ਗੁਰੂ ਹਰਿਰਾਇ ਸਾਹਿਬ

0
919

ਗੁਰੂ ਹਰਿਰਾਇ ਸਾਹਿਬ

ਪਿਆਰਾ ਸਿੰਘ ਪਦਮ

ਗੁਰਗੱਦੀ ਮਾਰਚ 1644 ਈ.     ਜੋਤੀ ਜੋਤਿ ਸਮਾਏ ਅਕਤੂਬਰ 1661 ਈ.

ਸੰਸਾਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀ, ਸਭ ਕੁਝ ਮੌਜ਼ੂਦ ਹੈ। ਮਗਰ ਬਿਨਾਂ ਕਲਾ ਦੇ ਉਸ ਸਭ ਕੁਝ ਤੋਂ ਲਾਭ ਨਹੀਂ ਉਠਾਇਆ ਜਾ ਸਕਦਾ। ਬਿਜਲਈ ਸ਼ਕਤੀ ਦੁਨੀਆ ਵਿੱਚ ਮੋਜ਼ੂਦ ਹੈ, ਮਗਰ ਉਸ ਨੂੰ ਪ੍ਰਗਟ ਕਰਨ ’ਤੇ ਨਫੀ ਅਤੇ ਜਮ੍ਹਾ ਤਾਰਾਂ ਦੇ ਮੇਲ ਬਿਨਾਂ ਰੌਸ਼ਨੀ ਦਾ ਜ਼ਹੂਰ ਨਹੀਂ ਹੋ ਸਕਦਾ। ਸਿੱਖੀ ਨੇ ਜ਼ਿੰਦਗੀ ਦੇ ਉਸ ਹੁਨਰ ਦੀ ਜਾਚ ਸਮਝਾਣ ਦਾ ਜਤਨ ਕੀਤਾ ਹੈ, ਜਿਸ ਨਾਲ ਅਸੀਂ ਉਸ ਜੋਤਿ ਨੂੰ ਪਰਗਟ ਕਰ ਸਕੀਏ ਤੇ ਨਫੀ ਤੇ ਜਮ੍ਹਾ ਦੀਆਂ ਤਾਰਾਂ ਮੇਲ ਕੇ ਲੋੜੀਂਦਾ ਲਾਭ ਉਠਾ ਸਕੀਏ। ਸ਼ਕਤੀ ਤੇ ਭਗਤੀ ਦੀਆਂ ਦੋਵੇ ਬਿਜਲਈ ਤਾਰਾਂ ਨਾਮ ਤੇ ਚੜ੍ਹਦੀ ਕਲਾ ਦੇ ਰੂਪ ਵਿੱਚ ਸਿੱਖੀ ਦਾ ਬੁਨਿਆਦੀ ਅੰਗ ਹਨ। ਗੁਰੂ ਹਰਿਗੋਬਿੰਦ ਜੀ ਦੇ ਸਮੇਂ ਇਹ ਚੀਜ਼ ਪ੍ਰਗਟ ਤੌਰ ’ਤੇ ਲੋਕਾਂ ਸਾਹਮਣੇ ਆ ਗਈ ਸੀ। ਹੁਣ ਅਜਿਹੀ ਸ਼ਕਤੀ ਨੂੰ ਸੰਭਾਲਣ ਦੀ ਜਾਚ ਆਉਣੀ ਜ਼ਰੂਰੀ ਸੀ, ਕਿਉਂਕਿ ਦੁਨੀਆਂ ਦੀਆਂ ਵੱਡੀਆਂ ਤੋਂ ਵੱਡੀਆਂ ਸ਼ਕਤੀਆਂ ਸੰਭਾਲਣ ਤੋਂ ਬਿਨਾਂ, ਅਕਾਰਣ ਹੀ ਇਨਸਾਨੀ ਹੱਥਾਂ ਵਿੱਚੋਂ ਗੁਆਚ ਜਾਂਦੀਆਂ ਰਹੀਆਂ ਹਨ। ਗੁਰੂ ਹਰਿਰਾਇ ਜੀ ਨੇ ਸਿੱਖਾਂ ਨੂੰ ਭਗਤੀ ਦੀਕੋਮਲਤਾ ਤੇ ਸ਼ਕਤੀ ਦੀ ਚਮਕ-ਦਮਕ ਨੂੰ ਸੰਜਮ ਵਿੱਚ ਰੱਖਣ ਦੀ ਵਿਉਂਤ ਸਮਝਾਈ ਕਿ ਕਿਵੇਂ ਆਪਣੀ ਸ਼ਕਤੀ ਦਾ ਸਰਫਾ ਕਰ ਕੇ ਸਾਰੇ ਦਾ ਸਾਰਾ ਧਿਆਨ ਉਸਾਰੂ ਨੇਕੀ ਵਲ ਲਾਇਆ ਜਾ ਸਕਦਾ ਹੈ। ਉਹ ਜ਼ਿੰਦਗੀ-ਭਰ ਗੁਰੂ ਹੁੰਦੇ ਫੌਜਾਂ ਦੇ ਜਰਨੈਲ ਵੀ ਰਹੇ। ਮਗਰ ਬਾਵਜੂਦ ਵਿਰੋਧੀ ਛੇੜ ਛਾੜ ਦੇ, ਤਲਵਾਰ ਦੀ ਧਾਰ ਨੂੰ ਛੇਤੀ ਬਾਹਰ ਲਿਸ਼ਕਾਉਣਾ ਯੋਗ ਨਾ ਸਮਝਿਆ। ਦਰਅਸਲ, ਉਹ ਨੇਕੀ ਦੀ ਅੰਤ੍ਰੀਵ ਸ਼ਕਤੀ ਨੂੰ ਵਧਾਉਣ ਦੇ ਆਹਰ ਵਿੱਚ ਲਗੇ ਰਹੇ, ਜਿਸ ਲਈ ਬਾਹਰਲੀ ਰਾਖੀ ਦੀ ਵੀ ਡਾਢੀ ਲੋੜ ਸੀ। ਆਪਣੇ ਆਪ ਦੀ ਰਾਖੀ ਕਰਨਾ ਹੀ ਬਚਾਅ ਦਾ ਸਭ ਤੋਂ ਚੰਗਾ ਮਾਰਗ ਹੈ। ਨਾਲੰਦਾ ਦੇ ਵਿਦਵਾਨ ਸ੍ਰੀ ਸ਼ਾਂਤੀ ਦੇਵ ਨੇ ਇਕ ਸਮੇਂ ਕਿਹਾ ਸੀ, ਕੰਡਿਆਂ-ਭਰੀ ਧਰਤੀ ਤੋਂ ਬਚਣ ਲਈ ਬਜਾਇ ਇਸ ਦੇ, ਕਿ ਸਾਰੀ ਧਰਤੀ ਚਮੜੇ ਨਾਲ ਮੜ੍ਹੀ ਜਾਵੇ, ਆਪਣੇ ਪੈਰਾਂ ਨੂੰ ਹੀ ਚਮੜੇ ਨਾਲ ਢਕ ਲੈਣਾ ਵਧੇਰੇ ਚੰਗਾ ਹੈ। ਸੋ, ਸ੍ਰੀ ਗੁਰੂ ਹਰਿਰਾਇ ਜੀ ਨੇ ਕੰਡਿਆਲੀ ਹਕੂਮਤ ਤੋਂ ਧਰਮ ਦੀ ਰਾਖੀ ਕਰਨ ਲਈ ਸਿੱਖੀ ਨੂੰ ਹਥਿਆਰਬੰਦ ਰਹਿਣ ਦੇਣਾ ਹੀ ਯੋਗ ਸਮਝਿਆ।

ਆਪ ਜੀ ਦਾ ਜਨਮ ਸਤਲੁਜ ਕਿਨਾਰੇ ਕੀਰਤਪੁਰ ਵਿਖੇ ਜਨਵਰੀ 1629 ਈ: (ਮਾਘ ਸੁਦੀ ਤ੍ਰੌਦਸੀ) ਨੂੰ ਗੁਰੂ ਹਰਿਗੋਬਿੰਦ ਜੀ ਦੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਦੇ ਘਰ ਹੋਇਆ। ਕੁਝ ਇਤਿਹਾਸਕਾਰਾਂ ਵੱਲੋਂ ਜਨਮ-ਸਾਲ 1637 ਈ: ਵੀ ਦੱਸਿਆ ਗਿਆ ਹੈ। ਪਰ ਭੱਟ ਵਹੀਆਂ ਦਾ ਦਿੱਤਾ ਸਾਲ 1629 ਈ: ਹੀ ਸਹੀ ਲੱਗਦਾ ਹੈ। ਬਾਬਾ ਗੁਰਦਿੱਤਾ ਜੀ ਨੂੰ ਉਨ੍ਹਾਂ ਦੀ ਮਾਨਸਿਕ ਗੰਭੀਰਤਾ ਕਾਰਨ ਭਰ ਜੁਆਨੀ ਵਿੱਚ ਹੀ ਸਿੱਖ; ਉਨ੍ਹਾਂ ਨੂੰ ਬਾਬਾ ਜੀ ਕਰਕੇ ਸੱਦਿਆ ਕਰਦੇ ਸਨ। ਪਿਤਾ ਜੀ ਦੀ ਇਸ ਗੰਭੀਰਤਾ ਦਾ ਅਸਰ ਸਪੁੱਤਰ ਸ੍ਰੀ ਹਰਿਰਾਇ ਜੀ ’ਤੇ ਵੀ ਕਾਫ਼ੀ ਪਿਆ। ਆਪ ਜੀ ਨੇ ਗੁਰੂ ਹਰਿਗੋਬਿੰਦ ਜੀ ਦੀ ਨਿਗਰਾਨੀ ਵਿੱਚ ਮੁੱਢਲੀ ਤਾਲੀਮ ਤੇ ਸ਼ਸਤ੍ਰ ਵਿਦਿਆ ਦੀ ਜਾਚ ਸਿੱਖੀ। ਬਚਪਨ ਤੋਂ ਹੀ ਸਦਾ ਗੁਰੂ-ਆਗਿਆ ਵਿੱਚ ਚਲਣਾ ਆਪ ਜੀ ਦਾ ਜੀਵਨ-ਉਦੇਸ਼ ਬਣ ਗਿਆ ਸੀ।

ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਇਕ ਵੇਰ ਆਪ ਬਾਗ਼ ਦੀ ਸੈਰ ਕਰ ਰਹੇ ਸਨ। ਅਚਾਨਕ ਟੁਰੇ ਜਾਂਦਿਆਂ ਗਲ ’ਚ ਪਾਏ ਵੱਡੇ ਚੋਲੇ ਦਾ ਦਾਮਨ ਛੂਹ ਜਾਣ ਨਾਲ ਇਕ ਫੁੱਲ ਟੁੱਟ ਗਿਆ। ਉਸ ਫੁੱਲ ਦੀਆਂ ਖਿਲਰੀਆਂ ਪੰਖੜੀਆਂ ਨੂੰ ਵੇਖ ਕੇ ਬਾਲਕ ਹਰਿਰਾਇ ਜੀ ਦੇ ਮਨ ਨੂੰ ਬੜਾ ਖੇਦ ਹੋਇਆ। ਇਤਨੇ ਨੂੰ ਗੁਰੂ ਹਰਿਗੋਬਿੰਦ ਜੀ ਵੀ ਟੁਰਦੇ ਫਿਰਦੇ ਇੱਥੇ ਆ ਪਹੁੰਚੇ। ਆਪ ਜੀ ਨੇ ਪੁੱਛਿਆ, ਕੀ ਗੱਲ ਹੈ? ਹਰਿਰਾਇ ਜੀ ਨੇ ਜਵਾਬ ਦਿੱਤਾ ਕਿ ਅਚਾਨਕ ਹੀ ਮੇਰਾ ਪੱਲਾ ਲਗ ਜਾਣ ਨਾਲ ਇਸ ਫੁਲ ਦੀ ਮੌਤ ਹੋ ਗਈ ਹੈ। ਦੋ ਤਲਵਾਰਾਂ ਧਾਰਨ ਵਾਲੇ ਜਰਨੈਲ ਗੁਰੂ ਜੀ ਨੇ ਕਿਹਾ ਇਉਂ ਬੇਪ੍ਰਵਾਹੀ ਵਿੱਚ ਮਾਸੂਮ ਫੁੱਲ ਦੀ ਜ਼ਿੰਦਗੀ ਬਰਬਾਦ ਨਹੀਂ ਹੋਣੀ ਚਾਹੀਦੀ ਸੀ ਕਿਉਂਕਿ ਉਸ ਨੂੰ ਈਸ਼ਵਰ ਨੇ ਸੰਸਾਰ ’ਚ ਮਹਿਕ ਦੇਣ ਲਈ ਭੇਜਿਆ ਹੋਇਆ ਸੀ, ਚੋਲੇ ਵੱਡੇ ਪਹਿਨਣੇ ਤੇ ਫਿਰ ਸੰਬਲ ਕੇ ਨਾ ਚਲਣਾ, ਇਹ ਤਾਂ ਠੀਕ ਨਹੀਂ ਬੇਟਾ !

ਬਾਬਾ ਗੁਰੂ ਜੀ ਦੇ ਇਨ੍ਹਾਂ ਕੋਮਲ ਬਚਨਾਂ ਨੇ ਸ੍ਰੀ ਹਰਿਰਾਇ ਜੀ ਦੇ ਦਿਲ ’ਤੇ ਬੜਾ ਹੀ ਗਹਿਰਾ ਅਸਰ ਕੀਤਾ। ਅੱਗੋਂ ਲਈ ਆਪ ਨੇ ਪ੍ਰਣ ਕਰ ਲਿਆ ਕਿ ਜਦ ਵੀ ਕਿਸੇ ਖਿੜੀ ਬਗੀਚੀ ਵਿੱਚ ਦੀ ਲੰਘਣਾ ਹੋਵੇ, ਆਪਣੇ ਪੱਲੇ ਸੰਭਾਲਣੇ ਜ਼ਰੂਰੀ ਹਨ। ਕਹਿੰਦੇ ਹਨ, ਹਰਿਰਾਇ ਜੀ ਨੇ ਇਸ ਪ੍ਰਤਿੱਗਿਆ ਨੂੰ ਉਮਰ-ਭਰ ਪਾਲਿਆ/ਨਿਭਾਇਆ। ਉਹ ਜਦੋਂ ਵੀ ਸੈਰ ਕਰਨ ਚਲਦੇ ਤਾਂ ਆਪਣੇ ਦੋਵੇਂ ਦਾਮਨ ਹੱਥ ਵਿੱਚ ਪਕੜ ਲੈਂਦੇ ਤਾਂ ਕਿ ਉਹ ਖਿਲਰੇ ਪੱਲੇ ਵੀ ਕਿਸੇ ਲਈ ਹਾਨੀਕਾਰਕ ਸਾਬਤ ਨਾ ਹੋਣ।

ਅਜਿਹੀ ਨਿਯਮ-ਪਾਲਕ-ਗੰਭੀਰ ਬਿਰਤੀ ਤੇ ਸੁਯੋਗਤਾ ਵੇਖ ਕੇ ਸ਼੍ਰੀ ਗੁਰੂ ਜੀ ਨੇ ਆਪ ਨੂੰ ਹੀ ਗੱਦੀ ਦੇ ਯੋਗ ਸਮਝਿਆ ਤੇ ਗੁਰਿਆਈ ਦੇ ਦਿੱਤੀ। ਨਾਲ ਹੀ ਇਹ ਵੀ ਆਗਿਆ ਕੀਤੀ ਗਈ ਕਿ ਸਵੈ-ਰੱਖਿਆ ਲਈ ਆਪਣੇ ਪਾਸ ਫੌਜ ਰੱਖਣੀ ਜ਼ਰੂਰੀ ਹੈ, ਮਗਰ ਕਦੀ ਜੰਗ ਲਈ ਪਹਿਲ ਨਹੀਂ ਕਰਨੀ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਜਾਬਰ ਮੁਗਲ ਨੂੰ ਆਪਣੀ ਨੀਤੀ ’ਤੇ ਦੁਬਾਰਾ ਵੀਚਾਰ ਕਰਨ ਦਾ ਸਮਾਂ ਦਿੱਤਾ ਜਾਣਾ ਚਾਹੀਦਾ ਹੈ, ਜਿਸ ਨੀਤੀ ਦੇ ਪਾਗ਼ਲਪਣ ਵਿੱਚ ਉਸ ਸਾਡੇ ਪਿਤਾ ਗੁਰੂ ਨੂੰ ਸ਼ਹੀਦ ਕੀਤਾ ਹੈ ਤੇ ਸਾਡੀ ਇਸ ਭਗਤੀ ਦੀ ਲਹਿਰ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ, ਵੈਸੇ ਜਬਰ ਨਾਲ ਨਾ-ਮਿਲਵਰਤਣ ਰੱਖਣਾ ਜ਼ਰੂਰੀ ਹੈ। ਗੁਰੂ ਹਰਿਰਾਇ ਜੀ ਨੇ ਗੁਰੂ ਆਗਿਆ ਅਨੁਸਾਰ ਇਸ ਨਾ-ਮਿਲਵਰਤਣ ਨੂੰ ਪੂਰੀ ਤਰ੍ਹਾਂ ਨਿਭਾਇਆ ਤੇ ਸਿੱਖ ਤਾਕਤ ਨੂੰ ਜਥੇਬੰਦ ਕਰਨ ਵਿੱਚ ਵਧੇਰੇ ਸਮਾਂ ਲਾਇਆ। ਸ਼ਾਹਜਹਾਂ ਨੇ ਆਪ ਜੀ ਨੂੰ ਕਈ ਵੇਰ ਸੱਦਾ ਵੀ ਦਿੱਤਾ ਪਰ ਆਪ ਜੀ ਨੇ ਜਾਣ ਤੋਂ ਇਨਕਾਰ ਕਰ ਦਿੱਤਾ। ਵੈਸੇ ਗੁਰੂ ਜੀ ਦਾ ਮਨੁੱਖ-ਮਾਤ੍ਰ ਨਾਲ ਪਿਆਰ ਇਸ ਗੱਲ ਤੋਂ ਵੀ ਪ੍ਰਗਟ ਹੋ ਜਾਂਦਾ ਹੈ ਕਿ ਜਿਸ ਸਮੇਂ ਸ਼ਾਹਜਹਾਂ ਦਾ ਪੁੱਤਰ ਦਾਰਾ ਸ਼ਿਕੋਹ ਅਤੀ ਬੀਮਾਰ ਸੀ, ਉਸ ਲਈ ਕੁਝ ਕੀਮਤੀ ਔਸ਼ਧੀਆਂ ਦੀ ਜਰੂਰਤ ਸੀ, ਜੋ ਕਿਤੋਂ ਨਹੀਂ ਸਨ ਮਿਲ ਰਹੀਆਂ। ਗੁਰੂ ਜੀ ਨੇ ਕੋਈ ਵੈਰ-ਭਾਵ ਦਿਲ ਵਿੱਚ ਨਾ ਰੱਖਦਿਆਂ ਆਪਣੇ ਤੋਸ਼ੇਖਾਨੇ ਵਿੱਚੋਂ ਉਹ ਚੀਜ਼ਾਂ ਸ਼ਾਹਜਹਾਂ ਲਈ ਭੇਜ ਦਿੱਤੀਆਂ ਸਨ। ਇਸ ਤੋਂ ਜ਼ਾਹਰ ਹੁੰਦਾ ਹੈ ਕਿ ਇਹ ਨਾ-ਮਿਲਵਰਤਣ ਕਿਸੇ ਜ਼ਾਤੀ ਰੰਜ਼ਸ਼ ਯਾ ਹੋਰ ਅਜਿਹੇ ਕਾਰਨ ਕਰਕੇ ਨਹੀਂ ਸੀ ਬਲਕਿ ਇਸ ਦੀ ਵੱਡੀ ਵਜ੍ਹਾ ਹਕੂਮਤ ਦੀ ਗ਼ਲਤ ਨੀਤੀ ਸੀ, ਜਿਸ ਨੂੰ ਉਹ ਰੋਸ ਰਾਹੀਂ ਬਦਲਵਾਉਣਾ ਚਾਹੁੰਦੇ ਸਨ।

ਪਰ ਹਾਲਾਤ ਇਸ ਤੋਂ ਬਿਲਕੁਲ ਉਲਟ ਬਣਦੇ ਜਾ ਰਹੇ ਸਨ। ਹਕੂਮਤ ਆਪਣੀ ਗ਼ਲਤ ਪਾਲਸੀ ਨੂੰ ਸੋਚਣ ਲਈ ਤਿਆਰ ਨਹੀਂ ਸੀ। ਅਚਾਨਕ ਚਾਲਾਕਔਰੰਗਜ਼ੇਬ ਆਪਣੇ ਪਿਤਾ ਸ਼ਾਹਜਹਾਂ ਨੂੰ ਕੈਦ ਕਰ ਕੇ ਤੇ ਭਰਾਵਾਂ ਨੂੰ ਮਾਰ ਖਪਾ ਕੇ ਆਪ ਗੱਦੀ ’ਤੇ ਕਾਬਜ਼ ਹੋ ਗਿਆ। ਤਅੱਸਬੀ ਸੁਭਾਅ ਹੋਣ ਕਰਕੇ ਇਸ ਆਪਣੇ ਰਾਜਸੀ ਪ੍ਰੋਗਰਾਮ ਵਿੱਚ ਇਸ ਗੱਲ ਨੂੰ ਸ਼ਾਮਲ ਕਰ ਲਿਆ ਕਿ ਜੋ ਗੈਰ-ਮੁਸਲਮ ਤਹਿਰੀਕਾਂ ਹਨ, ਉਨ੍ਹਾਂ ਤਮਾਮ ਨੂੰ ਤਾਕਤ ਦੇ ਰੋਅਬ ਨਾਲ ਜ਼ਬਰਦਸਤੀ ਇਸਲਾਮੀ ਦੁਨੀਆਂ ਵਿੱਚ ਸ਼ਾਮਲ ਕਰ ਲਿਆ ਜਾਵੇ, ਇਸ ਤਰ੍ਹਾਂ ਮੁਸਲਮ ਹਕੂਮਤ ਅਟੁੱਟ ਤੇ ਅਡੋਲ ਹੋ ਜਾਵੇਗੀ। ਦੂਸਰੀ, ਖਾਸ ਤੌਰ ਤੇ ਇਕ ਗੱਲ ਹੋਰ ਵੀ ਉਸ ਦੇ ਦਿਲ ਵਿੱਚ ਖਟਕਦੀ ਸੀ ਕਿ ਗੁਰੂ ਹਰਿਰਾਇ ਜੀ ਦੀ ਸਿੱਖ ਸੈਨਾ ਨੇ ਦਾਰਾ ਸ਼ਿਕੋਹ ਨੂੰ ਬਿਆਸ ਪਾਰ ਕਰਨ ਵਿੱਚ ਮਦਦ ਦੇ ਕੇ ਹਕੂਮਤ ਵਿਰੁੱਧ ਕਦਮਉਠਾਇਆ ਹੈ, ਇਸ ਦੀ ਵੀ ਪੁੱਛ-ਪੜਤਾਲ ਹੋਣੀ ਚਾਹੀਦੀ ਹੈ। ਦਾਰਾ ਸ਼ਿਕੋਹ ਸੂਫੀ ਖਿਆਲਾਂ ਦਾ ਵਿਦਵਾਨ ਆਦਮੀ ਸੀ, ਉਸ ਦਾ ਗੁਰੂ ਜੀ ਨਾਲ ਪ੍ਰੇਮ ਮੇਲ ਕੋਈ ਰਾਜਸੀ ਮਹੱਤਤਾ ਨਹੀਂ ਸੀ ਰੱਖਦਾ। ਮਗਰ, ਔਰੰਗਜ਼ੇਬ ਜਹਾਂਗੀਰ ਵਾਂਗ ਗੁਰੂ ਅਰਜਨ-ਖੁਸਰੋ ਮੁਲਾਕਾਤ ਦੀ ਤਰ੍ਹਾਂ ਇਸ ਮੁਲਾਕਾਤ ਨੂੰ ਵੀ ਰਾਜਸੀ ਰੰਗਣ ਦੇਣ ਦੇ ਆਹਰ ਵਿੱਚ ਸੀ। ਦਾਰਾ ਸ਼ਿਕੋਹ ਨੂੰ 30 ਅਗਸਤ 1659 ਈ: ਨੂੰ ਦਿੱਲੀ ’ਚ ਲਿਆ ਕੇ ਸਮੇਤ ਉਸ ਦੇ ਪੁੱਤਰ ਦੇ ਕਤਲ ਕਰ ਦਿੱਤਾ ਗਿਆ ਤੇ ਪਿੱਛੋਂ ਉਸ ਦੇ ਹਮਦਰਦਾਂ ਦੀ ਖੋਜ ਪੜਤਾਲ ਹੋਣ ਲੱਗੀ। ਗੁਰੂ ਸਾਹਿਬ ਇਸ ਸਮੇਂ ਜੰਮੂ ਕਸ਼ਮੀਰ ਵੱਲ ਨਿਕਲ ਗਏ ਸਨ। ਔਰੰਗਜ਼ੇਬ ਦਾ ਖ਼ਿਆਲ ਹੋਰ ਵੀ ਸੀ ਕਿ ਗੁਰੂ ਨੂੰ ਹਿੰਦੂਆਂ ਦਾ ਪੀਰ ਕਿਹਾ ਜਾਂਦਾ ਹੈ, ਅਗਰ ਇਨ੍ਹਾਂ ਨੂੰ ਕਾਬੂ ਵਿੱਚ ਲੈ ਲਿਆ ਜਾਵੇ ਤਾਂ ਸਾਰੀ ਹਿੰਦੂ ਤੇ ਸਿੱਖ ਜਨਤਾ ਹੀ ਇਸਲਾਮ ਵਿੱਚ ਸੌਖਿਆਂ ਲਿਆਂਦੀ ਜਾ ਸਕਦੀ ਹੈ।

ਇਹ ਗੱਲ ਸੋਚ ਵਿਚਾਰ ਕੇ ਬਾਦਸ਼ਾਹ ਨੇ ਕੀਰਤਪੁਰ ਗੁਰੂ ਜੀ ਪਾਸ ਸੱਦਾ ਭੇਜਿਆ। ਮਗਰ ਆਪ ਨੇ ਆਉਣ ਤੋਂ ਇਨਕਾਰ ਕਰ ਦਿੱਤਾ। ਅਖੀਰ ਸਿੱਖ ਤਹਿਰੀਕ ਸੰਬੰਧੀ ਸ਼ੰਕਿਆਂ ਸਵਾਲਾਂ ਦਾ ਉੱਤਰ ਦੇਣ ਲਈ ਗੁਰੂ ਜੀ ਨੇ ਆਪਣੇ ਵੱਡੇ ਪੁੱਤਰ ਰਾਮਰਾਇ ਨੂੰ ਭੇਜਣਾ ਵਾਜਬ ਸਮਝਿਆ। ਆਪ ਨੇ ਰਾਮਰਾਇ ਨੂੰ ਨਸੀਹਤ ਦਿੱਤੀ ਕਿ ਜੋ ਕੁਝ ਬਾਦਸ਼ਾਹ ਪੁੱਛੇ, ਸੱਚ ਕਹਿਣਾ ਹੋਵੇਗਾ, ਮਗਰ ਕਰਾਮਾਤ ਕਦੀ ਵੀ ਨਹੀਂ ਦਿਖਾਉਣੀ ਹੋਵੇਗੀ। ਸਿੱਖੀ ਵਿੱਚ ਕਰਾਮਾਤ ਨੂੰ ਕਹਿਰ ਤੇ ਅਵਰਾ-ਸਾਦ ਆਖ ਕੇ ਤ੍ਰਿਸਕਾਰਿਆ ਗਿਆ ਹੈ। ਸੋ, ਤ੍ਰਿਸਕਾਰੇ ਕੰਮ ਨੂੰ ਕਰਨ ਵਿੱਚ ਸ਼ੋਭਾ ਨਹੀਂ। ਕਈ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਗੁਰੂ ਜੀ ਨੇ ਰਾਮਰਾਇ ਨੂੰ ਸਗੋਂ ਖਾਸਕਰਾਮਾਤਾਂ ਦੇ ਕੇ ਦਿੱਲੀ ਟੋਰਿਆ ਤਾਂ ਕਿ ਉਹ ਲੋੜ ਸਮੇਂ ਵਰਤ ਲਵੇ। ਮਗਰ ਇਹ ਸਿੱਖੀ ਦੇ ਬੁਨਿਆਦੀ ਸਿਧਾਂਤਾਂ ਦੇ ਉਲਟ ਹੈ। ਬਾਬਾ ਅਟੱਲ ਤੇ ਬਾਬਾ ਗੁਰਦਿੱਤਾ ਜੀ ਦੀਆਂ ਦੇਹਾਂਤ-ਘਟਨਾਵਾਂ ਵੀ ਕਰਾਮਾਤ ਦਿਖਾਉਣ ਦਾ ਸਾਫ਼ ਖੰਡਨ ਕਰ ਰਹੀਆਂ ਹਨ।

ਸ੍ਰੀ ਰਾਮਰਾਇ ਜੀ ਦਿੱਲੀ ਚਲੇ ਗਏ। ਪਿਤਾ ਗੁਰੂ ਦੇ ਹੁਕਮਾਂ ਮੁਤਾਬਕ ਪਹਿਲੇ ਪਹਿਲ ਤਾਂ ਸਿੱਖੀ ਸੰਬੰਧੀ ਸੰਕਾਵਾਂ ਦਾ ਯਥਾਯੋਗ ਉੱਤਰ ਦਿੰਦੇ ਰਹੇ। ਮਗਰ, ਸ਼ਾਹੀ ਸਨਮਾਨ ਨੇ ਪਿਤਾ ਗੁਰੂ ਦੀਆਂ ਨਸੀਹਤਾਂ ਭੁਲਾ ਦਿੱਤੀਆਂ ਤੇ ਇਕ ਸਵਾਲ ਦਾ ਸੱਚਾ ਉੱਤਰ ਦੇਣ ਦੀ ਥਾਂ ਘਬਰਾ ਕੇ ਗੁਰੂ ਦੀ ਬਾਣੀ ਦੀ ਤੁਕ ਹੀ ਬਦਲ ਕੇ ‘ਮਿਟੀ ਮੁਸਲਮਾਨ ਕੀ’ ਦੀ ਥਾਂ ‘ਮਿਟੀ ਬੇਈਮਾਨ ਕੀ’ ਹੀ ਪੜ੍ਹ ਸੁਣਾਇਆ। ਇਸ ਕਮਜ਼ੋਰੀ ਦਾ ਦਿੱਲੀ ਦੀ ਸਿੱਖ ਸੰਗਤ ਉਤੇ ਮੰਦਾ ਅਸਰ ਪਿਆ। ਰਾਮਰਾਇ ਸ਼ਾਹੀ ਝਾਂਸੇ ਵਿੱਚ ਆ ਗਿਆ ਜੋ ਕਿ ਉਨ੍ਹਾਂ ਦੇ ਪਿਤਾ ਦੀ ਚਲਾਈ ਨਾ-ਮਿਲਵਰਤਣ ਦੀ ਇਨਕਲਾਬੀ ਲਹਿਰ ਦੇ ਬਿਲਕੁਲ ਉਲਟ ਸੀ। ਦੱਸਿਆ ਜਾਂਦਾ ਹੈ ਕਿ ਰਾਮਰਾਇਨੇ ਕੁਝ ਕਰਾਮਾਤਾਂ ਵੀ ਵਿਖਾਈਆਂ। ਅਜਿਹੀਆਂ ਗੱਲਾਂ ਕਰ ਕੇ ਸ਼ਾਹੀ ਦਰਬਾਰ ਵਿੱਚ ਉਹ ਬੜਾ ਮਾਣ ਕਰਨ ਲੱਗਾ ਕਿ ਮੈਂ ਵੀ ਗੁਰੂ ਦੀ ਔਲਾਦ ਹਾਂ ਤੇ ਸ਼ਕਤੀਆਂ ਰੱਖਦਾ ਹਾਂ, ਪਰ ਉਸ ਦਾ ਇਹ ਨਾਜ਼ ਇਸੇ ਤਰ੍ਹਾਂ ਦਾ ਹੀ ਸੀ ਜਿਵੇਂ ਸੁਆਹ ਧਰਤੀ ਪਾਸ ਤੇ ਧੂੰਆਂ ਆਸਮਾਨ ਪਾਸ ਜਾ ਕੇ ਆਖੇ ਕਿ ਅਸੀਂ ਵੀ ਚਮਕਦੇ ਅਗਨੀ ਦੇਵਤਾ ਦੇ ਹੀ ਭੈਣ ਭਾਈ ਹਾਂ।

ਬਾਣੀ ਦੀ ਤੁਕ ਬਦਲਣ, ਕਰਾਮਾਤਾਂ ਦਿਖਾਉਣ ਤੇ ਸ਼ਹਿਨਸ਼ਾਹੀਅਤ ਦਾ ਪੁਜਾਰੀ ਹੋ ਜਾਣ ਕਰਕੇ ਗੁਰੂ ਜੀ ਨੇ ਤਾਂ ਰਾਮਰਾਇ ਦਾ ਬਿਲਕੁਲ ਹੀ ਬਾਈਕਾਟ ਕਰ ਦਿੱਤਾ। ਉਨ੍ਹਾਂ ਸੰਦੇਸਾ ਭੇਜਿਆ ਕਿ ਤੇਰੇ ਮਾਰਗ ਵਿੱਚ ਬਹੁਤ ਫ਼ਰਕ ਆ ਗਿਆ ਹੈ, ਤੂੰ ਸ਼ਹਿਨਸ਼ਾਹੀਅਤ ਦਾ ਪੁਜਾਰੀ ਹੋ ਗਿਆ ਹੈ ਤੇ ਮੈਂ ਰੂਹਾਨੀਅਤ ਦਾ ਪੁਜਾਰੀ ਹਾਂ, ਇਸ ਲਈ ਇਸ ਹਾਲਤ ਵਿੱਚ ਮੇਰੇ ਪਾਸ ਨਹੀਂ ਆਉਣਾ।

ਹਕੂਮਤ ਵੱਲੋਂ ਰਾਮਰਾਇ ਨੂੰ ਪਿੰਡ ਖੁਰਵੱਧੀ (ਡੇਹਰਾਦੂਨ) ਵਾਲੀ ਜਾਗੀਰ ਦਿੱਤੀ ਗਈ, ਜਿਸ ਕਰਨ ਉਹ ਤਾਂ ਸਰਕਾਰੀ ਪਾਸੇ ਜੋਗਾ ਹੀ ਰਹਿ ਗਿਆ। ਮਗਰ ਗੁਰੂਜੀ ਨੇ ਆਪਣੀ ਨਾ-ਮਿਲਵਰਤਣ ਨੂੰ ਬਾਕਾਇਦਾ ਜਾਰੀ ਰਖਿਆ। ਉਨ੍ਹਾਂ ਨਾ ਤਲਵਾਰ ਹੀ ਚੁੱਕੀ ਤੇ ਨਾ ਹੀ ਮੇਲ-ਜੋਲ ਲਈ ਕਦਮ ਉਠਾਇਆ।

ਰਾਮਰਾਇ ਦੇ ਔਰੰਗਜ਼ੇਬ ਦੀਆਂ ਸਾਜ਼ਸ਼ਾਂ ਵਿੱਚ ਸ਼ਾਮਲ ਹੋ ਜਾਣ ਕਰਕੇ ਕਈ ਖ਼ਤਰਨਾਕ ਨਤੀਜੇ ਪੈਦਾ ਹੋਣ ਦਾ ਡਰ ਹੋ ਗਿਆ ਸੀ। ਇਕ ਵੇਰ ਗੁਰੂ ਜੀ ਨੇ ਸਿਆਣੇ ਸਿੱਖਾਂ ਨੂੰ ਆਖਿਆ ਵੀ ਸੀ ਕਿ ਸਿੱਖੀ ਦਾ ਬੇੜਾ ਬੜੇ ਨਾਜ਼ਕ ਮਰਹਲਿਆਂ ਵਿਚੀਂ ਗੁਜ਼ਰ ਰਿਹਾ ਹੈ। ਇਸ ਘਰੋਗੀ ਫੁਟ ਅਤੇ ਸਰਕਾਰੀ ਵਿਰੋਧਤਾ ਤੋਂ ਕਰਤਾਰ ਹੀ ਇਸ ਦੀ ਰਾਖੀ ਕਰੇਗਾ, ਲੋੜ ਇਸ ਸਮੇਂ ਭਾਰੀ ਧੀਰਜ ਤੇ ਜਥੇਬੰਦੀ ਦੀ ਹੈ।

ਰਾਮਰਾਇ ਹੁਣ ਇਸ ਕੋਸ਼ਿਸ਼ ਵਿੱਚ ਸੀ ਕਿ ਕਿਵੇਂ ਨਾ ਕਿਵੇ ਸ਼ਾਹੀ ਰੋਅਬ ਦੀ ਮਦਦ ਨਾਲ ਮੈਂ ਗੁਰਿਆਈ ਦੀ ਗੱਦੀ ਸੰਭਾਲ ਲਵਾਂ, ਪਰ ਉਹ ਇਹ ਨਹੀਂ ਜਾਣਦਾ ਸੀ ਕਿ ਧਰਤੀ ’ਤੇ ਪੈਰ ਮਾਰਨ ਨਾਲ ਮਿੱਟੀ ਤਾਂ ਉਡ ਸਕਦੀ ਹੈ, ਮਗਰ ਖੇਤੀ ਨਹੀਂ ਉੱਗ ਸਕਦੀ। ਇਹ ਫ਼ਕੀਰੀ ਦੀ ਗੱਦੀ ਅਮੀਰੀ ਤਾਕਤਾਂ ਰਾਹੀਂ ਮਿਲਣ ਦੀ ਚੀਜ਼ ਨਹੀ ਸੀ। ਔਰੰਗਜ਼ੇਬ ਵੀ ਇਸੇ ਤਾੜ ਵਿੱਚ ਸੀ ਕਿ ਮੈਂ ਰਾਮਰਾਇ ਨੂੰ ਗੱਦੀ ’ਤੇ ਬਿਠਾ ਕੇ ਆਪਣਾ ਹੱਥ-ਠੋਕਾ ਬਣਾ ਲਵਾਂਗਾ ਤੇ ਇਉਂ ਹੀ ਸਿੱਖੀ ਦੀ ਨਦੀ ਨੂੰ ਰੇਗਿਸਤਾਨ ਵਿੱਚ ਗੁੰਮ ਕਰ ਕੇ, ਬਾਕੀ ਪੰਜਾਬ ਦੇ ਹਿੰਦੂ ਤੇ ਸਿੱਖਾਂ ਨੂੰ ਵੀ ਸੌਖਿਆਂ ਮੁਸਲਮਾਨ ਬਣਾਇਆ ਜਾ ਸਕੇਗਾ। ਔਰੰਗਜ਼ੇਬ ਤਬਲੀਗ ਦਾ ਕੋਈ ਸ਼ੈਦਾਈ ਨਹੀਂ ਸੀ, ਉਹ ਤਾਂ ਇਸ ਤਰੀਕੇ ਨਾਲ ਆਪਣੇ ਰਾਜਸੀ ਬਲ ਨੂੰ ਵਧਾਉਣਾ ਚਾਹੁੰਦਾ ਸੀ। ਮਗਰ ਅਜਿਹਾ ਨਾ ਹੋ ਸਕਿਆ। ਇਸ ਸਾਰੀ ਅਵਸਥਾ ਨੂੰ ਮਹਿਸੂਸ ਕਰ ਕੇ ਗੁਰੂ ਜੀ ਨੇ ਆਪਣੇ ਪ੍ਰਚਾਰਕ-ਦੌਰੇ ਸ਼ੁਰੂ ਕਰ ਦਿੱਤੇ, ਤਾਂ ਕਿ ਸੰਗਤਾਂ ਇਨ੍ਹਾਂ ਤਮਾਮ ਸਾਜ਼ਸਾਂ ਤੋਂ ਜਾਣੂ ਹੋ ਕੇ ਹੁਸ਼ਿਆਰ ਰਹਿਣ। ਆਪ ਨੇ ਕੀਰਤਪੁਰ ਤੋਂ ਦੁਆਬੇ ਵਿਚੀਂ ਹੋ ਕਰਤਾਰਪੁਰ, ਖਡੂਰ, ਗੋਇੰਦਵਾਲ, ਅੰਮ੍ਰਿਤਸਰ, ਸ੍ਰੀ ਗੋਬਿੰਦਪੁਰ ਆਦਿ ਤਮਾਮ ਕੇਂਦਰੀ ਥਾਵਾਂ ਦੇ ਸਿੱਖਾਂ ਵਿੱਚ ਉਤਸ਼ਾਹ ਪੈਦਾ ਕੀਤਾ। ਭਾਈ ਫੇਰੂ ਆਦਿ ਸਿੱਖ ਨੇਤਾਵਾਂ ਨੂੰ ਆਪਣੇ ਆਦਰਸ਼ਾਂ ’ਤੇ ਡਟ ਜਾਣ ਲਈ ਪ੍ਰੇਰਿਆ, ਚੂੰਕਿ ਰਾਮਰਾਇ ਦੇ ਕੁਝ ਜ਼ਰਖਰੀਦ ਮਸੰਦਾਂ ਨੇ ਉਸ ਦੇ ਹੱਕ ਵਿੱਚ ਪ੍ਰਾਪੇਗੰਡਾ ਸ਼ੁਰੂ ਵੀ ਕਰ ਦਿੱਤਾ ਸੀ। 1660 ਈ: ਦੀ ਵਿਸਾਖੀ ਸਿਆਲਕੋਟ ਮਨਾਈ ਤੇ ਜੇਠ ਦੇ ਮਹੀਨੇ ਮੱਖਣ ਸ਼ਾਹ ਦੇ ਟਾਂਡੇ (ਡੇਰੇ) ਵਿੱਚ ਸ੍ਰੀ ਨਗਰ (ਕਸ਼ਮੀਰ) ਪੁੱਜ ਗਏ ਤੇ ਦੋ ਤਿੰਨਮਹੀਨੇ ਉਸ ਪਾਸੇ ਪ੍ਰਚਾਰ ਕੀਤਾ।

ਇਸ ਤੋਂ ਬਾਅਦ ਗੁਰੂ ਜੀ ਨੇ ਮਾਲਵੇ ਵਲ ਫੇਰਾ ਪਾਇਆ। ਇੱਥੇ ਭਾਈ ਬਹਿਲੋ, ਭਗਤੂ, ਪੰਜਾਬਾ ਤੇ ਭਾਈ ਭੂੰਦੜ ਆਦਿ ਮੁਖੀ ਕਾਫੀ ਜ਼ੋਰ-ਸ਼ੋਰ ਨਾਲ ਪ੍ਰਚਾਰ ਦਾ ਕੰਮ ਕਰ ਰਹੇ ਸਨ। ਹੁਣ ਸਿੱਖੀ ਦੀ ਰਾਜਧਾਨੀ ਵੀ ਬਦਲ ਕੇ ਸਤਲੁਜ ਕਿਨਾਰੇ ਆ ਗਈ ਸੀ, ਜਿਸ ਕਰਕੇ ਦੁਆਬੇ, ਮਾਲਵੇ ਵਿੱਚ ਖਾਸ ਉਤਸ਼ਾਹ ਸੀ। ਮਾਲਵੇ ਵਿੱਚ ਤਾਂ ਚੌਧਰੀ ਕਾਲੇ ਦੇ ਭਤੀਜੇ ਫੂਲ ਤੇ ਸੰਦਲੀ ਆਦਿ ਰਾਜਨੀਤਕ ਸ਼ਕਤੀ ਲਈ ਵੀ ਹੱਥ ਪੈਰ ਮਾਰ ਰਹੇ ਸਨ। ਗੁਰੂ ਜੀ ਨੇ ਇਨ੍ਹਾਂ ਨੂੰ ਫੁੱਲ ਵਾਂਙ ਟਹਿਕਣ ਤੇ ਸੰਦਲ ਵਾਂਙ ਮਹਿਕਣ ਦਾ ਅਸ਼ੀਰਵਾਦ ਦਿੱਤਾ। ਇਸੇ ਤਰ੍ਹਾਂ ਭਾਈ ਭਗਤੂ ਦੇ ਪੁੱਤਰ ਜੀਵਨ ਤੇ ਗੌਰਾ ਬਠਿੰਡੇ ਵਲ ਤਾਕਤ ਪਕੜ ਰਹੇ ਸਨ। ਇਹ ਸਾਰੇ ਸਿਧੇ-ਸਾਦੇ ਲੋਕ ਗੁਰੂ ਜੀ ਦੇ ਅਨਿੰਨ ਸਿੱਖ ਸਨ, ਜੋ ਕਿ ਹਰ ਸਮੇਂ ਗੁਰੂ ਤੋਂ ਆਪਾ ਨਿਛਾਵਰ ਕਰਨ ਲਈ ਤਿਆਰ ਰਹਿੰਦੇ ਸਨ।

ਪੋਠੋਹਾਰ ਵੱਲ ਕਾਬਲ ਤੋਂ ਮੇਵਿਆਂ ਅਤੇ ਘੋੜਿਆਂ ਦਾ ਵਪਾਰ ਕਰਨ ਵਾਲੇ ਸਿੱਖ ਵੀ ਨਾਲ ਨਾਲ ਸਿੱਖੀ ਪ੍ਰਚਾਰ ਕਰਿਆ ਕਰਦੇ ਸਨ। ਇਸੇ ਤਰ੍ਹਾਂ ਪੰਜਾਬ ਤੋਂ ਬਾਹਰ ਵੀ ਭਗਤ ਭਗਵਾਨ ਤੇ ਸੁਥਰੇ ਸ਼ਾਹ ਆਦਿ ਪ੍ਰੇਮੀ ਮਸੰਦ, ਸਿੱਖ-ਤਾਕਤ ਨੂੰ ਜਥੇਬੰਦ ਕਰ ਰਹੇ ਸਨ। ਇਉਂ ਸਿੱਖੀ ਦੀ ਲਹਿਰ ਸਾਰੇ ਹਿੰਦੁਸਤਾਨ ਵਿੱਚ ਫੈਲਦੀ ਜਾ ਰਹੀ ਸੀ ਤੇ ਪੰਜਾਬ ਇਸ ਦਾ ਕੇਂਦਰ ਬਣ ਰਿਹਾ ਸੀ, ਪਰ ਹਕੂਮਤ ਨੂੰ ਇਹ ਪਸੰਦ ਨਹੀਂ ਸੀ। ਉਹ ਇਸ ਦੇਸ਼-ਵਿਆਪੀ ਲਹਿਰ ਨੂੰ ਕਿਸੇ ਨਾ ਕਿਸੇ ਤਰ੍ਹਾਂ ਰੋਕਣ ਦੇ ਯਤਨ ਵਿੱਚ ਸੀ।

ਗੁਰੂ ਹਰਿਰਾਇ ਜੀ ਨੇ ਸਿੱਖਾਂ ਨੂੰ ਬੜੀ ਦ੍ਰਿੜਤਾ ਨਾਲ ਆਪਣੇ ਧਰਮ ਉੱਤੇ ਡਟੇ ਰਹਿਣ ਦਾ ਸੰਦੇਸ਼ਾ ਦਿੱਤਾ। ਉਨ੍ਹਾਂ ਗੁਰਬਾਣੀ ’ਤੇ ਵਿਸ਼ਵਾਸ ਰੱਖਣ ਨੂੰ ਜ਼ਿਆਦਾ ਪੱਕਿਆਂ ਕੀਤਾ ਤਾਂ ਕਿ ਸਾਡੇ ਮਨ ਕਿਤੇ ਹੋਰਵਾਂ ਵਾਯੂ-ਮੰਡਲ ਪੈਦਾ ਹੋਇਆ ਵੇਖ ਕੇ ਆਪਣੇ ਆਦਰਸ਼ਾਂ ਤੋਂ ਲਾਂਭੇ ਨਾ ਚਲੇ ਜਾਣ। ਇਕ ਵੇਰ ਸਿੱਖਾਂ ਇਸ ਸਬੰਧ ਵਿੱਚ ਪੁੱਛ ਵੀ ਕੀਤੀ ਕਿ ਆਪ ਗੁਰਬਾਣੀ ਦੇ ਬਾਰ ਬਾਰ ਪੜ੍ਹਨ ਤੇ ਕਿਉਂ ਜ਼ੋਰ ਦੇ ਰਹੇ ਹੋ ? ਉਨ੍ਹਾਂ ਬਚਨਾਂ ਦੀ ਕਮਾਈ ਹੀ ਜ਼ਰੂਰੀ ਚੀਜ਼ ਹੈ। ਗੁਰੂ ਜੀ ਨੇ ਇਕ ਥਿੰਧੀ ਠੀਕਰੀ ਦਿਖਾਂਦਿਆਂ ਕਿਹਾ ਜਿਵੇਂ ਇਸ ਭਾਂਡੇ ਵਿੱਚ ਕਦੇ ਘਿਉ ਸੀ ਤੇ ਇਸ ਦੀ ਥਿੰਧਿਆਈ ਹੁਣ ਵੀ ਸੂਰਜ ਦੀ ਕਿਰਨ ਨਾਲ ਚਮਕਾਂ ਮਾਰਦੀ ਹੈ, ਤਿਵੇਂਬਾਣੀ ਦਾ ਪਾਠ ਆਦਰਸ਼ਾਂ ਨੂੰ ਮਨ ਵਿੱਚ ਡੂੰਘਿਆਂ ਕਰਦਾ ਤੇ ਜ਼ਿੰਦਗੀ ਨੂੰ ਸਦਾ ਤਰੋਤਾਜ਼ਗੀ ਦੇਂਦਾ ਹੈ। ਇਸ ਪਾਠ ਨਾਲ ਤੁਹਾਨੂੰ ਨਵੀਨ ਪ੍ਰੇਰਣਾ ਤੇ ਨਵਾਂ ਉਤਸ਼ਾਹ ਮਿਲਦਾ ਰਹੇਗਾ ਤੇ ਤੁਸੀਂ ਇਨ੍ਹਾਂ ਖਿਆਲਾਂ ਦੇ ਸਦਕੇ ਸਦਾ ਵਿਰੋਧੀ ਵਿਚਾਰਾਂ ਦਾ ਟਾਕਰਾ ਕਰ ਸਕੋਗੇ?

ਇਉਂ ਸਿੱਖੀ ਲਹਿਰ ਨੂੰ ਨਵਾਂ ਉਤਸ਼ਾਹ ਦੇਂਦੇ ਅਤੇ ਨਾ-ਮਿਲਵਰਤਣ ਦੀ ਲਹਿਰ ਨੂੰ ਕਾਇਮ ਰੱਖਦੇ ਹੋਏ ਸਤਿਗੁਰੂ ਜੀ ਆਪਣੇ ਛੋਟੇ ਪੁੱਤਰ ਸ੍ਰੀ ਹਰਿਕ੍ਰਿਸ਼ਨ ਜੀ ਨੂੰ ਗੁਰਗੱਦੀ ਦੇ ਕੇ 6 ਅਕਤੂਬਰ 1661 ਈ: ਨੂੰ ਕੀਰਤਪੁਰ ਜੋਤੀ ਜੋਤਿ ਸਮਾ ਗਏ। ਮਗਰ, ਉਨ੍ਹਾਂ ਦੀ ਮਧੁਰਤਾ ਤੇ ਬੀਰਤਾ ਦੀ ਮਿਲਵੀਂ ਸ਼ਖਸੀਅਤ ਸਦਾ ਸਦਾ ਸਦਕੇ ਜਾਣ-ਯੋਗ ਹੈ, ਉਸ ਨੂੰ ਭੁਲਾਇਆ ਨਹੀਂ ਜਾ ਸਕਦਾ: ਐਸੇ ਗੁਰ ਕਉ ਬਲਿ ਬਲਿ ਜਾਈਐ, ਆਪਿ ਮੁਕਤੁ ਮੋਹਿ ਤਾਰੈ॥ (ਮ:੫/੧੩੦੧)