ਰੌਲ਼ਾ ਅਖੌਤੀ ਦਸਮ ਗ੍ਰੰਥ ਦਾ ਹੈ, ਜਾਪੁ ਦੇ ਪਾਠ ਦਾ ਨਹੀਂ !
-: ਸੰਪਾਦਕ ਖ਼ਾਲਸਾ ਨਿਊਜ਼
ਪਿਛਲੇ ਦਿਨਾਂ ਤੋਂ ਇੱਕ ਵੀਡੀਓ ਕਰਕੇ ਬਹੁਤ ਹਾਹਾਕਾਰ ਮਚਿਆ ਹੋਇਆ ਹੈ, ਜਿਸ ਵਿੱਚ ਮਿਸ਼ਨਰੀ ਕਾਲੇਜ ਦੇ ਪ੍ਰਬੰਧਕਾਂ ਤੇ ਉਨ੍ਹਾਂ ਦੇ ਮੁਲਾਜ਼ਮ ਪ੍ਰਚਾਰਕਾਂ ਅਤੇ ਬੱਚਿਆਂ ਨੇ “ਜਾਪੁ” ਦਾ ਪਾਠ ਕੀਤਾ ਹੈ। ਮਿਸ਼ਨਰੀ ਕਾਲੇਜ ਤੇ ਉਸਦੇ ਮੁਲਾਜ਼ਮ ਪ੍ਰਚਾਰਕ ਸਿਰਫ ਆਪਣੇ ਬਣਾਏ ਹੋਏ ਦਾਇਰੇ ਦੇ ਵਿੱਚ ਕੰਮ ਕਰਦੇ ਹਨ, ਗੁਰਬਾਣੀ ਦੇ ਅਨੁਸਾਰ ਚੱਲਣ ਦੀ ਗਲ ਕਰਦੇ ਹਨ, ਪਰ ਬੰਦਿਆਂ ਵੱਲੋਂ ਬਣਾਈ ਸਿੱਖ ਰਹਿਤ ਮਰਿਯਾਦਾ ਦੀ ਫੌੜੀ ਨਹੀਂ ਛਡਣਾ ਚਾਹੁੰਦੇ… ਇਹ ਨਹੀਂ ਕਿ ਇਨ੍ਹਾਂ ਨੂੰ ਪਤਾ ਨਹੀਂ ਕਿ ਅਖੌਤੀ ਦਸਮ ਗ੍ਰੰਥ ਸਾਰਾ ਹੀ ਗੁਰੂ ਦੀ ਕਿਰਤ ਨਹੀਂ … ਪਰ
ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ ॥ ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ ॥216॥ ਪੰਨਾਂ 1376
ਮਨ ਸਭ ਕੁਝ ਜਾਣਦਾ ਹੈ, ਪਰ ਉਹ ਜਾਣਦਾ ਹੋਇਆ ਭੀ ਪਾਪ ਕਰੀ ਜਾਂਦਾ ਹੈ। ਉਸ ਦੀਵੇ ਤੋਂ ਕੀਹ ਸੁਖ ਜੇ ਉਸ ਦੀਵੇ ਦੇ ਅਸਾਡੇ ਹੱਥ ਵਿਚ ਹੁੰਦਿਆਂ ਭੀ ਅਸੀਂ ਖੂਹ ਵਿਚ ਡਿੱਗ ਪਏ?
ਦੇ ਮਹਾਵਾਕ ਅਨੁਸਾਰ ਜਾਣਦਿਆਂ ਬੁਝਦਿਆਂ ਵੀ ਸਮਝੌਤਾਵਾਦੀ ਹੋ ਕੇ ਚਲਦੇ ਨੇ। ਖੈਰ, ਇਹ ਉਨ੍ਹਾਂ ਦੀ ਆਪਣੀ ਸਮਝ ਹੈ।
ਜਦੋਂ ਭਾਈ ਸਰਬਜੀਤ ਸਿੰਘ ਧੂੰਦਾ ਨੇ ਫਰਵਰੀ 2012 ‘ਚ ਅਖੌਤੀ ਜਥੇਦਾਰਾਂ ਤੋਂ ਮੁਆਫੀ ਮੰਗੀ ਸੀ, ਉਸ ਵੇਲੇ ਅਸੀਂ ਜਿਹੜੀਆਂ ਗੱਲਾਂ ਕਹੀਆਂ ਸੀ, ਉਹ ਗੱਲਾਂ ਬਹੁਤਾਤ ਲੋਕਾਂ ਦੇ ਹੁਣ ਸਮਝ ਪਈਆਂ ਹਨ। ਭਾਈ ਧੂੰਦਾ ਵੱਲੋਂ ਮੁਆਫੀ ਮੰਗਣ ਤੋਂ ਬਾਅਦ, ਕੀ ਉਨ੍ਹਾਂ ਦਾ ਵਿਰੋਧ ਬੰਦ ਹੋ ਗਿਆ? ਨਹੀਂ… ਕਿਉਂਕਿ ਵਿਰੋਧ ਭਾਈ ਧੂੰਦਾ ਦਾ ਨਹੀਂ, ਅਖੌਤੀ ਦਸਮ ਗ੍ਰੰਥ ਦੇ ਵਿਰੁੱਧ ਉਨ੍ਹਾਂ ਵੱਲੋਂ ਪ੍ਰਚਾਰ ਦਾ ਸੀ। ਵਿਰੋਧ ਤਾਂ ਬੰਦ ਨਹੀਂ ਹੋਇਆ, ਪਰ ਭਾਈ ਧੂੰਦਾ ਨੇ ਮੁਆਫੀ ਤੋਂ ਬਾਅਦ ਅਖੌਤੀ ਦਸਮ ਗ੍ਰੰਥ ਦੇ ਵਿਰੁੱਧ ਪ੍ਰਚਾਰ ਬਹੁਤ ਘੱਟ ਜਾਂ ਬੰਦ ਹੀ ਕਰ ਦਿੱਤਾ।
ਖੈਰ, ਇਸੇ ਲਈ ਹੀ ਖ਼ਾਲਸਾ ਨਿਊਜ਼ ਇਨ੍ਹਾਂ ਪ੍ਰਚਾਰਕਾਂ ਨੂੰ ਕਾਲੇਜ ਦੇ ਮੁਲਾਜ਼ਮ ਪ੍ਰਚਾਰਕ ਕਹਿੰਦੀ ਹੈ, ਨਾ ਕਿ ਗੁਰੂ ਦੇ ਪ੍ਰਚਾਰਕ।
ਬਾਕੀ ਰਹੀ ਜਾਪੁ ਦੇ ਪਾਠ ਦੀ ਗੱਲ… ਕੀ ਜਾਪੁ ਦਾ ਵਿਰੋਧ ਮਿਸ਼ਨਰੀ ਕਾਲੇਜ ਨੇ ਕਦੇ ਕੀਤਾ ? ਨਹੀਂ… ਉਹ ਤਾਂ ਦੋ ਕੁ ਮਹੀਨੇ ਪਿੱਛੇ ਸਾਰੇ ਮੁਲਾਜ਼ਮ ਪ੍ਰਚਾਰਕਾਂ ਨੇ ਇੱਕਠੇ ਹੋਕੇ ਬਿਆਨ ਦਿੱਤਾ ਸੀ ਕਿ ਉਹ ਸਿੱਖ ਰਹਿਤ ਮਰਿਆਦਾ ਨੂੰ ਇੰਨ ਬਿੰਨ ਮੰਨਦੇ ਹਨ। ਭਾਈ ਧੂੰਦਾ ਨੇ ਤਾਂ ਇੱਥੋਂ ਤੱਕ ਕਹਿ ਗਏ ਕਿ “ਸਾਡਾ ਉਨ੍ਹਾਂ ਲੋਕਾਂ ਨਾਲ ਕੋਈ ਸੰਬੰਧ ਨਹੀਂ, ਜਿਹੜੇ ਰਹਿਤ ਮਰਿਆਦਾ ਨੂੰ ਨਹੀਂ ਮੰਨਦੇ, ਅਤੇ ਜਿਹੜੇ ਇਸ ਤੋਂ ਅਗਾਂਹ ਲੰਘ ਗਏ ਨੇ”। ਪਰ ਕੀ ਵਿਰੋਧ ਬੰਦ ਹੋਇਆ ?
ਜਦੋਂ ਇਨ੍ਹਾਂ ਨੇ ਬਿਆਨ ਦੇ ਦਿੱਤਾ ਸੀ, ਕਿ ਮਿਸ਼ਨਰੀ ਕਾਲੇਜ ਅਤੇ ਮੁਲਾਜ਼ਮ ਪ੍ਰਚਾਰਕ ਨਿੱਤਨੇਮ ਦੀਆਂ ਸਾਰੀਆਂ ਰਚਨਾਵਾਂ ਨੂੰ ਮੰਨਦੇ ਹਾਂ, ਤਾਂ ਫਿਰ ਵਿਰੋਧ ਕਿਉਂ?
ਕਿੰਨੀ ਵਾਰੀ ਸਫਾਈਆਂ ਦਵੋਗੇ?
ਕੀ ਇਸ ਤਰ੍ਹਾਂ ਵਿਰੋਧ ਹੋਣਾ ਹੱਟ ਜਾਵੇਗਾ……… ???
ਵਿਰੋਧ ਉਦੋਂ ਹੀ ਹਟੇਗਾ, ਜਦੋਂ ਅਖੌਤੀ ਦਸਮ ਗ੍ਰੰਥ ਨੂੰ ਗੁਰਬਾਣੀ ਮੰਨੋਗੇ…. ਤੁਹਾਡੀ ਖਲਾਸੀ ਉਸ ਦਿਨ ਹੀ ਹੋਣੀ ਹੈ। ਬਚਿੱਤਰੀਆਂ ਨੂੰ ਚੁੱਪ ਕਰਵਾਉਣ ਲਈ ਕਿੰਨਾਂ ਥੱਲੇ ਡਿੱਗੋਗੇ ? ਚਰਿੱਤਰੋਪਾਖਿਆਨ ਨੂੰ ਬਾਣੀ ਨਹੀਂ ਮੰਨਦੇ, ਪਰ ਚੌਪਈ ਵੀ ਪੜ੍ਹੀ ਜਾਂਦੇ ਹਨ… ਇਹ ਦੋਗਲਾਪਨ ਕਿਉਂ? ਉਹੀ ਘਿਸਿਆ ਪਿਟਿਆ ਰਿਕਾਰਡ… ਸਿੱਖ ਰਹਿਤ ਮਰਿਆਦਾ… ਕੀ ਸਿੱਖ ਰਹਿਤ ਮਰਿਆਦਾ, ਗੁਰਬਾਣੀ ਹੈ? ਤੇ ਜਦੋਂ ਤੱਕ ਮਰਿਆਦਾ ਬਦਲੀ ਨਹੀਂ ਜਾਂਦੀ, ਇਹ ਗੁਰੂ ਨੂੰ ਮੂੰਹ ਚਿੜਾਉਂਦੇ ਰਹਿਣਗੇ ?
ਫੇਸਬੁਕ ‘ਤੇ ਇੱਕ ਵੀਰ ਦਾ ਕੁਮੈਂਟ ਬਹੁਤ ਸਾਰਥਕ ਹੈ:
“ਜਿੱਦਣ ਕੌਮ (ਦੇ ਕੁਝ ਬੰਦਿਆਂ) ਨੇ ਨਿਰਣਾ ਲਿਆ, ਬਈ ਸਵੇਰੇ ਗੁਰੂ ਗਰੰਥ ਸਾਹਿਬ ਤੋਂ ਬਾਹਰ ਦੀ “ਰਚਨਾ”, ਬਾਣੀ ਹੈ ਅਤੇ ਸ਼ਾਮ ਨੂੰ ਨਿਰਣਾ ਹੋਇਆ “ਰਚਨਾ”, ਬਾਣੀ ਨਹੀਂ।
– ਕੀ ਅਸੀਂ ਓਦਣ ਹੀ ਮੰਨਾਂਗੇ ਕਿ “ਰਚਨਾ”, ਬਾਣੀ ਨਹੀਂ ?
– ਕੀ ਗੁਰੂ ਗਰੰਥ ਸਾਹਿਬ ਦੀ ਬਾਣੀ / ਵੀਚਾਰਧਾਰਾ ਸਾਨੂੰ ਕੋਈ ਸੇਧ ਨਹੀਂ ਦਿੰਦੀ ?
ਜਿਨਾਂ ਦੇ ਕਬਜ਼ੇ ‘ਚ ਮਰਿਆਦਾ ਹੈ, ਉਹ ਕਦੀ ਵੀ ਤਬਦੀਲੀ ਨਹੀਂ ਹੋਣ ਦੇਣਗੇ, ਨਾ ਇਕਠੇ ਹੋਣਗੇ, ਨਾ ਕੌਮ ਇਕਠੀ ਹੋਣ ਦੇਣਗੇ।”
ਸ. ਸਿਕੰਦਰਜੀਤ ਸਿੰਘ ਦਾ ਕੁਮੈਂਟ ਬਹੁਤ ਸਟੀਕ ਹੈ : ਰੌਲਾ ਦਸਮ ਗਰੰਥ ਨੂੰ ਮੱਥਾ ਟਕਾਉਣ ਦਾ, ਰਹਿਤ ਮਰਿਯਾਦਾ ਤਾਂ ਬਹਾਨਾਂ, ਇਹਦੇ ਪਾਠ ਕਰਨ ਨਾਲ ਪਰਨਾਲਾ ਉਥੇ ਹੀ ਰਹਿਣਾਂ।
ਕੀ ਕਦੀ ਗੁਰਮਤਿ ਦਾ ਪ੍ਰਚਾਰ ਕਰਣ ਵਾਲੇ ਗੁਰੂ ਨੂੰ ਪੂਰਣ ਤੌਰ ‘ਤੇ ਸਮਰਪਿਤ ਵੀ ਹੋਣਗੇ ਜਾਂ ਸ਼੍ਰੋਮਣੀ ਕਮੇਟੀ ਦੀ ਮੋਹਤਾਜੀ ਹੀ ਕਰਦੇ ਰਹਿਣਗੇ? ਫਿਰ ਤਾਂ ਸ਼੍ਰੋਮਣੀ ਕਮੇਟੀ ਵੱਡੀ ਹੋਈ ਗੁਰੂ ਤੋਂ… ਕਿ ਨਹੀਂ?
ਹੁਣ ਤਾਂ ਇੱਕੋ ਗੱਲ ਰਹਿ ਗਈ ਹੈ, ਕਿ ਐਲਾਨ ਕਰ ਦਿਓ ਕਿ ਅਸੀਂ ਕਾਲੇਜ ਦੀ ਪ੍ਰਬੰਧਕਾਂ, ਸ਼ਰੋਮਣੀ ਕਮੇਟੀ ਦੇ ਹੁਕਮ ਅਦੂਲੀ ਨਹੀਂ ਕਰ ਸਕਦੇ… ਫਿਰ ਇਹ ਕਹਿਣਾ ਛੱਡ ਦਿਓ ਕਿ ਅਸੀਂ (ਮਿਸ਼ਨਰੀ) ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਪੂਰਣ ਗੁਰੂ ਮੰਨਦੇ ਹਾਂ…. ਕਿਉਂਕਿ ਇਹ ਕੋਰਾ ਝੂਠ ਹੈ, ਤੇ ਝੂਠ ਤੋਂ ਇਲਾਵਾ ਕੁੱਝ ਨਹੀਂ।
ਖ਼ਾਲਸਾ ਨਿਊਜ਼ ਨਹੀਂ ਕਹਿੰਦੀ ਕਿ ਤੁਸੀਂ ਸਾਡੇ ਕਹੇ ਨੂੰ ਸਹੀ ਕਹੋ ਜਾਂ ਮੰਨੋ, ਪਰ ਸੋਚੋ ਕਿ ਜਦੋਂ ਐਨੀ ਜਾਗਰੂਕਤਾ ਆ ਗਈ ਹੈ, ਤਾਂ ਫਿਰ ਕਿਸਦਾ ਇੰਤਜ਼ਾਰ ਕਰ ਰਹੇ ਹੋ? ਆਪਣੇ ਗੁਰੂ ਦੀ ਗੁਰਬਾਣੀ ਅਨੁਸਾਰ ਨਿਤਨੇਮ ਨਹੀਂ ਹੋ ਸਕਦਾ, ਪਾਹੁਲ ਤਿਆਰ ਨਹੀਂ ਹੋ ਸਕਦੀ, ਅਰਦਾਸ ਤਿਆਰ ਨਹੀਂ ਹੋ ਸਕਦੀ? ਜਾਂ ਤਾਂ ਕਹਿ ਦਿਓ ਕਿ ਗੁਰੂ ਅਧੂਰਾ ਹੈ, ਜਾਂ ਆਪਣੇ ਗੁਰੂ ਲਈ ਖੜਨਾ ਸਿੱਖੋ, ਤੇ ਲੱਤਾਂ ‘ਚ ਜ਼ੋਰ ਲਿਆਓ… ਨਹੀਂ ਤਾਂ ਜਿਨ੍ਹਾਂ ਨੇ ਰੌਲ਼ਾ ਪਾਉਣਾ ਹੈ, ਉਨ੍ਹਾਂ ਨੇ ਉਦੋਂ ਤੱਕ ਨਹੀਂ ਹੱਟਣਾ, ਜਦੋਂ ਤੱਕ ਮਿਸ਼ਨਰੀ ਅਖੌਤੀ ਦਸਮ ਗ੍ਰੰਥ ਨੂੰ ਗੁਰਬਾਣੀ ਕਹਿਣਾ ਨਹੀਂ ਸ਼ੁਰੂ ਕਰਦੇ…
ਹੁਣ ਭਾਂਵੇਂ ਜਾਪੁ ਦਾ ਪਾਠ ਕਰੋ, ਭਾਂਵੇਂ ਚੌਪਈ ਦਾ… ਉਨ੍ਹਾਂ ਨੇ ਨਹੀਂ ਹੱਟਣਾ… ਰੌਲਾ ਅਖੌਤੀ ਦਸਮ ਗ੍ਰੰਥ ਦਾ ਹੈ, ਨਾ ਕਿ ਜਾਪੁ ਦੇ ਪਾਠ ਦਾ !!!
ਹੁਣ ਤਾਂ ਸੁੱਖ ਨਾਲ ਗੁਰਪ੍ਰੀਤ ਕੈਲੀਫੋਰਨੀਆ ਵੀ ਖੁਸ਼ ਹੈ.. ਇਹੀ ਤਾਂ ਚਾਹੀਦਾ ਸੀ ਨਾ! ਅੱਗੇ ਕਹਿੰਦਾ ਸੀ ਮਿਸ+ਨਾਰੀ ਕਤੀੜ, ਤੇ ਹੁਣ ਮਿਸ਼ਨਰੀ ਵੀਰ!! ਵਾਹ ਪੈ ਗਿਆ ਨਾ ਫਰਕ !
…ਜੇ ਹੋਰ ਫਰਕ ਪਾਉਣਾ… ਤਾਂ ਕਰੋ “ਚੰਡੀ ਦੀ ਵਾਰ” ਦਾ ਪਾਠ, ਤੇ ਕਾਲੇਜ ਹਮੇਸ਼ਾ ਲਈ ਬੱਚ ਜਾਊਗਾ, ਸਟੇਜਾਂ ਵੀ ਖੂਬ, ਤੇ ਨਿਹੰਗ, ਟਕਸਾਲੀ ਸਾਰੇ ਤੁਹਾਡੇ ਆਲੇ ਦੁਆਲੇ, ਵਿਜ਼ਿਆਂ ਲਈ ਕੋਈ ਪਰੇਸ਼ਾਨੀ ਨਹੀਂ, ਘਰੇ ਬੈਠੇ ਵੀਜ਼ੇ… ਹੈ ਨਾ ਮੁਨਾਫੇ ਦਾ ਸੌਦਾ… ਜੇ ਨੱਚਣਾ ਹੀ ਹੈ ਤਾਂ ਖੁੱਲ ਕੇ ਨੱਚੋ… ਇਹ ਮੇਂਗਣਾ ਪਾ ਕੇ ਦੁੱਧ ਦੇਣ ਵਾਲਾ ਕੰਮ ਨਾ ਕਰੋ।
ਕਈਆਂ ਨੇ ਕਹਿਣਾ ਕਿ ਤੁਸੀਂ ਧੜੇਬਾਜ਼ੀ ਦੀਆਂ ਗੱਲਾਂ ਕਰਦੇ ਹੋ, ਉਨ੍ਹਾਂ ਨੂੰ ਸਾਫ ਕਰ ਦੇਈਏ ਕਿ ਭਾਈ ਸਾਡਾ ਤਾਂ ਇੱਕੋ ਧੜਾ ਹੈ :
ਜਿਨ੍ ਸਿਉ ਧੜੇ ਕਰਹਿ ਸੇ ਜਾਹਿ ॥ ਝੂਠੁ ਧੜੇ ਕਰਿ ਪਛੋਤਾਹਿ ॥
ਥਿਰੁ ਨ ਰਹਹਿ ਮਨਿ ਖੋਟੁ ਕਮਾਹਿ ॥ ਹਮ ਹਰਿ ਸਿਉ ਧੜਾ ਕੀਆ ਜਿਸ ਕਾ ਕੋਈ ਸਮਰਥੁ ਨਾਹਿ ॥2॥
ਤੇ ਹੁਣ ਤੁਸੀਂ ਦੇਖੋ ਕਿਹੜਾ ਧੜਾ ਚੁਣਨਾ ਹੈ “ਝੂਠੁ ਧੜੇ ਕਰਿ ਪਛੋਤਾਹਿ॥” ਵਾਲਾ, ਜਾਂ
“ਹਮ ਹਰਿ ਸਿਉ ਧੜਾ ਕੀਆ ਜਿਸ ਕਾ ਕੋਈ ਸਮਰਥੁ ਨਾਹਿ॥” ਵਾਲਾ !
ਚੋਣ ਤੁਹਾਡੀ!!!
ਅਸੀਂ ਮਿਸ਼ਨਰੀ ਕਾਲੇਜ ਦੇ ਮੁਲਾਜ਼ਮ ਪ੍ਰਚਾਰਕਾਂ ਦੇ ਵੈਰੀ ਨਹੀਂ, ਚੰਗੇ ਬੁਲਾਰੇ ਨੇ, ਜਿੱਥੇ ਐਨਾ ਪ੍ਰਚਾਰ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਹੈ, ਉਥੇ ਥੋੜਾ ਹੋਰ ਹੰਭਲਾ ਮਾਰੋ, ਤੇ ਤਗੜੇ ਹੋ ਕੇ ਗੁਰੂ ਨੂੰ ਪੂਰਣ ਸਮਰਪਿਤ ਹੋ ਕੇ, ਅਖੌਤੀ ਦਸਮ ਗ੍ਰੰਥ ਦੀਆਂ ਜੜ੍ਹਾਂ ਪੁੱਟ ਦਿਓ, ਆਉਣ ਵਾਲੀ ਪੀੜੀ ਯਾਦ ਰਖੇਗੀ।
ਜਵਾਬ:
ਸ਼ਾਇਦ ਕੁਝ ਲੋਕ ਮਿਸ਼ਨਰੀ ਵਿਚਾਰਧਾਰਾ ਨੂੰ ਨਹੀਂ ਸਮਝਦੇ, ਜਿਸ ਕਾਰਨ ਵਿਰੋਧ ਦਾ ਡਰ, ਵਾਰ ਵਾਰ ਦਿਖਾਉਂਦੇ ਹਨ। ਸਾਨੂੰ ਨਹੀਂ ਭੁਲਣਾ ਚਾਹੀਦਾ ਕਿ ਤੁਹਾਡੇ ਨਾਲ ਖੜੇ ਹੋਣ ਵਾਲੇ ਬੰਦੇ ਟਕਸਾਲੀਆਂ ਵਿਚੋਂ ਨਹੀਂ ਆਏ। ਪਰ ਤੁਹਾਡੇ ਵਾਙ ਸਾਡੀ ਕਲਮ ਤੁਹਾਡੀ ਯੋਗਤਾ ਨੂੰ ਨਹੀਂ ਲਲਕਾਰ ਰਹੀ, ਇਹ ਵੀ ਤੁਹਾਡਾ ਸਮਰਥਨ ਹੀ ਸਮਝੋ ਕਿਉਂਕਿ ਟਕਸਾਲੀਆਂ ਦੇ ਮੁਕਾਬਲੇ ਸਿਖੀ ਦਾ ਨੁਕਸਾਨ ਜਾਗਰੂਕ ਅਖਵਾਉਣ ਵਾਲਿਆਂ ਨੇ ਵੀ ਘੱਟ ਨਹੀਂ ਕੀਤਾ। ਦਸਮ ਗ੍ਰੰਥ ਤਾਂ ਬਹੁਤ ਛੋਟਾ ਮਸਲਾ ਹੈ, ਹੋ ਸਕਦਾ ਹੈ ਕਈਆਂ ਲਈ ਬਹੁਤ ਵੱਡਾ ਹੋਵੇ, ਜਿਸ ਨੂੰ 1 ਪ੍ਰਤੀਸ਼ਤ ਸਿੱਖ ਵੀ ਨਹੀਂ ਪੜਦੇ। ਗੁਰਮਤ ਗਿਆਨ ਮਿਸ਼ਨਰੀ ਕਾਲਜ ਦਾ ਵਿਰੋਧ ਜਿਸ ਅਧਾਰ ਉੱਤੇ ਹੋ ਰਿਹਾ ਹੈ, ਵੈਸਾ ਹੀ ਵਿਰੋਧ ਹੋਰ ਮਿਸ਼ਨਰੀ ਕਾਲਜਾਂ ਦਾ ਕਿਉਂ ਨਹੀਂ ਹੋ ਰਿਹਾ, ਇਸ ਬਾਰੇ ਵਿਸਥਾਰ ਦੇਣ ਦੀ ਜ਼ਰੂਰਤ ਨਹੀਂ।
ਗਿਆਨੀ ਅਵਤਾਰ ਸਿੰਘ (ਸੰਪਾਦਕ, ਮਿਸ਼ਨਰੀ ਸੇਧਾਂ)
26-9-2016