ਮੱਤ ਦਾ ਰਾਖਾ ਆਪ ਵਾਹਿਗੁਰੂ
ਮੱਤ ਦਾ ਰਾਖਾ ਆਪ ਵਾਹਿਗੁਰੂ
ਮਨਰਾਜ ਕੌਰ
ਪਿਆਰੇ ਨਿੱਕਿਓ !
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।
ਇਸ ਵਾਰ ਚਿਤਵਨ ਸਿੰਘ ਤੇ ਦਾਦਾ ਜੀ ਦੀ ਗੱਲਬਾਤ ਵਿੱਚੋਂ ਅਸੀ ਦੇਖਦੇ ਹਾਂ ਕਿ ‘ਮੱਤ ਦੇ ਰਾਖੇ ਵਾਹਿਗੁਰੂ ਜੀ ਆਪ’ ਕਿਵੇਂ ਹੁੰਦੇ ਹਨ।
ਦਾਦਾ ਜੀ……ਬੇਟਾ ਚਿਤਵਨ ਸਿੰਘ ਜੀ ! ਅੱਜ ਸ਼ਾਮ ਦੇ ਦਿਵਾਨ ਵਿੱਚ ਤੁਸੀਂ ਅਰਦਾਸ ਕਰਨੀ ਹੈ, ਯਾਦ ਹੈ ਨਾ? ਤੁਸੀਂ ਮਿਹਨਤ ਕਰ ਰਹੇ ਹੋ ਨਾ?
ਚਿਤਵਨ ਸਿੰਘ…..ਦਾਦਾ ਜੀ! ਬਿਲਕੁਲ ਯਾਦ ਹੈ ਪਰ ਮੈਨੂੰ ਕੋਈ ਚਿੰਤਾ ਨਹੀਂ ਹੈ।
ਦਾਦਾ ਜੀ…ਇਸ ਤਰ੍ਹਾਂ ਕਿਉਂ ਸੋਚਦੇ ਹੋ ?
ਚਿਤਵਨ ਸਿੰਘ….ਅਰਦਾਸ ਵਿਚ ਲਿਖਿਆ ਹੈ ਕਿ ਮੱਤ ਦੇ ਰਾਖੇ ਵਾਹਿਗੁਰੂ ਜੀ ਆਪ ਹਨ। ਫਿਰ ਇਸ ਤਰ੍ਹਾਂ ਹੀ ਸੋਚਣਾ ਵਧੀਆ ਹੈ।
ਦਾਦਾ ਜੀ……ਬਹੁਤ ਚੰਗੀ ਗੱਲ ਹੈ ਕਿ ਤੁਸੀਂ ਵਾਹਿਗੁਰੂ ਜੀ ਦਾ ਆਸਰਾ ਲੈ ਰਹੇ ਹੋ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਮਿਹਨਤ ਹੀ ਨਾ ਕਰੋ, ਜੋ ਤੁਸੀਂ ਸੋਚ ਰਹੇ ਹੋ।
ਚਿਤਵਨ ਸਿੰਘ…..ਜੇ ਮਤ ਦੇ ਰਾਖੇ ਵਾਹਿਗੁਰੂ ਜੀ ਹੀ ਹਨ ਤਾਂ ਫਿਰ ਮੈਨੂੰ ਚਿੰਤਾ ਤੇ ਮਿਹਨਤ ਕਰਨ ਦੀ ਕੀ ਲੋੜ ਹੈ? ਇਸ ਦਾ ਕੀ ਮਤਲਬ ਹੈ?
ਦਾਦਾ ਜੀ……ਇਸ ਦਾ ਮਤਲਬ ਗੁਰੂ ਅਰਜੁਨ ਸਾਹਿਬ ਜੀ ਸਮਝਾਉਂਦੇ ਹਨ: ‘‘ਉਦਮੁ ਕਰਉ, ਕਰਾਵਹੁ ਠਾਕੁਰ ! ਪੇਖਤ ਸਾਧੂ ਸੰਗਿ ॥’’ (ਮ: ੫/੪੦੫)
ਚਿਤਵਨ ਸਿੰਘ…….ਦਾਦਾ ਜੀ ! ਇਸ ਤੁਕ ਦਾ ਕੀ ਭਾਵ ਹੈ?
ਦਾਦਾ ਜੀ…..ਇਸ ਤੋਂ ਭਾਵ ਹੈ ਕਿ ਹੇ ਵਾਹਿਗੁਰੂ ਜੀ! ਮੈਂ ਸਤਸੰਗਤ ’ਚ ਮਿਲਣ ਦਾ ਤੇ ਸੱਚੇ ਸੁੱਚੇ ਰੱਬੀ ਗੁਣ ਸਿਖਣ ਦਾ ਉਦਮ ਤੇ ਉਪਰਾਲਾ ਕਰਦਾ ਹਾਂ ਤੇ ਤੁਸੀਂ ਆਪਣੀ ਮਿਹਰ ਕਰਕੇ ਭਾਵ ਮੇਰੀ ਬਾਂਹ ਫੜ ਕੇ ਇਹ ਉਦਮ ਤੇ ਉਪਰਾਲਾ ਸਫਲ ਕਰਵਾ ਦਿਉ, ਜੀ!
ਚਿਤਵਨ ਸਿੰਘ……..ਇਸ ਦਾ ਮਤਲਬ ਇਹ ਕਿਵੇਂ ਹੋਇਆ ਕਿ ‘ਮੱਤ ਦੇ ਰਾਖੇ ਵਾਹਿਗੁਰੂ ਜੀ ਆਪ ਹਨ’?
ਦਾਦਾ ਜੀ…….ਬੇਟਾ ਜੀ ! ਉਹ ਇਸ ਤਰ੍ਹਾਂ ਕਿ ਆਪਾਂ ਮੱਤ ਧਾਰਨ ਕਰਨੀ ਹੈ, ਵਧਾਉਣੀ ਹੈ, ਵਰਤਣੀ ਹੈ, ਨਿਖਾਰਨੀ ਹੈ ਪਰ ਹੰਕਾਰ ਨਹੀਂ ਕਰਨਾ ਅਤੇ ਦੂਜਾ ਪੱਖ ਸੋਚ ਕੇ ਕਿ ਰੱਬ ਜੀ ਹੀ ਕਰਵਾ ਲੈਣਗੇ ਮੈਨੂੰ ਮਿਹਨਤ ਕਰਨ ਦੀ ਕੀ ਲੋੜ ਹੈ, ਵਾਲੀ ਸੋਚ ਵੀ ਨਹੀਂ ਰੱਖਣੀ।
ਚਿਤਵਨ ਸਿੰਘ…. ਉਹ ਕਿਵੇਂ ?
ਦਾਦਾ ਜੀ…..ਬੇਟਾ ਜੀ ? ਜਿਵੇਂ ਤੁਸੀਂ ਪਹਿਲਾਂ ਤੋਂ ਹੀ ਅਰਦਾਸ ਚੰਗੀ ਤਰ੍ਹਾਂ ਯਾਦ ਕੀਤੀ ਹੋਈ ਹੈ ਨਾ?
ਚਿਤਵਨ ਸਿੰਘ…ਹਾਂ ਜੀ! ਦਾਦਾ ਜੀ !
ਦਾਦਾ ਜੀ…..ਯਾਦ ਕਰਨ ਲਈ ਪੂਰੀ ਮਿਹਨਤ ਵੀ ਕੀਤੀ ਸੀ ਨਾ ?
ਦਾਦਾ ਜੀ….ਇਹ ਤੁਸੀਂ ਹੀ ਕੀਤੀ ਸੀ ਨਾ ?
ਚਿਤਵਨ ਸਿੰਘ… ਬਿਲਕੁਲ ਮੈਂ ਹੀ ਕੀਤੀ ਸੀ, ਜੀ !
ਦਾਦਾ ਜੀ…..ਅੱਛਾ ਜੀ ! ਹੁਣ ਜੇ ਤੁਸੀਂ ਇਹ ਸੋਚਦੇ ਹੋ ਕਿ ਆਪੇ ਵਾਹਿਗੁਰੂ ਜੀ ਯਾਦ ਕਰਵਾ ਲੈਣਗੇ ਜਾਂ ਕਿਸੇ ਹੋਰ ਤਰੀਕੇ ਦਿਮਾਗ ਵਿਚ ਪਾ ਦੇਣਗੇ।
ਚਿਤਵਨ ਸਿੰਘ….ਇਸ ਤਰ੍ਹਾਂ ਥੋੜਾ ਹੋ ਸਕਦਾ ਹੈ। ਯਾਦ ਤਾਂ ਮੈਂ ਹੀ ਪੂਰੀ ਮਿਹਨਤ ਨਾਲ ਕਰਨੀ ਸੀ।
ਦਾਦਾ ਜੀ…. ਇਸੇ ਲਈ ਮੈਂ ਕਿਹਾ ਹੈ ਕਿ ਆਪਾਂ ਆਪ ਮਿਹਨਤ ਕਰਕੇ ਮੱਤ ਧਾਰਨ ਕਰਨੀ ਹੈ।
ਚਿਤਵਨ ਸਿੰਘ…. ਵਧਾਉਣੀ ਕਿਵੇਂ ਹੈ ?
ਦਾਦਾ ਜੀ….. ਰੋਜ਼ ਦੇ ਅਭਿਆਸ ਨਾਲ ਤੇ ਇਸੇ ਅਭਿਆਸ ਨੂੰ ਕਰਨ ਬਾਰੇ ਮੈਂ ਤੁਹਾਨੂੰ ਯਾਦ ਦਿਵਾ ਰਿਹਾ ਸੀ। ਅੱਜ ਤੁਸੀਂ ਸੰਗਤ ਵਿਚ ਪਹਿਲੀ ਵਾਰ ਅਰਦਾਸ ਕਰੋਗੇ। ਫਿਰ ਆਪਣੇ ਦੋਵੇਂ ਵੇਲੇ ਦੇ ਨਿੱਤਨੇਮ ਤੋਂ ਬਾਅਦ ਰੋਜ਼ ਕਰਿਆ ਕਰੋਗੇ ਤਾਂ ਸਾਰੇ ਮਤਲਬ ਵੀ ਸਮਝ ਵਿਚ ਆਉਣੇ ਸ਼ੁਰੂ ਹੋ ਜਾਣਗੇ।
ਚਿਤਵਨ ਸਿੰਘ……ਕੁਝ ਕੁਝ ਸਮਝ ਆ ਰਹੀ ਹੈ। ਇਹ ਦੱਸੋ ਕਿ ਵਰਤਣੀ ਕਿਵੇਂ ਹੈ ?
ਦਾਦਾ ਜੀ…..ਜੋ ਕੁਝ ਵੀ ਸਮਝ ਵਿਚ ਆਵੇ, ਉਸ ਨੂੰ ਰੋਜ਼ਾਨਾ ਦੀ ਜ਼ਿੰਦਗੀ ਵਿਚ ਅਮਲ ਵਿਚ ਲਿਆਉਣਾ ਹੀ ਮੱਤ ਨੂੰ ਵਰਤਣਾ ਹੈ।
ਚਿਤਵਨ ਸਿੰਘ… ਹੁਣ ਇਹ ਵੀ ਦੱਸ ਦਿਉ ਕਿ ਮੱਤ ਨੂੰ ਨਿਖਾਰਨਾ ਕਿਵੇਂ ਹੈ ?
ਦਾਦਾ ਜੀ……ਜਿਵੇਂ ਜਦੋਂ ਤੁਸੀਂ ਕੋਈ ਡਰਾਇੰਗ ਬਣਾਉਂਦੇ ਹੋ ਤਾਂ ਬਾਰ ਬਾਰ ਸਾਰੇ ਪਾਸਿਆਂ ਤੋਂ ਧਿਆਨ ਨਾਲ ਦੇਖਦੇ ਹੋ ਕਿ ਇਸ ਨੂੰ ਹੋਰ ਵਧੀਆ ਕਿਵੇਂ ਬਣਾਇਆ ਜਾ ਸਕਦਾ ਹੈ? ਦੇਖਦੇ ਹੋ ਨਾ ?
ਚਿਤਵਨ ਸਿੰਘ…. ਬਿਲਕੁੱਲ ਦੇਖਦਾ ਹਾਂ, ਜੀ ! ਹੋਰ ਵਧੀਆ, ਹੋਰ ਵਧੀਆ ਦੀ ਧੁੰਨ ਸੁਆਰ ਰਹਿੰਦੀ ਹੈ। ਅਖੀਰ ਤੱਕ ਵੀ ਤਸੱਲੀ ਨਹੀਂ ਹੁੰਦੀ।
ਦਾਦਾ ਜੀ….. ਬਿਲਕੁੱਲ! ਇਸੇ ਤਰ੍ਹਾਂ ਆਪਣੀ ਸੋਚ ਨੂੰ ਰੋਜ਼ ਹੋਰ ਵਧੀਆ ਹੋਰ ਵਧੀਆ ਕਰੀ ਜਾਣਾ ਹੀ ਮੱਤ ਨੂੰ ਨਿਖਾਰਨਾ ਹੈ।
ਚਿਤਵਨ ਸਿੰਘ…. ਹੁਣ ਸਾਰਾ ਕੁਝ ਤਾਂ ਅਸੀਂ ਆਪ ਹੀ ਕਰਨਾ ਹੈ, ਫਿਰ ਵਾਹਿਗੁਰੂ ਜੀ ਨੂੰ ਮੱਤ ਦਾ ਰਾਖਾ ਕਹਿਣ ਦੀ ਕੀ ਲੋੜ ਹੈ ?
ਦਾਦਾ ਜੀ…. ਤੁਸੀਂ ਬਹੁਤ ਸਿਆਣੇ ਹੋ, ਬੇਟਾ ਜੀ ! ਪੂਰੀ ਗੱਲ ਸਮਝਦੇ ਹੋ, ਅਧੂਰੀ ਨਹੀਂ ਛੱਡਦੇ।
ਚਿਤਵਨ ਸਿੰਘ….. ਦੱਸੋ ਨਾ!
ਦਾਦਾ ਜੀ….. ਜ਼ਰੂਰ, ਸਾਰਾ ਕੁਝ ਕੀਤਾ ਤੇ ਨਾਲ ਹੀ ਹੰਕਾਰ ਆ ਗਿਆ ਕਿ ਮੈਂ ਕੀਤਾ ਹੈ ਤਾਂ ਇਹ ਇਸ ਤਰ੍ਹਾਂ ਹੈ ਜਿਵੇਂ ਬਹੁਤ ਸ਼ਾਨਦਾਰ ਡਰਾਇੰਗ ਬਣਾ ਕੇ ਉੱਤੇ ਆਪ ਹੀ ਰੰਗ ਡੋਲ ਲਿਆ ਤੇ ਖਰਾਬ ਕਰ ਲਈ।
ਚਿਤਵਨ ਸਿੰਘ…. ਉਹ ਕਿਵੇਂ ?
ਦਾਦਾ ਜੀ….. ਬੇਟਾ ਜੀ ! ਮਨੁੱਖ ਗਲਤੀਆਂ ਕਰਦਾ ਹੀ ਰਹਿੰਦਾ ਹੈ। ਸੋਚ ਵਿਚਾਰ ਕੇ ਠੀਕ ਵੀ ਕਰਦਾ ਰਹਿੰਦਾ ਹੈ। ਪਰ ਜੇ ਕੋਈ ਮਨੁੱਖ ਕਹੇ ਕਿ ਉਹ ਜੋ ਵੀ ਕਰਦਾ ਹੈ, ਠੀਕ ਹੀ ਕਰਦਾ ਹੈ ਤੇ ਕਦੀ ਵੀ ਗਲਤੀ ਨਹੀਂ ਕਰ ਸਕਦਾ ਉਸ ਨੂੰ ਮਿਹਨਤ ਕਰਨ ਦੀ ਕੋਈ ਲੋੜ ਨਹੀਂ ਹੈ, ਤਾਂ ਉਸ ਨੂੰ ਕੀ ਕਹਾਂਗੇ ?
ਚਿਤਵਨ ਸਿੰਘ….. ਹੰਕਾਰੀ ਹੀ ਕਹਾਂਗੇ।
ਦਾਦਾ ਜੀ…. ਕੀ ਹੁਣ ਐਸਾ ਮਨੁੱਖ ਗਲਤੀ ਠੀਕ ਕਰ ਸਕੇਗਾ?
ਚਿਤਵਨ ਸਿੰਘ….. ਨਹੀਂ ਸਗੋਂ ਉਹ ਤਾਂ ਗਲਤੀ ਦੱਸਣ ਵਾਲੇ ਨਾਲ ਲੜ ਪਏਗਾ ਤੇ ਆਪਣੇ ਕੀਤੇ ਕੰਮ ਨੂੰ ਉਵੇਂ ਹੀ ਰਹਿਣ ਦੇਵੇਗਾ।
ਦਾਦਾ ਜੀ….. ਬਿਲਕੁੱਲ ਠੀਕ ! ਪਰ ਜਿਹੜਾ ਮਨੁੱਖ ਆਪਣੇ ਕੰਮ ਨੂੰ ਹੋਰ ਵਧੀਆ ਕਰਨਾ ਚਾਹੁੰਦਾ ਹੈ, ਉਹ ਕੀ ਕਰੇਗਾ ?
ਚਿਤਵਨ ਸਿੰਘ…. ਉਹ ਮਿਹਨਤ ਵੀ ਕਰੇਗਾ ਅਤੇ ਗਲਤੀ ਦੱਸਣ ਵਾਲੇ ਦਾ ਧੰਨਵਾਦ ਵੀ ਕਰੇਗਾ ਤੇ ਨਾਲ ਹੀ ਠੀਕ ਵੀ ਕਰੇਗਾ।
ਦਾਦਾ ਜੀ…..ਕਿਉਂ ?
ਚਿਤਵਨ ਸਿੰਘ….. ਕਿਉਂਕਿ ਉਹ ਜਾਣਦਾ ਹੈ ਕਿ ਗਲਤੀ ਦੱਸਣ ਵਾਲਾ ਉਸ ਦਾ ਮਿੱਤਰ ਹੈ।
ਦਾਦਾ ਜੀ …….. ਪਰ ਪੁੱਤਰ ਜੀ ਜੇ ਕੋਈ ਤੁਹਾਨੂੰ ਗਲਤ ਸਿੱਖਿਆ ਦੇ ਕੇ ਪੁੱਠੇ ਰਸਤੇ ’ਤੇ ਪਾਣ ਦਾ ਯਤਨ ਕਰੇ ਫਿਰ ਕਿਵੇਂ ਬਚੋਗੇ?
ਚਿਤਵਨ ਸਿੰਘ….. ਦਾਦਾ ਜੀ ਅਸੀਂ ਆਪਣੀ ਮਤ ਵਰਤਾਂਗੇ, ਆਪਣੇ ਵੱਡੇ ਬਜ਼ੁਰਗਾਂ ਦੀ ਸਮਝਾਈ ਸਿੱਖਿਆ ਰਾਹੀ ਫ਼ੈਸਲਾ ਲਵਾਂਗੇ।
ਦਾਦਾ ਜੀ…… ਬਿਲਕੁੱਲ ਠੀਕ ! ਸ਼ਾਬਾਸ਼ ਪੁੱਤਰਾ ! ਬੇਟਾ ਜੀ, ਯਾਦ ਰੱਖੋ ਕਿ ਸਾਡੇ ਵੱਡੇ-ਵਡੇਰੇ ਗੁਰੂ ਜੀ ਹਨ, ਵਾਹਿਗੁਰੂ ਜੀ ਹਨ, ਜਿਹੜਾ ਸਿੱਖ ਆਪਣੇ ਗੁਰੂ ਜੀ ਦੀ ਸਿੱਖਿਆ ਅਤੇ ਰੱਬੀ ਗੁਣਾਂ ਨੂੰ ਯਾਦ ਰੱਖਦਾ ਹੈ, ਫਿਰ ਕੀ ਹੋ ਜਾਂਦਾ ਹੈ ?
ਚਿਤਵਨ ਸਿੰਘ….. ਦਾਦਾ ਜੀ ਸਮਝ ਗਿਆ ਫਿਰ ‘ਮੱਤ ਦਾ ਰਾਖਾ ਆਪ ਵਾਹਿਗੁਰੂ’ ਹੋ ਜਾਂਦਾ ਹੈ, ਹੁਣ ਸਮਝ ਆਈ ਕਿ ਇੱਕ ਗੁਰਸਿੱਖ ਦੇ ਹਮੇਸ਼ਾਂ ਰੱਬੀ ਅਗਵਾਈ ਵਿੱਚ ਚੱਲਣ ਦੇ ਗੁਣ ਕਾਰਨ ਉਸ ਦੀ ਮਤ ਦਾ ਰਾਖਾ ਵਾਹਿਗੁਰੂ ਬਣ ਜਾਂਦਾ ਹੈ ਤੇ ਹਰ ਸਿੱਖ ਇਹੋ ਜਿਹੀ ਕਿਰਪਾ ਬਣਾਈ ਰੱਖਣ ਦੀ ਅਰਦਾਸ ਵੀ ਕਰਦਾ ਰਹਿੰਦਾ ਹੈ।
ਦਾਦਾ ਜੀ….. ਸ਼ਾਬਾਸ ਬੇਟਾ ਜੀ! ਸਦਾ ਖੁਸ਼ ਰਹੋ ਜੀ।
ਚਿਤਵਨ ਸਿੰਘ….. ਅੱਛਾ ਦਾਦਾ ਜੀ ! ਮੈ ਆਪਣੀ ਮੱਤ ਵਧਾਉਣ ਭਾਵ ਅਰਦਾਸ ਦਾ ਅਭਿਆਸ ਕਰਨ ਜਾ ਰਿਹਾ ਹਾਂ, ਮੈਂ ਵਾਅਦਾ ਕਰਦਾ ਹਾਂ ਕਿ ਮੈ ਹੰਕਾਰ ਨਹੀਂ ਕਰਾਂਗਾ ਸਗੋਂ ਖ਼ੂਬ ਮਿਹਨਤ ਕਰਾਂਗਾ ਤੇ ਰੱਬੀ ਗੁਣਾਂ ਅਤੇ ਅਰਦਾਸ ਰਾਹੀਂ ਵਾਹਿਗੁਰੂ ਜੀ ਨੂੰ ਆਪਣੀ ਮਤ ਦਾ ਰਾਖਾ ਹੋਣ ਲਈ ਬੇਨਤੀ ਕਰਦਾ ਰਹਾਂਗਾ।
ਨਿੱਕਿਓ ! ਇਸ ਵਾਰ ਦੀ ਵਿਚਾਰ ਕਿਵੇਂ ਰਹੀ ? ਸਮਝ ਆਉਣ ਤੋਂ ਬਾਅਦ ਸੁਭਾਅ ਵਿਚ ਕੀ ਫ਼ਰਕ ਆਇਆ ?
ਆਉ, ਸਾਰਾ ਸਮਾਂ ਸੱਭ ਦੇ ਅੰਦਰ ਵਾਹਿਗੁਰੂ ਜੀ ਨੂੰ ਮਹਿਸੂਸ ਕਰੀਏ।
ਨਾਨੀ ਦੀ ਨਿੱਕੀ ਜਿਹੀ ਬੇਨਤੀ ਨੂੰ ਪਰਵਾਨ ਕਰਨਾ ਜੀ।
ਆਪ ਸੱਭ ਦੀ ਨਾਨੀ – ਮਨਰਾਜ ਕੌਰ
ਇਹ ਜਨਮ ਪਹਿਲਾ ਅਤੇ ਆਖ਼ਰੀ ਹੈ
ਜੀਵਨ ਸ਼ੈਲੀ
ਇਹ ਜਨਮ ਪਹਿਲਾ ਅਤੇ ਆਖ਼ਰੀ ਹੈ
ਦਲੀਪ ਸਿੰਘ ਵਾਸਨ, ਐਡਵੋਕੇਟ, 101-ਸੀ, ਵਿਕਾਸ ਕਲੋਨੀ, ਪਟਿਆਲਾ-147003
ਸਾਡੇ ਧਾਰਮਿਕ ਗ੍ਰੰਥਾਂ ਵਿੱਚ ਚੌਰਾਸੀ ਲੱਖ ਜੂਨਾਂ ਦੀ ਗੱਲ ਕੀਤੀ ਗਈ ਹੈ। ਇਹ ਵੀ ਆਖਿਆ ਗਿਆ ਹੈ ਕਿ ਇਹ ਮਾਨਸ ਜੀਵਨ ਸਭ ਤੋਂ ਉਤਮ ਹੈ ਅਤੇ ਇਸ ਜੀਵਨ ਵਿੱਚ ਕੀਤੇ ਕਰਮਾਂ ਕਰਕੇ ਹੀ ਆਦਮੀ ਲਈ ਅਗਲੇ ਜਨਮਾਂ ਦਾ ਫ਼ੈਸਲਾ ਕੀਤਾ ਜਾਂਦਾ ਹੈ। ਇਹ ਵੀ ਆਖਿਆ ਗਿਆ ਹੈ ਕਿ ਇਸ ਜਨਮ ਵਿੱਚ ਮਾੜੇ ਕਰਮ ਕਰਨ ਵਾਲਿਆਂ ਨੂੰ ਨਰਕ ਅਤੇ ਚੰਗੇ ਕਰਮ ਕਰਨ ਵਾਲਿਆਂ ਨੂੰ ਸਵਰਗ ਮਿਲਦਾ ਹੈ। ਬਹੁਤ ਹੀ ਮਾੜੇ ਕਰਮ ਕਰਨ ਵਾਲਿਆਂ ਲਈ ਚੌਰਾਸੀ ਲਖ ਜੂਨਾਂ ਦਾ ਗੇੜਾ ਨਿਸਚਿਤ ਕਰ ਦਿੱਤਾ ਜਾਂਦਾ ਹੈ। ਬਹੁਤ ਹੀ ਮਾੜੇ ਕਰਮ ਕਰਨ ਵਾਲਿਆਂ ਨੂੰ ਗ਼ਰੀਬ ਘਰਾਂ ਵਿੱਚ ਪੈਦਾ ਕਰ ਦਿੱਤਾ ਜਾਂਦਾ ਹੈ ਅਤੇ ਉਹ ਇਹ ਦੁਨੀਆਂ ਵਿੱਚ ਆਉਂਦੇ ਹਨ, ਸਾਰੀ ਉਮਰ ਨਰਕੀ ਜੀਵਨ ਸਬਰ ਕਰਕੇ ਮਰ ਜਾਂਦੇ ਹਨ। ਇਹ ਆਖਰੀ ਸਿਧਾਂਤ ਇਸ ਮੁਲਕ ਵਿੱਚ ਪਰਚਾਰਿਆਂ ਗਿਆ ਸੀ ਕਿਉਂਕਿ ਇਸ ਮੁਲਕ ਵਿੱਚ ਗ਼ਰੀਬਾਂ ਦੀ ਗਿਣਤੀ ਹਮੇਸ਼ਾਂ ਜ਼ਿਆਦਾ ਰਹੀ ਹੈ ਅਤੇ ਇਹ ਗ਼ਰੀਬ ਅਮੀਰਾਂ ਦੇ ਖਿਲਾਫ਼ ਨਾ ਉਠ ਖੜੇ ਹੋਣ, ਇਨ੍ਹਾਂ ਗ਼ਰੀਬਾਂ ਅਤੇ ਲਤਾੜੇ ਜਾਂਦੇ ਲੋਕਾਂ ਗਲ ਇਹ ਗੱਲ ਪਾ ਦਿੱਤੀ ਗਈ ਸੀ ਕਿ ਇਹ ਕਿਸੇ ਲੁਟ ਜਾਂ ਜ਼ਿਆਦਤੀ ਦਾ ਸ਼ਿਕਾਰ ਨਹੀਂ ਹਨ, ਬਲਕਿ ਇਹ ਜਿਤਨੀਆਂ ਵੀ ਬੁਰਾਈਆਂ ਉਨ੍ਹਾਂ ਗਲ ਚਮੜੀਆਂ ਪਈਆਂ ਹਨ ਇਹ ਸਾਰੀਆਂ ਇਸ ਕਰਕੇ ਚਮੜੀਆਂ ਹਨ ਕਿਉਂਕਿ ਇਹ ਆਦਮੀ ਪਿਛਲੇ ਜਨਮ ਵਿੱਚ ਪਾਪ ਕਰਦੇ ਰਹੇ ਸਨ, ਮਾੜੇ ਕਰਮ ਕਰਦੇ ਰਹੇ ਸਨ ਅਤੇ ਇਸ ਕਰਕੇ ਇਹ ਨਰਕੀ ਜੀਵਨ ਉਨ੍ਹਾਂ ਦੇ ਨਸੀਬ ਵਿੱਚ ਰੱਬ ਨੇ ਆਪ ਲਿਖ ਭੇਜਿਆ ਹੈ ਅਤੇ ਰੱਬ ਦੀ ਲਿਖਤ ਮਿਟਾਈ ਨਹੀਂ ਜਾ ਸਕਦੀ, ਇਸ ਲਈ ਇਹ ਨਰਕੀ ਜੀਵਨ ਬਸਰ ਹੀ ਕਰਨਾ ਹੈ। ਇਹ ਗੱਲ ਵੀ ਸਮਝਾ ਦਿੱਤੀ ਗਈ ਸੀ ਕਿ ਭਗਤੀ ਕਰੋ, ਅਰਦਾਸਾਂ ਕਰੋ, ਪਿਛਲੇ ਜਨਮਾਂ ਦੇ ਪਾਪਾਂ ਦੀ ਮੁਆਫ਼ੀ ਮੰਗੋ, ਅਰਦਾਸਾਂ ਕਰੋ ਤਾਂ ਕਿ ਅਗਲਾ ਜਨਮ ਸੰਵਰ ਜਾਵੇ। ਇਹ ਹਨ ਸਾਡੇ ਧਾਰਮਿਕ ਲੋਕਾਂ ਦੀਆਂ ਸਿਖਿਆਵਾਂ ਅਤੇ ਅਸੀਂ ਇਹ ਸਵੀਕਾਰ ਕਰੀਂ ਬੈਠੇ ਹਾਂ ਅਤੇ ਇਹ ਜੀਵਨ ਜੈਸਾ ਵੀ ਮਿਲ ਗਿਆ ਹੈ ਇਸ ਨੂੰ ਆਪਣਾ ਨਸੀਬ ਸਮਝ ਕੇ ਬਰਦਾਸ਼ਿਤ ਕਰਦੇ ਆ ਰਹੇ ਹਾਂ।
ਅਸੀਂ ਜਿਹੜੇ ਖਿਆਲ, ਵਿਚਾਰ, ਸਿਧਾਂਤ ਅਪਨਾਈ ਬੈਠੇ ਹਾਂ, ਇਹ ਠੀਕ ਠਾਕ ਹਨ ਜਾਂ ਗ਼ਲਤ ਹਨ, ਇਨ੍ਹਾਂ ਉਤੇ ਵਿਚਾਰ ਕਰਨਾ ਬਣਦਾ ਹੈ। ਦੁਨੀਆਂ ਭਰ ਦੇ ਲੋਕਾਂ ਨੇ ਇਹ ਵਿਚਾਰ ਨਹੀਂ ਅਪਨਾਏ ਹਨ। ਉਹ ਇਹ ਸਿਧਾਂਤ ਅਪਨਾਈ ਬੈਠੇ ਹਨ ਕਿ ਇਹ ਜਗ ਮਿਠਾ ਅਗਲਾ ਕਿਸ ਨੇ ਡਿਠਾ। ਹਰ ਮੁਲਕ ਅੰਦਰ ਰਬ ਦੀਆਂ ਗੱਲਾਂ ਚਲੀਆਂ ਹਨ, ਪਰ ਇਹ ਵੀ ਆਖ ਦਿੱਤਾ ਗਿਆ ਹੈ ਕਿ ਰੱਬ ਉਸ ਆਦਮੀ ਦੀ ਮਦਦ ਕਰਦਾ ਹੈ ਜਿਹੜਾ ਆਦਮੀ ਆਪਣੀ ਮਦਦ ਆਪ ਕਰਦਾ ਹੈ। ਇਹ ਵੀ ਆਖਿਆ ਗਿਆ ਹੈ ਕਿ ਕਰਮ ਹੀ ਧਰਮ ਹੈ। ਇਹ ਸਿਧਾਂਤ ਸਾਡਾ ਹੈ, ਪਰ ਅਸੀਂ ਇਹ ਸਿਧਾਂਤ ਸਿਰਫ਼ ਕਿਤਾਬਾਂ ਵਿੱਚ ਸੰਭਾਲਿਆਂ ਪਿਆ ਹੈ ਅਤੇ ਇਸ ਉੱਤੇ ਅਮਲ ਨਹੀਂ ਕਰ ਪਾ ਰਹੇ। ਅਸੀਂ ਕੰਮ ਘਟ ਕਰਦੇ ਹਾਂ ਅਤੇ ਅਰਦਾਸਾਂ ਜ਼ਿਆਦਾ ਕਰਦੇ ਹਾਂ। ਅਸੀਂ ਕਦੀ ਇਹ ਨਹੀਂ ਸੋਚਿਆ ਕਿ ਰੱਬ ਆਪ ਕੋਈ ਵੀ ਕੰਮ ਕਰਨ ਨਹੀਂ ਆਉਂਦਾ, ਉਸ ਨੇ ਜੋ ਕੁਝ ਵੀ ਕਰਨਾ ਹੈ ਉਹ ਇਸ ਆਦਮੀ ਪਾਸੋਂ ਕਰਾਉਣਾ ਹੈ। ਇਹ ਦੁਨੀਆਂ ਰੱਬ ਨੇ ਸਾਜੀ ਸੀ, ਪਰ ਐਸੀ ਨਹੀਂ ਸੀ ਦੁਨੀਆਂ ਜਿਹੜੀ ਰੱਬ ਨੇ ਸਾਜੀ ਸੀ ਅਤੇ ਇਹ ਅੱਜ ਜੋ ਕੁੱਝ ਵੀ ਇਸ ਧਰਤੀ ਉੱਤੇ ਦਿਸ ਰਿਹਾ ਹੈ ਇਹ ਸਾਰਾ ਕੁਝ ਇਸ ਆਦਮੀ ਦਾ ਕੀਤਾ ਹੋਇਆ ਹੈ। ਇਸ ਆਦਮੀ ਪਾਸੋਂ ਹੀ ਰੱਬ ਨੇ ਖੋਜਾਂ ਕਰਵਾਈਆਂ ਹਨ, ਕਾਢਾਂ ਕਢਵਾਈਆਂ ਹਨ, ਲਭਤਾ ਦਾ ਸਿਲਸਿਲਾ ਚਲਾਇਆ ਹੈ ਅਤੇ ਆਵਸ਼ਕਾਰ ਕਰਵਾਏ ਹਨ ਅਤੇ ਇਹ ਆਦਮੀ ਹਾਲਾਂ ਵੀ ਚੁਪ ਕਰਕੇ ਨਹੀਂ ਬੈਠਾ ਅਤੇ ਆਸਮਾਨਾਂ ਦੀਆਂ ਤਾਰੀਆਂ ਲਗਾ ਰਿਹਾ ਹੈ। ਕੱਲ ਅਸੀਂ ਕਿਸ ਕਿਸ ਸਤਾਰੇ ਉੱਤੇ ਜਾ ਪੁਜਾਂਗੇ, ਇਸ ਬਾਰੇ ਅੱਜ ਕੁੱਝ ਵੀ ਨਹੀਂ ਆਖਿਆ ਜਾ ਸਕਦਾ।
ਇਸ ਲਈ ਵਕਤ ਆ ਗਿਆ ਹੈ ਕਿ ਅਸੀਂ ਆਪਣੀ ਸੋਚ ਬਦਲੀਏ। ਮਨ ਲੈਂਦੇ ਹਾਂ ਕਿ ਇਸ ਆਦਮੀ ਦੀ ਹੋਂਦ ਰੱਬ ਨੇ ਖੜੀ ਕੀਤੀ ਹੈ। ਇਹ ਵੀ ਮੰਨ ਲੈਂਦੇ ਹਾਂ ਕਿ ਹਰ ਆਦਮੀ ਦੀ ਕਿਸਮਤ ਰੱਬ ਆਪ ਲਿਖਦਾ ਹੈ। ਪਰ ਇਹ ਵੀ ਸਵੀਕਾਰ ਕਰ ਲੈਣਾ ਚਾਹੀਦਾ ਹੈ ਕਿ ਇਸ ਆਦਮੀ ਦੀ ਹੋਂਦ ਰੱਬ ਨੇ ਬਿਨਾਂ ਕਿਸੇ ਮਕਸਦ ਦੀ ਪੂਰਤੀ ਦੇ ਨਹੀਂ ਕੀਤੀ ਹੈ। ਰੱਬ ਜਦ ਹਰ ਆਦਮੀ ਦੀ ਰਚਨਾ ਕਰਦਾ ਹੈ ਤਾਂ ਰੱਬ ਉਸ ਆਦਮੀ ਦਾ ਇੱਥੇ ਭੇਜਣ ਦਾ ਮਕਸਦ ਵੀ ਤੈਅ ਕਰਦਾ ਹੈ। ਇਹ ਗੱਲਾਂ ਸਾਡੇ ਤੱਕ ਛੱਡ ਦਿੰਦਾ ਹੈ ਕਿ ਉਸ ਮਕਸਦ ਦੀ ਪਛਾਣ ਅਸੀਂ ਆਪ ਕਰਨੀ ਹੈ ਅਤੇ ਉਸ ਮਕਸਦ ਦੀ ਪ੍ਰਾਪਤੀ ਲਈ ਯਤਨ ਵੀ ਅਸੀਂ ਆਪ ਕਰਨੇ ਹਨ। ਇਹ ਗੱਲਾਂ ਵੀ ਅਸੀਂ ਭੁਲ ਜਾਣੀਆਂ ਹਨ ਕਿ ਰੱਬ ਆਪ ਆ ਕੇ ਸਾਡੇ ਕੰਮ ਕਰੇਗਾ। ਅਸੀਂ ਰੱਬ ਦੀ ਮਦਦ ਮੰਗ ਸਕਦੇ ਹਾਂ, ਪਰ ਕਾਰਵਾਈ ਸਾਰੀ ਦੀ ਸਾਰੀ ਸਾਨੂੰ ਆਪ ਕਰਨੀ ਪਵੇਗੀ ਅਤੇ ਇਹ ਵੀ ਖਿਆਲ ਰੱਖਣਾ ਹੈ ਕਿ ਜੂਨਾ ਭਾਵੇਂ ਚੌਰਾਸੀ ਲੱਖ ਹਨ, ਪਰ ਸਾਡੇ ਵਿਚੋਂ ਕਿਸੇ ਨੂੰ ਵੀ ਇਹ ਯਾਦ ਨਹੀਂ ਆ ਰਿਹਾ ਕਿ ਅਸੀਂ ਪਿਛਲੇ ਜਨਮ ਵਿੱਚ ਕੀ ਸਾਂ ਅਤੇ ਨਾ ਹੀ ਸਾਨੂੰ ਇਹ ਪਤਾ ਲਗਦਾ ਜਾਂ ਯਾਦ ਆ ਰਿਹਾ ਹੈ ਕਿ ਅਸੀਂ ਪਿਛਲੇ ਜਨਮਾਂ ਵਿੱਚ ਕੀ ਕੀ ਪਾਪ ਕਰ ਬੈਠੇ ਸਾਂ। ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਸਾਰੇ ਦੁਖਾਂਤ ਬਰਦਾਸ਼ਿਤ ਕਰਨ ਲਈ ਰੱਬ ਦੇ ਬੰਦਿਆਂ ਨੇ ਸਾਨੂੰ ਇਹ ਸਮਝਾ ਦਿੱਤਾ ਸੀ ਕਿ ਇਸ ਜਨਮ ਦੇ ਦੁਖਾਂਤ ਸਾਡੇ ਪਿਛਲੇ ਜਨਮਾਂ ਦਾ ਫ਼ਲ ਹੈ। ਇਹ ਗੱਲਾਂ ਸ਼ਾਇਦ ਉਨ੍ਹਾਂ ਸ਼ਕਤੀਸ਼ਾਲੀ ਅਤੇ ਅਮੀਰ ਲੋਕਾਂ ਦੀ ਮਦਦ ਲਈ ਆਖ ਦਿੱਤੀਆਂ ਗਈਆਂ ਸਨ ਜਿਹੜੇ ਸਾਡੀ ਲੁਟ ਕਰਦੇ ਸਨ ਅਤੇ ਇਸ ਹਜੂਮ ਦਾ ਸਾਹਮਣਾ ਕਰਨ ਦੇ ਕਾਬਲ ਨਹੀਂ ਸਨ। ਵਰਨਾ ਕਈ ਮੁਲਕਾਂ ਵਿੱਚ ਲੋਕਾਂ ਨੇ ਇਹ ਖੋਹਾ ਖੋਹਾਈ ਲਈ ਕ੍ਰਾਂਤੀਆਂ ਤੱਕ ਕੀਤੀਆਂ ਸਨ।
ਇਹ ਜੀਵਨ ਜੈਸਾ ਵੀ ਮਿਲ ਗਿਆ ਹੈ ਇਸ ਲਈ ਰੱਬ ਦਾ ਧੰਨਵਾਦ ਕਰਨਾ ਚਾਹੀਦਾ ਹੈ। ਇਹ ਦੁਨੀਆਂ ਨਰਕਾਂ ਨਾਲੋਂ ਅਤੇ ਸਵਰਗਾਂ ਨਾਲੋਂ ਕਿਧਰੇ ਬਿਹਤਰ ਹੈ। ਸਾਡੇ ਵਿਚੋਂ ਕਿਸੇ ਨੇ ਨਰਕ ਅਤੇ ਸਵਰਗ ਨਹੀਂ ਦੇਖਿਆ ਅਤੇ ਇਸ ਲਈ ਅੱਜ ਐਸਾ ਵਕਤ ਆ ਗਿਆ ਹੈ ਕਿ ਅਸੀਂ ਇਸ ਜੀਵਨ ਵਿੱਚ ਹੀ ਕਦੀ ਨਰਕਾਂ ਅਤੇ ਕਦੀ ਸਵਰਗਾਂ ਦੀ ਝਲਕ ਦੇਖਦੇ ਹਾਂ। ਕਦੀ ਸਾਡਾ ਦਿਲ ਕਰਦਾ ਹੈ ਅਸੀਂ ਇਸ ਦੁਨੀਆਂ ਵਿੱਚ ਹੀ ਰਹੀਏ ਅਤੇ ਕਦੀ ਕਦੀ ਅਸੀਂ ਐਸੇ ਤੰਗ ਆ ਜਾਂਦੇ ਹਾਂ ਕਿ ਮਰਨ ਨੂੰ ਦਿਲ ਕਰ ਬੈਠਦਾ ਹੈ। ਅਸੀਂ ਜਿਉਣ ਆਏ ਹਾਂ ਅਤੇ ਅਗਰ ਰੱਬ ਨੇ ਸਾਡੀ ਹੋਂਦ ਕਾਇਮ ਕੀਤੀ ਹੈ ਤਾਂ ਉਹ ਵੀ ਸਾਨੂੰ ਜਿਉਣ ਦਾ ਮੌਕਾ ਦਿੱਤਾ ਹੈ। ਇਹ ਗੱਲ ਵੀ ਸਾਡੀ ਸਮਝ ਵਿੱਚ ਆ ਗਈ ਹੈ ਕਿ ਇਹ ਸਾਡਾ ਪਹਿਲਾ ਅਤੇ ਆਖਰੀ ਜੀਵਨ ਹੈ। ਅਸੀਂ ਆਪਣੀਆਂ ਅੱਖਾਂ ਨਾਲ ਹਾਲਾਂ ਤੱਕ ਐਸੇ ਆਦਮੀ ਦੇ ਦਰਸ਼ਨ ਨਹੀਂ ਕੀਤੇ ਹਨ ਜਿਹੜਾ ਇਹ ਸਾਬਤ ਕਰ ਸਕੇ ਕਿ ਉਹ ਪਿਛਲੇ ਜਨਮ ਵਿੱਚ ਕੀ ਸੀ ਅਤੇ ਨਾ ਹੀ ਅੱਜ ਤਕ ਕੋਈ ਇਹ ਦੱਸ ਪਾਇਆ ਹੈ ਕਿ ਉਸ ਨੇ ਪਿਛਲੇ ਜਨਮ ਵਿੱਚ ਇਹ ਇਹ ਪਾਪ ਕੀਤੇ ਸਨ ਅਤੇ ਇਸ ਲਈ ਇਸ ਜੀਵਨ ਵਿੱਚ ਉਸ ਨੂੰ ਰੱਬ ਨੇ ਇਹ ਇਹ ਸਜ਼ਾਵਾਂ ਦਿੱਤੀਆਂ ਹਨ।
ਇਸ ਲਈ ਇਸ ਜੀਵਨ ਨੂੰ ਪਹਿਲਾ ਅਤੇ ਆਖਰੀ ਮੌਕਾ ਸਮਝ ਕੇ ਜਿਉਣਾ ਚਾਹੀਦਾ ਹੈ। ਇਹ ਸਮਝ ਲੈਣਾ ਚਾਹੀਦਾ ਹੈ ਕਿ ਸਾਨੂੰ ਫ਼ਿਰ ਇਸ ਦੁਨੀਆਂ ਉੱਤੇ ਆਉਣ ਦਾ ਕਦੀ ਮੁੜ ਮੌਕਾ ਨਹੀਂ ਮਿਲਣਾ ਅਤੇ ਇਸ ਲਈ ਸਾਨੂੰ ਰੱਜ ਕੇ ਜਿਉਣਾ ਚਾਹੀਦਾ ਹੈ ਅਤੇ ਕੁਝ ਐਸੀਆਂ ਨਿਸ਼ਾਨੀਆਂ ਕਾਇਮ ਕਰ ਜਾਣੀਆਂ ਚਾਹੀਦੀਆਂ ਹਨ ਜਿਹੜੀਆਂ ਸਾਡੀ ਯਾਦ ਕਾਇਮ ਕਰ ਦੇਣ ਅਤੇ ਅਸੀਂ ਇਸ ਦੁਨੀਆਂ ਤੋਂ ਜਾਣ ਬਾਅਦ ਵੀ ਕਈ ਸਾਲ ਜਿਉਂਦੇ ਰਹੀਏ। ਸਾਡੇ ਆਲੇ ਦੁਆਲੇ ਜੋ ਵੀ ਗੱਲਾਂ ਆ ਖਲੌਤੀਆਂ ਹਨ ਇਹ ਕਿਸੇ ਨਾ ਕਿਸੇ ਦੀ ਕਾਢ ਹਨ, ਖੋਜ ਹਨ, ਆਵਸ਼ਕਾਰ ਹਨ ਅਤੇ ਉਹ ਆਦਮੀ ਅੱਜ ਅਗਰ ਸਾਡੇ ਸਾਹਮਣੇ ਨਹੀਂ ਵੀ ਹੈ ਤਾਂ ਵੀ ਅਸੀਂ ਉਸ ਦੁਆਰਾ ਪ੍ਰਾਪਤ ਕੀਤੀਆਂ ਚੀਜ਼ਾਂ ਦਾ ਅੱਜ ਵੀ ਆਨੰਦ ਮਾਣ ਰਹੇ ਹਾਂ। ਇਸ ਦੁਨੀਆਂ ਵਿੱਚ ਹਾਲਾਂ ਵੀ ਬਹੁਤ ਕੁਝ ਕਰਨ ਵਾਲਾ ਹੈ। ਅਗਰ ਰੱਬ ਨੇ ਇਹ ਦੁਨੀਆਂ ਸਜਾਈ ਹੈ ਤਾਂ ਰੱਬ ਦਾ ਆਖਰੀ ਸੁਪਨਾ ਕੀ ਹੈ, ਸਾਨੂੰ ਉਸ ਬਾਰੇ ਸੋਚਣਾ ਚਾਹੀਦਾ ਹੈ ਅਤੇ ਹਿੰਮਤ ਕਰਕੇ ਦੋ ਕਦਮ ਅਸੀਂ ਵੀ ਉਸ ਪਾਸੇ ਵੱਲ ਪੁਟਣੇ ਹਨ ਅਤੇ ਆਪਣੀ ਯਾਦ ਕਾਇਮ ਕਰ ਜਾਣੀ ਹੈ ਕਿ ਅਸੀਂ ਵੀ ਇਸ ਦੁਨੀਆਂ ਵਿੱਚ ਆਏ ਸਾਂ ਅਤੇ ਅਗਰ ਕੋਈ ਪ੍ਰਾਪਤੀ ਕਰਕੇ ਅਸੀਂ ਇਸ ਦੁਨੀਆਂ ਵਿਚੋਂ ਵਾਪਸ ਜਾਂਦੇ ਹਾਂ ਤਾਂ ਰੱਬ ਪਾਸ ਹਾਜ਼ਰ ਹੋਣ ਵਕਤ ਅਸੀਂ ਸਿਰ ਉੱਚਾ ਕਰਕੇ ਹਾਜ਼ਰੀ ਦੇ ਸਕਾਂਗੇ। ਇਹੋ ਜਿਹਾ ਇਰਾਦਾ ਰੱਖ ਕੇ ਅਗਰ ਅਸੀਂ ਆਪਣੇ ਜੀਵਨ ਪੰਧ ਉੱਤੇ ਤੁਰਦੇ ਹਾਂ ਤਾਂ ਸਾਡਾ ਜੀਵਨ ਵੀ ਸਫ਼ਲਾ ਹੋ ਸਕਦਾ ਹੈ।
ਝੂਠ ਦੀ ਕੋਈ ਸੀਮਾ ਹੁੰਦੀ ਹੈ ਪਰ ਦੋਗਲੇਪਨ ਤੇ ਢੀਠਤਾਈ ਦੀ ਕੋਈ ਸੀਮਾ ਨਹੀਂ ਹੁੰਦੀ
ਝੂਠ ਦੀ ਕੋਈ ਸੀਮਾ ਹੁੰਦੀ ਹੈ ਪਰ ਦੋਗਲੇਪਨ ਤੇ ਢੀਠਤਾਈ ਦੀ ਕੋਈ ਸੀਮਾ ਨਹੀਂ ਹੁੰਦੀ
ਕਿਰਪਾਲ ਸਿੰਘ ਬਠਿੰਡਾ-7340979813, 9855480797
‘ਝੂਠ ਦੀ ਕੋਈ ਸੀਮਾ ਹੁੰਦੀ ਹੈ ਪਰ ਦੋਗਲੇਪਨ ਤੇ ਢੀਠਤਾਈ ਦੀ ਕੋਈ ਸੀਮਾ ਨਹੀਂ ਹੁੰਦੀ’ ਇਹ ਅਖਾਣ ਵੈਸੇ ਤਾਂ ਸਾਰੇ ਹੀ ਸਿਆਸੀ ਆਗੂਆਂ ’ਤੇ ਸਹੀ ਢੁਕਦੀ ਹੈ ਪਰ ਬਾਦਲ ਦਲ ਦੇ ਆਗੂ ਤਾਂ ਸ਼ਾਇਦ ਬਣੇ ਹੀ ਇਸੇ ਵੱਡੇ ਗੁਣ ਦੀ ਬਦੌਲਤ ਹਨ। ਸ਼੍ਰੀ ਨਵਜੋਤ ਸਿੱਧੂ ਵੱਲੋਂ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਪਿੱਛੋਂ ਬਣੀ ਕਸੂਤੀ ਸਥਿਤੀ ਸਬੰਧੀ 21 ਜੁਲਾਈ 2016 ਦੀ ਸ਼ਾਮ ਨੂੰ ਫਾਸਟਵੇਅ ਨਿਊਜ਼ ਚੈੱਨਲ ’ਤੇ ਡੀਬੇਟ ਹੋ ਰਿਹਾ ਸੀ। ਇਸ ਡੀਬੇਟ ਦੇ ਹੋਸਟ ਸਨ ‘ਸ: ਰਣਬੀਰ ਸਿੰਘ ਰਾਣਾ ਤੇ ਗੈਸਟ ਦੇ ਤੌਰ ’ਤੇ ਬਾਦਲ ਦਲ ਵੱਲੋਂ ਸ: ਗੁਰਚਰਨ ਸਿੰਘ ਗਰੇਵਾਲ, ਕਾਂਗਰਸ ਵੱਲੋਂ ਸ਼੍ਰੀ ਰਮਨ ਅਤੇ ਟਿੱਪਣੀਕਾਰ ਵਜੋਂ ਇੱਕ ਸੀਨੀਅਰ ਪੱਤਰਕਾਰ ਸ: ਪਰਮੇਸ਼ਰ ਸਿੰਘ’ ਸ਼ਾਮਲ ਸਨ। ਹੋਸਟ ਵੱਲੋਂ ਪੁੱਛੇ ਗਏ ਇਕ ਸਵਾਲ ਕਿ ਜੇ ਕਰ ਸ਼੍ਰੀ ਸਿੱਧੂ ‘ਆਪ’ ਵਿੱਚ ਸ਼ਾਮਲ ਹੋ ਜਾਂਦੇ ਹਨ, ਤਾਂ ਕੀ ਸਿੱਖ ਵੋਟਰਾਂ ਦਾ ਝੁਕਾਉ ‘ਆਪ’ ਵੱਲ ਵਧ ਸਕਦਾ ਹੈ ? ਇਸ ਦੇ ਜਵਾਬ ਵਿੱਚ ਸ: ਗਰੇਵਾਲ ਨੇ ਨਾਂਹ ਵਿੱਚ ਬੜਾ ਹੀ ਸਪਸ਼ਟ ਉੱਤਰ ਦਿੰਦੇ ਹੋਏ ਕਿਹਾ ਕਿ ਇੱਕ ਤਾਂ ਪਿਛਲੇ ਸਮੇਂ ਵਿੱਚ ‘ਆਪ’ ਵੱਲੋਂ ਵੱਖ ਵੱਖ ਸਮਿਆਂ ’ਤੇ ਸਿੱਖ ਵਿਰੋਧੀ ਕਾਰਵਾਈਆਂ ਕਾਰਨ, ਸਿੱਖ ਇਸ ਪਾਰਟੀ ਤੋਂ ਦੂਰ ਜਾ ਚੱਕੇ ਹਨ। ਦੂਸਰਾ ਟੀ.ਵੀ. ਸ਼ੋਆਂ ਵਿੱਚ ਸਿੱਧੂ ਇੱਕ ਮਸ਼ਕਰੇ ਦੇ ਤੌਰ ’ਤੇ ਕੁਝ ਐਸੀਆਂ ਹਰਕਤਾਂ ਕਰਦੇ ਹਨ, ਜਿਨ੍ਹਾਂ ਨੂੰ ਸਿੱਖ ਪ੍ਰਵਾਨ ਨਹੀਂ ਕਰਦੇ, ਤੀਸਰਾ ਭਾਜਪਾ ਦੀ ਟਿਕਟ ’ਤੇ ਲੋਕ ਸਭਾ ਦਾ ਪਹਿਲੀ ਵਾਰ ਮੈਂਬਰ ਚੁਣੇ ਜਾਣ ਪਿੱਛੋਂ ਅੰਮ੍ਰਿਤਸਰ ਵਿੱਖੇ ਆਪਣੀ ਨਵੀਂ ਕੋਠੀ ਦੀ ਚੱਠ ਕਰਨ ਸਮੇਂ; ਜਿਸ ਤਰ੍ਹਾਂ ਸਿੱਧੂ ਨੇ ਜਨੇਊ ਪਾ ਕੇ ਹਵਨ ਕੀਤਾ ਉਸ ਨੂੰ ਸਿੱਖ ਬਿਲਕੁਲ ਪ੍ਰਵਾਨ ਨਹੀਂ ਕਰਦੇ, ਇਸ ਲਈ ਸਿੱਧੂ ਕਾਰਨ ਸਿੱਖਾਂ ਦਾ ਝੁਕਾਉ ‘ਆਪ’ ਵੱਲ ਹੋਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ, ਉਲਟਾ ਸਗੋਂ ਕੁਝ ਭੁਲੇਖਿਆਂ ਕਾਰਨ ਜਿਨ੍ਹਾਂ ਸਿੱਖਾਂ ਦਾ ਝੁਕਾਉ ‘ਆਪ’ ਵੱਲ ਹੋਇਆ ਵੀ ਹੈ ਉਹ ਵੀ ਸਿੱਧੂ ਦੇ ਵਿਰੋਧ ਵਿੱਚ ਕਿਨਾਰਾਕਸ਼ੀ ਕਰ ਸਕਦੇ ਹਨ।
ਭਾਵੇਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਕਾਲੀ ਦਲ ਵੱਲੋਂ ‘ਆਪ’ ਵਿਰੋਧੀ ਇਸ ਧੂਆਂਧਾਰ ਪ੍ਰਚਾਰ ਸਦਕਾ ਕੁਝ ਭੋਲੇ ਸਿੱਖਾਂ ਵੱਲੋਂ ਪ੍ਰਭਾਵਤ ਹੋਣ ਦੀ ਸੰਭਾਵਨਾ ਕਾਰਨ ਗਰੇਵਾਲ ਦਾ ਜਵਾਬ ਕਾਫ਼ੀ ਹੱਦ ਤੱਕ ਸਹੀ ਸਿੱਧ ਹੋ ਸਕਦਾ ਹੈ ਪਰ ਫਿਰ ਵੀ ਇੱਕ ਸਿੱਖ ਹੋਣ ਦੇ ਨਾਤੇ ਮੈਨੂੰ ਸ: ਗਰੇਵਾਲ ਦਾ ਇਹ ਜਵਾਬ ਕਾਫ਼ੀ ਅਜੀਬ ਜਿਹਾ ਲੱਗਾ। ਇਸ ਕਾਰਨ ਅੱਜ ਸਵੇਰੇ ਹੀ ਮੈਂ ਆਪਣੇ ਫੋਨ ਨੰ: 98554-80797 ਤੋਂ ਉਨ੍ਹਾਂ ਦੇ ਫੋਨ ਨੰ: 98148-98643 ’ਤੇ ਫੋਨ ਕਰ ਕੇ ਬੇਨਤੀ ਕੀਤੀ ਕਿ ਸਿੱਧੂ ਵੱਲੋਂ ਹਵਨ ਕਰਵਾਏ ਜਾਣ ਸਬੰਧੀ ਤੁਹਾਡੇ ਵੱਲੋਂ ਟੀ.ਵੀ. ਡੀਬੇਟ ਦੌਰਾਨ ਦਿੱਤਾ ਗਿਆ ਜਵਾਬ ਬਹੁਤ ਹੀ ਵਧੀਆ ਸੀ ਅਤੇ ਮੈਨੂੰ ਕਾਫ਼ੀ ਅੱਛਾ ਲੱਗਾ, ਪਰ ਮੈਨੂੰ ਹੈਰਾਨੀ ਇਸ ਗੱਲ ਦੀ ਹੋ ਰਹੀ ਹੈ ਕਿ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਮੁਕਟ ਬੰਨ੍ਹ ਕੇ ਹਵਨ ਕਰਨੇ ਅਤੇ ਨਵੀਂ ਵਹੁਟੀ ਵਾਲੇ ਲਿਬਾਸ ਵਰਗੀ ਵਿਸ਼ੇਸ਼ ਚੁੰਨੀ ਓਡ ਕੇ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਸ਼ਿਵਲਿੰਗ ਪੂਜਾ ਕੀਤੇ ਜਾਣ ਨੂੰ ਸਿੱਖ ਕਿਹੜੀ ਮਜ਼ਬੂਰੀ ਵਿੱਚ ਪ੍ਰਵਾਨ ਕਰ ਰਹੇ ਹਨ? ਦੋਗਲੇਪਨ ਅਤੇ ਢੀਠਤਾਈ ਦੀ ਮਿਸਾਲ ਪੇਸ਼ ਕਰਦੇ ਹੋਏ ਸ: ਗਰੇਵਾਲ ਜੀ ਝੱਟ ਕਹਿਣ ਲੱਗੇ ਵੇਖੋ ਜੀ, ਆਪਣੇ ਘਰ ਵਿੱਚ ਰੱਖੇ ਸਮਾਗਮ ਵਿੱਚ ਸਿੱਖੀ ਰਵਾਇਤਾਂ ਦੇ ਉਲਟ ਕੋਈ ਰਸਮ ਨਿਭਾਉਣੀ ਹੋਰ ਗੱਲ ਹੈ ਅਤੇ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਹੋਰ ਗੱਲ ਹੁੰਦੀ ਹੈ। ਸ: ਬਾਦਲ ਸਾਹਿਬ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ; ਇਸ ਲਈ ਉਨ੍ਹਾਂ ਨੂੰ ਹਰ ਥਾਂ ਹੀ ਜਾਣਾ ਪੈਂਦਾ ਹੈ। ਸੋ, ਜੇ ਕਿਤੇ ਉੱਥੇ ਕਿਸੇ ਹੋਰ ਧਰਮ ਵਾਲਿਆਂ ਦਾ ਕੋਈ ਸਮਾਗਮ ਚੱਲ ਰਿਹਾ ਹੋਵੇ, ਤਾਂ ਉਸ ਵਿੱਚ ਸ਼ਾਮਲ ਹੋ ਜਾਣਾ ਹੋਰ ਗੱਲ ਹੁੰਦੀ ਹੈ। ਵੈਸੇ ਤਾਂ ਸ: ਗਰੇਵਾਲ ਵੀ ਅਣਜਾਣ ਤਾਂ ਨਹੀਂ ਹਨ ਪਰ ਫਿਰ ਵੀ ਉਨ੍ਹਾਂ ਨੂੰ ਚੇਤਾ ਕਰਵਾਇਆ ਕਿ ਕਿਸੇ ਧਰਮ ਦਾ ਸਤਿਕਾਰ ਕਰਨਾ ਹੋਰ ਗੱਲ ਹੁੰਦੀ ਹੈ ਅਤੇ ਕਿਸੇ ਨਿਜੀ ਜਾਂ ਸਿਆਸੀ ਹਿੱਤਾਂ ਦੀ ਪੂਰਤੀ ਲਈ ਬਹੁ ਗਿਣਤੀ ਨੂੰ ਖੁਸ਼ ਕਰਨ ਲਈ ਆਪਣੇ ਧਰਮ ਵਿੱਚ ਵਿਵਰਜਿਤ ਦੱਸੇ ਗਏ ਫੋਕਟ ਕਰਮਕਾਂਡ ਜਨਤਕ ਤੌਰ ’ਤੇ ਖ਼ੁਦ ਨਿਭਾਉਣੇ ਹੋਰ ਗੱਲ ਹੁੰਦੀ ਹੈ। ਇਸ ਪੱਖੋਂ ਹੋਰਨਾਂ ਧਰਮ ਵਾਲਿਆਂ ਦੇ ਪਹਿਲਾਂ ਤੋਂ ਚੱਲ ਰਹੇ ਫੋਕਟ ਕਰਮਕਾਂਡਾਂ ਦੌਰਾਨ ਪਹੁੰਚਣ ਸਮੇਂ ਚੁੱਪ ਕਰਕੇ ਕੋਲ ਖੜ੍ਹ ਜਾਣਾ ਤੇ ਉਸ ’ਤੇ ਕੋਈ ਚੁਭਵੀਂ ਟਿੱਪਣੀ ਨਾ ਕਰਨਾ ਉਸ ਧਰਮ ਦਾ ਸਤਿਕਾਰ ਕਿਹਾ ਜਾ ਸਕਦਾ ਹੈ ਪਰ ਉਨ੍ਹਾਂ ਫੋਕਟ ਕਰਮਕਾਂਡਾਂ; ਜਿਨ੍ਹਾਂ ਦੇ ਕਰਨ ਦੀ ‘ਗੁਰੂ ਗ੍ਰੰਥ ਸਾਹਿਬ’ ਜੀ ਅਤੇ ਸਿੱਖ ਰਹਿਤ ਮਰਿਆਦਾ ਵਿੱਚ ਸਖਤ ਮਨਾਹੀ ਕੀਤੀ ਗਈ ਹੋਵੇ; ਆਪਣੇ ਸਿਆਸੀ ਹਿਤਾਂ ਦੀ ਪੂਰਤੀ ਲਈ ਬਹੁ ਗਿਣਤੀ ਦੇ ਧਰਮ ਦੇ ਮੰਨਣ ਵਾਲਿਆਂ ਨੂੰ ਖੁਸ਼ ਕਰਨ ਲਈ ਉਹ ਵਿਵਰਜਿਤ ਫੋਕਟ ਕਰਮਕਾਂਡ ਖ਼ੁਦ ਨਿਭਾਉਣੇ ਹੋਰ ਗੱਲ ਹੈ। ਸੋ, ਜੇ ਹਵਨ ਕਰਨ ਅਤੇ ਸ਼ਿਵਲਿੰਗ ਪੂਜਾ ਸੁਭਾਵਕ ਤੌਰ ’ਤੇ ਹੀ ਪਹਿਲਾਂ ਹੋ ਰਹੀ ਹੋਵੇ ਤਾਂ ਬਾਦਲ ਸਾਹਿਬ ਅਤੇ ਬੀਬੀ ਬਾਦਲ ਉੱਥੇ ਪਹੁੰਚਣ ’ਤੇ ਸਤਿਕਾਰ ਦੀ ਭਾਵਨਾ ਨਾਲ ਕੋਲ ਖੜ੍ਹ ਸਕਦੇ ਸਨ ਪਰ ਉਹ ਤਾਂ ਵਿਸ਼ੇਸ਼ ਤੌਰ ’ਤੇ ਮੁਕਟ ਪਹਿਨ ਕੇ ਖ਼ੁਦ ਹਵਨ ਕਰਨ ਲੱਗ ਪੈਂਦੇ ਹਨ ਤੇ ਬੀਬੀ ਬਾਦਲ ਵਿਸ਼ੇਸ਼ ਤੌਰ ’ਤੇ ਪੂਜਾ ਲਈ ਲਿਆਂਦੀ ਗਈ ਚੁੰਨੀ ਓਡ ਕੇ ਗੜਵੀ ਨਾਲ ਸ਼ਿਵਲਿੰਗ ’ਤੇ ਪਾਣੀ ਪਾਉਂਦੀ ਹੋਈ ਸਿੱਖੀ ਦਾ ਜਲੂਸ ਕੱਢ ਰਹੀ ਹੁੰਦੀ ਹੈ। ਸਿਆਸੀ ਕਾਰਨਾਂ ਕਰਕੇ ਸ਼੍ਰੀ ਸਿੱਧੂ ਨੇ ਵੀ ਬਹੁ ਗਿਣਤੀ ਵਾਲਿਆਂ ਨੂੰ ਖੁਸ਼ ਕਰਨ ਲਈ ਕੱਪੜੇ ਉਤਾਰ ਕੇ ਤੇ ਜਨੇਊ ਪਹਿਨ ਕੇ ਹਵਨ ਕੀਤਾ ਸੀ ਤੇ ਬਿਲਕੁਲ ਉਸੇ ਹੀ ਭਾਵਨਾ ਅਧੀਨ ਸ: ਬਾਦਲ ਨੇ ਮੁਕਟ ਪਹਿਨ ਕੇ ਹਵਨ ਅਤੇ ਬੀਬੀ ਬਾਦਲ ਨੇ ਸ਼ਿਵਲਿੰਗ ਪੂਜਾ ਕੀਤੀ ਹੈ। ਸੋ, ਤਿੰਨਾਂ ਹੀ ਕੇਸਾਂ ਵਿੱਚ ਕੋਈ ਵੀ ਅੰਤਰ ਨਹੀਂ। ਇੱਥੇ ਇੱਕ ਹੋਰ ਘਟਨਾ ਜਿਸ ਦੀ ਖ਼ਬਰ ਬਹੁਤੇ ਸਿੱਖਾਂ ਦੇ ਧਿਆਨ ਵਿੱਚ ਨਹੀਂ ਆਈ ਜਾਂ ਹੁਣ ਵਿਸਰ ਚੁੱਕੀ ਹੈ, ਉਸ ਦਾ ਚੇਤਾ ਕਰਵਾਉਣਾ ਵੀ ਇੱਥੇ ਯੋਗ ਹੋਵੇਗਾ; ਜਿਸ ਮੁਤਾਬਕ ਜਿਸ ਸਮੇਂ ਕੈਪਟਨ ਦੀ ਕਾਂਗਰਸ ਦੌਰਾਨ ਬਾਦਲ ਪਿਉ ਪੁੱਤਰ ਜੇਲ੍ਹ ਦੀ ਹਵਾ ਫੱਕ ਕੇ ਆਏ ਸਨ ਉਸ ਸਮੇਂ ਆਪਣੇ ਪਰਿਵਾਰ ’ਤੇ ਮੰਡਰਾ ਰਹੇ ਸੰਕਟਾਂ ਦੇ ਮੋਚਨ ਲਈ ਬਾਦਲ ਪਰਿਵਾਰ ਨੇ ਆਪਣੇ ਘਰ ਵਿੱਚ ਜਗਰਾਤਾ ਵੀ ਕਰਾਇਆ ਸੀ ਅਤੇ ਗਿਆਨੀ ਗੁਰਮੁਖ ਸਿੰਘ, ਜੋ ਹੁਣ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਹਨ ਅਤੇ ਉਸ ਸਮੇਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਗੰਥੀ ਹੁੰਦੇ ਸਨ, ਤੋਂ ਸੰਕਟ ਮੋਚਨ, ਸੰਪਟ ਪਾਠ ਵੀ ਕਰਵਾਇਆ ਸੀ। ਸਿੱਖ ਰਹਿਤ ਮਰਿਆਦਾ ਅਨੁਸਾਰ ਜਗਰਾਤੇ ਕਰਵਾਉਣੇ ਅਤੇ ਸੰਪਟ ਪਾਠ ਕਰਵਾਉਣੇ ਦੋਵੇਂ ਹੀ ਗਲਤ ਹਨ ਪਰ ਕਿਉਂਕਿ ਅਗਲੀ ਚੋਣ ਵਿਚ ਬਾਦਲ ਸਰਕਾਰ ਮੁੜ ਸਤਾ ਵਿੱਚ ਆ ਗਈ, ਜਿਸ ਕਾਰਨ ਸਾਰੇ ਸਰਕਾਰੀ ਗਵਾਹ ਮੁਕਰ ਗਏ ਤੇ ਬਾਦਲ ਪਰਿਵਾਰ ਦਾ ਖਹਿੜਾ ਛੁੱਟ ਗਿਆ। ਸਿਧਾਂਤਕ ਤੌਰ ’ਤੇ ਸਿੱਖੀ ਨੂੰ ਤਿਲਾਂਜਲੀ ਦੇ ਚੁੱਕੇ ਬਾਦਲ ਪਰਿਵਾਰ ਨੇ ਇਹ ਪ੍ਰਭਾਵ ਕਬੂਲ ਲਿਆ ਕਿ ਸ਼ਾਇਦ ਇਨ੍ਹਾਂ ਮਨਮਤੀ ਕਰਮਕਾਂਡਾਂ ਨੂੰ ਨਿਭਾਉਣ ਕਾਰਨ ਹੀ ਉਨ੍ਹਾਂ ਦੇ ਸਿਰ ਤੋਂ ਸੰਕਟਾਂ ਦਾ ਮੋਚਨ ਹੋਇਆ ਹੋਵੇਗਾ; ਸੋ ਇਹੋ ਅਹਿਸਾਨ ਚੁਕਾਉਣ ਬਦਲੇ ਗਿਆਨੀ ਗੁਰਮੁਖ ਸਿੰਘ ਨੂੰ ਪਹਿਲਾਂ ਅਕਾਲ ਤਖ਼ਤ ਦੇ ਹੈੱਡ ਗ੍ਰੰਥੀ ਤੇ ਬਾਅਦ ਵਿੱਚ ਤਖ਼ਤ ਸ਼੍ਰੀ ਦਮਦਮਾ ਸਾਹਿਬ ਦਾ ਜਥੇਦਾਰ ਲਗਾਇਆ ਗਿਆ ਸੀ। ਭਾਵੇਂ ਸ਼੍ਰੀ ਸਿੱਧੂ ਦੀ ਕਾਰਵਾਈ ਨੂੰ ਸਿੱਖ ਪਸੰਦ ਨਹੀਂ ਕਰਦੇ ਪਰ ਸਿੱਧੂ ਤਾਂ ਇੱਕ ਫੁਕਰੇ ਕਿਸਮ ਦਾ ਮਸ਼ਕਰਾ, ਦਾਹੜੀ ਕੱਟਣ ਵਾਲਾ ਪਤਿਤ ਸਿੱਖ ਹੈ ਜੋ ਆਰ.ਐੱਸ.ਐੱਸ. ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਚੱਲਣ ਵਾਲੀ ਭਾਜਪਾ ਦਾ ਮੈਂਬਰ ਸੀ, ਜਿਸ ਦਾ ਟੀਚਾ ਸਿੱਖਾਂ ਵਿੱਚ ਸਿਧਾਂਤਕ ਤੌਰ ’ਤੇ ਗਿਰਾਵਟ ਲਿਆ ਕੇ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਇੱਕ ਅੰਗ ਸਿੱਧ ਕਰਨਾ ਸੀ। ਬਾਦਲ ਪਰਿਵਾਰ ’ਤੇ ਵੱਧ ਰੋਸ ਇਸ ਕਾਰਨ ਹੈ ਕਿਉਂਕਿ ਸ: ਬਾਦਲ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ‘ਫਖ਼ਰ-ਏ-ਕੌਮ, ਪੰਥ ਰਤਨ’ ਵਰਗੇ ਮਹਾਨ ਅਵਾਰਡ ਦਿੱਤੇ ਗਏ ਹਨ, ਸ਼੍ਰੋਮਣੀ ਅਕਾਲੀ ਦਲ ਸਮੇਤ ਪੰਥ ਦੀਆਂ ਸਾਰੀਆਂ ਸਿਰਮੌਰ ਸੰਸਥਾਵਾਂ (ਜਿਨ੍ਹਾਂ ਦਾ ਫਰਜ ਸਿੱਖੀ ਸਿਧਾਂਤਾਂ ਦੀ ਪਹਿਰੀਦਾਰੀ ਤੇ ਪ੍ਰਚਾਰ ਕਰਨਾ ਹੈ) ਦਾ ਕਰਤਾ ਧਰਤਾ ਵੀ ਬਾਦਲ ਹੈ। ਸੋ, ਇਖ਼ਲਾਕੀ ਤੌਰ ’ਤੇ ਬਾਦਲ ਪਰਿਵਾਰ ਦਾ ਤਾਂ ਫਰਜ ਬਣਦਾ ਹੈ ਕਿ ਉਹ ਸਿੱਖੀ ਸਿਧਾਂਤ ਵਿਰੁੱਧ ਕੋਈ ਵੀ ਐਸੀ ਕਾਰਵਾਈ ਨਾ ਕਰਨ, ਜਿਸ ਕਾਰਨ ਸਮੁਚੇ ਤੌਰ ’ਤੇ ਸਿੱਖ ਅਤੇ ਖਾਸ ਤੌਰ ’ਤੇ ‘ਫਖ਼ਰ-ਏ-ਕੌਮ, ਪੰਥ ਰਤਨ’ ਵਰਗੇ ਮਹਾਨ ਅਵਾਰਡ ਦਾਗਦਾਰ ਹੁੰਦੇ ਵਿਖਾਈ ਦਿੰਦੇ ਹੋਣ ਕਿਉਂਕਿ ਇਸ ਨਾਲ ਇਹ ਸੰਦੇਸ਼ ਜਾਂਦਾ ਹੈ ਕਿ ਜੇਕਰ ‘ਫਖ਼ਰ-ਏ-ਕੌਮ ਅਤੇ ਪੰਥ ਰਤਨ’ ਵਰਗੇ ਮਹਾਨ ਅਵਾਰਡ ਲੈਣ ਵਾਲਾ ਵਿਅਕਤੀ, ਸਿੱਖੀ ਸਿਧਾਂਤ ਦੀ ਇਸ ਤਰ੍ਹਾਂ ਖਿੱਲੀ ਉਡਾਉਂਦਾ ਹੈ ਤਾਂ ਆਮ ਸਿੱਖ ਗੁਰਮਤਿ ਸਿਧਾਂਤਾਂ ਦੀ ਕਿੰਨੀ ਕੁ ਪ੍ਰਵਾਹ ਕਰਦੇ ਹੋਣਗੇ ? ਜ਼ਿਕਰਯੋਗ ਗੱਲ ਇਹ ਹੈ ਕਿ ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ, ਭਾਈ ਜੈਤਾ ਜੀ (ਬਾਬਾ ਜੀਵਨ ਸਿੰਘ ਜੀ), ਭਾਈ ਸੰਗਤ ਸਿੰਘ ਜੀ, ਬਾਬਾ ਬੰਦਾ ਸਿੰਘ ਬਹਾਦਰ ਜੀ, ਭਾਈ ਮਨੀ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਭਾਈ ਸੁਬੇਗ ਸਿੰਘ ਜੀ, ਭਾਈ ਸ਼ਾਹਬਾਜ ਸਿੰਘ ਜੀ ਆਦਿਕ ਅਨੇਕਾਂ ਐਸੇ ਸਿੰਘ-ਸਿੰਘਣੀਆਂ ਹੋਏ ਹਨ, ਜਿਨ੍ਹਾਂ ਨੇ ਸਿੱਖ ਧਰਮ ਦੇ ਸਿਧਾਂਤਾਂ ’ਤੇ ਪਹਿਰਾ ਦਿੰਦੇ ਹੋਏ ਅਨੇਕਾਂ ਅਸਹਿ ਤੇ ਅਕਹਿ ਕਸ਼ਟ ਸਹਾਰਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ, ਆਪਣੇ ਮਸੂਮ ਬੱਚਿਆਂ ਦੇ ਟੋਟੇ-ਟੋਟੇ ਕਰਵਾ ਕੇ ਉਨ੍ਹਾਂ ਦੇ ਹਾਰ ਆਪਣੇ ਗਲਾਂ ਵਿੱਚ ਪਵਾਏ, ਦਿਹਾੜੀ ਵਿੱਚ ਅੱਧੀ ਰੋਟੀ ’ਤੇ ਗੁਜਾਰਾ ਕਰਕੇ ਕੇ ਸਵਾ ਸਵਾ ਮਣ ਦੇ ਪੀਹਣ ਪੀਸੇ ਪਰ ਮੁਗਲਾਂ ਦੇ ਅਜੇਹੇ ਅਸਹਿ ਤਸੀਹੇ ਵੀ ਉਨ੍ਹਾਂ ਨੂੰ ਨਾ ਧਰਮ ਤੋਂ ਡੁਲਾ ਸਕੇ ਤੇ ਨਾ ਹੀ ਗੁਰੂ ਤੋਂ ਬੇਮੁਖ ਕਰਵਾ ਸਕੇ; ਇਸ ਦੇ ਬਾਵਜੂਦ ਵੀ ਉਨ੍ਹਾਂ ਵਿੱਚੋਂ ਕਿਸੇ ਇੱਕ ਨੂੰ ਵੀ ਅੱਜ ਤੱਕ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ‘ਫਖ਼ਰ-ਏ-ਕੌਮ ਤੇ ਪੰਥ ਰਤਨ’ ਵਰਗੇ ਮਹਾਨ ਅਵਾਰਡ ਨਹੀਂ ਦਿੱਤੇ ਗਏ ਜਦਕਿ ਸਿਆਸੀ ਲਾਲਸਾਵਾਂ ਅਧੀਨ ਬਣੇ ਭੇਖੀ ਸਿੱਖ ਆਗੂ, ਜੋ ਸਿੱਖੀ ਸਿਧਾਂਤਾਂ ਦੇ ਕਦੇ ਵੀ ਨੇੜੋਂ ਦੀ ਨਹੀਂ ਲੰਘਦਾ ਅਤੇ ਸੁਆਰਥੀ ਨੀਤੀ ਤਹਿਤ ਸਿੱਖੀ ਸਿਧਾਂਤਾਂ ਦੀ ਖਿੱਲੀ ਉਡਾਉਣ ਤੋਂ ਵੀ ਗੁਰੇਜ ਨਹੀਂ ਕਰਦਾ; ਉਸ ਬਾਦਲ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ‘ਫਖ਼ਰ-ਏ-ਕੌਮ ਅਤੇ ਪੰਥ ਰਤਨ’ ਵਰਗੇ ਮਹਾਨ ਅਵਾਰਡ ਦਿੱਤੇ ਗਏ, ਇਸ ਤੋਂ ਵੱਧ ਸਿੱਖਾਂ ਲਈ ਹੋਰ ਵੱਡੀ ਸ਼ਰਮ ਦੀ ਕਿਹੜੀ ਗੱਲ ਹੋ ਸਕਦੀ ਹੈ ?
ਸ: ਗਰੇਵਾਲ ਤੋਂ ਅਗਲੀ ਗੱਲ ਪੁੱਛੀ ਗਈ ਕਿ ਐੱਸ.ਵਾਈ.ਐੱਲ ਮੁੱਦੇ ’ਤੇ ਕੇਜਰੀਵਾਲ ਦੀ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਪੰਜਾਬ ਵਿਰੋਧੀ ਹਲਫੀਆ ਬਿਆਨ ਦਰਜ ਕਰਵਾਉਣ ਕਾਰਨ ਬਾਦਲ ਸਮੇਤ ਸਮੁਚੀ ਅਕਾਲੀ ਲੀਡਰਸ਼ਿਪ ‘ਆਪ’ ਨੂੰ ਤਾਂ ਪੰਜਾਬ ਵਿਰੋਧੀ ਦੱਸ ਰਹੀ ਹੈ ਹਾਲਾਂਕਿ ਦਿੱਲੀ ਸਰਕਾਰ ਨੇ ਉਹ ਹਲਫੀਆ ਬਿਆਨ ਵਾਪਸ ਵੀ ਲੈ ਕੇ ਨਵਾਂ ਹਲਫੀਆ ਬਿਆਨ ਦਰਜ ਕਰਵਾ ਦਿੱਤਾ ਹੈ। ਪਰ ਮੋਦੀ ਦੀ ਕੇਂਦਰ ਸਰਕਾਰ ਜਿਸ ਵਿੱਚ ਅਕਾਲੀ ਦਲ ਖ਼ੁਦ ਭਾਈਵਾਲ ਹੈ, ਉਸ ਨੇ ਵੀ ਤਾਂ ਪੰਜਾਬ ਵਿਰੋਧੀ ਹਲਫੀਆ ਬਿਆਨ ਦਰਜ ਕਰਵਾਇਆ ਹੈ ਜਿਸ ਕਾਰਨ ਐੱਸ. ਵਾਈ. ਐੱਲ. ਮੁੱਦਾ ਮੁੜ ਭਖ ਗਿਆ ਹੈ। ਕੇਂਦਰ ਸਰਕਾਰ ਦੇ ਪ੍ਰਤੱਖ ਤੌਰ ’ਤੇ ਪੰਜਾਬ ਵਿਰੋਧੀ ਸਟੈਂਡ ਕਾਰਨ ਸ: ਬਾਦਲ ਨੂੰ ਬਿਆਨ ਦੇਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿ ਪੰਜਾਬ ਦੇ ਪਾਣੀ ਦੇ ਨਾਲੋਂ ਤਾਂ ਉਹ ਸ਼ਹੀਦੀ ਦੇਣ ਨੂੰ ਤਰਜੀਹ ਦੇਣਗੇ। ਇਸ ਦੇ ਨਾਲ ਹੀ ਉਹ ਪੰਜਾਬੀਆਂ ਨੂੰ ਵੀ ਪੰਜਾਬ ਦੇ ਪਾਣੀਆਂ ਲਈ ਕੁਰਬਾਨੀਆਂ ਦੇਣ ਦੇ ਸੱਦੇ ਵੀ ਹਰ ਰੋਜ ਦੇ ਰਹੇ ਹਨ। ਪਰ ਇਸ ਸਭ ਕੁਝ ਦੇ ਬਾਵਜੂਦ ਬਾਦਲ ਸਮੇਤ ਕਿਸੇ ਵੀ ਅਕਾਲੀ ਆਗੂ ਨੇ ਸ਼੍ਰੀ ਮੋਦੀ, ਭਾਜਪਾ ਜਾਂ ਕੇਂਦਰ ਸਰਕਾਰ ਵਿਰੁੱਧ ਕਦੀ ਵੀ ਜ਼ੁਬਾਨ ਨਹੀਂ ਖੋਲ੍ਹੀ ਜਦੋਂ ਕਿ ਕੇਜਰੀਵਾਲ ਸਰਕਾਰ ਦਾ ਹਲਫੀਆ ਬਿਆਨ, ਜਿਹੜਾ ਵਾਪਸ ਲਿਆ ਜਾ ਚੁੱਕਾ ਹੈ, ਉਸ ਵਿਰੁੱਧ ਸਾਰੇ ਅਕਾਲੀ ਆਗੂ ਬਿਨਾਂ ਨਾਗਾ ਪਇਆਂ ਹਰ ਰੋਜ ਹੀ ਮੁਹਾਰਨੀ ਪੜ੍ਹਨ ਤੋਂ ਨਹੀਂ ਰੁਕਦੇ ।
ਕਸੂਤੇ ਥਾਂ ਫਸਿਆ ਜਾਣ ਕੇ ਮੇਰੇ ਵੱਲੋਂ ਪੁੱਛੇ ਸਵਾਲਾਂ ਦਾ ਜਵਾਬ ਦੇਣ ਦੀ ਥਾਂ ਸ: ਗਰੇਵਾਲ ਨੇ ਮੇਰੇ ਨਾਮ ਅਤੇ ਸਿਰਨਾਮੇ ਸਬੰਧੀ ਪੁੱਛਗੁੱਛ ਕਰਨੀ ਸ਼ੁਰੂ ਕਰ ਦਿੱਤੀ। ਨਾਮ ਅਤੇ ਸਿਰਨਾਮਾ ਪੁੱਛ ਕੇ ਕਹਿਣ ਲੱਗੇ ਹੁਣ ਮੈਂ ਕਿਸੇ ਮੀਟਿੰਗ ਵਿੱਚ ਬੈਠਾ ਹਾਂ, ਬਾਅਦ ਵਿੱਚ ਖ਼ੁਦ ਬੈਕ ਕਾਲ ਕਰ ਕੇ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਵਾਂਗਾ। ਜਿਸ ਨੇ ਇੱਕ ਵਾਰ ਹੀ ਮਸਾਂ ਖਹਿੜਾ ਛੁਡਵਾਇਆ ਹੋਵੇ, ਉਸ ਨੇ ਬੈਕ ਕਾਲ ਤਾਂ ਕਿੱਥੋਂ ਕਰਨੀ ਸੀ। ਗੱਲਾਂ ਤਾਂ ਹੋਰ ਵੀ ਬਹੁਤ ਸਾਰੀਆਂ ਕਰਨ ਵਾਲੀਆਂ ਸਨ, ਜਿਨ੍ਹਾਂ ਵਿੱਚ ਅਕਾਲੀ ਦਲ ਦਾ ਦੋਗਲਾਪਨ ਸਾਫ ਤੌਰ ’ਤੇ ਸਪਸ਼ਟ ਹੁੰਦਾ ਹੈ। ਭਾਵੇਂ ਉਨ੍ਹਾਂ ਸਾਰੀਆਂ ਗੱਲਾਂ ਦਾ ਇੱਕੋ ਲੇਖ ਵਿੱਚ ਵੇਰਵਾ ਦੇਣਾ ਅਸੰਭਵ ਹੈ ਪਰ ਕੁਝ ਕੁ ਦਾ ਟੂਕ ਮਾਤ੍ਰ ਹਵਾਲਾ ਦੇਣਾ ਜ਼ਰੂਰੀ ਵੀ ਹੈ। ਮਿਸਾਲ ਵਜੋਂ ਅਕਾਲੀ ਦਲ ਨੇ 1982 ਵਿੱਚ ਐੱਸ. ਵਾਈ. ਐੱਲ. ਵਿਰੁੱਧ ਮੋਰਚਾ ਲਾਇਆ ਪਰ ਰਾਜੀਵ-ਲੌਂਗੋਵਾਲ ਸਮਝੌਤੇ ਅਧੀਨ ਇਸੇ ਨਹਿਰ ਦੀ ਉਸਾਰੀ ਕਰਨ ਦੀ ਜਿੰਮੇਵਾਰੀ ਕਬੂਲ ਕੀਤੀ ਗਈ। ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਹੁੰਦਿਆਂ ਖ਼ੁਦ ਉਸਾਰੀ ਲਈ ਹਰਿਆਣਾ ਤੋਂ ਕ੍ਰੋੜ ਰੁਪਈਆ ਵਸੂਲ ਕੀਤਾ ਜਿਹੜਾ ਕਿ ਹੁਣ ਫਸੇ ਨੂੰ ਵਾਪਸ ਕਰਨਾ ਪਿਆ। ਨਹਿਰ ਦੀ ਉਸਾਰੀ ਲਈ ਜਮੀਨ ਐਕੂਆਇਰ ਕਰਨ ਲਈ ਇਸੇ ਬਾਦਲ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਜਿਸ ਨੂੰ ਹੁਣ ਡੀਨੋਟੀਫਾਈ ਕਰਨ ਦਾ ਡਰਾਮਾ ਵੀ ਇਸੇ ਆਗੂ ਵੱਲੋਂ ਰਚਿਆ ਗਿਆ ਹੈ। ਜਮੀਨ ਦੀ ਐਕੂਜਿਸ਼ਨ ਦਾ ਬਹੁਤਾ ਕੰਮ ਬਾਦਲ ਤੇ ਬਰਨਾਲਾ ਦੀ ਅਕਾਲੀ ਸਰਕਾਰ ਦੌਰਾਨ ਹੀ ਹੋਇਆ। ਜੇ ਇੰਦਰਾ ਗਾਂਧੀ ਨੇ ਦਰਬਾਰਾ ਸਿੰਘ ਦੀ ਧੌਣ ’ਤੇ ਗੋਡਾ ਰੱਖ ਕੇ ਸੁਪਰੀਮ ਕੋਰਟ ਵਿੱਚੋਂ ਕੇਸ ਵਾਪਸ ਕਰਵਾ ਵੀ ਦਿੱਤਾ ਸੀ ਤਾਂ ਵੀ ਉਸ ਤੋਂ ਬਾਅਦ ਇੱਕ ਵਾਰ ਬਰਨਾਲਾ ਸਰਕਾਰ ਤੇ ਤਿੰਨ ਵਾਰ ਬਾਦਲ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਬਣ ਜਾਣ ਉਪਰੰਤ ਉਹੀ ਕੇਸ ਦੁਬਾਰਾ ਕਿਉਂ ਦਾਇਰ ਨਹੀਂ ਕੀਤਾ ਗਿਆ ਜਦਕਿ ਕਾਨੂੰਨੀ ਤੌਰ ’ਤੇ ਦੁਬਾਰਾ ਕੇਸ ਕਰਨ ’ਤੇ ਕੋਈ ਰੋਕ ਵੀ ਨਹੀਂ ਹੁੰਦੀ। 2007 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬਾਦਲ ਦਲ ਨੇ ਚੋਣ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਬਣਨ ’ਤੇ ਪਹਿਲੇ ਹੀ ਸੈਸ਼ਨ ਦੌਰਾਨ ਕੈਪਟਨ ਵੱਲੋਂ ਪਾਸ ਕਰਵਾਏ ਗਏ ‘ਟਰਮੀਨੇਸ਼ਨ ਆਫ ਪੰਜਾਬ ਵਾਟਰ ਐਗਰੀਮੈਂਟਸ ਐਕਟ-2004’ ਦੀ ਧਾਰਾ 5 ਖਤਮ ਕਰ ਦਿੱਤੀ ਜਾਵੇਗੀ ਪਰ ਜਦੋਂ 4 ਸਾਲ ਲੰਘ ਜਾਣ ਪਿੱਛੋਂ ਸੁਖਬੀਰ ਬਾਦਲ ਨੂੰ ਇਸ ਚੋਣ ਵਾਅਦੇ ਦਾ ਚੇਤਾ ਕਰਵਾਇਆ ਗਿਆ ਤਾਂ ਉਸ ਦਾ ਜਵਾਬ ਸੀ ਕਿ ਅਕਾਲੀ ਦਲ ਦੀ ਵਿਧਾਨ ਸਭਾ ਵਿੱਚ ਬਹੁਗਿਣਤੀ ਨਾ ਹੋਣ ਕਰਕੇ ਭਾਈਵਾਲ ਭਾਜਪਾ ਤੋਂ ਬਿਨਾਂ ਸੋਧ ਸੰਭਵ ਨਹੀਂ ਤੇ ਭਾਜਪਾ ਇਸ ਲਈ ਸਹਿਮਤ ਨਹੀਂ ਹੈ ਇਸ ਕਾਰਨ ਇਹ ਸੋਧ ਨਹੀਂ ਹੋ ਸਕੀ। ਇਸ ਤੋਂ ਸਿੱਧ ਹੁੰਦਾ ਹੈ ਕਿ ਜਿਤਨਾ ਕਾਂਗਰਸ ਦਾ ਪੰਜਾਬ ਵਿਰੋਧੀ ਸਟੈਂਡ ਹੈ, ਭਾਜਪਾ ਦਾ ਵੀ ਉਤਨਾ ਹੀ ਹੈ ਪਰ ਇਸ ਦੇ ਬਾਵਜੂਦ ਬਾਦਲ ਦਲ ਭਾਜਪਾ ਨੂੰ ਪੰਜਾਬ ਹਿਤਕਾਰੀ ਅਤੇ ਕਾਂਗਰਸ ਨੂੰ ਪੰਜਾਬ ਵਿਰੋਧੀ ਦੱਸਣ ਵਿੱਚ ਦੋਗਲਾ ਰੋਲ ਨਿਭਾਉਂਦਾ ਆ ਰਿਹਾ ਹੈ। ਜਿਸ ਬਾਦਲ ਦਲ ਦਾ ਆਪਣਾ ਹੀ ਸਮੇਂ ਸਮੇਂ ’ਤੇ ਐੱਸ.ਵਾਈ.ਐੱਲ. ’ਤੇ ਸਟੈਂਡ ਬਦਲ ਰਿਹਾ ਹੋਵੇ, ਉਹ ਵੱਲੋਂ ‘ਆਪ’ ਨੂੰ ਆਪਣਾ ਸਟੈਂਡ ਸਪਸ਼ਟ ਕਰਨ ਦੀ ਹਰ ਰੋਜ ਮੁਹਾਰਨੀ ਪੜ੍ਹਾਵੇ, ਇਸ ਦੋਗਲੇਪਾਨ ਅਤੇ ਢੀਠਤਾਈ ਦੀ ਉਘੜਵੀਂ ਮਿਸਾਲ ਨਹੀਂ ਮਿਲਣੀ।
ਇਸੇ ਤਰ੍ਹਾਂ ਬਾਦਲ ਦਲ ਕੁਝ ਧਾਰਮਿਕ ਮੁੱਦਿਆਂ ਨੂੰ ਸਿਆਸੀ ਕਾਰਨਾਂ ਕਰਕੇ ਲੋੜ ਤੋਂ ਵੱਧ ਉਛਾਲ ਕੇ ਇਸ ਅਵੱਗਿਆ ਲਈ ‘ਆਪ’ ਨੂੰ ਮਹਾਂਦੋਸ਼ੀ ਸਿੱਧ ਕਰਨ ਲਈ ਅੱਡੀਚੋਟੀ ਦਾ ਜ਼ੋਰ ਲਾ ਰਿਹਾ ਹੈ; ਜਿਨ੍ਹਾਂ ਵਿੱਚੋਂ ਖਾਸ ਤੌਰ ’ਤੇ ਗੁਰਦੁਆਰਾ ਸੀਸ ਗੰਜ ਨਜ਼ਦੀਕ ਪਿਆਉ ਦੀ ਕੰਧ ਤੋੜਨ ਦਾ ਦੋਸ਼ੀ ‘ਆਪ’ ਨੂੰ ਉਸ ਸਮੇਂ ਠਹਿਰਾਉਣਾ ਜਦਕਿ ਕੰਧ ਢਾਹੁਣ ਦੀ ਜਿੰਮੇਵਾਰ ਦਿੱਲੀ ਨਗਰ ਨਿਗਮ ਹੈ, ਜਿਸ ’ਤੇ ਭਾਜਪਾ ਦਾ ਕਬਜ਼ਾ ਹੈ ਤੇ ਦਿੱਲੀ ਪੁਲਿਸ ਦਾ ਸਿੱਧਾ ਕੰਟਰੋਲ ਕੇਂਦਰ ਦੀ ਐੱਨ.ਡੀ.ਏ. ਸਰਕਾਰ ਕੋਲ ਹੈ, ਜਿਸ ਵਿੱਚ ਬਾਦਲ ਦਲ ਖ਼ੁਦ ਭਾਈਵਾਲ ਹੈ। ਇਸ ਤਰ੍ਹਾਂ ਦਿੱਲੀ ਦੀ ‘ਆਪ’ ਸਰਕਾਰ ਦੀ ਕਿਸੇ ਤਰ੍ਹਾਂ ਵੀ ਕਾਨੂੰਨੀ ਦਖ਼ਲ ਅੰਦਾਜ਼ੀ ਸੰਭਵ ਨਹੀਂ ਹੈ, ਪਰ ਅਕਾਲੀ ਦਲ ਇੱਕੋ ਰੱਟ ਲਾ ਰਿਹਾ ਹੈ ਕਿ ਚਾਂਦਨੀ ਚੌਕ ਦੀ ‘ਆਪ’ ਵਿਧਾਇਕਾ ਅਲਕਾ ਲਾਂਬਾ ਦੇ ਇਸ਼ਾਰੇ ’ਤੇ ਇਹ ਸਾਰੀ ਕਾਰਵਾਈ ਹੋਈ ਹੈ, ਇਸ ਲਈ ਸਮੁੱਚੀ ਪਾਰਟੀ ਤੇ ਖਾਸ ਕਰਕੇ ਇਸ ਦੇ ਮੁਖੀ ਕੇਜਰੀਵਾਲ, ਪਿਆਉ ਦੀ ਕੰਧ ਤੋੜਨ ਦਾ ਮਹਾਂਦੋਸ਼ੀ ਹੈ, ਜੋ ਕਾਂਗਰਸ ਵੱਲੋਂ 1984 ਵਿੱਚ ਦਰਬਾਰ ਸਾਹਿਬ ’ਤੇ ਹਮਲਾ ਕਰਨ ਦੇ ਤੁਲ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਅਲਕਾ ਲਾਂਬਾ ਵੱਲੋਂ ਕੀਤੀ ਦਖ਼ਲ ਅੰਦਾਜ਼ੀ ਦਾ ਕੋਈ ਵੀ ਸਰਕਾਰੀ ਸਬੂਤ ਨਹੀਂ ਮਿਲਦਾ ਅਤੇ ਉਹ ਖ਼ੁਦ ਵੀ ਇਸ ਤੋਂ ਇਨਕਾਰ ਕਰ ਚੁੱਕੀ ਹੈ। ਪਰ ਜੇ ਮੰਨ ਵੀ ਲਿਆ ਜਾਵੇ ਕਿ ਸਾਰੀ ਕਾਰਵਾਈ ਅਲਕਾ ਲਾਂਬਾ ਦੇ ਕਹਿਣ ’ਤੇ ਦਿੱਲੀ ਨਗਰ ਨਿਗਮ ਤੇ ਕੇਂਦਰ ਸਰਕਾਰ ਨੂੰ ਕਰਨੀ ਪਈ ਤਾਂ ਦੂਸਰਾ ਪੱਖ ਜਿਸ ਅਨੁਸਾਰ ਇਸ ਦੀ ਤੁਲਨਾ ਦਰਬਾਰ ਸਾਹਿਬ ’ਤੇ ਹਮਲੇ ਨਾਲ ਕੀਤੀ ਜਾਂਦੀ ਹੈ, ਉਸ ਵਿੱਚ ਤਾਂ ਲਾਲ ਕਿ੍ਰਸ਼ਨ ਅਡਵਾਨੀ ਖ਼ੁਦ ਆਪਣੀ ਕਿਤਾਬ ਵਿੱਚ ਲਿਖ ਚੁੱਕਾ ਹੈ ਕਿ ਇੰਦਰਾ ਗਾਂਧੀ ਕਾਰਵਾਈ ਕਰਨ ਵਿੱਚ ਹਿਚਕਚਾਟ ਵਿਖਾ ਰਹੀ ਸੀ ਤਾਂ ਉਸ (ਅਡਵਾਨੀ) ਨੇ ਹੀ ਕਈ ਵਾਰ ਨਿਜੀ ਤੌਰ ’ਤੇ ਇੰਦਰਾ ਨੂੰ ਮਿਲ ਕੇ ਕਾਰਵਾਈ ਕਰਨ ਲਈ ਤਿਆਰ ਕੀਤਾ। ਉਸ ਕੇਸ ਵਿੱਚ ਤਾਂ ਬਾਦਲ ਦਲ, ਨਾ ਅਡਵਾਨੀ ਨੂੰ ਤੇ ਨਾ ਹੀ ਭਾਜਪਾ ਨੂੰ ਦੋਸ਼ੀ ਮੰਨ ਰਿਹਾ ਹੈ ਤੇ ਸਾਰਾ ਦੋਸ਼ ਇੰਦਰਾ ਜਾਂ ਕਾਂਗਰਸ ਸਿਰ ਮੜ੍ਹ ਰਿਹਾ ਹੈ ਕਿ ਆਖਰ ਸਰਕਾਰ ਤੇ ਫੌਜ ਤਾਂ ਕੇਂਦਰ ਦੀ ਕਾਂਗਰਸ ਸਰਕਾਰ ਪਾਸ ਹੀ ਸੀ ਇਸ ਲਈ ਸਿਰਫ ਉਹ ਹੀ ਜਿੰਮੇਵਾਰ ਹੈ। ਉਨ੍ਹਾਂ ਅਨੁਸਾਰ ਜਿਹੜਾ ਸਰਕਾਰ ਤੋਂ ਹੀ ਬਾਹਰ ਹੈ ਉਹ ਜੋ ਮਰਜੀ ਕਹੇ, ਉਸ ਦਾ ਕੀ ਦੋਸ਼ ਹੈ। ਪਰ ਪਿਆਉ ਦੀ ਕੰਧ ਤੋੜਨ ਦੀ ਸਾਰੀ ਜਿੰਮੇਵਾਰੀ ਸਿਰਫ ਇਸ਼ਾਰਾ ਕਰਨ ਵਾਲੀ ਅਲਕਾ ਲਾਂਬਾ ਤੇ ਉਸ ਦੀ ਸਮੁੱਚੀ ਪਾਰਟੀ ਦਾ ਹੀ ਹੱਥ ਦੱਸਿਆ ਜਾ ਰਿਹਾ ਹੈ ਜਦਕਿ ਇਸ ਕੇਸ ਵਿੱਚ ਸਤਾਧਾਰੀ ਭਾਜਪਾ ਜਿਸ ਦੇ ਹੁਕਮਾਂ ਅਧੀਨ ਪਿਆਉ ਦੀ ਕੰਧ ਢਾਹੀ ਗਈ, ਉਸ ਨੂੰ ਬਿਲਕੁਲ ਕਲੀਨ ਚਿੱਟ ਦਿੱਤੀ ਜਾ ਰਹੀ ਹੈ।
ਦੂਸਰਾ ਸਭ ਤੋਂ ਵੱਧ ਉਛਾਲਿਆ ਜਾ ਰਿਹਾ ਮੁੱਦਾ ਹੈ ‘ਆਪ’ ਦੇ ਯੂਥ ਵਿੰਗ ਦੇ ਚੋਣ ਮੈਨੀਫੈਸਟੋ ਦੇ ਕਵਰ ਪੇਜ ’ਤੇ ਦਰਬਾਰ ਸਾਹਿਬ ਦੀ ਫੋਟੋ ਲਾ ਕੇ ਇਸ ’ਤੇ ਪਾਰਟੀ ਦਾ ਚੋਣ ਨਿਸ਼ਾਨ ਝਾੜੂ ਛਾਪਣਾ ਤੇ ਇਸ ਦੀ ਤੁਲਨਾ ਧਾਰਮਿਕ ਗ੍ਰੰਥਾਂ ਨਾਲ ਕਰਨੀ। ‘ਆਪ’ ਦੇ ਇਸ ਬੱਜਰ ਪਾਪ ਸਦਕਾ ਤਾਂ ਅਖੌਤੀ ਬਾਦਲ ਦਲੀਆਂ ਤੇ ਇਨ੍ਹਾਂ ਦੇ ਟੁਕੜਿਆਂ ’ਤੇ ਪਲਨ ਵਾਲੇ ਟੁੱਕਰਬੋਚਾਂ ਦੇ ਹਿਰਦੇ ਵਲੂੰਧਰੇ ਜਾਣ ਸਦਕਾ ਲਹੂ ਲੁਹਾਨ ਹੋਏ ਦੱਸਣ ਦੇ ਖੇਖਨ ਕੀਤੇ ਜਾ ਰਹੇ ਹਨ ਅਤੇ ਧੜਾ ਧੜ ਧਾਰਾ 295 ਏ ਅਧੀਨ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਕੇਸ ਦਰਜ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ। ਐਸਾ ਕਰਨ ਸਮੇਂ ਇਹ ਬਿਲਕੁਲ ਨਹੀਂ ਸੋਚ ਰਹੇ ਕਿ ਇਸ ਤਰ੍ਹਾਂ ਦੀ ਗਲਤੀਆਂ ਤਾਂ ਸੈਂਕੜੇ ਵਾਰ ਇਹ ਖ਼ੁਦ ਕਰ ਚੁੱਕੇ ਹਨ ਤੇ ਹੁਣ ਵੀ ਕਰਦੇ ਜਾ ਰਹੇ ਹਨ। ਉਘੜਵੀਂ ਮਿਸਾਲ ਹੈ ਕਿ 2013 ਦੀਆਂ ਦਿੱਲੀ ਗੁਰਦੁਆਰਾ ਚੋਣਾਂ ਸਮੇਂ ਇਸੇ ਬਾਦਲ ਦਲ ਨੇ ਚੋਣ ਫੈਸਟੋ ’ਤੇ ਗੁਰਦੁਆਰਾ ਬੰਗਲਾ ਸਾਹਿਬ ਦੀ ਫੋਟੋ ਛਾਪ ਕੇ ਉਸ ’ਤੇ ਪਾਰਟੀ ਦਾ ਚੋਣ ਨਿਸ਼ਾਨ ਬਾਲਟੀ ਛਾਪਿਆ ਸੀ। ਅੰਮ੍ਰਿਤਸਰ ਦੇ ਦਰਸ਼ਨ ਅਤੇ ਖ਼ਾਲਸਾ ਵਿਰਾਸਤ ਅਨੰਦਪੁਰ ਸਾਹਿਬ ਦੀ ਯਾਤਰਾ ਕਰਵਾਉਣ ਵਾਲੀਆਂ ਬੱਸਾਂ ’ਤੇ ਦਰਬਾਰ ਸਾਹਿਬ ਦੀ ਫੋਟੋ ਨਾਲ ਚੋਣ ਨਿਸ਼ਾਨ ਤੱਕੜੀ ਛਾਪਣੀ, ਮਾਈ ਭਾਗੋ ਸਕੀਮ ਅਧੀਨ ਵਿਦਿਆਰਥਣਾਂ ਨੂੰ ਸਰਕਾਰੀ ਖਜ਼ਾਨੇ ਵਿੱਚੋਂ ਵੰਡੇ ਜਾਣ ਵਾਲੇ ਸਾਈਕਲਾਂ ਦੀ ਟੋਕਰੀ ’ਤੇ ਬਾਦਲ ਦੀ ਫੋਟੋ ਛਾਪਣੀ ਤੇ ਸਿੱਖ ਇਤਿਹਾਸ ਵਿੱਚ ਸਤਿਕਾਰਤ ਮਾਈ ਭਾਗੋ ਦਾ ਨਾਮ ਚੇਨ ਕਵਰ ’ਤੇ ਲਿਖਣਾ ਜਿਸ ’ਤੇ ਸਾਈਕਲ ਚਲਾਉਣ ਸਮੇਂ ਹਮੇਸ਼ਾਂ ਪੈਰ ਘਿਸਦੇ ਰਹਿਣ ਕਰਕੇ ਮਾਈ ਭਾਗੋ ਦਾ ਤ੍ਰਿਸਕਾਰ ਹੁੰਦਾ ਰਹਿੰਦਾ ਹੈ। ਚਿੰਤਪੁਰਨੀ ਦੀ ਯਾਤਰਾ ਵਾਲੀਆਂ ਬੱਸਾਂ ’ਤੇ ਮਾਤਾ ਚਿੰਤਪੁਰਨੀ ਦੀ ਫੋਟੋ ਬੱਸ ਦੇ ਉਸ ਨਿਚਲੇ ਹਿੱਸੇ ’ਤੇ ਛਾਪਣਾ ਜੋ ਹਮੇਸ਼ਾਂ ਹੀ ਯਾਤਰੀਆਂ ਦੇ ਪੈਰਾਂ ਹੇਠ ਰਹਿਣ ਕਰਕੇ ਮਾਤਾ ਚਿੰਤਪੁਰਨੀ ਦਾ ਸਤਿਕਾਰ ਘਟਾਉਣਾ, ਆਪਣੇ ਪਾਰਟੀ ਚੋਣ ਨਿਸ਼ਾਨ ‘ਤਕੜੀ’ ਨੂੰ ਬਾਬੇ ਨਾਨਕ ਦੀ ਤੱਕੜੀ ਦੱਸ ਕੇ ਭੋਲੇ ਭਾਲੇ ਸਿੱਖਾਂ ਨੂੰ ਗੁਮਰਾਹ ਕਰਨਾ ਆਦਿਕ ਅਨੇਕਾਂ ਗਲਤੀਆਂ ਅਕਸਰ ਕਰਦੇ ਰਹਿੰਦੇ ਹਨ। ਅੱਜ ਹਿਰਦੇ ਵਲੂੰਧਰੇ ਜਾਣ ਕਾਰਨ ਲਹੂ ਲੁਹਾਨ ਹੋਏ ਫਿਰਦੇ ਕਿਸੇ ਬਾਦਲ ਦਲੀਏ ਜਾਂ ਉਨ੍ਹਾਂ ਦੇ ਟੁੱਕਰ ਬੋਚਾਂ ਦੇ ਹਿਰਦੇ ਜਾਂ ਭਾਵਨਾਵਾਂ ਨੂੰ ਉਸ ਸਮੇਂ ਆਂਚ ਤੱਕ ਨਹੀਂ ਆਈ ਤੇ ਨਾ ਹੀ ਕਦੀ ਆਉਣੀ ਹੈ ਕਿਉਂਕਿ ਅਜੇਹੀਆਂ ਗਲਤੀਆਂ ਕਰਨ ਨੂੰ ਇਹ ਤਾਂ ਆਪਣਾ ਜਨਮ ਸਿੱਧ ਅਧਿਕਾਰ ਮੰਨੀ ਬੈਠੇ ਹਨ। ਅਕਾਲੀ ਦਲ ਦਾ ਇਹ ਦੂਹਰਾ ਸਟੈਂਡ ਦੋਗਲੇਪਨ ਅਤੇ ਢੀਠਤਾਈ ਦੀ ਸਿਖਰ ਹੈ, ਜਿਸ ਦੀ ਕੋਈ ਸੀਮਾ ਹੀ ਨਹੀਂ ਰਹੀ।
ਚੋਣ ਮੈਨੀਫੈਸਟੋ ਨੂੰ ਧਾਰਮਿਕ ਗ੍ਰੰਥਾਂ ਨਾਲ ਤੁਲਨਾ ਕਰਨ ਦੀ ਅਵੱਗਿਆ ਕਰਨ ਸਬੰਧੀ ਮੇਰੇ ਕੁਝ ਵੱਖਰੇ ਖਿਆਲ ਹਨ। ਮੇਰਾ ਮੰਨਣਾ ਹੈ ਕਿ ਕਿਸੇ ਵੀ ਸਿਆਸੀ ਪਾਰਟੀ ਸਮੇਤ ਆਪਣੇ ਆਪ ਨੂੰ ਪੰਥਕ ਪਾਰਟੀ ਦੱਸਣ ਵਾਲੀ ਅਕਾਲੀ ਪਾਰਟੀ ਜਾਂ ਉਸ ਦੇ ਆਗੂਆਂ ਦਾ ਕੋਈ ਧਰਮ ਹੁੰਦਾ ਹੀ ਨਹੀਂ। ਉਨ੍ਹਾਂ ਵੱਲੋਂ ਧਾਰਮਿਕ ਗ੍ਰੰਥਾਂ ਵਿੱਚ ਪੂਰਨ ਸ਼ਰਧਾ ਹੋਣ ਦਾ ਵਿਖਾਵਾ ਤਾਂ ਬਹੁਤ ਕੀਤਾ ਜਾਂਦਾ ਹੈ ਪਰ ਉਨ੍ਹਾਂ ਵਿੱਚ ਦਰਜ ਸਿਧਾਂਤਾਂ ਦੇ ਉਹ ਨੇੜਿਓ ਲੰਘਣ ਦੀ ਕੋਸ਼ਿਸ਼ ਵੀ ਨਹੀਂ ਕਰਦੇ। ਉਨ੍ਹਾਂ ਦਾ ਇੱਕੋ ਇੱਕ ਟੀਚਾ ਹੁੰਦਾ ਹੈ ਕਿ ਹਰ ਕੀਮਤ ’ਤੇ ਸੱਤਾ ਹਾਸਲ ਕੀਤੀ ਜਾਵੇ ਭਾਵੇਂ ਐਸਾ ਕਰਦੇ ਸਮੇਂ ਉਨ੍ਹਾਂ ਨੂੰ ਆਪਣੇ ਧਰਮ ਜਾਂ ਅਸੂਲਾਂ ਦੀ ਬਲੀ ਹੀ ਕਿਉਂ ਨਾ ਦੇਣੀ ਪਵੇ ! ਇਸੇ ਕਾਰਨ ਉਨ੍ਹਾਂ ਦਾ ਚੋਣ ਮੈਨੀਫੈਸਟੋ ਝੂਠ ਦੇ ਪੁਲੰਦੇ ਤੋਂ ਵੱਧ ਕੁਝ ਵੀ ਨਹੀਂ ਹੁੰਦਾ। ਮਿਸਾਲ ਦੇ ਤੌਰ ’ਤੇ 2007 ਵਿੱਚ ਅਕਾਲੀ ਦਲ ਵੱਲੋਂ ‘ਟਰਮੀਨੇਸ਼ਨ ਆਫ ਪੰਜਾਬ ਵਾਟਰ ਐਗਰੀਮੈਂਟਸ ਐਕਟ-2004’ ਦੀ ਧਾਰਾ 5 ਖਤਮ ਕਰਨ, ਪੰਜਾਬ ਵਿੱਚ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲੇ ਦੋਸ਼ੀ ਪੁਲਿਸ ਅਫਸਰਾਂ ’ਤੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਸਜਾਵਾਂ ਦੇਣੀਆਂ, ਜੇਲ੍ਹਾਂ ’ਚ ਬੰਦ ਨੌਜਵਾਨਾਂ ਨੂੰ ਰਿਹਾਅ ਕਰਨਾ ਆਦਿਕ ਅੱਜ ਤੱਕ ਵਫਾ ਨਹੀਂ ਹੋਏ। ਉਸ ਤੋਂ ਪਿਛਲੇ ਜਾਰੀ ਕੀਤੇ ਗਏ ਚੋਣ ਮੈਨੀਫੈਸਟੋਆਂ ਵਿੱਚ ਨੌਜਵਾਨ ਨੂੰ ਰੋਜ਼ਗਾਰ ਦੇਣਾ ਅਤੇ ਵਿਦਿਆਰਥੀਆਂ ਨੂੰ ਲੈਪਟਾਪ ਦੇਣ ਵਰਗੇ ਅਨੇਕਾਂ ਹੋਰ ਵਾਅਦੇ ਕੀਤੇ ਗਏ ਸਨ ਜਿਹੜੇ ਅੱਜ ਤੱਕ ਵਫਾ ਨਹੀਂ ਹੋਏ ਤੇ ਅੱਜ ਇਨ੍ਹਾਂ ਨੂੰ ਚੇਤਾ ਵੀ ਨਹੀਂ ਕੀਤਾ ਜਾਂਦਾ ਕਿ ਇਹ ਵਾਅਦੇ ਕੀਤੇ ਵੀ ਸਨ ਜਾਂ ਨਹੀਂ। ਇਸੇ ਤਰ੍ਹਾਂ 2014 ਦੀਆਂ ਲੋਕ ਸਭਾ ਚੋਣਾ ਦੌਰਾਨ ਭਾਜਪਾ ਨੇ ਚੋਣ ਵਾਅਦੇ ਕੀਤੇ ਸਨ ਕਿ ਭ੍ਰਿਸ਼ਟਾਚਾਰ ਤੇ ਮਹਿੰਗਾਈ ਘਟਾਈ ਜਾਵੇਗੀ, ਵਿਦੇਸ਼ਾਂ ਵਿੱਚ ਜਮ੍ਹਾਂ ਕਾਲਾ ਧਨ ਵਾਪਸ ਲਿਆ ਕੇ ਹਰ ਭਾਰਤੀ ਦੇ ਖਾਤੇ ਵਿੱਚ 15-15 ਲੱਖ ਜਮ੍ਹਾਂ ਕਰਵਾਏ ਜਾਣਗੇ, ਕਿਸਾਨਾਂ ਦੀ ਖੇਤੀ ਜਿਨਸਾਂ ਦੇ ਭਾਅ ਨਿਸ਼ਚਿਤ ਕਰਨ ਲਈ ਸਵਾਮੀਨਾਥਨ ਰੀਪੋਰਟ ਲਾਗੂ ਕੀਤੀ ਜਾਵੇਗੀ। ਪਰ ਸਰਕਾਰ ਬਣਨ ਪਿੱਛੋਂ ਭਾਜਪਾ ਦਾ ਕੌਮੀ ਪ੍ਰਧਾਨ ਹੀ ਇਨ੍ਹਾਂ ਨੂੰ ਚੁਣਾਵੀ ਜੁਮਲਾ ਦੱਸਣ ਲੱਗ ਪਿਆ। ਸੋ, ਇਨ੍ਹਾਂ ਲਈ ਚੋਣ ਮੈਨੀਫੈਸਟੋ ਝੂਠ ਦੇ ਪੁਲੰਦੇ ਤੋਂ ਵੱਧ ਕੁਝ ਹੈ ਹੀ ਨਹੀਂ। ਇਸ ਝੂਠ ਦੇ ਪਸਾਰੇ ਵਿੱਚ ਜੇ ‘ਆਪ’ ਨੇ ਆਪਣੇ ਚੋਣ ਮੈਨੀਫੈਸਟੋ ਸਬੰਧੀ ਇਹ ਕਿਹਾ ਹੈ ਕਿ ਉਨ੍ਹਾਂ ਲਈ ਇਹ ਹੀ ਗੁਰੂ ਗ੍ਰੰਥ ਸਾਹਿਬ, ਗੀਤਾ ਤੇ ਬਾਈਬਲ ਵਾਂਗ ਸਤਿਕਾਰਮਈ ਹੈ ਤਾਂ ਇਨ੍ਹਾਂ ਬੋਲਾਂ ਦੇ ਪਿੱਛੇ ਨਾ ਜਾਂਦਾ ਹੋਇਆ ਮੈਂ ਇਨ੍ਹਾਂ ਸ਼ਬਦਾਂ ਰਾਹੀਂ ਪ੍ਰਗਟਾਈ ਭਾਵਨਾ ਵੇਖਦਾ ਹੋਇਆ ਇਸ ਨੂੰ ਸਿਆਸੀ ਖੇਤਰ ’ਚ ਇੱਕ ਚੰਗੀ ਸ਼ੁਰੂਆਤ ਸਮਝਦਾ ਹਾਂ। ਭਾਵਨਾਂ ਇਹ ਹੈ ਕਿ ਐਸਾ ਕਹਿਣ ਵਾਲੀ ਪਾਰਟੀ ਆਪਣੇ ਕੀਤੇ ਚੋਣ ਵਾਅਦਿਆਂ ਨੂੰ ਉਸੇ ਭਾਵਨਾਂ ਨਾਲ ਪੂਰਾ ਕਰਨ ਦਾ ਯਤਨ ਕਰੇਗੀ ਜਿਵੇਂ ਕਿ ਹਰ ਧਾਰਮਿਕ ਵਿਅਕਤੀ ਆਪਣੇ ਧਾਰਮਿਕ ਗ੍ਰੰਥਾਂ ਵਿੱਚ ਦਰਜ ਸਿਧਾਂਤਾਂ ’ਤੇ ਪਹਿਰਾ ਦੇਣ ਦਾ ਯਤਨ ਕਰਦਾ ਹੈ। ਸੋ, ਚਾਹੀਦਾ ਤਾਂ ਇਹ ਹੈ ਕਿ ਹਰ ਸਿਆਸੀ ਪਾਰਟੀ ਲਈ ਆਪਣਾ ਚੋਣ ਮੈਨੀਫੈਸਟੋ ਧਾਰਮਿਕ ਗ੍ਰੰਥ ਦੇ ਤੁਲ ਸਮਝ ਕੇ ਉਨ੍ਹਾਂ ਵਿੱਚ ਕੀਤੇ ਵਾਅਦੇ ਪੂਰੇ ਕਰੇ। ਜੇ ਭਾਵਨਾਂਵਾਂ ਨੂੰ ਠੇਸ ਪਹੁਚਾਉਣ ਦਾ ਕੇਸ ਦਰਜ ਕਰਵਾਉਣਾ ਹੀ ਹੈ ਤਾਂ ਉਨ੍ਹਾਂ ਪਾਰਟੀਆਂ ਵਿਰੁੱਧ ਵੀ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਕੇਵਲ ਚੋਣਾਂ ਜਿੱਤਣ ਲਈ ਝੂਠ ਦਾ ਪੁਲੰਦਾ ਨਾਮੀ ਚੋਣ ਫੈਸਟੋ ਜਾਰੀ ਕਰਕੇ ਭੋਲ਼ੇ ਭਾਲੇ ਲੋਕਾਂ ਨੂੰ ਗੁੰਮਰਾਹ ਕਰ ਕੇ ਵੋਟਾਂ ਰਾਹੀਂ ਸਤਾ ਹਾਸਲ ਕੀਤੀ ਹੋਵੇ ਤੇ ਚੋਣਾਂ ਜਿੱਤਣ ਪਿਛੋਂ ਇਸ ਨੂੰ ਝੂਠ ਦਾ ਪੁਲੰਦਾ ਸਮਝ ਕੇ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤਾ ਕਹਿਣ ਜਾਂ ਖ਼ੁਦ ਹੀ ਇਸ ਨੂੰ ਚੋਣ ਜੁਮਲਾ ਦੱਸ ਕੇ ਲੋਕਾਂ ਨਾਲ ਮਜ਼ਾਕ ਕਰਨ ਲੱਗ ਪੈਣ। ਸੋ, ਸਮੇਂ ਤੋਂ ਪਹਿਲਾਂ ਅਜੇਹੇ ਮਸਲਿਆਂ ਨੂੰ ਉਭਾਰਨ ਵਾਲਿਆਂ ਦਾ ਕੇਵਲ ਮਕਸਦ ਇਹ ਹੁੰਦਾ ਹੈ ਕਿ ਕੋਈ ਸਿਆਸੀ ਬਹਿਸ ਕਰਨ ਤੋਂ ਅਸਮਰਥ ਸਿਆਸੀ ਲੋਕਾਂ ਵੱਲੋਂ ਕੇਵਲ ਧਾਰਮਿਕ ਭਾਵਨਾਵਾਂ ਦੇ ਨਾਮ ’ਤੇ ਲੋਕਾਂ ਦੇ ਜ਼ਜ਼ਬਾਤ ਭੜਕਾ ਕੇ ਅਸਲ ਮੁੱਦੇ ਨੂੰ ਰੋਲ ਦਿੱਤਾ ਜਾਵੇ। ਐਸਾ ਯਤਨ ਅਕਾਲੀ ਦਲ ਤੇ ਕਾਂਗਰਸ (ਦੋਵਾਂ) ਵੱਲੋਂ ਕੀਤਾ ਜਾ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਜਿਹੜੀ ਅਕਾਲੀ ਪਾਰਟੀ ਹੁਣ ਤੱਕ ਹਰ ਚੋਣਾਂ ਸਮੇਂ 1984 ਦੀਆਂ ਘਟਨਾਵਾਂ ਨੂੰ ਆਪਣੇ ਸਿਆਸੀ ਲਾਹੇ ਲਈ ਉਛਾਲਦੀ ਆ ਰਹੀ ਸੀ ਉਸ ਲਈ ਅੱਜ ਪਿਆਉ ਦੀ ਕੰਧ ਢਾਹੁਣਾ ਅਤੇ ਚੋਣ ਮੈਨੀਫੈਸਟੋ ’ਤੇ ਦਰਬਾਰ ਸਾਹਿਬ ਦੀ ਫੋਟੋ ਲਾਉਣਾ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਤੇ ਗੁਰੂ ਗ੍ਰੰਥ ਸਾਹਿਬ ਨੂੰ ਗੋਲ਼ੀਆਂ ਨਾਲ ਜਖ਼ਮੀ ਕਰਨ ਤੋ ਵੀ ਵੱਧ ਦਰਦ ਮਹਿਸੂਸ ਕਰਨ ਲੱਗ ਪਈ ਹੈ। ਹੈਰਾਨੀ ਇਹ ਹੁੰਦੀ ਹੈ ਕਿ ਇਸ ਮਸਲੇ ’ਤੇ ਅਕਾਲੀ ਤੇ ਕਾਂਗਰਸ ਇੱਕ ਸੁਰ ਹੋ ਕੇ ‘ਆਪ’ ’ਤੇ ਸ਼ਬਦੀ ਹਮਲੇ ਕਰ ਰਹੇ ਹਨ। ਕਾਰਨ ਸਿਰਫ ਇਹ ਹੈ ਕਿ ਪਹਿਲਾਂ ਅਕਾਲੀ ਦਲ ਲਈ ਕੁਰਸੀ ’ਤੇ ਕਬਜ਼ਾ ਕਰਨ ਵਿੱਚ ਕਾਂਗਰਸ ਰੋੜਾ ਜਾਪਦੀ ਸੀ ਪਰ ਅੱਜ ਇਨ੍ਹਾਂ ਦੋਵਾਂ ਪਾਰਟੀਆਂ ਲਈ ‘ਆਪ’ ਸਭ ਤੋਂ ਵੱਡਾ ਰੋੜਾ ਜਾਪਦੀ ਹੈ।
ਖਾਲਸਾ ਨਿਊਜ ਉੱਤੇ ਪਾਏ ਗਏ ਤਮਾਮ ਮਿਸ਼ਨਰੀਆਂ ਵਿਰੁਧ ਲੇਖ ਦਾ ਹੇਠਾਂ ਦਿੱਤਾ ਗਿਆ ਜਵਾਬ
ਰੌਲ਼ਾ ਅਖੌਤੀ ਦਸਮ ਗ੍ਰੰਥ ਦਾ ਹੈ, ਜਾਪੁ ਦੇ ਪਾਠ ਦਾ ਨਹੀਂ !
-: ਸੰਪਾਦਕ ਖ਼ਾਲਸਾ ਨਿਊਜ਼
ਪਿਛਲੇ ਦਿਨਾਂ ਤੋਂ ਇੱਕ ਵੀਡੀਓ ਕਰਕੇ ਬਹੁਤ ਹਾਹਾਕਾਰ ਮਚਿਆ ਹੋਇਆ ਹੈ, ਜਿਸ ਵਿੱਚ ਮਿਸ਼ਨਰੀ ਕਾਲੇਜ ਦੇ ਪ੍ਰਬੰਧਕਾਂ ਤੇ ਉਨ੍ਹਾਂ ਦੇ ਮੁਲਾਜ਼ਮ ਪ੍ਰਚਾਰਕਾਂ ਅਤੇ ਬੱਚਿਆਂ ਨੇ “ਜਾਪੁ” ਦਾ ਪਾਠ ਕੀਤਾ ਹੈ। ਮਿਸ਼ਨਰੀ ਕਾਲੇਜ ਤੇ ਉਸਦੇ ਮੁਲਾਜ਼ਮ ਪ੍ਰਚਾਰਕ ਸਿਰਫ ਆਪਣੇ ਬਣਾਏ ਹੋਏ ਦਾਇਰੇ ਦੇ ਵਿੱਚ ਕੰਮ ਕਰਦੇ
ਹਨ, ਗੁਰਬਾਣੀ ਦੇ ਅਨੁਸਾਰ ਚੱਲਣ ਦੀ ਗਲ ਕਰਦੇ ਹਨ, ਪਰ ਬੰਦਿਆਂ ਵੱਲੋਂ ਬਣਾਈ ਸਿੱਖ ਰਹਿਤ ਮਰਿਯਾਦਾ ਦੀ ਫੌੜੀ ਨਹੀਂ ਛਡਣਾ ਚਾਹੁੰਦੇ… ਇਹ ਨਹੀਂ ਕਿ ਇਨ੍ਹਾਂ ਨੂੰ ਪਤਾ ਨਹੀਂ ਕਿ ਅਖੌਤੀ ਦਸਮ ਗ੍ਰੰਥ ਸਾਰਾ ਹੀ ਗੁਰੂ ਦੀ ਕਿਰਤ ਨਹੀਂ … ਪਰ
ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ ॥ ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ ॥216॥ ਪੰਨਾਂ 1376
ਮਨ ਸਭ ਕੁਝ ਜਾਣਦਾ ਹੈ, ਪਰ ਉਹ ਜਾਣਦਾ ਹੋਇਆ ਭੀ ਪਾਪ ਕਰੀ ਜਾਂਦਾ ਹੈ। ਉਸ ਦੀਵੇ ਤੋਂ ਕੀਹ ਸੁਖ ਜੇ ਉਸ ਦੀਵੇ ਦੇ ਅਸਾਡੇ ਹੱਥ ਵਿਚ ਹੁੰਦਿਆਂ ਭੀ ਅਸੀਂ ਖੂਹ ਵਿਚ ਡਿੱਗ ਪਏ?
ਦੇ ਮਹਾਵਾਕ ਅਨੁਸਾਰ ਜਾਣਦਿਆਂ ਬੁਝਦਿਆਂ ਵੀ ਸਮਝੌਤਾਵਾਦੀ ਹੋ ਕੇ ਚਲਦੇ ਨੇ। ਖੈਰ, ਇਹ ਉਨ੍ਹਾਂ ਦੀ ਆਪਣੀ ਸਮਝ ਹੈ।
ਜਦੋਂ ਭਾਈ ਸਰਬਜੀਤ ਸਿੰਘ ਧੂੰਦਾ ਨੇ ਫਰਵਰੀ 2012 ‘ਚ ਅਖੌਤੀ ਜਥੇਦਾਰਾਂ ਤੋਂ ਮੁਆਫੀ ਮੰਗੀ ਸੀ, ਉਸ ਵੇਲੇ ਅਸੀਂ ਜਿਹੜੀਆਂ ਗੱਲਾਂ ਕਹੀਆਂ ਸੀ, ਉਹ ਗੱਲਾਂ ਬਹੁਤਾਤ ਲੋਕਾਂ ਦੇ ਹੁਣ ਸਮਝ ਪਈਆਂ ਹਨ। ਭਾਈ ਧੂੰਦਾ ਵੱਲੋਂ ਮੁਆਫੀ ਮੰਗਣ ਤੋਂ ਬਾਅਦ, ਕੀ ਉਨ੍ਹਾਂ ਦਾ ਵਿਰੋਧ ਬੰਦ ਹੋ ਗਿਆ? ਨਹੀਂ… ਕਿਉਂਕਿ ਵਿਰੋਧ ਭਾਈ ਧੂੰਦਾ ਦਾ ਨਹੀਂ, ਅਖੌਤੀ ਦਸਮ ਗ੍ਰੰਥ ਦੇ ਵਿਰੁੱਧ ਉਨ੍ਹਾਂ ਵੱਲੋਂ ਪ੍ਰਚਾਰ ਦਾ ਸੀ। ਵਿਰੋਧ ਤਾਂ ਬੰਦ ਨਹੀਂ ਹੋਇਆ, ਪਰ ਭਾਈ ਧੂੰਦਾ ਨੇ ਮੁਆਫੀ ਤੋਂ ਬਾਅਦ ਅਖੌਤੀ ਦਸਮ ਗ੍ਰੰਥ ਦੇ ਵਿਰੁੱਧ ਪ੍ਰਚਾਰ ਬਹੁਤ ਘੱਟ ਜਾਂ ਬੰਦ ਹੀ ਕਰ ਦਿੱਤਾ।
ਖੈਰ, ਇਸੇ ਲਈ ਹੀ ਖ਼ਾਲਸਾ ਨਿਊਜ਼ ਇਨ੍ਹਾਂ ਪ੍ਰਚਾਰਕਾਂ ਨੂੰ ਕਾਲੇਜ ਦੇ ਮੁਲਾਜ਼ਮ ਪ੍ਰਚਾਰਕ ਕਹਿੰਦੀ ਹੈ, ਨਾ ਕਿ ਗੁਰੂ ਦੇ ਪ੍ਰਚਾਰਕ।
ਬਾਕੀ ਰਹੀ ਜਾਪੁ ਦੇ ਪਾਠ ਦੀ ਗੱਲ… ਕੀ ਜਾਪੁ ਦਾ ਵਿਰੋਧ ਮਿਸ਼ਨਰੀ ਕਾਲੇਜ ਨੇ ਕਦੇ ਕੀਤਾ ? ਨਹੀਂ… ਉਹ ਤਾਂ ਦੋ ਕੁ ਮਹੀਨੇ ਪਿੱਛੇ ਸਾਰੇ ਮੁਲਾਜ਼ਮ ਪ੍ਰਚਾਰਕਾਂ ਨੇ ਇੱਕਠੇ ਹੋਕੇ ਬਿਆਨ ਦਿੱਤਾ ਸੀ ਕਿ ਉਹ ਸਿੱਖ ਰਹਿਤ ਮਰਿਆਦਾ ਨੂੰ ਇੰਨ ਬਿੰਨ ਮੰਨਦੇ ਹਨ। ਭਾਈ ਧੂੰਦਾ ਨੇ ਤਾਂ ਇੱਥੋਂ ਤੱਕ ਕਹਿ ਗਏ ਕਿ “ਸਾਡਾ ਉਨ੍ਹਾਂ ਲੋਕਾਂ ਨਾਲ ਕੋਈ ਸੰਬੰਧ ਨਹੀਂ, ਜਿਹੜੇ ਰਹਿਤ ਮਰਿਆਦਾ ਨੂੰ ਨਹੀਂ ਮੰਨਦੇ, ਅਤੇ ਜਿਹੜੇ ਇਸ ਤੋਂ ਅਗਾਂਹ ਲੰਘ ਗਏ ਨੇ”। ਪਰ ਕੀ ਵਿਰੋਧ ਬੰਦ ਹੋਇਆ ?
ਜਦੋਂ ਇਨ੍ਹਾਂ ਨੇ ਬਿਆਨ ਦੇ ਦਿੱਤਾ ਸੀ, ਕਿ ਮਿਸ਼ਨਰੀ ਕਾਲੇਜ ਅਤੇ ਮੁਲਾਜ਼ਮ ਪ੍ਰਚਾਰਕ ਨਿੱਤਨੇਮ ਦੀਆਂ ਸਾਰੀਆਂ ਰਚਨਾਵਾਂ ਨੂੰ ਮੰਨਦੇ ਹਾਂ, ਤਾਂ ਫਿਰ ਵਿਰੋਧ ਕਿਉਂ?
ਕਿੰਨੀ ਵਾਰੀ ਸਫਾਈਆਂ ਦਵੋਗੇ?
ਕੀ ਇਸ ਤਰ੍ਹਾਂ ਵਿਰੋਧ ਹੋਣਾ ਹੱਟ ਜਾਵੇਗਾ……… ???
ਵਿਰੋਧ ਉਦੋਂ ਹੀ ਹਟੇਗਾ, ਜਦੋਂ ਅਖੌਤੀ ਦਸਮ ਗ੍ਰੰਥ ਨੂੰ ਗੁਰਬਾਣੀ ਮੰਨੋਗੇ…. ਤੁਹਾਡੀ ਖਲਾਸੀ ਉਸ ਦਿਨ ਹੀ ਹੋਣੀ ਹੈ। ਬਚਿੱਤਰੀਆਂ ਨੂੰ ਚੁੱਪ ਕਰਵਾਉਣ ਲਈ ਕਿੰਨਾਂ ਥੱਲੇ ਡਿੱਗੋਗੇ ? ਚਰਿੱਤਰੋਪਾਖਿਆਨ ਨੂੰ ਬਾਣੀ ਨਹੀਂ ਮੰਨਦੇ, ਪਰ ਚੌਪਈ ਵੀ ਪੜ੍ਹੀ ਜਾਂਦੇ ਹਨ… ਇਹ ਦੋਗਲਾਪਨ ਕਿਉਂ? ਉਹੀ ਘਿਸਿਆ ਪਿਟਿਆ ਰਿਕਾਰਡ… ਸਿੱਖ ਰਹਿਤ ਮਰਿਆਦਾ… ਕੀ ਸਿੱਖ ਰਹਿਤ ਮਰਿਆਦਾ, ਗੁਰਬਾਣੀ ਹੈ? ਤੇ ਜਦੋਂ ਤੱਕ ਮਰਿਆਦਾ ਬਦਲੀ ਨਹੀਂ ਜਾਂਦੀ, ਇਹ ਗੁਰੂ ਨੂੰ ਮੂੰਹ ਚਿੜਾਉਂਦੇ ਰਹਿਣਗੇ ?
ਫੇਸਬੁਕ ‘ਤੇ ਇੱਕ ਵੀਰ ਦਾ ਕੁਮੈਂਟ ਬਹੁਤ ਸਾਰਥਕ ਹੈ:
“ਜਿੱਦਣ ਕੌਮ (ਦੇ ਕੁਝ ਬੰਦਿਆਂ) ਨੇ ਨਿਰਣਾ ਲਿਆ, ਬਈ ਸਵੇਰੇ ਗੁਰੂ ਗਰੰਥ ਸਾਹਿਬ ਤੋਂ ਬਾਹਰ ਦੀ “ਰਚਨਾ”, ਬਾਣੀ ਹੈ ਅਤੇ ਸ਼ਾਮ ਨੂੰ ਨਿਰਣਾ ਹੋਇਆ “ਰਚਨਾ”, ਬਾਣੀ ਨਹੀਂ।
– ਕੀ ਅਸੀਂ ਓਦਣ ਹੀ ਮੰਨਾਂਗੇ ਕਿ “ਰਚਨਾ”, ਬਾਣੀ ਨਹੀਂ ?
– ਕੀ ਗੁਰੂ ਗਰੰਥ ਸਾਹਿਬ ਦੀ ਬਾਣੀ / ਵੀਚਾਰਧਾਰਾ ਸਾਨੂੰ ਕੋਈ ਸੇਧ ਨਹੀਂ ਦਿੰਦੀ ?
ਜਿਨਾਂ ਦੇ ਕਬਜ਼ੇ ‘ਚ ਮਰਿਆਦਾ ਹੈ, ਉਹ ਕਦੀ ਵੀ ਤਬਦੀਲੀ ਨਹੀਂ ਹੋਣ ਦੇਣਗੇ, ਨਾ ਇਕਠੇ ਹੋਣਗੇ, ਨਾ ਕੌਮ ਇਕਠੀ ਹੋਣ ਦੇਣਗੇ।”
ਸ. ਸਿਕੰਦਰਜੀਤ ਸਿੰਘ ਦਾ ਕੁਮੈਂਟ ਬਹੁਤ ਸਟੀਕ ਹੈ : ਰੌਲਾ ਦਸਮ ਗਰੰਥ ਨੂੰ ਮੱਥਾ ਟਕਾਉਣ ਦਾ, ਰਹਿਤ ਮਰਿਯਾਦਾ ਤਾਂ ਬਹਾਨਾਂ, ਇਹਦੇ ਪਾਠ ਕਰਨ ਨਾਲ ਪਰਨਾਲਾ ਉਥੇ ਹੀ ਰਹਿਣਾਂ।
ਕੀ ਕਦੀ ਗੁਰਮਤਿ ਦਾ ਪ੍ਰਚਾਰ ਕਰਣ ਵਾਲੇ ਗੁਰੂ ਨੂੰ ਪੂਰਣ ਤੌਰ ‘ਤੇ ਸਮਰਪਿਤ ਵੀ ਹੋਣਗੇ ਜਾਂ ਸ਼੍ਰੋਮਣੀ ਕਮੇਟੀ ਦੀ ਮੋਹਤਾਜੀ ਹੀ ਕਰਦੇ ਰਹਿਣਗੇ? ਫਿਰ ਤਾਂ ਸ਼੍ਰੋਮਣੀ ਕਮੇਟੀ ਵੱਡੀ ਹੋਈ ਗੁਰੂ ਤੋਂ… ਕਿ ਨਹੀਂ?
ਹੁਣ ਤਾਂ ਇੱਕੋ ਗੱਲ ਰਹਿ ਗਈ ਹੈ, ਕਿ ਐਲਾਨ ਕਰ ਦਿਓ ਕਿ ਅਸੀਂ ਕਾਲੇਜ ਦੀ ਪ੍ਰਬੰਧਕਾਂ, ਸ਼ਰੋਮਣੀ ਕਮੇਟੀ ਦੇ ਹੁਕਮ ਅਦੂਲੀ ਨਹੀਂ ਕਰ ਸਕਦੇ… ਫਿਰ ਇਹ ਕਹਿਣਾ ਛੱਡ ਦਿਓ ਕਿ ਅਸੀਂ (ਮਿਸ਼ਨਰੀ) ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਪੂਰਣ ਗੁਰੂ ਮੰਨਦੇ ਹਾਂ…. ਕਿਉਂਕਿ ਇਹ ਕੋਰਾ ਝੂਠ ਹੈ, ਤੇ ਝੂਠ ਤੋਂ ਇਲਾਵਾ ਕੁੱਝ ਨਹੀਂ।
ਖ਼ਾਲਸਾ ਨਿਊਜ਼ ਨਹੀਂ ਕਹਿੰਦੀ ਕਿ ਤੁਸੀਂ ਸਾਡੇ ਕਹੇ ਨੂੰ ਸਹੀ ਕਹੋ ਜਾਂ ਮੰਨੋ, ਪਰ ਸੋਚੋ ਕਿ ਜਦੋਂ ਐਨੀ ਜਾਗਰੂਕਤਾ ਆ ਗਈ ਹੈ, ਤਾਂ ਫਿਰ ਕਿਸਦਾ ਇੰਤਜ਼ਾਰ ਕਰ ਰਹੇ ਹੋ? ਆਪਣੇ ਗੁਰੂ ਦੀ ਗੁਰਬਾਣੀ ਅਨੁਸਾਰ ਨਿਤਨੇਮ ਨਹੀਂ ਹੋ ਸਕਦਾ, ਪਾਹੁਲ ਤਿਆਰ ਨਹੀਂ ਹੋ ਸਕਦੀ, ਅਰਦਾਸ ਤਿਆਰ ਨਹੀਂ ਹੋ ਸਕਦੀ? ਜਾਂ ਤਾਂ ਕਹਿ ਦਿਓ ਕਿ ਗੁਰੂ ਅਧੂਰਾ ਹੈ, ਜਾਂ ਆਪਣੇ ਗੁਰੂ ਲਈ ਖੜਨਾ ਸਿੱਖੋ, ਤੇ ਲੱਤਾਂ ‘ਚ ਜ਼ੋਰ ਲਿਆਓ… ਨਹੀਂ ਤਾਂ ਜਿਨ੍ਹਾਂ ਨੇ ਰੌਲ਼ਾ ਪਾਉਣਾ ਹੈ, ਉਨ੍ਹਾਂ ਨੇ ਉਦੋਂ ਤੱਕ ਨਹੀਂ ਹੱਟਣਾ, ਜਦੋਂ ਤੱਕ ਮਿਸ਼ਨਰੀ ਅਖੌਤੀ ਦਸਮ ਗ੍ਰੰਥ ਨੂੰ ਗੁਰਬਾਣੀ ਕਹਿਣਾ ਨਹੀਂ ਸ਼ੁਰੂ ਕਰਦੇ…
ਹੁਣ ਭਾਂਵੇਂ ਜਾਪੁ ਦਾ ਪਾਠ ਕਰੋ, ਭਾਂਵੇਂ ਚੌਪਈ ਦਾ… ਉਨ੍ਹਾਂ ਨੇ ਨਹੀਂ ਹੱਟਣਾ… ਰੌਲਾ ਅਖੌਤੀ ਦਸਮ ਗ੍ਰੰਥ ਦਾ ਹੈ, ਨਾ ਕਿ ਜਾਪੁ ਦੇ ਪਾਠ ਦਾ !!!
ਹੁਣ ਤਾਂ ਸੁੱਖ ਨਾਲ ਗੁਰਪ੍ਰੀਤ ਕੈਲੀਫੋਰਨੀਆ ਵੀ ਖੁਸ਼ ਹੈ.. ਇਹੀ ਤਾਂ ਚਾਹੀਦਾ ਸੀ ਨਾ! ਅੱਗੇ ਕਹਿੰਦਾ ਸੀ ਮਿਸ+ਨਾਰੀ ਕਤੀੜ, ਤੇ ਹੁਣ ਮਿਸ਼ਨਰੀ ਵੀਰ!! ਵਾਹ ਪੈ ਗਿਆ ਨਾ ਫਰਕ !
…ਜੇ ਹੋਰ ਫਰਕ ਪਾਉਣਾ… ਤਾਂ ਕਰੋ “ਚੰਡੀ ਦੀ ਵਾਰ” ਦਾ ਪਾਠ, ਤੇ ਕਾਲੇਜ ਹਮੇਸ਼ਾ ਲਈ ਬੱਚ ਜਾਊਗਾ, ਸਟੇਜਾਂ ਵੀ ਖੂਬ, ਤੇ ਨਿਹੰਗ, ਟਕਸਾਲੀ ਸਾਰੇ ਤੁਹਾਡੇ ਆਲੇ ਦੁਆਲੇ, ਵਿਜ਼ਿਆਂ ਲਈ ਕੋਈ ਪਰੇਸ਼ਾਨੀ ਨਹੀਂ, ਘਰੇ ਬੈਠੇ ਵੀਜ਼ੇ… ਹੈ ਨਾ ਮੁਨਾਫੇ ਦਾ ਸੌਦਾ… ਜੇ ਨੱਚਣਾ ਹੀ ਹੈ ਤਾਂ ਖੁੱਲ ਕੇ ਨੱਚੋ… ਇਹ ਮੇਂਗਣਾ ਪਾ ਕੇ ਦੁੱਧ ਦੇਣ ਵਾਲਾ ਕੰਮ ਨਾ ਕਰੋ।
ਕਈਆਂ ਨੇ ਕਹਿਣਾ ਕਿ ਤੁਸੀਂ ਧੜੇਬਾਜ਼ੀ ਦੀਆਂ ਗੱਲਾਂ ਕਰਦੇ ਹੋ, ਉਨ੍ਹਾਂ ਨੂੰ ਸਾਫ ਕਰ ਦੇਈਏ ਕਿ ਭਾਈ ਸਾਡਾ ਤਾਂ ਇੱਕੋ ਧੜਾ ਹੈ :
ਜਿਨ੍ ਸਿਉ ਧੜੇ ਕਰਹਿ ਸੇ ਜਾਹਿ ॥ ਝੂਠੁ ਧੜੇ ਕਰਿ ਪਛੋਤਾਹਿ ॥
ਥਿਰੁ ਨ ਰਹਹਿ ਮਨਿ ਖੋਟੁ ਕਮਾਹਿ ॥ ਹਮ ਹਰਿ ਸਿਉ ਧੜਾ ਕੀਆ ਜਿਸ ਕਾ ਕੋਈ ਸਮਰਥੁ ਨਾਹਿ ॥2॥
ਤੇ ਹੁਣ ਤੁਸੀਂ ਦੇਖੋ ਕਿਹੜਾ ਧੜਾ ਚੁਣਨਾ ਹੈ “ਝੂਠੁ ਧੜੇ ਕਰਿ ਪਛੋਤਾਹਿ॥” ਵਾਲਾ, ਜਾਂ
“ਹਮ ਹਰਿ ਸਿਉ ਧੜਾ ਕੀਆ ਜਿਸ ਕਾ ਕੋਈ ਸਮਰਥੁ ਨਾਹਿ॥” ਵਾਲਾ !
ਚੋਣ ਤੁਹਾਡੀ!!!
ਅਸੀਂ ਮਿਸ਼ਨਰੀ ਕਾਲੇਜ ਦੇ ਮੁਲਾਜ਼ਮ ਪ੍ਰਚਾਰਕਾਂ ਦੇ ਵੈਰੀ ਨਹੀਂ, ਚੰਗੇ ਬੁਲਾਰੇ ਨੇ, ਜਿੱਥੇ ਐਨਾ ਪ੍ਰਚਾਰ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਹੈ, ਉਥੇ ਥੋੜਾ ਹੋਰ ਹੰਭਲਾ ਮਾਰੋ, ਤੇ ਤਗੜੇ ਹੋ ਕੇ ਗੁਰੂ ਨੂੰ ਪੂਰਣ ਸਮਰਪਿਤ ਹੋ ਕੇ, ਅਖੌਤੀ ਦਸਮ ਗ੍ਰੰਥ ਦੀਆਂ ਜੜ੍ਹਾਂ ਪੁੱਟ ਦਿਓ, ਆਉਣ ਵਾਲੀ ਪੀੜੀ ਯਾਦ ਰਖੇਗੀ।
ਜਵਾਬ:
ਸ਼ਾਇਦ ਕੁਝ ਲੋਕ ਮਿਸ਼ਨਰੀ ਵਿਚਾਰਧਾਰਾ ਨੂੰ ਨਹੀਂ ਸਮਝਦੇ, ਜਿਸ ਕਾਰਨ ਵਿਰੋਧ ਦਾ ਡਰ, ਵਾਰ ਵਾਰ ਦਿਖਾਉਂਦੇ ਹਨ। ਸਾਨੂੰ ਨਹੀਂ ਭੁਲਣਾ ਚਾਹੀਦਾ ਕਿ ਤੁਹਾਡੇ ਨਾਲ ਖੜੇ ਹੋਣ ਵਾਲੇ ਬੰਦੇ ਟਕਸਾਲੀਆਂ ਵਿਚੋਂ ਨਹੀਂ ਆਏ। ਪਰ ਤੁਹਾਡੇ ਵਾਙ ਸਾਡੀ ਕਲਮ ਤੁਹਾਡੀ ਯੋਗਤਾ ਨੂੰ ਨਹੀਂ ਲਲਕਾਰ ਰਹੀ, ਇਹ ਵੀ ਤੁਹਾਡਾ ਸਮਰਥਨ ਹੀ ਸਮਝੋ ਕਿਉਂਕਿ ਟਕਸਾਲੀਆਂ ਦੇ ਮੁਕਾਬਲੇ ਸਿਖੀ ਦਾ ਨੁਕਸਾਨ ਜਾਗਰੂਕ ਅਖਵਾਉਣ ਵਾਲਿਆਂ ਨੇ ਵੀ ਘੱਟ ਨਹੀਂ ਕੀਤਾ। ਦਸਮ ਗ੍ਰੰਥ ਤਾਂ ਬਹੁਤ ਛੋਟਾ ਮਸਲਾ ਹੈ, ਹੋ ਸਕਦਾ ਹੈ ਕਈਆਂ ਲਈ ਬਹੁਤ ਵੱਡਾ ਹੋਵੇ, ਜਿਸ ਨੂੰ 1 ਪ੍ਰਤੀਸ਼ਤ ਸਿੱਖ ਵੀ ਨਹੀਂ ਪੜਦੇ। ਗੁਰਮਤ ਗਿਆਨ ਮਿਸ਼ਨਰੀ ਕਾਲਜ ਦਾ ਵਿਰੋਧ ਜਿਸ ਅਧਾਰ ਉੱਤੇ ਹੋ ਰਿਹਾ ਹੈ, ਵੈਸਾ ਹੀ ਵਿਰੋਧ ਹੋਰ ਮਿਸ਼ਨਰੀ ਕਾਲਜਾਂ ਦਾ ਕਿਉਂ ਨਹੀਂ ਹੋ ਰਿਹਾ, ਇਸ ਬਾਰੇ ਵਿਸਥਾਰ ਦੇਣ ਦੀ ਜ਼ਰੂਰਤ ਨਹੀਂ।
ਗਿਆਨੀ ਅਵਤਾਰ ਸਿੰਘ (ਸੰਪਾਦਕ, ਮਿਸ਼ਨਰੀ ਸੇਧਾਂ)
26-9-2016
ਕਬਿੱਤ ਨੰਬਰ 43 (ਭਾਈ ਗੁਰਦਾਸ ਜੀ)
ਕਬਿੱਤ ਨੰਬਰ 43 (ਭਾਈ ਗੁਰਦਾਸ ਜੀ)
ਪ੍ਰੀਤਮ ਸਿੰਘ (ਕਰਨਾਲ)-94164-05173
ਕਿੰਚਤ ਕਟਾਛ ਦਿਬਿ ਦੇਹ ਦਿਬਿ ਦ੍ਰਿਸਟਿ ਹੁਇ, ਦਿਬਿ ਜੋਤਿ ਕੋ ਧਿਆਨੁ ਦਿਬਿ ਦ੍ਰਿਸਟਾਂਤ ਕੈ।
ਸਬਦ ਬਿਬੇਕ ਟੇਕ ਪ੍ਰਗਟ ਹੁਇ ਗੁਰਮਤਿ, ਅਨਹਦ ਗੰਮਿ ਉਨਮਨੀ ਕੋ ਮਤਾਂਤ ਕੈ।
ਗਿਆਨ ਧਿਆਨ ਕਰਨੀ ਕੈ ਉਪਜਤ ਪ੍ਰੇਮ ਰਸੁ, ਗੁਰਮੁਖਿ ਸੁਖ ਪ੍ਰੇਮ ਨੇਮ ਨਿਜ ਕ੍ਰਾਂਤਿ ਕੈ।
ਚਰਨ ਕਮਲ ਦਲ ਸੰਪਟ ਮਧੁਪ ਗਤਿ, ਸਹਜ ਸਮਾਧਿ ਮਧੁ ਪਾਨ ਪ੍ਰਾਨ ਸਾਂਤਿ ਕੈ॥੪੩॥
ਸ਼ਬਦ ਅਰਥ: ਕਿੰਚਤ=ਥੋੜੀ ਜਿਹੀ।, ਕਟਾਛ=ਦ੍ਰਿਸ਼ਟੀ।, ਦਿਬਿ=ਅਲੌਕਿਕ ਦ੍ਰਿਸ਼ਟੀ, ਗਿਆਨ ਦ੍ਰਿਸ਼ਟੀ, ਵਿਵੇਕ ਦੀ ਨਜ਼ਰ।, ਗੰਮਿ=ਪਹੁੰਚ। ਉਨਮਨੀ=ਉੱਚੀ ਅਵਸਥਾ।, ਮਤਾਂਤ= ਨਿਚੋੜ।, ਨਿਜ ਕ੍ਰਾਂਤਿ= ਆਪਣੀ ਆਤਮਾ ਦਾ ਪ੍ਰਕਾਸ਼।, ਸੰਪਟ=ਡੱਬੀ।, ਮਧੁਪ=ਭੌਰਾ।, ਮਧੁ ਪਾਨ=ਅੰਮ੍ਰਿਤ ਪਾਨ।
ਅਰਥ: ਗੁਰੂ ਦੀ ਥੋੜ੍ਹੀ ਜਿੰਨੀ ਕਿਰਪਾ ਦ੍ਰਿਸ਼ਟੀ ਨਾਲ ਸਿੱਖ ਵਿੱਚ ਗਿਆਨ ਦ੍ਰਿਸ਼ਟੀ ਪ੍ਰਵੇਸ਼ ਕਰ ਜਾਂਦੀ ਹੈ ਅਤੇ ਸ਼ੁੱਧ ਜੋਤੀ (ਜੋਤਿ ਰੂਪ ਪ੍ਰਭੂ) ਦਾ ਧਿਆਨ ਧਰਣ ਨਾਲ ਉਸ ਦਾ ਅੰਤਹਿਕਰਣ ਤੇ ਹਿਰਦਾ ਸ਼ੁੱਧ ਹੋ ਜਾਂਦਾ ਹੈ। ਉਸ ਨੂੰ ਹਰ ਪਾਸੇ ਪ੍ਰਮਾਤਮਾ ਹੀ ਵਸਦਾ ਨਜ਼ਰ ਆਉਂਦਾ ਹੈ। ਗੁਰੂ ਦੀ ਸਿਖਿਆ ਲੈਣ ਕਰਕੇ ਤੇ ਗੁਰੂ ਦੇ ਸ਼ਬਦ ਦੀ ਓਟ ਕਾਰਨ ਸਿੱਖ ਅੰਦਰ ਗੁਰਮਤਿ ਦਾ ਪ੍ਰਕਾਸ਼ ਹੁੰਦਾ ਹੈ ਤੇ ਇਕ ਰਸ ਸ਼ਬਦ ਤਕ ਉਸ ਦੀ ਪਹੁੰਚ ਬਣ ਜਾਣ ਕਾਰਨ ਉਹ ਸਹਿਜ ਅਵਸਥਾ ਮਾਣਦਾ ਹੈ। ਗੁਰੂ ਦੇ ਦਿੱਤੇ ਗਿਆਨ ਅਨੁਸਾਰ ਜੀਵਨ ਜੀਉਣ ਤੇ ਨਾਮ ਸਿਮਰਨ ਦਾ ਅਭਿਆਸ ਕਰਨ ’ਤੇ ਸਿੱਖ ਦੇ ਅੰਦਰ ਪ੍ਰੇਮਾ ਭਗਤੀ ਦਾ ਪ੍ਰਵਾਹ ਚਲ ਪੈਂਦਾ ਹੈ ਜਿਸ ਦੇ ਫਲ ਸਰੂਪ ਉਸ ਦਾ ਨਿਜ ਸਰੂਪ ਪ੍ਰਕਾਸ਼ਮਾਨ ਹੋ ਜਾਂਦਾ ਹੈ; ਜਿਵੇਂ ਭੌਰਾ ਕੰਵਲ ਦਾ ਰਸ ਮਾਣਦਾ ਹੋਇਆ ਆਪਣੇ ਆਪ ਨੂੰ ਕੰਵਲ ਦੀਆਂ ਪੰਖੜੀਆਂ ਵਿੱਚ ਕੈਦ ਕਰ ਲੈਂਦਾ ਹੈ ਉਸੇ ਤਰ੍ਹਾਂ ਸਿੱਖ, ਗੁਰੂ ਦੇ ਚਰਨ ਕਮਲਾਂ ਭਾਵ ਗੁਰੂ ਦੇ ਸ਼ਬਦ ਨਾਲ ਜੁੜ ਕੇ ਸਹਿਜ ਸਮਾਧੀ ਵਿੱਚ ਟਿਕ ਕੇ ਰੱਬੀ ਨਾਮ ਦੇ ਗ੍ਰਹਿਣ ਕਰਨ ਲਈ ਅੰਮ੍ਰਿਤ ਪਾਨ ਕਰਦਾ ਹੈ।
ਸਿੱਖ ਦੀ ਦਿਬ ਦ੍ਰਿਸ਼ਟੀ ਹੋ ਜਾਂਦੀ ਹੈ। ਚਰਮ ਦ੍ਰਿਸ਼ਟੀ ਖ਼ਤਮ ਹੋ ਜਾਂਦੀ ਹੈ ਕਿਉਂਕਿ ਚਰਮ ਦ੍ਰਿਸ਼ਟੀ ਨਾਲ ਰੂਪ, ਰੰਗ, ਨਸਲ, ਵਰਣ, ਦੇਸ਼, ਕੌਮ ਦਾ ਭੇਦ ਭਾਵ, ਪੱਖ ਪਾਤ, ਮੇਰ ਤੇਰ ਪੈਦਾ ਹੁੰਦੀ ਹੈ, ਪਰ ਦਿਬ ਦ੍ਰਿਸ਼ਟੀ ਤਾਂ ਰੱਬੀ ਹੋਂਦ (ਸ਼ਕਤੀ) ਨੂੰ ਸਵੀਕਾਰਨ ਵਾਲੀ ਅੱਖ ਹੈ। ਜਿਹੜੀ ਅੱਖ ਭਾਈ ਘੱਨਈਆ ਜੀ ਕੋਲ ਸੀ। ਐਸੀ ਅੱਖ ਵਾਲਾ ਹੀ: ‘ਨਾਨਕ ਨਾਮ ਚੜ੍ਹਦੀ ਕਲਾ॥ ਤੇਰੇ ਭਾਣੇ ਸਰਬੱਤ ਦਾ ਭਲਾ॥’ ਵਚਨਾਂ ਦਾ ਅਸਲ ਮਤਲਬ ਸਮਝਦਾ ਹੈ। ਸਾਂਝੀ ਸੰਗਤ, ਸਾਂਝੀ ਪੰਗਤ, ਸਾਂਝੇ ਸਰੋਵਰ ਉਸ ਰੱਬੀ ਦ੍ਰਿਸ਼ਟੀ ਦੇ ਹੀ ਲਖਾਇਕ ਹਨ। ਤੀਸਰੇ ਗੁਰਦੇਵ ਉਸੇ ਦਿਬ ਦ੍ਰਿਸ਼ਟੀ ਦਾ ਜ਼ਿਕਰ ਕਰਦੇ ਹਨ: ‘‘ਏ ਨੇਤ੍ਰਹੁ ਮੇਰਿਹੋ ! ਹਰਿ ਤੁਮ ਮਹਿ ਜੋਤਿ ਧਰੀ॥….. ਸਤਿਗੁਰਿ ਮਿਲਿਐ ਦਿਬ ਦ੍ਰਿਸਟਿ ਹੋਈ॥’’ (ਮ:੩/ਅਨੰਦੁ ਸਾਹਿਬ) ਐਸੀ ਅੱਖ ਵਾਲੇ ਨੂੰ ਹੀ ‘ਵਿਸੁ ਸੰਸਾਰੁ ਹਰਿ ਕਾ ਰੂਪ’ ਪ੍ਰਤੀਤ ਹੁੰਦਾ ਹੈ। ‘ਜਾ ਵੇਖਾ ਹਰਿ ਇਕ ਹੈ’ ਦੀ ਪ੍ਰਤੀਤੀ ਹੁੰਦੀ ਹੈ। ‘ਇਹੁ ਜਗੁ ਸਚੇ ਕੀ ਹੈ ਕੋਠੜੀ’ ਮਹਿਸੂਸ ਹੁੰਦਾ ਹੈ।
ਗੁਰੂ ਦਾ ਸ਼ਬਦ ਹੀ ਗੁਰੂ ਦੀ ਮਤਿ ਹੈ। ਭੱਟ ਨਲੵ ਜੀ ਦਾ ਸਵੱਈਆ ਪੜ੍ਹੀਏ, ‘‘ਕਚਹੁ ਕੰਚਨੁ ਭਇਅਉ; ਸਬਦੁ ਗੁਰ ਸ੍ਰਵਣਹਿ ਸੁਣਿਓ ॥ ਬਿਖੁ ਤੇ ਅੰਮ੍ਰਿਤੁ ਹੁਯਉ; ਨਾਮੁ ਸਤਿਗੁਰ ਮੁਖਿ ਭਣਿਅਉ ॥ ਲੋਹਉ ਹੋਯਉ ਲਾਲੁ; ਨਦਰਿ ਸਤਿਗੁਰੁ ਜਦਿ ਧਾਰੈ ॥ ਪਾਹਣ ਮਾਣਕ ਕਰੈ; ਗਿਆਨੁ ਗੁਰ ਕਹਿਅਉ ਬੀਚਾਰੈ ॥ ਕਾਠਹੁ ਸ੍ਰੀਖੰਡ ਸਤਿਗੁਰਿ ਕੀਅਉ; ਦੁਖ ਦਰਿਦ੍ਰ ਤਿਨ ਕੇ ਗਇਅ ॥ ਸਤਿਗੁਰੂ ਚਰਨ ਜਿਨ੍ ਪਰਸਿਆ; ਸੇ ਪਸੁ ਪਰੇਤ ਸੁਰਿ ਨਰ ਭਇਅ ॥’’ (ਸਵਈਏ ਮਹਲੇ ਚਉਥੇ ਕੇ /ਭਟ ਨਲੵ /੧੩੯੯) ਇਸ ਸਵੱਈਏ ਵਿਚ ‘ਸਬਦ ਗੁਰ, ਨਾਮੁ ਸਤਿਗੁਰ, ਨਦਰਿ ਸਤਿਗੁਰ, ਗਿਆਨ ਗੁਰ ਅਤੇ ਸਤਿਗੁਰੂ ਚਰਨ’ ਦਾ ਭਾਵ ਇਕੋ ਹੀ ਹੈ। ਇਹ ਸਾਰੇ ਗੁਰਮਤਿ ਦੇ ਹੀ ਲਖਾਇਕ ਹਨ। ਓਹੀ ਲੀਨਤਾ ਜਿਹੜੀ ਗੁਰੂ ਅੰਗਦ ਸਾਹਿਬ ਵਿਚ ਪ੍ਰਗਟ ਹੋਈ। ਲੀਨਤਾ ਹੈ ਵੀ ਮਤਿ ਕਰਕੇ: ‘‘ਸਤਿਗੁਰ ਕੀ ਜਿਸ ਨੋ ਮਤਿ ਆਵੈ; ਸੋ ਸਤਿਗੁਰ ਮਾਹਿ ਸਮਾਨਾ॥’’ (ਮ:੩/ਅੰਕ ੭੯੭)
ਗਿਆਨ, ਧਿਆਨ ਤੇ ਕਰਣੀ ਦਾ ਆਪਸੀ ਸੰਬੰਧ ਹੁੰਦਾ ਹੈ; ਜਿਵੇਂ ਕਿ ਗੁਰੂ ਵਚਨ ਹਨ: ‘‘ਗਿਆਨੁ ਧਿਆਨੁ ਕਿਛੁ ਕਰਮੁ ਨਾ ਜਾਨਾ; ਨਾਹਿਨ ਨਿਰਮਲ ਕਰਣੀ॥ (ਮ:੫/ਅੰਕ ੭੦੨), ਗਿਆਨੁ ਧਿਆਨੁ ਕਿਛੁ ਕਰਮੁ ਨਾ ਜਾਣਾ; ਸਾਰ ਨਾ ਜਾਣਾ ਤੇਰੀ॥’’ (ਮ:੫/ਅੰਕ ੭੫੦), ਆਦਿ। ਧਿਆਨ ਤੋਂ ਬਿਨਾਂ ਤਾਂ ਕੁਝ ਵੀ ਸੰਭਵ ਨਹੀਂ। ਇਸ ਲਫ਼ਜ਼ ਨੂੰ ਅਸੀਂ ਤਕਰੀਬਨ ਹਰ ਕਿਰਿਆ ਨਾਲ ਜੋੜਦੇ ਹਾਂ; ਜਿਵੇਂ ‘ਧਿਆਨ ਨਾਲ ਦੇਖੋ, ਧਿਆਨ ਨਾਲ ਤੁਰੋ, ਧਿਆਨ ਨਾਲ ਕਰੋ, ਧਿਆਨ ਨਾਲ ਸੁਣੋ, ਧਿਆਨ ਨਾਲ ਪੜ੍ਹੋ, ਆਦਿ। ਧਿਆਨ ਤੋਂ ਬਿਨਾਂ ਤਾਂ ਕਰਮ ਇੰਦਰੇ ਠੀਕ ਤਰ੍ਹਾਂ ਕੰਮ ਨਹੀਂ ਕਰ ਸਕਦੇ। ਬੇਧਿਆਨਾ ਇਨਸਾਨ ਬੇਗਿਆਨਾ ਜ਼ਰੂਰ ਹੋਵੇਗਾ। ਇਸੇ ਕਰਕੇ ਤਾਂ ਵਚਨ ਕੀਤੇ ਗਏ: ‘‘ਪ੍ਰਭ ਕੀ ਉਸਤਤਿ ਕਰਹੁ ਸੰਤ ਮੀਤ ! ਸਾਵਧਾਨ ਇਕਾਗਰ ਚੀਤਿ॥’’ (ਮ:੫/ਅੰਕ ੨੯੫)
ਭਾਈ ਸਾਹਿਬ ਭਾਈ ਗੁਰਦਾਸ ਜੀ ਵਿਚਾਰ ਰੱਖਦੇ ਹਨ ਕਿ ਰੱਬੀ ਧਿਆਨ ਵਿੱਚੋਂ ਰੱਬੀ ਵੀਚਾਰ (ਗਿਆਨ) ਪੈਦਾ ਹੁੰਦਾ ਹੈ ਤੇ ਰੱਬੀ ਵੀਚਾਰ ਵਿਚੋਂ ਰੱਬੀ ਕਿਰਦਾਰ ਪੈਦਾ ਹੁੰਦਾ ਹੈ। ਇਸੇ ਨੂੰ ਪ੍ਰੇਮਾ ਭਗਤੀ ਕਿਹਾ ਜਾਂਦਾ ਹੈ। ਇਹੋ ਹੀ ਆਤਮ ਪ੍ਰਕਾਸ਼ ਹੈ। ਸਿੱਖ; ਗੁਰੂ ਦੇ ਚਰਨਾਂ ਦਾ ਭੌਰਾ ਹੈ। ਉਸ ਦੀ ਸੁਰਤਿ ਫੁਲ (ਅਸਥਾਈ ਸੁਗੰਧੀ) ਬਣ ਚੁੱਕੀ ਹੁੰਦੀ ਹੈ। ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਜਾਏਗੀ ਪਰ ਉਸ ਨੂੰ ਇਸ ਗੱਲ ਦੀ ਚਿੰਤਾ ਨਹੀਂ, ਕਿਉਂਕਿ ਉਹ ਸਰੀਰ ਤੋਂ ਪਰੇ ਅਕਾਲੀ (ਕਾਲ ਰਹਿਤ) ਅਵਸਥਾ ਵਿਚ ਵਿਚਰਦਾ ਹੈ: ‘‘ਸਨਮੁਖ ਸਹਿ ਬਾਨ ਸਨਮੁਖ ਸਹਿ ਬਾਨ ਹੇ; ਮ੍ਰਿਗ ਅਰਪੇ ਮਨ ਤਨ ਪ੍ਰਾਨ ਹੈ; ਓਹੁ ਬੇਧਿਓ ਸਹਜ ਸਰੋਤ॥’’ (ਮ:੫/ਅੰਕ ੪੬੨) ਵਾਲੀ ਸਹਜ ਸਮਾਧੀ ਹੈ, ਜੋ ਤੱਤੀ ਤਵੀ ’ਤੇ ਵੀ ਬੈਠੀ ਤੇ ਉਬਲਦੀ ਦੇਗ ਵਿਚ ਵੀ ਸ਼ਾਂਤ ਰਹੀ।
ਕਬਿੱਤ ਨੰਬਰ 42 (ਭਾਈ ਗੁਰਦਾਸ ਜੀ)
ਕਬਿੱਤ ਨੰਬਰ 42 (ਭਾਈ ਗੁਰਦਾਸ ਜੀ)
ਪ੍ਰੀਤਮ ਸਿੰਘ (ਕਰਨਾਲ)-94164-05173
ਜੋਗ ਬਿਖੈ ਭੋਗ ਅਰੁ ਭੋਗ ਬਿਖੈ ਜੋਗ ਜਤਿ, ਗੁਰਮੁਖਿ ਪੰਥ ਜੋਗ ਭੋਗ ਸੈ ਅਤੀਤ ਹੈ।
ਗਿਆਨ ਬਿਖੈ ਧਿਆਨ ਅਰੁ ਧਿਆਨ ਬਿਖੈ ਬੇਧੇ ਗਿਆਨ, ਗੁਰਮਤਿ ਗਤਿ ਗਿਆਨ ਧਿਆਨ ਕੈ ਅਜੀਤ ਹੈ।
ਪ੍ਰੇਮ ਕੈ ਭਗਤਿ ਅਰੁ ਭਗਤਿ ਕੈ ਪ੍ਰੇਮ ਨੇਮ, ਅਲਖ ਭਗਤਿ ਪ੍ਰੇਮ ਗੁਰਮੁਖਿ ਰੀਤਿ ਹੈ।
ਨਿਰਗੁਨ ਸਰਗੁਨ ਬਿਖੈ ਬਿਸਮ ਬਿਸ੍ਵਾਸ ਰਿਦੈ, ਬਿਸਮ ਬਿਸ੍ਵਾਸ ਪਾਰਿ ਪੂਰਨ ਪ੍ਰਤੀਤਿ ਹੈ॥੪੨॥
ਸ਼ਬਦ ਅਰਥ: ਜੋਗ-ਜੋਗ ਸਾਧਨਾ ਕਰਨ ਵਾਲੇ।, ਭੋਗ-ਭੋਗਣ ਵਾਲੇ।, ਜਤਿ-ਜਿੱਥੇ।, ਅਤੀਤ- ਰਹਿਤ।, ਬੇਧੇ-ਵਿੰਨੇ ਹੋਏ।, ਅਜੀਤ-ਨਾ ਜਿਤਿਆ ਜਾਣ ਵਾਲਾ।, ਰੀਤਿ-ਮਰਿਆਦਾ।, ਨਿਰਗੁਨ-ਆਕਾਰ ਰਹਿਤ।, ਸਰਗੁਨ-ਸਾਕਾਰ ਸਰੂਪ।, ਬਿਸਮ-ਹੈਰਾਨੀਜਨਕ। , ਪ੍ਰਤੀਤ- ਵਿਸ਼ਵਾਸ, ਭਰੋਸਾ।
ਅਰਥ: ਜੋਗੀਆਂ (ਜੋਗ ਸਾਧਨਾ ਕਰਨ ਵਾਲਿਆਂ) ਵਿੱਚ ਭੋਗ ਦੀ ਇੱਛਾ ਹੁੰਦੀ ਹੈ ਅਤੇ ਭੋਗੀਆਂ (ਸੰਸਾਰੀਆਂ) ਵਿੱਚ ਜੋਗ ਦੀ ਇੱਛਾ ਬਣੀ ਰਹਿੰਦੀ ਹੈ, ਪਰ ਗੁਰਮੁਖ ਪੰਥ ਦਾ ਧਾਰਨੀ ਇਨ੍ਹਾਂ ਦੋਵਾਂ (ਜੋਗ/ਭੋਗ) ਤੋਂ ਰਹਿਤ ਹੁੰਦਾ ਹੈ। ਗਿਆਨ ਮਾਰਗ ’ਤੇ ਚੱਲਣ ਵਾਲੇ ਧਿਆਨ ਮਾਰਗ ’ਤੇ ਚੱਲਣਾ ਲੋਚਦੇ ਹਨ ਅਤੇ ਧਿਆਨ ਮਾਰਗ ’ਤੇ ਚੱਲਣ ਵਾਲੇ ਗਿਆਨ ਮਾਰਗ ’ਤੇ, ਪਰ ਗੁਰਮਤਿ ਮਾਰਗ ਇਨ੍ਹਾਂ ਦੋਵਾਂ ਤੋਂ ਉੱਚੀ ਅਵਸਥਾ ਦਾ ਨਾਂ ਹੈ। ਪ੍ਰੇਮ ਮਾਰਗ ਦੇ ਧਾਰਨੀ ਭਗਤੀ ਮਾਰਗ ਦੀ ਚਾਹਨਾ ਰੱਖਦੇ ਹਨ ਅਤੇ ਭਗਤੀ ਮਾਰਗ ਦੇ ਧਾਰਨੀ ਪ੍ਰੇਮ ਮਾਰਗ ਦੀ, ਪਰ ਗੁਰਮੁਖਾਂ ਦੀ ਮਰਿਆਦਾ ਇਨ੍ਹਾਂ ਦੋਵਾਂ ਤੋਂ ਵੱਖਰੀ ਹੈ। ਗੁਰਮੁਖ ਉਸ ਅਲੱਖ ਪ੍ਰਭੂ ਦੀ ਪ੍ਰੇਮਾ ਭਗਤੀ ਦੇ ਮਾਰਗ ’ਤੇ ਚੱਲਦੇ ਹਨ। ਇਹ ਵੀ ਇਕ ਹੈਰਾਨੀ ਵਾਲੀ ਗੱਲ ਹੈ ਕਿ ਕਿਸੇ ਦਾ ਵਿਸ਼ਵਾਸ਼ ਪ੍ਰਭੂ ਦੇ ਨਿਰਗੁਨ ਸਰੂਪ ਦੀ ਪੂਜਾ ਕਰਨ ਵਿੱਚ ਹੈ ਤੇ ਕਿਸੇ ਦਾ ਪ੍ਰਭੂ ਦੇ ਸਰਗੁਨ ਸਰੂਪ ਦੀ, ਪਰ ਗੁਰਮੁਖ ਜਨਾਂ ਦਾ ਵਿਸ਼ਵਾਸ਼ ਤੇ ਪ੍ਰਤੀਤੀ ਉਸ ਅਲੱਖ ਪ੍ਰਭੂ ਵਿੱਚ ਹੈ, ਜੋ ਨਿਰਗੁਣ ਤੇ ਸਰਗੁਣ ਦੋਵੇਂ ਰੂਪਾਂ ’ਚ ਮੌਜੂਦ ਹੈ ਭਾਵ ਨਿਰਾਕਾਰ (ਨਿਰਗੁਣ) ਤੋਂ ਪ੍ਰਭਾਵਤ ਰਹਿ ਕੇ ਸਰਗੁਣ (ਆਕਾਰ, ਸੰਸਾਰ) ਨਾਲ਼ ਇੱਕ ਪਰਿਵਾਰਕ ਸਾਂਝ ਵਾਂਗ ਪਿਆਰ ਕਰਨਾ, ਹੀ ਨਿਰਗੁਣ ਤੇ ਸਰਗੁਣ ’ਤੇ ਵਿਸ਼ਵਾਸ ਰੱਖਣਾ ਹੈ।
‘ਜੋਗ’ ਦਾ ਅਰਥ ਹੈ: ਜੁੜਿਆ ਹੋਇਆ। ਜੋਗੀ ਉਸ ਨੂੰ ਕਹਿੰਦੇ ਹਨ, ਜੋ ਪ੍ਰਭੂ ਨਾਲ ਜੁੜਿਆ ਹੋਵੇ, ਪਰ ਸਮਾਜਿਕ ਪਰਿਭਾਸ਼ਾ ਕੁਝ ਹੋਰ ਹੈ ਭਾਵ ਜੋਗੀ, ਜੋਗ ਸਾਧਨਾ (ਨਿਉਲੀ ਕਰਮ) ਕਰਦੇ ਰਹਿੰਦੇ ਹਨ ਜੋ ਕਿ ਗੁਰੂ ਸਾਹਿਬਾਨਾਂ ਦੇ ਵਕਤ ਤੱਕ ਇਕ ਕਰਮਕਾਂਡ ਬਣ ਚੁੱਕਾ ਸੀ। ਜੋ ਜੋਗ ਸਾਧਨਾ ਵਿੱਚ ਪੁੱਗੇ ਹੋਏ (ਰਿਧੀਆਂ ਸਿੱਧੀਆਂ ਦੇ ਮਾਲਕ) ਵੀ ਸਨ ਉਨ੍ਹਾਂ ਨੂੰ ਵੀ ਪ੍ਰਭੂ ਦੀ ਪ੍ਰਾਪਤੀ ਨਹੀਂ ਹੋ ਰਹੀ ਸੀ (ਕਿਉਂਕਿ ਅੰਤਹਿਕਰਣ ਮਲੀਨ ਸੀ)। ਗੁਰੂ ਨਾਨਕ ਦੇਵ ਜੀ ਨੇ ਐਸੇ ਕਈ ਜੋਗੀਆਂ ਨੂੰ, ਜੋ ਜੋਗ ਵਿੱਚ ਪੁੱਗੇ ਹੋਏ ਅਖਵਾਉਂਦੇ ਸਨ, ਸਿੱਧੇ ਰਸਤੇ ਪਾਇਆ ਭਾਵ ਨਿਉਲੀ ਕਰਮਾਂ ਰਾਹੀਂ ਕੀਤੀ ਜਾ ਰਹੀ ਸਰੀਰਕ ਸਫ਼ਾਈ ਦੀ ਬਜਾਏ ਮਨ ਦੇ ਉਨ੍ਹਾਂ ਫੁਰਨਿਆਂ ਦਾ ਅਭਾਵ ਕਰਵਾਇਆ ਜਿਸ ਨਾਲ ‘‘ਜੋਗ ਬਿਖੈ ਭੋਗ ਅਰੁ ਭੋਗ ਬਿਖੈ ਜੋਗ..॥’’ ਲਾਲਸਾ ਪ੍ਰਬਲ ਹੋਈ ਸੀ।
ਭੋਗੀ, ਜੋ ਸੰਸਾਰ ਦੇ ਭੋਗਾਂ ਵਿੱਚ ਪਰਵਿਰਤ ਸਨ ਉਹ ਤਾਂ ਵੈਸੇ ਹੀ ਪ੍ਰਭੂ ਦੀ ਪ੍ਰਾਪਤੀ ਦੇ ਮਾਰਗ ਤੋਂ ਬਹੁਤ ਦੂਰ ਸਨ। ਜੋਗੀ, ਸੋਚਦੇ ਸਨ ਕਿ ਭੋਗੀ ਅੱਛੇ ਹਨ ਤੇ ਭੋਗੀ, ਭੋਗਾਂ ਕਰ ਕੇ ਦੁੱਖੀ ਸਨ ਤੇ ਸੋਚਦੇ ਸਨ ਕਿ ਜੋਗ ਮਾਰਗ ਅੱਛਾ ਹੈ, ਪਰ ਗੁਰੂ ਦੀ ਮਤਿ ’ਤੇ ਚੱਲਣ ਵਾਲੇ ਹੀ ਅਸਲ ਜੋਗੀ ਤੇ ਅਸਲ ਭੋਗੀ (ਭਾਵ ਦੋਵੇਂ) ਹਨ। ਗੁਰੂ, ਸਿੱਖ ਦੇ ਅੰਦਰ ਪਰਮਾਤਮਾ ਦੇ ਗੁਣ ਭਰਦਾ ਹੈ ਅਤੇ ਪ੍ਰਮਾਤਮਾ ਦਾ ਇਕ ਗੁਣ ਇਹ ਵੀ ਹੈ ‘‘ਜੋਗੀ ਅੰਦਰਿ, ਜੋਗੀਆ॥ ਤੂੰ ਭੋਗੀ ਅੰਦਰਿ, ਭੋਗੀਆ॥’’ (ਮ:੧/ਅੰਕ ੭੧)
ਪੁਰਾਣੇ ਰਿਸ਼ੀਆਂ ਮੁਨੀਆਂ ਦੇ ਵਿਚਾਰ ਵੱਖ ਵੱਖ ਸਨ। ਕੋਈ ਗਿਆਨ ਮਾਰਗ ਨੂੰ ਪ੍ਰਧਾਨ ਮੰਨਦਾ ਸੀ ਕੋਈ ਧਿਆਨ ਮਾਰਗ ਨੂੰ, ਪਰ ਗੁਰੂ ਦਾ ਸਿੱਖ ਦੋਵਾਂ ਨੂੰ ਅਧੂਰਾ ਜਾਣਦਾ ਹੈ ਤੇ ਗੁਰੂ ਤੋਂ ਗਿਆਨ ਵੀ ਹਾਸਲ ਕਰਦਾ ਹੈ ਅਤੇ ਗੁਰੂ ਦੇ ਸ਼ਬਦ ਦਾ ਧਿਆਨ ਲਾ ਕੇ ਉਸ ਵਿੱਚ ਸੁਰਤਿ ਵੀ ਜੋੜਦਾ ਹੈ। ਗੁਰਸਿੱਖ ਦਾ ਇਹ ਮਾਰਗ ਇਕ ਵੱਖਰਾ ਹੀ ਮਾਰਗ ਹੈ ਜਿਸ ’ਤੇ ਚੱਲ ਕੇ ਉਹ ਆਪਣਾ ਜਨਮ ਸਫਲਾ ਕਰਦਾ ਹੈ। ਇਸੇ ਤਰ੍ਹਾਂ ਪਹਿਲੇ ਵਿਚਾਰਵਾਨਾਂ ਦੇ ਅੱਡ ਅੱਡ ਮਾਰਗ ਬਿਆਨ ਕੀਤੇ। ਕਿਸੇ ਦਾ ਪ੍ਰੇਮ ਮਾਰਗ ਤੇ ਕਿਸੇ ਦਾ ਭਗਤੀ ਮਾਰਗ, ਪਰ ਗੁਰਸਿੱਖ ਦਾ ਮਾਰਗ ਇਨ੍ਹਾਂ ਦੋਵਾਂ ਤੋਂ ਵੱਖਰਾ ਪ੍ਰੇਮਾ ਭਗਤੀ ਦਾ ਮਾਰਗ ਅਖਵਾਇਆ। ਗੁਰਬਾਣੀ ਅਨੁਸਾਰ ਪ੍ਰੇਮ ਤੇ ਭਗਤੀ ਦਾ ਆਪਸ ਵਿੱਚ ਗੂੜ੍ਹਾ ਸੰਬੰਧ ਹੈ। ਇਕੱਲਾ ਪ੍ਰੇਮ ਮਾਰਗ ਵੀ ਪੂਰਾ ਨਹੀਂ ਤੇ ਪ੍ਰੇਮ ਤੋਂ ਬਿਨਾ ਭਗਤੀ ਵੀ ਨਹੀਂ ਹੋ ਸਕਦੀ। ਫੁਰਮਾਨ ਹੈ: ‘‘ਸਾਧਸੰਗਤਿ ਬਿਨਾ ਭਾਉ ਨਹੀ ਊਪਜੈ, ਭਾਵ ਬਿਨੁ ਭਗਤਿ ਨਹੀ ਹੋਇ ਤੇਰੀ॥’’ (ਭਗਤ ਰਵਿਦਾਸ ਜੀ/ਅੰਕ ੬੯੪) ਭਾਵ ਆਪਸੀ ਪਿਆਰ (ਸਰਗੁਣ) ਤੋਂ ਬਿਨਾਂ ਕਣ ਕਣ ਵਿੱਚ ਵਿਆਪਕ (ਨਿਰਗੁਣ) ਨਾਲ ਵੀ ਪ੍ਰੇਮ ਨਾਹੀਂ ਉਤਪਨ ਹੁੰਦਾ।
ਇਸੇ ਪ੍ਰਕਾਰ ਕੋਈ ਨਿਰਗੁਨ ਦੀ ਪੂਜਾ ਕਰ ਰਿਹਾ ਹੈ ਤੇ ਕੋਈ ਸੁਰਗੁਨ ਦੀ। ਸਿੱਖ ਨੂੰ ਗੁਰੂ ਤੋਂ ਇਹ ਸਿਖਿਆ ਮਿਲਦੀ ਹੈ ਕਿ ਪਰਮਾਤਮਾ ਨਿਰਗੁਨ ਵੀ ਹੈ ਤੇ ਸਰਗੁਨ ਵੀ। ਨਿਰਗੁਨ ਸਰੂਪ ਵਿੱਚ ਉਹ ਕੇਵਲ ਆਪ ਹੀ ਆਪ ਹੈ ਅਤੇ ਸਰਗੁਨ ਸਰੂਪ ਵਿੱਚ ਉਹ ਆਪਣੀ ਪੈਦਾ ਕੀਤੀ ਸਾਰੀ ਰਚਨਾ ਵਿੱਚ ਵਿਆਪਕ ਹੈ। ਗੁਰਬਾਣੀ ਫੁਰਮਾਨ ਵੀ ਹੈ: ‘‘ਨਿਰਗੁਨੁ ਆਪਿ, ਸਰਗੁਨੁ ਭੀ ਓਹੀ॥ ਕਲਾ ਧਾਰਿ, ਜਿਨਿ ਸਗਲੀ ਮੋਹੀ॥ ਅਪਨੇ ਚਰਿਤ ਪ੍ਰਭਿ, ਆਪਿ ਬਨਾਏ॥ ਅਪੁਨੀ ਕੀਮਤਿ, ਆਪੇ ਪਾਏ॥’’ (ਮ:੫/ਅੰਕ ੨੮੭) ਇਸ ਲਈ ਗੁਰੂ ਦਾ ਸਿੱਖ ਇਸੇ ਵਿਸ਼ਵਾਸ ’ਤੇ ਆਪਣੇ ਜੀਵਨ ਦੀ ਗੱਡੀ ਅਗਾਂਹ ਤੋਰਦਾ ਹੈ ਕਿ ਸਭ ਕੁਝ ਪ੍ਰਭੂ ਆਪ ਹੀ ਕਰ ਤੇ ਕਰਾ ਰਿਹਾ ਹੈ। ਨਿਰਗੁਨ ਵੀ ਤੇ ਸਰਗੁਨ ਵੀ। ਉਹ ਉਸ ਨੂੰ ਵੱਖ ਵੱਖ ਨਹੀਂ ਜਾਣਦਾ ਤੇ ਨਾ ਹੀ ਫ਼ਜ਼ੂਲ ਦੇ ਝਮੇਲਿਆਂ ਵਿੱਚ ਫੱਸਦਾ ਹੈ।
‘ਸਾਰ’ ਇਹ ਹੈ ਕਿ ਗੁਰੂ ਦੇ ਸਿੱਖ ਦਾ ਅਧਿਆਤਮਕ ਮਾਰਗ ਸਭ ਤੋਂ ਵੱਖਰਾ ਹੈ। ਉਹ ਜੋਗੀ ਭੀ ਹੈ ਤੇ ਭੋਗੀ ਭੀ। ਉਹ ਗਿਆਨਵਾਨ ਵੀ ਹੈ ਤੇ ਸੁਰਤ ਕਰਕੇ ਗੁਰੂ ਵੱਲ ਧਿਆਨ ਵੀ ਜੋੜਦਾ ਹੈ। ਉਹ ਪ੍ਰੇਮ ਤੇ ਭਗਤੀ ਦਾ ਸੁਮੇਲ ਹੈ, ਪ੍ਰੇਮਾ ਭਗਤੀ ਵਿਚ ਵਿਸ਼ਵਾਸ ਰੱਖਦਾ ਹੈ। ਉਸ ਨੂੰ ਸੋਝੀ ਹੈ ਕਿ ਪਰਮਾਤਮਾ ਆਪ ਹੀ ਆਪ ਹੈ ਚਾਹੇ ਸਰਗੁਨ ਹੈ ਚਾਹੇ ਨਿਰਗੁਨ ਹੈ: ‘‘ਸਰਗੁਨ ਨਿਰਗੁਨ ਨਿਰੰਕਾਰ; ਸੁੰਨ ਸਮਾਧੀ ਆਪਿ ॥ ਆਪਨ ਕੀਆ ਨਾਨਕਾ ! ਆਪੇ ਹੀ ਫਿਰਿ ਜਾਪਿ ॥’’ (ਮ: ੫/੨੯੦)








