ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ’ਤੇ ਵਿਸ਼ੇਸ਼

0
137

ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ’ਤੇ ਵਿਸ਼ੇਸ਼

ਕਿਰਪਾਲ ਸਿੰਘ ਬਠਿੰਡਾ

ਸਿੱਖਾਂ ਦੇ 10 ਗੁਰੂ ਸਾਹਿਬਾਨਾਂ ’ਚੋ ਗੁਰੂ ਹਰਿਗੋਬਿੰਦ ਸਾਹਿਬ ਜੀ ਛੇਵੇਂ ਗੁਰੂ ਹਨ। ਉਨ੍ਹਾਂ ਦਾ ਜਨਮ ਪਿਤਾ ਗੁਰੂ ਅਰਜਨ ਸਾਹਿਬ ਜੀ ਅਤੇ ਮਾਤਾ ਗੰਗਾ ਜੀ ਦੇ ਘਰ ਗੁਰੂ ਕੀ ਵਡਾਲੀ (ਜ਼ਿਲ੍ਹਾ ਅੰਮ੍ਰਿਤਸਰ) ਵਿੱਚ ਹੋਇਆ। ਸਿੱਖ ਇਤਿਹਾਸ ਲਿਖਣ ਅਤੇ ਸਾਂਭਣ ’ਚ ਰਹੀ ਬੇਧਿਆਨੀ ਕਾਰਨ ਵੱਖ ਵੱਖ ਲੇਖਕਾਂ ਵੱਲੋਂ ਗੁਰੂ ਸਾਹਿਬਾਨ ਦੇ ਪ੍ਰਕਾਸ਼ ਦਿਹਾੜਿਆਂ ਦੀਆਂ ਲਿਖੀਆਂ ਤਾਰੀਖ਼ਾਂ ’ਚ ਵੱਡਾ ਅੰਤਰ ਵੇਖਿਆ ਗਿਆ ਹੈ। ਪੁਰਾਤਨ ਲਿਖਤਾਂ ਦੀਆਂ ਤਾਰੀਖ਼ਾਂ ’ਚੋਂ ਕਿਹੜੀ ਤਾਰੀਖ਼ ਸਹੀ ਹੈ, ਇਸ ਦਾ ਨਿਰਣਾ ਕਰਨ ਲਈ ਸ: ਪਾਲ ਸਿੰਘ ਪੁਰੇਵਾਲ ਨੇ 10 ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ, ਗੁਰਗੱਦੀ ਪੁਰਬ ਅਤੇ ਜੋਤੀ ਜੋਤ ਦਿਵਸ ਦੇ 34 ਹਵਾਲਿਆਂ ’ਚ ਲਿਖੀਆਂ ਵੱਖ-ਵੱਖ ਤਾਰੀਖ਼ਾਂ ਨੋਟ ਕਰ ਸਾਰਣੀਆਂ ਬਣਾਈਆਂ; ਜਿਨ੍ਹਾਂ ’ਚੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨਾਲ ਸਬੰਧਿਤ ਸਾਰਣੀ ਹੇਠਾਂ ਦਿੱਤੀ ਜਾ ਰਹੀ ਹੈ।

ਇਸ ਸਾਰਣੀ ’ਚ ਜਿਨ੍ਹਾਂ ਲੇਖਕਾਂ ਵੱਲੋਂ ਪ੍ਰਵਿਸ਼ਟਾ ਲਿਖਿਆ ਹੈ, ਉਨ੍ਹਾਂ ਸਭ ਨੇ (ਗੁਰੂ) ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦਾ ਪ੍ਰਵਿਸ਼ਟਾ ੨੧ ਹਾੜ, ਬਿਕ੍ਰਮੀ ਸੰਮਤ ੧੬੫੨ ਲਿਖਿਆ ਹੈ ਭਾਵੇਂ ਕਿ ਇਸ ਤਾਰੀਖ਼ ਨੂੰ ਦੂਸਰੀਆਂ ਪੱਧਤੀਆਂ ’ਚ ਲਿਖਦੇ ਸਮੇਂ ਥੋੜ੍ਹਾ ਥੋੜ੍ਹਾ ਅੰਤਰ ਹੈ।

੨੧ ਹਾੜ, ਸੰਮਤ ੧੬੫੨ ਨੂੰ ਉਸ ਸਮੇਂ ਦੇ ਪ੍ਰਚਲਿਤ ਕੈਲੰਡਰਾਂ ਦੇ ਨਿਯਮਾਂ ਅਨੁਸਾਰ ਤਿਆਰ ਕੀਤੇ ਕਨਵਰਸ਼ਨ ਟੇਬਲਾਂ ਨਾਲ ਦੂਸਰੀਆਂ ਪੱਧਤੀਆਂ ’ਚ ਤਬਦੀਲ ਕੀਤਿਆਂ ਹਾੜ ਵਦੀ ੭, ਸੰਮਤ ੧੬੫੨, 19 ਜੂਨ 1595 ਜੂਲੀਅਨ, ਦਿਨ ਮੰਗਲਵਾਰ, ਨਛੱਤਰ ਉੱਤਰਾਭਾਦਰਾਪਦ ਬਣਦਾ ਹੈ। ਉਨ੍ਹਾਂ ਦੇ ਜਨਮ ਦੀ ਖ਼ੁਸ਼ੀ ਵਿੱਚ ਗੁਰੂ ਅਰਜਨ ਸਾਹਿਬ ਜੀ ਨੇ ਉਸ ਇਲਾਕੇ ਵਿੱਚ ਪਾਣੀ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਛੇ ਹਰਟਾਂ ਵਾਲਾ ਵੱਡਾ ਖੂਹ ਲਗਵਾਇਆ, ਜਿਸ ਕਾਰਨ ਉਸ ਨਗਰੀ ਦਾ ਨਾਂ ਛੇਹਰਟਾ ਪੈ ਗਿਆ।

ਬਾਲਕ ਹਰਿਗੋਬਿੰਦ ਜੀ ਹਾਲੇ 11 ਸਾਲ ਦੇ ਹੀ ਸਨ ਕਿ ਉਨ੍ਹਾਂ ਦੇ ਪਿਤਾ ਗੁਰੂ ਅਰਜਨ ਸਾਹਿਬ ਜੀ ਨੂੰ ਬਾਦਿਸ਼ਾਹ ਜਹਾਂਗੀਰ ਦੇ ਦਿੱਤੇ ਹੁਕਮ ਕਾਰਨ ਮਿਤੀ ੨ ਹਾੜ ਸੰਮਤ ੧੬੬੩/30 ਮਈ 1606 ਜੂਲੀਅਨ ਨੂੰ ਲਾਹੌਰ ਵਿੱਚ ਜਾ ਕੇ ਆਪਣੀ ਸਹਾਦਤ ਦੇਣੀ ਪਈ। ਸ਼ਹਾਦਤ ਲਈ ਜਾਣ ਤੋਂ ਪਹਿਲਾਂ ਮਿਤੀ ੨੮ ਜੇਠ ਸੰਮਤ ੧੬੬੩/25 ਮਈ 1606 ਨੂੰ ਗੁਰੂ ਅਰਜਨ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਆਦਿਕ ਮੁਖੀ ਸਿੱਖਾਂ ਨੂੰ ਹਦਾਇਤ ਕੀਤੀ ਕਿ ਅੱਜ ਤੋਂ ਬਾਲਕ ਹਰਿਗੋਬਿੰਦ ਜੀ ਗੁਰਗੱਦੀ ’ਤੇ ਬਿਰਾਜਮਾਨ ਹੋਣਗੇ। ਗੁਰਗੱਦੀ ’ਤੇ ਬੈਠਦਿਆਂ ਹੀ ਗੁਰੂ ਹਰਿਗੋਬਿੰਦ ਸਾਹਿਬ ਨੇ ਸਮੇਂ ਦੀ ਨਬਜ਼ ਪਹਿਚਾਨਦਿਆਂ ਇਤਿਹਾਸ ਨੂੰ ਨਵਾਂ ਅਤੇ ਫ਼ੈਸਲਾਕੁਨ ਮੋੜ ਦੇਣ ਦਾ ਸੰਕਲਪ ਕੀਤਾ। ਹਾੜ ਵਦੀ ੫, ੧੮ ਹਾੜ ਬਿਕ੍ਰਮੀ ਸੰਮਤ ੧੬੬੩/15 ਜੂਨ 1606 ਨੂੰ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਦੀ ਦੇਖ-ਰੇਖ ਹੇਠ ਹਰਿਮੰਦਰ ਸਾਹਿਬ ਸਾਮ੍ਹਣੇ ਅਕਾਲ ਥੜ੍ਹੇ (ਜਿਸ ਥਾਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਸੁਸ਼ੋਭਿਤ ਹਨ) ਦੀ ਉਸਾਰੀ ਸ਼ੁਰੂ ਕਰਵਾਈ। ਇਸੇ ਥੜ੍ਹਾ ਸਾਹਿਬ ’ਤੇ ਬੈਠ ਕੇ ਗੁਰੂ ਸਾਹਿਬ ਨੇ ਮੀਰੀ ਅਤੇ ਪੀਰੀ ਦੇ ਸੁਮੇਲ ਦੀਆਂ ਪ੍ਰਤੀਕ ਦੋ ਤਲਵਾਰਾਂ ਧਾਰਨ ਕੀਤੀਆਂ। ਉਸ ਸਮੇਂ ਦੇ ਪ੍ਰਸਿੱਧ ਢਾਡੀ ਨੱਥੇ ਅਤੇ ਅਬਦੁੱਲੇ ਨੇ ਅਕਾਲ ਤਖ਼ਤ ਸਾਹਿਬ ਵਿਖੇ ਇਹ ਵਾਰ ਗਾਈ :

ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰ ਦੀ।

ਇਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ।

ਹਿੰਮਤ ਸ਼ਾਹਾਂ ਕੋਟ ਗੜ੍ਹ, ਦਰਵਾਜਾ ਬਲਖ ਬਖੀਰ ਦੀ।

ਕਟਕ ਸਿਪਾਹੀ ਨੀਲ ਨੱਲ, ਮਾਰ ਦੁਸਟਾਂ ਕਰੇ ਤਗੀਰ ਦੀ।

ਪੱਗ ਤੇਰੀ, ਕੀ ਜਹਾਂਗੀਰ ਦੀ  !

ਗੁਰੂ ਹਰਿਗੋਬਿੰਦ ਸਾਹਿਬ ਸੰਗੀਤ ਦੇ ਮਹਾਨ ਕਦਰਦਾਨ ਸਨ। ਜਿੱਥੇ ਹਰਿਮੰਦਰ ਸਾਹਿਬ ਵਿੱਚ ਰੂਹਾਨੀ ਕੀਰਤਨ ਹੁੰਦਾ ਸੀ, ਉੱਥੇ ਸੂਰਮਿਆਂ ’ਚ ਜੋਸ ਭਰਨ ਲਈ ਗੁਰੂ ਸਾਹਿਬ ਨੇ ਅਕਾਲ ਤਖਤ ਸਾਹਿਬ ਵਿਖੇ ਢਾਡੀਆਂ ਵੱਲੋਂ ਢੱਡ ਸਾਰੰਗੀ ਨਾਲ ਵਾਰਾਂ ਗਾਉਣ ਦੀ ਪਰੰਪਰਾ ਸ਼ੁਰੂ ਕੀਤੀ। ਇਸੇ ਲਈ ਉਨ੍ਹਾਂ ਨੂੰ ਢਾਡੀ ਕਲਾ ਦਾ ਬਾਨੀ ਮੰਨਿਆ ਜਾਂਦਾ ਹੈ। ਕੁਝ ਵਿਦਵਾਨਾਂ ਅਨੁਸਾਰ ਗੁਰੂ ਸਾਹਿਬ ਨੇ ਤਾਉਸ ਨਾਂ ਦਾ ਵਿਲੱਖਣ ਸਾਜ ਵੀ ਈਜਾਦ ਕਰਵਾਇਆ। ਇਸ ਮੌਕੇ ਗਠਿਤ ਕੀਤੀ ਜਾਣ ਵਾਲੀ ਧਰਮੀ ਫ਼ੌਜ ਲਈ ਗੁਰੂ ਸਾਹਿਬ ਨੇ ਸੰਗਤ ਨੂੰ ਵਧੀਆ ਨਸਲ ਦੇ ਘੋੜੇ ਤੇ ਹਥਿਆਰ ਭੇਟ ਕਰਨ ਦਾ ਹੁਕਮ ਦਿੱਤਾ। ਅਕਾਲ ਤਖ਼ਤ ਵਿਖੇ ਰਾਜਸੀ ਅਤੇ ਹੋਰ ਮਾਮਲੇ ਨਜਿੱਠੇ ਜਾਂਦੇ ਸਨ। ਗੁਰੂ ਸਾਹਿਬ ਸਰੀਰਕ ਤੌਰ ’ਤੇ ਬਹੁਤ ਬਲਵਾਨ ਅਤੇ ਸ਼ਸਤਰ ਵਿਦਿਆ ਦੇ ਧਨੀ ਸਨ। ਗੁਰੂ ਸਾਹਿਬ ਨੇ ਜ਼ੁਲਮ ਅਤੇ ਅਨਿਆਂ ਵਿਰੁੱਧ ਚਾਰ ਜੰਗਾਂ ਲੜੀਆਂ ਅਤੇ ਚਾਰਾਂ ਵਿੱਚ ਹੀ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਸੰਨ 1635 ’ਚ ਕਰਤਾਰਪੁਰ ਦੀ ਜੰਗ ਸਮੇਂ ਆਪਣੇ 14 ਸਾਲ ਦੇ ਪੁੱਤਰ ਤਿਆਗ ਮਲ ਵੱਲੋਂ ਵਾਹੀ ਤੇਗ ਦੇ ਜੌਹਰ ਵੇਖ ਕੇ ਗਦਗਦ ਹੁੰਦਿਆਂ ਉਨ੍ਹਾਂ ਨੇ ਬਚਨ ਕੀਤਾ, ‘ਇਹ ਅੱਜ ਤੋਂ ਤਿਆਗ ਮਲ ਨਹੀਂ ਬਲਕਿ ਤੇਗ ਬਹਾਦਰ ਹੈ।’

ਗੁਰੂ ਸਾਹਿਬ ਸਾਰੇ ਧਰਮਾਂ ਨਾਲ ਪ੍ਰੇਮ ਅਤੇ ਸਦਭਾਵਨਾ ਨਾਲ ਰਹਿਣ ਦਾ ਉਪਦੇਸ਼ ਦਿੰਦੇ ਸਨ। ਉਨ੍ਹਾਂ ਨੇ ਸ੍ਰੀ ਹਰਿਗੋਬਿੰਦਪੁਰ ਅਤੇ ਕਰਤਾਰਪੁਰ ਨਾਂ ਦੇ ਦੋ ਨਗਰ ਵਸਾਏ। ਸ੍ਰੀ ਹਰਿਗੋਬਿੰਦਪੁਰ ’ਚ ਰਹਿੰਦੇ ਮੁਸਲਮਾਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਆਪ ਨੇ ਇੱਕ ਸੁੰਦਰ ਮਸਜਿਦ ਭੀ ਬਣਵਾਈ, ਜਿਸ ਨੂੰ ਗੁਰੂ ਦੀ ਮਸੀਤ ਕਹਿ ਕੇ ਯਾਦ ਕੀਤਾ ਜਾਂਦਾ ਹੈ। ਸਿੱਖ ਸੰਗਤ ਗੁਰੂ ਸਾਹਿਬ ਨੂੰ ‘ਸੱਚੇ ਪਾਤਿਸ਼ਾਹ’ ਕਹਿ ਕੇ ਸੰਬੋਧਨ ਕਰਦੀਆਂ ਸਨ।

ਗੁਰੂ ਹਰਿਗੋਬਿੰਦ ਸਾਹਿਬ ਜਿੱਥੇ ਮਹਾਨ ਜਰਨੈਲ ਅਤੇ ਸੂਰਮੇ ਸਨ, ਉੱਥੇ ਬਹੁਤ ਹੀ ਕੋਮਲ ਹਿਰਦੇ ਦੇ ਮਾਲਕ ਵੀ ਸਨ। ਜਦੋਂ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੇ ਨਵੰਬਰ 1631 ’ਚ ਆਪਣਾ ਸਰੀਰ ਤਿਆਗਣਾ ਸੀ ਤਾਂ ਉਨ੍ਹਾਂ ਨੇ ਮਨ ਹੀ ਮਨ ਅਰਦਾਸ ਕੀਤੀ ਕਿ ਉਹ ਛੇਵੇਂ ਪਾਤਿਸ਼ਾਹ ਦੀ ਗੋਦੀ ਵਿੱਚ ਆਪਣੇ ਪ੍ਰਾਣ ਤਿਆਗਣ। ਦਿਲਾਂ ਦੀਆਂ ਜਾਣਨ ਵਾਲੇ ਗੁਰੂ ਪਾਤਿਸ਼ਾਹ ਤੁਰੰਤ ਚੋਣਵੇਂ ਸਿੱਖਾਂ ਸਮੇਤ ਘੋੜੇ ’ਤੇ ਸਵਾਰ ਹੋ ਕੇ ਕਸਬਾ ਰਮਦਾਸ ਲਈ ਰਵਾਨਾ ਹੋ ਗਏ। ਉਨ੍ਹਾਂ ਦੇ ਦਰਸਨ ਕਰਕੇ ਬਾਬਾ ਬੁੱਢਾ ਜੀ ਨਿਹਾਲ ਹੋ ਗਏ। ਗੁਰੂ ਸਾਹਿਬ ਨੇ ਪਿਆਰ ਤੇ ਸਤਿਕਾਰ ਨਾਲ ਉਨ੍ਹਾਂ ਦਾ ਸੀਸ ਆਪਣੀ ਗੋਦੀ ਵਿੱਚ ਰੱਖਿਆ ਤਾਂ ਗੁਰੂ ਸਾਹਿਬ ਦੇ ਨੇਤਰਾਂ ਵਿੱਚ ਨੇਤਰ ਪਾ ਕੇ 17 ਨਵੰਬਰ ਨੂੰ ਬਾਬਾ ਬੁੱਢਾ ਜੀ ਸੱਚਖੰਡ ਜਾ ਬਿਰਾਜੇ। ਉਨ੍ਹਾਂ ਦੀਆਂ ਅੰਤਮ ਰਸਮਾਂ ਗੁਰੂ ਸਾਹਿਬ ਨੇ ਖ਼ੁਦ ਨਿਭਾਈਆਂ ਅਤੇ ਰਮਦਾਸ ਵਿੱਚ ਉਨ੍ਹਾਂ ਦੀ ਸਮਾਧ ਦਾ ਨਿਰਮਾਣ ਕਰਵਾਇਆ, ਜਿੱਥੇ ਹੁਣ ਸ਼ਾਨਦਾਰ ਗੁਰਦੁਆਰਾ ਸੁਭਾਇਮਾਨ ਹੈ।

48 ਸਾਲ ਦੀ ਉਮਰ ’ਚ ਗੁਰੂ ਹਰਿਗੋਬਿੰਦ ਸਾਹਿਬ ਜੀ ਅਧਿਕ ਚੇਤ ਸੁਦੀ ੫ (ਮਲਮਾਸ) ਬਿ: ਸੰਮਤ ੧੭੦੧, ੬ ਚੇਤ ਬਿਕ੍ਰਮੀ ਸੰਮਤ ੧੭੦੦/ 3 ਮਾਰਚ 1644 ਜੂਲੀਅਨ ਨੂੰ ਜੋਤੀ-ਜੋਤ ਸਮਾ ਗਏ। ਆਪ ਜੀ ਬਾਰੇ ਭਾਈ ਗੁਰਦਾਸ ਜੀ ਦੇ ਬਚਨ ਹਨ :

ਪੰਜਿ ਪਿਆਲੇ ਪੰਜ ਪੀਰ; ਛਠਮੁ ਪੀਰੁ ਬੈਠਾ ਗੁਰੁ ਭਾਰੀ।

ਅਰਜਨ ਕਾਇਆ ਪਲਟਿ ਕੈ; ਮੂਰਤਿ ਹਰਿਗੋਬਿੰਦ ਸਵਾਰੀ।

ਚਲੀ ਪੀੜੀ ਸੋਢੀਆ; ਰੂਪੁ ਦਿਖਾਵਣਿ ਵਾਰੋ ਵਾਰੀ।

ਦਲਭੰਜਨ ਗੁਰੁ ਸੂਰਮਾ; ਵਡ ਜੋਧਾ ਬਹੁ ਪਰਉਪਕਾਰੀ।

ਪੁਛਨਿ ਸਿਖ ਅਰਦਾਸਿ ਕਰਿ; ਛਿਅ ਮਹਲਾਂ ਤਕਿ ਦਰਸੁ ਨਿਹਾਰੀ।

ਅਗਮ ਅਗੋਚਰ ਸਤਿਗੁਰੂ; ਬੋਲੇ ਮੁਖ ਤੇ ਸੁਣਹੁ ਸੰਸਾਰੀ।

ਕਲਿਜੁਗ ਪੀੜ੍ਹੀ ਸੋਢੀਆਂ; ਨਿਹਚਲ ਨੀਵ ਉਸਾਰਿ ਖਲ੍ਹਾਰੀ।

ਜੁਗਿ ਜੁਗਿ ਸਤਿਗੁਰ ਧਰੇ ਅਵਤਾਰੀ।੪੮।

ਪਾਠਕਾਂ ਦੇ ਮਨਾਂ ’ਚ ਸਵਾਲ ਪੈਦਾ ਹੁੰਦਾ ਹੋਵੇਗਾ ਕਿ 34 ਹਵਾਲਿਆਂ ’ਚੋਂ ਨੋਟ ਕਰਕੇ ਬਣਾਈ ਉਕਤ ਸਾਰਣੀ ’ਚ ਜਿਨ੍ਹਾਂ 17 ਲੇਖਕਾਂ/ਵਿਦਵਾਨਾਂ ਨੇ ਗੁਰੂ ਜੀ ਦੀ ਜਨਮ ਮਿਤੀ ਪ੍ਰਵਿਸ਼ਟਿਆਂ ’ਚ ਲਿਖੀ ਹੈ, ਉਨ੍ਹਾਂ ਨੇ ੨੧ ਹਾੜ ਲਿਖੀ ਹੈ ਅਤੇ ਪ੍ਰੋ: ਸਾਹਿਬ ਸਿੰਘ, ਡਾ: ਗੰਡਾ ਸਿੰਘ, ਪ੍ਰੋ: ਕਰਤਾਰ ਸਿੰਘ ਵੱਲੋਂ ਸ੍ਰੋਮਣੀ ਕਮੇਟੀ ਲਈ ਲਿਖੇ ਸਿੱਖ ਇਤਿਹਾਸ ਅਤੇ ਸ੍ਰੋਮਣੀ ਕਮੇਟੀ ਦੀ ਔਫ਼ੀਸ਼ਲ ਵੈੱਬ ਸਾਈਟ https://sgpc.net/ten-guru-sahibs/guru-hargobind-sahib/ ’ਤੇ ਤਾਂ ਸਾਰੀਆਂ ਹੀ ਪੱਧਤੀਆਂ ’ਚ ਲਿਖੀਆਂ ਤਾਰੀਖ਼ਾਂ ੨੧ ਹਾੜ, ਹਾੜ ਵਦੀ ੭, ਸੰਮਤ ੧੬੫੨/19 ਜੂਨ 1595 ਜੂਲੀਅਨ, ਦਿਨ ਮੰਗਲਵਾਰ ਲਿਖਿਆ ਹੈ, ਜੋ ਇਸ ਲੇਖ ’ਚ ਉਕਤ ਦਿੱਤੀ ਮਿਤੀ ਨਾਲ ਮੇਲ ਖਾਂਦੀਆਂ ਹਨ। ਇਸ ਦਾ ਭਾਵ ਹੈ ਕਿ ਜਨਮ ਮਿਤੀ ੨੧ ਹਾੜ ਸੰਮਤ ੧੬੫੨ ਬਿਲਕੁਲ ਸਹੀ ਹੈ; ਫਿਰ ਕੀ ਕਾਰਨ ਹੈ ਕਿ ਸ੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਇਸ ਸਾਲ ਦੇ ਕੈਲੰਡਰ ਅਤੇ ਜੰਤਰੀ ਨਾਨਕਸ਼ਾਹੀ ਸੰਮਤ ੫੫੬; ਦੋਵਾਂ ’ਚ ਹੀ ਗੁਰੂ ਹਰਿਗੋਬੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ੯ ਹਾੜ/22 ਜੂਨ ਦਰਜ ਕੀਤਾ ਹੈ। ਜੇ ਸ਼੍ਰੋਮਣੀ ਤਿੱਥ ਪੱਤ੍ਰਕਾ ਬਿਕ੍ਰਮੀ ਸੰਮਤ ੨੦੮੧ ’ਚੋਂ ੯ ਹਾੜ/22 ਜੂਨ ਦੀ ਤਿੱਥ ਵੇਖੀ ਤਾਂ ਉਸ ਦਿਨ ਜੇਠ ਸੁਦੀ ੧੫ ਭਾਵ ਪੂਰਨਮਾਸ਼ੀ ਹੈ, ਜੋ ਸਾਰਣੀ ’ਚ ਵਿਖਾਏ ਗਏ ਕਿਸੇ ਵੀ ਹਵਾਲੇ ’ਚ ਨਹੀਂ ਮਿਲਦੀ। ਸ੍ਰੋਮਣੀ ਕਮੇਟੀ ਨੇ ਇਹ ਤਿੱਥਾਂ/ਤਾਰੀਖ਼ਾਂ ਕਿੱਥੋਂ ਲਈਆਂ ਅਤੇ ਇਨ੍ਹਾਂ ਦੋਵਾਂ ’ਚੋਂ ਕਿਹੜੀ ਤਾਰੀਖ਼ ਸਹੀ ਹੈ ? ਇਸ ਦਾ ਜਵਾਬ ਤਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਦੇ ਸਕਦੀ ਹੈ, ਪਰ ਜਿੱਥੋਂ ਤੱਕ ਮੇਰੀ ਸਮਝ ਹੈ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਰਨਾਮ ਸਿੰਘ ਧੁੰਮਾ ਨੂੰ ਖ਼ੁਸ਼ ਕਰਨ ਲਈ ਉਨ੍ਹਾਂ ਤੋਂ ਪਹਿਲੇ ਟਕਸਾਲ ਮੁਖੀ ਗਿਆਨੀ ਗੁਰਬਚਨ ਸਿੰਘ ਵੱਲੋਂ ਲਿਖਤ ਪੁਸਤਕ, ਗੁਰਬਾਣੀ ਪਾਠ ਦਰਸ਼ਨ/ਗੁਰਮਤਿ ਰਹਿਤ ਮਰਿਆਦਾ ਵਿੱਚੋਂ ਲਈ ਹੈ। ਇਸ ਪੁਸਤਕ ’ਚ ਇੰਝ ਲਿਖਿਆ ਹੈ, ‘ਗੁਰੂ ਸਾਹਿਬ ਜੀ ਦਾ ਅਵਤਾਰ ਧਾਰਨ ਸੰਮਤ ੧੬੫੨, ਹਾੜ ਵਦੀ ਏਕਮ, ਦਿਨ ਐਤਵਾਰ ਪੁੰਨਿਆ ਦੀ ਰਾਤ ਸੀ; 6 ਜੂਨ 1595 ਈ:, ਪੱਖ ਨਛੱਤ੍ਰ, ਸੰਗਰਾਂਦੀ ੨੧ ਹਾੜ’।

ਗੁਰਬਾਣੀ ਪਾਠ ਦਰਸ਼ਨ ਦੀ ਜੇ ਤਿੱਥ ਹਾੜ ਵਦੀ ੧ ਨੂੰ ਸਹੀ ਮੰਨੀਏ ਤਾਂ ਉਸ ਦਿਨ ੧੪ ਹਾੜ ਦਿਨ ਵੀਰਵਾਰ, ਨਛੱਤਰ ਪੂਰਵਾਖਾੜਾ, 12 ਜੂਨ ਸੀ। ਗਿਆਨੀ ਗੁਰਬਚਨ ਸਿੰਘ ਜੀ ਨੇ ਹਾੜ ਵਦੀ ਏਕਮ ਲਿਖ ਕੇ ਅਖੀਰ ’ਤੇ ‘ਪੁੰਨਿਆ ਦੀ ਰਾਤ ਸੀ’ ਭੀ ਲਿਖਿਆ ਹੈ, ਪਰ ਇਹ ਨਹੀਂ ਲਿਖਿਆ ਕਿ ਉਹ ਪੁੰਨਿਆ ਕਿਹੜੇ ਮਹੀਨੇ ਦੀ ਸੀ ? ਜੇ ਜੇਠ ਮਹੀਨੇ ਦੀ ਪੁੰਨਿਆ ਮੰਨੀਏ ਤਾਂ ਉਸ ਦਿਨ ੧੩ ਹਾੜ, ਦਿਨ ਬੁੱਧਵਾਰ, ਮੂਲਾ ਨਛੱਤਰ, 11 ਜੂਨ ਸੀ ਤੇ ਜੇ ਹਾੜ ਦੀ ਪੁੰਨਿਆ ਮੰਨੀਏ ਤਾਂ ਉਸ ਦਿਨ ੧੨ ਸਾਵਣ, ਦਿਨ ਸ਼ੁੱਕਰਵਾਰ, ਨਛੱਤਰ ਉੱਤਰਾਖਾੜਾ, 11 ਜੁਲਾਈ ਸੀ। ਸੋ ਗਿਆਨੀ ਗੁਰਬਚਨ ਸਿੰਘ ਵੱਲੋਂ ਲਿਖੀਆਂ ਉਕਤ ਤਾਰੀਖ਼ਾਂ ਕਿਸੇ ਵੀ ਕਸਵੱਟੀ ’ਤੇ ਪੂਰੀਆਂ ਨਹੀਂ ਉੱਤਰਦੀਆਂ, ਪਰ ਜਦੋਂ ਗੱਲ ਤੱਥਾਂ ਤੋਂ ਉੱਪਰ ਉੱਠ ਕੇ ਕਿਸੇ ਨੂੰ ਖ਼ੁਸ਼ ਕਰਨ ਦੀ ਹੋਵੇ ਫਿਰ ਕਿਸੇ ਕਸਵੱਟੀ ਦੀ ਲੋੜ ਨਹੀਂ ਹੁੰਦੀ। ਇਸ ਲਈ ਜੋ ਗੁਰਬਾਣੀ ਪਾਠ ਦਰਸ਼ਨ ’ਚ ਹਾੜ ਵਦੀ ਏਕਮ ਲਿਖਿਆ ਹੈ, ਉਹੀ ਸਹੀ ਮੰਨਿਆ ਗਿਆ। ਹਾੜ ਵਦੀ ੧ ਅਨੁਸਾਰ ਗੁਰ ਪੁਰਬ ਇਸ ਸਾਰਣੀ ’ਚ ਦਿੱਤੀਆਂ ਤਾਰੀਖ਼ਾਂ ਅਨੁਸਾਰ ਹਰ ਸਾਲ ਬਦਲਵੀਆਂ ਤਾਰੀਖ਼ਾਂ ਨੂੰ ਆਉਂਦਾ ਹੈ; ਜਿਵੇਂ ਕਿ

ਇਸ ਸਾਲ ਹਾੜ ਵਦੀ ੧ ਕਸ਼ਯ ਹੋਣ ਕਾਰਨ ਸ੍ਰੋਮਣੀ ਕਮੇਟੀ ਵੱਲੋਂ ਗੁਰਪੁਰਬ ਜੇਠ ਸੁਦੀ ੧੫ ਮੁਤਾਬਕ ੯ ਹਾੜ/ 22 ਜੂਨ ਨੂੰ ਮਨਾਇਆ ਜਾ ਰਿਹਾ ਹੈ ਜਦੋਂ ਕਿ ਨਾਨਕਸ਼ਾਹੀ ਕੈਲੰਡਰ ’ਚ ਹਰ ਸਾਲ ਹੀ ੨੧ ਹਾੜ/5 ਜੁਲਾਈ ਨੂੰ ਆਉਂਦਾ ਹੈ। ਹੁਣ ਪਾਠਕ ਅੰਦਾਜ਼ਾ ਲਾ ਸਕਦੇ ਹਨ ਕਿ ਗੁਰਪੁਰਬ ਹਰ ਸਾਲ ੨੧ ਹਾੜ ਨੂੰ ਮਨਾਏ ਜਾਣ ਨਾਲ ਇਤਿਹਾਸ ਵਿਗੜੇਗਾ ਜਾਂ ਮੰਨੀ ਗਈ ਗ਼ਲਤ ਤਿਥੀ ਹਾੜ ਵਦੀ ੧ ਮੁਤਾਬਕ ਹਰ ਸਾਲ ਬਦਲਵੀਆਂ ਤਾਰੀਖ਼ਾਂ ਨੂੰ ਮਨਾ ਕੇ ਵਿਗੜ ਰਿਹਾ ਹੈ।