ਨਮਸਕਾਰ ਗੁਰਦੇਵ ਕੋ; ਸਤਿਨਾਮ, ਜਿਸ ਮੰਤ੍ਰ ਸੁਣਾਇਆ।

0
838

ਨਮਸਕਾਰ ਗੁਰਦੇਵ ਕੋ; ਸਤਿਨਾਮ, ਜਿਸ ਮੰਤ੍ਰ ਸੁਣਾਇਆ।

ਬੀਬੀ ਸਤਨਾਮ ਕੌਰ, ਮੁੰਬਈ-098197-93357

ਅਸੀਂ ਸਾਰੇ ਅੱਖਾਂ ਬੰਦ ਕਰੀਏ ਅਤੇ ਖ਼ਿਆਲੀ ਕਲਪਨਾ ਕਰੀਏ ਕਿ ਅਸੀਂ ਸਾਰੇ ਸੱਚਖੰਡ ਹਜ਼ੂਰ ਸਾਹਿਬ ਦੇ ਦਰਬਾਰ ’ਚ ਬੈਠੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਹਮਣੇ ਪ੍ਰਕਾਸ਼ ਕੀਤਾ ਹੋਇਆ ਹੈ। ਸਰਬੰਸ਼ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੱਥਾ ਟੇਕਿਆ ਤੇ ਸਾਰੀ ਸੰਗਤ ਨੂੰ ਹੁਕਮ ਕੀਤਾ: ‘ਆਗਿਆ ਭਈ ਅਕਾਲ ਕੀ, ਤਬੈ ਚਲਾਇਯੋ ਪੰਥ, ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓ ਗ੍ਰੰਥ।’

ਸਾਰੀ ਸੰਗਤ ਨੇ ਮੱਥਾ ਟੇਕਿਆ ਤੇ ਪ੍ਰਣ ਕੀਤਾ: ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ! ਤੁਸੀਂ ਸਾਡੇ ਸ਼ਬਦ ਗੁਰੂ ਹੋ, ਤੁਸੀਂ ਸਾਡੇ ਗਿਆਨ ਗੁਰੂ ਹੋ। ਤੁਮਹਿ ਛਾਡਿ, ਕੋਈ ਅਵਰ ਨ ਧ੍ਯਾਊ॥ ਜੋ ਬਰ ਚਾਹੌ ਸੁ ਤੁਮ ਤੇ ਪਾਊ॥ ਭਾਵ ਹੇ ਗੁਰੂ ਜੀ! ਆਪ ਜੀ ਨੂੰ ਛੱਡ ਕਿ ਮੈਂ ਹੋਰ ਕਿਸੇ ਦਰ ਨਾ ਜਾਵਾਂ ਅਤੇ ਜੋ ਵੀ ਮੈਨੂੰ ਜ਼ਰੂਰਤ ਹੈ ਆਪ ਜੀ ਦੇ ਦਰ ਤੋਂ ਹੀ ਪ੍ਰਾਪਤ ਕਰਾਂ।

ਗੁਰੂ ਦਾ ਅਰਥ: ਜੋ ਅਗਿਆਨਤਾ ਦਾ ਹਨੇਰਾ ਦੂਰ ਕਰੇ, ਜੋ ਆਤਮ ਤੱਤ ਦੀ ਪਹਿਚਾਨ ਕਰਾਵੇ, ਧਾਰਮਿਕ ਅਧਿਆਪਕ ਆਦਿ।

ਗੁਰੂ ਦੀ ਜ਼ਰੂਰਤ: ਸੰਸਾਰ ਦੇ ਸਾਰੇ ਕੰਮ ਸਹੀ ਸਲਾਮਤ ਸੰਪੂਰਨ ਕਰਨ ਲਈ ਗਿਆਨ ਦੀ ਅਤਿ ਜ਼ਰੂਰਰ ਹੈ ਜਿਵੇਂ ਪੋਸਟਿਕ ਭੋਜਨ ਤਿਆਰ ਕਰਨਾ, ਲਾਭਕਾਰੀ ਵਾਪਾਰਕ ਧੰਦਾ ਬਣਾਉਣਾ, ਤਰੁਟੀ ਰਹਿਤ ਡਰਾਇਵਿੰਗ ਕਰਨੀ, ਕੋਈ ਤਕਨੀਕ ਮਸ਼ੀਨਰੀ ਤਿਆਰ ਕਰਨੀ ਆਦਿ। ਇਉਂ ਹੀ ਸ਼ਾਂਤੀ, ਖੁਸ਼ਹਾਲ, ਸਹਿਜ, ਗੰਭੀਰ ਆਦਿ ਗੁਣਾਂ ਨਾਲ ਭਰਪੂਰ ਅਰੋਗ ਜਿੰਦਗੀ ਬਤੀਤੀ ਕਰਨ ਲਈ ਸਾਨੂੰ ਇੱਕ ਸਫਲ ਪੂਰਨ ਗੁਰੂ ਜੀ ਦੇ ਗਿਆਨ ਦੀ ਬਹੁਤ ਹੀ ਜ਼ਰੂਰਤ ਹੈ। ਉਹ ਰੱਬੀ (ਗੁਰੂ) ਗਿਆਨ ਇੱਕ ਗੁਰਸਿੱਖ ਲਈ ਗੁਰੂ ਗ੍ਰੰਥ ਸਾਹਿਬ ਜੀ ’ਚ ਮੌਜੂਦ ਹੈ, ਦਰਜ ਹੈ। ਸਿੱਖ ਸਮਾਜ ਲਈ 10 ਸਰੀਰਕ ਜਾਮਿਆਂ ਰਾਹੀਂ ਅਜਿਹੇ ਗੁਰੂ ਜੀ ਅਗਵਾਈ ਕਰਦੇ ਰਹੇ ਸਨ/ਹਨ। ਜਿਨ੍ਹਾਂ ਦਾ ਜੀਵਨ ਸਰਬ ਕਲਾ ਸਮਰਥ ਸ਼ਕਤੀਸਾਲੀ, ਸ਼ਾਂਤੀ ਦੇ ਪੁੰਜ, ਅਨੰਦ ਭਰਪੂਰ ਜੀਵਨ ਬਖ਼ਸ਼ਸ਼ ਕਰਨ ਵਾਲੇ ਹਨ।

ਗੁਰੂ ਸਾਹਿਬਾਨਾਂ ਦੇ ਨਾਮ ਅਤੇ ਭਾਵ: (1). ਗੁਰੂ ਨਾਨਕ ਦੇਵ ਜੀ- ਅਧਿਆਤਮਕ ਅਤੇ ਸਮਾਜਕ ਸੁਖ ਸਰੂਪ, ਸਦੀਵੀ ਖੁਸ਼ੀਆਂ ਬਖ਼ਸ਼ਣ ਵਾਲੇ।

(2) ਗੁਰੂ ਅੰਗਦ ਦੇਵ ਜੀ- ਹੁਕਮ ਦਾ ਪਾਲਣ ਕਰਨ ਤੇ ਕਰਵਾਉਣ ’ਚ ਸਮਰਥ ਸ਼ਖਸੀਅਤ।

(3) ਗੁਰੂ ਅਮਰਦਾਸ ਜੀ- ਅਨੇਕਾਂ ਸਮਾਜਕ ਬੰਧਨਾਂ ਨੂੰ ਤੋੜਨਵਾਲੇ ਤੇ ਇਸਤ੍ਰੀ ਜਾਤੀ ਦਾ ਮਸੀਹਾ।

(4) ਗੁਰੂ ਰਾਮਦਾਸ ਜੀ-ਨਿਮ੍ਰਤਾ ਦੇ ਝਰਨੇ, ਮੁਜੱਸਮੇ।

(5) ਗੁਰੂ ਅਰਜੁਨ ਦੇਵ ਜੀ-ਗਿਆਨ ਦੇ ਸਮੁੰਦਰ ਤੇ ਭਾਣਾ ਮੰਨਣ ਦੀ ਉਦਾਹਰਨ।

(6) ਗੁਰੂ ਹਰਗੇਬਿੰਦ ਸਾਹਿਬ ਜੀ-ਮੀਰੀ (ਸਮਾਜਕ ਦੁਸਟਾਂ ਦਾ ਨਾਸ਼ ਕਰਨਾ) ਅਤੇ ਪੀਰੀ (ਅਧਿਆਤਮਕ ਵਿਕਾਰਾਂ ’ਤੇ ਸਫਲਤਾ ਪੂਰਨ ਜਿੱਤ ਪ੍ਰਾਪਤ ਕਰਨ ਵਾਲੇ) ਮਹਾਂਬਲੀ ਜੋਧੇ।

(7). ਗੁਰੂ ਹਰਿ ਰਾਇ ਸਾਹਿਬ ਜੀ-ਪਰਿਵਾਰਕ ਮੋਹ ਤੋਂ ਉਪਰਾਮ ਸ਼ਖਸੀਅਤ।

(8) ਗੁਰੂ ਹਰਕ੍ਰਿਸ਼ਨ ਸਾਹਿਬ ਜੀ-ਸਰੀਰਕ ਰੋਗੀਆਂ (ਕੋੜੀਆਂ) ਦੇ ਮਸੀਹਾ।

(9) ਗੁਰੂ ਤੇਗ ਬਹਾਦਰ ਸਾਹਿਬ ਜੀ- ਬਹਾਦਰ ਵੀਰ ਤੇ ਹਿੰਦ ਦੀ ਚਾਦਰ (ਹਿੰਦੂ ਸੰਸਕ੍ਰਿਤੀ ਦੇ ਰਖਿਅਕ)

(10) ਸਰਬੰਸ਼ ਦਾਨੀ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ-‘ਨਾ ਕਹੂੰ ਅਬ ਕੀ, ਨਾ ਕਹੂੰ ਤਬ ਕੀ। ਅਗਰ ਹੋਤੇ ਨਾ ਗੁਰੂ ਗੋਬਿੰਦ ਸਿੰਘ, ਸੁੰਨਤ ਹੋਤੀ ਸਭ ਕੀ।’

ਗੁਰੂ ਸਾਹਿਬਾਨਾਂ ਦੀ ਸਰੀਰਕ ਉਪਮਾ ਕੀਤੀ : ਗੁਰੂ ਅਰਜਨ ਦੇਵ ਜੀ, ਭੱਟ ਕਵੀ ਸਾਹਿਬਾਨਾਂ, ਦਸਮੇਸ ਪਿਤਾ, ਭਾਈ ਗੁਰਦਾਸ, ਭਾਈ ਨੰਦ ਲਾਲ, ਕਵੀ ਸੰਤੋਖ ਸਿੰਘ ਜੀ-ਗੁਰੂ ਨਾਨਕ ਪਗ ਪੰਕਜ ਸਿਮਰੋ, ਅੰਗਦ ਦੂਖ ਨਿਕੰਦਨ। ਗੁਰੂ ਅਮਰਦਾਸ ਹਿਰਦੇ ਨਿਤ ਧਿਆਵੋ, ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰ ਅਰਜਨ ਬਿਘਨਨ ਕੇ ਨਾਸਕ, ਗੁਰ ਹਰਿਗੋਬਿੰਦ ਸ਼ੁਭ ਮਛ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਸ੍ਰੀ ਹਰਿਕ੍ਰਿਸ਼ਨ ਮਨਾਵੋ ਬਹੋਰੀ, ਗੁਰ ਤੇਗ ਬਹਾਦਰ ਪਰਮ ਕ੍ਰਿਪਾਲਾ, ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। (ਕਵੀ ਸੰਤੋਖ ਸਿੰਘ)

ਮਾ-ਬਾਪ ਤੇ ਬੱਚੇ ਦਾ ਰਿਸ਼ਤਾ: ‘‘ਹਮ ਬਾਰਿਕ, ਕਿਛੂ ਨ ਜਾਣਹੂ; ਹਰਿ ਮਾਤ ਪਿਤਾ ਪ੍ਰਤਿਪਾਲਾ॥ (ਮ:੪/੯੮੫), ਹਮ ਬਾਰਿਕ, ਪ੍ਰਤਿਪਾਰੇ ਤੁਮਰੇ; ਤੂ ਬਡ ਪੁਰਖੁ ਪਿਤਾ ਮੇਰਾ ਮਾਇਆ॥ (ਮ:੪/੧੩੧੯), ਜੈਸਾ ਬਾਲਕੁ ਭਾਇ ਸੁਭਾਈ, ਲਖ ਅਪਰਾਧ ਕਮਾਵੈ॥ ਕਰਿ ਉਪਦੇਸੁ ਝਿੜਕੇ ਬਹੁ ਭਾਤੀ, ਬਹੁੜਿ ਪਿਤਾ ਗਲਿ ਲਾਵੈ॥ (ਮ:੫/੬੨੪), ਸੁਤੁ ਅਪਰਾਧ ਕਰਤ ਹੈ ਜੇਤੇ॥ ਜਨਨੀ, ਚੀਤਿ ਨ ਰਾਖਸਿ ਤੇਤੇ॥’’ (ਭ. ਕਬੀਰ/੪੭੮), ਹਮ ਬਾਰਿਕ ਮੁਗਧ ਇਆਨ, ਪਿਤਾ ਸਮਝਾਵਹਿਗੇ॥ ਸੁਤੁ ਖਿਨੁ ਖਿਨੁ ਭੂਲਿ ਬਿਗਾਰਿ, ਜਗਤ ਪਿਤ ਭਾਵਹਿਗੇ॥ (ਮ: ੪/੧੩੨੧)

ਗੁਰੂ ਸਿੱਖ ਵਾਸਤੇ ਕੀ ਕਰਦਾ ਹੈ?: ਗੁਰੂ; ਅਗਿਆਨਤਾ ਦਾ ਹਨੇਰਾ ਦੂਰ ਕਰਦਾ ਹੈ।

ਮਨ ਵਿੱਚ ਹਨੇਰਾ ਹੋਣ ਦੇ ਕੀ ਕਾਰਨ ਹੁੰਦੇ ਹਨ?: 1. ਇਨਸਾਨ ਦੂਸਰੇ ਦਾ ਬੁਰਾ ਸੋਚਦਾ ਹੈ। 2. ਸ਼ਿਕਵੇਂ ਸਿਕਾਇਤ ਕਰਦੇ ਹਾਂ। 3. ਮਨ ’ਚ ਦੂਸਰਿਆਂ ਪ੍ਰਤੀ ਸਾੜਾ ਰੱਖਦੇ ਹਾਂ। 4. ਦੂਸਰਿਆਂ ਨੂੰ ਨੀਵਾਂ ਵਿਖਾਉਣ ਦਾ ਯਤਨ ਕਰਦੇ ਹਾਂ। 5. ਆਪਣੇ ਆਪ ਨੂੰ ਸਿਆਣਾ ਜਾਣਦੇ ਹਾਂ। 6. ਮਨ ’ਚ ਕਪਟ ਰੱਖਦੇ ਹਾਂ। 7. ਕਿਸੇ ਦੇ ਕੰਮ ’ਚ ਰੁਕਾਵਟ ਪਾਉਣ ਦਾ ਯਤਨ ਕਰਦੇ ਹਾਂ। 8. ਹੋਰਾਂ ਦੀ ਵਸਤੂ ਲੈ ਕੇ ਵਾਪਸ ਨਹੀਂ ਕਰਦੇ। 9. ਸੁਆਰਥੀ ਹਾਂ 10. ਪਿੱਠ ਪਿੱਛੇ ਬੁਰਾਈ ਕਰਦੇ ਹਾਂ। 11. ਝੂਠ ਬੋਲਦੇ ਹਾਂ। ਆਦਿ ਔਗੁਣਾਂ ਕਾਰਨ ਮਨ ’ਚ ਹਨੇਰਾ ਹੁੰਦਾ ਹੈ।

ਗੁਰੂ ਸਿੱਖ ਵਾਸਤੇ ਕੀ ਕਰਦਾ ਹੈ?: 1. ਕ੍ਰਿਪਾ ਕਰਦਾ ਹੈ-‘‘ਅੰਮਿ੍ਰਤ ਨਾਮੁ ਕ੍ਰਿਪਾ ਕਰਿ ਦੀਜੈ, ਗੁਰਿ; ਗਿਆਨ ਰਤਨੁ ਦੀਪਾਇਆ॥’’ (ਮ:੧/੧੦੩੯) 2. ਮਨ ਦਾ ਹਨੇਰਾ ਦੂਰ ਕਰਦਾ ਹੈ-‘‘ਅਗਿਆਨ ਅੰਧੇਰਾ ਮਿਟਿ ਗਇਆ, ਗੁਰ ਗਿਆਨੁ ਦੀਪਾਇਓ॥’’ (ਮ:੫/੨੪੧) 3. ਬਿਬੇਕ ਬੁਧ ਦਿੰਦਾ ਹੈ- ‘‘ਬਿਬੇਕ ਬੁਧਿ ਸਤਿਗੁਰ ਤੇ ਪਾਈ, ਗੁਰ ਗਿਆਨੁ ਗੁਰੂ ਪ੍ਰਭ ਕੇਰਾ॥’’ (ਮ:੪/੭੧੧) 4. ਦੁਨੀਆਵੀ ਡਰ ਦੂਰ ਕਰਦਾ ਹੈ-‘‘ਭੈ ਕਾਟਿ ਨਿਰਭਉ, ਤਰਹਿ ਦੁਤਰੁ, ਗੁਰਿ ਮਿਲਿਐ ਕਾਰਜ ਸਾਰਏ॥’’ (ਮ:੧/੧੧੧੩) 5. ਇਕਾਗਰਤਾ ਬਖ਼ਸ਼ਦਾ ਹੈ-‘‘ਮਨੁ ਮੇਰੋ ਧਾਵਨ ਤੇ ਛੂਟਿਓ, ਕਰਿ ਬੈਠੋ ਬਿਸਰਾਮੁ॥’’ (ਮ:੯/੧੧੮੬) 6. ਭ੍ਰਮ-ਸੰਸੇ, ਦੁਬਿਧਾ ਮਿਟਾਉਂਦਾ ਹੈ- ‘‘ਭ੍ਰਮ ਕੇ ਪਰਦੇ ਸਤਿਗੁਰ ਖੋਲ੍ੇ॥’’ (ਮ:੫/੩੮੫) 7. ਸਿਧੇ, ਲਾਭਕਾਰੀ ਮਾਰਗ ’ਤੇ ਚੱਲਣ ਲਈ ਪ੍ਰੇਰਦਾ ਹੈ- ‘‘ਭੂਲੇ, ਮਾਰਗੁ ਜਿਨਹਿ ਬਤਾਇਆ॥ ਐਸਾ ਗੁਰੁ ਵਡਭਾਗੀ ਪਾਇਆ॥’’ (ਮ:੫/੮੦੩) 8. ਵਿਕਾਰਾਂ ਦੇ ਮੁਕਾਬਲੇ ਰੱਖਿਆ ਕਰਦਾ ਹੈ- ‘‘ਗੁਰਿ ਰਾਖੇ ਸੇ ਉਬਰੇ, ਹੋਰਿ ਮੁਠੀ ਧੰਧੈ ਠਗਿ॥’’ (ਮ:੧/੧੯) 9. ਹੁਕਮ ਦਾ ਪਾਲਣ ਕਰਨ ਵਾਲੇ ਸੇਵਕ ਦੇ ਅੰਗਸੰਗ ਵਸਦਾ ਹੈ-‘‘ਗੁਰੁ, ਮੇਰੈ ਸੰਗਿ ਸਦਾ ਹੈ ਨਾਲੇ॥’’ (ਮ:੫/੩੯੪) 10. ਨਿਰਵੈਰ ਬਣਾਉਂਦਾ ਹੈ- ‘‘ਨਾ ਕੋ ਬੈਰੀ ਨਹੀ ਬਿਗਾਨਾ, ਸਗਲ ਸੰਗਿ ਹਮ ਕਉ ਬਨਿ ਆਈ॥’’ (ਮ:੫/੧੨੯੯) 11. ਅਨੁਸਾਸਨ ਸਿਖਾਉਂਦਾ ਹੈ, ਮਨ ਦੀਆਂ ਵਾਸ਼ਨਾਵਾਂ ਨੂੰ ਕਾਬੂ ਕਰਵਾਉਂਦਾ ਹੈ- ‘‘ਸਾਚੁ ਨਾਮੁ ਅਧਾਰੁ ਮੇਰਾ, ਜਿਨਿ ਭੁਖਾ ਸਭਿ ਗਵਾਈਆ॥’’ (ਮ:੩/੯੧੭) ਆਦਿ।

ਸਿੱਖ ਨੇ ਗੁਰੂ ਜੀ ਵਾਸਤੇ ਕੀ ਕਰਨਾ ਹੈ? : ਗੁਰੂ ਜੀ ਦੇ ਹੁਕਮ ਦੀ ਪਾਲਣਾ ਕਰਨੀ ਹੈ ‘‘ਤਿਸ ਕਾ ਹੁਕਮੁ ਬੂਝਿ ਸੁਖੁ ਹੋਇ॥ ਤਿਸ ਕਾ ਨਾਮੁ, ਰਖੁ ਕੰਠਿ ਪਰੋਇ॥’’ (ਮ:੫/੨੮੧) ‘‘ਹੁਕਮਿ ਮੰਨਿਐ ਹੋਵੈ ਪਰਵਾਣੁ, ਤਾ ਖਸਮੈ ਕਾ ਮਹਲੁ ਪਾਇਸੀ॥’’ (ਮ:੧/੪੭੧) ‘‘ਜਿਨੀ ਪਛਾਤਾ ਹੁਕਮੁ, ਤਿਨ੍ ਕਦੇ ਨ ਰੋਵਣਾ॥’’ (ਮ:੫/੫੨੩), ਸਭ ਸਿਖਨ ਕਉ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਆਦਿ।

ਸੋ, ਉਕਤ ਗੁਰੂ ਜੀ ਬਾਰੇ ਕੀਤੀਆਂ ਕੁਝ ਕੁ ਸੀਮਤ ਵੀਚਾਰਾਂ ਦੀ ਰਾਹੀਂ ਇਹ ਤਾਂ ਪ੍ਰਪੱਕ ਹੋ ਹੀ ਗਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਹੀ ਸਾਡੇ ਵਰਤਮਾਨ ਅਤੇ ਸਦੀਵੀ ਗੁਰੂ ਹਨ। ਇਸ ਵਿੱਚ ਜੋ ਬਾਣੀ (ਉਪਦੇਸ਼) ਹੈ ਉਹੀ ਸਾਡਾ ਗੁਰੂ ਹੈ ‘‘ਬਾਣੀ ਗੁਰੂ; ਗੁਰੂ ਹੈ ਬਾਣੀ, ਵਿਚਿ ਬਾਣੀ ਅੰਮਿ੍ਰਤੁ; ਸਾਰੇ॥ (ਮ:੪/੯੮੨)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ; ਗੁਰੂ ਜੀ ਦੇ ਸੱਚੇ ਸਿੱਖ ਲਈ ਹਰ ਪੱਖ ਤੋਂ ਸੰਪੂਰਨ ਹੈ। ਇਸ ਗਿਆਨ ਰਾਹੀਂ ਅਸੀਂ ਲੋਕ ਸੁਖੀਏ ਤੇ ਪ੍ਰਲੋਕ ਸੁਹੇਲਾ ਕਰ ਸਕਦੇ ਹਾਂ। ਅਗਰ ਬਾਣੀ ਸਮਝ ਕੇ ਪੜ੍ਹੀਏ ਤਾਂ ਹਰ ਸ਼ੰਕੇ ਦਾ ਨਿਵਾਰਨ ਨਿਸ਼ਚਿਤ ਹੈ। ਇਸ ਲਈ ਭਾਈ ਗੁਰਦਾਸ ਜੀ ਦਾ ਇਹ ਪਾਵਨ ਵਾਕ ਅਜੋਕੇ ਜੀਵਨ ’ਤੇ ਸਹੀ ਢੁੱਕਦਾ ਹੈ: ‘ਨਮਸਕਾਰ ਗੁਰਦੇਵ ਕੋ; ਸਤਿਨਾਮ, ਜਿਸ ਮੰਤ੍ਰ ਸੁਣਾਇਆ।’ (ਵਾਰ ੧ ਪਉੜੀ ੧)