ਸੇਵਾ

0
411

ਸੇਵਾ

ਸੁਖਦੇਵ ਸਿੰਘ, 1008, ਫੇਜ-2, ਅਰਬਨ ਅਸਟੇਟ, ਪਟਿਆਲਾ (ਪੰਜਾਬ)-94171-91916

ਧਾਰਮਿਕ ਪ੍ਰਬਚਨਾਂ, ਧਾਰਮਿਕ ਪੁਸਤਕਾਂ ਜਾਂ ਧਾਰਮਿਕ ਗ੍ਰੰਥਾਂ ਦੁਆਰਾ ਸੇਵਾ ਨੂੰ ਬਹੁਤ ਮਹੱਤਵ ਦਿੱਤੀ ਜਾਂਦੀ ਹੈ। ਲੋਕ ਧਾਰਮਿਕ ਸੇਵਾ ਕਰਨ ਲਈ ਅੱਗੇ ਵੀ ਆਉਂਦੇ ਹਨ। ਪ੍ਰੰਤੂ ਲਗਦਾ ਹੈ ਕਿ ਅਸੀਂ ਸੇਵਾ ਦੀ ਪ੍ਰੀਭਾਸ਼ਾ ਨੂੰ ਸਮਝਣ ਲੱਗੇ ਇਸ ਨੂੰ ਧਾਰਮਿਕ ਪ੍ਰਕਿਰਿਆ ਤੱਕ ਹੀ ਸੀਮਤ ਕਰ ਦਿੱਤਾ ਹੈ ਜਦਕਿ ਸੇਵਾ ਦਾ ਦਾਇਰਾ ਬਹੁਤ ਵਿਸ਼ਾਲ ਹੈ। ਸੇਵਾ ਸਾਡੇ ਵਿਚਾਰਾਂ ਵਿੱਚ, ਸੇਵਾ ਸਾਡੀ ਸੋਚ ਵਿੱਚ ਤੇ ਸੇਵਾ ਸਾਡੀ ਕਰਨੀ ਵਿੱਚ ਸ਼ਾਮਲ ਹੋਣੀ ਚਾਹੀਦੀ ਹੈ, ਨਾ ਕਿ ਇਸ ਨੂੰ ਕੁਝ ਕੁ ਧਾਰਮਿਕ ਕੰਮਾਂ ਤੱਕ ਹੀ ਸੀਮਤ ਕਰ ਦੇਣਾ ਚਾਹੀਦਾ ਹੈ।

ਸਾਡੇ ਲਈ ਲੰਗਰ ਦੇ ਜੂਠੇ ਭਾਂਡੇ ਮਾਂਜ ਲੈਣੇ, ਜੁਤਿਆਂ ਦੀ ਸੰਭਾਲ਼ ਕਰ ਦੇਣੀ, ਧਾਰਮਿਕ ਸਥਾਨਾਂ ’ਤੇ ਝਾੜੂ ਮਾਰ ਦੇਣਾ ਆਦਿ ਹੀ ਸੇਵਾ ਹੈ ਤੇ ਅਸੀਂ ਇਸ ਵਿੱਚ ਹੀ ਸੰਤੁਸ਼ਟ ਹੋ ਜਾਂਦੇ ਹਾਂ। ਮੈਂ ਇਸ ਸਭ ਕੁਝ ਨੂੰ ਮਾੜਾ ਕਹਿਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਪ੍ਰੰਤੂ ਇਸ ’ਤੇ ਹੀ ਸੰਤੁਸ਼ਟ ਹੋ ਜਾਣ ਬਾਰੇ, ਆਪ ਜੀ ਤੋਂ ਮਾਫ਼ੀ ਮੰਗਦਾ ਹੋਇਆ, ਕੁਝ ਲਿਖਣ ਦਾ ਹੌਂਸਲਾ ਕਰ ਰਿਹਾ ਹਾਂ।

ਸੱਚੀ ਸੇਵਾ ਸੱਚੇ ਕਾਰਜ ਕਰਨ ਵਿੱਚ ਹੈ। ਸੱਚੇ ਕਾਰਜ ਕਿਹੜੇ ਹਨ? ਜਿਨ੍ਹਾਂ ਕਾਰਜਾਂ ਵਿੱਚ ਰੱਬੀ ਗੁਣਾਂ ਦੇ ਹੋਣ ਦੀ ਝਲਕ ਪੈਂਦੀ ਹੋਵੇ ਜਾਂ ਜਿਨ੍ਹਾਂ ਕੰਮਾਂ ਵਿੱਚ ਰੱਬੀ ਗੁਣਾਂ ਦੀ ਸਮਹੂਲੀਅਤ ਹੋਵੇ, ਉਹ ਕਾਰਜ ਸੱਚੇ ਹੁੰਦੇ ਹਨ। ਉਨ੍ਹਾਂ ਕਾਰਜਾਂ ਨੂੰ ਕਰਨਾ ਸੱਚੀ ਸੇਵਾ ਅਖਵਾਉਂਦੀ ਹੈ। ਰੱਬੀ ਗੁਣਾਂ ਤੋਂ ਮੇਰਾ ਭਾਵ ਹੈ ਜੋ ਗੁਣ ਪ੍ਰਮਾਤਮਾ ਵਿੱਚ ਹਨ ਅਤੇ ਜਿਨ੍ਹਾਂ ਗੁਣਾਂ ਕਰਕੇ ਹੀ ਅਸੀਂ ਉਸ ਨੂੰ ਰੱਬ ਜਾਂ ਪ੍ਰਮਾਤਮਾ ਮੰਨਦੇ ਹਾਂ ਜਾਂ ਕਹਿੰਦੇ ਹਾਂ, ਉਹੀ ਰੱਬੀ ਗੁਣ ਹੁੰਦੇ ਹਨ।

ਰੱਬ ਜੀ ਪਿਆਰ ਨਾਲ ਭਰਪੂਰ ਹਨ, ਉਹ ਦਿਆਲਤਾ ਅਤੇ ਕ੍ਰਿਪਾਲਤਾ ਦੇ ਪੁੰਜ ਹਨ। ਉਹ ਪਿਆਰ ਕਰਦੇ ਹੋਏ, ਕ੍ਰਿਪਾਲਤਾ ਜਾਂ ਦਿਆਲਤਾ ਕਰਦੇ ਹੋਏ ਕੋਈ ਭਿੰਨ ਭੇਦ ਨਹੀਂ ਰੱਖਦੇ। ਇਸ ਤਰ੍ਹਾਂ ਦੇ ਹੋਰ ਵੀ ਅਨੇਕ ਗੁਣ ਹਨ ਜਿਨ੍ਹਾਂ ਨਾਲ ਰੱਬ ਜੀ ਭਰਪੂਰ ਹਨ।

ਜਦ ਅਸੀਂ ਲੋਕਾਂ ਨਾਲ ਵਿਚਰਦੇ ਹੋਏ ਆਪਣੇ ਖ਼ਿਆਲਾਂ ਵਿੱਚ, ਆਪਣੇ ਵਿਚਾਰਾਂ ਵਿੱਚ ਤੇ ਕਰ ਰਹੇ ਹਰ ਕਾਰਜ ਵਿੱਚ ਇਨ੍ਹਾਂ ਗੁਣਾਂ ਦੀ ਸਮਹੂਲੀਅਤ ਕਰ ਲੈਂਦੇ ਹਾਂ ਤਾਂ ਅਸੀਂ ਲੋਕਾਂ ਦੀ ਅਤੇ ਸਮਾਜ ਦੀ ਸੇਵਾ ਕਰ ਰਹੇ ਹੁੰਦੇ ਹਾਂ। ਇਸ ਤਰ੍ਹਾਂ ਦੀ ਸੇਵਾ ਨਾਲ ਸਾਨੂੰ ਵੱਖਰੀ ਖ਼ੁਸ਼ੀ ਅਤੇ ਸੰਤੁਸ਼ਟੀ ਮਿਲਦੀ ਹੈ।

ਜਦ ਅਸੀਂ ਵਿਅਕਤੀ ਦਾ ਉਹ ਕੰਮ ਜੋ ਉਹ ਆਪ ਨਹੀਂ ਕਰ ਸਕਦਾ, ਕਰਨ ਵਿੱਚ ਉਸ ਦੀ ਮਦਦ ਕਰਦੇ ਹਾਂ ਤਾਂ ਉਹ ਸੱਚੀ ਸੇਵਾ ਵਿੱਚ ਆਉਂਦਾ ਹੈ। ਪ੍ਰੰਤੂ ਜਿਹੜਾ ਕੰਮ ਵਿਅਕਤੀ ਕਰ ਸਕਦਾ ਹੈ ਤੇ ਫਿਰ ਵੀ ਅਸੀਂ ਉਸ ਦਾ ਕੰਮ ਕਰਦੇ ਹਾਂ ਤਾਂ ਮੈਨੂੰ ਡਰ ਹੈ ਕਿ ਅਸੀਂ ਸੇਵਾ ਦਾ ਅਰਥ ਸਮਝਣ ਵਿੱਚ ਟਪਲਾ ਖਾ ਰਹੇ ਹਾਂ। ਇਸ ਨਾਲ ਹੰਕਾਰ ਦੇ ਆਉਣ ਦਾ ਅਵਸਰ ਬਣ ਜਾਂਦਾ ਹੈ ਤੇ ਨਾਲ ਹੀ ਅਸੀਂ ਉਸ ਚੰਗੇ ਭਲੇ ਵਿਅਕਤੀ ਨੂੰ ‘ਢਿਲੜ’ ਬਣਾਉਣ ਵਿੱਚ ਯੋਗਦਾਨ ਪਾ ਰਹੇ ਹੋਵਾਂਗੇ।

ਸੇਵਾ ਲੋਕਾਂ ਨਾਲ ਵਿਚਰਦੇ ਹੋਏ ਤੇ ਹਰ ਤਰ੍ਹਾਂ ਦਾ ਕਾਰ ਵਿਹਾਰ ਕਰਦੇ ਹੋਏ, ਸਾਡੀ ਬੋਲ ਚਾਲ ਰਾਹੀਂ, ਸਾਡੇ ਉਸਾਰੂ ਵਿਚਾਰਾਂ ਰਾਹੀਂ ਹੋ ਸਕਦੀ ਹੈ। ਸੇਵਾ ਪਿਆਰ, ਹਮਦਰਦੀ ਕ੍ਰਿਪਾਲਤਾ ਵੰਡਦੇ ਹੋਏ ਹੋ ਸਕਦੀ ਹੈ। ਸੇਵਾ ਈਰਖਾ, ਬੇਈਮਾਨੀ, ਠੱਗੀ ਚੋਰੀ ਛੱਡਣ ਨਾਲ ਹੋ ਸਕਦੀ ਹੈ। ਲੋੜਵੰਦ ਦੀ ਮਦਦ ਕਰਨਾ ਵੀ ਸੇਵਾ ਹੀ ਹੈ ਪ੍ਰੰਤੂ ਉਸ ਦਾ ਲੋੜਵੰਦ ਹੋਣਾ ਸਾਨੂੰ ਨਜ਼ਰ ਆਉਣਾ ਚਾਹੀਦਾ ਹੈ।

ਅੰਤ ਵਿੱਚ ਮੈ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਸੇਵਾ ਦੀ ਪ੍ਰੀਭਾਸ਼ਾ ਨੂੰ ਸਮਝਦੇ ਹੋਏ ਇਸ ਦਾ ਦਾਇਰਾ ਸੀਮਤ ਨਾ ਰੱਖੀਏ, ਇਸ ਨੂੰ ਵਿਸ਼ਾਲ ਕਰ ਦੇਈਏ। ਦਿਨ ਭਰ ਦੀ ਪ੍ਰਕਿਰਿਆ ਵਿੱਚ ਜੋ ਵੀ ਸਾਡੇ ਨਾਲ ਜੁੜਦਾ ਹੈ ਉਨ੍ਹਾਂ ਸਾਰਿਆਂ ਦੀ ਸੱਚੀ ਸੇਵਾ ਕਰੀਏ, ਨਾ ਕਿ ਇਸ ਨੂੰ ਆਪਣੇ ਹੀ ‘ਗਰੁਪ’ ਤੱਕ ਸੀਮਤ ਰੱਖੀਏ। ਇਸ ਸੱਚੀ ਸੇਵਾ ਨਾਲ ਜੋ ਸਾਨੂੰ ਖ਼ੁਸ਼ੀ, ਸ਼ਾਂਤੀ ਜਾਂ ਸੰਤੁਸ਼ਟੀ ਮਿਲੇਗੀ ਉਸ ਨੂੰ ਅੱਖਰਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਨਾਲ ਅਸੀਂ ਨਰੋਏ ਸਮਾਜ ਦੀ ਸਿਰਜਣਾ ’ਚ ਇੱਟ, ਸੀਮਿੰਟ, ਰੇਤੇ ਆਦਿ ਦੇ ਰੂਪ ਵਿੱਚ ਆਪਣਾ ਯੋਗਦਾਨ ਪਾਉਣ ਵਿੱਚ ਸਫਲ ਹੋਵਾਂਗੇ। ਗੁਰੂ ਨਾਨਕ ਸਾਹਿਬ ਜੀ ਵੀ ਸਾਨੂੰ ਸੇਵਾ ਜਾਂ ਦਾਨ ਕਰਨ ਲਈ ਅਕਲ ਦੀ ਵਰਤੋਂ ਕਰਨ ਦੀ ਪ੍ਰੇਰਨਾ ਦੇਂਦੇ ਹਨ: ‘‘ਅਕਲੀ ਪੜਿ੍ ਕੈ ਬੁਝੀਐ; ਅਕਲੀ ਕੀਚੈ ਦਾਨੁ ॥’’ (ਮ: ੧/੧੨੪੫)