ਪ੍ਰਚਾਰ ਦੇ ਪਰਿਪੇਖ ਵਿਚ ‘ਕਿਰਤੀਆਂ ਦਾ ਜੀਵਨ’ 

0
69

ਪ੍ਰਚਾਰ ਦੇ ਪਰਿਪੇਖ ਵਿਚ ‘ਕਿਰਤੀਆਂ ਦਾ ਜੀਵਨ’ 

ਕਲਦੀਪ ਸਿੰਘ (ਆਟੋ ਚਾਲਕ ), 55/3 ਦੀਪ ਨਗਰ (ਪਟਿਆਲਾ)-90412-63401

ਟੈਲੀਵਿਜ਼ਨ ’ਤੇ ਕੌਮ ਦੇ ਇੱਕ ਪ੍ਰਸਿੱਧ ਪ੍ਰਚਾਰਕ ਗਿਆਨੀ ਜੀ ਕਥਾ ਕਰ ਰਹੇ ਸਨ। ਮੈਂ ਬੜੀ ਨੀਝ ਲਾ ਕੇ ਸੁਣ ਰਿਹਾ ਸਾਂ। ਕਥਾ ਦਾ ਵਿਸ਼ਾ-ਵਸਤੂ ਸੀ ਕਿ ਗੁਰਸਿੱਖ ਦਾ ਆਦਰਸ਼ਕ ਜੀਵਨ ਕਿਵੇਂ ਦਾ ਹੋਣਾ ਚਾਹੀਦਾ ਹੈ। ਗਿਆਨੀ ਜੀ ਗੁਰਬਾਣੀ ਸ਼ਬਦਾਂ ਦੇ ਮੁਤਾਬਕ ਢੁੱਕਵੀਆਂ ਦਲੀਲਾਂ ਵੀ ਦੇ ਰਹੇ ਸਨ। ਉਨ੍ਹਾਂ ਦੇ ਬਚਨ ਸੁਣ-ਸੁਣ ਕੇ ਮੇਰਾ ਹਿਰਦਾ ਦ੍ਰਵਦਾ ਜਾ ਰਿਹਾ ਸੀ।

ਬੜੇ ਭਾਵ ਪੂਰਤ ਸ਼ਬਦਾਂ ਵਿਚ ਉਪਦੇਸ਼ ਕਰਦਿਆਂ ਕਰਦਿਆਂ ਅਚਨਚੇਤ ਉਨ੍ਹਾਂ ਦਾ ਪ੍ਰਸੰਗ ਇਸ ਪਾਸੇ ਤੁਰ ਪਿਆ ਕਿ ਗੁਰਸਿੱਖ ਲਈ, ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦੀ ਉੱਠ ਕੇ ਇਸ਼ਨਾਨ ਪਾਣੀ ਕਰਨ ਤੋਂ ਬਾਅਦ ਪੰਜ ਬਾਣੀਆਂ ਦਾ ਨਿੱਤਨੇਮ ਕੀਤੇ ਬਿਨਾਂ, ਛਕਿਆ ਪ੍ਰਸ਼ਾਦਾ ਜ਼ਹਰ ਬਣ ਜਾਂਦਾ ਹੈ। ਜੋ ਲੋਕ ਇਸ ਹੁਕਮ ’ਤੇ ਅਮਲ ਨਹੀਂ ਕਰਦੇ ਉਨ੍ਹਾਂ ਦਾ ਜੀਵਨ ਫਿਟਕਾਰ ਯੋਗ ਹੈ। ਅਜਿਹੇ ਲੋਕ ਮਨੁੱਖਾ ਸਰੀਰ ਵਿੱਚ ਪਸ਼ੂ ਬਰਾਬਰ ਹਨ। ਜੇਕਰ ਇਸ ਜੀਵਨ ਨੂੰ ਸਫਲ ਕਰਨਾ ਚਾਹੁੰਦੇ ਹੋ ਤਾਂ ਹੋਰ ਸਾਰੇ ਕੰਮ ਨਿਸਫਲ ਜਾਣ ਕੇ ਕੇਵਲ ਅੰਮ੍ਰਿਤ ਵੇਲੇ ਦੀ ਸੰਭਾਲ ਵਿੱਚ ਜੁਟ ਜਾਓ।

ਇਸ ਤੋਂ ਬਾਅਦ ਉਹ ਸਵੇਰੇ ਤਿੰਨ, ਚਾਰ ਅਤੇ ਪੰਜ ਵਜੇ ਉੱਠਣ ਦੇ ਹਿਸਾਬ ਨਾਲ ਸੱਚਖੰਡ ਦੀਆਂ ਸੀਟਾਂ ਵੰਡਣ ਲੱਗ ਪਏ। ਉਨ੍ਹਾਂ ਦੇ ਬਚਨਾਂ ਮੁਤਾਬਕ ਇਸ ਜੀਵਨ ਢੰਗ ਤੋਂ ਵਿਰਵੇ ਲੋਕ ਨਖਿੱਧ ਜੀਵਨ ਵਾਲੇ ਹਨ ਤੇ ਸਿੱਖ ਅਖਵਾਉਣ ਦੇ ਲਾਇਕ ਵੀ ਨਹੀਂ। ਇਸ ਸਾਰੀ ਵਾਰਤਾ ਨੂੰ ਸੁਣਦਿਆਂ ਮੇਰੇ ਦਿਲ ਨੂੰ ਡੋਬੂ ਪੈਣ ਲੱਗੇ।

ਭਾਵੇਂ ਮੈਨੂੰ ਅੰਮ੍ਰਿਤਧਾਰੀ ਅਖਵਾਉਂਦਿਆਂ ਲਗਪਗ ਤੀਹ ਕੁ ਵਰ੍ਹੇ ਹੋ ਚੁੱਕੇ ਹਨ, ਪਰ ਮੈਨੂੰ ਇਹ ਗੱਲ ਬੜੀ ਚੁੱਭ ਰਹੀ ਸੀ ਕਿ ਮੇਰੇ ਵਰਗੇ ਲੱਖਾਂ ਕਿਰਤੀ, ਜਿਹੜੇ ਸਾਰਾ ਦਿਨ ਹੱਡ ਭੰਨਵੀਂ ਮਿਹਨਤ ਕਰਕੇ ਮਸਾਂ ਟੱਬਰ ਦਾ ਢਿੱਡ ਭਰਦੇ ਹਨ, ਉਹ ਸਾਰੇ ਹੀ, ਇਸ ਕਸੌਟੀ ’ਤੇ ਲਾਇਆਂ ਗਿਆਨੀ ਜੀ ਵਾਲੇ ‘ਅਖੌਤੀ ਸੱਚਖੰਡ’ ਦੀਆਂ ਰਾਖਵੀਆਂ ਸੀਟਾਂ ਤੋਂ ਬਾਂਝੇ ਰਹਿ ਜਾਣਗੇ ਕਿਉਂਕਿ ਅਨਿਸ਼ਚਿਤ ਘੰਟਿਆਂ ਦੀ ਕਿਰਤ ਤੋਂ ਬਾਅਦ ਜਦੋਂ ਕਿਰਤੀਆਂ ਨੂੰ ਲੱਕ ਸਿੱਧਾ ਕਰਨ ਲਈ ਬਿਸਤਰਾ ਮਿਲਦਾ ਹੈ ਤਾਂ ਅੱਖ ਖੁੱਲ੍ਹਣ ਤੱਕ ਅਕਸਰ ਇਨ੍ਹਾਂ ਰਾਖਵੀਆਂ ਸੀਟਾਂ ਵਾਲਾ ਸਮਾਂ ਲੰਘ ਚੁੱਕਾ ਹੁੰਦਾ ਹੈ। ਉੱਤੋਂ ਸਿਤਮ ਇਹ ਕਿ ਕਿਰਤੀਆਂ ਦੀਆਂ ਮੁਸ਼ਕਲਾਂ ਤੋਂ ਅਣਜਾਣ ਚਿੱਟ ਕੱਪੜੀਏ ਕਥਾਕਾਰ ਇਕ ਨਿਸ਼ਚਿਤ ਗਿਣਤੀ ਵਾਲੀਆਂ ਬਾਣੀਆਂ ਦੀ ਲਾਜ਼ਮੀਅਤ ਵਾਲੀ ਸ਼ਰਤ ਨੂੰ ਪੂਰਾ ਕੀਤੇ ਬਿਨਾਂ ਬਹੁਗਿਣਤੀ ਕਿਰਤੀਆਂ ਨੂੰ ਸਿੱਖੀ ਦੇ ਪਾਂਧੀ ਵੀ ਮੰਨਣ ਲਈ ਤਿਆਰ ਨਹੀਂ।  ਖ਼ੈਰ ! ਇਸ ‘ਅਖੌਤੀ ਸੱਚਖੰਡ’ ਦੀ ਸੀਟ ਖੁੱਸਣ ਦੇ ਡਰ ਵਿੱਚ ਲਿੱਸੇ ਹੁੰਦੇ ਜਾ ਰਹੇ ਮੇਰੇ ਮਨ ਨੂੰ ਅਚਨਚੇਤ ਹੀ ਕਿਰਤੀ ਵਰਗ ਦੇ ਚਾਨਣ ਮੁਨਾਰੇ ਕਬੀਰ ਸਾਹਿਬ ਜੀ ਦੇ ਬਚਨ ਚੇਤੇ ਆ ਗਏ ‘‘ਮੋ ਗਰੀਬ ਕੀ ਕੋ ਗੁਜਰਾਵੈ ਮਜਲਸਿ ਦੂਰਿ ਮਹਲੁ ਕੋ ਪਾਵੈ ਰਹਾਉ ’’ (ਭਗਤ ਕਬੀਰ/੧੧੬੧) ਇਨ੍ਹਾਂ ਬਚਨਾਂ ਨੇ ਮੇਰੀ ਸੁਰਤ, ਧਰਤ ਮੰਡਲ ਵੱਲ ਲੈ ਆਂਦੀ ਤੇ ਇਹ ਜਤਲਾ ਦਿੱਤਾ ਕਿ ਉਪਰੋਕਤ ‘ਸਚਖੰਡ’ ਤਾਂ ਸਾਨੂੰ ਕਦਾਚਿਤ ਨਹੀਂ ਮਿਲ ਸਕਦਾ।

ਸੋਚਾਂ ਵਿਚ ਗ਼ਲਤਾਨ ਹੋ ਕੇ ਜਦੋਂ ਮੈਂ ਆਪਣੀ ਨਿੱਤ ਦੀ ਕਾਰ ’ਤੇ ਝਾਤ ਮਾਰੀ ਤਾਂ ਜਿਹੜਾ ਦ੍ਰਿਸ਼ ਦਿੱਸਿਆ ਉਸ ਨੇ ਮੈਨੂੰ ਝੁਣਝੁਣੀ ਛੇੜ ਦਿੱਤੀ। ਅਸੀਂ ਤਾਂ ਗਿਆਨੀ ਜੀ ਦੀਆਂ ਵਰਣਨ ਕੀਤੀਆਂ ਉਕਤ ਸ਼ਰਤਾਂ ਦੇ ਪਾਸਕੂ ਵੀ ਨਹੀਂ ਹਾਂ। ਪਿਛਲੇ ਪੈਂਤੀ ਸਾਲਾਂ ਦੇ ਕਿਰਤੀ ਜੀਵਨ ਦੀ ਰੁਟੀਨ ਦੇ ਮੁਤਾਬਕ ਜੋ ਨਜ਼ਰੀਂ ਆਇਆ ਉਹ ਨਿਮਨ ਲਿਖਤ ਹੈ।

ਸਵੇਰੇ ਉੱਠ ਕੇ ਇਸ਼ਨਾਨ ਤੋਂ ਲੈ ਕੇ ਕੇਸਾਂ ਦੀ ਸੰਭਾਲ ਤੱਕ ਇਕ ਘੰਟਾ ਲੱਗ ਜਾਂਦਾ ਹੈ। ‘ਜਪੁ’ ਬਾਣੀ ਦੀ ਸਮਾਪਤੀ ਹੁੰਦਿਆਂ ਤੱਕ ਦੀਵਾਰ-ਘੜੀ; ਸਕੂਲ ਦੇ ਬੱਚਿਆਂ ਨੂੰ ਲੈ ਕੇ ਨਿਕਲਣ ਦੇ ਲਈ ਇਸ਼ਾਰਾ ਕਰਨ ਲੱਗ ਪੈਂਦੀ ਹੈ। ਇਸ ਤੋਂ ਬਾਅਦ ਸਿਲਸਿਲਾ ਸ਼ੁਰੂ ਹੁੰਦਾ ਹੈ ਰੋਜ਼ ਦੇ ਤੇਲ ਖਰਚ ਲਈ ਸਵਾਰੀਆਂ ਲੱਭਣ ਵਾਲੀ ਦੌੜ ਭੱਜ ਦਾ। ਕਦੋਂ ਦੁਬਾਰਾ ਸਕੂਲ ਜਾਣ ਦਾ ਟਾਈਮ ਹੋ ਜਾਂਦਾ ਹੈ ਪਤਾ ਹੀ ਨਹੀਂ ਲੱਗਦਾ। ਦੁਪਹਿਰ ਵੇਲੇ ਬੇਵਕਤ ਜੁੜੇ ਖਾਣੇ ਤੋਂ ਬਾਅਦ ਫੇਰ ਢਿੱਡ ਦੇ ਝਮੇਲੇ ਸ਼ੁਰੂ ਹੋ ਜਾਂਦੇ ਹਨ। ਇੰਨੇ ਖਲਜਗਣ ਤੋਂ ਬਾਅਦ ਵੀ ਸਾਰੀ ਉਮਰ ਦੋ ਡੰਗ ਦੀ ਰੋਟੀ ਦੇ ਜੁਗਾੜ ਵਿੱਚ ਹੀ ਲੰਘ ਗਈ। ਨਾ ਕਦੇ ਆਪਾਂ ਤਿੰਨ, ਚਾਰ ਜਾਂ ਪੰਜ ਵਜੇ ਵਾਲੇ ਅਭਿਆਸੀ ਬਣ ਸਕੇ ਤੇ ਨਾ ਹੀ ਬਾਣੀ ਦੇ ਰਸਮੀ ਪਠਨ ਪਾਠਨ ਦੀਆਂ ਗਿਣਤੀਆਂ ਮਿਣਤੀਆਂ ਵਿਚ ਪੂਰੇ ਉਤਰ ਸਕੇ। ਪਰਮੇਸ਼ਰ ਨੇ ਜਿਹੜਾ ਢਿੱਡ ਲਾਇਆ ਉਸ ਨੇ ਇਹੋ ਜਿਹੇ ਚੱਕਰ ਵਿੱਚ ਫਸਾਇਆ ਕਿ ‘‘ਨਾਨਕ ! ਸੋ ਪ੍ਰਭੁ ਸਿਮਰੀਐ..’’ ਦਾ ਹੁਕਮ ਤਾਂ ਭੁੱਲ ਗਿਆ, ਪਰ ‘‘ਤਿਸੁ ਦੇਹੀ ਕਉ ਪਾਲਿ ’’ (ਮਹਲਾ /੫੫੪) ਦੇ ਆਹਰ ਵਿਚ ਹੀ ਲੱਗੇ ਰਹੇ।

ਸ਼ਾਇਦ ਇਹ ਕਿਸੇ ਨੂੰ ਅੱਤਕਥਨੀ ਵੀ ਮਹਿਸੂਸ ਹੋ ਸਕਦੀ ਹੈ ਪਰ ਕਿਰਤੀਆਂ ਲਈ ਤਾਂ ਇਹ ਜੀਵਨ-ਸੰਘਰਸ਼ ਦਾ ਹਿੱਸਾ ਹੈ। ਮੇਰਾ ਮਕਸਦ ਸਿਰਫ ਆਪਣੀਆਂ ਨਿੱਜੀ ਦੁਸ਼ਵਾਰੀਆਂ ਦਾ ਵੇਰਵਾ ਦੱਸਣਾ ਨਹੀਂ ਹੈ।  ਕਮੋਵੇਸ਼ ਸਾਰੇ ਕਿਰਤੀ ਗੁਰਸਿੱਖਾਂ ਨੂੰ ਇਸੇ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚਾਹੇ ਉਹ ਡਰਾਈਵਰੀ ਕਰ ਰਹੇ ਹਨ, ਸੁਰੱਖਿਆ ਗਾਰਡ ਬਣ ਕੇ ਜੀਵਨ ਯਾਪਨ ਕਰ ਰਹੇ ਹਨ ਜਾਂ ਕਈ ਕਈ ਸ਼ਿਫਟਾਂ ਵਾਲੀਆਂ ਡਿਊਟੀਆਂ ਕਰ ਰਹੇ ਹਨ। ਢਿੱਡ ਭਰਨ ਲਈ ਦਿਨ ਰਾਤ ਦੀ ਪਰਵਾਹ ਕੀਤੇ ਬਿਨਾਂ ਠੇਡੇ ਖਾਂਦਿਆਂ ਵੀ ਜੇਕਰ ਜ਼ਿਆਦਾਤਰ ਗੁਰਸਿੱਖ ਕਿਰਤੀਆਂ ਦੀ ਸੋਚ ਵਿਚ ਸਿੱਖੀ ਦੀ ਕਣੀ ਬਰਕਰਾਰ ਹੈ ਤਾਂ ਉਸ ਦਾ ਕਾਰਨ ਹੈ ਕਿ ਗੁਰੂ ਨਾਨਕ ਸਾਹਿਬ ਵੱਲੋਂ ਨਿਰੂਪਿਆ ਗੁਰਮਤਿ ਸਿਧਾਂਤ ‘ਕਿਰਤ ਕਰੋ’ ਦਾ ਉਪਦੇਸ਼ ਪਹਿਲਾਂ ਦਿੰਦਾ ਹੈ, ਉਸ ਤੋਂ ਮਗਰੋਂ  ‘ਨਾਮ ਜਪੋ’ ਦੀ ਹਿਦਾਇਤ ਹੈ। ਅਗਲਾ ਹੁਕਮ ‘ਵੰਡ ਛਕਣ’ ਦਾ ਹੈ। ਬਾਬਾ ਨਾਨਕ ਜੀ ਨੇ ਤਾਂ ਸਾਨੂੰ ਨਿਗੂਣੇ ਕਿਰਤੀਆਂ ਨੂੰ ਇਨ੍ਹਾਂ ਬਚਨਾਂ ਨੂੰ ਕਮਾ ਲੈਣ ’ਤੇ ਹੀ ਧਰਮ ਦੇ ਪਾਂਧੀ ਹੋਣ ਦਾ ਦਰਜਾ ਬਖ਼ਸ਼ ਦਿੱਤਾ ਹੈ। ਆਪ ਜੀ ਨੇ ਕਿਹਾ ‘‘ਘਾਲਿ ਖਾਇ ਕਿਛੁ ਹਥਹੁ ਦੇਇ   ਨਾਨਕ ਰਾਹੁ ਪਛਾਣਹਿ ਸੇਇ ’’ (ਮਹਲਾ /੧੨੪੫)

ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਸਿੱਖ ਰਹਿਤ ਮਰਿਆਦਾ ਵਿਚ ਦਰਜ ਸਿੱਖ ਦੀ ਸ਼ਖ਼ਸੀ ਰਹਿਣੀ ਤੋਂ ਇਨਕਾਰੀ ਹਾਂ ਸਗੋਂ ਜਦੋਂ ਅਸੀਂ ਫੁਰਸਤ ਦੇ ਪਲਾਂ ਵਿਚ ਬਹਿ ਕੇ ਬਾਣੀ ਪੜ੍ਹਦੇ ਹਾਂ ਤਾਂ ਸਾਡੀ ਇਹ ਸੋਚ ਹੋਰ ਦ੍ਰਿੜ੍ਹ ਹੁੰਦੀ ਹੈ ਕਿ ਗੁਰੂ ਬਾਬਾ ਜੀ ਸਾਡੇ ਮਾਇਕੀ ਫਿਕਰਾਂ ਨਾਲ ਲੱਦੇ ਜੀਵਨ ਨੂੰ ਰਸਮੀ ਕਰਮ ਕਾਂਡਾਂ ਨਾਲ ਹੋਰ ਨਹੀਂ ਸਨ ਲੱਦਣਾ ਚਾਹੁੰਦੇ।

ਸੱਚ ਜਾਣਿਓ, ਉਦੋਂ ਸਾਡੇ ਸਾਰੇ ਤੌਖਲੇ ਲੱਥ ਜਾਂਦੇ ਹਨ ਤੇ ਓਦੋਂ ਸਾਨੂੰ ਗੁਰੂ ਬਾਬਾ ਜੀ ਹੋਰ ਵਧੇਰੇ ਆਪਣੇ ਲੱਗਣ ਲੱਗ ਪੈਂਦੇ ਹਨ। ਆਪਣੇ ਵਰਗੇ ਕਿਰਤੀ, ਜਿਹੜੇ ਸਾਡੀਆਂ ਮਜ਼ਬੂਰੀਆਂ ਨੂੰ ਵੀ ਜਾਣਦੇ ਹਨ ਤੇ ਸਾਡੀ ਬਾਂਹ ਵੀ ਨਹੀਂ ਛੱਡਦੇ।

ਜਦੋਂ ਕਦੇ ਫੋਕੇ ਗਿਆਨੀਆਂ ਦੇ ਨਿਹੋਰਿਆਂ ਨੂੰ ਸੁਣ ਕੇ ਸਾਡੇ ਮਨ ਡਿੱਕੋ ਡੋਲੇ ਖਾਣ ਲੱਗਣ ਤਾਂ ਬਾਣੀ ਦੇ ਰਾਹੀਂ ਧਰਵਾਸ ਵੀ ਮਿਲਦੀ ਹੈ ਕਿ ਜੇ ਗੁਰੂ ਨਾਨਕ ਸਾਹਿਬ ਵਰਗੇ ਰਹਿਬਰ ਸਾਡੇ (ਕਿਰਤੀਆਂ ਦੇ) ਪੱਖ ਵਿਚ ਖੜ੍ਹੇ ਹਨ ਤਾਂ ਸਾਨੂੰ ‘ਅਖੌਤੀ ਸੱਚਖੰਡ’ ਦੀਆਂ ਸੀਟਾਂ ਦੀ ਮੁਥਾਜੀ ਹੀ ਕਿੱਥੇ ਹੈ।

ਇਸ ਵਾਰਤਾ ਰਾਹੀਂ ਮੇਰਾ ਮਕਸਦ ਆਪਣੇ ਆਪ ਨੂੰ ਸਚਿਆਰ ਸਾਬਤ ਕਰਨਾ ਨਹੀਂ ਹੈ ਬਲਕਿ ਮੇਰੀ ਪ੍ਰਚਾਰਕਾਂ ਦੇ ਅੱਗੇ ਬੇਨਤੀ ਹੈ ਕਿ ਗੁਰਬਾਣੀ ਦੇ ਉਪਦੇਸ਼ਾਂ ਨੂੰ ਪ੍ਰਚਾਰਨ ਲਈ ਕਿਰਤੀਆਂ ਦੇ ਜੀਵਨ ਨੂੰ ਕੇਂਦਰ ਵਿੱਚ ਰੱਖ ਕੇ ਵਿਆਖਿਆ ਕਰਨ ਦਾ ਦਸਤੂਰ ਅਪਣਾਓ।

ਇਹ ਠੀਕ ਹੈ ਕਿ ਧਰਮੀ ਮਨੁੱਖ ਦੇ ਜੀਵਨ ਦੀ ਛਵੀ ਘੜਨ ਸਮੇਂ ਮੁੱਢ ਕਦੀਮਾਂ ਤੋਂ ਹੀ ਤੜਕੇ ਛੇਤੀ ਉੱਠਣ ਦੇ ਉੱਦਮ ਨੂੰ ਵਡਿਆਇਆ ਗਿਆ ਹੈ ‘‘ਪਹਿਲੈ ਪਹਰੈ ਫੁਲੜਾ; ਫਲੁ ਭੀ ਪਛਾ ਰਾਤਿ   ਜੋ ਜਾਗੰਨਿ੍ ਲਹੰਨਿ ਸੇ; ਸਾਈ ਕੰਨੋ ਦਾਤਿ ’’ (ਬਾਬਾ ਫਰੀਦ ਜੀ/੧੩੮੪)

ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ  ਸ਼ੇਖ਼ ਫ਼ਰੀਦ ਜੀ ਦੇ ਇਹ ਬਚਨ ਆਏ ਤਾਂ ਉਨ੍ਹਾਂ ਦੇ ਕੋਲ ਭਾਈ ਲਾਲੋ ਜੀ ਦੇ ਕਿਰਤੀ ਜੀਵਨ ਦੀ ਛਵੀ ਵੀ ਹੈਗੀ ਸੀ ਤੇ ਨਾਲ ਹੀ ਉਨ੍ਹਾਂ ਕੋਲ ਕਿਰਤੀਆਂ ਦਾ ਆਤਮਿਕ ਜੀਵਨ ਘੜਨ ਦੀ ਜੁਗਤ ਵੀ ਹੈਗੀ ਸੀ। ਉਹ ਜਾਣਦੇ ਸਨ ਕਿ ਕਿਰਤੀਆਂ ਦੀਆਂ ਦੁਸ਼ਵਾਰੀਆਂ ਹਰ ਸਮੇਂ, ਹਰ ਸਦੀ ਵਿਚ ਇੱਕੋ ਜਿਹੀਆਂ ਹੀ ਰਹੀਆਂ ਹਨ, ਉਨ੍ਹਾਂ ਨੇ ਆਪਣਾ ਨਜ਼ਰੀਆ ਵੀ ਨਾਲ ਹੀ ਦਰਜ ਕਰ ਦਿੱਤਾ ‘‘ਦਾਤੀ ਸਾਹਿਬ ਸੰਦੀਆ; ਕਿਆ ਚਲੈ ਤਿਸੁ ਨਾਲਿ  ?  ਇਕਿ ਜਾਗੰਦੇ ਨਾ ਲਹਨਿ੍; ਇਕਨ੍ਾ ਸੁਤਿਆ ਦੇਇ ਉਠਾਲਿ ’’ (ਬਾਬਾ ਫਰੀਦ ਜੀ/੧੩੮੪), ਇਸ ਦਾ ਇਹ ਮਤਲਬ ਹਰਗਿਜ਼ ਵੀ ਨਹੀਂ ਕਿ ਗੁਰੂ ਨਾਨਕ ਸਾਹਿਬ ਜੀ ਨੇ ਬਾਬਾ ਫ਼ਰੀਦ ਜੀ ਦੇ ਵਿਚਾਰ ਨੂੰ ਰੱਦ ਕੀਤਾ ਹੈ ਬਲਕਿ ਇਹ ਹੈ ਉਹ ਇਸ ਗੱਲੋਂ ਵੀ ਸੁਚੇਤ ਸਨ ਕਿ ਕਦੇ ਕੋਈ ਸਿਰਫ ਤੜਕੇ ਉੱਠਣ ਦੇ ਉਦਮ ਨੂੰ ਹੀ ‘ਅਖੌਤੀ ਸੱਚਖੰਡ’ ਦੀਆਂ ਰਾਖਵੀਆਂ ਸੀਟਾਂ ਦਾ ਲਾਲਚ ਦੇ ਕੇ ਸਿੱਖੀ ਨੂੰ ਚਿੱਟ ਕੱਪੜੀਆਂ ਦਾ ਧਰਮ ਹੀ ਨਾ ਸਾਬਤ ਕਰਨ ਤੁਰ ਪਏ। ਇਸ ਲਈ ਗੁਰੂ ਅਮਰਦਾਸ ਜੀ ਦੇ ਵੀ ਇਹ ਬਚਨ ਉਚਾਰੇ ਹਨ ‘‘ਜੇ ਵੇਲਾ ਵਖਤੁ ਵੀਚਾਰੀਐ; ਤਾ ਕਿਤੁ ਵੇਲਾ ਭਗਤਿ ਹੋਇ  ?’’ (ਮਹਲਾ /੩੫)

ਗੁਰਬਾਣੀ ਦੇ ਉਪਦੇਸ਼ ਸਰਬ ਕਾਲੀ ਅਤੇ ਸਰਬ ਦੇਸ਼ੀ ਹਨ। ਅੱਜ ਦੇ ਮਨੁੱਖ ਦੇ ਜੀਵਨ ਢੰਗ ਵਿਚ ਅਣਗਿਣਤ ਬਦਲਾਅ ਆ ਗਏ ਹਨ, ਚੌਦਾਂ-ਪੰਦਰ੍ਹਾਂ ਘੰਟੇ ਦੀ ਘੋਰ ਮੁਸ਼ੱਕਤ ਕਰਨ ਵਾਲਿਆਂ ਨੂੰ ਧਰਮ ਦੇ ਨਾਂ ’ਤੇ ਘੋਰ ਕਰਮਕਾਂਡੀ ਰਸਮਾਂ ਵਿਚ ਜੁੜਨ ਦੇ ਉਪਦੇਸ਼ ਦੇ ਕੇ ਇਨ੍ਹਾਂ ਨੂੰ ਗੁਰਮਤਿ ਪ੍ਰਚਾਰ ਦੇ ਜਤਨ ਕਹਿਣਾ ਫਜ਼ੂਲ ਹੈ। ਧਰਮ ਦੇ ਨਾਂ ’ਤੇ ਕਰਮਕਾਂਡੀ ਪੱਖ ਨੂੰ ਹੀ ਵਡਿਆਉਣਾ ਤੇ ਕਿਰਤੀਆਂ ਨੂੰ ਛੁਟਿਆ ਕੇ ਉਨ੍ਹਾਂ ਦੇ ਅੰਦਰ ਹੀਣ ਭਾਵਨਾ ਭਰਨਾ ਬਿਪਰ ਦਾ ਪੁਰਾਣਾ ਢੰਗ ਰਿਹਾ ਹੈ, ਜੋ ਕਿ ਸਦੀਆਂ ਤੱਕ ਬਿਪਰੀ ਲੁੱਟ ਦਾ ਸੰਦ ਬਣਿਆ ਰਿਹਾ। ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਯਤਨਸ਼ੀਲ ਧਿਰਾਂ ਨੂੰ ਊਣੇ-ਹੀਣੇ ਲੋਕਾਂ ਨੂੰ ਭੰਡਣ ਦਾ ਵਿਹਾਰ ਤਿਆਗ ਕੇ, ਉਨ੍ਹਾਂ ਦੇ ਰੋਜ਼ਾਨਾ ਜੀਵਨ ’ਚ ਪੇਸ਼ ਆਉਂਦੀਆਂ ਮੁਸ਼ਕਲਾਂ ਉੱਤੇ ਧਿਆਨ ਕੇਂਦਰਿਤ ਕਰ ਕੇ ਸਿਧਾਂਤਾਂ ਦਾ ਨਿਰੂਪਣ ਕਰਨਾ ਪਵੇਗਾ। ਕੇਵਲ ਦੋਸ਼ ਆਰੋਪਣ ਵਾਲੀ ਬਿਰਤੀ ਗੁਰਮਤਿ ਸਿਧਾਂਤ ਤੋਂ ਪੂਰੀ ਤਰ੍ਹਾਂ ਜਾਣੂ ਨਾ ਹੋਣ ਵਾਲੀ ਅਵਸਥਾ ਵਿਚ ਵਿਚਰ ਰਹੇ ਕਿਰਤੀਆਂ ਦੇ ਮਨਾਂ ਅੰਦਰ ਅਪਰਾਧ ਬੋਧ ਪੈਦਾ ਕਰ ਕੇ ਉਨ੍ਹਾਂ ਨੂੰ ਸਿੱਖ ਧਰਮ ਤੋਂ ਸਗੋਂ ਹੋਰ ਦੂਰ ਕਰਨ ਦਾ ਕਾਰਨ ਬਣ ਰਹੀ ਹੈ।