ਸਿੱਖੀ ਸਰੂਪ ਦੀ ਮਹਿਕ ਨੂੰ ਸਦਾ ਚਮਕਾਉਣ ਵਾਲਾ ਨਿਡਰ ਯੋਧਾ ‘ਸ਼ਹੀਦ ਭਾਈ ਤਾਰੂ ਸਿੰਘ ਜੀ

0
844

ਸਿੱਖੀ ਸਰੂਪ ਦੀ ਮਹਿਕ ਨੂੰ ਸਦਾ ਚਮਕਾਉਣ ਵਾਲਾ ਨਿਡਰ ਯੋਧਾ ‘ਸ਼ਹੀਦ ਭਾਈ ਤਾਰੂ ਸਿੰਘ ਜੀ

-ਰਮੇਸ਼ ਬੱਗਾ ਚੋਹਲਾ #1348/17/1 ਗਲੀ ਨੰ:8 ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ) 94631-32719

ਕੌਮਾਂ ਜਿਊਂਦੀਆਂ ਸਦਾ ਕੁਰਬਾਨੀਆਂ ’ਤੇ, ਅਣਖ ਮਰੇ ਤਾਂ ਕੌਮ ਵੀ ਮਰ ਜਾਂਦੀ।

ਉਸ ਕੌਮ ਨੂੰ ਸਦਾ ਇਤਿਹਾਸ ਪੂਜੇ, ਬਿਪਤਾ ਹੱਸ ਕੇ ਕੌਮ ਜੋ ਜਰ ਜਾਂਦੀ।

ਦੁਨੀਆਂ ਵਿਚ ਬਹੁਤ ਸਾਰੀਆਂ ਅਜਿਹੀਆਂ ਕੌਮਾਂ ਹੋਈਆਂ ਹਨ, ਜਿਨ੍ਹਾਂ ਦੇ ਸਿਰਾਂ ’ਤੇ ਬਿਪਤਾ ਰੂਪੀ ਬਦਲ ਅਕਸਰ ਮੰਡਰਾਉਂਦੇ ਆਏ ਹਨ। ਇਨ੍ਹਾਂ ਕੌਮਾਂ ਵਿਚ ਪੰਜਾਬੀ (ਵਿਸ਼ੇਸ਼ ਕਰ ਕੇ ਸਿੱਖ) ਕੌਮ ਦਾ ਨਾਮ ਮਿਸਾਲ ਵਜੋਂ ਲਿਆ ਜਾ ਸਕਦਾ ਹੈ। ਸੰਕਟਾਂ ਦੀ ਜਿਹੜੀ ਬਦਲਵਾਈ ਸਿੱਖ ਕੌਮ ਦੇ ਰਹਿਬਰਾਂ ਅਤੇ ਪੈਰੋਕਾਰਾਂ ਉੱਪਰ ਛਾਈ ਰਹੀ, ਉਸ ਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿਚ ਬਹੁਤ ਹੀ ਘੱਟ ਮਿਲਦੀ ਹੈ। ਜਿੱਥੇ ਸਿੱਖ ਧਰਮ ਦੇ ਗੁਰੂ ਸਾਹਿਬਾਨਾਂ ਨੂੰ ਆਪਣੇ ਦ੍ਰਿੜ੍ਹ ਇਰਾਦੇ ਅਤੇ ਉੱਚੀ ਪਹੁੰਚ ਸਦਕਾ ਤੱਤੀਆਂ ਤਵੀਆਂ ਦੇ ਸੇਕ ਨੂੰ ਠੰਢਿਆਂ ਕਰਨਾ ਪਿਆ ਉੱਥੇ ਇਸ ਧਰਮ ਦੇ ਪੈਰੋਕਾਰਾਂ/ਸੇਵਕਾਂ ਨੂੰ ਵੀ ਆਪਣੀ ਸਿਦਕ ਦਿਲੀ ਦੇ ਸਰਮਾਏ ਨਾਲ ਰੰਬੀ ਦੀਆਂ ਤਿੱਖੀਆਂ ਧਾਰਾਂ ਦਾ ਮੂੰਹ ਮੋੜਨਾ ਪਿਆ। ‘ਨਿਰਭਉ’ ਜਪ ਕੇ ‘ਸਗਲ ਭਉ’ ਮਿਟਾਉਣ ਵਾਲੇ ਅਤੇ ਮਰਨ ਨੂੰ ਸੱਚ ਤੇ ਜਿਊਣ ਨੂੰ ਝੂਠ ਸਮਝ ਕੇ ਜੀਵਨ ਬਸਰ ਕਰਨ ਵਾਲੇ ਇਹ ਮਰਜੀਵੜੇ ਮੌਤ ਨੂੰ ਵੀ ਮਖੌਲ ਕਰਦੇ ਰਹੇ ਹਨ। ਜਿੱਥੇ ਆਮ ਮਨੁੱਖ ਮੌਤ ਦੇ ਨਾਮ ਤੋਂ ਥਰ-ਥਰ ਕੰਬਦਾ ਹੈ ਉੱਥੇ ਕਲਗੀਧਰ ਤੋਂ ਥਾਪੜਾ ਲੈ ਕੇ ਜੂਝਣ ਵਾਲੇ ਇਨ੍ਹਾਂ ਯੋਧਿਆਂ ਤੋਂ ਇੱਕ ਵਾਰ ਤਾਂ ਮੌਤ ਵੀ ਭੈਅ ਖਾ ਜਾਂਦੀ ਰਹੀ ਹੈ। ਆਪਣੇ ਤਨ ਅਤੇ ਮਨ ਨੂੰ ਉਸ ਅਕਾਲ-ਪੁਰਖ ਦੀ ਅਮਾਨਤ ਸਮਝਣ ਵਾਲੇ ਇਹ ਸੂਰਮੇ ਜਦੋਂ ਕਿਸੇ ਉੱਚੇ ਅਤੇ ਸੁੱਚੇ ਆਸ਼ੇ ਦੀ ਪੂਰਤੀ ਹਿੱਤ ਮੈਦਾਨ ਵਿਚ ਆ ਜਾਂਦੇ ਹਨ ਤਾਂ ਉਸ ਆਸ਼ੇ ਦੀ ਪੂਰਤੀ ਤੋਂ ਬਗ਼ੈਰ ਮੈਦਾਨ ਨੂੰ ਵੇਹਲਾ ਨਹੀਂ ਕਰਦੇ। ਅਜਿਹਾ ਕਰਦਿਆਂ ਬੇਸ਼ੱਕ ਉਨ੍ਹਾਂ ਨੂੰ ਆਪਣੇ ਸਿਰਾਂ ਦੀਆਂ ਖੋਪਰੀਆਂ ਵੀ ਲਾਹੁਣੀਆਂ ਪੈ ਜਾਣ। ਕੁਰਬਾਨੀ ਦਾ ਪੁੰਜ ਬਣਨ ਵਾਲਿਆਂ ਇਨ੍ਹਾਂ ਸਿੰਘਾਂ ਵਿਚ ਹੀ ਸ਼ਾਮਿਲ ਹਨ: ‘ਸ਼ਹੀਦ ਭਾਈ ਤਾਰੂ ਸਿੰਘ ਜੀ’।

ਭਾਈ ਤਾਰੂ ਸਿੰਘ ਜੀ ਦਾ ਜਨਮ ਪਿੰਡ ਪਹੂਲਾ ਜ਼ਿਲ੍ਹਾ ਅੰਮਿ੍ਰਤਸਰ (ਅਜੋਕੇ ਤਰਨਤਾਰਨ) ਵਿਖੇ ਇੱਕ ਕਿਰਸਾਨ ਪਰਿਵਾਰ ਵਿੱਚ ਹੋਇਆ। ਬਾਲ ਵਰੇਸ ਵਿੱਚ ਹੀ ਆਪ ਜੀ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਸਨ। ਆਪ ਜੀ ਦੀ ਮਾਤਾ ਜੀ ਬਹੁਤ ਹੀ ਨੇਕ ਸੁਭਾਅ ਅਤੇ ਭਜਨੀਕ ਕਿਸਮ ਦੀ ਔਰਤ ਸੀ। ਉਸ ਨੇ ਭਾਈ ਤਾਰੂ ਸਿੰਘ ਦੇ ਮਨ ਵਿੱਚ ਗੁਰੂ ਸਾਹਿਬਾਨ, ਗੁਰਬਾਣੀ ਅਤੇ ਸਿੱਖ ਇਤਿਹਾਸ ਪ੍ਰਤੀ ਅਜਿਹਾ ਸਤਿਕਾਰ ਪੈਦਾ ਕੀਤਾ ਕਿ ਭਾਈ ਸਾਹਿਬ ਆਪਣੀ ਕਿਰਤ-ਕਮਾਈ ਵਿਚੋਂ ਗੁਰੂ ਘਰ ਦੇ ਪ੍ਰੇਮੀਆਂ ਦੀ ਸੇਵਾ ਲਈ ਹਮੇਸ਼ਾਂ ਤੱਤਪਰ ਰਹਿਣ ਲੱਗ ਪਏ। ਲੋੜਵੰਦ ਗੁਰਮੁਖ ਪਿਆਰੇ ਉਨ੍ਹਾਂ ਦੇ ਘਰ ਕਈ-ਕਈ ਦਿਨ ਠਹਿਰ ਕੇ ਪ੍ਰਸ਼ਾਦਾ-ਪਾਣੀ ਛੱਕਦੇ ਸਨ। ਕਦੇ-ਕਦੇ ਭਾਈ ਸਾਹਿਬ, ਬਾਬਾ ਬੁੱਢਾ ਜੀ (ਨੇੜਲੇ) ਜੰਗਲਾਂ ਵਿੱਚ ਵਸਦੇ ਸਿੰਘਾਂ ਨੂੰ ਰਸਦਾਂ ਵੀ ਪਹੁੰਚਾਇਆ ਕਰਦੇ ਸਨ। ਪਰਉਪਕਾਰੀ ਅਤੇ ਨੇਕ ਬਖ਼ਤ (ਭਾਗ) ਹੋਣ ਕਰ ਕੇ ਆਲੇ-ਦੁਆਲੇ ਦੇ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਵੀ ਭਾਈ ਸਾਹਿਬ ਜੀ ਦਾ ਬਰਾਬਰ ਸਤਿਕਾਰ ਸੀ। ਇਸ ਸਤਿਕਾਰ ਸਦਕਾ ਹੀ ਭਾਈ ਤਾਰੂ ਸਿੰਘ ਜੀ ਸੰਕਟ ਦੇ ਸਮੇਂ ਆਪਣੇ ਨਗਰ ਖੇੜੇ ਵਿਚ ਬੇਖੌਫ਼ ਵਿਚਰਦੇ ਰਹੇ ਸਨ।

ਜੰਡਿਆਲੇ ਦਾ ਵਸਨੀਕ ਹਰਭਗਤ ਨਿਰੰਜਨੀਆ, ਜਿਸ ਦੇ ਵਡੇਰਿਆਂ ਦੀ ਬਾਂਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਫੜੀ ਸੀ, ਉਹ ਗੁਰੂ ਨਾਨਕ ਦੇ ਘਰ ਲਈ ਅਕ੍ਰਿਤਘਣ ਸਾਬਤ ਹੋਇਆ। ਬਾਬੇਕਿਆਂ ਦਾ ਧੰਨਵਾਦੀ ਹੋਣ ਦੀ ਬਜਾਏ ਉਹ ਗੁਰੂ ਘਰ ਦੇ ਪਿਆਰਿਆਂ ਲਈ ਘਾਤਕੀ ਬਣ ਬੈਠਾ। ਇਸ ਘਾਤਿਕਮਈ ਪੈਂਤੜੇ ਤੋਂ ਹੀ ਉਸ ਨੇ ਲਾਹੌਰ ਦੇ ਗਵਰਨਰ ਜ਼ਕਰੀਆਂ ਖ਼ਾਨ ਨੂੰ ਜਾ ਕੇ ਮੂੰਹ ਮਾਰਿਆ ਕਿ, ‘ਪੂਹਲੇ ਪਿੰਡ ਵਿਚ ਵਸਦਾ ਤਾਰੂ ਸਿੰਘ ਆਪਣੇ ਘਰ ਆਏ ਡਾਕੂਆਂ ਨੂੰ ਜਲਪਾਨ ਕਰਵਾਉਂਦਾ ਹੈ ਅਤੇ ਰਾਤ ਨੂੰ ਠਹਿਰਨ ਲਈ ਵੀ ਮਦਦ ਕਰਦਾ ਹੈ। ਉਸ ਦੇ ਇਸ ਤਰ੍ਹਾਂ ਕਰਨ ਨਾਲ ਪਿੰਡ ਦੇ ਲੋਕਾਂ ਨੂੰ ਆਪਣੀ ਜਾਨ ਅਤੇ ਮਾਲ ਦਾ ਖ਼ਤਰਾ ਅਕਸਰ ਬਣਿਆ ਰਹਿੰਦਾ ਹੈ। ਹਕੂਮਤ ਦੇ ਬਾਗੀਆਂ ਦੀ ਮਦਦ ਕਰਨ ਦੇ ਨਾਲ-ਨਾਲ ਇਹ (ਤਾਰੂ ਸਿੰਘ) ਮੁਖ਼ਬਰੀ ਦਾ ਕੰਮ ਵੀ ਕਰਦਾ ਹੈ।’ ਇੱਥੇ ਹੀ ਬੱਸ ਨਹੀਂ ਹੋਰ ਵੀ ਕਈ ਤਰ੍ਹਾਂ ਦੀਆਂ ਝੂਠੀਆਂ ਕਹਾਣੀਆਂ ਘੜ੍ਹ ਕੇ ਨਿਰੰਜਨੀਏ ਨੇ ਜ਼ਕਰੀਆਂ ਖ਼ਾਨ ਦੇ ਕੰਨੀਂ (ਚੰਗੀ ਤਰ੍ਹਾਂ) ਭਰ ਦਿੱਤੀਆਂ।

ਦੂਜੇ ਪਾਸੇ ਸਰਕਾਰ ਤਾਂ ਇਹ ਉਮੀਦ ਲਗਾਈ ਬੈਠੀ ਸੀ ਕਿ ਪਿੰਡਾਂ ਵਿਚ ਰਹਿਣ ਵਾਲੇ ਵਿਰਲੇ-ਟਾਵੇਂ ਸਿੱਖ ਜਿੱਥੇ ਸਰਕਾਰ ਦੀ ਹਾਂ ਵਿਚ ਹਾਂ ਮਿਲਾ ਕੇ ਚੱਲਣ ਉੱਥੇ ਸਰਕਾਰੀ ਨਿਜ਼ਾਮ ਦੇ ਪ੍ਰਤੀ ਵਫ਼ਾਦਾਰ ਵੀ ਰਹਿਣ। ਪਰ ਸਰਕਾਰੀ ਉਮੀਦ ਤੋਂ ਬਿਲਕੁਲ ਉਲਟ ਭਾਈ ਤਾਰੂ ਸਿੰਘ ਵਰਗੇ ਸਿੱਖ ਕੇਵਲ ਆਪਣੀ ਸੁਖ-ਸ਼ਾਂਤੀ ਖ਼ਾਤਰ ਹੀ ਨਹੀਂ ਜੀ ਰਹੇ ਸਨ ਸਗੋਂ ਉਹ ਆਪਣੇ ਸਿਰਲੱਖ/ਸੂਰਮੇਂ ਭਰਾਵਾਂ ਦੀ ਲੋੜ ਪੈਣ ’ਤੇ ਡੱਟਵੀਂ ਸਹਾਇਤਾ ਵੀ ਕਰਦੇ ਰਹਿੰਦੇ ਸਨ। ਇਸ ਤੋਂ ਛੁੱਟ ਉਨ੍ਹਾਂ ਵੀਰਾਂ ਨੂੰ ਆਉਣ ਵਾਲੇ ਖ਼ਤਰਿਆਂ ਦੀ ਆਮਦ ਤੋਂ ਵੀ ਗਿਆਤ ਕਰਵਾਉਂਦੇ ਰਹਿੰਦੇ ਸਨ।

ਸੂਬੇਦਾਰ ਜ਼ਕਰੀਆਂ ਖ਼ਾਨ ਨੇ ਹਰ ਭਗਤ ਨਿਰੰਜਨੀਏ ਦੀ ਚੁਗਲੀ ਦੀ ਚੁੱਕ ਵਿਚ ਆ ਕੇ ਅਤੇ ਬਗ਼ੈਰ ਕਿਸੇ ਪੁੱਛ-ਪੜਤਾਲ ਤੋਂ ਭਾਈ ਤਾਰੂ ਸਿੰਘ ਜੀ ਦੀ ਗ੍ਰਿਫ਼ਤਾਰੀ ਦਾ ਹੁਕਮ ਜਾਰੀ ਕਰ ਦਿੱਤਾ। ਇਸ ਹੁਕਮ ਤਹਿਤ ਲਗਭਗ ਡੇਢ ਕੁ ਦਰਜਨ ਪੁਲਸੀਏ ਪੈਦਲ ਚੱਲ ਕੇ ਪੂਹਲੇ ਪਿੰਡ ਆਏ ਅਤੇ ਭਾਈ ਤਾਰੂ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਲੈ ਗਏ ।

ਜਦੋਂ ਭਾਈ ਤਾਰੂ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਲਿਜਾਇਆ ਜਾ ਰਿਹਾ ਸੀ ਤਾਂ ਪੂਹਲੇ ਪਿੰਡ ਦੇ ਵਸਨੀਕਾਂ ਨੇ ਭਾਈ ਸਾਹਿਬ ਦੀਆਂ ਨੇਕੀਆਂ ਨੂੰ ਉਨ੍ਹਾਂ ਅੱਗੇ ਰੱਖ ਕੇ ਇਨ੍ਹਾਂ ਦੀ ਨਜਾਇਜ਼ ਪਕੜ ਦੇ ਖਿਲਾਫ਼ ਹਾਅ ਦਾ ਨਾਅਰਾ ਮਾਰਿਆ ਪਰ ਇਸ ਨਾਅਰੇ ਦੀ ਆਵਾਜ਼ ਦਾ ਹਕੂਮਤ ਦੇ ਬੋਲ਼ੇ ਕੰਨਾਂ ’ਤੇ ਕੋਈ ਅਸਰ ਨਾ ਹੋਇਆ। ਰਸਤੇ ਵਿਚ ਪਿੰਡ ਭੜਾਣੇ ਦੇ ਸਿੱਖਾਂ ਨੇ ਨਿਰਦੋਸ਼ ਭਾਈ ਤਾਰੂ ਸਿੰਘ ਜੀ ਨੂੰ ਛੁਡਾਉਣ ਲਈ ਜਦੋਂ ਪੁਲਸੀਆਂ ਨਾਲ ਦੋ ਹੱਥ ਕਰਨੇ ਚਾਹੇ ਤਾਂ ਭਾਈ ਸਾਹਿਬ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਵਰਜ ਦਿੱਤਾ।

ਲਾਹੌਰ ਲਿਜਾ ਕੇ ਭਾਈ ਤਾਰੂ ਸਿੰਘ ਨੂੰ ਜੇਲ੍ਹ ਵਿਚ ਡੱਕ ਦਿੱਤਾ ਗਿਆ। ਜੇਲ੍ਹ ਵਿਚ ਭਾਈ ਜੀ ਨੂੰ ਕਈ ਅਸਹਿ ਅਤੇ ਅਕਹਿ ਤਸੀਹੇ ਦਿੱਤੇ ਗਏ ਪਰ ਜਿਵੇਂ-ਜਿਵੇਂ ਹਕੂਮਤੀ ਕਰਿੰਦਿਆਂ ਵੱਲੋਂ ਭਾਈ ਸਾਹਿਬ ਨੂੰ ਸਤਾਇਆ ਜਾ ਗਿਆ ਤਿਵੇਂ-ਤਿਵੇਂ ਉਨ੍ਹਾਂ ਦੇ ਚਿਹਰੇ ਦੀ ਚਮਕ ਚੜ੍ਹਦੀਕਲਾ ਵੱਲ ਵਧਦੀ ਗਈ।

ਅਖੀਰ ਭਾਈ ਤਾਰੂ ਸਿੰਘ ਜੀ ਨੂੰ ਨਵਾਬ ਜ਼ਕਰੀਆਂ ਖ਼ਾਨ ਦੇ ਸਾਹਮਣੇ ਪੇਸ਼ ਕੀਤਾ ਗਿਆ। ਨਿਧੱੜਕਤਾ ਦੇ ਨਾਲ ਭਾਈ ਸਾਹਿਬ ਨੇ ਖ਼ਾਨ ਨੂੰ ਕਿਹਾ, ‘ਅਸੀਂ ਜ਼ਮੀਨ ਦਾ ਮਾਲੀਆ ਅਤੇ ਟੈਕਸ, ਸਰਕਾਰ ਨੂੰ ਦਿੰਦੇ ਹਾਂ ਬਾਕੀ ਮਿਹਨਤ ਜੋ ਸਾਡੇ ਪੱਲੇ ਪੈਂਦੀ ਹੈ ਉਸ ਵਿੱਚੋਂ ਅਸੀਂ ਲੋੜਵੰਦਾਂ ਦੀਆਂ ਲੋੜਾ ਪੂਰੀਆਂ ਕਰਦੇ ਹਾਂ। ਤੂੰ ਦੱਸ ਕਿ ਇਸ ਵਿੱਚ ਤੇਰੀ ਜੇਬ ਵਿੱਚੋਂ ਕੀ ਜਾਂਦਾ ਹੈ ਜਿਸ ਦੀ ਤੂੰ ਸਾਨੂੰ ਸਜ਼ਾ ਦੇ ਰਿਹਾ ਹੈ ?’

ਭਾਈ ਤਾਰੂ ਸਿੰਘ ਦੀਆਂ ਖ਼ਰੀਆਂ-ਖ਼ਰੀਆਂ ਸੁਣ ਕੇ ਨਵਾਬ ਜ਼ਕਰੀਆਂ ਖ਼ਾਨ ਦੇ ਸੱਤੀ ਕੱਪੜੀਂ ਅੱਗ ਲੱਗ ਗਈ। ਕੋਈ ਦਲੀਲ ਪੂਰਵਕ ਉੱਤਰ ਦੇਣ ਦੀ ਬਜਾਏ ਉਹ ਕਹਿਣ ਲੱਗਾ ਕਿ, ‘ਤੇਰੀ ਜਾਨ ਕੇਵਲ ਮੁਸਲਮਾਨ ਬਣਨ ਨਾਲ ਹੀ ਬਖ਼ਸ਼ੀ ਜਾ ਸਕਦੀ ਹੈ।’ ਭਾਈ ਤਾਰੂ ਸਿੰਘ ਨੇ ਦਲੇਰਾਨਾ ਜਵਾਬ ਦਿੰਦਿਆਂ ਕਿਹਾ ਕਿ, ‘ਕੀ ਮੁਸਲਮਾਨ ਬਣ ਕੇ ਮੈਨੂੰ ਮੌਤ ਨਹੀਂ ਆਵੇਗੀ ? ਜਾਂ ਮੁਸਲਮਾਨ ਕਦੀਂ ਨਹੀਂ ਮਰਦੇ ? ਜੇਕਰ ਮੌਤ ਨੇ ਇਕ ਦਿਨ ਆ ਹੀ ਜਾਣਾ ਹੈ ਤਾਂ ਮੈਂ ਆਪਣੇ ਗੁਰੂ ਅਤੇ ਸਿਧਾਂਤ (ਧਰਮ) ਤੋਂ ਕਿਉਂ ਬੇਮੁੱਖ ਹੋਵਾਂ ? ਇਸ ਬੇਮੁੱਖਤਾ ਕਾਰਨ ਮੈਂ ਦਰਗਾਹ ਵਿਚ ਕੀ ਮੂੰਹ ਲੇ ਕੇ ਜਾਵਾਂਗਾ।’

ਭਾਈ ਤਾਰੂ ਸਿੰਘ ਦੀ ਨਿੱਡਰਤਾ ਨੂੰ ਦੇਖ ਕੇ ਸੂਬੇਦਾਰ ਖ਼ਾਨ ਦੇ ਦੰਦ ਜੁੜ ਗਏ। ਜਨੂੰਨ ਦੀ ਅੱਗ ਵਿਚ ਮੱਚਿਆ ਹੋਇਆ ਭਾਈ ਤਾਰੂ ਸਿੰਘ ਨੂੰ ਕਹਿਣ ਲੱਗਾ ਕਿ, ‘ਮੈਂ ਦੇਖਦਾ ਹਾਂ ਕਿ ਤੂੰ ਆਪਣੀ ਇਸ ਸਿੱਖੀ ਨੂੰ ਕਿਸ ਤਰ੍ਹਾਂ ਕਾਇਮ ਰੱਖਦਾ ਹੈ ?’ ਉਸ ਨੇ ਇਕ ਜਲਾਦ ਨੂੰ ਬੁਲਾਇਆ ਤੇ ਹੁਕਮ ਕੀਤਾ ਕਿ ਇਸ ਬਾਗੀ ਦੀ ਖੋਪਰੀ ਕੇਸਾਂ ਸਮੇਤ ਸਿਰ ਤੋਂ ਵੱਖ ਕਰ ਦਿੱਤੀ ਜਾਵੇ।

ਭਾਈ ਤਾਰੂ ਸਿੰਘ ਨੇ ਧਰਮ ਨੂੰ ਹਾਰਨ ਦੀ ਬਜਾਏ ਸਰੀਰ ਨੂੰ ਹਾਰਨਾ ਪ੍ਰਵਾਨ ਕਰ ਲਿਆ। ਹਜ਼ਾਰਾਂ ਲੋਕਾਂ ਦੀ ਹਾਜ਼ਰੀ ਵਿਚ ਮੋਚੀ ਨੇ ਆਪਣੀ ਤੇਜ਼ ਧਾਰ ਵਾਲੀ ਰੰਬੀ ਨਾਲ ਭਾਈ ਸਾਹਿਬ ਜੀ ਦੀ ਖੋਪਰੀ ਕੇਸਾਂ ਸਮੇਤ ਸਿਰ ਤੋਂ ਉਤਾਰ ਕੇ ਉਨ੍ਹਾਂ ਦੇ ਸਾਹਮਣੇ ਰੱਖ ਦਿੱਤੀ। ਇਸ ਅਸਹਿ ਕਸ਼ਟ ਨੂੰ ਸਹਿਣ ਕਰਦਿਆਂ ਭਾਈ ਸਾਹਿਬ ਜੀ ਨੇ ਮੂੰਹੋਂ ਸੀ ਤੱਕ ਨਹੀਂ ਉਚਾਰੀ, ਸਗੋਂ ਅਕਾਲ-ਪੁਰਖ ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਕਰ ਕੇ ਮੰਨਿਆ।

ਇੱਧਰ ਜਦੋਂ ਭਾਈ ਤਾਰੂ ਸਿੰਘ ਦੇ ਸਿਰ ਤੋਂ ਖੂਨ ਵਹਿ ਰਿਹਾ ਸੀ ਤਾਂ ਉਧਰ ਜ਼ਕਰੀਆਂ ਖ਼ਾਨ ਨੂੰ ਪਿਸ਼ਾਬ ਦਾ ਬੰਨ੍ਹ ਪੈ ਗਿਆ। ਜਦੋਂ ਸਾਰੀਆਂ ਹਿਕਮਤਾਂ-ਹੀਲੇ ਬੇਕਾਰ ਹੋ ਗਏ ਤਾਂ ਖ਼ਾਨ ਨੂੰ ਕੁਝ ਆਪਣੀ ਕੀਤੀ ’ਤੇ ਅਫ਼ਸੋਸ ਹੋਣ ਲੱਗਾ। ਉਸ ਨੇ ਭਾਈ ਸੁਬੇਗ ਸਿੰਘ ਰਾਹੀਂ ਆਪਣਾ ਅਫ਼ਸੋਸ ਨਾਮਾ (ਮੁਆਫ਼ੀ ਨਾਮਾ) ਖ਼ਾਲਸਾ ਪੰਥ ਨੂੰ ਭੇਜਿਆ। ਇਸ ਮੁਆਫ਼ੀਨਾਮੇ ਨੂੰ ਖਾਲਸੇ ਨੇ ਵਿਚਾਰਨ ਉਪਰੰਤ ਫ਼ੈਸਲਾ ਲਿਆ ਕਿ ਖ਼ਾਨ ਦੇ ਇਲਾਜ ਲਈ ਭਾਈ ਤਾਰੂ ਸਿੰਘ ਦੀ ਜੁੱਤੀ ਉਸ ਦੇ ਸਿਰ ਵਿਚ ਮਾਰੀ ਜਾਏ । ਫਸੇ ਹੋਏ ਨਵਾਬ ਅਤੇ ਉਸ ਦੇ ਅਹਿਲਕਾਰਾਂ ਨੂੰ ਇਹ ਅੱਕ ਵੀ ਚੱਬਣਾ ਪਿਆ। ਜਿਉਂ-ਜਿਉਂ ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਪਾਪੀ ਖ਼ਾਨ ਦੇ ਸਿਰ ਉੱਤੇ ਵੱਜਦੀਆਂ ਤਿਉਂ-ਤਿਉਂ ਉਸ ਦਾ ਪਿਸ਼ਾਬ ਖੁੱਲ੍ਹਦਾ ਜਾਂਦਾ।

ਗੁਰਮਤਿ ਸਿਧਾਂਤ ਉੱਤੇ ਅਟੁੱਟ ਤੇ ਅਸਹਿ ਪਹਿਰਾ ਦੇਣ ਵਾਲੀ ਮਿਸਾਲ ਦੀ ਆਰੰਭਤਾ ਗੁਰੂ ਅਰਜਨ ਸਾਹਿਬ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਆਪ ਅੱਗੇ ਹੋ ਕੇ ਦੇ ਗਏ ਸਨ। ਇਸ ਲੜੀ ਵਿੱਚ ਅਨੇਕਾਂ ਹੋਰ ਮਰਜੀਵੜਿਆਂ ਨੇ ਆਪਣਾ ਨਾਂ ਦਰਜ ਕਰਵਾਇਆ, ਜਿੱਥੋਂ ਮਿਲੀ ਪ੍ਰੇਰਨਾ ਸਦਕਾ ਭਾਈ ਤਾਰੂ ਸਿੰਘ ਜੀ ਵੀ ਸਿੱਦਕੀ ਸਿੱਖ ਵਾਲਾ ਫ਼ਰਜ ਨਿਭਾਉਂਦਿਆਂ 1 ਜੁਲਾਈ 1745 ਈ: ਨੂੰ ਇਸ ਫ਼ਾਨੀ ਸੰਸਾਰ ਤੋਂ ਕੂਚ ਕਰ ਗਏ।

ਦੂਸਰੇ ਪਾਸੇ ਜਦ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਹੋਈ ਤਾਂ ਪਾਪੀ ਵੰਸ਼ ਦੀ ਔਲਾਦ ਜ਼ਕਰੀਆ ਖਾਨ ਵੀ ਮਰ ਗਿਆ। ਇਸ ਨੂੰ ਪਾਪੀ ਵੰਸ਼ ਕਹਿਣਾ ਤੋਂ ਭਾਵ ਮਹਾਨ ਕੋਸ਼ ਮੁਤਾਬਕ ਇਸ ਦੇ ਪਿਤਾ ਅਬਦੁਲਸਮਦ (ਸਮੁੰਦ) ਖ਼ਾਨ ਨੇ ਬਾਬਾ ਬੰਦਾ ਬਹਾਦਰ (ਪਹਿਲੇ ਸਿੱਖ ਜਰਨੈਲ ਗੁਰਬਖ਼ਸ਼ ਸਿੰਘ) ਨੂੰ ਛਲ ਕਪਟ ਨਾਲ ਗ੍ਰਿਫ਼ਤਾਰ ਕਰ ਕੇ ਦਿੱਲੀ ਭੇਜਿਆ ਸੀ, ਜਿੱਥੇ ਉਨ੍ਹਾਂ ਵੀ ਸੰਨ 1716 ਨੂੰ ਅਸਹਿ ਤਸੀਹੇ ਸਹਾਰਦਿਆਂ ਸ਼ਹੀਦੀ ਪ੍ਰਾਪਤ ਕੀਤੀ ਸੀ।

ਸੋ, ਅੱਜ ਜਦੋਂ ਵੀ ਵਾਹਿਗੁਰੂ ਦੇ ਸਨਮੱਖ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਤਾਂ ਉਸ ਵਿਚ ਸਿੱਖੀ ਨੂੰ ਕੇਸਾਂ-ਸੁਆਸਾਂ ਨਾਲ ਨਿਭਾਉਣ ਵਾਲਿਆਂ (ਭਾਈ ਤਾਰੂ ਸਿੰਘ ਜੀ ਵਰਗਿਆਂ) ਦਾ ਨਾਮ ਬੜੇ ਹੀ ਅਦਬ-ਸਤਿਕਾਰ ਨਾਲ ਲਿਆ ਜਾਂਦਾ ਹੈ, ਜੋ ਸਮਾਜ ਲਈ ਪ੍ਰੇਰਨਾ ਸਰੋਤ ਬਣ ਕੇ ਸਿੱਖੀ ਸਰੂਪ ਦੀ ਮਹਿਕ ਨੂੰ ਸਦਾ ਚਮਕਾਉਂਦੇ ਰਹਿਣਗੇ। ਹਰ ਸਿੱਖ ਦਾ ਫ਼ਰਜ਼ ਬਣਦਾ ਹੈ ਕਿ ਉਹ ਅਰਦਾਸ ਰਾਹੀਂ ਮਿਲਦੀ ਸਿਧਾਂਤਕ ਪ੍ਰੇਰਨਾ ਨੂੰ ਆਪਣੇ ਜੀਵਨ ਦਾ ਭਾਗ ਬਣਾਏ

——-0——-