ਮਨਿ ਜੀਤੈ ਜਗੁ ਜੀਤੁ॥

0
2402

ਮਨਿ ਜੀਤੈ ਜਗੁ ਜੀਤੁ॥

ਬੀਬੀ ਮਨਰਾਜ ਕੌਰ-98555-61976

ਪਿਆਰੇ ਨਿੱਕਿਓ ਬੱਚਿਓ ! ਸੋਹਣਿਓ !

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ॥

ਜੇ ਤੁਸੀਂ ਆਪ ਜਪੁ ਜੀ ਸਾਹਿਬ ਦਾ ਪਾਠ ਕਰਦੇ ਹੋ ਤਾਂ ਬਹੁਤ ਵਧੀਆ ਗੱਲ ਹੈ ਪਰ ਜੇ ਤੁਸੀਂ ਘਰ ਦੇ ਕਿਸੇ ਵੱਡੇ ਜੀਅ ’ਤੋਂ ਸੁਣਦੇ ਹੋ ਤਾਂ ਵੀ ਬੜੀ ਚੰਗੀ ਗੱਲ ਹੈ। ਉਪਰ ਜਿਹੜੀ ਤੁਕ ਦਿੱਤੀ ਗਈ ਹੈ, ਇਹ ਜਪੁ ਜੀ ਸਾਹਿਬ ਵਿੱਚੋਂ ਹੀ ਹੈ। ਇਤਨਾ ਤਾਂ ਆਪਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਹੀ ਹੈ ਤੇ ਇਸ ਦਾ ਮਤਲਬ ਵੀ ਬੜਾ ਹੀ ਸਪੱਸ਼ਟ ਹੈ, ‘ਮਨ ਜਿੱਤ ਲੈਣ ਨਾਲ ਜੱਗ ਜਿੱਤ ਲਿਆ ਜਾਂਦਾ ਹੈ।’ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਮਨ ਅਲੱਗ ਚੀਜ਼ ਹੈ ਅਤੇ ਜੱਗ ਅਲੱਗ ਚੀਜ਼। ਮਨ ਮਨੁੱਖ ਦੇ ਅੰਦਰ ਹੈ ਅਤੇ ਜਗ ਬਿਲਕੁਲ ਬਾਹਰ। ਫਿਰ ਅੰਦਰਲਾ ਮਨ ਜਿੱਤ ਲੈਣ ਨਾਲ ਬਾਹਰਲਾ ਜੱਗ ਕਿਵੇਂ ਜਿੱਤਿਆ ਜਾ ਸਕਦਾ ਹੈ। ਇਸ ਦੀ ਉਦਾਹਰਣ ਅਸੀਂ ਇਸ ਕਹਾਣੀ ਵਿੱਚੋਂ ਦੇਖ ਸਕਦੇ ਹਾਂ।

ਪੁਨੀਤ ਸਿੰਘ ਪਿੰਡ ਦੇ ਸਰਕਾਰੀ ਸਕੂਲ ਵਿੱਚ ਅੱਠਵੀਂ ਜਮਾਤ ਵਿੱਚ ਪੜ੍ਹਦਾ ਸੀ। ਪੁਨੀਤ ਸਿੰਘ ਬੜਾ ਲਾਇਕ, ਆਗਿਆਕਾਰ, ਸਿਆਣਾ ਅਤੇ ਨਿਮਰਤਾ ਵਾਲੇ ਸੁਭਾਅ ਵਾਲਾ ਬੱਚਾ ਸੀ। ਬਹੁਤੇ ਸੋਹਣੇ ਨੰਬਰ ਲੈ ਕੇ ਸਕੂਲ ਵਿੱਚੋਂ ਫਸਟ ਆ ਕੇ ਬਲਕਿ ਕਲਾਸ ’ਚੋਂ ਵੀ ਫਸਟ ਆ ਕੇ ਨੌਂਵੀਂ ਕਲਾਸ ਵਿੱਚ ਚਲਾ ਗਿਆ। ਹੁਣ ਉਸ ਨੂੰ ਸਕੂਲ ਬਦਲ ਕੇ ਨੇੜਲੇ ਪਿੰਡ ਸੀਨੀਅਰ ਸਕੂਲ ਵਿਚ ਐਡਮਿਸ਼ਨ ਲੈਣੀ ਪਈ ਕਿਉਂਕਿ ਇਸ ਪਿੰਡ ਦਾ ਸਕੂਲ ਅੱਠਵੀਂ ਤੱਕ ਹੀ ਸੀ। ਨਵੇਂ ਪਿੰਡ, ਨਵਾਂ ਸਕੂਲ, ਨਵਾਂ ਮਾਹੌਲ, ਨਵੇਂ ਟੀਚਰ ਅਤੇ ਨਵੇਂ ਹੀ ਦੋਸਤ ਸਨ। ਪੁਨੀਤ ਸਿੰਘ ਨੂੰ ਕੁਝ ਕੁ ਦਿਨ ਓਪਰਾ ਲੱਗਾ ਪਰ ਫਿਰ ਆਪਣੇ ਮਿਲਾਪੜੇ ਸੁਭਾਉ ਅਤੇ ਗੁਣਾਂ ਕਾਰਣ ਉਸ ਦੀ ਸਭ ਨਾਲ ਦੋਸਤੀ ਬਣਨੀ ਸ਼ੁਰੂ ਹੋ ਗਈ। ਉਸ ਦੀ ਜਮਾਤ ਵਿੱਚ ਇਕ ਸੁਮੀਤ ਸਿੰਘ ਲੜਕਾ ਸੀ। ਜੋ ਤਿੰਨਾਂ ਕੁ ਸਾਲਾਂ ’ਤੋਂ ਇਸੇ ਹੀ ਜਮਾਤ ਵਿਚ ਸੀ, ਲਗਾਤਾਰ ਫ਼ੇਲ੍ਹ ਹੋ ਰਿਹਾ ਸੀ। ਸਾਰੇ ਟੀਚਰ ਉਸ ਨੂੰ ਝਿੜਕਦੇ ਰਹਿੰਦੇ। ਸਾਰੇ ਮੁੰਡੇ ਉਸ ਦਾ ਮਜ਼ਾਕ ਉਡਾਉਂਦੇ ਰਹਿੰਦੇ। ਉਹ ਉਦਾਸ ਹੋ ਕੇ ਪਿੱਛੇ ਬੈਠਾ ਰਹਿੰਦਾ ਤੇ ਨੀਵੀਂ ਪਾ ਕੇ ਜਾਂ ਤਾਂ ਕੁਝ ਲਿਖਦਾ ਜਾਂ ਰੋਂਦਾ ਰਹਿੰਦਾ। ਪੁਨੀਤ ਸਿੰਘ ਆਪਣੇ ਚੰਗੇ ਤੇ ਪਿਆਰੇ ਸੁਭਾਵ ਕਾਰਨ ਸਾਰਿਆਂ ਅੰਦਰ ਪ੍ਰਮਾਤਮਾ ਦੀ ਜੋਤ ਮੰਨਦਾ ਸੀ। ਉਸ ਦਾ ਖ਼ਿਆਲ ਸੀ ਕਿ ਕੋਈ ਵੀ ਮਨੁੱਖ ਗ਼ਲਤ ਨਹੀਂ ਹੁੰਦਾ। ਉਸ ਦਾ ਕੰਮ ਗ਼ਲਤ ਹੋ ਸਕਦਾ ਹੈ, ਸੋਚ ਗ਼ਲਤ ਹੋ ਸਕਦੀ ਹੈ ਤੇ ਇਸ ਸੋਚ ਨੂੰ ਤੇ ਕੰਮ ਨੂੰ ਤਾਂ ਠੀਕ ਕੀਤਾ ਜਾ ਸਕਦਾ ਹੈ। ਪੁਨੀਤ ਸਿੰਘ ਨੇ ਸੁਮੀਤ ਸਿੰਘ ਨਾਲ ਦੋਸਤੀ ਪਾਉਣ ਲਈ ਉਸ ਦੇ ਨਾਲ ਹੀ ਪਿੱਛੇ ਬੈਠਣਾ ਸ਼ੁਰੂ ਕਰ ਦਿੱਤਾ। ਫਿਰ ਸਾਂਝ ਵਧਣ ’ਤੇ ਉਸ ਨੇ ਉਸ ਦੇ ਫ਼ੇਲ੍ਹ ਹੋਣ ਦਾ ਕਾਰਨ ਜਾਣਨਾ ਚਾਹਿਆ। ਤਾਂ ਸੁਮੀਤ ਸਿੰਘ ਨੇ ਆਪਣੀ ਕਾਪੀ ਉਸ ਅੱਗੇ ਕਰ ਦਿੱਤੀ ਜਿਸ ਵਿੱਚ ਸੁਮੀਤ ਸਿੰਘ ਨੇ ਲਿਖਿਆ ਸੀ। ‘ਮੈਂ ਕੀ ਕਰਾਂ, ਮੇਰਾ ਪੜ੍ਹਨ ਨੂੰ ਦਿਲ ਨਹੀਂ ਕਰਦਾ। ਮੇਰੇ ਪਾਪਾ ਬੜੀ ਪੜ੍ਹਾਈ ਕਰਕੇ ਸਰਕਾਰੀ ਅਫ਼ਸਰ ਲੱਗੇ ਸਨ। ਮੰਮੀ ਜੀ ਵੀ ਵਧੀਆ ਸਰਕਾਰੀ ਨੌਕਰੀ ਕਰਦੇ ਹਨ, ਪਰ ਪਾਪਾ ਜੀ ਸ਼ਰਾਬ ਪੀਂਦੇ ਹਨ ਤੇ ਰਿਸ਼ਵਤ ਲੈਂਦੇ ਹਨ। ਮੰਮੀ ਜੀ ਵੀ ਆਪਣੇ ਮਹਿਕਮੇ ਵਿੱਚ ਰਿਸ਼ਵਤ ਲੈਣਾ ਆਪਣਾ ਹੱਕ ਸਮਝਦੇ ਹਨ। ਮੈਨੂੰ ਸਮਝ ਨਹੀਂ ਆਉਂਦੀ। ਜੇ ਪੜ੍ਹ ਲਿਖ ਕੇ ਅਸੀਂ ਜ਼ਿਆਦਾ ਬੇਈਮਾਨ ਹੀ ਬਣਨਾ ਹੈ, ਚਲਾਕੀਆਂ ਕਰਨੀਆਂ ਹੀ ਸਿਖਣੀਆਂ ਹਨ ਤਾਂ ਇਸ ਨਾਲੋਂ ਤਾਂ ਅਨਪੜ੍ਹ ਹੀ ਚੰਗੇ ਹਾਂ। ਬਸ ਜਦ ’ਤੋਂ ਇਹ ਗੱਲ ਮੈਨੂੰ ਪਤਾ ਲੱਗੀ ਹੈ ਮੇਰਾ ਪੜ੍ਹਨ ਨੂੰ ਦਿਲ ਨਹੀਂ ਕਰਦਾ। ਪੜ੍ਹਾਈ ਵਿੱਚ ਮਨ ਨਹੀਂ ਲੱਗਦਾ। ਪਿਛਲੇ ਤਿੰਨ ਸਾਲ ’ਤੋਂ ਮੰਮੀ ਤੇ ਡੈਡੀ ਦੀ ਡਾਂਟ ਤੇ ਮਾਰ ਖਾ ਕੇ ਰੋਜ਼ ਸਕੂਲ ਆਉਂਦਾ ਹਾਂ। ਇੱਥੇ ਫਿਰ ਡਾਂਟ ਤੇ ਮਾਰ ਖਾਂਦਾ ਹਾਂ। ਘਰ ਜਾ ਕੇ ਫਿਰ ਇਹੀ ਕੁਝ ਪਰ ਮੈਂ ਪੜ੍ਹਨਾ ਨਹੀਂ ਚਾਹੁੰਦਾ।’

ਇਹ ਸਾਰਾ ਕੁਝ ਪੜ੍ਹ ਕੇ ਪੁਨੀਤ ਸਿੰਘ ਦਾ ਮਨ ਭਰ ਆਇਆ ਪਰ ਆਪਣਾ ਆਪ ਸੰਭਾਲਦਿਆਂ ਉਸ ਨੇ ਸੁਮੀਤ ਸਿੰਘ ਨੂੰ ਗਲਵਕੜੀ ਵਿੱਚ ਲੈ ਕੇ ਬਹੁਤ ਪਿਆਰ ਕੀਤਾ ਅਤੇ ਕਿਹਾ, ਵੀਰੇ! ਇਹ ਤਾਂ ਕੋਈ ਗਲ ਨਹੀਂ। ਤੁਹਾਡੇ ਮਾਤਾ ਤੇ ਪਿਤਾ ਜੋ ਕਰ ਰਹੇ ਹਨ ਬੇਸ਼ੱਕ ਉਹ ਗ਼ਲਤ ਹੈ ਅਤੇ ਤੁਹਾਡੇ ਕੋਮਲ ਮਨ ਨੂੰ ਬਹੁਤ ਚੋਟ ਪਹੁੰਚੀ ਹੈ, ਪਰ ਪੜ੍ਹਾਈ ਛੱਡ ਦੇਣਾ ਤਾਂ ਇਸ ਦਾ ਕੋਈ ਹੱਲ ਨਹੀਂ ਹੈ।’

ਸੁਮੀਤ ਸਿੰਘ ਦਾ ਮਨ ਬਹੁਤ ਭਰਿਆ। ਇਸ ਤਰ੍ਹਾਂ ਪਿਆਰ ਨਾਲ ਉਸ ਨਾਲ ਪਿਛਲੇ ਤਿੰਨ ਸਾਲ ’ਤੋਂ ਕਿਸੇ ਨੇ ਗੱਲ ਨਹੀਂ ਕੀਤੀ ਸੀ। ਉਹ ਪੁਨੀਤ ਸਿੰਘ ਦੇ ਗਲ ਲੱਗ ਕੇ ਰੋਣ ਲੱਗ ਪਿਆ। ਪੁਨੀਤ ਸਿੰਘ ਨੇ ਪਿਆਰ ਨਾਲ ਚੁਪ ਕਰਵਾਇਆ ਤੇ ਹੌਂਸਲਾ ਦਿੰਦਿਆਂ ਕਿਹਾ, ਵੀਰੇ ਸੁਮੀਤ ਸਿੰਘ ਜੀ! ਤੁਸੀਂ ਆਪਣਾ ਮਨ ਪੱਕਾ ਕਰੋ। ਆਪਣਾ ਮੂਲ ਪਛਾਣੋ। ਨਿਰਾਸ਼ ਹੋਣਾ ਗੁਰਸਿੱਖ ਦਾ ਕੰਮ ਨਹੀਂ। ਤੁਹਾਡੇ ਨਾਮ ਨਾਲ ਸਿੰਘ ਲੱਗਾ ਹੈ। ਗੁਰੂ ਨਾਨਕ ਸਾਹਿਬ ਦੇ ਬੱਚੇ ਹੋ ਤੁਸੀਂ ਤੇ ਨਿਰਾਸ਼ਾ ਸ਼ੋਭਾ ਨਹੀਂ ਦਿੰਦੀ।’

ਸੁਮੀਤ ਸਿੰਘ: ਮੈਂ ਕੀ ਕਰਾਂ! ਮੈਨੂੰ ਕੋਈ ਹੱਲ ਦਿਖਾਈ ਨਹੀਂ ਦਿੰਦਾ। ਮੈਨੂੰ ਕੋਈ ਹੱਲ ਦਿਖਾਈ ਨਹੀਂ ਦਿੰਦਾ।

ਪੁਨੀਤ ਸਿੰਘ: ਹੱਲ ਹੈ ਵੀਰੇ! ਦੁਨੀਆਂ ਦੀ ਹਰ ਮੁਸ਼ਕਿਲ ਦਾ ਹੱਲ ਹੈ। ਤੁਸੀਂ ਪੂਰੇ ਮਨ ਨਾਲ ਪੜ੍ਹਾਈ ਕਰੋ। ਮਾਤਾ ਤੇ ਪਿਤਾ ਦੀ ਤਰ੍ਹਾਂ ਵੱਡੇ ਅਫ਼ਸਰ ਬਣੋ ਪਰ ਬੇਈਮਾਨੀ ਤੇ ਰਿਸ਼ਵਤ ਖ਼ੋਰੀ ਨਾ ਕਰੋ ਸਗੋਂ ਈਮਾਨਦਾਰੀ ਦੀ ਐਸੀ ਮਿਸਾਲ ਬਣੋ ਕਿ ਦੂਜੇ ਵੀ ਤੁਹਾਡੇ ’ਤੋਂ ਪ੍ਰੇਰਣਾ ਲੈਣ।

ਸੁਮੀਤ ਸਿੰਘ: ਗੱਲ ਤਾਂ ਠੀਕ ਹੈ ਪਰ ਮੈਂ ਹੁਣ ਬਹੁਤ ਪਿਛੜ ਗਿਆ ਹਾਂ। ਇਹ ਹੁਣ ਮੁਸ਼ਕਿਲ ਹੈ।

ਪੁਨੀਤ ਸਿੰਘ: ਕੁਝ ਵੀ ਮੁਸ਼ਕਿਲ ਨਹੀਂ। ਮੈਂ ਤੁਹਾਡੇ ਨਾਲ ਹਾਂ। ਆਪਾਂ ਰਲ਼ ਕੇ ਪੜ੍ਹਾਈ ਕਰਾਂਗੇ ਤੇ ਇਸ ਸਾਲ ਤੁਸੀਂ ਬਹੁਤ ਵਧੀਆ ਨੰਬਰ ਲੈ ਕੇ ਅਗਲੀ ਕਲਾਸ ’ਚ ਚੜ੍ਹੋਗੇ ਫਿਰ ਆਪੇ ਸਭ ਠੀਕ ਹੋ ਜਾਵੇਗਾ।

ਸੁਮੀਤ ਸਿੰਘ: ਠੀਕ ਹੈ ਵੀਰੇ! ਜੇ ਤੁਸੀਂ ਇਤਨੀ ਹਿੰਮਤ ਦਿਵਾਉਂਦੇ ਹੋ ਤਾਂ ਮੈਂ ਵੀ ਤਿਆਰ ਹਾਂ।

ਪੁਨੀਤ ਸਿੰਘ: ਸ਼ਾਬਾਸ਼ ਵੀਰੇ! ਹੁਣ ਦੇਖਣਾ ਸਭ ਕੁਝ ਕਿਵੇਂ ਬਦਲਦਾ ਹੈ।

ਸੁਮੀਤ ਸਿੰਘ ਨੇ ਪੁਨੀਤ ਸਿੰਘ ਦੀ ਪ੍ਰੇਰਣਾ ਨਾਲ ਦਿਨ ਰਾਤ ਇਕ ਕਰ ਦਿੱਤਾ। ਸਾਰਾ ਧਿਆਨ ਆਪਣਾ ਜੀਵਨ ਬਣਾਉਣ ਅਤੇ ਪੜ੍ਹਨ ਨੂੰ ਸਮਰਪਿਤ ਕਰ ਦਿੱਤਾ। ਪੁਨੀਤ ਸਿੰਘ ਦੇ ਕਹਿਣ ਤੇ ਅੰਮਿ੍ਰਤ ਛੱਕ ਕੇ ਗੁਰੂ ਵਾਲਾ ਵੀ ਬਣ ਗਿਆ। ਪੜ੍ਹਾਈ ਪੂਰੀ ਕਰਕੇ ਇੱਕ ਵੱਡਾ ਸਰਕਾਰੀ ਅਫ਼ਸਰ ਬਣ ਗਿਆ। ਵਕਤ ਬਦਲਿਆ। ਉਸ ਦੇ ਮਾਤਾ ਪਿਤਾ ਵੀ ਉਸ ਦੀ ਇਮਾਨਦਾਰੀ ਦੇ ਕਾਇਲ ਹੋਏ ਤੇ ਉਸ ’ਤੋਂ ਆਪਣੀ ਪਿਛਲੀ ਜ਼ਿੰਦਗੀ ਵਿੱਚ ਕੀਤੀ ਗ਼ਲਤੀ ਦੀ ਮਾਫ਼ੀ ਮੰਗੀ। ਪਰ ਸੁਮੀਤ ਸਿੰਘ ਨੇ ਕਿਹਾ, ਜੋ ਹੋ ਗਿਆ ਸੋ ਹੋ ਗਿਆ। ਅੱਜ ’ਤੋਂ ਗੁਰੂ ਵਾਲੇ ਬਣ ਕੇ ਆਪਣੇ ਆਪ ਨੂੰ ‘ਸਰਬੱਤ ਦੇ ਭਲੇ’ ਲਈ ਸਮਰਪਿਤ ਕਰ ਸਕਦੇ ਹੋ ਤੇ ਨਾਲ ਹੀ ਉਸ ਨੇ ਪੁਨੀਤ ਸਿੰਘ ਨੂੰ ਫ਼ੋਨ ਕਰਕੇ ਬੁਲਾ ਲਿਆ ਤੇ ਮਾਤਾ ਪਿਤਾ ਨਾਲ ਮਿਲਵਾ ਕੇ ਕਿਹਾ ‘ਮੇਰੇ ਇਸ ਵੀਰ ਨੇ ਜੇ ਮੈਨੂੰ ਮਨ ਜਿੱਤਣ ਦੀ ਪ੍ਰੇਰਣਾ ਨਾ ਕੀਤੀ ਹੁੰਦੀ ਤਾਂ ਮੈਂ ਨਿਰਾਸ਼ਾ ਦੇ ਮਾਹੌਲ ਵਿੱਚ ਹੀ ਖ਼ਤਮ ਹੋ ਜਾਣਾ ਸੀ।’

ਅੱਜ ਮੈਨੂੰ ਗੁਰਬਾਣੀ ਦੀ ਇਹ ਤੁਕ ‘‘ਮਨਿ ਜੀਤੈ ਜਗੁ ਜੀਤੁ’’ ਦੀ ਸਮਝ ਇਸ ਵੀਰ ਕਰਕੇ ਆਈ ਹੈ।