ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਛਕਣਾ

0
804

ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਛਕਣਾ

ਸ. ਅਮਰਜੀਤ ਸਿੰਘ-98157-03806

ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਛਕਣਾ ਗੁਰਸਿੱਖੀ ਦੇ ਤਿੰਨ ਸੁਨਹਿਰੀ ਅਸੂਲ ਹਨ। ਗੁਰੂ ਨਾਨਕ ਸਾਹਿਬ ਜੀ ਨੇ ਕਿਰਤ ਕਰਨ ਨੂੰ ਪਹਿਲਾ ਸਥਾਨ ਬਖ਼ਸ਼ਿਆ ਹੈ। ਕਿਰਤ ਕਰਨ ਨੂੰ ਨਾਮ ਜਪਣ ’ਤੋਂ ਵੀ ਪਹਿਲਾਂ ਰੱਖ ਕੇ ਸਿੱਖ ਧਰਮ ਵਿੱਚ ਹੱਥੀਂ ਕਿਰਤ ਕਰਨ ਨੂੰ ਤਰਜੀਹ ਦਿੱਤੀ ਗਈ ਹੈ। ਨਾਲ ਹੀ ਨਾਲ ਵਿਹਲੇ ਰਹਿਣ ਦੀ ਵਿਰੋਧਤਾ ਸੁੱਤੇ ਸਿੱਧ ਹੀ ਹੋ ਜਾਂਦੀ ਹੈ। ਨੇਕ ਤੇ ਸੁੱਚੀ ਕਿਰਤ ਕਰਨ ਵਾਲਾ ਇਨਸਾਨ ਕਿਸੇ ਦਾ ਮੁਹਤਾਜ ਨਹੀਂ ਹੁੰਦਾ। ਉਹ ਸਿਰਫ਼ ਨਾ ਆਪ ਇੱਜਤ ਕਮਾਉਂਦਾ ਹੈ ਬਲਕਿ ਦਸਵੰਧ ਦੀ ਯੋਗ ਵਰਤੋਂ ਕਰਕੇ ਦੁਸਰਿਆਂ ਲਈ ਵੀ ਮਦਦਗਾਰ ਬਣਦਾ ਹੈ। ਨੇਕ ਇੱਜਤ ਕਰਨ ਨਾਲ ਬੰਦੇ ਦੀ ਪਰਿਵਾਰ ਵਿੱਚ ਇੱਜਤ ਬਣਦੀ ਹੈ, ਵੰਡ ਛਕਣ ਨਾਲ ਸਮਾਜ ਵਿੱਚ ਜਸ ਖੱਟਦਾ ਹੈ ਤੇ ਨਾਮ ਜਪਣ ਨਾਲ ਸੱਚੇ ਰੱਬ ਦੇ ਦਰ ’ਤੇ ਪ੍ਰਵਾਨ ਹੁੰਦਾ ਹੈ। ਗੁਰਬਾਣੀ ਦਾ ਪਾਵਨ ਉਪਦੇਸ਼ ਹੈ: ‘‘ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ॥’’ (ਮ:੧/੧੨੪੫)

ਗੁਰੂ ਨਾਨਕ ਸਾਹਿਬ ਜੋ ਫ਼ੁਰਮਾਂਦੇ ਹਨ, ਉਹ ਪਹਿਲਾਂ ਆਪਣੇ ਜੀਵਨ ਵਿੱਚ ਕਰਕੇ ਦਸਦੇ ਹਨ। ਗੁਰੂ ਜੀ ਨੇ ਹਰ ਪ੍ਰਕਾਰ ਦੀ ਕਿਰਤ ਕੀਤੀ, ਘਰੇਲੂ ਕੰਮ ਕੀਤੇ, ਮੱਝਾਂ ਚਾਰੀਆਂ, ਵਾਪਾਰ ਕੀਤਾ, ਨੌਕਰੀ ਕੀਤੀ, ਅਖੀਰ ’ਤੇ 17 ਸਾਲ ਖੇਤੀਬਾੜੀ ਕਰਕੇ ਇਹ ਸਿਖਿਆ ਦਿਤੀ ਕਿ ਕੰਮ ਕੋਈ ਵੀ ਵੱਡਾ ਛੋਟਾ ਨਹੀਂ ਹੁੰਦਾ। ਕੰਮ ਕਰਕੇ ੳੂਚ-ਨੀਚ ਦੀ ਭੇਦਭਾਵ ਕਰਨਾ ਗਲਤ ਹੈ। ਗੁਰੂ ਨਾਨਕ ਜੀ ਨੇ ਕਿਰਤ ਦੀ ਮਹਾਨਤਾ ਉਜਾਗਰ ਕਰਦਿਆਂ ਮਲਕ ਭਾਗੋ ਦੀ ਕਮਾਈ ਨੂੰ ਹਰਾਮ ਦੀ ਕਮਾਈ ਦਸਦਿਆਂ ਉਸ ਦਾ ਭੋਜਨ ਛਕਣ ’ਤੋਂ ਇਨਕਾਰ ਕਰ ਦਿੱਤਾ ਤੇ ਭਾਈ ਲਾਲੋ ਜੀ ਦੀ ਦਸਾਂ ਨਹੁੰਆਂ ਦੀ ਕਿਰਤ ਨਾਲ ਤਿਆਰ ਕੀਤੀ ਕੋਧਰੇ ਦੀ ਰੋਟੀ ਨੂੰ ਉੱਤਮ ਸਮਝਿਆ ਤੇ ਐਲਾਨ ਕੀਤਾ ਕਿ ‘‘ਨੀਚਾ ਅੰਦਰਿ ਨੀਚ ਜਾਤਿ, ਨੀਚੀ ਹੂ ਅਤਿ ਨੀਚੁ॥ (ਮ:੧/੧੫)

ਜਦ ਮੂਲ ਮੰਤ੍ਰ ਵਿੱਚ ਹੀ ਗੁਰੂ ਸਾਹਿਬ ਅਕਾਲ ਪੁਰਖ ਨੂੰ ਕਰਤਾ ਪੁਰਖ ਲਿਖਦੇ ਹਨ ਤਾਂ ਸੱਚ ਮੁੱਚ ਅਕਾਲ ਪੁਰਖ ਸਭ ’ਤੋਂ ਵੱਡਾ ਕਿਰਤੀ ਹੈ। ਉਹ ਕਰਤਾ ਹੈ, ਹਰਤਾ ਹੈ, ਉਹ ਕਰਤਾ ਪੁਰਖ ‘‘ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ, ਮਾਇਆ ਜਿਨਿ ਉਪਾਈ॥’’ (ਮ:੧/੬) ਉਹ ਬਣਾਉਂਦਾ ਹੈ, ਢਾਹੁੰਦਾ ਰਹਿੰਦਾ ਹੈ। ਇਸ ਸੰਸਾਰ ਨੂੰ ਗੁਰੂ ਨਾਨਕ ਸਾਹਿਬ ਜੀ ‘‘ਨਾਨਕ ! ਸਚੇ ਕੀ ਸਾਚੀ ਕਾਰ॥’’ ਦਸਦੇ ਹਨ, ਪਰ ਅੱਜ ਦਾ ਧਰਮੀ ਅਖਵਾਉਂਣ ਵਾਲਾ ਧਰਮ ਦਾ ਠੇਕੇਦਾਰ ਜੋ ਪਹਿਲਾ ਕੰਮ ਕਰਦਾ ਹੈ ਉਹ ਇਹ ਕਿ ਉਹ ਕਿਰਤ ਦਾ ਤਿਆਗ ਕਰਦਾ ਹੈ। ਜੋ ਆਪ ਵਿਹਲਾ ਰਹਿ ਕੇ ਵਿਹਲੜਾਂ ਦੀ ਫੌਜ ਤਿਆਰ ਕਰੇ, ਉਸ ਦੇ ਵੱਡੇ ਧਰਮੀ ਹੋਣ ਦੀ ਨਿਸ਼ਾਨੀ ਹੈ, ਪਰ ਸਤਿਗੁਰੂ ਜੀ ਧਰਮ ਦੇ ਨਾਮ ’ਤੇ ਵਿਹਲੇ ਲੋਕਾਂ ਦਾ ਸਤਿਕਾਰ ਕਰਨ ’ਤੋਂ ਸਖ਼ਤੀ ਨਾਲ ਵਰਜਦੇ ਹਨ ਤੇ ਇਸ ਵਿਹਲੜ ਦੇ ਸਤਿਕਾਰ ਦੀ ਕੜੇ ਸ਼ਬਦਾਂ ਨਾਲ ਨਿਖੇਧੀ ਕਰਦੇ ਹਨ। ਪਾਵਨ ਫ਼ੁਰਮਾਨ ਹੈ ਕਿ: ‘‘ਗੁਰੁ ਪੀਰੁ ਸਦਾਏ, ਮੰਗਣ ਜਾਇ॥ ਤਾ ਕੈ, ਮੂਲਿ ਨ ਲਗੀਐ ਪਾਇ॥ ਘਾਲਿ ਖਾਇ, ਕਿਛੁ ਹਥਹੁ ਦੇਇ॥ ਨਾਨਕ! ਰਾਹੁ ਪਛਾਣਹਿ ਸੇਇ॥ (ਮ:੧/੧੨੪੫) ਬਲਕਿ ਗੁਰਬਾਣੀ ਤਾਂ ਕਿਰਤ ਕਰਦਿਆਂ ਉਸ ਪਿਆਰੇ ਦੀ ਯਾਦ ਨੂੰ ਕਿਵੇਂ ਮਨ ਵਿੱਚ ਵਸਾਉਣਾ ਹੈ, ਇਸ ਦੀ ਜਾਂਚ ਸਿਖਾਂਦੀ ਹੈ, ਗੁਰਬਾਣੀ ਦਸਦੀ ਹੈ: ‘‘ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਾਲਿ॥ ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ॥’’ (ਭਗਤ ਕਬੀਰ/੧੩੭੬) ਤੇ ਜਿਹੜਾ ਸਿੱਖ ਕਿਰਤ ਕਰਦਿਆਂ, ਨਾਮ ਸੰਭਾਲ ਵੀ ਕਰਦਾ ਹੈ ਉਸ ਦਾ ਇਹ ਲੋਕ ਵੀ ਸਫਲ ਅਤੇ ਪ੍ਰਲੋਕ ਵੀ ਸੁਹੇਲਾ ਬਣ ਜਾਂਦਾ ਹੈ: ‘‘ਈਹਾ ਖਾਟਿ ਚਲਹੁ ਹਰਿ ਲਾਹਾ, ਆਗੈ ਬਸਨੁ ਸੁਹੇਲਾ॥’’ (ਮ:੫/੧੩)

ਜਿਹੜਾ ਬੰਦਾ ਅਧਰਮ ਦੀ ਕਿਰਤ ਕਰਦਾ ਹੈ ਉਸ ਦੇ ਦੋਵੇਂ ਲੋਕ ਹੀ ਖਰਾਬ ਹੁੰਦੇ ਹਨ। ਨਾ ਇੱਥੇ ਢੋਈ ਨਾ ਉੱਥੇ। ਇਸੇ ਕਰਕੇ ਬਾਬਾ ਫ਼ਰੀਦ ਜੀ ਪ੍ਰੇਰਨਾ ਦੋਂਦੇ ਹਨ ਕਿ: ‘‘ਫਰੀਦਾ ਜਿਨ੍ੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ॥ ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ॥ (ਭਗਤ ਫਰੀਦ/੧੩੮੧)

ਚੰਗੇ ਵਿਹਾਰ ਸਦਕਾ ਹੀ ਬੰਦਾ ਸੁਚੱਜੇ ਤੌਰ ’ਤੇ ਰਹਿਣ ਦੇ ਕਾਬਲ ਬਣਦਾ ਹੈ। ਗੁਰਮੁਖਾਂ ਦੀ ਸੰਗਤ ਨਾਲ ਸਾਡੇ ਸੁਭਾਅ ’ਚੋਂ ਗੁੱਸਾ ਤੇ ਹੰਕਾਰ ਖ਼ਤਮ ਹੁੰਦਾ ਹੈ। ਅਸੀਂ ਨਿਮਰਤਾ ਦੇ ਧਾਰਨੀ ਬਣਦੇ ਹਾਂ। ਹੱਥੀਂ ਕਿਰਤ ਕਰਕੇ ਮਿਹਨਤ ਕਰਨਾ ਸਿਖਦੇ ਹਾਂ, ਵਿਹਲਪੁਣੇ ’ਤੋਂ ਛੁਟਕਾਰਾ ਮਿਲਦਾ ਹੈ। ਸਮਾਜ ਵਿੱਚ ਇੱਜਤ ਮਾਣ ਦੀ ਪ੍ਰਾਪਤੀ ਹੁੰਦੀ ਹੈ। ਇਕ ਵਾਰੀ ਕਿਰਤ ਕਰਨੀ, ਨਾਮ ਜਪਣ ਅਤੇ ਵੰਡ ਛਕਣ ਦੇ ਪਾਂਧੀ ਬਣਕੇ ਦੇਖੀਏ ਕਿ ਸਾਡੀ ਜਿੰਦਗੀ ਕਿੰਨੀ ਸੁਖਦ ਤੇ ਆਨੰਦਮਈ ਬਣ ਜਾਵੇਗੀ। ਜਦੋਂ ਮਾੜੇ ਕੰਮ ਛੱਡ ਕੇ ਚੰਗੇ ਕੰਮ ਕਰਾਂਗੇ ਤਾਂ ਸੱਚੇ ਸਾਹਿਬ ਦੇ ਦਰ ’ਤੇ ਵੀ ਪ੍ਰਵਾਨ ਹੋਵਾਂਗੇ ਫਿਰ ਇਹਨਾਂ ਬਚਨਾਂ ਨੂੰ ਕਮਾਉਣ ਦੇ ਯੋਗ ਹੋ ਸਕਾਂਗੇ: ‘‘ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ॥ ਧਿਆਇਦਿਆ ਤੂੰ ਪ੍ਰਭੂ ਮਿਲੁ, ਨਾਨਕ! ਉਤਰੀ ਚਿੰਤ॥’’ (ਮ: ੫/੫੨੨)