16.5 C
Jalandhar
Sunday, April 5, 2026
spot_img
Home Blog Page 104

‘ਧਰਮ’ ਸਮਾਜਕ ਭਾਈਚਾਰੇ ਨੂੰ ਜੋੜਦਾ ਹੈ।

0

‘ਧਰਮ’ ਸਮਾਜਕ ਭਾਈਚਾਰੇ ਨੂੰ ਜੋੜਦਾ ਹੈ। 

ਰਘਬੀਰ ਸਿੰਘ ਮਾਨ

‘ਧਰਮ’ ਕੀ ਹੈ ?

ਧਰਮ ਦਾ ਕੰਮ ਹੈ, ਲੋਕਾਂ ਨੂੰ ਗਿਆਨਵਾਨ ਬਣਾਉਣਾ, ਉਹਨਾਂ ਦਾ ਇਖ਼ਲਾਕ ਉੱਚਾ ਕਰਨਾ, ਬੁਰੇ ਕੰਮਾਂ ਤੋਂ ਵਰਜ ਕੇ ਚੰਗੇ ਕੰਮਾਂ ਵੱਲ ਪ੍ਰੇਰਨਾ, ਬੇਇਨਸਾਫ਼ੀ ਅਤੇ ਬੁਰਾਈ ਦਾ ਡੱਟ ਕੇ ਮੁਕਾਬਲਾ ਕਰਨ ਦਾ ਜੋਸ਼ ਪੈਦਾ ਕਰਨਾ।  ਮਨੁੱਖੀ-ਕਦਰਾਂ ਕੀਮਤਾਂ ਨੂੰ ਉੱਚਾ ਰੱਖਣਾ। ਸਮਾਜ ਨੂੰ ਕੁਦਰਤੀ ਸਮੱਸਿਆਵਾਂ ਤੋਂ ਬਚਾਅ ਕੇ ਰੱਖਣ ਦੀ ਸਮਰੱਥਾ ਪੈਦਾ ਕਰਨਾ। ਸਭਨਾਂ ਨੂੰ ਇੱਕ ਸਮਝ ਕੇ ਮਾਨਵਤਾ ਦੀ ਪੀੜਾ ਨੂੰ ਸਮਝਣਾ, ਜਾਣਨਾ ਅਤੇ ਉਨ੍ਹਾਂ ਲਈ ਮਦਦਗਾਰ ਬਣਨਾ।  ਧਰਮ, ਸਮਾਜਿਕ ਭਾਈਚਾਰੇ ਨੂੰ ਜੋੜਦਾ ਹੈ, ਤੋੜਦਾ ਨਹੀਂ।

ਕਰਾਮਾਤ ਅਤੇ ਕੌਤਕ

ਕਰਾਮਾਤ ਉਹ ਅਣਹੋਣੀ ਕਿਰਿਆ ਹੈ, ਜਿਸ ਰਾਹੀਂ ਕੋਈ ਵਿਅਕਤੀ ਆਪਣੀ ਸਮਰੱਥਾ, ਲੋਕਾਂ ਨੂੰ ਪ੍ਰਭਾਵਤ ਕਰਨ ਲਈ ਪ੍ਰਗਟਾਵੇ। ਇਹ ਹਉਮੈ ਦਾ ਪ੍ਰਤੀਕ ਹੈ, ਜੋ ਗੁਰਮਤ ’ਚ ਪ੍ਰਵਾਨ ਨਹੀਂ ਹੈ।

ਗੁਰਮਤਿ ਅਨੁਸਾਰ ਕੌਤਕ ਉਹ ਕਿਰਿਆ ਹੈ, ਜੋ ਮਜਬੂਰਨ ਜਾਂ ਸੁਭਾਵਕ ਕਿਸੇ ਔਖੀ ਘੜੀ ਵੇਲੇ ਪ੍ਰਮਾਤਮਾ ਦਾ ਓਟ ਆਸਰਾ ਲੈਂਦਿਆਂ ਸੁੱਤੇ ਸਿਧ ਵਾਪਰ ਜਾਏ। ਉਸ ਪਿੱਛੇ ਹਉਮੈ ਰੱਤੀ ਭਰ ਵੀ ਨਹੀਂ ਹੁੰਦੀ ਕਿਉਂਕਿ ਉਸ ਅਣਹੋਣੀ ਦੇ ਪਿੱਛੇ ਪ੍ਰਮਾਤਮਾ ਆਪ ਹੁੰਦਾ ਹੈ। ਵਿਅਕਤੀ ਵਿਸ਼ੇਸ਼ ਨਹੀਂ। ਉਸ ਪਿੱਛੇ ਤਾਂ ਮਹਾਂ ਪੁਰਖਾਂ ਦੀ ਅਰਦਾਸ ਪ੍ਰਮਾਤਮਾ ਦੇ ਦਰ ’ਤੇ ਪ੍ਰਤੱਖ ਰੂਪ ਵਿੱਚ ਪ੍ਰਗਟ ਹੋ ਦਿਸਦੀ ਹੈ।

ਮਨੁੱਖੀ ਮਨ ਦੇ ਰੋਗ

  1. ਜ਼ਬਾਨ ਨੂੰ ਝੂਠ ਬੋਲਣ ਦਾ ਚਸਕਾ।
  2. ਪਿਆਰੀਆਂ ਅੱਖਾਂ ਨੂੰ ਪ੍ਰਾਇਆ ਰੂਪ ਤੱਕਣ ਦਾ ਚਸਕਾ।
  3. ਕੰਨਾਂ ਨੂੰ ਆਪਣੀ ਤਾਰੀਫ਼ ਅਤੇ ਗੁਆਂਢੀਆਂ ਦੀ ਨਿੰਦਿਆ ਸੁਣਨ ਦੀ ਭੈੜੀ ਆਦਤ।
  4. ਮਨ ਦੀਆਂ ਮਾਲੀਨ ਵਾਸ਼ਨਾਵਾਂ।
  5. ਘਟੀਆ ਸੋਚ।
  6. ਨਿਮਰਤਾ ਦੀ ਘਾਟ, ਆਦਿ।

ਨਿੰਦਿਆ ਬਨਾਮ ਖ਼ੁਸ਼ਾਮਦ

  1. ਫੁੱਲ ਨੂੰ ਕੰਡਾ ਕਹਿਣਾ… ਇਹ ਨਿੰਦਿਆ ਹੈ।
  2. ਕੰਡੇ ਨੂੰ ਕੰਡਾ ਕਹਿਣਾ… ਇਹ ਸੱਚ ਹੈ। ਕਦੀ ਵੀ ਨਿੰਦਿਆ ਨਹੀਂ।
  3. ਕੰਡੇ ਨੂੰ ਫੁੱਲ ਕਹਿਣਾ… ਇਹ ਫੋਕੀ ਖ਼ੁਸ਼ਾਮਦ ਹੈ, ਜੋ ਨਿੰਦਿਆ ਨਾਲੋਂ ਵੀ ਭੈੜੀ ਹੈ।

5 ਜਨਵਰੀ ਬਨਾਮ 1 ਜਨਵਰੀ ਦਾ ਸੱਚ

0

5 ਜਨਵਰੀ ਬਨਾਮ 1 ਜਨਵਰੀ ਦਾ ਸੱਚ

ਸਰਵਜੀਤ ਸਿੰਘ ਸੈਕਰਾਮੈਂਟੋ

ਜੁਲਾਈ ਦੇ ਆਖਰੀ ਹਫ਼ਤੇ (26 ਅਤੇ 29 ਜੁਲਾਈ 2018 ਈ:) ਵੈਨਕੂਵਰ ਅਤੇ ਸਰੀ ਵਿੱਚ ਹੋਏ ਦੋ ਸੈਮੀਨਾਰ, ਨਾਨਕਸ਼ਾਹੀ ਕੈਲੰਡਰ ਸਬੰਧੀ ਵਿਵਾਦ ਦਾ ਕੋਈ ਹੱਲ ਨਹੀਂ ਕਰ ਸਕੇ, ਪਰ ਪਿਛਲੇ ਲੰਮੇ ਸਮੇਂ ਤੋਂ ਆਈ ਹੋਈ ਖੜੋਤ ਨੂੰ ਤੋੜਨ ਵਿਚ ਸਫਲ ਜਰੂਰ ਹੋਏ ਹਨ। ਉਥੇ ਹੀ ਇਕ ਹੋਰ ਨੁਕਤਾ ਜੋ ਉਘੜ ਕੇ ਸਾਹਮਣੇ ਆਇਆ ਹੈ ਉਹ ਹੈ ਸ: ਪਾਲ ਸਿੰਘ ਪੁਰੇਵਾਲ ਅਤੇ ਕਰਨਲ ਸੁਰਜੀਤ ਸਿੰਘ ਨਿਸ਼ਾਨ, ਦਾ ਕੈਲੰਡਰ ਵਿਗਿਆਨ ਦੀ ਜਾਣਕਾਰੀ ਵਿੱਚ ਜ਼ਮੀਨ-ਅਸਮਾਨ ਦਾ ਅੰਤਰ  ! ਇਹ ਵਿਚਾਰ ਚਰਚਾ ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ ਸ. ਪਾਲ ਸਿੰਘ ਪੁਰੇਵਾਲ ਅਤੇ ਕਰਨਲ ਸੁਰਜੀਤ ਸਿੰਘ ਨਿਸ਼ਾਨ ਦਰਮਿਆਨ ਹੋਈ ਸੀ।  26 ਜੁਲਾਈ ਦਾ ਸੈਮੀਨਾਰ Canadian Sikh Study & Teaching Society” ਵੱਲੋਂ ਵੈਨਕੂਵਰ ਵਿਖੇ ਆਯੋਜਿਤ ਕੀਤਾ ਗਿਆ ਸੀ ਅਤੇ 29 ਜੁਲਾਈ ਨੂੰ ਭਾਈ ਗੁਰਲਾਲ ਸਿੰਘ (ਸੰਪਾਦਕ ਪੰਜਾਬੀ ਟ੍ਰਿਬਿਉਨ) ਵੱਲੋਂ ਸਰੀ ਵਿੱਚ ਆਯੋਜਿਤ ਕੀਤਾ ਗਿਆ ਸੀ। ਦੂਜੇ ਸੈਮੀਨਾਰ ਵਿੱਚ, ਪਹਿਲਾਂ ਵਿਚਾਰੇ ਗਏ ਨੁਕਤਿਆਂ ਦਾ ਦੁਹਰਾਓ ਹੀ ਸੀ ਪਰ ਹਾਲ ਵਿੱਚ ਹਾਜ਼ਰ ਸਰੋਤੇ (ਸਿੱਖ ਸੰਗਤ) ਜਰੂਰ ਨਵੇਂ ਸਨ।

ਇਸ ਸਬੰਧੀ ਸੋਸ਼ਲ ਮੀਡੀਏ ਰਾਹੀ ਕਈ ਸੱਜਣਾਂ ਵੱਲੋਂ ਸੰਪਰਕ ਕਰ ਕੇ, ਕਰਨਲ ਸੁਰਜੀਤ ਸਿੰਘ ਨਿਸ਼ਾਨ ਵੱਲੋਂ ਕੀਤੇ ਗਏ ਇਤਰਾਜ਼, ਨਾਨਕਸ਼ਾਹੀ ਕੈਲੰਡਰ ਦੀਆਂ ਤਾਰੀਖ਼ਾਂ ਇਤਿਹਾਸ ਨਾਲ ਮੇਲ ਨਹੀਂ ਖਾਂਦੀਆਂ ਸਬੰਧੀ ਜਾਣਕਾਰੀ ਮੰਗੀ ਗਈ ਹੈ। ਕਰਨਲ ਸੁਰਜੀਤ ਸਿੰਘ ਨਿਸ਼ਾਨ ਦੇ ਦੱਸਣ ਮੁਤਾਬਕ, ਉਨ੍ਹਾਂ ਨੇ ਇਹ ਇਤਰਾਜ਼ ਪਹਿਲੀ ਵਾਰ ਦਸੰਬਰ 1999 ਈ: ਵਿਚ ਅਕਾਲ ਤਖਤ ਸਾਹਿਬ ਵਿਖੇ ਹੋਈ ਮੀਟਿੰਗ ਵਿਚ ਕੀਤਾ ਸੀ। ਜਿਸ ਦਾ ਕਈ ਵਾਰ ਜਵਾਬ ਦਿੱਤਾ ਜਾ ਚੁੱਕਾ ਹੈ, ਪਰ ਕਰਨਲ ਨਿਸ਼ਾਨ, ਪਿਛਲੇ 18-19 ਸਾਲਾਂ ਤੋਂ ਇਹੀ ਇਤਰਾਜ਼ ਮੁੜ-ਮੁੜ ਦੁਹਰਾ ਰਹੇ ਹਨ। ਜੋ ਕਿ ਨਵੇਂ ਪਾਠਕਾਂ/ ਸਰੋਤਿਆਂ ਨੂੰ ਪ੍ਰਭਾਵਤ ਵੀ ਕਰਦਾ ਹੈ। ਆਓ ਇਸ ਦੀ ਅਸਲੀਅਤ ਨੂੰ ਸਮਝੀਏ।

ਕਰਨਲ ਸੁਰਜੀਤ ਸਿੰਘ ਨਿਸ਼ਾਨ ਦਾ ਇਤਰਾਜ਼ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ਼, ਜੋ ਬਿਕ੍ਰਮੀ ਕੈਲੰਡਰ ਮੁਤਾਬਕ 23 ਪੋਹ/22 ਦਸੰਬਰ ਹੈ ਅਤੇ ਨਾਨਕਸ਼ਾਹੀ ਕੈਲੰਡਰ ਮੁਤਾਬਕ 5 ਜਨਵਰੀ ਬਣਦੀ ਹੈ, ਪਰ ਇਹ ਤਾਰੀਖ਼ ਉਨਾਂ ਮੁਤਾਬਕ ਗਲਤ ਹੈ ਕਿਉਂਕਿ ਉਨਾਂ ਅਨੁਸਾਰ ਅਸਲ ਵਿਚ ਇਹ ਤਾਰੀਖ਼ 1 ਜਨਵਰੀ ਬਣਦੀ ਹੈ। ਇਸੇ ਤਰ੍ਹਾਂ ਹੀ ਬਾਕੀ ਸਾਰੀਆਂ ਤਾਰੀਖ਼ਾਂ ਵੀ ਗਲਤ ਹਨ। ਕਰਨਲ ਨਿਸ਼ਾਨ ਨੇ, ਪਾਲ ਸਿੰਘ ਪੁਰੇਵਾਲ ਵੱਲੋਂ ਬਣਾਈ ਗਈ 500 ਸਾਲਾ ਜੰਤਰੀ ਦੇ ਹਵਾਲੇ ਨਾਲ ਦੱਸਿਆ,  ਇਨ੍ਹਾਂ ਨੇ ਲਿਖਿਆ ਹੈ ਕਿ ਜੂਲੀਅਨ ਕੈਲੰਡਰ ਦੀ ਤਾਰੀਖ ਨੂੰ ਗਰੈਗੋਰੀਅਨ ਕੈਲੰਡਰ ਵਿੱਚ ਬਦਲੀ ਕਰਨ ਵੇਲੇ 1582 ਤੋਂ 1752 ਦੇ ਦਰਮਿਆਨ ਦੀਆਂ ਤਾਰੀਖ਼ਾਂ ਵਿੱਚ 10 ਜਮਾਂ ਕਰ ਕੇ ਤਾਰੀਖ ਕੱਢੀ ਜਾ ਸਕਦੀ ਹੈ। ਇਸ ਲਈ 22 ਦਸੰਬਰ ਵਿੱਚ 10 ਜਮਾਂ ਕਰਨ ਉਤੇ ਇਹ 1 ਜਨਵਰੀ 1667 ਈ: ਬਣਦੀ ਹੈ। ਕਾਸ਼  ! ਕਰਨਲ ਨਿਸ਼ਾਨ ਨੇ ਨਾਨਕਸ਼ਾਹੀ ਕੈਲੰਡਰ ਦੀ ਭੂਮਿਕਾ ਨੂੰ ਚੰਗੀ ਤਰ੍ਹਾਂ ਪੜ੍ਹਿਆ/ਸਮਝਿਆ ਹੁੰਦਾ ਤਾਂ ਉਨ੍ਹਾਂ ਨੂੰ ਪਤਾ ਹੋਣਾ ਸੀ ਕਿ ਕੈਲੰਡਰ ਕਮੇਟੀ ਨੇ ਜੂਲੀਅਨ ਤਾਰੀਖ਼ਾਂ ਵਿੱਚ 10 ਜਾਂ 11 ਦਿਨ ਜਮਾਂ ਕਰ ਕੇ ਨਵੀਆਂ ਤਾਰੀਖ਼ਾਂ ਨਹੀਂ ਕੱਢੀਆਂ।

ਕੈਲੰਡਰ ਕਮੇਟੀ ਵੱਲੋਂ ਬਣਾਏ ਗਏ ਨਿਯਮ, ਨਾਨਕਸ਼ਾਹੀ ਕੈਲੰਡਰ ਦੀ ਭੂਮਿਕਾ ਵਿੱਚ ਦਰਜ ਹਨ।

ਨਿਯਮ ਨੰਬਰ (6) ਨਾਨਕਸ਼ਾਹੀ ਸਾਲ ਦੇ ਪਹਿਲੇ ਪੰਜ ਮਹੀਨੇ ਚੇਤ, ਵੈਸਾਖ, ਜੇਠ, ਹਾੜ ਸਾਵਣ (ਹਰ ਮਹੀਨੇ) ਦੇ ਦਿਨਾਂ ਦੀ ਗਿਣਤੀ 31 ਹੋਵੇਗੀ। ਪਿਛਲੇ ਸੱਤ ਮਹੀਨਿਆਂ ਭਾਦੋਂ, ਅੱਸੂ ਕੱਤਕ ਮੱਘਰ ਪੋਹ ਮਾਘ ਤੇ ਫੱਗਣ (ਹਰ ਮਹੀਨੇ) ਦੇ ਦਿਨਾਂ ਦੀ ਗਿਣਤੀ 30 ਹੋਵੇਗੀ।

ਨਿਯਮ ਨੰਬਰ (10) ਖਾਲਸੇ ਦੇ 300 ਸਾਲਾ ਸਿਰਜਨਾ ਦਿਵਸ ਭਾਵ 531 ਨਾਨਕਸ਼ਾਹੀ ਮੁਤਾਬਕ 1999 ਈ: ਵਿੱਚ ਵੈਸਾਖੀ ਤੋਂ ਗੁਰ ਪੁਰਬਾਂ ਤੇ ਸਿੱਖ ਇਤਿਹਾਸ ਦੇ ਦਿਹਾੜਿਆਂ ਨੂੰ ਨਾਨਕਸ਼ਾਹੀ ਕੈਲੰਡਰ ਦੀਆਂ ਤਾਰੀਖ਼ਾਂ ਵਿੱਚ ਬਦਲ ਦਿੱਤਾ ਜਾਵੇਗਾ। ਤਿੱਥਾਂ ਨੂੰ ਨਾਨਕਸ਼ਾਹੀ ਕੈਲੰਡਰ ਵਿੱਚ ਬਦਲਣ ਲਈ ਅੰਗਰੇਜੀ ਤਾਰੀਖ਼ਾਂ ਨੂੰ ਨਹੀਂ ਬਲਕਿ ਪ੍ਰਵਿਸ਼ਟਿਆਂ ਨੂੰ ਮੁੱਖ ਰੱਖਿਆ ਜਾਵੇਗਾ।

ਹੁਣ ਜਦੋਂ ਕੈਲੰਡਰ ਦਾ ਆਧਾਰ 1 ਵੈਸਾਖ/ 14 ਅਪ੍ਰੈਲ ਹੈ ਤਾਂ ਚੇਤ ਦੇ 31 ਦਿਨ ਪੂਰੇ ਕਰਨ ਲਈ ਇਸ ਦਾ ਆਰੰਭ (ਇੱਕ ਮਹੀਨੇ ਪਿਛੇ ਕਰ) 14 ਮਾਰਚ ਤੋਂ ਰੱਖਿਆ ਗਿਆ ਹੈ। ਇਸ ਤਰ੍ਹਾਂ ਹੀ ਜੇਠ, 15 ਮਈ ਤੋਂ; ਹਾੜ, 15 ਜੂਨ; ਸਾਵਣ, 16 ਜੁਲਾਈ; ਭਾਦੋਂ, 16 ਅਗਸਤ; ਅੱਸੂ 15 ਸਤੰਬਰ, ਕੱਤਕ 15 ਅਕਤੂਬਰ, ਮੱਘਰ 14 ਨਵੰਬਰ, ਪੋਹ 14 ਦਸੰਬਰ, ਮਾਘ 13 ਜਨਵਰੀ ਅਤੇ ਫੱਗਣ ਦਾ ਆਰੰਭ 12 ਫਰਵਰੀ ਤੋਂ ਹੋਵੇਗਾ। ਹੁਣ ਜਦੋਂ ਪੋਹ ਦਾ ਆਰੰਭ 14 ਦਸੰਬਰ ਤੋਂ ਹੋ ਰਿਹਾ ਹੈ ਤਾਂ 23 ਪੋਹ 5 ਜਨਵਰੀ ਨੂੰ ਹੀ ਆਵੇਗੀ।

ਇਸੇ ਤਰ੍ਹਾਂ ਹੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ, ਜੋ 2 ਹਾੜ (30 ਮਈ ਜੂਲੀਅਨ) ਨੂੰ ਹੋਈ ਸੀ, ਦੀ ਤਾਰੀਖ਼ ਕਰਨਲ ਨਿਸ਼ਾਨ ਦੀ ਖੋਜ ਮੁਤਾਬਕ (30+10) 9 ਮਈ ਬਣਦੀ ਹੈ। ਨਾਨਕਸ਼ਾਹੀ ਕੈਲੰਡਰ ਵਿੱਚ ਹਾੜ ਮਹੀਨੇ ਦਾ ਆਰੰਭ 15 ਜੂਨ ਨੂੰ ਹੋਣ ਕਾਰਨ 2 ਹਾੜ ਹਰ ਸਾਲ 16 ਜੂਨ ਨੂੰ ਆਵੇਗੀ। ਹੁਣ ਜੇ ਕਰਨਲ ਨਿਸ਼ਾਨ ਦੇ ਗਣਿਤ ਮੁਤਾਬਕ ਵੈਸਾਖੀ ਦੀ ਤਾਰੀਖ ਕੱਢੀ ਜਾਵੇ, ਜੋ ਕਿ 1756 ਬਿਕ੍ਰਮੀ ਵਿਚ 29 ਮਾਰਚ ਨੂੰ ਸੀ। (29+10) ਤਾਂ 8 ਅਪ੍ਰੈਲ ਬਣਦੀ ਹੈ। ਇਸ ਤਾਰੀਖ ਤੇ ਉਨ੍ਹਾਂ ਨੇ ਕਦੇ ਇਤਰਾਜ਼ ਨਹੀਂ ਕੀਤਾ ਕਿ ਨਾਨਕਸ਼ਾਹੀ ਕੈਲੰਡਰ ਵਿਚ ਦਰਜ ਵੈਸਾਖੀ ਦੀ ਤਾਰੀਖ 14 ਅਪ੍ਰੈਲ ਗਲਤ ਹੈ। ਸਗੋਂ ਇੱਥੇ ਉਹ ਇਹ ਕਹਿੰਦੇ ਹਨ ਕਿ ਅਸੀਂ ਵੈਸਾਖੀ 1 ਵੈਸਾਖ ਨੂੰ ਮਨਾਉਂਦੇ ਹਾਂ, ਨਾ ਕਿ 29 ਮਾਰਚ ਜਾਂ 13-14 ਅਪ੍ਰੈਲ ਨੂੰ।

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ, 22 ਦਸੰਬਰ ਵਿਚ 10 ਦਿਨ ਜਮਾਂ ਕਰ ਕੇ 1 ਜਨਵਰੀ ਬਣਦੀ ਹੈ ਅਤੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੀ ਤਾਰੀਖ, 30 ਮਈ ਵਿਚ 10 ਜਮਾਂ ਕਰ ਕੇ 9 ਜੂਨ ਬਣਦੀ ਹੈ ਤਾਂ ਵੈਸਾਖੀ ਦੀ ਤਾਰੀਖ, 29 ਮਾਰਚ ਵਿਚ 10 ਦਿਨ ਜਮਾਂ ਕਰ ਕੇ 8 ਅਪ੍ਰੈਲ ਕਿਉਂ ਨਹੀਂ ਬਣਦੀ ?

ਹੁਣ ਜੇ ਅੰਗ੍ਰੇਜੀ ਤਾਰੀਖਾਂ ਦੀ ਬਜਾਇ ਵੈਸਾਖੀ, 1 ਵੈਸਾਖ ਨੂੰ ਮਨਾ ਲਈ ਜਾਂਦੀ ਹੈ (ਜੋ ਕਿ 16 ਦਿਨਾਂ ਦੇ ਅੰਤਰ ਨਾਲ 14 ਅਪ੍ਰੈਲ ਨੂੰ ਆਉਂਦੀ ਹੈ) ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 23 ਪੋਹ ਅਤੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ 2 ਹਾੜ ਨੂੰ ਮਨਾਉਣ ਉਪਰੰਤ ਇਤਰਾਜ਼ ਕਿਉਂ  ? ਇਸੇ ਸਮੇਂ ਦੌਰਾਨ ਹੀ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਹੋਈਆਂ ਸਨ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ 8 ਪੋਹ, ਜੋ ਕਿ 7 ਦਸੰਬਰ ਤੋਂ ਖਿਸਕ ਕੇ 21 ਦਸੰਬਰ ਬਣ ਗਈ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 13 ਪੋਹ, ਜੋ ਕਿ 12 ਦਸੰਬਰ ਤੋਂ ਖਿਸਕ ਕੇ ਅੱਜ 26 ਦਸੰਬਰ ਮੰਨ ਲਈ ਗਈ ਜਦੋਂ ਕਿ ਇਨ੍ਹਾਂ ਦਿਹਾੜਿਆਂ ਦੀ ਅੱਜ ਵੀ ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਜਾਂਦੇ ਕੈਲੰਡਰ ਵਿੱਚ 8 ਪੋਹ ਅਤੇ 13 ਹੀ ਦਰਜ ਹੈ। ਇਨ੍ਹਾਂ ਤਾਰੀਖ਼ਾ ਬਾਰੇ ਵੀ ਕਦੇ ਕੋਈ ਇਤਰਾਜ਼ ਨਹੀ ਪੜ੍ਹਿਆ-ਸੁਣਿਆ।

ਜੇ 1756 ਬਿਕ੍ਰਮੀ ਦਾ 1 ਵੈਸਾਖ, ਅੱਜ ਵੀ 1 ਵੈਸਾਖ ਹੈ ਤਾਂ ਉਸ ਤੋਂ 33 ਸਾਲ ਪਹਿਲਾ (1723 ਬਿਕ੍ਰਮੀ) ਦਾ 23 ਪੋਹ, ਅੱਜ 23 ਪੋਹ ਕਿਉਂ ਨਹੀਂ  ?  ਜੇ ਵੈਸਾਖੀ ਦੀ ਤਾਰੀਖ, ਜੋ 29 ਮਾਰਚ ਤੋਂ ਖਿਸਕ ਕੇ 14 ਅਪ੍ਰੈਲ ਹੋ ਗਈ, ਪ੍ਰਵਾਨ ਕਰ ਲਈ ਗਈ ਤਾਂ 23 ਪੋਹ, ਜੋ 22 ਦਸੰਬਰ ਤੋਂ ਖਿਸਕ ਕੇ 5 ਜਨਵਰੀ ਤੇ ਪੁੱਜ ਗਿਆ ਹੈ, ਉੱਤੇ ਇਤਰਾਜ਼ ਕਿਉਂ ਕੀਤਾ ਜਾ ਰਿਹਾ ਹੈ  ?  23 ਪੋਹ ਲਈ ਮਾਪਦੰਡ ਹੋਰ ਅਤੇ 1 ਵੈਸਾਖ ਉੱਤੇ ਮਾਪਦੰਡ ਹੋਰ, ਇਹ ਕਿੱਧਰ ਦਾ ਨਿਆਂ ਹੈ  ? ਯਾਦ ਰਹੇ ਇਹ ਸਵਾਲ ਮੈਂ ਪਹਿਲਾਂ ਵੀ ਕਰ ਚੁੱਕਾ ਹਾਂ, ਪਰ ਕਰਨਲ ਨਿਸ਼ਾਨ ਨੇ ਜਵਾਬ ਨਹੀਂ ਦਿੱਤਾ। ਜੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ 7, ਜੋਤੀ ਜੋਤ ਦਿਹਾੜਾ ਕੱਤਕ ਸੁਦੀ 5, ਗੁਰਗੱਦੀ ਦਿਵਸ ਗੁਰੂ ਗ੍ਰੰਥ ਸਾਹਿਬ ਜੀ, ਕੱਤਕ ਸੁਦੀ 2 ਨੂੰ ਮਨਾਉਣਾ ਹੈ ਤਾਂ ਖਾਲਸਾ ਸਾਜਣਾ ਦਿਵਸ ਚੇਤ ਸੁਦੀ 9 ਨੂੰ ਕਿਉਂ ਨਹੀਂ ਮਨਾਇਆ ਜਾ ਸਕਦਾ  ? ਕੁਝ ਦਿਹਾੜੇ ਵਦੀ-ਸੁਦੀ ਮੁਤਾਬਕ, ਕੁਝ ਦਿਹਾੜੇ ਪ੍ਰਵਿਸ਼ਟਿਆਂ ਮੁਤਾਬਕ, ਅਜਿਹੀ ਦੁਬਿਧਾ ਕਿਉਂ ਰੱਖੀ ਗਈ ਹੈ  ? ਜੇ ਗੁਰ ਪੁਰਬ, ਚੰਦ ਦੇ ਕੈਲੰਡਰ ਮੁਤਾਬਕ ਮਨਾਉਣੇ ਹਨ ਤਾਂ ਇਸ ਵਿਚ ਤੇਰਵਾਂ ਮਹੀਨਾ (ਮਲ ਮਾਸ) ਜੋੜ ਕੇ ਸੂਰਜੀ ਕੈਲੰਡਰ ਦੇ ਬਰਾਬਰ ਕਿਉਂ ਕੀਤਾ ਜਾਂਦਾ ਹੈ  ? ਅਗਰ ਚੰਦ ਦੇ ਕੈਲੰਡਰ ਨੂੰ ਹੀ ਖਿੱਚ-ਧੂਹ ਕੇ ਸੂਰਜੀ ਕੈਲੰਡਰ ਨਾਲ ਨੱਥੀ ਕਰਨਾ ਹੈ ਤਾਂ ਸਿੱਧਾ ਸੂਰਜੀ ਕੈਲੰਡਰ ਹੀ ਕਿਉਂ ਨਹੀ ਅਪਣਾਇਆ ਜਾ ਸਕਦਾ  ? ਨਾਨਕਸ਼ਾਹੀ ਕੈਲੰਡਰ ਦੇ ਅਲੋਚਕਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਜੇ ਤੁਹਾਡੇ ਵਿੱਚ ਸਮਰੱਥਾ ਹੈ ਤਾਂ ਪੁਰੇਵਾਲ ਵੱਲੋਂ ਖਿੱਚੀ ਗਈ ਲਕੀਰ ਨੂੰ ਮਿਟਾਉਣ ਦਾ ਅਸਫਲ ਯਤਨ ਕਰਨ ਦੀ ਬਜਾਏ, ਉਸ ਤੋਂ ਲੰਮੀ ਲਕੀਰ ਖਿੱਚਣ ਦਾ ਯਤਨ ਕਰੋ। ਜਿਹੜੇ ਮਾਪਦੰਡ ਤੁਸੀਂ ਨਾਨਕਸ਼ਾਹੀ ਕੈਲੰਡਰ ਉੱਤੇ ਠੋਸਣਾ ਚਾਹੁੰਦੇ ਹੋ, ਉਨ੍ਹਾਂ ਮਾਪਦੰਡਾਂ ਅਨੁਸਾਰ ਆਪਣਾ ਕੈਲੰਡਰ ਬਣਾ ਕੇ ਕੌਮ ਦੀ ਕਚਹਿਰੀ ਵਿੱਚ ਪੇਸ਼ ਕਰੋ ਤਾਂ ਜੋ ਉਸ ਉੱਤੇ ਹੀ ਵਿਚਾਰ ਕੀਤੀ ਜਾ ਸਕੇ।

ਕੁਦਰਤ ਵਿੱਚ ਰੰਗ ਜਿਸ ਦਾ ਮਾਣੇ ਤੂੰ…….

0

ਕੁਦਰਤ ਵਿੱਚ ਰੰਗ ਜਿਸ ਦਾ ਮਾਣੇ ਤੂੰ…….

               -ਗੁਰਪ੍ਰੀਤ ਸਿੰਘ (U.S.A)

ਚਾਬੀ ਤੂੰ, ਦਰ ਵੀ ਤੂੰ, ਦਰਬਾਨ ਵੀ ਤੂੰ।

ਕਿਵੇਂ ਖੋਲ੍ਹਣਾ ਜਿੰਦਰੇ ਨੂੰ, ਦਿੰਦਾ ਗਿਆਨ ਵੀ ਤੂੰ।

ਨੇਤਰਾਂ ‘ਚ ਜੋਤ, ਦਿਲਾਂ ‘ਚ ਹਨੇਰਾ, ਖੇਲ ਤੇਰਾ ਜਾਣੇ ਤੂੰ।

ਜੀਵ ਉਤਪੰਨ ਕਰੇ ਬਾਅਦ ਵਿੱਚ, ਪਹਿਲਾਂ ਦਿੰਦਾ ਦਾਣੇ ਤੂੰ।

ਕੰਢਿਆਂ ‘ਚ ਫੁੱਲ ਮਹਿਕਣ, ਹਰਿਆ ਜੰਗਲ਼, ਕਰੇ ਖ਼ਾਕ ਤੂੰ।

ਘਾੜਾ, ਮਿੱਟੀ, ਭਾਂਡਾ ਹੈ ਆਪੇ, ਆਪੇ ਹੀ ਬਣੇ ਗਾਹਕ ਤੂੰ।

ਖ਼ਲਕਤ ਨੂੰ ਕਿਵੇਂ ਪਿਆਰਨਾ, ਕਿਸੇ ਨੂੰ ਝੱਟ ਸਮਝਾਏ ਤੂੰ।

ਕਿਧਰੇ ਉਮਰ ਗਲ਼ ਜਾਵੇ, ਕਿਣਕਾ ਵੀ ਨਾ ਮਨ ਵਸਾਏ ਤੂੰ।

ਆਪਣੀ ਕੁਦਰਤ ਆਪੇ ਸਾਜੇ, ਆਪੇ ਹੀ ਕਰਦਾ ਨਾਸ ਤੂੰ।

ਸਭ ਦੀਆਂ ਆਸਾਂ ਕਰੇ ਪੂਰੀਆਂ, ਸਭਨਾ ਵਿੱਚ ਕਰੇ ਵਾਸ ਤੂੰ।

ਤੇਰੇ ਗੁਣਾਂ ਦਾ ਅੰਤ ਨਾ ਕੋਈ, ਆਪਣਾ; ਆਪ ਹੀ ਜਾਣੇ ਤੂੰ ।

ਚੇਤੇ ਰੱਖ “ਪ੍ਰੀਤ” ਉਸ ਨੂੰ, ਕੁਦਰਤ ‘ਚ ਰੰਗ ਜਿਸ ਦਾ; ਮਾਣੇ ਤੂੰ ।

ਕੀ ਡੇਰਾਵਾਦ ਚਿੱਟੇ ਭੇਸ ਦਾ ਨਾਂ ਹੈ ਜਾਂ ਵੀਚਾਰ ਦਾ ?

0

ਕੀ ਡੇਰਾਵਾਦ ਚਿੱਟੇ ਭੇਸ ਦਾ ਨਾਂ ਹੈ ਜਾਂ ਵੀਚਾਰ ਦਾ ?

ਅਮਨਪ੍ਰੀਤ ਸਿੰਘ (ਲੁਧਿਆਣਾ)

ਸਾਵਣ ਦੇ ਅੰਨ੍ਹੇ ਨੂੰ ਹਰ ਥਾਂ ਹਰਿਆ ਨਜ਼ਰ ਆਉਂਦਾ ਹੈ ਓਸੇ ਤਰ੍ਹਾਂ ਡੇਰਾਵਾਦੀਆਂ (ਭਾਵੇਂ ਅਪਗਰੇਡ ਹੀ ਹੋਣ) ਦੇ ਚਿਚੜਾਂ ਨੂੰ ਹਰ ਥਾਂ ਬਾਬਾ ਹੀ ਨਜ਼ਰੀ ਪੈਂਦਾ ਹੈ ਭਾਵੇਂ ਕਿ ਓਹ ਰੱਬ ਦੀ ਹੋਂਦ ਤੋਂ ਮੁਨਕਰ ਹੋ ਕੇ ਨਾਸਤਕਤਾ ਵਾਲੀ ਗੱਲ ਹੀ ਕਿਉਂ ਨਾ ਕਰੀ ਜਾਵੇ…. ਪਰ ਸਾਡਾ ਬਾਬਾ… ਸਾਡਾ ਬਾਬਾ…. ਇਸ ਤੋਂ ਅੱਗੇ ਦੁਨੀਆ ਦੀ ਹਰ ਵੀਚਾਰ-ਹਰ ਤਰਕ ਖਤਮ !

ਪੰਜਾਬੀ ਦੀ ਇਕ ਅਖਾਣ ਹੈ ਕਿ ਰੰਡੀ ਤਾਂ ਰੰਡੇਪਾ ਕੱਟ ਲਏਗੀ ਪਰ ਮੁਸ਼ਟੰਡੇ ਨਹੀਂ ਕੱਟਣ ਦੇਂਦੇ….

ਡੇਰੇਦਾਰ ਤਾਂ ਘਰੋਂ ਨਿਕਲ ਹੀ ਪਿਆ ਸੀ, ਚੇਲੇ ਚਾਟੜੇ ਛੱਡ ਕੇ, ਪੁਰਾਤਨਵਾਦੀ ਬਿਪਰ ਵੀਚਾਰਧਾਰਾ ਦਾ ਭੋਗ ਪਾ ਕੇ, ਗੁਰੂ ਡੰਮ੍ਹ ਦੀ ਗੱਲ ਤਿਆਗ ਕੇ ਇਕ ਗੁਰੂ ਦੀ ਗੱਲ ਕਰਨ, ਪਰ ਮੱਥਾ ਟੇਕਣ ਵਾਲੇ ਚੇਲੇ ਨਵੇਂ ਰੂਪ ਵਿਚ ਆ ਕੇ ਬਾਬੇ ਨੂੰ ਚਿੰਬੜ ਗਏ ਤੇ ਇਕ ਨਵੇਂ ਭੇਸ ਵਿਚ ਪੇਸ਼ ਕਰਨ ਵੱਲ ਤੁਰ ਪਏ  …

ਗੁਰੂ ਬਖਸਿਸ਼ ਕਰੇ ….

ਭਾਈ ਸਾਹਿਬ ਭਾਵੇਂ ਇਮਾਨਦਾਰੀ ਨਾਲ ਪ੍ਰਚਾਰ ਕਰਨ ਘਰੋਂ ਨਿਕਲੇ ਹੋਣ ਪਰ ਚਿੱਚੜਾਂ ਨੇ ਓਹਨਾਂ ਨੂੰ ਜ਼ੀਰੋ ਕਰਨ ਦਾ ਜਿਵੇਂ ਠੇਕਾ ਹੀ ਲੈ ਰੱਖਿਆ ਹੈ ਕਿ ਓਹਨਾਂ ਨੂੰ ਡੇਰੇਵਾਦ ਸੋਚ ਤੋਂ ਨਿਕਲਣ ਹੀ ਨਹੀਂ ਦੇਣਾ ।

ਕਦੇ ਓਹਨਾਂ ਦੇ ਫੋਟੋ ਸ਼ੂਟ ਕਰਵਾ ਕੇ….. ਕਦੇ ਓਹਨਾਂ ਦੇ ਕਲਿਪ ਬਣਵਾ ਕੇ…. ਕਦੀਂ ਪ੍ਰੋਮੋ ਤੇ ਕਦੀ ਗੀਤ ਆਦਿ ਗਵਾ ਕੇ…

ਕੇਵਲ ਆਪਣੇ ਨਾਂ ਤੋਂ ਸੰਤ/ਬਾਬਾ ਜਾਂ ਸ਼੍ਰੀ ਮਾਨ ਲਫ਼ਜ਼ ਲਾਹ ਕੇ ਡੇਰਾਵਾਦੀ ਸੋਚ ਨਹੀਂ ਛੱਡੀ ਜਾਂਦੀ ਬਲਕਿ ਚੰਗੀ ਨੀਅਤ ਨਾਲ ਮਨ ਕਰ ਕੇ ਆਪੂ ਬਣੇ ਚੇਲੇ ਚਾਟਕਿਆਂ ਨੂੰ ਨੱਥ ਪਾ ਕੇ ਸੂਝ ਬੂਝ ਦਾ ਪ੍ਰਮਾਣ ਦੇਣਾ ਚਾਹੀਦਾ ਹੈ … ਵਰਨਾ ਭੈੜੀ ਬੋਲ-ਬਾਣੀ ਨਾਲ ਦੂਜੇ ਨੂੰ ਨੀਵਾਂ ਕਰਨ ਦੀ ਥਾਏਂ ਆਪਣੀ ਮੰਦ ਬੁੱਧੀ ਦਾ ਹੀ ਪ੍ਰਗਟਾਵਾ ਹੋਣਾ ਸੁਭਾਵਕ ਹੈ ।

ਚਲਦਾ..

ਗੁਰਮਤਿ ਸੇਵਾ ਲਹਿਰ ਵੱਲੋਂ ਧਰਮ ਪ੍ਰਚਾਰ ਦੇ ਨਾਲ ਨਾਲ ਸਸਤੇ ਰੇਟ ’ਤੇ ਸਿਹਤ ਸਹੂਲਤਾਂ ਮੁਹਈਆ ਕਰਵਾਉਣ ਨੂੰ ਰੱਖਿਆ ਆਪਣੇ ਏਜੰਡੇ ’ਚ

0

ਗੁਰਮਤਿ ਸੇਵਾ ਲਹਿਰ ਵੱਲੋਂ ਧਰਮ ਪ੍ਰਚਾਰ ਦੇ ਨਾਲ ਨਾਲ ਸਸਤੇ ਰੇਟ ’ਤੇ ਸਿਹਤ ਸਹੂਲਤਾਂ ਮੁਹਈਆ ਕਰਵਾਉਣ ਨੂੰ ਰੱਖਿਆ ਆਪਣੇ ਏਜੰਡੇ ’ਚ

ਬਠਿੰਡਾ, 9 ਅਗਸਤ (ਕਿਰਪਾਲ ਸਿੰਘ) : ਬੀਤੇ ਦਿਨ ਇਥੇ ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਨੇੜੇ ਸਟੇਡੀਅਮ ਬਠਿੰਡਾ ਵਿਖੇ ਗੁਰਮਤਿ ਸੇਵਾ ਲਹਿਰ ਦੀ ਇਕ ਭਰਵੀਂ ਮੀਟਿੰਗ ਹੋਈ ਜਿਸ ਵਿੱਚ ਭਾਈ ਪੰਥਪ੍ਰੀਤ ਸਿੰਘ ਜੀ ਖ਼ਾਲਸਾ, ਡਾ: ਹਰਦੀਪ ਸਿੰਘ ਖਿਆਲੀਵਾਲੇ, ਭਾਈ ਰਘਵੀਰ ਸਿੰਘ ਖਿਆਲੀਵਾਲਾ, ਭਾਈ ਗੁਰਮੇਲ ਸਿੰਘ ਬੀਬੀਵਾਲਾ, ਭਾਈ ਕੁਲਵਿੰਦਰ ਸਿੰਘ ਬੀਬੀਵਾਲਾ, ਬਲਕਰਨ ਸਿੰਘ ਮੌੜ ਕਲਾਂ, ਮੱਖਣ ਸਿੰਘ ਰੌਂਤਾ, ਕੌਰ ਸਿੰਘ ਕੋਟਲੀ, ਗੁਰਪ੍ਰੀਤ ਸਿੰਘ ਭੂੰਦੜ, ਮਾ: ਜਗਰੂਪ ਸਿੰਘ ਕਲਿਆਣ, ਭਾਈ ਤਰਸੇਮ ਸਿੰਘ ਰਾਗੀ ਹਰਿਰਾਏ ਪੁਰ, ਭਾਈ ਰਵਿੰਦਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਭਾਈ ਜਗਤਾ ਜੀ ਆਦਿਕ ਪ੍ਰਚਾਰਕਾਂ ਅਤੇ ਗੁਰਮਤਿ ਸੇਵਾ ਲਹਿਰ ਦੇ ਪ੍ਰਬੰਧਕੀ ਮੈਂਬਰਾਂ ਭਾਈ ਜਗਤਾਰ ਸਿੰਘ ਬਠਿੰਡਾ, ਭਾਈ ਸੁਖਬੀਰ ਸਿੰਘ ਮਛਾਣਾ, ਭਾਈ ਦਵਿੰਦਰ ਸਿੰਘ ਮੱਲਵਾਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਮਰਪਤ ਵਰਕਰਾਂ ਨੇ ਭਾਗ ਲਿਆ। ਭਾਈ ਪੰਥਪ੍ਰੀਤ ਸਿੰਘ ਜੀ ਨੇ ਮੀਟਿੰਗ ਦੀ ਕਾਰਵਾਈ ਆਰੰਭ ਕਰਦਿਆਂ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਧਰਮ ਪ੍ਰਚਾਰ ਮੁਹਿੰਮ ਚਲਾ ਰਹੀ ਗੁਰਮਤਿ ਸੇਵਾ ਲਹਿਰ ਵੱਲੋਂ ਪ੍ਰਚਾਰ ਦੀ ਲਹਿਰ ਨੂੰ ਹੋਰ ਪ੍ਰਚੰਡ ਕਰਨ ਲਈ ਜ਼ਿਲ੍ਹਾਵਾਰ ਮੀਟਿੰਗਾਂ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਜਿਸ ਦੀ ਸ਼ੁਰੂਆਤ ਬਠਿੰਡਾ ਜ਼ਿਲ੍ਹਾ ਦੀ ਇਸ ਪਹਿਲੀ ਮੀਟਿੰਗ ਰਾਹੀਂ ਕੀਤੀ ਗਈ ਹੈ ਅਤੇ ਇਕ ਇਕ ਕਰ ਕੇ ਜਲਦੀ ਹੀ ਬਾਕੀ ਦੇ ਜ਼ਿਲ੍ਹਿਆਂ ਦੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਆਪਣੇ ਕਿੱਤੇ ਵਿੱਚ ਮਾਹਰ ਅਤੇ ਸਮਾਜ ਸੇਵੀ ਭਾਵਨਾਂ ਵਾਲੇ ਕੁਝ ਡਾਕਟਰਾਂ ਨਾਲ ਸਲਾਹ ਮਸ਼ਵਰਾ ਕਰ ਕੇ ਇਹ ਸਹਿਮਤੀ ਬਣੀ ਹੈ ਕਿ ਜਿਹੜੇ ਕੇਸ ਗੁਰਮਤਿ ਸੇਵਾ ਲਹਿਰ ਰਾਹੀਂ ਉਨ੍ਹਾਂ ਪਾਸ ਆਉਣਗੇ ਉਨ੍ਹਾਂ ਦੇ ਰਿਆਇਤੀ ਦਰਾਂ ’ਤੇ ਅਪ੍ਰੇਸ਼ਨ ਅਤੇ ਮੈਡੀਕਲ ਟੈਸਟ ਕੀਤੇ ਜਾਣਗੇ। ਹੁਣ ਤੱਕ ਜਨਰਲ ਸਰਜਰੀ ਤੇ ਦਿਲ ਦੇ ਅਪ੍ਰੇਸ਼ਨਾਂ ਦੇ ਮਾਹਰ ਡਾਕਟਰਾਂ ਅਤੇ ਐੱਮ.ਆਰ.ਆਈ. ਤੇ ਖੂਨ ਟੈਸਟ ਕਰਨ ਵਾਲੀਆਂ ਪ੍ਰਯੋਗਸ਼ਾਲਾਵਾਂ ਨਾਲ ਗੱਲ ਹੋ ਚੁੱਕੀ ਹੈ ਕਿ ਉਨ੍ਹਾਂ ਵੱਲੋਂ ਵੱਖ ਵੱਖ ਕੇਸਾਂ ਵਿੱਚ 25 ਤੋਂ 60% ਤੱਕ ਛੋਟ ਕਰ ਦਿੱਤੀ ਜਾਇਆ ਕਰੇਗੀ। ਇਸ ਛੋਟ ਦਾ ਸਿੱਧਾ ਲਾਭ ਆਮ ਲੋਕਾਂ ਤੱਕ ਪਹੁੰਚਾਉਣ ਲਈ ਗੁਰਮਤਿ ਸੇਵਾ ਲਹਿਰ ਦੇ ਮੈਂਬਰ ਆਪਣੇ ਆਪਣੇ ਪਿੰਡਾਂ ਵਿੱਚ ਇਸ ਸਕੀਮ ਦਾ ਪ੍ਰਚਾਰ ਕਰਨ ਦੀ ਜਿੰਮੇਵਾਰੀ ਸੰਭਾਲਣ। ਕੋਈ ਵੀ ਮਰੀਜ ਭਾਵੇਂ ਕਿਸੇ ਵੀ ਮਜ਼ਬ ਜਾਂ ਵਰਣ ਨਾਲ ਸਬੰਧ ਰੱਖਦਾ ਹੋਵੇ, ਲੋੜ ਪੈਣ ’ਤੇ ਪਿੰਡ ਪੱਧਰ ਦੇ ਉਨ੍ਹਾਂ ਮੈਂਬਰਾਂ ਨਾਲ ਸੰਪਰਕ ਕਰਨ ਜੋ ਅੱਗੇ ਬਠਿੰਡਾ ਜਿਲ੍ਹਾ ਦੇ ਹੈਲਥ ਵਿੰਗ ਦੇ ਇੰਚਾਰਜ ਭਾਈ (ਡਾ:) ਹਰਦੀਪ ਸਿੰਘ ਖ਼ਿਆਲੀਵਾਲਾ ਨਾਲ ਸੰਪਰਕ ਕਰਨ, ਜੋ ਤੁਰੰਤ ਉਸ ਹਸਪਤਾਲ ਦਾ ਨਾਮ ਦੱਸੇਗਾ ਜਿਸ ਵਿੱਚ ਮਰੀਜ ਨੂੰ ਗੁਰਮਤਿ ਸੇਵਾ ਲਹਿਰ ਦਾ ਹਵਾਲਾ ਦੇ ਕੇ ਦਾਖ਼ਲ ਕਰਵਾਉਣ ਦੀ ਸਲਾਹ ਦੇਵੇਗਾ; ਜਿੱਥੋਂ ਲੋੜੀਂਦੀ ਛੋਟ ਗੁਰਮਤਿ ਸੇਵਾ ਲਹਿਰ ਦੇ ਲੈੱਟਰਪੈਡ ’ਤੇ ਸਿਫ਼ਾਰਸ਼ ਪਹੁੰਚਣ ਨਾਲ ਬਿੱਲ ਦਾ ਭੁਗਤਾਨ ਕਰਦੇ ਸਮੇਂ ਹੀ ਮਿਲ ਜਾਇਆ ਕਰੇਗੀ।

ਭਾਈ ਪੰਥਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਹਾਲੀ ਸ਼ੁਰੂਆਤ ਹੈ ਬਾਕੀ ਬੀਮਾਰੀਆਂ ਦੇ ਮਾਹਰ ਡਾਕਟਰਾਂ ਨਾਲ ਵੀ ਇਹ ਸਹੂਲਤ ਪ੍ਰਾਪਤ ਕਰਨ ਲਈ ਸੰਪਰਕ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਹਰ ਮਹੀਨੇ 4 ਅਤੇ ਸਾਲ ਵਿੱਚ 50 ਪਿੰਡਾਂ ਵਿੱਚ ਅੱਖਾਂ ਦੇ ਅਪ੍ਰੇਸ਼ਨਾਂ ਦੇ 50 ਫਰੀ ਕੈਂਪ ਲਾਉਣ ਦਾ ਪ੍ਰੋਗਰਾਮ ਵੀ ਉਲੀਕਿਆ ਗਿਆ ਹੈ। ਜ਼ਿਲ੍ਹਾ ਬਠਿੰਡਾ ਵਿੱਚ ਫਰੀ ਕੈਂਪ ਲਗਵਾਉਣ ਦੀ ਕੋਈ ਵੀ ਚਾਹਵਾਨ ਸੰਸਥਾ, ਪਿੰਡ ਪੰਚਾਇਤ ਜਾਂ ਸਮਾਜ ਸੇਵੀ ਜ਼ਿਲ੍ਹਾ ਇੰਚਾਰਜ ਸਿਹਤ ਵਿੰਗ ਡਾ: ਹਰਦੀਪ ਸਿੰਘ ਨਾਲ ਸੰਪਰਕ ਕਰ ਸਕਦੇ ਹਨ। ਸਿਹਤ ਵਿੰਗ ਦੀ ਤਰ੍ਹਾਂ ਧਰਮ ਪ੍ਰਚਾਰ ਦੇ ਬਾਕੀ ਦੇ ਵੱਖ ਵੱਖ ਕਾਰਜਾਂ ਲਈ ਵੱਖਰੇ ਵਿੰਗ ਬਣਾ ਕੇ ਉਨ੍ਹਾਂ ਦੇ ਇੰਚਾਰਜਾਂ ਥਾਪ ਦਿੱਤੇ ਗਏ ਹਨ ਜਿਨ੍ਹਾਂ ਨੇ ਆਪਣੇ ਆਪਣੇ ਵਿੰਗ ਦੀ ਜਿੰਮੇਵਾਰੀ ਤਨਦੇਹੀ ਅਤੇ ਸੇਵਾ ਭਾਵਨਾ ਨਾਲ ਨਿਭਾਉਣ ਦਾ ਭਰੋਸਾ ਦਿੱਤਾ।

ਖੂਨ ਦਾਨ ਵਿੰਗ ਦੇ ਇੰਚਾਰਜ ਭਾਈ ਰਾਹੁਲ ਸਿੰਘ, ਹਰਨੇਕ ਸਿੰਘ ਢੇਲਵਾਂ ਅਤੇ ਜੀਤਪਾਲ ਸਿੰਘ ਨੇਹੀਆਂਵਾਲਾ ; ਪਿੰਡਾਂ ਵਿੱਚ ਪੰਦਰਵਾੜੇ ਸਮਾਗਮ ਕਰਵਾਉਣ ਦਾ ਪ੍ਰਬੰਧ ਕਰਨ ਵਾਲੇ ਵਿੰਗ ਦੇ ਇੰਚਾਰਜ ਭਾਈ ਰਘਵੀਰ ਸਿੰਘ ਖਿਆਲੀਵਾਲਾ ; ਪਿੰਡਾਂ ਵਿੱਚ ਬੱਚਿਆਂ ਦੀਆਂ ਹਫਤਾਵਾਰੀ ਧਾਰਮਿਕ ਕਲਾਸਾਂ ਲਗਾਉਣ ਵਾਲੇ ਵਿੰਗ ਦੇ ਇੰਚਾਰਜ ਭਾਈ ਗੁਰਮੇਲ ਸਿੰਘ ਅਤੇ ਭਾਈ ਕੁਲਵਿੰਦਰ ਸਿੰਘ ਬੀਬੀਵਾਲਾ ; ਪ੍ਰੋਜੈਕਟਰਾਂ ਰਾਹੀਂ ਧਾਰਮਿਕ ਫਿਲਮਾਂ ਵਿਖਾਉਣ ਵਾਲੇ ਵਿੰਗ ਦੇ ਇੰਚਾਰਜ ਭਾਈ ਰਵਨੀਤ ਸਿੰਘ ਰਵੀ, ਭਾਈ ਹਿੰਮਤ ਸਿੰਘ ਕੁੱਤੀਵਾਲਾ ਅਤੇ ਭਾਈ ਮਨਜੀਤ ਸਿੰਘ ਸੰਗਤ ;  ਗਤਕਾ ਸਿਖਾਉਣ ਵਾਲੇ ਵਿੰਗ ਇੰਚਾਰਜ ਭਾਈ ਜਸਕਰਨ ਸਿੰਘ ਭੁੱਚੋ ਖੁਰਦ ਅਤੇ ਭਾਈ ਹਰਜੀਤ ਸਿੰਘ ਗਿੱਲ ਕਲਾਂ ਅਤੇ ਦਸਤਾਰ ਸਿਖਲਾਈ ਕੈਂਪ ਲਗਾਉਣ ਵਾਲੇ ਵਿੰਗ ਇੰਚਾਰਜ ਭਾਈ ਨਰਾਇਣ ਸਿੰਘ ਕੋਟ ਸ਼ਮੀਰ ਥਾਪੇ ਗਏ ਹਨ।

ਭਾਈ ਜਸਕਰਨ ਸਿੰਘ ਭੁੱਚੋ ਖੁਰਦ ਨੇ ਸੁਝਅ ਦਿੱਤਾ ਕਿ ਮੈਡੀਕਲ ਸੇਵਾ ਤੋਂ ਇਲਾਵਾ ਸਿੱਖਿਆ ਵੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਚੁੱਕੀ ਹੈ ਇਸ ਲਈ ਕੁਝ ਸੇਵਾ ਭਾਵਨਾ ਵਾਲੇ ਅਧਿਆਪਕਾਂ ਨਾਲ ਸੰਪਰਕ ਕਰ ਕੇ ਅੱਧੇ ਰੇਟ ’ਤੇ ਟਿਊਸ਼ਨਾਂ ਪੜ੍ਹਾਉਣ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਖ਼ੁਦ ਆਪਣੇ ਪਿੰਡ ਭੁੱਚੋ ਖੁਰਦ ਵਿਖੇ ਅੱਠਵੀਂ ਕਲਾਸ ਤੱਕ ਟਿਊਸ਼ਨਾਂ ਪੜ੍ਹਾਉਣੀਆਂ ਸ਼ੁਰੂ ਕੀਤੀਆਂ ਹਨ, ਜਿਨ੍ਹਾਂ ਵਿੱਚ ਤਕਰੀਬਨ 50 ਬੱਚੇ ਅੱਧੇ ਰੇਟ ’ਤੇ ਟਿਊਸ਼ਨਾਂ ਪੜ੍ਹ ਰਹੇ ਅਤੇ ਇਨ੍ਹਾਂ ਟਿਊਸ਼ਨਾਂ ਤੋਂ ਉਪ੍ਰੰਤ ਉਨ੍ਹਾਂ ਹੀ ਬੱਚਿਆਂ ਦੀ ਫਰੀ ਗੁਰਮਤਿ ਕਲਾਸ ਲਗਾ ਕੇ ਉਨ੍ਹਾਂ ਨੂੰ ਧਾਰਮਿਕ ਵਿਦਿਆ ਦਿੱਤੀ ਜਾਂਦੀ ਹੈ। ਭਾਈ ਜਸਕਰਨ ਸਿੰਘ ਦੇ ਇਸ ਸੁਝਾਅ ਨੂੰ ਸਲਾਹਿਆ ਗਿਆ ਅਤੇ ਸੇਵਾ ਭਾਵਨਾ ਵਾਲੇ ਅਧਿਆਪਕਾਂ ਨਾਲ ਸੰਪਰਕ ਕਰ ਕੇ ਇਸ ਪ੍ਰੋਜੈਕਟ ਨੂੰ ਵੀ ਆਪਣੇ ਏਜੰਡੇ ਵਿੱਚ ਰੱਖਣ ਲਈ ਵੀਚਾਰ ਅਧੀਨ ਰੱਖਿਆ ਗਿਆ।

ਗੁਰੂ ਨਾਨਕ-ਦ੍ਰਿਸ਼ਟੀ ਵਿੱਚ ਭਗਤ ਬਾਲਮੀਕ ਅਤੇ ਮਹਾਂਰਿਸ਼ੀ ਵਾਲਮੀਕ

0

ਗੁਰੂ ਨਾਨਕ-ਦ੍ਰਿਸ਼ਟੀ ਵਿੱਚ ਭਗਤ ਬਾਲਮੀਕ ਅਤੇ ਮਹਾਂਰਿਸ਼ੀ ਵਾਲਮੀਕ

ਗੁਰੂ ਗ੍ਰੰਥ ਪੰਥੀਆਂ ਦਾ ਦਾਸਨਿਦਾਸ : ਜਗਤਾਰ ਸਿੰਘ ਜਾਚਕ (ਨਿਊਯਾਰਕ) ਮੁਬਾਈਲ 1-516 323 9188

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਸਾਂਝੀ ਤੇ ਸਮਦ੍ਰਿਸ਼ਟ ਵਿਚਾਰਾਧਾਰਾ ‘ਗੁਰੂ ਨਾਨਕ ਦ੍ਰਿਸ਼ਟੀਕੋਨ’ ਹੀ ਮੰਨਿਆ ਜਾਂਦਾ ਹੈ, ਕਿਉਂਕਿ ‘ੴ ਤੋਂ ਗੁਰ ਪ੍ਰਸਾਦਿ’ ਤੱਕ ਦਾ ਵਾਰਤਕ ਮਹਾਂਵਾਕ ਸਮੁੱਚੀ ਬਾਣੀ ਦਾ ਆਧਾਰ ਰੂਪ ਆਦਿ ‘ਮੰਗਲਾਚਰਨ’ ਹੈ, ਇਸ ਵਿੱਚ ਗੁਰੂ ਨਾਨਕ-ਜੋਤਿ-ਜੁਗਤਿ ਦੇ ਵਾਰਸ 6 ਗੁਰੂ ਸਾਹਿਬਾਨਾਂ ਅਤੇ ਦੇਸ਼ ਭਰ ਦੇ ਵੱਖ ਵੱਖ ਕਥਿਤ ਜਾਤੀਆਂ ਦੇ 15 ਭਗਤਾਂ, 11 ਭੱਟਾਂ, 2 ਮਰਦਾਨਾ ਵੰਸ਼ੀ ਰਬਾਬੀਆਂ ਤੇ ਇੱਕ ਸਿੱਖ ਸੇਵਕ ਦੀਆਂ ਰੂਹਾਨੀ ਰਚਨਾਵਾਂ ਅੰਕਿਤ ਹਨ । ਉਨ੍ਹਾਂ ਨੇ ‘ਧੁਰ ਕੀ ਬਾਣੀ’ ਵਿੱਚ ਇਤਿਹਾਸਕ ਤੇ ਮਿਥਿਹਾਸਕ ਉਦਾਹਰਨੀ ਹਵਾਲਿਆਂ ਤੋਂ ਇਲਾਵਾ ਸਮਕਾਲੀ ਸਮਾਜ ਵਿੱਚ ਪ੍ਰਚਲਿਤ ਕਈ ਮਨੌਤਾਂ, ਮੁਹਾਵਰਿਆਂ ਤੇ ਅਲੰਕਾਰਾਂ ਦੀ ਕਾਵਿਕ ਵਰਤੋਂ ਵੀ ਕੀਤੀ ਹੈ। ਅਜਿਹੀ ਲਿਖਣਸ਼ੈਲੀ ਦਾ ਮੁੱਖ ਮਨੋਰਥ ਕੇਵਲ ਗੁਰੂ ਸ਼ਬਦ ਸੰਦੇਸ਼ ਨੂੰ ਸੌਖੇ ਢੰਗ ਨਾਲ ਸਮਝਾਉਣਾ ਹੁੰਦਾ ਹੈ, ਨਾ ਕਿ ਕੋਈ ਇਤਿਹਾਸਕ, ਸਮਾਜਿਕ, ਵਿਅਕਤੀਗਤ ਤੇ ਸਥਾਨਿਕ ਕਿਸਮ ਦੇ ਸੱਚ ਨੂੰ ਪ੍ਰਗਟਾਉਣਾ ਜਾਂ ਉਸ ਦੇ ਸਹੀ ਹੋਣ ਦੀ ਸਾਖੀ (ਗਵਾਹੀ) ਭਰਨਾ ।  ਗੁਰਬਾਣੀ ਦੇ ਪਾਠਕ ਉਸ ਵੇਲੇ ਗੁਰਮਤਿ ਗਾਡੀ-ਰਾਹ ਤੋਂ ਭਟਕ ਜਾਂਦੇ ਹਨ, ਜਦੋਂ ਉਪਰੋਕਤ ਕਿਸਮ ਦੀ ਕਾਵਿਕ ਵਰਤੋਂ ਨੂੰ ਸੱਚ ਮੰਨ ਕੇ ਚੱਲ ਪੈਂਦੇ ਹਨ ।

ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਬਾਣੀਕਾਰ ਗੁਰੂ ਸਾਹਿਬਾਨ ਲਈ ‘ਭਲੇ ਅਮਰਦਾਸ, ਰਾਮਦਾਸੁ ਸੋਢੀ, ਭਗਤ ਧੰਨਾ ਜੀ ਲਈ ਜੱਟ ਤੇ ਜਾਟਰੋ, ਕਬੀਰ ਜੀ ਲਈ ਜੁਲਾਹਾ ਤੇ ਜੁਲਾਹਰਾ, ਰਵਿਦਾਸ ਜੀ ਲਈ ਚੁਮਾਰ, ਚਾਮਰੋ ਤੇ ਚੰਮਰਟਾ, ਨਾਮਦੇਵ ਜੀ ਲਈ ਛੀਂਬਾ, ਭਾਈ ਸੱਤੇ ਤੇ ਬਲਵੰਡ ਲਈ ਡੂਮ ਅਤੇ ਹਵਾਲਾ-ਜਨਕ ਭਗਤ ਬਾਲਮੀਕ ਜੀ ਲਈ ਸੁਪਚਾਰੋ ਤੇ ਬਟਵਾਰਾ; ਭਗਤ ਧ੍ਰੂ ਜੀ ਲਈ ਦੈਂਤ ਪੁੱਤ’ ਆਦਿਕ ਕੁਝ ਜਾਤੀ ਸੂਚਕ ਤੇ ਕਰਮ-ਵਾਚਕ ਘ੍ਰਿਣਤ ਉਪਨਾਮ ਵਰਤੇ ਮਿਲਦੇ ਹਨ ਪਰ ਜੇ ਕੋਈ ਉਪਨਾਵਾਂ ਦੀ ਉਪਰੋਕਤ ਵਰਤੋਂ ਨੂੰ ਗੁਰਮਤਿ ਸਿਧਾਂਤ ਮੰਨ ਲਵੇ ਤੇ ਆਖੇ ਕਿ ਗੁਰਬਾਣੀ ਮੁਤਾਬਕ ਆਪਣੇ ਜਾਂ ਕਿਸੇ ਹੋਰ ਭੈਣ ਭਰਾ ਦੇ ਜਾਤੀ ਜਾਂ ਕਰਮ-ਸੂਚਕ ਨਾਵਾਂ ਦੀ ਵਰਤੋਂ ਕਰਨੀ ਅਯੋਗ ਨਹੀਂ, ਯੋਗ ਹੈ । ਸੰਧੂ, ਰੰਧਾਵਾ, ਮੱਕੜ-ਛੱਕੜ ਤੇ ਚਾਵਲਾ ਆਦਿਕ ਉਪਨਾਮ ਵਰਤਣੇ ਗ਼ਲਤ ਨਹੀਂ ਸਗੋਂ ਠੀਕ ਹਨ ਤਾਂ ਸਮਝਿਆ ਜਾਣਾ ਚਾਹੀਦਾ ਹੈ ਕਿ ਉਸ ਨੇ ਬਹੁਤ ਵੱਡਾ ਭੁਲੇਖਾ ਖਾਧਾ ਹੈ । ਉਹ ਗੁਰੂ ਗ੍ਰੰਥ ਦੇ ਨਿਰਮਲ ਪੰਥ (ਗਾਡੀ ਰਾਹ) ਤੋਂ ਭਟਕ ਗਿਆ ਹੈ ਤੇ ਹੁਣ ਹੋਰਨਾ ਨੂੰ ਵੀ ਭਟਕਾਉਣ ਦਾ ਕਾਰਨ ਬਣ ਰਿਹਾ ਹੈ ਕਿਉਂਕਿ ਸਾਰੇ ਗੁਰਬਾਣੀਕਾਰ ਤਾਂ ‘‘ਫਕੜ ਜਾਤੀ,  ਫਕੜੁ ਨਾਉ ॥ ਸਭਨਾ ਜੀਆ, ਇਕਾ ਛਾਉ ॥’’ (83) ਵਰਗੇ ਸਮਦ੍ਰਿਸ਼ਟ ਨਾਨਕੀ ਸਿਧਾਂਤ ਦਾ ਹੋਕਾ ਦੇਣ ਵਾਲੇ  ਹਨ ।

ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਦ੍ਰਿਸ਼ਟੀ ਵਿੱਚ ਤਾਂ ਉਹੀ ਵਿਅਕਤੀ ਸ੍ਰੇਸ਼ਟ ਬ੍ਰਾਹਮਣ ਹੈ, ਜਿਹੜਾ ਅਕਾਲ ਮੂਰਤੀ ਬ੍ਰਹਮ ਨਾਲ ਸਾਂਝ ਪਾ ਕੇ, ਜਾਤ-ਪਾਤ ਦੇ ਬੰਧਨਾਂ ਨੂੰ ਤੋੜ ਕੇ ਸਦਾ ਲਈ ਮੁਕਤ ਹੋ ਗਿਆ ਹੋਵੇ। ਐਸਾ ਵਿਅਕਤੀ ਹੀ ਸਤਿਕਾਰਯੋਗ ਅਤੇ ਭਲਾ ਹੈ । ਜਨਮ ਪੱਖੋਂ ਮਨੂੰਵਾਦੀ ਬ੍ਰਾਹਮਣਾਂ ਵਾਂਗ ਕੋਈ ਵੀ ਉੱਚ ਜਾਤੀ ਦਾ ਹੋਣ ਕਰ ਕੇ ਵਿਸ਼ੇਸ਼ ਚੰਗਾ ਨਹੀਂ ਮੰਨਿਆ ਜਾ ਸਕਦਾ ਅਤੇ ਜੱਟਾਂ ਵਾਂਗ ਮਧਮ ਤੇ ਕਥਿਤ ਚੂੜ੍ਹੇ, ਚੁਮਾਰਾਂ ਵਾਂਗ ਨੀਚ ਜਾਤੀ ਦਾ ਹੋਣ ਕਰ ਕੇ ਕੋਈ ਖ਼ਾਸ ਬੁਰਾ ਨਹੀ ਆਖਿਆ ਜਾ ਸਕਦਾ ਕਿਉਂਕਿ ਰੱਬੀ ਦਰਗਹ ਵਿੱਚ ਆਦਰ ਮਾਣ ਕਿਸੇ ਜਾਤ ’ਤੇ ਅਧਾਰਿਤ ਨਹੀਂ ਮਿਲਦਾ ਬਲਕਿ ਚੰਗੇ ਕੰਮਾਂ ਕਰ ਕੇ ਮਿਲਦਾ ਹੈ । ਪਾਵਨ ਗੁਰਵਾਕ ਹਨ :

ਸੋ ਬ੍ਰਾਹਮਣੁ ਭਲਾ ਆਖੀਐ, ਜਿ ਬੂਝੈ ਬ੍ਰਹਮੁ ਬੀਚਾਰੁ ॥ ਹਰਿ ਸਾਲਾਹੇ ਹਰਿ ਪੜੈ, ਗੁਰ ਕੈ ਸਬਦਿ ਵੀਚਾਰਿ ॥

ਆਇਆ ਓਹੁ ਪਰਵਾਣੁ ਹੈ, ਜਿ ਕੁਲ ਕਾ ਕਰੇ ਉਧਾਰੁ ॥ ਅਗੈ ਜਾਤਿ ਨ ਪੁਛੀਐ, ਕਰਣੀ ਸਬਦੁ ਹੈ ਸਾਰੁ ॥ (1094)

ਉਪਰੋਕਤ ਸਾਰੀ ਵੀਚਾਰ ਤੋਂ ਸਪਸ਼ਟ ਹੁੰਦਾ ਹੈ ਕਿ ਬਾਣੀਕਾਰ ਭਗਤਾਂ ਜਾਂ ਹਵਾਲਾ-ਜਨਕ ਨਾਵਾਂ ਨਾਲ ਵਰਤੇ ਗਏ ਜਾਤੀ-ਸੂਚਕ ਉਪਨਾਮ ‘ਬਟਵਾਰਾ, ਦੈਂਤ ਪੁੱਤ’ ਆਦਿਕ ਘ੍ਰਿਣਤ ਵਿਸ਼ੇਸ਼ਣ ਉਹੀ ਹਨ, ਜੋ ਮਨੂੰਵਾਦੀ ਬ੍ਰਾਹਮਣ ਸ਼੍ਰੇਣੀ ਵੱਲੋਂ ਅਕਾਲ ਪੁਰਖ ਦੇ ਪੂਜਾਰੀ ਭਗਤਾਂ ਨੂੰ ਨੀਵੇਂ ਤੇ ਆਚਰਣਹੀਣ ਪ੍ਰਚਾਰ ਕੇ ਛੁਟਿਆਉਣ ਲਈ ਵਧੇਰੇ ਪ੍ਰਚਾਰੇ ਗਏ ਸਨ ਤਾਂ ਕਿ ਸਮਾਜਕ ਭਾਈਚਾਰਾ ਉਨ੍ਹਾਂ ਦਾ ਪ੍ਰਭਾਵ ਨਾ ਕਬੂਲੇ ਕਿਉਂਕਿ ਮਨੂੰਵਾਦ (ਬਿਪਰਵਾਦ); ਕਥਿਤ ਨੀਵੀਆਂ ਜਾਤਾਂ ਨੂੰ ਵਿਦਿਆ ਪ੍ਰਾਪਤੀ ਅਤੇ ਪ੍ਰਭੂ ਭਗਤੀ ਦਾ ਅਧਿਕਾਰ ਨਹੀਂ ਦਿੰਦਾ । ਆਪੂੰ ਗੁਰੂ ਬਣੇ ਬ੍ਰਾਹਮਣ ਡਰਦੇ ਸਨ ਕਿ ਜੇ ਬਾਲਮੀਕ ਤੇ ਰਵਿਦਾਸ ਜੀ ਵਰਗੇ ਭਗਤਾਂ ਪਿੱਛੇ ਲੱਗ ਕੇ ਉਨ੍ਹਾਂ ਦੇ ਭਾਈਚਾਰੇ ਜਾਗਰੂਕ ਹੋ ਗਏ ਤਾਂ ਉਹ ਸਮਾਜ ਵਿੱਚ ਸਾਡੇ ਵਿਰੁਧ ਬਗਾਵਤ ਖੜੀ ਕਰ ਦੇਣਗੇ । ਫਿਰ ਉਹ ਘਰਾਂ ਤੇ ਗਲੀਆਂ ਵਿੱਚੋਂ ਸਾਡਾ ਗੰਦ ਨਹੀਂ ਚੁੱਕਣਗੇ । ਸਾਡੇ ਮਰੇ ਡੰਗਰਾਂ ਅਤੇ ਕੁੱਤਿਆਂ ਨੂੰ ਪਸ਼ੂਆਂ ਵਾਂਗ ਧੂਹ ਕੇ ਹੱਡੋ-ਰੋੜੇ ਨਹੀਂ ਲਿਜਾਣਗੇ । ਸਗੋਂ ਉਹ ਤਾਂ ਸਾਰੇ ਦੇ ਸਾਰੇ ਹੀ ਕਬੀਰ ਜੁਲਾਹੇ ਵਾਂਗ ਸਾਡੇ ਸਾਹਮਣੇ ਅਜਿਹੇ ਬਗਾਵਤੀ ਸੁਆਲ ਕਰਨ ਦੀ ਜੁਅਰਤ ਕਰਨ ਲੱਗ ਪੈਣਗੇ, ‘‘ਤੁਮ ਕਤ ਬ੍ਰਾਹਮਣ ?  ਹਮ ਕਤ ਸੂਦ ? ॥ ਹਮ ਕਤ ਲੋਹੂ ? ਤੁਮ ਕਤ ਦੂਧ ? ॥’’ (324)

ਇਹੀ ਕਾਰਨ ਹੈ ਕਿ ਭਗਤ ਕਬੀਰ ਜੀ ਤੇ ਰਵਿਦਾਸ ਜੀ ਵਰਗੇ ਸਿਰਲੱਥ ਸੂਰਮੇ ਕਈ ਥਾਈਂ ਜਾਣ ਬੁੱਝ ਕੇ ਵੀ ਆਪਣੀ ਜਾਤੀ ਦਾ ਪ੍ਰਗਟਾਵਾ ਕਰਦੇ ਹਨ, ਜਿਵੇਂ ‘‘ਚਮਰਟਾ, ਗਾਂਠਿ ਨ ਜਨਈ ॥ ਲੋਗੁ, ਗਠਾਵੈ ਪਨਹੀ ॥ (659), ਜਾਤਿ ਜੁਲਾਹਾ, ਮਤਿ ਕਾ ਧੀਰੁ ॥ ਸਹਜਿ ਸਹਜਿ ਗੁਣ ਰਮੈ ਕਬੀਰੁ ॥’’ (328) ਤਾਂ ਕਿ ਸਵਰਨ ਜਾਤੀਆਂ ਨੂੰ ਅਹਿਸਾਸ ਕਰਵਾਇਆ ਜਾ ਸਕੇ ਕਿ ਅਸੀਂ ਜੀਊਂਦੇ ਜਾਗਦੇ ਹਾਂ ਅਤੇ ਰੱਬੀ ਭਗਤੀ ਕਰਨ ਦਾ ਸਾਡਾ ਵੀ ਉਤਨਾ ਹੀ ਹੱਕ ਹੈ, ਜਿਨ੍ਹਾਂ ਤੁਹਾਡਾ । ਤੁਸੀਂ ਸਾਨੂੰ ਭਗਤੀ ਤੋਂ ਰੋਕ ਨਹੀਂ ਸਕਦੇ ਕਿਉਂਕਿ ਰੱਬ ਕਿਸੇ ਦੇ ਬਾਪ ਦੀ ਜੱਦੀ ਵਿਰਾਸਤ ਨਹੀਂ, ਉਹ ਤਾਂ ਸਾਡੇ, ਤੁਹਾਡੇ ਸਮੇਤ ਸਾਰਿਆਂ ਦਾ ਸਾਂਝਾ ਬਾਪ ਹੈ । ਉਹ ਪ੍ਰਭੂ ਪਾਤਸ਼ਾਹ ਮਨੁੱਖ ਦੀ ਭਾਵਨਾ ਵੇਖਦਾ ਹੈ, ਜਾਤ-ਪਾਤ ਨਹੀਂ, ‘‘ਆਪਨ ਬਾਪੈ, ਨਾਹੀ ਕਿਸੀ ਕੋ ; ਭਾਵਨ ਕੋ ਹਰਿ ਰਾਜਾ ॥’’ (ਰਵਿਦਾਸ ਜੀ /658) ਇਹ ਆਵਾਜ਼ ਤਾਂ ਬਿਪਰਵਾਦ ਵਿਰੁਧ ਇੱਕ ਦਲੇਰਾਨਾ ਬਗਾਵਤ ਸੀ ।

ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ‘ਬਾਲਮੀਕ’ ਨਾਮ ਨਾਲ ਸੰਬੰਧਿਤ ਉਪਨਾਵਾਂ ਦੇ ਜੋ ਹੇਠ ਲਿਖੇ ਉਦਾਹਰਨੀ ਹਵਾਲੇ ਮਿਲਦੇ ਹਨ, ਉਨ੍ਹਾਂ ਨੂੰ ਗੁਰਮਤਿ ਦੇ ਉਪਰੋਕਤ ਦਿਸ਼੍ਰਟੀਕੋਨ ਤੋਂ ਹੀ ਵਿਚਾਰਨਾ ਚਾਹੀਦਾ ਹੈ । ਅਜਿਹਾ ਨਹੀਂ ਕਿ ਜੇ ਗੁਰਵਾਕਾਂ ਵਿੱਚ ਬਾਲਮੀਕ ਜੀ ਨੂੰ ਪ੍ਰਚਲਿਤ ਕਥਾਵਾਂ ਮੁਤਾਬਕ ‘ਬਟਵਾਰਾ’ (ਰਾਹ ਮਾਰ ਡਾਕੂ) ਜਾਂ ‘ਸੁਪਚਾਰੋ’ (ਕੁੱਤੇ ਖਾਣਾ ਚੰਡਾਲ) ਲਿਖ ਦਿੱਤਾ ਹੈ ਤਾਂ ਇਹ ਬਿਲਕੁਲ ਸੱਚ ਹੋਵੇਗਾ ਕਿਉਂਕਿ ਮਨੂੰਵਾਦੀ ਬ੍ਰਾਹਮਣ ਵਿਦਿਆ ਦੇ ਬਲਬੂਤੇ ਝੂਠ ਨੂੰ ਬੜੇ ਸੋਹਣੇ ਗਹਿਣਿਆਂ ਵਾਂਗ ਲਿਸ਼ਕਾਅ ਕੇ ਪੇਸ਼ ਕਰਨ ਦੀ ਮੁਹਾਰਤ ਰੱਖਦਾ ਹੈ । ਗੁਰੂ ਨਾਨਕ ਸਾਹਿਬ ਜੀ ਦੀ ਆਸਾ ਦੀ ਵਾਰ ਵਿਚਲੀ ਇਹ ਪਾਵਨ ਤੁਕ ‘‘ਮੁਖਿ ਝੂਠ, ਬਿਭੂਖਣ ਸਾਰੰ ॥’’ ਇਸ ਬ੍ਰਾਹਮਣੀ ਨਿਪੁੰਨਤਾ ਦੇ ਕਮਾਲ ਦੀ ਗਵਾਹੀ ਭਰਦੀ ਹੈ। ਮਹਾਤਮਾ ਬੁੱਧ ਤੇ ਜੈਨੀ ਤੀਰਥੰਕਰ ਬ੍ਰਾਹਮਣੀ ਮੱਤ ਦੇ ਵਿਰੋਧੀ ਸਨ, ਪਰ ਬ੍ਰਹਾਮਣਾਂ ਨੇ ਇਨ੍ਹਾਂ ਦੇ ਮੂੰਹ ’ਚ ਮਨੋਕਲਪਿਤ ਕਹਾਣੀਆਂ ਪਾ ਕੇ ਇਨ੍ਹਾਂ ਨੂੰ ਰਾਮ ਚੰਦਰ ਤੇ ਸ੍ਰੀ ਕ੍ਰਿਸ਼ਨ ਵਰਗੇ ਅਵਤਾਰ ਸਿੱਧ ਕਰ ਕੇ ਹੀ ਸਾਹ ਲਿਆ । ਇਹੀ ਚਾਣਕਿਆ ਨੀਤੀ ਵਰਤੀ ਗਈ ਹੈ ਕਥਿਤ ਨੀਵੀਆਂ ਜਾਤਾਂ ਨਾਲ ਸਬੰਧਿਤ ਭਗਤਾਂ ਪ੍ਰਤੀ , ਭਾਵੇਂ ਕਿ ਉਹ ਭਗਤ ਕਬੀਰ ਜੀ ਸਨ ਜਾਂ ਸ੍ਰੀ ਰਵਿਦਾਸ, ਭਗਤ ਧੰਨਾ ਜੀ ਸਨ ਜਾਂ ਸ੍ਰੀ ਬਾਲਮੀਕ ਆਦਿ ।

ਸ਼ੁਕਰ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਥਾਪਤ ਮਹਾਂਰਿਸ਼ੀ ਵਾਲਮੀਕੀ ਚੇਅਰ ਦੀ ਪਹਿਲੀ ਮੁੱਖੀ ਡਾ. ਅੰਜੁਲਾ ਸਹਿਦੇਵ ਨੇ ‘ਮਹਾਂਰਿਸ਼ੀ ਵਾਲਮੀਕ-ਇੱਕ ਸਮੀਸ਼ਾਤਮਕ ਅਧਿਐਨ’ ਨਾਂ ਦੀ ਖੋਜ ਪੁਸਤਕ ਲਿਖ ਕੇ ਸਿੱਧ ਕਰ ਦਿੱਤਾ ਹੈ ਕਿ ਵਾਲਮੀਕ ਨਾਮ ਨਾਲ ਜੁੜੀਆਂ ਸਾਰੀਆਂ ਪ੍ਰਚਲਿਤ ਕਥਾਵਾਂ ਤੇ ਉਪਨਾਂਵ 13ਵੀਂ ਸਦੀ ਤੋਂ ਪਿੱਛੋਂ ਦੀਆਂ ਕਲਪਨਿਕ ਕਹਾਣੀਆਂ ਹਨ, ਜੋ ਕਿ ਸੱਚ ਨਹੀਂ । ਹੋਰ ਵੱਡੀ ਗੱਲ ਹੈ ਕਿ ਭਾਰਤੀ ਸੁਪਰੀਮ ਕੋਰਟ ਨੇ ਵੀ ਇਸ ਗਵਾਹੀ ਨੂੰ ਸੱਚ ਮੰਨ ਕੇ ਮੀਡੀਏ ਨੂੰ ਆਦੇਸ਼ ਜਾਰੀ ਕੀਤਾ ਕਿ ਉਹ ਮਹਾਂਰਿਸ਼ੀ ਵਾਲਮੀਕ ਨਾਂ ਨਾਲ ‘ਡਾਕੂ’ (ਬਟਵਾੜਾ) ਸ਼ਬਦ ਦੀ ਵਰਤੋਂ ਨਾ ਕਰੇ, ਨਹੀਂ ਤਾਂ ਕਾਨੂੰਨਨ ਅਪਰਾਧ ਮੰਨਿਆ ਜਾਏਗਾ, ਪਰ ਦੁੱਖ ਦੀ ਗੱਲ ਹੈ ਕਿ ਅਗਿਆਨਤਾ ਭਰੇ ਭੁਲੇਖੇ ਜਾਂ ਚਲਾਕ ਬ੍ਰਾਹਮਣੀ ਸੋਚ ਨੇ ਭਗਤਮਾਲ ਦੀਆਂ ਪ੍ਰਚਲਿਤ ਪੁਰਾਣਿਕ ਕਥਾਵਾਂ ਅਧੀਨ ਭਾਰਤ ਦੇ ਮੂਲ-ਵਾਸੀ ਭੀਲ ਭਗਤ ਬਾਲਮੀਕ ਜੀ ਨੂੰ ਬ੍ਰਾਹਮਣ ਰਿਸ਼ੀ ਵਾਲਮੀਕ ਨਾਲ ਰਲਗੱਢ ਕਰ ਦਿੱਤਾ ਹੈ । ਅਜੇ ਵੀ ਉਸ ਨੂੰ ਸਾਬਾਕਾ ਡਾਕੂ ਦੱਸਦਿਆਂ, ਮੂਰਤੀ ਪੂਜਕ ਨਾਰਦ ਮੁਨੀ ਦਾ ਚੇਲਾ ਪ੍ਰਚਾਰਿਆ ਜਾ ਰਿਹਾ ਹੈ, ਪ੍ਰੰਤੂ ਗੁਰੂ ਨਾਨਕ ਦ੍ਰਿਸ਼ਟੀ ਵਿੱਚ ਐਸਾ ਪਰਚਾਰ ਕਰਨਾ ਬਿਲਕੁਲ ਗ਼ਲ਼ਤ ਹੈ ਕਿਉਂਕਿ ਹੇਠ ਲਿਖੇ ਗੁਰਵਾਕਾਂ ਵਿੱਚ ਉਨ੍ਹਾਂ ਨਿਰਣੈ-ਜਨਕ ਬਚਨ ਕੀਤੇ ਹਨ ਕਿ ਸਾਧ ਸੰਗ ਕਰਦਿਆਂ ਗੁਰਮੁਖ ਹੋ ਕੇ ਅਕਾਲ ਪੁਰਖ ਜੀ ਦੀ ਯਾਦ ਵਿੱਚ ਜਿਹੜਾ ਵੀ ਜੁੜਿਆ, ਉਹੀ ਤਰ ਗਿਆ ਭਾਵ ਉਹ ਮਾਇਕ ਤੇ ਇੰਦ੍ਰਿਆਵੀ ਵਾਸ਼ਨਾਵਾਂ ਵਾਲੇ ਭੈੜੇ ਔਗਣਾਂ ਤੋਂ ਬਚ ਕੇ ਰੱਬੀ ਗੁਣਾਂ ਵਾਲਾ ਹੋ ਗਿਆ ਭਾਵੇਂ ਉਹ ਧੰਨਾ ਜਾਟ (ਜੱਟ) ਸੀ ਜਾਂ ਉਹ ਭੀਲ ‘ਬਾਲਮੀਕ’ ਅਤੇ ਲੋਧੀ ਤੇ ਜਰਾ ਵਰਗੇ ਸ਼ਿਕਾਰੀ ਵੀ,  ਜਿਨਾਂ ਨੂੰ ਛੁਟਿਆਉਣ ਲਈ ਉੱਚ-ਜਾਤੀ ਬ੍ਰਾਹਮਣ ਨਫ਼ਰਤ ਨਾਲ ‘ਚੰਡਾਲ, ਬਟਵਾਰੇ (ਡਾਕੂ), ਸੁਪਚਾਰੋ ਤੇ ਸੁਆਨਸ਼ਤ੍ਰ ਵਰਗੇ ਘ੍ਰਿਣਤ ਉਪਨਾਵਾਂ ਨਾਲ ਬਲਾਉਂਦੇ ਸਨ :

(1) ਮੇਰੇ ਮਨ ! ਨਾਮੁ ਜਪਤ ਤਰਿਆ ॥  ਧੰਨਾ ਜਟੁ, ਬਾਲਮੀਕੁ ਬਟਵਾਰਾ ; ਗੁਰਮੁਖਿ ਪਾਰਿ ਪਇਆ ॥ (995)                                 

(2)  ਬਾਲਮੀਕੁ ਸੁਪਚਾਰੋ ਤਰਿਓ, ਬਧਿਕ ਤਰੇ ਬਿਚਾਰੇ ॥ ਏਕ ਨਿਮਖ, ਮਨ ਮਾਹਿ ਅਰਾਧਿਓ ; ਗਜਪਤਿ ਪਾਰਿ ਉਤਾਰੇ ॥ (999)

(3) ਬਾਲਮੀਕੈ ਹੋਆ ਸਾਧਸੰਗੁ ॥ ਧ੍ਰੂ ਕਉ ਮਿਲਿਆ, ਹਰਿ ਨਿਸੰਗ ॥ (1192)

(4)  ਰੇ ਚਿਤ ! ਚੇਤਿ ਚੇਤ, ਅਚੇਤ ! ॥  ਕਾਹੇ ਨ ਬਾਲਮੀਕਹਿ ਦੇਖ ? ॥ ਕਿਸੁ ਜਾਤਿ ਤੇ, ਕਿਹ ਪਦਹਿ ਅਮਰਿਓ ; ਰਾਮ ਭਗਤਿ ਬਿਸੇਖ ॥ਰਹਾਉ॥ ਸੁਆਨ ਸਤ੍ਰੁ, ਅਜਾਤੁ ਸਭ ਤੇ; ਕ੍ਰਿਸ ਲਾਵੈ ਹੇਤੁ ॥ ਲੋਗੁ ਬਪੁਰਾ ਕਿਆ ਸਰਾਹੈ ? ਤੀਨਿ ਲੋਕ ਪ੍ਰਵੇਸ ॥   (1124)

ਉਪਰੋਕਤ ਗੁਰ ਵਾਕਾਂ ਦੁਆਰਾ ਭਗਤ ਬਾਲਮੀਕ ਜੀ ਦੇ ਪਾਰ ਉਤਾਰੇ ਦਾ ਕਾਰਨ ਸਪਸ਼ਟ ਤੌਰ ’ਤੇ ਸਾਧ-ਸੰਗ ਅਤੇ ਗੁਰਮੁਖਤਾਈ ਨੂੰ ਦੱਸਿਆ ਗਿਆ ਹੈ, ਭਗਤਮਾਲ ਦੇ ਨਾਰਦ ਮੁਨੀ ਦੀ ਸਿੱਖਿਆ ਨੂੰ ਨਹੀਂ, ਜਿਹੜਾ ਲੁਕਾਈ ਨੂੰ ਪੱਥਰਾਂ ਦੀ ਪੂਜਾ ਵਿੱਚ ਲਾਉਂਦਾ ਰਿਹਾ ਜਦਕਿ ਇਸ ਮਨੂੰਵਾਦੀ ਮੁਨੀ ਬਾਰੇ ਤਾਂ ਗੁਰੂ ਨਾਨਕ ਸਾਹਿਬ ਜੀ ਦਾ ਸਪਸ਼ਟ ਨਿਰਣਾ ਹੈ ਕਿ ਉਹ ਆਪ ਵੀ ਹਨੇਰੇ ਵਿੱਚ ਸੀ ਅਤੇ ਅਨਪੜ੍ਹ ਰੱਖ ਕੇ ਅੰਧੀ ਗੁੰਗੀ ਬਣਾਈ ਲੁਕਾਈ ਨੂੰ ਵੀ ਭਟਕਾਉਂਦਾ ਹੀ ਰਿਹਾ ਹੈ :

ਹਿੰਦੂ ਮੂਲੇ ਭੂਲੇ, ਅਖੁਟੀ ਜਾਂਹੀ ॥ ਨਾਰਦਿ ਕਹਿਆ, ਸਿ ਪੂਜ ਕਰਾਂਹੀ ॥ 

ਅੰਧੇ, ਗੁੰਗੇ, ਅੰਧ ਅੰਧਾਰੁ ॥ ਪਾਥਰੁ ਲੇ ਪੂਜਹਿ, ਮੁਗਧ ਗਵਾਰ ॥

ਓਹਿ ਜਾ ਆਪਿ ਡੁਬੇ, ਤੁਮ ਕਹਾ ਤਰਣਹਾਰੁ ?॥ (556)

ਸਪਸ਼ਟ ਹੈ ਕਿ ਨਾਰਦ ਮੁਨੀ ਨੂੰ ਗੁਰੂ ਨਾਨਕ ਦ੍ਰਿਸ਼ਟੀ ਵਿੱਚ ਗੁਰਮੁਖ ਭਗਤ ਨਹੀਂ ਮੰਨਿਆ ਗਿਆ, ਜਦ ਕਿ ਭੀਲ ਭਗਤ ਬਾਲਮੀਕ ਜੀ ਨੂੰ ਭਗਤ ਕਬੀਰ, ਨਾਮਦੇਵ, ਰਵਿਦਾਸ ਤੇ ਧੰਨੇ ਦੀ ਪਦਵੀ ਵਿੱਚ ਰੱਖ ਕੇ ਵਿਚਾਰਿਆ ਗਿਆ ਹੈ ।  ਮਹਾਂਰਿਸ਼ੀ ਜਾਂ ਆਦਿ ਕਵੀ ਮੰਨੇ ਜਾਂਦੇ ਬ੍ਰਾਹਮਣ ਜਾਤੀ ਦੇ ਰਾਜਕੁਮਾਰ ‘ਵਾਲਮੀਕ’ ਦਾ ਕਿਤੇ ਹਵਾਲਾ ਮਾਤ੍ਰ ਵੀ ਵਰਨਣ ਨਹੀਂ ਕੀਤਾ । ਪੁਰਾਣਾਂ ਮੁਤਾਬਕ ਉਨ੍ਹਾਂ ਦਾ ਪੂਰਾ ਨਾਂ ਸੀ ‘ਰਤਨਾਕਰ ਪ੍ਰਚੇਤਾ ਵਾਲਮੀਕੀ’ । ਯਾਦ ਰੱਖਣਾ ਚਾਹੀਦਾ ਹੈ ਕਿ ‘ਵਾਲਮੀਕਿ’ ਇੱਕ ਉਪਾਧੀ ਹੈ, ਜਿਹੜੀ ਨਾਰਦੀ ਦ੍ਰਿਸ਼ਟੀ ਵਿੱਚ ਕੇਵਲ ਉਨ੍ਹਾਂ ਬ੍ਰਾਹਮਣਾਂ ਨੂੰ ਦਿੱਤੀ ਜਾ ਸਕਦੀ ਹੈ, ਜਿਹੜੇ ਸ੍ਰੀ ਰਾਮਚੰਦਰ ਦੇ ਗੁਰੂ ਵਸ਼ਿਸ਼ਟ ਵਰਗੇ ਰਾਜ-ਰਿਸ਼ੀਆਂ ਵੱਲੋਂ ‘ਆਤਮ-ਦਰਸ਼ੀ’ ਘੋਸ਼ਤ ਕੀਤੇ ਗਏ ਹੋਣ। ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਕਾਸ਼ਿਤ ਕੀਤੇ ਗਏ ‘ਹਿੰਦੂ ਮਿਥਿਹਾਸ ਕੋਸ਼’ ਵਿੱਚ ‘ਵਾਲਮੀਕਿ’ ਦਾ ਅਰਥ ਹੈ ‘ਵੇਖਿਆ’, ਨਾ ਕਿ ਸਿਉਂਕਿ ਦੀ ਉਹ ਵਰਮੀ, ਜਿਸ ਵਿੱਚੋਂ ਵਾਲਮੀਕ ਦਾ ਦੂਜਾ ਜਨਮ ਹੋਇਆ ਮੰਨਿਆ ਜਾਂਦਾ ਹੈ ।

ਇਸ ਲਈ ਸਪਸ਼ਟ ਹੈ ਕਿ ਦਲਿਤ ਸ਼੍ਰੇਣੀਆਂ ਦੇ ਭਗਤ ਬਾਲਮੀਕ ਨੂੰ ਸੋਨੇ ਦੀ ਮੂਰਤੀ ਵਿੱਚ ਮੜ੍ਹ ਕੇ ਮੰਦਰ ਵਿੱਚ ਸਥਾਪਿਤ ਕਰਨਾ ਇੱਕ ਰਾਜਨੀਤਕ ਸਟੰਟ ਹੈ । ਇਹ ਤਾਂ ਬਾਲਮੀਕੀ ਅਖਵਾਉਂਦੇ ਭੈਣ ਭਰਾਵਾਂ ਨੂੰ ਮੁੜ ਨਾਰਦ ਮੁਨੀ ਦੇ ਚੇਲੇ ਬਣਾ ਕੇ ਮੰਨੂਵਾਦੀ ਚਕ੍ਰਵਿਊ ਵਿੱਚ ਫਸਾਉਣ ਦੀ ਰਾਜਨੀਤਕ ਚਾਣਕਿਆ ਕੁਟਿਲ ਚਾਲ ਹੈ, ਹੋਰ ਕੋਈ ਗ਼ਰੀਬ ਨਿਵਾਜ਼ੀ ਵਾਲੀ ਦਲਿਤਾਂ ਦੀ ਹਮਦਰਦ ਸੋਚ ਨਹੀਂ । ਇਸ ਲਈ ਦਲਿਤ ਵਰਗ ਦੇ ਬਾਲਮੀਕੀਆਂ ਸਮੇਤ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਸੁਚੇਤ ਰਹਿਣ ਦੀ ਲੋੜ ਹੈ ਤਾਂ ਕਿ ਸੱਤਾਧਾਰੀ ਸ਼ੈਤਾਨ ਹਾਕਮ ਉਨ੍ਹਾਂ ਦੀ ਦੁਰਵਰਤੋਂ ਕਰ ਕੇ ਸਰਬ-ਸਾਂਝੇ ਭਾਰਤ ਨੂੰ ਹਿੰਦੂ ਰਾਸ਼ਟਰ ਵਿੱਚ ਬਦਲ ਕੇ ‘ਹਿੰਦੁਸਤਾਨ’ ਨਾਮ ਨਾ ਦੇ ਸਕਣ । ਕਿੰਨਾ ਘੋਰ ਅਨਿਆਂ ਹੈ ਕਿ ਜੇ ਕੋਈ ਖ਼ਾਲਿਸਤਾਨ ਦਾ ਨਾਰ੍ਹਾ ਲਾਵੇ ਤਾਂ ਉਹ ‘ਵੱਖਵਾਦੀ, ਅੱਤਵਾਦੀ’ ਅਤੇ ਜੇ ਕੋਈ ਸੱਤਾਧਾਰੀ ਲੋਕਾਂ ਦੀ ਅਗਿਆਨੀ ਭੀੜ ਤੋ ‘ਹਿੰਦੁਸਤਾਨ ਜ਼ਿੰਦਾਬਾਦ’ ਦੇ ਨਾਰ੍ਹੇ ਲਗਵਾਏ ਤਾਂ ਉਹ ਦੇਸ਼-ਭਗਤ ।  ਭੁੱਲ-ਚੁੱਕ ਮੁਆਫ਼ ।

ਜੈਤੋ ਦਾ ਮੋਰਚਾ

0

ਜੈਤੋ ਦਾ ਮੋਰਚਾ

ਗਿਆਨੀ ਅਵਤਾਰ ਸਿੰਘ

ਮਹਾਰਾਜਾ ਰਣਜੀਤ ਸਿੰਘ ਜੀ ਦੇ ਦੇਹਾਂਤ ਉਪਰੰਤ ਲਗਭਗ ਇੱਕ ਦਹਾਕੇ ਵਿੱਚ ਹੀ ਸਿੰਘਾਂ ਹੱਥੋਂ ਸਾਰਾ ਰਾਜ ਭਾਗ ਚੱਲਿਆ ਗਿਆ ਤੇ 1849 ਈ: ਨੂੰ ਅੰਗ੍ਰੇਜ਼ਾਂ ਨੇ ਪੂਰੇ ਪੰਜਾਬ ’ਤੇ ਕਬਜ਼ਾ ਕਰ ਲਿਆ।  ਅੰਗ੍ਰੇਜ਼ ਇਹ ਗੱਲ ਭਲੀ ਭਾਂਤ ਸਮਝਦੇ ਸਨ ਕਿ ਉਹ ਧੱਕੇ ਨਾਲ ਸਿੱਖਾਂ ਨੂੰ ਬਹੁਤਾ ਚਿਰ ਆਪਣੇ ਅਧੀਨ ਨਹੀਂ ਰੱਖ ਸਕਦੇ, ਇਸ ਲਈ ਅੰਗ੍ਰੇਜ਼ ਸਰਕਾਰ ਨੇ ਗੁਰਦੁਆਰਿਆਂ ਸਮੇਤ ਹੋਰ ਧਾਰਮਿਕ ਮਾਮਲਿਆਂ ਵਿੱਚ ਦਖ਼ਲ-ਅੰਦਾਜ਼ੀ ਕਰ ਸਿੱਖ ਸੱਭਿਆਚਾਰ ਅਤੇ ਧਾਰਮਿਕ ਪਰੰਪਰਾਵਾਂ ’ਚ ਮਿਲਗੋਭਾ ਕਰਨ ਵੱਲ ਕਦਮ ਪੁੱਟਣੇ ਸ਼ੁਰੂ ਕਰ ਦਿੱਤੇ, ਤਾਂ ਜੋ ਸਿੱਖਾਂ ਨੂੰ ਡਰ ਅਧੀਨ ਕਾਬੂ ਰੱਖਿਆ ਜਾ ਸਕੇ। ਸਰਕਾਰ ਨੇ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਅਸਿੱਧੇ ਤੌਰ ’ਤੇ ਦਖ਼ਲ-ਅੰਦਾਜ਼ੀ ਕਰ ਮਹੰਤਾਂ ਨੂੰ ਵਿਗੜਨ ’ਚ ਮਦਦ ਕੀਤੀ। ਸਿੱਖਾਂ ਨੂੰ ਆਪਣੇ ਗੁਰਦੁਆਰੇ ਆਜ਼ਾਦ ਕਰਵਾਉਣ ਲਈ ਅੰਗ੍ਰੇਜ਼ ਸਰਕਾਰ ਨਾਲ ਟੱਕਰ ਲੈਣੀ ਪਈ। ਅੰਗ੍ਰੇਜ਼ ਸਰਕਾਰ ਅਸਿੱਧੇ ਢੰਗ ਨਾਲ ਸਿੱਖਾਂ ਨੂੰ ਗੁਲਾਮ ਬਣਾਈ ਰੱਖਣਾ ਚਾਹੁੰਦੀ ਸੀ ਤੇ ਸਰਕਾਰ ਨੇ ਸਮੇਂ-ਸਮੇਂ ’ਤੇ ਸਖ਼ਤੀ ਤੋਂ ਕੰਮ ਲੈਂਦਿਆਂ ਸਿੱਖਾਂ ਦੁਆਰਾ ਉੱਠਾਈ ਜਾਂਦੀ ਹਰ ਆਵਾਜ਼ ਨੂੰ ਦਬਾਉਣਾ ਚਾਹਿਆ। ਇਸ ਤਾਨਾਸ਼ਾਹੀ ਵਿਰੁਧ ਸਿੱਖਾਂ ਦੁਆਰਾ ਕੀਤੇ ਗਏ ਸੰਘਰਸ਼ਾਂ ਵਿੱਚੋਂ ਇੱਕ ਹੈ, ‘ਜੈਤੋਂ ਦਾ ਮੋਰਚਾ’।

‘ਜੈਤੋ ਦੇ ਮੋਰਚੇ’ ਦੀ ਆਰੰਭਤਾ 7 ਜੁਲਾਈ 1923 ਦੇ ਦਿਨ 40 ਸਾਲਾਂ ਦੇ ਮਹਾਰਾਜਾ ਨਾਭਾ (ਟਿੱਕਾ ਰਿਪੁਦਮਨ ਸਿੰਘ ਜੀ) ਤੋਂ ਅੰਗ੍ਰੇਜ਼ ਸਰਕਾਰ ਦੁਆਰਾ ਜ਼ਬਰਨ ਅਸਤੀਫ਼ਾ ਲੈਣ ਅਤੇ ਉਨ੍ਹਾਂ ਨੂੰ 3 ਲੱਖ ਰੁਪਏ ਮਹੀਨਾ ਭੱਤਾ ਦੇ ਕੇ ਦੇਹਰਾਦੂਨ ਭੇਜਣ ਲਈ ਜਾਰੀ ਕੀਤੇ ਗਏ ਹੁਕਮ ਨਾਲ਼ ਹੁੰਦੀ ਹੈ ਜਦਕਿ ਤਦ ਰਿਆਸਤ ਨਾਭਾ ਦੀ ਕੁੱਲ ਆਮਦਨ 24 ਲੱਖ ਰੁਪਏ ਸਾਲਾਨਾ ਸੀ ਅਤੇ 1921 ਦੀ ਮਰਦਮ ਸ਼ੁਮਾਰੀ ਅਨੁਸਾਰ ਆਬਾਦੀ 263-394 ਅਤੇ ਰਕਬਾ 968 ਵਰਗ ਮੀਲ ਸੀ ।

ਬਾਰ੍ਹਾਂ ਸਿੱਖ ਮਿਸਲਾਂ ’ਚੋਂ ‘ਫੂਲਕਿਆਨ ਮਿਸਲ’ ਦਾ ਵੱਡਾ ਹਿੱਸਾ ਨਾਭਾ ਰਿਆਸਤ ਸੀ।  ਬਾਬਾ ਫੂਲਾ ਜੀ ਦੇ ਵੱਡੇ ਸਪੁੱਤਰ ਤਿਲੋਕ ਸਿੰਘ ਜੀ ਦੇ ਪੁੱਤਰ ਗੁਰਦਿੱਤ ਸਿੰਘ ਜੀ ਤੋਂ ਨਾਭਾ ਵੰਸ਼ ਸ਼ੁਰੂ ਹੋਇਆ, ਜਿਨ੍ਹਾਂ ਦਾ ਦੇਹਾਂਤ 1754 ਈਸਵੀ ’ਚ ਹੋ ਗਿਆ ਸੀ।  ਮਹਾਰਾਜ ਰਿਪੁਦਮਨ ਸਿੰਘ ਜੀ, ਇਸੇ ਵੰਸ਼ ’ਚੋਂ ਨਾਭਾ ਰਤਨ ਮਹਾਰਾਜਾ ਹੀਰਾ ਸਿੰਘ ਮਾਲਵੇਂਦ੍ਰ ਬਹਾਦਰ ਦੇ ਇਕਲੌਤੇ ਸਪੁੱਤਰ ਸਨ, ਜਿਨ੍ਹਾਂ ਦਾ ਜਨਮ 8 ਮਾਰਚ 1883 ਈਸਵੀ ਨੂੰ ਹੋਇਆ ਤੇ 24 ਜਨਵਰੀ 1912 ਈ. ਨੂੰ (29 ਸਾਲ ਦੀ ਉਮਰ ’ਚ ਪਿਤਾ ਜੀ ਦੇ ਦੇਹਾਂਤ ਉਪਰੰਤ) ਰਾਜਗੱਦੀ ’ਤੇ ਬਿਰਾਜਮਾਨ ਹੋਏ। ਇਨ੍ਹਾਂ ਦੀ ਵਿਦਵਤਾ ਦੇ ਕਾਰਨ ਇਹ ਅੰਗ੍ਰੇਜ਼ ਸਰਕਾਰ ਅਤੇ ਸਿੱਖ ਸਮਾਜ ’ਚ ਸਤਿਕਾਰਮਈ ਸ਼ਖ਼ਸੀਅਤ ਸਨ; ਜਿਵੇਂ ਕਿ ਨਵੰਬਰ 1920 ’ਚ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਦੀਵਾਰ ਢਾਹੇ ਜਾਣ ਉਪਰੰਤ ਇਨ੍ਹਾਂ ਨੇ ਹੀ ਸਿੱਖਾਂ ਅਤੇ ਸਰਕਾਰ ਵਿਚਕਾਰ ਸੁਲ੍ਹਾ ਕਰਵਾਈ ਸੀ, ਪਰ 20 ਫ਼ਰਵਰੀ 1921 ਦੇ ਨਨਕਾਣਾ ਸਾਹਿਬ ਦੇ ਕਤਲੇਆਮ ਵਿਰੁਧ ਸ਼੍ਰੋਮਣੀ ਕਮੇਟੀ ਨੇ ਰੋਸ ਦਿਨ ਮਨਾਉਣ ਵਜੋਂ ਕਾਲੀ ਦਸਤਾਰ ਸਜਾਉਣ ਦੀ ਅਪੀਲ ਕੀਤੀ । ਮਹਾਰਾਜਾ ਨਾਭਾ ਨੇ ਨਾ ਸਿਰਫ਼ ਉਸ ਦਿਨ ਕਾਲੀ ਦਸਤਾਰ ਹੀ ਸਜਾਈ ਬਲਕਿ ਸਰਕਾਰੀ ਛੁੱਟੀ ਵੀ ਐਲਾਨ ਦਿੱਤੀ, ਜਿਸ ਕਰ ਕੇ ਅੰਗ੍ਰੇਜ਼ ਸਰਕਾਰ ਇਨ੍ਹਾਂ ਨੂੰ ਗੱਦੀ ਤੋਂ ਹਟਾਉਣ ਲਈ ਕੋਈ ਬਹਾਨਾ ਭਾਲਦੀ ਸੀ, ਜੋ ਉਨ੍ਹਾਂ ਨੂੰ ਪਟਿਆਲੇ ਦੇ ਰਾਜਾ ਭੁਪਿੰਦਰ ਸਿੰਘ ਨੇ ਬਿਨਾਂ ਵਜ੍ਹਾ ਲੜਾਈ ਕਰ ਕੇ ਦੇ ਦਿੱਤਾ, ਜੋ ਅੰਗ੍ਰੇਜ਼ਾਂ ਨਾਲ਼ ਗੂੜੇ ਸਬੰਧ ਰੱਖਦਾ ਸੀ।

 ਭਾਈ ਕਾਨ੍ਹ ਸਿੰਘ ਜੀ ਨਾਭਾ ਅਨੁਸਾਰ ਫੂਲਕੀਆ ਰਿਆਸਤ ਦੇ ਮੋਢੀ ਬਾਬਾ ਫੂਲ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਰਾਜਗੱਦੀ ਦਾ ਵਚਨ ਮਿਲਿਆ ਹੋਇਆ ਸੀ ਤੇ ਇਨ੍ਹਾਂ ਦੇ ਦੋਵੇਂ ਸਪੁੱਤਰ ਭਾਈ ਤਿਲੋਕ ਸਿੰਘ ਜੀ ਤੇ ਭਾਈ ਰਾਮ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ‘ਤੇਰਾ ਘਰ ਮੇਰਾ ਘਰ’ ਕਹਿ ਕੇ ਸਤਿਕਾਰਿਆ ਗਿਆ ਸੀ।  ਭਾਈ ਤਿਲੋਕ ਸਿੰਘ ਜੀ ਦੇ ਵੱਡੇ ਬੇਟੇ ਗੁਰਦਿੱਤ ਸਿੰਘ ਜੀ ਤੋਂ ਨਾਭਾ ਰਿਆਸਤ ਅਤੇ ਛੋਟੇ ਬੇਟੇ ਸੁਖਚੈਨ ਸਿੰਘ ਜੀ ਤੋਂ ਜੀਂਦ ਰਿਆਸਤ ਚੱਲੀ ਜਦਕਿ ਭਾਈ ਰਾਮ ਸਿੰਘ ਜੀ ਦੇ ਸਪੁੱਤਰ ਬਾਬਾ ਆਲਾ ਸਿੰਘ ਜੀ ਤੋਂ ਪਟਿਆਲਾ ਰਿਆਸਤ ਆਰੰਭ ਹੋਈ।

ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਅਤੇ ਮਹਾਰਾਜਾ ਨਾਭਾ ਰਿਪੁਦਮਨ ਸਿੰਘ ਦਾ ਝਗੜਾ ਡਾ. ਮਹਿੰਦਰ ਸਿੰਘ (ਅਕਾਲੀ ਲਹਿਰ) ਅਨੁਸਾਰ ਆਪਣੇ ਰਾਜ ਦੀਆਂ ਹੱਦਾਂ ਅੰਦਰ ਪੈਂਦੇ ਇਲਾਕਿਆਂ ਅਤੇ ਕੁਝ ਮੁਲਾਜਮਾਂ ਦੀ ਹਵਾਲਗੀ ਸੰਬੰਧੀ ਸੀ। ਇਸ ਤਰ੍ਹਾਂ ਇਹ ਝਗੜਾ ਧਾਰਮਿਕ ਨਾ ਹੋ ਕੇ ਰਾਜਨੀਤਕ ਵੱਧ ਸੀ। ਅੰਗ੍ਰੇਜ਼ ਸਰਕਾਰ ਨੇ ਇਸ ਝਗੜੇ ਦਾ ਫ਼ਾਇਦਾ ਉਠਾਉਂਦਿਆਂ ਆਪ ਫ਼ੈਸਲਾ ਕਰਨ ਲਈ ਦੋਵੇਂ ਧਿਰਾਂ ਨੂੰ ਰਾਜੀ ਕਰ ਲਿਆ। ਸਰਕਾਰੇ ਹਿੰਦ ਨੇ ਮਹਾਰਾਜਾ ਰਿਪੁਦਮਨ ਸਿੰਘ ਜੀ ਦੇ ਵਜ਼ੀਰਾਂ ਤੇ ਅਫ਼ਸਰਾਂ ਨੂੰ ਆਪਣੇ ਅਧੀਨ ਕਰ ਕੇ ਉਨ੍ਹਾਂ ਰਾਹੀਂ ਮਹਾਰਾਜੇ ਉੱਤੇ ਆਪਣੀ ਗੱਲ ਮਨਵਾਉਣ ਲਈ ਦਬਾਅ ਬਣਾ ਲਿਆ। ਮਹਾਰਾਜਾ ਰਿਪੁਦਮਨ ਸਿੰਘ ਜੀ, ਆਪਣੀ ਰਿਆਸਤ ਦੇ ਪ੍ਰਸ਼ਾਸਨ ਤੋਂ ਰਿਟਾਇਰ ਹੋਣ ਬਾਰੇ ਆਪਣੇ ਫ਼ੈਸਲੇ ਸੰਬੰਧੀ ਹਾਲਾਤ ਦਾ ਵਰਣਨ ਕਰਦਿਆਂ ਲਿਖਦੇ ਹਨ, ‘ਮੇਰੀ ਡਿੱਗੀ ਹੋਈ ਸਿਹਤ ਦਾ ਲਾਭ ਉਠਾਉਂਦਿਆਂ ਮੇਰੇ ਖ਼ੁਦਗਰਜ਼ ਅਧਿਕਾਰੀ, ਜਿਹੜੇ ਮੈਨੂੰ ਪਤਾ ਲੱਗਾ ਹੈ, ਮੇਰੇ ਵਿਰੋਧੀਆਂ ਦੇ ਅਸਰ ਹੇਠ ਹਨ ਅਤੇ ਬਰਤਾਨਵੀ ਰਾਜਸੀ ਵਿਭਾਗ ਦੇ ਅਧਿਕਾਰੀ ਬਾਰ-ਬਾਰ ਇਹ ਸੁਝਾਅ ਦੇ ਕੇ ਮੇਰੇ ਉੱਤੇ ਹਾਵੀ ਹੋ ਗਏ ਕਿ ਮੈਂ ਆਪਣੀ ਰਿਆਸਤ ਦੇ ਮਾਮਲਿਆਂ ਵਿੱਚ ਦਖ਼ਲ ਦੇਣ ਦੀ ਵਧੇਰੇ ਤਾਕਤ ਉਨ੍ਹਾਂ ਨੂੰ ਦੇ ਕੇ ਸਰਕਾਰ ਨੂੰ ਠੰਢਾ ਕਰਾਂ।’ (ਫਾਈਲ ਨੰ. 18 ਪੁਰਾਤੱਤਵ ਵਿਭਾਗ ਪਟਿਆਲਾ)

ਇਸ ਤਰ੍ਹਾਂ ਵਾਇਸਰਾਇ ਦਾ ਨਾਮ ਵਰਤ ਕੇ ਉਨ੍ਹਾਂ ਕੋਲੋਂ ਜ਼ਬਰਦਸਤੀ ਕਾਗਜ਼ਾਂ ’ਤੇ ਦਸਤਖ਼ਤ ਕਰਵਾ ਕੇ ਤੇ ਉਸ ਤੋਂ ਬਾਅਦ 8 ਜੂਨ 1923 ਨੂੰ ਕਰਨਲ ਮਿੰਚਨ ਨੇ ਰਾਜੇ ਦੇ ਮਹਿਲ ਵਿੱਚ ਸਿਪਾਹੀਆਂ ਸਮੇਤ ਆ ਕੇ ਕਬਜ਼ਾ ਕਰ ਲਿਆ ਤੇ ਉਨ੍ਹਾਂ ਨੂੰ ਗੱਦੀ ਤੋਂ ਹਟਾ ਦਿੱਤਾ।

ਅਦਾਲਤ ਦਾ ਫ਼ੈਸਲਾ ਵੀ ਮਹਾਰਾਜਾ ਰਿਪੁਦਮਨ ਸਿੰਘ ਜੀ ਦੇ ਵਿਰੁਧ ਕਰਵਾ ਲਿਆ। ਹੁਣ ਉਨ੍ਹਾਂ ਨੂੰ ਅੰਗ੍ਰਜ਼ਾਂ ਨੇ ਗੱਦੀ ਛੱਡਣ ਲਈ ਜਾਂ ਅਦਾਲਤ ਵਿੱਚ ਅਗਾਂਹ ਅਪੀਲ ਪਾਉਣ ਲਈ ਕਿਹਾ, ਪਰ ਆਪ ਜਾਣਦੇ ਸਨ ਕਿ ਅਦਾਲਤੀ ਰਸਤੇ ਪੈਣ ਦਾ ਮਤਲਬ ਸੀ ਬੇਇੱਜ਼ਤੀ ਤੇ ਖ਼ੱਜਲ਼-ਖ਼ੁਆਰੀ। ਆਪ ਜੀ ਨੇ ਗੱਦੀ ਛੱਡਣੀ ਪ੍ਰਵਾਨ ਕਰ ਲਈ। ਭਾਵੇਂ ਇਹ ਮਹਾਰਾਜਾ ਪਟਿਆਲਾ ਤੇ ਨਾਭਾ ਦਾ ਨਿੱਜੀ ਮਸਲਾ ਸੀ ਪਰ ਆਪ ਜੀ ਦੇ ਗੁਰਸਿੱਖੀ ਨਾਲ ਪਿਆਰ ਤੇ ਹਰਮਨ-ਪਿਆਰਤਾ ਕਾਰਨ ਸਿੱਖਾਂ ਨੇ ਆਪ ਜੀ ਨੂੰ ਰਿਆਸਤ ਤੋਂ ਵੱਖ ਕੀਤੇ ਜਾਣ ਦਾ ਬੁਰਾ ਮਨਾਇਆ।

ਅਖ਼ਬਾਰਾਂ, ਜਿਵੇਂ ਕਿ ਸੱਚਾ ਢੰਡੋਰਾ, ਦਲੇਰ-ਏ-ਹਿੰਦ, ਬੀਰ ਅਕਾਲੀ ਅਤੇ ਕਿਰਪਾਨ ਬਹਾਦਰ, ਆਦਿ ਨੇ ਮਹਾਰਾਜਾ ਨਾਭਾ ਜੀ ਦੇ ਹੱਕ ਵਿੱਚ ਆਵਾਜ਼ ਉੱਠਾਈ।  4 ਅਗਸਤ 1923 ਨੂੰ ਅੰਮ੍ਰਿਤਸਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਹਾਰਾਜੇ ਨਾਲ ਹਮਦਰਦੀ ਦਾ ਮਤਾ ਪਾਸ ਕੀਤਾ ਕਿ 9 ਸਤੰਬਰ ਨੂੰ ਸਭ ਥਾਵਾਂ ’ਤੇ ‘ਨਾਭਾ ਦਿਨ’ ਮਨਾਇਆ ਜਾਵੇਗਾ।  ਮਹਾਰਾਜੇ ਨਾਲ ਹੋਈ ਬੇਇਨਸਾਫ਼ੀ ਦੂਰ ਕਰਨ ਲਈ ਅਰਦਾਸੇ ਸੋਧੇ ਗਏ।  27 ਅਗਸਤ ਨੂੰ ਇਲਾਕੇ ਦੀਆਂ ਸੰਗਤਾਂ ਵੱਲੋਂ ਗੁਰਦੁਆਰਾ ਗੰਗਸਰ ਜੈਤੋਂ ਵਿਖੇ ਦੀਵਾਨ ਹੋਇਆ। ਜਿਸ ਵਿੱਚ ਮਹਾਰਾਜੇ ਦੀ ਬਹਾਲੀ ਲਈ ਮਤਾ ਪਾਸ ਕੀਤਾ ਗਿਆ।  ਅਜਿਹੇ ਦੀਵਾਨ ਹੋਰ ਵੀ ਕਈ ਥਾਵਾਂ ’ਤੇ ਹੋਏ।

ਅੰਗ੍ਰੇਜ਼ੀ ਸਰਕਾਰ ਇਸ ਝਗੜੇ ਨੂੰ ਰਾਜਨੀਤਿਕ ਸਮਝਦੀ ਸੀ ਤੇ ਸ੍ਰੋਮਣੀ ਕਮੇਟੀ ਦੇ ਦਖ਼ਲ ਨੂੰ ਇਸ ਵਿੱਚ ਬਰਦਾਸ਼ਤ ਨਹੀਂ ਕਰਦੀ ਸੀ। ਇਸ ਕਰ ਕੇ ਸਰਕਾਰ ਨੇ ਵੱਖ-ਵੱਖ ਥਾਵਾਂ ’ਤੇ ਇਕੱਤਰ ਹੋ ਰਹੇ ਅਜਿਹੇ ਦੀਵਾਨਾਂ ’ਤੇ ਪਾਬੰਦੀ ਲਗਾ ਦਿੱਤੀ। ਇਸ ਵਿਰੁਧ 9 ਸਤੰਬਰ ਨੂੰ ਵੱਖ-ਵੱਖ ਥਾਵਾਂ ’ਤੇ ਜਲਸੇ ਅਤੇ ਜਲੂਸ ਕੱਢੇ ਗਏ, ਜਿਸ ਦੌਰਾਨ 25 ਸਿੱਖ ਗ੍ਰਿਫ਼ਤਾਰ ਕਰ ਲਏ ਗਏ।  14 ਸਤੰਬਰ ਨੂੰ ਗੁਰਦੁਆਰਾ ਗੰਗਸਰ ਜੈਤੋਂ ਵਿਖੇ ਅਖੰਡ ਪਾਠ ਰੱਖਿਆ ਗਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਗਿਆਨੀ ਇੰਦਰ ਸਿੰਘ ਜੀ ਨੂੰ ਗਰਿਫ਼ਤਾਰ ਕਰ ਅਖੰਡ ਪਾਠ ਨੂੰ ਖੰਡਿਤ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸੰਗਤਾਂ ਨੇ ਫ਼ੈਸਲਾ ਕਰ ਲਿਆ ਕਿ ਹੁਣ ਅਖੰਡ ਪਾਠ ਸਾਹਿਬ ਉਦੋਂ ਤੱਕ ਜਾਰੀ ਰੱਖਣੇ ਹਨ ਜਦ ਤੱਕ ਸਰਕਾਰ ਆਪਣੀ ਸਾਡੇ ਧਾਰਮਿਕ ਕੰਮਾਂ ’ਚ ਦਖ਼ਲ-ਅੰਦਾਜ਼ੀ ਬੰਦ ਨਹੀਂ ਕਰਦੀ।

ਇਸ ਘਟਨਾ ਤੋਂ ਬਾਅਦ ਇਹ ਲਹਿਰ ਇੱਕ ਨਵਾਂ ਰੂਪ ਅਖ਼ਤਿਆਰ ਕਰ ਚੁੱਕੀ ਸੀ। ਹੁਣ ਇਹ ਮਸਲਾ ਕੇਵਲ ਮਹਾਰਾਜਾ ਰਿਪੁਦਮਨ ਸਿੰਘ ਨਾਲ ਹੋਏ ਧੱਕੇ ਤੱਕ ਸੀਮਤ ਨਾ ਰਿਹਾ ਸਗੋਂ ਇਕ ਧਾਰਮਿਕ ਮਸਲਾ ਵੀ ਬਣ ਗਿਆ।  ਸਿੱਖ ਸੰਗਤਾਂ ਇਸ ਖੰਡਿਤ ਹੋਏ ਪਾਠ ਨੂੰ ਦੁਬਾਰਾ ਆਰੰਭ ਕਰਨਾ ਚਾਹੁੰਦੀਆਂ ਸਨ।  29 ਸਤੰਬਰ 1923 ਨੂੰ ਸ਼੍ਰੋਮਣੀ ਕਮੇਟੀ ਦੀ ਇੱਕ ਮੀਟਿੰਗ ਅਕਾਲ ਤਖ਼ਤ ਸਾਹਿਬ ’ਤੇ ਹੋਈ, ਜਿਸ ਨੇ ਖੰਡਿਤ ਹੋਏ ਪਾਠ ਦੀ ਨਿਖੇਧੀ ਕੀਤੀ ਤੇ ਮੁੜ ਪਾਠ ਆਰੰਭ ਕਰਨ ਲਈ ਵੀ ਮਤਾ ਪਾਸ ਕੀਤਾ। ਇਸ ਕਾਰਜ ਦੀ ਸਫਲਤਾ ਲਈ ਅਕਾਲ ਤਖ਼ਤ ਸਾਹਿਬ ’ਤੇ ਅਰਦਾਸ ਕਰ ਕੇ ਜੈਤੋ ਨੂੰ ਜੱਥੇ ਭੇਜਣੇ ਸ਼ੁਰੂ ਕੀਤੇ, ਜੋ ਪਹਿਲਾਂ 25-25 ਸਿੰਘਾਂ ਦੇ ਜੱਥੇ ਅਤੇ ਬਾਅਦ ’ਚ 500-500 ਸਿੰਘਾਂ ਦੇ ਜੱਥੇ ਜੈਤੋ ਵੱਲ ਰਵਾਨਾ ਕੀਤੇ ਗਏ ।  ਗੁਰੂ ਸਾਹਿਬ ਜੀ ਦੀ ਹੋਈ ਬੇਅਦਬੀ ਕਾਰਨ ਸਿੱਖਾਂ ਅੰਦਰ ਇੰਨਾ ਗੁੱਸਾ ਸੀ ਕਿ ਉਹ 17 ਅਪਰੈਲ 1925 ਨੂੰ ਅਕਾਲ ਤਖ਼ਤ ਸਾਹਿਬ ਤੋਂ ਚੱਲਣ ਵਾਲ਼ੇ 16ਵੇਂ ਜੱਥੇ ’ਚ ਵੀ ਆਪਣਾ ਨਾਮ ਲਿਖਵਾਉਣ ਲਈ ਉਤਾਵਲ਼ੇ ਸਨ।  ਇਸ ਮੁਹਿਮ ’ਚ ਸਿੰਘ ਕੇਵਲ ਪੰਜਾਬ ਤੱਕ ਹੀ ਸੀਮਤ ਨਹੀਂ ਸਨ ਬਲਕਿ ਬੰਗਾਲ, ਕਲਕੱਤਾ, ਕੈਨੇਡਾ, ਹਾਂਗਕਾਂਗ, ਚੀਨ ਤੱਕ ਤੋਂ ਜੱਥੇ ਅਕਾਲ ਤਖ਼ਤ ਅੰਮ੍ਰਿਤਸਰ ਵਿਖੇ ਪਹੁੰਚਣੇ ਸ਼ੁਰੂ ਹੋ ਗਏ।  ਵਿਦੇਸ਼ੀ ਸੰਗਤਾਂ ਸਮੇਤ 27 ਅਪਰੈਲ 1925 ਈਸਵੀ ਨੂੰ 101 ਸਿੰਘਾਂ ਦਾ ਸਪੈਸ਼ਲ ਜੱਥਾ ਜੋ ਕਈ ਦਿਨਾਂ ’ਚ ਇੱਧਰ ਉਧਰ ਗੁਰਮਤਿ ਦਾ ਪ੍ਰਚਾਰ ਕਰ ਕੇ ਲੋਕਾਂ ਦਾ ਮਨੋਬਲ ਉੱਚਾ ਕਰਦਾ ਹੋਇਆ ਜੈਤੋ ਵੱਲ ਵਧ ਰਿਹਾ ਸੀ ਤਾਂ ਇਨ੍ਹਾਂ ਨੂੰ ਰਸਤੇ ’ਚ 21 ਜੁਲਾਈ 1925 ਨੂੰ ਇਤਲਾਹ ਮਿਲੀ ਕਿ ਸਰਕਾਰ ਨੇ ਅਖੰਡ ਪਾਠ ’ਤੇ ਲਾਈ ਪਾਬੰਦੀ ਵਾਪਸ ਲੈ ਲਈ ਹੈ।  ਸੋ, ਇਸ ਜੱਥੇ ਨੇ 14 ਸਤੰਬਰ 1923 ਨੂੰ ਗੰਗਸਰ ਜੈਤੋ ’ਚ ਹੋਏ ਖੰਡਿਤ ਅਖੰਡਪਾਠ ਨੂੰ ਮੁੜ ਆਰੰਭ ਕੀਤਾ।   101 ਅਖੰਡ ਪਾਠਾਂ ਦੀ ਇਹ ਲੜੀ 7 ਅਗਸਤ 1925 ਦੇ ਦਿਨ ਸਮਾਪਤ ਹੋਈ।

14 ਸਤੰਬਰ 1923 ਤੋਂ 21 ਜੁਲਾਈ 1925 ਤੱਕ ਲਗਭਗ 23 ਮਹੀਨੇ ਚੱਲੇ ਇਸ ਸੰਘਰਸ਼ ’ਚ 10 ਹਜ਼ਾਰ ਸਿੰਘਾਂ ਦੀਆਂ ਗ੍ਰਿਫ਼ਤਾਰੀਆਂ ਹੋਈਆਂ, 250 ਤੋਂ ਵੱਧ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ, ਇਨ੍ਹਾਂ ਵਿੱਚੋਂ ਕਈ ਮੌਕੇ ’ਤੇ ਹੀ ਪ੍ਰਾਣ ਤਿਆਗ ਗਏ ਅਤੇ ਕਈਆਂ ਨੇ ਜੇਲ੍ਹਾਂ ’ਚ ਜ਼ੁਲਮ ਨੂੰ ਨਾ ਸਹਾਰਦਿਆਂ ਆਪਣਾ ਸਰੀਰ ਤਿਆਗਿਆ।  ਸਰਕਾਰੀ ਕਾਰਵਾਈ ਦੀ ਸਾਰੀ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ਅੰਮ੍ਰਿਤਸਰ ਪਹੁੰਚਾਉਣ ਬਦਲੇ ਮਾਈ ਕਿਸ਼ਨ ਕੌਰ, ਦੁੱਲਾ ਸਿੰਘ ਤੇ ਸੁੱਚਾ ਸਿੰਘ, ਜੋ ਕਿ ਦੋਵੇਂ ਰੋਡੇ ਪਿੰਡ ਦੇ ਸਨ, ਨੂੰ ਨਾਭਾ ਪੁਲਿਸ ਨੇ 7-7 ਸਾਲ ਕੈਦ ਦੀ ਸਜ਼ਾ ਸੁਣਾਈ। ਘੋੜ ਸਵਾਰਾਂ ਦੇ ਹੇਠਾਂ ਆ ਕੇ ਅਤੇ ਲਾਠੀਆਂ ਦੀ ਮਾਰ ਨਾਲ਼ ਅਨੇਕਾਂ ਆਪਣੇ ਸਰੀਰਕ ਅੰਗ ਗਵਾ ਬੈਠੇ।  500 ਸਿੰਘਾਂ ਦਾ ਪਹਿਲਾ ਗਿਆ ਜੱਥਾ, ਜਿਸ ਨੇ 21 ਫ਼ਰਵਰੀ 1924 ਨੂੰ ਜੈਤੋ ਪਹੁੰਚਣਾ ਸੀ, ’ਤੇ ਇੰਨਾ ਤਸੱਦਦ ਹੋਇਆ ਕਿ ਵਿਲਸਨ ਜਾਨਸਟਨ ਅਫ਼ਸਰ ਨੇ ਫ਼ੋਜ ਨੂੰ ਗੋਲ਼ੀ ਚਲਾਉਣ ਦਾ ਹੁਕਮ ਸੁਣਾ ਦਿੱਤਾ ਅਤੇ ਅੰਗਰੇਜ਼ ਫ਼ੌਜ ਨੇ 27 ਹਜ਼ਾਰ ਕਾਰਤੂਸ ਚਲਾਏ। ਦਾਤੇ ਦੀ ਕਿਰਪਾ ਵੇਖੀਏ ਕਿ ਮਸ਼ੀਨਗਨ ’ਚ ਕਾਰਤੂਸ ਫਸ ਗਿਆ ਤੇ ਉਹ ਬੰਦ ਹੋ ਗਈ ਨਹੀਂ ਤਾਂ ਸਾਰਾ ਜੱਥਾ ਹੀ ਸ਼ਹੀਦ ਹੋ ਜਾਣਾ ਸੀ। ਫਿਰ ਵੀ ਇਸ ਜੱਥੇ ਦੇ 100 ਤੋਂ ਵੱਧ ਸਿੰਘ ਤੁਰੰਤ ਸ਼ਹੀਦ ਹੋ ਗਏ ਤੇ ਬਾਕੀ ਸਾਰੇ ਹੀ ਗੰਭੀਰ ਜਖ਼ਮੀ ਹੋ ਗਏ।  ਸਰਕਾਰ ਦੀ ਇਸ ਕਰਵਾਈ ਦੀ ਦੇਸ਼-ਵਿਦੇਸ਼ ਵਿੱਚ ਬੜੀ ਕਿਰਕਰੀ ਹੋਈ ਕਿਉਂਕਿ ਅਮਰੀਕਾ ਦੇ ਮਸ਼ਹੂਰ ਅਖ਼ਬਾਰ ‘ਨਿੳੂਯਾਰਕ ਟਾਈਮਜ਼’ ਦੇ ਪੱਤਰਕਾਰ ਨਾਮਾਨਿਗਾਰ ਮਿਸਟਰ ਜ਼ਿਮਾਂਦ ਵੀ ਇਸ ਜੱਥੇ ਨਾਲ ਬਰਗਾੜੀ ਤੱਕ ਗਿਆ।

21 ਫ਼ਰਵਰੀ ਦੀ ਇਸ ਘਟਨਾ ਉਪਰੰਤ 28 ਫ਼ਰਵਰੀ ਨੂੰ 500 ਸਿੰਘਾਂ ਦਾ ਦੂਜਾ ਜੱਥਾ ਜੈਤੋ ਵੱਲ ਰਵਾਨਾ ਹੋਇਆ, ਜਿਸ ਨੇ 14 ਮਾਰਚ ਨੂੰ ਜੈਤੋ ਪਹੁੰਚਣਾ ਸੀ, ਇਸ ਵਿੱਚ ਸ਼ਾਮਲ ਹੋਣ ਲਈ ਪੰਡਿਤ ਮਦਨ ਮੋਹਨ ਮਾਲਵੀਆ ਸਮੇਤ ਕਈ ਕੌਂਸਲ ਮੈਂਬਰ ਤੇ ਨੇਤਾ 14 ਮਾਰਚ ਨੂੰ ਸਵੇਰੇ ਹੀ ਜੈਤੋ ਪਹੁੰਚ ਗਏ, ਜਿਸ ਕਾਰਨ ਅੰਗਰੇਜ਼ਾਂ ਨੇ ਬਾਕੀ ਜੱਥਿਆਂ ’ਤੇ ਗੋਲ਼ੀ ਚਲਾਉਣ ਦੀ ਬਜਾਇ ਫੜ-ਫੜ ਜੇਲ੍ਹਾਂ ’ਚ ਬੰਦ ਕਰ ਕੇ ਤਸੱਦਦ ਕਰਨਾ ਉਚਿਤ ਸਮਝਿਆ।  ਅਕਾਲ ਤਖ਼ਤ ਸਾਹਿਬ ਤੋਂ 22 ਮਾਰਚ 1924 ਨੂੰ ਚੱਲਣ ਵਾਲ਼ਾ ਤੀਸਰਾ ਜੱਥਾ, ਜਿਸ ਨੇ 7 ਅਪਰੈਲ ਨੂੰ ਜੈਤੇ ਪਹੁੰਚਣ ਸੀ, ਦੇ ਸਮੇਂ ਤਾਰਾ ਸਿੰਘ ਮੋਗਾ ਐਮ. ਐਲ. ਸੀ., ਮੀਆਂ ਫ਼ਜ਼ਲ ਹੱਕ, ਕਰਤਾਰ ਸਿੰਘ ਮੈਂਬਰ ਅਸੈਂਬਲੀ, ਆਦਿ ਵੀ ਪਹੁੰਚ ਗਏ, ਜਿਸ ਕਾਰਨ ਸਰਕਾਰ ਨੂੰ ਕੁਝ ਨਰਮੀ ਵਰਤਣੀ ਪਈ।

ਸੰਨ 1924-26 ਤੱਕ ਸਿੱਖਾਂ ਨੂੰ ਲੱਖਾਂ ਰੁਪਏ ਜੁਰਮਾਨਾ ਤੇ ਜ਼ਬਤੀਆਂ ਕੀਤੀਆਂ ਗਈਆਂ।  ਫਿਰ ਵੀ ਇਸ ਉਤਸ਼ਾਹ ਨੂੰ ਵਧਾਉਣ ਲਈ ਜਦ ਜੱਥਾ ਅਰਦਾਸ ਕਰ ਕੇ ਅਕਾਲ ਤਖ਼ਤ ਸਾਹਿਬ ਤੋਂ ਚੱਲਦਾ ਤਾਂ 20 ਤੋਂ 40 ਹਜ਼ਾਰ ਤੱਕ ਸਿੱਖ ਸੰਗਤ ਇਕੱਤਰ ਹੋ ਕੇ ਜੱਥੇ ਦੇ ਮਨੋਬਲ ਨੂੰ ਉੱਚਾ ਕਰਦੀ।  ਮਿਸਾਲ ਵਜੋਂ ਇੱਕ ਮਾਤਾ, ਜਿਸ ਦਾ ਵੱਡਾ ਪੁੱਤਰ ਪਹਿਲੇ ਜੱਥੇ ’ਚ ਸ਼ਹੀਦੀ ਪਾ ਚੁੱਕਾ ਸੀ, ਨੇ ਆਪਣੇ ਦੂਸਰੇ ਪੁੱਤਰ ਨੂੰ ਦੂਜੇ ਜੱਥੇ ’ਚ ਜਾਣ ਲਈ ਹਾਰ ਪਾਉਂਦਿਆਂ ਕਿਹਾ, ‘ਮੈਂ ਵੱਡੇ ਭਾਗਾਂ ਵਾਲ਼ੀ ਹੋਵਾਂਗੀ ਜੇ ਮੇਰਾ ਦੂਜਾ ਪੁੱਤਰ ਵੀ ਗੁਰੂ ਦੇ ਲੇਖੇ ਲੱਗ ਜਾਵੇ।’ ਇਸੇ ਤਰ੍ਹਾਂ ਅਰਦਾਸ ਕਰ ਕੇ ਜੱਥੇ ’ਚ ਜਾਣ ਵਾਲ਼ੇ ਸਿੰਘਾਂ ਨੇ ਲਿਖਤ ਕੀਤੀ ਕਿ ‘ਜੇ ਮੈਂ ਸ਼ਹੀਦ ਹੋ ਜਾਵਾਂ ਤਾਂ ਮੇਰੀ ਸਾਰੀ ਜਾਇਦਾਦ ਗੁਰੂ ਪੰਥ ਨੂੰ ਅਰਪਨ ਕੀਤੀ ਜਾਵੇ।’

ਅੰਤ ਜਦੋਂ ਸਰਕਾਰ ਨੂੰ ਨਿਸ਼ਚਾ ਹੋ ਗਿਆ ਕਿ ਸਿੱਖੀ ਸਿਰੜ ਨੂੰ ਕੋਈ ਦਬਾਅ ਨਹੀਂ ਸਕਦਾ ਤਾਂ ਸਰਕਾਰ ਨੂੰ ਝੁਕਣਾ ਪਿਆ, ਉਸ ਨੇ 7 ਜੁਲਾਈ 1925 ਈ. ਨੂੰ ਗੁਰਦੁਆਰਾ ਐਕਟ ਪਾਸ ਕਰ ਕੇ ਪਹਿਲੀ ਨਵੰਬਰ ਤੋਂ ਇਸ ਨੂੰ ਲਾਗੂ ਕਰ ਦਿੱਤਾ ਅਤੇ ਇਸ ਅਧੀਨ ਸਾਰੇ ਗੁਰਦੁਆਰਾ ਸਾਹਿਬਾਨ ਉੱਪਰ ਪੰਥਕ ਪ੍ਰਬੰਧ ਕਾਬਜ਼ ਹੋ ਗਿਆ ਤੇ ਖ਼ਾਲਸੇ ਦੀ ਜਿੱਤ ਹੋਈ।

ਗੁਰਬਾਣੀ ਸਿਧਾਂਤ ਨੇ ਮਨੁੱਖਾ ਜੀਵਨ ’ਚ ਨਿੱਜੀ, ਪਰਿਵਾਰਕ ਤੇ ਸਮਾਜਿਕ ਬੁਰਿਆਈਆਂ (ਬੇਇਨਸਾਫ਼ੀ, ਸੁਤੰਤਰਤਾ, ਸਮਾਨਤਾ ਆਦਿ) ਵਿਰੁਧ ਸੰਘਰਸ਼ ਕਰਨ ਲਈ ਮਨੁੱਖ ਨੂੰ ਨਿਵੇਕਲੀ ਸ਼ਕਤੀ ਬਖ਼ਸ਼ਸ਼ ਕੀਤੀ ਹੈ, ਜਿਸ ਦੀ ਮਿਸਾਲ ਸੰਸਾਰ ’ਚੋਂ ਮਿਲਣੀ ਅਸੰਭਵ ਹੈ, ਇਸ ਲਈ ਆਪਣੇ ਆਪ ਨੂੰ ਸਿੱਖ ਭਾਈਚਾਰੇ ਦਾ ਭਾਗ ਜਤਾਉਣ ਲਈ ਸਾਨੂੰ ਉਨ੍ਹਾਂ ਦੁਆਰਾ ਪਾਏ ਗਏ ਪੂਰਨਿਆਂ ’ਤੇ ਚੱਲਣਾ ਪਏਗਾ।  ਅਜੋਕਾ ਦੁਸ਼ਮਣ ਸਾਹਮਣਿਓਂ ਨਹੀਂ ਆਏਗਾ ਬਲਕਿ ਸਾਡੇ ਪਹਿਰਾਵੇ ’ਚ ਸਾਡੇ ਨਾਲ ਬੈਠ ਕੇ ਅੰਗ੍ਰੇਜ਼ ਸੋਚ ਰਾਹੀਂ ਸਾਡੇ ਧਾਰਮਿਕ ਆਦਾਰਿਆਂ ’ਤੇ ਕਾਬਜ਼ ਹੋਏਗਾ, ਇਹ ਮਾਸਿਕ ਦਿਹਾੜੇ ਸਾਨੂੰ ਉਨ੍ਹਾਂ ਦਾ ਮੁਕਾਬਲਾ ਕਰਨ ਲਈ ਹੀ ਤਿਆਰ ਕਰਦੇ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਕੀ ਵਿਕਾਸ ਤੇ ਗੁਰਿਆਈ

0

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਕੀ ਵਿਕਾਸ ਤੇ ਗੁਰਿਆਈ

ਗਿਆਨੀ ਜਗਤਾਰ ਸਿੰਘ ਜਾਚਕ ਜੀ

੨੦ਵੀਂ ਸਦੀ ਦੇ ਪ੍ਰਮਾਣੀਕ ਗੁਰਸਿੱਖ ਵਿਦਵਾਨ ਅਤੇ ਗੁਰਮਤਿ ਸਿਧਾਂਤਾਂ ਨੂੰ ਨਿਖਾਰ ਕੇ ਪ੍ਰਕਾਸ਼ਮਾਨ ਕਰਨ ਵਾਲੇ ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਗੁਰ ਸ਼ਬਦ ਰਤਨਾਕਰ (Encyclopaedia of Sikh Literature) ਵਿੱਚ ‘ਗ੍ਰੰਥ ਸਾਹਿਬ ਸ਼੍ਰੀ ਗੁਰੂ’ ਦੇ ਅੰਦਰਾਜ਼ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਰੇ ਧਰਮ ਗ੍ਰੰਥਾਂ ਦਾ ਸਵਾਮੀ ਲਿਖਿਆ ਹੈ ਕਿਉਂਕਿ ਧਰਮ ਗ੍ਰੰਥਾਂ ਦੀ ਦੁਨੀਆਂ ਵਿੱਚ ‘ਸ਼੍ਰੀ ਗੁਰੂ ਗ੍ਰੰਥ ਸਾਹਿਬ’ ਹੀ ਇੱਕੋ-ਇੱਕ ਐਸਾ ਸਰਬਸਾਂਝੀ ਸੋਚ ਵਾਲਾ ਗ੍ਰੰਥ ਹੈ, ਜਿਹੜਾ ਰੱਬ ਨੂੰ ਇੱਕ ਨਿਰ-ਅਕਾਰੀ ਅਤੇ ਸਰਬ ਵਿਆਪਕ ਜੀਵਨ-ਸੱਤਾ ਮੰਨਦਾ ਹੋਇਆ ਹਰ ਕਿਸਮ ਦੇ ਮਾਨਵੀ ਵਿਤਕਰਿਆਂ, ਸ਼ਰਈ ਪਾਬੰਦੀਆਂ, ਭੇਖਾਂ ਅਤੇ ਸੰਪਰਦਾਇਕ ਸ੍ਰੇਸ਼ਟਤਾ ਦੀ ਹਉਮੈ ਤੋਂ ਰਹਿਤ ਕਰਦਾ ਹੈ ।

ਇਸ ਵਿੱਚ ਅਜਿਹਾ ਕੋਈ ਦਾਅਵਾ ਨਹੀਂ ਕੀਤਾ ਗਿਆ ਕਿ ਇਸ ਗ੍ਰੰਥ ਵਿਚਲੀ ਵਿਚਾਰਧਾਰਾ ਹੀ ਆਖਰੀ ਸੱਚ ਹੈ ਜਾਂ ਕੇਵਲ ਇਸ ਮੱਤ ਨੂੰ ਅਪਣਾਇਆਂ ਹੀ ਮਨੁੱਖਤਾ ਦਾ ਉਧਾਰ ਹੋ ਸਕਦਾ ਹੈ । ਨਹੀਂ  ! ਸਗੋਂ ਸਰਬਤ ਦਾ ਭਲਾ ਸੋਚਦਿਆਂ ਧਾਰਮਿਕ ਆਗੂ ਗੁਰੂ, ਪੀਰ, ਬ੍ਰਾਹਮਣ, ਮੁੱਲਾਂ, ਜੋਗੀ ਅਤੇ ਲੁਕਾਈ ਦਾ ਉਧਾਰ ਕਰਨ ਵਾਲੀ ਵਿਚਾਰਧਾਰਾ ਦੀ ਪਰਖ ਹਿੱਤ ਪਰਿਭਾਸ਼ਾ ਰੂਪ ਸ਼ਬਦੀ ਕਸਵੱਟੀਆਂ ਕਾਇਮ ਕਰ ਕੇ ਇਸ ਨਿਰਣੇ ਦਾ ਅਧਿਕਾਰ ਲੋਕਾਂ ਨੂੰ ਦੇ ਦਿੱਤਾ ਗਿਆ ਹੈ ਕਿ ਉਹ ਸੋਚਣ ਕਿ ਉਨ੍ਹਾਂ ਨੇ ਕਿਸ ਧਾਰਮਕ ਆਗੂ ਦੀ ਅਗਵਾਈ ਵਿੱਚ ਜਾਂ ਕਿਸ ਵਿਚਾਰਧਾਰਾ ਦੀ ਰੌਸ਼ਨੀ ਵਿੱਚ ਜੀਊਣਾ ਹੈ।

ਅਜੋਕੇ ਯੁਗ ਦੇ ਵਿਗਿਆਨੀ ਜਦੋਂ ਹੁਣ ਕਥਿਤ ਧਰਮ ਗ੍ਰੰਥਾਂ ਦੀਆਂ ਖ਼ਿਆਲੀ ਮਨੌਤਾਂ ਦੀ ਖਿੱਲੀ ਉੱਡਾ ਰਹੇ ਹਨ। ਤਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਇੱਕੋ-ਇੱਕ ਐਸਾ ਧਰਮ ਗ੍ਰੰਥ ਹੈ, ਜਿਸ ਦੀਆਂ ਵਿਚਾਰਧਾਰਕ ਸਚਾਈਆਂ ਹੋਰ ਵੀ ਉਘੜਵੇਂ ਰੂਪ ਵਿੱਚ ਪ੍ਰਗਟ ਹੋ ਰਹੀਆਂ ਹਨ । ਹਕੀਕਤ ਤਾਂ ਇਹ ਹੈ ਕਿ ਜਿਉਂ ਜਿਉਂ ਸਾਇੰਸ ਦਾ ਵਿਕਾਸ ਹੋ ਰਿਹਾ ਹੈ, ਤਿਉਂ ਤਿਉਂ ਗੁਰਬਾਣੀ ਦੀਆਂ ‘ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥, ਪਹਿਲਾ ਪਾਣੀ ਜੀਉ ਹੈ, ਜਿਤੁ ਹਰਿਆ ਸਭੁ ਕੋਇ ॥ (ਪੰ.੪੭੨), ਸਸਿ ਘਰਿ ਸੂਰੁ ਵਸੈ, ਮਿਟੈ ਅੰਧਿਆਰਾ ॥ (ਪੰ.੯੪੩), ਅਰਬਦ ਨਰਬਦ ਧੁੰਦੂਕਾਰਾ ॥ (ਪੰ.੧੦੩੫), ਪਰਮਾਣੋ ਪਰਜੰਤ ਆਕਾਸਹ, ਦੀਪ ਲੋਅ ਸਿਖੰਡਣਹ ॥ (੧੩੬੦), ਆਦਿਕ ਰਹੱਸਮਈ ਤੁਕਾਂ ਦੇ ਅਰਥ ਅਤੇ ਇਨ੍ਹਾਂ ਦੇ ਵਿਗਿਆਨਕ ਦ੍ਰਿਸ਼ਟੀਕੋਨ ਸੰਸਾਰ ਦੀ ਸਮਝ ਗੋਚਰੇ ਹੋ ਰਹੇ ਹਨ ।

ਇਹੀ ਕਾਰਨ ਹੈ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਵੀ. ਪੀ. ਸਿੰਘ ਨੇ ਨਵੰਬਰ ੨੦੦੪ ਵਿੱਚ ਇੱਕ ਇੰਟਰਵਿਊ (ਜਿਹੜੀ ੧ ਦਸੰਬਰ ੨੦੦੪  ਨੂੰ ਪੰਜਾਬੀ ਟ੍ਰਿਬਿਊਨ ਵਿੱਚ ਛਪੀ) ਵਿਖੇ ਧਰਮ ਗ੍ਰੰਥਾਂ ਦੀ ਗੱਲ ਕਰਦਿਆਂ ਆਖਿਆ ਸੀ ਕਿ ‘‘ਗੁਰਬਾਣੀ ਵਿਗਿਆਨ ਦੀ ਕਸਵੱਟੀ ’ਤੇ ਖਰੀ ਉਤਰਦੀ ਹੈ। ਅੱਜ ਦਾ ਜੋ ਸਾਇੰਸ ਦਾ ਯੁੱਗ ਦੱਸ ਰਿਹਾ ਹੈ, ਗੁਰੂ ਨਾਨਕ ਸਾਹਿਬ ਨੇ ੫੦੦ ਸਾਲ ਪਹਿਲਾਂ ਗੁਰਬਾਣੀ ਵਿੱਚ ਦੱਸ ਦਿੱਤਾ ਸੀ । ਬ੍ਰਹਿਮੰਡ ਵਿੱਚ ਲੱਖਾਂ ਧਰਤੀਆਂ, ਆਕਾਸ਼, ਪਾਤਾਲ ਹਨ । ਗੁਰਬਾਣੀ ਵਿੱਚ ਇਸ ਗੱਲ ਦਾ ਵੀ ਜ਼ਿਕਰ ਹੈ ਕਿ ਚੰਦਰਮਾ ਦੀ ਆਪਣੀ ਰੌਸ਼ਨੀ ਨਹੀਂ; ਚੰਦ, ਸੂਰਜ ਤੋਂ ਆਪਣੀ ਰੌਸ਼ਨੀ ਲੈ ਕੇ ਚਮਕਦਾ ਹੈ ।’  ਸਸਿ ਘਰਿ ਸੂਰੁ ਵਸੈ, ਮਿਟੈ ਅੰਧਿਆਰਾ ॥ (ਪੰ.੯੪੩) ਗੁਰਵਾਕ ਇਹੀ ਅਰਥ ਦਿੰਦੇ ਹਨ ।

ਇਸ ਮਹਾਨ ਗ੍ਰੰਥ ਦਾ ਮੁੱਢਲਾ ਤੇ ਪਹਿਲਾ ਸਰੂਪ ਹੈ, ਮਾਨਵ-ਦਰਦੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵੱਲੋਂ ‘ਧਰਤਿ ਲੋਕਾਈ’ ਨੂੰ ਸੋਧਣ ਹਿੱਤ ਕੀਤੇ ਪ੍ਰਚਾਰਕ ਦੌਰਿਆਂ (ਉਦਾਸੀਆਂ) ਵੇਲੇ ਆਪਣੀ ਤੇ ਵੱਖ ਵੱਖ ਭਗਤਾਂ ਦੀ ਉਚਾਰਨ ਕੀਤੀ ‘ਧੁਰ ਕੀ ਬਾਣੀ’ ਦਾ ਸੰਗ੍ਰਹਿ ਰੂਪ ਉਹ ‘ਕਿਤਾਬ’ (ਪੋਥੀ), ਜਿਸ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਆਪਣੇ ਵੱਲੋਂ ਰਚਿਤ ਵਾਰਾਂ ਵਿੱਚ ਸਤਿਗੁਰੂ ਜੀ ਦੀ ‘ਮੱਕੇ ਮਦੀਨੇ’ ਦੀ ਯਾਤਰਾ ਦਾ ਵਰਨਣ ਕਰਦਿਆਂ ਦੋ ਵਾਰ ਕੀਤਾ ਹੈ,  ‘‘ਪੁਛਨਿ ਫੋਲਿ ਕਿਤਾਬ ਨੋ, ਹਿੰਦੂ ਵੱਡਾ ਕਿ ਮੁਸਲਮਾਨੋਈ  ? ਬਾਬਾ ਆਖੇ ਹਾਜੀਆਂ, ਸੁਭਿ ਅਮਲਾਂ ਬਾਝਹੁਂ ਦੋਨੋ ਰੋਈ ।’’ (ਵਾਰ ੧/ਪਉੜੀ ੩੩)

ਦੂਜਾ ਸਰੂਪ ਹੈ, ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਵੱਲੋਂ ਸੰਨ ੧੬੦੪ (ਸੰਮਤ ੧੬੬੧) ਵਿੱਚ ਸ੍ਰੀ ਅੰਮ੍ਰਿਤਸਰ ਵਿਖੇ ਤਿਆਰ ਕੀਤੀ ਉਹ ‘ਪੋਥੀ’, ਜਿਸ ਨੂੰ ਹੁਣ ‘ਆਦਿ ਬੀੜ’ (ਪੋਥੀ ਸਾਹਿਬ), ‘ਕਰਤਾਰਪੁਰੀ ਬੀੜ’ ਜਾਂ ‘ਕਰਤਾਰਪੁਰੀ ਸਰੂਪ’ ਕਹਿ ਕੇ ਸਤਿਕਾਰਿਆ ਜਾਂਦਾ ਹੈ ਭਾਵੇਂ ਕਿ ਕਈ ਵਿਦਵਾਨ ਤੇ ਜਥੇਬੰਦੀਆਂ ਉਸ ਦੀ ਪ੍ਰਮਾਣਿਕਤਾ ਪ੍ਰਤੀ ਵੀ ਸਦਿੰਗਧ ਹਨ, ਜਿਵੇਂ ਦਮਦਮੀ ਟਕਸਾਲ (ਜਥਾ ਭਿੰਡਰਾਂ) ਮਹਿਤਾ ਵੱਲੋਂ ਪ੍ਰਕਾਸ਼ਿਤ ‘ਗੁਰਬਾਣੀ ਪਾਠ ਦਰਪਣ’ ਦੇ ਅਖ਼ੀਰ ਵਿੱਚ ਪੰਨਾ ੬੯੬ ’ਤੇ ਲਿਖਿਆ ਹੈ ਕਿ ਸ੍ਰੀ ਕਰਤਾਰਪੁਰੀ ਬੀੜ ਦੇ ਤਕ੍ਰੀਬਨ ਪੰਦਰਾਂ ਸੌ ਪਾਠ-ਭੇਦ ਐਸੇ ਹਨ, ਜੋ ਗੁਰਗੱਦੀ ਪ੍ਰਾਪਤ ਦਮਦਮੀ ਬੀੜ ਨਾਲ ਨਹੀਂ ਮਿਲਦੇ ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਦੇ ਵਿਕਾਸ ਵਿੱਚ ਤੀਜਾ ਸਰੂਪ ਹੈ, ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵੱਲੋਂ ਆਪਣੀ ਦੇਖ-ਰੇਖ ਹੇਠ ਸ੍ਰੀ ਅਨੰਦਪੁਰ ਵਿਖੇ ਸ਼ੋਭਨੀਕ ‘ਸ੍ਰੀ ਦਮਦਮਾ ਸਾਹਿਬ’ ਦੇ ਸਥਾਨ ਉੱਪਰ ਸੰਨ ੧੬੮੨ (ਸੰਮਤ ੧੭੩੯) ਵਿਖੇ ‘ਸੋ ਪੁਰਖੁ’ ਦੇ ੪ ਸ਼ਬਦਾਂ ਵਾਲੇ ਸੰਗ੍ਰਹਿ ਅਤੇ ਨੌਵੇਂ ਪਾਤਸ਼ਾਹ ਦੀ ਬਾਣੀ ਸਮੇਤ ਤਿਆਰ ਕਰਵਾਈ ਪਾਵਨ ਬੀੜ, ਜਿਸ ਨੂੰ ‘ਦਮਦਮੀ ਬੀੜ’ ਜਾਂ ‘ਦਮਦਮੀ ਸਰੂਪ’ ਆਖਿਆ ਜਾਂਦਾ ਹੈ । ਨਾਨਕਸ਼ਾਹੀ ਕੈਲੰਡਰ ਮੁਤਾਬਕ ਦਸਮ ਪਾਤਸ਼ਾਹ ਜੀ ਮਹਾਰਾਜ ੨੦ ਅਕਤੂਬਰ ਸੰਨ ੧੭੦੮ ਨੂੰ ਸ੍ਰੀ ਅਬਿਚਲ ਨਗਰ ਹਜ਼ੂਰ ਸਾਹਿਬ (ਨਦੇੜ) ਵਿਖੇ ਇਸੇ ਹੀ ‘ਦਮਦਮੀ ਸਰੂਪ’ ਨੂੰ ਗੁਰਿਆਈ ਬਖ਼ਸ਼ ਕੇ ਜੋਤੀ-ਜੋਤਿ ਸਮਾਏ ਸਨ।

ਇਹੀ ਕਾਰਨ ਹੈ ਕਿ ਸ਼੍ਰੋਮਣੀ ਕਮੇਟੀ ਦੀ ਪ੍ਰਸਿੱਧ ਮਾਸਿਕ ਪਤ੍ਰਿਕਾ ‘ਗੁਰਦੁਆਰਾ ਗਜ਼ਟ’ (ਜੂਨ ੧੯੭੭) ਵਿੱਚ ਕਮੇਟੀ ਦੇ ਰੀਸਰਚ ਸਕਾਲਰ ਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਸ੍ਰੀ ਅੰਮ੍ਰਿਤਸਰ ਦੇ ਇੰਚਾਰਜ ਸ੍ਰ: ਸਮਸ਼ੇਰ ਸਿੰਘ ‘ਅਸ਼ੋਕ’ ਜੀ ਨੇ ‘‘ਸ਼੍ਰੀ ਆਦਿ ਬੀੜ’ ਤੋਂ ‘ਦਮਦਮੀ ਬੀੜ’ ਦੇ ਵਿਕਾਸ  ਦੀ ਚਰਚਾ ਕਰਦਿਆਂ ਲਿਖਿਆ ਸੀ :-

‘‘ਸ਼੍ਰੀ ਆਦਿ ਬੀੜ’ ਤੋਂ ‘ਦਮਦਮੀ ਬੀੜ’ ਦਾ ਵਿਕਾਸ ਤੇ ਫੇਰ ਉਸੇ ਬੀੜ ਨੂੰ ‘ਸ਼੍ਰੀ ਗੁਰੂ ਗਰੰਥ ਸਾਹਿਬ ਜੀ’ ਦੀ ਪਵਿਤਰ ਪਦਵੀ ਦਾ ਪ੍ਰਾਪਤ ਹੋਣਾ, ਇਸ ਬੀੜ ਦਾ ਅੰਤਲਾ ਪੜਾਓ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਸੰਮਤ ੧੭੩੨ ਤੋਂ ਸੰਮਤ ੧੭੩੯ ਬਿਕ੍ਰਮੀ (ਸੰਨ ੧੬੭੫ ਤੋਂ ੧੬੮੨) ਤੱਕ, ‘ਆਦਿ ਸਿੰਘਾਸਨ ਦਮਦਮਾ’ ਸ੍ਰੀ ਅਨੰਦਪੁਰ ਸਾਹਿਬ ਦੇ ਅਸਥਾਨ ਪੁਰ, ਜਦ ਕਿ ਗੁਰੂ ਸਹਿਬ ਜੀ ਦੀ ਉਮਰ ਅਜੇ ੯ ਤੋਂ ੧੫ ਵਰ੍ਹਿਆਂ ਦੇ ਦਰਮਿਆਨ ਸੀ, ਆਪਣੇ ਸਤਿਕਾਰ ਯੋਗ ਪੜਦਾਦਾ ਸ੍ਰੀ ਗੁਰੂ ਅਰਜਨ ਦੇਵ ਜੀ ਪੰਚਮ ਪਾਤਸ਼ਾਹ ਦੇ ਵਿਰਸੇ ਵਜੋਂ ਮਿਲੇ ‘ਸ੍ਰੀ ਆਦਿ ਗ੍ਰੰਥ’ ਨੂੰ ਸਮੇਂ ਦੇ ਫੇਰ ਨਾਲ ਹੋ ਰਹੀਆਂ ਅਦਲਾ-ਬਦਲੀਆਂ ਹੋਣ ਤੋਂ ਬੜੇ ਯਤਨ ਨਾਲ ਸੰਭਾਲਿਆ ਤੇ ਫੇਰ ਆਪਣੀ ਦੇਖ-ਰੇਖ ਵਿੱਚ ਸ਼ਹੀਦ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਉਸ ਵਿੱਚ ਬਕਾਇਦਾ ਥਾਉਂ ਥਾਈਂ ਸ਼ਾਮਲ ਕਰ ਕੇ, ਉਸੇ ‘ਆਦਿ ਬੀੜ’ ਨੂੰ ਦਮਦਮੀ ਬੀੜ ਦਾ ਸਰੂਪ ਸੰਮਤ ੧੭੩੯ ਬਿਕ੍ਰਮੀ  (ਸੰਨ ੧੬੮੨) ਵਿੱਚ ਦਿੱਤਾ । ਜਿਸ ਦਾ ਪ੍ਰਮਾਣ ‘ਸਿੱਖ ਰੈਫਰੈਂਸ ਲਾਇਬ੍ਰੇਰੀ’ ਦੀ ਪੁਰਾਤਨ ਹੱਥ ਲਿਖਤ ਨੰ: ੯੭ ਵੇਖ ਕੇ ਹੋ ਸਕਦਾ ਹੈ।’’

ਅਠਾਰਵੀਂ ਸਦੀ ਦੀ ਰਚਨਾ ‘ਬੰਸਾਵਲੀ ਨਾਮੇ’ ਦੇ ਲਿਖਾਰੀ ਭਾਈ ਕੇਸਰ ਸਿੰਘ ਨੇ ਲਿਖਿਆ ਹੈ ਕਿ ਦਸਵੇਂ ਪਾਤਸ਼ਾਹ ਜਦੋਂ ਜੋਤੀ-ਜੋਤਿ ਸਮਾਵਣ ਲੱਗੇ ਤਾਂ ਸਿੱਖਾਂ ਪੁੱਛਿਆ, ‘ਗਰੀਬ ਨਿਵਾਜ਼  ! ਸੰਗਤ ਹੈ ਤੇਰੀ, ਇਸ ਦਾ ਕੀ ਹਵਾਲ  ?  ‘‘ਬਚਨ ਕੀਤਾ ਗ੍ਰੰਥ ਹੈ ਗੁਰੂ ਲੜ ਪਕੜੋ ਅਕਾਲ ।’

ਭਾਈ ਸਾਹਿਬ ਨੇ ਇਸੇ ਹੀ ਗ੍ਰੰਥ ਦੇ ਦਸਵੇਂ ਚਰਨ ਵਿੱਚ ਉਪਰੋਕਤ ਸਚਾਈ ਨੂੰ ਦਹੁਰਾਂਦਿਆ ਪੰਥ ਨੂੰ ਤਾੜਣਾ ਵੀ ਕੀਤੀ ਹੈ ਕਿ ‘‘ਦਸਵਾਂ ਪਾਤਸ਼ਾਹ ਗੱਦੀ ਗੁਰਿਆਈ ਦੀ ਗ੍ਰੰਥ ਸਾਹਿਬ ਨੂੰ ਦੇ ਗਿਆ । ਅੱਜ ਪਰਤੱਖ ਗੁਰੂ ਅਸਾਡਾ ਗ੍ਰੰਥ ਸਾਹਿਬ ਹੈ । ਸੋਈ ਗਿਆ, ਜੋ ਗ੍ਰੰਥੋਂ ਗਿਆ ।

ਇਸੇ ਲਈ ਗੁਰਦੁਆਰਿਆਂ ਵਿੱਚ ਹਰੇਕ ਦੀਵਾਨ ਦੀ ਸਮਾਪਤੀ ’ਤੇ ‘ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ’ ਦਾ ਦੋਹਰਾ ਪੜ੍ਹਨ ਦੀ ਪਰੰਪਰਾ ਹੈ ਅਤੇ ਪੰਥਕ ਵਿਧਾਨ ‘ਸਿੱਖ ਰਹਿਤ ਮਰਯਾਦਾ’ ਵਿੱਚ ਵੀ ਗੁਰਦੁਆਰੇ ਦੇ ਸਿਰਲੇਖ ਹੇਠ ਧਾਰਾ ਨੰ: (ਹ) ਵਿੱਚ ਆਦੇਸ਼ ਦਿੱਤਾ ਗਿਆ ਹੈ ‘‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ (ਤੁੱਲ) ਕਿਸੇ ਪੁਸਤਕ (ਪੋਥੀ) ਨੂੰ ਅਸਥਾਪਨ ਨਹੀਂ ਕਰਨਾ’’ ।

ਪਰ, ਅਤਿਅੰਤ ਦੁਖਦਾਈ ਤੇ ਨਿੰਦਣਯੋਗ ਘਟਨਾ ਇਹ ਵਾਪਰ ਰਹੀ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਇਸ ਤਾੜਣਾ ‘‘ਸੋਈ ਗਿਆ ਜੋ (ਗੁਰੂ) ਗ੍ਰੰਥੋਂ ਗਿਆ’’ ਨੂੰ ਵਿਸਾਰ ਕੇ ਅਤੇ ਪੰਥ ਪ੍ਰਮਾਣਿਤ ਮਰਯਾਦਾ ਵਿਚਲੇ ਉਪਰੋਕਤ ਫ਼ੈਸਲੇ ਦੇ ਉੱਲਟ, ਕੁਝ ਬਿਪਰਵਾਦੀ ਡੇਰਿਆਂ ਦੀ ਗੱਲ ਤਾਂ ਛੱਡੋ, (ਉਨ੍ਹਾਂ ਤਾਂ ਕਦੀ ਵੀ ਪੰਥਕ ਵਿਧਾਨ ਨੂੰ ਪ੍ਰਵਾਨ ਨਹੀਂ ਕੀਤਾ ਕਿਉਂਕਿ ਜੇ ਉਹ ਸਿੱਖ ਰਹਿਤ ਮਰਯਾਦਾ ਨੂੰ ਮੰਨ ਕੇ ਖ਼ਾਲਸਾ ਪੰਥ ਵਿੱਚ ਮਿਲ ਜਾਣ ਤਾਂ ਫਿਰ ਉਨ੍ਹਾਂ ਦੀ ਵਖਰੀ ਹੋਂਦ ਅਥਵਾ ਪਹਿਚਾਣ ਪ੍ਰਗਟ ਨਹੀਂ ਹੁੰਦੀ, ਜਿਸ ਕਰ ਕੇ ਉਨ੍ਹਾਂ ਦਾ ਹਲਵਾ-ਮੰਡਾ ਚਲਦਾ ਹੈ) ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਸ਼੍ਰੀ ਹਜ਼ੂਰ ਸਾਹਿਬ ਵਿਖੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਵਿਵਾਦਗ੍ਰਸਤ ‘ਦਸਮ ਗ੍ਰੰਥ’ ਦਾ ਪ੍ਰਕਾਸ਼ ਕੀਤਾ ਜਾ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਰ੍ਹਾਂ ਹੀ ਬਰਾਬਰ ਤੇ ਸ੍ਰੀ ਮੁਖਵਾਕ ਲਏ ਜਾਂਦੇ ਹਨ । ਅਖੰਡ ਪਾਠ ਹੁੰਦੇ ਹਨ । ਚੌਕ ਮਹਿਤਾ (ਜਥਾ ਭਿਡਰਾਂ) ਵੱਲੋਂ ਪ੍ਰਕਾਸ਼ਤ ‘ਗੁਰਬਾਣੀ ਪਾਠ ਦਰਪਣ’ ਪੁਸਤਕ ਵਿੱਚ ਵੀ ‘ਦਸਮ ਗ੍ਰੰਥ’ ਦੇ ਸ੍ਰੀ ਅਖੰਡ ਪਾਠ ਦੀ ਮਰਯਾਦਾ ਲਿਖੀ ਹੋਈ ਹੈ ।

ਹੋਰ ਸਿਤਮ ਦੀ ਗੱਲ ਤਾਂ ਇਹ ਹੈ ਕਿ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥਕ ਵਿਧਾਨ ਦੀ ਛੋਟੀ-ਮੋਟੀ ਉਲੰਘਣਾ ਕਾਰਨ ਕਿਸੇ ਗ਼ਰੀਬ ਸਿੱਖ ਨੂੰ ਤਨਖਾਹ (ਦੰਡ) ਲਾਉਣੀ ਜਾਂ ਛੇਕਣਾ ਹੁੰਦਾ ਹੈ ਤਾਂ ‘ਉੱਲਟਾ ਚੋਰ ਕੋਤਵਾਲ ਨੂੰ ਡਾਂਟੇ’ ਦੀ ਕਹਾਵਤ ਅਨੁਸਾਰ  ਉਪਰੋਕਤ ਤਖ਼ਤਾਂ ਦੇ ਪੁਜਾਰੀ, ਪੰਜ ਪਿਆਰਿਆਂ ਦੇ ਰੂਪ ਵਿੱਚ ਫ਼ੈਸਲਾ ਕਰਨ ਵਾਲੇ ਜੱਜ ਬਣ ਬੈਠਦੇ ਹਨ ।  ੧੦ ਕੁ ਸਾਲ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਣ ਵਾਲੇ ਪੰਥਕ ਫ਼ੈਸਲਿਆਂ ਲਈ ਉਪਰੋਕਤ ਦੋਵੇਂ ਤਖ਼ਤ ਸਾਹਿਬਾਨ ਦੇ ਪੁਜਾਰੀਆਂ ਨੂੰ ਨਹੀਂ ਸੀ ਬੁਲਾਇਆ ਜਾਂਦਾ ਕਿਉਂਕਿ ਇੱਕ ਤਾਂ ਉਹ ਸਿੱਧੇ ਰੂਪ ਵਿੱਚ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਦੀ ਉਲੰਘਣਾ ਦੇ ਦੋਸ਼ੀ ਸਨ ਅਤੇ ਦੂਜੇ, ਉਹ ‘ਦਸਮ ਗ੍ਰੰਥ’ ਨੂੰ ਸੰਪੂਰਨ ਤੌਰ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਚਨਾ ਮੰਨਣ ਲਈ ਬਜਿੱਦ ਸਨ। ਜਦ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਦੀ ਰਾਇ ਮੁਤਾਬਕ ਫ਼ੈਸਲਾ ਲੈ ਚੁੱਕੀ ਸੀ ਕਿ ‘ਦਸਮ ਗ੍ਰੰਥ’ ਵਿਚਲਾ ‘ਚਰਿਤ੍ਰੋ ਪਖਯਾਨ’ ਦਾ ਅਤਿ ਅਸ਼ਲੀਲ ਹਿੱਸਾ ਦਸਮ ਪਾਤਸ਼ਾਹ ਦੀ ਰਚਨਾ ਨਹੀਂ ਹੈ ।

ਅਜਿਹੇ ਫ਼ੈਸਲੇ ਦਾ ਆਧਾਰ ਬਣਿਆ ਮਹਿਰੂਮ ਸ੍ਰ. ਸੰਤੋਖ ਸਿੰਘ ਚੰਡੀਗੜ੍ਹ ਵਾਲਿਆਂ ਦਾ ਇੱਕ ਪੱਤਰ, ਜਿਸ ਵਿੱਚ ਉਸ ਨੇ ਸ਼੍ਰੋਮਣੀ ਕਮੇਟੀ ਨੂੰ ਉਪਰੋਕਤ ਰਚਾਨਾ ਬਾਰੇ ਪੁੱਛਿਆ ਤਾਂ ਧਰਮ ਪ੍ਰਚਾਰ ਕਮੇਟੀ ਦੇ ਮੀਤ ਸਕਤਰ ਸ੍ਰ. ਗੁਰਬਖਸ਼ ਸਿੰਘ ਨੇ ਪੱਤਰ ਨੰ: ੩੬੬੭੨ ਮਿਤੀ ੩-੮-੭੩ ਅਨੁਸਾਰ ਹੇਠ ਲਿਖਿਆ ਉੱਤਰ ਦਿੱਤਾ :

ਸ੍ਰੀ ਮਾਨ ਜੀ  ! ਆਪ ਜੀ ਦੀ ਪਤ੍ਰਿਕਾ ਮਿਤੀ ੬-੭-੭੩ ਦੇ ਸਬੰਧ ਵਿੱਚ, ਸਿੰਘ ਸਾਹਿਬਾਨ ਸ੍ਰੀ ਦਰਬਾਰ ਸਾਹਿਬ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਦੀ ਰਾਇ ਹੇਠ ਲਿਖੇ ਅਨੁਸਾਰ ਆਪ ਜੀ ਨੂੰ ਭੇਜੀ ਜਾਂਦੀ ਹੈ :

ਚਰਿਤ੍ਰੋ ਪਖਯਾਨ ਜੋ ਦਸਮ ਗ੍ਰੰਥ ਵਿੱਚ ਅੰਕਿਤ ਹਨ, ਇਹ ਦਸਮੇਸ਼ ਬਾਣੀ ਨਹੀਂ । ਇਹ ਪੁਰਾਤਨ ਹਿੰਦੂ ਮਿਥਿਹਾਸਕ ਸਾਖੀਆਂ ਦਾ ਉਤਾਰਾ ਹੈ ।

ਅਸਲ ਵਿੱਚ ਇਹੀ ਕਾਰਨ ਹੈ ਕਿ ਸਿੱਖ ਰਹਿਤ ਮਰਯਾਦਾ ਵਿੱਚ ਗੁਰਬਾਣੀ ਕੀਰਤਨ ਸਮੇਂ ਭਾਈ ਗੁਰਦਾਸ ਤੇ ਭਾਈ ਨੰਦ ਲਾਲ ਜੀ ਦੀ ਬਾਣੀ ਨੂੰ ਗਾਇਨ ਕਰਨ ਦੀ ਆਗਿਆ ਤਾਂ ਦਿੱਤੀ ਗਈ ਹੈ, ਪਰ ਕਥਿਤ ਦਸਮ ਗ੍ਰੰਥ ਵਿਚਲੀ ਬਾਣੀ ਦਾ ਕੋਈ ਜ਼ਿਕਰ ਨਹੀਂ ਹੈ । ਖ਼ਾਲਸਾ ਜੀ  !  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਿਆਈ ਦਿਵਸ ਮਨਾਉਣ ਦਾ ਅਸਲ ਮਕਸਦ ਤਾਂ ਇਹੀ ਹੈ ਕਿ ਅਸੀਂ ਦ੍ਰਿੜ੍ਹ ਕਰੀਏ ਕਿ ਸਾਡੇ ਸਦੀਵੀ ਗੁਰੂ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਹਨ । ਹੋਰ ਕੋਈ ਵਿਅਕਤੀ ਜਾਂ ਗ੍ਰੰਥ ਨਹੀਂ ਭਾਵੇਂ ਉਹ ਕਿਸੇ ਸਾਜਿਸ਼ ਅਧੀਨ ਸਾਡੇ ਗੁਰੂ ਨਾਨਕ-ਜੋਤਿ ਸਰੂਪ ਦਸ ਗੁਰੂ ਸਾਹਿਬਾਨ ਵਿੱਚੋਂ ਵੀ ਕਿਸੇ ਦੇ ਨਾਮ ਨਾਲ ਹੀ ਕਿਉਂ ਨਾ ਜੋੜਿਆ ਗਿਆ ਹੋਵੇ ਕਿਉਂਕਿ ਉਨ੍ਹਾਂ ਆਪਣੀ ਹੱਥੀਂ ਸਾਨੂੰ (ਖ਼ਾਲਸੇ) ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਕੀਤਾ ਹੈ ।

੧੮ਵੀਂ ਸਦੀ ਦੇ ਅੱਧ ਵਿੱਚ ਆਰੰਭ ਕੀਤੀ ਫ਼ਾਰਸੀ ਦੀ ਪੁਸਤਕ ‘ਉਮਦਾ ਉਤਵਾਰੀਖ਼’ (ਕ੍ਰਿਤ ਸੋਹਨ ਲਾਲ ਸੂਰੀ) ਵਿੱਚ ਵੀ ਲਿਖਿਆ ਹੈ ਕਿ ਦਸਮ ਪਾਤਸ਼ਾਹ ਦੇ ਜੋਤੀ ਜੋਤਿ ਸਮਾਉਣ ਵੇਲੇ ਸਿੱਖਾਂ ਬੇਨਤੀ ਕੀਤੀ, ‘ਹਜ਼ੂਰ ਹੁਣ ਗੁਰੂ ਕਿਸ ਨੂੰ (ਕਦਾਮ ਕਸ ਰਾ) ਨਿਯਤ ਕੀਤਾ ਹੈ ?’ ਤਾਂ ਇਹਦੇ ਉੱਤਰ ਵਿੱਚ ਉਨ੍ਹਾਂ ਹੁਕਮ ਕੀਤਾ :

‘‘ਗੁਰੂ ਗ੍ਰੰਥ ਜੀ ਅਸਤ । ਦਰਮਿਆਨੇ ਗ੍ਰੰਥ ਵਾ ਗੁਰੂ, ਹੀਚ ਫ਼ਰਕੇ ਨੇਸਤ ।

ਅਜ਼ ਦੀਦਾਰਿ ਗ੍ਰੰਥ ਜੀ ਮੁਸ਼ਹਿਦਾ ਇ ਦੀਦਾਰਿ ਫਰਹਤ ਆਸਾਰਿ ਗੁਰੂ ਸਾਹਿਬ ਬਾਇਦ ਨਮੂਦ ।’’

ਅ੍ਰਥਾਤ – ਗੁਰੂ ਗ੍ਰੰਥ ਜੀ ਹਨ । ਗ੍ਰੰਥ ਤੇ ਗੁਰੂ ਵਿੱਚਕਾਰ ਕੋਈ ਫ਼ਰਕ ਨਹੀਂ ਹੈ । ਗ੍ਰੰਥ ਜੀ ਦੇ ਦਰਸ਼ਨ ਤੋਂ ਗੁਰੂ ਸਾਹਿਬ ਦੇ ਖ਼ੁਸ਼ੀਆਂ ਭਰਪੂਰ ਦਰਸ਼ਨ ਹੋਣਗੇ ।

ਭੱਟ-ਵਹੀ ਤਲਾਉਂਡਾ, ਪਰਗਨਾ ਜੀਂਦ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਬਾਰੇ ਸਮੇਂ ਤੇ ਸਥਾਨਕ ਵੇਰਵੇ ਸਹਿਤ ਬੜੇ ਹੀ ਪ੍ਰਮਾਣੀਕ ਢੰਗ ਦਾ ਜੋ ਇੰਦਰਾਜ ਹੈ, ਉਹ ਤਾਂ ਕਿਸੇ ਕਿਸਮ ਦਾ ਸ਼ੰਕਾ ਰਹਿਣ ਹੀ ਨਹੀਂ ਦਿੰਦਾ । ਲਿਖਤ ਹੈ :-

‘‘ਗੁਰੂ ਗੋਬਿੰਦ ਸਿੰਘ ਜੀ ਮਹਲ ਦਸਵਾਂ, ਬੇਟਾ ਗੁਰੂ ਤੇਗ ਬਹਾਦਰ ਜੀ ਕਾ, ਮੁਕਾਮ ਨਦੇੜ ਤਟ ਗੁਦਾਵਰੀ ਦੇਸ਼ ਦਖਣ, ਸਤਰਾਂ ਸੈ ਪੈਂਸਠ, ਕਾਰਤਕ ਮਾਸੇ ਕੀ ਸੁਦੀ ਚਉਥ, ਸੁਕਲਾ ਪੱਖੇ, ਬੁਧਵਾਰ ਕੇ ਦਿਹੁੰ ਭਾਈ ਦਇਆ ਸਿੰਘ ਸੇ ਬਚਨ ਹੂਆ, ਗ੍ਰੰਥ ਸਾਹਿਬ ਲੇ ਆਉ । ਬਚਨ ਪਾਇ ਦਇਆ ਸਿੰਘ ਗ੍ਰੰਥ ਸਾਹਿਬ ਲੈ ਆਏ ।

ਗੁਰੂ ਜੀ ਨੇ ਕਹਾ ‘‘ਮੇਰਾ ਹੁਕਮ ਹੈ, ਮੇਰੀ ਜਗਹ ਗ੍ਰੰਥ ਜੀ ਕੋ ਜਾਣਨਾ । ਜੋ ਸਿੱਖ ਜਾਨੇਗਾ, ਤਿਸ ਕੀ ਘਾਲ ਥਾਇਂ ਪਏਗੀ । ਗੁਰੂ ਤਿਸ ਕੀ ਬਹੁੜੀ ਕਰੇਗਾ । ਸਤਿ ਕਰਿ ਮੰਨਣਾ ।’’

ਸ੍ਰੀ ਗੁਰੂ ਅਮਰਦਾਸ ਜੀ ਦੇ ਵੰਸਜ਼ ਬਾਵਾ ਸਰੂਪ ਦਾਸ ਭੱਲੇ ਦੀ ਲਿਖਤ ‘ਮਹਿਮਾ ਪਰਕਾਸ਼’ (ਸੰਨ ੧੭੭੪) ਦੇ ਲਫ਼ਜ਼ਾਂ ਵਿੱਚ ਸਤਿਗੁਰੂ ਜੀ ਨੇ ਐਲਾਨ ਕੀਤਾ;

‘ਅਬ ਮੇਰਾ ਜ਼ਾਹਰਾ ਰੂਪ ਗੁਰੂ ਗਰੰਥ ਕੋ ਜਾਣਨਾ। ਜਿਸ ਨੇ ਮੇਰੇ ਸੇ ਬਾਤ ਕਰਨੀ ਹੋਇ ਤੋ ਆਦਿ ਗੁਰੂ ਗਰੰਥ ਸਾਹਿਬ ਕਾ ਪਾਠ ਕਰਨਾ, ਮੇਰੇ ਸੇ ਬਾਤਾਂ ਹੋਵੇਗੀ।’ (ਪੰ.੮੯੨-੯੩)

ਸਪਸ਼ਟ ਹੈ ਕਿ ਗੁਰੂ ਮਹਾਰਾਜ ਦੇ ਹਜ਼ੂਰੀ ਰਬਾਬੀ ਕੀਰਤਨੀਏ ਭਾਈ ‘ਬਲਵੰਡ’ ਜੀ ਦੇ ਗੁਰਬਾਣੀ ਰੂਪ ਕਥਨ ‘ਜੋਤਿ ਓਹਾ, ਜੁਗਤਿ ਸਾਇ, ਸਹਿ ਕਾਇਆ ਫੇਰਿ ਪਲਟੀਐ॥’ (ਗੁ.ਗ੍ਰੰ.-ਪੰ.੯੬੬) ਮੁਤਾਬਕ, ਗੁਰੂ ਨਾਨਕ-ਜੋਤਿ ਦੇ ਦਸਵੇਂ ਸਰੂਪ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਜੋਤੀ-ਜੋਤਿ ਸਮਾਵਣ ਤੋਂ ਇੱਕ ਦਿਨ ਪਹਿਲਾਂ ਕਤਕ ਸੁਦੀ ਚੌਥ ਸੰਮਤ ੧੬੬੫ (ਸੰਨ 1708) ਦੇ ਦਿਹਾੜੇ ਇੱਕ ਵਿਸ਼ੇਸ਼ ਦੀਵਾਨ ਲਗਾ ਕੇ ਸ਼੍ਰੀ (ਗੁਰੂ) ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਬਖ਼ਸ਼ਿਸ਼ ਕੀਤੀ।

‘ਪੰਥ ਪ੍ਰਕਾਸ਼’ ਵਿੱਚ ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ ਕਿ ਸ਼੍ਰੀ (ਗੁਰੂ) ਗ੍ਰੰਥ ਨੂੰ ਗੁਰਿਆਈ ਬਖਸ਼ਣ ਵੇਲੇ ਪ੍ਰਕਰਮਾ ਕਰ ਕੇ ਮੱਥਾ ਟੇਕਣ ਤੋਂ ਪਹਿਲਾਂ ਗੁਰਦੇਵ ਜੀ ਆਖਿਆ ਕਿ ‘ਹੁਣ ਅਸੀਂ ਉਹ ਮਹਾਨ ਗੁਰੂ ਸਥਾਪਤ ਕਰ ਰਹੇ ਹਾਂ ਜਿਸ ’ਤੇ ਕਦੇ ਬੁਢੇਪਾ ਨਹੀਂ ਆਵੇਗਾ ਅਤੇ ਨਾ ਹੀ ਕਦੇ ਮਰੇਗਾ । ਜਿਸ ਤੋਂ ਸਾਰਿਆਂ ਨੂੰ ਇੱਕੋ ਜਿਹਾ ਪਿਆਰ ਮਿਲੇਗਾ ਅਤੇ ਜਿਸ ਤੋਂ ਉਪਦੇਸ਼ ਆਦਿਕ ਦੇਣ ਦੇ ਵਿਹਾਰ ਵਿੱਚ ਕਦੇ ਕਿਸੇ ਨਾਲ ਪੱਖ-ਭੇਦ ਦੇ ਵਰਤਾਵ ਦੀ ਸੰਭਾਵਨਾ ਵੀ ਨਹੀਂ ਹੋ ਸਕੇਗੀ। ਇਉਂ ਕਹਿੰਦਿਆਂ ਗੁਰਦੇਵ ਜੀ ਨੇ ਸ਼੍ਰੀ (ਗੁਰੂ) ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾਇਆ ਅਤੇ ਪ੍ਰਕਰਮਾ ਕਰ ਕੇ ਅਤਿ ਅਦਬ ਸਹਿਤ ਮੱਥਾ ਟੇਕਿਆ ਅਤੇ ਸਾਰੀ ਸੰਗਤ ਨੂੰ ਵੀ ਅਜਿਹਾ ਕਰਨ ਲਈ ਹੁਕਮ ਦਿੱਤਾ। ਗਿਆਨੀ ਜੀ ਦੀ ਕਾਵਿ ਮਈ ਲਿਖਤ ਇਸ ਪ੍ਰਕਾਰ ਹੈ:

ਅਜਰ ਅਮਰ ਅਖੰਡ ਰਹੇ, ਇੱਕ ਰਸ ਸਮ ਭਾਵੇ।

ਭੇਦ ਪੱਖ ਬਿਨ ਸਭਨ ਕੋ,  ਉਪਦੇਸ਼ ਦ੍ਰਿੜਾਵੇ।

ਇਮ ਕਹਿ ਗੁਰੂ ਗ੍ਰੰਥ ਕਾ ਪ੍ਰਕਾਸ਼ ਕਰਾਯੋ।

ਗੁਰੂ ਰੂਪ ਥਪ ਪੂਜ ਕੇ, ਸਭ ਸੇ ਪੁਜਵਾਯੋ।

ਇਹੀ ਕਾਰਨ ਹੈ ਕਿ ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਦੀਵਾਨ ਦੀ ਸਮਾਪਤੀ ਵੇਲੇ, ਦਸਮ-ਗੁਰੂ ਜੀ ਦੇ ਹੁਕਮ ਦੀ ਦ੍ਰਿੜ੍ਹਤਾ ਹਿੱਤ, ਪਿਛਲੇ ਕੁਝ ਸਮੇਂ ਤੋਂ ਚੱਲ ਰਹੀ ਪੰਥਕ ਰਵਾਇਤ ਮੁਤਾਬਕ ਗਿਆਨੀ ਗਿਆਨ ਸਿੰਘ ਜੀ ਦੇ ਰਚਿਤ ‘ਪੰਥ ਪ੍ਰਕਾਸ਼’ ਵਿੱਚੋਂ ਹੇਠ ਲਿਖਿਆ ਦੋਹਰਾ ਬੜ੍ਹੇ ਹੀ ਉਤਸ਼ਾਹ ਪੂਰਵਕ ਢੰਗ ਨਾਲ ਦੁਹਰਾਇਆ ਜਾਂਦਾ ਹੈ :

ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ।

ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗੰਥ।

ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹਿ।

ਜੋ ਪ੍ਰਭ ਕੋ ਮਿਲਿਬੋ ਚਹਹਿ ਖੋਜ ਸ਼ਬਦ ਮੇਂ ਲੇਹਿ।

ਇਨ੍ਹਾਂ ਦੋਵੇਂ ਦੋਹਰਿਆਂ ਦਾ ਆਧਾਰ ਅਸਲ ਵਿੱਚ ਹੇਠਾਂ ਲਿਖੇ ਜਾ ਰਹੇ ਦੋ ਦੋਹਰੇ ਹਨ, ਜਿਨ੍ਹਾਂ ਵਿੱਚੋਂ ਪਹਿਲਾ ਹੈ ਹਜ਼ੂਰੀ ਸੇਵਕ ਸਿੱਖ ਭਾਈ ਪ੍ਰਹਿਲਾਦ ਸਿਘ ਜੀ ਦੀ ਰਚਨਾ, ਜਿਸ ਨੇ ਸਤਿਗੁਰੂ ਜੀ ਦੇ ਸਨਮੁਖ ਆਖ਼ਰੀ ਦਰਸ਼ਨ ਕਰਦਿਆਂ ਆਪਣੇ ਕੰਨ੍ਹਾਂ ਨਾਲ ਗੁਰੂ-ਹੁਕਮ ਨੂੰ ਸੁਣਿਆਂ ਸੀ । ਦੂਜਾ ਹੈ ਭਾਈ ਸਰੂਪ ਸਿੰਘ ਕੌਸ਼ਿਸ਼ ਦੀ ਰਚਨਾ, ਜਿਸ ਦੇ ਪਾਸ ਗੁਰੂ-ਜੀਵਨ ਨਾਲ ਸਬੰਧਿਤ ਭੱਟ ਵਹੀਆਂ ਦਾ ਬਹੁਤ ਵਡਾ ਖ਼ਜ਼ਾਨਾ ਸੀ । ਇਹ ਦੋਵੇਂ ਰਚਨਾਵਾਂ ਉਪਰਲੇ ਪ੍ਰਚਲਿਤ ਦੋਹਰੇ ਨਾਲੋਂ ਵਧੇਰੇ ਪ੍ਰਮਾਣੀਕ ਅਤੇ ਗੁਰਮਤਿ ਸਿਧਾਂਤਾਂ ਦੇ ਅਨੁਕੂਲ ਹਨ । ਪੰਥ ਨੂੰ ਇਸ ਪ੍ਰਤੀ ਵਿਚਾਰ ਕਰਨੀ ਅਤਿ ਲਾਹੇਵੰਦੀ ਹੋਵੇਗੀ ।

(੧)-ਅਕਾਲ ਪੁਰਖ ਕੇ ਬਚਨ ਸਿਓਂ, ਪ੍ਰਗਟ ਚਲਾਇਓ ਪੰਥ।

ਸਭ ਸਿਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ।

(੨)-ਗੁਰੂ ਖਾਲਸਾ ਮਾਨੀਐ, ਪ੍ਰਗਟ ਗੁਰੂ ਕੀ ਦੇਹਿ।

ਜੋ ਸਿਖ ਮੋ ਮਿਲਬੋ ਚਹਹਿ, ਖੋਜ ਇਨਹੁ ਮਹਿ ਲੇਹੁ।

ਮੇਰੇ ਸਾਹਿਬਾ ! ਤੇਰੇ ਚੋਜ ਵਿਡਾਣਾ ॥

0

ਮੇਰੇ ਸਾਹਿਬਾ  ! ਤੇਰੇ ਚੋਜ ਵਿਡਾਣਾ ॥

ਕਿਰਪਾਲ ਸਿੰਘ (ਬਠਿੰਡਾ)-98554-80797

ਹਥਲਾ ਸ਼ਬਦ ਸੋਰਠ ਰਾਗ ਵਿੱਚ ਪਹਿਲੇ ਪਾਤਿਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਨ ਕੀਤਾ ਹੋਇਆ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ ੫੯੬ ਉੱਪਰ ਸੁਸ਼ੋਭਿਤ ਹੈ।  ਸ਼ਬਦ ਦੇ ਚਾਰ ਬੰਦ ਹਨ ਅਤੇ ਇੱਕ ਰਹਾਉ ਦਾ ਪਦਾ ਹੈ, ਜੋ ਬੰਦ ਤਰਤੀਬ ਦੇ ਪਹਿਲੇ ਪਦੇ ਤੋਂ ਬਾਅਦ ਦਰਜ ਕੀਤਾ ਗਿਆ ਹੈ।  ਗੁਰਬਾਣੀ ਲਿਖਤ ਨਿਯਮ ਮੁਤਾਬਕ ਰਹਾਉ ਪਦੇ ’ਚ ਪੂਰੇ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ, ਜਿਸ ਦਾ ਵਿਸਥਾਰ ਸ਼ਬਦ ਦੇ ਬਾਕੀ ਬੰਦ ਕਰਦੇ ਹਨ।

ਵੀਚਾਰ ਅਧੀਨ ਸ਼ਬਦ ਦੇ ਰਹਾਉ ਬੰਦ ’ਚ ਅਕਾਲ ਪੁਰਖ ਅੱਗੇ ਬੇਨਤੀ ਕੀਤੀ ਗਈ ਹੈ ਤਾਂ ਜੋ ਕੁਦਰਤ ’ਚ ਚਾਰ ਖਾਣੀਆਂ ਰਾਹੀਂ ਪੈਦਾ ਹੋਏ ਸਾਰੇ ਜੀਵਾਂ ਦੇ ਮਨੇਰਥ ਤੋਂ ਆਪਣੇ ਟੀਚੇ ਨੂੰ ਭਿੰਨ ਸਮਝ ਕੇ ਉਸ ਨੂੰ ਸਰ ਕੀਤਾ ਜਾ ਸਕੇ। ਰੱਬ ਸਰਬ ਵਿਆਪਕ ਹੋਣ ਕਾਰਨ ਸਾਡੀਆਂ ਮੰਗਾਂ ਨੂੰ ਨੇੜੀਓਂ ਹੋ ਕੇ ਸੁਣਦਾ ਹੈ, ਇਹ ਰਾਜ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਇਆ ਹੈ। ਇਸ ਲਈ ਬੇਨਤੀ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੇ ਇੰਨੀ ਕੁ ਸਮਝ ਦੇ ਦਿੱਤੀ ਹੈ ਕਿ ਕੁਦਰਤ ਦਾ ਮਾਲਕ ਭਾਵੇਂ ਕਣ ਕਣ ਵਿੱਚ ਵਿਆਪਕ ਹੈ ਪਰ ਫਿਰ ਵੀ ਕਿਸੇ ਇੱਕ ਦੀ ਸ਼ਕਲ ਦੂਸਰੇ ਨਾਲ਼ ਨਹੀਂ ਮਿਲਦੀ।  ਦਰਖ਼ਤ ਦਾ ਇੱਕ ਪੱਤਾ, ਦੂਸਰੇ ਤੋਂ ਭਿੰਨ ਹੈ ਭਾਵੇਂ ਕਿ ਪੱਤਿਆਂ ਤੇ ਟਹਿਣੀਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਸ਼ਕਲ ਬਹੁ ਪੱਖੀ ਤੇ ਭਰਪੂਰ ਮਾਤਰਾ ’ਚ ਪਾਈ ਜਾਂਦੀ ਹੈ। ਕੁਦਰਤ ਰਾਹੀਂ ਹੁੰਦੇ ਇਸ ਰੱਬੀ ਸ਼ਕਤੀ ਦੇ ਵਿਸ਼ਾਲ ਦਿਦਾਰ ਬੰਦੇ ਨੂੰ ਸੋਚਣ ਲਈ ਮਜਬੂਰ ਕਰ ਦਿੰਦੇ ਹਨ ਕਿ ਅਜਿਹੀ ਭਿੰਨਤਾ ’ਚ ਏਕਤਾ ਬਣਾਏ ਰੱਖਣ ਵਾਲ਼ਾ ਮਾਲਕ ਕਿੰਨੀ ਵੱਡੀ ਸਮਰਥਾ ਦਾ ਮਾਲਕ ਹੋਏਗਾ, ਇਸ ਲਈ ਉਹ ਮੇਰੀ ਵੀ ਦਿਲੀ ਫ਼ਰਿਆਦ ਜ਼ਰੂਰ ਸੁਣੇਗਾ। ਇਹੀ ਭਾਵਨਾ ਰਹਾਉ ਬੰਦ ’ਚ ਦਰਜ ਹੈ, ਜੋ ਸ਼ਬਦ ਦਾ ਕੇਂਦਰੀ ਭਾਵ ਵੀ ਹੈ; ਜਿਵੇਂ ਕਿ ਹੇ ਮੇਰੇ ਮਾਲਿਕ ! ਤੂੰ ਪਾਣੀ ਵਿੱਚ, ਧਰਤੀ ਦੇ ਅੰਦਰ, ਧਰਤੀ ਦੇ ਉੱਪਰ (ਭਾਵ ਸਾਰੇ ਪੁਲਾੜ ਵਿੱਚ) ਭਰਪੂਰ ਵਿਆਪਕ ਹੈਂ। ਤੂੰ ਆਪ ਹੀ ਸਭ ਥਾਂ ਮੌਜੂਦ ਹੈਂ। ਤੇਰੇ ਅਜਿਹੇ ਕੌਤਕ ਅਚਰਜ ਪੈਦਾ ਕਰਨ ਵਾਲ਼ੇ ਹਨ, ‘‘ਮੇਰੇ ਸਾਹਿਬਾ  ! ਤੇਰੇ ਚੋਜ ਵਿਡਾਣਾ ॥ ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ;  ਆਪੇ ਸਰਬ ਸਮਾਣਾ ॥ ਰਹਾਉ ॥’’ ਪਦ ਅਰਥ : ਚੋਜ = ਕੌਤਕ, ਤਮਾਸ਼ੇ।, ਜਲਿ ਥਲਿ = ਪਾਣੀ ਤੇ ਧਰਤੀ ਵਿੱਚ।, ਮਹੀਅਲਿ = ਮਹੀ ਤਲਿ ਭਾਵ ਧਰਤੀ ਦੇ ਤਲ ਉੱਤੇ ਜਾਂ ਖੁੱਲ੍ਹੇ ਆਕਾਸ਼ ਵਿੱਚ।, ਭਰਿਪੁਰਿ = ਭਰਪੂਰ, ਨੱਕਾ ਨੱਕ ।

ਮਾਲਕ ਦੀ ਕਣ-ਕਣ ’ਚ ਮੌਜੂਦਗੀ ਦੇ ਬਾਵਜੂਦ ਵੱਡੇ ਛੋਟੇ ਦਾ ਅੰਤਰ, ਜਿਵੇਂ ਕਿ ਕੁਦਰਤ ਦੇ ਪੱਤਿਆਂ ਦੇ ਅੰਤਰ ਦੀ ਭਿੰਨਤਾ ਬਾਬਤ ਉਕਤ ਵਿਚਾਰ ਕੀਤੀ ਜਾ ਚੁੱਕੀ ਹੈ, ਨੂੰ ਸਮਝ ਕੇ ਵਿਸਮਾਦ ਪੈਦਾ ਕਰਨ ਵਾਲੇ ਗੁਰਬਾਣੀ ’ਚ ਕਈ ਪਾਵਨ ਸ਼ਬਦ ਹੋਰ ਵੀ ਹਨ ; ਜਿਵੇਂ ਕਿ

ਇਕਿ ਦਾਤੇ, ਇਕਿ ਭੇਖਾਰੀ ਜੀ !   ਸਭਿ ਤੇਰੇ ਚੋਜ ਵਿਡਾਣਾ ॥  (ਮ : ੪/੧੧) ਪਦ ਅਰਥ :  ਲਫ਼ਜ਼ ‘ਇਕ’ ਦਾ ਬਹੁ ਵਚਨ ਹੈ ‘ਇਕਿ’, ਜਿਸ ਦਾ ਅਰਥ ਹੈ ‘ਕਈ ਜੀਵ’।, ਵਿਡਾਣ = ਅਚਰਜ।, ਚੋਜ = ਕੌਤਕ, ਤਮਾਸ਼ੇ।

ਜਲਿ ਥਲਿ ਮਹੀਅਲਿ ਪੂਰਿਆ ;  ਸੁਆਮੀ ਸਿਰਜਨਹਾਰੁ ॥ ਅਨਿਕ ਭਾਂਤਿ ਹੋਇ ਪਸਰਿਆ ;  ਨਾਨਕ  ! ਏਕੰਕਾਰੁ ॥੧॥ (ਮ: ੫/੨੯੬)

ਜਲਿ ਥਲਿ ਮਹੀਅਲਿ, ਰਹਿਆ ਭਰਪੂਰਿ ॥ ਨਿਕਟਿ ਵਸੈ, ਨਾਹੀ ਪ੍ਰਭੁ ਦੂਰਿ ॥ (ਮ: ੫/੭੩੬)

ਤੂ ਜਲਿ ਥਲਿ ਮਹੀਅਲਿ, ਸਭ ਤੈ (ਭਾਵ ਹਰ ਥਾਂ) ਭਰਪੂਰਿ ॥ ਜਨ ਨਾਨਕ  ! ਹਰਿ ਜਪਿ, ਹਾਜਰਾ ਹਜੂਰਿ ॥ (ਮ: ੪/੧੧੩੪)

ਅਰਥ:  ਹੇ ਦਾਸ ਨਾਨਕ  ! ਉਸ ਹਰੀ ਦਾ ਨਾਮ ਜਪਿਆ ਕਰ, ਜੋ ਹਰ ਥਾਂ ਹਾਜ਼ਰ-ਨਾਜ਼ਰ (ਪ੍ਰਤੱਖ ਦਿੱਸ ਰਿਹਾ) ਹੈ ਤੇ ਬੇਨਤੀ ਕਰਿਆ ਕਰ ਕਿ ਹੇ ਹਰੀ  ! ਤੂੰ ਜਲ ਵਿੱਚ ਹੈਂ, ਆਕਾਸ਼ ਵਿੱਚ ਹੈਂ, ਹਰ ਥਾਂ ਵਿਆਪਕ ਹੈਂ (ਮੇਰੀ ਵੀ ਬੇਨਤੀ ਸੁਣ)।

ਸ਼ਬਦ ਦੇ ਪਹਿਲੇ ਬੰਦ ਵਿੱਚ ਸਮਝਾਇਆ ਗਿਆ ਹੈ ਕਿ ਹੇ ਪ੍ਰਭੂ ! ਇਹ ਸਾਰੀ ਸ੍ਰਿਸ਼ਟੀ (ਮਾਨੋ) ਤੇਰਾ ਇੱਕ ਚੁਬਾਰਾ ਹੈ, ਜਿਸ ਵਿੱਚ ਤੇਰਾ ਨਿਵਾਸ ਹੈ, ਚਾਰ ਦਿਸ਼ਾਵਾਂ ਉਸ (ਚੁਬਾਰੇ) ਦੀਆਂ ਕੰਧਾਂ ਹਨ, ਧਰਤੀ ਉਸ ਚੁਬਾਰੇ ਦਾ (ਹੇਠਲਾ) ਪੁੜ (ਭਾਵ ਫ਼ਰਸ਼ ਅਤੇ) ਆਕਾਸ਼ ਉਸ ਦਾ (ਉਪਰਲਾ) ਪੁੜ (ਭਾਵ ਛੱਤ) ਹੈ।  ਸਾਰੀ ਸ੍ਰਿਸ਼ਟੀ (ਦੇ ਜੀਆਂ ਜੰਤਾਂ) ਦੀਆਂ ਸ਼ਕਲਾਂ-ਮੂਰਤੀਆਂ ਤੇਰੀ ਹੀ ਬਣਾਈ ਸ੍ਰੇਸ਼ਟ ਟਕਸਾਲ ’ਚ ਘੜੀਆਂ ਗਈਆਂ ਹਨ, ‘‘ਪੁੜੁ ਧਰਤੀ, ਪੁੜੁ ਪਾਣੀ ਆਸਣੁ ;  ਚਾਰਿ ਕੁੰਟ, ਚਉਬਾਰਾ ॥ ਸਗਲ ਭਵਣ ਕੀ ਮੂਰਤਿ ਏਕਾ ;   ਮੁਖਿ ਤੇਰੈ ਟਕਸਾਲਾ ॥੧॥’’ ਪਦ ਅਰਥ :  ਪੁੜੁ = (ਚੱਕੀ ਦਾ) ਪੁੜ (ਭਾਵ ਚੁਬਾਰੇ ਦੀ ਛੱਤ)।, ਪਾਣੀ = ਬੱਦਲ, ਆਕਾਸ਼।, ਕੁੰਟ = ਪਾਸਾ, ਚਾਰਦਿਵਾਰੀ।, ਆਸਣੁ = ਨਿਵਾਸ ਸਥਾਨ।, ਭਵਣ = ਸ੍ਰਿਸ਼ਟੀ।, ਮੂਰਤਿ = ਮੂਰਤੀਆਂ, ਜੀਅ-ਜੰਤ, ਸ਼ਕਲਾਂ।, ਮੁਖਿ = ਮੁਖੀ, ਸ੍ਰੇਸ਼ਟ।, ਤੇਰੈ ਮੁਖਿ ਟਕਸਾਲਾ = ਤੇਰੀ ਮੁੱਖ (ਸ੍ਰੇਸ਼ਟ) ਟਕਸਾਲ ’ਚੋਂ ਘੜੇ ਗਏ ਹਨ।

ਪ੍ਰਭੂ ਦੀ ਵਿਸ਼ਾਲਤਾ ਵਿੱਚ ਹੇਠਲੇ ਪਾਸੇ ਧਰਤੀ ਅਤੇ ਉੱਪਰ ਅਕਾਸ਼ ਨੂੰ ਗੁਰਬਾਣੀ ਵਿੱਚ ਹੋਰ ਥਾਂ ਵੀ ‘ਦੋ ਪੁੜ’ ਮੰਨ ਕੇ ਸਮਝਾਇਆ ਗਿਆ ਹੈ ;ਜਿਵੇਂ ਕਿ  ‘‘ਦੁਇ ਪੁੜ ਜੋੜਿ ਵਿਛੋੜਿਅਨੁ;   ਗੁਰ ਬਿਨੁ, ਘੋਰੁ ਅੰਧਾਰੋ ॥’’  (ਮ: ੧/੫੮੦)

ਪਦ ਅਰਥ: ਦੁਇ ਪੁੜ = ਦੋਵੇਂ ਪੁੜ (ਧਰਤੀ ਤੇ ਆਕਾਸ਼)।, ਵਿਛੋੜਿਅਨੁ = ਉਸ ਨੇ ਵਿਛੋੜ ਦਿੱਤੇ ਹਨ, ਉਸ ਨੇ ਵੱਖ ਵੱਖ ਕਰ ਦਿੱਤੇ ਹਨ।, ਘੋਰੁ ਅੰਧਾਰੋ = ਘੁੱਪ ਹਨੇਰਾ।

ਅਰਥ : ਜਿਸ ਤਰ੍ਹਾਂ ਪ੍ਰਭੂ ਨੇ ਦੋਵੇਂ ਪੁੜ (ਧਰਤੀ ਤੇ ਆਕਾਸ਼) ਜੋੜ ਕੇ ਭਾਵ ਜਗਤ-ਰਚਨਾ ਕਰ ਕੇ ਆਪਸ ਵਿੱਚ ਭਿੰਨ ਰੱਖੇ ਹਨ ਭਾਵ ਇੱਕ ਦੂਸਰੇ ਤੋਂ ਦੂਰ-ਦੂਰ ਕੀਤੇ ਹਨ ਇਸੇ ਤਰ੍ਹਾਂ ਉਸ ਪ੍ਰਭੂ ਨੇ ਆਪਣੇ ਆਪੇ ਤੋਂ ਜੀਵਾਂ ਦੀ ਰਚਨਾ ਕੀਤੀ ਤੇ ਫਿਰ ਉਨ੍ਹਾਂ ਨੂੰ ਮਾਇਆ ਦੇ ਮੋਹ ਵਿੱਚ ਫਸਾ ਕੇ ਆਪਣੇ ਨਾਲੋਂ ਵਿਛੋੜ ਦਿੱਤਾ ਹੈ।  ਗੁਰੂ ਤੋਂ ਬਿਨਾਂ (ਜਗਤ ਵਿੱਚ ਮਾਇਆ ਦੇ ਮੋਹ ਦਾ) ਘੁੱਪ ਹਨੇਰਾ ਹੈ।

ਸ਼ਬਦ ਦੇ ਦੂਸਰੇ ਪਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਅਕਾਲ ਪੁਰਖ ਨੂੰ ਸੰਬੋਧਨ ਹੁੰਦੇ ਹੋਏ ਬੇਨਤੀ ਕਰਦੇ ਹਨ ਕਿ ਮੈਂ ਜਿਸ ਪਾਸੇ ਤੱਕਦਾ ਹਾਂ ਤੇਰੀ ਹੀ ਜੋਤਿ (ਪ੍ਰਕਾਸ਼ ਕਰ ਰਹੀ) ਹੈ, ਪਰ ਤੇਰਾ ਸਰੂਪ ਕੈਸਾ ਹੈ (ਇਹ ਬਿਆਨ ਤੋਂ ਪਰੇ ਹੈ)। ਹਰ ਤਰਫ਼ ਤੂੰ ਆਪ ਹੀ ਆਪ ਹੁੰਦਿਆਂ ਭੀ ਇਹਨਾਂ ਬੇਅੰਤ ਜੀਵਾਂ ਵਿੱਚ ਲੁਕ ਕੇ ਵਿਚਰ ਰਿਹਾ ਹੈਂ (ਅਸਚਰਜ ਇਹ ਹੈ ਕਿ) ਕੋਈ ਇੱਕ ਜੀਵ ਕਿਸੇ ਦੂਜੇ ਵਰਗਾ ਨਹੀਂ ਹੈ, ‘‘ਜਹ ਜਹ ਦੇਖਾ, ਤਹ ਜੋਤਿ ਤੁਮਾਰੀ;  ਤੇਰਾ ਰੂਪੁ ਕਿਨੇਹਾ ? ॥ ਇਕਤੁ ਰੂਪਿ ਫਿਰਹਿ ਪਰਛੰਨਾ;  ਕੋਇ ਨ ਕਿਸ ਹੀ ਜੇਹਾ ॥੨॥’’ ਪਦ ਅਰਥ:  ਕਿਨੇਹਾ = ਕਿਹੋ ਜਿਹਾ ? ਬਿਆਨ ਤੋਂ ਪਰੇ।, ਇਕਤੁ ਰੂਪਿ = ਇਕੋ ਰੂਪ ਵਿੱਚ (ਹੁੰਦਿਆਂ), ਇਕ ਆਪ ਹੀ ਆਪ ਹੁੰਦਿਆਂ।, ਪਰਛੰਨਾ = ਲੁਕਿਆ ਹੋਇਆ।

ਰੱਬੀ ਵਿਆਪਕਤਾ ਤੇ ਸਭ ਦਾ ਬਣਤਰ ਬਿਖਰੇਵਾ ਵਿਸ਼ਾ ਗੁਰਬਾਣੀ ਵਿੱਚ ਹੋਰ ਜਗ੍ਹਾ ਵੀ ਦਰਜ ਹੈ; ਜਿਵੇਂ ਕਿ

ਜਹ ਜਹ ਦੇਖਉ, ਤਹ ਤਹ ਸਾਚਾ ॥ (ਮ: ੧/੨੨੪)

ਮੇਰੈ ਪ੍ਰਭਿ ਸਾਚੈ (ਨੇ), ਇਕੁ ਖੇਲੁ ਰਚਾਇਆ ॥ ਕੋਇ ਨ ਕਿਸ ਹੀ ਜੇਹਾ ਉਪਾਇਆ ॥ (ਮ: ੩/੧੦੫੬) ਪਦ ਅਰਥ: ਪ੍ਰਭਿ ਸਾਚੈ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੇ।, ਖੇਲੁ = ਤਮਾਸ਼ਾ।, ਕਿਸ ਹੀ = (ਕ੍ਰਿਆ ਵਿਸ਼ੇਸ਼ਣ ‘ਹੀ’ ਦੇ ਕਾਰਨ ਲਫ਼ਜ਼ ‘ਕਿਸੁ’ ਦਾ (  ੁ) ਉੱਡ ਗਿਆ ਹੈ)।

ਸ਼ਬਦ ਦੇ ਤੀਸਰੇ ਪਦੇ ਵਿੱਚ ਫ਼ੁਰਮਾਇਆ ਗਿਆ ਕਿ ਅੰਡੇ ਵਿੱਚੋਂ, ਜਿਓਰ ਵਿੱਚੋਂ, ਧਰਤੀ ਵਿੱਚੋਂ, ਮੁੜ੍ਹਕੇ ਵਿੱਚੋਂ ਜੰਮੇ ਹੋਏ ਇਹ ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਨ।  ਮੈਂ ਤੇਰੀ ਇਹ ਅਚਰਜ ਖੇਡ ਵੇਖਦਾ ਹਾਂ ਕਿ ਭਿੰਨ ਭਿੰਨ ਖਾਣੀਆਂ ਦੇ ਸਰੂਪ ਹੋਣ ਦੇ ਬਾਵਜੂਦ ਵੀ ਤੂੰ ਇਹਨਾਂ ਸਭਨਾਂ ਵਿੱਚ ਮੌਜੂਦ ਹੈਂ, ‘‘ਅੰਡਜ ਜੇਰਜ ਉਤਭੁਜ ਸੇਤਜ;  ਤੇਰੇ ਕੀਤੇ ਜੰਤਾ ॥ ਏਕੁ ਪੁਰਬੁ ਮੈ ਤੇਰਾ ਦੇਖਿਆ;  ਤੂ ਸਭਨਾ ਮਾਹਿ ਰਵੰਤਾ ॥੩॥’’ ਪਦ ਅਰਥ : ਅੰਡਜ = ਅੰਡੇ ਤੋਂ ਪੈਦਾ ਹੋਏ ਜੀਵ, (ਪੰਛੀ ਆਦਿਕ)।, ਜੇਰਜ = ਜਿਓਰ ਤੋਂ ਜੰਮੇ ਹੋਏ (ਮਨੁੱਖ ਅਤੇ ਪਸ਼ੂ)।, ਸੇਤਜ = (ਸੈਤ = ਪਸੀਨਾ) ਮੁੜ੍ਹਕੇ ਤੋਂ ਜੰਮੇ ਹੋਏ (ਜੂੰਆਂ ਆਦਿਕ)।, ਉਤਭੁਜਾ = ਪਾਣੀ ਦੀ ਮਦਦ ਨਾਲ ਧਰਤੀ ਵਿੱਚੋਂ ਜੰਮੇ ਹੋਏ (ਬਨਸਪਤੀ)। , ਪੁਰਬੁ = ਵਡਿਆਈ, ਅਚਰਜ ਖੇਡ।, ਰਵੰਤਾ = ਰਮਿਆ ਹੋਇਆ, ਵਿਆਪਕ।

ਅਜਿਹੇ ਦੀ ਸੰਕੇਤ ਦਿੰਦੇ ਗੁਰਬਾਣੀ ਵਿੱਚ ਹੋਰ ਜਗ੍ਹਾ ਸ਼ਬਦ ਵੀ ਦਰਜ ਹਨ; ਜਿਵੇਂ ਕਿ

ਅੰਡਜ, ਜੇਰਜ, ਸੇਤਜ, ਉਤਭੁਜਾ;   ਪ੍ਰਭ ਕੀ ਇਹ ਕਿਰਤਿ (ਭਾਵ ਰਚਨਾ)॥  (ਮ: ੫/੮੧੬)

ਅੰਡਜ, ਜੇਰਜ, ਸੇਤਜ, ਉਤਭੁਜ;   ਸਭਿ ਵਰਨ ਰੂਪ, ਜੀਅ ਜੰਤ ਉਪਈਆ ॥  (ਮ: ੪/੮੩੫)

ਉਕਤ ਤਿੰਨ ਪਦਿਆਂ ’ਚ ਕਰਤਾਰ ਦੀ ਵਿਸ਼ਾਲਤਾ ਨੂੰ ਸੰਖੇਪ ਰੂਪ ਦੇਣ ਉਪਰੰਤ ਸ਼ਬਦ ਦੇ ਚੌਥੇ ਤੇ ਆਖਰੀ ਪਦੇ ਵਿੱਚ ਨਾਨਕ ਬੇਨਤੀ ਕਰਦਾ ਹੈ ਕਿ ਹੇ ਪ੍ਰਭੂ ! ਤੇਰੇ ਅਨੇਕਾਂ ਗੁਣ ਹਨ (ਅਨੇਕਤਾ ਦੀ ਸਮਝ ਆਵੇ ਤਾਂ ਹੀ ਕੋਈ ਇੱਕ ਗਿਣਾਂ ਪਰ) ਮੈਨੂੰ ਕਿਸੇ ਇੱਕ ਦੀ ਭੀ ਪੂਰੀ ਸਮਝ ਨਹੀਂ ਹੈ, ਮੈਨੂੰ ਮੂਰਖ ਨੂੰ ਕੋਈ ਚੰਗੀ ਅਕਲ ਦੇਹ  !  ਮੇਰੀ ਬੇਨਤੀ ਸੁਣ  !  ਵਿਕਾਰਾਂ ਵਿੱਚ ਡੁੱਬ ਰਹੇ ਮੈਨੂੰ ਪੱਥਰ ਦਿਲ ਨੂੰ ਬਚਾ ਲੈ, ‘‘ਤੇਰੇ ਗੁਣ ਬਹੁਤੇ ਮੈ ਏਕੁ ਨ ਜਾਣਿਆ;   ਮੈ ਮੂਰਖ ਕਿਛੁ ਦੀਜੈ ॥ ਪ੍ਰਣਵਤਿ ਨਾਨਕ, ਸੁਣਿ ਮੇਰੇ ਸਾਹਿਬਾ  !  ਡੁਬਦਾ ਪਥਰੁ ਲੀਜੈ ॥੪॥੪॥’’ ਪਦ ਅਰਥ:  ਕਿਛੁ = ਕੋਈ ਚੰਗੀ ਅਕਲ।, ਲੀਜੈ = ਕੱਢ ਲੈ ।

ਇਸੇ ਭਾਵਨਾ ਨੂੰ ਦਰਸਾਉਂਦੇ ਗੁਰਬਾਣੀ ਵਿੱਚ ਕੁਝ ਹੋਰ ਪਾਵਨ ਵਚਨ ਵੀ ਹਨ; ਜਿਵੇਂ ਕਿ

ਕਾਮਿ ਕ੍ਰੋਧਿ ਭਰੇ, ਹਮ ਅਪਰਾਧੀ ॥  ਕਿਆ ਮੁਹੁ ਲੈ ਬੋਲਹ  ?   ਨਾ ਹਮ ਗੁਣ, ਨ ਸੇਵਾ ਸਾਧੀ ॥ ਡੁਬਦੇ ਪਾਥਰ, ਮੇਲਿ ਲੈਹੁ ਤੁਮ ਆਪੇ;   ਸਾਚੁ ਨਾਮੁ ਅਬਿਨਾਸੀ ਹੇ ॥  (ਮ: ੩/੧੦੪੮) ਪਦ ਅਰਥ: ਕਾਮਿ ਕ੍ਰੋਧਿ = ਕਾਮ ਕ੍ਰੋਧ (ਦੇ ਚਿੱਕੜ) ਨਾਲ।, ਅਪਰਾਧੀ = ਭੁੱਲਣਹਾਰ।, ਬੋਲਹ = ਅਸੀਂ ਬੋਲੀਏ।, ਕਿਆ ਮੁਹੁ ਲੈ = ਕਿਹੜਾ ਮੂੰਹ ਲੈ ਕੇ ? (ਗੰਦੇ ਹੋਣ ਕਾਰਨ) ਕਿਸ ਮੂੰਹ ਨਾਲ ?, ਸਾਧੀ = ਕੀਤੀ।, ਤੁਮ ਆਪੇ = ਤੂੰ ਆਪ ਹੀ।, ਸਾਚੁ = ਸਦਾ-ਥਿਰ ।

ਸਭਿ ਗੁਣ ਤੇਰੇ, ਮੈ ਨਾਹੀ ਕੋਇ ॥ (ਜਪੁ)

ਅਰਥ: ਹੇ ਮੇਰੇ ਮਾਲਕ  ! (ਮੇਰੇ ਅੰਦਰ ਪੈਦਾ ਹੋਏ) ਸਾਰੇ ਗੁਣ (ਵਡਿਆਈਆਂ) ਤੇਰੇ ਉਪਕਾਰ ਹਨ, ਨਹੀਂ ਤਾਂ ਮੇਰੇ ’ਚ ਕੋਈ ਤਾਕਤ ਨਹੀਂ ਸੀ (ਕਿ ਤੇਰੇ ਰੱਬੀ ਗੁਣ, ਤੇਰੀ ਮਿਹਰ ਬਿਨਾਂ ਮੈਂ ਗ੍ਰਹਿਣ ਕਰ ਸਕਦਾ)।

Most Viewed Posts