ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਕੀ ਵਿਕਾਸ ਤੇ ਗੁਰਿਆਈ

0
652

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਕੀ ਵਿਕਾਸ ਤੇ ਗੁਰਿਆਈ

ਗਿਆਨੀ ਜਗਤਾਰ ਸਿੰਘ ਜਾਚਕ ਜੀ

੨੦ਵੀਂ ਸਦੀ ਦੇ ਪ੍ਰਮਾਣੀਕ ਗੁਰਸਿੱਖ ਵਿਦਵਾਨ ਅਤੇ ਗੁਰਮਤਿ ਸਿਧਾਂਤਾਂ ਨੂੰ ਨਿਖਾਰ ਕੇ ਪ੍ਰਕਾਸ਼ਮਾਨ ਕਰਨ ਵਾਲੇ ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਗੁਰ ਸ਼ਬਦ ਰਤਨਾਕਰ (Encyclopaedia of Sikh Literature) ਵਿੱਚ ‘ਗ੍ਰੰਥ ਸਾਹਿਬ ਸ਼੍ਰੀ ਗੁਰੂ’ ਦੇ ਅੰਦਰਾਜ਼ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਰੇ ਧਰਮ ਗ੍ਰੰਥਾਂ ਦਾ ਸਵਾਮੀ ਲਿਖਿਆ ਹੈ ਕਿਉਂਕਿ ਧਰਮ ਗ੍ਰੰਥਾਂ ਦੀ ਦੁਨੀਆਂ ਵਿੱਚ ‘ਸ਼੍ਰੀ ਗੁਰੂ ਗ੍ਰੰਥ ਸਾਹਿਬ’ ਹੀ ਇੱਕੋ-ਇੱਕ ਐਸਾ ਸਰਬਸਾਂਝੀ ਸੋਚ ਵਾਲਾ ਗ੍ਰੰਥ ਹੈ, ਜਿਹੜਾ ਰੱਬ ਨੂੰ ਇੱਕ ਨਿਰ-ਅਕਾਰੀ ਅਤੇ ਸਰਬ ਵਿਆਪਕ ਜੀਵਨ-ਸੱਤਾ ਮੰਨਦਾ ਹੋਇਆ ਹਰ ਕਿਸਮ ਦੇ ਮਾਨਵੀ ਵਿਤਕਰਿਆਂ, ਸ਼ਰਈ ਪਾਬੰਦੀਆਂ, ਭੇਖਾਂ ਅਤੇ ਸੰਪਰਦਾਇਕ ਸ੍ਰੇਸ਼ਟਤਾ ਦੀ ਹਉਮੈ ਤੋਂ ਰਹਿਤ ਕਰਦਾ ਹੈ ।

ਇਸ ਵਿੱਚ ਅਜਿਹਾ ਕੋਈ ਦਾਅਵਾ ਨਹੀਂ ਕੀਤਾ ਗਿਆ ਕਿ ਇਸ ਗ੍ਰੰਥ ਵਿਚਲੀ ਵਿਚਾਰਧਾਰਾ ਹੀ ਆਖਰੀ ਸੱਚ ਹੈ ਜਾਂ ਕੇਵਲ ਇਸ ਮੱਤ ਨੂੰ ਅਪਣਾਇਆਂ ਹੀ ਮਨੁੱਖਤਾ ਦਾ ਉਧਾਰ ਹੋ ਸਕਦਾ ਹੈ । ਨਹੀਂ  ! ਸਗੋਂ ਸਰਬਤ ਦਾ ਭਲਾ ਸੋਚਦਿਆਂ ਧਾਰਮਿਕ ਆਗੂ ਗੁਰੂ, ਪੀਰ, ਬ੍ਰਾਹਮਣ, ਮੁੱਲਾਂ, ਜੋਗੀ ਅਤੇ ਲੁਕਾਈ ਦਾ ਉਧਾਰ ਕਰਨ ਵਾਲੀ ਵਿਚਾਰਧਾਰਾ ਦੀ ਪਰਖ ਹਿੱਤ ਪਰਿਭਾਸ਼ਾ ਰੂਪ ਸ਼ਬਦੀ ਕਸਵੱਟੀਆਂ ਕਾਇਮ ਕਰ ਕੇ ਇਸ ਨਿਰਣੇ ਦਾ ਅਧਿਕਾਰ ਲੋਕਾਂ ਨੂੰ ਦੇ ਦਿੱਤਾ ਗਿਆ ਹੈ ਕਿ ਉਹ ਸੋਚਣ ਕਿ ਉਨ੍ਹਾਂ ਨੇ ਕਿਸ ਧਾਰਮਕ ਆਗੂ ਦੀ ਅਗਵਾਈ ਵਿੱਚ ਜਾਂ ਕਿਸ ਵਿਚਾਰਧਾਰਾ ਦੀ ਰੌਸ਼ਨੀ ਵਿੱਚ ਜੀਊਣਾ ਹੈ।

ਅਜੋਕੇ ਯੁਗ ਦੇ ਵਿਗਿਆਨੀ ਜਦੋਂ ਹੁਣ ਕਥਿਤ ਧਰਮ ਗ੍ਰੰਥਾਂ ਦੀਆਂ ਖ਼ਿਆਲੀ ਮਨੌਤਾਂ ਦੀ ਖਿੱਲੀ ਉੱਡਾ ਰਹੇ ਹਨ। ਤਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਇੱਕੋ-ਇੱਕ ਐਸਾ ਧਰਮ ਗ੍ਰੰਥ ਹੈ, ਜਿਸ ਦੀਆਂ ਵਿਚਾਰਧਾਰਕ ਸਚਾਈਆਂ ਹੋਰ ਵੀ ਉਘੜਵੇਂ ਰੂਪ ਵਿੱਚ ਪ੍ਰਗਟ ਹੋ ਰਹੀਆਂ ਹਨ । ਹਕੀਕਤ ਤਾਂ ਇਹ ਹੈ ਕਿ ਜਿਉਂ ਜਿਉਂ ਸਾਇੰਸ ਦਾ ਵਿਕਾਸ ਹੋ ਰਿਹਾ ਹੈ, ਤਿਉਂ ਤਿਉਂ ਗੁਰਬਾਣੀ ਦੀਆਂ ‘ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥, ਪਹਿਲਾ ਪਾਣੀ ਜੀਉ ਹੈ, ਜਿਤੁ ਹਰਿਆ ਸਭੁ ਕੋਇ ॥ (ਪੰ.੪੭੨), ਸਸਿ ਘਰਿ ਸੂਰੁ ਵਸੈ, ਮਿਟੈ ਅੰਧਿਆਰਾ ॥ (ਪੰ.੯੪੩), ਅਰਬਦ ਨਰਬਦ ਧੁੰਦੂਕਾਰਾ ॥ (ਪੰ.੧੦੩੫), ਪਰਮਾਣੋ ਪਰਜੰਤ ਆਕਾਸਹ, ਦੀਪ ਲੋਅ ਸਿਖੰਡਣਹ ॥ (੧੩੬੦), ਆਦਿਕ ਰਹੱਸਮਈ ਤੁਕਾਂ ਦੇ ਅਰਥ ਅਤੇ ਇਨ੍ਹਾਂ ਦੇ ਵਿਗਿਆਨਕ ਦ੍ਰਿਸ਼ਟੀਕੋਨ ਸੰਸਾਰ ਦੀ ਸਮਝ ਗੋਚਰੇ ਹੋ ਰਹੇ ਹਨ ।

ਇਹੀ ਕਾਰਨ ਹੈ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਵੀ. ਪੀ. ਸਿੰਘ ਨੇ ਨਵੰਬਰ ੨੦੦੪ ਵਿੱਚ ਇੱਕ ਇੰਟਰਵਿਊ (ਜਿਹੜੀ ੧ ਦਸੰਬਰ ੨੦੦੪  ਨੂੰ ਪੰਜਾਬੀ ਟ੍ਰਿਬਿਊਨ ਵਿੱਚ ਛਪੀ) ਵਿਖੇ ਧਰਮ ਗ੍ਰੰਥਾਂ ਦੀ ਗੱਲ ਕਰਦਿਆਂ ਆਖਿਆ ਸੀ ਕਿ ‘‘ਗੁਰਬਾਣੀ ਵਿਗਿਆਨ ਦੀ ਕਸਵੱਟੀ ’ਤੇ ਖਰੀ ਉਤਰਦੀ ਹੈ। ਅੱਜ ਦਾ ਜੋ ਸਾਇੰਸ ਦਾ ਯੁੱਗ ਦੱਸ ਰਿਹਾ ਹੈ, ਗੁਰੂ ਨਾਨਕ ਸਾਹਿਬ ਨੇ ੫੦੦ ਸਾਲ ਪਹਿਲਾਂ ਗੁਰਬਾਣੀ ਵਿੱਚ ਦੱਸ ਦਿੱਤਾ ਸੀ । ਬ੍ਰਹਿਮੰਡ ਵਿੱਚ ਲੱਖਾਂ ਧਰਤੀਆਂ, ਆਕਾਸ਼, ਪਾਤਾਲ ਹਨ । ਗੁਰਬਾਣੀ ਵਿੱਚ ਇਸ ਗੱਲ ਦਾ ਵੀ ਜ਼ਿਕਰ ਹੈ ਕਿ ਚੰਦਰਮਾ ਦੀ ਆਪਣੀ ਰੌਸ਼ਨੀ ਨਹੀਂ; ਚੰਦ, ਸੂਰਜ ਤੋਂ ਆਪਣੀ ਰੌਸ਼ਨੀ ਲੈ ਕੇ ਚਮਕਦਾ ਹੈ ।’  ਸਸਿ ਘਰਿ ਸੂਰੁ ਵਸੈ, ਮਿਟੈ ਅੰਧਿਆਰਾ ॥ (ਪੰ.੯੪੩) ਗੁਰਵਾਕ ਇਹੀ ਅਰਥ ਦਿੰਦੇ ਹਨ ।

ਇਸ ਮਹਾਨ ਗ੍ਰੰਥ ਦਾ ਮੁੱਢਲਾ ਤੇ ਪਹਿਲਾ ਸਰੂਪ ਹੈ, ਮਾਨਵ-ਦਰਦੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵੱਲੋਂ ‘ਧਰਤਿ ਲੋਕਾਈ’ ਨੂੰ ਸੋਧਣ ਹਿੱਤ ਕੀਤੇ ਪ੍ਰਚਾਰਕ ਦੌਰਿਆਂ (ਉਦਾਸੀਆਂ) ਵੇਲੇ ਆਪਣੀ ਤੇ ਵੱਖ ਵੱਖ ਭਗਤਾਂ ਦੀ ਉਚਾਰਨ ਕੀਤੀ ‘ਧੁਰ ਕੀ ਬਾਣੀ’ ਦਾ ਸੰਗ੍ਰਹਿ ਰੂਪ ਉਹ ‘ਕਿਤਾਬ’ (ਪੋਥੀ), ਜਿਸ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਆਪਣੇ ਵੱਲੋਂ ਰਚਿਤ ਵਾਰਾਂ ਵਿੱਚ ਸਤਿਗੁਰੂ ਜੀ ਦੀ ‘ਮੱਕੇ ਮਦੀਨੇ’ ਦੀ ਯਾਤਰਾ ਦਾ ਵਰਨਣ ਕਰਦਿਆਂ ਦੋ ਵਾਰ ਕੀਤਾ ਹੈ,  ‘‘ਪੁਛਨਿ ਫੋਲਿ ਕਿਤਾਬ ਨੋ, ਹਿੰਦੂ ਵੱਡਾ ਕਿ ਮੁਸਲਮਾਨੋਈ  ? ਬਾਬਾ ਆਖੇ ਹਾਜੀਆਂ, ਸੁਭਿ ਅਮਲਾਂ ਬਾਝਹੁਂ ਦੋਨੋ ਰੋਈ ।’’ (ਵਾਰ ੧/ਪਉੜੀ ੩੩)

ਦੂਜਾ ਸਰੂਪ ਹੈ, ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਵੱਲੋਂ ਸੰਨ ੧੬੦੪ (ਸੰਮਤ ੧੬੬੧) ਵਿੱਚ ਸ੍ਰੀ ਅੰਮ੍ਰਿਤਸਰ ਵਿਖੇ ਤਿਆਰ ਕੀਤੀ ਉਹ ‘ਪੋਥੀ’, ਜਿਸ ਨੂੰ ਹੁਣ ‘ਆਦਿ ਬੀੜ’ (ਪੋਥੀ ਸਾਹਿਬ), ‘ਕਰਤਾਰਪੁਰੀ ਬੀੜ’ ਜਾਂ ‘ਕਰਤਾਰਪੁਰੀ ਸਰੂਪ’ ਕਹਿ ਕੇ ਸਤਿਕਾਰਿਆ ਜਾਂਦਾ ਹੈ ਭਾਵੇਂ ਕਿ ਕਈ ਵਿਦਵਾਨ ਤੇ ਜਥੇਬੰਦੀਆਂ ਉਸ ਦੀ ਪ੍ਰਮਾਣਿਕਤਾ ਪ੍ਰਤੀ ਵੀ ਸਦਿੰਗਧ ਹਨ, ਜਿਵੇਂ ਦਮਦਮੀ ਟਕਸਾਲ (ਜਥਾ ਭਿੰਡਰਾਂ) ਮਹਿਤਾ ਵੱਲੋਂ ਪ੍ਰਕਾਸ਼ਿਤ ‘ਗੁਰਬਾਣੀ ਪਾਠ ਦਰਪਣ’ ਦੇ ਅਖ਼ੀਰ ਵਿੱਚ ਪੰਨਾ ੬੯੬ ’ਤੇ ਲਿਖਿਆ ਹੈ ਕਿ ਸ੍ਰੀ ਕਰਤਾਰਪੁਰੀ ਬੀੜ ਦੇ ਤਕ੍ਰੀਬਨ ਪੰਦਰਾਂ ਸੌ ਪਾਠ-ਭੇਦ ਐਸੇ ਹਨ, ਜੋ ਗੁਰਗੱਦੀ ਪ੍ਰਾਪਤ ਦਮਦਮੀ ਬੀੜ ਨਾਲ ਨਹੀਂ ਮਿਲਦੇ ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਦੇ ਵਿਕਾਸ ਵਿੱਚ ਤੀਜਾ ਸਰੂਪ ਹੈ, ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵੱਲੋਂ ਆਪਣੀ ਦੇਖ-ਰੇਖ ਹੇਠ ਸ੍ਰੀ ਅਨੰਦਪੁਰ ਵਿਖੇ ਸ਼ੋਭਨੀਕ ‘ਸ੍ਰੀ ਦਮਦਮਾ ਸਾਹਿਬ’ ਦੇ ਸਥਾਨ ਉੱਪਰ ਸੰਨ ੧੬੮੨ (ਸੰਮਤ ੧੭੩੯) ਵਿਖੇ ‘ਸੋ ਪੁਰਖੁ’ ਦੇ ੪ ਸ਼ਬਦਾਂ ਵਾਲੇ ਸੰਗ੍ਰਹਿ ਅਤੇ ਨੌਵੇਂ ਪਾਤਸ਼ਾਹ ਦੀ ਬਾਣੀ ਸਮੇਤ ਤਿਆਰ ਕਰਵਾਈ ਪਾਵਨ ਬੀੜ, ਜਿਸ ਨੂੰ ‘ਦਮਦਮੀ ਬੀੜ’ ਜਾਂ ‘ਦਮਦਮੀ ਸਰੂਪ’ ਆਖਿਆ ਜਾਂਦਾ ਹੈ । ਨਾਨਕਸ਼ਾਹੀ ਕੈਲੰਡਰ ਮੁਤਾਬਕ ਦਸਮ ਪਾਤਸ਼ਾਹ ਜੀ ਮਹਾਰਾਜ ੨੦ ਅਕਤੂਬਰ ਸੰਨ ੧੭੦੮ ਨੂੰ ਸ੍ਰੀ ਅਬਿਚਲ ਨਗਰ ਹਜ਼ੂਰ ਸਾਹਿਬ (ਨਦੇੜ) ਵਿਖੇ ਇਸੇ ਹੀ ‘ਦਮਦਮੀ ਸਰੂਪ’ ਨੂੰ ਗੁਰਿਆਈ ਬਖ਼ਸ਼ ਕੇ ਜੋਤੀ-ਜੋਤਿ ਸਮਾਏ ਸਨ।

ਇਹੀ ਕਾਰਨ ਹੈ ਕਿ ਸ਼੍ਰੋਮਣੀ ਕਮੇਟੀ ਦੀ ਪ੍ਰਸਿੱਧ ਮਾਸਿਕ ਪਤ੍ਰਿਕਾ ‘ਗੁਰਦੁਆਰਾ ਗਜ਼ਟ’ (ਜੂਨ ੧੯੭੭) ਵਿੱਚ ਕਮੇਟੀ ਦੇ ਰੀਸਰਚ ਸਕਾਲਰ ਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਸ੍ਰੀ ਅੰਮ੍ਰਿਤਸਰ ਦੇ ਇੰਚਾਰਜ ਸ੍ਰ: ਸਮਸ਼ੇਰ ਸਿੰਘ ‘ਅਸ਼ੋਕ’ ਜੀ ਨੇ ‘‘ਸ਼੍ਰੀ ਆਦਿ ਬੀੜ’ ਤੋਂ ‘ਦਮਦਮੀ ਬੀੜ’ ਦੇ ਵਿਕਾਸ  ਦੀ ਚਰਚਾ ਕਰਦਿਆਂ ਲਿਖਿਆ ਸੀ :-

‘‘ਸ਼੍ਰੀ ਆਦਿ ਬੀੜ’ ਤੋਂ ‘ਦਮਦਮੀ ਬੀੜ’ ਦਾ ਵਿਕਾਸ ਤੇ ਫੇਰ ਉਸੇ ਬੀੜ ਨੂੰ ‘ਸ਼੍ਰੀ ਗੁਰੂ ਗਰੰਥ ਸਾਹਿਬ ਜੀ’ ਦੀ ਪਵਿਤਰ ਪਦਵੀ ਦਾ ਪ੍ਰਾਪਤ ਹੋਣਾ, ਇਸ ਬੀੜ ਦਾ ਅੰਤਲਾ ਪੜਾਓ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਸੰਮਤ ੧੭੩੨ ਤੋਂ ਸੰਮਤ ੧੭੩੯ ਬਿਕ੍ਰਮੀ (ਸੰਨ ੧੬੭੫ ਤੋਂ ੧੬੮੨) ਤੱਕ, ‘ਆਦਿ ਸਿੰਘਾਸਨ ਦਮਦਮਾ’ ਸ੍ਰੀ ਅਨੰਦਪੁਰ ਸਾਹਿਬ ਦੇ ਅਸਥਾਨ ਪੁਰ, ਜਦ ਕਿ ਗੁਰੂ ਸਹਿਬ ਜੀ ਦੀ ਉਮਰ ਅਜੇ ੯ ਤੋਂ ੧੫ ਵਰ੍ਹਿਆਂ ਦੇ ਦਰਮਿਆਨ ਸੀ, ਆਪਣੇ ਸਤਿਕਾਰ ਯੋਗ ਪੜਦਾਦਾ ਸ੍ਰੀ ਗੁਰੂ ਅਰਜਨ ਦੇਵ ਜੀ ਪੰਚਮ ਪਾਤਸ਼ਾਹ ਦੇ ਵਿਰਸੇ ਵਜੋਂ ਮਿਲੇ ‘ਸ੍ਰੀ ਆਦਿ ਗ੍ਰੰਥ’ ਨੂੰ ਸਮੇਂ ਦੇ ਫੇਰ ਨਾਲ ਹੋ ਰਹੀਆਂ ਅਦਲਾ-ਬਦਲੀਆਂ ਹੋਣ ਤੋਂ ਬੜੇ ਯਤਨ ਨਾਲ ਸੰਭਾਲਿਆ ਤੇ ਫੇਰ ਆਪਣੀ ਦੇਖ-ਰੇਖ ਵਿੱਚ ਸ਼ਹੀਦ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਉਸ ਵਿੱਚ ਬਕਾਇਦਾ ਥਾਉਂ ਥਾਈਂ ਸ਼ਾਮਲ ਕਰ ਕੇ, ਉਸੇ ‘ਆਦਿ ਬੀੜ’ ਨੂੰ ਦਮਦਮੀ ਬੀੜ ਦਾ ਸਰੂਪ ਸੰਮਤ ੧੭੩੯ ਬਿਕ੍ਰਮੀ  (ਸੰਨ ੧੬੮੨) ਵਿੱਚ ਦਿੱਤਾ । ਜਿਸ ਦਾ ਪ੍ਰਮਾਣ ‘ਸਿੱਖ ਰੈਫਰੈਂਸ ਲਾਇਬ੍ਰੇਰੀ’ ਦੀ ਪੁਰਾਤਨ ਹੱਥ ਲਿਖਤ ਨੰ: ੯੭ ਵੇਖ ਕੇ ਹੋ ਸਕਦਾ ਹੈ।’’

ਅਠਾਰਵੀਂ ਸਦੀ ਦੀ ਰਚਨਾ ‘ਬੰਸਾਵਲੀ ਨਾਮੇ’ ਦੇ ਲਿਖਾਰੀ ਭਾਈ ਕੇਸਰ ਸਿੰਘ ਨੇ ਲਿਖਿਆ ਹੈ ਕਿ ਦਸਵੇਂ ਪਾਤਸ਼ਾਹ ਜਦੋਂ ਜੋਤੀ-ਜੋਤਿ ਸਮਾਵਣ ਲੱਗੇ ਤਾਂ ਸਿੱਖਾਂ ਪੁੱਛਿਆ, ‘ਗਰੀਬ ਨਿਵਾਜ਼  ! ਸੰਗਤ ਹੈ ਤੇਰੀ, ਇਸ ਦਾ ਕੀ ਹਵਾਲ  ?  ‘‘ਬਚਨ ਕੀਤਾ ਗ੍ਰੰਥ ਹੈ ਗੁਰੂ ਲੜ ਪਕੜੋ ਅਕਾਲ ।’

ਭਾਈ ਸਾਹਿਬ ਨੇ ਇਸੇ ਹੀ ਗ੍ਰੰਥ ਦੇ ਦਸਵੇਂ ਚਰਨ ਵਿੱਚ ਉਪਰੋਕਤ ਸਚਾਈ ਨੂੰ ਦਹੁਰਾਂਦਿਆ ਪੰਥ ਨੂੰ ਤਾੜਣਾ ਵੀ ਕੀਤੀ ਹੈ ਕਿ ‘‘ਦਸਵਾਂ ਪਾਤਸ਼ਾਹ ਗੱਦੀ ਗੁਰਿਆਈ ਦੀ ਗ੍ਰੰਥ ਸਾਹਿਬ ਨੂੰ ਦੇ ਗਿਆ । ਅੱਜ ਪਰਤੱਖ ਗੁਰੂ ਅਸਾਡਾ ਗ੍ਰੰਥ ਸਾਹਿਬ ਹੈ । ਸੋਈ ਗਿਆ, ਜੋ ਗ੍ਰੰਥੋਂ ਗਿਆ ।

ਇਸੇ ਲਈ ਗੁਰਦੁਆਰਿਆਂ ਵਿੱਚ ਹਰੇਕ ਦੀਵਾਨ ਦੀ ਸਮਾਪਤੀ ’ਤੇ ‘ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ’ ਦਾ ਦੋਹਰਾ ਪੜ੍ਹਨ ਦੀ ਪਰੰਪਰਾ ਹੈ ਅਤੇ ਪੰਥਕ ਵਿਧਾਨ ‘ਸਿੱਖ ਰਹਿਤ ਮਰਯਾਦਾ’ ਵਿੱਚ ਵੀ ਗੁਰਦੁਆਰੇ ਦੇ ਸਿਰਲੇਖ ਹੇਠ ਧਾਰਾ ਨੰ: (ਹ) ਵਿੱਚ ਆਦੇਸ਼ ਦਿੱਤਾ ਗਿਆ ਹੈ ‘‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ (ਤੁੱਲ) ਕਿਸੇ ਪੁਸਤਕ (ਪੋਥੀ) ਨੂੰ ਅਸਥਾਪਨ ਨਹੀਂ ਕਰਨਾ’’ ।

ਪਰ, ਅਤਿਅੰਤ ਦੁਖਦਾਈ ਤੇ ਨਿੰਦਣਯੋਗ ਘਟਨਾ ਇਹ ਵਾਪਰ ਰਹੀ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਇਸ ਤਾੜਣਾ ‘‘ਸੋਈ ਗਿਆ ਜੋ (ਗੁਰੂ) ਗ੍ਰੰਥੋਂ ਗਿਆ’’ ਨੂੰ ਵਿਸਾਰ ਕੇ ਅਤੇ ਪੰਥ ਪ੍ਰਮਾਣਿਤ ਮਰਯਾਦਾ ਵਿਚਲੇ ਉਪਰੋਕਤ ਫ਼ੈਸਲੇ ਦੇ ਉੱਲਟ, ਕੁਝ ਬਿਪਰਵਾਦੀ ਡੇਰਿਆਂ ਦੀ ਗੱਲ ਤਾਂ ਛੱਡੋ, (ਉਨ੍ਹਾਂ ਤਾਂ ਕਦੀ ਵੀ ਪੰਥਕ ਵਿਧਾਨ ਨੂੰ ਪ੍ਰਵਾਨ ਨਹੀਂ ਕੀਤਾ ਕਿਉਂਕਿ ਜੇ ਉਹ ਸਿੱਖ ਰਹਿਤ ਮਰਯਾਦਾ ਨੂੰ ਮੰਨ ਕੇ ਖ਼ਾਲਸਾ ਪੰਥ ਵਿੱਚ ਮਿਲ ਜਾਣ ਤਾਂ ਫਿਰ ਉਨ੍ਹਾਂ ਦੀ ਵਖਰੀ ਹੋਂਦ ਅਥਵਾ ਪਹਿਚਾਣ ਪ੍ਰਗਟ ਨਹੀਂ ਹੁੰਦੀ, ਜਿਸ ਕਰ ਕੇ ਉਨ੍ਹਾਂ ਦਾ ਹਲਵਾ-ਮੰਡਾ ਚਲਦਾ ਹੈ) ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਸ਼੍ਰੀ ਹਜ਼ੂਰ ਸਾਹਿਬ ਵਿਖੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਵਿਵਾਦਗ੍ਰਸਤ ‘ਦਸਮ ਗ੍ਰੰਥ’ ਦਾ ਪ੍ਰਕਾਸ਼ ਕੀਤਾ ਜਾ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਰ੍ਹਾਂ ਹੀ ਬਰਾਬਰ ਤੇ ਸ੍ਰੀ ਮੁਖਵਾਕ ਲਏ ਜਾਂਦੇ ਹਨ । ਅਖੰਡ ਪਾਠ ਹੁੰਦੇ ਹਨ । ਚੌਕ ਮਹਿਤਾ (ਜਥਾ ਭਿਡਰਾਂ) ਵੱਲੋਂ ਪ੍ਰਕਾਸ਼ਤ ‘ਗੁਰਬਾਣੀ ਪਾਠ ਦਰਪਣ’ ਪੁਸਤਕ ਵਿੱਚ ਵੀ ‘ਦਸਮ ਗ੍ਰੰਥ’ ਦੇ ਸ੍ਰੀ ਅਖੰਡ ਪਾਠ ਦੀ ਮਰਯਾਦਾ ਲਿਖੀ ਹੋਈ ਹੈ ।

ਹੋਰ ਸਿਤਮ ਦੀ ਗੱਲ ਤਾਂ ਇਹ ਹੈ ਕਿ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥਕ ਵਿਧਾਨ ਦੀ ਛੋਟੀ-ਮੋਟੀ ਉਲੰਘਣਾ ਕਾਰਨ ਕਿਸੇ ਗ਼ਰੀਬ ਸਿੱਖ ਨੂੰ ਤਨਖਾਹ (ਦੰਡ) ਲਾਉਣੀ ਜਾਂ ਛੇਕਣਾ ਹੁੰਦਾ ਹੈ ਤਾਂ ‘ਉੱਲਟਾ ਚੋਰ ਕੋਤਵਾਲ ਨੂੰ ਡਾਂਟੇ’ ਦੀ ਕਹਾਵਤ ਅਨੁਸਾਰ  ਉਪਰੋਕਤ ਤਖ਼ਤਾਂ ਦੇ ਪੁਜਾਰੀ, ਪੰਜ ਪਿਆਰਿਆਂ ਦੇ ਰੂਪ ਵਿੱਚ ਫ਼ੈਸਲਾ ਕਰਨ ਵਾਲੇ ਜੱਜ ਬਣ ਬੈਠਦੇ ਹਨ ।  ੧੦ ਕੁ ਸਾਲ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਣ ਵਾਲੇ ਪੰਥਕ ਫ਼ੈਸਲਿਆਂ ਲਈ ਉਪਰੋਕਤ ਦੋਵੇਂ ਤਖ਼ਤ ਸਾਹਿਬਾਨ ਦੇ ਪੁਜਾਰੀਆਂ ਨੂੰ ਨਹੀਂ ਸੀ ਬੁਲਾਇਆ ਜਾਂਦਾ ਕਿਉਂਕਿ ਇੱਕ ਤਾਂ ਉਹ ਸਿੱਧੇ ਰੂਪ ਵਿੱਚ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਦੀ ਉਲੰਘਣਾ ਦੇ ਦੋਸ਼ੀ ਸਨ ਅਤੇ ਦੂਜੇ, ਉਹ ‘ਦਸਮ ਗ੍ਰੰਥ’ ਨੂੰ ਸੰਪੂਰਨ ਤੌਰ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਚਨਾ ਮੰਨਣ ਲਈ ਬਜਿੱਦ ਸਨ। ਜਦ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਦੀ ਰਾਇ ਮੁਤਾਬਕ ਫ਼ੈਸਲਾ ਲੈ ਚੁੱਕੀ ਸੀ ਕਿ ‘ਦਸਮ ਗ੍ਰੰਥ’ ਵਿਚਲਾ ‘ਚਰਿਤ੍ਰੋ ਪਖਯਾਨ’ ਦਾ ਅਤਿ ਅਸ਼ਲੀਲ ਹਿੱਸਾ ਦਸਮ ਪਾਤਸ਼ਾਹ ਦੀ ਰਚਨਾ ਨਹੀਂ ਹੈ ।

ਅਜਿਹੇ ਫ਼ੈਸਲੇ ਦਾ ਆਧਾਰ ਬਣਿਆ ਮਹਿਰੂਮ ਸ੍ਰ. ਸੰਤੋਖ ਸਿੰਘ ਚੰਡੀਗੜ੍ਹ ਵਾਲਿਆਂ ਦਾ ਇੱਕ ਪੱਤਰ, ਜਿਸ ਵਿੱਚ ਉਸ ਨੇ ਸ਼੍ਰੋਮਣੀ ਕਮੇਟੀ ਨੂੰ ਉਪਰੋਕਤ ਰਚਾਨਾ ਬਾਰੇ ਪੁੱਛਿਆ ਤਾਂ ਧਰਮ ਪ੍ਰਚਾਰ ਕਮੇਟੀ ਦੇ ਮੀਤ ਸਕਤਰ ਸ੍ਰ. ਗੁਰਬਖਸ਼ ਸਿੰਘ ਨੇ ਪੱਤਰ ਨੰ: ੩੬੬੭੨ ਮਿਤੀ ੩-੮-੭੩ ਅਨੁਸਾਰ ਹੇਠ ਲਿਖਿਆ ਉੱਤਰ ਦਿੱਤਾ :

ਸ੍ਰੀ ਮਾਨ ਜੀ  ! ਆਪ ਜੀ ਦੀ ਪਤ੍ਰਿਕਾ ਮਿਤੀ ੬-੭-੭੩ ਦੇ ਸਬੰਧ ਵਿੱਚ, ਸਿੰਘ ਸਾਹਿਬਾਨ ਸ੍ਰੀ ਦਰਬਾਰ ਸਾਹਿਬ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਦੀ ਰਾਇ ਹੇਠ ਲਿਖੇ ਅਨੁਸਾਰ ਆਪ ਜੀ ਨੂੰ ਭੇਜੀ ਜਾਂਦੀ ਹੈ :

ਚਰਿਤ੍ਰੋ ਪਖਯਾਨ ਜੋ ਦਸਮ ਗ੍ਰੰਥ ਵਿੱਚ ਅੰਕਿਤ ਹਨ, ਇਹ ਦਸਮੇਸ਼ ਬਾਣੀ ਨਹੀਂ । ਇਹ ਪੁਰਾਤਨ ਹਿੰਦੂ ਮਿਥਿਹਾਸਕ ਸਾਖੀਆਂ ਦਾ ਉਤਾਰਾ ਹੈ ।

ਅਸਲ ਵਿੱਚ ਇਹੀ ਕਾਰਨ ਹੈ ਕਿ ਸਿੱਖ ਰਹਿਤ ਮਰਯਾਦਾ ਵਿੱਚ ਗੁਰਬਾਣੀ ਕੀਰਤਨ ਸਮੇਂ ਭਾਈ ਗੁਰਦਾਸ ਤੇ ਭਾਈ ਨੰਦ ਲਾਲ ਜੀ ਦੀ ਬਾਣੀ ਨੂੰ ਗਾਇਨ ਕਰਨ ਦੀ ਆਗਿਆ ਤਾਂ ਦਿੱਤੀ ਗਈ ਹੈ, ਪਰ ਕਥਿਤ ਦਸਮ ਗ੍ਰੰਥ ਵਿਚਲੀ ਬਾਣੀ ਦਾ ਕੋਈ ਜ਼ਿਕਰ ਨਹੀਂ ਹੈ । ਖ਼ਾਲਸਾ ਜੀ  !  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਿਆਈ ਦਿਵਸ ਮਨਾਉਣ ਦਾ ਅਸਲ ਮਕਸਦ ਤਾਂ ਇਹੀ ਹੈ ਕਿ ਅਸੀਂ ਦ੍ਰਿੜ੍ਹ ਕਰੀਏ ਕਿ ਸਾਡੇ ਸਦੀਵੀ ਗੁਰੂ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਹਨ । ਹੋਰ ਕੋਈ ਵਿਅਕਤੀ ਜਾਂ ਗ੍ਰੰਥ ਨਹੀਂ ਭਾਵੇਂ ਉਹ ਕਿਸੇ ਸਾਜਿਸ਼ ਅਧੀਨ ਸਾਡੇ ਗੁਰੂ ਨਾਨਕ-ਜੋਤਿ ਸਰੂਪ ਦਸ ਗੁਰੂ ਸਾਹਿਬਾਨ ਵਿੱਚੋਂ ਵੀ ਕਿਸੇ ਦੇ ਨਾਮ ਨਾਲ ਹੀ ਕਿਉਂ ਨਾ ਜੋੜਿਆ ਗਿਆ ਹੋਵੇ ਕਿਉਂਕਿ ਉਨ੍ਹਾਂ ਆਪਣੀ ਹੱਥੀਂ ਸਾਨੂੰ (ਖ਼ਾਲਸੇ) ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਕੀਤਾ ਹੈ ।

੧੮ਵੀਂ ਸਦੀ ਦੇ ਅੱਧ ਵਿੱਚ ਆਰੰਭ ਕੀਤੀ ਫ਼ਾਰਸੀ ਦੀ ਪੁਸਤਕ ‘ਉਮਦਾ ਉਤਵਾਰੀਖ਼’ (ਕ੍ਰਿਤ ਸੋਹਨ ਲਾਲ ਸੂਰੀ) ਵਿੱਚ ਵੀ ਲਿਖਿਆ ਹੈ ਕਿ ਦਸਮ ਪਾਤਸ਼ਾਹ ਦੇ ਜੋਤੀ ਜੋਤਿ ਸਮਾਉਣ ਵੇਲੇ ਸਿੱਖਾਂ ਬੇਨਤੀ ਕੀਤੀ, ‘ਹਜ਼ੂਰ ਹੁਣ ਗੁਰੂ ਕਿਸ ਨੂੰ (ਕਦਾਮ ਕਸ ਰਾ) ਨਿਯਤ ਕੀਤਾ ਹੈ ?’ ਤਾਂ ਇਹਦੇ ਉੱਤਰ ਵਿੱਚ ਉਨ੍ਹਾਂ ਹੁਕਮ ਕੀਤਾ :

‘‘ਗੁਰੂ ਗ੍ਰੰਥ ਜੀ ਅਸਤ । ਦਰਮਿਆਨੇ ਗ੍ਰੰਥ ਵਾ ਗੁਰੂ, ਹੀਚ ਫ਼ਰਕੇ ਨੇਸਤ ।

ਅਜ਼ ਦੀਦਾਰਿ ਗ੍ਰੰਥ ਜੀ ਮੁਸ਼ਹਿਦਾ ਇ ਦੀਦਾਰਿ ਫਰਹਤ ਆਸਾਰਿ ਗੁਰੂ ਸਾਹਿਬ ਬਾਇਦ ਨਮੂਦ ।’’

ਅ੍ਰਥਾਤ – ਗੁਰੂ ਗ੍ਰੰਥ ਜੀ ਹਨ । ਗ੍ਰੰਥ ਤੇ ਗੁਰੂ ਵਿੱਚਕਾਰ ਕੋਈ ਫ਼ਰਕ ਨਹੀਂ ਹੈ । ਗ੍ਰੰਥ ਜੀ ਦੇ ਦਰਸ਼ਨ ਤੋਂ ਗੁਰੂ ਸਾਹਿਬ ਦੇ ਖ਼ੁਸ਼ੀਆਂ ਭਰਪੂਰ ਦਰਸ਼ਨ ਹੋਣਗੇ ।

ਭੱਟ-ਵਹੀ ਤਲਾਉਂਡਾ, ਪਰਗਨਾ ਜੀਂਦ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਬਾਰੇ ਸਮੇਂ ਤੇ ਸਥਾਨਕ ਵੇਰਵੇ ਸਹਿਤ ਬੜੇ ਹੀ ਪ੍ਰਮਾਣੀਕ ਢੰਗ ਦਾ ਜੋ ਇੰਦਰਾਜ ਹੈ, ਉਹ ਤਾਂ ਕਿਸੇ ਕਿਸਮ ਦਾ ਸ਼ੰਕਾ ਰਹਿਣ ਹੀ ਨਹੀਂ ਦਿੰਦਾ । ਲਿਖਤ ਹੈ :-

‘‘ਗੁਰੂ ਗੋਬਿੰਦ ਸਿੰਘ ਜੀ ਮਹਲ ਦਸਵਾਂ, ਬੇਟਾ ਗੁਰੂ ਤੇਗ ਬਹਾਦਰ ਜੀ ਕਾ, ਮੁਕਾਮ ਨਦੇੜ ਤਟ ਗੁਦਾਵਰੀ ਦੇਸ਼ ਦਖਣ, ਸਤਰਾਂ ਸੈ ਪੈਂਸਠ, ਕਾਰਤਕ ਮਾਸੇ ਕੀ ਸੁਦੀ ਚਉਥ, ਸੁਕਲਾ ਪੱਖੇ, ਬੁਧਵਾਰ ਕੇ ਦਿਹੁੰ ਭਾਈ ਦਇਆ ਸਿੰਘ ਸੇ ਬਚਨ ਹੂਆ, ਗ੍ਰੰਥ ਸਾਹਿਬ ਲੇ ਆਉ । ਬਚਨ ਪਾਇ ਦਇਆ ਸਿੰਘ ਗ੍ਰੰਥ ਸਾਹਿਬ ਲੈ ਆਏ ।

ਗੁਰੂ ਜੀ ਨੇ ਕਹਾ ‘‘ਮੇਰਾ ਹੁਕਮ ਹੈ, ਮੇਰੀ ਜਗਹ ਗ੍ਰੰਥ ਜੀ ਕੋ ਜਾਣਨਾ । ਜੋ ਸਿੱਖ ਜਾਨੇਗਾ, ਤਿਸ ਕੀ ਘਾਲ ਥਾਇਂ ਪਏਗੀ । ਗੁਰੂ ਤਿਸ ਕੀ ਬਹੁੜੀ ਕਰੇਗਾ । ਸਤਿ ਕਰਿ ਮੰਨਣਾ ।’’

ਸ੍ਰੀ ਗੁਰੂ ਅਮਰਦਾਸ ਜੀ ਦੇ ਵੰਸਜ਼ ਬਾਵਾ ਸਰੂਪ ਦਾਸ ਭੱਲੇ ਦੀ ਲਿਖਤ ‘ਮਹਿਮਾ ਪਰਕਾਸ਼’ (ਸੰਨ ੧੭੭੪) ਦੇ ਲਫ਼ਜ਼ਾਂ ਵਿੱਚ ਸਤਿਗੁਰੂ ਜੀ ਨੇ ਐਲਾਨ ਕੀਤਾ;

‘ਅਬ ਮੇਰਾ ਜ਼ਾਹਰਾ ਰੂਪ ਗੁਰੂ ਗਰੰਥ ਕੋ ਜਾਣਨਾ। ਜਿਸ ਨੇ ਮੇਰੇ ਸੇ ਬਾਤ ਕਰਨੀ ਹੋਇ ਤੋ ਆਦਿ ਗੁਰੂ ਗਰੰਥ ਸਾਹਿਬ ਕਾ ਪਾਠ ਕਰਨਾ, ਮੇਰੇ ਸੇ ਬਾਤਾਂ ਹੋਵੇਗੀ।’ (ਪੰ.੮੯੨-੯੩)

ਸਪਸ਼ਟ ਹੈ ਕਿ ਗੁਰੂ ਮਹਾਰਾਜ ਦੇ ਹਜ਼ੂਰੀ ਰਬਾਬੀ ਕੀਰਤਨੀਏ ਭਾਈ ‘ਬਲਵੰਡ’ ਜੀ ਦੇ ਗੁਰਬਾਣੀ ਰੂਪ ਕਥਨ ‘ਜੋਤਿ ਓਹਾ, ਜੁਗਤਿ ਸਾਇ, ਸਹਿ ਕਾਇਆ ਫੇਰਿ ਪਲਟੀਐ॥’ (ਗੁ.ਗ੍ਰੰ.-ਪੰ.੯੬੬) ਮੁਤਾਬਕ, ਗੁਰੂ ਨਾਨਕ-ਜੋਤਿ ਦੇ ਦਸਵੇਂ ਸਰੂਪ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਜੋਤੀ-ਜੋਤਿ ਸਮਾਵਣ ਤੋਂ ਇੱਕ ਦਿਨ ਪਹਿਲਾਂ ਕਤਕ ਸੁਦੀ ਚੌਥ ਸੰਮਤ ੧੬੬੫ (ਸੰਨ 1708) ਦੇ ਦਿਹਾੜੇ ਇੱਕ ਵਿਸ਼ੇਸ਼ ਦੀਵਾਨ ਲਗਾ ਕੇ ਸ਼੍ਰੀ (ਗੁਰੂ) ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਬਖ਼ਸ਼ਿਸ਼ ਕੀਤੀ।

‘ਪੰਥ ਪ੍ਰਕਾਸ਼’ ਵਿੱਚ ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ ਕਿ ਸ਼੍ਰੀ (ਗੁਰੂ) ਗ੍ਰੰਥ ਨੂੰ ਗੁਰਿਆਈ ਬਖਸ਼ਣ ਵੇਲੇ ਪ੍ਰਕਰਮਾ ਕਰ ਕੇ ਮੱਥਾ ਟੇਕਣ ਤੋਂ ਪਹਿਲਾਂ ਗੁਰਦੇਵ ਜੀ ਆਖਿਆ ਕਿ ‘ਹੁਣ ਅਸੀਂ ਉਹ ਮਹਾਨ ਗੁਰੂ ਸਥਾਪਤ ਕਰ ਰਹੇ ਹਾਂ ਜਿਸ ’ਤੇ ਕਦੇ ਬੁਢੇਪਾ ਨਹੀਂ ਆਵੇਗਾ ਅਤੇ ਨਾ ਹੀ ਕਦੇ ਮਰੇਗਾ । ਜਿਸ ਤੋਂ ਸਾਰਿਆਂ ਨੂੰ ਇੱਕੋ ਜਿਹਾ ਪਿਆਰ ਮਿਲੇਗਾ ਅਤੇ ਜਿਸ ਤੋਂ ਉਪਦੇਸ਼ ਆਦਿਕ ਦੇਣ ਦੇ ਵਿਹਾਰ ਵਿੱਚ ਕਦੇ ਕਿਸੇ ਨਾਲ ਪੱਖ-ਭੇਦ ਦੇ ਵਰਤਾਵ ਦੀ ਸੰਭਾਵਨਾ ਵੀ ਨਹੀਂ ਹੋ ਸਕੇਗੀ। ਇਉਂ ਕਹਿੰਦਿਆਂ ਗੁਰਦੇਵ ਜੀ ਨੇ ਸ਼੍ਰੀ (ਗੁਰੂ) ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾਇਆ ਅਤੇ ਪ੍ਰਕਰਮਾ ਕਰ ਕੇ ਅਤਿ ਅਦਬ ਸਹਿਤ ਮੱਥਾ ਟੇਕਿਆ ਅਤੇ ਸਾਰੀ ਸੰਗਤ ਨੂੰ ਵੀ ਅਜਿਹਾ ਕਰਨ ਲਈ ਹੁਕਮ ਦਿੱਤਾ। ਗਿਆਨੀ ਜੀ ਦੀ ਕਾਵਿ ਮਈ ਲਿਖਤ ਇਸ ਪ੍ਰਕਾਰ ਹੈ:

ਅਜਰ ਅਮਰ ਅਖੰਡ ਰਹੇ, ਇੱਕ ਰਸ ਸਮ ਭਾਵੇ।

ਭੇਦ ਪੱਖ ਬਿਨ ਸਭਨ ਕੋ,  ਉਪਦੇਸ਼ ਦ੍ਰਿੜਾਵੇ।

ਇਮ ਕਹਿ ਗੁਰੂ ਗ੍ਰੰਥ ਕਾ ਪ੍ਰਕਾਸ਼ ਕਰਾਯੋ।

ਗੁਰੂ ਰੂਪ ਥਪ ਪੂਜ ਕੇ, ਸਭ ਸੇ ਪੁਜਵਾਯੋ।

ਇਹੀ ਕਾਰਨ ਹੈ ਕਿ ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਦੀਵਾਨ ਦੀ ਸਮਾਪਤੀ ਵੇਲੇ, ਦਸਮ-ਗੁਰੂ ਜੀ ਦੇ ਹੁਕਮ ਦੀ ਦ੍ਰਿੜ੍ਹਤਾ ਹਿੱਤ, ਪਿਛਲੇ ਕੁਝ ਸਮੇਂ ਤੋਂ ਚੱਲ ਰਹੀ ਪੰਥਕ ਰਵਾਇਤ ਮੁਤਾਬਕ ਗਿਆਨੀ ਗਿਆਨ ਸਿੰਘ ਜੀ ਦੇ ਰਚਿਤ ‘ਪੰਥ ਪ੍ਰਕਾਸ਼’ ਵਿੱਚੋਂ ਹੇਠ ਲਿਖਿਆ ਦੋਹਰਾ ਬੜ੍ਹੇ ਹੀ ਉਤਸ਼ਾਹ ਪੂਰਵਕ ਢੰਗ ਨਾਲ ਦੁਹਰਾਇਆ ਜਾਂਦਾ ਹੈ :

ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ।

ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗੰਥ।

ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹਿ।

ਜੋ ਪ੍ਰਭ ਕੋ ਮਿਲਿਬੋ ਚਹਹਿ ਖੋਜ ਸ਼ਬਦ ਮੇਂ ਲੇਹਿ।

ਇਨ੍ਹਾਂ ਦੋਵੇਂ ਦੋਹਰਿਆਂ ਦਾ ਆਧਾਰ ਅਸਲ ਵਿੱਚ ਹੇਠਾਂ ਲਿਖੇ ਜਾ ਰਹੇ ਦੋ ਦੋਹਰੇ ਹਨ, ਜਿਨ੍ਹਾਂ ਵਿੱਚੋਂ ਪਹਿਲਾ ਹੈ ਹਜ਼ੂਰੀ ਸੇਵਕ ਸਿੱਖ ਭਾਈ ਪ੍ਰਹਿਲਾਦ ਸਿਘ ਜੀ ਦੀ ਰਚਨਾ, ਜਿਸ ਨੇ ਸਤਿਗੁਰੂ ਜੀ ਦੇ ਸਨਮੁਖ ਆਖ਼ਰੀ ਦਰਸ਼ਨ ਕਰਦਿਆਂ ਆਪਣੇ ਕੰਨ੍ਹਾਂ ਨਾਲ ਗੁਰੂ-ਹੁਕਮ ਨੂੰ ਸੁਣਿਆਂ ਸੀ । ਦੂਜਾ ਹੈ ਭਾਈ ਸਰੂਪ ਸਿੰਘ ਕੌਸ਼ਿਸ਼ ਦੀ ਰਚਨਾ, ਜਿਸ ਦੇ ਪਾਸ ਗੁਰੂ-ਜੀਵਨ ਨਾਲ ਸਬੰਧਿਤ ਭੱਟ ਵਹੀਆਂ ਦਾ ਬਹੁਤ ਵਡਾ ਖ਼ਜ਼ਾਨਾ ਸੀ । ਇਹ ਦੋਵੇਂ ਰਚਨਾਵਾਂ ਉਪਰਲੇ ਪ੍ਰਚਲਿਤ ਦੋਹਰੇ ਨਾਲੋਂ ਵਧੇਰੇ ਪ੍ਰਮਾਣੀਕ ਅਤੇ ਗੁਰਮਤਿ ਸਿਧਾਂਤਾਂ ਦੇ ਅਨੁਕੂਲ ਹਨ । ਪੰਥ ਨੂੰ ਇਸ ਪ੍ਰਤੀ ਵਿਚਾਰ ਕਰਨੀ ਅਤਿ ਲਾਹੇਵੰਦੀ ਹੋਵੇਗੀ ।

(੧)-ਅਕਾਲ ਪੁਰਖ ਕੇ ਬਚਨ ਸਿਓਂ, ਪ੍ਰਗਟ ਚਲਾਇਓ ਪੰਥ।

ਸਭ ਸਿਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ।

(੨)-ਗੁਰੂ ਖਾਲਸਾ ਮਾਨੀਐ, ਪ੍ਰਗਟ ਗੁਰੂ ਕੀ ਦੇਹਿ।

ਜੋ ਸਿਖ ਮੋ ਮਿਲਬੋ ਚਹਹਿ, ਖੋਜ ਇਨਹੁ ਮਹਿ ਲੇਹੁ।