ਸਿੱਖਿਆ ਜੀਵਨ ਲਈ ਕਿ ਖ਼ੁਦਕੁਸ਼ੀਆਂ ਲਈ ?
–ਰਮੇਸ਼ ਬੱਗਾ ਚੋਹਲਾ (ਲਧਿਆਣਾ)-94631-327109
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹਰ ਸਾਲ ਸੈਕੰਡਰੀ (ਦਸਵੀਂ) ਅਤੇ ਸੀਨੀਅਰ ਸੈਕੰਡਰੀ (ਬਾਰਵੀਂ) ਪੱਧਰ ਦੇ ਵਿਦਿਆਰਥੀਆਂ/ਪ੍ਰੀਖਿਆਰਥੀਆਂ ਦੀ ਪ੍ਰੀਖਿਆ ਲਈ ਜਾਂਦੀ ਹੈ ਜਿਸ ਨੂੰ ਬੋਰਡ ਦੀ ਪ੍ਰੀਖਿਆ ਦਾ ਨਾਮ ਦਿੱਤਾ ਜਾਂਦਾ ਹੈ। ਵਿਦਿਅਕ ਸਾਲ ਦੇ ਅਖੀਰ (ਫਰਵਰੀ-ਮਾਰਚ) ਵਿਚ ਲਈ ਜਾਣ ਵਾਲੀ ਇਹ ਪ੍ਰੀਖਿਆ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਇੱਕ ਵਿਸ਼ੇਸ਼ ਮਹੱਤਵ ਰੱਖਦੀ ਹੈ ਕਿਉਂਕਿ ਇਹ ਪ੍ਰੀਖਿਆ ਇਨ੍ਹਾਂ ਦੋਵਾਂ ਧਿਰਾਂ ਦੀ ਕਾਰਗੁਜ਼ਾਰੀ ਨੂੰ ਕੁੱਝ ਕੁ ਨਿਰਧਾਰਿਤ ਪੈਮਾਨਿਆਂ ’ਤੇ ਪਰਖਦੀ ਹੈ। ਬੋਰਡ ਵੱਲੋਂ ਕੀਤੀ ਗਈ ਸਫਲਤਾ ਪੂਰਵਕ ਪਰਖ ਜਿੱਥੇ ਕਿਸੇ ਤਾਲਿਬਇਲਮ ਦੀ ਤਲੀਮੀ ਤਰੱਕੀ ਦਾ ਰਾਹ ਪੱਧਰਾ ਕਰਦੀ ਹੈ ਉੱਥੇ ਉਸ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਵੀ ਵਿਭਾਗੀ ਨਜ਼ਰਾਂ ਵਿਚ ਪ੍ਰਵਾਨ (ਸਮਾਂਬੱਧ ਅਤੇ ਉੱਚੇਰੀਆਂ ਤਰੱਕੀਆਂ ਦਿਵਾ ਕੇ) ਚੜ੍ਹਾਉਂਦੀ ਹੈ। ਇਸ ਪ੍ਰੀਖਿਆ ਦੀ ਬਦੌਲਤ ਮਿਲਣ ਵਾਲੇ ਆਰਥਿਕ ਅਤੇ ਸਮਾਜਿਕ ਲਾਹੇ ਕਾਰਨ ਹੀ ਵਿਦਿਆਰਥੀ, ਅਧਿਆਪਕ ਅਤੇ ਮਾਪੇ ਇਨ੍ਹਾਂ ਵਿਚੋਂ ਸਫਲਤਾ ਹਾਸਲ ਕਰਨ/ਕਰਵਾਉਣ ਲਈ ਅੱਡੀ-ਚੋਟੀ ਦਾ ਜੋਰ ਲਗਾ ਦਿੰਦੇ ਹਨ ਪਰ ਨਿਰਾਸ਼ਾਜਨਕ ਮਾਹੌਲ ਉਸ ਵਕਤ ਪੈਦਾ ਹੁੰਦਾ ਹੈ ਜਦੋਂ ਬਹੁਤ ਕੁੱਝ ਪੜ੍ਹਨ/ਕਰਨ ਦੇ ਬਾਵਜ਼ੂਦ ਵੀ ਪ੍ਰੀਖਿਆ ਦਾ ਨਤੀਜ਼ਾ ਆਸ ਦੇ ਉਲਟ ਨਿਕਲਦਾ ਹੈ। ਕਈ ਵਾਰੀ ਤਾਂ ਇਹ ਨਤੀਜ਼ਾ ਇਨ੍ਹਾਂ ਨਿਰਾਸ਼ਾਮਈ ਹੁੰਦਾ ਹੈ ਕਿ ਸੰਬੰਧਿਤ ਵਿਦਿਆਰਥੀ ਜਾਂ ਵਿਦਿਆਰਥਣ ਦੀ ਜਾਨ (ਖੁਦਕੁਸ਼ੀ ਦੇ ਰੂਪ ਵਿਚ) ਦਾ ਦੁਸ਼ਮਣ ਵੀ ਬਣ ਜਾਂਦਾ ਹੈ। ਕਿਸੇ ਨੂੰ ਮਾਂਹ ਬਾਦੀ ਅਤੇ ਕਿਸੇ ਨੂੰ ਸਵਾਦੀ’ ਦੀ ਤਰਜ਼ ’ਤੇ ਇਸ ਵਾਰ ਵੀ ਬੋਰਡ ਵੱਲੋਂ ਘੋਸ਼ਿਤ ਕੀਤਾ ਗਿਆ ਨਤੀਜ਼ਾ ਜਿੱਥੇ ਕਈ ਵਿਦਿਆਰਥੀਆਂ ਦੀ ਅਥਾਹ ਖ਼ੁਸ਼ੀ ਦਾ ਸਬੱਬ ਬਣਿਆ ਹੈ ਉੱਥੇ ਕੁੱਝ ਕੁ ਵਿਦਿਆਰਥੀਆਂ ਲਈ ਜਾਨ ਲੇਵਾ ਵੀ ਸਾਬਤ ਹੋਇਆ ਹੈ। ਜੇ ਕਰ ਅਖ਼ਬਾਰੀ ਖ਼ਬਰਾਂ ਦੇ ਹਵਾਲੇ ਨਾਲ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਸਕੂਲਾਂ ਵਿਚ ਪੜ੍ਹਨ ਵਾਲੇ ਕੁੱਝ ਤਾਲਿਬਇਲਮਾਂ ਨੂੰ ਇਸ ਕਰਕੇ ਆਪਣੀ ਜ਼ਿੰਦਗੀ ਤੋਂ ਹੱਥ ਧੋਣੇ ਪੈ ਗਏ ਕਿਉਂਕਿ ਬੋਰਡ ਵੱਲੋਂ ਐਲਾਨੇ ਗਏ ਇਹ ਨਤੀਜ਼ੇ ਉਨ੍ਹਾਂ ਦੀ ਅਕਲੀ/ਅਸਲੀ ਕਾਰਗੁਜ਼ਾਰੀ/ਪੇਸ਼ਕਾਰੀ ਦੇ ਹਾਣੀ ਨਹੀਂ ਸਨ। ਬੋਰਡ ਵੱਲੋਂ ਘੋਸ਼ਿਤ ਕੀਤੇ ਜਾਣ ਵਾਲੇ ਕੁੱਝ ਨਕਾਰਾਤਮਕ ਨਤੀਜ਼ੇ ਲਈ ਜਿੱਥੇ ਕਿਸੇ ਪਾੜ੍ਹੇ/ਪਾੜ੍ਹੀ ਦੀ ਘੱਟ ਪੜ੍ਹਾਈ ਜਾਂ ਲਾਪਰਵਾਹੀ ਜ਼ਿੰਮੇਵਾਰ ਹੁੰਦੀ ਹੈ ਉੱਥੇ ਬੋਰਡ ਦੀ ਦੋਸ਼ਪੂਰਨ ਪ੍ਰੀਖਿਆ ਪ੍ਰਣਾਲੀ ਵੀ ਬਰਾਬਰ ਦੀ ਜ਼ਿੰਮੇਵਾਰ ਹੁੰਦੀ ਹੈ।
ਕਿਸੇ ਸਕੂਲ ਵਿਚ ਨਿਯਮਿਤ ਪੜ੍ਹਨ ਵਾਲੇ ਵਿਦਿਆਰਥੀ ਜਾਂ ਵਿਦਿਆਰਥਣਾਂ ਦੀ ਸੰਬੰਧਿਤ ਸਕੂਲ ਵਿਚ ਲਗਭਗ ਪੰਜ ਤੋਂ ਸੱਤ ਸਾਲ ਦੀ ਠਹਿਰ ਬਣਦੀ ਹੈ। ਇਸ ਠਹਿਰ ਦੌਰਾਨ ਉਸ ਵਿਦਿਆਰਥੀ/ਵਿਦਿਆਰਥਣ ਨੇ ਆਪਣੇ ਅਧਿਆਪਕਾਂ ਕੋਲੋਂ ਵੱਖ-ਵੱਖ ਮਜ਼ਮੂਨਾਂ ਦਾ ਗਿਆਨ ਆਪਣੀ ਸੋਚ ਅਤੇ ਸਮਝ ਦੇ ਮੁਤਾਬਕ ਹਾਸਲ ਕੀਤਾ ਹੁੰਦਾ ਹੈ। ਉਸ ਦੇ ਨੌਵੀਂ ਜਮਾਤ ਤੱਕ ਦੇ ਗਿਆਨ ਦੀ ਪਰਖ-ਪੜਚੋਲ (ਇਮਤਿਹਾਨੀ ਰੂਪ ਵਿਚ) ਉਸ ਦੇ ਪੜ੍ਹਾਉਣ ਵਾਲੇ ਅਧਿਆਪਕਾਂ ਦੁਆਰਾ ਹੀ ਕੀਤੀ ਜਾਂਦੀ ਹੈ ਜੋ ਆਪਣੇ ਪੜ੍ਹਾਏ ਵਿਦਿਆਰਥੀਆਂ ਦੀ ਰਗ-ਰਗ ਤੋਂ ਵਾਕਿਫ਼ ਹੁੰਦੇ ਹਨ। ਸਰਕਾਰ ਦੇ ਸਕੂਲਾਂ ਵਿਚ ਪਿਛਲੇ ਕੁੱਝ ਸਾਲਾਂ ਤੋਂ ਆਰੰਭ ਕੀਤਾ ਗਿਆ ਲਗਾਤਰ ਅਤੇ ਸਮੁੱਚਾ ਮੁਲਾਂਕਣ ਵੀ ਇਸ ਗੱਲ ਦਾ ਹਮਾਇਤੀ ਹੈ ਕਿ ਪਹਿਲੀ ਤੋਂ ਲੈ ਕੇ ਅੱਠਵੀਂ ਤੱਕ ਦੇ ਕਿਸੇ ਵਿਦਿਆਰਥੀ ਜਾਂ ਵਿਦਿਆਰਥਣ ਦੇ ਕੇਵਲ ਬੌਧਿਕ ਪੱਖ ਨੂੰ ਹੀ ਨਹੀਂ ਪਰਖਣਾ ਸਗੋਂ ਉਸ ਦੀਆਂ ਕਿਤਾਬੀ ਸੰਸਾਰ ਤੋਂ ਬਾਹਰਲੀਆਂ ਕੁੱਝ ਮਾਣਮੱਤੀਆਂ ਪ੍ਰਾਪਤੀਆਂ ਦਾ ਵੀ ਬਰਾਬਰ ਅਤੇ ਪੂ੍ਰਰਾ ਮੁੱਲ ਪਾਉਣਾ ਹੈ।
ਬੋਰਡ ਵੱਲੋਂ ਜਦੋਂ ਦਸਵੀਂ ਅਤੇ ਬਾਰਵੀਂ ਜਮਾਤ ਦੀ ਪ੍ਰੀਖਿਆ ਲਈ ਜਾਂਦੀ ਹੈ ਤਾਂ ਉਸ ਵਿਚ ਪ੍ਰੀਖਿਆਰਥੀ ਦੇ ਕੇਵਲ ਬੌਧਿਕ ਪੱਖ ਨੂੰ ਹੀ ਦ੍ਰਿਸ਼ਟੀਗੋਚਰ ਕੀਤਾ ਜਾਂਦਾ ਹੈ। ਇਸ ਪੱਖ ਨੂੰ ਪਰਖਣ ਦਾ ਢੰਗ ਵੀ ਬਹੁਤ ਪੇਚੀਦਾ ਅਤੇ ਗ਼ੈਰ-ਭਰੋਸੇਮੰਦ ਹੈ। ਇੱਕ ਸਾਲ ਲਗਾ ਕੇ ਹਾਸਲ ਕੀਤੇ ਗਏ ਗਿਆਨ ਨੂੰ ਕੇਵਲ ਦੋ-ਤਿੰਨ ਘੰਟਿਆਂ ਦੇ ਸਮੇਂ ਵਿਚ ਪਰਖਣਾ ਭਲਾ ਕਿੰਨਾ ਕੁ ਵਾਜਬ ਹੋ ਸਕਦਾ ਹੈ ? ਇਹ ਪਰਖ (ਪੇਪਰਾਂ ਦੁਆਰਾ) ਵੀ ਉਨ੍ਹਾਂ ਰਾਹੀਂ ਕੀਤੀ ਜਾਂਦੀ ਹੈ ਜਿਨ੍ਹਾਂ ਦਾ ਉਸ ਪ੍ਰੀਖਿਆਰਥੀ ਨਾਲ ਸਿੱਧਾ ਸੰਬੰਧ ਨਹੀਂ ਹੁੰਦਾ। ਪੜ੍ਹਾਉਣ ਵਾਲੇ ਕੋਈ ਹੋਰ ਹੁੰਦੇ ਹਨ, ਪੇਪਰ ਲੈਣ ਵਾਲੇ ਕੋਈ ਹੋਰ ਅਤੇ ਪੜਤਾਲ ਕਰਨ ਵਾਲੇ ਕੋਈ ਹੋਰ। ਕਿਸੇ ਵਿਦਿਆਰਥੀ ਦੀ ਆਪਣੀ ਅਣਗਹਿਲੀ ਤੋਂ ਇਲਾਵਾ ਇਨ੍ਹਾਂ ਤਿੰਨਾਂ ਧਿਰਾਂ ਵਿਚੋਂ ਕਿਸੇ ਇੱਕ ਧਿਰ ਦੀ ਲਾਪਰਵਾਹੀ ਵੀ ਉਸ ਵਿਦਿਆਰਥੀ ਦੀ ਕਾਮਯਾਬੀ ਨੂੰ ਨਾਕਾਮਯਾਬੀ ਵਿਚ ਬਦਲ ਸਕਦੀ ਹੈ। ਗੱਲ ਇੱਥੇ ਹੀ ਬੱਸ ਨਹੀਂ, ਬੋਰਡ ਵੱਲੋਂ ਪ੍ਰੀਖਿਅਰਥੀਆਂ ਨੂੰ ਪਰਖਣ ਲਈ ਜਿਹੜੇ ਟੂਲਜ਼ (ਪ੍ਰਸ਼ਨ-ਪੱਤਰਾਂ) ਦੀ ਵਰਤੋਂ ਕੀਤੀ ਜਾਂਦੀ ਹੈ ਉਨ੍ਹਾਂ ਵਿਚ ਵੀ ਇਕਸਾਰਤਾ ਨਹੀਂ ਹੁੰਦੀ। ਨਕਲ ਰੋਕਣ ਦੀ ਆੜ ਵਿਚ ਕਿਸੇ ਨੂੰ ‘ਏ’, ਕਿਸੇ ਨੂੰ ‘ਬੀ’ ਅਤੇ ਕਿਸੇ ਹੋਰ ਨੂੰ ‘ਸੀ’ ਪੇਪਰ ਦਿੱਤਾ ਜਾਂਦਾ ਹੈ। ਇਸ ਦੀ ਮਾਰ ਉਨ੍ਹਾਂ ਗ਼ਰੀਬ (ਅਕਲ ਪੱਖੋਂ) ਵਿਦਿਆਰਥੀਆਂ ਨੂੰ ਵਧੇਰੇ ਪੈਂਦੀ ਹੈ ਜਿਨ੍ਹਾਂ ਦੀ ਤਿਆਰੀ ਚੋਣਵੇਂ ਪਾਠਕ੍ਰਮ ’ਚੋ ਹੋਈ ਹੁੰਦੀ ਹੈ। ਕਈ ਵਾਰੀ ਇਹ ਬੇਇਨਸਾਫ਼ੀ ਕਈ ਹੁਸ਼ਿਆਰ ਵਿਦਿਆਰਥੀਆਂ ਨਾਲ ਵੀ ਹੋ ਜਾਂਦੀ ਹੈ ਜਦੋਂ ਉਨ੍ਹਾਂ ਦੁਆਰਾ ਤਿਆਰ ਕੀਤੇ ਪ੍ਰਸ਼ਨ ਕਿਸੇ ਹੋਰ (2) ਦੇ ਸੈੱਟ ਵਿਚ ਬੋਲਣ ਲੱਗ ਪੈਂਦੇ ਹਨ। ਇਸ ਤਰ੍ਹਾਂ ਉਹ ਮਿਹਨਤ ਕਰਕੇ ਵੀ ਉਸ ਦਾ ਪੂਰਾ ਅਤੇ ਸਹੀ ਮੁੱਲ ਪਵਾਉਣ ਤੋਂ ਵਾਂਝੇ ਰਹਿ ਜਾਂਦੇ ਹਨ। ਜੇ ਨਕਲ ਰੋਕਣੀ ਹੀ ਹੈ ਤਾਂ ਇਸ ਲਈ ਕੋਈ ਹੋਰ ਕਾਰਗਰ ਢੰਗ ਅਪਨਾਉਣਾ ਚਾਹੀਦਾ ਹੈ ਨਾ ਕਿ ਇਹ ਵਿਤਕਰੇ ਭਰਪੂਰ ਅਤੇ ਮਾਰਕਸ ਮਾਰੂ ਢੰਗ। ਉਂਜ ਵੀ ਜੇ ਦੇਖਿਆ ਜਾਵੇ ਤਾਂ ਮਹਾਂਵਿਦਿਆਲੇ ਜਾਂ ਵਿਸ਼ਵਵਿਦਿਆਲੇ ਦੀ ਪੱਧਰ ’ਤੇ ਕੋਈ ਅਜਿਹਾ ਢੰਗ ਨਹੀਂ ਵਰਤਿਆ ਜਾਂਦਾ ਜੋ ਵਿਦਿਆਰਥੀਆਂ ਨੂੰ ਕਿਸੇ ਕਿਸਮ ਦੀ ਵਿਤਕਰੇਬਾਜ਼ੀ ਦਾ ਸ਼ਿਕਾਰ ਬਣਾਉਂਦਾ ਹੋਵੇ।
ਬੋਰਡ ਵੱਲੋਂ ਖੇਡਾਂ ਦੇ ਖੇਤਰ ਵਿਚ ਵਡੇਰੀਆਂ ਮੱਲਾਂ ਮਾਰਨ ਵਾਲੇ ਕੁੱਝ ਵਿਦਿਆਰਥੀਆਂ ਨੂੰ ਬਖ਼ਸ਼ਸ਼ ਅੰਕਾਂ ਨਾਲ ਨਿਵਾਜ਼ਿਆ ਜਾਂਦਾ ਹੈ। ਇਸ ਕਦਮ ਨੂੰ ਸਵਾਗਤਯੋਗ ਕਿਹਾ ਜਾ ਸਕਦਾ ਹੈ ਪਰ ਇਸ ਦੇ ਨਾਲ ਹੀ ਸਾਹਿਤਕ ਅਤੇ ਸਭਿਆਚਾਰਕ ਅਖਾੜੇ ਦੇ ਭਲਵਾਨਾਂ ਨੂੰ ਵੀ ਇਸ ਬਖ਼ਸ਼ਸ਼ ਦਾ ਪਾਤਰ ਬਣਾਉਣਾ ਚਾਹੀਦਾ ਹੈ, ਤਾਂ ਜੋ ਚੰਗੇ ਖਿਡਾਰੀਆਂ ਦੇ ਨਾਲ ਚੰਗੇ ਲਿਖਾਰੀ ਵੀ ਉਤਸ਼ਾਹਿਤ ਕੀਤੇ ਜਾ ਸਕਣ।
ਕਈ ਵਾਰੀ ਤਾਂ ਬੋਰਡ ਵੱਲੋਂ ਕਰਵਾਈ ਜਾਂਦੀ ਪੇਪਰਾਂ ਦੀ ਪੜਤਾਲ ਵੀ ਵਿਦਿਆਰਥੀਆਂ ਦੇ ਨਤੀਜ਼ੇ ’ਤੇ ਆਪਣਾ ਮਾੜਾ-ਚੰਗਾ ਪ੍ਰਭਾਵ ਪਾ ਜਾਂਦੀ ਹੈ। ਇਹ ਪ੍ਰਭਾਵ ਪ੍ਰੀਖਿਅਕ ਦੇ ਮੂਡ ਅਤੇ ਮਰਜ਼ੀ ’ਤੇ ਨਿਰਭਰ ਕਰਦਾ ਹੈ। ਕਿਹਾ ਜਾਂਦਾ ਹੈ ਜਦੋਂ ਪ੍ਰੀਖਿਅਕ ਦਾ ਮੂਡ ਖੁਸ਼ ਹੁੰਦਾ ਹੈ ਤਾਂ ਉਸ ਦੀ ਮਰਜ਼ੀ ਵੀ ਮੇਹਰਬਾਨ ਹੁੰਦੀ ਹੈ। ਇਸ ਮੇਹਰਬਾਨੀ ਕਰਕੇ ਉਸ ਨੂੰ ਵਿਦਿਆਰਥੀ ਦਾ ਖੱਦਰ (ਸਧਾਰਨ ਕਾਰਗੁਜ਼ਾਰੀ) ਵੀ ਰੇਸ਼ਮ ਲੱਗਣ ਲੱਗ ਪੈਂਦਾ ਹੈ ਪਰ ਜੇਕਰ ਪ੍ਰਸਥਿਤੀ ਇਸ ਦੇ ਉਲਟ ਹੋ ਜਾਵੇ ਤਾਂ ਰੇਸ਼ਮ (ਵਧੀਆ ਪੇਸ਼ਕਾਰੀ) ਵੀ ਖੱਦਰ ਦੇ ਭਾਅ ਮਿਣਿਆ ਜਾਂਦਾ ਹੈ। ਅਜਿਹੀ ਸੁਰਤ-ਏ-ਹਾਲ ਵਿਚੋਂ ਪੈਦਾ ਹੋਣ ਵਾਲੇ ਨਤੀਜ਼ੇ ਵੀ ਵਿਦਿਆਰਥੀ ਦੀ ਵਿਦਿਅਕ ਨਮੋਸ਼ੀ ਦਾ ਸਬੱਬ ਬਣ ਜਾਂਦੇ ਹਨ ਜੋ ਕਈ ਵਾਰ ਉਸ ਨੂੰ ਆਪਣੀ ਜੀਵਨ-ਲੀਲਾ ਖਤਮ ਕਰਨ ਦੇ ਰਾਹ ਤੋਰ ਦਿੰਦੇ ਹਨ।
ਨਤੀਜ਼ਿਆਂ ਦੇ ਨਾਂਹ-ਪੱਖੀ ਹੋਣ ਦਾ ਇੱਕ ਹੋਰ ਕਾਰਨ ਪਾਠਕ੍ਰਮ ਦਾ ਭਾਰਾਪਣ ਅਤੇ ਨੀਰਸਤਾ (ਰਸਹੀਣਤਾ) ਵੀ ਹੈ। ਜੇਕਰ ਗ਼ੌਰ ਨਾਲ ਦੇਖਿਆ ਜਾਵੇ ਬੋਰਡ ਵਲੋਂ ਨਿਰਧਾਰਿਤ ਕੀਤੇ ਗਏ ਕਈ ਵਿਸ਼ਿਆਂ ਦੀਆਂ ਕੁੱਝ ਕੁ ਗੱਲਾਂ ਤਾਂ ਵਕਤ ਵਿਹਾਉਣ ਦੇ ਨਾਲ-ਨਾਲ ਅਪ੍ਰਸੰਗਕ ਵੀ ਹੋ ਚੁੱਕੀਆਂ ਹਨ। ਇਹ ਗੱਲਾਂ ਵਿਦਿਆਰਥੀ ਵਰਗ ਲਈ ਨਾ ਸਿਰਫ਼ ਦਿਮਾਗੀ ਬੋਝ ਹੀ ਸਾਬਤ ਹੁੰਦੀਆਂ ਹਨ ਸਗੋਂ ਉਸ ਦੀ ਕਾਰ-ਕਰਦਗੀ (ਕੰਮ) ਨੂੰ ਵੀ ਪਛਾੜ ਦਿੰਦੀਆਂ ਹਨ। ਇਹ ਪਛੜਿਆਪਨ ਵੀ ਬੋਰਡ ਦੇ ਨਤੀਜ਼ਿਆਂ ਵਿਚਲੀ ਨਿਰਾਸ਼ਤਾ ਨੂੰ ਵਧਾਉਣ ਵਿਚ ਸਹਾਈ ਹੁੰਦਾ ਹੈ।
ਉਪਰੋਕਤ ਚਰਚਾ ਤੋਂ ਅਸੀਂ ਇਸ ਸਿੱਟੇ ਪਹੁੰਚਦੇ ਹਾਂ ਕਿ ਸਿੱਖਿਆ ਪ੍ਰਾਪਤੀ ਦੇ ਉਦੇਸ਼ਾਂ ਵਿਚੋਂ ਇੱਕ ਅਹਿਮਤਰੀਨ ਉਦੇਸ਼ (ਕਮਜ਼ੋਰ) ਵਿਦਿਆਰਥੀ ਨੂੰ ਜੀਵਨ ਲਈ ਤਿਆਰ ਕਰਨਾ ਹੁੰਦਾ ਹੈ। ਜੇਕਰ ਗੁਰੂ ਨਾਨਕ ਪਾਤਸ਼ਾਹ ਦੇ ਹਵਾਲੇ ਨਾਲ ਗੱਲ ਕੀਤੀ ਜਾਵੇ ਇਸ (ਵਿਦਿਆ) ਨੇ ਮਨੁੱਖ ਨੂੰ ਇੱਕ ਪਰਉਪਕਾਰੀ ਜੀਉੜਾ ਵੀ ਬਣਾਉਣਾ ਹੁੰਦਾ ਹੈ। ਇਨ੍ਹਾਂ ਉਦੇਸ਼ਾਂ ਦੀ ਪ੍ਰਾਪਤੀ ਕਿਤੇ ਅੰਕਾਂ ਦੀ ਪ੍ਰਾਪਤੀ ਤੱਕ ਹੀ ਨਾ ਸਿਮਟ ਕੇ ਰਹਿ ਜਾਵੇ।
ਸੋ, ਸਮੇਂ ਦੀ ਲੋੜ ਹੈ ਕਿ ਅਸੀਂ ਆਪਣੀ ਪ੍ਰੀਖਿਆ-ਪ੍ਰਣਾਲੀ ਦੀਆਂ ਉਨ੍ਹਾਂ ਘਾਟਾਂ/ਕਮਜ਼ੋਰੀਆਂ ਨੂੰ ਜ਼ਰੂਰ ਦੂਰ ਕਰ ਲਈਏ ਜੋ ਵਿਦਿਆਰਥੀ ਵਰਗ ਨੂੰ ਨਿਰਾਸ਼ਤਾ ਦੀ ਖੱਡ ਵਿਚ ਸੁੱਟ ਕੇ ਮੌਤ ਦੇ ਮਾਰਗ ਵੱਲ ਮੌੜ ਦਿੰਦੀਆਂ ਹਨ ਕਿਉਂਕਿ ਸਿੱਖਿਆ ਨੇ ਤਾਂ ਜੀਵਨ ਦੇਣਾ ਹੈ, ਨਾ ਕਿ ਮੌਤ।