‘ਦਯ, ‘ਦਯੁ’ ਤੇ ‘ਦਯਿ’’ ਸ਼ਬਦਾਂ ਦੀ ਵਿਚਾਰ
ਗਿਆਨੀ ਅਵਤਾਰ ਸਿੰਘ
ਉਕਤ ਸ਼ਬਦਾਂ ਨੂੰ ਕਈ ਪਾਠੀ ਸੱਜਣ ਦਯ (ਦਈ) ‘ਦਯੁ’ (ਦਈਉ) ਅਤੇ ‘ਦਯਿ’ (ਦਈਇ) ਉਚਾਰਨ ਕਰਦੇ ਆਮ ਵੇਖੇ ਜਾ ਸਕਦੇ ਹਨ, ਜੋ ਕਿ ਅਸ਼ੁੱਧ ਉਚਾਰਨ ਹੈ। ਇਹਨਾਂ ਸ਼ਬਦਾਂ ਦੇ ਅਰਥਾਂ ਨੂੰ ਸਮਝਦਿਆਂ ਹੀ ਸ਼ੁੱਧ ਉਚਾਰਨ ਦਾ ਬੋਧ ਹੋ ਸਕਦਾ ਹੈ।
(ੳ) ਦਯ (ਉਚਾਰਨ: ਦਈ) : ਦਇਆ ਕਰਨ ਵਾਲਾ ਪ੍ਰਭੂ, ਇਹ ਸ਼ਬਦ ਗੁਰਬਾਣੀ ਵਿਚ ਇਕ ਵਾਰ ਸੰਬੋਧਨ ਰੂਪ ਵਿਚ ਹੋਣ ਕਾਰਨ ਹੀ ‘ਯ’ ਅੰਤ ਮੁਕਤਾ ਹੈ; ਜਿਵੇਂ
‘ਦਯ’ ਗੁਸਾਈਂ ਮੀਤੁਲਾ ! ਤੂੰ ਸੰਗਿ ਹਮਾਰੈ ਬਾਸੁ ਜੀਉ॥ (ਮ:੫/੨੦੩)
ਅਰਥ : ਹੇ ਦਇਆ ਕਰਨ ਵਾਲੇ ਮਾਲਕ, ਸਦੀਵੀ ਸਤਿਸੰਗੀ ! ਆਪ ਜੀ ਸਾਡੇ ਅੰਗ-ਸੰਗ ਵੱਸਦੇ ਦਾ ਅਹਿਸਾਸ ਸਾਨੂੰ ਜੀਵਾਂ ਨੂੰ ਕਰਵਾਉਂਦੇ ਰਹੋ ਜੀ।
(ਅ) ‘ਦਯੁ’ (ਉਚਾਰਨ: ਦਈ) : ‘ਯੁ’ ਅੱਖਰ ਨੂੰ ਲੱਗਾ ਔਂਕੜ ਇਕ ਵਚਨ ਪੁਲਿੰਗ ਦੀ ਨਿਸ਼ਾਨੀ ਹੈ। ਅਰਥ ਉਹੀ ਹਨ ਭਾਵ ਦਇਆ ਕਰਨ ਵਾਲਾ ਪ੍ਰਭੂ ਜੋ ਗੁਰਬਾਣੀ ਵਿਚ 7 ਵਾਰ ਦਰਜ ਹੈ; ਜਿਵੇਂ :
1. ਗੁਰੁ ਨਾਰਾਇਣੁ, ‘ਦਯੁ’ ਗੁਰੁ; ਗੁਰੁ ਸਚਾ ਸਿਰਜਣਹਾਰੁ॥ (ਮ:੫/੨੧੮)
2.’ਦਯੁ’ (ਨੂੰ) ਵਿਸਾਰਿ (ਕੇ) ਵਿਗੁਚਣਾ; ਪ੍ਰਭ ਬਿਨੁ, ਅਵਰੁ ਨ ਕੋਇ॥ (ਮ:੫/੧੩੩)
3. ਨਿਤ ਨਿਤ, ‘ਦਯੁ’ (ਨੂੰ) ਸਮਾਲੀਐ॥ (ਮ:੫/੧੩੨)
4. ਆਗੈ ‘ਦਯੁ’; ਪਾਛੈ ਨਾਰਾਇਣ॥ (ਮ:੫/੧੧੩੭)
5. ਸਭ ਹੋਈ ਛਿੰਝ ਇਕਠੀਆ; ‘ਦਯੁ’ ਬੈਠਾ ਵੈਖੈ, ਆਪਿ ਜੀਉ॥ (ਮ:੫/੭੪)
6. ਨਾਨਕ ! ਲੜਿ ਲਾਇ (ਕੇ) ਉਧਾਰਿਅਨੁ; ‘ਦਯੁ’ (ਨੂੰ) ਸੇਵਿ (ਕੇ) ਅਮਿਤਾ॥ (ਮ:੫/੩੨੩)
7. ਆਪਣੇ ਚਰਣ ਜਪਾਇਅਨੁ; ਵਿਚਿ ‘ਦਯੁ’ ਖੜੋਆ॥ (ਮ:੫/੧੧੯੩)
(ਨੋਟ: ਉਕਤ ਤੁਕਾਂ ਵਿਚ ‘ਦਯੁ’ ਕਰਮ ਕਾਰਕ ਹੈ, ਜਿਸ ਕਾਰਨ ਅੰਤ ਔਂਕੜ; ਨੂੰ ਅਰਥ ਵੀ ਕੱਢ ਰਿਹਾ ਹੈ।)
(ੲ) ‘ਦਯਿ’ (ਉਚਾਰਨ: ਦਈ) : ਅਰਥ : ਦਇਆ ਕਰਨ ਵਾਲੇ ਪ੍ਰਭੂ ਨੇ (ਕਰਤਾ ਕਾਰਕ, ਇਕ ਵਚਨ ਪੁਲਿੰਗ) ‘ਯ’ ਅੱਖਰ ਨੂੰ ਲੱਗੀ ਸਿਹਾਰੀ (ਦਈ) ਨੇ ਦੇ ਅਰਥਾਂ ਦਾ ਸੂਚਕ ਹੈ। ਇਹ ਸ਼ਬਦ ਗੁਰਬਾਣੀ ਵਿਚ 12 ਵਾਰ ਵਰਤਿਆ ਗਿਆ ਹੈ; ਜਿਵੇਂ :
1. ‘ਦਯਿ’ (ਨੇ) ਵਿਗੋਏ ਫਿਰਹਿ ਵਿਗੁਤੇ; ਫਿਟਾ ਵਤੈ ਗਲਾ॥ ਮ:੧/੧੫੦॥
2. ਓਇ ਜੇਹਾ ਚਿਤਵਹਿ, ਨਿਤ ਤੇਹਾ ਪਾਇਨਿ; ਉਇ ਤੇਹੋ ਜੇਹੇ ‘ਦਯਿ’ (ਨੇ) ਵਜਾਏ॥ ਮ:੪/੩੦੩॥
3. ਓਸੁ ਅੰਦਰਿ ਕੂੜੁ, ਕੂੜੋ ਕਰਿ ਬੂਝੈ; ਅਣਹੋਂਦੇ ਝਗੜੇ, ‘ਦਯਿ’ (ਨੇ) ਉਸ ਦੈ ਗਲਿ ਪਾਇਆ॥ ਮ:੪/੩੦੩॥
4. ਜਿਨਾ ਸਤਿਗੁਰ ਕਾ ਆਖਿਆ ਸੁਖਾਵੈ ਨਾਹੀ; ਤਿਨਾ ਮੁਹ ਭਲੇਰੇ ਫਿਰਹਿ ‘ਦਯਿ’ (ਨੇ) ਗਾਲੇ॥ ਮ:੪/੩੦੫॥
5. ਜਿਨਾ ਅੰਦਰਿ ਨਾਮੁ ਨਿਧਾਨੁ ਹਰਿ; ਤਿਨ ਕੇ ਕਾਜ ‘ਦਯਿ’ (ਨੇ) ਆਂਦੇ ਰਾਸਿ॥ ਮ:੪/੩੦੫॥
6. ਮਨਿ (ਕਰਕੇ) ਖੋਟੇ; ‘ਦਯਿ’ (ਨੇ) ਵਿਛੋੜੇ॥ ਮ:੪/੩੦੬॥
7. ਸਤਪੁਰਖ ਕੀ ਤਪਾ ਨਿੰਦਾ ਕਰੈ, ਸੰਸਾਰੈ ਕੀ ਉਸਤਤਿ ਵਿਚ ਹੋਵੈ; ਏਤੁ ਦੋਖੈ, ਤਪਾ ‘ਦਯਿ’ (ਨੇ) ਮਾਰਿਆ॥ ਮ:੪/੩੧੫॥
8. ਸੇ ਬੂਝੈ; ਜੁ ‘ਦਯਿ’ (ਨੇ) ਸਵਾਰਿਆ॥ ਮ:੪/੩੧੬॥
9. ਸੇ ਕੂਕਰ, ਸੂਕਰ, ਗਰਧਭ, ਪਵਹਿ ਗਰਭ ਜੋਨੀ, ‘ਦਯਿ’ (ਨੇ) ਮਾਰੇ ਮਹਾ ਹਤਿਆਰੇ॥ ਮ:੪/੪੯੩॥
10. ਦੂਜੈ ਭਾਇ ਪੜਹਿ ਨਿਤ ਬਿਖਿਆ; ਨਾਵਹੁ ‘ਦਯਿ’ (ਨੇ) ਖੁਆਇਆ॥ ਮ:੪/੫੧੩॥
11. ਸੋ ਘਰੁ; ‘ਦਯਿ’ ਵਸਾਇਆ॥ ਮ:੫/੬੨੫॥
12. ਗੁਰੁ ‘ਦਯਿ’ ਮਿਲਾਯਉ ਭਿਖਿਆ; ਜਿਵ ਤੂ ਰਖਹਿ ਤਿਵ ਰਹਉ॥ ਭਿਖਾ॥ ੧੩੯੬॥
(ਸ) ‘ਦਯਿ’ ਧਿਆਇਐ (ਉਚਾਰਨ: ਦਈ) : ਕੇਵਲ ਇਸ ਤੁਕ ਵਿਚ ‘ਦਯੁ’ ਸ਼ਬਦ ‘ਧਿਆਇਐ’ ਕਿਰਦੰਤ ਨਾਲ ਹੈ, ਜੋ ਮਿਲ ਕੇ ਅਰਥ ਦੇਂਦਾ ਹੈ: ਦਇਆ ਕਰਨ ਵਾਲੇ ਪ੍ਰਭੂ ਨੂੰ ਯਾਦ ਕਰਨ ਨਾਲ । ‘ਯ’ ਅੱਖਰ ਨੂੰ ਲੱਗੀ ਸਿਹਾਰੀ ੳੁਚਾਰਨ ਦਾ ਭਾਗ ਨਹੀਂ ਕੇਵਲ ਅਰਥਾਂ ਦਾ ਸੂਚਕ (ਕਰਣ ਕਾਰਕ) ਹੈ।
ਗੁਰਬਾਣੀ ‘ਚ ੲਿਕ ੲਿਹ ਨਿਯਮ ਵੀ ਦਰਜ ਹੈ ਕਿ ਅਗਰ ਕੋੲੀ ਨਾਂਵ ਤੇ ਕ੍ਰਿਦੰਤ ਮਿਲ ਕਰ (ਸਾਂਝੇ) ਅਰਥ ਦੇਣ ਤਾਂ ਕ੍ਰਿਦੰਤ ਦਾ ਕਾਰਕ ਹੀ ਸੰਬੰਧਿਤ ਨਾਂਵ ਦਾ ਕਾਰਕ ਹੁੰਦਾ ਹੈ; ਜਿਵੇਂ : ‘ਮਨਿ ਜੀਤੈ’ ਦਾ ਅਰਥ ਹੈ ‘ਮਨ ਦੇ ਜਿਤਣ ਨਾਲ’ (ਭਾਵ ਕਰਣ ਕਾਰਕ) ਜਾਂ ‘ਜੇ ਮਨ ਜਿਤ ਲਿਅਾ ਜਾਵੇ’। ੲਿਸ ਤਰ੍ਹਾਂ ਹੀ ‘ਦਯਿ’ ਧਿਆਇਐ’ (ਕਰਣ ਕਾਰਕ) ਦਾ ਅਰਥ ਹੈ: ‘ਦਇਆ ਕਰਨ ਵਾਲੇ ਪ੍ਰਭੂ ਦੇ ਯਾਦ ਕਰਨ ਨਾਲ’ ਜਾਂ ‘ਜੇ ਦੲੀ ਨੂੰ ਯਾਦ ਕਰ ਲਿਅਾ ਜਾਵੇ। ਇਹ ਸ਼ਬਦ ਗੁਰਬਾਣੀ ਵਿਚ 1 ਵਾਰ ਹੀ ਵਰਤਿਆ ਗਿਆ ਹੈ; ਜਿਵੇਂ :
ਹੋਵੈ ਸੁਖੁ ਘਣਾ; ‘ਦਯਿ’ ਧਿਆਇਐ (ਨਾਲ)॥ (ਮ:੫/੫੨੦)
ਸੋ, ਉਕਤ ਵਿਚਾਰ ਦਾ ਸਾਰ ਇਹੀ ਹੈ ਕਿ ਇੱਕ ਵਚਨ ਪੁਲਿੰਗ ਨਾਂਵ ਵਾਲ਼ੇ ਤਮਾਮ ਨਿਯਮ ਹੀ ‘ਦਯ, ਦਯੁ, ਦਯਿ’ ਸ਼ਬਦਾਂ ਲਈ ਹਨ, ਜਿਸ ਕਾਰਨ ਅੰਤ ਸਿਹਾਰੀ ਜਾਂ ਅੰਤ ਔਂਕੜ ਦਾ ਉਚਾਰਨ ਕਰਨਾ ਦਰੁਸਤ ਨਹੀਂ, ਇਨ੍ਹਾਂ ਦਾ ਸਹੀ ਉਚਾਰਨ ਹੈ: ‘ਦਈ’, ਨਾ ਕਿ ਦਈਇ ਜਾਂ ਦਈਉ।