ਪੱਤਰਕਾਰ ਦੀ ਕਲਮ ਠੱਗੀਆਂ ਮਾਰ ਕੇ ਪੈਸੇ ਕਮਾਉਣ ਲਈ ਨਹੀਂ ਹੁੰਦੀ।

0
258

ਪੱਤਰਕਾਰ ਦੀ ਕਲਮ ਠੱਗੀਆਂ ਮਾਰ ਕੇ ਪੈਸੇ ਕਮਾਉਣ ਲਈ ਨਹੀਂ ਹੁੰਦੀ।

ਰੀਤਵਾਲ ਬਰੇਟਾ, ਪਿੰਡ/ਡਾਕ. ਬਰੇਟਾ , ਤਹਿਸੀਲ ਬੁਢਲਾਡਾ, ਜਿਲਾ ਮਾਨਸਾ – ਫੋਨ ਨੰ : 98722-49961

ਪੱਤਰਕਾਰੀ ਨੂੰ ਲੋਕਤੰਤਰ ਦੇ ਚਾਰ ਥੰਮਾਂ ’ਚੋਂ ਇੱਕ ਥੰਮ ਹੋਣ ਦਾ ਮਾਣ ਤਾਂ ਹਾਸਲ ਹੈ ਪਰ ਹੁਣ ਪੱਤਰਕਾਰੀ ਵੀ ਇੱਕ ਧੰਦਾ ਬਣ ਕੇ ਰਹਿ ਗਈ ਹੈ । ਬੇਰੁਜਗਾਰੀ ਦੇ ਮਾਰੇ ਹੋਏ ਕਈ ਵੀਰ ਪੱਤਰਕਾਰੀ ਵਿੱਚੋਂ ਹੀ ਰੁਜਗਾਰ ਲੱਭਣ ਦੀ ਭਾਲ ਵਿੱਚ ਬਲੈਕ ਮੇਲਰ ਬਣ ਜਾਂਦੇ ਹਨ। ਕਿਉਂਕਿ ਅਖਬਾਰਾਂ ਵਾਲੇ ਵੀ ਪੱਤਰਕਾਰਾਂ ਨੂੰ ਕੁੱਝ ਦੇਣ ਦੀ ਥਾਂ ਉਲਟਾ ਉਹਨਾ ਤੋਂ ਹੀ ਕਮਾਈ ਭਾਲਦੇ ਹਨ, ਸਪਲੀਮੈਂਟਾਂ ਦੇ ਨਾਮ ’ਤੇ ਹਰ ਸਾਲ ਪੱਤਰਕਾਰ ਤੋਂ ਦਸ ਹਜਾਰ ਤੋਂ ਲੈ ਕੇ ਇੱਕ ਲੱਖ ਰੁਪਏ ਤੱਕ ਦਾ ਬਿਜਨਸ ਮੰਗ ਕੇ ਪੱਤਰਕਾਰ ਨੂੰ ਇਨਸਾਨੀਅਤ ਤੋਂ ਗਿਰਾ ਕੇ ਮੰਗਤਾ ਬਣਾਇਆ ਜਾਂਦਾ ਹੈ। ਹਰ ਸਾਲ ਲੋਕਾਂ ਤੋਂ ਹੱਥ ਅੱਡ ਕੇ ਮੰਗਣ ਵਾਲੇ ਪੱਤਰਕਾਰ ਵਿੱਚ ਸੱਚ ਲਿਖਣ ਦੀ ਯੋਗਤਾ ਰਹਿ ਹੀ ਨਹੀਂ ਸਕਦੀ, ਕਿਉਂਕਿ ਜੋ ਲੋਕ ਸਪਲੀਮੈਂਟ ਲਈ ਵੱਡੇ ਇਸਤਿਹਾਰ ਦਿੰਦੇ ਹਨ ਜਿਆਦਾਤਰ ਘਪਲੇ ਵੀ ਉਹੀ ਲੋਕ ਕਰਦੇ ਹਨ। ਫਿਰ ਅਜਿਹੇ ਲੋਕਾਂ ਤੋਂ ਇਸਤਿਹਾਰ ਲੈਣ ਵਾਲਾ ਪੱਤਰਕਾਰ ਉਹਨਾ ਵਿਰੁੱਧ ਸੱਚ ਕਿਵੇਂ ਲਿਖੇਗਾ ? ਜੇ ਉਹ ਅਜਿਹੇ ਲੋਕਾਂ ਵਿਰੁੱਧ ਸੱਚ ਲਿਖੇਗਾ ਤਾਂ ਉਹ ਇਸਤਿਹਾਰ ਵੀ ਕਿਉਂ ਦੇਣਗੇ? ਇਹੀ ਕਾਰਨ ਹੈ ਕਿ ਅੱਜ ਦੇ ਸਮੇਂ ਵਿੱਚ ਸੱਚੀ ਸੁੱਚੀ ਪੱਤਰਕਾਰੀ ਕਰਨ ਵਾਲੇ ਪੱਤਰਕਾਰ ਵੀਰ ਨਾ ਮਾਤਰ ਦੇ ਬਰਾਬਰ ਹੀ ਹਨ। ਪੱਤਰਕਾਰੀ ਇੱਕ ਸਾਧਨ ਹੈ ਜਿਸ ਰਾਹੀ ਅਸੀ ਲੋਕਾਂ ਦੀਆਂ ਹੱਕੀ ਮੰਗਾਂ ਅਤੇ ਸਮੱਸਿਆਵਾਂ ਨੂੰ ਪ੍ਰਸਾਸਨ ਅਤੇ ਸਰਕਾਰਾਂ ਦੀਆਂ ਨਜ਼ਰਾਂ ਤੱਕ ਪਹੁੰਚਾ ਸਕਦੇ ਹਾਂ। ਭਰਿਸ਼ਟ ਅਫਸਰਾਂ, ਮੰਤਰੀਆਂ, ਲੀਡਰਾਂ, ਵਪਾਰੀਆਂ ਆਦਿ ਦੀਆਂ ਘਟੀਆ ਹਰਕਤਾਂ, ਨਾਕਾਮੀਆਂ ਅਤੇ ਲੋਕ ਵਿਰੋਧੀ ਨੀਤੀਆਂ ਨੂੰ ਲੋਕਾਂ ਸਾਹਮਣੇ ਨੰਗਾ ਕਰਕੇ ਸੱਚ ਸਾਹਮਣੇ ਲਿਆ ਸਕਦੇ ਹਾਂ। ਪਰ ਮਿਸ਼ਨ ਤੋਂ ਕਮਿਸ਼ਨ (ਧੰਦਾ) ਬਣੇ ਪੱਤਰਕਾਰੀ ਦੇ ਇਸ ਪਵਿਤਰ ਪੇਸ਼ੇ ਵਿੱਚ ਸੱਚ ਲਈ ਸ਼ਾਇਦ ਕੋਈ ਜਗ੍ਹਾ ਬਾਕੀ ਨਹੀਂ ਰਹੀ। ਇਸੇ ਲਈ ਬੀਤੇ ਦਿਨੀ ਸ਼ਹਿਰ ਦੇ ਇੱਕ ਪੱਤਰਕਾਰ ਵੀਰ ਨੇ ਕਿਹਾ ਕਿ ਰੀਤਵਾਲ ਜੀ ਤੁਸੀਂ ਤਾਂ ਜ਼ਿਲ੍ਹਾ ਰਿਪੋਟਰ ਹੋਂ ਜੇਕਰ ਕੋਈ ਕੁੱਝ ਦਿੰਦਾ ਹੋਵੇ ਤਾਂ ਮੋੜਿਆ ਨਾ ਕਰੋ ਕਿਉਂਕਿ ਇਕੱਲੀਆਂ ਖਬਰਾਂ ਲਾ ਕੇ ਕੁੱਝ ਨੀ ਬਣਦਾ। ਛੋਟੇ-ਵੱਡੇ ਅਫ਼ਸਰ ਕਿਹੜਾ ਕਿਸੇ ਨੂੰਬਖ਼ਸਦੇ ਹਨ ਅਤੇ ਅਖਬਾਰ ਵਾਲੇ ਵੀ ਆਪਾਂ ਨੂੰ ਕੁੱਝ ਦੇਣ ਦੀ ਥਾਂ ਸਗੋਂ ਸਾਡੇ ਕੋਲੋਂ ਹੀ ਮੰਗਦੇ ਰਹਿੰਦੇ ਹਨ, ਨਾਲੇ ਜੇ ਠੱਗਾਂ ਨਾਲ ਠੱਗੀ ਮਾਰ ਲਈ ਜਾਵੇ ਫਿਰ ਕਿਹੜਾ ਮਾੜੀ ਗੱਲ ਹੈ? ਜਦੋਂ ਅਸੀਂ ਪੱਤਰਕਾਰੀ ਕਰਦੇ ਸੀ ਤਾਂ ਸਾਡਾ 3-4 ਜਣਿਆਂ ਦਾ ਗਰੁੱਪ ਹੁੰਦਾ ਸੀ। ਅਸੀਂ ਤਾਂ ਪਿਛਲ਼ੀਆਂ ਚੋਣਾਂ ਦੌਰਾਨ ਲੀਡਰਾਂ ਤੋਂ ਵੀ ਪੱਤਰਕਾਰੀ ਦੀ ਆੜ ਵਿੱਚ ਬਹੁਤ ਪੈਸੇ ਕਮਾਏ ਹਨ। ਮੈਂ ਉਸ ਨੂੰ ਕਿਹਾ ਕਿ ਮੇਰੇ ਵੱਡੇ ਵੀਰ ਤੁਹਾਨੂੰ ਸ਼ਰਮ ਆਉਣੀ ਚਾਹੀਂਦੀ ਹੈ ਤੁਸੀਂ ਲੋਕ ਪੈਸੇ ਦੀ ਖਾਤਰ ਪੱਤਰਕਾਰੀ ਦੇ ਪਵਿੱਤਰ ਪੇਸ਼ੇ ਨੂੰ ਕਲੰਕਿਤ ਕਰਦੇ ਹੋਂ, ਜੇ ਪੈਸਾ ਹੀ ਕਮਾਉਣਾ ਹੈ ਤਾਂ ਕੋਈ ਹੋਰ ਦੁਕਾਨ ਜਾਂ ਧੰਦਾ ਕਰ ਲਵੋ, ਪੱਤਰਕਾਰੀ ਨੂੰ ਕਿਉਂ ਬਦਨਾਮ ਕਰਦੇ ਹੋਂ, ਤੁਸੀਂ ਲੋਕਾਂ ਨੂੰ ਕੀ ਸੇਧ ਦਿਉਂਗੇ, ਕੀ ਸੱਚ ਸਾਹਮਣੇ ਲਿਆਉਂਗੇ ? ਤਾਂ ਉਹ ਉਲਟਾ ਮੈਨੂੰ ਕਹਿੰਦਾ ਕੋਈ ਗੱਲ ਨਹੀਂ ਵੀਰ ਜੀ ! ਤੁਸੀ ਇਸ ਲਾਇਨ ਵਿੱਚ ਨਵੇਂ ਨਵੇਂ ਆਏ ਹੋਂ, ਇੱਥੇ ਤਾਂ ਸੱਭ ਕੁੱਝ ਏਵੇਂ ਹੀ ਰਲ ਕੇ ਚਲਦਾ ਹੈ। ਮੈਂ ਉਸ ਨੂੰ ਕਿਹਾ ਵੀਰ ! ਮੇਰੀ ਜ਼ਿੰਦਗੀ ਵਿੱਚ ਅਜਿਹਾ ਕੋਈ ਦਿਨ ਤੈਨੂੰ ਵੇਖਣ ਨੂੰ ਨਹੀਂ ਮਿਲੇਗਾ ਜਿਸ ਦਿਨ ਮੈਂ ਤੈਨੂੰ ਪੱਤਰਕਾਰੀ ਦੇ ਨਾਂ ’ਤੇ ਕੋਈ ਨਜਾਇਜ਼ ਫਾਇਦਾ ਲੈਂਦਾ ਮਿਲ ਜਾਵਾਂ, ਕਿਉਂਕਿ ਮੈਂ ਇਸ ਲਾਇਨ ਵਿੱਚ ਆਪਣੇ ਸ਼ੋਂਕ ਅਤੇ ਸੱਚ ਲਿਖਣ ਲਈਆਇਆ ਹਾਂ, ਕਮਾਈ ਕਰਨ ਲਈ ਨਹੀਂ, ਇਹ ਗੱਲ ਠੀਕ ਹੈ ਕਿ ਅਖਬਾਰਾਂ ਵਾਲੇ ਆਪਾਂ ਨੂੰ ਕੁੱਝ ਨਹੀਂ ਦਿੰਦੇ, ਪਰ ਅਖਬਾਰਾਂ ਵਾਲੇ ਆਪਾਂ ਨੂੰ ਬੁਲਾਉਣ ਵੀ ਨਹੀਂ ਆਉਂਦੇ, ਆਪਾਂ ਖੁਦ ਹੀ ਚੱਲ ਕੇ ਜਾਂਦੇ ਹਾਂ ਕਿ ਮੈਨੂੰ ਰੱਖੋ ਜੀ। ਪਰ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਕੁੱਝ ਅਖਬਾਰਾਂ ਦੀ ਪੈਸੇ ਕਮਾਊ ਸੋਚ ਸਦਕਾ ਮਾੜੇ ਪੱਤਰਕਾਰ ਅੱਗੇ ਆ ਰਹੇ ਹਨ ਜਿੰਨਾ ਨੇ ਪੱਤਰਕਾਰੀ ਦੇ ਮਿਸ਼ਨ ਨੂੰ ਧੰਦਾ ਬਣਾ ਕੇ ਬਦਨਾਮ ਕਰ ਦਿੱਤਾ ਹੈ। ਇੱਕ-ਇੱਕ ਅਖਵਾਰ ਨੇ ਇੱਕ ਇੱਕ ਸ਼ਹਿਰ ਵਿੱਚ ਕਈ ਕਈ ਪੱਤਰਕਾਰ ਰੱਖੇ ਹੋਏ ਹਨ। ਮੈਨੂੰ ਇੱਕ ਸ਼ਹਿਰ ਵਾਸੀ ਨੇ ਦੱਸਿਆ ਕਿ ਮੈ ਪਿਛਲੇ ਦਿਨੀ ਇੱਕ ਪੱਤਰਕਾਰ ਵੀਰ ਕੋਲ ਆਪਣੇ ਬੱਚੇ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਅਖਬਾਰ ਵਿੱਚ ਫੋਟੋ ਲਗਵਾਉਣ ਗਿਆ ਸੀ ਤਾਂ ਉਸ ਨੇ ਮੇਰੇ ਕੋਲੋਂ ਖਰਚੇ ਦੇ 70 ਰੁਪਏ ਲੈ ਲਏ। ਅਜਿਹੀਆਂ ਗੱਲਾਂ ਸੁਣ ਕੇ ਦੁੱਖ ਹੁੰਦਾ ਹੈ ਬੇਸ਼ੱਕ ਸਾਰੇ ਪੱਤਰਕਾਰ ਮਾੜੇ ਨਹੀਂ ਹੁੰਦੇ ਪਰ ਅਜਿਹੇ ਪੱਤਰਕਾਰਾਂ ਕਾਰਨ ਅੱਜ ਸਮਾਜ ਵਿੱਚ ਪੱਤਰਕਾਰਾਂ ਨੂੰ ਇੱਜ਼ਤ ਦੀ ਨਜਰ ਨਾਲ ਨਹੀਂ ਵੇਖਿਆ ਜਾਦਾ। ਫਿਰ ਮੇਰੇ ਉਹ ਗੱਲ ਯਾਦ ਆ ਜਾਂਦੀ ਹੈ ਜਦੋਂ ਪੱਤਰਕਾਰੀ ਲਾਇਨ ਵਿੱਚ ਨਵਾਂ ਨਵਾਂ ਆਇਆ ਸੀ ਉਦੋਂ ਮੈਂ ਇੱਕ ਇਮਾਨਦਾਰ ਤੇ ਹਮੇਸ਼ਾ ਸੱਚ ਨਾਲ ਖੜ੍ਹਨ ਵਾਲੇ ਵੀਰ ਹਰਲਾਜ ਸਿੰਘ ਬਹਾਦਰਪੁਰ ਸਾਬਕਾ ਪੱਤਰਕਾਰ ਰੋਜਾਨਾ ਸਪੋਕਸਮੈਨ ਕੋਲ ਗਿਆ ਸੀ, ਕਿ ਵੀਰ ਜੀ! ਤੁਸੀਂ ਮੇਰੇ ਕਰਕੇ ਦੁਬਾਰਾ ਪੱਤਰਕਾਰੀ ਸ਼ੁਰੂ ਕਰ ਲਓ ਕਿਉਂਕਿ ਮੈਨੂੰ ਤੁਹਾਡੇ ਜਿਹੇ ਇਮਾਨਦਾਰ ਪੱਤਰਕਾਰ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਮੈਨੂੰ ਪਤਾ ਸੀ ਕਿ ਉਸ ਨੇ ਆਪਣੇ ਸਮੇ ਸਪੋਕਸਮੈਨ ਅਖਬਾਰ ਨੂੰ ਆਪਣੇ ਏਰੀਏ ਵਿੱਚ ਸ਼ਿਖਰਾਂ ’ਤੇ ਚੜ੍ਹਾ ਦਿੱਤਾ ਸੀ। ਇਸ ਲਈ ਮੈਨੂੰ ਵੀ ਅਜਿਹੇ ਪੱਤਰਕਾਰ ਦੀ ਜ਼ਰੂਰਤ ਸੀ, ਪਰ ਉਹ ਨਾ ਮੰਨਿਆ, ਉਸ ਨੇ ਕਿਹਾ ਕਿ ਵੀਰ ਰੀਤਵਾਲ ਜੀ ! ਇਹ ਪ੍ਰੈਸ ਦੇ ਨਾਮ ’ਤੇ ਦੁਕਾਨਾਂ ਖੁਲੀਆਂ ਹੋਈਆਂ ਹਨ, ਇੱਥੇ ਪੱਤਰਕਾਰਤਾ ਦੇ ਮਿਸ਼ਨ ਦੀ ਥਾਂ ਪੈਸੇ ਨੂੰ ਪਹਿਲ ਦਿੱਤੀ ਜਾਂਦੀ ਹੈ, ਸਚਾਈ ਦੀ ਕੋਈ ਕਦਰ ਨਹੀਂ ਕੀਤੀ ਜਾਂਦੀ, ਇਸ ਲਈ ਮੈਂ ਹੁਣ ਪੱਤਰਕਾਰੀ ਦੇ ਖੇਤਰ ਵਿੱਚ ਦੁਬਾਰਾ ਨਹੀਂ ਆਉਣਾ ਚਾਹੁੰਦਾ। ਇਹ ਜਵਾਬ ਮਿਲਣ ’ਤੇ ਮੈਨੂੰ ਕਾਫੀ ਨਿਰਾਸ਼ਾ ਵੀ ਹੋਈ ਸੀ। ਮੈਨੂੰ ਬਾਅਦ ਵਿੱਚ ਪਤਾ ਲੱਗਿਆ ਸੀ ਕਿ ਹਰਲਾਜ ਸਿੰਘ ਨੇ ਦਸੰਬਰ 2009 ਵਿੱਚ ਇਸ ਕਰਕੇ ਪੱਤਰਕਾਰੀ ਛੱਡ ਦਿੱਤੀ ਸੀ ਕਿ ਉਸ ਨੇ ਇੱਕ ਅਗਵਾਹ ਕਾਂਢ ਦੀ ਖਬਰ ਭੇਜੀ ਸੀ, ਜੋ ਸਥਾਨਿਕ ਥਾਣੇਦਾਰ ਦੇ ਵਿਰੁੱਧ ਜਾਂਦੀ ਸੀ, ਥਾਣੇਦਾਰ ਨੇ ਸਪੋਕਸਮੈਨ ਦੇ ਦਫਤਰ ਪਹੁੰਚ ਕਰਕੇ ਉਸ ਖਬਰ ਨੂੰ ਰੁਕਵਾ ਦਿੱਤਾ ਸੀ, ਇਸੇ ਤਰ੍ਹਾਂ ਉਸ ਦੀਆਂ ਦੋ-ਤਿੰਨ ਖਬਰਾਂ ਹੋਰ ਰੁਕਵਾ ਦਿੱਤੀਆਂ ਗਈਆਂ ਸਨ। ਅਖਬਾਰਾਂ ਅਤੇ ਪੱਤਰਕਾਰਾਂ ਦੀਆਂ ਅਜਿਹੀਆਂ ਘਟਨਾਵਾਂ ਨੂੰ ਚੇਤੇ ਕਰਕੇ ਮਨ ਬਹੁਤ ਦੁਖੀ ਹੁੰਦਾ ਹੈ, ਪੱਤਰਕਾਰੀ ਦੇ ਡਿੱਗ ਰਹੇ ਮਿਆਰ ਕਾਰਨ ਹੀ ਇਹ ਕੁੱਝ ਲਿਖਣਾ ਪਿਆ ਹੈ। ਬੀਤੇ ਕੁਝ ਦਿਨ ਪਹਿਲਾ ਮੈਂ ਅੱਜ ਦੀ ਆਵਾਜ਼ ਅਖ਼ਬਾਰ ਤੇ ਨਿਰਪੱਖ ਆਵਾਜ਼ ਅਖ਼ਬਾਰ ਵਿੱਚ ਪੱਤਰਕਾਰੀ ਤੇ ਇੱਕ ਆਰਟੀਕਲ ਲਗਾਇਆ ਸੀ। ਜਿਸ ਨੂੰ ਪੜ੍ਹ ਕੇ ਸੱਚ ਨੂੰ ਚਾਉਣ ਵਾਲੇ ਪਾਠਕ ਵੀਰਾਂ ਤੇ ਪੱਤਰਕਾਰ ਵੀਰਾਂ ਨੂੰ ਬਹੁਤ ਖ਼ੁਸੀ ਹੋਈ ਪ੍ਰੰਤੂ ਕੁਝ ਅਜਿਹੇ ਪੱਤਰਕਾਰ ਵੀਰ ਵੀ ਨਿੱਕਲੇ ਜਿੰਨ੍ਹਾਂ ਨੂੰ ਆਰਟੀਕਲ ਪੜ੍ਹ ਕੇ ਬਹੁਤ ਜਲਣ ਹੋਈ। ਕੁੱਝ ਮੇਰੇ ਪੱਤਰਕਾਰ ਵੀਰਾਂ ਨੇ ਕਿਹਾ ਕਿ ਰੀਤਵਾਲ ਜੀ! ਅਜਿਹਾ ਕੁੱਝ ਕਿਉਂ ਲਿਖਣਾ ਸੀ? ਇੱਕ ਨੇ ਤਾਂ ਜਲਣ ਵਿੱਚ ਆ ਕੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਰੀਤਵਾਲ ਨਾਲ ਕੋਈ ਘਟਨਾ ਵਾਪਰ ਜਾਵੇ ਤਾਂ ਮਜਾ ਹੀ ਆ ਜਾਵੇ। ਮੈਂ ਉਸ ਨੂੰ ਕਿਹਾ ਕਿ ਵੀਰ ! ਕੋਈ ਗੱਲ ਨਹੀਂ ਜੇਕਰ ਤੂੰ ਹੀ ਮੇਰਾ ਇੰਨ੍ਹਾ ਬੁਰਾ ਚਾਹੁੰਦਾ ਹੈ ਤਾਂ ਇਸ ਤੋਂ ਵੱਡੀ ਘਟਨਾ ਮੇਰੇ ਨਾਲ ਹੋਰ ਕੀ ਵਾਪਰ ਸਕਦੀ ਹੈ? ਮੈਂ ਅਜਿਹੇ ਵੀਰਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਵੀਰੋ! ਕਿਸੇ ਨਾਲ ਘਟਨਾ ਵਾਪਰਨ ’ਤੇ ਮਜਾ ਲੈਣ ਦੀ ਥਾਂ ਸੱਚ ਲਿਖ ਕੇ ਮਜੇ ਲਓ ਤੇ ਆਓ ਵੀਰੋ! ਲੋਕਾਂ ਦੀ ਭਲਾਈ ਲਈਕਲਮਾਂ ਚੁੱਕੀਏ ਨਾ ਕਿ ਦੁਖੀ ਲੋਕਾਂ ਨੂੰ ਕਲਮਾਂ ਦੀ ਨੋਕ ਨਾਲ ਹੋਰ ਪੀੜਾ ਦੇਈਏ, ਮੈਂ ਆਸ ਕਰਦਾ ਹਾਂ ਕਿ ਅਸੀਂ ਆਪਣੇ ਅੰਦਰ ਝਾਤੀ ਮਾਰ ਕੇ ਸੁਧਰਨ ਦੀ ਕੋਸ਼ਿਸ ਜ਼ਰੂਰ ਕਰਾਂਗੇ । ਪੱਤਰਕਾਰ ਦੀ ਕਲਮ ਠੱਗੀਆਂ ਮਾਰ ਕੇ ਪੈਸੇ ਕਮਾਉਣ ਲਈ ਨਹੀਂ ਹੁੰਦੀ, ਇਹ ਤਾਂ ਬੇਅਵਾਜ਼ੇ ਲੋਕਾਂ ਦੀ ਆਵਾਜ਼ ਹੈ, ਚੋਰਾਂ ਲਈ ਪਹਿਰੇਦਾਰ ਹੈ, ਬੇਇਨਸਾਫੀ ਦੇ ਵਿਰੁੱਧ ਲਲਕਾਰ ਹੈ ਅਤੇ ਜੁਰਮ ਦੇ ਵਿਰੁੱਧ ਤਲਵਾਰ ਹੈ, ਆਓ ਇਸ ਦੀ ਸੁਚੱਜੇ ਢੰਗ ਨਾਲ ਵਰਤੋਂ ਕਰੀਏ। ਮੇਰੇ ਇਸ ਲੇਖ ਨਾਲ ਜੇਕਰ ਮੇਰੇ ਕਿਸੇ ਛੋਟੇ ਵੱਡੇ ਵੀਰ ਦਾ ਦਿਲ ਦੁਖਿਆ ਹੋਵੇ ਤਾਂ ਛੋਟਾ ਤੇ ਨਾ ਸਮਝ ਵੀਰ ਸਮਝ ਕੇ ਮਾਫ਼ ਕਰ ਦੇਣਾ ਜੀ। ਧੰਨਵਾਦ ।

12570cookie-checkਪੱਤਰਕਾਰ ਦੀ ਕਲਮ ਠੱਗੀਆਂ ਮਾਰ ਕੇ ਪੈਸੇ ਕਮਾਉਣ ਲਈ ਨਹੀਂ ਹੁੰਦੀ।