19.7 C
Jalandhar
Monday, April 13, 2026
spot_img
Home Blog Page 131

ਅਉਖੀ ਘੜੀ ਨ ਦੇਖਣ ਦੇਈ; ਅਪਨਾ ਬਿਰਦੁ ਸਮਾਲੇ॥

0

ਅਉਖੀ ਘੜੀ ਨ ਦੇਖਣ ਦੇਈ; ਅਪਨਾ ਬਿਰਦੁ ਸਮਾਲੇ॥

ਕਥਾਵਾਚਕ ਗਿਆਨੀ ਅੰਮ੍ਰਿਤਪਾਲ ਸਿੰਘ (ਲੁਧਿਆਣਾ)

ਜਦੋਂ ਵੀ ਵਿਚਾਰ ਅਧੀਨ ਇਹ ਸ਼ਬਦ (ਅਉਖੀ ਘੜੀ ਨ ਦੇਖਣ ਦੇਈ; ਅਪਨਾ ਬਿਰਦੁ ਸਮਾਲੇ॥ ਧਨਾਸਰੀ ਮਹਲਾ ੫/੬੮੨) ਹੁਕਮਨਾਮੇ ਦੇ ਰੂਪ ਵਿਚ ਸਾਹਮਣੇ ਆਉਂਦਾ ਹੈ, ਇਸ ਦੇ ਅਰਥ ਕੀਤੇ ਜਾਂਦੇ ਹਨ ਕਿ ਪ੍ਰਭੂ ਆਪਣੇ ਪਿਆਰਿਆਂ ਨੂੰ ਔਖਾ ਸਮਾਂ ਨਹੀਂ ਦੇਖਣ ਦਿੰਦਾ। ਪ੍ਰਭੂ ਪਿਆਰਿਆਂ ਦੀ ਜ਼ਿੰਦਗੀ ਵਿਚ ਕਦੀ ਦੁੱਖ ਨਹੀਂ ਆਉਂਦਾ। ਫਿਰ ਇਸ ਗੱਲ ਨੂੰ ਸਾਬਤ ਕਰਨ ਲਈ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ, ਗੁਰਬਾਣੀ ਦੀਆਂ ਪੰਕਤੀਆਂ ਦੀ ਇਕ ਲੰਮੀ ਲੜੀ ਦਾ।

ਜਿਸ ਕੇ ਸਿਰ ਊਪਰਿ ਤੂੰ ਸੁਆਮੀ  ! ਸੋ, ਦੁਖੁ ਕੈਸਾ ਪਾਵੈ ?॥ (ਸੂਹੀ, ਮਹਲਾ ੫/੭੪੯)

ਪਰਮੇਸਰਿ, ਦਿਤਾ ਬੰਨਾ॥ ਦੁਖ ਰੋਗ ਕਾ, ਡੇਰਾ ਭੰਨਾ॥ (ਸੋਰਠਿ, ਮਹਲਾ ੫/੬੨੭)

ਤਾਤੀ ਵਾਉ ਨ ਲਗਈ; ਪਾਰਬ੍ਰਹਮ ਸਰਣਾਈ॥ (ਬਿਲਾਵਲੁ, ਮਹਲਾ ੫/੮੧੯)

ਵਿਚਿ, ਕਰਤਾ ਪੁਰਖੁ ਖਲੋਆ॥ ਵਾਲੁ ਨ ਵਿੰਗਾ ਹੋਆ॥ (ਸੋਰਠਿ, ਮਹਲਾ ੫/੬੨੩)

ਜਿਸ ਦਾ ਸਾਹਿਬੁ; ਡਾਢਾ ਹੋਇ॥ ਤਿਸ ਨੋ ਮਾਰਿ ; ਨ ਸਾਕੈ ਕੋਇ॥ (ਬਿਲਾਵਲੁ, ਮਹਲਾ ੩/੮੪੨)

ਐਸੀ ਵਿਦਵਤਾ ਦੇਖ ਕੇ ਸੰਗਤਾਂ ਅਸ਼-ਅਸ਼ ਕਰ ਉੱਠਦੀਆਂ ਹਨ ਕਿ ਵਾਹ ਜੀ ਵਾਹ  ! ਇਹ ਕਥਾਵਾਚਕ ਤਾਂ ਬਹੁਤ ਹੀ ਵਿਦਵਾਨ ਹਨ ਜੋ ਗੁਰਬਾਣੀ ਵਿੱਚੋਂ ਇੰਨੇ ਜ਼ਿਆਦਾ ਪ੍ਰਮਾਣ ਦੇ ਰਹੇ ਹਨ। ਜੇ ਕੋਈ ਕੌਮ ਦਾ ਪ੍ਰਸਿੱਧ ਕਥਾਵਾਚਕ ਬਹੁਤੇ ਪ੍ਰਮਾਣ ਦੇ ਕੇ ਆਪਣੀ ਕਮਜ਼ੋਰੀ ਨੂੰ ਢੱਕ ਲਵੇ ਅਤੇ ਉਸ ਦੀ ਇਸ ਕਮਜ਼ੋਰੀ ਨੂੰ ਵਿਦਵਤਾ ਮੰਨ ਲਿਆ ਜਾਏ ਤਾਂ ਸਮਝੋ ਕਿ ਕੌਮ ਦੀ ਬਦਕਿਸਮਤੀ ਸ਼ੁਰੂ ਹੋ ਗਈ ਹੈ।

ਹੁਣ ਜੇ ਕੋਈ ਉਸ ਵਿਦਵਾਨ ਸੱਜਣ ਨੂੰ ਪੁੱਛੇ ਕਿ ਜਿਸ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਬਾਬਤ ਇਹ ਕਹਿ ਰਹੇ ਹੋ ਕਿ ਰੱਬ ਆਪਣੇ ਪਿਆਰਿਆਂ ਨੂੰ ਔਖਾ ਸਮਾਂ ਨਹੀਂ ਦੇਖਣ ਦਿੰਦਾ, ਉਹ ਸਤਿਗੁਰੂ ਜੀ ਆਪ ਉਬਲਦੀ ਦੇਗ ਵਿਚ ਉਬਾਲੇ ਖਾ ਰਹੇ ਹਨ, ਇਸ ਤੋਂ ਔਖਾ ਸਮਾਂ ਹੋਰ ਕੀ ਹੋ ਸਕਦਾ ਹੈ ? ਪੰਚਮ ਗੁਰਦੇਵ ਜੀ ਨੂੰ ਤਾਂ ਤੱਤੀ ਤਵੀ ’ਤੇ ਬਿਠਾ ਕੇ ਉਹਨਾਂ ਦੇ ਸੀਸ ’ਤੇ ਗਰਮ ਰੇਤ ਪਾਈ ਜਾ ਰਹੀ ਹੈ, ਕੀ ਇਹ ਔਖਾ ਸਮਾਂ ਨਹੀਂ ? ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ, ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿਚ ਉਬਾਲਿਆ ਗਿਆ, ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕੇ ਜਿਉਂਦੇ ਸਾੜਿਆ ਗਿਆ, ਕੀ ਇਹ ਔਖਾ ਸਮਾਂ ਨਹੀਂ ਸੀ ? ਕਿਤੇ ਮਹਾਨ ਗੁਰਸਿੱਖਾਂ ਦੇ ਬੰਦ-ਬੰਦ ਕੱਟੇ ਜਾ ਰਹੇ ਨੇ, ਕਿਤੇ ਖੋਪੜੀ ਉਤਾਰੀ ਜਾ ਰਹੀ ਹੈ, ਕਿਤੇ ਚਰਖੜੀਆਂ ’ਤੇ ਚਾੜ੍ਹ ਕੇ ਰੂੰ ਦੇ ਤੁੰਬਿਆਂ ਦੀ ਤਰ੍ਹਾਂ ਪਿੰਜਿਆ ਜਾ ਰਿਹਾ ਹੈ, ਕਿਤੇ ਜੰਬੂਰਾਂ ਨਾਲ ਮਾਸ ਨੋਚੇ ਜਾ ਰਹੇ ਨੇ, ਇਸ ਤੋਂ ਜ਼ਿਆਦਾ ਔਖੀ ਘੜੀ ਹੋਰ ਕੀ ਹੋ ਸਕਦੀ ਹੈ ? ਜੇਕਰ ਸਰੀਰਕ ਕਸ਼ਟ ਆਉਣੇ ਅਉਖੀ ਘੜੀ ਹੈ ਤਾਂ ਰੱਬ ਦੇ ਪਿਆਰਿਆਂ ਨੂੰ ਅਨੇਕਾਂ ਹੀ ਸਰੀਰਕ ਕਸ਼ਟ ਝੱਲਣੇ ਪਏ, ਉਦੋਂ ਰੱਬ ਨੇ ਉਹਨਾਂ ਨੂੰ ਅਉਖੀ ਘੜੀ ਕਿਉਂ ਦੇਖਣ ਦਿੱਤੀ ?

ਸ਼ਬਦ ਦੀ ਅਸਲ ਵਿਆਖਿਆ ਤਾਂ ਇਸ ਨੂੰ ਖੋਲਣ ਦੀ ਸੀ ਕਿ ਅਉਖੀ ਘੜੀ ਹੈ ਕੀ ? ਵਿਆਖਿਆ ਨਾ ਕਰ ਸਕਣ ਦੀ ਕਮਜ਼ੋਰੀ ਨੂੰ ਲੁਕੋਂਦਿਆਂ ਵਿਦਵਾਨ ਸੱਜਣ ਨੇ ਪ੍ਰਮਾਣ ’ਤੇ ਪ੍ਰਮਾਣ ਦੇਣੇ ਸ਼ੁਰੂ ਕਰ ਦਿੱਤੇ। ਸੰਗਤਾਂ ਨੇ ਬਹੁਤੇ ਪ੍ਰਮਾਣ ਦੇਣ ਨੂੰ ਹੀ ਵਿਦਵਤਾ ਮੰਨ ਲਿਆ। ਗੁਰਬਾਣੀ ਦੇ ਇਸ ਅਥਾਹ ਸਮੁੰਦਰ ਵਿਚ ਬਹੁਤ ਹੀ ਕੀਮਤੀ ਗਿਆਨ ਦੇ ਮੋਤੀ ਭਰੇ ਪਏ ਹਨ। ਲੋੜ ਤਾਂ ਹੈ ਬੱਸ ਸੁਰਤਿ ਦੀ ਡੂੰਘੀ ਚੁੱਭੀ ਲਾਉਣ ਦੀ। ਅਨੇਕਾਂ ਖ਼ਜ਼ਾਨੇ ਹੱਥ ਆ ਜਾਂਦੇ ਹਨ। ਜੋ ਖੋਜਦਾ ਹੈ, ਉਹ ਪ੍ਰਾਪਤ ਕਰ ਲੈਂਦਾ ਹੈ।

ਤੈਸੇ ਗੁਰਬਾਨੀ ਬਿਖੈ ਸਕਲ ਪਦਾਰਥ ਹੈ; ਜੋਈ ਜੋਈ ਖੋਜੇ, ਸੋਈ ਸੋਈ ਨਿਪਜਾਵਹੀ॥੫੪੬॥ (ਕਬਿੱਤ ਭਾਈ ਗੁਰਦਾਸ ਜੀ)

ਵਿਆਖਿਆ ਤਾਂ ਇਸ ਗੱਲ ਦੀ ਕਰਨੀ ਚਾਹਦੀ ਸੀ ਕਿ ਅਉਖੀ ਘੜੀ ਹੈ ਕੀ ?

ਭਗਤ ਰਵਿਦਾਸ ਜੀ ਪ੍ਰਭੂ ਦਾ ਨਾਮ ਲੈਂਦੇ ਹਨ। ਮਾਂ ਰੋਕਦੀ ਹੈ ਕਿ ਹੇ ਰਵਿਦਾਸ  ! ਰੱਬ ਦਾ ਨਾਮ ਨਾ ਲਿਆ ਕਰ। ਅਸੀਂ ਸ਼ੂਦਰ ਹਾਂ। ਰਾਮ ਦਾ ਨਾਮ ਲਿਆਂ ਰਾਮ ਭਿੱਟਿਆ ਜਾਂਦਾ ਹੈ। ਭਗਤ ਜੀ ਆਖਦੇ ਹਨ ਕਿ ਮਾਂ  ! ਰਾਮ ਇੰਨਾ ਕਮਜ਼ੋਰ ਨਹੀਂ ਹੈ, ਜੋ ਅਖੌਤੀ ਸ਼ੂਦਰ ਜ਼ਬਾਨ ’ਤੇ ਆਇਆਂ ਭਿੱਟਿਆ ਜਾਂਦਾ ਹੈ। ਰਾਮ ਤਾਂ ਇੰਨਾ ਮਹਾਨ ਹੈ ਕਿ ਜੇ ਕੋਈ ਅਖੌਤੀ ਸ਼ੂਦਰ ਵੀ ਜਪ ਲਵੇ ਤਾਂ ਉਹ ਵੀ ਪਵਿੱਤਰ ਹੋ ਜਾਂਦਾ ਹੈ। ਮਾਂ ਆਖਦੀ ਹੈ ਕਿ ਮੈਨੂੰ ਤੇਰੀ ਗੱਲ ’ਤੇ ਯਕੀਨ ਹੈ ਪਰ ਜੇ ਕਿਤੇ ਉੱਚ ਜਾਤੀ ਲੋਕਾਂ ਨੂੰ ਪਤਾ ਲੱਗ ਗਿਆ ਕਿ ਤੂੰ ਰਾਮ ਦਾ ਨਾਮ ਜਪਦਾ ਹੈਂ ਤਾਂ ਉਹ ਲੋਕ ਤੈਨੂੰ ਮਾਰ ਦੇਣਗੇ। ਤੈਨੂੰ ਡਰ ਨਹੀਂ ਲੱਗਦਾ ?

ਭਗਤ ਰਵਿਦਾਸ ਜੀ ਆਖਦੇ ਹਨ ਕਿ ਮਾਂ  ! ਬਹੁਤ ਡਰ ਲੱਗਦਾ ਹੈ। ਮਾਂ ਆਖਦੀ ਹੈ ਕਿ ਜੇ ਡਰ ਲੱਗਦਾ ਹੈ ਤਾਂ ਫਿਰ ਰੱਬ ਦਾ ਨਾਮ ਲੈਣਾ ਛੱਡ ਕਿਉਂ ਨਹੀਂ ਦਿੰਦਾ ? ਭਗਤ ਜੀ ਆਖਦੇ ਹਨ ਕਿ ਮਾਂ  ! ਡਰ ਇਸ ਕਰ ਕੇ ਨਹੀਂ ਲੱਗਦਾ ਕਿ ਉੱਚ ਜਾਤੀ ਲੋਕ ਮੈਨੂੰ ਮਾਰ ਦੇਣਗੇ। ਉਹ ਲੋਕ ਮੇਰੇ ਤਨ ਦੇ ਟੁੱਕੜੇ-ਟੁੱਕੜੇ ਵੀ ਕਰ ਦੇਣ ਤਾਂ ਵੀ ਕੋਈ ਡਰ ਨਹੀਂ। ਡਰ ਤਾਂ ਇਸ ਗੱਲ ਦਾ ਲੱਗਦਾ ਹੈ ਕਿ ਮੇਰੇ ਤੋਂ ਕਿਤੇ ਰੱਬ ਦਾ ਪ੍ਰੇਮ ਨਾ ਛੁੱਟ ਜਾਏ। ਪਾਵਨ ਬਚਨ ਹਨ  :

ਕਹਾ ਭਇਓ ? ਜਉ ਤਨੁ ਭਇਓ ਛਿਨੁ ਛਿਨੁ॥

ਪ੍ਰੇਮੁ ਜਾਇ; ਤਉ ਡਰਪੈ ਤੇਰੋ ਜਨੁ॥ (ਆਸਾ/ਭਗਤ ਰਵਿਦਾਸ ਜੀ/੪੮੬)

ਭਗਤ ਨੂੰ ਦੁੱਖ ਸਰੀਰ ਦਾ ਨਹੀਂ ਸਗੋਂ ਪ੍ਰਭੂ ਤੋਂ ਵਿਛੋੜੇ ਦਾ ਦੁੱਖ ਮਹਿਸੂਸ ਹੁੰਦਾ ਹੈ। ਉਹਦੇ ਲਈ ਅਉਖੀ ਘੜੀ ਰੱਬ ਤੋਂ ਦੂਰ ਹੋ ਜਾਣਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਫ਼ੁਰਮਾਉਂਦੇ ਹਨ ਕਿ ਹੇ ਪ੍ਰਭੂ  ! ਜੇ ਤੂੰ ਇਕ ਘੜੀ ਵੀ ਨਾ ਮਿਲੇਂ ਤਾਂ ਮੇਰੇ ਭਾਅ ਦਾ ਕਲਿਜੁਗ ਆ ਜਾਂਦਾ ਹੈ। ਤੂੰ ਕਦੋਂ ਆ ਕੇ ਮਿਲੇਂਗਾ ? ਬਿਨਾਂ ਗੁਰੂ ਦਰਬਾਰ ਦੇ ਦਰਸ਼ਨ ਕੀਤਿਆਂ ਮੇਰੀ ਤਾਂ ਰਾਤ ਹੀ ਨਹੀਂ ਗੁਜ਼ਰਦੀ, ਅੱਖਾਂ ਵਿੱਚ ਨੀਂਦ ਹੀ ਨਹੀਂ ਪੈਂਦੀ। ਆਹ ਹੈ ਮੇਰੇ ਲਈ ਕਲਿਜੁਗ ਦੇ ਬਰਾਬਰ ਅਉਖੀ ਘੜੀ, ਜੋ ਆਪਣੇ ਪਿਆਰੇ ਤੋਂ ਬਿਨਾਂ ਗੁਜ਼ਾਰਨੀ ਪਵੇ।

ਇਕ ਘੜੀ ਨ ਮਿਲਤੇ; ਤਾ ਕਲਿਜੁਗੁ ਹੋਤਾ॥ ਹੁਣਿ, ਕਦਿ ਮਿਲੀਐ  ? ਪ੍ਰਿਅ ਤੁਧੁ ਭਗਵੰਤਾ॥

ਮੋਹਿ ਰੈਣਿ ਨ ਵਿਹਾਵੈ, ਨੀਦ ਨ ਆਵੈ; ਬਿਨੁ ਦੇਖੇ, ਗੁਰ ਦਰਬਾਰੇ ਜੀਉ॥ (ਮਾਝ, ਮਹਲਾ ੫, ਚਉਪਦੇ ਘਰੁ ੧/੯੬)

ਸੁੱਖ-ਦੁੱਖ ਤਾਂ ਜ਼ਿੰਦਗੀ ਦੇ ਦੋ ਬਸਤਰ ਹਨ, ਜੋ ਬਦਲ-ਬਦਲ ਕੇ ਪਾਉਣੇ ਹੀ ਪੈਂਦੇ ਹਨ। ਦੁਨੀਆਵੀ ਦੁੱਖ-ਸੁੱਖ ਅਉਖੀ ਘੜੀ ਨਹੀਂ ਹਨ। ਪ੍ਰਭੂ ਦੇ ਪਿਆਰਿਆਂ ਲਈ ਰੱਬ ਤੋਂ ਵਿਛੋੜਾ ਹੀ ਅਉਖੀ ਘੜੀ ਹੈ। ਸਿਧਾਤਾਂ ਤੋਂ ਥਿੜਕ ਜਾਣਾ, ਸਿੱਦਕ ਤੋਂ ਡੋਲ ਜਾਣਾ ਅਉਖੀ ਘੜੀ ਹੈ। ਪ੍ਰਭੂ ਆਪਣੇ ਪਿਆਰਿਆਂ ਦੀ ਹਰੇਕ ਸਾਹ ਪਾਲਣਾ ਕਰਦਾ ਹੈ, ਕਿਸੇ ਵੀ ਸਾਹ ਉਹਨਾਂ ਨੂੰ ਧਰਮ ਤੋਂ, ਸੱਚ ਤੋਂ ਅਤੇ ਸਿੱਦਕ ਤੋਂ ਡੋਲਣ ਨਹੀਂ ਦਿੰਦਾ।

ਇਸੇ ਤਰ੍ਹਾਂ ਅਸੀਂ ਗੁਰਬਾਣੀ ਵਿਚ ਇਹ ਬਚਨ ਪੜ੍ਹਦੇ ਹਾਂ  :

ਹਰਿ, ਜੁਗੁ ਜੁਗੁ ਭਗਤ ਉਪਾਇਆ; ਪੈਜ ਰਖਦਾ ਆਇਆ ਰਾਮ ਰਾਜੇ॥

ਹਰਣਾਖਸੁ ਦੁਸਟੁ ਹਰਿ ਮਾਰਿਆ; ਪ੍ਰਹਲਾਦੁ ਤਰਾਇਆ॥ (ਆਸਾ, ਮਹਲਾ ੪/੪੫੧)

ਪ੍ਰਭੂ ਨੇ ਆਪਣੇ ਭਗਤ ਪ੍ਰਹਿਲਾਦ ਦੀ ਲਾਜ ਰੱਖੀ। ਉਹ ਜੁਗਾਂ-ਜੁਗਾਂਤਰਾਂ ਤੋਂ ਆਪਣੇ ਭਗਤਾਂ ਦੀ ਇੱਜ਼ਤ ਰੱਖਦਾ ਆਇਆ ਹੈ। ਇੱਥੇ ਇਹ ਅਰਥ ਨਹੀਂ ਕਿ ਰੱਬ ਨੇ ਪ੍ਰਹਿਲਾਦ ਨੂੰ ਕੋਈ ਦੁੱਖ ਨਹੀਂ ਆਉਣ ਦਿੱਤਾ। ਪ੍ਰਹਿਲਾਦ ਦੀ ਜ਼ਿੰਦਗੀ ਵਿੱਚ ਦੁੱਖ ਤਾਂ ਬਹੁਤ ਆਏ ਪਰ ਰੱਬ ਨੇ ਉਸ ਦੇ ਸੱਚੇ ਅਸੂਲਾਂ ਦੀ ਰਾਖੀ ਕੀਤੀ। ਉਸ ਨੂੰ ਅਸੂਲਾਂ ਤੋਂ ਡੋਲਣ ਨਹੀਂ ਦਿੱਤਾ। ਸਰੀਰਕ ਕਸ਼ਟ ਤਾਂ ਪ੍ਰਹਿਲਾਦ ਦੀ ਜ਼ਿੰਦਗੀ ਵਿੱਚ ਵੀ ਆਏ। ਉਸ ਨੂੰ ਕਮਰੇ ਵਿੱਚ ਬੰਦ ਕਰ ਕੇ ਰੱਖਿਆ ਗਿਆ ਪਰ ਉਹ ਡੋਲਿਆ ਨਹੀਂ।

ਪ੍ਰਹਲਾਦੁ, ਕੋਠੇ ਵਿਚਿ ਰਾਖਿਆ; ਬਾਰਿ ਦੀਆ ਤਾਲਾ॥

ਨਿਰਭਉ ਬਾਲਕੁ ਮੂਲਿ ਨ ਡਰਈ; ਮੇਰੈ ਅੰਤਰਿ ਗੁਰ ਗੋਪਾਲਾ॥

(ਭੈਰਉ, ਮਹਲਾ ੩ ਘਰੁ ੨/੧੧੫੪)

ਕਈ ਵਾਰੀ ਅਸੀਂ ਸੁਣਦੇ ਹਾਂ ਕਿ ਤੱਤੇ ਥੰਮ ਨੂੰ ਦੇਖ ਕੇ ਪ੍ਰਹਿਲਾਦ ਡੋਲ ਗਿਆ ਤੇ ਰੱਬ ਕੀੜੀ ਬਣ ਕੇ ਤਪਦੇ ਥਮਲੇ ਉੱਪਰ ਆਇਆ। ਕੁੱਝ ਪ੍ਰਭਾਤ ਫੇਰੀਆਂ ਦੌਰਾਨ ਇਹ ਵੀ ਗਾਇਆ ਜਾਂਦਾ ਹੈ ‘ਕੀੜੀ ਨਾ ਬਣਦੋਂ ਰਾਮਾ, ਪ੍ਰਹਿਲਾਦ ਡੋਲ ਜਾਂਦਾ।’ ਜੇ ਪ੍ਰਹਿਲਾਦ ਡੋਲ ਗਿਆ ਹੁੰਦਾ ਤਾਂ ਗੁਰੂ ਸਾਹਿਬ ਬਾਣੀ ਵਿਚ ਇਹ ਨਾ ਕਹਿੰਦੇ ਕਿ ਧਰੂਅ ਤੇ ਪ੍ਰਹਿਲਾਦ ਵਾਂਗ ਰਾਮ ਦਾ ਨਾਮ ਜਪਿਆ ਕਰੋ।

ਰਾਮ ਜਪਉ ਜੀਅ ਐਸੇ ਐਸੇ॥ ਧ੍ਰੂ ਪ੍ਰਹਿਲਾਦ ਜਪਿਓ; ਹਰਿ ਜੈਸੇ॥ (ਗਉੜੀ/ਭਗਤ ਕਬੀਰ ਜੀ/੩੩੭)

ਗੁਰਬਾਣੀ ਤਾਂ ਇਹ ਫ਼ੁਰਮਾਉਂਦੀ ਹੈ ਕਿ ‘ਸਾਸਨਾ ਤੇ ਬਾਲਕ ਗਮ ਨ ਕਰੈ॥’ ਸਾਸਨਾ ਦਾ ਅਰਥ ਹੈ – ਤਸੀਹੇ। ਪ੍ਰਹਿਲਾਦ ਤਸੀਹਿਆਂ ਤੋਂ ਨਹੀਂ ਡਰਦਾ। ਉਹ ਤਾਂ ਆਪ ਆਖਦਾ ਹੈ ਕਿ ਹੇ ਮੇਰੇ ਪਿਤਾ  ! ਕਿਉਂ ਤੂੰ ਮੈਨੂੰ ਬਾਰ-ਬਾਰ ਦੁੱਖ ਦੇ ਕੇ ਪਰਖ ਰਿਹਾ ਹੈਂ ? ਮੈਂ ਆਪਣੇ ਗੁਰੂ ਦੇ ਨਾਮ ਨੂੰ ਲਾਜ ਨਹੀਂ ਲੱਗਣ ਦਿਆਂਗਾ। ਮੈਂ ਕਦੇ ਵੀ ਰਾਮ ਦਾ ਨਾਮ ਨਹੀਂ ਛੱਡਾਂਗਾ, ਭਾਵੇਂ ਮੈਨੂੰ ਜਾਨੋਂ ਮਾਰ ਦੇਹ, ਭਾਵੇਂ ਅੱਗ ਵਿੱਚ ਪਾ ਕੇ ਸਾੜ ਦੇਹ।

ਮੋ ਕਉ, ਕਹਾ ਸਤਾਵਹੁ ਬਾਰ ਬਾਰ  ? ॥ ਪ੍ਰਭਿ, ਜਲ ਥਲ ਗਿਰਿ ਕੀਏ ਪਹਾਰ॥ ਇਕੁ ਰਾਮੁ ਨ ਛੋਡਉ, ਗੁਰਹਿ ਗਾਰਿ॥ ਮੋ ਕਉ ਘਾਲਿ ਜਾਰਿ ਭਾਵੈ ਮਾਰਿ ਡਾਰਿ॥ (ਬਸੰਤੁ/ਭਗਤ ਕਬੀਰ ਜੀ/੧੧੯੪)

ਰੱਬ ਨੇ ਪ੍ਰਹਿਲਾਦ ਦੀ ਰਾਖੀ ਕੀਤੀ ਭਾਵੇਂ ਪ੍ਰਹਿਲਾਦ ਨੂੰ ਸਰੀਰਕ ਦੁੱਖ ਦਿੱਤੇ ਗਏ ਪਰ ਰੱਬ ਨੇ ਉਸ ਨੂੰ ਅਸੂਲਾਂ ਤੋਂ ਡੋਲਣ ਨਹੀਂ ਦਿੱਤਾ। ਧਰਮ ’ਤੇ ਕਾਇਮ ਰੱਖਣ ਦੀ ਸਮਰੱਥਾ ਦੇਣਾ ਹੀ ਪੈਜ ਰੱਖਣਾ ਹੈ।

ਅਠਾਰਵੀਂ ਸਦੀ ਵਿੱਚ ਹਜ਼ਾਰਾਂ ਸਿੱਖਾਂ ਨੂੰ ਸਿੱਖੀ ਸਿਧਾਂਤਾਂ ਦੀ ਖ਼ਾਤਰ ਆਪਣੇ ਘਰ-ਘਾਟ ਛੱਡਣੇ ਪਏ, ਜ਼ਮੀਨਾਂ ਛੱਡਣੀਆਂ ਪਈਆਂ। ਆਪਣੇ ਬੱਚਿਆਂ ਤੇ ਬਜ਼ੁਰਗਾਂ ਨੂੰ ਲੈ ਕੇ ਜੰਗਲਾਂ-ਪਹਾੜਾਂ ਵਿੱਚ ਜ਼ਿੰਦਗੀ ਦੇ ਦਿਨ ਕੱਟਦੇ ਰਹੇ ਪਰ ਅਕਾਲ ਪੁਰਖ ਨੇ ਉਹਨਾਂ ਨੂੰ ਸਿੱਖੀ ਸਿੱਦਕ ਤੋਂ ਡੋਲਣ ਨਹੀਂ ਦਿੱਤਾ। ਇੰਨੇ ਕਸ਼ਟਾਂ ਦੇ ਬਾਵਜ਼ੂਦ ਵੀ ਅਕਾਲ ਪੁਰਖ ਨੇ ਉਹਨਾਂ ਨੂੰ ‘ਅਉਖੀ ਘੜੀ ਨਹੀਂ ਦੇਖਣ ਦਿੱਤੀ’।

ਜ਼ਕਰੀਆ ਖਾਨ ਨੇ ਜੰਗਲਾਂ-ਪਹਾੜਾਂ ਵਿੱਚ ਵਸਦੇ ਸਿੱਖਾਂ ਨੂੰ ਚਿੱਠੀ ਲਿਖੀ, ਕਿ ਕੀ ਖੱਟਿਆ ਹੈ ਤੁਸੀਂ ਸਿੱਖੀ ਵਿੱਚੋਂ ? ਘਰ-ਘਾਟ ਤੁਹਾਡੇ ਉੱਜੜ ਗਏ। ਤੁਹਾਡੀਆਂ ਜ਼ਮੀਨਾਂ ਅਸੀਂ ਖੋਹ ਲਈਆਂ। ਹੁਣ ਤੁਸੀਂ ਆਪਣੇ ਮਾਸੂਮ ਬੱਚਿਆਂ ਤੇ ਬਜ਼ੁਰਗਾਂ ਨੂੰ ਲੈ ਕੇ ਜੰਗਲਾਂ-ਪਹਾੜਾਂ ਵਿੱਚ ਠੋਕਰਾਂ ਖਾਂਦੇ ਫਿਰਦੇ ਹੋ। ਛੱਡ ਦਿਓ ਸਿੱਖੀ। ਮੈਂ ਤੁਹਾਨੂੰ ਤੁਹਾਡੀ ਜ਼ਮੀਨ-ਜਾਇਦਾਦ ਵਾਪਸ ਕਰ ਦਿਆਂਗਾ। ਆਪਣੇ ਬੱਚਿਆਂ ਨਾਲ ਘਰਾਂ ਵਿੱਚ ਸੁੱਖ ਦੀ ਜ਼ਿੰਦਗੀ ਬਤੀਤ ਕਰੋ।

ਸਿੱਖਾਂ ਨੇ ਜ਼ਕਰੀਆ ਖਾਨ ਨੂੰ ਇਹ ਜਵਾਬ ਦਿੱਤਾ ਸੀ ਕਿ ਐ ਜ਼ਕਰੀਆ ਖਾਨ ! ਤੈਨੂੰ ਜ਼ਮੀਨ-ਜਾਇਦਾਦ ਦਾ ਤਾਂ ਪਤਾ ਹੈ ਪਰ ਗੁਰੂ ਤੇ ਸਿੱਖ ਦੇ ਪਿਆਰ ਦਾ ਨਹੀਂ ਪਤਾ। ਤੂੰ ਇਸ ਰਮਜ਼ ਨੂੰ ਕੀ ਸਮਝੇਂ ? ਗੁਰੂ ਗੋਬਿੰਦ ਸਿੰਘ ਜੀ ਨੇ ਸਾਡੀ ਖ਼ਾਤਰ ਆਪਣਾ ਅਨੰਦਪੁਰ ਸ਼ਹਿਰ ਵਾਰ ਦਿੱਤਾ। ਸਤਿਗੁਰੂ ਜੀ ਕਿਲ੍ਹੇ ਅਤੇ ਮਹਿਲ ਛੱਡ ਕੇ ਚਲੇ ਗਏ। ਹੁਣ ਅਸੀਂ ਐਸੇ ਮਹਾਨ ਗੁਰੂ ਦੇ ਪਿਆਰ ਨੂੰ ਭੁਲਾ ਕੇ ਆਪਣੇ ਮਕਾਨ ਬਚਾਉਂਦੇ ਫਿਰੀਏ, ਕੀ ਇਹ ਗੁਰੂ ਨਾਲ ਧੋਖਾ ਨਹੀਂ ? ਜਿਸ ਗੁਰੂ ਨੇ ਸਾਡੀ ਖ਼ਾਤਰ ਆਪਣੇ ਚਾਰੇ ਸਾਹਿਬਜ਼ਾਦੇ ਸ਼ਹੀਦ ਕਰਾ ਲਏ ਤੇ ਅਸੀਂ ਉਸ ਗੁਰੂ ਦੇ ਅਹਿਸਾਨਾਂ ਨੂੰ ਭੁਲਾ ਕੇ ਆਪਣੇ ਬੱਚੇ ਬਚਾਉਂਦੇ ਫਿਰੀਏ, ਤਾਂ ਕੀ ਇਹ ਸਾਡਾ ਪਿਆਰ ਝੂਠਾ ਨਹੀਂ ? ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਿਆਰ ਪੁਗਾ ਦਿੱਤਾ ਹੈ, ਹੁਣ ਸਾਡੀ ਵਾਰੀ ਹੈ ਪਿਆਰ ਪੁਗਾਉਣ ਦੀ।

ਸਿਖ ਕਾਜ ਜੁ ਗੁਰੂ ਹਮਾਰੇ। ਸੀਸ ਦੀਉ ਨਿਜ ਸਣ ਪਰਵਾਰੇ।੨੭।

ਹਮ ਕਾਰਨ, ਗੁਰ ਕੁਲਹਿ ਗਵਾਈ। ਹਮ ਕੁਲ ਰਾਖੈਂ, ਕੌਣ ਬਡਾਈ ?। (ਪ੍ਰਾਚੀਨ ਪੰਥ ਪ੍ਰਕਾਸ਼/ਸਾਖੀ ਸੁਬੇਗ ਸਿੰਘ ਜੰਬਰ ਕੀ)

ਇਸ ਲਈ ਐ ਜ਼ਕਰੀਆ ਖਾਨ ! ਸਾਡਾ ਘਰ-ਘਾਟ ਜਾਂਦਾ ਹੈ ਤਾਂ ਜਾਏ। ਸਾਡੀ ਜ਼ਮੀਨ ਜਾਇਦਾਦ ਜਾਂਦੀ ਹੈ ਤਾਂ ਜਾਏ। ਜੇ ਸਾਡੇ ਬੱਚੇ ਵੀ ਸ਼ਹੀਦ ਹੋ ਜਾਣ ਤਾਂ ਵੀ ਸਾਨੂੰ ਕੋਈ ਦੁੱਖ ਨਹੀਂ, ਬੱਸ ਸਾਡਾ ਗੁਰੂ ਨਾਲੋਂ ਪਿਆਰ ਨਹੀਂ ਟੁੱਟਣਾ ਚਾਹੀਦਾ।

‘ਅਉਖੀ ਘੜੀ’ ਦੁਨੀਆਵੀ ਦੁੱਖ ਆਉਣੇ ਨਹੀਂ ਹਨ। ਉਹ ਤਾਂ ਹਰ ਜੀਵਨ ਨਾਲ ਜੁੜੇ ਹੀ ਹੋਏ ਹਨ। ਧਰਮ ਤੋਂ ਥਿੜਕ ਜਾਣਾ ‘ਅਉਖੀ ਘੜੀ’ ਹੈ। ਪ੍ਰਭੂ ਤੋਂ ਵਿਛੁੜ ਜਾਣਾ ‘ਅਉਖੀ ਘੜੀ’ ਹੈ। ਇਹ ਵਿਛੋੜੇ ਵਾਲੀ ਤੇ ਸੱਚੇ ਅਸੂਲਾਂ ਤੋਂ ਥਿੜਕਣ ਵਾਲੀ ‘ਅਉਖੀ ਘੜੀ’, ਪ੍ਰਭੂ ਆਪਣੇ ਪਿਆਰਿਆਂ ਨੂੰ ਨਹੀਂ ਦੇਖਣ ਦਿੰਦਾ।

ਗੁਰਬਾਣੀ ਨੂੰ ਆਧੁਨਿਕ ਪੰਜਾਬੀ ਵਾਂਗ ਪੜ੍ਹਨਾ ਤੇ ਸਮਝਣਾ ਵਿਸ਼ੇ ਦੀ ਗਹਿਰਾਈ ਤੋਂ ਦੂਰ ਰਹਿਣਾ ਤੇ ਵਿਚਾਰਕ ਮਤਭੇਦਾਂ ਨੂੰ ਜਨਮ ਦੇਣ ਬਰਾਬਰ ਹੈ। —ਭਾਗ ਤੀਜਾ—

0

ਗੁਰਬਾਣੀ ਨੂੰ ਆਧੁਨਿਕ ਪੰਜਾਬੀ ਵਾਂਗ ਪੜ੍ਹਨਾ ਤੇ ਸਮਝਣਾ ਵਿਸ਼ੇ ਦੀ ਗਹਿਰਾਈ ਤੋਂ ਦੂਰ ਰਹਿਣਾ ਤੇ ਵਿਚਾਰਕ ਮਤਭੇਦਾਂ ਨੂੰ ਜਨਮ ਦੇਣ ਬਰਾਬਰ ਹੈ।

—-ਭਾਗ ਤੀਜਾ—-

ਗੁਰਬਾਣੀ ਨੂੰ ਆਧੁਨਿਕ ਪੰਜਾਬੀ ਵਾਂਗ ਪੜ੍ਹਨਾ ਤੇ ਸਮਝਣਾ ਵਿਸ਼ੇ ਦੀ ਗਹਿਰਾਈ ਤੋਂ ਦੂਰ ਰਹਿਣਾ ਤੇ ਵਿਚਾਰਕ ਮਤਭੇਦਾਂ ਨੂੰ ਜਨਮ ਦੇਣ ਬਰਾਬਰ ਹੈ।–ਭਾਗ ਪਹਿਲਾ—

ਗੁਰਬਾਣੀ ਨੂੰ ਆਧੁਨਿਕ ਪੰਜਾਬੀ ਵਾਂਗ ਪੜ੍ਹਨਾ ਤੇ ਸਮਝਣਾ ਵਿਸ਼ੇ ਦੀ ਗਹਿਰਾਈ ਤੋਂ ਦੂਰ ਰਹਿਣਾ ਤੇ ਵਿਚਾਰਕ ਮਤਭੇਦਾਂ ਨੂੰ ਜਨਮ ਦੇਣ ਬਰਾਬਰ ਹੈ।– ਭਾਗ ਦੂਜਾ–

ਗੁਰਬਾਣੀ ਨੂੰ ਆਧੁਨਿਕ ਪੰਜਾਬੀ ਵਾਂਗ ਪੜ੍ਹਨਾ ਤੇ ਸਮਝਣਾ ਵਿਸ਼ੇ ਦੀ ਗਹਿਰਾਈ ਤੋਂ ਦੂਰ ਰਹਿਣਾ ਤੇ ਵਿਚਾਰਕ ਮਤਭੇਦਾਂ ਨੂੰ ਜਨਮ ਦੇਣ ਬਰਾਬਰ ਹੈ। (ਭਾਗ ਚੌਥਾ)

ਸ. ਕਿਰਪਾਲ ਸਿੰਘ (ਬਠਿੰਡਾ)-98554-80797

ਗੁਰਬਾਣੀ ਵਿੱਚ ਸ਼ਬਦਾਂ ਦੇ ਪਿਛਲੇ ਅੱਖਰਾਂ ਨੂੰ ਗੁਰਬਾਣੀ ਨਿਯਮਾਂ ਅਨੁਸਾਰ ਲੱਗੀ ਔਂਕੜ ਅਤੇ ਸਿਹਾਰੀ ਦੇ ਉਚਾਰਨ ਸਬੰਧੀ ਕ੍ਰਮਵਾਰ ਕਿਸ਼ਤ ਨੰ. 1 ਅਤੇ ਕਿਸ਼ਤ ਨੰ. 2 ਵੀਚਾਰ ਕੀਤੀ ਗਈ ਸੀ। ਇਸ ਭਾਗ ਵਿੱਚ ਅੰਤਲੇ ਅੱਖਰ ਨੂੰ ਲੱਗੇ ਕੰਨੇ ਨੂੰ ਬਿੰਦੀ ਸਹਿਤ ਜਾਂ ਬਿੰਦੀ ਰਹਿਤ ਉਚਾਰਨ ਸਬੰਧੀ ਵੀਚਾਰ ਕੀਤੀ ਜਾ ਰਹੀ ਹੈ।

ਪੰਜਾਬੀ ਵਿੱਚ ਉਹ ਇੱਕ ਵਚਨ ਪੁਲਿੰਗ ਨਾਂਵ ਸ਼ਬਦ, ਜਿਹੜੇ ਆਮ ਤੌਰ ’ਤੇ ਮੁਕਤਾ ਅੰਤ ਲਿਖੇ ਤੇ ਉਚਾਰੇ ਜਾਂਦੇ ਹਨ ਉਨ੍ਹਾਂ ਨੂੰ ਬਹੁ ਬਚਨ ਬਣਾਉਣ ਲਈ ਸਧਾਰਨ ਕੇਸ ਵਿੱਚ ਤਾਂ ਮੁਕਤਾ ਅੰਤ ਹੀ ਲਿਖਿਆ ਅਤੇ ਉਚਾਰਿਆ ਜਾਂਦਾ ਹੈ; ਜਿਵੇਂ ਕਿ  :-

(1) ਮੇਰੇ ਪਾਸ 5 ਪੈੱਨ ਹਨ। (5 ਪੈੱਨ= ਬਹੁ ਬਚਨ)

(2) ਕਮਰੇ ਵਿੱਚ ਦੋ ਮੇਜ਼ ਪਏ ਹਨ (ਦੋ ਮੇਜ਼=ਬਹੁ ਬਚਨ) ਪਰ ਜਦੋਂ ਉਨ੍ਹਾਂ ਦੇ ਪਿੱਛੇ ਸਬੰਧ ਕਾਰਕੀ ਚਿੰਨ੍ਹ – ਦਾ, ਦੈ, ਦੀ, ਦੀਆਂ, ਕਾ, ਕੇ, ਕੈ, ਕੀ, ਕੀਆਂ, ਕਉ, ਆਦਿਕ ਵਰਤੇ ਗਏ ਹੋਣ ਜਾਂ ਸਬੰਧ ਕਾਰਕੀ ਅਰਥ ਨਿਕਲਦੇ ਹੋਣ ਤਾਂ ਬਹੁ ਵਚਨ ਸ਼ਬਦਾਂ ਲਈ ਬਿੰਦੀ ਸਹਿਤ ਕੰਨੇ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਕਿ  : –

(1) ਮੇਰੇ ਪੰਜੇ ‘ਪੈੱਨਾਂ ਦਾ’ ਰੰਗ ਲਾਲ ਹੈ।

(2) ਦੋਵੇਂ ‘ਮੇਜ਼ਾਂ ਦੀ’ ਇੱਕ ਇੱਕ ਲੱਤ ਟੁੱਟੀ ਹੋਈ ਹੈ।

(ਨੋਟ : ਇੱਥੇ ਮਗਰਲੇ ਪਾਸੇ ਸਬੰਧਕੀ ਸ਼ਬਦ ‘ਦਾ’ ਅਤੇ ‘ਦੀ’ ਆਉਣ ਕਰ ਕੇ ਇੱਕ ਵਚਨ ‘ਪੈੱਨ’ ਅਤੇ ‘ਮੇਜ਼’ ਦਾ ਬਹੁ ਵਚਨ ਬਣਾਉਣ ਲਈ ਉਸ ਪਿੱਛੇ ਬਿੰਦੀ ਸਹਿਤ ਕੰਨੇ ਦੀ ਵਰਤੋਂ ਕਰ ਕੇ ‘ਪੈੱਨਾਂ’ ਅਤੇ ‘ਮੇਜ਼ਾਂ’ ਲਿਖਣੇ ਅਤੇ ਉਚਾਰਨ ਕਰਨੇ ਅਤਿ ਜ਼ਰੂਰੀ ਹੁੰਦੇ ਹੈ।)

ਗੁਰਬਾਣੀ ਵਿੱਚ ਅਜਿਹੇ ਸ਼ਬਦ ਕਈ ਥਾਂਵਾਂ ’ਤੇ ਕੰਨਾਂ ਬਿੰਦੀ ਸਹਿਤ ਲਿਖੇ ਵੀ ਗਏ ਹਨ ਅਤੇ ਕਈ ਥਾਂ ’ਤੇ ਬਿੰਦੀ ਨਹੀਂ ਵੀ ਲੱਗੀ ਪਰ ਪਾਠ ਕਰਦੇ ਸਮੇਂ ਅਰਥ ਸਮਝਣ ਲਈ ਉਨ੍ਹਾਂ ਸ਼ਬਦਾਂ ਤੋਂ ਸੇਧ ਲੈ ਕੇ ਬਿੰਦੀ ਰਹਿਤ ਲੱਗੇ ਕੰਨੇ ਵਾਲੇ ਨਾਂਵ ਸ਼ਬਦਾਂ ਨੂੰ ਵੀ ਬਿੰਦੀ ਸਮੇਤ ਪਾਠ ਕਰਨਾ ਹੀ ਸ਼ੁੱਧ ਪਾਠ ਹੋਵੇਗਾ; ਜਿਵੇਂ ਕਿ :-

(ੳ) ਸਬੰਧ ਕਾਰਕ : ਚਿੰਨ੍ਹ – ਦਾ, ਦੈ, ਦੀ, ਕਾ, ਕੇ, ਕੈ, ਕੀ, ਕਉ, ਨਾਲਿ, ਪਾਸਿ, ਆਦਿਕ।

(1) ‘ਗੁਰਸਿਖਾਂ ਕੀ’, ਹਰਿ  ! ਧੂੜਿ ਦੇਹਿ ; ਹਮ ਪਾਪੀ ਭੀ ਗਤਿ ਪਾਂਹਿ ॥ (ਮ : ੪/੧੪੨੪) ਭਾਵ ਹੇ ਹਰੀ  ! ਅਸਾਂ ਜੀਵਾਂ ਨੂੰ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਦੇਹ, ਤਾਂ ਕਿ ਅਸੀਂ ਵਿਕਾਰੀ ਜੀਵ ਭੀ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਸਕੀਏ।

(2) ਜਨੁ ਨਾਨਕੁ ਬੋਲੈ; ਅੰਮ੍ਰਿਤ ਬਾਣੀ ॥ ‘ਗੁਰਸਿਖਾਂ ਕੈ’ ਮਨਿ, ਪਿਆਰੀ ਭਾਣੀ ॥ (ਮ : ੪/੯੬) ਭਾਵ ਜੋ ਨਾਨਕ ਸਾਹਿਬ ਬੋਲਦੇ ਹਨ, ਗੁਰੂ ਦੇ ਸਿੱਖਾਂ ਦੇ ਮਨ ਵਿਚ ਉਹ ਬਾਣੀ ਪਿਆਰੀ ਤੇ ਚੰਗੀ ਲੱਗਦੀ ਹੈ।

(ਨੋਟ : ਉਪਰੋਕਤ ਦੋਵੇਂ ਤੁਕਾਂ ਵਿੱਚ ਬਹੁ ਵਚਨ ‘ਗੁਰਸਿਖਾਂ’ ਸ਼ਬਦ ਦੇ ਪਿੱਛੇ ਗੁਰਬਾਣੀ ਵਿੱਚ ਬਕਾਇਦਾ ਤੌਰ ’ਤੇ ‘ਕੰਨਾਂ ਬਿੰਦੀ ਸਮੇਤ’ ਹੈ।)

(3). ‘ਗੁਰਸਿਖਾਂ’ ਮਨਿ ਹਰਿ ਪ੍ਰੀਤਿ ਹੈ ; ਗੁਰੁ ਪੂਜਣ ਆਵਹਿ ॥ (ਮ : ੪/੫੯੦) ਭਾਵ ਗੁਰੂ ਦੇ (ਜਿਨ੍ਹਾਂ) ਸਿੱਖਾਂ ਦੇ ਮਨ ਵਿਚ ਹਰੀ ਦਾ ਪਿਆਰ ਹੁੰਦਾ ਹੈ (ਉਹ) ਆਪਣੇ ਸਤਿਗੁਰੂ ਦੀ ਸੇਵਾ ਕਰਨ ਆਉਂਦੇ ਹਨ।

(ਨੋਟ  : ਇਸ ਤੁਕ ਵਿੱਚ ‘ਗੁਰਸਿਖਾਂ’ ਬਹੁ ਵਚਨ ਸ਼ਬਦ ਦੇ ਪਿੱਛੇ ਭਾਵੇਂ ਪ੍ਰਤੱਖ ਤੌਰ ’ਤੇ ਕੋਈ ਸਬੰਧਕੀ ਸ਼ਬਦ ਨਹੀਂ ਹੈ ਪਰ ਸਬੰਧਕੀ ਅਰਥ ਨਿਕਲਣ ਸਦਕਾ ਇੱਥੇ ਵੀ ‘ਗੁਰਸਿਖਾਂ’ (ਕੰਨਾਂ ਬਿੰਦੀ ਸਹਿਤ) ਹੀ ਲਿਖਿਆ ਗਿਆ ਹੈ।)

ਉਕਤ ਤਿੰਨੇ ਉਦਾਹਰਨਾਂ ਤੋਂ ਸੇਧ ਲੈ ਕੇ ਹੇਠ ਲਿਖੀਆਂ ਤੁਕਾਂ ਵਿੱਚ ਵੀ ਬਿੰਦੀ ਸਹਿਤ ‘ਗੁਰਸਿਖਾਂ’ ਹੀ ਉਚਾਰਨ ਕਰਨਾ ਯੋਗ ਹੋਵੇਗਾ ਭਾਵੇਂ ਕਿ ‘ਗੁਰਸਿਖਾ’ ਸ਼ਬਦ ਦਾ ਕੰਨਾ ਬਿੰਦੀ ਰਹਿਤ ਹੀ ਹੈ।

(4). ਸਭ ਦੂ ਵਡੇ ਭਾਗ ‘ਗੁਰਸਿਖਾ ਕੇ’ ; ਜੋ ਗੁਰ ਚਰਣੀ ਸਿਖ ਪੜਤਿਆ ॥ (ਮ : ੪/੬੪੯) ਭਾਵ ਸਾਰਿਆਂ ਨਾਲੋਂ ਵੱਡੇ ਭਾਗ ਗੁਰੂ ਦੇ (ਉਨ੍ਹਾਂ) ਸਿੱਖਾਂ ਦੇ ਹਨ, ਜੋ ਗੁਰੂ ਦੇ ਪੈਰੀਂ ਪੈਂਦੇ ਹਨ ਭਾਵ ਗੁਰੂ ਦੀ ਓਟ ਲੈਂਦੇ ਹਨ।

(ਨੋਟ  : ਇਸ ਤੁਕ ਵਿੱਚ ‘ਗੁਰਸਿਖਾ’ ਦੇ ਪਿੱਛੇ ਸਬੰਧਕੀ ਸ਼ਬਦ ‘ਕੇ’ ਆਉਣ ਸਦਕਾ ਕੰਨਾ ਬਿੰਦੀ ਸਹਿਤ ਉਚਾਰਨ ਹੋਵੇਗਾ ਪਰ ਤੁਕ ਦੇ ਮਗਰਲੇ ਹਿੱਸੇ ਵਿੱਚ ‘ਸਿਖ’ ਸ਼ਬਦ ਭਾਵੇਂ ਬਹੁ ਵਚਨ (ਸਿੱਖਾਂ) ਲਈ ਹੀ ਵਰਤਿਆ ਗਿਆ ਹੈ ਪਰ ਇਸ ਪਿੱਛੇ ਨਾ ਕੋਈ ਸਬੰਧਕੀ ਸ਼ਬਦ ਵਰਤਿਆ ਗਿਆ ਹੈ ਅਤੇ ਨਾ ਹੀ ਲੁਪਤ ਤੌਰ ’ਤੇ ਸਬੰਧਕੀ ਅਰਥ ਨਿਕਲਦੇ ਹਨ ਇਸ ਲਈ ਇਸ ਸ਼ਬਦ ਨੂੰ ਕੰਨਾਂ ਬਿੰਦੀ ਲਾ ਕੇ ਬਹੁ ਵਚਨ ਬਣਾਉਣ ਦੀ ਲੋੜ ਨਹੀਂ ਪਈ ਇਸ ਸ਼ਬਦ ਦਾ ਅੰਤਲਾ ਅੱਖਰ ‘ਖ’ ਮੁਕਤਾ ਆਉਣਾ ਹੀ ਸ਼ਬਦ ਬਹੁ ਵਚਨ ਹੋਣ ਦਾ ਲਖਾਇਕ ਹੈ ਅਤੇ ਉਚਾਰਨ ਉਸੇ ਰੂਪ ਵਿੱਚ ਕੀਤਾ ਜਾਂਦਾ ਹੈ ਜਿਸ ਰੂਪ ਵਿੱਚ ਇੱਕ ਵਚਨ ਸ਼ਬਦ (ਭਾਵ ‘ਸਿਖੁ’ ਦਾ ਉਚਾਰਨ ਸਿਖ) ਦਾ ਉਚਾਰਨ ਕੀਤਾ ਜਾਂਦਾ ਹੈ।

(5). ‘ਗੁਰਸਿਖਾ ਕੈ’ ਮਨਿ ਭਾਵਦੀ ; ਗੁਰ ਸਤਿਗੁਰ ਕੀ ਵਡਿਆਈ ॥ (ਮ : ੪/੩੧੦) ਭਾਵ ਗੁਰਸਿੱਖਾਂ ਦੇ ਮਨ ਵਿਚ ਆਪਣੇ ਸਤਿਗੁਰੂ ਦੀ ਵਡਿਆਈ ਪਿਆਰੀ ਲੱਗਦੀ ਹੈ। (‘ਕੈ’ ਸਬੰਧਕੀ ਚਿਨ੍ਹ ਆਉਣ ਕਰ ਕੇ ਉਚਾਰਨ ‘ਕੰਨਾ ਬਿੰਦੀ ਸਹਿਤ’ ਲਾਜ਼ਮੀ ਹੈ ‘ਗੁਰਸਿੱਖਾਂ’)

(6). ‘ਗੁਰਸਿਖਾ’ ਮਨਿ, ਹਰਿ ਪ੍ਰੀਤਿ ਹੈ ; ਹਰਿ ਨਾਮ ਹਰਿ ਤੇਰੀ, ਰਾਮ ਰਾਜੇ ! ॥ (ਮ : ੪/੪੫੦) ਭਾਵ ਹੇ ਹਰੀ  ! ਗੁਰੂ ਦੇ ਸਿੱਖਾਂ ਦੇ ਮਨ ਵਿਚ ਤੇਰੀ ਪ੍ਰੀਤ ਬਣੀ ਰਹਿੰਦੀ ਹੈ, ਤੇਰੇ ਨਾਮ ਦਾ ਪਿਆਰ ਟਿਕਿਆ ਰਹਿੰਦਾ ਹੈ। (ਇਸ ਤੁਕ ਵਿੱਚ ਭਾਵੇਂ ਪ੍ਰਤੱਖ ਤੌਰ ’ਤੇ ਕੋਈ ਸਬੰਧਕੀ ਸ਼ਬਦ ਵਿਖਾਈ ਨਹੀਂ ਦਿੰਦਾ, ਪਰ ਲੁਪਤ ਤੌਰ ’ਤੇ ‘ਗੁਰਸਿੱਖਾਂ ਦੇ ਮਨ ਵਿੱਚ’ ਅਰਥ ਨਿਕਲਣ ਸਦਕਾ ‘ਕੰਨਾ ਬਿੰਦੀ ਸਹਿਤ’ ‘ਗੁਰਸਿੱਖਾਂ’ ਉਚਾਰਨ ਠੀਕ ਹੋਵੇਗਾ।)

(ਅ) ਅਧਿਕਰਣ ਕਾਰਕ  : ਚਿੰਨ੍ਹ ਹਨ – ਵਿਚਿ, ਅੰਦਰਿ, ਬਾਹਰਿ, ਉਪਰਿ, ਹੇਠਿ, ਉਤਾਹਿ, ਆਦਿ।

(1). ‘ਗੁਰਸਿਖਾਂ ਅੰਦਰਿ’ ਸਤਿਗੁਰੂ ਵਰਤੈ ; ਜੋ ‘ਸਿਖਾਂ ਨੋ’ ਲੋਚੈ, ਸੋ ਗੁਰ ਖੁਸੀ ਆਵੈ ॥ (ਮ : ੪/੩੧੭) ਭਾਵ ਗੁਰੂ ਦੇ ਸਿੱਖਾਂ ਦੇ ਦਿਲਾਂ ਅੰਦਰ ਸੱਚਾ ਗੁਰੂ ਵਿਆਪਕ ਹੈ, ਵੱਸਦਾ ਹੈ ਭਾਵ ਉਨ੍ਹਾਂ ਨੂੰ ਗੁਰੂ ਦੀ ਯਾਦ ਆਉਂਦੀ ਰਹਿੰਦੀ ਹੈ। ਉਹੀ ਗੁਰੂ ਨੂੰ ਪਸੰਦ ਹੈ, ਜੋ (ਅਜਿਹੇ) ਸਿੱਖਾਂ ਨੂੰ ਚਾਹੁੰਦਾ ਹੈ। (ਇਸ ਤੁਕ ਵਿੱਚ ਬਹੁ ਵਚਨ ਪੁਲਿੰਗ ਨਾਂਵ ਸ਼ਬਦ ‘ਗੁਰਸਿਖਾਂ ਅੰਦਰਿ’ ਅਧਿਕਰਣ ਕਾਰਕ ਅਤੇ ‘ਸਿਖਾਂ ਨੋ’ ਕਰਮ ਕਾਰਕ ਵਿੱਚ ਹੋਣ ਕਾਰਕ ਦੋਵੇਂ ਬਿੰਦੀ ਸਹਿਤ ਲਿਖੇ ਗਏ ਹਨ। ਇਨ੍ਹਾਂ ਤੋਂ ਸੇਧ ਲੈ ਕੇ ਹੇਠ ਲਿਖੀਆਂ ਤੁਕਾਂ ਵਿੱਚ ਬਿੰਦੀ ਸਹਿਤ ਉਚਾਰਨ ਕੀਤੇ ਜਾਣਾ ਹੀ ਠੀਕ ਹੋਵੇਗਾ।

(2). ‘ਗੁਰਸਿਖਾ ਅੰਦਰਿ’ ਸਤਿਗੁਰੁ ਵਰਤੈ ; ਚੁਣਿ ਕਢੇ, ਲਧੋਵਾਰੇ ॥ (ਮ : ੪/੩੧੨) ਭਾਵ ਗੁਰਸਿੱਖਾਂ ਦੇ ਹਿਰਦੇ ਵਿਚ ਸਤਿਗੁਰੂ ਵਸਦਾ ਹੈ, (ਇਸ ਕਰ ਕੇ ਸਿੱਖਾਂ ’ਚ ਰਲ਼ ਕੇ ਬੈਠੇ ਸਾਕਤ ਵੀ) ਪਰਖ ਕਰਦਿਆਂ ਚੁਣ ਕੇ ਵੱਖ ਕੱਢੇ ਜਾਂਦੇ ਹਨ। (ਬਿੰਦੀ ਸਹਿਤ ਉਚਾਰਨ ਹੋਵੇਗਾ ‘ਗੁਰਸਿੱਖਾਂ’)

(ੲ) ਕਰਮ ਕਾਰਕ : ਚਿੰਨ੍ਹ ਹਨ- ਨੋ, ਨਉ ।

(1). ‘ਗੁਰਸਿਖਾ ਨੋ’ ਸਾਬਾਸਿ ਹੈ ; ਹਰਿ ਤੁਠਾ, ਮੇਲਿ ਮਿਲਾਇ ॥ (ਮ : ੪/੧੪੨੪) ਭਾਵ ਗੁਰਸਿੱਖਾਂ ਨੂੰ (ਲੋਕ ਪਰਲੋਕ ਵਿਚ) ਆਦਰ-ਸਤਕਾਰ ਮਿਲਦਾ ਹੈ, ਪ੍ਰਭੂ ਉਹਨਾਂ ਉੱਤੇ ਪ੍ਰਸੰਨ ਹੋ ਕੇ (ਉਹਨਾਂ ਨੂੰ ਆਪਣੇ ਨਾਲ) ਮਿਲਾ ਲੈਂਦਾ ਹੈ। (ਇਸ ਤੁਕ ਵਿੱਚ ‘ਗੁਰਸਿਖਾ’ ਸੰਪਰਦਾਨ ਕਾਰਕ ਦਾ ਚਿੰਨ੍ਹ ‘ਨੋ’ ਆਉਣ ਸਦਕਾ ਕੰਨਾ ਬਿੰਦੀ ਸਹਿਤ ‘ਗੁਰਸਿਖਾਂ’ ਉਚਾਰਨ ਸਹੀ ਹੋਵੇਗਾ।)

(ਸ) ਕਰਤਾ ਕਾਰਕ : ਚਿੰਨ੍ਹ ਹੈ- ਨੇ

(1). ਏਹ ਮੁਦਾਵਣੀ ‘ਸਤਿਗੁਰੂ’ ਪਾਈ ; ‘ਗੁਰਸਿਖਾ’ ਲਧੀ ਭਾਲਿ ॥ (ਮ : ੩/੬੪੫) ਭਾਵ ਇਸ ਰੂਹਾਨੀਅਤ ਖ਼ੁਰਾਕ (ਦੀ ਦੱਸ) ਗੁਰੂ ਨੇ ਪਾਈ ਹੈ, ਗੁਰਸਿੱਖਾਂ ਨੇ ਖੋਜ ਕੇ ਪ੍ਰਾਪਤ ਕਰ ਲਈ। (ਬਿੰਦੀ ਸਹਿਤ ਉਚਾਰਨ ਹੋਵੇਗਾ= ਗੁਰਸਿੱਖਾਂ)

(2). ਸਤਿਗੁਰੁ ਪੁਰਖੁ ਜਿ ਬੋਲਿਆ; ‘ਗੁਰਸਿਖਾ’, ਮੰਨਿ ਲਈ ਰਜਾਇ ਜੀਉ ॥ (ਬਾਬਾ ਸੁੰਦਰ ਜੀ/੯੨੪) ਭਾਵ ਜਿਸ ਤਰ੍ਹਾਂ ਕਰਤਾਰ ਦੇ ਰੂਪ ਸੱਚੇ ਪਾਤਿਸ਼ਾਹ (ਗੁਰੂ ਅਮਰਦਾਸ ਜੀ ਨੇ) ਬਚਨ ਕੀਤਾ (ਕਿ ਸਾਰੇ ਗੁਰੂ ਰਾਮਦਾਸ ਜੀ ਦੇ ਚਰਨੀਂ ਲੱਗਣ, ਤਾਂ) ਗੁਰਸਿੱਖਾਂ ਨੇ (ਗੁਰੂ ਅਮਰਦਾਸ ਜੀ ਦਾ) ਹੁਕਮ ਮੰਨ ਲਿਆ। (ਬਿੰਦੀ ਸਹਿਤ ਉਚਾਰਨ ਹੋਵੇਗਾ= ਗੁਰਸਿੱਖਾਂ)

(ਹ) ਅਪਾਦਾਨ ਕਾਰਕ : ਚਿੰਨ੍ਹ ਹਨ-ਤੋਂ ਪਾਸੋਂ, ਪਾਸਹੁ।

(1). ਵਿਣੁ ਸਤਿਗੁਰ ਕੇ ਹੁਕਮੈ, ਜਿ ‘ਗੁਰਸਿਖਾਂ ਪਾਸਹੁ’ ਕੰਮੁ ਕਰਾਇਆ ਲੋੜੇ ; ਤਿਸੁ ਗੁਰਸਿਖੁ ਫਿਰਿ ਨੇੜਿ ਨ ਆਵੈ ॥ (ਮ : ੪/੩੧੭) ਭਾਵ ਜੋ (ਵਿਅਕਤੀ) ਸਤਿਗੁਰੂ ਦੇ ਹੁਕਮ ਤੋਂ ਬਿਨਾਂ ਗੁਰੂ ਦੇ ਸਿੱਖਾਂ ਪਾਸੋਂ ਗੁਰਮਤਿ ਦੇ ਵਿਰੁੱਧ ਕੋਈ ਹੋਰ ਕੰਮ ਕਰਾਉਣਾ ਚਾਹੁੰਦਾ ਹੋਵੇ; ਫਿਰ ਉਸ ਦੇ ਨੇੜੇ ਗੁਰਸਿੱਖ ਕਦੀ ਨਹੀਂ ਜਾਂਦਾ। (ਇਸ ਤੁਕ ਵਿੱਚ ‘ਗੁਰਸਿਖਾਂ’ ਬਿੰਦੀ ਸਹਿਤ ਲਿਖਿਆ ਹੋਇਆ ਹੈ।)

(2). ਤਿਨਾ ‘ਗੁਰਸਿਖਾ ਕੰਉ’ ਹਉ ਵਾਰਿਆ ; ਜੋ ਬਹਦਿਆ ਉਠਦਿਆ ਹਰਿ ਨਾਮੁ ਧਿਆਵਹਿ ॥ (ਮ : ੪/੫੯੦) ਭਾਵ ਗੁਰੂ ਦੇ ਉਨ੍ਹਾਂ ਸਿੱਖਾਂ ਤੋਂ ਮੈਂ ਸਦਕੇ ਜਾਂਦਾ ਹਾਂ ਜੋ ਬਹਦਿਆਂ ਉਠਦਿਆਂ (ਭਾਵ ਹਰ ਵੇਲੇ) ਹਰੀ ਦਾ ਨਾਮ ਸਿਮਰਦੇ ਹਨ । (ਇਸ ਤੁਕ ਨੰ. 2 ਵਿੱਚ ‘ਗੁਰਸਿਖਾ’ ਸ਼ਬਦ ਬਿਨਾਂ ਬਿੰਦੀ ਤੋਂ ਦਰਜ ਹੈ, ਪਰ ਤੁਕ ਨੰ : 1 ਤੋਂ ਸੇਧ ਲੈ ਕੇ ਇੱਥੇ ਵੀ ਬਿੰਦੀ ਲਾਉਣੀ ਯੋਗ ਹੈ ‘ਗੁਰਸਿਖਾਂ ਕੰਉ’)

(ਨੋਟ : ਇਸ ਉਕਤ ਤੁਕ ਵਿੱਚ ਦਰਜ ‘ਕੰਉ’ ਸ਼ਬਦ ਦੇ ‘ਕੰ’ ਉੱਤੇ ਟਿੱਪੀ ਹੈ, ਹੋ ਸਕਦਾ ਹੈ ਕਿ ਇਹ ‘ਗੁਰਸਿਖਾੰ’ ਵਾਙ ਹੱਥ ਲਿਖਤ ਬੀੜਾਂ ਵਿੱਚ ਕੰਨੇ ਉੱਤੇ ਹੋਵੇ ਕਿਉਂਕਿ ‘ਕੰਉ’ ਸ਼ਬਦ ’ਚ ਨਾਸਿਕੀ ਧੁਨੀ ਦੀ ਜ਼ਰੂਰਤ ਨਹੀਂ ਹੁੰਦੀ। ਵੈਸੇ ਗੁਰਬਾਣੀ ਵਿੱਚ ‘ਕਉ’ 1607 ਵਾਰ ਅਤੇ ‘ਕੰਉ’ 21 ਵਾਰ ਦਰਜ ਹੈ।)

(ਕ) ਕਰਨ ਕਾਰਕ  : ਚਿਨ੍ਹ ਹੈ- ਨੂੰ

(1). ਮੈ ਬਧੀ, ਸਚੁ ਧਰਮ ਸਾਲ ਹੈ ॥ ‘ਗੁਰਸਿਖਾ’ ਲਹਦਾ ਭਾਲਿ ਕੈ ॥ (ਮ : ੫/੭੩) ਗੁਰੂ ਦੇ ਸਿੱਖਾਂ ਨੂੰ ਲੱਭ ਕੇ (ਮੈਂ ਉਨ੍ਹਾਂ ਨੂੰ) ਮਿਲਦਾ ਹਾਂ। (ਇਸ ਤੁਕ ਵਿੱਚ ਲੁਪਤ ਤੌਰ ’ਤੇ ‘ਨੂੰ’ (ਕਰਮ ਕਾਰਕ) ਅਰਥ ਨਿਕਲਣ ਸਦਕਾ ‘ਗੁਰਸਿੱਖਾਂ’ ਅੰਤ ਕੰਨਾ ਬਿੰਦੀ ਸਹਿਤ ਉਚਾਰਨ ਹੋਵੇਗਾ।)

ਹੁਣ ਤੱਕ ਉਨ੍ਹਾਂ ਸ਼ਬਦਾਂ ਦੀ ਵੀਚਾਰ ਕੀਤੀ ਗਈ ਜਿਨ੍ਹਾਂ ਦਾ ਅੰਤ ਕੰਨਾ ਬਿੰਦੀ ਸਹਿਤ ਉਚਾਰਿਆ ਜਾਣਾ ਜਰੂਰੀ ਹੈ। ਇਸ ਤੋਂ ਇਹ ਭਾਵ ਵੀ ਨਹੀਂ ਹੈ ਕਿ ਬਿਨਾਂ ਸੋਚੇ ਸਮਝੇ ਹਰ ਥਾਂ ਹੀ ਅੰਤ ਕੰਨਾ ਵਾਲੇ ਸਾਰੇ ਸ਼ਬਦ ਬਿੰਦੀ ਸਹਿਤ ਉਚਾਰ ਲਏ ਜਾਣੇ ਚਾਹੀਦੇ ਹਨ, ਇਸ ਲਈ ਹੇਠ ਲਿਖੇ ਪਾਵਨ ਵਾਕਾਂ (ਤੇ ਨਿਯਮ) ਮੁਤਾਬਕ ਅੰਤਲਾ ਕੰਨਾ ਬਿੰਦੀ ਸਹਿਤ ਉਚਾਰਿਆ ਜਾਣਾ ਗ਼ਲਤ ਹੋਵੇਗਾ  :

(ਖ) ਸੰਬੋਧਨ ਕਾਰਕ  : ਚਿਨ੍ਹ ਹਨ- ਹੇ  ! , ਰੇ ! , ਰੀ !, ਆਦਿ।

ਕਈ ਵਾਰ ਪੰਕਤੀ ਦੇ ਕਾਵਿ ਤੋਲ ਕਾਰਨ ਇੱਕ ਵਚਨ ਨਾਂਵ ਸ਼ਬਦ ਵੀ ਕੰਨਾ ਸਹਿਤ ਆ ਜਾਂਦੇ ਹਨ, ਇਸ ਲਈ ਇਨ੍ਹਾਂ ਨੂੰ ਭੁਲੇਖੇ ਨਾਲ ਬਹੁ ਵਚਨ ਨਾਂਵ ਸਮਝ ਕੇ ਬਿੰਦੀ ਨਹੀਂ ਲਗਾਉਣਾ ਭਾਵ ਇਹ ਸੰਬੋਧਨ ਕਾਰਕ ਵਿੱਚ ਹੋ ਸਕਦੇ ਹਨ। ਜਦੋਂ ਕੰਨਾਂ ਸਹਿਤ ਨਾਂਵ ਸੰਬੋਧਨ ਕਾਰਕ ਵਿੱਚ ਹੋਣ (ਭਾਵ ਹੇ ਪੰਡਿਤਾ  !, ਹੇ ਗੁਰਾ  !, ਹੇ ਮਨਾ  ! , ਆਦਿ) ਤਾਂ ਇਹ ਹਮੇਸ਼ਾਂ ਬਿਨਾਂ ਬਿੰਦੀ ਹੀ ਉਚਾਰੇ ਜਾਣਗੇ, ਇਨ੍ਹਾਂ ਦਾ ਬਿੰਦੀ ਸਮੇਤ ਉਚਾਰਨਾ ਗ਼ਲਤ ਹੋਵੇਗਾ; ਜਿਵੇਂ ਕਿ  :

(1) ‘ਸੁਆਮੀ ਪੰਡਿਤਾ’  ! ਤੁਮ੍ ਦੇਹੁ ਮਤੀ ॥ ਕਿਨ ਬਿਧਿ ਪਾਵਉ, ਪ੍ਰਾਨਪਤੀ  ? ॥ (ਮ : ੧/੧੧੭੧)

(2) ‘ਮੇਰੇ ਪ੍ਰੀਤਮਾ’  ! ਮੈ, ਤੁਝ ਬਿਨੁ ਅਵਰੁ ਨ ਕੋਇ ॥ (ਮ : ੧/੬੧) ਭਾਵ ਹੇ ਮੇਰੇ ਪ੍ਰੀਤਮ-ਪ੍ਰਭੂ  ! ਮੇਰਾ ਤੇਰੇ ਤੋਂ ਬਿਨਾਂ ਹੋਰ ਕੋਈ (ਸਹਾਰਾ) ਨਹੀਂ।

(3) ‘ਮੇਰੇ ਸਾਹਿਬਾ’  ! ਕਉਣੁ ਜਾਣੈ ਗੁਣ ਤੇਰੇ ? ॥ (ਮ : ੧/੧੫੬) ਭਾਵ ਹੇ ਮੇਰੇ ਮਾਲਕ  ! ਤੇਰੇ ਸਾਰੇ ਗੁਣਾਂ ਨੂੰ ਕੌਣ ਜਾਣ ਸਕਦਾ ਹੈ ? ਭਾਵ ਕੋਈ ਵੀ ਨਹੀਂ ਜਾਣ ਸਕਦਾ।

(4). ‘ਗੁਰਾ’  ! ਇਕ ਦੇਹਿ ਬੁਝਾਈ ॥ (ਜਪੁ)

ਉਕਤ ਚਾਰੇ ਤੁਕਾਂ ਵਿੱਚ ਕਰਮਵਾਰ ‘ਪੰਡਿਤਾ !, ਪ੍ਰੀਤਮਾ, ਸਾਹਿਬਾ, ਗੁਰਾ’ ਸੰਬੋਧਨ ਵਿੱਚ ਹੋਣ ਕਾਰਨ ਬਿੰਦੀ ਰਹਿਤ ਉਚਾਰਨੇ ਚਾਹੀਦੇ ਹਨ।

ਬਿੰਦੀ ਰਹਿਤ ਉਚਾਰੇ ਜਾਣ ਵਾਲੇ ਕੰਨਾ ਅੰਤ ਨਾਂਵ ਸ਼ਬਦਾਂ ਨੂੰ ਹਮੇਸ਼ਾਂ ਸੰਬੋਧਨ ਵਿੱਚ ਵੀ ਨਾ ਸਮਝ ਲਿਆ ਜਾਵੇ; ਕੁਝ ਐਸੇ ਸ਼ਬਦ ਵੀ ਹੁੰਦੇ ਹਨ ਜੋ ਪ੍ਰਸੰਗ ਅਨੁਸਾਰ ਹਰ ਕੇਸ ਵਿੱਚ ਵੱਖੋ ਵੱਖਰੇ ਅਰਥ ਦਿੰਦੇ ਹਨ। ਉਨ੍ਹਾਂ ਦਾ ਉਚਾਰਨ ਵਰਤੀ ਗਈ ਤੁਕ ਵਿੱਚ ਪ੍ਰਸੰਗ ਅਨੁਸਾਰ ਵੱਖੋ ਵੱਖਰਾ ਹੋ ਸਕਦਾ ਹੈ; ਜਿਵੇਂ ਕਿ

ਗੋਵਿੰਦਾ ਜਾਂ ਗੋਬਿੰਦਾ

(5) ‘ਮੇਰੇ ਗੋਵਿੰਦਾ’  ! ਗੁਣ ਗਾਵਾ, ਤ੍ਰਿਪਤਿ ਮਨਿ ਹੋਇ ॥ (ਮ : ੪/੪੦) ਭਾਵ ਹੇ ਮੇਰੇ ਗੋਬਿੰਦ  ! ਮੈਂ ਤੇਰੇ ਗੁਣ ਗਾਉਂਦਾ ਰਹਾਂ (ਤੇਰੇ ਗੁਣ ਗਾਉਂਦਿਆਂ ਹੀ) ਮਨ ਵਿਚ (ਮਾਇਆ ਵਾਲੀ ਤ੍ਰਿਸ਼ਨਾ ਤੋਂ ਖ਼ਲਾਸੀ ਹੋ ਕੇ) ਤ੍ਰਿਪਤੀ ਹੋ ਜਾਂਦੀ ਹੈ। (ਇਸ ਤੁਕ ਵਿੱਚ ‘ਗੋਵਿੰਦਾ’ ਸੰਬੋਧਨ ਕਾਰਕ ਵਿੱਚ ਹੈ, ਇਸ ਲਈ ਬਿਨਾਂ ਬਿੰਦੀ ਤੋਂ ਉਚਾਰਨ ਹੋਵੇਗਾ। ਧਿਆਨ ਰਹੇ ਕਿ ਸਾਰੇ ਕੰਨਾ ਅੰਤ ਸੰਬੋਧਨ ਵਾਲੇ ਸ਼ਬਦਾਂ ਤੋਂ ਬਾਅਦ ਗੁਰਬਾਣੀ ਉਚਾਰਨ ਵਿੱਚ ਥੋੜ੍ਹਾ ਵਿਸਰਾਮ ਦੇਣ ਦੀ ਜ਼ਰੂਰਤ ਹੁੰਦੀ ਹੈ।)

(6) ਮੇਰੀ ਜਿਹਬਾ ਬਿਸਨੁ, ਨੈਨ ਨਾਰਾਇਨ ; ਹਿਰਦੈ ਬਸਹਿ ‘ਗੋਬਿੰਦਾ’ ॥ ਜਮ ਦੁਆਰ ਜਬ ਪੂਛਸਿ ਬਵਰੇ  ! ਤਬ ਕਿਆ ਕਹਸਿ ‘ਮੁਕੰਦਾ’ ॥ (ਭਗਤ ਕਬੀਰ/੪੮੨) ਭਾਵ ਮੇਰੀ ਜੀਭ ਉੱਤੇ ਬਿਸ਼ਨ ਪ੍ਰਭੂ ਜੀ, ਮੇਰੀਆਂ ਅੱਖਾਂ ਵਿਚ ਨਾਰਾਇਨ ਤੇ ਮੇਰੇ ਦਿਲ ਵਿਚ ਗੋਬਿੰਦ ਜੀ ਵੱਸਦੇ ਹਨ। (ਇਸ ਤੁਕ ਵਿੱਚ ‘ਗੋਬਿੰਦਾ’ ਇੱਕ ਬਚਨ ਸਾਧਾਰਨ ਵਰਤਮਾਨ ਕਾਲ ਕਰਤਾ ਕਾਰਕ ਵਿੱਚ ਹੈ, ਜਿਸ ਦੇ ਅੰਤ ’ਚ ਕੰਨਾ ਅਗਲੀ ਤੁਕ ਦੇ ਅਖ਼ੀਰ ’ਚ ਦਰਜ ‘ਮੁਕੰਦਾ’ ਸ਼ਬਦ ਕਾਰਨ ਕਾਵਿ ਤੋਲ (ਤੁਕਾਂਤ ਮੇਲ਼) ਨੂੰ ਪੂਰਾ ਕਰਨ ਲਈ ਆਇਆ ਹੈ, ਨਾ ਕਿ ਸੰਬੋਧਨ ਰੂਪ, ਇਸ ਲਈ ਇਸ ਦਾ ਉਚਾਰਨ ਬਿੰਦੀ ਤੋਂ ਬਿਨਾਂ ਹੀ ਕਰਨਾ ਯੋਗ ਹੈ।)

(7). ਜੋਗ ਬਿਨੋਦ; ਸ੍ਵਾਦ ‘ਆਨੰਦਾ’ ॥ ਮਤਿ, ਸਤ ਭਾਇ; ਭਗਤਿ ‘ਗੋਬਿੰਦਾ’ ॥ (ਮ : ੧/੧੩੩੧) ਭਾਵ (ਪ੍ਰਭੂ-ਚਰਨਾਂ ਦੇ) ਸੱਚੇ ਪ੍ਰੇਮ ਦੀ ਬਰਕਤ ਨਾਲ ਮੇਰੀ ਮੱਤ ਵਿੱਚ ਗੋਬਿੰਦ ਦੀ ਭਗਤੀ ਟਿਕ ਗਈ ਹੈ। (ਇਸ ਤੁਕ ਵਿੱਚ ‘ਗੋਬਿੰਦਾ’ ਦਾ ਅੰਤ ਕੰਨਾ, ਪਹਿਲੀ ਤੁਕ ਦੇ ਅੰਤ ’ਚ ਦਰਜ ‘ਆਨੰਦਾ’ ਸ਼ਬਦ ਦੇ ਅੰਤ ਕੰਨਾ ਦੇ ਕਾਵਿ ਤੋਲ ਕਾਰਨ ਹੈ, ਇਸ ਲਈ ਬਿਨਾਂ ਬਿੰਦੀ ਉਚਾਰਨ ‘ਗੋਬਿੰਦਾ’ ਕੀਤਾ ਜਾਣਾ ਠੀਕ ਹੋਵੇਗਾ।)

ਸਤਿਗੁਰਾ

(8) ‘ਮੇਰੇ ਸਤਿਗੁਰਾ’  ! ਹਉ ਤੁਧੁ ਵਿਟਹੁ ਕੁਰਬਾਣੁ ॥ (ਮ : ੫/੫੨) ਭਾਵ ਹੇ ਮੇਰੇ ਸਤਿਗੁਰੂ  ! ਮੈਂ ਤੈਥੋਂ ਕੁਰਬਾਨ ਜਾਂਦਾ ਹਾਂ।

(ਨੋਟ : ਉਕਤ ਕੀਤੀ ਗਈ ਅੰਤ ਕੰਨਾ ਸੰਬੋਧਨ ਸ਼ਬਦਾਂ ਵਾਙ ਇਸ ਤੁਕ ਵਿੱਚ ‘ਸਤਿਗੁਰਾ’ ਸ਼ਬਦ ਸੰਬੋਧਨ ਕਾਰਕ ਵਿੱਚ ਹੋਣ ਕਰ ਕੇ ਬਿੰਦੀ ਤੋਂ ਬਿਨਾਂ ਉਚਾਰਨ ਹੋਵੇਗਾ, ਪਰ।)

(9). ਰਾਮ ਨਾਮ ਗੁਨ ਗਾਵਹੁ ਹਰਿ ਪ੍ਰੀਤਮ ; ਉਪਦੇਸਿ ਗੁਰੂ ਗੁਰ ‘ਸਤਿਗੁਰਾ’ ; ਸੁਖੁ ਹੋਤੁ, ਹਰਿ ਹਰੇ ਹਰਿ ਹਰੇ, ਹਰੇ ਭਜੁ ; ਰਾਮ ਰਾਮ ਰਾਮ ॥ (ਮ : ੪/੧੨੯੭) ਭਾਵ ਗੁਰੂ ਸਤਿਗੁਰ ਦੇ ਉਪਦੇਸ਼ ਦੀ ਰਾਹੀਂ, ਹਰੀ ਪ੍ਰੀਤਮ ਦੇ ਨਾਮ ਦੇ ਗੁਣ ਗਾਂਦਾ ਰਹੁ, ਰਾਮ ਨਾਮ ਦਾ ਭਜਨ ਕਰਦਾ ਰਹੁ, ਹਰਿ-ਨਾਮ ਜਪਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ।

(ਨੋਟ : ਇਸ ਤੁਕ ਵਿੱਚ ‘ਸਤਿਗੁਰਾ’ ਸੰਬੋਧਨ ਵਿੱਚ ਨਹੀਂ ਬਲਕਿ ਇੱਕ ਵਚਨ ਸਬੰਧਕੀ ਕਾਰਕ ਹੈ; ਇਸ ਹਾਲਤ ’ਚ ਵੀ ਉਚਾਰਨ ਬਿੰਦੀ ਤੋਂ ਬਿਨਾਂ ਹੀ ਹੋਵੇਗਾ। ਧਿਆਨ ਰਹੇ ਕਿ ਉਕਤ ਕੀਤੀ ਗਈ ‘ਗੁਰਸਿਖਾ’ ਸ਼ਬਦ ਦੀ ਵਿਚਾਰ, ਜਿੱਥੇ ਸੰਬੰਧਕੀ ਚਿੰਨ੍ਹ ਆਉਣ ਨਾਲ ‘ਗੁਰਸਿਖਾ’ ਸ਼ਬਦ ਵੀ ਬਿੰਦੀ ਸਮੇਤ ‘ਗੁਰਸਿਖਾਂ’ ਉਚਾਰਨਾ ਹੈ ਕਿਉਂਕਿ ‘ਗੁਰਸਿਖਾ’ ਸ਼ਬਦ ਬਹੁ ਵਚਨ ਸੀ, ਪਰ ਇੱਥੇ ‘ਸਤਿਗੁਰਾ’ ਇੱਕ ਵਚਨ ਹੈ ਭਾਵੇਂ ਨਾਲ ਲੁਪਤ ਸੰਬੰਧਕੀ ਚਿੰਨ੍ਹ ਵੀ ਹੈ ਭਾਵ ‘ਗੁਰੂ ਗੁਰ ਸਤਿਗੁਰਾ ਦੇ ਉਪਦੇਸ਼ ਨਾਲ’, ਇਸ ਲਈ ਲੁਪਤ ਸਬੰਧਕੀ (ਦੇ) ਮਿਲਣ ਦੇ ਬਾਵਜੂਦ ਵੀ (ਗੁਰਸਿਖਾਂ ਵਾਙ) ਅੰਤ ਬਿੰਦੀ ਨਹੀਂ ਆਏਗੀ।)

ਕਾਗਾ

(10). ਉਡਹੁ ਨ, ‘ਕਾਗਾ’ ਕਾਰੇ ! ॥ ਬੇਗਿ ਮਿਲੀਜੈ ; ਅਪੁਨੇ ਰਾਮ ਪਿਆਰੇ ॥ (ਭਗਤ ਕਬੀਰ/੩੩੮) ਭਾਵ ਹੇ ਕਾਲੇ ਕਾਂ ! ਉੱਡ ਨਾ ਭਾਵ ਜਲਦੀ ਉੱਡ ਜਾਹ, ਤਾਂ ਜੋ ਮੈਂ ਛੇਤੀ ਆਪਣੇ ਪਿਆਰੇ ਨੂੰ ਮਿਲ ਸਕਾਂ। (ਧਿਆਨ ਰਹੇ ਕਿ ਕੰਧ ’ਤੇ ਬੈਠਾ ਕਾਂ ਕਿਸੇ ਦੇ ਆਉਣ ਦਾ ਪ੍ਰਤੀਕ ਹੁੰਦਾ ਹੈ, ਅਗਰ ਉੱਡ ਜਾਏ ਤਾਂ ਸਮਝੋ ਉਹ ਜਲਦੀ ਆਉਣ ਵਾਲਾ ਹੈ, ਇਸ ਲਈ ਪਿਆਰ ਨਾਲ ਕਿਹਾ ਗਿਆ ਹੈ ਕਿ ਉੱਡ ਨ, ਉੱਡ ਨਾ।)

(ਨੋਟ : ਇਸ ਤੁਕ ਵਿੱਚ ‘ਕਾਗਾ’ ਸ਼ਬਦ ਸੰਬੋਧਨ ਵਿੱਚ ਹੈ, ਜੋ ਬਿਨਾਂ ਬਿੰਦੀ ਤੋਂ ਉਚਾਰਨ ਹੋਵੇਗਾ, ਪਰ।)

(11). ‘ਕਾਗਾ’ ਕਰੰਗ ਢਢੋਲਿਆ ; ਸਗਲਾ ਖਾਇਆ ਮਾਸੁ ॥ ਏ ਦੁਇ ਨੈਨਾ ਮਤਿ ਛੁਹਉ; ਪਿਰ ਦੇਖਨ ਕੀ ਆਸ ॥ (ਬਾਬਾ ਫਰੀਦ ਜੀ/੧੩੮੨) ਭਾਵ (ਵਿਕਾਰ ਰੂਪ) ਕਾਵਾਂ ਨੇ ਸਾਰਾ ਪਿੰਜਰ (ਸਰੀਰ) ਫਰੋਲ਼ ਮਾਰਿਆ ਤੇ ਸਾਰਾ ਮਾਸ (ਅੰਦਰੂਨੀ ਗੁਣਾਂ ਦਾ ਸੰਗ੍ਰਹਿ) ਖਾ ਲਿਆ ਹੈ। ਇਸ ਲਈ ਵਿਕਾਰਾਂ ਅੱਗੇ ਬੇਨਤੀ ਹੈ ਕਿ ਇਹ (ਅੰਦਰੂਨੀ) ਦੋਵੇਂ ਅੱਖਾਂ (ਬਿਰਹਾ, ਦਿਲੀ ਤਮੰਨਾ) ਨੂੰ ਖਾਣ ਲਈ ਨਾ ਪਕੜੋ ਕਿਉਂਕਿ ਪਿਆਰੇ ਨੂੰ ਮਿਲਣ ਦੀ ਚਾਹ ਹੈ। (ਇਸ ਤੁਕ ਵਿੱਚ ‘ਕਾਗਾ’ ਬਹੁ ਵਚਨ ਹੈ, ਇਸ ਲਈ ਇਸ ਦਾ ਉਚਾਰਨ ਉਕਤ ਕੀਤੀ ਗਈ ‘ਗੁਰਸਿਖਾਂ’ ਸ਼ਬਦ ਦੀ ਵਿਚਾਰ ਵਾਙ ‘ਕਾਗਾਂ’ ਹੋਵੇਗਾ ਤੇ ਅਰਥ ਹਨ, ‘ਕਾਗਾਂ ਨੇ’ ਕਰਤਾ ਕਾਰਕ ਬਹੁ ਵਚਨ।)

ਲੋਕਾ

(12). ‘ਲੋਕਾ’  ! ਮਤ ਕੋ ਫਕੜਿ ਪਾਇ ॥ (ਮ : ੧/੩੫੮) ਭਾਵ ਹੇ ਲੋਕੋ  ! ਮੇਰੀ ਗੱਲ ਦਾ ਮਖ਼ੌਲ ਨਾ ਉਡਾਓ। (ਇਸ ਤੁਕ ਵਿੱਚ ‘ਲੋਕਾ’ ਸੰਬੋਧਨ ਕਾਰਕ ‘ਇੱਕ ਵਚਨ) ਹੈ, ਇਸ ਲਈ ਉਚਾਰਨ ਹੋਏਗਾ, ਬਿਨਾਂ ਬਿੰਦੀ ‘ਲੋਕਾ’।)

(13). ਤਿਹੁ ‘ਲੋਕਾ ਮਹਿ’ ਸਬਦੁ ਰਵਿਆ ਹੈ ; ਆਪੁ ਗਇਆ, ਮਨੁ ਮਾਨਿਆ ॥ (ਮ : ੧/੩੫੧) ਭਾਵ ਉਸ ਦਾ ਨਾਮ (ਜੋਤ, ਸ਼ਕਤੀ) ਤਿੰਨਾਂ ਜਹਾਨਾਂ ਅੰਦਰ ਵਿਆਪਕ ਹੈ। (ਇਤਨੀ ਸ਼ਕਤੀ ਅਨੁਭਵ ਕਰਨ ਉਪਰੰਤ ਮੇਰੀ ਹੰਗਤਾ, ਅਹੰਤਾ, ਖ਼ੁਦੀ ਤੁੱਛ ਜਾਪੀ, ਜਿਸ ਕਾਰਨ) ਮੇਰੇ ਅੰਦਰੋਂ ਆਪਾ-ਭਾਵ ਦੂਰ ਹੋ ਗਿਆ, ਮੇਰਾ ਮਨ ਉਸ ਪ੍ਰਭੂ-ਪਤੀ ਦੀ ਯਾਦ ਵਿਚ ਗਿੱਝ ਗਿਆ (ਇੱਥੇ ‘ਲੋਕਾ’ ਨਾਲ ਸੰਬੰਧਕੀ ‘ਮਹਿ’ ਹੋਣ ਕਾਰਨ ਉਚਾਰਨ ਹੋਏਗਾ, ‘ਲੋਕਾਂ’ ਬਹੁ ਵਚਨ, ਅਧਿਕਰਣ ਕਾਰਕ)।

(14). ‘ਲੋਕਾ ਵਿਚਿ’ ਮੁਹੁ ਕਾਲਾ ਹੋਆ ; ਅੰਦਰਿ ਉਭੇ ਸਾਸ ॥ (ਮ : ੩/੬੪੩) ਭਾਵ ਸੰਸਾਰ ਦੇ ਲੋਕਾਂ ਵਿਚ ਭੀ ਉਹਨਾਂ ਦਾ ਮੂੰਹ ਕਾਲਾ ਹੋਇਆ (ਭਾਵ ਸ਼ਰਮਿੰਦੇ ਹੋਏ) ਤੇ ਹਾਹੁਕੇ ਲੈਂਦੇ ਹਨ। (ਇੱਥੇ ਵੀ ਨੰ : 12 ਵਾਙ ਬਿੰਦੀ ਸਹਿਤ ਉਚਾਰਨ ‘ਲੋਕਾਂ ਹੋਵੇਗਾ, ਪਰ)।

(15). ‘ਲੋਕਾ’ ਨ ਸਾਲਾਹਿ, ਜੋ ਮਰਿ ਖਾਕੁ ਥੀਈ ॥ (ਮ : ੩/੭੫੫) ਭਾਵ ਤੂੰ ਲੋਕਾਂ ਨੂੰ ਹੀ ਨਾ ਵਡਿਆਉਂਦਾ ਫਿਰ, ਜੋ ਮਰ ਕੇ ਮਿੱਟੀ ਹੋ ਜਾਣਗੇ। (ਇਸ ਤੁਕ ਵਿੱਚ ‘ਲੋਕਾ’ (ਕਰਮ ਕਾਰਕ) ਸ਼ਬਦ ਹੈ, ਜਿਸ ਨਾਲ਼ ਲੁਪਤ ‘ਨੂੰ’ ਭਾਵ ‘ਲੋਕਾਂ ਨੂੰ’ ਅਰਥ ਮਿਲਦਾ ਹੈ, ਇਸ ਲਈ ਇਸ ‘ਲੋਕਾ’ ਦਾ ਉਚਾਰਨ ਵੀ ਉਕਤ ਨੰਬਰ 12, 13 ਪੰਕਤੀਆਂ ’ਚ ਦਰਜ ‘ਲੋਕਾਂ ਮਹਿ’ ਵਾਙ ‘ਲੋਕਾਂ’ ਕੰਨਾਂ ਬਿੰਦੀ ਸਹਿਤ ਹੀ ਹੋਵੇਗਾ।)

(16). ਅੰਭੈ ਸੇਤੀ, ਅੰਭੁ ਰਲਿਆ; ਬਹੁੜਿ ਨ ਨਿਕਸਿਆ ਜਾਇ ॥ ਨਾਨਕ  ! ਗੁਰਮੁਖਿ ਚਲਤੁ ਹੈ ; ਵੇਖਹੁ ਲੋਕਾ  ! ਆਇ ॥ (ਮ : ੩/੯੪੭) ਭਾਵ ਹੇ ਨਾਨਕ  ! ਆਖ, ਕਿ ਜਿਵੇਂ ਪਾਣੀ ਵਿਚ ਪਾਣੀ ਮਿਲ ਕੇ ਵੱਖਰਾ ਨਹੀਂ ਹੋ ਸਕਦਾ, ਇਸੇ ਤਰ੍ਹਾਂ ਗੁਰਮੁਖ ਦੀ (ਗੁਰੂ ਨਾਲ ਇਕਮਿਕਤਾ ਵਾਲੀ) ਖੇਡ ਹੈ ਭਾਵੇਂ ਹੇ ਲੋਕੋ ! (ਸੰਗਤੀ ਰੂਪ ਵਿੱਚ) ਆ ਕੇ ਵੇਖ ਲਵੋ (ਪਰਖ ਲਵੋ)। (ਇਸ ਤੁਕ ਵਿੱਚ ‘ਲੋਕਾ’ ਸੰਬੋਧਨ ਰੂਪ ਵਿੱਚ ਹੋਣ ਕਾਰਨ ਉਚਾਰਨ ਬਿੰਦੀ ਰਹਿਤ ਹੋਏਗਾ ‘ਲੋਕਾ’)।

(17). ਸਿਰੁ ਨਾਨਕ, ‘ਲੋਕਾ’ ਪਾਵ ਹੈ ॥ ਬਲਿਹਾਰੀ ਜਾਉ; ਜੇਤੇ ਤੇਰੇ ਨਾਵ ਹੈ ॥ (ਮ : ੧/੧੧੬੮) ਭਾਵ ਨਾਨਕ ਦਾ ਸਿਰ (ਸਿਫ਼ਤ-ਸਾਲਾਹ ਕਰਨ ਵਾਲੇ) ਲੋਕਾਂ ਦੇ ਕਦਮਾਂ ’ਤੇ ਹੈ, ਇਸ ਲਈ ਹੇ ਪ੍ਰਭੂ  ! ਜਿਤਨੇ (ਇਨ੍ਹਾਂ ਨੇ ਆਪਣੇ ਜਪਣ ਲਈ) ਤੇਰੇ ਕਿਰਤਮ ਨਾਮ ਬਣਾਏ ਹਨ ਮੈਂ ਉਨ੍ਹਾਂ ਤੋਂ ਕੁਰਬਾਨ ਜਾਂਦਾ ਹਾਂ। (ਇਸ ਤੁਕ ਵਿੱਚ ‘ਲੋਕਾ’ ਸਬੰਧ ਕਾਰਕ ਹੈ ਭਾਵ ‘ਲੋਕਾਂ ਦੇ ਕਦਮਾਂ ਤੋਂ’, ਇਸ ਲਈ ਉਚਾਰਨ ਬਿੰਦੀ ਸਹਿਤ ਹੋਏਗਾ ‘ਲੋਕਾਂ’)।

ਪੂਤਾ

(18). ਮਾਈ  ! ਖਾਟਿ ਆਇਓ ਘਰਿ, ‘ਪੂਤਾ’ ॥ ਹਰਿ ਧਨੁ ਚਲਤੇ, ਹਰਿ ਧਨੁ ਬੈਸੇ; ਹਰਿ ਧਨੁ ਜਾਗਤ ‘ਸੂਤਾ’ ॥ (ਮ : ੫/੪੯੫) ਭਾਵ ਹੇ ਮਾਂ  ! ਪੁੱਤਰ ਖੱਟ ਕੇ ਘਰ ਆਇਆ ਸਮਝ ਜਦ ਉਹ ਚਲਦਿਆਂ, ਬੈਠਿਆਂ, ਜਾਗਦਿਆਂ, ਸੁਤਿਆਂ ਹਰੀ ਦਾ ਨਾਮ-ਧਨ ਇਕੱਤਰ ਕਰ ਰਿਹਾ ਹੋਵੇ। (ਇਸ ਤੁਕ ’ਚ ‘ਪੂਤਾ’ ਸ਼ਬਦ ਬਣਤਰ ਅਗਲੀ ਸਬੰਧਿਤ ਤੁਕ ਦੇ ਅਖ਼ੀਰਲੇ ਸ਼ਬਦ ‘ਸੂਤਾ’ ਕਾਰਨ ਬਣੀ ਹੈ, ਜੋ ਕਾਵਿ ਤੋਲ ਦਾ ਪ੍ਰਤੀਕ ਹੈ ਤੇ ਉਚਾਰਨ ਹੋਏਗਾ, ਬਿਨਾਂ ਬਿੰਦੀ ‘ਪੂਤਾ’, ਪਰ)

(19). ਆਈ ‘ਪੂਤਾ’; ਇਹੁ ਜਗੁ ਸਾਰਾ ॥ (ਮ : ੧/੮੪੦) ਅਰਥ ‘ਆਈ’ ਭਾਵ ਮਾਇਆ ਦਾ ਪੁੱਤਰ ਹੈ ਇਹ ਸਾਰਾ ਜਗਤ। (ਇਸ ਤੁਕ ’ਚ ‘ਪੂਤਾ’ ਦਾ ਕੰਨਾ ਵੀ ਕਾਵਿ ਤੋਲ ਨੂੰ ਪੂਰਾ ਕਰਦਾ ਹੈ, ਪਰ ਪੰਕਤੀ ਦੇ ਮੱਧ ’ਚ ਹੋਣ ਕਾਰਨ ਇਸ ਨੂੰ ਤੁਕਾਂਤ ਮੇਲ ਨਹੀਂ ਕਿਹਾ ਜਾ ਸਕਦਾ, ਇਸ ਲਈ ਉਚਾਰਨ ਹੋਏਗਾ ‘ਪੂਤਾ’ (ਇੱਕ ਵਚਨ ਪੁੱਤਰ ਜਾਂ ਔਲਾਦ, ਜੋ ਇੱਕ ਵਚਨ ‘ਜਗਤ’ ਦਾ ਪ੍ਰਤੀਕ ਹੈ)।

(20). ਨਾ ਇਹੁ ਜੋਗੀ, ਨਾ ਅਵਧੂਤਾ ॥ ਨਾ ਇਸੁ ਮਾਇ, ਨ ਕਾਹੂ ਪੂਤਾ ॥ (ਭਗਤ ਕਬੀਰ/੮੭੧) ਭਾਵ ਇਹ (ਆਤਮਾ, ਜੋਤ, ਰੂਹ) ਨਾ ਜੋਗੀ ਹੈ, ਨਾ ਤਿਆਗੀ ਹੈ, ਨਾ ਇਸ ਦੀ ਕੋਈ (ਸਮਾਜਿਕ) ਮਾਂ ਹੈ, ਨਾ ਇਹ ਕਿਸੇ ਦਾ (ਸਮਾਜਿਕ) ਪੁੱਤਰ ਹੈ। (ਇਸ ਤੁਕ ’ਚ ‘ਪੂਤਾ’ ਬਣਤਰ ਵੀ ਸਬੰਧਿਤ ਤੁਕ ’ਚ ਦਰਜ ‘ਅਵਧੂਤਾ’ ਸ਼ਬਦ ਕਾਰਨ ਹੈ, ਇਸ ਲਈ ਉਚਾਰਨ ਹੋਏਗਾ ਬਿੰਦੀ ਰਹਿਤ ‘ਪੂਤਾ’, ਪਰ)

(21). ‘ਪੂਤਾ’ ! ਮਾਤਾ ਕੀ ਆਸੀਸ ॥ ਨਿਮਖ ਨ ਬਿਸਰਉ ਤੁਮ੍ ਕਉ ਹਰਿ ਹਰਿ; ਸਦਾ ਭਜਹੁ ਜਗਦੀਸ ॥ (ਮ : ੫/੪੯੬) (ਇਸ ਤੁਕ ਵਿੱਚ ‘ਪੂਤਾ’ ਸੰਬੋਧਨ ਹੈ ਭਾਵ ਹੇ ਪੁੱਤਰ  ! ਉਚਾਰਨ ਹੋਏਗਾ ਬਿਨਾਂ ਬਿੰਦੀ ‘ਪੂਤਾ’)

ਮੀਤਾ

(22). ‘ਮੀਤਾ’ ! ਐਸੇ ਹਰਿ ਜੀਉ ਪਾਏ ॥ ਛੋਡਿ ਨ ਜਾਈ, ਸਦ ਹੀ ਸੰਗੇ; ਅਨਦਿਨੁ ਗੁਰ ਮਿਲਿ ਗਾਏ ॥ (ਮ : ੫/੫੩੩) (ਇਸ ਤੁਕ ਵਿੱਚ ‘ਮੀਤਾ’ ਵੀ ਸੰਬੋਧਨ ਹੈ ਭਾਵ ਹੇ ਮਿੱਤਰ  ! ਉਚਾਰਨ ਹੋਏਗਾ ਬਿਨਾਂ ਬਿੰਦੀ ‘ਮੀਤਾ’, ਪਰ)

(23). ਸੋਈ ਸੁਗਿਆਨਾ ਸੋ ਪਰਧਾਨਾ; ਜੋ ਪ੍ਰਭਿ ਅਪਨਾ ‘ਕੀਤਾ’॥ ਕਹੁ ਨਾਨਕ  ! ਜਾਂ ਵਲਿ ਸੁਆਮੀ; ਤਾ ਸਰਸੇ (ਅਨੰਦਤ) ਭਾਈ ‘ਮੀਤਾ’ ॥ (ਮ : ੫/੪੫੩) (ਇਸ ਤੁਕ ਵਿੱਚ ‘ਮੀਤਾ’ ਸੰਬੋਧਨ ਨਹੀਂ ਬਲਕਿ ਪਿਛਲੇ ਤੁਕ ਦੇ ਅਖ਼ੀਰ ’ਚ ਦਰਜ ‘ਕੀਤਾ’ ਕਾਰਨ ਬਣਤਰ ‘ਮੀਤ’ ਬਹੁ ਵਚਨ ਤੋਂ ‘ਮੀਤਾ’ ਬਣੀ ਹੈ, ਪਰ ਕੋਈ ਸਬੰਧਕੀ ਨਾ ਹੋਣ ਕਾਰਨ ਉਚਾਰਨ ਹੋਏਗਾ ਬਿਨਾਂ ਬਿੰਦੀ ‘ਮੀਤਾ’ ਹੀ)

ਕੰਤਾ

(24). ‘ਕੰਤਾ’  ! ਤੂ ਸਉ ਸੇਜੜੀ ; ਮੈਡਾ ਹਭੋ ਦੁਖੁ ਉਲਾਹਿ (ਉਲਾਹ, ਦੂਰ ਕਰ)॥ (ਮ : ੫/੧੦੯੪) ਭਾਵ ਹੇ ਮੇਰੇ ਕੰਤ ! ਤੂੰ (ਮੇਰੀ ਹਿਰਦੇ) ਸੇਜ ਉੱਤੇ (ਆ ਕੇ) ਸੌਂ ਜਾਹ ਤੇ ਮੇਰਾ ਸਾਰਾ ਦੁੱਖ ਦੂਰ ਕਰ। (ਇਸ ਤੁਕ ’ਚ ‘ਕੰਤਾ’ ਕਾਵਿ ਤੋਲ ਕਾਰਨ ਨਹੀਂ ਬਲਕਿ ਇੱਕ ਵਚਨ ਸੰਬੋਧਨ ਹੈ, ਜਿਸ ਦਾ ਉਚਾਰਨ ਹੋਏਗਾ ਬਿਨਾਂ ਬਿੰਦੀ ‘ਕੰਤਾ’, ਪਰ।)

(25). ‘ਕੰਤਾ ਨਾਲਿ’ ਮਹੇਲੀਆ; ਸੇਤੀ ਅਗਿ ਜਲਾਹਿ ॥ (ਮ : ੩/੭੮੭) ਭਾਵ ਪਤੀਆਂ ਨਾਲ ਇਸਤ੍ਰੀਆਂ ਵੀ ਸਮਾਜਿਕ ਦੁੱਖ-ਸੁਖ ਵਿੱਚ ਭਾਗੀਦਾਰ ਬਣਦੀਆਂ ਹਨ। (ਇਸ ਤੁਕ ’ਚ ‘ਕੰਤਾ’ ਬਹੁ ਵਚਨ ਪੁਲਿੰਗ ਸ਼ਬਦ ਨਾਲ ਸਬੰਧਕੀ ‘ਨਾਲਿ’ ਹੋਣ ਕਾਰਨ ਉਚਾਰਨ ਹੋਏਗਾ ਬਿੰਦੀ ਸਮੇਤ ‘ਕੰਤਾਂ’)

ਪੁਰਖਾ

(26). ਕਿਤੁ ਬਿਧਿ ‘ਪੁਰਖਾ’  ! ਜਨਮੁ ਵਟਾਇਆ ? ॥ ਕਾਹੇ ਕਉ, ਤੁਝੁ ਇਹੁ ਮਨੁ ਲਾਇਆ  ?॥ (ਮ : ੧/੯੪੦) ਭਾਵ (ਯੋਗੀ, ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਦੇ ਹਨ ਕਿ) ਹੇ ਪੁਰਖਾ ! ਤੂੰ ਆਪਣੀ ਜ਼ਿੰਦਗੀ ਕਿਸ ਤਰੀਕੇ ਨਾਲ ਪਲਟ ਲਈ ਹੈ ? ਤੇ ਆਪਣਾ ਮਨ ਕਿਸ ਨਾਲ ਜੋੜਿਆ ਹੈ ? (ਇਸ ਤੁਕ ’ਚ ‘ਪੁਰਖਾ’ ਇੱਕ ਵਚਨ ਸੰਬੋਧਨ ਹੈ ਤੇ ਉਚਾਰਨ ਹੋਏਗਾ, ਬਿਨਾਂ ਬਿੰਦੀ ‘ਪੁਰਖਾ’, ਪਰ)

(27). ਸਭਿ ਸਤ, ਸਭਿ ਤਪ; ਸਭਿ ਚੰਗਿਆਈਆ ॥ ਸਿਧਾ ‘ਪੁਰਖਾ ਕੀਆ’; ਵਡਿਆਈਆ ॥ (ਮ :੧/੯) ਭਾਵ ਸਿੱਧ ਲੋਕਾਂ ਦੀਆਂ (ਰਿੱਧੀਆਂ, ਸਿੱਧੀਆਂ ਸਮੇਤ) ਵੱਡੇ ਵੱਡੇ ਕਾਰਜ ਵਾਲੀਆਂ ਵਡਿਆਈਆਂ। (ਇਸ ਤੁਕ ’ਚ ‘ਪੁਰਖਾ ਕੀਆ’ ਭਾਵ ‘ਪੁਰਖਾ’ ਨਾਲ ਸਬੰਧਕੀ ‘ਕੀਆ’ ਹੋਣ ਕਾਰਨ ਉਚਾਰਨ ਹੋਏਗਾ ਬਿੰਦੀ ਸਮੇਤ ‘ਪੁਰਖਾਂ’ ਅਤੇ)

(28). ਮਹਾ ਪੁਰਖਾ ਕਾ ਬੋਲਣਾ ; ਹੋਵੈ ਕਿਤੈ ਪਰਥਾਇ ॥ (ਮ : ੩/੭੫੫) ਭਾਵ ਮਹਾ ਪੁਰਖਾਂ ਦਾ ਬਚਨ ਕਿਸੇ ਦੇ ਸਬੰਧ ’ਚ ਬੋਲਿਆ ਹੁੰਦਾ ਹੈ। (ਇਸ ਤੁਕ ’ਚ ਵੀ ‘ਪੁਰਖਾ’ ਨਾਲ ਸੰਬੰਧਕੀ ‘ਕਾ’ ਹੋਣ ਕਾਰਨ ਉਚਾਰਨ ਹੋਏਗਾ ‘ਪੁਰਖਾਂ’, ਪਰ)

(29). ਸੇ ਧੰਨੁ ਵਡੇ ਸਤ ਪੁਰਖਾ ਪੂਰੇ ; ਜਿਨ ਗੁਰਮਤਿ ਨਾਮੁ ਧਿਆਇਆ ॥ (ਮ : ੪/੪੪੫) ਭਾਵ ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮਤਿ ਲੈ ਕੇ ਪ੍ਰਭੂ ਦਾ ਨਾਮ ਸਿਮਰਿਆ, ਉਹ ਵੱਡੇ ਭਾਗਾਂ ਵਾਲੇ ਅਤੇ ਪੂਰੇ ਆਤਮਕ ਜੀਵਨ ਵਾਲੇ ਮਹਾਂ ਪੁਰਖ ਬਣ ਗਏ। (ਇਸ ਤੁਕ ’ਚ ‘ਪੁਰਖਾ’ ਬਹੁ ਵਚਨ ਹੋਣ ਦੇ ਬਾਵਜੂਦ ਵੀ ਕੋਈ ਸਬੰਧਕੀ ਚਿੰਨ੍ਹ ਨਾਲ ਨਾ ਹੋਣ ਕਾਰਨ ਉਚਾਰਨ ‘ਪੁਰਖਾ’ (ਬਿੰਦੀ ਰਹਿਤ) ਹੀ ਹੋਏਗਾ, ਪਰ)

(30). ਜੈਸੀ, ਪਰ ਪੁਰਖਾ ਰਤ ਨਾਰੀ ॥ ਲੋਭੀ ਨਰੁ, ਧਨ ਕਾ ਹਿਤਕਾਰੀ ॥ (ਭਗਤ ਨਾਮਦੇਵ/੧੧੬੪) ਭਾਵ ਜਿਸ ਤਰ੍ਹਾਂ ਲੋਭੀ ਮਨੁੱਖ ਮਾਇਆ ਨਾਲ ਪਿਆਰ ਕਰਦਾ ਹੈ ਵੈਸੇ ਹੀ ਵੇਸਵਾ ਇਸਤ੍ਰੀ, ਪਰਾਏ ਪੁਰਸ਼ਾਂ ਦੇ ਪਿਆਰ ਵਿੱਚ ਖ਼ੁਸ਼ ਰਹਿੰਦੀ ਹੈ। (ਇਸ ਤੁਕ ’ਚ ‘ਪਰ ਪੁਰਖਾ ਰਤ’ ਭਾਵ ਪਰਾਏ ਪੁਰਸ਼ਾਂ ਦੇ ਪਿਆਰ’ ਅਰਥ ਹੋਣ ਕਾਰਨ ‘ਪੁਰਖਾ’ ਉਪਰੰਤ ਲੁਪਤ ‘ਦੇ’ ਚਿੰਨ੍ਹ ਮਿਲਦਾ ਹੈ, ਜਿਸ ਕਾਰਨ ਉਚਾਰਨ ਹੋਏਗਾ ਬਿੰਦੀ ਸਮੇਤ ‘ਪੁਰਖਾਂ’)

(31). ਡੰਡ, ਕਮੰਡਲ, ਸਿਖਾ, ਸੂਤੁ, ਧੋਤੀ ; ਤੀਰਥਿ ਗਵਨੁ ਅਤਿ ਭ੍ਰਮਨੁ ਕਰੈ ॥ (ਮ : ੧/੧੧੨੭) ਭਾਵ (ਜੋਗੀ ਹੱਥ ਵਿਚ) ਡੰਡਾ ਤੇ ਖੱਪਰ ਫੜ ਲੈਂਦਾ ਹੈ, ਬ੍ਰਾਹਮਣ (ਸ਼ਿਖਾ) ਬੋਦੀ (ਚੋਟੀ) ਰੱਖਦਾ ਹੈ, ਜਨੇਊ ਤੇ ਧੋਤੀ ਪਹਿਨਦਾ ਹੈ, (ਜੋਗੀ) ਤੀਰਥ-ਜਾਤ੍ਰਾ ਤੇ ਧਰਤੀ-ਭ੍ਰਮਨ ਕਰਦਾ ਹੈ। (ਇਸ ਤੁਕ ’ਚ ਦਰਜ ‘ਸਿਖਾ’ ਦਾ ਅਰਥ ਹੈ ‘ਬੋਦੀ, ਚੋਟੀ’ ਤੇ ਉਚਾਰਨ ਹੈ ‘ਸ਼ਿਖਾ’ (ਸੰਸਕ੍ਰਿਤ ਦਾ ਇਸਤਰੀ ਲਿੰਗ), ਪਰ)

(32). ਸਿਖਾ ਕੰਨਿ ਚੜਾਈਆ ; ਗੁਰੁ ਬ੍ਰਾਹਮਣੁ ਥਿਆ ॥ (ਮ : ੧/੪੭੧) ਭਾਵ ਬ੍ਰਾਹਮਣ ਧਾਰਮਕ ਉਸਤਾਦ ਬਣ ਜਾਂਦਾ ਹੈ ਅਤੇ ਕੰਨਾਂ ਵਿੱਚ ਫੂਕਾਂ ਮਾਰ ਕੇ ਸਿੱਖਿਆ ਦੇਂਦਾ ਹੈ (ਕਿ ਅੱਜ ਤੋਂ ਤੇਰਾ) ਗੁਰੂ ਮੈਂ (ਭਾਵ ਬ੍ਰਾਹਮਣ) ਹੋ ਗਿਆ। (ਇਸ ਤੁਕ ’ਚ ‘ਸਿਖਾ’ ਦਾ ਅਰਥ ਹੈ ‘ਸਿਖਿਆ’ (ਕਿਰਿਆ) ਤੇ ਉਚਾਰਨ ਹੈ ‘ਸਿਖਾ’, ਪਰ।

(33). ਮਾਰਗਿ ਪੰਥਿ ਚਲੇ ; ਗੁਰ ਸਤਿਗੁਰ ਸੰਗਿ ਸਿਖਾ ॥ (ਮ : ੪/੧੧੧੬) ਭਾਵ ਅਭੁੱਲ ਸਤਿਗੁਰੂ ਦੇ ਨਾਲ ਅਨੇਕਾਂ ਸਿੱਖ ਵੀ ਸਹੀ ਰਸਤੇ ਭਾਵ ਦਿਸ਼ਾ ਵੱਲ ਰੱਬੀ ਮਿਲਾਪ ਵੱਲ ਚੱਲ ਪਏ। (ਇਸ ਤੁਕ ’ਚ ‘ਸਿਖਾ’ ਦਾ ਅਰਥ ਕਈ ਸਿੱਖ ਹੈ, ਪਰ ਕੋਈ ਸਬੰਧਕੀ ਸ਼ਬਦ ਨਾ ਹੋਣ ਕਾਰਨ ਉਚਾਰਨ ਬਿੰਦੀ ਸਮੇਤ ਨਹੀਂ ਕੀਤਾ ਜਾ ਸਕਦਾ, ਇਸ ਲਈ ਉਚਾਰਨ ਹੋਏਗਾ ‘ਸਿਖਾ’, ਪਰ)

(34). ਕਬੀਰ, ਸਾਚਾ ਸਤਿਗੁਰੁ ਕਿਆ ਕਰੈ  ? ਜਉ ਸਿਖਾ ਮਹਿ ਚੂਕ ॥ (ਭਗਤ ਕਬੀਰ ਜੀ/੧੩੭੨) ਭਾਵ ਹੇ ਕਬੀਰ  ! ਜੇ ਸਿਖਿਆ ਗ੍ਰਹਿਣ ਕਰਨ ਵਾਲੇ ਸਿੱਖਾਂ ਵਿੱਚ ਹੀ ਉਕਾਈ ਹੋਵੇ, ਤਾਂ ਸੱਚਾ ਸਤਿਗੁਰੂ ਭੀ ਕੀ ਕਰ ਸਕਦਾ  ?। (ਇਸ ਤੁਕ ਵਿੱਚ ‘ਸਿਖਾ ਮਹਿ’ ਦਾ ਅਰਥ ਹੈ ‘ਸਿੱਖਾਂ ਵਿੱਚ’ ਭਾਵ ‘ਸਿਖਾ’ ਬਹੁ ਵਚਨ ਨਾਲ ਸਬੰਧਕੀ ਸ਼ਬਦ ‘ਮਹਿ’ ਵੀ ਦਰਜ ਹੈ, ਇਸ ਲਈ ਉਚਾਰਨ ਹੋਏਗਾ ‘ਸਿੱਖਾਂ’।

ਸੋ, ਗੁਰਬਾਣੀ ’ਚ ਦਰਜ ਇੱਕ ਸ਼ਬਦ ਕਈ-ਕਈ ਰੂਪਾਂ ਵਿੱਚ ਦਰਜ ਹੋਣ ਕਾਰਨ ਉਸ ਦੇ ਅਰਥ ਤੇ ਉਚਾਰਨ ਨੂੰ ਚਲਦੇ ਪ੍ਰਸੰਗ ਮੁਤਾਬਕ ਕਰਨਾ ਹੀ ਦਰੁਸਤ ਹੈ, ਇਹ ਬੋਧ ਕਿਤੋਂ ਬਾਹਰੋਂ ਲੈਣ ਦੀ ਜ਼ਰੂਰਤ ਨਹੀਂ ਬਲਕਿ ਸਭ ਗਿਆਨ ਗੁਰਬਾਣੀ ਵਿੱਚ ਹੀ ਦਰਜ ਹੈ; ਜਿਵੇਂ ਕਿ ‘‘ਸਿਖਾਂ ਪੁਤ੍ਰਾਂ ਘੋਖਿ ਕੈ; ਸਭ ਉਮਤਿ ਵੇਖਹੁ ਜਿ ਕਿਓਨੁ॥’’ (ਬਲਵੰਡ ਸਤਾ/੯੬੭) ਤੁਕ ਵਿੱਚ ‘ਸਿਖਾਂ’ ਬਹੁ ਵਚਨ ਪੁਲਿੰਗ ਨਾਂਵ ਨਾਲ ਲੁਪਤ ਸਬੰਧਕੀ ਚਿੰਨ੍ਹ (ਨੂੰ) ਵੀ ਮਿਲਦਾ ਹੈ ਭਾਵ ‘ਸਿੱਖਾਂ ਪੁੱਤਰਾਂ ਨੂੰ ਘੋਖ ਕੇ’, ਇਸ ਲਈ ਉਚਾਰਨ ਅੰਤ ਬਿੰਦੀ ਸਮੇਤ ‘ਸਿਖਾਂ’ ਦਰਜ ਹੈ।

ਸੋ, ਗੁਰਬਾਣੀ ਪੜ੍ਹਨ ਦੇ ਨਾਲ-ਨਾਲ ਵਿਚਾਰਨ ਦਾ ਵਿਸ਼ਾ ਵੀ ਹੈ, ਪਰ ਕਿਰਾਏ ’ਤੇ ਰੱਖੇ ਪਾਠ ਜਾਂ ਅਣਵਿਚਾਰਿਆ ਪਾਠ ਕਰਨ ਨਾਲ ਜੀਵਨ ਨੂੰ ਬਹੁਤਾ ਲਾਭ ਪ੍ਰਾਪਤ ਨਹੀਂ ਹੋ ਸਕਦਾ ਇਹੀ ਸਾਡੀ ਅਸਲ ਕਮਜੋਰੀ ਹੈ ਕਿ ਅਸੀਂ ਗੁਰੂ ਦੇ ਬਾਹਰੀ ਦਰਸ਼ਨ ਨੂੰ ਹੀ ਸਤਿਕਾਰ ਕਰਦੇ ਆ ਰਹੇ ਹਾਂ ਜਦਕਿ ਗੁਰਬਾਣੀ ਦੇ ਬਚਨ ਹਨ ‘‘ਡਿਠੈ, ਮੁਕਤਿ ਨ ਹੋਵਈ; ਜਿਚਰੁ, ਸਬਦਿ ਨ ਕਰੇ ਵੀਚਾਰੁ॥’’ (ਮ : ੩/੫੯੪)

———–ਚਲਦਾ———

ਦੀਵਾਲੀ ਬਨਾਮ ਬੰਦੀ ਛੋੜ ਦਿਵਸ ਦਾ ਸਿੱਖ ਧਰਮ ’ਚ ਸਥਾਨ

0

ਦੀਵਾਲੀ ਬਨਾਮ ਬੰਦੀ ਛੋੜ ਦਿਵਸ ਦਾ ਸਿੱਖ ਧਰਮ ’ਚ ਸਥਾਨ

ਦਿਵਾਲੀ ਇੱਕ ਅਜਿਹਾ ਤਿਉਹਾਰ ਹੈ ਜਿਸ ਦੀ ਸਿੱਖ ਧਰਮ ਵਿੱਚ ਹੋਂਦ ਸੰਬੰਧੀ ਮੇਰਾ ਮਨ ਸਦਾ ਦੁਚਿੱਤੀ ਵਿੱਚ ਹੀ ਰਿਹਾ। ਦਿਲ ਤਾਂ ਪਰੰਪਰਾ ਮੁਤਾਬਕ ਚੱਲਣ ਦੀ ਹਾਮੀ ਭਰਦਾ ਸੀ, ਪਰ ਦਿਮਾਗ਼ ਨੂੰ ਜੋ ਕੀੜਾ ਲੜਿਆ ਹੋਇਆ ਸੰਤੁਸ਼ਟੀ ਦਾ, ਉਹ ਸ਼ਾਂਤ ਨਹੀਂ ਸੀ ਹੋ ਰਿਹਾ, ਦਿਮਾਗ਼ ’ਚ ਇਹ ਖ਼ਿਆਲ ਪਤਾ ਨਹੀਂ ਕਿਉਂ ਘਰ ਕਰ ਗਿਆ ਕਿ ਕੁੱਝ ਵੀ ਹੋਵੇ ਪਰ ਦਿਵਾਲੀ (ਬੰਦੀ ਛੋੜ ਦਿਵਸ) ਦਾ ਸੰਬੰਧ ਕਿਸੀ ਵੀ ਤਰ੍ਹਾਂ ਘੱਟੋ-ਘੱਟ ਸਿੱਖਾਂ ਨਾਲ ਤਾਂ ਨਹੀਂ, ਬੇਸ਼ਕ ਕੁੱਝ ਕੁ ਗੁਰੂ ਸਾਹਿਬਾਂ ਦਾ ਜੀਵਨ ਘਟਨਾਕ੍ਰਮ ਇਸ ਦਿਨ ਨਾਲ ਸੰਬੰਧ ਜ਼ਰੂਰ ਰੱਖਦਾ ਹੈ, ਪਰ ਛੇਵੇਂ ਪਾਤਸ਼ਾਹ ਜਿਹਨਾਂ ਨੂੰ ਮੁੱਖ ਤੌਰ ’ਤੇ ਇਸ ਦਿਨ ਨਾਲ ਸੰਬੰਧਿਤ ਕੀਤਾ ਜਾਂਦਾ ਹੈ ਉਹਨਾਂ ਦਾ ਇਸ ਦਿਨ ਨਾਲ ਕੋਈ ਸੰਬੰਧ ਨਹੀਂ। ਆਦਤ ਦੇ ਮੁਤਾਬਕ ਇਸ ਸ਼ੰਕੇ ਨੂੰ ਦੂਰ ਕਰਨ ਹਿੱਤ ਸਿੱਖ ਇਤਿਹਾਸ ਦੀਆਂ ਸਾਰੀਆਂ ਮਹੱਤਵਪੂਰਨ ਪੁਸਤਕਾਂ ਨੂੰ ਇੱਕ ਵਾਰ ਫਿਰ ਤੋਂ ਵਾਚਿਆ, ਜਿਹਨਾਂ ਨੂੰ ਪੜ੍ਹਨ ਉਪਰੰਤ ਜੋ ਗੱਲ ਮੁੱਖ ਰੂਪ ’ਚ ਸਾਹਮਣੇ ਆਈ ਉਹ ਇਹ ਸੀ ਕਿ ਦਿਵਾਲੀ ਨੂੰ ਸਿੱਖ ਧਰਮ ਨਾਲ ਜੋੜਨਾ ਹੀ ਸਾਡੀ ਗੁਲਾਮ ਮਾਨਸਿਕਤਾ ’ਚੋਂ ਪੈਦਾ ਹੋਇਆ, ਇੱਕ ਬਹੁਤ ਕੌਝਾ ਖ਼ਿਆਲ ਹੈ ਕਿਉਂ ਕਿ ਸਿੱਖ ਇਤਿਹਾਸ ਇਸ ਬਾਰੇ ਇੱਕ ਮੱਤ ਤਾਂ ਕੀ ਇਸ ਦੇ ਨੇੜੇ ਵੀ ਨਹੀਂ ਖਲੋਂਦਾ ਕਿ ਦਿਵਾਲੀ ਵਾਲੇ ਦਿਨ ਹੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਗਵਾਲੀਅਰ ਦੇ ਕਿਲ੍ਹੇ ’ਚੋਂ ਰਿਹਾ ਹੋਏ ਜਾਂ ਇਸੇ ਦਿਨ ਹੀ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਪਰਤੇ ਸਨ। ਸ੍ਰੋਮਣੀ ਕਮੇਟੀ ਦੀਆਂ ਪੁਸਤਕਾਂ ਤੋਂ ਗੱਲ ਸ਼ੁਰੂ ਕਰੀਏ ਤਾਂ ਅਸੀਂ ਵੇਖਦੇ ਹਾਂ ਕਿ ਸ੍ਰੋ. ਕਮੇਟੀ ਦੀਆਂ ਧਰਮ ਕਿਤਾਬਾਂ ਵਿੱਚ ਗੁਰੂ ਸਾਹਿਬ ਦੀ ਰਿਹਾਈ ਸੰਨ 1614 ਈ. ਵਿੱਚ ਲਿਖੀ ਹੋਈ ਹੈ, ਪਰ ਇਸ ਦੇ ਨਾਲ ਹੀ ਸ. ਕਿਰਪਾਲ ਸਿੰਘ ਅਤੇ ਸ. ਖੜਕ ਸਿੰਘ ਨੇ ‘ਸਿੱਖ ਹਿਸਟਰੀ’, ਜੋ ਸੋ੍ਰਮਣੀ ਕਮੇਟੀ ਨੇ ਹੀ ਲਿਖਵਾਈ ਹੈ, ਦੇ ਪੰਨਾ 175 ’ਤੇ ਗੁਰੂ ਸਾਹਿਬ ਦੀ ਰਿਹਾਈ 28 ਨਵੰਬਰ 1619 ਲਿਖੀ ਹੋਈ ਹੈ, ਇਸ ਦੇ ਨਾਲ ਹੀ ਇਹ ਦੋਵੇਂ ਲੇਖਕ ਇਹ ਵੀ ਆਖਦੇ ਹਨ ਕੇ ਸ਼ਾਇਦ ਇਹ ਰਿਹਾਈ 28 ਜਨਵਰੀ 1620 ਨੂੰ ਹੋਈ ਹੋਵੇ। ਕਮੇਟੀ ਦੀ ਹੀ ‘ਹਿਸਟਰੀ ਆਫ ਦਾ ਸਿਖਸ’ ਗੁਰੂ ਸਾਹਿਬ ਦਾ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਪਰਤਣਾ 28 ਜਨਵਰੀ 1620 ਦੱਸਿਆ ਗਿਆ ਹੈ। ਗੁਰੂ ਸਾਹਿਬ ਦੇ ਜੀਵਨ ਬਿਰਤਾਂਤ ਨੂੰ ਵਰਣਨ ਕਰਨ ਦਾ ਠੋਸ ਆਧਾਰ ਦੱਸੀ ਜਾਂਦੀ ਵਿਵਾਦਿਤ ਪੁਸਤਕ ‘ਗੁਰ -ਬਿਲਾਸ ਪਾਤਸਾਹੀ 6ਵੀਂ’ ਤਾਂ ਇਸ ਬਾਬਤ ਚੁੱਪ ਹੀ ਹੈ ਕਿ ਗੁਰੂ ਸਾਹਿਬ ਕਿਸ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗਵਾਲੀਅਰ ਦੀ ਕੈਦ ਤੋਂ ਵਾਪਸ ਪਰਤੇ ਸਨ ਜਾਂ ਫਿਰ ਉਹਨਾਂ ਦੇ ਆਉਣ ’ਤੇ ਸਿੱਖਾਂ ਨੇ ਕਿਸੀ ਤਰ੍ਹਾਂ ਦੀ ਕੋਈ ਦੀਪਮਾਲਾ ਕੀਤੀ ਸੀ । ਵਰਤਮਾਨ ਸਮੇਂ ਦੇ ਪ੍ਰਸਿੱਧ ਸਿੱਖ ਇਤਿਹਾਸਕਾਰ ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਵੀ ਆਪਣੀ ਪੁਸਤਕ ‘ਅਕਾਲ ਤਖ਼ਤ ਸਾਹਿਬ’ ਵਿੱਚ ਹਰਮਿੰਦਰ ਸਾਹਿਬ ਦੀ ਦੀਪਮਾਲਾ ਜਾਂ ਦਿਵਾਲੀ ਵਾਲੇ ਦਿਨ ਦਾ ਕੋਈ ਜ਼ਿਕਰ ਨਹੀਂ ਕੀਤਾ ।

‘ਅੰਮ੍ਰਿਤਸਰ ਸਾਹਿਬ ਦੀ ਤਵਾਰੀਖ’ ਨਾਮੀ ਡਾਇਰੀ ਵਿੱਚ ਐਡਵੋਕੇਟ ਸ. ਸਤਨਾਮ ਸਿੰਘ ਖ਼ਾਲਸਾ, ਗੁਰੂ ਸਾਹਿਬ ਜੀ ਦੀ ਰਿਹਾਈ 1612 ਨੂੰ ਮੰਨਦੇ ਹਨ ਅਤੇ ਸ. ਪਿਆਰਾ ਸਿੰਘ ਪਦਮ ਜੀ ਵੀ ‘ਸੰਖੇਪ ਸਿੱਖ ਇਤਿਹਾਸ’ ਵਿੱਚ ਗੁਰੂ ਸਾਹਿਬ ਦੇ ਸਮਕਾਲੀ ਵਿਦਵਾਨ ਮੋਹਸਿਨ ਫ਼ਾਨੀ (ਕਰਤਾ ਦਬਿਸਤਾਨ ਮਜਾਹਬ) ਦੇ ਹਵਾਲੇ ਨਾਲ ਦੱਸਦੇ ਹਨ ਕਿ ਗੁਰੂ ਸਾਹਿਬ ਨੂੰ 12 ਸਾਲ ਗਵਾਲੀਅਰ ਦੇ ਕਿਲ੍ਹੇ ’ਚ ਕੈਦ ਰੱਖਿਆ ਗਿਆ ਤੇ ਆਪ ਜੀ ਦੀ ਰਿਹਾਈ ਸੰਨ 1619 ਈ. ’ਚ ਹੋਈ। ਹੁਣ ਜੇ 1619 ਈ. ਨੁੰ ਗੁਰੂ ਸਾਹਿਬ ਜੀ ਦੀ ਰਿਹਾਈ ਮੰਨ ਲਿਆ ਜਾਵੇ ਤਾਂ ਫਿਰ ਗੁਰੂ ਸਾਹਿਬ ਦੀ ਸੰਤਾਨ ਬਾਬਾ ਗੁਰਦਿੱਤਾ ਜੀ (ਜਨਮ 1613 ਈ.), ਬਾਬਾ ਅਣੀ ਰਾਏ ਜੀ (ਜਨਮ 1218 ਈ.), ਬਾਬਾ ਅਟੱਲ ਰਾਏ ਜੀ (ਜਨਮ 1619 ਈ.), ਬੀਬੀ ਵੀਰੋ ਜੀ (ਜਨਮ 1615 ਈ.) ਇਹ ਕਿਸ ਤਰ੍ਹਾਂ ਸੰਭਵ ਹੋਏ ਕਿਉਂ ਕਿ ਇਸ ਸਮੇਂ ਦੌਰਾਨ ਤਾਂ ਗੁਰੂ ਸਾਹਿਬ ਜਹਾਂਗੀਰ ਦੀ ਕੈਦ ’ਚ ਸਨ । ਖ਼ੈਰ, ਸਾਨੂੰ ਇਹ ਤਾਂ ਸਵੀਕਾਰ ਕਰ ਹੀ ਲੈਣਾ ਚਾਹੀਦਾ ਹੈ ਕਿ ਗੁਰੂ ਸਾਹਿਬ ਨੂੰ ਸਜ਼ਾ ਭਾਵੇਂ ਜ਼ਿਆਦਾ ਹੋਈ ਸੀ, ਪਰ ਵਜੀਰ ਖਾਨ, ਸਾਈਂ ਮੀਆਂ ਮੀਰ ਜੀ ਅਤੇ ਨਿਜਾਮੁਦੀਨ ਔਲੀਆ ਵਰਗੇ ਸੱਜਣ, ਸਿੱਖਾਂ ਦੀਆਂ ਕੋਸ਼ਿਸ਼ਾਂ ਕਾਰਨ ਇਹ ਰਿਹਾਈ ਸੰਨ 1612 ਈ. ਵਿੱਚ ਹੋ ਗਈ ਸੀ ਤੇ ਇਸ ਦੀ ਗਵਾਹੀ ਦਬਸਤਾਨ ਮਜਾਹਬ, ਬੰਸਾਵਲੀਨਾਮੇ, ਮਹਿਮਾ ਪ੍ਰਕਾਸ਼ ਵਾਰਤਕ ਆਦਿ ਕਰਦੇ ਹਨ।

ਹੁਣ ਫਿਰ ਪਰਤਦੇ ਹਾਂ ਅਸਲ ਮੁੱਦੇ ਵੱਲ ਜਿਸ ਦੀ ਠੋਸ ਪ੍ਰਮਾਣਿਕਤਾ ਸਾਨੂੰ ‘ਗੁਰੁ ਭਾਰੀ’ ਦੇ ਕਰਤਾ ਪ੍ਰਿੰ. ਸਤਬੀਰ ਸਿੰਘ ਜੀ ਦੱਸਦੇ ਹਨ ਕਿ ਜਦੋਂ ਗੁਰੂ ਸਾਹਿਬ ਜੀ ਦੀ ਰਿਹਾਈ ਹੋਈ ਤਾਂ ਉਸ ਸਮੇਂ ਨਾ ਦਿਵਾਲੀ ਸੀ ਤੇ ਨਾ ਹੀ ਜਦ ਗੁਰੂ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇ, ਉਸ ਵਕਤ ਦਿਵਾਲੀ ਸੀ।

ਮੇਰੇ ਸੁਣਨ ਵਿੱਚ ਗੱਲ ਆਈ ਹੈ ਕਿ ‘ਗੁਰਦੁਆਰਾ ਸ੍ਰੀ ਦਾਤਾ ਬੰਦੀ ਛੋੜ ਕਿਲ੍ਹਾ ਗਵਾਲੀਅਰ’ ਜਿੱਥੇ ਗੁਰੂ ਸਾਹਿਬ ਕੈਦ ਰਹੇ ਸਨ, ਉੱਥੇ ਗੁਰੂ ਸਾਹਿਬ ਦੀ ਰਿਹਾਈ ਦੀ ਖ਼ੁਸ਼ੀ ਦਿਵਾਲੀ ਅਤੇ ਦੁਸਹਿਰੇ ਤੋਂ ਪਹਿਲਾਂ ਮਨਾਈ ਜਾਂਦੀ ਹੈ ਫਿਰ ਪੰਜਾਬ ’ਚ ਇਹ ਬਾਅਦ ਵਿੱਚ ਕਿਉਂ ? ਉਹ ਵੀ ਉਸ ਦਿਨ ਜਦੋਂ ਬ੍ਰਾਹਮਣਵਾਦੀ ਤਬਕਾ ਆਪਣੇ ਪਾਖੰਡ ਰਚਾਉਂਦਾ ਹੈ (ਪਾਖੰਡ ਮੈਂ ਇਸ ਕਰ ਕੇ ਕਿਹਾ ਕਿਉਂ ਕਿ ਬਾਲਮੀਕੀ ਰਮਾਇਣ ਪੜ੍ਹਨ ਉਪਰੰਤ ਇਹ ਗੱਲ ਵੀ ਸਾਹਮਣੇ ਆਈ ਕਿ ਦਿਵਾਲੀ ਦਾ ਸੰਬੰਧ ਸ੍ਰੀ ਰਾਮ ਚੰਦਰ ਨਾਲ ਵੀ ਦੂਰ ਦੂਰ ਤੱਕ ਦਾ ਨਹੀਂ, ਮਤਲਬ ਕਿ ਰਾਮ ਚੰਦਰ ਜੀ ਵੀ ਦਿਵਾਲੀ ਵਾਲੇ ਦਿਨ ਆਪਣੇ 14 ਸਾਲ ਦੇ ਜੰਗਲ ਬਨਵਾਸ ਤੋਂ ਵਾਪਸ ਅਯੁੱਧਿਆ ਨਹੀਂ ਪਰਤੇ ਸਨ) ।

ਉਪਰੋਕਤ ਸਭ ਦੇ ਆਧਾਰ ’ਤੇ ਅਸੀਂ ਕਹਿ ਸਕਦੇ ਹਾਂ ਕਿ ਬੇਸ਼ਕ ਸਾਰੇ ਤੱਥ ਇਕਮਤ ਨਹੀਂ, ਪਰ ਇਕ ਸਮਾਨ ਜ਼ਰੂਰ ਹਨ ਤੇ ਦੱਸਦੇ ਹਨ ਕਿ ਨਾ ਤਾਂ ਗੁਰੂ ਸਾਹਿਬ ਦਿਵਾਲੀ ਵਾਲੇ ਦਿਨ ਕਿਲ੍ਹੇ ’ਚੋਂ ਰਿਹਾ ਹੋਏ ਸਨ ਤੇ ਨਾ ਹੀ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਰਤੇ ਸਨ।

ਹਾਂ ਇੱਕ ਗੱਲ ਹੋਰ ਕਿ ਫਿਰ ਭਾਈ ਗੁਰਦਾਸ ਜੀ ਨੇ ‘‘ਦੀਵਾਲੀ ਕੀ ਰਾਤਿ ਦੀਵੇ ਬਾਲੀਅਨਿ ।’’ ਵਾਲਾ ਸ਼ਬਦ ਕਿਉਂ ਉਚਾਰਨ ਕੀਤਾ  ? ਇਸ ਦੇ ਜਵਾਬ ਵਜੋਂ ਸਾਰਾ ਸ਼ਬਦ ਪੜ੍ਹਨਾ ਜ਼ਰੂਰੀ ਹੈ, ਜੋ ਕਿ ਇਸ ਤਰ੍ਹਾਂ ਹੈ  :

ਦੀਵਾਲੀ ਦੀ ਰਾਤਿ; ਦੀਵੇ ਬਾਲੀਅਨਿ।

ਤਾਰੇ ਜਾਤਿ ਸਨਾਤਿ; ਅੰਬਰਿ ਭਾਲੀਅਨਿ।

ਫੁਲਾਂ ਦੀ ਬਾਗਾਤਿ; ਚੁਣਿ ਚੁਣਿ ਚਾਲੀਅਨਿ।

ਤੀਰਥਿ ਜਾਤੀ ਜਾਤਿ; ਨੈਣ ਨਿਹਾਲੀਅਨਿ।

ਹਰਿਚੰਦਉਰੀ ਝਾਤਿ; ਵਸਾਇ ਉਚਾਲੀਅਨਿ।

ਗੁਰਮੁਖਿ ਸੁਖ ਫਲ ਦਾਤਿ; ਸਬਦਿ ਸਮ੍ਹਾਲੀਅਨਿ ॥

(ਭਾਈ ਗੁਰਦਾਸ ਜੀ/ਵਾਰ ੧੯ ਪਉੜੀ ੬)

ਅਰਥ  :- ਦੀਵਾਲੀ ਦੀ ਰਾਤ ਨੂੰ ਹਰ ਘਰ ਵਿੱਚ (ਖ਼ੁਸ਼ੀ ਨਾਲ) ਦੀਵੇ ਬਾਲੇ ਜਾਂਦੇ ਹਨ; ਜੋ ਕਿ ਕੁਝ ਸਮੇਂ ਬਾਅਦ ਬੁਝ ਹੀ ਜਾਂਦੇ ਹਨ, ਇਸੇ ਤਰ੍ਹਾਂ ਰਾਤ ਦੇ ਸਮੇਂ ਛੋਟੇ-ਛੋਟੇ ਤਾਰੇ ਅਸਮਾਨ ਵਿੱਚ ਨਿਕਲ ਕੇ ਚਮਕਾਂ ਮਾਰਦੇ ਤੇ ਲਿਸ਼ਕਦੇ ਹੋਏ ਦਿਨ ਚੜ੍ਹਦਿਆਂ ਹੀ ਖ਼ਤਮ ਹੋ ਜਾਂਦੇ ਹਨ। ਬਾਗਾਂ ਵਿੱਚ ਤਰ੍ਹਾਂ ਤਰ੍ਹਾਂ ਦੇ ਫੁੱਲ ਖਿੜਦੇ ਹਨ ਪਰ ਕੁੱਝ ਸਮੇਂ ਬਾਅਦ ਖ਼ਤਮ ਵੀ ਹੋ ਜਾਂਦੇ ਹਨ। ਤੀਰਥ ਯਾਤ੍ਰੀ, ਯਾਤਰਾ ਲਈ ਜਾਂਦੇ ਅਸੀਂ ਸਭ ਵੇਖਦੇ ਹਾਂ, ਪਰ ਕੁਝ ਦਿਨਾਂ ਬਾਅਦ ਹੀ ਤੀਰਥਾਂ ’ਤੇ ਸਨਾਟਾ ਛਾਹ ਜਾਂਦਾ ਹੈ ਭਾਵ ਉਹ ਸਾਰੇ ਜਲਦੀ ਹੀ ਵਾਪਸ ਵੀ ਪਰਤ ਆਉਂਦੇ ਹਨ, ਇਉਂ ਹੀ ਹਰਚੰਦਉਰੀ (ਇਹ ਅਸਲ ’ਚ ਕੋਈ ਵਸਤੂ ਨਹੀਂ ਮ੍ਰਿਗ ਤ੍ਰਿਸ਼ਨਾ ਵਾਂਗ ਧੁੰਦ ਵਿੱਚ ਖ਼ਿਆਲੀ ਰਚਨਾ ਹੈ – ਮਹਾਨ ਕੋਸ) ਵਾਂਗ ਸੰਸਾਰ ਵਿੱਚ ਅਨੇਕਾਂ ਅਜਿਹੀਆਂ ਨਗਰੀਆਂ ਦੀ ਝਾਤੀ, ਦਿਖਾਵੇ ਮਾਤਰ ਦਿੱਸਦੀ ਹੈ ਤੇ ਖ਼ਤਮ ਹੋ ਜਾਂਦੀ ਹੈ, ਪਰ ਅਸਲ ਵਿੱਚ ਜੋ ਜੀਵਨ ਦਾ ਸੁੱਖ ਫਲ਼ ਸ਼ਬਦ ਦੀ ਦਾਤ ਗੁਰਮਤਿ ਵਿੱਚੋਂ ਮਿਲਦੀ ਹੈ, ਉਹ ਗੁਰੂ ਦੇ ਵਰੋਸਾਏ ਗੁਰਮੁਖ ਹੀ ਸੰਭਾਲ਼ ਸਕਦੇ ਹਨ, ਜੋ ਸਥਾਈ ਹੁੰਦੀ ਹੈ।

ਸੋ, ਭਾਈ ਗੁਰਦਾਸ ਜੀ ਦੇ ਇਸ ਸ਼ਬਦ ਦੇ ਸਾਰੇ ਅਰਥ ਵਿਚਾਰਨ ਉਪਰੰਤ ਪਤਾ ਲੱਗਦਾ ਹੈ ਕਿ ਦਿਵਾਲੀ ਵਾਲੀ ਰਾਤ ਦਾ ਸਿੱਖ ਧਰਮ ਨਾਲ ਕੋਈ ਵੀ ਸਰੋਕਾਰ ਨਹੀਂ, ਸਗੋਂ ਭਾਈ ਸਾਹਿਬ ਜੀ ਨੇ ਤਾਂ ਦੀਵਾਲੀ ਦੀ ਰਾਤ ਨੂੰ ‘ਜਲਾਏ ਜਾਂਦੇ ਦੀਵਿਆਂ ਵਾਲੀ ਚਮਕ’ ਦੀ ਤੁਲਨਾ ਛਿਣ-ਮਾਤਰ ਦੀ ਚਮਕ ਵਾਲੇ ‘ਆਕਾਸ਼ੀ ਤਾਰੇ, ਫੁੱਲਾਂ ਦੀ ਬਗੀਚੀ, ਹਰਚੰਦਉਰੀ’, ਆਦਿ ਨਾਲ ਕਰਦੇ ਹੋਏ ਇਸ ਨੂੰ ਸਥਾਈ ਰੌਸ਼ਨੀ ਨਾ ਸਮਝਣ ਦੇ ਭੁਲੇਖੇ ਤੋਂ ਸੁਚੇਤ ਕਰਦੇ ਹਨ, ਇਸ ਦੇ ਮੁਕਾਬਲੇ ਭਾਈ ਸਾਹਿਬ ਜੀ ਦੀਰਘਕਾਲੀ ਚਮਕ ‘‘ਗੁਰਮੁਖਿ ਸੁਖ ਫਲ ਦਾਤਿ; ਸਬਦਿ ਸਮ੍ਹਾਲੀਅਨਿ ॥’’ ਨੂੰ ਮਹੱਤਵ ਦਿੰਦੇ ਹਨ।

ਇਸ ਸ਼ਬਦ ਵਿੱਚ ਭਾਈ ਸਾਹਿਬ ਨੇ ਮਨੁੱਖ ਨੂੰ ਦੀਵਾਲੀ ਸਮੇਂ ਕੀਤੀ ਜਾ ਰਹੀ ਰੌਸ਼ਨੀ, ਜੋ ਕਿ ਜਲਦੀ ਹੀ ਹਨ੍ਹੇਰੇ ਵਿੱਚ ਬਦਲ ਜਾਂਦੀ ਹੈ, ਦੀ ਮਿਸਾਲ ਹੀ ਆਪਣੇ ਸਥਾਈ ਗੁਰਮਤਿ ਦੇ ਸੁੱਖ ਵਿਸ਼ੇ ਨੂੰ ਸਪਸ਼ਟ ਕਰਨ ਲਈ ਦਿੱਤੀ ਹੈ ਤੇ ਅਸੀਂ ਇਸ ਨੂੰ ਬੜੀ ਚਾਵੀਂ-ਚਾਵੀਂ ਪੜ੍ਹ ਕੇ ਸੰਗਤਾਂ ਨੂੰ ਭਰਮਤ ਕਰ ਰਹੇ ਹੁੰਦੇ ਹਾਂ। ਕਿੰਨੀ ਵੱਡੀ ਮੂਰਖਤਾ ਹੈ ਸਿੱਖਾਂ ਦੀ ਕਿ ਇਹੋ ਜਿਹੇ ਹਰ ਪਲ ਯਾਦ ਰੱਖਣ ਯੋਗ ਸ਼ਬਦਾਂ ਨੂੰ ਸਿਰਫ਼ ਦੀਵਾਲੀ ਵਾਲੇ ਦਿਨ ਹੀ ਸੁਣਿਆ ਜਾਂਦਾ ਹੈ।

ਸੋ, ਕਹਿਣ ਦਾ ਭਾਵ ਜਿਸ ਸ਼ਬਦ ਦਾ ਆਸਰਾ ਲੈ ਕੇ ਅਸੀਂ ਸਿੱਖ ਧਰਮ ਵਿੱਚ ਵੀ ਇਹ ਦਿਵਾਲੀ ਦੀ ਘੁਸਪੈਠ ਕਰ ਦਿੱਤੀ ਹੈ ਉਸ ਵਿੱਚ ਦਿਵਾਲੀ ਨੂੰ ਇੱਕ ਉਦਾਹਰਨ ਮਾਤਰ ਵਰਤਿਆ ਗਿਆ ਸੀ ਤੇ ਅਸੀਂ ਬੇਲੋੜਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵੀ ਇਸ ਦਿਨ ਅੰਮ੍ਰਿਤਸਰ ਵਿਖੇ ਆਮਦ ਵਿਖਾ ਕੇ ਅਜਿਹੀ ਦਿਵਾਲੀ ਰਾਹੀਂ ਸੰਗਤਾਂ ਨੂੰ ਭਾਈ ਸਾਹਿਬ ਜੀ ਦੁਆਰਾ ਰਚੇ ਇਸ ਸ਼ਬਦ ਰਾਹੀਂ ਭਰਮਤ ਕਰਦੇ ਆ ਰਹੇ ਹਾਂ।

ਬੰਦੀ ਛੋੜ ਦਿਵਸ (ਮੁਕਤੀ ਦਾ ਦਿਵਸ) ਅੱਸੂ ਮਹੀਨੇ ਵਿੱਚ ਮਨਾਇਆ ਜਾਣ ਵਾਲਾ ਇੱਕ ਮਹੱਤਵਪੂਰਣ ਸਿੱਖ ਤਿਉਹਾਰ ਹੈ। ਸਮਾਜ ਵਿਚ ਬੰਦੀ-ਛੋੜ ਦਿਵਸ ਸਿੱਖ ਜਗਤ ਨਾਲ ਸੰਬੰਧਿਤ ਹੈ। ਇਸ ਦਿਨ ਨਾਲ ਸਿੱਖ ਇਤਿਹਾਸ ਦੀਆਂ ਕਈ ਪ੍ਰਮੁੱਖ ਘਟਨਾਵਾਂ ਜੁੜੀਆਂ ਹੋਈਆਂ ਹਨ। ਮੁੱਖ ਰੂਪ ਵਿਚ ਇਸ ਤਿਉਹਾਰ ਦਾ ਸੰਬੰਧ ਉਸ ਸਮੇਂ ਤੋਂ ਜੁੜਿਆ, ਮੰਨਿਆ ਜਾਂਦਾ ਹੈ, ਜਦੋਂ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹਾ ਵਿੱਚੋਂ 52 ਰਾਜਿਆਂ ਸਮੇਤ ਰਿਹਾਅ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ।

——————————————————————————————————————–

ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਬੇਮਿਸਾਲ ਤੇ ਸ਼ਾਂਤਮਈ ਸ਼ਹਾਦਤ ਨੇ ਸਿੱਖ ਇਤਿਹਾਸ ਵਿੱਚ ਇਕ ਕ੍ਰਾਂਤੀਕਾਰੀ ਮੋੜ ਲੈ ਆਂਦਾ ਸੀ। ਸਤਿਗੁਰਾਂ ਦੀ ਅਦੁੱਤੀ ਸ਼ਹਾਦਤ ਤੋਂ ਬਾਅਦ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰਗੱਦੀ ਦੀ ਪ੍ਰੰਪਰਾਗਤ ਰਸਮ ਨੂੰ ਸਮੇਂ ਦੀ ਲੋੜ ਮੁਤਾਬਕ ਬਦਲਿਆ ਅਤੇ ਗੁਰਿਆਈ ਧਾਰਨ ਕਰਦੇ ਸਮੇਂ ਮੀਰੀ ਤੇ ਪੀਰੀ ਦੀਆਂ ਦੋ ਕਿ੍ਪਾਨਾਂ ਪਹਿਨੀਆਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕੀਤੀ, ਜਿੱਥੇ ਦੀਵਾਨ ਸੱਜਦੇ ਅਤੇ ਗੁਰਬਾਣੀ ਕੀਰਤਨ ਦੇ ਨਾਲ-ਨਾਲ ਬੀਰ-ਰਸੀ ਵਾਰਾਂ ਵੀ ਗਾਈਆਂ ਜਾਣ ਲੱਗੀਆਂ। ਗੁਰੂ ਸਾਹਿਬ ਨੇ ਸਿੱਖ ਸੰਗਤਾਂ ਨੂੰ ਗੁਰੂ ਦੇ ਦਰਸ਼ਨਾਂ ਲਈ ਆਉਂਦੇ ਸਮੇਂ ਚੰਗੇ ਨਸਲੀ ਘੋੜੇ ਅਤੇ ਵਧੀਆ ਸ਼ਸਤਰ ਲਿਆਉਣ ਦੇ ਆਦੇਸ ਵੀ ਜਾਰੀ ਕੀਤੇ। ਅਣਖੀਲੇ ਗੱਭਰੂਆਂ ਦੀ ਫੌਜ ਤਿਆਰ ਕਰ ਕੇ ਉਨ੍ਹਾਂ ਨੂੰ ਜੰਗ ਦੀ ਟ੍ਰੇਨਿੰਗ ਦਿੱਤੀ ਜਾਣ ਲੱਗੀ। ਅੰਮ੍ਰਿਤਸਰ ਵਿਖੇ ਲੋਹਗੜ੍ਹ ਕਿਲ੍ਹੇ ਦੀ ਸਥਾਪਨਾ ਕੀਤੀ ਗਈ। ਗੁਰੂ-ਘਰ ਦੇ ਵਿਰੋਧੀਆਂ ਨੇ ਗੁਰੂ ਸਾਹਿਬ ਵਿਰੁੱਧ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ, ਜਿਸ ਦੇ ਫਲ਼ਸਰੂਪ ਛੇਵੇਂ ਪਾਤਸਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਪੰਜਾਬ ਵਿਚ ਬਗਾਵਤ ਨੂੰ ਸ਼ਹਿ ਦੇਣ ਦੇ ਦੋਸ਼ ਵਿੱਚ ਗਵਾਲੀਅਰ ਦੇ ਕਿਲ੍ਹੇ ਵਿਚ ਨਜ਼ਰਬੰਦ ਕਰ ਦਿੱਤਾ ਗਿਆ। ਗੁਰੂ ਸਾਹਿਬ ਦੇ ਪਹੁੰਚਣ ਨਾਲ ਗਵਾਲੀਅਰ ਦੇ ਕਿਲ੍ਹੇ ’ਚ ਦੋਵੇਂ ਵੇਲੇ ਕੀਰਤਨ ਅਤੇ ਸਤਸੰਗ ਹੋਣ ਲੱਗਾ। ਉੱਧਰ ਗੁਰੂ ਸਾਹਿਬ ਦੀ ਨਜ਼ਰਬੰਦੀ ਲੰਬੀ ਹੋ ਜਾਣ ਕਾਰਨ ਸਿੱਖਾਂ ਵਿਚ ਬੇਚੈਨੀ ਵੱਧਣ ਲੱਗੀ। ਸਿੱਖ ਸੰਗਤਾਂ ਦਾ ਇੱਕ ਜੱਥਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰ ਕੇ ਬਾਬਾ ਬੁੱਢਾ ਜੀ ਦੀ ਅਗਵਾਈ ਵਿੱਚ ਗਵਾਲੀਅਰ ਲਈ ਰਵਾਨਾ ਹੋਇਆ। ਜਦੋਂ ਇਹ ਜੱਥਾ ਗਵਾਲੀਅਰ ਦੇ ਕਿਲ੍ਹੇ ਪਹੁੰਚਿਆ ਤਾਂ ਸੰਗਤਾਂ ਨੂੰ ਗੁਰੂ ਸਾਹਿਬ ਨਾਲ ਮੁਲਾਕਾਤ ਜਾਂ ਦਰਸ਼ਨ ਕਰਨ ਦੀ ਇਜਾਜ਼ਤ ਨਾ ਮਿਲ ਸਕੀ, ਜਿਸ ਉਪਰੰਤ ਸਿੱਖ ਸੰਗਤਾਂ ਨੇ ਕਿਲ੍ਹੇ ਦੀ ਪਰਕਰਮਾ ਕਰਦਿਆਂ ਹੀ ਗੁਰਬਾਣੀ ਦੇ ਸ਼ਬਦਾਂ ਦਾ ਗਾਇਨ ਕਰਨਾ ਆਰੰਭ ਕਰ ਦਿੱਤਾ, ਜਿਸ ਵਿੱਚ ਸੰਗਤਾਂ ਦਾ ਭਾਰੀ ਇਕੱਠ ਹੋਣ ਲੱਗਾ। ਦੂਜੇ ਪਾਸੇ ਸਾਈਂ ਮੀਆਂ ਮੀਰ ਵੱਲੋਂ ਗੁਰੂ ਜੀ ਦੀ ਰਿਹਾਈ ਸਬੰਧੀ ਜਹਾਂਗੀਰ ਨਾਲ ਗੱਲਬਾਤ ਨੂੰ ਕਾਮਯਾਬੀ ਮਿਲੀ, ਪਰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਕੱਲਿਆਂ ਕਿਲ੍ਹੇ ਵਿੱਚੋਂ ਰਿਹਾਅ ਹੋਣਾ ਸਵੀਕਾਰ ਨਾ ਕੀਤਾ। ਗੁਰੂ ਸਾਹਿਬ ਦੀ ਰਹਿਮਤ ਸਦਕਾ ਕਿਲ੍ਹੇ ਵਿੱਚ ਨਜ਼ਰਬੰਦ 52 ਰਾਜਪੂਤ ਰਾਜਿਆਂ ਨੂੰ ਵੀ ਬੰਦੀਖ਼ਾਨੇ ਤੋਂ ਮੁਕਤੀ ਮਿਲੀ। ਇਸ ਦਿਨ ਤੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ‘ਮੀਰੀ-ਪੀਰੀ’ ਦੇ ਮਾਲਕ ਸਮੇਤ ‘ਬੰਦੀ-ਛੋੜ’ ਦਾਤਾ ਦੇ ਨਾਂਅ ਨਾਲ ਵੀ ਜਾਣਿਆ ਜਾਣ ਲੱਗਾ।

ਅਪੁਨੇ ਸਤਿਗੁਰ ਕੈ ਬਲਿਹਾਰੈ ॥

0

ਅਪੁਨੇ ਸਤਿਗੁਰ ਕੈ ਬਲਿਹਾਰੈ ॥

ਪ੍ਰਿੰਸੀਪਲ ਗਿਆਨੀ ਹਰਭਜਨ ਸਿੰਘ ਜੀ (ਰੋਪੜ)

ਗੁਰੁ ਪੂਰਾ ਭੇਟਿਓ ਵਡਭਾਗੀ; ਮਨਹਿ ਭਇਆ ਪਰਗਾਸਾ ॥ ਕੋਇ ਨ ਪਹੁਚਨਹਾਰਾ ਦੂਜਾ; ਅਪੁਨੇ ਸਾਹਿਬ ਕਾ ਭਰਵਾਸਾ ॥੧॥

ਅਪੁਨੇ ਸਤਿਗੁਰ ਕੈ ਬਲਿਹਾਰੈ ॥ ਆਗੈ ਸੁਖੁ, ਪਾਛੈ ਸੁਖ ਸਹਜਾ; ਘਰਿ ਆਨੰਦੁ ਹਮਾਰੈ ॥ ਰਹਾਉ ॥

ਅੰਤਰਜਾਮੀ ਕਰਣੈਹਾਰਾ; ਸੋਈ ਖਸਮੁ ਹਮਾਰਾ ॥ ਨਿਰਭਉ ਭਏ ਗੁਰ ਚਰਣੀ ਲਾਗੇ; ਇਕ ਰਾਮ ਨਾਮ ਆਧਾਰਾ ॥੨॥

ਸਫਲ ਦਰਸਨੁ ਅਕਾਲ ਮੂਰਤਿ ਪ੍ਰਭੁ; ਹੈ ਭੀ ਹੋਵਨਹਾਰਾ ॥ ਕੰਠਿ ਲਗਾਇ ਅਪੁਨੇ ਜਨ ਰਾਖੇ; ਅਪੁਨੀ ਪ੍ਰੀਤਿ ਪਿਆਰਾ ॥੩॥

ਵਡੀ ਵਡਿਆਈ ਅਚਰਜ ਸੋਭਾ; ਕਾਰਜੁ ਆਇਆ ਰਾਸੇ ॥ ਨਾਨਕ ਕਉ ਗੁਰੁ ਪੂਰਾ ਭੇਟਿਓ; ਸਗਲੇ ਦੂਖ ਬਿਨਾਸੇ ॥੪॥ (ਮ : ੫/੬੧੦)

ਵਿਚਾਰ ਅਧੀਨ ਸ਼ਬਦ ਪੰਜਵੇਂ ਪਾਤਿਸ਼ਾਹ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 609-610 ’ਤੇ ਸੁਭਾਇਮਾਨ ਹੈ। ਇਸ ਸ਼ਬਦ ਦਾ ਕੇਂਦਰੀ ਭਾਵ ‘ਰਹਾਉ’ ਵਾਲੀਆਂ ਪੰਕਤੀਆਂ ਵਿੱਚ ਦਰਜ ਹੈ। ਸ਼ਬਦ ਦੇ ਬਾਕੀ 4 ਪਦੇ, ‘ਰਹਾਉ’ ਵਾਲੀਆਂ ਪੰਕਤੀਆਂ ਦੀ ਹੀ ਵਿਆਖਿਆ ਕਰ ਰਹੇ ਹਨ। ਗੁਰੂ ਅਰਜਨ ਸਾਹਿਬ ਜੀ ‘ਰਹਾਉ ਬੰਦ ਵਿੱਚ ਆਪਣੇ ਸਤਿਗੁਰੂ ਤੋਂ ਕੁਰਬਾਨ ਜਾਂਦੇ ਹੋਏ ਫ਼ੁਰਮਾਉਂਦੇ ਹਨ ਕਿ ਹੇ ਭਾਈ ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਕਿਉਂਕਿ ਗੁਰੂ ਦੀ ਕਿਰਪਾ ਨਾਲ ਮੇਰੇ ਹਿਰਦੇ ਘਰ ਵਿੱਚ ਅਨੰਦ ਬਣਿਆ ਰਹਿੰਦਾ ਹੈ। ਇਸ ਲੋਕ ਵਿੱਚ ਵੀ ਆਤਮਿਕ ਅਡੋਲਤਾ ਦਾ ਸੁੱਖ ਮੈਨੂੰ ਪ੍ਰਾਪਤ ਹੋ ਗਿਆ ਹੈ ਤੇ ਪਰਲੋਕ ਵਿੱਚ ਵੀ ਇਹ ਸੁੱਖ ਟਿਕਿਆ ਰਹਿਣ ਵਾਲਾ ਹੈ ; ਜਿਵੇਂ ਕਿ ‘‘ਅਪੁਨੇ ਸਤਿਗੁਰ ਕੈ ਬਲਿਹਾਰੈ ॥ ਆਗੈ ਸੁਖੁ, ਪਾਛੈ ਸੁਖ ਸਹਜਾ; ਘਰਿ ਆਨੰਦੁ ਹਮਾਰੈ ॥ ਰਹਾਉ ॥’’

ਅਧਿਆਤਮਕਵਾਦ ਵਿੱਚ ਗੁਰੂ ਦੀ ਵਿਸ਼ੇਸ਼ਤਾ ਖ਼ਾਸ ਸਥਾਨ ਰੱਖਦੀ ਹੈ, ਇਸ ਲਈ ਅਧਿਆਤਮਕ ਵਾਦੀਆਂ ਨੇ ਗੁਰੂ ਸ਼ਬਦ ਦੇ ਬੜੇ ਭਾਵ ਪੂਰਨ ਅਰਥ ਕੀਤੇ ਹੋਏ ਹਨ ਭਾਵ ਜੋ ਹਨ੍ਹੇਰੇ ਦਾ ਨਾਸ ਕਰ ਕੇ ਉਸ ਦੀ ਥਾਂ ਪ੍ਰਕਾਸ਼ ਕਰ ਦੇਵੇ ਉਹੀ ਗੁਰੂ ਕਹਿਲਾਉਣ ਦਾ ਹੱਕਦਾਰ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਸੱਚ ਨੂੰ ਆਪਣੀ ਕਲਮ ਰਾਹੀਂ ਇਸ ਤਰ੍ਹਾਂ ਬਿਆਨ ਕੀਤਾ ਹੈ, ‘‘ਬਾਝਹੁ ਗੁਰੂ ਗੁਬਾਰ ਹੈ; ਹੈ ਹੈ ਕਰਦੀ ਸੁਣੀ ਲੁਕਾਈ।’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੨੪) ਗੁਰੂ ਅੰਗਦ ਦੇਵ ਜੀ ਨੇ ਵੀ ਇਸ ਸਚਾਈ ਨੂੰ ਆਪਣੇ ਤਨ ’ਤੇ ਹੰਢਾਉਂਦਿਆਂ ਹੋਇਆਂ ਪਵਿੱਤਰ ਉਪਦੇਸ਼ ਬਖ਼ਸ਼ਸ਼ ਕੀਤਾ ਕਿ, ‘‘ਜੇ ਸਉ ਚੰਦਾ ਉਗਵਹਿ; ਸੂਰਜ ਚੜਹਿ ਹਜਾਰ ॥ ਏਤੇ ਚਾਨਣ ਹੋਦਿਆਂ; ਗੁਰ ਬਿਨੁ ਘੋਰ ਅੰਧਾਰ॥’’ (ਮ : ੨/੪੬੩)

ਗੁਰਬਾਣੀ ਵਿੱਚ ਅਗਿਆਨਤਾ ਦੀ ਹਨ੍ਹੇਰੇ ਨਾਲ ਅਤੇ ਗਿਆਨ ਦੀ ਚਾਨਣ ਨਾਲ ਤੁਲਨਾ ਕੀਤੀ ਗਈ ਹੈ। ਅਗਿਆਨਤਾ ਦੁੱਖਾਂ ਦਾ ਮੂਲ ਹੈ ਅਤੇ ਗਿਆਨ ਸੁੱਖਾਂ ਦਾ ਆਧਾਰ ਹੈ। ਗਿਆਨ ਦੀ ਪ੍ਰਾਪਤੀ ਗੁਰੂ ਤੋਂ ਬਿਨਾਂ ਕਦੇ ਵੀ ਨਹੀਂ ਹੋ ਸਕਦੀ। ਜ਼ਾਹਰ ਪੀਰ ਜਗਤ ਗੁਰੂ ਬਾਬਾ ‘ਗੁਰੂ ਨਾਨਕ ਸਾਹਿਬ ਜੀ’ ਦੇ ਪਾਵਨ ਬਚਨਾਂ ਤੋਂ ਇਹ ਸੇਧ ਮਿਲਦੀ ਹੈ ਕਿ ਜਿਸ ਤਰ੍ਹਾਂ ਪਾਣੀ ਨੂੰ ਮਿੱਟੀ ਦਾ ਘੜਾ ਇਕੱਠਾ ਕਰ ਕੇ ਰੱਖਦਾ ਹੈ ਅਤੇ ਆਪ ਘੜਾ, ਪਾਣੀ ਤੋਂ ਬਿਨਾਂ ਨਹੀਂ ਬਣ ਸਕਦਾ, ਇਸੇ ਤਰ੍ਹਾਂ ਮਨ ਦੀ ਖ਼ਿਆਲਾਂ ਦੀ ਡੋਰੀ ਨੂੰ ਗਿਆਨ ਸੰਕੋਚਦਾ ਹੈ, ਪਰ ਇਹ ਗਿਆਨ, ਗੁਰੂ ਦੀ ਕਿਰਪਾ ਤੋਂ ਬਿਨਾਂ ਮਿਲਣਾ ਅਸੰਭਵ ਹੈ, ‘‘ਕੁੰਭੇ ਬਧਾ ਜਲੁ ਰਹੈ; ਜਲ ਬਿਨੁ, ਕੁੰਭੁ ਨ ਹੋਇ ॥ ਗਿਆਨ ਕਾ ਬਧਾ ਮਨੁ ਰਹੈ; ਗੁਰ ਬਿਨੁ, ਗਿਆਨੁ ਨ ਹੋਇ ॥’’ (ਮ : ੧/੪੬੯)

ਜਿਸ ਗੁਰੂ ਦੇ ਬਖ਼ਸ਼ੇ ਹੋਏ ਗਿਆਨ ਸਦਕਾ ਜੀਵਨ ਅਨੰਦਮਈ ਬਣ ਗਿਆ, ਐਸਾ ਗੁਰੂ ਵੱਡੇ ਭਾਗਾਂ ਨਾਲ ਹੀ ਮਿਲਦਾ ਹੈ। ਇਹੀ ਯੁਕਤੀ ਗੁਰੂ ਅਰਜਨ ਸਾਹਿਬ ਜੀ, ਵਿਚਾਰ ਅਧੀਨ ਸ਼ਬਦ ਦੇ ਪਹਿਲੇ ਪਦੇ ਰਾਹੀਂ ਸਮਝਾਉਂਦੇ ਹਨ ਕਿ ਹੇ ਭਾਈ  ! ਵੱਡੀ ਕਿਸਮਤ ਨਾਲ ਮੈਨੂੰ ਪੂਰਾ ਗੁਰੂ ਮਿਲ ਗਿਆ ਹੈ। ਮੇਰੇ ਮਨ ਵਿੱਚ ਆਤਮਿਕ ਜੀਵਨ ਦੀ ਸੂਝ ਪੈਦਾ ਹੋ ਗਈ ਹੈ। ਹੁਣ ਮੈਨੂੰ ਆਪਣੇ ਮਾਲਕ ਦਾ ਸਹਾਰਾ ਹੋ ਗਿਆ ਹੈ। ਕੋਈ ਵੀ ਉਸ ਮਾਲਕ ਦੀ ਬਰਾਬਰੀ ਨਹੀਂ ਕਰ ਸਕਦਾ, ‘‘ਗੁਰੁ ਪੂਰਾ ਭੇਟਿਓ ਵਡਭਾਗੀ; ਮਨਹਿ ਭਇਆ ਪਰਗਾਸਾ॥ ਕੋਇ ਨ ਪਹੁਚਨਹਾਰਾ ਦੂਜਾ; ਅਪੁਨੇ ਸਾਹਿਬ ਕਾ ਭਰਵਾਸਾ ॥੧॥’’

ਮਨ ਵਿੱਚ ਪ੍ਰਕਾਸ਼, ਗੁਰੂ ਦੇ ਗਿਆਨ ਰਾਹੀਂ ਹੀ ਹੋ ਸਕਦਾ ਹੈ; ਜਿਵੇਂ ਪੰਜਵੇਂ ਪਤਿਸ਼ਾਹ ਜੀ ਦੇ ਹੀ ਬਚਨ ਹਨ, ‘‘ਗਿਆਨ ਅੰਜਨੁ ਗੁਰਿ ਦੀਆ; ਅਗਿਆਨ ਅੰਧੇਰ ਬਿਨਾਸੁ ॥’’ (ਮ : ੫/੨੯੩) ਜਾਂ ‘‘ਗਿਆਨ ਅੰਜਨੁ ਜਾ ਕੀ ਨੇਤ੍ਰੀ ਪੜਿਆ; ਤਾ ਕਉ ਸਰਬ ਪ੍ਰਗਾਸਾ॥’’ (ਮ : ੫/੬੧੦) ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਕਥਨ ਕਰਦੇ ਹਨ ਕਿ ‘‘ਅਨਿਕ ਪ੍ਰਕਾਰ ਭੇਖ ਧਾਰਿ ਪ੍ਰਾਨੀ ਭ੍ਰਮੇ ਭੂਮ; ਬਿਨ ਗੁਰ ਉਰਿ ਗ੍ਯਾਨ ਦੀਪ ਨ ਜਗਾਇ ਹੈ ॥’’ (ਭਾਈ ਗੁਰਦਾਸ ਜੀ/ਕਬਿੱਤ ੬੩੫)

ਜਗਿਆਸੂ ਗਿਆਨ ਦੇ ਦੀਵੇ ਨੂੰ ਆਪਣੇ ਅੰਦਰ ਸਦਾ ਜਗਦਾ ਰੱਖਣ ਵਾਸਤੇ ‘ਸੋ ਦਰੁ’ (ਰਹਰਾਸਿ) ਬਾਣੀ ਵਿੱਚ ਗੁਰੂ ਰਾਮਦਾਸ ਜੀ ਦੀ ਇੱਕ ਪੰਕਤੀ ਪੜ੍ਹਦਾ ਹੋਇਆ ਬੇਨਤੀ ਕਰਦਾ ਹੈ ਕਿ ‘‘ਮੇਰੇ ਮੀਤ ਗੁਰਦੇਵ  ! ਮੋ ਕਉ, ਰਾਮ ਨਾਮੁ ਪਰਗਾਸਿ ॥’’ (ਮ : ੪)

ਪ੍ਰਕਾਸ਼ ਹੋਣ ’ਤੇ ਹੀ ਇਹ ਨਿਸ਼ਚਾ ਬੱਝ ਜਾਂਦਾ ਹੈ, ਜਿਸੇ ਬਾਰੇ ਹੀ ਵਿਚਾਰ ਅਧੀਨ ਸ਼ਬਦ ਦਾ ਦੂਸਰਾ ਬੰਦ ਉਪਦੇਸ਼ ਕਰਦਾ ਹੈ ਕਿ ਹੇ ਭਾਈ  ! ਜਦੋਂ ਦਾ ਮੈਂ ਗੁਰੂ ਚਰਨੀਂ ਲੱਗਾਂ ਹਾਂ ਮੈਨੂੰ ਪ੍ਰਮਾਤਮਾ ਦੇ ਨਾਮ ਦਾ ਆਸਰਾ ਹੋ ਗਿਆ ਹੈ। ਕੋਈ ਡਰ ਮੈਨੂੰ ਹੁਣ ਪੋਹ ਨਹੀਂ ਸਕਦਾ। ਮੈਨੂੰ ਨਿਸ਼ਚਾ ਹੋ ਗਿਆ ਕਿ ਜਿਹੜਾ ਸਿਰਜਣਹਾਰ ਸਭ ਦੇ ਦਿਲਾਂ ਦਾ ਜਾਣਨਹਾਰ ਹੈ, ਉਹ ਮੇਰੇ ਵੀ ਸਿਰ ਉੱਤੇ ਰਾਖਾ ਹੈ, ‘‘ ਅੰਤਰਜਾਮੀ ਕਰਣੈਹਾਰਾ; ਸੋਈ ਖਸਮੁ ਹਮਾਰਾ ॥ ਨਿਰਭਉ ਭਏ ਗੁਰ ਚਰਣੀ ਲਾਗੇ; ਇਕ ਰਾਮ ਨਾਮ ਆਧਾਰਾ ॥੨॥’’

ਜੋ ਜੋ ਕੀਨੋ ਆਪਨੋ; ਤਿਸੁ ਅਭੈ ਦਾਨੁ ਦੀਤਾ ॥ (ਮ : ੫/੮੦੯) ਦੇ ਮਹਾਂਵਾਕ ਅਨੁਸਾਰ ਜੋ ਵੀ ਉਸ ਦਾ ਸੇਵਕ ਬਣ ਗਿਆ ਉਸ ਨੂੰ ਨਿਰਭੈਤਾ ਦੀ ਦਾਤ ਪ੍ਰਾਪਤ ਹੋ ਗਈ ਅਤੇ ਉਸ ਨੇ ਗੁਰੂ ਦੇ ਬਚਨਾਂ ਨੂੰ ਇਸ ਤਰ੍ਹਾਂ ਗਾਉਣਾ ਸ਼ੁਰੂ ਕਰ ਦਿੱਤਾ, ‘‘ਨਿਰਭਉ ਭਏ ਸਗਲ ਭਉ ਮਿਟਿਆ; ਰਾਖੇ ਰਾਖਨਹਾਰੇ ॥ ਐਸੀ ਦਾਤਿ ਤੇਰੀ ਪ੍ਰਭ ਮੇਰੇ  ! ਕਾਰਜ ਸਗਲ ਸਵਾਰੇ ॥’’ (ਮ : ੫/੩੮੩) ਜਿਨ੍ਹਾਂ ਨੇ ਇਸ ਤਰ੍ਹਾਂ ‘‘ਗਾਵੀਐ, ਸੁਣੀਐ; ਮਨਿ ਰਖੀਐ ਭਾਉ ॥’’ ਵਾਲੀ ਅਵਸਥਾ ਬਣਾ ਲਈ, ਉਨ੍ਹਾਂ ਉੱਤੇ ਪ੍ਰਸੰਨ ਹੋ ਕੇ ਪ੍ਰਭੂ ਨੇ ਉਨ੍ਹਾਂ ਨੂੰ ਆਪਣੀ ਪ੍ਰੀਤ ਬਖ਼ਸ਼ਸ਼ ਕਰ ਦਿੱਤੀ। ਵਿਚਾਰ ਅਧੀਨ ਸ਼ਬਦ ਦੇ ਤੀਸਰੇ ਬੰਦ ਰਾਹੀਂ ਗੁਰੂ ਜੀ ਇਹੀ ਸਮਝਾ ਰਹੇ ਹਨ ਕਿ ਹੇ ਭਾਈ ! ਜਿਸ ਪ੍ਰਮਾਤਮਾ ਦਾ ਦਰਸ਼ਨ ਮਨੁੱਖਾ ਜਨਮ ਲਈ ਫਲ਼ ਦੇਣ ਵਾਲਾ ਹੈ, ਜਿਸ ਪ੍ਰਮਾਤਮਾ ਦੀ ਹਸਤੀ ਮੌਤ ਤੋਂ ਰਹਿਤ ਹੈ, ਉਹ ਇਸ ਵੇਲੇ ਵੀ ਮੇਰੇ ਸਿਰ ਉੱਤੇ ਮੌਜੂਦ ਹੈ ਤੇ ਅਗਾਂਹ ਲਈ ਵੀ ਸਦਾ ਕਾਇਮ ਰਹਿਣ ਵਾਲਾ ਹੈ। ਉਹ ਮਾਲਕ ਆਪਣੀ ਪ੍ਰੀਤ ਦੀ ਦਾਤਿ ਦੇ ਕੇ ਆਪਣੇ ਸੇਵਕਾਂ ਨੂੰ ਸਦਾ ਆਪਣੇ ਗਲ ਨਾਲ ਲਗਾ ਕੇ ਰੱਖਦਾ ਹੈ, ‘‘ਸਫਲ ਦਰਸਨੁ ਅਕਾਲ ਮੂਰਤਿ ਪ੍ਰਭੁ; ਹੈ ਭੀ ਹੋਵਨਹਾਰਾ॥ ਕੰਠਿ ਲਗਾਇ ਅਪੁਨੇ ਜਨ ਰਾਖੇ; ਅਪੁਨੀ ਪ੍ਰੀਤਿ ਪਿਆਰਾ ॥੩॥’’

ਐਸੇ ਪ੍ਰਮਾਤਮਾ ਦੀ ਸਦੀਵੀ ਗਲਵਕੜੀ ਪ੍ਰਾਪਤ ਕਰਨ ਵਾਸਤੇ ਪੂਰੇ ਸਤਿਗੁਰੂ ਦੀ ਸਹਾਇਤਾ ਦੀ ਸਦੀਵੀ ਲੋੜ ਹੈ ਤਾਂ ਹੀ ਸਤਿਗੁਰੂ ਜੀ ਆਪਣੇ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਰਾਹੀਂ ਪੂਰੇ ਗੁਰੂ ਦੀ ਵਡਿਆਈ ਕਰਦੇ ਹੋਏ ਫ਼ੁਰਮਾ ਰਹੇ ਹਨ ਕਿ ਹੇ ਭਾਈ  ! ਮੈਨੂੰ (ਨਾਨਕ ਨੂੰ) ਪੂਰਾ ਗੁਰੂ ਮਿਲ ਗਿਆ ਹੈ, ਮੇਰੇ ਸਾਰੇ ਦੁੱਖ ਦੂਰ ਹੋ ਗਏ ਹਨ। ਉਹ ਗੁਰੂ ਬੜੀ ਵਡਿਆਈ ਵਾਲਾ ਹੈ। ਅਸਚਰਜ ਸ਼ੋਭਾ ਵਾਲਾ ਹੈ। ਉਸ ਦੀ ਸ਼ਰਨ ਪਿਆਂ ਜ਼ਿੰਦਗੀ ਦਾ ਮਨੋਰਥ ਪ੍ਰਾਪਤ ਹੋ ਜਾਂਦਾ ਹੈ, ‘‘ਵਡੀ ਵਡਿਆਈ ਅਚਰਜ ਸੋਭਾ; ਕਾਰਜੁ ਆਇਆ ਰਾਸੇ ॥ ਨਾਨਕ ਕਉ ਗੁਰੁ ਪੂਰਾ ਭੇਟਿਓ; ਸਗਲੇ ਦੂਖ ਬਿਨਾਸੇ ॥੪॥’’

ਗੁਰਬਾਣੀ ਵਿੱਚ ਗੁਰੂ ਦੀ ਮਹਿਮਾ ਸਬੰਧੀ ਅਨੇਕ ਪੰਕਤੀਆਂ ਮੌਜੂਦ ਹਨ; ਜਿਵੇਂ ਕਿ ‘‘ਗੁਰੁ ਪੂਰਾ, ਮੇਰਾ ਗੁਰੁ ਪੂਰਾ ॥ ਰਾਮ ਨਾਮੁ ਜਪਿ ਸਦਾ ਸੁਹੇਲੇ; ਸਗਲ ਬਿਨਾਸੇ ਰੋਗ ਕੂਰਾ ॥੧॥ ਰਹਾਉ ॥’’ (ਮ : ੫/੯੦੧), ਗੁਰੂ ਗੁਰੂ; ਗੁਰੁ, ਕਰਿ ਮਨ ਮੋਰ  ! ॥ ਗੁਰੂ ਬਿਨਾ; ਮੈ ਨਾਹੀ ਹੋਰ ॥ ਗੁਰ ਕੀ ਟੇਕ, ਰਹਹੁ ਦਿਨੁ ਰਾਤਿ॥ ਜਾ ਕੀ; ਕੋਇ ਨ ਮੇਟੈ ਦਾਤਿ ॥ (ਮ : ੫/੮੬੪), ਆਦਿ।

ਕੀ ਸਿੱਖ ਗੁਰੂ ਸਾਹਿਬਾਂ ਨੇ ਕੁਝ ਅਜਿਹੇ ਫ਼ੈਸਲੇ ਵੀ ਲਏ ਜੋ ਕਿ ਅਫ਼ਸੋਸਨਾਕ ਸਨ ?

0

ਕੀ ਸਿੱਖ ਗੁਰੂ ਸਾਹਿਬਾਂ ਨੇ ਕੁਝ ਅਜਿਹੇ ਫ਼ੈਸਲੇ ਵੀ ਲਏ ਜੋ ਕਿ ਅਫ਼ਸੋਸਨਾਕ ਸਨ ?

ਗਿਆਨੀ ਅਵਤਾਰ ਸਿੰਘ-94650-40032

ਕਿਸੇ ਕੌਮ ਜਾਂ ਕਬੀਲੇ ਦੀ ਉਤਪਤੀ, ਉਸ ਦੇ ਰਹਿਬਰ (ਆਗੂ) ਦੀ ਵਿਚਾਰਧਾਰਾ, ਇਰਾਦੇ ਜਾਂ ਭਾਵਨਾਵਾਂ ਰਾਹੀਂ ਹੁੰਦੀ ਹੈ। ਜੋ ਪੈਰੋਕਾਰ (ਚੇਲਾ) ਉਨ੍ਹਾਂ ਉੱਤੇ ਪਹਿਰਾ ਨਾ ਦੇ ਸਕੇ ਉਹ ਉਸ ਕੌਮ ਦਾ ਨੁਮਾਇੰਦਾ ਨਹੀਂ ਬਣ ਸਕਦਾ। ਅਜੋਕਾ ਤਰਕ ਸੰਗਤ ਯੁੱਗ ਹੋਣ ਕਾਰਨ ਕਈ ਚੇਲਿਆਂ (ਸ਼ਰਧਾਲੂਆਂ) ਨੇ ਆਪਣੀ ਵਿਚਾਰਧਾਰਾ ਉੱਤੇ ਕੁਝ ਸ਼ੰਕੇ ਖੜ੍ਹੇ ਕਰ ਕੇ ਕੌਮੀ ਸਿਧਾਂਤ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਉਲ਼ਝਣ ਤੇ ਪਾਠਕਾਂ ਲਈ ਦੁਬਿਧਾ ਪੈਦਾ ਕਰ ਦਿੱਤੀ ਹੈ, ਜੋ ਕਿ ਨਿਰੰਤਰ ਘਟਣ ਦੀ ਬਜਾਇ ਵਧ ਰਹੀ ਹੈ।

ਵੇਦ, ਪੁਰਾਣ, ਸਿਮ੍ਰਤੀਆਂ, ਸ਼ਾਸਤਰ, ਬਾਈਬਲ, ਆਦਿ ਧਾਰਮਿਕ ਗ੍ਰੰਥਾਂ ’ਚ ਦਰਜ ਕਈ ਕਾਲਪਨਿਕ ਹਦਾਇਤਾਂ ਤਾਂ ਤਰਕ ਸੋਚ ਨੇ ਰੱਦ ਹੀ ਕਰ ਦਿੱਤੀਆਂ ਹਨ ਜਿਸ ਨਾਲ਼ ਉਸ ਸਮੁਦਾਇ ਦੇ ਰਹਿਨੁਮਾ ਦੀ ਯੋਗਤਾ ਨੂੰ ਹੀ ਸੰਦੇਹ ਨਾਲ਼ ਵੇਖਿਆ ਜਾ ਰਿਹਾ ਹੈ, ਪਰ ‘ਗੁਰੂ ਗ੍ਰੰਥ ਸਾਹਿਬ’ ਜੀ ’ਚ ਦਰਜ ਰਚਨਾ ਦਾ ਮਿਆਰ ਹੀ ਕੁਝ ਐਸਾ ਹੈ ਕਿ ਇਸ ਨੂੰ ਕਿਆਮਤ ਤੱਕ ਦੁਨਿਆਵੀ ਗਿਆਨ ਗ਼ਲਤ ਸਾਬਤ ਨਹੀਂ ਕਰ ਸਕਦਾ। ਇਤਨੀ ਵਿਸ਼ਾਲ ਤੇ ਦਲੀਲ ਭਰਪੂਰ ਉਦਾਰਤਾ ਹੋਣ ਦੇ ਬਾਵਜੂਦ ਅਗਰ ਫਿਰ ਵੀ ਕਿਸੇ ਸਿੱਖ ਦੇ ਮਨ ਵਿੱਚ ਕੋਈ ਸੰਦੇਹ ਕਾਇਮ ਹੈ ਤਾਂ ਉਸ ਦੇ ਮੰਦੇ ਭਾਗ ਹੀ ਕਹੇ ਜਾ ਸਕਦੇ ਹਨ।

ਸਿੱਖ ਸਮਾਜ ’ਚ ਅਜੋਕੀ ਇੱਕ ਦੁਬਿਧਾ ਨਿਊਜ਼ੀਲੈਂਡ ਵਿਖੇ ਨਿੱਜੀ ਚਲਾਏ ਜਾ ਰਹੇ ਵਿਰਸਾ ਰੇਡੀਓ ਦੇ ਸੰਪਾਦਕ ਭਾਈ ਹਰਨੇਕ ਸਿੰਘ ਦੁਆਰਾ ਪੈਦਾ ਕੀਤੀ ਗਈ ਹੈ, ਜਿਸ ਨੇ ਆਪਣੇ ਇੱਕ ਲਾਇਵ ਪ੍ਰੋਗਰਾਮ ’ਚ ਉਨ੍ਹਾਂ ਸਿੱਖ ਪ੍ਰਚਾਰਕਾਂ ਦੀ ਸੋਚ ਉੱਤੇ ਪ੍ਰਸ਼ਨਚਿੰਨ੍ਹ ਲਗਾਏ ਹਨ, ਜੋ ਆਪਣੇ ਗੁਰੂ ਜੀ ਬਾਰੇ ਸਮਝਦੇ ਤੇ ਪ੍ਰਚਾਰਦੇ ਹਨ ਕਿ ਗੁਰੂ ਜੀ ਨੇ ਜਿੱਦਾਂ ਦੀਆਂ ਗੱਲਾਂ ਗੁਰਬਾਣੀ ’ਚ ਦਰਜ ਕੀਤੀਆਂ ਓਦਾਂ ਦਾ ਹੀ ਜੀਵਨ ਜੀਵਿਆ ਹੈ, ਪਰ ਹਰਨੇਕ ਸਿੰਘ ਅਨੁਸਾਰ ਅਜਿਹਾ ਕਹਿਣਾ ਅਤਿ ਕਥਨੀ ਹੈ, ਗ਼ਲਤ ਹੈ, ਝੂਠ ਹੈ, ਸੱਚ ਨਹੀਂ ਕਿਉਂਕਿ ਇਸ ਦੇ ਕਹਿਣ ਮੁਤਾਬਕ ਗੁਰੂ ਨੇ ਕੁਝ ਫ਼ੈਸਲੇ (ਜੋ ਕਿ ਗੁਰਬਾਣੀ ’ਚ ਦਰਜ ਕਰਨ ਲਾਇਕ ਨਹੀਂ ਸਨ, ਆਮ ਮਨੁੱਖਾਂ ਵਾਙ) ਗ਼ਲਤ ਲਏ ਹਨ।

ਆਪਣੀ ਦਲੀਲ ਦੀ ਪੁਸ਼ਟੀ ਲਈ ਉਸ ਨੇ ਕਿਹਾ ਕਿ ਜੀਵਨ ਦੀ ਅਟੱਲ ਸਚਾਈ ਨੂੰ ਗੁਰਬਾਣੀ ’ਚ ਦਰਜ ਕੀਤਾ ਗਿਆ ਹੈ ਤੇ ਆਮ ਮਨੁੱਖਾਂ ਵਾਙ ਕੀਤੀਆਂ ਗ਼ਲਤੀਆਂ, ਗੁਰਬਾਣੀ ’ਚ ਦਰਜ ਨਹੀਂ ਕੀਤੀਆਂ ; ਜਿਵੇਂ ਕਿ ‘ਗੁਰੂ ਰਾਮਦਾਸ ਜੀ ਦੁਆਰਾ ਬਾਬਾ ਪ੍ਰਿਥੀਚੰਦ ਨੂੰ ਗੁਰਦੁਆਰੇ ਦਾ ਪ੍ਰਬੰਧ ਦੇਣਾ, ਗੁਰਮਤਿ ਬਾਰੇ ਪਾਏ ਗਏ ਸ਼ੰਕਿਆਂ ਦੀ ਨਿਵਿਰਤੀ ਨੂੰ ਦੂਰ ਕਰਨ ਲਈ ਗੁਰੂ ਹਰਿਰਾਇ ਸਾਹਿਬ ਦੁਆਰਾ ਬਾਬਾ ਰਾਮਰਾਇ ਜੀ ਨੂੰ ਔਰੰਗਜ਼ੇਬ ਪਾਸ ਦਿੱਲੀ ਭੇਜਣਾ, ਆਦਿ ਗ਼ਲਤ ਫ਼ੈਸਲੇ ਸਨ, ਕਿਉਂਕਿ ਬਾਬਾ ਰਾਮਰਾਇ ਨੇ ਗੁਰੂ ਨਾਨਕ ਸਾਹਿਬ ਜੀ ਦੁਆਰਾ ਰਚਿਤ ਤੁਕ ‘‘ਮਿਟੀ ਮੁਸਲਮਾਨ ਕੀ; ਪੇੜੈ ਪਈ ਕੁਮਿ੍ਆਰ ॥’’ (ਮ : ੧/੪੬੬) ਨੂੰ ਬਦਲ ਕੇ ‘ਮਿਟੀ ਬੇਈਮਾਨ ਕੀ’ ਕਹਿ ਦਿੱਤਾ ਸੀ ਤੇ ਇਉਂ ਗੁਰੂ ਵਚਨਾਂ ਨੂੰ ਝੁਠਲਾਅ ਕੇ ਔਰੰਗਜ਼ੇਬ ਨੂੰ ਖ਼ੁਸ਼ ਕੀਤਾ। ਹਰਨੇਕ ਸਿੰਘ ਅਨੁਸਾਰ ਬਾਲਕ ਗੁਰੂ ਹਰਿਕ੍ਰਿਸ਼ਨ ਜੀ ਨੂੰ ਗੁਰਗੱਦੀ ਸੌਂਪਣਾ ਵੀ ਇੱਕ ਗ਼ਲਤ ਫ਼ੈਸਲਾ ਰਿਹਾ ਸੀ ਅਤੇ ਸਿੱਖ ਪ੍ਰਚਾਰਕਾਂ ਨੇ ਇਨ੍ਹਾਂ ਗ਼ਲਤੀਆਂ ਨੂੰ ਬੇਲੋੜਾ ਵਧਾ ਚੜ੍ਹਾ ਕੇ (ਗੁਰੂ ਵਡਿਆਈ ਨੂੰ ਸ਼ਰਧਾਵੱਸ) ਗੁਰੂ ਦੀ ਲੀਲ੍ਹਾ ਸੀ, ਜੋ ਸਮਾਜ ਨੂੰ ਸਿਖਿਆ ਦੇਣਾ ਚਾਹੁੰਦੇ ਸਨ, ਆਦਿ ਕਹਿ ਕੇ ਮਹਾਨਤਾ ਦੇ ਦਿੱਤੀ ਗਈ, ਜੋ ਕਿ ਗ਼ਲਤ ਹੈ, ਝੂਠ ਹੈ।

ਵਿਚਾਰ  : ਉਕਤ ਉੱਠਾਏ ਗਏ ਸਵਾਲਾਂ ਵਿੱਚ ਜਿੱਥੇ ਗੁਰੂ ਇਤਿਹਾਸ ’ਤੇ ਸ਼ੱਕ ਪੈਦਾ ਕੀਤਾ ਗਿਆ ਹੈ ਉੱਥੇ ਅਭੁੱਲ ਗੁਰੂ ਦੁਆਰਾ ਨਿਯੁਕਤ ਕੀਤੇ ਗਏ ‘ਨਾਨਕ ਜੋਤ’ ਦੇ ਅੱਠਵੇਂ ਉੱਤਰਾਧਿਕਾਰੀ ਦੀ ਚੋਣ ਪ੍ਰਤੀ ਵੀ ਬੇਇਤਬਾਰੀ ਬਣਾਈ ਗਈ ਹੈ, ਜਿਨ੍ਹਾਂ ਰਾਹੀਂ ਅਗਾਂਹ ਨਾਵੇਂ, ਦਸਵੇਂ ਤੇ ਗਿਆਰਵੇਂ (ਗੁਰੂ ਗ੍ਰੰਥ ਸਾਹਿਬ) ਵਿਚ ਵਿਚਰਦੀ ‘ਨਾਨਕ ਜੋਤ’ ਵੀ ਸ਼ੱਕ ਦੇ ਦਾਇਰੇ ਵਿੱਚ ਆ ਜਾਂਦੀ ਹੈ। ਵੈਸੇ ਤਾਂ ਅਜਿਹੀ ਸੋਚ ਕਿਸੇ ਅਕਿਰਤਘਣ (ਅਹਿਸਾਨ ਫ਼ਰਾਮੋਸ਼) ਬੰਦੇ ਦੀ ਹੀ ਕਹੀ ਜਾ ਸਕਦੀ ਹੈ ਕਿਉਂਕਿ ਜਿਸ ਗੁਰੂ ਨੇ ਸਿੱਖਾਂ ਨੂੰ ਆਪਣੇ ਬਰਾਬਰ ਦਾ ਦਰਜਾ ਦਿੱਤਾ ਭਾਵ ਜਿਨ੍ਹਾਂ ਨੂੰ ਆਪ ਅੰਮ੍ਰਿਤਪਾਨ ਤਿਆਰ ਕਰ ਕੇ ਛਕਾਇਆ ਉਨ੍ਹਾਂ ਪਾਸੋਂ ਆਪ ਵੀ ਛਕਿਆ ਤੇ ਅਗਾਂਹ ਲਈ ਸ਼ਖ਼ਸੀ ਗੁਰੂ ਦੇ ਸਾਰੇ ਅਧਿਕਾਰ ਵੀ ਖ਼ਾਲਸੇ ਨੂੰ ਬਖ਼ਸ਼ ਦਿੱਤੇ, ਉਨ੍ਹਾਂ ਦੇ ਕਿਰਦਾਰ ਨੂੰ ਖੰਘਾਲ਼ਨਾ, ‘‘ਪਿਤਾ ਕਾ ਜਨਮੁ; ਕਿ ਜਾਨੈ ਪੂਤੁ  ?॥’’ (ਸੁਖਮਨੀ /ਮ : ੫/੨੮੪) ਨੂੰ ਜਾਣਨ ਦਾ ਯਤਨ ਕੀਤਾ ਗਿਆ ਹੈ, ਜੋ ਕਿ ਇਸ ਪਾਵਨ ਉਪਦੇਸ਼ ਦਾ ਵਿਰੁਧ ਹੈ। ਵੈਸੇ ਤਾਂ ਅਜਿਹੇ ਬੰਦੇ ਨਾਲ਼ ਗੱਲ ਕਰਨੀ ਹੀ ਝੱਖ ਮਾਰਨਾ ਹੈ, ਪਰ ਸਿੱਖ ਸਮਾਜ ’ਚ ਕੁਝ ਅਜਿਹੇ ਵਿਅਕਤੀ ਵੀ ਮੌਜੂਦ ਹਨ ਜੋ ਗੁਰਬਾਣੀ ਦੇ ਲੜ ਲੱਗਣ ਦੀ ਬਜਾਇ ਭਾਵ ਗੁਰਬਾਣੀ ਤੋਂ ਖ਼ੁਦ ਸੇਧ ਲੈਣ ਦੀ ਬਜਾਇ ਅਜਿਹੇ ਲੋਕਾਂ ਦੀ ਰਾਹੀਂ ਹੀ ਗੁਰਮਤਿ ਨੂੰ ਸਮਝਦੇ ਹਨ, ਇਸ ਲਈ ਉਨ੍ਹਾਂ ਨੂੰ ਮੁੱਖ ਰੱਖ ਕੇ ਇਸ ਵਿਸ਼ੇ ਨੂੰ ਵਿਚਾਰਨਾ ਜ਼ਰੂਰੀ ਸਮਝਿਆ ਗਿਆ ਹੈ।

ਕਿਸੇ ਗੁੰਝਲ਼ਦਾਰ ਵਿਸ਼ੇ ਦੀ ਸਪਸ਼ਟਤਾ ਲਈ ਗੁਰਬਾਣੀ ’ਚ ਗੁਰੂ ਸਾਹਿਬਾਨ ਵੱਲੋਂ ਕਈ ਸਵਾਲ ਖੜ੍ਹੇ ਕੀਤੇ ਗਏ ਤੇ ਖ਼ੁਦ ਹੀ ਉਨ੍ਹਾਂ ਦਾ ਜਵਾਬ ਬਾਖ਼ੂਬੀ ਦੇ ਕੇ ਆਪਣੇ ਵਿਸ਼ੇ ਨੂੰ ਸਰਲਤਾ ਨਾਲ਼ ਸਮਝਾਇਆ ਗਿਆ ਹੈ, ਜੋ ਸਫਲ ਅਧਿਆਪਕੀ ਦੀ ਮਿਸਾਲ ਹੈ, ਇਸ ਲਈ ਸਵਾਲ ਉੱਠਾਉਣਾ ਗੁਰਮਤਿ ਨੇ ਗ਼ਲਤ ਨਹੀਂ ਮੰਨਿਆ, ਪਰ ਜਿਸ ਯੁਕਤੀ ਨਾਲ਼ ਗੁਰੂ ਜੀ ਨੇ ਆਪਣਾ ਵਿਸ਼ਾ ਆਸਾਨ ਕਰ ਲਿਆ ਸੀ, ਕੀ ਹਰਨੇਕ ਸਿੰਘ ਦੁਆਰਾ ਉੱਠਾਏ ਗਏ ਉਕਤ ਸਵਾਲਾਂ ਰਾਹੀਂ ਕੋਈ ਵਿਸ਼ਾ ਸਪਸ਼ਟ ਹੋਇਆ ? ਅਗਰ ਨਹੀਂ, ਤਾਂ ਅਜਿਹੇ ਸਵਾਲ ਉੱਠਾ ਕੇ ਸਿੱਖ ਸਮਾਜ ਵਿੱਚ ਅਸ਼ਾਂਤੀ ਕਿਉਂ ਪੈਦਾ ਕੀਤੀ ਗਈ ? ਗੁਰੂ ਸ਼ਖ਼ਸੀਅਤ ਨੂੰ ਆਮ ਮਨੁੱਖ ਵਾਙ ਸਮਝਣ ਵਾਲ਼ੇ ਬੰਦੇ ਲਈ ਗੁਰੂ ਫ਼ਰਮਾਨ ਹੈ ‘‘ਸਤਿਗੁਰ ਕੀ ਰੀਸੈ, ਹੋਰਿ ਕਚੁ ਪਿਚੁ ਬੋਲਦੇ; ਸੇ ਕੂੜਿਆਰ ਕੂੜੇ, ਝੜਿ ਪੜੀਐ ॥’’ (ਮ : ੪/੩੦੪) ਇਹ ਵਚਨ ਅਜਿਹੇ ਬੰਦਿਆਂ ਲਈ ਹੀ ਰਚੇ ਗਏ ਹਨ ਕਿਉਂਕਿ ਗੁਰੂ ਨੂੰ ਆਮ ਮਨੁੱਖਾਂ ਵਾਙ ਵਿਚਰਦਾ ਸਮਝਣਾ, ਇਨ੍ਹਾਂ ਪਾਵਨ ਵਚਨਾਂ ਦਾ ਉਲੰਘਣ ਹੈ  :

‘‘ਦੂਜਾ (ਗੁਰੂ ਵਰਗਾ) ਨਹੀ ਜਾਨੈ ਕੋਇ॥ ਸਤਗੁਰੁ ਨਿਰੰਜਨੁ ਸੋਇ (ਦਾ ਰੂਪ ਹੈ, ਇਸ ਲਈ ਗੁਰੂ ਨੂੰ)॥

ਮਾਨੁਖ ਕਾ, ਕਰਿ ਰੂਪੁ ਨ ਜਾਨੁ ॥’’ (ਮ : ੫/੮੯੫)

ਦਰਅਸਲ, ‘ਗੁਰ’ ਸ਼ਬਦ ਦਾ ਅਰਥ ‘ਨਾਨਕ’ ਕਰ ਕੇ ਨਹੀਂ ਬਲਕਿ ‘ਗੁਰ’ ਸ਼ਖ਼ਸੀਅਤ ਲਈ ‘ਨਾਨਕ ਜੀ’ ਇੱਕ ਮਿਸਾਲ ਹਨ। ‘ਗੁਰ’ ਦਾ ਅਰਥ ਹੈ ‘ਗੁ’ ਭਾਵ ਗ਼ੁਬਾਰ, ਹਨ੍ਹੇਰਾ, ਮਾਇਆ, ਕੁਦਰਤ, ਆਕਾਰ, ਚਲਾਇਮਾਨ ਅਤੇ ‘ਰ’ ਭਾਵ ਰੌਸ਼ਨੀ, ਅਦ੍ਰਿਸ਼, ਪ੍ਰਕਾਸ਼, ਨਿਰਾਕਾਰ, ਆਦਿ; ਤਾਂ ਤੇ ‘ਗੁਰ’ ਦਾ ਅਰਥ ਬਣ ਗਿਆ, ‘ਨਿਰਾਕਾਰ ਅਤੇ ਆਕਾਰ’ ਬਾਰੇ ਪੂਰਨ ਜਾਣਕਾਰੀ ਰੱਖਣ ਵਾਲ਼ੀ ਸ਼ਖ਼ਸੀਅਤ। ਕੋਸ਼ਾਂ ਵਿੱਚ ‘ਗੁਰ’ ਦਾ ਅਰਥ ਕੀਤਾ ਗਿਆ ਹੈ ਕਿ ‘ਗ਼ੁਬਾਰ’ (ਭਾਵ ਮਨੁੱਖਾ ਜੀਵਨ) ਵਿੱਚ ਰੌਸ਼ਨੀ ਕਰਨ ਵਾਲ਼ੀ ਸ਼ਕਤੀ ‘ਗੁਰ’ ਹੈ। ਪਹਿਲੇ ਅਰਥਾਂ ਦਾ ਵੀ ਇਹੀ ਮਤਲਬ ਹੈ ਕਿ ‘ਨਿਰਾਕਾਰ’ (ਪ੍ਰਕਾਸ਼) ਦਾ ਬੋਧ ‘ਆਕਾਰ’ (ਹਨ੍ਹੇਰੇ) ਵਿੱਚ ਕਰਨਾ ‘ਗੁਰ’ ਸ਼ਖ਼ਸੀਅਤ ਦੇ ਦਾਇਰੇ ਵਿੱਚ ਹੀ ਆਉਂਦਾ ਹੈ, ਪਰ ਇਹ ਤਾਂ ਹੀ ਹੋਏਗਾ ਜੇ ਰੌਸ਼ਨੀ ਤੇ ਹਨ੍ਹੇਰੇ ਬਾਰੇ ਪੂਰਨ ਸਮਝ ਹੋਏਗੀ, ਪਰ ਅਜਿਹੀ ਸਮਰੱਥਾ ਆਮ ਮਨੁੱਖੀ ਗਿਆਨ ਇੰਦ੍ਰਿਆਂ ਪਾਸ ਨਹੀਂ ਹੁੰਦੀ, ਇਸ ਕਰ ਕੇ ਆਮ ਮਨੁੱਖ; ‘ਗੁਰ’ ਸ਼ਕਤੀ ਦੀ ਵਿਆਖਿਆ ਨਹੀਂ ਕਰ ਸਕਦਾ, ਇਹੀ ਗੁਰੂ ਜੀ ਸਮਝਾਉਂਦੇ ਹਨ ਕਿ ‘‘ਮਾਨੁਖ ਕਾ, ਕਰਿ ਰੂਪੁ ਨ ਜਾਨੁ ॥’’ (ਜਾਂ) ‘‘ਜਨਮ ਮਰਣ ਦੁਹਹੂ ਮਹਿ ਨਾਹੀ; ਜਨ ਪਰਉਪਕਾਰੀ ਆਏ ॥ ਜੀਅ ਦਾਨੁ ਦੇ (ਦੇ ਕੇ), ਭਗਤੀ ਲਾਇਨਿ; ਹਰਿ ਸਿਉ ਲੈਨਿ ਮਿਲਾਏ ॥’’ (ਮ : ੫/੭੪੯) ਇਸ ਤੁਕ ’ਚ ‘‘ਹਰਿ ਸਿਉ ਲੈਨਿ ਮਿਲਾਏ॥’’ ਹੈ ਭਾਵ ਅਜਿਹੇ ਵਚਨ ਉਹੀ ਸ਼ਖ਼ਸੀਅਤ ਕਰ ਸਕਦੀ ਹੈ ਜੋ ਪਹਿਲਾਂ ਆਪ ਮਿਲੀ ਹੋਏਗੀ।

ਜਦ ਤੱਕ ਸਿੱਖ ਦ੍ਰਿਸ਼ਟੀ, ਭੱਟ ਕਲਸਹਾਰ ਵਾਲ਼ੀ ‘‘ਸਤਜੁਗਿ ਤੈ ਮਾਣਿਓ; ਛਲਿਓ ਬਲਿ ਬਾਵਨ ਭਾਇਓ ॥ ਤ੍ਰੇਤੈ ਤੈ ਮਾਣਿਓ; ਰਾਮੁ ਰਘੁਵੰਸੁ ਕਹਾਇਓ ॥ ਦੁਆਪੁਰਿ ਕ੍ਰਿਸਨ ਮੁਰਾਰਿ; ਕੰਸੁ ਕਿਰਤਾਰਥੁ ਕੀਓ ॥ ਉਗ੍ਰਸੈਣ ਕਉ ਰਾਜੁ; ਅਭੈ ਭਗਤਹ ਜਨ ਦੀਓ॥ ਕਲਿਜੁਗਿ ਪ੍ਰਮਾਣੁ ਨਾਨਕ ਗੁਰੁ; ਅੰਗਦੁ ਅਮਰੁ ਕਹਾਇਓ॥ ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ; ਆਦਿ ਪੁਰਖਿ (ਨੇ) ਫੁਰਮਾਇਓ ॥’’ (ਸਵਈਏ ਮਹਲੇ ਪਹਿਲੇ ਕੇ /ਭਟ ਕਲੵ /੧੩੯੦) ਨਹੀਂ ਬਣਦੀ ਅਸੀਂ ਗੁਰੂ ਸ਼ਖ਼ਸੀਅਤ ਬਾਰੇ ਊਲ-ਜਲੂਲ ਬੋਲ ਕੇ ਗੁਰੂ ਨਿੰਦਕ ਹੀ ਅਖਵਾ ਸਕਦੇ ਹਾਂ।

‘‘ਭੁਲਣ ਅੰਦਰਿ ਸਭੁ ਕੋ; ਅਭੁਲੁ ਗੁਰੂ (ਅਤੇ) ਕਰਤਾਰੁ ॥’’ (ਮ : ੧/੬੧) ਵਚਨ ਕਰਨ ਵਾਲ਼ੇ ‘ਨਾਨਕ’ ਦੀ ਜੋਤਿ ਭਾਵ ਉੱਤਰਾਧਿਕਾਰੀ, ਜਿਨ੍ਹਾਂ ਬਾਬਤ ਸਤਾ-ਬਲਵੰਡ ਜੀ ਦੇ ਵਚਨ ਹਨ ‘‘ਜੋਤਿ ਓਹਾ, ਜੁਗਤਿ ਸਾਇ; ਸਹਿ (ਨਾਨਕ ਸ਼ਾਹ ਨੇ) ਕਾਇਆ ਫੇਰਿ ਪਲਟੀਐ ॥’’ (ਬਲਵੰਡ ਸਤਾ/੯੬੬) ਨੂੰ ਆਮ ਮਨੁੱਖ ਦੀ ਤਰ੍ਹਾਂ ਗ਼ਲਤ ਨਿਰਣਾ ਲੈਣ ਵਾਲ਼ਾ ਕਹਿਣਾ, ਸਾਡੀ ਗੁਰੂ ਸ਼ਕਤੀ ਪ੍ਰਤੀ ਅਸ਼ਰਧਾ ਤੇ ਨਾਸਮਝੀ ਨੂੰ ਪ੍ਰਗਟਾਉਂਦਾ ਹੈ। ਉੱਠਾਏ ਗਏ ਸ਼ੰਕਿਆਂ ਨੂੰ ਸਪਸ਼ਟ ਨਾ ਕਰ ਸਕਣਾ ਤੇ ਸਿੱਖ ਪ੍ਰਚਾਰਕ ਸੋਚ ਨੂੰ (ਸ਼ਰਧਾਵੱਸ ਬੇਲੋੜਾ ਕਹਿ ਕੇ) ਨਿੰਦਣਾ, ਮੂਰਖਤਾ ਤੇ ਅਹੰਕਾਰ ਦਾ ਸਿਖਰ ਹੈ। ਹੁਣ ਸਾਡੇ ਲਈ ਵੀ ਇਸ ਪੈਦਾ ਕੀਤੇ ਗਏ ਸੰਦੇਹ ਨੂੰ ਵਿਚਾਰਨਾ ਜ਼ਰੂਰੀ ਬਣ ਗਿਆ ਹੈ।

ਹਰਨੇਕ ਸਿੰਘ ਨੇ ਗੁਰਬਾਣੀ ਨੂੰ ਅਟੱਲ ਸਚਾਈ ਹੀ ਬਿਆਨਿਆ ਹੈ ਪਰ ਗੁਰੂ ਇਤਿਹਾਸ ’ਚ ਭਾਵ ਆਮ ਜੀਵਨ ਜੀਵਦਿਆਂ ਗ਼ਲਤੀਆਂ ਨੂੰ ਕਬੂਲਿਆ ਹੈ, ਇਸ ਲਈ ਗੁਰੂ ਇਤਿਹਾਸ ’ਚੋਂ ਹੀ ਪ੍ਰਮਾਣ ਲੈਣੇ ਉਚਿਤ ਰਹਿਣਗੇ।

(ੳ). ਸਭ ਤੋਂ ਪਹਿਲਾ ਤੇ ਸਰਬੋਤਮ ਗੁਰੂ ਨਿਰਣਾ, ਜੋ ਗੁਰਬਾਣੀ ’ਚ ਦਰਜ ਵੀ ਨਹੀਂ, ਉਹ ਹੈ ਆਪਣੇ ਹੀ ਉੱਤਰਾਧਿਕਾਰੀ ਦੀ ਭਾਲ, ਨਿਯੁਕਤੀ ਤੇ ਉਸ ਲਈ ਢੁਕਵਾਂ ਸਮਾਂ ਭਾਵ ਜਦ ਪਹਿਲਾ ਗੁਰੂ, ਦੂਸਰੇ ਸਰੀਰਕ ਜਾਮੇ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪਦਾ ਹੈ ਤਾਂ ਪਹਿਲਾ ਗੁਰੂ ਆਪਣੀ ਸਰੀਰਕ ਯਾਤਰਾ ਉਸੇ ਦਿਨ ਸਮਾਪਤ ਕਰਦਾ ਹੈ ਜਾਂ ਲਗਭਗ ਹਫ਼ਤੇ ਦੇ ਅੰਦਰ-ਅੰਦਰ ਹੀ ਜੋਤੀ ਜੋਤ ਸਮਾ ਜਾਂਦਾ ਹੈ, ਜਦ ਕਿ ਅਜੋਕੇ ਦੰਭੀ (ਪਖੰਡੀ) ਗੁਰੂ ਫ਼ਰਿੱਜ ’ਚ ਬੈਠੇ ਜਾਂ ਅਚਾਨਕ ਮੌਤ ਹੋਣ ਉਪਰੰਤ ਇਹ ਨਿਰਣਾ ਕਰਨ ਤੋਂ ਵਾਂਝੇ ਵੇਖੇ ਗਏ ਹਨ, ਜਿਸ ਕਾਰਨ ਉਨ੍ਹਾਂ ਦੇ ਉੱਤਰਾਧਿਕਾਰੀ ਦੀ ਨਿਯੁਕਤੀ ਦਾ (ਗੁਰੂ) ਫ਼ਰਜ਼; ਉਨ੍ਹਾਂ ਦੇ ਚੇਲਿਆਂ ਦੁਆਰਾ ਨਿਭਾਉਣਾ ਪਿਆ ਹੈ।

ਆਪਣੇ ਉੱਤਰਾਧਿਕਾਰੀ ਦੀ ਭਾਲ, ਨਿਯੁਕਤੀ ਤੇ ਉਸ ਦਾ ਢੁੱਕਵਾਂ ਸਮਾ, ਜੋ ਕਿ ਕਿਸੇ ਸਮੁਦਾਇ ਲਈ ਬੜਾ ਅਹਿਮ ਹੁੰਦਾ ਹੈ, ਬਾਰੇ ਗੁਰੂ ਜੀ ਦੁਆਰਾ ਆਪਣਾ ਫ਼ਰਜ਼ ਬਾਖ਼ੂਬੀ ਨਿਭਾਇਆ ਗਿਆ ਹੈ, ਜਿਸ ਵਿੱਚ ਕਿਤੇ ਵੀ ਕੁਤਾਹੀ ਨਹੀਂ ਰਹੀ। ਇਹ ਵੀ ਵਿਚਾਰਿਆ ਜਾ ਸਕਦਾ ਹੈ ਕਿ ਇਸ ਫ਼ਰਜ਼ ਨੂੰ ਅਦਾ ਕਰਨ ਵਾਲ਼ੇ ਸਾਰੇ ਹੀ ਗੁਰੂ ਸਾਹਿਬਾਨ ’ਚੋਂ ਕੋਈ ਇੱਕ ਵੀ ਗੁਰੂ ਸਰੀਰ, ਕਿਸੇ ਬੇਹੋਸ਼ੀ ਵਾਲ਼ੀ ਲੰਮੀ ਬਿਮਾਰੀ ਜਾਂ ਅਚਾਨਕ ਮੌਤ ਦਾ ਸ਼ਿਕਾਰ ਨਹੀਂ ਹੋਇਆ, ਸਗੋਂ ਪੂਰੇ ਹੋਸ਼-ਹਵਾਸ ’ਚ ਆਪਣੇ ਉੱਤਰਾਧਿਕਾਰੀ ਦੀ ਪਰਖ ਕੀਤੀ ਤੇ ਅੰਤ ਤੱਕ ਕੁਝ ਸਮਾਜਿਕ ਫ਼ਰਜ਼ ਵੀ ਨਿਭਾਏ; ਜਿਵੇਂ ਕਿ

(1). 95 ਸਾਲ ਦੀ ਉਮਰ ’ਚ ਗੁਰੂ ਅਮਰਦਾਸ ਜੀ ਦੁਆਰਾ ਬੋਲੇ ਗਏ ਅੰਤਿਮ ਵਚਨ ਵੀ ਬਾਬਾ ਸੁੰਦਰ ਜੀ ਨੇ ‘ਸਦੁ’ ਬਾਣੀ ਦੀ ਰਾਹੀਂ ਸਾਡੇ ਤੀਕ ਪਹੁੰਚਾਏ ਹਨ, ਜੋ ਇੱਕ ਮਿਸਾਲ ਹੈ। ਇਸੇ ਸਮੇਂ ’ਚ ਹੀ ਗੁਰੂ ਅਮਰਦਾਸ ਜੀ ਨੇ (ਗੁਰੂ) ਰਾਮਦਾਸ ਜੀ ਪਾਸੋਂ ਜ਼ਿੰਮੇਵਾਰੀ ਦੀ ਪਰਖ ਲਈ ਵਾਰ-ਵਾਰ ਮਿੱਟੀ ਦੇ ਥੜ੍ਹੇ ਬਣਵਾਏ। ਅਜਿਹੀ ਚੇਤੰਨ ਸ਼ਕਤੀ ਤੁਰੰਤ ਜੋਤੀ ਜੋਤ ਸਮਾ ਜਾਏਗੀ, ਇਹ ਰਾਜ ਵੀ ਕੇਵਲ ਗੁਰੂ ਜੀ ਹੀ ਜਾਣਦੇ ਸਨ, ਜਿਨ੍ਹਾਂ ਨੇ ਆਪਣੇ ਕਹੇ ਵਚਨ ‘‘ਗੁਰਮੁਖਿ ਬੁਢੇ ਕਦੇ ਨਾਹੀ; ਜਿਨ੍ਾ ਅੰਤਰਿ ਸੁਰਤਿ ਗਿਆਨੁ ॥’’ (ਮ : ੩/੧੪੧੮) ਸੱਚ ਕਰ ਵਿਖਾਏ।

(2). ਸੰਸਾਰ ’ਚ ਅਜਿਹਾ ਕੋਈ ਵੀ ਮਨੁੱਖ ਨਹੀਂ, ਜੋ ਆਪਣੀ ਜਾਇਦਾਦ ਆਪਣੇ ਤੋਂ ਵੱਡੇ (ਬਜ਼ੁਰਗ) ਦੇ ਨਾਂ ਕਰਵਾਉਂਦਾ ਹੋਵੇ ਭਾਵ ਆਮ ਮਨੁੱਖ ਪਾਸ ਇਹੀ ਸਮਝ ਹੈ ਕਿ ਪਹਿਲਾਂ ਬਜ਼ੁਰਗ ਹੀ ਮਰੇਗਾ, ਪਰ ਗੁਰੂ ਅੰਗਦ ਸਾਹਿਬ ਜੀ ਅਤੇ ਗੁਰੂ ਹਰਿਕ੍ਰਿਸ਼ਨ ਜੀ ਨੇ ਆਪਣੇ ਤੋਂ ਕ੍ਰਮਵਾਰ 25 ਤੇ 35 ਸਾਲ ਵੱਡੇ ਵਿਅਕਤੀ (ਗੁਰੂ ਅਮਰਦਾਸ ਜੀ ਤੇ ਗੁਰੂ ਤੇਗ਼ ਬਹਾਦਰ ਸਾਹਿਬ) ਨੂੰ ਨਿਯੁਕਤ ਕਰ ਕੇ ਆਪਣਾ ਰੁਤਬਾ ਆਮ ਮਨੁੱਖਾਂ ਨਾਲ਼ੋਂ ਭਿੰਨ ਦਰਸਾਇਆ ਹੈ, ਆਦਿ।

(ਅ). ਦੂਸਰਾ ਇਤਿਹਾਸਕ ਸਬੂਤ ਹੈ ‘ਗੁਰੂ ਗ੍ਰੰਥ ਸਾਹਿਬ’ ਜੀ ਦੀ ਸੰਪੂਰਨਤਾ ਅਤੇ ਇਨ੍ਹਾਂ ਨੂੰ ਗੁਰਗੱਦੀ ਸੌਂਪਣਾ, ਜਿਨ੍ਹਾਂ ਆਸਰੇ ਸਿੱਖ ਕੌਮ ਨੇ ਕਿਆਮਤ ਤੱਕ ਦਾ ਸਫ਼ਰ ਤਹਿ ਕਰਨਾ ਹੈ, ਕਿਉਂਕਿ ਇਸ ਵਿੱਚ ਮਿਲਾਵਟ ਦੀ ਸੰਭਾਵਨਾ ਬਣੀ ਰਹਿਣੀ ਸੀ। ਗੁਰੂ ਕਾਲ (239 ਸਾਲਾਂ) ਵਿੱਚ ਇਤਨੇ ਸੰਘਰਸ਼ਮਈ ਜੀਵਨ ਦੌਰਾਨ ਵੀ ਇਹ ਕਾਰਜ ਮੁਕੰਮਲ ਕੀਤਾ ਗਿਆ, ਜੋ ਕਿ ਪਹਿਲੇ ਨਾਨਕ ਜੀ ਦਾ ਸੁਪਨਾ (ਖ਼ਾਬ) ਸੀ। ਕੀ ਅਜਿਹੇ ਮਹੱਤਵ ਪੂਰਨ ਕਾਰਜ ਨੂੰ ਅਧੂਰਾ ਰਹਿਣ ਦਿੱਤਾ ਗਿਆ ਤਾਂ ਜੋ ਗੁਰੂ ਨਿਰਣਿਆਂ ’ਤੇ ਸੰਦੇਹ ਪੈਦਾ ਕੀਤਾ ਜਾ ਸਕੇ  ?

(ੲ). 3 ਮਈ 1705 ਤੋਂ 5-6 ਦਸੰਬਰ 1705 ਤੱਕ (ਲਗਭਗ 7 ਮਹੀਨੇ) ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੂੰ ਪਏ ਘੇਰੇ ਦੌਰਾਨ ਹਰਨੇਕ ਸਿੰਘ ਵਰਗਾ ਕੋਈ ਸਿੱਖ ਇਹੀ ਸਲਾਹ ਦਿੰਦਾ ਕਿ ਸਭ ਤੋਂ ਪਹਿਲਾਂ ਗੁਰੂ ਜੀ ਦੇ ਉੱਤਰਾਧਿਕਾਰੀ (ਗੁਰੂ ਗ੍ਰੰਥ ਸਾਹਿਬ ਜੀ) ਦੀ ਨਿਯੁਕਤੀ ਹੋਣੀ ਜ਼ਰੂਰੀ ਹੈ ਕਿਉਂਕਿ ਹੁਣ ਸਾਡਾ ਬਚਣਾ ਨਾਮੁਮਕਿਨ ਹੈ, ਪਰ ਕਰਤਾਰ ’ਤੇ ਭਰੋਸਾ ਰੱਖਣ ਵਾਲ਼ੇ ਅਤੇ ਆਦਿ ਅੰਤ ਦੀ ਜਾਣਨਹਾਰ ਅਭੁੱਲ ਸਤਿਗੁਰੂ ਜੀ ਨੇ ਅਜਿਹਾ ਨਿਰਣਾ ਲੈਣਾ ਜ਼ਰੂਰੀ ਨਾ ਸਮਝਿਆ। ਕੀ ਗੁਰੂ ਜੀ ਦਾ ਇਹ ਨਿਰਣਾ (ਆਮ ਮਨੁੱਖ ਵਾਙ ਲਿਆ ਹੋਇਆ) ਗ਼ਲਤ ਫ਼ੈਸਲਾ ਸੀ ?

(ਸ). 1699 ਦੀ ਵਿਸਾਖੀ ਵਾਲ਼ੀ ਘਟਨਾ, ਜਿੱਥੇ ਪੰਜ ਸਿੰਘਾਂ ਦੇ ਸੀਸ ਮੰਗੇ ਗਏ ਅਤੇ ਉਨ੍ਹਾਂ ਪੰਜਾਂ ਵਿੱਚੋਂ 2 ਪਿਆਰਿਆਂ ਸਮੇਤ ਕਈ ਸਿੰਘ ਨਾਦੇੜ (ਮਹਾਰਾਸਟਰਾ) ਵਿਖੇ ਗੁਰੂ ਜੀ ਪਾਸ ਮੌਜੂਦ ਹੋਣ ਦੇ ਬਾਵਜੂਦ ਵੀ ਕੁਝ ਸਮਾਂ ਪਹਿਲਾਂ ਹੀ ਸਿੱਖੀ ਧਾਰਨ ਕਰਨ ਵਾਲ਼ੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸਿੱਖ ਕੌਮ ਦਾ ਪਹਿਲਾ ਜਥੇਦਾਰ ਨਿਯੁਕਤ ਕੀਤਾ ਗਿਆ। ਕੀ ਇਸ ਸੋਚ ਨੂੰ ਦਿਬ ਦ੍ਰਿਸ਼ਟੀ ਨਾ ਕਹੀਏ ? ‘ਸ਼ਬਦ ਗੁਰੂ’ ਨੂੰ ਸਦੀਵੀ ਗੁਰਗੱਦੀ ਬਖ਼ਸ਼ਣਾ, ਕੀ ਗ਼ਲਤ ਨਿਰਣਾ ਹੈ ? ਇਹ ਸਭ ਇਤਿਹਾਸਕ ਪੱਖ ਹੀ ਹਨ, ਨਾ ਕਿ ਗੁਰਬਾਣੀ; ਜਿਸ ਇਤਿਹਾਸ ’ਚ ਗੁਰੂ ਉੱਤੇ ਗ਼ਲਤ ਫ਼ੈਸਲੇ ਕਰਨ ਦਾ ਦੋਸ਼ ਲਾਇਆ ਜਾ ਰਿਹਾ ਹੈ।

(ਹ). ਮੁਗ਼ਲ ਕਾਲ ਨਾਲ਼ ਸੰਬੰਧਿਤ ਇੱਕ ਇਤਿਹਾਸਕ ਘਟਨਾ, ਜਿਸ ਦਾ ਜ਼ਿਕਰ ਗੁਰਬਾਣੀ ਵਿੱਚ ਦਰਜ ਹੈ ਕਿ ‘‘ਆਵਨਿ ਅਠਤਰੈ, ਜਾਨਿ ਸਤਾਨਵੈ; ਹੋਰੁ ਭੀ ਉਠਸੀ, ਮਰਦ ਕਾ ਚੇਲਾ ॥’’ (ਮ : ੧/੭੨੩) ਭਾਵ ਮੁਗ਼ਲ ਬਾਦਸ਼ਾਹ (ਬਾਬਰ) ਦੇ ਹਮਲੇ ਸਮੇਂ ਐਮਨਾਬਾਦ ’ਚ ਆਪਣੀ ਤੀਸਰੀ ਉਦਾਸੀ ਦੌਰਾਨ (ਸੰਮਤ 1578 ’ਚ) ਰੁਕੇ ਹੋਏ ਗੁਰੂ ਨਾਨਕ ਸਾਹਿਬ ਜੀ ਨੇ ਭਵਿੱਖ ’ਚ ਭਾਰਤੀ ਇਤਿਹਾਸ ਬਣਨ ਬਾਰੇ ਸੰਕੇਤ ਕੀਤਾ ਕਿ ਇਹ ਮੁਗ਼ਲ ਸੰਮਤ 1578 (ਸੰਨ 1521) ਵਿੱਚ ਭਾਰਤ ਆਉਣਗੇ ਤੇ ਸੰਮਤ 1597 (ਸੰਨ 1540) ਵਿੱਚ ਭਾਰਤ ’ਚੋਂ ਜੰਗ ਹਾਰ ਕੇ ਵਾਪਸ ਆਪਣੇ ਦੇਸ਼ ਭੱਜ ਜਾਣਗੇ, ਜੋ (ਬਾਬਰ ਦੇ ਪੁੱਤਰ) ਹਮਾਯੂ ਨੂੰ ਸ਼ੇਰ ਸ਼ਾਹ ਸੂਰੀ ਨੇ ਹਰਾ ਕੇ ਭਜਾਉਣ ਨਾਲ਼ ਇਹ ਭਵਿੱਖ ਬਾਣੀ ਸੱਚ ਸਾਬਤ ਹੋਈ। ਕੀ 19 ਸਾਲ ਪਹਿਲਾਂ ਕੀਤੇ ਗਏ ਅਜਿਹੇ ਵਚਨ ਕਿਸੇ ਆਮ ਮਨੁੱਖ (ਹਰਨੇਕ ਸਿੰਘ ਵਰਗੇ) ਦੇ ਕਦੇ ਪੂਰੇ ਹੋਏ ਹਨ ?, ਆਦਿ।

ਉਕਤ ਕੀਤੀ ਗਈ ਵਿਚਾਰ ਤੋਂ ਜਾਪਦਾ ਹੈ ਕਿ ਗੁਰੂ ਸਾਹਿਬਾਨ ਦੁਆਰਾ ਕੀਤੇ ਗਏ ਕਾਰਜ ਸਧਾਰਨ ਨਹੀਂ ਸਨ, ਜਿਨ੍ਹਾਂ ਨੂੰ ਹਰ ਕੋਈ ਮਨੁੱਖ ਹੀ ਕਰ ਸਕਦਾ, ਇਸ ਲਈ ਗੁਰੂ ਨੂੰ ਭੁੱਲਣ ਅੰਦਰ ਸਮਝਣਾ ਬਹੁਤ ਵੱਡੀ ਗ਼ਲਤੀ ਹੈ, ਜੋ ਇੱਕ ਅਹੰਕਾਰੀ ਬੰਦਾ ਹੀ ਕਰ ਸਕਦਾ ਹੈ, ਜਿਸ ਨੂੰ ਕਿਸੇ (ਗੁਰੂ ਜਾਂ ਅਕਾਲ ਪੁਰਖ) ਦਾ ਡਰ-ਭੈ ਨਹੀਂ ਤੇ ਨਾ ਹੀ ਗੁਰੂ ਦੁਆਰਾ ਕੀਤੇ ਗਏ ਮਾਨਵਤਾ ਲਈ ਉਪਕਾਰਾਂ ਦਾ ਕੋਈ ਅਹਿਸਾਸ ਹੈ। ਗੁਰਬਾਣੀ ਨੂੰ ਅਟੱਲ ਸਚਾਈ ਕਹਿਣਾ ਵੀ ਅਜਿਹੇ ਬੰਦਿਆਂ ਦੀ ਇੱਕ ਸਮਾਜਿਕ ਮਜਬੂਰੀ ਹੀ ਮੰਨੀ ਜਾ ਸਕਦੀ ਹੈ। ਅਗਾਂਹ ਇਤਿਹਾਸ ਦੇ ਕੁਝ ਉਹ ਪੰਨੇ ਵੀ ਵਿਚਾਰਨ ਦਾ ਯਤਨ ਕੀਤਾ ਜਾ ਰਿਹਾ ਹੈ, ਜਿਸ ਨਾਲ਼ ਇਹ ਸਭ ਵਿਵਾਦ ਪੈਦਾ ਹੋਇਆ ਹੈ; ਜਿਵੇਂ ਕਿ ‘ਬਾਬਾ ਪ੍ਰਿਥੀਚੰਦ ਨੂੰ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸੌਂਪਣਾ, ਬਾਬਾ ਰਾਮਰਾਇ ਜੀ ਨੂੰ ਔਰੰਗਜ਼ੇਬ ਪਾਸ ਦਿੱਲੀ ਭੇਜਣਾ, ਆਦਿ।

ਗੁਰੂ ਕਾਲ (ਇਤਿਹਾਸ) ਵਿੱਚ ਜ਼ਿਕਰ ਹੈ ਕਿ ਸੰਨ 1566 ਵਿੱਚ ਹਿੰਦੂ ਪਰੋਹਿਤਾਂ ਦੁਆਰਾ ਗੁਰਮਤਿ ਵਿਰੁਧ ਸ਼ਿਕਾਇਤਾਂ ਅਕਬਰ ਬਾਦਸ਼ਾਹ ਦੇ ਦਰਬਾਰ ਵਿੱਚ ਪੁੱਜੀਆਂ, ਜਿਨ੍ਹਾਂ ਦੇ ਜਵਾਬ ਦੇਣ ਲਈ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ (ਰਾਮਦਾਸ) ਜੀ ਨੂੰ ਅਕਬਰ ਦਰਬਾਰ ਵਿੱਚ ਭੇਜਿਆ ਸੀ, ਜਿਨ੍ਹਾਂ ਪਾਸੋਂ ਗੁਰਮਤਿ (ਸਚਾਈ) ਬਾਰੇ ਸੁਣ ਕੇ ਅਕਬਰ ਇੰਨਾ ਪ੍ਰਭਾਵਤ ਹੋਇਆ ਕਿ ਉਹ 2 ਵਾਰ ਭਾਵ ਸੰਨ 1571 ਈਸਵੀ ’ਚ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਲਈ ਅਤੇ 24 ਨਵੰਬਰ 1598 ਨੂੰ ਗੁਰੂ ਅਰਜਨ ਸਾਹਿਬ ਜੀ ਦੇ ਦਰਬਾਰ ਵਿੱਚ ਹਾਜ਼ਰੀ ਭਰਨ ਲਈ ਗੋਇੰਦਵਾਲ ਸਾਹਿਬ ਵਿਖੇ ਆਇਆ, ਪਰ ਬਾਬਾ ਰਾਮਰਾਇ ਜੀ ਨੂੰ ਦਿੱਲੀ ਭੇਜਣ ਅਤੇ ਬਾਬਾ ਪ੍ਰਿਥੀਚੰਦ ਜੀ ਦੇ ਵਿਰੋਧ ਸਮੇਂ ਤੋਂ ਪਹਿਲਾਂ ਇਨ੍ਹਾਂ ਦੀ ਅਹਿਮ ਅਹੁਦਿਆਂ ’ਤੇ ਕੀਤੀ ਗਈ ਗੁਰੂ ਸਾਹਿਬਾਨ ਵੱਲੋਂ ਨਿਯੁਕਤੀ ਨੂੰ ਗ਼ਲਤ ਦੱਸਣ ਵਾਲਿਆਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਦੋਵੇਂ ਘਟਨਾਵਾਂ ਤਦੋਂ ਵਾਪਰੀਆਂ ਸਨ, ਜਦ ਗੁਰੂ ਰਾਮਦਾਸ ਜੀ ਅਤੇ ਗੁਰੂ ਹਰਿਰਾਇ ਸਾਹਿਬ ਜੀ ਦੇ ਉੱਤਰਾਧਿਕਾਰੀ ਦੀ ਤਲਾਸ਼ ਹੋ ਰਹੀ ਸੀ, ਜਿਸ ਦਾ ਭੇਤ ਕੇਵਲ ਗੁਰੂ ਜੀ ਹੀ ਜਾਣਦੇ ਸਨ ਕਿਉਂਕਿ ਬਾਬਾ ਪ੍ਰਿਥੀਚੰਦ ਜੀ ਤਾਂ ਗੁਰੂ ਰਾਮਦਾਸ ਜੀ ਨੂੰ (ਹਰਨੇਕ ਸਿੰਘ ਵਾਙ) ਜ਼ਰੂਰਤ ਤੋਂ ਵਧ ਕੇ ਸੁਝਾਅ ਦੇਣਾ ਸ਼ੁਰੂ ਕਰ ਚੁੱਕੇ ਸਨ, ਜਿਨ੍ਹਾਂ ਬਾਬਤ ਗੁਰੂ ਰਾਮਦਾਸ ਜੀ ਦੇ ਆਪਣੇ ਹੀ ਵਚਨ ਹਨ ‘‘ਕਾਹੇ ਪੂਤ  ! ਝਗਰਤ ਹਉ; ਸੰਗਿ ਬਾਪ ॥ ਜਿਨ ਕੇ ਜਣੇ ਬਡੀਰੇ ਤੁਮ ਹਉ; ਤਿਨ ਸਿਉ ਝਗਰਤ ਪਾਪ ॥੧॥ ਰਹਾਉ ॥’’ (ਮ : ੪/੧੨੦੦)

ਇਸ ਤੋਂ ਪਿਛਲੇ ਸਮੇਂ ’ਚ ਬਾਬਾ ਪ੍ਰਿਥੀਚੰਦ ਤੇ ਅਗਾਂਹ ਬਾਬਾ ਰਾਮਰਾਇ ਜੀ ਬਹੁਤ ਹੀ ਬੁਧੀਮਾਨ ਤੇ ਗੁਰੂ ਘਰ ਵਿੱਚ ਸਤਿਕਾਰਮਈ ਸ਼ਖ਼ਸੀਅਤਾਂ ਸਨ, ਜਿਸ ਕਾਰਨ ਗੁਰੂ ਸਾਹਿਬਾਨ ਨੇ ਇਨ੍ਹਾਂ ਨੂੰ ਬੜੇ ਅਹਿਮ ਫ਼ੈਸਲੇ ਲੈਣ ਦੇ ਅਧਿਕਾਰ ਬਖ਼ਸ਼ੇ, ਪਰ ਗੁਰੂ ਘਰ ਦੀ ਚਲਦੀ ਆਈ ਪਰੰਪਰਾ ਅਨੁਸਾਰ ਗੁਰਗੱਦੀ ਦੀ ਜ਼ਿੰਮੇਵਾਰੀ ਸਮੇਂ ਵਿਸ਼ੇਸ਼ ਪਰਖ ਕੀਤੀ ਜਾਂਦੀ ਰਹੀ ਹੈ; ਜਿਵੇਂ ਕਿ ਗੁਰੂ ਅਮਰਦਾਸ ਜੀ ਨੇ ਆਪਣੇ ਵੱਡੇ ਤੇ ਛੋਟੇ ਜਵਾਈ ਬਾਬਾ ਰਾਮਾ ਜੀ ਤੇ ਭਾਈ ਜੇਠਾ ਜੀ ਰਾਹੀਂ ਮਿੱਟੀ ਦੇ ਥੜ੍ਹੇ ਵਾਰ-ਵਾਰ ਬਣਾਉਣ ਦੇ ਬਹਾਨੇ ਗੁਰੂ ਹੁਕਮ ਦਾ ਪਾਲ਼ਨ ਕਰਨ ਦੀ ਪਰਖ ਕੀਤੀ, ਜਿਸ ਵਿੱਚ ਭਾਈ ਜੇਠਾ ਜੀ ਨੇ ਆਪਣੇ ਸੰਜਮ ਤੇ ਸਿਆਣਪ ਦੀ ਵਧੇਰੇ ਮਿਸਾਲ ਦਿੱਤੀ, ਪਰ ਕੀ ਇਸ ਵਿੱਚ ਬਾਬਾ ਰਾਮਾ ਜੀ ਦਾ ਕੋਈ ਕੱਦ ਛੋਟਾ ਹੋ ਗਿਆ, ਨਹੀਂ। ਹੁਣ ਅਗਰ ਈਰਖਾਵਸ ਬਾਬਾ ਰਾਮਾ ਜੀ, ਗੁਰੂ ਰਾਮਦਾਸ ਜੀ ਨਾਲ਼ ਵੈਰ-ਭਾਵਨਾ ਰੱਖਣ ਲੱਗ ਜਾਂਦੇ ਤਾਂ ਕੀ ਇਹ ਕਹਿਣਾ ਉਚਿਤ ਹੁੰਦਾ ਕਿ ਗੁਰੂ ਅਮਰਦਾਸ ਜੀ ਦੁਆਰਾ ਬਾਬਾ ਰਾਮਾ ਜੀ ਨੂੰ ਪਹਿਲਾਂ ਵੱਧ ਤੇ ਵਿਸ਼ੇਸ਼ ਅਧਿਕਾਰ ਕਿਉਂ ਦਿੱਤੇ ਗਏ  ? ਧਿਆਨ ਰਹੇ ਕਿ ਗੁਰਿਆਈ ਦੀ ਪਰਖ ਲਈ ਆਏ ਨਾਮ (ਬਾਬਾ ਰਾਮਾ ਜੀ) ਨੂੰ ਸਾਧਾਰਨ ਵਿਅਕਤੀ ਨਹੀਂ ਮੰਨਿਆ ਜਾ ਸਕਦਾ। ਅਜਿਹਾ ਹੀ ਕੁਝ ਬਾਬਾ ਪ੍ਰਿਥੀਚੰਦ ਜੀ ਸਮੇਂ ਹੋਇਆ ਹੈ, ਜੋ ਗੁਰੂ ਰਾਮਦਾਸ ਜੀ ਦੀ ਪਰਖ ਕਸੌਟੀ ’ਚ ਗੁਰੂ ਅਰਜਨ ਸਾਹਿਬ ਜੀ ਦੇ ਮੁਕਾਬਲੇ ਪਿਛੇ ਰਹਿ ਗਏ ਸਨ ਅਤੇ ਗੁਰੂ ਫ਼ੈਸਲੇ ਨੂੰ ਆਪਣੀ ਸ਼ਖ਼ਸੀਅਤ ਦੇ ਵਿਰੁਧ ਮੰਨ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ, ਇਸ ਵਿਰੋਧ ਬਦਲੇ ਬਾਬਾ ਪ੍ਰਿਥੀਚੰਦ ਜੀ ਦੀ ਪਹਿਲਾਂ ਕੀਤੀ ਗਈ ਗੁਰੂ ਘਰ ਦੇ ਪ੍ਰਬੰਧ ਲਈ ਨਿਯੁਕਤੀ ਜਾਂ ਸੇਵਾ ਨੂੰ ਗ਼ਲਤ ਠਹਿਰਾਉਣਾ, ਅਧਾਰਹੀਣ ਪ੍ਰਸ਼ਨ ਜਾਂ ਸੰਦੇਹ ਹੈ।

ਗੁਰੂ ਹਰਿਰਾਇ ਸਾਹਿਬ ਜੀ ਦੁਆਰਾ ਬਾਬਾ ਰਾਮਰਾਇ ਜੀ ਨੂੰ ਦਿੱਲੀ ਭੇਜਣ ਦਾ ਲਿਆ ਗਿਆ ਫ਼ੈਸਲਾ ਵੀ ਗੁਰਗੱਦੀ ਦੀ ਪਰਖ ਨਾਲ਼ ਸੰਬੰਧਿਤ ਹੈ, ਜਿਸ ਦੇ ਜਾਣ ਲੱਗਿਆਂ ਇੱਕ ਵਿਸ਼ੇਸ਼ ਤੌਰ ’ਤੇ ਹਦਾਇਤ ਵੀ ਕੀਤੀ ਗਈ ਕਿ ਗੁਰੂ ਹੁਕਮ ਦਾ ਵਿਸ਼ੇਸ਼ ਧਿਆਨ ਰੱਖੀਂ (ਜਿਵੇਂ ਕਿ ਗੁਰੂ ਜੀ ਨੂੰ ਪਹਿਲਾਂ ਹੀ ਪਤਾ ਹੋਵੇ ਕਿ ਇਹ ਥਿੜਕ ਸਕਦੇ ਹਨ, ਨਹੀਂ ਤਾਂ ਅਜਿਹੇ ਵਿਅਕਤੀ ਲਈ ਇਹ ਕਹਿਣ ਦੀ ਜ਼ਰੂਰਤ ਹੀ ਕੀ ਰਹਿ ਜਾਂਦੀ ਸੀ ?)। ਇਸ ਪਰਖ ’ਚ ਬਾਬਾ ਰਾਮਰਾਇ ਜੀ, ਗੁਰੂ ਹਰਿਕ੍ਰਿਸ਼ਨ ਜੀ ਦੇ ਮੁਕਾਬਲੇ ਫ਼ੇਲ੍ਹ ਹੋ ਗਏ। ਇਸ ਵਿਸ਼ੇ ਨੂੰ ਹੋਰ ਵਧੀਕ ਸਮਝਣ ਲਈ ਥੋੜ੍ਹਾ ਇਤਿਹਾਸਕ ਪ੍ਰਮਾਣ ਲੈਣ ਦੀ ਜ਼ਰੂਰਤ ਹੈ।

ਬਾਬਾ ਰਾਮਰਾਇ ਜੀ ਦਾ ਜਨਮ 24 ਫ਼ਰਵਰੀ 1648 ’ਚ ਹੋਇਆ, ਜੋ ਦਿੱਲੀ ਵਿਖੇ ਰਾਜਾ ਔਰੰਗਜ਼ੇਬ ਨੂੰ ਅਪਰੈਲ 1661 ਨੂੰ ਮਿਲਦੇ ਹਨ ਤਦ ਇਨ੍ਹਾਂ ਦੀ ਉਮਰ ਲਗਭਗ 13 ਸਾਲ 2 ਮਹੀਨੇ ਹੁੰਦੀ ਹੈ, ਜੋ ਉੱਥੇ ਲੰਮਾ ਸਮਾਂ ਰੁਕੇ ਰਹੇ, ਜਿਸ ਦੌਰਾਨ ਉਨ੍ਹਾਂ ‘ਮਿਟੀ ਮੁਸਲਮਾਨ ਕੀ’ ਤੁਕ ਨੂੰ ਬਦਲ ਕੇ ‘ਮਿਟੀ ਬੇਈਮਾਨ ਕੀ’ ਕਿਹਾ, ਇਸ ਘਟਨਾ ਉਪਰੰਤ ਬਾਬਾ ਰਾਮਰਾਇ ਜੀ ਵਾਪਸ ਕੀਰਤਪੁਰ ਸਾਹਿਬ ਵੱਲ ਆਉਂਦੇ ਹਨ। ਅਗਾਂਹ ਗੁਰੂ ਹਰਿਰਾਇ ਸਾਹਿਬ ਜੀ ਨੂੰ ਮਿਲੀ ਸੂਚਨਾ ਦੇ ਆਧਾਰ ’ਤੇ ਇਨ੍ਹਾਂ ਨੂੰ ਕੀਰਤਪੁਰ ਆਉਣ ਤੋਂ ਮਨ੍ਹਾ ਕਰ ਦਿੱਤਾ ਜਾਂਦਾ ਹੈ, ਜੋ ਮੁੜ ਦੇਹਰਾਦੂਨ ਚਲੇ ਗਏ ਅਤੇ ਇਨ੍ਹਾਂ ਦਿਨਾਂ ਭਾਵ 6 ਅਕਤੂਬਰ 1661 ਨੂੰ ਹੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਯੋਗ ਸਮਝ ਕੇ ਗੁਰਗੱਦੀ ਸੌਂਪ ਦਿੱਤੀ ਜਾਂਦੀ ਹੈ। ਕੀ ਇਸ ਘਟਨਾ ਨੂੰ ਗੁਰੂ ਘਰ ’ਚ ਚਲਦੀ ਆ ਰਹੀ ਗੁਰਿਆਈ ਪਰਖ ਕਸੌਟੀ ਨਾਲ਼ ਜੋੜ ਕੇ ਨਹੀਂ ਵੇਖਣਾ ਚਾਹੀਦਾ ?

ਗੁਰੂ ਹਰਿਕ੍ਰਿਸ਼ਨ ਜੀ ਉੱਤੇ ਇਹ ਆਰੋਪ ਲਗਾਉਣਾ ਬੇਬੁਨਿਆਦ ਹੈ ਕਿ ਉਨ੍ਹਾਂ ਦੀ ਬਾਲਕ ਉਮਰ (5 ਸਾਲ 3 ਮਹੀਨੇ) ਇਸ ਜ਼ਿੰਮੇਵਾਰੀ ਨੂੰ ਸੰਭਾਲਣ ਦੇ ਲਾਇਕ ਨਹੀਂ ਸੀ। ਸਿੱਖ ਇਤਿਹਾਸ ਸਿਰਜਿਆ ਸ਼ਾਨਦਾਰ ਗਿਆ ਹੈ ਪਰ ਸੰਭਾਲ਼ਿਆ ਨਹੀਂ ਗਿਆ ਭਾਵ ਇਤਿਹਾਸ ਲਿਖਦਿਆਂ ਗੁਰਬਾਣੀ ਵਾਙ ਸੋਧ ਨਹੀਂ ਰੱਖੀ ਜਾ ਸਕੀ। ਡਾਕਟਰ ਹਰਜਿੰਦਰ ਸਿੰਘ ਦਿਲਗੀਰ ਸਮੇਤ ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਗੁਰੂ ਹਰਿਕ੍ਰਿਸ਼ਨ ਜੀ ਦਾ ਜਨਮ 7 ਜੁਲਾਈ 1656 ਨੂੰ ਨਹੀਂ ਹੋਇਆ ਬਲਕਿ 20 ਜੁਲਾਈ 1652 ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ ਹੈ ਅਤੇ ਗੁਰਗੱਦੀ ਦੀ ਜ਼ਿੰਮੇਵਾਰੀ (ਭਾਵ 6 ਅਕਤੂਬਰ 1661) ਦੌਰਾਨ ਆਪ ਜੀ ਦੀ ਉਮਰ 5.3 ਸਾਲ ਨਹੀਂ ਬਲਕਿ 9 ਸਾਲ 2 ਮਹੀਨੇ ਤੇ 16 ਦਿਨ ਸੀ। ਧਿਆਨ ਰਹੇ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਵੀ ਗੁਰਗੱਦੀ ਸੰਭਾਲਣ ਸਮੇਂ 8 ਸਾਲ 10 ਮਹੀਨੇ ਤੇ 20 ਦਿਨ ਸੀ। ਵੈਸੇ ਦਸਮੇਸ਼ ਪਿਤਾ ਜੀ ਦੀ ਇਸ ਜਨਮ ਮਿਤੀ ਬਾਰੇ ਵੀ ਇੱਕ ਰਾਇ ਨਹੀਂ। ਕੁਝ ਇਤਿਹਾਸਕਾਰਾਂ ਮੁਤਾਬਕ ਗੁਰੂ ਹਰਿਕ੍ਰਿਸ਼ਨ ਜੀ 25 ਮਾਰਚ 1664 ਨੂੰ ਔਰੰਗਜ਼ੇਬ ਨੂੰ ਦਿੱਲੀ ਵਿਖੇ ਮਿਲੇ ਹਨ, ਕੁਝ ਅਨੁਸਾਰ ਉਨ੍ਹਾਂ ਦੇ ਪੁੱਤਰ ਨੂੰ ਮਿਲੇ, ਤਦ ਉਨ੍ਹਾਂ ਦੀ ਉਮਰ 11 ਸਾਲ 8 ਮਹੀਨੇ ਤੇ 5 ਦਿਨ ਸੀ। ਵੈਸੇ ਗੁਰਮਤਿ ਮੁਤਾਬਕ ‘ਨਾਨਕ ਜੋਤ’ ਰੂਹਾਨੀਅਤ ਦੀ ਕਾਬਲੀਅਤ ਵੇਖ ਕੇ ਦਿੱਤੀ ਜਾਂਦੀ ਹੈ, ਨਾ ਕਿ ਸਰੀਰ ਦੀ ਲੰਮੀ ਜਾਂ ਛੋਟੀ ਉਮਰ ਵੇਖ ਕੇ। ਮਿਸਾਲ ਵਜੋਂ ਗੁਰੂ ਨਾਨਕ ਸਾਹਿਬ ਜੀ ਨੇ 9 ਸਾਲ ਦੀ ਉਮਰ ’ਚ ਹੀ ਪਿਤਾ ਪੁਰਖੀ ਚੱਲੀ ਆ ਰਹੀ ਜਨੇਊ ਪਾਉਣ ਦੀ ਰੀਤ ਤੋਂ (ਭਰੀ ਮਹਿਫ਼ਲ ’ਚ) ਇਨਕਾਰ ਕਰ ਦਿੱਤਾ ਸੀ ਤੇ ਸਦਾ ਸਾਥ ਨਿਭਣ ਵਾਲ਼ੇ ਸੱਚੇ ਜਨੇਊ ਦੀ ਮੰਗ ਵੀ ਕੀਤੀ ‘‘ਦਇਆ ਕਪਾਹ, ਸੰਤੋਖੁ ਸੂਤੁ; ਜਤੁ ਗੰਢੀ ਸਤੁ ਵਟੁ ॥ ਏਹੁ ਜਨੇਊ ਜੀਅ ਕਾ; ਹਈ, ਤ ਪਾਡੇ  ! ਘਤੁ ॥’’ (ਮ : ੧/੪੭੧) ਇਤਿਹਾਸ ’ਚ ਦਰਜ ਹੈ ਕਿ ਗੁਰੂ ਨਾਨਕ ਸਾਹਿਬ ਜੀ 3 ਸਾਲ ਦੀ ਉਮਰ ’ਚ ਹੀ ਅਕਾਲ ਪੁਰਖ ਨਾਲ਼ ਧਿਆਨ ਦੀ ਲੰਮੀ ਇਕਾਗਰਤਾ ਲਗਾਉਂਦੇ ਵੇਖੇ ਗਏ ਸਨ ਅਤੇ 5 ਸਾਲ ਦੀ ਉਮਰ ’ਚ ਸਿਆਣਿਆ ’ਚ ਬੈਠ ਕੇ ਅਕਾਲ ਪੁਰਖ, ਕੁਦਰਤ, ਰੂਹਾਨੀਅਤ ਤੇ ਜੀਵਨ-ਜਾਚ ਦੇ ਅਤਿ ਗਹਿਰੇ ਵਿਸ਼ਿਆਂ ਬਾਰੇ ਗੱਲਾਂ ਕਰਨ ਲੱਗ ਪਏ ਸਨ, ਇਸ ਲਈ ਇਹ ਸਵਾਲ ਉੱਠਾਉਣਾ ਕਿ ਗੁਰੂ ਹਰਿਰਾਇ ਸਾਹਿਬ ਜੀ ਨੇ ਬਾਲਕ ਗੁਰੂ ਹਰਿਕ੍ਰਿਸ਼ਨ ਜੀ ਨੂੰ ਗੁਰਗੱਦੀ ਦੇ ਕੇ ਗ਼ਲਤੀ ਕੀਤੀ, ਅਗਿਆਨਤਾ ਤੇ ਗੁਰੂ ਨਿੰਦਕ ਦੀ ਸੋਚ ਹੈ।

ਦਸਮੇਸ਼ ਪਿਤਾ ਜੀ ਦੇ ਲਾਲ (ਛੋਟੇ ਸਾਹਿਬਜ਼ਾਦੇ) ਵੀ ਲਗਭਗ 7 ਤੇ 9 ਸਾਲ ਦੇ ਹੀ ਸਨ, ਜਿਨ੍ਹਾਂ ਸੂਬਾ ਸਰਹਿੰਦ ਦੇ ਹਰ ਸਵਾਲ ਦਾ ਜਵਾਬ ਬਾਖ਼ੂਬੀ ਨਾਲ਼ ਦਿੱਤਾ ਅਤੇ ਉਹ ਆਪਣੀ ਹਾਰ ਨੂੰ ਨਾ ਸਵੀਕਾਰਦਿਆਂ ਬੱਚਿਆਂ ਨੂੰ ਸ਼ਹੀਦ ਕਰਵਾਉਣ ਦਾ ਹੁਕਮ ਜਾਰੀ ਕਰਦਾ ਹੈ।

ਸੋ, ਗੁਰੂ ਸਿਧਾਂਤ (ਸ਼ਬਦ, ਵਚਨ) ਕਿਸੇ ਮਨੁੱਖਾ ਸਰੀਰਕ ਆਯੂ ਨੂੰ ਵੱਡਾ ਜਾਂ ਛੋਟਾ ਵੇਖ ਕੇ ਨਿਰਣਾ ਨਹੀਂ ਕਰਦਾ, ਇਸ ਵਿਸ਼ੇ ਦੀ ਨਾ ਸਮਝੀ ਹੀ ਬਾਬਾ ਰਾਮਰਾਇ ਜੀ ਨੂੰ ਰਾਜਾ ਔਰੰਗਜ਼ੇਬ ਪਾਸ ਇਹ ਬੋਲਣ ਲਈ ਮਜਬੂਰ ਕਰਦੀ ਹੈ ਕਿ ਮੈਂ ਵੱਡਾ ਪੁੱਤਰ ਹਾਂ ਤੇ ਗੁਰਗੱਦੀ ਉੱਪਰ ਮੇਰਾ ਅਧਿਕਾਰ ਹੋਣਾ ਚਾਹੀਦਾ ਹੈ, ਇਸ ਦੇ ਸਪਸ਼ਟੀਕਰਨ ਲਈ ਹੀ ਕੁਝ ਇਤਿਹਾਸਕਾਰਾਂ ਅਨੁਸਾਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਬੁਲਾਇਆ ਗਿਆ, ਜਿਨ੍ਹਾਂ ਰਾਜੇ ਔਰੰਗਜ਼ੇਬ ਜਾਂ ਉਨ੍ਹਾਂ ਦੇ ਪੁੱਤਰ ਨੂੰ ਮਿਲ ਕੇ ਸਮਝਾਇਆ ਕਿ ਇਹ ਤਾਂ ਰੂਹਾਨੀ ਸੇਵਾ ਹੈ। ਗੁਰੂ ਹਰਿਰਾਇ ਸਾਹਿਬ ਜੀ ਨੇ ਜਿਸ ਨੂੰ ਠੀਕ ਹੱਕਦਾਰ ਸਮਝਿਆ ਇਹ ਸੇਵਾ ਸੌਂਪ ਦਿੱਤੀ।

ਇੱਥੇ ਇਹ ਵਿਚਾਰ ਵੀ ਲਾਭਕਾਰੀ ਹੋ ਸਕਦੀ ਹੈ ਕਿ ਭਾਈ ਜੇਠਾ (ਗੁਰੂ ਰਾਮਦਾਸ) ਜੀ ਦੁਆਰਾ ਅਕਬਰ ਦਰਬਾਰ ਵਿੱਚ ਜਾਣ ਨੂੰ ਗੁਰਿਆਈ ਪਰਖ ਨਾਲ਼ ਜੋੜ ਕੇ ਨਹੀਂ ਵੇਖਿਆ ਜਾ ਸਕਦਾ ਕਿਉਂਕਿ ਭਾਈ ਜੇਠਾ ਜੀ ਅਕਬਰ ਦਰਬਾਰ ਵਿੱਚ ਸੰਨ 1566 ਵਿੱਚ ਪਹੁੰਚਦੇ ਹਨ ਜਦ ਕਿ ਗੁਰੂ ਅਮਰਦਾਸ ਜੀ ਦੇ ਉੱਤਰਾਧਿਕਾਰੀ ਦੀ ਤਲਾਸ਼ 1 ਸਤੰਬਰ 1574 ਭਾਵ 8 ਸਾਲ ਬਾਅਦ ਕੀਤੀ ਜਾਂਦੀ ਹੈ।

‘‘ਪਿਤਾ ਕਾ ਜਨਮੁ; ਕਿ ਜਾਨੈ ਪੂਤੁ  ? ॥’’ ਵਚਨਾਂ ਨੂੰ ਅਮਲੀ ਜੀਵਨ ’ਚ ਧਾਰਨ ਕਰਨ ਦੀ ਬਜਾਇ ਗੁਰੂ ਸ਼ਖ਼ਸੀਅਤ ਨੂੰ ਖੰਘਾਲ਼ਨ ਵਾਲ਼ੇ ਹਰਨੇਕ ਸਿੰਘ ਦੀ ਸੋਚ ਨੂੰ ਵੀ ਸੰਖੇਪ ’ਚ ਸਮਝਣਾ ਜ਼ਰੂਰੀ ਹੈ :

ਅਸੱਭਿਅ ਸ਼ਬਦਾਂ ਦੀ ਪਰਿਭਾਸ਼ਾ ਤੋਂ ਸੱਖਣਾ ਵਿਅਕਤੀ ਪੰਥਕ ਏਕਤਾ ਲਈ ਕੋਈ ਰਾਏ ਦੇਵੇ, ਸਮਝਦਾਰ ਵਿਅਕਤੀ ਲਈ ਪਾਗ਼ਲਪਣ ਦੀ ਬਕਵਾਸ ਸੁਣਨ ਬਰਾਬਰ ਹੁੰਦਾ ਹੈ ਕਿਉਂਕਿ ਅਜਿਹਾ ਕਿਰਦਾਰ ਕੇਵਲ ਚੰਦ ਵਾਙ ਬਾਹਰੋਂ ਲਿਸ਼ਕਦਾ (ਭਾਵ ਸਿੱਖੀ ਸਰੂਪ) ਅਤੇ ਅੰਦਰੋਂ ਚੰਦ ਵਾਙ ਹੀ ਥੋਥਾ ਹੁੰਦਾ ਹੈ। ਆਏ ਦਿਨ ਵਿਰਸਾ ਰੇਡੀਓ ਉੱਤੇ ਅਸਹਿਮਤ ਸਿੱਖ ਪ੍ਰਚਾਰਕਾਂ ਦੇ ਕੱਪੜੇ ਫਾੜੀ ਜਾਣਾ ਜਾਂ ਹਾ ਹਾ ਹਾ ਕਰ ਕੇ ਹੱਸਣ ਵਾਲ਼ੇ ਇਸ ਕਿਰਦਾਰ ਲਈ ਵਾਦ-ਵਿਵਾਦ ਦੇ ਕੁਝ ਇਹ ਕਾਰਨ ਹਨ  :

ਪ੍ਰੋ. ਸਰਬਜੀਤ ਸਿੰਘ (ਧੁੰਦਾ) ਨੂੰ 29 ਫ਼ਰਵਰੀ 2012 ’ਚ ਅਕਾਲ ਤਖ਼ਤ ਸਾਹਿਬ (ਅੰਮ੍ਰਿਤਸਰ) ਵਿਖੇ ਆਪਣਾ ਪੱਖ ਰੱਖਣ ਲਈ ਬੁਲਾਇਆ ਗਿਆ ਕਿਉਂਕਿ ਇਨ੍ਹਾਂ ਦੀ ਪ੍ਰਚਾਰਕ ਸ਼ਬਦਾਵਲੀ ਕਾਰਨ ਕੁਝ ਸ਼ਿਕਾਇਤਾਂ ਉੱਥੇ ਪਹੁੰਚੀਆਂ ਸਨ ਜਾਂ ਮੰਗਵਾਈਆਂ ਗਈਆਂ ਸਨ, ਜਿਸ ਦਾ ਪ੍ਰੋ. ਦਰਸ਼ਨ ਸਿੰਘ ਗੁੱਟ ਨੇ ਇਹ ਕਹਿ ਕੇ ਵਿਰੋਧ ਕੀਤਾ ਕਿ ਮੌਜੂਦਾ ਜਥੇਦਾਰ ਸ਼੍ਰੇਣੀ ਅਕਾਲੀ ਲੀਡਰਸ਼ਿਪ ਨੂੰ ਜਵਾਬਦੇਹ ਹੈ, ਨਾ ਕਿ ਗੁਰੂ ਸਿਧਾਂਤ ਨੂੰ, ਇਸ ਲਈ ਇਨ੍ਹਾਂ ਅੱਗੇ ਪੇਸ਼ ਹੋਣ ਦਾ ਮਤਲਬ ਬਾਦਲ ਅੱਗੇ ਪੇਸ਼ ਹੋਣਾ ਹੈ, ਜੋ ਆਰ. ਐਸ. ਐਸ. ਦੀ ਸੋਚ ਨੂੰ ਸਮਰਪਿਤ ਹੈ ਕਿਉਂਕਿ ਇਸ ਘਟਨਾ ਤੋਂ ਪਹਿਲਾਂ ਪ੍ਰੋ. ਦਰਸ਼ਨ ਸਿੰਘ ਜੀ ਨੇ ਵੀ ਦਸੰਬਰ 2009 ਨੂੰ ਦਰਬਾਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਆਪਣਾ ਸਪਸ਼ਟੀਕਰਨ ਰੱਖਿਆ ਸੀ, ਜੋ ਇਨ੍ਹਾਂ ਜਥੇਦਾਰਾਂ ਸਾਹਮਣੇ ਹਾਜ਼ਰ ਨਾ ਹੋਏ, ਜਿਨ੍ਹਾਂ ਨੇ ਪ੍ਰੋ. ਦਰਸ਼ਨ ਸਿੰਘ ਨੂੰ ਬੁਲਾਇਆ ਸੀ।

ਪ੍ਰੋ. ਦਰਸ਼ਨ ਸਿੰਘ ਦੇ ਇਨ੍ਹਾਂ ਵਿਚਾਰਾਂ ਦਾ ਹਰਨੇਕ ਸਿੰਘ ਨੇ ਵਿਰੋਧ ਕੀਤਾ ਤੇ ਪ੍ਰੋ. ਸਰਬਜੀਤ ਸਿੰਘ ਨੂੰ ਅਕਾਲ ਤਖ਼ਤ ’ਤੇ ਪੇਸ਼ ਹੋਣ ਲਈ ਕਿਹਾ ਤੇ ਸੁਝਾਅ ਵੀ ਦਿੱਤੇ ਕਿ ਤੁਸੀਂ ਹਾਜ਼ਰ ਹੋ ਕੇ ਗ਼ਲਤੀ ਮੰਨ ਲਓ ਤੇ ਬਾਹਰ ਆ ਕੇ ਵੈਸਾ ਹੀ ਬੋਲਦੇ ਰਹੋ, ਬੇਸ਼ਕ ਅਜਿਹਾ ਕਿੰਨੀ ਵਾਰ ਵੀ ਕਿਉਂ ਨਾ ਕਰਨਾ ਪਵੇ, ਕਰਦੇ ਰਹੋ।

ਸੰਨ 2016 ਨੂੰ ਭਾਈ ਪੰਥਪ੍ਰੀਤ ਜੀ ਦਾ ਇਸ ਹਰਨੇਕ ਸਿੰਘ ਰਾਹੀਂ 10 ਦਿਨ ਦਾ ਨਿਊਜ਼ੀਲੈਂਡ ਪ੍ਰੋਗਰਾਮ ਰੱਖਿਆ ਗਿਆ, ਜਿਸ ਵਿੱਚੋਂ 5 ਦਿਨ ਕਿਸੇ ਹੋਰ ਗੁਰੂ ਘਰ ਲਗਾਉਣੇ ਸਨ, ਜਿਨ੍ਹਾਂ ਨੂੰ ਪਹਿਲਾਂ ਹਰਨੇਕ ਸਿੰਘ ਨੇ ਹਾਂ ਤੇ ਫਿਰ ਨਾਂ ਕਰ ਦਿੱਤੀ, ਜਿਸ ਨਾਲ਼ ਭਾਈ ਪੰਥਪ੍ਰੀਤ ਸਿੰਘ ਅਸਹਿਮਤ ਹੋ ਗਏ ਤੇ ਫਿਰ ਇਸ ਨੇ ਸਦਾ ਲਈ ਪੰਥਪ੍ਰੀਤ ਸਿੰਘ ਦਾ ਵਿਰੋਧ ਕਰਨਾ ਹੀ ਉਚਿਤ ਸਮਝਿਆ, ਜਿਸ ਦਾ ਧੁੰਦਾ ਗੁੱਟ ਨੇ ਵਿਰੋਧ ਕੀਤਾ ਜਿਸ ਉਪਰੰਤ ਧੁੰਦਾ ਉੱਤੇ ਵੀ ਆਪਣੇ ਨਿਜੀ ਰੇਡੀਓ ਰਾਹੀਂ ਸਿਧਾਂਤਹੀਣ ਹੋਣ ਦੇ ਇਲਜ਼ਾਮ ਲਾਏ ਗਏ।

ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲ਼ੇ ਉੱਤੇ ਇਹ ਆਰੋਪ ਲੱਗਾ ਕਿ ਉਨ੍ਹਾਂ ਯੂਪੀ ਦੇ ਸਿੱਖ ਪ੍ਰਚਾਰਕਾਂ ਪ੍ਰਤੀ ‘ਭਈਆ’ ਸ਼ਬਦ ਦੀ ਵਰਤੋਂ ਕੀਤੀ ਹੈ, ਜੋ ਕਿ ਬਾਅਦ ਵਿੱਚ ਭਾਈ ਸਾਹਿਬ ਨੇ ਮਾਫ਼ੀ ਵੀ ਮੰਗ ਲਈ ਸੀ, ਪਰ ਹਰਨੇਕ ਸਿੰਘ ਵਰਗਿਆਂ ਨੂੰ ਚੰਗਾ ਨਾ ਲੱਗਾ, ਇਨ੍ਹਾਂ ਅਨੁਸਾਰ ਇੱਕ ਵਾਰ ਬੋਲ ਕੇ ਵਚਨ ਵਾਪਸ ਲੈਣਾ ਕਮਜੋਰੀ ਤੇ ਬੁਝਦਿੱਲੀ ਦੀ ਨਿਸ਼ਾਨੀ ਹੈ। ਅੱਜ ਹਰਨੇਕ ਸਿੰਘ ਦੀ ਦੋਸਤੀ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲ਼ਿਆਂ ਨਾਲ਼ ਹੈ ਤੇ ਇਹ ਵੇਖਣਾ ਹੈ ਕਿ ਕਦ ਤੱਕ ਕਾਇਮ ਰਹੇਗੀ  ? ਕਿਉਂਕਿ ਇਨ੍ਹਾਂ ਦਾ ਪਿਛਲਾ ਇਤਿਹਾਸ ਦੋਸਤੀ ਉਪਰੰਤ ਦੁਸ਼ਮਣੀ ਬਣਾਉਣ ਦਾ ਰਿਹਾ ਹੈ।

ਉਕਤ ਸਾਰੇ ਵਾਦ-ਵਿਵਾਦ ਨੂੰ ਥੋੜ੍ਹਾ ਵਿਚਾਰੀਏ ਤਾਂ ਲੱਗਦਾ ਹੈ ਕਿ ਇਸ ਵਿੱਚ ਗੁਰਮਤਿ ਸਿਧਾਂਤ ਨੂੰ ਸਮਝਣ ਸਮਝਾਉਣ ਦਾ ਕੋਈ ਟੀਚਾ ਨਹੀਂ ਸਿਰਫ਼ ਆਪਣੇ ਨਿੱਜੀ ਸਮਾਜਿਕ ਰੁਤਬੇ ਨੂੰ ਪਾਉਣ ਜਾਂ ਮਿਟਾਉਣ ਨੂੰ ਹੀ ਪ੍ਰਮੁੱਖਤਾ ਦਿੱਤੀ ਗਈ ਹੈ। ਇਹ ਲੋਕ ਆਪਣੇ ਆਪ ਨੂੰ ਇੰਨੇ ਜਾਗਰੂਕ ਸਮਝਦੇ ਹਨ ਕਿ ਜਗਤ ਗੁਰੂ ਨਾਨਕ ਜੀ ਦੇ ਫ਼ੈਸਲਿਆਂ ਉੱਤੇ ਉਂਗਲੀ ਚੁੱਕਣੀ ਅਤੇ ਆਪਣੀ ਚਰਚਾ ਦੌਰਾਨ ਠੱਟਾ-ਮਖੌਲ ਕਰਨਾ ਵੀ ਇਨ੍ਹਾਂ ਨੂੰ ਸ਼ਰਮਸਾਰ ਨਹੀਂ ਕਰਦਾ ਭਾਵੇਂ ਕਿ ਅਜਿਹੇ ਰਵੱਈਏ ਕਾਰਨ ਰੋਜ਼ਾਨਾ ‘‘ਗੁਰਾ  ! ਇਕ ਦੇਹਿ ਬੁਝਾਈ ॥ ਸਭਨਾ ਜੀਆ ਕਾ ਇਕੁ ਦਾਤਾ; ਸੋ ਮੈ ਵਿਸਰਿ ਨ ਜਾਈ ॥’’ ਜਪਦਿਆਂ ਗੁਰੂ ਨੂੰ ਤਨ, ਮਨ, ਧਨ ਸਮਰਪਿਤ ਕਰੀ ਬੈਠੇ ਸਿੱਖਾਂ ਦੀਆਂ ਭਾਵਨਾਵਾਂ ਦਾ ਹਨਨ (ਮੌਤ) ਹੀ ਕਿਉਂ ਨਾ ਹੋਵੇ।

ਪੰਥ ਦਰਦੀਆਂ ਨੂੰ ਸ਼ਾਇਦ ਇਸ ਸਵਾਲ ਦਾ ਜਵਾਬ ਮਿਲ ਗਿਆ ਹੋਏਗਾ ਕਿ ਗੁਰਮਤਿ ਦਾ ਪ੍ਰਚਾਰ ਤੇ ਪ੍ਰਸਾਰ ਸਹੀ ਢੰਗ ਨਾਲ਼ ਨਾ ਹੋਣ ਦੇ ਕੀ ਕਾਰਨ ਹਨ ? ਉਕਤ ਵੇਖ ਹੀ ਚੁੱਕੇ ਹਾਂ ਕਿ ਅਜੋਕੇ ਤਕਨੀਕੀ ਸਾਧਨਾਂ ਦਾ ਪ੍ਰਯੋਗ ਅਸੀਂ ਕਿਵੇਂ ਪੰਥਕ ਹਿੱਤਾਂ ਦੇ ਨਾਂ ’ਤੇ ਨਿੱਜੀ ਹਿੱਤਾਂ ਲਈ ਕਰ ਰਹੇ ਹਾਂ । ਮੇਰੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲ਼ਿਆਂ ਨੂੰ ਬੇਨਤੀ ਹੈ ਕਿ ਹਰਨੇਕ ਸਿੰਘ ਦੁਆਰਾ ਬੋਲੀ ਗਈ ਗੁਰੂ ਸਨਮਾਨ ਬਾਰੇ ਭੱਦੀ ਸ਼ਬਦਾਵਲੀ ਦਾ ਵਿਰੋਧ ਕਰਨ। ਅਗਰ ਕਿਸੇ ਮਜਬੂਰੀ ਕਾਰਨ ਅੱਜ ਅਜਿਹਾ ਨਹੀਂ ਕਰਦੇ ਤਾਂ ਇੱਕ ਦਿਨ ਜਦ ਅਜਿਹੇ ਲੋਕਾਂ ਦੁਆਰਾ ਤੁਹਾਡੇ ਉੱਤੇ ਚਿੱਕੜ ਸੁੱਟਿਆ ਜਾਏਗਾ ਤਾਂ ਤੁਹਾਡਾ ਬੋਲਿਆ ਗੁਰੂ ਸਤਿਕਾਰ ਨਾਲੋਂ ਵਧ ਕੇ ਆਪਣਾ ਨਿੱਜੀ ਸਤਿਕਾਰ ਅਖਵਾਏਗਾ।

ਸਾਨੂੰ ਸਿੱਖ ਅਖਵਾਉਣ ਵਾਲ਼ਿਆਂ ਨੂੰ ਵੀ ਸਿੱਧਾ ਗੁਰੂ ਨਾਲ਼ ਹੀ ਜੁੜਨਾ ਚਾਹੀਦਾ ਹੈ ਇਨ੍ਹਾਂ ਧੜਿਆਂ ਨੂੰ ਮਜ਼ਬੂਤ ਕੀਤਿਆਂ ਇੱਕ ਦਿਨ ਕੌਮ ਦਾ ਵੱਡਾ ਨੁਕਸਾਨ ਹੀ ਹੋਏਗਾ । ਇਸ ਲਈ ਧੜਿਆਂ ਤੋਂ ਉੱਪਰ ਉੱਠ ਕੇ ਆਪਣੀ ਆਵਾਜ਼ ਬੁਲੰਦ ਕਰੋ ਤਾਂ ਜੋ ਮੁੜ ਕੋਈ ਜਗਤ ਗੁਰੂ ਉੱਤੇ ਕਿੰਤੂ-ਪਰੰਤੂ ਨਾ ਕਰ ਸਕੇ।

ਮੇਰੀ ਸਮਝ ਮੁਤਾਬਕ 239 ਸਾਲਾਂ ਦੌਰਾਨ ਆਰੰਭਕ ਗੁਰੂ-ਪਰਿਵਾਰ (ਬੱਚੇ) ਸਿੱਖੀ ਤੋਂ ਕੁਝ ਦੂਰ ਰਹੇ, ਮਧ ਵਿੱਚ ਅੱਧੇ ਪੂਰਨ ਗੁਰਮੁਖ ਬਣੇ ਤੇ ਅੰਤ ’ਚ ਸਾਰੇ ਹੀ ਗੁਰਸਿੱਖੀ ਲਈ ਆਪਾ ਕੁਰਬਾਨ ਕਰ ਗਏ। ਅਜਿਹੀ ਵੰਸ਼ਾਵਲੀ ਉਪਰੰਤ ਸਰੀਰ ਗੁਰੂ ਦੀ ਲੋੜ ਸਦਾ ਲਈ ਖ਼ਤਮ ਹੋ ਗਈ। ਇਨ੍ਹਾਂ ਸੰਕੇਤਾਂ ਨੂੰ ਸਮਝ ਕੇ ਸਾਨੂੰ ਆਪ ਤੇ ਆਪਣੇ ਪਰਿਵਾਰ ਨੂੰ ਗੁਰੂ ਨਾਲ਼ ਜੋੜਨ ਲਈ ਇਕਜੁਟ ਹੋਣ ਦੀ ਜ਼ਰੂਰਤ ਹੈ, ਨਾ ਕਿ ਕਿੰਤੂ ਪਰੰਤੂ ਰਾਹੀਂ ਆਪਣੀ ਮੂਰਖਤਾ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ।

ਪਿਛਲੇ ਦਿਨੀਂ ਕੁਝ ਸਿੱਖਾਂ ਨੇ ਇਸ ਵਿਸ਼ੇ ਉੱਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਬਾਬਾ ਪ੍ਰਿਥੀਚੰਦ ਅਤੇ ਬਾਬਾ ਰਾਮਰਾਇ, ਜੋ ਕਿ ਸਿੱਖ ਸੰਗਤਾਂ ’ਚ ਆਪਣਾ ਬਹੁਤ ਪ੍ਰਭਾਵ ਪਾ ਚੁੱਕੇ ਸਨ, ਦੇ ਅੰਦਰੂਨੀ ਪਾਜ ਨੂੰ ਸਿੱਖ ਸੰਗਤ ’ਚ ਉਘਾੜਨ ਲਈ ਗੁਰੂ ਜੀ ਨੇ ਇਨ੍ਹਾਂ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਤਾਂ ਜੋ ਗੁਰਗੱਦੀ ਦੀ ਜ਼ਿੰਮੇਵਾਰੀ ਗੁਰੂ ਅਰਜਨ ਸਾਹਿਬ ਜੀ ਅਤੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਸੌਂਪਦਿਆਂ ਸੰਗਤ ਨੂੰ ਕੋਈ ਸੰਦੇਹ ਨਾ ਰਹੇ, ਅਢੁੱਕਵੀਂ ਦਲੀਲ ਜਾਪਦੀ ਹੈ ਕਿਉਂਕਿ ਬਾਬਾ ਪ੍ਰਿਥੀਚੰਦ ਜੀ ਦਾ ਜਨਮ 1558 ਈਸਵੀ ’ਚ ਹੁੰਦਾ ਹੈ, ਜੋ ਕਿ 16 ਸਾਲ ਤੱਕ ਗੁਰੂ ਅਮਰਦਾਸ ਜੀ ਪਾਸ ਰਹੇ, ਤਦ ਤੋਂ ਹੀ ਇਨ੍ਹਾਂ ਨੂੰ ਅਹਿਮ ਜ਼ਿੰਮੇਵਾਰੀ ਮਿਲੀ ਹੋਈ ਸੀ, ਜਦ ਕਿ ਇਸ ਤੋਂ 7 ਸਾਲ ਬਾਅਦ ਤੱਕ ਗੁਰੂ ਰਾਮਦਾਸ ਜੀ ਗੁਰਗੱਦੀ ’ਤੇ ਬਿਰਾਜਮਾਨ ਰਹੇ ਸਨ। ਕੀ ਸੰਗਤ ’ਚ ਪਾਜ ਉਘਾੜਨ ਲਈ ਇਤਨਾ ਲੰਮਾ ਸਮਾਂ ਅਹਿਮ ਸੇਵਾ ਦੇਣਾ ਮੁਨਾਸਬ ਹੈ, ਜਦ ਕਿ ਗੁਰੂ ਸਾਹਿਬ ਨੂੰ ਪਤਾ ਵੀ ਹੋਵੇ ਕਿ ਇਨ੍ਹਾਂ ਅੰਦਰ ਖੋਟ ਹੈ।

ਦੂਸਰਾ ਬਾਬਾ ਰਾਮਰਾਇ ਜੀ ਬਾਬਤ ਵੀ ਅਜਿਹੀ ਦਲੀਲ, ਸਹੀ ਨਹੀਂ ਜਾਪਦੀ ਕਿਉਂਕਿ ਤਦ ਗੁਰੂ ਹਰਿਰਾਇ ਸਾਹਿਬ ਜੀ ਦੀ ਉਮਰ ਮਾਤਰ 31 ਕੁ ਸਾਲ ਦੀ ਸੀ, ਇਸ ਉਮਰ ਦੌਰਾਨ ਗੁਰੂ ਤੋਂ ਬਿਨਾਂ ਕੌਣ ਗੁਰੂ ਜੀ ਦੇ ਉੱਤਰਾਧਿਕਾਰੀ ਦੀਆਂ ਕਿਆਸ-ਅਰਾਈ ਲਗਾ ਸਕਦਾ ਹੈ, ਜਿਨ੍ਹਾਂ ਸਾਹਮਣੇ ਗੁਰੂ ਜੀ ਨੂੰ ਅਜਿਹੇ ਪਾਜ ਖੋਲ੍ਹਣੇ ਪੈ ਰਹੇ ਹਨ ? ਮੇਰਾ ਮਤਲਬ ਇਹ ਹੈ ਕਿ ਜਿਸ ਤਰ੍ਹਾਂ ਗੁਰੂ ਅਮਰਦਾਸ ਜੀ ਤੋਂ ਬਿਨਾਂ ਥੜ੍ਹੇ ਕਿਉਂ ਬਣਾਏ ਜਾ ਰਹੇ ਹਨ, ਭਾਈ ਜੇਠਾ ਜੀ ਅਤੇ ਭਾਈ ਰਾਮਾ ਜੀ ਸਮੇਤ ਕਿਸੇ ਨੂੰ ਵੀ ਨਹੀਂ ਪਤਾ ਸੀ ਉਸੇ ਤਰ੍ਹਾਂ ਬਾਬਾ ਪ੍ਰਿਥੀਚੰਦ ਜੀ ਅਤੇ ਬਾਬਾ ਰਾਮਰਾਇ ਜੀ ਸਮੇਤ ਕਿਸੇ ਸੰਗਤ ਨੂੰ ਵੀ ਨਹੀਂ ਪਤਾ ਸੀ ਕਿ ਗੁਰੂ ਜੀ ਇਨ੍ਹਾਂ ਤੋਂ ਅੰਤਿਮ ਸਮੇਂ ਅਹਿਮ ਸੇਵਾ ਕਿਉਂ ਲੈ ਰਹੇ ਹਨ  ? ਇਸ ਲਈ ਇਨ੍ਹਾਂ ਦੀ ਪ੍ਰਸਿੱਧੀ ਦਾ ਸੰਗਤਾਂ ਉੱਤੇ ਪ੍ਰਭਾਵ ਪੈਣਾ ਜਾਂ ਨਾ ਪੈਣਾ ਕੋਈ ਮਾਅਨਾ ਨਹੀਂ ਰੱਖਦਾ।

ਸੋ, ਸਾਨੂੰ ਬਾਣੀ ਅਤੇ ਗੁਰੂ ’ਚ ਅੰਤਰ ਹੋਣ ਬਾਰੇ ਸੋਚ ਕੇ ਗੁਰੂ ਜੀ ਦੀ ਕਥਨੀ ਤੇ ਕਰਨੀ ਉੱਤੇ ਸ਼ੱਕ ਨਹੀਂ ਕਰਨਾ ਚਾਹੀਦਾ। ਪਾਵਨ ਵਚਨ ਹਨ  :

‘‘ਬਾਣੀ ਗੁਰੂ, ਗੁਰੂ ਹੈ ਬਾਣੀ.. ॥’’ (ਮ : ੪/੯੮੨)

ਹਰਨੇਕ ਸਿੰਘ ਦੇ ਸਮਰਥਕ ਅਤੇ ਵਿਰੋਧੀਆਂ ਨੂੰ ਗੁਰੂ ਸਤਿਕਾਰ ਦੀ ਭਾਵਨਾ ਨੂੰ ਮੁੱਖ ਰੱਖਦਿਆਂ ਆਪਣੇ ਵੀਚਾਰ ਪ੍ਰਗਟ ਕਰਨ ਦਾ ਸੁਨਹਿਰਾ ਮੌਕਾ

0

ਹਰਨੇਕ ਸਿੰਘ ਦੇ ਸਮਰਥਕ ਅਤੇ ਵਿਰੋਧੀਆਂ ਨੂੰ ਗੁਰੂ ਸਤਿਕਾਰ ਦੀ ਭਾਵਨਾ ਨੂੰ ਮੁੱਖ ਰੱਖਦਿਆਂ ਆਪਣੇ ਵੀਚਾਰ ਪ੍ਰਗਟ ਕਰਨ ਦਾ ਸੁਨਹਿਰਾ ਮੌਕਾ

ਕਿਰਪਾਲ ਸਿੰਘ (ਬਠਿੰਡਾ)-88378-13661

ਪੰਡਿਤ ਹਰਨੇਕ ਸਿੰਘ ਨਿਊਜ਼ੀਲੈਂਡ ਵਾਲਾ ਝੱਲ ਮਾਰਨ ਦੀਆਂ ਸਭ ਹੱਦਾਂ ਪਾਰ ਕਰ ਚੁੱਕਾ ਹੈ ਪਰ ਇਸ ਦੇ ਬਾਵਜੂਦ ਹੁਣ ਤੱਕ ਵੇਖਿਆ ਇਹ ਜਾ ਰਿਹਾ ਹੈ ਕਿ ਉਸ ਦੀਆਂ ਮਾਰੀਆਂ ਝੱਲਾਂ ਦੀ ਕੇਵਲ ਉਨ੍ਹਾਂ ਵੀਰਾਂ ਵਿੱਚੋਂ ਹੀਂ ਕੁਝ ਨਿੰਦਾ ਹੋਈ ਹੈ ਜਿਨ੍ਹਾਂ ਨੂੰ ਆਪਣਾ ਝੱਲ ਵਿਖਾਉਂਦੇ ਹੋਏ ਉਸ ਨੇ ਬੁਰਾ ਭਲਾ ਕਿਹਾ ਹੈ। ਹੈਰਾਨੀ ਹੈ ਕਿ ਦੋ ਵਰਗਾਂ ਦੇ ਲੋਕ ਆਮ ਵਾਂਗ ਸ਼ਾਂਤ ਵਿਖਾਈ ਦੇ ਰਹੇ ਹਨ। ਉਨ੍ਹਾਂ ਵਿੱਚੋਂ ਇੱਕ ਵਰਗ ਤਾਂ ਉਹ ਹੈ ਜਿਹੜਾ ਇਹ ਸਮਝਦਾ ਹੈ ਕਿ ਇਹ ਗੰਦ ਹੈ ਇਸ ਨੂੰ ਛੇੜਨ ਨਾਲ ਆਪਣੇ ਉੱਪਰ ਹੀ ਗੰਦ ਪੈਣਾ ਹੈ ਇਸ ਲਈ ਅਸੀਂ ਤਾਂ ਉਸ ਨੂੰ ਆਪਣੀ ਫੇਸਬੁੱਕ ਤੇ ਵਟਸਐਪ ਗਰੁੱਪਾਂ ਵਿੱਚ ਬਲਾਕ ਕਰ ਛੱਡਿਆ ਹੈ ਅਤੇ ਉਸ ਦਾ ਜੋਤਿਸ਼ ਕੇਂਦਰ ਰੇਡੀਓ ਵੀ ਕਦੇ ਨਹੀਂ ਸੁਣਿਆ: ਭਾਵ ਉਹ ‘ਬਿੱਲੀ ਨੂੰ ਵੇਖ ਕੇ ਕਬੂਤਰ ਵਾਙ’ ਅੱਖਾਂ ਮੀਚਣ ਵਿੱਚ ਹੀ ਭਲਾ ਸਮਝ ਰਹੇ ਹਨ। ਇਸ ਪੰਡਿਤ ਦੀਆਂ ਗਤੀਵਿਧੀਆਂ ਤੋਂ ਸੁਚੇਤ ਕਰਨ ਲਈ 22 ਅਗਸਤ ਨੂੰ ਜਦ ਮੈਂ ਪਹਿਲਾ ਲੇਖ ਲਿਖਿਆ ਸੀ ਤਾਂ ਇਨ੍ਹਾਂ ਵੀਰਾਂ ਨੇ ਫ਼ੋਨ ਕਰ ਕੇ ਮੈਨੂੰ ਵੀ ਸੁਝਾਅ ਦਿੱਤੇ ਸਨ ਕਿ ਵੀਰ ਜੀ ਇਸ ਡੰਗਰ ਬੰਦੇ ਨੂੰ ਖਬਰਾਂ ਵਿੱਚ ਲਿਆ ਕੇ ਮਸ਼ਹੂਰ ਨਾ ਕਰੋ।

ਇਸ ਦੀਆਂ ਮਾਰੀਆਂ ਜਾ ਰਹੀਆਂ ਝੱਲਾਂ ਸਬੰਧੀ ਚੁੱਪ ਵੱਟਣ ਵਾਲਾ ਦੂਸਰਾ ਉਹ ਵਰਗ ਹੈ ਜਿਸ ਦੀਆਂ ਸਿਫਤਾਂ ਦੇ ਪੁਲ਼ ਉਸ ਦੇ ਜੋਤਿਸ਼ ਕੇਂਦਰ ਦੀ ਸਮੁੱਚੀ ਟੀਮ ਦੇ ਮੈਂਬਰ ਹਰ ਰੋਜ਼ ਬੰਨ੍ਹ ਰਹੇ ਹਨ। ਸ਼ੰਕਾ ਤਾਂ ਉਸ ਸਮੇਂ ਵੀ ਹੁੰਦੀ ਸੀ ਜਦੋਂ ਉਹ ਵਰਗ ਆਪਣੇ ਸਾਥੀ ਸਾਰੇ ਜਾਗਰੂਕ ਪ੍ਰਚਾਰਕਾਂ ਵਿਰੁੱਧ ਕੂੜ ਬੋਲ ਕੇ ਜ਼ਹਿਰ ਉਗਲਣ ’ਤੇ ਵੀ ਚੁੱਪ ਰਿਹਾ। ਉਸ ਸਮੇਂ ਤਾਂ ਬਹਾਨਾ ਸੀ ਸਾਡੀ ਤਾਂ ਉਹ ਸਿਫਤ ਕਰ ਰਿਹਾ ਹੈ ਜੀ, ਉਨ੍ਹਾਂ ਨੂੰ ਬੋਲਣਾ ਚਾਹੀਦਾ ਹੈ ਜਿਨ੍ਹਾਂ ਵਿਰੁੱਧ ਉਹ ਝੂਠ ਬੋਲ ਰਿਹਾ ਹੈ ਪਰ ਹੁਣ ਪੰਡਿਤ ਹਰਨੇਕ ਸਿੰਘ ਵੱਲੋਂ ਗੁਰੂ ਸਾਹਿਬਾਨ ਦਾ ਨਾਮ ਲੈ ਕੇ ਉਨ੍ਹਾਂ ’ਤੇ ਸਿੱਧੇ ਇਹ ਦੋਸ਼ ਲਾਉਣੇ ਕਿ “ਗੁਰੂ ਰਾਮਦਾਸ ਜੀ ਵਲੋਂ ਪ੍ਰਿਥੀਚੰਦ ਨੂੰ ਪ੍ਰਬੰਧ ਦੀ ਜਿੰਮੇਵਾਰੀ ਸੰਭਾਲਣੀ ਅਤੇ ਗੁਰੂ ਹਰਿਰਾਇ ਸਾਹਿਬ ਵੱਲੋਂ ਆਪਣੀ ਜਗ੍ਹਾ ਰਾਮਰਾਇ ਨੂੰ ਭੇਜਣਾ ਅਤੇ ਫਿਰ ਬਹੁਤ ਹੀ ਛੋਟੀ ਉਮਰ ਦੇ ਬੱਚੇ ਨੂੰ ਗੁਰਿਆਈ ਦੀ ਜਿੰਮੇਵਾਰੀ ਸੰਭਾਲਣਾ ਉਨ੍ਹਾਂ ਦੀਆਂ ਵੱਡੀਆਂ ਗਲਤੀਆਂ ਸਨ ਜਿਨ੍ਹਾਂ ਨੂੰ ਸਿਰਫ ਗੁਰੂਆਂ ਦੀ ਲੀਲਾ ਕਹਿ ਕੇ ਅਣਗੌਲ਼ਿਆ ਨਹੀਂ ਕੀਤਾ ਜਾ ਸਕਦਾ।”  ਇਹ ਸੁਣ ਕੇ ਵੀ ਉਨ੍ਹਾਂ ਦਾ ਚੁੱਪ ਰਹਿਣਾ ਇਸ ਵੀਚਾਰ ਦੀ ਮੰਗ ਕਰਦਾ ਹੈ ਕਿ “ਮਾਨ ਅਭਿਮਾਨ ਮੰਧੇ, ਸੋ ਸੇਵਕੁ ਨਾਹੀ ਦਾ ਪ੍ਰਚਾਰ ਕਰਨ ਵਾਲੇ ਖ਼ੁਦ ਆਪਣੇ ਮਾਨ ਸਨਮਾਨ ਵਿੱਚੋਂ ਬਾਹਰ ਨਿਕਲ ਸਕੇ ਹਨ ?  ਕੀ ਇਹ ਆਪਣੀ ਸਿਆਣਪ ਇਸ ਗੱਲ ਵਿੱਚ ਨਹੀਂ ਸਮਝੀ ਬੈਠੇ ਕਿ ਜਿਹੜਾ ਬੰਦਾ ਮੇਰੀ ਜਾਂ ਮੇਰੇ ਆਗੂ ਦੀ ਸਿਫਤ ਕਰ ਰਿਹਾ ਹੈ ਮੇਰਾ ਉਸ ਵਿਰੁੱਧ ਨਾ ਬੋਲਣ ਵਿੱਚ ਹੀ ਫਾਇਦਾ ਹੈ ਭਾਵੇਂ ਉਹ ਮੇਰੇ ਗੁਰੂ ਦੇ ਫੈਸਲਿਆਂ ਨੂੰ ਗਲਤ ਕਹਿਣ ਦੀ ਹਿਕਾਮਤ ਵੀ ਕਿਉਂ ਨਾ ਕਰੀ ਜਾਵੇ !

ਮੇਰਾ ਭਾਵ ਕੇਵਲ ਇਹ ਵੀ ਨਹੀਂ ਕਿ ਇੱਕ ਮੂਰਖ ਬੰਦੇ ਦੇ ਨਿਰੇ ਮੂਰਖਪੁਣੇ ਦੀ ਨਿੰਦਾ ਕਰ ਕੇ ਆਪਣੇ ਆਪ ਨੂੰ ਸੁਰਖ਼ੁਰੂ ਹੋਇਆ ਸਮਝ ਲੈਣਾ ਕਾਫੀ ਹੈ। ਮੇਰਾ ਇਸ ਪੰਡਿਤ ਦੀਆਂ ਫੁੱਟਪਾਉ ਨੀਤੀਆਂ ਤੇ ਦੋਗਲੇਪਣ ਵਿਰੁੱਧ ਲਿਖਣ ਦਾ ਭਾਵ ਇਹ ਸੀ ਕਿ ਪ੍ਰਚਾਰਕ ਇਸ ਦੀਆਂ ਫੁੱਟਪਾਉ ਨੀਤੀਆਂ ਤੋਂ ਜਾਣੂ ਹੋ ਕੇ ਸੁਚੇਤ ਹੋ ਜਾਣ ਤੇ ਆਪਸੀ ਏਕਤਾ ਦਾ ਰਾਹ ਨਾ ਛੱਡਣ।

ਜਦ ਮੈਂ ਇਸ ਪੰਡਿਤ ਤੋਂ ਇਹ ਸਵਾਲ ਪੁੱਛੇ ਕਿ ਭਵਿੱਖ ਦੀਆਂ ਭਵਿੱਖਬਾਣੀਆਂ ਕਰਨ ਵਾਲੇ ਅਤੇ ਆਉਣ ਵਾਲੇ ਖ਼ਤਰਿਆਂ ਦੇ ਪਹਿਲਾਂ ਹੀ ਉਪਾਅ ਦੱਸਣ ਦੇ ਮਾਹਰ ਬਣੇ ਪੰਡਿਤ ਜੀ ! ਤੁਹਾਡੀ ਜੋਤਿਸ਼ ਵਿਦਿਆ 2012 ਵਿੱਚ ਕਿਉਂ ਫੇਲ੍ਹ ਹੋ ਗਈ ਜਿਹੜੀ ਇਹ ਅੰਦਾਜ਼ਾ ਵੀ ਨਾ ਲਗਾ ਸਕੀ ਕਿ ਜਿਸ ਧੂੰਦਾ ਜੀ ਨੂੰ ਤੁਸੀਂ ਹੁਣ ਰੱਬ ਮੰਨੀ ਬੈਠੇ ਹੋ ਇਹ ਤਾਂ ਕੇਵਲ ਦੋ ਢਾਈ ਸਾਲ ਪਿੱਛੋਂ ਹੀ ਕਦੀ (ਅਕਤੂਬਰ 2014 ਵਿੱਚ) ਇੰਡਿਆਨਾ ਵਿਖੇ ਤੇਰੇ ਵਿਰੋਧੀਆਂ ਵੱਲੋਂ ਉਲੀਕੀ ਵਿਸ਼ਵ ਸਿੱਖ ਕਾਨਫਰੰਸ ਵਿੱਚ ਜਾਣ ਦਾ ਮਨ ਬਣਾ ਕੇ ਅਤੇ ਕਦੀ ਨਵੰਬਰ 2014 ਵਿੱਚ ਗੁਰਬਖ਼ਸ਼ ਸਿੰਘ ਦੇ ਮਰਨ ਵਰਤ ਦੀ ਹਿਮਾਇਤ ਵਿੱਚ ਬੈਠ ਕੇ ਤੁਹਾਡੀ ਸੋਚ ਮੁਤਾਬਿਕ ਗਰਕਣ ਜਾ ਰਿਹਾ ਹੈ।

ਦੂਸਰਾ ਸਵਾਲ ਸੀ ਕਿ ਭਵਿੱਖ ਦੀ ਤਾਂ ਗੱਲ ਹੀ ਛੱਡੋ ਤੁਹਾਨੂੰ ਤਾਂ ਭੂਤਕਾਲ ਦਾ ਚੇਤਾ ਵੀ ਨਾ ਰਿਹਾ ਕਿਉਂਕਿ ਤੁਹਾਡੀ ਸਮਝ ਅਨੁਸਾਰ 1984 ਤੋਂ ਪਿੱਛੋਂ ਜਿਸ ਦਲੇਰੀ ਨਾਲ ਪ੍ਰੋ: ਦਰਸ਼ਨ ਸਿੰਘ ਨੇ ਕੇਂਦਰ ਸਰਕਾਰ ਅਤੇ ਇੰਦਰਾ ਗਾਂਧੀ ਵਿਰੁੱਧ ਉਨ੍ਹਾਂ ਦੇ ਹੀ ਸੱਤਾ (ਰਾਜ) ਦੌਰਾਨ ਦਿੱਲੀ ਦੀ ਗਲੀ-ਗਲੀ ਤੇ ਪੰਜਾਬ ਦੇ ਕੋਨੇ-ਕੋਨੇ ਵਿੱਚ ਘੁੰਮ ਫਿਰ ਕੇ ਪ੍ਰਚਾਰ ਕੀਤਾ ਇਸ ਨੇ ਤੁਹਾਡੇ ਮਨ ਵਿੱਚ ਕੋਈ ਸ਼ੱਕ ਨਹੀਂ ਸੀ ਰਹਿਣ ਦਿੱਤਾ ਕਿ ਪ੍ਰੋ: ਦਰਸ਼ਨ ਸਿੰਘ ਸਰਕਾਰੀ ਬੰਦਾ ਹੈ, ਪਰ 2012 ਵਿੱਚ ਤੁਸੀਂ ਭੁੱਲ ਬੈਠੇ ਤੇ ਉਸੇ ਸਰਕਾਰੀ ਬੰਦੇ ਨੂੰ ਤੁਸੀਂ ਸਿੱਖ ਸੰਸਥਾ ਦਾ ਮੁਖੀ ਬਣਾਉਣ ਦੀ ਸਲਾਹ ਕਿਹੜੇ ਨਜ਼ਰੀਏ ਨਾਲ ਦਿੱਤੀ ?

ਜਦ ਪੰਡਿਤ ਜੀ ਨੂੰ ਇਸ ਦਾ ਕੋਈ ਢੁਕਵਾਂ ਜਵਾਬ ਨਾ ਸੁਝਿਆ ਤਾਂ ਪੰਡਿਤ ਜੀ ਇਸ ਦਾ ਸਵਾਲ ਲੱਭਣ ਲਈ ਦੁਆਪਰ ਜੁੱਗ ਵਿੱਚ ਜਾ ਪਹੁੰਚਿਆ ਜਿੱਥੇ ਉਹ ਸਮਝ ਬੈਠਾ ਕਿ ਪੰਡਿਤ ਤੋਂ ਬਿਨਾਂ ਹੋਰ ਤਾਂ ਕੋਈ ਪੜ੍ਹਿਆ ਹੀ ਨਹੀਂ ਹੈ, ਇਸ ਲਈ ਜਿਹੜੀ ਮਰਜੀ ਜੱਭਲੀ ਸੁਣਾ ਦਿਓ ਇਨ੍ਹਾਂ ਅਣਪੜ੍ਹ ਸਿੱਖਾਂ ਨੇ ਸੱਚ ਹੀ ਮੰਨ ਲੈਣਾ ਹੈ ਇਸ ਲਈ ਜੱਭਲੀ ਮਾਰ ਬੈਠਾ ਕੇ ਗੁਰੂਆਂ ਨੇ ਵੀ ਆਪਣੇ ਜੀਵਨ ਕਾਲ ਵਿੱਚ ਗਲਤੀਆਂ ਕੀਤੀਆਂ ਸਨ !  ਇਹ ਜੱਭਲੀ ਮਾਰੀ ਤਾਂ ਇਸ ਨੇ ਇਹ ਬਹਾਨਾ ਬਣਾਉਣ ਲਈ ਸੀ ਕਿ ਕੀ ਹੋਇਆ ਜੇ ਮੈਂ ਧੂੰਦੇ ਤੇ ਪ੍ਰੋ: ਦਰਸ਼ਨ ਸਿੰਘ ਸਬੰਧੀ ਫੈਸਲਾ ਕਰਨ ਸਮੇਂ ਗਲਤੀ ਕਰ ਬੈਠਾ; ਅਜੇਹੀਆਂ ਗਲਤੀਆਂ ਤਾਂ ਗੁਰੂਆਂ ਤੋਂ ਵੀ ਹੋਈਆਂ ਹਨ।

ਪੰਡਿਤ ਦੀ ਜੋਤਿਸ਼ ਵਿਦਿਆ ਇੱਥੇ ਵੀ ਪੂਰੀ ਤਰ੍ਹਾਂ ਫ਼ੇਲ੍ਹ ਹੋ ਗਈ ਕਿ ਹੁਣ ਦੁਆਪਰ ਜੁੱਗ ਨਹੀਂ ਬਲਕਿ ਕਲਜੁੱਗ ਦੀ 21ਵੀਂ ਸਦੀ ਚੱਲ ਰਹੀ ਹੈ ਜਿਸ ਵਿੱਚ ਸਿੱਖ ਭਾਵੇਂ ਕਿਤਨੇ ਵੀ ਢਿੱਲੜ ਕਿਉਂ ਨਾ ਹੋ ਗਏ ਹੋਣ ਪਰ ਫਿਰ ਵੀ ਬਹੁਤਿਆਂ ਦਾ ਹਾਲ ਇਹ ਹੈ ਕਿ ਉਹ ਆਪਣੇ ਗੁਰੂ ਵਿਰੱਧ ਕੁਝ ਵੀ ਸੁਣਨ ਲਈ ਤਿਆਰ ਨਹੀਂ ਹਨ। ਇਸ ਲਈ ਹੋਇਆ ਉਹੀ ਜੋ ਹੋਣਾ ਸੀ; ਜਿਹੜੇ ਚੁੱਪ ਹਨ ਉਨ੍ਹਾਂ ਦੀ ਵੀ ਕੋਈ ਆਪਣੀ ਮਜਬੂਰੀ ਹੋਵੇਗੀ।

ਇਹ ਹਵਾਲੇ ਲਿਖਣ ਦਾ ਮੇਰਾ ਭਾਵ ਇਹ ਬਿਲਕੁਲ ਨਹੀਂ ਹੈ ਕਿ ਜਿਹੜੇ ਪੰਡਿਤ ਹਰਨੇਕ ਸਿੰਘ ਦੀ ਨਿੰਦਾ ਨਹੀਂ ਕਰਦੇ ਉਹ ਗੁਰੂ ਦੇ ਸਿੱਖ ਨਹੀਂ ਹੋ ਸਕਦੇ। ਥੋੜ੍ਹਿਆਂ ਨੂੰ ਛੱਡ ਕੇ ਬਹੁਤਿਆ ਦਾ ਹਾਲ ਇਹੀ ਹੈ ਕਿ ਕਈਆਂ ਨੇ ਬੀਤੇ ਸਮੇਂ ਉਸ ਵਕਤ ਇਸ ਦੀਆਂ ਜੱਭਲੀਆਂ ਨੂੰ ਅਣਗੌਲ਼ਿਆ ਕੀਤਾ ਜਦੋਂ ਉਨ੍ਹਾਂ ਨੂੰ ਇਹ ਸਲਾਹੁੰਦਾ ਜਾ ਰਿਹਾ ਸੀ; ਕਈ ਹੁਣ ਆਪਣੇ ਪ੍ਰਸ਼ੰਸਕ ਵਿਰੁੱਧ ਬੋਲਣ ਤੋਂ ਟਾਲ਼ਾ ਵੱਟਣ ਵਿੱਚ ਹੀ ਭਲਾਈ ਸਮਝ ਕੇ ਬੈਠੇ ਹਨ ਅਤੇ ਕਈ ਕਬੂਤਰ ਵਾਙ ਅੱਖਾਂ ਮੀਚਣ ਵਿੱਚ ਭਲਾਈ ਸਮਝੀ ਬੈਠ ਹਨ। ਇਸ ਤਰ੍ਹਾਂ ਬੰਦ ਜ਼ਬਾਨ ਨੂੰ ਵੀ ਦੋਸ਼ੀ ਕਹਿਣਾ ਗ਼ਲਤ ਨਹੀਂ ਹੋਵੇਗਾ । ਮੇਰਾ ਭਾਵ ਕੇਵਲ ਇਹ ਹੈ ਕਿ ਭੂਤਕਾਲ ਅਤੇ ਵਰਤਮਾਨ ਦੀਆਂ ਇੱਕ ਦੂਜੇ ਦੀਆਂ ਗਲਤੀਆਂ ਨੂੰ ਤੂਲ ਦੇਣ ਦੀ ਥਾਂ ਆਰਐੱਸਐੱਸ ਅਤੇ ਪੰਡਿਤ ਹਰਨੇਕ ਸਿੰਘ ਵਰਗੇ ਕਾਮਰੇਡਾਂ ਦੀ ਅਸਲ ਨੀਤੀ ਨੂੰ ਪਛਾਣ ਕੇ ਉਸ ਨੂੰ ਪਛਾੜਿਆ ਜਾਵੇ। ਦੋਵਾਂ ਵਰਗਾਂ ਦੀ ਨੀਤੀ ਇੱਕੋ ਹੈ ਕਿ ਸਿੱਖਾਂ ਦੇ ਇਤਿਹਾਸ ਅਤੇ ਗੁਰੂ ਸਾਹਿਬਾਨ ਪ੍ਰਤੀ ਸ਼ੰਕੇ ਖੜ੍ਹੇ ਕਰ ਕੇ ਸਿੱਖਾਂ ਨੂੰ ਆਪਸ ਵਿੱਚ ਲੜਾਇਆ ਜਾਵੇ। ਸੂਝਵਾਨ ਸਿੱਖ ਉਹ ਹੀ ਅਖਵਾ ਸਕਦੇ ਹਨ ਜਿਹੜੇ ਇਨ੍ਹਾਂ ਦੋਵਾਂ ਵਰਗਾਂ ਨੂੰ ਪਛਾਣ ਕੇ ਆਪਸੀ ਏਕਤਾ ਦਾ ਸਬੂਤ ਦੇਣ ।

ਅੱਜ ਪੰਡਿਤ ਹਰਨੇਕ ਸਿੰਘ ਇਹੀ ਚਾਹੁੰਦਾ ਹੈ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਅਤੇ ਭਾਈ ਪੰਥਪ੍ਰੀਤ ਸਿੰਘ, ਭਾਈ ਸਰਬਜੀਤ ਸਿੰਘ ਧੂੰਦਾ ਤੇ ਮਿਸ਼ਨਰੀ ਵਰਗ ਦੇ ਹੋਰ ਪ੍ਰਚਾਰਕਾਂ ਵਿੱਚ ਦੂਰੀਆਂ ਵਧਣ ਜਿਸ ਕਾਰਨ ਇੱਕ ਧਿਰ ਦੀ ਸਿਫਤ ਅਤੇ ਦੂਸਰੀ ਦੀ ਨਿੰਦਾ ਕਰਨ ਨਾਲ ਉਹ ਹਮੇਸ਼ਾਂ ਸਿੱਖਾਂ ਦਾ ਧਿਆਨ ਆਪਣੇ ਵੱਲ ਖਿਚਦਾ ਰਹੇ ਤਾਂ ਜੋ ਆਪਣੇ ਆਪ ਨੂੰ ਸਭ ਤੋਂ ਸਿਆਣਾ ਤੇ ਦੂਰਦਰਸ਼ੀ ਹੋਣ ਦਾ ਢੌਂਗ ਰਚਦਾ ਰਹੇ, ਪਰ “ਸਤਿਗੁਰੁ ਸਰਾਫੁ ਨਦਰੀ ਵਿਚਦੋ ਕਢੈ; ਤਾਂ ਉਘੜਿ ਆਇਆ ਲੋਹਾ ॥” (ਮ: ੫/੯੬੦) ਭਾਵ ਗੁਰੂ ਸੰਗਤ ਦੁਆਰਾ ਪਰਖ ਉਪਰੰਤ ਅੰਦਰੋਂ ਜੰਗਾਲੀ ਲੋਹਾ ਨਜ਼ਰੀ ਆਇਆ ਤਾਂ ਹੁਣ ਬਹਾਨੇ ਘੜਨ ਲਈ ਮਾਰੀ ਬੇਵਕੂਫ਼ੀ ਵਾਲੀ ਵੱਡੀ ਜੱਭਲੀ ਨੇ ਉਸ ਦਾ ਸੌਧੇ ਸਾਧ ਵਾਙ ਪੂਰਾ ਸੱਚ ਸਭ ਦੇ ਸਾਹਮਣੇ ਲਿਆ ਦਿੱਤਾ ਹੈ ਇਸ ਲਈ ਹੁਣ ਉਸ ਵਿਰੁੱਧ ਕੁਝ ਬੋਲਣਾ ਜਾਂ ਚੁੱਪ ਰਹਿਣਾ ਕੋਈ ਮਸਲਾ ਨਹੀਂ ਰਿਹਾ ਬਲਕਿ ਸਮੁੱਚੀਆਂ ਧਿਰਾਂ ਵੱਲੋਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰਮੌਰ ਮੰਨ ਕੇ ਆਪਸੀ ਏਕਤਾ ਦੇ ਸੂਤਰ ਵਿੱਚ ਪ੍ਰੋਏ ਜਾਣ ਲਈ ਆਪਣੇ ਆਪ ਨੂੰ ਪੇਸ਼ ਕਰਨ ਤਾਂ ਕਿ ਭਵਿੱਖ ਕਾਲ ਲਈ ਨੀਤੀ ਤੇ ਕੌਮੀ ਟੀਚੇ ਮਿਥ ਕੇ ਅੱਗੇ ਵਧਣਾ ਜਾਰੀ ਰੱਖਿਆ ਜਾਵੇ। ਪੰਥ ਦਰਦੀ ਸਮੁੱਚੇ ਪ੍ਰਚਾਰਕਾਂ, ਬੁਧੀਜੀਵੀਆਂ ਤੇ ਪਾਠਕਾਂ/ ਸਰੋਤਿਆਂ ਦਾ ਇੱਕੋ ਟੀਚਾ ਤੇ ਯਤਨ ਹੋਣਾ ਚਾਹੀਦਾ ਹੈ ਕਿ ਸਿਧਾਂਤ ਆਧਾਰਿਤ ਏਕਤਾ ਕਰਨੀ ਸਮੇਂ ਦੀ ਮੁੱਖ ਲੋੜ ਹੈ ਜਿਹੜੀ ਹਰ ਹਾਲਤ ਪੂਰੀ ਕੀਤੀ ਜਾਵੇ।  ਹਰਨੇਕ ਸਿੰਘ ਦੇ ਸਮਰਥਕ ਅਤੇ ਵਿਰੋਧੀਆਂ ਨੂੰ ਗੁਰੂ ਸਤਿਕਾਰ ਦੀ ਭਾਵਨਾ ਨੂੰ ਮੁੱਖ ਰੱਖਦਿਆਂ ਆਪਣੇ ਵੀਚਾਰ ਪ੍ਰਗਟ ਕਰਨ ਦਾ ਸੁਨਹਿਰਾ ਮੌਕਾ ਹੈ। ਉਨ੍ਹਾਂ ਵੱਲੋਂ ਆਪਣਾਈ ਨੀਤੀ ਹੀ ਪੰਥ ਵਿੱਚ ਏਕਤਾ ਜਾਂ ਪਾਟੋਧਾੜ ਵਿਚੋਂ ਇੱਕ ਰਾਹ ਚੁਣਨ ਦਾ ਰਾਹ ਪੱਧਰਾ ਕਰੇਗੀ। ਜਿਹੜਾ ਹਾਲੀ ਵੀ ਏਕਤਾ ਲਈ ਤਿਆਰ ਹੋਣ ਵਿੱਚ ਕੁਝ ਔਖ ਮਹਿਸੂਸ ਕਰਦਾ ਹੈ ਤਾਂ ਸਮਝੋ ਉਹ “ਮਾਨ ਅਭਿਮਾਨ ਮੰਧੇ, ਸੋ ਸੇਵਕੁ ਨਾਹੀ ਵਚਨਾਂ ਦਾ ਭਾਵਾਰਥ ਨਹੀਂ ਸਮਝਦਾ।

ਹਰਨੇਕ ਸਿੰਘ ਨਿਊਜ਼ੀਲੈਂਡ ਵਾਲੇ ਜੋਤਿਸ਼ ਕੇਂਦਰ ਦੇ ਸਮਰਥਕਾਂ ਨੂੰ ਸਵਾਲ

0

ਹਰਨੇਕ ਸਿੰਘ ਨਿਊਜ਼ੀਲੈਂਡ ਵਾਲੇ ਜੋਤਿਸ਼ ਕੇਂਦਰ ਦੇ ਸਮਰਥਕਾਂ ਨੂੰ ਸਵਾਲ

 

ਕਿਰਪਾਲ ਸਿੰਘ ਬਠਿੰਡਾ ਸੰਪਰਕ: +91 98554 80797

ਹਰਨੇਕ ਸਿੰਘ ਨਿਊਜ਼ੀਲੈਂਡ ਵਾਲੇ ਜੋਤਿਸ਼ ਕੇਂਦਰ ਦੇ ਸਤਿਕਾਰ ਯੋਗ ਸਮਰਥਕੋ !

ਆਪ ਜੀ ਨੂੰ ਸੰਬੋਧਨ ਇਸ ਕਾਰਨ ਹੋਣਾ ਪਿਆ ਕਿਉਂਕਿ ਤੁਸੀਂ ਭਲੀਂ ਭਾਂਤ ਵੇਖ ਰਹੋ ਹੋ ਕਿ ਨਿਊਜ਼ੀਲੈਂਡ ਜੋਤਿਸ਼ ਕੇਂਦਰ ਦਾ ਜਿਹੜਾ ਮਹਾਂ ਪੰਡਿਤ ਹਰਨੇਕ ਸਿੰਘ ਇਸ ਭੁਲੇਖੇ ਵਿੱਚ ਫਸਿਆ ਬੈਠਾ ਸੀ ਕਿ ਦੁਨੀਆਂ ਭਰ ਦਾ ਕੋਈ ਵੀ ਵਿਦਵਾਨ/ਪ੍ਰਚਾਰਕ ਉਸ ਦੇ ਸਵਾਲਾਂ ਦਾ ਸਾਹਮਣਾ ਕਰਨ ਦੇ ਅਸਮਰਥ ਹੈ; ਉਨ੍ਹਾਂ ਸਭਨਾਂ ਸਤਿਕਾਰਯੋਗ ਵਿਅਕਤੀਆਂ ’ਤੇ ਬਹੁਤ ਹੀ ਘਟੀਆ ਸ਼ਬਦਾਵਲੀ ਵਿੱਚ ਅਣਹੋਏ ਦੋਸ਼ ਲਾ ਕੇ ਉਨ੍ਹਾਂ ਨੂੰ ਨਿੱਤ ਦਿਹਾੜੇ ਵੰਗਾਰਦਾ ਰਹਿੰਦਾ ਸੀ ਕਿ ਜੇ ਉਨ੍ਹਾਂ ਵਿੱਚ ਹਿੰਮਤ ਹੈ ਤਾਂ ਉਹ ਸਾਡੇ ਰੇਡੀਓ ’ਤੇ ਔਨ ਏਅਰ ਆ ਕੇ ਸਾਡੇ ਸਵਾਲਾਂ ਦੇ ਜਵਾਬ ਦੇਣ। ਹਰ ਸੂਝਵਾਨ ਮਨੁੱਖ ਇਸ ਨੂੰ ਕੇਵਲ ਮੂਰਖ ਹੀ ਨਹੀਂ ਬਲਕਿ ਅੱਧ-ਪਾਗਲ ਮਨੁੱਖ ਸਮਝਦਾ ਹੋਇਆ ਇਸ ਨਾਲ ਬਹਿਸ ਵਿੱਚ ਪੈਣ ਤੋਂ ਗੁਰੇਜ਼ ਕਰਦਾ ਆ ਰਿਹਾ ਸੀ। ਕਹਾਵਤ ਹੈ ਕਿ “ਸਿਆਣਾ ਬੰਦਾ ਅਣਲੋੜੀਂਦੇ ਝਗੜੇ ਤੋਂ ਡਰਦਾ ਅੰਦਰ ਵੜੇ, ਮੂਰਖ ਆਖੇ ਮੈਥੋਂ ਡਰੇ” ਇਸ ਤਰ੍ਹਾਂ ਇਸ ਮਹਾਂ ਪੰਡਿਤ ਦੇ ਹੌਸਲੇ ਹੋਰ ਵਧਦੇ ਗਏ। ਇਹ ਵੀ ਕਹਾਵਤ ਹੈ ਕਿ “ਅਤਿ ਦਾ; ਰੱਬ ਨਾਲ ਵੈਰ ਹੁੰਦਾ ਹੈ” ਇਸ ਲਈ ਰੱਬ ਨੇ ਮੇਰੇ ਵਰਗੇ ਨਾਮਲੂਮ ਬੰਦੇ ਦੀ ਜ਼ਮੀਰ ਨੂੰ ਹਲੂਣਿਆ ਤੇ ਹੱਲਾਸ਼ੇਰੀ ਦਿੱਤੀ ਕਿ ਪੰਥ ਦੇ ਵਿਹੜੇ ਵਿੱਚ ਸਿੱਖੀ ਸਰੂਪ ਵਿੱਚ ਬਿੱਪਰਵਾਦੀ ਰੂਪੀ ਭੂਸ਼ਰੇ ਹੋਏ ਅੰਨ੍ਹੇ ਝੋਟੇ ਨੂੰ ਨੱਥ ਪਾਉਣ ਦਾ ਯਤਨ ਕੀਤਾ ਜਾਵੇ। ਹਿੰਮਤ ਕਰਕੇ ਮੈਂ 22 ਅਗਸਤ ਨੂੰ ਇੱਕ ਲੇਖ ਲਿਖਿਆ ਜਿਸ ਸਦਕਾ ਇਸ ਮਹਾਂ ਪੰਡਿਤ ਹਰਨੇਕ ਸਿੰਘ ਨੇ ਆਪਣੇ ਜੋਤਿਸ਼ ਕੇਂਦਰ ਦੇ 23 ਅਗਸਤ ਵਾਲੇ ਪ੍ਰੋਗਰਾਮ ਵਿੱਚ ਖ਼ੁਦ ਮੰਨਿਆਂ ਹੈ ਕਿ “ਮੈਂਨੂੰ ਬੁਰੀ ਤਰ੍ਹਾਂ ਘਸੀਟਿਆ ਗਿਆ ਹੈ ਜਿਸ ਨਾਲ ਉਸ ਦੇ ਗਿੱਟੇ ਗੋਡਿਆਂ ਨੂੰ ਬਹੁਤ ਰਗੜਾਂ ਵੱਜੀਆਂ ਹਨ।” ਉਸ ਪ੍ਰੋਗਰਾਮ ਵਿੱਚ ਇਸ ਨੇ ਮੈਨੂੰ ਵੀ 1 ਘੰਟੇ ਲਈ ਔਨ ਏਅਰ ਲੈ ਕੇ ਸਵਾਲ ਜਵਾਬ ਕੀਤੇ ਜਿਨਾਂ ਦੇ ਇਸ ਨੇ ਆਪਣੇ ਵੱਲੋਂ ਜਵਾਬ ਵੀ ਦਿੱਤੇ, ਪਰ ਮੇਰੀ ਤਸੱਲੀ ਨਾ ਕਰਾ ਸਕਿਆ ਕਿਉਂਕਿ ਇਸ ਵੱਲੋਂ ਜਵਾਬਾਂ ’ਤੇ ਮੈਂ ਜਵਾਬੀ ਸਵਾਲ ਕੀਤੇ ਸਨ ਕਿ “ਜਿਸ ਤਰ੍ਹਾਂ ਉਸ ਸਮੇਂ ਜਿਵੇਂ ਤੁਸੀਂ ਸੋਚਿਆ ਤੁਸੀਂ ਆਪਣੇ ਵੱਲੋਂ ਸਹੀ ਫੈਸਲੇ ਕੀਤੇ; ਕੀ ਇਸ ਤਰ੍ਹਾਂ ਹੁਣ ਪ੍ਰਚਾਰਕਾਂ ਨੂੰ ਆਪਣੀ ਸੋਚ ਅਨੁਸਾਰ ਸੋਚਣ ਤੇ ਫੈਸਲੇ ਕਰਨ ਦਾ ਹੱਕ ਨਹੀਂ ਹੈ ? ਦੂਸਰਾ ਸਵਾਲ ਸੀ ਕਿ ਧੂੰਦਾ ਜੀ ਲਈ ਜਿਹੜੀ ਸਥਿਤੀ ਤੁਸੀਂ 2012 ਵਿੱਚ ਦੱਸ ਰਹੇ ਸੀ ਉਹੀ ਸਥਿਤੀ ਅੱਜ ਵੀ ਧੂੰਦਾ ਜੀ ਸਮੇਤ ਸਾਰੇ ਪ੍ਰਚਾਰਕਾਂ ਦੀ ਹੈ, ਤਾਂ ਤੁਸੀਂ ਕਿਉਂ ਉਨ੍ਹਾਂ ’ਤੇ ਆਪਣੀ ਸੋਚ ਠੋਸਣ ਦਾ ਯਤਨ ਕਰ ਰਹੇ ਹੋ ?” ਇਨ੍ਹਾਂ ਸਵਾਲਾਂ ਦੇ ਇਸ ਮਹਾਂ ਪੰਡਿਤ ਜੀ ਕੋਲ ਕੋਈ ਜਵਾਬ ਨਹੀਂ ਸਨ ਤਾਂ ਅੰਤ ਇਸ ਨੇ ਆਪਣੀਆਂ ਦੋਵੇਂ ਗਲਤੀਆਂ ਮੰਨ ਕੇ ਮੁਆਫੀ ਮੰਗ ਲਈ ਸੀ ਪਰ ਇਸ ਦਾ ਦੋਗਲਾਪਣ ਵੇਖੋ ਕਿ 3 ਸਤੰਬਰ ਵਾਲੇ ਪ੍ਰੋਗਰਾਮ ਵਿੱਚ ਪਹਿਲਾਂ ਤਾਂ ਇਸ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ‘ਪਤਾ ਨਹੀਂ ਮੈਂ ਕਦੋਂ ਕਿਹਾ ਸੀ’, ਫਿਰ ਅੱਲ ਪਲੱਲੀਆਂ ਮਾਰ ਕੇ ਕਹਿਣ ਲੱਗਾ ਕਿ ਮੈਂ ਗਲਤੀ ਇਸ ਕਾਰਨ ਨਹੀਂ ਸੀ ਮੰਨੀ ਕਿ ਮੇਰੇ ਫੈਸਲੇ ਗਲਤ ਸਨ; ਮੈਂ ਇੱਦਾਂ ਕਿਹਾ ਸੀ ਕਿ ਚਲੋ ਜੇ ਤੁਸੀਂ ਗਲਤ ਮੰਨਦੇ ਹੋ ਤਾਂ ਮੈਂ ਗਲਤੀ ਮੰਨ ਲੈਂਦਾ ਹਾਂ’। 3 ਸਤੰਬਰ ਵਾਲੀਆਂ ਅੱਲ ਪਲੱਲੀਆਂ, ਇਸ ਨੇ ਮੇਰੇ ਵੱਲੋਂ 30 ਅਗਸਤ ਨੂੰ ਪੁੱਛੇ ਗਏ 14 ਸਵਾਲਾਂ ਦੇ ਜਵਾਬ ਦਿੰਦੇ ਸਮੇਂ ਮਾਰੀਆਂ ਪਰ ਇਸ ਦੀ ਕਾਇਰਤਾ ਭਰੀ ਦਲੇਰੀ ਵੇਖੋ ਕਿ ਆਪਣੇ ਰੇਡੀਓ ਤੋਂ ਬਾਹਰ ਹੋਰ ਕਿਸੇ ਰੇਡੀਓ ’ਤੇ ਗੱਲਬਾਤ ਕਰਨ ਤੋਂ ਇਹ ਕਹਿੰਦਾ ਹੋਇਆ ਸਾਫ ਤੌਰ ’ਤੇ ਭੱਜ ਗਿਆ ਕਿ ਉਨ੍ਹਾਂ ਰੇਡੀਓ’ਜ਼ ਦੇ ਤਾਂ ਬਹੁਤ ਜਿਆਦਾ ਸਰੋਤੇ ਹੁੰਦੇ ਹਨ; (ਭਾਵ ਮੈਂ ਇੰਨੇ ਸਰੋਤਿਆਂ ਵਿੱਚ ਗੱਲ ਨਹੀਂ ਕਰ ਸਕਦਾ), ਮੈਂ ਤਾਂ ਆਪਣੇ ਹੀ ਰੇਡੀਓ ’ਤੇ ਜਿੱਥੇ ਕੁਝ ਕੁ ਸਰੋਤੇ ਹੋਣ ’ਚ ਹੀ ਬੋਲ ਸਕਦਾ ਹਾਂ ਭਾਵ ਜਿੱਥੇ ਸਿਰਫ ਇਸ ਦੀ ਹੀ ਪ੍ਰਸੰਸਾ ਹੁੰਦੀ ਹੋਵੇ। ਇਸ ਤੋਂ ਅਗਲੀ ਦਲੇਰੀ ਵੇਖੋ ਕਿ ਆਪਣੇ ਜੋਤਿਸ਼ ਕੇਂਦਰ ਵਿੱਚ ਵੀ ਮੇਰੇ ਵੱਲੋਂ ਕੀਤੇ 14 ਲਿਖਤੀ ਸਵਾਲਾਂ ਵਿੱਚੋਂ ਕੇਵਲ 5 ਸਵਾਲ ਹੀ ਪੜ੍ਹ ਕੇ ਸੁਣਾ ਸਕਿਆ ਜਿਨ੍ਹਾਂ ਵਿੱਚੋਂ ਇੱਕ ਵੀ ਸਵਾਲ ਦਾ ਸਹੀ ਉੱਤਰ ਨਾ ਦਿੱਤਾ। ਸਵਾਲਾਂ ਦਾ ਉੱਤਰ ਦਿੰਦੇ ਸਮੇਂ ਇਸ ਵੱਲੋਂ ਵਿਖਾਇਆ ਗਿਆ ਦੋਗਲਾਪਣ ਮੈਂ ਇਸ ਦੇ ਪ੍ਰੋਗਰਾਮ ਵਿੱਚੋਂ ਕਲਿੱਪਾਂ ਕੱਟ ਕੇ ਇੱਕ ਵੀਡੀਓ ਰਾਹੀਂ 7 ਸਤੰਬਰ ਨੂੰ ਆਪ ਜੀ ਦੇ ਧਿਆਨਗੋਚਰੇ ਕਰ ਕੇ ਬੇਨਤੀ ਕੀਤੀ ਸੀ ਕਿ “ਭਵਿੱਖਬਾਣੀ ਦੱਸਣ/ਨਜ਼ਰੀਏ ਪੇਸ਼ ਕਰਨ ਦੇ ਮਾਹਰ ਬਣੇ ਪੰਡਿਤ ਹਰਨੇਕ ਸਿੰਘ ਜੀ ਨਿਊਜ਼ੀਲੈਂਡ ਦੀਆਂ ਨੇਕ ਸਲਾਹਾਂ ਸੁਣਨ ਅਤੇ ਮੰਨਣ ਤੋਂ ਪਹਿਲਾਂ ਉਨ੍ਹਾਂ ਤੋਂ ਇਹ ਜ਼ਰੂਰ ਪੁੱਛ ਲਿਆ ਜਾਵੇ ਕਿ ਹੁਣ ਤੱਕ ਉਨ੍ਹਾਂ ਵੱਲੋਂ ਅਪਣਾਈ ਗਈ ਕਿਹੜੀ ਨੀਤੀ ਨੇ ਕੌਮ ਦਾ ਕਿਤਨਾ ਕੰਮ ਸੰਵਾਰਿਆ ਹੈ ?” ਇਹ ਸਵਾਲ ਅਸਲ ਵਿੱਚ ਹੈ ਤਾਂ ਪੰਡਿਤ ਹਰਨੇਕ ਸਿੰਘ ਨੂੰ ਹੀ ਹਨ ਪਰ ਜਿਸ ਤਰ੍ਹਾਂ ਵੇਖ ਚੁੱਕੇ ਹੋ ਕਿ ਸ਼ੇਰ ਦੀ ਦਹਾੜ ਨਾਲ ਗਰਜਣ ਵਾਲਾ ਜਿਹੜਾ ਬੰਦਾ ਕੱਛੂਕੁੰਮੇ ਵਾਙ ਬਾਹਰਲੇ ਬੰਦੇ ਨੂੰ ਵੇਖ ਕੇ ਸਿਰੀ ਲੁਕਾ ਕੇ ਢੀਠ ਬਣ ਕੇ ਬਹਿ ਜਾਵੇ ਉਸ ਨੂੰ ਸੰਬੋਧਤ ਹੋ ਕੇ ਸਵਾਲ ਕਰਨ ਦੀ ਤਾਂ ਕੋਈ ਤੁੱਕ ਹੀ ਨਹੀਂ ਰਹਿ ਜਾਂਦੀ ਇਸ ਲਈ ਇਸ ਦੇ ਸਮਰਥਕਾਂ ਅੱਗੇ ਹੀ ਸਵਾਲ ਰੱਖੇ ਜਾ ਸਕਦੇ ਹਨ ਕਿ ਉਹ ਇਸ (ਹਰਨੇਕ ਸਿੰਘ) ਤੋਂ ਸਵਾਲਾਂ ਦੇ ਜਵਾਬ ਲੈ ਕੇ ਫੈਸਲਾ ਕਰਨ ਕਿ ਦੋਗਲਾਪਣ ਕੌਣ ਕਰ ਰਿਹਾ ਹੈ ?

7 ਸਤੰਬਰ ਵਾਲੇ ਪੱਤਰ ਵਿੱਚ ਮੈਂ ਵਾਅਦਾ ਕੀਤਾ ਸੀ ਕਿ ਅਗਲੇ ਸਵਾਲ ਪ੍ਰੋ: ਦਰਸ਼ਨ ਸਿੰਘ ਜੀ ਪ੍ਰਤੀ ਇਸ ਵਲੋਂ ਨਿਭਾਏ ਜਾ ਰਹੇ ਦੋਗਲੇ ਕਿਰਦਾਰ ਸਬੰਧੀ ਪੁੱਛੇ ਜਾਣਗੇ। ਸਭ ਤੋਂ ਪਹਿਲਾਂ ਪ੍ਰੋ: ਦਰਸ਼ਨ ਸਿੰਘ ਜੀ ਪ੍ਰਤੀ ਸਵਾਲ ਕਰਨ ਨੂੰ ਇਸ ਕਾਰਨ ਚੁਣਿਆ ਗਿਆ ਹੈ ਕਿਉਂਕਿ ਪੰਡਿਤ ਹਰਨੇਕ ਸਿੰਘ ਨੇ ਸਭ ਤੋਂ ਪਹਿਲਾਂ ਜੋਰਦਾਰ ਢੰਗ ਨਾਲ ਵਿਰੋਧ ਉਨ੍ਹਾਂ ਦਾ ਹੀ ਕਰਨਾ ਸ਼ੁਰੂ ਕੀਤਾ ਸੀ ਹਾਲਾਂਕਿ ਉਨ੍ਹਾਂ ਵੱਲੋਂ ਦਸਮ ਗ੍ਰੰਥ ਨੂੰ ਪੂਰਨ ਤੌਰ ’ਤੇ ਰੱਦ ਕੀਤੇ ਜਾਣ ਕਰ ਕੇ ਸਿਧਾਂਤਕ ਤੌਰ ’ਤੇ ਇਸ ਪੰਡਿਤ ਜੀ ਦੀ ਅਖੌਤੀ ਵੀਚਾਰਧਾਰਾ ਨਾਲ ਜਿਆਦਾ ਮੇਲ ਖਾਂਦਾ ਹੈ। ਹਰਨੇਕ ਸਿੰਘ ਸਮੇਤ ਕਈ ਵੀਰਾਂ ਨੂੰ ਇਤਰਾਜ ਹੋ ਸਕਦਾ ਹੈ ਕਿ ਇੱਕ ਸਿੱਖ ਲਈ ਪੰਡਿਤ ਸ਼ਬਦ ਵਰਤਣਾ ਗਲਤ ਹੋਵੇ। ਇਸ ਦਾ ਸਪਸ਼ਟੀਕਰਨ ਇਹ ਹੈ ਕਿ ਪੰਡਿਤ (ਜਾਤੀ) ਦਾ ਕੰਮ ਸ਼ੁਰੂ ਤੋਂ ਹੀ ਇਹ ਰਿਹਾ ਹੈ ਕਿ ਸਮਾਜ ਨੂੰ ਵਰਣਾਂ/ਜਾਤਾਂ/ਉਪ ਜਾਤਾਂ/ਗੋਤਾਂ ਵਿੱਚ ਸਮਾਜ ਨੂੰ ਵੰਡ ਕੇ ਇਨਸਾਨੀਅਤ ਸ਼ਕਤੀ ਨੂੰ ਕਮਜੋਰ ਕਰਨ ਅਤੇ ਜੋਤਿਸ਼ ਵਿਦਿਆ ਦਾ ਆਪਣੇ ਆਪ ਨੂੰ ਮਾਹਰ ਦੱਸ ਕੇ ਭਵਿੱਖ ਵਿੱਚ ਆਉਣ ਵਾਲੀਆਂ ਆਫਤਾਵਾਂ ਬਾਰੇ ਭਵਿੱਖਬਾਣੀਆਂ ਕਰ ਕੇ ਸਮਾਜ ਨੂੰ ਅਗਾਊਂ ਸੂਚਨਾਵਾਂ ਦੇ ਕੇ ਉਨ੍ਹਾਂ ਤੋਂ ਬਚਣ ਲਈ ਆਪਣੇ ਵੱਲੋਂ ਉਪਾਅ ਸੁਝਾਏ ਜਾਣ।

ਸੋ ਇਹ ਦੋਵੇਂ ਕੰਮ ਹਰਨੇਕ ਸਿੰਘ ਅਤੇ ਉਸ ਦੇ ਰੇਡੀਓ ਸਟੂਡਿਓ ’ਚ ਬੈਠੀ ਮਜਲਿਸ (ਜਿਸ ਦੀ ਵਿਆਖਿਆ ਭਾਈ ਮਰਦਾਨਾ ਜੀ ਨੂੰ ਸੰਬੋਧਨ ਹੁੰਦਿਆਂ ਲਿਖਿਆ ਸ਼ਬਦ) “ਕਲਿ ਕਲਵਾਲੀ, ਕਾਮੁ ਮਦੁ; ਮਨੂਆ ਪੀਵਣਹਾਰੁ ॥ ਕ੍ਰੋਧ ਕਟੋਰੀ ਮੋਹਿ ਭਰੀ; ਪੀਲਾਵਾ ਅਹੰਕਾਰੁ ॥ ਮਜਲਸ ਕੂੜੇ ਲਬ ਕੀ, ਪੀ ਪੀ ਹੋਇ ਖੁਆਰੁ ॥” (ਬਿਹਾਗੜੇ  ਕੀ ਵਾਰ: /ਅੰਕ ੫੫੩) ਵਿੱਚ ਗੁਰੂ ਨਾਨਕ ਸਾਹਿਬ ਜੀ ਦੁਆਰਾ ਕੀਤੀ ਹੋਈ ਹੈ) ਦੇ ਮੈਂਬਰ ਤਨਦੇਹੀ ਨਾਲ ਨਿਭਾ ਰਹੇ ਹਨ ਇਸ ਲਈ ਉਨ੍ਹਾਂ ਲਈ ਪੰਡਿਤ ਅਤੇ ਉਨ੍ਹਾਂ ਦੇ ਵਿਰਸਾ ਰਡੀਓ ਨੂੰ ਜੋਤਿਸ਼ ਕੇਂਦਰ ਵਰਤਣਾ ਬਿਲਕੁਲ ਜਾਇਜ਼ ਜਾਪਦਾ ਹੈ। ਹੇਠਾਂ ਲਿਖਤੀ ਸਵਾਲ ਅਤੇ ਇਸ ਦੇ ਆਪਾ ਵਿਰੋਧੀ ਬਿਆਨਾਂ ਦੇ ਸਬੂਤ ਵਜੋਂ ਇਸ ਦੇ ਕਲਿੱਪਾਂ ਵਾਲੀ ਵੀਡੀਓ ਇਹ ਹੈ :


23 ਅਗਸਤ ਦੇ ਪ੍ਰੋਗਰਾਮ ਵਿੱਚ ਇਸ ਪੰਡਿਤ ਜੀ ਨੇ ਇਹ ਭੇਦ ਦੀ ਗੱਲ ਦੱਸੀ ਕਿ “2012 ਵਿੱਚ ਧੂੰਦਾ ਜੀ ਦੀ ਪੇਸ਼ੀ ਮੌਕੇ ਇਨ੍ਹਾਂ ਨੇ ਬਹੁਤ ਬੇਸ਼ਕੀਮਤੀ ਸਲਾਹ ਦਿੱਤੀ ਸੀ ਕਿ ਇੱਕ ਸੰਸਥਾ ਬਣਾਈ ਜਾਵੇ ਜਿਸ ਦਾ ਮੁਖੀ ਪ੍ਰੋ: ਦਰਸ਼ਨ ਸਿੰਘ ਨੂੰ ਬਣਾਇਆ ਜਾਵੇ, ਸਮੁੱਚੇ ਸਿੱਖਾਂ ਨੂੰ ਦੋ ਵਰਗਾਂ ਵਿੱਚ ਵੰਡ ਕੇ ਪਹਿਲੇ ਗਰੁੱਪ ਵਿੱਚ ਉਹ ਵਿਅਕਤੀ ਸ਼ਾਮਲ ਕੀਤੇ ਜਾਣ ਜਿਹੜੇ ਦਸਮ ਗ੍ਰੰਥ ਨੂੰ ਪੂਰਨ ਤੌਰ ’ਤੇ ਰੱਦ ਕਰਨ; ਦੂਸਰਾ ਵਰਗ ਸਿੱਖ ਰਹਿਤ ਮਰਿਆਦਾ ਦੀ ਗੱਲ ਕਰ ਕੇ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਜੀ ਦੇ ਬਰਾਬਰ ਪ੍ਰਕਾਸ਼ ਕਰਨ ਦਾ ਵਿਰੋਧ ਕਰੇ, ਮਿਸ਼ਨਰੀ ਕਾਲਜ ਉਨ੍ਹਾਂ ਦੇ ਨਾਲ ਰਲ਼ ਜਾਣ ਅਤੇ ਬਾਹਰਲੇ ਬੰਦੇ ਜੋਰ ਪਾਉਣ ਕਿ ਦੂਸਰੇ ਵਰਗ ਦੀ ਗੱਲ ਮੰਨ ਲਓ ਨਹੀਂ ਤਾਂ ਅਸੀਂ ਪਹਿਲੇ ਵਰਗ ਨਾਲ ਮਿਲ ਜਾਵਾਂਗੇ। ਇਸ ਤਰ੍ਹਾਂ ਆਪਸੀ ਤਾਲਮੇਲ ਨਾਲ 10-15 ਸਾਲ ਫੀਲਡ ਵਿੱਚ ਕੰਮ ਕੀਤਾ ਜਾਵੇ ਤਾਂ ਹੋ ਸਕਦਾ ਹੈ ਕਿ ਅਸੀਂ ਸ਼੍ਰੋਮਣੀ ਕਮੇਟੀ ਵਿੱਚ ਆਪਣੇ ਬੰਦੇ ਖੜ੍ਹੇ ਕਰਨ ਦੇ ਕਾਬਲ ਹੋ ਜਾਈਏ।”

ਮੈਂ (ਕਿਰਪਾਲ ਸਿੰਘ) ਇਨ੍ਹਾਂ ਦੀ ਇਸ ਨੀਤੀ ਦੀ ਸ਼ਾਲਾਘਾ ਕਰਦਾ ਹਾਂ ਅਤੇ ਅੱਜ ਵੀ ਇਸ ਦਾ ਸਮਰਥਕ ਹਾਂ ਪਰ ਜੇ ਪੰਡਿਤ ਜੀ ਖ਼ੁਦ ਇਸ ਨੀਤੀ ਨੂੰ ਲਾਗੂ ਕਰਨ/ਕਰਵਾਉਣ ਲਈ ਸੁਹਿਰਦ ਹਨ ਤਾਂ ਉਹ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ :

(1). ਇਹ ਨੇਕ ਨੀਤੀ ਦੱਸਣ ਤੋਂ ਥੋੜਾ ਚਿਰ ਪਹਿਲਾਂ ਹੀ ਇਸ ਪੰਡਿਤ ਜੀ ਨੇ ਆਪਣਾ ਸਾਰਾ ਜੋਰ ਇਹ ਸਮਝਾਉਣ ’ਤੇ ਲਗਾਇਆ ਹੋਇਆ ਸੀ ਕਿ ਪ੍ਰੋ: ਦਰਸ਼ਨ ਸਿੰਘ ਸਰਕਾਰੀ ਏਜੰਸੀਆਂ ਦਾ ਬੰਦਾ ਹੈ।

ਮੈਨੂੰ ਸ਼ੱਕ ਹੈ ਕਿ ਜਿਸ ਬੰਦੇ ਨੂੰ ਇਨ੍ਹਾਂ ਖ਼ੁਦ ਸਰਕਾਰੀ ਏਜੰਸੀਆਂ ਦਾ ਬੰਦਾ ਦੱਸਿਆ ਹੈ ਉਸੇ ਬੰਦੇ ਨੂੰ ਸਿੱਖ ਸੰਸਥਾ ਦਾ ਮੁਖੀ ਬਣਾਉਣ ਦੀ ਸਲਾਹ ਦੇਣ ਵਾਲਾ ਜਾਂ ਤਾਂ ਖ਼ੁਦ ਸਰਕਾਰੀ ਬੰਦਾ ਹੋ ਸਕਦਾ ਹੈ ਜਾਂ ਕੇਵਲ ਧੂੰਦਾ ਜੀ ਦਾ ਅੰਨ੍ਹਾ ਸਮਰਥਨ ਕਰਨ ਦੀ ਦੌੜ ਵਿੱਚ ਪ੍ਰੋ: ਦਰਸ਼ਨ ਸਿੰਘ ਦਾ ਵਿਰੋਧ ਕਰਨ ਲਈ ਉਨ੍ਹਾਂ ’ਤੇ ਮਨਘੜਤ ਝੂਠੇ ਦੋਸ਼ ਲਾਉਣਾ ਇਸ ਕੋਈ ਮਜਬੂਰੀ ਹੈ। ਸੋ, ਪੰਡਿਤ ਜੀ ਦੱਸਣ ਕਿ ਅਸਲੀ ਸੱਚ ਕੀ ਹੈ ? ਕੀ ਕੱਲ੍ਹ ਨੂੰ ਧੂੰਦਾ ਜੀ ਵਾਙ ਜੇ ਭਾਈ ਰਣਜੀਤ ਸਿੰਘ ਜੀ (ਢੱਡਰੀਆਂ ਵਾਲੇ) ਵੀ ਇਸ ਪੰਡਿਤ ਦੇ ਜੋਤਿਸ਼ ਜਾਲ ਵਿੱਚ ਫਸਣ ਤੋਂ ਨਾਂਹ ਕਰ ਦੇਣ ਤਾਂ ਉਸ ਵੇਲੇ ਇਹ ਉਨ੍ਹਾਂ ’ਤੇ ਵੀ ਕੋਈ ਦੋਸ਼ ਲਾਵੇਗਾ ?

(2). ਉਸ ਸਮੇਂ ਪੰਡਿਤ ਜੀ ਨੇ ਆਪਣੀ ਨੇਕ ਨੀਤੀ ਕਿਹੜੇ ਕਿਹੜੇ ਵਿਅਕਤੀਆਂ ਨਾਲ ਲਿਖਤੀ ਤੌਰ ’ਤੇ ਸਾਂਝੀ ਕੀਤੀ; ਉਨ੍ਹਾਂ ਵਿੱਚੋਂ ਕਿਨ੍ਹਾਂ ਕਿਨ੍ਹਾਂ ਨੇ ਇਸ ਨੀਤੀ ਦਾ ਸਮਰਥਨ ਕੀਤਾ ਅਤੇ ਕਿਨ੍ਹਾਂ ਨੇ ਵਿਰੋਧ ਕੀਤਾ ਜਿਨ੍ਹਾਂ ਕਰ ਕੇ ਇਹ ਨੀਤੀ ਸਿਰੇ ਨਾ ਚੜ੍ਹ ਸਕੀ।

(3). ਉਸ ਸਮੇਂ ਬਿਨਾ ਇੱਕ ਦੂਸਰੇ ਦਾ ਵੈਰ ਵਿਰੋਧ ਕੀਤਿਆਂ ਆਪਸੀ ਤਾਲਮੇਲ ਨਾਲ ਮਿਲ ਕੇ ਵਿਊਂਤਬੰਦੀ ਨਾਲ ਪ੍ਰਚਾਰ ਮੁਹਿੰਮ ਚਲਾ ਕੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਨ ਦੀ ਸਲਾਹ ਦੇਣ ਵਾਲਾ ਪੰਡਿਤ ਹਰਨੇਕ ਸਿੰਘ ਜੀ, ਕੀ ਅੱਜ ਵੀ ਆਪਣੇ ਵੱਲੋਂ ਹੀ ਸੁਝਾਈ ਗਈ ਉਸੇ ਨੀਤੀ ’ਤੇ ਅਮਲ ਕਰਨ ਨੂੰ ਤਿਆਰ ਹੈ ਜਾਂ ਇੱਕ ਦੇ ਸਮਰਥਨ ਅਤੇ ਦੂਸਰੇ ’ਤੇ ਮਨਘੜਤ ਦੋਸ਼ ਲਾ ਕੇ ਉਨ੍ਹਾਂ ਵਿੱਚ ਕੇਵਲ ਦੂਰੀਆਂ ਵਧਾਉਣ ਦੀ ਪੰਡਿਤਾਂ ਵਾਲੀ ਨੀਤੀ ’ਤੇ ਹੀ ਚੱਲ ਰਿਹਾ ਹੈ ?

(4). ਉਸੇ ਪ੍ਰੋਗਰਾਮ ਵਿੱਚ ਪੰਡਿਤ ਜੀ ਦਲੀਲ ਦੇ ਰਹੇ ਹਨ ਕਿ ਸਾਹਿਬਜ਼ਾਦਿਆਂ ਦੀ ਜਗ੍ਹਾ ਜੇਕਰ ਕੋਈ ਵਿਦਵਾਨ (ਗਿਆਨੀ) ਹੁੰਦਾ ਤਾਂ ਉਸ ਨੇ ਕਹਿਣਾ ਸੀ ਇੱਦਾਂ ਮਰਨ ਦਾ ਫਾਇਦਾ ਥੋੜ੍ਹਾ ਹੈ; ਬਚ ਕੇ ਮੈਂ ਕਥਾ ਕਰੂੰਗਾ ਫਿਰ ਸਾਰੀ ਕੌਮ ਜਾਗ੍ਰਤ ਹੋ ਜਾਵੇਗੀ। ਜਰਾ ਸੋਚੋ ਜਦੋਂ ਗੁਰਪ੍ਰੀਤ ਕੈਲੇਫੋਰਨੀਆ ਇਸ ਦੇ ਸਟੂਡੀਓ ਅੱਗੇ 200-250 ਬੰਦੇ ਲੈ ਕੇ ਆਇਆ ਸੀ ਉਸ ਸਮੇਂ ਪ੍ਰਚਾਰ ਜਾਰੀ ਰੱਖਣ ਦੀ ਭਾਵਨਾ ਨੂੰ ਮੁੱਖ ਕੇ ਉਸ ਨਾਲ ਬਹਿਸ ਕਰਨ ਜਾਂ ਲੜਨ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਿਆ, ਇਸ ਨੀਤੀ ਦੀ ਇਸ ਦੀ ਮਜਲਿਸ ਦੇ ਮੈਂਬਰ ਜੋਰਦਾਰ ਸ਼ਾਲਾਘਾ ਵੀ ਕਰ ਰਹੇ ਹਨ। ਇਨ੍ਹਾਂ ਪੰਡਿਤਾਂ ਤੋਂ ਪੁੱਛਿਆ ਜਾਏ ਕਿ ਉਸ ਸਮੇਂ ਇਨ੍ਹਾਂ ਦਾ ਫੈਸਲਾ ਗਿਆਨੀਆਂ/ ਵਿਦਵਾਨਾਂ ਵਾਲਾ ਸੀ ਜਾਂ ਸਾਹਿਬਜ਼ਾਦਿਆਂ ਵਾਲਾ ?

(5). ਇਸ ਦੇ ਆਪਣੇ ਕਥਨ ਅਨੁਸਾਰ ਪ੍ਰੋ: ਦਰਸ਼ਨ ਸਿੰਘ ਦਾ ਵਿਰੋਧ ਇਸ ਨੇ ਇਸ ਕਾਰਨ ਨਹੀਂ ਕੀਤਾ ਸੀ ਕਿ ਉਨ੍ਹਾਂ ਦਾ ਫੈਸਲਾ ਗਲਤ ਹੈ; ਵਿਰੋਧ ਇਸ ਕਾਰਨ ਕੀਤਾ ਸੀ ਕਿਉਂਕਿ ਪ੍ਰੋ: ਨੇ ਇਨ੍ਹਾਂ ਤੋਂ ਪੁੱਛ ਕੇ ਫੈਸਲਾ ਨਹੀਂ ਸੀ ਕੀਤਾ ਅਤੇ ਦੂਸਰਾ ਕਾਰਨ ਸੀ ਕਿ ਪ੍ਰੋ: ਦਰਸ਼ਨ ਸਿੰਘ ਦੇ ਸਮਰਥਕ, ਧੂੰਦਾ ਜੀ ਨੂੰ ਨਿੱਤ ਕਲਾਕਾਰ ਬਣ ਕੇ ਲਿਪ ਸਰਵਿਸ ਕਰਨ ਦੇ ਮਿਹਣੇ ਮਾਰ ਰਹੇ ਸਨ; ਉਨ੍ਹਾਂ ਦੀ ਜ਼ਬਾਨ ਬੰਦ ਕਰਵਾਉਣ ਲਈ ਉਨ੍ਹਾਂ ਨੇ ਪ੍ਰੋ: ਦਰਸ਼ਨ ਸਿੰਘ ਨੂੰ ਧਰ ਕੇ ਠੋਕਿਆ।

ਇਸ ਦਾ ਭਾਵ ਇਹ ਹੈ ਕਿ ਸਿਧਾਂਤ ਨਾਮ ਦੀ ਇਸ ਪੰਡਿਤ ਕੋਲ ਕੋਈ ਚੀਜ ਨਹੀਂ ਹੈ । ਹਊਂਮੈ ਅਹੰਕਾਰ ਦਾ ਭਰਿਆ ਹੋਣ ਕਰ ਕੇ ਚਾਹੁੰਦਾ ਹੈ ਕਿ ਸਾਰੇ ਫੈਸਲੇ ਉਸ ਨੂੰ ਪੁੱਛ ਕੇ ਹੀ ਕੀਤੇ ਜਾਣ, ਨਹੀਂ ਤਾਂ ਅਜ਼ਾਦਾਨਾ ਤੌਰ ’ਤੇ ਫੈਸਲੇ ਕਰਨ ਵਾਲਿਆਂ ਦਾ ਇਸ ਨੇ ਵਿਰੋਧ ਹੀ ਕਰਨਾ ਹੈ ਭਾਵੇਂ ਉਸ ਲਈ ਇਸ ਨੂੰ ਝੂਠੇ ਇਲਜ਼ਾਮ ਹੀ ਕਿਉਂ ਨਾ ਲਾਉਣੇ ਪੈ ਜਾਣ ਜਿਵੇਂ ਕਿ ਪਹਿਲਾਂ ਪ੍ਰੋ: ਦਰਸ਼ਨ ਸਿੰਘ ’ਤੇ ਸਰਕਾਰੀ ਬੰਦਾ ਹੋਣ ਦੇ ਝੂਠੇ ਇਲਜ਼ਾਮ ਲਾਏ ਅਤੇ ਹੁਣ ਭਾਈ ਪੰਥਪ੍ਰੀਤ ਸਿੰਘ ਜੀ ’ਤੇ ਝੂਠੇ ਇਲਜ਼ਾਮ ਲਾ ਰਿਹਾ ਹੈ ਕਿ ਉਸ ਨੇ ਇੱਕ ਮੀਟਿੰਗ ਵਿੱਚ ਕਿਹਾ ਹੈ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਉਨ੍ਹਾਂ ਦਾ ਤਾਂ ਹੀ ਭਰਾ ਹੈ ਜੇ ਉਹ ਡੇਰਾ ਛੱਡ ਕੇ ਘਰ ਆਵੇ।

(6). ਹਰਨੇਕ ਸਿੰਘ ਦੇ ਜੋਤਿਸ਼ ਜਾਲ਼ ਵਿੱਚੋਂ ਅਜ਼ਾਦ ਹੋਣ ਕਰ ਕੇ ਜਿਸ ਭਾਈ ਧੂੰਦਾ ਜੀ ਨੂੰ ਬਦਨਾਮ ਕਰਨ ਲਈ ਅੱਜ ਇਹ ਮੰਡਲੀ ਕਹਿ ਰਹੀ ਹੈ ਕਿ “ਜੇ ਧੂੰਦਾ ਗਰਕ ਗਿਆ ਤਾਂ ਅਸੀਂ ਕੀ ਕਰੀਏ ?” ਉਨ੍ਹਾਂ ਨੂੰ ਪੁੱਛਣਾ ਬਣਦਾ ਹੈ ਕਿ ਜਿਸ ਸਮੇਂ ਧੂੰਦਾ ਜੀ ਨੂੰ ਇਨ੍ਹਾਂ ਜੋਤਸ਼ੀਆਂ ਨੇ ਡੇਰੇਦਾਰਾਂ ਦੇ ਚੇਲਿਆਂ ਵਾਙ ਇਸ ਕਦਰ ਆਪਣੀ ਪੂਜਣਯੋਗ ਹਸਤੀ ਬਣਾਇਆ ਹੋਇਆ ਸੀ ਕਿ ਪ੍ਰੋ: ਦਰਸ਼ਨ ਸਿੰਘ ਦੇ ਸਮਰਥਕਾਂ ਵੱਲੋਂ ਧੂੰਦਾ ਜੀ ਦੀ ਕੀਤੀ ਅਲੋਚਨਾ ਵੀ ਇਨ੍ਹਾਂ ਲਈ ਅਸਹਿ ਹੋ ਗਈ ਉਸ ਸਮੇਂ ਇਨ੍ਹਾਂ ਨੇ ਸਿਧਾਂਤ ਨੂੰ ਅੱਖੋਂ ਪਰੋਖੇ ਰੱਖ ਕੇ ਪ੍ਰੋ: ਦਰਸ਼ਨ ਸਿੰਘ ਦੀ ਅਲੋਚਨਾ ਕਰਦਿਆਂ ਬਿਲਕੁਲ ਡੇਰੇਦਾਰਾਂ ਦੇ ਚੇਲਿਆਂ ਵਾਲਾ ਰੋਲ ਇਸ ਨੀਤੀ ਤਹਿਤ ਨਿਭਾਇਆ ਕਿ ਜੇ ਇਹ ਸਾਡੇ ਬਾਬੇ ਨੂੰ ਗਲਤ ਕਹਿੰਦੇ ਹਨ ਤਾਂ ਅਸੀਂ ਇਨ੍ਹਾਂ ਦੇ ਬਾਬੇ ਨੂੰ ਉਸ ਤੋਂ ਕਿਤੇ ਵੱਧ ਭੰਡਾਂਗੇ !

ਕੀ ਉਸ ਸਮੇਂ ਇਨ੍ਹਾਂ ਦੀ ਜੋਤਿਸ਼ ਵਿਦਿਆ ਬਿਲਕੁਲ ਫੇਲ੍ਹ ਹੋ ਗਈ ਸੀ ਜਿਸ ਕਾਰਨ ਇਨ੍ਹਾਂ ਨੂੰ ਸੰਨ 2012 ਤੋਂ 2014 ਤੱਕ ਇਹ ਵੀ ਸਮਝ ਨਾ ਪਈ ਕਿ ਧੂੰਦਾ ਜੀ ਤਾਂ ਉਨ੍ਹਾਂ ਦੀ ਮਿੱਥ ਅਨੁਸਾਰ ਗਰਕ ਚੁੱਕੇ ਹਨ ਕਿਉਂਕਿ ਉਸ ਨੇ ਇਨ੍ਹਾਂ ਵੱਲੋਂ ਦੱਸੀ ਨੀਤੀ ਨਹੀਂ ਸੀ ਅਪਣਾਈ। ਆਪਣੇ ਅੱਖੀਂ ਸਾਹਮਣੇ ਵੇਖਦਿਆਂ ਵੀ ਜਿਸ ਬੰਦੇ ਨੂੰ ਆਪਣੇ ਮਿਥੇ ਪੈਮਾਨੇ ਅਨੁਸਾਰ ਖੋਟੇ ਖ਼ਰੇ ਦੀ ਪਛਾਣ ਨਾ ਹੋ ਸਕੀ ਤਾਂ ਉਹ ਭਵਿੱਖਬਾਣੀਆਂ ਕਰਨ ਦਾ ਦਾਅਵਾ ਕਿਸ ਅਧਾਰ ’ਤੇ ਕਰ ਰਿਹਾ ਹੈ ? ਉਨ੍ਹਾਂ ਨੂੰ ਤਾਂ ਇਹ ਅੰਦਾਜ਼ਾ ਵੀ ਨਹੀਂ ਸੀ ਲੱਗਾ ਕਿ ਬਹੁਤ ਛੇਤੀ ਹੀ ਉਹ ਖ਼ੁਦ ਵੀ ਭਾਈ ਧੂੰਦਾ ਜੀ ਬਾਰੇ, ਪ੍ਰੋ: ਦਰਸ਼ਨ ਸਿੰਘ ਦੇ ਸਮਰਥਕਾਂ ਵੱਲੋਂ ਵਰਤੀ ਗਈ ਸ਼ਬਦਾਵਲੀ ਨਾਲੋਂ ਕਿਤੇ ਵੱਧ ਮੰਦੀ ਸ਼ਬਦਾਵਲੀ ਵਰਤਣ ਜਾ ਰਿਹਾ ਹੈ। ਅਸਲ ਵਿੱਚ ਤਾਂ ਧੂੰਦਾ ਜੀ ਲਈ ਇਹ ਸ਼ਬਦਾਵਲੀ ਸੰਨ 2014 ਵਿੱਚ ਹੀ ਸ਼ੁਰੂ ਹੋ ਜਾਂਦੀ ਜੇਕਰ ਕਦੀ ਪੰਡਿਤ ਹਰਨੇਕ ਸਿੰਘ ਦੀ ਇੱਛਾ ਦੇ ਉਲਟ ਭਾਈ ਧੂੰਦਾ ਜੀ ਇੰਡਿਆਨਾ ਵਾਲੀ ਕਾਨਫਰੰਸ ਵਿੱਚ ਚਲੇ ਜਾਂਦੇ। ਇੰਡਿਆਨਾ ਕਾਨਫਰੰਸ ਵਿੱਚ ਧੂੰਦਾ ਜੀ ਨੂੰ ਜਾਣ ਤੋਂ ਰੋਕਣ ਦਾ ਕਾਰਨ ਵੀ ਪੰਡਿਤ ਜੀ ਦੱਸ ਚੁੱਕੇ ਹਨ ਕਿ ਉਹ ਕਾਨਫਰੰਸ ਉਨ੍ਹਾਂ ਬੰਦਿਆਂ ਨੇ ਅਯੋਜਿਤ ਕੀਤੀ ਸੀ ਜਿਹੜੇ ਪ੍ਰੋ: ਦਰਸ਼ਨ ਸਿੰਘ ਦੇ ਪਾਲ਼ੇ ਵਿੱਚ ਖੜ੍ਹ ਕੇ ਧੂੰਦਾ ਜੀ ਨੂੰ ਭੰਡਦੇ ਰਹੇ ਸਨ ਇਸ ਲਈ ਪੰਡਿਤ ਹਰਨੇਕ ਸਿੰਘ ਨੂੰ ਗੁੱਸਾ ਆ ਗਿਆ ਤੇ ਧੂੰਦਾ ਜੀ ਨੂੰ ਕਹਿਣ ਲੱਗਾ ਅਸੀਂ ਕੁੱਤੇ ਹਾਂ ਜਿਹੜੇ ਤੇਰੇ ਮਗਰ ਭੌਂਕਦੇ ਰਹੇ; ਖ਼ਬਰਦਾਰ ! ਜੇ ਤੂੰ ਉਨ੍ਹਾਂ ਵਿੱਚ ਜਾ ਕੇ ਬੈਠਾ। ਦੱਸੋ ਪੰਡਿਤ ਜੀ ਦੀ ਇਸ ਧਮਕੀ ਪਿੱਛੇ ਕਿਸੇ ਨੂੰ ਸਿਧਾਂਤ ਦੀ ਗੱਲ ਨਜ਼ਰ ਆਉਂਦੀ ਹੈ ?

(7). ਧੂੰਦਾ ਜੀ ਦੇ ਗਰਕ ਜਾਣ ਦਾ ਪੈਮਾਨਾ ਜੋਤਿਸ਼ ਮੰਡਲੀ ਇਹ ਮੰਨ ਰਹੀ ਹੈ ਕਿ ਉਨ੍ਹਾਂ ਨੇ ਸਲਾਹ ਦਿੱਤੀ ਸੀ ਕਿ ਇੱਕ ਵਾਰ ਅਕਾਲ ਤਖ਼ਤ ’ਤੇ ਜਾ ਕੇ ਭੁੱਲ ਬਖ਼ਸ਼ਾ ਕੇ ਤਨਖ਼ਾਹ ਲਵਾ ਲਵੇ, ਆ ਕੇ ਫਿਰ ਉਹੀ ਕੁਝ ਕਰਦਾ ਰਹੇ; ਜਦੋਂ ਫਿਰ ਸੱਦਣ ਤਾਂ ਦੁਬਾਰਾ ਜਾ ਕੇ ਮੁਆਫੀ ਮੰਗ ਲਵੇ ਫਿਰ ਮਹੀਨੇ ਪਿੱਛੋਂ ਆਪੇ ਹੀ ਜਾ ਕੇ ਮੁਆਫੀ ਮੰਗ ਲਿਆ ਕਰੇ।

ਸਦਕੇ ਜਾਈਏ ਜੋਤਸ਼ੀਆਂ ਦੀ ਅਕਲ ਦੇ, ਜਿਹੜੇ ਇਹ ਅੰਦਾਜ਼ਾ ਵੀ ਨਾ ਲਾ ਸਕੇ ਕਿ ਅਜੇਹੇ ਡਰਾਮੇ ਕੇਵਲ ਜਥੇਦਾਰਾਂ ਦੇ ਨਿਯੁਕਤੀਕਾਰ ਬਾਦਲ ਪਾਰਟੀ ਦੇ ਮੈਂਬਰਾਂ ਵੇਲੇ ਹੀ ਚੱਲ ਸਕਦੇ ਸਨ ਅਤੇ ਆਪਣੇ ਵਿਰੋਧੀ ਨੂੰ ਐਸਾ ਡਰਾਮਾ ਕਰਨ ਦੀ ਇਜ਼ਾਜਤ ਉਹ ਕਿਵੇਂ ਦੇਣਗੇ ?  ਉਨ੍ਹਾਂ ਨੇ ਪਹਿਲਾਂ ਹੀ ਲਿਖਤੀ ਰੂਪ ਵਿੱਚ ਧੂੰਦਾ ਜੀ ਤੋਂ ਲਿਖਾ ਲਿਆ ਸੀ ਕਿ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ। ਮੁਆਫੀਨਾਮਾ ਲਿਖਦੇ ਦੀ ਉਨ੍ਹਾਂ ਦੀ ਫੋਟੋ ਵੀ ਪ੍ਰੈੱਸ ਨੂੰ ਰੀਲੀਜ਼ ਕਰ ਕੇ ਧੂੰਦਾ ਜੀ ਨੂੰ ਜ਼ਲੀਲ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਿਸ ਦੀ ਉਨ੍ਹਾਂ ਨੂੰ ਸਲਾਹ ਦੇਣ ਵਾਲੀ ਇਹ ਮੰਡਲੀ ਪੂਰੀ ਤਰ੍ਹਾਂ ਕਸੂਰਵਾਰ ਹੈ।

(8). ਉਸ ਸਮੇਂ ਜਿਹੜਾ ਪੰਡਿਤ ਹਰਨੇਕ ਸਿੰਘ ਆਪਣੀ ਫੇਸ-ਬੁੱਕ ’ਤੇ ਡੰਕੇ ਦੀ ਚੋਟ ਨਾਲ ਇਉਂ ਲਿਖਦਾ ਸੀ ਕਿ ਧੂੰਦਾ ਜੀ ਨੂੰ ਅਕਾਲ ਤਖ਼ਤ ’ਤੇ ਪੇਸ਼ ਹੋਣ ਦੀ ਸਲਾਹ ਉਸ ਨੇ ਦਿੱਤੀ ਹੈ; ਜਿਹੜਾ ਇਸ ਦਾ ਵਿਰੋਧ ਕਰਦਾ ਹੈ, ਉਹ ਮੇਰੇ ਨਾਲ ਗੱਲ ਕਰੇ। ਇਸ ਤੋਂ ਇਲਾਵਾ ਸ: ਇੰਦਰਜੀਤ ਸਿੰਘ ਕਾਨ੍ਹਪੁਰ ਨਾਲ ਹੋਈ ਗੱਲਬਾਤ ਦੌਰਾਨ ਇਸ ਨੇ ਹਊਂਮੈ ਭਰੇ ਲਹਿਜੇ ਵਿੱਚ ਕਿਹਾ ਮੈਂ ਧੂੰਦਾ ਜੀ ਨੂੰ ਅਕਾਲ ਤਖ਼ਤ ’ਤੇ ਜਾ ਕੇ ਪੇਸ਼ ਹੋਣ ਲਈ ਕਿਹਾ ਹੈ ਅਤੇ ਜੇ ਮੈਂ ਚਾਹਾਂ ਤਾਂ ਉਸ ਨੂੰ ਅਕਾਲ ਤਖ਼ਤ ਦੀਆਂ ਪੌੜੀਆਂ ਚੜ੍ਹਦੇ ਨੂੰ ਵਾਪਸ ਮੋੜ ਸਕਦਾ ਹਾਂ; ਕੀ ਕਾਰਨ ਹੈ ਕਿ ਅੱਜ ਉਹੀ ਪੰਡਿਤ ਜੀ ਅਕਾਲ ਤਖ਼ਤ ’ਤੇ ਪੇਸ਼ ਹੋਣ ਦੀ ਸਾਰੀ ਜਿੰਮੇਵਾਰੀ ਕਾਲਜ ਅਤੇ ਧੂੰਦਾ ਜੀ ’ਤੇ ਸੁੱਟਦੇ ਹੋਏ ਕਹਿ ਰਹੇ ਹਨ ਕਿ ਉਸ ਸਮੇਂ ਜੋ ਉਸ ਨੇ ਲਿਖਿਆ ਜਾਂ ਕਿਹਾ, ਉਹ ਸਿਰਫ ਬਾਹਰ ਦੀਆਂ ਗੱਲਾਂ ਸਨ ਇਸ ਦੇ ਪਿੱਛੇ ਕੀ ਵਾਪਰਿਆ ਇਸ ਸਬੰਧੀ ਕਾਲਜ ਅਤੇ ਧੂੰਦਾ ਜੀ ਤੋਂ ਪੁੱਛੋ ਕਿ ਕਿਸ ਸਟੇਜ਼ ’ਤੇ ਉਹ ਮੇਰੇ ਕੋਲ ਆਏ ! ਕੀ ਇਸ ਦਾ ਭਾਵ ਹੈ ਕਿ ਉਸ ਸਮੇਂ ਪੰਡਿਤ ਜੀ ਸਿਰਫ ਆਪਣੇ ਸਿਰ ਸਿਹਰਾ ਬੰਨ੍ਹਣ ਲਈ ਫੋਕੇ ਦਮਗਜੇ ਮਾਰਦੇ ਰਹੇ ? ਕੀ ਆਪਣਾ ਦੋਗਲਾਪਣ ਇਹ ਆਪ ਹੀ ਜੱਗ ਜਾਹਰ ਨਹੀਂ ਕਰ ਰਿਹਾ ?

(9). ਪ੍ਰਚਾਰਕਾਂ ’ਤੇ ਤਾਂ ਮਨਘੜਤ ਦੋਸ਼ ਲਾ ਰਹੇ ਹਨ ਕਿ ਜਿਹੜਾ ਵਿਅਕਤੀ ਕਾਫੀ ਸਮੇਂ ਤੋਂ ਇਨ੍ਹਾਂ ਦੇ ਦੀਵਾਨਾਂ ਦੀ ਹਾਜਰੀ ਭਰ ਰਿਹਾ ਹੋਵੇ ਤੇ ਨਾਲ ਨਾਨਕਸਰ ਠਾਠ ’ਤੇ ਜਾ ਕੇ ਬਾਬਿਆਂ ਨੂੰ ਕਹਿੰਦਾ ਹੋਵੇ ਕਿ ਬਾਬਾ ਜੀ ! ਤੁਹਾਡੀਆਂ ਸਭ ਗੱਲਾਂ ਹੀ ਠੀਕ ਹਨ ਇਨ੍ਹਾਂ ਪ੍ਰਚਾਰਕਾਂ ਨੂੰ ਕੁਝ ਪਤਾ ਨਹੀਂ ਹੈ। ਇਹ ਗੱਲ ਕੋਈ ਪ੍ਰਚਾਰਕਾਂ ਨੂੰ ਵੀ ਦੱਸ ਦੇਵੇ ਕਿ ਤੁਹਾਡੇ ਦੀਵਾਨ ਸੁਣਨ ਵਾਲਾ ਇਹ ਵਿਅਕਤੀ ਬਾਬਿਆਂ ਕੋਲ ਜਾ ਕੇ ਉਨ੍ਹਾਂ ਦੀ ਸਿਫਤ ਕਰਦਾ ਹੈ ਅਤੇ ਤੁਹਾਡੇ ਬਾਰੇ ਕਹਿੰਦਾ ਹੈ ਕਿ ਇਸ ਨੂੰ ਕੁਝ ਪਤਾ ਨਹੀਂ ਹੈ। ਉਸ ਪਿੱਛੋਂ ਠਾਠ ’ਤੇ ਜਾਣ ਵਾਲਾ ਵਿਅਕਤੀ ਇਨ੍ਹਾਂ ਪ੍ਰਚਾਰਕਾਂ ਤੋਂ ਕੋਈ ਸਵਾਲ ਪੁੱਛ ਲਵੇ ਤਾਂ ਕੀ ਉਸ ਦੀ ਤਸੱਲੀ ਕਰਵਾ ਦੇਣਗੇ ? ਇਹ ਤਾਂ ਉਸ ਦੇ ਗਲ਼ ਪੈ ਜਾਂਦੇ ਹਨ। ਪਰ ਇਹ ਦੋਗਲਾ ਪੰਡਿਤ ਬਿਲਕੁਲ ਭੁੱਲ ਹੀ ਜਾਂਦਾ ਹੈ ਕਿ ਕੁਝ ਹੀ ਮਿੰਟ ਪਹਿਲਾਂ ਕੈਲੇਫੋਰਨੀਆਂ ਤੋਂ ਫ਼ੋਨ-ਕਾਲਰ ਭਾਈ ਸੁਖਬੀਰ ਸਿੰਘ ਭੰਡਾਲ ਜਿੰਨਾਂ ਚਿਰ ਇਸ ਦੇ ਪ੍ਰੋਗਰਾਮ ਦੀਆਂ ਸਿਫਤਾਂ ਕਰਦੇ ਰਹੇ ਇਸ ਪੰਡਿਤ ਨੇ ਬੜੇ ਠਰੰਮੇ ਨਾਲ ਸੁਣਿਆ ਤੇ ਵਿੱਚ ਵਿੱਚ ਧੰਨਵਾਦ ਵੀ ਕਰਦਾ ਰਿਹਾ ਪਰ ਜਦੋਂ ਹੀ ਉਸ ਨੇ ਪ੍ਰਚਾਰਕਾਂ ਵਿਰੁੱਧ ਵਰਤੀ ਜਾਂਦੀ ਮੰਦਭਾਸ਼ਾ ’ਤੇ ਇਤਰਾਜ ਕਰਦਿਆਂ ਗੁਰਬਾਣੀ ਦੀ ਗੱਲ ਕਰਨੀ ਚਾਹੀ ਤਾਂ ਕਿਸ ਤਰ੍ਹਾਂ ਬੁਰੀ ਤਰ੍ਹਾਂ ਪੇਸ਼ ਆਇਆ ਤੇ ਮੁੜ ਕੇ ਉਸ ਨੂੰ ਔਨ ਏਅਰ ਜਾਂ ਔਫ ਏਅਰ ਫ਼ੋਨ ਕਰਨ ਤੋਂ ਸਖਤੀ ਨਾਲ ਬਰਜ ਕੇ ਫ਼ੋਨ ਕੱਟ ਦਿੱਤਾ।

(10). ਉਂਝ ਤਾਂ ਇਹ ਬੜੀ ਦ੍ਰਿੜਤਾ ਨਾਲ ਐਲਾਨ ਕਰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਇਹ ਹੋਰ ਕਿਸੇ ਨੂੰ ਨਹੀਂ ਮੰਨਦਾ ਪਰ ਹਰ ਗੱਲ ’ਤੇ ਕਪੂਰ ਦੀਆਂ ਲਿਖਤਾਂ ਦੀਆਂ ਉਦਾਹਰਨਾਂ ਦੇਣੀਆਂ ਅਤੇ ਗੁਰਬਾਣੀ ਦੀ ਗੱਲ ਕਰਨ ਵਾਲਿਆਂ ਨਾਲ ਸਖਤੀ ਨਾਲ ਪੇਸ਼ ਆਉਂਦਿਆਂ ਕਹਿਦਾ ਹੈ ਕਿ “ਅਸੀਂ ਨਹੀਂ ਤੁਹਾਥੋਂ ਸੁਣਨੀ ਗੁਰਬਾਣੀ, ਅਸੀਂ ਨਹੀਂ ਸੁਣਨੇ ਤੁਹਾਥੋਂ ਗੁਰਬਾਣੀ ਦੇ ਅਰਥ” ਇਹ ਕਹਿਣ ਵਾਲਾ ਪੰਡਿਤ ਹਰਨੇਕ ਸਿੰਘ ਦੱਸੇਗਾ ਕਿ ਉਸ ਦਾ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਹੈ ਜਾਂ ਕਪੂਰ?

(11). ਮੰਨ ਲੈਂਦੇ ਹਾਂ ਕਿ ਸਾਰੇ ਟਕਸਾਲੀ ਮਾੜੇ ਹੋ ਸਕਦੇ ਹਨ, ਸਾਰੇ ਮਿਸ਼ਨਰੀ ਪ੍ਰਚਾਰਕ ਵੀ ਮਾੜੇ ਹੋ ਸਕਦੇ ਹਨ ਪਰ ਕੋਈ ਇੱਕ ਸੰਸਥਾ ਜਾਂ ਕੋਈ ਇੱਕ ਬੰਦਾ ਤਾਂ ਵਿਖਾ ਦੇਵੋ ਜਿਸ ਸਬੰਧੀ ਇਸ ਪੰਡਿਤ ਨੇ ਮੰਦ ਭਾਸ਼ਾ ਦੀ ਵਰਤੋਂ ਨਾ ਕੀਤੀ ਹੋਵੇ!  ਹੇਠਲੀ ਵੀਡਿਓ ਵਿਚ ਇਹ ਪੂਰੀ ਸਿੱਖ ਕੌਮ ਨੂੰ ਹੀ ਇਉਂ ਬੋਲ ਰਿਹਾ ਹੈ :

ਮੈਨੂੰ ਨਹੀਂ ਪਤਾ ਇਹ ਅਵਾਜ਼ ਕਿਸ ਦੀ ਹੈ ਅਤੇ ਕਿਸ ਮੌਕੇ ਵਰਤੀ ਗਈ ਹੈ ਪਰ ਇਸ ਵਿੱਚ ਸਮੁੱਚੀ ਕੌਮ ਲਈ ਵਰਤੀ ਗਈ ਸ਼ਬਦਾਵਲੀ ਅਤਿ ਇਤਰਾਜ਼ਯੋਗ ਹੈ। ਕਿਸੇ ਬੰਦੇ ਦੀ ਗੱਲ ਛੱਡੋ ਇਹ ਹਲਕਿਆ ਕੁੱਤਾ ਤਾਂ ਸਮੁੱਚੀ ਸਿੱਖ ਕੌਮ ਪ੍ਰਤੀ ਵੇਖੋ ਕਿਸ ਤਰ੍ਹਾਂ ਭੌਂਕਦਾ ਹੋਇਆ ਇਹ ਕਹਿ ਰਿਹਾ ਹੈ “ ਇਹ ਜਿਹੜੀ ਸਿੱਖ ਕੌਮ ਹੈ ਨਾ, ਇਹ ਖ਼ੁਦਗਰਜ਼ਾਂ ਦੀ ਕੌਮ ਹੈ, ਬੜੇ ਬਦਬਖ਼ਤਾਂ ਦੀ ਕੌਮ ਹੈ, ਬੜੇ ਅੱਕੜਾਂ ਧੱਕੜਾਂ ਦੀ ਕੌਮ ਹੈ, ਬੜੇ ਬੇਗੈਰਤਾਂ ਦੀ ਕੌਮ ਹੈ।” ਕੀ ਸਿੱਖ ਕੌਮ ਦੇ ਕਿਸੇ ਵਿਰੋਧੀ ਪਾਸੋਂ ਵੀ ਤੁਸੀਂ ਕਦੇ ਐਸੀ ਸ਼ਬਦਾਵਲੀ ਸੁਣੀ ਹੈ ? ਕੀ ਐਸੀ ਸ਼ਬਦਾਵਲੀ ਵਰਤਣ ਵਾਲੇ ਮਨੁੱਖ ਕਦੀ ਕੌਮ ਨੂੰ ਇੱਕ ਪਲੇਟਫਾਰਮ ’ਤੇ ਇਕੱਠੀ ਕਰ ਕੇ ਰੂਪਰੇਖਾ ਤਿਆਰ ਕਰ ਸਕਦੇ ਹਨ ਜਾਂ ਕੌਮ ਦਾ ਕੁਝ ਸੰਵਾਰ ਸਕਦੇ ਹਨ?  ਜਿਸ ਦੀ ਵੀ ਇਹ ਅਵਾਜ਼ ਹੈ, ਉਸ ਨੂੰ ਪਛਾਨ ਕੇ ਅਲੱਗ ਥਲੱਗ ਕਰਨ ਦੀ ਲੋੜ ਹੈ।

  (12)  ਗੁਰੂ ਨਿਰਣਾ ਲੈਣ ਵਾਲ਼ੀ ਸ਼ਕਤੀ (ਅਭੁੱਲ ਗੁਰੂ ਨੂੰ ਭੁੱਲਣ ਅੰੰਦਰ ਸਿੱਧ ਕਰਨ) ਨਾਲ ਸੰਬੰਧਿਤ ਇਸ ਹੇਠਲੀ ਵੀਡੀਓ ਵਿਚ  ਤਾਂ ਪੰਡਿਤ ਆਪ ਮੰਨ ਵੀ ਚੁੱਕਾ ਹੈ ਕਿ ਇਹ ਉਸ ਦੀ ਆਪਣੀ ਹੀ ਹੈ ਪਰ ਫਿਰ ਵੀ ਆਪਣੇ ਕਥਨ (ਮੂਰਖਤਾ) ਨੂੰ ਜਾਇਜ਼ ਠਹਿਰਾ ਰਿਹਾ, ਜਿਸ ਨੂੰ ਸੁਣ ਕੇ ਮੈਨੂੰ ਤਾਂ ਇੰਝ ਹੀ ਸਮਝ ਆ ਰਿਹਾ ਹੈ ਕਿ “ਪੰਡਿਤ ਹਰਨੇਕ ਸਿਓਂ ਰੇਡੀਓ  ਜੋਤਿਸ਼ ਕੇਂਦਰ, ਨਿਊਜ਼ੀਲੈਂਡ ਵਾਲਾ ਕਹਿੰਦਾ ਹੈ ਕਿ “ਭੁਲਣ  ਅੰਦਰਿ ਸਭੁ ਕੋ, ਅਭੁਲੁ ਗੁਰੂ  ਕਰਤਾਰੁ॥” ਦਾ ਹਵਾਲਾ ਦੇ ਕੇ ਅਸੀਂ ਕਈ ਗਲਤ ਧਾਰਨਾਵਾਂ ਬਣਾ ਲਈਆਂ ਹਨ ਕਿ ਗੁਰੂ ਜੀ ਕੋਈ ਗਲਤੀ ਕਰ ਹੀ ਨਹੀਂ ਸਕਦੇ ਪਰ ਇੱਦਾਂ ਨਹੀਂ ਹੋਇਆ; ਗੁਰੂ ਜੀ ਵੀ ਆਮ ਮਨੁੱਖ ਸਨ ਤੇ ਜਿੰਦਗੀ ਵਿੱਚ ਗ਼ਲਤ ਫੈਸਲੇ ਕਰਦੇ ਰਹੇ। ਇਨਾਂ ਅਨੁਸਾਰ ਚੌਥੇ ਪਾਤਸ਼ਾਹ ਨੇ ਪ੍ਰਿਥੀ ਚੰਦ ਨੂੰ ਗੁਰਦੁਆਰੇ ਦਾ ਪ੍ਰਬੰਧ ਸੌਂਪਣਾ, ਸਤਵੇਂ ਪਾਤਸ਼ਾਹ ਨੇ ਰਾਮਰਾਇ ਨੂੰ ਆਪਣੀ ਜਗ੍ਹਾ ਭੇਜਣਾ ਫਿਰ ਅੱਠਵੇਂ ਪਾਤਸ਼ਾਹ ਨੂੰ ਗੁਰਗੱਦੀ ਦੇਣਾ, ਆਦਿ ਵੀ ਗ਼ਲਤ ਫੈਸਲੇ ਸਨ।  ਇਸ ਦਾ ਭਾਵ ਇਹ ਹੋਇਆ ਕਿ ਗੁਰੂ ਸਾਹਿਬ ਜੀ ਦਾ ਜੀਵਨ ਗੁਰਬਾਣੀ ਤੋਂ ਉਲਟ ਸੀ .. ” ਬਾਕੀ ਤੁਸੀਂ  ਸਭ ਸੁਣ ਕੇ ਪਹਿਚਾਣ ਆਪ ਕਰ ਲਵੋ ਕਿ ਸਿੱਖੀ ਬਾਣੇ ਵਿੱਚ ਇਹ ਬੰਦਾ ਕੌਣ ਹੈ ? ਕਿਉਂਕਿ ਗੁਰੂ ਸ਼ਖ਼ਸੀਅਤ ਬਾਬਤ ਗੁਰਬਾਣੀ ਬਚਨ ਕਰਦੀ ਹੈ ਕਿ ਦੂਜਾ (ਇਤਨਾ ਸਮਝਦਾਰ); ਨਹੀ ਜਾਨੈ ਕੋਇ ॥ ਸਤਗੁਰੁ ਨਿਰੰਜਨੁ ਸੋਇ  (ਦਾ ਰੂਪ)॥ ਮਾਨੁਖ ਕਾ, ਕਰਿ ਰੂਪੁ ਨ ਜਾਨੁ ॥ ਮਿਲੀ ਨਿਮਾਨੇ ਮਾਨੁ ॥ (ਮ: ੫/੮੯੫) ਪਰ ਇਹ ਪਾਗਲ ਪੰਡਿਤ, ਗੁਰੂ ਬਾਰੇ ਵੇਖੋ ਕਿਵੇਂ ਮੰਦੇ ਬੋਲ ਰਿਹਾ ਹੈ :

 ਇੱਕ ਕਹਾਵਤ ਹੈ ਕਿ ਦੇਗ ’ਚੋਂ ਦਾਣਾ ਟੋਹਣ ਨਾਲ ਹੀ ਦਾਲ਼ ਦੇ ਕੱਚੀ ਪੱਕੀ ਹੋਣ ਦੀ ਸੋਝੀ ਹੋ ਜਾਂਦੀ ਹੈ ਪਰ ਮੈਂ ਤਾਂ ਪੰਡਿਤ ਜੀ ਦੀ ਦੇਗ ਵਿੱਚੋਂ ਕੜਛੀ ਭਰ ਕੇ ਆਪ ਜੀ ਦੀ ਪਲੇਟ ਵਿੱਚ ਪਾ ਦਿੱਤੀ ਹੈ ਹੁਣ ਇਸ ਦੇ ਦੋਗਲੇਪਣ, ਹਊਂਮੈ, ਹੰਕਾਰ ਅਤੇ ਫੁੱਟ ਪਾਊ ਨੀਤੀ ਦਾ ਨਿਤਾਰਾ ਤੁਸੀਂ ਕਰਨਾ ਹੈ ਕਿ ਗੁਰਬਾਣੀ ਦਾ ਹੁਕਮ “ਹਉਮੈ ਏਹਾ ਜਾਤਿ ਹੈ ;  ਹਉਮੈ ਕਰਮ ਕਮਾਹਿ (ਵਾਰ ਆਸਾ ਮਃ ੧/ ੪੬੬) ਅਤੇ “ਉਪਦੇਸੁ ਕਰੇ ਕਰਿ, ਲੋਕ ਦ੍ਰਿੜਾਵੈ ਅਪਨਾ ਕਹਿਆ, ਆਪਿ ਕਮਾਵੈ  (ਰਾਮਕਲੀ ਮਃ ੫/ ੮੮੭) ਇਸ ’ਤੇ ਪੂਰੇ ਢੁੱਕਦੇ ਹਨ ਜਾਂ ਨਹੀਂ ?

ਜਿਹੜੇ ਵੀਰ ਕਹਿੰਦੇ ਹਨ ਕਿ ਦਸਮ ਗ੍ਰੰਥ ਅਤੇ ਸੂਰਜ ਪ੍ਰਕਾਸ਼ ਗ੍ਰੰਥ ਦੇ ਝੂਠ ਦਾ ਇਹ ਚੰਗਾ ਪਰਦਾ ਉਘੇੜ ਰਿਹਾ ਹੋਣ ਕਰ ਕੇ ਪੰਥ ਦੀ ਬਹੁਤ ਵੱਡੀ ਸੇਵਾ ਕਰ ਰਿਹਾ ਹੈ ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕੇਵਲ ਦਸਮ ਗ੍ਰੰਥ ਦਾ ਵਿਰੋਧ ਹੀ ਸਿੱਖੀ ਦੀ ਸੇਵਾ ਨਹੀਂ ਹੈ ਜਦੋਂ ਕਿ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਖ਼ੁਦ ਪੜ੍ਹਨ ਅਤੇ ਸਮਝ ਕੇ ਇਸ ’ਤੇ ਅਮਲ ਕਰਨ ਦਾ ਪ੍ਰਚਾਰ ਕਰ ਰਹੇ ਪ੍ਰਚਾਰਕਾਂ ਅਤੇ ਦਸਮ ਗ੍ਰੰਥ ਵਿਰੋਧੀ ਪ੍ਰੋ: ਦਰਸ਼ਨ ਸਿੰਘ ਦਾ ਬਰਾਬਰ ਵਿਰੋਧ ਕਰ ਕੇ ਦਸਮ ਗ੍ਰੰਥੀਆਂ ਨੂੰ ਅਸਿੱਧੇ ਤੌਰ ’ਤੇ ਲਾਭ ਪਹੁੰਚਾਉਣ ਵਾਲਾ ਕਾਰਜ ਵੀ ਇਹ ਨਾਲੋ ਨਾਲ ਹੀ ਕਰ ਕੇ ਉਸ ਤੋਂ ਕਿਤੇ ਵੱਧ ਨੁਕਸਾਨ ਕਰ ਰਿਹਾ ਹੈ। ਇਸ ਦੀ ਹਾਲਤ ਬਿਲਕੁਲ ਇਹ ਹੈ ਕਿ: “ਹੋਇ ਇਆਣਾ ਕਰੇ ਕੰਮੁ ;  ਆਣਿ ਨ ਸਕੈ ਰਾਸਿ ਜੇ ਇਕ ਅਧ ਚੰਗੀ ਕਰੇ ;  ਦੂਜੀ ਭੀ, ਵੇਰਾਸਿ (ਵਾਰ ਆਸਾ ਮਃ ੧/ ੪੭੪)

ਜਿਸ ਤਰ੍ਹਾਂ ਇੱਕ ਪਾਸੇ ਪੰਡਿਤ ਹਰਨੇਕ ਸਿੰਘ ਦੀ ਸਮੁੱਚੀ ਟੀਮ ਅਤੇ ਦੂਜੇ ਪਾਸੇ ਗੁਰਪ੍ਰੀਤ ਸਿੰਘ ਕੈਲੇਫੋਰਨੀਆਂ, ਹਰਨਾਮ ਸਿੰਘ ਧੁੰਮਾ, ਬੰਤਾ ਸਿੰਘ, ਗੁਰਲਾਲ ਸਿੰਘ ਆਦਿਕ ਨੇ ਇੱਕ ਦੂਸਰੇ ਦੇ ਵਿਰੋਧ ਵਿੱਚ ਖੜ੍ਹਨ ਨੂੰ ਹੀ ਸਿੱਖ  ਧਰਮ ਦੇ ਪ੍ਰਚਾਰ ਦਾ ਹਿੱਸਾ ਬਣਾਇਆ ਹੈ ਇਸ ਨਾਲ ਕੌਮ ਦਾ ਕੁਝ ਵੀ ਸੰਵਰਨ ਵਾਲਾ ਨਹੀਂ ਬਲਕਿ ਸ਼ੀਆ-ਸੁੰਨੀਆਂ ਵਾਙ ਵੰਡ ਨਿਸਚਿਤ ਹੈ। ਸਿਆਣਪ ਇਸ ਵਿੱਚ ਹੈ ਕਿ ਸਿੱਖ ਕੌਮ ਨੂੰ ਇਕੱਠਾ ਰੱਖ ਕੇ ਨਿਆਰੇਪਣ ਨੂੰ ਕਾਇਮ ਕਿਸ ਤਰ੍ਹਾਂ ਰੱਖਣਾ ਹੈ, ਵਿਚਾਰਨਾ ਅਤਿ ਜ਼ਰੂਰੀ ਹੈ।

ਇਸ ਗੱਲ ਤੋਂ ਕੋਈ ਵੀ ਮੁਨਕਰ ਨਹੀਂ ਹੈ ਕਿ ਸਿੱਖਾਂ ਦੇ ਗੁਰੂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹਨ ਇਸ ਲਈ ਜਿਹੜੇ ਭੁੱਲੜ ਜਾਂ ਗੁੰਮਰਾਹ ਹੋਏ ਸਿੱਖ ਦਸਮ ਗ੍ਰੰਥ ਦਾ ਬਰਾਬਰ ਪ੍ਰਕਾਸ਼ ਕਰਨ ਦੀ ਜ਼ਿਦ ’ਤੇ ਅੜੇ ਬੈਠੇ ਹਨ ਉਹ ਪੰਥ ਦੀ ਏਕਤਾ ਲਈ ਭਾਰੀ ਖ਼ਤਰਾ ਹਨ। ਐਸੇ ਵੀਰਾਂ ਨੂੰ ਬੇਨਤੀ ਹੈ ਕਿ ਕੌਮੀ ਹਿੱਤਾਂ ਵਿੱਚ ਆਪਣੀ ਇਹ ਜ਼ਿਦ ਛੱਡ ਦੇਣ ਅਤੇ ਹਾਲ ਦੀ ਘੜੀ ਸਿੱਖ ਰਹਿਤ ਮਰਿਆਦਾ ਪ੍ਰਵਾਨ ਕਰਨ। ਜੇ ਇਹ ਮੰਨ ਜਾਣ ਤਾਂ ਪ੍ਰੋ: ਦਰਸ਼ਨ ਸਿੰਘ ਜੀ ਅਤੇ ਹੋਰ ਜਿਹੜੇ ਕੇਵਲ ਦਸਮ ਗ੍ਰੰਥ ਦੇ ਵਿਰੋਧ ਵਿੱਚ ਸਿੱਖ ਰਹਿਤ ਮਰਿਆਦਾ ਦਾ ਤਿਆਗ ਕਰ ਚੁੱਕੇ ਹਨ, ਉਨਾਂ ਦੇ ਵੀ ਵਾਪਸ ਇਸ ਮਰਿਆਦਾ ਵੱਲ ਆਉਣ ਦੀ ਸੁਭਾਵਨਾ ਹੈ। ਜਿਸ ਦਾ ਦਿਲ ਕਰਦਾ ਹੈ ਉਹ ਦਸਮ ਗ੍ਰੰਥ ਦਾ ਜਿਹੜਾ ਹਿੱਸਾ ਜਾਂ ਪੂਰੇ ਦਾ ਪੂਰਾ ਆਪਣੇ ਘਰ ਪੜ੍ਹ ਸਕਦਾ ਹੈ ਤਾਂ ਜੋ ਦੂਸਰਾ ਕੋਈ ਬੰਦਾ ਉਸ ’ਤੇ ਇਤਰਾਜ਼ ਨਾ ਕਰੇ।

ਇਸੇ ਤਰ੍ਹਾਂ ਜਿਹੜੇ ਨਹੀਂ ਪੜ੍ਹਨਾ ਚਾਹੁੰਦੇ ਉਹ ਨਾ ਪੜ੍ਹਨ। ਨਾ ਪੜ੍ਹਨ ਵਾਲਿਆਂ ’ਤੇ ਵੀ ਕਿਸੇ ਨੂੰ ਕੋਈ ਉਂਗਲ ਉਠਾਉਣ ਦਾ ਹੱਕ ਹੋਵੇ ਭਾਵ ਦਸਮ ਗ੍ਰੰਥ ਪੜ੍ਹਨਾ ਜਾਂ ਨਾ ਪੜ੍ਹਨਾ ਨਿੱਜੀ ਫੈਸਲਾ ਹੋਵੇ ਅਤੇ ਸਾਰੀ ਕੌਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆਪ ਪੜ੍ਹਨ, ਸਮਝਣ ਅਤੇ ਇਸ ’ਤੇ ਅਮਲ ਕਰਨ ਦੇ ਪ੍ਰਚਾਰ ਦੀ ਮੁਹਿੰਮ ਚਲਾਵੇ।

ਜਦੋਂ ਸਾਰੀ ਕੌਮ ਗੁਰਬਾਣੀ ਪੜ੍ਹਨ ਤੇ ਸਮਝਣ ਲੱਗ ਗਈ ਤਾਂ ਸਿੱਖ ਤੇ ਗੁਰੂ ਇਤਿਹਾਸ, ਸਿੱਖ ਰਹਿਤ ਮਰਿਆਦਾ, ਆਦਿ ਵਿਸ਼ਿਆਂ ਉਤੇ ਢੁਕਵੇਂ ਫੈਸਲੇ ਵੀ ਕਰ ਸਕੇਗਾ। ਇਸ ਸਮੇਂ ਤਾਂ ਗੁਰਬਾਣੀ ਕੀ ਕਹਿੰਦੀ ਹੈ, ਇਸ ਦਾ ਪਤਾ ਕਿਸੇ ਨੂੰ ਕੁਝ ਨਹੀਂ ਜਿਸ ਤਰ੍ਹਾਂ ਆਪਣੇ ਗਰੁੱਪ ਦੇ ਪ੍ਰਚਾਰਕਾਂ ਪਾਸੋਂ ਸੁਣਦੇ ਹਨ ਉਸੇ ’ਤੇ ਪਹਿਰਾ ਦੇਣ ਦੇ ਨਾਮ ’ਤੇ ਹੀ ਆਪਣੇ ਵੱਲੋਂ ਸਮਝੇ ਜਾ ਰਹੇ ਵਿਰੋਧੀ ਦਾ ਸਿਰ ਪਾੜਨ ਨੂੰ ਆਪਣੇ ਧਰਮ ਦਾ ਵੱਡਾ ਕਾਰਜ ਸਮਝ ਕੇ ਕੌਮ ਦਾ ਨੁਕਸਾਨ ਵਧੇਰਾ ਕਰ ਰਹੇ ਹਨ।

ਅੰਤ ਵਿਚ ਸਾਰੇ ਸਿੱਖਾਂ ਲਈ ਇਸ ਪੰਡਿਤ ਪਾਸੋਂ ਅਤੇ ਦੂਸਰੀ ਧਿਰ ਗੁਰਪ੍ਰੀਤ ਕੈਲੇਫੋਰਨੀਆਂ-ਧੁੰਮਾ ਪਾਸੋਂ ਇਹੀ ਸਮਝਣਾ ਮੁਨਾਸਬ ਹੋਵੇਗਾ ਕਿ ਕੌਮੀ ਏਕਤਾ ਬਾਬਤ ਇਨਾਂ ਦੇ ਕੀ ਏਜੰਡੇ ਹਨ ਤਾਂ ਜੋ ਅਸੀਂ ਦੋਗਲੇ ਕਿਰਦਾਰਾਂ ਬਾਬਤ ਹੁਣ ਤੋਂ ਹੀ ਨੋਟ ਕਰ ਲਈਏ, ਜੋ ਭਵਿਖ ਵਿਚ ਅਟੱਲ ਵਾਪਰਨ ਵਾਲਾ ਹੈ।

Most Viewed Posts