ਸਿੱਖਾਂ ਲਈ ਨਵਾਂ ਸਾਲ ਕਿਹੜਾ ਹੈ ਤੇ ਕਿਵੇਂ ਮਨਾਇਆ ਜਾਣਾ ਚਾਹੀਦਾ ਹੈ ?

0
2002

ਸਿੱਖਾਂ ਲਈ ਨਵਾਂ ਸਾਲ ਕਿਹੜਾ ਹੈ ਤੇ ਕਿਵੇਂ ਮਨਾਇਆ ਜਾਣਾ ਚਾਹੀਦਾ ਹੈ ?

ਸ. ਕਿਰਪਾਲ ਸਿੰਘ ਬਠਿੰਡਾ ਮੋਬ: 9855480797

ਬਿਪਰ ਤੇ ਅੰਗਰੇਜ ਦੋਵਾਂ ਦੀ ਗੁਲਾਮੀ ਤੋਂ ਮੁਕਤ ਹੋ ਕੇ ਨਵਾਂ ਸਾਲ ਇੱਕ ਚੇਤ ਨੂੰ ਅਤੇ ਸਾਰੇ ਗੁਰਪੁਰਬ ਤੇ ਸਿੱਖ ਇਤਿਹਾਸਕ ਦਿਹਾੜੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਉਣੇ ਚਾਹੀਦੇ ਹਨ।

ਗੁਰਮਤਿ ਅਨੁਸਾਰ ਸਾਰੇ ਦਿਨ ਹੀ ਬਰਾਬਰ ਹਨ ਭਾਵ ਕੋਈ ਚੰਗਾ ਜਾਂ ਮਾੜਾ ਨਹੀਂ ਕਿਉਂਕਿ ਹਰ ਰੋਜ ਉਹੀ ਚੰਦਰਮਾਂ ਅਤੇ ਓਹੀ ਤਾਰੇ ਚੜ੍ਹਦੇ ਹਨ ਅਤੇ ਉਹੀ ਸੂਰਜ ਅਸਮਾਨ ਵਿੱਚ ਚਮਕਦਾ ਹੈ। ਉਹੀ ਜ਼ਮੀਨ ਹੈ ਅਤੇ ਉਹ ਹੀ ਹਵਾ ਵਗਦੀ ਹੈ। (ਕਹੇ ਜਾਂਦੇ) ਜੁੱਗ ਪ੍ਰਾਣੀਆਂ ਦੇ ਸੁਭਾਉ ਅਨੁਸਾਰ ਉਸ ਦੇ ਅੰਦਰ ਹੀ ਵੱਸਦੇ ਹਨ। ਕੋਈ ਹੋਰ ਥਾਂ ’ਤੇ ਸਮਾਂ, ਇਨ੍ਹਾਂ ਜੁੱਗਾਂ ਲਈ ਕਿਸ ਤਰ੍ਹਾਂ ਨਿਰੂਪਣ ਕੀਤੇ (ਮਿਥੇ) ਜਾ ਸਕਦੇ ਹਨ? ਪਾਵਨ ਵਾਕ ਹੈ ‘‘ਸੋਈ ਚੰਦੁ ਚੜਹਿ, ਸੇ ਤਾਰੇ; ਸੋਈ ਦਿਨੀਅਰੁ ਤਪਤ ਰਹੈ॥ ਸਾ ਧਰਤੀ, ਸੋ ਪਉਣੁ ਝੁਲਾਰੇ; ਜੁਗ ਜੀਅ ਖੇਲੇ, ਥਾਵ ਕੈਸੇ॥’’ (ਮ:੧/੯੦੨)

ਇਸ ਲਈ ਜਿਨ੍ਹਾਂ ਸਿੱਖਾਂ ਦੇ ਹਿਰਦੇ ਵਿੱਚ ਗੁਰੂ ਦਾ ਉਪਦੇਸ਼ ਵਸਿਆ ਹੁੰਦਾ ਹੈ ਜੇ ਉਨ੍ਹਾਂ ਵਾਸਤੇ ਮੰਨੇ ਜਾਂਦੇ ਚਾਰ ਜੁੱਗ (ਸਤਜੁਗ, ਤ੍ਰੇਤਾ, ਦੁਆਪਰ ਤੇ ਕਲਜੁਗ) ਹੀ ਬਰਾਬਰ ਹੁੰਦੇ ਹਨ ਤਾਂ ਫਿਰ ਉਨ੍ਹਾਂ ਲਈ 31 ਦਸੰਬਰ ਤੇ ਪਹਿਲੀ ਜਨਵਰੀ ਵਿੱਚ ਵੀ ਕੀ ਅੰਤਰ ਹੋਇਆ? ਕਿਉਂਕਿ ਉਨ੍ਹਾਂ ਲਈ ਹਰ ਦਿਨ, ਹਰ ਮਹੀਨਾ, ਹਰ ਸਾਲ ਹਮੇਸ਼ਾ ਹੀ ਨਵਾਂ ਰਹਿੰਦਾ ਹੈ, ਕਦੀ ਵੀ ਪੁਰਾਣਾ ਨਹੀਂ ਹੁੰਦਾ ਕਿਉਂਕਿ ਗੁਰੂ ਸਾਹਿਬ ਜੀ ਦਾ ਹੁਕਮ ਹੈ: ‘‘ਸਚੁ ਪੁਰਾਣਾ ਹੋਵੈ ਨਾਹੀ, ਸੀਤਾ ਕਦੇ ਨ ਪਾਟੈ॥’’ (ਮ:੧/੯੫੬)

ਸਮੇਂ ਦੀ ਗਿਣਤੀ ਮਿਣਤੀ ਦੀ ਸਹੂਲਤ ਲਈ ਮਨੁੱਖ ਵਲੋਂ ਬਣਾਏ ਗਏ ਵੱਖ ਵੱਖ ਕੈਲੰਡਰਾਂ ਅਨੁਸਾਰ ਅਸੀਂ ਬੀਤ ਚੁੱਕੇ ਸਾਲ ਨੂੰ ਪੁਰਾਣਾ ਤੇ ਸ਼ੁਰੂ ਹੋ ਰਹੇ ਸਾਲ ਨੂੰ ਨਵਾਂ ਕਹਿੰਦੇ ਹਾਂ। ਇਹ ਸਿਰਫ ਸਮੇਂ ਦੀ ਗਿਣਤੀ ਹੈ ਇਸ ਲਈ ਸ਼ੁਰੂ ਹੋਣ ਵਾਲੇ ਸਾਲ ਦੀ ਆਮਦ ਵਿੱਚ ਖਾਸ ਜਸ਼ਨ ਮਨਾਉਣੇ ਗੁਰਮਤਿ ਅਨੁਸਾਰ ਢੁਕਵੇਂ ਨਹੀਂ ਹਨ। ਪਰ ਸਾਡੇ ਵਿੱਚ ਨਕਲ ਕਰਨ ਦੀ ਆਦਤ ਹੋਣ ਸਦਕਾ ਜਿਸ ਤਰ੍ਹਾਂ ਦੀਵਾਲੀ ਨਾਲ ਸਿੱਖਾਂ ਦਾ ਕੋਈ ਵੀ ਸਬੰਧ ਨਹੀਂ ਹੈ ਪਰ ਸਾਡੇ ਆਸ ਪਾਸ ਦੀ ਬਹੁ ਗਿਣਤੀ ਕਿਉਂਕਿ ਦੀਵਾਲੀ ਬਹੁਤ ਹੀ ਜੋਸ਼ੋ ਖ਼ਰੋਸ਼ ਨਾਲ ਮਨਾਉਂਦੇ ਹਨ ਇਸ ਲਈ ਉਨ੍ਹਾਂ ਦੀ ਰੀਸ ਨਾਲ ਦੀਵਾਲੀ ਮਨਾਉਣ ਲਈ ਬਹਾਨਾ ਲੱਭ ਲਿਆ ਕਿ ਦੀਵਾਲੀ ਵਾਲੇ ਦਿਨ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਹੋ ਕੇ ਅੰਮਿ੍ਰਤਸਰ ਪਹੁੰਚੇ ਸਨ, ਇਸ ਖੁਸ਼ੀ ਵਿੱਚ ‘ਬੰਦੀਛੋੜ ਦਿਵਸ’ ਮਨਾਇਆ ਜਾਂਦਾ ਹੈ। ਹਾਲਾਂ ਕਿ ਇਤਿਹਾਸਕ ਤੱਥ ਇਸ ਮਿਥ ਨੂੰ ਝੁਠਲਾਉਂਦੇ ਵੀ ਹਨ ਕਿ ਗੁਰੂ ਸਾਹਿਬ ਜੀ ਦੀਵਾਲੀ ਵਾਲੇ ਦਿਨ ਹੀ ਅੰਮਿ੍ਰਤਸਰ ਵਿਖੇ ਪਹੁੰਚੇ ਸਨ। ਇਸੇ ਤਰ੍ਹਾਂ ਬਿਪਰਵਾਦੀ ਸੋਚ ਅਨੁਸਾਰ ਬਿਕ੍ਰਮੀ ਸੂਰਜੀ ਸਾਲ ਦੇ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਸੰਗਰਾਂਦ ਦਾ ਨਾਮ ਦੇ ਕੇ ਉਸ ਨੂੰ ਪਵਿੱਤਰ ਦਿਹਾੜੇ ਦੱਸ ਕੇ ਇਸ ਨੂੰ ਵਿਸ਼ੇਸ਼ ਰੂਪ ਵਿੱਚ ਮਨਾਇਆ ਜਾਂਦਾ ਹੈ। ਹਾਲਾਂ ਕਿ ਗੁਰਬਾਣੀ ਅਨੁਸਾਰ ਉਹੀ ਦਿਨ ਸੁਹਾਵੜਾ ਹੈ ਜਿਸ ਦਿਨ ਪ੍ਰਭੂ ਦੀ ਯਾਦ ਚਿੱਤ ਵਿੱਚ ਵਸ ਜਾਂਦੀ ਹੈ ਤੇ ਜਿਸ ਦਿਨ ਵਿਸਰ ਜਾਵੇ ਉਹ ਦਿਨ ਫਿਟਕਾਰਯੋਗ ਹੈ: ‘‘ਨਾਨਕ! ਸੋਈ ਦਿਨਸੁ ਸੁਹਾਵੜਾ, ਜਿਤੁ ਪ੍ਰਭੁ ਆਵੈ ਚਿਤਿ॥ ਜਿਤੁ ਦਿਨਿ ਵਿਸਰੈ ਪਾਰਬ੍ਰਹਮੁ, ਫਿਟੁ ਭਲੇਰੀ ਰੁਤਿ॥ (ਮ:੫/੩੧੮)

ਇਸ ਲਈ ਕਿਸੇ ਖਾਸ ਦਿਨ ਨੂੰ ਵਿਸ਼ੇਸ਼ ਤੌਰ ’ਤੇ ਨਵਾਂ, ਚੰਗਾ ਜਾਂ ਪਵਿੱਤਰ ਜਾਣ ਕੇ ਮਨਾਉਣ ਵਾਲਿਆਂ ਨੂੰ ਗੁਰੂ ਸਾਹਿਬ ਜੀ ਨੇ ਮੁਗਧ ਗਵਾਰ ਤੱਕ ਲਿਖ ਦਿੱਤਾ ਹੈ: ‘‘ਆਪੇ ਪੂਰਾ ਕਰੇ, ਸੁ ਹੋਇ ॥ ਏਹਿ ਥਿਤੀ ਵਾਰ, ਦੂਜਾ ਦੋਇ॥ ਸਤਿਗੁਰ ਬਾਝਹੁ ਅੰਧੁ ਗੁਬਾਰੁ॥ ਥਿਤੀ ਵਾਰ ਸੇਵਹਿ, ਮੁਗਧ ਗਵਾਰ॥’’ (ਮ:੩/੮੪੩)

ਪਰ ਇਸ ਦੇ ਬਾਵਜੂਦ ਬਹੁਗਿਣਤੀ ਸਿੱਖ ਖਾਸ ਕਰਕੇ ਡੇਰਾਵਾਦੀ ਸਿੱਖ, ਸੰਗ੍ਰਾਂਦਾਂ ਨਾਲ ਇੱਥੋਂ ਤੱਕ ਜੁੜ ਚੁੱਕੇ ਹਨ ਕਿ ਉਹ 100 ਸਾਲਾਂ ਦੀ ਸੋਚ ਤੇ ਵਿਦਵਾਨਾਂ ਦੀ 15 ਸਾਲ ਦੀ ਸਖ਼ਤ ਮਿਹਨਤ ਉਪ੍ਰੰਤ ਹੋਂਦ ਵਿੱਚ ਆਏ ਨਾਨਕਸ਼ਾਹੀ ਕੈਲੰਡਰ, ਜਿਹੜਾ 2003 ਵਿੱਚ ਲਾਗੂ ਕੀਤਾ ਗਿਆ ਸੀ ਉਸ ਨੂੰ ਰੱਦ ਕਰਵਾ ਹੀ ਗਏ। ਸੰਗਰਾਂਦਾਂ ਦੀ ਤਰ੍ਹਾਂ ਹੀ ਈਸਵੀ ਸੰਨ ਦੇ ਸਾਲ ਦੀ ਪਹਿਲੀ ਤਾਰੀਖ ਨੂੰ ਨਵੇਂ ਸਾਲ ਦੇ ਜਸ਼ਨਾਂ ਨਾਲ ਮਨਾਉਣ ਦੇ ਹੜ੍ਹ ਵਿੱਚ ਇਤਨਾਂ ਰੁੜ ਚੁੱਕੇ ਹਨ ਕਿ ਉਨ੍ਹਾਂ ਨੇ ਆਪਣੇ ਚੰਗੇ ਮੰਦੇ ਦੀ ਪਛਾਣ ਵੀ ਖ਼ਤਮ ਕਰ ਰੱਖੀ ਹੈ। ਨਵੇਂ ਸਾਲ ਦੀ ਆਮਦ ਨੂੰ ਜੀ ਆਇਆਂ ਕਹਿਣ ਲਈ ਹੋਟਲਾਂ/ਕਲੱਬਾਂ ਵਿੱਚ ਵੱਡੇ ਪੱਧਰ ’ਤੇ ਸਮਾਗਮ ਕੀਤੇ ਜਾਂਦੇ ਹਨ ਜਿੱਥੇ ਰੰਗਾ ਰੰਗ ਪ੍ਰੋਗਰਾਮ ਦੇ ਨਾਮ ਹੇਠ ਰਾਤ 12 ਵਜੇ ਤੱਕ ਨਾਚ ਗਾਣਿਆਂ ਰਾਹੀਂ ਲੱਚਰਤਾ ਫੈਲਾਈ ਜਾਂਦੀ ਹੈ ਤੇ ਸ਼ਰਾਬ ਦਾ ਖੁਲ੍ਹੇ ਰੂਪ ਵਿੱਚ ਸੇਵਨ ਕੀਤਾ ਜਾਂਦਾ ਹੈ। ਅਜੇਹੇ ਸਮਾਗਮਾਂ ਵਿੱਚ ਪ੍ਰਭੂ ਚਿੱਤ ਵਿੱਚ ਆਉਣ ਦੀ ਗੱਲ ਹੀ ਬੜੀ ਦੂਰ ਹੁੰਦੀ ਹੈ ਸਗੋਂ ਪੂਰੀ ਤਰ੍ਹਾਂ ਵਿਸਰਿਆ ਹੁੰਦਾ ਹੈ। ਸੋ ਗੁਰਬਾਣੀ ਅਨੁਸਾਰ ਤਾਂ ਇਹ ਦਿਨ ਫਿਟਕਾਰਯੋਗ ਹੋਣਾ ਚਾਹੀਦਾ ਸੀ ਪਰ ਹੈਰਾਨੀ ਹੈ ਕਿ ਉਹ ਪ੍ਰਭੂ ਨੂੰ ਮਨਹੁ ਵਿਸਾਰ ਕੇ ਵੀ ਇੱਕ ਦੂਜੇ ਨੂੰ ਨਵੇਂ ਸਾਲ ਦੀਆਂ ਵਧਾਈਆਂ ਦੇ ਰਹੇ ਹੁੰਦੇ ਹਨ। ਜਿਹੜੇ ਵਿਅਕਤੀ ਵਿਸ਼ੇਸ਼ ਪ੍ਰੋਗਰਾਮਾਂ ਵਿੱਚ ਨਹੀਂ ਵੀ ਜਾ ਸਕਦੇ ਉਹ ਟੀਵੀ ਚੈੱਨਲਾਂ ’ਤੇ ਨਵੇਂ ਸਾਲ ਲਈ ਵਿਸ਼ੇਸ਼ ਤੌਰ ’ਤੇ ਤਿਆਰ ਕੀਤੇ ਪ੍ਰੋਗਰਾਮ ਸੁਣਨ ਵਿੱਚ ਆਪਣੀ ਅੱਧੀ ਰਾਤ ਤੋਂ ਵੱਧ ਗੁਜਾਰ ਦਿੰਦੇ ਹਨ ਜਦੋਂ ਕਿ ਕਿਸੇ ਗੁਰਪੁਰਬ ਮੌਕੇ ਵਿਸ਼ੇਸ਼ ਤੌਰ ’ਤੇ ਪ੍ਰਸਾਰਤ ਕੀਤੇ ਜਾ ਰਿਹਾ ਕੀਰਤਨ/ਕਥਾ ਦਾ ਪ੍ਰੋਗਰਾਮ ਉਨ੍ਹਾਂ ਲਈ ਇੱਕ ਘੰਟਾ ਵੇਖਣਾ ਵੀ ਬਹੁਤ ਔਖਾ ਹੁੰਦਾ ਹੈ। ਇਸ ਤਰ੍ਹਾਂ ਹਰ ਪਲ ਪ੍ਰਭੂ ਦੀ ਯਾਦ ਵਿੱਚ ਬਿਤਾਉਣ ਦੀ ਗੁਰ ਸਿਖਿਆ ਦੇ ਉਲਟ ਪ੍ਰਭੂ ਨੂੰ ਵਿਸਾਰ ਕੇ ਮਨਾਏ ਜਾਣ ਵਾਲਾ ਨਵਾਂ ਸਾਲ ਪੂਰੀ ਤਰ੍ਹਾਂ ਗੁਰਮਤਿ ਦੇ ਉਲਟ ਹੈ। ਪਿਛਲੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਨੌਜਵਾਨਾਂ ਨੂੰ ਹੋਟਲਾਂ ਕਲੱਬਾਂ ਵਿੱਚ ਲੱਚਰਤਾ ਤੇ ਨਸ਼ਿਆਂ ਦੇ ਸੇਵਨ ਵਾਲੇ ਪ੍ਰੋਗਰਾਮਾਂ ਵਿੱਚ ਜਾਣ ਤੋਂ ਰੋਕਣ ਦੇ ਉਪ੍ਰਾਲੇ ਵਜੋਂ ਨਵੇਂ ਸਾਲ ਦੇ ਵਿਸ਼ੇਸ਼ ਸਮਾਗਮ ਵਜੋਂ ਗੁਰਦੁਆਰਾ ਰਕਾਬ ਗੰਜ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿੱਚ ਗੁਰਮਤਿ ਸਮਾਗਮ ਕਰਵਾਉਣੇ ਸ਼ੁਰੂ ਕੀਤੇ ਸਨ ਜਿਸ ਨੂੰ ਮੌਜੂਦਾ ਕਮੇਟੀ ਵੱਲੋਂ ਵੀ ਅਪਣਾਇਆ ਜਾ ਰਿਹਾ ਹੈ ਤੇ ਇਸ ਨੂੰ ਚੜ੍ਹਦੀ ਕਲਾ ਟਾਈਮ ਟੀ ਵੀ ਤੋਂ ਪ੍ਰਸਾਰਤ ਵੀ ਕਰਵਾਇਆ ਜਾਂਦਾ ਹੈ ਤਾਂ ਕਿ ਜਿਹੜੇ ਗੁਰਸਿੱਖ ਸਮਾਗਮ ਵਿੱਚ ਸਮੂਲੀਅਤ ਨਹੀਂ ਕਰ ਸਕਦੇ ਉਹ ਘਰ ਬੈਠੇ ਹੀ ਟੀ ਵੀ ’ਤੇ ਨਵੇਂ ਸਾਲ ਦੇ ਰੰਗਾ ਰੰਗ ਪ੍ਰੋਗਰਾਮ ਵੇਖਣ ਦੀ ਵਜਾਏ ਟੀ ਵੀ ਰਾਹੀਂ ਗੁਰਬਾਣੀ ਨਾਲ ਜੁੜ ਕੇ ਲਾਭ ਉਠਾ ਸਕਣ। ਦਿੱਲੀ ਕਮੇਟੀ ਦਾ ਇਹ ਸਲਾਹੁਣਯੋਗ ਕਦਮ ਸੀ। ਸਾਰੇ ਗੁਰਸਿੱਖਾਂ ਅਤੇ ਗੁਰਦੁਆਰਾ ਕਮੇਟੀਆਂ ਨੂੰ ਵੀ ਹਰ ਸਾਲ ਇਉਂ ਹੀ ਕਰਨਾ ਚਾਹੀਦਾ ਹੈ ਪਰ ਇਹ ਵੀ ਯਾਦ ਰਹੇ ਕਿ ਸਾਡਾ ਨਵਾਂ ਸਾਲ ਈਸਵੀ ਸੰਨ ਨਹੀਂ ਬਲਕਿ ਨਾਨਕਸ਼ਾਹੀ ਸੰਮਤ ਅਨੁਸਾਰ 30/31 ਫੱਗਣ ਅਤੇ ਇੱਕ ਚੇਤ (13 ਅਤੇ 14 ਮਾਰਚ) ਦੀ ਵਿਚਕਾਰਲੀ ਰਾਤ ਹੈ ; ਜਿਸ ਨੂੰ ਗੁਰਬਾਣੀ ਦੀ ਕਥਾ ਕੀਰਤਨ ਰਾਹੀਂ, ਪ੍ਰਭੂ ਦੀ ਕੀਰਤੀ ਵਿੱਚ ਹੀ ਗੁਜਾਰਨਾ ਚਾਹੀਦਾ ਹੈ। ਜਿਸ ਤਰ੍ਹਾਂ ਹਰ ਸਰਕਾਰ, ਅਦਾਰਾ, ਤੇ ਵਪਾਰੀ 31 ਮਾਰਚ ਨੂੰ ਵਿਤੀ ਸਾਲ ਦੀ ਸਮਾਪਤੀ ਮੌਕੇ ਆਪਣੇ ਬਹੀ ਖਾਤੇ ਚੈੱਕ ਕਰਕੇ ਆਪਣੀ ਆਮਦਨ ਤੇ ਖਰਚੇ ਦਾ ਹਿਸਾਬ ਕਿਤਾਬ ਕਰਕੇ ਵੇਖਦੇ ਹਨ ਕਿ ਉਨ੍ਹਾਂ ਨੇ ਸਾਲ ਵਿੱਚ ਕੀ ਖੱਟਿਆ ਤੇ ਕੀ ਗਵਾਇਆ ਹੈ। ਉਸ ਨਫੇ ਨੁਕਸਾਨ ਨੂੰ ਧਿਆਨ ਵਿੱਚ ਰੱਖ ਕੇ ਅਗਲੇ ਸਾਲ ਲਈ ਵਿਉਂਤਵੰਦੀ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਸਾਡੀ ਜਿੰਦਗੀ ਦਾ ਇੱਕ ਸਾਲ ਬੀਤਣ ’ਤੇ ਆਪਣੇ ਮਨ ਦੇ ਬਹੀ ਖਾਤੇ ਚੈੱਕ ਕਰਕੇ ਹਰ ਗੁਰਸਿੱਖ ਵੀ ਇਹ ਹਿਸਾਬ ਲਾਉਣ ਦੀ ਕੋਸ਼ਿਸ਼ ਕਰੇ ਕਿ: ‘‘ਚੇਤਿ ਗੋਵਿੰਦੁ ਅਰਾਧੀਐ, ਹੋਵੈ ਅਨੰਦੁ ਘਣਾ॥’’ ਤੋਂ ਸ਼ੁਰੂ ਕਰਕੇ ‘‘ਫਲਗੁਣਿ ਅਨੰਦ ਉਪਾਰਜਨਾ, ਹਰਿ ਸਜਣ ਪ੍ਰਗਟੇ ਆਇ॥’’ (ਮਾਝ ਬਾਰਹਮਾਹਾ, ਮ: ੫) ਤੱਕ ਦੇ ਪਾਠ ਵਿੱਚੋਂ ਕੀ ਸਿੱਖਿਆ ਪ੍ਰਾਪਤ ਕੀਤੀ ਗਈ ਅਤੇ ਲੰਘੇ ਸਾਲ ਦੌਰਾਨ ਉਸ ਨੇ ਗੁਰੂ ਵਲੋਂ ਦਿੱਤੀ ਸਿਖਿਆ ਨੂੰ ਵਿਸਾਰ ਕੇ ਅਨਮੋਲ ਮਨੁਖਾ ਜਨਮ ਦਾ ਕਿਨਾਂ ਸਮਾਂ ਅਜਾਂਈ ਗੁਆ ਲਿਆ ਹੈ। ਅਗਾਂਹ ਵਾਸਤੇ ਇਸ ਘਾਟੇ ਨੂੰ ਪੂਰਾ ਕਰਨ ਲਈ ਅਗਲੇ ਸਮੇ ਨੂੰ ਕਿਸ ਤਰ੍ਹਾਂ ਲੇਖੇ ’ਚ ਲਾਉਣਾ ਹੈ। ਇਸ ਤਰ੍ਹਾਂ ਕਰਨ ਨਾਲ ਅਸੀਂ ਗੁਰੂ ਦੀ ਸਿਖਿਆ ’ਤੇ ਚੱਲਣ ਦੀ ਕੋਸ਼ਿਸ਼ ਵਿੱਚ ਵੀ ਲੱਗੇ ਰਹਾਂਗੇ ਤੇ ਨਾਨਕਸ਼ਾਹੀ ਕੈਲੰਡਰ ਸਾਡੀ ਆਮ ਜੀਵਨ ਦੀ ਵਰਤੋਂ ਵਿੱਚ ਪੂਰੀ ਤਰ੍ਹਾਂ ਲਾਗੂ ਵੀ ਹੁੰਦਾ ਰਹੇਗਾ।