ਜੋਸ਼ ਨਾਲ ਹੋਸ਼ ਵੀ ਜ਼ਰੂਰੀ

0
292

ਜੋਸ਼ ਨਾਲ ਹੋਸ਼ ਵੀ ਜ਼ਰੂਰੀ

ਬਲਵਿੰਦਰ ਸਿੰਘ (ਖ਼ਾਲਸਾ) ਪਿੰਡ ਚਨਾਰਥਲ, ਮੌੜ ਮੰਡੀ ( ਜਿਲ੍ਹਾ ਬਠਿੰਡਾ)-97802-64599

ਜੋਸ਼ ਨਾਲ ਹੋਸ਼ ਦਾ ਆਪਸੀ ਤਾਲ-ਮੇਲ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ‘ਇਕੱਲਾ ਹੋਸ਼’ ਵੀ ਕਿਸੇ ਕੰਮ ਨਹੀਂ ਤੇ ‘ਇਕੱਲਾ ਜੋਸ਼’ ਵੀ ਕੁਝ ਨਹੀਂ ਸੰਵਾਰ ਸਕਦਾ। ਇਸ ਕਰਕੇ ਦੋਨਾਂ ਨੂੰ ਬਰਾਬਰ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਸਿੱਖ ਕੌਮ ਵਿੱਚ ਜੋਸ਼ ਤਾਂ ਬਹੁਤ ਜ਼ਿਆਦਾ ਹੈ ਪਰ ਹੋਸ਼ ਸਿਰਫ ਕੁਝ ਕੁ ਗਿਣਤੀ ਦੇ ਬੰਦਿਆਂ ਕੋਲ ਹੀ ਵਿਖਾਈ ਦੇਂਦਾ ਜਾਪਦਾ ਹੈ। ਸਿੱਖ ਦਿਲ ਤੋਂ ਕੰਮ ਲੈਂਦੇ ਹਨ, ਦਿਮਾਗ਼ ਤੋਂ ਨਹੀਂ। ਇਸ ਕਰਕੇ ਹੀ ਲੋਕਾਂ ਨੇ ਚੁਟਕਲੇ ਬਣਾ ਰੱਖੇ ਹਨ ਕਿ ਇੱਕ ਵਾਰ ਕਿਤੇ ਦਿਮਾਗ਼ ਵਿਕਣ ਦੀ ਮੰਡੀ ਲੱਗੀ, ਉੱਥੇ ਦਿਮਾਗ਼ ਵੇਚਣ ਗਏ ਲੋਕਾਂ ਵਿੱਚੋਂ ਪਹਿਲਾਂ ਕਿਸੇ ਵਕੀਲ ਦੀ ਵਾਰੀ ਆਈ ਤਾਂ ਉਸ ਨੇ ਆਪਣੇ ਦਿਮਾਗ਼ ਦਾ ਮੁੱਲ ਇੱਕ ਕ੍ਰੋੜ ਰੁਪਏ ਮੰਗਿਆ, ਫਿਰ ਕਿਸੇ ਇੰਜਨੀਅਰ ਦੀ ਵਾਰੀ ਆਈ ਉਸ ਨੇ ਆਪਣੇ ਦਿਮਾਗ਼ ਦਾ ਮੁੱਲ 2 ਕ੍ਰੋੜ ਰੁਪਏ ਮੰਗਿਆ, ਫਿਰ ਇੱਕ ਸਿੱਖ ਦੀ ਵਾਰੀ ਆਈ ਤਾਂ ਉਸ ਨੇ ਆਪਣੇ ਦਿਮਾਗ਼ ਦਾ ਮੁੱਲ 3 ਕ੍ਰੋੜ ਰੁਪਏ ਮੰਗਿਆ, ਤਾਂ ਖਰੀਦਣ ਵਾਲੇ ਨੇ ਪੁੱਛਿਆ ਕਿ ਤੂੰ ਵਕੀਲ ਤੇ ਇੰਜਨੀਅਰ ਨਾਲੋਂ ਵੀ ਵੱਧ ਮੁੱਲ ਮੰਗ ਰਿਹਾ ਹੈਂ, ਕੀ ਗੱਲ ਹੈ? ਤਾਂ ਸਿੱਖ ਨੇ ਜਵਾਬ ਦਿੱਤਾ ਕਿ ਇਨ੍ਹਾਂ ਦੋਵਾਂ ਨੇ ਆਪਣਾ ਦਿਮਾਗ਼ ਵਰਤ-ਵਰਤ ਕੇ ਪੁਰਾਣਾ ਕਰ ਛੱਡਿਆ ਹੈ ਤੇ ਮੈਂ ਕਦੇ ਇਸ ਤੋਂ ਕੰਮ ਲਿਆ ਹੀ ਨਹੀਂ, ਇਸ ਕਰਕੇ ਮੇਰਾ ਦਿਮਾਗ਼ ਅਣਲੱਗ ਹੈ। ਸੋ, ਕੁਝ ਹੱਦ ਤੱਕ ਤਾਂ ਇਹ ਗੱਲ ਸੱਚ ਵੀ ਜਾਪਦੀ ਹੈ। ਬਹੁ ਗਿਣਤੀ ਸਿੱਖ ਆਪਣੇ ਦਿਮਾਗ਼ ਤੋਂ ਕੰਮ ਨਹੀਂ ਲੈਂਦੇ। ਇਹ ਤਾਂ ਸਭ ਨੂੰ ਸਾਨੂੰ ਪਤਾ ਹੀ ਹੈ ਕਿ ਬਰਗਾੜੀ ਪਿੰਡ ਵਿੱਚ ‘ਗੁਰੂ ਗ੍ਰੰਥ ਸਾਹਿਬ’ ਜੀ ਦੇ ਸਰੂਪ ਦੀ ਬੇ-ਅਦਬੀ ਕੀਤੀ ਗਈ, ਉਸ ਦੇ ਸਬੰਧ ਵਿੱਚ ਸਿੱਖ, ਸਰਕਾਰ ਦੇ ਵਿਰੁਧ ਸੜਕਾਂ ’ਤੇ ਉਤਰ ਆਏ ਤੇ ਧਰਨੇ ਲਾਉਣੇ ਸ਼ੁਰੂ ਕਰ ਦਿੱਤੇ, ਪਰ ਬਹੁ ਗਿਣਤੀ ਲੋਕਾਂ ਨੂੰ ਧਰਨੇ ਦੇ ਅਰਥਾਂ ਦਾ ਵੀ ਨਹੀਂ ਪਤਾ। ‘ਧਰਨੇ’ ਸ਼ਬਦ ਦਾ ਅਰਥ ਸਿਰਫ ਆਵਾਜਾਈ ਠੱਪ ਕਰਕੇ ਕੇਵਲ ਪ੍ਰਜਾ ਨੂੰ ਦੁੱਖੀ ਕਰਨਾ ਨਹੀਂ ਹੁੰਦਾ ਹੈ। ‘ਧਰਨੇ’ ਦਾ ਅਰਥ ਹੁੰਦਾ ਹੈ ‘ਆਪਣੀ ਸਰਕਾਰ ਤੇ ਪ੍ਰਸਾਸਨ ਦੀ ਲਾ-ਪਰਵਾਹੀ ਤੇ ਬੇ-ਧਿਆਨੀ ਦਾ ਦੂਜੇ ਦੇਸਾਂ ਤੇ ਸਰਕਾਰਾਂ ਨੂੰ ਪਤਾ ਲਗਾਉਣਾ। ਇਹ ਦੱਸਣਾ ਕਿ ਸਾਡੀ ਸਰਕਾਰ ਨੂੰ ਰਾਜ ਕਰਨਾ ਨਹੀਂ ਆਉਂਦਾ ਇਸ ਲਈ ਇਸ ਦੇ ਰਾਜ ਵਿੱਚ ਲੋਕ ਦੁੱਖੀ ਹਨ, ਘਰ-ਬਾਰ ਛੱਡ ਕੇ ਸੜਕਾਂ ’ਤੇ ਬੈਠੇ ਹਨ। ਜਾਂ ਤਾਂ ਲੋਕਾਂ ਦੇ ਦੁੱਖ-ਤਕਲੀਫ ਦੂਰ ਕਰੋ ਜਾਂ ਫਿਰ ਰਾਜ ਤੋਂ ਅਸਤੀਫਾ ਦੇਉ ਕਿਉਂਕਿ ਜੇ ਤੁਸੀਂ ਆਪਣੀ ਪ੍ਰਜਾ ਨੂੰ ਹੀ ਸੁਖੀ ਨਹੀਂ ਰੱਖ ਸਕਦੇ ਤਾਂ ਤੁਹਾਨੂੰ ਰਾਜ ਕਰਨ ਦਾ ਵੀ ਕੋਈ ਅਧਿਕਾਰ ਨਹੀਂ ਹੈ।’ ਪਰ ਸਰਕਾਰ ਆਪਣੀ ਬਦਨਾਮੀ ਤੋਂ ਡਰਦੀ ਹਰ ਹੱਥਕੰਡਾ ਵਰਤ ਕੇ ਲੋਕਾਂ ਨੂੰ ਕਸੂਰਵਾਰ ਠਹਿਰਾ ਕੇ ਧਰਨਿਆਂ ਤੋਂ ਉਠਾਉਣਾ ਚਾਹੇਗੀ। ਇਸ ਕਰਕੇ ਸਰਕਾਰ ਚਾਹੁੰਦੀ ਹੈ ਕਿ ਲੋਕ ਅੱਗਾਂ ਲਗਾਉਣ, ਭੰਨ-ਤੋੜ ਕਰਨ ਤਾਂ ਕਿ ਉਨ੍ਹਾਂ ਨੂੰ ਹੀ ਦੋਸ਼ੀ ਬਣਾ ਕੇ ਅਤੇ ਉਨ੍ਹਾਂ ਉੱਪਰ ਹੀ ਕੇਸ ਬਣਾ ਕੇ ਜੇਲ੍ਹਾਂ ਵਿੱਚ ਸੁੱਟਿਆ ਜਾ ਸਕੇ ਤੇ ਬਾਕੀ ਪਿੱਛੇ ਰਹੇ ਲੋਕ ਆਪਣੇ ਆਪ ਡਰਕੇ ਆਪਣੇ ਘਰਾਂ ਵਿੱਚ ਬੈਠ ਜਾਣਗੇ। ਇਸ ਤਰ੍ਹਾਂ ਮਹੌਲ ਵੀ ਸ਼ਾਂਤ ਹੋ ਜਾਵੇਗਾ ਤੇ ਲੋਕਾਂ ਵੱਲੋਂ ਮੰਗੀਆਂ ਜਾ ਰਹੀਆਂ ਮੰਗਾਂ ਵੀ ਵਿੱਚੇ ਹੀ ਲਟਕ ਜਾਣਗੀਆਂ ਤੇ ਸਰਕਾਰ ਦਾ ਪੱਲਾ ਛੁੱਟ ਜਾਵੇਗਾ ਪਰ ਜੇ ਸਰਕਾਰ ਸ਼ਾਂਤਮਈ ਬੈਠੇ ਲੋਕਾਂ ’ਤੇ ਲਾਠੀਆਂ ਗੋਲੀਆਂ ਚਲਾਉਂਦੀ ਹੈ ਤਾਂ ਸਗੋਂ ਸਰਕਾਰ ਦੀ ਹੋਰ ਵੀ ਵੱਧ ਬਦਨਾਮੀ ਹੁੰਦੀ ਹੈ ਕਿਉਂਕਿ ਫਿਰ ‘ਕੁਟਿਆ ਵੀ ਤੇ ਰੋਣ ਵੀ ਨਹੀਂ ਦਿੱਤਾ’ ਵਾਲੀ ਕਹਾਵਤ ਲਾਗੂ ਹੁੰਦੀ ਹੈ। ਇਸ ਲਈ ਸਰਕਾਰ ਧਰਨਾਕਾਰੀਆਂ ’ਚ ਆਪਣੇ ਕੈਟ (ਜਾਸੂਸ) ਛੱਡ ਕੇ ਭੜਕਾਉ ਕਿਸਮ ਦੀਆਂ ਗੱਲਾਂ ਕਰਵਾ ਕੇ ਸਾਡੇ ਕਈ ਬੁਲਾਰਿਆਂ ਨੂੰ ਭੜਕਾਉ ਗੱਲਾਂ ਕਰਨ ਲਈ ਤਿਆਰ ਕਰ ਲੈਂਦੀ ਹੈ ਤੇ ਬੁਲਾਰੇ ਗ਼ਰਮ ਖ਼ਿਆਲੀ ਗੱਲਾਂ ਕਰਕੇ ਨੌਜ਼ਵਾਨਾਂ ਵਿੱਚ ਜੋਸ਼ ਭਰ ਦਿੰਦੇ ਹਨ ਪਰ ਹੋਸ਼ ਵਿੱਚ ਰਹਿਣ ਲਈ ਨਹੀਂ ਕਹਿੰਦੇ ਜਿਸ ਕਾਰਨ ਨੌਜ਼ਵਾਨ ਹੋਸ਼ ਗਵਾ ਕੇ ਕਈ ਗ਼ਲਤ ਕੰਮ ਕਰ ਜਾਂਦੇ ਹਨ ਤੇ ਸਰਕਾਰ ਨੂੰ ਬਹਾਨਾ ਮਿਲ ਜਾਂਦਾ ਹੈ। ਇਸੇ ਕਰਕੇ ਹੀ ਸਾਡੇ ਆਗੂਆਂ ਵੱਲੋਂ ਸ਼ਾਂਤਮਈ ਰੋਸ਼ ਪ੍ਰਗਟ ਕਰ ਦਾ ਫ਼ੈਸਲਾ ਕੀਤਾ ਜਾਂਦਾ ਹੈ। ਸਾਡਾ ਇਤਿਹਾਸ ਤੇ ਗੁਰਬਾਣੀ ਸਾਨੂੰ ਇਹੀ ਉਪਦੇਸ਼ ਕਰਦੀ ਹੈ; ਜਿਵੇਂ ਬਾਬਾ ਫਰੀਦ ਜੀ: ‘‘ਫਰੀਦਾ ! ਬੁਰੇ ਦਾ ਭਲਾ ਕਰਿ, ਗੁਸਾ ਮਨਿ ਨ ਹਢਾਇ ॥’’ (੧੩੮੧), ਪੰਚਮ ਪਾਤਿਸ਼ਾਹ ਗੁਰੂ ਅਰਜਨ ਸਾਹਿਬ ਜੀ ਤੱਤੀ ਤਵੀ ’ਤੇ ਬੈਠੇ ਵੀ ‘‘ਤੇਰਾ ਕੀਆ ਮੀਠਾ ਲਾਗੈ ॥’’ (ਮ: ੫/੩੯੪) ਫ਼ੁਰਮਾ ਰਹੇ ਹਨ, ਸਾਈਂ ਮੀਆਂ ਮੀਰ ਜੀ ਕਹਿਣ ਲੱਗੇ ਕਿ ਗੁਰੂ ਜੀ! ਅਗਰ ਹੁਕਮ ਕਰੋ ਤਾਂ ਧਰਤੀ ਪਲਟਾ ਦੇਵਾਂ ਤਾਂ ਸ਼ਾਂਤੀ ਦੇ ਪੁੰਜ ਕਹਿਣ ਲੱਗੇ ਕਿ ਇਹ ਕੰਮ ਤਾਂ ਅਸੀਂ ਵੀ ਕਰ ਸਕਦੇ ਹਾਂ। ਨੌਵੇਂ ਪਾਤਿਸ਼ਾਹ ਗੁਰੂ ਤੇਗ਼ ਬਹਾਦਰ ਜੀ ਦਾ ਨਾਮ ‘ਤੇਗ਼ ਬਹਾਦਰ’ ਇਸ ਕਰਕੇ ਪਿਆ ਸੀ ਕਿ ਉਨ੍ਹਾਂ ‘ਤੇਗ਼’ (ਤਲਵਾਰ) ਦੇ ਧਨੀ ਹੋਣ ਦਾ ਮਾਣ ਪ੍ਰਾਪਤ ਸੀ ਪਰ ਫਿਰ ਵੀ ਕਸ਼ਮੀਰੀ ਪੰਡਿਤਾਂ ਨਾਲ ਤਲਵਾਰ ਚੁੱਕ ਕੇ ਮੁਗਲਾਂ ਨਾਲ ਲੜਾਈ ਕਰਨ ਨਹੀਂ ਗਏ ਸਗੋਂ ਸ਼ਾਂਤਮਈ ਰਹਿ ਕੇ ਆਪਣੇ ਸਰੀਰ ਦਾ ਬਲਿਦਾਨ ਦਿੱਤਾ। ਇਸ ਲਈ ਸਾਨੂੰ ਵੀ ਕੁਝ ਗੁਰਬਾਣੀ ਤੇ ਇਤਿਹਾਸ ਤੋਂ ਸੇਧ ਲੈ ਕੇ ਹਰ ਕੰਮ ਕਰਨਾ ਚਾਹੀਦਾ ਹੈ। ਜਿਹੜੇ ਲੋਕ ਬਹੁਤ ਜਲਦੀ ਭੜਕ ਜਾਂਦੇ ਹਨ ਕਈ ਵਾਰ ਉਹ ਆਪਣੇ ਨਿਸ਼ਾਨੇ ਤੋਂ ਹੀ ਭਟਕਣ ਕਾਰਨ ਜਲਦੀ ਠੰਡੇ ਵੀ ਹੋ ਜਾਂਦੇ ਹਨ।
ਕੁਝ ਕੁ ਬੁਲਾਰਿਆਂ ਤੋਂ ਭੜਕਾਉ ਭਾਸ਼ਨ ਸੁਣ ਕੇ ਕਈ ਲੋਕ ਆਪਣਾ ਘਰ-ਬਾਰ ਛੱਡ ਕੇ ਜਬਰੀ ਹੜਤਾਲਾਂ ਕਰਵਾ ਕੇ ਜਾਂ ਕੇਵਲ ਸੜਕਾਂ ’ਤੇ ਨਿਰੰਤਰ ਬੈਠ ਕੇ ਪ੍ਰਜਾ ਨੂੰ ਦੁਖੀ ਕਰਨ ਨੂੰ ਹੀ ਆਪਣੀ ਜਿੱਤ ਸਮਝ ਲੈਂਦੇ ਹਨ। ਬਿਨਾ ਕੋਈ ਖ਼ਾਸ ਗੱਲ ਤੋਂ ਜੈਕਾਰੇ ਛੱਡੀ ਜਾਣੇ, ਚੀਕਾਂ ਮਾਰੀ ਜਾਣਾ ਜਿਵੇਂ ਕੋਈ ਜੰਗ ਜਿੱਤ ਕੇ ਆਏ ਹੋਣ, ਕਿਸੇ ਮੰਜ਼ਲ ਦੀ ਪ੍ਰਾਪਤੀ ਦੇ ਰਸਤੇ ਵਿੱਚ ਸਭ ਤੋਂ ਵੱਡੀਆਂ ਰੁਕਾਵਟਾਂ ਹਨ ਕਿਉਂਕਿ ਸਰਕਾਰਾਂ ਵੀ ਇਹੀ ਚਾਹੁੰਦੀਆਂ ਹੁੰਦੀਆਂ ਹਨ। ਕਈ ਨਾ-ਸਮਝ ਲੋਕ ਇਹ ਨਹੀਂ ਸਮਝਦੇ ਕਿ ਬੁਲਾਰਾ ਕਿਹੜੀ ਭਾਸ਼ਾ ਬੋਲ ਰਿਹਾ ਹੈ ਤੇ ਕਿਸ ਨੂੰ ਲਾਭ ਪਹੁੰਚਾਉਣ ਜਾ ਯਤਨ ਕੀਤਾ ਜਾ ਰਿਹਾ ਹੈ ? ਇਸ ਲਈ ਸਿੱਖੋ ! ਜਾਗੋ, ਹੋਸ਼ ਕਰੋ ਤੇ ਇਕੱਤਰ ਹੋ ਕੇ ਸ਼ਾਂਤੀਮਈ ਤਰੀਕੇ ਨਾਲ ਆਪਣੀ ਮੰਜ਼ਲ ਵੱਲ ਵਧੋ। ਦੁਸ਼ਮਣਾਂ ਨੂੰ ਪਛਾਣੋ, ਪਾੜੋ ਤੇ ਰਾਜ ਕਰੋ ਦੀ ਕੂਟਨੀਤੀ ਤੋਂ ਬਚੋ, ਨਹੀਂ ਤਾਂ ਇੱਕ ਦਿਨ ਅਜਿਹਾ ਆਵੇਗਾ ਕਿ ਸਾਡੇ ਵਿਰੋਧੀ ਸਾਨੂੰ ਗ਼ੁਲਾਮ ਬਣਾ ਕੇ ਕਿਹਾ ਕਰਨਗੇ ਕਿ ਤੁਸੀਂ ਆਪਣਾ ਮੂੰਹ ਖੋਹਲੋ ਕਿਉਂਕਿ ਅਸੀਂ ਤੁਹਾਡੇ ਮੂੰਹ ਵਿੱਚ ਥੁੱਕਣਾ ਹੈ। ਜੇ ਇਸ ਗੱਲ ’ਤੇ ਵੀ ਪੰਡਾਲ ਵਿਚੋਂ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਦੀ ਆਵਾਜ਼ ਆਵੇ ਤਾਂ ਫਿਰ ਸਿੱਖਾਂ ਦਾ ਦਿਮਾਗ਼ ਤਰੋਤਾਜ਼ਾ ਤੇ ਅਣਲੱਗ ਹੀ ਕਿਹਾ ਜਾਵੇਗਾ, ਜੋ ਕਿ ਕਦੇ ਵਰਤਿਆ ਹੀ ਨਹੀਂ ਗਿਆ। ‘ਗੁਰੂ ਗ੍ਰੰਥ ਸਾਹਿਬ’ ਜੀ ਨਾਲ ਪਿਆਰ ਕਰਨ ਵਾਲੇ ਹਰ ਗੁਰਸਿੱਖ ਦਾ ਭਾਵੇਂ ਹਿਰਦਾ ਦੁੱਖੀ ਹੋਇਆ ਪਰ ਇਸ ਦੇ ਜ਼ਿੰਮੇਵਾਰ ਵੀ ਉਹੀ ਲੋਕ ਹਨ ਜੋ ਸਾਡੇ ਸਿੱਖੀ ਸਰੂਪ ’ਚ ਸਾਡੇ ਆਗੂ ਬਣ ਕੇ ਸਾਡੇ ਵਿੱਚ ਵਿਚਰ ਰਹੇ ਹਨ। ਕੁਝ ਗ਼ਰਮ ਖ਼ਿਆਲੀ ਗੁਰਸਿੱਖ ਇਨ੍ਹਾਂ ਨੂੰ ਕੁੱਤਾ ਕਹਿ ਕੇ ਆਰੋਪ ਲਗਾਉਂਦੇ ਹਨ ਜੋ ਸਾਨੂੰ ਮਨਜੂਰ ਨਹੀਂ ਕਿਉਂਕਿ ਇਸ ਤਰ੍ਹਾਂ ਵਿਚਾਰੇ ਕੁੱਤੇ ਦੀ ਬਦਨਾਮੀ ਹੁੰਦੀ ਹੈ ਤੇ ਸਾਨੂੰ ਕਿਸੇ ਨਿਰਦੋਸ਼ ਜਾਨਵਰ ਦੀ ਬਦਨਾਮੀ ਕਰਨੀ ਸੋਭਦੀ ਨਹੀਂ।
ਭਰਾ ਮਾਰੂ ਫੁੱਟ ਕੌਮ ਲਈ ਸਭ ਤੋਂ ਵੱਡੀ ਘਾਤਕ ਹੁੰਦੀ ਹੈ ਕਿਉਂਕਿ ਇਸ ਨਾਲ ਸਭ ਤੋਂ ਵੱਧ ਦੋਸ਼ੀ ਨੂੰ ਫਾਇਦਾ ਹੁੰਦਾ ਹੈ; ਇੱਕ ਸਾਇਰ ਨੇ ਇਸ ਬਾਰੇ ਆਪਣੇ ਵਿਚਾਰ ਇਉਂ ਰੱਖੇ: ‘ਉਹਨੇ ਦੂਜੇ ਨੂੰ ਅਕਲ ਸਿਖਾਵਣੀ ਨੀ, ਜਿਹੜਾ ਆਪ ਹੀ ਨਸ਼ੇ ਵਿੱਚ ਗੁੱਟ ਹੋਵੇ। ਰੁੱਕ ਜਾਣ ਤਰੱਕੀ ਦੇ ਰਾਹ ਸਾਰੇ, ਜਿਸ ਦੇਸ਼ ਵਿੱਚ ਲੁੱਟ-ਘਸੁੱਟ ਹੋਵੇ। ਖਾ ਜਾਣਗੇ ਦੇਸ਼ ਨੂੰ ਘੁਣ ਵਾਂਗੂ, ਰਿਸਵਤਖੋਰ ਤੇ ਚੋਰ ਦਾ ਜੁੱਟ ਹੋਵੇ। ਜਿਹੜੇ ਦਿਲਾਂ ਵਿੱਚ ਬਦੀ ਦਾ ਪਲੇ ਬੂਟਾ, ਵੇਲ ਨੇਕੀਆਂ ਦੀ ਉੱਥੋਂ ਪੁੱਟ ਹੋਵੇ। ਲੋਭੀ- ਲਾਲਚੀ ਵੱਸਦੇ ਹੋਣ ਜਿੱਥੇ, ਉੱਥੇ ਧਰਮੀਆਂ ਦਾ ਗਲਾ ਘੁੱਟ ਹੋਵੇ। ਫੁੱਟ ਜਾਣ ਉਹ ਸਾਉਣ ਦੀ ਫੁੱਟ ਵਾਂਗੂ, ਜਿਨ੍ਹਾਂ ਕੌਮਾਂ ਵਿੱਚ ਆਪਸੀ ਫੁੱਟ ਹੋਵੇ।’
ਉਕਤ ਕਮਜ਼ੋਰੀ ਤੋਂ ਉਪਰੰਤ ਇੱਕ ਹੋਰ ਤਰੁੱਟੀ ਵੀ ਹੁੰਦੀ ਹੈ: ‘ਚੌਧਰ ਦੀ ਭੁੱਖ’। ਜਦੋਂ ਵੀ ਕੋਈ ਕੰਮ ਸਿਰੇ ਚੜ੍ਹਨ ’ਤੇ ਆਉਂਦਾ ਹੈ ਤਾਂ ਅਸੀਂ ਆਪਸ ਵਿੱਚ ਪਾਟ ਜਾਂਦੇ ਹਾਂ, ਕੋਈ ਕਹਿੰਦਾ ਹੈ ਇੰਜ ਕਰਨਾ ਹੈ ਤੇ ਕੋਈ ਕਹਿੰਦਾ ਹੈ ਇੰਜ ਨਹੀਂ ਕਰਨਾ ਹੈ। ਹਰ ਕੋਈ ਚਾਹੁੰਦਾ ਹੈ ਕਿ ਅਗਰ ਜਿੱਤ ਹਾਸਲ ਹੋਵੇ ਤਾਂ ਇਸ ਦਾ ਸਿਹਰਾ ਮੇਰੇ ਸਿਰ ’ਤੇ ਹੀ ਬੱਝੇ। ਆਪਸ ਵਿੱਚ ਪਾਟ ਕੇ ਅਸੀਂ ਇੱਕ ਗੁਰੂ ਦੇ ਸਿੱਖ ਨਾ ਰਹਿ ਕੇ ਸੰਤਾਂ ਦੇ, ਬਾਬਿਆਂ ਦੇ, ਪ੍ਰਚਾਰਕਾਂ ਦੇ, ਲੀਡਰਾਂ ਦੇ ਸਿੱਖ ਬਣ ਜਾਂਦੇ ਹਾਂ। ਜੇਕਰ ਅਸੀਂ ਕੌਮ ਦੇ ਵਿਰੋਧੀਆਂ ਤੇ ਦੁਸ਼ਮਣਾਂ ਨੂੰ ਖ਼ਤਮ ਕਰਨਾ ਹੈ ਤਾਂ ਸਾਨੂੰ ਇੱਕ ਮੁੱਠ ਹੋਣਾ ਪਵੇਗਾ। ਆਪਣੀ ਚੌਧਰ ਤੇ ਪਾਰਟੀਆਂ ਛੱਡ ਕੇ ਇੱਕੋ ਗੁਰੂ ਦੇ ਸਿੱਖ ਬਣ ਕੇ ਰਹਿਣਾ ਪਵੇਗਾ। ਬਦਲਾ ਸਿਰਫ਼ ਤਲਵਾਰ ਤੇ ਬੰਦੂਕਾਂ ਨਾਲ ਹੀ ਨਹੀਂ ਲਿਆ ਜਾ ਸਕਦਾ। ਅੱਜ ਵੋਟ ਰਾਜ ਹੈ, ਜੋ ਸਾਡੇ ਕੋਲ ਸਭ ਤੋਂ ਵੱਡਾ ਹਥਿਆਰ ਹੈ। ਸਾਡੀ ਸਿੱਖ ਕੌਮ ਨੂੰ ਮੁੜ ਸੁਰਜੀਤ ਕਰਨ ਲਈ ਸੁਆਰਥੀ ਬੰਦਿਆਂ ਤੋਂ ਛੁਟਕਾਰਾ ਪਵਾ ਕੇ ਚੰਗੇ ਨਿਸਕਾਮ ਬੰਦਿਆਂ ਨੂੰ ਅੱਗੇ ਲਿਆਉਣਾ ਹੀ ਪਵੇਗਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇ-ਅਦਬੀ ਕਰਨ ਵਾਲੇ ਇਨ੍ਹਾਂ ਲਾਲਚੀ ਬਿ੍ਰਤੀ ਲੋਕਾਂ ਨੂੰ ਕਦੇ ਵੀ ਵੋਟ ਨਾ ਪਾਉਣ ਦਾ ਪ੍ਰਣ ਕਰੀਏ। ਇਹ ਭੋਲੇ ਬਣ ਕੇ ਸਾਡੇ ਕੋਲ ਕਈ ਰੂਪਾਂ ’ਚ ਆਉਣਗੇ, ਚੌਕੰਨੇ ਰਹਿਣ ਦੀ ਹਮੇਸ਼ਾਂ ਜ਼ਰੂਰਤ ਹੁੰਦੀ ਹੈ ਕਿਉਂਕਿ ਪੰਥ ਦੋਖੀ ਸ਼ਕਤੀਆਂ ਦਾ ਪਹਿਰਾਵਾ ਅਜੋਕੇ ਯੁੱਗ ’ਚ ਸਾਡੇ ਪਹਿਰਾਵੇ ਨਾਲ ਹੀ ਮਿਲਦਾ ਜੁਲਦਾ ਹੋਵੇਗਾ। ਇਸ ਲਈ ਇਨ੍ਹਾਂ ਦੀਆਂ ਹਕੂਮਤਾਂ ਕੇਵਲ ਇਤਿਹਾਸ ਬਣ ਕੇ ਹੀ ਰਹਿ ਜਾਣ, ਇਹੀ ਨੀਤੀ ਅਜੋਕੇ ਸਮੇਂ ਦੀ ਸਭ ਤੋਂ ਕਾਰਗਰ (ਸਫਲ) ਨੀਤੀ ਹੈ। ਅੱਜ ਹਰ ਇੱਕ ਸਿੱਖ ਨੂੰ ਗੰਦੀ ਸਿਆਸਤ ਕਾਰਨ ਇਨਸਾਫ ਨਾ ਮਿਲਣ ਕਾਰਨ ਇਸ ਦੇਸ਼ ਦੇ ਸੰਵਿਧਾਨ ਤੋਂ ਹੀ ਉਸ ਦਾ ਭਰੋਸਾ ਉੱਠਦਾ ਜਾ ਰਿਹਾ ਹੈ ਤੇ ਉਹ ਕਹਿਣ ਨੂੰ ਮਜ਼ਬੂਰ ਹੈ ਕਿ ‘ਮੁਦਤੇ ਗੁਜ਼ਰ ਗਈ ਹੈਂ, ਰੰਜੋ-ਗ਼ਮ ਸਹਿਤੇ ਹੂਏ। ਸ਼ਰਮ ਸੀ ਆਤੀ ਹੈ, ਇਸ ਵਤਨ ਕੋ ਵਤਨ ਕਹਿਤੇ ਹੂਏ।’