ਉੱਚੀਆਂ ਅੱਡੀਆਂ ਪਾਉਣ ਵਾਲਿਓ, ਜ਼ਰਾ ਸੰਭਲ ਕੇ !

0
450

ਉੱਚੀਆਂ ਅੱਡੀਆਂ ਪਾਉਣ ਵਾਲਿਓ, ਜ਼ਰਾ ਸੰਭਲ ਕੇ!

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਅੱਜ ਕਲ ‘ਹਾਈ ਹੀਲ ਤੇ ਨੱਚੇ’ ਵਰਗੇ ਗੀਤ ਸੰਗੀਤ ਨੇ ਨਿੱਕੀਆਂ ਕੁੜੀਆਂ ਨੂੰ ਵੀ ਉੱਚੀ ਅੱਡੀ ਵਾਲੇ ਸੈਂਡਲ ਪਾਉਣ ਉੱਤੇ ਮਜਬੂਰ ਕਰ ਦਿੱਤਾ ਹੈ।

ਫੈਸ਼ਨ ਦਾ ਸਿਖਰ ਬਣ ਚੁੱਕੀਆਂ ਉੱਚੀਆਂ ਅੱਡੀਆਂ ਸਿਰਫ਼ ਕੁੜੀਆਂ ਵਿਚ ਹੀ ਨਹੀਂ, ਮੁੰਡਿਆਂ ਵਿਚ ਵੀ ਰੁਝਾਨ ਬਣ ਚੁੱਕੀਆਂ ਹਨ।

ਵੱਖੋ-ਵੱਖਰੇ ਮੁਲਕਾਂ ਦੀਆਂ ਅਨੇਕ ਖੋਜਾਂ ਉੱਚੀ ਅੱਡੀ ਦੇ ਮਾੜੇ ਪ੍ਰਭਾਵਾਂ ਬਾਰੇ ਹੋ ਚੁੱਕੀਆਂ ਹਨ, ਪਰ ਫੇਰ ਵੀ ਉੱਚੀਆਂ ਅੱਡੀਆਂ ਵਾਲੇ ਬੂਟਾਂ ਸੈਂਡਲਾਂ ਦਾ ਚਲਣ ਹਟ ਹੀ ਨਹੀਂ ਰਿਹਾ। ਦਿਨੋਂ-ਦਿਨ ਵਧਦਾ ਰੁਝਾਨ ਕਿਵੇਂ ਸਰੀਰ ਉੱਤੇ ਮਾੜਾ ਅਸਰ ਪਾ ਰਿਹਾ ਹੈ, ਉਸੇ ਬਾਰੇ ਅੱਗੇ ਸਪਸ਼ਟ ਕੀਤਾ ਗਿਆ ਹੈ।

ਅੱਡੀਆਂ ਉੱਚੀਆਂ ਰਾਹੀਂ ਭਾਰ ਚੁੱਕਣ ਦੀ ਕੀਮਤ ਸਰੀਰ ਦੇ ਵੱਖੋ-ਵੱਖ ਅੰਗ ਅਦਾ ਕਰਦੇ ਹਨ। ਪੈਰ, ਅੱਡੀ, ਗੋਡੇ, ਚੂਲਾ ਤੇ ਰੀੜ੍ਹ ਦੀ ਹੱਡੀ ਉੱਤੇ ਬਹੁਤ ਮਾੜੇ ਅਸਰ ਤਾਂ ਪੈਂਦੇ ਹੀ ਹਨ, ਤੋਰ ਅਤੇ ਖੜ੍ਹੇ ਹੋਣ ਦਾ ਢੰਗ ਵੀ ਤਬਦੀਲ ਹੋ ਜਾਂਦਾ ਹੈ।

ਦੁਨੀਆ ਵਿਚ ਸਿਰਫ਼ 28 ਫੀਸਦੀ ਔਰਤਾਂ ਹਨ ਜਿਨ੍ਹਾਂ ਨੇ ਕਦੇ ਉੱਚੀ ਅੱਡੀ ਨਹੀਂ ਪਾਈ। ਬਾਕੀ 72 ਫੀਸਦੀ ਵਿੱਚੋਂ ਕੁੱਝ ਰੋਜ਼ ਤੇ ਕੁੱਝ ਕਦੇ ਕਦਾਈਂ ਉੱਚੀਆਂ ਅੱਡੀਆਂ ਵਾਲੇ ਸੈਂਡਲ ਬਗੈਰਾ ਪਾਉਂਦੀਆਂ ਰਹਿੰਦੀਆਂ ਹਨ। ਨਿੱਕੀਆਂ ਬੱਚੀਆਂ ਖ਼ਾਸ ਕਰ ਪੰਜ ਸਾਲ ਤੋਂ ਛੋਟੀਆਂ ਬੱਚੀਆਂ ਵੀ ਹੁਣ ਤਾਂ ਆਮ ਹੀ ਉੱਚੀ ਅੱਡੀ ਪਾਈ ਵੇਖੀਆਂ ਜਾ ਸਕਦੀਆਂ ਹਨ। ਬਣ ਰਹੇ ਸਰੀਰ ਤੇ ਵਧ ਰਹੀਆਂ ਹੱਡੀਆਂ ਵਿੱਚ ਪਏ ਬੇਢੰਗੇ ਦਬਾਓ ਕਾਰਨ ਲੱਤ ਦੇ ਪੱਠੇ ਸੁੰਗੜ ਜਾਂਦੇ ਹਨ ਤੇ ਰੀੜ੍ਹ ਦੀ ਹੱਡੀ ਦਾ ਹੇਠਲਾ ਹਿੱਸਾ ਅਗਾਂਹ ਮੁੜ ਜਾਂਦਾ ਹੈ। ਛਾਤੀ ਦੀਆਂ ਹੱਡੀਆਂ ਅਗਾਂਹ ਧੱਕੀਆਂ ਜਾਂਦੀਆਂ ਹਨ ਤੇ ਗੋਡੇ ਉੱਤੇ ਸਾਰਾ ਵਾਧੂ ਭਾਰ ਪੈ ਜਾਂਦਾ ਹੈ।

ਪਿੱਠ :- ਕੁਦਰਤ ਵੱਲੋਂ ਰੀੜ੍ਹ ਦੀ ਹੱਡੀ ਅੰਗਰੇਜ਼ੀ ਅੱਖ਼ਰ ‘ਐੱਸ’ ਵਾਂਗ ਬਣਾਈ ਹੋਈ ਹੈ ਤਾਂ ਜੋ ਮੋਢਿਆਂ ਵਿਚਕਾਰ ਰੀੜ੍ਹ ਦੀ ਹੱਡੀ ਹਲਕੀ ਬਾਹਰ ਨੂੰ ਹੋਵੇ ਤੇ ਹੇਠਲਾ ਸਿਰਾ ਲੱਕ ਦੇ ਕੋਲੋਂ ਅਗਾਂਹ ਨੂੰ ਧੱਕਿਆ ਹੋਵੇ। ਉੱਚੀ ਅੱਡੀ ਪਾਉਣ ਨਾਲ ਰੀੜ੍ਹ ਦੀ ਹੱਡੀ ਦਾ ਉਪਰਲਾ ਸਿਰਾ ਅਗਾਂਹ ਧੱਕਿਆ ਜਾਂਦਾ ਹੈ ਤੇ ਹੇਠਲਾ ਪਿੱਛੇ! ਇੰਜ ਲਗਾਤਾਰ ਪਿੱਠ ਦਰਦ ਹੁੰਦੀ ਰਹਿ ਸਕਦੀ ਹੈ।

ਖੜ੍ਹੇ ਹੋਣ ਦਾ ਤਰੀਕਾ :- ਉੱਚੀ ਅੱਡੀ ਪਾਉਣ ਨਾਲ ਪੈਰ ਦੇ ਅਗਲੇ ਪੰਜੇ ਉੱਤੇ ਪੂਰਾ ਭਾਰ ਪੈ ਜਾਂਦਾ ਹੈ ਤੇ ਸਰੀਰ ਦੇ ਪੂਰੇ ਭਾਰ ਦਾ ਸੰਤੁਲਨ ਰੱਖਣ ਲਈ ਰੀੜ੍ਹ ਦੀ ਹੱਡੀ ਦੇ ਨਾਲ ਲੱਤ ਦੇ ਪੱਠੇ ਵੀ ਪੂਰਾ ਜ਼ੋਰ ਲਾਉਂਦੇ ਹਨ ਜਿਸ ਨਾਲ ਭਾਵੇਂ ਕੋਈ ਸਿੱਧਾ ਖੜ੍ਹਾ ਦਿਸੇ, ਪਰ ਉਸ ਦੀ ਰੀੜ੍ਹ ਦੀ ਹੱਡੀ ਅਤੇ ਪੰਜਿਆਂ ਦਾ ਨਾਸ ਵੱਜ ਰਿਹਾ ਹੁੰਦਾ ਹੈ। ਕੁਦਰਤੀ ਤੌਰ ਉੱਤੇ ਬਣੀਆਂ ਭਾਰ ਝੱਲਣ ਵਾਲੀਆਂ ਥਾਵਾਂ ਦੀ ਬਜਾਏ ਜਦੋਂ ਹੋਰਨਾਂ ਥਾਵਾਂ ਉੱਤੇ ਭਾਰ ਪੈਂਦਾ ਹੈ ਜਾਂ ਹੱਡੀ ਮੁੜਦੀ ਹੈ, ਤਾਂ ਉੱਥੇ ਹੌਲੀ-ਹੌਲੀ ਸਦੀਵੀ ਬਦਲਾਓ ਪੈ ਜਾਂਦਾ ਹੈ।

ਰੀੜ੍ਹ ਦੀ ਹੱਡੀ ਹੇਠਲੇ ਸਿਰੇ ਤੋਂ (ਕਮਰ ਕੋਲੋਂ) ਅੱਗੇ ਝੁਕਣ ਨਾਲ ਸਰੀਰ ਦਾ ਭਾਰ ਅਗਲੇ ਹਿੱਸੇ ਉੱਤੇ ਪੈ ਜਾਂਦਾ ਹੈ, ਜਿਸ ਨਾਲ ਰੀੜ੍ਹ ਦੀ ਹੱਡੀ ਦੇ ਮਣਕੇ ਅਗਲੇ ਸਿਰਿਆਂ ਤੋਂ ਘਸਣ ਲੱਗ ਪੈਂਦੇ ਹਨ। ਲੱਤਾਂ ਦੇ ਪੱਠੇ ਉੱਚੀ ਅੱਡੀ ਪਾ ਕੇ ਸੁੰਗੜਦੇ ਰਹਿਣ ਨਾਲ, ਹਮੇਸ਼ਾ ਲਈ ਆਕਾਰ ਵਿਚ ਕੁੱਝ ਛੋਟੇ ਤੇ ਮੋਟੇ ਹੋ ਜਾਂਦੇ ਹਨ।

ਸਪੌਂਡੀਲੋਡਿਸਥੀਸਿਸ :- ਰੀੜ੍ਹ ਦੀ ਹੱਡੀ ਵਿੱਚੋਂ ਮਣਕਿਆਂ ਵਿਚਕਾਰਲੇ ਸਹਾਰੇ ਦੇ ਅਗਲੇ ਸਿਰੇ ਦਾ ਬਾਹਰ ਵੱਲ ਖਿਸਕਣਾ ਜਾਂ ਮਣਕਾ ਹੀ ਖਿਸਕ ਜਾਣਾ ਵੀ ਕਈ ਵਾਰ ਵੇਖਣ ਵਿਚ ਆਉਂਦਾ ਹੈ, ਖਾਸ ਕਰ ਉਨ੍ਹਾਂ ਵਿਚ, ਜਿਹੜੇ ਹਫ਼ਤੇ ਵਿਚ ਤਿੰਨ ਜਾਂ ਚਾਰ ਦਿਨ ਜਾਂ ਰੋਜ਼ ਹੀ ਉੱਚੀਆਂ ਅੱਡੀਆਂ ਪਾਉਂਦੇ ਹੋਣ। ਸਰੀਰ ਦਾ ਭਾਰ ਰੀੜ੍ਹ ਦੀ ਹੱਡੀ ਦੇ ਹੇਠਲੇ ਹਿੱਸੇ ਵਿਚ ਬਾਹਰਲੇ ਪਾਸੇ ਦੀ ਥਾਂ ਅੰਦਰਲੇ ਕਮਜ਼ੋਰ ਹਿੱਸੇ ਉੱਤੇ ਪੈਂਦੇ ਰਹਿਣ ਕਾਰਨ ਅਜਿਹਾ ਹੁੰਦਾ ਹੈ।

ਫੋਰਾਮਿਨ ਸਟੀਨੋਸਿਸ :- ਰੀੜ੍ਹ ਦੀ ਹੱਡੀ ਦੇ ਅੰਦਰ ਕੁਦਰਤ ਵੱਲੋਂ ਸਰੀਰ ਨੂੰ ਨਸਾਂ ਪਹੁੰਚਾਉਣ ਦਾ ਰਾਹ ਬਣਾਇਆ ਹੁੰਦਾ ਹੈ। ਇਸ ਦੇ ਆਸ-ਪਾਸ ਸੱਟ ਫੇਟ ਤੋਂ ਬਚਾਉਣ ਲਈ ਕੁੱਝ ਖੁੱਲੀ ਥਾਂ ਰੱਖੀ ਹੋਈ ਹੈ, ਜਿਸ ਵਿਚ ਪਾਣੀ ਭਰਿਆ ਹੁੰਦਾ ਹੈ। ਉੱਚੀ ਅੱਡੀ ਪਾਉਣ ਨਾਲ ਟੇਢੀ ਮੇਢੀ ਹੋਈ ਰੀੜ੍ਹ ਦੀ ਹੱਡੀ ਵਿਚਲੇ ਕੁੱਝ ਮਣਕੇ ਜਿਹੜੇ ਬਹੁਤਾ ਭਾਰ ਝੱਲਣ ਲਈ ਬਣਾਏ ਹੀ ਨਹੀਂ ਗਏ ਸਨ, ਉਨ੍ਹਾਂ ਅੰਦਰਲਾ ਸੁਰਾਖ਼ ਦਬਾਓ ਪੈਣ ਨਾਲ ਭੀੜਾ ਹੋ ਜਾਂਦਾ ਹੈ ਤੇ ਨਸਾਂ ਦੱਬ ਦਿੰਦਾ ਹੈ। ਨਤੀਜੇ ਵਜੋਂ ਕੁੱਝ ਸਾਲਾਂ ਬਾਅਦ ਲੱਤਾਂ ਤੇ ਪਿੱਠ ਵਿਚ ਦਰਦ ਰਹਿਣ ਲੱਗ ਪੈਂਦਾ ਹੈ। ਕਈ ਵਾਰ ਲੱਤਾਂ ਵੱਲ ਜਾਂਦੀ ਤਿੱਖੀ ਪੀੜ, ਕੀੜੀਆਂ ਲੜਦੀਆਂ ਮਹਿਸੂਸ ਹੋਣੀਆਂ, ਲੱਤਾਂ ਸੁੰਨ ਹੋਣੀਆਂ, ਪੱਠਿਆਂ ਦੀ ਕਮਜ਼ੋਰੀ, ਨਸਾਂ ਖਿੱਚੀਆਂ ਮਹਿਸੂਸ ਹੋਣੀਆਂ, ਸ਼ਿਆਟਿਕਾ, ਆਦਿ ਵਰਗੇ ਲੱਛਣ ਦਿਸਣ ਲੱਗ ਪੈਂਦੇ ਹਨ।

ਪੈਰਾਂ ਦੇ ਅਗਲੇ ਸਿਰੇ :- ਪੂਰਾ ਭਾਰ ਝੱਲਦੇ ਰਹਿਣ ਕਾਰਨ-ਅੱਟਣ ਬਣਨੇ, ਜੋੜਾਂ ਵਿਚ ਸਦੀਵੀ ਨੁਕਸ, ਪੀੜ ਹੁੰਦੀ ਰਹਿਣੀ, ਨਿੱਕੇ ਜੋੜ ਦੁੱਖਣੇ, ਚਮੜੀ ਸਖ਼ਤ ਹੋਣੀ, ਆਦਿ ਵੇਖਣ ਨੂੰ ਮਿਲਦੇ ਹਨ।

ਓਸਟੀਓਆਰਥਰਾਈਟਿਸ :- ਹੱਡੀਆਂ ਬੇਲੋੜੇ ਭਾਰ ਕਾਰਨ ਛੇਤੀ ਖੁਰ ਜਾਂਦੀਆਂ ਹਨ।

ਲੰਬਾਈ :- ਛੋਟੀ ਉਮਰ ਤੋਂ ਹੀ ਉੱਚੀ ਅੱਡੀ ਪਾਉਣ ਵਾਲੀਆਂ ਕੁੜੀਆਂ ਦੀ ਲੰਬਾਈ ਵੀ ਘੱਟ ਰਹਿ ਜਾਂਦੀ ਹੈ।

ਇਨ੍ਹਾਂ ਤੋਂ ਬਚਣ ਲਈ :-

(1). ਵਧਦੀ ਉਮਰ ਦੇ ਬੱਚਿਆਂ ਵਿਚ ਸ਼ੌਕੀਆ ਵੀ ਉੱਚੀ ਅੱਡੀ ਨਹੀਂ ਪਾਉਣ ਦੇਣੀ ਚਾਹੀਦੀ।

(2). ਸੋਲਾਂ ਵਰ੍ਹਿਆਂ ਤੋਂ ਬਾਅਦ ਕਦੇ ਕਦਾਈਂ (ਮਹੀਨੇ ਵਿਚ ਸਿਰਫ਼ ਤਿੰਨ ਵਾਰ) ਬਾਹਰ ਕਿਸੇ ਪਾਰਟੀ ਉੱਤੇ ਜਾਣ ਲੱਗਿਆਂ ਇਕ ਅੱਧ ਘੰਟੇ ਲਈ ਉੱਚੀ ਅੱਡੀ ਪਾਈ ਜਾ ਸਕਦੀ ਹੈ। ਘੰਟੇ ਤੋਂ ਵੱਧ ਬਿਲਕੁਲ ਨਹੀਂ।

(3). ਉੱਚੀ ਅੱਡੀ ਪਾਉਣ ਤੋਂ ਪਹਿਲਾਂ ਤੇ ਬਾਅਦ ਵਿਚ ਪੱਠਿਆਂ ਦੀ ਕਸਰਤ ਕਰਨੀ ਜ਼ਰੂਰੀ ਹੈ। ਸਟਰੈਚਿੰਗ ਕਸਰਤਾਂ ਕਰ ਕੇ ਪੱਠਿਆਂ ਵਿਚਲੀ ਖਿੱਚ ਤੇ ਲੰਬਾਈ ਸਹੀ ਰੱਖੀ ਜਾ ਸਕਦੀ ਹੈ।

(4). ਦੋ ਇੰਚ ਤੋਂ ਉੱਚੀ ਅੱਡੀ ਨਹੀਂ ਪਾਉਣੀ ਚਾਹੀਦੀ।

(5). ਉੱਚੀ ਅੱਡੀ ਦਾ ਅਗਲਾ ਸਿਰਾ ਨੁਕੀਲਾ ਨਹੀਂ ਹੋਣਾ ਚਾਹੀਦਾ। ਚੌੜੇ ਪੱਬ ਵਾਲਾ ਹੀ ਲੈਣਾ ਚਾਹੀਦਾ ਹੈ। ਇੰਜ ਨਿੱਕੇ ਜੋੜਾਂ ਦਾ ਸਦੀਵੀ ਨੁਕਸਾਨ ਹੋਣ ਤੋਂ ਬਚਾਓ ਹੋ ਜਾਂਦਾ ਹੈ।

(6). ਜੁੱਤੀ ਦੇ ਅੰਦਰ ਚਮੜੇ ਦੀ ਪਰਤ ਲੁਆ ਲੈਣੀ ਠੀਕ ਰਹਿੰਦੀ ਹੇ ਤਾਂ ਜੋ ਉੱਚੀ ਅੱਡੀ ਤੋਂ ਫਿਸਲ ਕੇ ਪੈਰ ਦਾ ਸਾਰਾ ਅਗਲਾ ਸਿਰਾ ਮੁੜ ਕੇ ਇਕੱਠਾ ਨਾ ਹੋ ਜਾਵੇ। ਇੰਜ ਨਿੱਕੇ ਜੋੜਾਂ ਉੱਤੇ ਅੱਟਣ ਬਣਨ ਤੋਂ ਬਚਾਓ ਹੋ ਜਾਂਦਾ ਹੈ।

(7). ਘਰ ਵਿਚ ਤਾਂ ਉੱਚੀ ਅੱਡੀ ਉੱਕਾ ਹੀ ਨਹੀਂ ਪਾਉਣੀ ਚਾਹੀਦੀ, ਪਰ ਬਾਹਰ ਜਾਣ ਲੱਗਿਆਂ ਵੀ ਆਪਣੇ ਨਿੱਕੇ ਬੈਗ ਵਿਚ ਬਿਨਾਂ ਹੀਲ ਦੀ ਜੁੱਤੀ ਦਾ ਜੋੜਾ ਰੱਖ ਲੈਣਾ ਚਾਹੀਦਾ ਹੈ ਤਾਂ ਜੋ ਪਾਰਟੀ ਤੋਂ ਬਾਅਦ ਤੁਰੰਤ ਜੁੱਤੀ ਬਦਲ ਲਈ ਜਾਵੇ।

(8). ਉੱਚੀ ਅੱਡੀ ਖਰੀਦਣ ਵੇਲੇ ਪੈਰਾਂ ਵਲ ਝਾਕਣ ਦੀ ਬਜਾਏ ਚੂਲੇ ਉੱਪਰਲੀ ਰੀੜ੍ਹ ਦੀ ਹੱਡੀ ਦਾ ਅਗਾਂਹ ਵੱਲ ਹੁੰਦਾ ਝੁਕਾਓ ਵੇਖਣ ਜਾਂ ਟੋਹਣ ਦੀ ਲੋੜ ਹੁੰਦੀ ਹੈ। ਜੇ ਗੋਲਾਈ (ਕਰਵ) ਡੇਢ ਸੈਂਟੀਮੀਟਰ ਤੋਂ ਵੱਧ ਅਗਾਂਹ ਹੋ ਰਹੀ ਹੈ ਤਾਂ ਘੱਟ ਉੱਚੀ ਅੱਡੀ ਲੈਣੀ ਚਾਹੀਦੀ ਹੈ।

ਨਾਰਥ ਕੈਰੋਲੀਨਾ ਯੂਨੀਵਰਸਿਟੀ ਦੇ ਖੋਜੀਆਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਛੋਟੀ ਉਮਰੇ ਉੱਚੀ ਅੱਡੀ ਪਾਉਣ ਵਾਲੀਆਂ ਬੱਚੀਆਂ ਤੇ ਘੰਟੇ ਤੋਂ ਵੱਧ ਜਵਾਨ ਔਰਤਾਂ ਵਿਚ ਪਾਈ ਹੀਲ ਵਾਲੀ ਜੁੱਤੀ ਉਨ੍ਹਾਂ ਦੀ ਅੱਡੀ ਦੇ ਜੋੜ ਦਾ ਸਦੀਵੀ ਨੁਕਸਾਨ ਕਰ ਦਿੰਦੀ ਹੈ ਤੇ ਪੱਠੇ ਵੀ ਹਮੇਸ਼ਾ ਲਈ ਕਮਜ਼ੋਰ ਕਰ ਦਿੰਦੀ ਹੈ।

ਹਫ਼ਤੇ ਵਿਚ ਦੋ ਜਾਂ ਤਿੰਨ ਦਿਨ ਉੱਚੀ ਅੱਡੀ ਪਾਉਂਦੇ ਰਹਿਣ ਨਾਲ ਲੱਤਾਂ ਦੇ ਪੱਠੇ ਹਮੇਸ਼ਾ ਲਈ ਕੁੱਝ ਸੁੰਗੜ ਕੇ ਛੋਟੇ ਹੋ ਜਾਂਦੇ ਹਨ। ਟਰੀਸ਼ੀਆ ਟਰਨਰ ਨੇ ਐਥਲੈਟਿਕ ਟਰੇਨਿੰਗ ਦਿੰਦਿਆਂ ਆਪਣੇ ਸਾਥੀਆਂ ਨਾਲ ਸ਼ਾਰਲੋ ਯੂਨੀਵਰਸਿਟੀ ਵਿਚ ਖੋਜ ਕਰਦਿਆਂ ਲੱਭਿਆ ਕਿ ਹਵਾਈ ਜਹਾਜ਼ਾਂ ਵਿਚ ਏਅਰ ਹੋਸਟੈਸਾਂ ਵੱਲੋਂ ਲੰਮੇ ਸਮੇਂ ਤਕ ਉੱਚੀਆਂ ਅੱਡੀਆਂ ਪਾਉਣ ਨਾਲ ਉਨ੍ਹਾਂ ਦੇ ਅੱਡੀਆਂ ਦੇ ਲਿਗਾਮੈਂਟ, ਪੱਠੇ ਤੇ ਨਸਾਂ ਵੀ ਹਮੇਸ਼ਾ ਲਈ ਨੁਕਸਾਨੇ ਜਾਂਦੇ ਹਨ। ਹੌਲੀ-ਹੌਲੀ ਇਹ ਪੀੜ ਲੱਤਾਂ ਵੱਲ ਵੀ ਜਾਣ ਲੱਗ ਪੈਂਦੀ ਹੈ।

ਸਭ ਤੋਂ ਵੱਧ ਨੁਕਸਾਨ 20 ਵਰ੍ਹਿਆਂ ਦੇ ਨੇੜੇ ਤੇੜੇ ਉੱਚੀ ਅੱਡੀ ਪਾਉਣ ਵਾਲਿਆਂ ਵਿਚ ਵੇਖਿਆ ਗਿਆ ਕਿ 30 ਵਰ੍ਹਿਆਂ ਤੱਕ ਪਹੁੰਚਦੇ ਉਨ੍ਹਾਂ ਦਾ ਸਰੀਰ ਪੂਰੀ ਮਾਰ ਝੱਲ ਚੁੱਕਿਆ ਹੁੰਦਾ ਹੈ। ਉਸ ਤੋਂ ਬਾਅਦ ਉਨ੍ਹਾਂ ਦੀ ਤੋਰ ਹਮੇਸ਼ਾ ਲਈ ਖ਼ਰਾਬ ਹੋ ਜਾਂਦੀ ਹੈ।

ਐਥਲੈਟਿਕ ਟਰੇਨਿੰਗ ਦੌਰਾਨ ਟਰਨਰ ਨੇ ਕੁੱਝ ਕਸਰਤਾਂ ਰਾਹੀਂ ਫਾਇਦਾ ਹੁੰਦਾ ਵੇਖਿਆ ਜੋ ਉੱਚੀ ਅੱਡੀ ਪਾਉਣ ਵਾਲਿਆਂ ਨੂੰ ਸਰੀਰ ਦਾ ਨੁਕਸਾਨ ਹੋਣ ਤੋਂ ਬਚਾਉਣ ਲਈ ਹਰ ਹਾਲ ਕਰਨੀਆਂ ਹੀ ਪੈਣੀਆਂ ਹਨ। ਉਹ ਹਨ :-

(1). ਭੁੰਜੇ ਬਹਿ ਕੇ, ਲੱਤਾਂ ਸਿੱਧੀਆਂ ਕਰ ਕੇ, ਤੌਲੀਏ ਨਾਲ ਪੈਰਾਂ ਦੇ ਹੇਠਿਓਂ ਖਿੱਚ ਪਾ ਕੇ ਹੱਥਾਂ ਨਾਲ ਉਤਾਂਹ ਖਿੱਚੋ ਤੇ ਪੈਰਾਂ ਨਾਲ ਉਸ ਨੂੰ ਹੇਠਾਂ ਧੱਕੋ। ਇਹ ਖਿੱਚ 30 ਸਕਿੰਟ ਤਕ ਇਕ ਸਮੇਂ ਰੱਖਣੀ ਚਾਹੀਦੀ ਹੈ ਤੇ 10 ਤੋਂ 15 ਵਾਰ ਕਰਨੀ ਹੁੰਦੀ ਹੈ।

(2). ਇੱਕ ਲੱਤ ਦੇ ਭਾਰ ਉੱਤੇ 30 ਸਕਿੰਟ ਖੜ੍ਹੇ ਹੋਵੋ। ਵਾਰੀ-ਵਾਰੀ ਇਹ ਵੀ 10 ਤੋਂ 15 ਵਾਰ ਕਰਨੀ ਹੈ।

(3). ਸਿੱਧੇ ਖੜ੍ਹੇ ਹੋ ਕੇ ਇੱਕ ਵਾਰ ਅੱਡੀ ਤੇ ਫੇਰ ਦੂਜੀ ਵਾਰ ਪੰਜਾ ਚੁੱਕ ਕੇ, ਵਾਰੀ-ਵਾਰੀ 10 ਸਕਿੰਟ ਲਈ 10 ਤੋਂ 15 ਵਾਰ ਕਰੋ।

(4). ਪਿੱਠ ਬਿਲਕੁਲ ਸਿੱਧੀ ਰੱਖ ਕੇ ਜ਼ਮੀਨ ਤੋਂ ਚੀਜ਼ ਚੁੱਕੋ। ਫੇਰ ਰੱਖੋ ਤੇ ਫੇਰ ਚੁੱਕੋ। ਵੀਹ ਤੋਂ 25 ਵਾਰ ਅਜਿਹਾ ਕਰੋ।

ਧਿਆਨ ਰਹੇ ਕਿ ਸਿਰਫ਼ ਔਰਤਾਂ ਜਾਂ ਬੱਚੀਆਂ ਵਿਚ ਹੀ ਨਹੀਂ, ਉੱਚੀ ਅੱਡੀ ਵਾਲੇ ਬੂਟ ਪੁਰਸ਼ਾਂ ਵਿਚ ਵੀ ਫੈਸ਼ਨ ਬਣ ਚੁੱਕੇ ਹਨ। ਸੋ, ਦੁਹਾਂ ਨੂੰ ਹੀ ਆਪਣੇ ਸਰੀਰ ਦਾ ਪੂਰਾ ਧਿਆਨ ਰੱਖਣ ਦੀ ਲੋੜ ਹੈ। ਲੰਬਾਈ ਵਧਾਉਣ ਲਈ ਸ਼ੁਰੂ ਤੋਂ ਹੀ ਕਸਰਤ ਅਤੇ ਸੰਤੁਲਿਤ ਖ਼ੁਰਾਕ ਉੱਤੇ ਧਿਆਨ ਰੱਖਿਆ ਜਾਵੇ ਤਾਂ ਲੰਬਾਈ ਆਪੇ ਹੀ ਏਨੀ ਵਧ ਜਾਣੀ ਹੈ ਕਿ ਉੱਚੀ ਅੱਡੀ ਦੀ ਲੋੜ ਹੀ ਨਹੀਂ ਰਹਿਣੀ।

ਸੋ, ਖੁਸ਼ ਰਹੋ, ਤੰਦਰੁਸਤ ਰਹੋ ਤੇ ਜੇ ਗਿੱਠੇ ਰਹਿ ਚੁੱਕੇ ਹੋ ਤਾਂ ਆਪਣੇ ਕਾਰਜਾਂ ਨਾਲ ਆਪਣਾ ਕੱਦ ਉੱਚਾ ਕਰ ਕੇ ਲੋਕਾਂ ਦਾ ਦਿਲ ਜਿੱਤੋ, ਨਾ ਕਿ ਉੱਚੀਆਂ ਅੱਡੀਆਂ ਵਾਲੀਆਂ ਜੁੱਤੀਆਂ ਪਾ ਕੇ !