ਇਸਲਾਮ ਦਾ ਜ਼ਕਾਤ ਅਤੇ ਸਿੱਖ ਧਰਮ ਅੰਦਰ ਦਸਵੰਧ ਪ੍ਰਥਾ

0
36

ਇਸਲਾਮ ਦਾ ਜ਼ਕਾਤ ਅਤੇ ਸਿੱਖ ਧਰਮ ਅੰਦਰ ਦਸਵੰਧ ਪ੍ਰਥਾ

– ਰਮੇਸ਼ ਬੱਗਾ ਚੋਹਲਾ #1348/17/1 ਗਲੀ ਨੰ. 8

ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ) ਮੋਬ: 94631-32719

 ਇਸਲਾਮ ਦੇ ਪੰਜ ਥੰਮਾਂ (ਬੁਨਿਆਦੀ ਸਿਧਾਤਾਂ) ਵਿਚ ਜ਼ਕਾਤ ਦਾ ਬਹੁਤ ਹੀ ਅਹਿਮਤਰੀਨ ਸਥਾਨ ਹੈ। ਜ਼ਕਾਤ ਤੋਂ ਭਾਵ ਉਸ ਦਾਨ ਤੋਂ ਹੈ, ਜਿਹੜਾ ਉਨ੍ਹਾਂ ਪਦਾਰਥਾਂ ਜਾਂ ਧਨ ਵਿੱਚੋਂ ਦਿੱਤਾ ਜਾਂਦਾ ਹੈ, ਜੋ ਇੱਕ ਮੁਸਲਮਾਨ ਕੋਲ ਉਸ ਦੀਆਂ ਮੁੱਢਲੀਆਂ ਲੋੜਾਂ ਨੂੰ ਪੂਰੀਆਂ ਕਰਨ ਉਪਰੰਤ ਬਚ ਜਾਂਦਾ ਹੈ। ਜ਼ਕਾਤ ਦੇਣ ਦਾ ਮੁੱਖ ਮਨੋਰਥ ਮਨੁੱਖਤਾ; ਵਿਸ਼ੇਸ਼ ਕਰਕੇ ਗ਼ਰੀਬਾਂ, ਅਨਾਥਾਂ, ਬੀਮਾਰਾਂ ਅਤੇ ਲੋੜਵੰਦਾਂ ਦੀ ਭਲਾਈ ਹੈ।

ਜ਼ਕਾਤ ਦੇਣਾ ਇੱਕ ਸੱਚੇ-ਸੁੱਚੇ ਮੁਸਲਮਾਨ ਦਾ ਫ਼ਰਜ਼ ਹੈ। ਕੁਰਆਨ ਅਤੇ ਹਦੀਸ ਦੀ ਰੌਸ਼ਨੀ ਵਿਚ ਸਮੂਹ ਮੁਸਲਿਮ ਭਾਈਚਾਰਾ ਇਸ ਗੱਲ ਨਾਲ ਇਤਫ਼ਾਕ ਰੱਖਦਾ ਹੈ ਕਿ ਜਿਹੜਾ ਮੁਸਲਮਾਨ ਜ਼ਕਾਤ ਦੇ ਫ਼ਰਜ਼ ਤੋਂ ਇਨਕਾਰੀ ਹੋਵੇਗਾ, ਉਸ ਦਾ ਸ਼ੁਮਾਰ; ਕਾਫ਼ਰਾਂ ਵਿਚ ਹੋਵੇਗਾ ਅਤੇ ਆਖ਼ੀਰ ਵੇਲੇ ਸਖ਼ਤ ਸਜ਼ਾਵਾਂ ਦਾ ਭਾਗੀਦਾਰ ਬਣੇਗਾ।

ਅੱਲਾਹ ਤਆਲਾ ਨੇ ਕੁਰਆਨ ਵਿਚ ਇਹ ਵੀ ਫ਼ੁਰਮਾਇਆ ਹੈ ਕਿ ਜਿਹੜੇ ਧਨ ਪਦਾਰਥਾਂ ਨੂੰ ਜੋੜ ਕੇ ਰੱਖਦੇ ਹਨ ਅਤੇ ਉਸ ਨੂੰ ਅੱਲਾਹ ਦੇ ਰਾਹ ਵਿਚ ਖ਼ਰਚ ਨਹੀਂ ਕਰਦੇ, ਉਹ ਦੋਜ਼ਖ ਦੀ ਅੱਗ ਦੇ ਸੇਕ ਤੋਂ ਨਹੀਂ ਬਚ ਸਕਦੇ।

ਹਜ਼ੂਰ ਨਬੀ ਕਰੀਮ ਦਾ ਫ਼ੁਰਮਾਨ ਹੈ ਕਿ ‘ਜਦੋਂ ਕਿਸੇ ਮੁਸਲਮਾਨ ਦੇ ਮਾਲ ਵਿਚ ਜ਼ਕਾਤ ਰਲ ਜਾਵੇ ਤਾਂ ਉਹ ਮਾਲ ਉਸ ਲਈ ਹਲਾਕਤ (ਪਵਿੱਤਰਤਾ) ਦੇ ਸਮਾਨ ਹੈ।’

ਇਸਲਾਮ ਵਿਚ ਜ਼ਕਾਤ ਨੂੰ ਇੱਕ ਇਬਾਦਤ ਕਰਕੇ ਜਾਣਿਆ ਜਾਂਦਾ ਹੈ ਅਤੇ ਇਸ ਨੂੰ ਅੱਲਾਹ ਦਾ ਹੁਕਮ ਸਵੀਕਾਰਿਆ ਜਾਂਦਾ ਹੈ। ਇੱਕ ਮੁਸਲਮਾਨ ਵੱਲੋਂ ਆਪਣਾ ਪਾਕਿ ਫ਼ਰਜ ਸਮਝ ਕੇ ਅਦਾ ਕੀਤੀ ਜਾਣ ਵਾਲੀ ਜ਼ਕਾਤ ਨੂੰ ਲੈਣ ਦਾ ਅਸਲੀ ਪਾਤਰ/ਹੱਕਦਾਰ ਕੌਣ ਹੈ ਇਸ ਬਾਬਤ ਕੁਰਆਨ ਵਿਚ ਇਸ ਤਰ੍ਹਾਂ ਬਿਆਨ ਕੀਤਾ ਗਿਆ ਹੈ :

  1. ਫ਼ਕੀਰ ਤੇ ਜ਼ਰੂਰਤਮੰਦ :- ਇਨ੍ਹਾਂ ਵਿਚ ਉਹ ਲੋਕ ਸ਼ਾਮਲ ਹਨ ਜਿਨ੍ਹਾਂ ਕੋਲ ਕੁੱਝ ਮਾਇਆ ਤਾਂ ਹੈ ਪਰ ਉਨ੍ਹਾਂ ਦੀਆਂ ਵਾਜ਼ਬ ਲੋੜਾਂ ਨੂੰ ਪੂਰਾ ਨਹੀਂ ਕਰਦੀ। ਤੰਗੀਆਂ-ਤੁਰਸ਼ੀਆਂ ਦੇ ਬਾਵਜ਼ੂਦ ਵੀ ਇਹ ਲੋਕ ਕਿਸੇ ਅੱਗੇ ਆਪਣੇ ਹੱਥ ਨਹੀਂ ਫੈਲਾਉਂਦੇ।
  2. ਮਿਸਕੀਨ ਤੇ ਅਨਾਥ :-ਇਸ ਵਰਗ ਦੇ ਲੋਕਾਂ ਦੀ ਝੋਲੀ ਆਮ ਤੌਰ ’ਤੇ ਸੱਖਣੀ ਹੀ ਰਹਿੰਦੀ ਹੈ ਅਤੇ ਇਹ ਗ਼ਰੀਬਾਂ ਵਾਲੀ ਲਾਈਨ ਤੋਂ ਵੀ ਹੇਠਾਂ ਹੀ ਹੁੰਦੇ ਹਨ। ਇਸ ਵਰਗ ਵਿਚ ਅਨਾਥ, ਮੁਥਾਜ, ਅਪਹਾਜ ਅਤੇ ਵਿਧਵਾ ਔਰਤਾਂ ਸ਼ਾਮਲ ਹਨ। ਬੇਰੁਜ਼ਗਾਰ ਭਾਈਚਾਰਾ ਵੀ ਇਸ ਵਿਚ ਹੀ ਸ਼ਾਮਲ ਕੀਤਾ ਜਾਂਦਾ ਹੈ।
  3. ਆਮਿਲੀਨਾ:-ਇਸ ਸ਼੍ਰੇਣੀ ਵਿਚ ਉਹ ਲੋਕ ਆਉਂਦੇ ਹਨ, ਜਿਨ੍ਹਾਂ ਦੇ ਨਾਮ ਹਕੂਮਤ ਵੱਲੋਂ ਜ਼ਕਾਤ ਦੀ ਵਸੂਲੀ ਲਈ ਮੁਕੱਰਰ ਕੀਤੇ ਜਾਂਦੇ ਹਨ ਭਾਵ ਉਨ੍ਹਾਂ ਦੀ ਤਨਖ਼ਾਹ ਜ਼ਕਾਤ ਵਿਚੋਂ ਦਿੱਤੀ ਜਾਂਦੀ ਹੈ।
  4. ਮੁਅੱਲਫ਼ਤੁਲ ਕੁਲੁਬ:-ਇਸ ਵਿਚ ਉਹ ਲੋਕ ਆਉਂਦੇ ਹਨ ਜਿਨ੍ਹਾਂ ਨੂੰ ਇਸਲਾਮ ਦਾ ਹਾਮੀ ਬਣਾਈ ਰੱਖਣ ਲਈ ਰੁਪਏ ਦੀ ਲੋੜ ਪੇਸ਼ ਆਵੇ। ਇਸ ਫੰਡ ਨਾਲ ਨਵੇਂ ਬਣੇ ਮੁਸਲਿਮ ਲੋਕਾਂ ਨੂੰ ਵੀ ਸੰਤੁਸ਼ਟ ਕੀਤਾ ਜਾਂਦਾ ਹੈ ਤਾਂ ਜੋ ਉਨ੍ਹਾਂ ਦਾ ਮਨ ਇਸਲਾਮ ਵਿਚ ਲੱਗਾ ਰਹੇ।
  5. ਫ਼ਿੱਰਿਕਾਬ:- ਜੇ ਕੋਈ ਵਿਅਕਤੀ ਗ਼ੁਲਾਮੀ ਦੀ ਜੰਜੀਰ ਤੋਂ ਛੁਟਕਾਰਾ ਚਾਹੁੰਦਾ ਹੈ ਪਰ ਉਸ ਕੋਲ ਪੈਸੇ ਨਹੀਂ ਹਨ ਤਾਂ ਉਸ ਦੀ ਸਹਾਇਤਾ ਵੀ ਜ਼ਕਾਤ ਦੀ ਰਕਮ ਨਾਲ ਕੀਤੀ ਜਾ ਸਕਦੀ ਹੈ। ਜੇਕਰ ਕੋਈ ਮੁਸਲਿਮ ਕੈਦੀ ਬਿਨਾਂ ਕਿਸੇ ਕਸੂਰ ਤੋਂ ਕੈਦ ਭੁਗਤ ਰਿਹਾ ਹੋਵੇ ਅਤੇ ਕੁੱਝ ਜੁਰਮਾਨਾ ਅਦਾ ਕਰਕੇ ਉਸ ਦਾ ਖਹਿੜਾ ਛੁੱਟ ਜਾਂਦਾ ਹੋਵੇ ਤਾਂ ਉਸ ਜੁਰਮਾਨੇ ਦੀ ਰਾਸ਼ੀ ਵੀ ਜ਼ਕਾਤ ਵਿਚੋਂ ਦਿੱਤੀ ਜਾ ਸਕਦੀ ਹੈ।
  6. ਅਲਗਾਰਿਮੀਨ:-ਇਹ ਉਹ ਲੋਕ ਹਨ ਜਿਨ੍ਹਾਂ ਦੇ ਸਿਰ ’ਤੇ ਕਰਜ਼ੇ ਦੀ ਭਾਰੀ ਪੰਡ ਹੋਵੇ ਅਤੇ ਇਸ ਬੋਝ ਕਾਰਨ ਉਨ੍ਹਾਂ ਨੂੰ ਜੀਵਨ ਔਖਿਆਲਾ ਲੱਗਣ ਲੱਗ ਪਏ। ਇਨ੍ਹਾਂ ਦੇ ਜੀਵਨ ਨੂੰ ਕੁੱਝ ਸੁਖਾਲਾ ਕਰਨ ਹਿੱਤ ਵੀ ਜ਼ਕਾਤ ਦੀ ਲੋੜੀਂਦੀ ਵਰਤੋਂ ਕੀਤੀ ਜਾ ਸਕਦੀ ਹੈ। ਪਰ ਇਸ ਮਦ ਵਿਚ ਕਿਸੇ ਐਸ਼ ਬਿਰਤੀ ਜਾਂ ਫ਼ਜ਼ੂਲ ਖ਼ਰਚੇ ਹਿੱਤ ਲਏ ਕਰਜ਼ੇ ਨੂੰ ਉਤਾਰਨਾ ਸ਼ਾਮਲ ਨਹੀਂ ਹੈ।
  7. ਫ਼ੀਸਬੀ ਲਿੱਲਾਹ:-ਇਸ ਮਦ ਅਧੀਨ ਹਰੇਕ ਭਾਂਤ ਦੇ ਨੇਕ ਅਤੇ ਸ਼ੁਭ ਕਾਰਜ ਆਉਂਦੇ ਹਨ ਪਰ ਤਰਜੀਹੀ ਰੂਪ ਵਿਚ ਦੀਨ ਦੇ ਪ੍ਰਚਾਰ ਅਤੇ ਪ੍ਰਸਾਰ ਹਿੱਤ ਕੀਤੇ ਜਾਣ ਵਾਲੇ ਕਾਰਜ ਸ਼ਾਮਲ ਹਨ। ਅੱਲਾਹ ਦੁਆਰਾ ਬਣਾਏ ਗਏ ਮਾਨਵ ਹਿਤਕਾਰੀ ਕਾਨੂੰਨਾਂ ਨੂੰ ਸੰਸਾਰ ਵਿਚ ਲਾਗੂ ਕਰਨ ਲਈ ਵਰਤੇ ਜਾਂਦੇ ਜਾਇਜ਼ ਢੰਗ-ਤਰੀਕਿਆਂ ਲਈ ਜ਼ਕਾਤ ਦੀ ਵਰਤੋਂ ਕੀਤੀ ਜਾ ਸਕਦੀ ਹੈ।
  8. ਇਬਨੁੱਸਬੀਲ (ਮੁਸਾਫ਼ਿਰ):- ਇਸ ਵਿਚ ਉਹ ਮੁਸਾਫ਼ਿਰ ਆਉਂਦੇ ਹਨ, ਜਿਹੜੇ ਸਫ਼ਰ ਦੀ ਹਾਲਤ ਵਿਚ ਕਿਰਾਏ-ਭਾੜੇ ਅਤੇ ਹੋਰ ਖ਼ਰਚੇ ਲਈ ਮਜ਼ਬੂਰ ਅਤੇ ਆਪਣੀ ਨਿਰਧਾਰਿਤ ਮੰਜ਼ਲ ਤੋਂ ਦੂਰ ਹੁੰਦੇ ਹਨ।

ਭਾਵੇਂ ਪ੍ਰਚਲਿਤ ਵਿਧਾਨ ਦੇ ਮੁਤਾਬਕ ਜ਼ਕਾਤ ਦੀ ਰਕਮ ਨੂੰ ਮਦਰੱਸਿਆਂ ਦੀ ਬੇਹਤਰੀ ਲਈ ਖ਼ਰਚ ਕਰਨ ਨੂੰ ਪਹਿਲ ਦਿੱਤੀ ਜਾਂਦੀ ਹੈ ਪਰ ਕੁਰਆਨ ਮਜੀਦ ਵਿਚ ਦਰਸਾਈਆਂ ਉਪਰੋਕਤ ਮੱਦਾਂ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ।

  ਇਸਲਾਮ ਦੇ ਵਾਂਗ ਸਿੱਖ ਧਰਮ ਵੀ ਸਰਬੱਤ ਦੇ ਭਲੇ ਦਾ ਹਾਮੀ ਹੈ। ਨਿਮਾਣਿਆਂ ਦਾ ਮਾਣ ਅਤੇ ਨਿਆਸਰਿਆਂ ਦਾ ਆਸਰਾ ਬਣਨਾ ਸਿੱਖੀ ਦੀ ਵਿਸ਼ੇਸ਼ ਪਹਿਚਾਣ ਰਹੀ ਹੈ। ਇਸ ਤਹਿਤ ਹੀ ‘ਗੁਰੂ ਕੀ ਗੋਲਕ ਨੂੰ ਗ਼ਰੀਬ ਦਾ ਮੂੰਹ’ ਕਹਿ ਕੇ ਵਿਚਾਰਿਆ ਅਤੇ ਪ੍ਰਚਾਰਿਆ ਜਾਂਦਾ ਹੈ। ਇਸ ਗੋਲਕ ਦੀ ਭਰਪੂਰਤਾ ਹਿੱਤ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਆਪਣੀ ਨੇਕ ਕਮਾਈ ਵਿਚੋਂ ਦਸਵੰਧ ਕੱਢਣ ਲਈ ਵਿਸ਼ੇਸ਼ ਹੁਕਮ ਦਿੱਤਾ ਹੋਇਆ ਹੈ। ਇਸ ਹੁਕਮ/ਉਪਦੇਸ਼ ਨੂੰ ਕਮਾਉਣ ਵਾਲੇ ਸਿੱਖਾਂ ਦੀ ਕਮਾਈ ਨਾਲ ਹੀ ਬਿਨਾਂ ਕਿਸੇ ਵਖਰੇਵੇਂ ਦੇ ਲੋੜਵੰਦਾਂ ਦੀਆਂ ਲੋੜਾਂ ਨੂੰ ਪੂਰਿਆ ਜਾਂਦਾ ਹੈ।

ਉਪਰੋਕਤ ਵਿਚਾਰ ਤੋਂ ਇਸ ਨਤੀਜੇ ’ਤੇ ਪਹੁੰਚਿਆ ਜਾ ਸਕਦਾ ਹੈ ਕਿ ਇਸਲਾਮੀ ‘ਜ਼ਕਾਤ’ ਅਤੇ ਸਿੱਖੀ ਦੇ ‘ਦਸਵੰਧ’ ਦੋਵਾਂ ਦਾ ਉਦੇਸ਼ ਕਲਿਆਣਕਾਰੀ ਕਾਰਜ ਹਨ ਭਾਵੇਂ ਕਿ ਇਨ੍ਹਾਂ ਦਾ ਦਾਇਰਾ ਆਪੋ ਆਪਣਾ ਹੈ।