‘ਅੰਨੇ ਗੁਰੂ ਦੇ ਚੇਲੇ’
ਹਰਦੇਵ ਸਿੰਘ, ਜੰਮੂ
ਗੁਰੂ ਨਾਨਕ ਦੇਵ ਜੀ ਨੇ ਇਕ ਸੰਸਾਰਕ ਵਾਸਤਵਿਕਤਾ ਨੂੰ ਆਪਣੀ ਇਲਾਹੀ ਬਾਣੀ ਅੰਦਰ ਇੰਝ ਦ੍ਰਿਸ਼ਟਮਾਨ ਕੀਤਾ ਹੈ:-
ਕੇਤੇ ਗੁਰ ਚੇਲੇ ਫੁਨਿ ਹੂਆ॥ ਕਾਚੇ ਗੁਰ ਤੇ ਮੁਕਤਿ ਨ ਹੂਆ॥ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੯੩੨)
ਭਾਵ ਕਈਂ ਗੁਰੂ ਅਤੇ ਉਨਾਂ ਦੇ ਕਈਂ ਚੇਲੇ ਹੁੰਦੇ ਹਨ ਪਰ ਕੱਚੇ ਗੁਰੂ ਰਾਹੀਂ ਮੁੱਕਤੀ ਦੀ ਪ੍ਰਾਪਤੀ ਸੰਭਵ ਨਹੀਂ।
ਸਿੱਖ ਮਨਮੁਖ ਹੋ ਜਾਏ ਤਾਂ ਅੰਨਾ (ਅਗਿਆਨੀ), ਜੇ ਬੰਦਾ ਕੱਚੇ ਗੁਰੂ ਦੇ ਸਨਮੁਖ ਹੋਵੇ ਤਾਂ ਵੀ ਅੰਨਾ ! ਜੇ ਕਰ ਬੰਦਾ ਕਿਸੇ ਅੰਨੇ (ਅਗਿਆਨੀ) ਗੁਰੂ ਦੇ ਲੜ ਲਗਾ ਹੋਵੇ ਤਾਂ ਗੁਰੂ ਨਾਨਕ ਦੇਵ ਜੀ ਉਚਾਰਦੇ ਹਨ:- ਗੁਰੂ ਜਿਨਾ ਕਾ ਅੰਧੁਲਾ ਚੇਲੇ ਨਾਹੀ ਠਾਉ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੫੮)
ਸੰਖੇਪ ਭਾਵ ਅਰਥ ਕਿ ਜਿਨਾਂ ਦਾ ਗੁਰੂ (ਆਪ ਹੀ ਮਾਇਆ ਦੇ ਮੋਹ ਵਿਚ) ਅੰਨਾਂ ਹੋ ਗਿਆ ਹੋਵੇ, ਉਹਨਾਂ ਚੇਲਿਆਂ ਨੂੰ (ਆਤਮਕ ਸੁਖ ਦਾ) ਥਾਂ-ਟਿਕਾਣਾ ਨਹੀਂ ਲੱਭ ਸਕਦਾ।ਅੰਨੇ ਗੁਰੂ ਦੇ ਸਿੱਖਾਂ, ਭਾਵ ਚੇਲਿਆਂ ਦੇ ਜੀਵਨ ਦੀ ਕਾਰ ਵੀ ਅੰਨੀਂ ਹੁੰਦੀ ਹੈ।
ਬਾਣੀ ਦਾ ਫੁਰਮਾਨ ਹੈ:- ਗੁਰੂ ਜਿਨਾ ਕਾ ਅੰਧਲਾ ਸਿਖ ਭੀ ਅੰਧੇ ਕਰਮ ਕਰੇਨਿ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੯੫੧)
ਗੁਰੂ ਅਖਵਾਉਂਦੇ ਐਸੇ ਬੰਦੇਆਂ ਬਾਰੇ ਗੁਰੂ ਸਾਹਿਬ ਉਚਾਰਦੇ ਹਨ:-ਗੁਰੂ ਸਦਾਏ ਅਗਿਆਨੀ ਅੰਧਾ ਕਿਸੁ ਉਹ ਮਾਰਗਿ ਪਾਏ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੪੯੧)
ਸੰਖੇਪ ਭਾਵ, ਕਿ ਜੇਹੜਾ ਮਨੁੱਖ ਆਪ ਤਾਂ ਗਿਆਨ ਤੋਂ ਸੱਖਣਾ ਹੈ, ਆਪ ਤਾਂ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਪਿਆ ਹੈ, ਪਰ ਆਪਣੇ ਆਪ ਨੂੰ ਗੁਰੂ ਅਖਵਾਂਦਾ ਹੈ ਉਹ ਕਿਸੇ ਹੋਰ ਨੂੰ (ਸਹੀ ਜੀਵਨ ਦੇ) ਰਸਤੇ ਉਤੇ ਨਹੀਂ ਪਾ ਸਕਦਾ।
ਇਸ ਥਾਂ ਦੋ ਸਥਿਤੀਆਂ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ।
ਪਹਿਲੀ ਇਹ ਕਿ ਗੁਰਮਤਿ ਅਨੁਸਾਰ ਜੋ ਸਿੱਖ ਆਪਣੇ ਸਤਿਗੁਰੂ ਤੋ ਬੇਮੁੱਖ ਰਹੇ ਉਹ ਅੰਨਾ ਹੁੰਦਾ ਹੈ। ਮਸਲਨ:-
ਬਿਨੁ ਗੁਰ ਅੰਧੁਲੇ ਧੰਧੁ ਹੋਇ॥ ਮਨੁ ਗੁਰਮੁਖਿ ਨਿਰਮਲ ਮਲੁ ਸਬਦਿ ਖੋਇ॥ ( ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੧੧੭੦)
ਦੂਜੀ ਇਹ ਕਿ ਜੋ ਬੰਦਾ ਕਿਸੇ ਅੰਨੇ ਗੁਰੂ ਨੂੰ ਸਮਰਪਤ ਹੋ ਜਾਏ ਤਾਂ ਉਹ ਵੀ ਅੰਨਾਂ ਹੂੰਦਾ ਹੈ, ਅਤੇ ਅੰਨੇ ਗੁਰੂ ਤੇ ਨਿਸ਼ਠਾ ਕਾਰਣ ਉਸ ਦੇ ਅੰਦਰੋਂ ਭਰਮੁ ਦਾ ਹਨੇਰਾ ਨਹੀਂ ਮਿਟਦਾ। ਮਸਲਨ:- ਅੰਧੇ ਗੁਰੂ ਤੇ ਭਰਮੁ ਨ ਜਾਈ ( ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੨੩੨)
ਗੁਰੂ ਗ੍ਰੰਥ ਸਾਹਿਬ ਜੀ ‘ਅਗਿਆਨ’ ਨੂੰ ਅੰਧਕਾਰ ਅਤੇ ‘ਅਗਿਆਨੀ’ ਨੂੰ ਅੰਧਾ/ਅੰਨਾ ਕਰਕੇ ਸਮਝਾਉਂਦੇ ਹਨ।ਸੰਸਾਰ ਵਿਚ ਗਿਆਨ ਹੈ। ਕਿਸੇ ਅਪਵਾਦ ਤੋਂ ਪਰੇ ਹਰ ਮਨੁੱਖ ਦੇ ਅੰਦਰ ਗਿਆਨ ਹੁੰਦਾ ਹੈ। ਐਸੀ ਸੂਰਤ ਵਿਚ ਸਵਾਲ ਉੱਠਦਾ ਹੈ ਕਿ ਜੇ ਕਰ ਹਰ ਮਨੁੱਖ ਦੇ ਅੰਦਰ ਗਿਆਨ ਹੈ ਤਾਂ ‘ਅਗਿਆਨੀ’ ਦੀ ਪਰਿਭਾਸ਼ਾ ਕੀ ਹੈ? ਮਨੁੱਖ ਦੇ ਸੰਧਰਭ ਵਿਚ, ਕਿਸੇ ਵਿਸ਼ੇ ਵਿਸ਼ੇਸ਼ ਤੇ, ਕਿਸੀ ਵਿਸ਼ੇਸ਼ ਜਾਣਕਾਰੀ ਦੇ ਨਾ ਹੋਂਣ ਦੀ ਸਥਿਤੀ, ‘ਅਗਿਆਨ’ ਕਹੀ ਜਾਂਦੀ ਹੈ ਅਤੇ ‘ਅਗਿਆਨੀ’ ਦੀ ਪਰਿਭਾਸ਼ਾ, ਪ੍ਰਕ੍ਰਿਤੀ ਵਿਚ ਬਿਖਰੇ ਗਿਆਨ ਤੋਂ ਅਣਜਾਣ ਹੋਂਣ, ਅਤੇ ਸੰਚਿਤ ਗਿਆਨ ਦੀ ਗਲਤ ਵਰਤੋਂ ਦੀ ਸਥਿਤੀ ਨਾਲ ਪਰਿਭਾਸ਼ਤ ਹੁੰਦੀ ਹੈ।
ਅੰਨੇ ਗੁਰੂ ਤੇ ਵਿਸ਼ਵਾਸ ਅੰਧ ਵਿਸ਼ਵਾਸ ਹੁੰਦਾ ਹੈ।ਜਿਵੇਂ ਕਿ ਕਿਸੇ ਅੰਨੇ ਨੇ ਭਾਰੀ ਟ੍ਰੇਫਿਕ ਵਾਲੀ ਬਹੂਤ ਚੌੜੀ ਸੜਕ ਪਾਰ ਕਰਨ ਲਈ ਆਪਣਾ ਹੱਥ ਕਿਸੇ ਅੰਨੇ ਦੇ ਹੱਥ ਦੇ ਦਿੱਤਾ ਹੋਵੇ। ਇਹ ਅੰਧ ਵਿਸ਼ਵਾਸ ਜਾਨਲੇਵਾ ਹੈ।ਪਰ ਜੇ ਕਰ ਕੋਈ ਅੰਨਾ ਮਨੁੱਖ ਜੀਵਨ ਭਵਸਾਗਰ ਪਾਰ ਕਰਨ ਲਈ ਆਪਣਾ ਹੱਥ ਸਤਿਗੁਰੂ ਦੇ ਹੱਥ ਦੇ ਦੇਵੇ ਤਾਂ ਉਹ ਸਿੱਖ ਹੋ ਕੇ ਜੀਵਨ ਦੇ ਕਈਂ ਪੱਖਾਂ ਤੋਂ ਪਾਰ ਲੰਗ ਜਾਂਦਾ ਹੈ। ਇਹ ਭਰੌਸਾ ਹੈ ਵਿਸ਼ਵਾਸ ਹੈ।
ਕਹਿੰਦੇ ਹਨ ਅੰਧ ਵਿਸ਼ਵਾਸ ਬੁਰਾ ਹੁੰਦਾ ਹੈ।ਇਹ ਕਥਨ ਸਹੀ ਹੈ ਪਰ ਸਰਵਕਾਲਕ ਸੱਤਿਯ ਨਹੀਂ।ਕਿਉਂਕਿ ਜੇ ਕਰ ਕੋਈ ਸਿੱਖ, ਗੁਰੂ ਦੀ ਮਤਿ ਨੂੰ ਪੂਰੀ ਤਰਾਂ ਨਾ ਸਮਝਦੇ ਹੋਏ ਵੀ, ਕੁੱਝ ਪੱਖੋਂ, ਗੁਰੂ ਤੇ ਵਿਸ਼ਵਾਸ ਕਰ ਕੇ ਤੁਰੇ ਤਾਂ ਇਹ ਵੀ ਇਕ ਪ੍ਰਕਾਰ ਦਾ ਅੰਧ ਵਿਸ਼ਵਾਸ ਹੀ ਹੈ, ਜੋ ਗੁਰੂ ਤੇ ਸਮਰਪਣ ਲਈ ਲਾਜ਼ਮੀ ਹੁੰਦਾ ਹੈ। ਕਈਂ ਚਤੁਰ-ਸਿਆਣੇ ਪਰਖ ਕੇ ਸਿੱਖ ਬਣਦੇ ਹਨ ਕਈਂ ਸਿੱਖ ਬਣ ਕੇ ਸਿੱਖਦੇ ਹਨ।ਯਾਨੀ ਪਹਿਲਾਂ ਵਿਸ਼ਵਾਸ ਫਿਰ ਅਭਿਯਾਸ ! ਕਹਿੰਦੇ ਹਨ ਕਿ ਕਈਂ ਵਾਰ ਜੀਵਨ ਪਰਖਣ ਵਿਚ ਹੀ ਨਿਕਲ ਜਾਂਦਾ ਹੈ ਪਿਆਰ ਲਈ ਸਮਾਂ ਹੀ ਨਹੀਂ ਬੱਚਦਾ। ੫੦ ਸਾਲਾ ਸ਼ਾਦੀ-ਸੂਦਾ ਜੀਵਨ ਬਤੀਤ ਕਰਨ ਵਾਲੇ ਬਜ਼ੂਰਗ ਦੰਪਤੀ, ਆਪਣੇ ਜੀਵਨ ਦੇ ਅੰਤਲੇ ਸਮੇਂ ਬਹੂਤ ਮਾਯੁਸ ਹੋ ਗਏ। ਕਿਸੇ ਨੇ ਇਸ ਆਲਮ ਦਾ ਕਾਰਣ ਪੁੱਛਿਆ ਤਾਂ ਕਹਿਣ ਲਗੇ “੫੦ ਸਾਲ ਇਕ ਦੂਜੇ ਨੂੰ ਪਰਖਦੇ ਹੋਏ ਨੁਕਤਾਚੀਨੀ ਵਿਚ ਨਿਕਲ ਗਏ।ਹੁਣ ਅਹਿਸਾਸ ਹੋਇਆ ਹੈ ਕਿ ਪਿਆਰ ਭਰੀ ਸਾਂਝ ਪਾਉਂਣ ਦਾ ਸਮਾਂ ਹੀ ਨਾ ਮਿਲਿਆ” ਖ਼ੈਰ ! ਗੁਰੂ ਨਾਲ ਪਿਆਰ ਗੁਰੂ ਪ੍ਰਤੀ ਸਮਰਪਣ ਤੋਂ ਉਪਜਦਾ ਹੈ। ਵਿਸ਼ਵਾਸ ਨਾਲ ਆਪਣੀ ਮਤ ਗੁਰੂ ਨੂੰ ਸੋਂਪ ਕੇ !
ਅਖਾਂ ਤੋਂ ਅੰਨੇ ਦਾ ਵਿਸ਼ਵਾਸ ਕਈਂ ਥਾਂ ਅੰਨਾ ਹੁੰਦਾ ਹੈ। ਅੰਧਲੇ ਦਿਆਂ ਅਖਾਂ ਨੂੰ ਤਾਂ ਕੇਵਲ ਅੰਧਕਾਰ ਦੀ ਹੀ ਪਰਖ ਹੁੰਦੀ ਹੈ।ਅਖਾਂ ਤੋਂ ਅੰਨਾ ਲਿਖਾਰੀ ਜਾਂ ਬੁਲਾਰਾ, ਗੁਲਾਬ ਦੀ ਸੁੰਦਰਤਾ ਅਤੇ ਪ੍ਰਕ੍ਰਿਤੀ ਦੇ ਰੰਗਾ ਦਾ ਜ਼ਿਕਰ ਕਰੇ ਤਾਂ ਇਹ ਉਸ ਲਈ ਅੰਧ ਵਿਸ਼ਵਾਸ ਹੀ ਹੈ ਕਿ, ਜਿਸ ਸੁੰਦਰਤਾ, ਜਿਸ ਰੰਗ ਨੂੰ ਉਸਨੇ ਕਦੇ ਵੇਖਿਆ ਪਰਖਿਆ ਨਹੀਂ, ਉਹ ਉਸ ਤੇ ਵਿਸ਼ਵਾਸ ਕਰਕੇ, ਉਸ ਨੂੰ ਸੁੰਦਰ ਲਿਖਦਾ-ਬਿਆਨ ਕਰਦਾ ਹੈ।ਇਹ ਅੰਧ ਵਿਸ਼ਵਾਸ ਮਾੜਾ ਹੈ ? ਅਗਿਆਨ ਹੈ ? ਅੰਨਾ ਸੜਕ ਪਾਰ ਕਰਨ ਲਈ ਜਿਸ ਵੇਲੇ ਆਪਣਾ ਹੱਥ ਕਿਸੇ ਅਖਾਂ ਵਾਲੇ ਦੇ ਹੱਥ ਦਿੰਦਾ ਹੈ ਤਾਂ ਇਹ ਅੰਧ ਵਿਸ਼ਵਾਸ ਹੀ ਹੁੰਦਾ ਹੈ। ਪਰ ਇਹ ਗਲਤ ਨਹੀਂ ਕਿਉਂਕਿ ਜਿਸ ਤੇ ਅੰਧ ਵਿਸ਼ਵਾਸ ਕੀਤਾ ਗਿਆ ਹੈ ਉਹ ਅੰਨਾ ਨਹੀਂ! ਗਲਤ ਤਾਂ ਇਹ ਹੈ ਕਿ ਅੰਨਾ ਬੰਦਾ ਸੜਕ ਪਾਰ ਕਰਨ ਵੇਲੇ ਕਿਸੇ ਅੰਨੇ ਤੇ ਹੀ ਵਿਸ਼ਵਾਸ ਕਰ ਲੇਵੇ, ਜਿਵੇਂ ਕਿ ਗੁਰੂ ਸਾਹਿਬ ਫਰਮਾਉਂਦੇ ਹਨ :-ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ ( ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੯੫੪)
ਭਾਵ, ਜੇ ਕੋਈ ਅੰਨਾਂ ਮਨੁੱਖ (ਕਿਸੇ ਹੋਰ ਨੂੰ) ਰਾਹ ਦੱਸੇ ਤਾਂ (ਉਸ ਰਾਹ ਉਤੇ) ਉਹੀ ਤੁਰਦਾ ਹੈ ਜੋ ਆਪ ਅੰਨਾਂ ਹੋਵੇ; ਹੇ ਨਾਨਕ! ਸੁਜਾਖਾ ਮਨੁੱਖ (ਅੰਨੇ ਦੇ ਆਖੇ) ਕੁਰਾਹੇ ਨਹੀਂ ਪੈਂਦਾ ।
ਪਰ ਉਹ ਅੰਨਾ ਸਿਆਣਾ ਹੈ, ਜੋ ਹੈ ਤਾਂ ਅੰਨਾ, ਪਰ ਤੁਰਨ ਲਈ ਆਪਣਾ ਹੱਥ ਕਿਸੇ ਦੇਖ ਸਕਣ ਵਾਲੇ ਦੇ ਹੱਥ ਦਿੰਦਾ ਹੈ, ਅਤੇ ਜਿਵੇਂ ਉਹ ਉਸ ਨੂੰ ਤੋਰਦਾ ਹੈ, ਉਹ ਵਿਸ਼ਵਾਸ ਕਰਕੇ, ਤੁਰਦਾ ਜਾਂਦਾ ਹੈ। ਉਹ ਪਾਸ ਹੋਰ ਚਾਰਾ ਨਹੀਂ, ਤੇ ਤੋਰਨ ਵਾਲਾ ਵੀ ਇਹ ਨਹੀਂ ਕਹਿ ਸਕਦਾ ਕਿ ਭਾਈ ਤੂ ਪਹਿਲਾਂ ਆਪ ਵੇਖ ਤਾਂ ਮੇਰਾ ਕਿਹਾ ਮੰਨ ਕੇ ਚਲ!ਹੁਣ ਮਾਨਸਿਕ ਰੂਪ ਤੋਂ ਅੰਨੇ ਨੇ ਕਿਵੇਂ ਚਲਣਾ ਹੈ ? ਨਿਰਸੰਦੇਹ: ਗੁਰੂ ਤੇ ਭਰੋਸੇ ਨਾਲ !
ਸਿੱਖ ਗੁਰੂ ਸਾਹਿਬ ਨੂੰ ਪਰਖ ਕੇ ਪਿਆਰ ਪਾਵੇ ਤੇ ਇਹ ਕਹੇ ਕਿ ਮੈਂ ਇਸ ਲਈ ਗੁਰੂ ਦਾ ਸਿੱਖ ਹਾਂ ਕਿਉਂਕਿ ਮੈਂ ਇਸ ਨੂੰ ਪਰਖਿਆ ਹੈ, ਤਾਂ ਇਸ ਵਿਚ ਕੋਈ ਮਾੜੀ ਗਲ ਨਹੀਂ।ਪਰ ਸਿੱਖ ਗੁਰੂ ਨਾਲ ਪਿਆਰ ਪਾਵੇ, ਤੇ ਇਹ ਕਹੇ ਕਿ ਮੈਂ ਇਸ ਲਈ ਗੁਰੂ ਦਾ ਸਿੱਖ ਹਾਂ ਕਿਉਂਕਿ ਇਹੀ ਮੇਰਾ ਗੁਰੂ ਹੈ, ਤਾਂ ਇਹ ਗਲ ਵੀ ਕੋਈ ਘੱਟ ਸੁਆਦਲੀ ਨਹੀਂ ਬਲਕਿ ਜ਼ਿਆਦਾ ਸੁਆਦਲੀ ਹੈ।ਮੇਰੇ ਬੀਜੀ ਗੁਰਬਾਣੀ ਪੜਦੇ ਸੀ ਪਰ ਸਮਝਦੇ ਘਟ ਸੀ। ਪੁਸਤਕ ਪਠਨ ਨਾ ਦੇ ਬਰਾਬਰ ! ਹਮੇਸ਼ਾ ਕਹਿੰਦੇ ਸਨ ਕਿ ਗੁਰੂ ਗ੍ਰੰਥ ਸਾਹਿਬ ਵਿਚ ਅਥਾਹ ਗਿਆਨ ਹੈ। ਮੈਂ ਪੜ ਕੇ ਵੇਖਿਆ ਕਿ ਜੋ ਕੁੱਝ ਬੀਜੀ ਵਿਸ਼ਵਾਸ ਤੇ ਆਸਰੇ ਕਹਿੰਦੇ ਸੀ ਸੱਚ ਕਹਿੰਦੇ ਸੀ। ਮੈਂ ਤੁਰ ਕੇ ਜਿੱਥੇ ਪੁੱਜਾ ਬੀਜੀ ਉੱਥੇ ਪਹਿਲਾਂ ਹੀ ਪੁੱਜੇ ਹੋਏ ਸੀ।ਕੋਈ ਸਿਆਣਾ ਇਸ ਨੂੰ ਵੀ ਅੰਧ ਵਿਸ਼ਵਾਸ ਕਹੇਗਾ ਕਿ ਭਾਈ ਬਿਨਾ ਸਮਝੇ ਵਿਸ਼ਵਾਸ ਕਿਉਂ ਕਰਨਾ ? ਕੋਸ਼ਿਸ ਤਾਂ ਬਹੂਤ ਚੰਗੀ ਗਲ ਹੈ ਪਰ ਅਕਾਲ ਪੁਰਖ ਦੀ ਬਖਸ਼ੀ ਬੁੱਧ ਸਮਰਥਾ ਨਾਲ ਕੋਣ ਲੜੇ ?
ਹੁਣ ਅੰਧ ਵਿਸ਼ਵਾਸ ਨਾ ਕਰਨ ਵਾਲੇ ੧੦ ਸਿਆਣੇਆਂ ਵਿਚੋਂ ਲਗਬਗ ੮ ਸਿਆਣੇਆਂ ਦੀ ਰਾਏ ਕਿਸੇ ਨੁਕਤੇ ਤੇ ਵੱਖੋ ਵੱਖ ਹੋਵੇ ਤਾਂ ਕੀ ਇਸ ਦਾ ਅਰਥ ਇਹ ਨਾ ਹੋਇਆ ਕਿ ਉਨਾਂ ਵਿਚੋਂ ਬਹੂਤੇ ਅੰਧ ਵਿਸ਼ਵਾਸੀ ਹਨ ? ਕਿਉਂਕਿ ਜਿਸ ਨੂੰ ਉਹ ਸੱਚ ਮੰਨ ਰਹੇ ਹਨ ਉਹ ਸੱਚ ਨਹੀਂ ਬਲਕਿ ਉਨਾਂ ਦਾ ਆਪਣਾ-ਆਪਣਾ ਵਿਸ਼ਵਾਸ ਹੈ ਜਿਸ ਤੇ ਉਨਾਂ ਨੂੰ ਅੰਨਾ ਯਕੀਨ ਹੈ।ਗੁਰੂ ਤੇ ਅੰਧ ਵਿਸ਼ਵਾਸ ਮਾੜਾ ਤੇ ਆਪਣੀ ਬੁੱਧ ਤੇ ਕੀਤਾ ਅੰਧ ਵਿਸ਼ਵਾਸ ਚੰਗਾ ?
ਆਪਣੇ ਗੁਰੂ ਦੇ ਸਨਮੁੱਖ ਕਈਂ ਪੱਖੋਂ ਅਸੀਂ ਅੰਨੇ ਹਾਂ।ਸਿਆਣੇ ਆਪਣੇ-ਆਪਣੇ ਹਿਸਾਬ ਨਾਲ ਹਰ ਪੱਖ ਪਰਖ ਕੇ ਵਿਸ਼ਵਾਸ ਕਰਦੇ ਹਨ ਤੇ ਕਹਿੰਦੇ ਹਨ ਅਸੀਂ ਅੰਧ ਵਿਸ਼ਵਾਸੀ ਨਹੀਂ।ਉਨਾਂ ਦੀ ਸਿਆਣਪ ਮੁਬਾਰਕ ਹੈ! ਫਿਰ ਇਸ ਵਿਚ ਕੀ ਬੁਰਾ ਹੈ ਕਿ ਵਿਸਮਾਦੁ ਦੇ ਕੁੱਝ ਪੱਖਾਂ ਨੂੰ ਸਮਝਣ ਵਿਚੋਂ ਅਸਮਰਥ ਮੇਰੇ ਵਰਗਾ ਅੰਧ ਵਿਸ਼ਵਾਸੀ, ਗੁਰੂ ਸਨਮੁਖ, ਆਪਣੀ ਸਿਆਣਪ ਦੀ ਔਕਾਤ ਨੂੰ ਸਮਝਦੇ ਹੋਏ, ਬਿਨਾਂ ਪਰਖੇ ਆਪਣਾ ਹੱਥ ਉਸ ਗੁਰੂ ਦੇ ਹੱਥ ਵਿਚ ਦੇ ਦੇਵੇ ਜਿਸ ਤੇ ਇਨਾਂ ਸਿਆਣੇਆਂ ਨੂੰ ਵਿਸ਼ਵਾਸ ਹੈ ?