ਸ਼੍ਰੋਮਣੀ ਕਮੇਟੀ ਵੱਲੋਂ ਪੰਜ ਪਿਆਰੇ ਬਹਾਲ

0
252

ਸ਼੍ਰੋਮਣੀ ਕਮੇਟੀ ਵੱਲੋਂ ਪੰਜ ਪਿਆਰੇ ਬਹਾਲ

ਸਿੱਖ ਸੰਗਤ ਦੇ ਰੋਸ ਨੂੰ ਸ਼ਾਂਤ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁਅੱਤਲ ਕੀਤੇ ਪੰਜ ਪਿਆਰਿਆਂ ਨੂੰ ਅੱਜ (25 ਅਕਤੂਬਰ ਨੂੰ) ਬਹਾਲ ਕਰ ਦਿੱਤਾ ਹੈ। ਇਸ ਨਾਲ ਮੁਅੱਤਲ ਕੀਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਬਹਾਲੀ ਦਾ ਰਾਹ ਵੀ ਪੱਧਰਾ ਕਰਨ ਦੀ ਸੰਭਾਵਨਾ ਹੈ।

ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰੇ, ਜਿਨ੍ਹਾਂ ਨੂੰ ਅੱਜ ਬਹਾਲ ਕੀਤਾ ਗਿਆ ਹੈ, ਉਨ੍ਹਾਂ ਵਿੱਚ ਭਾਈ ਮੇਜਰ ਸਿੰਘ, ਭਾਈ ਸਤਨਾਮ ਸਿੰਘ ਖੰਡਾ, ਭਾਈ ਮੰਗਲ ਸਿੰਘ, ਭਾਈ ਸਤਨਾਮ ਸਿੰਘ ਅਤੇ ਭਾਈ ਤਰਲੋਕ ਸਿੰਘ ਸ਼ਾਮਲ ਹਨ। ਇਨ੍ਹਾਂ ਨੇ 21 ਅਕਤੂਬਰ ਨੂੰ ਗੁਰਮਤਾ ਜਾਰੀ ਕੀਤਾ ਸੀ, ਜਿਸ ਰਾਹੀਂ ਅਕਾਲ ਤਖ਼ਤ ਦੇ ਜਥੇਦਾਰ ਸਮੇਤ ਪੰਜ ਤਖ਼ਤਾਂ ਦੇ ਜਥੇਦਾਰਾਂ ਨੂੰ 23 ਅਕਤੂਬਰ ਨੂੰ ਸਪੱਸ਼ਟੀਕਰਨ ਦੇਣ ਲਈ ਤਲਬ ਕੀਤਾ ਸੀ। ਇਸ ਕਾਰਵਾਈ ਤੋਂ ਤੁਰੰਤ ਬਾਅਦ ਸ਼੍ਰੋਮਣੀ ਕਮਟੀ ਨੇ ਇਨ੍ਹਾਂ ਪੰਜ ਪਿਆਰਿਆਂ ਨੂੰ ਮੁਅੱਤਲ ਕਰ ਦਿੱਤਾ ਸੀ। ਇਨ੍ਹਾਂ ਵਿੱਚੋਂ ਤਿੰਨ ਦਾ ਹਾਪੁੜ ਅਤੇ ਦੋ ਦਾ ਕੁਰੂਕਸ਼ੇਤਰ ਵਿੱਚ ਤਬਾਦਲਾ ਕਰ ਦਿੱਤਾ ਗਿਆ ਸੀ। ਸ਼੍ਰੋਮਣੀ ਕਮੇਟੀ ਦੇ ਇਸ ਫ਼ੈਸਲੇ ਨੂੰ ਅਣਦੇਖਿਆਂ ਕਰਦਿਆਂ ਪੰਜ ਪਿਆਰਿਆਂ ਨੇ 23 ਅਕਤੂਬਰ ਨੂੰ ਪਹਿਲਾਂ ਨਿਰਧਾਰਿਤ ਮੀਟਿੰਗ ਵਿੱਚ ਮੁੜ ਗੁਰਮਤਾ ਪਾਸ ਕਰਕੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੂੰ ਆਦੇਸ਼ ਕੀਤਾ ਸੀ ਕਿ ਉਹ ਪੰਜਾਂ ਤਖ਼ਤਾਂ ਦੇ ਜਥੇਦਾਰਾਂ ਦੀਆਂ ਸੇਵਾਵਾਂ ਖ਼ਤਮ ਕਰ ਦੇਵੇ ਕਿਉਂਕਿ ਇਹ ਜਥੇਦਾਰ ਸਪੱਸ਼ਟੀਕਰਨ ਦੇਣ ਲਈ ਹਾਜ਼ਰ ਨਹੀਂ ਹੋਏ ਸਨ। ਇਸ ਫ਼ੈਸਲੇ ਦੇ ਨਾਲ ਸੰਕਟ ਹੋਰ ਡੂੰਘਾ ਹੋ ਗਿਆ ਸੀ।

ਸ਼੍ਰੋਮਣੀ ਕਮੇਟੀ ਵੱਲੋਂ ਸਮੁੱਚੇ ਮਾਮਲੇ ਨੂੰ ਆਪਸੀ ਗੱਲਬਾਤ ਰਾਹੀਂ ਹੱਲ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਪਰ ਪੰਜ ਪਿਆਰਿਆਂ ਵਿੱਚ ਸ਼ਾਮਲ ਭਾਈ ਮੇਜਰ ਸਿੰਘ ਨੇ ਕਿਹਾ ਕਿ ਪੰਜਾਂ ਤਖ਼ਤਾਂ ਦੇ ਜਥੇਦਾਰਾਂ ਦੀਆਂ ਸੇਵਾਵਾਂ ਵਾਪਸ ਲੈਣ ਸਬੰਧੀ ਜਾਰੀ ਕੀਤਾ ਗੁਰਮਤਾ ਪਹਿਲਾਂ ਵਾਂਗ ਹੀ ਬਰਕਰਾਰ ਹੈ ਤੇ ਗੁਰਮਤੇ ਰਾਹੀਂ ਅੰਤ੍ਰਿੰਗ ਕਮੇਟੀ ਨੂੰ ਕਾਰਵਾਈ ਲਈ ਆਦੇਸ਼ ਦਿੱਤੇ ਹਨ। ਉਨ੍ਹਾਂ ਉਮੀਦ ਪ੍ਰਗਟਾਈ ਕਿ ਅੰਤ੍ਰਿੰਗ ਕਮੇਟੀ ਵੱਲੋਂ ਗੁਰਮਤੇ ਸਬੰਧੀ ਢੁੱਕਵੀਂ ਕਾਰਵਾਈ ਜਲਦੀ ਹੀ ਕੀਤੀ ਜਾਵੇਗੀ।

ਸੰਗਤਾਂ ਦੇ ਦਬਾਅ ਕਾਰਨ ਪੰਜ ਪਿਆਰਿਆਂ ਦੀ ਬਹਾਲੀ ਤੋਂ ਬਾਅਦ ਮੁਅੱਤਲ ਕੀਤੇ ਗਏ ਸ਼੍ਰੋਮਣੀ ਕਮੇਟੀ ਦੇ ਦੋ ਸਕੱਤਰ ਅਤੇ ਚਾਰ ਕਰਮਚਾਰੀਆਂ ਦੀ ਬਹਾਲੀ ਦੇ ਵੀ ਸੰਕੇਤ ਹਨ । ਇਕ ਹਜ਼ੂਰੀ ਰਾਗੀ ਦਾ ਕੀਤਾ ਤਬਾਦਲਾ ਵੀ ਰੱਦ ਹੋ ਸਕਦਾ ਹੈ।

24 ਅਕਤੂਬਰ ਨੂੰ ਚੰਡੀਗੜ੍ਹ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਆਗੂਆਂ ਵਿਚਾਲੇ ਮੀਟਿੰਗ ਹੋਈ ਸੀ, ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ 26 ਅਕਤੂਬਰ ਨੂੰ ਹੋਣ ਵਾਲੀ ਇਕੱਤਰਤਾ ਰੱਦ ਕਰ ਦਿੱਤੀ ਗਈ ਸੀ। ਮੀਟਿੰਗ ਤੋਂ ਬਾਅਦ ਹੀ ਅੱਜ ਪੰਜ ਪਿਆਰਿਆਂ ਦੀ ਮੁਅੱਤਲੀ ਰੱਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

ਹੁਣ ਤਖ਼ਤਾਂ ਦੇ ਜਥੇਦਾਰਾਂ ਨੂੰ ਵੀ ਲਾਂਭੇ ਕਰਨ ਦੀ ਤਿਆਰੀ

ਸ਼੍ਰੋਮਣੀ ਅਕਾਲੀ ਦਲ ਲੀਡਰਸ਼ਿਪ ਅਤੇ ਸ਼੍ਰੋਮਣੀ ਕਮੇਟੀ ਨੇ ਤਖ਼ਤਾਂ ਦੇ ਜਥੇਦਾਰਾਂ ਨੂੰ ਬਦਲਣ ਦਾ ਮਨ ਬਣਾ ਲਿਆ ਹੈ। ਸੂਤਰਾਂ ਮੁਤਾਬਕ ਸਹੀ ਮੌਕਾ ਆਉਣ ’ਤੇ ਜਥੇਦਾਰਾਂ ਨੂੰ ਤਬਦੀਲ ਕਰ ਦਿੱਤਾ ਜਾਵੇ। ਸ਼ਨਿੱਚਰਵਾਰ ਨੂੰ ਹੋਈ ਮੀਟਿੰਗ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਤੇ ਅੰਤ੍ਰਿੰਗ ਕਮੇਟੀ ਦੇ ਮੈਂਬਰ ਰਾਜਿੰਦਰ ਸਿੰਘ ਮਹਿਤਾ ਨੂੰ ਨਿਰਦੇਸ਼ ਦਿੱਤੇ ਸਨ ਕਿ ਪੰਜ ਪਿਆਰਿਆਂ ਦੇ ਮਸਲੇ ਨੂੰ ਤੁਰੰਤ ਨਿਬੇੜਿਆ ਜਾਵੇ। ਪਾਰਟੀ ਦੇ ਹੁਕਮਾਂ ’ਤੇ ਫੁੱਲ ਚੜਾਉਂਦਿਆਂ ਪੰਜ ਪਿਆਰਿਆਂ ਨੂੰ ਬਹਾਲ ਕਰਕੇ ਇੱਕ ਸੰਕਟ ਦਾ ਹੱਲ ਕਰ ਲਿਆ ਹੈ ਤੇ ਢੁਕਵਾਂ ਸਮਾਂ ਆਉਣ ’ਤੇ ਜਥੇਦਾਰਾਂ ਦੀ ਛੁੱਟੀ ਸੰਭਵ ਹੈ।