ਕਬਿੱਤ ਨੰਬਰ 42 (ਭਾਈ ਗੁਰਦਾਸ ਜੀ)

0
256

ਕਬਿੱਤ ਨੰਬਰ 42 (ਭਾਈ ਗੁਰਦਾਸ ਜੀ)

ਪ੍ਰੀਤਮ ਸਿੰਘ (ਕਰਨਾਲ)-94164-05173

ਜੋਗ ਬਿਖੈ ਭੋਗ ਅਰੁ ਭੋਗ ਬਿਖੈ ਜੋਗ ਜਤਿ, ਗੁਰਮੁਖਿ ਪੰਥ ਜੋਗ ਭੋਗ ਸੈ ਅਤੀਤ ਹੈ।

ਗਿਆਨ ਬਿਖੈ ਧਿਆਨ ਅਰੁ ਧਿਆਨ ਬਿਖੈ ਬੇਧੇ ਗਿਆਨ, ਗੁਰਮਤਿ ਗਤਿ ਗਿਆਨ ਧਿਆਨ ਕੈ ਅਜੀਤ ਹੈ।

ਪ੍ਰੇਮ ਕੈ ਭਗਤਿ ਅਰੁ ਭਗਤਿ ਕੈ ਪ੍ਰੇਮ ਨੇਮ, ਅਲਖ ਭਗਤਿ ਪ੍ਰੇਮ ਗੁਰਮੁਖਿ ਰੀਤਿ ਹੈ।

ਨਿਰਗੁਨ ਸਰਗੁਨ ਬਿਖੈ ਬਿਸਮ ਬਿਸ੍ਵਾਸ ਰਿਦੈ, ਬਿਸਮ ਬਿਸ੍ਵਾਸ ਪਾਰਿ ਪੂਰਨ ਪ੍ਰਤੀਤਿ ਹੈ॥੪੨॥

ਸ਼ਬਦ ਅਰਥ: ਜੋਗ-ਜੋਗ ਸਾਧਨਾ ਕਰਨ ਵਾਲੇ।, ਭੋਗ-ਭੋਗਣ ਵਾਲੇ।, ਜਤਿ-ਜਿੱਥੇ।, ਅਤੀਤ- ਰਹਿਤ।, ਬੇਧੇ-ਵਿੰਨੇ ਹੋਏ।, ਅਜੀਤ-ਨਾ ਜਿਤਿਆ ਜਾਣ ਵਾਲਾ।, ਰੀਤਿ-ਮਰਿਆਦਾ।, ਨਿਰਗੁਨ-ਆਕਾਰ ਰਹਿਤ।, ਸਰਗੁਨ-ਸਾਕਾਰ ਸਰੂਪ।, ਬਿਸਮ-ਹੈਰਾਨੀਜਨਕ। , ਪ੍ਰਤੀਤ- ਵਿਸ਼ਵਾਸ, ਭਰੋਸਾ।

ਅਰਥ: ਜੋਗੀਆਂ (ਜੋਗ ਸਾਧਨਾ ਕਰਨ ਵਾਲਿਆਂ) ਵਿੱਚ ਭੋਗ ਦੀ ਇੱਛਾ ਹੁੰਦੀ ਹੈ ਅਤੇ ਭੋਗੀਆਂ (ਸੰਸਾਰੀਆਂ) ਵਿੱਚ ਜੋਗ ਦੀ ਇੱਛਾ ਬਣੀ ਰਹਿੰਦੀ ਹੈ, ਪਰ ਗੁਰਮੁਖ ਪੰਥ ਦਾ ਧਾਰਨੀ ਇਨ੍ਹਾਂ ਦੋਵਾਂ (ਜੋਗ/ਭੋਗ) ਤੋਂ ਰਹਿਤ ਹੁੰਦਾ ਹੈ। ਗਿਆਨ ਮਾਰਗ ’ਤੇ ਚੱਲਣ ਵਾਲੇ ਧਿਆਨ ਮਾਰਗ ’ਤੇ ਚੱਲਣਾ ਲੋਚਦੇ ਹਨ ਅਤੇ ਧਿਆਨ ਮਾਰਗ ’ਤੇ ਚੱਲਣ ਵਾਲੇ ਗਿਆਨ ਮਾਰਗ ’ਤੇ, ਪਰ ਗੁਰਮਤਿ ਮਾਰਗ ਇਨ੍ਹਾਂ ਦੋਵਾਂ ਤੋਂ ਉੱਚੀ ਅਵਸਥਾ ਦਾ ਨਾਂ ਹੈ। ਪ੍ਰੇਮ ਮਾਰਗ ਦੇ ਧਾਰਨੀ ਭਗਤੀ ਮਾਰਗ ਦੀ ਚਾਹਨਾ ਰੱਖਦੇ ਹਨ ਅਤੇ ਭਗਤੀ ਮਾਰਗ ਦੇ ਧਾਰਨੀ ਪ੍ਰੇਮ ਮਾਰਗ ਦੀ, ਪਰ ਗੁਰਮੁਖਾਂ ਦੀ ਮਰਿਆਦਾ ਇਨ੍ਹਾਂ ਦੋਵਾਂ ਤੋਂ ਵੱਖਰੀ ਹੈ। ਗੁਰਮੁਖ ਉਸ ਅਲੱਖ ਪ੍ਰਭੂ ਦੀ ਪ੍ਰੇਮਾ ਭਗਤੀ ਦੇ ਮਾਰਗ ’ਤੇ ਚੱਲਦੇ ਹਨ। ਇਹ ਵੀ ਇਕ ਹੈਰਾਨੀ ਵਾਲੀ ਗੱਲ ਹੈ ਕਿ ਕਿਸੇ ਦਾ ਵਿਸ਼ਵਾਸ਼ ਪ੍ਰਭੂ ਦੇ ਨਿਰਗੁਨ ਸਰੂਪ ਦੀ ਪੂਜਾ ਕਰਨ ਵਿੱਚ ਹੈ ਤੇ ਕਿਸੇ ਦਾ ਪ੍ਰਭੂ ਦੇ ਸਰਗੁਨ ਸਰੂਪ ਦੀ, ਪਰ ਗੁਰਮੁਖ ਜਨਾਂ ਦਾ ਵਿਸ਼ਵਾਸ਼ ਤੇ ਪ੍ਰਤੀਤੀ ਉਸ ਅਲੱਖ ਪ੍ਰਭੂ ਵਿੱਚ ਹੈ, ਜੋ ਨਿਰਗੁਣ ਤੇ ਸਰਗੁਣ ਦੋਵੇਂ ਰੂਪਾਂ ’ਚ ਮੌਜੂਦ ਹੈ ਭਾਵ ਨਿਰਾਕਾਰ (ਨਿਰਗੁਣ) ਤੋਂ ਪ੍ਰਭਾਵਤ ਰਹਿ ਕੇ ਸਰਗੁਣ (ਆਕਾਰ, ਸੰਸਾਰ) ਨਾਲ਼ ਇੱਕ ਪਰਿਵਾਰਕ ਸਾਂਝ ਵਾਂਗ ਪਿਆਰ ਕਰਨਾ, ਹੀ ਨਿਰਗੁਣ ਤੇ ਸਰਗੁਣ ’ਤੇ ਵਿਸ਼ਵਾਸ ਰੱਖਣਾ ਹੈ। 

‘ਜੋਗ’ ਦਾ ਅਰਥ ਹੈ: ਜੁੜਿਆ ਹੋਇਆ। ਜੋਗੀ ਉਸ ਨੂੰ ਕਹਿੰਦੇ ਹਨ, ਜੋ ਪ੍ਰਭੂ ਨਾਲ ਜੁੜਿਆ ਹੋਵੇ, ਪਰ ਸਮਾਜਿਕ ਪਰਿਭਾਸ਼ਾ ਕੁਝ ਹੋਰ ਹੈ ਭਾਵ ਜੋਗੀ, ਜੋਗ ਸਾਧਨਾ (ਨਿਉਲੀ ਕਰਮ) ਕਰਦੇ ਰਹਿੰਦੇ ਹਨ ਜੋ ਕਿ ਗੁਰੂ ਸਾਹਿਬਾਨਾਂ ਦੇ ਵਕਤ ਤੱਕ ਇਕ ਕਰਮਕਾਂਡ ਬਣ ਚੁੱਕਾ ਸੀ। ਜੋ ਜੋਗ ਸਾਧਨਾ ਵਿੱਚ ਪੁੱਗੇ ਹੋਏ (ਰਿਧੀਆਂ ਸਿੱਧੀਆਂ ਦੇ ਮਾਲਕ) ਵੀ ਸਨ ਉਨ੍ਹਾਂ ਨੂੰ ਵੀ ਪ੍ਰਭੂ ਦੀ ਪ੍ਰਾਪਤੀ ਨਹੀਂ ਹੋ ਰਹੀ ਸੀ (ਕਿਉਂਕਿ ਅੰਤਹਿਕਰਣ ਮਲੀਨ ਸੀ)। ਗੁਰੂ ਨਾਨਕ ਦੇਵ ਜੀ ਨੇ ਐਸੇ ਕਈ ਜੋਗੀਆਂ ਨੂੰ, ਜੋ ਜੋਗ ਵਿੱਚ ਪੁੱਗੇ ਹੋਏ ਅਖਵਾਉਂਦੇ ਸਨ, ਸਿੱਧੇ ਰਸਤੇ ਪਾਇਆ ਭਾਵ ਨਿਉਲੀ ਕਰਮਾਂ ਰਾਹੀਂ ਕੀਤੀ ਜਾ ਰਹੀ ਸਰੀਰਕ ਸਫ਼ਾਈ ਦੀ ਬਜਾਏ ਮਨ ਦੇ ਉਨ੍ਹਾਂ ਫੁਰਨਿਆਂ ਦਾ ਅਭਾਵ ਕਰਵਾਇਆ ਜਿਸ ਨਾਲ ‘‘ਜੋਗ ਬਿਖੈ ਭੋਗ ਅਰੁ ਭੋਗ ਬਿਖੈ ਜੋਗ..॥’’ ਲਾਲਸਾ ਪ੍ਰਬਲ ਹੋਈ ਸੀ।

ਭੋਗੀ, ਜੋ ਸੰਸਾਰ ਦੇ ਭੋਗਾਂ ਵਿੱਚ ਪਰਵਿਰਤ ਸਨ ਉਹ ਤਾਂ ਵੈਸੇ ਹੀ ਪ੍ਰਭੂ ਦੀ ਪ੍ਰਾਪਤੀ ਦੇ ਮਾਰਗ ਤੋਂ ਬਹੁਤ ਦੂਰ ਸਨ। ਜੋਗੀ, ਸੋਚਦੇ ਸਨ ਕਿ ਭੋਗੀ ਅੱਛੇ ਹਨ ਤੇ ਭੋਗੀ, ਭੋਗਾਂ ਕਰ ਕੇ ਦੁੱਖੀ ਸਨ ਤੇ ਸੋਚਦੇ ਸਨ ਕਿ ਜੋਗ ਮਾਰਗ ਅੱਛਾ ਹੈ, ਪਰ ਗੁਰੂ ਦੀ ਮਤਿ ’ਤੇ ਚੱਲਣ ਵਾਲੇ ਹੀ ਅਸਲ ਜੋਗੀ ਤੇ ਅਸਲ ਭੋਗੀ (ਭਾਵ ਦੋਵੇਂ) ਹਨ। ਗੁਰੂ, ਸਿੱਖ ਦੇ ਅੰਦਰ ਪਰਮਾਤਮਾ ਦੇ ਗੁਣ ਭਰਦਾ ਹੈ ਅਤੇ ਪ੍ਰਮਾਤਮਾ ਦਾ ਇਕ ਗੁਣ ਇਹ ਵੀ ਹੈ ‘‘ਜੋਗੀ ਅੰਦਰਿ, ਜੋਗੀਆ॥ ਤੂੰ ਭੋਗੀ ਅੰਦਰਿ, ਭੋਗੀਆ॥’’ (ਮ:੧/ਅੰਕ ੭੧)

ਪੁਰਾਣੇ ਰਿਸ਼ੀਆਂ ਮੁਨੀਆਂ ਦੇ ਵਿਚਾਰ ਵੱਖ ਵੱਖ ਸਨ। ਕੋਈ ਗਿਆਨ ਮਾਰਗ ਨੂੰ ਪ੍ਰਧਾਨ ਮੰਨਦਾ ਸੀ ਕੋਈ ਧਿਆਨ ਮਾਰਗ ਨੂੰ, ਪਰ ਗੁਰੂ ਦਾ ਸਿੱਖ ਦੋਵਾਂ ਨੂੰ ਅਧੂਰਾ ਜਾਣਦਾ ਹੈ ਤੇ ਗੁਰੂ ਤੋਂ ਗਿਆਨ ਵੀ ਹਾਸਲ ਕਰਦਾ ਹੈ ਅਤੇ ਗੁਰੂ ਦੇ ਸ਼ਬਦ ਦਾ ਧਿਆਨ ਲਾ ਕੇ ਉਸ ਵਿੱਚ ਸੁਰਤਿ ਵੀ ਜੋੜਦਾ ਹੈ। ਗੁਰਸਿੱਖ ਦਾ ਇਹ ਮਾਰਗ ਇਕ ਵੱਖਰਾ ਹੀ ਮਾਰਗ ਹੈ ਜਿਸ ’ਤੇ ਚੱਲ ਕੇ ਉਹ ਆਪਣਾ ਜਨਮ ਸਫਲਾ ਕਰਦਾ ਹੈ। ਇਸੇ ਤਰ੍ਹਾਂ ਪਹਿਲੇ ਵਿਚਾਰਵਾਨਾਂ ਦੇ ਅੱਡ ਅੱਡ ਮਾਰਗ ਬਿਆਨ ਕੀਤੇ। ਕਿਸੇ ਦਾ ਪ੍ਰੇਮ ਮਾਰਗ ਤੇ ਕਿਸੇ ਦਾ ਭਗਤੀ ਮਾਰਗ, ਪਰ ਗੁਰਸਿੱਖ ਦਾ ਮਾਰਗ ਇਨ੍ਹਾਂ ਦੋਵਾਂ ਤੋਂ ਵੱਖਰਾ ਪ੍ਰੇਮਾ ਭਗਤੀ ਦਾ ਮਾਰਗ ਅਖਵਾਇਆ। ਗੁਰਬਾਣੀ ਅਨੁਸਾਰ ਪ੍ਰੇਮ ਤੇ ਭਗਤੀ ਦਾ ਆਪਸ ਵਿੱਚ ਗੂੜ੍ਹਾ ਸੰਬੰਧ ਹੈ। ਇਕੱਲਾ ਪ੍ਰੇਮ ਮਾਰਗ ਵੀ ਪੂਰਾ ਨਹੀਂ ਤੇ ਪ੍ਰੇਮ ਤੋਂ ਬਿਨਾ ਭਗਤੀ ਵੀ ਨਹੀਂ ਹੋ ਸਕਦੀ। ਫੁਰਮਾਨ ਹੈ: ‘‘ਸਾਧਸੰਗਤਿ ਬਿਨਾ ਭਾਉ ਨਹੀ ਊਪਜੈ, ਭਾਵ ਬਿਨੁ ਭਗਤਿ ਨਹੀ ਹੋਇ ਤੇਰੀ॥’’ (ਭਗਤ ਰਵਿਦਾਸ ਜੀ/ਅੰਕ ੬੯੪) ਭਾਵ ਆਪਸੀ ਪਿਆਰ (ਸਰਗੁਣ) ਤੋਂ ਬਿਨਾਂ ਕਣ ਕਣ ਵਿੱਚ ਵਿਆਪਕ (ਨਿਰਗੁਣ) ਨਾਲ ਵੀ ਪ੍ਰੇਮ ਨਾਹੀਂ ਉਤਪਨ ਹੁੰਦਾ।

ਇਸੇ ਪ੍ਰਕਾਰ ਕੋਈ ਨਿਰਗੁਨ ਦੀ ਪੂਜਾ ਕਰ ਰਿਹਾ ਹੈ ਤੇ ਕੋਈ ਸੁਰਗੁਨ ਦੀ। ਸਿੱਖ ਨੂੰ ਗੁਰੂ ਤੋਂ ਇਹ ਸਿਖਿਆ ਮਿਲਦੀ ਹੈ ਕਿ ਪਰਮਾਤਮਾ ਨਿਰਗੁਨ ਵੀ ਹੈ ਤੇ ਸਰਗੁਨ ਵੀ। ਨਿਰਗੁਨ ਸਰੂਪ ਵਿੱਚ ਉਹ ਕੇਵਲ ਆਪ ਹੀ ਆਪ ਹੈ ਅਤੇ ਸਰਗੁਨ ਸਰੂਪ ਵਿੱਚ ਉਹ ਆਪਣੀ ਪੈਦਾ ਕੀਤੀ ਸਾਰੀ ਰਚਨਾ ਵਿੱਚ ਵਿਆਪਕ ਹੈ। ਗੁਰਬਾਣੀ ਫੁਰਮਾਨ ਵੀ ਹੈ: ‘‘ਨਿਰਗੁਨੁ ਆਪਿ, ਸਰਗੁਨੁ ਭੀ ਓਹੀ॥ ਕਲਾ ਧਾਰਿ, ਜਿਨਿ ਸਗਲੀ ਮੋਹੀ॥ ਅਪਨੇ ਚਰਿਤ ਪ੍ਰਭਿ, ਆਪਿ ਬਨਾਏ॥ ਅਪੁਨੀ ਕੀਮਤਿ, ਆਪੇ ਪਾਏ॥’’ (ਮ:੫/ਅੰਕ ੨੮੭) ਇਸ ਲਈ ਗੁਰੂ ਦਾ ਸਿੱਖ ਇਸੇ ਵਿਸ਼ਵਾਸ ’ਤੇ ਆਪਣੇ ਜੀਵਨ ਦੀ ਗੱਡੀ ਅਗਾਂਹ ਤੋਰਦਾ ਹੈ ਕਿ ਸਭ ਕੁਝ ਪ੍ਰਭੂ ਆਪ ਹੀ ਕਰ ਤੇ ਕਰਾ ਰਿਹਾ ਹੈ। ਨਿਰਗੁਨ ਵੀ ਤੇ ਸਰਗੁਨ ਵੀ। ਉਹ ਉਸ ਨੂੰ ਵੱਖ ਵੱਖ ਨਹੀਂ ਜਾਣਦਾ ਤੇ ਨਾ ਹੀ ਫ਼ਜ਼ੂਲ ਦੇ ਝਮੇਲਿਆਂ ਵਿੱਚ ਫੱਸਦਾ ਹੈ।

‘ਸਾਰ’ ਇਹ ਹੈ ਕਿ ਗੁਰੂ ਦੇ ਸਿੱਖ ਦਾ ਅਧਿਆਤਮਕ ਮਾਰਗ ਸਭ ਤੋਂ ਵੱਖਰਾ ਹੈ। ਉਹ ਜੋਗੀ ਭੀ ਹੈ ਤੇ ਭੋਗੀ ਭੀ। ਉਹ ਗਿਆਨਵਾਨ ਵੀ ਹੈ ਤੇ ਸੁਰਤ ਕਰਕੇ ਗੁਰੂ ਵੱਲ ਧਿਆਨ ਵੀ ਜੋੜਦਾ ਹੈ। ਉਹ ਪ੍ਰੇਮ ਤੇ ਭਗਤੀ ਦਾ ਸੁਮੇਲ ਹੈ, ਪ੍ਰੇਮਾ ਭਗਤੀ ਵਿਚ ਵਿਸ਼ਵਾਸ ਰੱਖਦਾ ਹੈ। ਉਸ ਨੂੰ ਸੋਝੀ ਹੈ ਕਿ ਪਰਮਾਤਮਾ ਆਪ ਹੀ ਆਪ ਹੈ ਚਾਹੇ ਸਰਗੁਨ ਹੈ ਚਾਹੇ ਨਿਰਗੁਨ ਹੈ: ‘‘ਸਰਗੁਨ ਨਿਰਗੁਨ ਨਿਰੰਕਾਰ; ਸੁੰਨ ਸਮਾਧੀ ਆਪਿ ॥ ਆਪਨ ਕੀਆ ਨਾਨਕਾ  ! ਆਪੇ ਹੀ ਫਿਰਿ ਜਾਪਿ ॥’’ (ਮ: ੫/੨੯੦)