ਕਿਉਂ ਲੱਭਦੇ ਹਨ ਲੋਕ ‘ਬਾਬੇ ਤੇ ਸੰਤ’ ?

0
306

ਕਿਉਂ ਲੱਭਦੇ ਹਨ ਲੋਕ ‘ਬਾਬੇ ਤੇ ਸੰਤ’  ?

ਡਾ. ਹਰਸ਼ਿੰਦਰ ਕੌਰ (ਪਟਿਆਲਾ)-0175-2216783

ਕਿਸੇ ਡਾਕਟਰ ਲਈ ਮਰੀਜ਼ ਸਿਰਫ਼ ਮਰੀਜ਼ ਹੁੰਦਾ ਹੈ। ਹਿੰਦੂ, ਸਿੱਖ, ਮੁਸਲਮਾਨ ਜਾਂ ਈਸਾਈ ਨਹੀਂ। ਬਿਲਕੁਲ ਇੰਜ ਹੀ ਕਿਸੇ ਬਾਬੇ ਜਾਂ ਸੰਤ ਨੂੰ ਮੰਨਣ ਵਾਲੇ ਵੀ ਡਾਕਟਰ ਲਈ ਸਿਰਫ਼ ਮਰੀਜ਼ ਹੀ ਹੁੰਦੇ ਹਨ। ਉਨ੍ਹਾਂ ਦੇ ਵਿਅਕਤੀਗਤ ਮਸਲਿਆਂ ਬਾਰੇ ਡਾਕਟਰਾਂ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ।

ਜਦੋਂ ਕਿਸੇ ਵਹਿਮ ਭਰਮ ਨਾਲ ਜਾਂ ਆਪੇ ਲਈਆਂ ਗ਼ਲਤ ਦਵਾਈਆਂ ਦੇ ਸੇਵਨ ਨਾਲ ਮਰੀਜ਼ ਦੀ ਜਾਨ ਨੂੰ ਖ਼ਤਰਾ ਪੈਦਾ ਹੋ ਜਾਵੇ ਜਾਂ ਕਿਸੇ ਨੀਮ ਹਕੀਮ ਦੇ ਚੱਕਰ ਵਿਚ ਕੋਈ ਆਪਣੀ ਉਮਰ ਦੇ ਵੀਹ ਸਾਲ ਛੋਟੇ ਕਰ ਲਵੇ ਤਾਂ ਡਾਕਟਰ ਉਸ ਮਰੀਜ਼ ਨੂੰ ਉਸੇ ਤਰ੍ਹਾਂ ਹੀ ਸਮਝਾਉਂਦਾ ਜਾਂ ਝਿੜਕਦਾ ਹੈ ਜਿਵੇਂ ਅਧਿਆਪਕ ਆਪਣੇ ਵਿਦਿਆਰਥੀ ਨੂੰ ਸਹੀ ਸੇਧ ਦੇਣ ਸਮੇਂ ਕਰਦਾ ਹੈ ਜਾਂ ਫੇਰ ਮਾਲੀ ਕਿਸੇ ਬੂਟੇ ਨੂੰ ਸਿੱਧਾ ਉਗਾਉਣ ਲਈ ਉਸ ਦੀਆਂ ਟਾਹਣੀਆਂ ਛਾਂਗਦਾ ਹੈ।

ਕੁੱਝ ਇਸੇ ਹੀ ਤਰ੍ਹਾਂ ਦੇ ਵਿਚਾਰ ਅਧੀਨ ਮੈਂ ਹਸਪਤਾਲ ਵਿਚ ਚੈਕਅੱਪ ਕਰਵਾਉਣ ਪੁੱਜੀ ਇਕ 16 ਵਰ੍ਹਿਆਂ ਦੀ ਬੱਚੀ ਨਾਲ ਗੱਲ ਸ਼ੁਰੂ ਕੀਤੀ ਜਿਸ ਦੇ ਗਲੇ ਦੁਆਲੇ ਇਕ ਬਾਬੇ ਦੀ ਤਸਵੀਰ ਪਾਈ ਹੋਈ ਸੀ।

ਮੈਂ ਜਦੋਂ ਉਸ ਨੂੰ ਪੁੱਛਿਆ ਕਿ ਉਹ ਕਿਵੇਂ ਉਸ ਦੇ ਲੜ ਲੱਗੀ ਤਾਂ ਉਸ ਦੇ ਜਵਾਬ ਨੇ ਮੈਨੂੰ ਬਹੁਤ ਕੁੱਝ ਸੋਚਣ ਉੱਤੇ ਮਜਬੂਰ ਕਰ ਦਿੱਤਾ। ਉਸ ਦੱਸਿਆ, ‘ਮੈਂ ਦੋ ਸਾਲ ਨਰਕ ਭੋਗਿਆ ਸੀ। ਜਦੋਂ ਮੈਨੂੰ ਮਾਹਵਾਰੀ ਆਉਂਦੀ ਸੀ ਤਾਂ ਘਰੋਂ ਬਾਹਰ ਖੇਤ ’ਚ ਡੰਗਰਾਂ ਦੇ ਨਾਲ ਮੈਨੂੰ ਸੁੱਟ ਦਿੱਤਾ ਜਾਂਦਾ ਸੀ। ਆਪੇ ਰੋਟੀ ਬਣਾਓ, ਆਪੇ ਖਾਓ ਤੇ ਖੇਤ ’ਚ ਕੰਮ ਵੀ ਕਰੋ। ਨਾ ਕੋਈ ਚੱਜ ਦਾ ਕੱਪੜਾ, ਨਾ ਕੋਈ ਮੇਰੀ ਵਾਤ ਪੁੱਛਣ ਵਾਲਾ। ਮੈਨੂੰ ਇੰਜ ਪਰ੍ਹਾਂ ਸੁੱਟਿਆ ਜਾਂਦਾ ਸੀ ਜਿਵੇਂ ਮੈਂ ਕੂੜਾ ਕਰਕਟ ਜਾਂ ਅਸ਼ੁੱਧ ਹੋਵਾਂ।

ਜਦੋਂ ਦੋ ਸਾਲਾਂ ਬਾਅਦ ਮੈਨੂੰ ਬਾਬਾ ਜੀ ਦੇ ਆਸ਼ਰਮ ਲੈ ਕੇ ਗਏ ਤਾਂ ਮੈਂ ਆਪਣੀ ਤਕਲੀਫ਼ ਸੁਣਾਈ। ਉਨ੍ਹਾਂ ਦੇ ਕਹੇ ਅਨੁਸਾਰ ਹੁਣ ਮੈਨੂੰ ਮਾਹਵਾਰੀ ਵੇਲੇ ਵੀ ਘਰ ਅੰਦਰ ਰੱਖਿਆ ਜਾਂਦਾ ਹੈ ਤੇ ਮੈਂ ਹੁਣ ਆਪਣੇ ਆਪ ਨੂੰ ਕੂੜਾ ਕਰਕਟ ਜਾਂ ਅਸ਼ੁੱਧ ਨਹੀਂ ਮੰਨਦੀ। ਮੈਂ ਆਪਣੇ ਆਪ ਨੂੰ ਇਨਸਾਨ ਸਮਝਣ ਲੱਗ ਗਈ ਹਾਂ।’

ਉਸ ਦੇ ਬੋਲਣ ਦੇ ਲਹਿਜੇ ਵਿਚ ਤਲਖ਼ੀ ਸੀ। ਸਮਾਜ ਪ੍ਰਤੀ ਗੁੱਸਾ, ਆਪਹੁਦਰਾਪਣ, ਅਣਖ, ਜੋਸ਼ ਤੇ ਸਵੈ-ਵਿਸ਼ਵਾਸ ਡੁੱਲ-ਡੁੱਲ ਬਾਹਰ ਆ ਰਿਹਾ ਸੀ।

ਇਕ ਹੋਰ ਅਜਿਹੇ ਹੀ ਮਰੀਜ਼ ਨਾਲ ਜਦੋਂ ਗੱਲ ਕੀਤੀ ਤਾਂ ਉਸ ਦਾ ਜਵਾਬ ਸੀ, ‘ਸਾਨੂੰ ਇਸ ਸਮਾਜ ਕੋਲੋਂ ਸਿਰਫ਼ ਤਿਰਸਕਾਰ ਮਿਲਿਆ ਹੈ। ਨੀਵੀਂ ਜਾਤ ਹੋਣ ਕਾਰਨ ਇਕ ਸੜਕ ਕਿਨਾਰੇ ਰੁਲਦੇ ਪੱਥਰ ਤੋਂ ਵੱਧ ਕਦੇ ਵੁਕਤ ਨਹੀਂ ਪਈ। ਬਾਬਾ ਜੀ ਨੇ ਸਾਨੂੰ ਸਭ ਨੂੰ ਇੱਜ਼ਤ ਦਿੱਤੀ ਹੈ ਤੇ ਇਨਸਾਨ ਹੋਣ ਦਾ ਇਹਸਾਸ ਦਵਾਇਆ ਹੈ। ਡਾਕਟਰ ਸਾਹਿਬਾ  ! ਧਿਆਨ ਨਾਲ ਖ਼ਬਰਾਂ ਪੜ੍ਹਿਆ ਕਰੋ। ਚਾਰ ਕੁ ਦਿਨ ਪਹਿਲਾਂ ਦੀ ਖ਼ਬਰ ਹੈ ਕਿ ਇਕ ਮੁਟਿਆਰ ਸਕੂਲੀ ਵਿਦਿਆਰਥਣ ਪਿੰਡ ਦੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਈ ਤਾਂ ਗੁਰਦੁਆਰੇ ਦੇ ਗ੍ਰੰਥੀ ਨੇ ਉਸ ਦਾ ਸਤਭੰਗ ਕੀਤਾ। ਬਥੇਰੇ ਧਰਮ ਪ੍ਰਚਾਰਕਾਂ ਤੇ ਮੁਲਾਜ਼ਮਾਂ ਕੋਲੋਂ ਨਸ਼ਿਆਂ ਦੀ ਖੇਪ ਫੜੀ ਜਾ ਚੁੱਕੀ ਹੈ। ਇਨ੍ਹਾਂ ਦੀਆਂ ਰੰਗ-ਰਲੀਆਂ ਕਿਹੜੀ ਨੈਤਿਕਤਾ ਦਾ ਪ੍ਰਗਟਾਵਾ ਕਰਦੀਆਂ ਹਨ ? ਇਹ ਸਾਰੇ ਤਾਂ ਸਿਆਸਤਦਾਨਾਂ ਦੇ ਪੈਰਾਂ ਥੱਲੇ ਵਿਛੇ ਪਏ ਹਨ। ਧਰਮ ਦਾ ਤਾਂ ਇਨ੍ਹਾਂ ਅਖੌਤੀ ਠੇਕੇਦਾਰਾਂ ਨੇ ਮਜ਼ਾਕ ਬਣਾ ਦਿੱਤਾ ਹੋਇਐ। ਸਾਨੂੰ ਨੀਵੀਂ ਜਾਤ ਵਾਲਿਆਂ ਨੂੰ ਤਾਂ ਇਨ੍ਹਾਂ ਨੇ ਛੇਕਿਆ ਪਿਐ। ਬਾਬਾ ਜੀ ਨੇ ਸਾਨੂੰ ਘੱਟੋ-ਘੱਟ ਇੱਜ਼ਤ ਤਾਂ ਦੁਆਈ ਹੈ। ਅਸੀਂ ਤਾਂ ਇੱਥੇ ਹੀ ਠੀਕ ਹਾਂ।’

ਇਹ ਦੋਵੇਂ ਜਵਾਬ ਸਮਾਜ ਲਈ ਸ਼ੀਸ਼ਾ ਹਨ ਕਿ ਕਿਉਂ ਢੇਰਾਂ ਦੇ ਢੇਰ ਸਮਰਥਕ ਬਾਬਿਆਂ ਜਾਂ ਸੰਤਾਂ ਕੋਲ ਜਾਂਦੇ ਹਨ। ਬੀਮਾਰੀ ਨਾਲ ਜੁੜੀ ਮਾਨਸਿਕ ਪ੍ਰੇਸ਼ਾਨੀ ਜਦੋਂ ਪਿਆਰ ਨਾਲ ਦੂਰ ਕਰ ਦਿੱਤੀ ਜਾਵੇ ਜਾਂ ਪੈਸੇ ਦੀ ਤੰਗੀ ਦੌਰਾਨ ਸਹਾਇਤਾ ਮਿਲ ਜਾਏ, ਢਿੱਡ ਭਰਨ ਨੂੰ ਅੰਨ੍ਹ ਮਿਲ ਜਾਏ, ਆਪਣੇ ਅੰਦਰਲੀ ‘ਮੈਂ’ ਸਹਿਲਾ ਦਿੱਤੀ ਜਾਏ ਤਾਂ ਅਜਿਹੇ ਲੋਕ ਅੰਨ੍ਹੀ ਸ਼ਰਧਾ ਪਾਲ ਲੈਂਦੇ ਹਨ। ਉਹ ਵੇਖਦੇ ਹਨ ਕਿ ਉਹ ਨੀਵੀਂ ਜ਼ਾਤ ਦੇ ਵੀ ਹਨ ਤੇ ਗ਼ਰੀਬ ਵੀ ਹਨ, ਪਰ ਲੋੜ ਪੈਣ ਉੱਤੇ ਜਿਸ ਬਾਬੇ ਨਾਲ ਉਹ ਜੁੜੇ ਹਨ, ਉਸੇ ਹੀ ਬਾਬੇ ਜਾਂ ਸੰਤ ਅੱਗੇ ਮੁਲਕ ਦੀ ਉੱਚੀ ਤੋਂ ਉੱਚੀ ਪਦਵੀ ਉੱਤੇ ਬੈਠੇ ਸਿਆਸਤਦਾਨ, ਸਰਕਾਰੀ ਮੁਲਾਜ਼ਮ, ਫਿਲਮੀ ਸਿਤਾਰੇ, ਗੱਲ ਕੀ ਹਰ ਅਮੀਰ ਤੋਂ ਅਮੀਰ ਬੰਦਾ ਵੀ ਸੀਸ ਝੁਕਾਉਣ ਪਹੁੰਚ ਰਿਹਾ ਹੈ ਤਾਂ ਉਨ੍ਹਾਂ ਦੇ ਮਨ ਅੰਦਰਲੀ ਸੋਚ ਪਕਿਆਈ ਫੜ ਲੈਂਦੀ ਹੈ ਕਿ ਉਹ ਦੁਨੀਆ ਦੇ ਸਭ ਤੋਂ ਵੱਧ ਤਾਕਤਵਰ ਦੀ ਸ਼ਰਨ ਵਿਚ ਬੈਠੇ ਹਨ।

ਦੁਨੀਆ ਭਰ ਵਿਚ ਕ੍ਰਾਂਤੀ ਲਿਆਉਣ ਵਾਲੇ ਗ਼ਰੀਬ ਲੋਕ ਹੀ ਸਨ। ਇਨ੍ਹਾਂ ਵਿਚ ਹੀ ਤਬਦੀਲੀ ਲਿਆਉਣ ਦੀ ਤਾਕਤ ਹੁੰਦੀ ਹੈ। ਅਮੀਰੀ ਗ਼ਰੀਬੀ ਦੇ ਨਿਤ ਵਧਦੇ ਜਾਂਦੇ ਪਾੜ ਸਦਕਾ ਭਰੀ ਕੌੜ ਹੀ ਗੁੱਸਾ, ਤਣਾਓ ਤੇ ਢਹਿੰਦੀ ਕਲਾ ਨੂੰ ਜਨਮ ਦਿੰਦੀ ਹੈ।

ਜਿਸ ਕਿਸੇ ਨੂੰ ਅਜਿਹੇ ਲੋਕਾਂ ਦੇ ਮਨਾਂ ਨੂੰ ਵਸ ਕਰਨ ਦਾ ਢੰਗ ਆ ਜਾਏ, ਉਹ ਉਨ੍ਹਾਂ ਲਈ ਰਾਹ ਦਸੇਰਾ ਜਾਂ ਰੱਬ ਬਣ ਜਾਂਦਾ ਹੈ ਤੇ ਸਾਰੇ ਮੰਤਰ ਮੁਗਧ ਹੋ ਕੇ ਉਸ ਦੇ ਪਿੱਛੇ ਲੱਗ ਜਾਂਦੇ ਹਨ। ਫੇਰ ਉਨ੍ਹਾਂ ਨੂੰ ਆਪਣੇ ਰੱਬ ਵਿਚ ਖ਼ਾਮੀਆਂ ਵੀ ਦਿਸਣੀਆਂ ਬੰਦ ਹੋ ਜਾਂਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਆਪਣੇ ਰੱਬ ਦੇ ਖੁੱਸਣ ਦਾ ਡਰ ਹੁੰਦਾ ਹੈ ਕਿ ਕਿਤੇ ਫੇਰ ਵਾਪਸ ਹਨ੍ਹੇਰੀ ਜ਼ਿੰਦਗੀ ਵੱਲ ਨਾ ਧੱਕੇ ਜਾਣ  !

ਭਾਰਤ ਵਿਚ ਸਿਰਫ਼ ਵਹਿਮ ਭਰਮ ਹੀ ਨਹੀਂ ਬਲਕਿ ਤਿਰਸਕਾਰ, ਊਚ-ਨੀਚ, ਜਾਤ-ਪਾਤ, ਅਮੀਰੀ-ਗ਼ਰੀਬੀ ਦਾ ਏਨਾ ਜ਼ਿਆਦਾ ਪਾੜ ਹੈ ਤੇ ਮਾਨਸਿਕ ਪ੍ਰੇਸ਼ਾਨੀਆਂ ਏਨੀਆਂ ਵੱਧ ਹਨ ਕਿ ਹਰ ਜਣਾ ਆਪਣਾ ‘ਰੱਬ’ ਭਾਲਦਾ ਫਿਰਦਾ ਹੈ ਜੋ ਸਾਰੀਆਂ ਮੁਸ਼ਕਲਾਂ ਸਾਹਮਣੇ ਬਹਿ ਕੇ ਸੁਣ ਲਵੇ ਤੇ ਫੇਰ ਕਿਸੇ ਜਾਦੂਈ ਢੰਗ ਨਾਲ ਸਭ ਕੁੱਝ ਝਟਪਟ ਠੀਕ ਕਰ ਦੇਵੇ। ਜੇ ਅਜਿਹੀ ਕੋਈ ਬਾਂਹ ਜਾਂ ਸਹਾਰਾ ਨਾ ਮਿਲੇ ਤਾਂ ਕਈ ਜਣਿਆਂ ਦਾ ਨਸ਼ਿਆਂ ਵਲ ਝੁਕਾਓ ਹੋ ਜਾਂਦਾ ਹੈ।

ਔਰਤਾਂ ਹਮੇਸ਼ਾ ਤੋਂ ਹੀ ਦੱਬੀਆਂ-ਕੁਚਲੀਆਂ, ਹੇਠਲੇ ਦਰਜੇ ਦੀਆਂ ਮੰਨ ਕੇ ਤਿਰਸਕਾਰ ਦਾ ਸ਼ਿਕਾਰ ਹੁੰਦੀਆਂ ਰਹਿੰਦੀਆਂ ਹਨ। ਜੇ ਗ਼ਰੀਬ ਦੀ ਧੀ ਭੈਣ ਹੋਵੇ, ਫੇਰ ਤਾਂ ਸਾਂਝੀ ਜਾਇਦਾਦ ਮੰਨ ਕੇ ਵਰਤੀਆਂ ਜਾਂਦੀਆਂ ਹਨ। ਆਖ਼ਰੀ ਸਾਹ ਤਕ ਨਰਕ ਭੋਗਦੀਆਂ ਇਹ ਬੱਚੀਆਂ ਤੇ ਔਰਤਾਂ ਜੇ ਕਿਤੋਂ ਪਿਆਰ, ਸਹਾਰਾ ਜਾਂ ਆਸਰਾ ਮਿਲਦਾ ਦਿੱਸੇ ਤਾਂ ਉਸੇ ਦੇ ਲੜ ਲੱਗ ਜਾਂਦੀਆਂ ਹਨ।

ਤਿਰਸਕਾਰ ਦੀਆਂ ਸ਼ਿਕਾਰ ਅਜਿਹੀਆਂ ਔਰਤਾਂ ਬਾਬਿਆਂ ਦੀਆਂ ਜ਼ਿਆਦਾ ਭਗਤ ਬਣ ਜਾਂਦੀਆਂ ਹਨ ਕਿਉਂਕਿ ਉੱਥੋਂ ਉਨ੍ਹਾਂ ਨੂੰ ਦੋ ਬੋਲ ਪਿਆਰ ਦੇ ਸੁਣ ਜਾਂਦੇ ਹਨ। ਬਾਬੇ ਇਸ ਦਾ ਰੱਜ ਕੇ ਨਾਜਾਇਜ਼ ਫ਼ਾਇਦਾ ਉਠਾਉਂਦੇ ਹਨ।

ਸੱਚਾਈ ਇਹ ਹੈ ਕਿ ਭਾਵੇਂ ਕਿੰਨੇ ਹੀ ਬਾਬੇ ਜੇਲ੍ਹਾਂ ਅੰਦਰ ਸੁੱਟ ਦਿੱਤੇ ਜਾਣ ਜਾਂ ਫਾਹੇ ਟੰਗ ਦਿੱਤੇ ਜਾਣ, ਜਦ ਤਕ ਲੋਕਾਂ ਦੀ ਮਾਨਸਿਕਤਾ ਨਹੀਂ ਸਮਝੀ ਜਾਂਦੀ, ਉਹ ਦੁਬਾਰਾ ਕਿਸੇ ਹੋਰ ਬਾਬੇ ਦੇ ਲੜ ਲੱਗਣ ਨੂੰ ਤਿਆਰ ਹੋਣਗੇ।

ਸਾਡਾ ਸਮਾਜ ਨਾ ਗ਼ਰੀਬਾਂ ਨੂੰ ਤੇ ਨਾ ਹੀ ਨੀਵੀਂ ਜਾਤ ਵਾਲਿਆਂ ਨੂੰ ਇੱਜ਼ਤ ਦੇ ਸਕਿਆ ਹੈ। ਉਨ੍ਹਾਂ ਨੂੰ ਵਰਤ ਕੇ ਸੁੱਟ ਦੇਣ ਦੀ ਸੋਚ ਜਦ ਤਕ ਪਨਪਦੀ ਰਹੇਗੀ, ਬਾਬੇ ਖ਼ਤਮ ਨਹੀਂ ਕੀਤੇ ਜਾ ਸਕਦੇ।

ਔਰਤ ਅੰਦਰ ਹੀਣ ਭਾਵਨਾ ਭਰ ਕੇ, ਉਸ ਦਾ ਜਿਸਮਾਨੀ ਸ਼ੋਸ਼ਣ ਕਰ ਕੇ, ਉਸ ਕੋਲੋਂ ਆਵਾਜ਼ ਕੱਢਣ ਦਾ ਹੱਕ ਖੋਹ ਕੇ ਜਦ ਤਕ ਉਸ ਨੂੰ ਦੋਇਮ (ਦੂਜੇ ਦਰਜੇ ਦਾ) ਨਾਗਰਿਕ ਹੋਣ ਦਾ ਇਹਸਾਸ ਦਵਾਇਆ ਜਾਏਗਾ, ਉਹ ਹਮੇਸ਼ਾ ਪਿਆਰ ਤੇ ਇੱਜ਼ਤ ਦੀ ਭਾਲ ਕਰਦੀ, ਆਪਣੇ ਆਪ ਲਈ ਇਨਸਾਨ ਦਾ ਦਰਜਾ ਮੰਗਦੀ, ਵਹਿਸ਼ੀ ਤੇ ਪਸ਼ੂਆਂ ਵਾਲੇ ਵਿਹਾਰ ਤੋਂ ਬਚਦੀ ਕਿਸੇ ਬਾਬੇ ਦੀ ਭਾਲ ਕਰਦੀ ਰਹੇਗੀ।

ਜਦੋਂ ਤਕ ਸਾਡੇ ਸਿਆਸਤਦਾਨ ਵੋਟਾਂ ਲਈ ਬਾਬਿਆਂ ਅੱਗੇ ਮੱਥੇ ਰਗੜਦੇ ਰਹਿਣਗੇ, ਧਰਮ ਦੇ ਉੱਚ ਅਸਥਾਨਾਂ ਨੂੰ ਜੱਫਾ ਮਾਰ ਕੇ ਬਹਿਣ ਵਾਲੇ ਲੋਕ, ਸਿਆਸਤਦਾਨਾਂ ਦੇ ਤਲਵੇ ਚੱਟਦੇ ਰਹਿਣਗੇ, ਗ਼ਰੀਬਾਂ ਨੂੰ ਮਿੱਝਣ ਵਾਲੀ ਸੋਚ ਪਨਪਦੀ ਰਹੇਗੀ, ਲੋੜਵੰਦਾਂ ਨੂੰ ਵਰਤ ਕੇ ਸੁੱਟਣ ਵਾਲੀ ਪ੍ਰਥਾ ਜਾਰੀ ਰਹੇਗੀ, ਬਾਬੇ ਪੈਦਾ ਹੁੰਦੇ ਰਹਿਣਗੇ ਤੇ ਉਨ੍ਹਾਂ ਲਈ ਜਾਨ ਵਾਰਨ ਵਾਲੇ ਵੀ ਪੈਦਾ ਹੁੰਦੇ ਰਹਿਣਗੇ।

ਹੁਣ ਸਵਾਲ ਉੱਠਦਾ ਹੈ ਕਿ ਅਮੀਰਾਂ ਨੂੰ ਬਾਬਿਆਂ ਦੀ ਲੋੜ ਕਿਉਂ ਪੈਂਦੀ ਹੈ ?

‘ਬਈ ਗ਼ਰੀਬਾਂ ਨੂੰ ਬੱਚੇ ਜੰਮਣ ਦੀ ਲੋੜ ਕੀ ਹੈ। ਇਕ ਹੋਰ ਗ਼ਰੀਬ ਪੈਦਾ ਕਰ ਕੇ ਧਰਤੀ ਉੱਤੇ ਭਾਰ ਹੀ ਜਮਾਂ ਕਰ ਰਹੇ ਹਨ, ਉਹ ਗ਼ਰੀਬ ਆਪਣੇ ਪਿਛਲੇ ਜਨਮਾਂ ਦੇ ਕਰਮਾਂ ਕਰ ਕੇ ਹਨ,’ ਆਦਿ ਕਹਿਣ ਵਾਲੇ ਅਮੀਰ ਸ਼ਾਇਦ ਗ਼ਰੀਬਾਂ ਦੀ ਦੋ ਵੇਲੇ ਦੀ ਰੋਟੀ ਦੇ ਫ਼ਿਕਰ ਤੋਂ ਕਿਤੇ ਵੱਧ ਫ਼ਿਕਰ ਪਾਲਦੇ ਹਨ। ਬੱਚਿਆਂ ਦਾ ਆਪਹੁਦਰੇ ਹੋਣਾ, ਪਤਨੀ ਦਾ ਹੋਰ ਪਾਸੇ ਵੱਲ ਵੱਧ ਰੁਝਾਣ ਹੋਣਾ, ਕੰਮਕਾਰ ਵਿਚ ਘਾਟਾ, ਵਾਧੂ ਆਮਦਨ ਸਾਂਭਣੀ, ਇਕੱਲਾਪਣ, ਬੀਮਾਰੀ, ਸੱਚਾ ਦੋਸਤ ਨਾ ਹੋਣਾ, ਮਾਨਸਿਕ ਤਣਾਓ, ਮਾਨਸਿਕ ਨਿਤਾਣਾਪਣ, ਕਿਸੇ ਹੋਰ ਦਾ ਆਪਣੇ ਤੋਂ ਅਗਾਂਹ ਵਧਣਾ, ਅੰਧ ਵਿਸ਼ਵਾਸ ਵਿਚ ਪੈ ਕੇ ਮੁੰਦਰੀਆਂ, ਬੂਟੇ, ਗਮਲੇ, ਫੁੱਲ, ਕੱਪੜਿਆਂ ਦੇ ਰੰਗ ਚੁਣਨੇ, ਦੁਸ਼ਮਣਾਂ ’ਚ ਵਾਧਾ, ਆਦਿ ਅਨੇਕ ਕਾਰਨਾਂ ਕਰ ਕੇ ਅਮੀਰਾਂ ਨੂੰ ਵੀ ਕਿਸੇ ਰੱਬ ਦੀ ਲੋੜ ਹੁੰਦੀ ਹੈ ਜੋ ਉਨ੍ਹਾਂ ਦੀਆਂ ਮਾਨਸਿਕ ਪ੍ਰੇਸ਼ਾਨੀਆਂ ਘਟਾ ਕੇ ਉਨ੍ਹਾਂ ਦੇ ਨਿਤਾਣੇਪਣ ਦਾ ਸਮਾਂ ਕਢਾ ਦੇਵੇ ਤੇ ਕੁੱਝ ਪਲ ਮਾਨਸਿਤ ਸ਼ਾਂਤੀ ਪ੍ਰਦਾਨ ਕਰ ਦੇਵੇ।

ਯਾਨੀ ਜਿਨ੍ਹਾਂ ਕੋਲ ਕੁੱਝ ਨਹੀਂ, ਉਨ੍ਹਾਂ ਨੂੰ ਵੀ ਤੇ ਜਿਨ੍ਹਾਂ ਕੋਲ ਸਭ ਕੁੱਝ ਹੈ, ਉਨ੍ਹਾਂ ਨੂੰ ਵੀ ਬੇਚੈਨੀ ਤੇ ਅਸੰਤੁਸ਼ਟੀ ਤੋਂ ਬਚਣ ਲਈ ਕਿਸੇ ਨਾ ਕਿਸੇ ਆਸਰੇ ਦੇਣ ਵਾਲੇ ‘ਰੱਬ’ ਦੀ ਲੋੜ ਮਹਿਸੂਸ ਹੁੰਦੀ ਹੈ।

ਗ਼ਰੀਬਾਂ ਲਈ ‘ਪ੍ਰਵਚਨ’ ਤੇ ਅਮੀਰਾਂ ਲਈ ‘ਮੈਡੀਟੇਸ਼ਨ’ ਵਾਲੇ ਬਾਬੇ ਉਦੋਂ ਤੱਕ ਲੋੜੀਂਦੇ ਹਨ ਜਦੋਂ ਤਕ ਇਨਸਾਨ ਦੀ ‘ਭੁੱਖ’ ਕਾਇਮ ਹੈ। ਇਹ ਭੁੱਖ ਮਾਨਸਿਕ, ਸਰੀਰਕ ਜਾਂ ਢਿੱਡ ਦੀ ਹੋ ਸਕਦੀ ਹੈ। ਜਿੱਥੇ ਪੂਰਤੀ ਹੁੰਦੀ ਦਿੱਸੇ, ਉਸੇ ਨੂੰ ਆਪਣਾ ਰੱਬ ਬਣਾ ਕੇ ਲੋਕ ਹਮੇਸ਼ਾ ਤੋਂ ਆਪਣਾ ਦਿਲ ਹਲਕਾ ਕਰਨ ਲਈ ਪੂਜਦੇ ਆਏ ਹਨ ਤੇ ਅਜਿਹੀ ਅੰਨ੍ਹੀ ਭਗਤੀ ‘ਰੱਬ’ ਬਣੇ ਬੰਦਿਆਂ ਨੂੰ ਰਾਸ ਆਉਂਦੀ ਹੈ ਕਿਉਂਕਿ ਉਨ੍ਹਾਂ ਨੇ ਆਪਣੇ ਐਸ਼ੋ ਆਰਾਮ, ਇਸੇ ਜ਼ਿੰਦਗੀ ਵਿਚ ਪੂਰੇ ਕਰਨੇ ਹੁੰਦੇ ਹਨ।

ਦੁਨੀਆ ਭਰ ਦੇ ਮਨੋਵਿਗਿਆਨੀਆਂ ਅਨੁਸਾਰ ਮੌਤ ਦਾ ਭੈ, ਗੁਣਾਹਾਂ ਦਾ ਇਹਸਾਸ ਤੇ ਅਨਹੋਣੀ ਦਾ ਫ਼ਿਕਰ ਹੀ ਲੱਖਾਂ ਸਾਲਾਂ ਤੋਂ ਇਨਸਾਨ ਨੂੰ ਕਿਸੇ ਓਪਰੀ ਤਾਕਤ ਦੀ ਹੋਂਦ ਦਾ ਇਹਸਾਸ ਕਰਵਾਉਂਦੇ ਰਹੇ ਹਨ। ਅੱਜ ਦੇ ਦਿਨ ਵੀ ਦੁਨੀਆ ਭਰ ਦੇ 85 ਫੀਸਦੀ ਲੋਕ ਗ਼ੈਬੀ ਤਾਕਤ ਜਾਂ ਰੱਬ ਦੀ ਹੋਂਦ ਮੰਨਦੇ ਹਨ।

ਜਿਵੇਂ ਜਿਵੇਂ ਭੈ ਵਧਦਾ ਹੈ, ਉਵੇਂ ਹੀ ਅਜਿਹੀ ਗ਼ੈਬੀ ਤਾਕਤ ਵੱਲ ਉਲਾਰ ਵਧਦਾ ਹੈ। ਏਸੇ ਉਲਾਰ ਦੇ ਸਮੇਂ ਹੀ ਗ਼ੈਬੀ ਤਾਕਤ ਨਾਲ ਰਾਬਤਾ ਜੋੜਨ ਵਾਲੇ ਦੀ ਭਾਲ ਸ਼ੁਰੂ ਹੋ ਜਾਂਦੀ ਹੈ। ਕਿਸੇ ਲਈ ਇਹ ਰਾਬਤਾ ਪੱਥਰ ਹੋ ਸਕਦਾ ਹੈ, ਕਿਸੇ ਲਈ ਦਰਖ਼ਤ ਤੇ ਕਿਸੇ ਲਈ ਜੀਊਂਦਾ ਜਾਗਦਾ ਇਨਸਾਨ, ਜੋ ਸਾਰੀ ਤਕਲੀਫ਼ ਸੁਣ ਕੇ ਸਿਰਫ਼ ਇੰਨਾ ਹੌਸਲਾ ਦੇ ਦੇਵੇ ਕਿ ‘ਸਭ ਕੁੱਝ ਠੀਕ ਹੋ ਜਾਵੇਗਾ’।

ਇਨਸਾਨੀ ਮਨ ਸਿਰਫ਼ ‘ਸਭ ਕੁੱਝ ਠੀਕ ਹੋ ਜਾਵੇਗਾ’ ਸੁਣ ਕੇ ਹੀ ਆਪਣਾ ਰਿਵਾਰਡ ਸਿਸਟਮ ਦਾ ਚੱਕਰਵਿਊ ਸ਼ੁਰੂ ਕਰ ਦਿੰਦਾ ਹੈ ਤੇ ਬੰਦਾ ਬਦੋਬਦੀ ਅਜਿਹਾ ਕਹਿਣ ਵਾਲੇ ਦਾ ਮੁਰੀਦ ਬਣ ਜਾਂਦਾ ਹੈ। ਜੇ ਡਾਕਟਰ ਅਜਿਹਾ ਕਹਿ ਦੇਵੇ ਤਾਂ ਡਾਕਟਰ ਹੀ ਉਸ ਸਮੇਂ ਰੱਬ ਦਾ ਰੂਪ ਜਾਪਣ ਲੱਗ ਪੈਂਦਾ ਹੈ, ਪਰ ਜੇ ਘਰੇਲੂ ਕਾਰਨਾਂ ਕਰ ਕੇ ਚਿੰਤਾ ਜਕੜੀ ਬੈਠੀ ਹੋਵੇ ਤਾਂ ‘ਬਾਬੇ’ ਦਾ ਗੋਡਾ ਫੜ ਕੇ ਇਹੀ ਇਹਸਾਸ ਹੋਣ ਲੱਗ ਪੈਂਦਾ ਹੈ। ਸਪਸ਼ਟ ਹੈ ਕਿ ਤਕਲੀਫ਼ ਨਹੀਂ ਘਟਦੀ, ਓਨੀ ਹੀ ਰਹਿੰਦੀ ਹੈ, ਪਰ ਦਿਮਾਗ਼ ਦੇ ਰਿਵਾਰਡ ਸਿਸਟਮ ਦੇ ਰਵਾਂ ਹੋਣ ਨਾਲ ਉਸ ਨੂੰ ਜਰ ਜਾਣ ਦਾ ਇਹਸਾਸ ਪੈਦਾ ਹੋ ਜਾਂਦਾ ਹੈ। ਇਸ ਇਕ ਨੁਕਤੇ ਉੱਤੇ ਸਾਰੇ ਸੰਤਾਂ ਤੇ ਬਾਬਿਆਂ ਦੀ ਹੋਂਦ ਟਿਕੀ ਹੈ।

ਜਿਉਂ ਜਿਉਂ ਭੈ ਹੋਰ ਵਧਾ ਦਿੱਤਾ ਜਾਵੇ, ਆਸਥਾ ਵੱਧ ਮਜ਼ਬੂਤ ਹੁੰਦੀ ਜਾਂਦੀ ਹੈ। ਜੇ ਕੰਮ ਸਿਰੇ ਲੱਗ ਗਿਆ ਤਾਂ ਬਾਬੇ ਦੀ ਫੁੱਲ ਕਿਰਪਾ। ਜੇ ਨਾ ਲੱਗਿਆ ਤਾਂ ਸਾਡੀ ਆਪਣੀ ਸ਼ਰਧਾ ਵਿਚ ਖੋਟ !

ਕਿਸੇ ਵੀ ਗ਼ਲਤ ਕੰਮ ਦਾ ਇਹਸਾਸ ਮਨ ਵਿਚ ਗੁਨਾਹ ਹੋ ਜਾਣ ਦਾ ਡਰ ਪੈਦਾ ਕਰਦਾ ਹੈ। ਇਸ ਡਰ ਤੋਂ ਨਿਜਾਤ ਪਾਉਣ ਲਈ ਵੱਖੋ-ਵੱਖ ਧਰਮਾਂ ਵਿਚ ਵੱਖ-ਵੱਖ ਤਰੀਕਿਆਂ ਨਾਲ ਗ਼ੈਬੀ ਤਾਕਤ ਤੋਂ ਖਿਮਾਂ ਮੰਗ ਕੇ ਗੁਨਾਹ ਦੇ ਇਹਸਾਸ ਤੋਂ ਮੁਕਤੀ ਪਾਈ ਜਾਂਦੀ ਹੈ, ਜੋ ਮਨ ਦੇ ਨਾਰਮਲ ਕੰਮ ਕਾਰ ਲਈ ਜ਼ਰੂਰੀ ਹੁੰਦਾ ਹੈ। ਇਸ ਨੂੰ ‘ਅਡੈਪਟਿਵ ਮੈੱਥਡ ਔਫ ਸਰਵਾਈਵਲ’ ਕਿਹਾ ਜਾਂਦਾ ਹੈ।

ਇਹੀ ਕਿਸੇ ਵੀ ਪੜ੍ਹੇ ਲਿਖੇ ਤਰਕਸ਼ੀਲ ਇਨਸਾਨ ਨੂੰ ਵੀ ਕਦੇ ਕਦਾਈਂ ਅਕਲੋਂ ਅੰਨ੍ਹਾ ਕਰ ਕੇ ਮਨ ਅੰਦਰਲਾ ਜੰਮਿਆ ਭਾਰ ਕੱਢਣ ਵੇਲੇ ‘ਰੱਬ’ ਅੱਗੇ ਬਦੋਬਦੀ ਮੱਥਾ ਝੁਕਾਉਣ ਜਾਂ ਰਗੜਨ, ਮੁੰਦਰੀਆਂ ਪਾਉਣ, ਮਹੂਰਤ ਕਢਵਾਉਣ, ਟੇਵੇ ਬਣਾਉਣ, ਧਾਗੇ ਬੰਨਣ, ਦੀਵੇ ਬਾਲਣ, ਸੁੱਖਾਂ ਸੁੱਖਣ ਆਦਿ ਉੱਤੇ ਮਜਬੂਰ ਕਰ ਦਿੰਦਾ ਹੈ। ਜਦੋਂ ਮੌਤ ਸਾਹਮਣੇ ਦਿੱਸੇ, ਉਸ ਸਮੇਂ ਇਹ ਡਰ ਚਰਮ ਸੀਮਾ ਉੱਤੇ ਹੁੰਦਾ ਹੈ। ਉਹ ਸਮਾਂ ਟਲ ਜਾਣ ਉੱਤੇ ਫਿਰ ਉਹੀ ਚੱਕਰਵਿਊ ਸ਼ੁਰੂ ਹੋ ਜਾਂਦਾ ਹੈ।

ਜਿਸ ਕਿਸੇ ਨੂੰ ਸੰਤੁਸ਼ਟੀ ਕਰਨੀ ਆ ਗਈ, ਉਸ ਨੂੰ ਕਿਸੇ ਬਾਬੇ ਜਾਂ ਸੰਤ ਦੀ ਲੋੜ ਨਹੀਂ ਰਹਿੰਦੀ, ਪਰ ਅਫ਼ਸੋਸ, ਸੰਤੁਸ਼ਟੀ ਹੁੰਦੀ ਬੜੇ ਥੋੜ੍ਹਿਆਂ ਨੂੰ ਹੈ !

ਗੁਰੂ ਸਾਹਿਬ ਨੇ ਬਹੁਤ ਖ਼ੂਬਸੂਰਤ ਤਰੀਕੇ ਸਮਝਾਇਆ ਹੈ ਕਿ ਜਿਸ ਨੂੰ ਹਰ ਹਾਲ ਵਿਚ ਖ਼ੁਸ਼ ਰਹਿਣਾ ਆ ਜਾਏ ਅਤੇ ਜੋ ਈਰਖਾ, ਕ੍ਰੋਧ, ਲੋਭ, ਮੋਹ ਤੇ ਹੰਕਾਰ ਛੱਡ ਸਕੇ ਤੇ ਜਿਸ ਨੂੰ ਸ਼ੁਕਰਾਨਾ ਕਰਨ ਦੀ ਜਾਚ ਆ ਜਾਏ, ਉਸ ਨੂੰ ਕਿਸੇ ‘ਏਜੰਟ’ ਜਾਂ ਦੇਹਧਾਰੀ ਗੁਰੂ ਦੀ ਕਦੇ ਲੋੜ ਨਹੀਂ ਰਹਿੰਦੀ। ਸੋ, ਬਾਬਿਆਂ ਤੇ ਸੰਤਾਂ ਦੇ ਚੱਕਰਾਂ ਵਿੱਚ ਪਇਆਂ ਦਾ ‘ਰੱਬ’ ਹੀ ਰਾਖਾ ! !