ਸੰਪਰਦਾਇਕ ਦੰਗਿਆਂ ਦੀਆਂ ਵਧ ਰਹੀਆਂ ਘਟਨਾਵਾਂ ਕਾਰਨ ਸਾਇੰਸਦਾਨ ਤੇ ਇਤਿਹਾਸਕਾਰ ਨੇ ਵੀ ਵਾਪਿਸ ਕੀਤੇ ਆਪਣੇ ਸਨਮਾਨ ਚਿੰਨ੍ਹ (ਐਵਾਰਡ)

0
498

ਸੰਪਰਦਾਇਕ ਦੰਗਿਆਂ ਦੀਆਂ ਵਧ ਰਹੀਆਂ ਘਟਨਾਵਾਂ ਕਾਰਨ ਸਾਇੰਸਦਾਨ ਤੇ ਇਤਿਹਾਸਕਾਰ ਨੇ ਵੀ ਵਾਪਿਸ ਕੀਤੇ ਆਪਣੇ ਸਨਮਾਨ ਚਿੰਨ੍ਹ (ਐਵਾਰਡ)

ਪੀ.ਐਮ. ਭਾਰਗਵ

ਵਿਗਿਆਨੀ ਪੀ.ਐਮ. ਭਾਰਗਵ ਵੱਲੋਂ ਆਪਣਾ ਪਦਮ ਭੂਸ਼ਨ ਮੋੜਨ ਦਾ ਐਲਾਨ

29 ਅਕਤੂਬਰ

ਦੇਸ਼ ਵਿੱਚ ‘ਅਸਹਿਣਸ਼ੀਲਤਾ ਵਾਲੇ ਮਾਹੌਲ’ ਦੇ ਵਧ ਰਹੇ ਵਿਰੋਧ ਨੂੰ ਅੱਜ ਉਦੋਂ ਹੋਰ ਹੁਲਾਰਾ ਮਿਲਿਆ ਜਦੋਂ ਇਸ ਵਿੱਚ ਲੇਖਕਾਂ, ਫ਼ਿਲਮਸਾਜ਼ਾਂ ਤੇ ਸਾਇੰਸਦਾਨਾਂ ਦੇ ਨਾਲ ਇਤਿਹਾਸਕਾਰ ਵੀ ਆਣ ਰਲੇ। ਚੋਟੀ ਦੇ ਸਾਇੰਸਦਾਨ ਪੀ.ਐਮ. ਭਾਰਗਵ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਉਤੇ ਭਾਰਤ ਨੂੰ ‘ਹਿੰਦੂ ਰਾਸ਼ਟਰ’ ਬਣਾਉਣ ਦੀਆਂ ਚਾਲਾਂ ਚੱਲਣ ਦੇ ਦੋਸ਼ ਲਾਉਂਦਿਆਂ ਆਪਣਾ ਪਦਮ ਭੂਸ਼ਣ ਐਵਾਰਡ ਵਾਪਸ ਮੋੜਨ ਦਾ ਐਲਾਨ ਕੀਤਾ ਹੈ।

ਬੁੱਧੀਜੀਵੀਆਂ ਵੱਲੋਂ ਛੇੜੀ ਗਈ ਇਸ ਮੁਹਿੰਮ ਵਿੱਚ ਸਾਇੰਸਦਾਨਾਂ ਦੇ ਦੂਜੇ ਸਮੂਹ ਦੀ ਸ਼ਮੂਲੀਅਤ ਦੇ ਨਾਲ ਹੀ ਰੋਮਿਲਾ ਥਾਪਰ, ਇਰਫ਼ਾਨ ਹਬੀਬ, ਕੇ.ਐਨ. ਪੰਨੀਕਰ ਤੇ ਮ੍ਰਿਦੁਲਾ ਮੁਖਰਜੀ ਸਣੇ 53 ਇਤਿਹਾਸਕਾਰਾਂ ਨੇ ਕਿਹਾ ਕਿ ਮੁਲਕ ਵਿੱਚ ਜਾਰੀ ‘ਬਹੁਤ ਹੀ ਮਾੜੇ ਮਾਹੌਲ’ ਦੇ ਬਾਵਜੂਦ ਸ੍ਰੀ ਮੋਦੀ ਇਕ ਵੀ ‘ਭਰੋਸਾ ਦਿਵਾਊ’ ਬਿਆਨ ਦੇਣ ਵਿੱਚ ਨਾਕਾਮ ਰਹੇ ਹਨ। ਇਤਿਹਾਸਕਾਰਾਂ ਨੇ ਆਪਣੇ ਬਿਆਨ ਵਿੱਚ ਕਿਹਾ, ‘ਵ਼ਿਚਾਰਾਂ ਦੇ ਮਦਭੇਦਾਂ ਦੇ ਨਿਬੇੜੇ ਜਿਸਮਾਨੀ ਹਿੰਸਾ ਨਾਲ ਕੀਤੇ ਜਾ ਰਹੇ ਹਨ। ਦਲੀਲਾਂ ਦਾ ਜਵਾਬ ਮੋੜਵੀਆਂ ਦਲੀਲਾਂ ਦੀ ਥਾਂ ਗੋਲੀਆਂ ਨਾਲ ਦਿੱਤਾ ਜਾ ਰਿਹਾ ਹੈ।’

ਹੈਦਰਾਬਾਦ ਦੇ ਨਾਮੀ ਸੈਂਟਰ ਫ਼ਾਰ ਸੈਲੂਲਰ ਐਂਡ ਮੋਲੇਕਿਊਲਰ ਬਾਇਓਲੋਜੀ ਦੇ ਬਾਨੀ ਸ੍ਰੀ ਭਾਰਗਵ (87 ਸਾਲ) ਨੇ ਕਿਹਾ ਕਿ ਉਹ 1986 ਵਿੱਚ ਮਿਲਿਆ ਆਪਣਾ ਐਵਾਰਡ ਵਾਪਸ ਮੋੜ ਰਹੇ ਹਨ। ਉਨ੍ਹਾਂ ਕਿਹਾ, ‘‘ਮੌਜੂਦਾ ਹਕੂਮਤ ਦੇਸ਼ ਨੂੰ ਲੋਕਤੰਤਰ ਤੋਂ ਲਾਂਭੇ ਲਿਜਾ ਰਹੀ ਹੈ ਤੇ ਮੁਲਕ ਨੂੰ ਹਿੰਦੂ ਧਾਰਮਿਕ ਤਾਨਾਸ਼ਾਹੀ ਬਣਾਉਣ ਵੱਲ ਵਧ ਰਹੀ ਹੈ, ਬਿਲਕੁਲ ਪਾਕਿਸਤਾਨ ਵਾਂਗ।’’ ਉਨ੍ਹਾਂ ਦੋਸ਼ ਲਾਇਆ ਕਿ ਅਸਲ ਵਿੱਚ ਦੇਸ਼ ਵਿੱਚ ਭਾਜਪਾ ਦੇ ਨਾਂ ਉਤੇ ਆਰ ਐਸ ਐਸ ਹੀ ਰਾਜ ਕਰ ਰਹੀ ਹੈ।