ਸਿਰੋਪਾਉ ਦਾ ਇਤਿਹਾਸ, ਪ੍ਰੰਪਰਾ ਅਤੇ ਦੁਰਵਰਤੋਂ

0
586

ਸਿਰੋਪਾਉ ਦਾ ਇਤਿਹਾਸ, ਪ੍ਰੰਪਰਾ ਅਤੇ ਦੁਰਵਰਤੋਂ

ਸ. ਅਵਤਾਰ ਸਿੰਘ ਮਿਸ਼ਨਰੀ 5104325827

ਸਿਰੋਪਾ ਸਨਮਾਨ ਚਿੰਨ੍ਹ ਦਾ ਪ੍ਰਤੀਕ ਹੈ ਜੋ ਮਹਾਂਨ ਕੋਸ਼ ਵਿੱਚ ਸਿਰ ਤੋਂ ਪੈਰ ਤੱਕ ਪਹਿਨਣ ਦੀ ਪੁਸ਼ਾਕ, ਖਿਲਤ ਰੂਪ ਦਰਸਾਇਆ ਗਿਆ ਹੈ। ਸਿਰੋਪਾ ਸ਼ਬਦ ਦੇ ਗੁਰਬਾਣੀ ਰਾਹੀਂ ਵੱਖ-ਵੱਖ ਸੰਦਰਭਾਂ ’ਚ ਅਰਥ ਕੀਤੇ ਹੋਏ ਮਿਲਦੇ ਹਨ ਜਿਵੇਂਸਰਪਾ, ਸਿਰੋਪਾ, ਸਿਰਪਾਉ, ਸਿਰਪਾਇ, ਸਿਰਪਾਵ ਅਤੇ ਸਿਰੇਪਾਉ। ਸਿਰੋਪੇ ਦੇ ਇਤਿਹਾਸ ਬਾਰੇ ਸ਼ਬਦ ਕੋਸ਼ ਜਾਂ ਮਹਾਨ ਕੋਸ਼ ਪੜ੍ਹੀਏ ਤਾਂ ਪਤਾ ਲਗਦਾ ਹੈ ਕਿ ਸਿਰੋਪਾ ਫਾਰਸੀ ਦੇ ਸ਼ਬਦ ਸਰੋਪਾ ਤੋਂ ਸ਼ੁਰੂ ਹੋਇਆ ਹੈ ਅਤੇ ਗੁਰਬਾਣੀ ਵਿਖੇ ਇਸ ਨੂੰ ਸਿਰਪਾਉ ਕਿਹਾ ਗਿਆ ਹੈ-‘‘ਪਹਿਰਿ ਸਿਰਪਾਉ ਸੇਵਕ ਜਨ ਮੇਲੇ, ਨਾਨਕ! ਪ੍ਰਗਟ ਪਹਾਰੇ॥’’ (ਮ:੫/੬੩੧) ਭਾਵ ਕਰਤਾਰ ਨੇ ਆਪਣੇ ਸੇਵਕਾਂ ਨੂੰ ਸਿਰੋਪਾ ਪਹਿਨਾ ਕੇ ਆਪਣੇ ਨਾਲ ਮੇਲਿਆ ਅਤੇ ਸੰਸਾਰ ਵਿੱਚ ਪ੍ਰਸਿੱਧ ਕਰ ਦਿੱਤਾ ਹੈ। ‘‘ਭਗਤਿ ਸਿਰਪਾਉ ਦੀਓ ਜਨ ਅਪੁਨੇ, ਪ੍ਰਤਾਪੁ ਨਾਨਕ! ਪ੍ਰਭ ਜਾਤਾ॥’’ (ਮ:੫/੬੩੧) ਭਾਵ ਪ੍ਰੇਮਾ ਭਗਤੀ ਦਾ ਸਿਰਪਾਉ ਉਸ ਅਪਨੇ ਸੇਵਕ ਨੂੰ ਦਿੱਤਾ ਜਿਸ ਨੇ ਪ੍ਰਭੂ ਦਾ ਪ੍ਰਤਾਪ ਜਾਣ ਲਿਆ।

‘‘ਸਦਾ ਅਨੰਦੁ ਕਰੇ ਆਨੰਦੀ, ਜਿਸੁ ਸਿਰਪਾਉ ਪਇਆ ਗਲਿ ਖਾਸਾ ਹੇ॥’’ (ਮ:੫/੧੦੭੩) ਭਾਵ ਉਹ ਭਗਤ ਸਦਾ ਹੀ ਵਿਗਾਸ ਵਿੱਚ ਰਹਿੰਦਾ ਹੈ ਜਿਸ ਦੇ ਹਿਰਦੇ ਰੂਪੀ ਗਲ ਵਿੱਚ ਪ੍ਰਮਾਤਮਾ ਦੀ ਬਖਸ਼ਸ਼ ਦਾ ਖਾਸ ਸਿਰਪਾਉ ਪੈਂਦਾ ਹੈ।

‘‘ਪ੍ਰੇਮ ਪਟੋਲਾ ਤੈ ਸਹਿ ਦਿਤਾ, ਢਕਣ ਕੂ ਪਤਿ ਮੇਰੀ॥’’ (ਮ:੫/੫੨੦) ਭਾਵ ਹੇ ਮੇਰੇ ਸ਼ਹਿਨਸ਼ਾਹ ਪ੍ਰਭੂ! ਆਪ ਜੀ ਨੇ ਮੇਰੀ ਪਤਿ ਢੱਕਣ ਲਈ ਪਿਆਰ ਦਾ ਪਟੋਲਾ (ਸਿਰਪਾਉ) ਮੈਨੂੰ ਬਖਸ਼ਸ਼ ਕੀਤਾ ਹੈ।

ਅਯੋਗ ਵਿਅਕਤੀ ਸਾਕਤ ਆਦਿਕ ਬਾਰੇ ਵੀ ਸਿਰਪਾਉ ਦਾ ਜਿਕਰ ਹੈ- ‘‘ਸਾਕਤ ਸਿਰਪਾਉ ਰੇਸਮੀ, ਪਹਿਰਤ ਪਤਿ ਖੋਈ॥’’ (ਮ:੫/੮੧੧) ਭਾਵ ਸ਼ਕਤੀ ਦੇ ਪੁਜਾਰੀ ਸਾਕਤ ਨੇ ਬਹੁਮੁੱਲੇ ਰੇਸ਼ਮੀ ਸਿਰਪਾਉ ਪਹਿਰ ਕੇ ਵੀ ਹਉਮੈ (ਹੰਕਾਰ) ਅਤੇ ਵਿਸ਼ੇ ਵਿਕਾਰਾਂ ਕਾਰਨ ਆਪਣੀ ਇੱਜ਼ਤ ਗਵਾਈ ਹੈ।

ਫਾਰਸੀ ਵਿੱਚ ਇਸ ਸ਼ਬਦ ਦਾ ਮਤਲਬ ਹੈ ਸਿਰ ਤੋਂ ਪੈਂਰਾ ਤੱਕ ਪਹਿਨਣ ਵਾਲੀ ਉਹ ਪੋਸ਼ਾਕ ਜੋ ਬਾਦਸ਼ਾਹ ਵਲੋਂ ਕਿਸੇ ਨੂੰ ਸਨਮਾਨਤ ਕਰਨ ਲਈ ਭਾਵ ਇੱਜਤ ਵਜੋਂ ਦਿੱਤੀ ਗਈ ਖਿਲਤ ਹੋਵੇ।

‘ਐਨਸਾਈਕਲੋਪੀਡੀਆ ਆਫ ਸਿਖਇਜਮ’ ਅਨੁਸਾਰ ਸਿਰੋਪੇ ਦੀ ਰਵਾਇਤ ਗੁਰੂ ਅੰਗਦ ਸਾਹਿਬ ਤੋਂ ਸ਼ੁਰੂ ਹੋਈ। ਸਿੱਖ ਧਰਮ ਵਿੱਚ ‘ਸਿਰੋਪਾਉ’ ਦਾ ਅਹਿਮ ਮਹੱਤਵ ਹੈ। ਸਿੱਖ ਰਹਿਤ ਮਰਿਆਦਾ ਅਨੁਸਾਰ ਗੁਰੂ ਦੀ ਬਖਸ਼ਸ਼ ਦਾ ਪ੍ਰਤੀਕ ਸਿਰਪਾਉ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਹੀ ਦਿੱਤਾ ਜਾਂਦਾ ਹੈ ਪਰ ਇਸ ਦੇ ਉਲਟ ਅੱਜ ਕੱਲ ਹੋਟਲ, ਮੈਰਿਜ ਪੈਲੇਸ ਤੇ ਹੁਣ ਗਲੀ ਮੁਹੱਲੇ ਵਿੱਚ ਹੋਣ ਵਾਲੇ ਸਮਾਗਮਾਂ ਵਿੱਚ ਵੀ ਲੋਕਾਂ ਨੂੰ ਸਿਰੋਪਾ ਦੇ ਦਿੱਤਾ ਜਾਂਦਾ ਹੈ। ਸਿੱਖ ਇਤਿਹਾਸ ਅਨੁਸਾਰ ਵੀ ਸਿਰੋਪਾ ਦੇਣ ਦੀ ਪਰੰਪਰਾ ਜਗਤ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣਾ ਜੀ ਨੂੰ ਹਰ ਤਰ੍ਹਾਂ ਯੋਗ ਜਾਣ ਕੇ ਗੁਰਗੱਦੀ ਰੂਪ ‘ਸਿਰਪਾਉ’ ਦੀ ਬਖਸ਼ਸ਼ ਕੀਤੀ ਸੀ, ਅੱਗੋਂ ਗੁਰੂ ਅੰਗਦ ਸਾਹਿਬ ਜੀ ਨੇ ਵੀ ਬਾਬਾ ਅਮਰਦਾਸ ਜੀ ਵਲੋਂ ਤਨ ਮਨ ਨਾਲ ਨਿਭਾਈ ਗਈ ਸੇਵਾ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਗੁਰਗੱਦੀ (ਸਿਰੋਪਾ) ਬਖਸ਼ਸ ਕੀਤਾ ਸੀ। ਇਸ ਤੋਂ ਬਾਅਦ ਗੁਰੂ ਅਮਰਦਾਸ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ‘ਸਿਰੋਪਾਉ’ ਬਖਸ਼ਸ਼ ਕਰਨ ਦੀ ਪਰੰਪਰਾ ਚਲਦੀ ਰਹੀ।

ਗੁਰਦੁਆਰੇ ਜਾਂ ਧਰਮ ਅਸਥਾਂਨ ਦੇ ਹੈੱਡ ਗ੍ਰੰਥੀ, ਮੁਖੀਏ ਜਾਂ ਕਿਸੇ ਪਰਉਪਕਾਰੀ ਸੇਵਕ ਵਲੋਂ ਧਰਮ ਜਾਂ ਸਮਾਜ ਲਈ ਅਹਿਮ ਕੰਮ ਕਰਨ ਵਾਲਿਆਂ ਨੂੰ ਸਿਰੋਪਾ ਬਖਸ਼ਸ਼ ਕਰਨ ਦੀ ਪਰੰਪਰਾ ਹੈ ਜੋ ਕਿ ਹੁਣ ਵੀ ਚੱਲ ਰਹੀ ਹੈ। ਸਿਰੋਪਾ ਬਖਸ਼ਸ਼ ਕਰਨ ਮੌਕੇ ਸਿੱਖ ਰਹਿਤ ਮਰਿਆਦਾ ਦਾ ਪਾਲਣ ਕਰਨਾ ਬਹੁਤ ਹੀ ਜਰੂਰੀ ਹੈ।

‘ਸਿਰੋਪਾਉ’ ਦੀ ਰਾਜਨੀਤਕ ਹਥਿਆਰ ਦੇ ਰੂਪ ਵਿੱਚ ਦੁਰਵਰਤੋਂ ਕਰਨਾ ਅੱਜ ਆਮ ਹੋ ਗਿਆ ਹੈ। ਗੁਰੂ ਸਾਹਿਬ ਵਲੋਂ ਦਿੱਤਾ ਜਾਣ ਵਾਲਾ ਸਿਰੋਪਾ ਕਿਵੇਂ, ਕਿੱਥੇ ਅਤੇ ਕਿਸ ਨੂੰ ਦੇਣਾ ਹੈ? ਇਸ ਮਰਿਆਦਾ ਦਾ ਕੋਈ ਵਿਚਾਰ ਨਹੀਂ ਕੀਤਾ ਜਾਂਦਾ। ਸਿੱਖ ਇਤਿਹਾਸ ਦੇ ਇਕ ਕਾਲੇ ਪੰਨੇ ਅਨੁਸਾਰ ਪਿ੍ਰਥੀ ਚੰਦ ਮੀਣਾ, ਜੋ ਗੁਰੂ ਅਰਜਨ ਸਾਹਿਬ ਜੀ ਦਾ ਵੱਡਾ ਭਰਾ ਸੀ ਜਿਸ ਨੇ ਗੁਰਗੱਦੀ ਪ੍ਰਾਪਤ ਕਰਨ ਦੇ ਲਾਲਚ ਵਿੱਚ ਲਾਹੌਰ ਦੇ ਪੰਥ ਦੋਖੀ ਸੁਲਹੀ ਖਾਨ ਨੂੰ, ਉਸ ਦੇ ਘਰ ਜਾ ਕੇ ਸਿਰੋਪਾ ਦੇ ਦਿੱਤਾ ਸੀ ਤਾਂ ਕਿ ਗੁਰਗੱਦੀ ਮਿਲ ਜਾਏ। ਅੱਜ ਤਾਂ ਇੱਕ ਪਾਰਟੀ ਛੱਡ ਕੇ ਦੂਸਰੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਭਗੌੜਿਆਂ ਨੂੰ ਵੀ ਇਸ ਲਈ ਸਿਰੋਪਾ ਦੇ ਦਿੱਤਾ ਜਾਂਦਾ ਹੈ ਕਿ ਉਹ ਸਾਡੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਹੋਰ ਦੇਖੋ ਸਿੱਖੀ ਪ੍ਰੰਪਰਾਵਾਂ ਅਤੇ ਸਿੱਖ ਰਹਿਤ ਮਰਯਾਦਾ ਦੇ ਉਲਟ ਚੱਲਣ ਵਾਲੇ ਡੇਰੇਦਾਰ ਸੰਤਾਂ ਅਤੇ ਮਹਾਂ ਕਰੱਪਟ ਰਾਜਨੀਤਕ ਲੀਡਰਾਂ ਨੂੰ ਵੀ ਸ਼ਰੇਆਮ ਸਿਰੋਪੇ ਦਿੱਤੇ ਜਾ ਰਹੇ ਹਨ। ਹੱਦ ਇੱਥੋਂ ਤੱਕ ਟੱਪ ਗਈ ਹੈ ਕਿ ਝੋਲੀ ਚੁੱਕ ਗ੍ਰੰਥੀ, ਜਥੇਦਾਰ, ਡੇਰੇਦਾਰ ਸੰਤ ਅਤੇ ਲੀਡਰ ਛੋਟੇ-ਛੋਟੇ ਅਫਸਰਾਂ ਕਰਮਚਾਰੀਆਂ ਕੋਲ ਵੀ ਸਿਰੋਪੇ ਕਿ੍ਰਪਾਨਾਂ ਲੈ ਕੇ ਪਹੁੰਚ ਜਾਂਦੇ ਹਨ। ਅੱਜ ਗੁਰਦੁਆਰਿਆਂ ਵਿੱਚ ਕੁਰਹਿਤੀਆਂ ਦੇ ਹੱਥੋਂ ਅਣਮਤੀਏ, ਪੰਥ ਦੋਖੀਆਂ ਦੁਆਰਾ ਸਿਰੋਪਾ ਪ੍ਰਾਪਤ ਕਰਨਾ, ਆਮ ਹੋ ਗਿਆ ਹੈ।

ਹੁਣ ਵੇਲਾ ਆ ਗਿਆ ਹੈ ਕਿ ਪਿ੍ਰਥੀ ਚੰਦ ਦੇ ਪੂਰਨਿਆਂ ’ਤੇ ਚੱਲਣ ਵਾਲੇ ਇਨ੍ਹਾਂ ਸਿਆਸੀ ਪ੍ਰਬੰਧਕਾਂ ’ਤੇ ਰੋਕ ਲਾਈ ਜਾਵੇ ਅਤੇ ਇਨ੍ਹਾਂ ਤੋਂ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਮੁਕਤ ਕਰਾਉਣ ਲਈ ਉਪਰਾਲੇ ਕੀਤੇ ਜਾਣ ਤਾਂ ਕਿ ਇਨ੍ਹਾਂ ਦੀਆਂ ਸੁਆਰਥੀ ਹਰਕਤਾਂ ਕਾਰਨ ਕੌਮ ਨੂੰ ਹਾਸੇ-ਮਜਾਕ ਦਾ ਵਿਸ਼ਾ ਨਾ ਬਨਣਾ ਪਵੇ।

ਇਸ ਪ੍ਰੰਪਰਾ ਨੂੰ ਅਜੋਕੇ ਪਦਾਰਥਵਾਦੀ ਯੁਗ ਵਿੱਚ ਪ੍ਰਬੰਧਕ, ਸੰਸਥਾਵਾਂ ਅਤੇ ਰਾਜਨੀਤੀਵਾਨ ਆਪਣੀਆਂ ਨਿਜੀ ਇਛਾਵਾਂ ਦੀ ਪੂਰਤੀ ਲਈ ਇਸਤੇਮਾਲ ਕਰ ਰਹੇ ਹਨ। ‘ਸਿਰੋਪਾਉ’ ਦੀ ਬਖਸ਼ਸ ਕਿਸ ਨੂੰ, ਕਿਵੇਂ ਅਤੇ ਕਿੱਥੇ ਹੋਵੇ? ਇਸ ਮਾਮਲੇ ਤੇ ਸਿੱਖ ਵਿਦਵਾਨਾਂ, ਰਾਜਨੀਤਕਾਂ ਅਤੇ ਧਾਰਮਕ ਮੁਖੀਆਂ ਨੂੰ ਫਰਾਖਦਿਲੀ ਨਾਲ ਵੀਚਾਰ ਕਰਨੀ ਚਾਹੀਦੀ ਹੈ। ਵੇਲਾ ਮੰਗ ਕਰਦਾ ਹੈ ਕਿ ਖੋਜ ਭਰਪੂਰ ਵਿਚਾਰ ਵਿਟਾਂਦਰਾ ਕਰ ਕੇ ਖੁਦਗਰਜ ਸਿਆਸੀ ਨੇਤਾਵਾਂ ਨੂੰ ਇਸ ਸਬੰਧੀ ਸਿਖਿਆ-ਸੇਧ ਦਿੱਤੀ ਜਾਵੇ ਅਤੇ ਇਸ ਦੀ ਗ਼ਲਤ ਵਰਤੋਂ ਕਰਣ ਵਾਲਿਆਂ ਨੂੰ ਸਜਾ ਦੇਣ ਦਾ ਵਿਧਾਨ ਵੀ ਪੰਥ ਵਲੋਂ ਤਜਵੀਜ ਕੀਤਾ ਜਾਵੇ।

ਅੱਜ ਜਿਵੇਂ ਭਾਈ, ਬਾਬਾ, ਮਸੰਦ, ਗਿਆਨੀ, ਬ੍ਰਹਮ ਗਿਆਨੀ, ਮਹਾਂਪੁਰਸ਼ ਅਤੇ ਸਾਧ-ਸੰਤ ਲਫਜ਼ਾਂ ਦੀ ਅਣਧਿਕਾਰੀ ਲੋਕ ਅਤੇ ਭੇਖੀ ਸਾਧ-ਸੰਤ ਦੁਰਵਰਤੋਂ ਕਰ ਰਹੇ ਹਨ ਇਵੇਂ ਹੀ ‘ਸਿਰਪਾਉ’ ਲਫਜ਼ ਦੀ ਗਲਤ ਵਰਤੋਂ ਵੀ ਅਜਿਹੇ ਲੋਕਾਂ ਵੱਲੋਂ ਹੀ ਕੀਤੀ ਜਾ ਰਹੀ ਹੈ। ਅੱਜ ਕੱਲ੍ਹ ‘ਸਿਰਪਾਉ’ ਨੂੰ ਲੋਕਲਾਜ ਅਤੇ ਨੱਕ ਰੱਖਣ ਵਾਲਾ ਰਿਵਾਜ ਜਿਹਾ ਹੀ ਬਣਾ ਦਿੱਤਾ ਗਿਆ ਹੈ। ਗਲਾਂ ਵਿੱਚ ਸਿਰੋਪੇ ਪਾ ਕੇ ਅਖਬਾਰਾਂ ਵਿੱਚ ਫੋਟੋਆਂ ਵਾਲੀਆਂ ਖਬਰਾਂ ਛਪਾਉਣ ਨੂੰ ਵੀ ਤਰਜੀਹ ਦਿੱਤੀ ਜਾਂਦੀ ਹੈ। ਸਿਰੋਪੇ ਨੂੰ ਢਾਈ ਗਜ ਦਾ ਕਪੜਾ ਸਮਝ ਕੇ ਖ੍ਰੀਦਣਾ ਅਤੇ ਰੋਲਣਾ ਨਹੀਂ ਚਾਹੀਦਾ। ਜਰੂਰੀ ਨਹੀਂ, ਕਿ ਹਰੇਕ ਨੂੰ ਹੀ ‘ਸਿਰਪਾਉ’ ਬਖਸ਼ਸ਼ ਕੀਤਾ ਜਾਵੇ ਸਗੋਂ ਰਾਜਨੀਤਕ ਲੀਡਰਾਂ ਦਾ ਸਨਮਾਨ ਕਿਸੇ ਸ਼ੀਲਡ ਆਦਿਕ ਵਸਤੂ ਨਾਲ ਵੀ ਕੀਤਾ ਜਾ ਸਕਦਾ ਹੈ। ਘੋੜਾ ਖੋਤਾ ਇੱਕ ਨਹੀਂ ਸਮਝ ਲੈਣੇ ਚਾਹੀਦੇ ਇਨ੍ਹਾਂ ਵਿੱਚ ਬਹੁਤ ਫ਼ਰਕ ਹੁੰਦਾ ਹੈ। ਇਵੇ ਹੀ ਧਰਮ ਅਤੇ ਰਾਜਨੀਤੀ ਵਿੱਚ ਵੀ ਭੇਖਧਾਰੀ, ਢੌਂਗੀ ਅਤੇ ਕੁਰੱਪਟ ਲੋਕਾਂ ਦੀ ਪਛਾਣ ਕਰਕੇ ਹੀ ਕਿਸੇ ਭਲੇ ਪੁਰਖ ਜਾਂ ਇਸਤਰੀ ਨੂੰ ਉਨ੍ਹਾਂ ਦੀ ਯੋਗ ਸੇਵਾ ਵੇਖ ਕੇ ਹੀ ‘ਸਿਰਪਾਉ’ ਬਖਸ਼ਸ਼ ਕੀਤਾ ਜਾਵੇ। ਗੁਰਦੁਆਰਾ ਪ੍ਰਬੰਧਕਾਂ, ਗ੍ਰੰਥੀਆਂ, ਜਥੇਦਾਰਾਂ ਅਤੇ ਲੀਡਰਾਂ ਨੂੰ ਇਸ ਹੋ ਰਹੀ ‘ਸਿਰੋਪੇ’ ਦੀ ਦੁਰਵਰਤੋਂ ਪ੍ਰਤੀ ਬਹੁਤ ਹੀ ਗੰਭੀਰ ਹੋਣ ਦੀ ਜ਼ਰੂਰਤ ਹੈ।

ਯਾਦ ਰਹੇ ਕਿ ‘ਸਿਰਪਾਉ’ ਕਿਸੇ ਨੂੰ ਦਿੱਤਾ ਜਾਂ ਭੇਟ ਨਹੀਂ ਸਗੋਂ ਬਖਸ਼ਸ਼ ਕੀਤਾ ਜਾਂਦਾ ਹੈ। ਜਰਾ ਸੋਚੋ! ਭੇਟਾ ਤਾਂ ਹਮੇਸ਼ਾ ਆਪਣੇ ਤੋਂ ਵੱਡੇ ਨੂੰ ਦਿੱਤੀ ਜਾਂਦੀ ਹੈ। ‘ਸਿਰੋਪਾਉ’ ਤਾਂ ਗੁਰੂ ਦੀ ਬਖਸ਼ਸ਼ ਹੈ ਜੋ ਕਿਸੇ ਨੂੰ ਵੀ ਭੇਟ ਨਹੀਂ ਕੀਤੀ ਜਾ ਸਕਦੀ ਸਗੋਂ ਬਖਸ਼ੀ ਹੀ ਜਾ ਸਕਦੀ ਹੈ। ਆਪਾਂ ਗੁਰੂ ਸਾਹਿਬ ਅੱਗੇ ਰੁਪਿਆ ਪੈਸਾ, ਕੋਈ ਵਸਤੂ, ਪਦਾਰਥ ਜਾਂ ਰੁਮਾਲ ਭੇਟ ਕਰਦੇ ਹਾਂ ਅਤੇ ਅੱਗੋਂ ਗੁਰੂ, ਪ੍ਰਮਾਤਮਾ ਸਾਡੇ ’ਤੇ ਬਖਸ਼ਸ਼ ਕਰਦੇ ਹਨ।

ਅੱਜ ‘ਸਿਰੋਪਾਉ’ ਦੀ ਜਿਨ੍ਹੀ ਦੁਰਵਰਤੋਂ ਪਾਠੀ, ਰਾਗੀ, ਗ੍ਰੰਥੀ, ਡੇਰੇਦਾਰ ਸੰਤ ਆਦਿਕ ਧਾਰਮਿਕ ਲੋਕ ਕਰਦੇ ਹਨ ਇਨ੍ਹੀ ਆਮ ਆਦਮੀ ਨਹੀਂ ਕਰਦਾ। ਇਨ੍ਹਾਂ ਲੋਕਾਂ ਨੂੰ ਹਰ ਦੀਵਾਨ ਦੀ ਸਮਾਪਤੀ ਵੇਲੇ ਸਿਰੋਪੇ ਦੇਣ ਦਾ ਰਿਵਾਜ ਪੈ ਗਿਆ ਹੈ।

ਯਾਦ ਰਹੇ ਇਨ੍ਹਾਂ ’ਚੋਂ ਬਹੁਤੇ ਪੇਟ ਦੀ ਖਾਤਰ, ਗੁਰਬਾਣੀ ਦੇ ਸਿਧਾਂਤਾਂ ਤੋਂ ਉਲਟ ਜਾ ਕੇ ਪ੍ਰਚਾਰ ਕਰਦੇ ਹਨ ਅਸੀਂ ਫਿਰ ਵੀ ਸਤਿਕਾਰ ਨਾਲ ਇਨ੍ਹਾਂ ਲੋਕਾਂ ਨੂੰ ਬਿਨਾ ਸੋਚੇ ਸਮਝੇ ‘ਸਿਰੋਪਾਉ’ ਦਈ ਜਾ ਰਹੇ ਹਾਂ ਜੋ ਗੁਰਦੁਆਰੇ ਦੀ ਹੱਦੋਂ ਬਾਹਰ ਨਿਕਲਦੇ ਹੀ ਗੁਰ ਸਿਧਾਂਤਾਂ ਨੂੰ ਭੁੱਲ ਕੇ ਸਿਰੋਪੇ ਦੀ ਅਹਿਮੀਅਤ ਨੂੰ ਪੈਰਾਂ ’ਚ ਰੋਲਣ ਲੱਗ ਜਾਂਦੇ ਹਨ। ਅੱਜ ਤਾਂ ਸਿਰੋਪਿਆਂ ਦਾ ਵਾਪਾਰ ਹੋਣ ਲੱਗ ਪਿਆ ਹੈ। ਵੱਡੇ ਛੋਟੇ ਸਿਰੋਪਿਆਂ ਦੀਆਂ ਵੱਖ-ਵੱਖ ਭੇਟਾਵਾਂ ਹਨ। ਦੁਕਾਨਦਾਰਾਂ ਤੋਂ ਖਰੀਦਿਆ ਹੋਇਆ ਸਰੋਪਿਆਂ ਲਈ ਕਪੜਾ, ਗੁਰਦੁਆਰਿਆਂ ਰਾਹੀਂ ਫਿਰ ਉਸੇ ਦੁਕਾਨਦਾਰਾਂ ਨੂੰ ਵੇਚਿਆ ਜਾਂਦਾ ਹੈ। ਗੁਰੂ ਘਰਾਂ ’ਚ ਵੱਧ ਭੇਟਾ ਦੇਣ ਵਾਲੇ ਨੂੰ ਵੀ ਸਰੋਪਾ ਦਿੱਤਾ ਜਾਂਦਾ ਹੈ। ਅਜਿਹਾ ਮਹਿਸੂਸ ਹੁੰਦਾ ਹੈ ਕਿ ਅੱਜ ਸਿਰੋਪੇ ਵੀ ਅਮੀਰਾਂ, ਰਾਜਨੀਤਕਾਂ ਜਾਂ ਅਸਰ ਰਸੂਕ ਵਾਲਿਆਂ ਲਈ ਹੀ ਰਹਿ ਗਏ ਹਨ। ਲੋੜਵੰਦ ਗਰੀਬ ਨੂੰ ਤਾਂ ਹਰ ਥਾਂ ਧੱਕੇ ਹੀ ਪੈਂਦੇ ਹਨ।

ਮੁਆਫ ਕਰਨਾ, ਧਰਮਿਕ ਅਸਥਾਨਾਂ ਵਿੱਚ ਪਾਠ, ਕੀਰਤਨ, ਕਥਾ, ਸੁਖਮਨੀ ਪਾਠ, ਅਰਦਾਸਾਂ ਆਦਿ ਦੀ ਭੇਟਾ ਲਈ ਲੰਬੀਆਂ-2 ਲਿਸਟਾਂ ਲੱਗੀਆਂ ਹੁੰਦੀਆਂ ਹਨ ਪਰ ਲੋੜਮੰਦ ਗਰੀਬਾਂ ਨੂੰ ਕਮਰਾ ਵੀ ਮਿਲਣਾ ਮੁਸਕਿਲ ਹੈ। ਜਿਸ ਪੁਜਾਰੀਵਾਦ, ਬ੍ਰਾਹਮਣਵਾਦ, ਮਹੰਤਵਾਦ ਅਤੇ ਰਾਜਗਰਦੀਵਾਦ ਤੋਂ ਗੁਰੂਆਂ-ਭਗਤਾਂ ਨੇ ਸਾਨੂੰ ਬਚਾਇਆ ਸੀ ਅੱਜ ਅਸੀਂ ਉਸੇ ਦਲਦਲ ਵਿੱਚ ਫਿਰ ਫਸਦੇ ਜਾ ਰਹੇ ਹਾਂ।

ਸੋ, ਸਾਨੂੰ ਮਨਮਤੀ ਲੋਕਲਾਜ ਵਾਲੀਆਂ ਰਵਾਇਤਾਂ ਨੂੰ ਛੱਡ ਕੇ, ਗੁਰਮਤਿ ਪ੍ਰਚਾਰ, ਪ੍ਰਸਾਰ, ਸੇਵਾ, ਵਿਦਿਆ, ਪਰਉਪਕਾਰ ਆਦਿਕ ਧਾਰਮਿਕ ਅਤੇ ਸਮਾਜਿਕ ਖੇਤਰਾਂ ਵਿੱਚ ਉਤਸਾਹੀ ਅਤੇ ਵਧੀਆ ਕੰਮ ਕਰਨ ਵਾਲੇ ਮਾਈ-ਭਾਈ ਨੂੰ ਹੀ ‘ਸਿਰਪਾਉ’ ਦੀ ਬਖਸ਼ਸ਼ ਸੰਗਤ ਅਤੇ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਕਰਨੀ ਚਾਹੀਦੀ ਹੈ।

35950cookie-checkਸਿਰੋਪਾਉ ਦਾ ਇਤਿਹਾਸ, ਪ੍ਰੰਪਰਾ ਅਤੇ ਦੁਰਵਰਤੋਂ