ਸਿੱਖ ਅੰਦੋਲਨਾਂ ਦੀ ਭੂਮਿਕਾ ਅਤੇ ਗੁਰਮਤਿ ਸਿਧਾਂਤ ਲਈ ਨਫ਼ਾ-ਨੁਕਸਾਨ

0
229

ਸਿੱਖ ਅੰਦੋਲਨਾਂ ਦੀ ਭੂਮਿਕਾ ਅਤੇ ਗੁਰਮਤਿ ਸਿਧਾਂਤ ਲਈ ਨਫ਼ਾ-ਨੁਕਸਾਨ

ਬਲਜੀਤ ਸਿੰਘ (ਡਾਇਰੈਕਟਰ ਐਜੂਕੇਸ਼ਨ), ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ, ਚੌਂਤਾਂ ਕਲਾਂ (ਰੋਪੜ)-94170-18531

ਕਿਸੇ ਵੀ ਕੌਮ ਦਾ ਸਿਧਾਂਤ ਅਤੇ ਉਸ ’ਤੇ ਪਹਿਰਾ ਦੇਣ ਵਾਲੇ ਮਰ-ਜੀਵੜਿਆਂ ਦਾ ਇਤਿਹਾਸ, ਉਸ ਕੌਮ ਦਾ ਅਸਲ ਸਰਮਾਇਆ ਹੁੰਦਾ ਹੈ। ਸਿੱਖ ਕੌਮ ਦੁਨੀਆਂ ਦੇ ਇਤਿਹਾਸ ਵਿੱਚ ਨਵੀਂ ਅਤੇ ਨਿਵੇਕਲੀ ਕੌਮ ਦੇ ਨਾਂ ਨਾਲ ਜਾਣੀ-ਪਹਿਚਾਣੀ ਜਾਂਦੀ ਹੈ, ਜਿਸ ਦਾ ਦ੍ਰਿਸ਼ਟੀਕੌਣ ਵਿਗਿਆਨਕ ਤੇ ਸਰਬ ਪ੍ਰਮਾਣਿਤ (ਤੇਰੇ ਭਾਣੇ ਸਰਬਤ ਦਾ ਭਲਾ) ਹੈ। ਇਨ੍ਹਾਂ ਦੋਵੇਂ ਗੁਣਾਂ ਕਾਰਨ ਸਿੱਖ ਕੌਮ ਭਵਿੱਖ ’ਚ ਦੁਨੀਆਂ ਦੇ ਇਤਿਹਾਸ ਦੀ ਅਗਵਾਈ ਕਰਨ ਯੋਗ ਹੈ, ਇਹ ਕੋਈ ਅਤਿ ਕਥਨੀ ਨਹੀਂ ਕਿ ਸਿੱਖ ਧਰਮ ਹੀ ਅਗਲੇ ਭਵਿੱਖ ਜਾਂ ਨਵੇਂ ਜੁਗ ਦਾ ‘ਧਰਮ’ ਹੈ।

ਸਿੱਖ ਕੌਮ ਦੀ ਸਿਰਜਣਾ ਕਰਨ ਵਾਲੇ ਗੁਰੂ ਮਹਾਂ ਪੁਰਖਾਂ ਨੇ ਸਮਾਜਿਕ ਜੀਵਨ ਨੂੰ ਸੁਖਾਲਾ ਅਤੇ ਪ੍ਰੇਮ-ਭਰਪੂਰ ਬਣਾਉਣ ਲਈ ਜਿੱਥੇ ਸਰਲ ਤੇ ਉੱਜਲ ਸਿਧਾਂਤ ਸਮਾਜ ਨੂੰ ਸਮਰਪਿਤ ਕੀਤੇ, ਉੱਥੇ ਇਸ ਦੀ ਸੰਭਾਲ ਤੇ ਅਗਵਾਈ ਵੀ ਆਪਣੇ ਖ਼ੂਨ ਦੇ ਬਲਿਦਾਨ ਰਾਹੀਂ ਦਿੱਤੀ। ‘ਗੁਰਮਤਿ ਸਿਧਾਂਤ’ ਨਿਆਸਰਿਆਂ ਲਈ ਆਸਰਾ ਅਤੇ ਜ਼ਾਬਰਾਂ ਲਈ ਚੁਣੌਤੀ ਹੈ। ਜਿਸ ਦੀ ਵਿਆਖਿਆ ਸਿੱਖੀ ਵਿੱਚ ‘ਮੀਰੀ’ ਤੇ ‘ਪੀਰੀ’ ਦੇ ਸੰਕਲਪ ਰਾਹੀਂ ਕੀਤੀ ਜਾਂਦੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਕੇਵਲ ਇੱਕ ਉਪਦੇਸ਼ ਰਾਹੀਂ ਹੀ ਉਕਤ ਦੋਵੇਂ ਵਿਸ਼ਿਆਂ ’ਤੇ ਚੱਲਣ ਲਈ ਆਪਣੇ ਅਨੁਆਈ ਸਿੱਖਾਂ ਨੂੰ ਤਿਆਰ-ਬਰ-ਤਿਆਰ ਕੀਤਾ ਹੈ ‘‘ਜਉ ਤਉ, ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ, ਗਲੀ ਮੇਰੀ ਆਉ ॥ ਇਤੁ ਮਾਰਗਿ, ਪੈਰੁ ਧਰੀਜੈ ॥ ਸਿਰੁ ਦੀਜੈ, ਕਾਣਿ ਨ ਕੀਜੈ ॥’’ (ਮ: ੧/੧੪੧੨) ਭਾਵ ਨਿਰਦਈਆਂ ਦੇ ਮੁਕਾਬਲੇ ਲਈ ਸਿਰ ਤਲੀ ’ਤੇ ਧਰਨ, ਦੀ ਅਦਭੁੱਤ ਖੇੜ ਖੇੜੀ ਜਾ ਸਕੇ।

ਪਿਛਲੇ ਲਗਭਗ 40 ਕੁ ਸਾਲਾਂ ਵਿੱਚ ਸਿੱਖ ਕੌਮ ਉੱਪਰ ਕਈ ਮੁਸੀਬਤਾਂ ਆਈਆਂ। ਜਿਨ੍ਹਾਂ ਦਾ ਮੁਕਾਬਲਾ, ਗੁਰੂ ਸਿਧਾਂਤ ਨੂੰ ਸਮਰਪਿਤ ਸਿੱਖ-ਮਰਜੀਵੜੇ ਆਪਣੇ-ਆਪਣੇ ਤਰੀਕਿਆਂ ਨਾਲ ਕਰਦੇ ਆ ਰਹੇ ਹਨ ਤੇ ਕਰ ਰਹੇ ਹਨ। ਇਨ੍ਹਾਂ 40 ਕੁ ਸਾਲਾਂ ਵਿੱਚ ਸਿੱਖ ਕੌਮ ਨਾਲ ਸੰਬੰਧਤ, ਜੋ ਵੇਖਣ ਤੇ ਸੁਣਨ ਨੂੰ ਮਿਲਿਆ ਉਹ ਬੜਾ ਹੀ ਦੁਖਦਾਈ ਹੈ, ਜਿਸ ਦੀ ਪੂਰਨ ਤੌਰ ’ਤੇ ਵਿਆਖਿਆ ਕਰਨੀ ਵੀ ਮੁਸ਼ਕਲ ਹੈ। ਸਿੱਖ ਕੌਮ ਦੀ ਇਸ ਅਸਫਲਤਾ ਲਈ ਸਭ ਤੋਂ ਵੱਡੀ ਕਮਜੋਰੀ, ਚੰਗੀ ਲੀਡਰਸ਼ਿਪ ਦੀ ਘਾਟ ਹੈ। ‘ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋ, ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।’ ਦੀ ਬਾਤ ਹਰ ਵਾਰ ਸੱਚ ਹੋ ਰਹੀ ਹੈ। ਉਹੀ ਕੌਮਾਂ ਆਪਣਾ ਭਵਿੱਖ ਉਜਲਾ ਬਣਾ ਸਕਦੀਆਂ ਹਨ ਜੋ ਆਪਣੀਆਂ ਕਮਜੋਰੀਆਂ ਦਾ ਮੰਥਨ ਤੇ ਵੀਚਾਰ ਚਰਚਾ ਕਰਦੀਆਂ ਰਹਿਣ। ਕੌਮ ਅਤੇ ਸਿੱਖ ਨੌਜਵਾਨੀ ਦਾ ਆਏ ਦਿਨ ਹੁੰਦਾ ਘਾਣ ਵੇਖ ਕੇ ਪੰਥ ਦਰਦੀਆਂ ਸਾਹਮਣੇ ਆਪਣੇ ਮਨ ਦੀ ਪੀੜਾ ਬਿਆਨ ਕਰਨ ਨੂੰ, ਆਪਣੀ ਵੀ ਜ਼ਿੰਮੇਵਾਰੀ ਸਮਝਦਾ ਹਾਂ।

ਕਿਸੇ ਵੀ ਆਦਰਸ਼ ਨੂੰ ਸਮੂਹ ਲੁਕਾਈ ਦੇ ਸਨਮੁਖ ਰਖਦਿਆਂ ਪਹਿਲਾਂ ਆਪ ਉਸ ਆਦਰਸ਼ ਪ੍ਰਤੀ ਸਮਰਪਤ ਹੋਣਾ ਪਹਿਲੀ ਯੋਗਤਾ ਹੁੰਦੀ ਹੈ। ਦੂਸਰਾ, ਵਰਤਮਾਨ ਸਮੇਂ ਦੇ ਤਕਨੀਕੀ ਸਾਧਨਾਂ ਦੀ ਮਦਦ ਨਾਲ ਕੌਮੀ ਸਿਧਾਂਤ ਅਤੇ ਆਪਣੇ ਆਦਰਸ਼ਕ ਜੀਵਨ ਰਾਹੀਂ ਸਮਾਜ ਨੂੰ ਪ੍ਰਭਾਵਿਤ ਕਰਨਾ, ਹੁੰਦਾ ਹੈ। ਇਨ੍ਹਾਂ ਦੋਵੇਂ ਕੰਮਾਂ ਲਈ ਜਿੱਥੇ ਕੌਮੀ ਵੀਚਾਰਧਾਰਾ ਦੀ ਏਕਤਾ ਹੋਣਾ ਜ਼ਰੂਰੀ ਹੈ ਉੱਥੇ ਯੋਗ ਰਣਨੀਤੀ ਦੀ ਵੀ ਅਤਿ ਜ਼ਰੂਰਤ ਹੁੰਦੀ ਹੈ ਤਾਂ ਕਿ ਰਾਜਨੀਤੀ ਤੇ ਰਣਨੀਤੀ ਦੋਹਾਂ ਵਿੱਚ ਕੌਮ ਅੱਗੇ ਵਧ ਸਕੇ।

ਕੌਮੀ ਏਕਤਾ ਲਈ ਉਤਸ਼ਾਹ (ਜ਼ਜਬਾ) ਅਤੇ ਗੁਰੂ ਸਿਧਾਂਤ ਪ੍ਰਤੀ ਸਮਰਪਤ ਭਾਵਨਾ ਬੜੀ ਮਹੱਤਵ ਪੂਰਨ ਸੋਚ ਹੁੰਦੀ ਹੈ। ਜੇਕਰ ਉਸ ਉਤਸ਼ਾਹ (ਸੋਚ) ਨੂੰ ਕਿਸੇ ਰਣਨੀਤੀ (ਤਰਤੀਬ) ਵਿੱਚ, ਸਮੇਂ ਰਹਿੰਦੇ ਨਾ ਬਦਲਿਆ ਜਾਵੇ ਤਾਂ ਉਹੀ ਉਤਸਾਹ ਕੌਮੀ ਤੇ ਨਿਜੀ ਨੁਕਸਾਨ ਦਾ ਕਾਰਨ ਬਣਦਾ ਹੈ। ਖਾਸਕਰ ਜਦ ਕਿਸੇ ਕੌਮੀ ਲੀਡਰਸ਼ਿਪ ਦੀ ਘਾਟ ਹੋਵੇ ਤਾਂ ਇਸ ਨੁਕਸਾਨ ਤੋਂ ਬਚਣਾ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ। ਇੰਝ ਲਗਦਾ ਹੈ ਜਿਵੇਂ ‘‘ਦੇ ਲੰਮੀ ਨਦਰਿ ਨਿਹਾਲੀਐ॥” ਭਾਵ ਦੂਰ ਦ੍ਰਿਸ਼ਟੀ ਦੀ ਸੋਚ ਸਾਡੇ ਅੰਦਰ ਮਰ ਹੀ ਚੁੱਕੀ ਹੈ।

ਗੁਰਮਤਿ ਸਿਧਾਂਤ ਦਾ ਬਹੁਤਾ ਤੇ ਮਹੱਤਵ ਪੂਰਨ ਹਿੱਸਾ ਧਾਰਮਿਕ ਪਾਖੰਡ ਦੇ ਵਿਰੋਧ ਨਾਲ ਸੰਬੰਧਤ ਦਰਜ ਕੀਤਾ ਹੋਇਆ ਹੈ। ਕਿਸੇ ਵੀ ਨਿਵੇਕਲੇ ਅਤੇ ਸਰਬ ਪ੍ਰਮਾਣਿਤ ਸਿਧਾਂਤ ਦਾ ਵਿਰੋਧ ਕੋਈ ਜ਼ਰੂਰਤਮੰਦ ਨਹੀਂ ਕਰਦਾ ਬਲਕਿ ਉਹ ਪਾਖੰਡੀ ਕਰਦੇ ਹਨ ਜਿਨ੍ਹਾਂ ਨੇ ਸਦੀਆਂ ਤੋਂ ਧਰਮ ਦੀ ਵਿਆਖਿਆ, ਆਪਣੀਆਂ ਸਮਾਜਕ ਲੋੜਾਂ ਨੂੰ ਮੁਖ ਰੱਖ ਕੇ, ਕੀਤੀ ਹੁੰਦੀ ਹੈ। ਜਦ ਨਵੀਂ ਚੰਗੀ ਤੇ ਸਰਲ ਸੋਚ ਸਮਾਜ ਨੂੰ ਸਮਝ ਆਉਣ ਲੱਗ ਜਾਵੇ ਤਾਂ ਰੂੜ੍ਹੀਵਾਦੀ (ਸੰਪਰਦਾਇਕਤਾ ਵਿੱਚ ਵਿਸ਼ਵਾਸ਼ ਕਰਨ ਵਾਲੇ) ਲੋਕ ਇਸ ਵਿੱਚ ਆਪਣਾ ਨਿਰਾਦਰ ਸਮਝਦੇ ਹਨ ਕਿਉਂਕਿ ਸਦੀਆਂ ਤੋਂ ਉਨ੍ਹਾਂ ਨੇ ਜਨਤਾ ਨੂੰ ਧਰਮ ਦੇ ਨਾਂ ’ਤੇ ਲੁਟਿਆ ਹੁੰਦਾ ਹੈ।

ਸਿੱਖਾਂ ਨਾਲ ਸੰਬੰਧਤ ਪਿਛਲੇ 40 ਕੁ ਸਾਲ ਦਾ ਇਤਿਹਾਸ ਸਮਝਣ ਲਈ ਭਾਰਤ ਦੇ ਰਾਜਨੀਤੀਕ ਹਾਲਾਤਾਂ ਨੂੰ ਸਮਝਣਾ ਬਹੁਤ ਹੀ ਜ਼ਰੂਰੀ ਹੈ। ਸੰਨ 1947 ਵਿੱਚ ਜਦ ਭਾਰਤ ਆਜ਼ਾਦ ਹੋਇਆ ਤਾਂ ਭਾਰਤ ਦੀ ਜਨਤਾ ਨੇ ਅੰਗ੍ਰੇਜ਼ਾਂ ਵੱਲੋਂ ਕੀਤੀਆਂ ਗਈਆਂ ਵਧੀਕੀਆਂ ਦੇ ਮੁਕਾਬਲੇ ਆਪਣੇ ਰਾਜਨੀਤਕ ਲੀਡਰਾਂ ਨੂੰ ਵਧੇਰੇ ਯੋਗ ਮੰਨ ਕੇ 25-30 ਸਾਲ ਦਾ ਸਮਾਂ ਨਿਰ-ਵਿਰੋਧ ਹੀ ਬਤੀਤ ਕਰ ਲਿਆ, ਪਰ ਉਸ ਤੋਂ ਉਪਰੰਤ ਜਨਤਾ ਬਹੁਤਾ ਸਮਾਂ ਇਨ੍ਹਾਂ ਲੀਡਰਾਂ ਨੂੰ ਵੀ ਰਾਜਨੀਤਕ ਤਾਕਤ ਦੇਣ ਦੇ ਹੱਕ ਵਿੱਚ ਨਹੀਂ ਸੀ ਕਿਉਂਕਿ ਇਹ ਲੀਡਰ ਵੀ ਸਮੇਂ ਦੇ ਅਨੁਸਾਰ ਜਨਤਾ ਦੀ ਭਲਾਈ ਲਈ ਕੰਮ ਕਰਨ ਦੀ ਬਜਾਏ ਵਿਦੇਸ਼ੀ ਹਾਕਮਾਂ ਨਾਲੋਂ ਵੀ ਵਧੀਕ ਅਤਿਆਚਾਰ ਕਰਨ ਲੱਗ ਪਏ ਸਨ। ਅਜਿਹੇ ਰਾਜਨੀਤਕ ਹਾਲਾਤਾਂ ’ਚ ‘ਜਨਤਾ ਪਾਰਟੀ’ ਦੇ ਨਾਂ ’ਤੇ ਬਣੀ ਨਵੀਂ ਪਾਰਟੀ ਨੇ ਤਤਕਾਲੀ ਸਰਕਾਰ ਦੀਆਂ ਕਮਜ਼ੋਰੀਆਂ ਨੂੰ ਜਨਤਾ ਦੇ ਸਾਹਮਣੇ ਰੱਖਣਾ ਸ਼ੁਰੂ ਕਰ ਦਿੱਤਾ।

ਜਿਸ ਦੀ ਮਦਦ ਨਾਲ ਪੰਜਾਬ ਵਿੱਚ ਵੀ ਪੰਥਕ ਕਹਾਉਂਦੀ ਅਕਾਲੀ ਸਰਕਾਰ ਬਣਨ ਵਿੱਚ ਸਫਲ ਹੋ ਗਈ ਸੀ। ਲਗਭਗ 30 ਸਾਲਾਂ ਤੋਂ ਸੱਤਾ ਦਾ ਸੁਖ ਭੋਗ ਰਹੀ ਕਾਂਗਰਸ ਪਾਰਟੀ ਨੂੰ ਜਨਤਾ ਦਾ ਇਹ ਫੈਂਸਲਾ (ਕਾਂਗਰਸ ਸੋਚ ਦਾ ਵਿਰੋਧ) ਬਿਲਕੁਲ ਵੀ ਪਸੰਦ ਨਹੀਂ ਸੀ। ਉਸ ਨੂੰ ਇੱਕ ਅਜਿਹੀ ਗੰਦੀ ਰਣਨੀਤੀ ਦੀ ਜ਼ਰੂਰਤ ਸੀ ਜੋ ਉਸ ਦੀਆਂ ਪਿਛਲੇ 30 ਸਾਲਾਂ ਦੀਆਂ ਨਾਕਾਮੀਆਂ ਨੂੰ ਛੁਪਾ ਸਕੇ।

ਇਸ ਮਕਸਦ ਦੀ ਪੂਰਤੀ ਲਈ ਪੰਜਾਬ ਦੀ ਤਤਕਾਲੀ ਅਕਾਲੀ ਸੋਚ (ਸਰਕਾਰ) ਦੇ ਵਿਰੁਧ ਡੇਰੇਵਾਦੀ ਸੋਚ ਨੂੰ ਵਰਤਣਾ ਸੀ, ਜਿਸ (ਸੋਚ) ਦਾ ਸਮੇਂ-ਸਮੇਂ ਵਿੱਚ ਅੰਗ੍ਰੇਜ਼ ਸਰਕਾਰ ਵੀ ਲਾਭ ਉਠਾਉਂਦੀ ਰਹੀ ਸੀ ਕਿਉਂਕਿ ਜ਼ਿਆਦਾਤਰ ਡੇਰਿਆਂ ਦੇ ਮੁਖੀ ਗੋਰਿਆਂ ਦੀ ਸਰਕਾਰ ਦੌਰਾਨ ਫੌਜ ਦੀ ਨੌਕਰੀ ਕਰਦੇ ਸਨ, ਜਿਨ੍ਹਾਂ ਨੂੰ ਕਿਸੇ ਸਾਜ਼ਸ਼ ਅਧੀਨ ਹੀ ਪੰਜਾਬ ਵਿੱਚ ਭੇਜਿਆ ਗਿਆ ਸੀ। ਬਾਅਦ ਵਿੱਚ ਇਸ ਡੇਰਾਵਾਦੀ ਸੋਚ ਦਾ ਭਰਪੂਰ ਲਾਭ ਅਕਾਲੀ ਲੀਡਰਾਂ ਤੇ ਹਰੇਕ ਰਾਜਨੀਤਕ ਪਾਰਟੀ ਨੇ ਸਿੱਖਾਂ ਦੇ ਵਿਰੁਧ ਵਰਤ ਕੇ ਉਠਾਇਆ ਅਤੇ ਉਠਾ ਰਹੇ ਹਨ। ਵਰਤਮਾਨ ਵਿੱਚ ਸਿੱਖ ਕੌਮ ਵੀ ਗੁਰੂ ਅਰਜੁਨ ਸਾਹਿਬ ਜੀ ਦੀ ਸ਼ਹੀਦੀ ਨੂੰ 84 ਦੇ ਸ਼ਹੀਦਾਂ (ਡੇਰੇਦਾਰ) ਨਾਲ ਜੋੜ ਕੇ ਉਸ ਸੋਚ ਨੂੰ ਹੀ ਅਗਾਂਹ ਵਧਾਉਣ ਵਿੱਚ ਲੱਗੀ ਹੋਈ ਹੈ।

ਪੰਥਕ ਏਕਤਾ ਵਿੱਚ ਫੁਟ, ਭੇਦ ਭਾਵ ਦੀ ਭਾਵਨਾ ਨਾਲ ਆਰੰਭ ਹੋਈ ਇਹ ਗੰਦੀ ਰਾਜਨੀਤਕ ਸੋਚ (ਕਾਂਗਰਸ) ਨੇ 2 % ਸਿੱਖਾਂ ਨੂੰ ਅਤਿਵਾਦੀ ਸਿੱਧ ਕਰਕੇ 80 % ਭਾਰਤ ਵਾਸੀਆਂ ਦਾ ਧਿਆਨ, ਉਨ੍ਹਾਂ ਦੇ ਅਸਲ ਸਮਾਜਕ ਮੁੱਦਿਆਂ ਤੋਂ ਹਟਾ ਕੇ ਭਾਰਤ ਦੀ ਏਕਤਾ ਅਤੇ ਅਖੰਡਤਾ ਦੇ ਨਾਂ ਅਧੀਨ ਤਬਦੀਲ ਕਰਨਾ ਆਰੰਭ ਕਰ ਦਿੱਤਾ, ਜਿਸ ਵਿੱਚ ਉਹ ਪੂਰਨ ਤੌਰ ’ਤੇ ਸਫਲ ਹੋਈ। ਗੰਦੀ ਰਾਜਨੀਤਕ ਸੋਚ ਦੀ ਇਸ ਸਫਲਤਾ ਦੇ ਮੁਕਾਬਲੇ ਸਿੱਖ ਕੌਮ ਨੇ ਆਪਣਾ ਨਿਜੀ ਅਤੇ ਕੌਮੀ ਨੁਕਸਾਨ ਕਰਵਾ ਲਿਆ, ਜਿਸ ਦਾ ਨਤੀਜਾ ਅਸੀਂ ਪਿਛਲੇ 30 ਕੁ ਸਾਲਾਂ ’ਚ ਪੰਥਕ ਨਾਂ ’ਤੇ ਬਣੀ ਅਤੇ ਤਮਾਮ ਸੁਖ ਭੋਗ ਰਹੀ ਪੰਜਾਬੀ ਪਾਰਟੀ ਰਾਹੀਂ ਵੇਖ ਸਕਦੇ ਹਾਂ। ਭਾਰਤ ਦੀ ਜਨਤਾ ਦੇ ਹਿਤਾਂ ਦਾ ਘਾਣ ਕਰਨ ਵਾਲੀ ਦੂਸਰੀ ਗੰਦੀ ਰਾਜਨੀਤਕ ਸੋਚ (ਕਾਂਗਰਸ) ਨੂੰ ਵੀ ਆਪਣੀ ਹਕੂਮਤ ਪਿਛਲੇ 30 ਕੁ ਸਾਲਾਂ ਤੋਂ ਵਧਾ ਕੇ ਅਗਾਂਹ 50 ਸਾਲਾਂ ਤੱਕ ਪ੍ਰਾਪਤ ਕਰਨ ਵਿੱਚ ਸਫਲਤਾ ਮਿਲ ਗਈ। ਇਸ ਉਪਰੋਕਤ ਸਚਾਈ ਵਿੱਚ ਇਹ ਵੀਚਾਰਨਾ ਅਤਿ ਜ਼ਰੂਰੀ ਹੈ ਕਿ ਨਿਆਸਰਿਆਂ ਦਾ ਆਸਰਾ (ਆਪਸੀ ਸਮਾਜਿਕ ਪ੍ਰੇਮ) ਅਤੇ ਜਾਬਰਾਂ (ਜਨਤਾ ਦੇ ਦੋਖੀਆਂ) ਦਾ ਮੁਕਾਬਲਾ ਕਰਨ ਵਾਲੀ ਗੁਰਮਤਿ ਸਿੱਖਿਆ ਅਤੇ ਉਸ ’ਤੇ ਪਹਿਰਾ ਦੇਣ ਵਾਲੇ ਮਰ-ਜੀਵੜੇ, ਆਮ ਜਨਤਾ ਦਾ ਦਿਲ ਜਿੱਤਣ ਵਿੱਚ ਨਾਕਾਮ ਕਿਉਂ ਰਹਿ ਗਏ?

ਵਰਤਮਾਨ ਦੇ ਸਮੇਂ ਵਿੱਚ ਇੱਕ ਪਾਸੇ ਜੇਲਾਂ ਵਿੱਚ ਬੰਦ, ਗੁਰਮਤਿ ਨੂੰ ਸਮਰਪਿਤ ਅਤੇ ਜਨਤਾ ਦੇ ਹਿਤੈਸੀ ਮਰ-ਜੀਵੜੇ, ਭਾਰਤ ਦੇ ਕਾਨੂੰਨ ਅਨੁਸਾਰ ਆਪਣੀ ਬਣਦੀ ਸਾਰੀ ਸਜਾ ਭੁਗਤਣ ਦੇ ਬਾਵਜੂਦ ਵੀ ਜੇਲਾਂ ’ਚ ਬੰਦ ਬੈਠੇ ਹਨ, ਜਿਨ੍ਹਾਂ ਨੂੰ ਆਪਣੇ ਮਨੁੱਖੀ ਅਧਿਕਾਰਾਂ ਤੋਂ ਵੰਚਿਤ ਰੱਖਿਆ ਜਾ ਰਿਹਾ ਹੈ, ਦੂਸਰੇ ਪਾਸੇ ਜਨਤਾ ਦੇ ਦੁਸ਼ਮਣ, ਦੇਸ਼ ਦੀ ਝੂਠੀ ਏਕਤਾ ਅਤੇ ਝੂਠੀ ਅਖੰਡਤਾ ਦੇ ਨਾਂ ’ਤੇ ਆਪਣੇ ਗ੍ਰਿਹਸਤੀ ਜੀਵਨ ਵਿੱਚ ਹਰ ਤਰ੍ਹਾਂ ਦੀਆਂ ਸੁਖ ਸੁਵਿਧਾਵਾਂ ਭੋਗ ਰਹੇ ਹਨ।

ਪੰਜਾਬ ਦੇ ਅਸਲੀ ਹਾਲਾਤ ਨੂੰ ਸਮਝਣ ਵਾਲੇ ਲੋਕ ਗੁਰਮਤਿ ਸੋਚ ਨਾਲ ਖੜ੍ਹੇ ਹਨ ਜਿਸ ਦੀ ਉਦਾਹਰਨ ਪੰਜਾਬ ਦੀਆਂ ਕੁਝ ਕੁ ਪਿਛਲੀਆਂ ਰਾਜਨੀਤਕ ਚੋਣਾਂ ਹਨ। 31 ਮਾਰਚ 2012 ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਜੀ ਦੀ ਫਾਂਸੀ ਦਾ ਰੁਕ ਜਾਣਾ, ਆਮ ਜਨਤਾ ਦੀ ਜਿੱਤ ਦਾ ਨਤੀਜਾ ਸੀ। ਭਾਈ ਗੁਰਬਖਸ ਸਿੰਘ (ਖਾਲਸਾ) ਜੀ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਆਪਣਾ ਮਰਨ ਵਰਤ 14-11 -2013 ਨੂੰ ਗੁਰਦੁਆਰਾ ਅੰਬ ਸਾਹਿਬ (ਮੁਹਾਲੀ) ਤੋਂ, ਜੋ ਆਰੰਭ ਕੀਤਾ ਸੀ, ਉਸ ਮੁਹਿਮ ਵਿੱਚ ਦੇਸ਼-ਵਿਦੇਸ਼ ਦੀ ਮਾਨਵ-ਭਲਾਈ ਵਿੱਚ ਵਿਸ਼ਵਾਸ਼ ਕਰਨ ਵਾਲੇ ਲੋਕਾਂ ਨੇ ਜਿਸ ਤਰ੍ਹਾਂ ਵਧ ਚੜ ਕੇ ਭਾਗ ਲਿਆ ਇਹ ਆਮ ਜਨਤਾ ਦੀ ਦੂਸਰੀ ਜਿੱਤ ਵੱਲ ਵਧ ਰਹੇ ਕਦਮ ਸਨ ਪਰ ਦੀਰਘ ਕਾਲੀ ਰਾਜਨੀਤਕ ਸੋਚ ਦੀ ਘਾਟ ਕਾਰਨ ਇਸ ਮੁਹਿਮ ਤੋਂ ਜਨਤਾ ਦੇ ਵਿਸ਼ਵਾਸ ਨੂੰ ਬੜੀ ਭਾਰੀ ਸੱਟ ਵੱਜੀ, ਜੋ ਭਵਿੱਖ ’ਚ ਜਬਰ ਦੇ ਵਿਰੁਧ ਆਵਾਜ਼ ਉੱਠਾਉਣ ਵਾਲਿਆਂ ਅੰਦਰ ਵਿਸ਼ਵਾਸ ਘਾਤ ਦਾ ਕਾਰਨ ਬਣ ਸਕਦੀ ਹੈ।

ਪੰਜਾਬ ਵਿੱਚ ਅੱਜ-ਕੱਲ ਕੁਦਰਤੀ ਮੌਸਮ ਬੜਾ ਹੀ ਗ਼ਰਮ ਹੈ, ਜੋ ਗੁਰੂ ਅਰਜੁਨ ਸਾਹਿਬ ਦੀ ਦੇ ਤੱਤੀ ਤਵੀ ’ਤੇ ਬੈਠ ਕੇ ਸ਼ਹੀਦ ਹੋਣ ਵਾਲੇ ਸਾਕੇ ਨੂੰ ਮੁੜ ਯਾਦ ਕਰਵਾਉਂਦਾ ਹੈ। ਅਜਿਹੇ ਤਪਸ਼ ਭਰੇ ਵਾਤਾਵਰਨ ਵਿੱਚ ਇੱਕ ਪਾਸੇ ਸਿੱਖ ਕੌਮ, ਆਮ ਜਨਤਾ ਨਾਲ ਮਿਲ ਕੇ ਥਾਂ-ਥਾਂ ਪਾਣੀ ਅਤੇ ਲੰਗਰਾਂ ਦੀਆਂ ਛਬੀਲਾ ਲਾ ਕੇ ਗੁਰਮਤਿ ਦੇ ਅਸੂਲਾਂ ਤੋਂ ਸਮਾਜ ਨੂੰ ਜਾਣੂ ਕਰਵਾ ਰਹੀ ਹੈ ਅਤੇ ਦੂਸਰੇ ਪਾਸੇ ਬਾਪੂ ਸੂਰਤ ਸਿੰਘ ਜੀ ‘ਜਬਰ ਦਾ ਮੁਕਾਬਲਾ ਸਬਰ ਨਾਲ’ (ਬੰਦੀ ਸਿੰਘਾਂ ਦੀ ਰਿਹਾਈ ਲਈ ਆਪਣੇ ਮਰਨ ਵਰਤ ਦੇ ਪ੍ਰਣ ’ਤੇ ਪਹਿਰਾ ਦਿੰਦਿਆਂ) ਬਾ-ਖ਼ੂਬੀ ਨਿਭਾ ਰਹੇ ਹਨ। ਮਾਨਵ-ਭਲਾਈ ਵਾਲੀ ਸਾਰਥਕ ਰਾਜਨੀਤਕ ਲੀਡਰਸ਼ਿਪ ਤੋਂ ਖ਼ਤਮ ਹੋਏ ਭਰੋਸੇ ਨੂੰ ਮੁੜ ਬਹਾਲ ਕਰਵਾਉਣ ’ਚ ਬਾਪੂ ਸੂਰਤ ਸਿੰਘ ਜੀ ਸਫਲ ਹੋ ਰਹੇ ਹਨ ਜਿਸ ਦਾ ਨਤੀਜਾ ਦੇਸ਼-ਵਿਦੇਸ਼ ਵਿੱਚ ਚਲੀ ਗੰਦੀ ਰਾਜਨੀਤਕ ਸੋਚ ਪ੍ਰਤੀ ਦੁਬਾਰਾ ਚਰਚਾ ਰਾਹੀਂ ਵੇਖਣ ਨੂੰ ਮਿਲ ਰਿਹਾ ਹੈ।

ਸਿੱਖ ਕੌਮ ਗੁਰੂ ਅਰਜੁਨ ਸਾਹਿਬ ਜੀ ਦੇ ਸ਼ਹੀਦੀ ਸਾਕੇ ਨੂੰ ਜੂਨ ਮਹੀਨੇ ਦੇ ਅਤਿ ਤਪਦੇ ਦਿਨਾਂ ਵਿੱਚ ਯਾਦ ਕਰਕੇ ਸਮਾਜ ਨੂੰ ਸਾਂਤੀ ਦਾ ਉਪਦੇਸ਼ ਹਰ ਸਾਲ ਦਿੰਦੀ ਆ ਰਹੀ ਹੈ ਪਰ ਪਿਛਲੇ ਕੁਝ ਕੁ ਸਮੇਂ ਤੋਂ, ਸਿੱਖ ਕੌਮ ਦਾ ਨੋਜਵਾਨ ਵਰਗ ਭਾਵਕ ਹੋ ਕੇ (ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਫੋਟੋ ਟੀ ਸਰਟਾਂ ’ਤੇ ਛਪਵਾਉਣ ਉਪਰੰਤ ਭੜਕਾਉ ਨਾਹਰੇ ਲਗਾ ਕੇ) ਜੋ ਸੰਦੇਸ਼ ਆਮ ਜਨਤਾ ਨੂੰ ਦੇਣਾ ਚਾਹੁੰਦਾ ਹੈ ਉਸ ਰਾਹੀਂ ਬਾਪੂ ਸੂਰਤ ਸਿੰਘ ਜੀ ਦੁਆਰਾ ਸ਼ੁਰੂ ਕੀਤੀ ‘ਜਬਰ ਦਾ ਮੁਕਾਬਲਾ ਸਬਰ ਨਾਲ’ ਮੁਹਿਮ ਨੂੰ ਬਹੁਤ ਹੀ ਭਾਰੀ ਚੋਟ ਲੱਗ ਰਹੀ ਹੈ।

ਦੇਸ਼-ਵਿਦੇਸ਼ ਦੀ ਸਿੱਖ ਸੰਗਤ, ਗੁਰਮਤਿ ਦੇ ਧਾਰਨੀ ਸਿੱਖਾਂ ਦੇ ‘ਮਾਨਵ ਭਲਾਈ ਵਾਲੇ ਕਾਰਜ’ ਅਤੇ ‘ਜਬਰ ਦਾ ਮੁਕਾਬਲਾ ਸਬਰ ਨਾਲ’ ਵਾਲੇ ਕਾਰਜਾਂ ਦੇ ਮੁਕਾਬਲੇ ਭਾਵਕ ਹੋ ਕੇ ਲਗਾਏ ਜਾ ਰਹੇ ਨਾਹਰਿਆਂ ਵਿੱਚੋਂ ‘ਗੁਰਮਤਿ ਸਿਧਾਂਤ’ ਦੀ ਵਿਆਖਿਆ ਸਮਝਣ-ਸਮਝਾਉਣ ਵਿੱਚ ਧੋਖਾ (ਦੁਬਿਧਾ) ਖਾ ਰਹੀ ਹੈ, ਜੋ ਕਿ ਗੁਰਮਤਿ ਉਪਦੇਸ਼ ਅਤੇ ਉਸ ’ਤੇ ਪਹਿਰਾ ਦੇਣ ਵਾਲੇ ਮਰ-ਜੀਵੜਿਆਂ ਪ੍ਰਤੀ ਬਹੁਤ ਹੀ ਨੁਕਸਾਨ-ਦੇਹ ਸੋਚ ਬਣ ਰਹੀ ਹੈ। ਸੰਨ 1978 ਵਿੱਚ ਨਿਰੰਕਾਰੀ ਕਾਂਡ ਸਮੇਂ 13 ਸਿੰਘਾਂ ਦਾ ਅੰਮ੍ਰਿਤਸਰ ਵਿਖੇ ਅਤੇ ਫਿਰ ਕਾਨਪੁਰ ਵਿਖੇ ਹੋਏ ਖ਼ੂਨੀ ਸਾਕੇ ਵਿੱਚ, 84 ਦੇ ਘੱਲੂਘਾਰੇ ਵਿੱਚ ਡੁਲ੍ਹਿਆ ਖ਼ੂਨ ਅਜਾਈਂ ਜਾਂਦਾ ਲੱਗ ਰਿਹਾ ਹੈ ਕਿਉਕਿ ਇੰਝ ਲਗਦਾ ਹੈ ਜਿਵੇਂ ਇਹਨਾਂ ਸਾਕਿਆਂ ਤੋਂ ਕੌਮ ਨੇ ਕੋਈ ਸਬਕ ਨਹੀਂ ਲਿਆ ਹੈ।

ਸਿੱਖ ਵਿਦਵਾਨ ਤੇ ਪ੍ਰਚਾਰਕ ਵਰਗ ‘‘ਸੂਰਾ ਸੋ ਪਹਿਚਾਨੀਐ, ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ, ਕਬਹੂ ਨ ਛਾਡੈ ਖੇਤੁ ॥’’ (ਭਗਤ ਕਬੀਰ/੧੧੦੫) ਵਰਗੇ ਪਾਵਨ ਗੁਰੂ ਉਪਦੇਸ਼ਾਂ ਦਾ ਅਸਲ ਅਰਥ-ਭਾਵ, ਆਮ ਗੁਰੂ ਪਿਆਰੇ (ਪੰਥ-ਦਰਦੀਆਂ) ਨੂੰ ਸਮਝਾਉਣ ਵਿੱਚ ਅਸਫਲ ਰਿਹਾ ਹੈ। ਇਸ ਉਪਦੇਸ਼ ਦੇ ਚੱਲਣ ਵਾਲੇ ਪਾਂਧੀਆਂ ਦੀਆਂ ਸ਼ਹੀਦੀਆਂ ਦਾ ਲਾਭ ਕੇਵਲ ਰਾਜਨੀਤਕ ਲੋਕਾਂ ਨੇ ਆਪਣੀ ਕੁਰਸੀ ਪ੍ਰਾਪਤ ਕਰਨ ਲਈ ਹੀ ਉੱਠਾਇਆ ਹੈ।

ਅੰਤ ਵਿੱਚ ਮੈਂ ਸਮੂਹ ਗੁਰੂ ਪਿਆਰਿਆਂ ਅੱਗੇ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਆਪਣੀ ਗੁਰਮਤਿ ਯੋਗਤਾ ਰਾਹੀਂ ਅਜਿਹੇ ਕਾਰਜ ਆਰੰਭ ਕੀਤੇ ਜਾਣ, ਜਿਸ ਰਾਹੀਂ ਕੌਮੀ ਅਤੇ ਨਿਜੀ ਨੁਕਸਾਨ ਘੱਟ ਹੋਵੇ ਅਤੇ ਮਾਨਵ-ਭਲਾਈ ਦੇ ਕਾਰਜਾਂ ਰਾਹੀਂ ਗੁਰਮਤਿ ਸੰਦੇਸ਼ ਸਮਾਜ ਨੂੰ ਵਧੇਰੇ ਮਿਲ ਸਕੇ ਤਾਂ ਜੋ ਸਮੁੱਚੀ ਲੁਕਾਈ ਦਾ ਸਮਾਜਕ ਜੀਵਨ, ਗੁਰਮਤਿ ਅਸੂਲਾਂ ਅਤੇ ਸਿੱਖ ਇਤਿਹਾਸ ਤੋ ਜਾਣੂ ਹੋ ਕੇ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਨੂੰ ਨਿਭਾਉਂਦਾ ਹੋਇਆ ਹਰ ਵਿਅਕਤੀ ਆਪਣਾ ਦੁਨਿਆਵੀ ਸਫ਼ਰ ਸੁਖਾਲਾ ਤਹਿ ਕਰ ਸਕੇ। ਅਗਰ ਅਜਿਹਾ ਕਰਨ ਵਿੱਚ ਸਿੱਖ ਭਾਈਚਾਰਾ ਅਸਫਲ ਰਿਹਾ ਤਾਂ ਜਿੱਥੇ ਕੌਮੀ ਤੇ ਨਿਜੀ ਨੁਕਸਾਨ ਵਧੇਰੇ ਹੋਵੇਗਾ ਉੱਥੇ ਤੇਜੀ ਨਾਲ ਬਦਲ ਰਹੇ ਹਾਲਾਤ ਵੀ ‘ਗੁਰਮਤਿ ਵਿਰੋਧੀ’ ਹੋ ਕੇ ‘ਗੰਦੀ ਰਾਜਨੀਤੀ’ ਦਾ ਸਾਥ ਦੇਣ ਲਈ ਮਜਬੂਰ ਹੋ ਜਾਣਗੇ। ਕਾਂਗਰਸੀ ‘ਸੋਚ’ ਵਾਂਗ ਭਾਜਪਾ ਵੀ 2% ਸਿੱਖਾਂ ਨੂੰ ਦੇਸ਼ ਵਿਰੋਧੀ ਸਾਬਤ ਕਰਕੇ 80% ਜਨਤਾ ਦਾ ਧਿਆਨ ਉਨ੍ਹਾਂ ਦੇ ਨਿਜੀ ਸਮਾਜਿਕ ਮੁੱਦਿਆਂ ਤੋਂ ਹਟਾ ਕੇ ਆਪਣੀ ਗੰਦੀ ਸੰਪ੍ਰਦਾਇਕ ਰਾਜਸੀ ਸੋਚ ਨੂੰ ਜਨਤਾ ਉੱਪਰ ਲੰਬੇ ਸਮੇਂ ਤੱਕ ਥੋਪਣ ਲਈ ਕਾਮਯਾਬ ਹੋ ਜਾਵੇਗੀ।