ਝੂਠ ਦੀ ਕੋਈ ਸੀਮਾ ਹੁੰਦੀ ਹੈ ਪਰ ਦੋਗਲੇਪਨ ਤੇ ਢੀਠਤਾਈ ਦੀ ਕੋਈ ਸੀਮਾ ਨਹੀਂ ਹੁੰਦੀ

0
342

ਝੂਠ ਦੀ ਕੋਈ ਸੀਮਾ ਹੁੰਦੀ ਹੈ ਪਰ ਦੋਗਲੇਪਨ ਤੇ ਢੀਠਤਾਈ ਦੀ ਕੋਈ ਸੀਮਾ ਨਹੀਂ ਹੁੰਦੀ

ਕਿਰਪਾਲ ਸਿੰਘ ਬਠਿੰਡਾ-7340979813, 9855480797

‘ਝੂਠ ਦੀ ਕੋਈ ਸੀਮਾ ਹੁੰਦੀ ਹੈ ਪਰ ਦੋਗਲੇਪਨ ਤੇ ਢੀਠਤਾਈ ਦੀ ਕੋਈ ਸੀਮਾ ਨਹੀਂ ਹੁੰਦੀ’ ਇਹ ਅਖਾਣ ਵੈਸੇ ਤਾਂ ਸਾਰੇ ਹੀ ਸਿਆਸੀ ਆਗੂਆਂ ’ਤੇ ਸਹੀ ਢੁਕਦੀ ਹੈ ਪਰ ਬਾਦਲ ਦਲ ਦੇ ਆਗੂ ਤਾਂ ਸ਼ਾਇਦ ਬਣੇ ਹੀ ਇਸੇ ਵੱਡੇ ਗੁਣ ਦੀ ਬਦੌਲਤ ਹਨ। ਸ਼੍ਰੀ ਨਵਜੋਤ ਸਿੱਧੂ ਵੱਲੋਂ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਪਿੱਛੋਂ ਬਣੀ ਕਸੂਤੀ ਸਥਿਤੀ ਸਬੰਧੀ 21 ਜੁਲਾਈ 2016 ਦੀ ਸ਼ਾਮ ਨੂੰ ਫਾਸਟਵੇਅ ਨਿਊਜ਼ ਚੈੱਨਲ ’ਤੇ ਡੀਬੇਟ ਹੋ ਰਿਹਾ ਸੀ। ਇਸ ਡੀਬੇਟ ਦੇ ਹੋਸਟ ਸਨ ‘ਸ: ਰਣਬੀਰ ਸਿੰਘ ਰਾਣਾ ਤੇ ਗੈਸਟ ਦੇ ਤੌਰ ’ਤੇ ਬਾਦਲ ਦਲ ਵੱਲੋਂ ਸ: ਗੁਰਚਰਨ ਸਿੰਘ ਗਰੇਵਾਲ, ਕਾਂਗਰਸ ਵੱਲੋਂ ਸ਼੍ਰੀ ਰਮਨ ਅਤੇ ਟਿੱਪਣੀਕਾਰ ਵਜੋਂ ਇੱਕ ਸੀਨੀਅਰ ਪੱਤਰਕਾਰ ਸ: ਪਰਮੇਸ਼ਰ ਸਿੰਘ’ ਸ਼ਾਮਲ ਸਨ। ਹੋਸਟ ਵੱਲੋਂ ਪੁੱਛੇ ਗਏ ਇਕ ਸਵਾਲ ਕਿ ਜੇ ਕਰ ਸ਼੍ਰੀ ਸਿੱਧੂ ‘ਆਪ’ ਵਿੱਚ ਸ਼ਾਮਲ ਹੋ ਜਾਂਦੇ ਹਨ, ਤਾਂ ਕੀ ਸਿੱਖ ਵੋਟਰਾਂ ਦਾ ਝੁਕਾਉ ‘ਆਪ’ ਵੱਲ ਵਧ ਸਕਦਾ ਹੈ ? ਇਸ ਦੇ ਜਵਾਬ ਵਿੱਚ ਸ: ਗਰੇਵਾਲ ਨੇ ਨਾਂਹ ਵਿੱਚ ਬੜਾ ਹੀ ਸਪਸ਼ਟ ਉੱਤਰ ਦਿੰਦੇ ਹੋਏ ਕਿਹਾ ਕਿ ਇੱਕ ਤਾਂ ਪਿਛਲੇ ਸਮੇਂ ਵਿੱਚ ‘ਆਪ’ ਵੱਲੋਂ ਵੱਖ ਵੱਖ ਸਮਿਆਂ ’ਤੇ ਸਿੱਖ ਵਿਰੋਧੀ ਕਾਰਵਾਈਆਂ ਕਾਰਨ, ਸਿੱਖ ਇਸ ਪਾਰਟੀ ਤੋਂ ਦੂਰ ਜਾ ਚੱਕੇ ਹਨ। ਦੂਸਰਾ ਟੀ.ਵੀ. ਸ਼ੋਆਂ ਵਿੱਚ ਸਿੱਧੂ ਇੱਕ ਮਸ਼ਕਰੇ ਦੇ ਤੌਰ ’ਤੇ ਕੁਝ ਐਸੀਆਂ ਹਰਕਤਾਂ ਕਰਦੇ ਹਨ, ਜਿਨ੍ਹਾਂ ਨੂੰ ਸਿੱਖ ਪ੍ਰਵਾਨ ਨਹੀਂ ਕਰਦੇ, ਤੀਸਰਾ ਭਾਜਪਾ ਦੀ ਟਿਕਟ ’ਤੇ ਲੋਕ ਸਭਾ ਦਾ ਪਹਿਲੀ ਵਾਰ ਮੈਂਬਰ ਚੁਣੇ ਜਾਣ ਪਿੱਛੋਂ ਅੰਮ੍ਰਿਤਸਰ ਵਿੱਖੇ ਆਪਣੀ ਨਵੀਂ ਕੋਠੀ ਦੀ ਚੱਠ ਕਰਨ ਸਮੇਂ; ਜਿਸ ਤਰ੍ਹਾਂ ਸਿੱਧੂ ਨੇ ਜਨੇਊ ਪਾ ਕੇ ਹਵਨ ਕੀਤਾ ਉਸ ਨੂੰ ਸਿੱਖ ਬਿਲਕੁਲ ਪ੍ਰਵਾਨ ਨਹੀਂ ਕਰਦੇ, ਇਸ ਲਈ ਸਿੱਧੂ ਕਾਰਨ ਸਿੱਖਾਂ ਦਾ ਝੁਕਾਉ ‘ਆਪ’ ਵੱਲ ਹੋਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ, ਉਲਟਾ ਸਗੋਂ ਕੁਝ ਭੁਲੇਖਿਆਂ ਕਾਰਨ ਜਿਨ੍ਹਾਂ ਸਿੱਖਾਂ ਦਾ ਝੁਕਾਉ ‘ਆਪ’ ਵੱਲ ਹੋਇਆ ਵੀ ਹੈ ਉਹ ਵੀ ਸਿੱਧੂ ਦੇ ਵਿਰੋਧ ਵਿੱਚ ਕਿਨਾਰਾਕਸ਼ੀ ਕਰ ਸਕਦੇ ਹਨ।

ਭਾਵੇਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਕਾਲੀ ਦਲ ਵੱਲੋਂ ‘ਆਪ’ ਵਿਰੋਧੀ ਇਸ ਧੂਆਂਧਾਰ ਪ੍ਰਚਾਰ ਸਦਕਾ ਕੁਝ ਭੋਲੇ ਸਿੱਖਾਂ ਵੱਲੋਂ ਪ੍ਰਭਾਵਤ ਹੋਣ ਦੀ ਸੰਭਾਵਨਾ ਕਾਰਨ ਗਰੇਵਾਲ ਦਾ ਜਵਾਬ ਕਾਫ਼ੀ ਹੱਦ ਤੱਕ ਸਹੀ ਸਿੱਧ ਹੋ ਸਕਦਾ ਹੈ ਪਰ ਫਿਰ ਵੀ ਇੱਕ ਸਿੱਖ ਹੋਣ ਦੇ ਨਾਤੇ ਮੈਨੂੰ ਸ: ਗਰੇਵਾਲ ਦਾ ਇਹ ਜਵਾਬ ਕਾਫ਼ੀ ਅਜੀਬ ਜਿਹਾ ਲੱਗਾ। ਇਸ ਕਾਰਨ ਅੱਜ ਸਵੇਰੇ ਹੀ ਮੈਂ ਆਪਣੇ ਫੋਨ ਨੰ: 98554-80797 ਤੋਂ ਉਨ੍ਹਾਂ ਦੇ ਫੋਨ ਨੰ: 98148-98643 ’ਤੇ ਫੋਨ ਕਰ ਕੇ ਬੇਨਤੀ ਕੀਤੀ ਕਿ ਸਿੱਧੂ ਵੱਲੋਂ ਹਵਨ ਕਰਵਾਏ ਜਾਣ ਸਬੰਧੀ ਤੁਹਾਡੇ ਵੱਲੋਂ ਟੀ.ਵੀ. ਡੀਬੇਟ ਦੌਰਾਨ ਦਿੱਤਾ ਗਿਆ ਜਵਾਬ ਬਹੁਤ ਹੀ ਵਧੀਆ ਸੀ ਅਤੇ ਮੈਨੂੰ ਕਾਫ਼ੀ ਅੱਛਾ ਲੱਗਾ, ਪਰ ਮੈਨੂੰ ਹੈਰਾਨੀ ਇਸ ਗੱਲ ਦੀ ਹੋ ਰਹੀ ਹੈ ਕਿ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਮੁਕਟ ਬੰਨ੍ਹ ਕੇ ਹਵਨ ਕਰਨੇ ਅਤੇ ਨਵੀਂ ਵਹੁਟੀ ਵਾਲੇ ਲਿਬਾਸ ਵਰਗੀ ਵਿਸ਼ੇਸ਼ ਚੁੰਨੀ ਓਡ ਕੇ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਸ਼ਿਵਲਿੰਗ ਪੂਜਾ ਕੀਤੇ ਜਾਣ ਨੂੰ ਸਿੱਖ ਕਿਹੜੀ ਮਜ਼ਬੂਰੀ ਵਿੱਚ ਪ੍ਰਵਾਨ ਕਰ ਰਹੇ ਹਨ? ਦੋਗਲੇਪਨ ਅਤੇ ਢੀਠਤਾਈ ਦੀ ਮਿਸਾਲ ਪੇਸ਼ ਕਰਦੇ ਹੋਏ ਸ: ਗਰੇਵਾਲ ਜੀ ਝੱਟ ਕਹਿਣ ਲੱਗੇ ਵੇਖੋ ਜੀ, ਆਪਣੇ ਘਰ ਵਿੱਚ ਰੱਖੇ ਸਮਾਗਮ ਵਿੱਚ ਸਿੱਖੀ ਰਵਾਇਤਾਂ ਦੇ ਉਲਟ ਕੋਈ ਰਸਮ ਨਿਭਾਉਣੀ ਹੋਰ ਗੱਲ ਹੈ ਅਤੇ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਹੋਰ ਗੱਲ ਹੁੰਦੀ ਹੈ। ਸ: ਬਾਦਲ ਸਾਹਿਬ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ; ਇਸ ਲਈ ਉਨ੍ਹਾਂ ਨੂੰ ਹਰ ਥਾਂ ਹੀ ਜਾਣਾ ਪੈਂਦਾ ਹੈ। ਸੋ, ਜੇ ਕਿਤੇ ਉੱਥੇ ਕਿਸੇ ਹੋਰ ਧਰਮ ਵਾਲਿਆਂ ਦਾ ਕੋਈ ਸਮਾਗਮ ਚੱਲ ਰਿਹਾ ਹੋਵੇ, ਤਾਂ ਉਸ ਵਿੱਚ ਸ਼ਾਮਲ ਹੋ ਜਾਣਾ ਹੋਰ ਗੱਲ ਹੁੰਦੀ ਹੈ। ਵੈਸੇ ਤਾਂ ਸ: ਗਰੇਵਾਲ ਵੀ ਅਣਜਾਣ ਤਾਂ ਨਹੀਂ ਹਨ ਪਰ ਫਿਰ ਵੀ ਉਨ੍ਹਾਂ ਨੂੰ ਚੇਤਾ ਕਰਵਾਇਆ ਕਿ ਕਿਸੇ ਧਰਮ ਦਾ ਸਤਿਕਾਰ ਕਰਨਾ ਹੋਰ ਗੱਲ ਹੁੰਦੀ ਹੈ ਅਤੇ ਕਿਸੇ ਨਿਜੀ ਜਾਂ ਸਿਆਸੀ ਹਿੱਤਾਂ ਦੀ ਪੂਰਤੀ ਲਈ ਬਹੁ ਗਿਣਤੀ ਨੂੰ ਖੁਸ਼ ਕਰਨ ਲਈ ਆਪਣੇ ਧਰਮ ਵਿੱਚ ਵਿਵਰਜਿਤ ਦੱਸੇ ਗਏ ਫੋਕਟ ਕਰਮਕਾਂਡ ਜਨਤਕ ਤੌਰ ’ਤੇ ਖ਼ੁਦ ਨਿਭਾਉਣੇ ਹੋਰ ਗੱਲ ਹੁੰਦੀ ਹੈ। ਇਸ ਪੱਖੋਂ ਹੋਰਨਾਂ ਧਰਮ ਵਾਲਿਆਂ ਦੇ ਪਹਿਲਾਂ ਤੋਂ ਚੱਲ ਰਹੇ ਫੋਕਟ ਕਰਮਕਾਂਡਾਂ ਦੌਰਾਨ ਪਹੁੰਚਣ ਸਮੇਂ ਚੁੱਪ ਕਰਕੇ ਕੋਲ ਖੜ੍ਹ ਜਾਣਾ ਤੇ ਉਸ ’ਤੇ ਕੋਈ ਚੁਭਵੀਂ ਟਿੱਪਣੀ ਨਾ ਕਰਨਾ ਉਸ ਧਰਮ ਦਾ ਸਤਿਕਾਰ ਕਿਹਾ ਜਾ ਸਕਦਾ ਹੈ ਪਰ ਉਨ੍ਹਾਂ ਫੋਕਟ ਕਰਮਕਾਂਡਾਂ; ਜਿਨ੍ਹਾਂ ਦੇ ਕਰਨ ਦੀ ‘ਗੁਰੂ ਗ੍ਰੰਥ ਸਾਹਿਬ’ ਜੀ ਅਤੇ ਸਿੱਖ ਰਹਿਤ ਮਰਿਆਦਾ ਵਿੱਚ ਸਖਤ ਮਨਾਹੀ ਕੀਤੀ ਗਈ ਹੋਵੇ; ਆਪਣੇ ਸਿਆਸੀ ਹਿਤਾਂ ਦੀ ਪੂਰਤੀ ਲਈ ਬਹੁ ਗਿਣਤੀ ਦੇ ਧਰਮ ਦੇ ਮੰਨਣ ਵਾਲਿਆਂ ਨੂੰ ਖੁਸ਼ ਕਰਨ ਲਈ ਉਹ ਵਿਵਰਜਿਤ ਫੋਕਟ ਕਰਮਕਾਂਡ ਖ਼ੁਦ ਨਿਭਾਉਣੇ ਹੋਰ ਗੱਲ ਹੈ। ਸੋ, ਜੇ ਹਵਨ ਕਰਨ ਅਤੇ ਸ਼ਿਵਲਿੰਗ ਪੂਜਾ ਸੁਭਾਵਕ ਤੌਰ ’ਤੇ ਹੀ ਪਹਿਲਾਂ ਹੋ ਰਹੀ ਹੋਵੇ ਤਾਂ ਬਾਦਲ ਸਾਹਿਬ ਅਤੇ ਬੀਬੀ ਬਾਦਲ ਉੱਥੇ ਪਹੁੰਚਣ ’ਤੇ ਸਤਿਕਾਰ ਦੀ ਭਾਵਨਾ ਨਾਲ ਕੋਲ ਖੜ੍ਹ ਸਕਦੇ ਸਨ ਪਰ ਉਹ ਤਾਂ ਵਿਸ਼ੇਸ਼ ਤੌਰ ’ਤੇ ਮੁਕਟ ਪਹਿਨ ਕੇ ਖ਼ੁਦ ਹਵਨ ਕਰਨ ਲੱਗ ਪੈਂਦੇ ਹਨ ਤੇ ਬੀਬੀ ਬਾਦਲ ਵਿਸ਼ੇਸ਼ ਤੌਰ ’ਤੇ ਪੂਜਾ ਲਈ ਲਿਆਂਦੀ ਗਈ ਚੁੰਨੀ ਓਡ ਕੇ ਗੜਵੀ ਨਾਲ ਸ਼ਿਵਲਿੰਗ ’ਤੇ ਪਾਣੀ ਪਾਉਂਦੀ ਹੋਈ ਸਿੱਖੀ ਦਾ ਜਲੂਸ ਕੱਢ ਰਹੀ ਹੁੰਦੀ ਹੈ। ਸਿਆਸੀ ਕਾਰਨਾਂ ਕਰਕੇ ਸ਼੍ਰੀ ਸਿੱਧੂ ਨੇ ਵੀ ਬਹੁ ਗਿਣਤੀ ਵਾਲਿਆਂ ਨੂੰ ਖੁਸ਼ ਕਰਨ ਲਈ ਕੱਪੜੇ ਉਤਾਰ ਕੇ ਤੇ ਜਨੇਊ ਪਹਿਨ ਕੇ ਹਵਨ ਕੀਤਾ ਸੀ ਤੇ ਬਿਲਕੁਲ ਉਸੇ ਹੀ ਭਾਵਨਾ ਅਧੀਨ ਸ: ਬਾਦਲ ਨੇ ਮੁਕਟ ਪਹਿਨ ਕੇ ਹਵਨ ਅਤੇ ਬੀਬੀ ਬਾਦਲ ਨੇ ਸ਼ਿਵਲਿੰਗ ਪੂਜਾ ਕੀਤੀ ਹੈ। ਸੋ, ਤਿੰਨਾਂ ਹੀ ਕੇਸਾਂ ਵਿੱਚ ਕੋਈ ਵੀ ਅੰਤਰ ਨਹੀਂ। ਇੱਥੇ ਇੱਕ ਹੋਰ ਘਟਨਾ ਜਿਸ ਦੀ ਖ਼ਬਰ ਬਹੁਤੇ ਸਿੱਖਾਂ ਦੇ ਧਿਆਨ ਵਿੱਚ ਨਹੀਂ ਆਈ ਜਾਂ ਹੁਣ ਵਿਸਰ ਚੁੱਕੀ ਹੈ, ਉਸ ਦਾ ਚੇਤਾ ਕਰਵਾਉਣਾ ਵੀ ਇੱਥੇ ਯੋਗ ਹੋਵੇਗਾ; ਜਿਸ ਮੁਤਾਬਕ ਜਿਸ ਸਮੇਂ ਕੈਪਟਨ ਦੀ ਕਾਂਗਰਸ ਦੌਰਾਨ ਬਾਦਲ ਪਿਉ ਪੁੱਤਰ ਜੇਲ੍ਹ ਦੀ ਹਵਾ ਫੱਕ ਕੇ ਆਏ ਸਨ ਉਸ ਸਮੇਂ ਆਪਣੇ ਪਰਿਵਾਰ ’ਤੇ ਮੰਡਰਾ ਰਹੇ ਸੰਕਟਾਂ ਦੇ ਮੋਚਨ ਲਈ ਬਾਦਲ ਪਰਿਵਾਰ ਨੇ ਆਪਣੇ ਘਰ ਵਿੱਚ ਜਗਰਾਤਾ ਵੀ ਕਰਾਇਆ ਸੀ ਅਤੇ ਗਿਆਨੀ ਗੁਰਮੁਖ ਸਿੰਘ, ਜੋ ਹੁਣ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਹਨ ਅਤੇ ਉਸ ਸਮੇਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਗੰਥੀ ਹੁੰਦੇ ਸਨ, ਤੋਂ ਸੰਕਟ ਮੋਚਨ, ਸੰਪਟ ਪਾਠ ਵੀ ਕਰਵਾਇਆ ਸੀ। ਸਿੱਖ ਰਹਿਤ ਮਰਿਆਦਾ ਅਨੁਸਾਰ ਜਗਰਾਤੇ ਕਰਵਾਉਣੇ ਅਤੇ ਸੰਪਟ ਪਾਠ ਕਰਵਾਉਣੇ ਦੋਵੇਂ ਹੀ ਗਲਤ ਹਨ ਪਰ ਕਿਉਂਕਿ ਅਗਲੀ ਚੋਣ ਵਿਚ ਬਾਦਲ ਸਰਕਾਰ ਮੁੜ ਸਤਾ ਵਿੱਚ ਆ ਗਈ, ਜਿਸ ਕਾਰਨ ਸਾਰੇ ਸਰਕਾਰੀ ਗਵਾਹ ਮੁਕਰ ਗਏ ਤੇ ਬਾਦਲ ਪਰਿਵਾਰ ਦਾ ਖਹਿੜਾ ਛੁੱਟ ਗਿਆ। ਸਿਧਾਂਤਕ ਤੌਰ ’ਤੇ ਸਿੱਖੀ ਨੂੰ ਤਿਲਾਂਜਲੀ ਦੇ ਚੁੱਕੇ ਬਾਦਲ ਪਰਿਵਾਰ ਨੇ ਇਹ ਪ੍ਰਭਾਵ ਕਬੂਲ ਲਿਆ ਕਿ ਸ਼ਾਇਦ ਇਨ੍ਹਾਂ ਮਨਮਤੀ ਕਰਮਕਾਂਡਾਂ ਨੂੰ ਨਿਭਾਉਣ ਕਾਰਨ ਹੀ ਉਨ੍ਹਾਂ ਦੇ ਸਿਰ ਤੋਂ ਸੰਕਟਾਂ ਦਾ ਮੋਚਨ ਹੋਇਆ ਹੋਵੇਗਾ; ਸੋ ਇਹੋ ਅਹਿਸਾਨ ਚੁਕਾਉਣ ਬਦਲੇ ਗਿਆਨੀ ਗੁਰਮੁਖ ਸਿੰਘ ਨੂੰ ਪਹਿਲਾਂ ਅਕਾਲ ਤਖ਼ਤ ਦੇ ਹੈੱਡ ਗ੍ਰੰਥੀ ਤੇ ਬਾਅਦ ਵਿੱਚ ਤਖ਼ਤ ਸ਼੍ਰੀ ਦਮਦਮਾ ਸਾਹਿਬ ਦਾ ਜਥੇਦਾਰ ਲਗਾਇਆ ਗਿਆ ਸੀ। ਭਾਵੇਂ ਸ਼੍ਰੀ ਸਿੱਧੂ ਦੀ ਕਾਰਵਾਈ ਨੂੰ ਸਿੱਖ ਪਸੰਦ ਨਹੀਂ ਕਰਦੇ ਪਰ ਸਿੱਧੂ ਤਾਂ ਇੱਕ ਫੁਕਰੇ ਕਿਸਮ ਦਾ ਮਸ਼ਕਰਾ, ਦਾਹੜੀ ਕੱਟਣ ਵਾਲਾ ਪਤਿਤ ਸਿੱਖ ਹੈ ਜੋ ਆਰ.ਐੱਸ.ਐੱਸ. ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਚੱਲਣ ਵਾਲੀ ਭਾਜਪਾ ਦਾ ਮੈਂਬਰ ਸੀ, ਜਿਸ ਦਾ ਟੀਚਾ ਸਿੱਖਾਂ ਵਿੱਚ ਸਿਧਾਂਤਕ ਤੌਰ ’ਤੇ ਗਿਰਾਵਟ ਲਿਆ ਕੇ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਇੱਕ ਅੰਗ ਸਿੱਧ ਕਰਨਾ ਸੀ। ਬਾਦਲ ਪਰਿਵਾਰ ’ਤੇ ਵੱਧ ਰੋਸ ਇਸ ਕਾਰਨ ਹੈ ਕਿਉਂਕਿ ਸ: ਬਾਦਲ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ‘ਫਖ਼ਰ-ਏ-ਕੌਮ, ਪੰਥ ਰਤਨ’ ਵਰਗੇ ਮਹਾਨ ਅਵਾਰਡ ਦਿੱਤੇ ਗਏ ਹਨ, ਸ਼੍ਰੋਮਣੀ ਅਕਾਲੀ ਦਲ ਸਮੇਤ ਪੰਥ ਦੀਆਂ ਸਾਰੀਆਂ ਸਿਰਮੌਰ ਸੰਸਥਾਵਾਂ (ਜਿਨ੍ਹਾਂ ਦਾ ਫਰਜ ਸਿੱਖੀ ਸਿਧਾਂਤਾਂ ਦੀ ਪਹਿਰੀਦਾਰੀ ਤੇ ਪ੍ਰਚਾਰ ਕਰਨਾ ਹੈ) ਦਾ ਕਰਤਾ ਧਰਤਾ ਵੀ ਬਾਦਲ ਹੈ। ਸੋ, ਇਖ਼ਲਾਕੀ ਤੌਰ ’ਤੇ ਬਾਦਲ ਪਰਿਵਾਰ ਦਾ ਤਾਂ ਫਰਜ ਬਣਦਾ ਹੈ ਕਿ ਉਹ ਸਿੱਖੀ ਸਿਧਾਂਤ ਵਿਰੁੱਧ ਕੋਈ ਵੀ ਐਸੀ ਕਾਰਵਾਈ ਨਾ ਕਰਨ, ਜਿਸ ਕਾਰਨ ਸਮੁਚੇ ਤੌਰ ’ਤੇ ਸਿੱਖ ਅਤੇ ਖਾਸ ਤੌਰ ’ਤੇ ‘ਫਖ਼ਰ-ਏ-ਕੌਮ, ਪੰਥ ਰਤਨ’ ਵਰਗੇ ਮਹਾਨ ਅਵਾਰਡ ਦਾਗਦਾਰ ਹੁੰਦੇ ਵਿਖਾਈ ਦਿੰਦੇ ਹੋਣ ਕਿਉਂਕਿ ਇਸ ਨਾਲ ਇਹ ਸੰਦੇਸ਼ ਜਾਂਦਾ ਹੈ ਕਿ ਜੇਕਰ ‘ਫਖ਼ਰ-ਏ-ਕੌਮ ਅਤੇ ਪੰਥ ਰਤਨ’ ਵਰਗੇ ਮਹਾਨ ਅਵਾਰਡ ਲੈਣ ਵਾਲਾ ਵਿਅਕਤੀ, ਸਿੱਖੀ ਸਿਧਾਂਤ ਦੀ ਇਸ ਤਰ੍ਹਾਂ ਖਿੱਲੀ ਉਡਾਉਂਦਾ ਹੈ ਤਾਂ ਆਮ ਸਿੱਖ ਗੁਰਮਤਿ ਸਿਧਾਂਤਾਂ ਦੀ ਕਿੰਨੀ ਕੁ ਪ੍ਰਵਾਹ ਕਰਦੇ ਹੋਣਗੇ ? ਜ਼ਿਕਰਯੋਗ ਗੱਲ ਇਹ ਹੈ ਕਿ ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ, ਭਾਈ ਜੈਤਾ ਜੀ (ਬਾਬਾ ਜੀਵਨ ਸਿੰਘ ਜੀ), ਭਾਈ ਸੰਗਤ ਸਿੰਘ ਜੀ, ਬਾਬਾ ਬੰਦਾ ਸਿੰਘ ਬਹਾਦਰ ਜੀ, ਭਾਈ ਮਨੀ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਭਾਈ ਸੁਬੇਗ ਸਿੰਘ ਜੀ, ਭਾਈ ਸ਼ਾਹਬਾਜ ਸਿੰਘ ਜੀ ਆਦਿਕ ਅਨੇਕਾਂ ਐਸੇ ਸਿੰਘ-ਸਿੰਘਣੀਆਂ ਹੋਏ ਹਨ, ਜਿਨ੍ਹਾਂ ਨੇ ਸਿੱਖ ਧਰਮ ਦੇ ਸਿਧਾਂਤਾਂ ’ਤੇ ਪਹਿਰਾ ਦਿੰਦੇ ਹੋਏ ਅਨੇਕਾਂ ਅਸਹਿ ਤੇ ਅਕਹਿ ਕਸ਼ਟ ਸਹਾਰਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ, ਆਪਣੇ ਮਸੂਮ ਬੱਚਿਆਂ ਦੇ ਟੋਟੇ-ਟੋਟੇ ਕਰਵਾ ਕੇ ਉਨ੍ਹਾਂ ਦੇ ਹਾਰ ਆਪਣੇ ਗਲਾਂ ਵਿੱਚ ਪਵਾਏ, ਦਿਹਾੜੀ ਵਿੱਚ ਅੱਧੀ ਰੋਟੀ ’ਤੇ ਗੁਜਾਰਾ ਕਰਕੇ ਕੇ ਸਵਾ ਸਵਾ ਮਣ ਦੇ ਪੀਹਣ ਪੀਸੇ ਪਰ ਮੁਗਲਾਂ ਦੇ ਅਜੇਹੇ ਅਸਹਿ ਤਸੀਹੇ ਵੀ ਉਨ੍ਹਾਂ ਨੂੰ ਨਾ ਧਰਮ ਤੋਂ ਡੁਲਾ ਸਕੇ ਤੇ ਨਾ ਹੀ ਗੁਰੂ ਤੋਂ ਬੇਮੁਖ ਕਰਵਾ ਸਕੇ; ਇਸ ਦੇ ਬਾਵਜੂਦ ਵੀ ਉਨ੍ਹਾਂ ਵਿੱਚੋਂ ਕਿਸੇ ਇੱਕ ਨੂੰ ਵੀ ਅੱਜ ਤੱਕ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ‘ਫਖ਼ਰ-ਏ-ਕੌਮ ਤੇ ਪੰਥ ਰਤਨ’ ਵਰਗੇ ਮਹਾਨ ਅਵਾਰਡ ਨਹੀਂ ਦਿੱਤੇ ਗਏ ਜਦਕਿ ਸਿਆਸੀ ਲਾਲਸਾਵਾਂ ਅਧੀਨ ਬਣੇ ਭੇਖੀ ਸਿੱਖ ਆਗੂ, ਜੋ ਸਿੱਖੀ ਸਿਧਾਂਤਾਂ ਦੇ ਕਦੇ ਵੀ ਨੇੜੋਂ ਦੀ ਨਹੀਂ ਲੰਘਦਾ ਅਤੇ ਸੁਆਰਥੀ ਨੀਤੀ ਤਹਿਤ ਸਿੱਖੀ ਸਿਧਾਂਤਾਂ ਦੀ ਖਿੱਲੀ ਉਡਾਉਣ ਤੋਂ ਵੀ ਗੁਰੇਜ ਨਹੀਂ ਕਰਦਾ; ਉਸ ਬਾਦਲ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ‘ਫਖ਼ਰ-ਏ-ਕੌਮ ਅਤੇ ਪੰਥ ਰਤਨ’ ਵਰਗੇ ਮਹਾਨ ਅਵਾਰਡ ਦਿੱਤੇ ਗਏ, ਇਸ ਤੋਂ ਵੱਧ ਸਿੱਖਾਂ ਲਈ ਹੋਰ ਵੱਡੀ ਸ਼ਰਮ ਦੀ ਕਿਹੜੀ ਗੱਲ ਹੋ ਸਕਦੀ ਹੈ ?

ਸ: ਗਰੇਵਾਲ ਤੋਂ ਅਗਲੀ ਗੱਲ ਪੁੱਛੀ ਗਈ ਕਿ ਐੱਸ.ਵਾਈ.ਐੱਲ ਮੁੱਦੇ ’ਤੇ ਕੇਜਰੀਵਾਲ ਦੀ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਪੰਜਾਬ ਵਿਰੋਧੀ ਹਲਫੀਆ ਬਿਆਨ ਦਰਜ ਕਰਵਾਉਣ ਕਾਰਨ ਬਾਦਲ ਸਮੇਤ ਸਮੁਚੀ ਅਕਾਲੀ ਲੀਡਰਸ਼ਿਪ ‘ਆਪ’ ਨੂੰ ਤਾਂ ਪੰਜਾਬ ਵਿਰੋਧੀ ਦੱਸ ਰਹੀ ਹੈ ਹਾਲਾਂਕਿ ਦਿੱਲੀ ਸਰਕਾਰ ਨੇ ਉਹ ਹਲਫੀਆ ਬਿਆਨ ਵਾਪਸ ਵੀ ਲੈ ਕੇ ਨਵਾਂ ਹਲਫੀਆ ਬਿਆਨ ਦਰਜ ਕਰਵਾ ਦਿੱਤਾ ਹੈ। ਪਰ ਮੋਦੀ ਦੀ ਕੇਂਦਰ ਸਰਕਾਰ ਜਿਸ ਵਿੱਚ ਅਕਾਲੀ ਦਲ ਖ਼ੁਦ ਭਾਈਵਾਲ ਹੈ, ਉਸ ਨੇ ਵੀ ਤਾਂ ਪੰਜਾਬ ਵਿਰੋਧੀ ਹਲਫੀਆ ਬਿਆਨ ਦਰਜ ਕਰਵਾਇਆ ਹੈ ਜਿਸ ਕਾਰਨ ਐੱਸ. ਵਾਈ. ਐੱਲ. ਮੁੱਦਾ ਮੁੜ ਭਖ ਗਿਆ ਹੈ। ਕੇਂਦਰ ਸਰਕਾਰ ਦੇ ਪ੍ਰਤੱਖ ਤੌਰ ’ਤੇ ਪੰਜਾਬ ਵਿਰੋਧੀ ਸਟੈਂਡ ਕਾਰਨ ਸ: ਬਾਦਲ ਨੂੰ ਬਿਆਨ ਦੇਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿ ਪੰਜਾਬ ਦੇ ਪਾਣੀ ਦੇ ਨਾਲੋਂ ਤਾਂ ਉਹ ਸ਼ਹੀਦੀ ਦੇਣ ਨੂੰ ਤਰਜੀਹ ਦੇਣਗੇ। ਇਸ ਦੇ ਨਾਲ ਹੀ ਉਹ ਪੰਜਾਬੀਆਂ ਨੂੰ ਵੀ ਪੰਜਾਬ ਦੇ ਪਾਣੀਆਂ ਲਈ ਕੁਰਬਾਨੀਆਂ ਦੇਣ ਦੇ ਸੱਦੇ ਵੀ ਹਰ ਰੋਜ ਦੇ ਰਹੇ ਹਨ। ਪਰ ਇਸ ਸਭ ਕੁਝ ਦੇ ਬਾਵਜੂਦ ਬਾਦਲ ਸਮੇਤ ਕਿਸੇ ਵੀ ਅਕਾਲੀ ਆਗੂ ਨੇ ਸ਼੍ਰੀ ਮੋਦੀ, ਭਾਜਪਾ ਜਾਂ ਕੇਂਦਰ ਸਰਕਾਰ ਵਿਰੁੱਧ ਕਦੀ ਵੀ ਜ਼ੁਬਾਨ ਨਹੀਂ ਖੋਲ੍ਹੀ ਜਦੋਂ ਕਿ ਕੇਜਰੀਵਾਲ ਸਰਕਾਰ ਦਾ ਹਲਫੀਆ ਬਿਆਨ, ਜਿਹੜਾ ਵਾਪਸ ਲਿਆ ਜਾ ਚੁੱਕਾ ਹੈ, ਉਸ ਵਿਰੁੱਧ ਸਾਰੇ ਅਕਾਲੀ ਆਗੂ ਬਿਨਾਂ ਨਾਗਾ ਪਇਆਂ ਹਰ ਰੋਜ ਹੀ ਮੁਹਾਰਨੀ ਪੜ੍ਹਨ ਤੋਂ ਨਹੀਂ ਰੁਕਦੇ ।

ਕਸੂਤੇ ਥਾਂ ਫਸਿਆ ਜਾਣ ਕੇ ਮੇਰੇ ਵੱਲੋਂ ਪੁੱਛੇ ਸਵਾਲਾਂ ਦਾ ਜਵਾਬ ਦੇਣ ਦੀ ਥਾਂ ਸ: ਗਰੇਵਾਲ ਨੇ ਮੇਰੇ ਨਾਮ ਅਤੇ ਸਿਰਨਾਮੇ ਸਬੰਧੀ ਪੁੱਛਗੁੱਛ ਕਰਨੀ ਸ਼ੁਰੂ ਕਰ ਦਿੱਤੀ। ਨਾਮ ਅਤੇ ਸਿਰਨਾਮਾ ਪੁੱਛ ਕੇ ਕਹਿਣ ਲੱਗੇ ਹੁਣ ਮੈਂ ਕਿਸੇ ਮੀਟਿੰਗ ਵਿੱਚ ਬੈਠਾ ਹਾਂ, ਬਾਅਦ ਵਿੱਚ ਖ਼ੁਦ ਬੈਕ ਕਾਲ ਕਰ ਕੇ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਵਾਂਗਾ। ਜਿਸ ਨੇ ਇੱਕ ਵਾਰ ਹੀ ਮਸਾਂ ਖਹਿੜਾ ਛੁਡਵਾਇਆ ਹੋਵੇ, ਉਸ ਨੇ ਬੈਕ ਕਾਲ ਤਾਂ ਕਿੱਥੋਂ ਕਰਨੀ ਸੀ। ਗੱਲਾਂ ਤਾਂ ਹੋਰ ਵੀ ਬਹੁਤ ਸਾਰੀਆਂ ਕਰਨ ਵਾਲੀਆਂ ਸਨ, ਜਿਨ੍ਹਾਂ ਵਿੱਚ ਅਕਾਲੀ ਦਲ ਦਾ ਦੋਗਲਾਪਨ ਸਾਫ ਤੌਰ ’ਤੇ ਸਪਸ਼ਟ ਹੁੰਦਾ ਹੈ। ਭਾਵੇਂ ਉਨ੍ਹਾਂ ਸਾਰੀਆਂ ਗੱਲਾਂ ਦਾ ਇੱਕੋ ਲੇਖ ਵਿੱਚ ਵੇਰਵਾ ਦੇਣਾ ਅਸੰਭਵ ਹੈ ਪਰ ਕੁਝ ਕੁ ਦਾ ਟੂਕ ਮਾਤ੍ਰ ਹਵਾਲਾ ਦੇਣਾ ਜ਼ਰੂਰੀ ਵੀ ਹੈ। ਮਿਸਾਲ ਵਜੋਂ ਅਕਾਲੀ ਦਲ ਨੇ 1982 ਵਿੱਚ ਐੱਸ. ਵਾਈ. ਐੱਲ. ਵਿਰੁੱਧ ਮੋਰਚਾ ਲਾਇਆ ਪਰ ਰਾਜੀਵ-ਲੌਂਗੋਵਾਲ ਸਮਝੌਤੇ ਅਧੀਨ ਇਸੇ ਨਹਿਰ ਦੀ ਉਸਾਰੀ ਕਰਨ ਦੀ ਜਿੰਮੇਵਾਰੀ ਕਬੂਲ ਕੀਤੀ ਗਈ। ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਹੁੰਦਿਆਂ ਖ਼ੁਦ ਉਸਾਰੀ ਲਈ ਹਰਿਆਣਾ ਤੋਂ ਕ੍ਰੋੜ ਰੁਪਈਆ ਵਸੂਲ ਕੀਤਾ ਜਿਹੜਾ ਕਿ ਹੁਣ ਫਸੇ ਨੂੰ ਵਾਪਸ ਕਰਨਾ ਪਿਆ। ਨਹਿਰ ਦੀ ਉਸਾਰੀ ਲਈ ਜਮੀਨ ਐਕੂਆਇਰ ਕਰਨ ਲਈ ਇਸੇ ਬਾਦਲ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਜਿਸ ਨੂੰ ਹੁਣ ਡੀਨੋਟੀਫਾਈ ਕਰਨ ਦਾ ਡਰਾਮਾ ਵੀ ਇਸੇ ਆਗੂ ਵੱਲੋਂ ਰਚਿਆ ਗਿਆ ਹੈ। ਜਮੀਨ ਦੀ ਐਕੂਜਿਸ਼ਨ ਦਾ ਬਹੁਤਾ ਕੰਮ ਬਾਦਲ ਤੇ ਬਰਨਾਲਾ ਦੀ ਅਕਾਲੀ ਸਰਕਾਰ ਦੌਰਾਨ ਹੀ ਹੋਇਆ। ਜੇ ਇੰਦਰਾ ਗਾਂਧੀ ਨੇ ਦਰਬਾਰਾ ਸਿੰਘ ਦੀ ਧੌਣ ’ਤੇ ਗੋਡਾ ਰੱਖ ਕੇ ਸੁਪਰੀਮ ਕੋਰਟ ਵਿੱਚੋਂ ਕੇਸ ਵਾਪਸ ਕਰਵਾ ਵੀ ਦਿੱਤਾ ਸੀ ਤਾਂ ਵੀ ਉਸ ਤੋਂ ਬਾਅਦ ਇੱਕ ਵਾਰ ਬਰਨਾਲਾ ਸਰਕਾਰ ਤੇ ਤਿੰਨ ਵਾਰ ਬਾਦਲ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਬਣ ਜਾਣ ਉਪਰੰਤ ਉਹੀ ਕੇਸ ਦੁਬਾਰਾ ਕਿਉਂ ਦਾਇਰ ਨਹੀਂ ਕੀਤਾ ਗਿਆ ਜਦਕਿ ਕਾਨੂੰਨੀ ਤੌਰ ’ਤੇ ਦੁਬਾਰਾ ਕੇਸ ਕਰਨ ’ਤੇ ਕੋਈ ਰੋਕ ਵੀ ਨਹੀਂ ਹੁੰਦੀ। 2007 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬਾਦਲ ਦਲ ਨੇ ਚੋਣ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਬਣਨ ’ਤੇ ਪਹਿਲੇ ਹੀ ਸੈਸ਼ਨ ਦੌਰਾਨ ਕੈਪਟਨ ਵੱਲੋਂ ਪਾਸ ਕਰਵਾਏ ਗਏ ‘ਟਰਮੀਨੇਸ਼ਨ ਆਫ ਪੰਜਾਬ ਵਾਟਰ ਐਗਰੀਮੈਂਟਸ ਐਕਟ-2004’ ਦੀ ਧਾਰਾ 5 ਖਤਮ ਕਰ ਦਿੱਤੀ ਜਾਵੇਗੀ ਪਰ ਜਦੋਂ 4 ਸਾਲ ਲੰਘ ਜਾਣ ਪਿੱਛੋਂ ਸੁਖਬੀਰ ਬਾਦਲ ਨੂੰ ਇਸ ਚੋਣ ਵਾਅਦੇ ਦਾ ਚੇਤਾ ਕਰਵਾਇਆ ਗਿਆ ਤਾਂ ਉਸ ਦਾ ਜਵਾਬ ਸੀ ਕਿ ਅਕਾਲੀ ਦਲ ਦੀ ਵਿਧਾਨ ਸਭਾ ਵਿੱਚ ਬਹੁਗਿਣਤੀ ਨਾ ਹੋਣ ਕਰਕੇ ਭਾਈਵਾਲ ਭਾਜਪਾ ਤੋਂ ਬਿਨਾਂ ਸੋਧ ਸੰਭਵ ਨਹੀਂ ਤੇ ਭਾਜਪਾ ਇਸ ਲਈ ਸਹਿਮਤ ਨਹੀਂ ਹੈ ਇਸ ਕਾਰਨ ਇਹ ਸੋਧ ਨਹੀਂ ਹੋ ਸਕੀ। ਇਸ ਤੋਂ ਸਿੱਧ ਹੁੰਦਾ ਹੈ ਕਿ ਜਿਤਨਾ ਕਾਂਗਰਸ ਦਾ ਪੰਜਾਬ ਵਿਰੋਧੀ ਸਟੈਂਡ ਹੈ, ਭਾਜਪਾ ਦਾ ਵੀ ਉਤਨਾ ਹੀ ਹੈ ਪਰ ਇਸ ਦੇ ਬਾਵਜੂਦ ਬਾਦਲ ਦਲ ਭਾਜਪਾ ਨੂੰ ਪੰਜਾਬ ਹਿਤਕਾਰੀ ਅਤੇ ਕਾਂਗਰਸ ਨੂੰ ਪੰਜਾਬ ਵਿਰੋਧੀ ਦੱਸਣ ਵਿੱਚ ਦੋਗਲਾ ਰੋਲ ਨਿਭਾਉਂਦਾ ਆ ਰਿਹਾ ਹੈ। ਜਿਸ ਬਾਦਲ ਦਲ ਦਾ ਆਪਣਾ ਹੀ ਸਮੇਂ ਸਮੇਂ ’ਤੇ ਐੱਸ.ਵਾਈ.ਐੱਲ. ’ਤੇ ਸਟੈਂਡ ਬਦਲ ਰਿਹਾ ਹੋਵੇ, ਉਹ ਵੱਲੋਂ ‘ਆਪ’ ਨੂੰ ਆਪਣਾ ਸਟੈਂਡ ਸਪਸ਼ਟ ਕਰਨ ਦੀ ਹਰ ਰੋਜ ਮੁਹਾਰਨੀ ਪੜ੍ਹਾਵੇ, ਇਸ ਦੋਗਲੇਪਾਨ ਅਤੇ ਢੀਠਤਾਈ ਦੀ ਉਘੜਵੀਂ ਮਿਸਾਲ ਨਹੀਂ ਮਿਲਣੀ।

ਇਸੇ ਤਰ੍ਹਾਂ ਬਾਦਲ ਦਲ ਕੁਝ ਧਾਰਮਿਕ ਮੁੱਦਿਆਂ ਨੂੰ ਸਿਆਸੀ ਕਾਰਨਾਂ ਕਰਕੇ ਲੋੜ ਤੋਂ ਵੱਧ ਉਛਾਲ ਕੇ ਇਸ ਅਵੱਗਿਆ ਲਈ ‘ਆਪ’ ਨੂੰ ਮਹਾਂਦੋਸ਼ੀ ਸਿੱਧ ਕਰਨ ਲਈ ਅੱਡੀਚੋਟੀ ਦਾ ਜ਼ੋਰ ਲਾ ਰਿਹਾ ਹੈ; ਜਿਨ੍ਹਾਂ ਵਿੱਚੋਂ ਖਾਸ ਤੌਰ ’ਤੇ ਗੁਰਦੁਆਰਾ ਸੀਸ ਗੰਜ ਨਜ਼ਦੀਕ ਪਿਆਉ ਦੀ ਕੰਧ ਤੋੜਨ ਦਾ ਦੋਸ਼ੀ ‘ਆਪ’ ਨੂੰ ਉਸ ਸਮੇਂ ਠਹਿਰਾਉਣਾ ਜਦਕਿ ਕੰਧ ਢਾਹੁਣ ਦੀ ਜਿੰਮੇਵਾਰ ਦਿੱਲੀ ਨਗਰ ਨਿਗਮ ਹੈ, ਜਿਸ ’ਤੇ ਭਾਜਪਾ ਦਾ ਕਬਜ਼ਾ ਹੈ ਤੇ ਦਿੱਲੀ ਪੁਲਿਸ ਦਾ ਸਿੱਧਾ ਕੰਟਰੋਲ ਕੇਂਦਰ ਦੀ ਐੱਨ.ਡੀ.ਏ. ਸਰਕਾਰ ਕੋਲ ਹੈ, ਜਿਸ ਵਿੱਚ ਬਾਦਲ ਦਲ ਖ਼ੁਦ ਭਾਈਵਾਲ ਹੈ। ਇਸ ਤਰ੍ਹਾਂ ਦਿੱਲੀ ਦੀ ‘ਆਪ’ ਸਰਕਾਰ ਦੀ ਕਿਸੇ ਤਰ੍ਹਾਂ ਵੀ ਕਾਨੂੰਨੀ ਦਖ਼ਲ ਅੰਦਾਜ਼ੀ ਸੰਭਵ ਨਹੀਂ ਹੈ, ਪਰ ਅਕਾਲੀ ਦਲ ਇੱਕੋ ਰੱਟ ਲਾ ਰਿਹਾ ਹੈ ਕਿ ਚਾਂਦਨੀ ਚੌਕ ਦੀ ‘ਆਪ’ ਵਿਧਾਇਕਾ ਅਲਕਾ ਲਾਂਬਾ ਦੇ ਇਸ਼ਾਰੇ ’ਤੇ ਇਹ ਸਾਰੀ ਕਾਰਵਾਈ ਹੋਈ ਹੈ, ਇਸ ਲਈ ਸਮੁੱਚੀ ਪਾਰਟੀ ਤੇ ਖਾਸ ਕਰਕੇ ਇਸ ਦੇ ਮੁਖੀ ਕੇਜਰੀਵਾਲ, ਪਿਆਉ ਦੀ ਕੰਧ ਤੋੜਨ ਦਾ ਮਹਾਂਦੋਸ਼ੀ ਹੈ, ਜੋ ਕਾਂਗਰਸ ਵੱਲੋਂ 1984 ਵਿੱਚ ਦਰਬਾਰ ਸਾਹਿਬ ’ਤੇ ਹਮਲਾ ਕਰਨ ਦੇ ਤੁਲ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਅਲਕਾ ਲਾਂਬਾ ਵੱਲੋਂ ਕੀਤੀ ਦਖ਼ਲ ਅੰਦਾਜ਼ੀ ਦਾ ਕੋਈ ਵੀ ਸਰਕਾਰੀ ਸਬੂਤ ਨਹੀਂ ਮਿਲਦਾ ਅਤੇ ਉਹ ਖ਼ੁਦ ਵੀ ਇਸ ਤੋਂ ਇਨਕਾਰ ਕਰ ਚੁੱਕੀ ਹੈ। ਪਰ ਜੇ ਮੰਨ ਵੀ ਲਿਆ ਜਾਵੇ ਕਿ ਸਾਰੀ ਕਾਰਵਾਈ ਅਲਕਾ ਲਾਂਬਾ ਦੇ ਕਹਿਣ ’ਤੇ ਦਿੱਲੀ ਨਗਰ ਨਿਗਮ ਤੇ ਕੇਂਦਰ ਸਰਕਾਰ ਨੂੰ ਕਰਨੀ ਪਈ ਤਾਂ ਦੂਸਰਾ ਪੱਖ ਜਿਸ ਅਨੁਸਾਰ ਇਸ ਦੀ ਤੁਲਨਾ ਦਰਬਾਰ ਸਾਹਿਬ ’ਤੇ ਹਮਲੇ ਨਾਲ ਕੀਤੀ ਜਾਂਦੀ ਹੈ, ਉਸ ਵਿੱਚ ਤਾਂ ਲਾਲ ਕਿ੍ਰਸ਼ਨ ਅਡਵਾਨੀ ਖ਼ੁਦ ਆਪਣੀ ਕਿਤਾਬ ਵਿੱਚ ਲਿਖ ਚੁੱਕਾ ਹੈ ਕਿ ਇੰਦਰਾ ਗਾਂਧੀ ਕਾਰਵਾਈ ਕਰਨ ਵਿੱਚ ਹਿਚਕਚਾਟ ਵਿਖਾ ਰਹੀ ਸੀ ਤਾਂ ਉਸ (ਅਡਵਾਨੀ) ਨੇ ਹੀ ਕਈ ਵਾਰ ਨਿਜੀ ਤੌਰ ’ਤੇ ਇੰਦਰਾ ਨੂੰ ਮਿਲ ਕੇ ਕਾਰਵਾਈ ਕਰਨ ਲਈ ਤਿਆਰ ਕੀਤਾ। ਉਸ ਕੇਸ ਵਿੱਚ ਤਾਂ ਬਾਦਲ ਦਲ, ਨਾ ਅਡਵਾਨੀ ਨੂੰ ਤੇ ਨਾ ਹੀ ਭਾਜਪਾ ਨੂੰ ਦੋਸ਼ੀ ਮੰਨ ਰਿਹਾ ਹੈ ਤੇ ਸਾਰਾ ਦੋਸ਼ ਇੰਦਰਾ ਜਾਂ ਕਾਂਗਰਸ ਸਿਰ ਮੜ੍ਹ ਰਿਹਾ ਹੈ ਕਿ ਆਖਰ ਸਰਕਾਰ ਤੇ ਫੌਜ ਤਾਂ ਕੇਂਦਰ ਦੀ ਕਾਂਗਰਸ ਸਰਕਾਰ ਪਾਸ ਹੀ ਸੀ ਇਸ ਲਈ ਸਿਰਫ ਉਹ ਹੀ ਜਿੰਮੇਵਾਰ ਹੈ। ਉਨ੍ਹਾਂ ਅਨੁਸਾਰ ਜਿਹੜਾ ਸਰਕਾਰ ਤੋਂ ਹੀ ਬਾਹਰ ਹੈ ਉਹ ਜੋ ਮਰਜੀ ਕਹੇ, ਉਸ ਦਾ ਕੀ ਦੋਸ਼ ਹੈ। ਪਰ ਪਿਆਉ ਦੀ ਕੰਧ ਤੋੜਨ ਦੀ ਸਾਰੀ ਜਿੰਮੇਵਾਰੀ ਸਿਰਫ ਇਸ਼ਾਰਾ ਕਰਨ ਵਾਲੀ ਅਲਕਾ ਲਾਂਬਾ ਤੇ ਉਸ ਦੀ ਸਮੁੱਚੀ ਪਾਰਟੀ ਦਾ ਹੀ ਹੱਥ ਦੱਸਿਆ ਜਾ ਰਿਹਾ ਹੈ ਜਦਕਿ ਇਸ ਕੇਸ ਵਿੱਚ ਸਤਾਧਾਰੀ ਭਾਜਪਾ ਜਿਸ ਦੇ ਹੁਕਮਾਂ ਅਧੀਨ ਪਿਆਉ ਦੀ ਕੰਧ ਢਾਹੀ ਗਈ, ਉਸ ਨੂੰ ਬਿਲਕੁਲ ਕਲੀਨ ਚਿੱਟ ਦਿੱਤੀ ਜਾ ਰਹੀ ਹੈ।

ਦੂਸਰਾ ਸਭ ਤੋਂ ਵੱਧ ਉਛਾਲਿਆ ਜਾ ਰਿਹਾ ਮੁੱਦਾ ਹੈ ‘ਆਪ’ ਦੇ ਯੂਥ ਵਿੰਗ ਦੇ ਚੋਣ ਮੈਨੀਫੈਸਟੋ ਦੇ ਕਵਰ ਪੇਜ ’ਤੇ ਦਰਬਾਰ ਸਾਹਿਬ ਦੀ ਫੋਟੋ ਲਾ ਕੇ ਇਸ ’ਤੇ ਪਾਰਟੀ ਦਾ ਚੋਣ ਨਿਸ਼ਾਨ ਝਾੜੂ ਛਾਪਣਾ ਤੇ ਇਸ ਦੀ ਤੁਲਨਾ ਧਾਰਮਿਕ ਗ੍ਰੰਥਾਂ ਨਾਲ ਕਰਨੀ। ‘ਆਪ’ ਦੇ ਇਸ ਬੱਜਰ ਪਾਪ ਸਦਕਾ ਤਾਂ ਅਖੌਤੀ ਬਾਦਲ ਦਲੀਆਂ ਤੇ ਇਨ੍ਹਾਂ ਦੇ ਟੁਕੜਿਆਂ ’ਤੇ ਪਲਨ ਵਾਲੇ ਟੁੱਕਰਬੋਚਾਂ ਦੇ ਹਿਰਦੇ ਵਲੂੰਧਰੇ ਜਾਣ ਸਦਕਾ ਲਹੂ ਲੁਹਾਨ ਹੋਏ ਦੱਸਣ ਦੇ ਖੇਖਨ ਕੀਤੇ ਜਾ ਰਹੇ ਹਨ ਅਤੇ ਧੜਾ ਧੜ ਧਾਰਾ 295 ਏ ਅਧੀਨ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਕੇਸ ਦਰਜ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ। ਐਸਾ ਕਰਨ ਸਮੇਂ ਇਹ ਬਿਲਕੁਲ ਨਹੀਂ ਸੋਚ ਰਹੇ ਕਿ ਇਸ ਤਰ੍ਹਾਂ ਦੀ ਗਲਤੀਆਂ ਤਾਂ ਸੈਂਕੜੇ ਵਾਰ ਇਹ ਖ਼ੁਦ ਕਰ ਚੁੱਕੇ ਹਨ ਤੇ ਹੁਣ ਵੀ ਕਰਦੇ ਜਾ ਰਹੇ ਹਨ। ਉਘੜਵੀਂ ਮਿਸਾਲ ਹੈ ਕਿ 2013 ਦੀਆਂ ਦਿੱਲੀ ਗੁਰਦੁਆਰਾ ਚੋਣਾਂ ਸਮੇਂ ਇਸੇ ਬਾਦਲ ਦਲ ਨੇ ਚੋਣ ਫੈਸਟੋ ’ਤੇ ਗੁਰਦੁਆਰਾ ਬੰਗਲਾ ਸਾਹਿਬ ਦੀ ਫੋਟੋ ਛਾਪ ਕੇ ਉਸ ’ਤੇ ਪਾਰਟੀ ਦਾ ਚੋਣ ਨਿਸ਼ਾਨ ਬਾਲਟੀ ਛਾਪਿਆ ਸੀ। ਅੰਮ੍ਰਿਤਸਰ ਦੇ ਦਰਸ਼ਨ ਅਤੇ ਖ਼ਾਲਸਾ ਵਿਰਾਸਤ ਅਨੰਦਪੁਰ ਸਾਹਿਬ ਦੀ ਯਾਤਰਾ ਕਰਵਾਉਣ ਵਾਲੀਆਂ ਬੱਸਾਂ ’ਤੇ ਦਰਬਾਰ ਸਾਹਿਬ ਦੀ ਫੋਟੋ ਨਾਲ ਚੋਣ ਨਿਸ਼ਾਨ ਤੱਕੜੀ ਛਾਪਣੀ, ਮਾਈ ਭਾਗੋ ਸਕੀਮ ਅਧੀਨ ਵਿਦਿਆਰਥਣਾਂ ਨੂੰ ਸਰਕਾਰੀ ਖਜ਼ਾਨੇ ਵਿੱਚੋਂ ਵੰਡੇ ਜਾਣ ਵਾਲੇ ਸਾਈਕਲਾਂ ਦੀ ਟੋਕਰੀ ’ਤੇ ਬਾਦਲ ਦੀ ਫੋਟੋ ਛਾਪਣੀ ਤੇ ਸਿੱਖ ਇਤਿਹਾਸ ਵਿੱਚ ਸਤਿਕਾਰਤ ਮਾਈ ਭਾਗੋ ਦਾ ਨਾਮ ਚੇਨ ਕਵਰ ’ਤੇ ਲਿਖਣਾ ਜਿਸ ’ਤੇ ਸਾਈਕਲ ਚਲਾਉਣ ਸਮੇਂ ਹਮੇਸ਼ਾਂ ਪੈਰ ਘਿਸਦੇ ਰਹਿਣ ਕਰਕੇ ਮਾਈ ਭਾਗੋ ਦਾ ਤ੍ਰਿਸਕਾਰ ਹੁੰਦਾ ਰਹਿੰਦਾ ਹੈ। ਚਿੰਤਪੁਰਨੀ ਦੀ ਯਾਤਰਾ ਵਾਲੀਆਂ ਬੱਸਾਂ ’ਤੇ ਮਾਤਾ ਚਿੰਤਪੁਰਨੀ ਦੀ ਫੋਟੋ ਬੱਸ ਦੇ ਉਸ ਨਿਚਲੇ ਹਿੱਸੇ ’ਤੇ ਛਾਪਣਾ ਜੋ ਹਮੇਸ਼ਾਂ ਹੀ ਯਾਤਰੀਆਂ ਦੇ ਪੈਰਾਂ ਹੇਠ ਰਹਿਣ ਕਰਕੇ ਮਾਤਾ ਚਿੰਤਪੁਰਨੀ ਦਾ ਸਤਿਕਾਰ ਘਟਾਉਣਾ, ਆਪਣੇ ਪਾਰਟੀ ਚੋਣ ਨਿਸ਼ਾਨ ‘ਤਕੜੀ’ ਨੂੰ ਬਾਬੇ ਨਾਨਕ ਦੀ ਤੱਕੜੀ ਦੱਸ ਕੇ ਭੋਲੇ ਭਾਲੇ ਸਿੱਖਾਂ ਨੂੰ ਗੁਮਰਾਹ ਕਰਨਾ ਆਦਿਕ ਅਨੇਕਾਂ ਗਲਤੀਆਂ ਅਕਸਰ ਕਰਦੇ ਰਹਿੰਦੇ ਹਨ। ਅੱਜ ਹਿਰਦੇ ਵਲੂੰਧਰੇ ਜਾਣ ਕਾਰਨ ਲਹੂ ਲੁਹਾਨ ਹੋਏ ਫਿਰਦੇ ਕਿਸੇ ਬਾਦਲ ਦਲੀਏ ਜਾਂ ਉਨ੍ਹਾਂ ਦੇ ਟੁੱਕਰ ਬੋਚਾਂ ਦੇ ਹਿਰਦੇ ਜਾਂ ਭਾਵਨਾਵਾਂ ਨੂੰ ਉਸ ਸਮੇਂ ਆਂਚ ਤੱਕ ਨਹੀਂ ਆਈ ਤੇ ਨਾ ਹੀ ਕਦੀ ਆਉਣੀ ਹੈ ਕਿਉਂਕਿ ਅਜੇਹੀਆਂ ਗਲਤੀਆਂ ਕਰਨ ਨੂੰ ਇਹ ਤਾਂ ਆਪਣਾ ਜਨਮ ਸਿੱਧ ਅਧਿਕਾਰ ਮੰਨੀ ਬੈਠੇ ਹਨ। ਅਕਾਲੀ ਦਲ ਦਾ ਇਹ ਦੂਹਰਾ ਸਟੈਂਡ ਦੋਗਲੇਪਨ ਅਤੇ ਢੀਠਤਾਈ ਦੀ ਸਿਖਰ ਹੈ, ਜਿਸ ਦੀ ਕੋਈ ਸੀਮਾ ਹੀ ਨਹੀਂ ਰਹੀ।

ਚੋਣ ਮੈਨੀਫੈਸਟੋ ਨੂੰ ਧਾਰਮਿਕ ਗ੍ਰੰਥਾਂ ਨਾਲ ਤੁਲਨਾ ਕਰਨ ਦੀ ਅਵੱਗਿਆ ਕਰਨ ਸਬੰਧੀ ਮੇਰੇ ਕੁਝ ਵੱਖਰੇ ਖਿਆਲ ਹਨ। ਮੇਰਾ ਮੰਨਣਾ ਹੈ ਕਿ ਕਿਸੇ ਵੀ ਸਿਆਸੀ ਪਾਰਟੀ ਸਮੇਤ ਆਪਣੇ ਆਪ ਨੂੰ ਪੰਥਕ ਪਾਰਟੀ ਦੱਸਣ ਵਾਲੀ ਅਕਾਲੀ ਪਾਰਟੀ ਜਾਂ ਉਸ ਦੇ ਆਗੂਆਂ ਦਾ ਕੋਈ ਧਰਮ ਹੁੰਦਾ ਹੀ ਨਹੀਂ। ਉਨ੍ਹਾਂ ਵੱਲੋਂ ਧਾਰਮਿਕ ਗ੍ਰੰਥਾਂ ਵਿੱਚ ਪੂਰਨ ਸ਼ਰਧਾ ਹੋਣ ਦਾ ਵਿਖਾਵਾ ਤਾਂ ਬਹੁਤ ਕੀਤਾ ਜਾਂਦਾ ਹੈ ਪਰ ਉਨ੍ਹਾਂ ਵਿੱਚ ਦਰਜ ਸਿਧਾਂਤਾਂ ਦੇ ਉਹ ਨੇੜਿਓ ਲੰਘਣ ਦੀ ਕੋਸ਼ਿਸ਼ ਵੀ ਨਹੀਂ ਕਰਦੇ। ਉਨ੍ਹਾਂ ਦਾ ਇੱਕੋ ਇੱਕ ਟੀਚਾ ਹੁੰਦਾ ਹੈ ਕਿ ਹਰ ਕੀਮਤ ’ਤੇ ਸੱਤਾ ਹਾਸਲ ਕੀਤੀ ਜਾਵੇ ਭਾਵੇਂ ਐਸਾ ਕਰਦੇ ਸਮੇਂ ਉਨ੍ਹਾਂ ਨੂੰ ਆਪਣੇ ਧਰਮ ਜਾਂ ਅਸੂਲਾਂ ਦੀ ਬਲੀ ਹੀ ਕਿਉਂ ਨਾ ਦੇਣੀ ਪਵੇ ! ਇਸੇ ਕਾਰਨ ਉਨ੍ਹਾਂ ਦਾ ਚੋਣ ਮੈਨੀਫੈਸਟੋ ਝੂਠ ਦੇ ਪੁਲੰਦੇ ਤੋਂ ਵੱਧ ਕੁਝ ਵੀ ਨਹੀਂ ਹੁੰਦਾ। ਮਿਸਾਲ ਦੇ ਤੌਰ ’ਤੇ 2007 ਵਿੱਚ ਅਕਾਲੀ ਦਲ ਵੱਲੋਂ ‘ਟਰਮੀਨੇਸ਼ਨ ਆਫ ਪੰਜਾਬ ਵਾਟਰ ਐਗਰੀਮੈਂਟਸ ਐਕਟ-2004’ ਦੀ ਧਾਰਾ 5 ਖਤਮ ਕਰਨ, ਪੰਜਾਬ ਵਿੱਚ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲੇ ਦੋਸ਼ੀ ਪੁਲਿਸ ਅਫਸਰਾਂ ’ਤੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਸਜਾਵਾਂ ਦੇਣੀਆਂ, ਜੇਲ੍ਹਾਂ ’ਚ ਬੰਦ ਨੌਜਵਾਨਾਂ ਨੂੰ ਰਿਹਾਅ ਕਰਨਾ ਆਦਿਕ ਅੱਜ ਤੱਕ ਵਫਾ ਨਹੀਂ ਹੋਏ। ਉਸ ਤੋਂ ਪਿਛਲੇ ਜਾਰੀ ਕੀਤੇ ਗਏ ਚੋਣ ਮੈਨੀਫੈਸਟੋਆਂ ਵਿੱਚ ਨੌਜਵਾਨ ਨੂੰ ਰੋਜ਼ਗਾਰ ਦੇਣਾ ਅਤੇ ਵਿਦਿਆਰਥੀਆਂ ਨੂੰ ਲੈਪਟਾਪ ਦੇਣ ਵਰਗੇ ਅਨੇਕਾਂ ਹੋਰ ਵਾਅਦੇ ਕੀਤੇ ਗਏ ਸਨ ਜਿਹੜੇ ਅੱਜ ਤੱਕ ਵਫਾ ਨਹੀਂ ਹੋਏ ਤੇ ਅੱਜ ਇਨ੍ਹਾਂ ਨੂੰ ਚੇਤਾ ਵੀ ਨਹੀਂ ਕੀਤਾ ਜਾਂਦਾ ਕਿ ਇਹ ਵਾਅਦੇ ਕੀਤੇ ਵੀ ਸਨ ਜਾਂ ਨਹੀਂ। ਇਸੇ ਤਰ੍ਹਾਂ 2014 ਦੀਆਂ ਲੋਕ ਸਭਾ ਚੋਣਾ ਦੌਰਾਨ ਭਾਜਪਾ ਨੇ ਚੋਣ ਵਾਅਦੇ ਕੀਤੇ ਸਨ ਕਿ ਭ੍ਰਿਸ਼ਟਾਚਾਰ ਤੇ ਮਹਿੰਗਾਈ ਘਟਾਈ ਜਾਵੇਗੀ, ਵਿਦੇਸ਼ਾਂ ਵਿੱਚ ਜਮ੍ਹਾਂ ਕਾਲਾ ਧਨ ਵਾਪਸ ਲਿਆ ਕੇ ਹਰ ਭਾਰਤੀ ਦੇ ਖਾਤੇ ਵਿੱਚ 15-15 ਲੱਖ ਜਮ੍ਹਾਂ ਕਰਵਾਏ ਜਾਣਗੇ, ਕਿਸਾਨਾਂ ਦੀ ਖੇਤੀ ਜਿਨਸਾਂ ਦੇ ਭਾਅ ਨਿਸ਼ਚਿਤ ਕਰਨ ਲਈ ਸਵਾਮੀਨਾਥਨ ਰੀਪੋਰਟ ਲਾਗੂ ਕੀਤੀ ਜਾਵੇਗੀ। ਪਰ ਸਰਕਾਰ ਬਣਨ ਪਿੱਛੋਂ ਭਾਜਪਾ ਦਾ ਕੌਮੀ ਪ੍ਰਧਾਨ ਹੀ ਇਨ੍ਹਾਂ ਨੂੰ ਚੁਣਾਵੀ ਜੁਮਲਾ ਦੱਸਣ ਲੱਗ ਪਿਆ। ਸੋ, ਇਨ੍ਹਾਂ ਲਈ ਚੋਣ ਮੈਨੀਫੈਸਟੋ ਝੂਠ ਦੇ ਪੁਲੰਦੇ ਤੋਂ ਵੱਧ ਕੁਝ ਹੈ ਹੀ ਨਹੀਂ। ਇਸ ਝੂਠ ਦੇ ਪਸਾਰੇ ਵਿੱਚ ਜੇ ‘ਆਪ’ ਨੇ ਆਪਣੇ ਚੋਣ ਮੈਨੀਫੈਸਟੋ ਸਬੰਧੀ ਇਹ ਕਿਹਾ ਹੈ ਕਿ ਉਨ੍ਹਾਂ ਲਈ ਇਹ ਹੀ ਗੁਰੂ ਗ੍ਰੰਥ ਸਾਹਿਬ, ਗੀਤਾ ਤੇ ਬਾਈਬਲ ਵਾਂਗ ਸਤਿਕਾਰਮਈ ਹੈ ਤਾਂ ਇਨ੍ਹਾਂ ਬੋਲਾਂ ਦੇ ਪਿੱਛੇ ਨਾ ਜਾਂਦਾ ਹੋਇਆ ਮੈਂ ਇਨ੍ਹਾਂ ਸ਼ਬਦਾਂ ਰਾਹੀਂ ਪ੍ਰਗਟਾਈ ਭਾਵਨਾ ਵੇਖਦਾ ਹੋਇਆ ਇਸ ਨੂੰ ਸਿਆਸੀ ਖੇਤਰ ’ਚ ਇੱਕ ਚੰਗੀ ਸ਼ੁਰੂਆਤ ਸਮਝਦਾ ਹਾਂ। ਭਾਵਨਾਂ ਇਹ ਹੈ ਕਿ ਐਸਾ ਕਹਿਣ ਵਾਲੀ ਪਾਰਟੀ ਆਪਣੇ ਕੀਤੇ ਚੋਣ ਵਾਅਦਿਆਂ ਨੂੰ ਉਸੇ ਭਾਵਨਾਂ ਨਾਲ ਪੂਰਾ ਕਰਨ ਦਾ ਯਤਨ ਕਰੇਗੀ ਜਿਵੇਂ ਕਿ ਹਰ ਧਾਰਮਿਕ ਵਿਅਕਤੀ ਆਪਣੇ ਧਾਰਮਿਕ ਗ੍ਰੰਥਾਂ ਵਿੱਚ ਦਰਜ ਸਿਧਾਂਤਾਂ ’ਤੇ ਪਹਿਰਾ ਦੇਣ ਦਾ ਯਤਨ ਕਰਦਾ ਹੈ। ਸੋ, ਚਾਹੀਦਾ ਤਾਂ ਇਹ ਹੈ ਕਿ ਹਰ ਸਿਆਸੀ ਪਾਰਟੀ ਲਈ ਆਪਣਾ ਚੋਣ ਮੈਨੀਫੈਸਟੋ ਧਾਰਮਿਕ ਗ੍ਰੰਥ ਦੇ ਤੁਲ ਸਮਝ ਕੇ ਉਨ੍ਹਾਂ ਵਿੱਚ ਕੀਤੇ ਵਾਅਦੇ ਪੂਰੇ ਕਰੇ। ਜੇ ਭਾਵਨਾਂਵਾਂ ਨੂੰ ਠੇਸ ਪਹੁਚਾਉਣ ਦਾ ਕੇਸ ਦਰਜ ਕਰਵਾਉਣਾ ਹੀ ਹੈ ਤਾਂ ਉਨ੍ਹਾਂ ਪਾਰਟੀਆਂ ਵਿਰੁੱਧ ਵੀ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਕੇਵਲ ਚੋਣਾਂ ਜਿੱਤਣ ਲਈ ਝੂਠ ਦਾ ਪੁਲੰਦਾ ਨਾਮੀ ਚੋਣ ਫੈਸਟੋ ਜਾਰੀ ਕਰਕੇ ਭੋਲ਼ੇ ਭਾਲੇ ਲੋਕਾਂ ਨੂੰ ਗੁੰਮਰਾਹ ਕਰ ਕੇ ਵੋਟਾਂ ਰਾਹੀਂ ਸਤਾ ਹਾਸਲ ਕੀਤੀ ਹੋਵੇ ਤੇ ਚੋਣਾਂ ਜਿੱਤਣ ਪਿਛੋਂ ਇਸ ਨੂੰ ਝੂਠ ਦਾ ਪੁਲੰਦਾ ਸਮਝ ਕੇ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤਾ ਕਹਿਣ ਜਾਂ ਖ਼ੁਦ ਹੀ ਇਸ ਨੂੰ ਚੋਣ ਜੁਮਲਾ ਦੱਸ ਕੇ ਲੋਕਾਂ ਨਾਲ ਮਜ਼ਾਕ ਕਰਨ ਲੱਗ ਪੈਣ। ਸੋ, ਸਮੇਂ ਤੋਂ ਪਹਿਲਾਂ ਅਜੇਹੇ ਮਸਲਿਆਂ ਨੂੰ ਉਭਾਰਨ ਵਾਲਿਆਂ ਦਾ ਕੇਵਲ ਮਕਸਦ ਇਹ ਹੁੰਦਾ ਹੈ ਕਿ ਕੋਈ ਸਿਆਸੀ ਬਹਿਸ ਕਰਨ ਤੋਂ ਅਸਮਰਥ ਸਿਆਸੀ ਲੋਕਾਂ ਵੱਲੋਂ ਕੇਵਲ ਧਾਰਮਿਕ ਭਾਵਨਾਵਾਂ ਦੇ ਨਾਮ ’ਤੇ ਲੋਕਾਂ ਦੇ ਜ਼ਜ਼ਬਾਤ ਭੜਕਾ ਕੇ ਅਸਲ ਮੁੱਦੇ ਨੂੰ ਰੋਲ ਦਿੱਤਾ ਜਾਵੇ। ਐਸਾ ਯਤਨ ਅਕਾਲੀ ਦਲ ਤੇ ਕਾਂਗਰਸ (ਦੋਵਾਂ) ਵੱਲੋਂ ਕੀਤਾ ਜਾ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਜਿਹੜੀ ਅਕਾਲੀ ਪਾਰਟੀ ਹੁਣ ਤੱਕ ਹਰ ਚੋਣਾਂ ਸਮੇਂ 1984 ਦੀਆਂ ਘਟਨਾਵਾਂ ਨੂੰ ਆਪਣੇ ਸਿਆਸੀ ਲਾਹੇ ਲਈ ਉਛਾਲਦੀ ਆ ਰਹੀ ਸੀ ਉਸ ਲਈ ਅੱਜ ਪਿਆਉ ਦੀ ਕੰਧ ਢਾਹੁਣਾ ਅਤੇ ਚੋਣ ਮੈਨੀਫੈਸਟੋ ’ਤੇ ਦਰਬਾਰ ਸਾਹਿਬ ਦੀ ਫੋਟੋ ਲਾਉਣਾ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਤੇ ਗੁਰੂ ਗ੍ਰੰਥ ਸਾਹਿਬ ਨੂੰ ਗੋਲ਼ੀਆਂ ਨਾਲ ਜਖ਼ਮੀ ਕਰਨ ਤੋ ਵੀ ਵੱਧ ਦਰਦ ਮਹਿਸੂਸ ਕਰਨ ਲੱਗ ਪਈ ਹੈ। ਹੈਰਾਨੀ ਇਹ ਹੁੰਦੀ ਹੈ ਕਿ ਇਸ ਮਸਲੇ ’ਤੇ ਅਕਾਲੀ ਤੇ ਕਾਂਗਰਸ ਇੱਕ ਸੁਰ ਹੋ ਕੇ ‘ਆਪ’ ’ਤੇ ਸ਼ਬਦੀ ਹਮਲੇ ਕਰ ਰਹੇ ਹਨ। ਕਾਰਨ ਸਿਰਫ ਇਹ ਹੈ ਕਿ ਪਹਿਲਾਂ ਅਕਾਲੀ ਦਲ ਲਈ ਕੁਰਸੀ ’ਤੇ ਕਬਜ਼ਾ ਕਰਨ ਵਿੱਚ ਕਾਂਗਰਸ ਰੋੜਾ ਜਾਪਦੀ ਸੀ ਪਰ ਅੱਜ ਇਨ੍ਹਾਂ ਦੋਵਾਂ ਪਾਰਟੀਆਂ ਲਈ ‘ਆਪ’ ਸਭ ਤੋਂ ਵੱਡਾ ਰੋੜਾ ਜਾਪਦੀ ਹੈ।