ਰਿਹਾਅ ਹੋਏ ਰੁਪਿੰਦਰ ਤੇ ਜਸਵਿੰਦਰ ਵੱਲੋਂ ਪੁਲਿਸ ਤਸ਼ੱਦਦ ਦੇ ਅਹਿਮ ਖੁਲਾਸਿਆਂ ਨੇ ਕੀਤੇ ਲੂ ਕੰਡੇ ਖੜੇ

0
362

ਰਿਹਾਅ ਹੋਏ ਰੁਪਿੰਦਰ ਤੇ ਜਸਵਿੰਦਰ ਵੱਲੋਂ ਪੁਲਿਸ ਤਸ਼ੱਦਦ ਦੇ ਅਹਿਮ ਖੁਲਾਸਿਆਂ ਨੇ ਕੀਤੇ ਲੂ ਕੰਡੇ ਖੜੇ

ਪੁਲਿਸ ਥਾਣਿਆਂ ’ਚ ਨਿਰਦੋਸ਼ ਸਿੱਖ ਨੌਜਵਾਨਾਂ ਉੱਪਰ ਢਾਹਿਆ ਗਿਆ ਅੰਨ੍ਹਾ ਤਸ਼ੱਦਦ!!

ਕੋਟਕਪੂਰਾ, 3 ਨਵੰਬਰ (ਗੁਰਿੰਦਰ ਸਿੰਘ ਮਹਿੰਦੀਰੱਤਾ ) : 1982 ਤੋਂ 1992 ਦੇ ਦਹਾਕੇ ’ਚ ਜਦੋਂ ਪੰਜਾਬ ’ਚ ਕਾਲੀ ਹਨ੍ਹੇਰੀ ਝੁੱਲੀ ਸੀ, ਉਸ ਸਮੇਂ ਸਿੱਖ ਨੌਜਵਾਨਾਂ ਉੱਪਰ ਪੁਲਿਸ ਥਾਣਿਆਂ ਅਤੇ ਸੀ.ਆਈ.ਏ.ਸਟਾਫ਼ ’ਚ ਹੁੰਦੇ ਘੋਰ ਤਸ਼ੱਦਦ ਨੂੰ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਹੋਂਦ ’ਚ ਆਈਆਂ ਜੱਥੇਬੰਦੀਆਂ ਅਤੇ ਸਿੱਖ ਸੰਸਥਾਵਾਂ ਪੁਲਿਸ ਖਿਲਾਫ਼ ਥਰੀ ਡਿਗਰੀ ਟਾਰਚਰ ਕਰਨ ਦੇ ਦੋਸ਼ ਲਾ ਕੇ ਪੰਜਾਬ ਭਰ ਦੇ ਸੀ.ਆਈ.ਏ.ਸਟਾਫ਼ਾਂ ਨੂੰ ਬੁੱਚੜਖਾਨਿਆਂ ਦਾ ਨਾਂਅ ਦਿੰਦੀਆਂ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਸਬੰਧ ’ਚ ਸੀ.ਆਈ.ਏ.ਸਟਾਫ਼ ਫਰੀਦਕੋਟ ਅਤੇ ਮਹਿਣਾ ਪੁਲਿਸ ਥਾਣੇ ਅੰਦਰ 3 ਸਿੱਖ ਨੌਜਵਾਨਾਂ ਉੱਪਰ ਹੋਏ ਬੇਤਹਾਸ਼ਾ ਤਸ਼ੱਦਦ ਦੀ ਘਟਨਾ ਨੇ ਆਮ ਸੰਗਤਾਂ ਦੇ ਲੂ ਕੰਡੇ ਖੜੇ ਕਰ ਦਿੱਤੇ। ਅੱਜ ਪਿੰਡ ਪੰਜਗਰਾਂਈ ਖੁਰਦ ਵਿਖੇ ਰਿਹਾਈ ਉਪਰੰਤ ਆਪਣੇ ਘਰ ਪੁੱਜੇ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਨੇ ਪੁਲਿਸ ਤਸ਼ੱਦਦ ਦੀ ਕਹਾਣੀ ਬਿਆਨ ਕੀਤੀ ਤਾਂ ਉਨ੍ਹਾਂ ਦੇ ਸਾਥੀਆਂ ਗੁਰਲਾਲ ਸਿੰਘ ਰਿੰਕੂ ਅਤੇ ਅਮਨਦੀਪ ਸਿੰਘ ਅਮਨਾ ਨੇ ਵੀ ਦੱਸਿਆ ਕਿ ਪੁਲਿਸ ਨੇ ਬਿਨ੍ਹਾਂ ਕਸੂਰੋਂ ਉਨ੍ਹਾਂ ਦੇ ਸਿਰ ’ਚ ਜੁੱਤੀਆਂ ਮਾਰੀਆਂ, ਕਕਾਰਾਂ ਦੀ ਬੇਅਦਬੀ ਕੀਤੀ, ਲੱਤਾਂ ਪਾੜਨ ਵਾਲੀ ਕੋਈ ਕਸਰ ਨਾ ਛੱਡੀ ਤੇ ਹਰ ਵਾਰ ਇਕੋ ਡਰਾਵਾ ਦਿੱਤਾ ਕਿ ਜੇਕਰ ਤੁਸੀਂ ਗੱਲ ਲੀਕ ਕੀਤੀ ਤਾਂ ਇਸ ਦਾ ਅੰਜ਼ਾਮ ਬਹੁਤ ਮਾੜਾ ਹੋਵੇਗਾ। ਪ੍ਰਿੰਟ ਤੇ ਬਿਜਲਈ ਮੀਡੀਏ ਨਾਲ ਜੁੜੇ ਅਨੇਕਾਂ ਪੱਤਰਕਾਰਾਂ ਦੇ ਕੈਮਰਿਆਂ ਸਾਹਮਣੇ ਖਚਾਖਚ ਭਰੀ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਖੁਲਾਸਾ ਕੀਤਾ ਕਿ ਪੁਲਿਸ ਵਾਲਿਆਂ ਨੇ ਸਾਨੂੰ ਅੰਮ੍ਰਿਤਧਾਰੀ ਹੋਣ ਦੇ ਬਾਵਜੂਦ ਤੰਬਾਕੂ ਜਾਂ ਪੋਸਤ ਖਾਣ ਬਾਰੇ ਵਾਰ-ਵਾਰ ਪੁੱਛ ਕੇ ਜ਼ਲੀਲ ਕੀਤਾ। ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਏ ਡਰ ਤੇ ਸਹਿਮ ਵਾਲੇ ਚਿਹਰੇ ਨਾਲ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੁਲਿਸ ਨੇ ਤਸ਼ੱਦਦ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਮਾਇਆ ਦੇ ਗੱਫਿਆਂ ਦੇ ਲਾਲਚ ਅਤੇ ਪੁਲਿਸ ’ਚ ਨੌਕਰੀ ਦੇਣ ਦੇ ਲਾਲਚ ਦੇ ਕੇ ਵਾਰ-ਵਾਰ ਆਖਿਆ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਲਾ ਦੋਸ਼ ਆਪਣੇ ਸਿਰ ਪ੍ਰਵਾਨ ਕਰ ਲੈਣ। ਹਰ ਵਾਰ ਨਾਂਹ ਦਾ ਜਵਾਬ ਸੁਣ ਕੇ ਉਨ੍ਹਾਂ ਨੂੰ ਵਾਰ-ਵਾਰ ਪੁਲਸੀਆ ਤਸ਼ੱਦਦ ਦਾ ਸਾਹਮਣਾ ਕਰਨਾ ਪੈਂਦਾ। ਉਨ੍ਹਾਂ ਮੰਨਿਆ ਕਿ ਪੁਲਿਸ ਵੱਲੋਂ ਦਿੱਤੇ ਅਨੇਕਾਂ ਪ੍ਰਕਾਰ ਦੇ ਤਸੀਹਿਆਂ ਦੇ ਬਾਵਜੂਦ ਉਹ ਸੱਚਾਈ ਤੋਂ ਨਹੀਂ ਡੋਲੇ। ਉਨ੍ਹਾਂ ਕਿਹਾ ਕਿ ਆਪਣੇ ਸਾਥੀਆਂ ਨਾਲ ਮਹਾਰਾਜ ਦੇ ਅੰਗ ਸੰਭਾਲਣ ਬਾਰੇ ਫੋਨ ਰਾਹੀਂ ਹੋਈ ਗੱਲਬਾਤ ਨੂੰ ਪੁਲਿਸ ਨੇ ਮੁੱਦਾ ਬਣਾ ਲਿਆ ਪਰ ਉਹ ਅੱਜ ਵੀ ਮਹਾਰਾਜ ਦੇ ਅੰਗਾਂ ਦਾ ਸਤਿਕਾਰ ਕਰਨ ਵਾਲੀਆਂ ਗੱਲਾਂ ’ਤੇ ਪੂਰੀ ਤਰ੍ਹਾਂ ਕਾਇਮ ਹਨ।

   ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਭਾਈ ਪੰਥਪ੍ਰੀਤ ਸਿੰਘ ਖਾਲਸਾ, ਬਲਜੀਤ ਸਿੰਘ ਦਾਦੂਵਾਲ, ਹਰਜਿੰਦਰ ਸਿੰਘ ਮਾਝੀ, ਗਿਆਨੀ ਕੇਵਲ ਸਿੰਘ, ਸਤਨਾਮ ਸਿੰਘ ਚੰਦੜ੍ਹ ਸਮੇਤ ਵੱਖ-ਵੱਖ ਪੰਥਕ ਧਿਰਾਂ ਨਾਲ ਜੁੜੇ ਆਗੂਆਂ ਨੇ ਦੱਸਿਆ ਕਿ ਸਿੱਖਾਂ ਨੂੰ ਬਦਨਾਮ ਕਰਨ ਦੀ ਏਜੰਸੀਆਂ ਦੀ ਸਾਜ਼ਿਸ਼ ਬੇਨਕਾਬ ਹੋ ਗਈ ਹੈ ਕਿਉਂਕਿ ਬਰਗਾੜੀ ਅਤੇ ਗੁਰੂਸਰ ਵਾਲੇ ਚੋਰੀ ਹੋਏ ਪਾਵਨ ਸਰੂਪ ਤਾਂ ਸਰਕਾਰ ਬਰਾਮਦ ਨਹੀਂ ਕਰ ਸਕੀ ਪਰ 100 ਫ਼ੀ ਸਦੀ ਝੂਠੇ ਦੋਸ਼ ਮੜ ਕੇ ਸਿੱਖ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਸੀ.ਬੀ.ਆਈ. ਦੀ ਜਾਂਚ ਪ੍ਰਤੀ ਅਸੰਤੁਸ਼ਟੀ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਪਾਵਨ ਸਰੂਪ ਦੇ ਚੋਰੀ ਹੋਣ, ਇਤਰਾਜ਼ਯੋਗ ਪੋਸਟਰਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਜੁੜੇ ਤਿੰਨ ਪੁਲਿਸ ਕੇਸਾਂ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪੀ ਗਈ ਹੈ ਪਰ ਦੂਜੇ ਘਟਨਾਕ੍ਰਮ ਵੀ ਇਸ ਨਾਲ ਜੁੜੇ ਹੋਏ ਹਨ। ਫ਼ਿਰ ਸਰਕਾਰ ਨੂੰ ਬੱਤੀਆਂ ਵਾਲਾ ਚੌਂਕ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਵਾਪਰੇ ਗੋਲੀਕਾਂਡਾਂ ਦੀ ਜਾਂਚ ਵੀ ਸੀ.ਬੀ.ਆਈ. ਨੂੰ ਸੌਂਪਣੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਬਚਾਉਣਾ ਚਾਹੁੰਦੀ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਸਿੱਖ ਵਿਰੋਧੀ ਲਾਬੀ ਪੰਥ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ, ਗੁਰਬਾਣੀ ਪੜ੍ਹਨ ਵਾਲੇ ਗ੍ਰੰਥੀਆਂ ਤੇ ਪਾਠੀਆਂ ਤੋਂ ਇਲਾਵਾ ਅੰਮ੍ਰਿਤਧਾਰੀ ਸਿੱਖਾਂ ਦੀਆਂ ਸੂਚੀਆਂ ਬਣਾ ਕੇ ਸਿੱਖ ਕੌਮ ਨੂੰ ਬਦਨਾਮ ਕਰਨਾ ਚਾਹੁੰਦੀ ਸੀ ਪਰ ਇਸ ਮਾਮਲੇ ’ਚ ਉਹ ਲਾਬੀ ਹਾਰ ਗਈ ਤੇ ਜਿੱਤ ਸੱਚਾਈ ਦੀ ਹੋਈ। ਉਨ੍ਹਾਂ ਮੰਗ ਕੀਤੀ ਕਿ ਉਕਤ ਲਾਬੀ ’ਚ ਸ਼ਾਮਲ ਜੋ ਵੀ ਸਖ਼ਸ਼ੀਅਤ ਜਾਂ ਸੰਸਥਾ ਹੈ, ਉਹ ਬੇਨਕਾਬ ਹੋਣੀ ਚਾਹੀਦੀ ਹੈ। ਭਾਵੇਂ ਉਹ ਆਈ.ਐਸ.ਆਈ., ਆਰ.ਐਸ.ਐਸ., ਸੌਦਾ ਸਾਧ ਜਾਂ ਅਜਿਹਾ ਕੋਈ ਹੋਰ ਡੇਰੇਦਾਰ ਹੀ ਕਿਉਂ ਨਾ ਹੋਵੇ। ਲਾਈ ਡਿਟੇਕਟਵ ਟੈਸਟ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਪੰਥਕ ਆਗੂਆਂ ਨੇ ਕਿਹਾ ਕਿ ਜੇਕਰ ਇਨ੍ਹਾਂ ਨੌਜਵਾਨਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਰੇ ਕੋਈ ਸੁਰਾਗ ਲੱਗਦਾ, ਫ਼ਿਰ ਤਾਂ ਲਾਈ ਡਿਟੇਕਟਵ ਟੈਸਟ ਬਾਰੇ ਵਿਚਾਰ ਕੀਤੀ ਜਾ ਸਕਦੀ ਸੀ ਪਰ ਇਨ੍ਹਾਂ ਕੋਲੋਂ ਕੋਈ ਸਬੂਤ ਜਾਂ ਸੁਰਾਗ ਨਹੀਂ ਲੱਗਾ ਅਤੇ 100 ਫ਼ੀ ਸਦੀ ਝੂਠੇ ਦੋਸ਼ ਹੋਣ ਦੇ ਬਾਵਜੂਦ ਪੁਲਿਸ ਦਾ ਲਾਈ ਟੈਸਟ ਕੋਈ ਮਾਇਨੇ ਨਹੀਂ ਸੀ ਰੱਖਦਾ। ਉਨ੍ਹਾਂ ਕਿਹਾ ਕਿ ਮਹਾਰਾਜ ਦੇ ਸੰਭਾਲੇ ਅੰਗਾਂ ਨੂੰ ਪਾਵਨ ਸਰੂਪ ਚੋਰੀ ਕਰਨ ਦੀ ਘਟਨਾ ਨਾਲ ਜੋੜ ਕੇ ਸਿੱਖ ਨੌਜਵਾਨਾਂ ਉੱਪਰ ਢਾਹਿਆ ਗਿਆ ਤਸ਼ੱਦਦ ਅਸਹਿ ਅਤੇ ਬਰਦਾਸ਼ਤ ਤੋਂ ਬਾਹਰ ਹੈ। ਉਨ੍ਹਾਂ ਵਕੀਲਾਂ ਨਾਲ ਸਲਾਹ ਕਰਕੇ ਅਤੇ ਕਾਨੂੰਨੀ ਰਾਇ ਲੈਣ ਉਪਰੰਤ ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ, ਇਕਬਾਲਪ੍ਰੀਤ ਸਿੰਘ ਸਹੋਤਾ ਏ.ਡੀ.ਜੀ.ਪੀ. ਅਤੇ ਪੀ.ਟੀ.ਸੀ. ਨਿਊਜ਼ ਚੈੱਨਲ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਵਿਚਾਰ ਕਰਨ ਬਾਰੇ ਵੀ ਦੱਸਿਆ। ਉਨ੍ਹਾਂ ਸਿੱਖ ਕੌਮ ’ਤੇ ਆਏ ਸੰਕਟ ਦੇ ਮੱਦੇਨਜ਼ਰ ਸਿੱਖਾਂ ਨੂੰ ਕਾਲੀ ਦੀਵਾਲੀ ਮਨਾਉਣ, ਦੀਵਾਲੀ ਮੌਕੇ ਘਰਾਂ ’ਤੇ ਕਾਲੇ ਝੰਡੇ ਲਾਉਣ, ਸੁਪਰੀਮ ਕੋਰਟ ਤੋਂ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਤੁਰਤ ਕਰਾਉਣ, ਸ਼ਹੀਦ ਕਿ੍ਰਸ਼ਨ ਸਿੰਘ ਤੇ ਸ਼ਹੀਦ ਗੁਰਜੀਤ ਸਿੰਘ ਸਰਾਵਾਂ ਦੇ ਕਾਤਲਾਂ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰਨ, ਬੁਰਜ ਜਵਾਹਰ ਸਿੰਘ ਵਾਲਾ ਅਤੇ ਗੁਰੂਸਰ ਜਲਾਲ ਤੋਂ ਚੋਰੀ ਹੋਏ ਪਾਵਨ ਸਰੂਪਾਂ ਨੂੰ ਲੱਭਣ ਤੇ ਦੋਸ਼ੀਆਂ ਨੂੰ ਸਜਾਵਾਂ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ 15 ਨਵੰਬਰ ਤੱਕ ਉਕਤ ਮੰਗਾਂ ਨਾ ਮੰਨੀਆਂ ਗਈਆਂ, ਜੇਲ੍ਹਾਂ ’ਚ ਬੰਦ ਸਿੰਘਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ 15 ਨਵੰਬਰ ਤੋਂ ਬਾਅਦ ਅਕਾਲੀ ਦਲ ਬਾਦਲ ਦੇ ਐਮ.ਪੀਜ਼, ਵਿਧਾਇਕਾਂ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਘਿਰਾਓ ਕਰਕੇ ਉਨ੍ਹਾਂ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਰੁਪਿੰਦਰ ਤੇ ਜਸਵਿੰਦਰ ਦੇ ਪਿਤਾ ਦਰਸ਼ਨ ਸਿੰਘ ਦਰਦੀ, ਚਰਨਜੀਤ ਸਿੰਘ ਚੰਨੀ, ਅਵਤਾਰ ਸਿੰਘ ਸਾਧਾਂਵਾਲਾ, ਦਵਿੰਦਰ ਸਿੰਘ ਹਰੀਏਵਾਲਾ ਸਮੇਤ ਭਾਰੀ ਗਿਣਤੀ ’ਚ ਸਖ਼ਸ਼ੀਅਤਾਂ ਹਾਜ਼ਰ ਸਨ।