਸੀ ਕੀਤੀ ਪਰ ਆਪਣੀ ਦੂਰ ਦਿ੍ਰਸ਼ਟੀ ਨਾਲ ਕੁਦਰਤ ਦੇ ਉਹ ਭੇਦ ਉਜਾਗਰ ਕੀਤੇ ਸਨ ਜਿੰਨ੍ਹਾਂ ’ਤੇ ਅੱਜ ਤੱਕ ਸਾਇੰਸਦਾਨ ਖੋਜਾਂ ਕਰ ਰਹੇ ਹਨ। ਸਰਬ ਸਾਂਝੇ ਰਹਿਬਰ ਗੁਰੂ ਨਾਨਕ ਦੇ ਨਾਲ ਰਬਾਬੀ ਮਰਦਾਨੇ ਦਾ ਹਮੇਸ਼ਾ ਸਾਥ ਰਿਹਾ ਜਿਸ ਦੀ ਰਬਾਬ ਦੀਆਂ ਸੁਰਾਂ ’ਤੇ ਉਹ ਕੁਦਰਤ ਦੀ ਕਾਦਰ ਦਾ ਇਲਾਹੀ ਰਾਗ ਛੇੜਦੇ।
ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਨੂੰ ਇਕੱਲੇ ਸਿੱਖ ਸਮਾਜ ਨੇ ਹੀ ਨਹੀਂ ਸਗੋਂ ਦੁਨੀਆਂ ਦੀਆਂ ਬਹੁਤ ਸਾਰੀਆਂ ਕੌਮਾਂ ਨੇ ਅਪਣਾਇਆ ਪਰ ਸਿੱਖ ਧਰਮ ਨਾਲ ਸੰਬੰਧਿਤ ਲੋਕਾਂ ਵਿੱਚ ਜ਼ਾਤ-ਪਾਤ, ਵਹਿਮ-ਭਰਮ ਆਦਿ ਦੀ ਉਸੇ ਤਰ੍ਹਾਂ ਭਰਮਾਰ ਜਾਰੀ ਹੈ। ਅੱਜ ਵੀ ਮੜੀਆਂ ਦੀ ਪੂਜਾ, ਜਠੇਰਿਆਂ ਦੀ ਪੂਜਾ, ਕਰਵਾ ਚੌਥ, ਸ਼ਰਾਧ ਖੁਆਉਣੇ, ਦਿਨਾਂ ਤੇ ਸਮੇਂ ਦੀ ਵਿਚਾਰ, ਵਰਗੇ ਵਹਿਮ ਸਿੱਖਾਂ ਦੇ ਘਰਾਂ ਵਿੱਚ ਅਕਸਰ ਪਾਏ ਜਾਂਦੇ ਹਨ। ਸੋਭਾ ਸਿੰਘ ਦੁਆਰਾ ਬਣਾਈਆਂ ਕਾਲਪਨਿਕ ਸਿੱਖ ਗੁਰੂਆਂ ਦੀਆਂ ਤਸਵੀਰਾਂ ਅੱਗੇ ਅਗਰਬੱਤੀਆਂ ਜਗਾ ਕੇ ਮੱਥੇ ਟੇਕੇ ਜਾਂਦੇ ਹਨ, ਕਿਤੇ ਇਹ ਮੂਰਤੀ ਪੂਜਾ ਦਾ ਦੂਜਾ ਰੂਪ ਤਾਂ ਨਹੀਂ? ਅੱਜ ਵੀ ਬਾਬੇ ਨਾਨਕ ਵੱਲੋਂ ਦੱਸੀ ਗਈ ਕੁਦਰਤੀ ਨਿਯਮਾਂ ਰਾਹੀਂ ਅੱਠੇ ਪਹਿਰ ਹੋ ਰਹੀ ਆਰਤੀ ਦੀ ਥਾਂ ਥਾਲੀਆਂ ਵਿੱਚ ਦੀਪ ਜਲਾ ਕੇ ਆਰਤੀਆਂ ਹੋ ਰਹੀਆਂ ਹਨ। ਅੱਜ ਵੀ ਕਿਸੇ ਗਰੀਬ ਦੇ ਪੇਟ ਦੀ ਥਾਂ ਕੁਝ ਗੁਰਦੁਆਰਿਆਂ ਦੇ ਫਰਸ਼ਾਂ ਨੂੰ ਹੀ ਪਵਿੱਤਰ ਕਰਨ ਲਈ ਦੁੱਧ ਦੇ ਇਸ਼ਨਾਨ ਕਰਵਾ ਕੇ ਨਾਲੀਆਂ ਰਾਹੀਂ ਰੋੜ੍ਹਿਆ ਜਾ ਰਿਹਾ ਹੈ, ਕਿਤੇ ਇਹ ਸ਼ਿਵ-ਲਿੰਗ ਪੂਜਾ ਵਰਗਾ ਕਰਮ ਤਾਂ ਨਹੀਂ? ਕਿਤੇ ਅਜਿਹੇ ਮਨਮੁਖੀ ਕਾਰਜਾਂ ਨਾਲ ਸਿੱਖੀ ਦੇ ਸੰਘਣੇ ਬੂਟੇ ਦੀਆਂ ਜੜਾਂ ਖੋਖਲੀਆਂ ਤਾਂ ਨਹੀਂ ਹੋ ਰਹੀਆਂ? ਵੱਡੀ ਢਾਅ ਸਿੱਖ ਧਰਮ ਨੂੰ ਥਾਂ ਥਾਂ ਪੱਸਰੇ ਡੇਰੇ ਲਗਾ ਰਹੇ ਹਨ ਜੋ ਲੋਕਾਂ ਨੂੰ ਅਸਲ ਮਾਰਗ ਤੋਂ ਭਟਕਾਅ ਰਹੇ ਹਨ। ਇਹ ਸਭ ਸਿੱਖੀ ਦੇ ਘਣਛਾਂਵੇਂ ਬੂਟੇ ਦੀਆਂ ਜੜ੍ਹਾਂ ਨੂੰ ਚੰਬੜੇ ਕੀਟਾਂ ਵਾਂਗ ਹੀ ਕੰਮ ਕਰ ਰਹੇ ਹਨ ਜੋ ਉਹਨਾਂ ਨੂੰ ਦਿਨੋ ਦਿਨ ਖੋਖਲੀਆਂ ਕਰ ਰਹੇ ਹੁੰਦੇ ਹਨ। ਅੱਜ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਅਸੀਂ ਆਪਣੇ ਰੋਜ਼ ਮਰ੍ਹਾ ਦੇ ਜੀਵਨ ਵਿੱਚ ਸਿੱਖੀ ਦੇ ਅਸੂਲਾਂ’ਤੇ ਰੱਤੀ ਭਰ ਵੀ ਅਮਲ ਕਰ ਰਹੇ ਹਾਂ? ਅੱਜ ਲੋੜ ਹੈ ਅਮਲਾਂ ਦੀ, ਤਾਂ ਹੀ ਅਸੀਂ ਸਹੀ ਅਰਥਾਂ ਵਿੱਚ ਸਿੱਖੀ ਦੇ ਪੈਰੋਕਾਰ ਅਖਵਾਉਣ ਦੇ ਹੱਕਦਾਰ ਹੋਵਾਂਗੇ!