ਕਬਿੱਤ ਨੰਬਰ 43 (ਭਾਈ ਗੁਰਦਾਸ ਜੀ)

0
426

ਕਬਿੱਤ ਨੰਬਰ 43 (ਭਾਈ ਗੁਰਦਾਸ ਜੀ) 

ਪ੍ਰੀਤਮ ਸਿੰਘ (ਕਰਨਾਲ)-94164-05173

ਕਿੰਚਤ ਕਟਾਛ ਦਿਬਿ ਦੇਹ ਦਿਬਿ ਦ੍ਰਿਸਟਿ ਹੁਇ, ਦਿਬਿ ਜੋਤਿ ਕੋ ਧਿਆਨੁ ਦਿਬਿ ਦ੍ਰਿਸਟਾਂਤ ਕੈ।

ਸਬਦ ਬਿਬੇਕ ਟੇਕ ਪ੍ਰਗਟ ਹੁਇ ਗੁਰਮਤਿ, ਅਨਹਦ ਗੰਮਿ ਉਨਮਨੀ ਕੋ ਮਤਾਂਤ ਕੈ।

ਗਿਆਨ ਧਿਆਨ ਕਰਨੀ ਕੈ ਉਪਜਤ ਪ੍ਰੇਮ ਰਸੁ, ਗੁਰਮੁਖਿ ਸੁਖ ਪ੍ਰੇਮ ਨੇਮ ਨਿਜ ਕ੍ਰਾਂਤਿ ਕੈ।

ਚਰਨ ਕਮਲ ਦਲ ਸੰਪਟ ਮਧੁਪ ਗਤਿ, ਸਹਜ ਸਮਾਧਿ ਮਧੁ ਪਾਨ ਪ੍ਰਾਨ ਸਾਂਤਿ ਕੈ॥੪੩॥

ਸ਼ਬਦ ਅਰਥ: ਕਿੰਚਤ=ਥੋੜੀ ਜਿਹੀ।, ਕਟਾਛ=ਦ੍ਰਿਸ਼ਟੀ।, ਦਿਬਿ=ਅਲੌਕਿਕ ਦ੍ਰਿਸ਼ਟੀ, ਗਿਆਨ ਦ੍ਰਿਸ਼ਟੀ, ਵਿਵੇਕ ਦੀ ਨਜ਼ਰ।, ਗੰਮਿ=ਪਹੁੰਚ। ਉਨਮਨੀ=ਉੱਚੀ ਅਵਸਥਾ।, ਮਤਾਂਤ= ਨਿਚੋੜ।, ਨਿਜ ਕ੍ਰਾਂਤਿ= ਆਪਣੀ ਆਤਮਾ ਦਾ ਪ੍ਰਕਾਸ਼।, ਸੰਪਟ=ਡੱਬੀ।, ਮਧੁਪ=ਭੌਰਾ।, ਮਧੁ ਪਾਨ=ਅੰਮ੍ਰਿਤ ਪਾਨ।

ਅਰਥ: ਗੁਰੂ ਦੀ ਥੋੜ੍ਹੀ ਜਿੰਨੀ ਕਿਰਪਾ ਦ੍ਰਿਸ਼ਟੀ ਨਾਲ ਸਿੱਖ ਵਿੱਚ ਗਿਆਨ ਦ੍ਰਿਸ਼ਟੀ ਪ੍ਰਵੇਸ਼ ਕਰ ਜਾਂਦੀ ਹੈ ਅਤੇ ਸ਼ੁੱਧ ਜੋਤੀ (ਜੋਤਿ ਰੂਪ ਪ੍ਰਭੂ) ਦਾ ਧਿਆਨ ਧਰਣ ਨਾਲ ਉਸ ਦਾ ਅੰਤਹਿਕਰਣ ਤੇ ਹਿਰਦਾ ਸ਼ੁੱਧ ਹੋ ਜਾਂਦਾ ਹੈ। ਉਸ ਨੂੰ ਹਰ ਪਾਸੇ ਪ੍ਰਮਾਤਮਾ ਹੀ ਵਸਦਾ ਨਜ਼ਰ ਆਉਂਦਾ ਹੈ। ਗੁਰੂ ਦੀ ਸਿਖਿਆ ਲੈਣ ਕਰਕੇ ਤੇ ਗੁਰੂ ਦੇ ਸ਼ਬਦ ਦੀ ਓਟ ਕਾਰਨ ਸਿੱਖ ਅੰਦਰ ਗੁਰਮਤਿ ਦਾ ਪ੍ਰਕਾਸ਼ ਹੁੰਦਾ ਹੈ ਤੇ ਇਕ ਰਸ ਸ਼ਬਦ ਤਕ ਉਸ ਦੀ ਪਹੁੰਚ ਬਣ ਜਾਣ ਕਾਰਨ ਉਹ ਸਹਿਜ ਅਵਸਥਾ ਮਾਣਦਾ ਹੈ। ਗੁਰੂ ਦੇ ਦਿੱਤੇ ਗਿਆਨ ਅਨੁਸਾਰ ਜੀਵਨ ਜੀਉਣ ਤੇ ਨਾਮ ਸਿਮਰਨ ਦਾ ਅਭਿਆਸ ਕਰਨ ’ਤੇ ਸਿੱਖ ਦੇ ਅੰਦਰ ਪ੍ਰੇਮਾ ਭਗਤੀ ਦਾ ਪ੍ਰਵਾਹ ਚਲ ਪੈਂਦਾ ਹੈ ਜਿਸ ਦੇ ਫਲ ਸਰੂਪ ਉਸ ਦਾ ਨਿਜ ਸਰੂਪ ਪ੍ਰਕਾਸ਼ਮਾਨ ਹੋ ਜਾਂਦਾ ਹੈ; ਜਿਵੇਂ ਭੌਰਾ ਕੰਵਲ ਦਾ ਰਸ ਮਾਣਦਾ ਹੋਇਆ ਆਪਣੇ ਆਪ ਨੂੰ ਕੰਵਲ ਦੀਆਂ ਪੰਖੜੀਆਂ ਵਿੱਚ ਕੈਦ ਕਰ ਲੈਂਦਾ ਹੈ ਉਸੇ ਤਰ੍ਹਾਂ ਸਿੱਖ, ਗੁਰੂ ਦੇ ਚਰਨ ਕਮਲਾਂ ਭਾਵ ਗੁਰੂ ਦੇ ਸ਼ਬਦ ਨਾਲ ਜੁੜ ਕੇ ਸਹਿਜ ਸਮਾਧੀ ਵਿੱਚ ਟਿਕ ਕੇ ਰੱਬੀ ਨਾਮ ਦੇ ਗ੍ਰਹਿਣ ਕਰਨ ਲਈ ਅੰਮ੍ਰਿਤ ਪਾਨ ਕਰਦਾ ਹੈ।

ਸਿੱਖ ਦੀ ਦਿਬ ਦ੍ਰਿਸ਼ਟੀ ਹੋ ਜਾਂਦੀ ਹੈ। ਚਰਮ ਦ੍ਰਿਸ਼ਟੀ ਖ਼ਤਮ ਹੋ ਜਾਂਦੀ ਹੈ ਕਿਉਂਕਿ ਚਰਮ ਦ੍ਰਿਸ਼ਟੀ ਨਾਲ ਰੂਪ, ਰੰਗ, ਨਸਲ, ਵਰਣ, ਦੇਸ਼, ਕੌਮ ਦਾ ਭੇਦ ਭਾਵ, ਪੱਖ ਪਾਤ, ਮੇਰ ਤੇਰ ਪੈਦਾ ਹੁੰਦੀ ਹੈ, ਪਰ ਦਿਬ ਦ੍ਰਿਸ਼ਟੀ ਤਾਂ ਰੱਬੀ ਹੋਂਦ (ਸ਼ਕਤੀ) ਨੂੰ ਸਵੀਕਾਰਨ ਵਾਲੀ ਅੱਖ ਹੈ। ਜਿਹੜੀ ਅੱਖ ਭਾਈ ਘੱਨਈਆ ਜੀ ਕੋਲ ਸੀ। ਐਸੀ ਅੱਖ ਵਾਲਾ ਹੀ: ‘ਨਾਨਕ ਨਾਮ ਚੜ੍ਹਦੀ ਕਲਾ॥ ਤੇਰੇ ਭਾਣੇ ਸਰਬੱਤ ਦਾ ਭਲਾ॥’ ਵਚਨਾਂ ਦਾ ਅਸਲ ਮਤਲਬ ਸਮਝਦਾ ਹੈ। ਸਾਂਝੀ ਸੰਗਤ, ਸਾਂਝੀ ਪੰਗਤ, ਸਾਂਝੇ ਸਰੋਵਰ ਉਸ ਰੱਬੀ ਦ੍ਰਿਸ਼ਟੀ ਦੇ ਹੀ ਲਖਾਇਕ ਹਨ। ਤੀਸਰੇ ਗੁਰਦੇਵ ਉਸੇ ਦਿਬ ਦ੍ਰਿਸ਼ਟੀ ਦਾ ਜ਼ਿਕਰ ਕਰਦੇ ਹਨ: ‘‘ਏ ਨੇਤ੍ਰਹੁ ਮੇਰਿਹੋ ! ਹਰਿ ਤੁਮ ਮਹਿ ਜੋਤਿ ਧਰੀ॥….. ਸਤਿਗੁਰਿ ਮਿਲਿਐ ਦਿਬ ਦ੍ਰਿਸਟਿ ਹੋਈ॥’’ (ਮ:੩/ਅਨੰਦੁ ਸਾਹਿਬ) ਐਸੀ ਅੱਖ ਵਾਲੇ ਨੂੰ ਹੀ ‘ਵਿਸੁ ਸੰਸਾਰੁ ਹਰਿ ਕਾ ਰੂਪ’ ਪ੍ਰਤੀਤ ਹੁੰਦਾ ਹੈ। ‘ਜਾ ਵੇਖਾ ਹਰਿ ਇਕ ਹੈ’ ਦੀ ਪ੍ਰਤੀਤੀ ਹੁੰਦੀ ਹੈ। ‘ਇਹੁ ਜਗੁ ਸਚੇ ਕੀ ਹੈ ਕੋਠੜੀ’ ਮਹਿਸੂਸ ਹੁੰਦਾ ਹੈ।

ਗੁਰੂ ਦਾ ਸ਼ਬਦ ਹੀ ਗੁਰੂ ਦੀ ਮਤਿ ਹੈ। ਭੱਟ ਨਲੵ ਜੀ ਦਾ ਸਵੱਈਆ ਪੜ੍ਹੀਏ, ‘‘ਕਚਹੁ ਕੰਚਨੁ ਭਇਅਉ; ਸਬਦੁ ਗੁਰ ਸ੍ਰਵਣਹਿ ਸੁਣਿਓ ॥ ਬਿਖੁ ਤੇ ਅੰਮ੍ਰਿਤੁ ਹੁਯਉ; ਨਾਮੁ ਸਤਿਗੁਰ ਮੁਖਿ ਭਣਿਅਉ ॥ ਲੋਹਉ ਹੋਯਉ ਲਾਲੁ; ਨਦਰਿ ਸਤਿਗੁਰੁ ਜਦਿ ਧਾਰੈ ॥ ਪਾਹਣ ਮਾਣਕ ਕਰੈ; ਗਿਆਨੁ ਗੁਰ ਕਹਿਅਉ ਬੀਚਾਰੈ ॥ ਕਾਠਹੁ ਸ੍ਰੀਖੰਡ ਸਤਿਗੁਰਿ ਕੀਅਉ; ਦੁਖ ਦਰਿਦ੍ਰ ਤਿਨ ਕੇ ਗਇਅ ॥ ਸਤਿਗੁਰੂ ਚਰਨ ਜਿਨ੍ ਪਰਸਿਆ; ਸੇ ਪਸੁ ਪਰੇਤ ਸੁਰਿ ਨਰ ਭਇਅ ॥’’ (ਸਵਈਏ ਮਹਲੇ ਚਉਥੇ ਕੇ /ਭਟ ਨਲੵ /੧੩੯੯) ਇਸ ਸਵੱਈਏ ਵਿਚ ‘ਸਬਦ ਗੁਰ, ਨਾਮੁ ਸਤਿਗੁਰ, ਨਦਰਿ ਸਤਿਗੁਰ, ਗਿਆਨ ਗੁਰ ਅਤੇ ਸਤਿਗੁਰੂ ਚਰਨ’ ਦਾ ਭਾਵ ਇਕੋ ਹੀ ਹੈ। ਇਹ ਸਾਰੇ ਗੁਰਮਤਿ ਦੇ ਹੀ ਲਖਾਇਕ ਹਨ। ਓਹੀ ਲੀਨਤਾ ਜਿਹੜੀ ਗੁਰੂ ਅੰਗਦ ਸਾਹਿਬ ਵਿਚ ਪ੍ਰਗਟ ਹੋਈ। ਲੀਨਤਾ ਹੈ ਵੀ ਮਤਿ ਕਰਕੇ: ‘‘ਸਤਿਗੁਰ ਕੀ ਜਿਸ ਨੋ ਮਤਿ ਆਵੈ; ਸੋ ਸਤਿਗੁਰ ਮਾਹਿ ਸਮਾਨਾ॥’’ (ਮ:੩/ਅੰਕ ੭੯੭)

ਗਿਆਨ, ਧਿਆਨ ਤੇ ਕਰਣੀ ਦਾ ਆਪਸੀ ਸੰਬੰਧ ਹੁੰਦਾ ਹੈ; ਜਿਵੇਂ ਕਿ ਗੁਰੂ ਵਚਨ ਹਨ: ‘‘ਗਿਆਨੁ ਧਿਆਨੁ ਕਿਛੁ ਕਰਮੁ ਨਾ ਜਾਨਾ; ਨਾਹਿਨ ਨਿਰਮਲ ਕਰਣੀ॥ (ਮ:੫/ਅੰਕ ੭੦੨), ਗਿਆਨੁ ਧਿਆਨੁ ਕਿਛੁ ਕਰਮੁ ਨਾ ਜਾਣਾ; ਸਾਰ ਨਾ ਜਾਣਾ ਤੇਰੀ॥’’ (ਮ:੫/ਅੰਕ ੭੫੦), ਆਦਿ। ਧਿਆਨ ਤੋਂ ਬਿਨਾਂ ਤਾਂ ਕੁਝ ਵੀ ਸੰਭਵ ਨਹੀਂ। ਇਸ ਲਫ਼ਜ਼ ਨੂੰ ਅਸੀਂ ਤਕਰੀਬਨ ਹਰ ਕਿਰਿਆ ਨਾਲ ਜੋੜਦੇ ਹਾਂ; ਜਿਵੇਂ ‘ਧਿਆਨ ਨਾਲ ਦੇਖੋ, ਧਿਆਨ ਨਾਲ ਤੁਰੋ, ਧਿਆਨ ਨਾਲ ਕਰੋ, ਧਿਆਨ ਨਾਲ ਸੁਣੋ, ਧਿਆਨ ਨਾਲ ਪੜ੍ਹੋ, ਆਦਿ। ਧਿਆਨ ਤੋਂ ਬਿਨਾਂ ਤਾਂ ਕਰਮ ਇੰਦਰੇ ਠੀਕ ਤਰ੍ਹਾਂ ਕੰਮ ਨਹੀਂ ਕਰ ਸਕਦੇ। ਬੇਧਿਆਨਾ ਇਨਸਾਨ ਬੇਗਿਆਨਾ ਜ਼ਰੂਰ ਹੋਵੇਗਾ। ਇਸੇ ਕਰਕੇ ਤਾਂ ਵਚਨ ਕੀਤੇ ਗਏ: ‘‘ਪ੍ਰਭ ਕੀ ਉਸਤਤਿ ਕਰਹੁ ਸੰਤ ਮੀਤ ! ਸਾਵਧਾਨ ਇਕਾਗਰ ਚੀਤਿ॥’’ (ਮ:੫/ਅੰਕ ੨੯੫)

ਭਾਈ ਸਾਹਿਬ ਭਾਈ ਗੁਰਦਾਸ ਜੀ ਵਿਚਾਰ ਰੱਖਦੇ ਹਨ ਕਿ ਰੱਬੀ ਧਿਆਨ ਵਿੱਚੋਂ ਰੱਬੀ ਵੀਚਾਰ (ਗਿਆਨ) ਪੈਦਾ ਹੁੰਦਾ ਹੈ ਤੇ ਰੱਬੀ ਵੀਚਾਰ ਵਿਚੋਂ ਰੱਬੀ ਕਿਰਦਾਰ ਪੈਦਾ ਹੁੰਦਾ ਹੈ। ਇਸੇ ਨੂੰ ਪ੍ਰੇਮਾ ਭਗਤੀ ਕਿਹਾ ਜਾਂਦਾ ਹੈ। ਇਹੋ ਹੀ ਆਤਮ ਪ੍ਰਕਾਸ਼ ਹੈ। ਸਿੱਖ; ਗੁਰੂ ਦੇ ਚਰਨਾਂ ਦਾ ਭੌਰਾ ਹੈ। ਉਸ ਦੀ ਸੁਰਤਿ ਫੁਲ (ਅਸਥਾਈ ਸੁਗੰਧੀ) ਬਣ ਚੁੱਕੀ ਹੁੰਦੀ ਹੈ। ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਜਾਏਗੀ ਪਰ ਉਸ ਨੂੰ ਇਸ ਗੱਲ ਦੀ ਚਿੰਤਾ ਨਹੀਂ, ਕਿਉਂਕਿ ਉਹ ਸਰੀਰ ਤੋਂ ਪਰੇ ਅਕਾਲੀ (ਕਾਲ ਰਹਿਤ) ਅਵਸਥਾ ਵਿਚ ਵਿਚਰਦਾ ਹੈ: ‘‘ਸਨਮੁਖ ਸਹਿ ਬਾਨ ਸਨਮੁਖ ਸਹਿ ਬਾਨ ਹੇ; ਮ੍ਰਿਗ ਅਰਪੇ ਮਨ ਤਨ ਪ੍ਰਾਨ ਹੈ; ਓਹੁ ਬੇਧਿਓ ਸਹਜ ਸਰੋਤ॥’’ (ਮ:੫/ਅੰਕ ੪੬੨) ਵਾਲੀ ਸਹਜ ਸਮਾਧੀ ਹੈ, ਜੋ ਤੱਤੀ ਤਵੀ ’ਤੇ ਵੀ ਬੈਠੀ ਤੇ ਉਬਲਦੀ ਦੇਗ ਵਿਚ ਵੀ ਸ਼ਾਂਤ ਰਹੀ।