ਸਿੱਖ ਸੰਕਲਪ ਬਨਾਮ ਜਾਤ-ਪਾਤ ਦਾ ਵਰਤਾਰਾ

0
315

ਸਿੱਖ ਸੰਕਲਪ ਬਨਾਮ ਜਾਤ-ਪਾਤ ਦਾ ਵਰਤਾਰਾ

ਡਾ. ਧਰਮਵੀਰ ਗਾਂਧੀ, 090138 69336

ਪੰਜਾਬ ਦੇ ਪਿੰਡਾਂ ਦੇ ਜਾਤ-ਪਾਤ ਆਧਾਰਿਤ ਪਿਛਾਂਹ-ਖਿੱਚੂ ਸਮਾਜਿਕ ਤਾਣੇ-ਬਾਣੇ ਪਿੱਛੇ 67 ਸਾਲਾਂ ਤੋਂ ਰਾਜ ਕਰਦੀਆਂ ਪਾਰਟੀਆਂ ਅਤੇ ਉਨ੍ਹਾਂ ਵੱਲੋਂ ਆਮ ਲੋਕਾਂ ਵਿੱਚ ਵੰਡੀਆਂ ਪਾ ਕੇ ਸੱਤਾ ’ਤੇ ਕਾਬਜ਼ ਰਹਿਣ ਦੀ ਸੌੜੀ ਸਿਆਸੀ ਸੋਚ ਜ਼ਿੰਮੇਵਾਰ ਹੈ। ਪੰਜਾਬ ਵਿੱਚ ਜਾਤ-ਪਾਤ ਦੇ ਚਲਨ ਦਾ ਅਹਿਸਾਸ ਤਾਂ ਪਹਿਲਾਂ ਵੀ ਸੀ ਪਰ ਜਿਸ ਕਰੂਰ ਰੂਪ ਵਿੱਚ ਇਹ ਹੁਣ ਸਾਹਮਣੇ ਆ ਰਿਹਾ ਹੈ ਉਹ ਚੁਣੌਤੀ ਬਣ ਚੁੱਕਿਆ ਹੈ। ਇਹ ਸਮਝਣ ਦੀ ਜ਼ਰੂਰਤ ਹੈ ਕਿ ਵਰਨ ਵਿਵਸਥਾ ਦੀ ਪੈਰਵੀ ਕਰਨ ਵਾਲੇ ਧਰਮਾਂ ਜਾਂ ਲੋਕਾਂ ਕੋਲੋਂ ਜਾਤ-ਪਾਤ ਦੇ ਖ਼ਾਤਮੇ ਦੀ ਆਸ ਕਦੇ ਨਹੀਂ ਕੀਤੀ ਜਾ ਸਕਦੀ ਸੀ। ਹਿੰਦੁਸਤਾਨ/ਪੰਜਾਬ ਦੇ ਸੰਦਰਭ ਵਿੱਚ ਸਿੱਖ ਧਰਮ ਹੀ ਇੱਕ ਅਜਿਹਾ ਧਾਰਮਿਕ ਫ਼ਲਸਫ਼ਾ ਹੈ, ਜੋ ਇਸ ਕੋਹੜ ਨੂੰ ਮੁੱਢੋਂ-ਸੁੱਢੋਂ ਹੀ ਖ਼ਤਮ ਕਰਨ ਦੀ ਸਮਰੱਥਾ ਰੱਖਦਾ ਹੈ।

ਸਿੱਖ ਧਰਮ ਦੇ ਆਧਾਰ (ਮੂਲ ਸ੍ਰੋਤ) ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਿਰਫ਼ ਉਸ ਧਰਮ ਦੇ ਗੁਰੂਆਂ ਜਾਂ ਮਹਾਂਪੁਰਸ਼ਾਂ ਦੀ ਬਾਣੀ ਹੀ ਦਰਜ ਕੀਤੀ ਨਹੀਂ ਮਿਲਦੀ ਸਗੋਂ ਇਸ ਵਿੱਚ ਵੱਖ ਵੱਖ ਧਰਮਾਂ ਅਤੇ ਜਾਤਾਂ ਨਾਲ ਸਬੰਧਤ 35 ਰੂਹਾਨੀ ਮਹਾਂਪੁਰਸ਼ਾਂ ਦੀ ਬਾਣੀ ਦਰਜ ਹੈ। ਇਸ ਵਿੱਚ ਛੇ ਸਿੱਖ ਗੁਰੂ ਸਾਹਿਬਾਨ, 15 ਭਗਤਾਂ (ਜਿਨ੍ਹਾਂ ਵਿੱਚ ਭਗਤ ਰਵਿਦਾਸ, ਭਗਤ ਕਬੀਰ, ਭਗਤ ਨਾਮਦੇਵ ਆਦਿ), 11 ਭੱਟਾਂ ਅਤੇ ਗੁਰੂ ਘਰ ਦੇ ਪ੍ਰੇਮੀ ਤਿੰਨ ਸਿੱਖਾਂ ਦੀ ਬਾਣੀ ਦਰਜ ਹੈ। ਇਨ੍ਹਾਂ ਵਿੱਚ ਬਾਬਾ ਸੁੰਦਰ ਜੀ, ਸੱਤਾ ਅਤੇ ਬਲਵੰਡ ਜੀ ਦੀ ਬਾਣੀ ਵੀ ਸ਼ਾਮਲ ਹੈ। ਦੁਨੀਆਂ ਦੇ ਪੈਗ਼ੰਬਰਾਂ ਅਤੇ ਧਰਮ ਗ੍ਰੰਥਾਂ ਦੀ ਤੁਲਨਾ ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਸਿਰਫ਼ ਸਿੱਖ ਧਰਮ ਦੇ ਪੈਰੋਕਾਰਾਂ ਲਈ ਨਹੀਂ ਸਗੋਂ ਇਹ ਤਾਂ ਸਰਬ-ਸਾਂਝੀਵਾਲਤਾ, ਬਰਾਬਰੀ, ਆਜ਼ਾਦੀ, ਮਨੁੱਖੀ ਭਾਈਚਾਰੇ ਦਾ ਸਰਬ ਸਾਂਝਾ ਗ੍ਰੰਥ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬ੍ਰਾਹਮਣ ਅਤੇ ਸ਼ੂਦਰ, ਹਿੰਦੂ ਅਤੇ ਮੁਸਲਮਾਨ, ਭਾਰਤ ਦੇ ਪ੍ਰਸੰਗ ਵਿੱਚ ਉੱਤਰ/ਦੱਖਣ ਜਾਂ ਪੂਰਬ ਅਤੇ ਪੱਛਮ ਨਾਲ ਬਾਣੀ ਨੂੰ ਜੋੜਦਿਆਂ ਹਰ ਪ੍ਰਕਾਰ ਦੇ ਵਿਤਕਰੇ ਨੂੰ ਖ਼ਤਮ ਕਰਦਿਆਂ ‘‘ਸਭੇ ਸਾਝੀਵਾਲ ਸਦਾਇਨਿ, ਤੂੰ ਕਿਸੇ ਨਾ ਦਿਸਹਿ ਬਾਹਰਾ ਜੀਓ॥’’ ਅਤੇ ‘‘ਮਾਨਸ ਕੀ ਜਾਤ, ਸਬੈ ਏਕੈ ਪਹਿਚਾਨਬੋ॥’’ ਦੀ ਮਹਾਨ ਸਿੱਖਿਆ ਦਿੱਤੀ ਗਈ ਹੈ।

ਹਿੰਦੂ ਧਰਮ ਵਿੱਚ ਜਾਤ-ਪਾਤ ਨੂੰ ਮਨੁੱਖ ਦੇ ਕਰਮ ਨਾਲ ਜੋੜਨ ਦੀ ਥਾਂ ਮਨੁੱਖ ਦੇ ਜਨਮ ਨਾਲ ਜੋੜਨ ਦੀ, ਜੋ ਅਣਮਨੁੱਖੀ ਰੀਤ ਇਸ ਧਰਮ ਦੇ ਆਗੂਆਂ ਅਤੇ ਮੰਨੂੰ ਸਿਮਰਿਤੀ ਵਰਗੇ ਧਰਮ ਗ੍ਰੰਥਾਂ, ਪੁਰਾਣਾਂ, ਸ਼ਾਸਤਰਾਂ ਰਾਹੀਂ ਪੱਕੀ ਕੀਤੀ ਗਈ, ਇਸ ਨਾਲ ਭਾਰਤੀ ਸਮਾਜ ਦਾ ਇੱਕ ਵੱਡਾ ਹਿੱਸਾ ਅਨਪੜ੍ਹਤਾ, ਅਗਿਆਨਤਾ, ਜ਼ਲਾਲਤ ਤੇ ਜ਼ਹਾਲਤ ਦਾ ਸ਼ਿਕਾਰ ਹੁੰਦਿਆਂ, ਹੱਥੀਂ ਕਿਰਤ ਕਰਨ ਦੇ ਬਾਵਜੂਦ ਇੱਕ ਅਣਮਨੁੱਖੀ ਹੀਣ ਭਾਵਨਾ ਦਾ ਸ਼ਿਕਾਰ ਹੋ ਗਿਆ। ਇਸ ਧਰਮ ਨੇ ਜਾਤ-ਪਾਤ ਦੇ ਆਧਾਰ ’ਤੇ ਸਮਾਜ ਵਿੱਚ ਵੰਡੀਆਂ ਪਾ ਕੇ ਅਤੇ ਪੂਜਾਰੀ ਸ਼੍ਰੇਣੀ ਅਤੇ ਰਾਜਾ ਸ਼੍ਰੇਣੀ ਨੇ ਆਪਣੇ ਨਾਪਾਕ ਗੱਠਜੋੜ ਰਾਹੀਂ, ਸਦੀਆਂ ਤੋਂ ਕਿਰਤੀ ਅਤੇ ਗ਼ਰੀਬ ਲੋਕਾਂ ਤੇ ਲਾਦੂ ਹੋ ਕੇ ਉਨ੍ਹਾਂ ਦੀ ਲੁੱਟ-ਖਸੁੱਟ ਜਾਰੀ ਰੱਖੀ। ਇਸ ਦੇ ਉਲਟ ਗੁਰੂ ਨਾਨਕ ਸਾਹਿਬ ਨੇ ਆਪਣਾ ਪਹਿਲਾ ਸਾਥੀ ਹੀ ਭਾਈ ਮਰਦਾਨੇ ਨੂੰ ਚੁਣਿਆ। ਮਰਦਾਨਾ ਧਰਮ ਤੋਂ ਮੁਸਲਮਾਨ ਸੀ ਅਤੇ ਅੱਜ-ਕੱਲ੍ਹ ਦੀ ਬੋਲੀ ਵਿੱਚ ਕਹਿਣਾ ਹੋਵੇ ਤਾਂ ਦਲਿਤ ਬਲਕਿ ਦਲਿਤਾਂ ਨਾਲੋਂ ਵੀ ਸਮਾਜਿਕ ਪੌੜੀ ਦੇ ਸਭ ਤੋਂ ਹੇਠਲੇ ਡੰਡੇ ਉੱਤੇ ਖੜ੍ਹਾ ਸੀ।

ਗੁਰੂ ਨਾਨਕ ਦੇਵ ਜੀ ਨੇ ਉਸ ਦੀ ਜਾਤ ਨਹੀਂ ਵੇਖੀ ਬਲਕਿ ਉਸ ਦਾ ਕਰਮ, ਵਿਹਾਰ, ਵਿਚਾਰ ਅਤੇ ਪਿਆਰ ਵੇਖਿਆ। ਸਾਰੀ ਉਮਰ ਉਸ ਨੂੰ ਆਪਣੇ ਨਾਲ ਰੱਖਿਆ। ਗੁਰੂ ਸਾਹਿਬ ਜੀ ਦੀ ਸਾਰੀ ਉਮਰ ਸਾਰੇ ਧਰਮਾਂ ਵਿੱਚ ਫੈਲੇ ਅੰਧ ਵਿਸ਼ਵਾਸ਼ਾਂ, ਫ਼ਜ਼ੂਲ ਧਾਰਮਿਕ ਰੀਤਾਂ, ਪੁਜਾਰੀ ਸ਼੍ਰੇਣੀ ਵੱਲੋਂ ਕੀਤੀ ਲੁੱਟ ਦੇ ਵਿਰੋਧ ਵਿੱਚ, ਉਨ੍ਹਾਂ ਹਰ ਧਰਮ ਵਿੱਚ ਫੈਲੀ ਤਰਕਹੀਣਤਾ ਅਤੇ ਪ੍ਰਚੱਲਿਤ ਅੰਧਵਿਸ਼ਵਾਸ਼ਾਂ ਨੂੰ ਖ਼ਤਮ ਕਰਨ ਲਈ ਹਰ ਧਰਮ ਦੇ ਕੇਂਦਰ ’ਤੇ ਜਾ ਕੇ ਉਨ੍ਹਾਂ ਗ਼ਲਤ ਰਸਮਾਂ ਨੂੰ ਵੰਗਾਰਿਆ, ਜੋ ਮਨੁੱਖਤਾ ਨੂੰ ਕੁਰਾਹੇ ਪਾ ਰਹੀਆਂ ਸਨ। ਇਹ ਰਸਮ ਭਾਵੇਂ ਹਰਿਦੁਆਰ ਜਾ ਕੇ ਸੂਰਜ ਨੂੰ ਪਾਣੀ ਦੇਣ ਦੀ ਸੀ ਜਾਂ ਮੱਕੇ ਵਿੱਚ ਹਾਜ਼ੀ ਦੇ ਰੂਪ ਵਿੱਚ ਜਾ ਕੇ ਉੱਥੇ ਮੱਕੇ ਵੱਲ ਪੈਰ ਪਸਾਰ ਕੇ ਸੌਣ ਦੀ, ਜਾਂ ਕੁਰੂਕਸ਼ੇਤਰ ਵਿੱਚ ਸੂਰਜ ਗ੍ਰਹਿਣ ਦੇ ਵੇਲੇ ਤੀਰਥ ਉੱਪਰ ਜਾ ਕੇ ਮਾਸ ਰਿੰਨ੍ਹਣ ਦੀ ਸੀ। ਗੁਰੂ ਸਾਹਿਬ ਨੇ ਤਰਕ ਨਾਲ ਸਵਾਲ-ਜਵਾਬ ਕਰ ਕੇ ਬਿਨਾ ਕਿਸੇ ਦੇ ਧਰਮ ਦੀ ਬੇਅਦਬੀ ਕੀਤਿਆਂ, ਬਿਨਾ ਕਿਸੇ ਭੀੜ ਵੱਲੋਂ ਦੂਜਿਆਂ ’ਤੇ ਹਮਲਾ ਜਾਂ ਹਿੰਸਾ ਕੀਤਿਆਂ, ਆਪਣੀ ਗੱਲ ਮਨਵਾਈ, ਪਰ ਅਸੀਂ ਅੱਜ ਵੀ ਉਨ੍ਹਾਂ ਅੰਨ੍ਹੀਆਂ ਗਲੀਆਂ ਵਿੱਚੋਂ ਬਾਹਰ ਨਹੀਂ ਨਿਕਲ ਸਕੇ, ਸਗੋਂ ਇਹ ਅੰਧਵਿਸ਼ਵਾਸ਼ ਪਹਿਲਾਂ ਨਾਲੋਂ ਵੀ ਭਾਰੂ ਹੋ ਗਏ ਹਨ।

ਗੁਰੂ ਨਾਨਕ ਸਾਹਿਬ ਦਾ ਗਿਆਨ ਸਿਰਫ਼ ਆਪਣੇ ਧਰਮ ਦੇ ਲੋਕਾਂ ਜਾਂ ਆਪਣੇ ਪੈਰੋਕਾਰਾਂ ਲਈ ਨਹੀਂ, ਸਗੋਂ ਇਹ ਤਾਂ ਸਾਰੀ ਦੁਨੀਆਂ ਵਿੱਚ ਚੰਗੇ ਮਨੁੱਖ ਅਤੇ ਸਮਾਜ ਦੀ ਸਿਰਜਣਾ ਲਈ ਸੀ। ਇਸੇ ਕਾਰਨ ਆਪਣੀ ਮਹਾਨ ਬਾਣੀ ਜਪੁ ਜੀ ਸਾਹਿਬ ਵਿੱਚ ਉਨ੍ਹਾਂ ਆਪਣਾ ਗਿਆਨ ਸ਼ੁਰੂ ਹੀ ਇਸ ਪ੍ਰਸ਼ਨ ਨਾਲ ਕੀਤਾ ਕਿ ‘‘ਕਿਵ ਸਚਿਆਰਾ ਹੋਈਐ, ਕਿਵ ਕੂੜੈ ਤੁਟੈ ਪਾਲਿ॥’’ ਭਾਵ ਮਨੁੱਖ ਦੇ ਦੁਆਲ਼ੇ ਉਸਰੀ ਕੂੜ ਅਤੇ ਮਾਇਆ ਦੀ ਕੰਧ ਕਿਵੇਂ ਤੋੜਨੀ ਹੈ ਅਤੇ ਉਸ ਨੂੰ ਇੱਕ ਸਚਿਆਰ ਮਨੁੱਖ ਕਿਵੇਂ ਬਣਾਉਣਾ ਹੈ? ਉਨ੍ਹਾਂ ਦੀ ਸਾਰੀ ਬਾਣੀ ਇਸ ਸਮੱਸਿਆ ਦੇ ਹੱਲ ਲਈ ਹੀ ਯਤਨਸ਼ੀਲ ਹੈ।

ਗੁਰੂ ਸਾਹਿਬ ਦੀ ਚਿੰਤਾ ਕਿਸੇ ਇੱਕ ਧਰਮ, ਇਲਾਕੇ, ਫ਼ਿਰਕੇ ਜਾਂ ਦੌਰ ਲਈ ਨਹੀਂ ਸੀ ਸਗੋਂ ਸਾਰੀ ਮਨੁੱਖਤਾ ਲਈ ਸੀ। ਇਸੇ ਕਾਰਨ ਗੁਰੂ ਨਾਨਕ ਸਾਹਿਬ ਨੇ ਹਰ ਧਰਮ ਦੇ ਆਗੂਆਂ ਅਤੇ ਪੈਰੋਕਾਰਾਂ ਨਾਲ ਸੰਵਾਦ ਰਚਾਇਆ: ‘‘ਜਬਿ ਲਗੁ ਦੁਨੀਆ ਰਹੀਐ, ਨਾਨਕ! ਕਿਛੁ ਸੁਣੀਐ ਕਿਛੁ ਕਹੀਐ॥’’

ਅਜੋਕੇ ਸੰਸਾਰ ਵਿੱਚ ਸਮੇਤ ਹਿੰਦੁਸਤਾਨ ਦੇ, ਵੱਖ-ਵੱਖ ਧਰਮਾਂ-ਫ਼ਿਰਕਿਆਂ ਵਿੱਚ ਸੰਵਾਦ ਦੀ ਥਾਂ ਅਸਹਿਣਸ਼ੀਲਤਾ ਤੇ ਕੁੜੱਤਣ ਵਿਖਾਈ ਦੇ ਰਹੀ ਹੈ। ਗ਼ਰੀਬਾਂ ਅਤੇ ਨਿਮਨ ਜਾਤਾਂ ਨਾਲ ਗੁਰੂ ਨਾਨਕ ਸਾਹਿਬ ਨੂੰ ਬੇਹੱਦ ਪਿਆਰ ਸੀ। ਇਸ ਗੱਲ ਦਾ ਅੰਦਾਜ਼ਾ ਇਸ ਤੱਥ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਏਮਨਾਬਾਦ ਵਿਖੇ ਮਲਿਕ ਭਾਗੋ ਦੇ ਸ਼ਾਹੀ ਪਕਵਾਨਾਂ ਨੂੰ ਠੁਕਰਾ ਕੇ ਕਿਰਤੀ ਪਰਿਵਾਰ ਅਤੇ ਤਰਖਾਣ ਜਾਤੀ ਨਾਲ ਸਬੰਧਿਤ ਭਾਈ ਲਾਲੋ ਦੇ ਘਰ ਖਾਣਾ ਖਾਧਾ। ਗ਼ਰੀਬ ਭਾਈ ਮਰਦਾਨੇ ਦੀ ਬੇਟੀ ਦੀ ਸ਼ਾਦੀ ਦੀ ਜ਼ਿੰਮੇਵਾਰੀ ਆਪ ਜੀ ਨੇ ਆਪਣੇ ਇੱਕ ਮਿੱਤਰ ਭਾਈ ਭਾਗੀਰਥ ਨੂੰ ਹੁਕਮ ਦੇ ਕੇ ਨਿਭਾਈ। ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿੱਚ ਨੀਚ ਸਮਝੇ ਜਾਣ ਵਾਲੇ ਲੋਕਾਂ ਲਈ ਆਪਣਾ ਪਿਆਰ ਇਨ੍ਹਾਂ ਸ਼ਬਦਾਂ ਰਾਹੀਂ ਪ੍ਰਗਟ ਕੀਤਾ ਹੈ: ‘‘ਨੀਚਾ ਅੰਦਰਿ ਨੀਚ ਜਾਤਿ, ਨੀਚੀ ਹੂ ਅਤਿ ਨੀਚੁ॥ ਨਾਨਕੁ ਤਿਨ ਕੈ ਸੰਗਿ ਸਾਥਿ, ਵਡਿਆ ਸਿਉ ਕਿਆ ਰੀਸ॥ ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥’’

ਸਿੱਖ ਲਹਿਰ ਦੇ ਨਾਲ-ਨਾਲ ਭਗਤੀ ਲਹਿਰ ਨਾਲ ਜੁੜੇ ਭਗਤਾਂ ਨੇ ਵੀ, ਜਾਤ-ਪਾਤ ਪ੍ਰਬੰਧ ਉੱਪਰ ਤਾਬੜਤੋੜ ਹਮਲੇ ਕੀਤੇ। ਕਬੀਰ ਜੀ ਨੇ ਤਾਂ ਬ੍ਰਾਹਮਣ ਦੀ ਜਾਤ-ਪਾਤ ਹਉਮੈ ਉੱਪਰ ਕਰਾਰੀ ਸੱਟ ਮਾਰਦਿਆਂ ਇੱਥੋਂ ਤੱਕ ਪੁੱਛ ਲਿਆ ਕਿ: ‘‘ਜੌ ਤੂੰ ਬ੍ਰਾਹਮਣੁ, ਬ੍ਰਾਹਮਣੀ ਜਾਇਆ॥ ਤਉ ਆਨ ਬਾਟ, ਕਾਹੇ ਨਹੀ ਆਇਆ॥ ਤੁਮ ਕਤ ਬ੍ਰਾਹਮਣ, ਹਮ ਕਤ ਸੂਦ॥ ਹਮ ਕਤ ਲੋਹੂ, ਤੁਮ ਕਤ ਦੂਧ॥’’

ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਕਿਸੇ ਇੱਕ ਜਾਤ, ਵਰਨ ਜਾਂ ਫ਼ਿਰਕੇ ਲਈ ਨਹੀਂ ਸੀ। ਸ੍ਰੀ ਹਰਿਮੰਦਰ ਸਾਹਿਬ ਦਾ ਨੀਵੀਂ ਥਾਂ ’ਤੇ ਸਥਿਤ ਹੋਣਾ ਸਿੱਖ ਧਰਮ ਵਿੱਚ ਨਿਮਰਤਾ ਅਤੇ ਹਲੀਮੀ ਦੀ ਸਭ ਤੋਂ ਵੱਡੀ ਮਿਸਾਲ ਹੈ। ਜਿੱਥੇ ਕੁੱਲ ਦੁਨੀਆਂ ਦੇ ਮੰਦਰਾਂ ਵਿੱਚ ਪ੍ਰਵੇਸ਼ ਕਰਨ ਲਈ ਪੌੜੀਆਂ ਚੜ੍ਹ ਕੇ ਹੇਠੋਂ ਉੱਪਰ ਨੂੰ ਜਾਣਾ ਪੈਂਦਾ ਹੈ ਉੱਥੇ ਸਿੱਖ ਧਰਮ ਦੇ ਇਸ ਕੇਂਦਰੀ ਅਸਥਾਨ, ਸਿੱਖਾਂ ਦੇ ਮੱਕੇ ਦੇ ਦਰਸ਼ਨਾਂ ਲਈ ਉੱਪਰੋਂ ਹੇਠਾਂ ਨੂੰ ਨੀਵੇਂ ਹੋ ਕੇ ਜਾਣਾ ਪੈਂਦਾ ਹੈ। ਚਾਰੇ ਦਰਵਾਜ਼ੇ ਚਾਰਾਂ ਵਰਨਾਂ ਲਈ ਖੋਲ੍ਹ ਕੇ ਗੁਰੂ ਸਾਹਿਬਾਨ ਨੇ ਸਾਰੇ ਮਨੁੱਖਾਂ ਅਤੇ ਵਰਨਾਂ ਦੀ ਬਰਾਬਰੀ ਦਾ ਸੰਦੇਸ਼ ਦਿੱਤਾ ਹੈ। ਇਸ ਤੋਂ ਵੀ ਵੱਧ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਰਿਆਂ ਨੂੰ ਕੁਦਰਤ ਵੱਲੋਂ ਬਰਾਬਰ ਦੇ ਮਨੁੱਖ ਹੋਣ ਦਾ ਦਰਜਾ ਦਿੱਤੇ ਜਾਣ ਦਾ ਮਾਨਵਤਾਵਾਦੀ ਸੰਦੇਸ਼ ਦਿੰਦੀ ਹੈ: ‘‘ਅਵਲਿ ਅਲਹ ਨੂਰੁ ਉਪਾਇਆ, ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ ਉਪਜਿਆ, ਕਉਨ ਭਲੇ ਕੋ ਮੰਦੇ॥’’

ਸਿੱਖ ਧਰਮ ਵਿੱਚ ਜਾਤ-ਪਾਤ ਦੇ ਵਿਤਕਰੇ ਨੂੰ ਕਿਤੇ ਵੀ ਪ੍ਰਵਾਨ ਨਹੀਂ ਕੀਤਾ ਗਿਆ ਪਰ ਜਿਹੜੇ ਲੋਕ ਵੱਖ-ਵੱਖ ਜਾਤਾਂ, ਭਗਤਾਂ ਦੇ ਨਾਂ ਉੱਤੇ ਗੁਰਦੁਆਰੇ ਬਣਾ ਰਹੇ ਹਨ ਜਾਂ ਸਮਾਜ ਵਿੱਚ ਵਿਤਕਰੇ ਪੈਦਾ ਕਰ ਰਹੇ ਹਨ, ਗੁਰਬਾਣੀ ਵੱਲੋਂ ਦਿੱਤੀ ਸਿੱਖਿਆ ਦੀ ਰੋਸ਼ਨੀ ਵਿੱਚ ਉਨ੍ਹਾਂ ਦੇ ਇਸ ਕਰਮ ਨੂੰ ਬਾਣੀ ਅਨੁਸਾਰ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਗੁਰਬਾਣੀ ਅਨੁਸਾਰ ਕਿਸੇ ਬੰਦੇ ਦੇ ਹਿੰਦੂ ਜਾਂ ਮੁਸਲਮਾਨ ਹੋਣ ਵਿੱਚ ਕੋਈ ਵਡਿਆਈ ਨਹੀਂ ਸਗੋਂ ਉਸ ਦੇ ਚੰਗੇ ਇਨਸਾਨ ਅਤੇ ਮਨੁੱਖ ਵਜੋਂ ਕੀਤੇ ਚੰਗੇ ਕਰਮਾਂ ਵਿੱਚ ਉਸ ਦੀ ਵਡਿਆਈ ਸਮੋਈ ਹੋਈ ਹੈ। ਸਿੱਖ ਧਰਮ ਦਾ ਵੱਡਾ ਇਤਿਹਾਸਕ ਯੋਗਦਾਨ ਸਮੂਹ ਲੋਕਾਈ ਨੂੰ ਰੂਹਾਨੀ ਅਗਵਾਈ ਦੇਣ ਦੇ ਨਾਲ-ਨਾਲ ਸਮਾਜ ਵਿੱਚ ਪਸਰੇ ਹਰ ਵਿਤਕਰੇ ਨੂੰ ਸਮਾਪਤ ਕਰਨ ਲਈ ਲੋਕਾਂ ਨੂੰ ਸਮਾਜਿਕ ਜੱਦੋ-ਜਹਿਦਾਂ ਦੇ ਰਾਹ ਪਾਉਣ ਵਿੱਚ ਹੈ। ਇਸੇ ਪ੍ਰਸੰਗ ਵਿੱਚ ਗੁਰੂ ਨਾਨਕ ਸਾਹਿਬ ਨੇ ਬਾਬਰ ਵਰਗੇ ਜਾਬਰ ਅਤੇ ਲੋਕਾਂ ਦੇ ਕਾਤਲ ਰਾਜਿਆਂ ਨੂੰ ‘‘ਪਾਪ ਕੀ ਜੰਞ ਲੈ ਕਾਬਲਹੁ ਧਾਇਆ॥’’ ਰਾਹੀਂ ਮੁਖ਼ਾਤਬ ਕੀਤਾ। ਰਾਜਿਆਂ ਨੂੰ ਸੀਂਹ (ਸ਼ੇਰ) ਅਤੇ ਮੁਕੱਦਮਾਂ (ਚੌਧਰੀਆਂ, ਵਜ਼ੀਰਾਂ) ਨੂੰ ਕੁੱਤੇ ਕਹਿਣ ਦੀ ਇਤਿਹਾਸਕ ਦਲੇਰੀ ਵੀ ਸਿਰਫ਼ ਗੁਰੂ ਨਾਨਕ ਪਾਤਸ਼ਾਹ ਨੇ ਹੀ ਕੀਤੀ। ਦਸਮ ਗੁਰੂ ਸਾਹਿਬ ਨੇ: ‘‘ਚੂੰ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ॥ ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ॥’’ ਭਾਵ ਅਗਰ ਵਾਰਤਾਲਾਪ ਨਾਲ ਮੁੱਦਾ ਹੱਲ ਨਹੀਂ ਹੁੰਦਾ ਤਾਂ ਤਲਵਾਰ ਪਕੜ੍ਹਨੀ ਧਰਮ ਹੈ, ਦਾ ਸੰਕਲਪ ਦੇ ਕੇ, ਖ਼ਾਲਸਾ ਪੰਥ ਦੀ ਸਥਾਪਨਾ ਕਰਦਿਆਂ ਵਿਲੱਖਣ ਮਨੁੱਖ ਖ਼ਾਲਸਾ ਸਿਰਜ ਕੇ ਖ਼ੁਦ ਸ਼ਸਤਰ ਧਾਰਨ ਕੀਤੇ ਅਤੇ ਗੁਰੀਲਾ ਫ਼ੌਜੀ ਕਾਰਵਾਈ ਰਾਹੀਂ ਹੱਕ-ਸੱਚ ਨੂੰ ਸਥਾਪਤ ਕਰਨ ਲਈ ਔਰੰਗਜ਼ੇਬ ਵਰਗੇ ਸਮੇਂ ਦੇ ਜ਼ਾਲਮ ਹਾਕਮਾਂ ਨਾਲ ਹਥਿਆਰਬੰਦ ਟੱਕਰ ਲਈ। ਗੁਰੂ ਨਾਨਕ ਦੇਵ ਜੀ ਨੇ ਆਮ ਲੋਕਾਈ ਨੂੰ ਕੁਰਾਹੇ ਪਾਉਣ ਵਿੱਚ ਲੱਗੀਆਂ ਵੱਖ-ਵੱਖ ਤਾਕਤਾਂ ਦੇ ਅਸਲੀ ਚਰਿੱਤਰ ਨੂੰ ਨੰਗਾ ਕਰਦਿਆਂ ਇੱਥੋ ਤੱਕ ਕਿਹਾ: ‘‘ਕਾਦੀ, ਕੂੜੁ ਬੋਲਿ ਮਲੁ ਖਾਇ।। ਬ੍ਰਾਹਮਣੁ ਨਾਵੈ, ਜੀਆ ਘਾਇ॥ ਜੋਗੀ, ਜੁਗਤਿ ਨ ਜਾਣੈ ਅੰਧੁ।। ਤੀਨੇ, ਓਜਾੜੇ ਕਾ ਬੰਧੁ॥’’

ਇੰਜ ਗੁਰੂ ਸਾਹਿਬ ਨੇ ਕਾਜ਼ੀ, ਬ੍ਰਾਹਮਣ ਅਤੇ ਜੋਗੀ ਦੀ ਧਾਰਮਿਕ/ਸਮਾਜਿਕ ਸੱਤਾ ਨੂੰ ਵੰਗਾਰਿਆ ਕਿਉਂਕਿ ਤਿੰਨੋਂ ਸਮਾਜ ਨੂੰ ਬਿਹਤਰ ਬਣਾਉਣ ਦੀ ਥਾਂ ਲੁੱਟਣ ਅਤੇ ਗ਼ੁਮਰਾਹ ਕਰਨ ਵਿੱਚ ਲੱਗੇ ਹੋਏ ਸਨ। ਜਾਤ-ਪਾਤ ’ਤੇ ਕਰਾਰੀ ਚੋਟ ਮਾਰਦਿਆਂ ਗੁਰੂ ਸਾਹਿਬਾਨ ਨੇ ਸਪੱਸ਼ਟ ਸ਼ਬਦਾਂ ਵਿੱਚ ਸਾਨੂੰ ਸਿੱਖਿਆ ਦਿੱਤੀ ਸੀ ਕਿ ਜਾਤ-ਪਾਤ ਦੀ ਫ਼ੋਕੀ ਹੈਂਕੜ ਕਿਸੇ ਕੰਮ ਦੀ ਨਹੀਂ: ‘‘ਜਾਤਿ ਕਾ ਗਰਬੁ, ਨਾ ਕਰੀਅਹੁ ਕੋਈ॥ ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ॥੧॥ ਜਾਤਿ ਕਾ ਗਰਬੁ, ਨਾ ਕਰ ਮੂਰਖ ਗਵਾਰਾ॥ ਇਸੁ ਗਰਬ ਤੇ ਚਲਹਿ, ਬਹੁਤ ਵਿਕਾਰਾ॥’’

ਇਸ ਤੋਂ ਵੀ ਅੱਗੇ ਗੁਰਬਾਣੀ ਕਿਸੇ ਮਨੁੱਖ ਦੀ ਜਾਤ, ਉਸ ਦੇ ਕਿਸੇ ਵਿਸ਼ੇਸ਼ ਜਾਤ ਵਿੱਚ ਜੰਮਣ ਨੂੰ ਪ੍ਰਵਾਨਗੀ ਨਹੀਂ ਦਿੰਦੀ ਸਗੋਂ ਇਸ ਦੇ ਉਲਟ ਗੁਰਬਾਣੀ ਕਿਸੇ ਬੰਦੇ ਵੱਲੋਂ ਕੀਤੇ ਕੰਮਾਂ ਨੂੰ ਉਸ ਦੀ ਹੋਣੀ ਲਈ ਜ਼ਿੰਮੇਵਾਰ ਪ੍ਰਵਾਨ ਕਰਦੀ ਹੈ: ‘‘ਜਾਤਿ ਜਨਮ ਨਹੁ ਪੂਛੀਐ, ਸਚੁ ਘਰੁ ਲੇਹੁ ਬਤਾਇ॥ ਸਾ ਜਾਤਿ ਸਾ ਪਤਿ ਹੈ, ਜੇਹੇ ਕਰਮ ਕਮਾਇ॥’’

ਗੁਰਬਾਣੀ ਵਿੱਚ ‘‘ਸੋ ਪੰਡਿਤ, ਜੋ ਮਨੁ ਪ੍ਰਬੋਧੈ॥’’ ਦੀ ਸਿੱਖਿਆ ਦੇਣ ਦੇ ਨਾਲ-ਨਾਲ ਉਸ ਨੂੰ ਪੰਡਿਤ ਪ੍ਰਵਾਨ ਕੀਤਾ ਗਿਆ ਹੈ ਜਿਹੜਾ ਹਰ ਪ੍ਰਕਾਰ ਦੇ ਜਾਤ-ਪਾਤ ਦੇ ਵਿਤਕਰੇ ਤੋਂ ਮੁਕਤ ਹੋ ਕੇ ਚਾਰਾਂ ਵਰਨਾਂ ਦੇ ਲੋਕਾਂ ਨੂੰ ਸਾਂਝਾ ਉਪਦੇਸ਼ ਦੇਣ ਦਾ ਯਤਨ ਕਰਦਾ ਹੈ। ਸਿੱਖ ਧਰਮ ਵਿੱਚ ਲੰਗਰ ਦੀ ਪ੍ਰਥਾ ਨੇ ਜਾਤ-ਪਾਤ ਨੂੰ ਤੋੜਨ ਵਿੱਚ ਫ਼ੈਸਲਾਕੁਨ ਅਤੇ ਇਤਿਹਾਸਕ ਭੂਮਿਕਾ ਨਿਭਾਈ ਹੈ। ਲੰਗਰ ਪ੍ਰਥਾ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਆਰੰਭ ਹੋ ਗਈ ਸੀ ਪਰ ਇਸ ਨੂੰ ਇੱਕ ਸੰਸਥਾ ਦਾ ਰੂਪ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਦਿੱਤਾ। ਉਨ੍ਹਾਂ ਦੇ ਦਰਸ਼ਨਾਂ ਨੂੰ ਆਉਣ ਵਾਲੀ ਸੰਗਤ ਨੂੰ ਬਾਕਾਇਦਾ ਇਹ ਤਾਕੀਦ ਕੀਤੀ ਗਈ ਸੀ ਕਿ, ‘‘ਪਹਿਲੇ ਪੰਗਤ ਪਾਛੈ ਸੰਗਤ॥’’ ਜਾਤਪਾਤ ਵਿੱਚ ਬੁਰੀ ਤਰ੍ਹਾਂ ਫਸੇ ਭਾਰਤੀ ਸਮਾਜ ਵਿੱਚ ਇਹ ਇੱਕ ਬਹੁਤ ਵੱਡਾ ਇਨਕਲਾਬ ਸੀ। ਇਸ ਉੱਦਮ ਨੇ ਜਾਤ-ਪਾਤ ਦੇ ਕੋਹੜ ਨੂੰ ਸਮਾਜ ਵਿੱਚੋਂ ਪੂਰੀ ਤਰ੍ਹਾਂ ਖ਼ਤਮ ਤਾਂ ਭਾਵੇਂ ਨਾ ਕੀਤਾ ਪਰ ਇਸ ਨਾਲ ਕਥਿਤ ਨੀਵੀਆਂ ਜਾਤਾਂ ਨਾਲ ਹੋਣ ਵਾਲੇ ਧਾਰਮਿਕ ਵਿਤਕਰੇ ਨੂੰ ਗੁਰਦੁਆਰਿਆਂ ਦੀ ਲੰਗਰ ਦੀ ਸੰਸਥਾ ਵਿੱਚ ਸਮਾਪਤ ਕਰ ਦਿੱਤਾ ਗਿਆ। ਇੱਥੋਂ ਤੱਕ ਕਿ ਅਕਬਰ ਵਰਗੇ ਬਾਦਸ਼ਾਹ ਨੂੰ ਵੀ ਗੋਇੰਦਵਾਲ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਤੋਂ ਪਹਿਲਾਂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦ ਛਕਣਾ ਪਿਆ। ਇੰਜ ਇਸ ਸੰਸਥਾ ਨੇ ਰਾਜਾ-ਰੰਕ ਦੀ ਬਰਾਬਰੀ ਲਈ ਰਾਹ ਪੱਧਰਾ ਕੀਤਾ।

ਸਾਡੇ ਲਈ ਇਸ ਤੋਂ ਵੱਡੀ ਨਮੋਸ਼ੀ ਦੀ ਗੱਲ ਹੋਰ ਕੋਈ ਹੋ ਹੀ ਨਹੀਂ ਸਕਦੀ ਕਿ ਗੁਰੂ ਸਾਹਿਬਾਨਾਂ ਵੱਲੋਂ ਜਾਤ-ਪਾਤ ਦੇ ਕੋਹੜ ਦਾ ਮੁੱਢੋਂ ਹੀ ਫਾਹਾ ਵੱਢ ਦੇਣ ਵਾਲੀ ਦਿੱਤੀ ਸਿੱਖਿਆ ਦੇ ਬਾਵਜੂਦ ਅਸੀਂ ਸਿੱਖ ਧਰਮ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੁਆਰਾ ਦਿੱਤੀ ਮਹਾਨ ਸਿੱਖਿਆ ਨੂੰ ਮੂਲੋਂ ਤਿਲਾਂਜਲੀ ਦੇ ਕੇ ਮੁੜ ਸਮਾਜ ਨੂੰ ਵੰਡਣ ਅਤੇ ਟੁਕੜੇ-ਟੁਕੜੇ ਕਰਨ ਵਾਲੀ ਪਿਛਾਂਹਖਿੱਚੂ ਸੋਚ ਦੇ ਰਾਹ ਪੈ ਚੁੱਕੇ ਹਾਂ। ਗੁਰੂ ਨਾਨਕ ਸਾਹਿਬ ਨੇ ਚਾਰ ਉਦਾਸੀਆਂ ਰਾਹੀਂ ਮਨੁੱਖਤਾ ਨੂੰ ਜਗਾਉਣ ਅਤੇ ਧਰਮ, ਜਾਤ, ਇਲਾਕੇ, ਬੋਲੀ ਅਤੇ ਆਰਥਿਕ ਨਾ-ਬਰਾਬਰੀ ਵਿੱਚ ਫਸੇ ਲੋਕਾਂ ਨੂੰ ਮਨੁੱਖੀ ਬਰਾਬਰੀ, ਸਾਂਝੀਵਾਲਤਾ ਅਤੇ ਭਾਈਚਾਰੇ ਦੀ ਜਿਹੜੀ ਮਹਾਨ ਸਿੱਖਿਆ ਸਾਰੀ ਉਮਰ ਦਿੱਤੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਰਬੰਸ ਵਾਰ ਕੇ ‘ਗ਼ਰੀਬ ਸਿੰਘਾਂ’ ਨੂੰ ਜਿਹੜੀ ਪਾਤਸ਼ਾਹੀ ਦਿੱਤੀ ਸੀ, ਉਸ ਨੂੰ ਅਸੀਂ ਭੁੱਲੀ ਬੈਠੇ ਹਾਂ।

ਗੁਰੂ ਗੋਬਿੰਦ ਸਿੰਘ ਜੀ ਨੇ ਸਮਾਜ ਵਿੱਚ ਨੀਵੀਆਂ ਸਮਝੀਆਂ ਜਾਣ ਵਾਲੀਆਂ ਜਾਤਾਂ ਵਿੱਚੋਂ ਪੰਜ ਸਿੰਘਾਂ ਨੂੰ ਚੁਣ ਕੇ ਨਾ ਕੇਵਲ ਕੁੱਲ, ਜਾਤ ਦੇ ਵਿਤਕਰੇ ਨੂੰ ਖ਼ਤਮ ਕੀਤਾ ਸਗੋਂ ਇਨ੍ਹਾਂ ਨੀਚ ਸਮਝੇ ਜਾਣ ਵਾਲੇ ਸਿੰਘਾਂ ਤੋਂ ਖ਼ੁਦ ਮੰਗ ਕੇ ਅੰਮਿ੍ਰਤ ਛਕਿਆ। ਇੰਜ ਗੁਰੂ-ਚੇਲੇ ਵਿਚਲੇ ਫ਼ਰਕ ਨੂੰ ਸਮਾਪਤ ਕਰਦਿਆਂ ‘‘ਆਪੇ ਗੁਰ ਚੇਲਾ’’ ਬਣ ਕੇ ਵਿਖਾਇਆ। ਇਨਕਲਾਬੀ ਲੋਕ ਕਵੀ ਸੰਤ ਰਾਮ ਉਦਾਸੀ ਨੇ ਗੁਰੂ-ਚੇਲੇ ਵਿਚਲੇ ਫ਼ਰਕ ਨੂੰ ਗੁਰੂ ਜੀ ਵੱਲੋਂ ਖ਼ਤਮ ਕਰ ਦੇਣ ਬਾਰੇ ਬਿਲਕੁਲ ਸਹੀ ਲਿਖਿਆ ਹੈ ਕਿ: ‘ਮੈਂ ਏਸੇ ਲਈ ਸੀ ਜੰਗ ਗੜ੍ਹੀ ਚਮਕੌਰ ਦਾ ਲੜਿਆ, ਕਿ ਕੱਚੇ ਕੋਠੇ ਸਾਹਵੇਂ ਮਹਿਲ ਤੇ ਮੀਨਾਰ ਝੁਕ ਜਾਵੇ। ਮੈਂ ਇਸੇ ਲਈ ਪੰਜਾਂ ਪਿਆਰਿਆਂ ਨੂੰ ਅੰਮਿ੍ਰਤ ਛਕਾਇਆ ਸੀ, ਕਿ ਰਿਸ਼ਤਾ ਜੱਗ ਤੋਂ ਮਾਲਕ ਤੇ ਸੇਵਾਦਾਰ ਦਾ ਮੁੱਕ ਜਾਵੇ।’

ਅੱਜ ਇੰਨੀ ਵੱਡੀ ਗ਼ਰੀਬ ਪੱਖੀ ਤੇ ਜਾਤ-ਪਾਤ ਵਿਰੋਧੀ ਵਿਰਾਸਤ ਨੂੰ ਛੱਡ ਕੇ ਅਸੀਂ ਮੁੜ ਜਾਤ-ਪਾਤ ਅਤੇ ਸਮਾਜਿਕ ਵੰਡ ਦੀ ਉਸੇ ਦਲਦਲ ਵਿਚ ਖੁੱਭਣ ਲੱਗੇ ਹਾਂ ਜਿੱਥੋਂ ਗੁਰੂ ਸਾਹਿਬਾਨ ਅਤੇ ਭਗਤਾਂ ਨੇ ਸਾਨੂੰ ਕੱਢਿਆ ਸੀ। ਸਿੱਖ ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਸਿੱਖਿਆ ਤੋਂ ਮੂੰਹ ਮੋੜਦਿਆਂ, ਅਸੀਂ ਜਾਤਾਂ ’ਤੇ ਆਧਾਰਿਤ ਗੁਰਦੁਆਰੇ ਬਣਾ ਲਏ ਹਨ। ਧਰਮਸ਼ਾਲਾਵਾਂ ਵੱਖ-ਵੱਖ ਕਰ ਲਈਆਂ ਹਨ। ਅਸੀਂ ਇਨ੍ਹਾਂ ਮਾਰੂ ਰੀਤਾਂ ਅਤੇ ਵਿਤਕਰੇ ਪੈਦਾ ਕਰਨ ਵਾਲੀ ਸੋਚ ਦੇ ਸ਼ਿਕਾਰ ਹੋ ਕੇ ਹੁਣ ਸਿਵੇ (ਸ਼ਮਸ਼ਾਨ ਘਾਟ) ਵੀ ਵੱਖ-ਵੱਖ ਬਣਾ ਲਏ ਹਨ। ਸਾਰੇ ਸੰਸਾਰ ਵਿੱਚ ਅਤੇ ਭਾਰਤ ਦੀ ਰਾਜਧਾਨੀ ਦਿੱਲੀ ਜਾਂ ਹੋਰ ਮਹਾਂਨਗਰਾਂ, ਇੱਥੋਂ ਤੱਕ ਕਿ ਪਟਿਆਲੇ ਵਿੱਚ, ਬੀਰ ਜੀ ਦਸੌਂਧੀ ਰਾਮ ਯਾਦਗਾਰੀ ਸ਼ਮਸ਼ਾਨ ਘਾਟ ਸਮੇਤ ਸਾਰੀਆਂ ਸ਼ਮਸ਼ਾਨ ਘਾਟਾਂ ਵਿੱਚ ਸਾਰੇ ਮਿ੍ਰਤਕ ਸਰੀਰਾਂ ਦਾ ਬਿਨਾ ਕਿਸੇ ਵਿਤਕਰੇ ਤੋਂ ਬੜੇ ਅਦਬ ਨਾਲ ਸਸਕਾਰ ਕੀਤਾ ਜਾਂਦਾ ਹੈ। ਕਦੀ ਵੀ ਕਿਸੇ ਦੁਆਰਾ ਕਿਸੇ ਦੇ ਦਲਿਤ, ਬਾਲਮੀਕੀ ਜਾਂ ਜਾਤ ਆਧਾਰਿਤ ਕਿਸੇ ਹੋਰ ਵਿਤਕਰੇ ਦੀ ਕੋਈ ਗੱਲ ਨਹੀਂ ਕੀਤੀ ਜਾਂਦੀ। ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਬੰਦਾ ਚਲਾ ਹੀ ਗਿਆ ਤਾਂ ਸਸਕਾਰ ਕਰਨ ਨਾਲ ਅੱਧੇ ਘੰਟੇ ਬਾਅਦ ਰਾਖ਼ ਤੋਂ ਬਿਨਾ ਉਸ ਦਾ ਕੁਝ ਵੀ ਬਾਕੀ ਨਹੀਂ ਬਚਦਾ। ਕੀ ਜਾਤ-ਪਾਤ ਦੇ ਕੋਹੜ ਨੂੰ ਅਸੀਂ ‘ਪਰਲੋਕ’ ਵਿੱਚ ਵੀ ਨਾਲ ਲੈ ਕੇ ਜਾਣਾ ਚਾਹੁੰਦੇ ਹਾਂ?

ਇਸ ਤੋਂ ਵੀ ਵੱਧ ਚਿੰਤਾਜਨਕ ਗੱਲ ਇਹ ਹੈ ਕਿ ਛੂਤ-ਛਾਤ ’ਤੇ ਆਧਾਰਿਤ, ਅਜਿਹੇ ਵਿਤਕਰੇ ਭਰੇ ਸਮਾਜਿਕ ਵਿਹਾਰ ਰਾਹੀਂ ਆਪਣੇ ਨੌਜਵਾਨਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਸਿੱਖੀ ਦੇ ਕਿਹੜੇ ਆਦਰਸ਼ਾਂ ਦੀ ਤਸਵੀਰ ਪੇਸ਼ ਕਰ ਰਹੇ ਹਾਂ? ਮੇਰੀ ਸਾਰੇ ਧਰਮਾਂ, ਵਰਗਾਂ, ਜਾਤਾਂ ਤੇ ਇਲਾਕਿਆਂ ਦੇ ਲੋਕਾਂ ਨੂੰ, ਸਿੱਖ ਧਰਮ ਦੇ ਧਾਰਮਿਕ ਆਗੂਆਂ ਅਤੇ ਵਿਸ਼ੇਸ਼ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਤਿਕਾਰਯੋਗ ਜਥੇਦਾਰ ਸਾਹਿਬ ਅਤੇ ਸਿੱਖਾਂ ਦੇ ਪੰਜਾਂ ਤਖ਼ਤਾਂ ਦੇ ਜਥੇਦਾਰਾਂ, ਸਿੱਖ ਸੰਤਾਂ, ਮਹਾਂਪੁਰਸ਼ਾਂ, ਬੁੱਧਜੀਵੀਆਂ, ਚਿੰਤਕਾਂ, ਸਿਧਾਂਤਕਾਰਾਂ ਅਤੇ ਸਿੱਖ ਧਰਮ ਵਿੱਚ ਸੱਚੀ ਸ਼ਰਧਾ ਅਤੇ ਵਿਸ਼ਵਾਸ ਰੱਖਣ ਵਾਲੇ ਵੀਰਾਂ-ਭੈਣਾਂ ਨੂੰ ਅਪੀਲ ਹੈ ਕਿ ਆਓ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਮੱਤ ਅਤੇ ਸਾਂਝੀ ਸਹਿਮਤੀ ਨਾਲ ਸਿੱਖ ਧਰਮ ਦੀ ਮਹਾਨ ਮਾਨਵਵਾਦੀ ਵਿਰਾਸਤ ਉੱਪਰ ਮੁੜ ਤੋਂ ਲੱਦੀ ਜਾ ਰਹੀ ਜਾਤ-ਪਾਤ ਦੀ ਇਸ ਅਮਰਵੇਲ ਨੂੰ ਲਾਹ ਮਾਰੀਏ।

ਸਾਰੇ ਸਮਾਜ ਨੂੰ ਨਾਲ ਲੈ ਕੇ ਇੱਕਮੁੱਠ ਹੋ ਕੇ ਵਿਚਾਰਧਾਰਕ, ਸਿਧਾਂਤਕ, ਧਾਰਮਿਕ ਅਤੇ ਸਮਾਜਿਕ ਤੌਰ ’ਤੇ ਸੰਗਠਿਤ ਹੋ ਕੇ ਇਸ ਲਾਹਨਤ ਦਾ ‘ਕੀਰਤਨ ਸੋਹਿਲਾ’ ਪੜ੍ਹੀਏ ਅਤੇ ਹਰ ਪਿੰਡ ਵਿੱਚ ਸਾਰੀਆਂ ਜਾਤਾਂ ਲਈ ਇੱਕੋ-ਇੱਕ ਸਾਂਝਾ ਗੁਰਦੁਆਰਾ, ਧਰਮਸ਼ਾਲਾਵਾਂ ਅਤੇ ਸ਼ਮਸ਼ਾਨ ਘਾਟ ਉਸਾਰਨ ਲਈ ਸੁਚੇਤ ਯਤਨ ਆਰੰਭ ਕਰੀਏ। ਸਮਾਜ ਨੂੰ ਜੋੜੀਏ ਅਤੇ ਸਮਾਜ ਵਿੱਚੋਂ ਵਿਤਕਰੇ, ਛੂਤ-ਛਾਤ ਨੂੰ ਖ਼ਤਮ ਕਰੀਏ। ਜੰਮਣ, ਮਰਨ, ਵਿਆਹ ਨਾਲ ਜੁੜੀਆਂ ਖ਼ਰਚੀਲੀਆਂ ਰਸਮਾਂ ਅਤੇ ਰੀਤਾਂ ਨੂੰ ਸਮਾਪਤ ਕਰਦਿਆਂ, ਇੱਕ ਸਿਹਤਮੰਦ, ਜਾਗਰੂਕ ਅਤੇ ਸੱਚ ਉੱਤੇ ਪਹਿਰਾ ਦੇਣ ਵਾਲੇ ਤੇ ਗ਼ਰੀਬਾਂ ਦੀ ਬਾਂਹ ਫੜਨ ਵਾਲੇ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਈਏ। ਇੱਥੇ ਇਹ ਜ਼ਿਕਰ ਕਰਨਾ ਵਾਜਬ ਹੋਵੇਗਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਹਕੂਮਤੀ ਜ਼ਬਰ ਨੂੰ ਵੰਗਾਰਦਿਆਂ ਇਹ ਭਾਈ ਜੈਤਾ ਹੀ ਸੀ, ਜਿਸ ਨੇ ਗੁਰੂ ਸਾਹਿਬ ਜੀ ਦੇ ਸੀਸ ਨੂੰ ਆਪਣੀ ਜਾਨ ਤਲੀ ’ਤੇ ਧਰ ਕੇ ਸ੍ਰੀ ਆਨੰਦਪੁਰ ਸਾਹਿਬ ਲਿਆ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਅੰਤਿਮ ਦਰਸ਼ਨ ਕਰਾਏ। ਗੁਰੂ ਸਾਹਿਬ ਨੇ ਭਾਈ ਜੈਤੇ ਨੂੰ ‘ਰੰਘਰੇਟੇ ਗੁਰੂ ਕੇ ਬੇਟੇ’ ਦਾ ਰੁਤਬਾ ਦਿੱਤਾ। ਗੁਰੂ ਦੇ ਬੇਟਿਆਂ ਦੇ ਮਿ੍ਰਤਕ ਸਰੀਰ ਦਾ ਸਸਕਾਰ ਵੀ ਸਾਂਝੇ ਸ਼ਮਸ਼ਾਨ ਘਾਟ ਵਿੱਚ ਕਰਨ ਤੋਂ ਹੁਣ ਸਾਡੇ ਮਨਾਂ ਵਿੱਚ ਵਿਤਕਰਾ ਕਿਉਂ ਪੈਦਾ ਹੁੰਦਾ ਹੈ?

ਇਹ ਸਵਾਲ ਸਾਰੇ ਸਮਾਜ ਲਈ ਵਿਸ਼ੇਸ਼ ਕਰਕੇ ਸਿੱਖ ਭਾਈਚਾਰੇ ਲਈ ਇੱਕ ਚੁਣੌਤੀ ਹੈ। ਦੇਖਣ ਵਾਲੀ ਗੱਲ ਇਹ ਹੈ ਕਿ ਇਸ ਚੁਣੌਤੀ ਦਾ ਉੱਤਰ ਅਸੀਂ ਗੁਰਬਾਣੀ ਦੇ ਚਾਨਣ ਰਾਹੀਂ ਗੁਰਮੁਖਤਾ ਨਾਲ ਦਿੰਦੇ ਹਾਂ ਜਾਂ ਜਾਤ-ਪਾਤ, ਹਉਂਮੈ ਵਿੱਚ ਗ੍ਰਸੀ ਆਪਣੀ ਮਨਮੁਖਤਾ ਨਾਲ। ਜਿਹੜੇ ਲੋਕ ਅੱਜ ‘ਸਿੱਖ ਧਰਮ ਨੂੰ ਖ਼ਤਰੇ’ ਦੀ ਦੁਹਾਈ ਦਿੰਦੇ ਹਨ, ਉਹ ਸਿੱਖ ਧਰਮ ਅਤੇ ਸਿੱਖੀ ਨੂੰ, ਫ਼ਲਸਫ਼ੇ ਅਤੇ ਅਮਲ ਦੇ ਪੱਧਰ ’ਤੇ ਇੱਕ ਸੀਮਤ ਦਾਇਰੇ ਵਿੱਚ ਰੱਖ ਕੇ ਹੀ ਦੇਖਦੇ ਹਨ। ਉਹ ਵੀਚਾਰ ਹੀ ਨਹੀਂ ਕਰਦੇ ਕਿ ਸਿੱਖ ਧਰਮ ਸਿਰਫ਼ ਸਿੱਖਾਂ ਲਈ ਨਹੀਂ ਸਗੋਂ ਸਮੂਹ ਜਗਤ ਲੋਕਾਈ ਲਈ ਹੈ। ਉਹ ਨਹੀਂ ਜਾਣਦੇ ਕਿ ਸਿੱਖ ਧਰਮ ਮਹਿਜ਼ ਜੀਵਨ ਦਰਸ਼ਨ ਹੀ ਨਹੀਂ, ਨਿਆਰਾ ਜੀਵਨ ਢੰਗ ਤੇ ਜੀਵਨ ਜਾਚ ਵੀ ਹੈ। ਅਜੋਕੇ ਸੰਸਾਰ ਵਿੱਚ ਜੇ ਸਿੱਖ ਧਰਮ ਦੇ ਸਰਬ-ਸਾਂਝੀਵਾਲਤਾ ਅਤੇ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’ ਵਰਗੇ ਸਮੂਹ ਲੋਕਾਈ ਨੂੰ ਆਪਣੇ ਕਲਾਵੇ ਵਿੱਚ ਲੈਣ ਅਤੇ ਨਿਮਾਣਿਆਂ ਦੇ ਮਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ ਵਰਗੇ ਸਮਾਜਿਕ ਇਨਕਲਾਬੀ ਉਦੇਸ਼ਾਂ ਤੇ ਆਦਰਸ਼ਾਂ ’ਤੇ ਚੱਲ ਕੇ ਲੋਕਾਂ ਦੀ ਅਗਵਾਈ ਕੀਤੀ ਜਾਵੇ ਤਾਂ ਖ਼ਤਰਾ ਸਿੱਖ ਧਰਮ ਨੂੰ ਨਹੀਂ ਸਗੋਂ ਵਿਤਕਰਿਆਂ ’ਤੇ ਉੱਸਰੀ ਸੱਤਾ-ਸਥਾਪਤੀ ਅਤੇ ਮਨੁੱਖਤਾ ਵਿਰੋਧੀ ਧਰਮਾਂ ਨੂੰ ਜ਼ਰੂਰ ਖੜ੍ਹਾ ਹੋ ਸਕਦਾ ਹੈ।

ਇਹ ਨਹੀਂ ਮੰਨਿਆਂ ਜਾ ਸਕਦਾ ਕਿ ਸਿੱਖ ਧਰਮ ਦੇ ਅਗਵਾਨ, ਸਿੱਖ ਚਿੰਤਕ, ਬੁੱਧਜੀਵੀ ਤੇ ਸਿਧਾਂਤਕਾਰ, ਸਿੱਖੀ ਦੇ ਇਸ ਪੱਖ ਤੋਂ ਅਣਜਾਣ ਹਨ। ਅਸਲੀਅਤ ਇਹ ਹੈ ਕਿ ਉਹ ਸਿੱਖੀ ਦੇ ਇਸ ਪੱਖ ਨੂੰ ਉਜਾਗਰ ਕਰ ਕੇ ਆਪਣੀ ਆਰਾਮਪ੍ਰਸਤ ਜ਼ਿੰਦਗੀ ਵਿੱਚ ਖ਼ਲਲ ਪੈਣ ਦੇ ਡਰੋਂ, ਜਾਣ ਬੁੱਝ ਕੇ ਅੱਖਾਂ ਮੀਟੀ ਬੈਠੇ ਹਨ। ਸਿੱਖ ਧਰਮ ਦੀ ਵਿਸ਼ਾਲਤਾ ਨੂੰ ਅਰਥ ਦੇਣ ਅਤੇ ਬਿਖੜੇ ਪੈਂਡਿਆਂ ਦੇ ਰਾਹੀ ਬਣਨ ਤੋਂ ਬਚਦੇ, ਉਹ ਇਸ ਨੂੰ ਕੇਵਲ ਸਿੱਖ ਜਗਤ ਤੱਕ ਹੀ ਸੀਮਤ ਰੱਖਣ ਦਾ ਆਸਾਨ ਰਸਤਾ ਚੁਣੀ ਬੈਠੇ ਹਨ। ਉਹ ਇਸ ਨੂੰ ਇਸ ਦੇ ਬਾਹਰੀ ਰੂਪ ਜਾਂ ਸਾਖੀਆਂ/ਸਤਿਸੰਗਾਂ/ਦੀਵਾਨਾਂ ਤੱਕ ਹੀ ਸੀਮਤ ਕਰ ਕੇ ਰੱਖਣਾ ਚਾਹੁੰਦੇ ਹਨ। ਸਿੱਖ ਧਰਮ ਵਿੱਚ ਬੁਰੀ ਤਰ੍ਹਾਂ ਪੈਰ ਪਸਾਰ ਚੁੱਕੀ ਬ੍ਰਾਹਮਣਵਾਦੀ ਸੋਚ ਤੇ ਕਰਮਕਾਂਡੀ ਧਾਰਮਿਕ ਅਭਿਆਸ ਸਬੰਧੀ ਉਨ੍ਹਾਂ ਜਾਣ ਬੁੱਝ ਕੇ ਸਾਜ਼ਿਸ਼ੀ ਚੁੱਪ ਧਾਰੀ ਹੋਈ ਹੈ। ਸੰਗਤ ਤੇ ਪੰਗਤ ਵਰਗੇ ਮਹਾਨ ਸੰਕਲਪਾਂ ਵਿੱਚ ਆਏ ਨਿਘਾਰ ਅਤੇ ਪ੍ਰਤੱਖ ਵਿਗਾੜਾਂ ਤੋਂ ਉਹ ਅੱਖਾਂ ਮੁੰਦੀ ਬੈਠੇ ਹਨ। ਸਿੱਖ ਧਰਮ ਵਿੱਚ ਮੁੜ ਜੜ੍ਹਾਂ ਪਸਾਰ ਚੁੱਕੀ ਜਾਤ-ਪਾਤ ਵਿਵਸਥਾ ਕਾਰਨ ਨੀਵੀਆਂ ਜਾਤਾਂ ਦੇ ਸਿੱਖ; ਧਰਮ ਤੋਂ ਦੂਰ ਹੋਣ ਅਤੇ ਪੰਜਾਬ ਵਿੱਚ ਵਧ ਰਹੇ ਡੇਰਾਵਾਦ ਦੇ ਰਿਸ਼ਤੇ ਨੂੰ ਵੀ ਉਹ ਜਾਣਬੁੱਝ ਕੇ ਅਣਗੌਲਿਆਂ ਕਰਨ ਦੇ ਰੌਂਅ ਵਿੱਚ ਜਾਪਦੇ ਹਨ। ਇਹੀ ਕਾਰਨ ਹੈ ਕਿ ਹੌਲ਼ੀ-ਹੌਲ਼ੀ ਸਿੱਖ ਧਰਮ ਦਾ ਬ੍ਰਾਹਮਣੀਕਰਨ ਹੁੰਦਾ ਜਾ ਰਿਹਾ ਹੈ।

ਫਿਰ ਵੀ ਮੈਂ ਆਸ ਕਰਦਾ ਹਾਂ ਕਿ ਸਿੱਖ ਸੰਗਤ ਦਾ ਵਿਸ਼ਾਲ ਹਿੱਸਾ, ਸਿੱਖੀ ਤੇ ਸਿੱਖ ਧਰਮ ਦੇ ਮਾਨਵਤਾਵਾਦੀ ਅਤੇ ਸਰਬੱਤ ਦੇ ਭਲੇ ਵਾਲੇ ਇਨਕਲਾਬੀ ਵਿਰਸੇ ਨੂੰ ਬਚਾਉੇਣ ਲਈ ਸਿੱਖ ਜਗਤ ਵਿੱਚ ਪੈਰ ਪਸਾਰ ਚੁੱਕੀ ਜਾਤ-ਪਾਤ ਵਿਵਸਥਾ ਦੇ ਖ਼ਿਲਾਫ਼ ਸ਼ੁਰੂ ਕੀਤੇ ਜਾ ਰਹੇ ਜਾਗਰੂਕਤਾ ਅਭਿਆਨ ਵਿੱਚ, ਉਹ ਮੇਰੇ ਵਰਗੇ ਅਨੇਕਾਂ ਹੋਰ ਨਿਮਾਣੇ ਜਿਹੇ ਵਿਅਕਤੀਆਂ ਦਾ ਸਾਥ ਜ਼ਰੂਰ ਦੇਵੇਗਾ।