ਅਨੰਦਪੁਰੀ ਸੋਚ ਬਨਾਮ ਨਾਗਪੁਰੀ ਸੋਚ

0
337

ਅਨੰਦਪੁਰੀ ਸੋਚ ਬਨਾਮ ਨਾਗਪੁਰੀ ਸੋਚ

ਸ. ਅਮਰਜੀਤ ਸਿੰਘ (ਵਾਇਸ ਚੇਅਰਮੈਨ) -98157-03806

ਸੰਨ 84 ਦਾ ਨੀਲਾਤਾਰਾ ਸਾਕਾ ਕਰਕੇ ਵੀ ਸਰਕਾਰ ਦੇ ਪੱਲੇ ਨਮੋਸ਼ੀ ਅਤੇ ਹਾਰ ਪਈ ਤਾਂ ਉਸ ਪਿੱਛੇ ਦੋ ਕਾਰਨ ਸਨ . ਪਹਿਲਾ ਸਾਰੀ ਸਿੱਖ ਕੌਮ ਇਕਜੁੱਟ ਸੀ ਤੇ ਦੂਜਾ ਸਿੱਖਾਂ ਦੀ ਸੋਚ ਵਿੱਚ ਅਕਾਲ ਤਖ਼ਤ ਜਿਉਂਦਾ ਸੀ. ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਸ਼ਹੀਦ ਕਰਕੇ ਸਰਕਾਰ ਸੋਚਦੀ ਸੀ ਕਿ ਹੁਣ ਸਿੱਖ ਅਕਾਲ ਤਖ਼ਤ ਤੋਂ ਦੂਰ ਹੋ ਜਾਣਗੇ ਅਤੇ ਹੁਣ ਅਕਾਲ ਤਖ਼ਤ ਤੋਂ ਸਿੱਖ ਰੌਸ਼ਨੀ ਨਹੀਂ ਲੈ ਸਕਣਗੇ.ਪਰ ਸਰਕਾਰ ਦੇ ਅੰਦਾਜ਼ੇ ਗ਼ਲਤ ਨਿਕਲੇ ਤੇ ਸਿੱਖ ਮਜ਼ਬੂਤੀ ਨਾਲ ਗੁਰ ਗ੍ਰੰਥ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਦੀ ਸ਼ਰਨ ਵਿੱਚ ਜੁੜੇ ਰਹੇ.

ਹੁਣ ਨਾਗਪੁਰੀ ਸੋਚ ਨੇ ਹੋਰ ਤਿਵਰਤਾ ਨਾਲ ਸੋਚਨਾ ਸ਼ੁਰੂ ਕੀਤਾ ਉਹਨਾਂ ਨੂੰ ਸਮਝ ਆ ਗਈ ਕਿ ਸਿੱਖਾਂ ਨੂੰ ਗੁਰੂ ਨਾਲੋਂ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਿਖੇੜੇ ਬਿਨਾਂ ਨਾਗਪੁਰੀ ਸੋਚ ਨੂੰ ਕਾਮਯਾਬੀ ਹਾਸਿਲ ਨਹੀ ਹੋ ਸਕਦੀ ਸੀ .ਉਹਨਾਂ ਨੇ ਸਿੱਖਾਂ ਤੇ ਪੰਜਾਬ ਦਾ ਘਾਣ ਕਰਨ ਲਈ ਚੌਤਰਫ਼ਾ ਹਮਲੇ ਸ਼ੁਰੂ ਕੀਤੇ, ਅਚਾਨਕ ਹੀ ਪੰਜਾਬ ਵਿੱਚ ਡੇਰਾਵਾਦ ਤੇ ਗੁਰੂ ਡੰਮ ਦੀ ਹਨੇਰੀ ਝੁੱਲਣ ਲੱਗ ਪਈ, ਕਦੀ ਸੌਦਾ ਸਾਧ, ਕਦੀ ਆਸ਼ੂਤੋਸ਼ ਅਤੇ ਹੋਰ ਸਿੱਖੀ ਭੇਖ ਵਿੱਚ ਖੁੰਬਾਂ ਵਾਂਗ ਬਾਬੇ ਪੈਦਾ ਹੋ ਗਏ ਕਿ ਆਮ ਸਿੱਖਾਂ ਨੂੰ ਇਹ ਡੇਰੇ ਹੀ ਅਸਲੀ ਗੁਰੂ ਘਰ ਲੱਗਣ ਲੱਗ ਪਏ,.ਗੁਰੂ ਤੇ ਸਿੱਖ ਵਿਚਾਲੇ ਇੱਕ ਵਿਚੋਲਾ ਖੜਾ ਹੋ ਗਿਆ ‘ਨਾਗਪੁਰੀਆਂ ਦਾ ਏਜੰਟ’।

ਇਸ ਦੇ ਨਾਲ ਹੀ ਸਿੱਖ ਕੌਮ ਵਿੱਚ ਨਵੇਂ-ਨਵੇਂ ਵਿਵਾਦ ਪੈਦਾ ਹੋਣੇ ਸ਼ੁਰੂ ਹੋ ਗਏ, ਕਦੀ ਦਸਮ ਦਾ ਵਿਵਾਦ, ਕਦੀ ਰਾਗਮਾਲਾ, ਕਦੀ ਮਹਲਾ-ਮਹੱਲਾ ਦਾ ਵਿਵਾਦ, ਕਦੀ ਕੋਈ ਤੇ ਕਦੀ ਕੋਈ। ਬਹੁਤ ਜਲਦੀ ਉਹ ਲੋਕ ਇੰਨੇ ਕਾਮਯਾਬ ਹੋ ਗਏ ਕਿ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਹੀ ਨਾਗਪੁਰ ਤੋਂ ਜਾਰੀ ਕਰਵਾਉਣ ਵਿੱਚ ਕਾਮਯਾਬ ਹੋ ਗਏ।

ਪਰ ਆਨੰਦਪੁਰੀ ਸੋਚ ਵੀ ਸਤਿਗੁਰ ਜੀ ਦੇ ਓਟ-ਆਸਰੇ ਦਾ ਸਦਕਾ ਜਾਗਦੀ ਸੀ। ਸਿੱਖਾਂ ਦੇ ਜਾਗਦੇ ਹੋਣ ਦਾ ਸਬੂਤ ਸੀ ਕਿ ਉਹਨਾਂ ਇਕੋ ਹੰਭਲੇ ਨਾਲ ਨਾਨਕਸ਼ਾਹੀ ਕੈਲੰਡਰ ਅਪਨਾਅ ਕੇ ਨਾਗਪੁਰੀ ਜੁੱਲਾ ਲਾਹ ਕੇ ਪਰ੍ਹਾਂ ਮਾਰਿਆ। ਸਿੱਖਾਂ ਨੇ ਦੁਨੀਆ ਸਾਹਮਨੇ ਆਪਣੀ ਆਜ਼ਾਦ ਹਸਤੀ ਦਾ ਪ੍ਰਗਟਾਵਾ ਕਰਨ ਦਾ ਇਕ ਨਿੱਗਰ ਯਤਨ ਕੀਤਾ ਪਰ ਨਾਗਪੁਰੀਆਂ ਨੂੰ ਇਹ ਗੱਲ ਕਿਵੇਂ ਹਜ਼ਮ ਹੁੰਦੀ, ਉਹ ਤਾਕਤਾਂ ਹਾਰ ਕਿਵੇਂ ਮੰਨ ਲੈਂਦੀਆਂ, ਸਿੱਖੀ ਦੇ ਭੇਸ ਵਿੱਚ ਜੋ ਉਹਨਾਂ ਘੁੱਸਪੈਠ ਕਰਵਾਈ ਸੀ, ਉਹ ਫ਼ੌਜ ਕਦੋਂ ਕੰਮ ਆਉਣੀ ਸੀ, ਉਹਨਾਂ ਨੇ ਨਾਨਕਸ਼ਾਹੀ ਕੈਲੰਡਰ ਵਾਲੇ ਬ੍ਰਹਮਅਸਤਰ ਨੂੰ ਫ਼ੇਹਲ ਕਰਨ ਲਈ ਐਸੀ ਚਾਲ ਚੱਲੀ ਕਿ ਨਾਨਕਸ਼ਾਹੀ ਕੈਲੰਡਰ ਦੇ ਪਰਖਚੇ ਉਡਾਕੇ ਕੌਮ ਨੂੰ ਮੁੜ ਤੋਂ ਨਾਗਪੁਰੀ ਸੋਚ ਦੀ ਗੁਲਾਮੀ ਦੇ ਰਾਹੇ ਪਾ ਦਿੱਤਾ।

ਤੀਜਾ ਹਮਲਾ ਸਿੱਖ ਕੌਮ ਦੀ ਜਵਾਨੀ ਤੇ ਨਸ਼ਿਆਂ ਰਾਹੀਂ ਕੀਤਾ ਗਿਆ। ਗੁਜਰਾਤ, ਰਾਜਸਥਾਨ ਜਿੱਥੇ ਨਾਗਪੁਰੀ-ਸੋਚ ਦਾ ਰਾਜ ਸੀ, ਦੇ ਰਸਤੇ ਸਿਰਫ਼ ਤੇ ਸਿਰਫ਼ ਪੰਜਾਬ ਵਿੱਚ ਹੀ ਨਸ਼ਿਆਂ ਦਾ ਐਸਾ ਹੜ ਲਿਆਂਦਾ ਕਿ ਸਧਾਰਨ ਸਿੱਖ, ਕੌਮੀ ਮੁੱਦੇ ਭੁੱਲ ਕੇ ਅਪਨਾ ਘਰ ਸੰਭਾਲਨ ਵਿੱਚ ਹੀ ਉਲਝ ਗਿਆ। ਘਰ-ਘਰ ਵਿੱਚ ਨਸ਼ਾ ਪਹੁੰਚਾ ਕੇ ਸਿੱਖਾਂ ਦੀ ਨਸਲਕੁਸ਼ੀ ਕਰਨ ਦੀ ਘਿਨਾਉਣੀ ਚਾਲ ਵਿੱਚ ਨਾਗਪੁਰੀ ਸੋਚ ਪੂਰੀ ਤਰ੍ਹਾਂ ਕਾਮਯਾਬ ਹੋ ਗਈ।

ਅੱਜ ਹਾਲਤ ਇਹ ਹੈ ਕਿ ਡੇਰੇਵਾਦ ਪਿੱਛੇ ਲੱਗ ਕੇ ਸਿੱਖ ਗੁਰੁ ਤੋਂ ਦੂਰ ਹੋ ਰਿਹਾ ਹੈ। ਕੁੱਝ ਮੁੱਦਿਆਂ ਤੇ ਸਿੱਖਾਂ ਨੂੰ ਆਪਸ ਵਿੱਚ ਐਸਾ ਭੜਕਾ ਦਿੱਤਾ ਗਿਆ ਕਿ ਸਿੱਖਾਂ ਲਈ ਪਹਿਲਾ ਤੇ ਆਖਰੀ ਦੁਸ਼ਮਨ ਸਿੱਖ ਹੀ ਹੈ। ਨਸ਼ਿਆਂ ਵਿੱਚ ਗ਼ਲਤਾਨ ਪੰਜਾਬੀ ਜਵਾਨ ਅਗੋਂ ਔਲਾਦ ਪੈਦਾ ਕਰਨ ਜੋਗਾ ਵੀ ਨਹੀਂ ਰਹਿ ਰਿਹਾ। ਹਰ ਸਿੱਖ ਦੂਜੇ ਸਿੱਖ ਨੂੰ ਸ਼ੱਕ ਦੀ ਨਿਗ਼ਾਹ ਨਾਲ ਦੇਖਦਾ ਹੈ। ਧਾਰਮਿਕ ਤੌਰ ਤੇ ਅਸੀਂ ਇੰਨੀਆਂ ਜਮਾਤਾਂ ਵਿੱਚ ਵੰਡੇ ਪਏ ਹਾਂ ਕਿ ਆਪਸ ਵਿੱਚ ਹੀ ਧੀਆਂ ਭੈਣਾਂ ਦੀਆਂ ਗਾਹਲਾਂ ਨੈਟ ਤੇ ਇੱਕ ਦੂਜੇ ਨੂੰ ਕੱਢ ਰਹੇ ਹਾਂ।

‘ਦੁਸ਼ਮਨ ਬਾਤ ਕਰੇ ਅਨਹੋਣੀ।’

ਦੁਸ਼ਮਨ ਕਾਮਯਾਬ ਹੋ ਗਿਆ, ਸਿੱਖ ਇੱਕ ਵੱਖਰੀ ਕੌੰਮ ਦੀ ਮੰਗ, ਅੰਨਦਪੁਰ ਦਾ ਮਤਾ, ਰਾਜਾਂ ਲਈ ਵੱਧ ਅਧਿਕਾਰਾਂ ਦੀ ਮੰਗ, ਚੰਡੀਗੜ੍ਹ ਦਾ ਮਸਲਾ, ਪਾਨੀਆਂ ਦਾ ਮਸਲਾ ਆਦਿ ਇਸ ਸਾਰੇ ਤੋਂ ਤਾਂ ਨਵੀਂ ਪੀੜੀ ਨੂੰ ਜਾਣੂੰ ਹੀ ਨਹੀ ਹੋਣ ਦਿੱਤਾ ਗਿਆ। ਅੱਜ ਸਾਨੂੰ ਉਲਝਾ ਦਿੱਤਾ ਗਿਆ ਮਿਸ਼ਨਰੀਆਂ ਤੇ ਟਕਸਾਲੀਆਂ ’ਚ, ਦਸਮ ਹਮਾਇਤੀਆਂ ਤੇ ਵਿਰੋਧੀਆਂ ’ਚ, ਕੈਲੰਡਰਾਂ ਦੇ ਵਿਵਾਦਾਂ ’ਚ ਅਤੇ ਸਭ ਤੋਂ ਘਾਤਕ ਬਿਮਾਰੀ ਨਸ਼ਿਆਂ ਦੀ ਦਲਦਲ ਵਿੱਚ।

ਅੱਜ ਪੰਜਾਬ ਵਿੱਚ ਕਈ ਨਗਰਾਂ ’ਚ ਨੌਜਵਾਨ ਲੜਕੀਆਂ ਨੂੰ ਵੀ ਨਸ਼ਿਆਂ ਦੀ ਅਜਿਹੀ ਲਤ ਲੱਗੀ ਹੈ ਕਿ ਉਹ ਨਸ਼ੇ ਖਾਤਿਰ ਅਪਨੀ ਇਜ਼ਤ ਦਾ ਸੌਦਾ ਕਰਨ ਲਈ ਵੀ ਤਿਆਰ ਹੋ ਜਾਂਦੀਆਂ ਹਨ। ਅਣਖ ਜੋ ਪੰਜਾਬ ਦੀ ਪਹਿਚਾਨ ਸੀ, ਨਾਗਪੁਰੀ ਨਾਗ ਉਹ ਵੀ ਨਿਗਲ ਗਿਆ।

ਕੀ ਹੋ ਗਿਆ ਮੇਰੀ ਕੌਮ ਨੂੰ? ਕੀ ਅਸੀਂ ਇਸੇ ਤਰ੍ਹਾਂ ਪਾਟੋਧਾੜ ਹੋ ਕੇ ਨਾਗਪੁਰੀਆਂ ਦੇ ਹੱਥੋਂ ਬੇਪੱਤ ਹੁੰਦੇ ਰਹਾਂਗੇ? ਅਨੰਦਪੁਰੀ ਗੈਰਤ ਵਾਲੀ ਸੋਚ ਗ਼ੁਲਾਮ ਹੋ ਕੇ ਜੀਵੇਗੀ? ਕੀ ਸਾਡੀ ਵੱਖਰੀ ਹੌਂਦ ਨੂੰ ਮਿਟਾੳਣ ਲਈ ਚਲ ਰਹੇ ਕੁਹਾੜੇ ਦਾ ਹੱਥਾ ਅਸੀਂ ਆਪ ਹੀ ਬਣਦੇ ਰਹਾਂਗੇ? ਮਿੰਨਤ ਹੈ, ਜੋਦੜੀ ਹੈ, ਤਰਲਾ ਹੈ ਕੌਮ ਦੇ ਆਗੂਆਂ ਤੇ ਧਾਰਮਿਕ ਰਹਿਨੁਮਾਵਾਂ ਅੱਗੇ ਕਿ ‘‘ਹੋਇ ਇਕਤ੍ਰ ਮਿਲਹੁ ਮੇਰੇ ਭਾਈ! ਦੁਬਿਧਾ ਦੂਰਿ ਕਰਹੁ, ਲਿਵ ਲਾਇ॥ ਹਰਿ ਨਾਮੈ ਕੇ ਹੋਵਹੁ ਜੋੜੀ, ਗੁਰਮੁਖਿ ਬੈਸਹੁ ਸਫਾ ਵਿਛਾਇ॥’’ (ਮ:੫/੧੧੮੫)

ਆਓ, ਵਿਵਾਦ ਵਾਲੇ ਮੁੱਦੇ ਬਹਿ ਕੇ ਹੱਲ ਕਰੀਏ ਪਰ ਪਹਿਲਾਂ ਨਾਗਪੁਰੀ ਹਮਲੇ ਦਾ ਮੁਕਾਬਲਾ ਕਰਨ ਲਈ ਇੱਕ ਜੁੱਟ ਹੋਈਏ। ਛੱਡੀਏ ਨਾਗਪੁਰੀਆਂ ਦੀ ਗ਼ੁਲਾਮੀ ਕਰਨਾਂ, ਸਿਰਫ਼ ਗੁਰੂ ਗ੍ਰੰਥ ਸਾਹਿਬ ’ਤੇ ਭਰੋਸਾ ਰੱਖੀਏ, ਆਪਨੇ ਨਿਸ਼ਾਨੇ ਦੀ ਪਹਿਚਾਨ ਕਰਕੇ, ਉਸ ਨੂੰ ਹਾਸਿਲ ਕਰਨ ਲਈ ਹੰਭਲਾ ਇੱਕ ਜੁੱਟ ਹੋ ਕੇ ਮਾਰੀਏ। ਦਸ਼ਮੇਸ਼ ਪਿਤਾ ਅਨੰਦਪੁਰੀ ਸੋਚ ਲਈ ਹਰ ਵੇਲੇ ਅਗਵਾਈ ਤੇ ਅਸੀਸਾਂ ਬਖਸ਼ਨਗੇ ਜੀ।