ਵਿਚਾਰ ਅਤੇ ਤਲਵਾਰ !
ਗੁਰਮੀਤ ਸਿੰਘ ਬਰਸਾਲ “ਕੈਲੇਫੋਰਨੀਆਂ”
ਜਦ ਬੰਦੇ ਦੀ ਸੋਚ ਦਲੀਲੋਂ ਹਾਰੀ ਹੈ , ਮੂਰਖਤਾ ਨਾਲ ਕੱਢੀ ਉਸ ਕਟਾਰੀ ਹੈ ।
ਤਰਕ–ਸੂਝ ਜਦ ਉਸ ਦੇ ਵਸ ਵਿੱਚ ਆਈ ਨਾ, ‘ਮਿੱਠਤ’ ‘ਨੀਵੀਂ’ ਵੀ ਉਸ ਨੇ ਦੁਰਕਾਰੀ ਹੈ ।
ਉੱਚਾ ਬੋਲਣ ਦੀ ਵੀ ਪੈਂਦੀ ਲੋੜ ਨਹੀਂ, ਜੇਕਰ ਆਖੀ ਗੱਲ ਵਜਨ ਦੀ ਭਾਰੀ ਹੈ ।
ਸੱਚ ਨਾਲ ਤਲਵਾਰ ਜਦੋਂ ਟਕਰਾਈ ਹੈ, ਸੱਚ ਨੇ ਸਾਹਵੇਂ ਬੈਹ ਕੇ ਬਾਜੀ ਮਾਰੀ ਹੈ ।
ਸ਼ਬਦ ਨਾਲੋਂ ਹਥਿਆਰ ਨੂੰ ਉੱਚਾ ਰੱਖਣ ਦੀ, ਗਿਆਨ–ਯੁੱਗ ਨੇ ਨੀਤੀ ਸਦਾ ਨਿਕਾਰੀ ਹੈ ।
ਉਸ ਨੇ ਕਿਸੇ ਬਿਵੇਕ ਅਕਲ ਤੋਂ ਕੀ ਲੈਣਾ, ਜਿਸ ਪੂਜਾ, ਹਵਨਾਂ ਨਾਲ ਜਿੰਦ ਗੁਜਾਰੀ ਹੈ ।
ਜਿਸ ਦਾ ਪੱਲਾ ਸੱਚ ਵਿਚਾਰੋਂ ਖਾਲੀ ਹੈ, ਬਿਰਤੀ ਹੁੰਦੀ ਉਸ ਦੀ ਹੀ ਹੰਕਾਰੀ ਹੈ ।
ਸੱਚ ਝੂਠ ਦਾ ਜਦ ਵੀ ਪੰਗਾ ਪੈਂਦਾ ਹੈ, ਝੂਠੇ ਨੂੰ ਹੀ ਸ਼ਹਿ ਮਿਲਦੀ ਸਰਕਾਰੀ ਹੈ ।
ਜੈਸਾ ਸੇਵੇ ਬੰਦਾ ਤੈਸਾ ਹੋ ਜਾਂਦਾ, ਗੁਰੂਆਂ ਬਾਣੀ ਵਿੱਚ ਇਹ ਗੱਲ ਉਚਾਰੀ ਹੈ ।
ਬਾਣੀ ਆਖੇ ਗਿਆਨ ਬਿਨਾ ਤੇ ਧਰਮ ਨਹੀਂ, ਰੱਖੀ ਭਾਵੇਂ ਝੂਠ–ਤਸੱਲੀ ਭਾਰੀ ਹੈ ।
ਬਾਹਰੋਂ ਭਾਵੇਂ ਲੱਖ ਅਡੰਬਰ ਕਰ ਦੇਖੋ, ਅਮਲਾਂ ਬਾਝੋਂ ਹੁੰਦੀ ਸਦਾ ਖੁਆਰੀ ਹੈ ।