‘ਸਤਿਸੰਗ’ ਬਨਾਮ ‘ਜਾਪ’

0
216

‘ਸਤਿਸੰਗ’ ਬਨਾਮ ‘ਜਾਪ’

ਸੁਖਦੇਵ ਸਿੰਘ, 1008, ਫੇਜ-2, ਅਰਬਨ ਅਸਟੇਟ, ਪਟਿਆਲਾ (ਪੰਜਾਬ)-94171-91916

‘ਸਤਿਸੰਗ’ (ਜਾਂ ‘ਸਤਿਸੰਗਤ’) ਤੇ ‘ਜਾਪ’ ਦੋਵੇਂ ਸ਼ਬਦ ਧਾਰਮਿਕ ਡਿਕਸ਼ਨਰੀ ’ਚ ਵੱਡਾ ਮਹੱਤਵ ਰੱਖਦੇ ਹਨ। ਇਨ੍ਹਾਂ ਦੇ ਪ੍ਰਚੱਲਤ ਅਰਥਾਂ ਬਾਰੇ (ਜੋ ਸਾਨੂੰ ਦੱਸੇ ਜਾਂਦੇ ਹਨ ਜਾਂ ਜੋ ਅਸਲ ਅਰਥ ਹੋਣੇ ਚਾਹੀਦੇ ਹਨ, ਬਾਰੇ) ਪਾਠਕਾਂ ਨਾਲ ਵਿਚਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ।

‘ਸਤਿਸੰਗ’ ਜਾਂ ‘ਸਤਿਸੰਗਤ’- ਧਾਰਮਿਕ ਅਸਥਾਨਾਂ ’ਤੇ ਜਾਂ ਧਾਰਮਿਕ ਸੰਮੇਲਨਾਂ ਵਿੱਚ ਇਕੱਠ ਦੇ ਰੂਪ ’ਚ ਪਹੁੰਚੇ ਵਿਅਕਤੀਆਂ ਨੂੰ ‘ਸਤਿਸੰਗਤ’ ਕਿਹਾ ਜਾਂਦਾ ਹੈ। ਇਹ ‘ਸਤਿਸੰਗਤ’ ਸ਼ਬਦ ਸੁੱਚੇ ਅਤੇ ਧਾਰਮਿਕ ਸੋਝੀ ਜਾਂ ਪ੍ਰੇਮ ਰੱਖਣ ਵਾਲਿਆਂ ਲਈ ਵਰਤਿਆ ਜਾਂਦਾ ਹੈ। ਉਸ ਵਕਤ ਉਹ ਆਪਣੇ ਆਪ ਨੂੰ ਦੂਸਰੇ ਲੋਕਾਂ ਤੋਂ ਵੱਖਰੇ ਸਮਝਣ ਦਾ ਭੁਲੇਖਾ ਪਾਲ ਰਹੇ ਹੁੰਦੇ ਹਨ।

ਧਾਰਮਿਕ ਇਕੱਠ ਵਿੱਚ ਸਾਡੇ ਵਿੱਚੋਂ ਬਹੁਤੇ ਸਰੀਰਕ ਤੌਰ ’ਤੇ ਹਾਜ਼ਰ ਹੁੰਦੇ ਹੋਏ ਵੀ ਮਨ ਜਾਂ ਆਤਮਾ ਕਰਕੇ ਉੱਥੋਂ ਗ਼ੈਰ ਹਾਜ਼ਰ ਹੀ ਹੁੰਦੇ ਹਨ। ਭਗਤੀ ਜਾਂ ਧਾਰਮਿਕ ਕਿਰਿਆ ਵਿੱਚ ਅਸਲੀ ਯੋਗਦਾਨ ਮਨ ਜਾਂ ਆਤਮਾ ਦਾ ਹੁੰਦਾ ਹੈ, ਨਾ ਕਿ ਸਰੀਰ ਦਾ। ਸਰੀਰ ਤਾਂ ਜੋ ਵੀ ਕਰਦਾ ਹੈ ਉਸ ਲਈ ਹਦਾਇਤ ਮਨ ਜਾਂ ਆਤਮਾ ਤੋਂ ਲੈਂਦਾ ਹੈ। ਬਹੁਤਵਾਰ ਧਾਰਮਿਕ ਇਕੱਠਾਂ ਵਿੱਚ ਜੇਬਾਂ ਕੱਟਣ ਅਤੇ ਸਮਾਨ ਚੋਰੀ ਹੋ ਜਾਣਦੀਆਂ ਵਾਰਦਾਤਾਂ ਵੀ ਸਾਨੂੰ ਸੁਣਨ ਲਈ ਮਿਲਦੀਆਂ ਰਹਿੰਦੀਆਂ ਹਨ। ਇਹ ਘਟੀਆ ਹਰਕਤਾਂ ਕਰਨ ਵਾਲੇ ਵੀ ਉਸੇ ‘ਸਤਿਸੰਗਤ’ ਦਾ ਹਿੱਸਾ ਹੁੰਦੇ ਹਨ।

‘ਸਤਿਸੰਗਤ’ ਵਿੱਚ ਘੰਟਾ ਜਾਂ ਥੋੜਾ ਵੱਧ ਸਮਾਂ ਜੋ ਵੀ ਅਸੀਂ ਗੁਜਾਰ ਆਉਂਦੇ ਹਾਂ ਤੇ ਬਾਕੀ ਤਕਰੀਬਨ 23 ਘੰਟਿਆਂ ਵਿੱਚ ਅਸੀਂ ਕੀ ਕਰਦੇ ਹਾਂ ? ਉਸ ਦਾ ਅਸਰ ਵੀ ਤਾਂ ਸਾਡੇ ਜੀਵਨ ’ਤੇ ਪੈਂਦਾ ਹੀ ਹੋਵੇਗਾ।

ਸੋ, ਇੱਕ ਘੰਟੇ ਲਈ ‘ਸਤਸੰਗੀ’ ਬਣਨ ਨਾਲ ਬਾਕੀ 23 ਘੰਟੇ ਦਾ ਘਾਟਾ ਕਿਵੇਂ ਪੂਰਾ ਹੋਵੇਗਾ? ਇੰਨਾਂ ਵੱਡਾ ਘਾਟਾ ਇੱਕ ਘੰਟੇ ਦੇ ‘ਸਤਿਸੰਗਤ’ ਨਾਲ ਪੂਰਾ ਹੁੰਦਾ ਨਜ਼ਰ ਨਹੀਂ ਆਉਂਦਾ। ਕੀ ਇਸ ਤਰ੍ਹਾਂ ਨਾਲ ‘ਸੱਤ’ ਦੀ ਸੰਗਤ ਦਾ ਹਿੱਸਾ ਬਣ ਸਕਾਂਗੇ ?

‘ਸਤਿਸੰਗਤ’ ਤੋਂ ਭਾਵ ਹੈ ‘ਸੱਚੀ ਸੰਗਤ’। ‘ਸੱਚੀ’ ਸ਼ਬਦ ‘ਸਚ’ ਜਾਂ ‘ਝੂਠ’ ਵਾਲਾ ਨਹੀਂ ਹੈ। ‘ਸੱਚੀ’ ਸੱਚੇ ਗੁਣਾਂ ਵਿੱਚ ਇੱਕ ਰਸ ਟਿਕੇ ਰਹਿਣ ਵਾਲੀ ਸਥਿੱਤੀ ਨੂੰ ਕਿਹਾ ਗਿਆ ਹੈ। ਹਰ ਵਕਤ ਸੱਚੇ ਗੁਣਾਂ ਵਿੱਚ ਵਿਚਰਨ ਜਾਂ ਹੰਢਾਉਣ ਨੂੰ ‘ਸੱਤ’ ਦਾ ਸੰਗ ਜਾਂ ‘ਸਤਿਸੰਗ’ ਕਿਹਾ ਗਿਆ ਹੈ। ਲਗਾਤਾਰ ਅਤੇ ਬਿਨਾ ਭੇਦ-ਭਾਵ ਪਿਆਰ ਵੰਡਣਾ, ਦਿਆਲਤਾ ਵਿਖਾਉਣੀ ਤੇ ਕਿਰਪਾਲਤਾ ਕਰਨੀ ਲੋੜਵੰਦ ਦੀ ਮਦਦ ਕਰਨਾ, ਨਫ਼ਰਤ, ਈਰਖਾ, ਬੇਈਮਾਨੀ ਤੇ ਕ੍ਰੋਧ ਦਾ ਤਿਆਗ ਕਰਨਾ ਆਦਿ ‘ਸੱਚ’ ਦਾ ਸੰਗ ਜਾਂ ‘ਸਤਿਸੰਗ’ ਅਖਵਾਉਂਦਾ ਹੈ। ਜਦ ਅਸੀਂ ਵਿਚਾਰਾਂ ਰਾਹੀਂ, ਖ਼ਿਆਲਾਂ ਰਾਹੀਂ ਤੇ ਕਾਰਜਾਂ ਰਾਹੀਂ ਸੱਚੇ ਗੁਣਾਂ ਨੂੰ ਅਪਣਾਉਣ ਜਾਂ ਕਮਾਉਣ ਦਾ ਉਪਰਾਲਾ ਕਰ ਰਹੇ ਹੁੰਦੇ ਹਾਂ ਤਾਂ ਉਹ ਸਮਾਂ ਸਾਡਾ ਸੱਤ ਦੇ ਸੰਗ ਦਾ ਹੁੰਦਾ ਹੈ। ਮੇਰਾ ਵਿਚਾਰ ਹੈ ਕਿ ਵਿਅਕਤੀਆਂ ਦਾ ਸੰਗ ਕਰਨ ਦੀ ਬਜਾਏ ‘ਸੱਚੇ’ ਗੁਣਾਂ ਦਾ ਸੰਗ ਕਰਨ ਲਈ ਸਾਨੂੰ ਪ੍ਰੇਰਿਆ ਗਿਆ ਹੋਵੇਗਾ। ਘੰਟਾ ਧਾਰਮਿਕ ਇਕੱਠ ਵਿੱਚ ਗੁਜਾਰਨ ਨਾਲ ‘ਸਤਿਸੰਗ’ ਦਾ ਭਰਮ ਪਾਲਣ ਲਈ ਨਹੀਂ ਕਿਹਾ ਗਿਆ ਹੋਵੇਗਾ।

ਘੰਟਾ-ਅੱਧਾ ਘੰਟਾ ਕਿਸੇ ਪ੍ਰੋਗਰਾਮ ਵਿੱਚ ਹਾਜ਼ਰੀ ਭਰ ਲੈਣੀ ਆਸਾਨ ਜਿਹਾ ਕੰਮ ਹੈ ਜਿਸ ਨੂੰ ਅਪਣਾਉਣ ਦੀ ਅਸੀਂ ਥੋੜੀ ਬਹੁਤ ਕੋਸ਼ਿਸ਼ ਕਰ ਲੈਂਦੇ ਹਾਂ ਪ੍ਰੰਤੂ ‘ਸੱਚੇ’ ਗੁਣਾਂ ਨੂੰ ਅਪਣਾਉਣ ਲਈ ਕਦਮ ਘੱਟ ਹੀ ਪੁੱਟਦੇ ਹਾਂ ਕਿਉਂਕਿ ਇਹ ਅਨੋਖਾ ਹੈ।

‘ਜਾਪ’- ਜਾਪ ਸ਼ਬਦ ਦਾ ਵੀ ਅਰਥ ਅਸੀਂ ਸਤਸੰਗ ਦੀ ਹੀ ਤਰ੍ਹਾਂ ਕੱਢਿਆ ਹੈ। 24 ਘੰਟੇ ਵਿੱਚੋਂ ਇੱਕ ਅੱਧਾ ਘੰਟਾ ਕਿਸੇ ‘ਨਾਮ’ ਦਾ ਰਟਨ ਕਰ ਲੈਣ ਨੂੰ ‘ਜਾਪ’ ਨਹੀਂ ਕਿਹਾ ਗਿਆ ਹੋਵੇਗਾ। ‘ਜਾਪ’ ਤਾਂ ਸੁਆਸ-ਸੁਆਸ ਤੇ ਸਾਰਾ ਜੀਵਨ ਕਰਨ ਲਈ ਉਪਦੇਸ਼ ਹੋਵੇਗਾ। ਜਿਸ ਤਰ੍ਹਾਂ ਅਸੀਂ ‘ਜਾਪ’ ਕਰਦੇ ਹਾਂ, ਕੀ ਇਸ ਤਰ੍ਹਾਂ ਸੁਆਸ-ਸੁਆਸ ‘ਜਾਪ’ ਹੋ ਸਕਦਾ ਹੈ ? ਫਿਰ ਪਰਿਵਾਰਾਂ ਦੀ ਪਾਲਣਾ ਕਿਵੇਂ ਹੋਵੇਗੀ ? ਪਰਿਵਾਰਾਂ ਦੀ ‘ਸੱਚੀ’ ਪਾਲਣਾ ਨੂੰ ਵੀ ਭਗਤੀ ਕਿਹਾ ਗਿਆ ਹੈ।

ਜਿਵੇਂ ਉੱਪਰ ‘ਸਤਿਸੰਗ’ ਵਿੱਚ ਲਿਖਿਆ ਗਿਆ ਹੈ, ‘ਜਾਪ’ ਵਿੱਚ ਵੀ ਸਾਨੂੰ ਹਰ ਵਕਤ, ਵਿਚਾਰਾਂ ਵਿੱਚ, ਖ਼ਿਆਲਾਂ ਵਿੱਚ, ਕਾਰਜਾਂ ਵਿੱਚ ‘ਸੱਚੇ’ ਗੁਣਾਂ ਨੂੰ ਕਮਾਉਂਦੇ ਹੋਏ ਅਸੀਂ ‘ਜਾਪ’ ਹੀ ਕਰ ਰਹੇ ਹੋਵਾਂਗੇ। ਨਾਲ-ਨਾਲ ਅਸੀਂ ਆਪਣੇ ਜੀਵਨ ਦੀਆਂ ਲੋੜਾਂ ਦੀ ਪੂਰਤੀ ਵੀ ਕਰ ਰਹੇ ਹੋਵਾਂਗੇ।

‘ਸਤਿਸੰਗ’ ਤੇ ‘ਜਾਪ’ ਦੋਵੇਂ ਹੀ ਹਾਲਾਤਾਂ ਵਿੱਚ ਪੈਂਡਾ ਔਖਾ ਹੈ: ‘‘ਆਖਣਿ ਅਉਖਾ, ਸਾਚਾ ਨਾਉ ॥’’ (ਮ: ੧/੯) ਪ੍ਰੰਤੂ ਸ਼ੁਰੂ ਕਰਨ ਨਾਲ ਅਨੰਦ ਅਤੇ ਸ਼ਾਂਤੀ ਦੀ ਪ੍ਰਾਪਤੀ ਹੁੰਦੀ ਨਜ਼ਰ ਆਉਣ ਲੱਗ ਜਾਵੇਗੀ।