25.1 C
Jalandhar
Monday, April 13, 2026
spot_img
Home Blog Page 141

‘ੴ ਸਤਿ’ ਦੀ ਸੰਧੀ ਤੇ ਪ੍ਰਾਚੀਨ ਹੱਥ-ਲਿਖਤ ਬੀੜਾਂ ਵਿੱਚ ਮੰਗਲ ਅੰਕਿਤ ਕਰਨ ਦੀ ਵਿਧੀ

0

‘ੴ ਸਤਿ’ ਦੀ ਸੰਧੀ ਤੇ ਪ੍ਰਾਚੀਨ ਹੱਥ-ਲਿਖਤ ਬੀੜਾਂ ਵਿੱਚ ਮੰਗਲ ਅੰਕਿਤ ਕਰਨ ਦੀ ਵਿਧੀ

ਪ੍ਰਿੰਸੀਪਲ ਹਰਿਭਜਨ ਸਿੰਘ ਦੀ ਗੁਰਬਾਣੀ ਵਿਆਖਿਆਕਾਰੀ

ਪ੍ਰਿੰਸੀਪਲ ਸਤਿਨਾਮ ਸਿੰਘ, 1186 ਸੈਕਟਰ 18 ਸੀ (ਚੰਡੀਗੜ੍ਹ) 98880-47979

ਦੂਜੇ ‘ਮਿਲੀਨੀਅਮ’ ਦੀ ਸੰਸਾਰ ਨੂੰ ਸਭ ਤੋਂ ਮਹਾਨ ਦੇਣ ਦਸੋਂ ਨਾਨਕ ਜੋਤ ਅਤੇ ਉਨ੍ਹਾਂ ਦਾ ਸ਼ਾਹਕਾਰ ਗੁਰੂ ਗ੍ਰੰਥ ਸਾਹਿਬ ਅਗਲੀ ਆਉਣ ਵਾਲੀ ਹਰ ਸਦੀ ਤੱਕ ਬੇਜੋੜ ਅਤੇ ਬੇਮਿਸਾਲ ਰਹੇਗਾ। ਸਿੱਖ ਸਤਿਗੁਰਾਂ ਨੂੰ ਇਸ ਮਨੁੱਖੀ ਅਲਪ ਬੁੱਧੀ ਨਾਲ ਸਮਝਣਾ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਸਾਈ ਜੀਵਨ ਰੀਤ ਨੂੰ ਰਿਦੈ ਬਸਾ ਅਤੇ ਅਮਲਾ ਕੇ ਸੰਸਾਰ ਪੰਧ ਨੂੰ ਪੂਰਾ ਕਰ, ਮੁੜ ਜੋਤੀ ਜੋਤ ਸਮਾਉਣਾ, ਮਾਤ੍ਰ ਕਤੇਬੀ ਗਿਆਨ ਨਹੀਂ। ਇਸ ਗੁਰਮਤਿ ਗਾਡੀ ਰਾਹ ਨੂੰ ਵਾਚਨ, ਵੀਚਾਰਨ ਅਤੇ ਅਪਣਾਉਣ ਦਾ ਪਹਿਲਾ ਕਰੀਨਾ ਹੈ ਪੰਜਾਂ (ਕਾਮ, ਕਰੋਧ, ਲੋਭ, ਮੋਹ, ਅਹੰਕਾਰ) ਦਾ ਤਿਆਗ ਅਤੇ ਬਿਨ ਸਿਰ; ਇਸ ਖੰਨਿਓ ਤਿੱਖੇ ਤੇ ਵਾਲੋਂ ਨਿੱਕੇ ਮਾਰਗ ਦਾ ਪਾਂਧੀ ਹੋਣਾ। ਧੁਰੋਂ ਆਈ ਖਸਮ ਦੀ ਬਾਣੀ ਦੇ ਭੇਦਾਂ ਨੂੰ ਖੁਦ ਸਮਝ, ਦੂਜਿਆਂ ਤੇ ਖੋਲਣਾ ਹਾਰੀ ਸਾਰੀ ਦਾ ਕੰਮ ਨਹੀਂ, ਇਹ ਤਾਂ ਕਿਸੇ ਟਾਂਵੀ ਟਾਂਵੀ ਦੈਵੀ ਆਤਮਾ ਉੱਤੇ ਉਸ ਕਰਤੇ ਦੀ ਨਦਰ ਦਾ ਹੀ ਨਤੀਜਾ ਹੁੰਦਾ ਹੈ। ਗੁਰੂ ਮਹਾਰਾਜ ਦੇ ਸਮਕਾਲੀ ਮਹਾਨ ਗੁਰਸਿੱਖਾਂ ਨੇ ਵੀ ਇਸ ਅਥਾਹ ਸਾਗਰ ’ਚੋਂ ਹੰਸ ਬਿਰਤੀ ਅਧੀਨ ਮੋਤੀ ਹੀ ਚੁਣੇ ਸਨ। ਇਸ ਦਾ ਥਹੁ ਪਾਉਣ ਦਾ ਕਦੇ ਗੁਮਾਨ ਨਹੀਂ ਸੀ ਕੀਤਾ ਅਤੇ ਅਜੋਕੇ ਯੁੱਗ ਵਿੱਚ ਐਸਾ ਦਾਹਵਾ ਕਰਨ ਬਾਰੇ ਇੱਕ ਛਿਨ ਭਰ ਦੀ ਸੋਚ, ਮੱਤ ਹੀਣ ਢੀਠਤਾ ਤੋਂ ਵੱਧ ਕੁਝ ਵੀ ਨਹੀਂ।

ਗੁਰਬਾਣੀ ਕੀ ਆਖਦੀ ਹੈ, ਕੀ ਸਮਝਾਉਂਦੀ ਹੈ ਇਹ ਤਾਂ ਸਿਰਫ ਤੇ ਸਿਰਫ ਸਤਿਗੁਰ ਆਪ ਹੀ ਜਾਣਦੇ ਸਨ ਤੇ ਉਹੀ ਇਸ ਦੇ ਅਸਲੀ ਤੇ ਪਹਿਲੇ ਵਿਆਖਿਆਕਾਰ (ਸਹਿਜ ਪ੍ਰਣਾਲੀ) ਸਨ। ਸਤਿਗੁਰਾਂ ਤੋਂ ਬਾਅਦ ਸਮਕਾਲੀ ਭਾਈ ਗੁਰਦਾਸ ਜੀ ਨੇ ਵਾਰਾਂ ਤੇ ਕਬਿਤਾਂ ਦੀ ਕੁੰਜੀ ਦੇ ਰੂਪ ਵਿੱਚ ਗੁਰਬਾਣੀ ਦੀ ਵਿਆਖਿਆ ਕੀਤੀ। ਫਿਰ ਸਮੇਂ ਸਮੇਂ ਗੁਰੂ ਘਰ ਦੇ ਅਨਿੰਨ ਸ਼ਰਧਾਲੂ ਤੇ ਪਰਮ ਸੇਵਕਾਂ ਨੇ ਪਰਮਾਰਥ, ਸੰਪ੍ਰਦਾਈ, ਉਦਾਸੀ, ਨਿਰਮਲੇ ਆਦਿ ਪ੍ਰਣਾਲੀਆਂ ਦੇ ਨਾਮ ਥਲੇ ਗੁਰਬਾਣੀ ਦੀ ਵਿਆਖਿਆ ਕੀਤੀ। ਗੁਰਮਤ ਅਨੁਸਾਰੀ ਗੁਰਬਾਣੀ ਦੀ ਵਿਆਖਿਆ ਕਰਨਾ ਕਠਨ ਕੰਮ ਹੈ, ਕਿਉਂਕਿ ਹਰ ਕੋਈ ਧਰਮ ਨੂੰ ਕਰਮਕਾਂਡ ਅਤੇ ਬਾਹਰਲੀ ਰਹੁ-ਰੀਤ ਦੇ ਰੂਪ ਵਿੱਚ ਅਪਣਾਉਣ ਦੀ ਰੁਚੀ ਰੱਖਦਾ ਹੈ। ਧਰਮ ਦੀ ਅੰਦਰਲੀ ਸਚਾਈ ਜਾਂ ਰਹੱਸ ਤਾਂ ਬਹੁਤ ਘੱਟ ਵਿਅਕਤੀਆਂ ਨੂੰ ਸਮਝ ਗੋਚਰ ਹੁੰਦੀ ਹੈ। ਗੁਰਮਤ ਵਿਆਖਿਆ ਵਿੱਚ ਪ੍ਰਿੰਸੀਪਲ ਹਰਿਭਜਨ ਸਿੰਘ ਪ੍ਰਸਿਧ ਵਿਦਵਾਨਾਂ ਡਾ. ਬਲਬੀਰ ਸਿੰਘ, ਭਾਈ ਜੋਧ ਸਿੰਘ, ਸਰਦਾਰ ਕਪੂਰ ਸਿੰਘ ਅਤੇ ਪ੍ਰਿੰਸੀਪਲ ਸਾਹਿਬ ਸਿੰਘ ਆਦਿ ਸਿੱਖ ਬੁੱਧੀਜੀਵੀ ਵਰਗ ਦਾ ਸੁਯੋਗ ਉਤਰਾਧਿਕਾਰੀ ਸੀ। ਵਿਸ਼ੇ ਦੀ ਬਾਰੀਕੀ, ਅਰਥਾਤ ਸੂਖਮਤਾ ਅਤੇ ਵਿਵਰਨ ਵਿੱਚ ਦੂਰ ਤੱਕ ਜਾ ਕੇ ਕਿਸੇ ਜ਼ਰੂਰੀ ਸਿਧਾਂਤ ਦੀ ਭਰਪੂਰ ਵਿਆਖਿਆ ਪੇਸ਼ ਕਰਨਾ ਅਤੇ ਥਾਂ ਪਰ ਥਾਂ ਗੁਰਬਾਣੀ ਦੀਆਂ ਉਦਾਹਰਨਾਂ ਦੇ ਕੇ ਵਿਸ਼ੇ ਦੀ ਪੁਸ਼ਟੀ ਕਰਨਾ ਜਾਂ ਅਰਬੀ, ਫਾਰਸੀ, ਉਰਦੂ ਦੀਆਂ ਨਜ਼ਮਾਂ ਤਥਾ ਅੰਗਰੇਜ਼ੀ ਉਕਤੀਆਂ ਨਾਲ ਗੁਰਬਾਣੀ ਵਿਆਖਿਆ ਨੂੰ ਪ੍ਰਮਾਣੀਕ ਬਣਾਉਣਾ ਪ੍ਰਿੰਸੀਪਲ ਹਰਿਭਜਨ ਸਿੰਘ ਦੀ ਵਿਆਖਿਆ ਕਲਾ ਦੀ ਵਿਸ਼ੇਸ਼ ਪ੍ਰਾਪਤੀ ਸੀ।

ਪ੍ਰਿੰਸੀਪਲ ਹਰਿਭਜਨ ਸਿੰਘ ਦੀ ਹਯਾਤ ਦਾ ਸਫਰ ‘ਵੈਸਾਖ ਭਲਾ ਸਾਖਾ ਵੇਸ ਕਰੇ’ 9 ਅਪ੍ਰੈਲ 1909 ਨੂੰ ਇੱਕ ਸਰਲ ਸਾਦੇ ਅਤੇ ਪਵਿੱਤਰ ਆਤਮਾ ਦੰਪਤੀ ਮਾਤਾ ਗੰਗਾ ਤੇ ਪੂਜ ਪਿਤਾ ਸਰਦਾਰ ਈਸ਼ਰ ਸਿੰਘ ਦੇ ਗ੍ਰਹਿ ਵਿਖੇ ਜ਼ਿਲਾ ਅੰਮ੍ਰਿਤਸਰ ਦੇ ਘੁੱਗ ਵਸਦੇ ਦੀਪ ਨਗਰ, ਠਰੂ ਵਿੱਚ ਆਰੰਭ ਹੋਇਆ। 7 ਕੁ ਸਾਲ ਦੇ ਹੋਏ, ਮਦਰਸੇ (ਪੇਂਡੂ ਸਕੂਲ) ਭੇਜਣ ਦੀ ਗਲ ਤੁਰੀ। ਪਰ ਸਾਂਈ ਬੁਲੇ ਸ਼ਾਹ ਦੇ ਸੂਫੀਆਨਾ ਕਲਾਮ, ਜਦ ਮੈਂ ਹਰਫ਼ ਅਲਫ ਦਾ ਪੜਿਆ ਮੇਰਾ ਮਕਤਬ ਤੋਂ ਦਿਲ ਡਰਿਆ, ਸਕੂਲ ਦੇ ਡਰ ਤੋਂ ਡੁਸਕਦਿਆਂ ਢਾਈ ਕੁ ਸਾਲ ਹੋਰ ਲੰਘ ਗਏ। ਆਖਰ ਸਾਢੇ ਨੌਂ ਕੁ ਸਾਲ ਦੀ ਉਮਰੇ ਪਿੰਡ ਦੇ ਪ੍ਰਾਇਮਰੀ ਸਕੂਲ ਦਾਖਲ ਹੋਏ। ਬਸ ਫੇਰ ਕੀ ਸੀ ‘‘ਜਨਮ ਜਨਮ ਕਾ ਸੋਇਆ ਜਾਗੈ ॥’’ (ਮ: ੫/੮੬੯) ਅਨੁਸਾਰ ਚਾਰ ਜਮਾਤਾਂ ਤਿੰਨਾਂ ਸਾਲਾਂ ਵਿੱਚ ਹੀ ਪਹਿਲੇ ਨੰਬਰ ’ਤੇ ਰਹਿ ਪਾਸ ਕੀਤੀਆਂ। ਪਿੰਡ ਦੇ ਹੀ ਸੰਤ ਦਫੇਦਾਰ ਭਗਤ ਸਿੰਘ ਦੇ ਅਸਰ ਅਧੀਨ ਗੁਰਸਿੱਖੀ ਪਿਆਰ ਜਾਗਿਆ ਤੇ ਚੌਥੀ ਕਲਾਸ ’ਚ 1921 ਦੀ ਵਿਸਾਖੀ ਪੁਰਬ ਸਮੇਂ ‘ਖੰਡੇ ਦੀ ਪਾਹੁਲ’ ਲੈ ਸਿੰਘ ਸਜੇ। ਤੇਰਾਂ ਕੁ ਸਾਲ ਦੀ ਉਮਰ ’ਚ ਸ੍ਰੀ ਗੁਰੂ ਅਰਜਨ ਦੇਵ ਖਾਲਸਾ ਹਾਈ ਸਕੂਲ ਤਰਨਤਾਰਨ ਦਾਖਲੇ ਤੋਂ ਬਾਅਦ ਵਿਦਿਅਕ ਖੇਤਰ ਵਿੱਚ ਪਿੱਛਾ ਭਊਂ ਨਹੀਂ ਵੇਖਿਆ। ਬੀ.ਏ., ਐਸ.ਏ.ਵੀ. ਤੇ ਗਿਆਨੀ ਆਦਿ ਪੰਜਾਬ ’ਚ ਪਹਿਲੇ ਦੂਜੇ ਨੰਬਰ ’ਤੇ ਰਹਿ ਪਾਸ ਕੀਤੀਆਂ। ਸਾਗਰੀ ਸਕੂਲ ਰਾਵਲਪਿੰਡੀ ਸੈਕੰਡ ਮਾਸਟਰ, ਖਾਲਸਾ ਕਾਲਜ ਸਕੂਲ ਅੰਮ੍ਰਿਤਸਰ ਧਾਰਮਿਕ ਉਸਤਾਦ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਪ੍ਰੋਫੈਸਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਮੀਤ ਸਕੱਤਰ, ਐਡੀਸ਼ਨਲ ਸਕੱਤਰ ਤੇ ਸਕੱਤਰ ਦੀ ਵੱਡੀ ਹਾ ਹੂ ਵਾਲੀ ਚਾਕਰੀ ਤਿਆਗ 1960 ’ਚ ਧਾਰਮਿਕ ਰੁਚੀ ਅਧੀਨ ਪ੍ਰਿੰਸੀਪਲ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੀ ਪਦਵੀ ਨੂੰ ਤਰਜੀਹ ਦਿੱਤੀ।

ਪ੍ਰਿੰਸੀਪਲ ਹਰਿਭਜਨ ਸਿੰਘ ਨੇ ਛੋਟੀ ਉਮਰੇ ਹੀ ਪਿੰਡ ਦੇ ਵਿਰਕਤ ਸੰਤ ਦਫੇਦਾਰ ਭਗਤ ਸਿੰਘ ਅਤੇ ਪਿੰਡ ਅਮੀਂ ਸ਼ਾਹ ਖਾਲੜਾ ਦੇ ਸੰਤ ਈਸ਼ਰ ਦਾਸ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਰਦਾਈ ਵਿਆਖਿਆ ਦਾ ਗਿਆਨ ਪ੍ਰਾਪਤ ਕੀਤਾ। ਸੰਤ ਈਸ਼ਰ ਦਾਸ ਗੁਰਬਾਣੀ ਦੀ ਇੱਕ ਇੱਕ ਤੁੱਕ ਦੇ ਪੰਜ ਸੱਤ ਅਰਥ ਕਰਦੇ ਸਨ। ਆਖਿਰ ਜਦ ਖਾਲਸਾ ਕਾਲਜ ਸਕੂਲ ਧਾਰਮਿਕ ਉਸਤਾਦ ਲੱਗੇ, ਗੁਰਬਾਣੀ ਪੜ੍ਹੀ ਤੇ ਪੜ੍ਹਾਈ, ਸਿੰਘ ਸਭਾਈ ਗੁਰਸਿਖ ਗੁਰਬਾਣੀ ਰਸੀਆ ਤੇ ਵਿਆਖਿਆਕਾਰਾਂ ਦੀ ਸੰਗਤ ਕੀਤੀ, ਤਾਂ ਸਮਝ ਪਈ ਕਿ ਗੁਰਬਾਣੀ ਕਿਸੇ ਖਾਸ ਨਿਯਮਾਵਲੀ ਅਧੀਨ ਸੰਪਾਦਨ ਕੀਤੀ ਗਈ ਹੈ। ਪ੍ਰਿੰਸੀਪਲ ਤੇਜਾ ਸਿੰਘ, ਪ੍ਰਿੰਸੀਪਲ ਸਾਹਿਬ ਸਿੰਘ ਦੀਆਂ ਤਿਆਰ ਗੁਰਬਾਣੀ ਵਿਆਕਰਨਾਂ ਨੂੰ ਸਮਝਿਆ। ਗੁਰਬਾਣੀ ਦੀ ਹੀ ਤਾਂਘ ਖਾਲਸਾ ਸਕੂਲ ਤੋਂ ਆਪ ਨੂੰ ਸਿੱਖ ਮਿਸ਼ਨਰੀ ਕਾਲਜ ਲੈ ਆਈ। ਪਰ ਛੇਤੀ ਹੀ ਸਰਦਾਰ ਮੋਹਨ ਸਿੰਘ ਨਾਗੋਕੇ ਪ੍ਰਧਾਨ ਸ਼੍ਰੋ. ਕਮੇਟੀ ਦੀ ਪਾਰਖੂ ਨਜ਼ਰ ਦਫਤਰੀ ਕੰਮ ਵੱਲ ਖਿੱਚ ਲਿਆਈ। ਲਗਨ ਤੇ ਮਿਹਨਤ ਨਾਲ ਸਮਾਂ ਪਾ ਕੇ ਭਾਵੇਂ ਸਕੱਤਰ ਸ਼੍ਰੋ. ਕਮੇਟੀ ਤੱਕ ਪੁੱਜ ਗਏ, ਪਰ ਮਨ ਵਿੱਚ ਗੁਰਬਾਣੀ ਪਿਆਰ ਓਵੇਂ ਹੀ ਉਬਾਲੇ ਮਾਰਦਾ ਰਿਹਾ। ਸ਼੍ਰੋ. ਕਮੇਟੀ ’ਚ ਰਹਿੰਦਿਆਂ ਗੁਰੂ ਗ੍ਰੰਥ ਜੀ ਦੀ ਸ਼ੁੱਧ ਛਪਾਈ ਤੇ ਮੰਗਲਾਂ ਦੇ ਸਰਵ ਉੱਚ ਅਸਥਾਨ ਬਾਰੇ ਸਿਰ ਥੜ ਦੀ ਬਾਜ਼ੀ ਲਗਾਉਣੋਂ ਵੀ ਗੁਰੇਜ਼ ਨਹੀਂ ਕੀਤਾ। ਗੋਲੀ ਮਾਰ ਦੇਣ ਦੀ ਧਮਕੀ ਦੇ ਬਾਵਜੂਦ ਵੀ ਸਦਾ ਗੁਰਬਾਣੀ ’ਚ ਮੰਗਲਾਂ ਨੂੰ ਸਰਵ ਉੱਚ ਮੰਨਿਆ ਅਤੇ ਦਸ ਸਾਲ ਬੀੜ ਸਾਹਿਬਾਨ ਇਸੇ ਸਰਵ ਉੱਚ ਤਰਤੀਬ ਨਾਲ ਛਪਵਾਈਆਂ।

ਮੰਗਲਾਚਰਣ ਤਥਾ ਮੂਲ ਮੰਤਰ

ਪ੍ਰਿੰਸੀਪਲ ਹਰਿਭਜਨ ਸਿੰਘ ਅਨੁਸਾਰ ਮੰਗਲਾਚਰਨ ਤਥਾ ਮੂਲ ਮੰਤਰ ਸਰਵ ਉੱਚ ਹੈ ਤੇ ਸਭ ਤੋਂ ਪਹਿਲਾਂ ਹੈ। ਆਪ ਦਾ ਮੰਨਣਾ ਹੈ ਕਿ ਗੁਰੂ ਅਰਜਨ ਦੇਵ ਜੀ ਨੇ, ਸਮੁੱਚੇ ਗੁਰੂ ਗ੍ਰੰਥ ਸਾਹਿਬ ਵਿੱਚ ਬੱਝਵੀਂ ਤਰਤੀਬ ਅਨੁਸਾਰ ਹਰ ਥਾਂ, ਗੁਰੂ ਨਾਨਕ ਜੀ ਦੀ ਬਾਣੀ ਨੂੰ ਪਹਿਲ ਦਿੱਤੀ ਹੈ ਅਤੇ ਸਮੇਂ ਦੇ ਰਿਵਾਜ ਤੇ ਸ੍ਰੇਸ਼ਟਤਾ ਨੂੰ ਮੁੱਖ ਰੱਖ ਕੇ, ਮੰਗਲਾਚਰਣ ਤਥਾ ਮੂਲ ਮੰਤਰ ਨੂੰ ਸਭ ਤੋਂ ਪਹਿਲਾਂ ਆਦਿ ਵਿੱਚ ਸੁਸ਼ੋਭਿਤ ਕੀਤਾ ਹੈ, ਜਿਸ ਤੋਂ ਲਿਖਾਰੀ (ਗੁਰਦੇਵ ਜੀ) ਦੇ ਪੂਜਯ ਇਸ਼ਟ ਦੀ ਲੱਖਤਾ ਹੁੰਦੀ ਹੈ। ਆਪ ਜੀ ਦਾ ਵੀਚਾਰ ਹੈ ਕਿ ਆਦਿ ਸਤਿਗੁਰੂ ਜੀ ਨੇ ਆਪਣੀ ਸਿਧਾਂਤਕ ਸੇਧ ਤਾਂ ਇਸ ਮਹਾਨ-ਭਾਵੀ ਅਤੇ ਅਦੁੱਤੀ ਮੰਗਲਾਚਰਣ ਵਿੱਚ ਹੀ ਬਖਸ਼ ਦਿੱਤੀ ਹੈ, ਜਿਸ ਦੀ ਵਿਆਖਿਆ ਹੈ ‘ਜਪੁ ਜੀ’ ਅਤੇ ‘ਜਪੁ ਜੀ’ ਦੀ ਵਿਆਖਿਆ ਹੈ ‘ਗੁਰੂ ਗ੍ਰੰਥ ਸਾਹਿਬ’।

ਧਰਮ-ਗ੍ਰੰਥ ਅਥਵਾ ਹੋਰ ਰਚਨਾਵਾਂ ਦੇ ਆਰੰਭ ਵਿੱਚ ਸਵੈ ਇਸ਼ਟ ਦੇਵ ਦੀ ਆਰਾਧਨਾ ਵਜੋਂ ਮੰਗਲ, ਮੰਗਲਚਾਰ, ਮੰਗਲਾਚਾਰ, ਮੰਗਲਾਚਰਣ ਲਿਖਣ ਦਾ ਰਿਵਾਜ ਬੜਾ ਪੁਰਾਣਾ ਰਿਹਾ ਹੈ। ਵੇਦਾਂ ਤੇ ਉਪਨਿਸ਼ਦਾਂ ਵਿੱਚ ਇਸ ਦੀ ਵਰਤੋਂ ਓਮ ਮੰਗਲ ਕਰਕੇ ਕੀਤੀ ਗਈ ਹੈ ਤੇ ਕੁਰਾਨ ਸ਼ਰੀਫ ਵਿੱਚ ਬਿੱਸਮਿੱਲਾ ਹਿਰਹਮਾਨੁੱਰਹੀਮ ਕਰ ਕੇ।

ਪ੍ਰਿੰਸੀਪਲ ਹਰਿਭਜਨ ਸਿੰਘ ਨੇ ਮੰਗਲਾਚਰਣ ਦੇ ਤਿੰਨ ਭੇਦ ਮੰਨੇ ਹਨ :

1 . ਵਸਤੂ ਨਿਰਦੇਸ਼ਾਤਮਿਕ : ਗ੍ਰੰਥ ਵਿੱਚ ਜਿਸ ਦਾ ਜ਼ਿਕਰ ਕਰਨਾ ਹੈ, ਉਸ ਦੇ ਹੀ ਗੁਣ, ਮਹਿਮਾ, ਲੱਛਣ, ਬੋਧ ਕਰਾਉਣ ਵਾਲਾ ਮੰਗਲ, ਜੈਸੇ ‘‘ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥’’, ਆਦਿ ।

2. ਅਸ਼ੀਰਵਾਦਾਤਮਿਕ :ਜਿਸ ਤੋਂ ਕਲਿਆਣ ਦੀ ਕਾਮਨਾ ਕੀਤੀ ਜਾਵੈ, ਜੈਸੇ-‘ਵਾਹਿਗੁਰੂ ਜੀ ਕੀ ਫਤਹਿ॥’ ਜਾਂ ‘ਜੈ ਤੇਗੰ, ਸ੍ਰੀ ਜੈ ਤੇਗੰ ॥’

3. ਨਮਸਕਾਰਾਤਮਿਕ :ਜਿਸ ਵਿਚ ਪਰਣਾਮ ਕੀਤਾ ਜਾਵੇ, ਜੈਸੇ – ‘ਨਮਸਕਾਰ ਗੁਰਦੇਵ ਕੋ ……….’

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਧੇਰੇ ਕਰ ਕੇ ਵਸਤੂ ਨਿਰਦੇਸ਼ਾਤਮਿਕ ਮੰਗਲ ਦੀ ਵਰਤੋਂ ਹੋਈ ਹੈ। ਪਾਠ ਕਰਨ ਵਾਲੇ ਸੱਜਣ ਜਾਣਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਜੀ ਵਿੱਚ ਜਦ ਕੋਈ ਨਵਾਂ ਰਾਗ ਅਰੰਭ ਹੁੰਦਾ ਹੈ, ਜਾਂ ਕਿਸੇ ਗੁਰੂ, ਭਗਤ, ਵਿਅਕਤੀ, ਸ਼ਬਦਾਂ ਦੇ ਸੰਗ੍ਰਹਿ (set), ਅਸਟਪਦੀਆਂ ਤੇ ਘਰ ਆਦਿ ਦੀ ਤਬਦੀਲੀ ਹੁੰਦੀ ਹੈ, ਤਾਂ ਆਮ ਕਰਕੇ ਸੰਪੂਰਨ ਜਾਂ ਸੰਖੇਪ ਮੰਗਲ ਦੀ ਵਰਤੋਂ ਕੀਤੀ ਗਈ ਹੈ ।

ਪ੍ਰਿੰਸੀਪਲ ਹਰਿਭਜਨ ਸਿੰਘ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਏ ਕੁਲ ਮੰਗਲਾਂ ਦੀ ਗਿਣਤੀ 568 ਹੈ ਅਤੇ ਇਹ ਇਹਨਾਂ ਪੰਜਾਂ ਰੂਪਾਂ ਵਿਚ ਸੁਸ਼ੋਭਿਤ ਹਨ : –

(1). ਸੰਪੂਰਨ ਮੰਗਲ : ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ (33 ਵਾਰ)

(2). ਸੰਖੇਪ ਮੰਗਲ : ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ॥ (9 ਵਾਰ)

(3). ਸੰਖੇਪ ਮੰਗਲ : ੴ ਸਤਿ ਨਾਮੁ ਗੁਰ ਪ੍ਰਸਾਦਿ॥ (2 ਵਾਰ)

(4). ਸੰਖੇਪ ਮੰਗਲ : ੴ ਸਤਿ ਗੁਰ ਪ੍ਰਸਾਦਿ ॥ (522 ਵਾਰ)

(5). ਅਤਿ ਸੰਖੇਪ ਮੰਗਲ : ੴ (ਸ੍ਰੀ ਕਰਤਾਰਪੁਰ ਵਾਲੀ ਬੀੜ ਵਿੱਚ ‘‘ਪੜਿ ਪੁਸਤਕ ਸੰਧਿਆ…’’ ਸਲੋਕ ਉਪਰੰਤ ਅਤੇ ਰਾਗ ਸੋਰਠਿ ਬਾਣੀ ਭਗਤ ਨਾਮਦੇਵ ਜੀ ਕੀ (ਪੰਨਾ ੬੫੬) ‘‘ਜਬ ਦੇਖਾ ਤਬ ਗਾਵਾ’’ ਤੋਂ ਪਹਿਲਾਂ ‘‘ੴ ਸਤਿ ਗੁਰ ਪ੍ਰਸਾਦਿ॥’’ ਮੰਗਲ ਦੀ ਥਾਂ ਕੇਵਲ ‘ੴ’ ਰੂਪ ਮੰਗਲ ਹੀ ਮਿਲਦਾ ਹੈ) (2 ਵਾਰ) ਕੁਲ ਜੋੜ : 568 ਵਾਰ

ਪ੍ਰਾਚੀਨ ਹੱਥ-ਲਿਖਤ ਬੀੜਾਂ ਵਿੱਚ ਮੰਗਲ ਅੰਕਿਤ ਕਰਨ ਦੀ ਵਿਧੀ

ਪਹਿਲੀ ਵਿਧੀ:

ਪ੍ਰਿੰਸੀਪਲ ਹਰਿਭਜਨ ਸਿੰਘ ਨੇ ਸ੍ਰੀ ਕਰਤਾਪੁਰ ਸਾਹਿਬ ਵਾਲੀ ‘ਆਦਿ ਬੀੜ’ ਅਤੇ ਉਸੇ ਸ਼ੈਲੀ ਤੇ ਸਮੇਂ ਦੀਆਂ ਹੋਰ ਅਨੇਕਾਂ ਲਿਖਤੀ ਬੀੜਾਂ ਦੇ ਖੁਦ ਦਰਸ਼ਨ ਕੀਤੇ ਤੇ ਸਪਸ਼ਟ ਧਾਰਨਾ ਬਣਾਈ ਕਿ ਪੁਰਾਤਨ ਬੀੜਾਂ ਵਿੱਚ ਮੰਗਲ ਸਪਸ਼ਟ ਤੌਰ ’ਤੇ ਰਾਗ ਤੋਂ ਪਹਿਲਾਂ ਹਨ ਜਾਂ ਸੱਜੇ ਪਾਸੇ ਨੂੰ ਸ੍ਰੇਸ਼ਟ ਸਮਝ ਦਿਆਂ ਹੋਇਆਂ, ਅੱਧ ਤੋਂ ਸੱਜੇ ਪਾਸੇ ਅੰਕਿਤ ਹਨ ਅਤੇ ਰਾਗਾਂ ਦੇ ਸਿਰਲੇਖ ਖੱਬੇ ਪਾਸੇ। (ਇੱਕ ਲਾਈਨ ਦੀ ਜਗ੍ਹਾ ਬਚਾਉਣ ਹਿਤ) ਸੰਪੂਰਨ ਮੰਗਲ ਦੋ-ਦੋ, ਤਿੰਨ-ਤਿੰਨ ਪਾਲਾਂ ਵਿੱਚ ਹੁੰਦੇ ਹੋਏ ਵੀ ਸੱਜੇ ਪਾਸੇ ਹੀ ਦਿੱਤੇ ਗਏ ਹਨ। ਇਹ ਮੰਗਲ ਸੱਜੇ ਪਾਸੇ, ਕਦੀ ਰਾਗ ਦੇ ਸਿਰਲੇਖ ਨਾਲੋਂ ਉਚੇਰੇ ਹਨ ਤੇ ਕਦੀ ਬਰਾਬਰ; ਹੇਠਾਂ ਕਰਕੇ ਕਦੇ ਵੀ ਨਹੀਂ; ਜਿਹਾ ਕਿ ਖੱਬੇ ਪਾਸੇ ਲਿਖੇ ਸਿਰਲੇਖ ਨਾਲੋਂ, ਇਕ, ਦੋ ਜਾਂ ਤਿੰਨਾਂ ਪਾਲਾਂ ਵਿੱਚ ਸੱਜੇ ਪਾਸੇ ਲਿਖੇ ਮੰਗਲ ਦੇ ਨਮੂਨੇ :

1.  ੴ ਸਤਿਗੁਰਪ੍ਰਸਾਦਿ॥

2. ੴ ਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ

ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥

3. ੴਸਤਿਨਾਮੁਕਰਤਾਪੁਰਖਨਿਰਭਉਨਿ

ਰਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ ॥

ਰਾਗ ਦੇ ਸਿਰਲੇਖ ਨਾਲੋਂ ਸੱਜੇ ਪਾਸੇ ਸਪਸ਼ਟ ਉਚੇਰੇ ਮੰਗਲ ਦੀ ਇੱਕ ਉਦਾਹਰਨ :-

4. ੴਸਤਿਨਾਮੁਕਰਤਾਪੁਰਖਨਿਰਭਉ

ਨਿਰਵੈਰੁਅਕਾਲਮੂਰਤਿਅਜੂਨੀ

        ਰਾਗਬਿਹਾਗੜਾਚਉਪਦੇਮਹਲਾ੫ਘਰ੨॥                                                                                  ਸੈਭੰਗੁਰਪ੍ਰਸਾਦਿ॥

ਇਹ ਚਾਰੇ ਮੰਗਲ ਸ੍ਰੀ ਕਰਤਾਰ ਪੁਰ ਸਾਹਿਬ ਵਾਲੀ ਆਦਿ ਬੀੜ ਜੀ ਤੋਂ ਲਏ ਗਏ ਹਨ।

ਜਿਹੜੇ ਸੱਜਣ, ਬਗੈਰ ਪ੍ਰਾਚੀਨ ਲਿਖਣਸ਼ੈਲੀ ਨੂੰ ਸਮਝੇ, ਇਹ ਹੱਠ ਕਰਦੇ ਹਨ ਕਿ ਜਿਵੇਂ ਲਿਖਿਆ ਹੈ, ਤਿਵੇਂ ਹੀ ਖੱਬੇ ਤੋਂ ਸੱਜੇ ਪੜ੍ਹੀ ਜਾਣਾ ਚਾਹੀਦਾ ਹੈ, ਉਹ ਵਾਚਣ ਕਿ ਸ੍ਰੀ ਕਰਤਾਪੁਰ ਸਾਹਿਬ ਵਾਲੀ ਪਾਵਨ ਬੀੜ ਵਿਚੋਂ, ਹੇਠਾਂ ਇੱਕ ਹੋਰ ਉਦਾਹਰਨ-

                                                     5. ਰਾਗ ਗਉੜੀ ਅਸਟਪਦੀਆ                     ੴਸਤਿਗੁਰ ਪ੍ਰਸਾਦਿ॥

                                                         ਮਹਲਾ੧ਗਉੜੀ ਗੁਆਰੇਰੀ॥

ਵਿਚਾਰ : ਜੇ ਦਰਸ਼ਨ ਦੇ ਰਹੇ ਰੂਪ ਨੂੰ ਬਿਨਾਂ ਸਮਝੇ; ਲਿਖੇ ਮੂਜਬ, ਇੰਨ ਬਿੰਨ ਹੀ ਪੜ੍ਹਨਾ ਹੋਵੇ ਤਾਂ ਗੁਰਮੁਖੀ ਖੱਬੇ ਪਾਸਿਓਂ ਲਿਖੀਦੀ ਮੰਨ ਕੇ ਨੰਬਰ 4 ਤੇ 5 ਸਿਰਲੇਖਾਂ ਤੇ ਮੰਗਲਾਂ ਨੂੰ ਇਉਂ ਪੜ੍ਹਿਆ ਤੇ ਲਿਖਿਆ ਜਾਵੇਗਾ : –

         ੴਸਤਿਨਾਮੁਕਰਤਾਪੁਰਖਨਿਰਭਉਨਿਰਵੈਰੁਅਕਾਲਮੂਰਤਿਅਜੂਨੀਰਾਗਬਿਹਾਗੜਾਚਉਪਦੇਮਹਲਾ੫ਘਰ੨॥ਸੈਭੰਗੁਰਪ੍ਰਸਾਦਿ॥

ਅਤੇ

                                    ਰਾਗਗਉੜੀਅਸਟਪਦੀਆੴ ਸਤਿਗੁਰਪ੍ਰਸਾਦਿ॥ਮਹਲਾ੧ਗਉੜੀ ਗੁਆਰੇਰੀ॥

ਪ੍ਰੰਤੂ, ਐਸਾ ਨਾ ਹੀ ਕੋਈ ਛਾਪਦਾ ਹੈ, ਨ ਹੀ ਪੜ੍ਹਦਾ ਹੈ, ਨ ਹੀ ਪੜ੍ਹਨਾ ਉਚਿਤ ਹੈ। ਗੁਰਬਾਣੀ ਵਿੱਚ ਕਿਸੇ ਸ਼ਬਦ, ਤੁਕ ਅਥਵਾ ਵਾਕ ਦੀ ਸਮਾਪਤੀ ’ਚ ਦੋ ਡੰਡੀਆਂ (॥) ਦੀ ਵਰਤੋਂ ਕੀਤੀ ਜਾਂਦੀ ਰਹੀ ਹੈ।

ਦੇਖੋ ਉਕਤ ਨੰਬਰ 4 ਵਿੱਚ ਖੱਬੇ ਪਾਸੇ ਰਾਗ ਦੇ ਉਲੇਖ ‘ਰਾਗਬਿਹਾਗੜਾਚਉਪਦੇਮਹਲਾ੫ਘਰ੨॥’ ਦੇ ਅਖ਼ੀਰ ’ਚ ਅੰਕ 2 ਉਪਰੰਤ ਦੋ ਡੰਡੀਆਂ ਹਨ ਅਤੇ ਫਿਰ ਮੰਗਲ ਦੇ ਰੂਪ ’ਚ ਸੱਜੇ ਪਾਸੇ ‘ਨਿਰਵੈਰੁਅਕਾਲਮੂਰਤਿਅਜੂਨੀ’ ਦੇ ਬਿਲਕੁਲ ਹੇਠਾਂ ਦਰਜ ‘ਸੈਭੰਗੁਰਪ੍ਰਸਾਦਿ॥’ ਤੋਂ ਬਾਅਦ ਵੀ ਦੋ ਡੰਡੀਆਂ ਹਨ, ਜੋ ਉਸ ਮੰਗਲ ਦੀ ਸਮਾਪਤੀ ਦਾ ਪ੍ਰਤੀਕ ਹੈ ਜਿਹੜਾ ਕਿ ‘ੴ’ ਤੋਂ ਸ਼ੁਰੂ ਹੋਇਆ ਹੈ ਤੇ ਇਸ ਦੀ ਸਮਾਪਤੀ ਤੋਂ ਪਹਿਲਾਂ ਭਾਵ ਅਗਰ ਲਿਖੇ ਮੁਤਾਬਕ ਖੱਬੇ ਤੋਂ ਸੱਜੇ ਪੜ੍ਹੀਏ ਤਾਂ ਵਿਚਕਾਰ ਖੱਬੇ ਪਾਸੇ ‘ਰਾਗਬਿਹਾਗੜਾਚਉਪਦੇਮਹਲਾ੫ਘਰ੨॥’ ਆ ਗਿਆ।

ਇਸੇ ਤਰ੍ਹਾਂ ਨੰਬਰ 5 ਵਿੱਚ ਖੱਬੇ ਪਾਸੇ ਦਰਜ ‘ਰਾਗ ਗਉੜੀ ਅਸਟਪਦੀਆ’ ਤੋਂ ਬਾਅਦ ਦੋ ਡੰਡੀਆਂ ਨਹੀਂ ਹਨ ਕਿਉਂਕਿ ਵਾਕ ਅੱਗੇ ਚੱਲ ਰਿਹਾ ਹੈ, ਪਰ ਇਸ ਦੇ ਹੇਠਾਂ (ਖੱਬੇ ਪਾਸੇ) ਹੀ ‘ਮਹਲਾ੧ਗਉੜੀ ਗੁਆਰੇਰੀ॥’ ਤੋਂ ਬਾਅਦ ਦੋ ਡੰਡੀਆਂ ਹਨ ਜਦ ਕਿ ਇਨ੍ਹਾਂ ਦੋਵੇਂ (ਖੱਬੇ ਉੱਪਰ ਤੇ ਖੱਬੇ ਹੇਠਾਂ) ਸਿਰਲੇਖ ਤੁਕਾਂ ਦੇ ਵਿਚਕਾਰ ਸੱਜੇ ਪਾਸੇ ਸੰਖੇਪ ਰੂਪ ’ਚ ਮੰਗਲ ਵਜੋਂ ‘ੴਸਤਿਗੁਰ ਪ੍ਰਸਾਦਿ॥’ ਦਰਜ ਹੈ, ਜਿਸ ਉਪਰੰਤ ਵੀ ਦੋ ਡੰਡੀਆਂ ਹਨ।

ਇਸੇ ਲਿਖਤ ਨਿਯਮ ਮੁਤਾਬਕ ਸੁਖਮਨੀ ਸਾਹਿਬ ਦਾ ਸਿਰਲੇਖ ਅਤੇ ਮੰਗਲ, ਜੋ ਬਾਜ਼ਾਰ ਵਿੱਚ ਪ੍ਰਾਪਤ ਛਪੀਆਂ ਬੀੜਾਂ, ਪੋਥੀਆਂ ਤੇ ਗੁਟਕਿਆਂ ਵਿੱਚ ਮਿਲਦਾ ਹੈ:

ਗਉੜੀ ਸੁਖਮਨੀ ਮਹਲਾ ੫

ਸਲੋਕ

ੴ ਸਤਿਗੁਰ ਪ੍ਰਸਾਦਿ

ਆਦਿ ਗੁਰਏ ਨਮਹ॥ ਜੁਗਾਦਿ ਗੁਰਏ ਨਮਹ ॥….

ਉਕਤ ਲਿਖਤ ’ਤੇ ਧਿਆਨ ਦਿੰਦਿਆਂ ਜਾਪਦਾ ਹੈ ਕਿ ਇਹ ਤਰਤੀਬ ਮੂਲੋਂ ਹੀ ਗੁਰਬਾਣੀ ਲਿਖਤ ਦੇ ਮਕਸਦ ਅਨੁਕੂਲ ਨਹੀਂ ਕਿਉਂਕਿ ਸਿਰਲੇਖ ਵਜੋਂ ਦਰਜ ‘ਸਲੋਕ’ ਸ਼ਬਦ ਉਪਰੰਤ ‘ਆਦਿ ਗੁਰਏ ਨਮਹ॥ ਜੁਗਾਦਿ ਗੁਰਏ ਨਮਹ ॥’ ਆਉਣਾ ਚਾਹੀਦਾ ਸੀ, ਨਾ ਕਿ ‘‘ੴ ਸਤਿਗੁਰ ਪ੍ਰਸਾਦਿ’’; ‘ੴ ਸਤਿਗੁਰ ਪ੍ਰਸਾਦਿ’ ਸਲੋਕ ਨਹੀਂ, ਸਗੋਂ ਮੰਗਲ ਜਾਂ ਸੰਖੇਪ ਮੂਲ-ਮੰਤ੍ਰ ਹੈ।

ਇਸ ਗ਼ਲਤੀ ਸ੍ਰੀ ਕਰਤਾਪੁਰ ਸਾਹਿਬ ਵਾਲੀ ਬੀੜ ਸਮੇਤ ਹੋਰ ਪੁਰਾਤਨ ਹੱਥ ਲਿਖਤੀ ਬੀੜਾਂ ਦੇ ਲਿਖਣ ਨਿਯਮ ਨੂੰ ਨਾ ਸਮਝਦਿਆਂ ਹੋਈ ਹੈ, ਜਿੱਥੇ ਇਉਂ ਬਣਤਰ ਦਰਜ ਹੈ:

                                                ਗਉੜੀ ਸੁਖਮਨੀ ਮਹਲਾ ੫ ਸਲੋਕ                        ੴ ਸਤਿਗੁਰ ਪ੍ਰਸਾਦਿ

                                             ਆਦਿ ਗੁਰਏਨਮਹ॥ ਜੁਗਾਦਿਗੁਰਏਨਮਹ ॥

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹਜ਼ੂਰੀ ਲਿਖਾਰੀ ਭਾਈ ਹਰਦਾਸ ਜੀ ਦੁਆਰਾ ਸੰਮਤ ੧੭੩੨ (ਸੰਨ 1675) ਤੋਂ ਸੰਮਤ ੧੭੬੬ (ਸੰਨ 1708) ਦੌਰਾਨ ਲਿਖੀ ਗਈ ਬੀੜੀ ਭਾਵ ਗੁਰੂ ਜੀ ਦੀ ਮੌਜੀਦਗੀ ’ਚ ਤਿਆਰ ਕੀਤੀ ਗਈ ਬੀੜ ਵਿੱਚ ਇਹੀ ਮੰਗਲ ਇਸ ਪ੍ਰਕਾਰ ਦਰਜ ਹੈ:

ੴ ਸਤਿਗੁਰਪ੍ਰਸਾਦਿ

ਗਉੜੀਸੁਖਮਨੀਮਹਲਾ੫ਸਲੋਕ

ਆਦਿਗੁਰਏਨਮਹ॥ਜੁਗਾਦਿਗੁਰਏਨਮਹ ॥….

ਜੇ ‘ੴ ਸਤਿਗੁਰ ਪ੍ਰਸਾਦਿ’ ਸਮੇਤ ਤਮਾਮ ਮੰਗਲਾਂ ਨੂੰ, ਪ੍ਰਾਚੀਨ ਲਿਖਣ-ਸ਼ੈਲੀ ਵਾਂਗ ਛਾਪਣ ਵੇਲੇ ਪਹਿਲ ਦਿੱਤੀ ਜਾਂਦੀ ਤਾਂ ਜਾਣ-ਅਣਜਾਣੇ ਗੁਰੂ ਆਸ਼ੇ ਦੀ ਇਹ ਅਵੱਗਿਆ ਨ ਹੁੰਦੀ।

ਦੂਜੀ ਵਿਧੀ:

ਜਦ ਪਾਵਨ ਬੀੜਾਂ ਲਿਖਣ ਦਾ ਕੰਮ ਸੂਝਵਾਨ ਪ੍ਰੇਮੀ ਗੁਰਸਿੱਖਾਂ ਦੇ ਨਾਲ ਨਾਲ ਕਿੱਤਾਕਾਰ (Professional) ਲਿਖਾਰੀਆਂ ਦੇ ਹੱਥ ਵੀ ਆ ਗਿਆ ਤਾਂ ਉਹਨਾਂ ਰਾਗਾਂ ਦੇ ਸਿਰਲੇਖਾਂ ਦੀ ਸੱਜੇ/ਖੱਬੇ ਦੀ ਤਰਤੀਬ ਨੂੰ ਸਹੀ ਤੌਰ ਉੱਤੇ ਨਾ ਸਮਝਦਿਆਂ ਹੋਇਆਂ, ਜਿਵੇਂ ਲਿਖਿਆ ਦਿਸਦਾ ਸੀ, ਤਿਵੇਂ ਉਘੱੜ-ਦੁੱਘੜ (ਹੱਥ ਲਿਖਤਾਂ ’ਚ) ਲਿਖ ਮਾਰਿਆ। ਐਸੀ ਕਿਸੇ ਹੱਥ ਬੀੜ ਤੋਂ ਹੀ, ਪਹਿਲਾਂ ਨਵਲ-ਕਿਸ਼ੋਰ ਪ੍ਰੈਸ ਲਖਨਊ ਦੇ ਪੱਥਰ ਦੇ ਛਾਪੇ ਵਿੱਚ ਬੀੜ ਛਪੀ ਅਤੇ ਫੇਰ ਉਸ ਤੋਂ ਹੀ ਲਾਹੌਰ ਵਾਲੇ ਰਾਏ ਸਾਹਿਬ ਮੁਨਸ਼ੀ ਗੁਲਾਬ ਸਿੰਘ ਆਦਿ ਨੇ ਬੀੜਾਂ ਛਾਪ ਕੇ ਪੰਥ ਵਿੱਚ ਅਜੋਕਾ ਢੰਗ ਪ੍ਰਚਲਿਤ ਕਰ ਦਿੱਤਾ ।

ਤੀਜੀ ਵਿਧੀ:

ਗੁਰੂ ਕਾਲ ਦੌਰਾਨ ਹੀ ਜਦ ਸੂਝਵਾਨ ਸੁਘੜ ਲਿਖਾਰੀਆਂ ਨੇ ਮੰਗਲਾ-ਚਰਣ ਤੇ ਸਿਰਲੇਖਾਂ ਦੀ ਇਹ ਅਸ਼ੁੱਧ ਤਰਤੀਬ ਦੇਖੀ ਤਾਂ ਉਨ੍ਹਾਂ ਨੇ ਤਮਾਮ ਮੰਗਲ ਹੀ ਸਪੱਸ਼ਟ ਕਰਨ ਲਈ ਉੱਪਰ ਕਰ ਕੇ ਅੰਕਿਤ ਕਰਨੇ ਆਰੰਭ ਦਿੱਤੇ । ਸ਼੍ਰੋ: ਗੁ: ਪ੍ਰ: ਕਮੇਟੀ ਦੀ ਰੈਫਰੈਂਸ ਲਾਇਬ੍ਰੇਰੀ ਵਿੱਚ ਹੀ ਅਜਿਹੀਆਂ ਸੈਂਕੜੇ ਹੱਥ ਲਿਖਤ ਬੀੜਾਂ ਜੇਕਰ ਓਪਰੇਸ਼ਨ ਬਲਿਊ ਸਟਾਰ ਤੋਂ ਬਚ ਗਈਆਂ ਹੋਣ ਤਾਂ ਦਰਸ਼ਨ ਕੀਤੇ ਜਾ ਸਕਦੇ ਹਨ। ਏਥੇ ਵਿਸਥਾਰ ਦੇ ਡਰ ਤੋਂ ਕੇਵਲ ਕੁਝ ਕੁ ਬੀੜਾਂ ਦਾ ਵੰਨਗੀ ਵਜੋਂ ਹਵਾਲਾ ਦੇਣਾ ਉਚਿਤ ਜਾਪਦਾ ਹੈ:

ਇੱਕ ਬੀੜ ਭਾਈ ਹਰਿਦਾਸ ਜੀ ਦੀ ਲਿਖੀ ਹੋਈ ਹੈ। ਆਪ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਿਖਾਰੀਆਂ ਵਿੱਚੋਂ ਇੱਕ ਉੱਘੇ ਲਿਖਾਰੀ ਸਨ। ਇਸ ਇਤਿਹਾਸਕ ਬੀੜ ਵਿੱਚ ਨਾ ਕੇਵਲ ਸਾਰੇ ਮੰਗਲ ਹੀ ਸਿਰਲੇਖਾਂ ਨਾਲੋਂ ਪਹਿਲਾਂ (ਉੱਪਰ) ਲਿਖੇ ਮਿਲਦੇ ਹਨ; ਸਗੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸਾਰੀ ਬਾਣੀ ਵੀ ਵੱਖ ਵੱਖ 15 ਰਾਗਾਂ ਵਿੱਚ ਥਾਂ ਸਿਰ ਅੰਕਿਤ ਹੈ (ਜੈਸਾ ਕਿ ਅਜੋਕੀ ਪ੍ਰਚਲਿਤ ਬੀੜ ਵਿੱਚ ਦਰਜ ਹੈ)। ਇਸ ਪਾਵਨ ਬੀੜ ਦੇ ਅੰਤ ਵਿੱਚ ਜੋ ਸ਼ਬਦ ਲਿਖੇ ਮਿਲਦੇ ਹਨ, ਉਹ ਗੁਰੂ ਕੇ ਸਿੱਖ ਦੇ ਸਿਦਕ, ਸ਼ਰਧਾ ਤੇ ਨਿਮਰਤਾ ਦੀ ਸਿੱਖਰ ਨੂੰ ਛੂਹ ਲੈਂਦੇ ਹਨ; ਜਿਵੇਂ ਕਿ

                     ‘‘ਗਿਰੰਥੁਸਪੂਰਨੁਹੋਯਾਲਿਖਿਆਹਰਿਦਾਸਲਿਖਾਰੀਸ੍ਰੀਗੁਰੂਗੋਬਿੰਦਸਿੰਘਦੇਲਿਖਾਰੀਲਿਖਿਆ॥ਭੂਲਿਚੂਕ

                                                                                                                                          ਜੀ

                     ਹੋਵੈਜੀਸੋਸੋਧਣਾਗੁਲਾਮੁਪਤਿਤੁਅਘਪਤਿਤੁਮਹਾਂਪਤਤੁਹਰਿਦਾਸੁਲਿਖਾਰੀਸ੍ਰੀਗੁਰੂਗੋਬਿੰਦਸਿੰਘਦਾ’’

(ਨੋਟ ਕਰਨ ਯੋਗ ਹੈ ਕਿ ਉਸ ਸਮੇਂ ਅੱਜ ਦੇ ਕੰਪਿਊਟਰ ਯੁਗ ਵਾਂਗ Cut, Copy, Paste ਦਾ ਜ਼ਮਾਨਾ ਨਹੀਂ ਸੀ, ਲਿਖਾਰੀ ਪਾਸੋਂ ਜੇ ਕੋਈ ਅੱਖਰ, ਆਦਿ ਅਚੇਤ ਹੀ ਰਹਿ ਜਾਂਦਾ ਸੀ ਤਾਂ ਉਹ ਉੱਪਰ ਜਾਂ ਹੇਠਾਂ ਲਿਖ ਦਿੱਤਾ ਜਾਂਦਾ ਸੀ। ਇਸ ਦੀ ਮਿਸਾਲ ਵਜੋਂ ਸ੍ਰੀ ਕਰਤਾਪੁਰ ਸਾਹਿਬ ਵਾਲੀ ‘ਆਦਿ ਬੀੜ’ ਵਿੱਚ ਖੱਬੇ ਪਾਸੇ ਲਿਖੇ ਰਾਗ ਸਿਰਲੇਖਾਂ ਦੇ ਮੁਕਾਬਲੇ ਸੱਜੇ ਪਾਸੇ ਉਚੇਰੇ ਮੰਗਲ (ਸੰਖੇਪ ਰੂਪ ਛੋਟਾ ਤੇ ਸੰਪੂਰਨ ਰੂਪ ’ਚ) ਲਿਖੇ ਜਾਂਦੇ ਸਨ, ਉਹ ਵੀ ਖੱਬੇ ਪਾਸੇ ਲਿਖੇ ਗਏ ਰਾਗ ਸਿਰਲੇਖਾਂ ਦੇ ਸੱਜੇ ਪਾਸੇ ਬਰਾਬਰ ਤੋਂ ਥੋੜ੍ਹਾ ਉੱਪਰ (ਉਚੇਰਾ) ਕਰ ਕੇ ਲਿਖੇ ਜਾਂਦੇ ਸਨ। ਕੁਝ ਮਿਸਾਲਾਂ ਵਾਚਨ-ਯੋਗ ਹਨ :

                                                                                            ਆ

                                        (1) . (ੳ) ਸ੍ਰੀ ਰਾਗ ਮਹਲਾ ੩ ਅਸਟਪਦੀ ੴ ਸਤਿਗੁਰ ਪ੍ਰਸਾਦਿ (ਪੰਨਾ ੯੩)

                                   (ਅ) ਗਉੜੀ ਪੂਰਬੀ ਮਹਲਾ            ੴ ਸਤਿਗੁਰ ਪ੍ਰਸਾਦਿ (ਪੰਨਾ ੧੯੫)

                                                                   ੫

                                (ੲ) ਗਉੜੀ ਕੀ ਵਾਰ ਮਹਲਾ ੫ ਰਾਇ ਕਮਾਲਦੀ ਮੌਜ                  ੴ ਸਤਿਗੁਰਪ੍ਰਸਾਦਿ

                                      ਦੀ ਕੀ ਧੁਨੀ ਉਪਰ ਗਾਵਣੀ॥ (ਪੰਨਾ ੨੫੭)

ਉਪਰੋਕਤ ਤਿੰਨਾਂ ਉਦਾਹਰਨਾਂ ਤੋਂ ਇਹ ਗੱਲ ਸਾਫ ਸਿੱਧ ਹੋ ਜਾਂਦੀ ਹੈ ਕਿ ਸੱਜੇ ਪਾਸੇ ਮੰਗਲਾਚਰਣ ਪਹਿਲਾਂ ਲਿਖਿਆ ਹੋਣ ਕਰ ਕੇ ਨੰ: ‘ੳ’ ਵਿੱਚ ਰਾਗ ਦੇ ਸਿਰਲੇਖ ਵਜੋਂ (ਲਿਖਿਆ ਜਾਣ ਵਾਲਾ ‘ਅਸਟਪਦੀਆ’ ਸ਼ਬਦ ’ਚ ‘ਆ’ ਰਹਿ ਜਾਣ ਉਪਰੰਤ/ਬਾਅਦ ’ਚ) ‘ਆ’ ਨੂੰ ਉੱਪਰ ਚੜ੍ਹਾਉਣਾ ਪਿਆ ਹੈ।

ਨੰ. ‘ਅ’ ਵਿੱਚ ਅੰਕ ‘੫’ ਨੂੰ ਹੇਠਾਂ ਲਿਖਣਾ ਪਿਆ ਹੈ ਅਤੇ ਨੰ: ‘ੲ’ ਵਿੱਚ ‘ਮੌਜਦੀ’ ਪਦ ਦੇ ਪਹਿਲੇ ਹਿੱਸੇ (ਮੌਜ) ਨੂੰ ਉੱਪਰ ਲਿਖ ਕੇ, ਦੂਜੇ ਹਿੱਸੇ (ਦੀ) ਨੂੰ ਦੂਜੀ ਹੇਠਲੀ ਪਾਲ ਵਿੱਚ ਲਿਖਣਾ ਪਿਆ ਹੈ।

ਅਗਰ ਉੱਪਰਲੀ ਸਤਰ ਵਿੱਚ ਸਾਹਮਣੇ ਸੱਜੇ ਪਾਸੇ ਮੰਗਲਾਚਰਨ (ੴ ਸਤਿਗੁਰਪ੍ਰਸਾਦਿ) ਨਾ ਲਿਖਿਆ ਹੁੰਦਾ ਤਾਂ ਉਕਤ ਨੰਬਰ 3 ’ਚ ‘ਮੌਜਦੀ’ ਪਦ ਨੂੰ ਤੋੜ ਕੇ ‘ਮੌਜ’ (ਉੱਪਰ) ਅਤੇ ‘ਦੀ’ (ਹੇਠਾਂ) ਲਿਖਣ ਦੀ ਕੀ ਲੋੜ ਸੀ ? ਇਸੇ ਤਰ੍ਹਾਂ ਉਕਤ ਨੰਬਰ 1. ’ਚ ‘ਅਸਟਪਦੀਆ’ ਸ਼ਬਦ ’ਚੋਂ ਰਹਿ ਗਏ ‘ਆ’ ਨੂੰ ਉੱਪਰ ਚੜ੍ਹਾ ਕੇ ਲਿਖਣ ਅਤੇ ਨੰਬਰ 2 ’ਚ ਸੰਯੁਕਤ ‘ਮਹਲਾ ੫’ ਦੇ ਅੰਕ ‘੫’ ਨੂੰ ਹੇਠਲੀ ਕਤਾਰ ’ਚ ਲਿਖਣ ਦੀ ਕੀ ਲੋੜ ਸੀ?

ਸਬੰਧਿਤ ਇਸੇ ਬੀੜ ਵਿੱਚ ‘ੴ ਸਤਿਗੁਰ ਪ੍ਰਸਾਦਿ’ ਤੋਂ ਅੱਗੇ ਕਾਫੀ ਥਾਂ ਖਾਲੀ ਪਈ ਹੈ ਅਤੇ ਮੰਗਲਾਚਰਨ ਜ਼ਰਾ ਕੁ ਅੱਗੇ ਵੀ ਸਰਕਾਇਆ ਜਾ ਸਕਦਾ ਸੀ।2ਮੂਲਮੰਤ੍ਰ ਅਥਵਾ ‘ਮੰਗਲ’ ਦੇ ਪ੍ਰਿਥਮ ਅਸਥਾਨ ਨੂੰ ਸਮਝਣ ਲਈ ‘ਭਾਈ ਪਾਖਰ ਮੱਲ ਢਿਲੋਂ’, ਜੋ ਕਿ ਸ੍ਰੀ ਦਸਮੇਸ਼ ਪਿਤਾ ਜੀ ਦੇ ਲਿਖਾਰੀ ਵੀ ਸਨ, ਦੁਆਰਾ ਲਿਖੀ ਬੀੜ ਵਿੱਚੋਂ ਇੱਕ ਨਮੂਨਾ ਪੇਸ਼ ਹੈ। ਸੰਮਤ ੧੭੪੫ (ਸੰਨ 1688) ਦੇ ਪ੍ਰਮਾਣ ਵਜੋਂ ਜਿਸ ਦੇ ਅੰਤ ’ਚ ਇਉਂ ਵੀ ਦਰਜ ਹੈ:

ੴਸੰਬਤ੧੭੪੫ਮਾਘਸੁਦੀਗ੍ਰੰਥਜੀਲਿਖਿਆਪੂਰਨਹੋਆ॥ਲਿਖਾਰੀਪਾਖਰਮਲਢਿਲੋਂਵਾਸੀਖਾਰਾਚੰਭਲਪੋਤ੍ਰਾਚੌਧਰੀਲੰਗਾਹ ਕਾ॥ਵਹਗੁਰੂ॥ ——ਇਸ ਬੀੜ ਦਾ ਆਰੰਭ ਇਸ ਪ੍ਰਕਾਰ ਹੈ: –

                                                     ਸੂਚੀਪਤਿਪੋਥੀਕਾਤਤਕਰਾਲਿਖਿਆ                     ੴ ਸਤਿਗੁਰਪ੍ਰਸਾਦਿ –

                                                    ਰਾਗਕਾਤਤਕਾਰਾਸਬਦਾਕਾ

                                                    ਜਪੁਸ੍ਰੀਗੁਰੂਰਾਮਦਾਸਜੀਉਕਿਆਦਸ

                                                    ਖਤਾਕਾਨਕਲ                                                       ਰਾਗ ਸਾਰੰਗ ਮਹਲਾ ੧ ੨੬

(ਨੋਟ: ਉਕਤ ਲਿਖੇ ਜਪੁ ਨੂੰ ਸ੍ਰੀ ਗੁਰੂ ਰਾਮਦਾਸ ਜੀਉ ਕਿਆ ਦੇ ਦਸਖਤਾ ਕਾ ਨਕਲ, ਬਾਰੇ ਸੰਕੇਤ ਮਿਲਦਾ ਹੈ।)

                                             – – – – – – – – – – – –

                                            – – – – – – – – – – – –

੫੫੮ ਰਾਗ ਬਸੰਤ ਮਹਲਾ ੧                                  ੬੬੪ – – – – – –

3.ਇੱਕ ਹੋਰ ਮਿਸਾਲ ਵਜੋਂ ਸੰਮਤ ੧੭੧੧ (ਸੰਨ 1654) ਵਾਲੀ ਬੀੜ ’ਚ ਦਰਜ ਮੂਲਮੰਤ੍ਰ/ਮੰਗਲਾਚਰਨ ਦਾ ਅਸਥਾਨ ਪੇਸ਼ ਹੈ:

                                      ਪਤ ਸੂਚੀਪਤ੍ਰਪੋਥੀਕਾਤਤਕਾਰਾਰਾਗਕਾ-                  ੴ

                                    ੧੯ ਜੋਤੀਜੋਤਿਸਮਾਵਣੇਕਾਚਲਿਤ੍ਰ–                    ਸਤਿਨਾਮੁਕਰਤਾਪੁਰਖਨਿਰਭਉਨਿ

                                    ਸੰਬੰਤ੧੭੧੧ਮਿਤੀਜੋਠੋਸੁਦੀਏਕਮ ੫੩੯                 ਰਵੈਰੁਅਕਾਲਮੂਰਤਿਅਜੂਨੀਸੈਭੰਗੁਰ

                                   ਪੋਥੀਲਿਖਪਹੁਚੇ —-                                            ਪ੍ਰਸਾਦਿ

                                      – – – – –                                                       ਤੁਖਾਰੀ

                                  ੪੯੫ ਮਾਰੂ

ਉਪਰੋਕਤ ਹਵਾਲੇ ਵਾਲੀਆਂ ਦੋਹਾਂ ਬੀੜਾਂ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਵਾਲੀ ‘ਆਦਿ ਬੀੜ’ ਸਮਾਨ ਸਾਰੇ ਮੰਗਲ ਸੱਜੇ ਪਾਸੇ ਪਹਿਲਾਂ ਅੰਕਿਤ ਹਨ ਅਤੇ ਰਾਗ ਦੇ ਸਿਰਲੇਖ ਖੱਬੇ ਪਾਸੇ, ਬਾਅਦ ਵਿੱਚ। ਅੱਧਾ ਤਤਕਰਾ ਲਿਖਣ ਉਪਰੰਤ ਦੂਜੇ ਜਾਂ ਤੀਜੇ ਖਾਨੇ ਵਿੱਚ ਜਾ ਕੇ ਮੰਗਲ ਹਰ ਹਾਲਤ ਸੱਜੇ ਪਾਸੇ (ਪਹਿਲਾਂ) ਅੰਕਿਤ ਹੋਇਆ ਹੈ।

ਪ੍ਰਿੰਸੀਪਲ ਹਰਿਭਜਨ ਸਿੰਘ ਅਨੁਸਾਰ ‘‘ੴ ਸਤਿਨਾਮੁ ਕਰਤਾਪੁਰਖ…..ਗੁਰ ਪ੍ਰਸਾਦਿ’’ ਨੂੰ ਮੰਗਲ ਕਹਿ ਲਈਏ ਜਾਂ ਮੂਲਮੰਤ੍ਰ ਇਸ ਦਾ ਅਸਥਾਨ ਮੁੱਢ ਵਿੱਚ ਹੀ ਹੈ ਅਤੇ ਏਸੇ ਕਾਰਨ ਹੀ ਇਸ ਨੂੰ ਮੂਲ ਮੰਤ੍ਰ ਕਿਹਾ ਜਾਂਦਾ ਹੈ। ਇਹ ਮੰਗਲ ਸਤਿਗੁਰਾਂ ਦੁਆਰਾ ਲਿਖਾ ਗਿਆ ਹੈ, ਭਗਤਾਂ ਆਦਿ ਦੁਆਰਾ ਨਹੀਂ। ਫਿਰ ਭਗਤਾਂ, ਆਦਿ ਦੀ ਬਾਣੀ ਦੇ ਸਿਰਲੇਖ ਤੋਂ ਬਾਅਦ ਕਿਉਂ? ਜਦ ਕਿ ‘ਮੂਲ’ ਦੇ ਅਰਥ ਹੀ ‘ਆਦਿ’ ਅਥਵਾ ‘ਮੁੱਢ’ ਹੁੰਦੇ ਹਨ।

ਪ੍ਰਤੱਖ ਸਾਬਤ ਹੋ ਰਿਹਾ ਹੈ ਕਿ ਮੰਗਲਾਚਰਨ (ਮੂਲ ਮੰਤ੍ਰ) ਸੰਪੂਰਨ ਜਾਂ ਸੰਖੇਪ ਰੂਪ ਵਿੱਚ ਗੁਰੂ ਸਾਹਿਬ ਦੁਆਰਾ ਲਿਖਿਆ ਹੋਇਆ ਮੁਖਵਾਕ ਹੈ, ਭਗਤ ਜਾਂ ਭੱਟ ਸਾਹਿਬਾਨ ਦੁਆਰਾ ਲਿਖਿਆ ਨਹੀਂ। ਲਿਖਤੀ ਨਿਯਮ ਅਨੁਸਾਰ ਸਤਿਗੁਰੂ ਜੀ ਨੇ ਭਗਤ ਬਾਣੀ ਦਰਜ ਕਰਨ ਵੇਲੇ ਇਹ ਮੰਗਲਾਚਰਨ ਹਰੇਕ ਭਗਤ ਦੇ ਸ਼ਬਦ ਸੰਗ੍ਰਹਿ ਦੇ ਸ਼ੁਰੂ ਵਿੱਚ ਦਰਜ ਕੀਤਾ ਹੈ ਤੇ ਇਹੀ ਇਸ ਦਾ ਯੋਗ ਸਥਾਨ ਹੈ। ਪ੍ਰਿੰਸੀਪਲ ਹਰਿਭਜਨ ਸਿੰਘ ਨੇ ਹਰ ਵਿਆਖਿਆਨ ਵਿੱਚ ਅਤੇ ਲਿਖਤੀ ਰੂਪ ਵਿੱਚ ਇਸ ਗੱਲ ’ਤੇ ਵਧੇਰੇ ਜ਼ੋਰ ਦਿੱਤਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਬਾਣੀ ਸੰਗ੍ਰਹਿ ਇਕੱਤਰ ਕਰਨ ਸਮੇਂ ਮੂਲ ਮੰਤਰ ਨੂੰ ਵਿਸ਼ੇਸ਼ ਜਗ੍ਹਾ ਦਿੱਤੀ ਗਈ ਹੈ ਜਦ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਸੰਸਾਰਕ ਜੀਵਨ ਭੋਗ ਚੁੱਕੇ ਭਗਤ ਸਾਹਿਬਾਨ ਸਮੇਂ ਤਾਂ ‘ੴਸਤਿਨਾਮੁਗੁਰਪ੍ਰਸਾਦਿ’ ਆਦਿ ਮੰਗਲਾਚਰਨ ਦਾ ਵਜੂਦ ਵੀ ਨਹੀਂ ਸੀ।

ਸੋ, ਦਰੁਸਤ ਇਹੀ ਹੋਵੇਗਾ ਕਿ ਪੰਚਮ ਪਾਤਸ਼ਾਹ ਜੀ ਨੇ ਮੰਗਲ ਲਿਖ ਕੇ ਹੀ ਭਗਤ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਤੀ ਸਥਾਨ ਦਿੱਤਾ, ਜੋ ਇਸ ਦਾ ਯੋਗ ਤੇ ਅਸਲ ਅਸਥਾਨ ਵੀ ਹੈ, ਪਰ ਅੱਜ ਅਸੀਂ ਜਾਣੇ-ਅਣਜਾਣੇ ਹੋਈ ਇਸ ਭੁੱਲ ਨੂੰ ਵਿਚਾਰਨ ਲਈ ਵੀ ਤਿਆਰ ਨਹੀਂ। ਵੰਨਗੀ ਮਾਤਰ ਵੇਖੋ ਭਗਤ ਬਾਣੀ ਦੇ ਹੇਠਾਂ ਲਿਖੇ ਦੋ ਸ਼ਬਦ ਸਿਰਲੇਖ :

(ੳ). ਪੰਨਾ ਨੰਬਰ 91: ਇੱਥੇ ਮੰਗਲਾਚਰਨ ਨੂੰ ਦਰੁਸਤ ਜਗ੍ਹਾ ਦਿੱਤੀ ਗਈ ਹੈ:

                             ੴ ਸਤਿਗੁਰਪ੍ਰਸਾਦਿ॥ਸਿਰੀ ਰਾਗੁ॥ਕਬੀਰ ਜੀਉਕਾ॥

                            ਏਕੁਸੁਆਨੁਕੈਘਰਿਗਾਵਣਾ॥ ਜਨਨੀ ਜਾਨਤ ਸੁਤੁ ਬਡਾ ਹੋਤੁ ਹੈ; ਇਤਨਾ ਕੁ ਨ ਜਾਨੈ, ਜਿ ਦਿਨ ਦਿਨ ਅਵਧ ਘਟਤੁ ਹੈ ॥

(ਅ). ਪੰਨਾ ਨੰਬਰ 93: ਇੱਥੇ ਮੰਗਲਾਚਰਨ ਨੂੰ ਦਰੁਸਤ ਜਗ੍ਹਾ ਨਹੀਂ ਮਿਲੀ :

                                         ਸਿਰੀਰਾਗਬਾਣੀਭਗਤਬੈਣੀਜੀਉਕੀ

                                        ਪਹਰਿਆਕੈਘਰਿਗਾਵਣਾ॥

                                       ੴ ਸਤਿਗੁਰ ਪ੍ਰਸਾਦਿ॥ ਰੇ ਨਰ ! ਗਰਭ ਕੁੰਡਲ ਜਬ ਆਛਤ; ਉਰਧ ਧਿਆਨ ਲਿਵ ਲਾਗਾ ॥

ਭਗਤ ਬੈਣੀ ਜੀ ਦੁਆਰਾ ਰਚੇ ਗਏ ਇਸ (ਅ) ਸ਼ਬਦ ’ਚ ਮੂਲ ਮੰਤਰ ਦੀ ਜਗ੍ਹਾ ਇਉਂ ਹੋਣੀ ਸੀ:

                      ਸਿਰੀਰਾਗਬਾਣੀਭਗਤਬੈਣੀਜੀਉਕੀ                                                 ੴ ਸਤਿਗੁਰ ਪ੍ਰਸਾਦਿ॥

                      ਪਹਰਿਆਕੈਘਰਿਗਾਵਣਾ॥

                   ਰੇ ਨਰ ! ਗਰਭ ਕੁੰਡਲ ਜਬ ਆਛਤ; ਉਰਧ ਧਿਆਨ ਲਿਵ ਲਾਗਾ ॥

ਗੁਰਬਾਣੀ ਵਿਚਾਰ ਵੀ ਇਹੀ ਸਿੱਧ ਕਰਦੀ ਹੈ ਕਿ ਸਭ ਤੋਂ ਪਹਿਲੇ (ਆਦਿ ਵਿੱਚ) ‘ਓਅੰਕਾਰ’ ਹੀ ਸੀ । ਉਸ ਤੋਂ ਹੀ ਸਭ ਪਸਾਰਾ ਹੋਇਆ ਹੈ: ‘‘ਓਅੰਕਾਰ; ਆਦਿ ਮੈ ਜਾਨਾ ॥ (ਭਗਤ ਕਬੀਰ/੩੪੦), ਓਅੰ, ਆਦਿ ਰੂਪੇ ॥ ਅਨਾਦਿ ਸਰੂਪੇ ॥’’ (ਜਾਪੁ), ਆਦਿ।

ਪ੍ਰਿੰਸੀਪਲ ਜੀ ਅਨੁਸਾਰ ਮੰਗਲਾਚਰਨ ਵਾਲਾ ‘ੴ’ ਵੀ ਤਾਂ ਪ੍ਰਭੂ ਦਾ ਹੀ ਲਖਾਇਕ ਹੈ। ਇਸ ਲਈ ਇਸ ਦੀ ਯੋਗ ਥਾਂ, ਆਦਿ ਵਿੱਚ ਹੀ ਹੋਣੀ ਚਾਹੀਦੀ ਹੈ ਅਤੇ ਇਹੀ ਸ੍ਰੇਸ਼ਟ ਥਾਂ ਸਤਿਗੁਰਾਂ ਨੇ ਇਸ ਨੂੰ ਦਿੱਤੀ ਜਾਪਦੀ ਹੈ ।

ਕਿਸੇ ਸਮੇਂ ਸਿੱਖ ਕੌਮ ਨੂੰ ਇੱਕ ਮੁੱਠ ਜੋੜਨ ਵਾਲੀ ਤੇ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਹੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ੍ਰੀ ਅੰਮ੍ਰਿਤਸਰ) ਨੇ 1950 ਦੇ ਦਹਾਕੇ ਵਿੱਚ ਇਸ ਪੱਖੋਂ ਖੋਜ ਅਤੇ ਜਦੋ-ਜਹਿਦ ਕਰਨ ਉਪਰੰਤ ਕੋਈ ਦਸ ਕੁ ਸਾਲ ਸਪਸ਼ਟ ਰੂਪ ਵਿੱਚ ਮੰਗਲ; ਰਾਗ ਤੋਂ ਪਹਿਲਾਂ ਛਾਪਣ ਵਾਲੀਆਂ ਹਜ਼ਾਰਾਂ ਬੀੜ ਸਾਹਿਬਾਨ, ਸ਼ਬਦਾਰਥ ਪੋਥੀਆਂ ਅਤੇ ਲੱਖਾਂ ਦੀ ਗਿਣਤੀ ਵਿੱਚ ਗੁਟਕੇ ਛਾਪੇ ਗਏ ਸਨ, ਪਰ 1962 ਦੀਆਂ ਚੋਣਾਂ ਵਿੱਚ ਕਮੇਟੀ ’ਤੇ ਕਾਬਜ਼ ਹੋਏ ਸੰਤ ਫਤਹ ਸਿੰਘ, ਸੰਤ ਚੰਨਣ ਸਿੰਘ, ਆਦਿ ਨੇ ਗੁਰਦੁਆਰਾ ਪ੍ਰਿੰਟਿੰਗ ਪ੍ਰੈਸ ਸ੍ਰੀ ਰਾਮਸਰ ਜੀ ਦੇ ਸਾਰੇ ਬਲਾਕ ਦਰਿਆ ਬਿਆਸ ਦੀ ਤਹਿ ਵਿੱਚ ਡੁੱਬਵਾ ਦਿੱਤੇ ਅਤੇ ਬੀੜਾਂ ਦੀ ਛਪਵਾਈ ਫਿਰ ਤੋਂ ਮੰਗਲ ਅੱਗੜ-ਪਿੱਛੜ ਛਾਪਣੇ ਸ਼ੂਰੁ ਕਰਵਾ ਦਿੱਤੇ। ਇਸ ਦਾ ਕਾਰਨ ਉਹ ਖੁਦ ਜਾਣਨ ਜਾਂ ਕਰਤਾਰ ਜਾਣੇ?

ਕਿਸੇ ਸਮੇਂ ਫੈਸਲਾ ਇਹ ਹੋਇਆ ਸੀ ਕਿ ਮੰਗਲ ਜਿਵੇਂ ਦਿਸਦੇ ਹਨ ਉਵੇਂ ਹੀ ਛਾਪੇ ਜਾਣ, ਪਰ ਅੱਜ ਹਾਲਾਤ ਇਹ ਹਨ ਕਿ ਗੁਰਦੁਆਰਾ ਸਾਹਿਬਾਨ ਵਿੱਚ ਹੁਕਮ ਨਾਮਾ ਲਿਖਦਿਆਂ, ਗੁਟਕੇ ਛਾਪਦਿਆਂ ਜਾਂ ਆਮ ਵਰਤੋਂ ਵਿੱਚ ਮੰਗਲਾਚਰਨ ਤਥਾ ਮੂਲਮੰਤਰ ਨੂੰ ਸੱਜੇ ਹੱਥ ਬਰਾਬਰ ਜਾਂ ਸਪਸ਼ਟ ਉੱਪਰ ਲਿਖਣ ਦੀ ਬਜਾਇ ਰਾਗ ਤੇ ਸਿਰਲੇਖ ਤੋਂ ਬਾਅਦ ਛਾਪਣਾ ਸ਼ੁਰੂ ਕਰ ਦਿੱਤਾ ਹੈ। ਆਮ ਜਗਿਆਸੂ ਲਈ ਮੰਗਲ ਦੀ ਕੋਈ ਅਹਿਮੀਅਤ ਹੀ ਨਹੀਂ ਰਹਿ ਗਈ ਤੇ ਕੋਈ ਗੁਰਬਾਣੀ ਖੋਜੀ ਜੇਕਰ ਆਵਾਜ਼ ਮਾਰਦਾ ਹੈ ਤਾਂ ਉਹ ਪੰਥ ਦੋਖੀ ਐਲਾਨਿਆ ਜਾਂਦਾ ਹੈ।

ਅੱਜ ਕੱਲ ਤਾਂ ਮੰਗਲਾਂ ਦੇ ਖੱਬੇ-ਸੱਜੇ ਖ਼ਾਲੀ ਜਗ੍ਹਾ ਵੀ ਖਤਮ ਹੋ ਗਈ ਲਗਦੀ ਹੈ। ਗੁਰਬਾਣੀ ਛਾਪਕ ਕਮੇਟੀਆਂ ਨੇ ਸੰਪੂਰਨ ਜਾਂ ਸੰਖੇਪ ਮੰਗਲਾਚਰਨ ਨੂੰ ਸਪਸ਼ਟ ਰੂਪ ਵਿੱਚ ਰਾਗ ਸਿਰਲੇਖ ਤੋਂ ਹੇਠਾਂ ਛਾਪਣਾ-ਲਿਖਣਾ ਸ਼ੁਰੂ ਕਰ ਦਿੱਤਾ ਹੈ ਜੋ ਕਿ ਇੱਕ ਸੋਚੀ ਸਮਝੀ ਸਾਜ਼ਸ਼ ਜਾਪਦੀ ਹੈ ਤਾਂ ਜੋ ਆਮ ਸਿੱਖ ਨੂੰ ਇਸ ਬਾਰੇ ਮਾਮੂਲੀ ਜਾਣਕਾਰੀ ਵੀ ਨਾ ਰਹਿ ਜਾਏ ਕਿ ਮੰਗਲ ਸਥਾਨ; ਰਾਗ ਸਿਰਲੇਖ, ਮਹਲਾ ਸਿਰਲੇਖ, ਭਗਤ ਜਾਂ ਭੱਟ ਸਿਰਲੇਖ ਤੋਂ ਅਗੇਤਰ ਹੈ ਜਾਂ ਪਿਛੇਤਰ।

ਭਾਈ ਮਨੀ ਸਿੰਘ ਜੀ, ਜਿਨ੍ਹਾਂ ਨੂੰ ਦਸਮੇਸ਼ ਪਿਤਾ ਜੀ ਵੱਲੋਂ ਦਮਦਮਾ ਸਾਹਿਬ (ਸ੍ਰੀ ਅਨੰਦਪੁਰ ਸਾਹਿਬ) ਵਿਖੇ ਪਾਵਨ ਬੀੜਾਂ ਦੇ ਲਿਖਾਰੀ ਵਜੋਂ ਨਿਯੁਕਤ ਕੀਤਾ ਸੀ, ਉਨ੍ਹਾਂ ਆਪਣੀ ਲਿਖਤ ਜਨਮ ਸਾਖੀ ‘ਗਿਆਨ ਰਤਨਾਵਲੀ’ (ਜੋ ‘ਜਨਮ ਸਾਖੀ ਭਾਈ ਮਨੀ ਸਿੰਘ ਜੀ ਵਾਲੀ’ ਨਾਂ ਨਾਲ ਪ੍ਰਸਿੱਧ ਹੈ) ਵਿੱਚ ਮੂਲ ਮੰਤ੍ਰ (ਮੰਗਲਾਚਰਨ) ਸਰੂਪ ਨੂੰ ਇਸ ਤਰ੍ਹਾਂ ਦਰਜ ਕੀਤਾ ਹੋਇਆ ਮਿਲਦਾ ਹੈ:-

ੴ ਸਤਿ ਨਾਮੁ

ਕਰਤਾਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥

ਨਾਮ ਸਭ ਦੇਵਾਂ ਦਾ ਦੇਵ ਹੈ । ਕੋਈ ਦੇਵੀ ਨੂੰ ਮਨਾਵਦਾ ਹੈ॥

ਕੋਈ ਸ਼ਿਵ ਨੂੰ, ਕੋਈ ਗਣੇਸ਼ ਨੂੰ, ਕੋਈ ਹੋਰ ਦੇਵਤਿਆਂ ਨੂੰ॥

ਗੁਰ ਕੇ ਸਿਖ ਸਤਿਨਾਮੁ ਨੂੰ ਅਰਾਧਤੇ ਹੈਂ ਜਿਸ ਕਰ ਸਭ ਵਿਘਨ ਨਾਸ ਹੋਂਦੇ ਹਨ॥

ਤਾਂ ਤੇ ਸਤਿਨਾਮ ਦਾ ਮੰਗਲਚਾਰ ਆਦਿ ਰੱਖਾ ਗਿਆ ਹੈ॥ (ਭਾਈ ਮਨੀ ਸਿੰਘ)

ੴਸਤਿ

ਸ੍ਰੀ ਗੁਰੁ ਗ੍ਰੰਥ ਸਾਹਿਬ ਵਿੱਚ ਮੂਲ ਮੰਤਰ ਤਥਾ ਮੰਗਲਾਚਰਨ ‘‘ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ’’ ਸੰਪੂਰਨ ਜਾਂ ਸੰਖੇਪ ਰੂਪ ਵਿੱਚ 566 ਵਾਰ (ਨੋਟ: ਗੁਰਬਾਣੀ ਵਿੱਚ ਮੂਲ ਮੰਤਰ ਕੁੱਲ 568 ਵਾਰ ਦਰਜ ਹੈ, ਪਰ ਇੱਥੇ 566 ਦੇਣ ਦਾ ਮਤਲਬ ਕਰਤਾਰਪੁਰ ਸਾਹਿਬ ਵਾਲੀ ਬੀੜ ਵਿੱਚ ਦੋ ਵਾਰ ਕੇਵਲ ‘ੴ’ ਹੋਣ ਕਾਰਨ ਇੱਥੇ 566 ਨੰਬਰ ਦਿੱਤਾ ਜਾ ਰਿਹਾ ਹੈ) ‘ੴ ਸਤਿਨਾਮੁ’ ਦੇ ਆਗਾਜ਼ ਨਾਲ ਆਇਆ ਹੈ ਅਤੇ ਇਸ ਨੂੰ ਸੰਪਰਦਾਈ ਤੇ ਪਰੰਪਰਾਗਤ ਵਿਚਾਰ ਅਤੇ ਆਮ ਸਿੱਖ ਜਗਤ ‘ੴ ਸਤਿਨਾਮੁ’ ਪਾਠ ਕ੍ਰਮ ਉਚਾਰਨ ਦੇ ਹੱਕ ਵਿੱਚ ਹਨ ਤੇ ਕਰਦੇ ਵੀ ਹਨ, ਫਿਰ ਵੀ ਪ੍ਰਿੰਸੀਪਲ ਹਰਿਭਜਨ ਸਿੰਘ ਨੇ ਦਲੇਰੀ ਤੇ ਸਵੈ-ਵਿਸ਼ਵਾਸ ਨਾਲ ਆਪਣਾ ਨਵ-ਮੱਤ (ਭਾਵ ‘ਸਤਿ’ ਦਾ ਸਬੰਧ ‘ੴ’ ਨਾਲ ਮੰਨਿਆ, ਨਾ ਕਿ ‘ਨਾਮੁ’ ਦੇ ਨਾਲ), ਇਸ ਵਿਸ਼ੇ ਸਬੰਧੀ ਆਪਣਾ ਪੱਖ ਸੰਗਤਾਂ ਨਾਲ ਸਾਂਝਾ ਕੀਤਾ। ਪੁਰਾਤਨ ਹੱਥ ਲਿਖਤ ਬੀੜਾਂ ’ਚ ਸੰਖੇਪ ਰੂਪ ਮੰਗਲਾਚਰਨ 522 ਵਾਰ ‘‘ੴ ਸਤਿ ਗੁਰ ਪ੍ਰਸਾਦਿ’’ ਦੇ ਰੂਪ ਵਿੱਚ ਦਰਜ ਕੀਤਾ ਹੋਇਆ ਮਿਲਦਾ ਹੈ। ਮੰਗਲਾਂ ਦੀ ਇਸ ਗਿਣਤੀ ਤੋਂ ਸਪਸ਼ਟ ਹੈ ਕਿ ਸਭ ਤੋਂ ਵਧ ਵਾਰ ‘ੴ ਸਤਿ ਗੁਰ ਪ੍ਰਸਾਦਿ’ ਨੂੰ ਹੀ ਮੰਗਲ ਦੇ ਤੌਰ ’ਤੇ ਵਰਤਿਆ ਗਿਆ ਹੈ। ਪ੍ਰਿੰਸੀਪਲ ਜੀ ਅਨੁਸਾਰ ਇਸ ਸੰਖੇਪ ਮੰਗਲ ਵਿੱਚ ਪਦ ‘ਸਤਿ’ ਦੇ ਸਥਾਨ ਅਤੇ ਸਬੰਧ ਨੂੰ ਗਹੁ ਨਾਲ ਵਾਚਿਆਂ ਇਸ ਦਾ ਸਬੰਧ ‘ੴ’ ਨਾਲ ਜਾਪਦਾ ਹੈ, ਨਾ ਕਿ ‘ਗੁਰ ਪ੍ਰਸਾਦਿ’ ਨਾਲ। 522 ਵਾਰ ‘ੴ’ ਦੇ ਨਾਲ ‘ਸਤਿ’ ਆਇਆ ਹੈ, ਜਿਸ ਉਪਰੰਤ ‘ਗੁਰ ਪ੍ਰਸਾਦਿ’ ਵੀ ਦਰਜ ਹੈ ਭਾਵ ‘ਸਤਿ’ ਦੇ ਨਾਲ ‘ਨਾਮੁ’ ਸ਼ਬਦ ਦਰਜ ਨਹੀਂ। ਆਪ ਅਨੁਸਾਰ ੧, ਓ ਤੇ ਸਤਿ ਤਿੰਨੇ ਪਦ, ਸਮਾਨ ਅਰਥ ਰੱਖਦੇ ਹਨ ਤੇ ਇੱਕੋ ਹਸਤੀ ‘ਅਕਾਲ ਪੁਰਖ’ ਦੇ ਲਖਾਇਕ ਅਤੇ ਆਪਣੀ ਜਾਤ ਵਿੱਚ ਸੁਤੰਤਰ ਹਨ। ਸਤਿਗੁਰਾਂ ਦੇ ਵਚਨ ਹਨ:-

‘੧’: ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ॥ (ਆਸਾ ਮਹਲਾ ੧/ਪੰਨਾ ੩੫੦)

ਪ੍ਰਿੰਸੀਪਲ ਜੀ ਅਨੁਸਾਰ ਅੰਕ ‘੧’ ਨੂੰ ਇੱਥੇ ‘ਅਕਾਲ ਪੁਰਖ’ ਦਾ ਵਾਚਕ ਕਰ ਕੇ ਵਰਤਿਆ ਗਿਆ ਹੈ, ਸੰਖਿਅਕ ਵਿਸ਼ੇਸ਼ਣ ਦੇ ਰੂਪ ਵਿੱਚ ਨਹੀਂ। ਵਾਹਿਗੁਰੂ ਦੀ ਬਚਿੱਤਰ ਰਚਨਾ ਤੇ ਲ੍ਹੀਲਾ ਦਾ ਭੇਦ ਉਸ ਦੀ ਏਕਤਾ ਵਿੱਚ ਅਨੇਕਤਾ (Unity in Diversity) ਅਤੇ ਅਨੇਕਤਾ ਵਿੱਚ ਏਕਤਾ (Diversity in Unity) ਵਿੱਚ ਬੰਦ ਹੈ। ਆਕਾਸ਼ਾਂ, ਪਾਤਾਲਾਂ, ਧਰਤੀਆਂ, ਖੰਡਾਂ, ਸੂਰਜ-ਮੰਡਲਾਂ ਤੇ ਬ੍ਰਹਿਮੰਡਾਂ ਦਾ ਸਾਰਾ ਪਸਾਰਾ ‘ਇੱਕ’ ਤੋਂ ਹੈ ਅਤੇ ਮਾਲਾ ਦੇ ਧਾਗੇ ਵਾਂਗ ਇਸ ਸਾਰੇ ਪਸਾਰੇ ਦੇ ਸਮੂਹ ਮਣਕਿਆਂ ਵਿੱਚ ਓਹੀ ‘ਇੱਕ’ ਸੂਤਰਧਾਰੀ ਹੈ। ਇਸ ਇੱਕ ਦਾ ਅਰਥ ਗੁਰੂ ਜੀ ਨੇ ਆਪ ਇਉਂ ਕੀਤਾ ਹੈ:

ਏਕਮ ਏਕੰਕਾਰ ਨਿਰਾਲਾ, ਅਮਰੁ ਅਜੋਨੀ ਜਾਤਿ ਨ ਜਾਲਾ ॥ (ਬਿਲਾਵਲ ਮ: ੧/ਪੰਨਾ ੮੩੮)

‘ਓ’: ਏਕਾ ਏਕੰਕਾਰ ਲਿਖਿ ਦੇਖਾਲਿਆ, ਊੜਾ ਓਅੰਕਾਰ ਪਾਸਿ ਬਹਾਲਿਆ ॥ (ਭਾਈ ਗੁਰਦਾਸ ਜੀ)

ਓਅੰਕਾਰ ਸ਼ਬਦ ਦਾ ਅਰਥ ਹੈ: ਸ੍ਰਿਸ਼ਟੀ ਦਾ ਕਰਤਾ (ਪੈਦਾ ਕਰਨ ਵਾਲਾ), ਧਰਤਾ (ਰਿਜ਼ਕ ਦੇਣ ਵਾਲਾ) ਤੇ ਹਰਤਾ (ਨਾਸ ਕਰਨ ਵਾਲਾ) ਇੱਕ ਅਕਾਲ ਪੁਰਖ ਹੈ ਭਾਵ ਗੁਰਮੁਖੀ ਦਾ ਪਹਿਲਾ ਅੱਖਰ ਊੜਾ, ਓਅੰਕਾਰ ਦੇ ਰੂਪ ਵਿੱਚ ਲਿਖ ਗੁਰਦੇਵ ਨੇ ਦਰਸਾਇਆ ਕਿ ਸਾਰੇ ਸੰਸਾਰ ਦਾ ਮਾਲਕ ਉਹੀ ‘ਨਿਰੰਕਾਰ’ ਹੈ।

ਸਤਿ: ਆਦਿ ਸਚੁ, ਜੁਗਾਦਿ ਸਚੁ॥ ਹੈ ਭੀ ਸਚੁ, ਹੋਸੀ ਭੀ ਸਚੁ॥ (ਜਪੁ ਜੀ)

(ਨੋਟ: ਉਪਰੋਕਤ ਸਿਫ਼ਤ ਵਾਲੀ ਹਸਤੀ ਕੇਵਲ ਇੱਕ (ਅਕਾਲ ਪੁਰਖ) ਹੈ। ਇੰਜ ‘ੴ’ ਤੇ ‘ਸਤਿ’ ਅਭੇਦ ਹੋ ਜਾਂਦੇ ਹਨ।)

‘ੴ’ ਉਪਰੰਤ ਜੋ ਪਹਿਲਾ ਪਦ ਮੂਲ ਮੰਤ੍ਰ ਵਿੱਚ ਆਇਆ ਹੈ, ਉਹ ਹੈ ‘ਸਤਿ’। ਪ੍ਰਿੰਸੀਪਲ ਹਰਿਭਜਨ ਸਿੰਘ ਅਨੁਸਾਰ ‘ਸਤਿ’ ਜਾਂ ‘ਸਚੁ’ ਮਨੁੱਖ ਦੀ ਜੀਵਨ ਨੈਯਾ ਨੂੰ ਸੰਸਾਰ ਸਾਗਰ ਵਿੱਚੋਂ ਪਾਰ ਲੰਘਾਉਣ ਲਈ ਓਵੇਂ ਹੀ ਜ਼ਰੂਰੀ ਹਨ, ਜਿਵੇਂ ਸਮੁੰਦਰੀ ਜਹਾਜ਼ ਲਈ ਕੰਪਾਸ। ਏਸੇ ਲਈ ‘ਸਤਿ’ ਪਦ ਨੂੰ ‘ੴ’ ਤੋਂ ਬਾਅਦ ਉਹ ਅਸਥਾਨ ਪ੍ਰਾਪਤ ਹੈ, ਜੋ ਅਕਾਲ ਪੁਰਖ ਨਾਲ ਸਬੰਧਿਤ ਕਿਸੇ ਹੋਰ ਸ਼ਬਦ ਨੂੰ ਨਹੀਂ।

ਜਿਵੇਂ ‘ਜਪੁ ਜੀ ਅਥਵਾ ਸ੍ਰੀ ਗੁਰੁ ਗ੍ਰੰਥ ਸਾਹਿਬ’ ਦਾ ਮੁੱਢ ‘ਮੂਲ-ਮੰਤ੍ਰ’ ਹੈ, ਇਸੇ ਤਰ੍ਹਾਂ ‘ੴ, ਸਤਿ ਤੇ ਨਾਮੁ’ ਰੂਪ ਸਮੁਦਾਇ ਵੀ ਮੂਲ ਮੰਤਰ ਦਾ ਮੁੱਢ ਹੈ, ਇਨ੍ਹਾਂ ਉਪਰੰਤ ਆਰੰਭਕ ਵਿਸ਼ੇਸ਼ਤਾਈਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਅੰਤ ’ਚ (ਗੁਰਪ੍ਰਸਾਦਿ) ਪ੍ਰਾਪਤ ਕਰਨ ਦੀ ਵਿਧੀ ਸ਼ਾਮਲ ਹੈ। ਇਨ੍ਹਾਂ (ੴਸਤਿਨਾਮੁ) ਦਾ ਅਸਥਾਨ ਮੂਲ-ਮੰਤ੍ਰ ਵਿੱਚ ਓਸੇ ਤਰ੍ਹਾਂ ਵਿਸ਼ੇਸ਼ ਹੈ; ਜਿਵੇਂ ਕਿ ‘ਮੂਲ-ਮੰਤ੍ਰ’ ਦਾ ਸੰਪੂਰਨ ਗੁਰਬਾਣੀ ਲਿਖਤ ਤਰਤੀਬ ਵਿੱਚ।

———-ਚਲਦਾ———-

ਉੱਚੀਆਂ ਅੱਡੀਆਂ ਪਾਉਣ ਵਾਲਿਓ, ਜ਼ਰਾ ਸੰਭਲ ਕੇ !

0

ਉੱਚੀਆਂ ਅੱਡੀਆਂ ਪਾਉਣ ਵਾਲਿਓ, ਜ਼ਰਾ ਸੰਭਲ ਕੇ!

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਅੱਜ ਕਲ ‘ਹਾਈ ਹੀਲ ਤੇ ਨੱਚੇ’ ਵਰਗੇ ਗੀਤ ਸੰਗੀਤ ਨੇ ਨਿੱਕੀਆਂ ਕੁੜੀਆਂ ਨੂੰ ਵੀ ਉੱਚੀ ਅੱਡੀ ਵਾਲੇ ਸੈਂਡਲ ਪਾਉਣ ਉੱਤੇ ਮਜਬੂਰ ਕਰ ਦਿੱਤਾ ਹੈ।

ਫੈਸ਼ਨ ਦਾ ਸਿਖਰ ਬਣ ਚੁੱਕੀਆਂ ਉੱਚੀਆਂ ਅੱਡੀਆਂ ਸਿਰਫ਼ ਕੁੜੀਆਂ ਵਿਚ ਹੀ ਨਹੀਂ, ਮੁੰਡਿਆਂ ਵਿਚ ਵੀ ਰੁਝਾਨ ਬਣ ਚੁੱਕੀਆਂ ਹਨ।

ਵੱਖੋ-ਵੱਖਰੇ ਮੁਲਕਾਂ ਦੀਆਂ ਅਨੇਕ ਖੋਜਾਂ ਉੱਚੀ ਅੱਡੀ ਦੇ ਮਾੜੇ ਪ੍ਰਭਾਵਾਂ ਬਾਰੇ ਹੋ ਚੁੱਕੀਆਂ ਹਨ, ਪਰ ਫੇਰ ਵੀ ਉੱਚੀਆਂ ਅੱਡੀਆਂ ਵਾਲੇ ਬੂਟਾਂ ਸੈਂਡਲਾਂ ਦਾ ਚਲਣ ਹਟ ਹੀ ਨਹੀਂ ਰਿਹਾ। ਦਿਨੋਂ-ਦਿਨ ਵਧਦਾ ਰੁਝਾਨ ਕਿਵੇਂ ਸਰੀਰ ਉੱਤੇ ਮਾੜਾ ਅਸਰ ਪਾ ਰਿਹਾ ਹੈ, ਉਸੇ ਬਾਰੇ ਅੱਗੇ ਸਪਸ਼ਟ ਕੀਤਾ ਗਿਆ ਹੈ।

ਅੱਡੀਆਂ ਉੱਚੀਆਂ ਰਾਹੀਂ ਭਾਰ ਚੁੱਕਣ ਦੀ ਕੀਮਤ ਸਰੀਰ ਦੇ ਵੱਖੋ-ਵੱਖ ਅੰਗ ਅਦਾ ਕਰਦੇ ਹਨ। ਪੈਰ, ਅੱਡੀ, ਗੋਡੇ, ਚੂਲਾ ਤੇ ਰੀੜ੍ਹ ਦੀ ਹੱਡੀ ਉੱਤੇ ਬਹੁਤ ਮਾੜੇ ਅਸਰ ਤਾਂ ਪੈਂਦੇ ਹੀ ਹਨ, ਤੋਰ ਅਤੇ ਖੜ੍ਹੇ ਹੋਣ ਦਾ ਢੰਗ ਵੀ ਤਬਦੀਲ ਹੋ ਜਾਂਦਾ ਹੈ।

ਦੁਨੀਆ ਵਿਚ ਸਿਰਫ਼ 28 ਫੀਸਦੀ ਔਰਤਾਂ ਹਨ ਜਿਨ੍ਹਾਂ ਨੇ ਕਦੇ ਉੱਚੀ ਅੱਡੀ ਨਹੀਂ ਪਾਈ। ਬਾਕੀ 72 ਫੀਸਦੀ ਵਿੱਚੋਂ ਕੁੱਝ ਰੋਜ਼ ਤੇ ਕੁੱਝ ਕਦੇ ਕਦਾਈਂ ਉੱਚੀਆਂ ਅੱਡੀਆਂ ਵਾਲੇ ਸੈਂਡਲ ਬਗੈਰਾ ਪਾਉਂਦੀਆਂ ਰਹਿੰਦੀਆਂ ਹਨ। ਨਿੱਕੀਆਂ ਬੱਚੀਆਂ ਖ਼ਾਸ ਕਰ ਪੰਜ ਸਾਲ ਤੋਂ ਛੋਟੀਆਂ ਬੱਚੀਆਂ ਵੀ ਹੁਣ ਤਾਂ ਆਮ ਹੀ ਉੱਚੀ ਅੱਡੀ ਪਾਈ ਵੇਖੀਆਂ ਜਾ ਸਕਦੀਆਂ ਹਨ। ਬਣ ਰਹੇ ਸਰੀਰ ਤੇ ਵਧ ਰਹੀਆਂ ਹੱਡੀਆਂ ਵਿੱਚ ਪਏ ਬੇਢੰਗੇ ਦਬਾਓ ਕਾਰਨ ਲੱਤ ਦੇ ਪੱਠੇ ਸੁੰਗੜ ਜਾਂਦੇ ਹਨ ਤੇ ਰੀੜ੍ਹ ਦੀ ਹੱਡੀ ਦਾ ਹੇਠਲਾ ਹਿੱਸਾ ਅਗਾਂਹ ਮੁੜ ਜਾਂਦਾ ਹੈ। ਛਾਤੀ ਦੀਆਂ ਹੱਡੀਆਂ ਅਗਾਂਹ ਧੱਕੀਆਂ ਜਾਂਦੀਆਂ ਹਨ ਤੇ ਗੋਡੇ ਉੱਤੇ ਸਾਰਾ ਵਾਧੂ ਭਾਰ ਪੈ ਜਾਂਦਾ ਹੈ।

ਪਿੱਠ :- ਕੁਦਰਤ ਵੱਲੋਂ ਰੀੜ੍ਹ ਦੀ ਹੱਡੀ ਅੰਗਰੇਜ਼ੀ ਅੱਖ਼ਰ ‘ਐੱਸ’ ਵਾਂਗ ਬਣਾਈ ਹੋਈ ਹੈ ਤਾਂ ਜੋ ਮੋਢਿਆਂ ਵਿਚਕਾਰ ਰੀੜ੍ਹ ਦੀ ਹੱਡੀ ਹਲਕੀ ਬਾਹਰ ਨੂੰ ਹੋਵੇ ਤੇ ਹੇਠਲਾ ਸਿਰਾ ਲੱਕ ਦੇ ਕੋਲੋਂ ਅਗਾਂਹ ਨੂੰ ਧੱਕਿਆ ਹੋਵੇ। ਉੱਚੀ ਅੱਡੀ ਪਾਉਣ ਨਾਲ ਰੀੜ੍ਹ ਦੀ ਹੱਡੀ ਦਾ ਉਪਰਲਾ ਸਿਰਾ ਅਗਾਂਹ ਧੱਕਿਆ ਜਾਂਦਾ ਹੈ ਤੇ ਹੇਠਲਾ ਪਿੱਛੇ! ਇੰਜ ਲਗਾਤਾਰ ਪਿੱਠ ਦਰਦ ਹੁੰਦੀ ਰਹਿ ਸਕਦੀ ਹੈ।

ਖੜ੍ਹੇ ਹੋਣ ਦਾ ਤਰੀਕਾ :- ਉੱਚੀ ਅੱਡੀ ਪਾਉਣ ਨਾਲ ਪੈਰ ਦੇ ਅਗਲੇ ਪੰਜੇ ਉੱਤੇ ਪੂਰਾ ਭਾਰ ਪੈ ਜਾਂਦਾ ਹੈ ਤੇ ਸਰੀਰ ਦੇ ਪੂਰੇ ਭਾਰ ਦਾ ਸੰਤੁਲਨ ਰੱਖਣ ਲਈ ਰੀੜ੍ਹ ਦੀ ਹੱਡੀ ਦੇ ਨਾਲ ਲੱਤ ਦੇ ਪੱਠੇ ਵੀ ਪੂਰਾ ਜ਼ੋਰ ਲਾਉਂਦੇ ਹਨ ਜਿਸ ਨਾਲ ਭਾਵੇਂ ਕੋਈ ਸਿੱਧਾ ਖੜ੍ਹਾ ਦਿਸੇ, ਪਰ ਉਸ ਦੀ ਰੀੜ੍ਹ ਦੀ ਹੱਡੀ ਅਤੇ ਪੰਜਿਆਂ ਦਾ ਨਾਸ ਵੱਜ ਰਿਹਾ ਹੁੰਦਾ ਹੈ। ਕੁਦਰਤੀ ਤੌਰ ਉੱਤੇ ਬਣੀਆਂ ਭਾਰ ਝੱਲਣ ਵਾਲੀਆਂ ਥਾਵਾਂ ਦੀ ਬਜਾਏ ਜਦੋਂ ਹੋਰਨਾਂ ਥਾਵਾਂ ਉੱਤੇ ਭਾਰ ਪੈਂਦਾ ਹੈ ਜਾਂ ਹੱਡੀ ਮੁੜਦੀ ਹੈ, ਤਾਂ ਉੱਥੇ ਹੌਲੀ-ਹੌਲੀ ਸਦੀਵੀ ਬਦਲਾਓ ਪੈ ਜਾਂਦਾ ਹੈ।

ਰੀੜ੍ਹ ਦੀ ਹੱਡੀ ਹੇਠਲੇ ਸਿਰੇ ਤੋਂ (ਕਮਰ ਕੋਲੋਂ) ਅੱਗੇ ਝੁਕਣ ਨਾਲ ਸਰੀਰ ਦਾ ਭਾਰ ਅਗਲੇ ਹਿੱਸੇ ਉੱਤੇ ਪੈ ਜਾਂਦਾ ਹੈ, ਜਿਸ ਨਾਲ ਰੀੜ੍ਹ ਦੀ ਹੱਡੀ ਦੇ ਮਣਕੇ ਅਗਲੇ ਸਿਰਿਆਂ ਤੋਂ ਘਸਣ ਲੱਗ ਪੈਂਦੇ ਹਨ। ਲੱਤਾਂ ਦੇ ਪੱਠੇ ਉੱਚੀ ਅੱਡੀ ਪਾ ਕੇ ਸੁੰਗੜਦੇ ਰਹਿਣ ਨਾਲ, ਹਮੇਸ਼ਾ ਲਈ ਆਕਾਰ ਵਿਚ ਕੁੱਝ ਛੋਟੇ ਤੇ ਮੋਟੇ ਹੋ ਜਾਂਦੇ ਹਨ।

ਸਪੌਂਡੀਲੋਡਿਸਥੀਸਿਸ :- ਰੀੜ੍ਹ ਦੀ ਹੱਡੀ ਵਿੱਚੋਂ ਮਣਕਿਆਂ ਵਿਚਕਾਰਲੇ ਸਹਾਰੇ ਦੇ ਅਗਲੇ ਸਿਰੇ ਦਾ ਬਾਹਰ ਵੱਲ ਖਿਸਕਣਾ ਜਾਂ ਮਣਕਾ ਹੀ ਖਿਸਕ ਜਾਣਾ ਵੀ ਕਈ ਵਾਰ ਵੇਖਣ ਵਿਚ ਆਉਂਦਾ ਹੈ, ਖਾਸ ਕਰ ਉਨ੍ਹਾਂ ਵਿਚ, ਜਿਹੜੇ ਹਫ਼ਤੇ ਵਿਚ ਤਿੰਨ ਜਾਂ ਚਾਰ ਦਿਨ ਜਾਂ ਰੋਜ਼ ਹੀ ਉੱਚੀਆਂ ਅੱਡੀਆਂ ਪਾਉਂਦੇ ਹੋਣ। ਸਰੀਰ ਦਾ ਭਾਰ ਰੀੜ੍ਹ ਦੀ ਹੱਡੀ ਦੇ ਹੇਠਲੇ ਹਿੱਸੇ ਵਿਚ ਬਾਹਰਲੇ ਪਾਸੇ ਦੀ ਥਾਂ ਅੰਦਰਲੇ ਕਮਜ਼ੋਰ ਹਿੱਸੇ ਉੱਤੇ ਪੈਂਦੇ ਰਹਿਣ ਕਾਰਨ ਅਜਿਹਾ ਹੁੰਦਾ ਹੈ।

ਫੋਰਾਮਿਨ ਸਟੀਨੋਸਿਸ :- ਰੀੜ੍ਹ ਦੀ ਹੱਡੀ ਦੇ ਅੰਦਰ ਕੁਦਰਤ ਵੱਲੋਂ ਸਰੀਰ ਨੂੰ ਨਸਾਂ ਪਹੁੰਚਾਉਣ ਦਾ ਰਾਹ ਬਣਾਇਆ ਹੁੰਦਾ ਹੈ। ਇਸ ਦੇ ਆਸ-ਪਾਸ ਸੱਟ ਫੇਟ ਤੋਂ ਬਚਾਉਣ ਲਈ ਕੁੱਝ ਖੁੱਲੀ ਥਾਂ ਰੱਖੀ ਹੋਈ ਹੈ, ਜਿਸ ਵਿਚ ਪਾਣੀ ਭਰਿਆ ਹੁੰਦਾ ਹੈ। ਉੱਚੀ ਅੱਡੀ ਪਾਉਣ ਨਾਲ ਟੇਢੀ ਮੇਢੀ ਹੋਈ ਰੀੜ੍ਹ ਦੀ ਹੱਡੀ ਵਿਚਲੇ ਕੁੱਝ ਮਣਕੇ ਜਿਹੜੇ ਬਹੁਤਾ ਭਾਰ ਝੱਲਣ ਲਈ ਬਣਾਏ ਹੀ ਨਹੀਂ ਗਏ ਸਨ, ਉਨ੍ਹਾਂ ਅੰਦਰਲਾ ਸੁਰਾਖ਼ ਦਬਾਓ ਪੈਣ ਨਾਲ ਭੀੜਾ ਹੋ ਜਾਂਦਾ ਹੈ ਤੇ ਨਸਾਂ ਦੱਬ ਦਿੰਦਾ ਹੈ। ਨਤੀਜੇ ਵਜੋਂ ਕੁੱਝ ਸਾਲਾਂ ਬਾਅਦ ਲੱਤਾਂ ਤੇ ਪਿੱਠ ਵਿਚ ਦਰਦ ਰਹਿਣ ਲੱਗ ਪੈਂਦਾ ਹੈ। ਕਈ ਵਾਰ ਲੱਤਾਂ ਵੱਲ ਜਾਂਦੀ ਤਿੱਖੀ ਪੀੜ, ਕੀੜੀਆਂ ਲੜਦੀਆਂ ਮਹਿਸੂਸ ਹੋਣੀਆਂ, ਲੱਤਾਂ ਸੁੰਨ ਹੋਣੀਆਂ, ਪੱਠਿਆਂ ਦੀ ਕਮਜ਼ੋਰੀ, ਨਸਾਂ ਖਿੱਚੀਆਂ ਮਹਿਸੂਸ ਹੋਣੀਆਂ, ਸ਼ਿਆਟਿਕਾ, ਆਦਿ ਵਰਗੇ ਲੱਛਣ ਦਿਸਣ ਲੱਗ ਪੈਂਦੇ ਹਨ।

ਪੈਰਾਂ ਦੇ ਅਗਲੇ ਸਿਰੇ :- ਪੂਰਾ ਭਾਰ ਝੱਲਦੇ ਰਹਿਣ ਕਾਰਨ-ਅੱਟਣ ਬਣਨੇ, ਜੋੜਾਂ ਵਿਚ ਸਦੀਵੀ ਨੁਕਸ, ਪੀੜ ਹੁੰਦੀ ਰਹਿਣੀ, ਨਿੱਕੇ ਜੋੜ ਦੁੱਖਣੇ, ਚਮੜੀ ਸਖ਼ਤ ਹੋਣੀ, ਆਦਿ ਵੇਖਣ ਨੂੰ ਮਿਲਦੇ ਹਨ।

ਓਸਟੀਓਆਰਥਰਾਈਟਿਸ :- ਹੱਡੀਆਂ ਬੇਲੋੜੇ ਭਾਰ ਕਾਰਨ ਛੇਤੀ ਖੁਰ ਜਾਂਦੀਆਂ ਹਨ।

ਲੰਬਾਈ :- ਛੋਟੀ ਉਮਰ ਤੋਂ ਹੀ ਉੱਚੀ ਅੱਡੀ ਪਾਉਣ ਵਾਲੀਆਂ ਕੁੜੀਆਂ ਦੀ ਲੰਬਾਈ ਵੀ ਘੱਟ ਰਹਿ ਜਾਂਦੀ ਹੈ।

ਇਨ੍ਹਾਂ ਤੋਂ ਬਚਣ ਲਈ :-

(1). ਵਧਦੀ ਉਮਰ ਦੇ ਬੱਚਿਆਂ ਵਿਚ ਸ਼ੌਕੀਆ ਵੀ ਉੱਚੀ ਅੱਡੀ ਨਹੀਂ ਪਾਉਣ ਦੇਣੀ ਚਾਹੀਦੀ।

(2). ਸੋਲਾਂ ਵਰ੍ਹਿਆਂ ਤੋਂ ਬਾਅਦ ਕਦੇ ਕਦਾਈਂ (ਮਹੀਨੇ ਵਿਚ ਸਿਰਫ਼ ਤਿੰਨ ਵਾਰ) ਬਾਹਰ ਕਿਸੇ ਪਾਰਟੀ ਉੱਤੇ ਜਾਣ ਲੱਗਿਆਂ ਇਕ ਅੱਧ ਘੰਟੇ ਲਈ ਉੱਚੀ ਅੱਡੀ ਪਾਈ ਜਾ ਸਕਦੀ ਹੈ। ਘੰਟੇ ਤੋਂ ਵੱਧ ਬਿਲਕੁਲ ਨਹੀਂ।

(3). ਉੱਚੀ ਅੱਡੀ ਪਾਉਣ ਤੋਂ ਪਹਿਲਾਂ ਤੇ ਬਾਅਦ ਵਿਚ ਪੱਠਿਆਂ ਦੀ ਕਸਰਤ ਕਰਨੀ ਜ਼ਰੂਰੀ ਹੈ। ਸਟਰੈਚਿੰਗ ਕਸਰਤਾਂ ਕਰ ਕੇ ਪੱਠਿਆਂ ਵਿਚਲੀ ਖਿੱਚ ਤੇ ਲੰਬਾਈ ਸਹੀ ਰੱਖੀ ਜਾ ਸਕਦੀ ਹੈ।

(4). ਦੋ ਇੰਚ ਤੋਂ ਉੱਚੀ ਅੱਡੀ ਨਹੀਂ ਪਾਉਣੀ ਚਾਹੀਦੀ।

(5). ਉੱਚੀ ਅੱਡੀ ਦਾ ਅਗਲਾ ਸਿਰਾ ਨੁਕੀਲਾ ਨਹੀਂ ਹੋਣਾ ਚਾਹੀਦਾ। ਚੌੜੇ ਪੱਬ ਵਾਲਾ ਹੀ ਲੈਣਾ ਚਾਹੀਦਾ ਹੈ। ਇੰਜ ਨਿੱਕੇ ਜੋੜਾਂ ਦਾ ਸਦੀਵੀ ਨੁਕਸਾਨ ਹੋਣ ਤੋਂ ਬਚਾਓ ਹੋ ਜਾਂਦਾ ਹੈ।

(6). ਜੁੱਤੀ ਦੇ ਅੰਦਰ ਚਮੜੇ ਦੀ ਪਰਤ ਲੁਆ ਲੈਣੀ ਠੀਕ ਰਹਿੰਦੀ ਹੇ ਤਾਂ ਜੋ ਉੱਚੀ ਅੱਡੀ ਤੋਂ ਫਿਸਲ ਕੇ ਪੈਰ ਦਾ ਸਾਰਾ ਅਗਲਾ ਸਿਰਾ ਮੁੜ ਕੇ ਇਕੱਠਾ ਨਾ ਹੋ ਜਾਵੇ। ਇੰਜ ਨਿੱਕੇ ਜੋੜਾਂ ਉੱਤੇ ਅੱਟਣ ਬਣਨ ਤੋਂ ਬਚਾਓ ਹੋ ਜਾਂਦਾ ਹੈ।

(7). ਘਰ ਵਿਚ ਤਾਂ ਉੱਚੀ ਅੱਡੀ ਉੱਕਾ ਹੀ ਨਹੀਂ ਪਾਉਣੀ ਚਾਹੀਦੀ, ਪਰ ਬਾਹਰ ਜਾਣ ਲੱਗਿਆਂ ਵੀ ਆਪਣੇ ਨਿੱਕੇ ਬੈਗ ਵਿਚ ਬਿਨਾਂ ਹੀਲ ਦੀ ਜੁੱਤੀ ਦਾ ਜੋੜਾ ਰੱਖ ਲੈਣਾ ਚਾਹੀਦਾ ਹੈ ਤਾਂ ਜੋ ਪਾਰਟੀ ਤੋਂ ਬਾਅਦ ਤੁਰੰਤ ਜੁੱਤੀ ਬਦਲ ਲਈ ਜਾਵੇ।

(8). ਉੱਚੀ ਅੱਡੀ ਖਰੀਦਣ ਵੇਲੇ ਪੈਰਾਂ ਵਲ ਝਾਕਣ ਦੀ ਬਜਾਏ ਚੂਲੇ ਉੱਪਰਲੀ ਰੀੜ੍ਹ ਦੀ ਹੱਡੀ ਦਾ ਅਗਾਂਹ ਵੱਲ ਹੁੰਦਾ ਝੁਕਾਓ ਵੇਖਣ ਜਾਂ ਟੋਹਣ ਦੀ ਲੋੜ ਹੁੰਦੀ ਹੈ। ਜੇ ਗੋਲਾਈ (ਕਰਵ) ਡੇਢ ਸੈਂਟੀਮੀਟਰ ਤੋਂ ਵੱਧ ਅਗਾਂਹ ਹੋ ਰਹੀ ਹੈ ਤਾਂ ਘੱਟ ਉੱਚੀ ਅੱਡੀ ਲੈਣੀ ਚਾਹੀਦੀ ਹੈ।

ਨਾਰਥ ਕੈਰੋਲੀਨਾ ਯੂਨੀਵਰਸਿਟੀ ਦੇ ਖੋਜੀਆਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਛੋਟੀ ਉਮਰੇ ਉੱਚੀ ਅੱਡੀ ਪਾਉਣ ਵਾਲੀਆਂ ਬੱਚੀਆਂ ਤੇ ਘੰਟੇ ਤੋਂ ਵੱਧ ਜਵਾਨ ਔਰਤਾਂ ਵਿਚ ਪਾਈ ਹੀਲ ਵਾਲੀ ਜੁੱਤੀ ਉਨ੍ਹਾਂ ਦੀ ਅੱਡੀ ਦੇ ਜੋੜ ਦਾ ਸਦੀਵੀ ਨੁਕਸਾਨ ਕਰ ਦਿੰਦੀ ਹੈ ਤੇ ਪੱਠੇ ਵੀ ਹਮੇਸ਼ਾ ਲਈ ਕਮਜ਼ੋਰ ਕਰ ਦਿੰਦੀ ਹੈ।

ਹਫ਼ਤੇ ਵਿਚ ਦੋ ਜਾਂ ਤਿੰਨ ਦਿਨ ਉੱਚੀ ਅੱਡੀ ਪਾਉਂਦੇ ਰਹਿਣ ਨਾਲ ਲੱਤਾਂ ਦੇ ਪੱਠੇ ਹਮੇਸ਼ਾ ਲਈ ਕੁੱਝ ਸੁੰਗੜ ਕੇ ਛੋਟੇ ਹੋ ਜਾਂਦੇ ਹਨ। ਟਰੀਸ਼ੀਆ ਟਰਨਰ ਨੇ ਐਥਲੈਟਿਕ ਟਰੇਨਿੰਗ ਦਿੰਦਿਆਂ ਆਪਣੇ ਸਾਥੀਆਂ ਨਾਲ ਸ਼ਾਰਲੋ ਯੂਨੀਵਰਸਿਟੀ ਵਿਚ ਖੋਜ ਕਰਦਿਆਂ ਲੱਭਿਆ ਕਿ ਹਵਾਈ ਜਹਾਜ਼ਾਂ ਵਿਚ ਏਅਰ ਹੋਸਟੈਸਾਂ ਵੱਲੋਂ ਲੰਮੇ ਸਮੇਂ ਤਕ ਉੱਚੀਆਂ ਅੱਡੀਆਂ ਪਾਉਣ ਨਾਲ ਉਨ੍ਹਾਂ ਦੇ ਅੱਡੀਆਂ ਦੇ ਲਿਗਾਮੈਂਟ, ਪੱਠੇ ਤੇ ਨਸਾਂ ਵੀ ਹਮੇਸ਼ਾ ਲਈ ਨੁਕਸਾਨੇ ਜਾਂਦੇ ਹਨ। ਹੌਲੀ-ਹੌਲੀ ਇਹ ਪੀੜ ਲੱਤਾਂ ਵੱਲ ਵੀ ਜਾਣ ਲੱਗ ਪੈਂਦੀ ਹੈ।

ਸਭ ਤੋਂ ਵੱਧ ਨੁਕਸਾਨ 20 ਵਰ੍ਹਿਆਂ ਦੇ ਨੇੜੇ ਤੇੜੇ ਉੱਚੀ ਅੱਡੀ ਪਾਉਣ ਵਾਲਿਆਂ ਵਿਚ ਵੇਖਿਆ ਗਿਆ ਕਿ 30 ਵਰ੍ਹਿਆਂ ਤੱਕ ਪਹੁੰਚਦੇ ਉਨ੍ਹਾਂ ਦਾ ਸਰੀਰ ਪੂਰੀ ਮਾਰ ਝੱਲ ਚੁੱਕਿਆ ਹੁੰਦਾ ਹੈ। ਉਸ ਤੋਂ ਬਾਅਦ ਉਨ੍ਹਾਂ ਦੀ ਤੋਰ ਹਮੇਸ਼ਾ ਲਈ ਖ਼ਰਾਬ ਹੋ ਜਾਂਦੀ ਹੈ।

ਐਥਲੈਟਿਕ ਟਰੇਨਿੰਗ ਦੌਰਾਨ ਟਰਨਰ ਨੇ ਕੁੱਝ ਕਸਰਤਾਂ ਰਾਹੀਂ ਫਾਇਦਾ ਹੁੰਦਾ ਵੇਖਿਆ ਜੋ ਉੱਚੀ ਅੱਡੀ ਪਾਉਣ ਵਾਲਿਆਂ ਨੂੰ ਸਰੀਰ ਦਾ ਨੁਕਸਾਨ ਹੋਣ ਤੋਂ ਬਚਾਉਣ ਲਈ ਹਰ ਹਾਲ ਕਰਨੀਆਂ ਹੀ ਪੈਣੀਆਂ ਹਨ। ਉਹ ਹਨ :-

(1). ਭੁੰਜੇ ਬਹਿ ਕੇ, ਲੱਤਾਂ ਸਿੱਧੀਆਂ ਕਰ ਕੇ, ਤੌਲੀਏ ਨਾਲ ਪੈਰਾਂ ਦੇ ਹੇਠਿਓਂ ਖਿੱਚ ਪਾ ਕੇ ਹੱਥਾਂ ਨਾਲ ਉਤਾਂਹ ਖਿੱਚੋ ਤੇ ਪੈਰਾਂ ਨਾਲ ਉਸ ਨੂੰ ਹੇਠਾਂ ਧੱਕੋ। ਇਹ ਖਿੱਚ 30 ਸਕਿੰਟ ਤਕ ਇਕ ਸਮੇਂ ਰੱਖਣੀ ਚਾਹੀਦੀ ਹੈ ਤੇ 10 ਤੋਂ 15 ਵਾਰ ਕਰਨੀ ਹੁੰਦੀ ਹੈ।

(2). ਇੱਕ ਲੱਤ ਦੇ ਭਾਰ ਉੱਤੇ 30 ਸਕਿੰਟ ਖੜ੍ਹੇ ਹੋਵੋ। ਵਾਰੀ-ਵਾਰੀ ਇਹ ਵੀ 10 ਤੋਂ 15 ਵਾਰ ਕਰਨੀ ਹੈ।

(3). ਸਿੱਧੇ ਖੜ੍ਹੇ ਹੋ ਕੇ ਇੱਕ ਵਾਰ ਅੱਡੀ ਤੇ ਫੇਰ ਦੂਜੀ ਵਾਰ ਪੰਜਾ ਚੁੱਕ ਕੇ, ਵਾਰੀ-ਵਾਰੀ 10 ਸਕਿੰਟ ਲਈ 10 ਤੋਂ 15 ਵਾਰ ਕਰੋ।

(4). ਪਿੱਠ ਬਿਲਕੁਲ ਸਿੱਧੀ ਰੱਖ ਕੇ ਜ਼ਮੀਨ ਤੋਂ ਚੀਜ਼ ਚੁੱਕੋ। ਫੇਰ ਰੱਖੋ ਤੇ ਫੇਰ ਚੁੱਕੋ। ਵੀਹ ਤੋਂ 25 ਵਾਰ ਅਜਿਹਾ ਕਰੋ।

ਧਿਆਨ ਰਹੇ ਕਿ ਸਿਰਫ਼ ਔਰਤਾਂ ਜਾਂ ਬੱਚੀਆਂ ਵਿਚ ਹੀ ਨਹੀਂ, ਉੱਚੀ ਅੱਡੀ ਵਾਲੇ ਬੂਟ ਪੁਰਸ਼ਾਂ ਵਿਚ ਵੀ ਫੈਸ਼ਨ ਬਣ ਚੁੱਕੇ ਹਨ। ਸੋ, ਦੁਹਾਂ ਨੂੰ ਹੀ ਆਪਣੇ ਸਰੀਰ ਦਾ ਪੂਰਾ ਧਿਆਨ ਰੱਖਣ ਦੀ ਲੋੜ ਹੈ। ਲੰਬਾਈ ਵਧਾਉਣ ਲਈ ਸ਼ੁਰੂ ਤੋਂ ਹੀ ਕਸਰਤ ਅਤੇ ਸੰਤੁਲਿਤ ਖ਼ੁਰਾਕ ਉੱਤੇ ਧਿਆਨ ਰੱਖਿਆ ਜਾਵੇ ਤਾਂ ਲੰਬਾਈ ਆਪੇ ਹੀ ਏਨੀ ਵਧ ਜਾਣੀ ਹੈ ਕਿ ਉੱਚੀ ਅੱਡੀ ਦੀ ਲੋੜ ਹੀ ਨਹੀਂ ਰਹਿਣੀ।

ਸੋ, ਖੁਸ਼ ਰਹੋ, ਤੰਦਰੁਸਤ ਰਹੋ ਤੇ ਜੇ ਗਿੱਠੇ ਰਹਿ ਚੁੱਕੇ ਹੋ ਤਾਂ ਆਪਣੇ ਕਾਰਜਾਂ ਨਾਲ ਆਪਣਾ ਕੱਦ ਉੱਚਾ ਕਰ ਕੇ ਲੋਕਾਂ ਦਾ ਦਿਲ ਜਿੱਤੋ, ਨਾ ਕਿ ਉੱਚੀਆਂ ਅੱਡੀਆਂ ਵਾਲੀਆਂ ਜੁੱਤੀਆਂ ਪਾ ਕੇ !

ਗੁਰਬਾਣੀ ਨੂੰ ਆਧੁਨਿਕ ਪੰਜਾਬੀ ਵਾਂਗ ਪੜ੍ਹਨਾ ਤੇ ਸਮਝਣਾ ਵਿਸ਼ੇ ਦੀ ਗਹਿਰਾਈ ਤੋਂ ਦੂਰ ਰਹਿਣਾ ਤੇ ਵਿਚਾਰਕ ਮਤਭੇਦਾਂ ਨੂੰ ਜਨਮ ਦੇਣ ਬਰਾਬਰ ਹੈ।–ਭਾਗ ਪਹਿਲਾ—

0

ਗੁਰਬਾਣੀ ਨੂੰ ਆਧੁਨਿਕ ਪੰਜਾਬੀ ਵਾਂਗ ਪੜ੍ਹਨਾ ਤੇ ਸਮਝਣਾ ਵਿਸ਼ੇ ਦੀ ਗਹਿਰਾਈ ਤੋਂ ਦੂਰ ਰਹਿਣਾ ਤੇ ਵਿਚਾਰਕ ਮਤਭੇਦਾਂ ਨੂੰ ਜਨਮ ਦੇਣ ਬਰਾਬਰ ਹੈ। (ਭਾਗ ਪਹਿਲਾ)

ਗੁਰਬਾਣੀ ਨੂੰ ਆਧੁਨਿਕ ਪੰਜਾਬੀ ਵਾਂਗ ਪੜ੍ਹਨਾ ਤੇ ਸਮਝਣਾ ਵਿਸ਼ੇ ਦੀ ਗਹਿਰਾਈ ਤੋਂ ਦੂਰ ਰਹਿਣਾ ਤੇ ਵਿਚਾਰਕ ਮਤਭੇਦਾਂ ਨੂੰ ਜਨਮ ਦੇਣ ਬਰਾਬਰ ਹੈ। — ਭਾਗ ਦੂਜਾ—

ਗੁਰਬਾਣੀ ਨੂੰ ਆਧੁਨਿਕ ਪੰਜਾਬੀ ਵਾਂਗ ਪੜ੍ਹਨਾ ਤੇ ਸਮਝਣਾ ਵਿਸ਼ੇ ਦੀ ਗਹਿਰਾਈ ਤੋਂ ਦੂਰ ਰਹਿਣਾ ਤੇ ਵਿਚਾਰਕ ਮਤਭੇਦਾਂ ਨੂੰ ਜਨਮ ਦੇਣ ਬਰਾਬਰ ਹੈ। —ਭਾਗ ਤੀਜਾ—

ਗੁਰਬਾਣੀ ਨੂੰ ਆਧੁਨਿਕ ਪੰਜਾਬੀ ਵਾਂਗ ਪੜ੍ਹਨਾ ਤੇ ਸਮਝਣਾ ਵਿਸ਼ੇ ਦੀ ਗਹਿਰਾਈ ਤੋਂ ਦੂਰ ਰਹਿਣਾ ਤੇ ਵਿਚਾਰਕ ਮਤਭੇਦਾਂ ਨੂੰ ਜਨਮ ਦੇਣ ਬਰਾਬਰ ਹੈ। (ਭਾਗ ਚੌਥਾ)

ਕਿਰਪਾਲ ਸਿੰਘ (ਬਠਿੰਡਾ)- 98554-80797

ਭਾਸ਼ਾ ਭਾਵੇਂ ਕੋਈ ਵੀ ਹੋਵੇ, ਹਰ ਭਾਸ਼ਾ ਰਾਹੀਂ ਮਨ ਦੇ ਹਾਵ-ਭਾਵ (ਅੰਦਾਜ਼) ਦੂਸਰਿਆਂ ਨਾਲ ਸਾਂਝੇ ਕਰਨ ਲਈ ਉਚਾਰਨ ਕੀਤੀ ਜਾਣ ਵਾਲੀ ਭਾਸ਼ਾ; ਮਨੁੱਖਾ ਸਰੀਰ ਅੰਦਰ ਚਾਰ ਪੜਾਅ ਨੂੰ ਪਾਰ ਕਰਦੀ ਹੋਈ, ਮੰਨੀ ਗਈ ਹੈ, ਉਹ ਚਾਰ ਪੜਾਅ ਹਨ: ‘ਪਰਾ, ਪਸ਼੍ਯੰਤੀ, ਮੱਧਮਾ (ਮਧ੍ਯਮਾ) ਤੇ ਵੈਖਰੀ’।

ਬੁੱਧੀਜੀਵੀਆਂ ਅਨੁਸਾਰ ਮੂਲਾਧਾਰ ’ਚ ਭਾਵਨਾ ਦੇ ਰੂਪ ਵਿੱਚ ਟਿਕਿਆ ਪਿਆ ਸ਼ਬਦ ‘ਪਰਾ’, ਮੂਲਾਧਾਰ ਤੋਂ ਉੱਠ ਕੇ ਹਿਰਦੇ ’ਚ ਆਇਆ ਸ਼ਬਦ ‘ਪਸ਼੍ਯੰਤੀ’, ਹਿਰਦੇ ਤੋਂ ਕੰਠ ’ਚ ਪਹੁੰਚਿਆ ਸ਼ਬਦ ‘ਮਧ੍ਯਮਾ’ ਤੇ ਕੰਠ ’ਚੋਂ ਉਚਾਰਨ ਕੀਤਾ ਗਿਆ ਸ਼ਬਦ ‘ਵੈਖਰੀ’ ਜਾਂ ਭਾਸ਼ਾ ਅਖਵਾਉਂਦਾ ਹੈ। ਗੁਰਬਾਣੀ ਵਿੱਚ ਇਨ੍ਹਾਂ ਚਾਰ ਪੜਾਵਾਂ ਨੂੰ ‘ਚਾਰ ਬਾਣੀਆ’ ਵੀ ਕਿਹਾ ਗਿਆ ਹੈ; ਜਿਵੇਂ ਕਿ ‘‘ਖਾਣੀ ਚਾਰੇ, ਬਾਣੀ ਭੇਦਾ ॥’’ (ਮ: 1/839)

ਇਹ ਵੀ ਧਿਆਨ ਰਹੇ ਕਿ ਗੁਰਬਾਣੀ ’ਚ ਬੇਸ਼ੱਕ ਪ੍ਰਚਲਿਤ ਹਵਾਲਿਆਂ ਦਾ ਜ਼ਿਕਰ ਕਈ ਵਾਰ ਕੀਤਾ ਹੋਇਆ ਮਿਲ ਜਾਂਦਾ ਹੈ ਪਰ ਗੁਰਮਤ ਆਪਣੇ ਸਿਧਾਂਤ ਮੁਤਾਬਕ ਕੁਦਰਤ ਨੂੰ ਕਿਸੇ ਵੀ ਗਿਣਤੀ ਮਿਣਤੀ ਦੇ ਸਾਂਚੇ ਵਿੱਚ ਕੈਦ ਨਹੀਂ ਕਰਦੀ; ਜਿਵੇਂ ਕਿ 84 ਲੱਖ ਜੂਨਾਂ, ਲੱਖ ਪਾਤਾਲ ਜਾਂ ਲੱਖ ਆਕਾਸ, ਚਾਰ ਖਾਣੀਆਂ, ਚਾਰ ਬਾਣੀਆਂ, ਆਦਿ ਵਾਲੀਆਂ ਪ੍ਰਚਲਿਤ ਧਾਰਨਾਵਾਂ ਦਰਜ ਵੀ ਹਨ ਤੇ ਇਨ੍ਹਾਂ ਨੂੰ ਅਧੂਰਾ ਵੀ ਸਿੱਧ ਕੀਤਾ ਗਿਆ ਹੈ; ਜਿਵੇਂ ਕਿ ਉਕਤ ਚਾਰ ਬਾਣੀਆਂ ਦੀ ਹਮਾਇਤ ਕਰਨ ਦੇ ਬਾਵਜੂਦ ‘‘ਕੇਤੀਆ ਖਾਣੀ ਕੇਤੀਆ ਬਾਣੀ.. ॥’’ (ਜਪੁ) ਰਾਹੀਂ ਤੁੱਛ ਵੀ ਮੰਨਿਆ ਗਿਆ ਹੈ।

ਉਕਤ ਵੰਡ (ਚਾਰ ਪੜਾਅ) ਨੂੰ ਅਗਰ ਆਧਾਰ ਬਣਾ ਕੇ ਵਿਸ਼ੇ ਨੂੰ ਸਮਝਿਆ ਜਾਏ ਤਾਂ ਕੰਠ ’ਚੋਂ ਉਚਾਰੀ ਗਈ ‘ਵੈਖਰੀ’ (ਅਵਸਥਾ) ਹੀ ਭਾਸ਼ਾ ਨੂੰ ਉਜਾਗਰ ਕਰਦੀ ਹੈ, ਜਨਮ ਦਿੰਦੀ ਹੈ, ਜਿਸ ਵਿੱਚ ਅੱਖਰ, ਲਗ (ਮਾਤਰ), ਲਗਾੱਖਰ ਦਾ ਸੁਮੇਲ ਹੁੰਦਾ ਹੈ। ਅੱਖਰ ਨਾਲ਼ ਕੀਤੀ ਗਈ ‘ਲਗ’ ਦੀ ਵਰਤੋਂ ਵਿਆਕਰਨ ਨਿਯਮ ਅਤੇ ਅੱਖਰ ਨਾਲ਼ ਲਗਾੱਖਰ ਦੀ ਵਰਤੋਂ ਸ਼ੁੱਧ ਉਚਾਰਨ ਨਿਯਮ ਅਖਵਾਉਂਦਾ ਹੈ।

ਪੰਜਾਬੀ ਅਤੇ ਗੁਰਮੁਖੀ ਲਿੱਪੀ ’ਚ 10 ਲਗਾਂ (ਮੁਕਤਾ, ਕੰਨਾ, ਔਂਕੜ, ਦੁਲੈਂਕੜ, ਸਿਹਾਰੀ, ਬਿਹਾਰੀ, ਲਾਂ, ਦੁਲਾਵਾਂ, ਹੋੜਾ, ਕਨੌੜਾ), ਤਿੰਨ ਲਗਾੱਖਰ (ਅੱਧਕ, ਬਿੰਦੀ, ਟਿੱਪੀ) ਅਤੇ 35 ਅੱਖਰ ਹਨ, ਜਿਨ੍ਹਾਂ ਵਿੱਚੋਂ ਤਿੰਨ ਸਵਰ (ੳ, ਅ, ੲ) ਅਤੇ 32 ਵਿਅੰਜਨ ਅੱਖਰ ਹਨ ਭਾਵ 10 ਲਗਾਂ ਕੇਵਲ 32 ਅੱਖਰਾਂ ਨੂੰ ਹੀ ਲੱਗਦੀਆਂ ਹਨ ਜਦ ਕਿ ਤਿੰਨ ਸਵਰਾਂ ’ਚੋਂ ‘ੳ’ ਨੂੰ ਕੇਵਲ ਤਿੰਨ (ਔਂਕੜ ‘ਉ’, ਦੁਲੈਂਕੜ ‘ਊ’, ਹੋੜਾ ‘ਓ’), ‘ਅ’ ਨੂੰ ਕੇਵਲ ਚਾਰ (ਮੁਕਤਾ ‘ਅ’, ਕੰਨਾ ‘ਆ’, ਦੁਲਾਵਾਂ ‘ਐ’ ਤੇ ਕਨੌੜਾ ‘ਔ’) ਅਤੇ ‘ੲ’ ਨੂੰ ਕੇਵਲ ਤਿੰਨ (ਸਿਹਾਰੀ ‘ਇ’, ਬਿਹਾਰੀ ‘ਈ’, ਲਾਂ ‘ਏ’) ਲਗਾਂ ਹੀ ਲੱਗਦੀਆਂ ਹਨ।

ਭਾਸ਼ਾਈ ਪੱਧਰ ਦੇ ਚੌਥੇ ਪੜਾਅ ਉੱਤੇ ਮਨੁੱਖ ਆਪਣੇ ਬਣੇ ਹੋਏ ਵਿਚਾਰਾਂ ਨੂੰ ਗਲੇ, ਜੀਭ, ਦੰਦ, ਨਾਸਿਕਾ, ਆਦਿ ਸਰੀਰਕ ਅੰਗਾਂ ਦੀ ਸਹਾਇਤਾ ਨਾਲ ਬੋਲ ਕੇ ਦੂਸਰੇ ਤੱਕ ਵਿਅਕਤ ਕਰ ਸਕਦਾ ਹੈ। ਸ਼ਬਦ ਦੀ ਇਸ ਚੌਥੀ ਅਵਸਥਾ (ਜਾਂ ਪੜਾਅ) ਨੂੰ ‘ਬੈਖਰੀ’ ਮੰਨਿਆ ਗਿਆ; ਜੋ ਕਿ ਸ਼ਬਦ ਰੂਪ ਹੋ ਕੇ ਸਮਾਜ ’ਚ (ਸੰਸਾਰ ’ਤੇ) ‘ਬਿਖਰ’ ਜਾਂਦੀ ਹੈ। ਇਸ ਨੂੰ ਬੋਲ ਕੇ ਜਾਂ ਲਿਖ ਕੇ ਸੁਣਿਆ ਜਾਂ ਪੜ੍ਹਿਆ ਜਾ ਸਕਦਾ ਹੈ। ‘ਬੈਖਰੀ’ ਬਾਣੀ (ਬਣਾਵਟ ਜਾਂ ਅਵਸਥਾ) ਰਾਹੀਂ ਮਿਲੇ ਸੰਦੇਸ਼ ਨੂੰ ਚਿਰਾਂ ਤੱਕ ਸਾਂਭ ਕੇ ਰੱਖਣ ਲਈ ਅੱਖਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਭੂਗੋਲਿਕ ਪਰਸਥਿਤੀਆਂ ਮੁਤਾਬਕ ਬੋਲੀ (ਬੈਖਰੀ) ਨੂੰ ਸਦੀਵੀ ਤੌਰ ’ਤੇ ਸੰਭਾਲ਼ਨ ਲਈ ਅੱਖਰ ਰੂਪ ਚਿੰਨ੍ਹਾਂ ਦੀ ਖੋਜ ਹੋਈ, ਜੋ ਪੰਜਾਬੀ ਤੇ ਗੁਰਮੁਖੀ ਦੇ 35 ਅੱਖਰਾਂ ਵਾਂਗ ਅਲੱਗ-ਅਲੱਗ ਭਾਸ਼ਾਵਾਂ ਦੇ ਵੱਧ ਘੱਟ ਹਨ।

ਇਸ ਲਿਖਤੀ ਖੋਜ ਤੋਂ ਸਮਝ ਪੈਂਦੀ ਹੈ ਕਿ ਅੱਖਰਾਂ (ਲਿਪੀ) ਦੀ ਹੋਂਦ ਮਨੁੱਖੀ ਵਿਚਾਰ ਪ੍ਰਗਟ ਕਰਨ ਨਾਲ ਆਰੰਭ ਹੋਈ ਹੈ ਜਦ ਕਿ ਮਨੁੱਖੀ ਹਾਵ-ਭਾਵ (ਅੰਦਰੂਨੀ ਭਾਵਨਾ, ਜੋ ਪਸ਼ੂ ਪੰਛੀਆਂ ਵਾਂਗ ਵਿਅਕਤ ਨਹੀਂ ਕੀਤੀ ਜਾ ਸਕਦੀ ਸੀ) ਆਦਿ ਕਾਲ ਤੋਂ ਸੰਕੇਤਕ ਚਿੰਨ੍ਹਾਂ ਰਾਹੀਂ ਪ੍ਰਯੋਗ ਹੁੰਦੀ ਆਈ ਹੈ। ਵੈਸੇ ਵੀ ਅਸੀਂ ਵੇਖਦੇ ਹਾਂ ਕਿ ਬੱਚੇ ਦੇ ਮਨ ਵਿੱਚ ਫੁਰਨੇ ਤਾਂ ਉਸ ਦੇ ਜਨਮ ਤੋਂ ਹੀ ਉਪਜਣੇ ਸ਼ੁਰੂ ਹੋ ਜਾਂਦੇ ਹਨ ਪਰ ਉਹ ‘ਪਰਾ, ਪਸੰਤੀ, ਮੱਧਮਾ’ (ਤਿੰਨ ਅਵਸਥਾਵਾਂ) ਵਿੱਚ ਹੋਣ ਕਰ ਕੇ ਅਸੀਂ ਉਨ੍ਹਾਂ ਨੂੰ ਸੁਣ ਨਹੀਂ ਸਕਦੇ ਭਾਵ ਹੋਰਾਂ ਨਾਲ ਸਾਂਝੇ ਨਹੀਂ ਕਰ ਸਕਦੇ। ਆਖਰ ਦੋ ਢਾਈ ਸਾਲ ਦੀ ਉਮਰ ਵਿੱਚ ਬੱਚਾ ਆਪਣੀ ਮਾਤ ਭਾਸ਼ਾ ਥੋੜ੍ਹੀ ਥੋੜ੍ਹੀ ਬੋਲਣੀ ਸਿੱਖ ਲੈਂਦਾ ਹੈ। ਅੱਖਰਾਂ ਦੀ ਪਛਾਣ ਕਰ ਕੇ ਲਿਖਣਾ ਤਾਂ ਪੰਜ ਕੁ ਸਾਲ ਤੋਂ ਬਾਅਦ ਹੀ ਸਿੱਖਿਆ ਜਾਂਦਾ ਹੈ; ਇਹ ਵੀ ਅੱਜ ਕੱਲ੍ਹ ਦੇ ਸਮੇਂ ਵਿੱਚ। ਆਦਿ ਕਾਲ ਵਿੱਚ ਜਦੋਂ ਮਨੁੱਖ ਬੋਲਣਾ ਸਿੱਖਿਆ ਹੋਵੇਗਾ ; ਅੱਖਰਾਂ ਦੀ ਖੋਜ ਤਾਂ ਉਸ ਤੋਂ ਹਜ਼ਾਰਾਂ ਸਾਲ ਪਿੱਛੋਂ ਹੀ ਸੰਭਵ ਹੋਈ ਹੋਵੇਗੀ। ਪੰਜਾਬੀ ਵਿੱਚ ਲਿਖੇ ਜਾਣ ਲਈ ਵਰਤੇ ਜਾਂਦੇ ਮੌਜੂਦਾ ਗੁਰਮੁਖੀ ਲਿਪੀ ਦੇ ਅੱਖਰਾਂ ਤੋਂ ਪਹਿਲਾਂ ਲਿਖਤ ਲਈ ਜਿਨ੍ਹਾਂ ਅੱਖਰੀਂ ਚਿਨ੍ਹਾਂ ਦੀ ਵਰਤੋਂ ਕੀਤੀ ਜਾਣ ਲੱਗੀ ਉਨ੍ਹਾਂ ਨੂੰ ‘ਲੰਡੇ’ ਕਿਹਾ ਜਾਂਦਾ ਹੈ। ‘ਲੰਡੇ’ ਇਸ ਕਾਰਨ ਕਿ ਇਸ ਦੀ ਵਰਨਮਾਲਾ ਵਿੱਚ ਕੇਵਲ ਅੱਖਰ ਹੀ ਹੁੰਦੇ ਹਨ, ਲਗ-ਮਾਤਰ ਕੋਈ ਨਹੀਂ ਵਰਤੀ ਜਾਂਦੀ; ਜਿਵੇਂ ਕਿ ‘ਕਰਨਲ’ ਸ਼ਬਦ ਵਿੱਚ ਕੇਵਲ 4 ਅੱਖਰ ਵਰਤੇ ਗਏ ਹਨ; ਲਗ-ਮਾਤਰ ਅਤੇ ਲਗਾੱਖਰ ਕੋਈ ਨਾ ਹੋਣ ਕਾਰਨ ਪ੍ਰਕਰਨ ਅਨੁਸਾਰ ਇਸ ਨੂੰ ‘ਕਰਨਲ, ਕਰਨੈਲ, ਕਰਨੂਲ, ਕਰਨੇਲ, ਕਰਨਾਲ, ਕੈਰਨਾਲ’ ਵਾਂਗ ਕਿਸੇ ਵੀ ਅਰਥਾਂ ’ਚ ਉਲਥਾਇਆ ਜਾ ਸਕਦਾ ਹੈ। ਲਿਖਣ ਵਿੱਚ ਸੌਖ ਹੋਣ ਕਰਕੇ ਮਹਾਜਨ (ਬਣੀਆ) ਲੋਕ ਅੱਜ ਵੀ ਆਪਣੇ ਵਾਪਾਰ ਦਾ ਲੇਖਾ ਜੋਖਾ ਲੰਡੇ ਅੱਖਰਾਂ ਵਾਲੀ ਲਿਖਤੀ ਵਿੱਚ ਹੀ ਸੰਭਾਲਦੇ ਹਨ।

ਇੱਕ ਕਹਾਵਤ ਪ੍ਰਚਲਿਤ ਹੈ ਕਿ ਇੱਕ ਸ਼ਾਹੂਕਾਰ ਆਪਣੇ ਕਾਰੋਬਾਰ ਦੇ ਸੰਬੰਧ ਵਿੱਚ ਪਟਨੇ ਸ਼ਹਿਰ ਵਿਖੇ ਗਿਆ। ਜਿਸ ਫਰਮ ਨਾਲ ਉਸ ਦਾ ਲੈਣ ਦੇਣ ਸੀ ਉਸ ਦਾ ਹਿਸਾਬ ਕਿਤਾਬ ਜਿਸ ਵੱਡੀ ਬਹੀ ਵਿੱਚ ਲਿਖਿਆ ਸੀ ਉਸ ਨੂੰ ਆਪਣੇ ਨਾਲ ਲਿਆਉਣਾ ਭੁੱਲ ਗਿਆ ਇਸ ਲਈ ਉਸ ਨੇ ਲੰਡੇ ਅੱਖਰਾਂ ਵਿੱਚ ਲਿਖ ਕੇ ਘਰ ਰੁੱਕਾ (ਲਿਖਤੀ ਖ਼ਤ) ਭੇਜਿਆ ਕਿ ‘ਵਡ ਬਹ ਪਟਨ ਭਜ ਦਓ’ ਭਾਵ ‘ਵੱਡੀ ਬਹੀ ਪਟਨੇ ਭੇਜ ਦਿਓ।’ ਪਰ ਇਸ ਖ਼ਤ ’ਚ ਲਗ-ਮਾਤਰ ਨਾ ਲਿਖੇ ਹੋਣ ਕਾਰਨ ਘਰ ਵਾਲਿਆਂ ਨੇ ਪੜ੍ਹ ਲਿਆ ਕਿ ‘ਵੱਡੀ ਬਹੂ ਪਿੱਟਨ ਭੇਜ ਦਿਓ।’ ਇਹ ਪੜ੍ਹ ਕੇ ਘਰ ਵਾਲਿਆਂ ਨੇ ਗ਼ਲਤ ਅੰਦਾਜ਼ਾ ਲਾ ਲਿਆ ਕਿ ਰਿਸ਼ਤੇਦਾਰੀ ਵਿੱਚ ਕਿਸੇ ਦੀ ਮੌਤ ਹੋ ਗਈ ਹੈ ਇਸ ਲਈ ਰੋਣ ਪਿੱਟਣ ਲਈ ਵੱਡੀ ਬਹੂ ਨੂੰ ਬੁਲਾਇਆ ਗਿਆ ਹੈ; ਇਹ ਸਮਝ ਕੇ ਘਰ ਰੋਣਾ ਪਿੱਟਣਾ ਸ਼ੁਰੂ ਹੋ ਗਿਆ। ਅਜੇਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਲਗਾਂ-ਮਾਤਰਾਂ ਦੀ ਵਰਤੋਂ ਬਾਰੇ ਖੋਜ ਹੋਣ ਲੱਗੀ ਅਤੇ ਹਰ ਭਾਸ਼ਾ ਦੇ ਵਿਕਾਸ ਵਾਂਗ ਪੰਜਾਬੀ ਲਿਪੀ ਦਾ ਵੀ ਅੱਜ ਵਾਲਾ ਸਰੂਪ ਹੋਂਦ ਵਿੱਚ ਆ ਗਿਆ, ਜੋ ਅਗਾਂਹ ਵੀ ਭੂਗੋਲਿਕ ਸਥਿਤੀਆਂ ਮੁਤਾਬਕ ਤਬਦੀਲ ਹੁੰਦਾ ਰਹੇਗਾ।

ਗੁਰਬਾਣੀ ਨੂੰ ਤਾਂ ਗੁਰੂ ਸਾਹਿਬਾਨ ਨੇ ‘ਧੁਰ ਕੀ ਬਾਣੀ’ ਆਖ ਕੇ ਨਿਰੰਕਾਰ ਦੀ ਉਸਤਤ ਜਾਂ ਰੱਬੀ ਗੁਣ ਰੂਪ ਦੱਸਿਆ ਹੈ: ‘‘ਵਾਹੁ ਵਾਹੁ ਬਾਣੀ ਨਿਰੰਕਾਰ ਹੈ; ਤਿਸੁ ਜੇਵਡੁ, ਅਵਰੁ ਨ ਕੋਇ ॥’’ ਇਹ ਬਚਨ ਗੁਰੂ ਸਾਹਿਬਾਨਾਂ ਨੇ ਆਪਣੇ ਅਨੁਭਵ (ਮਨ ਦੇ ਹਾਵ-ਭਾਵ) ਬੈਖਰੀ ਪੜਾਅ ਵਿੱਚ ਸਾਡੇ ਸਾਹਮਣੇ ਹੂ-ਬ-ਹੂ ਪ੍ਰਗਟ ਕੀਤੇ ਹਨ, ਨਾ ਕਿ ‘ਪਰਾ, ਪਸ਼੍ਯੰਤੀ ਜਾਂ ਮਧ੍ਯਮਾ’ ਪੜਾਅ ਵਿੱਚ ਕਿਉਂਕਿ ਇਨ੍ਹਾਂ ਤਿੰਨੇ ਪੜਾਵਾਂ ’ਚ ਬੰਦਾ ਕੇਵਲ ਆਪ ਹੀ ਅਨੰਦ ਮਾਣ ਸਕਦਾ ਹੈ, ਹੋਰਾਂ ਨਾਲ ਵਿਚਾਰਕ ਸਾਂਝ ਨਹੀਂ ਕਰ ਸਕਦਾ।

ਗੁਰਬਾਣੀ ਨੂੰ ਸ਼ੁੱਧ ਰੂਪ ਵਿੱਚ ਮਨੁੱਖਤਾ ਤੱਕ ਪਹੁੰਚਾਉਣ ਲਈ ਸਟੀਕ ਨਿਯਮਾਵਲੀ ਤਿਆਰ ਕਰਨ ’ਚ ਗੁਰੂ ਅੰਗਦ ਸਾਹਿਬ ਜੀ ਦਾ ਅਹਿਮ ਰੋਲ ਰਿਹਾ ਹੈ, ਜਿਨ੍ਹਾਂ ਗੁਰਮੁਖੀ ਲਿਪੀ ਦੇ ਅੱਖਰਾਂ ਦੀ ਸੋਧ-ਸੁਧਾਈ ਕੀਤੀ ਤਾਂ ਜੋ ਅੱਖਰਾਂ ਦੀ ‘ਧੁਨੀ’ ਨੂੰ ਪ੍ਰਗਟ ਕਰਨਾ ਆਸਾਨ ਰਹੇ। ਇਸ ਤੋਂ ਇਲਾਵਾ ਇਕੋ ਤਰ੍ਹਾਂ ਦੇ ਉਚਾਰਨ ਕੀਤੇ ਜਾਣ ਵਾਲੇ ਸ਼ਬਦ ਅਰਥਾਂ ਨੂੰ ਧਿਆਨ ਵਿੱਚ ਰੱਖ ਕੇ ਅੰਤ ਔਂਕੜ ਤੇ ਅੰਤ ਸਿਹਾਰੀ ਸਹਿਤ ਲਿਖ ਕੇ ਵਿਆਕਰਣਿਕ ਨਿਯਮਾਂ ਵਿੱਚ ਬੰਨ੍ਹ ਕੇ ਉਨ੍ਹਾਂ ਦੇ ਸਟੀਕ ਅਰਥ ਕਰ ਦਿੱਤੇ ਜਿਨ੍ਹਾਂ ਦੇ ਕੋਈ ਮਨੁੱਖ ਆਪਣੀ ਮਰਜੀ ਨਾਲ ਅਰਥ ਕਰ ਹੀ ਨਹੀਂ ਸਕਦਾ। ਧਿਆਨ ਰਹੇ ਕਿ ਪੁਰਾਤਨ ਗੁਰਮੁਖੀ ਲਿਖਤ ਸੰਗਲੀ ਹੋਣ ਦੇ ਨਾਲ-ਨਾਲ ਕੰਨੇ ਦੀ ਬਜਾਇ ਕੇਵਲ ਬਿੰਦੀ ਦਾ ਪ੍ਰਯੋਗ ਹੁੰਦਾ, ਵੀ ਪ੍ਰਚਲਿਤ ਰਿਹਾ ਹੈ।

ਗੁਰਮੁਖੀ ਤੇ ਪੰਜਾਬੀ ਲਿਪੀ ਦੇ ਲਿਖਤੀ ਅੰਤਰ ਨੂੰ ਦਰਸਾਉਣ ਲਈ ਹੇਠਾਂ ‘ਪੰਡਿਤ’ ਸ਼ਬਦ ਨੂੰ ਮਿਸਾਲ ਵਜੋਂ ਵਰਤਿਆ ਗਿਆ ਹੈ:

(1). ਅੱਜ ਕੱਲ੍ਹ ਦੀ ਪੰਜਾਬੀ ਵਿੱਚ ਅਸੀਂ ਲਿਖਦੇ ਹਾਂ ਕਿ ‘ਪੰਡਿਤ ਉਹ ਹੈ ਜੋ ਆਪਣੇ ਮਨ ਨੂੰ ਪ੍ਰਬੋਧਦਾ (ਸਮਝਾਉਂਦਾ) ਹੈ।’ ਜੇ ਗੁਰਬਾਣੀ ਦੀ ਲਿਖਤ ਵਿੱਚ ਲਿਖਣਾ ਹੋਵੇ ਤਾਂ ਲਿਖਾਂਗੇ: ‘ਪੰਡਿਤੁ ਉਹੁ ਹੈ ਜੋ ਆਪਣਾ ਮਨੁ ਪ੍ਰਬੋਧਦਾ ਹੈ।’ ਅਜੋਕੀ ਪੰਜਾਬੀ ਵਿੱਚ ਸਾਨੂੰ ਸਿਰਫ ਕਿਰਿਆਵਾਚੀ ਸ਼ਬਦ ‘ਪ੍ਰਬੋਧਦਾ’ ਤੋਂ ਹੀ ਪਤਾ ਚਲਦਾ ਹੈ ਕਿ ‘ਪੰਡਿਤ’ ਇੱਕ ਬਚਨ ਪੁਲਿੰਗ ਸ਼ਬਦ ਹੈ, ਪਰ ਗੁਰਬਾਣੀ ਲਿਖਤ ਅਨੁਸਾਰ ਕਿਰਿਆਵਾਚੀ ਸ਼ਬਦ ‘ਪਰਬੋਧੈ’ ਦੇ ਅਖੀਰਲੇ ਅੱਖਰ ਨੂੰ ਲਗੀਆਂ ਦੁਲਾਵਾਂ ਤੋਂ ਇਲਾਵਾ ਵੀ ਸਾਨੂੰ ‘ਪੰਡਿਤੁ’ ਦੇ ‘ਤ’ ਨੂੰ ਲੱਗੀ ਔਂਕੜ ਤੋਂ ਪਤਾ ਲੱਗ ਜਾਂਦਾ ਹੈ ਕਿ ਪੰਡਿਤ ਇੱਕ ਵਚਨ ਪੁਲਿੰਗ ਹੈ ਅਤੇ ‘ਉਹੁ’ (ਪੜਨਾਂਵੀ ਵਿਸ਼ੇਸ਼ਣ) ਦੇ ‘ਹ’ ਨੂੰ ਲੱਗੀ ਔਂਕੜ ਤੋਂ ਵੀ ਪਤਾ ਚਲਦਾ ਹੈ ਕਿ ‘ਪੰਡਿਤੁ’ ਇੱਕ ਵਚਨ ਪੁਲਿੰਗ ਹੈ। ਇਹੀ ਫਿਕਰਾ ਗੁਰਬਾਣੀ ਕਾਵਿ ਰੂਪ ਵਿੱਚ ਇਸ ਤਰ੍ਹਾਂ ਦਰਜ ਹੈ: ‘‘ਸੋ ਪੰਡਿਤੁ, ਜੋ ਮਨੁ ਪਰਬੋਧੈ ॥’’ (ਮ: 5/274)

(2). ਬਹੁ ਬਚਨ ਪੁਲਿੰਗ ਨਾਂਵ ਲਈ ਆਧੁਨਿਕ ਪੰਜਾਬੀ ਵਿੱਚ ਲਿਖਾਂਗੇ: ‘ਕਿਤਨੇ ਹੀ ਪੰਡਤ ਅਤੇ ਜੋਤਸ਼ੀ ਹਨ ਜੋ ਵੇਦਾਂ ਦੀ ਵੀਚਾਰ ਕਰਦੇ ਹਨ।’ ਅਜੋਕੀ ਪੰਜਾਬੀ ਵਾਂਗ ਗੁਰਬਾਣੀ ਕਾਵਿ ਰੂਪ ਵਿੱਚ ਵੀ ਬਹੁ ਵਚਨ ਨਾਂਵ ਲਈ ਅੰਤ ਔਂਕੜ ਨਹੀਂ ਹੁੰਦੀ; ਜਿਵੇਂ ਕਿ: ‘‘ਕੇਤੇ ਪੰਡਿਤ ਜੋਤਕੀ ; ਬੇਦਾ ਕਰਹਿ ਬੀਚਾਰੁ ॥’’ (ਮ: 1/56)

(3). ਅੱਜ ਦੀ ਪੰਜਾਬੀ ਵਿੱਚ ਸੰਬੋਧਨ ਰੂਪ ਵਿੱਚ ਲਿਖਣਾ ਹੋਵੇ ਤਾਂ ਇਸ ਤਰ੍ਹਾਂ ਲਿਖਾਂਗੇ : ‘ਹੇ ਪੰਡਿਤ ! ਹਰੀ (ਦਾ ਨਾਮ) ਪੜ੍ਹ ਅਤੇ ਵਿਕਾਰ ਛੱਡ ਦੇ। ਇਸ ਤੁਕ ’ਚ ਦਰਜ ‘ਪੜ੍ਹ’ ਕਿਰਿਆ ਰਾਹੀਂ ਸਮਝ ਆਉਂਦੀ ਹੈ ਕਿ ‘ਪੰਡਿਤ’ ਇੱਕ ਵਚਨ ਲਈ ਹੁਕਮੀ ਭਵਿਖਤ ਕਾਲ ਦੀ ਕਿਰਿਆ ਹੈ ਤਾਂ ਤੇ ‘ਪੰਡਿਤ’ ਸ਼ਬਦ ਵੀ ਪੁਲਿੰਗ ਹੋਣ ਕਰ ਕੇ ਗੁਰਬਾਣੀ ਲਿਖਤ ਮੁਤਾਬਕ ਅੰਤ ਔਂਕੜ ਹੋਣਾ ਚਾਹੀਦਾ ਸੀ, ਪਰ ਸੰਬੋਧਨ ਰੂਪ ਹੋਣ ਕਾਰਨ ਮੌਜੂਦਾ ਪੰਜਾਬੀ ਵਾਂਗ ਹੀ ਅੰਤ ਮੁਕਤਾ ਰਹਿ ਗਿਆ; ਜਿਵੇਂ ਕਿ: ‘ਪੰਡਿਤ’ ! ਹਰਿ ਪੜੁ ; ਤਜਹੁ ਵਿਕਾਰਾ ॥ (ਮ: 3/229) ਗੁਰਬਾਣੀ ਵਿੱਚ ‘ਪੜੁ’ ਅੰਤ ਔਂਕੜ ਸਹਿਤ ਆਉਣ ਕਾਰਨ ਇਹ ਸਮਝਣ ਵਿੱਚ ਹੋਰ ਵੀ ਸੌਖ ਹੋ ਜਾਂਦੀ ਹੈ ਕਿ ਇਹ ਇੱਕ ਵਚਨ ਪੁਲਿੰਗ ਸ਼ਬਦ (ਪੰਡਿਤੁ) ਲਈ ‘ਹੁਕਮੀ ਭਵਿਖਤ ਕਾਲ ਕਿਰਿਆ’ ਦੀ ਸੂਚਕ ਹੈ।

(4). ਗੁਰਬਾਣੀ ਲਿਖਤ ’ਚ ਜੇ ਕਰ ‘ਪੰਡਿਤੁ’ ਸ਼ਬਦ ਦੇ ਪਿੱਛੇ ਕੋਈ ਸੰਬੰਧਕੀ ਚਿੰਨ੍ਹ (ਦਾ, ਦੇ, ਦੀ, ਨਾਲਿ, ਵਿਚਿ, ਅੰਦਰਿ, ਆਦਿ) ਆ ਜਾਵੇ ਤਾਂ ਉਸ ਦੇ ‘ਤੁ’ ਦੀ ਔਂਕੜ ਲੱਥ ਜਾਂਦੀ ਹੈ ਭਾਵੇਂ ਉਹ ਇੱਕ ਵਚਨ ਪੁਲਿੰਗ ਹੀ ਹੋਵੇ। ਅਜੋਕੀ ਪੰਜਾਬੀ ਦੇ ਵਾਕ ‘ਉਸ ਪੰਡਿਤ ਦੇ ਉਪਦੇਸ਼ ਨਾਲ ਜੱਗ ਜਿਉਂਦਾ ਹੈ’ ਨੂੰ ਗੁਰਬਾਣੀ ਲਿਖਤ ਵਿੱਚ ਇਸ ਤਰ੍ਹਾਂ ਲਿਖਿਆ ਗਿਆ ਹੈ: ‘‘ਉਸੁ ਪੰਡਿਤ ਕੈ ਉਪਦੇਸਿ, ਜਗੁ ਜੀਵੈ ॥’’ (ਮ: 5/274) ਮੌਜੂਦਾ ਪੰਜਾਬੀ ਵਿੱਚ ਸਬੰਧਕੀ ਸ਼ਬਦ ‘ਦੇ’ ਹੈ, ਹਿੰਦੀ ਵਿੱਚ ‘ਕੇ’ ਹੈ ਪਰ ਗੁਰਬਾਣੀ ਵਿੱਚ ਜਿਆਦਾਤਰ ‘ਦੈ’ ਜਾਂ ‘ਕੈ’ ਸਬੰਧਕੀ ਚਿੰਨ੍ਹ ਵਰਤੇ ਗਏ ਮਿਲਦੇ ਹਨ।

(5). ਗੁਰਬਾਣੀ ਲਿਖਤ ’ਚ ਲੁਪਤ ਸਬੰਧਕੀ ਵੀ ਬੜਾ ਮਹੱਤਵ ਪੂਰਨ ਹੁੰਦਾ ਹੈ ਭਾਵ ਪ੍ਰਗਟ ਸਬੰਧਕੀ ਚਿੰਨ੍ਹਾਂ ਵਾਂਗ ਕਈ ਵਾਰ ਸ਼ਬਦ ਦੇ ਮਤਲਬ ਸਪੱਸ਼ਟ ਕਰ ਦਿੰਦਾ ਹੈ; ਜਿਵੇਂ ਕਿ: ‘ਪੰਡਿਤ’ ਮੈਲੁ ਨ ਚੁਕਈ ; ਜੇ ਵੇਦ ਪੜੈ ਜੁਗ ਚਾਰਿ ॥ (ਮ: 4/647) ਭਾਵ ਜੇ ਚਾਰ ਜੁਗਾਂ ਤੱਕ ਵੀ ਵੇਦ ਪੜ੍ਹਦਾ ਰਹੇ ਤਾਂ ਵੀ ‘ਪੰਡਿਤ ਦੀ’ ਮੈਲ਼ ਨਹੀਂ ਉੱਤਰਦੀ, ਵਾਕ ’ਚ ‘ਦੀ’ ਲੁਪਤ ਨੇ ‘ਪੰਡਿਤੁ’ ਨੂੰ ਅੰਤ ਮੁਕਤ ਕਰ ਦਿੱਤਾ ਹੈ।

ਉਕਤ ਕੀਤੀ ਗਈ ‘ਪੰਡਿਤੁ’ ਸ਼ਬਦ ਵੀ ਵਿਚਾਰ ਰਾਹੀਂ ਗੁਰਬਾਣੀ ਲਿਖਤ ’ਚ ਇਹ ਨਿਯਮ ਪ੍ਰਗਟ ਹੁੰਦੇ ਪ੍ਰਤੀਤ ਹੁੰਦੇ ਹਨ:

(1) ਜਿਸ ਇੱਕ ਵਚਨ ਪੁਲਿੰਗ ਨਾਂਵ ਸ਼ਬਦ ਦਾ ਆਮ ਬੋਲ ਚਾਲ ਦੀ ਭਾਸ਼ਾ ਵਿੱਚ ਅੰਤ ਮੁਕਤਾ (ਲਿਖਤੀ ਰੂਪ) ਹੁੰਦਾ ਹੈ, ਉਹ ਗੁਰਬਾਣੀ ਲਿਖਤ ’ਚ ਹਮੇਸ਼ਾਂ ਅੰਤ ਔਂਕੜ ਸਮੇਤ ਹੁੰਦਾ ਹੈ; ਜਿਵੇਂ ‘ਨਾਨਕੁ, ਪੰਡਿਤੁ, ਸੰਤੁ, ਮਾਹੁ, ਰਾਹੁ, ਨੇਹੁ, ਹਥੁ, ਪੈਰੁ, ਤਨੁ, ਮਨੁ, ਕਾਮੁ, ਕ੍ਰੋਧੁ, ਮੋਹੁ, ਪਾਤਿਸਾਹੁ, ਵੇਸਾਹੁ, ਆਦਿਕ, ਪਰ ਅਸੀਂ ਜਾਣੇ ਅਣਜਾਣੇ ਕੇਵਲ ਅੰਤ ‘ਹੁ’ ਵਾਲੇ ਸ਼ਬਦਾਂ ’ਚ ਲੱਗੇ ਅੰਤ ਔਂਕੜ ਨੂੰ ਹੋੜੇ ਵਾਂਗ ਉਚਾਰ ਲੈਂਦੇ ਹਾਂ ਤੇ ਬਾਕੀ ਤਮਾਮ ਸ਼ਬਦਾਂ ਦੇ ਅੰਤ ਔਂਕੜ ਨੂੰ ਉਚਾਰਨ ਦਾ ਭਾਗ ਨਹੀਂ ਬਣਾਉਂਦੇ ਜਦ ਕਿ ਇਹ ਔਂਕੜ ਚਿੰਨ੍ਹ ਸਾਨੂੰ ਕਈ ਸੰਕੇਤ ਦਿੰਦਾ ਪ੍ਰਤੀਤ ਹੁੰਦਾ ਹੈ ਜਿਵੇਂ ਕਿ ਉਪਰੋਕਤ ਵਿਚਾਰ ਕੀਤੀ ਗਈ ਹੈ, ਨਾ ਕਿ ਉਚਾਰਨ ਦਾ ਭਾਗ ਹੈ।

(2) ਜੇ ‘ਪੰਡਿਤੁ’, ਬਹੁ ਬਚਨ ਹੋਵੇ ਤਾਂ ਗੁਰਬਾਣੀ ਵਿੱਚ ਵੀ ਅਜੋਕੀ ਪੰਜਾਬੀ ਵਾਂਗ ਅੰਤ ਔਂਕੜ ਹਟਾ ਕੇ ਲਿਖੇ ਜਾਣਗੇ; ਜਿਵੇਂ ‘ਪੰਡਿਤ, ਸੰਤ, ਮਾਹ, ਰਾਹ, ਨੇਹ, ਪਾਤਿਸਾਹ’, ਆਦਿਕ।

(3) ਗੁਰਬਾਣੀ ’ਚ ਦਰਜ ‘ਪੰਡਿਤੁ’ ਨੂੰ ਅਗਰ ਸੰਬੋਧਨ (ਭਾਵ ਆਵਾਜ਼ ਮਾਰੀ ਜਾਏ) ਰੂਪ ’ਚ ਵਰਤਿਆ ਜਾਏ ਤਾਂ ਵੀ ਅਜੋਕੀ ਪੰਜਾਬੀ ਵਾਂਗ ਅੰਤ ਮੁਕਤ ਬਣਤਰ ਹੀ ਦਰਜ ਹੋਵੇਗੀ; ਜਿਵੇਂ ਕਿ: ‘(ਹੇ) ਨਾਨਕ, (ਹੇ) ਪ੍ਰਭ, (ਹੇ) ਗੁਰ, (ਹੇ) ਪੰਡਿਤ, (ਹੇ) ਮਨ’ ਆਦਿਕ।

(4) ਗੁਰਬਾਣੀ ਲਿਖਤ ਦੀ ਵਿਲੱਖਣਤਾ ਇਹ ਵੀ ਹੈ ਕਿ ਜੇ ‘ਪੰਡਿਤੁ’ ਸ਼ਬਦ ਦੇ ਪਿਛੇਤਰ ‘ਸੇਤੀ (ਭਾਵ ਨਾਲ), ਨਾਲਿ, ਅੰਦਰਿ, ਅੰਤਰਿ, ਬਾਹਰਿ, ਵਿਚਿ, ਉਪਰਿ, ਨਜੀਕਿ, ਮਾਹਿ, ਮਹਿ, ਪਹਿ, ਆਦਿਕ ਸਬੰਧਕੀ ਸ਼ਬਦ (ਪ੍ਰਗਟ ਰੂਪ ਵਿੱਚ) ਹੋਣ ਜਾਂ ‘ਦਾ, ਦੀ, ਦੈ, ਕਾ, ਕੀ, ਕੇ, ਕੈ, ਕਉ, ਨੋ’, ਸਬੰਧਕੀ ਚਿੰਨ੍ਹ (ਪ੍ਰਗਟ ਤੇ ਲੁਪਤ ਅਰਥਾਂ ਲਈ) ਹੋਣ ਤਾਂ ਇੱਕ ਵਚਨ ਪੁਲਿੰਗ ‘ਪੰਡਿਤੁ’ ਦੀ ਵੀ ਔਂਕੜ ਲੱਥ ਜਾਂਦੀ ਹੈ।

ਇਹ ਧਿਆਨ ਰੱਖਣਯੋਗ ਹੈ ਕਿ ਗੁਰਬਾਣੀ ਵਿੱਚ ‘ਦੇ’ ਸ਼ਬਦ ਸਬੰਧਕੀ ਨਹੀਂ ਬਲਕਿ ‘ਕਿ੍ਰਆ’ ਜਾਂ ‘ਕਿਰਿਆ ਵਿਸ਼ੇਸ਼ਣ’ ਹੈ। ਇਸ ਲਈ ‘ਦੇ’ ਸ਼ਬਦ ਸਬੰਧਕੀ ਹੋਣ ਦਾ ਭੁਲੇਖਾ ਨਾ ਰਹੇ; ਜਿਵੇਂ ਕਿ ‘‘ਜੀਅ ਉਪਾਇ, ਰਿਜਕੁ ‘ਦੇ’ (ਦੇਂਦਾ ਹੈ) ਆਪੇ ; ਸਿਰਿ ਸਿਰਿ ਹੁਕਮੁ ਚਲਾਇਆ ॥’’ (ਮ: 1/1042) ਇਸ ਤੁਕ ਵਿੱਚ ‘ਦੇ’ ਸਬੰਧਕੀ ਸ਼ਬਦ ਨਹੀਂ ਬਲਕਿ ਕਿ੍ਰਆ ਹੈ, ਜਿਸ ਦਾ ਅਰਥ ਹੈ- ‘ਦੇਂਦਾ ਹੈ’ ਇਸੇ ਲਈ ‘ਦੇ’ ਚਿੰਨ੍ਹ ਦੇ ਅਗੇਤਰ ਦਰਜ ਇੱਕ ਵਚਨ ਪੁਲਿੰਗ ਨਾਂਵ ‘ਰਿਜਕੁ’ ਦੀ ਅੰਤ ਔਂਕੜ ਨਹੀਂ ਹਟੀ (ਲਹੀ)। ਇਸ ਤੁਕ ਦਾ ਅਰਥ ਬਣਦਾ ਹੈ- ਉਹ ਪਰਮਾਤਮਾ ਸਾਰੇ ਜੀਵ ਪੈਦਾ ਕਰ ਕੇ ਆਪ ਹੀ (ਸਭਨਾਂ ਨੂੰ) ਰਿਜ਼ਕ ਦੇਂਦਾ ਹੈ ਤੇ ਆਪ ਹੀ ਹਰੇਕ ਉੱਤੇ ਆਪਣਾ ਹੁਕਮ ਚਲਾ ਰਿਹਾ ਹੈ। ਅਗਰ ‘ਦੇ’ ਸਬੰਧਕੀ ਚਿੰਨ੍ਹ ਹੁੰਦਾ ਤਾਂ ‘‘ਉਸੁ ਪੰਡਿਤ ਕੈ ਉਪਦੇਸਿ, ਜਗੁ ਜੀਵੈ ॥’’ ਤੁਕ ’ਚ ਦਰਜ ਸਬੰਧਕੀ ‘ਕੈ’ ਦੁਆਰਾ ਕੀਤੇ ਗਏ ‘ਪੰਡਿਤ’ ਨੂੰ ਅੰਤ ਮੁਕਤੇ ਵਾਂਗ ‘ਰਿਜਕੁ’ (ਇੱਕ ਵਚਨ ਪੁਲਿੰਗ) ਨੂੰ ਵੀ ਅੰਤ ਮੁਕਤਾ ਹੋਣਾ ਪੈਂਦਾ।

ਉਪਰਲੀਆਂ ਉਦਾਹਰਨਾਂ ਤੋਂ ਪਤਾ ਲਗਦਾ ਹੈ ਕਿ ਭਾਵੇਂ ‘ਪੰਡਿਤ’ ਸ਼ਬਦ ਇੱਕ ਵਚਨ (ਇੱਕ ਪੰਡਿਤੁ), ਭਾਵੇਂ ਬਹੁ ਵਚਨ (ਕਿਤਨੇ ਹੀ ਪੰਡਿਤ), ਭਾਵੇਂ ਸਬੰਧਕੀ ਰੂਪ (ਪੰਡਿਤ ਦਾ ਉਪਦੇਸ਼, ਪੰਡਿਤ ਦੀ ਮੈਲ਼) ਅਤੇ ਭਾਵੇਂ ਸੰਬੋਧਨ ਰੂਪ ਵਿੱਚ (ਹੇ ਪੰਡਿਤ !) ਵਰਤਿਆ ਜਾਵੇ ਉਚਾਰਨ ਹਰ ਵਾਰ ਬਿਨਾਂ ਔਂਕੜ ‘ਪੰਡਿਤ’ ਕਰਨਾ ਹੀ ਢੁਕਵਾਂ ਹੈ।

(5). ਪੰਜਾਬੀ ਤੇ ਗੁਰਬਾਣੀ ਵਿੱਚ ‘ਪੰਡਿਤੁ’ ਸ਼ਬਦ ਇਸਤਰੀ ਲਿੰਗ ਨਹੀਂ ਪਰ ਅਗਰ ਕੋਈ ਇਸਤਰੀ ਲਿੰਗ ਸ਼ਬਦ ਦੀ ਪੰਜਾਬੀ ਤੇ ਗੁਰਬਾਣੀ ਲਿਖਤ ਬਣਤਰ ਵਿਚਾਰੀਏ ਤਾਂ ਦੋਵੇਂ ਲਿਖਤਾਂ ’ਚ ਇੱਕ ਸਮਾਨਤਾ ਹੈ ਭਾਵ ਤਮਾਮ ਇਸਤਰੀ ਲਿੰਗ ਸ਼ਬਦ ਪੰਜਾਬੀ ਤੇ ਗੁਰਬਾਣੀ ਵਿੱਚ ਅੰਤ ਮੁਕਤੇ ਹੀ ਦਰਜ ਹੁੰਦੇ ਹਨ ਜਿਵੇਂ ਕਿ ‘‘ਭਰੀਐ; ਹਥੁ ਪੈਰੁ, ਤਨੁ ‘ਦੇਹ’ ॥ ਪਾਣੀ ਧੋਤੈ, ਉਤਰਸੁ ‘ਖੇਹ’ ॥’’ (ਜਪੁ) ਤੁਕ ਵਿੱਚ ‘ਹਥੁ, ਪੈਰੁ, ਤਨੁ’ ਇੱਕ ਵਚਨ ਪੁਲਿੰਗ ਨਾਂਵ ਹੋਣ ਕਰ ਕੇ ਅੰਤ ਔਂਕੜ ਸਹਿਤ ਆਏ ਹਨ ਅਤੇ ‘ਦੇਹ, ਖੇਹ’ ਇਸਤਰੀ ਲਿੰਗ ਹੋਣ ਕਰ ਕੇ ਅੰਤ ਮੁਕਤੇ ਹੀ ਰਹੇ ਹਨ।

ਗੁਰਬਾਣੀ ’ਚ ਦਰਜ ਤਮਾਮ ਇੱਕ ਵਚਨ ਪੁਲਿੰਗ, ਬਹੁ ਵਚਨ ਪੁਲਿੰਗ ਅਤੇ ਇਸਤਰੀ ਲਿੰਗ ਸ਼ਬਦਾਂ ਦੇ ਸਬੰਧ ’ਚ ਵਰਤੇ ਗਏ ਤਮਾਮ ਪੜਨਾਂਵ, ਤਮਾਮ ਪੜਨਾਂਵੀ ਵਿਸ਼ੇਸ਼ਣ ਤੇ ਤਮਾਮ ਵਿਸ਼ੇਸ਼ਣ ਸ਼ਬਦਾਂ ਦੀ ਲਿਖਤ ਬਣਤਰ ਵੀ ਸਬੰਧਿਤ ਨਾਂਵ ਸ਼ਬਦਾਂ ਵਾਂਗ ਹੀ ਹੁੰਦੀ ਹੈ ਭਾਵ ਜੇ ਨਾਂਵ ਨੂੰ ਅੰਤ ਔਂਕੜ ਲੱਗੀ ਹੋਵੇ ਤਾਂ ਉਸ ਦੇ ਪੜਨਾਂਵ, ਪੜਨਾਂਵੀ ਵਿਸ਼ੇਸ਼ਣ ਤੇ ਵਿਸ਼ੇਸ਼ਣ ਨੂੰ ਵੀ ਅੰਤ ਔਂਕੜ ਲੱਗੇਗੀ, ਜੇ ਨਾਂਵ ਅੰਤ ਮੁਕਤਾ ਹੈ ਤਾਂ ਉਸ ਦਾ ਪੜਨਾਂਵ, ਪੜਨਾਂਵੀ ਵਿਸ਼ੇਸ਼ਣ ਤੇ ਵਿਸ਼ੇਸ਼ਣ ਵੀ ਅੰਤ ਮੁਕਤਾ ਹੀ ਹੋਵੇਗਾ।

ਗੁਰਮੁਖ ਹੁਸ਼ਿਆਰ ਬੱਚਾ ਹੈ। ਉਹ ਸਕੂਲ ਜਾਂਦਾ ਹੈ। ਇਹ ਗੁਰਮੁਖ ਆ ਰਿਹਾ ਹੈ।’ ਵਾਕਾਂ ’ਚ ਗੁਰਮੁਖ ਨਾਂਵ, ਹੁਸ਼ਿਆਰ ਵਿਸ਼ੇਸ਼ਣ, ਉਹ ਪੜਨਾਂਵ (ਕਿਉਂਕਿ ‘ਗੁਰਮੁਖ’ ਨਾਂਵ ਦੀ ਗ਼ੈਰ ਹਾਜ਼ਰੀ ’ਚ ਦਰਜ ਹੈ) ਤੇ ‘ਇਹ ਗੁਰਮੁਖ’ ਸ਼ਬਦਾਂ ’ਚ ਇਹ ਸ਼ਬਦ ਪੜਨਾਂਵੀ ਵਿਸ਼ੇਸ਼ਣ ਹੈ (ਕਿਉਂਕਿ ‘ਗੁਰਮੁਖ’ ਨਾਂਵ ਦੇ ਸਮਾਨੰਤਰ ਦਰਜ ਹੈ, ਨਾ ਕਿ ਗ਼ੈਰ ਹਾਜ਼ਰੀ ’ਚ) ।

(6). ਨਾਂਵ ਸ਼ਬਦਾਂ ਦੇ ਲਿਖਤ ਨਿਯਮ ਵਾਂਗ ਹੀ ਇਨ੍ਹਾਂ ਨਾਲ ਸਬੰਧਿਤ ਪੜਨਾਂਵ, ਪੜਨਾਂਵੀ ਵਿਸ਼ੇਸ਼ਣ ਤੇ ਵਿਸ਼ੇਸ਼ਣ ਸ਼ਬਦਾਂ ਦੇ ਅੰਤਲੇ ਅੱਖਰਾਂ ਨੂੰ ਲੱਗੀ ‘ਔਂਕੜ’ ਵੀ ਕੇਵਲ ਅਰਥ ਕਰਨ ਲਈ ਹੀ ਹੁੰਦੀ ਹੈ, ਨਾ ਕਿ ਉਚਾਰਨ ਲਈ। ਗੁਰਬਾਣੀ ਲਿਖਤ ’ਚ ਅੰਤ ਔਂਕੜ ਵਾਲਾ ਨਿਯਮ ਕੇਵਲ ‘ਨਾਂਵ, ਪੜਨਾਂਵ, ਪੜਨਾਂਵੀ ਵਿਸ਼ੇਸ਼ਣ, ਵਿਸ਼ੇਸ਼ਣ’ ਸ਼ਬਦਾਂ ਤੱਕ ਸੀਮਤ ਨਹੀਂ ਬਲਕਿ ‘ਹੁਕਮੀ ਭਵਿਖਤ ਕਾਲ ਕਿਰਿਆ’ ਨੂੰ ਵੀ ਅੰਤ ਔਂਕੜ ਹੁੰਦਾ ਹੈ; ਜਿਵੇਂ ਕਿ ਉਗੁਰ ਮਿਲਿ, ਚਜੁ ਅਚਾਰੁ ਸਿਖੁ ; ਤੁਧੁ ਕਦੇ ਨ ਲਗੈ ਦੁਖੁ ॥” (ਮ: 5/50) ਤੁਕ ’ਚ ‘ਸਿਖੁ’ (ਨਾਂਵ, ਪੜਨਾਂਵ ਨਹੀਂ ਬਲਕਿ) ਇੱਕ ਵਚਨ ਹੁਕਮੀ ਭਵਿੱਖ ਕਾਲ ਕਿਰਿਆ ਹੈ, ਜਿਸ ਦਾ ਅਰਥ ਹੈ: ‘ਤੂੰ ਸਿੱਖ’ ਭਾਵ (ਹੇ ਜਿੰਦੇ !) ਤੂੰ ਗੁਰੂ ਨੂੰ ਮਿਲ ਕੇ ਜੀਵਨ-ਜਾਚ ਸਿੱਖ, ਚੰਗਾ ਆਚਰਨ ਬਣਾਉਣਾ ਸਿੱਖ; ਤੈਨੂੰ ਕਦੇ ਕੋਈ ਦੁੱਖ ਨਹੀਂ ਵਿਆਪੇਗਾ । ਇਸ ‘ਸਿਖੁ’ ਦਾ ਉਚਾਰਨ ਵੀ ਨਾਂਵ, ਪੜਨਾਂਵ ਵਾਂਗ ਔਂਕੜ ਤੋਂ ਬਿਨਾਂ ਹੀ ਕਰਨਾ ਹੈ ਭਾਵ ‘ਸਿਖ’।

ਉਕਤ ਕੀਤੀ ਗਈ ਵਿਚਾਰ ਅਨੁਸਾਰ ‘ਹੁਕਮੀ ਭਵਿੱਖ ਕਾਲ ਕਿਰਿਆ’ ਸ਼ਬਦ ਹੋਰ ਵੀ ਹਨ; ਜਿਵੇਂ ਕਿ ‘ਚਲੁ, ਭਜੁ, ਮਿਲੁ, ਉਤਰੁ, ਉਚਰੁ, ਆਖੁ, ਸਹੁ, ਸਮਝੁ, ਰਹੁ, ਸੰਮਲੁ, ਕਹੁ, ਕਢੁ, ਜਾਣੁ, ਜਾਨੁ, ਝੁਰੁ, ਤਰੁ, ਤੋਰੁ, ਦੇਖੁ, ਨਿਕਸੁ, ਨਾਚੁ, ਪਿਖੁ, ਪੇਖੁ, ਪਛਾਣੁ, ਪਛਾਨੁ, ਪੜੁ, ਪਰਹਰੁ, ਪਰਫੜੁ, ਬੈਸੁ, ਬਿਸਰੁ, ਬੁਝੁ, ਬੂਝੁ, ਬਿਚਰੁ, ਬਾਚੁ, ਬੈਠੁ, ਬੰਨੁ, ਭਜੁ, ਭੰਨੁ, ਭੁਲੁ, ਭੂਲੁ, ਮਾਗੁ (ਮੰਗ), ਮਿਟੁ, ਮਰੁ, ਰਉ, ਰਖੁ, ਰਾਖੁ, ਲਿਖੁ, ਲੂਝੁ, ਵਸੁ, ਵਿਸਰੁ, ਵਿਸਾਰੁ, ਵੇਖੁ, ਵਿਗਸੁ, ਵਧੁ’ ਆਦਿਕ; ਜੋ ਲਿਖਣ ਵਿੱਚ ਅੰਤ ਔਂਕੜ ਹਨ ਪਰ ਉਚਾਰਨ ਬਿਨਾਂ ਔਂਕੜ ਕਰਨਾ ਉਚਿਤ ਹੋਵੇਗਾ।

———————- ਚਲਦਾ ————————

ਜੂਨ ‘1984 ਦੇ ਸ਼ਹੀਦਾਂ ਦਾ ਅਪਮਾਨ ! !

0

ਜੂਨ ‘1984 ਦੇ ਸ਼ਹੀਦਾਂ ਦਾ ਅਪਮਾਨ  ! !

-: ਗੁਰਦੇਵ ਸਿੰਘ ਸੱਧੇਵਾਲੀਆ

ਜੂਨ ਫਿਰ ਆ ਗਈ ਹੈ । ਹਰੇਕ ਸਾਲ ਆਉਂਦੀ ਹੈ । ਹਰੇਕ ਸਾਲ ਮੇਰੀ ਕੌਮ ਦੇ ਸ਼ਹੀਦ ਵਿੱਕਦੇ ਹਨ ਕਿਉਂਕਿ ਮੇਰੀ ਕੌਮ ਦੇ ਮੋਢੀਆਂ ਨੇ ਸ਼ਹੀਦਾਂ ਨੂੰ ਬਾਖੂਬ ਵੇਚਿਆ ਹੈ । ਹਰੇਕ ਥਾਂ ਵੇਚਦੇ ਹਨ । ਪੰਜਾਬ ਵਿਚ ਵੀ ਅਤੇ ਬਾਹਰ ਵੀ । ਪੰਜਾਬ ਵਾਲੇ ਹੁਣ ਉਨ੍ਹਾਂ ਦੀ ‘ਯਾਦ’ ਬਣਾ ਹਟੇ ਹਨ । ਯਾਦ ਜਾਂ ਇੱਕ ਹੋਰ ਆਮਦਨ ਦਾ ਸਾਧਨ ਗੁਰਦੁਆਰਾ ? ਪਰ ਬਣਾਈ ਦੇਖੋ ਕਿਨ ? ਜੀਹਨਾ ਸ਼ਹੀਦ ਕਰਵਾਏ ? ਮੱਕੜ -ਧੁੰਮੇ ਹੋਰਾਂ ਹੀ ਬਣਵਾਈ ! ਯਾਨੀ ਬਾਦਲ ਕੇ ? ਕਿਹੜੇ ਬਾਦਲਕੇ ? ਜਿਹੜੇ ਚਿੱਠੀਆਂ ਪਾ ਕੇ ਦਿੱਲੀ ਨੂੰ ਸੱਦਦੇ ਰਹੇ ਨੇ ਕਿ ਟੈਂਕ ਲੈ ਕੇ ਆ ?

ਬਾਹਰ ਵਾਲਿਆਂ ਕਿਹੜਾ ਘੱਟ ਵੇਚਿਆ । ਇਨਾਂ ਜਿਆਦਾ ਵੇਚ ਕੇ ਖਾਧਾ ਹੈ ਕਿ ਆਮ ਲੁਕਾਈ ਨੂੰ ਜਾਪਣ ਲੱਗ ਪਿਆ ਕਿ ਸ਼ਹੀਦ ਹੋਏ ਭਰਾ ਇਨ੍ਹਾਂ ਦੇ ਹੀ ਕੁਝ ਲੱਗਦੇ ਹੋਣੇ ਨੇ । ਇਸੇ ਲਈ ਆਮ ਲੁਕਾਈ ਦਾ ਮੇਰੀ ਕੌਮ ਦੇ ਸ਼ਹੀਦਾਂ ਨਾਲੋਂ ਵਾਹ-ਵਾਸਤਾ ਟੁੱਟ ਗਿਆ ਹੈ । ਕੁਝ ਲੋਕ ਨੇ ਜਿਹੜੇ ਜਦ ਉਨ੍ਹਾਂ ਦੇ ਹੱਕ ਵਿਚ ਆ ਕੇ ਬੋਲਦੇ ਹਨ ਤਾਂ ਲੋਕਾਂ ਨੂੰ ਨਾ ਚਾਹੁਣ ਦੇ ਬਾਵਜੂਦ ਵੀ ਇਹ ਸੋਚਣਾ ਪੈਂਦਾ ਹੈ ਕਿ ਸ਼ਹੀਦ ਹੋਣ ਵਾਲੇ ਸਾਡੇ ਕੁਝ ਲੱਗਦੇ ਵੀ ਸਨ ? ਕਿਉਂਕਿ ਜੇ ਇਨ੍ਹਾਂ ਦੇ ਕੁਝ ਲੱਗਦੇ ਹਨ ਤਾਂ ਉਹ ਕਿਹੋ ਜਿਹੇ ਹੋਣਗੇ ? ਮੇਰੇ ਵੇਚਣ ਨੇ ਮੇਰੀ ਕੌਮ ਦੇ ਸਾਂਝੇ ਸ਼ਹੀਦਾਂ ਨੂੰ ਇੱਕ ਸੀਮਤ ਦਾਇਰੇ ਵਿਚ ਕੈਦ ਕਰ ਕੇ ਰੱਖ ਦਿੱਤਾ ਹੈ ਕਿ ਉਹ ਇਨ੍ਹਾ ਦੇ ਹੀ ਕੁਝ ਹੋਣੇ ਨੇ । ਸੀਮਤ ਇੰਨਾ ਕਿ ਹੁਣ ਉਨ੍ਹਾਂ ਲਈ ਸਾਲ ਬਾਅਦ ਇੱਕ ਅਖੰਡ ਪਾਠ ਅਤੇ ਅਰਦਾਸ ! ਇਨਾ ਕੁ ਵੀ ਹੁਣ ਸ਼ਰਮੋ-ਕੁਸ਼ਰਮੀ ਕਰਦੇ ਨੇ । ਲੋਕਾਚਾਰੀ । ਹੁਣ ਵਿੱਕਦੇ ਨਹੀਂ ਨਾ । ਕਿਉਂਕਿ ਪਹਿਲਾਂ ਬਹੁਤ ਜਿਆਦਾ ਵੇਚ ਚੁੱਕੇ ਨੇ । ਵਪਾਰੀ ਨੇ ਤਾਂ ਮਾਰਕਿਟ ਦੇਖਣੀ ਏ ਬਈ ।

‘ਪਰ ਹੋਰ ਕੋਈ ਬੋਲਦਾ ਵੀ ਤਾਂ ਨਹੀਂ ਇਨ੍ਹਾਂ ਤੋਂ ਬਿਨਾ’ । ਵਪਾਰੀਆਂ ਦਾ ਇੱਕ ਗੜਵਈ ਕਹਿ ਰਿਹਾ ਸੀ ।

ਭਰਾ ਇਹੋ ਗੱਲ ਸਾਡੇ ਸਮਝਣ ਖੁਣੋ ਰਹਿ ਗਈ ਕਿ ਲੋਕ ਬੋਲਣੋਂ ਕਿਉਂ ਹੱਟ ਗਏ । ਕਿਉਂਕਿ ਇਹ ਇਨਾ ਜਿਆਦਾ ਬੋਲ ਗਏ ਕਿ ਲੋਕਾਂ ਸਮਝਿਆ ਇਹ ਕੋਈ ਅਪਣੀ ਹੀ ਗੱਲ ਕਰ ਰਹੇ ਨੇ । ਹੋਰ ਦਾ ਤਾਂ ਪਤਾ ਨਹੀਂ ਪਰ ਟਰੰਟੋ ਦੇ ਗਿਣੇ-ਮਿੱਥੇ ਪੰਜ-ਸੱਤ-ਦੱਸ ਲੋਕ ਜਦ ਜੂਨ ਚੁਰਾਸੀ ਦੇ ਸ਼ਹੀਦਾਂ ਬਾਰੇ ਬੋਲਦੇ ਲੋਕ ਸੁਣ ਲੈਂਦੇ ਹਨ, ਤਾਂ ਬਹੁਤੇ ਰੇਡੀਓ ਬੰਦ ਕਰ ਲੈਂਦੇ ਹਨ । ਇਹ ਮੈਂ ਖੁਦ ਕਈਆਂ ਕੋਲੋਂ ਸੁਣਿਆਂ ਕਿ ਉਹ ਇੰਝ ਕਰਦੇ ਨੇ । ਤੁਸੀਂ ਕਾਜੂ, ਬਦਾਮ, ਪਿਸਤਾ ਸਿਲਵਰ ਦੇ ਕੌਲ਼ੇ ਵਿਚ ਪਾ ਕੇ ਪਰੋਸ ਦਿਓ ? ਅਜਾਦੀ ਜਾਂ ਸ਼ਹੀਦ ਕੌਮ ਦਾ ਹੱਕ ਅਤੇ ਮਾਣ ਹੈ, ਪਰ ਇਸ ਮਾਣ ਨੂੰ ਇਸ ਫਖਰ ਨੂੰ ਜਦ ਮਾੜੇ ਲੋਕ ‘ਹਾਈਜੈਕ’ ਕਰ ਜਾਂਦੇ ਹਨ, ਤਾਂ ਲੋਕਾਂ ਵਿਚੋਂ ਵਿਸਵਾਸ਼ ਉੱਠ ਜਾਂਦਾ ਹੈ । ਹਰੇਕ ਦੁਨੀਆਂ ਦੇ ਇਤਿਹਾਸ ਵਿਚ ਇੰਝ ਹੀ ਹੁੰਦਾ ਹੈ, ਪਰ ਸਿਆਣੀਆਂ ਕੌਮਾਂ ਮਾੜੇ ਅਨਸਰਾਂ ਨੂੰ ਅਪਣੇ ਸ਼ਹੀਦਾਂ ਤੋਂ ਇੰਝ ਦੂਰ ਰੱਖਦੀਆਂ ਹਨ ਜਿਵੇਂ ਦੁੱਧ ਤੋਂ ਬਿੱਲੀ । ਬੇਖਬਰ ਕੌਮਾਂ ਦਾ ਦੁੱਧ ਵਪਾਰੀ ਬਿੱਲੇ ਚੱਟ ਜਾਂਦੇ ਹਨ ਤੇ ਉਹ ਮੁੜ ਖਾਲੀ ਕਾਹੜਨੀਆਂ ਪਿੱਛੇ ਜੁੰਡਿਓ-ਜੁੰਡੀ ਹੋਏ ਰਹਿੰਦੇ ਹਨ ਜਿਵੇਂ ਅਸੀਂ ?

ਤੋਪਾਂ ਅਗੇ ਹਿੱਕਾਂ ਡਾਹ ਕੇ ਲੜੇ ਜੂਨ ਚੁਰਾਸੀ ਦੇ ਸੂਰਬੀਰ । ਇਤਿਹਾਸ ਦਾ ਦੁਹਰਾ ਹੋਇਆ ਇਥੇ ਵੀ । ਕਾਜੀ ਨੂਰ ਮੁਹੰਮਦ ਦੁਸ਼ਮਣੀ ਹੋਣ ਦੇ ਬਾਵਜੂਦ ਵੀ ਸਿੰਘਾਂ ਦੀ ਬਹਾਦਰੀ ਦੀ ਸਿਫਤ ਕਰਨੋਂ ਨਹੀਂ ਰਹਿ ਸਕਿਆ । ਅਕਾਲ ਤਖਤ ਨੂੰ ਨੇਸਤੋ-ਨਬੂਦ ਕਰਨ ਵਾਲਿਆਂ ਦੀਆਂ ਮੂਹਰਲੀਆਂ ਸਫਾ ਦਾ ਜਰਨਲ ਕੁਲਦੀਪ ਬਰਾੜ ਖਾੜਕੂਆਂ ਨੂੰ ਅਤਵਾਦੀ, ਉਗਰਵਾਦੀ ਕਹਿਣ ਦੇ ਬਾਵਜੂਦ ਉਨ੍ਹਾਂ ਨੂੰ ਬਹਾਦਰ ਕਹਿਣੋ ਨਾ ਰਹਿ ਸਕਿਆ । ਉਹ ਤਾਂ ਇਥੋਂ ਤੱਕ ਵੀ ਇਕਬਾਲ ਕਰ ਗਿਆ ਕਿ ਹਮਲੇ ਵੇਲੇ ਉਸ ਨੂੰ ਲੱਗੀਆਂ ਟੱਟੀਆਂ ਚੰਡੀਗੜ ਜਾ ਕੇ ਹਟੀਆਂ । ਬਹਾਨਾ ਚਾਹੇ ਉਸ ਕੋਈ ਵੀ ਲਾਇਆ । ਉਸ ਦੀ ਪੂਰੀ ਕਿਤਾਬ ਪੜ੍ਹਕੇ ਸਾਨੂੰ ਪਤਾ ਲੱਗਦਾ ਦੁਸ਼ਮਣ ਵੀ ਮੇਰੀ ਕੌਮ ਦੇ ਸ਼ਹੀਦਾਂ ਦਾ ਲੋਹਾ ਮੰਨਣੋ ਨਹੀਂ ਰਹਿ ਸਕੇ ।

ਉਹ ਕਹਿੰਦਾ ਮੈਂ ਬੇਝਿਝਕ ਇਹ ਗੱਲ ਲਿਖ ਰਿਹਾ ਹਾਂ ਕਿ ਇੱਕ ਵਾਰੀ ਤਾਂ ਸਾਨੂੰ ਇੰਝ ਜਾਪਿਆ ਜਿਵੇਂ ਬਗਿਆੜ ਨੇ ਸ਼ੇਰ ਦੇ ਮੂੰਹ ਹੱਥ ਪਾ ਲਿਆ ਹੋਵੇ । ਸਾਡੀ ਫੌਜ ਨੂੰ ਵੀ ਪਾਕਿਸਤਾਨ ਦੀ ਵੱਡੀ ਫੌਜ ਨੂੰ ਤਿੰਨ ( ?) ਜੰਗਾਂ ਵਿੱਚ ਖੂੰਜੇ ਲਾਉਂਣ ਦਾ ਬਹੁਤ ਮਾਣ ਸੀ । ਜਰਨਲ ਵੈਦਿਆ ਨੇ ਕਿਹਾ ਕਿ ਅਗਰ ਸਾਡੀ ਫੌਜ ਇਸੇ ਤਰ੍ਹਾਂ ਮਰਦੀ ਰਹੀ ਤਾਂ ਪਾਕਿਸਤਾਨ ਅਤੇ ਚੀਨ ਸਾਹਮਣੇ ਸਾਡੀ ਬੇਇੱਜਤੀ ਇੰਝ ਹੋਵੇਗੀ ਜਿਵੇਂ ਕਿਸੇ ਪਿਓ ਦੀ ਧੀ ਦੀ ਇੱਜਤ ਉਸ ਦੇ ਨੌਕਰ ਨੇ ਲੁੱਟ ਲਈ ਹੋਵੇ । ਇਸ ਤੋਂ ਤਾਂ ਚੰਗਾ ਹੈ ਕਿ ਫੌਜ ਵਿਚੋਂ ਅਸਤੀਫਾ ਦੇ ਕੇ ਹਿਮਾਚਲ ਦੇ ਪਹਾੜਾਂ ਤੇ ਜਾ ਬੈਠੀਏ । ਹੋਰ-‘ਸਾਡੇ ਜਵਾਨ ਇਕ ਬੱਕਰੀ ਦੇ ਲੇਲੇ ਵਾਂਗ ਅਪਣੀ ਜਾਨ ਬਚਾਉਂਣ ਲਈ ਰਾਹ ਲੱਭ ਰਹੇ ਸਨ’ ! ਹੋਰ-‘ਸਾਨੂੰ ਸਮਝ ਨਹੀਂ ਸੀ ਆ ਰਿਹਾ ਕਿ ਸੈਕੜੇ ਕੁ ਅੱਤਵਾਦੀ ਸਾਡੇ ‘ਤੇ ਭਾਰੂ ਕਿਉਂ ਪੈ ਰਹੇ ਸਨ । ਜੇ ਕਰ ਇਹੋ ਜਿਹੇ ਪਾਕਿਸਤਾਨ ਫੌਜ ਵਿਚ ਹੋਣ ਤਾਂ ਸ਼ਾਮ ਤੱਕ ਸਾਰੇ ਹਿੰਦੋਸਤਾਨ ਉਪਰ ਕਬਜਾ ਕਰ ਲੈਣ’ !

ਉਹੀ-‘ਰੱਬ ਕਿਸੇ ਨੇ ਵੇਖਿਆ ਨਹੀਂ ਨਾ ਰੱਬ ਕੋਈ ਚੀਜ ਹੈ । ਇੱਕ ਧਾਰਮਿਕ ਬਿਲਡਿੰਗ ਬਚਾਉਂਣ ਲਈ ਭਿੰਡਰਾਂਵਾਲੇ ਨੇ ਕਿੰਨੇ ਜਵਾਨ ਰੱਬ ਨੂੰ ਪਿਆਰੇ ਕਰਵਾ ਦਿੱਤੇ ਅਤੇ ਦੁਨੀਆਂ ਸਾਹਵੇਂ ਸ਼ਕਤੀਸ਼ਾਲੀ ਭਾਰਤੀ ਫੌਜ ਨੂੰ ਇਨੇ ਦਿਨ ਰੋਕ ਕੇ ਅਪਣੀ ਸ਼ਕਤੀ ਦਾ ਵਰਨਣ ਕਰਵਾ ਦਿੱਤਾ । ਉਪਰ ਦਿੱਲੀ ਵਿਚ ਹਾ-ਹਾ ਕਾਰ ਮੱਚੀ ਹੋਈ ਸੀ । ਇੱਕ ਵਾਰ ਤਾਂ ਇੰਦਰਾ ਜੀ ਵੀ ਇੰਨੇ ਘੋਰ ਨਿਰਾਸ਼ਾ ਵਿਚ ਚਲੇ ਗਏ ਕਿ ਸੁੰਦਰ ਜੀ ਨੂੰ ਹਾਸਾ ਮਜਾਕ ਕਰਕੇ ਸਥਿਤੀ ਬਦਲਣੀ ਪਈ’ ।

ਕੁਲਦੀਪ ਬਰਾੜ ਕਹਿੰਦਾ ਹੈ ਕਿ ਸਾਡੀ ਫੌਜ ਦੇ ਹੌਸਲੇ ਇੰਨੇ ਪਸਤ ਹੋ ਚੁੱਕੇ ਹੋਏ ਸਨ ਕਿ 48% ਜਵਾਨ ਤਰੁੰਤ ਨੌਕਰੀ ਛੱਡਣ ਲਈ ਤਿਆਰ ਸਨ । ਉਹ ਆਪੇ ਹੀ ਪਾਕਿਸਤਾਨ ਨਾਲ 1965 ਅਤੇ 71 ਦੀ ਲੜਾਈ ਦੀ ਰਿਪੋਟ ਦੇ ਅੰਕੜੇ ਦੱਸਦਾ ਹੈ ਕਿ 1965 ਦੀ ਲੜਾਈ ਵੇਲੇ 0.4% ਅਤੇ 1971 ਵੇਲੇ 1.3% ਜਵਾਨ ਨੌਕਰੀ ਛੱਡਣ ਲਈ ਤਿਆਰ ਹੋਏ ਸਨ ।

ਜਦ ਸ੍ਰ ਸ਼ਾਮ ਸਿੰਘ ਅਟਾਰੀ ਵਾਲੇ ਦੀ ਕਮਾਨ ਹੇਠ ਸਿੱਖ ਫੌਜਾਂ ਲੜੀਆਂ ਤਾਂ ਸਭ ਪਾਸਿਓਂ ਜਦ ਹਾਰ ਹੀ ਹਾਰ ਹੋ ਗਈ ਤਾਂ ਹੈਰਾਨੀ ਦੀ ਗੱਲ ਇਹ ਸੀ ਕਿ ਇਕੱਲਾ-ਇਕੱਲਾ ਰਹਿ ਗਿਆ ਸਿੱਖ ਵੀ ਤਲਵਾਰ ਵਾਹੀ ਗਿਆ ਜਦ ਕਿ ਉਸ ਨੂੰ ਪਤਾ ਸੀ ਕਿ ਹੁਣ ਲੜਾਈ ਵਸੋਂ ਬਾਹਰ ਹੋ ਚੁੱਕੀ ਹੈ । ਉਨ੍ਹਾਂ ਦੀ ਇਸ ਬਹਾਦਰੀ ਦਾ ਜ਼ਿਕਰ ਅੰਗਰੇਜ ਲਿਖਾਰੀ ਨੇ ਬੜੀ ਸਾਫਗੋਈ ਨਾਲ ਕੀਤਾ ਹੈ । ਅਜਿਹੀ ਹੀ ਘਟਨਾ ਜੂਨ ਵਿਚ ਹੋਈ ਜਦ ਸਭ ਪਾਸੇ ਫੌਜ ਨੇ ਕਬਜ਼ਾ ਕਰ ਲਿਆ, ਸਭ ਪਾਸੇ ਲਾਸ਼ਾਂ ਹੀ ਲਾਸ਼ਾਂ ਸਨ ਪਰ ਉਨ੍ਹਾ ਲਾਸ਼ਾਂ ਹੇਠ ਇੱਕ ਸਹਿਕ ਰਹੇ ਸਿੱਖ ਬਾਰੇ ਜ਼ਿਕਰ ਕਰਦਾ ਬਰਾੜ ਦੱਸਦਾ ਹੈ ਕਿ ਮੈਂ ‘ਗਿਆਨੀ’ ਜੈਲ ਸਿੰਘ ਨਾਲ ਛੱਤਰੀ ਫੜ ਕੇ ਤੁਰ ਰਿਹਾ ਸੀ ਕਿ ਲਾਸ਼ਾਂ ਹੇਠ ਸਹਿਕਦੇ ਇੱਕ ‘ਅੱਤਵਾਦੀ’ ਨੇ ਗੋਲੀ ਚਲਾਈ, ਜੋ ਮੇਰੇ ਤੋਂ ਅੱਗੇ ਤੁਰੇ ਜਾ ਰਹੇ ਸੁਰੱਖਿਆ ਦਸਤੇ ਦੇ ਜਵਾਨ ਦੀ ਹਿੱਕ ਵਿਚ ਵੱਜੀ ਤੇ ਉਹ ਮਰ ਗਿਆ ਅਤੇ ਮੈਂ ਸਮੇਤ ਛੱਤਰੀ ਸਰੋਵਰ ਵਿਚ ਛਾਲ ਮਾਰ ਦਿੱਤੀ । ਮੈਨੂੰ ਤਰਨਾ ਨਹੀਂ ਸੀ ਆਉਂਦਾ ਤੇ ਆਖਰ ਮੈਨੂੰ ਹੋਰ ਜਵਾਨਾ ਨੇ ਸਰੋਵਰ ਵਿਚੋਂ ਕੱਢਿਆ ।

ਉਸ ਸਹਿਕਦੇ ਹੋਏ ਦੇ ਵੀ ਮਨ ਗੀਦੀਪੁਨਾ ਨਹੀਂ ਆਇਆ ਕਿ ਇਨ੍ਹਾਂ ਤੋਂ ਜਾਨ ਦੀ ਭੀਖ ਮੰਗ ਲਵਾਂ । ਨਹੀਂ ਤਾਂ ਘਾਇਲ ਹੋਏ ਤੜਫਦੇ ਬੰਦੇ ਜਾਨ ਲਈ ਲਿਲੜੀਆਂ ਲੈਂਦੇ ਦੇਖੇ ਜਾਂਦੇ ਹਨ ।

ਇਸ ਤੋਂ ਅੰਦਾਜਾ ਲਗੱਦਾ ਹੈ ਕਿ ਇਹ ਸਨ ਉਹ ਸੂਰਬੀਰ ਜੀਹਨਾ ਹਿੰਦਸਤਾਨ ਦੀ ਫੌਜ ਦੀਆਂ ਗੋਡੀਆਂ ਲਵਾ ਛੱਡੀਆਂ, ਪਰ ਅੱਜ ਲੋਕ ਉਨ੍ਹਾਂ ਨੂੰ ਭੁੱਲਦੇ ਜਾ ਰਹੇ ਜਾਂ ਭੁੱਲ ਗਏ ਨੇ । ਕਿਉਂ ? ਕਿਉਂਕਿ ਵਪਾਰੀ ਲੋਕਾਂ ਉਨ੍ਹਾਂ ਨੂੰ ਸੇਲ ‘ਤੇ ਲਾ ਕੇ ਉਨ੍ਹਾਂ ਦਾ ਮੁੱਲ ਵੱਟਿਆ । ਮੌਜਾਂ ਕੀਤੀਆਂ, ਗੁਲਛੱਰੇ ਉਡਾਏ, ਉਨ੍ਹਾਂ ਦੇ ਨਾਂ ਤੇ ਚੰਮ ਦੀਆਂ ਚਲਾਈਆਂ, ਮਾਵਾਂ ਦੇ ਪੁੱਤ ਮੌਤ ਦੇ ਮੂੰਹ ਧੱਕੇ ਅਤੇ ਆਪ ਹੁਣ ‘ਓਮ ਨਮੋ ਸ਼ਾਂਤੀ’ ਦਾ ‘ਸਿਮਰਨ’ ਕਰ ਲਗ ਪਏ । ਹੁਣ ਉਨ੍ਹਾਂ ਦਾ ਖਾਲਿਸਤਾਨ ਮੁੰਡਿਆਂ ਨੂੰ ਐਮ.ਪੀ. ਬਣਨ ਦੇ ਸੁਪਨੇ ਦੇਖਣਾ ਜਾਂ ਪੰਜਾਬ ਜਾ ਕੇ ਬਾਦਲਕਿਆਂ ਦੀਆਂ ਝੰਡੀਆਂ ਵਾਲੀਆਂ ਗੱਡੀਆਂ ਝੂਟਣਾ ਰਹਿ ਗਿਆ ।

ਕੁਲਦੀਪ ਬਰਾੜ ਦੱਸਦਾ ਹੈ ਕਿ 8 ਜੂਨ ਦੀ ਸਵੇਰੇ 3 ਵਜੇ ਅਸੀਂ ਸਾਰੇ ਕਬਜ਼ਾ ਕਰ ਲਿਆ ਅਤੇ ਅਕਾਲ ਤਖਤ ਵਿਚੋਂ ਸੁਬੇਗ ਸਿੰਘ, ਭਿੰਡਰਾਂਵਾਲਾ ਅਤੇ ਅਮਰੀਕ ਸਿੰਘ ਦੀਆਂ ਲਾਸ਼ਾਂ ਮਿਲ ਗਈਆਂ ! !

ਕੁਝ ਚਿਰ ਦੀ ਗੱਲ ਹੈ ਰੈਕਸਡੇਲ ਜਦ ਨਗਰ ਕੀਰਤਨ ਹੋਇਆ ਤਾਂ ਅਸੀਂ ਆਲੇ ਦੁਆਲੇ ਘੁੰਮ ਰਹੇ ਸਾਂ ਕਿ ਉਥੇ ਟਕਸਾਲੀ ਭਰਾਵਾਂ ਦਾ ਕਿਤਾਬਾਂ ਦਾ ਇੱਕ ਸਟਾਲ ਲੱਗਾ ਹੋਇਆ ਸੀ । ਉਥੇ ਜਦ ਰੁੱਕੇ ਤਾਂ ਕੁਲਦੀਪ ਬਰਾੜ ਦੀ ‘ਸਾਕਾ ਨੀਲਾ ਤਾਰਾ’ ਨਾਂ ਦੀ ਕਿਤਾਬ ਸਾਨੂੰ ਉਥੋਂ ਮਿਲੀ ਜਿਹੜੀ ਅਸੀਂ ਕਈ ਜਣਿਆਂ ਖਰੀਦ ਲਈ । ਇਹ ਉਪਰਲੀ ਗਾਥਾ ਉਸੇ ਕਿਤਾਬ ਵਿਚੋਂ ਹੈ । ਸਿਫਤ ਹੁੰਦੀ ਹੀ ਉਹ ਜਿਹੜੀ ਤੁਹਾਡਾ ਦੁਸ਼ਮਣ ਵੀ ਕਰੇ । ਇਥੋਂ ਤੱਕ ਤਾਂ ਸਭ ਠੀਕ, ਪਰ ਜਿਸ ਦੀ ਕਿਤਾਬ ਉਹ ਭਰਾ ਵੇਚ ਰਹੇ ਸਨ, ਉਹ ਤਾਂ ਕਹਿ ਰਿਹਾ ਕਿ ਸਮੇਤ ਬਾਕੀਆਂ ਦੇ ਬਾਬਾ ਜਰਨੈਲ ਸਿੰਘ ਦੀ ਲਾਸ਼ ਵੀ ਮਿਲ ਗਈ ਸੀ ਪਰ ਉਸ ਤੋਂ ਅਗਲਾ ‘ਬ੍ਰਹਮਗਿਆਨੀ’ 22 ਸਾਲ ਝੂਠ ਬੋਲਦਾ ਰਿਹਾ । ਚਲੋ ਬੋਲੀ ਜਾਵੇ ਉਸ ਦੀ ਕੋਈ ਮਜਬੂਰੀ ਹੋ ਸਕਦੀ ਸੀ ,ਪਰ ਸਾਡੀ ਕੀ ਮਜਬੂਰੀ ਕਿ ਇੱਕ ਝੂਠੇ ਬੰਦੇ ਦੀਆਂ ਬਰਸੀਆਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਮਨਾਈਏ ?

ਤੁਹਾਨੂੰ ਯਾਦ ਹੋਵੇਗਾ ਕਿ ‘ਗਿਆਨੀ’ ਕ੍ਰਿਪਾਲ ਸਿੰਘ । ਓਸ ਵੇਲੇ ਦਾ ‘ਜਥੇਦਾਰ’ । ਉਸ ਇਕੋ ਝੂਠ ਬੋਲਿਆ ਸੀ ਕਿ ਲਾਇਬ੍ਰੇਰੀ ਅਤੇ ਕੋਠਾ ਸਾਹਬ ਸਭ ਠੀਕ ਠਾਕ ਨੇ ਪਰ ਕੌਮ ਨੇ ਉਸ ਨੂੰ ਇਸ ਝੂਠ ਬਦਲੇ ਇੰਨਾ ਜਲੀਲ ਕੀਤਾ ਸੀ ਕਿ ਆਖਰ ਖਾੜਕੂਆਂ ਗੋਲੀਆਂ ਮਾਰ ਕੇ ਮਾਰ ਹੀ ਦਿੱਤਾ ਸੀ । ਇੰਝ ਹੀ ਹੋਇਆ ਸੀ ਨਾ ? ਪਰ ਦੂਜੇ ਪਾਸੇ 22 ਸਾਲ ਝੂਠ ? ਅਤੇ ਬ੍ਰਹਮਗਿਆਨੀ ? ਅਤੇ ਬਰਸੀਆਂ ?

ਬੰਦਾ ਹਿੱਕ ਡਾਹ ਕੇ ਗੋਲੀਆਂ ਖਾਂਦਾ ਹੈ ਅਤੇ ਸ਼ਹੀਦ ਹੋ ਜਾਂਦਾ, ਪਰ ਦੂਜਾ ਕਹੀ ਜਾਂਦਾ ਉਹ ਉਥੋਂ ਦੌੜ ਗਿਆ ? ਇਹ ਸ਼ਹੀਦ ਦਾ ਸਨਮਾਨ ਹੋਇਆ ਜਾਂ ਅਪਮਾਨ ? ਸ਼ਹੀਦ ਦਾ ਦੱਸੋ ਇਸ ਤੋਂ ਵੱਡਾ ਅਪਮਾਨ ਹੋਰ ਕੀ ਹੋ ਸਕਦਾ ਕਿ ਤੁਸੀਂ ਉਸ ਨੂੰ ਮੈਦਾਨ ਛੱਡ ਕੇ ਦੌੜਨ ਵਾਲਾ ਗੀਦੀ ਕਹੋ । ਤੇ ਫਿਰ ਇੱਕ ਵਾਰੀ ਨਹੀਂ ਬਲਕਿ 22 ਸਾਲ ਕਹਿੰਦੇ ਹੀ ਚਲੋ ਜਾਵੋ । ਅੱਜ ਉਸ ਮਰ ਚੁੱਕੇ ‘ਬਾਬੇ’ ਨੂੰ ਖੜਾ ਕਰਕੇ ਪੁੱਛਿਆ ਜਾਣਾ ਨਹੀਂ ਚਾਹੀਦਾ ਕਿ ਭਾਈ ਠਾਕੁਰ ਸਿਓਂ ਜੀ ਦੱਸੋ ਸਾਡਾ ਜਰਨੈਲ ਕਿਥੇ ਹੈ, ਜਿਸ ਦੀ ਤੁਸੀਂ ਕਹਿੰਦੇ ਰਹੇ ਕਿ ਮੈਂ ਬਾਂਹ ਫੜਾ ਕੇ ਜਾਵਾਂਗਾ । ਕੌਣ ਪੁੱਛੇ ? ਕੌਣ ਕਹੇ ? ਕਿਹੜਾ ਮੁਸੀਬਤ ਮੁੱਲ ਲਵੇ ? ਡਾਗਾਂ ਵਾਲੇ ਨਹੀਂ ਆਣ ਦੁਆਲੇ ਹੁੰਦੇ ? ਪਰ ਕਿੰਨਾ ਚਿਰ ਡਾਗਾਂ ਤੋਂ ਡਰਕੇ ਚੁੱਪ ਕਾ ਰਹੂ ਮੇਰੀ ਕੌਮ ?

ਹੁਣ ਸਮਝ ਆਉਂਦੀ ਕਿ ਸਿੱਖ ਇਤਿਹਾਸ ਵਿੱਚ ਗੜਬੜ ਕਿਵੇਂ ਹੋਈ । ਪੰਡੀਏ ਨੇ ਇੱਕ ਵਾਰ ਝੂਠ ਲਿੱਖ ਦਿੱਤਾ । ਉਸ ਦੇ ਯਾਰ ਬਾਬੇ ਉਸ ਝੂਠ ਨੂੰ ਸਿੱਖ ਸਟੇਜਾਂ ‘ਤੇ ਬੋਲੀ ਗਏ ਬੋਲੀ ਗਏ ਤੇ ਉਹ ਹੁਣ ਲੋਕਾਂ ਸੱਚ ਮੰਨ ਲਿਆ ਹੈ । ਬਿੱਲਕੁਲ ਉਵੇਂ ਜਿਵੇਂ ਠਾਕੁਰ ਸਿੰਘ ਨੂੰ ਲੋਕਾਂ ‘ਬ੍ਰਹਮਗਿਆਨੀ’ ? ਮੰਨਣਾ ਹੀ ਪੈਣਾ ਹੈ । ਡਾਂਗ ਨਹੀਂ ਦਿੱਸਦੀ ? ਉਨ੍ਹਾਂ ਦਾ ਡਾਂਗ ਫੇਰਨ ਦਾ ਤਰੀਕਾ ਦੇਖੋ ਨਹੀਂ ਬਦਲਿਆ । ਪੰਡੀਆਂ ਰਾਖਸ਼ ਕਹਿ ਕੇ ਫੇਰਦਾ ਸੀ । ਉਸ ਦੇ ਅਗਲਿਆਂ ਅੱਤਵਾਦੀ ਕਹਿ ਕੇ ਫੇਰੀ ਅਗੇ ਉਸ ਦੇ ਭਾਈਬੰਦ ਕਾਲੇ ਅਫਗਾਨੇ ਦੇ ਚੇਲੇ ਜਾਂ ਨਾਸਤਿਕ ਕਹਿ ਫੇਰਦੇ ਹਨ । ਬਿਨਾ ਇਸ ਗੱਲ ਨੂੰ ਸਮਝੇ ਕਿ ਓਸ ਸਖਸ਼ ਨੂੰ ਬ੍ਰਹਮਗਿਆਨੀ ਕਹਿਣ ਦਾ ਸਿੱਧਾ ਮੱਤਲਬ ਬਾਬਾ ਜਰਨੈਲ ਸਿੰਘ ਦਾ ਅਪਮਾਨ ਕਰਨਾ ਹੈ, ਪਰ ਦੇਹ ਢੋਲਕੀ ਕੁੱਟੀ ਜਾ ਰਹੇ ਹਨ ਕਿ ‘ਬ੍ਰਹਮਗਿਆਨੀ ਸਦ ਜੀਵੇ ਨਹੀਂ ਮਰਤਾ’ ਜਦ ਕਿ ਉਹ ਕਦ ਦਾ ਮਰ ਗਿਆ ਧੁੰਮੇ ਵਰਗੇ ਮਰੇ ਸੱਪ ਨੂੰ ਕੌਮ ਦੇ ਗਲ ਪਾ । ਲੋਕਾਂ ਨੂੰ ਉਸ ਦੀ ਚੋਣ ਤੋਂ ਈ ਸਮਝ ਨਹੀਂ ਆਉਂਦੀ ਬ੍ਰਹਮਗਿਆਨਤਾ ਦੀ । ਕਿ ਆਉਂਦੀ ?

ਵਿਛੋੜੇ ਦਾ ਅਹਿਸਾਸ

0

ਕਾਵਿ-ਉਡਾਰੀਆਂ 

      ਵਿਛੋੜੇ ਦਾ ਅਹਿਸਾਸ 

_  ਗੁਰਪ੍ਰੀਤ ਸਿੰਘ( U.S.A)

 

ਆਪਣਾ ਆਪ ਭੁਲਾਇਆ ਨਾ ਗਿਆ,

ਵਿਛੋੜੇ ‘ਚ ਇੱਕ ਅੱਥਰੂ, ਵਹਾਇਆ ਨਾ ਗਿਆ ।

ਕਿਹੜਾ ਮੂੰਹ ਲੈ ਬੋਲੇ ਗੁਣ ਵਿਹੂਣ ?

ਅੰਦਰਲਾ ਤੈਥੋਂ ਲੁਕਾਇਆ ਨਾ ਗਿਆ ।

              ……………

ਦਿਲ ‘ਚ ਕਿਉਂ ਅੱਗ ਜਿਹੀ ਲੱਗ ਆਈ ?

ਬਿਰਹੁ ਦੀ ਅੱਜ ਫਿਰ ਬੱਦਲੀ ਛਾਈ ।

ਯਾਦ ਨਹੀਂ ਤਾਂ, ਕਿਉਂ ਬਣੇ ਮੌਸਮ ਵਸਲ ਦਾ ?

ਯਾਦ ਦਾ ਪੱਲਾ ਫੜਿਆਂ ਹੀ, ਮਿਲਦਾ ਸਾਈਂ ।

          …………….

ਗਰੀਬ ਲਈ ਵੱਡੀ ਹੈ ਭੁੱਖ ।

ਅਮੀਰ ਨੂੰ ਕਿਥੋਂ ਮਿਲੇ ਸੁੱਖ ?

ਹਰ ਕਿਸੇ ਦਾ ਆਪਣਾ ਹੀ ਰੋਣਾ,

ਭਗਤਾਂ ਲਈ ਵਿਛੋੜਾ ਬਣੇ ਦੁੱਖ ।।

        …………….

ਤੂੰ ਤੇ ਮੈ, ਮੈ ਤੇ ਤੂੰ, ਇੱਕ ਹੀ ਹਾਂ ਨਾ, ਕਿਉਂ ?

ਤੂੰ ਬੇਅੰਤ ਸਾਗਰ, ਮੈ ਛੋਟੀ ਜਿਹੀ ਬੂੰਦ,

ਤੂੰ ਜੇਕਰ ਹੈ ਗੁਲਸ਼ਨ, ਮੈ ਉਸ ਦੀ ਖੁਸ਼ਬੂ ।

ਤੂੰ ਖੜਾ ਪਹਾੜ ਬਣਿਆ, ਮੈ ਹਾਂ ਕੰਕੜ ਸੜਿਆ,

ਇੱਕੋ ਅਸਲੇ ਦੇ ਹਾਂ ਚਾਹੇ, ਪਰ ਮੈ ਤੈਥੋਂ ਵਿਛੜਿਆ ।

          ……………..

ਨੇਤਰਾਂ ‘ਚ ਅੱਥਰੂ ਵੀ ਹੁੰਦੇ ਨੇ !

ਗੱਲ ਨਾ ਮੈਨੂੰ ਭਾਉਂਦੀ ।

ਤੇਲ ਮੁੱਕਿਆ, ਬੁਝ ਗਈ ਬੱਤੀ,

ਹੁਣ ਕਿਉਂ ਜਿੰਦੇ ਪਛਤਾਉਂਦੀ ?

ਦੋ ਹੀ ਡਿਗ ਪੈਂਦੇ ਸਾਈਂ ਪਿਆਰ ਵਿੱਚ,

ਜਨਮਾਂ-ਜਨਮਾਂ ਦੀ ਮੈਲ ਧੁਲ ਆਉਂਦੀ ।

           ……………

ਵਿਛੋੜੇ ਦਾ ਬਣ ਆਇਆ ਅਹਿਸਾਸ,

ਸੁਣੋ ਪਿਆਰਿਓ !  ਮੇਰਾ ਵੀ ਇਤਿਹਾਸ ।

ਮੈ ਸਾਂ, ਇੱਕ ਨਿਰਮਲ ਸੁੱਚਾ ਮੋਤੀ,

ਕਰਮ ਆਪਣੇ ਸਦਕਾ ਟੁੱਟ ਆਇਆ ।

ਮਿਲੇ ਹਰ ਯੁੱਗ ‘ਚ ਮੌਕੇ ਮੈਨੂੰ,

ਹਰ ਵਾਰੀ ਹੋਰ ਭਾਰ ਚੜਾਇਆ । 

ਆਖਰੀ ਵਾਰੀ “ਪ੍ਰੀਤ” ਹੁਣ ਕਰੋ ਦੁਆ,

ਮਿਟ ਜਾਵੇ ਮੇਰਾ ਆਵਣ ਜਾਇਆ ।

ਪੰਥ ਤੇਰੇ ਦੀਆਂ ਗੂੰਜਾਂ; ਜੁਗ ਜੁਗ ਪੈਂਦੀਆਂ ਰਹਿਣਗੀਆਂ, ਨਾਦ ਦੇ ਸਾਹਮਣੇ ਬੇਬੁਨਿਆਦ ਵਿਰੋਧ।

0

ਪੰਥ ਤੇਰੇ ਦੀਆਂ ਗੂੰਜਾਂ; ਜੁਗ ਜੁਗ ਪੈਂਦੀਆਂ ਰਹਿਣਗੀਆਂ, ਨਾਦ ਦੇ ਸਾਹਮਣੇ ਬੇਬੁਨਿਆਦ ਵਿਰੋਧ।

ਗਿਆਨੀ ਕੇਵਲ ਸਿੰਘ (ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ)-095920-93472

ਪਿਛਲੇ ਕੁਝ ਅਰਸੇ ਤੋਂ ਸਿੱਖ ਕੌਮ ਅੰਦਰ ਇੱਕ ਬੜਾ ਹੀ ਦੁੱਖਦਾਈ ਰੂਪ ਜਨਮ ਲੈ ਕੇ ਵੱਧ ਤੇ ਫੁਲ ਰਿਹਾ ਹੈ। ਉਹ ਹੈ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਪੰਥ ਦੇ ਸਿਧਾਂਤਾਂ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ ਦਾ ਵਿਰੋਧ । ਖਾਸ ਕਰ ਕੇ ਉਹਨਾਂ ਦਾ ਜੋ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਨੂੰ ਸਮਰਪਿਤ ਹੋ ਕੇ ਬਹੁਤ ਲਗਨ ਅਤੇ ਦ੍ਰਿੜ੍ਹਤਾ ਨਾਲ ਪ੍ਰਚਾਰ ਕਰਦੇ ਹਨ। ਵਿਰੋਧ ਕਰਨ ਵਾਲੇ ਵੀ ਸ਼ਕਲ ਕਰ ਕੇ ਸਿੱਖ ਹਨ, ਗੈਰ ਨਹੀਂ। ਧਰਤੀ ਭਾਵੇਂ ਦੇਸ਼ ਦੀ ਹੈ ਜਾਂ ਵਿਦੇਸ਼ ਦੀ, ਜਿੱਥੇ ਵੀ ਇਸ ਤਰ੍ਹਾਂ ਦੀ ਦੁਖਦਾਈ ਘਟਨਾ ਘਟੇਗੀ ਉਸ ਦੀ ਪੀੜ ਨਾਲ ਸਾਰਾ ਸਿੱਖ ਸੰਸਾਰ ਪੀੜ੍ਹਤ ਹੋਵੇਗਾ। ਜਦੋਂ ਸਾਡੇ ਸਭ ਦੇ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਅਤੇ ਸਮੂਹ ਪੰਥ ਵੱਲੋਂ ਪ੍ਰਵਾਨ ਕੀਤੀ ਸਿੱਖ ਰਹਿਤ ਮਰਯਾਦਾ ਕੋਲ ਹੈ ਤਾਂ ਇਹ ਵਖਰੇਵੇਂ ਅਤੇ ਦੁਵੰਦ ਦੀ ਤਾਂ ਕੋਈ ਥਾਂ ਹੀ ਨਹੀਂ ਰਹਿ ਜਾਂਦੀ, ਪਰ ਕੌਮੀ ਬਦਕਿਸਮਤੀ ਹੈ ਕਿ ਸੰਪਰਦਾਵਾਂ ਅਤੇ ਡੇਰਿਆਂ ਦੇ ਸਖਸ਼ੀ ਪ੍ਰਭਾਵ ਹੇਠ ਆਇਆ ਸਿੱਖ ਕੌਮ ਦਾ ਖਾਸ ਹਿੱਸਾ, ਅਸੂਲ ਸਿਧਾਂਤ ਦੀ ਥਾਂ ਆਪਣੀ ਸੰਪਰਦਾ ਦੇ ਆਗੂ ਦੀ ਸੋਚ ਨੂੰ ਪਹਿਲ ਦੀ ਮਜ਼ਬੂਰੀ ਬਣਾ ਬੈਠਾ ਹੈ। ਜਦੋਂ ਕੋਈ ਸਿੱਖ ਪ੍ਰਚਾਰਕ ਸਿੱਖ ਸਿਧਾਂਤ ਦੀ ਗੱਲ ਬੇਬਾਕੀ ਨਾਲ ਕਰ ਕੇ ਪਸਰ ਰਹੇ ਅੰਧ ਵਿਸ਼ਵਾਸ ਅਤੇ ਭਰਮ ਭੁਲੇਖਿਆਂ ’ਚੋਂ ਸਿੱਖ ਸੰਗਤ ਨੂੰ ਮੁਕਤ ਕਰਨ ਲਈ ਗੁਰਬਾਣੀ ਗਿਆਨ ਦੀ ਰੌਸ਼ਨੀ ਵਿੱਚ ਸਮਝਾਉਂਦਾ ਹੈ ਤਾਂ ਸੌੜੀ ਸੋਚ ਵਾਲਾ ਹਿੱਸਾ ਇਸ ਸੱਚ ਪ੍ਰਚਾਰ ਦਾ ਵਿਰੋਧ ਕਰਨ ਲੱਗਦਾ ਹੈ, ਜੋ ਕਿ ਹਰ ਤਰ੍ਹਾਂ ਗਲਤ ਹੈ।

ਸਿੱਖ ਪ੍ਰਚਾਰਕ ਦੇ ਵੀਚਾਰਾਂ ਨਾਲ ਅਸਹਿਮਤੀ ਹੋਣਾ ਕੋਈ ਮਾੜੀ ਗੱਲ ਨਹੀਂ। ਜੋ ਗਲਤ ਲੱਗਦਾ ਹੈ ਉਸ ਦੀ ਬੈਠ ਕੇ ਵੀਚਾਰ ਕਰਨੀ ਬਣਦੀ ਹੈ। ਇਸ ਲਈ ਸਦਾ ਤਿਆਰ ਰਹਿਣਾ ਚਾਹੀਦਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਬਾਣੀ ‘ਸਿੱਧ ਗੋਸਟਿ’ ਇਸੇ ਪ੍ਰਥਾਇ ਸਾਨੂੰ ਸੇਧ ਤੇ ਸਮਝ ਦੇਂਦੀ ਹੈ। ਵਿਰੋਧ ਦਾ ਵਰਤਾਰਾ 21ਵੀਂ ਸਦੀ ਦੇ ਇਸ ਦੂਜੇ ਦਹਾਕੇ ਅੰਦਰ ਬਹੁਤਾ ਮਾਰੂ ਤੇ ਭਾਰੂ ਹੋ ਰਿਹਾ ਹੈ। ਮਤਭੇਦ ਤਾਂ ਲੰਮੇ ਅਰਸੇ ਤੋਂ ਚੱਲੇ ਆ ਰਹੇ ਹਨ। ਇਹ ਵੀ ਦੂਰ ਹੋ ਸਕਦੇ ਹਨ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਅਤੇ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਨੂੰ ਸੁਹਿਰਦਤਾ ਸਹਿਤ ਸਵੀਕਾਰ ਕਰ ਕੇ।

ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਮੂਹ ਪ੍ਰਚਾਰਕਾਂ ਦਾ ਆਪਸੀ ਤਾਲਮੇਲ ਬਣ ਸਕਦਾ ਹੈ। ਜਿਸ ਲਈਂ ਗੁਰੂ ਪੰਥ ਨੂੰ ਗੁਰੂ ਪਾਤਸ਼ਾਹ ਜੀ ਵੱਲੋਂ ਬਖਸ਼ੇ ਹੁਕਮ ਅਨੁਸਾਰ ਤੁਰਨਾ ਹੋਵੇਗਾ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਇੱਕੋ ਇੱਕ ਗੁਰੂ ਹਨ।

ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਹੀ ਪੰਥ ਗੁਰੂ ਜੁਗਤਿ ਵਰਤਣ ਦਾ ਅਧਿਕਾਰੀ ਹੈ, ਪੰਥਕ ਪੱਧਰ ’ਤੇ ਨਿਰਣੇ ਲੈਣ ਲਈ। ਇੱਥੇ ਨ ਕਿਸੇ ਸੰਪਰਦਾ, ਨ ਕਿਸੇ ਡੇਰੇ ਅਤੇ ਨ ਹੀ ਕਿਸੇ ਏਕਾ ਅਧਿਕਾਰ ਮੰਨਣ ਵਾਲੇ ਰਾਜਸੀ ਧੜੇ ਦੀ ਸਰਦਾਰੀ ਚੱਲ ਸਕਦੀ ਹੈ। ਵਿਰੋਧ ਕਰਨ ਵਾਲੀ ਧਿਰ ਨੂੰ ‘ਟਕਸਾਲੀ’ ਕਿਹਾ ਜਾ ਰਿਹਾ ਹੈ। ਵਿਰੋਧ ਸਹਿਣ ਵਾਲੀ ਧਿਰ ਨੂੰ ‘ਮਿਸ਼ਨਰੀ’ ਆਖਿਆ ਜਾ ਰਿਹਾ ਹੈ। ਟਕਸਾਲੀ ਅਤੇ ਮਿਸ਼ਨਰੀ ਆਖੇ ਜਾਣ ਵਾਲੇ ਸਿੱਖ ਹੀ ਹਨ ਦੁਸ਼ਮਣ ਨਹੀਂ। ਅਸੀਂ ਕਦੀ ਸ਼ਬਦਾਂ ਦੀ ਗਹਿਰਾਈ ਵਿੱਚ ਨਹੀਂ ਜਾਂਦੇ ਟਕਸਾਲੀ ਸ਼ਬਦ ਅਤੇ ਮਿਸ਼ਨਰੀ ਸ਼ਬਦ ਸਮਾਨਾਂਤਰ ਹਨ। ਟਕਸਾਲੀ ਉਹ ਸਿੱਖ ਹੈ ਜੋ ਗੁਰੂ ਸ਼ਬਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਵੀਚਾਰਧਾਰਾ ਨਾਲ ਅੰਦਰੋਂ ਬਾਹਰੋਂ ਸਚਿਆਰ ਹੋਇਆ ਹੈ। ਮਿਸ਼ਨਰੀ ਸ਼ਬਦ ਦੂਜੀ ਭਾਸ਼ਾ ਅੰਗਰੇਜ਼ੀ ਦਾ ਹੈ। ਜਿਸ ਦਾ ਅਰਥ ਆਪਣੇ ਗੁਰੂ ਜੀ ਦੀ ਵੀਚਾਰਧਾਰਾ ਨੂੰ ਮਨ-ਬਚਨ ਕਰਮ ਕਰ ਕੇ ਸਮਰਪਿਤ ਸਿੱਖ, ਜੋ ਉਸੇ ਨਿਸ਼ਾਨੇ ਲਈ ਜਥੇਬੰਦਕ ਕੰਮ ਕਰਦਾ ਹੈ, ਜਿਸ ਦੇ ਲਈ ਉਸ ਦੇ ਮੁਰਸ਼ਦ ਨੇ ਜੀਵਨ ਬਖਸ਼ਿਆ ਹੈ।

ਬੜਾ ਹੀ ਅਫਸੋਸ ਹੈ ਕਿ ਸਾਡੀ ਸਿੱਖ ਕੌਮ ਦਾ ਉਹ ਹਿੱਸਾ ਜੋ ਸੰਪਰਦਾਵਾਂ ਜਾਂ ਡੇਰਿਆਂ ਦੇ ਸਖਸ਼ੀ ਪ੍ਰਭਾਵ ਹੇਠ ਹੈ, ਉਹ ਮਿਸ਼ਨਰੀ ਸ਼ਬਦ ਦੇ ਅਰਥ ਲਈ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰਨ ਦੀ ਥਾਂ ਆਪਣੀਆਂ ਮਨ-ਘੜ੍ਹਤ ਕਿਆਸ-ਅਰਾਈਆਂ ਨਾਲ, ਨਾਸਤਕ, ਕਾਮਰੇਡ, ਧਰਮ ਵਿਰੋਧੀ ਅਰਥ ਕਰਨ ਤੇ ਸਮਝਾਉਣ ਲਈ ਬਜਿੱਦ ਹੋਇਆ ਬੈਠਾ ਹੈ। ਅਜਿਹੇ ਸੱਜਣ ਜਿੱਥੇ ਖੁਦ ਨੂੰ ਅੰਧਕਾਰ ਦਾ ਸ਼ਿਕਾਰ ਬਣਾ ਰਹੇ ਹਨ ਉੱਥੇ ਸਿੱਖ ਕੌਮ ਦੇ ਵਾਰਸਾਂ ਨੂੰ ਗੁਰਬਾਣੀ (ਗੁਰੂ) ਦੇ ਸਹੀ ਗਿਆਨ ਤੋਂ ਵਾਂਝਾ ਰੱਖਣ ਦਾ ਪਾਪ ਕਰਮ ਜਾਂ ਅਪਰਾਧ ਕਰਮ ਵੀ ਕਮਾ ਰਹੇ ਹਨ।

ਇਹ ਸੱਜਣ ਜਾਣਦੇ ਹੀ ਨਹੀਂ, ਧੰਨ ਗੁਰੂ ਨਾਨਕ ਸਾਹਿਬ ਜੀ, ਪ੍ਰਭੂ ਜੀ ਵੱਲੋਂ ਖਾਸ ਉਪਰਾਲੇ ਲਈ ਸੰਸਾਰ ਵਿੱਚ ਆਉਣ ਕਰ ਕੇ ਵਿਸ਼ਵ ਪੱਧਰ ਦੇ ਸੱਚ ਹੱਕ ਦਾ ਪ੍ਰਚਾਰ ਕਰਨ ਵਾਲੇ ਰੱਬੀ ਪ੍ਰਚਾਰਕ (ਮਿਸ਼ਨਰੀ) ਹਨ। ਜਥੇਬੰਦਕ ਪ੍ਰਚਾਰ ਮੁਹਿੰਮ ਨੂੰ ਮਿਸ਼ਨਰੀ ਲਹਿਰ ਕਹਿੰਦੇ ਹਨ। ਗੁਰਦੁਆਰਾ ਸੁਧਾਰ ਲਹਿਰ ਦੀ ਸਫਲਤਾ ਉਪਰੰਤ ਸਭ ਤੋਂ ਪਹਿਲਾਂ ਸਿੱਖ ਮਿਸ਼ਨਰੀ ਸੁਸਾਇਟੀ 1922 ਵਿੱਚ ਹੋਂਦ ਵਿੱਚ ਆਈ ਸੀ, ਸ਼੍ਰੋ: ਗੁ: ਪ੍ਰ: ਕਮੇਟੀ ਦੀ ਸਰਪ੍ਰਸਤੀ ਹੇਠ। ਜਿਸ ਦੇ ਪਹਿਲੇ ਮੁਖੀ ਪ੍ਰਿੰਸੀਪਲ ਗੰਗਾ ਸਿੰਘ ਜੀ ਬਣੇ ਸਨ। ਇੱਥੋਂ ਹੀ ਧਰਮ ਪ੍ਰਚਾਰ ਕਮੇਟੀ ਬਣੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਪ੍ਰਚਾਰ/ਪ੍ਰਸਾਰ ਲਈ ਆਰੰਭੇ ਉਪਰਾਲਿਆਂ ਨੂੰ ਸਿੱਖ ਮਿਸ਼ਨ ਹਾਪੜ, ਸਿੱਖ ਮਿਸ਼ਨ ਅਲੀਗੜ੍ਹ ਅਤੇ ਸਿੱਖ ਮਿਸ਼ਨ ਇੰਦੌਰ (ਮੱਧ ਪ੍ਰਦੇਸ਼) ਦੇ ਨਾਂ ਦਿੱਤੇ ਸਨ। ਸੰਨ 1927 ਵਿੱਚ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ‘ਸ਼ਹੀਦ ਸਿੱਖ ਮਿਸ਼ਨਰੀ ਕਾਲਜ’ ਖੋਲਿਆ ਗਿਆ ਸੀ।

ਮਿਸ਼ਨਰੀ ਸਿੱਖ ਪ੍ਰਚਾਰਕ ਅਤੇ ਸੰਪਰਦਾਈ ਪ੍ਰਚਾਰਕ ਵਿੱਚ ਜੇਕਰ ਕੋਈ ਅਹਿਮ ਫਰਕ ਹੈ ਤਾਂ ਉਹ ਹੈ ਸੰਪਰਦਾਈ ਪ੍ਰਚਾਰਕ, ਪੁਰਾਣੇ ਬ੍ਰਾਹਮਣਵਾਦ ਦੇ ਪੁਜਾਰੀ ਦੀ ਭੂਮਿਕਾ ਤੱਕ ਸੀਮਤ ਹਨ। ਸਿੱਖ ਮਿਸ਼ਨਰੀ ਪ੍ਰਚਾਰਕ ਪੰਥਕ ਸੋਚ ਸਿਧਾਂਤ-ਸਰੂਪ ਤੇ ਮਰਯਾਦਾ ਨੂੰ ਸਮਰਪਿਤ ਹਨ। ਸੰਪਰਦਾਈ ਪ੍ਰਚਾਰਕ ਬ੍ਰਾਹਮਣ ਦੇ 6 ਕੰਮਾਂ ਵਿੱਚੋਂ ਜਿਵੇਂ ਬ੍ਰਾਹਮਣ ਤਿੰਨ ਹੀ ਕਰਦਾ ਸੀ, ਇਸ ਤਰ੍ਹਾਂ ਸੰਪਰਦਾਈ ਪ੍ਰਚਾਰਕ ਕਰਦਾ ਹੈ। ਛੇ ਕੰਮ ਬ੍ਰਾਹਮਣ ਦੇ ਵਿਦਿਆ ਪੜ੍ਹਨੀ- ਵਿਦਿਆ ਪੜ੍ਹਾਉਣੀ, ਜੱਗ ਕਰਨਾ-ਜੱਗ ਕਰਵਾਉਣਾ, ਦਾਨ ਦੇਣਾ ਤੇ ਦਾਨ ਲੈਣਾ। ਬ੍ਰਾਹਮਣ ਤਿੰਨ ਕੰਮ ਕਰਦਾ ਸੀ ‘ਵਿਦਿਆ ਪੜ੍ਹਦਾ ਸੀ ਪੜਾਉਂਦਾ ਨਹੀਂ, ਜੱਗ ਕਰਦਾ ਸੀ ਕਰਵਾਉਂਦਾ ਨਹੀਂ ਸੀ, ਦਾਨ ਲੈਂਦਾ ਸੀ, ਦਾਨ ਦੇਂਦਾ ਨਹੀਂ ਸੀ।’ ਲਗਭਗ ਇਸੇ ਹੀ ਤਰ੍ਹਾਂ ਸੰਪਰਦਾਈ ਪ੍ਰਚਾਰਕ ਹਨ।

ਜਦੋਂ ਅਸੀਂ ਸਿੱਖ ਕੌਮ ਦੇ ਜਥੇਬੰਦਕ ਸਰੂਪ, ਸਿਧਾਂਤ ਤੇ ਮਰਯਾਦਾ ਲਈ ਜੂਝਦੇ, ਸਿੱਖ ਭਾਈਚਾਰੇ ਦੀ ਗੱਲ ਕਰਾਂਗੇ ਤਾਂ ਉਸ ਲਈ ਵਰਤਮਾਨ ਦਿਖਾਈ ਦੇਂਦੀਆਂ ਸੰਪਰਦਾਵਾਂ ਤੇ ਡੇਰਿਆਂ ਦੀ ਭੂਮਿਕਾ ਨਹੀਂ ਮਿਲੇਗੀ। ਉਸ ਸੇਵਾ ਲਈ ਤੱਤਪਰਤਾ ਨਾਲ ਕੰਮ ਕਰਨ ਵਾਲੇ ਗੁਰਬਾਣੀ (ਗੁਰੂ) ਤੋਂ ਵਰੋਸਾਏ ਸਿੱਖ ਹੀ ਕੰਮ ਕਰਦੇ ਮਿਲਦੇ ਹਨ। ਭਾਵੇਂ 1873 ਨੂੰ ਸਿੰਘ ਸਭਾ ਲਹਿਰ ਦੀ ਸਥਾਪਨਾ ਦਾ ਵਾਕਿਆ ਹੈ, ਚਾਹੇ ਸਿੱਖ ਵਿਦਿਅਕ ਲਹਿਰ ਦੀ ਅਰੰਭਤਾ ਦਾ ਪੱਖ ਹੈ, ਚਾਹੇ ਉਹ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ ਘੋਲ ਹੈ। ਜਿਸ ਸਿੱਖ ਪ੍ਰਚਾਰਕਾਂ ਦੀ ਸ਼੍ਰੇਣੀ ਨੂੰ ਸੰਪਰਦਾਈ ਸੋਚ ਤੇ ਡੇਰਾਵਾਦ ਦੇ ਪੈਰੋਕਾਰ ਰੋਕਣਾ ਚਾਹੁੰਦੇ ਹਨ ਇਹ ਸਭ ਮਨਮਤ ਨਾਲ ਲੜ ਕੇ ਡੇਰਾਵਾਦ ਦੇ ਖਾਤਮੇ ਲਈ ਲੜਦੇ ਜੁਝਾਰੂ ਸੂਰਮੇ ਹਨ। ਅਸਲੀ ਸਿੱਖ ਪ੍ਰਚਾਰਕ ਆਪਣੇ ਆਲੇ ਦੁਆਲੇ ਆਪਣਿਆਂ ਨਾਲ ਕਦੀ ਨਹੀਂ ਉਲਝਦਾ। ਉਸ ਦਾ ਨਿਸ਼ਾਨਾ (ਮਿਸ਼ਨ) ਬੜਾ ਸਪੱਸ਼ਟ ਹੈ (ਘਰਿ ਘਰਿ ਅੰਦਰਿ ਧਰਮਸਾਲ)। ਸੰਪਰਦਾਈਆਂ ਨੂੰ ਇਹ ਦਿਖਾਈ ਨਹੀਂ ਦੇ ਰਿਹਾ ਕਿ ਪੰਜਾਬ ਅਤੇ ਪੰਜਾਬੋਂ ਬਾਹਰ ਇਸਾਈ ਮਿਸ਼ਨਰੀਆਂ ਨੇ ਸਦੀਆਂ ਤੋਂ ਹੁਣ ਤੱਕ, ਕਿੰਨੀ ਢਾਹ ਸਿੱਖ ਕੌਮ ਦੇ ਵੇਹੜੇ ਵਿੱਚ ਲਾਈ ਹੈ ਅਤੇ ਜਾਰੀ ਹੈ।

ਰਾਧਾ ਸੁਆਮੀ, ਸੌਦਾ ਸਾਧ, ਨਕਲੀ ਨਿਰੰਕਾਰੀ, ਭਨਿਆਰੇ ਵਾਲਾ, ਆਸ਼ੂਤੋਸ਼ ਤੇ ਨਾਮਧਾਰੀ ਕਿਵੇਂ ਅੱਜ ਵੀ ਸਿੱਖ ਘਰ ਵਿੱਚੋਂ ਵੱਖ ਵੱਖ ਢੰਗਾਂ ਤਰੀਕਿਆਂ ਨਾਲ ਖੋਰਾ ਲਾਉਣ ਵਿੱਚ ਕਾਮਯਾਬ ਹੋ ਰਹੇ ਹਨ।

ਸਿੱਖੀ ਵਿਚ ਕੁਝ ਸੰਪਰਦਾਈ ਵੀਰ, ਅੱਜ ਅਸਲੀ ਸਿੱਖ ਪ੍ਰਚਾਰਕਾਂ ਦਾ ਰਾਹ ਰੋਕ ਕੇ ਜਾਂ ਵਿਰੋਧ ਕਰ ਕੇ ਇਸ ਤਰ੍ਹਾਂ ਜਾਪਦਾ ਹੈ ਕਿ ਖੁਦ ਸਿੱਖੀ ਵਿਰੋਧੀ ਕਾਰਵਾਈ ਕਰ ਰਹੇ ਹਨ। ਇਨ੍ਹਾਂ ਦੀ ਇਸ ਕਾਰਵਾਈ ਨਾਲ ਸੋਚਵਾਨ ਭੋਲਾ ਸਿੱਖ, ਗੁਰੂ ਘਰ ਆਉਣ ਤੋਂ ਝਿਜਕੇਗਾ। ਕਿਸੇ ਹੋਰ ਸਖਸ਼ੀ ਬਾਬੇ ਜਾਂ ਗੁਰੂ ਦੰਭ ਵਾਲਿਆਂ ਦਾ ਪੱਲਾ ਫੜੇਗਾ। ਇਸ ਦੇ ਗੁਨਾਹਗਾਰ ਸਿੱਖ ਮਿਸ਼ਨਰੀ ਪ੍ਰਚਾਰਕ ਨਹੀਂ, ਇਹ ਸੰਪਰਦਾਈ ਹੀ ਹੋਣਗੇ। ਇਨ੍ਹਾਂ ਦੀ ਇਸ ਕਾਰਵਾਈ ਨਾਲ ਸਿੱਖ ਵਿਰੋਧੀ ਤਾਕਤਾਂ ਸਿੱਖੀ ਦੇ ਖਾਤਮੇ ਲਈ ਹੋਰ ਲਾਮਬੰਦ ਹੋ ਕੇ ਕੰਮ ਕਰਦੀਆਂ ਰਹਿਣਗੀਆਂ। ਸਾਡੀ ਇਨ੍ਹਾਂ ਸੰਪਰਦਾਈ ਵੀਰਾਂ ਨੂੰ ਸਤਿਕਾਰ ਸਹਿਤ ਬੇਨਤੀ ਹੈ ਕਿ ਸਿੱਖ ਪ੍ਰਚਾਰਕਾਂ ਦਾ ਰਾਹ ਰੋਕਣ ਦੀ ਥਾਂ ਖੁਦ ਗੁਰਬਾਣੀ ਸਿਧਾਂਤ ਨੂੰ ਸਮਝੋ ਤੇ ਸਾਥ ਦਿਓ। ਹਾਂ ਜੇਕਰ ਕੋਈ ਖਾਸ ਵਿਸ਼ੇ ’ਤੇ ਕੋਈ ਨੁਕਤਾ ਸਪੱਸ਼ਟ ਕਰਨ ਦੀ ਲੋੜ ਹੈ ਤਾਂ ਮਿਲ ਬੈਠੋ ! ਉਸਾਰੂ ਸੋਚ ਲੈ ਕੇ ਰੱਜ ਕੇ ਚਰਚਾ ਕਰੋ।

ਆਪ ਜੀ ਸਿੱਖ ਵਿਰੋਧੀਆਂ ਦੇ ਘਰੀਂ ਘਿਓ ਦੇ ਦੀਵੇ ਬਾਲਣ ਵਿੱਚ ਯੋਗਦਾਨ ਨ ਪਾਓ। ਸਿੱਖੀ ਅੰਦਰਲੇ ਡੇਰਾਵਾਦ ਨੂੰ ਮਾਨਤਾ ਨਾ ਦਿਓ। ਡੇਰਾਵਾਦ ਦਰੱਖਤ ਨੂੰ ਲੱਗੀ ਸਿਓਂਕ ਸਿੱਖੀ ਬਿ੍ਰਛ ਨੂੰ ਖੋਖਲਾ ਕਰੀ ਜਾ ਰਹੀ ਹੈ। ਇਹ ਸੰਪਰਦਾਵਾਂ ਦੇ ਡੇਰੇ ਸਭ ਖਤਮ ਕਰ ਕੇ ਗੁਰੂੁ ਬਖਸ਼ੇ ਪੰਥ ਦੀ ਹੋਂਦ ਸੰਭਾਲਣ ਲਈ ਹੱਲਾ ਮਾਰੀਏ। ਅਸੀਂ ਅੱਜ ਪੰਜਾਬ ਜਾਂ ਭਾਰਤ ਦੀ ਗੁਲਾਮੀ ਜਾਂ ਮਰੀ ਜ਼ਮੀਰ ਵਾਲੀ ਜਿੰਦਗੀ ਜੀਊਣ ਲਈ ਮਜ਼ਬੂਰ ਹਾਂ। ਜਦੋਂ ਕਿ ਖਾਲਸਾ ਪੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਪੰਥ ਦੇ ਅਸੂਲਾਂ ਦਾ ਧਾਰਨੀ ਹੁੰਦਾ ਹੋਇਆ ਆਪਣੀ ਕੌਮੀ ਇਕ-ਸੁਰਤਾ ਤੇ ਇਕ-ਸਾਰਤਾ ਵਾਲਾ ਜਲਵਾ ਉਜਾਗਰ ਕਰੇਗਾ। ਇਹ ਸਿੰਘ ਬਣ ਬੁੱਕੇਗਾ। ਇਸ ਦੇ ਅੱਗੇ ਦੰਭ-ਪਾਖੰਡ ਦੀਆਂ ਹਿਰਨੀ ਡਾਰਾਂ ਭੱਜ ਜਾਣਗੀਆਂ, ਧੀਰਜ ਛੱਡ ਕੇ। ਗੁਰਬਾਣੀ ਗਿਆਨ ਦਾ ਸੂਰਜ ਐਸਾ ਜਲਵਾਗਰ ਹੋਵੇਗਾ ਕਿ ਵਹਿਮਾਂ-ਭਰਮਾਂ, ਭੇਖਾਂ ਦੇ ਤਾਰੇ ਅਲੋਪ ਹੋ ਜਾਣਗੇ। ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਹੋਰ ਸਿੱਖ ਸੰਸਥਾਵਾਂ ਸਭ ਖੁੱਲ੍ਹ ਕੇ ਗੁਰਬਾਣੀ (ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ) ਤੋਂ ਗਿਆਨ ਸੇਧ ਲੈਣ ਅਤੇ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਦੇ ਅਨੁਸਾਰ ਹੀ ਪ੍ਰਬੰਧ ਅਤੇ ਪ੍ਰਚਾਰ ਪ੍ਰਸਾਰ ਕਰਨ ਕਰਵਾਉਣ ਲਈ ਤੱਤਪਰ ਰਹਿਣ। ਸਾਰਾ ਸਿੱਖ ਸੰਸਾਰ, ਗੁਰਬਾਣੀ-ਗੁਰੂ ਗਿਆਨ ਨਾਲ ਵਰੋਸਾਇਆ ਹੋਵੇ ਅਤੇ ਇੱਕੋ ਇੱਕ ਸਿੱਖ ਰਹਿਤ ਮਰਯਾਦਾ ਦੇ ਅਮਲ ਦਾ ਧਾਰਨੀ ਹੋਵੇ।

ਫਿਰ ਵਿਸ਼ਵ ਦੀਆਂ ਦੂਜੀਆਂ ਕੌਮਾਂ ਅਤੇ ਭਾਈਚਾਰੇ, ਸਿੱਖ ਕੌਮ ਦੇ ਆਦਰਸ਼ਕ ਜੀਵਨ ਤੋਂ ਪ੍ਰਭਾਵਤ ਹੋ ਕੇ ਬੇਮੁਹਾਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ, ਗੁਰ ਇਤਿਹਾਸ, ਸਿੱਖ ਇਤਿਹਾਸ ਅਤੇ ਸਿੱਖ ਰਹਿਤ ਮਰਯਾਦਾ ਤੋਂ ਸੇਧ ਲੈਣ ਲਈ ਦੌੜ ਪੈਣਗੇ। ਫਿਰ ਧੁਨੀ ਉੱਠੇਗੀ।

ਪੰਥ ਤੇਰੇ ਦੀਆਂ ਗੂੰਜਾਂ; ਜੁਗ ਜੁਗ ਪੈਂਦੀਆਂ ਰਹਿਣਗੀਆਂ।

ਸਾਨੂੰ ਗੁਰੂ ਨਿਵਾਜਿਆ ਪੁਸ਼ਤਾਂ ਕਹਿੰਦੀਆਂ ਰਹਿਣਗੀਆਂ।

ਪੰਥ ਤੇਰੇ ਦੀਆਂ ਗੂੰਜਾਂ; ਜੁਗ ਜੁਗ ਪੈਂਦੀਆਂ ਰਹਿਣਗੀਆਂ।

ਰਾਗੀ ਖਾਓ, ਸਿਹਤਮੰਦ ਹੋ ਜਾਓ

0

ਰਾਗੀ ਖਾਓ, ਸਿਹਤਮੰਦ ਹੋ ਜਾਓ 

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ,

ਲੋਅਰ ਮਾਲ (ਪਟਿਆਲਾ)-0175-2216783

ਏਸ਼ੀਆ ਤੇ ਅਫਰੀਕਾ ਵਿਚ ਰਾਗੀ ਕਾਫੀ ਉਗਾਈ ਜਾਂਦੀ ਹੈ। ਇਹ ਘੱਟ ਪਾਣੀ ਵਿਚ ਉਗਾਈ ਜਾ ਸਕਦੀ ਹੈ ਤੇ ਪਹਾੜਾਂ ਵਿਚ ਵੀ। ਮਾੜੇ ਚੰਗੇ ਮੌਸਮ ਨੂੰ ਸੌਖਿਆਂ ਜਰ ਜਾਂਦੀ ਹੈ। ਕਰਨਾਟਕ ਵਿੱਚੋਂ ਪੂਰੇ ਭਾਰਤ ਵਾਸਤੇ 58 ਫੀਸਦੀ ਰਾਗੀ ਪਹੁੰਚਦੀ ਹੈ। ਇਸ ਤੋਂ ਵਧੀਆ ਅੰਨ ਸ਼ਾਇਦ ਹੀ ਕੋਈ ਹੋਵੇ ਕਿਉਂਕਿ ਇਸ ਵਿਚ ਕੈਲਸ਼ੀਅਮ, ਪ੍ਰੋਟੀਨ, ਫਾਈਬਰ, ਲੋਹ ਕਣ ਤੇ ਹੋਰ ਅਨੇਕ ਲੋੜੀਂਦੇ ਤੱਤ ਹੁੰਦੇ ਹਨ। ਇਸ ਵਿਚ ਅਨਸੈਚੂਰੇਟਿਡ ਥਿੰਦਾ ਕਾਫ਼ੀ ਘੱਟ ਹੈ।

ਭਾਰ ਘਟਾਉਣ ਲਈ ਇਸ ਤੋਂ ਬਿਹਤਰ ਕੋਈ ਹੋਰ ਅੰਨ ਨਹੀਂ ਤੇ ਬੀਮਾਰੀਆਂ ਤੋਂ ਬਚਾਉਣ ਵਿਚ ਵੀ ਇਸ ਦਾ ਕੋਈ ਸਾਨੀ ਨਹੀਂ। ਕਮਜ਼ੋਰ ਹੱਡੀਆਂ, ਖੁਰੀਆਂ ਹੋਈਆਂ ਹੱਡੀਆਂ, ਲਹੂ ਦੀ ਕਮੀ, ਸ਼ੱਕਰ ਰੋਗ ਆਦਿ ਤੋਂ ਬਚਣ ਲਈ ਰਾਗੀ ਹਰ ਹਾਲ ਵਰਤਣੀ ਹੀ ਪੈਂਦੀ ਹੈ।

ਕਮਾਲ ਤਾਂ ਇਹ ਵੇਖੋ ਕਿ ਤਣਾਓ ਘਟਾਉਣ ਲਈ ਵੀ ਇਹ ਲਾਹੇਵੰਦ ਸਾਬਤ ਹੋ ਚੁੱਕੀ ਹੈ। ਇਸ ਨੂੰ ਪਾਲਿਸ਼ ਕਰਨ ਦੀ ਲੋੜ ਨਹੀਂ ਹੁੰਦੀ, ਇਸੇ ਲਈ ਇਸ ਨੂੰ ਇੰਜ ਹੀ ਪਿਹਾ ਕੇ ਖਾਧਾ ਜਾ ਸਕਦਾ ਹੈ ਜਿਸ ਨਾਲ ਇਸ ਦੀ ਪੋਸ਼ਟਿਕਤਾ ਬਰਕਰਾਰ ਰਹਿੰਦੀ ਹੈ।

ਫ਼ਾਇਦੇ :-

ਭਾਰ ਘਟਾਉਣ ਲਈ :-

ਜਿੰਨੇ ਵੀ ਉੱਚ ਪੱਧਰੀ ਜਾਂ ਮਹਿੰਗੇ ਭਾਰ ਘਟਾਉਣ ਵਾਲੇ ਪਲੈਨ ਸ਼ੁਰੁ ਕੀਤੇ ਜਾਣ, ਹਰ ਕਿਸੇ ਵਿਚ ਖ਼ੁਰਾਕ ਵਿਚ ਰਾਗੀ ਖਾਣ ਨੂੰ ਕਿਹਾ ਜਾਂਦਾ ਹੈ। ਕਾਰਨ ? ਇਸ ਵਿਚਲਾ ਅਮਾਈਨੋ ਏਸਿਡ ‘ਟਰਿਪਟੋਫੈਨ’ ਭੁੱਖ ਮਾਰਦਾ ਹੈ। ਸਭ ਤੋਂ ਵੱਧ ਫਾਈਬਰ ਭਰਪੂਰ ਹੋਣ ਸਦਕਾ ਇਹ ਢਿੱਡ ’ਚ ਪਾਣੀ ਇਕੱਠਾ ਕਰ ਲੈਂਦਾ ਹੈ ਤੇ ਢਿੱਡ ਭਰਿਆ ਮਹਿਸੂਸ ਹੁੰਦਾ ਹੈ। ਅਨਸੈਚੂਰੇਟਿਡ ਥਿੰਦਾ ਹੋਰ ਵੀ ਭਾਰ ਘਟਾ ਦਿੰਦਾ ਹੈ। ਢਿੱਡ ਭਰਿਆ ਮਹਿਸੂਸ ਹੋਣ ਸਦਕਾ ਘੱਟ ਖਾਣਾ ਖਾਧਾ ਜਾਂਦਾ ਹੈ ਤੇ ਫਾਈਬਰ ਛੇਤੀ ਹਜ਼ਮ ਨਾ ਹੋਣ ਕਾਰਨ ਢਿੱਡ ਛੇਤੀ ਖਾਲੀ ਵੀ ਨਹੀਂ ਹੁੰਦਾ।

ਹੱਡੀਆਂ ਤਗੜੀਆਂ ਕਰਨ ਲਈ :-

ਰਾਗੀ ਵਿਚ ਜਿੰਨਾ ਕੈਲਸ਼ੀਅਮ ਹੈ, ਓਨਾ ਕਿਸੇ ਹੋਰ ਸਬਜ਼ੀ ਜਾਂ ਅੰਨ ’ਚ ਨਹੀਂ। ਇਸੇ ਲਈ ਰਾਗੀ ਖਾਣ ਨਾਲ ਸਰੀਰ ਅੰਦਰ ਕੈਲਸ਼ੀਅਮ ਤੇ ਵਿਟਾਮਿਨ ਡੀ ਦਾ ਭੰਡਾਰ ਜਮਾਂ ਹੋ ਜਾਂਦਾ ਹੈ ਜੋ ਹੱਡੀਆਂ ਤਗੜੀਆਂ ਕਰ ਦਿੰਦਾ ਹੈ ਤੇ ਛੇਤੀ ਖੁਰਨ ਵੀ ਨਹੀਂ ਦਿੰਦਾ। ਇਸੇ ਲਈ ਬੱਚਿਆਂ ਤੇ ਬਜ਼ੁਰਗਾਂ ਲਈ ਰਾਗੀ ਦਾ ਦਲੀਆ ਇਕ ਬੇਸ਼ਕੀਮਤੀ ਸੁਗਾਤ ਵਾਂਗ ਹੈ ਜੋ ਥੋੜ੍ਹੀ ਮਾਤਰਾ ਵਿਚ ਪੂਰੀ ਤਾਕਤ ਦੇ ਦਿੰਦਾ ਹੈ।

ਸ਼ੱਕਰ ਰੋਗੀਆਂ ਲਈ :-

ਜਿਨ੍ਹਾਂ ਨੂੰ ਸ਼ੱਕਰ ਰੋਗ ਹੋਣ ਦਾ ਖ਼ਤਰਾ ਹੈ, ਉਨ੍ਹਾਂ ਵਾਸਤੇ ਰਾਗੀ ਕੁਦਰਤੀ ਨਿਆਮਤ ਤੋਂ ਘੱਟ ਨਹੀਂ ਕਿਉਂਕਿ ਇਸ ਵਿਚਲਾ ਫਾਈਬਰ ਤੇ ‘ਪੌਲੀਫੀਨੋਲ’, ਕਣਕ, ਚੌਲਾਂ ਤੇ ਹੋਰ ਸਾਰੇ ਕਿਸਮਾਂ ਦੇ ਅੰਨ ਤੋਂ ਕਿਤੇ ਵੱਧ ਹੈ। ਇਸ ਨੂੰ ਖਾਣ ਨਾਲ ਰੋਟੀ ਛੇਤੀ ਹਜ਼ਮ ਨਹੀਂ ਹੁੰਦੀ ਤੇ ਲਹੂ ਵਿਚ ਸ਼ੱਕਰ ਦੀ ਮਾਤਰਾ ਛੇਤੀ ਵਧਦੀ ਨਹੀਂ। ਰਾਗੀ ਦਾ ਗਲਾਈਸੀਮਿਕ ਇੰਡੈਕਸ ਕਾਫ਼ੀ ਘੱਟ ਹੋਣ ਸਦਕਾ ਸ਼ੱਕਰ ਰੋਗੀਆਂ ਨੂੰ ਅੱਧ ਰਾਤ ਨੂੰ ਸ਼ੱਕਰ ਦੀ ਮਾਤਰਾ ਘਟਣ ਦਾ ਖ਼ਤਰਾ ਟਲ ਜਾਂਦਾ ਹੈ ਤੇ ਉਨ੍ਹਾਂ ਦੀ ਸ਼ੱਕਰ ਦੀ ਮਾਤਰਾ ਸਹੀ ਰਹਿੰਦੀ ਹੈ।

ਕੋਲੈਸਟਰੋਲ ਨੂੰ ਘਟਾਉਣ ਲਈ :-

ਕੋਲੈਸਟਰੋਲ ਨੂੰ ਘਟਾਉਣ ਵਿਚ ਵੀ ਰਾਗੀ ਦਾ ਕੋਈ ਸਾਨੀ ਨਹੀਂ। ਦਿਲ ਨੂੰ ਸਿਹਤਮੰਦ ਰੱਖਣ ਲਈ ਰਾਗੀ ਬੇਮਿਸਾਲ ਹੈ। ਇਹ ਨਾੜੀਆਂ ਵਿਚ ਕੋਲੈਸਟਰੋਲ ਦੇ ਖਲੇਪੜ ਜੰਮਣ ਨਹੀਂ ਦਿੰਦੀ ਤੇ ਦਿਲ ਦੀਆਂ ਬੀਮਾਰੀਆਂ ਹੋਣ ਤੋਂ ਰੋਕਦੀ ਹੈ। ਦਿਮਾਗ਼ ਦੀਆਂ ਨਾੜੀਆਂ ਨੂੰ ਵੀ ਸਿਹਤਮੰਦ ਰੱਖ ਕੇ ਪਾਸਾ ਮਰਨ ਦਾ ਖ਼ਤਰਾ ਘਟਾ ਦਿੰਦੀ ਹੈ।

ਅਮਾਈਨੋ ਏਸਿਡ ‘ਲੈਸੀਥਿਨ’ ਤੇ ‘ਮੀਥਾਈਓਨੀਨ’ ਕੋਲੈਸਟਰੋਲ ਨੂੰ ਛੇਤੀ ਘਟਾਉਣ ਦੇ ਨਾਲ-ਨਾਲ ਜਿਗਰ ਵਿੱਚੋਂ ਜੰਮੇ ਥੰਦੇ ਨੂੰ ਵੀ ਖੋਰ ਦਿੰਦੇ ਹਨ। ‘ਥਰੀਓਨੀਨ’ ਅਮਾਈਨੋ ਏਸਿਡ ਜੋ ਰਾਗੀ ਵਿਚ ਬੇਅੰਤ ਹੈ, ਉਹ ਜਿਗਰ ਵਿਚ ਥਿੰਦਾ ਇਕੱਠਾ ਹੋਣ ਹੀ ਨਹੀਂ ਦਿੰਦਾ।

ਜੇ ਰਾਗੀ ਨੂੰ ਪੂਰੀ ਪੱਕਣ ਤੋਂ ਪਹਿਲਾਂ ਵਰਤ ਲਿਆ ਜਾਵੇ, ਯਾਨੀ ਜਦੋਂ ਅਜੇ ਹਰੀ ਹੀ ਹੋਵੇ, ਤਾਂ ਇਹ ਬਲੱਡ ਪੈ੍ਰੱਸ਼ਰ ਘਟਾਉਣ ਵਿਚ ਵੀ ਸਹਾਈ ਹੋ ਜਾਂਦੀ ਹੈ।

ਤਣਾਓ ਘਟਾਉਣ ਲਈ :-

ਐਂਟੀ ਆਕਸੀਡੈਂਟ ਭਰਪੂਰ ਹੋਣ ਕਾਰਨ, ਖ਼ਾਸ ਕਰ ਟਰਿਪਟੋਫ਼ੈਨ ਤੇ ਹੋਰ ਅਮਾਈਨੋ ਏਸਿਡ, ਰਾਗੀ ਖਾਣ ਨਾਲ ਸਰੀਰ ਅੰਦਰ ਫਰੀ ਰੈਡੀਕਲ ਆਪਣੇ ਮਾੜੇ ਅਸਰ ਛੱਡ ਨਹੀਂ ਸਕਦੇ ਤੇ ਨਤੀਜਾ-ਤਣਾਓ ਦਾ ਘਟਣਾ। ਇੰਜ ਹੁੰਦੇ ਸਾਰ ਬਲੱਡ ਪ੍ਰੈੱਸ਼ਰ ਨਾਰਮਲ ਹੋ ਜਾਂਦਾ ਹੈ, ਢਹਿੰਦੀ ਕਲਾ ਕਾਫ਼ੂਰ ਹੋ ਜਾਂਦੀ ਹੈ, ਸਿਰ ਪੀੜ ਠੀਕ ਹੋ ਜਾਂਦੀ ਹੈ ਤੇ ਨੀਂਦਰ ਵੀ ਵਧੀਆ ਆਉਣ ਲੱਗ ਪੈਂਦੀ ਹੈ।

ਸਿਰ ਪੀੜ ਤੇ ਮਿਗਰੇਨ ਵਾਲੇ ਮਰੀਜ਼ਾਂ ਲਈ ਰਾਗੀ ਕਾਫ਼ੀ ਅਸਰਦਾਰ ਸਾਬਤ ਹੋ ਚੁੱਕੀ ਹੈ।

ਪੱਠਿਆਂ ਦਾ ਕੰਮ ਕਾਰ :-

ਕੁਦਰਤੀ ਪ੍ਰੋਟੀਨ ਦਾ ਸਭ ਤੋਂ ਵਧੀਆ ਸੋਮਾ ਰਾਗੀ ਹੀ ਮੰਨਿਆ ਗਿਆ ਹੈ। ਨਾ ਸਿਰਫ਼ ਅਮਾਈਨੋ ਏਸਿਡ, ਬਲਕਿ ਕੈਲਸ਼ੀਅਮ, ਲੋਹ-ਕਣ, ਨਾਇਆਸਿਨ, ਥਾਇਆਮੀਨ, ਰਾਈਬੋਫਲੇਵਿਨ, ਵੇਲੀਨ, ਥਰੀਓਨੀਨ, ਆਈਸੋਲਿਊਸੀਨ, ਮੀਥਾਇਓਨੀਨ ਤੇ ਟਰਿਪਟੋਫੈਨ ਪੱਠਿਆਂ ਦੇ ਕੰਮ ਕਾਰ, ਉਨ੍ਹਾਂ ਲਈ ਲਹੂ ਬਣਾਉਣਾ, ਤਣਾਓ ਘਟਾ ਕੇ ਗਰੋਥ ਹਾਰਮੋਨ ਵਧਾਉਣਾ, ਆਦਿ ਵਿਚ ਮਦਦ ਕਰਦੇ ਹਨ। ਇਸੇ ਲਈ ਲੰਬਾਈ ਵਧਾਉਣ ਲਈ ਰਾਗੀ ਜ਼ਰੂਰ ਖਾਣੀ ਚਾਹੀਦੀ ਹੈ।

ਲਹੂ ਦੀ ਕਮੀ ਠੀਕ ਕਰਨੀ :-

ਪੁੰਗਰੀ ਹੋਈ ਰਾਗੀ ਰੈਗੂਲਰ ਤੌਰ ਉੱਤੇ ਵਰਤਣ ਵਾਲਿਆਂ ਨੂੰ ਲਹੂ ਦੀ ਕਮੀ ਹੋ ਹੀ ਨਹੀਂ ਸਕਦੀ। ਇਸ ਵਿਚਲਾ ਵਿਟਾਮਿਨ ਸੀ ਖ਼ੁਰਾਕ ਵਿੱਚੋਂ ਲੋਹ ਕਣ ਹਜ਼ਮ ਕਰਨ ਵਿਚ ਮਦਦ ਕਰਦਾ ਹੈ। ਖੋਜਾਂ ਸਾਬਤ ਕਰ ਚੁੱਕੀਆਂ ਹਨ ਕਿ ਰੋਜ਼ ਰਾਗੀ ਖਾਣ ਵਾਲਿਆਂ ਨੂੰ ਆਇਰਨ ਦੀਆਂ ਗੋਲੀਆਂ ਖਾਣ ਦੀ ਲੋੜ ਹੀ ਨਹੀਂ ਰਹਿੰਦੀ।

ਹਾਜ਼ਮਾ ਠੀਕ ਕਰਨਾ :-

ਫਾਈਬਰ ਭਰਪੂਰ ਹੋਣ ਕਾਰਨ ਅੰਤੜੀਆਂ ਠੀਕ ਠਾਕ ਚਲਦੀਆਂ ਰਹਿੰਦੀਆਂ ਹਨ ਤੇ ਕਬਜ਼ ਨਹੀਂ ਹੁੰਦੀ। ਰਾਗੀ ਵਿਚਲਾ ਫਾਈਬਰ ਹਜ਼ਮ ਨਹੀਂ ਹੁੰਦਾ ਤੇ ਪਾਣੀ ਨੂੰ ਵਿਚ ਮਿਲਾ ਕੇ ਅੰਤੜੀਆਂ ਤੰਦਰੁਸਤ ਰੱਖਦਾ ਹੈ ਜਿਸ ਨਾਲ ਹਾਜ਼ਮਾ ਠੀਕ ਰਹਿੰਦਾ ਹੈ।

ਜੱਚਾ ਦਾ ਦੁੱਧ ਵੱਧ ਬਣਨਾ :-

ਦੁੱਧ ਪਿਆਉਣ ਵਾਲੀਆਂ ਮਾਵਾਂ ਵਾਸਤੇ ਰਾਗੀ ਬਹੁਤ ਲਾਹੇਵੰਦ ਹੈ। ਜਿੱਥੇ ਇਹ ਸੰਪੂਰਨ ਖ਼ੁਰਾਕ ਵਾਂਗ ਹੈ, ਉੱਥੇ ਹੀਮੋਗਲੋਬਿਨ ਠੀਕ ਰੱਖਦੀ ਹੈ ਤੇ ਹੱਡੀਆਂ ਵੀ ਤਗੜੀਆਂ ਕਰਦੀ ਹੈ। ਹਰੀ ਰਾਗੀ ਜੱਚਾ ਦਾ ਦੁੱਧ ਵਧਾ ਦਿੰਦੀ ਹੈ ਤੇ ਮਾਂ ਦੇ ਦੁੱਧ ਵਿਚ ਸਾਰੇ ਜ਼ਰੂਰੀ ਤੱਤ ਵੀ ਭਰ ਦਿੰਦੀ ਹੈ ਜਿਵੇਂ, ਲੋਹ ਕਣ, ਕੈਲਸ਼ੀਅਮ, ਤੇ ਦਿਮਾਗ਼ ਵਧਾਉਣ ਵਾਲੇ ਅਮਾਈਨੋ ਏਸਿਡ ਵੀ।

ਚਮੜੀ ਨੂੰ ਜਵਾਨ ਰੱਖਣਾ :-

ਚਮੜੀ ਨੂੰ ਝੁਰੜੀਆਂ ਤੋਂ ਬਚਾਉਣ ਲਈ ਰਾਗੀ ਦਾ ‘ਐਂਟੀਏਜਿੰਗ ਡਰਿੰਕ’ ਬਹੁਤ ਆਮ ਵਰਤਿਆ ਜਾਂਦਾ ਹੈ। ਰਾਗੀ ਵਿਚਲੇ ਅਮਾਈਨੋ ਏਸਿਡ ‘ਮੀਥਾਇਓਨੀਨ’ ਤੇ ‘ਲਾਈਸੀਨ’, ਕੋਲਾਜਨ ਬਣਾਉਂਦੇ ਹਨ। ਕੋਲਾਜਨ ਨਾਲ ਚਮੜੀ ਢਿੱਲੀ ਨਹੀਂ ਪੈਂਦੀ ਤੇ ਝੁਰੜੀਆਂ ਵੀ ਛੇਤੀ ਨਹੀਂ ਪੈਂਦੀਆਂ। ਇਸੇ ਲਈ ਰਾਗੀ ਖਾਣ ਵਾਲੇ ਜ਼ਿਆਦਾ ਦੇਰ ਜਵਾਨ ਦਿਸਦੇ ਰਹਿੰਦੇ ਹਨ।

ਰਾਗੀ ਨੂੰ ਖਾਣ ਦਾ ਤਰੀਕਾ :-

  1. ਪੰਜ ਕਿਲੋ ਮਲਟੀਗਰੇਨ (ਛੋਲੇ, ਸੋਇਆਬੀਨ, ਕਣਕ, ਜੁਆਰ, ਬਾਜਰਾ, ਸੱਤੂ) ਆਟੇ ਵਿਚ ਇੱਕ ਕਿਲੋ ਛਾਣਬੂਰਾ ਤੇ ਇੱਕ ਕਿਲੋ ਰਾਗੀ ਪਾ ਕੇ ਰੱਖ ਲਵੋ। ਇਸ ਦਾ ਆਟਾ ਗੁੰਨ ਕੇ ਰੋਟੀ ਬਣਾਉਣ ਨਾਲ ਸਰੀਰ ਸਿਹਤਮੰਦ ਰੱਖਿਆ ਜਾ ਸਕਦਾ ਹੈ।
  2. ਰਾਗੀ ਦਾ ਸ਼ਰਬਤ ਬਣਾਉਣ ਲਈ :-

* ਇੱਕ ਕੱਪ ਪਾਣੀ ਲਓ

* ਤਿੰਨ ਚਮਚ ਸ਼ੱਕਰ

* ਇੱਕ ਚਮਚ ਛੋਟੀ ਲਾਚੀ ਪੀਸੀ ਹੋਈ

* ਦੁੱਧ 1/4 ਕੱਪ

* ਰਾਗੀ ਦਾ ਆਟਾ 1/2 ਕੱਪ

ਰਾਗੀ ਦੇ ਆਟੇ ਨੂੰ ਵੱਡੇ ਭਾਂਡੇ ਵਿਚ ਪਾ ਕੇ, ਹੌਲੀ-ਹੌਲੀ ਵਿਚ ਪਾਣੀ ਮਿਲਾਓ ਤੇ ਲਗਾਤਾਰ ਹਿਲਾਉਂਦੇ ਰਹੋ ਤਾਂ ਜੋ ਢੇਲੇ ਨਾ ਬਣ ਜਾਣ। ਗਾੜ੍ਹੀ ਪੇਸਟ ਬਣ ਜਾਣ ਉੱਤੇ ਇਸ ਨੂੰ ਪਾਸੇ ਰੱਖ ਦਿਓ। ਦੁੱਧ ਉਬਾਲੋ ਤੇ ਗਾੜ੍ਹੀ ਪੇਸਟ ਨੂੰ ਦੁੱਧ ਵਿਚ ਹੌਲੀ-ਹੌਲੀ ਹਿਲਾਉਂਦੇ ਹੋਏ ਮਿਲਾ ਦਿਓ। ਵਿੱਚੇ ਸ਼ੱਕਰ ਤੇ ਲਾਚੀ ਪਾ ਦਿਓ। ਹੌਲੀ ਕੀਤੀ ਹੋਈ ਗੈਸ ਉੱਤੇ ਭਾਂਡਾ ਰੱਖ ਕੇ ਹੌਲੀ-ਹੌਲੀ ਹਿਲਾਉਂਦੇ ਰਹੋ। ਫੇਰ ਠੰਡਾ ਕਰ ਕੇ ਵਿਚ ਬਦਾਮ, ਕਾਜੂ ਤੇ ਅਖਰੋਟ ਦੇ ਟੋਟੇ ਪਾ ਲਵੋ। ਲਓ ਜੀ ਹੋ ਗਈ ਤਿਆਰ ਗਰਮੀਆਂ ਵਾਸਤੇ ਠੰਡੀ ਸੁਗ਼ਾਤ ਤੇ ਸਰਦੀਆਂ ਦੀ ਗਰਮ ਸੁਗ਼ਾਤ। ਇਸ ਤੋਂ ਵਧੀਆ ਹੋਰ ਕੋਈ ਸਿਹਤਮੰਦ ਸ਼ਰਬਤ ਹੋ ਹੀ ਨਹੀਂ ਸਕਦਾ। (ਸ਼ੱਕਰ ਰੋਗੀ ਸ਼ੱਕਰ ਤੋਂ ਬਗ਼ੈਰ ਪੀਣ)

  1. ਰਾਗੀ ਦਾ ਸੂਪ :-

ਜੇ ਕੋਈ ਭਾਰ ਘਟਾਉਣ ਬਾਰੇ ਸੋਚ ਰਿਹਾ ਹੈ ਤੇ ਸਿਹਤਮੰਦ ਰਹਿਣ ਦਾ ਫ਼ੈਸਲਾ ਕਰ ਚੁੱਕਿਆ ਹੈ ਤਾਂ ਰਾਗੀ ਦਾ ਸੂਪ ਪੀਤੇ ਬਿਨਾਂ ਅਗਲਾ ਦਿਨ ਚੜ੍ਹਨਾ ਹੀ ਨਹੀਂ ਚਾਹੀਦਾ। ਬਿਨਾਂ ਘਿਓ ਦੇ, ਪਰ ਸਬਜ਼ੀਆਂ ਦੇ ਸਾਰੇ ਜ਼ਰੂਰੀ ਤੱਤਾਂ ਸਮੇਤ ਬਣਿਆ ਇਹ ਸੂਪ ਪੂਰਨ ਸੰਤੁਲਿਤ ਖ਼ੁਰਾਕ ਹੈ।

ਰਾਗੀ ਦਾ ਆਟਾ -3/4 ਕੱਪ

ਟਮਾਟਰ ਕੱਟਿਆ ਹੋਇਆ-1

ਪਿਆਜ਼ ਕੱਟਿਆ ਹੋਇਆ-1

ਫੁੱਲ ਗੋਭੀ ਕੱਦੂਕਸ ਕੀਤੀ ਹੋਈ-1/2 ਕੱਪ

ਹਰੇ ਮਟਰ -1/4 ਕੱਪ

ਗਾਜਰਾਂ ਕੱਟੀਆਂ ਹੋਈਆਂ- 1/4 ਕੱਪ

ਥੋਮ-4 ਤੁਰੀਆਂ ਬਰੀਕ ਕੱਟੀਆਂ ਹੋਈਆਂ

ਪਾਣੀ – ਇੱਕ ਲਿਟਰ

ਦੁੱਧ – ਦੋ ਕੱਪ

ਖੰਡ – ਦੋ ਚਮਚ

ਲੂਣ ਤੇ ਮਿਰਚ ਸਵਾਦ ਅਨੁਸਾਰ

ਖੋਪੇ ਦਾ ਤੇਲ – ਦੋ ਚਮਚ

ਜ਼ੀਰਾ – ਦੋ ਚਮਚ

ਕੜ੍ਹੀ ਪੱਤਾ – ਦੋ

ਪੈਨ ਦੇ ਵਿਚ ਪਾਣੀ ਪਾ ਕੇ ਉਬਾਲੋ। ਉਸ ਵਿਚ ਪਿਆਜ਼, ਥੋਮ, ਗਾਜਰਾਂ, ਫੁੱਲਗੋਭੀ, ਹਰੇ ਮਟਰ, ਟਮਾਟਰ, ਲੂਣ, ਮਿਰਚ ਤੇ ਖੰਡ ਮਿਲਾ ਦਿਓ। ਇਸ ਨੂੰ 10 ਮਿੰਟ ਉਬਾਲੋ। ਇੱਕ ਵੱਖਰੇ ਪੈਨ ਵਿਚ ਖੋਪੇ ਦਾ ਤੇਲ ਗਰਮ ਕਰ ਕੇ ਜੀਰਾ ਤੇ ਕੜ੍ਹੀ ਪੱਤਾ ਪਾ ਕੇ ਭੁੰਨ ਲਵੋ ਤੇ ਬਾਕੀ ਦੇ ਉਬਲੇ ਪਾਣੀ ਵਿਚ ਮਿਲਾ ਦਿਓ। ਫਿਰ ਵਿਚ ਦੁੱਧ ਮਿਲਾਓ। ਅਖ਼ੀਰ ਵਿਚ ਪਾਣੀ ਵਿਚ ਘੁਲਿਆ ਰਾਗੀ ਦਾ ਆਟਾ ਮਿਲਾ ਦਿਓ। ਇਸ ਸਾਰੇ ਮਿਸ਼ਰਨ ਨੂੰ ਹਲਕੀ ਅੱਗ ਉੱਤੇ 10 ਮਿੰਟ ਲਈ ਰਿੰਨੋ। ਫੇਰ ਤਾਜ਼ਾ ਹਰਾ ਧਨੀਆ ਬਰੀਕ ਕੱਟ ਕੇ ਉੱਤੇ ਪਾ ਦਿਓ ਤੇ ਗਰਮਾ ਗਰਮ ਪੀ ਲਵੋ।

  1. ਰਾਗੀ ਦਾ ਉਪਮਾ :-

ਆਮ ਤੌਰ ਉੱਤੇ ਉਪਮਾ ਚੌਲਾਂ ਨੂੰ ਫੇਹ ਕੇ ਬਣਾਇਆ ਜਾਂਦਾ ਹੈ ਪਰ ਰਾਗੀ ਦਾ ਉਪਮਾ ਉਸ ਤੋਂ ਕਿਤੇ ਵੱਧ ਸਿਹਤਮੰਦ ਹੈ।

ਰਾਗੀ ਦਾ ਆਟਾ – ਇੱਕ ਕੱਪ

ਰਾਈ (ਸਰਸੋਂ) – 1/2 ਚਮਚ

ਜੀਰਾ – 1/2 ਚਮਚ

ਤੇਲ – 4 ਚਮਚ

ਛੋਲਿਆਂ ਦੀ ਦਾਲ – 1/2 ਚਮਚ

ਉੜਦ ਦਾਲ – 1/2 ਚਮਚ

ਹਲਦੀ – ਇੱਕ ਚੂੰਢੀ

ਹਰੀਆਂ ਮਿਰਚਾਂ – 2 (ਕੱਟੀਆਂ ਹੋਈਆਂ)

ਪਿਆਜ਼ ਕੱਟਿਆ ਹੋਇਆ – ਇੱਕ

ਟਮਾਟਰ ਕੱਟਿਆ ਹੋਇਆ- ਇੱਕ

ਕੜ੍ਹੀ ਪੱਤਾ – 4

ਧਨੀਆ ਕੱਟਿਆ ਹੋਇਆ- 4 ਚਮਚ

ਲੂਣ – ਸਵਾਦ ਅਨੁਸਾਰ

ਪਾਣੀ – 2 ਕੱਪ

ਨਿੰਬੂ ਨਿਚੋੜਿਆ ਹੋਇਆ- 4 ਚਮਚ

ਇੱਕ ਚਮਚ ਤੇਲ ਪੈਨ ਵਿਚ ਗਰਮ ਕਰ ਕੇ ਉਸ ਵਿਚ ਰਾਗੀ ਦੇ ਆਟੇ ਨੂੰ ਭੁੰਨ ਲਵੋ। ਬਾਕੀ ਦੇ ਤੇਲ ਨੂੰ ਹੋਰ ਪੈਨ ਵਿਚ ਗਰਮ ਕਰ ਕੇ ਜੀਰਾ ਤੇ ਰਾਈ ਭੁੰਨੋ। ਉਸ ਵਿਚ ਦਾਲਾਂ ਪਾ ਕੇ ਫੇਰ ਭੁੰਨੋ। ਜਦੋਂ ਹਲਕਾ ਭੂਰਾ ਹੋ ਜਾਏ ਤਾਂ ਵਿਚ ਕੜ੍ਹੀ ਪੱਤਾ, ਪਿਆਜ਼ ਤੇ ਟਮਾਟਰ ਪਾ ਕੇ ਹੋਰ ਭੁੰਨੋ। ਫੇਰ ਵਿਚ ਲੂਣ ਤੇ ਪਾਣੀ ਪਾ ਕੇ ਉਬਾਲੋ। ਲਗਾਤਾਰ ਹਿਲਾਉਂਦੇ ਹੋਏ ਰਾਗੀ ਦਾ ਭੁੰਨਿਆ ਆਟਾ ਮਿਲਾਓ ਤੇ ਪੰਜ ਮਿੰਟ ਤੱਕ ਢਕ ਕੇ ਹਲਕੀ ਅੱਗ ਉੱਤੇ ਪਕਾਓ। ਫੇਰ ਨਿੰਬੂ ਤਰੋਂਕ ਕੇ, ਹਰਾ ਧਨੀਆ ਕੱਟ ਕੇ, ਉੱਤੇ ਛਿੜਕੋ ਤੇ ਗਰਮਾ ਗਰਮ ਛਕੋ।

  1. ਰਾਗੀ ਇਡਲੀ :-

ਸਭ ਤੋਂ ਮਸ਼ਹੂਰ ਇਡਲੀ, ਜਿਸ ਵਿਚ ਫਾਈਬਰ, ਪੋਟਾਸ਼ੀਅਮ ਤੇ ਕੈਲਸ਼ੀਅਮ ਭਰਿਆ ਪਿਆ ਹੈ, ਉਹ ਰਾਗੀ ਦੀ ਬਣੀ ਇਡਲੀ ਹੀ ਹੈ। ਨਾਸ਼ਤੇ ਵਿਚ ਖਾਧੀ ਰਾਗੀ ਇਡਲੀ ਨਾ ਸਿਰਫ਼ ਕੈਲੋਸਟਰੋਲ ਬਲਕਿ ਸ਼ੱਕਰ ਦੀ ਮਾਤਰਾ ਵੀ ਲਹੂ ਵਿੱਚੋਂ ਘਟਾਉਂਦੀ ਹੈ।

ਜੇ ਇਸ ਵਿਚ ਗਾਜਰਾਂ, ਫਲੀਆਂ ਤੇ ਸ਼ਿਮਲਾ ਮਿਰਚ ਕੱਦੂਕਸ ਕਰ ਕੇ ਮਿਲਾ ਲਈਆਂ ਜਾਣ ਜਾਂ ਇਡਲੀ ਨਾਲ ਖਾਣ ਲਈ ਵਖ ਚਟਨੀ ਵਿਚ ਮਿਲਾ ਲਈਆਂ ਜਾਣ ਤਾਂ ਸੁਆਦ ਦੁਗਣਾ ਹੋ ਸਕਦਾ ਹੈ।

ਰਾਗੀ ਦਾ ਆਟਾ – ਇੱਕ ਕੱਪ

ਰਵਾ ਇਡਲੀ ਚੌਲਾਂ ਦਾ ਪਾਊਡਰ-ਅੱਧਾ ਕੱਪ

ਪਾਣੀ – ਲੋੜ ਅਨੁਸਾਰ

ਲੂਣ – ਲੋੜ ਅਨੁਸਾਰ

ਮਿੱਠਾ ਸੋਡਾ – ਇੰਕ ਚੂੰਢੀ

ਤੇਲ – 3 ਚਮਚ

ਉੜਦ ਦਾਲ ਤੇ ਚੌਲਾਂ ਨੂੰ ਵੱਖੋ-ਵਖ ਇਕ ਘੰਟੇ ਲਈ ਪਾਣੀ ਵਿਚ ਭਿਉਂ ਦਿਓ। ਫੇਰ ਵਾਧੂ ਪਾਣੀ ਕੱਢ ਕੇ ਮਿਕਸੀ ਵਿਚ ਬਰੀਕ ਕਰ ਲਵੋ। ਫੇਰ ਰਾਗੀ ਦਾ ਆਟਾ ਮਿਲਾ ਦਿਓ ਤੇ ਚੰਗੀ ਤਰ੍ਹਾਂ ਹਿਲਾ ਦਿਓ। ਰਾਤ ਭਰ ਇਸ ਮਿਸ਼ਰਨ ਨੂੰ ਗਰਮ ਥਾਂ ਉੱਤੇ ਢਕ ਕੇ ਰੱਖ ਦਿਓ। ਸਵੇਰੇ ਰਤਾ ਕੁ ਲੂਣ ਤੇ ਮਿੱਠਾ ਸੋਡਾ ਮਿਲਾ ਦਿਓ। ਫੇਰ ਇਡਲੀ ਸਟੈਂਡ ਦੇ ਖੋਲਾਂ ਵਿਚ ਹਲਕਾ ਤੇਲ ਲਾ ਕੇ, ਉੱਤੇ ਇਹ ਮਿਸ਼ਰਨ ਪਾ ਦਿਓ। ਪੰਦਰਾਂ ਤੋਂ 20 ਮਿੰਟ ਭਾਫ਼ ਦੇ ਕੇ ਕੱਢ ਲਵੋ ਤੇ ਟਮਾਟਰ ਦੀ ਚਟਨੀ ਨਾਲ ਖਾ ਲਵੋ।

ਡੱਬਾ ਬੰਦ ਚੀਜ਼ਾਂ ਤੇ ਪ੍ਰੋਸੈੱਸਡ ਚੀਜ਼ਾਂ ਸਾਡੇ ਸਰੀਰ ਦਾ ਨਾਸ ਮਾਰ ਰਹੀਆਂ ਹਨ। ਰਾਗੀ ਹਮੇਸ਼ਾਂ ਤੋਂ ਪਿੰਡਾਂ ਵਿਚ ਵਰਤੀ ਜਾਂਦੀ ਸੀ, ਪਰ ਹੌਲੀ-ਹੌਲੀ ਸ਼ਹਿਰੀ ਮਾਹੌਲ ਵਿਚ ਰਚ ਜਾਣ ਸਦਕਾ ਇਹ ਅਲੋਪ ਹੁੰਦੀ ਜਾ ਰਹੀ ਹੈ। ਬਰੈੱਡ, ਪਾਸਤਾ, ਬਿਸਕੁਟ, ਬਰਗਰ ਖਾ-ਖਾ ਕੇ ਸਾਡੇ ਪੇਂਡੂ ਬੱਚੇ ਵੀ ਮੋਟਾਪੇ ਦੇ ਸ਼ਿਕਾਰ ਹੋ ਚੁੱਕੇ ਹਨ। ਪਿੰਡ ਵਿਚ ਰਹਿ ਰਹੇ ਬੱਚੇ ਆਪਣੇ ਆਪ ਨੂੰ ਸ਼ਹਿਰੀ ਅਖਵਾਉਣ ਲਈ ਸੰਤੁਲਿਤ ਤੇ ਸਿਹਤਮੰਦ ਖ਼ੁਰਾਕ ਛੱਡ ਕੇ ਕੋਕ, ਪਿਜ਼ਾ ਵਿਚ ਹੀ ਰੁਲ ਚੁੱਕੇ ਹਨ।

ਇਹੀ ਕਾਰਨ ਹੈ ਕਿ ਬੱਚਿਆਂ ਵਿਚ ਬੀਮਾਰੀਆਂ ਦਾ ਵਾਧਾ ਹੁੰਦਾ ਜਾ ਰਿਹਾ ਹੈ।

ਘੱਟ ਪਾਣੀ ਮੰਗਦੀ ਰਾਗੀ ਜਿੱਥੇ ਪੰਜਾਬ ਦੀ ਧਰਤੀ ਹੇਠਲੇ ਪਾਣੀ ਦੀ ਸਮੱਸਿਆ ਹਲ ਕਰ ਸਕਦੀ ਹੈ, ਉੱਥੇ ਪੰਜਾਬ ਦੀ ਜਵਾਨੀ ਨੂੰ ਸਿਹਤਮੰਦ ਵੀ ਰੱਖ ਸਕਦੀ ਹੈ। ਇਸੇ ਲਈ ਲੋੜ ਹੈ ਤੁਰੰਤ ਇਸ ਤਬਦੀਲੀ ਵੱਲ ਧਿਆਨ ਦੇਣ ਦੀ !

ਜੇ ਉਮਰ ਲੰਮੀ ਭੋਗਣੀ ਚਾਹੁੰਦੇ ਹਾਂ, ਸਿਹਤਮੰਦ ਰਹਿਣਾ ਚਾਹੁੰਦੇ ਹਾਂ ਤੇ ਧਰਤੀ ਹੇਠਲੇ ਘਟਦੇ ਪਾਣੀ ਬਾਰੇ ਵੀ ਫਿਕਰਮੰਦ ਹਾਂ, ਤਾਂ ਹਰ ਹਾਲ ਰਾਗੀ ਦੀ ਫਸਲ ਬੀਜਣੀ ਪਵੇਗੀ ਤੇ ਇਸ ਦੀ ਵਰਤੋਂ ਵੀ ਸਭ ਨੂੰ ਰੁਜ਼ਾਨਾ ਕਰਨੀ ਪਵੇਗੀ।

ਸਿੱਖੀ ਸਰੂਪ ਦੀ ਮਹਿਕ ਨੂੰ ਸਦਾ ਚਮਕਾਉਣ ਵਾਲਾ ਨਿਡਰ ਯੋਧਾ ‘ਸ਼ਹੀਦ ਭਾਈ ਤਾਰੂ ਸਿੰਘ ਜੀ

0

ਸਿੱਖੀ ਸਰੂਪ ਦੀ ਮਹਿਕ ਨੂੰ ਸਦਾ ਚਮਕਾਉਣ ਵਾਲਾ ਨਿਡਰ ਯੋਧਾ ‘ਸ਼ਹੀਦ ਭਾਈ ਤਾਰੂ ਸਿੰਘ ਜੀ

-ਰਮੇਸ਼ ਬੱਗਾ ਚੋਹਲਾ #1348/17/1 ਗਲੀ ਨੰ:8 ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ) 94631-32719

ਕੌਮਾਂ ਜਿਊਂਦੀਆਂ ਸਦਾ ਕੁਰਬਾਨੀਆਂ ’ਤੇ, ਅਣਖ ਮਰੇ ਤਾਂ ਕੌਮ ਵੀ ਮਰ ਜਾਂਦੀ।

ਉਸ ਕੌਮ ਨੂੰ ਸਦਾ ਇਤਿਹਾਸ ਪੂਜੇ, ਬਿਪਤਾ ਹੱਸ ਕੇ ਕੌਮ ਜੋ ਜਰ ਜਾਂਦੀ।

ਦੁਨੀਆਂ ਵਿਚ ਬਹੁਤ ਸਾਰੀਆਂ ਅਜਿਹੀਆਂ ਕੌਮਾਂ ਹੋਈਆਂ ਹਨ, ਜਿਨ੍ਹਾਂ ਦੇ ਸਿਰਾਂ ’ਤੇ ਬਿਪਤਾ ਰੂਪੀ ਬਦਲ ਅਕਸਰ ਮੰਡਰਾਉਂਦੇ ਆਏ ਹਨ। ਇਨ੍ਹਾਂ ਕੌਮਾਂ ਵਿਚ ਪੰਜਾਬੀ (ਵਿਸ਼ੇਸ਼ ਕਰ ਕੇ ਸਿੱਖ) ਕੌਮ ਦਾ ਨਾਮ ਮਿਸਾਲ ਵਜੋਂ ਲਿਆ ਜਾ ਸਕਦਾ ਹੈ। ਸੰਕਟਾਂ ਦੀ ਜਿਹੜੀ ਬਦਲਵਾਈ ਸਿੱਖ ਕੌਮ ਦੇ ਰਹਿਬਰਾਂ ਅਤੇ ਪੈਰੋਕਾਰਾਂ ਉੱਪਰ ਛਾਈ ਰਹੀ, ਉਸ ਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿਚ ਬਹੁਤ ਹੀ ਘੱਟ ਮਿਲਦੀ ਹੈ। ਜਿੱਥੇ ਸਿੱਖ ਧਰਮ ਦੇ ਗੁਰੂ ਸਾਹਿਬਾਨਾਂ ਨੂੰ ਆਪਣੇ ਦ੍ਰਿੜ੍ਹ ਇਰਾਦੇ ਅਤੇ ਉੱਚੀ ਪਹੁੰਚ ਸਦਕਾ ਤੱਤੀਆਂ ਤਵੀਆਂ ਦੇ ਸੇਕ ਨੂੰ ਠੰਢਿਆਂ ਕਰਨਾ ਪਿਆ ਉੱਥੇ ਇਸ ਧਰਮ ਦੇ ਪੈਰੋਕਾਰਾਂ/ਸੇਵਕਾਂ ਨੂੰ ਵੀ ਆਪਣੀ ਸਿਦਕ ਦਿਲੀ ਦੇ ਸਰਮਾਏ ਨਾਲ ਰੰਬੀ ਦੀਆਂ ਤਿੱਖੀਆਂ ਧਾਰਾਂ ਦਾ ਮੂੰਹ ਮੋੜਨਾ ਪਿਆ। ‘ਨਿਰਭਉ’ ਜਪ ਕੇ ‘ਸਗਲ ਭਉ’ ਮਿਟਾਉਣ ਵਾਲੇ ਅਤੇ ਮਰਨ ਨੂੰ ਸੱਚ ਤੇ ਜਿਊਣ ਨੂੰ ਝੂਠ ਸਮਝ ਕੇ ਜੀਵਨ ਬਸਰ ਕਰਨ ਵਾਲੇ ਇਹ ਮਰਜੀਵੜੇ ਮੌਤ ਨੂੰ ਵੀ ਮਖੌਲ ਕਰਦੇ ਰਹੇ ਹਨ। ਜਿੱਥੇ ਆਮ ਮਨੁੱਖ ਮੌਤ ਦੇ ਨਾਮ ਤੋਂ ਥਰ-ਥਰ ਕੰਬਦਾ ਹੈ ਉੱਥੇ ਕਲਗੀਧਰ ਤੋਂ ਥਾਪੜਾ ਲੈ ਕੇ ਜੂਝਣ ਵਾਲੇ ਇਨ੍ਹਾਂ ਯੋਧਿਆਂ ਤੋਂ ਇੱਕ ਵਾਰ ਤਾਂ ਮੌਤ ਵੀ ਭੈਅ ਖਾ ਜਾਂਦੀ ਰਹੀ ਹੈ। ਆਪਣੇ ਤਨ ਅਤੇ ਮਨ ਨੂੰ ਉਸ ਅਕਾਲ-ਪੁਰਖ ਦੀ ਅਮਾਨਤ ਸਮਝਣ ਵਾਲੇ ਇਹ ਸੂਰਮੇ ਜਦੋਂ ਕਿਸੇ ਉੱਚੇ ਅਤੇ ਸੁੱਚੇ ਆਸ਼ੇ ਦੀ ਪੂਰਤੀ ਹਿੱਤ ਮੈਦਾਨ ਵਿਚ ਆ ਜਾਂਦੇ ਹਨ ਤਾਂ ਉਸ ਆਸ਼ੇ ਦੀ ਪੂਰਤੀ ਤੋਂ ਬਗ਼ੈਰ ਮੈਦਾਨ ਨੂੰ ਵੇਹਲਾ ਨਹੀਂ ਕਰਦੇ। ਅਜਿਹਾ ਕਰਦਿਆਂ ਬੇਸ਼ੱਕ ਉਨ੍ਹਾਂ ਨੂੰ ਆਪਣੇ ਸਿਰਾਂ ਦੀਆਂ ਖੋਪਰੀਆਂ ਵੀ ਲਾਹੁਣੀਆਂ ਪੈ ਜਾਣ। ਕੁਰਬਾਨੀ ਦਾ ਪੁੰਜ ਬਣਨ ਵਾਲਿਆਂ ਇਨ੍ਹਾਂ ਸਿੰਘਾਂ ਵਿਚ ਹੀ ਸ਼ਾਮਿਲ ਹਨ: ‘ਸ਼ਹੀਦ ਭਾਈ ਤਾਰੂ ਸਿੰਘ ਜੀ’।

ਭਾਈ ਤਾਰੂ ਸਿੰਘ ਜੀ ਦਾ ਜਨਮ ਪਿੰਡ ਪਹੂਲਾ ਜ਼ਿਲ੍ਹਾ ਅੰਮਿ੍ਰਤਸਰ (ਅਜੋਕੇ ਤਰਨਤਾਰਨ) ਵਿਖੇ ਇੱਕ ਕਿਰਸਾਨ ਪਰਿਵਾਰ ਵਿੱਚ ਹੋਇਆ। ਬਾਲ ਵਰੇਸ ਵਿੱਚ ਹੀ ਆਪ ਜੀ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਸਨ। ਆਪ ਜੀ ਦੀ ਮਾਤਾ ਜੀ ਬਹੁਤ ਹੀ ਨੇਕ ਸੁਭਾਅ ਅਤੇ ਭਜਨੀਕ ਕਿਸਮ ਦੀ ਔਰਤ ਸੀ। ਉਸ ਨੇ ਭਾਈ ਤਾਰੂ ਸਿੰਘ ਦੇ ਮਨ ਵਿੱਚ ਗੁਰੂ ਸਾਹਿਬਾਨ, ਗੁਰਬਾਣੀ ਅਤੇ ਸਿੱਖ ਇਤਿਹਾਸ ਪ੍ਰਤੀ ਅਜਿਹਾ ਸਤਿਕਾਰ ਪੈਦਾ ਕੀਤਾ ਕਿ ਭਾਈ ਸਾਹਿਬ ਆਪਣੀ ਕਿਰਤ-ਕਮਾਈ ਵਿਚੋਂ ਗੁਰੂ ਘਰ ਦੇ ਪ੍ਰੇਮੀਆਂ ਦੀ ਸੇਵਾ ਲਈ ਹਮੇਸ਼ਾਂ ਤੱਤਪਰ ਰਹਿਣ ਲੱਗ ਪਏ। ਲੋੜਵੰਦ ਗੁਰਮੁਖ ਪਿਆਰੇ ਉਨ੍ਹਾਂ ਦੇ ਘਰ ਕਈ-ਕਈ ਦਿਨ ਠਹਿਰ ਕੇ ਪ੍ਰਸ਼ਾਦਾ-ਪਾਣੀ ਛੱਕਦੇ ਸਨ। ਕਦੇ-ਕਦੇ ਭਾਈ ਸਾਹਿਬ, ਬਾਬਾ ਬੁੱਢਾ ਜੀ (ਨੇੜਲੇ) ਜੰਗਲਾਂ ਵਿੱਚ ਵਸਦੇ ਸਿੰਘਾਂ ਨੂੰ ਰਸਦਾਂ ਵੀ ਪਹੁੰਚਾਇਆ ਕਰਦੇ ਸਨ। ਪਰਉਪਕਾਰੀ ਅਤੇ ਨੇਕ ਬਖ਼ਤ (ਭਾਗ) ਹੋਣ ਕਰ ਕੇ ਆਲੇ-ਦੁਆਲੇ ਦੇ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਵੀ ਭਾਈ ਸਾਹਿਬ ਜੀ ਦਾ ਬਰਾਬਰ ਸਤਿਕਾਰ ਸੀ। ਇਸ ਸਤਿਕਾਰ ਸਦਕਾ ਹੀ ਭਾਈ ਤਾਰੂ ਸਿੰਘ ਜੀ ਸੰਕਟ ਦੇ ਸਮੇਂ ਆਪਣੇ ਨਗਰ ਖੇੜੇ ਵਿਚ ਬੇਖੌਫ਼ ਵਿਚਰਦੇ ਰਹੇ ਸਨ।

ਜੰਡਿਆਲੇ ਦਾ ਵਸਨੀਕ ਹਰਭਗਤ ਨਿਰੰਜਨੀਆ, ਜਿਸ ਦੇ ਵਡੇਰਿਆਂ ਦੀ ਬਾਂਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਫੜੀ ਸੀ, ਉਹ ਗੁਰੂ ਨਾਨਕ ਦੇ ਘਰ ਲਈ ਅਕ੍ਰਿਤਘਣ ਸਾਬਤ ਹੋਇਆ। ਬਾਬੇਕਿਆਂ ਦਾ ਧੰਨਵਾਦੀ ਹੋਣ ਦੀ ਬਜਾਏ ਉਹ ਗੁਰੂ ਘਰ ਦੇ ਪਿਆਰਿਆਂ ਲਈ ਘਾਤਕੀ ਬਣ ਬੈਠਾ। ਇਸ ਘਾਤਿਕਮਈ ਪੈਂਤੜੇ ਤੋਂ ਹੀ ਉਸ ਨੇ ਲਾਹੌਰ ਦੇ ਗਵਰਨਰ ਜ਼ਕਰੀਆਂ ਖ਼ਾਨ ਨੂੰ ਜਾ ਕੇ ਮੂੰਹ ਮਾਰਿਆ ਕਿ, ‘ਪੂਹਲੇ ਪਿੰਡ ਵਿਚ ਵਸਦਾ ਤਾਰੂ ਸਿੰਘ ਆਪਣੇ ਘਰ ਆਏ ਡਾਕੂਆਂ ਨੂੰ ਜਲਪਾਨ ਕਰਵਾਉਂਦਾ ਹੈ ਅਤੇ ਰਾਤ ਨੂੰ ਠਹਿਰਨ ਲਈ ਵੀ ਮਦਦ ਕਰਦਾ ਹੈ। ਉਸ ਦੇ ਇਸ ਤਰ੍ਹਾਂ ਕਰਨ ਨਾਲ ਪਿੰਡ ਦੇ ਲੋਕਾਂ ਨੂੰ ਆਪਣੀ ਜਾਨ ਅਤੇ ਮਾਲ ਦਾ ਖ਼ਤਰਾ ਅਕਸਰ ਬਣਿਆ ਰਹਿੰਦਾ ਹੈ। ਹਕੂਮਤ ਦੇ ਬਾਗੀਆਂ ਦੀ ਮਦਦ ਕਰਨ ਦੇ ਨਾਲ-ਨਾਲ ਇਹ (ਤਾਰੂ ਸਿੰਘ) ਮੁਖ਼ਬਰੀ ਦਾ ਕੰਮ ਵੀ ਕਰਦਾ ਹੈ।’ ਇੱਥੇ ਹੀ ਬੱਸ ਨਹੀਂ ਹੋਰ ਵੀ ਕਈ ਤਰ੍ਹਾਂ ਦੀਆਂ ਝੂਠੀਆਂ ਕਹਾਣੀਆਂ ਘੜ੍ਹ ਕੇ ਨਿਰੰਜਨੀਏ ਨੇ ਜ਼ਕਰੀਆਂ ਖ਼ਾਨ ਦੇ ਕੰਨੀਂ (ਚੰਗੀ ਤਰ੍ਹਾਂ) ਭਰ ਦਿੱਤੀਆਂ।

ਦੂਜੇ ਪਾਸੇ ਸਰਕਾਰ ਤਾਂ ਇਹ ਉਮੀਦ ਲਗਾਈ ਬੈਠੀ ਸੀ ਕਿ ਪਿੰਡਾਂ ਵਿਚ ਰਹਿਣ ਵਾਲੇ ਵਿਰਲੇ-ਟਾਵੇਂ ਸਿੱਖ ਜਿੱਥੇ ਸਰਕਾਰ ਦੀ ਹਾਂ ਵਿਚ ਹਾਂ ਮਿਲਾ ਕੇ ਚੱਲਣ ਉੱਥੇ ਸਰਕਾਰੀ ਨਿਜ਼ਾਮ ਦੇ ਪ੍ਰਤੀ ਵਫ਼ਾਦਾਰ ਵੀ ਰਹਿਣ। ਪਰ ਸਰਕਾਰੀ ਉਮੀਦ ਤੋਂ ਬਿਲਕੁਲ ਉਲਟ ਭਾਈ ਤਾਰੂ ਸਿੰਘ ਵਰਗੇ ਸਿੱਖ ਕੇਵਲ ਆਪਣੀ ਸੁਖ-ਸ਼ਾਂਤੀ ਖ਼ਾਤਰ ਹੀ ਨਹੀਂ ਜੀ ਰਹੇ ਸਨ ਸਗੋਂ ਉਹ ਆਪਣੇ ਸਿਰਲੱਖ/ਸੂਰਮੇਂ ਭਰਾਵਾਂ ਦੀ ਲੋੜ ਪੈਣ ’ਤੇ ਡੱਟਵੀਂ ਸਹਾਇਤਾ ਵੀ ਕਰਦੇ ਰਹਿੰਦੇ ਸਨ। ਇਸ ਤੋਂ ਛੁੱਟ ਉਨ੍ਹਾਂ ਵੀਰਾਂ ਨੂੰ ਆਉਣ ਵਾਲੇ ਖ਼ਤਰਿਆਂ ਦੀ ਆਮਦ ਤੋਂ ਵੀ ਗਿਆਤ ਕਰਵਾਉਂਦੇ ਰਹਿੰਦੇ ਸਨ।

ਸੂਬੇਦਾਰ ਜ਼ਕਰੀਆਂ ਖ਼ਾਨ ਨੇ ਹਰ ਭਗਤ ਨਿਰੰਜਨੀਏ ਦੀ ਚੁਗਲੀ ਦੀ ਚੁੱਕ ਵਿਚ ਆ ਕੇ ਅਤੇ ਬਗ਼ੈਰ ਕਿਸੇ ਪੁੱਛ-ਪੜਤਾਲ ਤੋਂ ਭਾਈ ਤਾਰੂ ਸਿੰਘ ਜੀ ਦੀ ਗ੍ਰਿਫ਼ਤਾਰੀ ਦਾ ਹੁਕਮ ਜਾਰੀ ਕਰ ਦਿੱਤਾ। ਇਸ ਹੁਕਮ ਤਹਿਤ ਲਗਭਗ ਡੇਢ ਕੁ ਦਰਜਨ ਪੁਲਸੀਏ ਪੈਦਲ ਚੱਲ ਕੇ ਪੂਹਲੇ ਪਿੰਡ ਆਏ ਅਤੇ ਭਾਈ ਤਾਰੂ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਲੈ ਗਏ ।

ਜਦੋਂ ਭਾਈ ਤਾਰੂ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਲਿਜਾਇਆ ਜਾ ਰਿਹਾ ਸੀ ਤਾਂ ਪੂਹਲੇ ਪਿੰਡ ਦੇ ਵਸਨੀਕਾਂ ਨੇ ਭਾਈ ਸਾਹਿਬ ਦੀਆਂ ਨੇਕੀਆਂ ਨੂੰ ਉਨ੍ਹਾਂ ਅੱਗੇ ਰੱਖ ਕੇ ਇਨ੍ਹਾਂ ਦੀ ਨਜਾਇਜ਼ ਪਕੜ ਦੇ ਖਿਲਾਫ਼ ਹਾਅ ਦਾ ਨਾਅਰਾ ਮਾਰਿਆ ਪਰ ਇਸ ਨਾਅਰੇ ਦੀ ਆਵਾਜ਼ ਦਾ ਹਕੂਮਤ ਦੇ ਬੋਲ਼ੇ ਕੰਨਾਂ ’ਤੇ ਕੋਈ ਅਸਰ ਨਾ ਹੋਇਆ। ਰਸਤੇ ਵਿਚ ਪਿੰਡ ਭੜਾਣੇ ਦੇ ਸਿੱਖਾਂ ਨੇ ਨਿਰਦੋਸ਼ ਭਾਈ ਤਾਰੂ ਸਿੰਘ ਜੀ ਨੂੰ ਛੁਡਾਉਣ ਲਈ ਜਦੋਂ ਪੁਲਸੀਆਂ ਨਾਲ ਦੋ ਹੱਥ ਕਰਨੇ ਚਾਹੇ ਤਾਂ ਭਾਈ ਸਾਹਿਬ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਵਰਜ ਦਿੱਤਾ।

ਲਾਹੌਰ ਲਿਜਾ ਕੇ ਭਾਈ ਤਾਰੂ ਸਿੰਘ ਨੂੰ ਜੇਲ੍ਹ ਵਿਚ ਡੱਕ ਦਿੱਤਾ ਗਿਆ। ਜੇਲ੍ਹ ਵਿਚ ਭਾਈ ਜੀ ਨੂੰ ਕਈ ਅਸਹਿ ਅਤੇ ਅਕਹਿ ਤਸੀਹੇ ਦਿੱਤੇ ਗਏ ਪਰ ਜਿਵੇਂ-ਜਿਵੇਂ ਹਕੂਮਤੀ ਕਰਿੰਦਿਆਂ ਵੱਲੋਂ ਭਾਈ ਸਾਹਿਬ ਨੂੰ ਸਤਾਇਆ ਜਾ ਗਿਆ ਤਿਵੇਂ-ਤਿਵੇਂ ਉਨ੍ਹਾਂ ਦੇ ਚਿਹਰੇ ਦੀ ਚਮਕ ਚੜ੍ਹਦੀਕਲਾ ਵੱਲ ਵਧਦੀ ਗਈ।

ਅਖੀਰ ਭਾਈ ਤਾਰੂ ਸਿੰਘ ਜੀ ਨੂੰ ਨਵਾਬ ਜ਼ਕਰੀਆਂ ਖ਼ਾਨ ਦੇ ਸਾਹਮਣੇ ਪੇਸ਼ ਕੀਤਾ ਗਿਆ। ਨਿਧੱੜਕਤਾ ਦੇ ਨਾਲ ਭਾਈ ਸਾਹਿਬ ਨੇ ਖ਼ਾਨ ਨੂੰ ਕਿਹਾ, ‘ਅਸੀਂ ਜ਼ਮੀਨ ਦਾ ਮਾਲੀਆ ਅਤੇ ਟੈਕਸ, ਸਰਕਾਰ ਨੂੰ ਦਿੰਦੇ ਹਾਂ ਬਾਕੀ ਮਿਹਨਤ ਜੋ ਸਾਡੇ ਪੱਲੇ ਪੈਂਦੀ ਹੈ ਉਸ ਵਿੱਚੋਂ ਅਸੀਂ ਲੋੜਵੰਦਾਂ ਦੀਆਂ ਲੋੜਾ ਪੂਰੀਆਂ ਕਰਦੇ ਹਾਂ। ਤੂੰ ਦੱਸ ਕਿ ਇਸ ਵਿੱਚ ਤੇਰੀ ਜੇਬ ਵਿੱਚੋਂ ਕੀ ਜਾਂਦਾ ਹੈ ਜਿਸ ਦੀ ਤੂੰ ਸਾਨੂੰ ਸਜ਼ਾ ਦੇ ਰਿਹਾ ਹੈ ?’

ਭਾਈ ਤਾਰੂ ਸਿੰਘ ਦੀਆਂ ਖ਼ਰੀਆਂ-ਖ਼ਰੀਆਂ ਸੁਣ ਕੇ ਨਵਾਬ ਜ਼ਕਰੀਆਂ ਖ਼ਾਨ ਦੇ ਸੱਤੀ ਕੱਪੜੀਂ ਅੱਗ ਲੱਗ ਗਈ। ਕੋਈ ਦਲੀਲ ਪੂਰਵਕ ਉੱਤਰ ਦੇਣ ਦੀ ਬਜਾਏ ਉਹ ਕਹਿਣ ਲੱਗਾ ਕਿ, ‘ਤੇਰੀ ਜਾਨ ਕੇਵਲ ਮੁਸਲਮਾਨ ਬਣਨ ਨਾਲ ਹੀ ਬਖ਼ਸ਼ੀ ਜਾ ਸਕਦੀ ਹੈ।’ ਭਾਈ ਤਾਰੂ ਸਿੰਘ ਨੇ ਦਲੇਰਾਨਾ ਜਵਾਬ ਦਿੰਦਿਆਂ ਕਿਹਾ ਕਿ, ‘ਕੀ ਮੁਸਲਮਾਨ ਬਣ ਕੇ ਮੈਨੂੰ ਮੌਤ ਨਹੀਂ ਆਵੇਗੀ ? ਜਾਂ ਮੁਸਲਮਾਨ ਕਦੀਂ ਨਹੀਂ ਮਰਦੇ ? ਜੇਕਰ ਮੌਤ ਨੇ ਇਕ ਦਿਨ ਆ ਹੀ ਜਾਣਾ ਹੈ ਤਾਂ ਮੈਂ ਆਪਣੇ ਗੁਰੂ ਅਤੇ ਸਿਧਾਂਤ (ਧਰਮ) ਤੋਂ ਕਿਉਂ ਬੇਮੁੱਖ ਹੋਵਾਂ ? ਇਸ ਬੇਮੁੱਖਤਾ ਕਾਰਨ ਮੈਂ ਦਰਗਾਹ ਵਿਚ ਕੀ ਮੂੰਹ ਲੇ ਕੇ ਜਾਵਾਂਗਾ।’

ਭਾਈ ਤਾਰੂ ਸਿੰਘ ਦੀ ਨਿੱਡਰਤਾ ਨੂੰ ਦੇਖ ਕੇ ਸੂਬੇਦਾਰ ਖ਼ਾਨ ਦੇ ਦੰਦ ਜੁੜ ਗਏ। ਜਨੂੰਨ ਦੀ ਅੱਗ ਵਿਚ ਮੱਚਿਆ ਹੋਇਆ ਭਾਈ ਤਾਰੂ ਸਿੰਘ ਨੂੰ ਕਹਿਣ ਲੱਗਾ ਕਿ, ‘ਮੈਂ ਦੇਖਦਾ ਹਾਂ ਕਿ ਤੂੰ ਆਪਣੀ ਇਸ ਸਿੱਖੀ ਨੂੰ ਕਿਸ ਤਰ੍ਹਾਂ ਕਾਇਮ ਰੱਖਦਾ ਹੈ ?’ ਉਸ ਨੇ ਇਕ ਜਲਾਦ ਨੂੰ ਬੁਲਾਇਆ ਤੇ ਹੁਕਮ ਕੀਤਾ ਕਿ ਇਸ ਬਾਗੀ ਦੀ ਖੋਪਰੀ ਕੇਸਾਂ ਸਮੇਤ ਸਿਰ ਤੋਂ ਵੱਖ ਕਰ ਦਿੱਤੀ ਜਾਵੇ।

ਭਾਈ ਤਾਰੂ ਸਿੰਘ ਨੇ ਧਰਮ ਨੂੰ ਹਾਰਨ ਦੀ ਬਜਾਏ ਸਰੀਰ ਨੂੰ ਹਾਰਨਾ ਪ੍ਰਵਾਨ ਕਰ ਲਿਆ। ਹਜ਼ਾਰਾਂ ਲੋਕਾਂ ਦੀ ਹਾਜ਼ਰੀ ਵਿਚ ਮੋਚੀ ਨੇ ਆਪਣੀ ਤੇਜ਼ ਧਾਰ ਵਾਲੀ ਰੰਬੀ ਨਾਲ ਭਾਈ ਸਾਹਿਬ ਜੀ ਦੀ ਖੋਪਰੀ ਕੇਸਾਂ ਸਮੇਤ ਸਿਰ ਤੋਂ ਉਤਾਰ ਕੇ ਉਨ੍ਹਾਂ ਦੇ ਸਾਹਮਣੇ ਰੱਖ ਦਿੱਤੀ। ਇਸ ਅਸਹਿ ਕਸ਼ਟ ਨੂੰ ਸਹਿਣ ਕਰਦਿਆਂ ਭਾਈ ਸਾਹਿਬ ਜੀ ਨੇ ਮੂੰਹੋਂ ਸੀ ਤੱਕ ਨਹੀਂ ਉਚਾਰੀ, ਸਗੋਂ ਅਕਾਲ-ਪੁਰਖ ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਕਰ ਕੇ ਮੰਨਿਆ।

ਇੱਧਰ ਜਦੋਂ ਭਾਈ ਤਾਰੂ ਸਿੰਘ ਦੇ ਸਿਰ ਤੋਂ ਖੂਨ ਵਹਿ ਰਿਹਾ ਸੀ ਤਾਂ ਉਧਰ ਜ਼ਕਰੀਆਂ ਖ਼ਾਨ ਨੂੰ ਪਿਸ਼ਾਬ ਦਾ ਬੰਨ੍ਹ ਪੈ ਗਿਆ। ਜਦੋਂ ਸਾਰੀਆਂ ਹਿਕਮਤਾਂ-ਹੀਲੇ ਬੇਕਾਰ ਹੋ ਗਏ ਤਾਂ ਖ਼ਾਨ ਨੂੰ ਕੁਝ ਆਪਣੀ ਕੀਤੀ ’ਤੇ ਅਫ਼ਸੋਸ ਹੋਣ ਲੱਗਾ। ਉਸ ਨੇ ਭਾਈ ਸੁਬੇਗ ਸਿੰਘ ਰਾਹੀਂ ਆਪਣਾ ਅਫ਼ਸੋਸ ਨਾਮਾ (ਮੁਆਫ਼ੀ ਨਾਮਾ) ਖ਼ਾਲਸਾ ਪੰਥ ਨੂੰ ਭੇਜਿਆ। ਇਸ ਮੁਆਫ਼ੀਨਾਮੇ ਨੂੰ ਖਾਲਸੇ ਨੇ ਵਿਚਾਰਨ ਉਪਰੰਤ ਫ਼ੈਸਲਾ ਲਿਆ ਕਿ ਖ਼ਾਨ ਦੇ ਇਲਾਜ ਲਈ ਭਾਈ ਤਾਰੂ ਸਿੰਘ ਦੀ ਜੁੱਤੀ ਉਸ ਦੇ ਸਿਰ ਵਿਚ ਮਾਰੀ ਜਾਏ । ਫਸੇ ਹੋਏ ਨਵਾਬ ਅਤੇ ਉਸ ਦੇ ਅਹਿਲਕਾਰਾਂ ਨੂੰ ਇਹ ਅੱਕ ਵੀ ਚੱਬਣਾ ਪਿਆ। ਜਿਉਂ-ਜਿਉਂ ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਪਾਪੀ ਖ਼ਾਨ ਦੇ ਸਿਰ ਉੱਤੇ ਵੱਜਦੀਆਂ ਤਿਉਂ-ਤਿਉਂ ਉਸ ਦਾ ਪਿਸ਼ਾਬ ਖੁੱਲ੍ਹਦਾ ਜਾਂਦਾ।

ਗੁਰਮਤਿ ਸਿਧਾਂਤ ਉੱਤੇ ਅਟੁੱਟ ਤੇ ਅਸਹਿ ਪਹਿਰਾ ਦੇਣ ਵਾਲੀ ਮਿਸਾਲ ਦੀ ਆਰੰਭਤਾ ਗੁਰੂ ਅਰਜਨ ਸਾਹਿਬ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਆਪ ਅੱਗੇ ਹੋ ਕੇ ਦੇ ਗਏ ਸਨ। ਇਸ ਲੜੀ ਵਿੱਚ ਅਨੇਕਾਂ ਹੋਰ ਮਰਜੀਵੜਿਆਂ ਨੇ ਆਪਣਾ ਨਾਂ ਦਰਜ ਕਰਵਾਇਆ, ਜਿੱਥੋਂ ਮਿਲੀ ਪ੍ਰੇਰਨਾ ਸਦਕਾ ਭਾਈ ਤਾਰੂ ਸਿੰਘ ਜੀ ਵੀ ਸਿੱਦਕੀ ਸਿੱਖ ਵਾਲਾ ਫ਼ਰਜ ਨਿਭਾਉਂਦਿਆਂ 1 ਜੁਲਾਈ 1745 ਈ: ਨੂੰ ਇਸ ਫ਼ਾਨੀ ਸੰਸਾਰ ਤੋਂ ਕੂਚ ਕਰ ਗਏ।

ਦੂਸਰੇ ਪਾਸੇ ਜਦ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਹੋਈ ਤਾਂ ਪਾਪੀ ਵੰਸ਼ ਦੀ ਔਲਾਦ ਜ਼ਕਰੀਆ ਖਾਨ ਵੀ ਮਰ ਗਿਆ। ਇਸ ਨੂੰ ਪਾਪੀ ਵੰਸ਼ ਕਹਿਣਾ ਤੋਂ ਭਾਵ ਮਹਾਨ ਕੋਸ਼ ਮੁਤਾਬਕ ਇਸ ਦੇ ਪਿਤਾ ਅਬਦੁਲਸਮਦ (ਸਮੁੰਦ) ਖ਼ਾਨ ਨੇ ਬਾਬਾ ਬੰਦਾ ਬਹਾਦਰ (ਪਹਿਲੇ ਸਿੱਖ ਜਰਨੈਲ ਗੁਰਬਖ਼ਸ਼ ਸਿੰਘ) ਨੂੰ ਛਲ ਕਪਟ ਨਾਲ ਗ੍ਰਿਫ਼ਤਾਰ ਕਰ ਕੇ ਦਿੱਲੀ ਭੇਜਿਆ ਸੀ, ਜਿੱਥੇ ਉਨ੍ਹਾਂ ਵੀ ਸੰਨ 1716 ਨੂੰ ਅਸਹਿ ਤਸੀਹੇ ਸਹਾਰਦਿਆਂ ਸ਼ਹੀਦੀ ਪ੍ਰਾਪਤ ਕੀਤੀ ਸੀ।

ਸੋ, ਅੱਜ ਜਦੋਂ ਵੀ ਵਾਹਿਗੁਰੂ ਦੇ ਸਨਮੱਖ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਤਾਂ ਉਸ ਵਿਚ ਸਿੱਖੀ ਨੂੰ ਕੇਸਾਂ-ਸੁਆਸਾਂ ਨਾਲ ਨਿਭਾਉਣ ਵਾਲਿਆਂ (ਭਾਈ ਤਾਰੂ ਸਿੰਘ ਜੀ ਵਰਗਿਆਂ) ਦਾ ਨਾਮ ਬੜੇ ਹੀ ਅਦਬ-ਸਤਿਕਾਰ ਨਾਲ ਲਿਆ ਜਾਂਦਾ ਹੈ, ਜੋ ਸਮਾਜ ਲਈ ਪ੍ਰੇਰਨਾ ਸਰੋਤ ਬਣ ਕੇ ਸਿੱਖੀ ਸਰੂਪ ਦੀ ਮਹਿਕ ਨੂੰ ਸਦਾ ਚਮਕਾਉਂਦੇ ਰਹਿਣਗੇ। ਹਰ ਸਿੱਖ ਦਾ ਫ਼ਰਜ਼ ਬਣਦਾ ਹੈ ਕਿ ਉਹ ਅਰਦਾਸ ਰਾਹੀਂ ਮਿਲਦੀ ਸਿਧਾਂਤਕ ਪ੍ਰੇਰਨਾ ਨੂੰ ਆਪਣੇ ਜੀਵਨ ਦਾ ਭਾਗ ਬਣਾਏ

——-0——-

Most Viewed Posts