ਸਿਮਰਨਜੀਤ ਸਿੰਘ ਮਾਨ ਦਾ ਭਾਰਤ ਨੂੰ ਤਰਲਾ

0
192

ਸਿਮਰਨਜੀਤ ਸਿੰਘ ਮਾਨ ਦਾ ਭਾਰਤ ਨੂੰ ਤਰਲਾ

-: ਗੁਰਤੇਜ ਸਿੰਘ Ex. IAS

ਆ ਸੱਜਣਾ ਗਲ ਲੱਗ ਕੇ ਮਿਲੀਏ, ਕਿਤੇ ਮਰ ਨਾ ਜਾਈਏ ਰੁੱਸੇ।

ਸਿਮਰਨਜੀਤ ਸਿੰਘ ਮਾਨ ਨੇ ਭਾਗਲਪੁਰ ਜੇਲ੍ਹ ਵਿੱਚੋਂ ਰਿਹਾਅ ਹੋਣ ਲਈ ਭਾਰਤ ਦੇ (ਖ਼ਾਲਿਸਤਾਨ ਦੇ ਨਹੀਂ) ਪ੍ਰਮੁੱਖ ਨਿਆਂਧੀਸ਼ (ਚੀਫ਼ ਜਸਟਿਸ ਆਫ ਇੰਡੀਆ) ਨੂੰ ਇੱਕ ਬੇਨਤੀ-ਪੱਤਰ ਪੇਸ਼ ਕੀਤਾ। ਮੂਲ ਚਿੱਠੀ ਅੰਗ੍ਰੇਜ਼ੀ ਵਿੱਚ ਹੈ ਜਿਸ ਦੀ ਹੂ-ਬ-ਹੂ ਤਸਵੀਰ ਹੇਠਾਂ ਛਾਪੀ ਜਾ ਰਹੀ ਹੈ। ਇਸ ਨੂੰ ਜੱਜ ਸ. ਲ. ਖੰਨਾ ਨੇ ਸਹੀ ਤਸਦੀਕ ਕੀਤਾ ਹੈ ਜਿਸ ਦੀ ਕਚਹਿਰੀ ਵਿੱਚ ਪੇਸ਼ ਹੋ ਕੇ ਮਾਨ ਨੇ ਦਸਤਖ਼ਤ ਕੀਤੇ ਸਨ।

ਮਾਨ ਦੀ ਬੇਟੀ ਦੀ ਤਾਜ਼ਾ ਪੁਸਤਕ “ਚੋਰੀ ਹੋਏ ਸਾਲ” ਵਿੱਚ ਏਸ ਦਾ ਤੇ ਹੋਰ ਕਈ ਵੇਰਵਿਆਂ ਦਾ ਜ਼ਿਕਰ ਆਉਣ ਕਾਰਣ ਮਾਨ ਦੇ ਰੋਲ ਤੇ ਏਸ ਦੀ ਸਿਆਸੀ ਸੰਜੀਦਗੀ ਬਾਰੇ ਅਨੇਕਾਂ ਗੰਭੀਰ ਸਵਾਲ ਉੱਠ ਖੜ੍ਹੇ ਹੋਏ ਹਨ। 6 ਅਗਸਤ 2015 ਨੂੰ ਮੈਂ ਅੰਗ੍ਰੇਜ਼ੀ ਵਿੱਚ ਇੱਕ ਲੇਖ ਲਿਖ ਕੇ ਕੌਮ ਨੂੰ ਕੁਝ ਸਵਾਲਾਂ ਦੇ ਜਵਾਬ ਦੇਣ ਦੀ ਮਾਨ ਤੋਂ ਮੰਗ ਕੀਤੀ ਸੀ ਤਾਂ ਇਹ ਆਪੇ ਤੋਂ ਬਾਹਰ ਹੋ ਕੇ ਆਪਣੇ ਸਮਰਥਕਾਂ ਦੇ ਬੁਰਕੇ ਓਹਲਿਉਂ ਗਾਲ਼ੀ-ਗਲੋਚ ਅਤੇ ਨੀਵੇਂ, ਘਟੀਆ ਪੱਧਰ ਦੇ ਤਾਅਨਿਆਂ-ਮਿਹਣਿਆਂ ‘ਤੇ ਉੱਤਰ ਆਇਆ। ਸਵਾਲ ਜਿਉਂ ਦੇ ਤਿਉਂ ਖੜ੍ਹੇ ਹਨ ਜਿਨ੍ਹਾਂ ਵੱਲ ਮੂੰਹ ਕਰਨ ਲਈ ਮਾਨ ਉੱਕਾ ਹੀ ਤਿਆਰ ਨਹੀਂ ਜਾਪਦਾ।

ਕਿਉਂਕਿ ਮਾਨ ਦੇ ਬਹੁਤੇ ਸਮਰਥਕ ਅੰਗ੍ਰੇਜ਼ੀ ਅੱਖਰ ਨਹੀਂ ਉਠਾ ਸਕਦੇ, ਏਸ ਕਾਰਨ ਪਹਿਲਾਂ ਏਸ ਜ਼ਿਕਰ-ਅਧੀਨ ਚਿੱਠੀ ਦਾ ਪੰਜਾਬੀ ਰੂਪ ਪੇਸ਼ ਕੀਤਾ ਜਾ ਰਿਹਾ ਹੈ:

ਮਾਣਯੋਗ, ਭਾਰਤ ਦੇ ਮੁੱਖ ਨਿਆਂਇਧੀਸ਼, ਨਵੀਂ ਦਿੱਲੀ।

(ਜੇ) ਪ੍ਰਭੁਤਵ ਧਾਰੀ ਨੂੰ ਚੰਗਾ ਲੱਗ ਸਕੇ (ਤਾਂ ਅਰਜ਼ ਹੈ) ਮੇਰੀ ਲੋਚਾ ਹੈ ਕਿ ਮੈਂ ਆਪ ਦੇ, ਬਤੌਰ ਮਾਣਯੋਗ ਮੁੱਖ ਨਿਆਂਇਧੀਸ਼, ਦਰਸ਼ਨ ਕਰ ਸਕਾਂ। ਮੈਂ ਤੁਹਾਡੀ ਅਚਨਚੇਤ ਹੋਈ ਬਿਮਾਰੀ ਕਾਰਨ ਅਜਿਹਾ ਨਹੀਂ ਕਰ ਸਕਿਆ। ਚੰਗੇ ਭਾਗਾਂ ਨੂੰ ਹੁਣ ਤੁਸੀਂ ਵੱਲ ਹੋ ਗਏ ਹੋ। ਮੈਂ ਆਪ ਪ੍ਰਭੂ ਦੇ 19 ਜੂਨ 1984 ਦੇ ਹੁਕਮ, ਜੋ ਲੌਂਗੋਵਾਲ ਦੀ ਹੇਬੀਅਸ ਕੌਰਪਸ ਦੀ ਬੇਨਤੀ ਪ੍ਰਤੀ ਹਨ, ਪੜ੍ਹੇ ਹਨ ਅਤੇ ਓਸ ਪਿੱਛੋਂ ਸੁੱਝੇ (Post Script) ਪੰਜਾਬ-ਹਰਿਆਣਾ ਸਰਹੱਦੀ ਝਗੜੇ ਸਬੰਧੀ ਸੁਝਾਵਾਂ ਵਿਚਲੀਆਂ ਟੂਕਾਂ ਪੜ੍ਹੀਆਂ ਹਨ। ਮੈਂ ਦੂਜਿਆਂ ਕੋਲੋਂ ਆਪ ਦੇ ਬਾਰੇ ਸੁਣਿਆ ਹੈ। ਮੈਨੂੰ ਆਪ ਉੱਤੇ ਪੂਰਾ ਭਰੋਸਾ ਅਤੇ ਸ਼ਰਧਾ ਹੈ।
ਮੈਂ ਸੰਵਿਧਾਨ ਪ੍ਰਤੀ ਆਪਣੀ ਨਮਕ-ਹਲਾਲੀ ਦੁਹਰਾਉਂਦਾ ਹਾਂ ਅਤੇ ਮੈਂ ਦੇਸ਼ ਦੀ ਅਖੰਡਤਾ ਦੀ ਹਮਾਇਤ ਕਰਦਾ ਹਾਂ। ਮੈਂ ਅੱਤਵਾਦ (Terrorism) ਦੇ ਪ੍ਰਯੋਗ ਵਿੱਚ ਯਕੀਨ ਨਹੀਂ ਰੱਖਦਾ। ਮੈਂ ਆਪਣੀ ਸਰਕਾਰ ਦੀ ਬਖ਼ੂਬੀ ਅਤੇ ਸਿਦਕ ਨਾਲ ਸੇਵਾ ਕੀਤੀ ਹੈ। ਮੈਂ ਬਹੁਤ ਗ਼ਲਤ ਸਮਝਿਆ ਗਿਆ ਵਿਅਕਤੀ ਹਾਂ।
ਮੈਂ ਆਪਣੀ ਵਿਚਾਰਧਾਰਾ ਸਰਕਾਰ ਨੂੰ ਸਿੱਧੇ ਤੌਰ ਉੱਤੇ ਜਾਂ ਤੁਹਾਡੇ ਰਾਹੀਂ ਪਹੁੰਚਾਉਣਾ ਚਾਹੁੰਦਾ ਹਾਂ। ਮੈਨੂੰ ਆਪ ਮਾਣਯੋਗ, ਭਾਰਤ ਦੇ ਚੀਫ਼ ਜਸਟਿਸ ਨੂੰ ਮਿਲ ਕੇ ਖੁਸ਼ੀ ਹੋਵੇਗੀ – 20 ਅਗਸਤ ਨੂੰ ਜਾਂ ਇਸ ਤੋਂ ਬਾਅਦ ਜਿੱਥੇ ਕਿਤੇ ਵੀ ਅਤੇ ਜਦੋਂ ਕਦੋਂ ਵੀ – ਏਸ ਮਕਸਦ ਲਈ ਆਪ ਨੂੰ (ਮਿਲਣ ਦਾ ਚਾਹਵਾਨ ਹਾਂ)। ਮੈਨੂੰ ਯਕੀਨ ਹੈ ਕਿ ਜੇ ਸਿਰਫ਼ ਮੇਰੀ ਸਲਾਹ ਪ੍ਰਵਾਨ ਕਰ ਲਈ ਜਾਵੇ ਅਤੇ (ਏਸ ਉੱਤੇ) ਅਮਲ ਕਰ ਲਿਆ ਜਾਵੇ ਤਾਂ ਪੰਜਾਬ ਵਿੱਚ (ਹੋ ਰਹੀ) ਹਿੰਸਾ ਰੁਕ ਜਾਵੇਗੀ ਅਤੇ ਸੂਬਾ ਵਾਪਸ ਆਮ ਹਾਲਤ ਵਿੱਚ ਆ ਜਾਵੇਗਾ।
ਮੈਂ ਇਹ ਸ਼ੁੱਧ ਆਤਮਾ ਨਾਲ ਲਿਖ ਰਿਹਾ ਹਾਂ।

ਦਸਤਖ਼ਤ: ਸਿਮਰਨਜੀਤ ਸਿੰਘ ਮਾਨ
ਦਸਤਖ਼ਤ ਤਸਦੀਕ ਕੀਤੇ:
ਸ਼ ਲ਼ ਖੰਨਾਂ, ਮੁਹਰ 19/8/89
ਮੈਟ੍ਰੋਪੌਲੀਟਨ ਮੈਜਿਸਟ੍ਰੇਟ, ਦਿੱਲੀ

ਜੇ ਕਿਸੇ ਨੂੰ ਏਸ ਬੇਨਤੀ-ਪੱਤਰ ਵਿੱਚੋਂ ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਦੇ ਪ੍ਰਵਚਨਾਂ ਦੀ ਖੁਸ਼ਬੂ ਆਉਂਦੀ ਹੋਵੇ ਤਾਂ ਉਹ ਹੁਣ ਬੋਲੇ। ਜੇ ਕਿਸੇ ਨੂੰ ਇਹਦੇ ਵਿੱਚੋਂ ਸਿਰੜੀ ਨੈਲਸਨ ਮੰਡੇਲਾ ਜਾਂ ਜੁਝਾਰੂ ਮੈਲਕਮ ਐਕਸ ਦੀਆਂ ਲਿਖਤਾਂ ਦੀ ਝਲਕ ਪੈਂਦੀ ਹੈ ਤਾਂ ਉਹ ਵੀ ਚੁੱਪ ਨਾ ਰਹੇ ਤਾਂ ਕਿ ਓਸ ਦੇ ਬੌਧਿਕ ਪੱਧਰ ਦਾ ਗਿਆਨ ਵੀ ਸੰਗਤਾਂ ਨੂੰ ਹੋ ਜਾਵੇ।

ਗੁਰਤੇਜ ਸਿੰਘ ਨੂੰ ਗਾਲ੍ਹਾਂ ਕਢਵਾਉਣੀਆਂ ਤਾਂ ਮਾਨ ਦਲ ਦੇ ਸਰਗਨੇ (ਪ੍ਰਮੁੱਖ) ਲਈ ਸੌਖੀਆਂ ਹਨ, ਪਰ ਸੱਚ ਨੂੰ ਖਿੜੇ ਮੱਥੇ ਪ੍ਰਵਾਨ ਕਰਨ ਲਈ ਮੱਝਾਂ ਦਾ ਜੇਰਾ ਚਾਹੀਦਾ ਹੈ। ਗਾਲ੍ਹਾਂ ਕੱਢਣ ਵਾਲੇ ਡੰਝ ਲਾਹ ਲੈਣ।

ਮੈਨੂੰ ਜਾਪਦਾ ਹੈ ਕਿਸੇ ਨੇ ਗੋਡਿਆਂ ਪਰਨੇ ਹੋ ਕੇ, ਅਸ਼ਟਾਂਗ ਪ੍ਰਣਾਮ ਕਰ ਕੇ, ਮੂੰਹ ਵਿੱਚ ਘਾਹ ਲੈ ਕੇ ਗਿੜਗਿੜਾ ਕੇ ਘਿਰਣਾਯੋਗ ਮੁਆਫ਼ੀਨਾਮਾ ਲਿਖਿਆ ਹੈ। ਏਸ ਦੇ ਹਰ ਅੱਖਰ ਵਿੱਚ ਤਰਲਾ ਹੈ। ਕੌਮ ਨੂੰ ਸ਼ੇਰ ਦਾ ਅੱਗਾ ਵਿਖਾਉਣ ਵਾਲਾ ਆਗੂ ਚੀਫ਼ ਜਸਟਿਸ ਰਾਹੀਂ ਭਾਰਤ ਸਰਕਾਰ ਨੂੰ ਗਿੱਦੜ ਦਾ ਪਿੱਛਾ ਕਿਉਂ ਵਿਖਾ ਰਿਹਾ ਹੈ ? ਜਿਸ ਦੇ ਮਨ ਵਿੱਚ ਇਹ ਸਵਾਲ ਨਹੀਂ ਉੱਠਦਾ ਉਹ ਵੀ ਗੁਰੂ ਨੂੰ ਹਾਜ਼ਰ-ਨਾਜ਼ਰ ਜਾਣ ਕੇ ਹਿੱਕ ਠੋਕ ਕੇ ਆਪਣਾ ਪੱਖ ਜ਼ਾਹਰ ਕਰੇ।
ਏਸ ਤੋਂ ਵੀ ਸ਼ਰਮਨਾਕ ਹਨ ਉਹ 20 ਸ਼ਰਤਾਂ ਜਿਨ੍ਹਾਂ ਨੂੰ ਮੰਨ ਕੇ ਸਿਮਰਨਜੀਤ ਸਿੰਘ ਮਾਨ ਨੇ ਰਾਮ ਜੇਠਮਲਾਨੀ ਨੂੰ ਆਪਣਾ ਵਕੀਲ ਬਣਨ ਲਈ ਅਰਜੋਈ ਕੀਤੀ ਸੀ। ਚੰਗਾ ਹੋਵੇਗਾ ਕਿ ਉਹ ਆਪਣੇ ਆਪ ਇਹ ਦਸਤਾਵੇਜ਼ ਕੌਮ ਦੇ ਸਾਹਮਣੇ ਪੇਸ਼ ਕਰ ਦੇਵੇ।
ਸਮਰਥਕਾਂ ਰਾਹੀਂ ਦਿੱਤੀਆਂ ਗਾਲ੍ਹਾਂ ਮੈਂ ਸੁਣਨ ਲਈ ਤਿਆਰ ਹਾਂ, ਪਰ ਉਹਨਾਂ ਨੂੰ ਪ੍ਰਵਾਨ ਨਹੀਂ ਕਰਦਾ। ਤੇਰੀਆਂ ਗਾਲ੍ਹਾਂ ਤੇਰੇ ਸਮਰਥਕ ਮੈਨੂੰ ਦੇ ਰਹੇ ਹਨ; ਮੈਂ ਉਹ ਲੈਂਦਾ ਨਹੀਂ। ਮਹਾਂ ਮੁਨੀ ਦੇ ਦਸਤੂਰ ਅਨੁਸਾਰ ਉਹ ਤੇਰੀਆਂ ਹੀ ਹੋ ਨਿੱਬੜਦੀਆਂ ਹਨ, ਸੰਭਾਲ ਕੇ ਰੱਖ ਲੈਣੀਆਂ !

ਨੋਟ: ਸਿਮਰਨਜੀਤ ਸਿੰਘ ਮਾਨ ਜੇ ਬਹਿਸ ਕਰਨ ਦਾ ਮਨ ਬਣਾ ਚੁੱਕਾ ਹੈ, ਤਾਂ ਸਮਰਥਕਾਂ ਦੇ ਬੁਰਕੇ ਵਿੱਚੋਂ ਨਿਕਲ ਕੇ ਸਾਹਮਣੇ ਆਵੇ; ਜਾਰੀ ਬਹਿਸ ਵਿੱਚ ਆਪਣਾ ਪੱਖ ਦੱਸੇ ਜਾਂ ਜਿਵੇਂ/ਜਿੱਥੇ ਉਹ ਚਾਹੁੰਦਾ ਹੈ, ਖੁੱਲ੍ਹੀ ਬਹਿਸ ਦਾ ਢੰਗ-ਤਰੀਕਾ ਆਦਿ ਸਿੱਧੀ ਗੱਲਬਾਤ ਰਾਹੀਂ ਤੈਅ ਕਰ ਲਵੇ। ਬਹਿਸ ਕੇਵਲ ਮਾਨ ਨਾਲ ਹੀ ਕੀਤੀ ਜਾਵੇਗੀ, ਕਿਉਂਕਿ ਤੱਥਾਂ ਦੀ ਜਾਣਕਾਰੀ ਓਸੇ ਕੋਲ ਹੈ।