ਗੁਰਮਤਿ ਬਨਾਮ ਹਰੀ ਸਿੰਘ ਰੰਧਾਵਾ (ਭਾਗ ਤੀਜਾ)

0
456

ਗੁਰਮਤਿ ਬਨਾਮ ਹਰੀ ਸਿੰਘ ਰੰਧਾਵਾ (ਭਾਗ ਤੀਜਾ)

ਗਿਆਨੀ ਅਵਤਾਰ ਸਿੰਘ

ਮਿਤੀ 3 ਜੂਨ 2015 ਨੂੰ ਸਰੀ (ਕੈਨੇਡਾ) ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਹੋਏ ‘ਹਰੀ ਸਿੰਘ ਰੰਧਾਵਾ’ ਜੀ ਦੇ ਪ੍ਰੋਗਰਾਮ ਵਿੱਚ ਸੰਗਤਾਂ ਵੱਲੋਂ ਪੁੱਛੇ ਗਏ 5 ਸਵਾਲਾਂ ਵਿੱਚੋਂ ਪਹਿਲੇ ਤਿੰਨਾਂ ਦੀ ਵੀਚਾਰ ਪਿਛਲੇ ਦੋ ਲੇਖਾਂ ਰਾਹੀਂ ਕੀਤੀ ਜਾ ਚੁੱਕੀ ਹੈ ਅਤੇ ਇਸ (ਭਾਗ ਤੀਜੇ) ਰਾਹੀਂ ਬਾਕੀ ਬਚੇ ਦੋਵੇਂ ਵਿਸ਼ਿਆਂ (ਸਵਾਲਾਂ) ਨੂੰ ਵੀਚਾਰਿਆ ਜਾ ਰਿਹਾ ਹੈ:

ਸਵਾਲ ਚੌਥਾ

ਗੁਰਦੁਆਰਾ ਦੁੱਖ ਨਿਵਾਰਨ (ਸਰੀ) ਦੀ ਸੰਗਤ ਵੱਲੋਂ ਪੁੱਛਿਆ ਗਿਆ ਚੌਥਾ ਸਵਾਲ ਸੀ ਕਿ ਤੁਸੀਂ ਕੰਧਾਂ, ਦਰਵਾਜ਼ਿਆਂ ਤੇ ਪਾਥੀਆਂ ਵਿੱਚੋਂ ਰਾਮ-ਰਾਮ, ਮੂਲ ਮੰਤ੍ਰ ਤੇ ਵਾਹਿਗੁਰੂ-ਵਾਹਿਗੁਰੂ ਦੀ ਆਵਾਜ਼ ਸੁਣਾਈ ਦੇਣ ਬਾਰੇ ਜ਼ਿਕਰ ਕੀਤਾ ਹੈ, ਕੀ ਇਸ ਦੀ ਪੁਸ਼ਟੀ ਗੁਰਬਾਣੀ ਕਰਦੀ ਹੈ? ਇਸ ਸਵਾਲ ਦਾ ਜਵਾਬ ਰੰਧਾਵਾ ਜੀ ਨੇ ਦੋ ਸਾਖੀਆਂ ਦੀ ਰਾਹੀਂ ਇਉਂ ਦਿੱਤਾ:

(1). ਅਕਾਲ ਕੁਟੀਆ (ਭਿੰਡਰੀਂ) ਅੱਜ ਵੀ ਉਹ ਜਗ੍ਹਾ ਮੌਜੂਦ ਹੈ, ਜਿੱਥੇ ਮਹਾਂਪੁਰਸ਼ਾਂ ਦੁਆਰਾ ਰਾਤ 1 ਵਜੇ ਤੋਂ ਲੈ ਕੇ ਨਿਰੰਤਰ (ਲਗਾਤਾਰ) 40 ਦਿਨਾਂ ਤੱਕ ਮੂਲ ਮੰਤ੍ਰ ਦਾ ‘ਜਾਪ’ ਅਭਿਆਸ, ਕੁਝ ਵਿਦਿਆਰਥੀਆਂ ਨੂੰ ਕਰਵਾਇਆ ਜਾ ਰਿਹਾ ਸੀ। ਜਿਸ ਦੌਰਾਨ ਇੱਕ ਦਿਨ ਮਹਾਂਪੁਰਸ਼ ਸੁਭ੍ਹਾ ਇੱਕ- ਡੇਢ ਵਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਖੜ੍ਹ ਕੇ ਵਿਦਿਆਰਥੀਆਂ ਨੂੰ ਕਹਿਣ ਲੱਗੇ ਕਿ ਬਚਨ ਕਰੋ, ਅਗਰ ਤੁਹਾਨੂੰ ਕੁਝ ਖੇਡ ਵਰਤੇ ਤਾਂ ਉਸ ਨੂੰ ਬਾਹਰ ਜਾ ਕੇ ਬੋਲੋਗੇ ਤਾਂ ਨਹੀਂ, ਭਾਵ ਦੱਸੋਗੇ ਤਾਂ ਨਹੀਂ ? ਇਸ ਸਵਾਲ ਦਾ ਜਵਾਬ ਬੱਚਿਆਂ ਪਾਸੋਂ ਹਾਂ ਵਿੱਚ ਮਿਲਣ ਉਪਰੰਤ ਮਹਾਂਪੁਰਸ਼ਾਂ ਨੇ ਆਪਣੀ ਚੇਤਨਾ (ਸੁਰਤ) ਨੂੰ ਕੁਟੀਆ ਦੀ ਕੰਧ ’ਤੇ ਟਿਕਾਇਆ ਤੇ ਵਿਦਿਆਰਥੀਆਂ ਨੂੰ ਕੰਧ ਨਾਲ ਕੰਨ ਲਗਾ ਕੇ ਕੁਝ ਸੁਣਨ ਲਈ ਕਿਹਾ ਜਿੱਥੋਂ (ਭਾਵ ਕੰਧ ਵਿੱਚੋਂ) ਮੂਲ ਮੰਤ੍ਰ ਦੇ ‘ਜਾਪ’ ਦੀ ਆਵਾਜ਼ ਆ ਰਹੀ ਸੀ ਕਿਉਂਕਿ ਉਸ ਸਮੇਂ ਮਹਾਂਪੁਰਸ਼ ਮੂਲ ਮੰਤ੍ਰ ਦਾ ‘ਜਾਪ’ ਕਰ ਰਹੇ ਸੀ। ਉਸ (‘ਜਾਪ’ ਕਮਾਈ) ਦੀ ਸ਼ਕਤੀ ਵਿਦਿਆਰਥੀਆਂ ਨੂੰ ਕੰਧ ਦੁਆਰਾ ਸੁਣਾਈ ਦੇ ਰਹੀ ਸੀ। ਵਿਦਿਆਰਥੀਆਂ ਨੇ ਕਿਹਾ ਮਹਾਰਾਜ ਜੀ! ਮੂਲ ਮੰਤ੍ਰ ਦੇ ‘ਜਾਪ’ ਦੀ ਆਵਾਜ਼ ਸੁਣਾਈ ਦੇ ਰਹੀ ਹੈ ਤਾਂ ਮਹਾਰਾਜ ਨੇ ਕਿਹਾ ਕਿ ਫਿਰ ਤੁਸੀਂ ਕਿਵੇਂ ਕਹਿੰਦੇ ਹੋ ਕਿ ‘ਧਰਤਿ, ਪਾਤਾਲ, ਆਕਾਸ’ ਨਾਮ (‘ਜਾਪ’) ਨਹੀਂ ਜਪ ਸਕਦੇ ?

ਮਹਾਂਪੁਰਸ਼ਾਂ ਦੇ ਦੁਬਾਰਾ ਕਹਿਣ ਮੁਤਾਬਕ ਕੁਟੀਆ ਦੇ ਦਰਵਾਜ਼ਿਆਂ ਨਾਲ ਕੰਨ ਲਗਾ ਕੇ ਸੁਣਨ ਉਪਰੰਤ ਵਾਹਿਗੁਰੂ-ਵਾਹਿਗੁਰੂ ਦੇ ‘ਜਾਪ’ ਦੀ ਆਵਾਜ਼ ਆ ਰਹੀ ਸੀ, ਜੋ ਉਨ੍ਹਾਂ ਬੱਚਿਆਂ ਨੇ ਸੁਣੀ। ਇਸ ਤੋਂ ਉਪਰੰਤ ਮਹਾਂਪੁਰਸ਼ਾਂ ਨੇ ਕਿਹਾ ਕਿ ਇਹ ਸਾਰਾ ਪ੍ਰਤਾਪ ਇਸ ਦਾਤੇ ਦਾ ਹੈ ਕਿਉਂਕਿ ਮੈਂ ਇਨ੍ਹਾਂ ਦੇ ਚਰਨਾਂ ’ਚ ਅਰਦਾਸ ਕੀਤੀ ਹੈ ਤਾਂ ਜੋ ਤੁਹਾਨੂੰ ‘ਜਾਪ’ (ਮੇਰੀ ਕਮਾਈ) ਸੁਣਨ ਲੱਗ ਜਾਵੇ।

ਕੀ ਤੁਹਾਡੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ-ਦਰਸ਼ਨਾਂ ਉੱਤੇ ਸੰਤੁਸ਼ਟਤਾ ਹੈ ਜਾਂ ਗੁਰੂ ਨਾਨਕ ਸਾਹਿਬ ਜੀ ਦੇ ਸਰਗੁਣ ਸਰੂਪ ਵੇਖਣ ਦੀ ਵੀ ਕੋਈ ਇੱਛਾ ਹੈ ? ਵਿਦਿਆਰਥੀਆਂ ਦੀ ਇੱਛਾ ਹਾਂ ਵਿੱਚ ਸੁਣਨ ਉਪੰਰਤ ਮਹਾਂਪੁਰਸ਼ਾਂ ਨੇ ਆਪਣੀ ‘ਜਾਪ’ ਕਮਾਈ ਦੁਆਰਾ; ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚੋਂ ਪ੍ਰਤੱਖ (ਸਾਖਸ਼ਾਤ) ਰੂਪ ਦੇ ਵਿੱਚ ਵਿਦਿਆਰਥੀਆਂ ਨੂੰ ਕੇਵਲ ਗੁਰੂ ਨਾਨਕ ਸਾਹਿਬ ਦੇ ਹੀ ਨਹੀਂ ਬਲਕਿ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਸਾਰੇ (ਦਸੇ) ਗੁਰੂ ਸਾਹਿਬਾਨਾਂ ਦੇ ਸਰਗੁਣ ਸਰੂਪ ’ਚ ਦਰਸ਼ਨ ਕਰਵਾਏ, ਖੇਡ ਵਰਤੀ। (ਹਰੀ ਸਿੰਘ ਰੰਧਾਵਾ)

ਵੀਚਾਰ: ਉਕਤ ਬਿਆਨ ਕੀਤੀ ਗਈ ਭਾਵਨਾ ਵਿੱਚੋਂ ਇਹ ਸੰਕੇਤ ਮਿਲਦਾ ਹੈ ਕਿ ਸੁਭ੍ਹਾ 1 ਵਜੇ ਤੋਂ ਲੈ ਕੇ ਨਿਰੰਤਰ 40 ਦਿਨ ਤੱਕ ਮੂਲ ਮੰਤ੍ਰ ਦਾ ‘ਜਾਪ’ ਅਭਿਆਸ ਕਰਨ ਵਾਲੇ ਅਭਿਲਾਸ਼ੀਆਂ (ਵਿਦਿਆਰਥੀਆਂ) ਦੇ ਮਨਾਂ ਅੰਦਰ ਕੁਝ ਸੰਦੇਹ (ਸ਼ੱਕ) ਸੀ (ਸ਼ਾਇਦ ਅਜਿਹੇ ‘ਜਾਪ’ ਅਭਿਆਸ ਪ੍ਰਤੀ ਮਾਹੌਲ ਬਣਾਉਣ ਲਈ ਵਧੀਕ ਸੁਪਨੇ ਵਿਖਾਏ ਗਏ ਹੋਣ), ਜਿਸ ਸ਼ੰਕੇ (ਸ਼ੱਕ) ਨੂੰ ਉਨ੍ਹਾਂ ਨੇ ਮਹਾਂਪੁਰਸ਼ਾਂ ਦੇ ਸਾਮ੍ਹਣੇ ਕਈ ਵਾਰ ਰੱਖਿਆ, ਮਹਿਸੂਸ ਹੁੰਦਾ ਹੈ ਕਿਉਂਕਿ ਇਸ ਲਈ ਹੀ ਮਹਾਂਪੁਰਸ਼ਾਂ ਨੂੰ ਕਹਿਣਾ ਪਿਆ ਕਿ ਫਿਰ ਤੁਸੀਂ ਕਿਵੇਂ ਕਹਿੰਦੇ ਹੋ ਕਿ ‘ਧਰਤਿ, ਪਾਤਾਲ, ਆਕਾਸ’ ਨਾਮ ਨਹੀਂ ਜਪ ਸਕਦੇ ?

ਵਿਦਿਆਰਥੀਆਂ ਸਾਮ੍ਹਣੇ ਵਰਤ ਰਹੀ ਇਸ ਖੇਡ ਵਿੱਚ ਮਹਾਂਪੁਰਸ਼ਾਂ ਦੀ ‘ਜਾਪ’ ਕਮਾਈ ਦਾ ਜ਼ਿਕਰ ਵਾਰ-ਵਾਰ ਆ ਰਿਹਾ ਹੈ ਅਤੇ ਇਸ (‘ਜਾਪ’) ਕਮਾਈ ਦੇ ਵਧੀਕ ਦਰਸ਼ਨ ਕਰਵਾਉਣ ਲਈ ਭਾਵ ਕੰਧਾਂ, ਦਰਵਾਜ਼ਿਆਂ ਰਾਹੀਂ ਮੂਲ ਮੰਤ੍ਰ ਤੇ ਵਾਹਿਗੁਰੂ-ਵਾਹਿਗੁਰੂ ਦੇ ‘ਜਾਪ’ ਸੁਣਨ ਉਪਰੰਤ ਵੀ ਵਿਦਿਆਰਥੀਆਂ ਨੂੰ ਪੂਰਨ ਸੰਤੁਸ਼ਟੀ ਨਾ ਹੋਣ ਕਾਰਨ ਦਸ ਗੁਰੂ ਸਾਹਿਬਾਨਾਂ ਦੇ ਪ੍ਰਤੱਖ ਸਰਗੁਣ ਰੂਪ ’ਚ ਦਰਸ਼ਨ ਕਰਵਾਉਣ ਵਾਲੀ ‘ਜਾਪ’- ਖੇਡ ਵਰਤਾਣੀ ਪਈ ਪਰ ਇਸ ਖੇਡ ਵਰਤਾਉਣ ਤੋਂ ਪਹਿਲਾਂ ਇਹ ਕਹਿਣਾ ਮਜਬੂਰੀ ਬਣ ਗਿਆ ਕਿ ਇਹ ਸਾਰੀ ‘ਜਾਪ’-ਖੇਡ ਰਾਹੀਂ ਤੁਹਾਨੂੰ ਤਸੱਲੀ ਕਰਵਾਉਣ ਲਈ ਮੈ ਇਸ ਗੁਰੂ (ਦਾਤੇ) ਅੱਗੇ ਅਰਦਾਸ ਕੀਤੀ ਹੈ ਤਾਂ ਜੋ ਤੁਹਾਨੂੰ ‘ਜਾਪ’ (ਮੇਰੀ ਕਮਾਈ) ਸੁਣ ਸਕੇ ਜਦਕਿ ਵਿਖਾਈ ਇਹ ਦੇ ਰਿਹਾ ਹੈ ਕਿ ਦੂਸਰਾ ਸਵਾਲ ਪੁੱਛਣ ਤੋਂ ਉਪਰੰਤ, ਤੁਰੰਤ ਹੀ ਦੂਸਰੀ ‘ਜਾਪ’-ਖੇਡ (ਜੀਵਨ ਕਮਾਈ) ਵਰਤਣੀ ਆਰੰਭ ਹੋ ਗਈ (ਭਾਵ ਦਸ ਗੁਰੂ ਸਾਹਿਬਾਨਾਂ ਦੇ ਪ੍ਰਤੱਖ ਸਰਗੁਣ ਸਰੂਪ ’ਚ ਦਰਸ਼ਨ ਹੋਣ ਲੱਗ ਪਏ) ਇਸ ਤੋਂ ਪਹਿਲਾਂ ਗੁਰੂ ਜੀ ਅੱਗੇ ਅਰਦਾਸ ਕਰਨ ਬਾਰੇ ਕੋਈ ਜ਼ਿਕਰ (ਸੰਕੇਤ) ਤੱਕ ਨਹੀਂ । ਅਗਰ ਦੋਵੇਂ ਖੇਡਾਂ ਵਰਤਾਉਣ ਲਈ ਪਹਿਲਾਂ ਹੀ ਅਰਦਾਸ ਕੀਤੀ ਗਈ ਸੀ ਤਾਂ ਵਿਚਕਾਰ ਦੀ ਇਹ ਸਵਾਲ ਪੁੱਛਣਾ ਕਿ ‘ਕੀ ਤੁਹਾਡੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ-ਦਰਸ਼ਨਾਂ ਉੱਤੇ ਸੰਤੁਸ਼ਟਤਾ ਹੈ ਜਾਂ ਗੁਰੂ ਨਾਨਕ ਸਾਹਿਬ ਜੀ ਦੇ ਸਰਗੁਣ ਸਰੂਪ ਵੇਖਣ ਦੀ ਵੀ ਕੋਈ ਇੱਛਾ ਹੈ ?’ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ।

ਕੁਟੀਆ ਦੀ ਕੰਧ ਨਾਲ ਕੰਨ ਲਗਾਇਆਂ ਮੂਲ ਮੰਤ੍ਰ ਦੇ ‘ਜਾਪ’ ਦੀ ਆਵਾਜ਼ ਆ ਰਹੀ ਸੀ ਕਿਉਂਕਿ ਮਹਾਂਪੁਰਸ਼ ਮੂਲ ਮੰਤ੍ਰ ਦਾ ‘ਜਾਪ’ ਕਰ ਰਹੇ ਸੀ ਪਰ ਤੁਰੰਤ ਹੀ ਕੰਨ ਨੂੰ ਦਰਵਾਜ਼ਿਆਂ ਨਾਲ ਲਗਾਇਆਂ ਵਾਹਿਗੁਰੂ-ਵਾਹਿਗੁਰੂ ਦੇ ‘ਜਾਪ’ ਦੀ ਆਵਾਜ਼ ਆਉਣ ਲੱਗ ਗਈ ਸੀ ਜਦਕਿ ਮਹਾਂਪੁਰਖ ਅਜੇ ਮੂਲ ਮੰਤ੍ਰ ਦਾ ‘ਜਾਪ’ ਹੀ ਕਰ ਰਹੇ ਸੀ ਤਾਂ ਫਿਰ ਵਾਹਿਗੁਰੂ-ਵਾਹਿਗੁਰੂ ਦੇ ‘ਜਾਪ’ ਦੀ ਆਵਾਜ਼ ਕਿਸ ਦੇ ਜਪਣ ਨਾਲ ਆ ਰਹੀ ਸੀ ?

ਆਪਣੀ ‘ਜਾਪ’ ਕਮਾਈ ਨੂੰ ਵਿਖਾਉਣ (ਪ੍ਰਤੱਖ ਕਰਨ) ਲਈ ਜਿਸ ਗੁਰੂ ਜੀ ਦੇ ਅੱਗੇ ਅਰਦਾਸ ਕੀਤੀ ਜਾ ਰਹੀ ਹੈ; ਉਨ੍ਹਾਂ ਦੇ ਬਚਨ ਹਨ: ‘‘ਹੋਨਿ ਨਜੀਕਿ ਖੁਦਾਇ ਦੈ; ਭੇਤੁ ਨ ਕਿਸੈ ਦੇਨਿ ॥’’ (ਬਾਬਾ ਫਰੀਦ/੧੩੮੪), ‘‘ਰਾਮ ਪਦਾਰਥੁ ਪਾਇ ਕੈ; ਕਬੀਰਾ ਗਾਂਠਿ ਨ ਖੋਲ੍ਹ ॥’’ (ਭਗਤ ਕਬੀਰ/੧੩੬੫) ਆਦਿ।

ਪਰ ਉਕਤ ਦਰਸਾਈ ਗਈ ਭਾਵਨਾ ਰਾਹੀਂ ਤਾਂ ਸਾਰਾ ਹੀ ਭੇਤ (ਰਾਜ਼, ਰਮਜ਼) ਵਿਸਥਾਰ ’ਚ ਬਿਆਨ ਕੀਤਾ ਜਾ ਰਿਹਾ ਹੈ, ਗੰਢ ਖੋਲ੍ਹ ਕੇ ਪਰੋਸੀ ਜਾ ਰਹੀ ਹੈ। ਇਸ ਗੰਢ ਖੋਲ੍ਹਣ ਨੂੰ ਗੁਰਮਤਿ ਅਨੁਸਾਰੀ ਸਿੱਧ ਕਰਨ ਲਈ ਇਹ ਵੀ ਕਿਹਾ ਜਾ ਰਿਹਾ ਹੈ ਕਿ ਬਾਹਰ ਜਾ ਕੇ ਬਿਆਨ ਤਾਂ ਨਹੀਂ ਕਰੋਗੇ ? ਜਦਕਿ ਸਚਾਈ ਇਹ ਹੈ ਕਿ ਇਸ (ਮਨਘੜਤ) ਭਾਵਨਾ ਨੂੰ ਪ੍ਰਫੁਲਿਤ (ਵਿਕਸਿਤ) ਕਰਨ ਦੇ ਮਕਸਦ ਨਾਲ ਬੜੇ ਹੀ ਉਤਸ਼ਾਹ (ਜੋਸ਼) ਨਾਲ ਸੰਗਤਾਂ ਵਿੱਚ (ਹਰੀ ਸਿੰਘ ਰੰਧਾਵਾ ਵਰਗੇ ਡੇਰੇਦਾਰ ਪ੍ਰਚਾਰਕਾਂ ਰਾਹੀਂ) ਸੁਣਾਇਆ ਵੀ ਜਾ ਰਿਹਾ ਹੈ।

ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ 35 ਮਹਾਂ ਪੁਰਖਾਂ ਦੀ ਬਾਣੀ ਸਾਨੂੰ ਕਿਤੇ ਵੀ ਅਜਿਹਾ ਸੰਕੇਤ ਨਹੀਂ ਦੇਂਦੀ ਹੈ, ਜਿਸ ਰਾਹੀਂ ਸਪਸ਼ਟ ਹੁੰਦਾ ਹੋਵੇ ਕਿ ਉਕਤ ਅਸ਼ਰਧਕ ਭਾਵਨਾ ਨੂੰ ਸ਼ਰਧਾ ’ਚ ਤਬਦੀਲ ਕਰਨ ਲਈ ‘ਜਾਪ’ ਕਮਾਈ ਦੀ ਟੇਕ ਲਈ ਜਾਵੇ। ਇਸ ਲਈ ਉਕਤ ‘ਜਾਪ’ ਕਮਾਈ ਰੂਪ ਸੋਚ ਦਾ ਪਿਛੋਕੜ ਮਕਸਦ ਇਹੀ ਸੰਕੇਤ ਦੇਂਦਾ ਹੈ ਕਿ ਅਜਿਹੇ ਅਣਉਚਿਤ ਕਦਮ ਤਦ ਹੀ ਮਨੁੱਖ ਨੂੰ ਪੁੱਟਣੇ ਪੈਂਦੇ ਹਨ ਜਦ ਅਸੀਂ ਅਲੌਕਿਕ ਅਗੋਚਰ (ਜਿਸ ਤੱਕ ਸਰੀਰਕ ਇੰਦ੍ਰਿਆਂ ਦੀ ਪਹੁੰਚ, ਪਕੜ ਅਸੰਭਵ ਹੋਵੇ) ਸ਼ਕਤੀ ਨੂੰ ਆਪਣੇ ਵੱਸ ਵਿੱਚ ਹੋਣ ਦਾ ਝੂਠਾ ਦਾਹਵਾ (ਹੱਕ) ਜਤਾ ਕੇ ਅਣਭੋਲ (ਮਾਸੂਮ) ਅਭਿਲਾਸ਼ੀਆਂ ਦੇ ਮਨਾਂ ਅੰਦਰ ਅਣਉਚਿਤ ਉਮੀਦਾਂ ਜਗਾਉਣ ਦੇ ਆਦੀ ਬਣ ਜਾਂਦੇ ਹਾਂ।

ਗੁਰੂ ਜੀ ਅੱਗੇ ਰੱਖੀ ਗਈ ਉਪਰੋਕਤ ਅਰਦਾਸ ਵਾਲੀ ਟੇਕ, ਮੂਲ ਮੰਤ੍ਰ ਜਾਂ ਵਾਹਿਗੁਰੂ-ਵਾਹਿਗੁਰੂ ਦੇ ਨਿਰੰਤਰ ‘ਜਾਪ’ ਦੁਆਰਾ ਪ੍ਰਾਪਤ ਕੀਤੀ ਗਈ ਉਕਤ ਸ਼ਕਤੀ (ਨਿਜੀ ਕਮਾਈ, ਧਿਆਨ ਚੇਤਨਾ), ਜਿਸ ਦੀ ਮਦਦ ਨਾਲ ਰਾਤ ਨੂੰ 40 ਦਿਨਾਂ ਦੇ ਲੰਮੇ ਅਭਿਆਸ ’ਚ ਵਿਸ਼ਵਾਸ ਰੱਖਣ ਵਾਲੇ ਵਿਦਿਆਰਥੀਆਂ ਨੂੰ ਕੁਟੀਆ ਦੀਆਂ ਕੰਧਾਂ ਤੇ ਦਰਵਾਜ਼ਿਆਂ ਵਿੱਚੋਂ ਮੂਲ ਮੰਤ੍ਰ ਤੇ ਵਾਹਿਗੁਰੂ-ਵਾਹਿਗੁਰੂ ਦੇ ‘ਜਾਪ’ ਦੀ ਧੁਨੀ ਸੁਣਾਈ ਦੇ ਰਹੀ ਸੀ, ਵਾਲੀ ਮਹਾਂਪੁਰਸ਼ ਦੀ ‘ਜਾਪ’ ਕਮਾਈ; ਉਸ ਬੀਬੀ ਦੁਆਰਾ ਪ੍ਰਾਪਤ ਕੀਤੀ ਗਈ ‘ਜਾਪ’ ਕਮਾਈ ਦੇ ਮੁਕਾਬਲੇ ਤੁੱਛ-ਮਾਤ੍ਰ ਹੀ ਹੈ, ਜਿਸ ਨੇ ਗੋਬਰ ਦੀਆਂ ਪਾਥੀਆਂ ਵਿੱਚੋਂ ਪੰਚਾਇਤ ਦੇ ਉਨ੍ਹਾਂ ਬੰਦਿਆਂ ਨੂੰ ਰਾਮ-ਰਾਮ ਦੇ ‘ਜਾਪ’ ਦੀ ਆਵਾਜ਼ ਸੁਣਾ ਦਿੱਤੀ, ਜਿਨ੍ਹਾਂ (ਪੰਚਾਇਤ ਵਾਲਿਆਂ) ਨੇ ਕਦੀ ਵੀ ਰਾਤ ਨੂੰ ਉੱਠ ਕੇ ਕੋਈ ਨਿਰੰਤਰ ‘ਜਾਪ’ ਅਭਿਆਸ ਨਾ ਹੀ ਕਦੇ ਕੀਤਾ ਸੀ ਤੇ ਨਾ ਹੀ ਉਨ੍ਹਾਂ ਦੀ ਰਾਮ-ਰਾਮ ਦੇ ‘ਜਾਪ’ ਦੀ ਆਵਾਜ਼ ਸੁਣਨ ਬਾਰੇ ਕੋਈ ਰੁਚੀ (ਦਿਲਚਸਪੀ) ਸੀ। ਇਸ ਸਾਖੀ ਦਾ ਵਿਸਥਾਰ ਅਗਾਂਹ ਦਿੱਤਾ ਜਾ ਰਿਹਾ ਹੈ।

(ਨੋਟ: ਉਪਰੋਕਤ ਸਾਖੀ ਵਿੱਚ ਵਰਤੀ ਗਈ ਗੁਰਬਾਣੀ ਦੀ ਪੰਕਤੀ ‘‘ਧਰਤਿ, ਪਾਤਾਲੁ, ਆਕਾਸੁ ਹੈ; ਮੇਰੀ ਜਿੰਦੁੜੀਏ ! ਸਭ ਹਰਿ ਹਰਿ ਨਾਮੁ, ਧਿਆਵੈ ਰਾਮ ॥’’ (ਮ: ੪/੫੪੦) ਦੇ ਗੁਰਮਤਿ ਅਨੁਸਾਰੀ ਭਾਵਾਰਥ ਨੂੰ ਇਸ (ਚੌਥੇ) ਸਵਾਲ ਦੀ ਸਮਾਪਤੀ ’ਤੇ ਵੀਚਾਰਿਆ ਜਾਵੇਗਾ ਕਿਉਂਕਿ ਅਗਲੀ ਸਾਖੀ ਵਿੱਚ ਵੀ ਇਸ ਵਿਸ਼ੇ ਨਾਲ ਸੰਬੰਧਿਤ ਗੁਰਬਾਣੀ ਦੀ ਇੱਕ ਪੰਕਤੀ ਇਸਤੇਮਾਲ ਕੀਤੀ ਹੋਈ ਆ ਰਹੀ ਹੈ।)

(2). ਪਾਥੀਆਂ ਵਿੱਚੋਂ ਰਾਮ-ਰਾਮ ਦਾ ‘ਜਾਪ’ ਸੁਣਨ ਵਾਲੀ ਸਾਖੀ : ਇੱਕ ਪਹੁੰਚੇ ਹੋਏ ਆਚਾਰੀਆ (ਮਹਾਤਮਾ) ਜੀ ਨੇ ਰਾਜਸਥਾਨ ਦੀ ਇੱਕ ਬੀਬੀ (ਫੂਲੀ ਬਾਈ, ਹਿੰਦੂ ਮਤ ਨਾਲ ਸੰਬੰਧਿਤ) ਦੇ ਹਵਾਲੇ ਨਾਲ ਸਾਖੀ ਸੰਗਤਾਂ ਵਿੱਚ ਸੁਣਾਈ ਕਿ ਉਹ ਬੀਬੀ ਆਪਣੇ ਪੇਕੇ ਅਤੇ ਸਹੁਰੇ ਘਰ ਵਿੱਚ ਗੋਬਰ ਦੀਆਂ ਪਾਥੀਆਂ ਪੱਥਦੀ ਹੋਈ ਰਾਮ-ਰਾਮ ਦਾ ‘ਜਾਪ’ ਜਪਦੀ ਰਹਿੰਦੀ ਸੀ। ਲੋਕ ਉਸ ਨੂੰ ਕਮਲੀ-ਕਮਲੀ ਕਹਿ ਕੇ ਪੁਕਾਰਦੇ ਸਨ ਪਰ ਉਹ ਕਮਲੀ ਹੈ ਨਹੀਂ ਸੀ। ਇੱਕ ਦਿਨ (ਸਹੁਰੇ ਘਰ) ਉਸ ਦੁਆਰਾ ਪੱਥੀਆਂ ਹੋਈਆਂ ਪਾਥੀਆਂ ਪੜੋਸਣ ਨੇ ਚੋਰੀ ਕਰ ਲਈਆਂ, ਜਿਸ ਬਾਬਤ ਉਸ ਦੀ ਗੁਆਂਢਣ ਨਾਲ ਕਹਾ-ਸੁਣੀ ਹੋ ਗਈ ਤੇ ਪੰਚਾਇਤ ਨੂੰ ਬੁਲਾਉਣ ਤੱਕ ਦੀ ਨੌਬਤ (ਸਥਿਤੀ) ਆ ਬਣੀ। (ਸਿਆਣੀ) ਪੰਚਾਇਤ ਨੇ ਆ ਕੇ ਬੀਬੀ ਨੂੰ (ਚੁੱਕੀਆਂ ਗਈਆਂ ਪਾਥੀਆਂ ਦੇ ਹਵਾਲੇ ’ਚ) ਗਵਾਹ ਪੇਸ਼ ਕਰਨ ਲਈ ਕਿਹਾ ਤਾਂ ਬੀਬੀ ਨੇ ਕਿਹਾ ਕਿ ਮੇਰਾ ਗਵਾਹ ਮੇਰਾ ਰਾਮ ਹੈ ਭਾਵ ਮੈ ਪਾਥੀਆਂ ਰਾਮ-ਰਾਮ ਦਾ ‘ਜਾਪ’ ਬੋਲ ਕੇ ਪੱਥੀਆਂ ਹਨ, ਇਸ ਲਈ ਜਿਨ੍ਹਾਂ ਪਾਥੀਆਂ ਵਿੱਚੋਂ ਰਾਮ-ਰਾਮ ਦੇ ‘ਜਾਪ’ ਦੀ ਆਵਾਜ਼ ਆਵੇਗੀ ਉਹ ਪਾਥੀਆਂ ਮੇਰੀਆਂ ਹਨ ਅਤੇ ਜਿਸ ਵਿੱਚੋਂ ਰਾਮ-ਰਾਮ ਦੇ ‘ਜਾਪ’ ਦੀ ਆਵਾਜ਼ ਨਹੀਂ ਆਵੇਗੀ ਉਹ ਪਾਥੀਆਂ ਇਸ (ਗੁਆਂਢਣ) ਨੂੰ ਦੇ ਦੇਣਾ। (ਪੰਚਾਇਤ ਸਮਝਦਾਰ ਸੀ ਕਿਉਂਕਿ ਜ਼ਮੀਨੀ ਹਾਲਾਤ ਤਣਾਉ ਪੂਰਨ ਹੋਣ ਦੇ ਕਾਰਨ ਉਨ੍ਹਾਂ ਨੇ) ਅਜਿਹਾ ਹੀ ਕੀਤਾ ਭਾਵ ਪਾਥੀਆਂ ਨੂੰ ਆਪਣੇ ਕੰਨ ਨਾਲ ਲਗਾ-ਲਗਾ ਕੇ ਵੇਖਿਆ ਗਿਆ ਤੇ ਰਾਮ-ਰਾਮ ਦੇ ‘ਜਾਪ’ ਦੀ ਆਵਾਜ਼ ਦੇਣ ਵਾਲੀਆਂ ਪਾਥੀਆਂ ਬੀਬੀ (ਫੂਲੀ ਬਾਈ) ਨੂੰ ਦੇ ਦਿੱਤੀਆਂ ਤੇ ਰਾਮ-ਰਾਮ ਦਾ ‘ਜਾਪ’ ਨਾ ਬੋਲਣ ਵਾਲੀਆਂ ਪਾਥੀਆਂ ਗੁਆਂਢਣ ਨੂੰ ਦੇ ਦਿੱਤੀਆਂ। ਸਮਝੌਤਾ (ਸੁਲ੍ਹਾ-ਸਫ਼ਾਈ) ਕਰਵਾਉਣ ਉਪਰੰਤ ਪੰਚਾਇਤ ਨੇ ਉਸ (ਬੀਬੀ) ਨੂੰ ਕਿਹਾ ਫੂਲੀ ਬਾਈ! ਤੂੰ ਤਾਂ ਬਹੁਤ ਵੱਡੀ ਮਹਾਂਪੁਰਸ਼ ਹੈਂ; ਸਾਨੂੰ ਮਾਫ਼ ਕਰ ਦੇਓ, ਸਾਥੋਂ ਗ਼ਲਤੀ ਹੋ ਗਈ। (ਹਰੀ ਸਿੰਘ ਰੰਧਾਵਾ)

ਵੀਚਾਰ: ਬੀਬੀ ਦੀਆਂ ਪਾਥੀਆਂ ਗੁਆਂਢਣ ਨੇ ਚੁੱਕੀਆਂ ਸਨ ਤੇ ਗ਼ਲਤੀ ਲਈ ਮਾਫ਼ੀ ਪੰਚਾਇਤ ਮੰਗ ਰਹੀ ਹੈ।

ਉਕਤ ਸਾਖੀ ’ਚ ਬਿਆਨ ਕੀਤੀ ਗਈ ਬੀਬੀ ਦੀ ‘ਜਾਪ’ ਕਮਾਈ; ਹਿੰਦੂ ਮਤਿ ਨਾਲ ਸੰਬੰਧਿਤ ਹੈ। ਗੁਰਬਾਣੀ ਵਿੱਚ ਵੀ ਕਈ ਹਿੰਦੂ ਮਤਿ ਨਾਲ ਸੰਬੰਧਿਤ ਭਗਤਾਂ ਦੀ ਬਾਣੀ ਦਰਜ ਹੈ ਪਰ ਬੀਬੀ ਅਤੇ ਇਨ੍ਹਾਂ ਭਗਤਾਂ ਦੀ ‘ਜਾਪ’ ਕਮਾਈ ਵਿੱਚ ਇਕ ਬੁਨਿਆਦੀ ਭਿੰਨਤਾ ਇਹ ਹੈ ਕਿ ਬੀਬੀ ਕੇਵਲ ਇੱਕ ‘ਰਾਮ’ (ਸ਼ਬਦ) ਨਾਲ ਰੱਬੀ ਸ਼ਕਤੀ ਨੂੰ ਯਾਦ ਕਰਦੀ ਹੈ ਜਦਕਿ ਗੁਰਬਾਣੀ ਵਿੱਚ ਦਰਜ ਭਗਤ ਬਾਣੀ; ਪ੍ਰਮਾਤਮਾ ਦੇ ਕਿਸੇ ਇੱਕ ਨਾਂ ਵਿਸ਼ੇਸ਼ ਦੀਆਂ ਸੀਮਾਵਾਂ ਵਿੱਚ ਕੈਦ ਨਹੀਂ ਹਨ; ਜਿਵੇਂ ਕਿ ਭਗਤ ਕਬੀਰ ਜੀ (‘ਰਾਮ, ਗੁਰ’ ਤੇ ‘ਅੱਲ੍ਹਾ, ਪੀਰ’ ਨੂੰ ਸਮਾਨੰਤਰ) ਬਿਆਨ ਕਰਦੇ ਹਨ: ‘‘ਕਬੀਰੁ ਪੂੰਗਰਾ (ਨਾ-ਬਾਲਗ਼) ਰਾਮ ਅਲਹ ਕਾ; ਸਭ ਗੁਰ ਪੀਰ ਹਮਾਰੇ ॥’’ (ਭਗਤ ਕਬੀਰ/੧੩੪੯)

ਗੁਰੂ ਅਰਜੁਨ ਸਾਹਿਬ ਜੀ ਵੀ ਇਸ ‘ਜਾਪ’ ਕਮਾਈ ਦੀ ਪੁਸ਼ਟੀ ਕਰਦੇ ਹੋਏ ਬਿਆਨ ਕਰ ਰਹੇ ਹਨ ਕਿ ਸਮੂਹ ਜੀਵਾਂ ਦੇ ਸਰੀਰ ਤੇ ਉਨ੍ਹਾਂ ਦੇ ਪ੍ਰਾਣ ਉਸ ਕਰਤਾਰ ਦੀ ਬਖ਼ਸ਼ਸ਼ ਹਨ, ਜਿਸ ਨੂੰ ਕੋਈ ‘ਰਾਮ’ ਤੇ ਕੋਈ ‘ਅੱਲ੍ਹਾ’ ਆਖਦਾ ਹੈ; ਜਿਵੇਂ: ‘‘ਅਲਹ ਰਾਮ ਕੇ, ਪਿੰਡੁ ਪਰਾਨ ॥’’ (ਮ: ੫/੧੧੩੬)

ਸੋ, ਸਪਸ਼ਟ ਹੈ ਕਿ ਬੀਬੀ ਜੀ ਉਸ ‘ਰਾਮ’ ਤੇ ‘ਅੱਲ੍ਹਾ’ ਦਾ ‘ਜਾਪ’ ਨਹੀਂ ਕਰ ਰਹੀ ਹੈ ਜੋ ‘ਸਰਬ ਵਿਆਪਕ’ ਹੈ ਬਲਕਿ ਉਸ ਰਾਜਾ ਦਸ਼ਰਥ ਦੇ ਪੁੱਤਰ ‘ਰਾਮ’ ਦਾ ‘ਜਾਪ’ ਕਰ ਰਹੀ ਹੈ, ਜਿਸ ਬਾਰੇ ਗੁਰੂ ਅਮਰਦਾਸ ਜੀ ਬਿਆਨ ਕਰ ਰਹੇ ਹਨ ਕਿ ਸਮਾਜਿਕ ਸੋਚ ਰੱਖਣ ਵਾਲੇ ਮਨੁੱਖਾਂ ਨੇ ਆਪਣੇ ਰਾਜਿਆਂ ਨੂੰ ਹੀ ਰੱਬੀ ਅਵਤਾਰ ਕਰਕੇ ਮੰਨ ਲਿਆ ਹੈ; ਜਿਵੇਂ: ‘‘ਜੁਗਹ ਜੁਗਹ ਕੇ ਰਾਜੇ ਕੀਏ; ਗਾਵਹਿ ਕਰਿ ਅਵਤਾਰੀ ॥’’ (ਮ: ੩/੪੨੩)

ਭਗਤ ਕਬੀਰ ਜੀ ‘ਸਰਬ ਵਿਆਪਕ ਰਾਮ’ ਤੇ ‘ਰਾਜਾ ਦਸ਼ਰਥ ਦੇ ਪੁੱਤਰ ਰਾਮ’ ਦੀ ਸ਼ਕਤੀ ਨੂੰ ਤੁਲਨਾਤਮਿਕ ਪੱਖ ਤੋਂ ਇਉਂ ਬਿਆਨ ਕਰ ਰਹੇ ਹਨ: ‘‘ਕਬੀਰ ! ਰਾਮੈ ਰਾਮ ਕਹੁ, (ਪਰ) ਕਹਿਬੇ ਮਾਹਿ ਬਿਬੇਕ (ਅਕਲ ਨਾਲ, ਕਿਉਂਕਿ)॥ ਏਕੁ (ਰਾਮ) ਅਨੇਕਹਿ ਮਿਲਿ ਗਇਆ; ਏਕ (ਰਾਮ) ਸਮਾਨਾ (ਸਿਰਫ਼) ਏਕ ॥’’ (ਭਗਤ ਕਬੀਰ/੧੩੭੪), ਕਬੀਰ ! ਰਾਮ ਕਹਨ ਮਹਿ ਭੇਦੁ (ਭਿੰਨਤਾ) ਹੈ; ਤਾ ਮਹਿ ਏਕੁ ਬਿਚਾਰੁ ॥ ਸੋਈ ਰਾਮੁ ਸਭੈ ਕਹਹਿ; ਸੋਈ ਕਉਤਕਹਾਰ (ਦਸ਼ਰਥ ਦਾ ਪੁੱਤਰ)॥’’ (ਭਗਤ ਕਬੀਰ/੧੩੭੪) ਆਦਿ।

‘ਗੁਰਬਾਣੀ ਫ਼ਿਲਾਸਫ਼ੀ’ ਦੀ ਰੌਸ਼ਨੀ ਰਾਹੀਂ ਉਕਤ ਬੀਬੀ ਦੀਆਂ ਪਾਥੀਆਂ ਰਾਮ-ਰਾਮ ਦਾ ‘ਜਾਪ’ ਨਹੀਂ ਬੋਲ ਸਕਦੀਆਂ ਕਿਉਂਕਿ ‘ਦਸ਼ਰਥ ਦਾ ਪੁੱਤਰ ਰਾਮ’; ‘ਸਰਬ ਵਿਆਪਕ’ ਨਹੀਂ। ਇਸ ਲਈ ਉਪਰੋਕਤ ਸੁਣਾਈ ਗਈ ਸਾਖੀ ਆਚਾਰੀਆ ਦੁਆਰਾ ਹਿੰਦੂ ਸਮਾਜ ਨੂੰ ਦਸ਼ਰਥ ਦੇ ਪੁੱਤਰ ਰਾਮ ਤੋਂ ਪ੍ਰਭਾਵਤ ਕਰਵਾਉਣ ਲਈ ਵਰਤੀ ਗਈ ਸੀ ਜਿਸ ਨੂੰ ਬਦਕਿਸਮਤੀ ਨਾਲ ‘ਹਰੀ ਸਿੰਘ ਰੰਧਾਵਾ’ ਵਰਗੇ ‘ਗੁਰਮਤਿ ਫ਼ਿਲਾਸਫ਼ੀ’ ਦੇ ਪ੍ਰਚਾਰਕ ਅਖਵਾਉਣ ਵਾਲਿਆਂ ਨੇ ਅਬਿਬੇਕ ਦ੍ਰਿਸ਼ਟੀ ਕਾਰਨ ਗ੍ਰਹਿਣ ਕਰ ਲਿਆ। ਇਸ ਤੋਂ ਵੀ ਦੁੱਖ ਦੀ ਗੱਲ ਇਹ ਹੈ ਕਿ ਸਰੀ (ਕੈਨੇਡਾ) ਦੇ ਗੁਰਦੁਆਰਾ ਸਾਹਿਬ ਦੇ ‘ਜਰਨਲ ਸਕੱਤਰ ਸ. ਕਰਨੈਲ ਸਿੰਘ ਜੀ ਮਾਨ’, ਜਿਨ੍ਹਾਂ ਨੂੰ ਦੋਵੇਂ ਧਿਰਾਂ ਦੇ ਵਿਚਾਰਾਂ ਵਿੱਚ ਆਏ ਮਤਭੇਦ ਨੂੰ (ਗੁਰਮਤਿ ਅਨੁਸਾਰੀ) ਦੂਰ ਕਰਨ ਲਈ ਮਿਤੀ 3-6-2015 ਨੂੰ ਮੀਟਿੰਗ ਦੀ ਅਗਵਾਈ ਕਰਨ ਬਾਬਤ ਨਿਯੁਕਤ ਕੀਤਾ ਗਿਆ ਸੀ, ਪਰ ਉਨ੍ਹਾਂ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਬਜਾਏ ਰੰਧਾਵੇ ਦੀ ਸੋਚ ਦੀ ਵਕਾਲਤ ਕਰਦਿਆਂ ਉਕਤ ਸਾਖੀ ਨੂੰ ਨਵੇਂ ਰੂਪ ’ਚ ਇਉਂ ਬਿਆਨ ਕੀਤਾ; ‘ਜਿਵੇਂ ਕਿਸੇ ਅਨੁਭਵੀ ਵਿਅਕਤੀ ਨੂੰ ਹਰ ਕੰਮ ਕਰਦਿਆਂ ਵਾਹਿਗੁਰੂ-ਵਾਹਿਗੁਰੂ, ਰਾਮ-ਰਾਮ ਦੀ ਯਾਦ ਆਉਂਦੀ ਰਹਿੰਦੀ ਹੈ ਇਸ ਤਰ੍ਹਾਂ ਹੀ ਉਸ ਅਨੁਭਵੀ ਬੀਬੀ ਨੂੰ ਪਾਥੀਆਂ ਪੱਥਦਿਆਂ ਰਾਮ-ਰਾਮ ਦੀ ਆਵਾਜ਼ ਮਹਿਸੂਸ ਹੋ ਰਹੀ ਸੀ, ਨਾ ਕਿ ਪਾਥੀਆਂ ਬੋਲਦੀਆਂ ਸਨ; ਜਿਵੇਂ ਕਬੀਰ ਜੀ ਦਾ ਸ਼ਬਦ ਹੈ: ‘‘ਜਬ ਲਗੁ ਤਾਗਾ ਬਾਹਉ ਬੇਹੀ ॥ ਤਬ ਲਗੁ ਬਿਸਰੈ ਰਾਮੁ ਸਨੇਹੀ ॥’’ (ਭਗਤ ਕਬੀਰ/੫੨੪) ਭਾਵ ਅਨੁਭਵੀ ਬੰਦੇ ਨੂੰ ਹਰ ਪਾਸੇ ਰਾਮ-ਰਾਮ ਦੀ ਧੁਨੀ ਸੁਣਾਈ ਦੇਣ ਲੱਗ ਜਾਂਦੀ ਹੈ; ਜਿਵੇਂ: ‘‘ਜੋ ਬੋਲਤ ਹੈ, ਮ੍ਰਿਗ ਮੀਨ ਪੰਖੇਰੂ; ਸੁ, ਬਿਨੁ ਹਰਿ ਜਾਪਤ ਹੈ ਨਹੀ ਹੋਰ ॥’’ (ਮ: ੪/੧੨੬੫) (ਸ. ਕਰਨੈਲ ਸਿੰਘ ਮਾਨ, ਜਰਨਲ ਸਕੱਤਰ ਗੁਰਦੁਆਰਾ ਸਾਹਿਬ)

ਵੀਚਾਰ: ਹਰੀ ਸਿੰਘ ਰੰਧਾਵਾ ਦੁਆਰਾ ਬਿਆਨ ਕੀਤੀ ਗਈ ਉਕਤ ਸਾਖੀ ਨੂੰ ਬਦਲ ਕੇ ਨਵਾਂ ਰੂਪ ਦੇਣ ਦੇ ਪਿੱਛੇ ‘ਜਰਨਲ ਸਕੱਤਰ’ ਦੀ ਕੀ ਮਜਬੂਰੀ ਸੀ ? ਜਦਕਿ ਸੰਗਤਾਂ ਸਵਾਲ ‘ਰੰਧਾਵਾ’ ਤੋਂ ਪੁੱਛ ਰਹੀਆਂ ਸਨ। ਉਨ੍ਹਾਂ ਦੀ ਜ਼ਿੰਮੇਵਾਰੀ ਤਾਂ ਦੋਵੇਂ ਧਿਰਾਂ ਦੇ ਵੀਚਾਰਾਂ ਨੂੰ ‘ਗੁਰਮਤਿ’ ਦੀ ਕਸੌਟੀ ’ਤੇ ਵੀਚਾਰ ਕੇ ਵੇਖਣਾ ਸੀ ਕਿ ਕੌਣ ‘ਗੁਰਮਤਿ ਫ਼ਿਲਾਸਫ਼ੀ’ ਦੇ ਵਧੇਰੇ ਨਜ਼ਦੀਕ ਹੈ। ਪਰ ਉਨ੍ਹਾਂ ਨੇ ‘ਰੰਧਾਵਾ’ ਵੱਲੋਂ ਕਹੀ ਗਈ ਮੂਲ ਸਾਖੀ ਦੀ ਰੂਪ-ਰੇਖਾ ਹੀ ਬਦਲ ਦਿੱਤੀ ਤੇ ਸਵਾਲ ਕਰਨ ਵਾਲੀ ਸੰਗਤ ਦਾ ਸਵਾਲ ਹੀ ਅਣਉਚਿਤ ਬਣਾ ਦਿੱਤਾ। ਪ੍ਰਬੰਧਕਾਂ ਵੱਲੋਂ ਮਿਲ ਰਹੇ ਅਜਿਹੇ ਸਹਿਯੋਗ ਕਾਰਨ ‘ਰੰਧਾਵੇ’ ਦਾ ਚਿਹਰਾ ਉਤਸ਼ਾਹ ਨਾਲ ਖਿੜ ਰਿਹਾ ਸੀ।

ਦਰਅਸਲ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਦ ਕਿਸੇ ਪ੍ਰਚਾਰਕ ਨੂੰ ਗੁਰੂ ਘਰ ਦੀ ਸਟੇਜ ਮੁਹੱਈਆ ਕਰਵਾਉਂਦੀਆਂ ਹਨ ਤਾਂ ਉਹ, ਪ੍ਰਚਾਰਕਾਂ ਦੀ ਸੋਚ ਤੋਂ ਪ੍ਰਭਾਵਤ ਹੀ ਹੁੰਦੀਆਂ ਹਨ ਬੇਸ਼ੱਕ ਉਨ੍ਹਾਂ ਦੀ ਸੋਚ ਜ਼ਿਆਦਾਤਰ ਮਨਮਤ ਦੇ ਦਾਇਰੇ ਤੱਕ ਹੀ ਸੀਮਤ ਹੋਵੇ। ਇਸ ਲਈ ਸੰਗਤਾਂ ਵੱਲੋਂ ਇਨ੍ਹਾਂ ਪ੍ਰਚਾਰਕਾਂ ਦੇ ਹੁੰਦੇ ਨਿਰਾਦਰ ਨੂੰ ਵੇਖ ਕੇ ਗੁਰਦੁਆਰਾ ਪ੍ਰਬੰਧਕ ਆਪਣਾ ਨਿਰਾਦਰ ਹੀ ਸਮਝਦੇ ਹਨ ਬੇਸ਼ੱਕ ਉਹ ਗੁਰਮਤਿ ਅਨੁਸਾਰੀ ਹੀ ਕਿਉਂ ਨਾ ਹੋਵੇ। ਜਿਸ ਦੀ ਇੱਕ ਉਦਾਹਰਨ ਹੀ ਹੈ ‘ਜਰਨਲ ਸਕੱਤਰ ਦੇ ਉਪਰੋਕਤ ਸਾਖੀ ਨੂੰ ਬਦਲਣ ਵਾਲੇ ਬਚਨ।’

ਉਪਰੋਕਤ ਦੋਵੇਂ ਸਾਖੀਆਂ ਵਿੱਚ ਆਪਣੀ ‘ਸੋਚ’ ਨੂੰ ‘ਗੁਰਮਤਿ’ ਅਨੁਸਾਰੀ ਸਿੱਧ ਕਰਨ ਲਈ ਗੁਰੂ ਰਾਮਦਾਸ ਜੀ ਦੇ ਦੋ ਸ਼ਬਦਾਂ ਦੀ ਟੇਕ ਲਈ ਗਈ ਹੈ; ਜਿਵੇਂ:

(1). ‘‘ਧਰਤਿ, ਪਾਤਾਲੁ, ਆਕਾਸੁ ਹੈ; ਮੇਰੀ ਜਿੰਦੁੜੀਏ ! ਸਭ ਹਰਿ ਹਰਿ ਨਾਮੁ, ਧਿਆਵੈ ਰਾਮ ॥’’ (ਮ: ੪/੫੪੦) (ਹਰੀ ਸਿੰਘ ਰੰਧਾਵਾ)

(2). ‘‘ਜੋ ਬੋਲਤ ਹੈ, ਮ੍ਰਿਗ ਮੀਨ ਪੰਖੇਰੂ; ਸੁ, ਬਿਨੁ ਹਰਿ; ਜਾਪਤ ਹੈ ਨਹੀ ਹੋਰ ॥’’ (ਮ: ੪/੧੨੬੫) (ਸ. ਕਰਨੈਲ ਸਿੰਘ ਮਾਨ, ਜਰਨਲ ਸਕੱਤਰ ਗੁਰਦੁਆਰਾ ਸਾਹਿਬ)

ਵੀਚਾਰ: ਇਨ੍ਹਾਂ ਦੋਵੇਂ ਪੰਕਤੀਆਂ ਦੀ ਟੇਕ ਲੈਣ ਦੇ ਪਿੱਛੇ ਸੰਗਤਾਂ ਨੂੰ ਇਹ ਦਰਸਾਉਣਾ ਸੀ ਕਿ ਕੰਧਾਂ, ਦਰਵਾਜ਼ੇ, ਪਾਥੀਆਂ ਆਦਿ ਬੋਲ (ਆਵਾਜ਼ ਕਰ) ਸਕਦੇ ਹਨ।

ਅਗਰ ਇਹ (ਉਕਤ) ਦਲੀਲ ਉਚਿਤ ਹੈ ਤਾਂ ਸਹਿਜੇ ਹੀ ਅੰਦਾਜ਼ਾ (ਅਨੁਮਾਨ) ਲਗਾਇਆ ਜਾ ਸਕਦਾ ਹੈ ਕਿ ਜਦ ਗੁਰੂ ਵਿਹੂਣੀ (ਗੁਰੂ ਰਹਿਤ) ਨਿਰਜਿੰਦ (ਧਰਤੀ, ਪਾਤਾਲ, ਆਕਾਸ਼ ਆਦਿ) ਵਸਤੂ ਸਰਬ ਵਿਆਪਕ ਪ੍ਰਮਾਤਮਾ ਪ੍ਰਤੀ ਇਤਨੀ ਸਮਝ ਰੱਖ ਸਕਦੀ ਹੈ ਕਿ ਉਸ ਦੇ ਗੁਣਾਂ ਨੂੰ ਗਾ ਸਕੇ, ਉਸ ਦਾ ਨਾਮ ਜਪ ਸਕੇ ਤਾਂ ਮਨੁੱਖ (ਜਿੰਦ ਸਮੇਤ) ਨੂੰ ਕਿਸ ਪਾਗਲ ਕੁੱਤੇ ਨੇ ਕੱਟਿਆ ਹੈ ਕਿ ਉਹ ਗੁਰੂ ਧਾਰਨ ਕਰੇ? ਭਾਵ ਮਨੁੱਖ ਨੂੰ ਤਾਂ ਇਹ ਸਮਝ ਬਿਨਾ ਗੁਰੂ ਤੋਂ ਸਹਿਜੇ (ਆਸਾਨੀ ਨਾਲ) ਹੀ ਹੋ ਜਾਣੀ ਚਾਹੀਦੀ ਸੀ ਜਦਕਿ ਗੁਰੂ ਜੀ ਉਪਦੇਸ਼ ਕਰ ਰਹੇ ਹਨ ਕਿ ‘‘ਗੁਰ ਬਿਨੁ ਘੋਰੁ ਅੰਧਾਰੁ; ਗੁਰੂ ਬਿਨੁ, ਸਮਝ ਨ ਆਵੈ ॥’’ (ਭਟ ਨਲੵ /੧੩੯੯)

ਇਸ ਲਈ ਜ਼ਰੂਰੀ ਹੈ ਕਿ ਉਕਤ ਸ਼ਬਦਾਂ ਦੇ ਭਾਵਾਰਥਾਂ ਨੂੰ ਸਮਝਣ ਲਈ ਇਨ੍ਹਾਂ ਦੇ ਤਰਤੀਬਵਾਰ ਸ਼ਬਦਾਰਥਾਂ ਨੂੰ ਵੀਚਾਰ ਲਿਆ ਜਾਵੇ; ਜਿਵੇਂ:

(1). ‘‘ਧਰਤਿ ਪਾਤਾਲੁ ਆਕਾਸੁ..।’’ (ਚਾਰ ਪਦਿਆਂ ) ਵਾਲੇ ਇਸ ਸ਼ਬਦ ਦੀ ਰਾਹੀਂ ਗੁਰੂ ਰਾਮਦਾਸ ਜੀ; ਰੱਬੀ ਭਗਤ ਦੇ ਸਰੀਰਕ ਇੰਦ੍ਰਿਆਂ (ਜੀਭ, ਕੰਨ, ਸਿਰ, ਅੱਖਾਂ, ਹੱਥ, ਪੈਰ ਆਦਿ) ਨੂੰ ਸਾਰਥਕ (ਸਫਲਤਾ ਭਰਪੂਰ) ਵਾਲੇ ਪਾਸੇ ਪ੍ਰੇਰਿਤ ਕਰਨ ਵਾਲੇ ਵਿਸ਼ੇ ਨੂੰ ਆਧਾਰ ਬਣਾ ਰਹੇ ਹਨ।

ਇਸ (ਸ਼ਬਦ) ਦੀ ਆਰੰਭਤਾ, ਜਿਸ-ਜਿਸ ਨੂੰ ‘‘ਗੁਰਿ ਸਤਿਗੁਰਿ (ਨੇ) ਨਾਮੁ ਦ੍ਰਿੜਾਇਆ..॥’’ ਤੋਂ ਸ਼ੁਰੂ ਹੁੰਦੀ ਹੈ ਤੇ ਇਸੇ ਭਾਵਨਾ ਨਾਲ ਹੀ ਸ਼ਬਦ ਦੀ ਸਮਾਪਤੀ ਹੁੰਦੀ ਹੈ; ਜਿਵੇਂ: ‘‘ਜੋ ਗੁਰਮੁਖਿ ਭਗਤਿ ਮਨੁ ਲਾਵੈ ਰਾਮ ॥੪॥’’ ਭਾਵ ਅਜਿਹੀ ਅਵਸਥਾ ਉਸ ਦੀ ਹੀ ਬਣਦੀ ਹੈ ਜਿਹੜਾ ਗੁਰੂ ਦੀ ਰਾਹੀਂ ਰੱਬੀ ਭਗਤੀ ਵਿੱਚ ਮਨ ਨੂੰ ਜੋੜਦਾ ਹੈ।

ਸ਼ਬਦ ਦੇ ਵਿਚਕਾਰ ਇੰਦ੍ਰਿਆਂ ਨੂੰ ਪ੍ਰੇਰਨਾ ਇਸ ਤਰ੍ਹਾਂ ਦਿੱਤੀ ਗਈ ਹੈ: ‘‘ਸਾ ਰਸਨਾ (ਜੀਭ) ਧਨੁ ਧੰਨੁ ਹੈ; ਮੇਰੀ ਜਿੰਦੁੜੀਏ ! (ਜੋ) ਗੁਣ ਗਾਵੈ, ਹਰਿ ਪ੍ਰਭ ਕੇਰੇ (ਦੇ) ਰਾਮ ॥ ਤੇ ਸ੍ਰਵਨ (ਉਹ ਕੰਨ) ਭਲੇ ਸੋਭਨੀਕ ਹਹਿ; ਮੇਰੀ ਜਿੰਦੁੜੀਏ! ਹਰਿ ਕੀਰਤਨੁ ਸੁਣਹਿ ਹਰਿ ਤੇਰੇ ਰਾਮ ॥ ਸੋ ਸੀਸੁ ਭਲਾ ਪਵਿਤ੍ਰ ਪਾਵਨੁ ਹੈ; ਮੇਰੀ ਜਿੰਦੁੜੀਏ! ਜੋ ਜਾਇ ਲਗੈ ਗੁਰ ਪੈਰੇ (ਗੁਰ ਚਰਨੀਂ) ਰਾਮ ॥ ਗੁਰ ਵਿਟਹੁ (ਤੋਂ) ਨਾਨਕੁ ਵਾਰਿਆ, ਮੇਰੀ ਜਿੰਦੁੜੀਏ ! ਜਿਨਿ (ਜਿਸ ਨੇ), ਹਰਿ ਹਰਿ ਨਾਮੁ ਚਿਤੇਰੇ (ਯਾਦ ਕਰਵਾਇਆ) ਰਾਮ ॥੨॥ ਤੇ ਨੇਤ੍ਰ ਭਲੇ ਪਰਵਾਣੁ ਹਹਿ; ਮੇਰੀ ਜਿੰਦੁੜੀਏ ! ਜੋ ਸਾਧੂ ਸਤਿਗੁਰੁ ਦੇਖਹਿ ਰਾਮ ॥ ਤੇ ਹਸਤ (ਹੱਥ) ਪੁਨੀਤ ਪਵਿਤ੍ਰ ਹਹਿ; ਮੇਰੀ ਜਿੰਦੁੜੀਏ ! ਜੋ, ਹਰਿ ਜਸੁ ਹਰਿ ਹਰਿ ਲੇਖਹਿ (ਲਿਖਦੇ ਹਨ) ਰਾਮ ॥ ਤਿਸੁ ਜਨ ਕੇ ਪਗ (ਪੈਰ) ਨਿਤ ਪੂਜੀਅਹਿ; ਮੇਰੀ ਜਿੰਦੁੜੀਏ ! ਜੋ, ਮਾਰਗਿ ਧਰਮ ਚਲੇਸਹਿ (ਧਰਮ ਦੇ ਮਾਰਗ ’ਤੇ ਚੱਲਦੇ ਹਨ) ਰਾਮ ॥ ਨਾਨਕੁ ਤਿਨ ਵਿਟਹੁ ਵਾਰਿਆ; ਮੇਰੀ ਜਿੰਦੁੜੀਏ ! (ਜੋ) ਹਰਿ ਸੁਣਿ (ਕੇ), ਹਰਿ ਨਾਮੁ ਮਨੇਸਹਿ (ਮੰਨਦੇ ਵੀ ਹਨ) ਰਾਮ ॥੩॥’’

ਉਪਰੋਕਤ ਸ਼ਬਦ ਦੇ ਕੁਲ ਚਾਰ ਵਿੱਚੋਂ ਪਹਿਲੇ ਤਿੰਨ ਪਦਿਆਂ ਤੱਕ ਸੰਕੇਤ ਮਾਤ੍ਰ ਵੀ ਵਿਸ਼ਾ ਧਰਤੀ, ਆਕਾਸ ਤੇ ਪਾਤਾਲ ਦੇ ਨਾਮ ਜਪਣ ਨਾਲ ਸੰਬੰਧਿਤ ਸ਼ਾਮਲ ਨਹੀਂ ਕੀਤਾ ਹੋਇਆ ਹੈ ਪਰ ਚੌਥੇ ਪਦੇ ਵਿੱਚ ‘ਧਰਤੀ, ਪਾਤਾਲ’ ਆਦਿ ਦਾ ਜ਼ਿਕਰ ਕਰਨ ਦੇ ਪਿੱਛੇ ਭਾਵਨਾ ਉਕਤ ਭਗਤ ਦੇ ਅਨੁਭਵ (ਇੰਦ੍ਰੇ) ਨਾਲ ਸੰਬੰਧਿਤ ਹੈ ਭਾਵ ਜਿਸ ਦੇ ਸਰੀਰਕ ਇੰਦ੍ਰੇ ਉਕਤ ਬਿਆਨ ਕੀਤੇ ਗਏ ਗੁਰੂ ਉਪਦੇਸ਼ ਵਾਙ ਕਾਰਜ ਕਰਨ ਲੱਗ ਜਾਣ ਉਸ ਨੂੰ ਪੂਰਾ ਬ੍ਰਹਮੰਡ ਹੀ ਰੱਬੀ ਰਜ਼ਾ ਵਿੱਚ ਚੱਲਦਾ, ਰੱਬੀ ਕਹਿਣਾ ਮੰਨਦਾ ਮਹਿਸੂਸ (ਅਨੁਭਵ) ਹੁੰਦਾ ਹੈ; ਜਿਵੇਂ: ‘‘ਧਰਤਿ ਪਾਤਾਲੁ ਆਕਾਸੁ ਹੈ; ਮੇਰੀ ਜਿੰਦੁੜੀਏ ! ਸਭ, ਹਰਿ ਹਰਿ ਨਾਮੁ ਧਿਆਵੈ (ਹੁਕਮ ਮੰਨਦਾ ਹੈ) ਰਾਮ ॥ ਪਉਣੁ, ਪਾਣੀ, ਬੈਸੰਤਰੋ (ਅੱਗ); ਮੇਰੀ ਜਿੰਦੁੜੀਏ ! ਨਿਤ ਹਰਿ ਹਰਿ, ਹਰਿ ਜਸੁ ਗਾਵੈ ਰਾਮ ॥ ਵਣੁ (ਜੰਗਲ), ਤ੍ਰਿਣੁ (ਘਾਹ, ਭਾਵ), ਸਭੁ ਆਕਾਰੁ (ਹੀ ਰੱਬੀ ਰਜ਼ਾ ’ਚ) ਹੈ; ਮੇਰੀ ਜਿੰਦੁੜੀਏ ! ਮੁਖਿ, ਹਰਿ ਹਰਿ ਨਾਮੁ ਧਿਆਵੈ ਰਾਮ ॥’’

(ਨੋਟ: ਇਸ ਚੌਥੇ ਪਦੇ ਦੀ ਅਖ਼ੀਰਲੀ ਪੰਕਤੀ ‘‘ਮੁਖਿ, ਹਰਿ ਹਰਿ ਨਾਮੁ ਧਿਆਵੈ ਰਾਮ ॥’’ ਵਿੱਚ (ਉਕਤ ਬਿਆਨ ਕੀਤੇ ਗਏ ਇੰਦ੍ਰਿਆਂ ਵਾਙ ਹੀ ਇੱਕ ਹੋਰ ਇੰਦ੍ਰਾ ਭਾਵ) ‘ਮੂੰਹ’ ਨਾਲ ਨਾਮ ਜਪਣ ਵੱਲ ਸੰਕੇਤ ਕੀਤਾ ਗਿਆ ਹੈ। ਕੀ ‘ਧਰਤੀ, ਪਾਤਾਲ, ਆਕਾਸ਼, ਹਵਾ, ਪਾਣੀ, ਅੱਗ, ਜੰਗਲ, ਘਾਹ-ਫੂਸ’ ਆਦਿ ਦੇ (ਜੀਭ, ਕੰਨ, ਹੱਥ, ਪੈਰ ਸਮੇਤ) ‘ਮੂੰਹ’ (ਇੰਦ੍ਰਾ ਵੀ) ਹੁੰਦਾ ਹੈ, ਜਿਸ ਨਾਲ ਉਹ ਰੱਬੀ ਨਾਮ ਨੂੰ ਉਚਾਰ ਸਕਣ ?)

ਸੋ, ‘‘ਮੁਖਿ, ਹਰਿ ਹਰਿ ਨਾਮੁ ਧਿਆਵੈ ਰਾਮ ॥’’ ਪੰਕਤੀ ਦਾ ਸੰਬੰਧ (ਸੰਕੇਤ) ਉਕਤ ਬਿਆਨ ਕੀਤੇ ਗਏ ਉਸ ਭਗਤ ਵੱਲ ਹੈ ਜਿਸ ਨੂੰ ‘‘ਗੁਰਿ ਸਤਿਗੁਰਿ (ਨੇ) ਨਾਮੁ ਦ੍ਰਿੜਾਇਆ..॥’’ ਹੈ। ਸ਼ਬਦ ਦੀ ਸਮਾਪਤੀ ’ਚ ਗੁਰੂ ਰਾਮਦਾਸ ਜੀ ਅਜਿਹੇ ਹੀ ਭਗਤਾਂ ਨੂੰ ਰੱਬੀ ਦਰ ਤੋਂ ਬਖ਼ਸ਼ਸ਼ ਦਾ ਸਿਰਪਾਓ ਵੀ ਪਹਿਨਵਾ ਰਹੇ ਹਨ; ਜਿਵੇਂ: ‘‘ਨਾਨਕ ! ਤੇ ਹਰਿ ਦਰਿ ਪੈਨ੍ਹਾਇਆ; ਮੇਰੀ ਜਿੰਦੁੜੀਏ ! ਜੋ ਗੁਰਮੁਖਿ ਭਗਤਿ ਮਨੁ ਲਾਵੈ ਰਾਮ ॥੪॥’’ ਇਸ ਲਈ ਆਪਣੇ ਆਪ ਨੂੰ ਵੀ ਉਸ ਜੀਵਨ ਤੋਂ ਕੁਰਬਾਨ ਕਰਦੇ ਹਨ; ਜਿਵੇਂ: ‘‘ਹਉ ਬਲਿਹਾਰੀ ਤਿਨ੍ਹ ਕਉ; ਮੇਰੀ ਜਿੰਦੁੜੀਏ ! ਜਿਨ੍ਹ ਹਰਿ ਹਰਿ ਨਾਮੁ ਅਧਾਰੋ ਰਾਮ ॥’’ (ਮ: ੪/੫੩੯)

(2). ‘‘ਜੋ ਬੋਲਤ ਹੈ, ਮ੍ਰਿਗ ਮੀਨ ਪੰਖੇਰੂ..॥’’ (ਚਾਰ ਪਦਿਆਂ) ਵਾਲੇ ਇਸ ਸ਼ਬਦ ਦੁਆਰਾ ਗੁਰੂ ਰਾਮਦਾਸ ਜੀ ‘ਰਹਾਉ’ (ਸ਼ਬਦ ਦਾ ਸਾਰ) ਵਾਲੀ ਪੰਕਤੀ ’ਚ ਹਰੀ ਅੱਗੇ ਬੇਨਤੀ ਰੂਪ ’ਚ ਆਪਣੀ ਭਾਵਨਾ ਵਿਅਕਤ ਕਰ ਰਹੇ ਹਨ ਕਿ ਹੇ ਹਰੀ ! ਤੇਰੇ ਭਗਤ-ਜਨ; ਗੁਰੂ ਸੰਗਤ ਵਿੱਚ ਮਿਲ ਕੇ ਤੇਰਾ ਨਾਮ (ਪਿਆਰ ਨਾਲ) ਬੋਲਦੇ ਰਹਿੰਦੇ ਹਨ, ਜਪਦੇ ਰਹਿੰਦੇ ਹਨ; ਜਿਵੇਂ: ‘‘ਹਰਿ ਜਨ ਬੋਲਤ ਸ੍ਰੀ ਰਾਮ ਨਾਮਾ; ਮਿਲਿ ਸਾਧਸੰਗਤਿ, ਹਰਿ ਤੋਰ (ਤੇਰੇ ਭਗਤ) ! ॥੧॥ ਰਹਾਉ ॥’’

ਚਾਰ ਪਦਿਆਂ ਵਿੱਚੋਂ ਪਹਿਲੇ ਤੇ ਚੌਥੇ ਪਦੇ ਵਿੱਚ ਗੁਰੂ ਜੀ ਉਕਤ ਭਗਤਾਂ ਦੀ ਜੀਵਨਸ਼ੈਲੀ ਵਾਙ ਅਨ੍ਯ ਮਨੁੱਖਾਂ ਨੂੰ ਉਪਦੇਸ਼ ਕਰ ਰਹੇ ਹਨ; ਜਿਵੇਂ ਹੇ ਭਾਈ! ਤੁਸੀਂ ਵੀ: ‘‘ਹਰਿ ਧਨੁ ਬਨਜਹੁ (ਖਰੀਦੋ), ਹਰਿ ਧਨੁ ਸੰਚਹੁ (ਇਕੱਠਾ ਕਰੋ); ਜਿਸੁ, ਲਾਗਤ ਹੈ ਨਹੀ ਚੋਰ ॥੧॥’’ ਤੇ ਚੌਥਾ ਪਦਾ ‘‘ਨਾਨਕ ! ਜਨ (ਜਿਨ੍ਹਾਂ ਭਗਤਾਂ ਨੇ) ਹਰਿ ਕੀਰਤਿ ਗਾਈ; ਛੂਟਿ ਗਇਓ ਜਮ ਕਾ ਸਭ ਸੋਰ (ਸ਼ੋਰ, ਡਰ) ॥੪॥’’ (ਮ: ੪/੧੨੬੫)

ਜਦਕਿ ਦੂਜੇ ਤੇ ਤੀਜੇ ਪਦੇ ਵਿੱਚ ‘ਰਹਾਉ’ ਬੰਦ ਦੇ ਵਿਸ਼ੇ (ਭਾਵ ਰੱਬ ਅੱਗੇ ਬੇਨਤੀ ਕਰਦਿਆਂ) ਭਗਤਾਂ ਦੀ ਸੰਗਤ ਰੂਪ ’ਚ ਪਿਆਰ ਭਰੀ ਬੋਲੀ ਨੂੰ ਪਸ਼ੂ-ਪੰਛੀਆਂ ਦੀ ਵਰਖਾ ਰੁਤ ਦੌਰਾਨ ਪਿਆਰ ਭਰੀ ਬੋਲੀ ਨਾਲ ਤੁਲਨਾ ਕੀਤੀ ਗਈ ਹੈ; ਜਿਵੇਂ: ‘‘ਚਾਤ੍ਰਿਕ (ਪਪੀਹਾ), ਮੋਰ, ਬੋਲਤ (ਖੁਸ਼ ਹੁੰਦੇ) ਦਿਨੁ ਰਾਤੀ; ਸੁਨਿ (ਕੇ) ਘਨਿਹਰ ਕੀ ਘੋਰ (ਬੱਦਲਾਂ ਦੀ ਆਵਾਜ਼) ॥੨॥ (ਵਰਖਾਂ ਦੇ ਪਾਣੀ ਨੂੰ ਵੇਖ ਕੇ) ਜੋ ਬੋਲਤ (ਜਿਵੇਂ ਖੁਸ਼ ਹੁੰਦੇ) ਹੈ ਮ੍ਰਿਗ ਮੀਨ ਪੰਖੇਰੂ (ਹਿਰਨ, ਮੱਛੀ, ਪੰਛੀ ਆਦਿ); ਸੁ ਬਿਨੁ ਹਰਿ, ਜਾਪਤ ਹੈ ਨਹੀ ਹੋਰ ॥੩॥ (ਭਾਵ ਹੇ ਹਰੀ! ਤੇਰੀ ਵਰਖਾ ਰੁਤ ਵਾਲੀ ਮਿਹਰ ਭਰੀ ਖੁਸ਼ਹਾਲੀ ਦੇ ਮੁਕਾਬਲੇ ਉਹ ਸਾਰੇ ਹੀ ਕਿਸੇ ਹੋਰ ਨੂੰ ਤਰਜੀਹ ਨਹੀਂ ਦਿੰਦੇ ਭਾਵ ਤੇਰੀ ਹੀ ਰਜ਼ਾ ਦਾ ਆਨੰਦ ਮਾਣ ਰਹੇ ਹਨ।

(ਨੋਟ: ਉਕਤ ਸ਼ਬਦ ਵਿੱਚ ਵੀ ਅਹਿਸਾਸ (ਅਨੁਭਵ) ਰੱਬੀ ਭਗਤ ਨੂੰ ਹੀ ਹੋ ਰਿਹਾ ਹੈ ਕਿ ਕੁਦਰਤ ਰੱਬੀ ਰਜ਼ਾ ਵਿੱਚ ਚੱਲ ਰਹੀ ਹੈ, ਨਾ ਕਿ ਪਸ਼ੂ-ਪੰਛੀਆਂ ਨੂੰ।)

ਸੋ, ਇਨ੍ਹਾਂ ਦੁਨਿਆਵੀ ਅੱਖਾਂ ਨਾਲ ਨਿਰਾਕਾਰ (ਅਦ੍ਰਿਸ਼, ਵਿਆਪਕ) ਪ੍ਰਭੂ ਦਾ ਦਰਸ਼ਨ (ਅਨੁਭਵ) ਨਹੀਂ ਹੁੰਦਾ; ਇਸ ਲਈ ਉਹ ਅੱਖਾਂ, ਜਿਨ੍ਹਾਂ ਰਾਹੀਂ ਪ੍ਰਭੂ ਅਨੁਭਵ ਹੁੰਦਾ ਹੈ ਉਹ ਗੁਰੂ ਹੈ। ਜਦ ਇਸ (ਗੁਰੂ, ਨੇਤ੍ਰ) ਰਾਹੀਂ ਮਨੁੱਖ; ਸਰਬ ਵਿਆਪਕ ਰਾਮ (ਅੱਲ੍ਹਾ, ਪਤੀ, ਖ਼ਸਮ, ਪਰਮੇਸ਼ਰ, ਰੱਬ) ਨੂੰ ਵੇਖਦਾ ਭਾਵ ਅਨੁਭਵ ਕਰਦਾ ਹੈ ਤਾਂ ਉਹ ਕਮਾਈ (ਹਰੀ ਸਿੰਘ ਰੰਧਾਵੇ ਵਾਙ) ਬਿਆਨ ਨਹੀਂ ਕੀਤੀ ਜਾ ਸਕਦੀ: ‘‘ਕਹੁ ਕਬੀਰ ! ਗੂੰਗੈ ਗੁੜੁ ਖਾਇਆ; ਪੂਛੇ ਤੇ ਕਿਆ ਕਹੀਐ ॥’’ (ਭਗਤ ਕਬੀਰ/੩੩੪) ਕਿਉਂਕਿ ‘‘ਨਾਨਕ ! ਸੇ ਅਖੜੀਆਂ ਬਿਅੰਨਿ (ਹੋਰ ਕਿਸਮ ਦੀਆਂ); ਜਿਨੀ ਡਿਸੰਦੋ, ਮਾ ਪਿਰੀ ॥’’ (ਮ: ੫/੫੭੭) ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਇਹ ਅੱਖਾਂ; ‘ਮਿਰਗ, ਪੰਛੀ, ਮੱਛੀ, ਧਰਤੀ, ਪਾਤਾਲ, ਆਕਾਸ਼’ ਆਦਿ ਕੋਲ ਹਨ? ਜੇ ਨਹੀਂ ਤਾਂ ਉਕਤ ਪੰਕਤੀਆਂ ਦੇ ਸ਼ਬਦਾਰਥ ਉਹ ਨਹੀਂ ਬਣ ਸਕਦੇ ਹਨ, ਜਿਸ ਧਾਰਨਾ ਅਧੀਨ ਸੰਬੰਧਿਤ ਸੱਜਣ ਨੇ ਇਹ ਗੁਰੂ ਵਾਕ ਵਰਤੇ ਹਨ।

‘ਗੁਰਮਤਿ: ਗੁਰਬਾਣੀ ਅਨੁਸਾਰ ਆਕਾਰ ਰੂਪ ਕੁਦਰਤ ਵਿੱਚ ਵਿਖਾਈ ਦੇਣ ਵਾਲੀ ਹਰ ਵਸਤੂ (ਹੋਂਦ) ਰੱਬੀ ਸ਼ਕਤੀ ਨੂੰ ਗਾ ਰਹੀ ਹੈ, ਜਿਸ ਬਾਰੇ ਗੁਰੂ ਨਾਨਕ ਸਾਹਿਬ ਜੀ ‘‘ਹੋਰਿ ਕੇਤੇ ਗਾਵਨਿ॥’’ (ਜਪੁ) ਵਾਕ ਰਾਹੀਂ ਸਪਸ਼ਟ ਕਰਦੇ ਹਨ, ਇਸ ਗਾਉਣ ਦਾ ਮਤਲਬ ‘‘ਸਿਫਤਿ ਸਾਲਾਹਣੁ; ਤੇਰਾ ਹੁਕਮੁ, ਰਜਾਈ ! ॥’’ (ਮ: ੫/੧੦੦) ਅਨੁਸਾਰ, ਉਸ ਦੇ ਹੁਕਮ ਵਿੱਚ ਚੱਲਣਾ ਹੀ ਹੈ; ਜਿਵੇਂ: ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ, ਨ ਕੋਇ ॥’’ (ਜਪੁ) ਇਸ ਲਈ ਹੀ ਗੁਰਬਾਣੀ ਦੇ ਤਮਾਮ ਟੀਕਾਕਾਰ: ‘‘ਗਾਵਹਿ ਖਾਣੀ ਚਾਰੇ ॥.. ਗਾਵਹਿ; ਖੰਡ, ਮੰਡਲ, ਵਰਭੰਡਾ…॥’’ ਆਦਿ ਤੁੱਕਾਂ ਦੇ ਅੱਖਰੀਂ ਅਰਥ ਕਰਨ ਉਪਰੰਤ ਇਹ ਲਿਖਣਾ ਨਹੀਂ ਭੁੱਲਦੇ ਕਿ ਰੱਬੀ ਰਜ਼ਾ ਵਿੱਚ ਚੱਲਣਾ ਹੀ ਉਸ ਨੂੰ ਗਾਉਣਾ ਹੈ।

ਧਿਆਨ ਰਹੇ ਕਿ ਇਸ (‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ, ਨ ਕੋਇ ॥’’) ਪੰਕਤੀ ਵਿੱਚ (ਹੁਕਮੀ ਦਾ) ਕੇਵਲ ‘ਹੁਕਮ’ ਸ਼ਬਦ ਹੀ ਦਰਜ ਹੈ ਅਤੇ ‘ਹੁਕਮੀ’ (ਭਾਵ ਹੁਕਮ ਦਾ ਮਾਲਕ) ਜਾਂ ‘ਰਜ਼ਾਈ’ ਭਾਵ ਰਜ਼ਾ ਦਾ ਮਾਲਕ ਸ਼ਬਦ ਦਾ ਅਭਾਵ (ਕਮੀ) ਹੈ ਕਿਉਂਕਿ ‘‘ਹੋਰਿ ਕੇਤੇ ਗਾਵਨਿ॥’’ ਵਾਲਿਆਂ ਲਈ ‘ਹੁਕਮੀ’ (ਰਜ਼ਾਈ) ਦੇ ਬੋਧ ਦੀ ਜ਼ਰੂਰਤ ਨਹੀਂ ਹੁੰਦੀ ਪਰ ਮਨੁੱਖ ਲਈ ‘ਹੁਕਮੁ’ ਵਿੱਚ ਚੱਲਣ ਦੇ ਨਾਲ-ਨਾਲ ‘ਹੁਕਮੀ’ (ਰਜ਼ਾਈ) ਦਾ ਬੋਧ ਵੀ ਅਤਿ ਜ਼ਰੂਰੀ ਹੈ ਇਸ ਲਈ ‘‘ਕਿਵ ਸਚਿਆਰਾ ਹੋਈਐ?’’ ਦੇ ਜਵਾਬ ਵਿੱਚ ‘ਹੁਕਮੀ’ (ਰਜ਼ਾਈ) ਸ਼ਬਦ ਦਰਜ ਕਰਨਾ ਜ਼ਰੂਰੀ ਸਮਝਿਆ ਗਿਆ; ਜਿਵੇਂ: ‘‘ਹੁਕਮਿ ਰਜਾਈ ਚਲਣਾ॥’’ ਭਾਵ (‘ਕੂੜ ਦੀ ਕੰਧ’ ਭੰਨ ਕੇ ‘ਸਚਿਆਰਾ’ ਹੋਣ ਲਈ) ਰਜ਼ਾ ਦੇ ਮਾਲਕ ਦੇ ਹੁਕਮ ਵਿੱਚ ਚੱਲਣਾ ਬਣਦਾ ਹੈ। ਇਸ ਵੀਚਾਰ ਨੂੰ ਗੁਰੂ ਜੀ ‘‘ਸੇਈ ਤੁਧੁ ਨੋ ਗਾਵਹਿ; ਜੋ ਤੁਧੁ ਭਾਵਨਿ (ਭਾਵ ਜਿਨ੍ਹਾਂ ਦਾ ਤੇਰੀ ਰਜ਼ਾ ਵਿੱਚ ਚਲਣਾ (ਗਾਉਣਾ) ਤੈਨੂੰ ਪਸੰਦ ਆ ਜਾਂਦਾ ਹੈ, ਉਹੀ ਸਫਲ ਹਨ)॥’’ (ਜਪੁ) ਰਾਹੀਂ ਸਪਸ਼ਟ ਕਰਦੇ ਹਨ।

ਸੋ, ਉਕਤ ਵੀਚਾਰ ਦਾ ‘ਸਾਰ’ (ਨਿਚੋੜ) ਇਹ ਹੈ ਕਿ ਰੱਬੀ ਹੁਕਮ ਵਿੱਚ ਚੱਲਣਾ ਇੱਕ ਅਲੱਗ ਜੀਵਨ ਹੈ, ਜਿਸ ਨੂੰ ਤਮਾਮ ਜੀਵ-ਜੰਤ ਭੋਗ ਰਹੇ ਹਨ ਜਦਕਿ ‘ਹੁਕਮੀ’ ਰੂਪ ਸ਼ਕਤੀ ਤੋਂ ਨਿਰੰਤਰ ਪ੍ਰਭਾਵਤ ਹੋ ਕੇ (ਜਾਂ ਉਸ ਸ਼ਕਤੀ ਨੂੰ ਅਨੁਭਵ, ਮਹਿਸੂਸ ਕਰਕੇ ਉਸ ਦੇ) ਹੁਕਮ ਵਿੱਚ ਚੱਲਣਾ ਇੱਕ ਅਲੱਗ ਜੀਵਨ ਹੈ, ਜਿਸ ਨੂੰ ਕੇਵਲ ਮਨੁੱਖ (ਗੁਰੂ-ਨੇਤ੍ਰ ਧਾਰਨ ਕਰਨ ਵਾਲਾ, ਹੁਕਮੀ ਦਾ ਨਾਮ ਜਪਣ ਵਾਲਾ) ਹੀ ਭੋਗ ਸਕਦਾ ਹੈ: ‘‘ਕਹੁ ਕਬੀਰ ! ਅਨਭਉ (ਮਹਿਸੂਸ ਕਰ) ਇਕੁ (ਨੂੰ) ਦੇਖਿਆ; (ਜਦ) ਰਾਮ ਨਾਮਿ ਲਿਵ ਲਾਗੀ ॥’’ (ਭਗਤ ਕਬੀਰ/੩੩੩), ‘‘ਗੁਰ ਪਰਸਾਦੀ ਜਾਣੀਐ; ਤਉ ਅਨਭਉ ਪਾਵੈ ॥’’ (ਮ: ੧/੭੨੫) ਭਾਵ ਰੱਬੀ ਸ਼ਕਤੀ ਤੋਂ ਪ੍ਰਭਾਵਤ ਹੋਣ ਵਾਲੀਆਂ ਅੱਖਾਂ ਗੁਰੂ ਤੋਂ ਬਿਨਾ ਨਾ ਮਿਲਣ ਕਾਰਨ ਹੀ ‘‘ਜੇ ਸਉ ਚੰਦਾ ਉਗਵਹਿ; ਸੂਰਜ ਚੜਹਿ ਹਜਾਰ ॥ ਏਤੇ ਚਾਨਣ ਹੋਦਿਆਂ; ਗੁਰ ਬਿਨੁ, ਘੋਰ ਅੰਧਾਰ ॥’’ (ਮ: ੨/੪੬੩) ਹੈ; ਇਸ ਲਈ ‘ਹੁਕਮੀ’ ਤੋਂ ਪ੍ਰਭਾਵਤ ਹੋ ਕੇ ਹੁਕਮ ਵਿੱਚ ਜੀਵਨ ਬਸਰ ਕਰਨ ਵਾਲੇ ਮਨੁੱਖ (ਭਗਤ) ਦੀ ਤੁਲਨਾ ਕੇਵਲ ਹੁਕਮ ਵਿੱਚ ਚੱਲਣ ਵਾਲੇ (ਗੁਰੂ ਰਹਿਤ) ਪ੍ਰਾਣੀ (ਭਾਵ ਅਣਗਿਣਤ ਜੂਨਾਂ) ਨਾਲ ਕਰਨਾ ‘ਮਨਮਤਿ’ ਹੈ, ਨਾ ਕਿ ‘ਗੁਰਮਤਿ ਫ਼ਲਸਫ਼ਾ’।

(ਨੋਟ: ਕਿਸੇ ਸ਼ਬਦ ਵਿੱਚੋਂ ਕੇਵਲ ਇੱਕ ਤੁਕ ਨੂੰ ਲੈ ਕੇ ਉਸ ਸ਼ਬਦ ਦਾ ਸਾਰ (ਭਾਵਾਰਥ, ਮੂਲ ਵਿਸ਼ਾ) ਨਹੀਂ ਲੱਭਿਆ ਜਾ ਸਕਦਾ; ਜਿਵੇਂ ਪੂਰਨ ਸ਼ਬਦ ਨੂੰ ਵੀਚਾਰਨ ਦੀ ਬਜਾਏ ਕੇਵਲ ‘‘ਜਿਉ ਜੋਰੂ ਸਿਰਨਾਵਣੀ; ਆਵੈ ਵਾਰੋ ਵਾਰ ॥’’ ਵਾਲੀ ਇੱਕ ਤੁੱਕ ਵਿੱਚ ਹੀ ਟਕਸਾਲੀਆਂ ਦੀ ਸੁਰਤ ਫਸੀ (ਅਟਕੀ, ਰੁਕੀ) ਹੋਈ ਹੈ ਜਦਕਿ ਅੰਨ੍ਹਿਆਂ ਨੂੰ ਵੀ ਪਤਾ ਹੈ ਕਿ ਜਿਸ ਪੰਕਤੀ ’ਚ ਜਿਉ (ਭਾਵ ਜਿਵੇਂ, ਜਿਸ ਤਰ੍ਹਾਂ, ਜੈਸਾ ਕਿ, ਜਿਵੇਂ ਕਿ) ਸ਼ਬਦ ਦਰਜ ਹੋਵੇ ਉਹ ਮੂਲ ਵਿਸ਼ਾ ਨਹੀਂ ਹੁੰਦਾ ਬਲਕਿ ਉਦਾਹਰਨ ਹੁੰਦੀ ਹੈ; ਜਿਵੇਂ: ‘‘ਬਹੁ ਜੋਨੀ ਭਉਦਾ ਫਿਰੈ; ਜਿਉ ਸੁੰਞੈਂ ਘਰਿ ਕਾਉ ॥ (ਮ: ੩/੩੦), ਸੁੰਞੇ ਘਰ ਕਾ ਪਾਹੁਣਾ; ਜਿਉ ਆਇਆ ਤਿਉ ਜਾਇ ॥ (ਮ: ੩/੩੪), ਜਿਉ ਅੰਧੇਰੈ ਦੀਪਕੁ ਬਾਲੀਐ; ਤਿਉ ਗੁਰ ਗਿਆਨਿ, ਅਗਿਆਨੁ ਤਜਾਇ ॥ (ਮ: ੩/੩੯), ਜਿਉ ਕੂਕਰੁ ਹਰਕਾਇਆ; ਧਾਵੈ ਦਹ ਦਿਸ ਜਾਇ ॥ (ਮ: ੫/੫੦), ਜਿਉ ਮਛੀ ਤਿਉ ਮਾਣਸਾ; ਪਵੈ ਅਚਿੰਤਾ ਜਾਲੁ ॥ (ਮ: ੧/੫੫), ਜਿਉ ਜਲਿ ਥੋੜੈ ਮਛੁਲੀ; ਕਰਣ-ਪਲਾਵ (ਤਰਲੇ) ਕਰੇਇ ॥ (ਮ: ੧/੫੬), ਜਿਉ ਸੁਪਨੈ (ਵਿੱਚ) ਨਿਸਿ (ਰਾਤ ਨੂੰ) ਭੁਲੀਐ; ਜਬ ਲਗਿ ਨਿਦ੍ਰਾ ਹੋਇ ॥ (ਮ: ੧/੬੩), ਜਿਉ ਬਾਰਿਕੁ; ਪੀ ਖੀਰੁ (ਮਾਂ ਦਾ ਦੁੱਧ) ਅਘਾਵੈ ॥ (ਮ: ੫/੧੦੦), ਜਿਉ ਅੰਧਿਆਰੈ; ਦੀਪਕੁ ਪਰਗਾਸਾ ॥ (ਮ: ੫/੧੦੦), ਤੂੰ ਕਾਇਆ ! ਮੈ ਰੁਲਦੀ ਦੇਖੀ; ਜਿਉ ਧਰ (ਧਰਤੀ) ਉਪਰਿ ਛਾਰੋ (ਮਿੱਟੀ)॥ (ਮ: ੧/੧੫੪), ਜਿਉ ਪਾਣੀ (ਵਿੱਚ) ਕਾਗਦੁ; ਬਿਨਸਿ ਜਾਤ ਹੈ…॥ (ਮ: ੪/੧੭੧), ਜਿਉ ਨਰਪਤਿ (ਰਾਜਾ); ਸੁਪਨੈ ਭੇਖਾਰੀ ॥ (ਮ: ੫/੧੭੬), ਜਿਉ ਰਾਖਾ; ਖੇਤ ਊਪਰਿ ਪਰਾਏ ॥ (ਮ: ੫/੧੭੯), ਜਿਉ ਕਾਪੁਰਖੁ (ਹੀਜੜਾ); ਪੁਚਾਰੈ ਨਾਰੀ ॥ (ਮ: ੫/੧੯੮), ਗਿ੍ਰਹ, ਮੰਦਰ, ਸੰਪੈ ਜੋ ਦੀਸੈ; ਜਿਉ ਤਰਵਰ (ਦਰਖ਼ਤ) ਕੀ ਛਾਏ ॥ (ਮ: ੫/੨੧੨), ਜੋ ਦੀਸੈ, ਸੋ ਸਗਲ ਬਿਨਾਸੈ; ਜਿਉ ਬਾਦਰ (ਬੱਦਲ) ਕੀ ਛਾਈ ॥ (ਮ: ੯/੨੧੯), ਜਿਉ ਤਨੁ ਬਿਧਵਾ; ਪਰ ਕਉ ਦੇਈ ॥ (ਮ: ੧/੨੨੬), ਜਿਉ ਕੂਕਰੁ (ਕੁੱਤਾ); ਜੂਠਨ ਮਹਿ ਪਾਇ ॥ (ਮ: ੫/੨੪੦), ਮੇਘ (ਬੱਦਲ) ਬਿਨਾ; ਜਿਉ ਖੇਤੀ ਜਾਇ ॥ (ਮ: ੫/੨੬੯), ਜਿਉ ਬਸੁਧਾ (ਧਰਤੀ), ਕੋਊ ਖੋਦੈ; ਕੋਊ ਚੰਦਨ ਲੇਪ ॥ (ਮ: ੫/੨੭੨), ਜਿਉ ਪਾਖਾਣੁ (ਪੱਥਰ); ਨਾਵ ਚੜਿ ਤਰੈ ॥ (ਮ: ੫/੨੮੨), ਜਿਉ ਅੰਧੁਲੈ ਹਥਿ ਟੋਹਣੀ; ਹਰਿ ਨਾਮੁ ਹਮਾਰੈ ॥ (ਮ: ੧/੪੨੨) ਆਦਿ।

ਸੋ, ਉਕਤ ‘ਜਿਉ’ ਸ਼ਬਦ ਨਾਲ ਸੰਬੰਧਿਤ ਪੰਕਤੀਆਂ ਨੂੰ ਅਗਰ ਕੋਈ ਉਦਾਹਰਨਾਂ (ਦ੍ਰਿਸ਼ਟਾਂਤ) ਦੀ ਬਜਾਏ ਸ਼ਬਦ ਦਾ ਮੂਲ ਵਿਸ਼ਾ (ਸਾਰ) ਸਮਝੇ ਤਾਂ ਉਸ ਨੂੰ ‘‘ਮੂਰਖਾ ਸਿਰਿ ਮੂਰਖੁ ਹੈ, ਜਿ (ਜਿਹੜਾ) ਮੰਨੇ ਨਾਹੀ ਨਾਉ (ਸਚਾਈ) ॥’’ (ਮ: ੧/੧੦੧੫) ਮੰਨਣਾ ਹੀ ਦਰੁਸਤ ਹੋਵੇਗਾ। ਯਾਦ ਰਹੇ ਕਿ ‘ਮੂਰਖ’ (ਭਾਵ ਮੂੰਹ ਰੱਖ, ਮੇਰਾ ਮੂੰਹ ਰਹਿ ਜਾਵੇ) ਹਮੇਸ਼ਾਂ ਬਿਬੇਕ ਦੀ ਬਜਾਏ ਅਬਿਬੇਕ ਤੋਂ ਹੀ ਕੰਮ ਲੈਂਦਾ ਹੈ।

ਸਵਾਲ ਪੰਜਵਾਂ

ਸੰਗਤਾਂ ਵੱਲੋਂ ਪੁੱਛਿਆ ਗਿਆ ਪੰਜਵਾਂ ਸਵਾਲ ਸੀ ਕਿ ‘ਹਰੀ ਸਿੰਘ ਰੰਧਾਵਾ’ ਜੀ ਆਰ. ਐਸ. ਐਸ. ਨਾਲ ਸੰਬੰਧਿਤ ਸਾਧਵੀ (ਰੀਤੰਬਰਾ) ਨਾਲ ਮੀਟਿੰਗਾਂ ’ਚ ਸ਼ਾਮਲ ਹੁੰਦੇ ਰਹੇ ਹਨ। ਜਿਸ ਦਾ ਜਵਾਬ ਰੰਧਾਵੇ ਨੇ ਇਸ ਖ਼ਬਰ ਨੂੰ ਝੂਠਾ ਕਹਿ ਕੇ ਨਕਾਰ ਦਿੱਤਾ ਪਰ ਨਾਲ ਇਹ ਹੀ ਕਿਹਾ ਕਿ ਇੱਕ ਵਾਰ ਇੰਗਲੈਂਡ ਵਿੱਚ ਬਾਬਾ ਦਲਜੀਤ ਸਿੰਘ (ਗੁਰਦੁਆਰੇ ਦਾ ਸਕੱਤਰ), ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਹੁਤ ਹੀ ਸਮਰਪਤ ਸਿੱਖ ਸੀ ਅਤੇ ਆਪਣੇ ਘਰ ਵਿੱਚ ਹਰ ਇੱਕ ਪ੍ਰਚਾਰਕ ਨੂੰ ਭੋਜਨ ਛਕਾਉਣ ਲਈ ਲੈ ਕੇ ਜਾਂਦਾ ਸੀ। ਮੇਰਾ ਵੀ ਉਨ੍ਹਾਂ ਨਾਲ ਬਹੁਤ ਹੀ ਪਿਆਰ ਸੀ। ਉਹ ਮੈਨੂੰ ਆਪਣੇ ਘਰ ਭੋਜਨ ਛਕਾਉਣ ਲਈ ਲੈ ਗਿਆ। ਮੇਰੇ ਨਾਲ ਇੰਗਲੈਂਡ ਨਿਵਾਸੀ ਬਲਵੀਰ ਸਿੰਘ (ਟਕਸਾਲੀ ਪ੍ਰਚਾਰਕ) ਵੀ ਸੀ। ਉੱਥੇ ਪਹਿਲਾਂ ਤੋਂ ਹੀ ਮੌਜੂਦ ਭਗਵੇ ਕੱਪੜਿਆਂ ਵਾਲੇ ਇੱਕ ਮਹਾਂਪੁਰਸ਼ ਵਿਦਵਾਨ ਬੈਠੇ ਸਨ; ਪੁੱਛਣ ’ਤੇ ਉਨ੍ਹਾਂ ਦਾ ਨਾਮ ਪਰਮਾਨੰਦ ਸੰਨਿਆਸੀ ਸੰਤ ਦੱਸਿਆ, ਜੋ ਕਿ ਨਾਨਕਸਰ, ਹਜੂਰ ਸਾਹਿਬ ਸਮੇਤ ਸਾਰੇ ਹੀ ਗੁਰਦੁਆਰਿਆਂ ਵਿੱਚ ਕਥਾ ਕਰਦੇ ਰਹਿੰਦੇ ਸਨ। ਉਨ੍ਹਾਂ ਦੀ ਵਿਦਵਾਨੀ ਭਾਵ ਬਚਨਾਂ ਵਿੱਚ ਕਦੇ ਕੌੜਾਪਣ ਮੈ ਨਹੀਂ ਵੇਖਿਆ ਸੀ। ਮੈਨੂੰ ਬਹੁਤ ਹੀ ਉੱਚ ਕੋਟੀ ਦੇ ਉਹ ਮਹਾਤਮਾ ਲੱਗੇ।

ਦੱਸੋ, ਅਗਰ ਕੋਈ ਮੈਨੂੰ ਆਪਣੇ ਘਰ ਪਿਆਰ ਨਾਲ ਭੋਜਨ ਛਕਾਉਣ ਲਈ ਲੈ ਜਾਵੇ ਤਾਂ ਮੈ ਉਸ ਨੂੰ ਕਹਿ ਸਕਦਾ ਹਾਂ ਕਿ ਪਹਿਲਾਂ ਇਸ ਭਗਵੇ ਕੱਪੜਿਆਂ ਵਾਲੇ ਨੂੰ ਇੱਥੋਂ ਕੱਢੋ ਤਾਂ ਮੈ ਭੋਜਨ ਛਕਾਂਗਾ। ਕੀ ਇਹ ਇਨਸਾਨੀਅਤ ਹੋਵੇਗੀ ? (ਹਰੀ ਸਿੰਘ ਰੰਧਾਵਾ)

ਵੀਚਾਰ: ਉਕਤ ਵਾਰਤਾਲਾਪ ਵਿੱਚ ਬਾਬਾ ਦਲਜੀਤ ਸਿੰਘ (ਨਿਰਮਲਾ, ਗੁਰਦੁਆਰਾ ਸਕੱਤਰ) ਦਾ ਜ਼ਿਕਰ ਆਇਆ ਹੈ, ਜਿਨ੍ਹਾਂ ਦੇ ਘਰ ਭੋਜਨ ਛਕਣ ਲਈ ਹਰੀ ਸਿੰਘ ਰੰਧਾਵਾ ਜੀ ਤੋਂ ਪਹਿਲਾਂ ਬਾਬਾ ਠਾਕੁਰ ਸਿੰਘ ਜੀ (ਮੁਖੀ ਦਮਦਮੀ ਟਕਸਾਲ, ਸੰਨ 1997 ਤੋਂ 2004 ਤੱਕ) ਵੀ (ਇੰਗਲੈਂਡ) ਜਾਂਦੇ ਰਹੇ ਸਨ ਤੇ 2004 ਵਿੱਚ ਇੱਕ ਹਫ਼ਤੇ ਤੱਕ ਵੀ ਉਨ੍ਹਾਂ ਦੇ ਘਰ ਠਹਿਰੇ ਸਨ ਕਿਉਂਕਿ ਇਸ ਸੱਜਣ ਦੇ ਕਹੇ ਅਨੁਸਾਰ ਇਹ 1990 ਤੋਂ ਦਮਦਮੀ ਟਕਸਾਲ ਨਾਲ ਜੁੜਿਆ ਹੋਇਆ ਸੀ। ਤਦ ਤੋਂ ਹੀ ਆਪਣੇ ਘਰ ਟਕਸਾਲੀ ਪ੍ਰਚਾਰਕਾਂ ਨੂੰ ਭੋਜਨ ਛਕਾਉਣ ਤੋਂ ਇਲਾਵਾ ਮਾਇਆ ਇਕੱਤਰ ਕਰਕੇ ਵੀ (ਮਹਿਤੇ, ਪੰਜਾਬ) ਭੇਜਦਾ ਆ ਰਿਹਾ ਸੀ ਤੇ ਆਪਣੇ ਘਰ ਹਿੰਦੂ ਮਤ ਨਾਲ ਸੰਬੰਧਿਤ ਦੇਵੀ ਦੇਵਤਿਆਂ (ਕ੍ਰਿਸ਼ਨ, ਰਾਮ ਆਦਿ) ਦੀਆਂ ਫੋਟੋਆਂ ਲੱਗੀਆਂ ਹੋਣ ਤੋਂ ਇਲਾਵਾ ਹਿੰਦੂ ਮਹਾਤਮਾ (ਆਚਾਰੀਆ) ਰਾਹੀਂ ਹਰ ਸਾਲ ਹਵਨ-ਜੱਗ ਵੀ ਕਰਵਾਉਂਦਾ ਆ ਰਿਹਾ ਸੀ, ਜਿਸ ਵਿੱਚ ਟਕਸਾਲੀ ਪ੍ਰਚਾਰਕ ਵੀ ਸ਼ਾਮਲ ਹੁੰਦੇ ਰਹੇ ਸਨ।

ਇੰਟਰਨੈੱਟ ’ਤੇ ਪਾਈ ਹੋਈ ਵੀਡਿਓ ’ਚ ਇਸ ਬਾਬਾ ਦਲਜੀਤ ਸਿੰਘ ਦੀ ਧਰਮ ਪਤਨੀ ਕੁਝ ਮਾਨਸਿਕ ਰੋਗ ਤੋਂ ਪੀੜਤ ਵਿਖਾਈ ਦੇ ਰਹੀ ਹੈ ਕਿਉਂਕਿ ਬਾਬਾ ਦਲਜੀਤ ਸਿੰਘ ਜੀ ਦੇ ਕਹੇ ਅਨੁਸਾਰ ਇਨ੍ਹਾਂ ਦੇ ਘਰ ਭੋਜਨ ਛਕਣ ਲਈ ਆਉਣ ਵਾਲੇ ਟਕਸਾਲੀ ਪ੍ਰਚਾਰਕ (ਬਲਵੀਰ ਸਿੰਘ, ਜੋ ਕਿ ਉਕਤ ਦਿੱਤੀ ਗਈ ਦਲੀਲ ਅਨੁਸਾਰ ਹਰੀ ਸਿੰਘ ਰੰਧਾਵਾ ਨਾਲ ਵੀ ਇਸ ਦੇ ਘਰ ਭੋਜਨ ਛਕਣ ਗਿਆ ਸੀ) ਨੇ ਉਸ (ਬੀਬੀ) ਨਾਲ ਅਸਲੀਲ ਹਰਕਤਾਂ ਕੀਤੀਆਂ ਸਨ, ਜਿਸ ਕਾਰਨ ਉਹ ਇਨ੍ਹਾਂ ਪ੍ਰਚਾਰਕਾਂ ਤੋਂ ਬਹੁਤ ਹੀ ਡਰੀ ਹੋਈ ਆਪਣੇ ਆਪ ਨੂੰ ਮਹਿਸੂਸ ਕਰ ਰਹੀ ਹੈ। ਇਹੋ ਜਿਹੀ ਸੋਚ ਤੋਂ ਪੀੜਤ ਨਮਕ-ਹਰਾਮੀ ਪ੍ਰਚਾਰਕ; ਕੀ ਸਿੱਖ ਹੋ ਸਕਦੇ ਹਨ?

ਉਕਤ ਵਾਰਤਾਲਾਪ ਵਿੱਚ ‘ਹਰੀ ਸਿੰਘ ਰੰਧਾਵਾ’ ਜਿਸ ਮਹਾਤਮਾ ਪਰਮਾਨੰਦ ਦਾ ਨਾਮ ਪੁੱਛ ਰਿਹਾ ਹੈ ਉਸ ਬਾਰੇ ਇਹ ਵੀ ਵਿਸਥਾਰ ’ਚ ਜਾਣਕਾਰੀ ਦੇ ਰਿਹਾ ਹੈ ਕਿ ਇਹ ਕਿੱਥੇ-ਕਿੱਥੇ ਕਥਾ ਕਰਦੇ ਰਹੇ ਹਨ ਤੇ ਇਨ੍ਹਾਂ ਦੇ ਬਚਨਾਂ ’ਚ ਮੈ ਕਦੇ ਕੌੜਾਪਣ ਨਹੀਂ ਵੇਖਿਆ। ਮੈਨੂੰ ਬਹੁਤ ਹੀ ਉੱਚ ਕੋਟੀ ਦੇ ਉਹ ਮਹਾਤਮਾ ਲੱਗੇ।

(ਨੋਟ: ਇਸ ਮਹਾਤਮਾ ਪ੍ਰਤੀ ਹਰੀ ਸਿੰਘ ਰੰਧਾਵਾ ਵੱਲੋਂ ਇਸ ਤਰ੍ਹਾਂ ਦੀ ਭਾਵਨਾ ਵਿਅਕਤ ਕਰਨਾ, ਇਨ੍ਹਾਂ ਦੀ ਪੁਰਾਣੀ (ਗੂੜ੍ਹੀ) ਦੋਸਤੀ ਨੂੰ ਦਰਸਾਉਂਦਾ ਹੈ।)

ਇੰਟਰਨੈੱਟ ’ਤੇ ਹੀ ਪਾਈ ਗਈ ਇੱਕ ਵੀਡੀਓ ਵਿੱਚ ਸਾਧਵੀ ਰੀਤੰਬਰਾ (ਜੋ ਘੱਟ ਗਿਣਤੀਆਂ ਪ੍ਰਤੀ ਕੂੜ ਪ੍ਰਚਾਰ ਭਾਵ ਨਫ਼ਰਤ ਕਰਦੀ ਹੈ।) ਇਸੇ ਮਹਾਤਮਾ ਪਰਮਾਨੰਦ ਸੰਨਿਆਸੀ ਨੂੰ ਹੀ ਆਪਣਾ ਪਰਮ ਪੂਜਯ ਗੁਰੂ ਮਹਾਰਾਜ ਜੀ ਦੱਸ ਰਹੀ ਹੈ।

ਕਿਸੇ ਬੰਦੇ ਦੀ ਸੋਚ ਨੂੰ ਪਰਖਣਾ (ਵੀਚਾਰਨਾ) ਹੋਵੇ ਤਾਂ ਉਸ ਦੀ ਬੋਲੀ ਤੋਂ ਵਧੇਰੇ ਪ੍ਰਮਾਣਿਕ ਕੁਝ ਵੀ ਗਵਾਹੀ ਨਹੀਂ ਹੋ ਸਕਦੀ। ਹਰੀ ਸਿੰਘ ਰੰਧਾਵਾ ਤੇ ਇਨ੍ਹਾਂ ਦੇ ਮਹਾਂਪੁਰਸ਼ਾਂ ਦਾ ਜੀਵਨ; ਜ਼ਿਆਦਾਤਰ ਹਿੰਦੂ ਮਹਾਂਪੁਰਸ਼ਾਂ ਦੀ ਜੀਵਨਸ਼ੈਲੀ ਦੇ ਅਨੁਕੂਲ ਹੀ ਵਿਚਰਦਾ ਹੈ; ਭਿੰਨਤਾ ਕੇਵਲ ਪਹਿਰਾਵੇ ਦੀ ਹੀ ਰਹਿ ਜਾਂਦੀ ਹੈ, ਜਿਸ ਕਾਰਨ ਇਹ ਇੱਕ ਦੂਸਰੇ ਨੂੰ ਪਹੁੰਚੇ ਹੋਏ ਮਹਾਤਮਾ ਆਦਿ ਵਿਸ਼ੇਸ਼ਣਾਂ ਰਾਹੀਂ ਸੰਬੋਧਨ ਕਰਦੇ ਆਮ ਵੇਖੇ ਤੇ ਸੁਣੇ ਜਾ ਸਕਦੇ ਹਨ। ਜਾਗਰੂਕ ਸਿੱਖ ਸੰਗਤ ਨੂੰ ਇਨ੍ਹਾਂ ਬਾਰੇ ਇਹੀ ਦੁਬਿਧਾ ਬਣੀ ਰਹੀ ਹੈ ਕਿ ਇਨ੍ਹਾਂ ਨੂੰ ਕਿਹੜੇ ਸ਼ਬਦਾਂ ਨਾਲ ਸੰਬੋਧਨ ਕਰਨਾ ਉਚਿਤ ਹੋਵੇਗਾ। ਇਹ ਲੋਕ ਪ੍ਰੋ. ਸਾਹਿਬ ਸਿੰਘ, ਭਾਈ ਵੀਰ ਸਿੰਘ, ਭਾਈ ਕਾਨ੍ਹ ਸਿੰਘ ਨਾਭਾ, ਭਾਈ ਜੋਗਿੰਦਰ ਸਿੰਘ ਤਲਵਾੜਾ ਆਦਿ ਨੂੰ ਮਹਾਂਪੁਰਸ਼ ਕਹਿਣ ਦੀ ਬਜਾਏ ਭਗਤ ਰਵਿਦਾਸ ਜੀ ਅਨੁਸਾਰ ‘‘ਤੁਝਹਿ, ਸੁਝੰਤਾ ਕਛੂ ਨਾਹਿ ॥ ਪਹਿਰਾਵਾ ਦੇਖੇ; ਊਭਿ (ਉਤਸ਼ਾਹਿਤ ਹੋ) ਜਾਹਿ ॥’’ (੧੧੯੬) ਨੂੰ ਹੀ ਮਹਾਂਪੁਰਸ਼ ਆਖ ਕੇ ਆਨੰਦਤ ਮਹਿਸੂਸ ਕਰਦੇ ਹਨ ਇਸ ਕਾਰਨ ਹੀ ਇਨ੍ਹਾਂ ਤੋਂ ਉਕਤ ਸਵਾਲ ਪੁੱਛੇ ਜਾ ਰਹੇ ਹਨ।

ਪੰਜਾਬ ਦੀ ਅਕਾਲੀ ਸਰਕਾਰ; ਭਾਜਪਾ (ਆਰ. ਐਸ. ਐਸ.) ਨਾਲ ਪਤੀ-ਪਤਨੀ ਵਾਲਾ ਸੰਬੰਧ ਦੱਸਦੀ ਰਹਿੰਦੀ ਹੈ। ਬੇਸ਼ੱਕ ਕੋਈ ਇਹ ਦੱਸਣ ਵਿੱਚ ਅਸਮਰਥ ਹੈ ਕਿ ਪਤੀ ਕੌਣ ਹੈ ਤੇ ਪਤਨੀ ਕੌਣ? ਪਰ ਇੱਕ ਅਟੱਲ ਸਚਾਈ ਹੈ ਕਿ ਲੜਕੀ (ਪਤਨੀ) ਤੇ ਲੜਕੇ (ਪਤੀ) ਦੀ ਸ਼ਾਦੀ ਵਿੱਚ ਕੁਝ ਅਜਿਹੇ ਰਿਸ਼ਤੇਦਾਰ (ਬਾਰਾਤੀ) ਵੀ ਮੌਜੂਦ ਹੁੰਦੇ ਹਨ ਜਿਨ੍ਹਾਂ ਦੇ ਦੋਵੇਂ ਤਰਫ਼ ਬੜੇ ਗੂੜ੍ਹੇ ਸੰਬੰਧ ਹੁੰਦੇ ਹਨ। ਇਸ ਲੇਖ ਨਾਲ ਸੰਬੰਧਿਤ ਫੋਟੋਆਂ ਵਿੱਚ ਉਨ੍ਹਾਂ ਗੂੜ੍ਹੇ ਸੰਬੰਧ ਰੱਖਣ ਵਾਲੇ ਬਰਾਤੀਆਂ ਨੂੰ ਆਪ ਜੀ ਵੀ ਪਹਿਚਾਣ ਸਕਦੇ ਹੋ।

ਸੋ, ਅੰਤ ਵਿੱਚ ਮੈਂ ਉਕਤ ਪੰਜੇ ਸਵਾਲਾਂ ਦੇ ਸੰਬੰਧ ਵਿੱਚ ਸੰਖੇਪ ਜਿਹਾ ਇਤਨਾ ਹੀ ਕਹਿਣਾ ਚਾਹਾਂਗਾ ਕਿ:

(1). ਜਦ ਇਨ੍ਹਾਂ ਦੇ ਮਹਾਂਪੁਰਸ਼ ਇਹ ਕਹਿ ਰਹੇ ਹਨ ਕਿ ‘ਸਿਰਨਾਵਣੀ’ ਦੌਰਾਨ ਔਰਤ ਇੰਨੀ ਗਲੀਚ ਹੁੰਦੀ ਹੈ ਕਿ ਚੌਂਕੇ (ਰਸੋਈ-ਘਰ) ਵਿੱਚ ਨਹੀਂ ਵੜ ਸਕਦੀ।’ ਤਾਂ ਰੰਧਾਵੇ ਵਰਗੇ ਪ੍ਰਚਾਰਕ, ਜੋ ਆਪਣੇ ਮਹਾਂਪੁਰਸ਼ਾਂ ਦੀ ਸੋਚ ਨੂੰ ਸਮਰਪਤ ਹਨ, ਨੂੰ ਸਰੀ (ਕੈਨੇਡਾ) ਵਰਗੀ ਜਾਗਰੂਕ ਸੰਗਤ ਦੀ ਮੌਜੂਦਗੀ ’ਚ (ਡਰ ਕਾਰਨ) ਆਪਣੇ ਮਹਾਂਪੁਰਸ਼ਾਂ ਦੇ ਬਚਨਾਂ ਨੂੰ ਬਦਲ ਕੇ ਭਾਵ ‘ਔਰਤ ਗਲੀਚ’ ਸ਼ਬਦਾਂ ਦੀ ਬਜਾਏ ‘ਕੇਵਲ ਕ੍ਰਿਆ ਨੂੰ ਗਲੀਚ’ ਕਹਿਣਾ; ਕੀ ਕੇਵਲ ਵਕਤੀ (ਆਰਜ਼ੀ, ਥੋੜ੍ਹੇ ਸਮੇਂ ਦੀ) ਮਜ਼ਬੂਰੀ ਹੈ ਜਾਂ ਇਨ੍ਹਾਂ ਦੇ ਮਹਾਂਪੁਰਸ਼ਾਂ ਵਾਲੀ ਸੋਚ ਤੋਂ ਇਹ ਵੱਖਰੀ ਸੋਚ ਰੱਖਣ ਲੱਗ ਪਏ ਹਨ ? ਜਾਗਰੂਕ ਸਿੱਖ ਸੰਗਤਾਂ ਨੂੰ ਇਸ ਸਵਾਲ ਦਾ ਜਵਾਬ ਪੁੱਛਣਾ ਬਣਦਾ ਹੈ।

(2). ‘ਰੰਧਾਵੇ’ ਦੁਆਰਾ ਇਹ ਕਹਿਣਾ ਕਿ ‘ਸੁਪਨ ਸਮਾਧੀ’ ਵਾਲੇ ਅਨੁਭਵ ਬਾਰੇ ਕਈ ਵਾਰ ਮਹਾਂਪੁਰਸ਼ ਅਜਿਹੇ ਬਚਨ ਬੋਲ ਜਾਂਦੇ ਹਨ ਜੋ ਉਨ੍ਹਾਂ ਨੂੰ ਨਹੀਂ ਬੋਲਣੇ ਚਾਹੀਦੇ। ਕੀ ਇਸ ਤਰ੍ਹਾਂ ਦੀ ਭਾਵਨਾ; ਮਹਾਂਪੁਰਸ਼ਾਂ ਬਾਰੇ ਵਿਅਕਤ ਕਰਨੀ ਮਹਾਂਪੁਰਸ਼ਾਂ ਦਾ ਨਿਰਾਦਰ (ਅਪਮਾਨ) ਨਹੀਂ?

(3). ਹਰੀ ਸਿੰਘ ਰੰਧਾਵਾ ਵੱਲੋਂ ਸੁਣਾਈਆਂ ਜਾ ਰਹੀਆਂ ਤਮਾਮ ਮਨਘੜਤ ਸਾਖੀਆਂ ਵਿੱਚ ਰੰਧਾਵਾ ਆਪਣੇ ਆਪ ਨੂੰ ਨਾ ਮਹਾਂਪੁਰਸ਼ਾਂ ਵਿੱਚ ਰੱਖਦਾ ਹੈ ਤੇ ਨਾ ਹੀ (ਸੰਬੰਧਿਤ) ਵਿਦਿਆਰਥੀਆਂ ਵਿੱਚ; ਜਦਕਿ ਮਹਾਂਪੁਰਸ਼ ਸਾਖੀਆਂ ਨੂੰ ਲਿਖਤੀ ਰੂਪ ਦੇਣ ਤੋਂ ਇਨਕਾਰੀ ਵੀ ਹਨ; ਫਿਰ ਇਸ (ਰੰਧਾਵਾ) ਤੱਕ ਸਾਰੀਆਂ ਸਾਖੀਆਂ ਹੂ-ਬਹੂ ਕਿਵੇਂ ਪਹੁੰਚੀਆਂ ? ਕਦੇ ਉਕਤ ਤਮਾਮ ਸਾਖੀਆਂ ਮਹਾਂਪੁਰਸ਼ ਤੇ ਆਚਾਰੀਆ ਮਹਾਤਮਾ (ਬੰਦ ਕਮਰੇ ਵਿੱਚ) ਕੇਵਲ ਰੰਧਾਵੇ ਨੂੰ (ਆਮ-ਬੋਲ-ਚਾਲ ਦੀ ਰਾਹੀਂ) ਤਾਂ ਨਹੀਂ ਸੁਣਾਉਂਦੇ ਰਹੇ ? ਜਿਨ੍ਹਾਂ ਨੂੰ ਬਾਅਦ ਵਿੱਚ ਮਸਾਲਾ ਲਗਾ ਕੇ ਸਟੇਜ ਦੀ ਰੌਣਕ ਵਧਾਈ ਜਾ ਰਹੀ ਹੈ ਭਾਵ ‘‘ਧੁਰ ਕੀ ਬਾਣੀ ਆਈ ॥’’ (ਮ: ੫/੬੨੮) ਨੂੰ ਕੇਵਲ ‘‘ਨਚਣੁ, ਕੁਦਣੁ; ਮਨ ਕਾ ਚਾਉ ॥’’ (ਮ: ੧/੪੬੫) ਤੱਕ ਹੀ ਸੀਮਤ ਕੀਤਾ ਜਾ ਰਿਹਾ ਹੈ।

(4). ਮਹਾਂਪੁਰਸ਼ਾਂ ਦੁਆਰਾ ‘ਸੁਪਨ ਸਮਾਧੀ’ ’ਚ ਆਤਮ ਹਤਿਆ ਕਰਨ ਬਾਬਤ ਅਗਾਂਹ ਵਧਣ ਲਈ ‘‘ਆਗਾਹਾ ਕੂ ਤ੍ਰਾਘਿ; ਪਿਛਾ ਫੇਰਿ ਨ ਮੁਹਡੜਾ ॥’’ (ਮ: ੫/੧੦੯੬) ਵਾਲੀ ਪੰਕਤੀ ਦੀ ਟੇਕ ਲੈਣੀ ਗੁਰਬਾਣੀ ਦਾ ਨਿਰਾਦਰ ਨਹੀਂ? ਆਦਿ।

ਗੁਰੂ ਨਾਨਕ ਸਾਹਿਬ ਜੀ ਦੇ ਇਸ ਪਾਵਨ ਵਾਕ ਦੀ ਰਾਹੀਂ ਮੈ ਇਨ੍ਹਾਂ ਵਿਸ਼ਿਆਂ ਦੀ ਸਮਾਪਤੀ ਕਰਦਾ ਹਾਂ: ‘‘ਮਨਹੁ ਜਿ ਅੰਧੇ ਘੂਪ; ਕਹਿਆ ਬਿਰਦੁ (ਇਨਸਾਨੀਅਤ) ਨ ਜਾਣਨੀ ॥….. ਇਕਨਾ ਸਿਧਿ ਨ ਬੁਧਿ ਨ ਅਕਲਿ ਸਰ (ਸਮਝ); ਅਖਰ ਕਾ ਭੇਉ (ਰਮਜ਼) ਨ ਲਹੰਤਿ (ਲੈ ਸਕਦੇ) ॥ ਨਾਨਕ ! ਤੇ ਨਰ ਅਸਲਿ ਖਰ (ਖੋਤੇ); ਜਿ ਬਿਨੁ ਗੁਣ, ਗਰਬੁ ਕਰੰਤ ॥’’ (ਮ: ੧/੧੪੧੧)

(ਨੋਟ: ਉਕਤ ਪੰਕਤੀ ’ਚ ਦਰਜ ‘ਅਖਰ’ (ਭਾਵ ਗਿਆਨ) ਸ਼ਬਦ ਵਿੱਚੋਂ ਅਗਰ ‘ਅ’ ਹਟਾ ਦਿੱਤਾ ਜਾਵੇ ਤਾਂ ‘ਖਰ’ (ਖੋਤਾ) ਸ਼ਬਦ ਰਹਿ ਜਾਂਦਾ ਹੈ, ਜਿਸ (‘ਖਰ’ ਸ਼ਬਦ) ਨੂੰ ਗੁਰੂ ਨਾਨਕ ਸਾਹਿਬ ਜੀ ਨੇ ‘‘ਤੇ ਨਰ ਅਸਲਿ ਖਰ॥’’ ਉਪਵਾਕ ਵਿੱਚ ਦਰਜ ਕਰਕੇ ਵਿਸ਼ੇ ਦੀ ਸਮਾਪਤੀ ਕੀਤੀ ਹੈ ਤੇ ਇਸ ਖੋਤੇ ਉੱਪਰ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ੇਰ ਦੀ ਖੱਲ ਪਾਈ ਸੀ।

ਸਮੂਹ ਸਿੱਖ ਸਮਾਜ ਨੂੰ ਚਾਹੀਦਾ ਹੈ ਕਿ ਗੁਰਬਾਣੀ ਨੂੰ ਆਧਾਰ ਬਣਾ ਕੇ ਵੀਚਾਰ ਕੀਤਿਆਂ ਹੀ ਕਿਸੇ ਵਿਸ਼ੇ ’ਤੇ ਸਹਿਮਤੀ ਬਣਾਈ ਜਾ ਸਕਦੀ ਹੈ ਪਰ ਮਚਲਾ (ਮਨਘੜ੍ਹਤ ਰਵਾਇਤੀ ਮਰਿਆਦਾ ਨੂੰ ਲਾਗੂ ਕਰਵਾਉਣ ਲਈ ਜਾਣ ਬੁੱਝ ਕੇ ਅਣਜਾਣ ਬਣਨਾ) ਸੋਚ ਅਧੀਨ ਬਣਿਆ ਕਠੋਰ ਮਨ ਭਿੱਜ ਨਹੀਂ ਸਕਦਾ। ਸਰੀ (ਕੈਨੇਡਾ) ਦੀ ਪ੍ਰਬੰਧਕ ਕਮੇਟੀ ਨੇ ਕੁਝ ਦਿਨ ਪਾਣੀ (ਸਮੁੰਦਰ) ਰਿੜਕ ਕੇ ਵੇਖ ਲਿਆ ਹੈ। ਸਿੱਟਾ (ਰਤਨ) ਨਾ ਨਿਕਲਣ ਦਾ ਕਾਰਨ ਵੀ ਗੁਰਦੁਆਰਾ ਪ੍ਰਬੰਧਕ ਨੁਮਾਇੰਦਿਆਂ (ਮੈਂਬਰਾਂ) ਦੀ ਨਾਕਾਮੀ (ਭਾਵ ‘ਗੁਰਮਤਿ ਫ਼ਿਲਾਸਫ਼ੀ’ ਪ੍ਰਤੀ ਨਾ-ਸਮਝੀ) ਹੀ ਸਾਮ੍ਹਣੇ ਆ ਰਹੀ ਹਨ। ਦੋ ਦਿਨ ਹਰੀ ਸਿੰਘ ਰੰਧਾਵਾ ਤੋਂ ਮਨਘੜਤ ਸਾਖੀਆਂ ਸੁਣਨ ’ਤੇ ਹੀ ਬਰਬਾਦ ਕਰ ਦਿੱਤੇ ਤੇ ਉਨ੍ਹਾਂ (ਸਾਖੀਆ) ਨੂੰ ਤੁਰੀਆ ਅਵਸਥਾ (ਵਿੱਚੋਂ ਫੁੱਟੇ ਵੀਚਾਰਾਂ) ਦੀ ਸੰਗਿਆ ਦੇ ਦਿੱਤੀ। ਅਜਿਹਾ ਹੋਵੇ ਵੀ ਕਿਉਂ ਨਾ ਜਦ ਭਾਈ ਜਸਵਿੰਦਰ ਸਿੰਘ ਮਲ੍ਹੀ (ਰਿਕਾਰਡਿੰਗ ਸੈਕਟ੍ਰੀ) ਵਰਗੇ ਸਲਾਹਕਾਰ ਨਿਯੁਕਤ ਕੀਤੇ ਹੋਣ।

ਇਸ ਲਈ ਸਿੱਖ ਸਮਾਜ ਨੂੰ ਚਾਹੀਦਾ ਹੈ ਕਿ ਉਹ ਅੰਮ੍ਰਿਤਪਾਨ ਕਰਵਾਉਣ ਵਾਲੇ ਪੰਜ ਪਿਆਰਿਆਂ ਵਿੱਚ ਬੀਬੀਆਂ ਨੂੰ ਵਧੇਰੇ ਗਿਣਤੀ ’ਚ ਸ਼ਾਮਲ ਕਰਕੇ ਉਨ੍ਹਾਂ ਦੀਆਂ ਫੋਟੋਆਂ ਇੰਟਰਨੈੱਟ ’ਤੇ ਪਾਈਆਂ ਜਾਣ ਤਾਂ ਜੋ ਔਰਤਾਂ ਨੂੰ ਮਿਲਦੇ ਪਿਆਰ (ਸਤਿਕਾਰ) ਬਾਰੇ ਸਮੂੰਹ ਮਾਨਵਤਾ ਨੂੰ ਜਾਣਕਾਰੀ ਮਿਲ ਸਕੇ ਅਤੇ ਔਰਤਾਂ ਆਪਣੇ ਹੱਕਾਂ ਲਈ ਬੇਝਿੱਜਕ (ਬਿਨਾ ਸੰਕੋਚ) ਆਵਾਜ਼ ਬੁਲੰਦ ਕਰਨ ਲਈ ਅੱਗੇ ਆਉਣ; ਜਿਵੇਂ ਸਰੀ (ਕੈਨੇਡਾ) ਦੀਆਂ ਬੀਬੀਆਂ ਨੇ ਹਿੰਮਤ ਵਿਖਾਈ ਹੈ; ਅਜਿਹੀਆਂ ਬੀਬੀਆਂ ਨੂੰ ‘ਸਲਾਮ, ਪ੍ਰਣਾਮ’।)