ਅਕਾਲ ਪੁਰਖ ਕੀ ਫੌਜ : ਖਾਲਸਾ

0
979

ਅਕਾਲ ਪੁਰਖ ਕੀ ਫੌਜ : ਖਾਲਸਾ

ਅਵਤਾਰ ਸਿੰਘ ਤੁੰਗਵਾਲੀ 98557-58064

ਅਕਾਲ ਪੁਰਖ – ਭਾਵ ਖੁਦ ਪ੍ਰਮਾਤਮਾ, ਦੁਨੀਆਂ ਦਾ ਸਿਰਜਣਹਾਰ, ਕਣ ਕਣ ਵਿੱਚ ਵਸਿਆ ਪ੍ਰਮਾਤਮਾ ਤੇ ਫੌਜ ਤੋਂ ਭਾਵ ਅਨਿਆਂ ਖਿਲਾਫ਼ ਲੜਨ ਵਾਲੀ ਇੱਕ ਖ਼ਾਸ ਕਿਸਮ ਅਤੇ ਖ਼ਾਸ ਅਧਿਕਾਰਾਂ ਵਾਲੀ ਟੁਕੜੀ। ਅਕਾਲ ਪੁਰਖ ਕੀ ਫੌਜ ਦਾ ਭਾਵ ਕਿਸੇ ਇੱਕ ਦੇਸ਼ ਜਾਂ ਇੱਕ ਧਰਮ ਜਾਂ ਕਿਸੇ ਖ਼ਾਸ ਫਿਰਕੇ ਜਾਂ ਇਲਾਕੇ ਨਾਲ ਸਬੰਧਤ ਨਹੀਂ ਬਲਕਿ ਜਿੱਥੋਂ ਤੱਕ ਅਕਾਲ ਪੁਰਖ ਦੀ ਪਹੁੰਚ ਹੈ ਤੇ ਜਿੱਥੋਂ ਤੱਕ ਅਕਾਲ ਪੁਰਖ ਭਾਵ ਪ੍ਰਮਾਤਮਾ ਦਾ ਬਲ ਹੈ, ਉੱਥੋਂ ਤੱਕ ਦੇ ਅਧਿਕਾਰਾਂ ਦੇ ਹੱਕ ਵਿੱਚ ਅਤੇ ਉੱਥੋਂ ਤੱਕ ਦੇ ਅਨਿਆਂ ਖਿਲਾਫ਼ ਲੜਨ ਵਾਲੀ ਫੌਜ, ਭਾਵ ਪਰਮਾਤਮਾ ਦਾ ਜੋਰ ਪੂਰੇ ਬ੍ਰਹਮੰਡ, ਪੂਰੇ ਵਿਸ਼ਵ ਅਤੇ ਅਕਾਸ ਪਾਤਾਲ ਅਤੇ ਕਿਣਕੇ ਕਿਣਕੇ ਉੱਪਰ ਹੈ ਇਸ ਲਈ ਇਸ ਫੌਜ ਦੀ ਸਾਜਨਾ ਵੀ ਇਨ੍ਹਾਂ ਸਭ ਦੀ ਰਾਖੀ ਲਈ ਕੀਤੀ ਗਈ ਹੈ। ਹੁਣ ਇਹ ਸਮਝਣਾ ਬਣਦਾ ਹੈ ਕਿ ਜਿਨ੍ਹਾਂ ਆਦਰਸ਼ਾਂ ਨੂੰ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਫੌਜ ਦੀ ਸਾਜਨਾ ਕੀਤੀ ਸੀ, ਕੀ ਉਹ ਉਨ੍ਹਾਂ ਆਦਰਸ਼ਾਂ ਉੱਪਰ ਚੱਲ ਕੇ ਵਿਸ਼ਵ ਭਰ ਵਿੱਚ ਆਪਣਾ ਬਣਦਾ ਯੋਗ ਅਕਸ ਕਾਇਮ ਕਰ ਸਕੀ ਹੈ?

ਵਿਸ਼ਵ ਭਰ ਵਿੱਚ ਹਰ ਦੇਸ਼ ਦੀ ਆਪਣੀ ਇੱਕ ਫੌਜ ਹੁੰਦੀ ਹੈ ਜੋ ਸਰਹੱਦਾਂ ਦੀ ਰਾਖੀ ਕਰਦੀ ਹੈ। ਉਸ ਫੌਜ ਦੀ ਗਿਣਤੀ ਹਰ ਦੇਸ ਨੇ ਆਪਣੇ ਖ਼ਤਰੇ ਅਤੇ ਵਿੱਤ ਮੁਤਾਬਿਕ ਸੀਮਤ ਰੱਖੀ ਹੋਈ ਹੁੰਦੀ ਹੈ। ਉਸ ਫੌਜ ਦਾ ਕੰਮ ਕਰਨ ਦਾ ਆਪਣਾ ਸੀਮਤ ਦਾਇਰਾ, ਅਧਿਕਾਰ ਅਤੇ ਫਰਜ਼ ਹੁੰਦੇ ਹਨ। ਇਸ ਤੋਂ ਇਲਾਵਾ ਸੰਸਾਰ ਭਰ ਵਿੱਚ ਕਈ-ਕਈ ਦੇਸ਼ਾਂ ਨੇ ਰਲ ਕੇ ਸਾਂਝੀਆਂ ਸ਼ਾਂਤੀ ਸੈਨਾਵਾਂ ਦਾ ਵੀ ਗਠਨ ਕੀਤਾ ਹੈ ਜੋ ਇੱਕ ਦੂਸਰੇ ਦੇਸ਼ ਵਿੱਚ ਜਾ ਕੇ ਉਨ੍ਹਾਂ ਦੀ ਸਹਾਇਤਾ ਕਰਦੀਆਂ ਹਨ। ਭਾਵ ਕਿ ਦੁਨੀਆਂ ਭਰ ਵਿੱਚ ਗਠਿਤ ਕੀਤੀਆਂ ਫੌਜਾਂ ਦੇ ਵੀ ਆਪਣੇ ਆਪਣੇ ਸੀਮਤ ਅਧਿਕਾਰ ਖੇਤਰ ਹੁੰਦੇ ਹਨ ਜਿੱਥੋਂ ਤੱਕ ਉਹ ਜਾ ਸਕਦੀਆਂ ਹਨ ਪਰ ਅਕਾਲ ਪੁਰਖ ਕੀ ਫੌਜ ਜੋ ਖੁਦ ਪ੍ਰਮਾਤਮਾ ਨੇ ਗਠਿਤ ਕੀਤੀ ਹੈ, ਦਾ ਅੱਜ ਤੱਕ ਉਹ ਮੁਕਾਮ ਨਹੀਂ ਬਣ ਸਕਿਆ ਜੋ ਬਣਨਾ ਚਾਹੀਦਾ ਸੀ: ‘‘ਖ਼ਾਲਸਾ ਮੇਰੀ ਜਾਤ ਅਰ ਪਤ॥ ਖ਼ਾਲਸਾ ਸੋ ਮਾ ਕੋ ਉਤਪਤ॥’’

ਖ਼ਾਲਸੇ ਦੇ ਸਿਰਜਨਹਾਰ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਜਿਨ੍ਹਾਂ ਜਿਨ੍ਹਾਂ ਆਦਰਸ਼ਾਂ ਨੂੰ ਲੈ ਕੇ ਖ਼ਾਲਸਾ ਫੌਜ ਕਾਇਮ ਕੀਤੀ ਸੀ, ਸ਼ਾਇਦ ਉਹ ਆਦਰਸ਼ ਅੱਜ ਬਹੁਤ ਬਹੁਤ ਪਿੱਛੇ ਰਹਿ ਗਏ ਹਨ ਤੇ ਸਾਡੀਆਂ ਸੰਸਥਾਵਾਂ ਅਤੇ ਸਾਡੇ ਆਗੂ ਅੱਜ ਕੋਈ ਪ੍ਰਭਤਾ, ਲਾਲਸਾ, ਵੱਸ ਹੋ ਕੇ ਜਾਣੋ ਖ਼ਾਲਸਾ ਫੌਜ ਦੇ ਵਜੂਦ ਅਤੇ ਇਸ ਦੇ ਸਿਧਾਂਤਾਂ ਪ੍ਰਤੀ ਬਹੁਤ ਹੀ ਅਵੇਸਲੇ ਹੋਏ ਪਏ ਹਨ। ਕਲਗੀਆਂ ਵਾਲੇ ਪਾਤਿਸ਼ਾਹ ਨੇ 1699 ਦੀ ਵਿਸਾਖੀ ਵਾਲੇ ਦਿਨ ਭਰੇ ਦੀਵਾਨ ਵਿੱਚ ਜਿਸ ਤਰ੍ਹਾਂ ਵਾਰੀ ਵਾਰੀ ਪੰਜ ਸਿਰਾਂ ਦੀ ਮੰਗ ਕੀਤੀ ਤੇ ਇਹ ਸਿਰ ਵੀ ਕਿਸੇ ਖ਼ਾਸ ਜਾਤ ਜਾਂ ਕਿਸੇ ਖ਼ਾਸ ਫਿਰਕੇ ਦੇ ਨਹੀਂ ਬਲਕਿ ਉਸ ਸਮੇਂ ਦੇ ਸਮਾਜ ਵੱਲੋਂ ਲਿਤਾੜੇ, ਵਿਸਾਰੇ, ਦੁਰਕਾਰੇ ਵਰਗਾਂ ਦੇ ਸਨ, ਜੋ ਕਿਸੇ ਅਲੋਕਾਰੀ ਘਟਨਾ ਤੋਂ ਘੱਟ ਨਹੀਂ ਸੀ। ਵਾਕਈ ਗੁਰੂ ਸਾਹਿਬ ਇੱਕ ਖਾਸ ਫੌਜ ਦੀ ਸਿਰਜਨਾ ਕਰ ਰਹੇ ਸਨ ਤਾਂ ਜਾਹਿਰ ਹੈ ਕਿ ਇਹ ਕਿਸੇ ਬੰਧਨ, ਦਾਇਰੇ, ਲਕੀਰ ਜਾਂ ਫਿਰ ਕਿਸੇ ਪ੍ਰਚੱਲਤ ਖ਼ਾਸ ਮਰਯਾਦਾ ਵਿੱਚ ਰਹਿ ਕੇ ਨਹੀਂ ਹੋ ਸਕਦੀ ਸੀ। ਇਸ ਲਈ ਗੁਰੂ ਸਾਹਿਬ ਨੇ ਪਿਛਲੀਆਂ ਸਾਰੀਆਂ ਮਰਯਾਦਾਵਾਂ ਨੂੰ ਨਵਾਂ ਰੂਪ ਦਿੰਦਿਆਂ ਇਨ੍ਹਾਂ ਵੱਖ ਵੱਖ ਜਾਤਾਂ ਦੇ ਸਿੰਘਾਂ ਜੋ ਬਾਅਦ ਵਿੱਚ ਪੰਜ ਪਿਆਰੇ ਅਖਵਾਏ, ਅੰਮਿ੍ਰਤਪਾਨ ਕਰਵਾ ਕੇ ਸਦਾ ਲਈ ਖ਼ਾਲਸਾ ਫੌਜ ਦੇ ਜਨਰਲ ਨਿਯੁਕਤ ਕਰ ਦਿੱਤੇ ਤੇ ਖੁਦ ਉਨ੍ਹਾਂ ਅੱਗੇ ਕਿਸੇ ਨਿਮਾਣੇ ਵਾਂਗੂ ਗੋਡਣੀਆਂ ਭਾਰ ਹੋ ਕੇ ਅੰਮਿ੍ਰਤ ਦੀ ਦਾਤ ਮੰਗਣ ਲੱਗੇ। ਇਹ ਉਸ ਸਮੇਂ ਸੰਸਾਰ ਦੀ ‘ਆਪੇ ਗੁਰੁ ਚੇਲਾ’ ਵਾਲੀ ਇੱਕ ਅਲੌਕਿਕ ਘਟਨਾ ਸੀ ਤੇ ਇਸ ਤੋਂ ਪਹਿਲਾਂ ਸੰਸਾਰ ਵਿੱਚ ਕਿਧਰੇ ਵੀ ਅਜਿਹੀ ਫੌਜ ਦੀ ਸਥਾਪਨਾ ਨਹੀਂ ਹੋਈ ਸੀ। ਇਸ ਫੌਜ ਦੇ ਹਰ ਸਿਪਾਹੀ ਦਾ ਪਿਤਾ ਗੁਰੂ ਗੋਬਿੰਦ ਸਿੰਘ ਅਤੇ ਮਾਤਾ ਸਾਹਿਬ ਕੌਰ ਹੈ ਤੇ ਹਰ ਸਿਪਾਹੀ ਦਾ ਜਨਮ ਸਥਾਨ ਸ਼੍ਰੀ ਆਨੰਦਪੁਰ ਸਾਹਿਬ ਹੈ। ਧੰਨ ਹਨ ਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਨੇ ਉਸ ਸਮੇਂ ਇਸ ਨੂੰ ਆਪਣੀ ਨਹੀਂ ਬਲਕਿ ‘ਅਕਾਲ ਪੁਰਖ ਕੀ ਫੌਜ’ ਆਖਿਆ: ‘‘ਖ਼ਾਲਸਾ ਅਕਾਲ ਪੁਰਖ ਕੀ ਫ਼ੌਜ ॥ ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ ॥’’

ਅਸੀਂ ਖ਼ਾਲਸਾ ਸਾਜਨਾ ਦਿਵਸ ਭਾਵ ‘ਖਾਲਸਾ ਫੌਜ ਸਥਾਪਨਾ ਦਿਵਸ’ ਹਰ ਵਰ੍ਹੇ 1 ਵਿਸਾਖ ਨੂੰ ਮਨਾਉਂਦੇ ਹਾਂ ਪਰ ਕੁੱਝ ਗੱਲਾਂ ਹਨ ਜੋ ਅੱਜ ਰੜਕਦੀਆਂ ਹਨ। ਗੁਰੂ ਦਸਮ ਪਾਤਿਸ਼ਾਹ ਨੇ ਇੱਕੋ ਅੰਮ੍ਰਿਤ ਬਣਾਇਆ ਸੀ ਤੇ ਬਿਨ੍ਹਾਂ ਕੋਈ ਜਾਤ ਪਾਤ, ਰੰਗ, ਨਸਲ ਆਦਿ ਪੁੱਛੇ ਹਰ ਵਿਅਕਤੀ ਨੂੰ ਛਕਾ ਕੇ ਅਕਾਲ ਪੁਰਖ ਕੀ ਫੌਜ ਵਿੱਚ ਸ਼ਾਮਲ ਕੀਤਾ ਸੀ। ਅੱਗੋਂ ਪੰਜ ਪਿਆਰਿਆਂ ਦੁਆਰਾ ਵਿਧੀ ਵਿਧਾਨ ਅਨੁਸਾਰ ਅੰਮ੍ਰਿਤ ਤਿਆਰ ਕਰਕੇ ਸੰਗਤ ਨੂੰ ਛੁਕਾਉਣ ਦਾ ਹੁਕਮ ਕੀਤਾ ਪਰ ਅਫਸੋਸ! ਅੱਜ ਜਿੰਨੇ ਧੜੇ ਉਤਨੇ ਅੰਮ੍ਰਿਤ ਬਣਾਈ ਬੈਠੇ ਹਨ। ਗੁਰੂ ਦਸਮ ਪਾਤਿਸ਼ਾਹ ਨੇ ਖ਼ਾਲਸਾ ਫੌਜ ਨੂੰ ਆਪਣੀ ਫੌਜ ਨਹੀਂ ਕਿਹਾ ਪਰ ਅੱਜ ਹਰ ਬਾਬਾ ਆਪਣੇ ਆਪਣੇ ਰੰਗਾਂ ਦੇ ਗਾਤਰੇ, ਆਪਣੀਆਂ ਖ਼ਾਸ ਰੰਗ ਦੀਆਂ ਦਸਤਾਰਾਂ ਅਤੇ ਆਪਣੀ ਆਪਣੀ ਮਰਯਾਦਾ ਬਣਾਈ ਬੈਠਾ ਹੈ ਤੇ ਖ਼ਾਲਸਾ ਫੌਜ ਦੇ ਆਦਰਸ਼ਾਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਜਾਪਦਾ ਹੈ। ਅੱਜ ਇਹ ਬਾਬੇ ਆਪਣੇ ਡੇਰਿਆਂ ਵਿੱਚ ਆਪਣੇ ਸਿੱਖ ਬਣਾਉਣ ਲਈ ਨਾਮ ਦਾ ਅੰਮ੍ਰਿਤ ਤਾਂ ਛਕਾਉਂਦੇ ਹਨ ਪਰ ਇਹ ਕਦੇ ਖ਼ਾਲਸਾ ਸਾਜਨਾ ਦਿਵਸ ਜਾਂ ‘ਖਾਲਸਾ ਫੌਜ ਸਥਾਪਨਾ ਦਿਵਸ’ ਨਹੀਂ ਮਨਾਉਂਦੇ, ਨਾ ਹੀ ਇਹ ਕੋਈ ਗੁਰਪੁਰਬ ਮਨਾਉਂਦੇ ਹਨ। ਆਹ ਹੁਣ ਇਨ੍ਹਾਂ ਨੇ ਨਵਾਂ ਰਿਵਾਜ ਚਲਾ ਦਿੱਤਾ ਹੈ। ਅਕੇ ਜੀ ਫਲਾਣੇ ਵੱਡੇ ਬਾਬੇ ਦੀ ਬਰਸੀ ਮਨਾਈ ਜਾ ਰਹੀ ਹੈ ਤੇ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਗੁਰਮਤਿ ਸਮਾਗਮ ਕੀਤਾ ਜਾ ਰਿਹਾ ਹੈ। ਭਾਵ ਗੁਰੂ ਨਾਨਕ ਦਾ ਨਾਮ ਵਰਤ ਕੇ ਬਰਸੀ ਆਪਣੇ ਬਾਬੇ ਦੀ ਮਨਾ ਰਹੇ ਹਨ। ਕਿੱਡਾ ਵੱਡਾ ਧੋਖਾ ਕੀਤਾ ਜਾ ਰਿਹਾ ਹੈ ਸਿੱਖਾਂ ਨਾਲ, ਪਰ ਸਾਡੇ ਭੋਲੇ ਭਾਲੇ ਸਿੱਖ ਮੱਛੀ ਵਾਂਗ ਇਨ੍ਹਾਂ ਦੀ ਕੁੰਡੀ ਵਿੱਚ ਫਸ ਜਾਂਦੇ ਹਨ। ਬਾਬੇ ਨਾਨਕ ਦਾ ਨਾਮ ਵਰਤ ਕੇ ਆਪਣੇ ਡੇਰੇ ਨਾਲ ਜੋੜਨ ਲਈ ਮਛਲੀ ਫੜ੍ਹਨ ਲਈ ਕੁੰਡੀ ਪਾਉਣਾ ਹੀ ਹੈ। ਅੱਜ ‘ਅਕਾਲ ਪੁਰਖ ਕੀ ਫੌਜ’ ਦੀ ਹਾਲਤ ਇਹ ਹੈ ਕਿ ਇਸ ਨੂੰ ਵਿਸ਼ਵ ਵਿੱਚ ਤਾਂ ਕੀ ਭਾਰਤ ਵਿੱਚ ਵੀ ਲੋਕ ਪਛਾਨਣੋਂ ਹਟ ਗਏ ਹਨ। ਇੱਕ ਆਮ ਪ੍ਰਚੱਲਤ ਗੱਲ ਹੈ ਕਿ ਲਹੌਰ ਸਟੇਸ਼ਨ ’ਤੇ ਇੱਕ ਮੁਸਲਮਾਨ ਆਪਣੀ 18 ਸਾਲਾਂ ਦੀ ਧੀ ਦੀ ਬਾਂਹ ਫੜ੍ਹੀ ਰੇਲ ਗੱਡੀ ਵਿੱਚ ਇੱਕ ਡੱਬੇ ਤੋਂ ਦੂਜੇ ਡੱਬੇ, ਦੂਜੇ ਤੋਂ ਤੀਜੇ, ਕਾਹਲੀ ਕਾਹਲੀ ਭੱਜਿਆ ਫਿਰਦਾ ਸੀ। ਕਿਸੇ ਨੇ ਪੁੱਛਿਆ ਮੀਆਂ ਜੀ ਕੀ ਗੱਲ ਇਸ ਤਰ੍ਹਾਂ ਕਿਉਂ ਭੱਜੇ ਫਿਰਦੇ ਹੋ? ਮੀਆਂ ਜੀ ਕਹਿੰਦੇ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਕੋਈ ਸਿੱਖ ਲੱਭਦਾ ਹਾਂ, ਇਸ ਲੜਕੀ ਨੂੰ ਬੰਬੇ ਭੇਜਣਾ ਹੈ। ਭਾਵ ਭਰੀ ਰੇਲ ਗੱਡੀ ਵਿੱਚ ਉਹ ਇੱਕ ਗੁਰੂ ਕੇ ਸਿੱਖ ਨੂੰ ਲੱਭ ਰਿਹਾ ਹੈ ਜਿਸ ਉੱਪਰ ਉਸ ਨੂੰ ਇਤਨਾ ਭਰੋਸਾ ਸੀ ਕਿ ਉਸ ਦੀ ਲੜਕੀ ਸਹੀ ਸਲਾਮਤ ਬੰਬੇ ਪਹੁੰਚ ਜਾਵੇਗੀ ਤੇ ਉਹ ਘਰ ਜਾ ਕੇ ਸਿਰ ਥੱਲੇ ਬਾਂਹ ਰੱਖ ਕੇ ਆਰਾਮ ਨਾਲ ਸੌਂ ਜਾਵੇਗਾ, ਪਰ ਅੱਜ ਸਾਡੇ ਸਿੱਖਾਂ ਦਾ ਕਿਰਦਾਰ ਹੀ ਇਤਨਾ ਨੀਵਾਂ ਹੋ ਗਿਆ ਕਿ ਕੋਈ ਤਾਂ ਕੀ, ਉਸ ’ਤੇ ਆਪਣੇ ਵੀ ਵਿਸ਼ਵਾਸ਼ ਨਹੀਂ ਕਰਦੇ। ਕੋਈ ਸਮਾਂ ਸੀ ਜਦ ਅਦਾਲਤਾਂ ਵਿੱਚ ਇੱਕ ਅੰਮ੍ਰਿਤਧਾਰੀ ਸਿੱਖ ਦੀ ਗਵਾਹੀ ਉੱਪਰ ਹੀ ਜੱਜ ਫੈਸਲਾ ਸੁਣਾ ਦਿੰਦਾ ਸੀ ਪਰ ਅੱਜ ਤਾਂ ਅਦਾਲਤਾਂ ਵੀ ਕਹਿ ਰਹੀਆਂ ਹਨ ਕਿ ਸਿੱਖ ਗਾਤਰਾ ਪਾ ਕੇ ਗਵਾਹੀ ਹੀ ਨਹੀਂ ਦੇ ਸਕਦਾ ਪਰ ਅੱਜ ਸਾਡੇ ਜਥੇਦਾਰ ਚੁੱਪ ਹਨ ਤੇ ਸਾਡੇ ਸਿੱਖਾਂ ਦਾ ਖੂਨ ਇੱਕ ਦਮ ਠੰਡਾ ਹੋ ਗਿਆ ਹੈ। ਅਸਲ ਵਿੱਚ ਗ਼ਰਮ ਖ਼ੂਨ ਵਾਲੇ ਸਿੱਖ ਅਸੀਂ ਪੰਥ ਵਿੱਚੋਂ ਬਾਹਰ ਕਰ ਦਿੱਤੇ ਹਨ ਜੋ ਡੇਰਿਆਂ ਦੇ ਲੜ ਲੱਗ ਗਏ। ਭਾਵ ਨਿੱਕ ਸੁੱਕ ਸਮਝੀਆਂ ਜਾਂਦੀਆਂ ਅਖੌਤੀ ਜਾਤਾਂ ਵਿੱਚੋਂ ਕਲਗੀਆਂ ਵਾਲੇ ਪਾਤਿਸ਼ਾਹ ਨੇ ਖ਼ਾਲਸਾ ਸਾਜਿਆ ਸੀ ਤੇ ਚਿੜੀਆਂ ਨੂੰ ਬਾਜਾਂ ਨਾਲ ਲੜਨ ਦੀ ਸ਼ਕਤੀ ਬਖਸ਼ੀ ਸੀ ਪਰ ਅੱਜ ਇਹ ਸ਼ਕਤੀ ਅਸੀਂ ਗੁਆ ਲਈ ਹੈ। ਇਹ ਸ਼ਕਤੀ ਅੱਜ ਡੇਰਿਆਂ ਵਿੱਚ ਜਾ ਕੇ ਅਤੇ ਨਸ਼ਿਆਂ ਵਿੱਚ ਗ਼ਲਤਾਨ ਹੋ ਕੇ ਆਪਣੀ ਸ਼ਕਤੀ ਭੁੱਲ ਬੈਠੀ ਹੈ।

ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਅਜਿਹੇ ਖਾਲਸੇ ਲਈ ਵੀ ਹੁਕਮ ਕੀਤਾ :

ਜਬ ਲਗ ਖ਼ਾਲਸਾ ਰਹੇ ਨਿਆਰਾ ॥ ਤਬ ਲਗ ਤੇਜ ਦੀਉ ਮੈਂ ਸਾਰਾ ॥
ਜਬ ਇਹ ਗਹੈ ਬਿਪਰਨ ਕੀ ਰੀਤ ॥ ਮੈਂ ਨ ਕਰੋਂ ਇਨ ਕੀ ਪ੍ਰਤੀਤ ॥

ਇਹੀ ਕਾਰਨ ਹੈ ਕਿ ਜਦ ਗੁਰੂ ਕੀਆਂ ਫੌਜਾਂ ਨੂੰ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਘੇਰਾ ਪਿਆ ਤਾਂ ਤਨਖ਼ਾਹਾਂ ਲੈਣ ਵਾਲੇ ਸਿੱਖ ਭੁੱਖ ਪਿਆਸ ਨੂੰ ਨਾ ਸਹਾਰਦੇ ਹੋਏ ਬੇਦਾਵਾ ਦੇ ਕੇ ਘਰੋ ਘਰੀਂ ਚਲੇ ਗਏ ਪਰ ਬਿਨ ਤਨਖ਼ਾਹਾਂ ਲੜਨ ਵਾਲਾ ਅਸਲ ਖ਼ਾਲਸਾ ਭੁੱਖੇ ਭਾਣੇ ਵੀ ਗੁਰੂ ਸਾਹਿਬ ਜੀ ਨਾਲ ਡਟਿਆ ਰਿਹਾ। ਜਿਸ ਚਮਕੌਰੇ ਜਿਮੀਂਦਾਰ ਨੇ ਮੁਗਲ ਹਕੂਮਤ ਦੇ ਵਿਰੁਧ ਡਟ ਕੇ ਲੜਨ ਲਈ ਗੁਰੂ ਸਾਹਿਬ ਜੀ ਨੂੰ ਆਪਣੀ ਹਵੇਲੀ ਦਿੱਤਾ ਸੀ, ਉਸ ਚਮਕੌਰੇ ਦੇ ਨਾਮ ਉੱਪਰ ਹੀ ‘ਚਮਕੌਰ ਸਾਹਿਬ’ ਸ਼ਹਿਰ ਵਸਾਇਆ ਗਿਆ ਅਤੇ ਤਨਖ਼ਾਹਾਂ ਲੈ ਕੇ ‘ਬੇਦਾਵਾ’ ਦੇ ਕੇ ਘਰੋ ਘਰੀਂ ਗਏ 40 ਸਿੱਖ, ਜੋ ਮਾਈ ਭਾਗੋ ਵਰਗੀਆਂ ਮਹਾਨ ਸਿੱਖਣੀਆਂ ਦੀਆਂ ਵੰਗਾਰਾਂ ਸੁਣ ਕੇ ਮੁੜ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਆ ਰਲੇ ਤੇ ਖਿਦਰਾਣੇ ਦੀ ਢਾਬ ’ਤੇ ਹੋ ਰਹੀ ਜੰਗ ਵਿੱਚ ਸ਼ਾਮਲ ਹੋ ਕੇ, ਬਿਨ ਤਨਖ਼ਾਹਾਂ ਲੜਨ ਵਾਲੇ ਸਿੱਖਾਂ ਦੇ ਨਾਲ ਹੀ ਜੰਗ ਵਿੱਚ ਸ਼ਹੀਦ ਹੋ ਗਏ, ਉਨ੍ਹਾਂ ਤਮਾਮ ਗੁਰੂ ਨੂੰ ਸਮਰਪਤ ਸਿੱਖਾਂ ਦੇ ਨਾਮ ’ਤੇ ਹੀ ਸ਼ਹਿਰ ਦਾ ਨਾਮ ਸ਼੍ਰੀ ਮੁਕਤਸਰ ਸਾਹਿਬ ਰੱਖਿਆ ਗਿਆ। ਇਹੀ ਕਾਰਨ ਹੈ ਕਿ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਲਗੀਆਂ ਵਾਲੇ ਪਾਤਿਸ਼ਾਹ ਦੁਆਰਾ ਬਖਸ਼ਿਆ ਨਿਰਮਲ ਪੰਥ ਖ਼ਾਲਸਾ, ਅਸੀਂ ਕਿਧਰੇ ਗੁਆ ਲਿਆ ਹੈ ਜਿਸ ਕਾਰਨ ਅਸੀਂ ਅੱਜ ਭਟਕ ਗਏ ਹਾਂ।

ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੱਕ ਖਾਲਸਾ ਫੌਜਾਂ ਨੇ ਆਪਣੇ ਜੌਹਰ ਦਿਖਾਏ ਅਤੇ ਸੰਸਾਰ ਭਰ ਵਿੱਚ ਨਾਮ ਚਮਕਾਇਆ। ਆਸਟ੍ਰੇਲੀਆ ਦੀ ਇੱਕ ਏਜੰਸੀ ‘ਬਿਲੀਅਨਏਅਰਜ਼ ਆਸਟ੍ਰੇਲੀਆ’ ਨੇ ਸੰਸਾਰ ਦੇ ਸਭ ਤੋਂ ਬਹਾਦਰ 10 ਵਿਅਕਤੀਆਂ ਦੀ ਚੋਣ ਲਈ ਇੱਕ ਸਰਵੇਖਣ ਕਰਵਾਇਆ ਜਿਸ ਵਿੱਚ ਸਿੱਖ ਫੌਜ ਭਾਵ ‘ਅਕਾਲ ਪੁਰਖ ਕੀ ਫੌਜ’ ਦੇ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਨੇ ਹੁਣ ਤੱਕ ਦੇ ਪੂਰੇ ਸੰਸਾਰ ਨੂੰ ਪਛਾੜਦਿਆਂ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਆਪਣੇ ਸਮਿਆਂ ਵਿੱਚ ਸਭ ਤੋਂ ਬਹਾਦਰ ਸਮਝੇ ਜਾਂਦੇ ਚੰਗੇਜ ਖ਼ਾਨ ਨੇ ਦੂਜਾ ਤੇ ਅਲੈਗਜੈਂਡਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਹ ਸਰਵੇਖਣ ਦੇਖ ਕੇ ਸਾਡੇ ਸਿੱਖਾਂ ਦੇ ਸੀਨੇ 56-56 ਇੰਚ ਚੌੜੇ ਹੋ ਗਏ ਹੋਣਗੇ। ਇਸ ਤੋਂ ਪਤਾ ਚਲਦਾ ਹੈ ਕਿ ਉਸ ਸਮੇਂ ਤੱਕ ਅਕਾਲ ਪੁਰਖ ਕੀ ਫੌਜ ਨੇ ਆਦਰਸ਼ ਅਪਣਾਏ ਹੋਏ ਸਨ ਤੇ ਵਾਕਈ ਗੁਰੂ ਗੋਬਿੰਦ ਸਿੰਘ ਦੁਆਰਾ ਬਖਸ਼ਿਆ ਨਾਮ ‘ਅਕਾਲ ਪੁਰਖ ਕੀ ਫੌਜ’ ਪੂਰੀ ਤਰ੍ਹਾਂ ਵਾਜਬ ਅਤੇ 100 ਫੀਸਦੀ ਸੱਚ ਹੈ ਪਰ ਸਮੇਂ ਦੀ ਢਾਲ ਦੇ ਨਾਲ ਨਾਲ ਅੱਜ ਇਸ ਫੌਜ ਦਾ ਵਜੂਦ ਵੀ ਖ਼ਤਰੇ ਵਿੱਚ ਪਿਆ ਜਾਪ ਰਿਹਾ ਹੈ। ਅੱਜ ਹਰ ਸਿਆਸੀ ਲੀਡਰ ਤੇ ਸਿੱਖ ਆਗੂ ਇਤਿਹਾਸ ਸੁਣਾ ਸੁਣਾ ਕੇ ਆਪਣੀ ਪਿੱਠ ਥਪ-ਥਪਾਉਂਦੇ ਹਨ ਪਰ ਇਸ ਅਕਾਲ ਪੁਰਖ ਕੀ ਫੌਜ ਦੀ ਹੋਂਦ ਹਸਤੀ ਬਚਾਉਣ ਲਈ ਕੁੱਝ ਵੀ ਕਰਦੇ ਨਜ਼ਰ ਨਹੀਂ ਆਉਂਦੇ। ਹੋਰ ਤਾਂ ਕੀ, ਦਿਨੋ ਦਿਨ ਸਿਰ ਚੁੱਕੀ ਜਾਂਦੇ ਸਿੱਖੀ ਦੇ ਵਿਰੋਧੀ ਡੇਰਿਆਂ ਖਿਲਾਫ਼ ਸਾਡੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਕੁੱਝ ਨਹੀਂ ਕਰਦੀ ਬਲਕਿ ਇਨ੍ਹਾਂ ਦੇ ਸਮਾਗਮਾਂ ਵਿੱਚ ਜਾ ਕੇ ਸਿਰੋਪੇ ਜ਼ਰੂਰ ਪਵਾ ਲੈਂਦੇ ਹਨ। ਕਈ ਵਾਰੀ ਤਾਂ ਸੋਨੇ ਦੇ ਕੜਿਆਂ ਨਾਲ ਵੀ ਸਨਮਾਨ ਕਰਵਾ ਲੈਂਦੇ ਹਨ ਜਦਕਿ ਗੁਰਬਾਣੀ ਇਸ ਨੂੰ ਕੂੜ ਭਾਵ ਕੂੜਾ, ਝੂਠਾ ਕਹਿ ਰਹੀ ਹੈ।

‘‘ਕੂੜੁ ਸੁਇਨਾ ਕੂੜੁ ਰੁਪਾ ਕੂੜੁ ਪੈਨ੍ਹਣਹਾਰੁ ॥ ਕੂੜੁ ਕਾਇਆ ਕੂੜੁ ਕਪੜੁ, ਕੂੜੁ ਰੂਪੁ ਅਪਾਰੁ ॥
ਨਾਨਕੁ ਵਖਾਣੈ ਬੇਨਤੀ, ਤੁਧੁ ਬਾਝੁ ਕੂੜੋ ਕੂੜੁ ॥’’ (468 ਰਾਗ ਆਸਾ)

ਇਨ੍ਹਾਂ ਆਗੂਆਂ ਦੇ ਸਾਹਮਣੇ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੁੰਦੀ ਹੈ, ਜਾਤ ਪਾਤੀ ਵਿਤਕਰਾ ਹੋ ਰਿਹਾ ਹੁੰਦਾ ਹੈ, ਵੱਖਰੀਆਂ ਪੰਗਤਾਂ ਵਿੱਚ ਲੰਗਰ ਛਕਾਇਆ ਜਾ ਰਿਹਾ ਹੁੰਦਾ ਹੈ, ਪਰ ਉਸ ਸਮੇਂ ਇਨ੍ਹਾਂ ਦੀ ਜ਼ੁਬਾਨ ਉੱਪਰ ਤਾਲੇ ਲੱਗੇ ਹੁੰਦੇ ਹਨ। ਪਤਾ ਨਹੀਂ ਕਿਉਂ ਅੱਜ ਹਰ ਆਗੂ ਡਰ ਡਰ ਕੇ ਬੋਲਦਾ ਹੈ ਕਿ ਕਿਤੇ ਖੱਬੇ ਪਾਸੇ ਵਾਲਾ ਨਾ ਗੁੱਸੇ ਹੋ ਜਾਵੇ ਜਾਂ ਆਹ ਸੱਜੇ ਪਾਸੇ ਵਾਲਾ ਨਾ ਮੂੰਹ ਮੋੜ ਜਾਵੇ ਪਰ ਸੱਚ ਮੂੰਹ ਮੋੜ ਜਾਵੇ, ਇਸ ਦਾ ਕੋਈ ਫ਼ਿਕਰ ਨਹੀਂ। ਅੱਜ ਹਰ ਪਿੰਡ ਸ਼ਹਿਰ ਵਿੱਚ ਵੱਖ ਵੱਖ ਜਾਤਾਂ ਦੇ ਗੁਰਦੁਆਰੇ ਬਣ ਗਏ, ਪਰ ਮਜਾਲ ਹੈ ਕਿ ਕੋਈ ਆਗੂ ਇਨ੍ਹਾਂ ਨੂੰ ਰੋਕੇ। ਭਾਵੇਂ ਅੱਜ ਇੱਕ ਤੋਂ ਵੱਧ ਗੁਰਦੁਆਰਾ ਸਾਹਿਬਾਨਾਂ ਦੀ ਜ਼ਰੂਰਤ ਹੈ ਕਿਉਂਕਿ ਅੱਜ ਹਰ ਵਿਅਕਤੀ ਆਪਣੇ ਛੋਟੇ ਵੱਡੇ ਸਮਾਗਮ ਗੁਰਦੁਆਰਾ ਸਾਹਿਬ ਵਿੱਚ ਹੀ ਕਰਦਾ ਹੈ ਤੇ ਕਈ ਵਾਰੀ ਤਾਂ ਇੱਕ ਇੱਕ ਦਿਨ ਵਿੱਚ ਕਈ-ਕਈ ਸਮਾਗਮ ਆ ਜਾਂਦੇ ਹਨ ਪਰ ਗੁਰਦੁਆਰਿਆਂ ਦੇ ਨਾਮ ਤਾਂ ਗੁਰੂ ਸਾਹਿਬਾਨਾਂ ਦੇ ਨਾਮ ਉੱਪਰ ਹੀ ਰੱਖਣੇ ਚਾਹੀਦੇ ਹਨ। ਜਾਤ ਪਾਤ ਅਧਾਰਿਤ ਗੁਰਦੁਆਰੇ ਸਿੱਖੀ ਸਿਧਾਂਤਾਂ ਦਾ ਮੂੰਹ ਚਿੜਾਉਣ ਦੇ ਬਰਾਬਰ ਹਨ। ਸਿੱਖਾਂ ਵਿੱਚ ਡੇਰਾਵਾਦ ਤਾਂ ਪਹਿਲਾਂ ਹੀ ਫੈਲਿਆ ਹੋਇਆ ਸੀ ਜਿਸ ਕਾਰਨ ਵੱਡਾ ਘਾਟਾ ਪੈ ਰਿਹਾ ਸੀ ਪਰ ਹੁਣ ਇੱਕ ਨਵੀਂ ਬਿਮਾਰੀ ਚੱਲ ਪਈ ਹੈ, ਪਰ ਸਾਡੇ ਜਥੇਦਾਰ ਸਾਹਿਬਾਨ ਸਭ ਜਾਣਦੇ ਹੋਏ ਵੀ ਅੱਖਾਂ ਬੰਦ ਕਰੀ ਬੈਠੇ ਹਨ। ਗੁਰੂ ਗ੍ਰੰਥ ਸਾਹਿਬ ਦੀ ਮਰਯਾਦਾ ਦੇ ਨਾਮ ਹੇਠ ਕਈ ਸਭਾਵਾਂ ਤੇ ਕਮੇਟੀਆਂ ਬਣੀਆਂ ਹੋਈਆਂ ਹਨ ਪਰ ਉਹ ਵੀ ਇੱਧਰ ਨਹੀਂ ਝਾਕਦੀਆਂ। ਬਾਬਾ ਵਿਸ਼ਵਕਰਮਾ ਇੱਕ ਦੇਵਤਾ ਹੈ ਪਰ ਵਿਸ਼ਵਕਰਮਾ ਨੂੰ ਮਿਸਤਰੀਆਂ ਨਾਲ ਜੋੜ ਕੇ ਇਨ੍ਹਾਂ ਦਾ ਪਿਤਾ ਸਿੱਧ ਕੀਤਾ ਜਾ ਰਿਹਾ ਹੈ। ਇਹ ਵੀ ਭੋਲੇ ਵਿਚਾਰੇ ਵੱਡੇ ਵੱਡੇ ਗਾਤਰੇ ਪਾ ਕੇ ਗੁਰੂ ਗੋਬਿੰਦ ਸਿੰਘ ਪਿਤਾ ਨੂੰ ਛੱਡ ਕੇ ਵਿਸ਼ਵਕਰਮਾ ਨੂੰ ਆਪਣਾ ਸਭ ਕੁੱਝ ਮੰਨੀ ਬੈਠੇ ਹਨ ਤੇ ਵਿਸ਼ਵਕਰਮਾ ਦੇ ਨਾਮ ’ਤੇ ਬਣੇ ਗੁਰਦੁਆਰਿਆਂ ਵਿੱਚ ਵਿਸ਼ਵਕਰਮਾ ਦੀਆਂ ਮੂਰਤੀਆਂ ਸਥਾਪਿਤ ਕਰ ਰਹੇ ਹਨ ਜੋ ਕਿ ਗੁਰੂ ਗ੍ਰੰਥ ਸਾਹਿਬ ਦੀ ਘੋਰ ਬੇਅਦਬੀ ਹੈ। ਬੁੱਤ ਪੂਜਣ ਵਾਲਿਆਂ ਲਈ ਗੁਰਬਾਣੀ ਹੁਕਮ :

‘‘ਬੁਤ ਪੂਜਿ ਪੂਜਿ ਹਿੰਦੂ ਮੂਏ, ਤੁਰਕ ਮੂਏ ਸਿਰੁ ਨਾਈ ॥’’ (654)

ਸਿੱਖੀ ਦਾ ਮੁੱਢ ਬੰਨ੍ਹਣ ਵਾਲੇ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਮੂਰਤੀ ਪੂਜਾ ਤੋਂ ਸਖ਼ਤੀ ਨਾਲ ਵਰਜਿਆ ਸੀ ਪਰ ਅੱਜ ਅਸੀਂ ਉਹੀ ਕੁੱਝ ਕਰ ਕਰ ਰਹੇ ਹਾਂ ਜਿਸ ਤੋਂ ਗੁਰਬਾਣੀ ਰੋਕਦੀ ਹੈ। ਸਿੱਖੀ ਵਿਰੋਧੀ ਸ਼ਕਤੀਆਂ ਨੇ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਵਿੱਚ ਮੂਰਤੀਆਂ ਸਥਾਪਿਤ ਕੀਤੀਆਂ ਸਨ ਜਿਨ੍ਹਾਂ ਨੂੰ ਬੜੀ ਮੁਸ਼ਕਲ ਨਾਲ ਭਾਈ ਦਿੱਤ ਸਿੰਘ ਵਰਗੇ ਬਹਾਦਰ ਤੇ ਸਿਰੜੀ ਸਿੱਖਾਂ ਨੇ ਚੁਕਵਾਇਆ ਸੀ ਪਰ ਉਸ ਤੋਂ ਬਾਅਦ ਇਸ ਸਿੱਖ ਵਿਰੋਧੀ ਸ਼ਕਤੀ ਨੇ ਇਹ ਧਾਰ ਲਿਆ ਸੀ ਕਿ ਤੁਸੀਂ ਤਾਂ ਇੱਕ ਦਰਬਾਰ ਸਾਹਿਬ ਤੋਂ ਮੂਰਤੀਆਂ ਚੁੱਕੀਆਂ ਹਨ, ਹੁਣ ਅਸੀਂ ਪਿੰਡ-ਪਿੰਡ, ਸ਼ਹਿਰ-ਸ਼ਹਿਰ ਗੁਰਦੁਆਰਿਆਂ ਵਿੱਚ ਮੂਰਤੀਆਂ ਸਥਾਪਿਤ ਕਰ ਦੇਵਾਂਗੇ ਤੇ ਤੁਹਾਨੂੰ ਪਤਾ ਵੀ ਨਹੀਂ ਚੱਲਣਾ। ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀਆਂ ਨੂੰ ਇੱਧਰ ਵੀ ਝਾਕ ਕੇ ਇਸ ਵੱਖਰੀ ਹੋ ਰਹੀ ਕੌਮ ਨੂੰ ਹੁਣੇ ਹੀ ਸਮਝਾਉਣਾ ਚਾਹੀਦਾ ਹੈ, ਨਹੀਂ ਤਾਂ ਇਤਨੀ ਦੇਰ ਹੋ ਜਾਵੇਗੀ ਜਿਸ ਤਰ੍ਹਾਂ ਪਹਿਲਾਂ ਅਸੀਂ ਸਿੱਖੀ ਦੇ ਇੱਕ ਵੱਡੇ ਭਾਗ ਭਗਤ ਰਵਿਦਾਸ ਜੀ ਦੇ ਜਾਨਸ਼ੀਨਾਂ ਨੂੰ ਅੱਡ ਹੁੰਦੇ ਵੇਖਿਆ ਹੈ, ਉਸੇ ਤਰ੍ਹਾਂ ਕਿਤੇ ਇਹ ਵੀ ਅੱਡ ਹੀ ਨਾ ਹੋ ਜਾਣ।

ਸੋ, ਆਓ ਖਾਲਸਾ ਜੀ! ਖ਼ਾਲਸਾ ਸਿਰਜਣਾ ਦਿਵਸ ਜਾਂ ਅਕਾਲ ਪੁਰਖ ਕੀ ਫੌਜ ਸਥਾਪਨਾ ਦਿਵਸ ਤਾਂ ਹੀ ਮਨਾਏ ਜਾਣੇ ਸਫਲ ਹਨ ਜੇਕਰ ਅਸੀਂ ਇਸ ਖੇਤਰ ਵਿੱਚ ਕੋਈ ਤਰੱਕੀ ਕਰੀਏ। ਸਿੱਖ ਪੰਥ ਵਿੱਚ ਪੈ ਰਹੀਆਂ ਵੰਡੀਆਂ ਨੂੰ ਖ਼ਤਮ ਕਰਨ ਲਈ ਇੱਕਜੁਟ ਹੋਈਏ। ਸਭ ਤੋਂ ਪਹਿਲਾਂ ਸਿੱਖੀ ਦੇ ਮੁੱਖ ਅੰਗ ਦਲਿਤ ਸਿੱਖ ਮਜ੍ਹਬੀ ਸਿੱਖ, ਰਵੀਦਾਸੀਏ ਸਿੱਖ, ਮਹਿਰਾ ਸਿੱਖ, ਨਾਈ, ਛੀਂਬੇ ਆਦਿ ਅਖੌਤੀ ਨੀਵੀਆਂ ਜਾਤਾਂ ਤੇ ਟੁੱਟ ਚੁੱਕੇ ਤੇ ਡੇਰਾਵਾਦ ਦੇ ਧੱਕੇ ਚੜ੍ਹ ਚੁੱਕੇ ਸਿੱਖਾਂ ਨੂੰ ਸਿੱਖੀ ਵਿੱਚ ਲਿਆਉਣ ਲਈ ਖ਼ਾਸ ਪ੍ਰੋਗਰਾਮ ਉਲੀਕੀਏ। ਜਿਨ੍ਹੀਂ ਦੇਰ ਇਹ ਸਿੱਖ, ਸਿੱਖੀ ਵਿੱਚ ਨਹੀਂ ਆਉਂਦੇ, ਸਿੱਖੀ ਵੱਧ ਨਹੀਂ ਸਕਦੀ। ਉਸ ਤੋਂ ਬਾਅਦ ਵੱਖ ਵੱਖ ਬਣ ਰਹੇ ਧੜ੍ਹਿਆਂ ਨੂੰ ਇੱਕ ਕਰਨ ਲਈ ਆਪਸੀ ਮੱਤਭੇਦ ਮਿਟਾਉਣ ਲਈ ਯੋਗ ਉਪਰਾਲੇ ਕਰਨੇ ਚਾਹੀਦੇ ਹਨ। ਇਸ ਕੰਮ ਲਈ ਦੇਸ਼ਾਂ ਵਿਦੇਸ਼ਾਂ ਦੇ ਸਿੱਖ ਆਗੂਆਂ ਦੀ ਇੱਕ ਕਮੇਟੀ ਬਣਾਈ ਜਾਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਹੀ ਸਿੱਖ ਫੌਜ ਦੀ ਚੜ੍ਹਦੀ ਕਲਾ ਹੋ ਸਕਦੀ ਹੈ।

ਆਓ, ਅਕਾਲ ਪੁਰਖ ਦੀ ਇਸ ਫੌਜ ਦਾ ਨਾਮ ਆਪਣੇ ਸੂਬੇ, ਜਾਂ ਦੇਸ਼ ਦੀਆਂ ਹੱਦਾਂ ਤੋਂ ਬਾਹਰ ਕੱਢੀਏ ਤੇ ਕਾਮਨਾ ਕਰੀਏ ਕਿ ਅਕਾਲ ਪੁਰਖ ਕੀ ਫੌਜ ਦਾ ਮਤਲਬ, ਸਹੀ ਮਾਇਨਿਆਂ ਵਿੱਚ ਲਾਗੂ ਹੋ ਸਕੇ। ਅਕਾਲ ਪੁਰਖ ਦੀ ਇਸ ਫੌਜ ਲਈ ਨਾ ਤਾਂ ਕਿਸੇ ਪਾਸਪੋਰਟ ਦੀ ਜ਼ਰੂਰਤ ਪਵੇ, ਨਾ ਕਿਸੇ ਦੀ ਮਨਜੂਰੀ ਲੈਣ ਦੀ ਜ਼ਰੂਰਤ ਪਵੇ, ਅਕਾਲ ਪੁਰਖ ਕੀ ਫੌਜ ਦਾ ਹਰ ਸਿਪਾਹੀ ਜਦ ਮਰਜੀ ਚਾਹੇ ਕਿਧਰੇ ਵੀ ਜਾ ਸਕਦਾ ਹੋਵੇ। ਉਸ ਦੀ ਕੋਈ ਤਲਾਸ਼ੀ ਨਾ ਹੋਵੇ, ਉਸ ਨੂੰ ਕੋਈ ਕਿਤੇ ਨਾ ਰੋਕੇ, ਪਰ ਇਹ ਨੇੜ ਭਵਿੱਖ ਵਿੱਚ ਹੋ ਸਕੇਗਾ, ਐਸਾ ਸੰਭਵ ਨਹੀਂ ਲਗਦਾ।