ਪੈਨਸਲਵੇਨੀਆ ਅਸੈਂਬਲੀ ਵਿਚ ਅਪ੍ਰੈਲ ਦੇ ਮਹੀਨੇ ਨੂੰ ‘ਸਿੱਖ ਅਵੇਅਰਨੈੱਸ ਮੰਥ’ ਵਜੋਂ ਐਲਾਨਿਆ

0
274

ਪੈਨਸਲਵੇਨੀਆ ਅਸੈਂਬਲੀ ਵਿਚ ਅਪ੍ਰੈਲ ਦੇ ਮਹੀਨੇ ਨੂੰ ‘ਸਿੱਖ ਅਵੇਅਰਨੈੱਸ ਮੰਥ’ ਵਜੋਂ ਐਲਾਨਿਆ

ਪੈਨਸਲਵੇਨੀਆ ਅਸੈਂਬਲੀ ਵਿਚ ਮਨਾਇਆ ਗਿਆ ਵੈਸਾਖੀ ਦਾ ਦਿਹਾੜਾ

ਮੋਦੀ ਸਰਕਾਰ ਸਮੇਂ ਸਿੱਖਾਂ ਦੀ ਸ਼ਨਾਖ਼ਤ ਨੂੰ ਖ਼ਤਰਾ ਪਰ ਵਿਦੇਸ਼ਾਂ ਵਿਚ ਮਿਲ ਰਹੀ ਹੈ ਵੈਸਾਖੀ ਨੂੰ ਮਾਨਤਾ : ਹਿੰਮਤ ਸਿੰਘ

ਹੈਰੇਸ ਵਰਗ (ਪੈਨਸਲਵੇਨੀਆ) : 19 ਅਪ੍ਰੈਲ

ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂ.ਐਸ.ਏ.) ਵੱਲੋਂ ਵੈਸਾਖੀ ਨੂੰ ‘ਵਰਲਡ ਸਿੱਖ ਡੇਅ’ ਵਜੋਂ ਦੁਨੀਆਂ ਭਰ ਵਿਚ ਨਿਰਧਾਰਿਤ ਕਰਾਉਣ ਲਈ ਚਲਾਈ ਗਈ ਮੁਹਿੰਮ ਨੂੰ ਦੁਨੀਆਂ ਭਰ ਵਿਚ ਵੱਡਾ ਹੁੰਗਾਰਾ ਮਿਲਿਆ ਹੈ, ਜਿਸ ਤਹਿਤ ਅਮਰੀਕਾ ਦੀ ਪੈਨਸਲਵੇਨੀਆ ਸਟੇਟ ਦੀ ਅਸੈਂਬਲੀ ਵਿਚ ਸਿੱਖ ਸੰਗਤ ਨੇ ਗਵਰਨਰ ਟੌਮ ਵੌਲਫ ਦੀ ਹਾਜ਼ਰੀ ਵਿਚ ਵਿਸਾਖੀ ਦਾ ਦਿਹਾੜਾ ਮਨਾਇਆ ਗਿਆ, ਇਸ ਸਮੇਂ ਪੈਨਸਲਵੇਨੀਆ ਅਸੈਂਬਲੀ ਵਿਚ ਅਪ੍ਰੈਲ ਦੇ ਸਾਰੇ ਮਹੀਨੇ ਨੂੰ ਹੀ ‘ਸਿੱਖ ਅਵੇਅਰਨੈੱਸ ਮੰਥ’ ਡਿਕਲੇਅਰ ਕੀਤਾ ਗਿਆ। ਇਸ ਸਮੇਂ ਵਿਸਾਖੀ ਨੂੰ ਅਮਰੀਕਾ ਵਿਚ ‘ਨੈਸ਼ਨਲ ਸਿੱਖ ਡੇਅ’ ਦੇ ਤੌਰ ਤੇ ਨਿਰਧਾਰਿਤ ਕਰਾਉਣ ਲਈ ਵੀ ਮਤਾ ਪਾ ਦਿੱਤਾ ਗਿਆ।

    ਅਮਰੀਕਾ ਦੀਆਂ 140 ਦੇ ਕਰੀਬ ਗੁਰਦੁਆਰਾ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਦਾ ਸਮਰਥਨ ਹਾਸਲ ਕਰ ਚੁੱਕੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂ.ਐਸ.ਏ.) ਦੇ ਕੋਆਰਡੀਨੇਟਰ ਸ. ਹਿੰਮਤ ਸਿੰਘ ਨੇ ਕਿਹਾ ਕਿ ਜਿੱਥੇ ਇਕ ਪਾਸੇ ਭਾਰਤ ਵਿਚ ਸਿੱਖਾਂ ਦੀ ਸ਼ਨਾਖ਼ਤ ਨੂੰ ਖ਼ਤਰਾ ਬਣਿਆ ਹੋਇਆ ਹੈ, ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਵਿਸਾਖੀ ਨੂੰ ਵਰਲਡ ਸਿੱਖ ਡੇਅ ਨਿਰਧਾਰਿਤ ਕਰਾਉਣ ਲਈ ਅਜੇ ਤੱਕ ਵੀ ਕੋਈ ਬਿਆਨ ਨਹੀਂ ਦਿੱਤਾ ਪਰ ਦੂਜੇ ਪਾਸੇ ਅਮਰੀਕਾ, ਕੈਨੇਡਾ ਆਦਿ ਮੁਲਕਾਂ ਵਿਚ ਸਿੱਖਾਂ ਦੇ ਵਿਸਾਖੀ ਦੇ ਦਿਹਾੜੇ ਨੂੰ ਮਾਨਤਾ ਦੇ ਦਿੱਤੀ ਗਈ ਹੈ ਅਤੇ ਸਿੱਖ ਜਥੇਬੰਦੀਆਂ ਨੇ ਹੁਣ ਵਿਸਾਖੀ ਦੇ ਦਿਹਾੜੇ ਨੂੰ ‘ਵਰਲਡ ਸਿੱਖ ਡੇਅ’ ਨਿਰਧਾਰਿਤ ਕਰਾਉਣ ਲਈ ਵੀ ਮੁਹਿੰਮ ਵਿੱਢ ਦਿੱਤੀ ਹੈ। ਪੈਨਸਲਵੇਨੀਆ ਦੇ ਹੈਰਸ ਵਰਗ ਸ਼ਹਿਰ ਵਿਚ ਅਸੈਂਬਲੀ ਵਿਚ ਮਨਾਏ ਗਏ ਵੈਸਾਖੀ ਦੇ ਦਿਹਾੜੇ ਵਿਚ ਜਿੱਥੇ ਅਸੈਂਬਲੀ ਦੇ ਗਵਰਨਰ ਟੌਮ ਵੌਲਫ ਹਾਜ਼ਰ ਸਨ ਉੱਥੇ ਹੀ ਸਟੇਟ ਅਸੈਂਬਲੀ ਦੇ ਪ੍ਰਤੀਨਿਧ ਨਿੱਕ ਮਿਕਰੈਲੀ, ਜੈਮਏ ਸਨਟੋਰਾ ਅਤੇ ਮਾਰਕੋ ਡੈਵਿਡਸਨ ਹਾਜ਼ਰ ਸਨ। ਪੈਨਸਲਵੇਨੀਆ ਦੀ ਅਸੈਂਬਲੀ ਵਿਚ ਵੈਸਾਖੀ ਦਾ ਦਿਹਾੜਾ ਮਨਾਉਣ ਲਈ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਖ਼ਜ਼ਾਨਚੀ ਕੇਵਲ ਸਿੰਘ, ਮੈਂਬਰ ਡਾ. ਬਖ਼ਸ਼ੀਸ਼ ਸਿੰਘ, ਭਗਤ ਸਿੰਘ ਪੈਨਸਲਵੇਨੀਆ, ਕੁਲਵੰਤ ਸਿੰਘ, ਤੇਜੀ, ਨਰਿੰਦਰ ਸਿੰਘ ਅਤੇ ਹੋਰ ਸਿੱਖ ਆਗੂ ਅਤੇ ਅਸੈਂਬਲੀ ਦੇ ਪ੍ਰਤੀਨਿਧ ਵੀ ਹਾਜ਼ਰ ਸਨ। ਕੋਆਰਡੀਨੇਟਰ ਸ. ਹਿੰਮਤ ਸਿੰਘ ਨੇ ਦੱਸਿਆ ਕਿ ਸਾਡਾ ਅਗਲਾ ਟੀਚਾ ਹੈ ਕਿ ਅਸੀਂ ਵੈਸਾਖੀ ਦੇ ਦਿਹਾੜੇ ਨੂੰ ‘ਵਰਲਡ ਸਿੱਖ ਡੇਅ’ ਦੇ ਤੌਰ ਤੇ ਨਿਰਧਾਰਿਤ ਕਰਵਾ ਕੇ ਹੀ ਰਹਾਂਗੇ।

ਵੈਸਾਖੀ ਫ਼ੋਟੋ : ਪੈਨਸਲਵੇਨੀਆ ਦੀ ਅਸੈਂਬਲੀ ਵਿਚ ਵੈਸਾਖੀ ਦਾ ਦਿਹਾੜਾ ਮਨਾਉਣ ਸਮੇਂ ਅਸੈਂਬਲੀ ਦੇ ਗਵਰਨਰ ਟੌਮ ਵੋਲਫ ਨਾਲ ਖੜੇ ਸਿੱਖ ਆਗੂ।

ਜਾਰੀ ਕਰਤਾ

ਕੇਵਲ ਸਿੰਘ ਖ਼ਜ਼ਾਨਚੀ

ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂ.ਐਸ.ਏ.)